ਉਹਦਾ ਨਾਂ ਸਰਕਾਰੀ ਕਾਗ਼ਜ਼ਾਂ ਵਿੱਚ ਆਪਣੇ ਪਿਉ ਦੇ ਕੁਨਾਂ ਨਾਲ ਹੀ ਦਰਜ ਕੀਤਾ ਗਿਆ ਸੀ, ਏਸ ਲਈ ਸਾਰੇ ਉਹਨੂੰ ਮੀਤ੍ਰਿਆ ਲੁੰਗੂ ਦੀ ਥਾਂ ਮੀਤ੍ਰਿਆ ਕੋਕੋਰ ਹੀ ਸੱਦਦੇ ਸਨ।
ਜਾਰਡਨ ਕੋਲੋਂ ਉਹਨੇ ਚੁੱਪ ਰਹਿਣ ਦਾ ਉਜੱਡ ਜਿਹਾ ਢੰਗ ਤੇ ਇੱਕ ਪਾਸੇ ਟੇਢੀ ਨਜ਼ਰੇ ਤੱਕਣਾ ਸਿੱਖ ਲਿਆ ਸੀ । ਜਾਰਡਨ ਉਹਨੂੰ ਬੜਾ ਪਿਆਰ ਕਰਦਾ ਸੀ, ਇਹਦੇ ਉਲਟ ਆਗਾਪੀਆ ਦਾ ਤਾਂ ਜਿਵੇਂ ਪਿਛਲੇ ਜਨਮ ਦਾ ਕੋਈ ਉਹਦੇ ਨਾਲ ਵੈਰ ਸੀ। ਕਈ ਵਾਰੀ ਉਹ ਕਹਿੰਦੀ ਹੁੰਦੀ ਸੀ, "ਚੰਗਾ ਹੁੰਦਾ, ਜੇ ਮੈਂ ਇਹਦੀ ਥਾਂ ਕਿਸੇ ਚੂਚੇ ਨੂੰ ਜੰਮਦੀ, ਕੋਈ ਬਘਿਆੜ ਤਾਂ ਇਹਨੂੰ ਖਾਣ ਦਾ ਸੁਆਦ ਲੈ ਸਕਦਾ।"
'ਆਗਾਪੀਆ' ਦਾ ਅਰਥ ਯੂਨਾਨੀ ਬੋਲੀ ਵਿੱਚ 'ਪਿਆਰ' ਹੁੰਦਾ ਹੈ.. ਜਿਹੜਾ ਪਿਆਰ ਮਾਂ ਕੋਲੋਂ ਉਹਨੂੰ ਮਿਲ਼ਦਾ ਉਸ ਕਰਕੇ ਕਈ ਵਾਰੀ ਮੀਤ੍ਰਿਆ ਦਾ ਜੀਅ ਕਰਦਾ ਕਿ ਉਹ ਆਪਣਾ ਝੋਲਾ ਚੁੱਕ, ਇੱਕੋ ਵਾਰੀ ਉਹਨੂੰ ਮੱਥਾ ਟੇਕ ਕੇ ਇੰਜ ਏਥੋਂ ਭੱਜੇ ਕਿ ਫੇਰ ਏਥੇ ਮੂੰਹ ਨਾ ਵਿਖਾਏ!
ਆਗਾਪੀਆ ਸਿਰਫ਼ ਆਪਣੇ ਵੱਡੇ ਮੁੰਡੇ ਦੇ ਹੀ ਹੁੰਮਣੇ-ਚੁੰਮਣੇ ਲੈਂਦੀ ਸੀ, ਜਿਹੜਾ ਅਸਲੋਂ ਹੀ ਉਹਦੇ ਉੱਤੇ ਸੀ, ਏਨਾ ਮੱਧਰਾ ਤੇ ਏਨਾ ਮੋਟਾ ਕਿ ਫ਼ੌਜ ਵਿੱਚ ਜਬਰੀ ਭਰਤੀ ਵਾਲਿਆਂ ਵੀ ਉਹਨੂੰ ਨਹੀਂ ਸੀ ਚੁਣਿਆਂ, ਤੇ ਏਸ ਤੋਂ ਛੁਟ ਉਹ ਬੜਾ ਮੀਣਾ ਤੇ ਵਿੰਗ-ਵਲ ਵਾਲਾ ਸੀ।
ਪਹਿਲਾਂ ਤਾਂ ਉਸ ਇੱਕ ਛੋਟੇ-ਮੋਟੇ ਵਪਾਰੀ ਨਾਲ ਭਿਆਲੀ ਪਾਈ ਸੀ, ਪਰ ਫੇਰ ਝੱਟ ਹੀ ਉਹਨੂੰ ਛੱਡ ਕੇ ਉਸ ਆਪਣੀ ਨਿੱਜੀ ਮਸ਼ੀਨ ਲਾ ਲਈ ਸੀ । ਇਹ ਮਸ਼ੀਨ ਮੈਦਾਨ ਦੀ ਵੱਖੀ ਵਿੱਚ ਲਿਜ਼ਾ ਦਰਿਆ ਤੋਂ ਵੱਧ ਤੋਂ ਵੱਧ ਵਿੱਥ ਉੱਤੇ ਉਹਨੇ ਚਾਲੂ ਕੀਤੀ ਸੀ। ਇਸ ਮੋਟੇ, ਭਾਰੇ ਤੇ ਘੁਮੰਡੀ ਮਸ਼ੀਨ ਵਾਲੇ ਦਾ ਨਾਂ ਗੀਤਜ਼ਾ ਲੁੰਗੂ ਸੀ । ਓਥੋਂ ਦੇ ਲੋਕਾਂ ਨੇ ਇਹਦਾ ਹੋਰ ਕੋਈ ਨਾਂ ਪਾਣਾ ਜ਼ਰੂਰੀ ਨਹੀਂ ਸੀ ਜਾਤਾ। ਉਹਦਾ ਆਪਣਾ ਨਾਂ ਆਪਣੇ ਆਪ ਵਿੱਚ ਹੀ ਇੱਕ ਅੱਛਾ ਖ਼ਾਸਾ ਮਖ਼ੌਲ ਬਣ ਚੁੱਕਿਆ ਸੀ, ਏਥੋਂ ਤੱਕ ਕਿ ਇਹ ਨਾਂ ਬੇਇੱਜ਼ਤੀ ਦਾ ਇੱਕ ਲਫ਼ਜ਼ ਬਣ ਗਿਆ ਸੀ।
ਆਗਾਪੀਆ ਬੌਣੀ ਪੰਦਰਾਂ ਵਰ੍ਹਿਆਂ ਦੀ ਉਮਰ ਵਿੱਚ ਹੀ ਵਿਆਹੀ ਗਈ ਸੀ, ਤੇ ਉਹਦੇ ਕਿੰਨੇ ਹੀ ਬਾਲ ਹੋਏ ਸਨ। ਹਰ ਦੋ ਵਰ੍ਹਿਆਂ ਪਿੱਛੋਂ ਤਕਰੀਬਨ ਇੱਕ। ਪਰ ਇਹਨਾਂ ਸਾਰਿਆਂ ਵਿੱਚੋਂ ਸਿਰਫ਼ ਦੋ ਹੀ ਬਚੇ ਸਨ: ਗ੍ਹੀਤਜਾ ਪਲੇਠੀ ਦਾ, ਤੇ ਮੀਤ੍ਰਿਆ। ਗੀਤਜ਼ਾ ਨੂੰ ਸ਼ੁਰੂ ਸ਼ੁਰੂ ਵਿੱਚ ਉਹਨੇ ਆਪਣੀ ਛਾਤੀ ਤੋਂ ਹੀ ਦੁੱਧ ਪਿਆਇਆ ਸੀ, ਤੇ ਉਹ ਉਹਨੂੰ ਬੜਾ। ਪਿਆਰ ਕਰਦੀ ਸੀ। ਪਰ ਫੇਰ ਵੀ ਤਿੰਨਾਂ ਕੁ ਮਹੀਨਿਆਂ ਪਿੱਛੋਂ ਹੀ ਉਹਨੇ ਉਹਨੂੰ ਦੁੱਧ ਪਿਆਉਣਾ ਛੱਡ ਦਿੱਤਾ ਸੀ, ਤੇ ਜੇ ਕਿਤੇ ਉਹਦੀ ਸੱਸ ਕੋਨਸਤਾਂਦੀਆ ਪੂਰੀ ਖੇਚਲ ਨਾਲ ਇਸ ਬਾਲ ਨੂੰ ਬੱਕਰੀ ਦਾ ਦੁੱਧ ਨਾ ਚੁੰਘਾਂਦੀ, ਤਾਂ ਇਹਨੇ ਮਰ ਜਾਣਾ ਸੀ।
ਪਰ ਇੰਜ ਉਹਨੇ ਨਿਰਦਈ ਹੋਣ ਕਰਕੇ ਨਹੀਂ ਸੀ ਕੀਤਾ, ਸਗੋਂ ਏਸ ਕਰਕੇ ਕਿ ਓਦੋਂ ਹਾਲੀ ਉਹ ਆਪ ਵੀ ਤਾਂ ਬਾਲ ਹੀ ਸੀ। ਪਿੰਡ ਦੀਆਂ ਦਾਈਆਂ ਨੂੰ ਬੜਾ ਹਿਰਖ ਸੀ ਕਿ