ੴ ਸਤਿਗੁਰ ਪ੍ਰਸਾਦਿ॥
ਮੋਹਿਨਾ-ਸੋਹਿਨਾ'
੧. (ਮੋਹਿਨਾ ਤੇ ਅੰਮੀ ਜੀ)
ਅਸਮਾਨ ਤੇ ਬੱਦਲਾਂ ਦੀ ਭੂਰੀ ਭੂਰੀ ਚਾਂਦਨੀ ਘੋਪੇ ਵਾਂਙ ਤਣ ਗਈ ਹੈ। ਨਿੱਕੀਆਂ ਨਿੱਕੀਆਂ ਬੂੰਦਾਂ ਪੈ ਰਹੀਆਂ ਹਨ। ਮੱਧਮ ਮੱਧਮ ਵੇਗ ਦੀ ਹਵਾ ਬੀ ਰੁਮਕ ਰਹੀ ਹੈ। ਰੁੱਤ ਉਂਞ ਹੀ ਮਹਾਂ ਸਿਆਲੇ ਦੀ ਹੈ, ਪਰ ਇਸ ਬਰਖਾ ਤੇ ਹਵਾ ਦੇ ਰੰਗ ਨੇ ਸੀਤ ਨੂੰ ਬਹੁਤ ਚੁਭਵਾਂ ਕਰ ਦਿੱਤਾ ਹੈ। ਪਾਲੇ ਦੇ ਮਾਰੇ ਲੋਕੀਂ ਘਰਾਂ ਦੇ ਅੰਦਰ ਨਿੱਘੇ ਹੋਏ ਬੈਠੇ ਹਨ।
ਇਕ ਸੁੰਦਰ ਟਿਕਾਣੇ ਇਕ ਸੁਹਾਉਣਾ ਬਾਗ਼ ਹੈ, ਜਿਸਨੂੰ ਇਨਸਾਨੀ ਤੇ ਕੁਦਰਤੀ ਸੁੰਦਰਤਾ ਦਾ ਇਕ ਨਮੂਨਾ ਆਖ ਸਕਦੇ ਹਾਂ, ਪਰ ਇਸ ਵੇਲੇ ਲਹਿਲਹਾਉਂਦਾ ਨਹੀਂ ਆਖ ਸਕਦੇ, ਕਿਉਂਕਿ ਸੁੱਤੀ ਹੋਈ ਕੁਦਰਤ ਦੇ ਨੌਨਿਹਾਲ ਇਸ ਵੇਲੇ ਉਦਾਸ ਵਿਰਾਗੇ ਹੋਏ ਤੇ ਅਪਤ ਖੜੇ ਹਨ। ਕਿਸੇ ਵਧੀਕ ਚਤੁਰਾਈ ਨੇ ਕੋਈ ਨੁੱਕਰ ਖੂੰਜਾ ਸਾਵਾ ਕਰ ਰਖਿਆ ਹੋਵੇਗਾ ਤਾਂ ਵੱਖਰੀ ਗਲ ਹੈ, ਉਂਞ ਸਾਰੇ ਬਾਗ਼ ਦਾ ਉਹੋ ਹਾਲ ਹੈ ਜੋ ਇਸ ਵੇਲੇ ਸਾਰੇ ਉੱੜੀ ਦੇਸਾਂ ਦੇ ਬਨਾਂ ਤੇ ਬਾਗਾਂ ਦਾ ਹੋ ਰਿਹਾ ਹੈ। ਬਾਗ਼ ਦੇ ਵਿਚਕਾਰ ਕਈ ਜਗ੍ਹਾ ਹੌਜ਼ ਹਨ, ਕਈ ਥਾਂ ਫੁਹਾਰੇ ਹਨ, ਕਈ ਜਗ੍ਹਾ ਸੰਖ ਮਰਮਰੀ ਚਾਦ੍ਰਾਂ ਤੇ ਝਰਨੇ ਹਨ, ਪਰ ਗਰਮੀ ਦੀ ਤਪਤ ਨਾ ਹੋਣ ਕਰਕੇ ਇਨ੍ਹਾਂ ਦਾ ਬਾਜ਼ਾਰ ਗਰਮ ਨਹੀਂ ਰਿਹਾ। ਇਸ ਬਾਰਾਂਦਰੀਆਂ ਤੇ ਫੁਹਾਰਿਆਂ, ਸੁਨਹਿਰੀ ਕਲਸਾਂ ਲਾਜ ਵਰਦੀ ਮਹਿਰਾਬਾਂ ਤੇ ਸੰਖਮਰਮਰੀ ਸਜਾਵਟਾਂ ਨਾਲ ਸਜੇ ਬਾਗ਼ ਦੇ ਇਕ ਖੂੰਜੇ ਇਕ ਛੋਟਾ
––––––––––––––––––
1. ਇਹ ਪ੍ਰਸੰਗ ਸੀ: ਗੁ: ਨਾ: ਸਾ, ੪੪੪ (੧੯੨੩ ਈ:) ਨੂੰ ਮਾਲਣ' ਦੇ ਨਾਮ ਹੇਠ ਟ੍ਰੈਕਟ ਦੀ ਸੂਰਤ ਵਿਚ ਛਪਿਆ ਸੀ।
ਜਿਹਾ ਘਰ ਹੈ, ਜੋ ਬਾਹਰੋਂ ਕੱਚੀ ਲਿਪਾਈ ਦਾ ਲਿੱਪਿਆ ਹੋਇਆ ਹੈ। ਇਕ ਪਾਸੇ ਕੁਛ ਛੋਲੀਏ ਦੇ ਬੂਟੇ ਨਿੱਕੇ ਨਿੱਕੇ ਹਨ, ਆਸ ਪਾਸ ਸਰਹੋਂ ਤੇ ਕੁਛ ਗੋਂਗਲੂ ਖੜੇ ਖਿੜ ਰਹੇ ਹਨ, ਪਰ ਲਾਏ ਐਸੇ ਪੜਚੋਲਵੇਂ ਦਿਲ ਵਾਲੇ ਦੇ ਜਾਪਦੇ ਹਨ ਕਿ ਕੱਚੇ ਕੋਠੇ ਦੇ ਉਦਾਲੇ ਇਸ ਕੱਕਰੀ ਰੁੱਤ ਵਿਚ ਸਬਜੀ ਦੇ ਵਿਚਕਾਰ ਬਸੰਤ ਖਿੜਿਆ ਹੈ ਤੇ ਲਾਉਣ ਵਾਲੇ ਦੀ ਕਾਰੀਗਰੀ ਦੀ ਸਾਖ ਭਰ ਰਿਹਾ ਹੈ।
ਵੇਲਾ ਕੋਈ ਕੱਚੀਆਂ ਦੁਪਹਿਰਾਂ ਦਾ ਹੈ, ਪਰ ਘੜੀਆਂ ਦੇ ਪਹਿਰੇ ਦੱਸਣ ਵਾਲੇ ਸੂਰਜ ਹੁਰੀਂ ਤਾਂ ਭੂਰੇ ਲੇਫਾਂ ਵਿਚ ਮੂੰਹ ਲੁਕਾਈ ਫਿਰਦੇ ਹਨ; ਇਹੋ ਜਾਪਦਾ ਹੈ ਕਿ ਪਹੁ ਫੁਟਾਲਾ ਹੁਣ ਹੀ ਹਟਿਆ ਹੈ। ਇਸ ਕੱਚੇ ਕੋਠੇ ਦੇ ਬੂਹੇ ਬੰਦ ਹਨ, ਅੰਦਰ ਪਤਾ ਨਹੀਂ ਕੀ ਹੈ, ਪਰ ਬਾਹਰ ਇਕ ਬੜੇ ਗੰਭੀਰ ਤੇ ਆਤਮ ਸੁੰਦਰਤਾ ਨਾਲ ਭਰੇ ਚਿਹਰੇ ਵਾਲੀ ਲੰਮੀ ਪਤਲੀ ਡੋਲ ਦੀ ਕ੍ਰਿਪਾਲਤਾ ਦੀ ਦੇਵੀ ਖੜੀ ਹੈ ਜੋ ਦਰਵਾਜ਼ੇ ਨੂੰ 'ਹੱਥ ਫੜੀ ਕ੍ਰਿਪਾਨ ਦੀ ਪਿੱਠ ਨਾਲ ਨਕਰਦੀ ਹੈ। ਅਚਰਜ ਹੈ ! ਇਹ ਕੱਚਾ ਕੋਨਾ, ਗ੍ਰੀਬਾਂ ਦਾ 'ਚਿੜੀਆਂ ਰੈਣ ਬਸੇਰਾ' ਇਸ ਦੇ ਬੂਹੇ ਤੇ ਇਕ ਰਾਣੀਆਂ ਤੋਂ ਵਧੀਕ ਜਥੇ ਤੇ ਪੁਸ਼ਾਕੇ ਵਾਲੀ, ਤੇਜਮਯ-ਮਹਾ ਰਾਣੀ ਆ ਕੇ ਦਰ ਖੜਕਾ ਰਹੀ ਹੈ। ਕੁਛ ਪਲਾਂ ਦੇ ਮਗਰੋਂ ਦਰਵਾਜ਼ਾ ਖੁਲ੍ਹ ਗਿਆ ਅਰ ਇਹ ਰਾਣੀ ਅੰਦਰ ਲੰਘ ਗਈ। ਲੰਘਦੇ ਹੀ ਫੇਰ ਖੂਹਾ ਢੇ ਹੋ ਗਿਆ ਤੇ ਬਾਹਰ ਦੀ ਹੱਡ ਕੁੜਕਾਵੀਂ ਪੈਣ ਨੂੰ ਅੰਦਰ ਵੜਨਾ ਨਾ ਮਿਲਿਆ। ਅੰਦਰ ਬਿੱਜੜੇ ਦੇ ਆਹਲਣੇ ਵਾਂਙ ਰੰਗ ਲੱਗ ਰਿਹਾ ਹੈ। ਘਰ ਇਸ ਤਰ੍ਹਾਂ ਦਾ ਸਾਫ਼ ਹੈ ਕਿ ਕੱਖ ਕੁਖਾਵੇਂ ਨਹੀਂ ਪਿਆ ਦਿੱਸਦਾ। ਕੰਧਾਂ ਪਰ ਪਾਂਡੋ ਵਰਗੀ ਚਿੱਟੀ ਮਿੱਟੀ ਦਾ ਪੋਚਾ ਹੈ, ਹੇਠਾਂ ਸੁਥਰਾ ਲੇਪਣ ਹੈ; ਜਿਸ ਪਰ ਸਫ਼ਾਂ ਦੀ ਵਿਛਾਈ ਹੈ ਤੇ ਇਕ ਪਾਸੇ ਦਰੀ ਵਿਛੀ ਹੈ। ਇਕ ਖੂੰਜੇ ਲਟਲਟ ਕਰਦੀ ਅੱਗ ਮਘ ਰਹੀ ਹੈ।
ਅੱਗ ਦੇ ਨੇੜੇ ਪੀੜ੍ਹੀ ਡਾਹ ਕੇ ਇਕ ਪ੍ਰਬੀਨ, ਪਰ ਸਾਫ਼ ਤੇ ਨਿਰਛਲ ਨੁਹਾਰ ਦੀ ਜੁਆਨ ਇਸਤ੍ਰੀ ਬੈਠੀ ਸੀ, ਜਿਸ ਨੇ ਉੱਠ ਕੇ ਬੂਹਾ ਖੋਹਲਿਆ
"ਅੰਮੀ ਜੀ ! ਮੇਰੀ ਮਾਤਾ ਜੀ ! ਤੁਸੀਂ ਕੇਡੇ ਚੰਗੇ ਹੋ ? ਅੰਮੀ ਜੀ ! ਐਡੀ ਠੰਢ ਤੇ ਮੀਂਹ ਵਿਚ ਪੇਚਲ ਕੀਤੀ, ਦਾਸੀ ਨੂੰ ਹੁਕਮ ਕਰ ਘੱਲਦੇ, ਦਾਸੀ ਹਾਜ਼ਰ ਹੋ ਜਾਂਦੀ।"
ਅੰਮੀ ਜੀ--ਮੋਹਿਨਾ ! ਮੈਂ ਆਖ ਜੁ ਗਈ ਸਾਂ ਕਿ ਆਵਾਂਗੀ। ਮੋਹਿਨਾ--ਫੇਰ ਕਿਹੜੀ ਗੱਲ ਸੀ ? ਮੈਂ ਜੋ ਟਹਿਲਣ ਹਾਜ਼ਰ ਸਾਂ।
ਅੰਮੀ ਜੀ-ਮੇਰੀਆਂ ਤਾਂ ਸਾਰੀਆਂ ਵਾੜੀਆਂ ਹਨ, ਟਹਿਲਣ ਮੇਰੀ ਕੋਈ ਕਿਉਂ ? ਸਗੋਂ ਹਰਿ-ਸੇਵਾ' ਦੀ ਮੰਗ ਤਾਂ ਵਾਹਿਗੁਰੂ ਦੇ ਦਰ ਤੋਂ ਮੈਂ ਆਪ ਮੰਗਦੀ ਹਾਂ।
ਮੋਹਿਨਾ-ਮੇਰੀ ਚੰਗੀ ਚੰਗੇਰੀ ਅੰਮੀਏ! ਰੁੱਖਾ ਮਿੱਸਾ ਪ੍ਰਸਾਦ, ਬੱਕਰੀ ਦਾ ਦੁੱਧ, ਆਪਣੇ ਛੱਤਿਆਂ ਦੀ ਮਾਖਿਓਂ ਹਾਜ਼ਰ ਹੈ, ਆਗਿਆ ਕਰੋ, ਹਾਜ਼ਰ ਕਰਾਂ ?
ਅੰਮੀ ਬੇਟਾ ਜੀਉ ! ਮੈਂ ਪ੍ਰਸ਼ਾਦ ਛਕਾ ਕੇ ਤੇ ਆਪ ਛਕਕੇ ਆਈ ਹਾਂ। ਛਕਾਉਣਾ ਹੈ ਤਾਂ ਉਹੋ ਛਕਾਓ ਜਿਸਦੀ ਭੁੱਖ ਮੈਨੂੰ ਤੁਸਾਂ ਪਾਸ ਲਿਆਈ ਹੈ। ਮੋਹਿਨਾ 'ਸਤਿ ਬਚਨ ਕਹਿ ਕੇ ਉਠੀ, ਇਕ ਖੂੰਜੇ ਕਿੱਲੀ ਨਾਲ ਸਰੋਦਾ ਲਟਕ ਰਿਹਾ ਸੀ, ਲਾਹ ਲਿਆਈ, ਸੁਰ ਕੀਤਾ ਤੇ ਲੱਗੀਆਂ ਉਸ ਦੀਆਂ ਤ੍ਰਿਖੀਆਂ ਉਂਗਲਾਂ ਮੱਧਮ ਤੇ ਕਲੇਜਾ ਹਿਲਾਵੀਆਂ ਠੁਹਕਰਾਂ ਦੇਣ। ਪਹਿਲੇ ਮਲਾਰ ਦਾ ਅਲਾਪ ਛਿੜਿਆ, ਪਰ ਫੇਰ ਸਾਰੰਗ ਦੀ ਗਤ ਬੱਝ ਗਈ। ਕਮਰੇ ਦੇ ਅੰਦਰ ਇਕ ਬੈਕੁੰਠ ਦਾ ਨਕਸ਼ਾ ਬਣ ਗਿਆ। ਇਸ ਵੇਲੇ ਅੰਮੀਂ ਜੀ ਪੀੜੀ ਤੋਂ ਉਤਰਕੇ ਹੇਠਾਂ ਹੋ ਬੈਠੇ, ਅੱਖਾਂ ਬੰਦ ਹੋ ਗਈਆਂ ਤੇ ਸ਼ਰੀਰ ਐਸਾ ਅਡੋਲ ਹੋਇਆ, ਮਾਨੋਂ ਸ਼ਬਦ ਦੀ ਝੁਨਕਾਰ ਦੇ ਵਿਚ ਹੀ ਲੀਨ ਹੋ ਗਿਆ ਹੈ। ਮੋਹਿਨਾ ਜੀ ਦਾ ਹੁਣ ਸਰੋਦੇ ਨਾਲੋਂ ਵੀ ਸੁਰੀਲਾ ਤੇ ਮਿੱਠਾ ਗਲਾ ਖੋਲਿਆ:-