ਪਤੀ-ਸੱਚ ਹੈ, ਸ਼ੁਕਰ ਹੈ ਮਾਲਕ ਦਾ ਜੋ ਸਾਡੇ ਜੇਹਿਆਂ ਪਰ ਦਿਆਲੂ ਹੈ। ਪ੍ਰੇਮ ਵਿਚ ਖਿੱਚਦਾ ਹੈ। ਪਰ ਮੋਹਿਨਾਂ ਜੀਉ! ਕੋਈ ਸਾਡੀ ਮੁਸ਼ਕਲ ਖੁਲ੍ਹ ਪੈਣ ਦਾ ਨਿਸ਼ਾਨ ਬੀ ਨੇੜੇ ਨੇੜੇ ਆਇਆ ਹੈ ?
ਮੋਹਿਨਾ-ਸੁਆਮੀ ਜੀ ! ਨਹੀਂ ਅੰਮੀ ਜੀ ਅਜੇ ਇਹੋ ਆਖਦੇ ਹਨ 'ਹੁਕਮ ਨਹੀਂ।"
ਸੋਹਿਨਾ-ਹੱਛਾ ! ਜਿਵੇਂ ਰਜ਼ਾ, ਪ੍ਰਿਯਾ ਜੀ ! ਤੁਸੀਂ ਘਬਰਾਉਂਦੇ ਤਾਂ ਨਹੀਂ ?
ਮੋਹਿਨਾ-ਟੈਟ ਵਾਲਾ ਘਬਰਾ ਤਾਂ ਹੁਣ ਨਹੀਂ, ਪਰ ਵੈਰਾਗ ਤੇ ਪ੍ਰੇਮ ਦੀ ਖਿੱਚ ਤਾਂ ਹਰ ਘੜੀ ਹੈ।
ਸੋਹਿਨਾ-ਇਹੋ ਮੇਰਾ ਹਾਲ ਹੈ, ਪਤਾ ਨਹੀਂ ਮੈਂ ਇਹ ਸਫਰ ਕੀਕੂ ਬਿਤਾਇਆ ਹੈ, ਪ੍ਰੇਮ ਦੀ ਖਿੱਚ ਤੇ ਬਿਰਹੇ ਹੀ ਧੂਹ ਨੇ ਇਕ ਪਲ ਨਹੀਂ ਛੱਡਿਆ। ਜੇ ਕਦੀ ਇਹ ਕੰਮ ਅੰਮੀ ਜੀ ਦਾ ਨਾ ਹੁੰਦਾ ਤਾਂ ਮੈਂ ਅਧਵਾਟਿਓਂ ਮੁੜ ਆਉਂਦਾ।
ਮੋਹਿਨਾ--ਪਤੀ ਜੀ ! ਅਸੀਂ ਦਾਸ ਜੋ ਨਹਿਰੇ, ਜੋ ਮਾਲਕ ਦੀ ਰਜ਼ਾ ਉਹ ਸਾਡੀ ਕਰਨੀ ਕਰਤੂਤ ਤੇ ਉਸੇ ਵਿਚ ਸਾਡਾ ਭਲਾ। ਸਾਂਈਂ ਮਿਹਰ ਕਰੇ, ਉਹ ਕਰੀਏ ਜੋ ਉਸ ਨੂੰ ਭਾਵੇ, ਪਰ ਇਹ ਕਰਦਿਆਂ, ਸਾਡੀ ਧੂਰ ਤੇ ਖਿਚ ਦੂਣ ਸਵਾਈ ਹੁੰਦੀ ਜਾਵੇ। ਜਿੰਨਾਂ ਚਿਰ ਇਸ ਧੂਹ ਨੂੰ ਮਨ ਝੱਲੇ ਜਹੀ ਜਾਵੇ। ਵਾਹ ਵਾਹ, ਜਦ ਜਰ ਨਾ ਸਕੇ ਤੇ ਇਸਦੇ ਭਾਰ ਹੇਠ ਟੁੱਟ ਜਾਵੇ, ਤਦ ਇਸ ਤੋਂ ਉੱਤਮ ਵਸੀਲਾ ਹੋਰ ਕੀ ਹੋਸੀ ਜਿਸ ਨਾਲ ਕਲਿਆਣ ਮਿਲੇ ?
ਸੋਹਿਨਾਂ-ਜੋ ਮਾਲਕ ਕੰਮ ਸੌਂਪੇ ਉਹ ਕਰੀਏ, ਜੇ ਹੁਕਮ ਦੇਵੇ ਮੰਨੀਏ, ਮਾਲਕ ਚਾਹੇ ਝਿੜਕੇ ਚਾਹੇ ਦੁਰਕਾਰੇ, ਪਰ ਚੰਗਾ ਲੱਗਦਾ ਰਹਵੇ, ਪਿਆਰ
ਮੋਹਿਨਾ ਇਹ ਕਹਿ ਰਹੀ ਸੀ ਤੇ ਸੋਹਿਨਾ ਜੀ ਦੇ ਨੇਤ੍ਰ ਮਿਟਦੇ ਜਾਦੇ ਸੇ ਅਰ ਅੱਖਾਂ ਵਿਚੋਂ ਕੋਈ ਕੋਈ ਟੇਪਾ ਤ੍ਰਪ ਤ੍ਰਪ ਕਿਰ ਰਿਹਾ ਸੀ, ਹੁਣ ਮੋਹਿਨਾ ਕਹਿਂਦੀ ਕਹਿੰਦੀ ਆਪ ਬੀ ਗੁੰਮ ਹੋ ਗਈ।
ਕੈਸਾ ਅਦਭੂਤ ਦਰਸ਼ਨ ਹੈ, ਕੈਸੇ ਇਸਤ੍ਰੀ ਭਰਤਾ ਇਕ ਰੰਗ ਦੇ ਹਨ, ਕੈਸਾ ਘਰ ਦਾ ਸਤਿਸੰਗ ਹੈ। ਗੁਰ ਨਾਨਕ ਸੋਹਿਲੇ ਦੀ ਕਿਆ ਤਾਸੀਰ? 'ਘਰਿ ਸੁਖਿ ਵਸਿਆ ਬਾਹਰਿ ਸੁਖੁ ਪਾਇਆ। ਕੈਸਾ ਮਿੱਠਾ ਫਲ ਲੱਗਾ ਹੈ ? ਜਿਸਦਾ ਬੀਜ ਗੁਰ ਨਾਨਕ ਕੇਰਦਾ ਹੈ, ਜਿਸ ਦਾ ਪਤਾ ਸਤਿਗੁਰ ਐਉਂ ਦੇਂਦਾ ਹੈ: 'ਕਹੁ ਨਾਨਕ ਗੁਰਿ ਮੰਤ੍ਰ ਦ੍ਰਿੜਾਇਆ।' ਸੱਚ ਹੈ ਗੁਰ ਨਾਨਕ ਦਾ ਮੰਤ੍ਰ ਕਾਇਆ ਪਲਟਦਾ ਹੈ, ਮਨ ਪਲਟਦਾ ਹੈ ਤੇ ਆਤਮ ਜੀਵਨ ਦਾਨ ਕਰਦਾ ਹੈ। ਅਸਲ ਰਸਾਇਣ ਗੁਰ ਨਾਨਕ ਦੇ ਗਾਰੁੜੀ ਮੰਤ੍ਰ ਵਿਚ ਹੈ, ਜੋ ਵਿਸ ਝਾੜਦਾ ਹੈ, ਪ੍ਰੇਮ ਅੰਮ੍ਰਿਤ ਪਾਉਂਦਾ ਹੈ ਤੇ 'ਸਦਾ ਰਹੈ ਕੰਚਨ ਸੀ ਕਾਇਆਂ ਕਾਲ ਨ ਕਬਹੂੰ ਬਿਆਪੈ ਦਾ ਅਮਰ ਸੋਨਾਂ ਤਿਆਰ ਕਰਦਾ ਹੈ।
ਦੰਪਤੀ ਕਿੰਨਾ ਚਿਰ ਇਸੇ ਅਡੋਲਤਾ, ਬ੍ਰਿਤੀ ਦੀ ਰਸ ਭਰੀ ਏਕਾਗ੍ਰਤਾ ਵਿਚ ਬੈਠੇ ਰਹੇ ! ਅੱਗ ਬਲ ਬਲ ਕੇ ਹਿੱਸ ਰਹੀ ਤੇ ਸਾਗ ਉੱਬਲ ਉੱਬਲ ਕੇ ਰਿੱਝ ਰਿਹਾ, ਦੀਵਾ ਜਗ ਜਗ ਕੇ ਬੁਝ ਰਿਹਾ, ਪਰ ਇਹਨਾਂ ਨੂੰ ਆਪਣੀ ਮੰਗ ਦੇ ਸ਼ੁਕਰਾਨੇ ਵਿਚ ਜੋ ਠੰਢਾ ਠੰਢਾ ਰਸ ਆਇਆ ਸੀ ਉਹ ਆਪਣੇ ਵਿਚ ਇੰਨਾ ਗਰਕ ਕਰ ਗਿਆ ਕਿ ਪਤਾ ਹੀ ਨਹੀਂ ਰਿਹਾ ਕਿ ਸਥੂਲ ਸੰਸਾਰ ਕੀਹ ਕੀਹ ਰੰਗ ਵਟਾ ਚੁਕਾ ਹੈ। ਤਦੇ ਅੱਖ ਖੁੱਲ੍ਹੀ ਜਦੋਂ ਬੂਹੇ ਨੇ ਫੇਰ ਖਟ ਖਟ ਕੀਤੀ। ਹਿਤ ਅਲਸਾਈਆਂ ਪ੍ਰੇਮ ਨਾਲ ਜੁੜੀਆਂ ਅੱਖਾਂ ਖੁੱਲ੍ਹੀਆਂ। ਮੋਹਿਨਾ ਨੇ ਦਰਵਾਜ਼ਾ ਖੂਹਲਿਆ, ਤਾਂ ਇਕ ਦਾਸ ਸੀ, ਜਿਸ ਨੇ ਬੜੇ ਪ੍ਰੇਮ ਨਾਲ ਕਿਹਾ, "ਬੀਬੀ ਜੀ ! ਮੈਂ ਸੱਚੇ ਦੁਆਰੋਂ ਆਇਆ ਹਾਂ, ਅੰਮ੍ਰਿਤ ਵੇਲੇ ਤੁਸਾਂ ਨੂੰ ਧਿਆਨ ਵਿਚੋਂ ਉਠਾਇਆ ਹੈ, ਪਰ ਅੰਮੀ ਜੀ ਨੇ ਘੱਲਿਆ ਤੇ ਆਖਿਆ ਹੈ ਕਿ ਰਾਤ ਮਹਾਰਾਜ ਜੀ ਦੇ ਸਮਰਪਨ ਲਈ ਫੁਲ ਕਿਤੋਂ ਨਹੀਂ ਆਏ ਤੇ ਸਾਡੇ ਦਰਸ਼ਨ ਦਾ ਵਕਤ ਨੇੜੇ ਹੈ, ਹੋ ਸਕੇ ਤਾਂ ਇਕ ਸਿਹਰੇ ਜੋਗੇ ਫੁਲ ਦਿਓ, ਅਰ ਛੇਤੀ ਦਿਓ ਜੋ ਸਾਡੇ ਨੇਮ ਵਿਚ ਭੰਗ ਨਾ ਪਵੇ। ਰਾਤ ਸੁਨੇਹਾ ਘੱਲਣਾ ਯਾਦ ਨਹੀਂ ਰਿਹਾ।'
ਊਪਰਿ ਬਨੈ ਅਕਾਸੁ ਤਲੈ ਧਰ ਸੋਹਤੀ॥
ਦਹਦਿਸ ਚਮਕੈ ਬੀਜਲਿ ਮੁਖ ਕਉ ਜੋਹਤੀ॥
ਖੋਜਤ ਫਿਰਉ ਬਿਦੇਸਿ ਪੀਉ ਕਤ ਪਾਈਐ॥
ਹਰਿਹਾਂ ਜੇ ਮਸਤਕਿ ਹੋਵੈ ਭਾਗੁ ਤ ਦਰਸਿ ਸਮਾਈਐ॥੯॥
(ਫੁਨਹੇ ਮਹਲਾ ੫)
ਫੁੱਲ ਤੋੜਦੇ ਹਨ, ਜੀ ਖੁਸ਼ੀ ਨਾਲ ਉਛਲਦਾ ਹੈ, ਅੰਮੀ ਜੀ ਕੇਡੇ ਚੰਗੇ ਹਨ ਜੋ ਐਸੇ ਸੁਹਣੇ ਕੰਮ ਲਈ ਸਾਨੂੰ ਯਾਦ ਕਰਦੇ ਹਨ। ਜਿਨ੍ਹਾਂ ਦੇ ਦੁਆਰੇ ਬਨਰਾਇ ਹੱਥ ਬੱਧੀ ਖੜੀ ਹੈ, ਉਹ ਸਾਨੂੰ ਸੇਵਾ ਦੇ ਕੇ ਵਡਿਆਉਂਦੇ ਹਨ। ਅੰਮੀ, ਅੰਮੀ, ਅੰਮੀ ਤੂੰ ਧੰਨ ਹੈਂ । ਫੇਰ ਫੁੱਲਾਂ ਨੂੰ ਐਸ ਤਰ੍ਹਾਂ ਦੇ ਪ੍ਯਾਰ ਭਾਵ ਨਾਲ ਬੁਲਾਉਂਦੇ ਹਨ, ਆਖਦੇ ਹਨ :--
"ਨੇਕ ਨਸੀਬ ਤੁਸਾਡੇ, ਮਿੱਤਰੋ ! ਜਿਨ੍ਹਾਂ ਜਾਇ ਪੀਆ ਗਲ ਪੈਣਾਂ।
ਵਾਹ ਉੱਗਣਾ ਤੇ ਸੁਫਲਾ ਲਗਣਾ ਖਿੜ ਖਿੜ ਹਸ ਹਸ ਰਹਿਣਾ।
ਵਾਹ ਤੂਟਣਾ, ਵਾਹ ਸੂਈ ਚੜ੍ਹਨਾ, ਵਾਹ ਗੁੰਦੇ ਰਲ ਬਹਿਣਾ।
ਵਾਹ ਹੱਸਣ, ਵਾਹ ਰੋਣ ਤੁਹਾਡੇ ਜਿਨ੍ਹਾਂ ਜਾਇ ਪੀਆ ਗਲ ਪੈਣਾ॥
ਐਉਂ ਪ੍ਰੇਮ ਭਰੇ ਪ੍ਰੇਮੀਆਂ ਨੇ ਸੁਹਣੇ ਸੁਹਣੇ ਲੈਂਦੇ ਦੇ ਫੁੱਲ ਅੰਮੀ ਜੀ ਲਈ ਇਕ ਸੁਹਣੀ ਪਟਾਰੀ ਵਿਚ ਪਾ ਕੇ ਘੱਲ ਦਿੱਤੇ।
ਤ੍ਰਿਪਹਿਰਾ ਬੀਤ ਚੁਕਾ ਸੀ, ਹੁਣ ਸੌਣ ਦਾ ਵੇਲਾ ਹੀ ਨਹੀਂ ਸੀ, ਦੰਪਤੀ ਨੇ ਇਸ਼ਨਾਨ ਕੀਤਾ ਤੇ ਆਪਣੇ ਪਾਠ ਸਿਮਰਨ ਵਿਚ ਲੱਗ ਪਏ।
੩. (ਮੋਹਿਨਾਂ ਤੇ ਠਾਕੁਰ ਜੀ)
ਮੋਹਿਨਾ ਸੋਹਿਨਾ ਜੀ ਕੌਣ ਹਨ ? ਇਸ ਗਰੀਬੀ ਵਿਚ ਕਿਉਂ ਹਨ ? ਇੰਨੇ ਪ੍ਰੇਮੀ ਕਿਸ ਲਈ ਹਨ ? ਅੰਮੀ ਜੀ ਐਡੇ ਪਿਆਰਾਂ ਵਾਲੇ ਕੌਣ ਹਨ ?
ਰਾਇਪੁਰ ਦੇ ਰਹਿਣ ਵਾਲੇ ਇਕ ਰਸੀਏ ਅਮੀਰ ਇਹ ਸੋਹਨਾ ਜੀ ਹਨ ਇਨ੍ਹਾਂ ਦੀ ਇਸਤ੍ਰੀ ਮੋਹਿਨਾਂ ਹੈ। ਰਾਗ ਵਿਦ੍ਯਾ ਤੇ ਕਵਿਤਾ ਵਿਚ ਦੁਏ ਪ੍ਰਬੀਨ ਸੇ। ਸਮਾਂ ਪਾ ਕੇ ਕੁਛ ਭਗਤੀ ਵਿਚ ਲਗ ਪਏ ਸੇ। ਇਕ ਬੈਰਾਗੀ ਫਕੀਰ ਨੇ ਇਨ੍ਹਾਂ ਨੂੰ ਠਾਕੁਰ ਪੂਜਾ ਸਿਖਾਈ ਤੇ ਭਗਤੀ ਦੀ ਜਾਚ ਦੱਸੀ ਸੀ, ਭਾਵੇਂ ਇਹ ਚੰਗੇ ਘਰੋਂ ਬਾਹਰੋਂ ਖੁੱਲੇ ਸੇ, ਪੈਸੇ ਦੀ ਤੋਟ ਨਹੀਂ ਸੀ, ਪਰ ਜਦ ਭਗਤੀ ਨੇ ਰੰਗ ਜਮਾਇਆ ਤਾਂ ਸਵੇਰੇ ਖੂਹ ਤੋਂ ਜਾ ਕੇ ਆਪ ਇਸ਼ਨਾਨ ਕਰਕੇ ਸੁੱਚਾ ਜਲ ਠਾਕੁਰਾਂ ਲਈ ਲਿਆਉਣਾ, ਇਸ਼ਨਾਨ ਕਰਕੇ ਆਪਣੇ ਲਾਏ ਫੁੱਲਾਂ ਦੀ ਮਾਲਾ ਪੁਰੋਣੀ, ਪੂਜਾ, ਅਰਚਾ, ਡੰਡਉਤ, ਸਾਰੀ ਰੀਤਿ ਦੇਵ ਪੂਜਾ ਦੀ ਨਿਬਾਹੁਣੀ। ਸੰਕੀਰਤਨੀਏਂ ਵੀ ਤਕੜੇ ਸਨ। ਸੋਹਿਨਾ ਨੂੰ ਵੀਣਾ ਵਿਚ ਤੇ ਮੋਹਿਨਾ ਨੂੰ ਸਰੋਦੇ ਵਿਚ ਪ੍ਰਬੀਨਤਾ ਪ੍ਰਾਪਤ ਸੀ, ਠਾਕੁਰਾਂ ਦੇ ਅੱਗੇ ਓਹ ਸੰਗੀਤ ਤੇ ਨ੍ਰਿਤਕਾਰੀ ਕਰਨੀ ਕਿ ਅਵਧੀ ਕਰ ਦੇਣੀ। ਇਕ ਦਿਨ ਦੋਏ ਜਣੇ ਖੂਹ ਤੋਂ ਸੁੱਚਾ ਪਾਣੀ ਲਿਆ ਰਹੇ ਸਨ ਕਿ ਇਕ ਸਿੱਧੇ ਦਸਤਾਰੇ ਵਾਲਾ ਗੁਰਮੁਖ ਰੂਪ ਆਦਮੀ ਭੱਜਾ ਆਇਆ, ਇਸਦੇ ਇਕ ਕਰਾਰਾ ਫੱਟ ਲੱਗਾ ਸੀ ਅਰ ਤਰੇਹ ਨਾਲ ਬੇਹਾਲ ਹੋ ਰਿਹਾ ਸੀ। ਇਨ੍ਹਾਂ ਦੇ ਪੈਰਾਂ ਪਾਸ ਹਫ ਕੇ ਡਿੱਗਾ ਤੇ ਪਾਣੀ ਪਾਣੀ ਕੂਕ ਪਿਆ। ਉਸ ਦੀ ਲੋੜ ਨੇ ਇਨ੍ਹਾਂ ਨੂੰ ਤ੍ਰਬ੍ਹਕਾ ਤਾਂ ਦਿੱਤਾ ਪਰ ਨੇਮ ਧਰਮ ਨੇ ਇਹੋ ਮੱਤ ਦਿਤੀ ਕਿ ਠਾਕੁਰਾਂ ਲਈ ਸੁੱਚਾ ਜਲ ਲਿਜਾ ਰਹੇ ਹਾਂ, ਇਹ ਉਹਨਾਂ ਦੇ ਨਾਉਂਗੇ ਦਾ ਹੈ; ਜੂਠਾ ਕਿਸ ਤਰ੍ਹਾਂ ਕਰੀਏ ? ਉਹ ਮੱਛੀ ਦੀ ਤਰ੍ਹਾਂ ਤੜਫਦਾ ਤੇ 'ਪਾਣੀ ਪਾਣੀ' ਕੂਕਦਾ ਰਿਹਾ ਤੇ ਇਹ ਆਪਣੇ ਕਠੋਰ ਧਰਮ ਵਿਚ ਪੱਕੇ ਘੇਸ ਮਾਰਕੇ ਕੋਲ ਦੀ ਟੁਰੀ ਗਏ। ਉਸ ਦੀ ਸਿਸਕਦੀ ਅਖੀਰ ਅਵਾਜ਼, ਜੋ ਇਨ੍ਹਾਂ ਦੇ ਕੰਨ ਪਈ, ਉਹ ਇਹ ਸੀ :--