ਮੋਟਰਸਾਈਕਲ ਡਾਇਰੀ
(ਸਫ਼ਰਨਾਮਾ)
ਅਰਨੈਸਟੋ ਚੀ ਗੁਵੇਰਾ
ਅਨੁਵਾਦ ਤੇ ਸੰਪਾਦਨ
ਜਗਵਿੰਦਰ ਜੋਧਾ
ਇੱਕ ਕ੍ਰਾਂਤੀਕਾਰੀ ਦੀ ਸਿਰਜਣਾ ਦਾ ਦਸਤਾਵੇਜ਼
‘ਮੋਟਰਸਾਈਕਲ ਡਾਇਰੀ' ਦੀ ਗੁਵੇਰਾ ਦੇ ਲਿਖੇ ਉਹ ਦਸਤਾਵੇਜ਼ੀ ਸਫ਼ਰੀ ਵੇਰਵੇ ਹਨ, ਜਿਹੜੇ ਉਸਨੇ ਦਿਸੰਬਰ 1951 ਤੋਂ ਅਗਸਤ 1952 ਦੀ ਦੱਖਣੀ ਅਮਰੀਕੀ ਮੋਟਰਸਾਈਕਲ ਯਾਤਰਾ ਦੌਰਾਨ ਲਿਖੇ । ਉਹਨੀ ਦਿਨੀਂ ਉਹ ਯੂਨੀਵਰਸਿਟੀ ਆਫ਼ ਬਿਊਨਸ ਆਇਰਸ ਦੇ ਮੈਡੀਕਲ ਸਕੂਲ ਦੇ ਵਿਦਿਆਰਥੀ ਵਜੋਂ ਪੜ੍ਹ ਰਿਹਾ ਸੀ । ਸੱਚੀ ਗੱਲ ਤਾਂ ਇਹ ਹੈ ਕਿ ਉਹ ਸਾਰੇ ਮਾਹੌਲ ਤੋਂ ਅੱਕਿਆ ਪਿਆ ਸੀ । ਉਹ ਰੁਟੀਨ ਤੋਂ ਪਰ੍ਹੇ ਭੱਜ ਕੇ ਘੁਮੱਕੜੀ, ਬੇਤਰਤੀਬੀ ਤੇ ਰੁਮਾਂਚ ਰਾਹੀਂ ਦੁਨੀਆਂ ਨੂੰ ਦੇਖਣਾ ਚਾਹੁੰਦਾ ਸੀ। 1950 ਵਿਚ 21 ਸਾਲ ਦੀ ਉਮਰ ਵਿਚ ਉਸਨੇ ਆਪਣੀ ਪਹਿਲੀ ਮੋਟਰਸਾਈਕਲ ਯਾਤਰਾ ਮੱਧ-ਅਰਜਨਟੀਨੀ ਖੇਤਰ ਵਿਚ ਕੀਤੀ। ਇਹ ਸਫ਼ਰ 4 ਹਜ਼ਾਰ ਕਿਲੋਮੀਟਰ ਲੰਮਾ ਸੀ। ਇਸ ਸਫ਼ਰ ਦੌਰਾਨ ਉਸਨੇ ਸੰਯੁਕਤ ਰਾਜ ਅਮਰੀਕਾ ਦੇ ਲਾਤੀਨੀ ਦੇਸ਼ਾਂ ਵਿਚ ਵਧਦੇ ਆਰਥਿਕ ਪ੍ਰਭਾਵ ਤੇ ਇਸਦੇ ਭੈੜੇ ਨਤੀਜਿਆਂ ਨੂੰ ਮਹਿਸੂਸ ਕੀਤਾ । ਸਫ਼ਰ ਦੇ ਅੰਤ 'ਤੇ ਉਹ ਕੋਰਡੋਬਾ ਵਿਚ ਆਪਣੇ ਮਿੱਤਰ ਤੋਮਾਸ਼ ਤੇ ਅਲਬਰਟੋ ਗਰੇਨਾਡੋ ਨੂੰ ਮਿਲਿਆ। ਅਲਬਰਟੋ ਉਸ ਨਾਲੋਂ ਛੇ ਸਾਲ ਵੱਡਾ ਸੀ ਤੇ ਕੋਹੜ ਰੋਗ 'ਤੇ ਡਾਕਟਰੀ-ਖੋਜ ਨਾਲ ਜੁੜਿਆ ਹੋਇਆ ਸੀ। ਇਹੀ ਅਲਬਰਟੋ 'ਚੀ' ਦਾ ਮੋਟਰਸਾਈਕਲ ਡਾਇਰੀ ਵਾਲੀ ਯਾਤਰਾ ਦਾ ਸਾਥੀ ਬਣਿਆ।
ਡਾਇਰੀ ਵਿਚ ਵਰਣਿਤ ਯਾਤਰਾ ਦੌਰਾਨ ਚੀ ਤੇ ਅਲਬਰਟੋ ਦੱਖਣੀ ਅਮਰੀਕਾ ਦੇ ਕਈ ਦੇਸ਼ਾਂ ਵਿਚ ਗਏ। ਅਰਜਨਟੀਨਾ ਤੋਂ ਸ਼ੁਰੂ ਹੋ ਕੇ ਚਿੱਲੀ, ਪੇਰੂ, ਕੋਲੰਬੀਆ, ਵੈਨਜ਼ੂਏਲਾ ਤੇ ਪੈਰਾਗੁਵੇ ਆਦਿ ਦੇਸ਼ਾਂ ਵਿਚ ਉਹ ਗਏ। 'ਲਾ ਪੇਦਰੋਸਾ' ਮਾਡਲ ਦਾ ਮੋਟਰਸਾਈਕਲ ਚਿੱਲੀ ਵਿਚ ਹੀ ਉਨ੍ਹਾਂ ਦਾ ਸਾਥ ਛੱਡ ਗਿਆ, ਪਰ ਉਨ੍ਹਾਂ ਆਪਣੀ ਘੁਮੱਕੜੀ ਜਾਰੀ ਰੱਖੀ। 'ਚੀ' ਨੇ ਲਾਤੀਨੀ ਅਮਰੀਕੀ ਦੇਸ਼ਾਂ ਦੇ ਮੂਲ ਸਭਿਆਚਾਰ ਨੂੰ ਸਮਝਿਆ, ਮੂਲ ਨਿਵਾਸੀਆਂ ਦੀ ਭਾਸ਼ਾ ਤੇ ਸੰਸਕ੍ਰਿਤੀ ਨੂੰ ਤਬਾਹ ਕੀਤੇ ਜਾਣ ਦੇ ਬਸਤੀਕਾਰੀ ਪ੍ਰਭਾਵਾਂ ਨੂੰ ਸਮਝਿਆ। ਉਦਯੋਗੀਕਰਨ ਦੇ ਨਾਂ ਹੇਠ ਹੋ ਰਹੀ ਕੁਦਰਤੀ ਤੇ ਆਰਥਿਕ ਵਸੀਲਿਆਂ ਦੀ ਲੁੱਟ ਨੂੰ ਜਾਣਿਆ ਤੇ ਅਮਰੀਕਾ ਵਲੋਂ ਇਨ੍ਹਾਂ ਦੇਸ਼ਾਂ ਵਿੱਚੋਂ ਹੂੰਝੀ ਜਾ ਰਹੀ ਪੂੰਜੀ ਤੇ ਵੰਡੀਆਂ ਜਾ ਰਹੀਆਂ ਬਿਮਾਰੀਆਂ ਨੂੰ ਨੇੜਿਓਂ ਦੇਖਿਆ। ਉਸਨੇ ਅਲਬਰਟੋ ਨਾਲ ਚਿੱਲੀ ਤੇ ਪੇਰੂ ਦੀਆਂ 'ਕੋਹੜ-ਬਸਤੀਆਂ ਦਾ ਦੌਰਾ ਕੀਤਾ। ਤੇ ਇਸ ਤਰਸਨਾਕ ਹਾਲਾਤ ਪ੍ਰਤੀ ਘ੍ਰਿਣਾ ਨਾਲ ਭਰ ਕੇ ਬਦਲਾਅ ਦੇ ਪੈਤੜਿਆਂ 'ਤੇ ਵਿਚਾਰ ਕੀਤੀ। ਦਮੇਂ ਕਾਰਨ ਬਦਤਰ ਸਰੀਰਕ ਹਾਲਤ ਦੇ ਬਾਵਜੂਦ ਚੀ ਨੇ ਇਹ ਯਾਤਰਾ ਪੂਰੀ ਕੀਤੀ ਤੇ ਵਿਸ਼ੇਸ਼ ਤਰ੍ਹਾਂ ਦੀ ਊਰਜਾ ਨਾਲ ਭਰ ਕੇ ਵਾਪਸ ਪਰਤਿਆ।
ਇਹ ਡਾਇਰੀ ਉਸ ਸਮੁੱਚੇ ਯਾਤਰਾ-ਬਿਰਤਾਂਤ ਨੂੰ ਪੇਸ਼ ਕਰਦੀ ਹੈ।‘ਚੀ ਗੁਵੇਰਾ’
ਇਹ ਕਿਤਾਬ ਮੈਂ ਦੋ ਕੁ ਸਾਲ ਪਹਿਲਾਂ ਪੜ੍ਹੀ। ਉਦੋਂ ਤੋਂ ਹੀ ਇਸਦੇ ਅਨੁਵਾਦ ਦੀ ਇੱਛਾ ਮਨ ਵਿਚ ਅੰਗੜਾਈਆਂ ਰਹੀ ਸੀ । ਇਸ ਕਿਤਾਬ ਦੇ ਅਨੁਵਾਦ ਤੋਂ ਪ੍ਰਕਾਸ਼ਨ ਤਕ ਮੇਰੇ ਬਹੁਤ ਸਾਰੇ ਸਹਿਕਰਮੀਆਂ, ਦੋਸਤਾਂ ਤੇ ਮੁਹੱਬਤੀ ਲੋਕਾਂ ਦੀ ਪ੍ਰੇਰਨਾ ਮਿਲਦੀ ਰਹੀ। ਕੁਝ ਨਾਵਾਂ ਤਕ ਸੀਮਤ ਕਰਕੇ ਮੈਂ ਭਾਵਨਾ ਦਾ ਅਨਾਦਰ ਨਹੀਂ ਕਰਨਾ ਚਾਹੁੰਦਾ। ਇਹ ਕੇਵਲ ਮਹਿਸੂਸ ਕਰਨ ਤੇ ਮਾਨਣ ਵਾਲੀ ਭਾਵਨਾ ਹੈ। ਸਿਰਜਣਾ, ਸਮੀਖਿਆ ਤੇ ਅਨੁਵਾਦ ਮੇਰੇ ਲਈ ਇੱਕੋ ਕਾਰਜ ਦੇ ਤਿੰਨ ਪਾਸਾਰ ਹਨ। ਇਸ ਪੁਸਤਕ ਦੇ ਪ੍ਰਕਾਸ਼ਿਤ ਹੋਣ 'ਤੇ ਮੈਨੂੰ ਤਸੱਲੀ ਦਾ ਅਹਿਸਾਸ ਹੈ।
ਜਗਵਿੰਦਰ ਜੋਧਾ