ਮੈਂ ਉਸਦੇ ਦੰਦ ਤੇ ਉਸਦੀ ਦ੍ਰਿੜ ਮੁਸਕਾਨ ਵੱਲ ਦੇਖਿਆ। ਜਿਹੜੀ ਇਤਿਹਾਸ ਦੱਸ ਰਹੀ ਸੀ। ਮੈਂ ਉਸ ਨਾਲ ਹੱਥ ਮਿਲਾਉਂਦੇ ਸਮੇਂ ਦੂਰ ਤੋਂ ਬੁੜਬੁੜਾਹਟ ਦੀ ਰਸਮੀ ਵਿਦਾਈ ਨੂੰ ਮਹਿਸੂਸ ਕੀਤਾ। ਉਸਦੇ ਅਰਥ-ਭਰਪੂਰ ਸ਼ਬਦਾਂ ਨੇ ਰਾਤ ਸਮੇਂ ਮੈਨੂੰ ਫਿਰ ਜਕੜ ਲਿਆ। ਉਸਦੇ ਸ਼ਬਦਾਂ ਤੋਂ ਬਿਨਾਂ ਵੀ ਮੈਂ ਜਾਣਦਾਂ………….ਮੈਂ ਜਾਣਦਾਂ ਕਿ ਨਿਰਦੇਸ਼ ਦੇਣ ਦੀ ਮਹਾਨ ਭਾਵਨਾ ਮਨੁੱਖਤਾ ਨੂੰ ਦੋ ਹਿੱਸਿਆਂ ਵਿਚ ਵੰਡ ਦੇਵੇਗੀ। ਮੈਂ ਫਿਰ ਵੀ ਲੋਕਾਂ ਨਾਲ ਹੀ ਹੋਵਾਂਗਾ। ਮੈਂ ਇਹ ਜਾਣਦਾ ਹਾਂ, ਮੈਂ ਇਸਨੂੰ ਰਾਤ ਸਮੇਂ ਅਸਮਾਨ ਵਿਚ ਦਰਜ ਹੁੰਦਿਆਂ ਦੇਖਿਆ। ਸਿਧਾਂਤਾਂ ਅਤੇ ਜੜ੍ਹਵਾਦ ਦੇ ਮਨੋਵੇਗਾਂ ਦੇ ਭੁਲੇਖੇ ਦੇ ਸ਼ਿਕਾਰ ਇਕ ਪਰਛਾਵੇਂ ਵਾਂਗ ਮੈਂ ਗੱਜਦਾ ਹੋਇਆ ਰੁਕਾਵਟਾਂ ਅਤੇ ਬੰਦਿਸ਼ਾਂ 'ਤੇ ਹਮਲਾ ਕਰਾਂਗਾ, ਖੂਨ ਨਾਲ ਭਿੱਜਿਆ ਆਪਣਾ ਹਥਿਆਰ ਲਵਾਂਗਾ ਤੇ ਗੁੱਸੇ ਵਿਚ ਦੁਸ਼ਮਣ ਨੂੰ ਮੌਤ ਦੇ ਘਾਟ ਉਤਾਰ ਦਿਆਂਗਾ। ਜਿਵੇਂ ਮਹਾਨ ਅੰਤ ਕਿਸੇ ਤਾਜ਼ੇ ਉਤਸ਼ਾਹ ਨੂੰ ਮਾਰਦਾ ਹੈ। ਉਵੇਂ ਹੀ ਮੈਂ ਆਪਣੇ ਆਪ ਨੂੰ ਦੇਖਦਾ ਹਾਂ, ਜਿਸਨੇ ਖ਼ੁਦ ਨੂੰ ਸ਼ਾਨਦਾਰ ਇਨਕਲਾਬ ਲਈ ਸਮਾਪਤ ਕਰ ਦਿੱਤਾ ਹੈ। ਇਹ ਇਨਕਲਾਬ ਨਿੱਜੀ ਇੱਛਾਵਾਂ ਦੀ ਮਹਾਨ ਸਮਾਨਤਾ ਨੂੰ ਪੈਦਾ ਕਰੇਗਾ। ਮੈਂ ਮਹਿਸੂਸ ਕਰਦਾਂ ਕਿ ਮੇਰੀਆਂ ਨਾਸਾਂ ਚੌੜੀਆਂ ਹੋ ਗਈਆਂ ਹਨ, ਇਨ੍ਹਾਂ ਵਿੱਚੋਂ ਵੈਰੀਆਂ ਦੀ ਮੌਤ, ਬਾਰੂਦ ਤੇ ਖੂਨ ਦੀ ਤਿੱਖੀ ਬੂ ਆ ਰਹੀ ਹੈ। ਮੈਂ ਆਪਣੇ ਆਪ ਨੂੰ ਫੌਲਾਦ ਦਾ ਬਣਾ ਲਿਆ ਹੈ। ਇਸਨੂੰ ਯੁੱਧ ਲਈ ਤਿਆਰ ਕਰ ਲਿਆ ਹੈ ਤੇ ਖ਼ੁਦ ਨੂੰ ਉਸ ਪਵਿੱਤਰ ਸਥਾਨ ਲਈ ਵੀ ਤਿਆਰ ਕਰ ਲਿਆ ਹੈ, ਜਿਸ ਵਿਚ ਜੇਤੂ ਪਰੋਲੇਤਾਰੀ ਦੀ ਪਾਸ਼ਵਿਕਤਾ ਨਵੀਂ ਊਰਜਾ ਤੇ ਉਮੀਦਾਂ ਨਾਲ ਗੂੰਜ ਸਕਦੀ ਹੈ।