ਇਹ ਕਿਤਾਬ ਮੈਂ ਦੋ ਕੁ ਸਾਲ ਪਹਿਲਾਂ ਪੜ੍ਹੀ। ਉਦੋਂ ਤੋਂ ਹੀ ਇਸਦੇ ਅਨੁਵਾਦ ਦੀ ਇੱਛਾ ਮਨ ਵਿਚ ਅੰਗੜਾਈਆਂ ਰਹੀ ਸੀ । ਇਸ ਕਿਤਾਬ ਦੇ ਅਨੁਵਾਦ ਤੋਂ ਪ੍ਰਕਾਸ਼ਨ ਤਕ ਮੇਰੇ ਬਹੁਤ ਸਾਰੇ ਸਹਿਕਰਮੀਆਂ, ਦੋਸਤਾਂ ਤੇ ਮੁਹੱਬਤੀ ਲੋਕਾਂ ਦੀ ਪ੍ਰੇਰਨਾ ਮਿਲਦੀ ਰਹੀ। ਕੁਝ ਨਾਵਾਂ ਤਕ ਸੀਮਤ ਕਰਕੇ ਮੈਂ ਭਾਵਨਾ ਦਾ ਅਨਾਦਰ ਨਹੀਂ ਕਰਨਾ ਚਾਹੁੰਦਾ। ਇਹ ਕੇਵਲ ਮਹਿਸੂਸ ਕਰਨ ਤੇ ਮਾਨਣ ਵਾਲੀ ਭਾਵਨਾ ਹੈ। ਸਿਰਜਣਾ, ਸਮੀਖਿਆ ਤੇ ਅਨੁਵਾਦ ਮੇਰੇ ਲਈ ਇੱਕੋ ਕਾਰਜ ਦੇ ਤਿੰਨ ਪਾਸਾਰ ਹਨ। ਇਸ ਪੁਸਤਕ ਦੇ ਪ੍ਰਕਾਸ਼ਿਤ ਹੋਣ 'ਤੇ ਮੈਨੂੰ ਤਸੱਲੀ ਦਾ ਅਹਿਸਾਸ ਹੈ।
ਜਗਵਿੰਦਰ ਜੋਧਾ
ਮੋਟਰਸਾਈਕਲ ਡਾਇਰੀ
ਲਾਤੀਨੀ ਅਮਰੀਕੀ ਯਾਤਰਾ ਦੇ ਅਨੁਭਵ
ਇਸ ਤਰ੍ਹਾਂ ਅਸੀਂ ਜਾਣਿਆ ਇਕ ਦੂਸਰੇ ਨੂੰ
ਇਹ ਕਹਾਣੀ ਕਿਸੇ ਲਾਜਵਾਬ ਨਾਇਕਤਵ ਦੀ ਜਾਂ ਕਿਸੇ ਸਨਕੀ ਦੇ ਬਿਰਤਾਂਤ ਨਹੀਂ। ਘੱਟੋ ਘੱਟ ਮੇਰੀ ਲਿਖਤ ਦਾ ਅਜਿਹਾ ਕੋਈ ਉਦੇਸ਼ ਨਹੀਂ ਹੈ। ਇਹ ਉਨ੍ਹਾਂ ਦੋ ਲੋਕਾਂ ਦੇ ਜੀਵਨ ਦੀ ਝਲਕੀ ਹੈ ਜੋ ਕਿਸੇ ਖ਼ਾਸ ਸਮੇਂ ਸਮਾਂਤਰ ਜੀਵੇ ਜਦੋਂ ਉਨ੍ਹਾਂ ਦੀਆਂ ਆਸ਼ਾਵਾਂ ਤੇ ਭਵਿੱਖ ਦੇ ਸੁਪਨੇ ਇੱਕੋ ਜਿਹੇ ਸਨ।
ਮਨੁੱਖ ਆਪਣੀ ਜ਼ਿੰਦਗੀ ਦੇ ਨੌਂ ਮਹੀਨਿਆਂ ਵਿਚ ਬਹੁਤ ਸਾਰੀਆਂ ਚੀਜ਼ਾਂ ਬਾਰੇ ਸੋਚ ਸਕਦਾ ਹੈ। ਉਹ ਆਪਣੇ ਆਪ ਨੂੰ ਸਿਰੇ ਦੇ ਦਾਰਸ਼ਨਿਕ ਵਿਚਾਰਾਂ 'ਤੇ ਇਕਾਗਰ ਕਰਨ ਤੋਂ ਲੈ ਕੇ ਆਪਣੇ ਪੇਟ ਦੀ ਸਥਿਤੀ ਮੁਤਾਬਕ ਸੂਪ ਦੇ ਪਿਆਲੇ ਦੀ ਹੇਠਲੇ ਦਰਜੇ ਦੀ ਇੱਛਾ ਤੱਕ ਸਭ ਕੁਝ ਸੋਚ ਸਕਦਾ ਹੈ। ਅਤੇ ਹਾਂ, ਜੇਕਰ ਨਾਲ ਹੀ ਉਹ ਵਿਅਕਤੀ ਰੋਮਾਂਚਕ ਪ੍ਰਵਿਰਤੀ ਵਾਲਾ ਵੀ ਹੈ ਤਾਂ ਉਹ ਬਾਕੀ ਜਣਿਆਂ ਲਈ ਕੁਝ ਜੀਵੰਤ ਪ੍ਰਸੰਗਾਂ ਨੂੰ ਸਾਮ੍ਹਣੇ ਲਿਆ ਸਕਦਾ ਹੈ। ਜੋ ਆਮ ਵਰਣਿਤ ਵੇਰਵਿਆਂ ਵਰਗੇ ਹੀ ਹੋਣਗੇ।
ਇਹ ਬਿਲਕੁਲ ਉਵੇਂ ਹੈ, ਜਿਸ ਤਰ੍ਹਾਂ ਕੋਈ ਸਿੱਕਾ ਹਵਾ ਵਿਚ ਉਛਾਲਿਆ ਜਾਵੇ ਤਾਂ ਉਹ ਕਈ ਵਾਰ ਸਿੱਧਾ ਡਿੱਗਦਾ ਹੈ ਤੇ ਕਈ ਵਾਰ ਉਲਟਾ। ਆਦਮੀ, ਜੋ ਸਾਰੀਆਂ ਚੀਜ਼ਾਂ ਦਾ ਸਭ ਤੋਂ ਵੱਡਾ ਪੈਮਾਨਾ ਹੈ, ਉਹ ਆਦਮੀ ਜਿਸਨੂੰ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ, ਮੇਰੀ ਜ਼ੁਬਾਨ ਰਾਹੀਂ, ਮੇਰੀ ਭਾਸ਼ਾ ਵਿਚ ਆਪਣੀ ਗੱਲ ਕਹਿੰਦਾ ਦਿਖਾਈ ਦੇ ਰਿਹਾ ਹੈ। ਇਹ ਬਿਲਕੁਲ ਉਸੇ ਤਰ੍ਹਾਂ ਹੈ, ਜਿਸ ਤਰ੍ਹਾਂ ਸਿੱਕੇ ਦਾ ਸਿੱਧਾ ਪਾਸਾ ਆਉਣ ਦੀਆਂ ਦਸ ਸੰਭਾਵਨਾਵਾਂ ਵਿੱਚੋਂ ਮੈਂ ਕੇਵਲ ਇਕ ਨੂੰ ਦੇਖਿਆ ਤੇ ਪੇਸ਼ ਕੀਤਾ ਹੋਵੇ। ਜਾਂ ਫਿਰ ਤੁਸੀਂ ਇਸ ਤੋਂ ਇਕਦਮ ਉਲਟ ਸਥਿਤੀ ਹੋਣ ਦੀ ਕਲਪਨਾ ਵੀ ਕਰ ਸਕਦੇ ਹੋ। ਇਸ ਦੀ ਅਸਲ ਵਿਚ ਸੰਭਾਵਨਾ ਵੀ ਹੈ ਅਤੇ ਮੈਨੂੰ ਇਸ ਦਾ ਕੋਈ ਅਫ਼ਸੋਸ ਵੀ ਨਹੀਂ ਹੈ ਕਿਉਂਕਿ ਬੁੱਲ੍ਹ ਉਹੀ ਵਰਣਨ ਕਰ ਸਕਦੇ ਹਨ ਜੋ ਅੱਖਾਂ ਨੇ ਦੇਖਿਆ ਹੋਵੇ। ਕੀ ਇਸੇ ਕਰਕੇ ਹੀ ਸਾਡਾ ਦ੍ਰਿਸ਼ਟੀਕੋਣ ਕਦੇ ਵੀ ਸੰਪੂਰਨ ਨਹੀਂ ਹੋ ਸਕਦਾ, ਕਿਉਂਕਿ ਇਹ ਵਧੇਰੇ ਕਰਕੇ ਅਸਥਾਈ ਅਤੇ ਪੂਰੀ ਤਰ੍ਹਾਂ ਸੂਚਨਾਤਮਕ ਨਹੀਂ ਹੁੰਦਾ । ਕੀ ਅਸੀਂ ਆਪਣੇ ਫੈਸਲਿਆਂ ਨੂੰ ਲੈ ਕੇ ਗੈਰ- ਸਮਝੌਤਾਪੂਰਨ ਰਵੱਈਆ ਰੱਖਦੇ ਹਾਂ ? ਠੀਕ ਹੈ, ਪਰ ਇਹੀ ਸਭ ਤੋਂ ਵੱਡਾ ਕਾਰਨ ਹੈ ਕਿ ਟਾਈਪਰਾਈਟਰ ਉਹੀ ਕੁਝ ਲਿਖਦਾ ਹੈ ਜੋ ਮੇਰੀਆਂ ਉਂਗਲੀਆਂ ਰਾਹੀਂ ਉਸਦੇ ਅੱਖਰਾਂ ਵਿਚ ਪਰਿਵਰਤਤ ਹੁੰਦਾ ਹੈ ਤੇ ਉਹ ਭਾਵਨਾਵਾਂ ਹੁਣ ਮ੍ਰਿਤਕ ਹਨ। ਵੱਡੀ ਗੱਲ ਇਹ ਹੈ ਕਿ ਇਸ ਦੀ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ।
ਜਿਸ ਵਿਅਕਤੀ ਨੇ ਇਹ ਨੋਟਿਸ ਲਿਖੇ ਉਹ ਉਸੇ ਪਲ ਮਰ ਗਿਆ ਸੀ ਜਦ ਉਸਦੇ ਪੈਰਾਂ ਨੇ ਅਰਜਨਟੀਨਾ ਦੀ ਮਿੱਟੀ ਨੂੰ ਛੋਹਿਆ। ਜਿਸ ਬੰਦੇ ਨੇ ਇਨ੍ਹਾਂ ਨੋਟਿਸਾਂ ਨੂੰ
ਫੋਟੋਗ੍ਰਾਫ਼ੀ ਦੇ ਕਿਸੇ ਵੀ ਕਿਤਾਬਚੇ ਵਿਚ ਤੁਸੀਂ ਚਾਂਦਨੀ ਰਾਤ ਵਿਚ ਖਿੱਚੀਆਂ ਗਈਆਂ ਸਾਫ਼ ਤਸਵੀਰਾਂ ਬਾਰੇ ਸਪੱਸ਼ਟ ਤੌਰ 'ਤੇ ਜਾਣ ਸਕੋਗੇ। ਇਸ ਦੇ ਨਾਲ ਦਿੱਤੇ ਗਏ। ਸੂਚਨਾਤਮਕ ਪਾਠ ਵਿੱਚੋਂ ਤੁਸੀਂ 'ਸ਼ਾਮ ਦੇ ਧੁੰਦਲਕੇ' ਦੇ ਰਹੱਸਾਂ ਬਾਰੇ ਵੀ ਜਾਣ ਸਕਦੇ ਹੋ। ਪਰ ਇਸ ਕਿਤਾਬ ਦੇ ਪਾਠਕਾਂ ਨੂੰ ਮੇਰੀ ਦ੍ਰਿਸ਼ਟੀ ਦੀ ਸੰਵੇਦਨਸ਼ੀਲਤਾ ਨਾਲ ਜ਼ਿਆਦਾ ਵਾਕਫ਼ੀ ਨਹੀਂ ਹੋਵੇਗੀ, ਮੈਨੂੰ ਵੀ ਇਸਦਾ ਅਹਿਸਾਸ ਮੁਸ਼ਕਲ ਨਾਲ ਹੀ ਹੁੰਦਾ ਹੈ। ਇਸ ਲਈ ਪਾਠਕ ਇਹ ਨਹੀਂ ਜਾਣ ਸਕਣਗੇ ਕਿ ਠੀਕ ਉਸ ਸਮੇਂ ਹੀ ਫੋਟੋਗ੍ਰਾਫ਼ਿਕ ਪਲੇਟ ਦੇ ਖਿਲਾਫ਼ ਕੀ ਕਿਹਾ ਗਿਆ ਜਦੋਂ ਅਸਲ ਵਿੱਚ ਮੇਰੀ ਹਰ ਫੋਟੋ ਖਿੱਚੀ ਗਈ ਸੀ ਤਾਂ ਤੁਸੀਂ ਮੇਰੇ 'ਤੇ ਯਕੀਨ ਵੀ ਕਰ ਸਕਦੇ ਹੋ ਤੇ ਨਹੀਂ ਵੀ। ਮੇਰੇ ਲਈ ਇਹ ਜ਼ਿਆਦਾ ਮਾਅਨੇ ਨਹੀਂ ਰੱਖਦਾ, ਜਦੋਂ ਤੱਕ ਤੁਸੀਂ ਉਸ ਦ੍ਰਿਸ਼ ਨੂੰ ਨਹੀਂ ਜਾਣਨਾ ਚਾਹੁੰਦੇ ਜਿਸ ਦੀ 'ਫੋਟੋਕਾਰੀ' ਮੈਂ ਆਪਣੇ ਨੋਟਿਸਾਂ ਵਿਚ ਕੀਤੀ ਹੈ। ਮੈਂ ਤੁਹਾਨੂੰ ਜੋ ਸੱਚਾਈ ਦੱਸਣ ਜਾ ਰਿਹਾ ਹਾਂ, ਉਸਦਾ ਬਦਲ ਤਲਾਸ਼ਣਾ ਤੁਹਾਡੇ ਲਈ ਬਹੁਤ ਮੁਸ਼ਕਿਲ ਹੋਵੇਗਾ। ਪਰ, ਹੁਣ ਮੈਂ ਤੁਹਾਨੂੰ ਉਸ ਬੰਦੇ ਨਾਲ ਛੱਡਦਾ ਹਾਂ ਜੋ ਮੈਂ ਹੋਣਾ ਚਾਹਿਆ ਸੀ।
-0-
ਸਮੁੰਦਰ ਦੀ ਭਾਲ
ਸਮੁੰਦਰ ਦੇ ਸਾਮ੍ਹਣੇ ਪੁੰਨਿਆਂ ਦਾ ਚੰਨ ਚਾਂਦੀ ਰੰਗੇ ਪ੍ਰਤੀਬਿੰਬਾਂ ਦੀਆਂ ਚਮਕੀਲੀਆਂ ਲਹਿਰਾਂ ਪੈਦਾ ਕਰਦਾ ਚਮਕ ਰਿਹਾ ਸੀ । ਅਸੀਂ ਆਪਣੇ-ਆਪਣੇ ਖਿਆਲਾਂ ਦੀ ਗਹਿਰਾਈ ਵਿਚ ਗਵਾਚੇ ਰੇਤਲੇ ਕਿਨਾਰੇ 'ਤੇ ਬੈਠੇ ਇਸ ਦੇ ਜਵਾਰਭਾਟੇ ਨੂੰ ਨਿਹਾਰ ਰਹੇ ਸਾਂ। ਮੇਰੇ ਲਈ ਸਮੁੰਦਰ ਸਦਾ ਤੋਂ ਹੀ ਹੌਸਲਾ ਦੇਣ ਵਾਲੇ ਪਿਆਰੇ ਮਿੱਤਰ ਵਾਂਗ ਰਿਹਾ ਹੈ। ਗੁੱਝੇ ਭੇਦਾਂ ਨੂੰ ਸੀਨੇ ਅੰਦਰ ਸਮੋ ਲੈਣ ਤੇ ਕਦੇ ਪ੍ਰਗਟ ਨਾ ਕਰਨ ਵਾਲਾ ਦੋਸਤ, ਹਮੇਸ਼ਾ ਸੱਚੀ ਸਲਾਹ ਦੇਣ ਵਾਲਾ, ਜਿਸਦੀਆਂ ਭਾਵਪੂਰਤ ਅਵਾਜ਼ਾਂ ਦੀ ਜਿਵੇਂ ਚਾਹੋ ਉਵੇਂ ਹੀ ਵਿਆਖਿਆ ਕੀਤੀ ਜਾ ਸਕਦੀ ਹੈ। ਅਲਬਰਟੋ ਲਈ ਇਹ ਨਵਾਂ ਹੈਰਾਨੀਜਨਕ ਦ੍ਰਿਸ਼ ਸੀ। ਉਸਦੀਆਂ ਗਹਿਰੀਆਂ ਤੇ ਬੈਚੇਨ ਅੱਖਾਂ ਬੜੇ ਅਹਿਸਾਨ ਨਾਲ ਹਰ ਲਹਿਰ ਨੂੰ ਪੈਦਾ ਹੁੰਦਿਆਂ, ਉਭਰਦਿਆਂ ਤੇ ਸਾਹਿਲ 'ਤੇ ਆ ਕੇ ਮਰਦਿਆਂ ਦੇਖ ਰਹੀਆਂ ਸਨ। ਤੀਹਾਂ ਦੇ ਕਰੀਬ ਅਲਬਰਟੋ ਪਹਿਲੀ ਵਾਰ ਅਟਲਾਂਟਿਕ ਮਹਾਂਸਾਗਰ ਨੂੰ ਦੇਖ ਰਿਹਾ ਸੀ ਤੇ ਆਪਣੀ ਇਸ ਖੋਜ 'ਤੇ ਮਾਣਮੱਤਾ ਮਹਿਸੂਸ ਕਰ ਰਿਹਾ ਸੀ, ਜਿਹੜੀ ਇਸ ਗੱਲ ਨੂੰ ਚਿਹਨਤ ਕਰਦੀ ਸੀ ਕਿ ਹਰ ਪਾਸੇ ਤੋਂ ਆਉਂਦੇ ਕਈ ਰਸਤਿਆਂ ਦੀ ਮੰਜ਼ਿਲ ਧਰਤੀ ਹੀ ਹੈ। ਤਾਜ਼ਾ ਹਵਾਵਾਂ ਮਨ ਨੂੰ ਸਮੁੰਦਰ ਦੇ ਮਿਜ਼ਾਜ ਅਤੇ ਤਾਕਤ ਦੇ ਅਹਿਸਾਸ ਨਾਲ ਭਰ ਰਹੀਆਂ ਹਨ, ਇਨ੍ਹਾਂ ਦੀ ਛੋਹ ਨਾਲ ਹਰ ਚੀਜ਼ ਰੂਪਾਂਤਰਿਤ ਹੋ ਜਾਂਦੀ ਹੈ । ਇੱਥੋਂ ਤੱਕ ਕਿ ਕਮਬੈਕ* ਨੂੰ ਵੀ, ਜਿਸ ਦੀ ਵਿਗੀ ਜਿਹੀ ਨਿੱਕੀ ਥੂਥਨ ਹਿੱਲਦੀ ਅਤੇ ਇਕ ਪਲ ਵਿਚ ਕਈ ਵਾਰ ਉਸਦੇ ਚਮਕੀਲੇ ਫੀਤਿਆਂ ਨੂੰ ਹਿਲਾ ਦਿੰਦੀ।
ਕਮਬੈਕ ਇਕ ਰਖਵਾਲਾ ਵੀ ਹੈ ਤੇ ਇਕ ਪ੍ਰਤੀਕ ਵੀ। ਮੇਰੇ ਵਾਪਸ ਆ ਕੇ ਪੁਨਰਮਿਲਾਪ ਦੀ ਇੱਛਾ ਦਾ ਪ੍ਰਤੀਕ, ਤੇ ਆਪਣੀ ਮਾੜੀ ਕਿਸਮਤ ਦਾ ਰਖਵਾਲਾ ਜੋ ਮੋਟਰਸਾਈਕਲ ਤੋਂ ਦੋ ਵਾਰ ਡਿੱਗਿਆ । (ਇਕ ਵਾਰ ਤਾਂ ਆਪਣੇ ਬੈਗ ਸਮੇਤ ਪਿੱਛਿਓਂ ਉੱਡ ਹੀ ਗਿਆ) ਦੂਜੀ ਵਾਰ ਜਦ ਉਸ ਨੂੰ ਦਸਤ ਲੱਗੇ ਹੋਏ ਸਨ ਤੇ ਉਹ ਇਕ ਘੋੜੇ ਵੱਲੋਂ ਲਗਭਗ ਕੁਚਲ ਹੀ ਦਿੱਤਾ ਗਿਆ ਸੀ।
ਅਸੀਂ ਮਾਰ ਡੇਲ ਪਲਾਟਾ ਦੇ ਉੱਤਰ ਵਿਚ ਗਾਸੇਲ ਵਿਲਾ ਵਿਚ ਹਾਂ। ਮੇਰੇ ਚਾਚੇ ਦੇ ਘਰ ਆਪਣੇ ਪਹਿਲੇ 1200 ਕਿਲੋਮੀਟਰ ਦੇ ਸਫ਼ਰ ਦੀ ਥਕਾਵਟ ਲਾਹੁੰਦਿਆਂ ਤੇ ਉਸਦੀ ਪ੍ਰਾਹੁਣਚਾਰੀ ਦਾ ਅਨੰਦ ਮਾਣਦਿਆਂ। ਭਾਵੇਂ ਇਹ ਸਫ਼ਰ ਸੁਖਾਲਾ ਹੀ ਰਿਹਾ ਪਰ
––––––––––––––––––––––––
ਨਿੱਕੇ ਜਿਹੇ ਕੁੱਤੇ ਨੂੰ ਅਰਨੈਸਟੋ ਚੀ ਗੁਵੇਰਾ ਵਲੋਂ ਦਿੱਤਾ ਅੰਗਰੇਜ਼ੀ ਨਾਂ, ਜਿਸਨੂੰ ਉਹ ਮਿਰਾਮਾਰ ਵਿਚ ਛੁੱਟੀਆਂ ਬਿਤਾ ਰਹੀ ਆਪਣੀ ਸਹੇਲੀ ਚਿਚਾਈਨਾ ਲਈ ਲਿਆਇਆ ਸੀ।