ਵੱਡੀ ਦੇਹ ਵਾਲਾ ਭਾਲੂ ਇੱਕ ਨੰਨ੍ਹੇ ਖਰਗੋਸ਼ ਨਾਲ ਬਿਨਾਂ ਵਜ੍ਹਾ ਧੱਕੇਸ਼ਾਹੀ ਕਰਦਾ ਸੀ। ਇੱਕ ਦਿਨ ਉਹਨੇ ਖ਼ਰਗੋਸ਼ ਨੂੰ ਫੜਿਆ ਅਤੇ ਉਹਦੇ ਕੰਨ 'ਤੇ ਇੱਕ ਮੁੱਕਾ ਜੜ ਦਿੱਤਾ, ਖ਼ਰਗੋਸ਼ ਦਾ ਕੰਨ ਮੁੜਿਆ ਹੀ ਰਹਿ ਗਿਆ।
ਵਿਚਾਰਾ ਖ਼ਰਗੋਸ਼ ਲਗਾਤਾਰ ਰੋਂਦਾ ਰਿਹਾ। ਅਖ਼ੀਰ ਉਸਦਾ ਕੰਨ ਦੁਖਣੋਂ ਹਟ ਗਿਆ ਅਤੇ ਉਹਦੇ ਹੰਝੂ ਵੀ ਸੁੱਕ ਗਏ, ਪਰ ਫਿਰ ਵੀ ਉਹ ਦੁਖੀ ਮਹਿਸੂਸ ਕਰ ਰਿਹਾ ਸੀ। ਆਖ਼ਰ ਉਹਦਾ ਕੀ ਕਸੂਰ ਸੀ ? ਭਾਲੂ ਨਾਲ ਉਹ ਕਦੇ ਫਿਰ ਸਿੱਝ ਲਵੇਗਾ। ਕਾਸ਼ ਉਹਦਾ ਕੰਨ ਜ਼ਖਮੀ ਨਾ ਹੋਇਆ ਹੁੰਦਾ। ਪਰ ਉਹ ਮਦਦ ਲਈ ਕਿਸ ਕੋਲ ਜਾਏਗਾ? ਭਾਲੂ ਜੰਗਲ ਦਾ ਸਭ ਤੋਂ ਤਾਕਤਵਰ ਜਾਨਵਰ ਸੀ । ਭੇੜੀਆ ਅਤੇ ਲੂੰਬੜੀ ਉਹਦੇ ਬਹੁਤ ਚੰਗੇ ਦੋਸਤ ਸਨ, ਉਹ ਹਮੇਸ਼ਾ ਭਾਲੂ ਦਾ ਹੀ ਸਾਥ ਦੇਣਗੇ।