ਸ਼ੀਸ਼ਾ
ਬਹੁਤ ਪਹਿਲਾਂ ਇੱਕ ਬੁਰੀ ਆਦਤ ਵਾਲਾ ਦਰਿਆਈ ਘੋੜਾ ਰਹਿੰਦਾ ਸੀ, ਲੋਕਾਂ ਨੂੰ ਖਿਝਾਉਣਾ ਉਹਨੂੰ ਚੰਗਾ ਲਗਦਾ ਸੀ।
"ਓ ਕੁੱਬੇ !" ਊਠ ਨੂੰ ਦੇਖਕੇ ਉਹ ਚੀਕਦਾ।
"ਕੌਣ ਕੁੱਬਾ ? ਮੈਂ ?" ਊਠ ਗੁੱਸੇ 'ਚ ਕਹਿੰਦਾ।
"ਵਾਹ, ਜੇ ਮੇਰੇ ਤਿੰਨ ਕੁੱਬ ਹੁੰਦੇ ਤਾਂ ਮੈਂ ਹੋਰ ਵੀ ਜ਼ਿਆਦਾ ਸੋਹਣਾ ਦਿਸਦਾ।”
"ਓ ਮੋਟੂ!" ਉਹ ਹਾਥੀ ਨੂੰ ਅਵਾਜ਼ ਮਾਰਦਾ, "ਤੇਰਾ ਅੱਗਾ ਕਿੱਧਰ ਹੈ ਅਤੇ ਪਿੱਛਾ ਕਿੱਧਰ ? ਦੋਵੇਂ ਇੱਕੋ ਜਿਹੇ ਦਿਸਦੇ ਨੇ!"
ਚੰਗੇ ਸੁਭਾਅ ਵਾਲਾ ਹਾਥੀ ਖੁਦ ਨੂੰ ਕਹਿੰਦਾ, "ਮੈਂ ਹੈਰਾਨ ਆਂ ਕਿ ਉਹ ਮੈਨੂੰ ਤੰਗ ਕਿਉਂ ਕਰੀ ਜਾਂਦਾ ਏ ? ਮੈਂ ਆਪਣੀ ਸੁੰਢ ਨੂੰ ਪਸੰਦ ਕਰਦਾ ਹਾਂ ਅਤੇ ਇਹ ਮੇਰੀ ਪੂੰਛ ਵਰਗੀ ਨਹੀਂ ਲਗਦੀ।"
"ਸੇਮ ਦੀ ਡੰਡੀ!” ਕਹਿ ਕੇ ਉਹ ਜਿਰਾਫ 'ਤੇ ਹੱਸਦਾ।
"ਅਜੀਬ ਰੰਗ-ਰੂਪ ਵਾਲਾ ਤਾਂ ਤੂੰ ਏਂ", ਜ਼ਿਰਾਫ ਦਰਿਆਈ ਘੋੜੇ ਨੂੰ ਹੇਠੋਂ ਉੱਪਰ ਤੱਕ ਦੇਖਦੇ
ਹੋਏ ਕਹਿੰਦਾ, "ਖੁਦ ਨੂੰ ਦੇਖਿਆ ਹੈ ਕਦੇ?"
ਸਾਰੇ ਜਾਨਵਰਾਂ ਨੂੰ ਇੱਕ ਸ਼ੀਸ਼ਾ ਮਿਲ ਗਿਆ ਅਤੇ ਉਹ ਦਰਿਆਈ ਘੋੜੇ ਨੂੰ ਲੱਭਣ ਤੁਰ ਪਏ। ਉਸੇ ਸਮੇਂ ਉਹ ਸ਼ਤਰਮੁਰਗ ਨੂੰ ਖਿਝਾਉਂਦੇ ਹੋਏ ਕਹਿ ਰਿਹਾ ਸੀ-
"ਓ ਸੁੱਕੀਆਂ ਨੰਗੀਆਂ ਲੱਤਾਂ ਵਾਲੇ ਜੀਵ। ਤੈਨੂੰ ਪੰਛੀ ਮੰਨਿਆ ਜਾ ਸਕਦਾ ਹੈ ਪਰ ਤੂੰ ਉੱਡ ਨਹੀਂ ਸਕਦਾ।"
ਸ਼ੁਤਰਮੁਰਗ ਇੰਨਾ ਦੁਖੀ ਹੋਇਆ ਕਿ ਉਹਨੇ ਆਪਣਾ ਸਿਰ ਰੇਤੇ ਵਿੱਚ ਗੱਡ ਦਿੱਤਾ।
"ਓ, ਸੁਣ", ਊਠ ਉਹਦੇ ਕੋਲ ਆ ਕੇ ਬੋਲਿਆ, "ਤੂੰ ਕੀ ਸੋਚਦਾ ਏਂ ਕਿ ਤੂੰ ਬਹੁਤ ਸੋਹਣਾ ਏ ?"
"ਬਿਲਕੁਲ" ਦਰਿਆਈ ਘੋੜੇ ਨੇ ਜਵਾਬ ਦਿੱਤਾ, "ਇਹਦੇ ਵਿੱਚ ਕੋਈ ਸ਼ੱਕ ਏ ?"
"ਠੀਕ ਏ, ਤੂੰ ਖੁਦ ਨੂੰ ਦੇਖ ਲੈ।" ਅਤੇ ਹਾਥੀ ਨੇ ਉਹਦੇ ਹੱਥ ਵਿੱਚ ਸ਼ੀਸ਼ਾ ਫੜਾ ਦਿੱਤਾ।
ਦਰਿਆਈ ਘੋੜੇ ਨੇ ਸ਼ੀਸ਼ੇ ਵਿੱਚ ਦੇਖਿਆ ਤੇ ਹੱਸਣਾ ਸ਼ੁਰੂ ਕਰ ਦਿੱਤਾ।
"ਹਾ-ਹਾ-ਹਾ! ਹੋ-ਹੋ-ਹੋ! ਕੌਣ ਏ ਇਹ ਬਦਸੂਰਤ ਜੀਵ ?"
ਜਿਵੇਂ-ਜਿਵੇਂ ਉਹ ਸ਼ੀਸ਼ੇ ਵਿੱਚ ਖੁਦ ਨੂੰ ਦੇਖਦਾ ਜਾ ਰਿਹਾ ਸੀ, ਅਤੇ ਹੱਸਦੇ ਹੋਏ ਗੱਲ ਨੂੰ ਟਾਲ ਰਿਹਾ ਸੀ, ਹਾਥੀ, ਜ਼ਿਰਾਫ, ਊਠ ਅਤੇ ਸ਼ੁਤਰਮੁਰਗ ਸਮਝ ਗਏ ਕਿ ਅਸਲ ਵਿੱਚ ਦਰਿਆਈ ਘੋੜਾ ਹੱਕਾ ਬੱਕਾ ਰਹਿ ਗਿਆ ਹੈ।
ਉਸ ਦਿਨ ਤੋਂ ਉਹਨਾਂ ਨੇ ਉਸਦੇ ਮਜ਼ਾਕਾਂ ਉੱਪਰ ਧਿਆਨ ਦੇਣਾ ਛੱਡ ਦਿੱਤਾ।
ਜਿਹਾ ਕਰੋਗੇ ਤਿਹਾ ਭਰੋਗੇ
ਖ਼ਰਗੋਸ਼ ਅਤੇ ਉਸਦੀ ਪਤਨੀ ਨੇ ਜੰਗਲ ਵਿੱਚ ਆਪਣੇ ਲਈ ਇੱਕ ਛੋਟਾ ਜਿਹਾ ਘਰ ਬਣਾਇਆ। ਉਹਨਾਂ ਨੇ ਝਾੜੂ ਫੇਰ ਕੇ ਮੈਦਾਨ ਨੂੰ ਸਾਫ਼ ਕੀਤਾ। ਹੁਣ ਉਹਨਾਂ ਦੇ ਕਰਨ ਲਈ ਇੱਕ ਵੱਡਾ ਕੰਮ ਬਾਕੀ ਬਚਿਆ ਸੀ- ਰਸਤੇ 'ਚ ਪਏ ਵੱਡੇ ਪੱਥਰ ਨੂੰ ਪਾਸੇ ਕਰਨਾ।
"ਚਲੋ ਆਪਾਂ ਰਲਕੇ ਧੱਕਾ ਲਗਾਉਂਦੇ ਹਾਂ ਅਤੇ ਇਸਨੂੰ ਰਸਤੇ 'ਚੋਂ ਪਾਸੇ ਕਰ ਦਿੰਦੇ ਹਾਂ," ਖ਼ਰਗੋਸ਼ ਦੀ ਪਤਨੀ ਨੇ ਕਿਹਾ।
"ਕਿਉਂ ਪ੍ਰੇਸ਼ਾਨ ਹੁੰਨੀ ਏਂ ?” ਖ਼ਰਗੋਸ਼ ਨੇ ਕਿਹਾ, "ਉਹਨੂੰ ਉਥੇ ਹੀ ਪਿਆ ਰਹਿਣ ਦੇ, ਜੇ ਕਿਸੇ ਨੇ ਲੰਘਣਾ ਹੋਇਆ ਤਾਂ ਉਹਦੇ ਪਾਸਿਓਂ ਦੀ ਲੰਘ ਸਕਦਾ ਹੈ।"
ਅਤੇ ਇਸ ਤਰ੍ਹਾਂ ਪੱਥਰ ਉਹਨਾਂ ਦੇ ਬਿਲਕੁਲ ਸਾਹਮਣੇ ਕੁੱਝ ਦੂਰੀ 'ਤੇ ਪਿਆ ਰਿਹਾ।
ਇੱਕ ਦਿਨ ਖ਼ਰਗੋਸ਼ ਬਗੀਚਿਓਂ ਉੱਛਲਦਾ-ਕੁੱਦਦਾ ਘਰ ਆ ਰਿਹਾ ਸੀ ਅਤੇ ਭੁੱਲ ਗਿਆ ਕਿ
ਰਸਤੇ 'ਚ ਪੱਥਰ ਪਿਆ ਹੈ। ਉਹ ਬੁਰੀ ਤਰ੍ਹਾਂ ਲੜਖੜਾ ਕੇ ਡਿਗ ਪਿਆ ਅਤੇ ਉਸਦਾ ਨੱਕ ਟੁੱਟ ਗਿਆ।
'ਚਲੋ ਪੱਥਰ ਪਾਸੇ ਕਰੀਏ," ਉਸਦੀ ਪਤਨੀ ਨੇ ਫਿਰ ਕਿਹਾ, "ਦੇਖ ਤੂੰ ਖੁਦ ਨੂੰ ਜ਼ਖਮੀਂ ਕਰ ਲਿਆ ਏ।"
"ਤਾਂ ਕੀ ਹੋਇਆ।” ਖ਼ਰਗੋਸ਼ ਨੇ ਕਿਹਾ, "ਮੈਨੂੰ ਕੋਈ ਬਹੁਤੀ ਸੱਟ ਨਹੀਂ ਵੱਜੀ।"
ਥੋੜੀ ਦੇਰ ਬਾਅਦ ਖ਼ਰਗੋਸ਼ ਦੀ ਪਤਨੀ ਇੱਕ ਭਾਂਡੇ ਵਿੱਚ ਗਰਮ ਸੂਪ ਲੈ ਕੇ ਆਈ ਅਤੇ ਉਹਨੂੰ ਬਾਹਰ ਮੇਜ਼ 'ਤੇ ਰੱਖ ਦਿੱਤਾ। ਖ਼ਰਗੋਸ਼ ਬੇਚੈਨੀ ਨਾਲ ਮੇਜ਼ 'ਤੇ ਚਮਚਾ ਖੜਕਾ ਰਿਹਾ ਸੀ, ਉਹ ਖ਼ਰਗੋਸ਼ ਨੂੰ ਦੇਖਣ ਲੱਗੀ ਅਤੇ ਸਾਹਮਣੇ ਪਏ ਪੱਥਰ ਨੂੰ ਭੁੱਲ ਗਈ ਅਤੇ
ਉਸ ਨਾਲ ਟਕਰਾ ਗਈ ਜਿਸ ਨਾਲ ਸਾਰਾ ਸੂਪ ਡੁੱਲ ਗਿਆ ਅਤੇ ਉਹ ਮੱਚ ਗਈ। ਪੱਥਰ ਉਹਨਾਂ ਲਈ ਇੱਕ ਅਜਿਹੀ ਮੁਸੀਬਤ ਬਣ ਗਿਆ ਸੀ ਜਿਸਦਾ ਕੋਈ ਅੰਤ ਨਹੀਂ ਸੀ।
“ਚੱਲ ਇਸ ਪੱਥਰ ਨੂੰ ਪਾਸੇ ਕਰ ਦੇਈਏ।" ਖ਼ਰਗੋਸ਼ ਦੀ ਪਤਨੀ ਨੇ ਤਰਲਾ ਕੀਤਾ, "ਅਣਜਾਣੇ ਵਿੱਚ ਕਿਸੇ ਦਾ ਵੀ ਸਿਰ ਇਸ ਨਾਲ ਜ਼ਖਮੀਂ ਹੋ ਸਕਦਾ ਹੈ।
"ਉਹਨੂੰ ਉੱਥੇ ਹੀ ਪਿਆ ਰਹਿਣ ਦੇ, ਜਿੱਥੇ ਉਹ ਹੈ!" ਅੜੀਅਲ ਖ਼ਰਗੋਸ਼ ਨੇ ਜਵਾਬ ਦਿੱਤਾ।
ਇੱਕ ਦਿਨ ਖ਼ਰਗੋਸ਼ ਅਤੇ ਉਸਦੀ ਪਤਨੀ ਨੇ ਆਪਣੇ ਇੱਕ ਪੁਰਾਣੇ ਦੋਸਤ ਮੀਸ਼ਾ ਭਾਲੂ ਨੂੰ ਰਾਤ ਦੇ ਖਾਣੇ 'ਤੇ ਬੁਲਾਇਆ।
"ਹਾਂ ਮੈਨੂੰ ਖੁਸ਼ੀ ਹੋਵੇਗੀ," ਭਾਲੂ ਨੇ ਕਿਹਾ, ਜਦੋਂ ਉਸਨੂੰ ਸੱਦਾ ਦਿੱਤਾ ਗਿਆ, "ਤੂੰ ਕੇਕ ਬਣਾ ਲਵੀਂ ਤੇ ਮੈਂ ਸ਼ਹਿਦ ਲੈ ਆਵਾਂਗਾ।"
ਜਦੋਂ ਖ਼ਰਗੋਸ਼ ਜੋੜੇ ਨੇ ਆਪਣੇ ਮਹਿਮਾਨ ਨੂੰ ਆਉਂਦੇ ਦੇਖਿਆ ਤਾਂ ਉਹ ਉਸਨੂੰ ਮਿਲਣ ਲਈ ਦਰਵਾਜ਼ੇ 'ਤੇ ਆ ਗਏ। ਮੀਸ਼ਾ ਸ਼ਹਿਦ ਦੇ ਪੀਪੇ ਨੂੰ ਆਪਣੀ ਛਾਤੀ ਅਤੇ ਦੋਵਾਂ ਪੰਜਿਆਂ ਨਾਲ ਲਾਈ ਜਲਦੀ-ਜਲਦੀ ਤੁਰਿਆ ਆ ਰਿਹਾ ਸੀ। ਉਹ ਸਾਹਮਣੇ ਨਹੀਂ ਸੀ ਦੇਖ ਰਿਹਾ।
ਖ਼ਰਗੋਸ਼ ਜੋੜਾ ਹੱਥ ਹਿਲਾਉਂਦੇ ਹੋਏ ਚੀਕਿਆ, “ਪੱਥਰ! ਓਧਰ ਦੇਖੋ ਪੱਥਰ !"
ਭਾਲੂ ਸਮਝ ਨਹੀਂ ਸੀ ਰਿਹਾ ਕਿ ਉਹ ਕੀ ਇਸ਼ਾਰਾ ਕਰ ਰਹੇ ਨੇ ਅਤੇ ਕੀ ਕਹਿ ਰਹੇ ਨੇ। ਇਸਤੋਂ ਪਹਿਲਾਂ ਕਿ ਉਹ ਕੁੱਝ ਸਮਝ ਸਕਦਾ ਉਹ ਪੱਥਰ ਨਾਲ ਟਕਰਾ ਗਿਆ ਅਤੇ ਬੁਰੀ ਤਰ੍ਹਾਂ ਗੋਤੇ ਖਾਂਦਾ ਹੋਇਆ ਧੜੱਮ ਕਰਕੇ ਖ਼ਰਗੋਸ਼ ਦੇ ਘਰ ਸਾਹਮਣੇ ਡਿੱਗ ਪਿਆ।
ਪੀਪਾ ਟੁੱਟ ਗਿਆ ਸੀ ਅਤੇ ਭਾਲੂ ਦੇ ਡਿੱਗਣ ਨਾਲ ਖ਼ਰਗੋਸ਼ ਦਾ ਘਰ ਵੀ ਧੜੱਮ ਕਰਕੇ ਡਿੱਗ ਪਿਆ।
ਇਹ ਸਭ ਦੇਖ ਕੇ ਭਾਲੂ ਦਹਾੜ ਉੱਠਿਆ। ਦੋਵੇਂ ਖ਼ਰਗੋਸ਼ ਰੋ ਰਹੇ ਸਨ।
ਪਰ ਹੁਣ ਰੋਣ ਦਾ ਕੀ ਮਤਲਬ ਸੀ ? ਇਹ ਉਹਨਾਂ ਦੀ ਹੀ ਗਲਤੀ ਸੀ ।
ਮੁਸੀਬਤ ਦਾ ਸਾਥੀ
ਸੇਰੇਗਈ ਮਿਖਾਲਕੋਵ
ਪੰਜਾਬੀ ਅਨੁਵਾਦ - ਗੁਰਪ੍ਰੀਤ