ਇੱਕ ਦਿਨ ਖ਼ਰਗੋਸ਼ ਅਤੇ ਉਸਦੀ ਪਤਨੀ ਨੇ ਆਪਣੇ ਇੱਕ ਪੁਰਾਣੇ ਦੋਸਤ ਮੀਸ਼ਾ ਭਾਲੂ ਨੂੰ ਰਾਤ ਦੇ ਖਾਣੇ 'ਤੇ ਬੁਲਾਇਆ।
"ਹਾਂ ਮੈਨੂੰ ਖੁਸ਼ੀ ਹੋਵੇਗੀ," ਭਾਲੂ ਨੇ ਕਿਹਾ, ਜਦੋਂ ਉਸਨੂੰ ਸੱਦਾ ਦਿੱਤਾ ਗਿਆ, "ਤੂੰ ਕੇਕ ਬਣਾ ਲਵੀਂ ਤੇ ਮੈਂ ਸ਼ਹਿਦ ਲੈ ਆਵਾਂਗਾ।"
ਜਦੋਂ ਖ਼ਰਗੋਸ਼ ਜੋੜੇ ਨੇ ਆਪਣੇ ਮਹਿਮਾਨ ਨੂੰ ਆਉਂਦੇ ਦੇਖਿਆ ਤਾਂ ਉਹ ਉਸਨੂੰ ਮਿਲਣ ਲਈ ਦਰਵਾਜ਼ੇ 'ਤੇ ਆ ਗਏ। ਮੀਸ਼ਾ ਸ਼ਹਿਦ ਦੇ ਪੀਪੇ ਨੂੰ ਆਪਣੀ ਛਾਤੀ ਅਤੇ ਦੋਵਾਂ ਪੰਜਿਆਂ ਨਾਲ ਲਾਈ ਜਲਦੀ-ਜਲਦੀ ਤੁਰਿਆ ਆ ਰਿਹਾ ਸੀ। ਉਹ ਸਾਹਮਣੇ ਨਹੀਂ ਸੀ ਦੇਖ ਰਿਹਾ।
ਖ਼ਰਗੋਸ਼ ਜੋੜਾ ਹੱਥ ਹਿਲਾਉਂਦੇ ਹੋਏ ਚੀਕਿਆ, “ਪੱਥਰ! ਓਧਰ ਦੇਖੋ ਪੱਥਰ !"
ਭਾਲੂ ਸਮਝ ਨਹੀਂ ਸੀ ਰਿਹਾ ਕਿ ਉਹ ਕੀ ਇਸ਼ਾਰਾ ਕਰ ਰਹੇ ਨੇ ਅਤੇ ਕੀ ਕਹਿ ਰਹੇ ਨੇ। ਇਸਤੋਂ ਪਹਿਲਾਂ ਕਿ ਉਹ ਕੁੱਝ ਸਮਝ ਸਕਦਾ ਉਹ ਪੱਥਰ ਨਾਲ ਟਕਰਾ ਗਿਆ ਅਤੇ ਬੁਰੀ ਤਰ੍ਹਾਂ ਗੋਤੇ ਖਾਂਦਾ ਹੋਇਆ ਧੜੱਮ ਕਰਕੇ ਖ਼ਰਗੋਸ਼ ਦੇ ਘਰ ਸਾਹਮਣੇ ਡਿੱਗ ਪਿਆ।
ਪੀਪਾ ਟੁੱਟ ਗਿਆ ਸੀ ਅਤੇ ਭਾਲੂ ਦੇ ਡਿੱਗਣ ਨਾਲ ਖ਼ਰਗੋਸ਼ ਦਾ ਘਰ ਵੀ ਧੜੱਮ ਕਰਕੇ ਡਿੱਗ ਪਿਆ।
ਇਹ ਸਭ ਦੇਖ ਕੇ ਭਾਲੂ ਦਹਾੜ ਉੱਠਿਆ। ਦੋਵੇਂ ਖ਼ਰਗੋਸ਼ ਰੋ ਰਹੇ ਸਨ।
ਪਰ ਹੁਣ ਰੋਣ ਦਾ ਕੀ ਮਤਲਬ ਸੀ ? ਇਹ ਉਹਨਾਂ ਦੀ ਹੀ ਗਲਤੀ ਸੀ ।
ਮੁਸੀਬਤ ਦਾ ਸਾਥੀ
ਸੇਰੇਗਈ ਮਿਖਾਲਕੋਵ
ਪੰਜਾਬੀ ਅਨੁਵਾਦ - ਗੁਰਪ੍ਰੀਤ