ਡੂੰਘੀ ਸੱਟ
ਕਿਸੇ ਸਮੇਂ ਇੱਕ ਬਘਿਆੜ ਸੀ ਜੋ ਆਪਣੀ ਗੁਫ਼ਾ ਵਿੱਚ ਇਕੱਲਾ ਹੀ ਰਹਿੰਦਾ ਸੀ। ਜੀਵਨ ਭਰ ਉਹਨੇ ਇਸਦੀ ਸਫ਼ਾਈ ਨਹੀਂ ਸੀ ਕੀਤੀ ਜਾਂ ਮੁਰੰਮਤ ਨਹੀਂ ਸੀ ਕੀਤੀ। ਇਹ ਇੰਨੀ ਹੀ ਗੰਦੀ ਤੇ ਪੁਰਾਣੀ ਦਿਸਦੀ ਸੀ ਕਿ ਇੰਝ ਲਗਦਾ ਸੀ ਜਿਵੇਂ ਇਹ ਕਿਸੇ ਵੀ ਪਲ ਢਹਿ ਸਕਦੀ ਹੈ।
ਇੱਕ ਦਿਨ ਇੱਕ ਹਾਥੀ ਉਸ ਬਘਿਆੜ ਦੀ ਗੁਫ਼ਾ ਅੱਗਿਓਂ ਲੰਘ ਰਿਹਾ ਸੀ ਕਿ ਉਹਦੀ ਛੱਤ ਨੂੰ ਹਲਕਾ ਜਿਹਾ ਧੱਕਾ ਲੱਗ ਗਿਆ। ਬੱਸ, ਇੰਨਾ ਹੀ ਬਹੁਤ ਸੀ। ਪੂਰੀ ਗੁਫ਼ਾ ਟੇਢੀ ਹੋ ਗਈ।
"ਓਹ ਪਿਆਰੇ! ਕਿਰਪਾ ਕਰਕੇ ਮੈਨੂੰ ਮਾਫ਼ ਕਰਦੇ, ਮੇਰੇ ਦੋਸਤ।" ਹਾਥੀ ਨੇ ਬਘਿਆੜ ਨੂੰ ਕਿਹਾ, "ਮੇਰਾ ਇਰਾਦਾ ਇਹ ਨਹੀਂ ਸੀ, ਮੈਂ ਹੁਣੇ ਇਹਦੀ ਮੁਰੰਮਤ ਕਰ ਦਿੰਦਾ ਹਾਂ।"
ਹਾਥੀ ਹਰ ਕੰਮ ਕਰ ਲੈਂਦਾ ਸੀ ਅਤੇ ਕੰਮ ਕਰਨ ਵਿੱਚ ਸ਼ਰਮਾਉਂਦਾ ਨਹੀਂ ਸੀ। ਹਾਥੀ ਨੇ ਹਥੌੜੀ
ਤੇ ਛੈਣੀ ਲਈ ਅਤੇ ਇਹਨੇ ਛੱਤ ਨੂੰ ਠੀਕ ਕਰ ਦਿੱਤਾ। ਹੁਣ ਉਹ ਪਹਿਲਾਂ ਤੋਂ ਬਿਹਤਰ ਦਿਸ ਰਹੀ ਸੀ ।
"ਓ-ਹੋ," ਬਘਿਆੜ ਨੇ ਸੋਚਿਆ, "ਇੰਝ ਲਗਦਾ ਹੈ ਕਿ ਹਾਥੀ ਮੇਰੇ ਕੋਲੋਂ ਡਰ ਗਿਆ ਏ। ਪਹਿਲਾਂ ਉਹਨੇ ਮੈਥੋਂ ਮਾਫ਼ੀ ਮੰਗੀ ਅਤੇ ਫਿਰ ਮੇਰੀ ਛੱਤ ਦੀ ਮੁਰੰਮਤ ਕਰ ਦਿੱਤੀ। ਚਲੋ, ਉਸਤੋਂ ਨਵਾਂ ਘਰ ਬਣਵਾਂਦੇ ਹਾਂ। ਜੇ ਉਹ ਮੈਥੋਂ ਡਰ ਗਿਆ ਏ, ਤਾਂ ਜਰੂਰ ਮੇਰੀ ਗੱਲ ਮੰਨੇਗਾ।"
"ਰੁਕ ਰੁਕ ।", ਉਹਨੇ ਹਾਥੀ ਨੂੰ ਬੁਲਾ ਕੇ ਕਿਹਾ, "ਇਹ ਕੀ ਗੱਲ ਹੋਈ ? ਤੂੰ ਕੀ ਸੋਚਦਾ ਏਂ ਕਿ ਤੈਨੂੰ ਇੰਨੀ ਅਸਾਨੀ ਨਾਲ ਛੁਟਕਾਰਾ ਮਿਲ ਜਾਏਗਾ ? ਤੂੰ ਪਹਿਲਾਂ ਮੇਰੇ ਘਰ ਦੀ ਛੱਤ ਡੇਗ ਦਿੱਤੀ ਫਿਰ ਕਿੱਲ ਲਗਾ ਕੇ ਪੁਰਾਣੀ ਮੋਰੀ ਵਿੱਚ ਠੋਕ ਦਿੱਤੀ ਅਤੇ ਹੁਣ ਭੱਜ ਰਿਹਾ ਏਂ ? ਛੇਤੀ ਕਰ ਮੇਰੇ ਲਈ ਨਵਾਂ ਘਰ ਬਣਾ ਅਤੇ ਹੁਣ ਉਥੇ ਖੜ੍ਹਾ ਨਾ ਰਹਿ, ਨਹੀਂ ਤਾਂ ਮੈਂ ਤੈਨੂੰ ਅਜਿਹਾ ਸਬਕ ਸਿਖਾਵਾਂਗਾ ਕਿ ਜ਼ਿੰਦਗੀ
ਭਰ ਯਾਦ ਰੱਖੇਂਗਾ।"
ਹਾਥੀ ਕੁਝ ਨਹੀਂ ਬੋਲਿਆ : ਉਸਨੇ ਚੁੱਪ-ਚਾਪ ਆਪਣੀ ਸੁੰਢ ਬਘਿਆੜ ਦੇ ਲੱਕ ਦੁਆਲੇ ਲਪੇਟੀ ਅਤੇ ਚੁੱਕ ਕੇ ਬਦਬੂਦਾਰ ਪਾਣੀ ਵਿੱਚ ਸੁੱਟ ਦਿੱਤਾ, ਫਿਰ ਉਹ ਬਘਿਆੜ ਦੀ ਗੁਫ਼ਾ 'ਤੇ ਬੈਠ ਗਿਆ।
"ਇਹ ਹੈ ਤੇਰਾ ਨਵਾਂ ਘਰ !" ਹਾਥੀ ਨੇ ਬਘਿਆੜ ਨੂੰ ਕਿਹਾ ਅਤੇ ਚਲਿਆ ਗਿਆ।
"ਮੈਂ ਕੁੱਝ ਵੀ ਨਹੀਂ ਸਮਝ ਰਿਹਾ" ਹੌਲ਼ੀ-ਹੌਲ਼ੀ ਹੋਸ਼ ਵਿੱਚ ਆਉਣ ਤੇ ਹੈਰਾਨ ਹੋਏ ਬਘਿਆੜ ਨੇ ਕਿਹਾ, "ਹਾਥੀ ਪਹਿਲਾਂ ਮੈਥੋਂ ਡਰਿਆ, ਮਾਫ਼ੀ ਮੰਗੀ, ਫਿਰ ਗਿਆ ਅਤੇ ਇਹ ਕਰ ਦਿੱਤਾ। ਨਹੀਂ, ਨਹੀਂ, ਸੱਚੀਂ ਹੀ ਮੈਂ ਹਾਲੇ ਵੀ ਕੁੱਝ ਨਹੀਂ ਸਮਝਿਆ।"
"ਓਹ ਮੂਰਖਾ!" ਬੁੱਢਾ ਕਾਲਾ ਕਾਂ ਚੀਕਿਆ ਜੋ ਇਹ ਸਭ ਕੁੱਝ ਦੇਖ ਰਿਹਾ ਸੀ। "ਤੂੰ ਡਰੂਪੂਣੇ ਅਤੇ ਭਲੇਮਾਣਸੀ 'ਚ ਫ਼ਰਕ ਨਹੀਂ ਸਮਝਦਾ। "
ਸ਼ੀਸ਼ਾ
ਬਹੁਤ ਪਹਿਲਾਂ ਇੱਕ ਬੁਰੀ ਆਦਤ ਵਾਲਾ ਦਰਿਆਈ ਘੋੜਾ ਰਹਿੰਦਾ ਸੀ, ਲੋਕਾਂ ਨੂੰ ਖਿਝਾਉਣਾ ਉਹਨੂੰ ਚੰਗਾ ਲਗਦਾ ਸੀ।
"ਓ ਕੁੱਬੇ !" ਊਠ ਨੂੰ ਦੇਖਕੇ ਉਹ ਚੀਕਦਾ।
"ਕੌਣ ਕੁੱਬਾ ? ਮੈਂ ?" ਊਠ ਗੁੱਸੇ 'ਚ ਕਹਿੰਦਾ।
"ਵਾਹ, ਜੇ ਮੇਰੇ ਤਿੰਨ ਕੁੱਬ ਹੁੰਦੇ ਤਾਂ ਮੈਂ ਹੋਰ ਵੀ ਜ਼ਿਆਦਾ ਸੋਹਣਾ ਦਿਸਦਾ।”
"ਓ ਮੋਟੂ!" ਉਹ ਹਾਥੀ ਨੂੰ ਅਵਾਜ਼ ਮਾਰਦਾ, "ਤੇਰਾ ਅੱਗਾ ਕਿੱਧਰ ਹੈ ਅਤੇ ਪਿੱਛਾ ਕਿੱਧਰ ? ਦੋਵੇਂ ਇੱਕੋ ਜਿਹੇ ਦਿਸਦੇ ਨੇ!"
ਚੰਗੇ ਸੁਭਾਅ ਵਾਲਾ ਹਾਥੀ ਖੁਦ ਨੂੰ ਕਹਿੰਦਾ, "ਮੈਂ ਹੈਰਾਨ ਆਂ ਕਿ ਉਹ ਮੈਨੂੰ ਤੰਗ ਕਿਉਂ ਕਰੀ ਜਾਂਦਾ ਏ ? ਮੈਂ ਆਪਣੀ ਸੁੰਢ ਨੂੰ ਪਸੰਦ ਕਰਦਾ ਹਾਂ ਅਤੇ ਇਹ ਮੇਰੀ ਪੂੰਛ ਵਰਗੀ ਨਹੀਂ ਲਗਦੀ।"
"ਸੇਮ ਦੀ ਡੰਡੀ!” ਕਹਿ ਕੇ ਉਹ ਜਿਰਾਫ 'ਤੇ ਹੱਸਦਾ।
"ਅਜੀਬ ਰੰਗ-ਰੂਪ ਵਾਲਾ ਤਾਂ ਤੂੰ ਏਂ", ਜ਼ਿਰਾਫ ਦਰਿਆਈ ਘੋੜੇ ਨੂੰ ਹੇਠੋਂ ਉੱਪਰ ਤੱਕ ਦੇਖਦੇ
ਹੋਏ ਕਹਿੰਦਾ, "ਖੁਦ ਨੂੰ ਦੇਖਿਆ ਹੈ ਕਦੇ?"
ਸਾਰੇ ਜਾਨਵਰਾਂ ਨੂੰ ਇੱਕ ਸ਼ੀਸ਼ਾ ਮਿਲ ਗਿਆ ਅਤੇ ਉਹ ਦਰਿਆਈ ਘੋੜੇ ਨੂੰ ਲੱਭਣ ਤੁਰ ਪਏ। ਉਸੇ ਸਮੇਂ ਉਹ ਸ਼ਤਰਮੁਰਗ ਨੂੰ ਖਿਝਾਉਂਦੇ ਹੋਏ ਕਹਿ ਰਿਹਾ ਸੀ-
"ਓ ਸੁੱਕੀਆਂ ਨੰਗੀਆਂ ਲੱਤਾਂ ਵਾਲੇ ਜੀਵ। ਤੈਨੂੰ ਪੰਛੀ ਮੰਨਿਆ ਜਾ ਸਕਦਾ ਹੈ ਪਰ ਤੂੰ ਉੱਡ ਨਹੀਂ ਸਕਦਾ।"
ਸ਼ੁਤਰਮੁਰਗ ਇੰਨਾ ਦੁਖੀ ਹੋਇਆ ਕਿ ਉਹਨੇ ਆਪਣਾ ਸਿਰ ਰੇਤੇ ਵਿੱਚ ਗੱਡ ਦਿੱਤਾ।
"ਓ, ਸੁਣ", ਊਠ ਉਹਦੇ ਕੋਲ ਆ ਕੇ ਬੋਲਿਆ, "ਤੂੰ ਕੀ ਸੋਚਦਾ ਏਂ ਕਿ ਤੂੰ ਬਹੁਤ ਸੋਹਣਾ ਏ ?"
"ਬਿਲਕੁਲ" ਦਰਿਆਈ ਘੋੜੇ ਨੇ ਜਵਾਬ ਦਿੱਤਾ, "ਇਹਦੇ ਵਿੱਚ ਕੋਈ ਸ਼ੱਕ ਏ ?"
"ਠੀਕ ਏ, ਤੂੰ ਖੁਦ ਨੂੰ ਦੇਖ ਲੈ।" ਅਤੇ ਹਾਥੀ ਨੇ ਉਹਦੇ ਹੱਥ ਵਿੱਚ ਸ਼ੀਸ਼ਾ ਫੜਾ ਦਿੱਤਾ।
ਦਰਿਆਈ ਘੋੜੇ ਨੇ ਸ਼ੀਸ਼ੇ ਵਿੱਚ ਦੇਖਿਆ ਤੇ ਹੱਸਣਾ ਸ਼ੁਰੂ ਕਰ ਦਿੱਤਾ।
"ਹਾ-ਹਾ-ਹਾ! ਹੋ-ਹੋ-ਹੋ! ਕੌਣ ਏ ਇਹ ਬਦਸੂਰਤ ਜੀਵ ?"
ਜਿਵੇਂ-ਜਿਵੇਂ ਉਹ ਸ਼ੀਸ਼ੇ ਵਿੱਚ ਖੁਦ ਨੂੰ ਦੇਖਦਾ ਜਾ ਰਿਹਾ ਸੀ, ਅਤੇ ਹੱਸਦੇ ਹੋਏ ਗੱਲ ਨੂੰ ਟਾਲ ਰਿਹਾ ਸੀ, ਹਾਥੀ, ਜ਼ਿਰਾਫ, ਊਠ ਅਤੇ ਸ਼ੁਤਰਮੁਰਗ ਸਮਝ ਗਏ ਕਿ ਅਸਲ ਵਿੱਚ ਦਰਿਆਈ ਘੋੜਾ ਹੱਕਾ ਬੱਕਾ ਰਹਿ ਗਿਆ ਹੈ।
ਉਸ ਦਿਨ ਤੋਂ ਉਹਨਾਂ ਨੇ ਉਸਦੇ ਮਜ਼ਾਕਾਂ ਉੱਪਰ ਧਿਆਨ ਦੇਣਾ ਛੱਡ ਦਿੱਤਾ।