

ਜਿਹਨਾਂ ਤੋਂ ਪੰਥ ਨੂੰ ਵਿਛੋੜਿਆ ਨਹੀਂ ਗਿਆ
2017 ਦੀ ਜਨਵਰੀ ਦੇ ਪਹਿਲੇ ਹਫਤੇ ਸਾਡਾ ਗੁਰੂ ਗੋਬਿੰਦ ਸਿੰਘ ਜੀ ਦੇ 350 ਵੇਂ ਪ੍ਰਕਾਸ਼ ਉਤਸਵ ਸਮਾਗਮ 'ਚ ਸ਼ਾਮਲ ਹੋਣ ਲਈ ਪਟਨਾ ਸਾਹਿਬ ਜਾਣ ਦਾ ਮੌਕਾ ਬਣਿਆਂ। ਇਸ ਦੌਰਾਨ ਅਸੀਂ ਪਟਨਾ ਤੋਂ ਤਰਕੀਬਨ 100 ਕਿਲੋਮੀਟਰ ਦੂਰ ਗਯਾ ਜਾਣ ਨੂੰ ਜੀਅ ਕੀਤਾ ਜਿਥੇ ਗੁਰੂ ਨਾਨਕ ਜੀ ਪਹਿਲੀ ਉਦਾਸੀ ਦੌਰਾਨ ਗਏ ਸਨ। ਗੁਰੂ ਜੀ ਕੁਰਕਸ਼ੇਤਰ, ਹਰਿਦੁਆਰ, ਮਥੁਰਾ, ਬ੍ਰਿਦਾਬਨ, ਅਯੁਧਿਆ, ਪਰਯਾਗ, ਬਨਾਰਸ ਆਦਿ ਤੀਰਥਾਂ ਤੋਂ ਹੁੰਦੇ ਹੋਏ ਇਥੇ ਆਏ ਸਨ। ਇਥੇ ਲੋਕ ਪੰਡਿਆਂ ਤੋਂ ਪਿੰਡ ਭਰਾਈ (ਪਿਤਰ ਪੂਜਾ) ਲਈ ਦੀਵੇ ਬਾਲ ਕੇ ਪੂਜਾ ਕਰਾਉਂਦੇ ਸਨ। ਇਸ ਪੂਜਾ ਵੱਟੇ ਕਿਰਤੀ ਲੋਕਾਂ ਤੋਂ ਮਾਇਆ ਬਟੋਰੀ ਜਾਂਦੀ ਸੀ। ਪੰਡਿਆਂ ਨੇ ਗੁਰੂ ਜੀ ਨੂੰ ਵੀ ਦੀਵੇ ਬਾਲ਼ ਕੇ ਪਿੰਡ ਭਰਾਉਣ ਲਈ ਪ੍ਰੇਰਿਆ। ਗੁਰੂ ਨਾਨਕ ਨੇ ਪੰਡਿਆਂ ਨਾਲ ਆਪਣੀ ਗਿਆਨ ਚਰਚਾ 'ਚ ਇਸ ਕਰਮਕਾਂਢ ਨੂੰ ਨਿਰਾਰਥਕ ਕਿਹਾ, ਭੋਲੀ ਲੋਕਾਈ ਦਾ ਸ਼ੋਸ਼ਣ ਦੱਸਿਆ। ਇਸ ਸੰਬੰਧੀ ਉਹਨਾਂ ਦਾ ਸ਼ਬਦ ਗੁਰੂ ਗਰੰਥ ਸਾਹਿਬ ਵਿਚ ਦਰਜ ਹੈ:
ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ॥
ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ॥
ਲੋਕਾ ਮਤ ਕੋ ਫਕੜਿ ਪਾਇ॥
ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ॥ ਰਹਾਉ॥
ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ॥
ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ॥