ਆਪਣੇ ਹੁਕਮਰਾਨਾਂ ਨੂੰ ਕਹਿਣਾ ਬਣਦਾ ਹੈ ਕਿ ਜਿਸ ਬੋਲੀ ਵਿਚ ਲੋਕਾਂ ਤੋਂ ਵੋਟਾਂ ਮੰਗੀਆਂ ਹਨ ਉਹੀ ਬੋਲੀ ਵਿਧਾਨ ਸਭਾ ਵਿਚ ਵਰਤੋ। ਜਿਸ ਬੋਲੀ ਵਿਚ ਭੋਗਾਂ ਦੇ
'ਕੱਠਾਂ ਵਿਚ ਭਾਸ਼ਨ ਦਿੰਦੇ ਹੋ ਉਸੇ ਬੋਲੀ ਵਿਚ ਫਾਈਲਾਂ 'ਤੇ ਫੈਸਲੇ ਲਿਖੋ। ਜਿਸ ਬੋਲੀ ਵਿਚ ਲੋਕ ਲੜਦੇ ਝਗੜਦੇ ਹਨ ਉਸੇ ਬੋਲੀ ਵਿਚ ਅਦਾਲਤਾਂ ਇਹਨਾਂ ਝਗੜਿਆਂ ਦੇ ਫੈਸਲੇ ਕਰਨ ਅਤੇ ਲਿਖਣ। ਹਰ ਤਰ੍ਹਾਂ ਦੇ ਗਿਆਨ ਵਿਗਿਆਨ ਦੀ ਪੜ੍ਹਾਈ ਮਾਂ ਬੋਲੀ ਵਿਚ ਕਰਾਉਣ ਦਾ ਪ੍ਰਬੰਧ ਕਰਨ। ਪੰਜਾਬੀਆਂ ਦੀ ਹੰਢਣਸਾਰ ਅਤੇ ਸਥਾਈ ਤਰੱਕੀ ਲਈ ਪੰਜਾਬੀ ਨੂੰ ਸਤਿਕਾਰ ਨਾਲ ਸਰਕਾਰ, ਰੁਜ਼ਗਾਰ ਅਤੇ ਵਣਜ ਵਪਾਰ ਦੀ ਭਾਸ਼ਾ ਬਣਾਇਆ ਜਾਵੇ।
ਸਭ ਤੋਂ ਅਹਿਮ ਗੱਲ ਕਿ ਕੇਵਲ ਪੰਜਾਬ ਨਾਲ ਜੋੜ ਕੇ ਗੁਰਮਤਿ ਜਾਂ ਸਿੱਖੀ ਦੀ ਵਿਸ਼ਾਲਤਾ ਨੂੰ ਹੋਰ ਸੱਟ ਨਾ ਮਾਰੀਏ ਅਤੇ ਪੰਜਾਬੀ ਨੂੰ ਕੇਵਲ ਸਿੱਖਾਂ ਦੀ ਕਹਿ ਕੇ ਪੰਜਾਬ ਅਤੇ ਪੰਜਾਬੀ ਦਾ ਹੋਰ ਨੁਕਸਾਨ ਕਰਨ ਤੋਂ ਗੁਰੇਜ਼ ਕਰੀਏ। ਸਿੱਖੀ ਦੇ ਵਿਗਾਸ ਲਈ ਗੈਰ ਪੰਜਾਬੀ ਗੁਰਭਾਈਆਂ ਨਾਲ ਵਧੀਆ ਸਾਂਝ ਸੰਪਰਕ ਬਣਾਈਏ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਪੰਜਾਬੀ ਮਾਂ ਜਾਇਆਂ ਨਾਲ ਇਕਮੁੱਠਤਾ ਕਾਇਮ ਕਰੀਏ।