ਦੂਸਰੀ ਗੱਲ, ਜਿਸ ਮੁਲਕ ਜਾਂ ਸੂਬੇ ਵਿਚ Administrator ਦਾ ਰੁਤਬਾ, ਰੋਹਬ ਜਾਂ ਦਬਦਬਾ ਕਿਸੇ ਵਿਗਿਆਨੀ, ਯੋਜਨਾਕਾਰ, ਆਰਥਿਕ ਮਾਹਿਰ, ਸਿੱਖਿਆ ਸ਼ਾਸਤਰੀ, ਤਕਨੀਕੀ ਮਾਹਿਰ ਜਾਂ ਹੋਰ ਹੁਨਰਮੰਦਾਂ ਨਾਲੋਂ ਵਧੇਰੇ ਹੋਵੇਗਾ ਉਹ ਸਾਡੇ ਮੁਲਕ ਜਾਂ ਸੂਬੇ ਵਰਗੀ 'ਤਰੱਕੀ' ਹੀ ਕਰੇਗਾ। ਅਸੀਂ Public Servants ਨੂੰ ਲੋਕਾਂ ਦੇ ਸੇਵਾਦਾਰ ਦੀ ਬਜਾਏ ਮਾਲਕ ਜਾਂ ਹਾਕਮ ਹੋਣ ਜਾਂ ਮਹਿਸੂਸ ਕਰਨ ਦਾ ਅਧਿਕਾਰ ਦਿੱਤਾ ਹੈ। ਨੌਕਰਸ਼ਾਹੀ ਕਿਸੇ ਵੀ ਖੇਤਰ ਦੀ ਮਾਹਿਰ ਨਾ ਹੋਣ ਦੇ ਬਾਵਜੂਦ ਇਹ ਸਭ ਮਾਹਿਰਾਂ ਅਤੇ ਵਿਸ਼ੇਸ਼ੱਗਾਂ ਦੇ ਸਿਰ 'ਤੇ ਬੈਠਦੀ ਹੈ। ਆਪਣੀ ਚਮਕ ਦਮਕ ਅਤੇ ਰਾਜ ਸ਼ਕਤੀ ਕਾਰਨ ਇਹ ਹਰ ਤਰ੍ਹਾਂ ਦੀਆਂ ਸਰਕਾਰੀ ਕੁਰਸੀਆਂ 'ਤੇ ਬੈਠੇ ਹੋਰ ਲੋਕਾਂ ਲਈ ਰੋਲ ਮਾਡਲ ਬਣਦੀ ਹੈ। ਨੌਕਰਸ਼ਾਹੀ ਦਾ ਮਤਲਬ ਤਾਂ ਮੁਣਸ਼ੀਗੀਰੀ ਸੀ। ਪਰ ਸਰਕਾਰੀ ਮੁਣਸ਼ੀਆਂ ਦਾ ਰੋਹਬ-ਦਾਬ ਤੇ ਪ੍ਰਭਾਵ ਦੇਖ ਕੇ ਰੀਸੋ ਰੀਸੀ ਸਰਕਾਰੀ ਡਾਕਟਰਾਂ ਨੂੰ ਮੈਡੀਕਲ ਅਫ਼ਸਰ ਹੋਣਾ ਚੰਗਾ ਲੱਗਾ। ਖੇਤੀ ਵਿਗਿਆਨੀ ਖੇਤੀਬਾੜੀ ਅਫ਼ਸਰ ਹੋ ਗਏ ਤੇ ਸਿੱਖਿਆ ਸ਼ਾਸਤਰੀ ਸਿੱਖਿਆ ਅਫ਼ਸਰ ਅਖਵਾਉਣ ਲੱਗੇ। ਇਸੇ ਤਰ੍ਹਾਂ ਇੰਜਨੀਅਰਿੰਗ ਅਤੇ ਵਿਕਾਸ ਨਾਲ ਸੰਬੰਧਤ ਹੋਰ ਸਿਰਜਨਾਤਮਕ ਖੇਤਰਾਂ ਦਾ ਗੌਰਵ ਮੁਣਸ਼ੀਪੁਣੇ ਦੇ ਤਹਿਤ ਹੈ। ਨੌਕਰਸ਼ਾਹੀ ਨੇ ਇਕ ਜਮਾਤ ਨਾ ਰਹਿ ਕੇ ਸਮੁੱਚੇ ਸਰਕਾਰੀ ਤੰਤਰ ਵਿਚ ਫੈਲੇ ਭਿਆਨਕ ਕੋਹੜ ਦਾ ਰੂਪ ਧਾਰ ਲਿਆ ਹੈ। ਅੱਜ ਕੱਲ੍ਹ ਰਾਜ ਨੇਤਾਵਾਂ ਵਲੋਂ ਜਨਤਕ ਧੰਨ ਹੜੱਪਣ ਦੇ ਸਕੈਂਡਲ ਲੱਖਾਂ ਨੂੰ ਟੱਪ ਕੇ ਕਰੋੜਾਂ, ਕਰੋੜਾਂ ਤੋਂ ਅਰਬਾਂ ਅਤੇ ਹੁਣ ਖਰਬਾਂ ਨੂੰ ਛੁਹਣ ਲੱਗੇ ਹਨ। ਪਰ ਨੌਕਰਸ਼ਾਹੀ ਦੀ ਅਜੇ 'ਢਕੀ ਰਿੱਝ' ਰਹੀ ਹੈ। ਕਿਉਂਕਿ ਇਸ ਦੀ ਵਿਰੋਧੀ ਧਿਰ ਅਜੇ ਪੈਦਾ ਨਹੀਂ ਹੋਈ।
ਭੁੱਲਾਂ ਚੁੱਕਾਂ ਦੀ ਖਿਮ੍ਹਾਂ
000