

ਗੁਰੂ ਨਾਨਕ ਬਾਣੀ ਅਤੇ ਚੌਗਿਰਦਾ ਬੋਧ
ਗੁਰੂ ਨਾਨਕ ਬਾਣੀ ਵਿਚ ਪ੍ਰਸਤੁਤ ਬ੍ਰਹਿਮੰਡੀ ਚੇਤਨਾ, ਚੌਗਿਰਦਾ ਬੋਧ ਅਤੇ ਸਵੈ ਸੋਝੀ ਇਕ ਦੂਸਰੇ ਵਿਚ ਰਚੇ ਮਿਚੇ ਜਾਂ ਘੁਲੇ ਮਿਲੇ ਹਨ। ਇਕ ਹੀ ਚਿੰਤਨ-ਵਿਸ਼ੇ ਦੇ ਪਾਸਾਰ ਹਨ। ਸਾਡਾ ਚੌਗਿਰਦਾ ਸਮੁੱਚੀ ਸ੍ਰਿਸ਼ਟੀ 'ਤੇ ਨਿਰਭਰ ਇਸ ਦਾ ਨਿੱਕਾ ਜਿਹਾ ਭਾਗ ਹੈ ਅਤੇ ਅੱਗੋਂ ਮਨੁੱਖ ਵੀ ਇਸ ਚੌਗਿਰਦੇ ਦਾ ਨਿੱਕਾ ਜਿਹਾ ਪਰ ਇਸ ਤੋਂ ਅਨਿਖੜਵਾਂ ਅੰਗ ਹੈ:
ਜੋ ਬ੍ਰਹਮੰਡਿ ਖੰਡਿ ਸੋ ਜਾਣਹੁ ॥ ਗੁਰਮੁਖਿ ਬੂਝਹੁ ਸਬਦਿ ਪਛਾਣਹੁ॥
(1041, ਮ. 1)
ਬਾਈਬਲ ਅਨੁਸਾਰ ਪ੍ਰਮਾਤਮਾ ਨੇ ਪਹਿਲਾਂ ਸਭ ਤਰ੍ਹਾਂ ਦੇ ਜੀਵ ਜੰਤੂਆਂ ਦਾ ਇਕ-ਇਕ ਨਰ-ਮਾਦਾ ਜੋੜਾ ਧਰਤੀ 'ਤੇ ਭੇਜਿਆ ਸੀ। ਮਨੁੱਖਾਂ ਦੀ ਉਤਪਤੀ ਬਾਬੇ ਆਦਮ ਅਤੇ ਬੇਬੇ ਹੱਵਾ ਦੇ ਆਦਿ ਜੋੜੇ ਤੋਂ ਆਰੰਭ ਹੋਈ ਦੱਸੀ ਗਈ ਹੈ। ਪਰ ਗੁਰੂ ਨਾਨਕ ਅਨੁਸਾਰ ਧਰਤੀ 'ਤੇ ਸਹਿਜੇ-ਸਹਿਜੇ ਵਿਕਸਤ ਹੋਈਆਂ ਜੀਵਨ ਹਾਲਤਾਂ ਕਾਰਨ ਜੀਵਨ ਦਾ ਰੌਣਕ ਮੇਲਾ ਬਣਿਆਂ ਹੈ:
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥
(19, ਮ. 1)