

ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥
(663, ਧਨਾਸਰੀ ਮ.1)
ਆਪੇ ਭਵਰਾ ਫੂਲ ਬੋਲਿ॥ ਆਪੇ ਸੰਗਤਿ ਮੀਤ ਮੇਲਿ॥
ਐਸੀ ਭਵਰਾ ਬਾਸੁ ਲੇ॥ ਤਰਵਰ ਫੂਲੇ ਬਨ ਹਰੇ॥
(1190, ਬਸੰਤੂ ਮ.1)
ਜਦ ਸਤਾਰਵੀਂ ਸਦੀ ਦੇ ਆਰੰਭ ਵਿਚ ਪੱਛਮ ਦੇ ਵਿਗਿਆਨ ਨੇ ਮਾਦੇ (ਪਦਾਰਥ), ਊਰਜਾ ਅਤੇ ਜਾਨ (ਪ੍ਰਾਣ) ਨੂੰ ਇੱਕ ਦੂਸਰੇ ਤੋਂ ਪੂਰੀ ਤਰ੍ਹਾਂ ਨਿਖੇੜ ਕੇ ਪੇਸ਼ ਕਰਨਾ ਸ਼ੁਰੂ ਕੀਤਾ ਤਾਂ ਕਾਰਟੇਜ਼ਨੀ ਨਿਖੇੜ ਕਾਰਨ ਸਭ ਚੀਜ਼ਾਂ ਬੇਜਾਨ ਅਤੇ ਵਿਯੋਗਿਤ ਨਜ਼ਰ ਆਉਣੀਆਂ ਸ਼ੁਰੂ ਹੋਣ ਲੱਗੀਆਂ। ਇਸ ਪੱਛਮੀ ਜਾਂ ਵਿਗਿਆਨਕ ਦ੍ਰਿਸ਼ਟੀ ਨੇ ਕੁਦਰਤ (ਸ੍ਰਿਸ਼ਟੀ) ਦੀ ਹਰ ਰਚਨਾ ਨੂੰ ਇਕ ਬੇਜਾਨ ਵਸਤੂ ਜਾਂ ਗਣਿਤ ਦੇ ਇਕ ਸੁਤੰਤਰ ਅੰਕ ਵਾਂਗ ਤਸੱਵਰ ਕਰਨਾ ਸ਼ੁਰੂ ਕੀਤਾ ਅਤੇ ਪੂਰੀ ਸ੍ਰਿਸ਼ਟੀ ਨੂੰ ਇਹਨਾਂ ਵਸਤਾਂ / ਅੰਕਾਂ ਦਾ ਜੋੜ। ਅਜਿਹੀ ਮਕਾਨਕੀ ਸਮਝ ਹੀ ਸਤਾਰਵੀਂ ਸਦੀ ਦੇ ਅੱਧ ਵਿਚ ਨਿਊਟਨ ਦੀ ਕਲਾਸੀਕਲ ਮਕੈਨਿਕਸ ਦਾ ਅਧਾਰ ਬਣੀ। ਇਸ ਸਤਾਰਵੀਂ ਸਦੀ ਦੇ ਆਰੰਭ ਵਿਚ ਹੀ ਇਧਰ ਗੁਰੂ ਨਾਨਕ ਦੀ ਬਾਣੀ ਉਹਨਾਂ ਦੇ ਲੜੀਵਾਰ ਚਾਰ ਉਤਰਾਧਿਕਾਰੀ ਨਾਨਕ ਸਾਇਰਾਂ" ਅਤੇ ਹੋਰ ਭਗਤਾਂ ਮਹਾਂਪੁਰਖਾਂ ਦੀ ਬਾਣੀ ਸਮੇਤ ਆਦਿ ਸ੍ਰੀ ਗਰੰਥ ਸਹਿਬ ਦੇ ਰੂਪ ਵਿਚ ਸੰਪਾਦਤ ਹੋ ਰਹੀ ਸੀ। ਇਸ ਬਾਣੀ ਰਾਹੀਂ ਕੁਦਰਤ ਦੀ ਮਹਾਨਤਾ, ਵਿਸ਼ਾਲਤਾ, ਪਾਲਣਹਾਰਤਾ, ਇਕਮਿਕਤਾ ਅਤੇ ਇਕਸੁਰਤਾ ਪ੍ਰਤੀ ਬਲਿਹਾਰਤਾ ਦੇ ਸੁਰ ਛਿੜੇ। ਕੁਦਰਤ ਨੂੰ ਕਰਤੇ ਦੀ ਖੇਡ ਮੰਨਿਆਂ ਅਤੇ ਇਸ ਨੂੰ ਕਰਤੇ ਦਾ ਹੁਕਮ, ਕਰਤੇ ਦਾ ਪ੍ਰਗਟਾਅ ਅਤੇ ਕਰਤੇ ਦਾ ਆਪਾ ਵੀ ਕਿਹਾ ਗਿਆ: