ਕੁਰਬਾਨੀ, ਹਮਦਰਦੀ, ਸਬਰ, ਦਾਨ, ਮੁਹੱਬਤ, ਮਮਤਾ ਆਦਿ ਲਈ ਕੋਈ ਸਥਾਨ ਨਹੀਂ ਸਗੋਂ ਲਾਲਚ, ਖ਼ੁਦਗਰਜ਼ੀ, ਚਾਪਲੂਸੀ, ਸ਼ੋਸ਼ਨ, ਮੁਕਾਬਲੇਬਾਜ਼ੀ, ਧੋਖੇਬਾਜ਼ੀ ਅਤੇ ਮੌਕਾਪ੍ਰਸਤੀ ਦੀ ਪ੍ਰਧਾਨਤਾ ਹੋਈ। ਦਰਿਆ ਜੋ ਪਹਿਲਾਂ 'ਪਾਣੀ ਜੀਓ ਹੈ' ਪ੍ਰਦਾਨ ਕਰਦੇ ਸਨ ਅਤੇ ਧਰਤੀ ਲਈ ਉਸੇ ਤਰ੍ਹਾਂ ਸਨ ਜਿਵੇਂ ਸਾਡੇ ਜਿਸਮ ਵਿਚ ਲਹੂ ਦੀਆਂ ਨਾੜਾਂ ਹਨ, ਸਨਅਤੀ ਬਚਖੁਚ ਤੇ ਗੰਦਗੀ ਨੂੰ ਸਾਂਭਣ ਵਾਲੇ ਕੂੜਾਦਾਨ ਬਣ ਗਏ। ਪਹਿਲਾਂ ਯੂਰਪ ਦੇ ਸਨਅਤੀ ਮੁਲਕਾਂ ਦੇ ਬਹੁਤ ਸਾਰੇ ਦਰਿਆ ਝੀਲਾਂ ਆਦਿ ਗੰਦਲੇ ਹੋਣੇ ਸ਼ੁਰੂ ਹੋ ਕੇ ਅਖੀਰੀ Dead ਹੋ ਗਏ। ਸਮੁੱਚਾ ਵਾਤਾਵਰਣ ਜੀਵਨ ਦੇ ਪ੍ਰਤੀਕੂਲ ਹੋਣ ਲੱਗਾ। ਸਮੇਂ ਦੇ ਕੁਝ ਵਕਫ਼ੇ ਬਾਅਦ 'ਵਿਕਾਸ' ਦੀ ਉਸੇ ਤਰਜ਼ 'ਤੇ ਅਸੀਂ ਵੀ ਗਾਉਣਾ ਸ਼ੁਰੂ ਕੀਤਾ ਤਾਂ ਸਾਡੇ ਵਾਤਾਵਰਣ ਖਾਸ ਕਰ ਦਰਿਆਵਾਂ ਦਾ ਓਹੀ ਹਾਲ ਹੋਣ ਲੱਗਾ। ਖੇਤੀਬਾੜੀ, ਪਸ਼ੂ ਪਾਲਣ ਅਤੇ ਸੈਰ ਸਪਾਟੇ ਵਰਗੀਆਂ ਕੁਦਰਤ ਨਾਲ ਸਹਿਯੋਗ, ਸੰਵਾਦ ਅਤੇ ਮੁਹੱਬਤ ਵਧਾਉਣ ਵਾਲੀਆਂ ਮਨੁੱਖੀ ਸਰਗਰਮੀਆਂ ਵੀ ਕੁਦਰਤ ਦਾ ਸ਼ੋਸ਼ਣ ਕਰਨ ਵਾਲੇ 'ਲਾਹੇਵੰਦ' ਧੰਦਿਆਂ ਵਿਚ ਤਬਦੀਲ ਹੋ ਗਈਆਂ।
ਸ਼ੁਕਰ ਦੀ ਗੱਲ ਇਹ ਹੈ ਕਿ ਕਾਰਟੇਜ਼ਨੀ ਨਿਖੇੜਵਾਦ ਅਤੇ ਕਲਾਸੀਕਲ ਮਕੈਨਿਕਸ ਦੀਆਂ ਧਾਰਨਾਵਾਂ ਨੂੰ ਵਿਗਿਆਨ ਦੇ ਖੇਤਰ ਵਿਚ ਵੀਹਵੀਂ ਸਦੀ ਦੇ ਆਰੰਭ ਵਿਚ ਠੱਲ ਪੈਣੀ ਸ਼ੁਰੂ ਹੋ ਗਈ ਜਦ ਆਇਨਸਟਾਈਨ ਨੇ ਐਲਾਨ ਕੀਤਾ ਕਿ ਮਾਦਾ (ਪਦਾਰਥ) ਅਤੇ ਊਰਜਾ (ਸ਼ਕਤੀ) ਅਸਲੋਂ ਹੀ ਵੱਖਰੀਆਂ ਵੱਖਰੀਆਂ ਖੇਡਾਂ ਨਹੀਂ ਸਗੋਂ ਊਰਜਾ ਮਾਦੇ ਵਿਚ ਵਟ ਸਕਦੀ ਹੈ ਮਾਦਾ ਊਰਜਾ ਵਿਚ ਵਲੀਨ ਹੋ ਸਕਦਾ ਹੈ। ਐਕਸ-ਰੇਅਜ਼ ਦੀ ਪਛਾਣ ਅਤੇ ਰੇਡੀਓ ਐਕਟਿਵਟੀ ਦੇ ਗਿਆਨ ਨੇ ਵੀ ਸਿੱਧ ਕੀਤਾ ਕਿ ਮਾਦਾ ਅਮਰ ਨਹੀਂ ਹੈ, ਇਹ ਊਰਜਾ ਵਿਚ ਤਬਦੀਲ ਹੁੰਦਾ ਹੈ ਅਤੇ ਜਿਹਨਾਂ ਨੂੰ ਮੂਲ ਤੱਤ (Elements) ਕਿਹਾ ਜਾਂਦਾ ਹੈ ਉਹ ਵੀ ਦੂਸਰੇ ਤੱਤਾਂ ਵਿਚ ਵਟ ਸਕਦੇ ਹਨ। ਇਸ ਤਰ੍ਹਾਂ ਵਿਗਿਆਨ ਆਪਣੇ ਕਾਰਟੇਜ਼ਨੀ ਨਿਖੇੜਵਾਦੀ ਖਾਸੇ ਅਤੇ ਨਿਊਟਨ ਦੀ ਕਲਾਸੀਕਲ ਮਕੈਨਿਕਸ