ਮੈਂ ਰਾਜਸਥਾਨ ਦੀ ਇਕ ਲੋਕ-ਕਥਾ ਪੜ੍ਹ ਰਿਹਾ ਸੀ । ਇਕ ਠਾਕੁਰ ਸਾਹਬ ਹਨ, ਪਿੰਡ ਦਾ ਨਾਈ ਉਹਨਾਂ ਨੂੰ ਮਿਲਣ ਆਇਆ। ਨਾਈ ਹੇਠਾਂ ਬੈਠਾ ਹੈ, ਠਾਕੁਰ ਸਾਹਬ ਉੱਪਰ ਬੈਠੇ ਹਨ। ਨਾਈ ਬੁੱਢਾ ਹੈ ਤੇ ਠਾਕੁਰ ਜਵਾਨ। ਨਾਈ ਹੇਠਾਂ ਬੈਠ ਗਿਆ ਹੈ, ਸੁਭਾਵਕ ਹੈ ਨੀਵੇਂ ਹੀ ਬੈਠਣਾ ਚਾਹੀਦਾ ਹੈ ਨਾਈ ਨੂੰ । ਠਾਕੁਰ ਸਾਹਬ ਉੱਪਰ ਤਖ਼ਤ 'ਤੇ ਬੈਠੇ ਹਨ। ਨਾਈ ਨੇ ਨਿਉਂਦਾ ਦਿੱਤਾ ਹੈ ਕਿ ਮੈਂ ਤਾਂ ਹਮੇਸ਼ਾ ਆਉਂਦਾ ਹਾਂ, ਕਦੇ ਤੁਸੀਂ ਵੀ ਮੇਰੇ ਘਰ ਆਉ। ਠਾਕੁਰ ਸਾਹਬ ਉਸ ਦੇ ਘਰ ਗਏ। ਦਲਾਨ ਵਿੱਚ ਉਸ ਨੇ ਦਰੀ ਵਿਛਾ ਦਿੱਤੀ ਹੈ। ਠਾਕੁਰ ਸਾਹਬ ਉਸ ’ਤੇ ਬੈਠ ਗਏ ਹਨ ਅਤੇ ਨਾਈ ਦਲਾਨ ਤੋਂ ਹੇਠਾਂ ਉੱਤਰ ਕੇ ਸੜਕ ਉੱਤੇ ਜਾ ਕੇ ਬੈਠਿਆ। ਤਦ ਠਾਕੁਰ ਸਾਹਬ ਨੇ ਕਿਹਾ, 'ਨਹੀਂ- ਨਹੀਂ, ਇਹ ਕੀ ਕਰਦਾ ਹੈਂ। ਇਸ ਤਰ੍ਹਾਂ ਕਰੇਂਗਾ ਤਾਂ ਮੈਂ ਵੀ ਉਥੇ ਆ ਜਾਵਾਂਗਾ, ਆ ਇਥੇ ਬੈਠ।'
ਉਸ ਨੇ ਕਿਹਾ, ਨਹੀਂ-ਨਹੀਂ, ਅਸੀਂ ਨਾਈ, ਤੁਸੀਂ ਠਾਕੁਰ ! ਅਸੀਂ ਛੋਟੇ ਆਦਮੀ, ਤੁਸੀਂ ਵੱਡੇ ਆਦਮੀ ! ਉਸ ਠਾਕੁਰ ਨੂੰ ਕੁਛ ਵਿਅੰਗ ਲੱਗਾ ਹੈ ਤਾਂ ਉਹ ਉਤਰ ਕੇ ਹੇਠਾਂ ਆ ਗਿਆ ਹੈ। ਨਾਈ ਨੇ ਕਿਹਾ, 'ਅਜੇਹਾ ਨਾ ਕਰੋ, ਅਜੇਹਾ ਕਰੋਗੇ ਤਾਂ ਮੈਨੂੰ ਇਕ ਟੋਆ ਪੁੱਟਣਾ ਪਏਗਾ, ਫਿਰ ਟੋਏ 'ਚ ਹੀ ਬੈਠਣਾ ਪਏਗਾ।'
ਉਸ ਠਾਕੁਰ ਨੇ ਕਿਹਾ, 'ਜੇ ਮੈਂ ਟੋਏ ਵਿੱਚ ਆ ਕੇ ਬੈਠ ਗਿਆ ਤਾਂ?”
ਉਸ ਨਾਈ ਨੇ ਕਿਹਾ, 'ਫਿਰ ਜੋ ਮੈਨੂੰ ਕਰਨਾ ਚਾਹੀਦਾ ਹੈ ਅਤੇ ਬਹੁਤ ਦਿਨਾਂ ਤੋਂ ਨਹੀਂ ਕੀਤਾ ਹੈ, ਉਹ ਮੈਂ ਕਰਾਂਗਾ।
ਠਾਕੁਰ ਸਾਹਬ ਨੇ ਪੁੱਛਿਆ, 'ਕੀ ਕਰੇਂਗਾ?'
ਉਸ ਨੇ ਕਿਹਾ, 'ਮੈਂ ਟੋਏ ਨੂੰ ਪੂਰ ਕੇ ਅਰਾਮ ਨਾਲ ਸੌਂ ਜਾਵਾਂਗਾ, ਜੋ ਮੈਨੂੰ ਬਹੁਤ ਦਿਨਾਂ ਤੋਂ ਕਰਨਾ ਚਾਹੀਦਾ ਸੀ ਅਤੇ ਅਜੇ ਤਕ ਨਹੀਂ ਕੀਤਾ ਸੀ।'
ਛੋਟੇ ਆਦਮੀ ਨੇ ਬਹੁਤ ਦਿਨਾਂ ਤੋਂ ਨਹੀਂ ਕੀਤਾ ਹੈ ਉਹ ਕੰਮ। ਮਜ਼ਾ ਇਹ ਹੈ ਕਿ ਉਸ ਨੂੰ ਨੀਵੇਂ ਬਿਠਾਉਣਾ ਜ਼ਰੂਰੀ ਹੈ, ਨਹੀਂ ਤਾਂ ਵੱਡਾ ਆਦਮੀ ਕਿਥੇ ਟਿਕੇਗਾ? ਕਿਥੇ ਜਾਏਗਾ? ਸਾਰਾ ਇੰਤਜ਼ਾਮ ਹੈ ਵੱਡੇ ਹੋਣ ਦਾ। ਇਹ ਵੱਡਾ ਹੋਣਾ ਮੈਨੇਜਡ (ਪ੍ਰਬੰਧਤ) ਹੈ। ਉਸ ਦੀ ਸਾਰੀ ਵਿਵਸਥਾ ਕਰਨੀ ਪੈਂਦੀ ਹੈ ਅਤੇ ਜੇ ਵਿਵਸਥਾ ਨਾ ਹੋਵੇ ਤਾਂ ਵੱਡਾ ਆਦਮੀ ਫਿਸਲ ਜਾਏਗਾ। ਵੱਡਾ ਆਦਮੀ ਫ਼ਾਸਲਾ ਰਖੇਗਾ, ਨੇੜੇ ਨਹੀਂ ਆਉਣ ਦਏਗਾ।
ਹਿਟਲਰ ਦੇ ਮੋਢੇ 'ਤੇ ਕੋਈ ਹੱਥ ਨਹੀਂ ਰੱਖ ਸਕਦਾ ਸੀ। ਇੰਨਾ ਨੇੜੇ ਕੋਈ ਵੀ ਨਹੀਂ ਸੀ, ਇੰਨਾ ਮਿੱਤਰ ਕੋਈ ਵੀ ਨਹੀਂ ਸੀ ਕਿ ਉਸ ਦੇ ਮੋਢੇ ਉੱਤੇ ਹੱਥ ਰੱਖੋ। ਅਜੇਹਾ ਕੋਈ ਵੀ ਵਿਅਕਤੀ ਨਹੀਂ ਸੀ ਜੋ ਉਸ ਦਾ ਨਾਉਂ ਸਿੱਧਾ ਲੈ ਸਕੇ । ਜਦ ਵੀ ਉਸ ਨੂੰ ਕਿਹਾ ਗਿਆ ਤਾਂ ਉਸ ਨੇ ਕਿਹਾ ਕਿ ਇਹ ਸੰਭਵ ਹੀ ਕਿਵੇਂ ਹੈ? ਇਸੇ ਲਈ ਉਸ ਨੇ ਸ਼ਾਦੀ ਨਹੀਂ ਕੀਤੀ। ਆਖ਼ਰੀ ਉਮਰ ਵਿੱਚ ਸ਼ਾਦੀ ਕੀਤੀ, ਮਰਨ ਤੋਂ ਘੰਟਾ-ਭਰ ਪਹਿਲਾਂ। ਇਕ ਲੜਕੀ ਨਾਲ ਉਸ ਦਾ ਪ੍ਰੇਮ ਸੀ, ਲੇਕਿਨ ਉਹ ਪ੍ਰੇਮ ਉਸ ਤਰ੍ਹਾਂ ਦਾ ਹੀ ਸੀ ਜਿਹਾ ਕਿ ਹਿਟਲਰ ਦਾ ਹੋ ਸਕਦਾ ਸੀ । ਉਹ ਲੜਕੀ ਉਸ ਦੇ ਕੋਲ ਸੀ, ਲੇਕਿਨ ਉਸ ਦਾ ਕੰਮ