ਆਨੰਦ ਹੋਰ ਘਬਰਾ ਗਿਆ, ਕਿਉਂਕਿ ਉਸ ਨੇ ਦੋਵੇਂ ਉੱਤਰ ਸੁਣ ਲਏ । ਸ਼ਾਮ ਨੂੰ ਇਕ ਤੀਜਾ ਆਦਮੀ ਆਇਆ। ਉਸ ਨੇ ਬੁੱਧ ਨੂੰ ਕਿਹਾ, 'ਈਸ਼ਵਰ ਦੇ ਸੰਬੰਧ ਵਿੱਚ ਕੁਝ ਕਰੋਗੇ, ਮੈਨੂੰ ਕੁਝ ਪਤਾ ਨਹੀਂ।
ਬੁੱਧ ਨੇ ਕਿਹਾ, 'ਤੈਨੂੰ ਵੀ ਪਤਾ ਨਹੀਂ, ਮੈਨੂੰ ਵੀ ਪਤਾ ਨਹੀਂ। ਅਸੀਂ ਚੁੱਪ ਹੀ ਰਹੀਏ, ਤਾਂ ਹਰਜ ਹੈ ਕੋਈ?”
ਰਾਤੀਂ ਜਦ ਉਹ ਸੌਣ ਲੱਗੇ ਤਾਂ ਆਨੰਦ ਨੇ ਕਿਹਾ, 'ਹੁਣੇ ਸੌਂ ਨਾ ਜਾਣਾ। ਬਹੁਤ ਮੁਸ਼ਕਲ ਵਿੱਚ ਪੈ ਗਿਆ ਹਾਂ, ਮੇਰਾ ਦਿਮਾਗ਼ ਖ਼ਰਾਬ ਹੋ ਜਾਏਗਾ। ਸਵੇਰੇ ਤੁਸੀਂ ਕਿਹਾ, "ਨਹੀਂ", ਦੁਪਹਿਰੇ ਤੁਸੀਂ ਕਹਿੰਦੇ ਹੋ ‘ਹੈ’, ਸ਼ਾਮੀਂ ਤੁਸੀਂ ਕਹਿੰਦੇ ਹੋ ਕਿ ਕੁਝ ਵੀ ਪਤਾ ਨਹੀਂ, ਦੋਨੇਂ ਜੇਕਰ ਚੁੱਪ ਬੈਠੀਏ ਤਾਂ ਕੋਈ ਹਰਜ ਹੈ?”
ਬੁੱਧ ਨੇ ਕਿਹਾ, 'ਉਹ ਉੱਤਰ ਤੈਨੂੰ ਦਿੱਤੇ ਕਿਸ ਨੇ, ਤੂੰ ਲਏ ਕਿਉਂ? ਜਿਸ ਨੂੰ ਦਿੱਤੇ ਗਏ ਹਨ, ਉਸ ਦੀ ਗੱਲ ਸੀ, ਤੇਰੇ ਨਾਲ ਕੀ ਲੈਣਾ-ਦੇਣਾ ਹੈ?"
ਉਸ ਨੇ ਕਿਹਾ, 'ਲੇਕਿਨ ਇਹ ਤਿੰਨੇ ਉੱਤਰ ਬਿਲਕੁਲ ਵਿਰੋਧੀ ਹਨ।
ਉਹਨਾਂ ਨੇ ਕਿਹਾ, 'ਮੇਰੇ ਤਿੰਨਾਂ ਉੱਤਰਾਂ ਦਾ ਇਕ ਹੀ ਮਤਲਬ ਹੈ। ਮੈਂ ਪਹਿਲੇ ਆਦਮੀ ਨੂੰ ਵੀ ਹੈਜ਼ਿਟੇਸ਼ਨ (ਦੁਬਧਾ) ਵਿੱਚ ਪਾਉਣਾ ਚਾਹੁੰਦਾ ਸੀ, ਬਿਲਕੁਲ ਪੱਕਾ ਸੀ ਉਹ ਕਿ ਈਸ਼ਵਰ ਨਹੀਂ ਹੈ, ਉਸ ਨੂੰ ਮੈਂ ਜ਼ਰਾ ਹਿਲਾਉਣਾ ਚਾਹੁੰਦਾ ਸੀ। ਉਹ ਆਦਮੀ ਵਿਗਿਆਨਕ ਹੋ ਗਿਆ ਸੀ, ਧਾਰਮਕ ਨਹੀਂ ਰਹਿ ਗਿਆ, ਪੱਕਾ ਹੋ ਗਿਆ। ਉਹ ਦੂਜਾ ਆਦਮੀ ਵੀ ਪੱਕਾ ਸੀ, ਉਹ ਕਹਿੰਦਾ ਸੀ ਕਿ ਈਸ਼ਵਰ ਹੈ, ਉਹ ਵੀ ਚੁੱਕ ਗਿਆ ਸੀ । ਮੁਆਮਲਾ ਤਾਂ ਉਥੇ ਹੈ ਜਿਥੇ ਰਹੱਸ ਹੈ ਅਜੇ। ਉਸ ਨੂੰ ਵੀ ਹਿਲਾ ਦਿੱਤਾ ਸੀ, ਧੱਕਾ ਦਿੱਤਾ ਕਿ ਸ਼ਾਇਦ ਹਿੱਲ ਜਾਵੇ। ਮੇਰੇ ਉੱਤਰ ਵੀ ਤੂੰ ਫ਼ਿਕਰ ਨਾ ਕਰ। ਮੈਂ ਜੋ ਕਹਿ ਰਿਹਾ ਸੀ ਉਹ ਇਕ ਹੀ ਕੰਮ ਕਰ ਰਿਹਾ ਸੀ, ਸਵੇਰੇ ਵੀ, ਦੁਪਹਿਰੇ ਵੀ। ਅਤੇ ਸ਼ਾਮੀ ਇਕ ਵਧੀਆ ਆਦਮੀ ਆਇਆ ਸੀ । ਉਸ ਨੂੰ ਕੋਈ ਵੀ ਉੱਤਰ ਦੇਣਾ ਖ਼ਤਰਨਾਕ ਸੀ, ਕਿਉਂਕਿ ਉਹ ਉਸ ਨੂੰ ਬੁੱਧ ਦਾ ਉੱਤਰ ਸਮਝ ਕੇ ਪਕੜ ਲੈਂਦਾ ਅਤੇ ਨਿਸਚਿੰਤ ਹੋ ਜਾਂਦਾ, ਤਾਂ ਮੈਂ ਕਿਹਾ, ਜਦ ਤੈਨੂੰ ਵੀ ਪਤਾ ਨਹੀਂ, ਮੈਨੂੰ ਵੀ ਪਤਾ ਨਹੀਂ, ਤਾਂ ਚੁੱਪ ਬੈਠੋ, ਕੋਈ ਹਰਜ ਹੈ??
ਇਹ ਜੋ ਬੁੱਧ ਜਿਹਾ ਆਦਮੀ ਹੈ, ਇਹ ਤਾਂ ਇਕ ਧਾਰਮਕ ਆਦਮੀ ਹੈ। ਧਾਰਮਕ ਆਦਮੀ ਨੂੰ ਸਮਝਣਾ ਮੁਸ਼ਕਲ ਹੋ ਜਾਂਦਾ ਹੈ, ਕਿਉਂਕਿ ਉਸ ਦੇ ਸਾਰੇ ਬਿਆਨ ਵਿਰੋਧੀ ਜਾਣ ਪੈਂਦੇ ਹਨ। ਉਸ ਦੇ ਇਕ-ਇਕ ਵਾਕ ਵਿੱਚ ਵਿਰੋਧ ਹੁੰਦਾ ਹੈ, ਅਤੇ ਸਾਰੇ ਵਿਰੋਧ ਦਾ ਕਾਰਨ ਇੰਨਾ ਹੈ ਕਿ ਉਸ ਰਹੱਸ ਦਾ ਬੋਧ ਹੋ ਰਿਹਾ ਹੈ। ਰਹੱਸ ਦੇ ਬੋਧ ਦਾ ਤੁਸੀਂ ਖ਼ਿਆਲ ਕਰਦੇ ਹੋ ਨਾ ! ਬਹੁਤ ਅਨੋਖੀ ਗੱਲ ਹੈ। ਰਹੱਸ ਦੇ ਬੋਧ ਦਾ ਮਤਲਬ ਇਹੀ ਹੈ ਕਿ ਦੋਨੋਂ ਵਿਰੋਧੀ ਮੌਜੂਦ ਹਨ, ਇਸ ਲਈ ਰਹੱਸ ਹੈ, ਨਹੀਂ ਤਾਂ ਰਹੱਸ ਹੋ ਨਹੀਂ ਸਕਦੇ । ਇਥੇ ਜਨਮ ਵੀ ਹੈ, ਮੌਤ ਵੀ ਹੈ ਅਤੇ ਨਾਲ-ਨਾਲ ਹੈ। ਇਥੇ ਪ੍ਰੇਮ ਵੀ ਹੈ ਤੇ ਘਿਰਨਾ ਵੀ ਹੈ ਅਤੇ ਨਾਲ-ਨਾਲ ਹੈ। ਇਥੇ ਫੁੱਲ ਵੀ ਹੈ ਤੇ ਕੰਡਾ ਵੀ ਹੈ ਅਤੇ ਬਿਲਕੁਲ ਨਾਲ-ਨਾਲ ਹਨ, ਇਕ ਹੀ ਡੰਡੀ ਉੱਤੇ ਅਤੇ ਇਕ ਹੀ ਪ੍ਰਾਣਧਾਰਾ ਤੋਂ ਆਏ ਹਨ, ਇਸ ਲਈ ਰਹੱਸ ਹੈ।