ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥
ਘਰ ਸੁਧਾਰ ਸੰਬੰਧੀ
ਨਿਨਾਣ ਭਰਜਾਈ
ਦੀ
ਸਿਖਯਾਦਾਇਕ ਵਾਰਤਾਲਾਪ
ਭਰਜਾਈ-
ਮੇਰੇ ਨਾਲ ਹੈ ਮਾਪਿਆਂ ਵੈਰ ਕੀਤਾ,
ਜੋੜ ਦਿੱਤਾ ਹੈ ਨਾਲ ਗੁਮਾਨੀਏ ਦੇ ।
ਜਿਦ੍ਹੀ ਮਾਨ ਦੀ ਧੌਣ ਨਾ ਹੋਈ ਨੀਵੀਂ,
ਖਿੱਚੀ ਰਹੇ ਹੈ ਵਾਂਙ ਕਮਾਨੀਏ ਦੇ।
ਕਰਦਾ ਦਰਦ ਦੀ ਗਲ ਨਾ ਕਦੀ ਆਕੇ,
ਰਹੇ ਆਕੜਿਆ ਵਾਂਙ ਕਰਾਨੀਏ ਦੇ।
ਨੱਕੋਂ ਕਿਰਨ ਵਿਨੂੰਹੇਂ ਹੀ ਨਿੱਤ ਉਸਦੇ,
ਕੌਣ ਭੇਤ ਪਾਵੇ ਮਾਨ ਮਾਨੀਏ ਦੇ । ੧ ।
ਨਿਨਾਣ-
ਐਸੇ ਬੋਲ ਨਾ ਭਾਬੀਏ ਬੋਲ ਮੂੰਹੋਂ,
ਕੁਲਵੰਤੀਆਂ ਨੂੰ ਇਹ ਨਾ ਸੋਭਦਾ ਨੀ ।
ਮੇਰਾ ਵੀਰ ਨਾ ਗਰਬਿ ਗੁਮਾਨੀਆ ਹੈ,
ਕਿਉਂ ਤੂੰ ਵਾਕ ਆਖੇਂ ਭਾਬੀ ! ਖੋਭਦੇ ਨੀ ?
ਤੇਰੇ ਨਾਲ ਉਹ ਵਰਤਦਾ ਦਇਆ ਵਰਤਣ,
ਕਦੀ ਵਾਕ ਨਾ ਬੋਲਦਾ ਚੋਭ ਦੇ ਨੀ !
ਲੋਕੀਂ ਆਪਣੇ ਐਬ ਨਾ ਵੇਖਦੇ ਨੇ,
ਸੁੱਕੇ ਥਲੀਂ ਹੀ ਬੇੜੀਆਂ ਡੋਬਦੇ ਨੀ !੨।
ਭਾਬੀ-
ਰਈ ਕਰੇਂ ਤੂੰ ਵੀਰ ਦੀ ਭੈਣ ਚੰਗੀ,
ਟਿੱਕੇ ਲਾਇ ਰੁਪੱਯਝੇ ਮੁੱਛਣੇ ਨੀ !
ਦਏਂ ਦੋਸ਼ ਤੂੰ ਮੁਝ ਨਿਮਾਨੜੀ ਨੂੰ,
ਬਿਨਾਂ ਲੜੇ ਮੱਛਰ ਪਿੰਡਾ ਉੱਛਣੇ ਨੀ ।
ਹੋਵੇਂ ਭਾਬੀ ਤੇ ਮੈਂ ਨਿਨਾਣ ਹੋਵਾਂ,
ਪੁੱਛਾਂ ਤੁੱਧ ਨੂੰ ਤਦੋਂ ਮੈਂ ਪੁੱਛਣੇ ਨੀ ।
ਸਦਾ ਵੈਰ ਨਿਨਾਣ ਦਾ ਭਾਬੀਆਂ ਨੂੰ.
ਰਿਹਾ ਲਾਉਂਦਾ ਅਗਨਿ ਦੇ ਲੱਛਣੇ ਨੀ । ੩।
ਨਿਨਾਣ-
ਭੈਣੋਂ ਵੱਧ ਪਿਆਰੀਏ ਭਾਬੀਏ ਨੀ ।
ਤੇਰੇ ਨਾਲ ਨਹੀਓਂ ਮੈਨੂੰ ਵੈਰ ਰਾਈ।
ਕਰ ਨਾ ਕੋਪ ਬਿਦੋਸ਼ਨ ਤੇ ਰਤੀ ਭੈਣੇਂ ।
ਮੈਨੂੰ ਮਿਹਰ ਦਾ ਨਿੱਤ ਹੀ ਖੈਰ ਪਾਈਂ।
ਭਾਈ ਭਾਬੀਆਂ ਸਦਾ ਹੀ ਸੁਖੀ ਵੱਸਣ,
ਨਜ਼ਰ ਕਦੀ ਨਾ ਨਣਦ ਤੇ ਕੈਰ ਪਾਈਂ ।
ਦੋਵੇਂ ਬਿੱਛ ਤੇ ਵੇਲ ਜਿਉਂ ਮਿਲ ਵੱਸੋ,
ਤਦੋਂ ਨਣਦ ਵਧਾਈ ਦਾ ਪੈਰ ਪਾਈ ॥੪॥
ਮੈਂ ਨਾ ਝਿੜਕਦੀ, ਦਿਆਂ ਉਲਾਂਭੜੇ ਨਾ,
ਤੈਨੂੰ ਮੱਤ ਦੇਵਾਂ ਸੁਖੀ ਵੱਸਣੇ ਦੀ ।
ਡੌਲ ਕੰਤ ਰਿਝਾਉਣ ਦੀ ਤੁੱਧ ਦੱਸਾਂ,
ਤੇਰੀ ਚਿੰਤ ਨੂੰ ਮੂਲ ਤੋਂ ਖੱਸਣੇ ਦੀ ।
ਵਾਦੀ ਝੂਠ ਦੀ ਛੱਡ ਦੇ ਬਾਣ ਮਾੜੀ,
ਸੱਚ ਪਤੀ ਪੈ ਬੋਲਣੋਂ ਨੱਸਣੇ ਦੀ।
'ਝੂਠ' 'ਮਾਨ' ਏ ਬੁਧਿ ਨੂੰ ਮਾਰਦੇ ਨੀ,
ਦੋਵੇਂ ਫਾਹੀਆਂ ਨੀ ਦੁੱਖਾਂ 'ਚ ਫੱਸਣੇ ਦੀ ।੫।
ਕਦੋਂ ਝੂਠ ਮੈਂ ਬੋਲਦੀ ਦੱਸ ਖਾਂ ਨੀ।
ਐਵੇਂ ਉਜ ਲਾਵੇਂ ਕੌਤਕ-ਹਾਰੀਏ ਨੀ,
ਤੇਰਾ ਵੀਰ ਹੈ ਗੁੱਛੜਾ ਫੇਣੀਆਂ ਦਾ,
ਕਰੇ ਕਹਿਰ ਤਾਂ ਝੂਠ ਉਸਾਰੀਏ ਨੀ ।
ਜੇਕਰ ਜਦੋਂ ਉਹ ਆਪੇ ਤੋਂ ਬਾਹਰ ਹੋਵੇ,
ਸੱਚ ਬੋਲੀਏ ਜਾਨ ਤੋਂ ਮਾਰੀਏ ਨੀ ।
ਗੁੱਸੇ ਟਾਲਣੇ ਨੂੰ ਝੂਠ ਦੱਸ ਨਾਹੀਂ.
ਦੁੱਧ ਤਪੇ ਤਾਂ ਫੂਕਾਂ ਹੀ ਮਾਰਏ ਨੀ ੬ ।
ਨਿਨਾਣ-
ਝੂਠ ਕਦੀ ਨਾ ਸੱਚ ਹੋ ਜਾਂਵਦਾ ਹੈ,
ਪਿੱਤਲ ਮੁੱਲ ਨਾ ਸੋਨੇ ਦਾ ਪਾਂਵਦਾ ਏ ।
ਝੂਠ ਝੂਠ ਹੈ ਸਦਾ ਹੀ ਪਾਪ ਭੈਣੇ,
ਝੂਠ ਸਦਾ ਦੁਫੇੜ ਹੀ ਪਾਂਵਦਾ ਏ।
ਝੂਠ ਬੋਲਿਆਂ ਰਹੇ ਇਤਬਾਰ ਨਾਹੀਂ,
ਇਸ ਦੇ ਕਹਿਆਂ ਅਰਾਮ ਨ ਆਂਵਦਾ ਏ ।
ਸੰਸਾ ਹਿਰਦਿਆਂ ਅੰਦਰੇ ਆਇ ਵੜਦਾ,
ਸ਼ੱਕ ਦੋਹੀਂ ਵਲੀਂ ਬੱਝ ਜਾਂਵਦਾ ਏ ।੭।
ਝੂਠ ਨਾਲ ਚਹਿ ਰੰਜ ਕੁਝ ਟਲੇ ਭਾਵੇਂ,
ਪਿਛੋਂ ਪੋਲ ਸਾਰਾ ਖੁਲ੍ਹ ਜਾਂਵਦਾ ਏ।
ਮੀਂਹ ਲੱਥਿਆਂ ਰੇਤ ਦੀ ਕੰਧ ਢਹਿੰਦੀ,
ਝੱਖੜ ਕਾਗਤਾਂ ਤਾਂਈਂ ਉਡਾਂਵਦਾ ਏ ।
ਤਿਵੇਂ ਜਦੋਂ ਨਿਤਾਰੜਾ ਆਣ ਹੋਵੇ,
ਝੂਠ ਪਾਜ ਸਾਰਾ ਖੁਲ੍ਹ ਜਾਂਵਦਾ ਏ ।
ਪਾਜ ਖੁੱਲਿਆਂ ਪਾਣ ਨਾ ਪੱਤ ਰਹਿੰਦੀ,
ਮੋਹ ਫੇਰ ਨਾ ਮੂਲ ਰਹਾਂਵਦਾ ਏ।੮।