ਤੇਰੇ ਝੂਠ ਨੂੰ ਵੀਰ ਨੇ ਤਾੜ ਲੀਤਾ,
ਇਕ ਵੈਰ ਨਾ, ਬਹੁਤ ਹੀ ਵਾਰ, ਭਾਬੀ।
ਦਿਲ ਓਸ ਦਾ ਟੁੱਟਿਆ ਏਸ ਗੱਲੇ,
ਰਿਹਾ ਤੁੱਧ ਦਾ ਨਾ ਇਤਬਾਰ, ਭਾਬੀ।
ਧੁੱਖ ਨਾਂਹ ਤੇ ਦੇਹ ਉਲਾਂਛੜੇ ਨੀ,
ਵਿਗੜੀ ਗਲ ਨੂੰ ਕਿਵੇਂ ਸੁਆਰ. ਭਾਬੀ ।
ਛਡ ਮਾਨ ਤੇ ਹੋ ਨਿਮਾਨੜੀ ਨੀ,
ਚਰਨ ਪਕੜ ਕੇ ਮੰਨ ਲੈ ਹਾਰ, ਭਾਬੀ। ੯॥
ਭਾਬੀ-
ਮੇਰੇ ਝੂਠ ਨਿਤਾਰਣੇ ਜਾਨਣੀ ਏਂ,
ਕਦੀ ਲਈ ਆ ਵੀਰ ਦੀ ਸਾਰ, ਨਣਦੇ।
ਜੋ ਕੁਛ ਕਰੇ ਅਨੀਤੀਆਂ ਨਾਲ ਮੇਰੇ,
ਕਦੀ ਓਸ ਨੂੰ ਪੁੱਛ ਵੰਗਾਰ ਨਣਦੇ ।
ਹੀਣੀ ਲੱਭ ਅਸਾਮੜੀ ਮੁੱਝ ਤਾਈਂ,
ਸਿਰ ਸੁੱਟਿਆ ਕਣਕ ਦਾ ਭਾਰ ਨਣਦੇ ।
ਅੰਤ ਮਾਪਿਆਂ ਜਾਇਆ ਵੀਰ ਪਯਾਰਾ,
ਪ੍ਰਾਈ ਜਾਈ ਹੈ ਨਹੀਂ ਦਰਕਾਰ ਨਣਦੇ । ੧੦
ਦਿੱਤਾ ਕਦੀ ਦਿਲਾਸੜਾ ਓਸ ਨਾਂਹੀ,
ਸੁਣੀ ਕਦੀ ਨਾ ਦੁੱਖ ਤੇ ਸੁੱਖ ਦੀ ਨੀ ।
ਜੇ ਮੈਂ ਆਪ ਨਿਕਾਰੀ ਬੁਲਾਂਵਦੀ ਹਾਂ,
ਅਗੋਂ ਬਾਤ ਨ ਬੋਲਦਾ ਰੁੱਖ ਦੀ ਨੀ।
ਪੁੱਛਾਂ ਗੱਲ ਤਾਂ ਆਖਦਾ 'ਕੀਹ ਤੈਨੂੰ',
'ਮੈਨੂੰ ਕੀਹ' ਦੀ ਗੱਲ ਉੱਠ ਧੁੱਖਦੀ ਨੀ ।
ਨਾਂ-ਧੀਕ ਏ ਕੰਤ ਸਿਰ ਸੋਭਦਾ ਏ
ਜਿਵੇਂ ਝਾਲ ਦੇਂਦੇ ਟਾਂਡੇ ਉੱਖ ਦੀ ਨੀ । ੧੧ ।
ਦੋਸ਼ ਕੁਝ ਨਾ ਓਸ ਦੇ ਵਿੱਚ ਵੱਸੇ;
ਤੇਰੇ ਝੂਠ ਕੀਤਾ ਗਮਰੁੱਠ, ਭਾਬੀ।
ਓਹ ਹੈ ਚੀਕਦਾ ਆਪਣੀ ਥਾਉਂ ਰਹਿੰਦਾ,
ਸਾਧ ਹੋਇ ਮੱਲਾਂ ਪਰਬਤ ਗੁੱਠ, ਭਾਬੀ ।
ਕਦੀ ਚੀਨ ਜਪਾਨ ਨੂੰ ਜਾਣ ਕਹਿੰਦਾ,
ਫਿਰੇ ਹੋਇ ਮੁਤਾਨੜਾ ਉੱਠ, ਭਾਬੀ।
ਉਹ ਹੈ ਸੱਚੜਾ ਝੂਠ ਨਾ ਭਾਂਵਦਾ ਸੁ,
ਜੇ ਤੂੰ ਹਾਰ ਜਾਵੇਂ ਪੈਸੀ ਤੁੱਠ, ਭਾਬੀ । ੧੨ ।
ਜੇ ਕਰ ਵਾਉ ਦੇ ਘੋੜਿਆ ਚੜ੍ਹੀ ਰਹੀਏਂ,
ਬਾਣ ਝੂਠ ਦੀ ਛੱਡ ਨਾ ਦਿੱਤੀਓ ਈ।
ਓਹੋ ਧਰੇਗਾ ਮੁੰਹ ਬਦੇਸ਼ ਵੱਲ,
ਅਕਲ ਤੁੱਧ ਜੇ ਅਜੇ ਨ ਕੀਤੀਓ ਈ।
ਹੋਸੇਂ ਆਪ ਛੁੱਟੜ, ਮਾਪੇ ਪਏ ਵਿਲਕਣ,
ਭੈਣ ਕੁਕਸੀ ਚੁੱਪ ਜੇ ਪੀਤੀਓ ਈ ।
ਓਦੋਂ ਦੁੱਖ ਵਿਛੋੜੇ ਦੇ ਜਾਣਸੇਂਗੀ,
ਜਦੋਂ ਆਣ ਤੇਰੇ ਸਿਰ ਬੀਤੀਓ ਈ ।੧੩।
ਭਾਬੀ-
ਮੇਰੇ ਭਾ ਜੋ ਪਏਗੀ ਕੱਟ ਲਾਂ ਗੀ,
ਹੋਣੀ ਮਿਟੇ ਨਾ ਮੱਥਿਆਂ ਟੇਕਿਆਂ ਨੀ ।
ਜਦੋਂ ਰੁਤ ਸਿਆਲ ਦੀ ਟੁੱਟ ਪੈਂਦੀ,
ਪਰਬਤ ਤਪਣ ਨਾ ਅੱਗ ਦੇ ਸੇਕਿਆਂ ਨੀ ।
ਨੱਸ ਜਾਊ ਜੇ ਕੰਤ ਨੇ ਨੱਸਣਾ ਹੈ,
ਪਾਣੀ ਟਿਕੇ ਨਾ ਭਾਂਡਿਆਂ ਛੇਕਿਆਂ ਨੀ।
ਦੋਸ਼ ਕਰਮਾਂ ਦੇ ਸਿਰੇ ਮੈਂ ਦੇਂਵਦੀ ਹਾਂ,
ਭੁੱਲ ਕੀਤੀ ਹੈ ਭਾਰੜੀ ਪੇਕਿਆਂ ਨੀ ।੧੪॥
ਇਕ ਕੰਤ ਵੈਰੀ, ਨਾਲ ਸੱਸ ਵੈਰਨ,
ਸਹੁਰਾ ਸੱਸ ਸਿਖਾਲਿਆ ਮੀਤ ਨਾਹੀਂ !
ਜੇਠ ਦੇਉਰਾਂ ਓਕਾ ਹੈ ਖੂਬ ਕੀਤਾ,
ਤਰਸ ਨਣਦ ਦੇ ਰਤਾ ਵੀ ਚੀਤ ਨਾਹੀਂ ।
ਜਿਥੇ ਸੱਭ ਹੀ ਦੂਤੀਏ ਹੋਣ ਲਾਗੂ,
ਜਿਥੇ ਨਯਾਉਂ ਤੇ ਧਰਮ ਦੀ ਰੀਤਿ ਨਾਹੀਂ ।
ਓਥੇ ਨੋਂਹ ਨਾ ਸੁਖ ਦੀ ਆਸ ਰਖੇ,
ਉਮਰਾ ਝੇੜਿਆਂ ਬਾਝ ਬਿਤੀਤ ਨਾਹੀਂ ।੧੫।
ਨਿਨਾਣ-
ਕਿਉਂ ਤੂੰ ਐਡੇ ਕਲੇਸ਼ ਸਹਾਰਨੀ ਹੈਂ;
ਰੁੜ੍ਹਦੀ ਜਾਂਵਦੀ ਆਪਣੇ ਆਪ ਕੋਲੋਂ।
ਮਨ ਦੇ ਵੇਗ ਦੇ ਨਾਲ ਹੀ ਵਹੀ ਜਾਵੇਂ,
ਚਿੰਤਾ ਡੈਣ ਦੇ ਬਚੇਂ ਨ ਤਾਪ ਕੋਲੋਂ ।
ਬੇੜੀ ਤਾਰ ਵਿਚਾਰ ਦੀ ਲਏ ਤੈਨੂੰ,
ਸੋਚ ਕਢ ਲਏ ਏਸ ਸੰਤਾਪ ਕੋਲੋਂ।
ਦੋਸ਼ ਦੇਹ ਨਾ ਮਾਪਿਆਂ ਦਰਦੀਆਂ ਨੂੰ,
ਦਰਦੀ ਕੌਣ ਹੋਵੇ ਮਾਈ ਬਾਪ ਕੋਲੋਂ ।੧੬।
ਭਾਬੀ-
ਮੈਂ ਨਾ ਕੁਝ ਕਸੂਰ ਹੈ ਮੂਲ ਕੀਤਾ,
ਮਾਰੇ ਮਾਂਹ ਨਾ ਤੁੱਧ ਦੇ ਵੀਰ, ਨਣਦੇ ।
ਵਾਂਗ ਨੌਕਰਾਂ ਝਾੜਦਾ ਫੂਕਦਾ ਹੈ,
ਕੰਗਲੀ ਜਾਣਦਾ ਮੁਝ ਨੂੰ ਕੀਰ, ਨਣਦੇ ।
ਤੂੰ ਤਾਂ ਓਸ ਨੂੰ ਮੂਲ ਨਾ ਕੁੱਝ ਆਖੇਂ
ਲਾਵੇਂ ਮੁਝ ਨੂੰ ਨਵੇਂ ਹੀ ਤੀਰ, ਨਣਦੇ ।
ਉਪਰ ਚੀਰ ਦੇ ਧੂੜ ਕੇ ਲੂਣ ਮਿਰਚਾਂ,
ਫੇਰ ਆਖਦੇ ਹੋ, 'ਰਖ ਧੀਰ', ਨਣਦੇ ।੧੭।
ਨਿਨਾਣ-
ਭਾਬੀ ! ਵੀਰ ਨੂੰ ਮੈਂ ਸਮਝਾ ਹਾਰੀ,
ਇਕੋ ਗਲ ਦਾ ਓਸ ਨੂੰ ਰੋਸ ਚੜਿਆ ।
ਹੋਰ ਕੁਝ ਨਾ ਐਬ ਚਿਤਾਰਦਾ ਹੈ,
ਇਕੋ ਗਲ ਨੂੰ ਹੈ ਓਹ ਰਿਦੇ ਅੜਿਆ ।
ਇਕੋ ਸੱਚ ਦੀ ਬਾਣ ਜੋ ਰਿਦੇ ਧਾਰੀ,
ਨਹੀਂ ਚਾਹੁੰਦਾ ਤੁੱਧ ਨੂੰ ਝੂਠ ਖੜਿਆ ।
ਝੂਠ ਛਡੇਂ ਤਾਂ ਰਾਸ ਬਿਰਾਸ ਹੋਵੇ,
ਮੰਨ ਪਵੇ ਜੋ ਜਾਪਦਾ ਨਿਤ ਕੂੜਿਆ ।੧੮।
ਭਾਬੀ-
ਤੇਰੀ ਚੋਪੜੀ ਜੀਭ ਨੂੰ ਜਾਣਦੀ ਹਾਂ,
ਸੁੱਕੇ ਦਿਲਾਂ ਨੂੰ ਨੇਹੁ ਜੋ ਲਾਂਵਦੀ ਹੈ ।
ਆਪ ਵੇਖਦੀ ਸਮਝਦੀ ਜੀਭ ਨਾਹੀਂ,
ਕੇਵਲ ਥਿੰਧੜੇ ਵਾਕ ਅਲਾਂਵਦੀ ਹੈਂ।
ਭੁੱਲ ਵੀਰ ਦੀ ਮੜ੍ਹਾਂ ਤੂੰ ਸੀਸ ਮੇਰੇ,
ਮੈਥੋਂ ਆਪਣਾ ਕਾਜ ਕਰਾਂਵਦੀ ਹੈ।
ਸੋਨੇ ਜੀਭ ਮੜ੍ਹਾਇ ਵਲੈਤ ਘੱਲੀਂ,
ਐਥੇ ਕਦਰ ਨਾ ਕੁੱਝ ਬੀ ਪਾਂਵਦੀ ਹੈ ੧੯
ਨਿਨਾਣ-
ਮੈਂ ਸਮਝਾਣ ਲਗੀ ਤੈਨੂੰ ਭਲੇ ਬਦਲੇ,
ਉਲਟ ਮੇਰੇ ਹੀ ਗਲੇ ਦਾ ਹਾਰ ਹੋਈਏਂ ।
ਤੇਰੇ ਬੋਲ ਕੁਬੋਲ ਸਹਾਰ ਸਾਰੇ,
ਫੇਰ ਆਖਦੀ ਹਾਂ ਹੁਣ ਹੁਸ਼ਿਆਰ ਹੋਈਏਂ ।
ਭੈੜਾ ਨਾਉਂ ਨਿਨਾਣ ਦਾ ਭਾਬੀਆਂ ਨੂੰ,
ਭਾਵੇਂ ਭੈਣਾਂ ਤੋਂ ਵਧ ਪਿਆਰ ਗੋਈਏ ।
ਤੱਕਾਂ ਉੱਜੜਦਾ ਝੁੱਗੜਾ ਵੀਰ ਸੰਦਾ,
ਆਖਾਂ ਦੁੱਖ ਤੋਂ ਕਿਵੇਂ ਹੀ ਪਾਰ ਹੋਈਏ ।੨੦।
ਭਾਬੀ-
ਜਿੱਕੁਰ ਮੁੱਝ ਨੂੰ ਕਹੇ ਮੈਂ ਚਰਨ ਪਕੜਾਂ,
ਆਖ ਵੀਰ ਨੂੰ ਛਡ ਹੰਕਾਰ ਦੇਵੇ।
ਧੀ ਮਾਪਿਆਂ ਸਾਊਆਂ ਸੰਦੜੀ ਹਾਂ,
ਦੇ ਦਿਲਾਸੜਾ ਪਯਾਰ ਪੁਚਕਾਰ ਲੇਵੇ ।
ਝੂਠ ਸੱਚ ਜਹਾਨ ਹੀ ਬੋਲਦਾ ਹੈ,
ਭੁੱਲ ਗਈ ਦੀ ਅੰਤ ਨੂੰ ਸਾਰ ਲੇਵੇ ।
ਅਗੋਂ ਰਹਾਂਗੀ ਸਦਾ ਸੁਚੇਤ, ਨਣਦੇ,
ਬੋਲਾਂ ਫੇਰ ਤਾਂ ਧੱਕੜਾ ਮਾਰ ਦੇਵੇ ।੨੧॥
ਨਿਨਾਣ-
ਅੱਧ ਮੰਨੀ ਏਂ ਅੱਧ ਬੀ ਹੋਰ ਮੰਨੀਂ,
ਤੇਰੇ ਚਰਨ ਮੈਂ ਆਪ ਹੁਣ ਪਰਸਦੀ ਹਾਂ ।
ਹੋ ਨਿਮਾਨੜੀ ਵੀਰ ਦੀ ਥਾਉਂ ਭਾਬੀ,
ਤੁਹਾਡੇ ਮੇਲ ਨੂੰ ਵੇਖਣਾ ਤਰਸਦੀ ਹਾਂ ।
ਹੱਸਾਂ, ਜਦੋਂ ਇਕ ਮਿਕ ਮੈਂ ਹੋਏ ਵੇਖਾਂ,
ਲੜੇ ਵੇਖ ਕੇ ਮੇਘ ਜਯੋਂ ਬਰਸਦੀ ਹਾਂ।
ਜੇਕਰ ਕਰੇਂ ਕਬੂਲ ਏ ਅਰਜ਼ ਮੇਰੀ,
ਫੁਲ ਵੇਲ ਦੇ ਵਾਂਗ ਸਰੱਸਦੀ ਹਾਂ ।੨੨।
ਭਾਬੀ-
ਹਾਰ ਮੰਨਿਆਂ ਬਾਝ ਨਾ ਛੁਟੇ ਖਹਿੜਾ,
ਛਡੀ ਬਾਣ ਹੁਣ ਲੂਣ ਮੈਂ ਤੋਲਣੇ ਦੀ ।
ਬਾਣ ਵੀਰ ਨੂੰ ਆਖ ਓ ਛਡ ਦੇਵੇ,
ਮੇਰੇ ਗੁੱਝੜੇ ਭੇਦ ਫਰੋਲਣੇ ਦੀ।
ਥੋੜਾ ਬੋਲਸਾਂ, ਬੋਲਸਾਂ ਸੱਚ ਸਾਰਾ,
ਛਡੀ ਆਸ ਦਿਲ ਆਪਣਾ ਖੋਲ੍ਹਣੇ ਦੀ ।
ਕਰਾਂ ਕੈਦੀਆਂ ਵਾਂਗ ਮੈਂ ਉਮਰ ਪੂਰੀ,
ਸਿੱਕ ਛਡ ਅਨੰਦਾਂ ਨੂੰ ਟੋਲਣੇ ਦੀ ।੨੩।
ਭੁੱਲ ਸੋਧ ਲੈਸਾਂ ਪਰ ਇਹ ਪੱਕ ਜਾਣੀਂ,
ਪੇਰੀਂ ਪੈਂਦੀ ਨ ਤੁੱਧ ਦੇ ਵੀਰ ਦੀ ਹਾਂ ।
ਝੂਠ ਕਦੀ ਨਾ ਬੋਲਸਾਂ ਮਰਾਂ ਭਾਵੇਂ,
ਪੈਰੀਂ ਪਵਾਂ ? ਕੀ ਧੀ ਫਕੀਰ ਦੀ ਹਾਂ ?