ਨਵੀਂ ਪੰਜਾਬੀ ਕਵਿਤਾ
ਪਛਾਣ ਅਤੇ ਸਰੋਕਾਰ
ਸੰਪਾਦਕ
ਡਾ. ਸਰਬਜੀਤ ਸਿੰਘ
ਆਪਣੇ ਅਧਿਆਪਕ
ਮਰਹੂਮ ਪ੍ਰੋ. ਮਹਿੰਦਰ ਸਿੰਘ ਚੀਮਾ ਜੀ
ਦੀ ਯਾਦ ਨੂੰ
ਇਸ ਤੋਂ ਪਹਿਲਾਂ -
* ਡਾ. ਅਤਰ ਸਿੰਘ : ਆਲੋਚਨਾ ਚਿੰਤਨ (ਸੰਪਾ.) 1996
* ਪੰਜਾਬੀ ਆਲੋਚਨਾ : ਵਿਚਾਰਧਾਰਕ ਪਰਿਪੇਖ, 1999
* ਮੋਹਨ ਭੰਡਾਰੀ : ਸ਼ਬਦ ਸੰਵੇਦਨਾ (ਸੰਪਾ.), 2000
* ਪਰੰਪਰਾ ਤੇ ਪ੍ਰਵਾਹ, 2002, 2009,
* ਦਲਿਤ ਦ੍ਰਿਸ਼ਟੀ (ਸੰਪਾ.), 2004,
* ਮਿੱਥ ਅਤੇ ਵਰਤਮਾਨ (ਸੰਪਾ.), 2005
* ਮੋਹਨਜੀਤ : ਸੁਹਜ ਤੇ ਸੰਵੇਦਨਾ (ਸੰਪਾ.), 2005
* ਪਾਠ ਤੇ ਪਰਿਪੇਖ, 2007
* ਗ਼ਦਰ ਲਹਿਰ : ਇਤਿਹਾਸ,
* ਰਾਜਨੀਤੀ ਤੇ ਸਾਹਿਤ (ਸੰਪਾ.), 2008
* ਸੰਵਾਦ ਤੇ ਸੰਵੇਦਨਾ, 2009
* ਪੰਜਾਬੀ ਭਾਸ਼ਾ : ਵਰਤਮਾਨ ਤੇ ਭਵਿੱਖ (ਸੰਪਾ.), 2009
* ਭਾਰਤੀ ਸੰਸਕ੍ਰਿਤੀ ਦਾ ਕੇਂਦਰ, ਟੈਗੋਰ ਰਚਨਾਵਲੀ -3 (ਸੰਪਾ.), 2010
* ਟੈਗੋਰ ਦੇ ਚੋਣਵੇਂ ਨਿਬੰਧ, ਟੈਗੋਰ ਰਚਨਾਵਲੀ-4 (ਸੰਪਾ.), 2010
* ਵਿਹਾਰ ਤੇ ਵਰਤਾਰਾ, 2012
* ਪੰਜਾਬੀ ਕਵਿਤਾ : ਪ੍ਰਸੰਗ ਤੇ ਪ੍ਰਵਚਨ, 2014
ਤਤਕਰਾ
1. ਨਵੀਂ ਪੰਜਾਬੀ ਕਵਿਤਾ : ਫ਼ਿਕਰ ਅਤੇ ਸਰੋਕਾਰ -ਡਾ. ਸਰਬਜੀਤ ਸਿੰਘ
2. 1990 ਤੋਂ ਬਾਅਦ ਦੀ ਨਾਰੀਵਾਦੀ ਕਵਿਤਾ -ਡਾ. ਮਿਨਾਕਸ਼ੀ ਰਾਠੌਰ
3. ਨੂਰ ਕਾਵਿ : ਜਲਾਵਤਨਾਂ ਦੀ ਵਾਪਸੀ - ਡਾ. ਸੁਖਦੇਵ ਸਿੰਘ
4. ਮਨਮੋਹਨ ਦਾ ਕਾਵਿ ਪ੍ਰਵਚਨ -ਡਾ. ਯੋਗ ਰਾਜ
5. ਜਸਵਿੰਦਰ ਦੀ ਕਵਿਤਾ ਦੇ ਵਿਚਾਰਧਾਰਕ ਸਰੋਕਾਰ -ਡਾ. ਸੁਖਦੇਵ ਸਿੰਘ ਧਾਲੀਵਾਲ
6. ਅਮਰਜੀਤ ਕੌਂਕੇ ਦੀ ਕਵਿਤਾ -ਡਾ. ਮੋਹਨ ਤਿਆਗੀ
7. ਸਵਰਨਜੀਤ ਸਵੀ ਦੇ ਕਾਵਿ ਸਰੋਕਾਰ - ਡਾ. ਜਤਿੰਦਰਦੀਪ ਕੌਰ
8. ਵਿਲੱਖਣ ਮੁਹਾਂਦਰੇ ਵਾਲੀ ਕਵਿਤਾ : ਦੇਵਨੀਤ ਕਾਵਿ -ਡਾ. ਪਰਮਜੀਤ ਸਿੰਘ
9. ਦਰਸ਼ਨ ਬੁੱਟਰ ਦੀ ਕਵਿਤਾ -ਡਾ. ਗੁਰਮੇਲ ਸਿੰਘ
10. ਸੁਖਵਿੰਦਰ ਅੰਮ੍ਰਿਤ ਦੀ ਕਵਿਤਾ : ਪਛਾਣ ਅਤੇ ਸਰੋਕਾਰ -ਡਾ. ਬਲਜੀਤ ਸਿੰਘ
11. ਸੁਖਪਾਲ ਕਾਵਿ ਦੇ ਸਰੋਕਾਰ -ਕਮਲਪ੍ਰੀਤ ਸਿੱਧੂ
12. ਦਲਵੀਰ ਕੌਰ : ਨਾਰੀ ਵਜੂਦ ਦਾ ਸੁਆਲੀਆ ਪ੍ਰਵਚਨ -ਡਾ. ਸਰਬਜੀਤ ਸਿੰਘ
13. ਮਦਨ ਵੀਰਾ ਕਾਵਿ ਦੇ ਸਰੋਕਾਰ -ਪ੍ਰੀਤ ਇੰਦਰ ਸਿੰਘ
14. ਇੰਦਰਜੀਤ ਨੰਦਨ ਦੀ ਕਵਿਤਾ ਦੇ ਸਰੋਕਾਰ -ਡਾ. ਕਿਰਨਜੀਤ ਕੌਰ
ਭੂਮਿਕਾ
ਸਮਕਾਲੀ ਸਾਹਿਤ ਦੀ ਪਛਾਣ ਕਰਨਾ ਜਿੰਨਾ ਸੌਖਾ ਪ੍ਰਤੀਤ ਹੁੰਦਾ ਹੈ, ਅਸਲ ਵਿਚ ਇਹ ਕੰਮ ਓਨਾ ਹੀ ਦੁਸ਼ਵਾਰ ਹੁੰਦਾ ਹੈ ਕਿਉਂਕਿ ਸਮਕਾਲ ਦੀਆਂ ਪਰਿਸਥਿਤੀਆਂ ਪ੍ਰਤੀ ਇਤਿਹਾਸਕ ਵਿਵੇਕ ਦੀ ਜ਼ਰੂਰਤ ਹੁੰਦੀ ਹੈ ਤਾਂ ਹੀ ਸਮਕਾਲ ਵਿਚ ਰਚੇ ਜਾ ਰਹੇ ਸਾਹਿਤ ਦੀ ਸਮਝ ਤਿਆਰ ਕੀਤੀ ਜਾ ਸਕਦੀ ਹੈ। ਇਥੇ ਇਕ ਸੰਕਟ ਵੱਲ ਸੰਕੇਤ ਕਰਨਾ ਬਹੁਤ ਜ਼ਰੂਰੀ ਹੈ ਕਿ ਸਮਕਾਲ ਨੂੰ ਇਤਿਹਾਸਕ ਨਿਰੰਤਰਤਾ ਵਿਚ ਦੇਖਣ ਦੀ ਬਜਾਏ ਅਸੀਂ ਉਸ ਨੂੰ ਪੂਰਵਲੀ ਪਰੰਪਰਾ ਦੇ ਵਿਰੋਧ ਵਿਚ ਦੇਖਣਾ ਸ਼ੁਰੂ ਕਰ ਦਿੰਦੇ ਹਾਂ। ਇਤਿਹਾਸਕਤਾ ਪੜਾਵਾਂ ਵਿਚ ਨਹੀਂ ਸਗੋਂ ਇਕ ਨਿਰੰਤਰਤਾ ਵਿਚ ਹੁੰਦੀ ਹੈ। ਇਸ ਨਿਰੰਤਰਤਾ ਵਿਚ ਜੋ ਸਮਾਂ ਵਿਹਾਅ ਗਿਆ ਯਥਾਰਥ ਜਾਂ ਕਦਰ ਪ੍ਰਬੰਧ ਹੈ, ਉਹ ਝੜਦਾ ਜਾਂਦਾ ਹੈ ਅਤੇ ਨਵਾਂ ਯਥਾਰਥ ਅਤੇ ਕਦਰ ਪ੍ਰਬੰਧ ਉਸਰਦਾ ਜਾਂਦਾ ਹੈ। ਅਸੀਂ ਅਕਸਰ ਨਵੇਂ ਯਥਾਰਥ ਅਤੇ ਕਦਰ ਪ੍ਰਬੰਧ ਨੂੰ ਪੂਰਵਲੇ ਯਥਾਰਥ ਅਤੇ ਕਦਰ ਪ੍ਰਬੰਧ ਦੇ ਵਿਰੋਧ ਵਿਚ ਜਾਂ ਤਾਂ ਪ੍ਰਮਾਣਿਕ ਦਰਸਾਉਣ ਲੱਗ ਜਾਂਦੇ ਹਾਂ, ਜਾਂ ਨਿੰਦਣ ਲੱਗ ਜਾਂਦੇ ਹਾਂ। ਇਸ ਕਰਕੇ ਇਸਨੂੰ ਸਮਝਣ ਤੋਂ ਖੁੰਝ ਜਾਂਦੇ ਹਾਂ। ਸੁਆਲ ਸਾਹਿਤ ਨੂੰ ਸਮਝਣ ਦਾ ਹੈ। ਇਸ ਕਰਕੇ ਨਵੀਂ ਪੰਜਾਬੀ ਕਵਿਤਾ ਦੀ ਪਛਾਣ ਕਰਦਿਆਂ ਅਸੀਂ ਉਪਰੋਕਤ ਸੰਕਟ ਦਾ ਸ਼ਿਕਾਰ ਹੋ ਜਾਂਦੇ ਹਾਂ ਅਤੇ ਨਵੀਂ ਪੰਜਾਬੀ ਕਵਿਤਾ ਨੂੰ ਅਸੀਂ ਅਸਲੋਂ ਨਵਾਂ ਵਰਤਾਰਾ ਸਮਝ ਲੈਂਦੇ ਹਨ। ਇਤਿਹਾਸਕ ਨਿਰੰਤਰਤਾ ਨੂੰ ਗ਼ੈਰ ਹਾਜ਼ਿਰ ਕਰਨ ਕਰਕੇ ਨਵੇਂ ਸਰੋਕਾਰਾਂ 'ਤੇ ਕੇਂਦਰਿਤ ਹੋ ਕੇ ਨਵੀਂ ਪੰਜਾਬੀ ਕਵਿਤਾ ਨੂੰ ਵਿਸ਼ਵੀਕਰਨ ਅਤੇ ਉਪਭੋਗੀ ਸਭਿਆਚਾਰ ਦਾ ਪ੍ਰਛਾਵਾਂ ਸਿੱਧ ਕਰਨ 'ਚ ਸਾਰੀ ਤਾਕਤ ਖਰਚ ਕਰ ਦਿੰਦੇ ਹਾਂ।
ਪੰਜਾਬ ਸੰਕਟ ਤੋਂ ਉਪਰੰਤ ਸਾਹਮਣੇ ਆਈ ਕਵਿਤਾ ਨੂੰ ਨਵੀਂ ਪੰਜਾਬੀ ਕਹਿਕੇ ਪੰਜਾਬ ਦੀ ਇਤਿਹਾਸਕਤਾ ਅਤੇ ਯਥਾਰਥਕਤਾ ਤੋਂ ਮੁਕਤ ਕਰ ਦਿੰਦੇ ਹਾਂ। ਇਉਂ ਪ੍ਰਤੀਤ ਹੋਣ ਲੱਗ ਪੈਂਦਾ ਹੈ ਕਿ ਪੰਜਾਬ ਸੰਕਟ ਦੇ ਖ਼ਤਮ ਹੋਣ ਉਪਰੰਤ ਰਾਤੋ-ਰਾਤ
ਅਸੀਂ ਨਵੀਂ ਪੰਜਾਬੀ ਕਵਿਤਾ ਦੇ ਰੂ-ਬ-ਰੂ ਹੋ ਗਏ ਹਾਂ। ਇਸ ਕਰਕੇ ਨਵੀਂ ਪੰਜਾਬੀ ਕਵਿਤਾ ਨੂੰ ਇਤਿਹਾਸਕ ਗਤੀਸ਼ੀਲਤਾ ਨਾਲ ਸਮਝਣ ਦੀ ਜ਼ਰੂਰਤ ਹੈ। 1990 ਤੋਂ ਬਾਅਦ ਦੀਆਂ ਤਬਦੀਲੀਆਂ ਨੇ ਪੰਜਾਬੀ ਸਮਾਜ ਅਤੇ ਸਭਿਆਚਾਰ ਵਿਚ ਦਾਖ਼ਲ ਹੋ ਕੇ ਇਨ੍ਹਾਂ ਦਾ ਰੂਪਾਂਤਰਣ ਕੀ, ਕਿਵੇਂ ਅਤੇ ਕਿਉਂ ਕੀਤਾ ਹੈ, ਨੂੰ ਸਮਝੇ ਬਗੈਰ ਇਸ ਜਟਿਲ ਮਸਲੇ ਦੀ ਥਾਹ ਨਹੀਂ ਪਾਈ ਜਾ ਸਕਦੀ। ਇਸ ਤੋਂ ਅਗਾਂਹ ਕਵਿਤਾ ਨੇ ਇਸ ਸਮੁੱਚੇ ਵਰਤਾਰੇ ਪ੍ਰਤੀ ਆਪਣਾ ਪ੍ਰਤਿਹੁੰਗਾਰਾ ਕਿਵੇਂ ਭਰਿਆ, ਉਸ ਨੂੰ ਸਮਝਣਾ ਦੁਸ਼ਵਾਰ ਹੋਵੇਗਾ।
ਉਪਰੋਕਤ ਜਟਿਲ ਮਸਲਿਆਂ ਨੂੰ ਸਮਝਣ ਲਈ ਪੰਜਾਬ ਵਿਭਾਗ, ਪੋਸਟ-ਗ੍ਰੈਜੂਏਟ ਕਾਲਜ, ਸੈਕਟਰ-46, ਚੰਡੀਗੜ੍ਹ ਨੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਰਾਸ਼ਟਰੀ ਸੈਮੀਨਾਰ ਨਵੀਂ ਪੰਜਾਬੀ ਕਵਿਤਾ ਨੂੰ ਕੇਂਦਰ ਵਿਚ ਰੱਖਕੇ ਆਯੋਜਿਤ ਕੀਤਾ। ਇਸ ਦਾ ਮੁੱਖ ਮਕਸਦ ਨਵੀਂ ਪੰਜਾਬੀ ਕਵਿਤਾ ਦੀਆਂ ਕੁਝ ਗੁੰਝਲਾਂ ਨੂੰ ਸਮਝਣਾ-ਸਮਝਾਉਣਾ ਤਾਂ ਸੀ ਹੀ ਪਰੰਤੂ ਨਾਲੋਂ ਨਾਲ ਨਵੀਂ ਪੰਜਾਬੀ ਆਲੋਚਨਾ ਨੂੰ ਵੀ ਸਾਹਮਣੇ ਲਿਆਉਣਾ ਸੀ। ਇਸ ਸੈਮੀਨਾਰ ਵਿਚ ਕੁਝ ਚੋਣਵੇਂ ਸ਼ਾਇਰਾਂ ਦੀ ਕਵਿਤਾ ਉੱਪਰ ਧਿਆਨ ਕੇਂਦਰਿਤ ਕੀਤਾ ਜਦੋਂ ਕਿ ਹੋਰ ਵੀ ਮਹੱਤਵਪੂਰਨ ਕਵੀ ਜੋ ਨਵੀਂ ਪੰਜਾਬੀ ਕਵਿਤਾ ਵਿਚ ਆਪਣੀ ਪਛਾਣ ਬਣਾ ਚੁੱਕੇ ਹਨ, ਉਹ ਇਸ ਵਿਚ ਸ਼ਾਮਲ ਨਹੀਂ ਕੀਤੇ ਜਾ ਸਕੇ, ਇਹ ਸੰਭਵ ਵੀ ਨਹੀਂ ਸੀ। ਸੈਮੀਨਾਰ ਵਿਚ ਪੇਸ਼ ਕੀਤੇ ਗਏ ਖੋਜ ਪੱਤਰਾਂ ਦੇ ਲੇਖਕ, ਕੁਝ ਕੁ ਸਥਾਪਿਤ ਆਲੋਚਕਾਂ ਨੂੰ ਛੱਡਕੇ, ਬਿਲਕੁਲ ਨਵੇਂ ਹਨ ਜੋ ਇਸ ਖੇਤਰ ਵਿਚ ਪਿਛਲੇ ਸਮੇਂ ਤੋਂ ਸਰਗਰਮੀ ਨਾਲ ਕੰਮ ਕਰ ਰਹੇ ਹਨ।
ਇਸ ਪੁਸਤਕ ਵਿਚ ਬਾਰਾਂ ਸ਼ਾਇਰਾਂ ਦੀ ਸਮੁੱਚੀ ਰਚਨਾ ਨੂੰ ਕੇਂਦਰ ਵਿਚ ਰੱਖਕੇ ਲਿਖੇ ਗਏ ਨਿਬੰਧ ਹਨ। ਇਹ ਉਹ ਸ਼ਾਇਰ ਹਨ ਜਿਹੜੇ ਨਵੀਂ ਪੰਜਾਬੀ ਕਵਿਤਾ ਦਾ ਦ੍ਰਿਸ਼ ਉਲੀਕਣ ਦੀ ਸਮਰੱਥਾ ਰੱਖਦੇ ਹਨ। ਨਵੀਂ ਪੰਜਾਬੀ ਕਵਿਤਾ ਦਾ ਇਕ ਉੱਭਰਵਾਂ ਲੱਛਣ ਉਸ ਦੇ ਬਹੁਨਾਦੀ ਹੋਣ ਵਿਚ ਹੈ। ਇਸ ਪੁਸਤਕ ਵਿਚ ਉਹ ਬਹੁਨਾਦੀ ਧੁਨੀਆਂ ਸੁਣੀਆਂ ਜਾ ਸਕਦੀਆਂ ਹਨ ਜਿਹੜੀਆਂ ਜਜ਼ੀਰਿਆਂ ਵਾਂਗ ਅਲੱਗ ਅਲੱਗ ਨਹੀਂ ਸਗੋਂ ਇਕ ਦੂਜੇ ਨਾਲ ਸੰਵਾਦ ਦੀ ਪ੍ਰਕਿਰਿਆ ਵਿਚ ਹਨ। ਇਹੋ ਸੰਵਾਦ ਇਸ ਨਵੀਂ ਕਵਿਤਾ ਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ। ਜਿਹੜੀ ਕਵਿਤਾ ਸੰਵਾਦ ਦੀ ਪ੍ਰਕਿਰਿਆ ਵਿਚ ਨਹੀਂ ਜਾਂ ਤਾਂ ਉਹ ਸਵੈ ਸਿਰਜੀ ਲਛਮਣ ਰੇਖਾ ਦੀ ਸ਼ਿਕਾਰ ਹੈ ਜਾਂ ਨਿੱਜਗਤ ਸਰੋਕਾਰਾਂ ਨੂੰ ਸੰਚਾਰ ਕੇ ਵੇਦਨਾ ਦੀ ਸੀਮਾਂ ਵਿਚ ਘਿਰੀ ਹੋਈ ਹੈ। ਉਹ ਕਵਿਤਾ ਪੰਜਾਬੀ ਬੰਦੇ, ਸਮਾਜ ਅਤੇ ਸਭਿਆਚਾਰ ਨਾਲ ਨਾ ਤਾਂ ਖਹਿ ਕੇ ਲੰਘਦੀ ਹੈ ਅਤੇ ਨਾ ਹੀ ਯਥਾਰਥ ਨਾਲ ਦਸਤਪੰਜਾ ਲੈਂਦੀ ਹੈ। ਉਹ ਕਵਿਤਾ ਸੇਕ ਰਹਿਤ ਹੈ।
'ਨਵੀਂ ਪੰਜਾਬੀ ਕਵਿਤਾ : ਪਛਾਣ ਅਤੇ ਸਰੋਕਾਰ' ਕਵਿਤਾ ਵਿਚ ਸ਼ਾਮਲ ਨਿਬੰਧਾਂ ਦਾ ਮੈਂ ਲੇਖਾ ਜੋਖਾ ਨਹੀਂ ਕਰਨਾ ਕਿਉਂਕਿ ਇਹ ਆਪਣੀ ਗੱਲ ਪੂਰੀ ਸਮਰੱਥਾ ਨਾਲ ਸੰਚਾਰ ਰਹੇ ਹਨ। ਇਨ੍ਹਾਂ ਨਿਬੰਧਾਂ ਵਿਚ ਜਿਥੇ ਕੇਂਦਰ ਬਿੰਦੂ ਸ਼ਾਇਰ ਦੀ ਰਚਨਾ ਦਾ
ਵਿਸ਼ਲੇਸ਼ਣ ਹੈ, ਉਥੇ ਨਵੀਂ ਪੰਜਾਬੀ ਕਵਿਤਾ ਦਾ ਸੰਦਰਭ ਵੀ ਹਾਜ਼ਰ ਹੈ। ਇਨ੍ਹਾਂ ਨਿਬੰਧਾਂ ਦੀ ਖ਼ਾਸੀਅਤ ਹੀ ਇਹ ਹੈ ਕਿ ਜਿਥੇ ਨਵੀਂ ਪੰਜਾਬੀ ਕਵਿਤਾ ਦੇ ਨਵੇਂਪਣ ਦੀ ਤਲਾਸ਼ ਕੀਤੀ ਗਈ ਹੈ ਉਥੇ ਇਸ ਕਵਿਤਾ ਦੇ ਸਰੋਕਾਰਾਂ ਦੀ ਵੀ ਨਿਸ਼ਾਨਦੇਹੀ ਕੀਤੀ ਗਈ ਹੈ। ਲਗਭਗ ਹਰ ਨਿਬੰਧ ਇਨ੍ਹਾਂ ਕਵੀਆਂ ਦੀ ਸੀਮਾਂ ਅਤੇ ਸੰਭਾਵਨਾ ਪ੍ਰਤੀ ਵੀ ਬੇਬਾਕ ਹੋ ਕੇ ਬੋਲਦਾ ਹੈ। ਇਸ ਕਰਕੇ ਇਹ ਨਿਬੰਧ ਪ੍ਰਸੰਸਾਤਮਕ ਬਿਰਤੀ ਦੀ ਥਾਵੇਂ ਵਿਸ਼ਲੇਸ਼ਣਾਤਮਕ ਬਿਰਤੀ ਦੇ ਧਾਰਨੀ ਹੈ। ਇਹ ਬਿਰਤੀ ਨਵੀਂ ਪੰਜਾਬੀ ਆਲੋਚਨਾ ਦਾ ਪਛਾਣ ਬਿੰਦੂ ਹੈ। ਇਸ ਕਰਕੇ ਇਹ ਨਿਬੰਧ ਆਪਣੇ ਆਪ ਵਿਚ ਸਮਰੱਥ ਹੈ।
ਇਸ ਪੁਸਤਕ ਦੀ ਤਿਆਰੀ ਵਿਚ ਪੰਜਾਬੀ ਵਿਭਾਗ, ਪੋਸਟ-ਗ੍ਰੈਜੂਏਟ ਸਰਕਾਰੀ ਕਾਲਜ, ਸੈਕਟਰ-46, ਚੰਡੀਗੜ੍ਹ ਦੇ ਅਧਿਆਪਕਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ ਜਿਨ੍ਹਾਂ ਨੇ ਪੂਰੀ ਮਿਹਨਤ ਕਰਕੇ ਸੈਮੀਨਾਰ ਦਾ ਆਯੋਜਨ ਕੀਤਾ। ਆਪਣੇ ਪਰਮ ਮਿੱਤਰ ਡਾ. ਸੁਖਦੇਵ ਸਿੰਘ ਦਾ ਜਿਹੜਾ ਮੇਰੀ ਹਰ ਔਖ-ਸੌਖ ਵਿਚ ਨਾਲ ਖੜ੍ਹਦਾ ਹੈ। ਦੀਪਕ ਪਬਲਿਸ਼ਰਜ਼ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ ਜਿਨ੍ਹਾਂ ਨੇ ਪੁਸਤਕ ਨੂੰ ਛਾਪਣ ਦਾ ਜਿੰਮਾ ਲਿਆ।
-ਸਰਬਜੀਤ ਸਿੰਘ
ਨਵੀਂ ਪੰਜਾਬੀ ਕਵਿਤਾ: ਫ਼ਿਕਰ ਅਤੇ ਸਰੋਕਾਰ
ਡਾ. ਸਰਬਜੀਤ ਸਿੰਘ
ਪੰਜਾਬੀ ਸਮੀਖਿਆ ਵਿਚ 'ਨਵਾਂ' ਸ਼ਬਦ ਨੂੰ ਖੁੱਲ੍ਹੇ ਡੁੱਲੇ ਰੂਪ ਵਿਚ ਵਰਤਣ ਦਾ ਰਿਵਾਜ ਹੈ ਇਸ ਨੂੰ ਸੰਕਲਪਵਾਚੀ ਰੂਪ 'ਚ ਸਮਝਣ ਦੀ ਥਾਵੇਂ ਕਾਲਗਤ ਅਰਥਾਂ ਵਿਚ ਵਰਤਣ ਦੀ ਪਰੰਪਰਾ ਹੈ। ਚਲੰਤ (Current), ਨਵੀਨ, ਸਮਕਾਲੀ, ਵਰਤਮਾਨ ਆਦਿਕ ਇਸਦੇ ਵਿਭਿੰਨ ਨਾਮ ਹਨ। ਡਾ. ਅਤਰ ਸਿੰਘ ਨੇ ਬਹੁਤ ਪਹਿਲਾਂ ਆਪਣੀ ਪੁਸਤਕ 'ਕਾਵਿ ਅਧਿਅਨ' ਵਿਚ ਇਸਦਾ ਨਿਖੇੜਾ ਕੀਤਾ ਸੀ ਪਰ ਉਹ ਨਿਖੇੜਾ ਪੰਜਾਬੀ ਸਮੀਖਿਆ ਦਾ ਅੰਗ ਨਹੀਂ ਬਣ ਸਕਿਆ। ਨਵਾਂ (New) ਸ਼ਬਦ ਨੂੰ ਜਦੋਂ ਅਸੀਂ ਸੰਕਲਪਵਾਚੀ ਰੂਪ 'ਚ ਦੇਖਦੇ ਹਾਂ ਤਾਂ ਇਹ ਨਿਸ਼ਚੇ ਹੀ ਗੁਣਾਤਮਕ ਰੂਪ ਵਿਚ ਪਿਛਲੇ ਨਾਲੋਂ ਭਿੰਨ ਹੁੰਦਾ ਹੈ ਕਿਉਂਕਿ ਫਿਰ ਇਹ ਕਾਲਗਤ ਅਰਥਾਂ ਤੋਂ ਪਾਰ ਇਕ ਇਤਹਾਸਕ ਮੋੜ, ਰੁਝਾਨ ਜਾਂ ਇਕ ਪ੍ਰਵਿਰਤੀ ਦੇ ਅਰਥਾਂ ਦਾ ਧਾਰਨੀ ਹੋ ਜਾਂਦਾ ਹੈ। ਕਾਲਗਤ ਅਰਥਾਂ ਵਿਚ ਜੋ ਕੁਝ ਵਰਤਮਾਨ ਵਿਚ ਰਚਿਆ ਜਾ ਰਿਹਾ ਹੈ, ਉਹ ਸਭ ਨਵਾਂ ਹੈ ਭਾਵੇਂ ਉਹ ਆਪਣੇ ਸੁਭਾਅ, ਸਰੂਪ ਅਤੇ ਸੰਗਠਨ ਪੱਖੋਂ ਮੱਧਕਾਲੀ, ਜਾਂ ਪੁਰਾਤਨ ਹੀ ਕਿਉਂ ਨਾ ਹੋਵੇ। ਇਹ ਤੱਥ ਰੂਪ 'ਚ ਸਪੱਸ਼ਟ ਹੈ ਕਿ ਜੋ ਕੁਝ ਵੀ ਸਮਕਾਲ ਵਿਚ ਰਚਿਆ ਜਾ ਰਿਹਾ ਹੈ, ਉਹ ਨਵਾਂ ਨਹੀਂ ਹੈ। ਉਂਜ ਨਵੀਨਤਾ ਦੀ ਤਲਾਸ਼ ਕਿਤੋਂ ਵੀ ਕੀਤੀ ਜਾ ਸਕਦੀ ਹੈ। ਵਿਸ਼ਾ, ਦ੍ਰਿਸ਼ਟੀ, ਜੁਗਤਾਂ, ਭਾਸ਼ਾ,ਰੂਪਾਕਾਰਕ ਬਦਲਾਓ, ਸ਼ਿਲਪੀ ਤਜਰਬੇ ਆਦਿਕ ਕੋਈ ਇਕੱਲਾ-ਕਾਹਰਾ ਪਹਿਲੂ ਵੀ ਨਵੀਨਤਾ ਦਾ ਸੰਕੇਤ ਦੇ ਸਕਦਾ ਹੈ ਪਰੰਤੂ ਉਹ ਨਵਾਂ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਉਹ ਕਿਸੇ ਇਤਿਹਾਸਕ ਮੋੜ ਨੂੰ ਸਥਾਪਤ ਨਹੀਂ ਕਰਦਾ। ਨਿਰੰਤਰ ਪਰਿਵਰਤਨ ਅਤੇ ਗਤੀਸ਼ੀਲਤਾ ਤਾਂ ਸਮਾਜ ਦੀ ਪ੍ਰਕਿਰਤੀ ਹੈ ਪਰੰਤੂ ਜਦੋਂ ਪਰੰਪਰਕਤਾ ਦੇ ਬਹੁਤੇ ਲੱਛਣ ਗ਼ਾਇਬ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਨਵੇਂ ਲੱਛਣ, ਗੁਣ ਅਤੇ ਵਿਸ਼ੇਸ਼ਤਾਵਾਂ ਅਗਰਭੂਮੀ 'ਤੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਪ੍ਰਵਾਹ ਅੰਦਰ ਇਤਿਹਾਸਕ ਮੋੜ ਉਤਪੰਨ ਹੁੰਦਾ ਹੈ। ਦੂਸਰਾ, ਪੰਜਾਬੀ ਸਾਹਿਤ ਵਿਚ ਜਦੋਂ ਤੱਕ ਇਤਿਹਾਸਕ ਮੋੜ ਦਾ ਨਾਮਕਰਨ ਨਹੀਂ ਹੋ ਜਾਂਦਾ, ਉਦੋਂ ਤੱਕ ਉਹ ਨਵੇਂ ਦੇ ਅਨੁਵਾਨ ਹੇਠ ਹੀ ਵਿਚਾਰਿਆ ਜਾਂਦਾ ਹੈ। ਨਾਮਕਰਨ ਵਿਅਕਤੀਗਤ ਇੱਛਾ ਦਾ ਲਖਾਇਕ ਨਹੀਂ ਹੁੰਦਾ, ਇਹ ਉਨ੍ਹਾਂ ਇਤਿਹਾਸਕ ਪਰਿਸਥਿਤੀਆਂ ਨੇ ਹੀ ਸਿਰਜਣਾ ਹੁੰਦਾ ਹੈ ਜਿਹੜੀਆਂ ਇਤਿਹਾਸਕ ਪਰਿਸਥਿਤੀਆਂ ਨੇ ਉਸ ਇਤਿਹਾਸਕ ਮੋੜ ਦੀਆਂ ਵਿਭਿੰਨ ਵਿਸ਼ੇਸ਼ਤਾਵਾਂ, ਲੱਛਣ ਅਤੇ ਗੁਣਾਂ ਦੀ ਸਿਰਜਣਾ ਕੀਤੀ ਹੁੰਦੀ ਹੈ।
ਨਵੀਂ ਪੰਜਾਬੀ ਕਵਿਤਾ ਪੰਜਾਬੀ ਸਮੀਖਿਆ ਵਿਚ ਉਸ ਨੂੰ ਕਿਹਾ ਜਾਂਦਾ ਹੈ ਜੋ ਪੰਜਾਬ ਸੰਕਟ ਤੋਂ ਬਾਅਦ ਪੈਦਾ ਹੋਈ ਹੈ। ਇਸ ਕਵਿਤਾ ਦਾ ਨਾਮ 'ਸਮਾਨਾਂਤਰ ਕਵਿਤਾ' ਵੀ ਕਿਹਾ ਗਿਆ ਕਿਉਂਕਿ ਇਸ ਸਮੇਂ ਕਈ ਥੀਮਾਂ ਅਤੇ ਵਿਚਾਰਧਾਰਕ ਦ੍ਰਿਸ਼ਟੀਆਂ ਦੀ ਕਵਿਤਾ ਰਚੀ ਗਈ ਹੈ। ਇਸ ਵਿਚ ਦੇਹਵਾਦੀ ਕਵਿਤਾ, ਜਸ਼ਨ ਦੀ ਕਵਿਤਾ, ਪਿਆਰ
ਕਾਵਿ, ਸਭਿਆਚਾਰਕ ਉਦਰੇਵਾਂ, ਦਲਿਤ ਕਾਵਿ, ਨਾਰੀ ਕਾਵਿ ਆਦਿ ਸ਼ਾਮਲ ਹਨ ਅਜਿਹੀ ਥੀਮਗਤ ਕਵਿਤਾ ਨੂੰ ਵਿਚਾਰਧਾਰਕ ਤਣਾਵਾਂ ਤੇ ਵਖਰੇਵੇ, ਦ੍ਰਿਸ਼ਟੀਗਤ ਨਿਖੇੜੇ ਅਤੇ ਵਿਰੋਧ, ਸੂਝ ਮਾਡਲਾਂ ਦੇ ਅੰਤਰ ਦਵੰਦ ਅਤੇ ਕਸ਼ਮਕਸ਼ ਨੂੰ ਇਕੋ ਰੂਪ ਵਿਚ ਸਵੀਕਾਰ ਕਰ ਲਿਆ ਗਿਆ। ਇਸ ਦਾ ਬੁਨਿਆਦੀ ਕਾਰਨ ਇਹ ਹੈ ਕਿ ਇਸ ਇਤਿਹਾਸਕ ਪੜਾਅ ਨੂੰ ਬਾਹਰਮੁਖੀ ਰੂਪ ਵਿਚ ਪਛਾਣਿਆ ਹੀ ਨਹੀਂ ਗਿਆ ਜਿਸ ਕਰਕੇ ਧੁੰਦਲਕੇ ਦੀ ਸਥਿਤੀ ਬਣੀ ਰਹਿੰਦੀ ਹੈ।
ਪੰਜਾਬੀ ਮਨੁੱਖ ਦੀ ਸੰਵੇਦਨਾ 'ਚ ਫ਼ੈਸਲਾਕੁਨ ਤਬਦੀਲੀਆਂ ਵਾਪਰਨ ਦੀ ਸਥਿਤੀ 1990 ਤੋਂ ਬਾਅਦ ਬਣਦੀ ਹੈ ਪਰੁੱਤ ਇਸ ਨੂੰ ਸਮਝਣਾ ਇਸ ਲਈ ਜ਼ਰੂਰੀ ਹੈ ਕਿ ਇਸ ਦੀ ਸਥਿਤੀ ਸਾਵੀਂ ਨਹੀਂ ਸੀ। ਪੰਜਾਬ ਉਸ ਸਮੇਂ ਤਪ ਰਿਹਾ ਸੀ। ਇਕ ਪਾਸੇ ਮੂਲਵਾਦੀ ਤਾਕਤ ਦਾ ਖੌਫ਼ ਸੀ ਤਾਂ ਦੁਸਰੇ ਪਾਸੇ ਸੱਤਾਧਾਰੀ ਤਾਕਤ ਦਾ ਜਬਰ ਸੀ। ਪੰਜਾਬ ਦੀ ਰਾਜਨੀਤਕ ਸਮੱਸਿਆ ਨੂੰ ਸੰਪਰਦਾਇਕ ਸਮੱਸਿਆ ਬਣਾਕੇ ਮਹਿਜ਼ ਅਮਨ-ਕਾਨੂੰਨ ਦੀ ਸਮੱਸਿਆ ਰਾਹੀਂ ਸੁਲਝਾਉਣ ਦੀ ਸਥਿਤੀ ਨੇ ਸਮੁੱਚੇ ਹਾਲਾਤ 'ਤੋਂ ਨਜ਼ਰ ਹੀ ਭਟਕਾ ਦਿੱਤੀ ਸੀ। ਭਾਰਤੀ ਬੁਰਜ਼ਵਾ ਸੱਤਾ 1990 ਤੋਂ ਬਾਅਦ ਵਿਸ਼ਵੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੇ ਲੁਭਾਵਣੇ ਸਰਸਬਜ਼ ਬਾਗ ਰਾਹੀਂ ਭਾਰਤੀ ਜਨਤਾ ਨੂੰ ਹਥਿਆ ਰਹੀ ਸੀ। ਭਾਰਤੀ ਬੁਰਜ਼ਵਾ ਤਾਕਤ ਸੰਸਾਰ ਸਰਮਾਏਦਾਰੀ ਨਾਲ ਸਾਂਝ-ਭਿਆਲੀ ਰਾਹੀਂ ਭਾਰਤੀ ਮਨੁੱਖ ਨੂੰ ਅੰਨੇਵਾਹ ਸੋਸ਼ਣ ਦੇ ਹਨ੍ਹੇਰੇ ਵਿਚ ਧੱਕ ਰਹੀ ਸੀ। ਤੀਸਰਾ,ਵਿਸ਼ਵ ਵਿਚ ਸਮਾਜਵਾਦੀ ਪ੍ਰਬੰਧਾਂ ਦੇ ਢਹਿ ਢੇਰੀ ਹੋਣ ਨਾਲ ਸਮਾਜੀ ਬਦਲ ਦਾ ਸੁਪਨਾ ( Alternative dream of society) ਮਾਂਦ ਪੈ ਰਿਹਾ ਸੀ। ਸਰਮਾਏਦਾਰੀ ਨੇ ਵਿਸ਼ਵ ਵਿਚ ਐਸੀ ਚੜ ਮਚਾ ਦਿੱਤੀ ਕਿ ਦੁਨੀਆਂ ਵਸਤੂਆਂ ਦੇ ਹੜ੍ਹ ਵਿਚ ਗੁੰਮ ਗੁਆਚਣ ਲੱਗੀ। ਪੰਜਾਬੀ ਮਨੁੱਖ ਜੋ ਪੰਜਾਬ ਦੇ ਸੰਕਟ ਤੋਂ ਭੈਅਭੀਤ ਸੀ, ਉਸਨੂੰ ਅਮਨ-ਕਾਨੂੰਨ ਨੇ ਜਿੱਥੇ ਰਾਹਤ ਦਿੱਤੀ ਉਥੇ ਸਿੱਧੇ ਉਪਭੋਗਤਾ ਦੇ ਖੁੱਲ੍ਹੇ ਬਾਜ਼ਾਰ ਵਿਚ ਲਿਆ ਖੜ੍ਹਾ ਕੀਤਾ। ਇਕ ਪਾਸੇ ਵਲੂੰਧਰੀ ਮਾਨਸਿਕਤਾ, ਦੂਜੇ ਪਾਸੇ ਉਪਭੋਗਤਾ ਦਾ ਆਲਮ ਤੇ ਤੀਜਾ ਸਮਾਜਵਾਦੀ ਸਮਾਜ ਦਾ ਖਿੰਡਾਅ ਪੰਜਾਬੀ ਮਨੁੱਖ ਨੂੰ ਸਵੈ-ਕੇਂਦਰਿਤ ਸਰੋਕਾਰਾਂ ਵੱਲ ਧਕੇਲ ਕੇ ਲੈ ਗਿਆ। ਸੂਚਨਾ ਅਤੇ ਸੰਚਾਰ ਸਾਧਨਾਂ ਦੇ ਬੇਲਗਾਮ ਪਸਾਰੇ ਨੇ ਮਨੁੱਖੀ ਮਾਨਸਿਕਤਾ ਨੂੰ ਬਾਜ਼ਾਰ-ਉਨਮੁਖ ਕਰਨ ਲਈ ਸਿਰਤੋੜ ਯਤਨ ਹੀ ਨਹੀਂ ਕੀਤਾ ਸਗੋਂ ਇਸ ਨੂੰ ਤੇਜ਼ ਗਤੀ ਵੀ ਪ੍ਰਦਾਨ ਕੀਤੀ। ਪੰਜਾਬੀ ਮਨੁੱਖ ਜੋ ਵਰਜਣਾਵਾਂ ਅਤੇ ਨੈਤਿਕਤਾ ਦੀ ਲਛਮਣ ਰੇਖਾ ਵਿਚ ਸੀ ਉਸ ਨੂੰ ਕਾਮੁਕ, ਦੇਹਵਾਦੀ ਅਤੇ ਇੱਛਾਮੂਲਕ ਰਿਸ਼ਤੇ ਆਕਰਸ਼ਿਤ ਕਰਨ ਲੱਗੇ ਤੇ ਉਹ ਪੰਰਪਰਕ ਅਤੇ ਨੈਤਿਕ ਰਿਸ਼ਤੇ ਨਾਤਿਆਂ ਤੋਂ ਵਿੱਥ ਥਾਪਣ ਲੱਗ ਪਿਆ।
ਵਿਸ਼ਵੀਕਨ ਦੀਆਂ ਨੀਤੀਆਂ ਸਦਕਾ ਭਾਰਤੀ ਬੁਰਜੁਆਜੀ ਪਬਲਿਕ ਸੈਕਟਰ ਨੂੰ ਘਾਟੇਵੰਦਾ ਸੌਦਾ ਕਹਿਕੇ ਨਿਗਮੀਕਰਨ ਅਤੇ ਨਿੱਜੀਕਰਨ ਦੇ ਰਾਹ ਪੈਂਦੀ ਹੈ ਤਾਂ ਉਸਦਾ ਪ੍ਰਗਤੀਸ਼ੀਲ ਕਿਰਦਾਰ ਖ਼ਤਮ ਹੋਕੇ ਉਸਦੀ ਦਮਨਕਾਰੀ ਬਿਰਤੀ ਉਦੈ ਹੁੰਦੀ ਹੈ। ਇਸ ਨਾਲ ਜੋ ਮੱਧਵਰਗ ਟਰੇਡ-ਯੂਨੀਅਨਾਂ ਜਾਂ ਸੰਸਥਾਵਾਂ ਵਿਚ ਜੁੜਕੇ ਪ੍ਰਤੀਰੋਧ ਦੀ ਆਵਾਜ਼ ਬਣਦਾ ਸੀ ਉਹ ਖ਼ਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਬੁਰਜ਼ਵਾ ਪ੍ਰਬੰਧ ਦਾ ਕਾਇਦਾ-
ਕਾਨੂੰਨ ਸਰਮਾਏਦਾਰੀ ਦੇ ਹੱਥਾਂ ਵਿਚ ਸਰਮਾਏਦਾਰੀ ਦੀ ਪ੍ਰਫੁੱਲਤਾ ਦਾ ਹੱਥ-ਠੋਕਾ ਬਣ ਜਾਂਦਾ ਹੈ। ਸਮੁੱਚੀ ਭਾਰਤੀ ਰਾਜਨੀਤੀ ਦਾ ਰੁੱਖ ਸੱਤਾ ਤਬਦੀਲੀ ਬਣਨ ਲੱਗਦਾ ਹੈ। ਵਿਡੰਬਨਾ ਇਹ ਹੈ ਕਿ ਸਰਮਾਏਦਾਰ ਪਾਰਟੀਆਂ ਜਿਨ੍ਹਾਂ ਦੀਆਂ ਨੀਤੀਆਂ ਅਤੇ ਰਣਨੀਤੀਆਂ ਵਿਚ ਬਹੁਤਾ ਫਰਕ ਨਹੀਂ, ਉਹ ਹੀ ਸਮੁੱਚੀ ਸਪੇਸ ਉਪਰ ਕਾਬਜ਼ ਹੋ ਜਾਂਦੀਆਂ ਹਨ। ਦੱਖਣਪੰਥੀ ਤਾਕਤਾਂ ਦਾ ਉਭਾਰ ਇਸ ਸਪੇਸ ਨੂੰ ਬਿਲਕੁੱਲ ਭਰਕੇ ਪ੍ਰਤੀਰੋਧ ਵਾਲੀਆਂ ਸ਼ਕਤੀਆਂ ਤੋਂ ਸਾਰੀ ਤਾਕਤ ਖੋਹ ਲੈਂਦਾ ਹੈ। ਇਹ ਉਹ ਸਥਿਤੀ ਬਣਦੀ ਹੈ ਕਿ ਭਾਰਤੀ ਮਨੁੱਖ ਕੋਲ ਬਦਲ ਨਹੀਂ ਹੈ। ਉਸ ਨੂੰ ਸਭ ਪਾਸੇ ਜੋ ਨਿਰਾਸ਼ਤਾ ਦਿਖਾਈ ਦਿੰਦੀ ਹੈ, ਉਸਦੇ ਹੱਲ ਦੀ ਤਲਾਸ਼ ਵੱਲ ਨਹੀਂ ਤੁਰਦਾ ਸਗੋਂ ਸਰਮਾਏਦਾਰੀ ਉਪਭੋਗਤਾ, ਵਿਅਕਤੀਗਤ ਆਜ਼ਾਦੀ ਦੇ ਭਰਮ ਦੀ ਦਲਦਲ ਵਿਚ ਫਸਦਾ ਤੁਰਿਆ ਜਾਂਦਾ ਹੈ।
ਉਪਰੋਕਤ ਸਥਿਤੀ ਵਿਚੋਂ ਪੰਜਾਬੀ ਮਨੁੱਖ ਦੀ ਸੰਵੇਦਨਾ ਆਪਣਾ ਸਰੂਪ ਪ੍ਰਾਪਤ ਕਰਨ ਲਗਦੀ ਹੈ। ਇਹ ਸੰਵੇਦਨਾ ਦਾ ਪਹਿਲਾ ਇਕਰਾਰ ਵਿਅਕਤੀਗਤ ਸਵੈ ਨਾਲ ਹੁੰਦਾ ਹੈ ਤੇ ਉਹ ਸਮਾਜਕ ਅਤੇ ਸਮੂਹਿਕ ਰਿਸ਼ਤਾ- ਨਾਤਾ ਪ੍ਰਬੰਧ ਤੋਂ ਇਨਕਾਰ ਕਰਦਾ ਹੈ। ਇਕਰਾਰ ਅਤੇ ਇਨਕਾਰ ਪੂੰਜੀਵਾਦੀ ਸਮਾਜ ਦੀ ਅੰਤਰ ਸੋਝੀ ਹੈ। ਇਹ ਸੋਝੀ ਪੰਜਾਬੀ ਮਨੁੱਖ ਨੂੰ ਆਪਣੀ ਵਿਅਕਤੀਗਤ ਹੋਂਦ ਦੀ ਪ੍ਰਮਾਣਿਕਤਾ ਦਾ ਸਬਕ ਪੜਾਉਂਦੀ ਹੈ। ਵਿਅਕਤੀ ਸਮਾਜਕਤਾ ਤੋਂ ਦੂਰ ਹੀ ਨਹੀਂ ਹੁੰਦਾ ਸਗੋਂ ਨਿਰਲੇਪ ਹੁੰਦਾ ਹੈ। ਇਥੋਂ ਹੀ ਉਹ ਆਪਣੇ ਸਵੈਂ ਦੀ ਹੋਂਦ ਦੇ ਭਰਮ ਨੂੰ ਸੁਤੰਤਰ ਹਸਤੀ ਵਜੋਂ ਚਿਤਵਣਾ ਆਰੰਭ ਕਰਦਾ ਹੈ:-
ਤੂੰ ਮੈਨੂੰ ਰਿਸ਼ਤਿਆਂ ਦੇ ਦਾਇਰਿਆਂ
ਵਿਚ ਖੜਾ ਕਰਕੇ ਨਾ ਦੇਖੀਂ
ਮੈਂ ਤਾਂ ਆਜ਼ਾਦ ਫਿਜ਼ਾ ਵਿਚ
ਵਿਚਰਨਾ ਚਾਹੁੰਦਾ ਹਾਂ
ਬੇਨਾਮ ਹਵਾ ਵਾਂਗ
ਜਿੱਥੇ ਰਿਸ਼ਤੇ
ਸ਼ਾਬਦਿਕ ਮੰਥਨ
ਤੋਂ ਇਲਾਵਾ ਕੁਝ ਵੀ ਨਹੀਂ
ਤੂੰ ਮੈਨੂੰ ਰਿਸ਼ਤਿਆਂ ਦੇ ਦਾਇਰਿਆਂ
ਵਿਚ ਖੜ੍ਹਾ ਕਰਕੇ ਨਾ ਵੇਖੀ...........
(ਜਸਪਾਲਜੀਤ ਚੁੱਪ ਦੇ ਤਹਿਖਾਨਿਆਂ 'ਚੋਂ, ਪੰਨਾ-41)
ਮੇਰੇ ਤੋਂ ਖੋਹ ਲਵੋ ਸਾਰੇ ਫਲਸਫ਼ੇ, ਸਾਰੀ ਵਿਦਵਤਾ, ਸਾਰਾ ਬੋਧ ਕਿ ਮੈਥੋਂ ਰੱਜ ਕੇ ਮੁਹੱਬਤ ਨਹੀਂ ਹੁੰਦੀ ਹੁਣ
ਹੱਸਦਾ ਹਾਂ ਤਾਂ ਹੱਸਣ ਦਾ ਸਿਧਾਂਤ ਸਾਹਮਣੇ ਲਟਕ ਜਾਂਦਾ ਹੈ
ਰੋਂਦਾ ਹਾਂ ਤਾਂ ਕੋਈ ਚੁੱਪ ਚਾਪ ਮੈਨੂੰ ਵੇਖਦਾ ਤੇ ਫਿਰ ਵਰਾਉਂਦਾ ਹੈ
ਚੁੱਪ ਬੈਠਦਾ ਹਾਂ ਤਾਂ ਕੋਈ ਮੁਕਤੀ ਦਾ ਫਲਸਫ਼ਾ ਸਮਝਾਉਂਦਾ ਹੈ........
ਚਿੰਤਨ 'ਚ ਡੁਬਦਾ ਹਾਂ ਤਾਂ
ਮਨ ਮਾਰਕਸ ਦਾ ਪਦਾਰਥ ਯਾਦ ਕਰਾਉਂਦਾ ਹੈ..
ਮੈਨੂੰ ਭੁਲਾ ਹੀ ਦੇਵੋ ਜਿਊਣ ਦੇ ਸਾਰੇ ਸਿਧਾਂਤ
ਮੇਰੇ ਲਹੂ 'ਚੋਂ ਕਸ਼ੀਦ ਕਰ ਲਵੋ ਨਾਨਕ, ਬੁੱਧ ਤੇ ਰਜਨੀਸ਼
ਕਿ ਮੈਂ ਤਾਂ ਆਪਣੇ ਅੰਤਰ ਤੋਂ ਸ਼ੁਰੂ ਹੋ ਕੇ ਬ੍ਰਹਿਮੰਡ ਤੀਕ
ਆਪਣੀ ਮੌਲਿਕਤਾ ਨਾਲ ਖ਼ੁਦ ਫੈਲਣਾ ਹੈ...
(ਤੇਜਵਿੰਦਰ, ਆਸਥਾ ਪੰਨਾ-29)
ਵਿਡੰਬਨਾ ਇਹ ਹੈ ਕਿ ਕਵਿਤਾ ਸਮਾਜਕ ਸਰੋਕਾਰਾਂ ਨੂੰ ਮਿਹਣਾ ਸਮਝਦੀ ਹੋਈ ਸਰਮਾਏਦਾਰਾਨਾ ਅੰਤਰ-ਸੋਝੀ ਦੇ ਵਿਅਕਤੀਗਤ ਜੰਜਾਲ ਵਿਚ ਫਸਦੀ ਤੁਰੀ ਜਾਂਦੀ ਹੈ। ਇਹ ਮਨੁੱਖ ਜ਼ਿੰਦਗੀ ਦੀ ਬਿਹਤਰੀ ਲਈ ਕਿਸੇ ਸਮਾਜਕ ਬਦਲ ਦੀ ਤਲਾਸ਼ ਦੇ ਥਾਵੇਂ ਸਵੈ ਦੀ ਭ੍ਰਮਿਕ ਆਜ਼ਾਦੀ ਵਿਚ ਸੰਮੋਹਿਤ ਹੋਣਾ ਸ਼ੁਰੂ ਹੋ ਜਾਂਦਾ ਹੈ। ਸਮਾਜਕ ਫ਼ਿਕਰ ਨਾਲੋਂ ਵਿਛੁੰਨੀ ਕਵਿਤਾ ਭਾਵਨਾ ਦੇ ਅਮੋੜ ਵਹਿਣ ਵਿਚ ਘਰ, ਰਿਸ਼ਤਿਆਂ ਦੇ ਸੰਕਲਪ ਤੋਂ ਮੁਕਤ ਹੋ ਕੇ ਪ੍ਰਕਿਰਤਕ ਆਜ਼ਾਦੀ ਦਾ ਸੁਪਨਾ ਲੱਭਣ ਦੇ ਰਾਹ ਪੈ ਜਾਂਦੀ ਹੈ। ਇਹ ਸੁਪਨਾ ਖਪਤੀ ਸਭਿਆਚਾਰ ਨਾਲ ਗ੍ਰਹਿਣਿਆ ਹੋਇਆ ਕਾਮਨਾਮਈ ਹੋਕੇ ਕਾਮ ਅਤੇ ਦੇਹ ਦੇ ਅੰਨ੍ਹੇ-ਖੂਹ ਵਿਚ ਡੁੱਬਣ ਲਈ ਤਿਆਰ ਹੈ:-
ਪੂਰਨ ਤੈਨੂੰ ਪਤੈ
ਤੇਰੇ ਜਿੰਨੀਆਂ ਖੂਬਸੂਰਤ ਗੱਲਾਂ
ਕੋਈ ਨਹੀਂ ਕਰ ਸਕਦਾ
ਦੁਨੀਆਂ ਦੇ ਸਭ ਤੋਂ
ਖੂਬਸੂਰਤ ਮਰਦ ਨਾਲ ਪਈ ਵੀ ਮੈਂ
ਤੇਰੇ ਮਿਸ਼ਨ ਨਾਲ
ਕਾਇਨਾਤ ਰਚਨ ਲੋੜਦੀ ਹਾਂ ਕਰਦੀ ਆਂ
ਤੇਰੀ ਉਪਾਸਨਾ
ਕਰਦੀ ਆ ਮੈਂ ਕਾਮਦੇਵ
(ਜਸਵੀਰ ਕੌਰ, ਮੰਥਨ, ਪੰਨਾ-27)
ਤੋੜਕੇ ਉਮਰਾ ਦੇ ਬੰਧਨ
ਦਗ ਪਿਆ ਚਿਹਰਾ ਉਸਦਾ
ਉਲੰਘ ਕੇ ਸਮਾਜ ਦੀਆਂ ਵਲਗਣਾਂ
ਖਿੱਚ ਕੇ ਗਲ 'ਚ ਪਿਆ ਮੰਗਲਸੂਤਰ
ਭੁਲਾਕੇ ਹੱਥਾਂ ਦੀਆਂ ਹੱਥਕੜੀਆਂ
ਤੇ ਲਾਹ ਕੇ ਪੈਰਾਂ ਦੀਆਂ ਬੇੜੀਆਂ
ਦਗ ਪਿਆ ਚਿਹਰਾ ਉਸਦਾ
(ਅਮਰਜੀਤ ਕੌਂਕੇ, ਸ਼ਬਦ ਰਹਿਣਗੇ ਕੋਲ)
ਪੰਜਾਬੀ ਕਵਿਤਾ ਦਾ ਇਕ ਵੱਡਾ ਹਿੱਸਾ ਘਰ ਅਤੇ ਰਿਸ਼ਤਿਆਂ ਦੇ ਉੱਪਰ ਪਰਿਹਾਰ ਕਰਦਾ ਹੈ। ਬਿਨਾਂ ਸ਼ੱਕ ਜਾਗੀਰੂ ਘਰ-ਪਰਿਵਾਰ ਅਤੇ ਰਿਸ਼ਤਿਆਂ ਦਾ ਨੈੱਟਵਰਕ ਪਿਤਾ- ਪੁਰਖੀ ਸੱਤਾ ਕਾਰਨ ਦਮਨਕਾਰੀ ਹੈ ਪਰੰਤੂ ਇਨ੍ਹਾਂ ਰਿਸ਼ਤਿਆਂ ਤੋਂ ਇਨਕਾਰ ਸਿਰਫ਼ ਤੇ ਸਿਰਫ਼ ਕਾਮਨਾਮਈ ਰੂਪ 'ਚ ਹੋਕੇ ਦੇਹਵਾਦੀ ਸਰੋਕਾਰਾਂ ਤੱਕ ਹੀ ਸੁੰਗੜ ਜਾਵੇ ਤਾਂ ਇਹ ਹੋਰ ਵੀ ਵਧੇਰੇ ਖ਼ਤਰਨਾਕ ਹੋਵੇਗਾ ਕਿਉਂਕਿ ਜਾਗੀਰੂ ਕਦਰ ਪ੍ਰਬੰਧ ਵਾਲੇ ਘਰ ਪਰਿਵਾਰ ਦੇ ਦਮਨ ਨੂੰ ਅਨਾਰਕਿਸਟ ਰੂਪ 'ਚ ਹੀ ਤਹਿਸ ਨਹਿਸ ਕਰਕੇ ਸਰਮਾਏਦਾਰਾਨਾ ਵਿਅਕਤੀਗਤ ਆਜ਼ਾਦੀ ਵਿਚ ਉਸ ਤੋਂ ਮੁਕਤ ਹੋਣਾ ਤਸੱਵਰ ਕਰ ਲੈਣਾ ਬਹੁਤ ਵੱਡੀ ਭੁੱਲ ਹੈ। ਇਤਿਹਾਸ ਗਵਾਹ ਹੈ ਕਿ ਸਰਮਾਏਦਾਰਾਨਾ ਵਿਅਕਤੀਗਤ ਆਜ਼ਾਦੀ ਦਮਨ ਦੀ ਘਿਨਾਉਣੀ ਹਕੀਕਤ ਹੈ ਜਿਸਨੂੰ ਪੱਛਮ ਭੁਗਤ ਰਿਹਾ ਹੈ। ਵਿਅਕਤੀਗਤ ਆਜ਼ਾਦੀ ਦੀ ਭਾਵਨਾ ਨਾਲ ਲਬਰੇਜ਼ ਇਹ ਕਵਿਤਾ ਘਰ-ਪਰਿਵਾਰ ਅਤੇ ਰਿਸ਼ਤਿਆਂ ਤੋਂ ਮੁਨਕਰ ਹੋਕੇ ਇਹ ਸੱਤਾ ਨੂੰ ਕੋਈ ਵੰਗਾਰ ਪੇਸ਼ ਨਹੀਂ ਕਰਦੀ ਸਗੋਂ ਸੱਤਾ ਨੂੰ ਸਰਵ ਕਰਨ ਲੱਗ ਪੈਂਦੀ ਹੈ।
ਨਵੀਂ ਪੰਜਾਬੀ ਕਵਿਤਾ ਵਿਚ ਉਪਭੋਗਤਾ,ਮੰਡੀ, ਇਸ਼ਤਿਹਾਰ ਅਤੇ ਵਸਤਾਂ ਦਾ ਬਹੁਤ ਵਿਰੋਧ ਹੈ ਤੇ ਵਿਰੋਧ ਵੀ ਬਹੁਤ ਉੱਚੀ ਸੁਰ ਵਿਚ ਹੈ। ਜਿਸ ਕਵਿਤਾ ਕੋਲ ਵਿਚਾਰਧਾਰਕ ਸੂਝ ਨਹੀਂ ਹੈ, ਉਹ ਇਨ੍ਹਾਂ ਮਸਲਿਆਂ ਨਾਲ ਸ਼ਬਦੀ ਜੰਗ ਲੜਦੀ ਹੈ। ਅਜਿਹੀ ਕਵਿਤਾ ਉਪਭੋਗਤਾਵਾਦ ਨੂੰ ਮਹਿਜ਼ ਵਸਤਾਂ ਤੱਕ ਦੇਖ ਰਹੀ ਹੈ। ਇਹ ਉਸ ਸਾਜਿਸ਼ ਨੂੰ ਨਹੀਂ ਪਛਾਣਦੀ ਜਿਸ ਨਾਲ ਮਨੁੱਖੀ ਸੰਵੇਦਨਾ ਨੂੰ ਸੁੰਨ ਕਰਕੇ ਉਸਨੂੰ ਸਮਾਜਕਤਾ ਤੋਂ ਵਿਛੁੰਨਿਆਂ ਜਾਂਦਾ ਹੈ। ਸਮਾਜਕਤਾ ਤੋਂ ਵਿਛੁੰਨਣਾ ਤੇ ਸਵੈ ਤੱਕ ਸੁੰਗੇੜ ਦੇਣ ਦਾ ਵਰਤਾਰਾ ਐਨਾ ਖ਼ਤਰਨਾਕ ਹੈ ਕਿ ਮਨੁੱਖ ਲਗਾਤਾਰ ਸਮਾਜ ਤੋਂ ਨਿਰਲੇਪ ਅਤੇ ਸਿੱਥਲ ਹੁੰਦਾ ਚਲਿਆ ਜਾਂਦਾ ਹੈ। ਸਮਾਜੀ ਜੀਵਨ ਬਾਰੇ ਉਸਦਾ ਸੋਚਣਾ ਜਾਂ ਕਲਪਨਾ ਕਰਨਾ ਖ਼ਤਮ ਹੁੰਦਾ ਚਲਿਆ ਜਾਂਦਾ ਹੈ। ਵਸਤਾਂ ਦੀ ਉਪਭੋਗਤਾ ਦੇ ਖਲਜਗਣ ਵਿਚ ਫਸਿਆ ਉਹ ਸੱਤਾ, ਪ੍ਰਬੰਧ ਅਤੇ ਆਪਣੇ ਉੱਤੇ ਹੋ ਰਹੇ ਦਮਨ ਪ੍ਰਤੀ ਖ਼ਾਮੋਸ਼ ਹੋ ਜਾਂਦਾ ਹੈ। ਇਹ ਖ਼ਾਮੋਸ਼ੀ ਦੀ ਰਾਜਨੀਤੀ ਸਭ ਤੋਂ ਖ਼ਤਰਨਾਕ ਹੁੰਦੀ ਹੈ। ਇਸੇ ਨੂੰ ਪਾਸ਼ 'ਸਭ ਤੋਂ ਖ਼ਤਰਨਾਕ' ਕਵਿਤਾ ਵਿਚ ਅੰਕਿਤ ਕਰਦਾ ਹੈ। ਨਵੀਂ ਪੰਜਾਬੀ ਕਵਿਤਾ ਦਾ ਵੱਡਾ ਹਿੱਸਾ ਇਸ ਖ਼ਾਮੋਸ਼ੀ ਦੀ ਰਾਜਨੀਤੀ ਦਾ ਸ਼ਿਕਾਰ ਹੈ। ਇਸ ਕਰਕੇ ਇਹ ਨਾਹਵਾਦੀ ਯਥਾਰਥ ਦੇ ਵਿਰੋਧ ਦੀ ਕਵਿਤਾ ਮਸਲਿਆਂ ਅਤੇ ਵਰਤਾਰਿਆਂ ਦੀ ਤਹਿ ਵਿਚ ਨਾ ਜਾ ਕੇ ਮਨੁੱਖੀ ਸੋਚ ਨੂੰ ਸਾਣ 'ਤੇ ਨਹੀਂ ਲਾ ਰਹੀ ਜਿਸ ਨਾਲ ਉਹ ਆਪਣੇ ਯੁੱਗ ਨੂੰ ਸਮਝਣ ਦੇ ਯੋਗ ਹੋ ਸਕੇ।
ਪੂੰਜੀਵਾਦੀ ਅੰਤਰ ਦ੍ਰਿਸ਼ਟੀ ਦੀ ਗ੍ਰਹਿਣੀ ਕਵਿਤਾ ਦੇ ਸਮਾਨਾਂਤਰ ਅਜਿਹੀ ਕਵਿਤਾ ਭਾਵੇਂ ਅਲਪ ਮਾਤਰਾ ਵਿਚ ਹੈ ਪਰੰਤੂ ਉਹ ਮਨੁੱਖੀ ਸੰਵੇਦਨਾ ਨੂੰ ਸੁੰਨ ਕਰ ਦੇਣ ਵਾਲੀਆਂ ਪਰਿਸਥਿਤੀਆਂ ਨਾਲ ਦਸਤਪੰਜਾ ਲੈਂਦੀ ਹੈ। ਪੂੰਜੀਵਾਦ ਦੀ ਜਕੜ ਸਿਰਫ਼ ਆਰਥਿਕ ਵਸੀਲਿਆਂ ਉੱਪਰ ਹੀ ਨਹੀਂ ਸਗੋਂ ਇਸ ਨੇ ਸਭਿਆਚਾਰਕ ਅਤੇ ਕਲਾਵਾਂ ਅੰਦਰ ਵੀ ਅਜਿਹੀ ਘੁਸ ਪੈਠ ਕੀਤੀ ਹੈ ਕਿ ਕੋਈ ਵੀ ਖੇਤਰ ਇਸ ਤੋਂ ਅਛੂਤਾ ਨਹੀਂ ਰਿਹਾ। ਸਮੁੱਚੇ ਜੀਵਨ ਦੇ ਅੰਦਰ ਇਹ ਆਪਣੀ ਕਿਰਿਆਸ਼ੀਲਤਾ ਨੂੰ ਕਿਵੇਂ ਬਣਾ ਰਹੀ ਹੈ, ਇਸ ਨੂੰ ਸਮਝਣ ਵਾਲੀ ਵਿਚਾਰਧਾਰਕ ਕਵਿਤਾ ਨਵੀਂ ਪ੍ਰਗਤੀਸ਼ੀਲ ਪੰਜਾਬੀ ਕਵਿਤਾ ਦੀ ਪਛਾਣ ਬਣਦੀ ਹੈ:-
ਰੋਸ਼ਨੀ ਦੇ ਇਸ ਯੁੱਗ ਵਿਚ ਵੀ
ਸਿਰ ਚੜ੍ਹਕੇ ਬੋਲ ਰਿਹਾ ਹੈ ਹਨ੍ਹੇਰਾ
ਹਨ੍ਹੇਰੇ ਨੇ ਬਦਲ ਲਿਆ ਹੈ
ਆਪਣਾ ਪੂਰੇ ਦਾ ਪੂਰਾ ਕੈਨਵਸ
ਹਨ੍ਹੇਰਾ ਹੁਣ ਰੰਗਾਂ 'ਚੋਂ ਬੋਲਦਾ ਹੈ
ਹਨ੍ਹੇਰਾ ਹੁਣ ਰੋਸ਼ਨੀ 'ਚੋਂ ਬੋਲਦਾ ਹੈ
ਹਨ੍ਹੇਰਾ ਹੁਣ ਗੀਤ 'ਚੋਂ ਬੋਲਦਾ ਹੈ
ਹਨ੍ਹੇਰਾ ਹਰ ਸੰਗੀਤ 'ਚੋਂ ਬੋਲਦਾ ਹੈ
(ਮੋਹਨ ਤਿਆਗੀ,ਲਹੂ ਦੀ ਵਿਰਾਸਤ, ਪੰਨਾ-42)
ਪੂੰਜੀਵਾਦ ਨੇ ਮਨੁੱਖ ਕੋਲੋਂ ਚੰਗੇਰੇ ਸਮਾਜ ਦਾ ਸੁਪਨਾ ਖੋਹ ਕੇ ਉਸਨੂੰ ਲਾਲਸਾ ਦਿੱਤੀ ਹੈ। ਮੱਧਵਰਗੀ ਮਨੁੱਖ ਇਸ ਲਾਲਸਾ 'ਚ ਗ੍ਰਿਫ਼ਤ ਹੋ ਕੇ ਜੀਵਨ ਨੂੰ ਜਸ਼ਨ ਦੇ ਰੂਪ ਵਿਚ ਸਵੀਕਾਰ ਕਰ ਰਿਹਾ ਹੈ। ਦੂਜੇ ਪਾਸੇ ਕਿਰਤੀ ਅਤੇ ਸ਼ਿਲਪਕਾਰਾਂ ਕੋਲੋਂ ਕਿਰਤ ਅਤੇ ਹੁਨਰ ਖੋਹ ਕੇ ਉਸਨੂੰ ਮਿੱਧ-ਮਸਲ ਦਿੱਤਾ ਹੈ। ਵਿਅਕਤੀਗਤ ਜਸ਼ਨ ਦੀ ਕਵਿਤਾ ਸਵੈ ਦੇ ਇਰਦ ਗਿਰਦ ਮਹਿਮਾਮਈ ਮਾਹੌਲ ਸਿਰਜਣ ਵੱਲ ਰੁਚਿਤ ਹੈ ਤੇ ਇਸ ਦੇ ਸਮਾਨਾਂਤਰ ਸਮਾਜਕ ਫ਼ਿਕਰ ਨਾਲ ਲਬਰੇਜ਼ ਕਵਿਤਾ ਕਿਰਤੀ ਦੇ ਦੁਖਾਂਤ ਨੂੰ ਸਿਰਜਣ ਪ੍ਰਤੀ ਰੁਚਿਤ ਹੈ। ਇਸ ਕਵਿਤਾ ਦਾ ਪਾਤਰ ਝੰਬਿਆ-ਝੁਲਸਿਆ ਹੋਇਆ ਜ਼ਰੂਰ ਹੈ ਪਰੰਤੂ ਉਹ ਪਰਿਸਥਿਤੀਆਂ ਅੱਗੇ ਹਾਰਿਆ ਹੋਇਆ ਨਹੀਂ। ਇਸ ਪਾਤਰ ਨੂੰ ਸਿਰਜਣ ਵਾਲਾ ਸ਼ਾਇਰ ਆਪ ਸਮਾਜਕ ਸਰੋਕਾਰਾਂ ਪ੍ਰਤੀ ਚੇਤੰਨ ਹੈ। ਇਸ ਕਰਕੇ ਉਸ ਦੀ ਕਵਿਤਾ ਵਿਚ ਸਮਾਜ ਦਾ ਦੁਖਾਂਤ ਬਾਰ ਬਾਰ ਫ਼ਿਕਰ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਉਂਦਾ ਹੈ। ਭਾਵੇਂ ਪਰਿਸਥਿਤੀਆਂ ਅਮਾਨਵੀ ਹਨ, ਪ੍ਰਤੀਰੋਧਕ ਆਵਾਜ਼ ਦੀ ਲਹਿਰ ਵੀ ਗੈਰਹਾਜ਼ਿਰ ਹੈ ਪਰੰਤੂ ਸ਼ਾਇਰ ਇਸ ਸਥਿਤੀ ਦੇ ਦੁਖਾਂਤ ਨੂੰ ਚੇਤਨਾ ਦਾ ਪ੍ਰਤੀਕ ਬਣਾ ਕੇ ਪੇਸ਼ ਕਰ ਰਿਹਾ ਹੈ:-
ਮੇਰੇ ਕੋਲ ਕੋਈ ਮੌਲਿਕ ਸੁਪਨਾ ਨਹੀਂ ਹੈ
ਇਸ ਲਈ ਉਹ ਹੀ ਗੱਲਾਂ ਦੁਹਰਾ ਰਿਹਾ ਹਾਂ
ਦੁਹਰਾ ਨਹੀਂ ਰਿਹਾ
ਵਾਰ ਵਾਰ ਕਰ ਰਿਹਾ ਹਾਂ
ਕਿਸੇ ਨਵੇਂ ਸੁਪਨੇ ਦੇ ਧਰਨ ਲਈ
ਕੋਈ ਜਗ੍ਹਾ ਨਹੀਂ ਏਥੇ
ਇਹ ਉਸੇ ਸੁਪਨੇ ਦੀ ਜੰਮਣ ਕਿਰਿਆ ਹੈ
ਬਸ ਜ਼ਰਾ ਲੰਮੀ ਹੋ ਗਈ ਹੈ
(ਰਾਜਵਿੰਦਰ ਮੀਰ, ਕਾਲੇ ਫੁੱਲ, ਪੰਨਾ-27)
ਬਿਫਰੀ ਹੈ ਭਟਕਣ ਹੋਰ ਵੀ
ਕੁਝ ਲੜਖੜਾਈ ਹੈ ਤੋਰ ਵੀ
ਅਜੇ ਮੰਜ਼ਲਾਂ ਦਾ ਸਵਾਲ ਕੀ
ਅਜੇ ਰਸਤਿਆਂ ਦੀ ਤਲਾਸ਼ ਹੈ।
(ਰਾਜਿੰਦਰਜੀਤ, ਸਾਵੇ ਅਕਸ, ਪੰਨਾ-44)
ਸਮਾਜਕ ਫ਼ਿਕਰ ਵਾਲੀ ਕਵਿਤਾ ਵਿਸ਼ਵੀਕਰਨ ਦੇ ਬਾਜ਼ਾਰ ਦੇ ਆਤੰਕ, ਉਪਭੋਗਤਾਵਾਦ ਦੇ ਹਮਲੇ ਨੂੰ ਇਕਹਿਰੇ ਵਰਤਾਰੇ ਵਜੋਂ ਨਹੀਂ ਦੇਖਦੀ। ਜਿੱਥੇ ਇਹ ਕਵਿਤਾ ਇਨ੍ਹਾਂ ਵਰਤਾਰਿਆਂ ਨਾਲ ਸਮਾਜਕ ਬਦਲ ਵਾਲੀ ਚੇਤਨਾ ਅਤੇ ਸੁਪਨੇ ਦੀ ਕਮਜ਼ੋਰ ਸਥਿਤੀ ਪ੍ਰਤੀ ਚੇਤੰਨ ਹੈ, ਉਥੇ ਵਿਸ਼ਵੀਕਰਨ ਦਾ ਪੰਜਾਬੀ ਸਮਾਜ, ਪੰਜਾਬੀ ਸਭਿਆਚਾਰ, ਪੰਜਾਬੀ ਮਨੁੱਖ ਅਤੇ ਸਮਾਜਕ ਰਿਸ਼ਤਿਆਂ ਉੱਪਰ ਕੀ ਅਸਰ ਹੈ, ਉਸ ਪ੍ਰਤੀ ਵੀ ਇਕ ਨਜ਼ਰੀਆਂ ਪੇਸ਼ ਕਰਦੀ ਹੈ। ਪਿਛਲੇ ਡੇਢ-ਦੋ ਦਹਾਕਿਆਂ ਵਿਚ ਵਿਸ਼ੇਸ਼ ਤੌਰ 'ਤੇ ਪੰਜਾਬੀ ਕਿਸਾਨੀ ਅਤੇ ਖੇਤ ਮਜ਼ਦੂਰਾਂ ਦਾ ਜੋ ਜੀਵਨ ਤਹਿਸ ਨਹਿਸ ਹੋਇਆ ਹੈ, ਉਸ ਪ੍ਰਤੀ ਇਸ ਕਵਿਤਾ ਦਾ ਹੁੰਗਾਰਾ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ। ਸੱਤਰਵਿਆਂ ਦੇ ਦੌਰ ਵਿਚ ਵਾਪਰੀ ਹਰੀ ਕਰਾਂਤੀ ਜਿਸਨੇ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦਿੱਤਾ ਸੀ, ਉਹ ਹਰੀ ਕਰਾਂਤੀ ਖੇਤੀਬਾੜੀ ਦਾ ਰਸਾਇਣੀਕਰਨ ਸੀ। ਦੂਸਰਾ, ਸਰਮਾਏਦਾਰੀ ਦਾ ਇਹ ਮਾਡਲ ਕੱਚਾ ਮਾਲ ਪ੍ਰਾਪਤ ਕਰਨ ਦਾ ਹੀ ਸਾਧਨ ਸੀ। ਜਿਸ ਰਫਤਾਰ ਨਾਲ ਪੰਜਾਬ ਦੀ ਕਿਸਾਨੀ ਨੇ ਫ਼ਸਲੀ ਉਤਪਾਦਨ ਵਿਚ ਵਾਧਾ ਕੀਤਾ ਸੀ, ਉਸ ਰਫ਼ਤਾਰ ਵਿਚ ਪੰਜਾਬ ਵਿਚ ਸਨਅਤੀਕਰਨ ਦੀ ਪ੍ਰਕਿਰਿਆ ਵਧੀ ਫੈਲੀ ਨਹੀਂ ਸੀ। ਪੰਜਾਬ ਨੂੰ ਸਿਰਫ਼ ਅੰਨ ਪੈਦਾ ਕਰਨ ਵਾਲਾ ਸੂਬਾ ਹੀ ਬਣਾਇਆ ਗਿਆ ਜਿਸ ਦੇ ਦੂਰ ਰਸ ਸਿੱਟੇ ਅੱਜ ਪੰਜਾਬ ਭੁਗਤ ਰਿਹਾ ਹੈ। ਖੇਤੀਬਾੜੀ ਦੇ ਮਸ਼ੀਨੀਕਰਨ ਅਤੇ ਰਸਾਇਣੀਕਰਨ ਨੇ ਪੰਜਾਬ ਦੇ ਪਾਣੀ, ਪੰਜਾਬ ਦੀ ਧਰਤੀ, ਪੰਜਾਬ ਦੇ ਪ੍ਰਕਿਰਤਕ ਜੀਵਨ ਅਤੇ ਪੰਜਾਬ ਦੇ ਵਾਤਾਵਰਨ ਵਿਚ ਜ਼ਹਿਰ ਘੋਲ ਦਿੱਤੀ । ਵਿਗਿਆਨਕ ਢੰਗ ਨਾਲ ਪੰਜਾਬ ਦੀ ਧਰਤ ਦੀ ਪਰਖ-ਪੜਚੋਲ ਕੀਤੇ ਬਿਨਾਂ ਹੀ ਅੰਧਾ-ਧੁੰਦ ਕਣਕ, ਝੋਨਾ, ਕਪਾਹ-ਨਰਮੇ ਰਾਹੀਂ ਧਰਤੀ ਨੂੰ ਕੱਚੇ ਮਾਲ ਦਾ ਕੇਂਦਰ ਬਣਾ ਦਿੱਤਾ ਗਿਆ। ਪੰਜਾਬ ਦੀ ਧਰਤੀ ਵਿਚੋਂ ਉਤਪੰਨ ਹੋਣ ਵਾਲੀਆਂ ਫ਼ਸਲਾਂ ਦੀ ਪੁਣ-ਛਾਣ ਉਪਰੰਤ ਪੰਜਾਬ ਵਿਚ ਵੱਡੀ ਪੱਧਰ ਉਪਰ ਐਗਰੋ-ਇੰਡਸਟਰੀ ਦੀ ਜ਼ਰੂਰਤ ਸੀ। ਪਰ ਪੰਜਾਬ ਦੇ ਹੁਕਮਰਾਨਾਂ ਦਾ ਇਸ ਵੱਲ ਕੋਈ ਧਿਆਨ ਹੀ ਨਹੀਂ ਗਿਆ। ਨਤੀਜਾ ਇਹ ਹੋਇਆ
ਕਿ ਪੰਜਾਬ ਦੀ ਕਿਸਾਨੀ ਰਸਾਇਣੀਕਰਨ ਦੇ ਬੋਝ ਹੇਠ ਕੰਗਾਲੀਕਰਨ ਦੇ ਰਸਤੇ ਤੁਰ ਪਈ। ਪੰਜਾਬ ਦੇ ਸੰਕਟ ਨੇ ਪੰਜਾਬ ਦੀ ਆਰਥਿਕਤਾ ਨੂੰ ਜੋ ਮਿੱਧ ਮਸਲ ਦਿੱਤਾ ਸੀ ਤਾਂ ਵਿਸ਼ਵੀਕਰਨ ਨੇ ਇਸ ਪ੍ਰਕਿਰਿਆ ਨੂੰ ਐਨਾ ਤੇਜ਼ ਕਰ ਦਿੱਤਾ ਕਿ ਪੰਜਾਬੀ ਕਿਸਾਨੀ ਖ਼ੁਦਕੁਸ਼ੀਆਂ ਦੇ ਰਸਤੇ ਪੈ ਗਈ। ਭਾਵੇਂ ਕਿ ਪੰਜਾਬ ਦੇ ਮੁਕਾਬਲੇ ਭਾਰਤ ਦੇ ਹੋਰਨਾਂ ਸੂਬਿਆਂ ਵਿਚ ਵਧੇਰੇ ਕਿਸਾਨਾਂ ਨੇ ਖ਼ੁਦਕੁਸ਼ੀ ਹੈ ਪਰ ਇਸ ਵਰਤਾਰੇ ਨੂੰ ਇਕ ਸਮਾਜਕ- ਆਰਥਿਕ ਵਿਵਸਥਾ ਦੇ ਵਰਤਾਰੇ ਵਜੋਂ ਸਮਝਣ ਦੀ ਜ਼ਰੂਰਤ ਹੈ। ਖ਼ੁਦਕੁਸ਼ੀ ਹੈ ਤਾਂ ਵਿਅਕਤੀਗਤ ਅਮਲ ਪਰੰਤੂ ਇਹ ਵਿਅਕਤੀਗਤ ਅਮਲ ਇਕ ਸਮਾਜੀ-ਆਰਥਿਕ ਵਿਵਸਥਾ ਦੀ ਦੇਣ ਹੈ। ਇਸ ਸਮੇਂ ਪੰਜਾਬ ਅਪੰਗ ਸੂਬਾ ਹੈ ਜਿਹੜਾ ਇਨ੍ਹਾਂ ਕਾਰਨਾਂ ਕਰਕੇ ਨਸ਼ਿਆਂ ਦੇ ਨਾਗਵਲ ਵਿਚ ਕਸ ਚੁੱਕਿਆ ਹੈ। ਜਿੱਥੇ ਰਸਾਇਣੀਕਰਨ ਅਤੇ ਖਾਦਾਂ ਨੇ ਪੰਜਾਬ ਦੀ ਧਰਤ ਅਤੇ ਵਾਤਾਵਰਣ ਦੀ ਸਿਹਤ ਦਾ ਨਾਸ ਕੀਤਾ ਹੈ, ਉਥੇ ਨਸ਼ਿਆਂ ਨੇ ਪੰਜਾਬੀ ਮਨੁੱਖ ਦੀ ਸਿਹਤ ਦਾ ਸਤਿਆਨਾਸ ਕਰ ਦਿੱਤਾ ਹੈ। ਪੰਜਾਬ ਦੀ ਧਰਤ ਤੜਪ ਰਹੀ ਹੈ ਤੇ ਪੰਜਾਬੀ ਮਨੁੱਖ ਵਿਕਰਾਲ ਹਨ੍ਹੇਰੇ ਵਿਚ ਫਸਿਆ ਹੋਇਆ ਪੰਜਾਬ ਦੇ ਇਸ ਦੁਖਾਂਤਕ ਯਥਾਰਥ ਨੂੰ ਪੰਜਾਬੀ ਕਵਿਤਾ ਨੇ ਹੇਰਵੇ ਜਾਂ ਰੁਦਨ ਦੀ ਥਾਵੇਂ ਯਥਾਰਥਕ ਰੂਪ 'ਚ ਸੰਚਾਰਨ ਦਾ ਯਤਨ ਕੀਤਾ ਹੈ।
ਇਹ ਹਰਗੋਬਿੰਦਪੁਰਾ ਹੈ
ਜਿਸ ਦੇ ਹੇਠਾਂ
ਖਾਰੀ ਝੀਲ ਫਿਰਦੀ ਹੈ
ਇਕ ਘੁੱਟ ਭਰਿਆ
ਸਿਆੜਾਂ ਦੇ ਸਾਹ ਸੁੱਕ ਜਾਂਦੇ ਹਨ
ਹਰਗੋਬਿੰਦਪੁਰੇ ਦੇ ਉੱਤੇ
ਸੁੱਕੀ ਨਹਿਰ ਵਗ ਰਹੀ ਹੈ
ਬਹੀਆਂ 'ਚ ਲੱਗੇ 'ਗੂਠੇ
ਉੱਗ ਰਹੇ ਹਨ
ਹੋਰ
ਉੱਚੇ ਹੋ ਰਹੇ ਹਨ
ਸਰਕੰਡੇ ਦੇ ਭਰਵੇਂ ਬੂਟਿਆਂ
ਵਾਂਗ
ਖੇਤਾਂ 'ਚ ਖੜੀਆਂ ਕਣਕਾਂ
ਹੱਥ ਜੋੜੀ ਕੰਬ ਰਹੀਆਂ ਹਨ
ਸੁੱਕੇ ਸੰਘੀ ਕਹਿ ਰਹੀਆਂ ਹਨ
ਸਰਕੰਡਿਆਂ ਨੂੰ
ਨਦੀਨ ਤੁਸੀਂ ਨਹੀਂ
ਅਸੀਂ ਹੋ ਗਈਆਂ ਹਾਂ
(ਦੇਵਨੀਤ, ਹੁਣ ਸਟਾਲਿਨ ਚੁੱਪ ਹੈ, ਪੰਨਾ-26)
ਪੰਜਾਬ ਦੀ ਮਿਹਨਤਕਸ਼ ਲੋਕਾਈ ਕੰਗਾਲੀਕਰਨ ਦੇ ਰਸਤੇ 'ਤੇ ਹੈ। ਸਮਾਜਕ ਵਿਕਾਸ ਦੀ ਪ੍ਰਕਿਰਿਆ ਵਿਚੋਂ ਪਰੰਪਰਕ ਅਤੇ ਸ਼ਿਲਪੀ ਲੋਕ ਮਸ਼ੀਨੀਕ੍ਰਿਤ ਵਸਤਾਂ ਰਾਹੀਂ ਬੇਦਖ਼ਲ ਹੋ ਰਹੇ ਹਨ। ਮਸ਼ੀਨੀਕਰਨ ਪੰਜਾਬ ਦੀ ਧਰਤ ਦਾ ਨਹੀਂ ਹੈ ਸਗੋਂ ਬਹੁ- ਕੌਮੀ ਕੰਪਨੀਆਂ ਦੀ ਅਜਾਰੇਦਾਰੀ ਹੈ। ਪੰਜਾਬੀ ਮਨੁੱਖ ਤਾਂ ਉਪਭੋਗੀ ਹੈ। ਵਿਸ਼ਵੀਕਰਨ, ਨਿੱਜੀਕਰਨ ਦੀ ਪ੍ਰਕਿਰਿਆਂ ਬੇਤਹਾਸ਼ਾ ਲੁੱਟ ਦੀ ਪ੍ਰਕਿਰਿਆ ਹੈ। ਨਿੱਜੀ ਅਦਾਰਿਆਂ ਵਿਚ ਕੰਮ ਕਰਨ ਵਾਲੀ ਹੁਨਰਮੰਦ ਸ਼ਕਤੀ ਨਿਰਧਾਰਤ ਮਜ਼ਦੂਰੀ ਨਾਲੋਂ ਕਈ ਗੁਣਾਂ ਘੱਟ ਮਜ਼ਦੂਰੀ ਉਪਰ ਕੰਮ ਕਰਨ ਲਈ ਮਜਬੂਰ ਹੈ। ਵਿਸ਼ਵੀਕਰਨ ਦੀ ਪ੍ਰਕਿਰਿਆ ਸਮੁੱਚੀ ਸੰਪਤੀ ਅਤੇ ਧਨ ਨੂੰ ਕੁੱਝ ਵੱਡੇ ਘਰਾਣਿਆਂ ਦੇ ਨਿੱਜੀ ਹੱਥਾਂ 'ਚ ਇਕੱਤਰ ਕਰਨ ਲਈ ਅਗਰਸਰ ਹੈ। ਇਸ ਦਮਨਕਾਰੀ ਪ੍ਰਕਿਰਿਆ ਨੂੰ ਭਾਰਤੀ ਬੁਰਜੁਆਜੀ ਅਤੇ ਵਿਸ਼ਵੀ ਸਾਮਰਾਜ ਦੀ ਸਾਂਠ-ਗਾਂਠ ਦੀ ਨਵੀਂ ਸਟਰੈਟਿਜੀ ਵਜੋਂ ਦੇਖਣ ਦੀ ਜ਼ਰੂਰਤ ਹੈ ਪਰ ਇਸ ਦੇ ਕਿਰਦਾਰ ਵਿਚ ਅੰਤਰ ਨਹੀਂ ਹੈ। ਇਸ ਦਾ ਕਿਰਦਾਰ ਪਹਿਲਾਂ ਨਾਲੋਂ ਵੀ ਵਧੇਰੇ ਹਿੰਸਕ ਅਤੇ ਬੇਤਰਸ ਹੋਇਆ ਹੈ:-
ਗਿਰਝਾਂ ਕਿਧਰੇ ਨਹੀਂ ਗਈਆਂ
ਉਨ੍ਹਾਂ ਨੇ ਤਾਂ ਬੱਸ
ਰੂਪ, ਰੰਗ ਤੇ ਵੇਸ ਬਦਲੇ ਨੇ
ਕਾਲਿਆਂ ਤੋਂ ਚਿੱਟੇ
ਹੋਣ ਦੇ ਭੇਸ ਬਦਲੇ ਨੇ
ਚੱਜ-ਆਚਾਰ
ਸ਼ਿਸ਼ਟਾਚਾਰ ਬਦਲੇ ਨੇ
ਚੁੰਝਾਂ, ਪੰਜੇ ਤੇ
ਕੁਝ ਹਥਿਆਰ ਬਦਲੇ ਨੇ
ਖਾਣ-ਪੀਣ
ਉੱਡਣ ਦੇ ਅਭਿਆਸ ਬਦਲੇ ਨੇ
ਕੀ ਹੋਇਆ ਜੇ ਗਿਰਝਾਂ ਨੇ
ਨਾਂ ਅਤੇ ਨਿਵਾਸ ਬਦਲੇ ਨੇ
ਉਜ ਗਿਰਝਾਂ ਮੋਈਆਂ ਨਹੀਂ ਅਜੇ
ਭਲਾਂ! ਗਿਰਝਾਂ
ਮਰ ਵੀ ਕਿਵੇਂ ਸਕਦੀਆਂ ਨੇ
ਉਹ ਤਾਂ ਹਰ ਮੌਸਮ 'ਤੇ
ਨਜ਼ਰ ਰੱਖ ਸਕਦੀਆਂ ਨੇ
ਉਹ ਸਭ ਕੁਝ ਹਜ਼ਮ
ਕਰ ਸਕਦੀਆਂ ਨੇ
ਉਹ ਕਦੇ
ਅੱਕਦੀਆਂ ਥੱਕਦੀਆਂ ਨੇ
ਉਹ ਤਾਂ ਹੁਣ
ਉੱਚੇ ਮੰਡਲਾਂ ਦੀ ਹਵਾ ਭਖਦੀਆਂ ਨੇ
(ਬਲਵਿੰਦਰ ਸੰਧੂ, ਕੋਮਲ ਸਿੰਘ ਆਖਦਾ ਹੈ, ਪੰਨਾ-32-33)
ਨਵੀਂ ਪੰਜਾਬੀ ਕਵਿਤਾ ਵਿਚ ਇਥੇ ਇਕ ਹੋਰ ਮਸਲਾ ਨਿਖੇੜੇ ਦੀ ਮੰਗ ਕਰਦਾ ਹੈ ਕਿ ਉਹ ਸਾਰੀ ਦੀ ਸਾਰੀ ਕਵਿਤਾ ਜੋ ਸਮਾਜਕ ਫ਼ਿਕਰਾਂ ਅਤੇ ਸਰੋਕਾਰਾਂ ਵਾਲੀ ਹੈ, ਉਹ ਸਾਰੀ ਦੀ ਸਾਰੀ ਵਿਚਾਰਧਾਰਕ ਤੌਰ 'ਤੇ ਪ੍ਰਗਤੀਵਾਦੀ ਨਹੀਂ, ਸਗੋਂ ਬਹੁਤੀ ਕਵਿਤਾ ਸਮਾਜਕ ਨਿਆਂ ਦੀ ਤਲਾਸ਼ ਕਰਦੀ ਕਵਿਤਾ ਹੈ। ਇਸ ਕਵਿਤਾ ਕੋਲ ਸਮਾਜਕ ਫ਼ਿਕਰ ਹਨ, ਸਮਾਜਕ ਸੰਤਾਪ ਹਨ, ਸਮਾਜਕ ਸਰਾਪ ਹਨ, ਸਮਾਜਕ ਚਿੰਤਾਵਾਂ ਹਨ। ਪਰੰਤੂ ਇਸ ਕੋਲ ਉਹ ਚਿੰਤਨ ਜਾਂ ਅੰਤਰ ਦ੍ਰਿਸ਼ਟੀ ਨਹੀਂ ਹੈ ਜੋ ਸਮਾਜਕ ਸਰਾਪਾਂ ਅਤੇ ਸੰਤਾਪਾਂ ਤੋਂ ਪਾਰ ਲਾ ਸਕੇ। ਇਹ ਕਵਿਤਾ ਮਾਨਵਕਾਰੀ ਤਾਂ ਹੈ, ਮਾਨਵੀ ਸੰਤਾਪਾਂ ਨਾਲ ਲਬਰੇਜ਼ ਦੁਖਾਂਤਕ ਚਿੱਤਰਾਂ ਦੀ ਸਿਰਜਣਾ ਕਰਦੀ ਹੋਈ ਇਹ ਜਾਂ ਤਾਂ ਕਟਾਕਸ਼ ਵਿਚ ਤਬਦੀਲ ਹੈ ਜਾਂਦੀ ਹੈ ਜਾਂ ਸੰਤਾਪੀ ਮਨੁੱਖਤਾ ਦੀ ਲਾਚਾਰਤਾ ਵਿਚ ਲਹਿ ਜਾਂਦੀ ਹੈ। ਇਥੇ ਪੰਹੁਚ ਕੇ ਹੀ ਕਵਿਤਾ ਦੀ ਸਮਾਜੀ ਸਾਰਥਿਕਤਾ ਅਤੇ ਪ੍ਰਸੰਗਕਤਾ ਦਾ ਮਸਲਾ ਉਦੈ ਹੋ ਜਾਂਦਾ ਹੈ। ਕਵਿਤਾ ਨੇ ਚਿਤਰਿਤ ਚਿੱਤਰ ਵਿਚ ਚਿੰਤਨੀ ਸੰਭਾਵਨਾਵਾਂ ਵੀ ਜਗਾਉਣੀਆਂ ਹੁੰਦੀਆਂ ਹਨ ਜਿਨ੍ਹਾਂ ਨੇ ਮਨੁੱਖੀ ਮਨ-ਚਿੱਤ ਵਿਚ ਚੇਤਨਾ ਦੇ ਬੀਜ ਬੀਜਣੇ ਹੁੰਦੇ ਹਨ। ਅਜਿਹੀ ਚੇਤਨਾ ਲਈ ਸ਼ਾਇਰ ਕੋਲ ਪ੍ਰਸੰਗਕ ਅਤੇ ਸਾਰਥਿਕ ਦਾਰਸ਼ਨਿਕ ਸੋਝੀ ਦੀ ਜ਼ਰੂਰਤ ਹੁੰਦੀ ਹੈ। ਨਵੀਂ ਪੰਜਾਬੀ ਕਵਿਤਾ ਵਿਚ ਦਾਰਸ਼ਨਿਕ ਸੋਝੀ ਦੀ ਬਹੁਤ ਵੱਡੀ ਘਾਟ ਹੈ। ਇਸ ਕਰਕੇ ਇਹ ਕਵਿਤਾ ਨਵੇਂ ਯੁੱਗ ਵਿਚ ਆਪਣੇ ਮੌਲਿਕ ਸੁਪਨੇ ਸਿਰਜਣ ਤੋਂ ਅਸਮਰੱਥ ਹੈ। ਪ੍ਰਗਤੀਵਾਦੀ ਦਰਸ਼ਨ ਨਾਲ ਬੱਝੀ ਕਵਿਤਾ ਕੋਲ ਪੁਰਾਣਾ ਚਿੰਤਨ ਹੈ। ਇਹ ਕਵਿਤਾ ਜੇਕਰ ਕੋਈ ਸੁਰਖ਼ ਸੁਪਨਾ ਸਿਰਜਦੀ ਹੈ ਤਾਂ ਉਹ ਸੁਪਨਾ ਬਹੁਤ ਪੁਰਾਣੀਆਂ ਅੰਤਰ- ਸੋਝੀਆਂ ਦਾ ਹੀ ਪੁਨਰ ਅਨੁਵਾਦ ਹੈ। ਬਦਲੇ ਯੁੱਗ ਦੀਆਂ ਪਰਿਸਥਿਤੀਆਂ ਵਿਚ ਇਹ ਸੁਪਨਾ ਕਿਹੋ ਜਿਹਾ ਹੋਵੇ? ਇਸ ਸੰਬੰਧੀ ਸੰਵਾਦ ਬਹੁਤ ਘੱਟ ਹੈ।
ਨਵੀਂ ਪੰਜਾਬੀ ਕਵਿਤਾ ਵਿਚ ਅਜੋਕੇ ਯੁੱਗ ਦੇ ਦਰਕਾਰ ਮਸਲੇ ਉਦੈ ਹੋ ਰਹੇ ਹਨ। ਇਸ ਕਵਿਤਾ ਵਿਚ ਸੰਤਾਪਾਂ ਦੀ ਪਛਾਣ ਬਹੁਤ ਅਹਿਮ ਹੈ। ਇਹ ਪਛਾਣ ਮਨੁੱਖ ਨੂੰ ਸਮਾਜਿਕ ਨਿਆਂ ਦੀ ਤਲਾਸ਼ ਨਾਲ ਜੋੜਨ ਦਾ ਕੰਮ ਜ਼ਰੂਰ ਕਰਦੀ ਹੈ:-
ਪੁੱਤਰੋ!
ਛਾਵਾਂ ਮੰਗਦੇ ਹੋਂ ਠੰਢੀਆਂ
ਹਵਾਵਾਂ ਕਰਦੇ ਹੋਂ ਨਿੱਤ ਜ਼ਹਿਰੀਲੀਆਂ ਤੇ ਤੱਤੀਆਂ
ਰੰਗਾਂ ਮੇਰੀਆਂ 'ਚ ਪਾਣੀ ਮੁੱਕ ਰਿਹੈ
ਬੁੱਲਾਂ ਤੇ ਸਿੱਕਰੀ
ਸਾਹ ਘੱਟ ਰਿਹੈ
ਮੌਨ ਹੋ ਰਹੀ ਹੈ ਮੇਰੀ ਕਹਾਣੀ
ਦੁਆਲੇ ਫੈਲਦੀ ਦਿਸਦੀ ਤਰੱਕੀ ਤੁਹਾਡੀ
ਜੰਗਲ ਪਹਾੜਾਂ ਕੱਟ ਰਹੀਆਂ ਮਸ਼ੀਨਾਂ
ਚਿਮਨੀਆਂ 'ਚੋਂ ਉਠੱਦੀਆਂ ਔਹ ਕਾਲੀਆਂ ਫੌਜਾਂ
ਆਹ ਵਿਛਿਆ ਦਲਦਲੀ ਬਦਬੂਦਾਰ ਪਾਣੀ
ਰਹੂ ਪੱਤਾ- ਕਰੂੰਬਲ ਜਾਂ ਕੋਈ ਹਰੀ ਟਾਹਣੀ?
ਕਦੋਂ ਆਊ ਕੋਈ
ਚਹਿਕਦੇ ਪੰਛੀਆਂ ਦੀ ਢਾਣੀ
ਤੁਸੀਂ ਤਾਂ ਮੰਗਦੇ
ਹਵਾਵਾਂ ਮਸਤ
ਛਾਵਾਂ ਠੰਢੀਆਂ
ਤੇ ਸੀਤ ਪਾਣੀ!!!
(ਸਵਰਨਜੀਤ ਸਵੀ, ਮਾਂ, ਪੰਨਾ-96)
ਸਮਾਜਕ ਸੰਤਾਪ ਅਤੇ ਫ਼ਿਕਰ ਵਾਲੀ ਕਵਿਤਾ ਕੋਲ ਬਹੁਤ ਪ੍ਰਸ਼ਨ ਹਨ। ਪਰ ਇਹ ਕਵਿਤਾ ਸਮਾਜਿਕ ਨਿਆਂ ਦੀ ਤਲਾਸ਼ ਦੇ ਮਾਨਵੀ ਪਾਸਾਰ ਤੋਂ ਅਗਾਂਹ ਨਹੀਂ ਤੁਰਦੀ। ਪਰੰਤੂ ਬਹੁਤ ਘੱਟ ਸੰਵਾਦ ਵਾਲੀ ਪ੍ਰਗਤੀਵਾਦੀ ਨਕਸ਼ਾਂ ਵਾਲੀ ਕਵਿਤਾ (ਪਰੰਪਰਕ ਪ੍ਰਗੀਤਵਾਦ ਤੋਂ ਅਗਾਂਹ ਵਾਲੀ) ਸਮਾਜਕ ਨਿਆਂ ਲਈ ਉਸ ਸੁਪਨੇ ਨੂੰ ਜਗਾਉਂਦੀ ਹੈ ਜਿਹੜਾ ਸੁਪਨਾਂ ਮੌਜੂਦਾ ਲਾਲਸਾਮਈ ਉਪਭੋਗੀ ਤ੍ਰਿਸ਼ਨਾਵਾਂ ਤੋਂ ਇਨਕਾਰ ਕਰਦਾ ਹੈ। ਇਸ ਕਵਿਤਾ ਦਾ ਕਾਵਿ ਪਾਤਰ ਆਪਣੇ ਅੰਦਰ ਵਿਸ਼ਵਾਸ਼ੀ ਚੇਤਨਾ ਨੂੰ ਜਗਾਉਂਦਾ ਹੈ ਜੋ ਅਨਿਆਂ ਦੇ ਖਿਲਾਫ਼ ਮਨੁੱਖੀ ਸੋਚ ਅਤੇ ਸੰਭਾਵਨਾਵਾਂ ਨੂੰ ਪ੍ਰਜਵਲਤ ਕਰਦੀ ਹੈ:-
ਹਵਾਵਾਂ ਆਖਦੀਆਂ ਨੇ
ਆ ਤੂੰ ਸਾਡੇ ਨਾਲ
ਅਸੀਂ ਜਿਸ ਦਿਸ਼ਾ ਨੂੰ ਜਾਈਏ
ਪੱਤੇ ਸਾਡੀ ਚਾਲ ਵੇਖਦੇ
ਆ ਜਾਂਦੇ ਨੇ ਪਿੱਛੇ ਪਿੱਛੇ
ਤੂੰ ਵੀ ਪੱਤਿਆਂ ਨਾਲ ਪਾ ਲੈ ਦੋਸਤੀ
ਖੰਭ ਆਪਣੇ ਮੋੜ ਕੇ ਤੂੰ ਜੇਬ 'ਚ ਪਾ ਲੈ
......................
ਆਵਾਜ਼ਾਂ ਦੇ ਜਮਘਟੇ ਵਿਚ
ਮੈਂ ਕਿਣਕੇ ਜਿਹਾ ਕੰਬੀ ਜਾਵਾਂ
ਮੇਰੇ ਅੰਦਰ ਕਿੰਨੇ ਬੀਜ ਨੇ ਖੰਭਾਂ ਵਾਲੇ
ਮੇਰੇ ਅੰਦਰ ਧੁੱਪਾਂ ਛਾਵਾਂ ਦਾ
ਇਕ ਪਹਿਰੇਦਾਰ ਹੈ ਬੈਠਾ
ਇਸੇ ਲਈ 'ਇਨਕਾਰ'
ਅਜੇ ਵੀ ਸ਼ਬਦ ਹੈ ਮੇਰਾ
(ਹਰਵਿੰਦਰ ਭੰਡਾਲ, ਚਰਾਗਾਹਾਂ ਤੋ ਪਾਰ, ਪੰਨਾ-54)
ਪ੍ਰਗੀਤੀਵਾਦੀ ਨਕਸ਼ਾਂ ਵਾਲੀ ਨਵੀਂ ਕਵਿਤਾ ਜਿਸਦਾ ਸੁਪਨਾ ਭਟਕ ਗਿਆ ਸੀ, ਉਹ ਕਵਿਤਾ ਸਮਾਜਕ ਨਿਆਂ ਤਲਾਸ਼ਦੀ ਕਵਿਤਾ ਨਾਲੋਂ ਆਪਣੇ ਆਪ ਨੂੰ ਵੱਖ ਕਰਦੀ ਹੈ। ਇਹ ਵੱਖਰਤਾ ਵਿਰੋਧ ਵਾਲੀ ਨਹੀਂ ਹੈ ਸਗੋਂ ਵਿਚਾਰਧਾਰਕ ਸੰਵਾਦ ਵਾਲੀ ਹੈ।
ਇਸ ਦੌਰ ਵਿਚ ‘ਪਛਾਣ ਦੀ ਰਾਜਨੀਤੀ' ਦਾ ਮਸਲਾ ਉੱਭਰ ਕੇ ਸਾਹਮਣੇ ਆਇਆ ਹੈ। ਇਹ ਪਛਾਣ ਦੀ ਰਾਜਨੀਤੀ ਸਮਾਜਕ ਨਿਆਂ ਦੇ ਨਾਲ ਨਾਲ ਆਪਣੀ ਵੱਖਰੀ ਹੋਂਦ ਅਤੇ ਹਸਤੀ ਨਾਲ ਵੀ ਜੁੜੀ ਹੋਈ ਹੈ। ਜਾਤੀਗਤ ਕੇਂਦਰਿਤ ਬਹੁਤ ਸਾਰੀਆਂ ਸਭਾਵਾਂ ਅਤੇ ਸੰਸਥਾਵਾਂ ਹੋਂਦ ਵਿਚ ਆਈਆਂ ਹਨ। ਬ੍ਰਾਹਮਣ ਸਭਾ, ਖੱਤਰੀ ਸਭਾ, ਰਾਮਗੜ੍ਹੀਆਂ, ਵਾਲਮੀਕੀ ਅਤੇ ਦਲਿਤ ਤਬਕੇ ਨਾਲ ਸੰਬੰਧਿਤ ਇਹ ਸੰਸਥਾਵਾਂ ਵੱਖਰੀ ਹੋਂਦ ਅਤੇ ਹਸਤੀ ਦਾ ਸੂਚਕ ਹਨ। ਇਨ੍ਹਾਂ ਸਭ ਵਿਚੋਂ ਜੇਕਰ ਕਵਿਤਾ ਵਿਚ ਕਿਸੇ ਧਿਰ ਨੂੰ ਸੰਚਾਰ ਮਿਲਿਆ ਹੈ ਤਾਂ ਉਹ ਦਲਿਤ ਚੇਤਨਾ ਨੂੰ ਮਿਲਿਆ ਹੈ। ਦਲਿਤ ਚੇਤਨਾ ਨਵੀਂ ਪੰਜਾਬੀ ਕਵਿਤਾ ਵਿਚ ਉਭਰਵੇਂ ਸੁਰ ਵਿਚ ਹੈ ਪ੍ਰੰਤੂ ਇਹ ਸਾਰੀ ਚੇਤਨਾ ਇਕੋਂ ਵਿਚਾਰਧਾਰਕ ਅੰਦਾਜ਼ ਦੀ ਨਹੀਂ ਹੈ। ਇਸ ਕਵਿਤਾ ਦਾ ਇਕ ਹਿੱਸਾ ਅੰਬੇਦਕਰਵਾਦੀ ਵਿਚਾਰਧਾਰਾ ਤੋਂ ਪ੍ਰੇਰਿਤ ਹੈ ਅਤੇ ਦੂਸਰਾ ਹਿੱਸਾ ਮਾਰਕਸਵਾਦੀ ਦ੍ਰਿਸ਼ਟੀ ਨਾਲ ਸੰਬੰਧਿਤ ਹੈ। ਇਸ ਕਵਿਤਾ ਦੀ ਪ੍ਰਮੁੱਖ ਧੁਨੀ ਸਮਾਜਕ ਨਿਆਂ ਦੀ ਧੁਨੀ ਹੈ। ਦਲਿਤ ਵਰਤਾਰਾ ਰਾਜਨੀਤਿਕ ਤੌਰ 'ਤੇ ਚੇਤਨ ਹੋਣ ਕਰਕੇ ਇਸਨੇ ਭਾਰਤੀ ਰਾਜਨੀਤੀ ਵਿਚ ਵੀ ਇਕ ਭੂਮਿਕਾ ਨਿਭਾਈ ਹੈ। ਪਰੰਤੂ ਦਲਿਤ ਚੇਤਨਾ ਦੀ ਸਮਾਜਕ ਨਿਆਂ ਦੀ ਧੁਨੀ ਜਦੋਂ ਤੱਕ ਵਿਚਾਰਧਾਰਕ ਸਫ਼ਰ ਤਹਿ ਕਰਕੇ ਦਲਿਤ ਅਤੇ ਹੋਰ ਦਮਨਕ੍ਰਿਤ ਧਿਰਾਂ ਨਾਲ ਸਾਂਝੇ ਰੂਪ 'ਚ ਅਗਾਂਹ ਨਹੀਂ ਤੁਰਦੀ ਉਦੋਂ ਤੱਕ ਇਹ ਕਵਿਤਾ ਦਲਿਤਵਾਦ ਦੀ ਜਿੱਲਣ 'ਚੋਂ ਬਾਹਰ ਨਹੀਂ ਨਿੱਕਲਦੀ। ਨਵੀਂ ਪੰਜਾਬੀ ਕਵਿਤਾ ਵਿਚ ਦਲਿਤ ਚੇਤਨਾ ਦੇ ਸੰਵਾਦ 'ਚੋਂ ਇਹ ਪਹਿਲੂ ਸਪੱਸ਼ਟ ਤੌਰ 'ਤੇ ਉੱਭਰ ਰਿਹਾ ਹੈ ਕਿ ਦਲਿਤ ਚੇਤਨਾ ਦਾ ਮਸਲਾ ਪਛਾਣ ਦੀ ਰਾਜਨੀਤੀ ਅਤੇ ਸਮਾਜਕ ਨਿਆਂ ਤੋਂ ਅੱਗੇ ਪ੍ਰਗਤੀਸ਼ੀਲ ਰਾਜਨੀਤਕ ਚੇਤਨਤਾ ਦਾ ਬਣ ਰਿਹਾ ਹੈ। ਇਸ ਲਈ ਨਵੀਂ ਪੰਜਾਬੀ
ਕਵਿਤਾ ਦਲਿਤ ਵਰਤਾਰੇ ਨੂੰ ਸਹੀ, ਵਿਗਿਆਨਕ ਅਤੇ ਬਾਹਰਮੁਖੀ ਪਰਿਪੇਖ ਵਿਚ ਗ੍ਰਹਿਣ ਕਰ ਰਹੀ ਹੈ।
ਮਾਫ਼ ਕਰਨਾ
ਮੈਂ ਏਕਲਵਿਆ ਵਰਗਾ ਸ਼ਿਸ਼ ਨਹੀਂ ਹਾਂ
ਜੋ ਮੱਕਾਰ ਗੁਰੂ ਦੇ ਕਹਿਣ 'ਤੇ
ਆਪਣਾ ਅੰਗੂਠਾ ਕੱਟ ਦਿਆਂਗਾ
ਉਹ ਤਾਂ ਮੇਰੇ ਪੁਰਖੇ ਭੁਲੇਖੇ ਵਿਚ ਸਨ
ਜੋ ਸਮਝ ਨਾ ਸਕੇ
ਕਿ ਦੁਰਯੋਧਨਾਂ ਦੇ ਗੁਰੂ
ਦੁੱਲੇ ਦੀ ਜਾਤ ਨੂੰ
ਕਿਉਂ ਬਣਾਉਣਗੇ ਤੀਰ ਅੰਦਾਜ਼ ?
ਮੈਂ ਅਵੱਗਿਆ ਕਰਾਂਗਾ
ਉਨ੍ਹਾਂ ਸਭ ਮਿੱਥਾਂ ਦੀ
ਜੋ ਲਾਲੋਂ ਨੂੰ
ਰੁੱਖਾ ਮਿੱਸਾ ਖਾ ਕੇ
ਠੰਢਾ ਪਾਣੀ ਪੀਣ ਦੀਆਂ ਨਸੀਹਤਾਂ ਦਿੰਦੀਆਂ ਹਨ
ਕਿਉਂਕਿ ਮੈਂ ਜਾਣ ਗਿਆ ਹਾਂ
ਬਾਬਰ ਵਿਦੇਸ਼ੀ ਤੇ
ਮਲਕ ਭਾਗੋ ਦੇਸੀ ਦੀ ਇਕੋ ਜਾਤ ਹੈ
(ਹਰਮੇਸ਼ ਮਲਾੜੀ, ਨਵਾਂ ਜ਼ਮਾਨਾ, 27 ਮਾਰਚ 2011)
ਮੈਂ ਵੀ ਆਗਿਆਕਾਰੀ ਪੁੱਤਰ ਵਾਂਗ
ਕਿਤਾਬਾਂ ਨੂੰ ਅਲਵਿਦਾ ਕਹਿ
ਖੇਤਾਂ 'ਚ ਖੜਾ ਰਹਿ ਸਕਦਾ ਸਾਂ
ਡਰਨੇ ਵਾਂਗ
ਪਤਾ ਨਹੀਂ ਕਿਉਂ
ਸਦੀਆਂ ਤੋਂ ਵਗਾਰ ਕਰਦਿਆਂ
ਮੋਏ ਪਸ਼ੂ ਦਿੰਦਿਆਂ
ਏਕਲੱਵਿਆ ਦੀ ਕੁੱਲ ਦੇ
ਚਿਰਾਗਾਂ ਲਈ
ਮੈਂ ਲੜਨਾ ਚਾਹੁੰਦਾ ਹਾਂ
(ਗੁਰਮੀਤ ਕੱਲਰਮਾਜਰੀ, ਹਾਸ਼ੀਆ ਲੋਕ, ਅਕਤੂਬਰ-ਦਸੰਬਰ-2010, ਪੰਨਾ-106)
ਦਲਿਤ ਚੇਤਨਾ ਨਾਲ ਸੰਬੰਧਿਤ ਕਵਿਤਾ ਜੋ ਲਾਲ ਸਿੰਘ ਦਿਲ ਅਤੇ ਸੰਤ ਰਾਮ ਉਦਾਸੀ ਤੋਂ ਬਾਅਦ ਪਛਾਣ ਦੀ ਰਾਜਨੀਤੀ ਅਤੇ ਸਮਾਜਿਕ ਨਿਆਂ ਲਈ ਆਵਾਜ਼ ਸੰਚਾਰਦੀ ਸੀ। ਉਹ ਕਵਿਤਾ ਗੁਸੈਲ, ਤੇਜ਼ ਤਰਾਰ, ਆਕਰੋਸ਼ੀ ਤੇਵਰਾਂ 'ਚ ਗ੍ਰਿਫ਼ਤ ਸੀ। ਪਰੰਤੂ ਨਵੀਂ ਕਵਿਤਾ ਰਾਜਨੀਤਕ ਚੇਤਨਾ ਦੇ ਪ੍ਰਤੀਮਾਨਾਂ ਨੂੰ ਸਿਰਜ ਕੇ ਨਵ ਬ੍ਰਾਹਮਣਵਾਦ ਤੋਂ ਵੀ ਮੁਕਤ ਹੁੰਦੀ ਹੈ ਅਤੇ ਦਲਿਤ ਮੁਕਤੀ ਦਾ ਪ੍ਰਵਚਨ ਵੀ ਸਿਰਜਦੀ ਹੈ। ਇਹ ਕਵਿਤਾ ਅੰਬੇਦਕਰਵਾਦੀ ਵਿਚਾਰਧਾਰਾ ਅਤੇ ਮਾਰਕਸਵਾਦੀ ਜੀਵਨ ਦਰਸ਼ਨ 'ਚ ਵਿਰੋਧ ਨਹੀਂ ਸਿਰਜਦੀ ਸਗੋਂ ਸੰਵਾਦੀ ਦਸਤਪੰਜੇ ਰਾਹੀਂ ਉਨ੍ਹਾਂ ਸਮਾਜਕ ਰਾਜਨੀਤਕ ਸੱਤਾਵਾਂ ਨੂੰ ਵੰਗਾਰ ਦੇਣ ਦੇ ਰਸਤੇ ਤੁਰਦੀ ਹੈ। ਨਵੀਂ ਪੰਜਾਬੀ ਕਵਿਤਾ ਦਾ ਇਹ ਉੱਭਰਵਾਂ ਫ਼ਿਕਰ ਅਤੇ ਸਰੋਕਾਰ ਹੈ। ਇਹ ਕਵਿਤਾ ਇਕ ਪਾਸੇ ਵਰਤਮਾਨ 'ਚ ਵਿਸ਼ਵੀਕਰਨ ਦੇ ਵਰਤਾਰੇ ਨੂੰ ਸਮਝ ਰਹੀ ਹੈ ਜਿਹੜੀ ਦਲਿਤ ਅਤੇ ਸ਼ਿਲਪੀ ਕਾਮੇ ਨੂੰ ਹਾਸ਼ੀਆਗਤ ਕਰਕੇ ਗੁਰਬਤ 'ਚ ਧਕੇਲ ਰਹੀ ਹੈ ਅਤੇ ਦੁਸਰੇ ਪਾਸੇ ਭਾਰਤੀ ਸਮਾਜ ਦੀਆਂ ਬੱਜਰ ਪਰੰਪਰਾਵਾਂ ਅਤੇ ਜਾਤੀਗਤ ਅਵਚੇਤਨ ਨਾਲ ਖਹਿ ਰਹੀ ਹੈ। ਨਵੀਂ ਪੰਜਾਬੀ ਕਵਿਤਾ ਵਿਚ ਮਦਨ ਵੀਰਾ, ਸੱਤਪਾਲ ਭੀਖੀ, ਜੈ ਪਾਲ, ਗੁਰਮੀਤ ਕੱਲਰਮਾਜਰੀ, ਸੰਤੋਖ ਸੁੱਖੀ ਆਦਿਕ ਸ਼ਾਇਰਾਂ ਦੀ ਕਵਿਤਾ ਵਿਚ ਦਲਿਤ ਮਨੁੱਖ ਦੀ ਪਛਾਣ ਪਰੰਪਰਕ ਨਹੀਂ ਹੈ। ਉਹ ਬਦਲਦੀਆਂ ਇਤਿਹਾਸਕ ਪਰਿਸਥਿਤੀਆਂ ਵਿਚ ਅੱਜ ਦੇ ਯੁੱਗ ਦੀ ਹਾਣੀ ਹੈ।
ਨਵੀਂ ਪੰਜਾਬੀ ਕਵਿਤਾ ਜੋ ਸਮਾਜਿਕ ਨਿਆਂ ਦੀ ਤਲਾਸ਼ ਵੱਲ ਤੁਰਦੀ ਹੈ। ਉਸ ਤਲਾਸ਼ ਵੱਲ ਰਚੀ ਜਾ ਰਹੀ ਨਾਰੀ ਕਵਿਤਾ ਵੀ ਵਿਸ਼ੇਸ਼ ਤੌਰ 'ਤੇ ਧਿਆਨ ਖਿੱਚਦੀ ਹੈ। ਵਿਸ਼ਵੀਕਰਨ ਦੀਆਂ ਨੀਤੀਆਂ ਅਤੇ ਸੰਚਾਰ ਸਾਧਨਾਂ ਨੇ ਔਰਤ ਦਾ ਬਿੰਬ ਜੋ ਪੇਸ਼ ਕੀਤਾ ਹੈ, ਉਹ ਹੈ ਤਾਂ ਉਪਭੋਗੀ ਵਸਤੂ ਵਰਗਾ ਹੀ ਪਰੰਤੂ ਉਸਨੂੰ ਆਜ਼ਾਦ ਹਸਤੀ ਦੇ ਸੁਨਹਿਰੀ ਵਰਕ ਵਿਚ ਲਪੇਟ ਕੇ ਕੀਤਾ ਹੈ। ਇਸ ਸਮੇਂ ਨਾਰੀ ਆਵਾਜ਼ ਜਿੰਨੀ ਮੁਖਰ ਹੋਈ ਹੈ ਓਨੀ ਪਹਿਲਾਂ ਨਹੀਂ ਸੀ। ਪਹਿਲੀ ਕਵਿਤਾ ਮਰਦ ਵਿਰੋਧਤਾ 'ਚੋਂ ਆਪਣੇ ਅਰਥ ਪ੍ਰਾਪਤ ਕਰਦੀ ਸੀ ਪਰੰਤੂ ਨਵੀਂ ਕਵਿਤਾ ਮਰਦਾਵੀਂ ਸੱਤਾ/ਪਿਤਰਕੀ ਸੱਤਾ ਤੋਂ ਵਿਦਰੋਹ ਕਰਕੇ ਆਪਣੀ ਹੋਂਦ ਅਤੇ ਹਸਤੀ ਦਾ ਮਸਲਾ ਸਮਾਜਕ ਨਿਆਂ ਵਜੋਂ ਉਠਾਉਂਦੀ ਹੈ। ਇਸ ਦੌਰ ਵਿਚ ਨਾਰੀ ਦੁਆਰਾ ਰਚਿਤ ਕਾਵਿ ਦੇਹਵਾਦੀ ਤੇ ਕਾਮਨਾਮਈ ਵੀ ਹੈ ਪਰੰਤੂ ਸਮਾਜਕ ਫ਼ਿਕਰ ਅਤੇ ਸਰੋਕਾਰ ਵਾਲੀ ਕਵਿਤਾ ਇਸ ਲਈ ਵਧੇਰੇ ਪ੍ਰਸੰਗਕ ਅਤੇ ਸਾਰਥਕ ਹੈ ਕਿਉਂਕਿ ਉਹ ਨਾਰੀ ਨੂੰ ਦੇਹਿਕ ਆਬਜੈਕਟ ਦੀ ਥਾਵੇਂ ਇਕ ਸਮਾਜਕ ਅਤੇ ਸਭਿਆਚਾਰਕ ਹੋਂਦ ਵਜੋਂ ਸਿਰਜਦੀ ਹੈ। ਵਿਅਕਤੀਗਤ ਸੁੰਗੇੜ ਦੀ ਕਵਿਤਾ ਪਰਿਵਾਰਕ ਸਰਦਲ ਅਤੇ ਦੇਹ ਦੀ ਸੀਮਾਂ ਨਹੀਂ ਉਲੰਘਦੀ। ਅਜਿਹੀ ਕਵਿਤਾ ਮਨਇੱਛਤ ਰਿਸ਼ਤਿਆਂ ਦੇ ਰੋਮਾਂਸ ਵਿਚ ਸਿਮਟ ਜਾਂਦੀ ਹੈ। ਇਹ ਕਵਿਤਾ ਸਮਾਜੀ ਸੰਵਾਦ ਦੀ ਨਹੀਂ ਵਿਅਕਤੀਗਤ ਮੋਨੋਲਾਗ ਦੀ ਕਵਿਤਾ ਹੈ ਜਿਹੜੀ ਵਿਚਾਰਧਾਰਕ ਰਸਤੇ ਦੀ ਤਲਾਸ਼ ਨਹੀਂ ਕਰਦੀ ਸਗੋਂ ਮਾਨਸਿਕ ਕਥਾਰਸਿਜ਼ ਦੀ ਕਵਿਤਾ ਹੈ। ਇਹ ਕਵਿਤਾ ਦੀ ਧੁਨੀ ਗੁੰਬਦੀ ਆਵਾਜ਼ ਵਰਗੀ ਹੈ ਜੋ ਅੰਦਰੋ ਅੰਦਰੀ ਗੂੰਜ ਕੇ ਖ਼ਾਮੋਸ਼ ਹੋ ਜਾਂਦੀ ਹੈ:-
ਤੂੰ ਜੋ ਵਾਪਰ ਰਿਹੈਂ
ਕਿਸੇ ਕ੍ਰਿਸ਼ਮੇਂ ਵਾਂਗ
ਬਹਿ ਰਿਹੈ ਮੇਰੇ ਅੰਦਰ
ਕਿਸੇ ਪਹਾੜੀ ਚਸ਼ਮੇ ਵਾਂਗ
ਮੈਂ ਜੋ ਪਈ ਹੋਈ ਸਾਂ ਜੰਗਲ ਵਿਚ
ਖ਼ਾਮੋਸ਼ ਤੇਲ ਵਾਂਗ
ਝੂਲ ਗਈ ਹਾਂ ਤੇਰੇ ਨਾਲ
ਕਿਸੇ ਵੇਲ ਵਾਂਗ
ਸੱਜਣ
ਤੂੰ ਇਕ ਵਿਰਾਟ ਰੁੱਖ
ਤੇ ਮੈਂ ਤੇਰੀ ਗੂੜ੍ਹੀ ਛਾਂ ਦੀ ਚੁੱਪ........
(ਸਿਮਰਤ ਗਗਨ, ਤਸਬੀ, ਪੰਨਾ-82)
ਨਾਰੀ ਕਵਿਤਾ ਦਾ ਵੱਡਾ ਹਿੱਸਾ ਇਨਕਾਰ, ਅਸਵੀਕਾਰ ਅਤੇ ਵਿਸਥਾਪਤੀ ਨਾਲ ਸੰਬੰਧ ਹੈ। ਇਨਕਾਰ ਅਤੇ ਅਸਵੀਕਾਰ ਤੋਂ ਬਾਅਦ ਇਸ ਕਵਿਤਾ ਦੀ ਠਾਹਰ ਮਨਇੱਛਤ ਰਿਸ਼ਤੇ ਦੋਸਤ/ਮਹਿਬੂਬ ਵਿਚ ਬਣਦੀ ਹੈ। ਇਹ ਰਿਸ਼ਤਾ ਸਮਾਜਕਤਾ 'ਚ ਰੂਪਾਂਤਰਿਤ ਹੋਣ ਤੋਂ ਪਹਿਲਾਂ ਵੀ ਜਾਂ ਬਾਅਦ ਵਿਚ ਵਿਸ਼ਾਦ ਦੀ ਸਥਿਤੀ 'ਚ ਬਦਲ ਜਾਂਦਾ ਹੈ ਕਿਉਂਕਿ ਨਾਰੀ ਕਾਵਿ ਵਿਵਸਥਾਵੀ ਪ੍ਰਬੰਧ ਅਤੇ ਪਿਤਰਕੀ ਅਵਚੇਤਨ ਨੂੰ ਨਹੀਂ ਸਮਝਦਾ ਪਰੰਤੂ ਨਵੀਂ ਕਵਿਤਾ ਦਾ ਅਲਪ ਹਿੱਸਾ ਨਾਰੀ ਦੀ ਹੋਂਦ ਅਤੇ ਹਸਤੀ ਨੂੰ ਭਾਵੁਕ, ਰੋਮਾਂਸੀ ਅਤੇ ਕਲਪਿਤ ਚਿੱਤਰਾਂ ਦੀ ਥਾਵੇਂ ਵਿਵੇਕਮਈ ਅਤੇ ਚਿੰਤਨਸ਼ੀਲ ਦ੍ਰਿਸ਼ ਵਿਚ ਸਿਰਜਦਾ ਹੈ। ਇਹ ਦ੍ਰਿਸ਼ ਨਾਰੀ ਦੀ ਹੋਂਦ ਨੂੰ ਸਮਾਜਕ ਫ਼ਿਕਰ ਅਤੇ ਸਰੋਕਾਰ ਦੇ ਰੂਪ 'ਚ ਸੰਚਾਰਦੇ ਹਨ। ਇਸੇ ਕਰਕੇ ਇਹ ਕਵਿਤਾ ਮੋਨੋਲਾਗ ਦੀ ਥਾਵੇਂ ਸੰਵਾਦ ਅਤੇ ਭਾਵੁਕ ਇਨਕਾਰ ਦੀ ਥਾਵੇਂ ਵਿਚਾਰਧਾਰਕ ਸੂਝ ਨਾਲ ਪੇਸ਼ ਕਰਦੀ ਹੈ:-
ਮੈਂ ਇਕ ਅਸਵੀਕ੍ਰਿਤ ਪਾਤਰ ਹਾਂ
ਦੋਹਾਂ ਹੀ ਧਿਰਾਂ ਨੂੰ ਅਸਵੀਕਾਰ
ਇਕ ਧਿਰ ਨੂੰ
ਸਿਰਫ਼ ਏਹੀ ਯਾਦ ਰਹਿੰਦਾ
ਕਿ ਮੈਂ ਇਕ ਔਰਤ ਹਾਂ
ਦੂਜੀ ਧਿਰ
ਸਿਰਫ਼ ਏਹੀ ਭੁੱਲ ਜਾਂਦੀ
ਕਿ ਮੈਂ ਇਕ ਔਰਤ ਹਾਂ
(ਨੀਤੂ ਅਰੋੜਾ, ਸਵਾਲਾਂ ਦੇ ਸਨਮੁੱਖ, ਪੰਨਾ-27)
ਸਾਹਮਣੇ ਸਾਗਰ ਹੈ
ਪਿਆਸ ਮਨ
ਤੜਪ
ਦਹਕ ਰਹੇ ਨੇ
ਮੇਰੀ ਛਾਤੀ 'ਚ ਬਸ!
ਲਾਵਾ ਹੈ ਖਿਆਲਾਂ ਦਾ
ਤੇਰਾ ਮਹਿਕਣਾ ਮੁਸਕਰਾਉਣਾ
ਫਿਜ਼ਾਵਾਂ 'ਚ ਘੁਲਦਾ ਹੈ
ਮਨ 'ਚ ਫਿਰ ਉਹੀ ਸਵਾਲ ਹੈ
ਟਿਕਾਣਾ ਨਹੀਂ ਹੈ
ਸਿਮਟਿਆ ਮਨੁੱਖ
ਭਰਮ ਜਾਂਦਾ ਹੈ
ਸਹਿਮ ਤੋਂ ਬਾਹਰ ਆਉਣਾ ਚਾਹੇ ਤਾਂ
ਇੱਛਾਵਾਂ ਚ ਭਟਕ ਜਾਂਦਾ ਹੈ..............
(ਅਮਰਜੀਤ ਘੁੰਮਣ, ਕਦੰਬ, ਪੰਨਾ-48)
ਨਾਰੀ ਕਾਵਿ ਦਾ ਸਵਰ ਆਜ਼ਾਦੀ ਦੀ ਚਾਹਤ ਹੈ। ਇਸ ਚਾਹਤ ਨੂੰ ਸਮਝਣਾ ਜ਼ਰੂਰੀ ਹੈ ਕਿਉਂਕਿ ਨਿਆਂਸ਼ੀਲਤਾ ਦੇ ਅੰਦਰੂਨੀ ਤੱਤ ਸਾਰ ਨੂੰ ਤਾਂ ਹੀ ਸਮਝਿਆ ਜਾ ਸਕਦਾ ਹੈ। ਇਕ ਪਾਸੇ ਨਾਰੀ ਕਾਵਿ ਫਿਊਡਲ ਕਦਰ ਪ੍ਰਬੰਧ ਪਿਤਰਕੀ ਸੱਤਾ, ਨੈਤਿਕ ਮਾਨ ਮਰਿਯਾਦਾ ਪ੍ਰਤੀ ਇਨਕਾਰੀਆਂ ਸਵਾਲ ਜਗਾਉਂਦਾ ਹੈ ਤਾਂ ਦੂਸਰੇ ਪਾਸੇ ਸਰਮਾਏਦਾਰਾਨਾ ਉਰਭੋਗਤਾ ਨੇ ਤਥਾਕਥਿਤ ਆਜ਼ਾਦੀ ਦੇ ਨਾਮ ਹੇਠ ਉਸ ਦੀ ਦੇਹਿਕ ਆਜ਼ਾਦੀ ਨੂੰ ਜਸ਼ਨ ਤੇ ਉਪਭੋਗਤਾ ਦੀ ਵਸਤ ਵਿਚ ਪਲਟ ਦਿੱਤਾ ਹੈ। ਇਸ ਪ੍ਰਤੀ ਨਾਰੀ ਕਾਵਿ ਦਾ ਸਵਰ ਚਿੰਤਨਸ਼ੀਲ ਘੱਟ ਹੈ ਪਰੰਤੂ ਇਸ ਨੂੰ ਉਹ ਅਚੇਤ ਪੱਧਰ ਉਪਰ ਸਵੀਕਾਰ ਕਰਕੇ ਆਪਣੇ ਫ਼ੈਸਲੇ ਖ਼ੁਦ ਕਰਨ ਦੇ ਵਿਸ਼ਵਾਸ਼ ਨੂੰ ਦ੍ਰਿੜ ਕਰਦੀ ਹੈ। ਦੂਸਰਾ, ਪਹਿਲੂ ਇਹ ਵੀ ਅਹਿਮ ਹੈ ਕਿ ਸਮੁੱਚਾ ਨਾਰੀ ਕਾਵਿ ਹੋਰਨਾਂ ਦਮਨਕ੍ਰਿਤ ਧਿਰਾਂ ਨਾਲ ਕਿਸੇ ਤਰ੍ਹਾਂ ਵੀ ਸਹਿਹੋਂਦ ਦੀ ਸਥਿਤੀ ਵਿਚ ਨਹੀਂ ਹੈ। ਇਹ ਕਵਿਤਾ ਇਨਕਾਰ, ਅਸਵੀਕਾਰ ਜਾਂ ਸਵੀਕਾਰ ਸਿਰਫ਼ ਨਾਰੀ ਹੋਂਦ 'ਤੇ ਹੀ ਕੇਂਦਰਿਤ ਕਰਦਾ ਹੈ:-
ਨਹੀਂ ਬੱਸ!
ਮੈਂ ਅਗਨੀ ਪ੍ਰੀਖਿਆ ਨਹੀਂ
ਦੇਵਾਂਗੀ ਹੁਣ
ਮੈਂ ਰਾਮ ਨਾਲ ਰਹਾਂ
ਜਾਂ ਰਾਵਣ ਨਾਲ
ਜਾਂ ਕਿਸੇ ਹੋਰ ਨਾਲ
ਇਹ ਫ਼ੈਸਲਾ ਹੁਣ ਮੈਂ ਕਰਾਂਗੀ………….
(ਕਮਲਪ੍ਰੀਤ ਸਿੱਧੂ, ਉਨੀਂਦਰੇ ਚਿਰਾਗ, ਪੰਨਾ-79)
ਆਦਿ ਤੋਂ ਅੰਤ
ਅੰਤ ਤੋਂ ਅਨੰਤ
ਰਸਤਾ
ਮੰਜ਼ਿਲ
ਨਾ ਹੀ ਕੋਈ
ਪੜਾਅ
ਰੰਗਾਂ 'ਚ ਰਫ਼ਤਾਰ
(ਬਿਪਨਪ੍ਰੀਤ, ਜਨਮ, ਪੰਨਾ-15)
ਉਪਰੋਕਤ ਫਿਕਰਾਂ ਦੇ ਨਾਲ ਨਾਲ ਨਵੀਂ ਪੰਜਾਬੀ ਕਵਿਤਾ ਪੰਜਾਬ ਦੇ ਇਤਿਹਾਸ, ਮਿਥਿਹਾਸ, ਲੋਕਧਾਰਾ ਅਤੇ ਭੂਗੋਲ ਨੂੰ ਮੁੜ ਪਰਿਭਾਸ਼ਤ ਕਰਕੇ ਪੰਜਾਬੀ ਮਨੁੱਖ ਦਾ ਇਕ ਨਵਾਂ ਸੰਕਲਪ ਸਿਰਜਣ ਦੀ ਚਿੰਤਾ ਵਿਚ ਵੀ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਇਹ ਸੰਕਲਪ ਨਵੀਂ ਪੰਜਾਬੀ ਕਵਿਤਾ ਵਿਚ ਇਕ ਫ਼ਿਕਰ ਵਜੋਂ ਸਾਹਮਣੇ ਆ ਰਿਹਾ ਹੈ। ਇਸ ਫ਼ਿਕਰ ਦੀਆਂ ਪਰਤਾਂ ਵਿਭਿੰਨ ਹਨ। ਈਸ਼ਵਰ ਦਿਆਲ ਗੌੜ (ਸੁਰਮੇਦਾਨੀ), ਪਰਮਵੀਰ ਸਿੰਘ (ਅਮ੍ਰਿਤ ਵੇਲਾ), ਦੇਵਿੰਦਰ ਸੈਫ਼ੀ (ਦੁਪਹਿਰ ਦਾ ਸਫ਼ਾ), ਹਰਵਿੰਦਰ (ਪੰਜ ਨਦੀਆਂ ਦਾ ਗੀਤ), ਕੁਲਵੰਤ ਸਿੰਘ ਗਰੇਵਾਲ (ਤੇਰਾ ਅੰਬਰਾਂ 'ਚ ਨਾਂ ਲਿਖਿਆ) ਇਹ ਕਾਵਿ ਪੁਸਤਕਾਂ ਦਾ ਫ਼ਿਕਰ ਪੰਜਾਬੀਅਤ ਨੂੰ ਪੁਨਰ ਪਰਿਭਾਸ਼ਤ ਕਰਕੇ ਵਿਰਸੇ ਦੀਆਂ ਉਨ੍ਹਾਂ ਵਿਸ਼ੇਸ਼ਤਾਵਾਂ ਨੂੰ ਉਭਾਰਨਾ ਹੈ ਜਿਸ ਵਿਚ ਪੰਜਾਬੀ ਮਨੁੱਖਤਾ ਦੀ ਨਿਵੇਕਲੀ ਹੋਂਦ ਅਤੇ ਹਸਤੀ ਦਾ ਮਸਲਾ ਹੈ। ਇਨ੍ਹਾਂ ਦੀ ਵਿਸਤ੍ਰਿਤ ਚਰਚਾ ਲਈ ਇਕ ਵੱਖਰੇ ਨਿਬੰਧ ਦੀ ਜ਼ਰੂਰਤ ਹੈ।
1990 ਤੋਂ ਬਾਅਦ ਦੀ ਨਾਰੀਵਾਦੀ ਪੰਜਾਬੀ ਕਵਿਤਾ
ਡਾ. ਮਿਨਾਕਸ਼ੀ ਰਾਠੌਰ
ਨਾਰੀਵਾਦ ਅਜੋਕੇ ਯੁੱਗ ਦੀ ਵਿਸ਼ਵਵਿਆਪੀ ਨਾਰੀ ਪੱਖੀ ਲਹਿਰ, ਅੰਦੋਲਨ ਤੇ ਵਿਚਾਰਧਾਰਾ ਹੈ ਜਿਸ ਨੇ ਪੈਤਰਿਕ ਮੁੱਲ ਵਿਧਾਨ ਨੂੰ ਚੁਣੌਤੀ ਦਿੰਦਿਆਂ ਨਾਰੀ ਹੋਂਦ ਨਾਲ ਜੁੜੇ ਅਨੇਕਾਂ ਹੀ ਸਵਾਲਾਂ ਨੂੰ ਉਭਾਰਿਆ ਹੈ। ਉਸ ਨਾਲ ਸਮਾਜ ਵਿਚ ਨਾਰੀ ਦੀ ਬਦਲਦੀ ਸਥਿਤੀ, ਦ੍ਰਿਸ਼ਟੀ ਤੇ ਭੂਮਿਕਾ ਦਾ ਪ੍ਰਸ਼ਨ ਵੀ ਨਵੇਂ ਪਰਿਪੇਖ ਵਿਚ ਉੱਭਰ ਕੇ ਸਾਹਮਣੇ ਆਉਂਦਾ ਹੈ ਜਿਸ ਨਾਲ ਪਿਤਾਪੁਰਖੀ ਸਮਾਜ ਦੇ ਦੁਹਰੇ ਮਾਪਦੰਡਾਂ, ਪਿਤਰੀ ਮੁੱਲ ਵਿਧਾਨ, ਲਿੰਗ ਭੇਦ ' ਦੀ ਰਾਜਨੀਤੀ ਅਤੇ ਨਾਰੀ ਮਨ ਦੀ ਅੰਤਰਪੀੜਾ ਨੂੰ ਤਾਂ ਨੂੰ ਸਮਝਣ ਦੀ ਡੂੰਘੀ ਚੇਤਨਾ ਵੀ ਪੈਦਾ ਹੁੰਦੀ ਹੈ। ਨਾਰੀਵਾਦ ਦੀ ਨਵੀਂ ਭਾਸ਼ਾ, ਅਭਿਵਿਅਕਤੀ ਤੇ ਅਨੁਭਵ ਦੇ ਨਵੀਨ ਪਰਿਪੇਖ ਨੇ ਨਾਰੀ ਦੀ ਚੁੱਪ ਨੂੰ ਤੋੜਿਆ ਹੈ। ਜੋ ਨਾਰੀ ਨੂੰ ਉਸ ਦੀ ਵਿਲੱਖਣ ਪਛਾਣ ਦੀ ਸੋਝੀ ਕਰਵਾਉਂਦਿਆਂ ਉਸ ਨੂੰ ਮਾਨਵ ਵਜੋਂ ਸਵੀਕ੍ਰਿਤ ਕਰ ਬਰਾਬਰਤਾ ਦਾ ਅਧਿਕਾਰ ਦਿਵਾਉਣ ਦਾ ਤਰਕ ਵੀ ਪੇਸ਼ ਕਰਦਾ ਹੈ। ਨਾਰੀ ਨੂੰ ਉਸ ਦੇ ਅਧਿਕਾਰਾਂ ਅਤੇ ਹੱਕਾਂ ਪ੍ਰਤਿ ਜਾਗਰੂਕ ਕਰਨ ਦੇ ਨਾਲ ਸਵੈ ਹੋਂਦ ਤੇ ਸਵੈ ਪਛਾਣ ਦੀ ਡੂੰਘੀ ਚੇਤਨਾ ਵੀ ਪੈਦਾ ਕਰਦਾ ਹੈ। ਨਾਰੀਵਾਦ ਪੁਰਸ਼ ਪ੍ਰਧਾਨ ਸਮਾਜ ਵਿਚ ਔਰਤ ਨੂੰ ਇਕ ਵਸਤ ਵਜੋਂ ਸਵੀਕਾਰੇ ਜਾਣ ਦੀ ਰਾਜਨੀਤੀ 'ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਨਾਰੀ ਉੱਤੇ ਹੋਣ ਵਾਲੇ ਦਮਨ, ਜ਼ੁਲਮ ਤੇ ਸੋਸ਼ਣ ਦਾ ਵਿਰੋਧ ਕਰਦਾ, ਉਸ ਦੀ ਆਪੇ ਦੀ ਚੇਤਨਾ ਨਾਲ ਜਾ ਜੁੜਦਾ ਹੈ। ਨਾਰੀਵਾਦੀ ਚਿੰਤਕਾਂ ਦਾ ਮੰਨਣਾ ਹੈ ਕਿ ਸਮਾਜ ਵਿਚ ਔਰਤ ਦੀ ਸਥਿਤੀ 'ਦੂਸਰਾ' (Other) ਵਾਲੀ ਹੈ। ਉਸ ਦੇ ਪਿੱਛੇ ਪਿਤਰੀ ਸੱਤਾ ਦੀ ਰਾਜਨੀਤੀ ਵਿਦਮਾਨ ਹੈ। ਇਸ ਲਈ ਪੁਰਸ਼ ਦੀਆਂ ਅੰਤਰਦ੍ਰਿਸ਼ਟੀਆਂ, ਮਾਨਤਾਵਾਂ, ਧਾਰਨਾਵਾਂ ਤੇ ਸੰਦੇਹ ਕਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਇਸ ਸੰਬੰਧੀ ਸਵਾਲ ਉਠਾਉਂਦਿਆਂ ਫ਼ਰਾਂਸੀਸੀ ਲੇਖਿਕਾ ਸੀਮੋਨ ਦ ਬੁਆਰ ਆਪਣੀ ਮਹਤੱਵਪੂਰਨ ਪੁਸਤਕ The Second Sex' ਵਿਚ ਲਿਖਦੀ ਹੈ ਕਿ ਹੁਣ ਤੱਕ ਔਰਤ ਦੇ ਬਾਰੇ ਵਿਚ ਪੁਰਸ਼ ਨੇ ਜੋ ਕੁਝ ਵੀ ਲਿਖਿਆ ਹੈ। ਉਸ ਨੂੰ ਗਹਿਰੀ ਸ਼ੱਕ ਦੀ ਦ੍ਰਿਸ਼ਟੀ ਨਾਲ ਪਰਖਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਉਹ ਪੀੜ੍ਹਤ ਦੇ ਬਾਰੇ ਵਿਚ ਪੀੜਕ ਦੀ ਦ੍ਰਿਸ਼ਟੀ ਤੋਂ ਲਿਖਿਆ ਗਿਆ ਹੈ। ਪੀੜ੍ਹਕ (ਪੁਰਸ਼) ਪੀੜ੍ਹਤ (ਨਾਰੀ) ਦੇ ਬਾਰੇ ਵਿਚ ਜੋ ਕੁਝ ਵੀ ਲਿਖੇਗਾ, ਉਸ ਵਿਚ ਉਹ ਆਪਣੇ ਉਤਪੀੜਨ ਤੇ ਦਮਨਕਾਰੀ ਚਰਿੱਤਰ ਉਤਪੀੜਕ ਨੂੰ ਸੁਰੱਖਿਅਤ ਰੱਖਣ ਦੇ ਉਦੇਸ਼ ਨਾਲ ਹੀ ਵਿਚਾਰੇਗਾ। ਇਸ ਲਈ ਸੀਮੋਨ ਨੇ ਇਹ ਸਵਾਲ ਉਠਾਇਆ ਕਿ ਵਿਧਾਇਕਾਂ, ਦਾਰਸ਼ਨਿਕਾਂ, ਪੁਰੋਹਿਤਾਂ, ਲੇਖਕਾਂ, ਕਲਾਕਾਰਾਂ, ਚਿੰਤਕਾਂ ਤੇ ਆਲੋਚਕਾਂ ਨੇ ਜੋ ਨਾਰੀ ਚਿੰਤਨ ਪੈਦਾ ਕੀਤਾ ਉਸ ਤੇ ਸੰਦੇਹ ਕਰਨ ਤੇ ਉਸ ਵਿਚ ਵਿਦਮਾਨ ਅੰਤਰਵਿਰੋਧਾਂ ਦਾ ਵਿਸ਼ਲੇਸ਼ਣ ਕਰਨ ਦੀ ਜ਼ਰੂਰਤ ਹੈ। 1 ਸੀਮੋਨ ਨੇ ਇਹ ਸਵਾਲ ਵੀ ਉਠਾਇਆ ਕਿ ਅੱਜ ਤੱਕ ਪੁਰਸ਼ ਨੇ ਇਸਤਰੀ ਦੇ ਪੱਖ ਜਾਂ ਵਿਰੋਧ ਵਿਚ ਜੋ ਵੀ ਲਿਖਿਆ ਹੈ। ਉਸ ਦੇ ਬਾਰੇ ਵਿਚ ਗਹਿਰਾ ਸ਼ੱਕ ਜ਼ਾਹਰ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਲਿਖਣ ਵਾਲਾ ਨਿਆਂ ਕਰਤਾ ਅਤੇ ਅਪਰਾਧੀ ਦੋਨੋਂ ਹੀ ਹੈ। ਸੀਮੋਨ ਇਥੇ ਇਹ ਵੀ ਸਪਸ਼ਟ ਕਰਦੀ ਹੈ ਕਿ ਪੁਰਸ਼ ਨੇ ਸੱਭਿਅਤਾ ਦੇ ਆਦਿ ਕਾਲ ਤੋਂ ਹੀ ਆਪਣੀ ਸਰੀਰਕ ਸ਼ਕਤੀ ਦੇ ਕਾਰਨ ਆਪਣੀ ਸ੍ਰੇਸ਼ਠਤਾ ਸਥਾਪਿਤ ਕਰ ਲਈ। ਉਸ ਨੇ ਜੋ ਮੁੱਲ
ਵਿਧਾਨ ਘੜਿਆ ਤੇ ਜਿਹਨਾਂ ਆਚਰਣਾਂ ਨੂੰ ਮਾਨਤਾ ਦਿੱਤੀ, ਉਹ ਸਭ ਉਸ ਦੀ ਆਪਣੀ ਸਹੂਲਤ ਦੇ ਲਈ ਸਨ। ਇਸ ਤੋਂ ਪਹਿਲਾਂ ਮਰਦ ਪ੍ਰਧਾਨ ਕਦਰਾਂ ਕੀਮਤਾਂ ਨੂੰ ਔਰਤ ਨੇ ਪਹਿਲਾਂ ਕਦੇ ਇਸ ਤਰ੍ਹਾਂ ਚੁਣੌਤੀ ਨਹੀਂ ਦਿੱਤੀ। ਕਿਧਰੇ ਕਿਧਰੇ ਵਿਅਕਤੀਗਤ ਰੂਪ ਵਿਚ ਵਿਰੋਧੀ ਅਵਾਜ਼ ਤਾਂ ਉੱਠਦੀ ਰਹੀ ਪਰ ਇਕ ਅੰਦੋਲਨ ਦੇ ਰੂਪ ਵਿਚ ਇਹ ਪਹਿਲੀ ਵਾਰ ਹੋਇਆ। ਭਾਵੇਂ ਵੱਖੋ-ਵੱਖਰੇ ਦੇਸ਼ਾਂ ਵਿਚ ਇਸ ਦਾ ਰੂਪ ਤੇ ਪ੍ਰਸੰਗ ਵੱਖੋ ਵੱਖਰਾ ਰਿਹਾ ਹੈ ਪਰ ਨਾਰੀ ਨੂੰ ਉਸ ਦੇ ਅਧਿਕਾਰਾਂ ਤੇ ਹੱਕਾਂ ਪ੍ਰਤੀ ਜਾਗਰੂਕਤਾ ਇਸ ਦਾ ਮੁੱਖ ਟੀਚਾ ਰਿਹਾ ਹੈ।
ਜਿਥੋਂ ਤੱਕ ਭਾਰਤ ਵਰਗੇ ਪ੍ਰਗਤੀਸ਼ੀਲ ਦੇਸ਼ ਦਾ ਸੰਬੰਧ ਹੈ, ਇਥੇ ਨਵੀਂ ਚੇਤਨਾ ਦਾ ਆਗਾਜ਼ ਬਸਤੀਵਾਦੀ ਦੌਰ ਵਿਚ ਹੀ ਹੁੰਦਾ ਹੈ। ਸੁਤੰਤਰਤਾ ਪ੍ਰਾਪਤੀ ਦੇ ਸੰਘਰਸ਼ ਵਿਚ ਕੁਝ ਉੱਚ ਵਰਗ ਦੀਆਂ ਔਰਤਾਂ ਦੀ ਹਿੱਸੇਦਾਰੀ ਦ੍ਰਿਸ਼ਟੀਗੋਚਰ ਹੁੰਦੀ ਹੈ। ਮੱਧਵਰਗੀ ਔਰਤਾਂ ਦੀ ਭੂਮਿਕਾ ਇਥੇ ਵੀ ਹਾਸ਼ੀਏ 'ਤੇ ਹੀ ਹੈ। ਜਿਥੋਂ ਤੱਕ ਸਾਹਿਤ ਦਾ ਮਸਲਾ ਹੈ, ਉਸ ਵਿਚ ਵੀ ਔਰਤ ਮਰਦਾਂ ਰਾਹੀਂ ਮਰਦਾਂ ਦੇ ਦ੍ਰਿਸ਼ਟੀਕੋਣ ਤੋਂ ਹੀ ਚਿਤਰੀ ਗਈ ਹੈ। ਸੂਫ਼ੀ ਕਾਵਿ ਵਿਚ ਰਾਬੀਆਂ ਨਾਂ ਦੀ ਇਕ ਔਰਤ ਸ਼ਾਇਰਾ ਦਾ ਨਾਂ ਜ਼ਰੂਰ ਆਉਂਦਾ ਹੈ। ਪਰ ਉਸ ਦੀ ਵੀ ਕੋਈ ਰਚਨਾ ਨਹੀਂ ਮਿਲਦੀ। ਪੀਰੋ ਪ੍ਰੇਮਣ ਨਾਂ ਦੀ ਇਕ ਔਰਤ ਦਾ ਹਵਾਲਾ ਕੁਝ ਸਾਹਿਤਕ ਕਿਰਤਾਂ ਨਾਲ ਜ਼ਰੂਰ ਮਿਲਦਾ ਹੈ। ਇਸ ਤਰ੍ਹਾਂ ਮੱਧਕਾਲ ਵਿਚ ਔਰਤ ਦੀ ਸ਼ਮੂਲੀਅਤ ਨਾਮਾਤਰ ਹੀ ਨਜ਼ਰ ਆਉਂਦਾ ਹੈ।
ਇਤਿਹਾਸ ਦੇ ਸਮੁੱਚੇ ਲੇਖੇ ਜੋਖੇ ਤੋਂ ਪਤਾ ਚਲਦਾ ਹੈ ਕਿ ਬਹੁਤਾ ਕਰਕੇ ਔਰਤ ਹਾਸ਼ੀਏ 'ਤੇ ਹੀ ਰਹੀ ਹੈ। ਇਸ ਕਰਕੇ ਨਾਰੀਵਾਦੀ ਚਿੰਤਨ ਨੇ ਵਿਸ਼ਵ ਚਿੰਤਨ ਵਿਚ ਕ੍ਰਾਂਤੀਕਾਰੀ ਇਤਿਹਾਸਕ ਭੂਮਿਕਾ ਨਿਭਾਈ ਹੈ। ਜਿਸ ਦਾ ਮੁੱਖ ਆਧਾਰ ਯੂਰਪ ਦੀ ਉਦਯੋਗਿਕ ਕ੍ਰਾਂਤੀ ਹੀ ਬਣਦੀ ਹੈ। ਬ੍ਰਿਟਿਸ਼ ਰਾਜ ਦੀ ਸਥਾਪਨਾ ਸਮੇਂ ਉਦਯੋਗਿਕ ਕਰਾਂਤੀ ਦੇ ਆਉਣ ਨਾਲ ਔਰਤ ਨੂੰ ਕੁਝ ਖੁੱਲ੍ਹਾਂ ਪ੍ਰਾਪਤ ਹੋਈਆਂ। ਉਹ ਵਿੱਦਿਆ ਹਾਸਲ ਕਰਨ ਲੱਗੀ। ਜਿਸ ਦੇ ਇਵਜ਼ ਵਜੋਂ ਉਸ ਨੂੰ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਆਉਣ ਦੇ ਵੀ ਕੁਝ ਮੌਕੇ ਮਿਲਦੇ ਹਨ। ਅਜ਼ਾਦੀ ਤੋਂ ਬਾਅਦ ਵੀ ਸੰਵਿਧਾਨਿਕ ਤੌਰ 'ਤੇ ਭਾਵੇਂ ਔਰਤ ਨੂੰ ਕੁਝ ਹੱਕ ਜ਼ਰੂਰ ਪ੍ਰਾਪਤ ਹੁੰਦੇ ਹਨ ਪਰ ਸਮਾਜਿਕ ਸਥਿਤੀਆਂ ਉਸੇ ਤਰ੍ਹਾਂ ਦੀਆਂ ਹੋਣ ਕਰਕੇ ਔਰਤ ਦੀ ਸਥਿਤੀ ਵਿਚ ਕੋਈ ਬਹੁਤਾ ਪਰਿਵਰਤਨ ਨਹੀਂ ਆਇਆ।
ਨਤੀਜੇ ਵਜੋਂ ਕੁਝ ਨਾਰੀ ਲੇਖਿਕਾਵਾਂ ਨਾਰੀ ਦੀ ਆਵਾਜ਼ ਬਣ ਕੇ ਉਭਰਦੀਆਂ ਹਨ। ਆਧੁਨਿਕ ਸਾਹਿਤ ਦੀ ਹਰ ਇਕ ਵਿਧਾ ਔਰਤ/ਮਰਦ ਸੰਬੰਧਾਂ ਦੀਆਂ ਜਟਿਲਤਾਵਾਂ ਤੇ ਸਮੱਸਿਆਵਾਂ ਦੀ ਬਾਤ ਪਾਉਂਦੀ ਹੈ। ਜਿਸ ਵਿਚ ਪੰਜਾਬੀ ਕਵਿਤਾ ਵਧੇਰੇ ਉਭਰਵੇਂ ਰੂਪ ਵਿਚ ਅਗਰਭੂਮਿਤ ਹੁੰਦੀ ਹੈ। 20ਵੀਂ ਸਦੀ ਵਿਚ ਸਾਡੇ ਕੋਲ ਗਿਣਤੀ ਦੀਆਂ ਕਵਿੱਤਰੀਆਂ ਹੀ ਮਿਲਦੀਆਂ ਹਨ ਪਰ ਸਦੀ ਦੇ ਅੰਤਲੇ ਦਹਾਕਿਆਂ ਵਿਚ ਔਰਤਾਂ ਦਾ ਇਕ ਪੂਰੇ ਦਾ ਪੂਰਾ ਪੂਰ ਕਵਿਤਾ ਦੇ ਖੇਤਰ ਵਿਚ ਪ੍ਰਵੇਸ਼ ਕਰਦਾ ਹੈ। ਜਿਹਨਾਂ ਵਿਚ ਮਨਜੀਤ ਟਿਵਾਣਾ, ਮਨਜੀਤਪਾਲ ਕੌਰ, ਵਨੀਤਾ, ਪਾਲ ਕੌਰ, ਮਨਜੀਤ ਇੰਦਰਾ, ਸ਼ਰਨ ਮੱਕੜ, ਸੁਖਵਿੰਦਰ ਅੰਮ੍ਰਿਤ, ਸੁਰਜੀਤ ਸਖੀ, ਸਿਮਰਨ ਗਗਨ, ਭੁਪਿੰਦਰ ਕੌਰ ਪ੍ਰੀਤ, ਅਮਰਜੀਤ ਘੁੰਮਣ, ਨੀਰੂ ਅਸੀਮ, ਅਮੀਆ ਕੁੰਵਰ, ਦੇਵਿੰਦਰ ਦਿਲਰੂਪ ਆਦਿ
ਅਨੇਕਾਂ ਕਵਿਤਰੀਆਂ ਕਾਵਿ ਸਿਰਜਣਾ ਵਿਚ ਸਰਗਰਮ ਹੁੰਦੀਆਂ ਹਨ। ਇਹ ਕਵਿਤਰੀਆਂ ਮਰਦਾਵੇਂ ਪ੍ਰਵਚਨ ਦੁਆਰਾ ਸਥਾਪਿਤ ਔਰਤਪਣ ਦੀ ਪਰਿਭਾਸ਼ਾ ਨੂੰ ਨਕਾਰਦਿਆਂ ਨਵੀਨ ਪ੍ਰਵਚਨ ਸਿਰਜਦੀਆਂ ਹਨ। ਉਹ ਆਪਣੀ ਚੁੱਪ ਨੂੰ ਜ਼ੁਬਾਨ ਦੇਂਦੀਆਂ ਦੇਵੀ ਤੇ ਸਤੀ ਸਵਿੱਤਰੀ ਹੋਣ ਤੋਂ ਇਨਕਾਰੀ ਹੁੰਦੀਆਂ ਹਨ। ਨਾਰੀ ਹਰ ਉਸ ਮਿੱਥ ਨੂੰ ਵੰਗਾਰਦੀ ਤੇ ਰੱਦ ਕਰਦੀ ਹੈ ਜੋ ਪਿਤਰਕੀ ਚਿਹਨਕੀ ਪ੍ਰਬੰਧ ਉਸ ਖ਼ਿਲਾਫ਼ ਵਰਤਦਾ ਰਿਹਾ ਹੈ।
ਤੂੰ ਮਰਦ, ਇਤਿਹਾਸ ਦੇ ਪੰਨਿਆਂ
ਵੇਦਾਂ ਸਾਮਵੇਦਾਂ
ਤੈਨੂੰ ਤਾਕਤ ਦਿੱਤੀ
ਕਰ ਸਕਦਾ ਤੂੰ ਲਾਗੂ ਚਿੰਤਨ
-----------------------------------
ਪਰ ਇਤਿਹਾਸ ਮਿਥਿਹਾਸ ਹੈ ਜੋ
ਸਾਰੇ ਦਾ ਸਾਰਾ
ਮੈਨੂੰ ਨਿਰਬਲ ਕਰਦਾ।
(ਮਨਜੀਤ ਪਾਲ ਕੌਰ, ਅਹਿਸਾਸ, ਪੰਨਾ 83)
ਭਾਰਤੀ ਮਿੱਥ ਸੰਸਾਰ ਬਹੁਤਾ ਕਰਕੇ ਔਰਤ ਤੇ ਖ਼ਿਲਾਫ਼ ਹੀ ਭੁਗਤਦਾ ਹੈ। ਮਿੱਥ ਆਪਣੇ ਹੋਰ ਪ੍ਰਕਾਰਜਾਂ ਸਮੇਤ ਔਰਤ ਦੀ ਦੇਹ ਦੇ ਨਾਲ ਚੇਤਨ ਤੇ ਅਵਚੇਤਨ ਨੂੰ ਨਿਯੰਤਰਣ ਕਰਨ ਦੀ ਭੂਮਿਕਾ ਵੀ ਨਿਭਾਉਂਦੀ ਹੈ ਤੇ ਇਸ ਨਿਯੰਤਰਣ ਨੂੰ ਪਵਿੱਤਰ ਤੇ ਧੁਰ ਦਰਗਾਹੀ ਦੱਸ ਅਜਿਹਾ ਵਰਤਾਰਾ ਬਣਾ ਦੇਂਦੀ ਹੈ, ਜਿਸ ਉੱਤੇ ਸੰਦੇਹ ਕਰਨਾ ਵੀ ਪਾਪ ਗਰਦਾਨਿਆ ਜਾਂਦਾ ਹੈ। ਜਿਸ ਦੇ ਲਈ ਨਾਰੀ ਕਾਵਿ ਵਿਚ ਵਿਦਰੋਹੀ ਸੁਰ ਉੱਭਰਦੀ ਹੈ। ਜਿਸ ਅਧੀਨ ਸਮਕਾਲੀ ਨਾਰੀ ਕਾਵਿ ਵਿਚ ਨਾਰੀਵਾਦੀ ਬਿਰਤੀ, ਸੋਚ, ਚੇਤਨਾ ਦੇ ਵਿਭਿੰਨ ਪਾਸਾਰ ਪੇਸ਼ ਹੁੰਦੇ ਹਨ। ਜਿਥੇ ਉਸ ਨੂੰ ਮਰਦ ਇਕ ਭੇੜੀਆ ਜਾਪਦਾ ਹੈ।
ਮਰਦ ਇਕ ਭੁੱਖਾ ਭੇੜੀਆ ਹੈ
ਜੋ ਤੁਹਾਨੂੰ ਹੋਰ ਭੇੜੀਆਂ ਤੋਂ ਤਾਂ ਬਚਾ ਲੈਂਦਾ ਹੈ
ਪਰ ਆਪ
ਪਹਿਲਾਂ ਤੁਹਾਨੂੰ ਆਪਣੇ ਜਬਾੜੇ' ਚ ਅਟਕਾ ਕੇ
ਦਸਦਾ ਹੈ-ਦੇਖ ਤੂੰ ਕਿੰਨੀ ਸੁਰੱਖਿਅਤ ਹੈ.......
ਮੈਂ ਤੈਨੂੰ ਖਾਂਦਾ ਨਹੀਂ।
(ਮਨਜੀਤ ਟਿਵਾਣਾ)
ਮਰਦ ਪ੍ਰਧਾਨ ਸੱਤਾ ਪ੍ਰਤੀ ਆਪਣਾ ਪ੍ਰਤੀਕਰਮ ਕਵਿਤਰੀ ਪਾਲ ਕੌਰ ਕੁਝ ਇਸ ਤਰ੍ਹਾਂ ਉਭਾਰਦੀ ਹੈ।
ਤੇਰਾ ਬੀਜ ਮੈਥੋਂ ਲਹੁ ਲੈ ਕੇ ਉਗਿਆ
ਤੇ ਮੇਰਾ ਹੀ ਅਧਿਕਾਰੀ ਹੋ ਗਿਆ।
ਔਰਤ ਦੇ ਸਮਾਜਿਕ ਕੀਮਤ ਪ੍ਰਬੰਧ ਦੇ ਸੰਤਾਪ ਭੋਗਣ ਦੇ ਨਾਲ ਮਾਨਸਿਕ ਸੰਤਾਪ ਹੰਢਾਉਂਣ ਦੇ ਸੰਕਲਪ ਦੀ ਪੇਸ਼ਕਾਰੀ ਵੀ ਅਜੋਕੇ ਨਾਰੀ ਕਾਵਿ ਵਿਚ ਬਾਖ਼ੂਬੀ ਹੋਈ ਮਿਲਦੀ ਹੈ। ਜਿਸ ਦਾ ਪ੍ਰਗਟਾਵਾ ਕਰਦੀ ਕਵਿਤਰੀ ਵਨੀਤਾ ਕੁਝ ਇਸ ਤਰ੍ਹਾਂ ਦੇ ਹਾਵ ਭਾਵ ਪੇਸ਼ ਕਰਦੀ ਹੈ।
ਰਿਸ਼ਤਿਆਂ ਦੀ ਪਰਿਭਾਸ਼ਾ ਤਾਂ/ਬਸ ਇੰਨੀ ਕੁ
ਸਾਰੀ ਉਮਰ ਜਦੋਂ ਉਹਨਾਂ ਦੇ/ਅਨੁਕੂਲ ਹੋ ਤਾਂ ਚੰਗੇ
ਜਦ ਹੀ ਸਵੈ 'ਚ ਕੁਝ ਜਾਗਿਆ/ ਉਸ ਨੇ ਕੁਝ ਆਖਿਆ।
ਇਕ ਔਰਤ ਸਦੀਆਂ ਤੋਂ ਪੀੜ੍ਹੀ ਦਰ ਪੀੜ੍ਹੀ ਪਿਤਰਕੀ ਚਿਹਨਕੀ ਪ੍ਰਬੰਧ ਦੀਆਂ ਵਰਜਨਾਵਾਂ ਹੰਢਾਉਂਦੀ ਅੱਗੇ ਤੋਂ ਅੱਗੇ (ਮਾਂ ਤੋਂ ਧੀ ਤੋਂ ਫਿਰ ਅਗਲੀ ਪੀੜ੍ਹੀ ਤੱਕ) ਪਹੁੰਚਾਉਂਦੀ ਹੈ। ਉਸ ਦਾ ਹਵਾਲਾ ਵੀ ਨਾਰੀ ਕਾਵਿ ਵਿਚ ਮਿਲਦਾ ਹੈ।
ਮੇਰੀ ਮਾਂ ਨੇ ਮੈਨੂੰ ਆਖਿਆ ਸੀ,
ਸਿਆਣੀਆਂ ਕੁੜੀਆਂ ਲੁੱਕ-ਲੁੱਕ ਰਹਿੰਦੀਆਂ
ਧੁੱਖ ਧੁੱਖ ਜਿਉਂਦੀਆਂ, ਝੁੱਕ-ਬੁੱਕ ਤੁਰਦੀਆਂ
ਨਾ ਉੱਚਾ ਬੋਲਦੀਆਂ ਨਾ ਉੱਚਾ ਹੱਸਦੀਆਂ
(ਸੁਖਵਿੰਦਰ ਅੰਮ੍ਰਿਤ)
ਇਸੇ ਤਰ੍ਹਾਂ ਦੇ ਸੰਦਰਭ ਨੂੰ ਅੱਗੇ ਤੋਰਦੀ ਪਾਲ ਕੌਰ ਆਪਣੇ ਦਰਦ ਨੂੰ ਕੁਝ ਇਸ ਤਰ੍ਹਾਂ ਬਿਆਨ ਕਰਦੀ ਹੈ। ਜਿਸ ਵਿਚ ਪਿਤਰਕੀ ਸੱਤਾ ਦੁਆਰਾ ਪ੍ਰਦਾਨ ਕੀਤੇ ਟੁਕੜਿਆਂ ਵਿਚ ਜਿਉਣਾ ਹੀ ਉਸ ਦੀ ਹੋਣੀ ਹੈ। ਜਿਥੇ ਉਸ ਨੂੰ ਆਪਣੇ ਬਚਪਨ ਦੇ ਗੁਆਚ ਜਾਣ ਦਾ ਵੀ ਸ਼ਿਕਵਾ ਹੈ।
ਟੁਕੜੇ ਇੱਕਠੇ ਕਰਦੀ ਫ਼ਿਰਦੀ ਹਾਂ ਅੱਜ ਕੱਲ
ਕਿਸੇ ਟੁਕੜੇ 'ਚ ਜਿਉਂਦੀ
ਤੇ ਕਿਤੇ ਮਰਦੀ ਫਿਰਦੀ ਹਾਂ ਅੱਜ ਕੱਲ
ਕਿਸੇ ਟੁਕੜੇ 'ਚ ਸਾਹ ਏ, ਕਿਸੇ 'ਚ ਰਾਹ ਏ, ਕਿਸੇ 'ਚ ਹਾਅ ਏ।
ਪਰ ਕਿੱਥੇ ਹੈ ਉਹ ਗੁੱਡੀ ਮਾਸੂਮ
(ਬਾਰਿਸ਼ ਅੰਦਰੇ ਅੰਦਰ, ਪੰਨਾ 56)
ਇਸੇ ਲਈ ਉਹ ਨਾਰੀ ਦੇ ਸੁਤੰਤਰ ਅਸਤਿੱਤਵ ਦੀ ਕ੍ਰਾਂਤੀ ਸੰਬੰਧੀ ਕਈ ਸਵਾਲ ਖੜ੍ਹੇ ਕਰਦੀ ਖ਼ਿਦਮਤਾਂ ਵਿਚ ਦੋਹਰਾ ਤੀਹਰਾ ਹੁੰਦੀਆਂ ਕੁੜੀਆਂ ਨੂੰ 'ਕਮਲੀਆਂ' ਕਹਿੰਦੀ ਹੈ।
ਚੁਗਦੀਆਂ ਨੇ ਹੱਥਾਂ ਨਾਲ ਕੰਡੇ,
ਤੇ ਕਰਦੀਆਂ ਨੇ ਨਵੇਂ ਰਾਹਾਂ ਨੂੰ ਪੈਰਾਂ ਦੇ ਮੇਚ
ਤੁਰਦੀਆਂ ਰਹਿੰਦੀਆਂ, ਹੋਣੀਆਂ-ਅਣਹੋਣੀਆਂ
ਥੋੜ੍ਹਾ ਜਿਹਾ ਫੈਲਦੀਆਂ ਤੇ ਬਹੁਤਾ ਬਿਖਰਦੀਆਂ
ਖ਼ਿਦਮਤਾਂ 'ਚ ਦੂਹਰੀਆਂ ਤੀਹਰੀਆਂ ਹੁੰਦੀਆ,
ਕਮਲੀਆਂ ਕੁੜੀਆਂ
(ਬਾਰਿਸ਼ ਅੰਦਰੇ ਅੰਦਰ, ਪੰਨਾ 20)
ਰਜਨੀਸ਼ ਓਸ਼ੋ ਔਰਤ ਦੇ ਅਸਤਿੱਤਵ ਤੇ ਹੋਂਦ ਸੰਬੰਧੀ ਟਿੱਪਣੀ ਕਰਦੇ 'ਨਾਰੀ ਔਰ ਕ੍ਰਾਂਤੀ' ਵਿਚ ਲਿਖਦੇ ਹਨ ਕਿ ਨਾਰੀ ਕਿੱਥੇ ਹੈ? ਨਾਰੀ ਦਾ ਕੋਈ ਅਸਤਿਤੱਵ ਹੀ ਨਹੀਂ ਹੈ। ਮਾਂ ਦਾ ਅਸਤਿਤੱਵ ਹੈ, ਭੈਣ ਦਾ ਅਸਤਿਤੱਵ ਹੈ, ਬੇਟੀ ਦਾ ਅਸਤਿੱਤਵ ਹੈ, ਪਤਨੀ ਦਾ ਅਸਤਿਤੱਵ ਹੈ, ਨਾਰੀ ਦਾ ਕੋਈ ਅਸਤਿਤੱਵ ਨਹੀਂ ਹੈ। ਨਾਰੀ ਦਾ ਅਸਤਿਤੱਵ ਉੱਨਾ ਹੀ ਹੈ ਜਿਸ ਮਾਤਰਾ ਵਿਚ ਪੁਰਸ਼ ਨਾਲ ਸੰਬੰਧਿਤ ਹੁੰਦੀ ਹੈ।
ਪਰ ਅੱਜ ਦੀ ਔਰਤ ਸਦੀਆਂ ਤੋਂ ਚੱਲੀ ਆ ਰਹੀ ਇਸ ਸੰਸਕਾਰੀ ਵਰਜਨਾਵਾਂ ਦੀ ਗ਼ੁਲਾਮੀ ਦਾ ਜੂਲਾ ਲਾਹ ਅੱਗੇ ਵਧਣ ਲਈ ਤੱਤਪਰ ਹੈ। ਇਹ ਜਜ਼ਬਾ ਸਥਾਪਤੀ ਪ੍ਰਤੀ ਬਗ਼ਾਵਤੀ ਦਾ ਵੀ ਹੈ ਤੇ ਸਥਿਤੀਆਂ ਨੂੰ ਆਪਣੇ ਅਨੁਕੂਲ ਢਾਲਣ ਦਾ ਵੀ। ਜਿਸ ਦੀ ਤਰਜ਼ਮਾਨੀ ਸੁਖਵਿੰਦਰ ਅੰਮ੍ਰਿਤ ਕੁਝ ਇਸ ਤਰੀਕੇ ਨਾਲ ਕਰਦੀ ਹੈ।
ਕਦਮ ਕਦਮ ਤੇ ਦੀਵਾਰਾਂ ਨਾਲ ਸਮਝੌਤਾ ਨਾ ਕਰੀਂ,
ਆਪਣੀਆਂ ਉਡਾਰੀਆਂ ਨੂੰ ਪਿੰਜਰਿਆਂ ਕੋਲ ਗਹਿਣੇ ਨਾ ਧਰੀ।
ਤੂੰ ਮਾਣ ਨਾਲ ਜਿਊਈ, ਮਾਣ ਨਾਲ ਮਰੀਂ,
ਦੀਵਾਰਾਂ ਨਾਲ ਸਮਝੌਤਾ, ਹਰਗਿਜ਼ ਨਾ ਕਰੀਂ।
(ਸੁਖਵਿੰਦਰ ਅੰਮ੍ਰਿਤ)
ਇਸੇ ਲਈ ਅੱਜ ਦੀ ਨਾਰੀ ਚੇਤਨਾ ਕਿਸੇ ਪ੍ਰਹਲਾਦ ਲਈ ਸੜਨ ਲਈ ਤਿਆਰ ਨਾ ਹੁੰਦੀ ਨਵੀਨ ਦਿਸਹੱਦਿਆਂ ਵੱਲ ਵੱਧਦੀ ਹੈ। ਜਿਥੇ ਉਸ ਦਾ ਆਪਣਾ ਅਸਤਿੱਤਵ ਤੇ ਆਪਣੀ ਹੋਂਦ ਹੈ।
ਇਸ ਅੱਗ ਦੁਆਲੇ
ਪਰਿਕਰਮਾ ਕਰਦੀ ਦਿਆਂ ਆਵਾਜ਼
ਸੜ ਜਾ ਹੋਲਿਕਾ!॥
ਬਸ ਤੂੰ ਹੁਣ ਸੜ ਜਾ ਹੋਲਿਕਾ!!
ਪ੍ਰਹਲਾਦ ਨੂੰ ਮੁਸਕਰਾਣ ਦੇ
ਕਿ ਸਾਰੇ ਬ੍ਰਹਿਮੰਡ ਨੂੰ ਮੁਸਕਰਾਣ ਦੇ
ਤੇ ਤੂੰ ਹੁਣ ਸੜ ਜਾ ਹੋਲਿਕਾ
(ਬਾਰਿਸ਼ ਅੰਦਰ ਅੰਦਰੇ ਪੰਨਾ, 75)
ਇਸੇ ਲਈ ਸੁਖਵਿੰਦਰ ਅੰਮ੍ਰਿਤ ਇਸ ਪਿਤਰਕੀ ਪ੍ਰਬੰਧ ਦੀਆਂ ਅਖੌਤੀ ਕਦਰਾਂ ਕੀਮਤਾਂ 'ਤੇ ਸਵਾਲ ਕਰਦੀ ਇਹਨਾਂ ਤੋਂ ਅਜ਼ਾਦ ਹੋਣ ਲਈ ਤੱਤਪਰ ਹੈ। ਹੁਣ ਨਾਰੀ ਅਜਿਹੇ ਸਮਾਜਿਕ ਬੰਧਨਾਂ ਤੇ ਅਖੌਤੀ ਆਦਰਸ਼ਵਾਦ ਤੋਂ ਮੁਕਤ ਹੋਣਾ ਲੋਚਦੀ ਹੈ ਜੋ ਇਹ ਪਿਤਰਕੀ ਪ੍ਰਬੰਧ ਉਸ ਉਤੇ ਥੋਪਦਾ ਆਇਆ ਹੈ। ਪਰ ਕਵਿਤਰੀ ਨੂੰ ਆਸ ਹੈ ਕਿ ਕਦੇ ਨਾ ਕਦੇ ਇਸ ਗੁਲਾਮੀ ਦੀ ਦਾਸਤਾਨ ਦਾ ਅੰਤ ਜ਼ਰੂਰ ਹੋਵੇਗਾ।
ਪਰਿੰਦੇ ਨੇ ਜਾ ਪਰ ਤੋਲੇ ਬੜਾ ਹੀ ਤੜਪਿਆ ਰੁੱਖੜਾ
ਤੇ ਫਿਰ ਮਜਬੂਰ ਹੋ ਕੇ ਪਿੰਜਰੇ ਵਿਚ ਵਟ ਗਿਆ ਰੁੱਖੜਾ
ਪਰਿੰਦੇ ਉਡ ਹੀ ਜਾਂਦੇ ਨੇ ਖ਼ਿਜ਼ਾ ਦੀ ਰੁੱਤ ਜਦ ਆਉਂਦੀ
ਤੇ ਛੱਡ ਜਾਂਦੇ ਨੇ ਰੋਹੀਆਂ ਵਿਚ ਇਕੱਲਾ ਸਿਸਕਦਾ ਰੁੱਖੜਾ
ਸਮਕਾਲੀ ਨਾਰੀ ਕਾਵਿ ਮਹਿਜ਼ ਪਰੰਪਰਾਤਮਕ ਮਿੱਥਕ ਵਿਰਸੇ ਨੂੰ ਹੀ ਰੱਦ ਨਹੀਂ ਕਰਦਾ ਸਗੋਂ ਵਸਤ ਮੰਡੀ ਦੀ ਲੋੜ ਤਹਿਤ ਸਿਰਜੀਆਂ ਜਾ ਰਹੀਆਂ ਨਵੀਆਂ ਮਿੱਥਾਂ ਨੂੰ ਚੁਣੌਤੀ ਦੇਂਦਾ ਨਾਰੀ ਸਰੋਕਾਰਾਂ ਨੂੰ ਉਸ ਸਮਝ ਨਾਲ ਵੀ ਜੋੜਦਾ ਹੈ, ਜੋ ਵਿਸ਼ਵੀਕਰਨ ਦੀਆਂ ਮੰਡੀਵਾਦੀ ਰੁਚੀਆਂ ਗਲੈਮਰ ਦੀ ਦੁਨੀਆਂ ਵਿਚ ਉਸ ਦੇ ਸਨਮੁੱਖ ਪਰੋਸ ਰਹੀਆਂ ਹਨ। ਜੇਕਰ ਔਰਤ ਨੂੰ ਵਸਤ ਪ੍ਰਵਾਨ ਨਹੀਂ ਤਾਂ ਉਸ ਨੂੰ ਮੰਡੀ ਦੇ ਤਰਕ ਨਾਲ ਵੀ ਸੰਵਾਦ ਰਚਾਉਣਾ ਹੋਵੇਗਾ।
ਆਉਂਦੀਆਂ ਨੇ ਉਹ-ਆਪਣੇ, ਕਿਸੇ ਆਪਣੇ
ਸੁੰਦਰ ਚਿਹਰੇ ਦੀ ਤਲਾਸ਼ 'ਚ .......
ਸੁੰਦਰਤਾ ! ਜਿਸ ਨੂੰ ਸੰਭਾਲਣ ਜਾਂ ਅੰਦਰੋਂ ਪੈਦਾ ਕਰਨ ਦਾ
ਨਾ ਵੱਲ, ਨਾ ਸਿਰੜ, ਨਾ ਵਕਤ
(ਬਾਰਸ਼ਿ ਅੰਦਰੇ ਅੰਦਰ, ਪੰਨਾ 76)
ਪਿਤਰਕੀ ਲਈ ਔਰਤ ਹਮੇਸ਼ਾਂ ਹੀ ਭੋਗ ਦੀ ਵਸਤ ਰਹੀ ਹੈ ਅਤੇ ਪਿਤਰਕੀ ਦੀ ਇਹ ਧਾਰਨਾ ਹੀ ਬਜ਼ਾਰ ਦੀ ਤਾਕਤ ਬਣਦੀ ਹੈ। ਬਾਜ਼ਾਰ ਮੀਡੀਏ ਦੀ ਮੱਦਦ ਨਾਲ ਔਰਤ ਦੀ ਸੁੰਦਰਤਾ ਦੇ ਪੈਮਾਨਿਆਂ ਨੂੰ ਫ਼ੈਸ਼ਨ ਦੇ ਨਾਮ 'ਤੇ ਤਬਦੀਲ ਕਰ ਰਿਹਾ ਹੈ। ਹੁਣ ਤੱਕ ਔਰਤ ਵੀ ਬਾਜ਼ਾਰ ਦੁਆਰਾ ਨਿਸ਼ਚਤ ਕੀਤੇ ਸੁੰਦਰਤਾ ਪੈਮਾਨਿਆਂ ਵਿਚ ਫਿੱਟ ਹੋਣ ਨੂੰ ਹੀ ਆਪਣੀ ਮੁਕਤੀ ਸਮਝਦੀ ਰਹੀ ਹੈ। ਪਰ ਸਮਕਾਲੀ ਪੰਜਾਬੀ ਕਵਿਤਾ ਇਸ 'ਤੇ ਪ੍ਰਸ਼ਨ ਚਿੰਨ੍ਹ ਲਗਾਉਂਦੀ ਪਰਦੇ ਪਿਛਲੀ ਸੱਚਾਈ ਨੂੰ ਉਜਾਗਰ ਕਰਦੀ ਹੈ। ਇਸੇ ਲਈ ਉਹ ਮਰਦਾਵੀਂ ਇਤਿਹਾਸਕਾਰੀ ਤੇ ਮਿਥਿਹਾਸਕਾਰੀ ਅੰਦਰ ਆਪਣੀ ਹਸਤੀ ਦੇ ਨਕਾਰ ਨੂੰ ਪਛਾਣਦੀ ਹੋਈ ਇਸ ਅੰਦਰ ਛੁਪੀ ਮਰਦਾਵੀਂ ਰਾਜਨੀਤੀ ਨੂੰ ਰੱਦ ਕਰਦੀ ਹੈ।
ਇਸ ਤਰ੍ਹਾਂ ਸਮਕਾਲੀ ਪੰਜਾਬੀ ਕਵਿਤਾ ਨਾਰੀ ਪਰਿਪੇਖ ਦੇ ਅਨੇਕਾਂ ਸਰੋਕਾਰਾਂ ਨੂੰ ਉਭਾਰਦੀ ਨਵੀਨ ਦਿਸਹੱਦੇ ਸਿਰਜਦੀ ਹੈ। ਉਸ ਨੇ ਨਾਰੀ ਦੀ ਚੁੱਪ ਨੂੰ ਬੋਲ ਦਿੱਤੇ ਹਨ। ਵਰਤਾਰੇ ਦੇ ਖੱਪਿਆਂ ਤੇ ਵਿੱਥਾਂ ਵਿਚੋਂ ਵੀ ਇਕ ਪਾਠ ਉਭਰਦਾ ਹੈ। ਜਿਸ ਵਿਚੋਂ ਇਕ ਪੁਨਰ ਪਾਠ ਸਿਰਜਤ ਹੁੰਦਾ ਹੈ। ਇਸ ਦੇ ਖੱਪਿਆਂ ਤੇ ਵਿੱਥਾਂ ਵਿਚੋਂ ਵੀ ਨਾਰੀ ਦੀ ਅਵਾਜ਼ ਉੱਭਰਦੀ ਨਜ਼ਰ ਆਉਂਦੀ ਹੈ। ਅਮਰੀਕਾ ਵਿਚ ਪ੍ਰੋਫ਼ੈਸਰ ਤੇ ਬੰਗਾਲ ਵਿਚ ਜੰਮੀ ਪਲੀ ਗਾਇਤਰੀ ਚੱਕਰਵਰਤੀ ਸਪੀਵਾਕ ਸੁਆਲ ਉਭਾਰਦੀ ਹੈ Can the sub- altern speak?' ਜਿਸ ਦਾ ਜਵਾਬ ਬਣਦਾ ਹੈ ਕਿ 'ਹਾਂ' ਅੱਜ ਦੇ ਹਾਸ਼ੀਆਗਤ ਵਰਗ ਬੋਲ ਸਕਦੇ ਹਨ। ਜਿਸ ਅਧੀਨ ਨਾਰੀਵਾਦੀ ਪੰਜਾਬੀ ਕਵਿਤਾ ਮਰਦਾਵੇਂ ਪ੍ਰਵਚਨ ਦੁਆਰਾ ਸਥਾਪਿਤ ਔਰਤਪਣ ਦੀਆਂ ਪਰਿਭਾਸ਼ਾਵਾਂ ਨੂੰ ਤੋੜਦੀ ਹੈ। ਉਹ ਦੇਵੀ, ਦੁਰਗਾ ਤੇ ਲਕਸ਼ਮੀ ਦੀ ਮਿੱਥ ਦੀ ਰਾਜਨੀਤੀ ਤੋਂ ਬਾਹਰ ਆ ਆਪਣੀਆਂ ਮਾਨਸਿਕ ਲੋੜਾਂ ਨੂੰ
ਜ਼ੁਬਾਨ ਦੇਂਦੀ ਹੈ। ਇਸ ਕਵਿਤਾ ਵਿਚ ਨਾਰੀ ਹਰ ਉਸ ਮਿੱਥ ਨੂੰ ਵੰਗਾਰਦੀ ਤੇ ਰੱਦ ਕਰਦੀ ਹੈ ਜੋ ਹੁਣ ਤੱਕ ਉਸ ਦੇ ਖ਼ਿਲਾਫ਼ ਇਕ ਰਾਜਨੀਤੀ ਰਚਦੇ ਰਹੇ ਹਨ। ਉਹ ਮਰਦ ਪ੍ਰਧਾਨ ਸਮਾਜ ਦੁਆਰਾ ਬਣਾਏ ਪਿੰਜਰੇ ਨਾਲ ਦੋ ਹੱਥ ਹੋਣ ਤੋਂ ਵੀ ਗੁਰੇਜ਼ ਨਹੀਂ ਕਰਦੀ।
ਤੂੰ ਇਨ੍ਹਾਂ ਸ਼ਿਕਰਿਆਂ ਦੇ ਵਾਸਤੇ ਬਣ ਕੇ ਚੁਣੋਤੀ ਰਹਿ
ਝੁਕੇ ਕਿਉਂ ਸਿਰ ਤੇਰਾ ਨੀਵੀਂ ਤੇਰੀ ਪਰਵਾਜ਼ ਕਿਉਂ ਹੋਵੇ
ਇਹ ਮਰ ਮਰ ਕੇ ਜਿਉਂਣਾ ਛੱਡ ਬਗ਼ਾਵਤ ਕਰ ਕੇ ਟੱਕਰ ਲੈ
ਤੇਰੇ ਹਿੱਸੇ ਦੀ ਦੁਨੀਆਂ ਤੇ ਕਿਸੇ ਦਾ ਰਾਜ ਕਿਉਂ ਹੋਵੇ।
(ਸੁਖਵਿੰਦਰ ਅੰਮ੍ਰਿਤ: ਪੱਤਝੜ ਵਿਚ ਪੁੰਗਰਦੇ ਪੱਤੇ)
ਇਸੇ ਤਰ੍ਹਾਂ ਦੀ ਵੰਗਾਰ ਮਨਜੀਤ ਇੰਦਰਾ ਦੀ ਕਵਿਤਾ ਵਿਚੋਂ ਮਿਲਦੀ ਹੈ।
ਮੈਂ ਆਪਣੇ ਆਪ ਚੁਣਾਂਗੀ, ਹੁਣ ਤਾਂ ਮੰਜ਼ਲ ਮੇਰੀ
ਮੇਰੇ ਪੈਰ ਬਣਨਗੇ, ਤੇਰੀਆਂ ਪੈੜਾਂ ਦੇ ਵਿਚ ਰਹਿ ਕੇ
ਹੌਂਕੇ ਹਾਵੇ ਕੁਝ ਨਮੋਸ਼ੀ, ਸਹਿ ਚੁੱਕੀ ਹਾਂ
ਆਪਣੇ ਪੈਰਾਂ ਹੇਠ ਆਪਣੀ ਧਰਤੀ ਲੋੜਾਂ
ਸਿਰ ਮੇਰੇ ਤੇ ਮੇਰਾ ਹੀ ਆਕਾਸ਼ ਹੋਵੇਗਾ।
(ਪੂਰਤੀ ਅਪੂਰਤੀ)
ਲੋੜ ਹੈ ਔਰਤ ਨੂੰ ਆਪਣੀ ਸ਼ਕਤੀ ਨੂੰ ਪਹਿਚਾਨਣ ਦੀ। ਆਪਣੇ ਪ੍ਰਤੀ ਜਾਗਰੂਕ ਹੋ, ਆਪਣੀ ਹੋਂਦ ਤੇ ਅਸਤਿਤੱਵਵ ਨੂੰ ਪਛਾਨਣ ਦੀ ਕਿਉਂਕਿ ਨਾਰੀ ਅੰਦਰ ਬਹੁਤ ਤਾਕਤ ਹੈ। ਪਰ ਇਸ ਨਾਲ ਉਸ ਦਾ ਮਕਸਦ ਮਰਦ ਨੂੰ ਨਕਾਰਨਾ ਨਹੀਂ ਸਗੋਂ ਮਨੁੱਖ ਸਿਰਜਤ ਸੰਚਾਰ ਪ੍ਰਬੰਧਾਂ ਵਿਚੋਂ ਮਾਨਵੀ ਪੱਖਾਂ ਨੂੰ ਉਭਾਰ ਕੇ ਅਜਿਹੇ ਸਮਾਜ ਦੀ ਸਿਰਜਣਾ ਕਰਨਾ ਹੈ, ਜਿਸ ਵਿਚ ਔਰਤ ਮਰਦ ਸਮਾਨ ਧਰਾਤਲ ਤੇ ਖੜ੍ਹੇ ਹੋਣ।
ਸਹਾਇਕ ਪੁਸਤਕਾਂ:
1. ਚਰਨਜੀਤ ਕੌਰ (ਡਾ.), ਨਾਰੀ ਚੇਤਨਾ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 1999
2. ਪ੍ਰਭਾ ਖੇਤਾਨ (ਡਾ.), ਇਸਤਰੀ: ਉਪੇਕਸ਼ਿਤਾ, ਹਿੰਦ ਪਾਕੇਟ ਬੁਕਸ ਪ੍ਰਾਈਵੇਟ ਲਿਮਿਟਡ, ਨਵੀਂ ਦਿੱਲੀ, 2002
3. ਰਾਕੇਸ਼ ਕੁਮਾਰ, ਨਾਰੀਵਾਦੀ ਵਿਮਰਸ਼, ਆਧਾਰ ਪ੍ਰਕਾਸ਼ਨ, ਪੰਚਕੂਲਾ, 2011
4. ਪਰਮਜੀਤ ਕੌਰ, ਨਾਰੀਵਾਦ ਤੇ ਸਾਹਿਤ ਸਮੀਖਿਆ, ਆਬ ਪਬਲੀਕੇਸ਼ਨਜ਼, ਸਮਾਣਾ, 2013
5. ਪ੍ਰਵਚਨ, ਕਹਾਣੀ ਗੋਸ਼ਟੀ ਅੰਕ, ਜਨਵਰੀ-ਮਾਰਚ, 2011
ਨੂਰ-ਕਾਵਿ : ਜਲਾਵਤਨਾਂ ਦੀ ਵਾਪਸੀ
ਡਾ. ਸੁਖਦੇਵ ਸਿੰਘ
ਸੁਤਿੰਦਰ ਸਿੰਘ ਨੂਰ ਪੰਜਾਬੀ ਸਾਹਿਤ ਸਿਰਜਨ ਅਤੇ ਸਾਹਿਤ-ਚਿੰਤਨ ਦੇ ਖੇਤਰਾਂ ਵਿਚ ਪੇਸ਼-ਪੇਸ਼ ਰਿਹਾ। ਨਿਰਸੰਦੇਹ ਉਹ ਸਿਰਜਨਾਤਮਿਕ ਊਰਜਾ ਨਾਲ ਲਬੋਲਬ ਭਰਿਆ ਲੇਖਕ ਸੀ, ਪਰ ਉਸ ਦੀ ਰਚਨਾਤਮਿਕਤਾ ਤੇ ਪ੍ਰਤਿਭਾ ਸਾਹਿਤਕ ਜੱਥੇਦਾਰੀ ਅਤੇ ਸਾਹਿਤ ਦੀ ਸੱਤਾ-ਸਿਆਸਤ ਦੇ ਸਿਖਰ ਤੇ ਟਿਕੇ ਰਹਿਣ ਦੀ ਹੋੜ ਵਿਚ ਵੀ ਖਰਚ ਹੁੰਦੀ ਰਹੀ। ਉਸ ਦਾ ਬਿੰਬ ਨਵੀਂ ਪ੍ਰਤਿਭਾ ਅਤੇ ਊਰਜਾਵੰਤ ਲੇਖਕਾਂ ਨੂੰ ਉਤਸ਼ਾਹਿਤ ਕਰਨ ਵਾਲੇ ਉਦਾਰਚਿਤ ਪਾਰਖੂ ਦਾ ਵੀ ਹੈ ਅਤੇ ਸਾਹਿਤ ਦੀ ਸੱਤਾ-ਸਿਆਸਤ ਦੇ ਸ਼ਕਤੀਸ਼ਾਲੀ ਮੱਠਾਧੀਸ਼ ਦਾ ਵੀ। ਭਾਵੇਂ ਸਾਹਿਤ ਸਿਰਜਨ ਅਤੇ ਚਿੰਤਨ ਉਸ ਦੇ ਕਰਮ ਖੇਤਰ ਰਹੇ ਅਤੇ ਦੋਹਾਂ ਵਿਚ ਹੀ ਉਸ ਨੇ ਆਪਣੀ ਮੌਲਿਕ ਪਛਾਣ ਵੀ ਬਣਾਈ, ਪਰ ਕਾਵਿ-ਸਿਰਜਨਾ ਵੱਲ ਉਸ ਨੇ ਬਣਦੀ ਤਵੱਜੋਂ ਨਹੀਂ ਦਿਤੀ। ਸਰਸਵਤੀ ਉਸ ਉਤੇ ਖ਼ਾਸੀ ਮਿਹਰਬਾਨ ਰਹੀ, ਪਰ ਸੱਤਾ ਸ਼ਤਰੰਜ਼ ਦਾ ਮੋਹਰਾ ਬਣੇ ਸ਼ਾਇਰ ਨੇ ਕਾਵਿ-ਦੇਵੀ ਵੱਲ ਪਿੱਠ ਕਰੀ ਰੱਖੀ। ਦੁਨਿਆਵੀ ਤੇ ਸਾਹਿਤ ਦੀ ਸੱਤਾ-ਸਿਆਸਤ ਦੇ ਝਮੇਲਿਆਂ ਤੋਂ ਉਚਾਟ ਹੋ ਕੇ ਉਹ ਕਵਿਤਾ ਦੀ ਦਰਗਾਹ ਵਲ ਪਰਤਦਾ ਤਾਂ ਰਿਹਾ, ਪਰ ਉਸ ਨੇ ਕਵਿਤਾ ਨਾਲ ਆਪਣੀ "ਪਹਿਲੀ ਵਫ਼ਾ" ਨਾ ਪਾਲੀ। ਕਾਵਿ ਦੀ ਹੋਂਦ-ਵਿਧੀ (On- tology), ਕਾਵਿ ਸ਼ਿਲਪ, ਸੰਚਾਰ ਸਮੱਰਥਾ ਅਤੇ ਕਾਵਿ-ਭਾਸ਼ਾ ਦੇ ਸੁਹਜ ਆਦਿ ਸਿਧਾਂਤਕ ਮਸਲਿਆਂ ਪ੍ਰਤੀ ਉਹ ਬਹੁਤ ਸੁਚੇਤ ਸੀ। ਕਾਵਿ ਦਾ ਰਸਿਕ-ਚਿਤ ਪਾਠਕ ਹੋਣ ਦੇ ਨਾਤੇ ਉਸਦੀ ਰਸਾਈ ਪੰਜਾਬੀ ਲੋਕ-ਕਾਵਿ ਤੋਂ ਲੈ ਕੇ ਵਿਸ਼ਵ ਦੀ ਕਲਾਸੀਕਲ ਤੇ ਆਧੁਨਿਕ ਕਵਿਤਾ ਤੱਕ ਸੀ। ਉਸ ਦੀ ਨਜ਼ਰ ਵਿਸ਼ਵ ਦੇ ਵੱਖ ਵੱਖ ਖਿੱਤਿਆਂ ਤੇ ਵੱਖ ਵੱਖ ਜ਼ੁਬਾਨਾਂ ਵਿੱਚ ਰਚੀ ਗਈ ਕਲਾਸਕੀ ਕਵਿਤਾ ਤੇ ਸਮਕਾਲੀ ਕਵਿਤਾ ਉਪਰ ਰਹੀ। ਮਹਾਂਨਗਰੀ ਜੀਵਨ ਦੇ ਰੁਝੇਵਿਆਂ ਤੇ ਕੰਮਾਂ ਦੇ ਗਾੜ੍ਹ-ਮਾੜ੍ਹ ਵਿਚੋਂ ਉਹ ਕਵਿਤਾ ਦੇ ਤਰਜ਼ਮੇ ਲਏ ਸਮਾਂ ਕੱਢ ਲੈਂਦਾ। ਉਸ ਨੇ ਵਿਸ਼ਵ ਪੱਧਰੀ ਖਿਆਤੀ ਵਾਲੇ ਬੇਸ਼ੁਮਾਰ ਕਵੀਆਂ ਦੀ ਕਵਿਤਾ ਦੇ ਪੰਜਾਬੀ 'ਚ ਤਰਜ਼ਮੇ ਕੀਤੇ। ਵਿਸ਼ਵ ਕਵਿਤਾ ਦੇ ਵਿਸ਼ਾਲ ਅਧਿਐਨ ਨੇ ਕਾਵਿ-ਸੁਹਜ ਬਾਰੇ ਉਸ ਦੀ ਸੂਝ ਨੂੰ ਨਿਖਾਰਨ ਵਿਚ, ਨਿਰਸੰਦੇਹ ਮਹਤੱਵਪੂਰਨ ਭੂਮਿਕਾ ਨਿਭਾਈ। ਰਸਿਕ ਕਾਵਿ-ਪਾਠ ਤੇ ਚੇਤਨ ਕਾਵਿ-ਸ਼ਾਸਤਰੀ ਹੋਣ ਦੇ ਨਾਲ ਨਾਲ ਉਹ ਸੁਚੇਤ ਕਾਵਿ-ਅਭਿਆਸੀ (ਸਿਰਜਨ) ਵੀ ਹੈ। ਉਸਨੇ ਘੱਟ ਪਰ ਕਾਵਿ ਸੁਹਜ ਦੇ ਮਿਆਰਾਂ ਪੱਖੋਂ ਉਮਦਾ ਕਵਿਤਾ ਲਿਖੀ। ਚਾਰ ਦਹਾਕਿਆਂ ਦੇ ਅਰਸੇ ਵਿਚ ਉਸ ਦੇ ਕੇਵਲ ਪੰਜ ਮੌਲਿਕ ਕਾਵਿ-ਸੰਗ੍ਰਹਿ ਛਪੇ। ਉਸ ਦਾ ਪਲੇਠਾ ਕਾਵਿ-ਸੰਗ੍ਰਹਿ 'ਬਿਰਖ ਨਿਪੱਤਰੇ' 1969 ਵਿਚ ਛਾਪੇ ਚੜ੍ਹਿਆ ਫੇਰ ਉਸ ਨੇ ਲੰਬੀ ਚੁੱਪ ਸਾਧ ਲਈ। ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਪੜ੍ਹਨ, ਪੜ੍ਹਾਉਣ, ਆਰਜ਼ੀ ਮੁਲਾਜ਼ਮਤ ਤੇ ਬਰਖ਼ਾਸਤਗੀ ਤੋਂ ਬਾਅਦ ਉਹ ਮਹਾਂਨਗਰੀ ਵਿੱਚ ਜਾ ਟਿਕਿਆ। ਦਿੱਲੀ ਯੂਨੀਵਰਸਿਟੀ 'ਚ ਪੜਾਉਣ ਤੇ ਖੋਜ ਦੇ ਰੁਝੇਵਿਆਂ ਕਾਰਨ ਉਹ ਕਵਿਤਾ ਲਿਖਣ ਵਲੋਂ ਅਵੇਸਲਾ ਰਿਹਾ। ਪੰਜਾਬੀ ਆਲੋਚਨਾ ਦੇ ਦਿੱਲੀ ਸਕੂਲ ਦੇ ਸਿਧਾਂਤਕਾਰਾਂ ਵਿਚੋਂ ਉਹ ਡਾ. ਹਰਿਭਜਨ ਸਿੰਘ ਨੂੰ ਛੱਡ ਕੇ ਸਭ ਤੋਂ ਵੱਧ ਪ੍ਰਤਿਭਾਸ਼ਾਲੀ, ਵਾਦੀ-ਸੰਵਾਦੀ ਤੇ
ਊਰਜਾਵਾਨ ਸਿਰਜਕ ਸੀ। 'ਇਕੱਤੀ ਫਰਵਰੀ' ਰਿਸਾਲੇ ਦੇ ਸੰਪਾਦਨ (1973-78 ਈ.) ਰਾਹੀਂ ਉਸ ਨੇ ਪੰਜਾਬੀ ਸਾਹਿਤ ਚਿੰਤਨ ਅਤੇ ਸਾਹਿਤ ਸਿਰਜਨ ਵਿਚ ਬੌਧਿਕ ਹਲਚਲ ਤੇ ਵਿਸਫੋਟ ਵਰਗੀ ਸਥਿਤੀ ਪੈਦਾ ਕੀਤੀ। ਉਸ ਨੇ ਖ਼ੁਦ ਇਕਬਾਲ ਕੀਤਾ ਹੈ ਕਿ "ਮੇਰੀ ਪਹਿਲੀ ਮੁਹੱਬਤ ਤਾਂ ਕਵਿਤਾ ਨਾਲ ਹੀ ਰਹੀ, ਪਰ ਅਧਿਆਪਨ ਨੇ ਮੈਨੂੰ ਆਲੋਚਨਾ ਦੀਆਂ ਜ਼ਿੰਮੇਵਾਰੀਆਂ ਨਾਲ ਜੋੜ ਦਿੱਤਾ। "ਨਾਲ ਨਾਲ ਤੁਰਦਿਆਂ ਤੱਕ,” (ਨਾਲ ਨਾਲ ਤੁਰਦਿਆਂ ਪੰਨਾ 9) ਕਵਿਤਾ ਉਸਦੇ 'ਅਵਚੇਤਨ ਤਕ ਦਸਤਕ ਦਿੰਦੀ ਰਹੀਂ ਪਰ ਉਹ ਠੀਕ ਇੱਕੀ ਵਰ੍ਹਿਆਂ ਬਾਦ ਆਪਣਾ ਦੂਜਾ ਕਾਵਿ-ਸੰਗ੍ਰਹਿ-'ਕਵਿਤਾ ਦੀ ਜਲਾਵਤਨੀ' ਲੈ ਕੇ ਪਾਠਕਾਂ ਦੇ ਸਨਮੁਖ ਹੋਇਆ। ਇਸ ਅਰਸੇ ਦੌਰਾਨ ਉਸ ਦੇ ਦੋ ਅਨੁਵਾਦਤ ਕਾਵਿ-ਸੰਗ੍ਰਹਿ ਛਪੇ; ‘ਚੈਰੀ ਦੇ ਫੁੱਲ' ਜਪਾਨੀ ਕਵਿਤਾ ਦਾ ਤਰਜ਼ਮਾ ਹੈ ਅਤੇ 'ਸੂਰਜ ਦੇ ਮਸੀਹਾ' ਕਾਵਿ ਸੰਗ੍ਰਹਿ ਵਿਚ ਸਮਾਜਵਾਦੀ ਦੇਸਾਂ ਦੇ ਚਾਰ ਵਿਦਰੋਹੀ ਕਵੀਆਂ ਦੀ ਕਵਿਤਾ ਦਾ ਅਨੁਵਾਦ ਹੈ। ਵੀਹਵੀਂ ਸਦੀ ਦੇ ਆਖਰੀ ਦਹਾਕੇ ਵਿਚ ਸੁਤਿੰਦਰ ਸਿੰਘ ਨੂਰ ਦੇ ਦੋ ਕਾਵਿ-ਸੰਗ੍ਰਹਿ ਉਪਰੋਥਲੀ ਛਪੇ; ‘ਸਰਦਲ ਦੇ ਆਰ ਪਾਰ' 1995 ਈ: 'ਚ ਅਤੇ 'ਮੌਲਸਰੀ' 2000 ਈ. ਵਿਚ। 'ਨਾਲ ਨਾਲ ਤੁਰਦਿਆਂ ਉਸ ਦੀ ਸਮੁੱਚੀ ਕਵਿਤਾ ਦਾ ਸੰਗ੍ਰਹਿ ਹੈ ਜੋ 2000 ਈ. ਵਿਚ ਛਪਿਆ। ਉਸ ਦਾ ਪੰਜਵਾਂ ਕਾਵਿ-ਸੰਗ੍ਰਹਿ-ਆ ਮੇਰੇ ਨਾਲ ਗੱਲਾਂ ਕਰ 2009 ਈ. ਵਿਚ ਛਪਿਆ।
ਸੁਤਿੰਦਰ ਸਿੰਘ ਨੂਰ ਦੇ ਚਿੰਤਨ ਅਤੇ ਕਾਵਿ-ਸਿਰਜਣਾ ਦਾ ਕੇਂਦਰੀ ਸੂਤਰ ਸਥਾਪਨ ਵਾਦੀ ਮਾਨਸਿਕਤਾ ਅਤੇ ਨਿਸ਼ਚਿਤਤਾਵਾਦੀ (determinist) ਵਿਚਾਰਧਾਰਾਵਾਂ ਤੋਂ ਵਿਦਰੋਹ ਹੈ। ਉਸ ਨੇ ਆਪਣੀ ਕਾਵਿ-ਯਾਤਰਾ ਦੇ ਮੁੱਢਲੇ ਪੜਾਅ ਤੇ ਇਸ ਵਿਚਾਰ ਨੂੰ ਆਤਮਸਾਤ ਕਰ ਲਿਆ ਸੀ ਕਿ ਪ੍ਰਵਾਨਿਤ ਵਿਚਾਰਾਂ ਤੇ ਸਥਾਪਿਤ ਸਿਧਾਂਤਾਂ ਦੀ ਰੌਸ਼ਨੀ ਵਿਚ ਮਨੁੱਖੀ ਜੀਵਨ ਦੇ ਬਹੁ-ਪਰਤੀ ਜਟਿਲ ਅਤੇ ਦਵੰਦਾਤਮਕ ਵਰਤਾਰੇ ਨੂੰ ਸਮਝਿਆ ਨਹੀਂ ਜਾ ਸਕਦਾ। ਮਰਿਯਾਦਾ- ਪੂਜਕ ਤੇ ਰੀਤਪਾਲ ਦ੍ਰਿਸ਼ਟੀ ਸਿਰਜਣਾਤਮਿਕਤਾ ਲਈ ਵਾਰਾ ਨਹੀਂ ਖਾਂਦੀ। ਸੱਚ ਦੇ ਮੁਤਲਾਸ਼ੀ ਲਈ ਬੇਬਾਕ, ਬੇਲਾਗ ਅਤੇ ਬੁੱਤ-ਸ਼ਿਕਨ ਹੋਣਾ ਲਾਜ਼ਮੀ ਹੁੰਦਾ ਹੈ। ਸਿਰਜਣ ਲਈ ਦਿੱਬ-ਦ੍ਰਿਸ਼ਟੀ ਨਹੀਂ; ਜੀਵਨ ਦਾ ਅਨੁਭਵ ਅਤੇ ਵਿਵੇਕੀ ਰਚਨਾਤਮਿਕਤਾ ਵਧੇਰੇ ਕਾਰਗਰ ਹੁੰਦੀ ਹੈ। ਇਸੇ ਲਈ ਨੂਰ ਦਾ ਕਾਵਿ-ਪਾਤਰ ਕਿਸੇ ਦਿੱਬ-ਜੋਤ ਜਾਂ ਤੀਸਰੀ ਅੱਖ ਦੀ ਥਾਂ 'ਮੁਨਕਰ' ਹੋਣ ਦੀ ਕਾਫ਼ਰਾਨਾ ਰੀਤ ਦੀ ਵਕਾਲਤ ਕਰਦਾ ਹੈ:
ਮੈਂ ਤੀਜੀ ਅੱਖ ਦਾ ਇੱਛਕ ਨਹੀਂ ਹਾਂ
ਮੈਂ ਦੋ ਅੱਖਾਂ ਨਾਲ ਹੀ ਬ੍ਰਹਿਮੰਡ ਦੀ
ਹਰ ਲੀਲ੍ਹਾ ਨੂੰ ਵੇਖ ਸਕਦਾ ਹਾਂ
ਮੈਂ ਤੀਜੀ ਅੱਖ ਦੀ ਇੱਛਾ ਕਰਾਂਗਾ।
ਜਦੋਂ ਸਾਹਵੇਂ ਆਏ ਸੱਚ ਤੋਂ ਡਰਾਂਗਾ
ਜਾਂ ਮੇਰੀਆਂ ਦੇ ਅੱਖਾਂ 'ਚੋਂ
ਜੋਤ ਸੌ ਜਾਵੇਗੀ
ਤੇ ਸਾਹਵੇਂ ਆਏ ਸੱਚ ਤੋਂ ਹੋ ਕੇ ਮੁਨਕਰ
ਏਸ ਜੀਵਨ ਵਿਚ ਇਕ ਮੌਤ ਮਰਾਂਗਾ।
(ਬਿਰਖ ਨਿਪੱਤਰੇ)
ਬ੍ਰਹਿਮੰਡੀ ਵਰਤਾਰਿਆਂ ਤੇ ਮਨੁੱਖੀ ਜੀਵਨ ਦੇ ਬਹੁ-ਪਰਤੀ ਸੱਚ ਨੂੰ ਸਥਾਪਨਾਵਾਦੀ, ਰੀਤਪੂਜ ਤੇ ਇਕ-ਕੇਂਦਰਵਾਦੀ ਦ੍ਰਿਸ਼ਟੀ ਅਪਣਾ ਕੇ ਨਹੀਂ ਸਮਝਿਆ ਜਾ ਸਕਦਾ। ਆਪਣੇ ਸਮੇਂ ਦੀਆਂ ਠੋਸ ਹਕੀਕਤਾਂ ਅਤੇ ਉਨ੍ਹਾਂ ਅੰਦਰਲੇ ਦਵੰਦਾਂ ਨੂੰ ਦੇਖਣ, ਸਮਝਣ ਅਤੇ ਪ੍ਰਗਟਾਉਣ ਲਈ ਜਿਥੇ ਲੇਖਕ ਦਾ ਵਿਵੇਕਸ਼ੀਲ ਹੋਣਾ ਜ਼ਰੂਰੀ ਹੈ, ਉਥੇ ਉਸ ਕੋਲ ਰੂੜ੍ਹ ਹੋ ਚੁੱਕੀਆਂ ਬੋਦੀਆਂ ਮਾਨਤਾਵਾਂ ਨੂੰ ਵੰਗਾਰਨ ਵਾਲੀ ਸੰਘਾਰਕੀ ਰਚਨਾ-ਦ੍ਰਿਸ਼ਟੀ ਵੀ ਹੋਣੀ ਚਾਹੀਦੀ ਹੈ। ਸਥਾਪਿਤ ਵਿਚਾਰਧਾਰਾਵਾਂ ਤੇ ਭਾਰੂ ਨੈਤਿਕ ਮੁੱਲਾਂ ਦੀ ਕੀਲ ਵਿਚ ਨਵ-ਸਿਰਜਣਾ ਸੰਭਵ ਹੀ ਨਹੀਂ ਹੁੰਦੀ। ਸਾਹਿਤ ਸਿਰਜਣਾ ਹਾਕਮਾਂ ਦੇ ਵਿਚਾਰਧਾਰਕ ਗਲਬੇ (Hegemony), ਭਾਰੂ ਸਭਿਆਚਾਰ ਕਦਰ-ਪ੍ਰਬੰਧ ਤੇ ਕਠੋਰ ਵਰਜਣਾਵਾਂ ਪ੍ਰਤੀ ਲੇਖਕ ਦੀ ਬੇਪਰਤੀਤੀ ਦਾ ਮਤਾ ਹੁੰਦਾ ਹੈ। ਕਵੀ ਨੂਰ ਅਨੁਸਾਰ ਸਾਹਿਤ ਸਿਰਜਣਾ encounter ਹੈ; ਹਾਕਮਾਂ ਦੇ ਗ਼ਲਬੇ ਤੇ ਸਭਿਆਚਾਰਕ ਘੇਰਾਬੰਦੀ (ਵਰਜਣਾਵਾਂ ਦੀ ਹਿੰਸਾ) ਦੇ ਕੁਫ਼ਰ ਦੇ ਖਿਲਾਫ਼ ਕਵੀ ਤੇ ਉਸ ਦੀ ਮਾਰਫ਼ਤ ਪੀੜਤ ਲੋਕਾਈ ਦਾ ਫ਼ਤਵਾ ਹਾਕਮ ਮੇਲ ਤੇ ਉਸਦੇ ਪਿਛਲੱਗਾਂ ਦੀ ਨਜ਼ਰ 'ਚ ਲੋਕ ਪੱਖੀ ਕਲਾ/ਕਵਿਤਾ ਕੁਫ਼ਰ ਹੁੰਦੀ ਹੈ ਤੇ ਕਵੀ/ਕਲਾਕਾਰ ਨਾ ਬਖ਼ਸ਼ੇ ਜਾਣ ਯੋਗ ਕਾਫ਼ਰਾ ਸੁਤਿੰਦਰ ਸਿੰਘ ਨੂਰ, ਦਮਨਕਾਰੀ ਸਮਾਜਾਂ ਵਿਚ ਕਵੀ ਦੇ ਸੰਘਾਰਕੀ ਰਚਨਾ-ਧਰਮ ਅਤੇ ਉਸਦੀ ਹੋਣੀ ਦੋਹਾਂ ਲਾਏ ਖ਼ਾਸਾ ਸੁਚੇਤ ਹੈ :
ਮੈਂ ਕ੍ਰਿਸ਼ਨ ਹਾਂ, ਅਰਜਨ ਨਹੀਂ ਹਾਂ
ਮੈਂ ਜਾਣਦਾ ਹਾਂ
ਜਿਸ ਨੇ ਮੇਰੇ ਤੀਰਾਂ ਦਾ ਡੰਗ ਖਾਣਾ ਹੈ
ਮੈਂ ਸੱਚ ਦੀ ਖਾਤਰ ਬਹੁਤ ਨਿਰਮੋਹਿਆ ਹਾਂ
ਮੈਂ ਜਾਣਦਾ ਹਾਂ
ਸਾਹਮਣੀ ਪਾਲ ਵਿਚ ਖਲੇ
ਕੁਝ ਮੇਰੇ ਮਿੱਤਰ ਵੀ ਨੇ
ਤੇ ਕੁਝ ਉਹ ਜਿਨ੍ਹਾਂ ਦਾ ਸਤਿਕਾਰ
ਮੇਰੀਆਂ ਅੱਖਾਂ 'ਚ ਹੈ
ਪਰ ਸੱਚ ਦੀ ਖਾਤਰ
ਮੈਂ ਆਪਣੇ ਤੀਰਾਂ ਨੂੰ ਕਿੰਝ ਆਖ ਸਕਦਾ ਹਾਂ
ਕਿ ਇਹਨਾਂ ਤੇ ਡੰਗ ਨਾ ਮਾਰੋ
ਮੈਂ ਜਾਣਦਾ ਹਾਂ ਹਰ ਯੁਗ
ਇਕ ਮਹਾਂਭਾਰਤ 'ਚੋਂ ਲੰਘਦਾ ਹੈ
ਧਰਤੀ ਤੇ ਕਣ ਕਣ ਨੂੰ ਰਕਤ ਦੇ ਨਾਲ ਰੰਗਦਾ ਹੈ
ਤੇ ਇਸ ਮਹਾਂਭਾਰਤ ਲਈ ਹੀ
ਮੈਂ ਬਾਰ ਬਾਰ ਅਭਿਸ਼ਾਪ ਦਾ
ਜ਼ਹਿਰ ਪੀ ਕੇ ਮਰਦਾ ਹਾਂ
(ਬਿਰਖ ਨਿਪੱਤਰੇ)
ਸੁਤਿੰਦਰ ਸਿੰਘ ਨੂਰ ਅਤੇ ਉਸ ਦੇ ਸਮਕਾਲੀ ਸਿਰਜਕਾਂ (ਵਿਸ਼ੇਸ਼ ਕਰਕੇ ਪੰਜਾਬੀ ਕਵੀਆਂ ਨੇ ਆਪਣੇ 'ਯੁੱਗ ਦੇ ਮਹਾਂਭਾਰਤ' ਨੂੰ ਕਿਵੇਂ ਸਮਝਿਆ ਹੈ ਜਾਂ ਕੀ ਉਹ ਦਮਨਕਾਰੀ ਪੂੰਜੀਵਾਦੀ ਵਿਵਸਥਾ ਦੀ "ਲੀਲਾ" ਨੂੰ ਕਿੰਨਾ ਕੁ ਸਮਝ ਅਤੇ ਸਮਝਾ ਸਕੇ ਹਨ ? ਨਿਰਸੰਦੇਹ, ਇਹ ਪ੍ਰਸ਼ਨ ਬਹੁਤ ਮਹੱਤਵਪੂਰਨ ਹਨ। ਨੂਰ ਆਪਣੀ ਕਵਿਤਾ ਵਿਚ ਕਲਾ-ਸਿਰਜਣਾ ਦੇ ਇਸ ਬੁਨਿਆਦੀ ਮਸਲੇ ਨੂੰ ਬਾਰ ਬਾਰ ਉਠਾਉਂਦਾ ਹੈ ਕਿ ਇਕਹਿਰੀ/ਅੰਤਿਮ-ਪੱਖੀ ਦ੍ਰਿਸ਼ਟੀ, ਸਥਾਪਨਾਵਾਦੀ ਵਤੀਰੇ ਅਤੇ ਨਿਸ਼ਚਿਤਾਵਾਦੀ ਵਿਧੀ ਅਪਣਾ ਕੇ ਜ਼ਿੰਦਗੀ ਦੀਆਂ ਹਕੀਕਤਾਂ ਦੀ ਥਾਹ ਨਹੀਂ ਪਾਈ ਜਾ ਸਕਦੀ। ਇਸ ਸੰਦਰਭ ਵਿਚ ਉਸ ਦੀਆਂ ਨਜ਼ਮਾਂ-‘ਮੁਹੱਬਤ 'ਚ, 'ਚੁੱਪ ਦਾ ਪੁਲ' (ਸਰਦਲ ਦੇ ਆਰ ਪਾਰ), 'ਇਹ ਰਾਹ ਕਿਥੇ ਜਾਂਦਾ ਹੈ' ਅਤੇ 'ਜੁਗਨੂੰ' (ਮੌਲਸਰੀ) ਪੜ੍ਹੀਆਂ ਜਾ ਸਕਦੀਆਂ ਹਨ। 'ਚੁੱਪ ਦਾ ਪੁਲ' ਨਜ਼ਮ ਦਾ ਕਾਵਿ-ਪਾਤਰ ਰਹਿੰਦਾ ਹੈ ਕਿ 'ਆਉ ਕੁਝ ਵੀ ਪ੍ਰਭਾਸ਼ਿਤ ਨਾ ਕਰੀਏ, ਸਭ ਕੁਝ ਅਪ੍ਰਭਾਸ਼ਿਤ ਹੀ ਰਹਿਣ ਦੇਈਏ। ਪਰਿਭਾਸ਼ਾਵਾਂ, ਸਿਧਾਂਤ, ਵਿਚਾਰ ਸ਼ਬਦ ਸਭ ਮਨੁੱਖੀ ਰਿਸ਼ਤਿਆਂ ਤੇ ਜ਼ਿੰਦਗੀ ਦੇ ਸੱਚਾਂ ਨੂੰ ਸੀਮਤ ਕਰਦੇ ਹਨ, ਅਰਥਾਂ ਨੂੰ ਬੰਨ੍ਹ ਮਾਰਦੇ ਹਨ। 'ਇਹ ਰਾਹ ਕਿੱਥੇ ਜਾਂਦਾ ਹੈ' ਨਜ਼ਰ 'ਚੋਂ ਇਹ ਧੁਨੀ ਉਭਰਦੀ ਹੈ ਕਿ ਜ਼ਿੰਦਗੀ ਸਿਧੇ-ਸਰਤੋੜ ਰਾਹ ਵਾਂਗ ਸਰਲ ਨਹੀਂ। ਜ਼ਰੂਰੀ ਨਹੀਂ ਕਿ ਹਰ ਰਾਹ ਕਿਸੇ ਮੰਜ਼ਿਲ ਤੱਕ ਜਾਂਦਾ ਹੋਵੇ। ਮਨੁੱਖੀ ਜੀਵਨ ਟੇਢੀਆਂ-ਮੇਢੀਆਂ ਪਗਡੰਡੀਆਂ ਵਰਗਾ ਅਮੁੱਕ ਸਫ਼ਰ ' ਹੈ। 'ਜੁਗਨੂੰ' ਨਜ਼ਮ ਵਿਚ ਨੂਰ ਮਨੁੱਖੀ ਜੀਵਨ ਦੇ ਰਹੱਸ ਨੂੰ ਜਗਬੁਝ ਜਗਬੁਝ ਕਰਦੇ ਟਹਿਣੇ ਦੇ ਰੂਪਕ ਰਾਹੀਂ ਸਮਝਾਉਂਦਾ ਹੈ। ਮਨੁੱਖ ਦੇ ਜੀਵਨ ਵਿਚ ਕੁਝ ਵੀ ਸਥਿਰ ਅਤੇ ਅੰਤਿਮ ਸੱਚ ਵਰਗਾ ਨਹੀਂ ਹੁੰਦਾ। ਸੱਚ ਦੀ ਲਿਸ਼ਕੋਰ ਕਿਧਰੋਂ ਵੀ ਪੈ ਸਕਦੀ ਹੈ। ਸਮੇਂ ਅਤੇ ਦੇਸ-ਕਾਲ ਦੇ ਫੇਰ ਨਾਲ ਪਰਿਭਾਸ਼ਾਵਾਂ, ਸਿਧਾਂਤਾਂ, ਵਿਚਾਰ, ਰਾਹ ਅਤੇ ਸੱਚ ਦੇ ਅਰਥ ਬਦਲਦੇ ਰਹਿੰਦੇ ਹਨ। ਪ੍ਰਮਾਣ ਵਜੋਂ ਨੂਰ ਦੀ ਇਹ ਨਜ਼ਮ ਪੜ੍ਹੀ ਜਾ ਸਕਦੀ ਹੈ:
ਮੈਂ ਗੀਤਾਂ ਵਾਂਗ
ਆਕਾਸ਼ 'ਚ ਉਠਦੀਆਂ
ਅਬਾਲੀਲਾਂ ਫੱੜਣ ਲਗਦਾ ਹਾਂ
ਤੂੰ ਆਖਦੀ ਏ/ਇਉਂ ਨਾ ਕਰ
ਇਹ ਅਜ਼ਾਦ ਹੀ ਚੰਗੀਆਂ ਲਗਦੀਆਂ ਹਨ
ਮੈਂ ਝੁੰਡਾਂ 'ਚ ਜਗਦੇ
ਜੁਗਨੂੰਆਂ ਨੂੰ
ਹੱਥਾਂ 'ਚ ਫੜਣ ਲਗਦਾ ਹਾਂ
ਤੂੰ ਆਖਦੀ ਏਂ, ਇਉਂ ਨਾ ਕਰ
ਇਹ ਸਾਰੇ ਦੇ ਸਾਰੇ ਮਰ ਜਾਣਗੇ
ਮੈਂ ਕਿਣਮਿਣ ਕਣੀਆਂ ਦੇ ਬਾਅਦ
ਰੇਤ ਤੇ ਜਾਂਦੀਆਂ
ਸੂਹੀਆਂ ਚੀਚ-ਵਹੁਟੀਆਂ ਦੀਆਂ
ਪੈੜਾਂ ਦੀ ਬਣਦੀ ਜੰਜ਼ੀਰੀ
ਸੁਲਝਾਉਣ ਲਗਦਾ ਹਾਂ
ਤੂੰ ਮੇਰੇ ਨਾਲ ਤੁਰਦਿਆਂ
ਆਖਦੀ ਏਂ/ਇਉਂ ਨਾ ਕਰ
ਕਈ ਵਾਰ ਇਹ ਰਾਹ ਉਲਝ ਵੀ ਜਾਂਦੇ ਨੇ
ਮੈਂ ਮੁਹੱਬਤ 'ਚ ਬਹੁਤ ਗਲਤੀਆਂ ਕਰਦਾ ਹਾਂ
ਤੇ ਤੂੰ ਮੈਨੂੰ ਸਮਝਾਉਣ ਲਗਦੀ ਏਂ ਬਾਰ ਬਾਰ
(ਸਰਦਲ ਦੇ ਆਰ ਪਾਰ)
ਆਜ਼ਾਦ ਉਡਦੀਆਂ ਅਬਾਬੀਲਾਂ ਨੂੰ ਫੜ੍ਹਣਾ, ਜੁਗਨੂੰਆਂ ਦੇ ਚਾਨਣ ਨੂੰ ਕੈਦ ਕਰਨਾ, ਚੀਚ-ਵਹੁਟੀਆਂ ਦੀ ਪੈੜਾਂ ਤੋਂ ਬਣਦੀ ਜ਼ੰਜੀਰ ਨੂੰ ਸਿੱਧ-ਪੱਧਰੇ ਰਾਹ 'ਚ ਬਦਲਣ ਦਾ ਯਤਨ ਕਰਨਾ ਅਤੇ ਜ਼ਿੰਦਗੀ ਦੇ ਸਫ਼ਰ ਨੂੰ ਬਣੇ-ਬਣਾਏ ਰਾਹ ਵਾਂਗ ਸਮਝਣਾ ਆਦਿ ਸਾਰੇ ਚਿਹਨ ਮਨੁੱਖ ਦੀ ਸਥਾਪਨਾਵਾਦੀ ਤੇ ਇਕ ਕੇਂਦਰਵਾਦੀ ਮਨੋਬਿਰਤੀ ਦੇ ਸੂਚਕ ਹਨ, ਜੋ ਨੂਰ ਦੀ ਕਵਿਤਾ ਵਿਚ ਕਾਟੇ ਹੇਠ ਹੈ।
ਨਿਰਸੰਦੇਹ, ਸੁਤਿੰਦਰ ਸਿੰਘ ਨੂਰ ਵਿਸ਼ਵ ਪੱਧਰ ਉਪਰ ਵਾਪਰ ਰਹੇ ਰਾਜਸੀ, ਆਰਥਿਕ ਅਤੇ ਸਭਿਆਚਾਰਕ ਵਰਤਾਰਿਆਂ ਅਤੇ ਉਨ੍ਹਾਂ 'ਚ ਆ ਰਹੇ ਜਟਿਲ ਪਰਿਵਰਤਨਾਂ ਬਾਰੇ ਸੁਚੇਤ ਸੀ, ਪਰ ਉਸਨੇ ਖ਼ੁਦ ਸਿਆਸੀ ਮੁਹਾਵਰੇ ਵਾਲੀ ਕਵਿਤਾ ਰਚਣ ਤੋਂ ਗੁਰੇਜ਼ ਕੀਤਾ। ਰਾਜਸੀ ਪੱਧਰ ਉਤੇ ਉਸ ਦਾ ਸੰਵਾਦ ਬੁਰਜੁਆ ਵਿਚਾਰਧਾਰਾਵਾਂ ਨਾਲ ਵੀ ਸੀ ਅਤੇ ਸਮਾਜਵਾਦੀ ਕੈਂਪ ਵਿਚਲੇ ਦੇਸਾਂ ਦੀ ਇਕ ਕੇਂਦਰਵਾਦੀ ਸਿਆਸਤ ਨਾਲ ਵੀ ਸੀ, ਜੋ ਬਹੁ-ਵਚਨੀ ਸੰਵਾਦ ਦੀ ਥਾਂ ਸੱਤਾ ਤੇ ਕੇਂਦਰੀਕਰਣ ਉਪਰ ਹੀ ਟੇਕ ਰੱਖ ਰਹੀ ਸੀ। ਉਹ ਬੁਰਜੁਆ ਲੋਕਤੰਤਰ ਦੇ ਪਰਦੇ ਉਹਲੇ ਵਾਪਰ ਰਹੀ ਰਾਜਸੀ ਹਿੰਸਾ ਤੇ ਦਮਨ ਬਾਰੇ ਵੀ ਫਿਕਰਮੰਦ ਸੀ ਅਤੇ ਸਮਾਜਵਾਦੀ ਦੇਸ਼ਾਂ ਵਿਚ ਸਮਾਨਾਂਤਰ ਵਿਚਾਰਾਂ ਅਤੇ ਪ੍ਰਗਟਾਵੇ ਦੀ ਆਜ਼ਾਦੀ ਉਪਰ ਲੱਗ ਰਹੇ ਪ੍ਰਤਿਬੰਧਾਂ ਤੇ ਮਨਾਹੀਆਂ ਬਾਰੇ ਵੀ ਚਿੰਤਤ ਸੀ। ਉਸ ਨੇ ਸਮਾਜਵਾਦੀ ਕੈਂਪ ਦੇ ਦੇਸ਼ਾਂ ਵਿਚਲੇ ਉਨ੍ਹਾਂ ਵਿਦਰੋਹੀ ਕਵੀਆਂ ਨੂੰ ਅਨੁਵਾਦ ਕੀਤਾ, ਜਿਹੜੇ 'ਪ੍ਰੋਲੋਤਾਰੀ ਡਿਕਟੇਟਰਸ਼ਿਪ' ਦੇ ਸਨਾਤਨੀ ਮਾਰਕਸੀ ਸੂਤਰ ਦੇ ਸਮਾਨਾਂਤਰ ਬਹੁ-ਵਚਨੀ ਸਭਿਆਚਾਰ ਤੇ ਸੰਵਾਦ ਸਿਰਜਣ ਦੇ ਹਾਮੀ ਸਨ। ਨੂਰ ਦੇ ਚਿੰਤਨ ਅਤੇ ਕਾਵਿ-ਸਿਰਜਣਾ ਦਾ ਬਲ ਹਰ ਤਰ੍ਹਾਂ ਦੇ ਵਿਚਾਰਧਾਰਕ ਗਲਬੇ, ਸਨਾਤਨੀ ਬੰਧੇਜ ਤੇ ਘੁਟਨ, ਸਭਿਆਚਾਰਕ ਰਾਸ਼ਟਰਵਾਦ ਦੇ ਦਾਬੇ, ਰਾਜਸੀ ਹਿੰਸਾ, ਸੰਸਥਾਈ ਦਮਨ ਅਤੇ ਮਰਿਯਾਦਾਗਤ ਵਰਜਣਾਵਾਂ ਦੇ ਵਿਰੋਧ ਉਪਰ ਹੈ। ਉਸ ਦੀ ਕਵਿਤਾ ਅਤੇ ਚਿੰਤਨ ਦੀ ਸੁਰ ਸੰਵਾਦੀ ਵੀ ਹੈ ਅਤੇ ਪ੍ਰਤਿਰੋਧੀ ਵੀ। ਉਸ ਨੇ ਸਮਕਾਲੀ ਪ੍ਰਗਤੀਵਾਦੀ, ਪ੍ਰਯੋਗਵਾਦੀ/ਆਧੁਨਿਕਤਾਵਾਦੀ ਅਤੇ ਜੁਝਾਰ ਕਾਵਿ-ਧਾਰਾ ਦੀ ਨਿਸ਼ਚਿਤਤਾਵਾਦੀ ਤੇ ਅੰਤਿਮ-ਪੱਪੀ ਦ੍ਰਿਸ਼ਟੀ ਨੂੰ ਵੀ ਚੁਣੌਤੀ ਦਿੱਤੀ ਅਤੇ ਉਸ ਕਾਵਿ-ਵਿਧੀ ਨੂੰ ਵੀ ਨਕਾਰਿਆ ਜਿਹੜੀ ਸਿੱਧੇ ਸੰਬੋਧਨ, ਉੱਚੀ ਸੁਰ ਅਤੇ ਰੈਟਰਿਕ ਉਪਰ ਟੇਕ ਰੱਖ ਰਹੀ ਸੀ। ਇਹ ਕਾਵਿ-ਵਿਧੀ ਕਾਵਿ ਭਾਸ਼ਾ ਦੇ ਸੁਹਜ ਨਾਲੋਂ ਵੱਧ ਕਾਵਿ ਦੇ ਸੰਦੇਸ਼ ਬਾਰੇ ਫ਼ਿਕਰਮੰਦ ਸੀ। ਉੱਚੇ ਭਾਸ਼ਣੀ ਸੁਰ ਤੇ ਰੈਟਰਿਕ ਦੀ ਥਾਂ ਨੂਰ ਨੇ ਆਪਣੀ ਕਵਿਤਾ ਵਿਚ ਧੀਮੀ ਕਟਾਖਸ਼ੀ ਮੁਦਰਾ ਅਤੇ ਸੰਕੇਤਕ ਭਾਸ਼ਾ ਦੀਆਂ ਕਾਵਿ-ਜੁਗਤਾਂ ਅਪਣਾਈਆਂ। ਉਸ ਨੇ
ਪੰਜਾਬੀ ਕਵਿਤਾ ਨੂੰ ਰਾਜਸੀ ਮੁਹਾਵਰੇ ਦੀ ਮੁਥਾਜੀ ਤੋਂ ਮੁਕਤ ਕਰਕੇ ਨਵੀਂ ਕਾਵਿ- ਭਾਸ਼ਾ ਸਿਰਜੀ, ਜਿਸ ਦੀ ਟੇਕ ਸੰਕੇਤਕ ਕਟਾਖ਼ਸ਼ੀ ਮੁਦਰਾ ਅਤੇ ਵਕਰੋਕਤੀ ਸਿਰਜਣਾ ਉਪਰ ਹੈ। ਸਿੱਧੇ ਕਥਨ ਦੀ ਥਾਂ ਵਕ੍ਰੋਕਤੀ ਕੱਥ ਵਿਚ ਟੇਢ ਪੈਦਾ ਕਰਕੇ ਕਾਵਿ- ਭਾਸ਼ਾ ਨੂੰ ਵਧੇਰੇ ਭਾਰੀ-ਗੋਰੀ, ਸੰਚਾਰ-ਮੁਲਕ, ਰਮਣੀਕ ਅਤੇ ਸੁਹਜਵਾਦੀ ਬਣਾਉਂਦੀ ਹੈ। ਸੁਤਿੰਦਰ ਸਿੰਘ ਨੂਰ ਦਾ ਕਾਵਿ-ਪਾਤਰ ਪੂਰਵਲੀ ਪ੍ਰਗਤੀਵਾਦੀ ਤੇ ਜੁਝਾਰਵਾਦੀ ਕਵਿਤਾ ਦੇ ਨਾਇਕ ਵਾਂਗ ਨਾ ਤਾਂ ਸਮਾਜ ਸਭਿਆਚਾਰਕ ਵਰਤਾਰੇ ਬਾਰੇ ਸਿੱਧੀਆਂ ਸਿਆਸੀ ਟਿੱਪਣੀਆਂ ਕਰਦਾ ਹੈ ਅਤੇ ਨਾ ਹੀ ਪੈਗੰਬਰੀ ਮੁਦਰਾ 'ਚ ਕਾਵਿ-ਪਾਠਕ ਨੂੰ ਨਸੀਹਤ ਕਰਦਾ ਹੈ। ਨੂਰ ਲਈ ਕਾਵਿ-ਸਿਰਜਣਾ ਨਾ ਨਸੀਹਤ ਨਾਮਾ ਹੈ, ਨਾ ਕੋਰੀ ਸ਼ਬਦ ਕਲੋਲ। ਉਹ ਕਾਵਿ-ਪਾਠਕ ਦੀ ਸਿਰਜਣਾਤਮਿਕਤਾ, ਸੁਹਜ-ਬੋਧ ਅਤੇ ਸਮਝ ਉਤੇ ਖ਼ਾਸਾ ਭਰੋਸਾ ਰਖਦਾ ਹੈ। ਉਹ ਪਾਠਕ ਨੂੰ ਸਿਰਜਕ ਵਾਂਗ ਹੀ ਅਰਥ ਉਤਪਾਦਨ ਦੀ ਇਕ ਸਰਗਰਮ ਧਿਰ ਸਮਝਦਾ ਹੈ। ਇਸੇ ਕਰਕੇ ਉਸ ਦਾ ਕਾਵਿ- ਪਾਤਰ ਕਹਿੰਦਾ ਹੈ, ਕਿ –
ਕੁਝ ਗੱਲਾਂ ਅੱਖਾਂ 'ਚ
ਅੱਖਾਂ ਪਾ ਕੇ ਹੀ ਕਰਨ ਵਾਲੀਆਂ ਹੁੰਦੀਆਂ ਨੇ
ਦੇਖੀਂ ਪਲ ਕੁ ਅੱਖ ਨਾ ਝਪਕੀ
ਸਾਰੀ ਦੀ ਸਾਰੀ ਕਥਾ ਬਿਖਰ ਜਾਏਗੀ।
(ਕਵਿਤਾ ਦੀ ਜਲਾਵਤਨੀ)
ਕਾਵਿ-ਭਾਸ਼ਾ ਵਾਂਗ ਸੁਤਿੰਦਰ ਸਿੰਘ ਨੂਰ ਨੇ ਕਾਵਿ ਦੀ ਇਕ ਅਸਲੋਂ ਨਵੀਂ ਵਿਧੀ ਵੀ ਈਜ਼ਾਦ ਕੀਤੀ। ਉਸ ਦੀਆਂ ਸੰਕੇਤਕ ਤੇ ਲਘੂ-ਆਕਾਰੀ ਨਜ਼ਮਾਂ ਦਾ ਦ੍ਰਿਸ਼ ਬਾਹਰੋਂ ਬੜਾ ਸਰਲ ਤੇ ਇਕਹਿਰੇ ਜਿਹੇ ਜੁੱਸੇ ਵਾਲਾ ਜਾਪਦਾ ਹੈ, ਪਰ ਅਰਥ ਗੌਰਵ ਦੇ ਸਾਰ (essence) ਪੱਖੋਂ ਬੜਾ ਜਟਿਲ ਹੁੰਦਾ ਹੈ। ਸੰਕੇਤਕ/ਚਿਹਨਕੀ ਭਾਸ਼ਾ ਤੇ ਆਮ ਗਲ-ਕੱਥ ਦੀ ਮੁਦਰਾ 'ਚ ਸੂਖ਼ਮ ਛੁਹਾਂ ਦੁਆਰਾ ਉਸਰੀਆਂ ਉਸ ਦੀਆਂ ਨਜ਼ਮਾਂ ਅਰਥਾਂ ਪੱਖੋਂ ਦੂਰ ਤੱਕ ਮਾਰ ਕਰਨ ਵਾਲੀਆਂ ਹੁੰਦੀਆਂ ਹਨ। ਵਕ੍ਰੋਕਤੀ ਸਿਰਜਣਾ ਦੁਆਰਾ ਉਹ ਬਾਹਰੇ ਸਰਲ ਜਿਹੇ ਦਿਸਦੇ ਦ੍ਰਿਸ਼ ਵਿਚ ਅਨੇਕਾਂ ਅਰਥ-ਤਹਿ ਤੇ ਧੁਨੀਆਂ ਨੂੰ ਪੈਦਾ ਕਰ ਦਿੰਦਾ ਹੈ। ਉਸ ਦਾ ਸਿਰਜਿਆ ਕਾਵਿ-ਦ੍ਰਿਸ਼ ਇੰਨਾ ਨਾਟਕੀ ਹੋ ਨਿਬੜਦਾ ਹੈ ਕਿ ਉਸ ਵਿਚੋਂ ਜ਼ਿੰਦਗੀ ਦੇ ਵਡੇਰੇ ਤੇ ਗੰਭੀਰ ਮਸਲਿਆਂ ਦੀਆਂ ਗੂੰਜਾਂ-ਅਨੁਗੂੰਜਾਂ ਸੁਣਾਈ ਦੇਣ ਲਗਦੀਆਂ। ਪ੍ਰਮਾਣ ਵਲੋਂ ਉਸ ਦੀ ਕਵਿਤਾ-'ਕਦੇ ਕਦੇ ਅਚਾਨਕ' ਪੜ੍ਹੀ ਜਾ ਸਕਦੀ ਹੈ:
ਕਦੇ ਕਦੇ ਅਚਾਨਕ
ਇਕ ਗੱਡੀ ਦੀ ਚੀਕ ਸੁਣਦੀ ਹੈ
ਡੱਬਿਆਂ ਦੀ ਖਹਿ-ਖਹਿ ਖੱਚ-ਖੱਚ
ਪਟੜੀਆਂ ਤੇ ਖਹਿਣ ਦੀ ਆਵਾਜ਼
ਸੋਚਦਾ ਹਾਂ ਪਤਾ ਨਹੀਂ
ਕਿਸ ਡੱਬੇ ਵਿਚ ਕਿੰਨੇ ਕੁ ਆਦਮੀ ਨੇ
ਕੀ ਕਰਦੇ ਕੀ ਸੋਚਦੇ ਨੇ
ਖ਼ਬਰੇ ਸਾਰੇ ਦੇ ਸਾਰੇ ਡੱਬੇ
ਰੇਤ-ਪੱਥਰਾਂ ਦੇ ਭਰੇ ਹੋਣ
ਅਚਾਨਕ ਆਉਂਦਾ ਹੈ
ਇਕ ਬਾਲ ਭੈ-ਭੀਤ
ਤੇ ਆਖਦਾ ਹੈ
ਅੰਕਲ!
ਸਾਰੀ ਦੀ ਸਾਰੀ ਗੱਡੀ
ਭਰੀ ਹੋਈ ਹੈ
ਟੈਂਕਾਂ, ਫੌਜਾਂ ਤੇ ਤੋਪਾਂ ਦੇ ਨਾਲ
ਤੱਕ ਰਹੇ ਹਨ ਉਹ ਘੂਰ-ਘੂਰ
ਤੇ ਮੇਰੀ ਗੇਂਦ ਗੁੰਮ ਗਈ ਹੈ
ਉਸ ਗੱਡੀ ਦੇ ਪਹੀਆਂ ਵਿਚਾਲੇ
ਚਲੋ ਨਾ ਪਲੀਜ਼।
ਲੱਭ ਦਿਉ ਜ਼ਰਾ।
(ਮੌਲਸਰੀ)
ਟੈਂਕਾਂ, ਤੋਪਾਂ ਤੇ ਫ਼ੌਜੀਆਂ ਨਾਲ ਭਰੀ ਗੱਡੀ ਸਮਾਨ ਦੇ ਵਡੇਰੇ ਜੀਆਂ ਲਈ ਡਰਾਉਣੀ ਹੈ, ਦਹਿਸ਼ਤ ਦਾ ਮਾਹੌਲ ਸਿਰਜਦੀ ਹੈ, ਪਰ ਬਾਲ ਆਪਣੀ ਖੇਡ ਵਿਚ ਮਸਤ ਹੈ। ਇਸ ਨਜ਼ਮ 'ਚੋਂ ਇਹ ਧੁਨੀ ਉਭਰਦੀ ਹੈ ਕਿ ਮਨੁੱਖ ਦੇ ਮਸਲਿਆਂ ਨੂੰ ਪੁਲਿਸ/ ਫੌਜ ਜਾਂ ਹਥਿਆਰਾਂ ਨਾਲ ਨਹੀਂ ਸੁਲਝਾਇਆ ਜਾ ਸਕਦਾ। ਖੇਡਾਂ 'ਚ ਮਸਤ ਬੱਚੇ ਦੀ ਮਾਸੂਮੀਅਤ ਤੇ ਸਾਦਗੀ ਵਡੇਰਿਆਂ ਦੀ ਸਿਆਣਪ ਅਤੇ ਦਮਨਕਾਰੀ ਹਾਕਮਾਂ ਦੀ ਦਹਿਸ਼ਤੀ ਤਾਕਤ ਨਾਲੋਂ ਵਧੇਰੇ ਕਾਰਗਰ ਹੈ। ਹਥਿਆਰ ਅਤੇ ਫ਼ੌਜ ਗੇਂਦ ਦੀ ਨਿਸਬਤ ਨਿਗੂਣੇ ਹਨ। ਖੇਡ 'ਚ ਮਸਤ ਨਿਰਬਲ ਜਿਹਾ ਬੱਚਾ ਵਧੇਰੇ ਬਲਸ਼ਾਲੀ ਜਾਪਦਾ ਹੈ। ਵਕ੍ਰੋਕਤੀ ਦੀ ਸਿਰਜਣਾ ਦੁਆਰਾ ਕਵੀ ਨੂਰ ਨੇ ਮਾਸੂਮ ਤੇ ਨਿਰਬਲ ਧਿਰ ਨੂੰ ਕੇਂਦਰੀ ਸਥਿਤੀ ਵਿਚ ਲਿਆ ਖੜ੍ਹਾ ਕੀਤਾ ਹੈ। 'ਬਰਸਾਤ ਵਿਚ ਇਕ ਝੁੱਗੀ ਕੋਲੋਂ ਲੰਘਦਿਆਂ' (ਮੌਲਸਰੀ) ਨਾਮੀ ਨਜ਼ਮ ਵਿਚ ਵੀ ਨੂਰ ਇਹੋ ਵਿਧੀ ਵਰਤਦਾ ਹੈ। ਝੁੱਗੀ 'ਚ ਰਹਿਣ ਵਾਲੇ ਬੱਚੇ ਬਰਸਾਤ ਵਿਚ ਨਹਾਉਂਦੇ ਜ਼ਿੰਦਗੀ ਦਾ ਆਨੰਦ ਮਾਣਦੇ ਹਨ। ਗਾਉਂਦੇ ਤੇ ਨੱਚਦੇ ਬੱਚੇ ਕੋਲੋਂ ਲੰਘ ਰਹੇ ਪ੍ਰੋਫ਼ੈਸਰ ਨੂੰ ਜਸ਼ਨ 'ਚ ਸ਼ਾਮਿਲ ਹੋਣ ਲਈ ਸੁਲ੍ਹਾ ਮਾਰਦੇ ਹਨ। ਉਹ ਝੁੱਗੀ ਦੀ ਚੋਂਦੀ ਛੱਤ ਤੇ ਰੋਟੀ ਦੀ ਥੁੜ ਤੋਂ ਬੇਫ਼ਿਕਰ ਹਨ। ਮੱਧ ਵਰਗੀ ਪ੍ਰੋਫ਼ੈਸਰ ਜ਼ਿੰਦਗੀ ਦੇ ਜ਼ਸ਼ਨ 'ਚੋਂ ਬਾਹਰ ਖੜ੍ਹਾ ਹੈ, ਅਸਲੋਂ ਅਭਿੱਜ ਤੇ ਫ਼ਿਕਰਮੰਦ ਇਹ ਨਜ਼ਮ ਪੰਜਾਬੀ ਲੋਕ ਕਾਵਿ-ਰੂਪ 'ਥਾਲ' ਦੀ ਸ਼ੈਲੀ 'ਚ ਲਿਖੀ ਗਈ ਹੈ। ਇਹ ਬਾਲ- ਗੀਤ ਮਹਾਂਨਗਰੀ ਜੀਵਨ, ਉਪਭੋਗੀ ਸਭਿਆਚਾਰ ਅਤੇ ਮੱਧਵਰਗੀ ਬੰਦੇ ਦੀ ਗ਼ਰੀਬੀ ਉਪਰ ਕਟਾਖ਼ਸ਼ ਹੈ। ਹਾਸ਼ੀਏ ਉਤੇ ਸੁੱਟੇ ਤੇ ਸਮਾਜ 'ਚੋਂ ਬੇਦਖ਼ਲ ਕੀਤੇ ਝੁੱਗੀਆਂ ਵਾਲੇ ਬੱਚੇ ਮੱਧਵਰਗੀ ਮਹਾਂਨਗਰਾਂ ਦੇ ਬੰਦੇ ਨਾਲੋਂ ਜੀਵਨ ਦੇ ਵਧੇਰੇ ਨੇੜੇ ਹਨ। ਸੁਤਿੰਦਰ ਸਿੰਘ ਨੂਰ ਵਕ੍ਰੋਕਤੀ ਸਿਰਜਣਾ ਦੁਆਰਾ ਬਾਹਰੋ ਸਰਲ ਦਿਸਦੇ ਦ੍ਰਿਸ਼ ਨੂੰ ਜਟਿਲ ਭਾਵ-
ਬੋਧ ਵਾਲਾ ਹੀ ਨਹੀਂ ਬਣਾਉਂਦਾ, ਸਗੋਂ ਅਰਥਾਂ ਵਿਚ ਉਲਟ ਫੇਰ ਕਰਕੇ ਕਾਵਿ-ਭਾਸ਼ਾ ਵਿਚ ਚਮਤਕਾਰ ਪੈਦਾ ਕਰਦਾ ਹੈ।
ਸੁਤਿੰਦਰ ਸਿੰਘ ਨੂਰ ਸੱਤਾਧਾਰੀ ਧਿਰਾਂ ਦੇ ਵਿਚਾਰਧਾਰਕ ਗ਼ਲਬੇ, ਰਾਜਸੀ ਹਿੰਸਾ ਸਭਿਆਚਾਰਕ ਰਾਸ਼ਟਰਵਾਦ ਤੇ ਉਸਦੇ ਦਾਬੇ ਅਤੇ ਹਰ ਤਰ੍ਹਾਂ ਦੇ ਸੰਸਥਾਈ ਬੰਧੇਜ ਨੂੰ ਵਿਭਿੰਨ ਧਰਾਤਲਾਂ 'ਤੇ ਵੰਗਾਰਦਾ ਹੈ। ਉਹ ਹਾਕਮਾਂ ਦੇ ਵਿਚਾਰਧਾਰਕ ਗਲਬੋ ਅਤੇ ਸੱਤਾ ਦੇ ਦਮਨ ਦੀਆਂ ਸੰਵਾਹਕ ਸੰਸਥਾਵਾਂ ਦੀ ਨਿਸ਼ਾਨਦੇਹੀ ਹੀ ਨਹੀਂ ਕਰਦਾ, ਸਗੋਂ ਉਨ੍ਹਾਂ ਨੂੰ ਕਾਟੇ ਹੇਠ ਰਖਦਾ ਹੈ ਅਤੇ ਉਨ੍ਹਾਂ ਦੇ ਸੰਭਾਵੀ ਬਦਲ ਵੀ ਸੁਝਾਉਂਦਾ ਹੈ, ਪਰ ਇਹ ਕੰਮ ਸੰਕੇਤਕ ਰੂਪ ਵਿਚ ਕਰਦਾ ਹੈ। ਉਸ ਦੀ ਕਵਿਤਾ ਵਿਚ ਰਾਜ ਦਰਬਾਰ, ਦੇਸ, ਧਰਮ, ਘਰ, ਰਿਸ਼ਤੇ, ਮਹਿਬੂਬ, ਰੱਬ, ਕਾਨੂੰਨ ਅਤੇ ਮੁਹੱਬਤ ਆਦਿ ਸ਼ਬਦ ਆਪਣੀ ਪੁਰਾਣੀ ਕੁੰਜ ਲਾਹ ਕੇ ਅਸਲੋਂ ਨਵੇਂ ਅਰਥਾਂ ਵਿਚ ਸਾਹਮਣੇ ਆਉਂਦਾ ਹੈ। ਰਾਜ ਦਰਬਾਰ ਬੰਦੇ ਨੂੰ ਸੁਰੱਖਿਆ, ਨਿਆਂ ਤੇ ਜੀਣ-ਬੀਣ ਦਾ ਅਵਸਰ ਨਹੀਂ ਦਿੰਦਾ, ਸਗੋਂ ਉਸ ਤੋਂ ਉਸ ਦੀ ਖ਼ੁਦੀ ਦੀ ਬਲੀ ਮੰਗਦਾ ਹੈ। ਦਰਬਾਰ ਦੇ ਸਾਏ ਹੇਠ ਖ਼ੁਦਕੁਸ਼ੀ ਕਰਕੇ ਹੀ ਰਹਿਣਾ ਸੰਭਵ ਹੈ। (ਖ਼ੁਦਕੁਸ਼ੀ) ਘਰ ਮਨੁੱਖ ਦੀਆਂ ਸੰਭਾਵਨਾਵਾਂ ਨੂੰ ਬੰਨ੍ਹ ਮਾਰਦਾ ਹੈ, ਇਹ ਬੰਦੇ ਨੂੰ ਨਿਜਪਾਲ ਤੇ ਵਸਤ-ਪਾਲ ਬਣਾਉਂਦਾ ਹੈ। ਘਰ ਦੀ ਚਾਰ ਦੀਵਾਰੀ 'ਚ ਘਿਰਿਆ ਬੰਦਾ ਰੇਤ ਹੋਈ ਜਾਂਦਾ ਹੈ। ਪ੍ਰਮਾਣ ਵਲੋਂ ਨੂਰ ਦੀਆਂ 'ਘਰਾਂ' ਅਤੇ ਏਨੀ ਵੀ ਉਡੀਕ ਨਾ ਕਰੋ' ਨਜ਼ਮਾਂ ਪੜ੍ਹੀਆਂ ਜਾ ਸਕਦੀਆਂ ਹਨ
ਚੰਗਾ ਹੈ ਘਰਾਂ 'ਚ ਵੱਸਣਾ
ਪਰ ਏਨੇ ਵੀ ਘਰਾਂ 'ਚ ਨਾ ਵਸ ਲਾਉ
ਕਿ ਵੱਸਣਾ ਘਰ 'ਚ ਘਰ ਕਰ ਜਾਵੇ
ਤੇ ਤੁਸੀਂ ਘਰਾਂ ਤੋਂ ਪਾਰ ਵਸਦੇ
ਘਰਾਂ ਨੂੰ ਭੁੱਲ ਜਾਉ।
(ਸਰਦਲ ਦੇ ਆਰ ਪਾਰ)
ਉਸਰਦਾ ਹੈ ਘਰ
ਇੱਟਾਂ/ਪੱਥਰ/ਲੋਹਾ/ਸੀਮਿੰਟ
ਕੋਣ ਅਕੋਣ/ਅੰਦਰਲੇ ਵਿੰਗ ਵਲੇਵੇਂ
ਸੂਰਜ ਵੱਲ ਖੁੱਲ੍ਹਦੇ ਦੁਆਰ
ਲੰਘਦੀ ਪੌਣ/ਅੰਦਰ ਬਾਹਰ
ਨਾਲ ਹੀ/ਉਸਰਦਾ ਜਾਂਦਾ ਹੈ ਬਿੰਬ
ਸਭ ਰੇਤ ਹੈ ਸਭ ਮਿਟੀ ਹੈ।
(ਮੌਲਸਰੀ)
ਘਰ, ਸਰਦਲ, ਦੇਸ, ਜੂਹ, ਰਾਹ ਅਤੇ ਧਰਮ ਸਭ ਮਨੁੱਖ ਨੂੰ ਸੀਮਤ ਕਰਦੇ ਹਨ। ਉਸ ਵਿਚਲੀ ਕਰਤਾਰੀ ਸੰਭਾਵਨਾ ਨੂੰ ਮਿੱਟੀ ਕਰਦੇ ਹਨ, ਉਸਦੀ ਪਛਾਣ ਸੀਮਤ ਅਤੇ ਧੂਮਲ ਕਰਦੇ ਹਨ। ਬੁਰਜੁਆ ਸੱਤਾ ਸਿਆਸਤ ਦੇਸ, ਕੌਮ, ਰਾਸ਼ਟਰ, ਧਰਮ, ਖੇਤਰੀ
ਸਭਿਆਚਾਰਕ ਸਮੂਹਾਂ ਅਤੇ ਘੱਟ-ਗਿਣਤੀਆਂ (ਧਾਰਮਿਕ, ਈਥਨਕ, ਭਾਸ਼ਾਈ ਘੱਟ- ਗਿਣਤੀਆਂ) ਨੂੰ ਮੋਹਰਿਆਂ ਵਜੋਂ ਵਰਤਦੀ ਹੈ। ਧਰਮ, ਦੇਸ਼, ਰਾਸ਼ਟਰ, ਕੌਮ ਅਤੇ ਸਭਿਆਚਾਰਕ ਵਿਧਾਨ ਮਨੁੱਖ ਦੀ ਸ਼ਨਾਖ਼ਤ, ਸੁਰੱਖਿਅਤਾ ਤੇ ਆਜ਼ਾਦੀ ਦੇ ਜ਼ਸਨ ਨਹੀਂ ਬਣਦੇ ਅਤੇ ਨਾ ਹੀ ਉਸ ਦੀਆਂ ਮਾਨਵੀ ਸੰਭਾਵਨਾਵਾਂ ਤੇ ਕਰਤਾਰੀ ਸ਼ਕਤੀ ਦੇ ਵਿਕਾਸ ਦਾ ਜ਼ਰੀਆ ਬਣਦੇ ਹਨ, ਸਗੋਂ ਇਸ ਦੇ ਉਲਟ ਉਸ ਨੂੰ ਦਮਨਕਾਰੀ ਸੱਤਾ ਦਾ ਪਿਆਦਾ ਬਣਾਉਂਦੇ ਹਨ। ਭਾਰਤੀ ਸੰਵਿਧਾਨ ਅਤੇ ਸਟੇਟ ਦੇ ਲੋਕਤਾਂਤ੍ਰਿਕ, ਸੈਕੂਲਰ (ਧਰਮ-ਨਿਰਪੇਖ) ਅਤੇ ਲੋਕ-ਮੁਖੀ ਹੋਣ ਦਾ ਦਾਅਵਾ ਕਰਨ ਵਾਲੀ ਭਾਰਤੀ ਬੁਰਜੁਆ ਸਿਆਸਤ ਨੇ ਧਾਰਮਿਕ/ਖੇਤਰੀ/ਭਾਸ਼ਾਈ ਘੱਟ-ਗਿਣਤੀਆਂ ਨਾਲ ਕਿਹੋ ਜਿਹਾ ਅਮਾਨਵੀ ਸਲੂਕ ਕੀਤਾ ਅਤੇ ਸਭਿਆਚਾਰਕ ਰਾਸ਼ਟਰਵਾਦ ਦੇ ਲੁਕਵੇਂ ਏਜੰਡੇ ਨੇ ਭਾਰਤ ਦੇ ਸੰਘੀ ਢਾਂਚੇ ਨੂੰ ਕਿਵੇਂ ਢਾਹ ਲਾਈ, ਨੂਰ ਇਸ ਸੰਵੇਦਨਸ਼ੀਲ ਸਿਆਸੀ ਪ੍ਰਸ਼ਨ ਨੂੰ ਆਪਣੀ ਕਟਾਖਸ਼ੀ ਮੁਦਰਾ ਵਾਲੀ ਨਜ਼ਮ 'ਮੇਰੇ ਦੇਸ਼ ਵਿਚ' ਇੰਜ ਰੂਪਮਾਨ ਕਰਦਾ ਹੈ:
ਮੇਰੇ ਦੇਸ ਵਿਚ
ਹਰ ਵੇਸਵਾ ਦਾ ਨਾਂ ਹੁੰਦਾ ਏ
ਸਲਮਾ, ਰੁਖ਼ਸਾਨਾ, ਹੁਸੈਨਾ, ਆਲਮਆਰਾ
ਤੇ ਉਹ ਤੱਕਦੀ ਤੁਹਾਡੇ ਵਲ
ਜਿਵੇਂ ਕਿਸੇ ਇਤਿਹਾਸਕ ਲੁੱਟ ਦੀ ਖਿਮਾਂ ਮੰਗਦਿਆਂ
ਹੁਣ ਆਪ ਲੁੱਟੇ ਜਾਣ ਦੀ ਦਾਹਵਤ ਦੇ ਰਹੀ ਹੋਵੇ
ਮੈਂ ਦੁਸ਼ਿਅੰਤ ਦੇ ਸ਼ਹਿਰ
ਗ਼ਜ਼ਲਾਂ ਦਾਦਰਾ ਸੁਣਦਾ
ਹੁਸੈਨਾ ਦਾ ਏਨਾ ਵਾਕਫ਼ ਹੋ ਗਿਆ ਸਾਂ
ਮੈਥੋਂ ਅਚੇਤੇ ਆਖਿਆ ਗਿਆ
ਬੱਸ ਗਾਉਂਦੀਆਂ ਨੇ
ਤਾਂ ਇਹ ਮੁਸਲਮਾਨ ਕੁੜੀਆਂ
ਇਹ ਸੁਣਦਿਆਂ ਹੁਸੈਨਾ ਬੋਲ ਉਠੀ
ਨਹੀਂ ਨਹੀਂ
ਮੈਂ ਤਾਂ ਪੰਜਾਬ ਤੋਂ ਉਜੜੀ ਜਮਨਾ ਹਾਂ
ਔਹ ਰੁਕਮਨੀ ਤੇ ਔਹ ਮੀਰਾ ਹੈ। (ਕਵਿਤਾ ਦੀ ਜਲਾਵਤਨੀ)
ਇਸ ਕਵਿਤਾ 'ਚੋਂ ਇਹ ਧੁਨੀ ਉਭਰਦੀ ਹੈ ਕਿ ਇਸ ਕਥਿਤ ਸੈਕੂਲਰ-ਦੇਸ਼ ਵਿਚ ਘੱਟ-ਗਿਣਤੀਆਂ, ਦਲਿਤ ਔਰਤਾਂ, ਕਸਬੀਆਂ/ਕਲਾਕਾਰਾਂ ਤੇ ਕਾਮਿਆਂ ਦੀ ਹੈਸੀਅਤ ਵੇਸਵਾ ਵਾਲੀ ਹੈ। ਜਿਹੜਾ ਦੇਸ ਧੀਆਂ, ਕਲਾਕਾਰਾਂ ਤੇ ਧਾਰਮਿਕ ਘੱਟ-ਗਿਣਤੀਆਂ ਨੂੰ ਸੁਰੱਖਿਆ, ਆਜ਼ਾਦੀ ਤੇ ਨਿਆਂ ਨਹੀਂ ਦੇ ਸਕਦਾ ਅਤੇ ਉਨ੍ਹਾਂ ਦੀ ਸ਼ਨਾਖ਼ਤ ਨੂੰ ਮਧੋਲਦਾ ਹੈ, ਸੈਕੂਲਰ, ਲੋਕਤਾਂਤ੍ਰਿਕ ਅਤੇ ਲੋਕ-ਮੁਖੀ ਰਾਸ਼ਟਰ ਹੋਣ ਦਾ ਦਾਅਵਾ ਕਿਵੇਂ ਕਰ ਸਕਦਾ ਹੈ ? ਵਕ੍ਰੋਕਤੀ ਦੀ ਜੁਗਤ ਰਾਹੀਂ ਡਾ. ਨੂਰ ਨੇ ਅਰਥਾਂ ਵਿਚ ਉਲਟ-ਫੇਰ ਕਰਕੇ ਅਜਿਹਾ ਚਮਤਕਾਰ ਕੀਤਾ ਹੈ ਕਿ ਦੇਸ 'ਕੋਠਾ' ਜਾਪਣ ਲਗ ਪਿਆ ਹੈ। ਦੇਸ,
ਲੋਕਾਂ ਦਾ ਹੈ ਕਿ ਹਾਕਮਾਂ ਤੇ ਸੱਤਾਂ ਦੇ ਦਲਾਲਾਂ ਦਾ ? ਇਹ ਪ੍ਰਸ਼ਨ ਨੂਰ ਦੀ ਕਵਿਤਾ ਦੇ ਕੇਂਦਰ 'ਚ ਰਹਿੰਦਾ ਹੈ। ਦੇਸ ਕਿੰਨ੍ਹਾ ਦਾ ਹੈ-ਸੱਤਾ ਦੇ ਲਲਸਾਏ ਹਾਕਮਾਂ ਦਾ, ਜੋ ਰਾਜਸੀ ਤਾਕਤ ਹਥਿਆਉਣ ਲਈ ਧਾਰਮਿਕ, ਖੇਤਰੀ ਤੇ ਭਾਸ਼ਾਈ ਘੱਟ-ਗਿਣਤੀਆਂ ਨੂੰ ਦਬਾ ਕੇ ਸਭਿਆਚਾਰਕ ਰਾਸ਼ਟਰਵਾਦ ਦੀ ਸੌੜੀ ਸਿਆਸਤ ਕਰ ਰਹੇ ਹਨ ਜਾਂ ਗ਼ੈਰ- ਮੁਲਕੀ ਸਮਝੀ ਜਾਣ ਵਾਲੀ ਲਾਹੌਰਨ ਪੰਜਾਬਣ ਮਾਂ ਦਾ, ਜੋ ਮੁਲਕੋਂ ਬਾਹਰ ਬੈਠੀ ਪੰਜਾਬ ਤੇ ਆਵਾਮ ਦੀ ਖੈਰ ਮੰਗਦੀ ਹੈ। ਨੂਰ ਦੀ ਨਜ਼ਮ 'ਲਾਹੌਰ ਦੀ ਸੜਕ 'ਤੇ ਜਾਂਦਿਆਂ ' ਦੀ ਰਮਜ਼ ਬੜੀ ਗਹਿਰੀ ਹੈ ਸਾਡਾ ਮਾਈ-ਬਾਪ ਕੌਣ ਹੈ ? ਸੋਚਣਾ ਬਣਦਾ ਹੈ:
ਲਾਹੌਰ ਦੀ ਸੜਕ ਤੇ ਜਾਂਦਿਆਂ
ਇਕ ਬੁੱਢੀ ਪੰਜਾਬਣ
ਰਾਹ ਰੋਕ ਲੈਂਦੀ
ਬੁਰਕਾ ਹਟਾ ਕੇ ਪੁੱਛਦੀ :
ਪੁੱਤਰ! ਕੀ ਹਾਲ ਏ ਪੰਜਾਬ ਦਾ ?
ਮੈਂ ਆਖਦਾ :
ਠੀਕ-ਠਾਕ ਏ ਮਾਂ!
ਬੁੱਢੀ ਪੰਜਾਬਣ ਆਖਦੀ
ਨਾ ਪੁੱਤਰਾਂ! ਕੋਰਾ ਝੂਠ ਨਾ ਬੋਲ!
(ਕਵਿਤਾ ਦੀ ਜਲਾਵਤਨੀ)
ਵਿਸ਼ਵ ਦੀ ਇਨਕਲਾਬੀ ਕਵਿਤਾ ਨੂੰ ਦੀਵਾਨਗੀ ਦੀ ਹੱਦ ਤਕ ਪਿਆਰਨ ਵਾਲਾ, ਸੁਚੇਤ ਪਾਠਕ ਤੇ ਅਨੁਵਾਦਕ ਹੋਣ ਦੇ ' ਨਾਤੇ ਨੂਰ ਇਹ ਸਮਝਦਾ ਸੀ ਕਿ ਸਿੱਧੇ ਰਾਜਸੀ ਮੁਹਾਵਰੇ ਵਾਲੀ ਕਵਿਤਾ ਨਾਲੋਂ ਪਿਆਰ-ਕਵਿਤਾ ਵਧੇਰੇ ਪ੍ਰਭਾਵਸ਼ਾਲੀ ਤੇ ਅਸਰ- ਪਾਅ ਹੁੰਦੀ ਹੈ। ਪਾਬਲੋ ਨੈਰੂਦਾ, ਫੈਜ਼ ਅਹਿਮਦ ਫੈਜ਼ ਅਤੇ ਮਹਿਮੂਦ ਦਰਵੇਸ਼ ਦੀ ਪਿਆਰ- ਕਵਿਤਾ ਉਸ ਦਾ ਰੋਲ ਮਾਡਲ ਸੀ, ਪਰ ਨੂਰ ਦੀ ਪਿਆਰ-ਕਵਿਤਾ ਦੀ ਪ੍ਰਾਪਤੀ ਇਹ ਹੈ ਕਿ ਉਸ ਨੇ ਮੁਹੱਬਤ ਦੇ ਥੀਮ ਨੂੰ ਉਨਮਾਦੀ ਰੁਮਾਂਸ ਤੋਂ ਮੁਕਤ ਕੀਤਾ। ਉਸ ਦੀ ਪਿਆਰ-ਕਵਿਤਾ ਉਨਮਾਦੀ ਐਂਦਰਿਕਤਾ (ਕਾਮੁਕਤਾ) ਤੇ ਦੇਹੀ-ਜ਼ਸਨ ਦੀ ਕਵਿਤਾ ਨਹੀਂ, ਸਗੋਂ ਆਪਣੇ ਦੌਰ ਦੇ ਅਹਿਮ ਸਿਆਸੀ ਤੇ ਸਮਾਜ-ਸਭਿਆਚਾਰਕ ਸਰੋਕਾਰਾਂ ਨੂੰ ਮੁਖਾਤਿਬ ਹੈ। ਇਹ ਕਵਿਤਾ ਨਾਰੀ ਦੇਹ ਦੇ ਸੌਂਦਰਯ ਤੇ ਕਾਮ-ਕਾਮਨਾਵਾਂ ਦੀ ਲੰਪਟ ਪੂਰਤੀ/ਅਪੂਰਤੀ ਤਕ ਸੀਮਿਤ ਨਹੀਂ। 'ਸਰਦਲ ਦੇ ਆਰ ਪਾਰ' ਅਤੇ 'ਮੌਲਸਰੀ' ਕਾਵਿ- ਸੰਗ੍ਰਹਿ ਦੀਆਂ ਪਿਆਰ ਕਵਿਤਾਵਾਂ ਵਿਚ ਨੂਰ ਮੁਹੱਬਤ ਜਾਂ ਔਰਤ-ਮਰਦ ਦੇ ਰਿਸ਼ਤੇ ਦੀ ਪਰੰਪਰਕ ਪਰਿਭਾਸ਼ਾ ਨੂੰ ਹੀ ਬਦਲਣ ਦਾ ਯਤਨ ਕਰਦਾ ਹੈ। ਨੂਰ ਨਾ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਉਸ ਪ੍ਰੀਤ ਫਲਸਫ਼ੇ ਦਾ ਹਾਮੀ ਹੈ, ਜੋ ਮਨੁੱਖ ਦੀ ਪ੍ਰਕਿਰਤਕ ਅੰਦਰਿਕ ਖਿੱਚ ਨੂੰ ਖਾਰਜ ਕਰਕੇ ਰੂਹਾਨੀ ਪਿਆਰ ਦੀ ਵਕਾਲਤ ਕਰਦਾ ਹੈ ਅਤੇ ਨਾ ਹੀ ਸੁੱਚਵਾਦੀ ਨੈਤਿਕਤਾ ਦੀ ਦੁਹਾਈ ਦਿੰਦਾ ਹੈ। 'ਸਰਦਲ ਦੇ ਆਰ-ਪਾਰ' ਨਜ਼ਮ ਵਿਚ' ਉਹ ਪਿਆਰ ਅਤੇ ਸਨਾਤਨੀ ਦ੍ਰਿਸ਼ਟੀ ਨੂੰ ਰੱਦ ਕਰਦਾ ਹੈ, ਜੋ ਪਿਆਰ ਨੂੰ ਚੋਰੀ ਦਾ ਰਿਸ਼ਤਾ ਸਮਝਦੀ ਹੈ। ਦੋ ਵੱਖਰੇ ਘਰਾਂ 'ਚ ਵਸਣ ਵਾਲੇ ਵਿਆਹੇ-ਵਰੇ ਔਰਤ ਮਰਦ
ਵੀ ਪਿਆਰ ਕਰ ਸਕਦੇ ਹਨ। ਸਰਦਲ ਦਾ ਚਿਹਨ ਪਰੰਪਰਕ ਦ੍ਰਿਸ਼ਟੀ ਦੀ ਸੀਮਾ ਵੱਲ ਸੰਕੇਤ ਹੈ :
ਮੈਂ ਤੈਨੂੰ ਘਰ ਦੀ ਸਰਦਲ ਦੇ
ਪਾਰ ਉਡੀਕ ਦਾ
ਤੂੰ ਮੈਨੂੰ ਅਨੇਕ ਵਾਰ
ਘਰ ਤੱਕ ਛੱਡਣ ਆਉਂਦੀ
ਗੁਣਗੁਣਾਉਂਦੀ/ਲਹਿਲਹਾਉਂਦੀ
ਨਟਖਟ ਅਠਖੇਲੀਆਂ ਕਰਦੀ
ਤੇਰਾ ਅੰਗ ਅੰਗ ਜਾਗਦਾ
ਕੁਛ ਪੁੱਛਦੀ/ਕੁਝ ਦੱਸਦੀ
ਘਰ ਦੀਆਂ ਪੌੜੀਆਂ ਤੋਂ ਪਹਿਲਾਂ/ਆਖਦੀ
ਬਾਕੀ ਟੈਲੀਫ਼ੋਨ 'ਤੇ ਸਹੀ
(ਸਰਦਲ ਦੇ ਆਰ ਪਾਰ)
'ਮੁਹੱਬਤ' ਨਜ਼ਮ 'ਚ ਉਹ ਕਹਿੰਦਾ ਹੈ ਕਿ ਪਿਆਰ 'ਉਦਾਸੀਆਂ ਤੇ ਜਾਣ ਤੇ 'ਦੁਮੇਲ ਤੱਕ ਫੈਲ ਜਾਣ, ਵਰਗਾ ਕਰਮ ਹੈ। ਮੁਹੱਬਤ ਆਤਮ-ਵਿਗਾਸ ਦਾ ਅਮਲ ਹੈ, ਇਹ ਮਨੁੱਖ ਨੂੰ ਸ਼ਿੱਦਤੀ ਸਾਂਝ ਦੇ ਅਹਿਸਾਸ ਨਾਲ ਭਰਪੂਰ ਕਰਦੀ ਹੈ, ਇਹ ਪ੍ਰੇਮੀਆਂ ਵਿਚ 'ਰੱਬ' ਹੋਣ-ਥੀਣ ਦੀ ਆਸਥਾ ਪੈਦਾ ਕਰਦੀ ਹੈ। ਇਸ ਸਾਡੇ ਅੰਦਰਲੇ ਨਿੱਜ- ਪਾਲ ਤੇ ਵਸਤ-ਪਾਲ ਸ਼ਖ਼ਸ਼ ਨੂੰ ਸਮਾਜਕ ਸਾਂਝ ਦੀ ਤੰਦ ਵਿਚ ਬੰਨਦਾ ਹੈ। ਇਸ ਸੰਦਰਭ ਵਿਚ ਨੂਰ ਦੀਆਂ ਨਜਮਾਂ - 'ਮੈਂ ਜਦੋਂ; 'ਮੈਂ ਜਦੋਂ ਤੇਰਾ ਇਸ਼ਕ ਸਿਮਰ ਰਿਹਾ ਸਾਂ' ਅਤੇ 'ਤੂੰ ਜਦੋਂ ਮੈਨੂੰ ਮਿਲੀ' ਵਿਚਾਰਨ ਯੋਗ ਹਨ:
ਮੈਂ ਜਦੋਂ ਤੇਰਾ ਇਸ਼ਕ ਸਿਮਰ ਰਿਹਾ ਸਾਂ
ਤਾਂ ਅਚਾਨਕ ਬ੍ਰਹਿਮੰਡ ਨਵਖੰਡ
ਵਿਗਸਦੇ ਤੇ ਫੈਲਦੇ ਨਜ਼ਰ ਆਏ
ਚੇਤਨਾ ਦੇ ਕਿੰਗਰੇ ਬਣੇ ਡਿੱਗੇ ਤੇ ਫਿਰ ਬਣੇ
ਮੈਂ ਦੇਖਿਆ ਤੇਰੀਆਂ ਧੁਰ ਡੂੰਘਾਣਾਂ 'ਚ
ਉਹੀ ਬ੍ਰਹਿਮੰਡ ਫੈਲ ਰਿਹਾ ਸੀ
ਉਹ ਨਵਖੰਡ ਵਿਗਸ ਰਹੇ ਸਨ।
(ਮੌਲਸਰੀ)
‘ਤੁਸੀਂ ਪੁੱਛਦੇ ਹੋ' ਅਤੇ 'ਰਿਸ਼ਤੇ ਦੀ ਪਰਿਭਾਸ਼ਾ' ਸਰਦਲ ਦੇ ਆਰ ਪਾਰ ਨਜ਼ਮਾਂ ਵਿਚ ਨੂਰ ਔਰਤ-ਮਰਦ ਸੰਬੰਧਾਂ ਦੀ ਪੰਰਪਰਕ ਪਰਿਭਾਸ਼ਾ ਨੂੰ ਨਕਾਰਦਾ ਹੈ। ਪਰਿਵਾਰ ਤੇ ਵਿਆਹ ਦੇ ਪ੍ਰਵਾਨਿਤ ਰਿਸ਼ਤੇ ਸਮਾਜ ਵਲੋਂ ਤਾਂ ਸਵੀਕਾਰੇ ਹੋਏ ਤੇ ਵੈਧ ਹੁੰਦੇ ਹਨ, ਪਰ ਇਹ ਜ਼ਿਆਦਾਤਰ ਸੰਵੇਦਨਾਵੀ ਸੇਕ ਤੋਂ ਵਿਹੁਣੇ ਹੁੰਦੇ ਹਨ; ਮੁਹੱਬਤ ਦਾ ਰਿਸ਼ਤਾ ਅਪ੍ਰਵਾਨਿਤ ਪਰ ਸ਼ਿੱਦਤ ਭਰਪੂਰ ਹੁੰਦਾ ਹੈ। ਨੈਤਿਕ ਮਰਿਆਦਾ ਦੀ ਰਾਮਕਾਰ ਤੇ
ਬੁਨਿਆਦੀ ਰਿਸ਼ਤਿਆਂ ਦਾ ਤੌਕ ਔਰਤ-ਮਰਦ ਸੰਬੰਧਾਂ ਦੀ ਜਜ਼ਬਾਤੀ ਗਰਮਾਹਟ ਨੂੰ ਸੁੰਨ ਕਰਦਾ ਹੈ।
ਸੁਤਿੰਦਰ ਸਿੰਘ ਨੂਰ ਦੇ ਪਿਆਰ-ਕਾਵਿ ਵਿਚ ਔਰਤ ਦੀ ਹਾਸ਼ੀਆਗਤ ਹੋਂਦ ਲਈ ਜ਼ਿੰਮੇਵਾਰ ਪੁਰਸ਼-ਸੱਤਾ ਕੇਂਦਰਿਤ ਸਿਆਸਤ ਦੀ ਨਿਸ਼ਾਨਦੇਹੀ ਵੀ ਹੋਈ ਹੈ। ਪਿੱਤਰ- ਸੱਤਾ ਕੇਂਦਰ ਸਭਿਆਚਾਰਾਂ ਵਿਚ 'ਪਰਿਵਾਰਾਂ' ਅਤੇ 'ਵਿਆਹ' ਦੀਆਂ ਸੰਸਥਾਵਾਂ ਔਰਤ ਨੂੰ ਅਸੀਲਣ ਦਾ ਕੰਮ ਕਰਦੀਆਂ ਹਨ। ਪਰਿਵਾਰ ਅਤੇ ਵਿਆਹ ਦੀ ਮਰਿਯਾਦਾ ਔਰਤ ਲਈ ਨਿਰਾ ਛਲਾਵਾ ਹੁੰਦੀ ਹੈ। ਪੁਰਸ਼-ਸੱਤਾ ਦੀ ਸਿਆਰਤ ਔਰਤ ਦੇ 'ਜਨਣੀ (ਸਿਰਜਣ) ਰੂਪ ਨੂੰ ਪਿੱਛੇ ਸੁੱਟ ਕੇ ਉਸ ਦੇ 'ਕਾਮਨੀ ਸਰੂਪ ਨੂੰ ਔਰਤ ਦੀ ਪਛਾਣ ਬਣਾ ਦਿੰਦਾ ਹੈ। ਉਹ ਸੇਜ-ਸੁਖ ਤੇ ਦੇਹ-ਜਸ਼ਨ ਦੇ ਸਾਧਨ ਤਕ ਸੁੰਗੜ/ਸਿਮਟ ਜਾਂਦੀ ਹੈ। ਨੂਰ ਦੀ ਕਵਿਤਾ ਵਿਚ ਔਰਤ ਦੇ ਕਾਮਨਾਵੰਤ ਲਘੂ ਰੂਪ ਨਾਲੋਂ ਉਸਦੇ ਸਿਰਜਨ ਵਾਲੇ ਵਿਰਾਟ ਆਪੇ ਦੀ ਮਹਿਮਾ ਵਧੇਰੇ ਹੋਈ ਹੈ। ਉਸ ਦਾ ਕਾਵਿ-ਪਾਤਰ ਕਦੇ ਸ਼ਿਵ ਵਾਂਗ ਵਿਰਾਟ ਲੀਲ੍ਹਾ ਰਚਾਉਣ ਵਾਲੀ 'ਪਾਰੋ' ਨੂੰ ਤਲਾਸ਼ਦਾ ਹੈ ਅਤੇ ਕਦੇ ਪ੍ਰੇਮਿਕਾ ਹੱਥੋਂ ਹਾਰ ਜਾਣ ਦੀ ਜ਼ਿਦ ਕਰਦਾ ਹੈ। 'ਉਹ ਪੁਛਦੀ ਹੈ' ਨਾਮੀ ਨਜ਼ਮ ਵਿਚ ਨੂਰ ਮਰਦ ਦੇ ਜੇਤੂ ਤੇ ਹਿੰਸਕ ਰੂਪ ਨੂੰ ਉਲਟਾ ਦਿੰਦਾ ਹੈ। 'ਪਾਰੋ' ਨਾਮੀ ਕਵਿਤਾ ਵਿਚ ਕਵੀ ਔਰਤ ਦੇ ਨਿਰਬਲ ਹੋਣ ਦੀ ਮਿੱਥ ਨੂੰ ਵਿਸਥਾਪਤ ਕਰ ਦਿੰਦਾ ਹੈ। ਔਰਤ ਦੇ ਸਸ਼ਕਤੀਕਰਣ ਦੇ ਸਿਰਜਕ ਰੂਪ ਦੀ ਇਹ ਚੇਤਨਾ ਹੀ ਨੂਰ ਦੇ ਪਿਆਰ-ਕਾਵਿ ਦਾ ਹਾਸਿਲ ਹੈ:
ਪਾਰੋ !
ਤੂੰ ਕਦੇ ਮੈਨੂੰ ਹੀ ਮੂਕ ਕਰਦੀ
ਮੇਰੇ ਹੀ ਅੰਗਾਂ ਤੇ ਧਮਾਲ ਪਾਉਂਦੀ
ਵਿਰਾਟ-ਲ੍ਹੀਲਾ 'ਚ
ਤਾਂਡਵ ਸਾਕਾਰ ਕਰਦੀ
ਖੰਡਾਂ-ਬ੍ਰਹਿਮੰਡਾਂ ਤੱਕ
ਬਿਜਲੀਆਂ ਰੌਂਦ ਸੁੱਟਦੀ ਏਂ
ਮੈਂ ਤੈਨੂੰ ਹੀ ਤਲਾਸ਼ਦਾ
ਬਾਰ ਬਾਰ ਪਾਰੋ !
ਤੂੰ ਅਜੇ ਵੀ ਦਸ
ਮੇਰੀ ਕੀ ਲਗਦੀ ਏ ?
(ਮੌਲਸਰੀ)
ਸੰਖੇਪ ਵਿਚ ਸੁਤਿੰਦਰ ਸਿੰਘ ਨੂਰ ਦੀ ਕਵਿਤਾ ਬੇਦਖ਼ਲ ਕਰ ਦਿਤੇ ਗਏ ਅਤੇ ਆਪਣੀ ਹੀ ਧਰਤੀ 'ਤੇ ਜਲਾਵਤਨੀ ਭੋਗਦੇ ਬੰਦਿਆਂ ਦੀ ਵਾਪਸੀ ਨਾ ਅਹਿਦ ਹੈ। ਉਸ ਦੇ ਕਾਵਿ-ਪਾਤਰ ਦੀ 'ਘਰਾਂ ਤੋਂ ਤੁਰ ਗਏ ਮਿੱਤਰਾਂ ਨੂੰ ਪਰਤ ਆਉਣ' ਦੀ ਸਲਾਹ ਮਹਿਜ਼ ਕਵੀ ਦਾ ਸੁਪਨਾ ਨਹੀਂ, ਇਤਿਹਾਸ ਵਲੋਂ ਪਾਈ ਗਈ ਵਿੱਢ ਦਾ ਤਕਾਜ਼ਾ ਹੈ :
ਏਸ ਤੋਂ ਪਹਿਲਾਂ ਕਿ
ਬਿਸ਼ੀਅਰ ਸਮਿਆਂ ਨੂੰ ਡੰਗ ਜਾਣ
ਨਿਗਲ ਜਾਣ ਤੁਹਾਡੀਆਂ ਪੈੜਾਂ ਦੇ ਨਿਸ਼ਾਨ
ਤੇ ਤੁਸੀਂ ਬਹੁਤ ਦੂਰ ਨਿਕਲ ਗਏ
ਭੁਲ ਜਾਉ ਪਗਡੰਡੀਆਂ, ਜੂਹਾਂ ਤੇ ਬਨੇਰੇ
ਘਰਾਂ ਤੋਂ ਤੁਰ ਗਏ ਮਿੱਤਰੋਂ
ਹੁਣ ਪਰਤ ਵੀ ਆਉ।
(ਕਵਿਤਾ ਦੀ ਜਲਾਵਤਨੀ)
ਬੇਸ਼ੱਕ ਨੂਰ ਦੀ ਕਵਿਤਾ ਸੰਕਟ-ਮੋਚਨ ਤੇ ਕਿਸੇ ਮਸੀਹਾਈ ਕਰਮ ਦਾ ਢਾਈਆ ਨਹੀਂ ਕਰਦੀ, ਪਰ ਉਸਨੇ ਹਨੇਰਿਆਂ ਖਿਲਾਫ਼ ਜੁਗਨੂੰ ਵਾਲੀ ਰੀਤ ਨਿਭਾਈ ਹੈ :
ਦੂਰ ਤਕ ਫੈਲੀ ਸਿਆਹ ਰਾਤ
ਬਿਰਛਾਂ-ਬੂਟਿਆਂ ਦੇ ਪਰਛਾਵਿਆਂ ਨੂੰ ਨਿਗਲ ਕੇ
ਵੀਰਾਨ ਸੜਕਾਂ ਤੇ ਕੁੰਡਲ ਮਾਰ ਕੇ ਬੈਠੀ ਹੈ
ਮੈਂ ਬੰਦ ਕਮਰੇ ਦੀ ਬਾਰੀ ਖੋਲ੍ਹਦਾ
ਤੇ ਦੇਖਦਾ ਹਾਂ ਜੁਗਨੂੰ
ਜੋ ਹਨੇਰੇ ਨੂੰ ਚੀਰਦਾ ਪਾਰ ਜਾ ਰਿਹਾ ਹੈ।
(ਕਵਿਤਾ ਦੀ ਜਲਾਵਤਨੀ)
ਮਨਮੋਹਨ ਦਾ ਕਾਵਿ-ਪ੍ਰਵਚਨ
ਡਾ. ਯੋਗਰਾਜ
ਮਨਮੋਹਨ ਦੀ ਕਵਿਤਾ ਨੂੰ ਸਮਝਣ ਲਈ ਪਹਿਲਾ ਧਿਆਨ ਤਾਂ ਉਸਦੀ ਕਾਵਿ- ਭਾਸ਼ਾ 'ਤੇ ਹੀ ਜਾਂਦਾ ਹੈ। ਕਾਵਿ-ਭਾਸ਼ਾ 'ਚੋਂ ਲੰਘਕੇ ਹੀ ਪਾਠਕ ਨੇ ਇਸਦੇ ਅਰਥ ਕਰਨੇ ਹੁੰਦੇ ਹਨ। ਇਸ ਪੱਖ ਤੋਂ ਮਨਮੋਹਨ ਦੀ ਕਵਿਤਾ ਪਾਠਕ ਦਾ ਇਮਤਿਹਾਨ ਲੈਂਦੀ ਹੈ। ਪਰ ਪਾਠਕ ਇਸਨੂੰ ਸਮਝ ਲਵੇਗਾ, ਇਸਦੀ ਗਰੰਟੀ ਉਹ ਆਪ ਵੀ ਨਹੀਂ ਲੈਂਦਾ। ਸਗੋਂ ਉਹ ਤਾਂ ਆਪਣੀ ਕਵਿਤਾ ਦੀ ਇਸ ਵਿਲੱਖਣਤਾ ਤੋਂ ਖ਼ੁਦ ਚੇਤਨ ਹੈ। ਇਸੇ ਲਈ ਉਹ ਆਪਣੇ ਕਾਵਿ-ਸ਼ਾਸਤਰ ਬਾਰੇ ਕਈ ਸੰਖੇਪ ਅਤੇ ਭਾਵਪੂਰਨ ਟਿੱਪਣੀਆਂ ਕਰਦਾ ਹੈ। ਇਨ੍ਹਾਂ ਵਿੱਚੋਂ ਉਹ ਟੀ. ਐਸ. ਈਲੀਅਟ ਦੀਆਂ ਜਿਨ੍ਹਾਂ ਸਤਰਾਂ ਨੂੰ 'ਨੀਲ ਕੰਠ' ਕਾਵਿ- ਸੰਗ੍ਰਹਿ ਵਿੱਚ ਅੰਕਿਤ ਕਰਦਾ ਹੈ ਉਨ੍ਹਾਂ ਸਤਰਾਂ ਨਾਲ ਮਨਮੋਹਨ ਦੀ ਕਵਿਤਾ ਬਾਰੇ ਗੱਲ ਸ਼ੁਰੂ ਕੀਤੀ ਜਾ ਸਕਦੀ ਹੈ। ਉਹ ਅੰਕਿਤ ਕਰਦਾ ਹੈ, "ਪਾਠਕ ਨੂੰ ਸਮਝਾਉਣਾ ਜਾ ਸੱਚ ਵਿਖਾਉਣਾ ਕਵਿਤਾ ਦੀ ਪਹੁੰਚ ਤੋਂ ਬਾਹਰਲੇ ਵਿਸ਼ੇ ਹਨ। ਕਵਿਤਾ ਸਮਝਾਉਣ ਤੋਂ ਪਹਿਲਾ ਵੀ ਪੱਲੇ ਪੈ ਸਕਦੀ ਹੈ। ਅਸਪੱਸ਼ਟਤਾ ਕਵਿਤਾ ਦੇ ਸੌਂਦਰਯ ਸ਼ਾਸਤਰ ਦਾ ਅਨਿੱਖੜ ਅੱਗ ਹੈ। ਇਹ ਕਵਿਤਾ ਦਾ ਈਮਾਨ ਹੋ ਕਿਉਂਕਿ ਕਵਿਤਾ ਦੀ ਭਾਸ਼ਾ ਸਮਰਥਨ ਦੀ ਭਾਸ਼ਾ ਨਹੀਂ ਹੁੰਦੀ।" ਕਵਿਤਾ ਦੀ ਹੋਂਦ ਹੀ ਕਿਉਂਕਿ ਇਸ ਗੱਲ ਤੇ ਟਿਕੀ ਹੁੰਦੀ ਹੈ ਕਿ ਉਹ ਸਾਧਾਰਨ ਭਾਸ਼ਾ ਨਹੀਂ ਹੁੰਦੀ, ਸਾਧਾਰਨ ਵਿਆਕਰਨ ਦੇ ਨਿਯਮਾਂ ਨੂੰ ਤੋੜ ਕੇ ਹੀ ਕਾਵਿ-ਭਾਸ਼ਾ ਦੀ ਕੰਸਟ੍ਰਕਸ਼ਨ ਹੁੰਦੀ ਹੈ, ਅੱਗੇ ਇਸ ਕੰਸਟ੍ਰਕਸ਼ਨ ਨੇ ਆਪਣੇ ਵਿਸ਼ੇਸ਼ ਇਤਿਹਾਸਕ, ਸਮਾਜਿਕ ਅਤੇ ਰਾਜਨੀਤਕ ਸੰਦਰਭਾਂ 'ਚੋਂ ਅਨੇਕਾਂ ਵਿਵਿਧ ਰੂਪ ਗ੍ਰਹਿਣ ਕਰਨੇ ਹੁੰਦੇ ਹਨ। ਟੀ. ਐਸ. ਈਲੀਅਟ ਵੀ ਕਵਿਤਾ ਦੇ ਰੂਪਾਕਾਰ ਬਾਰੇ ਜਿਹੜੇ ਵਿਚਾਰ ਪੇਸ਼ ਕਰਦਾ ਹੈ, ਉਹ ਅਸਲ ਵਿੱਚ ਵਿਸ਼ੇਸ਼ ਕਵਿਤਾ ਦੇ ਵਿਸ਼ੇਸ਼ ਕਾਵਿ-ਸ਼ਾਸਤਰ ਦੀ ਤਲਾਸ਼ ਸੀ। ਇਹ ਤਲਾਸ਼ ਪੱਛਮੀ ਪਰੰਪਰਾ ਵਿੱਚ ਰੋਮਾਂਟਿਕ ਪ੍ਰਗੀਤਾਤਮਕਤਾ ਤੋਂ ਚਿੰਤਕ ਦੀ ਭਾਸ਼ਾ ਦੀ ਤਲਾਸ਼ ਦੇ ਯਤਨ ਸਨ। ਖ਼ੁਦ ਇਕ ਕਵੀ ਵਜੋਂ ਟੀ. ਐਸ. ਈਲੀਅਟ ਨੇ ਪੱਛਮ ਵਿੱਚ ਚਿੰਤਨ ਦੀ ਕਾਵਿ-ਭਾਸ਼ਾ ਦੀ ਸਿਰਜਣਾ ਰਾਹੀਂ ਬੌਧਿਕ ਕਾਵਿ-ਪਰੰਪਰਾ ਸਥਾਪਤ ਕੀਤੀ। ਮਨਮੋਹਨ ਵੀ ਜਦੋਂ ਅਜਿਹੇ ਚਿੰਤਕ ਕਵੀਆਂ ਦੇ ਹਵਾਲੇ ਪੇਸ਼ ਕਰਦਾ ਹੈ ਤਾਂ ਉਸ ਸਾਹਮਣੇ ਆਪਣੀ ਕਵਿਤਾ ਦੀ ਵਿਸ਼ੇਸ਼ ਅਤੇ ਵਿਲੱਖਣ ਕਾਵਿ-ਭਾਸ਼ਾ ਹੈ। ਮੈਨੂੰ ਲਗਦਾ ਹੈ ਕਿ ਪੰਜਾਬੀ ਦੀ ਆਧੁਨਿਕ ਕਵਿਤਾ ਵਿੱਚ, ਨਵੀਂ ਕਵਿਤਾ ਰਾਹੀਂ ਮਨਮੋਹਨ ਵਰਗੇ ਕਵੀਆਂ ਦੀ ਕਾਵਿ-ਭਾਸ਼ਾ ਜਿਸ ਨਵੀਂ ਕਾਵਿ-ਭਾਸ਼ਾ ਨੂੰ ਸਿਰਜ ਰਹੀ ਹੈ, ਉਹ ਪ੍ਰਗੀਤਾਤਮਕਤਾ ਤੇ ਅਗਲੇਰਾ ਯਤਨ ਹੈ। ਅਗਲੇਰਾ ਸਫ਼ਰ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਕਿਉਂਕਿ ਪੰਜਾਬੀ ਦੀ ਬਹੁਗਿਣਤੀ ਪਾਠਕ ਅਜੇ ਵੀ ਪ੍ਰਗੀਤਕ ਕਵਿਤਾ ਦਾ ਰਸ ਮਾਨਣ ਵਾਲਿਆਂ ਦੀ ਹੈ। ਗੀਤ, ਗ਼ਜ਼ਲ, ਨਜ਼ਮ ਵਿਚ ਪ੍ਰਗੀਤਾਤਮਕਤਾ ਦਾ ਇਹ ਸਫ਼ਰ ਅਜੇ ਜਾਰੀ ਹੈ। ਪਰ ਜਿਸ ਨਵੀਂ ਤਲਾਸ਼ 'ਚ ਮਨਮੋਹਨ ਪ੍ਰਯਤਨਸ਼ੀਲ ਹੈ ਨਿਰਸੰਦੇਹ ਉਹ ਚਿੰਤਨ ਦੀ ਹੀ ਕਾਵਿ ਭਾਸ਼ਾ ਹੈ। ਅਜਿਹੀ ਕਵਿਤਾ ਵਿੱਚ ਰਸਿਕਤਾ ਨਹੀਂ, ਗਿਆਨ ਦੀ ਸੋਝੀ ਦੀ ਧੁਨੀ ਹੁੰਦੀ ਹੈ। ਇਹ ਧੁਨੀ ਕਿਉਂਕਿ ਕਵਿਤਾ ਦੀ ਭਾਸ਼ਾ ਵਿੱਚ ਹੁੰਦੀ ਹੈ ਇਸ ਲਈ ਅਜਿਹੀ ਕਵਿਤਾ ਅਮੂਰਤ ਬਿੰਬਕਾਰੀ ਰਾਹੀਂ ਆਪਣੇ ਸੰਦੇਸ਼ ਦਿੰਦੀ ਹੈ। ਸੰਦੇਸ਼ ਕਿਉਂਕਿ ਕਿਸੇ ਨਿਸ਼ਚਿਤ ਜਾਂ ਘੜੇ-ਘੜਾਏ ਸੱਚ ਦਾ ਨਹੀਂ ਹੁੰਦਾ, ਬਹੁਤੇ
ਪ੍ਰਭਾਵ ਅਜਿਹੀ ਕਵਿਤਾ ਬਾਰੇ ਖ਼ੁਦ ਪਾਠਕ ਨੇ ਬਣਾਏ ਹੁੰਦੇ ਹਨ। ਮੈਂ ਮਨਮੋਹਨ ਦੀ ਕਵਿਤਾ ਦੀ ਅਜਿਹੀ ਵਿਲੱਖਣਤਾ ਬਾਰੇ ਮੁੱਖ ਤੌਰ ਤੇ ਜਿਹੜੀ ਗੱਲ ਕਹਿਣਾ ਚਾਹੁੰਦਾ ਹਾਂ ਉਹ ਇਹ ਹੈ ਕਿ ਇਹ ਕਵਿਤਾ ਵਿਸ਼ੇਸ਼ ਹੀ ਨਹੀਂ ਸਗੋਂ ਸੂਝਵਾਨ ਪਾਠਕ ਦੀ ਕਵਿਤਾ ਹੈ, ਕਵਿਤਾ ਦੇ ਸੰਚਾਰ ਦੀ ਬਹੁਤੀ ਜ਼ਿੰਮੇਵਾਰੀ ਵੀ ਪਾਠਕ 'ਤੇ ਹੀ ਪੈਂਦੀ ਹੈ। ਕਵਿਤਾ ਦੇ ਅਰਥਾਂ ਲਈ ਵੀ ਅਜਿਹੀ ਕਵਿਤਾ ਪਾਠਕ ਲਈ ਸਪੇਸ ਮੁਹੱਈਆ ਕਰਦੀ ਹੈ। 1990 ਤੋਂ ਬਾਅਦ ਦੀ ਪੰਜਾਬੀ ਕਵਿਤਾ ਵਿੱਚ ਅਜਿਹੀ ਕਾਵਿ-ਭਾਸ਼ਾ ਨਾਲ ਕਈ ਕਵੀ ਜੁੜ ਰਹੇ ਹਨ। ਭਾਵੇਂ ਕਿ ਇਨ੍ਹਾਂ ਵਿੱਚੋਂ ਹਰ ਇਕ ਦੀ ਆਪੋ ਆਪਣੀ ਵਿਸ਼ੇਸ਼ਤਾ ਅਤੇ ਵਿਸ਼ਾ- ਖੇਤਰ ਹੈ। ਮਨਮੋਹਨ ਦੀ ਕਵਿਤਾ ਦੀ ਇਸ ਵਿਸ਼ੇਸ਼ ਕਾਵਿ-ਭਾਸ਼ਾ ਦਾ ਚਿੰਤਨ ਕਿਹਨਾਂ ਸਰੋਕਾਰਾਂ ਨੂੰ ਪੇਸ਼ ਕਰਦਾ ਹੈ, ਦੀ ਪਛਾਣ ਕਰਨੀ ਇਸ ਅਧਿਐਨ ਦਾ ਮੂਲ ਹੈ। ਮਨਮੋਹਨ ਦੀ ਕਵਿਤਾ ਭਾਵੇਂ ਕਿੰਨੀ ਵੀ ਅਮੂਰਤ ਅਤੇ ਆਤਮਮੁਖੀ ਸੁਭਾਅ ਦੀ ਲਗਦੀ ਹੋਵੇ, ਜੀਵੰਤ ਜੀਵਨ ਅਤੇ ਸਦੀਵੀ ਸਰੋਕਾਰਾਂ ਦੀ ਤਲਾਸ਼ ਨਾਲ ਜੁੜੀ ਕਵਿਤਾ ਹੈ।
ਚਿੰਤਨ ਦੀ ਭਾਸ਼ਾ ਵਿੱਚ, ਅਮੂਰਤ ਬਿੰਬਕਾਰੀ ਰਾਹੀਂ ਵੀ ਮਨਮੋਹਨ ਦੀ ਕਵਿਤਾ ਸੰਵੇਦਨਾਵਾਂ ਦੇ ਸੰਸਾਰ 'ਤੇ ਟਿਕੀ ਹੋਈ ਹੈ, ਇਸੇ ਕਾਰਨ ਇਸ ਕਵਿਤਾ ਵਿੱਚ ਵਿਚਾਰਧਾਰਾ, ਦਰਸ਼ਨ ਅਤੇ ਗਿਆਨ ਦੇ ਬੋਝਲ ਸੰਕਲਪਾਂ ਦੇ ਕਥਨ ਨਹੀਂ ਸਗੋਂ ਆਪਣੇ ਚਿੰਤਨ ਨੂੰ ਪੇਸ਼ ਕਰਨ ਲਈ ਮਨਮੋਹਨ ਕੋਲ ਘਟਨਾਵਾਂ, ਸਥਿਤੀਆਂ ਅਤੇ ਇਤਿਹਾਸ/ਮਿਥਿਹਾਸ ਨੂੰ ਢੁਕਵੇਂ ਕਾਵਿਕ-ਬਿੰਬਾਂ ਵਿੱਚ ਰੂਪਾਂਤਰਿਤ ਕਰਨ ਦੀ ਕਲਪਨਾ ਅਤੇ ਕਾਵਿਕ-ਸਮਰੱਥ ਹੈ। ਉਹ ਵਾਰਤਕ ਅਤੇ ਵਾਰਤਕ ਕਵਿਤਾ ਦੇ ਫ਼ਰਕ ਨੂੰ ਵੀ ਬਾਖੂਬੀ ਜਾਣਦਾ ਹੈ। ਭਾਵੇਂ ਕਿ ਇੱਕ ਕਵੀ ਦੇ ਤੌਰ 'ਤੇ ਮਨਮੋਹਨ ਨੇ 1990 ਤੱਕ ('ਅਗਲੇ ਚੌਰਾਹੇ ਤੱਕ (1982) ਅਤੇ 'ਮਨ ਮਹੀਅਲ' 1989 ਕਾਵਿ-ਸੰਗ੍ਰਹਿ ਦੇ ਪ੍ਰਕਾਸ਼ਿਤ ਹੋਣ ਤੱਕ) ਬਤੌਰ ਕਵੀ ਆਪਣੀ ਪਛਾਣ ਬਣਾ ਲਈ ਸੀ ਪਰ ਜਿਸ ਵਿਲੱਖਣ ਕਾਵਿ-ਭਾਸ਼ਾ ਕਰਕੇ ਉਸ ਦੀ ਨਵੀਂ ਪੰਜਾਬੀ ਕਵਿਤਾ ਵਿੱਚ ਪਛਾਣ ਬਣੀ, ਦੀ ਸ਼ੁਰੂਆਤ ਉਸਦੇ ਕਾਵਿ-ਸੰਗ੍ਰਹਿ 'ਸੁਰ ਸੰਕੇਤ' (1998) ਰਾਹੀਂ ਹੀ ਸੰਭਵ ਹੁੰਦੀ ਹੈ। 'ਸੁਰ ਸੰਕੇਤ' ਤੋਂ ਬਾਅਦ 'ਨਮਿਤ' (2001), ਅੱਥ (2004), 'ਨੀਲ ਕੰਠ' (2008) ਅਤੇ 'ਦੁਜੇ ਸ਼ਬਦਾ 'ਚ ' (2010) ਦੀ ਪ੍ਰਕਾਸ਼ਨਾ ਨਾਲ ਉਸਨੇ ਪੰਜਾਬੀ ਦੀ ਨਵੀਂ ਕਵਿਤਾ ਵਿੱਚ ਮੌਲਿਕ ਅਤੇ ਵਿਲੱਖਣ ਕਾਵਿ-ਭਾਸ਼ਾ ਤਲਾਸ਼ ਲਈ ਹੈ। ਖੋਜ, ਆਲੋਚਨਾ ਦੇ ਨਾਲ ਨਾਲ ਅਨੁਵਾਦ ਦੇ ਖੇਤਰ ਵਿੱਚ ਵੀ ਉਹ ਨਿਰੰਤਰ ਕਾਰਜਸ਼ੀਲ ਹੈ। ਸਾਹਿਤ ਚਿੰਤਨ ਦੀਆਂ ਨਵੀਨ ਗਿਆਨ ਪ੍ਰਣਾਲੀਆਂ ਵਿੱਚ ਉਸਦੀ ਖ਼ਾਸ ਦਿਲਚਸਪੀ ਹੈ ਜਿਸਦਾ ਸਬੂਤ ਉਸਦੀਆਂ ਦੋ ਪ੍ਰਮੁੱਖ ਪੁਸਤਕਾਂ 'ਦੈਰੀਦੀਅਨ ਵਿਖੰਡਨ ਭਾਰਤੀ ਸ਼ਾਸਤਰ' (2006), 'ਮਿਸ਼ੇਲ ਫੂਕੋ' (2009) ਹਨ। ਮਿਥਾਲੋਜੀ, ਵਿਸ਼ਵ ਇਤਿਹਾਸ, ਉਤਰ-ਆਧੁਨਿਕਤਾਵਾਦ, ਮਾਰਕਸਵਾਦ ਵਿਚ ਉਸਨੂੰ ਵਿਸ਼ੇਸ਼ ਦਿਲਚਸਪੀ ਹੈ। ਪੰਜਾਬੀ ਦੀ ਨਵੀਂ ਕਵਿਤਾ ਵਿਚ ਉਸ ਨੂੰ ਉਤਰ-ਆਧੁਨਿਕ ਕਵੀ ਵਜੋਂ ਪ੍ਰਛਾਣਿਆ ਜਾ ਰਿਹਾ ਹੈ। ਕੋਈ ਸ਼ੱਕ ਨਹੀਂ, ਪੰਜਾਬੀ ਸਾਹਿਤ ਚਿੰਤਨ ਉੱਤੇ ਉਤਰ-ਆਧੁਕਿਤਾਵਾਦ ਦਾ ਪ੍ਰਭਾਵ ਜਿਨ੍ਹਾਂ ਚਿੰਤਕਾਂ ਅਤੇ ਕਵੀਆਂ ਉੱਤੇ ਪਿਆ, ਮਨਮੋਹਨ ਵੀ ਉਨ੍ਹਾਂ ਵਿੱਚੋਂ ਇੱਕ ਹੈ। ਪਰ ਉਤਰ-ਆਧੁਨਿਕਤਾ ਦਾ ਜਿਹੜਾ ਮੂਲ, ਨਿਸਚਤਾਵਾਦ ਤੋਂ ਪਾਰ ਜਾਣ ਦਾ ਹੈ ਜਾਂ ਮਹਾਂ ਬਿਰਤਾਂਤਾਂ ਦੇ ਭਰਮਾਂ ਤੋਂ ਮੁਕਤੀ ਹੈ, ਨੂੰ ਤਾਂ ਮਨਮੋਹਨ ਅਪਣਾਉਂਦਾ ਹੈ, ਉਤਰ-ਆਧੁਨਿਕਤਾਵਾਦ ਨੇ ਜਿਸ ਇਤਿਹਾਸ ਅਤੇ
ਵਿਚਾਰਧਾਰਾ ਦੇ ਅੰਤ ਦਾ ਐਲਾਨ ਕੀਤਾ ਹੈ ਉਸਨੂੰ ਅਪਨਾਉਣ ਦੀ ਬਜਾਏ ਸਮਾਨਾਂਤਰ ਬਿਰਤਾਂਤਾਂ ਦੇ ਸੰਵਾਦ 'ਚ ਆਪਣੇ ਕਾਵਿ-ਚਿੰਤਨ ਦੀ ਤਲਾਸ਼ ਕਰਦਾ ਹੈ। ਇਸ ਪੱਖ ਤੋਂ ਉਹ ਉਤਰ-ਆਧੁਨਿਕਵਾਦ ਦੀਆਂ ਸੀਮਾਵਾਂ ਤੋਂ ਵੀ ਪਾਰ ਦਾ ਕਵੀ ਬਣ ਜਾਂਦਾ ਹੈ। ਜੈਨ, ਬੁੱਧ, ਤਾਓਵਾਦ, ਭਾਰਤੀ ਮਿਥਾਲੋਜੀ ਅਤੇ ਪੰਜਾਬ ਦੀ ਮੱਧਕਾਲੀ ਕਾਵਿ- ਪਰੰਪਰਾ ਨਾਲ ਸੰਵਾਦ ਉਸਦੀ ਕਵਿਤਾ 'ਚੋਂ ਦੇਖੇ ਜਾ ਸਕਦੇ ਹਨ। ਆਪਣੇ ਕਾਵਿ- ਸੰਵਾਦ ਨਾਲ ਮਨਮੋਹਨ ਜਿਸ ਅਧਿਆਤਮ ਦੀ ਤਲਾਸ਼ ਕਰ ਰਿਹਾ ਹੈ ਭਾਵੇਂ ਉਸ ਨੂੰ ਕਵਿਤਾ ਦਾ ਨਵ ਅਧਿਆਤਮ ਕਿਹਾ ਗਿਆ ਹੈ ਪਰ ਇਹ ਨਵ-ਅਧਿਆਤਮ ਕਿਸੇ ਵੀ ਤਰ੍ਹਾਂ ਮਨਨਮੋਹਨ ਦੀ ਕਵਿਤਾ ਨੂੰ ਧਰਮ, ਅਧਿਆਤਮਵਾਦ ਨਾਲ ਨਹੀਂ ਜੋੜਦਾ। ਜਿਸ ਅਧਿਆਤਮ ਦੀ ਗੱਲ ਉਹ ਖ਼ੁਦ ਵੀ ਕਰ ਰਿਹਾ ਹੈ ਉਸਦਾ ਅਰਥ ਸਿਰਫ਼ ਇਹੀ ਬਣਦਾ ਹੈ ਕਿ ਉਹ ਆਪਣੇ ਕਾਵਿ-ਉਚਾਰ ਰਾਹੀਂ ਬੰਦੇ ਦੇ ਮੂਲ ਅਤੇ ਗੌਰਵ ਨੂੰ ਤਲਾਸ਼ ਰਿਹਾ ਹੈ। ਮੂਲ ਅਤੇ ਗੌਰਵ ਨੂੰ ਤਲਾਸ਼ ਕਰਨ ਦੀ ਜ਼ਰੂਰਤ ਤਾਂ ਹੀ ਪੈਂਦੀ ਹੈ ਜੇਕਰ ਤੁਸੀਂ ਵਰਤਮਾਨ ਪ੍ਰਤੀ ਪ੍ਰਤੀਰੋਧ ਰੱਖਦੇ ਹੋ। ਅਧਿਆਤਮ ਨੂੰ ਉਹ ਗਿਆਨ ਨਾਲ ਜੋੜਕੇ, ਚਿੰਤਨ ਦੀ ਦਿਸ਼ਾ ਨਿਰਧਾਰਿਤ ਕਰਦਾ ਹੈ, "ਮੈਂ ਉਸ ਕਾਵਿ-ਭਾਸ਼ਾ ਦੀ ਤਲਾਸ਼ 'ਚ ਹਾਂ ਜਿਸਦੀ ਪਹੁੰਚ ਧਿਆਨ ਦੀ ਏ। ਧਿਆਨ ਗਿਆਨ ਦੀ ਪਹਿਲੀ ਪੌੜੀ ਏ। ਇਥੋਂ ਚਿੰਤਨ ਦੀ ਦਿਸ਼ਾ ਨਿਰਧਾਰਿਤ ਹੁੰਦੀ ਏ। ਇਸੇ ਦਿਸ਼ਾ ਨੇ ਪ੍ਰਤੀਰੋਧ ਉਸਾਰਨੇ ਹੁੰਦੇ।" (ਮਨਮੋਹਨ ਦੂਜੇ ਸ਼ਬਦਾਂ 'ਚ, ਪੰਨਾ 11) ਜੇਕਰ ਵਰਤਮਾਨ ਫਿਜ਼ਾ ਬਦਲੇਗੀ ਤਾਂ ਹੀ ਜੰਗਲ ਦੀ ਥਾਂ ਸਭਿਅਤਾ ਲਵੇਗੀ। ਭਵਿੱਖ ਬਾਰੇ ਅਜਿਹੇ ਸੁਪਨੇ ਬਾਰੇ ਉਹ 'ਸੁਰ ਸੰਕੇਤ' ਦੀ ਕਵਿਤਾ ' ਜੰਗਲ' ਵਿੱਚ ਕਹਿੰਦਾ ਹੈ:-
ਕਦੋਂ ਤੱਕ
ਹੁਸੀਨ ਮੌਸਮ ਜਲਾਵਤਨ ਰਹਿਣਗੇ
ਆਓ
ਚੁਣ ਲਈਏ ਪੱਤਾ ਪੱਤਾ ਉਦਾਸੀ
ਚੁਣ ਲਈਏ ਸੁੱਕੀਆਂ ਸ਼ਾਖਾਵਾਂ ਦਾ ਮੌਨ
ਤੇ ਵੀਰਾਨਗੀਆਂ ਦੀ ਸਰਸਰਾਹਟ
ਤਾਂ ਕਿ
ਭਾਵੀ ਇਤਿਹਾਸ
ਇਹ ਨਾ ਕਹੇ
ਏਸ ਜੰਗਲ 'ਚ ਮਾਨਵ ਸੱਭਿਆ ਹੋਇਆ ਸੀ।
-ਸੁਰ ਸੰਕੇਤ, ਪੰਨਾ: 42
ਨਮਿਤ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਦੀ ਸਿਰਜਨਾ ਕਰਨ ਤੱਕ ਮਨਮੋਹਨ ਆਪਣੇ ਕਾਵਿ-ਚਿੰਤਨ ਨੂੰ ਪਰਿਭਾਸ਼ਿਤ ਕਰਨਾ ਸ਼ੁਰੂ ਕਰ ਦਿੰਦਾ ਹੈ। ਭਵਿੱਖ ਵਿੱਚ ਉਸਨੇ ਕੀ ਸਿਰਜਣਾ ਹੈ ਦੀ ਚੇਤਨਾ ਉਸ ਲਈ ਮੁੱਖ ਮਸਲਾ ਬਣ ਜਾਂਦਾ ਹੈ। ਜਦੋਂ ਉਹ ਇਹ ਕਹਿੰਦਾ ਹੈ ਕਿ 'ਕਵਿਤਾ ਮੈਨੂੰ ਸਿਰਜ ਰਹੀ ਹੁੰਦੀ ਏ ਜਦੋਂ ਮੈਂ ਸਿਰਜ ਰਿਹਾ ਹੁੰਨਾ ਕਵਿਤਾ', ਤਾਂ ਅਸਲ ਵਿੱਚ ਚੇਤਨ ਪੱਧਰ 'ਤੇ ਉਹ ਆਪਣੇ ਸਰੋਕਾਰਾਂ ਨੂੰ ਵੀ ਤਲਾਸ਼ ਰਿਹਾ ਹੁੰਦਾ ਹੈ।
ਮੈਂ ਉਸਦੇ ਉਭਾਰਾਂ, ਕਟਾਵਾਂ, ਨੁਕਰਾਂ ਨੂੰ
ਤਰਾਸ਼ ਰਿਹਾ ਹੁੰਨਾ
ਕਵਿਤਾ ਸ਼ਿਲਪੇ ਮੇਰੇ ਸਰੋਕਾਰ, ਵਿਚਾਰ
ਕਾਰ-ਵਿਹਾਰ
-ਨਮਿਤ, ਪੰਨਾ: 31
ਇਸੇ ਸੰਗ੍ਰਹਿ ਦੀ ਕਵਿਤਾ 'ਦ੍ਰਿਸ਼ਟੀ ਵਿੱਚ 'ਤਪਸ਼ ਵਿੱਚ ਹਰਿਆਲੀ ਦੀ ਆਸ' ਰਾਹੀਂ ਜਿਸ ਭਵਿੱਖਮੁਖੀ ਆਸ਼ਾ ਤੋਂ ਆਸਥਾ ਰੱਖਦਾ ਹੈ ਉਸ ਦਾ ਕਾਰਨ ਉਹ 'ਸਦੀ' ਕਵਿਤਾ ਵਿੱਚ ਪ੍ਰਗਟ ਕਰ ਦਿੰਦਾ ਹੈ। ਭਵਿੱਖ ਦਾ ਚਿਹਨ ਕਵਿਤਾ 'ਚ ਤਾਂ ਹੀ ਉਭਰਦਾ ਹੈ ਜੇ ਵਰਤਮਾਨ ਸਵੀਕਾਰ ਨਾ ਹੋਵੇ। ਵਰਤਮਾਨ ਨੂੰ ਮਨਮੋਹਨ ਪ੍ਰਕਿਰਤੀ, ਮੋਹ-ਪਰਕ ਰਿਸ਼ਤਿਆਂ ਅਤੇ ਦੋਸਤਾਂ ਦੀਆਂ ਦੋਸਤੀਆਂ ਰਾਹੀਂ ਤਾਂ ਜਿਊਣ ਜੋਗਾ ਮਹਿਸੂਸ ਕਰਦਾ ਹੈ। ਪਰ ਅਜੇ ਵੀ ਸੱਭਿਅਤਾ ਹਿੰਸਾਵਾਦੀ ਪ੍ਰਵਚਨਾਂ 'ਚ ਘਿਰੀ ਹੋਈ ਹੈ। ਹੁਣ ਤੱਕ ਦੀ ਮਨੁੱਖ ਦੀ ਪ੍ਰਾਪਤੀ ਵਜੋਂ ਜਿਹੜੀ ਸੱਭਿਅਤਾ ਅਸੀਂ ਈਜਾਦ ਕੀਤੀ ਹੈ, ਉਸਦੀ ਹਕੀਕਤ ਕੀ ਹੈ।
ਜ਼ਹਿਰਬਾਦੀ ਹਵਾਵਾਂ ਉੱਗੀਆਂ
ਧੂੰਏ ਦੀਆਂ ਖੁੰਭਾਂ ਬਣ
ਨਿਗਲ ਗਈਆਂ ਪੂਰੇ ਦੇ ਪੂਰੇ ਨਗਰ
ਰੰਗ-ਨਸਲ ਦੇ ਅਹੰ ਨੇ ਜੰਮੇ
ਯਾਤਨਾਵਾਂ ਮਾਰੇ ਪਿਚਕੇ ਢਿੱਡ
ਤੁਰਦੇ ਫਿਰਦੇ ਕੰਕਾਲ
ਭੁੱਖਾਂ ਤੇ ਜੰਗਾਂ
.....................
ਰਾਤੋਂ ਰਾਤ ਉਸਰੀਆਂ ਘਰਾਂ 'ਚ ਦੀਵਾਰਾਂ
ਪਛਾਣੇ ਚਿਹਰੇ ਹੋ ਗਏ ਅਜਨਬੀ
ਅਸਤਿਤਵ ਸ਼ੰਕਿਤ
ਕੁੰਠਾਂ ਦੀ ਸ਼ਾਸਵਤ ਤਾਂਡਵ
-ਨਮਿਤ, ਪੰਨਾ 70
ਇਸੇ ਤਰ੍ਹਾਂ ਉਹ ਸੋਚ - 1, ਸੋਚ- 3 ਕਵਿਤਾਵਾਂ ਵਿੱਚ ਕ੍ਰਮਵਾਰ ਮਾਵਾਂ, ਚਾਚੀਆਂ ਤੇ ਕੁਦੇਸਣਾਂ, ਆਮ ਆਦਮੀ ਬਾਰੇ, ਪੰਜ ਪਾਣੀਆਂ ਬਾਰੇ ਸੋਚਦਿਆਂ, ਔਰਤ, ਆਮ ਆਦਮੀ ਅਤੇ ਪੰਜਾਬੀਅਤ ਦੇ ਸਰੋਕਾਰਾਂ ਨੂੰ ਪੇਸ਼ ਕਰਦਾ ਹੈ। ਇਸਦਾ ਇਕ ਕਾਰਨ ਇਹੀ ਬਣਦਾ ਹੈ ਕਿ ਇਸ ਜੰਗਲ ਦੇ ਸਮਾਨਾਂਤਰ ਉਹ ਪ੍ਰਕਿਰਤੀ, ਝੀਲਾਂ, ਦਰਿਆਵਾਂ, ਰੁਖਾਂ, ਟਾਹਣੀਆਂ, ਪਹਾੜਾਂ, ਸਮੁੰਦਰੀ ਲਹਿਰਾਂ, ਆਸਮਾਨ, ਚੰਨ, ਖੇਤ, ਫਸਲਾਂ ਆਦਿ ਦੇ ਦ੍ਰਿਸ਼-ਬਿੰਬਾਂ ਨੂੰ ਅਰਥ ਦੀਆਂ ਸੰਰਚਨਾਵਾਂ ਨਾਲ ਨਿਰਮਿਤ ਕਰਕੇ ਆਪਣੀ ਕਵਿਤਾ ਦੇ ਸੰਵੇਦਨਾਤਮਕ ਪ੍ਰਭਾਵ ਨੂੰ ਵਧਾ ਲੈਂਦਾ ਹੈ। ਇਸ ਤੋਂ ਵੀ ਮਨਮੋਹਨ ਦੀਆਂ ਉਹ ਕਵਿਤਾਵਾਂ ਬੜੀਆਂ ਭਾਵਪੂਰਤ ਹਨ ਜਿਨ੍ਹਾਂ ਵਿੱਚ ਘਰ ਨਾਲ ਸੰਬੰਧਤ ਰਿਸ਼ਤੇ ਹਨ। ਮਾਂ, ਪਤਨੀ ਬੱਚੇ ਨਾਲ ਸੰਬੰਧਿਤ ਮਨਮੋਹਨ ਦੀਆਂ ਕਵਿਤਾਵਾਂ ਭਾਵੇਂ ਉਸਦੇ ਸਵੈ-ਅਨੁਭਵ ਵਿੱਚੋਂ ਪੇਸ਼
ਹੁੰਦੀਆਂ ਹਨ ਪਰ ਇਨ੍ਹਾਂ ਕਵਿਤਾਵਾਂ ਦੇ ਪ੍ਰਭਾਵ ਨਿੱਜ ਤੋਂ ਪਾਰ ਜਾ ਕੇ ਹਰ ਪਾਠਕ ਦੀ ਹੋਣੀ ਬਣ ਜਾਂਦੇ ਹਨ ਅਤੇ ਸਾਡੀਆਂ ਸੰਵੇਦਨਾਵਾਂ ਨੂੰ ਟੁੰਬਦੇ ਹਨ। 'ਰੂ-ਬ-ਰੂ' ਕਵਿਤਾ ਵਿੱਚ ਘਰੇਲੂ ਹਿੰਸਾ ਅਤੇ ਦਮਨ ਨੂੰ ਮਨਮੋਹਨ ਨੇ ਸੂਖ਼ਮ ਅਹਿਸਾਸ ਨਾਲ ਹੀ ਪੇਸ਼ ਨਹੀਂ ਕੀਤਾ ਸਗੋਂ ਘਟਨਾ ਦੇ ਬਿਰਤਾਂਤ ਨੂੰ ਪਾਰਦਰਸ਼ੀ ਸੱਚ ਰਾਹੀਂ ਬਿਆਨ ਕੀਤਾ ਹੈ। ਅਜਿਹੀ ਕਵਿਤਾ ਨੂੰ ਪੜ੍ਹਕੇ ਬੰਦਾ ਜ਼ਰੂਰ ਸੋਚਦਾ ਹੈ ਕਿ ਦਮਨ ਸਿਰਫ਼ ਰਾਜਕੀ/ਸਮਾਜਿਕ ਸੰਸਥਾਵਾਂ ਹੀ ਨਹੀਂ ਕਰਦੀਆਂ ਸਾਡੀਆਂ ਘਰੇਲੂ ਸੰਸਥਾਵਾਂ ਜਿਨ੍ਹਾਂ ਨੂੰ ਅਸੀਂ ਆਪਣੀ ਮਲਕੀਅਤ ਬਣਾ ਲਿਆ ਹੈ ਵਿੱਚੋਂ ਵੀ ਨਿੱਤ ਹੁੰਦਾ ਹੈ।
ਪ੍ਰੀਖਿਆ 'ਚ ਆਏ ਪ੍ਰਸ਼ਨਾਂ ਦੇ
ਗ਼ਲਤ ਉੱਤਰ ਦੇਣ 'ਤੇ
ਮੈਂ ਮਾਰਿਆ ਤੈਨੂੰ ਜਦ ਮੇਰੇ ਬੱਚੇ
ਤਾਂ ਹੰਝੂਆਂ ਗਈਆਂ ਮੇਰੀਆਂ ਅੱਖਾਂ
ਰੁੰਨਿਆ ਗਿਆ ਕਿਉਂ ਗਲਾ
ਰੋਮ ਰੋਮ ਕਿਉਂ ਹੋ ਗਿਆ ਨਮ ਭਲਾ.........ਬਸ
ਪਰ ਨਾ ਤੂੰ ਹਿੱਲਿਆ
ਨਾ ਕੋਈ ਤੇਰਾ ਹੰਝੂ ਡੁੱਲਿਆ
ਰਿਹਾ ਨੀਵੀਂ ਪਾਈ ਬੈਠਾ
ਧੁਰ ਆਤਮਾ ਤੱਕ ਜ਼ਾਰ ਜ਼ਾਰ
................
.................
ਪਤਾ ਨਹੀਂ ਕਿਉਂ ਉੱਠ ਪਿਆ ਅਧਿਆਪਕ
ਮੇਰੇ ਅੰਦਰੋਂ ਪੁਲਿਸ ਦੀ ਵਰਦੀ ਪਾ ਕੇ
ਦੇਖੇ ਜੋ ਤੇਰੇ ਚਿਹਰੇ 'ਚੋਂ
ਆਪਣੀਆਂ ਕੀਤੀਆਂ-ਅਣਕੀਤੀਆਂ ਭੁੱਲਾਂ
ਨਹੀਂ ਜੋ ਬਣ ਸਕਿਆ
ਨਾ ਜੋ ਕਰ ਸਕਿਆ
ਚਾਹੁੰਦਾ ਤੇਰੇ ਰਾਹੀਂ ਕਰਨਾ।
- ਦੂਜੇ ਸ਼ਬਦਾਂ 'ਚ, ਪੰਨਾ 78
ਇਸੇ ਤਰ੍ਹਾਂ 'ਕੁਝ ਦਿਨਾਂ ਤੋਂ, 'ਮਾਂ -1', ਮਾਂ ਦੋ' ਅਤੇ 'ਮਰਤਬਾਨ' ਆਦਿ ਕਵਿਤਾਵਾਂ ਵਿੱਚ ਉਹ ਆਪਣੇ ਸਵੈ ਬਿਰਤਾਂਤ ਰਾਹੀਂ ਉਸ ਹਕੀਕਤ ਵੱਲ ਸਾਡਾ ਧਿਆਨ ਦਿਵਾਉਂਦਾ ਹੈ। ਜਿਹੜੀ ਸਾਨੂੰ ਆਪਣੇ ਪੁਰਖਿਆਂ ਤੋਂ ਦੂਰ ਕਰੀ ਜਾ ਰਹੀ ਹੈ। ਸ਼ਹਿਰੀ ਵਿਕਾਸ ਨੇ ਪਦਾਰਥਕ ਵਿਕਾਸ ਦੇ ਨਾਲ ਨਾਲ ਸਾਡੀਆਂ ਮਨੋ ਸੰਰਚਨਾਵਾਂ ਨੂੰ ਵੀ ਬਦਲ ਦਿੱਤਾ ਹੈ। ਅਸੀਂ ਆਪਣੇ ਬਜ਼ੁਰਗਾਂ ਨੂੰ ਆਪਣੇ ਨਾਲ ਰੱਖਣ ਤੋਂ ਅਸਮਰਥਾ ਪ੍ਰਗਟ ਕਰਦੇ ਹਾਂ, ਉਨ੍ਹਾਂ ਵੱਲੋਂ ਦਿੱਤੇ 'ਮਰਤਬਾਨ' ਰਾਹੀਂ ਉਨ੍ਹਾਂ ਦੀਆਂ ਸਿਮਰਤੀਆਂ ਹੀ ਸੰਭਾਲ ਸਕਦੇ ਹਾਂ, ਉਹ ਵੀ ਬੇਲੋੜੀ ਥਾਂ ਰੱਖ ਕੇ ਹੀ।
ਤੁਰਨ ਲੱਗਿਆਂ
ਮਾਂ ਪੁਰਾਣਾ ਅਚਾਰੀ ਮਰਤਬਾਨ
ਮੇਰੇ ਡਰਾਇਵਰ ਨੂੰ ਦਿੰਦੀ ਹੈ,
“ਬਹੂ ਨੂੰ ਦੇ ਦੇਵੀਂ
ਧਿਆਨ ਨਾਲ ਲਿਜਾਈਂ
ਮੇਰੇ ਪਿਓ ਦੀ ਨਿਸ਼ਾਨੀ ਆ
ਜਦੋਂ ਮੈਂ ਵਿਆਹੀ ਗਈ ਸੀ
ਤਾਂ ਦੇ ਗਿਆ ਸੀ ਖ਼ਰੀਦ ਕੇ ਮਾਈ ਸੇਵਾ ਬਜ਼ਾਰੋਂ
ਗੱਡੀ ਵਿੱਚ ਬੈਠਾ ਸੋਚ ਰਿਹਾ ਸਾਂ ਮੈ
ਐਤਕੀਂ ਅਚਾਰ ਪਾਇਆ
ਤਾਂ ਪਤਨੀ ਨੂੰ ਕਹਾਂਗਾ
ਕਿ ਏਸੇ ਮਰਤਬਾਨ 'ਚ ਪਾਵੇ
ਘਰ ਵੜਦਿਆਂ ਹੀ ਪਤਨੀ ਬੋਲੀ,
ਏਹ ਕੀ ਚੁੱਕ ਲਿਆਏ ਓ
ਘਰ ਤਾਂ ਪਹਿਲਾਂ ਕਿਤਾਬਾਂ.........
ਕੂੜ ਕਬਾੜ ਨਾਲ ਭਰਿਆ ਪਿਐ
........................................
ਘਰ 'ਚੋ ਹੋਰ ਪੁਰਾਣੀਆਂ ਵਸਤਾਂ ਵਾਂਗ
ਏਹ ਮਰਤਬਾਨ ਵੀ
ਮੇਰੇ ਪਿਤਰਾਂ ਦੀ ਹਾਜ਼ਰੀ ਲਵਾਏਗਾ
-ਅੱਥ, ਪੰਨਾ 94
ਇਹ ਸਰੋਕਾਰ ਭਾਵੇਂ ਕਿੰਨੇ ਵੀ ਸਵੈਗਤ ਹੋਣ, ਘਰੇਲੂ ਹੋਣ, ਵਰਤਮਾਨ ਵਿੱਚ ਸੰਵੇਦਨਸ਼ੀਲ ਮਾਨਵ ਨੂੰ ਝੰਜੋੜਦੇ ਹਨ, ਅਜਿਹੇ ਅਹਿਸਾਸ ਅਤੇ ਸੰਵੇਦਨਾਵਾਂ ਨਾਲ ਭਰਪੂਰ ਮਨਮੋਹਨ ਦੀ ਕਵਿਤਾ ਧਰਤੀ ਦੀ ਕਵਿਤਾ ਬਣ ਕੇ ਆਪਣੀ ਭੂਮਿਕਾ ਨਿਭਾਉਂਦੀ ਹੈ। ਮਨਮੋਹਨ ਦੇ ਕਾਵਿ-ਚਿੰਤਨ ਦੀ ਵਿਚਾਰਧਾਰਕ ਵਿਲੱਖਣਤਾ ਇਹੀ ਬਣਦੀ ਹੈ ਕਿ ਉਹ ਕਿਸੇ ਵਿਚਾਰਧਾਰਾ ਤੇ ਖੜਦੀ ਨਹੀਂ। ਵਿਚਾਰਧਾਰਾ ਦਾ ਕਾਰਜ ਉਸ ਲਈ ਮਾਨਵੀ ਹੈ। ਜਦੋਂ ਉਹ ਉਤਰ-ਆਧੁਨਿਕਤਾ ਤੋਂ ਪ੍ਰਭਾਵਤ ਚਿੰਤਨ ਟਿੱਪਣੀਆਂ ਕਰਦਾ ਹੈ ਤਾਂ ਉਸ ਸਾਹਮਣੇ ਸੀਮਾਵਾਂ ਨੂੰ ਤੋੜਕੇ ਮਾਨਵ ਦੇ ਮੂਲ ਨਾਲ ਜੁੜਨ ਦਾ ਲਕਸ਼ ਹੁੰਦਾ ਹੈ। ਜਦੋਂ ਉਹ ਇਤਿਹਾਸ ਵਿੱਚੋਂ ਨਾਇਕਾਂ/ਮਹਾਂਪੁਰਸ਼ਾਂ ਦੇ ਹਵਾਲੇ ਨਾਲ ਕਵਿਤਾ ਸਿਰਜਦਾ ਹੈ ਤਾਂ ਵੀ ਉਸ ਸਾਹਮਣੇ ਲਕਸ਼ ਮਾਨਵ ਹੀ ਹੁੰਦਾ ਹੈ। ਅਸਲ ਵਿੱਚ ਮਨਮੋਹਨ ਵਿਚਾਰਧਾਰਾਵਾਂ ਨੂੰ ਲਿਬਰੇਟ ਕਰਨ ਦਾ ਮਾਧਿਅਮ ਬਣਾ ਲੈਂਦਾ ਹੈ। ਇਸ ਪੱਖ ਤੋਂ ਉਹ ਵੱਖਰੀਆਂ ਵਿਚਾਰਧਾਰਾਵਾਂ ਨਾਲ ਸੰਵਾਦ ਰਚਾ ਕੇ ਮਾਨਵੀ ਗੌਰਵ ਨੂੰ ਸਥਾਪਿਤ ਕਰਨ ਦਾ ਪ੍ਰਯਤਨ ਕਰਦਾ ਹੈ। ਇਸ ਪੱਖ ਤੋਂ ਅਸੀਂ ਮਨਮੋਹਨ ਦੀਆਂ ਬੁੱਧ ਦੇ ਹਵਾਲੇ ਵਾਲੀਆਂ ਦੋ ਕਵਿਤਾਵਾਂ ਦੀ ਉਦਾਹਰਣ ਲੈ ਸਕਦੇ ਹਾਂ। 'ਅੱਥ' ਕਾਵਿ-ਸੰਗ੍ਰਹਿ ਵਿੱਚ ਉਹ 'ਜ਼ੈਨ
ਕਵਿਤਾਵਾਂ ਦੇ ਸਿਰਲੇਖ ਹੇਠ ਜਦੋਂ ਬੁੱਧ ਦਾ ਹਵਾਲਾ ਦਿੰਦਾ ਹੈ ਤਾਂ ਬੁੱਧ ਦੀ ਵਿਚਾਰਧਾਰਾ ਉਸ ਲਈ ਮਾਡਲ ਨਹੀਂ। ਦੁੱਖਾਂ ਦੀ ਥਾਹ ਕਿਵੇਂ ਪਾਈ ਜਾ ਸਕਦੀ ਹੈ। ਮਹਾਂ-ਪੁਰਸ਼ਾਂ ਨਾਲ ਇਹ ਸੰਵਾਦ ਮਨਮੋਹਨ ਦੀ ਕਵਿਤਾ ਦੀ ਵਿਸਥਾਪਨ ਦੀ ਵਿਧੀ ਰਾਹੀਂ ਪੇਸ਼ ਹੁੰਦੀ ਹੈ। ਮਨਮੋਹਨ ਬੁੱਧ ਨੂੰ ਸੰਪੂਰਨਤਾ ਜਾਂ ਸਰਬਗਿਆਤਾ ਹੋਣ ਦੀ ਮਿੱਥ ਤੋਂ ਪਾਰ ਜਾ ਕੇ, ਪ੍ਰਸ਼ਨਾਂ ਵਿੱਚ ਘਿਰੇ ਮਨੁੱਖ ਨੂੰ ਇਤਿਹਾਸ ਕਹਿੰਦਾ ਹੈ। ਅਸਲ ਵਿੱਚ ਇੱਥੇ ਉਹ ਮਸਲਿਆਂ ਦੇ ਸੰਪੂਰਨ ਹੱਲ ਨੂੰ ਮਿੱਥ ਮੰਨ ਕੇ ਇਤਿਹਾਸ ਦੀ ਵਾਸਤਵਿਕਤਾ ਤੇ ਜ਼ੋਰ ਦਿੰਦਾ ਹੈ।
ਸਿਧਾਰਥ ਤਾਂ ਨਹੀਂ ਸੀ ਤੂੰ
ਕਿ ਤੇਰਾ ਪਰਤਣਾ
ਜੰਗਲਾਂ 'ਚੋਂ
ਹੁੰਦੈ ਕਿਸੇ ਨਿਰਵਾਣ ਦਾ ਸੂਚਕ
ਸਵਾਲ ਅਜੇ ਵੀ ਨੇ ਸਾਹਵੇਂ
ਦੁੱਖ ਅਜੇ ਵੀ ਨੇ ਉਵੇਂ ਹੀ
ਚੰਗਾ ਰਿਹੈ
ਨਹੀਂ ਨੇ ਤੇਰੇ ਕੋਲ ਪ੍ਰਸ਼ਨਾਂ ਦੇ ਉੱਤਰ
ਪਰਤਿਆਂ ਏਂ ਤੂੰ
ਸਵਾਲਾਂ 'ਚ ਘਿਰਿਆ।
ਚੰਗਾ ਹੀ ਰਿਹੈ
ਨਹੀਂ ਪਰਤਿਆ ਤੂੰ ਬੁੱਧ ਵਾਂਗ
ਨਿਰਵਾਣ ਨਾਲ ਪਰਤਿਆ ਵਿਅਕਤੀ
ਹੋ ਜਾਂਦੇ ਮਿੱਥ
ਪ੍ਰਸ਼ਨ ਨਾਲ ਪਰਤਿਆ ਵਿਅਕਤੀ
ਹੋ ਜਾਂਦੇ ਮਿੱਥ
ਪ੍ਰਸ਼ਨ ਨਾਲ ਪਰਤਿਆ ਮਨੁੱਖ
ਇਤਿਹਾਸ
-ਅੱਥ, ਪੰਨਾ 22
ਦੂਜੀ ਕਵਿਤਾ ਉਸਦੇ ਕਾਵਿ-ਸੰਗ੍ਰਹਿ 'ਨੀਲ ਕੰਠ' ਵਿੱਚੋਂ 'ਬੋਧ ਬਿਰਖ' ਦੀ ਲੈਂਦੇ ਹਾਂ। ਇਥੇ ‘ਬੱਧ' ਮਾਡਲ ਬਣ ਜਾਂਦਾ ਹੈ। ਕਿਉਂਕਿ ਵਰਤਮਾਨ ਇਤਿਹਾਸ ਵਿੱਚ ਉਹ ਜਿਸ ਸਮੱਸਿਆ ਸਰੋਕਾਰ ਨੂੰ ਸਾਹਮਣੇ ਲਿਆ ਰਿਹਾ ਹੈ ਉਸਦਾ ਸੰਬੰਧ ਭਾਰਤੀ ਸਮਾਜ ਅੰਦਰ ਜਾਤ-ਪਾਤ ਨਾਲ ਹੈ। ਦਲਿਤ ਅਤੇ ਜਾਤੀ ਮਾਮਲੇ ਨੂੰ ਆਪਣੀ ਮਾਨਵਵਾਦੀ ਸੋਚ ਰਾਹੀਂ ਨਜਿੱਠਣ ਲਈ ਉਹ ਜਿਹੜਾ ਬਿਰਤਾਂਤ ਸਿਰਜਦਾ ਹੈ ਉਸ ਵਿੱਚ ਉਸ ਨੂੰ ਬੁੱਧ ਹੀ ਮਾਡਲ ਲਗਦਾ ਹੈ। ਇਸ ਕਵਿਤਾ ਵਿੱਚ ਉਹ ਦਲਿਤ ਮਸਲੇ ਨੂੰ ਵਧੇਰੇ ਸੰਤੁਲਿਤ ਅਤੇ ਮਾਨਵੀ ਨਜ਼ਰੀਏ ਨਾਲ ਪੇਸ਼ ਕਰਦਾ ਹੈ। ਇਤਿਹਾਸ, ਮਿਥਿਹਾਸ, ਵਿਚਾਰਧਾਰਾ, ਬਿਰਤਾਂਤ ਉਸ ਲਈ ਮਾਧਿਅਮ ਬਣਦੇ ਹਨ, ਆਪਣੇ ਕਾਵਿ-ਚਿੰਤਨ ਨੂੰ ਪ੍ਰਗਟ ਕਰਨ ਦੇ, ਸੰਪੂਰਨ ਮਾਡਲ ਨਹੀਂ। ਜੋ 'ਅੱਥ' ਦੀਆਂ 'ਜੈਨ ਕਵਿਤਾਵਾਂ' ਵਿਚਲਾ ਬੁੱਧ ਪ੍ਰਸ਼ਨਾਂ ਦੇ ਘੇਰੇ ਵਿੱਚ ਹੈ ਤਾਂ ਇੱਥੇ ਉਹੀ ਮਾਡਲ ਇਸ ਲਈ ਬਣਦਾ ਹੈ ਤਾਂ ਜੋ ਭਾਰਤੀ ਬ੍ਰਾਹਮਣਿਕ ਜਾਤੀ
ਜੜਤਾ ਵਾਲੇ ਬਿਰਤਾਂਤ ਦਾ ਸ਼ਕਤੀਸ਼ਾਲੀ ਪ੍ਰਤੀਉੱਤਰ ਸਿਰਜ ਸਕੇ।
ਮੁਨੀ ਧੀਰੇ ਜਿਹੀ ਉਚਰੇ
"ਬੋਧ ਬਿਰਖ ਹੇਠ ਬੈਠ ਕੀਤਾ ਜੋ ਵੀ ਗਿਆਨ ਮੈਂ ਅਰਜਿਤ
ਸਾਰ ਅੰਤਿਮ ਉਸਦਾ ਏਹ
ਨਹੀਂ ਹੁੰਦਾ ਕੋਈ ਵੀ ਜਨਮ ਤੋਂ ਉਚ ਨੀਚ
ਸਭ ਕੁਝ ਹੈ ਏਸ ਜਨਮ 'ਚ
ਨਾ ਅਸੀਂ ਪਹਿਲਾਂ ਸੀ ਕਦੇ ਏਸ ਪ੍ਰਿਥਵੀ 'ਤੇ
ਨਾ ਹੋਵੇਗਾ ਕਦੀ ਪੁਨਰ ਜਨਮ
-ਨੀਲ ਕੰਠ, ਪੰਨਾ 72-73
ਮਨਮੋਹਨ ਦੇ ਅਹਿਸਾਸ ਐਨੇ ਸੂਖ਼ਮ ਹਨ ਕਿ ਉਹ ਇਤਿਹਾਸ, ਮਿਥਿਹਾਸ, ਪ੍ਰਕਿਰਤੀ ਤੋਂ ਹੀ ਪ੍ਰੇਰਨਾ ਨਹੀਂ ਲੈਂਦਾ ਸਗੋਂ ਕੀੜੀਆਂ ਦੀ ਸਹਿਹੋਂਦ ਅਤੇ ਸਹਿਚਾਰ ਨੂੰ ਵੀ ਆਦਮ ਸੱਭਿਅਤਾ ਦੀ ਹਿੰਸਾਂ ਦੇ ਸਮਾਨਾਂਤਰ ਪੇਸ਼ ਕਰ ਦਿੰਦਾ ਹੈ। ਜਿਹੜਾ ਵੀ ਵਰਤਾਰਾ ਉਸ ਲਈ ਮਾਡਲ ਬਣ ਸਕਦਾ ਹੈ, ਉਹ ਉਸਨੂੰ ਆਪਣੀ ਸੂਖਮ ਸੰਵੇਦਨਾ ਰਾਹੀਂ ਸਿਰਜਣਾ ਸ਼ੁਰੂ ਕਰ ਦਿੰਦਾ ਹੈ। ਇਸ ਸਿਰਜਣਾ ਦਾ ਮਕਸਦ ਸਪਸ਼ਟ ਹੁੰਦਾ ਹੈ, ਪਰ ਪੇਸ਼ਕਾਰੀ ਅਣਕਾਵਿਕ ਨਹੀਂ ਹੁੰਦੀ। 'ਕੀੜੀਆਂ ਦਾ ਸਮਾਜ ਸ਼ਾਸਤਰ' ਕਵਿਤਾ ਉਸਦੇ ਵਿਚਾਰਧਾਰਕ ਪ੍ਰਵਚਨ ਦਾ ਹਿੱਸਾ ਹੀ ਹੈ ਪਰ ਇਸਦੀ ਸੰਵੇਦਨਾ ਕਵਿਤਾ ਦੀ ਹੈ।
ਕੰਮ 'ਚ ਰੁੱਝੀਆਂ
ਕਿਵੇਂ ਸਹਿਹੋਂਦ 'ਚ ਰਹਿੰਦੀਆਂ ਨੇ
ਕਿੰਨਾ ਸਹਿਚਾਰ ਇਨ੍ਹਾਂ 'ਚ
ਜਾਣਦੀਆਂ ਨੇ
ਕੇਵਲ ਪ੍ਰੇਮ ਤੇ ਹਮਦਰਦੀ ਦਾ ਸੰਗ ਹੀ ਨਹੀਂ ਬਹੁਤ
ਯਕੀਨ ਤੇ ਸਹਿਯੋਗ ਦੇ ਰਿਸ਼ਤੇ ਵੀ ਜ਼ਰੂਰੀ ਨੇ
ਕੀੜੀ ਦਾ ਦਿਮਾਗ ਹੁੰਦੇ ਬਣਿਆ
ਸੰਸਾਰ ਦੇ ਸਰਬ ਪਦਾਰਥਾਂ ਤੋਂ ਜਿਆਦਾ
ਸੂਖਮ ਤੰਤੂਆਂ ਤੋਂ
ਆਦਮੀ ਦੇ ਮਸਤਿਕ ਤੋਂ ਸ਼ਾਇਦ ਘੱਟ...........
ਤਾਂ ਹੀ ਜ਼ਹਿਰ ਨਹੀਂ ਏਨ੍ਹਾਂ ਚ ਉਸ ਜਿੰਨਾ
ਆਪਣੀ ਨਸਲ ਨਾਲ ਕੀਤਾ
ਧ੍ਰੋਹ ਜਿੰਨਾ ਬੰਦੇ ਨੇ
ਪਤਾ ਨਹੀਂ ਕਿਸੇ ਹੋਰ ਪ੍ਰਾਣੀ ਨੇ ਕੀਤਾ ਹੋਵੇ
ਆਪਣੀ ਜਾਤੀ ਸੰਗ।
-ਅੱਥ,ਪੰਨਾ 44-45
ਪ੍ਰਤੀਰੋਧ ਦੀ ਜਿਹੜੀ ਸੁਰ 'ਨੀਲ ਕੰਠ' ਕਾਵਿ-ਸੰਗ੍ਰਹਿ ਵਿੱਚ ਪ੍ਰਗਟ ਹੋਈ ਸੀ ਉਸਦਾ ਚੇਤਨ ਰੂਪ 'ਦੂਜੇ ਸ਼ਬਦਾਂ 'ਚ' ਕਾਵਿ-ਸੰਗ੍ਰਹਿ ਦੀ ਕਵਿਤਾ ਵਿੱਚ ਵਧੇਰੇ ਰੂਪ ਵਿੱਚ ਵੇਖਣ ਨੂੰ ਮਿਲਦਾ ਹੈ। 'ਦੂਜੇ ਸ਼ਬਦਾਂ 'ਚ' ਦੀ ਕਵਿਤਾ ਤੱਕ ਪਹੁੰਚਦਿਆਂ, ਧਿਆਨ
ਅਤੇ ਗਿਆਨ ਦੀ ਪੌੜੀ ਰਾਹੀਂ ਉਹ ਆਪਣੇ ਚਿੰਤਨ ਦੀ ਦਿਸ਼ਾ ਦੀ ਚੋਣ ਕਰਦਾ ਨਜ਼ਰ ਆਉਂਦਾ ਹੈ। ਇੱਥੇ ਤੱਕ ਪਹੁੰਚਦਿਆਂ ਮਨਮੋਹਨ ਦੀ ਪ੍ਰਤੀਰੋਧਕ ਦ੍ਰਿਸ਼ਟੀ ਸਵੈਗਤ, ਸਥਾਨਕ ਅਤੇ ਆਂਤਰਿਕਤਾ ਤੋਂ ਪਾਰ ਜਾ ਕੇ ਸਥਿਤੀਆਂ/ਪ੍ਰਸਥਿਤੀਆਂ ਦੇ ਕਾਰਨਾਂ ਦੀ ਤਾਰਕਿਕਤਾ ਵੱਲ ਵੀ ਵਧਦੀ ਨਜ਼ਰ ਆਉਂਦੀ ਹੈ। ਕਾਰਨਾਂ ਦੀ ਥਾਹ ਪਾਉਣ ਦੀ ਤਾਂਘ ਹੀ ਸਿਰਜਕ ਨੂੰ ਵਿਚਾਰਧਾਰਕ ਬਣਾ ਦਿੰਦੀ ਹੈ। ਮਨਮੋਹਨ ਤਾਂ ਕਾਰਨਾਂ ਦੀ ਥਾਹ ਪਾਉਣ ਦੀ ਤਾਂਘ ਵਿੱਚ ਉਸ ਸੱਚ ਨੂੰ ਵੀ ਜਾਨਣਾ ਚਾਹੁੰਦਾ ਹੈ ਜਿਹੜਾ ਵਰਤਾਰਿਆਂ ਦੇ ਵਾਪਰਨ ਦੀ ਤਹਿ ਵਿੱਚ ਛੁਪਿਆ ਹੁੰਦਾ ਹੈ। ਮਾਰਕਸਵਾਦ ਦੇ ਸਾਰ ਅਤੇ ਪ੍ਰਤੱਖ (Essence and Appearance) ਦੇ ਸੰਕਲਪਾਂ ਦੀ ਸੋਝੀ ਕਾਰਨ ਹੀ ਉਸਨੂੰ ਲਗਦਾ ਹੈ।
ਜੋ ਦਿਖਾਈ ਦਿੰਦਾ
ਜੋ ਸੁਣਾਈ ਦਿੰਦਾ
ਅਸਲ 'ਚ ਉਹ ਨਹੀਂ ਹੁੰਦਾ
ਹੁੰਦਾ ਹੈ ਅਸਲ 'ਚ ਜੋ ਹੋ ਰਿਹਾ ਹੁੰਦਾ
ਉਹ ਦਿਖਾਈ ਨਹੀਂ ਦਿੰਦਾ
ਸੁਣਾਈ ਨਹੀਂ ਦਿੰਦਾ
ਐਨ ਸਾਫ ਸਾਫ ਦਿਸਦਿਆਂ – ਸੁਣਦਿਆਂ ਵੀ .........
- ਦੂਜੇ ਸ਼ਬਦਾਂ 'ਚ, ਪੰਨ 51
ਇਹ ਉਪਰੋਕਤ ਸਤਰਾਂ 'ਦਿਸਦਿਆਂ-ਸੁਣਦਿਆਂ ਕਵਿਤਾ ਦੀਆਂ ਅੰਤਿਮ ਸਤਰਾਂ ਹਨ। ਇਹਨਾਂ ਸਤਰਾਂ ਤੋਂ ਪਹਿਲਾਂ ਦੋ ਝਾਕੀਆਂ ਹਨ। ਪਹਿਲੀ ਵਿੱਚ ਸਰਹੱਦ ਦੇ ਦੋਵੇਂ ਪਾਸੇ ਵਰਦੀਆਂ, ਤਮਗੇ, ਤੁਰਲੇ ਪਾਈ ਸਿਪਾਹੀਆਂ ਦਾ ਪਰਚਮ ਵਾਪਸੀ ਦਾ ਦ੍ਰਿਸ਼, ਦਰਸ਼ਕਾਂ ਅੰਦਰ ਦੇਸ਼ ਭਗਤੀ ਦਾ ਜ਼ਜਬਾ ਉਤੇਜਤ ਕਰ ਰਿਹਾ ਹੈ। ਇਹ ਭੀੜ ਨਾਹਰੇ ਲਾ ਰਹੀ ਹੈ। ਪਰ ਅਗਲੀ ਝਾਕੀ ਵਿੱਚ
ਵਜਦੇ ਬਿਗੁਲਾਂ 'ਚ
ਦੇਸ਼ ਭਗਤੀ ਦੇ ਤਰਾਨਿਆਂ
ਤੇ ਭੀੜ ਦੀਆਂ ਝਾੜੀਆਂ ਦੇ ਰੋਲੇ ਤੋਂ ਬੇਅਸਰ
ਜ਼ੀਰੋ ਲਾਈਨ 'ਤੇ
ਦੋਹਾਂ ਦੇਸ਼ਾਂ ਦੇ ਅਹਿਲਕਾਰ
ਕਰ ਰਹੇ ਦੁਆ ਸਲਾਮ
ਮਿਲਾ ਰਹੇ ਹੱਥ
ਬੰਨ੍ਹ ਰਹੇ ਇੱਕ ਦੂਜੇ ਦੇ ਕਾਰਨਾਮਿਆਂ
ਕਿਸ ਨੂੰ ਸੁਣਾ ਰਹੇ ਨੇ ਨਾਅਰੇ ਦਰਸ਼ਕ.........ਵਸ
ਕਿਸਨੂੰ ਦਿਖਾ ਰਹੇ ਕਵਾਇਦ ਸਿਪਾਹੀ........... ਵਸ
-ਦੂਜੇ ਸ਼ਬਦਾਂ 'ਚ ਪੰਨ 51
ਅਜਿਹੇ ਦ੍ਰਿਸ਼ਾਂ ਰਾਹੀਂ ਮਨਮੋਹਨ ਉਸ ਸਧਾਰਨ ਬੰਦੇ (ਸਿਪਾਹੀ/ਦਰਸ਼ਕ) ਨੂੰ ਪੇਸ਼ ਕਰਦਾ ਹੈ ਜਿਹੜੇ ਇਹ ਜਾਣਦੇ ਹੀ ਨਹੀਂ ਕਿ ਉਹ ਨਾਅਰੇ ਅਤੇ ਕਵਾਇਦ ਕਿਸ ਨੂੰ ਸੁਣਾ ਰਹੇ ਹਨ ਜਦ ਕਿ ਅਹਿਲਕਾਰ ਤਾਂ ਹੱਥ ਮਿਲਾਉਂਦੇ, ਇੱਕ ਦੂਜੇ ਦੀਆਂ ਤਾਰੀਫ਼ਾਂ
ਦੇ ਪੁਲ ਬੰਨ੍ਹ ਰਹੇ ਹਨ। ਸਾਧਾਰਨ ਬੰਦੇ ਲਈ ਵਤਨਪ੍ਰਸਤੀ ਦੇ ਕੀ ਅਰਥ ਹਨ। ਬਸ ਸਵਾਲ ਦੇ ਜਵਾਬ ਤਲਾਸ਼ਣ ਹਿਤ ਹੀ ਮਨਮੋਹਨ ਅਜਿਹੀਆਂ ਕਵਿਤਾਵਾਂ ਦੀ ਸਿਰਜਣਾ ਕਰਦਾ ਹੈ। ਸੰਘਰਸ਼ ਦਾ ਇਹ ਪ੍ਰਵਚਨ 'ਦੀਖਿਆ' ਕਵਿਤਾ ਵਿੱਚ ਕਾਲੇ ਅਰਮੀਕੀ ਫ਼ਰੈਡਰਿਕ ਡਗਲਸ ਦੀ ਗੁਲਾਮੀ ਤੋਂ ਮੁਕਤੀ ਦੀ ਜੁਸਤਜੂ ਰਾਹੀਂ ਮੁਕਤੀ ਦੇ ਅਸਲ ਅਰਥਾਂ ਨੂੰ ਵੀ ਪ੍ਰਗਟ ਕਰਦੀ ਹੈ। ਇਹ ਕਾਵਿ-ਨਾਇਕ ਮਰ ਕੇ ਨਹੀਂ ਸਗੋਂ ਜੀਉਂਦੇ ਜੀਅ ਸੰਘਰਸ਼ ਕਰਕੇ ਗੁਲਾਮੀ ਤੋਂ ਮੁਕਤੀ ਚਾਹੁੰਦਾ ਹੈ। ਸਮੁੰਦਰ, ਡੂੰਘੇ ਪਾਣੀ ਅਤੇ ਪੰਛੀਆਂ ਤੋਂ ਆਜ਼ਾਦੀ ਦੇ ਅਰਥ ਸਿੱਖ ਕੇ, ਇਹ ਨਾਇਕ ਇਹ ਵੀ ਜਾਣ ਗਿਆ ਹੈ ਕਿ ਉਸ ਕੋਲ ਆਜ਼ਾਦੀ ਦੇ ਸੰਘਰਸ਼ ਵਿੱਚ ਜੀਵਨ ਤੋਂ ਵੱਧ ਕੁਝ ਹੋਰ ਗਵਾਉਣ ਲਈ, ਜਦੋਂ ਕਿ ਪਾਉਣ ਲਈ ਬੜ ਕੁਝ ਹੈ
ਹੈ ਕਿਧਰੇ ਕੋਈ ਰੱਬ...........ਬਸ
ਕਰਾਵੇ ਜੋ ਮੈਨੂੰ ਆਜ਼ਾਦ
..............................
ਜਹਾਜਾਂ ਤੋਂ ਸਿੱਖ ਲਿਆ ਡੂੰਘੇ ਪਾਣੀਆਂ 'ਚ ਤਰਨਾ......
ਪੰਛੀਆਂ ਤੋਂ ਜਾਣ ਲਿਆ ਖੁੱਲ੍ਹੇ ਅਸਮਾਨਾਂ 'ਚ ਉਡਣਾ......
ਮੇਰੇ ਕੋਲ ਗਵਾਉਣ ਲਈ
ਜੀਵਨ ਤੋਂ ਵੱਧ ਕੁਝ ਨਹੀਂ
ਪਾਉਣ ਲਈ ਬੜਾ ਕੁਝ
ਹੋਵਾਂਗਾ ਮੈਂ ਆਜ਼ਾਦ ਏਸੇ ਜੀਵਨ 'ਚ
ਮਰ ਕੇ ਤਾਂ ਹੋ ਜਾਂਦੇ ਨੇ ਸਾਰੇ ਆਜ਼ਾਦ
ਇਹ ਤਾਂ ਨਹੀਂ ਹੋ ਸਕਦਾ
ਕਿ ਜੀਉਂਦਾ ਵੀ ਰਹਾ ਗੁਲਾਮ ਤੇ ਮਰਾਂ ਵੀ ਗੁਲਾਮ.......... ।
ਦੂਜੇ ਸ਼ਬਦਾਂ 'ਚ, ਪੰਨਾ 14
ਪ੍ਰਤੀਰੋਧ ਅਤੇ ਸੰਘਰਸ਼ ਦਾ ਪ੍ਰਵਚਨ ਉਸਾਰਦਿਆਂ ਮਨਮੋਹਨ ਵਿਚਾਰ ਤੇ ਜ਼ੋਰ ਦਿੰਦਾ ਹੈ। ਵਿਚਾਰ 'ਤੇ ਜ਼ੋਰ ਦੇਣ ਦਾ ਇਹ ਕਾਵਿ-ਲਕਸ਼ ਅਸਲ ਵਿੱਚ ਸਿਧਾਂਤ ਅਤੇ ਅਮਲ ਵਿੱਚੋਂ ਸਿਧਾਂਤ ਨੂੰ ਪ੍ਰਮੁਖਤਾ ਇਸ ਲਈ ਦਿੰਦਾ ਹੈ ਕਿ ਉਸ ਸਾਹਮਣੇ ਘਟਨਾਵਾਂ ਦੇ ਇਤਿਹਾਸ ਹਨ। ਜ਼ਰੂਰੀ ਨਹੀਂ ਇਤਿਹਾਸ ਵਿੱਚ ਸੰਘਰਸ਼ਾਂ ਦੀ ਵਿੱਥਿਆ ਮਾਨਵੀ ਮੁਕਤੀ ਦੀ ਹੀ ਹੋਵੇ। ਦੂਜੀ ਗੱਲ ਇਹ ਵੀ ਹੈ ਕਿ ਬੰਦਾ ਵਾਪਰੀਆਂ ਘਟਨਾਵਾਂ ਨਾਲੋਂ ਭਵਿੱਖ ਲਈ ਵਿਚਾਰ ਨੂੰ ਦੇਖਦਾ ਹੈ। ਮਨਮੋਹਨ ਦੀ ਕਵਿਤਾ ਵਿੱਚ ਅਜਿਹੀਆਂ ਚਿੰਤਨੀ ਸਤਰਾਂ ਮਾਨਵ ਦੀ ਵਿਚਾਰ-ਸ਼ਕਤੀ ਦੇ ਨਿਰੰਤਰ ਵਿਕਾਸ ਦੀਆਂ ਸੂਚਕ ਹਨ। ਇਸ ਨਿਰੰਤਰ ਵਿਕਾਸ ਲਈ ਅਤੇ ਸਿਧਾਂਤ ਦੀ ਥਾਹ ਪਾਉਣ ਲਈ ਆਪਣੇ ਆਪ ਨਾਲ ਵੀ ਸੰਘਰਸ਼ ਕਰਨਾ ਪੈਂਦਾ ਹੈ।
ਸਮੇਂ ਦੇ ਬੀਆਬਾਨਾਂ 'ਚ
ਸਿਰਫ਼ ਵਿਚਾਰ ਬਚਣ
ਕਰਮ ਬਚ ਜਾਣ ਨੇਰਿਆਂ 'ਚ
ਸਿਰਫ਼ ਝਉਲੇ ਦਿਸਣ
ਸਮਾਂ ਬੀਤ ਜਾਣ 'ਤੇ
ਹੋ ਜਾਣ ਘਟਨਾਵਾਂ ਬੇਪਛਾਣ
ਏਸੇ ਲਈ ਤਾਂ
ਕੋਈ ਮੁਕਤੀ ਨਹੀਂ ਕਿਤੇ
ਬਗੈਰ ਆਪਣੇ ਵਿਰੁਧ ਲੜੇ...........।
-ਦੂਜੇ ਸ਼ਬਦਾਂ 'ਚ, ਪੰਨਾ 33
ਸੰਘਰਸ਼ਾਂ ਦੀ ਥਾਹ ਪਾਉਂਦਿਆਂ ਮਨਮੋਹਨ ਜਿਹੜਾ ਸਭ ਤੋਂ ਵੱਡਾ ਸਵਾਲ ਸਾਡੇ ਸਾਹਮਣੇ ਖੜਾ ਕਰਦਾ ਹੈ ਉਹ ਹੈ ਹਾਸ਼ੀਆਕ੍ਰਿਤ (Marginalized) ਲੋਕਾਈ ਦਾ। ਮਿਥਿਹਾਸ 'ਚੋਂ ਵੀ ਜਦੋਂ ਉਹ ਹਵਾਲੇ ਲੈਂਦਾ ਹੈ ਤਾਂ ਇਹਨਾਂ ਬਿਰਤਾਂਤਾਂ ਸਾਹਮਣੇ ਪ੍ਰਸ਼ਨ ਲਟਕਾ ਦਿੰਦਾ ਹੈ। ਇਤਿਹਾਸ/ਮਿਥਿਹਾਸ ਵਿੱਚੋਂ ਲੜਨ ਵਾਲਿਆਂ ਦੀ ਪਛਾਣ ਗਾਇਬ ਹੈ। ਇਤਿਹਾਸਕ/ਮਿਥਿਹਾਸਕ ਬਿਰਤਾਂਤਾਂ 'ਚ ਲੰਘਦੀ ਹੋਈ ਮਨਮੋਹਨ ਦੀ ਕਵਿਤਾ, ਵਰਤਮਾਨ ਨੂੰ ਵੀ ਖੰਘਾਲਦੀ ਹੈ, ਸਗੋਂ ਇਸ ਦੇ ਅਰਥ ਤਾਂ ਵਰਤਮਾਨ ਦਸ਼ਾ ਵਿੱਚ ਹੀ ਪਏ ਹਨ ਜਿਸ ਵਿੱਚ ਵਰਤਮਾਨ ਨਾਇਕ ਨੇ ਦਿਸ਼ਾ ਤਲਾਸ਼ਣੀ ਹੈ। ਇਸੇ ਲਈ ਮਨਮੋਹਨ ਵਾਰ ਵਾਰ ਹਾਸ਼ੀਆਕਿਤ ਮਾਨਵ ਦੀ ਤਲਾਸ਼ ਕਰਦਾ ਹੈ। ਇਸ ਹਾਸ਼ੀਆਕ੍ਰਿਤ ਮਾਨਵ ਦੀ ਹੋਂਦ ਕਿਤੇ ਭਾਰਤੀ ਸੰਦਰਭ ਵਿੱਚ ਦਲਿਤ ਦੀ ਹੈ, ਕਿਤੇ ਇਹ ਉਸ ਸਿਪਾਹੀ ਦੀ ਹੈ ਜਿਹੜਾ ਵਤਨ ਲਈ ਲੜ ਰਿਹਾ ਹੈ ਤੇ ਕਿਤੇ ਉਸ ਯੋਧੇ ਦੀ ਹੈ ਜਿਹੜਾ ਇਤਿਹਾਸ/ ਮਿਥਿਹਾਸ ਵਿੱਚ ਸਮੇਂ ਸਮੇਂ ਲੜਿਆ। ਇਸ ਪ੍ਰਕਾਰ ਮਨਮੋਹਨ ਦੀ ਕਵਿਤਾ ਦਾ ਪ੍ਰਤੀਰੋਧ ਅਤੇ ਸੰਘਰਸ਼ਮਈ ਪ੍ਰਵਚਨ ਸਰਬਕਾਲੀ ਸੁਭਾਅ ਦਾ ਬਣ ਜਾਂਦਾ ਹੈ।
ਕੀ ਪਤਾ ਉਨ੍ਹਾਂ ਜ਼ਿਕਰਹੀਣ ਯੋਧਿਆਂ 'ਚੋਂ ਹੀ
ਕਿਸੇ ਮਾਰਿਆ ਹੋਵੇ ਕ੍ਰਿਸ਼ਨ ਨੂੰ ਜਰਾਸੰਧ ਬਣ
ਮਹਾਂਯੁਧਾਂ 'ਚ ਤਾਂ ਜ਼ਿਕਰ ਹੁੰਦਾ ਕੇਵਲ
ਮਹਾਂਰਥੀਆਂ, ਸੈਨਾਪਤੀਆਂ ਦਾ
ਗਿਣਤੀ 'ਚੋਂ ਕਿਰੇ ਸਿਪਾਹੀਆਂ ਦਾ ਕੌਣ ਲੈਂਦਾ ਸੁਰ ਪਤਾ
ਕੀ ਪਤਾ ਇਨ੍ਹਾਂ ਦਾ ਲਹੂ ਹੀ
ਵਹਿ ਰਿਹਾ ਹੋਵੇ ਮੇਰਿਆਂ ਰਗਾਂ 'ਚ....
ਮੈਨੂੰ ਹੀ ਕਰਨਾ ਪਵੇ ਸਰਾਧ ਪੁਰਖਿਆਂ ਦਾ
ਕਿਉਂ ਕਿ ਅੰਦਰਲੇ ਕੁਰੂਕਸ਼ੇਤਰ ਦਾ ਬੋਝ
ਮੈਂ ਅਜੇ ਤੱਕ ਚੁੱਕੀ ਫਿਰਦਾਂ
ਮੇਰੇ ਹਿੱਸੇ ਦਾ ਮਹਾਂਯੁਧ
ਖਤਮ ਨਹੀਂ ਹੋਇਆ ਅਜੇ।
-ਦੂਜੇ ਸ਼ਬਦਾਂ 'ਚ, ਪੰਨਾ -35
ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਦੇ ਯਥਾਰਥ ਨੂੰ ਮਨਮੋਹਨ ਪਾਰਦਰਸ਼ਤਾ ਰਾਹੀਂ ਸਮਝਣਾ ਚਾਹੁੰਦਾ ਹੈ। ਇਸੇ ਕਰਕੇ ਉਹ ਘਟਨਾਵਾਂ 'ਤੇ ਫੋਕਸ ਕਰਦਾ ਹੈ ਅਤੇ ਪਾਠਕਾਂ ਨੂੰ ਇਹ ਸੱਚ ਦਿਖਾਉਣ ਦਾ ਪ੍ਰਯਤਨ ਕਰਦਾ ਹੈ। ਇਹ ਪਾਠਕ
ਤੇ ਨਿਰਭਰ ਕਰਦਾ ਹੈ ਕਿ ਉਹ ਇਸ ਕਵਿਤਾ ਨੂੰ ਕਿਵੇਂ ਪੜ੍ਹਦਾ ਹੈ ਅਤੇ ਕਿਵੇਂ ਉਸਦੇ ਅਰਥਾਂ ਤੱਕ ਪਹੁੰਚਦਾ ਹੈ। ਇਹ ਗੱਲ ਨਹੀਂ ਕਿ ਮਨਮੋਹਨ ਸੰਕੇਤ ਨਹੀਂ ਕਰਦਾ ਉਹ ਵਾਪਰਦੇ ਨੂੰ ਪੇਸ਼ ਕਰਕੇ ਇਸ਼ਾਰੇ ਜ਼ਰੂਰ ਕਰਦਾ ਹੈ ਕਿ ਉਹ ਇਸ ਬਾਰੇ ਕੀ ਸੋਚਦਾ ਹੈ, ਅੱਗੋਂ ਪਾਠਕ ਨੇ ਹੀ ਇਸ ਕਾਵਿ ਪ੍ਰਵਚਨ ਦੀ ਥਾਹ ਪਾਉਂਣੀ ਹੈ। 'ਸ਼ਰਣ' ਕਵਿਤਾ ਪੜ੍ਹਦਿਆਂ ਜਿਵੇਂ ਕਈ ਵਾਰ ਲਗਦਾ ਹੈ ਕਿ ਮਨਮੋਹਨ ਅਜੋਕੇ ਮਧਵਰਗ ਦੇ ਡਰ/ ਸੰਸਿਆਂ ਨੂੰ ਪੇਸ਼ ਕਰ ਰਿਹਾ ਹੈ। ਉਸ ਨੇ ਵੱਡੀ ਗੋਗੜ ਵਾਲਾ ਹੱਸਦਾ ਬੁਧ ਇਸ ਕਰਕੇ ਘਰ 'ਚ ਰੱਖਿਆ ਹੋਇਆ ਹੈ ਤਾਂ ਕਿ ਬਦਰੂਹਾਂ ਘਰ ਵਿੱਚ ਪ੍ਰਵੇਸ਼ ਨਾ ਕਰ ਸਕਣ ਅਤੇ ਲਮਢੀਗ ਬੁੱਧਾਂ ਨੂੰ ਘਰ ਦੇ ਖੂੰਜਿਆਂ 'ਚ ਟੰਗਿਆ ਹੋਇਆ ਹੈ ਤਾਂ ਜੋ ਉਹ ਘਰੋਂ ਘੁਰਨ ਤੋਂ ਪਹਿਲਾਂ ਅਸੀਸ ਦੇਣ ਸ਼ੁੱਭ ਯਾਤਰਾ ਦੀ। ਇਸੇ ਤਰ੍ਹਾਂ ਧਿਆਨੀ ਬੁੱਧ, ਸੁੱਤਾ ਬੁੱਧ ਆਦਿ ਮੌਨ ਦੁਖਾਂ ਦੇ ਰੂਪ ਹਨ। ਇਸ ਮੱਧਵਰਗ ਨੇ ਆਪਣੀ ਸਹੂਲਤ ਲਈ ਆਪਣੇ ਡਰ ਤੋਂ ਨਿਜਾਤ ਪ੍ਰਾਪਤ ਕਰਨ ਲਈ ਕਿੰਨੇ ਬੁੱਧਾਂ ਨੂੰ ਈਜਾਦ ਕਰ ਲਿਆ ਹੈ। ਕਵਿਤਾ ਦੇ ਇਸ ਭਾਗ ਵਿੱਚ ਇਹ ਪ੍ਰਭਾਵ ਬਣਦਾ ਹੈ ਕਿ ਮਨਮੋਹਨ ਮੱਧਵਰਗ 'ਤੇ ਟਕੋਰ ਕਰ ਰਿਹਾ ਹੈ ਪਰ ਅੰਤਿਮ ਸਤਰਾਂ ਫਿਰ ਪਾਠਕ ਨੂੰ ਉਲਝਾ ਦਿੰਦੀਆਂ ਹਨ ਜਦੋਂ ਉਹ ਕਹਿੰਦਾ ਹੈ।
ਉਹ ਯਸ਼ੋਧਰਾ ਨਹੀਂ ਮਹੱਲਾਂ ਦੀ
ਨਾ ਹੀ ਬੋਧ ਵਿਹਾਰਾਂ 'ਚ ਵਿਚਰਦੀ ਭਿੱਖਣੀ
ਨਾ ਭਟਕੀ ਜੰਗਲਾਂ 'ਚ
ਨਾ ਹੀ ਤੱਜਿਆ ਗ੍ਰਹਿਸਤ
ਉਸਨੇ ਵੀ ਉਹ ਸਾਧਨਾ ਕੀਤੀ ਜੋ ਮੈਂ
ਕਰਦਾ ਰਿਹਾ ਘਰ ਬਾਰ ਛੱਡ
ਸਹਿਜ ਨਾਲ ਘਰ 'ਚ ਹੀ ਉਸਨੇ
ਪਾ ਲਿਆ ਮੋਕਸ਼ ਚੁੱਪਚਾਪ
ਉਸਦੇ ਮੌਨ 'ਚ ਗੂੰਜਣ ਬੁੱਧਮਈ ਬੋਲ।
-ਦੂਜੇ ਸ਼ਬਦਾਂ 'ਚ, ਪੰਨਾ 20
ਇੱਥੇ ਪਹੁੰਚ ਕੇ ਪਾਠਕ ਸ਼ਸੋਪੰਜ 'ਚ ਪੈ ਜਾਂਦਾ ਹੈ ਕਿ ਕਵੀ ਮੱਧ ਮਾਰਗ ਅਤੇ ਸਹਿਜਤਾ ਨੂੰ ਅਪਣਾ ਤਾਂ ਨਹੀਂ ਰਿਹਾ। ਕਿਉਂਕਿ ਕਾਵਿ-ਨਾਇਕ ਦੀ ਪਤਨੀ ਨੇ ਘਰ ਬਾਰ ਛੱਡੇ ਬਿਨਾਂ ਮੱਧ ਮਾਰਗ ਰਾਹੀਂ ਅਤੇ ਮੌਨ ਰਾਹੀਂ ਮੋਕਸ਼ ਦੀ ਪ੍ਰਾਪਤੀ ਕਰ ਲਈ ਹੈ। ਮਨਮੋਹਨ ਦੀ ਕਵਿਤਾ 'ਚ ਅਜਿਹੀਆਂ ਸਥਿਤੀਆਂ ਕਈ ਥਾਵੇਂ ਆਉਂਦੀਆਂ ਹਨ। ਅਸਲ ਵਿੱਚ ਮਨਮੋਹਨ ਦੀ ਕਵਿਤਾ ਬਹੁਤੇ ਫੈਸਲੇ ਪਾਠਕ ਤੇ ਛੱਡਦੀ ਹੋਈ, ਭਾਸ਼ਾ ਦੀ ਪਾਰਦਰਸ਼ਤਾ ਨੂੰ ਕਾਇਮ ਰੱਖਣ ਵਾਲਾ ਕਾਵਿ-ਪ੍ਰਵਚਨ ਬਣ ਕੇ ਪ੍ਰਭਾਵ ਸਿਰਜਦੀ ਹੈ। ਭਾਸ਼ਾ ਦੀ ਪਾਰਦਰਸ਼ਤਾ ਰਾਹੀਂ ਹੀ ਅਸੀਂ ਇਸ ਵਿੱਚੋਂ ਵਾਪਰਦੇ ਛੋਟੇ-ਛੋਟੇ ਸੱਚਾਂ ਨੂੰ ਦੇਖਦੇ ਹਾਂ, ਪੜ੍ਹਦੇ ਹਾਂ ਅਤੇ ਪ੍ਰਤੀਕਰਮ ਸਿਰਜਦੇ ਹਾਂ। ਨਿਰਸੰਦੇਹ ਨਵੀਂ ਪੰਜਾਬੀ ਕਵਿਤਾ ਵਿੱਚ ਮਨਮੋਹਨ ਦਾ ਕਾਵਿ-ਚਿੰਤਨ ਵੀ ਮੌਲਿਕ ਹੈ ਅਤੇ ਇਸ ਦੀ ਕਾਵਿ-ਭਾਸ਼ਾ ਵੀ ਬਿਲਕੁਲ ਨਵੀਂ। ਇਹ ਕਾਵਿ-ਭਾਸ਼ਾ ਪਾਠਕ ਨੂੰ ਰਸਿਕਤਾ ਪ੍ਰਦਾਨ ਨਹੀਂ ਕਰਦੀ ਸਗੋਂ ਉਸਦੇ ਬੌਧਿਕ ਜਗਤ ਨੂੰ ਐਕਟਿਵ ਕਰਕੇ ਉਸਦਾ ਇਮਤਿਹਾਨ ਲੈਂਦੀ ਹੈ। ਇਸ ਬੌਧਿਕ ਅਭਿਆਸ ਵਿੱਚੋਂ ਜੋ ਮੈਂ ਸਮਝ ਸਕਿਆ ਹਾਂ, ਬਿਨਾਂ ਸ਼ੱਕ ਉਹ ਸਮਝ ਸੰਪੂਰਨ ਨਹੀਂ, ਅਜਿਹੀ ਕਵਿਤਾ
ਦੀ ਸੰਪੂਰਨ ਥਾਹ ਪਾਉਣੀ ਸ਼ਾਇਦ ਮੁਸ਼ਕਿਲ ਹੈ ਕਿਉਂ ਕਿ ਕਵਿਤਾ ਵਿੱਚ ਪਾਠ ਅਤੇ ਪਾਠਕ ਦਾ ਰਿਸ਼ਤਾ ਸਮਝ-ਸਮਝਾਉਣ ਦਾ ਹੈ, ਮਾਨਣ ਦਾ ਨਹੀਂ। ਸਮਝ-ਸਮਝਾਉਣ ਦੀ ਪ੍ਰਕਿਰਿਆ ਦਾ ਅੰਤ ਨਹੀਂ, ਨਾ ਹੀ ਮਨਮੋਹਨ ਦਾ ਕਾਵਿ-ਚਿੰਤਨ ਕੋਈ ਅੰਤਿਮ ਸੱਚ ਪੇਸ਼ ਕਰਦਾ ਹੈ। ਪਰ ਮੈਨੂੰ ਪੰਜਾਬੀ ਦੀ ਖੁੱਲ੍ਹੀ ਕਵਿਤਾ ਦਾ ਭਵਿੱਖ ਅਜਿਹੀ ਕਾਵਿ-ਭਾਸ਼ਾ ਵਾਲਾ ਹੀ ਪ੍ਰਤੀਤ ਹੁੰਦਾ ਹੈ। ਮਨਮੋਹਨ ਦੀ ਕਵਿਤਾ ਬਾਰੇ ਅਜਿਹੀ ਚੇਤਨਾ ਉਸਨੂੰ 'ਆਧੁਨਿਕ ਜਾਂ ਉਤਰ ਆਧੁਨਿਕ' ਨਹੀਂ ਬਣਾਉਂਦੀ ਸਗੋਂ ਸਰਬਕਾਲੀ ਬਣਾਉਂਦੀ ਹੈ। ਇਹੀ ਕਾਰਨ ਹੈ ਕਿ ਉਸਦੀ ਕਵਿਤਾ ਨੂੰ ਪੜ੍ਹਦਿਆਂ, ਸੂਝਵਾਨ ਪਾਠਕ ਚਿੰਤਨ ਪ੍ਰਣਾਲੀਆਂ ਨਾਲ ਮਨਮੋਹਨ ਦੇ ਸੰਵਾਦ ਨੂੰ ਸਮਝਣ ਦੇ ਪ੍ਰਯਤਨ 'ਚ ਰਹਿੰਦਾ ਹੈ, ਫੈਸਲਾ ਨਹੀਂ ਕਰ ਸਕਦਾ ਕਿ ਮਨਮੋਹਨ ਕਿਸ ਚਿੰਤਨ/ਵਾਦ/ਵਿਚਾਰਧਾਰਾ ਨੂੰ ਅਪਣਾ ਰਿਹਾ ਹੈ ਅਤੇ ਕਿਸਦੇ ਵਿਪਰੀਤ ਖੜਾ ਹੈ। ਇਸੇ ਲਈ ਉਹ ਆਪ ਕਹਿੰਦਾ ਹੈ, "ਸ਼ਬਦ ਅੰਦਰ ਸ਼ਬਦ ਦਾ ਅਧਿਆਤਮ ਫੈਲਿਆ ਹੁੰਦੈ"। ਮਨਮੋਹਨ ਦੇ ਸ਼ਬਦ ਦੇ ਅਧਿਆਤਮ ਨੂੰ ਸਮਝਣ ਲਈ ਇਨਸਾਨੀ ਸੂਝ ਵੀ ਜ਼ਰੂਰਤ ਹੈ ਤਾਂ ਹੀ ਕੋਈ ਸਜੱਗ ਪਾਠਕ ਉਸਦੀ ਇਨਸਾਨੀਅਤ/ ਮਾਨਵਤਾ ਦੇ ਸੰਕਲਪ ਨੂੰ ਸਮਝ ਸਕਦਾ ਹੈ।
ਮਨਮੋਹਨ ਦੇ ਹੁਣੇ ਪ੍ਰਕਾਸ਼ਿਤ ਕਾਵਿ-ਸੰਗ੍ਰਹਿ 'ਬੈਖਰੀ' ਦਾ ਸਮੁੱਚਾ ਕਾਵਿ-ਪ੍ਰਵਚਨ ਉਸਦੇ ਦਾਰਸ਼ਨਿਕ ਵਿਚਾਰਾਂ ਅਤੇ ਸੰਵਾਦ ਉੱਤੇ ਟਿਕਿਆ ਹੋਇਆ ਹੈ। ਉਹ ਕਿਸੇ ਦਾਰਸ਼ਨਿਕ ਵਿਚਾਰਧਾਰਾ ਦਾ ਸੰਵਾਹਕ ਨਹੀਂ, ਦਰਸ਼ਨ ਉਸ ਲਈ ਮਾਨਵੀ ਸੰਵੇਦਨਾਵਾਂ ਦੀ ਖੋਜ ਹੈ। ਅੱਜ ਦੇ ਕਵੀ ਲਈ ਇਹ ਹੈ ਵੀ ਬੜਾ ਟੇਢਾ ਮਸਲਾ ਕਿ ਜਦੋਂ ਮਾਨਵ ਸਮੇਤ ਹਰ ਮਹਾਂ-ਬਿਰਤਾਂਤ ਪ੍ਰਸ਼ਨਾਂ ਦੇ ਘੇਰੇ 'ਚ ਹੈ ਤਾਂ ਇੱਕ ਮਹਾਂ-ਬਿਰਤਾਂਤ 'ਤੇ ਟੇਕ ਕਿਵੇਂ ਰੱਖੀ ਜਾ ਸਕਦੀ ਹੈ। ਪਰ ਕਿਉਂਕਿ ਮਨਮੋਹਨ ਪੇਸ਼ਕਾਰ ਨਹੀਂ, ਸਿਰਜਕ ਹੈ ਇਸ ਲਈ ਉਹ ਆਪਣੀ ਸਿਰਜਣਾ ਲਈ ਵਿਚਾਰਧਾਰਾਵਾਂ, ਪ੍ਰੰਪਰਾਵਾਂ, ਮਿਥਾਲੋਜੀ, ਇਤਿਹਾਸ ਅਤੇ ਵਰਤਮਾਨ ਨੂੰ ਖੰਘਾਲਦਾ ਹੈ। ਛੋਟੀਆਂ-ਛੋਟੀਆਂ ਕਾਵਿ-ਸਤਰਾਂ ਵਿੱਚ ਦਾਰਸ਼ਨਿਕ ਸੰਵਾਦ ਪਏ ਹਨ। ਭਾਰਤੀ ਅਤੇ ਪੰਜਾਬੀ ਪਰੰਪਰਾ ਵਿੱਚ ਜੋ ਉਸਨੂੰ ਮਾਨਵੀ ਲੱਗਦਾ ਹੈ ਉਸਨੂੰ ਉਹ ਚੁਣ ਲੈਂਦਾ ਹੈ, ਬਾਕੀ ਤਿਆਗ ਦਿੰਦਾ ਹੈ। ਇਸੇ ਤਰ੍ਹਾਂ ਮੱਤਾਂ ਅਤੇ ਧਰਮਾਂ 'ਚੋਂ ਵੀ ਉਹ ਆਪਣੀ ਕਾਵਿ-ਸਿਰਜਣਾ ਲਈ ਕੀ ਚੁਣਨਾ ਹੈ ਕੀ ਛੱਡਣਾ ਹੈ ਕਿਸ ਦੀ ਨੁਕਤਾਚੀਨੀ ਕਰਨੀ ਹੈ, ਬਾਰੇ ਸਜੱਗ ਕਵੀ ਹੈ, ਉਸਦੀ ਪਹਿਲੀ ਕਾਵਿ-ਪੁਸਤਕ ਦੀ ਨਿਸਬਤ ਬੈਖ਼ਰੀ ਦੀ ਕਾਵਿ-ਭਾਸ਼ਾ ਵਧੇਰੇ ਦਾਰਸ਼ਨਿਕ ਅਤੇ ਚਿੰਤਨੀ ਹੈ। ਸ਼ਬਦ ਦਾ ਕੀ ਮਹੱਤਵ ਹੈ? ਸਿਰਜਣਾ ਨੇ ਕਿਵੇਂ ਪ੍ਰਵਚਨ ਬਣਕੇ ਮਾਨਵ ਹਿਤਕਾਰੀ ਹੋਣਾ ਹੈ, ਲਈ ਉਹ 'ਬੇਖ਼ਰੀ' ਜਾਨਿ ਸ਼ਬਦ ਦੀ ਪੂਰਣਤਾ ਨੂੰ ਸਾਹਮਣੇ ਲਿਆਉਣਾ ਚਾਹੁੰਦਾ ਹੈ। ਸ਼ਬਦ ਦੇ ਜਿਹੜੇ ਚਾਰ ਭੇਦ 'ਪਰਾ', 'ਪਸ਼ਬੰਤੀ', 'ਮੱਧਿਮਾ' ਅਤੇ 'ਬੈਖ਼ਰੀ' ਵਿੱਚੋਂ ਚੁਣਦਾ ਹੈ। ਉਸ ਅਨੁਸਾਰ 'ਬੈਖ਼ਰੀ' ਸ਼ਬਦ ਦੀ ਚੌਥੀ ਗਤੀ ਹੈ। “ਚੌਥੀ ਗਤੀ 'ਬੈਖ਼ਰੀ' ਸ਼ਬਦ ਦੀ ਪੂਰਣਤਾ ਦੀ ਹੈ। ਇਸ ਸ਼ਬਦ ਦੀ ਪੂਰਣਤਾ ਲਈ ਸੁਣਨ ਤੇ ਸਮਝਣ ਵਾਲੇ ਦੀ ਲੋੜ ਹੁੰਦੀ ਹੈ।" (ਪੰਨਾ: 11)
"ਕਾਵਿਕਾਰੀ ਦਾ ਭਾਵ ਹੈ, ਸ਼ਬਦ ਦੀ ਪੂਰਣਤਾ ਨੂੰ ਪਾਉਣਾ। ਦਿਸਦਾ ਸ਼ਬਦ ਪੂਰਣ ਨਹੀਂ ਸ਼ਬਦ ਦੀ ਪੂਰਣਤਾ, ਸ਼ਬਦ ਦੇ ਆਰ-ਪਾਰ ਹੈ। ਸ਼ਬਦਾਂ ਦੇ ਪਾਰ ਅਧਿਆਤਮ ਨੂੰ ਪ੍ਰਾਪਤ/ਦਿਸਦੀ ਸ਼ਬਦ ਸਮੱਰਥਾ ਤੋਂ ਪਾਰ ਜਾ ਕੇ ਫੜਨਾ ਕਵਿਤਾ ਹੈ।" (11)
ਮਨਮੋਹਨ ਦੀਆਂ 'ਬੈਖਰੀ’ ਬਾਰੇ ਇਹ ਟਿੱਪਣੀਆਂ ਉਸ ਦੇ ਕਾਵਿ-ਸ਼ਾਸਤਰ ਦੀ ਵਿੱਲਖਣਤਾ ਬਾਰੇ ਹਨ। ਕਵਿਤਾ ਦਿਸਦੇ ਤੋਂ ਪਾਰ ਜਾ ਕੇ ਜਿਸ ਸੱਚ ਜਾਂ ਅਧਿਆਤਮ ਨੂੰ ਫੜਦੀ ਹੈ ਨਿਰਸੰਦੇਹ ਸ਼ਬਦ ਦੇ ਰੂਪ ਵਿੱਚ ਉਹ ਭਾਸ਼ਾ ਲਈ ਚਿਹਨਾਂ, ਸੰਕੇਤਾਂ, ਪ੍ਰਤੀਕਾਂ ਅਤੇ ਬਿੰਬਾਂ ਦੀ ਸੰਰਚਨਾ ਹੈ ਜਿਸ ਵਿੱਚ ਸਿਰਜਕ ਨੇ ਕਵਿਤਾ ਸਿਰਜੀ ਹੁੰਦੀ ਹੈ ਅਤੇ ਪਾਠਕ ਨੇ ਇਸ ਸੰਰਚਨਾ ਨੂੰ ਕਵਿਤਾ ਦੀਆਂ ਸੰਰਚਨਾਵਾਂ 'ਚ ਲੁਪਤ ਅਰਥਾਂ ਨੂੰ ਢੂੰਡਣਾ ਹੈ। ਮਨਮੋਹਨ ਨੂੰ ਕਾਵਿ-ਭਾਸ਼ਾ ਦੀ ਇਸ ਯੋਗਤਾ ਦੀ ਸੋਝੀ ਹੈ ਕਿ ਪਰੰਪਰਕ ਅਤੇ ਰੂੜ ਹੋ ਚੁੱਕੇ ਥੀਮਜ਼ ਅਤੇ ਮੋਟਿਫਾਂ ਨੂੰ ਨਵੇਂ ਮੈਟਾਫ਼ਰਜ਼ ਰਾਹੀਂ ਕਵਿਤਾ ਦੀ ਭਾਸ਼ਾ 'ਚ ਕਿਵੇਂ ਨਵਿਆਉਂਦਾ ਹੈ। 'ਅਸਹਿਮਤੀ' ਕਵਿਤਾ ਵਿੱਚ ਜਿਹੜਾ ਥੀਮ ਪੇਸ਼ ਹੋਇਆ ਹੈ, ਉਸਨੂੰ ਜਸਵੰਤ ਜ਼ਫਰ ਤੋਂ ਲੈ ਕੇ ਅਨੇਕਾਂ ਹੋਰ ਸਮਕਾਲੀ ਕਵੀਆਂ ਨੇ ਪੇਸ਼ ਕੀਤਾ ਹੈ। ਥੀਮ ਨੂੰ ਨਵੇਂ ਰੂਪ ਵਿੱਚ ਅਨੇਕਾਂ ਹੋਰ ਸਮਕਾਲੀ ਕਵੀਆਂ ਨੇ ਪੇਸ਼ ਕੀਤਾ। ਬੀਮ ਨੂੰ ਨਵੇਂ ਰੂਪ ਵਿੱਚ ਕਿਵੇਂ ਪੇਸ਼ ਕਰਨਾ ਹੈ 'ਅਸਹਿਮਤੀ' ਇਸਦੀ ਇੱਕ ਛੋਟੀ ਜਿਹੀ ਮਿਸਾਲ ਹੈ, ਅਜਿਹਾ ਨਵਾਂਪਣ ਅਤੇ ਮੌਲਿਕਤਾ ਉਸਦੀ ਕਵਿਤਾ ਵਿੱਚ ਥਾਂ ਪਰ ਥਾਂ ਮਿਲਦਾ ਹੈ। 'ਰਾਇ ਭੋਇ ਦਾ ਨਾਨਕ' ਸਿੱਖਾਂ ਦਾ ਨਾਨਕ' ਅਤੇ 'ਨਾਨਕ ਸਿੰਹਾਂ' ਨੂੰ ਮੈਟਾਫ਼ਰਜ ਦੇ ਰੂਪ ਵਿੱਚ ਦੇਖਦੇ ਹਾਂ
ਰਾਇ ਭੋਇ ਦਾ ਨਾਨਕ
ਮਿਲਿਆ ਸਿੱਖਾਂ ਦੇ ਨਾਨਕ ਨੂੰ
ਨਨਕਾਣੇ
ਕਰਦੇ ਰਹੇ ਦੇਰ ਤੱਕ ਸਲਾਹ ਮਸ਼ਵਰਾ
ਮੌਜੂਦਾ ਦੌਰ 'ਤੇ ਚਿੰਤਾ
ਤੁਰਨ ਲੱਗਿਆ ਨਾਨਕ ਕਿਹਾ
ਨਾਨਕ ਸਿਹਾਂ...
ਅਸੀਂ ਐਨੇ ਹੋ ਚੁੱਕੇ ਦੂਰ
ਮੈਨੂੰ ਖਦਸ਼ਾ
ਕਿਸੇ ਬਿੰਦੂ 'ਤੇ ਵੀ
ਸਹਿਮਤ ਨਹੀਂ ਹੋ ਸਕਾਂਗੇ... ਕਦੇ
(ਪੰਨ 17)
ਗੁਰੂ ਨਾਨਕ ਦੇਵ ਜੀ ਜੀ ਮਾਨਵਵਾਦੀ ਅਤੇ ਤਰਕਸ਼ੀਲ ਵਿਚਾਰਧਾਰਾ ਕਿਵੇਂ ਸੰਸਥਾਈ ਬਣਦੀ ਹੈ ਅਤੇ ਇਸ ਦੇ ਸਮਾਨਾਂਤਰ ਤਰਕਸੰਗਤ ਸੋਚ ਦੇ ਜਗਿਆਸੂ ਦੀ ਕਿਉਂ ਅਸਹਿਮਤੀ ਹੋ ਜਾਂਦੀ ਹੈ ਇਸ ਸੰਸਥਾਈ ਸੋਚ ਸਾਹਮਣੇ, ਵਰਗੇ ਮਾਮਲੇ ਨੂੰ ਇਹ ਕਵਿਤਾ ਢੁੱਕਵੀਂ ਕਾਵਿ-ਭਾਸ਼ਾ ਰਾਹੀਂ ਪੇਸ਼ ਕਰਦੀ ਹੈ।
'ਬੈਖਰੀ' ਦਾ ਕਾਵਿ-ਪ੍ਰਵਚਨ ਜਿਸ ਪ੍ਰਮੁੱਖ ਵਿਚਾਰ ਨੂੰ, ਇਸ ਪੋਸ਼ੀ ਦੇ ਅਰੰਭ ਵਿੱਚ ਹੀ ਪ੍ਰਗਟ ਕਰਦਾ ਹੈ ਉਹ ਹੈ ਕੁਦਰਤ/ਧਰਤੀ/ਵਿਸ਼ਵ/ਵਿਚਾਰ ਦਾ ਅਨੰਤ ਰਹੱਸ। ਬੰਦਾ ਕੁਦਰਤ ਦੀ ਮਾਨਵੀ ਸਿਰਜਣਾ ਵਿੱਚ ਸਾਹ ਲੈਂਦਾ ਹੋਇਆ, ਇਸ ਦੇ ਭੇਦ ਨੂੰ ਜਾਣਨ ਦੇ ਸੰਘਰਸ਼ ਵਿੱਚ ਰਹਿੰਦਾ ਹੈ। ਕਿਉਂਕਿ ਬੰਦਾ ਇੱਕ ਚੇਤਨ/ਜਗਿਆਸੂ ਜੀਵ ਹੈ। ਇਸ ਕੁਦਰਤ ਦੇ ਰਹੱਸ ਨਾਲ ਦਸਤਪੰਜਾ ਹੀ ਨਹੀਂ ਲੈਂਦਾ ਸਗੋਂ ਇਸਨੂੰ ਆਪਣੇ ਹਾਣ ਦਾ
ਬਣਾਉਣ ਦੇ ਆਹਰ ਵਿੱਚ ਵੀ ਲੱਗਿਆ ਰਹਿੰਦਾ ਹੈ। ਮਨਮੋਹਨ ਮਾਨਵ ਦੇ ਇਸ ਨਾ ਮੁੱਕਣ ਵਾਲੇ ਸੰਘਰਸ਼ ਨੂੰ ਇੱਕ ਚਿੰਤਕ ਦੇ ਤੌਰ 'ਤੇ ਵਾਚਦਾ ਹੈ, ਕਿਉਂਕਿ ਇਹ ਵਿਚਾਰ ਉਸਨੇ ਕਵਿਤਾ ਦੀ ਭਾਸ਼ਾ ਵਿੱਚ ਪ੍ਰਗਟ ਕਰਨੇ ਹਨ ਇਸ ਲਈ ਉਹ ਕੁਦਰਤ ਦੇ ਦ੍ਰਿਸ਼ਾਂ ਅਤੇ ਵਰਤਾਰਿਆਂ ਨੂੰ ਯੋਗ/ਢੁੱਕਵੀਂ ਕਾਵਿ-ਭਾਸ਼ਾ 'ਚ ਢਾਲਕੇ ਆਪਣੇ ਵਿਚਾਰ ਦਾ ਤਰਕ ਪੇਸ਼ ਕਰਦਾ ਰਹਿੰਦਾ ਹੈ। 'ਛਲ' ਕਵਿਤਾ ਰਾਹੀਂ ਉਹ ਉਸ ਮਾਨਵ ਨੂੰ ਪੇਸ਼ ਕਰਦਾ ਹੈ। ਜਿਹੜਾ ਕੁਦਰਤ ਦੇ ਰਹੱਸ ਨੂੰ ਜਾਣਨ ਦੇ ਸੰਘਰਸ਼ ਵਿੱਚ ਉਸਦੇ ਛਲਾਵੇਂ ਵਿੱਚ ਹੀ ਗਿ੍ਫ਼ਤ ਹੋ ਜਾਂਦਾ ਹੈ। ਪਰ ਇਸੇ ਕਵਿਤਾ ਵਿੱਚ ਉਹ ਬੰਦੇ ਦੇ ਇਸ ਸੰਘਰਸ਼ ਨੂੰ 'ਜੀਵਨ ਦੇ ਰਹੱਸ' ਦੇ ਤੌਰ 'ਤੇ ਐਲਾਨ ਕੇ, ਇਸ ਸੰਘਰਸ਼ ਦੀ ਨਿਰੰਤਰਤਾ 'ਤੇ ਵੀ ਮੋਹਰ ਲਾ ਦਿੰਦਾ ਹੈ। 'ਕਿਰਿਆ' ਕਵਿਤਾ ਵਿੱਚ ਸਿਰਜਕ ਮਾਨਵ ਦੇ ਇਸ ਭੇਦ ਜਾਣਨ ਦੇ ਸੰਘਰਸ਼ ਨੂੰ 'ਪ੍ਰੇਮ ਪਰਬਤ ਦਾ ਰਾਹ ਦਿਖਾਉਂਦਾ ਹੈ। ਇਸੇ ਤਰ੍ਹਾਂ 'ਸੰਤੋਖ' ਕਵਿਤਾ ਵਿੱਚ ਮਨਮੋਹਨ, ਬੰਦੇ ਦੀ ਸਮੱਰਥਾ ਦੇ ' ਨਾਲ-ਨਾਲ ਉਸਦੀ ਸੀਮਾ ਨੂੰ ਵੀ ' ਪੇਸ਼ ਕਰਨਾ ਚਾਹੁੰਦਾ ਹੈ। 'ਸੀਮਾ' ਤੋਂ ਭਾਵ ਹੈ ਕਿ ਬੰਦੇ ਦੀ ਭਟਕਣਾ ਦਾ ਅੰਤ ਨਹੀਂ, ਉਸਨੂੰ ਸਭ ਕੁਝ ਚਾਹੀਦਾ ਹੈ। ਪਰ ਕੀ ਇਹ ਸੰਭਵ ਹੈ? ਮਨਮੋਹਨ ਜੋ ਕੁਝ ਸੰਭਵ ਹੈ ਉਸ ਦੀ ਪੈਰਵੀ ਕਰਦਾ ਹੈ ਅਤੇ ਮਾਨਵ ਲਈ ਸੰਤੋਖ ਅਤੇ ਸਹਿਜਤਾ ਦੇ ਮਾਰਗ ਦੀ ਤਲਾਸ਼ ਕਰਦਾ ਹੈ।
ਸਮੁੰਦਰ ਨਹੀਂ ਹੈ
ਕਿ ਨਦੀਆਂ ਦਰਿਆਵਾਂ ਦਾ ਪਾਣੀ ਸਾਂਭਾ
ਮੇਰੇ ਕੋਲ ਓਨਾ ਕੁ ਪਾਣੀ
ਜਿੰਨਾ ਹੁੰਦੇ ਮੁਸਾਫਿਰ ਕੋਲ
ਰਾਹ ਦੀ ਤੇਹ ਲਈ
ਸਾਹਾਂ 'ਚ ਹਵਾ ਉਨੀ ਕੁ
ਜਿੰਨੀ ਲੋੜੇ ਲਹੂ ਰਗਾਂ 'ਚ ਵਹਿਣ ਲਈ
ਜਿੰਨੀ ਹੁੰਦੀ ਬੱਚਿਆਂ ਦੇ ਬੁਲਬੁਲਿਆਂ 'ਚ
ਓਨੀ ਨਹੀਂ ਜਿੰਨੀ ਸਮੁੰਦਰੀ ਤੂਫ਼ਾਨਾਂ ਕੋਲ
ਮੇਰੇ ਕੋਲ ਅਕਾਸ਼
ਓਨਾ ਨਹੀਂ ਜਿੰਨਾ ਦਿਸੇ ਟਵਿਨ ਟਾਵਰਜ਼ ਤੋਂ
ਰੱਖਾਂ ਓਨਾ ਕੁ ਰੱਖ
ਜਿੰਨਾ ਹੁੰਦੇ ਬੱਚੇ ਕੋਲ
ਮਾਂ ਦੀ ਛਾਤੀ ਸੰਗ ਲੱਗਿਆ
'ਤਰਾਜੂ' ਕਵਿਤਾ ਵਿੱਚ ਉਹ ਅੱਜ ਦੇ ਮਾਨਵ ਦੀ ਅਰਥਹੀਣ ਦੌੜ ਵੱਲ ਹੀ ਸੰਕੇਤ ਕਰਦਾ ਹੈ। ਹਲਕੇ ਅਤੇ ਗਹਿਰੇ ਵਿਅੰਗ ਦੀ ਭਾਸ਼ਾ ਵਿੱਚ ਲਿਖੀ ਇਸ ਕਵਿਤਾ ਵਿੱਚ 'ਕੁਦਰਤ ਦੇ ਨੇਮਾਂ ਖਿਲਾਫ਼' ਭੱਜੇ ਜਾਂਦੇ ਬੰਦੇ ਦੀ ਮਾਰ ਦਾ ਮੌਜੂ ਉਡਾਉਂਦਾ ਹੈ। ਸਾਰੀ ਉਮਰ ਮਾਪਤੋਲ ਦੇ ਚੱਕਰ ਵਿੱਚ, ਸੁੱਖਾਂ ਦੀ ਪ੍ਰਾਪਤੀ ਦੀ ਦੌੜ ਵਿੱਚ, ਅੱਧਾ ਕਿੱਲੋ ਰੋਣਾ ਅਤੇ ਸਿਰਫ਼ ਛਟਾਂਕ ਭਰ ਮੁਸਕਾਨ ਹੀ ਪ੍ਰਾਪਤ ਕਰ ਸਕਦਾ ਹੈ। ਅਜਿਹੀਆਂ ਕਵਿਤਾਵਾਂ ਅਸਲ ਵਿੱਚ ਅੱਜ ਦੇ ਵਸਤਾਂ ਮਗਰ ਭੱਜੇ ਜਾਂਦੇ ਬੰਦੇ ਦੀ ਅਸਲ ਹੋਣੀ ਨੂੰ ਪੇਸ਼ ਕਰਦੀਆਂ
ਹਨ। ਆਪਣੇ ਕਾਵਿ-ਪ੍ਰਵਚਨ ਨੂੰ ਅਰਥ ਭਰਪੂਰ ਅਤੇ ਵਿਚਾਰਾਂ ਨਾਲ ਲੈਸ ਕਰਨ ਲਈ ਮਨਮੋਹਨ ਕੋਲ ਮਾਨਵ ਲਈ ਅਨੇਕਾਂ ਰਾਹ ਹਨ ਜਿਹੜੇ ਉਸਦੇ ਵਿਸ਼ੇਸ਼ ਮਾਨਵਵਾਦ ਨਾਲ ਜੁੜੇ ਹੋਏ ਹਨ। 'ਬੈਖ਼ਰੀ' ਦੀਆਂ ਕਵਿਤਾਵਾਂ ਵਿੱਚ ਇੱਕ ਬਹੁਤ ਹੀ ਸ਼ਕਤੀਸ਼ਾਲੀ ਰਾਹ ਮੈਨੂੰ ਸੰਵੇਗੀ ਮਨੁੱਖ ਦੀ ਤਲਾਸ਼ ਵਾਲਾ ਲੱਗਦਾ ਹੈ। ਇਸ ਰਾਹ ਵਿੱਚ ਮੋਹ ਭਰੇ ਰਿਸ਼ਤੇ ਹਨ, ਕੋਮਲ ਅਹਿਸਾਸ ਹਨ, ਦੁੱਖ, ਸੁੱਖ ਨੂੰ ਸਹਿਜਤਾ ਨਾਲ ਅਪਣਾਉਣ ਦੀ ਸਮੱਰਥਾ ਹੈ । ਮਨਮੋਹਨ ਅਜਿਹੇ ਮਾਨਵੀ ਅਹਿਸਾਸਾਂ ਦੀ ਸਿਰਜਣਾ ਬਹੁਤੀ ਵਾਰ ਕੁਦਰਤ 'ਚੋਂ ਚੁਣਕੇ ਕਰਦਾ ਹੈ। ਕੁਝ ਕਵਿਤਾਵਾਂ ਦੀਆਂ ਪੰਕਤੀਆਂ ਦੇਖਦੇ ਹਨ।
ਘਾਹ ਦੀ ਤਿੜ ਨੇ
ਪਤਝੜ ਦੇ ਪੱਤੇ ਨੂੰ ਕਿਹਾ
ਤੇਰੇ ਡਿੱਗਣ ਦੀ ਆਵਾਜ਼
ਮੇਰੇ ਸ਼ਾਂਤ ਚਿੱਤ ਸੁਪਨੇ ਦਿੱਤੇ ਖਿੰਡਾਅ
ਪੱਤਾ ਹੇਅ ਭਾਵ ਨਾਲ ਬੋਲਿਆ,
ਨੀਵੀਂ ਥਾਂ ਰਹਿੰਦੀ ਏ
ਨਿਮਨ ਜਨਮੀਏ
ਗਤੀ ਹੀਣੀਏਂ ਨਾਚੀਜ਼ੇ
ਝੂਮੀਂ ਤੂੰ ਕਦੇ ਉਪਰਲੀਆਂ ਹਵਾਵਾਂ 'ਚ
ਪੰਨਾ 23
ਅਜਿਹੇ ਕੋਮਲ ਅਹਿਸਾਸਾਂ ਨੂੰ ਰੇਖਾਂਕਿਤ ਕਰਦੀਆਂ ਮਨਮੋਹਨ ਦੀਆਂ ਕਵਿਤਾਵਾਂ ਨੂੰ ਪੜ੍ਹਦਿਆਂ ਇਹ ਜ਼ਰੂਰ ਸਪੱਸ਼ਟ ਹੋ ਜਾਂਦਾ ਹੈ ਕਿ ਸਿਰਜਕ ਜਿਨ੍ਹਾਂ ਕੋਮਲ ਅਹਿਸਾਸਾਂ ਨੂੰ ਲੱਭ ਰਿਹਾ ਹੈ ਨਿਰਸੰਦੇਹ ਇਹ ਅਹਿਸਾਸ ਬੰਦੇ ਦੇ ਬੁਨਿਆਦੀ ਜੈਨੇਟਿਕ ਅਤੇ ਸਮਾਜਸ਼ਾਸਤਰੀ ਸੰਰਚਨਾ 'ਚੋਂ ਹੀ ਆਉਣੇ ਹਨ। ਇਨ੍ਹਾਂ ਅਰਥਾਂ ਵਿੱਚ ਮਨਮੋਹਨ ਦੀ ਕਵਿਤਾ ਵਿਚਾਰ ਜਗਤ ਦੀ ਕਵਿਤਾ ਹੈ ਭਾਵ ਜਗਤ ਦੀ ਨਹੀਂ, ਵਿਚਾਰ ਜਗਤ ਦੀ ਕਵਿਤਾ ਹੋਣ ਕਾਰਣ ਹੀ ਇਹ ਸਿਰਜਣਾ, ਅਤਿ ਦੇ ਮਸ਼ੀਨੀ, ਖਤਪਵਾਦੀ, ਪ੍ਰਤੀਯੋਗੀ, ਮਕਾਨਕੀ ਬਣ ਰਹੀ ਮਨੋਸਰੰਚਨਾ ਦੇ ਸਮਾਨਾਂਤਰ ਕੋਮਲ ਭਾਵੀ ਮਾਨਵ ਦੀ ਤਲਾਸ਼ ਦਾ ਕਾਵਿ-ਪ੍ਰਵਚਨ ਬਣ ਜਾਂਦੀ ਹੈ ਅਤੇ ਅਮਾਨਵੀ ਵਰਤਾਰੇ ਪ੍ਰਤੀ ਪ੍ਰਤੀਰੋਧਕ ਸੁਰ ਅਖਤਿਆਰ ਕਰ ਲੈਂਦੀ ਹੈ। ਮਨਮੋਹਨ ਕਿਉਂਕਿ ਕੋਮਲ ਭਾਵੀ ਮਨੁੱਖ ਦੀ ਤਲਾਸ਼ ਨੂੰ ਭਾਵ ਜਗਤ ਜਾਂ ਕਹਿ ਲਵੋਂ ਰੋਮਾਂਟਿਕ ਪੱਧਰ 'ਤੇ ਨਹੀਂ ਉਸਾਰਦਾ, ਉਹ ਆਪਣੀ ਟੇਕ ਭਾਰਤੀ/ਪੰਜਾਬੀ ਸਮਾਜ-ਸ਼ਾਸਤਰ 'ਤੇ ਰੱਖਦਾ ਹੈ। ਪੰਜਾਬੀ ਸਮਾਜ ਦੀ ਸੰਰਚਨਾ ਵਿੱਚ ਅਜਿਹਾ ਮਾਨਵ ਪਿਆ ਹੈ ਜਿਹੜਾ ਘਰ, ਪਰਿਵਾਰ ਅਤੇ ਰਿਸ਼ਤਿਆਂ ਦੇ ਨੈੱਟਵਰਕ ਵਿੱਚ ਜੀਵਨ ਜਿਉਂਦਾ ਹੋਇਆ ਮੂਲ ਮਨੁੱਖੀ ਭਾਵਨਾਵਾਂ ਨਾਲ ਲਬਰੇਜ਼ ਹੈ। ਮੰਡੀ ਅਤੇ 'ਨਵਾਂ ਸਮਾਜ' ਇਨ੍ਹਾਂ ਮੂਲ ਭਾਵਨਾਵਾਂ ਨੂੰ ਖ਼ਤਮ ਕਰਨ ਦਾ ਜਿਹੜਾ ਕਾਰਜ ਕਰ ਰਿਹਾ ਹੈ, ਮਨਮੋਹਨ ਉਸ ਪ੍ਰਤੀ ਪ੍ਰਤੀਰੋਧਕ ਕਾਵਿ ਦਾ ਸਿਰਜਕ ਹੈ। ਇਸ ਪ੍ਰਤੀਰੋਧਕ ਪੇਸ਼ਕਾਰੀ ਦੇ ਅਨੇਕਾਂ ਵਿਸਥਾਰ ਅਤੇ ਪੱਧਰ ਬੈਖ਼ਰੀ ਦੀਆਂ ਕਵਿਤਾਵਾਂ 'ਚ ਪਏ ਹਨ। 'ਸੰਭਵ ਨਹੀਂ' ਕਵਿਤਾ ਵਿੱਚ ਮਨਮੋਹਨ ਪੰਜਾਬੀ ਸਮਾਜ ਦੀ ਚੂਲ ਦੀ ਸੰਸਥਾ 'ਘਰ' ਦੀ ਬੁਨਿਆਦ
ਦੇ ਅਸਲ ਨੂੰ ਪੇਸ਼ ਕਰਦਾ ਹੈ। ਘਰ ਜਿੱਥੇ ਰਿਸ਼ਤਗੀ ਦੇ ਮਿੱਠੇ ਪਾਣੀਆਂ ਦੀ ਬੁਨਿਆਦ 'ਤੋਂ ਉਸਰਦਾ ਹੈ, ਉੱਥੇ ਘਰ ਵਿੱਚ ਬਸ਼ਿੰਦੇ ਦਾ ਮਨ ਰੂਪੀ ਤੁਸਲੀਦਾਸ ਵੀ ਰਿਸ਼ਤਿਆਂ ਦੀ ਰਿਸ਼ਤਗੀ 'ਚ ਹੀ ਮੇਲ ਕਰਦਾ ਹੈ।
ਘਰ ਆਖ਼ਰੀ ਠਾਹਰ ਜਾਂ ਨਹੀਂ
ਇਹ ਖਿਆਲ ਟਿਕਿਐ
ਰਿਸ਼ਤਗੀ ਦੇ ਮਿੱਠੇ ਪਾਣੀ ਦੀ ਬੁਨਿਆਦ 'ਤੇ
ਜਿੱਥੇ ਘੱਟ ਹੁੰਦੀ ਅੱਖੋਂ ਨਮਕ ਵਹਿਣ ਦੀ ਗੁੰਜਾਇਸ਼
ਘਰ ਸਮੁੰਦਰੀ ਜਹਾਜ ਦੇ ਪੰਛੀ ਜਿਹਾ ਅਹਿਸਾਸ
ਬੇਘਰੇ ਹੋਣ ਦੇ ਹੌਲ ਨੂੰ ਘਰ ਨਹੀਂ ਕਰਨ ਦਿੰਦਾ
ਤੁਹਾਡੇ ਖ਼ਿਆਲੀ ਖ਼ਾਲੀ ਮਕਾਨ 'ਚ
ਘਰ ਆਖ਼ਰੀ ਠਾਹਰ ਹੋ ਕੇ ਵੀ
ਠਹਿਰਿਆ ਹੁੰਦੇ ਸ਼ੁਰੂ ਤੋਂ ਤੁਹਾਡੇ ਨਾਲ
ਏਸੇ ਲਈ ਸ਼ਾਇਦ ਘਰ ਵਾਲੇ ਹੋ ਕੇ ਵੀ
ਮੁਸਾਫ਼ਿਰ ਹੁੰਦੇ ਆਪਣੇ ਘਰ 'ਚ
ਦੂਰ ਰਹਿੰਦਿਆ ਘਰੋਂ
ਕਿਤੇ ਫਸੀ ਹੁੰਦੀ ਸੋਚ
ਘਰ ਦੀ ਕਿਸੇ ਬੇਪਛਾਣ ਨੁੱਕਰੇ
ਘਰ ਤੋਂ ਬਚਣਾ ਇਵੇਂ
ਜਿਵੇਂ ਆਪਣੇ ਆਪ ਤੋਂ ਮੁਕਰਨਾ
2
ਕੋਲ ਨਹੀਂ ਹੁੰਦੇ ਜਦ ਘਰ
ਘਰ ਹਰ ਥਾਂ ਲੱਗਦਾ ਹਾਜ਼ਿਰ
ਰਿਸ਼ਤੇ ਹਰ ਥਾਂ ਪਿੱਛਾ ਕਰਨ
ਜਾਂ ਰਿਸ਼ਤਿਆਂ ਦਾ ਪਿੱਛਾ ਕਰਨਾ ਹੋ ਜਾਂਦੇ ਜ਼ਰੂਰੀ
ਅੰਦਰਲੇ ਤੁਲਸੀਦਾਸ ਤੋਂ ਬਣਦਾ ਮੁਸ਼ਕਿਲ।
ਪੰਨਾ 120
ਮਨਮੋਹਨ ਦੀਆਂ ਕਵਿਤਾਵਾਂ ਵਿਚਲੇ ਅਧਿਆਤਮਕ ਧਰਾਤਲ ਦੇ ਅਸਲੇ ਨੂੰ ਸਮਝਣ ਦੀ ਜ਼ਰੂਰਤ ਹੈ। ਕਿਉਂਕਿ ਮਨਮੋਹਨ ਦੀਆਂ ਕਵਿਤਾਵਾਂ ਦੇ ਥੀਮ ਜ਼ਿੰਦਗੀ ਅਤੇ ਸਮਾਜ ਦੋ ਠੋਸ ਸਰੋਕਾਰਾਂ ਨਾਲ ਸਬੰਧਿਤ ਹਨ ਇਸ ਲਈ ਜਦੋਂ ਉਹ ਧਾਰਮਿਕ ਜਾਂ ਸਪਿਰਚੂਅਲ ਕਹੀਆਂ ਜਾਂਦੀਆਂ ਪਰੰਪਰਾਵਾਂ 'ਚੋਂ ਹਵਾਲੇ ਲੈਂਦਾ ਹੈ ਜਾਂ ਉਨ੍ਹਾਂ ਦੇ ਅਦਰਸ਼ਾਂ ਨੂੰ ਆਪਣੇ ਮਾਨਵਵਾਦ ਵਿੱਚੋਂ ਪਰੋਂਦਾ ਹੈ ਤਾਂ ਵੀ ਉਹ ਸਿਲੈਕਟਿਵ ਹੋ ਕੇ ਉਹ ਹਵਾਲੇ ਚੁਣਦਾ ਹੈ ਜਿਹੜੇ ਬੰਦੇ ਦੀ ਸਮਾਜੀ ਹੋਂਦ ਅਤੇ ਵਾਸਤਵਿਕਤਾ ਨਾਲ ਸਬੰਧਿਤ ਹੋਣ। ਬੁੱਧ, ਜੈਨ, ਸਿੱਖਇਜ਼ਮ, ਲੋਕਧਾਰਾ ਨੂੰ ਇਸੇ ਪ੍ਰਸੰਗ 'ਚ ਅਪਣਾਉਂਦਾ ਹੈ। ਹਿੰਦੂ ਮਿਥਾਲੋਜੀ ਦੇ ਪ੍ਰਤੀਕ ਵਿਚਲੇ ਮਾਨਵੀ ਅਰਥਾਂ ਨੂੰ ਉਹ ਆਪਣੀ ਕਵਿਤਾ ਵਿੱਚ ਸਜਦਾ ਹੈ। ਕਿਸੇ ਧਰਮ, ਪਰੰਪਰਾ ਜਾਂ ਵਿਚਾਰਧਾਰਾ ਵਿਸ਼ੇਸ਼ ਦੇ ਇਕਹਿਰੇ ਮੋਨੋਇਸਟ ਵਿਚਾਰ ਦਾ ਪ੍ਰਚਾਰ
ਉਸਦੀ ਕਵਿਤਾ ਦਾ ਮੁੱਦਾ ਨਹੀਂ, ਉਸਦੀ ਕਵਿਤਾ ਦਾ ਮੁੱਦਾ ਉਹ ਇਨਸਾਨ ਹੈ ਜਿਹੜਾ ਇਨਸਾਨੀਅਤ ਦੀ ਬੁਨਿਆਦ 'ਤੇ ਟਿਕਿਆ ਹੋਇਆ ਹੈ। ਅਜਿਹੇ ਮਾਨਵ ਦੀ ਘਾੜਤ ਲਈ ਉਹ ਮਿਥਾਲੋਜੀ, ਧਰਮ, ਪਰੰਪਰਾ, ਲੋਕਧਾਰਾ ਅਤੇ ਇੱਥੋਂ ਤੱਕ ਕਿ ਮਹਾਂ-ਬਿਰਤਾਂਤਾਂ ਚੋਂ ਵੀ ਹਵਾਲੇ ਵਰਤਦਾ ਹੈ। 'ਅਰਦਾਸ' ਕਵਿਤਾ ਵਿਚਲੀ ਅਰਦਾਸ ਇਸ਼ਟ ਪੂਜਣ ਜਾਂ ਧਿਆਉਂਣ ਦੀ ਨਹੀਂ ਸਗੋਂ ਉਹ ਤਾਂ ਇਹ ਅਰਦਾਸ ਕਰਨੀ ਚਾਹੁੰਦਾ ਹੈ ਕਿ ਅੱਜ ਦੇ ਮਨੁੱਖ ਨੂੰ 'ਚੇਤਨਾ ਦੀ ਜਾਗ' ਲੱਗੇ।
ਮੈਂ ਆਪਣੇ ਕੀਤੇ ਅਕੀਤੇ ਭਾਵਾਂ ਦਾ ਮਾਰਿਆ
ਸਾਂਭ ਲੈ ਮੈਨੂੰ ਦੁੱਖਾਂ ਸਮੇਤ
ਮੱਥੇ 'ਚ ਖੁਣੀ ਮਣੀ ਵਾਂਗ
ਚੇਤਨਾ ਜਗਾਅ ਲਾਅ ਜਾਗ
ਇਹੋ ਮੇਰੀ ਅਰਦਾਸ।
(2)
ਐਨੇ ਸੰਭਵ
ਅਰਦਾਸ ਨਾਲ ਨਾ ਮਿਲੇ ਰੱਬ
ਜੇ ਰੱਬ ਹੀ ਕਰੇ ਅਰਦਾਸ
ਕਿਸੇ ਕਾਮਨਾ 'ਧੀਨ
ਤਾਂ ਉਸ ਤਾਂ ਹੋਣਾ ਹੀ ਤਥਾਅਸਤੁ
ਮਨਮੋਹਨ ਦੀ ਅਜਿਹੀ ਅਧਿਆਤਮਕਤਾ ਦੀ ਵਰਤਮਾਨ ਪੂੰਜੀਵਾਦੀ ਵਿਵਸਥਾ ਦੇ ਨਤੀਜੇ ਵਜੋਂ ਅਤਿ ਦੀ ਖਪਤਵਾਦੀ ਬਣ ਰਹੀ ਮਨੁੱਖ ਦੀ ਮਨੋਸੰਰਚਨਾ ਦੇ ਸਮਾਨਾਂਤਰ ਸਬਰ, ਸੰਤੋਖ ਅਤੇ ਸਹਿਜਤਾ ਵਾਲੇ ਮਾਨਵ ਦੀ ਤਲਾਸ਼ ਨਾਲ ਹੀ ਸਬੰਧਿਤ ਹੈ। ਸੁੱਖ ਲਈ ਸਹਿਜਤਾ ਅਤੇ ਸੰਤੋਖ ਦੀ ਜ਼ਰੂਰਤ ਹੈ। ਮਨਮੋਹਨ ਇਸ ਸੰਤੋਖ ਨੂੰ 'ਅੰਦਰਲੀ ਸ਼ਾਂਤੀ' (ਕਨਟੈਂਟਮੈਂਟ) ਨਾਲ ਜੋੜਦਾ ਹੈ। ਅੱਜ ਦੇ ਬੰਦੇ ਕੋਲ ਚੀਜ਼ਾਂ ਦੇ ਅੰਬਾਰ ਤਾਂ ਹਨ, ਕਨਟੈਂਟਮੈਂਟ ਲਈ ਜਿਸ 'ਅੰਦਰਲੀ ਸ਼ਾਂਤੀ' ਦੀ ਗੱਲ ਮਨਮੋਹਨ ਕਰਦਾ ਹੈ. ਅਸਲ ਵਿੱਚ ਉਸ ਨਾਇਕ ਦਾ ਗੁਣ ਹੈ ਜਿਸਨੂੰ ਉਹ ਸਿਰਜਣਾ ਚਾਹੁੰਦਾ ਹੈ। ਸਖ਼ਸ਼ੀਅਤ ਦੀ ਪ੍ਰਪੱਕਤਾ ਅਤੇ ਸਮਾਜ ਵਿੱਚ ਸਹਿਜਤਾ ਨਾਲ ਰਹਿਣ ਜੀਵਨ ਵਿਧੀ ਮਨਮੋਹਨ ਦੀ ਕਵਿਤਾ ਦੀ ਤਲਾਸ਼ ਹੈ ਜਿਸ ਦਾ ਅਧਾਰ ਮਾਰਗ ਪ੍ਰੇਮ ਦਾ ਮਾਰਗ ਹੈ, ਹਿੰਸਾ ਦਾ ਨਹੀਂ।
ਸੁੱਖ ਨਹੀਂ ਭੌਤਿਕ
ਬੰਦੇ ਨਾਲ ਨਹੀਂ ਏਹਦਾ ਨਾਤਾ
ਸੁੱਖ ਦਾ ਕੋਈ ਹੋਰ ਸ੍ਰੋਤ
ਸੁੱਖ ਅਵਸਥਾ ਸੰਤੋਖ ਦੀ
ਉਸਦੇ ਪੁੱਛਿਆ,
ਅੰਦਰਲੀ ਸ਼ਾਂਤੀ ਕਿੱਥੋਂ ਕਿਵੇਂ ਮਿਲੀ
ਜਵਾਬ ਸੀ,
ਤੇਰੇ ਨੇੜ 'ਚੋਂ।
ਪੰਨਾ: 83
ਮਨਮੋਹਨ ਦੀਆਂ ‘ਬੈਖ਼ਰੀ' ਵਿਚਲੀਆਂ ਕਵਿਤਾਵਾਂ ਦਾ ਅਧਿਆਤਮ ਮੁਹਾਵਰਾ, ਵਾਸਤਵਿਕਤਾ 'ਤੇ ਟਿਕਿਆ ਹੋਇਆ ਹੈ। ਮਨਮੋਹਨ ਜਦੋਂ ਸਹਿਜਤਾ, ਸੰਜਮ, ਚੇਤਨਾ ਜਾਂ ਅੰਦਰਲੀ ਸ਼ਾਂਤੀ ਦੇ ਪ੍ਰਵਚਨ ਦੀ ਸਿਰਜਣਾ ਕਰਦਾ ਹੈ ਤਾਂ ਇਹ ਪ੍ਰਵਚਨ ਤਿਆਗ ਜਾਂ ਸੰਨਿਆਸ 'ਤੇ ਅਧਾਰਿਤ ਨਹੀਂ, ਨਾ ਹੀ ਜੀਵਨ ਨੂੰ ਤਿਆਗ ਕੇ ਉਹ ਪ੍ਰਾਪਤੀ ਸੰਭਵ ਹੈ। ਕਾਮਨਾ ਬੰਦੇ ਦੀ ਬੁਨਿਆਦੀ ਜੈਨੇਟਿਕ ਅਤੇ ਸਮਾਜਿਕ ਸ਼ਕਤੀ ਹੈ। ਕਾਮਨਾ ਜਿੱਥੇ ਸਿਰਜਣਾ ਹੈ ਉੱਥੇ ਅਤ੍ਰਿਪਤ ਦੇਹ ਦੀ ਪ੍ਰਾਰਥਨਾ ਵੀ ਹੈ। ਦੇਹ ਨੂੰ ਵਿਦੇਹ 'ਚ ਬਦਲਣ ਦੀ ਜਾਂਚ ਮਾਨਵ ਦੀਆਂ ਸੁਹਜਾਤਮਕ ਬਿਰਤੀਆਂ 'ਚੋਂ ਪੈਦਾ ਹੁੰਦੀ ਹੈ। ਪਸ਼ੂ ਮਾਨਸਿਕਤਾ ਨੂੰ ਸੁਹਜਾਤਮਕ ਬਿਰਤੀ 'ਚ ਕਿਵੇਂ ਤਬਦੀਲ ਕਰਨਾ ਹੈ ਇਸ ਦੀ ਜਾਚ ਹੀ ਮਾਨਵ ਹੋਣ ਦੀ ਨਿਸ਼ਾਨੀ ਹੈ। ਕਾਮਨਾ ਕਦੋਂ 'ਦੇਹ' ਬਣਕੇ ਪਸ਼ੂ ਮਾਨਸਿਕਤਾ ਰਾਹੀਂ ਵਿਭਚਾਰੀ ਬਣ ਜਾਂਦੀ ਹੈ ਅਤੇ ਕਦੋਂ ਸਿਰਜਣਾ ਬਣਕੇ, ਇਸਨੇ ਸੱਭਿਅਕ ਪ੍ਰਾਣੀ ਜਾਂ ਸੰਵੇਗੀ ਮਾਨਵ ਬਣਨਾ ਹੈ, ਦੇ ਅੰਤਰ ਨੂੰ ਮਨਮੋਹਨ ਵਾਰ-ਵਾਰ ਦ੍ਰਿੜ ਕਰਵਾਉਂਦਾ ਹੈ। 'ਸੱਦਾ' ਕਵਿਤਾ ਵਿੱਚ ਉਹ ਭਾਰਤੀ ਮਿਥਾਲੋਜੀ 'ਚੋਂ 'ਮੇਨਕਾਂ' ਦੇ ਮੈਟਾਫ਼ਰ ਰਾਹੀਂ ਕਾਮਨਾ ਦੇ ਵੇਗਮਈ ਕਾਮੁਕ ਜਾਂ ਦੇਹਮੁਖੀ ਰੂਪ ਨੂੰ ਪੇਸ਼ ਕਰਦਾ ਹੈ। ਜਿਹੜੀ ਵਿਸ਼ਵਾਮਿੱਤਰ ਦੇ ਸੱਤ ਭੰਗ ਕਰਨਾ ਦੇ ਲਕਸ਼ ਨਾਲ, ਰਿਸ਼ੀ ਵਿਸ਼ਵਾਮਿੱਤਰ ਨੂੰ ਦੇਹ ਦੇ ਸੱਚ ਬਾਰੇ ਦੱਸਦੀ ਹੈ। ਮਨਮੋਹਨ ਇਸ ਕਵਿਤਾ ਵਿਚ ਮੇਨਕਾ ਜਾਂ ਵਿਸ਼ਵਾਮਿੱਤਰ ਦੇ ਦੋ ਰਾਹਾਂ ਵਿੱਚੋਂ ਕੋਈ ਇੱਕ ਚੁਣਨ ਦੀ ਗੱਲ ਨਹੀਂ ਕਰਦਾ ਸਗੋਂ ਉਸ ਲਈ ਤਾਂ ਇਹ ਇੱਕ ਜਰੀਆ ਹੈ ਜਿਸ ਰਾਹੀਂ, ਉਹ ਆਪਣੀ ਗੱਲ ਕਰਦਾ ਹੈ। ਮਨਮੋਹਨ ਦਾ ਸਰੋਕਾਰ ਤਾਂ ਦੇਹ ਜਾਂ ਕਾਮਨਾ ਦੇ ਮਾਨਵੀ ਸਿਰਜਨਾਤਮਕ ਅਤੇ ਸੁਹਜਾਮਤਕ ਰੂਪ ਕਿਵੇਂ ਅਖ਼ਤਿਆਰ ਕਰਨਾ ਹੈ, ਨਾਲ ਸੰਬੰਧਿਤ ਹੈ- ਇਸੇ ਲਈ ਉਹ ਵਿਸ਼ਵਾਮਿੱਤਰ ਦੇ ਮੂੰਹੋਂ ਮੇਨਕਾ ਨੂੰ ਕਾਮਨੀ ਨਹੀਂ ਅਖਵਾਉਂਦਾ ਸਗੋਂ ਉਹ ਤਾਂ ਚੁੱਪਚਾਪ 'ਦੇਹ ਨੂੰ ਵਿਦੇਹ' 'ਚ ਬਦਲਦੇ ਦੇਖਦਾ ਹੈ।
ਮੇਨਕਾ ਕਿਹਾ,
ਦੇਹ ਸੱਚ ਸਾਕਾਰ
ਬਾਕੀ ਸਗਲ ਝੂਠ ਪਾਸਾਰ
ਪਲਾਂ ਦਾ ਗੁਜ਼ਰ ਜਾਣਾ
ਜੀਵਨ ਦੇ ਵਿਅਰਥ ਹੋ ਜਾਣ ਵਰਗਾ
ਹੱਥਾਂ 'ਚੋਂ ਨਿਕਲਦੇ ਖਿਣਾਂ ਨੂੰ ਫੜ੍ਹ
ਸਮਾਂ ਕਹੇ ਮੈਨੂੰ ਭੋਗ
ਦੇਹ ਪੁਕਾਰੇ ਮੈਨੂੰ ਹੰਢਾਅ
ਅਤ੍ਰਿਪਤ ਦੇਹ ਦੀ ਪ੍ਰਾਰਥਨਾ ਕਾਮਨਾ।
ਰਿਸ਼ੀ ਵਿਸ਼ਵਾਮਿੱਤਰ
ਦੇਹ ਨੂੰ ਵਿਦੇਹ 'ਚ ਬਦਲੇ
ਚੁੱਪਚਾਪ ਦੇਖਦਾ।
ਪੰਨਾ 76
ਮਨਮੋਹਨ ਕਿਉਂਕਿ ਪੇਸ਼ਕਾਰ ਨਹੀਂ, ਸਿਰਜਕ ਹੈ, ਇਸੇ ਲਈ ਉਸਦੀ ਕਾਵਿ-ਸ਼ਾਸਤਰੀ ਖ਼ੂਬੀ ਸਧਾਰਨ ਕੈਮਰਾਮੈਨ ਦੀ ਨਹੀਂ, ਨਿਪੁੰਨ ਕੈਮਰਾਮੈਨ ਦੀ ਹੈ ਜਿਹੜਾ ਵਾਧੂ ਨੂੰ ਛੱਡ
ਦਿੰਦਾ ਹੈ ਅਤੇ ਜੋ ਚਾਹੁੰਦਾ ਹੈ, ਨੂੰ ਫੋਕਸ 'ਤੇ ਲਿਆਉਂਦਾ ਹੈ। ਇਸ ਕਵਿਤਾ ਦੇ ਦ੍ਰਿਸ਼ਾਂ ਨੂੰ ਐਕਸਰੇ ਮਸ਼ੀਨ ਨਾਲ ਤੁਲਨਾਇਆ ਜਾ ਸਕਦਾ ਹੈ ਜਿਹੜੀ ਮਰਜ਼ਾਂ ਲੱਭਦੀ ਹੈ। ਮਨਮੋਹਨ ਨੂੰ ਕਿਸ ਅਤੇ ਕਿਹੋ ਜਿਹੇ ਮਨੁੱਖ ਦੀ ਤਲਾਸ਼ ਹੈ, ਦਾ ਜ਼ਿਕਰ ਮੈਂ ਉਪਰੋਕਤ ਵੇਰਵੇ 'ਚ ਕੀਤਾ ਹੈ। ਪਰ ਇਸ ਮਨੁੱਖ ਲਈ ਕਿਹੋ ਜਿਹੀ ਮਾਨਵੀ ਵਿਵਸਥਾ ਦੀ ਜ਼ਰੂਰਤ ਹੈ, ਦੇ ਸੰਕੇਤ 'ਬੈਖ਼ਰੀ' ਦੀਆਂ ਅਨੇਕਾਂ ਕਵਿਤਾਵਾਂ 'ਚ ਫੈਲੇ ਹੋਏ ਹਨ। 'ਪਤਾ ਨਹੀਂ ਕਿਉਂ., 'ਜ਼ਮੀਨ' 'ਆਦਿਵਾਸੀ ਦਾ ਹਲਫ਼ੀਆਂ ਬਿਆਨ', ਇਸ ਪੱਖੋਂ ਵਿਸ਼ੇਸ਼ ਹਨ। ਪਤਾ ਨਹੀਂ ਕਿਉਂ ਕਵਿਤਾ ਵਿੱਚ ਪੂੰਜੀਵਾਦੀ ਸੱਤਾ ਦੇ ਦਮਨ ਨੂੰ ਪੇਸ਼ ਨਹੀਂ ਕਰਦਾ ਸਗੋਂ ਇਸ ਸੱਤਾ ਦੇ ਖ਼ਿਲਾਫ, ਲੜਨ ਦਾ ਦਾਅਵਾ ਕਰਨ ਵਾਲੇ ਬੁਰਜੂਆ ਕਾਮਰੇਡਾਂ ਨੂੰ ਵੀ ਐਕਸਪੋਜ ਕਰਦਾ ਹੈ। ਉਹ ਆਪਣੀ ਸਾਂਝ ਪੰਜਾਬੀ, ਭਾਰਤੀ ਅਤੇ ਕੌਮਾਂਤਰੀ ਪੱਧਰ 'ਤੇ ਕ੍ਰਾਂਤੀਕਾਰੀ ਕਵੀਆਂ ਅਤੇ ਇਨਕਲਾਬੀਆਂ ਨਾਲ ਪਾਉਂਦਾ ਹੈ ਜਿਨ੍ਹਾਂ ਵਿੱਚ ਛਤਰਧਰ ਮਧਾਤੋਂ, ਦੁਸ਼ਯੰਤ, ਕਾਨੂੰ ਸਾਨਿਆਲ, ਸਤਪਾਲ ਡਾਂਗ, ਲਾਲ ਸਿੰਘ ਦਿਲ, ਪਾਸ਼, ਜਗਤਾਰ, ਪਾਜ਼, ਲੋਰਕਾ, ਨੈਰੂਦਾ ਲੋੜਦਾ ਹੈ
ਸ਼ਾਇਦ ਉਦੋਂ ਸੱਤਾ ਲਾਲਾਂ ਦੀ ਨਹੀਂ ਸੀ
ਹੁਣ ਲਾਲਾਂ ਦੀ ਰਹਿਨੁਮਾਈ
ਉਹ ਕਾਮਰੇਡ ਦੇ ਹੱਥ
ਜਿਸਦੀ ਦੁਸ਼ਮਣੀ ਛਤਰਧਰ ਮਹਾਤੋ
ਤੇ ਦੋਸਤੀ ਰਤਨ ਟਾਟਾ ਨਾਲ।
ਅੱਜ ਲਾਲਗੜ੍ਹ ਫਿਰ ਲਾਲ ਹੋਇਆ
ਪਤਾ ਨਹੀਂ
ਲਾਲਗੜ੍ਹ ਦੀ ਲਾਲੀ ਮੇਰੀਆਂ ਅੱਖਾਂ 'ਚ ਉੱਤਰ ਆਈ
ਜਾਂ ਨਸ਼ੇ ਦਾ ਜ਼ੋਰ
ਮਨ ਅਵਾਜ਼ਾਰ ਤਨ ਢਿੱਲਾ
ਖ਼ਬਰਾਂ ਦੇਣੀਆਂ ਬੰਦ ਕਰ ਮੈਂ
ਪੜ੍ਹਣ ਕਮਰੇ 'ਚ ਚਲੇ ਜਾਨਾਂ
ਦਿਲ, ਉਦਾਸੀ, ਤੇ ਪਾਸ਼ ਕੱਢ
ਮਨ ਪਸੰਦ ਕਵਿਤਾਵਾਂ ਪੜ੍ਹਦਾਂ
ਤਾਂਕਿ ਆਪਣੇ ਨਾਗਲੋਕ ਅੰਦਰ
'ਚੌਨੁਕਰੀਆਂ' ਸੀਖਾਂ ਤੋੜ
ਜਾ ਸਕਾਂ ਉੱਡਦੇ ਬਾਜ਼ਾਂ ਮਗਰ.....।
ਹਾਸ਼ੀਅਗਰ ਲੋਕਾਈ ਦੇ ਸਰੋਕਾਰ ਅਤੇ ਦਰਦ ਮਨਮੋਹਨ ਦੀ ਕਵਿਤਾ ਦਾ ਮੁੱਖ ਸਰੋਕਾਰ ਰਿਹਾ ਹੈ। ਹਾਸ਼ੀਆਗਤ ਲੋਕਾਈ ਦੀ ਇਹ ਸੂਚੀ ਭਾਰਤੀ/ਪੰਜਾਬੀ ਦਲਿਤ, ਗਰੀਬ ਮਜ਼ਦੂਰ ਤੋਂ ਲੈ ਕੇ ਆਦਿਵਾਸੀ ਅਤੇ ਨਵ-ਬਸਤੀਵਾਦੀ ਹਿੰਸਾ ਦਾ ਸ਼ਿਕਾਰ ਅਰਬ ਦੀ ਲੋਕਾਈ ਤੱਕ ਫੈਲੀ ਹੋਈ ਹੈ। ਸੱਤਾ ਦੇ ਦਮਨ ਦਾ ਸਭ ਤੋਂ ਵੱਧ ਸ਼ਿਕਾਰ, ਕਿਤੇ ਵੀ, ਕਿਸੇ ਵੀ ਪੱਧਰ ਦੀ ਹੋਵੇ, ਹਾਸ਼ੀਆਗਤ ਜਮਾਤ ਹੀ ਹੁੰਦੀ ਹੈ। ਕਿਤੇ ਇਹ 'ਅਸੁਰ' ਸੀ,
ਕਿਤੇ ਕ੍ਰਾਂਤੀਕਾਰੀ ਸੀ, ਕਿਤੇ ਦਲਿਤ ਹੈ, ਕਿਤੇ ਨਕਸਲੀਏ। ਸੱਤਾਂ ਹਮੇਸ਼ਾ ਦਮਨਕਾਰੀ ਰਹੀ ਹੈ।
ਡਰਾਉਣ ਦੇ ਢੰਗ ਸਨ ਉਦੋਂ ਤੁਹਾਡੇ
ਜਨਮਾਂ ਕਰਮਾਂ 'ਤੇ ਟਿਕੇ
ਦਹਿਲਾਉਂਦੇ ਹੋਏ ਅੱਜ
ਕਰਤੱਵ ਤੇ ਵਿਧਾਨ ਦਾ ਵਾਸਤਾ ਦੇ
ਪਾਉਂਦੇ ਉਦੋਂ ਸਿੱਕਾ ਕੰਨਾਂ 'ਚ ਪਿਘਲਾਅ
ਅੱਜ ਮਾਰਦੇ ਗੋਲੀ ਸਿੱਕਾ ਜਆਰਮ
ਕਦੇ ਖ਼ਤਮ ਕੀਤਾ ਲੋਕਾਇਤੀਏ ਕਹਿ
ਹੁਣ ਮਾਰਦੇ ਨਕਸਲੀਏ ਠਹਿਰਾਅ
ਪੰਨਾ: 55
ਅਮਰੀਕਨ ਨਵ-ਬਸਤੀਵਾਦੀ ਅਮਲ ਨੇ ਆਪਣੀ ਚੌਧਰ ਨੂੰ ਵਿਸਥਾਰਨ ਲਈ ਜਿਹੜਾ ਨਵਾਂ ਰਾਹ ਅਖਤਿਆਰ ਕੀਤਾ ਹੈ, ਉਹ ਹੈ ਏਸ਼ੀਅਨ ਮੁਲਕਾਂ ਤੋਂ ਬਾਅਦ ਅਰਬ ਦੇ ਲੋਕਾਂ ਨੂੰ ਲੋਕਤੰਤਰ ਦਾ ਪਾਠ ਪੜਾਉਣਾ। ਪਿਛਲੇ ਦਹਾਕਿਆਂ ਤੋਂ ਈਰਾਕ ਅਤੇ ਅਫ਼ਗਾਨਿਸਤਾਨ ਇਸ ਸੂਚੀ 'ਚ ਸਭ ਤੋਂ ਵੱਧੇਰੇ ਹਿੰਸਾ ਦੇ ਸ਼ਿਕਾਰ ਰਹੇ ਹਨ। ਮਨਮੋਹਨ ਕੁਝ ਸਮਾਂ ਅਫ਼ਗਾਨਿਸਤਾਨ ਵਿੱਚ ਭਾਰਤੀ ਸਰਕਾਰ ਦੇ ਨੁਮਾਇੰਦੇ ਦੇ ਤੌਰ 'ਤੇ ਰਿਹਾ ਹੈ। ਮਨਮੋਹਨ ਇੱਥੇ ਵੀ ਲੋਕਾਈ ਦੇ ਦਰਦ ਨੂੰ ਇੱਕ ਕਵੀ ਦੇ ਤੌਰ 'ਤੇ ਮਹਿਸੂਸ ਕਰਦਾ ਹੈ। ਇੱਕ ਧਿਰ ਅਮਰੀਕਨ ਨਵ-ਬਸਤੀਵਾਦ ਦੀ ਹੈ ਅਤੇ ਦੂਜੀ ਧਿਰ ਧਾਰਮਿਕ ਕੱਟੜਪੰਥੀਆਂ ਦੀ ਜਿਹੜੀ ਜਿਹਾਦ ਦੇ ਨਾਂ 'ਤੇ ਸੱਭਿਅਤਾ ਦਾ ਨਾਸ ਕਰਨ ਲੱਗੀ ਹੋਈ ਹੈ। ਦਮਨ ਦਾ ਸ਼ਿਕਾਰ ਤੀਜੀ ਧਿਰ ਲੋਕਾਈ ਦੀ ਹੈ। ਜਿਸ ਬਾਰੇ ਮਨਮੋਹਨ ਲਿਖਦਾ ਹੈ।
ਪੁੱਛਿਆ ਆਪਣੇ ਅਫ਼ਗਾਨੀ ਦੋਸਤ ਤੋਂ
ਤੇਰੇ ਜਿਹਾਦ ਦਾ ਕੀ ਮਕਸਦ......?
ਉਸ ਕਿਹਾ,
ਜਦੋਂ ਨਿਮਰੋਦ, ਪੈਗੰਬਰ ਇਬਰਾਹੀਮ ਨੂੰ
ਸਾੜਣ ਲਈ ਚਿਤਾ ਬਾਲੀ
ਤਾਂ ਚੱਕੀ ਰਾਹੇ ਆਪਣੀ ਚੁੰਝ 'ਚ ਪਾਣੀ ਭਰ
ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ
ਤਦ ਕਿਸੇ ਪੁੱਛਿਆ
ਕੀ ਦੋ ਬੂੰਦਾਂ ਕਾਫ਼ੀ ਨੇ ਭਾਂਬੜ ਬੁਝਾਉਣ ਲਈ....?
ਚੱਕੀ ਰਾਹੇ ਕਿਹਾ..... ਪਤਾ ਨਹੀਂ।
ਮੈਂ ਐਨਾ ਜਾਣਦਾ
ਅਲੱਹਾ ਨੇ ਦੋ ਫ਼ਹਿਰਸਤਾਂ ਬਣਾਈਆਂ
ਇੱਕ ਜਿਨ੍ਹਾਂ ਅੱਗ ਲਾਈ
ਦੂਜਾ ਜਿਨ੍ਹਾਂ ਅੱਗ ਬੁਝਾਈ
ਮੈਂ ਚਾਹੁਨਾ ਮੇਰਾ ਨਾਂ ਦੂਜੀ 'ਚ ਹੋਵੇ
ਅਫ਼ਗਾਨੀ ਦੋਸਤ ਦੀ ਸੁਣ ਗੱਲ
ਮੈਂ ਸੋਚ ਰਿਹਾਂ
ਮੇਰਾ ਨਾਮ ਕਿਸ ਸੂਚੀ 'ਚ ਦਰਜ....?
'ਸ਼ਹਿਰ -1' 'ਸ਼ਹਿਰ - 2', ਸ਼ਹਿਰ - 3' ਅਤੇ 'ਵਿਸ਼ੇਸ਼ਣ' ਇਸ ਸੰਗ੍ਰਹਿ ਦੀਆਂ ਮਹੱਤਵਪੂਰਣ ਕਵਿਤਾਵਾਂ 'ਚ ਸ਼ੁਮਾਰ ਹਨ। ਸ਼ਹਿਰ - 1, 2 ਆਦਿ ਕਵਿਤਾਵਾਂ 'ਚ ਮਨਮੋਹਨ ਅਸਲ 'ਚ ਉਸ ਸੱਭਿਅਤਾ 'ਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ ਜਿਸਨੂੰ ਅਸੀਂ ਨਵੀਨ ਸੱਭਿਅਤਾ ਦਾ ਲਕਬ ਦਿੱਤਾ ਹੈ। ਇਸ 'ਨਵੀਨ' ਸੱਭਿਅਤਾ ਦੇ ਬਸ਼ਿੰਦੇ ਦੇ ਸਾਰੇ ਰਿਸ਼ਤੇ ਗਾੜ੍ਹੇ ਧੂੰਏਂ ਨੇ ਢਕੇ ਹੋਏ ਹਨ। ‘ਬੁੱਧੀਜੀਵੀ' ਆਤਸ਼ੁਕ ਰੋਗ ਦੇ ਸ਼ਿਕਾਰ ਹਨ, ਵਿਚਾਰਾਂ 'ਚ ਖਲਾਅ ਹੈ। ਅੱਜ ਦੇ ਹਿੰਸਕ ਅਤੇ ਵਿਚਾਰਾਂ ਵਿਹੁਣੇ ਯੁੱਗ ਨੂੰ ਉਹ ਉੱਤਰ- ਆਧੁਨਿਕ ਫਾਸ਼ਿਸਟ ਕਹਿੰਦਾ ਹੈ ਜਿਸ ਵਿੱਚ ਵਿਦੁਸ਼ਕ ਨਵੇਂ ਹਿਟਲਰ ਦੇ ਰੂਪ ਵਿੱਚ ਉਭਰ ਰਿਹਾ ਹੈ। ਕਵੀ ਇਸ ਇਤਜ਼ਾਰ ਵਿੱਚ ਹੈ ਕਿ ਉਹ ਕੋਈ ਐਸੀ ਕਵਿਤਾ ਲਿਖ ਸਕੇ ਜਿਸ ਵਿੱਚ ਇਨਕਲਾਬੀ ਤਬਦੀਲੀ ਦਾ ਪ੍ਰਵਚਨ ਹੋਵੇ। ਮਨਮੋਹਨ ਇਸ ਸੀਮੈਂਟੀ ਫਲਾਈ- ਓਵਰਾਂ ਨਾਲ ਉਸਰੀ ਸੱਭਿਅਤਾ 'ਚ ਪਰੰਪਰਾ ਵਿੱਚੋਂ ਨਾਨਕਸ਼ਾਹੀ ਇੱਟਾਂ ਦੀ ਸੱਭਿਅਤਾ ਦੀ ਤਲਾਸ਼ ਨਾਲ ਜੁੜਦਾ ਹੈ।
ਨਵੇਂ ਸੀਮੈਂਟੀ ਫਲਾਈਉਵਰਾਂ
ਨਵੀਆਂ ਸ਼ਾਹ ਰਾਹਾਂ ਦੇ ਕਦੀਮੀ ਸ਼ਹਿਰ 'ਚ
ਬਚਪਨ ਦੀਆਂ ਯਾਦਾਂ ਸਾਂਭੀ
ਕਿਤੇ ਕੋਈ ਨਾਨਕਸ਼ਾਹੀ ਇੱਟਾਂ ਦੀ
ਪੁਰਾਣੀ ਪਤਲੀ ਪੁਲੀ ਬਚੀ ਹੋਵੇਗੀ
ਜੋ ਅਜੇ ਵੀ ਜੋੜੇ
ਦਿਲਾਂ ਦੇ ਦੋ ਕਿਨਾਰਿਆਂ ਨੂੰ
ਪੁਰਾਣੇ ਰਿਸ਼ਤਿਆਂ ਦੀਆਂ ਪਗਡੰਡੀਆਂ
ਇਸੇ ਪੁਲੀ ਤੋਂ ਲੰਘਦੀਆਂ ਹੋਣ..... ਸ਼ਾਇਦ
ਪੰਨਾ 101
ਇਸ ਨਵੀਂ ਸੱਭਿਅਤਾ ਨੇ ਜਿਹੜੇ ਮਨੁੱਖ ਦੀ ਸਿਰਜਣਾ ਕੀਤੀ ਹੈ ਉਹ ਵਿਸ਼ੇਸ਼ਣਾਂ ਨਾਲ ਜੀਅ ਰਿਹਾ ਹੈ। ਲਕਬ ਹੀ ਉਸ ਦੀ ਹੋਂਦ ਬਣਕੇ ਰਹਿ ਗਏ ਹਨ।
ਤੂੰ ਮੈਨੂੰ ਜਿੱਤ ਲਿਆ
ਮੇਰੇ ਵਿਸ਼ੇਸ਼ਣ...।
'ਬੈਖ਼ਰੀ' ਕਾਵਿ-ਸੰਗ੍ਰਹਿ ਵਿੱਚ ਲਘੂ ਆਕਾਰ ਵਾਲੀਆਂ ਕਵਿਤਾਵਾਂ ਵੀ ਵਿਸ਼ੇਸ਼ ਧਿਆਨ ਖਿੱਚਦੀਆਂ ਹਨ। ਦਾਰਸ਼ਨਿਕ ਬਿਰਤੀ ਵਾਲੀਆਂ ਅਜਿਹੀਆਂ ਕਵਿਤਾਵਾਂ ਜਾਪਾਨੀ ਹਾਇਕੂ ਅਤੇ ਪੰਜਾਬੀ ਦੀ ਛੋਟੀ ਨਜ਼ਮ ਦਾ ਵਿਚਕਾਰਲਾ ਰੂਪ ਹੈ। ਮਨਮੋਹਨ ਨੇ ਅਜਿਹੀਆਂ ਕਵਿਤਾਵਾਂ ਨੂੰ 4-7-9 ਸਤਰਾਂ ਦੇ ਆਕਾਰ ਵਿੱਚ ਸਮੇਟਿਆ ਹੈ। ਚਿੰਤਨ ਦੀ ਕਾਵਿ-ਭਾਸ਼ਾ ਵਿੱਚ ਸਿਰਜੀਆਂ ਇਹ ਕਵਿਤਾਵਾਂ ਇੱਕ ਤਰ੍ਹਾਂ ਨਾਲ ਸਿਆਣਪਾਂ ਦੇ ਰੂਪ ਵਿੱਚ ਪੇਸ਼ ਹੁੰਦੀਆਂ ਹਨ। ਕਿਰਿਆ ਗੂੰਜ, ਅਕਸ, ਦ੍ਰਿਸ਼ ਸਕੇਪ, ਏਸੇ ਲਈ, ਕਵਿਤਾਵਾਂ, ਜੁੜਵਾਂ, ਨਾਰਸਿਜਮ, ਵਿਚਾਰ, ਕਵਿਤਾਵਾਂ (ਪੰਨਾ 72-73), ਸੁੱਖ,
ਪੂਰਣ, ਸੰਗੀਤ ਕਵਿਤਾਵਾਂ ਆਦਿ ਦੇਖੀਆਂ ਜਾ ਸਕਦੀਆਂ ਹਨ। ਮਨਮੋਹਨ ਨੇ ਇਹਨਾਂ ਛੋਟੀਆਂ ਕਵਿਤਾਵਾਂ ਨੂੰ ਅੱਗੇ ਇੱਕ/ਦੋ/ਤਿੰਨ/ਚਾਰ/ਹਿੰਦਸਿਆਂ 'ਚ ਵੰਡਿਆ ਹੈ। ਅਜਿਹੀਆਂ ਕਵਿਤਾਵਾਂ ਦਾ ਹਰ ਹਿੰਦਸਾ ਇੱਕ ਸੁਤੰਤਰ ਛੋਟੀ ਕਵਿਤਾ ਹੈ। ਪੰਨਾ ਨੰ 40 ਕਵਿਤਾਵਾਂ ਸਿਰਲੇਖ ਹੇਠ ਜਿਸ ਕਵਿਤਾ ਨੂੰ ਸਿਰਜਿਆ ਗਿਆ ਹੈ ਉਸਦੇ ਬਾਰਾਂ (12) ਹਿੰਦਸੇ ਹਨ। ਹਰ ਹਿੱਸਾ ਆਪਣੇ ਆਪ ਵਿੱਚ ਸੁਤੰਤਰ ਕਵਿਤਾ ਹੈ, ਸ਼ਾਇਦ ਇਸੇ ਲਈ ਇਨ੍ਹਾਂ ਲਈ ਕਵਿਤਾਵਾਂ ਦਾ ਸਿਰਲੇਖ ਰੱਖਿਆ ਗਿਆ ਹੈ। ਕੁਝ ਹਿੱਸੇ ਦੇਖਦੇ ਹਾਂ:
5.
ਨੰਗਾ ਬੰਦਾ
ਨਜ਼ਰਾਂ ਨਿਵਾ ਲਵੇ ਜਦ
ਲੋਕ ਉਸਨੂੰ ਦੇਖਣ
ਉਹ ਜਦ ਸਭ ਨੂੰ ਦੇਖੇ
ਤਾਂ ਲੋਕ ਨਜ਼ਰਾਂ ਝੁਕਾਣ
7.
ਪ੍ਰੇਮ ਛੋਹ ਬਿਨ
ਨਾ ਬੋਧ ਢਲੇ
ਨਾ ਸੰਨਿਆਸ
ਭੋਗ ਤਾਂ ਹੈ ਹੀ ਨਿਰਾ ਭਰਮ
4.
ਈਰਖਾ ਦੀ ਚੁੱਪ
ਬਹੁਤ ਸ਼ੋਰੀਲੀ
ਸੁਣਦਿਆਂ ਦੀ ਅਣਸੁਣੀ
ਪੰਨਾ 40-41
ਇਸ ਪ੍ਰਕਾਰ 'ਬੇਖ਼ਰੀ' ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਚਿੰਤਕ ਦੀ ਕਾਵਿ-ਭਾਸ਼ਾ ਰਾਹੀਂ ਜਿਸ ਮਾਨਵ ਅਤੇ ਜਿਸ ਨਿਜ਼ਾਮ ਦੀ ਤਲਾਸ਼ ਦਾ ਲਕਸ਼ ਸਿਰਜਦੀਆਂ ਹਨ, ਉਹ ਵਿਅਕਤੀ ਅਤੇ ਸਮੂਹ ਦੀ ਦੁਵੰਡ ਨੂੰ ਖ਼ਤਮ ਕਰ ਦਿੰਦੀਆਂ ਹਨ। ਕਾਵਿ-ਪ੍ਰਵਚਨ, ਵਿਚਾਰਧਾਰਕ ਹੁੰਦਾ ਹੋਇਆ ਵੀ ਨਿਸ਼ਚਿਤ, ਇੱਕ ਇਕਹਿਰੀ ਜਾਂ ਡੋਗਮੈਟਿਕ ਸਟੈਟਿਕ ਜੀਵਨ ਵਿਧੀ 'ਤੇ ਅਧਾਰਿਤ ਨਹੀਂ ਇਹ ਪ੍ਰਵਚਨ ਮਾਨਵੀ ਸੰਵੇਦਨਾਵਾਂ ਦੀ ਪੈਰਵੀ ਰਾਹੀਂ ਮਾਨਵਤਾ ਦੀ ਤਲਾਸ਼ ਦਾ ਕਾਵਿ ਹੈ, ਮਨਮੋਹਨ ਕਿਉਂਕਿ ਵਿਚਾਰਧਾਰਾ ਦੇ ਮਾਨਵੀ ਅਤੇ ਦਮਨਕਾਰੀ ਰੂਪਾਂ ਦੇ ਫ਼ਰਕ ਨੂੰ ਸਮਝਦਾ ਹੈ। ਇਸੇ ਲਈ ਬੁਰਜ਼ੂਆਂ ਵਿਚਾਰਧਾਰਾ ਤੋਂ ਪਾਰ ਜਾ ਕੇ ਉਹ ਮਾਨਵੀ ਵਿਚਾਰ ਦੀ ਤਲਾਸ਼ ਵੱਲ ਅਗਰਸ਼ੀਲ ਹੁੰਦਾ ਹੈ। 'ਜ਼ਮੀਨ' ਕਵਿਤਾ ਵਿੱਚ ਵਿਚਾਰਧਾਰਾ ਦੇ ਸਿਧਾਂਤਕ ਮਸਲੇ ਨੂੰ ਇਸੇ ਚੇਤਨਾ ਤੋਂ ਪੇਸ਼ ਕੀਤਾ ਹੈ। ਵਿਚਾਰਧਾਰਾ ਦਾ ਹੈਜਮੋਨਿਕ ਰੂਪ ਜਿੱਥੇ ਪੂੰਜੀਪਤੀ ਲਈ ਇੱਕ ਹਥਿਆਰ ਹੈ ਉੱਥੇ ਕਾਉਂਟਰ ਹੈਜਮੈਨਿਕ ਵਿਚਾਰ ਸਿਵਲ ਸੋਸਾਇਟੀ ਰਾਹੀਂ, ਮਾਨਵੀ ਅਰਥ ਰੱਖਦੇ ਹਨ। ਮਨਮੋਹਨ ਦੀਆਂ ਅਜਿਹੀਆਂ ਸਿਧਾਂਤਕ ਕਵਿਤਾਵਾਂ ਨੂੰ ਪੜ੍ਹਦਿਆਂ ਮਿਸ਼ੈਲ ਫੂਕੋ, ਰੇਮੰਡ ਵਿਲੀਅਮ, ਗ੍ਰਾਮਸ਼ੀ ਅਤੇ ਦੈਰੀਦਾ ਦਾ ਚਿੰਤਨ ਸਾਹਮਣੇ ਆਉਂਦਾ ਰਹਿੰਦਾ ਹੈ।
ਇਵੇਂ ਵੀ ਕਿਹਾ ਜਾ ਸਕਦਾ ਹੈ ਕਿ ਮਨਮੋਹਨ ਦੀਆਂ ਕਵਿਤਾਵਾਂ ਦੀ ਸਮੁੱਚੀ ਪੜ੍ਹਤ ਲਈ ਅਜਿਹੇ ਚਿੰਤਕਾਂ ਦੀਆਂ ਬੁਨਿਆਦੀ ਧਾਰਨਾਵਾਂ ਸਹਾਈ ਹੋ ਸਕਦੀਆਂ ਹਨ। ਮੈਂ ਇਹ ਪਰਚਾ 'ਜ਼ਮੀਨ' ਕਵਿਤਾ ਦੀਆਂ ਸਤਰਾਂ ਨਾਲ ਸਮਾਪਤ ਕਰ ਰਿਹਾ ਹਾਂ:
ਵਿਚਾਰਧਾਰਾ ਗੁਲਾਮ ਅਬਲਾ ਔਰਤ
ਜਿਸਨੂੰ ਕੋਈ ਵੀ ਕਰ ਸਕਦੇ ਕੈਦ
ਘਰ ਦੀ ਪਿਛਲੀ ਨੇਰੀ ਕੋਠੜੀ 'ਚ
ਪਰਮਾਤਮਾ ........ ਪੂੰਜੀਪਤੀ .......ਬੁੱਧੀਜੀਵੀ
....ਇਨਕਲਾਬੀ ਉਲਟ ਇਨਕਲਾਬੀ
ਬੀਜ ਸਕਦੇ ਆਪਣਾ ਵੰਸ਼-ਬੀਜ
ਵਿਚਾਰਧਾਰਾ ਜਿੰਨੀ ਜ਼ਰਖੇਜ਼
ਹੁੰਦੀ ਨਹੀਂ ਕੋਈ ਜਮੀਨ
ਜਸਵਿੰਦਰ ਦੀ ਗ਼ਜ਼ਲ ਦੇ ਵਿਚਾਰਧਾਰਕ ਸਰੋਕਾਰ
ਡਾ. ਸੁਖਦੇਵ ਸਿੰਘ ਧਾਲੀਵਾਲ
ਜਸਵਿੰਦਰ ਅਜੋਕੇ ਯੁੱਗ ਦੀ ਸੰਵੇਦਨਾ ਨੂੰ ਉਭਾਰਨ ਵਾਲਾ ਇੱਕ ਅਜਿਹਾ ਸ਼ਾਇਰ ਹੈ ਜਿਸ ਕੋਲ ਕਿਸੇ ਵੀ ਵਿਸ਼ੇ ਨੂੰ ਡੂੰਘਾਈ ਨਾਲ ਵੇਖਣ ਦੀ ਦ੍ਰਿਸ਼ਟੀ ਵੀ ਹੈ ਅਤੇ ਅਨੁਭਵੀ ਅਹਿਸਾਸਾਂ ਨੂੰ ਕਾਵਿ-ਸ਼ਿਲਪ ਵਿਚ ਢਾਲਣ ਦੀ ਸਮੱਰਥਾ ਵੀ। ਉਹ ਆਪਣੇ ਹੁਣ ਤੱਕ ਛਪੇ ਤਿੰਨ ਗ਼ਜ਼ਲ ਸੰਗ੍ਰਹਿ 'ਕਾਲੇ ਹਰਫ਼ਾਂ ਦੀ ਲੋਅ', ਕੱਕੀ ਰੇਤ ਦੇ ਵਰਕੇ' ਅਤੇ 'ਅਗਰਬੱਤੀ' ਦੁਆਰਾ ਪੰਜਾਬੀ ਕਾਵਿ-ਜਗਤ ਵਿੱਚ ਆਪਣੀ ਦਸਤਕ ਦੇ ਚੁੱਕਿਆ ਹੈ। ਆਪਣੀਆਂ ਗ਼ਜ਼ਲਾਂ ਵਿਚ ਉਹ ਮੰਡੀ ਦੀਆਂ ਖਪਤਵਾਦੀ ਅਤੇ ਪਦਾਰਥਵਾਦੀ ਪ੍ਰਵਿਰਤੀਆਂ ਦੇ ਸ਼ਿਕਾਰ ਮਨੁੱਖ ਦੇ ਅਚੇਤ ਵਿਚ ਦਫ਼ਨ ਮਨੁੱਖੀ ਰਿਸ਼ਤਿਆਂ ਦੀਆਂ ਪਰਤਾਂ ਫਰੋਲਦਾ ਨਜ਼ਰ ਆਉਂਦਾ ਹੈ। ਆਪਣੇ ਸ਼ਿਅਰਾਂ ਵਿੱਚ ਉਹ ਬੁਰਜੂਆ ਅਤੇ ਕੁਲੀਨ ਵਰਗ ਦੇ ਸੁਹਜ-ਸੁਆਦ, ਰੁਮਾਨੀ ਦ੍ਰਿਸ਼ਟੀ ਅਤੇ ਰਵਾਇਤੀ ਕਿਸਮ ਦੀ ਸ਼ਾਇਰੀ ਤੋਂ ਦੂਰੀ ਤੇ ਵਿਚਰਦਾ ਹੋਇਆ ਇਸ ਨੂੰ ਮਨੁੱਖ ਦੀ ਹੋਣੀ ਦੇ ਰਸਤੇ ਵਿਚ ਅੜਿਕਾ ਮਹਿਸੂਸ ਕਰਦਾ ਹੈ। ਮਾਨਵੀ ਸੰਵੇਦਨਾ ਅਤੇ ਸਮਾਜਕ ਸਰੋਕਾਰਾਂ ਨੂੰ ਆਪਣੇ ਮੌਲਿਕ ਅਤੇ ਅਕਾਸ਼ੀ ਬਿਜਲੀ 'ਚੋਂ ਨਿਕਲੀ ਚਮਕ ਵਰਗੇ ਆਪ ਮੁਹਾਰੇ ਨਿਕਲੇ ਸੱਚੇ ਅੰਦਾਜ਼ ਵਿਚ ਪੇਸ਼ ਕਰਕੇ ਜਸਵਿੰਦਰ ਨੇ ਪੰਜਾਬੀ ਗ਼ਜ਼ਲ ਦੇ ਇਤਿਹਾਸ ਵਿਚ ਆਪਣਾ ਅਮਿੱਟ ਨਾਮ ਦਰਜ ਕਰਵਾ ਲਿਆ ਹੈ। ਹਵਾ ਦੇ ਰੁਖ਼ ਚਲਣ ਵਾਲੇ ਅਖੌਤੀ ਬੁੱਧੀਜੀਵੀ ਲੋਕਾਂ ਬਾਰੇ ਉਹ ਲਿਖਦਾ ਹੈ।
ਉਹਨੇ ਅੰਬਰ ਤੇ ਆਪਣਾ ਲਿਖਾਇਆ ਏ ਨਾਂ,
ਜੋ ਜ਼ਮਾਨੇ ਦੇ ਰਾਹ ਤੋਂ ਜੁਦਾ ਹੋ ਗਿਆ।
ਫ਼ਰਕ ਲੋਕਾਂ ਨੂੰ ਕੀ ਦੇਸ਼ ਦੇ ਤਖ਼ਤ 'ਤੇ,
ਕਿਹੜਾ ਆਇਆ ਤੇ ਕਿਹੜਾ ਵਿਦਾ ਹੋ ਗਿਆ।
(ਕਾਲੇ ਹਰਫ਼ਾਂ ਦੀ ਲੋਅ, ਪੰਨਾ-42)
ਜਸਵਿੰਦਰ ਆਪਣੀਆਂ ਗ਼ਜ਼ਲਾਂ ਰਾਹੀਂ ਬੌਧਿਕ ਪੱਧਰ 'ਤੇ ਪਾਠਕ ਅਤੇ ਚਿੰਤਕ ਲਈ ਚਿੰਤਨ ਅਤੇ ਮਾਨਸਿਕ ਤ੍ਰਿਪਤੀ ਪ੍ਰਦਾਨ ਕਰਦਿਆਂ ਲੋਕ-ਪੱਖੀ ਵਿਚਾਰਧਾਰਾ ਦਾ ਸਹਿਜ ਰੂਪ ਵਿਚ ਪ੍ਰਗਟਾ ਕਰ ਜਾਂਦਾ ਹੈ।
ਉਸ ਦੀਆਂ ਗ਼ਜ਼ਲਾਂ ਦਾ ਕਾਵਿ ਚਸ਼ਮਾ 'ਕਾਲੇ ਹਰਫ਼ਾਂ ਦੀ ਲੋਅ' ਨਾਲ ਸਹਿਜੇ ਹੀ ਫੁਟ ਪਿਆ ਅਤੇ 'ਕੱਕੀ ਰੇਤ ਦੇ ਵਰਕੇ' ਅਤੇ 'ਅਗਰ ਬੱਤੀ' ਗ਼ਜ਼ਲ ਸੰਗ੍ਰਿਹਾਂ ਦੀ ਸ਼ਮੂਲੀਅਤ ਨਾਲ ਇਹ ਛੋਟਾ ਚਸ਼ਮਾ ਵੱਡਾ ਦਰਿਆ ਬਣ ਕੇ ਸਾਗਰ ਬਣਨ ਦੀਆਂ ਭਵਿੱਖਮੁਖੀ ਸੰਭਾਵਨਾ ਸਿਰਜ ਰਿਹਾ ਹੈ। ਮਨੁੱਖਤਾ ਵਿਰੋਧੀ ਸਾਮਰਾਜੀ ਮਨਸੂਬਿਆਂ ਦਾ ਪਰਦਫ਼ਾਸ ਕਰਦਿਆਂ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਨੂੰ ਨਕਾਰਦਾ ਹੋਇਆ ਜਸਵਿੰਦਰ ਜਨ-ਸਾਧਾਰਨ ਨੂੰ ਸਹਿਜ ਹੀ ਚੇਤਨ ਕਰਨ ਦਾ ਕਾਰਜ ਨਿਭਾਅ ਰਿਹਾ ਹੈ।
ਖੂਬ ਹੈ ਅੰਦਾਜ ਉਹਨਾਂ ਦਾ ਅਮੀਰੀ ਦੇਣ ਦਾ,
ਕਰਦ ਸੋਨੇ ਦੀ ਟਿਕਾ ਗਏ ਆਂਦਰਾਂ ਦੇ ਨਾਲ ਨਾਲ।
ਹੰਸ ਤੇ ਬਗਲੇ ਪਛਾਣੇ ਜਾਣਗੇ ਏਸੇ ਤਰ੍ਹਾਂ,
ਮੋਤੀਆਂ ਦੀ ਚੋਗ ਪਾ ਕੇ ਕੰਕਰਾਂ ਦੇ ਨਾਲ ਨਾਲ।
(ਕਾਲੇ ਹਰਫ਼ਾਂ ਦੀ ਲੋਅ, ਪੰਨਾ-11)
ਜਸਵਿੰਦਰ ਆਪਣੀਆਂ ਗ਼ਜ਼ਲਾਂ ਵਿਚ ਜੀਵਨ ਦਾ ਜੋ ਕਾਵਿ-ਚਿੱਤਰ ਪੇਸ਼ ਕਰਦਾ ਹੈ ਉਸ ਕਾਵਿ-ਚਿੱਤਰ ਵਿੱਚੋਂ ਕੁੱਝ ਪ੍ਰਸ਼ਨ ਉਭਰਦੇ ਹਨ। ਪਾਠਕ ਗ਼ਜ਼ਲ ਦੇ ਕਾਫ਼ੀਏ ਰਦੀਫ਼ ਵਿੱਚੋਂ ਗੁਜ਼ਰ ਕੇ ਕੁੱਝ ਸੋਚਣ ਲਈ ਮਜ਼ਬੂਰ ਹੋ ਜਾਂਦਾ ਹੈ। ਜੀਵਨ ਦੀਆਂ ਦਿਸਦੀਆਂ-ਅਣਦਿਸਦੀਆਂ ਅੰਤਰ ਦ੍ਰਿਸ਼ਟੀਆਂ ਨੂੰ ਪਰਤ ਦਰ ਪਰਤ ਫਰੋਲਦਾ ਕਵੀ ਪਾਠਕ/ਚਿੰਤਕ ਨੂੰ ਆਪਣੇ ਕਾਵਿ-ਵੇਗ ਨਾਲ ਰੋੜ੍ਹ ਕੇ ਲੈ ਜਾਂਦਾ ਹੈ। ਗ਼ਜ਼ਲ ਦਾ ਹਰ ਸ਼ਿਅਰ ਆਪਣੇ ਆਪ ਵਿਚ ਇੱਕ ਸੰਪੂਰਨ ਰਚਨਾ ਹੁੰਦੀ ਹੈ। ਉਸ ਦੀ ਗ਼ਜ਼ਲ ਦੇ ਪੰਜ, ਸੱਤ ਜਾਂ ਨੌ ਸ਼ਿਅਰ ਜੁੜ ਕੇ ਇਕ ਅਜਿਹਾ ਦਿਲਕਸ਼ ਤੇ ਸੁਹਜ ਭਰਪੂਰ ਕੋਲਾਜ ਬਣਾਉਂਦੇ ਹਨ ਕਿ ਉਸ ਦੀ ਗ਼ਜ਼ਲ ਕਾਵਿ-ਸ਼ਿਲਪ ਦਾ ਲਾਸਾਨੀ ਮੁਜੱਸਮਾ ਬਣ ਨਿਬੜਦੀ ਹੈ। ਸ਼ਾਇਰ ਦੀ ਹਰ ਗ਼ਜ਼ਲ ਸਹਿਜ ਦੇ ਆਮ ਦਿਸਦੀ ਹੈ ਪਰ ਉਸ ਦੀ ਹਰ ਆਮ ਗਜ਼ਲ ਆਪਣੇ ਕਲੇਵਰ ਵਿੱਚ ਵਿਸ਼ੇਸ਼ ਤੇ ਅਸਧਾਰਨ ਅਰਥ ਸਮੋਈ ਬੈਠੀ ਹੈ।
ਛਿੜੇ ਜਦ ਕੰਬਣੀ ਖਾਬਾਂ 'ਚ ਉਸ ਵੇਲੇ ਸਮਝ ਆਉਂਦੀ
ਕਿ ਪਾਲਾ ਸਿਰਫ਼ ਖੁੱਲੀਆਂ ਬਾਰੀਆਂ ਵਿਚਦੀ ਨਹੀਂ ਲਗਦਾ
(ਅਗਰਬੱਤੀ, ਪੰਨਾ -15)
ਛੱਤਰੀ ਹੀ ਅਸਮਾਨ ਜਿਨ੍ਹਾਂ ਦਾ, ਕੀ ਉਹਨਾਂ ਤੋਂ ਆਸਾਂ
ਕਿਧਰ ਗਏ ਉਹ ਪੰਛੀ ਜੋ ਲੈ ਜਾਂਦੇ ਜਾਲ ਉਡਾ ਕੇ
(ਅਗਰਬੱਤੀ, ਪੰਨਾ - 78)
ਸ਼ਾਇਰ ਦੇ ਤਿੰਨੇ ਗ਼ਜ਼ਲ ਸੰਗ੍ਰਹਿ ਪੜ੍ਹਨ ਉਪਰੋਤ ਲੱਗਦਾ ਹੈ ਕਿ ਕਿਤੇ ਉਸ ਦੀਆਂ ਗ਼ਜ਼ਲਾਂ ਸਵੈ-ਸੰਵਾਦ ਰਚਾ ਰਹੀਆਂ ਹਨ, ਕਿਤੇ ਸਮਕਾਲੀ ਸਮਾਜ ਦੀ ਵਿਰੋਧਭਾਸੀ ਦ੍ਰਿਸ਼ਟੀ ਨਾਲ ਦਸਤਪੰਜਾ ਲੜਾ ਰਹੀਆਂ ਹਨ, ਕਿਤੇ ਆਮ ਮਨੁੱਖ ਦੇ ਆਮ ਜਿਹੇ ਸੁਪਨਿਆਂ ਵਿਚ ਸੁਹਜ ਅਤੇ ਰੰਗ ਭਰ ਰਹੀਆਂ ਹਨ, ਕਿਤੇ ਕੁਦਰਤ ਦੀ ਹਰ ਗਤੀਵਿਧੀ ਦੀਆਂ ਰਗਾਂ ਵਿੱਚ ਖੂਨ ਵਾਂਗ ਦੌੜ ਤੇ ਘੋਲ ਕਰ ਰਹੀਆਂ ਹਨ। ਉਸ ਦੀਆਂ ਗ਼ਜ਼ਲਾਂ ਸੀਸਆਸਨ ਤੇ ਖੜੇ ਸਮਾਜ ਦੇ ਦਕਿਆਨੂਸੀ ਰਸਮੋਂ-ਰਿਵਾਜਾਂ ਨੂੰ ਪੈਰਾ ਭਾਰ ਖੜੇ ਹੋਣ ਵਿੱਚ ਮਦਦ ਕਰ ਰਹੀਆਂ ਹਨ, ਕਿਧਰੇ ਇਹ ਸਾਦੇ ਸ਼ਬਦਾਂ ਵਿੱਚ ਮਹੀਨ ਤੇ ਡੂੰਘੇ ਅਰਥ ਸਿਰਜ ਰਹੀਆਂ ਹਨ। ਇਸ ਤਰ੍ਹਾਂ ਇਤਿਹਾਸਕ, ਸਮਾਜਕ ਅਤੇ ਸਮਕਾਲੀ ਯਥਾਰਥ ਨੂੰ ਅੰਤਰ-ਵਿਰੋਧਾਂ ਸਹਿਤ ਪੇਸ਼ ਕਰ ਰਹੀਆਂ ਉਹਦੀਆਂ ਤਿੰਨੇ ਕਾਵਿ-ਰਚਨਾਵਾਂ ਇਕ ਸਰਗਮ ਦਾ ਰੂਪ ਧਾਰਨ ਕਰ ਲੈਂਦੀਆਂ ਹਨ ਜਿਸ ਵਿੱਚੋਂ ਬਹੁਭਾਂਤੀ ਸੁਰ ਅਤੇ ਸੰਗੀਤ ਪੈਦਾ ਹੋ ਰਹੇ ਹਨ।
ਆਪਣੇ 'ਅਗਰਬੱਤੀ' ਗ਼ਜ਼ਲ ਸੰਗ੍ਰਹਿ ਵਿੱਚ ਕਿਉਂ ਕੀ ਕਿਵੇਂ ਸਿਰਲੇਖ ਅਧੀਨ ਸ਼ਾਇਰ ਖ਼ੁਦ ਲਿਖਦਾ ਹੈ ਕਿ ਉਹ ਪੰਜਾਬੀ ਗ਼ਜ਼ਲ ਦੇ ਵੱਥ ਤੇ ਕੱਥ ਵਿਚ ਪੰਜਾਬੀਅਤ ਦੇ ਰੰਗ ਭਰ ਰਿਹਾ ਹੈ। ਗ਼ਜ਼ਲ ਪੰਜਾਬੀ ਸਿਨਫ਼ ਜਾਂ ਵਿਧਾ ਨਹੀਂ ਪਰ ਕੱਦਾਵਰ ਸ਼ਾਇਰਾਂ ਦੇ ਸਿਲਪੀ ਹੱਥ ਵਿੱਚ ਆ ਕੇ ਗ਼ਜ਼ਲ, ਗ਼ਜ਼ਲ ਤਾਂ ਨਹੀਂ ਹੀ, ਪਰ ਨਾਲ ਹੀ ਇਹ
ਵਿਸ਼ੇਸ਼ ਮੜਕ, ਨਖਰਾ ਤੇ ਖੁਸ਼ਬੂ ਨੂੰ ਆਤਮਸਾਤ ਕਰਕੇ ਪੰਜਾਬਣ ਗ਼ਜ਼ਲ ਦੇ ਮੁਹਾਂਦਰੇ ਨੂੰ ਵੀ ਪੇਸ਼ ਕਰਨ ਦੇ ਸਮਰਥ ਹੋ ਨਿਬੜੀ ਹੈ। ਅਸੀਂ ਜਾਣਦੇ ਹਾਂ ਕਿ ਗ਼ਜ਼ਲ ਲੰਮੇ ਸਮੇਂ ਤੱਕ ਰਾਜ ਦਰਬਾਰਾਂ ਨਾਲ ਜੁੜੀ ਰਹੀ। ਕੁਲੀਨ ਵਰਗ ਦੀ ਸਰਪ੍ਰਸਤੀ ਹੇਠ ਗ਼ਜ਼ਲ ਇਸ਼ਕ-ਮੁਸ਼ਕ ਦੇ ਰੁਮਾਨੀ ਮਾਹੌਲ ਅਤੇ ਔਰਤ ਦੇ ਇਰਦ ਗਿਰਦ ਘੁੰਮਦੀ ਰਹੀ। ਪੰਜਾਬੀ ਵਿਚ ਵੀ ਗ਼ਜ਼ਲ ਬਰਾਸਤਾ ਉਰਦੂ ਹੀ ਆਈ ਪਰ ਮਾਣ ਵਾਲੀ ਗੱਲ ਇਹ ਹੈ ਕਿ ਗ਼ਜ਼ਲ ਆਧੁਨਿਕ ਯੁੱਗ ਬੋਧ ਨੂੰ ਪੰਜਾਬੀ ਮੁਹਾਵਰੇ ਵਿੱਚ ਪੇਸ਼ ਕਰਨ ਦੇ ਸਮਰੱਥ ਹੋਈ ਹੈ। ਜਸਵਿੰਦਰ ਦੀ ਗ਼ਜ਼ਲ ਸਮਕਾਲੀ ਸਮਾਜ ਦੇ ਸਿਆਸੀ ਵਰਤਾਰੇ ਤੇ ਧਰਮਤੰਤਰ ਦੀ ਨਬਜ ਨੂੰ ਟੋਹ ਵੀ ਰਹੀ ਹੈ ਅਤੇ ਸਮਾਜੀ, ਸਿਆਸੀ ਤੇ ਧਰਮਤੰਤਰ ਦੀ ਦੁਰਵਰਤੋਂ ਵਿਚੋਂ ਪੈਦਾ ਹੋਏ ਵਿਸ਼ਾਦ ਦਾ ਪ੍ਰਤੀਉੱਤਰ ਵੀ ਬੜੀ ਸੰਜੀਦਗੀ ਅਤੇ ਚੇਤਨਤਾ ਨਾਲ ਦੇ ਰਹੀ ਹੈ।
ਖਲਨਾਇਕ ਦਾ ਚਿਹਰਾ ਤੁਸੀਂ ਪਛਾਣ ਲਵੋ,
ਰੰਗ ਮੰਚ ਤੋਂ ਪਰਦਾ ਮੈਂ ਸਰਕਾਇਆ ਹੈ।
(ਕਾਲੇ ਹਰਫ਼ਾਂ ਦੀ ਲੋਅ, ਪੰਨਾ - 35)
ਜੇਕਰ ਚਾਨਣ ਦੇ ਵਰਕੇ ਦਾ ਤੂੰ ਨਾ ਹਰਫ਼ ਉਠਾਇਆ,
ਸਾੜਨਗੇ ਫਿਰ ਤੇਰੇ ਕਮਰੇ ਦੇ ਸਭ ਪਰਦੇ ਦੀਵੇ।
(ਉਹੀ, ਪੰਨਾ- 31)
ਪੰਜਾਬ ਸੰਕਟ ਦਾ ਪ੍ਰਛਾਵਾਂ ਅੱਜ ਵੀ ਪੰਜਾਬੀ ਮਾਨਸਿਕਤਾ ਦੇ ਧੁਰ ਅੰਦਰ ਤੱਕ ਛਾਇਆ ਹੋਇਆ ਹੈ। ਧਾਰਮਿਕ ਜਨੂੰਨ ਦੀ ਹਨ੍ਹੇਰੀ 'ਚ ਸਮਾਜਕ ਅਤੇ ਸਭਿਆਚਾਰਕ ਤਾਣਾ ਬਾਣਾ ਤੀਲਾ ਤੀਲਾ ਹੋ ਕੇ ਬਿਖਰ ਗਿਆ। ਦਹਿਸ਼ਤ ਦੇ ਸਾਏ ਹੇਠ ਆਮ ਮਨੁੱਖ ਅੰਤਰਮੁਖੀ ਹੋ ਕੇ ਆਪਣਾ ਮਾਨਸਿਕ ਤਵਾਜਨ ਗੁਆ ਚੁੱਕਿਆ ਸੀ। ਅਜਿਹੇ ਵਾਤਾਵਰਣ ਵਿੱਚ ਦੋਸਤ ਤੇ ਦੁਸ਼ਮਣ ਵਿੱਚ ਫ਼ਰਕ ਕਰਨਾ ਅਸੰਭਵ ਹੋ ਗਿਆ ਸੀ। ਮਨੁੱਖ ਦੇ ਭੇਸ ਵਿੱਚ ਇਨਸਾਨੀਅਤ ਦੇ ਮਖੌਟੇ ਪਹਿਨਣ ਵਾਲੇ ਦਰਿੰਦਿਆਂ ਨੂੰ ਕੌਣ ਪਹਿਚਾਣ ਸਕਦਾ ਸੀ? ਅਜਿਹੇ ਮਾਨਸਿਕ ਸੰਕਟ ਵਿੱਚੋਂ ਮਨੋਭਾਵਾਂ ਨੇ ਮਨੁੱਖੀ ਜੀਵਨ ਅਤੇ ਸਮਾਜਕ ਰਿਸ਼ਤਿਆਂ ਦੀ ਵਿਆਕਰਨ ਵਿਗਾੜ ਕੇ ਰੱਖ ਦਿੱਤੀ ਸੀ। ਪੰਜਾਬੀ ਜਨ-ਜੀਵਨ ਵਿਚਲੀ ਧਾਰਮਿਕ ਸ਼ਹਿਨਸ਼ੀਲਤਾ ਦੇ ਪਾਕਿ ਪਾਣੀਆਂ ਨੂੰ ਆਤੰਕਵਾਦ ਨੇ ਗੰਧਲਾ ਕਰਕੇ ਰੱਖ ਦਿੱਤਾ ਸੀ। ਸ਼ਾਇਰ ਦੇ ਕੋਮਲ ਮਨ 'ਤੇ ਇਸ ਦਾ ਡੂੰਘਾ ਪ੍ਰਭਾਵ ਪ੍ਰਤੱਖ ਦੇਖਿਆ ਜਾ ਸਕਦਾ ਹੈ।
ਬਲਦੀ ਨਦੀ ਦਾ ਬੇਸ਼ੱਕ ਲਹਿ ਗਿਆ ਉਬਾਲ ਹੈ।
ਸਾਇਆ ਅਜੇ ਵੀ ਖੌਫ਼ ਦਾ ਸਾਹਾਂ ਦੇ ਨਾਲ ਹੈ।
(ਕਾਲੇ ਹਰਫ਼ਾਂ ਦੀ ਲੋਅ, ਪੰਨਾ- 14)
ਹਵਾਵਾਂ 'ਚ ਬਾਰੂਦ ਘੁਲਿਆ ਰਿਹਾ ਤਾਂ
ਕਿਵੇਂ ਫੁੱਲ ਸੂਹੇ ਉਗਾਇਆ ਕਰਾਂਗੇ।
ਰਿਹਾ ਅੰਬਰੀ ਜੇ ਜਹਾਜਾਂ ਦਾ ਪਹਿਰਾ,
ਤਾਂ ਕਿਥੇ ਕਬੂਤਰ ਉਡਾਇਆ ਕਰਾਂਗੇ।
(ਉਹੀ -19)
ਸਮਾਜੀ ਅਤੇ ਰਾਜਸੀ ਬਦਇੰਤਜ਼ਾਮੀਆਂ ਦੂਰ ਕਰਕੇ ਸਰਘੀ ਦੀਆਂ ਸੱਜਰੀਆਂ ਕਿਰਨਾਂ ਖਿਲਾਰਨ ਲਈ ਜਸਵਿੰਦਰ ਬਾਉਮੀਦ ਹੈ। ਭਾਰਤੀ ਸਮਾਜ ਮੁੱਢ ਤੋਂ ਹੀ ਜਾਤ- ਪਾਤ, ਊਚ-ਨੀਚ, ਨਾ ਬਰਾਬਰੀ ਅਤੇ ਹਕੂਮਤੀ ਦਮਨ ਦਾ ਸ਼ਿਕਾਰ ਰਿਹਾ ਹੈ। ਸਮੇਂ ਸਮੇਂ ਦਮਨਕਾਰੀ ਹਾਕਮਾਂ ਅਤੇ ਸੰਸਥਾਵਾਂ ਦੁਆਰਾ ਸੋਸ਼ਿਤ ਮਨੁੱਖ ਇਸ ਨੂੰ ਆਪਣੀ ਹੋਣੀ ਸਵੀਕਾਰ ਕਰਨ ਵਲ ਰੁਚਿਤ ਰਿਹਾ। ਭਾਵੇਂ ਸਮੇਂ ਸਮੇਂ ਇਸ ਦਮਨ ਵਿਰੁੱਧ ਉੱਚੀਆਂ ਬਗਾਵਤੀ ਸੁਰਾਂ ਇਸ ਅਣਮਨੁੱਖੀ ਵਰਤਾਰੇ ਨੂੰ ਚੁਣੌਤੀ ਦਿੰਦੀਆਂ ਰਹੀਆਂ ਪਰ ਹਾਲਾਤ ਨਾਲ ਸਮਝੌਤਾ ਕਰਨਾ ਸਦਾ ਉਸ ਦੇ ਅਚੇਤ ਮਨ ਉਤੇ ਭਾਰੂ ਰਿਹਾ। ਇਸ ਤਰ੍ਹਾਂ ਜਸਵਿੰਦਰ ਸਮਾਜਕ ਅਤੇ ਇਤਿਹਾਸਕ ਪ੍ਰਸਥਿਤੀਆਂ ਦੇ ਆਰ ਪਾਰ ਦ੍ਰਿਸ਼ਟੀਗੋਚਰ ਹੁੰਦੀਆਂ ਇਹਨਾਂ ਦੀ ਤਹਿ ਤੱਕ ਪਹੁੰਚਣ ਦੇ ਆਹਰ ਵਿਚ ਹੈ। ਕਵੀ ਆਪਣੀਆਂ ਰਚਨਾਵਾਂ ਰਾਹੀਂ ਅੱਜ ਦੇ ਧੁਆਂਖੇ ਤੇ ਸਾਜਿਸ਼ੀ ਮਾਹੌਲ ਉੱਤੇ ਮੱਧਮ ਲੋਅ ਬਣ ਕੇ ਰੋਸ਼ਨੀ ਵੀ ਦੇ ਰਿਹਾ ਹੈ ਅਤੇ ਸੁੱਤੇ ਸੂਰਜਾਂ ਨੂੰ ਜਗਾਉਣ ਦਾ ਉਪਰਾਲਾ ਵੀ ਕਰ ਰਿਹਾ ਹੈ।
ਕੋਈ ਸਾਜਿਸ਼ ਚੁਫੇਰੇ ਮਚਲਦੀ ਰਹੀ,
ਫੇਰ ਵੀ ਲੋਅ ਬਨੇਰੇ ਤੇ ਬਲਦੀ ਰਹੀ,
ਉਸ ਨਿੰਮੀ ਜਿਹੀ ਰੋਸ਼ਨੀ ਆਸਰੇ,
ਸੁੱਤੇ ਹੋਏ ਜੋ ਸੂਰਜ ਜਗਾਉਣੇ ਅਸੀਂ।
(ਕਾਲੇ ਹਰਫ਼ਾਂ ਦੀ ਲੋਅ, ਪੰਨਾ - 9)
ਕਵੀ ਆਪ ਲਿਖਦਾ ਹੈ "ਗ਼ਜ਼ਲ ਦੇ ਸ਼ਿਅਰਾਂ ਵਿੱਚ ਅਨੇਕਾਂ ਰੰਗਾਂ, ਤਰੰਗਾਂ ਬੁਲੰਦੀਆਂ ਗਹਿਰਾਈਆਂ ਦੇ ਕੋਲਾਜ ਬਣਦੇ ਹਨ ਜੋ ਚਿਰ ਸਥਾਈ ਪ੍ਰਭਾਵ ਛੱਡਦੇ ਹਨ। ਗ਼ਜ਼ਲ ਦੇ ਸ਼ਿਅਰ, ਪਾਠਕ ਮਨ ਦੀ ਤੜਪਦੀ ਰੇਤ ਦੀ ਪਿਆਸ ਬੁਝਾਉਂਦੇ ਹੋਏ ਇਸ ਦੀ ਤੀਬਰਤਾ ਨੂੰ ਨਵੇਂ ਸਿਰਿਓ ਤਿੱਖੀ ਕਰਦੇ ਜਾਂਦੇ ਨੇ ਅਤੇ ਅਖੀਰ ਵਿੱਚ ਜ਼ਿੰਦਗੀ ਦੇ ਗੁੱਝੇ ਭੇਦ ਉਜਾਗਰ ਕਰਨ ਵਾਲੇ ਸਕੂਨ ਅਤੇ ਤੜਪ ਦੇ ਮਿਲਵੇਂ ਅਹਿਸਾਸ ਪਿੱਛੇ ਬਚਦੇ ਹਨ।" ਜਨ-ਸਧਾਰਨ ਦੀਆਂ ਤੰਗੀਆਂ ਤੁਰਸ਼ੀਆਂ ਅਤੇ ਉਸ ਦੀ ਅਜਿਹੇ ਜ਼ਿੱਲਤ ਭਰੇ ਸਾਜ਼ਿਸੀ ਮਾਹੌਲ 'ਚੋਂ ਨਾ ਨਿਕਲ ਸਕਣ ਦੀ ਬੇਬਸੀ ਉਸ ਦੀ ਆਤਮਾ ਨੂੰ ਸੂਲੀ ਟੰਗਣ ਦਾ ਸਬੱਬ ਬਣਦੀ ਹੈ। ਸਧਾਰਨ ਮਨੁੱਖ ਨੂੰ ਅਜਿਹੇ ਮਨੁੱਖਤਾ ਵਿਰੋਧੀ ਰਾਜਪ੍ਰਬੰਧ ਵਲੋਂ ਨਿਰਮਤ ਸਾਜ਼ਿਸੀ ਦਲਦਲ ਵਿੱਚੋਂ ਨਿਕਲਣ ਦਾ ਕੋਈ ਚਾਰਾ ਨਜ਼ਰ ਨਹੀਂ ਆਉਂਦਾ। ਅਜਿਹੀ ਸਥਿਤੀ ਵਿੱਚ ਸ਼ਾਇਰ ਲੋਕਾਂ ਦੇ ਜਖ਼ਮਾਂ ਦੀ ਪਹਿਲਾਂ ਸ਼ਨਾਖ਼ਤ ਕਰਦਾ ਹੈ ਫਿਰ ਉਹਨਾਂ ਦੇ ਰੂਬਰੂ ਹੋ ਕੇ ਉਹਨਾਂ ਨੂੰ ਭਰਨ ਲਈ ਯਤਨਸ਼ੀਲ ਰਹਿੰਦਾ ਹੈ।
ਜੋ ਨਾ ਦੇਹੀ ਨਾਲ ਸੜਦੇ, ਹਸ਼ਰ ਤੱਕ ਜੋ ਰਹਿਣ ਬਲਦੇ
ਉਹਨਾਂ ਜ਼ਖ਼ਮਾਂ ਦੀ ਸ਼ਨਾਖ਼ਤ ਕਰਨ ਖ਼ਾਤਰ ਲਿਖ ਰਿਹਾ ਹਾਂ
ਖੁਭ ਗਈ ਅੱਡੀ 'ਚ ਸੀ ਤਾਰੀਖ ਜਿਸ ਦਿਨ ਸੂਲ ਬਣ ਕੇ
ਓਸ ਦਿਨ ਤੋਂ ਸ਼ਹਿਰ ਦੀ ਸੂਲੀ ਦਾ ਮੰਜ਼ਰ ਲਿਖ ਰਿਹਾ ਹਾਂ
(ਅਗਰਬੱਤੀ, ਪੰਨਾ - 21)
ਜਸਵਿੰਦਰ ਦੀ ਸ਼ਾਇਰੀ ਦਾ ਧੁਰਾ ਮਾਨਵੀ ਹੋਂਦ ਨਾਲ ਜੁੜੇ ਪ੍ਰਸ਼ਨ ਹਨ ਜੋ ਅੱਜ ਦੇ ਨਹੀਂ ਤੇ ਕਿਸੇ ਇੱਕ ਦੇ ਨਹੀਂ ਸਗੋਂ ਮੁੱਢ ਕਦੀਮ ਸਮਿਆਂ ਤੋਂ ਤੁਰੇ ਆਉਂਦੇ ਪੂਰੀ
ਮਾਨਵਤਾ ਦੀ ਹੋਣੀ ਬਣ ਗਏ ਹਨ। ਇਹੀ ਪ੍ਰਸ਼ਨ ਕਦੇ ਜਾਤਾਂ, ਕਦੇ ਜਮਾਤਾਂ, ਕਦੇ ਦੇਸ਼ਾਂ, ਧਰਮਾਂ ਅਤੇ ਭੂਗੋਲਿਕ ਹੱਦਾਂ ਵਿੱਚ ਵੰਡੀਜ ਕੇ ਆਦਮ ਨੂੰ 'ਐਵੇਂ ਜਿਹਾ' ਨਾਚੀਜ਼ ਅਤੇ ਬੌਣਾ ਬਣਾ ਜਾਂਦੇ ਹਨ। ਸ਼ਾਇਰ ਐਵੇ ਜਿਹੀਆਂ, ਨਾਚੀਜ਼ ਤੇ ਬੌਣੇ ਲੋਕਾਂ ਦੀ ਅਜਿਹੀ ਦਾਸਤਾਨ ਨੂੰ ਇਤਿਹਾਸ ਦੇ ਪੰਨਿਆਂ ਤੇ ਸਦੀਵੀ ਦਸਤਾਵੇਜ਼ ਵਜੋਂ ਅੰਕਿਤ ਕਰ ਰਿਹਾ ਹੈ ਅਤੇ ਉਹਨਾਂ ਦੇ ਦੁੱਖਾਂ-ਗ਼ਮਾਂ ਨੂੰ ਮਿਟਾ ਕੇ ਸਦੀਵੀ ਈਦ ਵਰਗੇ ਦਿਨਾਂ ਦੀ ਇੰਤਜ਼ਾਰ ਕਰ ਰਿਹਾ ਹੈ। ਉਹ ਨਾ ਤਾਂ ਕੁੱਲ ਦੇ ਦੁੱਖਦਾਈ ਮੰਜ਼ਰ ਤੋਂ ਅਣਭਿੱਜ ਹੈ ਤੇ ਨਾ ਅੱਜ ਦੇ ਧੁਆਂਖੇ ਤੇ ਦੂਸ਼ਿਤ ਮਾਹੌਲ ਤੋਂ ਬੇਖ਼ਬਰ ਹੈ। ਪਰ ਫਿਰ ਵੀ ਉਹ ਲੋਕ- ਸ਼ਕਤੀ 'ਚ ਵਿਸ਼ਵਾਸ ਕਰਦਾ ਹੋਇਆ ਹਨ੍ਹੇਰੀ ਰਾਤ ਨੂੰ ਮਿਟਾ ਕੇ ਸੁਨਹਿਰੀ ਸਵੇਰ ਦੀ ਆਮਦ ਪ੍ਰਤੀ ਪੂਰੀ ਤਰ੍ਹਾਂ ਆਸਮੰਦ ਹੈ।
ਮਨੁੱਖੀ ਸਭਿਅਤਾ ਦੇ ਹੋਂਦ ਵਿੱਚ ਆਉਣ ਤੋਂ ਹੀ ਦਮਨਕਾਰੀ ਸ਼ਕਤੀਆਂ ਦੇ ਵਿਰੋਧ ਵਿੱਚ ਰੋਹ ਦੀ ਅੱਗ ਧੁਖਦੀ ਰਹੀ ਹੈ ਅਤੇ ਇਹ ਅੱਗ ਕਦੇ ਭਾਂਬੜ ਬਣ ਕੇ ਆਪਣਾ ਜਲਵਾ ਦਿਖਾਉਂਦੀ ਰਹੀ ਹੈ। ਮਨੁੱਖੀ ਇਤਿਹਾਸ ਸੰਘਰਸ਼ਾਂ ਦਾ ਇਤਿਹਾਸ ਹੈ ਪਰ ਇਹ ਸੰਘਰਸ਼ ਅੱਜ ਤੱਕ ਮਾਨਵਵਾਦੀ ਸਮਾਜ ਸਿਰਜਣ ਵਿੱਚ ਸਫ਼ਲ ਨਹੀਂ ਹੋ ਸਕਿਆ। ਇਸ ਧਰਤੀ ਤੇ ਆਪਣਾ ਬਣਦਾ ਹੱਕ ਅਤੇ ਸਵੈ-ਮਾਣ ਪ੍ਰਾਪਤ ਕਰਨ ਲਈ ਕਿੰਨੇ ਹੀ ਇਨਸਾਫ਼ ਪਸੰਦ ਲੋਕਾਂ ਨੂੰ ਬਲੀਦਾਨ ਦੇਣਾ ਪਿਆ। ਮਨੁੱਖੀ ਦੁਖਾਂਤ ਦੀ ਇਹ ਦਾਸਤਾਨ ਕਵੀ ਨੂੰ ਧੁਰ ਅੰਦਰ ਤੱਕ ਟੁੰਭਦੀ ਹੈ ਅਤੇ ਉਹ ਲੋਕ-ਪੱਖੀ ਸਮਾਜ ਦੀ ਸਥਾਪਤੀ ਲਈ ਲੋਕ-ਸ਼ਕਤੀ ਨੂੰ ਮੁਕਤੀ ਵਜੋਂ ਚਿੱਤਵਦਾ ਮਿਹਨਤਕਸ਼ ਲੋਕਾਂ ਦੇ ਸਮੂਹਕ ਸੰਘਰਸ਼ ਵਿੱਚ ਵਿਸ਼ਵਾਸ ਰੱਖਦਾ ਹੈ।
ਤੁਰ ਗਏ ਜੋ ਉਨ੍ਹਾਂ ਫੇਰ ਆਉਣਾ ਨਹੀਂ,
ਬਸ ਕਰੋ ਸਾਥੀਓ ਹੋਰ ਰੋਣਾ ਨਹੀਂ,
ਹੁਣਾ ਤਨਾਂ ਤੇ ਸੰਘਰਸ਼ਾਂ ਦਾ ਵਟਣਾ ਮਲੋ,
ਜੋ ਉਡੀਕੇ, ਉਹ ਮੰਜ਼ਿਲ ਦੀ ਲਾੜੀ ਵਰੋ।
(ਕਾਲੇ ਹਰਫ਼ਾਂ ਦੀ ਲੋਅ, ਪੰਨਾ - 29)
ਜਸਵਿੰਦਰ ਦੀ ਸ਼ਾਇਰੀ ਜਨ ਜੀਵਨ ਦੇ ਸੁਪਨਿਆਂ, ਆਸ਼ਾਵਾਂ ਅਤੇ ਭਾਵਾਂ ਵਿੱਚੋਂ ਪੈਦਾ ਹੋਈ ਹੈ। ਉਹ ਲੋਕਾਂ 'ਚ ਵਿਚਰਦਿਆਂ ਉਨ੍ਹਾਂ ਦੇ ਮਨੋਭਾਵਾਂ ਨੂੰ ਮਹਿਸੂਸ ਕਰਦਾ ਅਤੇ ਪਿੰਡੇ ਹੰਢਾਏ ਸੰਤਾਪ ਨੂੰ ਉਨ੍ਹਾਂ ਦੇ ਦਿਲਾਂ ਦੀਆਂ ਗਹਿਰਾਈਆਂ ਤੋਂ ਮਹਿਸੂਸਦਾ ਆਪਣੀਆਂ ਗ਼ਜ਼ਲਾਂ 'ਚ ਉਤਾਰਦਾ ਹੈ। ਆਮ ਜਨ-ਜੀਵਨ ਵਿੱਚੋਂ ਸਿਰਜੇ ਉਸ ਦੇ ਬਿੰਬ ਅਤੇ ਪ੍ਰਤੀਕ ਬਹੁਤ ਹੀ ਮੌਲਿਕ ਅਤੇ ਵਿਅੰਗਾਤਮਕ ਪ੍ਰਭਾਵ ਪਾਉਂਦੇ ਹਨ। ਮਾਨਵ ਵਿਰੋਧੀ ਮਕਾਰ ਸਿਆਸੀ, ਮਖੌਟਾਧਾਰੀ ਅਖੌਤੀ ਸੱਜਣਾਂ ਤੇ ਸਾਧੂਆਂ ਉੱਤੇ ਵਿਅੰਗ ਕਰਾਦਿਆਂ ਕਵੀ ਲਿਖਦਾ ਹੈ।
ਇਹ ਸਰਹੱਦਾਂ ਉਲੰਘੇ ਕਿਉਂ, ਬਗਾਨੇ ਖੇਤ ਕਿਉਂ ਸਿੰਜੇ,
ਫੜੋ ਇਸ ਨੂੰ ਹਕੂਮਤ ਦੀ ਖ਼ਿਲਾਫ਼ਤ ਕਰ ਗਿਆ ਪਾਣੀ।
(ਕੱਕੀ ਰੇਤ ਦੇ ਵਰਕੇ, ਪੰਨਾ - 23)
ਜਸਵਿੰਦਰ ਭੱਜਵਾਦੀ ਅਤੇ ਅਪਸਾਰਵਾਦੀ ਸੋਚ ਦਾ ਵਿਰੋਧੀ ਹੈ। ਉਹ ਮਨੁੱਖ ਨੂੰ ਹਰ ਦੁੱਖ-ਸੁੱਖ ਅਤੇ ਖ਼ੁਸ਼ੀਆਂ-ਗ਼ਮੀਆਂ ਦਾ ਸਾਹਮਣਾ ਕਰਦਿਆਂ ਇਕ ਕਰਮਯੋਗੀ ਵਜੋਂ ਵਿਚਰਨ ਦਾ ਸੁਨੇਹਾ ਦਿੰਦਾ ਹੈ। ਉਹ ਕਿਸੇ ਪੈਗ਼ੰਬਰੀ ਅਤੇ ਮਹਾਂਨਾਇਕੀ ਸ਼ਕਤੀ ਤੇ ਟੋਕ ਨਾ ਰੱਖਦਿਆਂ ਆਮ ਲੋਕਾਂ ਨੂੰ ਜ਼ਮੀਨੀ ਪੱਧਰ ਤੇ ਵਿਚਰਦਿਆਂ ਤਰਕਮਈ ਵਿਚਾਰਾਂ ਦਾ ਧਾਰਨੀ ਹੋਣ ਦੀ ਪ੍ਰੇਰਨਾ ਦਿੰਦਾ ਹੈ। ਉਹ ਕਹਿੰਦਾ ਹੈ ਕਿ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਦਾ ਖ਼ਾਤਮਾ ਉਨ੍ਹਾਂ ਤੋਂ ਦੂਰ ਜਾ ਕੇ ਕਿਸੇ ਪੈਗ਼ੰਬਰੀ ਰਾਹ ਤੇ ਚਲਣ ਨਾਲ ਨਹੀਂ ਸਗੋਂ ਉਨ੍ਹਾਂ ਦਾ ਦਲੇਰੀ ਅਤੇ ਹੌਸਲੇ ਨਾਲ ਟਾਕਰਾ ਕਰਨ ਨਾਲ ਹੋਣਾ ਹੈ। ਪਰਿਵਾਰਕ ਅਤੇ ਸਮਾਜਕ ਜ਼ਿੰਮੇਵਾਰੀਆਂ ਤੋਂ ਭਗੌੜਾ ਹੋਣਾ ਕਾਇਰਤਾ ਅਤੇ ਜ਼ਿੰਦਗੀ ਦੇ ਯਥਾਰਥ ਤੋਂ ਕਿਨਾਰਾ ਕਰਨਾ ਹੈ।
ਘਰੋਂ ਤਾਂ ਤੁਰ ਪਿਆ ਸਾਂ, ਮੈਂ ਵੀ ਬਣ ਜਾਣਾ ਸੀ ਪੈਗ਼ੰਬਰ,
ਲਿਆਉਂਦੀ ਮੋੜ ਕੇ ਮੈਨੂੰ ਨਾ ਜੇ ਆਵਾਜ਼ ਝਾਂਜਰ ਦੀ।
(ਕੱਕੀ ਰੇਤ ਦੇ ਵਰਕੇ, ਪੰਨਾ- 51)
ਅੱਜ ਦੇ ਵਿਗਿਆਨਕ ਯੁੱਗ ਵਿੱਚ ਮਨੁੱਖ ਨੂੰ ਇਹ ਸੋਝੀ ਹੋ ਗਈ ਹੈ ਕਿ ਗ੍ਰਹਿਸਤੀ ਜੀਵਨ ਜਿਉਦਿਆਂ ਹੀ ਮਾਨਵ ਕਲਿਆਣ ਹਿੱਤ ਲੋਕ-ਪੱਖੀ ਮਾਰਗ 'ਤੇ ਚਲਦਿਆਂ ਮਨੁੱਖਤਾ ਦੀ ਭਲਾਈ ਕੀਤੀ ਜਾ ਸਕਦੀ ਹੈ। ਅੱਜ ਬੁੱਧ ਦਾ ਜ਼ਮਾਨਾ ਅਤੇ ਪੈਗ਼ੰਬਰੀ ਦੌਰ ਬੀਤੇ ਸਮੇਂ ਦੀ ਬੁਝਾਰਤ ਬਣ ਕੇ ਰਹਿ ਗਿਆ ਹੈ। ਗੌਤਮ ਬੁੱਧ ਦਾ ਘਰ ਛੱਡ ਕੇ ਆਤਮ ਗਿਆਨ ਪ੍ਰਾਪਤ ਕਰਨ ਦਾ ਫ਼ਲਸਫ਼ਾ ਦੁਨੀਆਂ ਵਿਚ ਚਰਚਿਤ ਰਿਹਾ। ਪਰ ਅੱਜ ਦੇ ਯੁੱਗ ਵਿੱਚ ਮਹਾਤਮਾ ਬੁੱਧ ਦਾ ਇਹ ਫ਼ਲਸਫਾ ਭਾਜਵਾਦੀ ਸੋਚ ਦਾ ਪ੍ਰਤੀਕ ਬਣ ਗਿਆ ਹੈ। ਜਸਵਿੰਦਰ ਨੇ ਮਹਾਤਮਾ ਬੁੱਧ ਦੀ ਇਸ ਇਤਿਹਾਸਕ-ਮਿੱਥ ਦਾ ਖੰਡਨ ਕਰਕੇ ਜ਼ਿੰਦਗੀ ਦੀ ਸੋਚ ਨੂੰ ਪਾਠਕਾਂ ਦੇ ਰੂਬਰੂ ਕਰਨ ਦਾ ਉਪਰਾਲਾ ਕੀਤਾ ਹੈ।
ਜਾਣ ਵੇਲੇ ਮੇਰੇ ਵਲ ਬਾਹਾਂ ਉਲਾਰੇ ਬਾਲ ਜੇ,
ਪਰਤ ਕੇ ਵੇਖਾਂ ਹੀ ਨਾ ਏਨਾ ਵੀ ਮੈਂ ਗੌਤਮ ਨਹੀਂ।
(ਕੱਕੀ ਰੇਤ ਦੇ ਵਰਕੇ, ਪੰਨਾ- 22)
ਮੁੱਕ ਹੀ ਜਾਣਾ ਸੀ ਝਗੜਾ, ਮਿਲ ਹੀ ਜਾਣੀ ਸੀ ਖ਼ੁਦਾਈ
ਜੇ ਕਿਤੇ ਵਿਸ਼ਵਾਸ ਕਰਕੇ ਦੇਖ ਲੈਂਦੇ ਕਾਫ਼ਰਾਂ 'ਤੇ
(ਅਗਰਬੱਤੀ, ਪੰਨਾ - 17)
ਕਵੀ ਲਈ ਗੌਤਮ ਬੁੱਧ ਦੀ ਤਰ੍ਹਾਂ ਜਿੰਮੇਵਾਰੀਆਂ ਤੋਂ ਭੱਜ ਕੇ, ਘਰ, ਪਤਨੀ ਅਤੇ ਬੱਚੇ ਤਿਆਗਣਾ ਪੈਗ਼ੰਬਰੀ ਰਾਹ ਨਹੀਂ ਸਗੋਂ ਸਧਾਰਨ ਵਿਅਕਤੀ ਤੋਂ ਵੀ ਨੀਵੇਂ ਦਰਜੇ ਦੀ ਸਮਝ ਹੈ। ਸਧਾਰਨ ਵਿਅਕਤੀ ਵੀ ਆਪਣੇ ਬੱਚਿਆਂ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਨਹੀਂ ਭੱਜਦਾ। ਸ਼ਾਇਰ ਨੇ ਇਸ ਗਿਆਨ ਪ੍ਰਾਪਤੀ ਦੀ ਮਿੱਥ ਨੂੰ ਤੋੜਦਿਆਂ ਲੋਕ- ਮਨ ਵਿੱਚ ਨਵੀਂ ਚੇਤਨਾ ਪੈਦਾ ਕੀਤੀ ਹੈ।
ਅੱਜ ਵੀ ਕੱਟ ਸਕਿਆ ਨਾ ਮੋਹ ਦਾ ਜਾਲ ਤੇ ਹਰਨਾ ਪਿਆ।
ਅੱਜ ਵੀ ਮੈਨੂੰ ਬੁੱਧ ਹੋਣਾ ਮੁਲਤਵੀ ਕਰਨਾ ਪਿਆ।
(ਕੱਕੀ, ਰੇਤ ਦੇ ਵਰਕੇ, ਪੰਨਾ- 19)
ਜਸਵਿੰਦਰ ਦੀ ਸੰਵੇਦਨਾ ਅਤੇ ਸਰੋਕਾਰ ਮਾਨਵੀ ਸਮਾਜ ਦੇ ਅਜੋਕੇ ਮਸਲਿਆਂ ਨਾਲ ਵੀ ਸੰਬੰਧਿਤ ਹਨ ਤੇ ਮਨੁੱਖੀ ਮਨ ਦੀਆਂ ਅਤ੍ਰਿਪਤ ਭਾਵਨਾਵਾਂ ਦੀ ਸੁਹਜਾਤਮਿਕ ਤ੍ਰਿਪਤੀ ਨਾਲ ਵੀ। ਅੱਜ ਜੀਵਨ ਦੀਆਂ ਦੁਸ਼ਵਾਰੀਆਂ, ਲੋੜਾਂ, ਥੁੜ੍ਹਾਂ ਅਤੇ ਮਾਨਸਿਕ ਤਣਾਓ ਆਦਿ ਸਮੱਸਿਆਵਾਂ ਤੋਂ ਮੂੰਹ ਮੋੜਨਾ ਮਨੁੱਖੀ ਧਰਮ ਨਹੀਂ ਸਗੋਂ ਇਹਨਾਂ ਸਮੱਸਿਆਵਾਂ ਦਾ ਟਾਕਰਾ ਕਰਨਾ ਇੱਕ ਕਰਮਯੋਗੀ ਯੋਧੇ ਦੀ ਪਛਾਣ ਹੈ। ਜਸਵਿੰਦਰ ਆਪਣੇ ਸਮਿਆਂ ਅਤੇ ਆਲੇ ਦੁਆਲੇ ਦੇ ਦੁੱਖਾਂ-ਸੁੱਖਾਂ ਤੋਂ ਸਚੇਤ ਹੈ ਪਰ ਉਹ ਨਿਰੀ ਮਾਅਰਕੇਬਾਜੀ ਨਹੀਂ ਕਰਦਾ ਸਗੋਂ ਭਾਸ਼ਾ ਦੀ ਲੈਅ ਅਤੇ ਰਵਾਨਗੀ ਨੂੰ ਕਾਇਮ ਰੱਖਦਿਆਂ ਸੰਵੇਦਨਸ਼ੀਲ ਮਨ ਦੀਆਂ ਗਹਿਰਾਈਆਂ 'ਚੋਂ ਆਪ ਮੁਹਾਰੇ ਫੁੱਟੇ ਝਰਨੇ ਦੀ ਤਰ੍ਹਾਂ ਆਪਣੀ ਸ਼ਾਇਰੀ ਸਾਡੇ ਰੂਬਰੂ ਕਰਦਾ ਹੈ। ਅੱਜ ਦਾ ਮਨੁੱਖ ਮੰਡੀ ਦੇ ਖਪਤ ਸਭਿਆਚਾਰ, ਵਿਸ਼ਵੀਕਰਨ ਅਤੇ ਲੋਕ ਵਿਰੋਧੀ ਸ਼ਕਤੀਆਂ ਦਾ ਸ਼ਿਕਾਰ ਹੋ ਕੇ ਸਹਿਜ ਜ਼ਿੰਦਗੀ ਜਿਊਣੀ ਭੁੱਲ ਗਿਆ ਹੈ ਅਤੇ ਇੱਕ ਸੰਵੇਦਨਹੀਣ ਮਸ਼ੀਨ ਬਣ ਕੇ ਰਹਿ ਗਿਆ ਹੈ।
ਲਤੀਫ਼ੇ ਸੁਣ ਨਹੀਂ ਹੱਸਦੇ ਨਾ ਰੋਂਦੇ ਮਰਸੀਏ ਸੁਣ ਕੇ,
ਪਤਾ ਨਹੀਂ ਲੋਕ ਹੁਣ ਸੰਵੇਦਨਾ ਕਿੱਧਰ ਗੁਆ ਆਏ।
ਕਿਵੇਂ ਬੀਜੋਗੇ ਮੋਹ ਦੇ ਹਰਫ਼ ਹੁਣ ਬੰਜਰ ਦਿਲਾਂ ਅੰਦਰ,
ਤੁਸੀਂ ਵਾਧੂ ਦੀਆਂ ਬਹਿਸਾਂ ’ਚ ਹੀ ਵੱਤਰ ਗੁਆ ਆਏ।
(ਕੱਕੀ ਰੇਤ ਦੇ ਵਰਕੇ, ਪੰਨਾ- 37)
ਜਸਵਿੰਦਰ ਆਪਣੀਆਂ ਗਜ਼ਲਾਂ ਵਿੱਚ ਧਾਰਮਿਕ ਜਨੂੰਨ, ਰੂੜੀਵਾਦ, ਇਤਿਹਾਸਕ ਮਿਥਿਹਾਸਕ ਮਨੁੱਖਤਾ ਵਿਰੋਧੀ ਮਿੱਥਾਂ, ਭ੍ਰਿਸ਼ਟ ਰਾਜਨੀਤੀ, ਕਿਰਤੀਆਂ ਦੀ ਦੁਰਦਸ਼ਾ ਨੂੰ ਪ੍ਰਸਤੁਤ ਕਰਦਾ ਅਤੇ ਲੋਕ-ਵਿਰੋਧੀ ਤਾਕਤਾਂ ਨੂੰ ਨਕਾਰਦਾ ਲੋਕ-ਮਨ ਵਿੱਚ ਭ੍ਰਿਸ਼ਟ ਰਾਜ ਪ੍ਰਬੰਧ ਵਿਰੁੱਧ ਲੜਨ ਦੀ ਚੇਤਨਾ ਪੈਦਾ ਕਰਦਾ ਹੈ। ਇਸ ਲਈ ਉਹ ਆਮ ਜੀਵਨ ਅਤੇ ਲੋਕ ਸਾਹਿਤ ਵਿੱਚੋਂ ਪ੍ਰਾਪਤ ਹਵਾਲਿਆਂ ਦੁਆਰਾ ਲੋਕਾਂ ਨੂੰ ਏਕੇ ਦੀ ਸ਼ਕਤੀ ਵਿੱਚ ਆਸਥਾ ਰੱਖਣ ਦੀ ਪ੍ਰੇਰਣਾ ਦਿੰਦਾ ਹੋਇਆ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਾ ਹੈ। ਸਮਾਜ ਦੀ ਕੜਵਾਹਟ ਨੂੰ ਆਪਣੀਆਂ ਗ਼ਜ਼ਲਾਂ ਦੁਆਰਾ ਪੇਸ਼ ਕਰਕੇ ਉਹ ਪਾਠਕਾਂ ਨੂੰ ਸੁਚੇਤ ਕਰਨ ਦੇ ਆਹਰ ਵਿੱਚ ਹੈ। ਰਵਾਇਤੀ ਇਸ਼ਕ-ਮੁਸ਼ਕ ਅਤੇ ਔਰਤ ਦੇ ਰੁਮਾਨੀ ਪਿਆਰ ਦੀ ਮਸਤੀ ਵਿੱਚ ਡੁੱਬੀਆਂ ਸ਼ਰਾਬ ਦੀਆਂ ਮਹਿਫਲਾਂ ਦੀ ਥਾਂ ਉਸ ਨੇ ਸਮਾਜ ਦੇ ਕੜਵਾਹਟ ਭਰੇ ਦਰਦ ਨੂੰ ਦੂਰ ਕਰਨ ਲਈ ਆਪਣੀਆਂ ਗ਼ਜ਼ਲਾਂ ਵਿੱਚ ਕੁਨੀਨ ਵਰਗਾ ਕੌੜਾ ਸੱਚ ਪੇਸ਼ ਕੀਤਾ ਹੈ। ਇਸ ਸੰਬਧੀ 'ਬਸ਼ੀਰ ਬਦਰ' ਦਾ ਇਹ ਸ਼ਿਅਰ ਪੰਜਾਬੀ ਗ਼ਜ਼ਲ ਵਿੱਚ ਆਈ ਤਬਦੀਲੀ ਦਾ ਬੋਧ ਕਰਾਉਂਦਾ ਹੈ।
ਗ਼ਜ਼ਲੇਂ ਅਬ ਤੱਕ ਸ਼ਰਾਬ ਪੀਤੀ ਥੀਂ
ਨੀਮ ਕਾ ਰਸ ਪਿਲਾ ਰਹੇ ਹੈਂ ਹਮ।
ਅਮਰਜੀਤ ਕੌਂਕੇ ਦੀ ਕਵਿਤਾ
ਡਾ. ਮੋਹਨ ਤਿਆਗੀ
ਕਵਿਤਾ ਦਾ ਸੰਬੰਧ ਕਵੀ ਦੇ ਅਵਚੇਤਨ ਨਾਲ ਹੁੰਦਾ ਹੈ। ਉਹ ਆਪਣੇ ਸਮਾਜ ਸੱਭਿਆਚਾਰ ਵਿਚ ਵਿਚਰਦਾ ਹੋਇਆ ਜਦ ਇਸ ਭੌਤਿਕ ਵਰਤਾਰੇ ਨੂੰ ਆਪਣੇ ਅੰਦਰਲੇ ਸੂਖ਼ਮ ਜਗਤ ਨਾਲ ਮੇਲ ਕੇ ਵੇਖਦਾ ਹੈ ਤਾਂ ਇਸ ਕਿਰਿਆ ਪ੍ਰਤੀਕਿਰਿਆ ਵਿਚ ਬਹੁ ਕੁਝ ਚਾਹਿਆ-ਅਣਚਾਹਿਆ ਵਾਪਰਦਾ ਹੈ ਜਿਸਦੇ ਸਿੱਟੇ ਵਜੋਂ ਕਵੀ ਦੇ ਅੰਦਰ ਨਿੱਤ ਨਵੇਂ ਵਾਵਰੋਲੇ ਉੱਠਕੇ ਕਵਿਤਾ ਦਾ ਰੂਪ ਧਾਰਨ ਕਰਨ ਲਗਦੇ ਹਨ। ਇਸ ਤਰ੍ਹਾਂ ਦੀ ਬਹੁਤੀ ਕਵਿਤਾ ਨੌਸਟੇਲਜੀਆਂ ਦੇ ਰੂਪ ਵਿਚ ਸਾਡੇ ਸਾਹਮਣੇ ਸਾਕਾਰ ਹੋਣ ਲਗਦੀ ਹੈ। ਚੌਂਕੇ ਦੀ ਕਵਿਤਾ ਦੇ ਕਾਵਿ-ਪੈਰਾਡਾਈਮ ਦੀ ਪਛਾਣ ਲਈ ਉਸ ਦੁਆਰਾ ਸਿਰਜੇ ਗਏ ਉਸ ਕਾਵਿ-ਨਾਇਕ ਦੀ ਸ਼ਨਾਖ਼ਤ ਜ਼ਰੂਰੀ ਹੈ। ਜਿਹੜਾ ਉਸਦੀ ਸਮੁੱਚੀ ਕਵਿਤਾ ਵਿਚਲਾ ਵਕਤਾ ਹੈ। ਨਿਰੰਸਦੇਹ ਇਸ ਦੌਰ ਦੀ ਹੋਰ ਕਵਿਤਾ ਵਾਂਗ ਚੌਂਕੇ ਨੇ 'ਮੈਂ- ਮੁਲਕਤਾ' ਵਾਲੀ ਸ਼ੈਲੀ ਰਾਹੀਂ ਸਾਰਾ ਕਾਵਿ-ਪ੍ਰਵਚਨ ਉਸਾਰਿਆ ਹੈ। ਪਰ ਇਸ 'ਮੈਂ- ਮੂਲਕ ਵਕਤਾ' ਨੂੰ ਪਛਾਣ ਕੇ ਹੀ ਚੌਂਕੇ ਦੀ ਕਵਿਤਾ ਦੇ ਅਰਥਾਂ ਨੂੰ ਪੜ੍ਹਿਆ ਜਾ ਸਕਦਾ ਹੈ। ਇਸ ਵਿਚਾਰ ਦੇ ਸਬੰਧ ਵਿੱਚ ਉਸਦੀ ਕਵਿਤਾ ਨੂੰ ਪੜ੍ਹਦਿਆਂ ਸਾਡੇ ਆਲੇ ਦੁਆਲੇ ਯੁੱਗਾਂ ਤੋਂ ਸੰਸਕ੍ਰਿਤੀ ਦੇ ਨਾਂ ਤੇ ਰੱਖੇ ਹੋਏ ਸਨਾਤਨੀ ਚੌਖਟਿਆਂ ਤੋਂ ਕਵੀ ਦਾ ਮੋਹ ਭੰਗ ਹੋਣ ਲਗਦਾ ਹੈ। ਉਹ ਆਪਣੇ ਆਲੇ ਦੁਆਲੇ ਜੜ੍ਹ ਹੋ ਚੁੱਕੇ ਵਰਤਾਰਿਆ ਨੂੰ ਲਗਾਤਾਰ ਗਤੀਸ਼ੀਲਤਾ ਅਤੇ ਨਿਰੰਤਰਤਾ ਪ੍ਰਦਾਨ ਕਰਨ ਦੇ ਆਹਰ ਵਿਚ ਹੈ। ਉਹ ਚੇਤਨ ਪੱਧਰ ਦੇ ਇਕ ਅੰਨ੍ਹੇ ਯੁੱਧ ਵਿਚ ਹੈ, ਜਿਸ ਵਿਚ ਉਸਦੇ ਵਲੂੰਧਰੇ ਹੋਏ ਅਹਿਸਾਸ ਉਸਦੇ ਅੰਦਰ ਲਹੂ ਦੀਆਂ ਬੂੰਦਾਂ ਰੂਪ ਵਿਚ ਕਵਿਤਾ ਬਣਕੇ ਟਪਕਦੇ ਹਨ। ਉਹ ਆਪਣੇ ਤਿੜਕ ਰਹੇ ਸੁਪਨ ਸੰਸਾਰ ਨੂੰ ਮੰਡੀ ਦੇ ਚੌਰਾਹੇ ਵਿਚ ਬਿਖਰਨ ਨਹੀਂ ਦਿੰਦਾ ਸਗੋਂ ਇਸ ਨੂੰ ਆਪਣੇ ਮਨ ਅੰਦਰਲੇ 'ਅਜਾਇਬ ਘਰ' ਵਿਚ ਸਜਾ ਦਿੰਦਾ ਹੈ, ਜਿੱਥੋਂ ਇਹ ਸਾਰਾ ਕੁਝ ਇਕ ਅਤਿ-ਸੰਵੇਦਨਸ਼ੀਲ ਅਤੇ ਸ਼ਕਤੀਸ਼ਾਲੀ ਕਵਿਤਾ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ। ਇਸ ਸਬੰਧੀ ਕੌਂਕੇ ਦੀ ਕਵਿਤਾ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਵੇਖਿਆ ਜਾ ਸਕਦਾ ਹੈ।
ਇਸ ਕਵਿਤਾ ਦਾ ਇਕ ਪੱਖ ਅਜ਼ਾਦੀ ਤੋਂ ਬਾਅਦ ਸਨਅਤੀ ਇਨਕਲਾਬ ਦੀਆਂ ਕ੍ਰਾਂਤੀਆਂ ਅਤੇ ਦੂਜਾ ਪੱਖ ਵਿਸ਼ਵੀਕਰਨ ਦੀ ਕਰੂਰ ਪ੍ਰਕਿਰਿਆ ਨਾਲ ਜੁੜਿਆ ਹੋਇਆ ਹੈ। ਉਸਦੇ ਉਨੀ ਸੌ ਨੱਬੇ (1990) ਤੋਂ ਪਹਿਲਾਂ ਪ੍ਰਕਾਸ਼ਿਤ ਹੋਏ ਕਾਵਿ-ਸੰਗ੍ਰਹਿ ਜਿੱਥੇ ਆਜ਼ਾਦੀ ਤੋਂ ਬਾਅਦ ਦੇ ਚਾਰ ਦਹਾਕਿਆਂ ਦੀ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਕ ਸਰਗਰਮੀ ਨੂੰ ਫੋਕਸ ਵਿਚ ਲਿਆਉਂਦੇ ਹਨ, ਉੱਥੇ ਨਾਲ ਹੀ ਇਸ ਪ੍ਰਬੰਧ ਵਿਚਲੀ ਨੀਰਸਤਾ, ਟੁੱਟ ਭੱਜ, ਅਲਹਿਦਗੀ, ਅਸਾਵੇਂਪਨ ਅਤੇ ਜਮਾਤੀ ਸੰਘਰਸ਼ ਨੂੰ ਵੀ ਕੇਂਦਰ ਵਿਚ ਰੱਖ ਕੇ ਆਪਣੇ ਕਾਵਿ-ਮਾਧਿਅਮ ਰਾਹੀਂ ਪ੍ਰਤੀਬਿੰਬਤ ਕਰਦੇ ਹਨ। ਇਹ ਉਸ ਕਾਲੇ ਦੌਰ ਦੀਆਂ ਕਵਿਤਾਵਾਂ ਹਨ ਜਦੋਂ ਭਾਰਤੀ ਜਨ-ਸਮੂਹ ਤੋਂ ਆਪਣੇ ਰਾਜਨੀਤਕ ਵਾਰਸਾਂ ਦੁਆਰਾ ਦਿੱਤੇ ਰੰਗ ਬਰੰਗੇ ਸੁਪਨਿਆਂ ਤੋਂ ਮੋਹ ਭੰਗ ਹੋਣ ਲਗਦਾ ਹੈ। ਇੱਥੇ ਸਾਡੇ ਕਾਵਿ-ਨਾਇਕ ਦੁਆਰਾ ਨੌਜੁਆਨ ਵਰਗ ਦੀ ਕਾਵਿ-ਅਭਿਵਿਅਕਤੀ ਸਮਕਾਲੀ ਪਰਿਸਥਿਤੀਆਂ ਦੇ ਸੰਬੰਧ ਵਿਚ ਵਿਸ਼ੇਸ਼ ਅਰਥ ਰੱਖਦੀ ਹੈ। ਅਮਰਜੀਤ ਕੋਕੇ
ਦੀ ਕਵਿਤਾ ਦਾ ਦੂਜਾ ਹਿੱਸਾ ਗਲੋਬਲ ਪੱਧਰ 'ਤੇ ਵਾਪਰੀ ਵਿਸ਼ਵੀਕਰਨ ਦੀ ਪ੍ਰਕਿਰਿਆ ਨਾਲ ਜੁੜਿਆ ਹੋਇਆ ਹੈ। ਇਸ ਸਮੇਂ ਦੌਰਾਨ ਉਸਦੇ ਮਹੱਤਵਪੂਰਨ ਚਾਰ ਕਾਵਿ- ਸੰਗ੍ਰਹਿ ਪ੍ਰਕਾਸ਼ਿਤ ਹੁੰਦੇ ਹਨ ਜਿਨ੍ਹਾਂ ਵਿਚ ਉਸਦਾ ਨਵਾਂ ਕਾਵਿ-ਸੰਗ੍ਰਹਿ 'ਪਿਆਸ' ਵੀ ਸ਼ਾਮਿਲ ਹੈ। ਇਹ ਸਾਰੀ ਦੀ ਸਾਰੀ ਕਵਿਤਾ ਵਿਸ਼ਵੀਕਰਨ ਦੇ ਅਮਲ ਦੌਰਾਨ ਵਾਪਰੀਆਂ ਤੇਜ਼ਧਾਰ ਤਬਦੀਲੀਆਂ ਅਤੇ ਬਦਲਦੇ ਹਏ ਸਮਾਜਿਕ ਸੱਭਿਆਚਾਰਕ ਪ੍ਰਤਿਮਾਨਾਂ ਨਾਲ ਜੁੜੀ ਹੋਈ ਹੈ। ਇਹ ਉਹ ਦੌਰ ਹੈ ਜਦੋਂ ਕਵੀ ਦੇ ਆਲੇ-ਦੁਆਲੇ ਬੇਗਾਨਗੀ, ਉਦਾਸੀ, ਇੱਕਲਤਾ ਅਤੇ ਝੋਰਿਆਂ ਦੀ ਧੁੰਦ ਪਸਰਨ ਲਗਦੀ ਹੈ। ਉਸਨੂੰ ਲਗਦਾ ਹੈ ਕਿ ਉਸਦੇ ਪੈਰਾਂ ਹੇਠੋਂ ਉਸਦੇ ਹਿੱਸੇ ਦੀ ਜ਼ਮੀਨ ਖਿਸਕ ਰਹੀ ਹੈ। ਜਿਵੇਂ ਉਸਦੀਆਂ ਜੜ੍ਹਾਂ ਨੰਗੀਆਂ ਹੋ ਰਹੀਆਂ ਹੋਣ। ਇਥੇ ਕਵੀ ਨੂੰ ਇੰਝ ਲਗਦਾ ਹੈ ਜਿਵੇਂ ਕੋਈ ਉਸਨੂੰ ਉਸਦੀ ਆਪਣੀ ਦੁਨੀਆਂ ਵਿਚੋਂ ਕੋਈ ਖਾਰਜ ਕਰ ਰਿਹਾ ਹੈ। ਉਸਦੇ ਪੁਰਖੇ ਉਸਦੇ ਅਵਚੇਤਨ ਵਿਚ ਖੌਰੂ ਪਾਉਣ ਲਗਦੇ ਹਨ। ਇਸ ਸਬੰਧੀ ਉਸਦੀ ਪੁਸਤਕ 'ਸਿਮਰਤੀਆਂ ਦੀ ਲਾਲਟੈਨ' ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਇੱਥੇ ਸਿਮਰਤੀਆਂ ਦੀ ਲਾਲਟੈਨ ਦਾ ਵਰਤਿਆ ਗਿਆ ਚਿਹਨ ਕਵੀ ਦੀ ਭੂਤਕਾਲੀ ਪੂਰਵਲੀ ਵਿਰਾਸਤ ਦਾ ਪ੍ਰਤੀਕ ਹੈ, ਜਿਸਨੂੰ ਉਹ ਭਵਿੱਖੀ ਦਰਪੇਸ਼ ਮਸਲਿਆਂ ਦੀ ਸਮਝ ਤੇ ਸਮਾਧਾਨ ਲਈ ਵਾਰ ਵਾਰ ਸਿਮਰਦਾ ਹੈ। ਕਵੀ ਆਪਣੀ ਸੰਘਰਸ਼ਮਈ ਵਿਰਾਸਤ ਦੀ ਰੋਸ਼ਨੀ ਵਿਚ ਅਜੋਕੇ ਜੀਵਨ ਦੀਆਂ ਵਿਕਰਾਲ ਪ੍ਰਸਥਿਤੀਆਂ ਨਾਲ ਸੰਵਾਦ ਰਚਾਉਂਦਾ ਹੋਇਆ ਆਪਣੇ ਰੋਹ-ਵਿਦਰੋਹ ਨੂੰ ਅਭਿਵਿਅਕਤੀ ਦਿੰਦਾ ਹੈ। ਇਹ ਉਹ ਸਮਾਂ ਹੈ ਜਦੋਂ ਕਵੀ ਇਕੋ ਵੇਲੇ ਕਈ ਮੋਰਚਿਆਂ 'ਤੇ ਜੀਵਨ-ਯੁੱਧ ਲੜ ਰਿਹਾ ਹੈ। ਉਹ ਅੰਧਕਾਰ ਦੇ ਵੱਖ ਵੱਖ ਚਿਹਰਿਆਂ ਅੱਗੇ ਪਿੱਤਰੀ ਲਾਲਟੈਨ ਨਾਲ ਮੁਖ਼ਾਤਬ ਹੁੰਦਾ ਹੈ। ਜੇਕਰ ਅਮਰਜੀਤ ਕੌਂਕੇ ਦੀਆਂ ਕਵਿਤਾਵਾਂ ਦੀ ਅੰਦਰਲੀ ਧੁਨੀ ਵੱਲ, ਧਿਆਨ ਮਾਰਿਆਂ ਜਾਵੇ ਤਾਂ ਇਹ ਕਵਿਤਾਵਾਂ ਉਸਦੇ ਹਾਣ ਦੇ ਗੁੰਮ ਗਵਾਚ ਰਹੇ ਸੰਸਾਰ ਦੇ ਬਾਵਜੂਦ ਵੀ ਮਨੁੱਖੀ ਜੀਵਨ ਵਿੱਚ ਗਹਿਰੀ ਆਸਥਾ ਰੱਖਦੀਆਂ ਹਨ। ਉਹ ਵਿਰੋਧੀ ਪ੍ਰਸਥਿਤੀਆਂ ਅਤੇ ਵਿਕਰਾਲ ਪ੍ਰਸਥਿਤੀਆਂ ਵਿਚ ਵੀ ਆਪਣੇ ਖਿੰਡ ਚੁੱਕੇ ਸੁਪਨ ਸੰਸਾਰ ਦਾ ਟੁਕੜਾ ਟੁਕੜਾ ਜੋੜਕੇ ਇਕ ਜਿਊਣ ਜੋਗੀ ਦੁਨੀਆਂ ਘੜਨ ਦੇ ਆਹਰ ਵਿਚ ਲੱਗਾ ਰਹਿੰਦਾ ਹੈ।
ਕਿਰਚਾਂ ਨੂੰ ਵੇਖਿਆ
ਲਹੂ 'ਚ ਤੈਰਦਿਆਂ
ਰਗਾਂ 'ਚ ਭੁਰਦਿਆਂ ਵੇਖਿਆ
ਸੁਪਨੇ ਕਿਰਚਾਂ 'ਚ ਵਟਦੇ
ਜਿਸਮ ਚੋਂ ਉਗਦੇ ਤੱਕੇ
ਕਿੰਨੀ ਹੀ ਵਾਰ
ਪਰ ਨੈਣ ਹਨ ਚੰਦਰੇ
ਕਿ ਸੁਪਨੇ ਵੇਖਣ ਦੀ
ਆਦਤ ਨਹੀਂ ਛੱਡਦੇ
(ਸਿਮਰਤੀਆਂ ਦੀ ਲਾਲਟੈਨ, ਪੰਨਾ:94)
ਉਪਰੋਕਤ ਕਵਿਤਾ ਦੇ ਹਵਾਲੇ ਵਿਚ ਜੇਕਰ ਉਸਦੀ ਸਮੁੱਚੀ ਕਵਿਤਾ ਵਿਚਲੀ ਟੈਕਸਟ ਦਾ ਗਹਿਨ ਅਧਿਐਨ ਕੀਤਾ ਜਾਵੇ ਤਾਂ ਉਸਦੀਆਂ ਉਦਾਸੀਆਂ ਅਤੇ ਬੇਚੈਨੀਆਂ ਦੀ ਅੰਦਰਲੀ ਤਹਿ ਵਿਚ ਇਕ ਗਹਿਰਾ ਆਸ਼ਾਵਾਦ ਕਾਰਜਸ਼ੀਲ ਰਹਿੰਦਾ ਹੈ ਜਿਸਨੂੰ ਉਸਦੇ ਸਮੁੱਚੇ ਕਾਵਿ-ਸੰਸਾਰ ਦੇ ਆਰ ਪਾਰ ਫੈਲਿਆ ਹੋਇਆ ਵੇਖ ਸਕਦੇ ਹਾਂ। ਉਸਦੀ ਕਵਿਤਾ 'ਅਸੀਂ ਏਥੇ ਰਹਾਂਗੇ' ਇਸ ਗੱਲ ਦੀ ਤਕੜੀ ਸ਼ਾਹਦੀ ਭਰਦੀ ਹੈ:
ਅਸੀਂ ਏਥੇ ਰਹਾਂਗੇ ਸਦਾ
ਇਹ ਧਰਤੀ ਸਾਡੀ ਹੈ
ਅਸੀਂ ਇਸ ਮਿੱਟੀ ਨੂੰ
ਖੂਨ ਨਾਲ ਸਿੰਜਿਆ
ਇਹ ਖਿੜੇ ਫੁੱਲ
ਕਣਕ ਦੇ ਸਿੱਟੇ
ਝੋਨੇ ਦੀਆਂ ਮੁੰਜਰਾਂ
ਸਾਡੇ ਖੂਨ ਪਸੀਨੇ ਦਾ ਬਦਲ ਨੇ
(ਸਿਮਰਤੀਆਂ ਦੀ ਲਾਲਟੈਨ, ਪੰਨਾ: 127)
ਅਮਰਜੀਤ ਕੌਂਕੇ ਦਾ ਸਫਰ ਜਿਉਂ ਜਿਉਂ ਪੜਾਅ ਦਰ ਪੜਾਅ ਅੱਗੇ ਵੱਧ ਵਧਦਾ ਜਾਂਦਾ ਹੈ ਉਸਦੀ ਕਵਿਤਾ ਦੀ ਸੁਰ ਚਿੰਤਨੀ ਅਤੇ ਗੰਭੀਰ ਹੁੰਦੀ ਜਾਂਦੀ ਹੈ। ਇਸ ਪੜਾਅ 'ਤੇ ਆ ਕੇ ਉਸਦੀ ਕਵਿਤਾ ਕਿਰਿਆ-ਪ੍ਰਤੀਕਿਰਿਆ ਵਿਚੋਂ ਨਿਕਲ ਕੇ ਮਨੁੱਖੀ ਜੀਵਨ ਦੇ ਗੰਭੀਰ ਵਰਤਾਰਿਆਂ ਦੀ ਥਾਹ ਪਾਉਣ ਦੀ ਕੋਸ਼ਿਸ਼ ਕਰਦੀ ਹੈ। ਅਸੀਂ ਇਸ ਕਵਿਤਾ ਨੂੰ ਕਿਸੇ ਇਕ ਚੌਖਟੇ ਵਿਚ ਰੱਖਕੇ ਨਹੀਂ ਪਰਖ ਸਕਦੇ ਸਗੋਂ ਇਸ ਕਾਰਜ ਲਈ ਉਸਦੇ ਅਤੀਤ ਵਰਤਮਾਨ ਅਤੇ ਭਵਿੱਖੀ ਮਸਲਿਆਂ ਅਤੇ ਸੰਕਟਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕਵਿਤਾ ਦਾ ਸਬੰਧ ਕਵੀ ਦੇ ਨਿਜਤਵ ਜਾਂ ਬਾਹਰਮੁਖੀ ਸੰਸਾਰ ਨਾਲ ਨਹੀਂ ਹੁੰਦਾ, ਸਗੋਂ ਇਹ ਮਨੁੱਖ ਦੇ ਅਵਚੇਤਨੀ ਸੱਚ ਦੀ ਦਸਤਾਵੇਜ਼ ਵੀ ਹੁੰਦੀ ਹੈ। ਆਧੁਨਿਕ ਮਾਨਵ ਵਿਗਿਆਨੀਆਂ ਅਤੇ ਲੋਕਧਾਰਾ ਵਿਗਿਆਨੀਆਂ ਨੇ ਕਵਿਤਾ ਨੂੰ ਮਨੁੱਖੀ ਅਵਚੇਤਨ ਦੇ ਹਨੇਰੇ ਦੀ ਵਿਆਕਰਨ ਕਿਹਾ ਹੈ। ਮਨੁੱਖ ਵਾਸਤਿਵਕ ਵਿਚ ਜੋ ਗੁਆ ਲੈਂਦਾ ਹੈ, ਉਹ ਉਸਦੇ ਅਵਚੇਤਨ ਵਿਚ ਡੂੰਘਾ ਅੰਕਿਤ ਹੋ ਜਾਂਦਾ ਹੈ। ਗੁਆਚਿਆ ਸੱਚ ਸੁਪਨੇ ਦੀ ਜੂਨ ਪੈ ਜਾਂਦਾ ਹੈ। ਅਵਚੇਤਨ ਦੇ ਹਨ੍ਹੇਰੇ ਵਿਚ ਕੁਝ ਮਰਦਾ ਨਹੀਂ, ਮੌਕਾ ਮਿਲਦੇ ਹੀ ਜਾਗ ਪੈਂਦਾ ਹੈ। ਅਮਰਜੀਤ ਕੌਂਕੇ ਦੀ ਕਵਿਤਾ ਮਨੁੱਖ ਦੇ ਵਸਤੂ ਸੰਸਾਰ ਨਾਲੋਂ ਉਸਦੇ ਮਨੋ-ਸੰਸਾਰ ਦੇ ਵਧੇਰੇ ਨੇੜੇ ਹੈ। ਉਹ ਆਪਣੇ ਆਲੇ ਦੁਆਲੇ ਦੇ ਸੰਵਾਦ ਵਿਚੋਂ ਅਜਿਹੀ ਕਵਿਤਾ ਦੀ ਸਿਰਜਣਾ ਕਰਦਾ ਹੈ ਜਿਸ ਦਾ ਸਬੰਧ ਮੂਲ ਮਾਨਵੀ ਸਰੋਕਾਰਾਂ ਨਾਲ ਜੁੜਿਆ ਹੋਇਆ ਹੈ। ਵਿਸ਼ਵੀਕਰਨ ਦੇ ਇਸ ਦੌਰ ਵਿਚ ਮਨੁੱਖੀ ਹੋਂਦ ਨਿਗੂਣੀ ਬਣ ਕੇ ਰਹਿ ਗਈ ਹੈ। ਮੰਡੀ ਦੇ ਖਪਤ ਸੱਭਿਆਚਾਰ ਨੇ ਬੰਦੇ ਦੀ ਵੇਦਨਾ ਸੰਵੇਦਨਾ ਨੂੰ ਗਹਿਰੀ ਢਾਹ ਲਾਈ ਹੈ। ਮੰਡੀ ਦੇ ਏਜੰਟ ਬੰਦੇ ਨੂੰ ਇਸ਼ਤਿਹਾਰ ਵਿਚ ਬਦਲਣ ਲਈ ਹਰ ਹੀਲਾ ਵਰਤ ਰਹੇ ਹਨ। ਬੋਹੜ ਤੋਂ ਇਸ਼ਤਿਹਾਰ ਦੀ ਲੜਾਈ ਬੜੇ ਨਾਜ਼ੁਕ ਦੌਰ ਵਿਚ ਪਹੁੰਚ ਚੁੱਕੀ ਹੈ। ਮੀਡੀਆਂ ਦੀ ਚਕਾਚੌਂਧ ਅਤੇ ਚੈਨਲਾਂ ਦੀ ਦਹਿਸ਼ਤ
ਵਿਚ ਮਨੁੱਖ ਦੇ ਮੂਲ ਮੁੱਦੇ ਪਿੱਠਭੂਮੀ ਵਿਚ ਜਾ ਡਿੱਗੇ ਹਨ। ਇਸ ਤਰ੍ਹਾਂ ਕਾਰਪੋਰੇਟੀ ਵਿਕਾਸ ਦੀ ਗਹਿਰੀ ਧੁੰਦ ਅਤੇ ਅਨਿਸ਼ਚਿਤਤਾ ਵਿਚ ਮਨੁੱਖ ਆਪਣੇ ਹੀ ਨਕਸ਼ ਪਛਾਣਨ ਤੋਂ ਆਹਰੀ ਹੈ। ਅਜਿਹੀ ਸਥਿਤੀ ਵਿਚ ਮੂਲ ਮਨੁੱਖੀ ਪ੍ਰਵਿਰਤੀਆਂ ਦਾ ਹਨਨ ਮਨੁੱਖ ਨੂੰ ਇਕ ਅਜਨਬੀ ਸਥਿਤੀਆਂ ਵੱਲ ਧੱਕ ਦਿੰਦਾ ਹੈ। ਅਜਿਹੀਆਂ ਪ੍ਰਸਥਿਤੀਆਂ ਵਿਚ ਘਿਰਿਆ ਮਨੁੱਖ ਇਕ ਸਲੀਪ ਵਾਕਰ ਵਾਂਗ ਹੁੰਦਾ ਹੈ। ਜਿਹੜਾ ਕਿ ਡੂੰਘੀ, ਨੀਂਦ ਰੂਪੀ ਹਾਈਬਰਨੇਸ਼ਨ ਵਿਚ ਉਤਰ ਜਾਂਦਾ ਹੈ। ਇਸ ਤਰ੍ਹਾਂ ਦੇ ਅਨਿਸ਼ਚਿਤ ਵਾਤਾਵਰਨ ਵਿਚ ਕਵੀ ਆਪਣੀ ਲਘੂ ਹੋਂਦ ਨੂੰ ਜੋੜਨ ਤੋੜਨ ਅਤੇ ਮੁੜ ਪ੍ਰੀਭਾਸ਼ਤ ਕਰਨ 'ਤੇ ਲੱਗਾ ਰਹਿੰਦਾ ਹੈ ਤੇ ਉਸਦੀ ਚੇਤਨਾ ਵਿਚੋਂ ਮੂਲ ਮਾਨਵੀ ਸਰੋਕਾਰ ਮਨਫ਼ੀ ਹੋਣ ਲਗਦੇ ਹਨ। ਉਸਦੀ ਚੇਤਨਾ ਜੁਗਨੂੰਆਂ ਦੀ ਰੋਸ਼ਨੀ ਤਾਂ ਫੜ ਲੈਂਦੀ ਹੈ ਪਰ ਸੂਰਜ ਦਾ ਅਕਸ ਫੜਨ ਵਿਚ ਵਿਫ਼ਲ ਹੋ ਜਾਂਦੀ ਹੈ। ਇਸ ਸੰਦਰਭ ਵਿਚ ਚੌਂਕੇ ਦੀ ਕਾਵਿ-ਪੁਸਤਕ 'ਪਿਆਸ' ਨੂੰ ਵੇਖਿਆ ਜਾ ਸਕਦਾ ਹੈ। ਇਹ ਕਾਵਿ ਪੁਸਤਕ ਵਿਸ਼ਵੀਕਰਨ ਦੀ ਜਟਿਲ ਪ੍ਰਕਿਰਿਆ ਵਿੱਚ ਦਿਨ-ਬ-ਦਿਨ ਇਕੱਲੇ ਹੋ ਰਹੇ ਮਨੁੱਖ ਦੀ ਤ੍ਰਾਸਦਿਕ ਸਥਿਤੀ ਵੱਲ ਧਿਆਨ ਦਿਵਾਉਂਦੀ ਹੈ। ਮੰਡੀ ਦਾ ਕੰਮ ਸਮੂਹਿਕਤਾ ਨੂੰ ਖ਼ਤਮ ਕਰਕੇ ਉਸ ਖਪਤਵਾਦੀ ਮਨੁੱਖ ਨੂੰ ਪੈਦਾ ਕਰਨਾ ਹੈ ਜਿਹੜਾ ਕਿ ਮੰਡੀ ਦੀਆਂ ਲੋੜਾਂ ਦਾ ਅਨੁਸਾਰੀ ਹੋਵੇ। ਆਪਣੇ ਇਸ ਅਮਲ ਦੀ ਪੂਰਤੀ ਹਿੱਤ ਮੰਡੀ ਨਿੱਕੇ ਨਿੱਕੇ ਸਥਾਨਕ ਸੱਭਿਅਚਾਰਾਂ ਨੂੰ ਤੇਜ਼ੀ ਨਾਲ ਨਿਗਲ ਰਹੀ ਹੈ। ਬਾਜ਼ਾਰ ਸਾਡੀਆਂ ਜੜ੍ਹਾਂ ਤੀਕ ਪਹੁੰਚ ਚੁਕਿਆ ਹੈ। ਇਥੋਂ ਤੱਕ ਇਹ ਕਿ ਇਹ ਸਾਡੇ ਜੀਨਾਂ ਵਿਚ ਵੀ ਘੁਮਪੈਠ ਕਰਨ ਲੱਗਾ ਹੈ। ਅਜਿਹੇ ਹਾਲਾਤ ਵਿਚ ਇਕ ਸੰਵੇਦਨਸ਼ੀਲ ਮਨੁੱਖ ਅਜਨਬੀਕਰਨ ਦੀ ਸਥਿਤੀ ਵਿਚ ਘਿਰਿਆ ਹੋਇਆ ਆਪਣੇ ਅੰਦਰਲਾ ਬੂਹਾ ਬੰਦ ਕਰਕੇ ਰੋਂਦਾ ਵੀ ਹੈ ਤੇ ਖ਼ੁਦ ਨੂੰ ਦਿਲਾਸਾ ਵੀ ਦਿੰਦਾ ਹੈ। ਇਸ ਸਬੰਧੀ ਕੌਂਕੇ ਦੀ ਕਵਿਤਾ 'ਬਹੁਤ ਉਦਾਸ ਸਾਂ' ਵੇਖੀ ਜਾ ਸਕਦੀ ਹੈ-
ਬਹੁਤ ਉਦਾਸ ਸਾਂ
ਆਪਣੇ ਹੀ ਮੋਢੇ ਤੇ
ਸਿਰ ਧਰ ਕੇ ਰੋਣ ਲੱਗਿਆਂ
ਬਾਹਾਂ 'ਚ ਲੈ ਕੇ ਘੁੱਟਿਆ
ਦਿਨ ਭਰ ਆਪਣੀਆਂ ਹੀ ਬੋਟੀਆਂ
ਤੋੜ ਤੋੜ ਕੇ ਚੱਬਦਾ ਰਿਹਾ
ਆਪਣੇ ਆਪ ਨੂੰ
ਪਾਣੀ ਵਾਂਗੂ ਨਿਗਲਦਾ ਰਿਹਾ
(ਘੁੱਟ ਘੁੱਟ ਕਰਕੇ (ਪੰਨਾ:78)
'ਪਿਆਸ' ਕਾਵਿ-ਸੰਗ੍ਰਹਿ ਦੀ ਸਾਰੀ ਦੀ ਸਾਰੀ ਕਵਿਤਾ ਕਵੀ ਦੇ ਧੁਰ ਅੰਦਰਲੀ 'ਪਿਆਸ' ਨੂੰ ਮੁਖਾਤਬ ਹੁੰਦੀ ਹੈ। ਪਿਆਸ ਕਵੀ ਦੀ ਜੀਵਨ ਪ੍ਰਤੀ ਜਿਗਿਆਸਾ ਦਾ ਪ੍ਰਤੀਕ ਹੈ। ਕਵੀ ਖੁੱਭ ਕੇ ਆਪਣਾ ਜੀਵਨ ਮਾਨਣਾ ਚਾਹੁੰਦਾ ਹੈ। ਉਹ ਘਰ ਸਮਾਜ ਅਤੇ ਕਵਿਤਾ ਵਿਚੋਂ ਆਪਣੇ ਲਹੂ ਦਾ ਸੰਗੀਤ ਸੁਣਨਾ ਚਾਹੁੰਦਾ ਹੈ। ਪਰ ਜਦੋਂ ਉਹ ਆਪਣੇ ਆਲੇ ਦੁਆਲੇ ਖ਼ੁਦ ਨੂੰ ਕਾਟਵੀਆਂ ਅਤੇ ਵਿਰੋਧੀ ਪ੍ਰਸਥਿਤੀਆਂ ਵਿਚ ਘਿਰਿਆ
ਵੇਖਦਾ ਹੈ ਤਾਂ ਉਸਦਾ ਕਵੀ ਮਨ ਬੁਰੀ ਤਰ੍ਹਾਂ ਆਹਤ ਹੋਣ ਲਗਦਾ ਹੈ। ਉਸਦੀ ਸੰਵੇਦਨਾ ਜਦੋਂ ਬਾਜ਼ਾਰ ਵਿਚ ਵਟ ਰਹੇ ਆਲੇ ਦੁਆਲੇ ਨਾਲ ਟਕਰਾਉਂਦੀ ਹੈ ਤਾਂ ਉਹ ਪੱਥਰ ਵਿਚ ਵਟ ਜਾਂਦਾ ਹੈ। ਇਸ ਤਰ੍ਹਾਂ ਆਪਣੇ ਆਲੇ-ਦੁਆਲੇ ਪ੍ਰਤੀ ਬੇਵਿਸ਼ਵਾਸੀ, ਸਮਾਜਿਕ ਰਿਸ਼ਤਿਆਂ ਤੋਂ ਉਪਰਾਮਤਾ ਦੀ ਇਹ ਧੁਨੀ ਉਸਦੀ ਕਵਿਤਾ ਵਿਚ ਵਾਰ ਵਾਰ ਪਰੋਖ ਰੂਪ 'ਚ ਸਾਡੇ ਸਾਹਮਣੇ ਆਉਂਦੀ ਹੈ। ਇਥੇ ਕਵੀ ਕੇਵਲ ਤੇ ਕੇਵਲ ਆਪਣੀ ਉਪਰਾਮਤਾ ਦਾ ਕਾਵਿ-ਬਿਰਤਾਂਤ ਹੀ ਨਹੀਂ ਸਿਰਜਦਾ ਸਗੋਂ ਜਿਉਂਦੇ ਜਾਗਦੇ ਮਨੁੱਖ ਨੂੰ ਪੱਥਰ ਵਿਚ ਬਦਲ ਰਹੀਆਂ ਸ਼ਕਤੀਆਂ ਦੀ ਪਛਾਣ ਵੀ ਕਰਦਾ ਹੈ
ਬਹੁਤ ਸਮਾਂ ਨਹੀਂ ਹੋਇਆ
ਕੋਈ ਗੀਤ ਸੁਣਦਾ ਸਾਂ
ਤਾਂ ਰੋ ਪੈਂਦਾ ਸਾਂ
ਕਵਿਤਾ ਪੜ੍ਹਦਾ ਸਾਂ
ਤਾਂ ਡੁੱਲ੍ਹ ਪੈਂਦਾ ਸਾਂ
ਅਚਨਚੇਤ ਏਨੇ ਖੰਜਰ
ਪਿੱਠ 'ਚ ਆ ਖੁਭੇ ਇਕਦਮ,
ਕਿ ਅੱਖਾਂ ਨੇ ਖੰਜਰਾਂ ਵਾਲੇ ਹੱਥਾਂ ਨੂੰ ਪਛਾਣਿਆ
ਤੇ ਪੱਥਰ ਹੋ ਗਈਆਂ
ਕੁਝ ਵੀ ਹੋਵੇ
ਹੁਣ ਅੱਥਰੂ ਨਹੀਂ ਆਉਂਦੇ
ਦੁੱਖ ਜੰਮ ਜਾਂਦਾ ਹੈ ਅੰਦਰ
(ਪੱਥਰ ਦੇ ਵਾਂਗ....। (ਪੰਨਾ.99)
ਇਸ ਤਰ੍ਹਾਂ ਕਵੀ ਆਪਣੀ ਸੂਖ਼ਮ ਤੇ ਸਥੂਲ ਦੁਨੀਆਂ ਵਿਚਲੀ ਲੜਾਈ ਨੂੰ ਵੱਖ- ਵੱਖ ਕਾਵਿ ਜੁਗਤਾਂ ਦੁਆਰਾ ਪ੍ਰਗਟਾਉਂਦਾ ਹੋਇਆ ਕਾਵਿ ਸਿਰਜਣਾ ਕਰਦਾ ਹੈ। ਉਸਦੀ ਅੱਖ ਦ੍ਰਿਸ਼ ਤੇ ਅਦ੍ਰਿਸ਼ ਵਰਤਾਰਿਆਂ ਨੂੰ ਮਾਨਵੀ ਸੰਵੇਦਨਾ ਦੇ ਰੂਪ ਵਿਚ ਘੋਖਦੀ ਪਰਖਦੀ ਹੋਈ ਕਵਿਤਾ ਵਿਚ ਚਿਤਰਤ ਕਰਦੀ ਹੈ। ਉਸਦੀ ਕਵਿਤਾ ਸਾਡੇ ਸਮਾਜ ਸੱਭਿਆਚਾਰ ਦੀਆਂ ਅਨੇਕਾਂ ਵਿਰੋਧਤਾਈਆਂ ਨੂੰ ਪ੍ਰਗਟਾਉਂਦੀ ਹੋਈ ਸਾਡੇ ਸਮਾਜ ਸੱਭਿਆਚਾਰ ਦੇ ਜੜ੍ਹ ਹੋ ਚੁੱਕੇ ਸਨਾਤਨੀ ਪਰੰਪਰਕ ਮੁੱਲ ਵਿਧਾਨ ਨੂੰ ਨਕਾਰਨ ਦੇ ਰਾਹ ਤੁਰਦੀ ਹੈ। ਉਹ ਸਾਡੀ ਸਮੁੱਚੀ ਵਿਵਸਥਾ ਦੇ ਉਨ੍ਹਾਂ ਪਹਿਲੂਆਂ ਦੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਜਿਹੜੇ ਮਨੁੱਖ ਨੂੰ ਆਪਣਾ ਹੱਥਠੋਕਾ ਬਣਾਉਣ ਵਿਚ ਲੱਗੇ ਹੋਏ ਹਨ। ਇਥੇ ਕਵੀ ਦੀ ਸੁਰ ਚਿੰਤਨੀ ਹੈ। ਉਸਦੀ ਕਵਿਤਾ ਅੰਦਰਲੀ ਪਰਿਕਰਮਾ ਤੋਂ ਮੁਕਤ ਹੁੰਦੀ ਹੋਈ ਅੰਤ ਵਿਚ ਵਿਚਾਰਧਾਰਕ ਨੁਕਤਿਆਂ ਦੁਆਲੇ ਕੇਂਦਰਤ ਹੋਣ ਲਗਦੀ ਹੈ। ਉਹ ਸਮਾਜਿਕ ਅਤੇ ਰਾਜਨੀਤਕ ਬੁਰਛਾਗਰਦੀ ਪਿੱਛੇ ਕਾਰਜਸ਼ੀਲ ਧਿਰਾਂ ਦੀ ਇਤਿਹਾਸਕ ਅਤੇ ਸੱਭਿਆਚਾਰਕ ਧੋਂਸ ਅੱਗੇ ਕਈ ਮਹੱਤਵਪੂਰਨ ਸਵਾਲ ਉਠਾਉਂਦਾ
ਹੈ। ਉਹ ਆਪਣੇ ਅੰਦਰ ਤੇ ਬਾਹਰ ਚਲਦੇ 'ਮਹਾਂਭਾਰਤ' ਵਿਚੋਂ ਇਕ ਦਿਸ਼ਾ ਅਖਤਿਆਰ ਕਰਨ ਦਾ ਯਤਨ ਕਰਦਾ ਹੈ:-
ਐ ਅਹੁਦਿਆਂ ਦੇ ਆਲੰਬਰਦਾਰੋ।
ਵੱਡਿਓ ਸਰਦਾਰੋ।
ਜਵਾਬ ਦੇਣਾ ਪਵੇਗਾ ਇਕ ਦਿਨ......
ਤੁਹਾਨੂੰ ਕੁਰਸੀ ਨੇ
ਸਭ ਕੁਝ ਭੁਲਾ ਦਿੱਤਾ ਹੈ.......
ਪਰ ਨਹੀਂ ਭੁੱਲਣਗੇ ਉਹ
ਜਿਹਨਾਂ ਦੇ ਬਣਦੇ ਹੱਕ ਖੋਹ ਕੇ
ਤੁਸੀਂ ਆਪਣੀਆਂ ਸੇਜਾਂ ਤੇ ਵਿਛਾ ਲਏ
ਉਠਣਗੇ
ਇਹ ਸਾਰੇ ਏਕਲੱਵਿਆ ਇਕ ਦਿਨ
ਜਿਹੜੇ ਆਪਣੇ ਅੰਗੂਠੇ ਦੀ ਥਾਂ
ਤੁਹਾਡੀਆਂ ਦਰੋਣਾਚਾਰੀਆਂ-ਸਾਜ਼ਿਸਾਂ
ਦੇ ਸਾਰੇ ਪਰਦੇ ਚੀਰ ਦੇਣਗੇ ਤੁਹਾਨੂੰ ਤੀਰ ਦੇਣਗੇ
(ਪੰਨਾ:87)
ਉਸਦੀ ਸ਼ਾਇਰੀ ਮਨੁੱਖੀ ਮਨ ਦੇ ਅਵਚੇਤਨੀ ਮਨ ਦੇ ਅਵਚੇਤਨੀ ਹਨੇਰਿਆਂ ਚੋਂ ਆਵਾਮ ਵੱਲ ਪਰਤਦੀ ਹੋਈ ਗਹਿਰ ਗੰਭੀਰ ਮਾਨਵੀ ਸਰੋਕਾਰਾਂ ਨਾਲ ਸੰਵਾਦ ਰਚਾਉਣ ਲਗਦੀ ਹੈ। ਇਹ ਸੰਵਾਦ ਉਸਦੀ ਕਵਿਤਾ ਨੂੰ ਸਿਖਰ ਵੱਲ ਲੈ ਕੇ ਜਾਂਦਾ ਹੋਇਆ ਉਸਨੂੰ ਮਨੁੱਖੀ ਜੀਵਨ ਦੇ ਕਠੋਰ ਤੇ ਵਿਸ਼ੈਲੇ ਰਾਹਾਂ ਦਾ ਹਮਸਫ਼ਰ ਬਣਾਉਂਦਾ ਹੈ। ਕਿਸੇ ਵੀ ਖੂਬਸੂਰਤ ਅਤੇ ਸ਼ਕਤੀਸ਼ਾਲੀ ਕਵਿਤਾ ਦੀ ਬੁਨਿਆਦ ਇਥੋਂ ਹੀ ਸ਼ੁਰੂ ਹੁੰਦੀ ਹੈ ਅਤੇ ਇਥੇ ਹੀ ਖ਼ਤਮ ਹੁੰਦੀ ਹੈ। ਇਸ ਤਰ੍ਹਾਂ ਇਸ ਕਵਿਤਾ ਨੂੰ ਵਿਰਾਸਤੀ ਸੰਘਰਸ਼ ਦੀ ਬੇਜੋੜ ਪਰੰਪਰਾ ਦੀ ਰੋਸ਼ਨੀ ਵਿਚ ਪੜ੍ਹਨਾ ਹੋਰ ਵੀ ਅਰਥਪੂਰਨ ਬਣ ਜਾਂਦਾ ਹੈ। ਉਪਰੋਕਤ ਹਵਾਲੇ ਦੇ ਸਬੰਧ ਵਿਚ ਕਵੀ ਆਪਣਾ ਹਲਫ਼ੀਆਂ ਬਿਆਨ 'ਜੇ' ਕਵਿਤਾ ਰਾਹੀਂ ਜਨਤਾ ਦੀ ਕਚਹਿਰੀ ਵਿਚ ਦਰਜ ਕਰਾਉਂਦਾ ਹੋਇਆ ਲਿਖਦਾ ਹੈ:-
ਜੇ ਮੇਰੀਆਂ ਕਵਿਤਾਵਾਂ
ਕਿਸੇ ਦੀ ਪੀੜ ਦਾ
ਬਿਆਨ ਨਹੀਂ ਕਰਦੀਆਂ
ਤਾਂ ਰੁਲਣ ਦਿੱਓ
ਮੇਰੀ ਕਵਿਤਾਵਾਂ ਨੂੰ
ਸੜਕਾਂ ਤੇ ਗਲੀਆਂ 'ਚ
ਕੂੜੇ ਦੇ ਢੇਰਾਂ ਤੇ
ਜਿਨ੍ਹਾਂ ਨੂੰ ਕੂੜਾ ਚੁਗਦੇ ਬੱਚੇ
ਵੇਚ ਕੇ
ਅੰਨ ਦੀ ਮੁੱਠੀ ਖਰੀਦ ਸਕਣ
ਜੇ ਇਹ ਆਮ ਆਦਮੀ ਦੇ
ਕੰਮ ਦੀਆਂ ਨਹੀਂ
ਤਾਂ ਇਨ੍ਹਾਂ ਨੂੰ
ਲਾਇਬਰੇਰੀਆਂ 'ਚ
ਸਾਂਭ ਕੇ
ਕੀ ਕਰਨਾ
ਪਿਆਸ (ਪੰਨਾ: 159)
ਇਸ ਤਰ੍ਹਾਂ ਅਮਰਜੀਤ ਕੌਂਕੇ ਦੀ ਕਵਿਤਾ ਨਿੱਜਵਾਦੀ ਰੁਚੀਆਂ ਅਤੇ ਅਜੋਕੇ ਜੀਵਨ ਦੇ ਖਪਤਵਾਦੀ ਰੁਝਾਨਾਂ ਤੋਂ ਅੱਗੇ ਜਾਂਦੀ ਹੋਈ ਸਮਾਜਵਾਦੀ ਧਾਰਨਾਵਾਂ ਵਿਚ ਆਪਣਾ ਵਿਸ਼ਵਾਸ਼ ਪੱਕਾ ਕਰਦੀ ਹੈ। ਕਵੀ ਦੇ ਬਿੰਬ, ਪ੍ਰਤੀਕ ਅਤੇ ਅਲੰਕਾਰ ਸੱਜਰੇ ਅਤੇ ਨਰੋਏ ਹਨ। ਉਸਦੀ ਕਵਿਤਾ ਦੀ ਸ਼ਕਤੀ ਉਸਦੇ ਚਿਹਨੀਕਰਨ ਵਿਚ ਪਈ ਹੋਈ ਹੈ। ਉਹ ਆਪਣੇ ਅੰਦਰਲੇ ਅਤੇ ਬਾਹਰਲੇ ਵਰਤਾਰਿਆਂ ਨੂੰ ਚਿਹਨਾਂ ਵਿਚ ਪ੍ਰਗਟਾਉਣ ਵੱਲ ਵਧੇਰੇ ਰੁਚਿਤ ਹੈ। ਉਸਦੇ ਅੰਦਰ ਕਵਿਤਾ ਦਾ ਇਕ ਅਥਾਹ ਜ਼ਖੀਰਾ ਹੈ, ਜਿਸਨੂੰ ਉਹ ਆਪਣੇ ਜੀਵਨ ਦੇ ਵੱਖ-ਵੱਖ ਅਨੁਭਾਵਾਂ ਦੁਆਰਾ ਅਭਿਵਿਅਕਤ ਕਰਦਾ ਹੈ। ਜੇਕਰ ਇਸ ਕਵਿਤਾ ਨੂੰ ਇਸਦੇ ਸਮੁੱਚ ਵਿਚ ਵੇਖਿਆ ਜਾਵੇ ਤਾਂ ਇਸਦੇ ਵਿਚਾਰਧਾਰਾਈ ਆਧਾਰਾਂ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ।
ਅੰਤ ਵਿਚ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਚੌਂਕੇ ਦੀ ਕਵਿਤਾ ਆਪਣੀਆਂ ਨਿੱਜੀ ਵਲਗਣਾਂ ਨੂੰ ਤੋੜਦੀ ਹੋਈ ਅੰਦਰਲੇ ਜਗਤ ਤੋਂ ਬਾਹਰਲੇ ਜਗਤ ਨਾਲ ਨਾਤਾ ਜੋੜਦੀ ਹੈ। ਇੱਥੇ ਕਵੀ ਆਪਣੇ ਅੰਦਰਲੇ ਤਮਾਮ ਦਵੰਦਾਂ ਨੂੰ ਸਰ ਕਰਦਾ ਹੋਇਆ ਆਪਣੀਆਂ ਉਦਾਸੀਆਂ, ਬੇਚੈਨੀਆਂ ਅਤੇ ਦੁਸ਼ਵਾਰੀਆਂ ਦਾ ਹੱਲ ਜਮਾਤੀ ਸੰਘਰਸ਼ ਵਿਚ ਤਲਾਸ਼ ਕਰਦਾ ਹੈ। ਉਸਦੀ ਕਵਿਤਾ ਵਿਚ ਇਹ ਸਥਿਤੀ ਉਸਦੇ ਨਿੱਜ ਦੀ ਲੰਬੀ ਪਰਿਕਰਮਾ ਤੋਂ ਬਾਅਦ ਵਾਪਰਦੀ ਹੈ। ਇਥੇ ਕਵੀ ਆਪਣੀ ਚੇਤਨਾ ਨੂੰ ਸਮੂਹਿਕ ਚੇਤਨਾ ਵਿਚ ਢਾਲਕੇ ਬੜੇ ਸ਼ਕਤੀਸ਼ਾਲੀ ਢੰਗ ਨਾਲ ਆਪਣੀ ਕਵਿਤਾ ਦਾ ਅਰਥ- ਉਤਪਾਦਨ ਕਰਦਾ ਹੈ। ਉਹ ਆਪਣੀ 'ਆਦਿ-ਕਾਲੀ ਪਿਆਸ' ਅਤੇ ਵਰਜਿਤ ਜੀਵਨ ਸੋਮਿਆਂ ਵਿਚਲੀ ਦੂਰੀ ਅਤੇ ਇਸ ਦੂਰੀ ਪਿੱਛੇ ਕਾਰਜਸ਼ੀਲ ਸ਼ਕਤੀਆਂ ਨੂੰ ਵੰਗਾਰਦਾ ਹੋਇਆ ਆਪਣੀ ਡੂੰਘੀ ਕਾਵਿ-ਚੇਤਨਾ ਦਾ ਪ੍ਰਮਾਣ ਦਿੰਦਾ ਹੈ।
ਸਵਰਨਜੀਤ ਸਵੀ ਦੇ ਕਾਵਿ ਸਰੋਕਾਰ
ਡਾ. ਜਤਿੰਦਰਦੀਪ ਕੌਰ
ਸਮਕਾਲੀ ਪੰਜਾਬੀ ਕਵਿਤਾ ਵਿੱਚ ਜਿਨ੍ਹਾਂ ਪ੍ਰਤੀਨਿਧ ਸ਼ਾਇਰਾਂ ਦਾ ਨਾਮ ਸਥਾਪਿਤ ਹੈ, ਉਹਨਾਂ ਵਿੱਚ ਸਵਰਨਜੀਤ ਸਵੀ ਵਿਸ਼ੇਸ਼ ਮਹੱਤਵ ਦਾ ਧਾਰਨੀ ਹੈ ਜਿਨ੍ਹਾਂ ਨੇ ਨਵੀਂ ਪੰਜਾਬੀ ਕਵਿਤਾ ਨੂੰ ਨਵੇਂ ਪਾਸਾਰ ਹੀ ਨਹੀਂ ਦਿੱਤੇ ਸਗੋਂ ਕਾਵਿ ਰੂਪਾਕਾਰ ਨੂੰ ਵੀ ਗਤੀਸ਼ੀਲਤਾ ਪ੍ਰਦਾਨ ਕਰਕੇ ਅਜਿਹਾ ਰੂਪ ਦਿੱਤਾ ਹੈ ਜਿਸਦਾ ਕਾਵਿ ਵਿਵੇਕ ਅਤੇ ਚਿਹਨ ਸ਼ਾਸਤਰ ਧਿਆਨ ਦੀ ਮੰਗ ਕਰਦਾ ਹੈ। ਸਵਰਨਜੀਤ ਸਵੀ ਦਾ ਕਾਵਿ 'ਦਾਇਰਿਆਂ ਦੀ ਕਬਰ 'ਚੋਂ 'ਤੋਂ ਆਰੰਭ ਹੋ ਕੇ 'ਅਵੱਗਿਆ, 'ਦਰਦ ਪਿਆਦੇ ਹੋਣ’ ਦਾ, 'ਦੇਹੀ ਨਾਦ', 'ਕਾਲਾ ਹਾਸ਼ੀਆ ਸੂਹਾ ਗੁਲਾਬ', 'ਕਾਮੇਸ਼ਵਰੀ', 'ਆਸ਼ਰਮ', 'ਮਾਂ' 'ਤੇ ਮੈਂ ਆਇਆ ਬਸ' ਵਰਗੀਆਂ ਕਾਵਿ ਕਚਨਾਵਾਂ ਰਾਹੀ ਵਿਲੱਖਣਤਾ ਗ੍ਰਹਿਣ ਕਰ ਗਿਆ ਹੈ ਜਿਸ ਕਰਕੇ ਨਵੀਂ ਪੰਜਾਬੀ ਕਵਿਤਾ ਦੀ ਚਰਚਾ ਸਵੀ ਤੋਂ ਬਗੈਰ ਪੂਰਨ ਨਹੀਂ ਹੋ ਸਕਦੀ। ਕਵਿਤਾ ਵਿੱਚ ਬਿੰਬ ਸਿਰਜਣ ਵਿਧੀ ਦੇ ਸਫ਼ਲ ਨਿਭਾਉ ਦਾ ਕਾਰਨ ਉਸਦਾ ਚਿੱਤਰਕਾਰ ਹੋਣਾ ਵੀ ਹੈ। ਚਿੱਤਰਕਾਰ ਹੋਣ ਕਰਕੇ ਉਹ ਇਸ ਵਿਧੀ ਪ੍ਰਤੀ ਵਧੇਰੇ ਚੇਤੰਨ ਵੀ ਹੈ। ਅਜਿਹੇ ਸੂਖਮ ਵਿਸ਼ੇ ਦੀ ਸੂਝ ਨੇ ਹੀ ਉਸਦੀ ਕਵਿਤਾ ਨੂੰ ਵਧੇਰੇ ਮੌਲਿਕਤਾ ਅਤੇ ਪ੍ਰਪੱਕਤਾ ਦਿੱਤੀ ਹੈ। ਸਮਕਾਲੀ ਪੰਜਾਬੀ ਕਵਿਤਾ ਦੀ ਬਾਹਰੀ ਦਿੱਖ ਅਤੇ ਅੰਦਰੂਨੀ ਵਿਹਾਰ ਰੂਪ ਵਿੱਚ ਪਹਿਲਾਂ ਨਾਲੋਂ ਵੱਡਾ ਬਦਲਾਅ ਆਇਆ ਹੈ। ਸਮਕਾਲੀ ਕਵੀ ਅਚੇਤ ਨਾਲੋਂ ਜਿਆਦਾ ਸੁਚੇਤ ਪੱਧਰ 'ਤੇ ਜੀਵਨ ਅਨੁਭਵ, ਥੀਮ ਦੀ ਚੋਣ ਅਤੇ ਸੁਚੱਜੀ ਪੇਸ਼ਕਾਰੀ ਵੱਲ ਵੱਧ ਰੁਚਿਤ ਹਨ। ਸਵੀ ਦੀ ਕਾਵਿ ਕੁਸ਼ਲਤਾ ਦਾ ਅਹਿਮ ਘੇਰਾ ਜਾਂ ਪਸਾਰ ਜੀਵਨ ਯਥਾਰਥ ਅਤੇ ਸਥੂਲ ਜੀਵਨ ਵਰਤਾਰਿਆਂ ਬਾਰੇ ਕਰਮ, ਪ੍ਰਤੀਕਰਮ ਤੱਕ ਸਿਮਟਣ ਦੀ ਥਾਂ ਮਨੁੱਖ ਦੀਆਂ ਅੰਦਰੂਨੀ ਖਾਹਿਸ਼ਾਂ ਮਨੋਵਿਰਤੀਆਂ ਅਤੇ ਗੁੱਝੇ ਭੇਦਾਂ ਨੂੰ ਤਲਾਸ਼ਣ ਤੱਕ ਫੈਲੀ ਹੈ। ਸਮਾਜ ਵਿੱਚ ਜਮਾਤੀ ਭੇਦ-ਭਾਵ, ਅਮਾਨਵੀ ਕਦਰਾਂ ਕੀਮਤਾਂ ਨੂੰ ਬਿਲਕੁਲ ਹੀ ਵੱਖਰੇ ਨਜ਼ਰੀਏ ਤੋਂ ਪ੍ਰਗਟਾਉਣ ਦੀ ਕੋਸ਼ਿਸ਼ ਵਿੱਚ ਵੀ ਉਸਦੀ ਕਲਾਕਾਰੀ ਨਜ਼ਰ ਆਉਂਦੀ ਹੈ।
ਸਵੀ ਆਪਣੀ ਕਾਵਿ ਸਿਰਜਣਾ ਦਾ ਸਫ਼ਰ ਜਿਥੋਂ ਆਰੰਭ ਕਰਦਾ ਹੈ ਉਥੇ ਮਨੁੱਖੀ ਸੰਕਟ, ਅਸਤਿੱਤਵ ਪ੍ਰਤੀ ਡਰ, ਦੁਸ਼ਵਾਰੀਆਂ ਅਤੇ ਖੰਡਿਤ ਸਵੈ ਦਾ ਜ਼ਿਕਰ ਹੈ। 'ਪਿਆਦੇ ਹੋਣ ਦਾ ਦਰਦ' ਕਵਿਤਾ ਇਸੇ ਦਰਦ ਅਤੇ ਸੰਕਟ ਦੀ ਹਾਮੀ ਭਰਦੀ ਹੈ-
ਪਿਆਦਾ
ਜੋ ਮੂੰਹ 'ਚ ਚਾਂਦੀ ਦਾ ਨਹੀਂ
ਮਜਬੂਰੀਆਂ ਦਾ ਚਮਚ ਲੈਕੇ ਜੰਮਦਾ ਹੈ
ਤੇ ਉਸਨੂੰ ਤੜਾਗੀ ਨਾਲ
ਵਿਰਾਸਤ 'ਚੋਂ ਹੀ ਮਿਲਦੇ ਨੇ
ਚੱਕਰਵਿਊ ਦੇ ਘੁੰਗਰੂ.............
ਇਸ ਪੜਾਅ ਤੇ ਸਵੀ ਦੀ ਕਲਮ ਬੇਜ਼ਾਰੀ, ਕਮਜ਼ੋਰੀ ਦੇ ਅਹਿਸਾਸ ਖਿਲਾਫ਼ ਇੱਕ ਰੋਹ ਪੈਦਾ ਕਰਦੀ ਜਾਪਦੀ ਹੈ, ਹੋਣੀ ਦੇ ਖਿਲਾਫ਼ ਇੱਕ ਕ੍ਰਾਂਤੀ ਦਾ ਬਿਗਲ ਬਣਨ ਲੱਗਦੀ ਹੈ। ਸਥਾਪਤੀ ਦੇ ਵਿਰੁੱਧ ਉਸਦੇ ਸ਼ਬਦ ਇੱਕ ਦਮ ਤਿੱਖੇ ਹੋ ਜਾਂਦੇ ਹਨ ਅਤੇ ਉਸਦੀ ਕਵਿਤਾ ਇਕਦਮ ਵਿਦਰੋਹੀ ਸੁਰ ਵਿੱਚ ਤਬਦੀਲ ਹੋ ਜਾਂਦੀ ਹੈ। ਉਸ ਦੀ ਕਵਿਤਾ-ਸਾਜ਼ਿਸ਼ ਹੈ ਵਿਚੋਂ ਕੁਝ ਪੰਕਤੀਆਂ ਹਨ:-
ਤੇ ਜਦੋਂ
ਸਾਜਿਸ਼ ਸ਼ਬਦ ਦੇ ਵਿਰੁਧ ਹੋਏ
ਤਾਂ ਮਸਲਾ ਸਾਡੀ ਕਿਰਤ ਦਾ ਹੈ
ਅਣਖੀ ਤੋਰ ਦਾ ਹੈ ਤੇ ਅਸੀਂ ਹੀ ਸ਼ਬਦ ਹਾਂ
ਤੇ ਸਮਝਦੇ ਹਾਂ..........
ਸਾਡੇ ਹੀ ਖਿਲਾਫ਼ ਕੀਤੀ
ਇਹਨਾਂ ਦੀ ਸਾਜਿਸ਼ ਨੂੰ........
ਪਿਆਦੇ ਦੀ ਹੋਂਦ ਮਨੁੱਖ ਦੇ ਦਰਦ ਅਤੇ ਸਦੀਆਂ ਤੋਂ ਚੱਲ ਰਹੇ ਸੰਤਾਪ ਦੀ ਬੜੀ ਹੀ ਪ੍ਰਭਾਵਸ਼ਾਲੀ ਪੇਸ਼ਕਾਰੀ ਹੈ। ਉਸਦਾ 'ਪਿਆਦੇ' ਦੇ ਰੂਪ ਵਿੱਚ ਕੀਤਾ ਵਰਨਣ ਸ਼ਾਇਰੀ ਨੂੰ ਖ਼ੂਬਸੂਰਤੀ ਦਿੰਦਾ ਹੈ ਅਤੇ ਨਾਲ ਹੀ ਬੌਧਿਕਤਾ ਦੀ ਵੀ ਮੰਗ ਕਰਦਾ ਹੈ। ਸਵਰਨਜੀਤ ਸਵੀ ਦੀ ਕਵਿਤਾ ਬਚਪਨ ਦੇ ਅਣਸੁਖਾਵੇਂ ਅਨੁਭਵਾਂ, ਜਖ਼ਮੀ ਅਹਿਸਾਸਾਂ ਨੂੰ ਪੂਰੇ ਦਰਦ ਤੇ ਵੇਦਨਾਮਈ ਪ੍ਰਸੰਗ ਵਿੱਚ ਚਿਤਰਦੀ ਹੈ। ਕਵਿਤਾ ਅੰਤਹੀਣ ਵਿਚੋਂ:-
ਇਕ ਅਜੀਬ ਅੰਤ ਹੀਣ ਜਿਹਾ ਸਿਲਸਿਲਾ
ਮੇਰੇ ਕਦਮਾਂ 'ਚ ਬੇਚੈਨੀ
ਤੋਰ ਵਿੱਚ ਬੇਤਾਬੀ
ਤੇ ਸੋਚ ਵਿੱਚ
ਖ਼ਰਾਬੀ ਜਿਹੀ ਭਰੀ ਰੱਖਦਾ ਹੈ
ਇੱਕ ਅਜੀਬ ਅੰਤਹੀਣ ਜਿਹਾ ਸਿਲਸਿਲਾ..... '
ਮੈਂ, ਬੇਟਾ ਤੇ ਵਿਸ਼ਾਲ', 'ਬਾਪੂ', 'ਪਿਤਾ', 'ਅੰਤਹੀਣ', 'ਅਵੱਗਿਆ' ਇਸੇ ਸੋਚ ਤੇ ਅਧਾਰਿਤ ਕਵਿਤਾਵਾਂ ਹਨ।
ਇਸਤੋਂ ਅੱਗੇ ਸਵੀ ਦੀ ਕਵਿਤਾ ਦੀ ਸੁਰ ਪੰਜਾਬ ਸੰਕਟ ਨੂੰ ਸੰਬੋਧਿਤ ਹੈ। ਉਸਦੀ ਉਸਾਰੂ ਸੋਚ, ਕ੍ਰਾਂਤੀਕਾਰੀ ਵਿਚਾਰ ਹਨ੍ਹੇਰੇ ਨੂੰ ਵੰਗਾਰਦੇ ਜਾਪਦੇ ਹਨ। ਉਹ ਹਰ ਤਰ੍ਹਾਂ ਦੀ ਸਿਆਸੀ ਬਿਆਨਬਾਜ਼ੀ ਨੂੰ ਵੀ ਸਿਰੇ ਤੋਂ ਨਕਾਰਦਾ ਹੈ। ਉਸਦੀ ਕਵਿਤਾ ਵਿੱਚ ਰੋਸ ਅਤੇ ਵਿਦਰੋਹ ਤਾਂ ਹੈ ਹੀ ਨਾਲ ਹੀ ਆਤਮ ਵਿਸ਼ਵਾਸ ਤੇ ਸੰਕਟਮਈ ਸਥਿਤੀਆਂ ਦੇ ਖਿਲਾਫ਼ ਖੜੇ ਹੋਣ ਦਾ ਦ੍ਰਿੜ ਇਰਾਦਾ ਵੀ ਨਜ਼ਰ ਆਉਂਦਾ ਹੈ। ਸਵੀ ਦੀ ਇਸ ਦੌਰ ਦੀ ਕਵਿਤਾ ਤੋਂ ਇਹੋ ਲੱਗਦਾ ਹੈ ਕਿ ਉਸਨੇ ਪੰਜਾਬ ਸੰਕਟ ਦੇ ਦਰਦ ਨੂੰ ਬਹੁਤ ਹੀ ਨੇੜੇ ਹੋ ਕੇ ਮਹਿਸੂਸਿਆ ਹੈ ਤੇ ਬੜੀ ਹੀ ਸੰਵੇਦਨਸ਼ੀਲਤਾ ਨਾਲ ਆਪਣੇ ਕਾਵਿ ਵਿੱਚ
ਪ੍ਰਗਟ ਕੀਤਾ ਹੈ। ਉਸ ਵੇਲੇ ਸੰਤਾਪ ਹੰਢਾ ਰਹੀ ਮਨੁੱਖਤਾ ਦੇ ਦਰਦ, ਬੇਬਸੀ, ਜ਼ੁਲਮ ਤੇ ਡਰ ਨੂੰ ਪੂਰੇ ਅਹਿਸਾਸ ਅਤੇ ਸ਼ਿੱਦਤ ਨਾਲ ਚਿਤਰਿਆ ਹੈ। 'ਕਰਫ਼ਿਊ' ਕਵਿਤਾ ਵਿੱਚ ਕਵੀ ਲਿਖਦਾ ਹੈ:-
ਬੱਚਾ ਦੁੱਧ ਮੰਗਦਾ ਹੈ
ਮਾਂ ਬੇਬਸ ਹੈ
ਬਾਪ ਬਾਹਰ ਝਾਕਦਾ ਹੈ
ਗੋਲੀ ਸ਼ੂਕਦੀ ਛਾਤੀ ਵੱਲ ਆਉਂਦੀ ਹੈ।
'ਪੁਲ', 'ਕਵਿਤਾ-ਅਸੀਂ ਫੇਰ ਮਿਲਾਂਗੇ, ਗਿੱਧੇ ਦੇ ਪਿੜ ਦਾ ਮਰਸੀਆਂ, ਪੰਜਾਬ ਮਸਲਾ, ਧਰਮ, ਜਦੋਂ ਕੋਈ ਪਾਸ਼, ਸਫ਼ਦਰ ਜਾਂ ਰਵੀ ਮਰਦਾ ਹੈ, ਆਦਿ ਉਸਦੀਆਂ ਖ਼ਾਸ ਧਿਆਨ ਦੇਣ ਯੋਗ ਕਵਿਤਾਵਾਂ ਹਨ, ਜੋ ਪੰਜਾਬ ਸੰਕਟ ਦੇ ਦੌਰ ਨੂੰ ਪੇਸ਼ ਕਰਦੀਆਂ ਹਨ। ਇੱਕ ਹੋਰ ਬੇਹਦ ਭਾਵਨਾਤਮਕ ਖੂਬਸੂਰਤ ਕਵਿਤਾ 'ਤੂੰ ਕਿਹੜੇ ਸੁਰ ਦਾ ਗੀਤ' ਜ਼ਿਕਰਯੋਗ ਹੈ:-
'ਦਿਲ ਵਿੱਚ ਹਉਂਕਾ ਪੈਰੀਂ ਛਾਲੇ'
ਇਕ ਮਘਦਾ ਇੱਕ ਸੀਤ
ਜਿੰਦੇ ਨੀ ਤੂੰ ਕਿਹੜੇ ਸੁਰ ਦਾ ਗੀਤ,
ਸਹਿਮੇ ਬੱਚੇ ਚੁੱਪ ਪਰਿੰਦੇ
ਬ੍ਰਿਖਾਂ ਬਾਝ ਸੰਗੀਤ
ਜਿੰਦੇ ਨੀ ਤੂੰ ਕਿਹੜੇ ਸੁਰ ਦਾ ਗੀਤ...
ਸ਼ਾਇਰ ਵਰਤਾਰਿਆਂ ਦੀ ਵਿਚਾਰਧਾਰਕ ਬਣਤਰ ਨੂੰ ਸਮਝਦਿਆਂ ਮਾਨਵੀਂ ਹੋਂਦ ਤੇ ਮਾਨਵੀ ਮੁੱਲਾਂ ਨੂੰ ਜਾਨਣ ਦੀ ਕੋਸ਼ਿਸ਼ ਕਰਦਾ ਹੈ। ਸਵੀ ਰਾਜਨੀਤੀ ਦੇ ਉਸ ਵਹਿਸ਼ੀ ਰੂਪ ਨਾਲ ਜਾਣ ਪਛਾਣ ਕਰਾਉਣ ਦੀ ਕੋਸ਼ਿਸ਼ ਕਰਦਾ ਹੈ ਜਿੱਥੇ ਧਰਮ ਨੂੰ ਸਿਰਫ਼ ਆਪਣੇ ਸਵਾਰਥ ਲਈ ਵਰਤਿਆ ਜਾਂਦਾ ਹੈ। ਨਾ ਕੇਵਲ ਧਰਮ ਦੀ ਹੀ ਦੁਰਵਰਤੋਂ ਹੁੰਦੀ ਹੈ ਸਗੋਂ ਸੱਭਿਆਚਾਰ ਵੀ ਦਮਨ ਦਾ ਨਿਸ਼ਾਨਾ ਬਣਦਾ ਹੈ। 'ਗਿੱਧੇ ਦੇ ਪਿੜ ਦਾ ਮਰਸੀਆਂ' ਪੰਜਾਬ ਦੇ ਰੁਲ ਰਹੇ ਸੱਭਿਆਚਾਰ ਦਾ ਹੀ ਚਿੰਨ੍ਹ ਹੈ। 'ਗਿੱਧਾ' ਜੋ ਪੰਜਾਬੀਆਂ ਦੇ ਮਨ ਦਾ ਹੁਲਾਸ ਹੈ, ਪਰ ਪੰਜਾਬ ਸੰਕਟ ਦੇ ਦੌਰਾਨ ਇਹ ਵੀ ਓਪਰਾ ਜਿਹਾ ਲੱਗਣ ਲੱਗਦਾ ਹੈ। ਕਵੀ ਲਿਖਦਾ ਹੈ-
ਇਸ ਮਾਤਮੀ ਥਾਂ ਤੇ
ਜਸ਼ਨ ਕਿੰਝ ਮਨਾਉਣਗੀਆਂ?
ਪ੍ਰੀਤਮਾਂ ਲਈ ਗਿੱਧੇ 'ਚ ਕੀ ਗਾਉਣਗੀਆਂ?
ਜਦ ਗਿੱਧੇ ਵਾਲੀਆਂ ਦੇ ਹੱਥੀਂ
ਵੰਗਾਂ ਹੀ ਨਾ ਰਹਿਣ
ਤੇ ਨਾ ਹੀ ਰਹਿਣ ਚੂੜੇ ਦੀਆਂ ਉਮੰਗਾਂ...
ਇਸ ਤਰਾਂ ਸਵੀ ਨੇ ਉਸ ਬੇਬਸੀ ਦੇ ਦੌਰ ਨੂੰ ਬੜੇ ਹੀ ਸੰਵੇਦਨਸ਼ੀਲ ਤਰੀਕੇ ਨਾਲ ਆਪਣੇ ਕਾਵਿ ਵਿੱਚ ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ਸਵੀ ਦੇ ਥੀਮਕ ਪਸਾਰ ਦਾ ਇਹ ਪਹਿਲੂ ਉਸਦੀ ਉਸਾਰੂ ਸੋਚ ਦੇ ਨਾਲ-ਨਾਲ ਯਥਾਰਥ ਅਤੇ ਸੱਚ ਦੇ ਸਨਮੁੱਖ ਹਾਂ ਪੱਖੀ ਹੁੰਗਾਰੇ ਦਾ ਹੈ। ਸੋ, ਉਸਨੇ ਪੰਜਾਬ ਸੰਕਟ ਦੇ ਦੌਰ ਦੀ ਵੰਗਾਰ ਨੂੰ ਆਵਾਜ਼ ਦੇ ਕੇ ਆਪਣੀ ਕਾਵਿਕ ਤੇ ਮਾਨਵੀ ਪ੍ਰਤਿਭਾ ਦਾ ਸਬੂਤ ਦਿੱਤਾ ਹੈ।
ਸਵੀ ਕਾਵਿ ਯਾਤਰਾ ਦਾ ਅਗਲਾ ਪੜਾਅ ਸਿਰਫ਼ ਤੇ ਸਿਰਫ਼ ਦੇਹ ਸਰੋਕਾਰਾਂ ਤੇ ਕੇਂਦਰਿਤ ਹੋ ਜਾਂਦਾ ਹੈ। ਬੇਸ਼ੱਕ ਇਸਤੋਂ ਪੂਰਵਲੀ ਕਵਿਤਾ ਵੀ ਦੇਹੀ ਸਰੋਕਾਰਾਂ ਦੀ ਪੇਸ਼ਕਾਰੀ ਕਰਦੀ ਹੈ, ਪਰ ਸਵੀ ਕਾਵਿ ਇਸ ਥੀਮ ਉੱਪਰ ਪੂਰੀ ਤਰ੍ਹਾਂ ਇਕਾਗਰ ਹੋ ਜਾਂਦਾ ਹੈ।
ਇੱਥੇ ਭਾਵਨਾਤਮਕ ਪਿਆਰ ਪਸਾਰ ਲਗਭਗ ਗੈਰਹਾਜ਼ਰ ਹੀ ਹੋ ਗਏ ਹਨ। ਉਸਦੇ ਲਈ ਕਾਮਨਾ ਹੀ ਮੁਹੱਬਤ ਹੈ। ਰੂਹਾਨੀ ਪਿਆਰ ਜਾਂ ਭਾਵਨਾਵਾਂ ਤੋਂ ਉਹ ਕੋਰਾ ਹੈ।
ਮਿਸਾਲ ਵਜੋਂ ਕੁਝ ਪੰਕਤੀਆਂ ਹਨ:-
ਇੰਦਰੀਆਂ ਦੀ ਹਾਜ਼ਰੀ ਤੋਂ ਬਿਨਾਂ
ਪਿਆਰ
ਨਾ ਕੋਈ ਆਤਮ
ਨਾ ਅਨਾਤਮ
ਤੂੰ ਨਾਂ ਮੈਂ................
ਅਜਿਹੀਆਂ ਕਵਿਤਾਵਾਂ ਪ੍ਰਤੱਖ ਪਿਆਰ-ਸੰਦਰਭ ਤੋਂ ਬਹੁਤ ਦੂਰ ਹਨ ਸਗੋਂ ਸਿਰਫ਼ 'ਮੈਂ' ਪਾਤਰ ਦੀ ਲੋੜ ਦੀ ਗੱਲ ਹੈ। 'ਦੇਹੀ ਨਾਦ', ਕਮੇਸ਼ਵਰੀ ਕਾਵਿ ਸੰਗ੍ਰਹਾਂ ਰਾਹੀਂ ਉਹ ਔਰਤ ਦੀ ਦੇਹ ਨੂੰ ਜਸ਼ਨ ਦੀ ਦ੍ਰਿਸ਼ਟੀ ਤੋਂ ਹੀ ਪੇਸ਼ ਕਰਦਾ ਹੈ। ਇੱਥੇ ਉਹ ਪੇਸ਼ਕਾਰੀ ਤਾਂ ਔਰਤ ਦੀ ਕਰਦਾ ਹੈ ਪਰ ਆਵਾਜ਼ ਸਿਰਫ਼ ਮਰਦ ਦੀ ਹੈ, ਔਰਤ ਖ਼ਾਮੋਸ਼ ਹੈ। ਜਾਂ ਫਿਰ ਇੰਝ ਕਹਿ ਲਵੋ ਔਰਤ ਸਿਰਫ਼ ਵਸਤੂ ਬਣ ਗਈ ਹੈ। ਦੋਹਾਂ ਦੇ ਰਿਸ਼ਤੇ ਵਿੱਚ ਪਿਆਰ ਦੀ ਕੜੀ ਟੁੱਟ ਜਾਂਦੀ ਹੈ। ਪਿਆਰ ਮਨਫ਼ੀ ਹੋ ਜਾਂਦਾ ਹੈ। ਸਵੀ ਲਈ ਪਿਆਰ, ਮੁਹੱਬਤ ਦੀ ਪ੍ਰੀਭਾਸ਼ਾ ਹੀ ਵੱਖਰੀ ਹੈ- ਔਰਤ ਤੇ ਮਰਦ ਦੇ ਵਿੱਚ ਕੋਈ ਭਾਵਨਾਤਮਕ ਸਾਂਝ ਹੈ ਹੀ ਨਹੀਂ ਸਿਰਫ਼ ਕਾਮਨਾ ਹੀ ਭਾਰੂ ਹੈ। ਸੋ, ਇਹ ਪਿਆਰ ਕਾਵਿ ਨਾ ਹੋ ਕੇ ਕੇਵਲ ਕਾਮਨਾ ਪ੍ਰਵਿਰਤੀ ਦੀ ਹੀ ਪੇਸ਼ਕਾਰੀ ਹੈ। ਸਵੀ ਔਰਤ ਨੂੰ ਸ਼ੁੱਧ ਪ੍ਰਕਿਰਤਕ ਹੋਂਦ ਮੰਨਦਾ ਹੈ। ਇਥੋਂ ਤੱਕ ਕਿ ਉਸਦੀ ਕਵਿਤਾ ਦੀ ਔਰਤ ਇੱਕ ਮਹਿਬੂਬਾ ਹੈ ਜਾਂ ਨਹੀਂ, ਇਹ ਵੀ ਸਪੱਸ਼ਟ ਨਹੀਂ ਹੈ। ਜਦੋਂ ਕਿ ਇਸ ਤੋਂ ਪਹਿਲਾਂ ਸਮੁੱਚੀ ਪਿਆਰ ਕਵਿਤਾ ਰੁਹਾਨੀ ਪਿਆਰ-ਯਾਦ ਵਿਛੋੜੇ ਦੀ ਪੇਸ਼ਕਾਰੀ ਹੈ, ਜਿੱਥੇ ਪਿਆਰ ਜੀਵਿਆ ਜਾਂਦਾ ਹੈ।
ਪਰ ਸਵੀ ਦਾ ਪਿਆਰ ਕਾਵਿ ਪ੍ਰਵਚਨ ਮਰਦ ਪ੍ਰਧਾਨ ਕਾਵਿ ਪ੍ਰਵਚਨ ਹੈ। ਮੁੱਖ ਕਾਵਿਕ ਸੰਬੋਧਨੀ ਜੁਗਤ ਮੈਂ ਹੈ, ਜਿਸ ਵਿੱਚ ਔਰਤ 'ਤੂੰ ਵਜੋਂ ਇਕ ਔਬਜੈਕਟ ਹੈ। ਖ਼ਾਸ ਕਰਕੇ ਉਸਦੇ ਕਾਵਿ-ਸੰਗ੍ਰਹਿ ਕਾਮੇਸ਼ਵਰੀ ਵਿੱਚ ਇੱਕ ਪਾਸੇ ਤਾਂ ਔਰਤ ਦੀ ਉੱਚਤਾ
ਦੀ ਗੱਲ ਕਰਦਾ ਹੋਇਆ ਉਸਨੂੰ ਈਸ਼ਵਰੀ ਦਰਜੇ ਤੱਕ ਲੈ ਜਾਂਦਾ ਹੈ। ਇਸੇ ਸੰਦਰਭ ਵਿੱਚ ਔਰਤ ਉਸ ਲਈ 'ਮਾਂ ਮਾਇਆ', ਵਿਰਾਟਤਾ, ਅਨੰਤ, ਸ਼ੁੱਧ ਗਿਆਨ ਦੀ ਮੂਰਤ, ਅਸਗਾਹ ਸ਼ਕਤੀ ਦੇ ਰੂਪ ਵਿੱਚ ਇੱਕ ਆਦਰਸ਼ਕ ਹਸਤੀ ਹੈ, ਪਰ ਫਿਰ ਇੱਕ ਦਮ ਹੀ ਉਹ ਔਰਤ ਦੀ ਹੋਂਦ ਨੂੰ ਨਿਰਾਰਥਕ ਬਣਾ ਦਿੰਦਾ ਹੈ। ਔਰਤ ਤੇ ਮਰਦ ਦੇ ਸਦੀਵੀ ਸਾਥ ਦੀ ਖ਼ੂਬਸੂਰਤੀ ਨੂੰ ਬਿਲਕੁਲਹੀ ਭੁਲਾ ਦਿੰਦਾ ਹੈ।
ਸਵੀ ਆਪਣੀ ਕਵਿਤਾ ਵਿੱਚ ਔਰਤ ਨੂੰ ਇੱਕ ਪਾਸੇ ਤਾਂ ਸਰਬ-ਉੱਚ ਸ਼ਕਤੀ ਬਣਾ ਦਿੰਦਾ ਹੈ, ਉਸਦੀ ਬ੍ਰਹਿਮੰਡਕ ਹੋਂਦ ਦੇ ਸੋਹਲੇ ਗਾਉਂਦਾ ਹੈ ਤੇ ਫਿਰ ਇੱਕਦਮ ਹੀ ਜਿਸਮਾਨੀ ਖੂਬਸੂਰਤੀ ਤੇ ਹੀ ਕਾਵਿ ਨੂੰ ਸਮੇਟ ਦਿੰਦਾ ਹੈ। ਉਸਦੀ ਕਾਵਿ ਨਾਇਕਾ ਪਿਆਰ ਮੁਖ ਮਹਿਬੂਬਾ ਨਾ ਹੋ ਕੇ ਸਿਰਫ਼ ਜੀਵ ਮੁੱਖ ਇਸਤਰੀ ਹੀ ਬਣ ਜਾਂਦੀ ਹੈ। ਮਾਂ- ਮਹਿਬੂਬਾ ਪਤਨੀ ਜਾਂ ਭੈਣ ਦੇ ਰੂਪ ਵਿੱਚ ਵਿਚਰਦੀ ਔਰਤ ਉਸਦੀ ਕਵਿਤਾ ਵਿੱਚ ਬਿਲਕੁਲ ਹੀ ਗੈਰਹਾਜ਼ਰ ਹੋ ਜਾਂਦੀ ਹੈ। ਸਮਾਜ ਅਤੇ ਸੰਸਕ੍ਰਿਤੀ ਨਾਲੋਂ ਉਹ ਟੁੱਟਿਆ-ਜਾਪਦਾ ਲੱਗਦਾ ਹੈ। ਉਸਦੀ ਕਵਿਤਾ ਦਾ ਨਾਇਕ ਹਰ ਸਾਂਸਕ੍ਰਿਤਕ ਰਹਿਤ ਨੂੰ ਅਣਦੇਖਿਆ ਕਰਕੇ ਸਿਰਫ਼ ਪ੍ਰਾਕ੍ਰਿਤਕ ਹੋਂਦ ਤੱਕ ਹੀ ਸੀਮਤ ਹੋ ਜਾਂਦਾ ਹੈ। ਉਸ ਦੀ ਕਵਿਤਾ ਦਾ ਤਣਾਓ ਕੇਵਲ ਕਾਮਨਾ ਤੱਕ ਹੀ ਵਿਚਰਦਾ ਹੈ। ਉਹ ਰਿਸ਼ਤਿਆਂ ਦੀ ਖ਼ੂਬਸੂਰਤੀ ਨੂੰ ਸਿਰੇ ਤੋਂ ਨਕਾਰਦਾ ਜਾਂਦਾ ਹੈ । ਸਾਂਸਕ੍ਰਿਤਕ ਰਿਸ਼ਤੇ ਪ੍ਰਬੰਧ ਨੂੰ ਆਪਣੀ ਪ੍ਰਕ੍ਰਿਤਕ ਲੋੜ ਲਈ ਆਸਾਨੀ ਨਾਲ ਉਲੰਘ ਜਾਂਦਾ ਹੈ। ਮਿਸਾਲ ਵਜੋਂ ਨਿਮਨ ਅੰਕਿਤ ਪੰਕਤੀਆਂ ਦਾ ਅਧਿਐਨ ਕੀਤਾ ਜਾ ਸਕਦਾ ਹੈ ਜਦ ਵੀ
ਮੈਂ ਤੈਨੂੰ ਦੇਖਦਾ ਹਾਂ
ਤਾਂ ਮੇਰੀ ਰਿਸ਼ਤਿਆਂ ਦੀ ਗੁਥਲੀ 'ਚੋਂ
ਕਿਰ ਜਾਂਦੇ ਨੇ ਸਭ ਰਿਸ਼ਤਿਆਂ ਦੇ ਨਾ
ਰਹਿ ਜਾਂਦਾ ਹੈ
ਇੱਕ ਨਾਮ-
ਔਰਤ......
ਮੇਰੀ ਰੀਝ ਦੀ ਔਰਤ
ਉਸਦੀਆਂ ਕਵਿਤਾਵਾਂ ਤੇਰਾ ਚਿਹਰਾ, ਅਮੁੱਖ, ਵਾਲ ਤੇਰੇ, ਅੱਖਾਂ ਦਾ ਜਾਦੂ, ਕੰਨਾਂ ਨੂੰ ਬੁੰਦੇ ਆਦਿ ਔਰਤ ਨੂੰ ਸਿਰਫ਼ ਵਸਤੂ ਬਣਾ ਕੇ ਪੇਸ਼ ਕਰਦੀਆਂ ਹਨ। ਸੋ ਇਸ ਪੜਾਅ ਤੇ ਸਵੀ ਦੀ ਕਵਿਤਾ ਨਾ ਤਾਂ ਸੰਸਕ੍ਰਿਤੀ ਦੀ ਅਹਿਮੀਅਤ ਹੀ ਪ੍ਰਗਟਾਉਂਦੀ ਹੈ ਤੇ ਨਾ ਹੀ ਔਰਤ ਦੀਆਂ ਭਾਵਨਾਵਾਂ ਦੀ ਹੀ ਪੇਸ਼ਕਾਰੀ ਕਰਦੀ ਹੈ। ਕਿਤੇ-ਕਿਤੇ ਇਸ ਕਾਵਿ ਰੂਪ ਦੀ ਪੇਸ਼ਕਾਰੀ ਅਸੱਭਿਅਕ ਹੋ ਜਾਂਦੀ ਹੈ। ਅਜਿਹੇ ਅਸਿੱਭਅਕ ਸ਼ਬਦਾਂ ਦੀ ਬੇਲੋੜੀ ਵਰਤੋਂ ਨਾਰੀ ਦੇ ਗੌਰਵ ਤੇ ਚੋਟ ਜਾਪਦੀ ਹੈ ਅਤੇ ਨਾਲ ਹੀ ਪਿਆਰ ਕਾਵਿ ਦੇ ਸੁਹਜ ਨੂੰ ਵੀ ਘਟਾਉਂਦੀ ਹੈ। ਉਸਦਾ ਇਹ ਕਹਿਣਾ -
ਮੈਂ
ਪੁੱਤਰ ਪਿਤਾ ਪ੍ਰੇਮੀ ਤੋਂ ਬਿਨਾਂ
ਉਹ ਸਭ ਕੁਝ ਹਾਂ
ਜੋ ਚੰਗਾ ਜਾਂ ਮੰਦਾ
ਸੁਹਜ ਜਾਂ ਕੁਹਜ ਹੈ:-
ਅਸਲ ਵਿੱਚ ਉਹ ਕਵਿਤਾ ਨੂੰ ਬਾਹਰਲੇ ਆਰੋਪਿਤ ਵਿਚਾਰਾਂ ਤੋਂ ਆਜ਼ਾਦ ਕਰਕੇ ਇੰਦੁਆਵੀ-ਸੰਵੇਦਨਾ ਦੇ ਨਿਕਟ ਲੈ ਆਉਂਦਾ ਹੈ। ਇਸ ਤਰ੍ਹਾਂ ਇਸ ਪੜਾਅ 'ਤੇ ਉਸਦੀ ਕਵਿਤਾ ਕਿਸੇ ਨਵੇਂ ਸੰਕਲਪ ਜਾਂ ਵਿਚਾਰ ਨੂੰ ਪੈਦਾ ਕਰਨੋਂ ਅਸਮਰੱਥ ਹੋ ਜਾਂਦੀ ਹੈ।
ਉਹ ਆਪਣੀ ਨਿੱਜ ਮੁੱਖ ਸਥਿਤੀ ਨੂੰ ਕਿਸੇ ਉੱਪਰ ਥੋਪਣ ਦਾ ਵੀ ਯਤਨ ਨਹੀਂ ਕਰਦਾ ਅਤੇ ਨਾ ਹੀ ਬਾਹਰੀ ਪ੍ਰਾਪਤ ਪਿਆਰ-ਸੰਕਲਪ ਦੀ ਆਲੋਚਨਾ ਹੀ ਕਰਦਾ ਹੈ। ਆਪਣੇ ਨਵੇਂ ਕਾਵਿ ਸੰਗ੍ਰਹਿ 'ਤੋਂ ਮੈਂ ਆਇਆ ਬਸ' ਰਾਹੀਂ ਉਹ ਗੋਲਬਲੀਕਰਨ ਅਤੇ ਉੱਤਰ ਆਧੁਨਿਕਤਾ ਦੀਆਂ ਨਵੀਆਂ ਪਰਤਾਂ ਖੋਲਣ ਦਾ ਯਤਨ ਕਰਦਾ ਹੈ। ਇਸੇ ਕਾਵਿ ਸੰਗ੍ਰਹਿ ਵਿੱਚ 'ਮਨ ਦੀ ਹਾਰਡ ਡਿਸਕ ਮੈਟਰੋ, ਸਫ਼ਰੀ ਰਿਸ਼ਤੇ, ਇਨਬਾਕਸ, ਚੈਟ, ਵਰਚੁਅਲ ਲਾਇਬ੍ਰੇਰੀ ਵਰਗੀਆਂ ਕਵਿਤਾਵਾਂ ਤਕਨੀਕੀ ਯੁਗ ਦੀਆਂ ਗੱਲਾਂ ਕਰਦੀਆਂ ਹਨ। ਕਵੀ ਬੜੀ ਸਹਿਜਤਾ ਨਾਲ ਵਿਗਿਆਨ, ਤਕਨਾਲੋਜੀ, ਸੰਚਾਰ ਨਾਲ ਸੰਬੰਧਿਤ ਸ਼ਬਦ ਭੰਡਾਰ ਨੂੰ ਆਪਣੀ ਕਵਿਤਾ ਵਿੱਚ ਵਰਤਦਾ ਹੈ ਇਸ ਤਰ੍ਹਾਂ ਉਹ ਆਉਣ ਵਾਲੇ ਸਮੇਂ ਵਿੱਚ ਆਪਣੀ ਸਥਿਤੀ ਤਾਂ ਮਜਬੂਤ ਕਰਦਾ ਹੀ ਹੈ ਸਗੋਂ ਅੱਜ ਦੇ ਯੁੱਗ ਨਾਲ ਸਾਂਝ ਵੀ ਪਾਉਂਦਾ ਹੈ। ਸਮੇਂ ਦੀ ਨਬਜ਼ ਨੂੰ ਪਛਾਣ ਕੇ ਰਚਨਾ ਕਰਨਾ ਉਸਦੀ ਬੌਧਿਕਤਾ ਦਾ ਹੀ ਪ੍ਰਮਾਣ ਹੈ। ਇਸ ਤਰ੍ਹਾਂ ਬਿਨਾਂ ਸ਼ੱਕ ਭਵਿੱਖ ਵਿੱਚ ਆਪਣੀ ਥਾਂ ਨੂੰ ਹੋਰ ਵੀ ਮਜਬੂਤ ਕਰਦਾ ਹੈ। ਸਵੀ ਕਿਉਂਕਿ ਕਲਾਕਾਰ ਹੈ ਇਸ ਲਈ ਕਲਾ ਨੂੰ ਬੜੀ ਸ਼ਿੱਦਤ ਨਾਲ ਆਪਣੀ ਕਵਿਤਾ ਵਿੱਚ ਵਡਿਆਉਂਦਾ ਹੈ। ਉਸਦੀ ਕਵਿਤਾ 'ਖਜੁਰਾਹੋ' ਨਾ ਕੇਵਲ ਉਹਨਾਂ ਮੰਦਰਾਂ ਦੇ ਇਤਿਹਾਸ ਦੀ ਕਹਾਣੀ ਹੈ ਬਲਕਿ ਉਹਨਾਂ ਸ਼ਿਲਪੀਆਂ ਦੇ ਭਾਵਾਂ ਦੀ ਵੀ ਭਰਪੂਰ ਅਭਿਵਿਅਕਤੀ ਕਰਦੀ ਹੈ। ਉਹ ਅਰਥ, ਧਰਮ, ਕਾਮ, ਮੋਕਸ਼ ਦੇ ਫ਼ਲਸਫ਼ੇ ਨੂੰ ਬੜੀ ਹੀ ਖੂਬਸੂਰਤੀ ਨਾਲ ਬਿਆਨਦਾ ਹੈ-
ਤੂੰ ਉਸ ਫ਼ਲਸਫ਼ੇ ਦਾ
ਸ਼ੀਸ਼ਾ ਹੈਂ ਮੂੰਹ ਬੋਲਦਾ
ਗਿਆਨ ਦੀ ਬਉਲੀ 'ਚੋਂ
ਡੁਲ-ਡੁਲ ਪੈਂਦਾ ਜਲ
ਆਕਾਰ ਨਿਰਾਕਾਰ
ਸਦਾ ਚਿੱਤ ਆਨੰਦ।
ਇਸ ਕਵਿਤਾ ਰਾਹੀਂ ਸਵੀ ਬੇਸ਼ਕ ਸ਼ਿ ਪੀਆਂ ਦੇ ਸਬਰ ਦੀ ਇਤਹਾ ਨੂੰ ਤਾਂ ਬਿਆਨ ਕਰਦਾ ਹੈ ਸਗੋਂ ਦੇਖਣ ਵਾਲੇ ਦੇ ਪ੍ਰਤੀਕਰਮ ਨੂੰ ਵੀ ਪੇਸ਼ ਕਰਦਾ ਹੈ।
ਸਵੀ ਦੀਆਂ ਕਵਿਤਾਵਾਂ ਵਿੱਚ ਮੁਹੱਬਤ ਦੀ ਮਹਿਕ ਹਮੇਸ਼ਾਂ ਕਾਇਮ ਹੈ। ਉਸਦੀ ਇੱਕ ਹੋਰ ਕਵਿਤਾ ਵਿਚਾਰਨ ਯੋਗ ਹੈ।
ਕਵਿਤਾ
ਇਤਿਹਾਸ ਮਿਥਿਹਾਸ 'ਚੋਂ
ਸ਼ਬਦਾਂ ਦਾ ਨਿਚੋੜਿਆ
ਗਿਆਨੀ ਅਰਕ ਨਹੀਂ ਹੁੰਦਾ
ਮੁਹੱਬਤ ਭਰਿਆ ਹੱਥ ਹੁੰਦਾ
ਜੋ ਮੱਥਾ ਛੂਹਦਿਆਂ ਹੀ
ਬਦਲ ਦਿੰਦਾ
ਕੁਲ ਕਾਇਨਾਤ.................
ਬੇਸ਼ਕ । ਕਵਿਤਾ ਮੁਹੱਬਤ ਦਾ ਖੂਬਸੂਰਤ ਅਹਿਸਾਸ ਤਾਂ ਹੈ ਹੀ। ਇਥੇ ਸਵੀ ਤੋਂ ਇੱਕ ਉਮੀਦ ਬੱਝਦੀ ਹੈ ਕਿ ਉਹ ਆਪਣੇ ਪਿਆਰ ਕਾਵਿ ਵਿੱਚ ਸਿਰਫ਼ ਔਰਤ ਦੀ ਬਾਹਰੀ ਖੂਬਸੂਰਤੀ ਨੂੰ ਨਹੀਂ ਬਲਕਿ ਉਸਦੇ ਅਹਿਸਾਸਾਂ, ਮਨੋ ਭਾਵਾਂ ਉਮੀਦਾਂ ਨੂੰ ਵੀ ਜ਼ਰੂਰ ਥਾਂ ਦੇਵੇਗਾ।
ਸੋਂ, ਉਪਰੋਕਤ ਚਰਚਾ ਕਰਨ ਤੋਂ ਬਾਅਦ ਇਹ ਗੱਲ ਸਪੱਸ਼ਟ ਹੈ ਕਿ ਉਸਦੀਆਂ ਪਿਛਲੀਆਂ ਕਾਵਿ ਰਚਨਾਵਾਂ ਦੇਹ ਦੇ ਸਰੋਕਾਰਾਂ ਨੂੰ ਅਗਰਭੂਮੀ ਤੇ ਲਿਆਉਂਦੀਆਂ ਹਨ। ਪਰੰਤੂ ਔਰਤ ਇੱਕ ਸਮਾਜਿਕ ਅਤੇ ਸੱਭਿਆਚਾਰਕ ਹਸਤੀ ਦਾ ਰੂਪ ਗ੍ਰਹਿਣ ਨਹੀਂ ਕਰਦੀ। ਜਿਸ ਕਰਕੇ ਸਵੀ ਦੀ ਕਵਿਤਾ ਕਾਮਨਾ ਦੀ ਲਛਮਣ ਰੇਖਾ ਵਿੱਚ ਹੀ ਕਿਰਿਆਸ਼ੀਲ ਰਹਿੰਦੀ ਹੈ। ਪਰ ਇਹ ਨਿਰਸੰਦੇਹ ਹੈ ਕਿ ਉਸਨੇ ਪਹਿਲੀ ਵਾਰ ਦੇਹ ਨੂੰ ਕਾਮਨਾ ਨਾਲ ਸੰਬੰਧਿਤ ਕਰਕੇ ਆਦਰਸ਼ਕ ਮੁਹੱਬਤ ਦੀ ਥਾਵੇਂ ਨਵੇਂ ਪਸਾਰਾਂ ਨੂੰ ਸਾਹਮਣੇ ਲਿਆਂਦਾ ਹੈ ਜਿਸਨੂੰ ਪੰਜਾਬੀ ਸਮਾਜ ਅਤੇ ਸੱਭਿਆਚਾਰ ਦਾ ਨੈਤਿਕ ਪ੍ਰਬੰਧ ਬੇਬਾਕ ਰੂਪ ਵਿੱਚ ਸਵੀਕਾਰ ਨਹੀਂ ਕਰਦਾ। ਔਰਤ ਕਾਮਨਾ ਤੋਂ ਬਿਨਾਂ ਵੀ ਇੱਕ ਆਪਣਾ ਸੁਤੰਤਰ ਸੁਪਨ ਸੰਸਾਰ ਸਿਹਜਦੀ ਹੈ ਜਿਸ ਸੁਪਨ ਸੰਸਾਰ ਵਿੱਚ ਦੇਹਕ ਰਿਸ਼ਤਿਆਂ ਤੋਂ ਬਿਨਾਂ ਸਮਾਜਿਕ ਅਤੇ ਸੱਭਿਆਚਾਰਕ ਰਿਸ਼ਤੇ ਵੀ ਹਨ। ਇਹਨਾਂ ਰਿਸ਼ਤਿਆਂ ਨੂੰ ਆਵਾਜ ਦੇਣ ਲਈ ਸਵੀ ਦੀ ਕਵਿਤਾ ਨੂੰ ਅਜੇ ਯਤਨਸ਼ੀਲ ਹੋਣਾ ਪਵੇਗਾ।
ਵਿਲੱਖਣ ਮੁਹਾਂਦਰੇ ਵਾਲੀ ਕਵਿਤਾ: ਦੇਵਨੀਤ-ਕਾਵਿ
ਡਾ. ਪਰਮਜੀਤ ਸਿੰਘ
ਆਧੁਨਿਕ ਪੰਜਾਬੀ ਕਾਵਿ ਪਰੰਪਰਾ ਵਿਚ ਦੇਵਨੀਤ ਦੀ ਕਵਿਤਾ ਇਕ ਵਿਲੱਖਣ ਮੁਹਾਂਦਰੇ ਵਾਲੀ ਕਵਿਤਾ ਹੈ। ਉਸ ਦੀ ਕਾਵਿ ਸਾਧਨਾ ਪ੍ਰਕਾਸ਼ਿਤ ਰੂਪ ਵਿਚ 1996 ਵਿਚ ਕਾਗਜ਼ ਕੰਦਰਾਂ ਵਜੋਂ ਸਾਹਮਣੇ ਆਈ ਅਤੇ ਇਸ ਉਪਰੰਤ ਉਸ ਦੀਆਂ ਚਾਰ ਕਾਵਿ-ਪੁਸਤਕਾਂ ਨੇ ਸੁਚੇਤ ਪਾਠਕਾਂ ਦਾ ਧਿਆਨ ਆਪਣੇ ਵਲ ਖਿਚਿਆ। ਦੇਵਨੀਤ ਦੇ ਕਿਸ ਕਾਵਿ ਸਿਰਜਣ ਸਮੇਂ ਦੌਰਾਨ ਉਸ ਦੀ ਕਵਿਤਾ ਦੇ ਕਾਵਿ ਸ਼ਾਸ਼ਤਰੀ ਪਹਿਲੂਆਂ ਵਿਚ ਲਗਾਤਾਰ ਪਰਿਵਰਤਨ ਵਾਪਰਦਾ ਦੇਖਿਆ ਜਾ ਸਕਦਾ ਹੈ। ਜੀਵਨ ਵਿਚ ਉਦੈਮਾਨ ਹੁੰਦੇ ਵਿਕੋਲਿਤਰੇ ਵਰਤਾਰਿਆਂ, ਵਸਤੂ-ਜਗਤ, ਅਨੁਭਵਾਂ ਅਤੇ ਦ੍ਰਿਸ਼ਾਂ ਨੂੰ ਉਸਦੀ ਕਵਿਤਾ ਜਿਸ ਤਰ੍ਹਾਂ ਇਕ ਛਿਣ ਮਾਤਰ ਚਲ-ਚਿਤਰ/(Filkers) ਵਾਂਗ ਪ੍ਰਗਟ ਕਰਦੀ ਹੈ ਉਸ ਨਾਲ ਇਕ ਵਿਵੇਕੀ ਪਾਠਕ ਤਾਂ ਭਰਪੂਰਤਾ ਦਾ ਅਹਿਸਾਸ ਭਾਵੇਂ ਪ੍ਰਾਪਤ ਕਰੇ ਪਰੰਤੂ ਪਰੰਪਰਕ ਦ੍ਰਿਸ਼ਟੀ ਰਖਣ ਵਾਲਾ ਪਾਠਕ ਜ਼ਰੂਰ ਇਕ ਦੂਰੀ 'ਤੇ ਖੜ੍ਹਾ ਦਿਖਾਈ ਦਿੰਦਾ ਹੈ। ਇਉਂ ਦੇਵਨੀਤ-ਕਾਵਿ ਪੰਜਾਬੀ ਵਿਚ ਸਥਾਪਿਤ ਕਵਿਤਾ ਸੰਬੰਧੀ ਉਸ ਮਿਥ ਨੂੰ ਤੋੜਦਾ ਹੈ ਜਿਥੇ ਕਵਿਤਾ ਦਾ ਪ੍ਰਕਾਰਜ ਜੀਵਨ ਦੀ ਨਿਰੋਲ ਸਰਲ ਤੇ ਦ੍ਰਿਸ਼ਮੂਲਕ ਵਿਆਖਿਆ ਜਾਂ ਅਭਿਵਿਅਕਤੀ ਕਿਹਾ ਜਾਂਦਾ ਰਿਹਾ ਹੈ। ਇਹ ਕਾਵਿ ਪੰਜਾਬੀ ਦੇ ਉਨ੍ਹਾਂ ਕਵੀਆਂ ਦੀ ਕਵਿਤਾ ਦੇ ਸਮਾਨਾਂਤਰ ਵਿਗਸਦਾ ਤੇ ਪ੍ਰਫੁੱਲਿਤ ਹੁੰਦਾ ਹੈ ਜਿਨ੍ਹਾਂ ਨੇ ਪੰਜਾਬੀ ਕਵਿਤਾ ਨੂੰ ਬੌਧਿਕ ਰੂਪ ਦਿੱਤਾ ਹੈ।
ਕਵਿਤਾ ਦੀ ਤਲਾਸ਼ ਉਸਦੇ ਸੰਦਰਭ ਦੀ ਪਛਾਣ ਨਾਲ ਜੁੜੀ ਹੁੰਦੀ ਹੈ। ਕਾਵਿ ਪੰਰਪਰਾ ਵਿਚ ਅਕਸਰ ਕਵੀ ਆਪਣਾ ਧਿਆਨ ਸੰਦਰਭ ਦੀ ਨਿਪੁੰਨਤਾ ਸਹਿਤ ਉਸਾਰੀ 'ਤੇ ਕੇਂਦ੍ਰਿਤ ਕਰਦੇ ਰਹੇ ਹਨ ਦੇਵਨੀਤ ਦੀ ਕਵਿਤਾ ਦਾ ਸਭ ਤੋਂ ਅਹਿਮ ਪੱਖ ਜੋ ਕਿ ਇਸ ਨੂੰ ਜਟਿਲ ਬਣਾਉਂਦਾ ਹੈ, ਉਹ ਇਹੀ ਹੈ ਕਿ ਉਸਦੀ ਕਵਿਤਾ ਵਿਚ ਕਾਵਿ- ਸੰਦਰਭ ਕਿਸੇ ਸਪਾਟ ਰੂਪ ਵਿਚ ਸਾਹਮਣੇ ਨਹੀਂ ਆਉਂਦਾ। ਉਸ ਦੀ ਕਵਿਤਾ ਵਿਚ ਸੰਦਰਭ ਲਗਾਤਾਰ ਸਥਗਿਤ ਜਾਂ ਮੁਲਤਵੀ ਹੁੰਦਾ ਦਿਸਦਾ ਹੈ। ਸੰਦਰਭ ਗ਼ੈਰ-ਹਾਜ਼ਿਰ ਨਹੀਂ ਹੁੰਦਾ ਪਰ ਅਦ੍ਰਿਸ਼ਟ ਜ਼ਰੂਰ ਹੁੰਦਾ ਹੈ ਅਤੇ ਅਦ੍ਰਿਸ਼ਟ ਨੂੰ ਆਪਣੇ ਵਿਵੇਕ ਵਿਚ ਧਾਰਨ ਕਰਨਾ ਪਾਠਕ ਲਈ ਨਿਸ਼ਚਿਤ ਤੌਰ 'ਤੇ ਚੁਣੌਤੀਪੂਰਨ ਹੁੰਦਾ ਹੈ। ਸਧਾਰਨ ਪਾਠਕ ਲਈ ਇਹ ਸਥਿਤੀ ਉਕਤਾਹਟ ਪੈਦਾ ਕਰਦੀ ਹੈ। ਦੇਵਨੀਤ ਦੀ ਕਵਿਤਾ 'ਦਿਨੇ ਦਿਨ ਰਾਤੀਂ ਰਾਤ' ਨੂੰ ਇਸ ਦ੍ਰਿਸ਼ਟੀ ਤੋਂ ਦੇਖਦੇ ਹਾਂ:-
ਹਨ੍ਹੇਰੀ ਠੰਡੀ ਸਿਆਲੀ ਰਾਤ ਹੈ
ਚੁਫੇਰੇ ਚੁੱਪ ਹੈ
ਜੁਝਾਰੂ ਕਵੀ
ਆਪਣੀ ਦੋਸਤ ਕੁੜੀ ਕੋਲ ਜਾ ਰਿਹਾ ਹੈ
ਦੂਰ ਕਿਤੇ ਕੁੱਤਾ ਭੌਂਕ ਰਿਹਾ ਹੈ
ਕਵੀ ਤੇ ਕੁੜੀ ਵਿਚਕਾਰ
ਦਰਵਾਜ਼ਾ ਖੁੱਲ੍ਹੇਗਾ
ਰਾਤ ਨੂੰ
ਇਨਕਲਾਬ ਦੀ ਲੋੜ ਨਹੀਂ।
ਇਸ ਤਰ੍ਹਾਂ ਦੀ ਕਵਿਤਾ ਦੀ ਸੰਰਚਨਾ ਵਿਚ ਮੋਟਿਫ-ਇਕਾਈਆਂ ਆਪਸ ਵਿਚ ਜੁੜਨ ਦੀ ਥਾਂ ਬਿਖਰੇ ਅਤੇ ਟੁੱਟਵੇਂ ਰੂਪ ਵਿਚ ਪ੍ਰਗਟ ਹੋ ਰਹੀਆਂ ਹਨ। ਦੇਵਨੀਤ ਦੀ ਇਹ ਚਿੰਤਾ ਹੀ ਨਹੀਂ ਕਿ ਉਸਦੀ ਕਵਿਤਾ ਸੰਦਰਭ ਕੇਂਦ੍ਰਿਤ ਹੋਵੇ। ਸੰਦਰਭ ਨਿਰਧਾਰਤ ਕਰਨਾ ਇਥੇ ਪਾਠਕ ਦੀ ਕਰਮਭੂਮੀ ਹੈ। ਇਥੋਂ ਤਕ ਕਿ ਕਵਿਤਾ ਦਾ ਨਾਂ ਵੀ ਕਵਿਤਾ ਦੀ ਇਬਾਰਤ ਤੋਂ ਖਿੰਡਾਵ ਦੀ ਸਥਿਤੀ ਵਿਚ ਹੈ। ਮੋਟਿਫਾਂ ਦੀ ਅਜਿਹੀ ਦਸ਼ਾ ਖੱਪਿਆਂ (Gapes) ਨੂੰ ਪੈਦਾ ਕਰਦੀ ਹੈ, ਜਿਨ੍ਹਾਂ ਵਿਚੋਂ ਪ੍ਰਸ਼ਨ ਪੈਦਾ ਹੁੰਦੇ ਹਨ। ਦੈਰੀਦਾ ਇਸੇ ਨੂੰ ਹੀ ਭਾਸ਼ਾ ਤੋਂ ਪਾਰ ਦੀ ਸਥਿਤੀ ਕਹਿੰਦਾ ਹੈ, ਜਿਸ ਕਾਰਨ ਕਿਸੇ ਟੈਕਸਟ ਵਿਚ ਅਰਥ ਮੁਲਤਵੀ ਹੁੰਦੇ ਰਹਿੰਦੇ ਹਨ। ਇਹੀ ਪ੍ਰਸ਼ਨਕੂਲਤਾ ਨਿਸ਼ਚਿਤਤਾ ਨੂੰ ਤੋੜਦੀ ਹੈ। ਦੇਵਨੀਤ ਦੀ ਉਪਰੋਕਤ ਕਵਿਤਾ ਦੇ ਆਰ-ਪਾਰ ਫੈਲੇ ਚਿਹਨਕ ਆਪਸ ਵਿਚ ਅੰਤਰ-ਸੰਬੰਧਿਤ ਹੁੰਦੇ ਹੋਏ ਅਰਥਾਂ ਨੂੰ ਕੇਂਦਰ ਵਿਚ ਲਿਆਉਣ ਦੀ ਥਾਂ ਵਿਕੇਂਦ੍ਰਿਤ ਕਰਦੇ ਜਾਂਦੇ ਹਨ। ਇਸ ਕਵਿਤਾ ਦੀ ਇਕ ਪਰਤ ਇਹ ਵੀ ਹੋ ਸਕਦੀ ਹੈ ਕਿ ਇਨਕਲਾਬ ਅਤੇ ਪਿਆਰ ਨੂੰ ਵੀ ਪ੍ਰਗਟ ਕਰਦਾ ਹੈ, ਜੁਝਾਰੂ ਹੋਣ ਕਰਕੇ ਸੱਤਾ ਪ੍ਰਤੀ ਵਿਰੋਧ ਨੂੰ ਸਪਸ਼ਟ ਕਰਦਾ ਹੈ। ਅਤੇ ਦੇਹਿਕ ਨੇੜਤਾ ਦਾ ਵੀ ਸੂਚਕ ਹੋ ਸਕਦਾ ਹੈ। ਸਵਾਲ ਇਹ ਵੀ ਹੈ ਕਿ 'ਰਾਤ' ਨੂੰ ਚੀਰਨ ਦੀ ਗੱਲ ਕਰਨ ਵਾਲੇ ਜੁਝਾਰੂ ਲਈ ਕਵਿਤਾ ਵਿਚ ਰਾਤ ਇਨਕਲਾਬ ਲਈ ਕਿਉਂ ਨਹੀਂ ਅਨੁਕੂਲ ਬਣ ਰਹੀ। 'ਜੁਝਾਰੂ' ਚਿਹਨਕ ਦਾ ਸੰਦਰਭ ਦੇਵਨੀਤ ਕਾਵਿ ਦੀਆਂ ਹੋਰ ਕਵਿਤਾਵਾਂ ਨਾਲ ਵੀ ਜੁੜਦਾ ਹੈ, ਜਿੱਥੇ ਇਹ ਚਿਹਨਕ ਪੰਜਾਬ ਦੀ ਨਕਸਲੀ ਲਹਿਰ ਦੇ ਸੰਕੇਤਕ ਵਜੋਂ ਵੀ ਪਛਾਣਿਆ ਜਾ ਸਕਦਾ ਹੈ। ਇਉਂ ਇਹ ਕਵਿਤਾ ਜਿਥੇ ਬਹੁ-ਪਰਤੀ ਸੰਭਾਵਨਾਵਾਂ ਭਰਪੂਰ ਹੈ ਉਥੇ ਸੁਚੇਤ ਪਾਠਕ ਦੀ ਵੀ ਮੰਗ ਕਰਦੀ ਹੈ।
ਦੇਵਨੀਤ ਦੀ ਕਵਿਤਾ ਵਿਚ, ਵਿਸ਼ੇਸ਼ ਤੌਰ 'ਤੇ ਉਸਦੀ ਕਾਵਿ-ਪੁਸਤਕ 'ਹੁਣ ਸਟਾਲਿਨ ਚੁਪ ਹੈ' ਤੱਕ ਪਹੁੰਚਦਿਆਂ ਉਪਰੋਕਤ ਕਾਵਿ ਭਾਸ਼ਾ ਵਿਚ ਪਰਿਵਰਤਨ ਵੀ ਵਾਪਰਦਾ ਹੈ। ਉਹ ਕੁਝ ਅਜਿਹੀਆਂ ਕਵਿਤਾਵਾਂ ਰਚਦਾ ਹੈ ਜਿਸ ਵਿਚ ਬਿਰਤਾਂਤਕ ਟੁਕੜੀਆਂ ਸਮਾਨਾਂਤਰ ਪਰਿਆਇ ਜਾਂ ਵਿਰੋਧ ਵਿਚ ਪ੍ਰਗਟ ਹੁੰਦੀਆਂ ਹਨ। ਉਸ ਦੀ ਕਵਿਤਾ 'ਵਿਯੂਅਲ ਇਕ, ਵਿਯੂਅਲ ਦੋ' ਵੇਖ ਸਕਦੇ ਹਾਂ:-
ਵਿਯੂਅਲ ਨੰਬਰ ਇਕ
ਮੇਰਾ ਬਹੁਤ ਪਿਆਰਾ ਗੈਰ-ਜੱਟ ਮਿੱਤਰ
ਦਾਰੂ ਦੀ ਸਿਖਰ 'ਤੇ ਬੋਲਦਾ ਹੈ:
ਮੈਂ ਤੇਰੇ ਵਰਗੇ ਪੰਜਾਹ ਜੱਟ
ਪੈਰਾਂ ਹੇਠ ਦਰੜੇ ਐ
ਜਿੰਨ੍ਹਾਂ ਚਿਰ ਤੇਰੇ ਅੰਦਰੋਂ ਜੱਟ ਨਹੀਂ ਮਰਦਾ
ਮੈਨੂੰ ਫ਼ੋਨ ਨ ਕਰੀਂ
ਵਿਯੂਅਲ ਨੰਬਰ ਦੋ
ਮੇਰੀ ਸਾਲੇਹਾਰ ਸਰਦਾਰਾਂ ਦੀ ਨੂੰਹ
ਆਪ ਜੱਟੀ
ਮੇਰੇ ਨਾਲ ਗੱਲੀਂ ਲੱਗੀ ਤੁਰ ਰਹੀ ਹੈ
ਮੈਨੂੰ ਇਕ ਆਲੀਸ਼ਾਨ ਗੁਰਦੁਆਰਾ ਵੇਖ
ਕਹਿੰਦੀ ਹਾਂ:
ਵਾਹ ਕਿੰਨਾਂ ਸੁੰਦਰ ਗੁਰੂ ਘਰ ਹੈ ਤੁਹਾਡਾ
ਉਸਦੇ ਚਿਹਰੇ 'ਚ ਗੁਰਦੁਆਰਾ ਆਭਾ ਰਹਿਤ ਹੈ
ਕਹਿੰਦੀ ਹੈ:
ਇਹ ਤਾਂ ਜੱਟਾਂ ਦਾ ਗੁਰਦੁਆਰੈ
ਇਸ ਕਵਿਤਾ ਵਿਚ ਦੋ ਬਿਰਤਾਂਤ ਖੰਡਾਂ ਵਿਚ ਦੋ ਵੱਖਰੀਆਂ-ਵਖਰੀਆਂ ਦ੍ਰਿਸ਼ਟੀਆਂ ਪਈਆਂ ਹਨ। ਇਕ ਖੰਡ ਗੈਰ-ਜੱਟ ਅਤੇ ਦੂਸਰਾ ਜੱਟ ਸ਼ਖਸ ਨਾਲ ਸੰਬੰਧਿਤ ਹੈ। ਪਹਿਲੇ ਹਿੱਸੇ ਵਿਚ ਜਿਥੇ ਜੱਟਵਾਦੀ ਹਉਂ 'ਤੇ ਸਿਰਫ ਤਿੱਖਾ ਪਰਿਹਾਰ ਹੀ ਨਹੀਂ ਕੀਤਾ ਗਿਆ, ਸਗੋਂ ਗੈਰ-ਜੱਟ ਦੀ ਇਕ ਅਲਗ ਤਰ੍ਹਾਂ ਦੀ, ਜੱਟਾਂ ਨੂੰ ਦਰੜਨ ਦੀ ਹਉਮੈਂ ਵੀ ਅਗ੍ਰਭੂਮਿਤ ਹੁੰਦੀ ਹੈ ਅਤੇ ਦੂਸਰੇ ਹਿੱਸੇ ਵਿਚ ਇਕ ਜੱਟੀ ਨੂੰ ਵਿਅਕਤੀਗਤ ਤੌਰ 'ਤੇ ਜਾਤੀਵਾਦੀ ਹਉਂ ਤੋਂ ਪਾਰ ਹੁੰਦਿਆਂ ਦਿਖਾਇਆ ਗਿਆ ਹੈ। ਇਹ ਦੋਵੇਂ ਦ੍ਰਿਸ਼ ਸਾਡੀ ਬਦਲ ਰਹੀ ਸਮਾਜਕ ਬਣਤਰ ਵਲ ਸੰਕੇਤ ਕਰਨ ਵਾਲੇ ਹਨ। ਦੇਵਨੀਤ ਆਪਣੀ ਇਸ ਕਵਿਤਾ ਵਿਚ ਆ ਰਹੇ ਬਦਲਾਵ ਦਾ ਕੋਈ ਤਬਸਰਾ ਨਹੀਂ ਕਰਦਾ ਅਤੇ ਨਾ ਹੀ ਕੋਈ ਨਿਰਣਾ ਦੇਣ ਦੇ ਯਤਨ ਵਿਚ ਹੈ, ਸਗੋਂ ਉਹ ਬਿਰਤਾਂਤਕ ਦ੍ਰਿਸ਼ਾਂਕਣ ਰਾਹੀਂ ਦੋ ਸਥਿਤੀਆਂ ਨੂੰ ਖੁਲ੍ਹੇ ਅੰਤ ਵਜੋਂ ਪੇਸ਼ ਕਰਦਾ ਹੈ। ਇਹੀ ਖ਼ਾਸੀਅਤ ਉਸਦੀ ਕਵਿਤਾ ਦੀ ਵਿਧੀ ਅਤੇ ਵੱਖਰਤਾ ਬਣਦੀ ਹੈ।
ਦੇਵਨੀਤ ਦੀ ਕਾਵਿ-ਸੰਰਚਨਾ ਦੀ ਇਕ ਜੁਗਤ ਇਹ ਵੀ ਹੈ ਕਿ ਉਹ ਇਕਹਿਰੇ ਕਾਵਿ ਬਿਰਤਾਂਤ ਨੂੰ ਬਣ ਰਹੇ ਸੰਦਰਭ ਨਾਲੋਂ ਤੋੜਕੇ ਨਵੇਂ ਸੰਦਰਭ ਨਾਲ ਜੋੜ ਲੈਂਦਾ ਹੈ, ਅਤੇ ਇਸੇ ਨਵੇਂ ਸੰਦਰਭ ਵਿਚ ਹੀ ਉਸਦੀ ਕਵਿਤਾ ਦਾ ਬੀਜ ਅੰਕੁਰਿਤ ਹੋਣ ਲਗਦਾ ਹੈ:
ਕੁੜੀਆਂ ਖੇਡ ਰਹੀਆਂ ਹਨ
ਪੀਚੋ-ਬੱਕਰੀ
ਹਰ ਯੁਗ ਵਿਚ
ਵੱਡੇ ਛੋਟੇ ਖਾਨੇ ਬਣਾ ਬਣਦਾ ਖੇਡ-ਘਰ
ਸਭ ਤੋਂ ਪਹਿਲਾ ਖਾਨਾ ਸਭ ਤੋਂ ਵੱਡਾ ਬਣਾਉਂਦੀਆਂ
ਉਸਦਾ ਨਾਂ ਰਖਦੀਆਂ
ਸਮੁੰਦਰ
ਸਭ ਨੂੰ ਲੰਘਣਾ ਪੈਂਦਾ
ਖੇਡ ਸ਼ੁਰੂ ਕਰਨ ਲਈ
ਪੂਰੀ ਉਮਰ ਕੁੜੀਆਂ ਦੇ ਮੂਹਰੇ
ਪਹਿਲਾ ਖਾਨਾ
ਸਮੁੰਦਰ ਰਹਿੰਦਾ ਹੈ
ਇਸ ਕਵਿਤਾ ਵਿਚ ਅੰਤਿਮ ਤਿੰਨ ਸਤਰਾਂ ਸਭ ਤੋਂ ਅਹਿਮ ਹਨ। ਇਨ੍ਹਾਂ ਸਤਰਾਂ ਵਿਚ ਹੀ ਖੇਡ ਦਾ ਬਿਰਤਾਂਤ ਟੁੱਟਦਾ ਹੈ ਅਤੇ ਇਸ ਵਿਚੋਂ ਸਮਾਜ ਦੇ ਉਸ ਪਿੱਤਰ- ਪੁਰਖੀ (Patriarchy) ਸਮਾਜ ਦੀ ਪ੍ਰਤੀਧਵਨੀ ਸੁਣਾਈ ਦਿੰਦੀ ਹੈ, ਜਿਸ ਕਾਰਨ ਸੁਤੰਤਰ ਖੇਡ ਖੇਡਦੀ ਬਾਲੜੀ ਦਾ ਸਮੁੱਚਾ ਜੀਵਨ ਸੰਕਟਗ੍ਰਸਤ ਹੋਇਆ ਦਿਖਾਈ ਦਿੰਦਾ ਹੈ। ਅਜਿਹੇ ਕਾਵਿਕ ਸੰਗਠਨ ਵਿਚ ਬੱਝੀਆਂ ਕਵਿਤਾਵਾਂ ਦੇਵਨੀਤ-ਕਾਵਿ ਨੂੰ ਉਸਦੀਆਂ ਹੋਰ ਕਵਿਤਾਵਾਂ ਦੇ ਮੁਕਾਬਲੇ ਸਰਲ ਬਣਾਉਂਦੀਆਂ ਹਨ।
ਪ੍ਰਗਤੀਵੀਦੀ ਦੌਰ ਦੀ ਪੰਜਾਬੀ ਕਵਿਤਾ ਦੇ ਪ੍ਰਭਾਵ ਹੇਠ ਅੱਜ ਵੀ ਰਵਾਇਤੀ ਸੁਰਾਂ ਦਾ ਰੋਲ-ਘਚੋਲਾ ਅਲਾਪਦੀ ਕਵਿਤਾ ਵੇਖੀ-ਸੁਣੀ ਜਾ ਸਕਦੀ ਹੈ। ਇਹ ਉਹ ਕਵਿਤਾ ਹੈ ਜੋ ਵਰਤਮਾਨ ਦੇ ਬਦਲਦੇ ਪ੍ਰਸੰਗਾਂ ਤੋਂ ਅਣਭਿੱਜ ਹੈ; ਪਰੰਤੂ ਦੇਵਨੀਤ ਦੀ ਕਵਿਤਾ ਸਮਾਜ ਵਿਚ ਪਰੰਪਰਕ ਮਾਰਕਸਵਾਦ ਦੇ ਪ੍ਰਸੰਗਿਕ/ ਅਪ੍ਰਸੰਗਿਕ ਪਹਿਲੂਆਂ 'ਤੇ ਤਿੱਖੀ ਨਜ਼ਰ ਰਖਦੀ ਦਿਖਾਈ ਦਿੰਦੀ ਹੈ। ਉਸਦੀ ਕਵਿਤਾ ਅਜੋਕੇ ਕਾਮਰੇਡ ਦੇ ਬਦਲਦੇ ਚਰਿਤਰ ਦੀ ਨਿਸ਼ਾਨਦੇਹੀ ਹੀ ਨਹੀ ਕਰਦੀ ਸਗੋਂ ਉਹ ਇਸ ਪ੍ਰਤੀ ਬੇ-ਲਿਹਾਜ਼ ਵੀ ਹੈ:
ਕਦੇ ਇਸੇ ਘਰ 'ਚ
ਕਾਮਰੇਡ ਆਉਂਦਾ ਸੀ-ਵਰੰਟ ਸ਼ੁਦਾ
ਸਾਰੀ ਸਾਰੀ ਰਾਤ ਪੜ੍ਹਦਾ
ਲਿਖਦਾ ਰਹਿੰਦਾ
ਮੈਂ ਉਸਨੂੰ ਰੋਟੀ ਖਵਾਉਣਾ ਚਾਹੁੰਦਾ
ਉਹ ਕਹਿੰਦਾ:
ਰੋਟੀ ਪੜ੍ਹਨ ਲਿਖਣ 'ਚ
ਵਿਘਨ ਹੈ
ਸਵੇਰੇ ਉਸਦੇ ਜਾਣ ਤੋਂ ਪਹਿਲਾਂ
ਉਸਦੇ ਖੀਸੇ 'ਚ ਪੰਜਾਹ ਦਾ ਨੋਟ
ਪਾਉਂਦਾ-ਉਸ ਤੋਂ ਚੋਰੀ-
ਅੱਜ ਇਸੇ ਘਰ ਪੈਂਤੀ ਸਾਲਾਂ ਬਾਅਦ
ਕਾਮਰੇਡ ਆਉਂਦਾ ਹੈ
ਮੇਰੇ ਅਣਕੱਟੇ ਰੁੱਖੇ ਘਾਹ ਨੂੰ
ਮਖਮਲੀ ਕਹਿੰਦਾ ਹੈ
ਮੈਂ ਖਿਝਦਾ ਹਾਂ:
ਕਾਮਰੇਡ ਤੂੰ ਫੰਡ ਮੰਗਣ ਦਾ ਅਲਾਪ ਨਾ ਲੈ
ਸਿੱਧਾ ਫੰਡ ਮੰਗ
ਮੈਂ ਪੰਜਾਹ ਦਾ ਨੋਟ ਦਿੰਦਾ ਹਾਂ…..
ਇਉਂ ਇਥੇ ਦੇਵਨੀਤ ਸਿੱਥਲ ਪੈ ਚੁੱਕੇ ਮਾਰਕਸਵਾਦ ਦੇ ਅਖਾਉਤੀ ਅਲੰਬਰਦਾਰ ਕਾਮਰੇਡ ਨੂੰ ਮੁਖਾਤਿਬ ਹੁੰਦਿਆਂ ਹੋਇਆਂ ਵਰਤਮਾਨ ਸੰਦਰਭ ਵਿਚ ਲਹਿਰ ਦੇ ਅਪ੍ਰਸੰਗਿਕ ਰੂਪ ਨੂੰ ਚਿਹਨਿਤ ਕਰ ਰਿਹਾ ਹੈ। ਚਿੰਤਨ ਚੇਤਨਾ ਅਤੇ ਗਿਆਨ ਨਾਲ ਪ੍ਰਾਥਮਿਕਤਾ ਰੱਖਣ ਵਾਲਾ ਅਤੇ ਇਸ ਮੁਕਾਬਲੇ ਰੋਟੀ ਨੂੰ ਦੂਜੈਲਾ ਸਮਝਣ ਵਾਲਾ ਚਰਿਤਰ ਕਿਵੇਂ ਖ਼ੁਦਗਰਜ਼, ਚਾਪਲੂਸ ਅਤੇ ਪੈਸਾ-ਕੇਂਦ੍ਰਿਤ ਬਣ ਗਿਆ ਹੈ, ਦੇਵਨੀਤ ਦਾ ਕਾਵਿ-ਮਨ ਇਸ ਗੱਲ 'ਤੇ ਉਦਾਸ ਹੈ। ਵਿਚਾਰਧਾਰਕ ਪੱਧਰ 'ਤੇ ਉਸਦੀ ਸੁਹਿਰਦਤਾ ਮਾਰਕਸੀ ਚੇਤਨਾ ਦੀ ਮੁਦਈ ਹੈ। ਇਸੇ ਲਈ ਨਕਸਲੀ ਲਹਿਰ ਦੇ ਨਾਇਕ ਬਾਬਾ ਬੂਝਾ ਸਿੰਘ ਦੀ ਮੌਤ 'ਤੇ ਸਮਾਜ ਦੀ ਬੇਰੁਖੀ ਕਵੀ-ਮਨ ਨੂੰ ਠੇਸ ਪਹੁੰਚਾਉਂਦੀ ਹੈ, ਨਕਸਲੀ ਕਾਮਰੇਡ ਦੇ ਨਿੱਸਲ ਤੇ ਸਿੱਥਲ ਪੈ ਚੁੱਕੇ ਜਿਸਮ ਤੋਂ ਪਿਛੋਂ ਵੀ ਇਨਕਲਾਬ ਦੀ ਗੰਧ ਨੂੰ ਉਹ ਮਹਿਸੂਸ ਕਰਦਾ ਹੈ:
ਇਕ ਸਵੇਰ
ਕਾਲਿਜ ਦੇ ਗੇਟ 'ਤੇ
ਲਾਲ ਇਸ਼ਤਿਹਾਰ ਵੇਖਦਾ ਹਾਂ
ਬਾਬਾ ਬੂਝਾ ਸਿੰਘ ਸ਼ਹੀਦ
ਮੈ ਧਰਤੀ ਹਿਲ ਗਈ ਮਹਿਸੂਸ ਕਰਨਾ ਚਾਹੁੰਦਾ ਹਾਂ
ਸੜਕ ਵਲ ਵੇਖਦਾ ਹਾਂ
ਰਿਕਸ਼ੇ ਵਾਲਾ ਰਿਕਸ਼ਾ ਧੂਈ ਜਾ ਰਿਹਾ ਹੈ
ਜੱਟ ਝੋਲੇ ਚੁੱਕੀ ਗੱਪਾਂ ਮਾਰਦੇ
ਜਾ ਰਹੇ ਹਨ
ਕੁਝ ਵੀ ਨਹੀਂ ਹਿੱਲਿਆ
ਮੈਂ ਕਿਸ 'ਤੇ ਗੁੱਸੇ ਹੋਵਾਂ ????
ਸਵੇਰ ਦੀ ਅਖਬਾਰ ਫੜਦਾ ਹਾਂ
ਪੜ੍ਹਦਾ ਹਾਂ
ਡਰ ਜਾਂਦਾ ਹਾਂ
ਵੇਖ ਰਿਹਾ ਹਾਂ
ਮੁਖ ਸੁਰਖੀ ਬਣਿਆ ਕਾਮਰੇਡ ਦਾ ਗੰਧ ਰਹਿਤ ਜਿਸਮ
ਅੱਜ ਉਹ ਗੰਧ
ਮੇਰੇ ਕੋਲ ਹੈ
ਇਸੇ ਚੇਤਨਾ ਵਿਚੋਂ ਹੀ ਦੇਵਨੀਤ ਦੀ ਕਵਿਤਾ ਕਿਰਤ ਦੇ ਮਹਾਤਮ ਨੂੰ ਕੇਂਦਰ ਵਿਚ ਲਿਆਉਂਦੀ ਹੈ। ਕਵਿਤਾ ਦੀ ਕਾਵਿ-ਮੈਂ ਧਰਮ ਸਥਾਨ 'ਤੇ ਫੁੱਲ ਅਰਪਿਤ ਕਰਨ
ਦੀ ਥਾਂ ਸੱਤਪਾਲ ਮੋਚੀ ਦੀ ਕਵਾਈ 'ਤੇ ਚੜਾਉਣ ਨੂੰ ਵਧੇਰੇ ਤਰਜ਼ੀਹ ਦਿੰਦਾ ਹੈ, ਲੇਬਰ ਚੌਕ ਦੀ ਸਵੇਰ ਉਸਨੂੰ ਗੁਰੂ ਨਾਨਕ ਅਤੇ ਬੁੱਲ੍ਹੇ ਸ਼ਾਹ ਦੀ ਹੋਂਦ ਵਾਂਗ ਪਵਿਤਰ ਲਗਦੀ ਹੈ। ਕਿਰਤੀ ਨੂੰ ਉਲੰਘ ਕੇ ਜਾਂ ਕਿਰਤ ਨੂੰ ਹੀਣਾ ਬਣਾ ਕੇ ਸਾਰੇ ਧਾਰਮਿਕ, ਦੈਵੀ ਅਤੇ ਰੱਬਤਾ ਦੇ ਧਰਾਤਲ ਉਸਨੂੰ ਮਸਨੂਈ ਪ੍ਰਤੀਤ ਹੁੰਦੇ ਹਨ। ਰੱਬ ਦੀ ਰੱਬਤਾ ਇਸ ਕਵਿਤਾ ਵਿਚ ਸਵਾਲਾਂ ਦੇ ਘੇਰੇ ਵਿਚ ਹੈ। ਸੰਸਾਰ ਦੇ ਲੋਕ ਕਵੀ ਅਨੁਸਾਰ ਖ਼ੁਦ ਆਪਣੀ ਦੁਨੀਆਂ ਸਿਰਜਦੇ ਹਨ ਅਤੇ ਇਹ ਲੋਕ ਰੱਬ 'ਤੇ ਆਸ਼ਰਿਤ ਨਹੀਂ ਸਗੋਂ ਇਹ ਤਾਂ ਉਸ ਨੂੰ ਰੱਬ ਦੀਆਂ ਬਿਸਾਖੀਆਂ ਬਣੇ ਹੋਏ ਦਿਖਾਈ ਦਿੰਦੇ ਹਨ:
ਸੜਕ 'ਤੇ
ਇਕ ਲੱਤ ਨਾਲ ਨੌਜਵਾਨ ਬਸਾਖੀ ਸਹਾਰੇ
ਸਰਕ ਰਿਹਾ ਹੈ
ਉਸਦੇ ਹੱਥ ਵਿਚ
ਡੂੰਘੇ ਤਾਲੇ ਦੀ ਚਾਬੀ ਹੈ
ਵੇਖਦਾ ਹਾਂ
ਜੱਗ
ਰੱਬ ਦੀ ਬਸਾਖੀ ਹੈ
ਇਉਂ ਸਪਸ਼ਟ ਹੁੰਦਾ ਹੈ ਕਿ ਇਹ ਕਾਵਿ ਭਾਵੇਂ ਅਖਾਉਤੀ ਮਾਰਕਸਵਾਦ 'ਤੇ ਪਰਿਹਾਰ ਕਰਦਾ ਹੈ ਪਰੰਤੂ ਇਸ ਕਾਵਿ 'ਚੋਂ ਮਾਰਕਸੀ ਚੇਤਨਾ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ।
ਆਧੁਨਿਕ ਸਮਾਜ ਵਿਚ ਵਿਅਕਤੀ ਬਾਹਰਮੁਖੀ ਅਤੇ ਅੰਤਰਮੁਖੀ ਰੂਪ ਵਿਚ ਦੋਗਲੀ ਜੀਵਨ-ਸ਼ੈਲੀ ਨੂੰ ਅਪਣਾਈ ਬੈਠਾ ਹੈ। ਅਜੋਕੇ ਜੀਵਨ ਦਾ ਇਹ ਦਵੰਦ ਹੈ ਕਿ ਸਵੈ (Self) ਨੂੰ ਸੁਰਖਿਅਤ ਰੱਖਣ ਦੀ ਚਿੰਤਾ ਵਿਚ ਕਈ ਵਾਰ ਆਪਣੇ ਆਪ ਤੋਂ ਹੀ ਮਨਫ਼ੀ ਹੋ ਜਾਂਦਾ ਹੈ। ਦੇਵਨੀਤ ਦੀ ਕਵਿਤਾ 'ਸਵੈ ਦਾ ਸਰਲੀਕਰਨ' ਕੰਕਰੀਟ ਵਿਧੀ ਵਿਚ ਲਿਖੀ ਗਈ ਅਜਿਹੀ ਹੀ ਇਕ ਕਵਿਤਾ ਹੈ। ਇਸ ਕਵਿਤਾ ਵਿਚ ਮੈਥੇਮੈਟਿਕਸ ਦੇ ਚਿੰਨ੍ਹਾਂ ਰਾਹੀਂ ਇਹ ਸਾਕਾਰ ਕਰਨ ਦਾ ਯਤਨ ਹੈ ਕਿ ਵਿਅਕਤੀ ਬਾਹਰੀ ਸੰਸਾਰ ਤੋਂ ਆਪਣੇ ਆਪ ਨੂੰ ਸੁਰਖਿਅਤ ਰਖਦਿਆਂ-ਰਖਦਿਆਂ ਕਈ ਵਾਰ ਆਪੇ ਵਿਚ ਏਨਾ ਸੁੰਗੜ ਜਾਂਦਾ ਹੈ ਕਿ ਉਸ ਨੂੰ ਆਪਣੀ ਨਿਹੋਂਦ ਦਾ ਅਹਿਸਾਸ ਹੋਣ ਲਗਦਾ ਹੈ। ਬਾਹਰੀ ਜਗਤ ਅਤੇ ਅੰਦਰਲੇ ਆਪੇ ਨੂੰ ਸੰਤੁਲਿਤ ਨਾ ਕਰ ਸਕਣ ਦੀ ਹਾਲਤ ਵਿਚ ਵਿਅਕਤੀ ਬਾਹਰਲੇ ਜਗਤ ਨੂੰ ਵਿਵਸਥਿਤ ਕਰਨਾ ਚਾਹੁੰਦਾ ਹੈ। ਆਪੇ ਦੀ ਖੰਡਿਤ, ਵਿਕ੍ਰਿਤ ਅਤੇ ਕਰੂਪਤਾ ਵਾਲੀ ਦਸ਼ਾ ਉਹ ਛੁਪਾਉਣਾ ਚਾਹੁੰਦਾ ਹੈ ਜਿਸ ਕਾਰਨ ਜੀਵਨ ਦੋ- ਪਰਤੀ ਦਵੰਦਾਤਮਕਤਾ ਵਿਚ ਘਿਰ ਜਾਂਦਾ ਹੈ:
ਮੇਰੇ ਘਰ ਦੇ ਮੁੱਖ ਦੁਆਰ ਕੋਲ
ਤੁਹਾਡੇ ਲਈ
ਡੇਲੀਏ ਦਾ ਫੁੱਲ ਖਿੜਿਆ ਹੈ
ਨਾਲ ਹੀ
ਘਾਹ ਦਾ ਹਰਾ ਕਚੂਰ ਮੈਦਾਨ
ਅੱਗੇ ਕਮਰਿਆਂ ਅੰਦਰ
ਕੂੜਾ-ਝੂਠ-ਚਾਲ-ਕਬਾੜ-ਘਿਰਣਾ
ਤੁਸੀਂ ਅੱਗੇ ਨਹੀਂ ਜਾ ਸਕਦੇ ਹੁਣ
ਮੈਂ ਸਭ ਨੂੰ
ਘਾਹ 'ਚ ਰੱਖਣਾ ਸਿੱਖ ਲਿਆ ਹੈ
ਭਾਸ਼ਾ ਵਾਂਗ 'ਚੁਪ' ਦਾ ਵੀ ਅਰਥ ਹੋ ਸਕਦਾ ਹੈ। ਪੰਜਾਬੀ ਕਵਿਤਾ ਵਿਚ ਅਕਸਰ ਚੁਪ ਦੇ ਸੰਗੀਤ ਨੂੰ ਕੁਦਰਤ ਦੇ ਦ੍ਰਿਸ਼ਾਂ ਰਾਹੀਂ ਅਭਿਵਿਅਕਤੀ ਦਿੱਤੀ ਗਈ ਮਿਲਦੀ ਹੈ। ਮਨਮੋਹਨ ਜਦ 'ਨਿਸ਼ਬਦ ਨੂੰ ਪਰਿਭਾਸ਼ਿਤ ਕਰਦਾ ਹੈ ਤਾਂ ਉਹ ਅਸਲ ਵਿਚ ਚੁਪ ਨੂੰ ਭਾਸ਼ਾ ਤੋਂ ਵਧੇਰੇ ਸਮੱਰਥ ਸਵੀਕਾਰ ਕਰਦਾ ਹੈ। ਇਸੇ ਤਰ੍ਹਾਂ ਦੇਵਨੀਤ ਜਦ ਇਸ ਪ੍ਰਸੰਗ ਵਿਚ ਕਾਵਿ-ਕਥਨ ਉਸਾਰਦਾ ਹੈ ਤਾਂ ਉਹ ਇਹੀ ਵਿਚਾਰ ਰਖਦਾ ਹੈ ਕਿ ਭਾਸ਼ਾ ਕੋਲ ਹਰ ਵਲਵਲੇ ਦੀ ਅਭਿਵਿਅਕਤੀ (expression) ਦੀ ਸਮੱਰਥਾ ਨਹੀਂ ਹੈ। ਭਾਸ਼ਾ ਸੀਮਿਤ ਵਰਤਾਰਾ ਹੈ, ਕੁਦਰਤੀ ਅਤੇ ਸਹਿਜ ਮਨੁੱਖੀ ਪ੍ਰਭਾਵ ਕਈ ਵਾਰ ਭਾਸ਼ਾ ਦੀ ਪਕੜ ਤੋਂ ਬਾਹਰ ਰਹਿ ਜਾਂਦੇ ਹਨ:
ਚੁਪ ਦੇ ਦੇਸੋਂ
ਚੁਪ ਖੱਤ ਆਇਆ ਹੈ:
ਛੋਟੇ ਛੋਟੇ-ਹਰੇ ਕਚੂਰ-ਰੁਖ-ਸੱਤ ਪਾਲਾਂ
ਮੈਂ ਖਤ ਨਹੀਂ ਉਠਾ ਸਕਦਾ
ਜੇ ਕ੍ਰਿਸ਼ਨਾ ਮੂਰਤੀ ਕੋਲ ਜਾਂਦਾ ਹਾਂ
ਹੈਰਾਨ ਹੈ ਉਹ
ਨਾਨਕ ਦੇ ਹੁੰਦਿਆਂ ---ਮੇਰੇ ਕੋਲ!!!
ਨਾਨਕ ਸਾਹਿਬ ਆਰਤੀ 'ਚ ਲੀਨ ਹਨ
ਫਰਮਾਉਂਦੇ ਹਨ:
ਕਿਸੇ ਬੱਚੇ ਕੋਲ ਜਾ
ਛੇਤੀ ਕਰ
ਉਹ ਤੇਰੇ ਜਾਣ ਤੋਂ ਪਹਿਲਾਂ
ਬੋਲਣਾ ਨਾ ਸਿਖ ਜਾਵੇ
ਇਉਂ ਦੇਵਨੀਤ ਦੀ ਕਵਿਤਾ ਆਪਣੇ ਵਿਲੱਖਣ ਕਾਵਿ ਮੁਹਾਂਦਰੇ ਕਾਰਨ ਅਹਿਮ ਕਹੀ ਜਾ ਸਕਦੀ ਹੈ। ਸੰਰਚਨਾਤਮਕ ਦ੍ਰਿਸ਼ਟੀ ਤੋਂ ਉਸਦੀ ਕਵਿਤਾ ਦੀ ਇਹ ਯੋਗਤਾ ਹੈ ਕਿ ਉਹ ਇਕਹਿਰੀ ਕਾਵਿ-ਵਿਧੀ ਨੂੰ ਕੇਂਦਰ ਵਿਚ ਰੱਖ ਕੇ ਸਿਰਜਨਾਤਮਕ ਕਾਰਜ ਨਹੀਂ ਕਰਦਾ ਸਗੋਂ ਹਰ ਪੜਾਅ 'ਤੇ ਇਸ ਵਿਚ ਪਰਿਵਰਤਨ ਵਾਪਰਦੇ ਨਜ਼ਰ ਆਉਂਦੇ ਹਨ। ਜੀਵਨ ਦੇ ਜੀਵੰਤ ਵਰਤਾਰਿਆਂ ਦਾ ਦ੍ਰਿਸ਼ਾਂਕਣ ਅਤੇ ਵਿਚਾਰਧਾਰਕ ਚੇਤਨਾ ਅਤੇ ਬੌਧਿਕਤਾ ਪ੍ਰਧਾਨ ਸੁਰ ਦੇਵਨੀਤ ਕਾਵਿ ਦੇ ਮਹੱਤਵਪੂਰਨ ਕਾਵਿ-ਸ਼ਾਸਤਰੀ ਪਹਿਲੂ ਕਹੇ ਜਾ ਸਕਦੇ ਹਨ।
ਦਰਸ਼ਨ ਬੁੱਟਰ ਦੀ ਕਵਿਤਾ
ਡਾ. ਗੁਰਮੇਲ ਸਿੰਘ
ਨਵੀਂ ਪੰਜਾਬੀ ਕਵਿਤਾ ਦੇ ਗਿਣਨਯੋਗ ਕਵੀਆਂ ਵਿਚ ਦਰਸ਼ਨ ਬੁੱਟਰ ਦੀ ਆਪਣੀ ਇਕ ਵੱਖਰੀ ਪਛਾਣ ਹੈ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਬੁੱਟਰ ਕਾਵਿ ਸਾਧਨਾ ਦੀ ਨਿਰੰਤਰਤਾ ਦਾ ਹਾਣੀ ਬਣਿਆ ਆ ਰਿਹਾ ਹੈ ਜਿਸ ਨੇ ਉਸ ਦੀ ਕਵਿਤਾ ਨੂੰ ਨਵਾਂ ਨਿਖਾਰ ਵੀ ਦਿੱਤਾ ਤੇ ਨਾਲ ਦੀ ਨਾਲ ਬਹੁ ਧੁਨੀ ਵਾਲੀ ਅਜੋਕੀ ਪੰਜਾਬੀ ਕਵਿਤਾ ਵਿਚ ਆਪਣਾ ਸਥਾਨ ਬਣਾਉਣ ਵਾਲੇ ਕਵੀ ਦੇ ਰੂਪ ਵਿਚ ਸਥਾਪਤ ਕੀਤਾ। ਉਪਰੋਕਤ ਨੁਕਤੇ ਦੀ ਵਜ਼ਾਹਤ ਲਈ ਅਸੀਂ ਉਸ ਦੀਆਂ ਹੁਣ ਤੱਕ ਪ੍ਰਕਾਸ਼ਿਤ ਹੋ ਚੁਕੀਆਂ ਛੇ ਕਾਵਿ ਪੁਸਤਕਾਂ ਦਾ ਹਵਾਲਾ ਦੇ ਸਕਦੇ ਹਾਂ। ਉਸ ਦੀ ਪਹਿਲੀ ਪੁਸਤਕ 'ਔੜ ਦੇ ਬੀਜ' 1985 ਵਿਚ ਸਾਹਮਣੇ ਆਉਂਦੀ ਹੈ। ਉਸ ਤੋਂ ਮਗਰੋਂ 'ਸਲ੍ਹਾਬੀ ਹਵਾ' 1994 'ਸ਼ਬਦ ਸ਼ਹਿਰ ਤੇ ਰੇਤ' 1996 'ਖੜਾਵਾਂ 2001 'ਦਰਦ ਮਜੀਠੀ '2006 'ਮਹਾਂ ਕੰਬਣੀ' 2009 ਵਿਚ ਸਾਹਮਣੇ ਆਉਂਦੀ ਹੈ।
ਬੁੱਟਰ ਦੇ ਕਾਵਿ ਚਿੰਤਨ ਦੇ ਸੰਬੰਧ ਵਿਚ ਕੋਈ ਰਾਇ ਬਣਾਉਣ ਤੋਂ ਪਹਿਲਾਂ ਵਿਦਵਾਨਾਂ/ ਆਲੋਚਕਾਂ ਦੀ ਰਾਇ ਵਿਚੋਂ ਰੋਸ਼ਨੀ ਪ੍ਰਾਪਤ ਕਰਨੀ ਜ਼ਰੂਰੀ ਹੈ ਕਿਉਂਕਿ ਬੁੱਟਰ ਉਹ ਖੁਸ਼ਨਸੀਬ ਕਵੀ ਹੈ ਜਿਸ ਨੂੰ ਪ੍ਰਬੁੱਧ ਆਲੋਚਕਾਂ, ਵਿਦਵਾਨਾਂ ਤੇ ਦਾਨਿਸ਼ਵਰ ਲੇਖਕਾਂ ਨੇ ਪੜ੍ਹਿਆ ਵਿਚਾਰਿਆ ਹੈ ਤੇ ਨਾਲ ਹੀ ਉਸ ਦੀ ਭਰਪੂਰ ਪ੍ਰਸੰਸਾ ਵੀ ਕੀਤੀ ਹੈ। ਖੜਾਵਾਂ ਪੁਸਤਕ ਦੇ ਉਤੇ ਛਪੀ ਪੁਸਤਕ 'ਆਲੋਚਕ ਆਖਦੇ ਨੇ' ਨੂੰ ਪੜ੍ਹ ਕੇ ਇਹ ਅਹਿਸਾਸ ਹੁੰਦਾ ਹੈ ਕਿ ਕਵਿਤਾ ਨੂੰ ਅਨੇਕਾਂ ਕੋਨਾਂ ਤੋਂ ਪਰਖਦੇ/ਵਿਦਵਾਨਾਂ ਦੀ ਰਾਏ ਵਿਚ ਬੁੱਟਰ ਨਵੀਂ ਪੰਜਾਬੀ ਕਵਿਤਾ ਵਿਚ ਇਕ ਪ੍ਰਤਿਭਾਸ਼ੀਲ ਕਵੀ ਵਜੋਂ ਪ੍ਰਗਟ ਹੁੰਦਾ ਹੈ।
ਜਦੋਂ ਅਸੀਂ ਨਵੀਂ ਕਵਿਤਾ ਦੀ ਪਛਾਣ ਦੇ ਬਹਾਨੇ ਦਰਸ਼ਨ ਬੁੱਟਰ ਦੀ ਕਵਿਤਾ ਦੀ ਕਵਿਤਾ ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਇਹ ਅਹਿਸਾਸ ਸ਼ਿੱਦਤ ਨਾਲ ਹੁੰਦਾ ਹੈ ਕਿ ਇਹ ਕਵਿਤਾ ਉਸ ਲਘੂ ਮਨੁੱਖ ਨੂੰ ਕੇਂਦਰ ਵਿਚ ਰੱਖਣੋਂ ਮੁਨਕਰ ਹੋ ਜਾਂਦੀ ਹੈ ਜੋ ਲੰਮੇ ਸਮੇਂ ਪ੍ਰਗਤੀਵਾਦੀ ਤੇ ਜੁਝਾਰਵਾਦੀ ਪੰਜਾਬੀ ਕਵਿਤਾ ਦੇ ਕੇਂਦਰ ਵਿਚ ਰਹਿੰਦਾ ਹੈ। ਆਰਥਿਕ ਤੰਗੀਆਂ ਤੁਰਸ਼ੀਆਂ, ਦੁੱਖਾਂ ਤੇ ਭੁੱਖਾਂ ਦਾ ਸਤਾਇਆ ਮਨੁੱਖ ਭਾਵੇਂ ਅੱਜ ਵੀ ਵੱਡੀ ਗਿਣਤੀ ਵਿਚ ਵੱਧ ਰਿਹਾ ਹੈ ਪਰ ਇਸ ਲਘੂ ਮਨੁੱਖ ਨੂੰ ਅਜੋਕੀ ਪੰਜਾਬੀ ਕਵਿਤਾ ਨੇ ਰੀਪਲੇਸ ਕਰ ਦਿਤਾ ਹੈ। ਇਸ ਦੀ ਖਾਲੀ ਸਪੇਸ ਨੂੰ ਭਰਨ ਵਾਲਾ ਅਜੋਕਾ ਖੰਡਿਤ ਮਨੁੱਖ ਹੈ ਜਿਸ ਕੋਲ ਆਰਥਿਕ ਸੁੱਖ ਸਾਧਨ ਤਾਂ ਹਨ ਪਰ ਮਨ ਦਾ ਚੈਨ ਨਹੀਂ। ਹਾਸ਼ੀਏ ਤੇ ਵਿਚਰਦੇ ਇਸ ਮਨੁੱਖ ਨੂੰ ਕੇਂਦਰ ਵਿਚ ਰੱਖ ਕੇ ਗੱਲ ਕਰਨੀ ਅਜੋਕੀ ਪੰਜਾਬੀ ਕਵਿਤਾ ਦੀ ਪ੍ਰਮੁੱਖ ਧੁਨੀ ਬਣਦੀ ਜਾ ਰਹੀ ਹੈ। ਇਹ ਇਸ ਕਰਕੇ ਵੀ ਹੈ ਕਿ ਸਾਡਾ ਅਜੋਕਾ ਕਵੀ ਆਪ ਉਹੀ ਕਵਿਤਾ ਰਚ ਰਿਹਾ ਹੈ ਜਿਸ ਤਰ੍ਹਾਂ ਦਾ ਉਸ ਕੋਲ ਜੀਵਨ ਅਨੁਭਵ ਹੈ ਤੇ ਜਿਸ ਕਿਸਮ ਦਾ ਜੀਵਨ ਉਹ ਉਸੇ ਮੱਧਵਰਗੀ ਮਨੁੱਖ ਦੀ ਪ੍ਰਤੀਨਿਧਤਾ ਕਰ ਰਿਹਾ ਹੈ ਜਿਸਨੂੰ ਅਜੋਕੇ ਉਪਭੋਗਤਾਵਾਦੀ ਹਾਲਾਤ ਨੇ ਵੱਧ ਸ਼ਿਕਾਰ ਬਣਾਇਆ ਹੈ। ਇਹ ਖੰਡਿਤ ਮਨੁੱਖ ਹਾਲਾਤ ਦੀ ਝੰਬਿਆ ਆਪਣੀ ਹਾਰ ਮੰਨ ਬੈਠਾ ਹੈ। ਇਸ ਖੰਡਿਤ
ਮਨੁੱਖ ਦੀ ਧੁਨੀ ਪੰਜਾਬੀ ਕਵਿਤਾ ਵਿਚ ਉਨ੍ਹਾਂ ਕਵੀਆਂ ਤੋਂ ਸ਼ੁਰੂ ਹੁੰਦੀ ਹੈ ਜਿਨ੍ਹਾਂ ਕੋਲ ਮਹਾਂਨਗਰੀ ਜੀਵਨ ਅਨੁਭਵ ਸੀ। ਮਸਲਨ ਪ੍ਰੋ. ਹਰਿਭਜਨ ਸਿੰਘ, ਸੋਹਣ ਸਿੰਘ ਮੀਸ਼ਾ ਆਦਿ ਕਵੀ ਅਜਿਹੇ ਮਨੁੱਖ ਦੀ ਹਾਜ਼ਰੀ ਲਵਾਉਂਦੇ ਹਨ ਪਰੰਤੂ ਉਥੇ ਵੀ ਇਹ ਸੁਰ ਅਲਪ ਮਾਤਰ ਹੀ ਰਹਿੰਦੀ ਹੈ। ਕਿਵੇਂ ਨਾ ਕਿਵੇਂ ਆਰਥਿਕਤਾ ਵੀ ਇਸ ਦਾ ਗੌਣ ਮੁੱਦਾ ਬਣਿਆ ਰਿਹਾ ਪਰ ਇਸ ਨੂੰ ਭਰਵੇਂ ਰੂਪ ਵਿਚ ਪੇਸ਼ ਕਰਨ ਵਾਲੀ ਅਜੋਕੀ ਪੰਜਾਬੀ ਕਵਿਤਾ ਵਿਚ ਇਹ ਕਾਵਿ ਪਾਤਰ ਕੇਂਦਰ ਵਿਚ ਟਿਕ ਜਾਂਦਾ ਹੈ, ਖ਼ਾਸ ਕਰਕੇ ਦਰਸ਼ਨ ਬੁੱਟਰ ਦੀ ਕਵਿਤਾ ਵਿਚ ਇਸ ਦੀ ਭਰਵੀਂ ਪੇਸ਼ਕਾਰੀ ਹੁੰਦੀ ਹੈ। ਬੈਂਕ ਚ ਨੋਟ ਗਿਣਦਿਆਂ ਕਵਿਤਾ ਵਿਚ ਕਵੀ ਲਿਖਦਾ ਹੈ:
ਓਪਰੀ ਨਜ਼ਰ ਨਾਲ
ਕੈਸ਼ ਕੈਬਿਨ ਚੋਂ
ਤੱਕ ਰਿਹਾ ਹਾਂ ਨੋਟਾਂ ਨੂੰ
ਨੋਟਾਂ ਵਾਲਿਆਂ ਨੂੰ
ਫਟੇ ਪੁਰਾਣੇ ਨੋਟਾਂ ਵਰਗੇ
ਚਿਹਰੇ………………….
ਚਿਹਰੇ ਤੇ ਚਿਪਕਿਆ ਅਕੇਵਾਂ......
ਅਕੇਵਾਂ ਚੋਂ ਉਪਜਿਆਂ
ਥਕੇਵਾਂ……………….
ਦਰਸ਼ਨ ਬੁੱਟਰ ਦੀ ਕਵਿਤਾ ਮੱਧਵਰਗੀ ਮਨੁੱਖ ਦੇ ਅੰਤਰਮਨ ਵਿਚ ਚਲਦੀ ਕਸ਼ਮਕਸ਼ ਤੇ ਉਸਦੇ ਦਵੰਦ ਨੂੰ ਪ੍ਰਸਤੁਤ ਕਰਦੀ ਹੈ। ਕਿ ਅਜੋਕਾ ਉਪਭੋਗੀ ਵਸਤੂਵਾਦ ਏਨੇ ਬਲਵਾਨ ਰੂਪ ਵਿਚ ਨਾਜ਼ਲ ਹੁੰਦਾ ਹੈ ਕਿ ਇਸ ਨੇ ਮਨੁੱਖ ਦੀ ਸਧਾਰਨਤਾ, ਆਤਮਿਕ ਤੇ ਸਖਸ਼ੀ ਜੀਵਨ-ਬਲ ਨੂੰ ਢਹਿ ਢੇਰੀ ਕਰ ਦਿਤਾ ਹੈ। ਸਧਾਰਨ ਤੌਰ ਤੇ ਉਹ ਜਿਊਂਦਾ ਜਾਗਦਾ, ਜੀਵਨ ਨਿਰਬਾਹ ਕਰਦਾ ਜਾਪਦਾ ਹੈ ਪਰੰਤੂ ਅੰਦਰੋਂ ਉਹ ਆਪਣੀ ਜਾਗਦੀ ਜਮੀਰ ਦਾ ਸਾਹਮਣਾ ਨਹੀਂ ਕਰ ਸਕਦਾ। ਵਸਤੂਵਾਦ ਦੇ ਅੰਨ੍ਹੇ ਵੇਗ ਵਿਚ ਨਾ ਚਾਹੁੰਦਿਆਂ ਵੀ ਉਸ ਨੂੰ ਉਹ ਸਾਰਾ ਕੁਝ ਸਵੀਕਾਰ ਕਰਨਾ ਪੈਂਦਾ ਹੈ ਜੋ ਉਸ ਦੇ ਹਿੱਤ ਵਿਚ ਨਹੀਂ ਹੁੰਦਾ। ਉਹ ਜੀਵਨ ਦੀ ਤਰਕਹੀਣ, ਮੰਤਵ ਰਹਿਤ ਹੋਣੀ ਤੋਂ ਪ੍ਰੇਸ਼ਾਨ ਹੈ। ਵਿਹਾਰਕ ਤੌਰ ਤੇ ਪੰਜਾਬੀ ਮਨੁੱਖ ਨੇ ਪੂੰਜੀਵਾਦੀ ਵਰਤਾਰੇ ਨੂੰ ਤੀਬਰਤਾ ਨਾਲ ਗ੍ਰਹਿਣ ਤਾਂ ਕੀਤਾ ਹੈ ਪਰ ਇਸ ਨੂੰ ਆਪਣੇ ਭਾਵ ਜਗਤ ਦਾ ਹਿੱਸਾ ਨਹੀਂ ਮੰਨਿਆ। ਇਸੇ ਵਿਚੋਂ ਭਾਵ ਜਗਤ ਦਾ ਤਣਾਓ ਪੈਦਾ ਹੁੰਦਾ ਹੈ ਜੋ ਦਰਸ਼ਨ ਬੁੱਟਰ ਦੀ ਸਮੁੱਚੀ ਕਵਿਤਾ ਦਾ ਕਾਵਿ-ਵਸਤੂ ਬਣਦਾ ਹੈ ਉਸ ਦੀ ਕਵਿਤਾ ਬਜ਼ਾਰ ਵਿਚੋਂ ਇਹ ਸਤਰਾਂ ਦੇਖੀਆਂ ਜਾ ਸਕਦੀਆਂ ਹਨ:
ਅਜਿਹੇ ਵੇਲੇ ਵੀ ਵੇਖਣੇ ਸੀ ਅਸੀਂ
ਜਦੋਂ ਦਰਿਆ ਵਗਣ ਬਜ਼ਾਰ ਤੋਂ ਪੁੱਛ ਕੇ
ਕਰੂੰਬਲਾਂ ਫੁੱਟਣ
ਕੀਮਤਾਂ ਦਾ ਉਤਰਾਅ ਚੜ੍ਹਾਅ ਦੇਖ ਕੇ
ਰਿਸ਼ਤੇ ਤੁਲਣ ਤੋਲਿਆਂ ਮਾਸਿਆਂ ਵਿਚ
ਇੰਜ ਉਸ ਦੀ ਕਵਿਤਾ ਵਿਚ ਉਪਭੋਗਤਾਵਾਦ ਤੋਂ ਪੀੜਤ ਮਨੁੱਖ ਦਾ ਰੁਦਨ ਦੇਖਿਆ ਜਾ ਸਕਦਾ ਹੈ ਜਿਸ ਵਿਚ ਬੇਵਸੀ ਵਧੇਰੇ ਹੈ ਪਰ ਵਿਰੋਧ ਨਹੀਂ ਹੈ। ਉਹ ਇਸ ਵਰਤਾਰੇ ਨੂੰ ਚਿੰਤਨੀ ਧਰਾਤਲ ਤੇ ਰੱਖ ਕੇ ਰਿਸਪੌਂਡ ਕਰਨ ਦਾ ਯਤਨ ਕਰਦਾ ਹੈ। ਉਹ ਕਹਿੰਦਾ ਹੈ:
ਦੇਹ ਦੀ ਭੁੱਖ ਬੁਰੀ ਨਹੀਂ
ਭੁੱਖ ਦਾ ਰੋਗ ਬੁਰਾ ਹੈ
ਰੂਹ ਦੀ ਤੇਹ ਵੀ ਮਾੜੀ ਨਹੀਂ; ਸੋਚਣਾ ਤਾਂ ਇਹ
ਕਿ ਰੂਹ ਦੀ ਤ੍ਰਿਪਤੀ ਕਿਥੇ ਹੈ
ਇੰਜ ਅਜੋਕੇ ਪਦਾਰਥਵਾਦੀ ਜਗਤ ਵਿਚ ਰੂਹ ਦੇ ਰੱਜ ਦੀ ਤਲਾਸ਼ ਕਰਨੀ ਮਨੁੱਖ ਨੂੰ ਭਟਕਣ ਦੇ ਰਾਹੇ ਤੋਰ ਰਹੀ ਹੈ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਭਟਕਣ ਜਾਗਦੀ ਜਮੀਰ ਵਾਲੇ ਮਨੁੱਖ ਦੀ ਹੈ ਜਿਸਨੇ ਸਮਾਜਿਕ ਚੇਤਨਾ ਦੀ ਲੋਅ ਜਗਾਉਣੀ ਹੁੰਦੀ ਹੈ। ਇਹ ਵਰਗ ਜਦੋਂ ਖ਼ੁਦ ਭਟਕਣ ਦੇ ਅੰਦਰ ਗਰਕ ਹੋ ਜਾਵੇਗਾ ਤਾਂ ਜੋ ਸਮਾਜ ਦੀ ਤੇ ਮਨੁੱਖ ਦੀ ਸਥਿਤੀ ਹੋਵੇਗੀ ਉਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਦਰਸ਼ਨ ਬੱਟਰ ਅਜਿਹੇ ਹੀ ਸੰਕਟਾਂ ਪ੍ਰਤੀ ਸੰਕੇਤ ਦਿੰਦਾ ਲਿਖਦਾ ਹੈ:
ਮੇਰੇ ਕੋਲ ਕਿਥੇ ਹੈ ਸਮਾਂ
ਇਤਿਹਾਸ ਬਣਨ ਦਾ
ਇੰਨੀ ਵੀ ਵਿਹਲ ਨਹੀਂ
ਕਿ ਤੁਹਾਡੇ ਸਫ਼ਰ ਦੀ ਸਲਾਮਤੀ ਲਈ
ਅਰਦਾਸ ਕਰਾਂ
ਤਿਜਾਰਤੀ ਪਲਾਂ ਵਿਚ
ਮੋਹ ਮਾਰੀ ਵਿਰਾਸਤ ਸਾਂਭ ਸਕਾਂ
ਨਵੀਂ ਪੰਜਾਬੀ ਕਵਿਤਾ ਦੀ ਪਛਾਣ ਵਿਚੋਂ ਇਹ ਨੁਕਤਾ ਵੀ ਅਹਿਮ ਹੈ ਕਿ ਅਜੋਕੀ ਕਵਿਤਾ ਦਾ ਕਾਵਿ ਪਾਤਰ ਆਪਣੇ ਅੰਦਰਲੇ ਵਿਸ਼ਵਾਸ ਨੂੰ ਖੋ ਚੁੱਕਾਂ ਹੈ। ਪੰਜਾਬੀ ਕਵਿਤਾ ਦਾ ਇਕ ਦੌਰ ਡੂੰਘੇ ਵਿਸ਼ਵਾਸ ਵਾਲੇ ਪਾਤਰ ਦੇ ਵਿਸ਼ਵਾਸ ਤੇ ਟਿਕਿਆ ਹੋਇਆ ਹੈ। ਇਥੇ ਡਾ. ਜਗਤਾਰ ਦੀਆਂ ਇਹ ਸਤਰਾਂ ਯਾਦ ਆਉਂਦੀਆਂ ਹਨ:
ਹਰ ਮੋੜ ਤੇ ਸਲੀਬਾਂ ਹਰ ਪੈਰ ਤੇ ਹਨੇਰਾ
ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਦੇਖ ਜੇਰਾ
ਅਜੋਕੇ ਦੌਰ ਦਾ ਕਾਵਿ-ਪਾਤਰ ਕਹਿੰਦਾ ਹੈ:
ਇਹ ਕੇਹਾ ਚੌਕ ਹੈ ਗੁਰਦੇਵ!
ਜਿੰਨੀਆਂ ਦਿਸ਼ਾਵਾਂ ਉਨੇ ਹੀ ਰਾਹ
ਜਿੰਨੇ ਤਾਰੇ ਓਨੀਆਂ ਹੀ ਚਮਕਦੀਆਂ ਪੈੜਾਂ
ਕਿਹੜੀ ਪੈੜ ਨੂੰ ਸੱਚੀ ਮੰਨਾਂ
ਕਿਹੜੇ ਤਾਰੇ ਨੂੰ ਮੱਥੇ ਤੇ ਸਜਾਵਾਂ
ਦਰਸ਼ਨ ਬੁੱਟਰ ਦੀ ਕਵਿਤਾ ਵਿਚੋਂ ਨਵੀਂ ਪੰਜਾਬੀ ਕਵਿਤਾ ਦੀ ਪਛਾਣ ਕਰਦਿਆਂ ਇਹ ਨੁਕਤਾ ਵੀ ਧਿਆਨ ਦੀ ਮੰਗ ਕਰਦਾ ਹੈ ਕਿ ਇਹ ਕਾਵਿ-ਪਾਤਰ ਜੀਵਨ ਦੇ ਰੋਮਾਂਟਿਕ ਬੋਧ ਤੋਂ ਸੱਖਣਾ ਹੈ। ਇਹ ਰੋਮਾਂਟਿਕਤਾ ਦਾ ਰੂਪ ਭਾਵੇਂ ਸਮਾਜਿਕਤਾ ਵਾਲਾ ਹੋਵੇ ਭਾਵੇਂ ਨਿਜੀ ਪਿਆਰ ਵਾਲਾ ਹੋਵੇ। ਨਵੀਂ ਪੰਜਾਬੀ ਕਵਿਤਾ ਵਿਚ ਕਿਧਰੇ ਦੇਹ ਦਾ ਜਸ਼ਨ ਹੈ ਕਿਧਰੇ ਦੇਹ ਨੂੰ ਭੋਗਣ ਦੀ ਲਾਲਸਾ ਹੈ ਪਰੰਤੂ ਰੰਗਲੇ ਸੁਪਨੇ ਨਹੀਂ ਹਨ। ਉਹ ਸੁਪਨੇ ਜਿਨਾਂ ਦੀ ਆਮਦ ਨਾਲ ਰੋਮਾਂਟਿਕ ਕਵਿਤਾ ਵਿਚ ਕਵੀ ਮਨ ਪੇਲਾਂ ਪਾਉਣ ਲੱਗਦਾ ਹੈ। ਇਸ ਕਰਕੇ ਨਵੀਂ ਪੰਜਾਬੀ ਕਵਿਤਾ ਮੁਹੱਬਤ ਦੇ ਰੋਮਾਂਟਿਕ ਆਦਰਸ਼ਵਾਦ ਤੋਂ ਮੁਕਤ ਹੁੰਦੀ ਹੋਈ ਕਾਵਿ ਪਾਤਰ ਨੂੰ ਵਸਤੂਗਤ ਸਥਿਤੀ ਨੂੰ ਸਵੀਕਾਰ ਕਰਦੇ ਸੱਖਣੇ ਮਨੁੱਖ ਦੇ ਰੂਪ ਵਿਚ ਪੇਸ਼ ਕਰਦੀ ਹੈ। ਇਥੇ ਗੁਰਤੇਜ ਕੋਹਾਰਵਾਲੇ ਦਾ ਸ਼ੇਅਰ ਦੇਖਿਆ ਜਾ ਸਕਦਾ ਹੈ:
ਤੂੰ ਨਦੀ ਹੈਂ ਇਕ ਸਮੁੰਦਰ ਵਾਸਤੇ ਵਹਿਣਾ ਹੈ ਤੂੰ
ਮੇਰੀ ਮਿੱਟੀ ਤਾਂ ਅਕਾਰਨ ਖੋਰਦੇ ਰਹਿਣਾ ਹੈ ਤੂੰ
ਇਸ ਸੰਦਰਭ ਵਿਚ ਦਰਸ਼ਨ ਬੁੱਟਰ ਦੀ ਕਵਿਤਾ ਨਵੇਂ ਰੁਖ ਦੀ ਧਾਰਨੀ ਬਣ ਜਾਂਦੀ ਹੈ ਜਿਥੇ ਨਾ ਰੋਮਾਂਟਿਕ ਸੰਵੇਦਨਾ ਦਾ ਜਸ਼ਨ ਹੈ ਤੇ ਨਾ ਹੀ ਰੁਦਨ ਦਾ ਭਾਵ ਹੈ। ਸਗੋਂ ਇਕ ਸਬਰ ਤੇ ਬੇਵੱਸੀ ਵਾਲਾ ਭਾਵ ਬੋਧ ਹੈ। ਕਿੰਨਾ ਕੁ ਚਾਨਣ ਕਵਿਤਾ ਵਿਚਲੇ ਸਵਾਲ ਦੇ ਉੱਤਰ ਵਿਚ ਕਵੀ ਲਿਖਦਾ ਹੈ:
ਪੂਰਾ ਚੰਨ! ਹੈ ਵੀ.... ਕਿੰਨੀਆਂ ਕੁ ਰਾਤਾਂ ਕੋਲ
ਪੂਰੀ ਰਾਤ !
ਹੈ ਵੀ.... ਕਿੰਨੀਆਂ ਕੁ ਮੁਲਾਕਾਤਾਂ ਕੋਲ.....
ਇਸੇ ਤਰਾਂ ਕੁਝ ਹੋਰ ਮੰਗ ਦੇ ਸਵਾਲ ਦਾ ਉੱਤਰ ਦਿੰਦਾ ਕਵੀ ਕਹਿੰਦਾ ਹੈ:
ਨਹੀਂ ਮੰਗਦਾ ਗੋਰੀ ਦੁਪਹਿਰ ਦਾ ਚਿੱਟਾ ਸੂਰਜ
ਨਹੀਂ ਚਿਤਵਦਾ ਸੰਦਲੀ ਸਵੇਰ ਦੀ ਸੂਹੀ ਭਾਅ
ਇਕਲਾਪੀ ਜਿਹੀ... ਕਿਰਮਚੀ ਸ਼ਾਮ ਦੇ ਕੁਝ ਪਲ
ਮੇਰੇ ਨਾਮ ਕਰਦੇ
ਅਜੋਕੀ ਪੰਜਾਬੀ ਕਵਿਤਾ ਖ਼ਾਸ ਕਰਕੇ 90 ਵਿਆਂ ਤੋਂ ਬਾਅਦ, ਕੌਮੀ ਤੇ ਕੌਮਾਂਤਰੀ ਪਰਿਸਥਿਤੀਆਂ ਨੇ ਬਹੁ ਸੁਰਾਂ ਵਾਲੀ ਕਵਿਤਾ ਨੂੰ ਤੇ ਵਿਚਾਰਾਂ ਨੂੰ ਜਨਮ ਦਿੱਤਾ। ਕਿਸੇ ਵੇਲੇ ਸਾਡੇ ਕੋਲ ਦੋ ਧਿਰੀ ਕਵਿਤਾ ਦਾ ਬੋਲਬਾਲਾ ਸੀ। ਪਰ ਹੁਣ ਵਿਭਿੰਨ ਸੁਰਾਂ ਵਾਲੀ ਸਥਿਤੀ ਬਣ ਗਈ ਹੈ। ਸਥਿਤੀ ਦੀ ਵਿਡੰਬਨਾ ਇਹ ਹੈ ਕਿ ਸਭ ਤੋਂ ਵੱਧ ਪੜ੍ਹੇ ਲਿਖੇ ਤੇ ਚੇਤੰਨ ਵਰਗ ਦੇ ਕਲਾਕਾਰਾਂ ਤੇ ਕਲਮਕਾਰਾਂ ਨੇ ਵੀ ਵਿਚਾਰਧਾਰਕ ਪੈਂਤੜੇਬਾਜ਼ੀ ਤੋਂ ਇਕ ਦੂਰੀ ਬਣਾ ਕੇ ਰੱਖਣੀ ਸ਼ੁਰੂ ਕਰ ਦਿੱਤੀ ਹੈ। ਅਜੋਕੀ ਪੰਜਾਬੀ ਕਵਿਤਾ ਵਿਚ ਅੱਜ ਵੀ ਭਾਵੇਂ ਇਸ ਕਵਿਤਾ ਦਾ ਪੁਰੀ ਤਰ੍ਹਾਂ ਅਭਾਵ ਨਹੀਂ ਹੁੰਦਾ ਪਰੰਤੂ ਨਵੀਂ ਪੀੜ੍ਹੀ ਦੇ ਬਹੁਤੇ ਕਵੀ ਖ਼ਾਸ ਵਿਚਾਰਧਾਰਕ ਚੇਤਨਾ ਤੋਂ ਕਿਨਾਰਾ ਕਰਨ ਵਿਚ ਹੀ ਆਪਣਾ ਭਵਿਖ ਸੁਰੱਖਿਅਤ ਸਮਝਦੇ ਹਨ। ਇਸੇ ਕਰਕੇ ਬਹੁ ਸੁਰਾਂ ਵਾਲੀ ਅਜਿਹੀ ਕਵਿਤਾ
ਬਹੁਤੀ ਵਾਰੀ ਸਵੈ ਵਿਰੋਧੀ ਅਤੇ ਆਤਮਲਾਪੀ ਧੁਨੀਆਂ ਦਾ ਸੰਚਾਰ ਕਰਨ ਲੱਗ ਜਾਂਦੀ ਹੈ। ਪੁਰਾਤਨਤਾ, ਵਿਰਸੇ ਦਾ ਗੌਰਵ, ਸਭਿਆਚਾਰਕ ਪਛਾਣ ਤੇ ਮੁੱਲ ਪ੍ਰਬੰਧ ਵਰਗੇ ਸੰਕਲਪਾਂ ਦੀ ਠਾਹਰ ਵਿਚ ਪਾਠਕ ਵਿਚਾਰਧਾਰਕ ਧੁੰਦਲਕੇ ਦਾ ਸ਼ਿਕਾਰ ਬਣ ਜਾਂਦਾ ਹੈ। ਖੰਡਰਾਂ ਵਿਚ ਬਿਤਾਈ ਸ਼ਾਮ ਕਵਿਤਾ ਵਿਚ ਕਵੀ ਅਜਿਹੇ ਭਾਵਾਂ ਦਾ ਸੰਚਾਰ ਕਰਦਾ ਹੈ:
ਵਗਦੇ ਪਾਣੀ ਵਿਚ ਦੀਵੇ ਤੋਰਦੀਆਂ
ਚੂੜੇ ਵਾਲੀਆਂ ਬਾਹਵਾਂ
ਗਲੀ ਚ ਲੰਘਦੀਆਂ
ਛਨਣ ਛਨਣ ਗੋਰੀਆਂ ਬਾਂਦੀਆਂ
………………………………
ਹਵੇਲੀ ਦੀ ਕੰਧ ਦੱਸਦੀ ਸ਼ੂਕਦੇ ਦਰਿਆ
ਭਲੇ ਵਕਤਾਂ ਚ... ਮਹਿਲਾਂ ਨਾਲ ਖਹਿਕੇ ਲੰਘੇ ਹੋਣਗੇ
ਕੰਧੋਲੀਆਂ ਤੇ……. ਟੁੱਟੀਆਂ ਗਰਦਨਾਂ ਵਾਲੇ ਮੋਰ
ਪੈਲਾਂ ਪਾਉਂਦੇ ਹੋਣਗੇ
ਕਿਸੇ ਵੇਲੇ ਸਾਡੇ ਕੋਲ ਤਾਜ ਮਹਿਲ ਪ੍ਰੋ ਮੋਹਨ ਸਿੰਘ ਦੀ ਕਵਿਤਾ ਹੁੰਦੀ ਸੀ ਜਿਸ ਵਿਚ ਕਵੀ ਤਾਜ ਮਹਿਲ ਦੀ ਆਲੀਸ਼ਾਨ ਖੂਬਸੂਰਤੀ ਵਿਚੋਂ ਵੀ ਮਿਹਨਤਕਸ਼ ਜਮਾਤ ਦੀ ਹੂਕ ਸੁਣ ਲੈਂਦਾ ਹੈ:
ਕੀ ਉਹ ਹੁਸਨ ਹੁਸਨ ਹੈ ਸੱਚਮੁੱਚ?
ਜਾਂ ਉਂਝੇ ਹੀ ਛਲਦਾ
ਲੱਖ ਗਰੀਬਾਂ ਮਜ਼ਦੂਰਾਂ ਦੇ
ਹੰਝੂਆਂ ਤੇ ਜੋ ਪਲਦਾ
ਦਰਸ਼ਨ ਬੁੱਟਰ ਦੀ ਕਵਿਤਾ ਵਿਚੋਂ ਨਵੀਂ ਪੰਜਾਬੀ ਕਵਿਤਾ ਦੀ ਪਛਾਣ ਕਰਦਿਆਂ ਇਕ ਹੋਰ ਪਛਾਣ ਬਣਦੀ ਹੈ ਕਿ ਇਹ ਚਿੰਤਾ ਤੋਂ ਚਿੰਤਨ ਦਾ ਸਫਰ ਤਾਂ ਤਹਿ ਕਰਦੀ ਹੈ ਪਰ ਇਥੇ ਨਾ ਚਿੰਤਾ ਇਕਹਿਰੀ ਹੈ ਤੇ ਨਾ ਹੀ ਚਿੰਤਨ ਇਕਹਿਰਾ ਹੈ ਸਗੋਂ ਬਹੁ ਪਾਸਾਰੀ ਹੈ। ਕਵੀ (ਬੁੱਟਰ) ਦਾ ਸਰੋਕਾਰ ਸਤਹਿ ਤੇ ਦਿਖਾਈ ਦੇਣ ਵਾਲੇ ਸਮਾਜਿਕ, ਆਰਥਿਕ, ਰਾਜਨੀਤਕ ਤੇ ਸਭਿਆਚਾਰਕ ਮਸਲਿਆਂ ਨੂੰ ਪਹਿਲ ਦੇ ਤੌਰ ਤੇ ਕੇਂਦਰ ਵਿਚ ਰੱਖਣਾ ਨਹੀਂ ਹੈ ਸਗੋਂ ਉਹ ਮਾਨਵੀ ਹੋਂਦ ਦੇ ਅਵਚੇਤਨੀ ਸੰਕਟਾਂ ਨੂੰ ਵੀ ਉਨੀ ਸ਼ਿੱਦਤ ਨਾਲ ਸਾਹਮਣੇ ਲਿਆਉਣਾ ਚਾਹੁੰਦਾ ਹੈ। ਉਹ ਲਿਖਦਾ ਹੈ:
ਉਤਾਰ ਦੇ..... ਚਿਹਰੇ ਤੋਂ ਲਿਜ਼ਲਿਜ਼ੇ ਤੇਵਰ
ਕੋਈ ਹੰਢਣਸਾਰ ਅਹਿਸਾਸ ਪਹਿਨ
ਬਿੰਦੂ ਵਿਚਲੇ ਪਾਸਾਰ ਨੂੰ
ਮਿਲਣਾ ਏਂ ਤਾਂ ਮਿਲ
ਆਪਣੇ ਅੰਦਰਲੇ ਸੰਸਾਰ ਨੂੰ
ਏਨੀਆਂ ਸਾਵੀਆਂ
ਕਿ ਸ਼ਬਦ ਪਰਿੰਦੇ
ਆਉਣ...ਚਹਿਕਣ....... ਤੇ ਉਡ ਜਾਣ
ਅਵਚੇਤਨ ਦੀਆਂ ਛਾਵਾਂ
ਏਨੀਆਂ ਸੰਘਣੀਆਂ
ਕਿ ਗੀਤ...ਮੁਸਾਫਿਰ
ਆਉਣ....ਸੁਸਤਾਉਣ..... ਤੇ ਤੁਰ ਜਾਣ
ਅਵਚੇਤਨ ਪ੍ਰਤੀ ਸੁਚੇਤ ਹੋਣਾ ਮਾਨਵੀ ਚੇਤਨਾ ਦੀ ਅਗਲੀ ਪ੍ਰਾਪਤੀ ਮੰਨੀ ਜਾ ਸਕਦੀ ਹੈ ਜਿਸ ਦੇ ਰਹੱਸ ਨੂੰ ਫੜਨ, ਜਾਨਣ, ਸਮਝਣ ਦੀ ਖੁੱਲ੍ਹ ਖ਼ਾਸ ਕਰਕੇ ਕਵਿਤਾ ਵਿਚ ਹੀ ਮਿਲ ਸਕਦੀ ਹੈ ਪਰੰਤੂ ਦੇਖਣ ਵਾਲੀ ਗੱਲ ਇਹ ਹੈ ਕਿ ਅਵਚੇਤਨ ਦਾ ਦੁਆਰ ਵੀ ਅੰਦਰ ਵਰਤੀ ਨਹੀਂ ਸਗੋਂ ਬਾਹਰਵਰਤੀ ਹੀ ਹੁੰਦਾ ਹੈ। ਇਸ ਕਰਕੇ ਇਨ੍ਹਾਂ ਨੂੰ ਦੋ ਫ਼ਾਸਲੇ ਤੇ ਵਿਚਰਦੀਆਂ ਹੋਂਦਾਂ ਮੰਨਣ ਨਾਲੋਂ ਇਕ ਦੂਜੇ ਦੀਆਂ ਪੂਰਕ ਹੋਂਦਾ ਮੰਨਣਾ ਜ਼ਰੂਰੀ ਹੈ ਪਰੰਤੂ ਕਈ ਵਾਰੀ ਕਵੀ ਅਚੇਤ ਰੂਪ ਵਿਚ ਅਜਿਹੇ ਭਾਵਾਂ ਤੇ ਸੰਵੇਦਨਾਵਾਂ ਦੀ ਧੁੰਦ ਫੈਲਾ ਦਿੰਦਾ ਹੈ ਪਾਠਕ ਨੂੰ ਕਿਸੇ ਕਿਨਾਰੇ ਨਹੀਂ ਲਾਉਂਦੀ।
ਸ਼ੀਸ਼ੇ ਤੇ ਲਿਖੀਆਂ
ਪਾਣੀ ਵਰਗੀਆਂ ਕਵਿਤਾਵਾਂ
ਸਦੀਵੀ ਨਹੀਂ ਹੁੰਦੀਆਂ
ਆ.......
ਖੰਡਰਾਂ ਚੋਂ ਲੱਭੇ
ਕਿਸੇ ਸ਼ਿਲਾਲੇਖ ਦੇ ਰੂ-ਬ-ਰੂ ਹੋਈਏ
ਦਰਸ਼ਨ ਬੁੱਟਰ ਦੀ ਕਵਿਤਾ ਦੇ ਸਰੋਕਾਰਾਂ 'ਤੇ ਨਜ਼ਰਸਾਨੀ ਕਰਦਿਆਂ ਇਹ ਪ੍ਰਤੱਖ ਹੁੰਦਾ ਹੈ ਕਿ ਉਹ ਸਮੁੱਚੇ ਰੂਪ ਵਿਚ ਮਾਨਸਿਕ ਸਕੂਨ ਗੁਆ ਚੁੱਕੇ ਮਨੁੱਖ ਨੂੰ ਮੁੜ ਭਰਵੀਂ ਤੇ ਸਹਿਜ ਜ਼ਿੰਦਗੀ ਦਾ ਕਾਵਿਕ ਸੰਸਾਰ ਪ੍ਰਦਾਨ ਕਰਨਾ ਚਾਹੁੰਦਾ ਹੈ। ਪਰੰਤੂ ਇਸ ਦੇ ਨਾਲ ਨਾਲ ਉਹ ਉਨ੍ਹਾਂ ਮਸਲਿਆਂ ਨੂੰ ਵਾਰ ਵਾਰ ਉਠਾਉਣਾ ਚਾਹੁੰਦਾ ਹੈ ਜੋ ਅਜੋਕੇ ਯੁੱਗ ਵਿਚ ਗੰਭੀਰ ਚੁਣੌਤੀ ਬਣੇ ਹੋਏ ਹਨ। ਪ੍ਰਕਿਰਤੀ ਦਾ ਸੋਸ਼ਣ ਤੇ ਉਸ ਤੋਂ ਕਿਨਾਰਾਕਸ਼ੀ ਕਰਨ ਵਾਲੇ ਆਧੁਨਿਕ ਮਨੁੱਖ ਦੀ ਹੋਣੀ, ਘਰਾਂ ਦੇ ਟੁੱਟਣ ਤੇ ਰਿਸ਼ਤਿਆਂ ਦੇ ਤਿੜਕਣ ਦੀ ਪ੍ਰਕਿਰਿਆ, ਨਾਰੀ ਪ੍ਰਤੀ ਵੱਧ ਰਹੇ ਜਬਰ ਜ਼ੁਲਮ ਤੇ ਆਧੁਨਿਕ ਯੁੱਗ ਵਿਚ ਨਾਰੀ ਮੁਕਤੀ ਲਈ ਵਿਚਾਰਕ ਰਾਹ ਦੀ ਤਲਾਸ਼ ਕਰਨੀ, ਮਨੁੱਖੀ ਅਵਚੇਤਨ ਦੀ ਪੀੜਾ ਨੂੰ ਆਦਰਸ਼ਵਾਦੀ ਜੀਵਨ ਦ੍ਰਿਸ਼ਟੀਕੋਣ ਨਾਲ ਸਮਝਣ ਦਾ ਪ੍ਰਯਤਨ ਕਰਨਾ ਆਦਿ ਉਸ ਦੀ ਕਵਿਤਾ ਦੇ ਕੁਝ ਮਹੱਤਵਪੂਰਨ ਸਰੋਕਾਰ ਹਨ। ਇਨ੍ਹਾਂ ਸਰੋਕਾਰਾਂ ਨੂੰ ਕਵੀ ਇਕਹਿਰੇ ਰੂਪ ਵਿਚ ਨਹੀ ਫੜਦਾ ਤੇ ਨਾ ਹੀ ਇਨ੍ਹਾਂ ਪ੍ਰਤੀ ਕੋਈ ਇਕਹਿਰਾ ਕਾਵਿਕ ਤਰਕ ਪੇਸ਼ ਕਰਨਾ ਚਾਹੁੰਦਾ ਹੈ। ਮਸਲਨ, ਮਹਾਂ ਕੰਬਣੀ ਕਾਵਿ ਪੁਸਤਕ ਵਿਚ ਨਾਰੀ ਸੋਸ਼ਣ ਦੇ ਮਸਲੇ ਨੂੰ ਕਵੀ ਬੜੇ ਭਾਵਪੂਰਤ ਅੰਦਾਜ਼ ਵਿਚ ਫੜਦਾ ਤਾਂ ਹੈ ਪਰ ਇਸ ਮਸਲੇ ਦੇ
ਨਾਲ ਨਜਿੱਠਣ ਦੇ ਲਈ ਉਹ ਕਈ ਵਾਰ ਬਾਗ਼ੀ ਪੈਂਤੜਾ ਵਰਤਦਾ ਹੈ ਤੇ ਕਈ ਵਾਰੀ ਅਚੇਤ ਰੂਪ ਵਿਚ ਹੀ ਔਰਤ ਵਿਰੋਧੀ ਤਰਕ ਸਿਰਜ ਜਾਂਦਾ ਹੈ। ਅੱਗ ਦੇ ਫੁੱਲ (ਮਹਾਂ ਕੰਬਣੀ) ਕਵਿਤਾ ਵਿਚ ਕਵੀ ਸਮਾਜਿਕ ਮਰਿਆਦਾ ਵਿਚ ਘਿਰੀ ਔਰਤ ਦਾ ਜ਼ਿਕਰ ਕਰਦਾ ਲਿਖਦਾ ਹੈ:
ਹੇ ਗੁਰਦੇਵ
ਮੇਰੀਆਂ ਸਿਸਕੀਆਂ ਦੀ ਅੱਗ ਚੋਂ
ਮੁਕਤੀ ਦੇ ਫੁੱਲ ਖਿੜਨਗੇ
ਖੌਫ਼ ਨਾ ਕਰ
ਆਦਮੀ ਭੈਅ ਭੀਤ ਹੁੰਦਾ ਹੈ, ਹੋਣ ਦੇ
ਧੌਲਰ ਡਿੱਗਦੇ ਨੇ, ਡਿੱਗਣ ਦੇ
ਦੁਰਗ ਟੁੱਟਦੇ ਨੇ, ਟੁੱਟਣ ਦੇ
ਨਵੀਂ ਜ਼ਮੀਨ ਵਿਚੋਂ ਤੇਰੀ ਰੂਹ ਦੇ ਫੁੱਲ ਜ਼ਰੂਰ ਖਿੜਨਗੇ
ਦਰਸ਼ਨ ਬੁੱਟਰ ਦੀ ਕਵਿਤਾ ਦੇ ਹਵਾਲੇ ਨਾਲ ਇਹ ਗੱਲ ਵੀ ਅਹਿਮ ਬਣਦੀ ਹੈ ਕਿ ਨਵੀਂ ਪੰਜਾਬੀ ਕਵਿਤਾ ਆਪਣੇ ਰੂਪ ਬਾਰੇ ਵਧੇਰੇ ਚੇਤੰਨ ਹੋਈ ਹੈ। ਬੁੱਟਰ ਕਾਵਿ ਭਾਸ਼ਾ ਤੇ ਕਾਵਿ ਅੰਦਾਜ਼ ਪੱਖੋਂ ਬੇਹੱਦ ਸਤਰਕ ਸ਼ਾਇਰ ਹੈ। ਕਿਸੇ ਪੁਸਤਕ ਵਿਚ ਉਹ ਨਸਰੀ ਅੰਦਾਜ਼ ਦੀ ਕਵਿਤਾ ਸਿਰਜਦਾ ਹੈ ਕਿਸੇ ਵਿਚ ਉਹ ਸ਼ੇਅਰ ਵਰਗੀ ਅਹਿਸਾਸ ਪਰੁੰਨੀ, ਸੰਵਾਦੀ ਕਵਿਤਾ ਕਹਿ ਰਿਹਾ ਹੈ। ਕਿਧਰੇ ਉਹ ਪ੍ਰਸ਼ਨ ਉੱਤਰ ਵਿਧੀ ਵਿਚ ਆਪਣੀ ਗੱਲ ਰੱਖਦਾ ਹੈ ਤੇ ਕਿਧਰੇ ਉਹ ਸਖੀ ਤੇ ਗੁਰਦੇਵ ਦੇ ਮੈਟਾਫਰ ਰਾਹੀਂ ਅਜੋਕੇ ਯੁੱਗ ਦੇ ਭਿਆਨਕ ਵਰਤਾਰਿਆਂ ਦੀ ਕੰਪਨ ਤੋਂ ਪੈਦਾ ਹੋਏ ਸਵਾਲਾਂ ਨੂੰ ਮੁਖਾਤਿਬ ਹੁੰਦਾ ਹੈ। ਖੜਾਵਾਂ ਪੁਸਤਕ ਵਿਚ ਉਹ ਸ਼ਬਦਾਂ ਦੇ ਆਰ ਪਾਰ ਬਿੰਦੂ ਦੀ ਵਰਤੋਂ ਕਰਕੇ ਕਾਵਿ ਸ਼ਿਲਪ ਨੂੰ ਨਵਾਂ ਅਕਾਰ ਤੇ ਨਵਾਂ ਅਰਥ ਦੇਣਾ ਚਾਹੁੰਦਾ ਹੈ। ਕਿਤੇ ਉਹ ਰਫ ਪੰਨੇ 'ਤੇ, ਉਕਰੇ ਕਾਵਿ ਬੋਲਾਂ ਰਾਹੀਂ ਧਿਆਨ ਆਕਰਸ਼ਿਤ ਕਰਦਾ ਹੈ। ਖੜਾਵਾਂ, ਦਰਦ ਮਜੀਠੀ ਤੇ ਮਹਾਂ ਕੰਬਣੀ ਪੁਸਤਕਾਂ ਵਿਚ ਕਵੀ ਸੁਚੇਤ ਹੋ ਕੇ ਡੰਡੀ ਦੀ ਕਿਧਰੇ ਵੀ ਵਰਤੋਂ ਨਹੀਂ ਕਰ ਰਿਹਾ। ਸ਼ਬਦਾਂ ਦੇ ਆਰ ਪਾਰ ਬਿੰਦੂ ਦੀ ਵਰਤੋਂ ਦਾ ਨਮੂਨਾ ਦੇਖੋ:
....ਹੁੰਗਾਰਾ.... ...
ਬਾਤ ਨੂੰ ਅੱਗੇ ਤੋਰਦਾ ਹੈ
.......ਹੁੰਗਾਰਾ......
ਸਰੋਤੇ ਮਨ ਦੀ ਹਾਜ਼ਰੀ ਹੈ
......ਹੁੰਗਾਰਾ.....
ਜਾਗੇ ਹੋਣ ਦਾ ਅਹਿਸਾਸ ਹੈ
ਬਾਤ ਪਾਉਣ ਵਾਲੇ ਲਈ ਧਰਵਾਸ ਹੈ
ਇੰਜ ਕਵੀ ਸ਼ਬਦ ਦੇ ਆਲੇ ਦੁਆਲੇ ਦੀ ਸਪੇਸ ਵਰਤ ਕੇ ਉਸਦੇ ਅਰਥ ਦੀ ਨਿਸ਼ਚਿਤ ਹੱਦਬੰਦੀ ਤੋਂ ਪਾਰ ਜਾਣਾ ਚਾਹੁੰਦਾ ਹੈ ਜਿਥੇ ਸ਼ਬਦ ਦੀਆਂ ਅਸੀਮ ਸੰਭਾਵਨਾਵਾਂ
ਜਾਗਦੀਆਂ ਹੋਣ। ਡਾ. ਨੂਰ ਲਿਖਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਇਕ ਹੀ ਸ਼ਬਦ ਕਈ ਤੈਹਾਂ ਨਾਲ ਸੰਬੰਧਿਤ ਹੋ ਜਾਂਦਾ ਹੈ। ਉਸ ਦੀਆਂ ਚਿਹਨਕੀ ਤਹਿਆਂ ਵੱਧ ਜਾਂਦੀਆਂ ਹਨ। ਇਥੇ ਇਹ ਗੱਲ ਵੀ ਧਿਆਨ ਦੀ ਮੰਗ ਕਰਦੀ ਹੈ ਕਿ ਆਧੁਨਿਕ ਪਿੰਟ ਤਕਨੀਕ ਨੇ ਸ਼ਬਦ ਨੂੰ ਕਿਵੇਂ ਪੇਸ਼ ਕਰਨਾ ਹੈ, ਇਸ ਨੂੰ ਦਰਸ਼ਨੀ ਕਲਾ ਕਿਵੇਂ ਬਣਾਉਣਾ ਹੈ,ਇਸ ਜੁਗਤ ਦੀ ਵਰਤੋਂ ਕਰਨ ਵਾਲੇ ਕਵੀ ਦੀ ਆਪਣੀ ਸਮਰੱਥਾ ਕਿੰਨੀ ਕੁ ਹੈ ਆਦਿਕ ਪਹਿਲੂ ਸਵਾਲਾਂ ਦੇ ਘੇਰੇ ਵਿਚ ਆ ਜਾਂਦੇ ਹਨ। ਇਸ ਦੀ ਖੁੱਲ੍ਹੀ ਵਰਤੋਂ ਕਵਿਤਾ ਨੂੰ ਕਵੀ ਦੇ ਸਹਿਜ ਬੋਧ ਦਾ ਪ੍ਰਗਟਾਅ ਨਹੀਂ ਰਹਿਣ ਦਿੰਦੀ ਸਗੋਂ ਇਕ ਸਿੰਥੈਟਿਕ ਕਿਸਮ ਦੀ ਕਾਵਿ ਭਾਸ਼ਾ ਦਾ ਨਿਰਮਾਣ ਬਣ ਜਾਂਦੀ ਹੈ। ਸੁਹਜ ਦੇ ਪੱਖ ਤੋਂ ਇਸ ਕਿਸਮ ਦੀ ਕਵਿਤਾ ਪਾਠਕ ਨੂੰ ਟੁੰਭਣ ਦੀ ਸ਼ਕਤੀ ਖੋ ਬਹਿੰਦੀ ਹੈ। ਦਰਸ਼ਨ ਬੁੱਟਰ ਲੰਮਾ ਸਮਾਂ ਇਸ ਵਿਧੀ ਦੀ ਵਰਤੋਂ ਕਰਦਾ ਰਿਹਾ ਪਰੰਤੂ ਉਸਦੀ ਮਗਰਲੀ ਕਾਵਿ ਪੁਸਤਕ ਮਹਾਂ ਕੰਬਣੀ ਇਸ ਵਿਧੀ ਦਾ ਪੂਰੀ ਤਰ੍ਹਾਂ ਤਿਆਗ ਕਰਕੇ ਕਾਵਿਕ ਮਨ ਦੀ ਭਰਵੀਂ ਹਾਜ਼ਰੀ ਲਵਾਉਂਦੀ ਹੈ ਜਿਸ ਅੰਦਰ ਕਵੀ ਦੀ ਕਾਵਿਕ ਉਡਾਣ ਨੂੰ ਵੀ ਦੇਖਿਆ ਜਾ ਸਕਦਾ ਹੈ ਤੇ ਉਸਦੀ ਸਮਾਜਿਕ ਸਰੋਕਾਰਾਂ ਪ੍ਰਤੀ ਚਿੰਤਾ ਤੇ ਚਿੰਤਨ ਦੀ ਪਛਾਣ ਵੀ ਉਘੜਦੀ ਹੈ।
ਸੁਖਵਿੰਦਰ ਅੰਮ੍ਰਿਤ ਦੀ ਕਵਿਤਾ: ਪਛਾਣ ਤੇ ਸਰੋਕਾਰ
ਡਾ. ਬਲਜੀਤ ਸਿੰਘ
ਸੁਖਵਿੰਦਰ ਅੰਮ੍ਰਿਤ ਨਵੀਂ ਪੰਜਾਬੀ ਕਵਿਤਾ ਦੀ ਸਥਾਪਤ ਸ਼ਾਇਰਾ ਹੈ। ਉਸ ਨੇ ਆਪਣੇ ਪਹਿਲੇ ਗ਼ਜ਼ਲ ਸੰਗ੍ਰਹਿ 'ਸੂਰਜ ਦੀ ਦਹਿਲੀਜ਼' ਰਾਹੀਂ ਨਿਵੇਕਲੀ ਪਛਾਣ ਸਥਾਪਤ ਕੀਤੀ। ਉਸ ਦਾ ਨਾਰੀ-ਅਨੁਭਵ, ਵੇਦਨਾ-ਸੰਵੇਦਨਾ, ਮੌਲਿਕ ਪ੍ਰਗਟਾਅ, ਰਵਾਨੀ, ਹਾਂ-ਪੱਖੀ ਦ੍ਰਿਸ਼ਟੀਕੋਣ ਅਤੇ ਰਚਨਾ-ਮਨੋਰਥ ਦੀ ਸਿੱਧੀ ਲਈ ਵਚਨਬੱਧਤਾ ਸੁਖਵਿੰਦਰ ਅੰਮ੍ਰਿਤ ਨੂੰ ਕਲਾਤਮਕ ਬੁਲੰਦੀ ਬਖਸ਼ਦਾ ਹੈ। ਉਸਨੇ 'ਚਿਰਾਗਾਂ ਦੀ ਡਾਰ', 'ਪੱਤਝੜ ਵਿੱਚ ਪੁੰਗਰਦੇ ਪੱਤ', 'ਹਜ਼ਾਰਾਂ ਰੰਗਾਂ ਦੀ ਲਾਟ' ਅਤੇ 'ਪੁੰਨਿਆਂ' ਗ਼ਜ਼ਲ ਸੰਗ੍ਰਹਿਆਂ ਦੀ ਰਚਨਾ ਕੀਤੀ ਅਤੇ 'ਕਣੀਆਂ' ਅਤੇ 'ਧੁੱਪ ਦੀ ਚੁੰਨੀ ' ਕਾਵਿ- ਸੰਗ੍ਰਹਿਆਂ ਦੀ ਸਿਰਜਣਾ ਕੀਤੀ। ਇਸ ਤੋਂ ਇਲਾਵਾ ਉਸ ਦਾ 'ਨੀਲਿਆਂ ਮੋਰਾ ਵੇ'ਗੀਤ ਸੰਗ੍ਰਹਿ ਪੰਜਾਬੀ ਸਾਹਿਤ ਵਿੱਚ ਗੁਣਾਤਮਕ ਵਾਧਾ ਕਰਦਾ ਹੈ। ਸਮਕਾਲੀ ਗ਼ਜ਼ਲ ਦੀ ਨੁਹਾਰ ਨੂੰ ਅੰਕਿਤ ਕਰਨ ਵਾਲਾ ਗਜ਼ਲ ਸੰਗ੍ਰਹਿ 'ਕੇਸਰ ਦੇ ਛਿੱਟੇ' ਵੀ ਸੰਪਾਦਿਤ ਕੀਤਾ।
ਸੁਖਵਿੰਦਰ ਅੰਮ੍ਰਿਤ ਦਾ ਨਾਰੀਵਾਦੀ ਦ੍ਰਿਸ਼ਟੀਕੋਣ ਪਹਿਲੀ ਕਤਾਰ ਦੀਆਂ ਕਵਿਤਰੀਆਂ ਤੋਂ ਨਿਵੇਕਲਾ ਹੈ। ਅੰਮ੍ਰਿਤਾ ਪ੍ਰੀਤਮ ਨੇ ਪੰਜਾਬੀ ਨਾਰੀ ਦੀ ਮੌਨ ਅਵਸਥਾ ਨੂੰ ਤੋੜਕੇ ਸ ਜਿਕ-ਪ੍ਰਤੀਕਰਮ ਨੂੰ ਕਵਿਤਾ ਦਾ ਹਿੱਸਾ ਬਣਾਇਆ ਹੈ। ਵਿਅੰਗਮਈ ਸ਼ੈਲੀ ਰਾਹੀਂ ਰੂੜੀਗਤ ਵਿਚਾਰਧਾਰਾ ਨੂੰ ਲਲਕਾਰਿਆ ਹੈ। ਅੰਨਦਾਤਾ, ਕੰਨਿਆਦਾਨ, ਜਨੂੰਨ, ਇੱਕ ਸ਼ਹਿਰ ਆਦਿ ਉਸ ਦੀਆਂ ਚਰਚਿਤ ਕਵਿਤਾਵਾਂ ਹਨ। ਪ੍ਰਭਜੋਤ ਕੌਰ ਮਰਦ ਪ੍ਰਧਾਨ ਸਮਾਜ ਵਿਰੁੱਧ ਵੰਗਾਰ ਪੈਦਾ ਕਰਦੀ ਹੈ ਅਤੇ ਬਾਗ਼ੀਆਨਾ ਤਬੀਅਤ ਅਖ਼ਤਿਆਰ ਕਰਦੀ ਹੋਈ ਨਾਰੀ ਦੇ ਹੱਕਾਂ ਤੇ ਅਧਿਕਾਰਾਂ ਦਾ ਸਿਧਾਂਤ ਉਲੀਕਦੀ ਹੈ। ਮਨਜੀਤ ਟਿਵਾਣਾ ਦੀ ਵਿਦਰੋਹੀ ਸੁਰ ਤੀਖਣ ਹੈ। ਮਨਜੀਤ ਇੰਦਰਾ ਮਰਦ ਨੂੰ ਗ਼ੈਰ- ਸੰਜੀਦਾ ਦਰਸਾਉਂਦੀ ਹੈ ਜੋ ਨਾਰੀ ਮਨ ਦੀ ਵੇਦਨਾ ਨੂੰ ਸਮਝਣ ਵਿੱਚ ਅਸਫ਼ਲ ਰਹਿੰਦਾ ਹੈ। ਪਾਲ ਕੌਰ ਨਾਰੀ ਹੋਂਦ ਲਈ ਸੰਘਰਸ਼ ਦੀ ਬਜਾਏ ਮਰਦ ਦੀ ਚੇਤਨਾ 'ਚ ਸੁਧਾਰ ਲਿਆਉਂਣਾ ਚਾਹੁੰਦੀ ਹੈ। ਸੁਖਵਿੰਦਰ ਅੰਮ੍ਰਿਤ ਨਾਰੀ ਦੀ ਹੋਂਦ ਅਤੇ ਉਸ ਦੀ ਪਹਿਚਾਣ ਲਈ ਨਵੇਂ ਮੁੱਲਾਂ ਨੂੰ ਤਲਾਸ਼ਦੀ ਹੈ। ਉਹ ‘ਪੱਤਝੜ ਵਿੱਚ ਪੁੰਗਰਦੇ ਪੱਤੇ' ਦੀ ਭੂਮਿਕਾ ਵਿੱਚ ਆਪਣੇ ਪੱਖ ਨੂੰ ਸਪਸ਼ਟ ਕਰਦੀ ਹੈ, "ਮੈਨੂੰ ਤਾਂ ਉਸ ਸਮਾਜ ਸਭਿਆਚਾਰ ਅਤੇ ਇਤਿਹਾਸ ਨਾਲ ਗਿਲਾ ਹੈ ਜਿਸ ਨੇ ਪੁਰਸ਼ ਦੀ ਅਜਿਹੀ ਮਾਨਸਿਕਤਾ ਸਿਰਜੀ ਹੈ। ਇਸ ਲਈ ਇਹਨਾਂ ਗ਼ਜ਼ਲਾਂ ਵਿੱਚ ਜੇ ਕਿਤੇ ਰੋਸ ਜਾਂ ਵਿਦਰੋਹ ਹੈ ਉਹ ਪੁਰਸ਼ ਦੀ ਥਾਂ ਸਮਾਜਿਕ ਪ੍ਰਬੰਧ ਪ੍ਰਤੀ ਹੈ ਜਿਸ ਦਾ ਸ਼ਿਕਾਰ ਸਿਰਫ਼ ਨਾਰੀ ਹੀ ਨਹੀਂ, ਪੁਰਸ਼ ਵੀ ਹੈ। ਪੁਰਸ਼ ਤੇ ਨਾਰੀ ਵਿਚਕਾਰ ਵਿਰੋਧ ਦਾ ਰਿਸ਼ਤਾ ਪੈਦਾ ਕਰਕੇ ਅਨਿਆਂ-ਪੂਰਨ ਰਾਜ ਪ੍ਰਬੰਧ ਸਹੀ ਮਸਲਿਆਂ ਤੋਂ ਧਿਆਨ ਪੜ੍ਹੇ ਕਰਨਾ ਚਾਹੁੰਦੇ ਹਨ ਪਰ ਮੈਂ ਇਸ ਸਾਰੀ ਸਮੱਸਿਆਂ ਨੂੰ ਸਮਾਜ ਅਤੇ ਸਭਿਆਚਾਰ ਦੇ ਪ੍ਰਸੰਗ ਵਿੱਚ ਦੇਖਦੀ ਹੈ। "(ਪੱਤਝੜ ਵਿੱਚ ਪੁੰਗਰਦੇ ਪੱਤੇ' ਪੰਨਾ-10) ਸੁਖਵਿੰਦਰ ਅੰਮ੍ਰਿਤ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਲਈ ਉਸ ਦਾ ਇੱਕ ਸ਼ੇਅਰ ਵੇਖਿਆ ਜਾ ਸਕਦਾ ਹੈ:-
ਚਿਰਾਗਾਂ ਦੇ ਬੁਝਣ ਦਾ ਹੋਰ ਕਾਰਨ ਵੀ ਤਾਂ ਹੋ ਸਕਦੈ
ਕਿ ਇਸ ਸਾਜਿਸ਼'ਚ ਹਰ ਵਾਰੀ ਹਵਾ ਸ਼ਮਿਲ ਨਹੀਂ ਹੁੰਦੀ।'
(ਚਿਰਾਗਾਂ ਦੀ ਡਾਰ ਪੰਨਾ-48)
ਸੁਖਵਿੰਦਰ ਅੰਮ੍ਰਿਤ ਨਾਰੀ-ਦੁਖਾਂਤ ਨੂੰ ਬਹੁਤ ਸੰਜੀਦਗੀ ਨਾਲ ਉਲੀਕ ਦੀ ਹੈ।
ਉਸ ਨੂੰ ਗਿਲਾ ਹੈ ਕਿ ਸਮਾਜ ਨੇ ਨਾਰੀ-ਹੋਂਦ ਨੂੰ ਕਦੇ ਵਿਚਾਰਿਆ ਨਹੀਂ-
"ਹਜ਼ਾਰਾਂ ਸਾਲ ਬੀਤੇ ਪਰ ਕਿਸੇ ਨਾ ਵੇਖਿਆ ਛੁਹ ਕੇ
ਜਿਉਂਦੀ ਜਾਨ ਹੈ ਕੋਈ ਜਾਂ ਸੂਰਤ ਹੈ ਉਹ ਪੱਥਰ ਦੀ।"
(ਉਹੀ ਪੰਨਾ-47)
ਸੁਖਵਿੰਦਰ ਅੰਮ੍ਰਿਤ ਮਰਦਾਨਾ ਫਿਤਰਤ/ਮਜ਼ਬੂਰੀ/ਬੇਬਸੀ/ਕੁਦਰਤੀ ਸੁਭਾਅ/ਰੂੜੀਗਤ ਸੋਚ ਤੋਂ ਵਾਕਫ ਹੈ। ਉਹ ਮਰਦ ਪ੍ਰਤੀ ਸ਼ਿਕਵੇ ਅਤੇ ਸਮਝੌਤੇ ਦੀ ਸੁਰ ਨੂੰ ਸਲੀਕੇ ਨਾਲ ਉਜਾਗਰ ਕਰਦੀ ਹੈ:-
'ਤਮੰਨਾ ਤਾਂ ਉਦੀ ਵੀ ਸੀ ਕਿ ਸਾਡਾ ਸਾਥ ਨਿਭ ਜਾਂਦਾ
ਪਰਿੰਦਾ ਸੀ ਉਹ ਕੀ ਕਰਦਾ ਉਡਨ ਬਿਨ ਰਹਿ ਨਹੀਂ ਸਕਿਆ
(ਉਹੀ ਪੰਨਾ-56)
ਸੁਖਵਿੰਦਰ ਅੰਮ੍ਰਿਤ ਸ਼ਬਦਾਂ ਦੇ ਗਲਤ ਅਰਥਾਂ ਦੀ ਕੈਦ ਤੋਂ ਮੁਕਤੀ ਲੋਚਦੀ ਹੈ। ਉਹ ਸਹੀ ਅਰਥਾਂ ਦੀ ਤਲਾਸ਼ ਲਈ ਸੰਘਰਸ਼ਸ਼ੀਲ ਹੋਣ ਦਾ ਪ੍ਰਣ ਕਰਦੀ ਹੈ। ਉਹ, 'ਮਰਦ ਮਾਇਕੇ ਮੁਹੱਬਤ, ਔਰਤ ਮਾਇਕੇ ਵਫ਼ਾ, ਝਾਂਜਰ ਮਾਇਨੇ ਨ੍ਰਿਤ ਅਤੇ ਚੂੜੀ ਮਾਇਨੇ ਅਦਾ ਵਾਲੇ ਅਰਥ ਸਥਾਪਤ ਕਰਨ ਦੀ ਇੱਛਕ ਹੈ।
ਸੁਖਵਿੰਦਰ ਅੰਮ੍ਰਿਤ ਔਰਤ ਦੀ ਦਵੰਦਮਈ ਮਾਨਸਿਕਤਾ/ਨੈਤਿਕ ਸੀਮਾ/ਬੇਬਸੀ/ ਰੀਝ ਵਿੱਚ ਫ਼ਾਸਲੇ ਨੂੰ ਖ਼ੂਬਸੂਰਤੀ ਨਾਲ ਉਜਾਗਰ ਕਰਦੀ ਹੈ। ਭਾਵਕਤਾ ਦਾ ਹੜ੍ਹ ਉਸ ਦੀ ਬੌਧਿਕਤਾ ਉੱਤੇ ਹਾਵੀ ਹੋ ਜਾਂਦਾ ਹੈ। ਉਹ ਨਾ ਚਾਹੁੰਦੀ ਹੋਈ ਵੀ ਦਿਸ਼ਾਹੀਣ ਹੋ ਜਾਂਦੀ ਹੈ:
1)ਡੁਬ ਗਈ ਆਖ਼ਰ ਉਹ ਗੰਧਲੇ ਨੀਰ ਦੀ ਇੱਕ ਝੀਲ ਵਿੱਚ
ਹੰਸਣੀ ਜਿਹੜੀ ਸੀ ਸੁੱਚੇ ਮੋਤੀਆਂ ਨੂੰ ਭਾਲ ਦੀ।
(ਚਿਰਾਗਾਂ ਡਾਰ ਪੰਨਾ-39)
2) ਕੋਸਦੀ ਉਹ ਬਹੁਤ ਆਪਣੇ ਆਪ ਨੂੰ ਪਰ ਫੇਰ ਵੀ
ਗੋਰਿਆਂ ਫੁੱਲਾਂ ਦੀ ਕਾਲੀ ਰੀਝ ਦਿਲ ਵਿਚ ਪਾਲਦੀ ।
(ਉਹਾ-ਪੰਨਾ-39)
3) ਉਹ ਤਾਂ ਲੰਮੀ ਨਜ਼ਮ ਹੁੰਦੀ ਸੀ ਕਦੇ ਮੋਹ ਕਾਵਿ ਦੀ
ਵਾਚਿਆ ਨਾ ਜਦ ਕਿਸੇ ਤਾਂ ਅੱਖਰ ਅੱਖਰ ਹੋ ਗਈ।
(ਉਹੀ ਪੰਨਾ-42)
ਸੁਖਵਿੰਦਰ ਅੰਮ੍ਰਿਤ ਨਾਰੀ-ਅੰਤਰਮਨ ਤੋਂ ਵਾਕਫ਼ ਹੈ। ਉਹ ਸੁਹਿਰਦਤਾ ਨਾਲ ਸਥਿਤੀ ਤੋਂ ਜਾਣੂ-ਕਰਣਾਉਂਦੀ ਹੈ। ਉਹ ਔਰਤ ਦੀਆਂ ਕਮਜ਼ੋਰੀਆਂ, ਮਰਦ ਫਿਤਰਤ ਅਤੇ
ਸਭਿਆਚਾਰਕ ਪਿਛੋਕੜ ਬਾਰੇ ਸੁਚੇਤ ਹੈ। ਭਾਵੇਂ ਉਹ ਅਨੇਕਾਂ ਵਾਰ ਔਰਤ ਨੂੰ ਸਮਝੌਤਾਵਾਦੀ ਵਿਚਾਰਧਾਰਾ ਦਾ ਧਾਰਨੀ ਵਿਖਾਉਂਦੀ ਹੈ ਪਰ ਉਹ ਔਰਤ ਦੀ ਹੋਂਦ ਦੇ ਮਸਲੇ ਦ੍ਰਿੜਤਾ ਨੂੰ ਬਣਾਈ ਰੱਖਦੀ ਹੈ। ਉਹ ਮਰਦ ਨੂੰ ਛੁਟਿਆਉਂਦੀ ਨਹੀਂ। ਉਹ ਤਾਂ ਔਰਤ ਦੀ ਸ਼ਕਤੀ / ਸਮਰੱਥਾ/ਦ੍ਰਿੜਤਾ ਨੂੰ ਉਜਾਗਰ ਕਰਨਾ ਆਪਣਾ ਫ਼ਰਜ਼ ਸਮਝਦੀ ਹੈ:-
1)ਉਹ ਮੇਰੇ ਤੇਜ ਸਾਹਵੇਂ ਮੋਮ ਵਾਂਗੂ ਪਿਘਲ ਜਾਵੇਗੀ
ਡਰਾਵਾਂ ਨਾ ਦਿਓ ਲੋਕੋ ਕਿਸੇ ਤਲਵਾਰ ਦਾ ਮੈਨੂੰ ।
(ਉਹੀ ਪੰਨਾ-34)
2) ਸੁਲਗਦੇ ਸੂਰਜਾਂ ਕੋਲੋਂ ਮੈਂ ਬਚ ਕੇ ਨਿਕਲ ਜਾਵਾਂਗੀ।
ਨਹੀਂ ਮੈਂ ਬਰਫ਼ ਦੀ ਟੁਕੜੀ ਕਿ ਪਲ ਵਿਚ ਪਿਘਲ ਜਾਵਾਂਗੀ।
(ਉਹੀ ਪੰਨਾ-38)
ਸੁਖਵਿੰਦਰ ਅੰਮ੍ਰਿਤ ਦੀ ਸ਼ਾਇਰੀ ਦਾ ਦੁਸਰਾ ਪਹਿਲੂ ਹੈ ਇਸ਼ਕ ਮਜਾਜੀ। ਉਸ ਦੀਆਂ ਗ਼ਜ਼ਲਾਂ, ਗੀਤਾਂ, ਕਵਿਤਾਵਾਂ ਤੇ ਟੱਪਿਆਂ ਵਿੱਚ ਮੁਹੱਬਤ ਦੇ ਕੌੜੇ-ਮਿੱਠੇ ਅਹਿਸਾਸ ਦੀ ਤਰਜਮਾਨੀ ਹੋਈ ਹੈ। ਉਹ ਇਸ਼ਕ ਮਜਾਜੀ ਨੂੰ ਇਸ਼ਕ ਹਕੀਕੀ ਤੱਕ ਮਹਿਸੂਸ ਕਰਦੀ ਹੈ:-
1) ਮੇਰੇ ਹੱਥ ਦੀ ਹਥੇਲੀ ਨੂੰ ਚੁੰਮਿਆ ਕੀ ਤੂੰ ਮੈਂ ਪਲਾਂ ਹੀ ਪਲਾਂ 'ਚ ਖ਼ੁਦਾ ਹੋ ਗਈ।
2) ਕਿਸੇ ਤੀਰਥ ਤੇ ਕਿਉਂ ਜਾਵਾਂ ਤੇ ਕਿਉਂ ਪੂਜਾ ਮੈਂ ਪੱਥਰਾਂ ਨੂੰ
ਨਹੀ ਮਨਜ਼ੂਰ ਬਿਨ ਤੇਰੇ ਕੋਈ ਮੇਰਾ ਖ਼ੁਦਾ ਹੋਵੇ।
(ਉਹੀ ਪੰਨਾ-63)
ਸੁਖਵਿੰਦਰ ਅੰਮ੍ਰਿਤ ਦੀ ਕਾਵਿ-ਨਾਇਕਾ ਨੂੰ ਮਹਿਬੂਬ ਦੇ ਇਸ਼ਾਰਿਆਂ ਤੇ ਨੱਚਦਿਆਂ ਗੁਲਾਮੀ ਦਾ ਖਿਆਲ ਤਕ ਨਹੀਂ ਆਉਂਦਾ। ਮੁਹੱਬਤ ਦੀ ਜੰਜ਼ੀਰ ਵਿੱਚ ਜਕੜੀ ਨੂੰ ਨਾਰੀ-ਗੁਲਾਮੀ ਅਤੇ ਨਾਰੀ ਦੀ ਸੁਤੰਤਰ ਹੋਂਦ ਦਾ ਅਹਿਸਾਸ ਤੱਕ ਨਹੀਂ ਹੁੰਦਾ ਅਤੇ ਹਰ ਆਜ਼ਾਦੀ ਪੈਰਾਂ ਵਿੱਚ ਦਿਸਦੀ ਹੈ। ਉਹ ਰੁਕਮਣੀ, ਯਸ਼ੋਧਰਾ ਤੇ ਸ਼ਕੁੰਤਲਾ ਬਣਕੇ ਜਿਉਣ ਨਾਲੋਂ ਸੋਹਣੀ, ਸੁੰਦਰਾਂ ਤੇ ਹੀਰ ਬਣਕੇ ਮਰ ਜਾਣਾ ਲੋਚਦੀ ਹੈ। ਲੇਕਿਨ ਉਸ ਨੂੰ ਗਿਲਾ ਹੈ ਕਿ ਉਸ ਦਾ ਮਹਿਬੂਬ ਬੇਪਰਵਾਹ ਹੈ। ਉਹ ਉਸਦੀ ਸੁਹਿਰਦਤਾ, ਭਾਵਕ- ਵੇਦਨਾ ਅਤੇ ਰੂਹਾਨੀ ਮੁਹੱਬਤ ਨੂੰ ਸਮਝਦਾ ਨਹੀਂ। ਉਹ ਰੂਹ ਦੇ ਰਿਸ਼ਤੇ ਨੂੰ ਜਿਸਮਾਂ ਤੱਕ ਸੀਮਤ ਸਮਝਦਾ ਹੈ। ਸੁਖਵਿੰਦਰ ਅੰਮ੍ਰਿਤ ਇਨ੍ਹਾਂ ਅਹਿਸਾਸਾਂ ਨੂੰ ਇਉਂ ਸ਼ਬਦ ਪ੍ਰਦਾਨ ਕਰਦੀ ਹੈ:-
ਵਾਚਿਆ ਨਾ ਜਦ ਕਿਸੇ ਤਾਂ ਅੱਖਰ-ਅੱਖਰ ਹੋ ਗਈ।
ਮੇਰਾ ਅੱਥਰੂ ਲਾਵੇ ਹੇਠਾਂ ਨੂੰ
ਮੇਰੇ ਹਉਕੇ ਦਾ ਵੀ ਸੇਕ ਜਰੇ।
(ਨੀਲਿਆਂ ਮੋਰਾ ਵੇ ਪੰਨਾ-72)
ਇਸ ਜ਼ਮਾਨੇ ਵਿੱਚ ਮੁਹੱਬਤ ਤਨ ਦਾ ਬਸਤਰ ਹੋ ਗਈ।
(ਚਿਰਾਗਾਂ ਦੀ ਡਾਰ-ਪੰਨਾ-42)
ਸੁਖਵਿੰਦਰ ਅੰਮ੍ਰਿਤ ਦੀ ਸਮੁੱਚੀ ਕਵਿਤਾ ਵਿੱਚ ਬਿਰਹਾ ਦੀ ਪੀੜਾ ਤੇ ਉਦਾਸੀ ਆਮ ਵੇਖੀ ਜਾ ਸਕਦੀ ਹੈ। ਬਿਰਹਾ ਦੀ ਕਸਕ ਹੀ ਉਸ ਦੀ ਕਾਵਿ-ਸਿਰਜਣਾ ਦੀ ਪ੍ਰੇਰਨਾ-ਸਰੋਤ ਮਹਿਸੂਸ ਹੁੰਦੀ ਹੈ।
ਉਹ 'ਸਵੈ' ਦੀ ਵੇਦਨਾ ਨੂੰ ਵਿਅਕਤ ਕਰਦੀ ਹੋਈ 'ਮੁਹੱਬਤ' ਦੀ ਵੇਦਨਾ ਤੱਕ ਲੈ ਜਾਂਦੀ ਹੈ। ਉਸ ਦੀ ਸੰਵੇਦਨਸ਼ੀਲਤਾ ਸ਼ਬਦਾਂ ਦਾ ਲੈਅ-ਬੱਧ ਪ੍ਰਬੰਧ ਬਣ ਜਾਂਦੀ ਹੈ। ਬਿਰਹਾ ਦੀ ਤੜਪ ਦਾ ਅਹਿਸਾਸ ਉਸਦੀ ਕਾਵਿ ਨਾਇਕਾ ਨੂੰ ਇਹ ਕਹਿਣ ਲਈ ਮਜਬੂਰ ਕਰਦਾ ਹੈ:-
ਜੇ ਕਟਾਰ ਤਾਂ ਵੀ ਖੋਭ ਲੈ
ਮੈਥੋਂ ਝਲ ਨਾ ਹੁੰਦੀਆਂ ਦੂਰੀਆਂ
ਤੇਰੇ ਵਸਲ ਨੂੰ ਮੈਂ ਬੇਤਾਬ ਹਾਂ।
(ਚਿਰਾਗਾਂ ਦੀ ਡਾਰ-ਪੰਨਾ-19)
ਜ਼ਰਾ ਹੋ ਲੈਣ ਦੇ ਮੱਠਾ ਇਹ ਦਿਲ ਦਾ ਗ਼ਮ, ਚਲਾ ਜਾਵੀਂ।
(ਉਹੀ ਪੰਨਾ-21)
ਸੁਖਵਿੰਦਰ ਅੰਮ੍ਰਿਤ ਨੇ ਨਾਰੀ ਅਨੁਭਵ ਅਤੇ ਪਿਆਰ ਕਵਿਤਾ ਤੋਂ ਇਲਾਵਾ ਸਮਕਾਲੀ ਸਰੋਕਾਰਾਂ ਨੂੰ ਵੀ ਬਾਖੂਬੀ ਪੇਸ਼ ਕੀਤਾ ਹੈ। ਉਹ ਮੰਡੀ ਦੇ ਖਪਤ ਕਲਚਰ ਵਿੱਚ ਮਨੁੱਖ ਦੇ ਅਸਤਿਤਵ ਨੂੰ ਪੈਦਾ ਹੋ ਰਹੇ ਖ਼ਤਰੇ ਤੋਂ ਸੁਚੇਤ ਹੈ:-
ਆਦਮੀ ਦੇ ਵਾਸਤੇ ਰੋਟੀ ਵਿਕੇ ਬਾਜ਼ਾਰ ਵਿਚ
ਰੋਟੀ ਖਾਤਰ ਆਦਮੀ ਹਰ ਮੋੜ ਤੇ ਵਿਕਦਾ ਮਿਲੇ।
(ਉਹੀ ਪੰਨਾ-70)
ਸੁਖਵਿੰਦਰ ਅੰਮ੍ਰਿਤ ਨੇ 'ਨੀਲਿਆਂ ਮੋਰਾ ਵੇਂ' ਗੀਤ ਸੰਗ੍ਰਹਿ ਦੇ ਮੇਰਾ ਕਿੱਥੇ ਗਿਆ ਪੰਜਾਬ' ਗੀਤ ਵਿੱਚ ਪੰਜਾਬ ਦੀਆਂ ਲਗਭਗ ਸਮੁੱਚੀਆਂ ਸਮੱਸਿਆਵਾਂ ਨੂੰ ਅੰਕਿਤ ਕੀਤਾ ਹੈ। ਰੁੱਖਾਂ ਦੀ ਕਟਾਈ, ਪੰਛੀਆਂ ਦਾ ਉਜਾੜਾ, ਪ੍ਰਦਸ਼ੂਣ ਦੀ ਹਨ੍ਹੇਰੀ, ਨੌਜਵਾਨਾਂ ਵਿੱਚ ਪ੍ਰਵਾਸ ਦੀ ਮਜਬੂਰੀ, ਸਿਹਤਹੀਣ ਜਵਾਨੀ, ਅੰਨਦਾਤਾ ਦੀ ਦਿਸ਼ਾਹੀਣਤਾ ਨਸ਼ੇ ਦਾ ਵਪਾਰ, ਔਰਤ ਦੀ ਦੁਰਦਸ਼ਾ, ਕੂੜ ਰਾਜਨੀਤੀ ਦਾ ਰਾਜ, ਸੱਚ ਨੂੰ ਫਾਂਸੀ ਆਦਿ ਅਨੇਕਾਂ ਨੁਕਤਿਆਂ ਨੂੰ ਇੱਕ ਗੀਤ ਵਿੱਚ ਸਗ੍ਰਹਿ ਕਰਕੇ ਪਾਠਕ ਨੂੰ ਚਿੰਤਾ ਤੋਂ ਚਿੰਤਨ ਦਾ ਸਫ਼ਰ ਕਰਨ ਵੱਲ ਪ੍ਰੇਰਿਆ ਹੈ।
ਸੁਖਵਿੰਦਰ ਅੰਮ੍ਰਿਤ ਪੰਜਾਬ ਦੀਆਂ ਸਮਕਾਲੀ ਪ੍ਰਸਥਿਤੀ ਬਾਰੇ ਚਿੰਤਤ ਹੈ। ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੁਖ ਲੋੜਦੀ ਹੈ । ਉਹ ਆਪਣੀ ਮਾਤ-ਭਾਸ਼ਾ ਨੂੰ ਅਥਾਹ ਮੁਹੱਬਤ ਕਰਦੀ ਹੈ। 'ਹੋ ਮੇਰੀ ਮਾਤ ਬੋਲੀ' ਗੀਤ ਪੰਜਾਬੀ ਜ਼ੁਬਾਨ ਦੀ ਭਰਪੂਰ
ਸ਼ਲਾਘਾ ਕਰਦੀ ਹੈ। ਭਾਵੇਂ ਉਹ ਇਸ਼ਕ ਮਜਾਜੀ ਦੀ ਵਧੇਰੇ ਗੱਲ ਕਰਦੀ ਹੈ। ਪਰ ਉਹ ਬ੍ਰਹਿ ਮੰਡੀ ਗਿਆਨ ਦੇ ਸਰੋਤ ਗੁਰੂ ਗ੍ਰੰਥ ਸਾਹਿਬ ਦੀ ਮਹਿਮਾਂ ਕੀਤੇ ਬਿਨ੍ਹਾਂ ਨਹੀਂ ਰਹਿ ਸਕਦੀ। ਸਾਂਝੀਵਾਲਤਾ ਦੇ ਸੰਦੇਸ਼ ਦਿੰਦੀ ਗੁਰਬਾਣੀ ਨੂੰ ਵਡਿਆਉਣ ਵਿੱਚ ਆਪਣਾ ਮਾਣ ਸਮਝਦੀ ਹੈ। ਸੁਖਵਿੰਦਰ ਅੰਮ੍ਰਿਤ ਪਾਠਕ ਨੂੰ ਅੰਧਵਿਸ਼ਵਾਸਾਂ, ਕਿਸਮਤਵਾਦ ਅਤੇ ਆਡੰਬਰੀ ਰੀਤਾਂ ਤੋਂ ਬਚਣ ਦਾ ਸੰਦੇਸ਼ ਵੀ ਦਿੰਦੀ ਹੈ। ਉਹ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਉਸਤਤ ਵਿੱਚ 'ਗਾਥਾ-ਮਹਾਰਾਜਾ ਰਣਜੀਤ ਸਿੰਘ' ਗੀਤ ਲਿਖਦੇ ਉਸਦੀ ਸਖਸ਼ੀਅਤ ਦੀ ਅਹਿਮ-ਵਿਲੱਖਣਤਾ ਉਜਾਗਰ ਕਰਦੀ ਹੈ।
ਸੁਖਵਿੰਦਰ ਅੰਮ੍ਰਿਤ ਦੀ ਸਿਰਜਣਾਤਮਕ ਪ੍ਰਕਿਰਿਆ ਦੇ ਅਹਿਮ ਪਹਿਲੂਆਂ ਬਾਰੇ ਵੀ ਇੱਥੇ ਵਿਚਾਰ ਕਰਨੀ ਜ਼ਰੂਰੀ ਹੈ। ਉਸ ਦਾ ਰਚਨਾ ਮਨੋਰਥ ਕੀ ਹੈ ਅਤੇ ਉਹ ਕਵਿਤਾ ਨੂੰ ਕਿਵੇਂ ਪ੍ਰੀਭਾਸ਼ਤ ਕਰਦੀ ਹੈ ਇਸ ਬਾਰੇ ਚਰਚਾ ਕਰਨ ਤੋਂ ਪਹਿਲਾਂ 'ਧੁੱਪ ਦੀ ਚੁੰਨੀ' ਦੀ ਆਦਿਕਾ ਵੇਖਣਾ ਅਤਿ ਜ਼ਰੂਰੀ ਹੈ:-
ਕਵਿਤਾ
ਸੱਭਿਅਤਾ ਦੀ ਵਲਗਣ 'ਚੋਂ
ਕੁਦਰਤ ਦੀ ਵਿਸ਼ਾਲਤਾ ਵੱਲ ਝਾਕਦੀ ਹੋਈ ਹਸਰਤ
ਕਵਿਤਾ
ਮੁਹੱਬਤ ਅਤੇ ਸੁਤੰਤਰਤਾ ਲਈ
ਤਾਂਘਦਾ ਹੋਇਆ ਹਿਰਦਾ ਹੈ
ਕਵਿਤਾ
ਸਾਰੀ ਕਾਇਨਾਤ ਦੇ ਹਿੱਤਾਂ ਲਈ ਸੋਚਦਾ ਹੋਇਆ ਮਸਤਕ ਹੈ
ਕਵਿਤਾ
ਮੈਲੀ ਪਰੰਪਰਾ ਨੂੰ ਨਕਾਰਦੀ ਹੋਈ ਆਤਮਾ ਹੈ
ਕਵਿਤਾ
ਦਮਨ ਅਤੇ ਅਨਿਆਂ ਵਿਰੁੱਧ ਉੱਠੀ ਹੋਈ ਤੇਗ ਹੈ
ਕਵਿਤਾ
ਸ਼ਿਲਪ ਅਤੇ ਸੁਹਜ ਦਾ ਕੂਲਾ ਫੁੱਲ ਹੈ
ਕਵਿਤਾ
ਨੇਰੇ ਦੀ ਦੁਨੀਆਂ ਤੋਂ ਚਾਨਣ ਦੀ ਦੁਨੀਆਂ ਵੱਲ
ਜਾਂਦਾ ਹੋਇਆ ਰਾਹ ਹੈ।
(ਧੁੱਪ ਦੀ ਚੁੰਨੀ ਪੰਨਾ-9)
ਸੁਖਵਿੰਦਰ ਅੰਮ੍ਰਿਤ ਸਾਹਿਤ ਸਿਰਜਣਾ ਦੇ ਮਨੋਰਥ ਤੋਂ ਵਾਕਫ ਹੈ ਇਸੇ ਲਈ ਉਸ ਦੀ ਕਵਿਤਾ ਕਲਾਤਮਕ ਸੁਹਜ ਨੂੰ ਬਰਕਰਾਰ ਰੱਖਦੀ ਹੋਈ ਵਿਚਾਰਾਂ ਦੀ ਉੱਚਤਾ ਲਈ ਸੰਘਰਸ਼ਸ਼ੀਲ ਹੈ। ਬਾਹਰੀ ਅਤੇ ਅੰਦਰੂਨੀ ਹਨ੍ਹੇਰੇ ਨੂੰ ਦੂਰ ਕਰਨ ਲਈ ਕਲਮ ਦਾ ਸਹਾਰਾ ਲੈਂਦੀ ਹੈ। ਬੌਧਿਕਤਾ ਦੀ ਮਾਰ ਤੋਂ ਬਚਣ ਨੂੰ ਭਾਵਕਤਾ ਨੂੰ ਬਣਾਈ ਰੱਖਣ ਲਈ ਯਤਨਸ਼ੀਲ ਰਹਿੰਦੀ ਹੈ। ਉਸਦੀ ਸ਼ਾਇਰੀ ਵਿੱਚ ਜਜ਼ਬੇ ਦੀ ਸ਼ਿੱਦਤ ਹੈ, ਰਵਾਨੀ ਹੈ,
ਮੁਹੱਬਤ ਦਾ ਮਿੱਠਾ ਅਹਿਸਾਸ ਹੈ, ਆਸ਼ਾਵਾਦੀ ਦ੍ਰਿਸ਼ਟੀਕੋਣ ਹੈ। ਉਸ ਦੀ ਸ਼ਾਇਰੀ ਬਾਰੇ, ਸੁਰਜੀਤ ਪਾਤਰੇ ਲਿਖਦਾ ਹੈ ਕਿ 'ਸੁਖਵਿੰਦਰ ਅੰਮ੍ਰਿਤ ਦੀ ਗ਼ਜ਼ਲ ਦੀ ਆਪਣੀ ਨੁਹਾਰ, ਆਪਣਾ ਮੁਹਾਂਦਰਾ ਅਤੇ ਆਪਣੀ ਪਹਿਚਾਣ ਹੈ। (ਚਿਰਾਂਗਾਂ ਦੀ ਡਾਰ ਪੰਨਾ- 9) 'ਚੰਗੀ ਸ਼ਾਇਰੀ ਵਿੱਚ ਨਦੀ ਵਰਗੀ ਪ੍ਰਾਚੀਨਤਾ, ਨਿਰੰਤਰਤਾ ਤੇ ਨਵੀਨਤਾ ਹੁੰਦੀ ਹੈ। ਸੁਖਵਿੰਦਰ ਅੰਮ੍ਰਿਤ ਦੀਆਂ ਗ਼ਜ਼ਲਾ ਵਿਚ ਨਦੀ ਦੇ ਇਹ ਤਿੰਨੇ ਗੁਣ-ਸਮਾਏ ਹੋਏ ਹਨ। "(ਸੂਰਜ ਦੀ ਦਹਿਲੀਜ਼ ਪੰਨਾ 16) ਸੁਖਵਿੰਦਰ ਅੰਮ੍ਰਿਤ ਦਾ ਕਾਵਿ ਰਸ ਪਾਠਕ ਨੂੰ ਕੀਲ ਲੈਂਦਾ ਹੈ, ਉਹ ਉਸਦੀ ਰਚਨਾ ਪੜ੍ਹਣ ਤੋਂ ਬਾਦ 'ਕਮਾਲ' ਹੈ। ਕਹਿਣ ਤੋਂ ਗੁਰੇਜ਼ ਨਹੀਂ ਕਰਦਾ । ਉਸ ਦੀ ਸ਼ਾਇਰੀ ਦੀ ਮੌਲਿਕਤਾ ਅਤੇ ਉਸਨੂੰ ਨਿਵੇਕਲੀ ਪਛਾਣ ਦੀ ਧਾਰਨੀ ਬਣਾਉਂਦਾ ਹੈ। ਉਸਨੂੰ ਗ਼ਜ਼ਲ, ਗੀਤ, ਨਜ਼ਮ ਤੇ ਟੱਪੇ ਕਾਵਿ-ਰੂਪ ਵਿੱਚ ਸਿਰਜਣਾ ਕਰਣ ਦੇ ਸਮੱਰਥ ਹੈ। ਉਸ ਦੀ ਬੋਲੀ ਸਹਿਜ ਹੈ। ਉਸ ਦਾ ਵਿਦਰੋਹ ਸਹਿਜ ਹੈ ਪਰ ਉਸ ਦੀ ਦ੍ਰਿੜਤਾ ਲਾਜਵਾਬ ਹੈ:-
ਹਵਾਵਾਂ ਤੋਂ ਨਹੀਂ ਮਿਹਣਾ ਘਟਾਵਾਂ ਤੋਂ ਨਹੀਂ ਖੁਰਨਾ
ਸਮੇਂ ਦੀ ਹਿੱਕ ਤੇ ਇੱਕ ਹਰਫ਼ ਐਸਾ ਉਕਰ ਜਾਵਾਂਗੀ।
(ਚਿਰਾਗਾਂ ਦੀ ਡਾਰ ਪੰਨਾ-80)
ਸਮੁੱਚੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਸੁਖਵਿੰਦਰ ਅੰਮ੍ਰਿਤ ਪੰਜਾਬੀ ਸਾਹਿਤ ਇਤਿਹਾਸ ਦੇ ਸਫ਼ੇ 'ਤੇ ਐਸਾ ਹਰਫ਼ ਉਕਰ ਗਈ ਹੈ ਜੋ ਪੰਜਾਬੀ ਕਵਿਤਾ ਲਈ ਮਾਣ ਦਾ ਸਬੱਬ ਹੈ। ਉਸ ਦੀ ਕਵਿਤਾ ਤੋਂ ਬਿਨ੍ਹਾਂ ਨਵੀਂ ਪੰਜਾਬੀ ਕਵਿਤਾ ਅਧੂਰੀ ਹੈ।
ਸੁਖਪਾਲ ਕਾਵਿ ਦੇ ਸਰੋਕਾਰ
ਕਮਲਪ੍ਰੀਤ ਸਿੱਧੂ
ਸੁਖਪਾਲ ਸਾਡੇ ਸਮਿਆਂ ਦਾ ਇਕ ਗੰਭੀਰ ਦਾਰਸ਼ਨਿਕ ਮੁਦਰਾ ਵਾਲਾ ਕਵੀ ਹੈ। ਉਹ ਆਪਣੀ ਗਹਿਰੀ ਸੋਚ ਵਿੱਚ ਉਪਜੀ ਕਵਿਤਾ ਲਿਖਦਾ ਹੀ ਨਹੀਂ, ਸਗੋਂ ਪਾਠਕ/ ਸ੍ਰੋਤੇ ਨੂੰ ਸੋਚਣ ਵੀ ਲਾਉਂਦਾ ਹੈ। ਉਸਦੀ ਕਵਿਤਾ ਵਿੱਚ ਸ਼ਬਦ ਉਸਦੀ ਉਂਗਲ ਫੜ੍ਹ ਤੁਰਦੇ ਹਨ। ਉਹ ਭੂਤ, ਵਰਤਮਾਨ ਤੇ ਭਵਿੱਖ ਤਿੰਨਾਂ ਵਿੱਚ ਵਿਚਰਦਾ ਹੋਇਆ,ਕਵਿਤਾ ਦੇ ਸਨਮੁੱਖ ਹੁੰਦਾ ਹੈ। ਜਦੋਂ ਉਹ ਈਸਾ, ਨਾਨਕ, ਬੁੱਧ, ਕਬੀਰ, ਰਵੀਦਾਸ ਦੀ ਗੱਲ ਕਰਦਾ ਹੈ ਤਾਂ ਬੁੱਧੀ, ਗਿਆਨ ਤੇ ਤਰਕ ਦੇ ਸਿਖਰ ਤੇ ਜਾ ਖੜੋਂਦਾ ਹੈ। ਜਿਥੇ ਇਤਿਹਾਸ- ਮਿਥਹਾਸ, ਤੇ ਅੱਖਾਂ ਸਾਹਮਣੇ ਵਿਚਰਦੇ ਪਾਤਰ ਉਸਦੀ ਕਵਿਤਾ ਦਾ ਸਿਰਜਨ ਬਣਦੇ ਹਨ ਜਿਥੇ ਸੁਖਪਾਲ ਸਮਕਾਲ ਦੇ ਸਨਮੁਖ ਹੈ। ਉਹ ਇਤਿਹਾਸ ਦੇ ਨਾਲ-ਨਾਲ ਧਰਤੀ, ਪ੍ਰਕਿਰਤੀ, ਬ੍ਰਹਿਮੰਡ ਦਾ ਵੀ ਕਵਿਤਾ ਰਾਹੀਂ ਰਹੱਸਵਾਦੀ ਅਨੁਭਵ ਕਰਵਾਉਂਦਾ ਹੋਇਆ ਯਥਾਰਥ ਦੀਆਂ ਕਈ ਪਰਤਾਂ ਖੋਲ੍ਹਦਾ ਹੈ। ਜਿਸ ਵਿੱਚ ਜੀਵਨ ਦੇ ਨਿਰੰਤਰ ਵਿਗਸਣ ਦੀ ਵੱਡੀ ਆਸ ਹੈ। ਇਸ ਸੰਦਰਭ ਵਿੱਚ ਉਸਦੀ ਇਹ ਕਵਿਤਾ ਵਿਚਾਰਨਯੋਗ ਹੈ:
ਧਰਤੀ ਬੂਟੇ ਜਣਦੀ ਹੈ
ਬੂਟਿਆਂ ਨੂੰ ਫੁੱਲ ਜੰਮਦੇ ਨੇ
ਰੁੱਤ ਪਰਤਦੀ ਹੈ
ਫੁੱਲ ਮਰ ਜਾਂਦੇ ਨੇ
ਕਈ ਵਾਰ ਬੂਟੇ ਵੀ ਮਰ ਜਾਂਦੇ ਨੇ
ਅਗਲੀ ਰੁੱਤੇ ਧਰਤੀ ਉਨ੍ਹਾਂ ਨੂੰ
ਫੇਰ ਉਗਾ ਲੈਂਦੀ ਹੈ।
(ਚੁੱਪ ਚੁਪੀਤੇ ਚੇਤਰ ਚੜਿਆ)
ਸੁਖਪਾਲ ਦੀ ਕਵਿਤਾ ਵਿੱਚ ਮਨੁੱਖੀ ਦਵੰਦ, ਪ੍ਰਸਥਿਤੀ ਬੋਧ, ਸਿਰਜਣਾ, ਧਰਮ, ਮਿਥਿਹਾਸ, ਇਤਿਹਾਸ ਤੇ ਸਮਕਾਲ ਸੰਬੰਧੀ ਵਿਸ਼ਾਲ ਦ੍ਰਿਸ਼ਟੀ ਮਿਲਦੀ ਹੈ। ਸਿਧਾਰਥ, ਈਸਾ, ਬਾਲ ਨਾਥ, ਰਵਿਦਾਸ, ਸੀਤਾ ਵਰਗੀਆਂ ਕਵਿਤਾਵਾਂ ਕੁਝ ਇਸ ਅੰਦਾਜ਼ ਵਿੱਚ ਸਾਹਮਣੇ ਆਉਂਦੀਆਂ ਹਨ ਕਿ ਉਹਨਾਂ ਵਿੱਚ ਸਹਿਜ ਜ਼ਿੰਦਗੀ ਦਾ ਚਿਹਨ ਬਣ ਕੇ ਵਿਚਾਰਧਾਰਕ ਹੋ ਜਾਂਦਾ ਹੈ। ਉਸਦੀ ਕਵਿਤਾ ਵਿੱਚ ਧਰਤੀ ਬ੍ਰਹਿਮੰਡ ਤੇ ਯਥਾਰਥ ਦਾ ਚਿੱਤਰ ਵੀ ਬਿਆਨ ਹੁੰਦਾ ਹੈ। ਇਕੋ ਸਮੇਂ ਸੁਖਪਾਲ ਜੀਵਨ ਦੀਆਂ ਕਈ ਪਰਤਾਂ ਖੋਲਦਾ ਹੈ। ਉਹ ਬਾਹਰਮੁਖੀ ਹੁੰਦਾ ਹੋਇਆ ਅੰਤਰਮੁਖੀ ਵੀ ਹੁੰਦਾ ਹੈ। ਇਉਂ ਉਸਦੀ ਕਵਿਤਾ ਕਈ ਚਿਹਨਿਕਾਂ ਦੀ ਬਿੰਬ-ਲੀਲਾ ਬਣਨ ਲਗਦੀ ਹੈ:
ਮੈਂ
ਨਿੱਕਾ ਜਿਹਾ ਬੀਜ ਹੀ ਸਹੀ
ਚੱਕੀ ਵਿੱਚ ਦਾਣਾ ਬਣ ਕੇ ਪਿਸਾਂਗਾ
ਉਸਦੀ ਕਿਸੇ ਤ੍ਰੇੜ ਵਿਚੋਂ
ਛਿੱਲੇ ਹੋਏ ਅੰਗਾਂ ਨਾਲ
ਧਰਤੀ ਦੀ ਵਿਰਲ ਵਿੱਚ ਉੱਤਰ ਜਾਵਾਂਗਾ
ਇੱਕ ਰੁੱਖ
ਸੈਆਂ ਫੁੱਲ
ਹਜ਼ਾਰਾਂ ਨਵੇਂ ਬੀਅ
ਬਣ ਵਿਗਸਾਂਗਾ
ਮੈਂ ਨਿੱਕਾ ਸਹੀ-
ਪਰ ਪਸਾਰ ਨਿੱਕਾ ਨਹੀਂ
(ਚੁੱਪ ਚੁਪੀਤੇ ਚੇਤਰ ਚੜਿਆ)
ਜ਼ਿੰਦਗੀ ਉਸਦੀ ਕਵਿਤਾ ਵਿੱਚ ਹਰ ਪੱਖੋਂ ਵਿਗਸਦੀ ਹੈ। ਸੁਖਪਾਲ ਵਿਚਾਰ ਨੂੰ ਕਵਿਤਾ ਰਾਹੀਂ ਕਈ ਪ੍ਰਤੀਕਾਂ ਰਾਹੀਂ ਪੇਸ਼ ਕਰਨ ਦੀ ਮੁਹਾਰਤ ਰੱਖਦਾ ਹੈ। ਇਸ ਵਿੱਚ ਮਹੁੱਬਤ, ਮਨੁੱਖ, ਰਿਸ਼ਤੇ, ਪ੍ਰੀਤ, ਗਾਥਾਵਾਂ, ਮਿੱਥ, ਇਤਿਹਾਸ ਤੇ ਯਥਾਰਥ ਆਪਸ ਵਿੱਚ ਸੰਵਾਦ ਰਚਾਉਂਦੇ ਹਨ। ਇਹ ਵਿਚਾਰ ਚੇਤਨਾ ਵੀ ਬਣਦਾ ਹੈ। ਕੇਵਲ ਕਥਨ ਤੱਕ ਸੀਮਤ ਨਹੀਂ ਰਹਿੰਦਾ। ਉਹ ਸਖ਼ਸ਼ੀਅਤ ਬਿਆਨਦੀ ਕਵਿਤਾ ਰਾਹੀਂ ਅਜਿਹੀ ਕਥਾ ਕਰਦਾ ਹੈ ਜਿਸ ਵਿੱਚ ਵਿਚਾਰ, ਚੇਤਨਾ ਮੌਨ ਨਹੀਂ ਰਹਿੰਦੇ। ਨਿਰੰਤਰ ਪਾਣੀਆਂ ਵਾਂਗ ਵਿਗਸਦੇ ਹਨ। ਦੀਵੇ ਵਾਂਗ ਬਲਦੇ ਹਨ। ਉਸਦਾ ਰਚਨਾਤਮਿਕ ਸੰਸਾਰ ਚੁੱਪ ਵਿਚੋਂ ਵੀ, ਜ਼ਿੰਦਗੀ ਦਾ ਪ੍ਰਵਾਹ ਉਘਾੜ ਲੈਂਦਾ ਹੈ। ਰੌਸ਼ਨੀ ਉਸ ਵਿੱਚ ਨਿਰੰਤਰ ਵਿਗਸਦੀ ਹੈ।
ਕੋਈ ਦੀਵਾ ਤਾਂ ਬਲਦਾ ਰਹੇ
ਬੇਸ਼ੱਕ ਬਲੇ ਨਾ ਸੱਚੀ ਮੁੱਚੀ
ਬੇਸ਼ੱਕ ਬਲੇ ਖਿਆਲਾਂ ਵਿਚ ਹੀ
ਦੀਵੇ ਸਦਾ ਹੀ ਬਲਦੇ ਹੁੰਦੇ
ਪਹਿਲਾਂ ਪਹਿਲ ਖਿਆਲਾਂ ਵਿੱਚ ਹੀ
ਅੰਦਰ ਚਾਨਣ ਹੁੰਦਾ
ਪੈਰ ਬਾਹਰ ਨੂੰ ਤੁਰ ਪੈਂਦੇ ਨੇ
ਨਜ਼ਰ ਦੀ ਹੱਦ ਵੀ ਟੁੱਟ ਜਾਂਦੀ ਹੈ
ਛਾਤੀ ਵਿੱਚ ਲੋਅ ਜਗ ਜਾਂਦੀ ਹੈ
ਸਰਦਲ ਉੱਤੇ ਰੱਖਿਆ ਦੀਵਾ
ਸੱਦੇ ਬਹਾਰ ਹੁੰਦਾ ਹੈ
ਸੱਦਾ ਕਿਲੇ ਮੁਸਾਫ਼ਰ ਨੂੰ
ਸੱਦਾ ਵਿਸਰੇ ਸੁਪਨੇ
ਸੱਦਾ ਆਪਣੀ ਹਿੰਮਤ ਨੂੰ
(ਚੁੱਪ ਚੁਪੀਤੇ ਚੇਤਰ ਚੜ੍ਹਿਆ)
ਆਪਣੇ ਪਹਿਲੇ ਕਾਵਿ-ਸੰਗ੍ਰਹਿ 'ਚੁਪ ਚੁਪੀਤੇ ਚੇਤਰ ਚੜ੍ਹਿਆ' ਵਿੱਚ ਉਸਦੀ ਕਵਿਤਾ ਸਮਕਾਲੀ ਕਵੀਆਂ ਨਾਲੋਂ ਵੱਖਰੀ ਪਹਿਚਾਣ ਬਣਾਉਂਦੀ ਹੈ। ਉਸ ਅੰਦਰ ਕਾਵਿ-ਭਾਸ਼ਾ ਤੇ ਕਾਵਿ ਸੰਜਮ ਦੀ ਡੂੰਘੀ ਚੇਤਨਾ ਇਹ ਬੋਧ ਕਰਵਾਉਂਦੀ ਹੈ ਕਿ ਸੁਖਪਾਲ ਸੁਹਜਭਾਵੀ ਕਵੀ ਹੈ ਜੋ ਧਰਮ, ਦਰਸ਼ਨ ਤੇ ਕੁਦਰਤ ਨੂੰ ਜਦੋਂ ਮਨੁੱਖ ਦੇ ਸਨਮੁਖ ਪੇਸ਼ ਕਰਦਾ ਹੈ ਤਾਂ ਉਸਦੀ ਸੁਹਜਤਾ ਦੀ ਸੂਖ਼ਮ ਦ੍ਰਿਸ਼ਟੀ ਹੋਰ ਵੀ ਗਹਿਰੀ ਹੋ ਜਾਂਦੀ ਹੈ। ਇਕੋ ਵੇਲੇ ਉਹ ਇਤਿਹਾਸ, ਕੁਦਰਤ ਤੇ ਸਮਕਾਲੀ ਮਨੁੱਖੀ ਮਸਲਿਆਂ 'ਤੇ ਪਕੜ ਰੱਖਦਾ ਹੈ। ਉਸਦੀ ਇਹ ਕਵਿਤਾ ਵਿਸ਼ੇਸ਼ ਤੌਰ ਤੇ ਪੜ੍ਹੀ ਜਾ ਸਕਦੀ ਹੈ:
ਆਪਣੇ ਪੱਤਿਆਂ ਜਿਹੀਆਂ-ਹਜ਼ਾਰ ਸਿੰਮਦੀਆਂ ਅੱਖਾਂ ਨਾਲ
ਰੁੱਖਾਂ ਰੱਬ ਨੂੰ ਆਖਿਆ:
"ਦਾਤਾ-ਤੇਰੇ ਇਨਸਾਨ
ਨਾ ਸਾਡਾ ਦੁੱਖ ਤੱਕਦੇ ਨਾ ਸੁਹੱਪਣ
ਨਾ ਕੂਕ ਸੁਣਦੇ ਨਾ ਸਾਡੀ ਹੂਕ
ਜਦ ਵੀ ਉਹਨਾਂ ਵਿਚੋਂ ਕੋਈ ਮਰਦਾ
ਸਾਨੂੰ ਉਸਦੇ ਨਾਲ ਸਤੀ ਹੋਣਾ ਪੈਂਦਾ
ਅਸੀਂ ਜਰ ਲੈਂਦੇ ਚੁੱਪ-ਚਾਪ
ਸੋਚਦੇ: ਤੇਰਾ ਹੁਕਮ ਹੋਵੇਗਾ
ਪਰ ਜਦੋਂ ਉਹ ਆਪਣੇ ਹਮਸਾਇਆਂ ਦੀਆਂ
ਖੋਪੜੀਆਂ ਜਾਂ ਧੜ
ਸਾਡੀਆਂ ਬਾਹਵਾਂ ਨਾਲ ਲਟਕਾ ਦੇਂਦੇ
ਆਪਣੇ ਹੋਰ ਚਮਲਾਇਆ ਨੂੰ ਸਮਝਾਉਣ ਲਈ
ਤਾਂ ਅਸੀਂ ਖੜੇ-ਖੜੋਤੇ ਮਰ ਜਾਂਦੇ
ਸਾਡੀਆਂ ਸੁੰਨ ਬਾਹਵਾਂ ਕੋਲੋਂ
ਤੇਰਾ ਮੋਏ ਦਾ ਭਾਰ ਨਹੀਂ ਚੁੱਕਿਆ ਜਾਂਦਾ।
(ਚੁੱਪ ਚੁਪੀਤੇ ਚੇਤਰ ਚੜ੍ਹਿਆ)
ਕਵਿਤਾ ਨੂੰ ਬ੍ਰਹਿਮੰਡ ਵਿਚੋਂ ਸੁਣਨਾ ਉਸਦਾ ਆਨੰਦ ਹੈ ਤੇ ਉਸਨੂੰ ਸ਼ਬਦਾਂ 'ਚ ਢਾਲਣਾ ਇਕ ਡੂੰਘੀ ਚੇਤੰਨ ਪ੍ਰਕਿਰਿਆ। ਜਿਸਨੂੰ ਅਨਹਦ ਨਾਦ ਵਾਂਗ ਸੁਣਿਆ ਜਾ ਸਕਦਾ ਹੈ, ਜਦੋਂ ਉਹ ਆਖਦਾ ਹੈ:
ਮੈਂ ਕਵੀ ਨਹੀਂ
ਉਹ ਕਵਿਤਾ ਹੋਵਾਂ
ਜੋ ਲਿਖੀ ਨਹੀਂ ਜਾਂਦੀ
ਅਨਹਦ ਨਾਦ ਵਾਂਗ
ਤਪੱਸਿਆ ਵਿੱਚ ਬੈਠ ਕੇ ਸੁਣੀ ਜਾਂਦੀ ਹੈ।
(ਚੁੱਪ ਚੁਪੀਤੇ ਚੇਤਰ ਚੜ੍ਹਿਆ)
ਸੁਖਪਾਲ ਕਵਿਤਾ ਦੀ ਹੋਂਦ ਨੂੰ ਵਧੇਰੇ ਮਹੱਤਵ ਦਿੰਦਾ ਹੈ। ਕਵੀ ਨਾਲੋਂ ਕਵਿਤਾ ਉਸਦੇ ਸ਼ਬਦਾਂ ਵਿੱਚ ਰਮੀ ਹੋਈ ਹੈ। ਜਿਸ ਨਾਲ ਫੁੱਲ, ਪ੍ਰਕ੍ਰਿਤੀ, ਧਰਤੀ, ਬੂਟਿਆਂ, ਰੁੱਤਾਂ ਦੀ ਸੰਜੋਗੀ ਪ੍ਰਕਿਰਿਆ ਅਦੈਤ ਰੂਪ ਵਿੱਚ ਪ੍ਰਗਟ ਹੁੰਦੀ ਹੈ ਜੋ ਜੀਵਨ ਪ੍ਰਤੀ ਆਸ਼ਾਵਾਦੀ ਦ੍ਰਿਸ਼ਟੀਕੋਣ ਪੇਸ਼ ਕਰਦੀ ਹੈ:
ਧਰਤੀ ਬੂਟੇ ਜਣਦੀ ਹੈ
ਬੂਟਿਆਂ ਨੂੰ ਫੁੱਲ ਜੰਮਦੇ ਨੇ
ਰੁੱਤ ਪਰਤਦੀ ਹੈ
ਫੁੱਲ ਮਰ ਜਾਂਦੇ ਨੇ
ਕਈ ਵਾਰ ਬੂਟੇ ਵੀ ਮਰ ਜਾਂਦੇ ਨੇ
ਅਗਲੀ ਰੁੱਤੇ ਧਰਤੀ ਉਨ੍ਹਾਂ ਨੂੰ
ਫੇਰ ਉਗਾ ਲੈਂਦੀ ਹੈ।
(ਚੁੱਪ ਚੁਪੀਤੇ ਚੇਤਰ ਚੜਿਆ)
ਕਿੰਨੇ ਸਾਰੇ ਸੁਪਨੇ/ਕਿੰਨੇ ਬੜੇ ਭੇਦ/ਕਿੰਨੇ ਸੱਚ
ਮੈਨੂੰ ਛੂਹ ਆਖਦੇ ਨੇ
ਤੇਰੇ ਕੋਲ ਹੱਥ ਨੇ/ਹੱਥਾਂ ਵਿੱਚ ਬਲ ਹੈ
ਤੇਰੇ ਕੋਲ ਦ੍ਰਿਸ਼ਟੀ ਹੈ/ਤੇ ਜ਼ੁਬਾਨ ਵੀ
ਸਾਨੂੰ ਖੋਲਦਾ ਕਿਉਂ ਨਹੀਂ?
ਤੈਨੂੰ ਮਾਂ ਬੰਨ੍ਹਣਾ ਨਹੀਂ ਔਂਦਾ?
(ਚੁੱਪ ਚੁਪੀਤੇ ਚੇਤਰ ਚੜ੍ਹਿਆ)
ਇਉਂ ਸੁਖਪਾਲ ਬ੍ਰਹਿਮੰਡ ਪ੍ਰਕਿਰਤੀ ਵਿਚੋਂ ਜੀਵਨ ਦੇ ਯਥਾਰਥ ਦੀਆਂ ਕਈ ਪਰਤਾਂ ਇਕੋ ਵਾਰ ਆਪਣੀ ਕਵਿਤਾ ਵਿੱਚ ਸਮੋ ਲੈਂਦਾ ਹੈ। ਉਸਦੀ ਕਵਿਤਾ ਕੇਵਲ ਕਥਨ ਨਹੀਂ ਬਣਦੀ। ਸਗੋਂ ਇਕ ਫੈਲਦੇ/ਵਿਗਸਦੇ ਚਿਹਨਿਕ ਵਾਂਗ ਆਨੰਤ ਸੰਕੇਤਾਂ ਨਾਲ ਸੰਬੰਧਤ ਵੀ ਹੋ ਜਾਂਦੀ ਹੈ। ਜਦੋਂ ਸੁਖਪਾਲ ਬਾਬੇ ਨਾਨਕ ਦੀ ਸ਼ਖ਼ਸ਼ੀਅਤ ਨੂੰ 'ਵਗਦੇ ਪਾਣੀਆਂ 'ਤੇ ਰੱਖੋ ਦੀਵੇ' ਦੇ ਚਿਹਨ ਵਿਚ ਸਗਲ ਰੂਪ ਵਿੱਚ ਪ੍ਰਭਾਸ਼ਿਤ ਕਰਦਾ ਹੈ ਤਾਂ ਸਮੁੱਚੀ ਮਾਨਵਤਾ ਦੇ ਜੀਵਨ ਪ੍ਰਵਾਹ ਦੀ ਗੱਲ ਕਰਦਾ ਹੈ।
ਵਗਦੇ ਦਰਿਆਂ ਚੋਂ
ਕੋਈ ਕਪੜੇ ਭਰ ਕੇ ਲੈ ਜਾਂਦਾ ਹੈ
ਕੋਈ ਇਸ਼ਨਾਨ ਕਰਕੇ ਪਿੰਡ ਨਿਰਮਲ ਕਰਦਾ ਹੈ।
ਕੋਈ ਮੁਰਦਾ ਜਿਸਮ ਏਸਦੇ ਹਵਾਲੇ ਕਰਕੇ ਪਰਤ ਜਾਂਦਾ ਹੈ
ਇਕ ਹਨ੍ਹੇਰੀ ਰਾਤੇ
ਉਹ ਔਂਦਾ ਹੈ
ਦੀਵਾ ਜਗਾ ਕੇ
ਪਾਣੀਆਂ ਤੇ ਰੱਖ ਦੇਂਦਾ ਹੈ
ਰੌਸ਼ਨੀ ਸਦੀਆਂ ਤੀਕ ਵਗਦੀ ਹੈ..
(ਚੁੱਪ ਚੁਪੀਤੇ ਚੇਤਰ ਚੜਿਆ)
ਕਵਿਤਾ ਇਕੋ ਵੇਲੇ ਸਮੂਹਕ ਵੀ ਹੁੰਦੀ ਹੈ ਤੇ ਆਤਮ ਪ੍ਰਗਟਾਅ ਵੀ। ਇਤਿਹਾਸ ਮਿਥਿਹਾਸ ਦੀ ਪਹੁੰਚ ਉਸਨੂੰ ਸਮਝਣ ਵਿੱਚ ਸਹਾਈ ਤਾਂ ਹੁੰਦੀ ਹੈ। ਪਰ ਪਾਠਕ ਦਾ ਧਿਆਨ ਕਾਵਿ ਕਿਰਤ ਤੋਂ ਹਟਾ ਕੇ ਕਵੀ ਵੱਲ ਮੋੜ ਦਿੰਦੀ ਹੈ। ਸੁਖਪਾਲ 'ਮੈਂ ਕਵੀ ਨਹੀਂ' ਕਹਿ ਕੇ ਇਸ ਤੋਂ ਮੁਕਤ ਹੋ ਜਾਂਦਾ ਹੈ। ਤੇ ਕਵਿਤਾ ਨੂੰ ਪ੍ਰਥਮ ਕਰ ਦਿੰਦਾ ਹੈ। ਇਸ ਸੰਬੰਧੀ ਟੀ.ਐਸ. ਈਲੀਅਟ ਦੇ ਵਿਚਾਰ ਪੜ੍ਹੇ ਜਾ ਸਕਦੇ ਹਨ। ਉਹ ਆਪਣੇ ਬਹੁ- ਚਰਚਿਤ ਨਿਬੰਧ Tradition and the Individual Talent' ਵਿਚ ਲਿਖਦੇ ਹਨ
ਕਾਵਿ ਅਧਿਅਨ ਦਾ ਵਿਸ਼ਾ ਕਵੀ ਨਹੀਂ ਕਵਿਤਾ ਹੁੰਦੀ ਹੈ। ਕਾਵਿ ਭਾਵਾਂ ਜਾਂ ਸ਼ਖ਼ਸੀਅਤ ਦੀ ਅਭਿਵਿਅਕਤੀ ਨਹੀਂ, ਇਹਨਾਂ ਤੋਂ ਮੁਕਤੀ (escape) ।1
ਕਵੀ ਸਿਰਜਣਾ ਸਮੇਂ ਨਿੱਜੀ ਆਪੇ ਦਾ ਸਾਧਾਰਨੀਕਰਨ ਕਰਦਾ ਹੋਇਆ, ਆਪਣੇ 'ਸੀਮਤ ਆਪੇ' ਨੂੰ ਵਿਆਪਕ-ਮੈਂ ਵਿਚ ਵਿਸਤਾਰਦਾ ਹੈ ਜਿਸ ਨੂੰ ਈਲੀਅਟ ਭਾਵਾਂ ਜਾਂ ਵਿਅਕਤਿੱਤਵ ਦੇ ਵਸਤੂਮੂਲਕ ਬਾਹਰੀਕਰਨ (Objective Correlative) ਦਾ ਨਾ ਦਿੰਦਾ ਹੈ।
ਕਵੀ ਕੋਲ ਪ੍ਰਗਟਾਉਣ ਲਈ ਵਿਅਕਤਿੱਤਵ ਨਹੀਂ ਵਿਸ਼ੇਸ਼ ਮਾਧਿਅਮ
ਹੁੰਦਾ ਹੈ, ਕੇਵਲ ਮਾਧਿਅਮ, ਜਿਸ ਵਿਚ ਪ੍ਰਭਾਵ ਅਤੇ ਅਨੁਭਵ
ਅਣਕਿਆਸੇ ਅਤੇ ਅਨੋਖੇ ਢੰਗ ਨਾਲ ਰਮੇ ਹੁੰਦੇ ਹਨ। ਕਵੀ ਦਾ
ਕੰਮ ਨਿਜੀ ਭਾਵਾਂ ਦਾ ਪ੍ਰਗਟਾਅ ਹੈ ਅਤੇ ਨਾ ਨਵੇਂ ਭਾਵਾਂ ਦੀ ਤਲਾਸ਼,
ਪਰੰਤੂ ਵਿਆਪਕ ਮਨੁੱਖੀ ਭਾਵਾਂ ਦੇ ਪ੍ਰਯੋਗ ਦੁਆਰਾ ਅਜਿਹੀਆਂ
ਭਾਵਨਾਵਾਂ ਨੂੰ ਉਜਾਗਰ ਕਰਨਾ ਹੈ ਜੋ ਵਾਸਤਵਿਕਤਾ ਵਿਚ ਨਹੀਂ
ਹੁੰਦੀਆ । 2
ਸੁਖਪਾਲ ਕੋਲ ਵੀ ਕਾਵਿ ਮਾਧਿਅਮ ਰਾਹੀਂ ਇਹ ਮੁਹਾਰਤ ਹੈ ਕਿ ਉਹ ਨਿੱਜ ਤੱਕ ਸੀਮਤ ਨਾ ਹੋ ਕੇ ਬ੍ਰਹਿਮੰਡ, ਪ੍ਰਕਿਰਤੀ, ਇਤਿਹਾਸ ਵਿਚੋਂ ਹੁੰਦਾ ਹੋਇਆ ਸਮਕਾਲੀ, ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਮਸਲਿਆਂ ਦੀ ਗੱਲ ਕਰਦਾ ਹੈ। ਉਸਦੀ ਕਵਿਤਾ ਕਿਤੇ ਇੱਕ ਪੱਖੀ ਨਹੀਂ ਹੁੰਦੀ ਸਗੋਂ ਮਨੁੱਖੀ ਜ਼ਿੰਦਗੀ ਦੇ ਬਹੁਪੱਖਾਂ ਨੂੰ ਪੇਸ਼ ਕਰਦੀ ਹੈ। ਜਿਸ ਵਿਚ ਉਹ ਸਹਿਜ ਨਾਲ ਹੀ ਸੁਹਜ ਰਾਹੀਂ ਵਿਚਾਰਧਾਰਕ ਹੋ ਜਾਂਦਾ ਹੈ। ਜਦੋਂ ਸੁਖਪਾਲ ਧਰਮ ਦੀ ਗੱਲ ਕਰਦਾ ਹੈ ਤਾਂ ਮਿਥਿਹਾਸ 'ਤੇ ਹੀ ਟੇਕ ਨਾ ਰੱਖਦਾ ਹੋਇਆ ਸਮਕਾਲ ਤੱਕ ਪਹੁੰਚ ਕਰਦਾ ਹੈ:
ਮੈਂ ਇਕੱਲਾ ਸਾਂ
ਡਰਿਆ ਹੋਇਆ ਸਾਂ ਬਹੁਤ
ਉਹ ਕਹਿਣ ਲੱਗੇ/ਇਕ ਰੱਬ ਸਿਰਜ ਲੈ
ਜਿਹੜਾ ਸਦਾ ਤੇਰੇ ਅੰਗ-ਸੰਗ ਰਹੇ!
ਮੈਂ ਉਵੇਂ ਹੀ ਕੀਤਾ/ਹੁਣ ਆਖਦੇ ਨੇ
ਰੱਬ ਤੋਂ ਡਰਾਂ ।/ਉਹ ਤੇਰੇ ਤੋਂ
ਸਭ ਦੁਨੀਆਂ ਤੋਂ/ਤਾਕਤਵਰ ਏ
ਅਸੀਂ ਨੇੜੇ ਹਾਂ ਉਸਦੇ/ਸਾਡੇ ਤੋਂ ਵੀ ਡਰ
ਪਹਿਲਾਂ ਮੈਂ ਸਿਰਫ਼ ਇੱਕਲ ਤੋਂ ਡਰਦਾ ਸਾਂ
ਹੁਣ ਮੈਂ ਰੱਬ ਤੋਂ ਵੀ ਡਰਦਾ ਹਾਂ/ ਤੇ ਉਨ੍ਹਾਂ ਤੋਂ ਵੀ
(ਚੁੱਪ ਚੁਪੀਤੇ ਚੇਤਰ ਚੜਿਆ)
ਸੁਖਪਾਲ ਕੋਲ ਜ਼ਿੰਦਗੀ ਦੇ ਮੁੱਲਾਂ, ਮਰਿਆਦਾਵਾਂ, ਪਰੰਪਰਾ ਦੇ ਨਾਲ-ਨਾਲ ਨਾਰੀ ਹੋਂਦ ਦੀ ਚੇਤਨਾ ਵੀ ਹੈ। ਜਦੋਂ ਉਹ 'ਸੀਤਾ' ਕਵਿਤਾ ਰਾਹੀਂ ਸੁਤੰਤਰ ਹੋਂਦ ਨੂੰ ਤਲਾਸ਼ਦਾ ਹੈ ਤਾਂ ਕਵਿਤਾ ਇਕ ਵਿਚਾਰਧਾਰਕ ਅਹਿਸਾਸ ਹੋ ਨਿਬੜਦੀ ਹੈ। ਜਿਸ ਵਿਚ ਉਹ ਸੁਤੰਤਰ ਹੋਂਦ ਦੇ ਨਾਲ-ਨਾਲ ਔਰਤ ਦੀ ਹੋਣੀ ਨੂੰ ਪੇਸ਼ ਕਰਦਾ ਹੈ:
ਸੀਤਾ ਨੂੰ ਸਮਝ ਨਹੀਂ ਔਂਦਾ
ਭਾਵੇਂ ਇਹ ਜਨਕ ਦਾ ਫ਼ਰਜ਼ ਹੋਵੇ
ਦਸ਼ਰਥ ਦਾ ਮਾਣ ਹੋਵੇ
ਰਾਮ ਦੀ ਮਰਯਾਦਾ ਹੋਵੇ
ਲਛਮਣ ਦੀ ਰੇਖਾ ਹੋਵੇ
ਰਾਵਣ ਦਾ ਅਹੰਕਾਰ ਹੋਵੇ
ਜਾਂ ਧੋਖੇ ਦਾ ਸੰਸਾ ਹੋਵੇ
ਹਰ ਵਾਰ ਉਸੇ ਨੂੰ ਹੀ ਕਿਉਂ ਭੁਗਤਣਾ ਪੈਂਦਾ ਹੈ
ਬਹੁਤ ਸੋਚਦੀ ਹੈ ਸੀਤਾ
ਪਰ ਉਸਨੂੰ ਸਮਝ ਨਹੀਂ ਔਂਦਾ
ਕਿਉਂ ਮਰਦ-
ਤਾਕਤਵਰ ਹੋਣ ਦੀ ਗੁਲਾਮੀ ਨੂੰ ਪਾਲਦਾ ਹੈ?
ਅਜਿਹੇ ਪਲਾਂ ਵਿੱਚ ਸੀਤਾ ਨੂੰ ਲਗਦਾ ਹੈ
ਉਹ ਕਿੰਨੀ ਸੁਤੰਤਰ ਹੈ....
ਉਹ ਮਰਯਾਦਾ-ਪੁਰਸ਼ੋਤਮ ਨਹੀਂ ਹੈ
ਸੰਸਕਾਰਾਂ ਦੇ ਆਰ-ਪਾਰ ਦੇਖ ਸਕਦੀ ਹੈ
ਧਰਮ-ਗੁਰੂ ਤੋਂ ਬਿਨਾਂ ਸੋਚ ਸਕਦੀ ਹੈ।
ਇਕ ਉਹੀ ਤਾਂ ਹੈ
ਜੋ ਸਚਮੁੱਚ ਸੁਤੰਤਰ ਹੈ।
(ਚੁੱਪ ਚੁਪੀਤੇ ਚੇਤਰ ਚੜ੍ਹਿਆ)
ਸੁਖਪਾਲ ਦੀ ਕਵਿਤਾ ਦਾ ਕੇਂਦਰ ਬਿੰਦੂ ਬ੍ਰਹਮ ਅਤੇ ਪ੍ਰਕਿਰਤੀ ਦੀ ਦਿੱਬਤਾ ਨਹੀਂ, ਸਗੋਂ ਮਨੁੱਖੀ ਜੀਵਨ ਅਤੇ ਪ੍ਰਕਿਰਤੀ ਦੀ ਨਾਨਤਾ ਅਤੇ ਉਸਦੇ ਰਹੱਸ ਹਨ। ਇਸ ਵਿੱਚ ਮਨੁੱਖ, ਪ੍ਰਕ੍ਰਿਤੀ ਅਤੇ ਰੱਬ (ਰਹੱਸ) ਇੱਕ ਦੂਜੇ ਦੀਆਂ ਪੂਰਕ ਹੋਂਦਾਂ ਹਨ, ਇਕ ਦੂਜੇ
ਵਿੱਚ ਰਮੇ ਹੋਏ, ਇਕ-ਦੂਜੇ ਸੰਦਰਭ ਵਿੱਚ ਪਰਿਭਾਸ਼ਤ ਹੁੰਦੇ ਹੋਏ ਸ਼ਮੀਲ ਅਜਿਹੀ ਕਵਿਤਾ . ਨੂੰ 'ਬ੍ਰਹਿਮੰਡੀ ਚੇਤਨਾ' ਦੀ ਕਵਿਤਾ ਕਹਿੰਦਾ ਹੈ।
ਨਵੀਂ ਪੰਜਾਬੀ ਕਵਿਤਾ ਵਿੱਚ ਇਕ ਖੂਬਸੂਰਤ ਮੋੜ ਅਚੇਤ ਹੀ ਆ
ਰਿਹਾ ਹੈ। ਇਸ ਵਿੱਚ ਜ਼ਿੰਦਗੀ ਦੇ ਰਹੱਸਮਈ ਪਹਿਲੂਆਂ ਤੇ ਖੂਬਸੂਰਤ
ਪੁਰਾਤਨਤਾ ਪ੍ਰਤੀ ਇਕ ਸੰਵੇਦਨਸ਼ੀਲਤਾ ਜਾਗਣ ਲੱਗੀ ਹੈ।... ਅਸੀਂ
ਸਹਿਜ ਰੂਪ ਵਿੱਚ ਹੀ ਹੌਲੀ-ਹੌਲੀ ਆਪਣੇ ਗੁਆਚੇ ਖ਼ਜ਼ਾਨੇ ਵਲ ਮੁੜ
ਰਹੇ ਹਾਂ । 3
ਆਪਣੇ ਅਗਲੇ ਕਾਵਿ ਸੰਗ੍ਰਹਿ 'ਰਹਣੁ ਕਿਥਾਉਂ ਨਾਹਿ' ਵਿੱਚ ਅਜੋਕੇ ਗਲੋਬਲੀ ਪ੍ਰਸੰਗ ਵਿਚ ਵਿਚਰਦੇ ਪਰਵਾਸੀ ਬੰਦੇ ਦੀ ਹੋਣੀ ਨੂੰ ਸੁਖਪਾਲ ਨੇ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪ੍ਰਸਥਿਤੀਆਂ ਦੇ ਸੰਦਰਭ ਵਿੱਚ ਪੇਸ਼ ਕੀਤਾ ਹੈ। ਆਪਣੇ ਪਹਿਲੇ ਕਾਵਿ ਸੰਗ੍ਰਹਿ ਚੁੱਪ ਚੁਪੀਤੇ ਚੇਤਰ ਚੜ੍ਹਿਆ ਵਿੱਚ ਜਿਥੇ ਉਹ ਬ੍ਰਹਿਮੰਡ, ਪ੍ਰਕ੍ਰਿਤੀ, ਰੱਬ ਅਤੇ ਇਤਿਹਾਸ ਮਿਥਿਹਾਸ ਨੂੰ ਸਮਕਾਲੀ ਮਨੁੱਖ ਦੇ ਅਜੋਕੇ ਜੀਵਨ ਚਿਤਰ ਦੇ ਪ੍ਰਸੰਗ ਵਿੱਚ ਉਸਾਰਦਾ ਹੈ। ਉੱਥੇ 'ਰਹਣੁ ਕਿਥਾਉਂ ਨਾਹਿ' ਵਿੱਚ ਉਹ ਇੱਕ ਵੱਖਰਾ ਪੈਰਾਡਾਇਮ ਸਿਰਜਦਾ ਹੈ। ਜਿਸ ਵਿਚ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਤੇ ਆਈਆਂ ਤਬਦੀਲੀਆਂ ਉਸਦੇ ਕਾਵਿ ਦਾ ਵਿਸ਼ਾ ਬਣਦੀਆਂ ਹਨ। ਪਰਵਾਸੀ ਹੁੰਦੇ ਹੋਏ ਵੀ ਉਹ ਹਿੰਦੋਸਤਾਨ ਤੇ ਇਸ ਤੋਂ ਬਾਹਰ ਵਾਪਰ ਰਹੀਆਂ ਅਣਸੁਖਾਵੀਆਂ ਘਟਨਾਵਾਂ ਸੰਤਾਪ ਤੇ ਮਨੁੱਖ ਦੀ ਹੋਣੀ ਨੂੰ ਬਿਆਨ ਕਰਦਾ ਹੋਇਆ ਇਕੋ ਵੇਲੇ ਸਾਰੇ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿੱਚ ਵਾਪਰੀਆਂ ਘਟਨਾਵਾਂ ਦਾ ਤ੍ਰਾਸਦਿਕ ਚਿੱਤਰ ਪੇਸ਼ ਕਰਦਾ ਹੈ। ਪੂਰਵਲੀ ਪਰਵਾਸੀ ਕਵਿਤਾ ਵਾਂਗ ਭੂ-ਹੇਰਵੇ ਦਾ ਰੁਦਨ ਸੁਖਪਾਲ ਦੀ ਕਵਿਤਾ ਦਾ ਵਿਸ਼ਾ ਨਹੀਂ ਬਣਦਾ। ਸਗੋਂ ਉਹ ਵਿਸ਼ਵੀਕਰਨ ਦੇ ਵਰਤਾਰੇ ਦੁਆਰਾ ਪੈਦਾ ਹੋ ਰਹੇ ਨਵੇਂ ਰਾਜਸੀ ਸੱਭਿਆਚਾਰ ਨੂੰ ਸਮਝਣ ਦੇ ਆਹਰ ਵਿੱਚ ਹੈ। ਉਹ ਪਰਵਾਸ ਦੇ ਵੱਖਰੇ ਅਨੁਭਵ ਦੀ ਗੱਲ ਕਰਦਾ ਹੋਇਆ ਸੱਭਿਆਚਾਰਕ ਧਰੋਹਰ ਨਾਲ ਗਹਿਰੇ ਤੇ ਪੱਕੇ-ਪੀਡੇ ਰਿਸ਼ਤੇ ਦੀ ਵਕਾਲਤ ਵੀ ਕਰਦਾ ਹੈ ਤੇ ਹਰ ਕੋਨੇ ਵਿਚ ਵਾਪਰੇ ਹਾਦਸੇ ਲਈ ਚੀਕ ਬੰਨ੍ਹਣ ਦੀ ਪ੍ਰੇਰਨਾ ਵੀ ਦਿੰਦਾ ਹੈ:
ਮੈਂ ਧੁਖਦੀ ਸੁਆਹ ਕੰਢੇ/ ਖਲੋਤਾ ਹਾਂ
ਸੁਆਹ ਵਿੱਚ ਸਭ ਦੀ/ਪਛਾਣ ਮੁੱਕ ਚੁੱਕੀ ਹੈ
ਸੁਆਹ ਵਿੱਚ ਅਜੇ ਵੀ/ਆਵਾਜ਼ਾਂ ਬਚੀਆਂ ਹੋਈਆਂ ਹਨ
'ਤੂੰ ਮੈਨੂੰ ਉਜੜਨ ਕਿਉਂ ਦਿੱਤਾ?'
'ਤੂੰ ਮੇਰੀ ਪਤ ਕਿਉਂ ਲੁੱਟਣ ਦਿੱਤੀ?'
'ਤੂੰ ਅੱਗ ਬੁਝਾਉਣ ਕਿਉਂ ਨਾ ਆਇਆ?'
'ਤੁਸੀਂ ਮੈਨੂੰ ਮਾਰੇ ਜਾਣ ਤੋਂ ਕਿਉਂ ਨਾ ਬਚਾਇਆ?'
ਮੈਂ ਆਖਦਾ ਹਾਂ
'ਹਜੂਮ ਅੱਗੇ ਮੇਰੀ ਪੇਸ਼ ਨਾ ਗਈ'
ਉਹ ਕਹਿੰਦੇ ਹਨ
ਤੂੰ ਸਾਡੀ ਖਾਤਰ/ਚੀਕ ਤਾਂ ਮਾਰ ਸਕਦਾ ਸੀ।
(ਰਹਣੁ ਕਿਥਾਉਂ ਨਾਹਿ)
ਸੁਖਪਾਲ ਪੰਜਾਬੀ ਕਵਿਤਾ ਦਾ ਅਜਿਹਾ ਸ਼ਾਇਰ ਹੈ ਜੋ ਵਿਚਾਰਧਾਰਾਈ ਪੱਧਰ ਉੱਤੇ ਸੁਚੇਤ ਅਤੇ ਕਾਵਿ ਅਭਿਵਿਅਕਤੀ ਦੇ ਪੱਖ ਤੋਂ ਸੂਖ਼ਮ ਹੈ। ਬੇਸ਼ੱਕ ਅਜੋਕੀ ਕਵਿਤਾ ਮੰਡੀਕਰਣ, ਗਲੋਬਲਾਈਜ਼ੇਸ਼ਨ ਦੇ ਪ੍ਰਭਾਵ ਤੇ ਚਕਾਚੌਂਧ ਤੋਂ ਪ੍ਰਭਾਵਿਤ ਮਨੁੱਖ ਦੀ ਇਕਲਾਪੇ, ਉਦਾਸੀ, ਉਪਰਾਮਤਾ ਤੇ ਰਿਸ਼ਤਿਆਂ ਦੀ ਟੁੱਟ-ਭੱਜ, ਵਿਸੰਗਤੀਆਂ ਅਤੇ ਵਿਸ਼ਾਦ ਨੂੰ ਚਿਤਰਦੀ ਹੈ। ਪਰ ਸੁਖਪਾਲ ਇਹਨਾਂ ਵਰਤਾਰਿਆਂ ਤੋਂ ਪਾਰ ਜਾਂਦੀ ਹੋਈ। ਮਨੁੱਖਤਾ ਦੀ ਮੁਕਤੀ ਲਈ ਸੁਯੋਗ ਹੱਲ ਲੱਭਣ ਦੇ ਲਕਸ਼ ਤਲਾਸ਼ਦੀ ਹੈ। ਉਸਦੇ ਕਾਵਿ ਸੰਗ੍ਰਹਿ 'ਰਹਣੁ ਕਿਥਾਉਂ ਨਾਹਿ' ਸਮਕਾਲੀ ਪ੍ਰਵਚਨਾਂ ਨਾਲ ਸੰਵਾਦ ਛੇੜਦੀ ਹੋਈ, ਮਨੁੱਖ ਦੇ ਹੋਣ-ਥੀਣ ਦੇ ਅਨੇਕਾਂ ਪ੍ਰਸ਼ਨ ਖੜੇ ਕਰਦੀ ਹੈ। ਪਰ ਸੁਖਪਾਲ ਸਮਕਾਲੀ ਵਰਤਾਰੇ ਨੂੰ ਮੁਖਾਤਿਬ ਹੁੰਦਾ ਹੋਇਆ ਕਲਾਤਮਕ ਪੱਧਰ ਤੇ ਕਵਿਤਾ ਦਾ ਸੁਹਜ ਕਾਇਮ ਰੱਖਦਾ ਹੈ।
ਆਪਣੀ ਥਾਵੇਂ ਖੜੇ ਖੜੋਤੇ
ਮੇਰੇ ਘਰ ਨੂੰ ਪਤਾ ਨਾ ਲੱਗਾ
ਕਿਸ ਵੇਲੇ ਉਹ ਮੰਡੀ ਅੰਦਰ ਪਹੁੰਚ ਗਿਆ
.........
ਯਾਰ ਦੋਸਤ ਜਦ ਘਰ ਆਉਂਦੇ ਹਨ
ਘਰ ਪਰਵਾਰ ਦੀ ਗੱਲ ਨਾ ਕਰਦੇ
ਘਾਟੇ ਵਾਧੇ ਦੀ ਗੱਲ ਚੱਲਦੀ
ਦੁੱਖ ਸੁੱਖ ਦੀ ਗੱਲ ਅਜੇ ਵੀ ਕਰਦੇ
ਹਰ ਦੁੱਖ ਘਾਟੇ ਦੇ ਸੰਗ ਜੁੜਦਾ
ਸੁੱਖ ਕੇਵਲ ਵਾਧੇ ਦਾ ਹੁੰਦਾ
ਚੜਿਆ ਚੰਨ ਰੁਮਕਦੀ ਪੌਣ ਬਿਰਖ ਦੀ ਛਾਂ
ਮੋਏ ਬੰਦੇ ਟੁੱਟੇ ਮੋਹ ਘੋਰ ਅਨਿਆਂ
ਦਾ ਦੁੱਖ ਨਾ ਹੁੰਦਾ
(ਰਹਣੁ ਕਿਥਾਉਂ ਨਾਹਿ)
ਸੁਖਪਾਲ ਜਾਤੀ ਮਾਮਲਾ ਕਵਿਤਾ ਰਾਹੀਂ ਬਹੁਤ ਸਾਰੇ ਅਜਿਹੇ ਮਸਲਿਆਂ ਨੂੰ ਮੁਖ਼ਾਤਿਬ ਹੁੰਦਾ ਹੈ ਜੋ ਰਾਸ਼ਟਰੀ ਪੱਧਰ ਤੋਂ ਅੰਤਰ ਰਾਸ਼ਟਰੀ ਪੱਧਰ ਤੱਕ ਪਹੁੰਚੇ ਹੋਏ ਅਮਰੀਕਾ ਦਾ ਮਾਨਵ ਵਿਰੋਧੀ ਕਰੂਰ ਚਿਹਰਾ ਸਾਹਮਣੇ ਲਿਆਉਂਦੇ ਹਨ। ਜਿਸ ਵਿਚ ਇਰਾਕ, ਅਫ਼ਗਾਨਿਸਤਾਨ 'ਤੇ ਹੋਏ ਹਮਲਿਆਂ 'ਚ ਔਰਤਾਂ ਦੀ ਦੁਰਦਸ਼ਾ ਦਾ ਬਿਆਨ, ਟਰਾਂਟੋ ਸ਼ਹਿਰ ਦਾ ਮਨੁੱਖ ਦੀ ਬੇਗਾਨਗੀ, ਚੀਨੀ ਵਿਦਿਆਰਥੀਆਂ ਦਾ ਤ੍ਰਾਸਦਿਕ ਚਿੱਤਰ ਉੱਭਰ ਕੇ ਸਾਹਮਣੇ ਆਉਂਦਾ ਹੈ।
ਖੱਬੇ ਘਰ ਵਿਚੋਂ/ ਰੋਜ਼ ਵਾਂਗ ਆ ਰਹੀ ਹੈ
ਔਰਤਾਂ ਦੀਆਂ ਚੀਕਾਂ ਦੀ ਆਵਾਜ਼
ਸੱਜੇ ਘਰ ਦਾ ਬਜ਼ੁਰਗ
ਇਲਾਜ ਖੁਣੋਂ
ਹੂਕ ਰਿਹਾ ਹੈ
ਸਾਹਮਣੇ ਘਰ ਵਾਲਿਆਂ
ਬੱਚੇ ਨੂੰ ਮਾਰ ਮਾਰ ਕੇ
ਨੀਲ ਪਾ ਦਿੱਤੇ ਹਨ
ਅਸੀਂ ਕਿਸੇ ਘਰ ਨਹੀਂ ਜਾਂਦੇ
ਇਹ ਸਭ
ਉਨ੍ਹਾਂ ਦਾ ਜਾਤੀ ਮਾਮਲਾ ਹੈ
..........
ਵਿਆਨੀ ਸ਼ਹਿਰ ਦੇ ਘਰ 'ਚੋਂ ਮਿਲਿਆ
ਪੰਜ ਸਾਲ ਪਹਿਲਾਂ ਗੁਜ਼ਰ ਗਏ
ਇਕੱਲੇ ਬਜ਼ੁਰਗ ਦਾ ਸਰੀਰ
ਟੋਰਾਂਟੋਂ ਸ਼ਹਿਰ ਦੇ ਫਲੈਟ 'ਚੋਂ ਮਿਲਿਆ
ਤਿਆਗਣ ਮਗਰੋਂ ਭੁਖ ਨਾਲ ਮਰ ਗਏ
ਤਿੰਨ ਮਹੀਨੇ ਦਾ ਬਾਲ ਦਾ ਸਰੀਰ
ਤਿੱਬਤ ਉੱਤੇ/ ਹੋਇਆ ਕਬਜ਼ਾ/ ਇਰਾਕ ਉੱਤੇ/ ਹੋਇਆ ਹਮਲਾ
ਅਫ਼ਗਾਨੀ ਔਰਤਾਂ ਦੀ ਦੁਰਗਤੀ/ ਗੋਲੀਆਂ ਨਾਲ ਮਰਦੇ
ਚੀਨੀ ਵਿਦਿਆਰਥੀ/ ਮੂਰਖਾਂ ਦੇ ਹੱਥਾਂ ਵਿੱਚ ਫੜਿਆ
ਐਟਮ ਬੰਬ
ਅਸੀਂ ਅਜਿਹੇ ਕਿਸੇ ਮਾਮਲੇ ਵਿੱਚ
ਦਖ਼ਲ ਨਹੀਂ ਦਿੰਦੇ/ ਇਹ ਸਭ ਉਨ੍ਹਾਂ ਦਾ ਜਾਤੀ
ਮਾਮਲਾ ਹੈ।
(ਰਹਣ ਕਿਥਾਉਂ ਨਾਹੀ)
ਦੂਸਰੀ ਵੱਖਰੀ ਗੱਲ ਜੋ ਉਸਨੇ ਆਪਣੇ ਕਾਵਿ ਸੰਗ੍ਰਹਿ 'ਰਹਣੁ ਕਿਥਾਉਂ ਨਾਹਿ' ਤੇ ਇਸ ਜਨਮ ਨਾ ਜਨਮੇ 'ਚ ਜੋ ਪਰਵਾਸੀ ਪੰਜਾਬੀਆਂ ਨਾਲ 21/11 ਦੇ ਹਮਲੇ ਤੋਂ ਬਾਅਦ ਹਿੰਸਕ ਰੂਪ ਵਿੱਚ ਵਾਪਰੀ। ਸਿੱਖੀ ਸਰੂਪ ਨੂੰ ਲੱਗੀ ਢਾਹ ਨੂੰ ਦਸਤਾਰ ਤੇ ਨਸਲ ਕਵਿਤਾ ਰਾਹੀਂ ਬਾਖੂਬੀ ਬਿਆਨ ਕਰਦਾ ਹੈ।
ਚੌਂਕ ਵਿੱਚ ਖਲੋਤਿਆਂ
ਬੱਸ ਉਡੀਕਦਿਆਂ
ਗੋਰੇ ਮੁੰਡਿਆਂ ਦੀ ਢਾਣੀ
ਮੇਰੇ ਕੋਲੋਂ ਲੰਘਦੀ ਹੈ। ਮੇਰੇ ਉੱਤੇ ਕੂੜ ਸੁੱਟਦੀ ਹੈ
ਥੁੱਕਦੀ ਤੇ ਚੀਕਦੀ ਹੈ
ਗੋਅ ਬੈਕ .........!
ਪਿਤਾ ਨੇ ਇੱਕ ਬਚਨ ਮੰਗਿਆ
ਸਿਰ ਸਦਾ ਦਸਤਾਰ ਰੱਖੀ
ਮੈਂ ਦਸਤਾਰ ਬੰਨ੍ਹ ਕੇ
ਗਲੀ ਕੂਚੇ ਪਿੰਡ ਸ਼ਹਿਰ
ਦੇਸ਼ ਬਦੇਸ਼ ਘੁੰਮਦਾ ਹਾਂ
ਦਸਤਾਰ ਦੇ ਨਾਲ ਨਾਲ ਚਲਦੇ ਹਨ। ਪਿਤਾ ਅਤੇ ਪੁਰਖੇ
ਸੈਂਕੜੇ ਸਾਲਾਂ ਦੀ ਰਵਾਇਤ/ ਹਜ਼ਾਰਾਂ ਲੱਖਾਂ ਦਾ ਮਾਣ
ਤੇ ਉਹ ਸੰਘਰਸ਼/ ਜੋ ਲੋਕਾਂ ਦਸਤਾਰ ਲਈ ਕੀਤਾ
ਦਸਤਾਰ ਵੇਖ ਕੇ / ਨਸਲੀ ਮੁੰਡਾ ਧਰਤੀ ਤੇ ਥੁੱਕਦਾ ਹੈ
ਓਏ ਬਿਨ ਲਾਦਨ !
ਦਸਤਾਰ ਬੰਨ੍ਹ ਕੇ ਮੈਂ ਝਿਜਕਦਾ ਹਾਂ
ਮੰਦਾ ਬੋਲਣ ਤੋਂ ਕਾਨੂੰਨ ਤੋੜਣ ਤੋਂ ਡਰਦਾ ਹਾਂ
ਸਭਨਾਂ ਸਿਰੀ ਬੰਨ੍ਹੀ ਜਾਵੇਗੀ
ਮੇਰੇ ਹੱਥੋਂ ਮੈਲੀ ਹੋਈ ਦਸਤਾਰ।
(ਰਹਣੁ ਕਿਥਾਉਂ ਨਾਹੀ)
ਕਵਿਤਾ ਨਿਰੀ ਅੱਖਰੀ ਗੇਂਦ ਹੀ ਨਹੀਂ ਹੁੰਦੀ ਸਗੋਂ ਅੰਤਰਮਨ ਦੇ ਅਵੇਗ ਰਾਹੀਂ ਆਪ ਮੁਹਾਰੇ ਆਵੇਸ਼ ਵਿਚੋਂ ਫੁੱਟ ਕੇ ਨਿਰੰਤਰ ਆਪੇ ਤੋਂ ਪਰਾਂ ਸੱਤਾ ਤੱਕ ਵਿਚਰਦੀ ਹੋਈ, ਸਵੈ-ਚੇਤਨਾ ਤੋਂ ਬ੍ਰਹਿਮੰਡੀ ਚੇਤਨਾ ਦੇ ਰੂਪ ਵਿਚ ਉਜਾਗਰ ਹੁੰਦੀ ਹੈ। ਜਿਸ ਵਿੱਚ ਕੁਦਰਤ ਤੋਂ ਉੱਚੇ ਰੂਹਾਨੀ ਜਗਤ ਦੇ ਝਲਕਾਰੇ ਪੈਂਦੇ ਹਨ। ਪ੍ਰੋ. ਪੂਰਨ ਸਿੰਘ ਅਜਿਹੇ ਸਮੇਂ ਕਵੀ ਨੂੰ ਦਿੱਬ-ਅੰਸ਼ ਨਾਲ ਵਰੋਸਾਈ, ਅਸਾਧਾਰਨ ਪੈਗੰਬਰੀ ਹਸਤੀ ਵਜੋਂ ਪ੍ਰਵਾਨ ਕਰਦਾ ਹੈ। ਕਵੀ 'ਉੱਚੀ ਸੁਰਤਿ ਵਾਲੇ ਵਿਹਲੇ ਬੰਦੇ' ਹੁੰਦੇ ਹਨ, ਸਿਵਾਏ ਮਹਾਂਪੁਰਖਾਂ ਸਾਧਾਂ ਤੇ ਰੱਬੀ ਅੰਸ਼ ਵਾਲੇ ਸਤਯ ਅਵਤਾਰਾਂ ਦੇ ਕੋਈ ਸਿੰਘਾਸਨ ਤੇ ਬੈਠ ਨਹੀਂ ਸਕਦਾ' ਕਵੀ ਕਵਿਤਾ ਰਾਹੀਂ ਕਾਰ-ਵਿਹਾਰਾਂ ਦੇ ਨਾਲ-ਨਾਲ ਦਿੱਬਤਾ ਮੁਖੀ ਰੂਹਾਨੀ ਮੰਡਲਾਂ ਵਿੱਚ ਵੀ ਵਿਚਰਦਾ ਹੈ। ਰੂਹਾਨੀ ਮੰਡਲਾਂ ਤੇ ਕੁਦਰਤ ਦੇ ਅਦਭੁਤ ਰਹੱਸ ਵਿੱਚ ਰਸਕੀਨ ਰਹਿੰਦਾ ਹੋਇਆ, ਹੋਣ ਦੇ ਨਾਲ-ਨਾਲ ਬੀਣ, ਮਨੁੱਖੀ ਮਸਲਿਆਂ ਦੇ ਸਨਮੁੱਖ ਪੇਸ਼ ਹੁੰਦਾ ਹੈ। ਪ੍ਰੋ. ਪੂਰਨ ਸਿੰਘ ਕਵੀ ਦੀ ਪਾਰਗਾਮੀ ਦ੍ਰਿਸ਼ਟੀ, ਅਦ੍ਰਿਸ਼ਟ ਜਗਤ ਦੇ ਰਹੱਸ ਤੇ ਸੁਹਜ ਨੂੰ ਪਛਾਣਨ ਦੇ ਸਮਰੱਥ ਹੁੰਦੀ ਹੈ। ਕਵੀ ਪੈਗੰਬਰ ਜਾਂ ਮਨੁੱਖੀ ਜਾਮੇ ਵਿੱਚ ਖੁਦ ਰੱਬੀ ਸਰੂਪ ਹੁੰਦਾ ਹੈ।
The poet is not one of us. He is the messenger of God. His
prophet; he is God in human clay. In Hindu phraseology,
he is an Avtara..... The poet has the gift of God whom we
on earth know not, his powers are not acquired, but are as
natural to him as light is to the sun. The poet has the whole,
abundance of heaven at his back and his will is the will of
God.5
ਸਿਰਜਣ ਦੀ ਪ੍ਰਕਿਰਿਆਂ ਨਿਰਸੰਦੇਹ ਸਾਡੇ ਅੰਦਰ ਹੀ ਹੁੰਦੀ ਹੈ। ਪਰ ਇਸ 'ਤੇ ਸਾਡਾ ਅਧਿਕਾਰ ਪੂਰਨ ਰੂਪ ਵਿੱਚ ਨਹੀਂ ਹੁੰਦਾ। ਇਹ ਸਾਡੀ ਇੱਛਾ ਸ਼ਕਤੀ ਤੋਂ ਵੀ ਪਾਰ ਜਾ ਕੇ ਵਿਗਸਦੀ ਹੈ, ਜਿਸ ਵਿਚ ਆਪ-ਮੁਹਾਰੀ ਨਿੱਸਲਤਾ ਹੁੰਦੀ ਹੈ। ਸੁਖਪਾਲ ਅਜਿਹਾ ਸੂਖ਼ਮ ਭਾਵੀ ਕਵੀ ਹੈ। ਜੋ ਆਪੋ ਤੋਂ ਸਮੂਹ ਤੋਂ ਬ੍ਰਹਿਮੰਡੀ ਚੇਤਨਾ ਨਾਲ ਸੰਵਾਦ ਰਚਾਉਂਦਾ ਹੋਇਆ ਕੁਦਰਤ ਦੇ ਰੂਬਰੂ ਹੋ ਕੇ ਸਮਜਿਕ, ਸੱਭਿਆਚਾਰਕ ਤੇ ਸੰਸਕ੍ਰਿਤਕ ਪ੍ਰਸਥਿਤੀਆਂ ਦੇ ਸਨਮੁੱਖ ਪੇਸ਼ ਹੁੰਦਾ ਹੈ। ਉਸਦੇ ਆਪਦੇ ਸ਼ਬਦਾਂ ਵਿੱਚ ਕਵਿਤਾ ਸੰਸਕ੍ਰਿਤੀ ਵਿਚੋਂ ਉਪਜਦੀ ਹੈ। ਕਵੀ ਵਿਚੋਂ ਹੋ ਕੇ ਸੰਸਕ੍ਰਿਤੀ ਵਿਚ ਪਰਤ ਜਾਂਦੀ ਹੈ।"
ਮੈਂ ਕਵਿਤਾ ਨੂੰ
ਰੋਏਂ ਰੋਏਂ ਲਹਿੰਦੀ ਵੇਖਾਂ
ਕਿੰਜ ਲਹਿੰਦੀ
ਕਿਉਂ ਲਹਿੰਦੀ
ਮੈਂ ਨਾ ਜਾਣਾ...
ਉੱਡਾਂ ਸਹਿਜ ਸੁਭਾਏ
ਖੰਡਾਂ ਤੋਂ ਅਣਜਾਣਾ.....
ਸੋਹਣਿਓ!
ਮਿੱਤਰ ਪਿਆਰਿਓ!
ਕਵਿਤਾ ਮੈਨੂੰ ਉਵੇਂ ਚੰਗੀ ਲੱਗਦੀ
ਜਿਉਂ ਆਪਣਾ ਆਪ....
ਪਰ ਕਵਿਤਾ ਕੇਵਲ ਆਪਣੇ ਅੰਤਰਮਨ ਵਿਚੋਂ ਉਪਜਿਆ ਸਮਾਜਕ ਦਸਤਾਵੇਜ਼ ਹੀ ਨਹੀਂ ਹੁੰਦੀ। ਸਗੋਂ ਆਦਿ ਜੁਗਾਦਿ ਮਸਲਿਆਂ ਨੂੰ ਵੀ ਪੇਸ਼ ਕਰਦੀ ਹੋਈ ਵੱਡੇ ਸਦਕਾਲੀ ਪ੍ਰਸੰਗਾਂ ਸੰਗ ਸੰਵਾਦ ਰਚਾਉਂਦੀ ਹੈ। ਸੁਖਪਾਲ ਕਾਵਿ ਵਿੱਚ ਗੈਰ ਮਨੁੱਖੀ ਵਰਤਾਰਿਆਂ ਕਰਕੇ ਇਸ ਜਨਮ ਨਾ ਜਨਮੇ ਦੀ ਗੱਲ ਕਹਿੰਦਾ ਮਨੁੱਖ ਦੇ ਹੋਣ ਦੇ ਨਾਲ-ਨਾਲ ਥੀਣ ਦੀ ਗੱਲ ਵੀ ਕਰਦਾ ਹੈ। ਇਸ ਟੈਕਨਾਲੋਜੀ ਦੇ ਚਕਾਚੌਂਧ ਵਾਲੇ ਯੁੱਗ ਵਿੱਚ (ਜਿਸ ਵਿੱਚ ਮਨੁੱਖੀ ਮੁੱਲਾਂ ਦਾ ਘਾਣ ਹੋ ਰਿਹਾ ਹੈ) ਮਨੁੱਖ ਦੇ ਅਣਗੌਲਿਆਂ ਹੋਣ ਦੇ ਦੁੱਖ ਨੂੰ ਬਿਆਨ ਕਰਨਾ ਉਸਦੀ ਕਾਵਿਕਾਰੀ ਦਾ ਅਹਿਮ ਅੰਗ ਹੈ। ਪੈਦਾ ਹੋਣ ਤੇ ਸੁਰਤ ਨਾਲ ਸਮਾਜ ਵਿਚ ਵਿਚਰਨਾ ਦੋ ਵੱਖਰੇ ਪ੍ਰਸੰਗ ਹਨ। ਜਿਸ ਨੂੰ ਸੁਖਪਾਲ ਨੇ ਹੋਣ-ਬੀਣ ਦੇ ਸੰਦਰਭ ਵਿੱਚ ਪੇਸ਼ ਕੀਤਾ ਹੈ ਉਹ ਇਕ ਵੱਖਰੇ ਅੰਦਾਜ਼ 'ਚ ਅਣੂ ਤੋਂ ਬ੍ਰਹਿਮੰਡ ਦਾ ਸਫ਼ਰ ਕਰਦਾ ਹੈ।
ਮਾਂ ਦੀ ਕੁੱਖ ਵਿੱਚ/ ਦਿਨ ਤੋਂ ਪਹਿਲਾਂ
ਸਾਹ ਤੋਂ ਬਿਨਾ ਵੀ/ ਜੀਂਦਾ ਸੈਂ ਤੂੰ ਭਰੂਣ ਰੂਪ ਵਿੱਚ
ਉਸਤੋਂ ਪਹਿਲਾਂ ਜੀਂਦਾ ਸੈਂ ਅੰਡੇ ਦੀ ਸਕੇਲ
ਉਦੂੰ ਪਹਿਲਾਂ ਮਾਂ ਦੇ ਪਿੰਡੇ ਅੰਦਰ ਪਸਰੇ
ਮਾਸ ਦੇ ਅਣੂਆਂ ਵਿੱਚ ਜੀਂਦਾ ।........
ਮਾਂ ਦੇ ਪਿੰਡੇ ਕਿਸੇ ਰੂਪ ਵਿੱਚ ਐਵੇਂ ਪਹਿਲਾਂ
ਆਲ ਦੁਆਲੇ ਦੀ ਸ੍ਰਿਸ਼ਟੀ ਵਿੱਚ ਜੀਂਦਾ ਮੈਂ ਤੂੰ
ਸਿਰਫ਼ ਅਸੀਂ ਨਹੀਂ ਸਾਂ ਤੱਕ ਸਕਦੇ.....
ਆਪਣੀ ਮਾਂ ਦੀ ਕੁੱਖ ਦੇ ਨਿੱਜ ਵਿੱਚ
ਹੁਣ ਤੂੰ ਨਹੀਂ
ਪਰ ਇਸ ਵਿੱਚ ਸੁੰਦਰ ਬ੍ਰਹਿਮੰਡ ਦੀ
ਜੀਵਨ ਦੇਹੀ ਨਿੱਘੀ ਕੁੱਖ ਵਿਚ
ਤੂੰ ਤੇ ਅਸੀਂ ਹਾਂ
ਕੋਲ ਕੋਲ.......
ਮਾਂ ਦੀ ਕੁੱਖ ਵਿਚ ਆ ਗਿਆ ਸੈਂ ਤੂੰ
ਕੁੱਖੋਂ ਬਾਹਰ ਆਉਣ ਸਮਾਂ
ਨਾ ਆਇਆ ਹਾਲੇ
ਹੁਣ ਜਾਣਿਆ/ ਸਮੇਂ ਤੋਂ ਪਹਿਲਾਂ ਹੀ ਘਟਨਾ ਦਾ ਵਾਪਰ ਜਾਣਾ
ਉਨਾ ਹੀ ਦੁਖਦਾਈ ਹੁੰਦਾ
ਜਿੰਨਾ ਸਮੇਂ ਤੋਂ ਪੱਛੜ ਜਾਣਾ
(ਏਸ ਜਨਮ ਨਾ ਜਨਮੇ)
'ਹੋਣਾ'
ਇਸਨੂੰ ਕਹਿੰਦੇ......?
ਥੱਕ ਗਿਆ ਹਾਂ
ਉਸ ਤੋਂ
ਜੋ ਵੀ ਹਾਂ ਮੈਂ........
ਉਸ ਤੋਂ ਮਗਰੋਂ ਜੋ ਹੋ ਸਕਦਾਂ
ਉਸ ਲਈ ਬੇਚੈਨ ਰਹਾਂਗਾ
'ਹੋਣਾ'
ਇਸ ਹੋਣੀ ਨੂੰ ਕਹਿੰਦੇ......?
(ਏਸ ਜਨਮ ਨਾ ਜਨਮੇ)
ਇਸ ਤਰ੍ਹਾਂ ਸੁਖਪਾਲ ਕਾਵਿ ਵਿੱਚ ਕਵਿਤਾ ਬ੍ਰਹਿਮੰਡੀ, ਵਿਸ਼ਵੀ ਮਨੁੱਖ ਦੀਆਂ ਸਰਬ-ਵਿਆਪੀ ਚੇਤਨਾਵਾਂ ਅਤੇ ਆਪੇ ਤੋਂ ਪਾਰ ਦਾ ਚਿੰਤਨ ਪੇਸ਼ ਕਰਦੀ ਹੈ। ਉਸਦੀ ਕਵਿਤਾ ਵਿੱਚ ਇਕਹਿਰਾ ਪ੍ਰਗਟਾ ਨਹੀਂ ਸਗੋਂ ਉਹ ਗਹਿਰੇ ਅਰਥਾਂ ਵਿੱਚ ਇਤਿਹਾਸਕ, ਸਮਾਜਿਕ, ਮਾਨਵੀ ਵਰਤਾਰਿਆਂ ਨੂੰ ਪਰਿਭਾਸ਼ਤ ਵੀ ਕਰਦਾ ਹੈ। ਉਹ ਮਾਨਵ ਸਹਿਜ ਸੁਰਤੀ ਵੀ ਸਿਰਜਦਾ ਹੈ। ਉਸਦਾ ਕਾਵਿ ਪਰੰਪਰਾਵਾਦੀ ਰੂੜ ਹੋ ਚੁੱਕੀਆਂ ਅਭਿਵਿਅਕਤੀਆਂ ਨੂੰ ਨਵੇਂ ਪ੍ਰਸੰਗ ਵਿੱਚ ਪੇਸ਼ ਕਰਕੇ ਸਾਡੀ ਖੁੰਢੀ ਹੋ ਚੁੱਕੀ ਸੋਚ ਨੂੰ ਤਿੱਖਾ ਕਰਦਾ ਹੈ। ਉਸਨੇ ਮਨੁੱਖੀ ਮਸਲਿਆਂ ਦੇ ਨਾਲ ਨਾਲ ਮਨੁੱਖੀ ਮਾਨਸਿਕਤਾ ਪੂੰਜੀਵਾਦੀ ਸਮਾਜ ਵਿੱਚ ਰਿਸ਼ਤਿਆਂ ਦੀ ਬੇਕਦਰੀ, ਆਰਥਿਕਤਾ ਦੀ ਮਾਰ, ਵਿਰਸੇ ਪ੍ਰਤੀ ਮੋਹ ਦਾ ਘਟਣਾ, ਮਨੁੱਖੀ ਮਨ ਦੀ ਸਹਿਜਤਾ ਨੂੰ ਆਪਣੇ ਕਾਵਿ ਦਾ ਆਧਾਰ ਬਣਾਇਆ ਹੈ।
ਹੋਰਾਂ ਵਾਂਗੂੰ ਇਹ ਰੁੱਤ ਵੀ ਤੁਰ ਜਾਵੇ
ਤਨ ਦੇ ਅੰਦਰ ਬਾਗ ਆ ਵੱਸੇ
ਬਿਹਬਲ ਮਨ ਨਾ ਅੱਜ ਵਿਹਾਵੇ
ਹੁਣ ਉਡੀਕਾਂ
ਅੰਤਮ ਰੁੱਤ ਨੂੰ ਐਸੀ ਰੁੱਤ ਨੂੰ....
ਤਨ ਤੇ ਮਨ ਇੱਕੋ ਹੋ ਜਾਵੇ
ਅੰਤਰ ਬਾਹਰ
ਬਾਗ ਬਾਗ ਹੋ ਜਾਵੇ......... (ਏਸ ਜਨਮ ਨਾ ਜਨਮੇ)
ਅਸਲੀ ਰੁੱਤ ਵਿੱਚ ਯਕੀਨ ਰੱਖਦਾ ਹੋਇਆ ਸੁਖਪਾਲ ਹੋਣ ਦੇ ਨਾਲ-ਨਾਲ ਬੀਣ ਦਾ ਅਹਿਦ ਵੀ ਕਰਵਾਉਂਦਾ ਹੈ। ਉਸ ਨੇ ਮਨੁੱਖੀ ਆਪੇ ਦੇ ਨਾਲ ਨਾਲ ਆਦਿ ਜੁਗਾਦਿ ਦੇ ਵਡੇਰੇ ਸਮਕਾਲੀ ਯਥਾਰਥਵਾਦੀ ਸਰੋਕਾਰਾਂ ਦੀ ਗੱਲ ਕਰਦਿਆਂ ਕੁਦਰਤ ਦੀ ਖੂਬਸੂਰਤ ਅਭਿਵਿਅਕਤੀ ਅਤੇ ਉਸ ਵਿੱਚ ਲੁਕੇ ਸੂਖ਼ਮ ਅਹਿਸਾਸ ਨੂੰ ਪ੍ਰਗਟਾਉਣ ਦਾ ਸਫ਼ਲ ਯਤਨ ਕੀਤਾ ਹੈ।
ਹਵਾਲੇ:
1. T.S. Eliot, Selected Essays, p21
2. Ibid, p19-20
3. ਓ ਮੀਆਂ (ਹਵਾਲਾ) ਡਾ. ਸੁਖਦੇਵ ਸਿੰਘ, ਪੰਜਾਬੀ ਕਾਵਿ ਪ੍ਰਤੀਰੋਧ ਦਾ ਪ੍ਰਵਚਨ, पंठा 118
4. ਡਾ. ਸੁਖਦੇਵ ਸਿੰਘ, ਆਧੁਨਿਕ ਪੰਜਾਬੀ ਕਵਿਤਾ ਦਾ ਕਾਵਿ-ਸ਼ਾਸਤਰ, ਪੰਨਾ 79
5. Prof. Puran Singh, The Spirit of Oriental Poetry, p2
6. ਸੁਖਪਾਲ, ਏਸ ਜਨਮ ਦਾ ਜਨਮੇ, ਪੰਨਾ,8
ਦਲਵੀਰ ਕੌਰ: ਨਾਰੀ ਵਜ਼ੂਦ ਦਾ ਸੁਆਲੀਆ ਪ੍ਰਵਚਨ
ਡਾ. ਸਰਬਜੀਤ ਸਿੰਘ
ਆਧੁਨਿਕ ਕਵਿਤਾ ਤੋਂ ਪਹਿਲਾਂ ਵੀ ਕਵਿਤਾ ਵਿਚ ਨਾਰੀ ਦੀ ਆਵਾਜ਼ ਸੁਣਾਈ ਦਿੰਦੀ ਹੈ ਪਰੰਤੂ ਆਧੁਨਿਕ ਕਵਿਤਾ ਵਿਚ ਇਸ ਦਾ ਤੇਵਰ ਵਿਦਰੋਹ, ਗੁਸੈਲ, ਸ਼ੋਰੀਲਾ, ਬਦਲਾ ਲਊ ਅਤੇ ਤੇਜ਼-ਤਰਾਰ ਰੂਪ ਵਿਚ ਸਾਹਮਣੇ ਆਉਂਦਾ ਹੈ। ਇਸ ਕਰਕੇ ਇਸ ਕਵਿਤਾ ਦੀ ਵੇਦਨਾ, ਸੰਵੇਦਨਾ, ਕਾਮਨਾ, ਵਿਦਰੋਹ, ਸਾਰਥਿਕਤਾ ਅਤੇ ਪ੍ਰਮਾਣਿਕਤਾ ਨੂੰ ਸਮਝਣ ਅਤੇ ਵਿਸ਼ਲੇਸ਼ਣ ਕਰਨ ਲਈ ਉਸ ਇਤਿਹਾਸਕ ਵਿੱਥ-ਸੋਝੀ ਦੀ ਜ਼ਰੂਰਤ ਹੈ ਜੋ ਇਸ ਗੱਲ ਦੀ ਥਾਹ ਪਾ ਸਕੇ ਕਿ ਇਹ ਕਿਉਂ, ਕਿਵੇਂ ਅਤੇ ਕਿੰਨ੍ਹਾਂ ਪਰਿਸਥਿਤੀਆਂ ਵਿਚੋਂ ਉਦੈ ਹੋਈ ਹੈ। ਨਾਰੀ ਸਿਰਜਤ ਸ਼ਬਦ ਸੰਬੰਧੀ ਪੰਜਾਬੀ ਸਮੀਖਿਆ ਵਿਚ ਬਹੁਤੀ ਸਾਰੀਆਂ ਗ਼ਲਤ ਧਾਰਨਾਵਾਂ ਅਤੇ ਮਿੱਥਾਂ ਪ੍ਰਚੱਲਤ ਹਨ ਜਿੰਨ੍ਹਾਂ ਨੇ ਬਹੁਤ ਸਾਰੇ ਭਰਮ ਉਤਪੰਨ ਕੀਤੇ ਹੋਏ ਹਨ। ਇਸ ਲਈ ਪਹਿਲਾ ਮਸਲਾ ਹੈ ਕਿ ਨਾਰੀ ਵੱਲੋਂ ਰਚਿਆ ਹਰ ਸ਼ਬਦ ਨਾਰੀਵਾਦੀ ਨਹੀਂ ਹੈ। ਜੋ ਸੋਚਵਾਨ ਇਹ ਸਵੀਕਾਰ ਕਰਦੇ ਹਨ ਕਿ ਨਾਰੀ ਸਿਰਜਤ ਹਰ ਸ਼ਬਦ ਨਾਰੀਵਾਦੀ ਹੈ ਅਤੇ ਉਹ ਨਾਰੀ ਮੁਕਤੀ ਦਾ ਪ੍ਰਵਚਨ ਹੈ ਤਾਂ ਇਸ ਦਾ ਦੂਸਰਾ ਅਰਥ ਇਹ ਵੀ ਬਣਦਾ ਹੈ ਕਿ ਮਰਦ ਵੱਲੋਂ ਰਚਿਆ ਹਰ ਸ਼ਬਦ ਮਰਦਵਾਦੀ/ ਪਿਤਰਕੀ ਦਾ ਸ਼ਬਦ ਹੈ ਜੋ ਨਾਰੀ ਲਈ ਦਾਬੇ, ਦਮਨ ਅਤੇ ਗੁਲਾਮੀ ਲਈ ਕਿਰਿਆਸ਼ੀਲ ਹੈ। ਇਸ ਕਰਕੇ ਇਸ ਮਿੱਥ ਨੂੰ ਤੋੜਨਾ ਜ਼ਰੂਰੀ ਹੈ ਤਾਂ ਜੋ ਵਿਗਿਆਨਕ ਅਤੇ ਬਾਹਰਮੁਖੀ ਪਰਿਪੇਖ ਵਿਚ ਇਸ ਵਰਤਾਰੇ ਨੂੰ ਸਮਝਿਆ ਜਾ ਸਕੇ।
ਦੂਸਰਾ ਅਹਿਮ ਮਸਲਾ ਇਹ ਹੈ ਕਿ ਪੰਜਾਬੀ ਸ਼ਬਦ ਸੰਸਾਰ ਵਿਚ ਨਾਰੀ ਸਿਰਜਣਕਾਰ ਵਜੋਂ ਬਹੁਤੀ ਸਿਰਜਣਾ ਮਰਦ ਦੇ ਵਿਰੋਧ ਵਿਚ ਹੋਈ ਹੈ। ਮਰਦ ਦੇ ਵਿਰੋਧ ਵਿਚ ਰਦਿਆ ਸ਼ਬਦ ਸਤਹੀ ਪੱਧਰ 'ਤੇ ਨਾਰੀਵਾਦੀ ਪ੍ਰਤੀਤ ਹੁੰਦਾ ਹੈ ਪਰੰਤੂ ਜੜ੍ਹ ਪੱਧਰ ਉਪਰ ਇਹ ਇਸ ਕਰਕੇ ਸਰਲ ਹੋ ਜਾਂਦਾ ਹੈ ਕਿ ਨਾਰੀ ਦ੍ਰਿਸ਼ਟੀ ਇਸ ਜਟਿਲ ਵਰਤਾਰੇ ਦੀ ਤਹਿ ਵਿਚ ਕਾਰਜਸ਼ੀਲ ਉਨ੍ਹਾਂ ਕਾਰਨਾਂ ਨੂੰ ਪਛਾਨਣ ਤੋਂ ਖੁੰਝ ਜਾਂਦੀ ਹੈ ਜਿਸ ਵਰਤਾਰੇ ਨੇ ਮਰਦ ਦੇ ਅਵਚੇਤਨ, ਮਾਨਸਿਕਤਾ ਅਤੇ ਸੋਚ-ਦ੍ਰਿਸ਼ਟੀ ਦੀ ਅਜਿਹੀ ਉਸਾਰੀ ਕਰ ਦਿੱਤੀ ਹੈ ਕਿ ਉਹ ਅਚੇਤ ਹੀ ਉਨ੍ਹਾਂ ਸ਼ਕਤੀਆਂ ਦਾ ਮਾਲਕ ਬਣ ਜਾਂਦਾ ਹੈ ਜਿਨ੍ਹਾਂ ਕਾਰਨ ਔਰਤ ਦਬੇਲ ਬਣਦੀ ਹੈ। ਇਸ ਜਟਿਲ ਵਰਤਾਰੇ ਵਿਚ ਔਰਤ ਵੀ ਪਿਤਰਕੀ ਅਵਚੇਤਨ ਦੀ ਐਨੀ ਸ਼ਿਕਾਰ ਹੋ ਜਾਂਦੀ ਹੈ ਕਿ ਉਹ ਰਵਾਇਤ ਅਤੇ ਨੈਤਿਕਤਾ ਦੇ ਨਾਂਅ ਹੇਠ ਔਰਤ ਵਿਰੋਧੀ ਕਾਰਜ 'ਚ ਗ੍ਰਸਤ ਹੋ ਜਾਂਦੀ ਹੈ। ਔਰਤ ਪਿਤਰਕੀ ਦਾਬੇ ਅਤੇ ਅਵਚੇਤਨ ਸਦਕਾ ਗੁਲਾਮੀ ਨੂੰ ਭੋਗਦੀ ਹੋਈ ਇਹ ਨਿਖੇੜਾ ਕਰਨ ਤੋਂ ਅਸਮਰੱਥ ਹੋ ਜਾਂਦੀ ਹੈ ਜਿਸ ਕਾਰਨ ਉਹ ਗੁਲਾਮੀ ਨੂੰ ਜਸ਼ਨ ਵਜੋਂ ਸਵੀਕਾਰਨ ਲੱਗ ਜਾਂਦੀ ਹੈ। ਸਾਮੰਤੀ ਸਮਾਜ ਦੀ ਉਤਪਾਦਨੀ ਪ੍ਰਕਿਰਿਆ ਔਰਤ ਨੂੰ ਉਤਪਾਦਨੀ ਪ੍ਰਕਿਰਿਆ 'ਚੋਂ ਬੇਦਖ਼ਲ ਕਰਕੇ ਉਸ ਨੂੰ ਮਰਦ ਉਪਰ ਆਸ਼ਰਿਤ ਹੋਣ ਲਈ ਮਜਬੂਰ ਕਰ ਦਿੰਦੀ ਹੈ। ਇਹੋ ਸਾਮੰਤੀ ਉਤਪਾਦਨੀ ਪ੍ਰਕਿਰਿਆ ਪਿਤਰਕੀ ਕਦਰ-ਪ੍ਰਬੰਧ ਦਾ ਸਮਾਜੀਕਰਨ ਕਰਦੀ ਹੈ। ਇਸ ਪ੍ਰਕਿਰਿਆ ਵਿਚ ਔਰਤ ਗੌਣ ਅਤੇ ਦੁਜੈਲੇ ਥਾਂ 'ਤੇ ਹੀ ਨਹੀਂ ਪਹੁੰਚਦੀ ਸਗੋਂ ਪਰ-ਨਿਰਭਰ ਵੀ ਹੋ ਜਾਂਦੀ ਹੈ। ਇਥੋਂ ਹੀ ਉਸ ਦੀ ਗੁਲਾਮੀ ਅਤੇ ਸੋਸ਼ਣ ਦੀ ਨਿਰਦਈ
ਪਰੰਪਰਾ ਦਾ ਆਰੰਭ ਹੁੰਦਾ ਹੈ। ਇਸ ਦੇ ਸਮਾਨਾਂਤਰ ਹੀ ਭਾਰਤ ਦੀ ਸਮਾਜੀ ਬਣਤਰ ਜੋ ਜਾਤ-ਪਾਤ ਦੇ ਗ਼ੈਰਵਿਗਿਆਨਕ ਅਤੇ ਅਮਾਨਵੀ ਅਧਾਰ 'ਤੇ ਖੜ੍ਹੀ ਹੈ, ਉਹ ਪ੍ਰਬੰਧ ਨੂੰ ਵਧੇਰੇ ਪੱਕਿਆਂ ਕਰਦੀ ਹੈ। ਬ੍ਰਾਹਮਣਵਾਦੀ ਵਿਚਾਰਧਾਰਾ ਇਸ ਨੂੰ ਅਗਾਂਹ ਯੋਗ, ਜਾਇਜ਼ ਅਤੇ ਹੰਢਣਸਾਰ ਬਣਾਉਣ ਲਈ ਧਰਮ ਦੀ ਪਾਹੁਲ ਰਾਹੀਂ ਇਸ ਨੂੰ ਪਤਿਤ ਅਤੇ ਪੁਨੀਤ ਦੇ ਰੱਬੀ ਹੁਕਮਾਂ ਨਾਲ ਜੋੜ ਦਿੰਦੀ ਹੈ। ਇਉਂ ਪਿਤਰਕੀ ਪ੍ਰਬੰਧ ਅੰਦਰ ਅਜਿਹੀਆਂ ਸੰਸਥਾਵਾਂ ਅਤੇ ਰਿਸ਼ਤਿਆਂ ਦਾ ਸਿਰਜਣ ਕੀਤਾ ਜਾਂਦਾ ਹੈ ਜਿਹੜਾ ਦਬੇਲ ਧਿਰ ਦੀ ਮਾਨਸਿਕਤਾ ਵਿਚ ਰੱਬੀ ਦਹਿਸ਼ਤ ਪੈਦਾ ਕਰਕੇ ਉਸ ਨੂੰ ਸਵੀਕਾਰ ਕਰਨ ਤੋਂ ਸਿਵਾ, ਹੋਰ ਕੋਈ ਰਸਤਾ ਹੀ ਨਹੀਂ ਛੱਡਦਾ। ਜੇ ਪਿਤਰਕੀ ਪ੍ਰਬੰਧ ਅੰਦਰ ਦਬੇਲ ਧਿਰ ਵਿਦਰੋਹ ਕਰਦੀ ਹੈ ਤਾਂ ਉਹ ਦੁਰਕਾਰੀ ਵੀ ਜਾਂਦੀ ਹੈ ਅਤੇ ਸਖ਼ਤ ਸਜ਼ਾ ਦੀ ਭਾਗੀ ਵੀ ਬਣਦੀ ਹੈ।
ਤੀਸਰਾ ਅਹਿਮ ਮਸਲਾ ਹੈ ਕਿ ਪੂੰਜੀਵਾਦੀ ਪ੍ਰਬੰਧ ਅੰਦਰ ਜਦੋਂ ਦਬੇਲ ਧਿਰ ਵਿਦਰੋਹ ਕਰਦੀ ਹੈ ਤਾਂ ਇਹ ਪੂੰਜੀਵਾਦੀ ਪ੍ਰਬੰਧ ਅੰਦਰ ਹੀ ਕਿਉਂ ਸੰਭਵ ਹੁੰਦਾ ਹੈ ਕਿ ਨਾਰੀ ਸਥਾਪਤ ਪਿਤਰਕੀ ਅਤੇ ਰਿਸ਼ਤਿਆਂ ਨੂੰ ਤਿਲਾਂਜਲੀ ਦਿੰਦੀ ਹੈ। ਪੂੰਜੀਵਾਦੀ ਪ੍ਰਬੰਧ ਸਾਮੰਤੀ ਵਿਵਸਥਾ ਤੋਂ ਵਿਕਸਤ ਸਮਾਜ ਦਾ ਉਹ ਪੜਾਅ ਹੈ ਜਿੱਥੇ ਉਤਪਾਦਨੀ ਪ੍ਰਕਿਰਿਆ ਦਾ ਸਮੁੱਚਾ ਦਾਰੋਮਦਾਰ ਬਦਲਦਾ ਹੈ। ਪੂੰਜੀਵਾਦੀ ਉਤਪਾਦਨੀ ਪ੍ਰਕਿਰਿਆ ਵਿਚ ਬਦਲੇ ਆਰਥਿਕ ਸੰਬੰਧ ਨਾਰੀ ਨੂੰ ਵਿਅਕਤੀਗਤ ਆਜ਼ਾਦੀ ਦੀ ਉਸ ਚੇਤਨਾ ਨਾਲ ਅੰਗੀਕਾਰ ਕਰ ਦਿੰਦੇ ਹਨ ਜੋ ਇਸ ਵਿਵਸਥਾ ਦੀ ਲੋੜ ਹੁੰਦਾ ਹੈ। ਸੋ ਪੂੰਜੀਵਾਦ ਵਿਚ ਇਹ ਸੁਭਾਵਕ ਹੋ ਜਾਂਦਾ ਹੈ ਕਿ ਸਾਮੰਤੀ ਵਿਵਸਥਾ ਦੀਆਂ ਸਥਾਪਤ ਕੀਤੀਆਂ ਸੰਸਥਾਵਾਂ, ਕਦਰਾਂ ਕੀਮਤਾਂ ਅਤੇ ਰਿਸ਼ਤਿਆਂ ਵਿਚ ਦਰਾੜਾਂ ਪੈਣੀਆਂ ਆਰੰਭ ਹੋ ਜਾਂਦੀਆਂ ਹਨ। ਇਸ ਕਰਕੇ ਇਸ ਜਟਿਲ ਮਸਲੇ ਨੂੰ ਸਮਝਣਾ ਜ਼ਰੂਰੀ ਹੈ ਕਿ ਪੂੰਜੀਵਾਦ ਘਰ, ਪਰਿਵਾਰ ਅਤੇ ਰਿਸ਼ਤਿਆਂ ਦੇ ਸਮੁੱਚੇ ਤਾਣੇ-ਬਾਣੇ ਵਿਚ ਗੁਣਾਤਮਕ ਤਬਦੀਲੀ ਕਰ ਦਿੰਦਾ ਹੈ। ਇਹੋ ਉਹ ਗੁਣਾਤਮਕ ਤਬਦੀਲੀ ਹੈ ਜਿਹੜੀ ਨਾਰੀ ਨੂੰ ਸਦੀਆਂ ਤੋਂ ਦਬੇਲ ਬਣਾਉਣ ਵਾਲੀਆਂ ਸੰਸਥਾਵਾਂ ਤੋਂ ਵਿਦਰੋਹ ਲਈ ਪ੍ਰੇਰਿਤ ਕਰਦੀ ਹੈ। ਇਥੇ ਨਾਰੀ ਦੀ ਆਰਥਿਕ ਪਰਨਿਰਭਰਤਾ ਦਾ ਮਸਲਾ ਤਰੇੜਿਆ ਜਾਂਦਾ ਹੈ ਅਤੇ ਨਾਰੀ ਸਵੈ-ਨਿਰਭਰ ਬਣਦੀ ਹੋਈ ਸਮਾਜ ਦੀ ਜਮਾਤੀ ਦਰਜਾਬੰਦੀ ਵਿਚ ਸ਼ਾਮਲ ਹੋ ਜਾਂਦੀ ਹੈ। ਇਥੇ ਇਕ ਮਸਲੇ ਪ੍ਰਤੀ ਵਧੇਰੇ ਸੁਚੇਤ ਰਹਿਣ ਦੀ ਜ਼ਰੂਰਤ ਹੈ ਕਿ ਪੂੰਜੀਵਾਦੀ ਪ੍ਰਬੰਧ ਨੇ ਸਾਮੰਤੀ ਵਿਵਸਥਾ ਨੂੰ ਚਕਨਾਚੂਰ ਕੀਤਾ, ਪਦਾਰਥਕ ਬਹੁਲਤਾ ਪੈਦਾ ਕੀਤੀ ਅਤੇ ਕੁਦਰਤ ਦੇ ਅੰਦਰੋਂ ਬੇਥਾਹ ਸ਼ਕਤੀਆਂ ਨੂੰ ਲੱਭਿਆ ਹੈ ਪਰੰਤੂ ਇਸ ਦੇ ਸਮਾਨਾਂਤਰ ਪੂੰਜੀਵਾਦ ਨੇ ਮਨੁੱਖ ਦੀ ਮਾਨਵਤਾ ਦੇ ਵਿਕਾਸ ਲਈ ਕਿਹੜੇ ਨਵੇਂ ਪ੍ਰਤੀਮਾਨ ਸਥਾਪਤ ਕੀਤੇ ਹਨ? ਕੀ ਪੂੰਜੀਵਾਦ ਨੇ ਔਰਤ ਨੂੰ ਸਾਮੰਤੀ ਅਤੇ ਪਿਤਰਕੀ ਵਿਵਸਥਾ ਵਿਚੋਂ ਕੱਢ ਕੇ ਵਿਅਕਤੀਗਤ ਆਜ਼ਾਦੀ ਦੇ ਭਰਮ ਦੀ ਮਿੱਥ ਵਿਚ ਤਾਂ ਨਹੀਂ ਨਰੜ ਦਿੱਤਾ? ਕੀ ਔਰਤ ਦੇ ਵਜੂਦ ਨੂੰ ਮਾਨਵੀ ਹੋਂਦ ਪ੍ਰਦਾਨ ਕਰਕੇ ਉਸ ਨੂੰ ਮਰਦ ਦੇ ਸਹਿਹੋਂਦ ਦੇ ਵਿਚਾਰ ਨੂੰ ਦ੍ਰਿੜ ਕੀਤਾ ਹੈ? ਇਨ੍ਹਾਂ ਸੁਆਲਾਂ 'ਤੇ ਅੱਖ ਟਿਕੀ ਰਹਿਣੀ ਚਾਹੀਦੀ ਹੈ ਕਿਉਂਕਿ ਨਾਰੀ ਦੁਆਰਾ ਸਿਰਜਤ ਸ਼ਬਦ ਸਾਮੰਤੀ ਅਤੇ ਪਿਤਰਕੀ ਪ੍ਰਬੰਧ ਤੋਂ ਵਿਦਰੋਹ ਤਾਂ ਕਰਦਾ ਹੈ ਪਰੰਤੂ ਪੂੰਜੀਵਾਦ ਦੀ ਸਿਆਸਤ ਨੂੰ ਸਮਝਣ ਤੋਂ ਖੁੰਝ ਜਾਂਦਾ ਹੈ। ਪੂੰਜੀਵਾਦ
ਤੇਰੀ ਪੈਰੀਂ ਪੁਆਈ
ਕਸੂਰੀ ਜੁੱਤੀ
ਧਰਨਾਂ ਜੁਗਨੂੰ ਦੇ ਪਰਾਂ 'ਚ
ਮਘਦਾ ਸੂਰਜ
ਫੇਰ ਵੀ
ਸੱਜਅ ਲਿਆ ਹੈ
ਤੀਜੇ ਨੇਤਰ 'ਚ
ਅਣਥੱਕ ਸੁਪਨਾ
ਤੁਰਨਾ ਹੈ ਅੰਦਰਲੇ
ਚਾਨਣ ਦੀ ਲੋਏ
ਝਾਕਣ ਲਈ ਸਿਰਜੇ
ਦਿਸਹੱਦਿਆਂ ਤੋਂ ਪਾਰ
ਹੈ ਤੋੜਨੀ ਤੈਥੋਂ ਪੁਰਾਣੀ
ਤੇਰੀ ਇਹ ਹੰਝੂਆਂ ਦੀ ਰੀਤ
ਇਸ ਤੋਂ ਪਹਿਲਾਂ ਕਿ
ਉਤਰਨ ਲੱਗੇ
ਤੇਰੀ ਅੱਖ ਦਾ ਖਾਰਾ ਪਾਣੀ
ਬਣਕੇ ਮੇਰੀ ਅੱਖ 'ਚ
ਕਾਲਾ ਮੋਤੀਆ...
(ਅਹਿਦ, ਪੰਨਾ 23-24)
ਕਾਵਿ ਪਾਤਰ ਆਪਣੀ ਮਾਂ ਨੂੰ ਸੰਬੋਧਿਤ ਹੈ। ਮਾਂ ਖਾਮੋਸ਼ ਧਿਰ ਹੈ ਜਿਸ ਨੇ ਪਿਤਰਕੀ ਪ੍ਰਬੰਧ ਦੀਆਂ ਦਬੇਲ ਪਰਿਸਥਿਤੀਆਂ ਹੰਢਾਈਆਂ ਹਨ। ਕਾਵਿ ਪਾਤਰ ਧੀ ਦੇ ਰੂਪ ਵਿਚ ਪਿਤਰਕੀ ਦੀ ਮਰਿਯਾਦਾ ਨੂੰ ਉਲੰਘਣ ਲਈ ਅਹਿਦ ਕਰਦਾ ਹੈ ਅਤੇ ਉਹ ਸੁਚੇਤ ਵੀ ਹੈ ਕਿ ਇਹ 'ਅਣਥੱਕ ਸੁਪਨਾ' ਹੈ। ਦੂਸਰੀ ਵੱਡੀ ਤੇ ਸੂਖ਼ਮ ਗੱਲ ਕਿ ਕਾਵਿ ਪਾਤਰ ਮਾਂ ਨੂੰ ਸੰਬੋਧਿਤ ਹੈ ਨਾਂ ਕਿ ਪਿਤਾ ਨੂੰ। ਜੇ ਕਾਵਿ ਪਾਤਰ ਮਰਦਾਵੀਂ ਧਿਰ ਨੂੰ ਸੰਬੋਧਤ ਹੁੰਦਾ ਤਾਂ ਉਹ ਤਲਖ਼ੀ ਵਿਚ ਇਨਕਾਰ ਕਰਦਾ। ਪਰੰਤੂ ਇਥੇ ਕਾਵਿ ਪਾਤਰ ਦਾ ਇਹ ਕਹਿਣਾ ਕਿ ਤੇਰੀ ਪੈਰੀਂ ਪੁਆਈ ਕਸੂਰੀ ਜੁੱਤੀ ਮੋਕਲੀ ਕਰਨੀ ਹੈ ਤਾਂ ਪਿਤਰਕੀ ਅਵਚੇਤਨ ਦੀ ਜਟਿਲਤਾ ਉਜਾਗਰ ਹੋ ਜਾਂਦੀ ਹੈ। ਮਾਂ ਨਾਰੀ ਹੋ ਕੇ ਵੀ ਪਿਤਰਕੀ ਨੈਤਿਕਤਾ ਦਾ ਪਹਿਲਾ ਪਾਠ ਆਪ ਪੜ੍ਹਾਉਂਦੀ ਹੈ। ਮਾਂ ਜੋ ਪਿਤਰਕੀ ਕਦਰ ਪ੍ਰਬੰਧ ਨੂੰ ਵਰੋਸਾਈ ਹੋਈ ਹੈ, ਉਸ ਨਾਲ ਸੰਵਾਦ ਵਿਚ ਕਵਿਤਰੀ ਜਦੋਂ 'ਕਸੂਰੀ ਜੁੱਤੀ' ਦਾ ਚਿਹਨ ਵਰਤਦੀ ਹੈ ਤਾਂ ਉਹ ਵਰਤਾਰੇ ਨੂੰ ਸਮੁੱਚੇ ਸਮਾਜ ਅਤੇ ਸਭਿਆਚਾਰ ਵਿਚ ਫੈਲਾ ਦਿੰਦੀ ਹੈ। ਪੰਜਾਬ ਦਾ ਲੋਕ ਗੀਤ ਹੈ:
ਜੁੱਤੀ ਕਸੂਰੀ
ਪੈਰੀਂ ਨਾ ਪੂਰੀ
ਹਾਏ ਰੱਬਾ! ਵੇ ਸਾਨੂੰ ਤੁਰਨਾ ਪਿਆ।
ਔਰਤ ਦੀ ਲਾਚਾਰ, ਬੇਵੱਸ ਅਤੇ ਬੇਚਾਰਗੀ ਦਾ ਇਹ ਮਾਰਮਿਕ ਪ੍ਰਗਟਾਵਾ ਹੈ। ਪਰੰਤੂ ਕਾਵਿ ਪਾਤਰ ਇਸ ਜੁੱਤੀ (ਸਮਾਜੀ-ਵਿਧੀ-ਵਿਧਾਨ) ਨੂੰ ਮੋਕਲਾ ਕਰਨਾ ਚਾਹੁੰਦਾ ਹੈ। ਕਾਵਿ ਪਾਤਰ ਮਾਂ ਨਾਲ ਤਲਖ਼ ਨਹੀਂ, ਮੁਹੱਬਤ ਨਾਲ ਗੱਲ ਕਰ ਰਿਹਾ ਹੈ। ਉਸ ਨੂੰ ਤਿੱਖਾ ਅਹਿਸਾਸ ਵੀ ਹੈ ਕਿ ਇਸ ਪਿਤਰਕੀ ਪ੍ਰਬੰਧ ਨੂੰ ਉਲੰਘਣ ਲਈ ਸਭ ਨਾਲੋਂ ਵਧੇਰੇ ਦੁੱਖ ਮਾਂ ਨੂੰ ਹੀ ਹੋਵੇਗਾ। ਇਸੇ ਲਈ ਉਸ ਨੂੰ ਮਾਂ ਦੇ ਹੰਝੂਆਂ ਨੂੰ ਪਾਰ ਕਰਨਾ ਮੁਸ਼ਕਲ ਵੀ ਮਹਿਸੂਸ ਹੁੰਦਾ ਹੈ ਪਰੰਤੂ ਇਸ ਦੁਰਗਮ ਕੰਮ ਕਰਨ ਲਈ ਉਹ ਸੁਚੇਤ ਹੈ। ਇਸ ਤੋਂ ਪਹਿਲਾਂ ਕਿ ਮਾਂ ਦੀ ਮਮਤਾ ਉਸ ਦੇ ਰਾਹ 'ਚ ਰੁਕਾਵਟ ਬਣੇ ਅਤੇ ਪਿਤਰਕੀ ਹੋਰ ਸ਼ਕਤੀਸ਼ਾਲੀ ਹੋਵੇ, ਉਸ ਤੋਂ ਪਹਿਲਾਂ ਉਹ ਆਪਣੇ ਸਿਰਜੇ ਰਾਹ 'ਤੇ ਤੁਰਨ ਦਾ ਅਹਿਦ ਕਰਦੀ ਹੈ। ਇਥੇ ਅਹਿਮ ਮਸਲਾ ਇਹ ਹੈ ਕਿ ਉਸ ਨੇ ਆਪਣੀ ਗੁਲਾਮੀ ਅਤੇ ਸੋਸ਼ਣ ਦੀ ਪਛਾਣ ਕਰ ਲਈ ਹੈ। ਦੂਸਰਾ ਮਸਲਾ ਇਹ ਹੈ ਕਿ ਉਹ ਇਸ ਪਿਤਰਕੀ ਵਿਧੀ ਵਿਧਾਨ ਤੋਂ ਮੁਕਤ ਕਿਵੇਂ ਹੋਵੇ? ਕਵਿਤਾ ਦੇ ਅੰਦਰ ਇਕ ਸੰਕੇਤ ਹੈ, 'ਤੁਰਨਾ ਹੈ ਅੰਦਰਲੇ ਚਾਨਣ ਦੀ ਲੋਏ।' ਇਹ ਸੰਕੇਤ ਵਿਚਾਰਧਾਰਕ ਸੰਕੇਤ ਹੈ। ਇਹੋ ਅੰਦਰਲੇ ਚਾਨਣ ਦਾ ਪ੍ਰਗਟਾਵਾ ਦਲਵੀਰ ਦੀਆਂ ਹੋਰਨਾਂ ਕਵਿਤਾਵਾਂ ਵਿਚ ਵੀ ਪ੍ਰਗਟ ਹੁੰਦਾ ਹੈ। ਇਸ ਦੀ ਚਰਚਾ ਜ਼ਰੂਰੀ ਹੈ। ਪਿਤਰਕੀ ਪ੍ਰਬੰਧ ਅੰਦਰ ਔਰਤ ਨੂੰ ਜੋ ਸਥਿਤ ਜੀਵਨ ਜਿਊਣ ਲਈ ਮਜਬੂਰ ਹੋਣਾ ਪੈਂਦਾ ਹੈ, ਦਲਵੀਰ ਆਪਣੀ ਕਵਿਤਾ ਵਿਚ ਉਸ ਉਤੇ ਬਾਰ ਬਾਰ ਪਰਿਹਾਰ ਕਰਦੀ ਹੈ। ਉਸ ਦੀ ਇਕ ਹੋਰ ਕਵਿਤਾ ਨੂੰ 'ਮੇਰਾ ਸਵਾਲ' ਵਿਚ ਹੋਰ ਵਿਸਤਾਰ ਦੇਖਿਆ ਜਾ ਸਕਦਾ ਹੈ:
ਮੈਂ ਦੋਹਾਂ ਦੀ ਔਲਾਦ ਹਾਂ
ਪਰ ਔਰਤ ਹਾਂ
100 ਕੁ ਮੀਲ ਦਾ ਘੇਰਾ
ਮੇਰੇ ਮੇਚ ਨਹੀਂ ਆਉਂਦਾ
ਬਾਪੂ ਦੇ ਗਲੋਬਲੀ ਘੇਰੇ 'ਚ
ਤੁਰਨਾ ਵਰਜਿਤ ਹੈ
ਮਾਂ ਕਹਿੰਦੀ ਹੈ
"ਧੀਏ ਪੇਕਾ, ਸਹੁਰਾ
ਤੇਰੀ ਧਰਤੀ
ਤੇ ਸਮਾਜ ਤੇਰਾ ਆਸਮਾਨ
ਇਨ੍ਹਾਂ ਬਾਝੋਂ
ਤੂੰ ਇਕ ਖਲਾਅ!!"
ਮੈਂ ਅਸੀਮ ਖਲਾਅ ਨੂੰ
ਚੁਣਦੀ ਹਾਂ
ਧਰਤੀ ਤੇ ਅਸਮਾਨ
ਇਸੇ ਵਿਚ ਸਾਹ ਲੈਂਦੇ ਨੇ
ਮੇਰਾ ਸਵਾਲ ਫੈਲ ਚੁੱਕਾ ਹੈ
ਖਲਾਅ ਵਾਂਗ........
(ਅਹਿਦ ਪੰਨਾ-36)
ਕਾਵਿ ਪਾਤਰ ਪਿਤਰਕੀ ਪ੍ਰਬੰਧ ਦਾ ਸੋਧਿਆ ਅਤੇ ਨਿਸ਼ਚਿਤ ਕੀਤਾ 100 ਮੀਲ ਦਾ ਘੇਰਾ ਸਵੀਕਾਰ ਨਹੀਂ ਕਰਦਾ। ਇਥੇ ਹੀ ਦਲਵੀਰ ਔਰਤ ਦੇ ਸਪੇਸ ਦੀ ਧੁਨੀ ਉਠਾਉਂਦੀ ਹੈ ਕਿ ਪਿਤਰਕੀ ਦੁਆਰਾ ਸਥਾਪਤ ਕੀਤੇ ਪੇਕੇ, ਸੁਹਰੇ ਅਤੇ ਸਮਾਜ ਦੀ ਥਾਂ ਉਸ ਨੂੰ ਸਮੁੱਚੇ ਵਿਸ਼ਵ ਦੀ ਲੋੜ ਹੈ ਜਿਸ ਵਿਚ ਇਹ ਵਸਦੇ ਹਨ। ਇਉਂ ਉਹ ਪਿਤਰਕੀ ਵਿਧਾਨ ਨੂੰ ਉਲਟਾਅ ਕੇ ਐਸੇ ਸਮਾਜ ਦੀ ਇੱਛਾ ਅਤੇ ਸੁਪਨਾ ਪੈਦਾ ਕਰਦੀ ਹੈ, ਜਿਥੇ ਔਰਤ ਇਕ ਮਨੁੱਖੀ ਵਜੂਦ ਵਜੋਂ ਰਹਿ ਸਕੇ। ਇਸ ਤੋਂ ਇਨਕਾਰ ਹੀ ਉਸ ਦੀ ਆਜ਼ਾਦੀ ਵੱਲ ਪਹਿਲੀ ਪਰਵਾਜ਼ ਹੈ। ਇਸ ਕਰਕੇ ਉਹ ਔਰਤ ਦੀ ਸਪੇਸ ਅਤੇ ਮਾਨਵੀ ਸਹਿਹੋਂਦ ਦੇ ਪ੍ਰਸ਼ਨ ਨੂੰ ਉਠਾਉਂਦੀ ਹੈ:
ਹੁਣ ਤੂੰ!
ਚਾਨਣ ਦੀ ਉਹ ਕਾਤਰ ਦੇ
ਜਿਸ ਵਿਚ ਮੈਂ ਰਮ ਸਕਾਂ
ਤੂੰ ਜੀਅ ਸਕੇਂ
ਤੂੰ ਥਿਰ ਹੋਵੇਂ
ਮੈਂ ਜੀਅ ਉੱਠਾਂ
(ਹਾਸਿਲ ਪੰਨਾ-27)
ਰਵਾਇਤੀ, ਪਰੰਪਰਕ ਨਾਰੀ ਰਚਨਾਕਾਰ ਪਿਤਰਕੀ ਤੋਂ ਵਿਦਰੋਹ ਕਰਕੇ ਮਨ- ਇੱਛਤ ਰਿਸ਼ਤਿਆਂ ਦਾ ਸਿਰਜਣ ਕਰਕੇ ਅਨਾਰਕੀ ਦਾ ਵਾਤਾਵਰਣ ਸਿਰਜਦੀ ਹੈ। ਉਸ ਦੀ ਕਵਿਤਾ ਮਰਦ ਦੇ ਵਿਰੋਧ ਵਿਚ ਵਿਲਾਸਤਾ ਦੀ ਪੱਧਰ ਤੱਕ ਖਚਿਤ ਹੈ। ਇਸ ਕਰਕੇ ਰਵਾਇਤੀ ਨਾਰੀ ਕਵਿਤਾ 'ਚ ਮਾਨਵੀ ਸਹਿਹੋਂਦ ਦਾ ਮਸਲਾ ਨਹੀਂ ਹੈ ਸਗੋਂ ਔਰਤ ਨੂੰ ਮਰਦ ਨਾਲੋਂ ਨਿਖੇੜ ਕੇ ਆਪਣੀਆਂ ਮਨਇੱਛਤ ਸੰਸਥਾਵਾਂ ਸਿਰਜਣ ਵੱਲ ਰੁਚਿਤ ਹੈ ਜਿਹੜਾ ਇੱਛਤ ਯਥਾਰਥ ਤਾਂ ਹੈ ਪਰ ਸੰਭਾਵੀ ਯਥਾਰਥ ਨਹੀਂ। ਦਲਵੀਰ ਦੀ ਕਵਿਤਾ ਇਥੇ ਰਵਾਇਤੀ ਨਾਰੀ ਕਵਿਤਾ ਨਾਲੋਂ ਵਿਚਾਰਧਾਰਕ ਵਿੱਥ ਥਾਪ ਲੈਂਦੀ ਹੈ। ਦਲਵੀਰ ਦੀ ਕਵਿਤਾ ਸਮਾਜੀ ਰਗੜ 'ਚੋਂ ਪੈਦਾ ਹੁੰਦੀ ਹੈ ਅਤੇ ਸਮਾਜਕਤਾ ਦੇ ਰਸਤਿਓਂ ਹੀ ਸਵਾਲਾਂ ਦੇ ਜਵਾਬ ਲੱਭਦੀ ਹੈ। ਦਲਵੀਰ ਦੀ ਕਵਿਤਾ ਸ਼ੋਰ ਦੀ ਬਜਾਏ ਸੰਵਾਦ ਦਾ ਰਸਤਾ ਅਖ਼ਤਿਆਰ ਕਰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਉਸ ਦੇ ਸੰਵਾਦ ਦਾ ਮਾਧਿਅਮ ਨਾਰੀ ਹੈ ਅਤੇ ਮਕਸਦ ਪਿਤਰਕੀ ਪ੍ਰਬੰਧ ਹੈ। ਸ਼ੋਰੀਲੀ ਕਵਿਤਾ ਸਮਾਜੀ ਸੰਵਾਦ ਦੀ ਥਾਵੇਂ ਅਨਾਰਕੀ ਦੀ ਸ਼ਿਕਾਰ ਹੋ ਜਾਂਦੀ ਹੈ ਅਤੇ ਉਹ ਕਵਿਤਾ ਦਾ ਗੁਣ ਗੁਆ ਕੇ ਬਿਆਨ, ਕਥਨ ਅਤੇ ਐਲਾਨ ਬਣ ਜਾਂਦੀ ਹੈ। ਇਸ ਕਰਕੇ ਅਜਿਹੀ ਕਵਿਤਾ ਵਿਚ ਰੂਪਕ ਵੰਨ-ਸੁਵੰਨਤਾ ਵੀ ਘੱਟ ਹੁੰਦੀ ਹੈ। ਬੌਧਿਕ, ਵਿਵੇਕਮਈ ਅਤੇ ਵਿਚਾਰਸ਼ੀਲ
ਕਵਿਤਾ ਸੂਖ਼ਮ, ਜਟਿਲ ਅਤੇ ਸੰਜੀਦਾ ਮਸਲਿਆਂ ਨੂੰ ਕਟਾਕਸ਼ ਵਿਚ ਪ੍ਰਵਰਤਿਤ ਕਰ ਦਿੰਦੀ ਹੈ। ਦਲਵੀਰ ਦੀ ਕਵਿਤਾ ਵਿਚ ਇਹ ਵਿਸ਼ੇਸ਼ਤਾ ਹੈ ਕਿ ਕਟਾਕਸ਼ ਸਮੇਂ ਉਸ ਦੀ ਕਵਿਤਾ ਵਧੇਰੇ ਤਿੱਖੀ ਹੋ ਜਾਂਦੀ ਹੈ। ਆਪਣੀ ਕਵਿਤਾ ਵਿਚ ਉਹ ਵਿਸਮਿਕ ਚਿੰਨ੍ਹਾਂ ਅਤੇ ਵਿੱਥਾਂ ਦਾ ਜਿਵੇਂ ਪ੍ਰਯੋਗ ਕਰਦੀ ਹੈ ਉਸ ਦੀ ਮਿਸਾਲ ਪੰਜਾਬੀ ਕਵਿਤਾ ਵਿਚ ਬਹੁਤ ਵਿਰਲੀ ਹੀ ਦੇਖਣ ਨੂੰ ਮਿਲਦੀ ਹੈ। ਇਸ ਨਾਲ ਕਵਿਤਾ ਦਾ ਤੇਵਰ ਅਤੇ ਸੁਹਜ ਇਕ ਨਵੇਂ ਰੂਪ ਵਿਚ ਸਾਹਮਣੇ ਆ ਜਾਂਦਾ ਹੈ। ਉਸ ਦੀ ਕਵਿਤਾ 'ਆਜ਼ਾਦੀ?' ਦਾ ਪਾਠ ਦਿਲਚਸਪ ਹੋਵੇਗਾ:-
ਆਜ਼ਾਦੀ ?
ਸੁਲੱਖਣੇ ਵਿਹੜਿਆਂ ਦੀ ਵਲਗਣ
ਗਲੋਂ ਲਾਹ ਰੱਤੇ ਸਾਲੂਆਂ ਦੇ ਦਿਨੀਂ
ਕਿੱਧਰ ਤੁਰ ਪਈਆਂ!
ਆਜ਼ਾਦ ਹੋਣ ਚਿੜੀਓ ਕੁੜੀਓ!
ਪਰਤ ਆਓ ਘਰਾਂ ਨੂੰ !
ਕੁੜੀਆਂ ਤਾਂ ਹੁੰਦੀਆਂ ਮਾਵਾਂ ਮਾਸੀਆਂ
ਨਾਨੀਆਂ ਦਾਦੀਆਂ
ਮੱਥੇ ਇਨ੍ਹਾਂ ਦੇ
ਬਰਕਤਾਂ ਰਹਿਮਤਾਂ!
ਮਾਣ-ਮੱਤੀਆਂ ਧੀਆਂ ਭੈਣਾਂ
ਕੁੱਖਾਂ ਵਿਚ ਫੁੱਲ ਕਲੀਆਂ ਪਾਲਦੀਆਂ !
ਨਾਨਕ ਨਪੋਲੀਅਨ ਨੈਲਸਨ ਮੰਡੇਲਾ
ਪੈਣੀ ਸਮੇਂ ਨੂੰ ਬੜੀ ਲੋੜ ਇਨ੍ਹਾਂ ਦੀ
ਨੰਨ੍ਹੇ ਹੱਥ ਤੁਸਾਂ ਹੀ ਫੜਨੇ
ਵੱਡੇ ਜਿੰਮੇਂ ਤੁਸਾਂ ਸਿਰ ਕੁੜੀਓ
ਸਾਂਭ ਰੱਖਦੀ ਪੈਰਾਂ ਦੀ ਮਿੱਟੀ
ਨਾ ਜਾਣਾ ਘਰਾਂ ਤੋਂ ਦੂਰ!
(ਹਾਸਿਲ, ਪੰਨਾ-51)
ਇਹ ਕਵਿਤਾ ਵਿਸਮਿਕ ਚਿੰਨ੍ਹਾਂ 'ਚ ਬੱਝੀ ਹੋਈ ਕਟਾਕਸ਼ ਹੈ। ਪਰੰਤੂ ਇਸ ਦਾ ਇਕ ਹੋਰ ਵੀ ਡੂੰਘਾ ਅਰਥ ਵਿਚਾਰਧਾਰਕ ਹੈ ਕਿ ਪਿਤਰਕੀ ਪ੍ਰਬੰਧ ਨਾਰੀ ਨੂੰ ਆਪਣੇ ਦਾਬੇ ਹੇਠ ਸਿਰਫ਼ ਸ਼ਕਤੀ ਅਤੇ ਦਹਿਸ਼ਤ ਨਾਲ ਹੀ ਨਹੀਂ ਰੱਖਦਾ ਸਗੋਂ ਜਿੱਥੇ ਉਸ ਨੂੰ ਮਹੱਬਤ ਅਤੇ ਗੌਰਵ ਰਾਹੀਂ ਦਬੇਲ ਬਣਾਉਂਦਾ ਹੈ, ਉਥੇ ਉਸ ਦਾ ਮਾਨਸਿਕ ਸੋਸ਼ਣ ਚਰਮ ਸੀਮਾਂ 'ਤੇ ਹੁੰਦਾ ਹੈ। ਇਹ ਕਵਿਤਾ ਨਾਰੀ ਨੂੰ ਗੌਰਵ ਰਾਹੀਂ ਉਸ ਨੂੰ ਪਿਤਰਕੀ ਪ੍ਰਬੰਧ ਵਿਚ ਨਰੜੇ ਰਹਿਣ ਲਈ ਤਿਆਰ ਕਰਦੀ ਹੈ ਪਰੰਤੂ ਸਥਿਤੀ ਦਾ ਵਿਅੰਗ ਇਹ ਹੈ ਕਿ ਜੇਕਰ
ਨਾਰੀ ਏਨੇ ਹੀ ਗੌਰਵ ਦੀ ਮਾਲਕ ਹੈ ਤਾਂ ਉਸ ਨੂੰ ਬਰਾਬਰੀ ਵਾਲੀ ਮਨੁੱਖ ਹੈਸੀਅਤ ਸਵੀਕਾਰ ਕਿਉਂ ਨਹੀਂ ਕੀਤਾ ਜਾਂਦਾ? ਇਉਂ ਦਲਵੀਰ ਦੀ ਕਵਿਤਾ ਵਿਚ ਨਾਰੀ ਵਜੂਦ ਨਾਲ ਜੁੜੇ ਵਿਭਿੰਨ ਸੁਆਲ ਵਿਭਿੰਨ ਪਰਤਾਂ ਬਣ ਕੇ ਉਦੈ ਹੁੰਦੇ ਹਨ।
ਪਿਤਰਕੀ ਪ੍ਰਬੰਧ ਔਰਤ ਦੇ ਦਾਬੇ ਲਈ ਦੋ ਸੰਸਥਾਵਾਂ ਦਾ ਘਰ ਅਤੇ ਰਿਸ਼ਤੇ ਦਾ ਸਿਰਜਣ ਕਰਕੇ ਉਸ ਨੂੰ ਸੇਧਿਤ ਅਤੇ ਨਿਰਦੇਸ਼ਿਤ ਕਰਦਾ ਹੈ। ਇਸ ਵਿਚ ਔਰਤ ਨੂੰ ਇਕ ਹਥਿਆਰ ਵਾਂਗ ਵਰਤਦਾ ਹੈ। ਰਿਸ਼ਤੇ ਹਥਿਆਰ ਬਣਦੇ ਹਨ। ਇਹ ਰਿਸ਼ਤੇ ਹੁੰਦੇ ਵੀ ਵਧੇਰੇ ਕਰਕੇ ਔਰਤ ਧਿਰ ਨਾਲ ਸੰਬੰਧਿਤ ਹਨ। ਮਾਂ, ਨਾਨੀ, ਦਾਦੀ ਆਦਿਕ ਰਿਸ਼ਤਿਆਂ ਨੂੰ ਪਿਤਰਕੀ ਪ੍ਰਬੰਧ ਹਥਿਆਰ ਬਣਾ ਲੈਂਦਾ ਹੈ। ਦਲਵੀਰ ਇਨ੍ਹਾਂ ਹਥਿਆਰਾਂ ਨਾਲ ਸੰਵਾਦ ਰਚਾਉਂਦੀ ਪਿਤਰਕੀ ਦੀ ਸਥਾਪਤੀ ਦੀ ਬਾਰ ਬਾਰ ਚਰਚਾ ਕਰਦੀ ਹੈ। ਇਹ ਪਿਤਰਕੀ ਦਾ ਅਵਚੇਤਨ ਕਿੰਨਾ ਲੰਮਾ ਸਫ਼ਰ ਤਹਿ ਕਰ ਸਕਦਾ ਹੈ, ਇਸ ਸੰਬੰਧੀ ਦਲਵੀਰ ਦਾ ਇੰਗਲੈਂਡ ਦੇ ਸ਼ਾਹੀ ਪਰਿਵਾਰ ਵਿਚ ਕੇਟ ਮਿਡਲਟਨ ਦੇ ਵਿਆਹ 'ਤੇ ਰਚੀ ਕਵਿਤਾ 'ਚੋਂ ਪਤਾ ਲੱਗ ਜਾਂਦਾ ਹੈ।
ਰੋਅਲ ਵੈਡਿੰਗ (29 ਅਪ੍ਰੈਲ, 2011)
ਓਹੀ ਮੁੰਦਰੀ!
ਓਹੀ ਮੰਦਰ !
ਕਦ ਮਰਦੀ ਹੈ!!
ਮਰ ਗਈ...
.........ਮਾਂ
(Kate Middleton wore princess Diana's Wedding ring and went to Westminster Abbey in Same Gold Carriage.)
(ਹਾਸਿਲ, ਪੰਨਾ-51)
ਪੂੰਜੀਵਾਦੀ ਪ੍ਰਬੰਧ ਨੇ ਸਾਮੰਤੀ ਵਿਵਸਥਾ ਅਤੇ ਉਸ ਦੀਆਂ ਸਿਰਜੀਆਂ ਸੰਸਥਾਵਾਂ ਨੂੰ ਵੰਗਾਰਿਆ ਅਤੇ ਉਸ ਦੇ ਸਮਾਨਾਂਤਰ ਜੋ ਨਵੀਆਂ ਸੰਸਥਾਵਾਂ ਦੀ ਸਿਰਜਣਾ ਕੀਤੀ, ਆਰੰਭ ਵਿਚ ਤਾਂ ਉਹ ਕ੍ਰਾਂਤੀਕਾਰੀ ਸਨ ਕਿਉਂਕਿ ਉਨ੍ਹਾਂ ਨੇ ਗੁਲਾਮੀ, ਦਮਨ ਅਤੇ ਦਾਬੇ ਨੂੰ ਤਹਿਸ-ਨਹਿਸ਼ ਕੀਤਾ। ਦੂਸਰਾ, ਪੂੰਜੀਵਾਦ ਨੇ ਜੋ ਆਰਥਿਕ ਅਤੇ ਉਪਤਾਦਨੀ ਸੰਬੰਧਾਂ ਦਾ ਸਿਰਜਣ ਕੀਤਾ, ਉਸ ਨੇ ਉਸ ਦਾ ਆਧਾਰ ਯੋਗਤਾ ਅਤੇ ਮੁਕਾਬਲਾ ਬਣਾਇਆ। ਇਨ੍ਹਾਂ ਨੂੰ ਸਥਾਪਤ ਕਰਨ ਲਈ ਉਸ ਨੂੰ ਵਿਅਕਤੀਗਤ ਆਜ਼ਾਦੀ ਦਿੱਤੀ। ਇਹੋ ਆਰਥਿਕਤਾ ਅਤੇ ਆਜ਼ਾਦੀ ਨੇ ਔਰਤ ਨੂੰ ਉਹ ਚੇਤਨਾ ਪ੍ਰਦਾਨ ਕੀਤੀ ਜਿਥੋਂ ਉਹ ਪਿਤਰਕੀ ਦੀ ਪਰਨਿਰਭਰਤਾ ਨੂੰ ਛੱਡ ਕੇ ਸਵੈਨਿਰਭਰਤਾ ਵੱਲ ਵਧੀ। ਇਨ੍ਹਾਂ ਪਦਾਰਥਕ ਪਰਿਸਥਿਤੀਆਂ ਨੇ ਪਿਤਰਕੀ ਦੀਆਂ ਸੰਸਥਾਵਾਂ ਨੂੰ ਵੰਗਾਰਨ ਦੀ ਚੇਤਨਾ ਦਾ ਇਤਿਹਾਸਕ ਕਾਰਜ ਕੀਤਾ। ਔਰਤ ਪਰਨਿਰਭਰਤਾ ਤੋਂ ਸਵੈਨਿਰਭਰਤਾ ਦਾ ਜੋ ਆਰਥਿਕ ਸਫ਼ਰ ਤਹਿ ਕਰਦੀ ਹੈ, ਉਹ ਔਰਤ ਨੂੰ ਸਮਾਜਕ ਦਰਜਾਬੰਦੀ ਤੋਂ ਮੁਕਤ ਕਰਕੇ ਜਮਾਤੀ ਦਰਜਾਬੰਦੀ ਵਿਚ ਪ੍ਰਵੇਸ਼ ਕਰਵਾ ਦਿੰਦਾ ਹੈ। ਇਹੋ ਜਮਾਤੀ ਦਰਜਾਬੰਦੀ ਸਮਾਜਕ ਦਰਜਾਬੰਦੀ ਦੀਆਂ ਰਵਾਇਤੀ ਅਤੇ ਦਮਨਕਾਰੀ ਕਦਰਾਂ ਤੋਂ ਇਨਕਾਰ ਅਤੇ ਵਿਦਰੋਹ ਦਾ ਆਧਾਰ ਬਣਦੀ ਹੈ। ਇਸੇ ਕਰਕੇ ਨਾਰੀ ਰਚਿਤ ਸ਼ਬਦ ਪੂੰਜੀਵਾਦੀ ਚੇਤਨਾ
ਰਾਹੀਂ ਸਾਮੰਤੀ ਵਿਵਸਥਾ ਨੂੰ ਟੱਕਰਦਾ ਹੈ। ਨਾਰੀ ਕਾਵਿ ਦਾ ਵਡੇਰਾ ਹਿੱਸਾ ਪੂੰਜੀਵਾਦੀ ਚੇਤਨਾ ਦੀ ਵਰੋਸਾਈ ਵਿਅਕਤੀਗਤ ਆਜ਼ਾਦੀ ਨੂੰ ਸਵੀਕਾਰ ਕਰਦਾ ਹੈ। ਇਸੇ ਵਿਅਕਤੀਗਤ ਆਜ਼ਾਦੀ ਵਿਚ ਨਾਰੀ ਕਾਮਨਾ ਮੁਕਤੀ ਦਾ ਪ੍ਰਥਮ ਸੁਆਲ ਉਠਾਉਂਦੀ ਹੈ। ਇਸ ਨਾਲ ਨਾਰੀ ਦੇ ਵਜੂਦੀ ਸੁਆਲ ਦਾ ਅਹਿਸਾਸ ਤਾਂ ਹੁੰਦਾ ਹੈ। ਪਰੰਤੂ ਉਸ ਦੀ ਸਰਬੱਪਖੀ ਮੁਕਤੀ ਦਾ ਇਹ ਪ੍ਰਸ਼ਨ ਨਹੀਂ ਬਣਦਾ। ਪੂੰਜੀਵਾਦੀ ਕਦਰ ਪ੍ਰਬੰਧ ਅਤੇ ਵਿਅਕਤੀਗਤ ਆਜ਼ਾਦੀ ਦੀ ਇਸ ਲਾਲਸਾ ਵਿਚ ਔਰਤ ਉਪਭੋਗ ਦੀ ਸ਼ੈਅ ਬਣ ਜਾਂਦੀ ਹੈ। ਪੂੰਜੀਵਾਦੀ ਕਦਰ ਪ੍ਰਬੰਧ ਦੇ ਵਿਕਾਰਾਂ ਵੱਲ ਬਹੁਤ ਘੱਟ ਨਾਰੀ ਰਚਨਾਕਾਰਾਂ ਦੀ ਦ੍ਰਿਸ਼ਟੀ ਗਈ ਹੈ। ਇਸ ਕਰਕੇ ਨਾਰੀ ਰਚਿਤ ਸ਼ਬਦ ਵਿਚ ਵਿਚਾਰਧਾਰਕ ਸੰਕਟ ਵਿਆਪ ਜਾਂਦਾ ਹੈ। ਇਸ ਪੱਖ ਤੋਂ ਦਲਵੀਰ ਦੀ ਕਵਿਤਾ ਇਕ ਵਿੱਥ ਥਾਪਦੀ ਹੈ ਕਿ ਉਸ ਦੀ ਕਵਿਤਾ ਪੂੰਜੀਵਾਦੀ ਕਦਰ ਪ੍ਰਬੰਧ ਨੂੰ ਪਛਾਣਦੀ ਹੈ ਅਤੇ ਉਸ ਨੂੰ ਔਰਤ ਦੇ ਵਜੂਦੀ ਸੁਆਲ ਨਾਲ ਜੋੜਦੀ ਹੈ। ਇਸ ਨੂੰ ਜਾਨਣ-ਪਛਾਨਣ ਲਈ ਉਸ ਦਾ ਵਿਕਸਿਤ ਪੂੰਜੀਵਾਦੀ ਮੁਲਕ ਦੇ ਅਨੁਭਵ ਦਾ ਵਿਸ਼ੇਸ਼ ਦਖ਼ਲ ਹੈ। ਦਲਵੀਰ ਦੀ ਕਵਿਤਾ ਵਿਚ ਔਰਤ ਜੋ ਪਿਤਰਕੀ ਪ੍ਰਬੰਧ ਵਿਚ 'ਕਸੂਰੀ ਜੁੱਤੀ' ਤੋਂ ਇਨਕਾਰ ਕਰਦੀ ਹੈ ਤਾਂ ਪੂੰਜੀਵਾਦੀ ਪ੍ਰਬੰਧ ਉਸ ਨੂੰ 'ਸਵਾਦਿਸ਼ਟ ਡਿਸ਼' ਵਿਚ ਰੂਪਾਂਤਰਿਤ ਕਰ ਦਿੰਦਾ ਹੈ:-
ਬਹੁਰੰਗੀਆਂ
ਸਵਾਦਿਸ਼ਟ ਡਿਸ਼ਜ਼
ਕੋਈ ਚਮਚਾ ਭਰਦਾ
ਕੋਈ ਕੜਛੀ
ਕੋਈ ਅਗਲੇ ਰੰਗ 'ਤੇ ਮੋਹਿਤ
ਇਕ ਹੀ ਡਿਸ਼ ਦਾ
ਸਮਾਂ ਨਹੀਂ ਆਖ
ਅੱਗੇ ਲੰਘਦਾ
ਵਿਆਂਦੜ ਜੋੜਾ
ਰੀਮਿਕਸ ਗਾਣੇ ਦੀ ਧੁਨ 'ਤੇ
ਸਿੱਧਾ ਪੁੱਠਾ ਹੋ ਨੱਚਦਾ
ਮੈਰਿਜ ਪੈਲਿਸ ਦੇ
"Aids Test ਜ਼ਰੂਰ ਕਰਵਾ ਲੈਣਾ
ਕੱਲ ਤੱਕ ਦੇਰ ਹੋ ਚੁੱਕੀ ਹੋਵੇਗੀ।"
(ਅਹਿਦ-ਪੰਨਾ-120)
ਇਸ ਕਵਿਤਾ ਦਾ ਵਾਤਾਵਰਣ ਪਿਤਰਕੀ ਪ੍ਰਬੰਧ ਤੋਂ ਮੁਕਤ ਪੂੰਜੀਵਾਦੀ ਵਾਤਾਵਰਣ ਵਾਲਾ ਹੈ ਅਤੇ ਇਸ ਦੀ ਕਾਵਿ ਭਾਸ਼ਾ ਵੀ ਪਿਤਰਕੀ ਪ੍ਰਬੰਧ ਦੀ ਭਾਸ਼ਾ ਤੋਂ ਮੁਕਤ ਹੈ। ਇਸ ਕਵਿਤਾ ਦਾ ਭਾਵਬੋਧ ਇਹ ਹੈ ਕਿ ਪੂੰਜੀਵਾਦੀ ਪ੍ਰਬੰਧ ਅੰਦਰ ਇਕ ਡਿਸ਼ ਦਾ ਸਮਾਂ ਨਹੀਂ ਰਿਹਾ। ਪੂੰਜੀਵਾਦੀ ਕਦਰ ਪ੍ਰਬੰਧ ਨੇ ਔਰਤ ਦੇ ਪਿਤਰਕੀ ਪ੍ਰਬੰਧ ਦੇ ਦਮਨ ਦਾ ਅੰਤ ਤਾਂ ਕੀਤਾ ਹੈ ਅਤੇ ਉਸ ਦੇ ਬਦਲ ਵਿਚ ਔਰਤ ਨੂੰ ਦਿੱਤਾ ਕੀ ਹੈ? ਔਰਤ ਨੂੰ
ਸਵਾਦਿਸ਼ਟ ਡਿਸ਼ ਬਣਾ ਕੇ ਉਸ ਨੂੰ ਇਕ ਗੁਲਾਮੀ ਤੋਂ ਦੂਜੀ ਗੁਲਾਮੀ ਤੱਕ ਧਕੇਲ ਦਿੱਤਾ ਹੈ। ਇਸ ਪੂੰਜੀਵਾਦ ਦੇ ਘਿਨਾਉਣੇ ਅਤੇ ਭਿਆਨਕ ਚਿੱਤਰ ਦਲਵੀਰ ਦੀ ਕਵਿਤਾ ਵਿਚੋਂ ਮਿਲਦੇ ਹਨ। ਇਹ ਚੇਤਨਾ ਨਾਰੀ ਕਾਵਿ ਦਾ ਉਹ ਪੜਾਅ ਹੈ ਜੋ ਪਿਤਰਕੀ ਤੋਂ ਮੁਕਤ ਹੋ ਕੇ ਸਮੇਂ ਦੇ ਹਾਣ ਦਾ ਬਣਦਾ ਹੈ। ਇਸ ਨਾਲ ਆਧੁਨਿਕ ਕਵਿਤਾ ਦੇ ਨਕਸ਼ ਵੀ ਡੂੰਘੇ ਹੁੰਦੇ ਹਨ। ਦਲਵੀਰ ਪੂੰਜੀਵਾਦੀ ਕਦਰ ਪ੍ਰਬੰਧ ਦੀ ਅਮਾਨਵੀਕਰਨ ਦੀ ਪ੍ਰਕਿਰਿਆ ਨੂੰ ਸੂਖ਼ਮ ਰੂਪ 'ਚ ਪਛਾਣਦੀ ਹੈ। ਇਸੇ ਕਰਕੇ ਉਹ ਪਰੰਪਰਕ ਨਾਰੀ ਕਾਵਿ ਤੋਂ ਵਿੱਥ ਥਾਪਦੀ ਹੈ:-
ਸਰੀਰ ਵਿਚ
ਸੋ ਸਪੋਲੀਏ ਦੇ
ਡਂਗ ਹੰਢਾਉਂਦੀ
ਉਹ ਮਾਸੂਮ ਕੁੜੀ
ਕੁਰਸੀ 'ਤੇ ਬੈਠਦਿਆਂ ਹੀ
ਗੁੱਛਾ ਮੁੱਛਾ ਹੁੰਦੀ
ਮਨੋਰੋਗ ਮਾਹਿਰ ਦੇ
ਕੁਝ ਪੁੱਛਣ ਤੋਂ ਪਹਿਲਾਂ ਹੀ
ਡਰ ਨਾਲ ਕੰਬਦੀ
ਤਿਰਛੀ ਨਜ਼ਰ
ਬੰਦ ਦਰਵਾਜ਼ੇ 'ਤੇ ਟਿਕਾਅ
ਕੁੜੀ ਸਹਿਮੀ ਆਵਾਜ਼ 'ਚ
ਸਾਹੋ ਸਾਹ ਹੋਈ ਪੁੱਛਦੀ
"Do you have knife on you?"
"Doctor do you have
Foster father as well?
Do you want me
Take my clothes off
And recite Alphabet Loudly?"
(ਅਹਿਦ-ਪੰਨਾ -48)
ਇਉਂ ਪੂੰਜੀਵਾਦੀ ਕਦਰ ਪ੍ਰਬੰਧ ਨੇ ਵੀ ਮਨੁੱਖੀ ਹੋਂਦ ਨੂੰ ਪਲਰਨ ਅਤੇ ਪਸਰਨ ਨਹੀਂ ਦਿੱਤਾ ਸਗੋਂ ਉਸ ਨੂੰ ਉਪਭੋਗੀ ਸ਼ੈਅ ਵਿਚ ਤਬਦੀਲ ਕਰਕੇ ਮਾਨਵਤਾ ਦੇ ਵਿਕਾਸ ਦੀ ਥਾਵੇਂ ਉਸ ਨੂੰ ਅਪਾਹਜ ਕੀਤਾ ਹੈ। ਇਸ ਦੇ ਨਾਲ ਹੀ ਇਕ ਅਹਿਮ ਪਾਸਾਰ ਹੋਰ ਹੈ ਕਿ ਨਾਰੀ ਰਚਿਤ ਕਵਿਤਾ ਦਾ ਪਾਤਰ ਕਾਮਨਾ ਦੀ ਪੱਧਰ ਉਪਰ ਮੁਕਤ ਹੋਣ ਦੀ ਲੋਚਾ ਰੱਖਦਾ ਹੈ। ਇਹ ਲੋਚਾ ਉਸ ਨੂੰ ਮਾਨਸਿਕ ਤ੍ਰਿਪਤੀ ਦਾ ਅਹਿਸਾਸ ਜਗਾਉਂਦੀ
ਹੈ। ਦਲਵੀਰ ਦੀ ਕਵਿਤਾ ਵਿਚ ਇਕੋ ਸਮੇਂ ਤਿੰਨ ਪੀੜ੍ਹੀਆਂ ਰਹਿੰਦੀਆਂ ਹਨ। ਮਾਂ ਵਾਲੀ ਪੀੜ੍ਹੀ ਪਿਤਰਕੀ ਅਵਚੇਤਨ ਦੀ ਸ਼ਿਕਾਰ ਹੈ ਅਤੇ ਉਹ ਕਿਸੇ ਵੀ ਤਰ੍ਹਾਂ ਵਿਦਰੋਹ ਲਈ ਤਿਆਰ ਨਹੀਂ। ਦੂਸਰੀ ਪੀੜ੍ਹੀ ਵਿਦਰੋਹ ਕਰਦੀ ਹੈ। ਤੀਸਰੀ ਪੀੜ੍ਹੀ ਮੁਕਤ ਜੀਵਨ ਬਤੀਤ ਕਰਦੀ ਹੈ।
ਮੈਂ ਇੱਕਵੀਂ ਸਦੀ 'ਚ
ਕੁਝ ਮਾਂ ਦੇ ਉਪਦੇਸ਼
ਕੁਝ ਪਿਓ ਦਾ ਕਰਮ
ਆਪਣੇ ਮੱਥੇ ਟੰਗਦੀ ਹਾਂ
ਇਕ ਸਾਹ ਜਿਊਂਦੀ ਹਾਂ
ਇਕ ਸਾਹ ਮਰਦੀ ਹਾਂ
ਮੇਰਾ ਬੱਚਾ
ਦੋਵਾਂ ਤੋਂ ਆਜ਼ਾਦ ਹੈ
(Freud) ਫਰਾਇਡ ਨੂੰ ਪੜ੍ਹਦਾ ਹੈ
ਕੁਦਰਤੀ ਵੇਗ 'ਚ
ਵਹਿੰਦਾ ਹੈ
ਆਪਣਾ ਨੰਗ ਪਛਾਣਦਾ ਹੈ
ਦੂਜੇ ਦਾ ਨੰਗ
ਜਰਦਾ ਹੈ
ਇਹ ਵੇਖ ਹੁਣ ਨਾਨੀ ਕਹਿੰਦੀ ਹੈ,
"ਸਾਡੇ ਨਾਲੋਂ ਤਾਂ
ਇਹ ਚੰਗਾ ਹੈ
ਜੋ ਸੱਚ ਜਿਊਂਦਾ ਹੈ
ਤੇ ਅਫ਼ਲਾਤੂਨੀ ਪਾਖੰਡ ਤੋਂ
ਕੰਡ ਕਰਦਾ ਹੈ!!
(ਅਹਿਦ-ਪੰਨਾ-33)
ਇਹ ਕਵਿਤਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਪੂੰਜੀਵਾਦ ਨੇ ਜੋ ਵਿਅਕਤੀਗਤ ਆਜ਼ਾਦੀ ਦਿੱਤੀ ਹੈ, ਇਹ ਉਸੇ ਦਾ ਪ੍ਰਗਟਾਵਾ ਹੈ ਕਿ ਮਨੁੱਖ ਮੁਕਤ ਹੋਣਾ ਲੋਚਦਾ ਹੈ। ਇਹ ਲੋਚਾ ਕਾਮਨਾ ਕੇਂਦਰਿਤ ਹੈ। ਕਵਿਤਾ ਵਿਚ ਆਏ ਚਿਹਨ ਫਰਾਇਡ, ਨੰਗ, ਕੁਦਰਤੀ ਵੇਗ ਆਦਿ ਕਾਮਨਾਮਈ ਹਨ। ਇਥੇ ਸੁਆਲ ਪੈਦਾ ਹੋ ਜਾਂਦਾ ਹੈ ਕਿ ਕੀ ਨਾਰੀ ਦਾ ਪ੍ਰਮੁੱਖ ਸਰੋਕਾਰ ਕਾਮਨਾ ਦਾ ਹੀ ਹੈ ਜਾਂ ਹੋਰ ਵੀ ਹੈ? ਕੀ ਕਾਮਨਾ ਤੋਂ ਮੁਕਤੀ ਔਰਤ ਦੀ ਸੰਪੂਰਨ ਮੁਕਤੀ ਹੈ? ਪਰੰਤੂ ਅਜਿਹਾ ਨਹੀਂ ਹੈ। ਨਾਨੀ ਦਾ ਖੁਸ਼ ਹੋਣਾ ਇਥੇ ਇਹ ਦਰਸਾਉਂਦਾ ਹੈ ਕਿ ਪਿਤਰਕੀ ਪ੍ਰਬੰਧ ਵਿਚ ਨਾਰੀ ਨੂੰ ਗ਼ੁਲਾਮ ਹੀ ਕਾਮਨਾ ਦੇ ਰਸਤਿਓਂ ਕੀਤਾ ਜਾਂਦਾ ਹੈ। ਕਾਮਨਾ ਦੇ ਨਾਲ ਹੀ ਇੱਜ਼ਤ, ਅਣਖ,
ਗੌਰਵ ਵਰਗੇ ਪ੍ਰਤੀਮਾਨ ਪੈਦਾ ਕਰਕੇ ਪਿਤਰਕੀ ਨੇ ਨਾਰੀ ਦੀ ਦੇਹ ਨੂੰ ਸਾਧਿਆ ਹੈ। ਕਵਿਤਾ ਵਿਚ ਨਾਨੀ ਦੇਹ ਤੇ ਕਾਮਨਾ ਦੀ ਇਸ ਮੁਕਤੀ ਤੋਂ ਖ਼ੁਸ਼ ਹੁੰਦੀ ਹੈ। ਪਰੰਤੂ ਪੂੰਜੀਵਾਦ ਇਸ ਕਾਮਨਾ ਨੂੰ ਬੇਲਗਾਮ ਕਰ ਦਿੰਦਾ ਹੈ ਜਿਸ ਕਰਕੇ ਇਸ ਕਾਮਨਾ ਦਾ ਹਸ਼ਰ ਭਟਕਣ, ਦੁਖਾਂਤ, ਨਿਰਾਸ਼ਾ 'ਚ ਨਿਕਲਦਾ ਹੈ। ਇਸ ਦੁਖਾਂਤ ਬੋਧ ਨੂੰ ਦਲਵੀਰ ਕਵਿਤਾ ਅੰਦਰ ਸੰਚਾਰ ਕੇ ਪੂੰਜੀਵਾਦ ਦੀਆਂ ਸੂਖ਼ਮ ਵਿਚਾਰਧਾਰਕ ਤੰਦਾਂ ਨੂੰ ਫੜਦੀ ਹੈ। ਇਸ ਕਰਕੇ ਉਸ ਦੀ ਕਵਿਤਾ ਯਥਾਰਥ ਦੇ ਨਾਲ ਦਸਤਪੰਜਾ ਲੈਂਦੀ ਹੈ। ਪੂੰਜੀਵਾਦ ਦੀ ਇਸ ਭਟਕਣ ਦਾ ਦ੍ਰਿਸ਼ ਦਲਵੀਰ ਦੀ ਕਵਿਤਾ 'ਚ ਹੈ:-
ਨਵੇਂ ਅੱਖਰਾਂ ਦੀ
.... ਭਾਵ...
ਨਕਸ਼ਾਂ ਦੀ ਤਲਾਸ਼
ਕੰਧ ਤੇ ਲਟਕਿਆ ਸ਼ੀਸ਼ਾ
ਹੁਣ ਕਰਦਾ ਨਹੀਂ
ਆਪਣੀ ਕੋਈ ਗੱਲ
ਵਰਜਿਤ!
ਵਿਵਰਜਿਤ!
ਸ਼ਬਦਾਂ ਗਲ ਪਾ ਕੇ
ਈਡਨ ਦੇ ਬਾਗੀਂ
ਭਟਕਦੇ
'ਈਵ ਤੇ ਐਡਮ'
(ਹਾਸਿਲ-ਪੰਨਾ-88)
ਪੂੰਜੀਵਾਦੀ ਸਮਾਜ ਅਤੇ ਸਭਿਆਚਾਰ ਵਿਚ ਵਰਜਿਤ ਅਤੇ ਵਿਵਰਜਿਤ ਦਾ ਮਸਲਾ ਕਿਸੇ ਵੀ ਤਰ੍ਹਾਂ ਦੀ ਨੈਤਿਕਤਾ ਤੋਂ ਮੁਕਤ ਹੋ ਜਾਂਦਾ ਹੈ। ਕਾਮਨਾ ਦੀ ਮੁਕਤੀ ਭਟਕਣ ਵਿਚ ਬਦਲ ਜਾਂਦੀ ਹੈ। ਦਲਵੀਰ ਦੀ ਕਵਿਤਾ ਦਾ ਇਹ ਸੁਆਲ ਸਮੁੱਚੀ ਨਾਰੀ ਕਵਿਤਾ ਲਈ ਵੰਗਾਰ ਹੈ ਕਿਉਂਕਿ ਵਿਅਕਤੀਗਤ ਆਜ਼ਾਦੀ ਦੇ ਭਰਮ ਨੂੰ ਅਤੇ ਯਥਾਰਥ ਨੂੰ ਸਮਝਣਾ ਅਤੇ ਨਿਖੇੜਨਾ ਜ਼ਰੂਰੀ ਹੈ। ਜਦੋਂ ਤੱਕ ਇਸ ਭਰਮ ਅਤੇ ਯਥਾਰਥ ਦਾ ਨਿਖੇੜਾ ਨਹੀਂ ਹੁੰਦਾ, ਉਦੋਂ ਤੱਕ ਕਵਿਤਾ ਅੰਦਰ ਉਹ ਸੇਕ, ਚਿੰਤਨ ਅਤੇ ਸੰਵਾਦ ਪੈਦਾ ਨਹੀਂ ਹੁੰਦਾ ਜਿਸ ਨੇ ਸਮਾਜੀ ਭੂਮਿਕਾ ਨਿਭਾਉਣੀ ਹੁੰਦੀ ਹੈ। ਕਵਿਤਾ ਮਹਿਜ਼ ਸ਼ਾਬਦਿਕ ਲੀਲ੍ਹਾ ਹੀ ਨਹੀਂ ਹੁੰਦੀ ਉਸ ਦਾ ਸਮਾਜਕ ਕਰਮ ਵੀ ਹੁੰਦਾ ਹੈ। ਇਸ ਲਈ ਕਵਿਤਾ ਦੀ ਸਾਰਥਿਕਤਾ ਇਸ ਆਧਾਰ ਉੱਪਰ ਹੀ ਖੜ੍ਹੀ ਹੁੰਦੀ ਹੈ।
ਪੂੰਜੀਵਾਦੀ ਸਮਾਜ ਅਤੇ ਸਭਿਆਚਾਰ ਵਿਅਕਤੀਗਤ ਆਜ਼ਾਦੀ ਦੇ ਨਾਅ ਹੇਠ ਸਮਾਜ ਨੂੰ ਖੰਡ-ਖੰਡ ਕਰਨ ਦੀ ਅਜਿਹੀ ਸਿਆਸਤ ਵੀ ਚਲਦਾ ਹੈ ਜਿਹੜੀ ਸਿਆਸਤ ਪਛਾਣ ਦੀ ਰਾਜਨੀਤੀ ਹੇਠ ਚੱਲਦੀ ਹੈ। ਇਹ ਪਛਾਣ ਵੱਖਰੇ ਵੱਖਰੇ ਸਮੂਹਾਂ ਨੂੰ ਵੱਖਰੀ ਵੱਖਰੀ ਚੇਤਨਾ ਰਾਹੀਂ ਐਨਾ ਖੰਡਿਤ ਕਰ ਦਿੰਦੀ ਹੈ ਕਿ ਦਬੇਲ ਅਤੇ ਦਮਨਕ੍ਰਿਤ ਧਿਰਾਂ ਆਪਣੇ ਆਪਣੇ ਸੰਘਰਸ਼ ਵਿਚ ਵਿਅਸਤ ਹੋ ਜਾਂਦੀਆਂ ਹਨ। ਇਹ ਸੁਆਲ ਖੜਾ ਹੋ
ਜਾਂਦਾ ਹੈ ਕਿ ਕੀ ਦਬੇਲ ਅਤੇ ਸੋਸ਼ਣੀ ਧਿਰਾਂ ਦੀ ਮੁਕਤੀ ਸੰਭਵ ਹੈ? ਕੀ ਦਲਿਤ ਇੱਕਲਾ ਮੁਕਤ ਹੋ ਸਕਦਾ ਹੈ?। ਕੀ ਪੂੰਜੀ ਦੀ ਲੁੱਟ ਦੀ ਸਤਾਈ ਮਿਹਨਤ ਦੀ ਇੱਕਲੀ ਮੁਕਤੀ ਸੰਭਵ ਹੈ? ਸਮੁੱਚੀ ਪੰਜਾਬੀ ਕਵਿਤਾ ਵਿਚ ਇਹ ਮੁਕਤੀ ਦੇ ਪ੍ਰਵਚਨਾਂ ਦਾ ਆਪਸੀ ਸੰਵਾਦ ਜਾਂ ਸਾਂਝਾ ਪ੍ਰਾਜੈਕਟ ਕਿਧਰੇ ਦਿਖਾਈ ਨਹੀਂ ਦਿੰਦਾ। ਦਲਵੀਰ ਦੀ ਕਵਿਤਾ ਵਿਚ ਇਸ ਤਰ੍ਹਾਂ ਦੀ ਚੇਤਨਾ ਅਤੇ ਧੁਨੀ ਹੈ ਕਿ ਸਮੁੱਚੇ ਜਟਿਲ ਵਰਤਾਰੇ ਨੂੰ ਅੰਤਰ ਸੰਬੰਧਿਤ ਕਰਕੇ ਦੇਖਦੀ ਹੈ:-
ਇਨ੍ਹਾਂ ਦਿਨਾਂ ਵਿਚ
ਫੇਰ ਕੁਝ ਬੱਚੇ
ਮੇਰੇ ਪੇਟੋਂ ਜਨਮ ਮੰਗਦੇ ਨੇ।
ਆਪੇ ਲਿਖਣਾ ਚਾਹੁੰਦੇ ਨੇ
ਕਿਸਮਤ ਆਪਣੀ
ਰੰਗ ਢੰਗ ਤੇਵਰ
ਸਿਰਜਣ ਨੂੰ ਫਿਰਦੇ
ਰੱਬ ਆਪਣਾ
ਸੁਨੱਖੀ ਸੂਰਤ
ਤਿੱਖੇ ਨੈਣ ਨਕਬਾਂ ਵਾਲੀ
ਆਰੀਅਨ ਕੁੜੀ
ਇਨ੍ਹਾਂ ਵੱਲ ਵੇਖ ਨੱਕ ਢੱਕਦੀ ਹੈ!
ਬਿਲਕੁਲ ਮੇਰੀ ਦਾਦੀ ਵਾਂਗ।
ਸੋਚ ਤਰਲੋ ਮੱਛੀ ਹੁੰਦੀ ਹੈ
ਤੂੰ ਜੰਮ ਲੈਣ ਦੇ ਫਿਰ ਇਕ ਵਾਰ
ਸਦਨੇ ਦੇ ਬੋਲ
ਪੱਟ ਲੈਣ ਦੇ ਰਵੀਦਾਸ ਨੂੰ ਅੱਖ
ਫਰੀਦ ਦਾ ਪਿੰਜਰ
ਕਾਵਾਂ ਦੀ ਨੀਅਤ 'ਤੇ
ਸ਼ੱਕ ਹੋ ਗਿਆ ਹੈ
ਮੈਂ ਆਪਣੀ ਦਾਦੀ ਦੀ ਜਾਤ ਬਾਰੇ
ਜਾਣ ਚੁੱਕੀ ਹਾਂ !!
.................
(ਹਾਸਿਲ, ਪੰਨਾ35)
ਚਿੱੜੀਆਂ ਕਦ ਤੱਕ ਹੋਣਗੀਆਂ
ਬਾਜਾਂ ਦਾ ਖਾਜ
ਖਾਣਗੀਆਂ
ਚੁੰਝਾਂ ਪਹੁੰਚਿਆਂ ਦੀ ਮਾਰ!
ਪਰਚਮ ਹੁਣ ਕਿਸੇ ਹੱਥ ਵੀ ਹੋ ਸਕਦੈ।
(ਹਾਸਿਲ, ਪੰਨਾ 38)
ਦਲਵੀਰ ਦੀਆਂ ਇਹ ਕਵਿਤਾਵਾਂ ਰਾਜਨੀਤਕ ਚੇਤਨਤਾ ਵਾਲੀਆਂ ਹਨ ਕਿਉਂਕਿ ਉਸ ਨੇ ਸਮਾਜਕ ਵਰਤਾਰਿਆਂ ਨੂੰ ਅਨੁਭਵਸਿੱਧ (Empirical) ਰੂਪ ਵਿਚ ਨਹੀਂ ਆਲੋਚਨਾਤਮਕ (Critical) ਰੂਪ ਵਿਚ ਜਾਣਿਆ ਹੈ। ਸਮਾਜਕ ਵਰਤਾਰੇ ਰਾਜਨੀਤੀ ਤੋਂ ਮੁਕਤ ਨਹੀਂ ਹੁੰਦੇ। ਜਿਹੜੇ ਕਵੀ ਸਮਾਜਕ ਵਰਤਾਰਿਆਂ ਪ੍ਰਤੀ ਅਨੁਭਵਸਿੱਧ ਦ੍ਰਿਸ਼ਟੀ ਰੱਖਦੇ ਕਵਿਤਾ ਰਚਦੇ ਹਨ, ਉਹ ਸਮਾਜਕ ਵਰਤਾਰਿਆਂ ਪ੍ਰਤੀ ਮਹਿਜ਼ ਪ੍ਰਤੀਕਰਮ ਕਰ ਰਹੇ ਹੁੰਦੇ ਹਨ। ਜਦੋਂ ਕਵਿਤਾ ਪ੍ਰਤੀਕਰਮ ਤੱਕ ਸੀਮਤ ਹੋ ਜਾਵੇ, ਉਹ ਤਲਖ਼ੀ, ਗੁੱਸਾ, ਅਨਾਰਕੀ, ਬਦਲਾਲਊ ਭਾਵਨਾ ਬਣ ਜਾਂਦੀ ਹੈ, ਕਾਵਿ ਪ੍ਰਵਚਨ ਨਹੀਂ ਬਣਦੀ। ਕਾਵਿ ਪ੍ਰਵਚਨ ਸੰਵਾਦੀ ਬਿਰਤੀ ਦੇ ਵਿਚਾਰਧਾਰਕ ਸੇਕ ਵਾਲਾ ਹੁੰਦਾ ਹੈ। ਨਾਰੀ, ਦਲਿਤ ਅਤੇ ਹੋਰ ਮੁਕਤੀ ਲਈ ਲਿਖਿਆ ਜਾ ਰਿਹਾ ਸਾਹਿਤ ਇਸੇ ਕਰਕੇ ਸਤਹੀ ਬਣਿਆ ਰਹਿੰਦਾ ਹੈ ਕਿ ਉਹ ਇਨ੍ਹਾਂ ਵਰਤਾਰਿਆਂ ਦੀ ਸਿਆਸਤ ਨੂੰ ਫੜਨ ਤੋਂ ਖੁੰਝ ਜਾਂਦਾ ਹੈ। ਦਲਵੀਰ ਦੀ ਕਵਿਤਾ ਇਸੇ ਕਰਕੇ ਪੰਰਪਰਕ ਅਤੇ ਰਵਾਇਤੀ ਨਾਰੀਵਾਦ ਤੋਂ ਵਿੱਥ ਥਾਪਦੀ ਹੈ ਕਿ ਉਹ ਵਰਤਾਰਿਆਂ ਦੇ ਅੰਦਰਲੀ ਸਿਆਸਤ ਨੂੰ ਪਛਾਣ ਕੇ ਉਸ ਯਥਾਰਥ ਨੂੰ ਸੰਚਾਰਦੀ ਹੈ ਜੋ ਯਥਾਰਥ ਇਕ ਪਰਤੀ ਨਹੀਂ ਸਗੋਂ ਬਹੁਪਰਤੀ, ਬਹੁਪਾਸਰੀ ਅਤੇ ਜਟਿਲ ਹੈ। ਦਲਵੀਰ ਦੀ ਕਵਿਤਾ ਦੀ ਵਿਧੀ ਅਤੇ ਬਣਤ ਇਹੋ ਜਿਹੀ ਹੈ ਕਿ ਉਹ ਰਾਜਨੀਤਕ ਵਿਸ਼ਿਆਂ ਉੱਪਰ ਰਾਜਨੀਤਕ ਪ੍ਰਤੀਕਰਮ ਦੀ ਕਵਿਤਾ ਦਾ ਸਿਰਜਣ ਨਹੀਂ ਕਰਦੀ ਸਗੋਂ ਵਰਤਾਰਿਆਂ ਦੇ ਅੰਦਰੋਂ ਰਾਜਨੀਤਕ ਵਿਆਕਰਣ ਨੂੰ ਫੜਦੀ ਹੈ। ਇਸ ਕਰਕੇ ਉਸ ਦੀ ਕਵਿਤਾ ਚਕਾਚੌਧ ਨਹੀਂ ਕਰਦੀ ਸਗੋਂ ਸੋਚਣ ਲਾਉਂਦੀ ਹੈ। ਅਜਿਹੀ ਵਿਧੀ ਵਾਲੀ ਸੂਖਮ 'ਚੋਂ ਗੁਜ਼ਰਦੇ ਹਾਂ:-
ਦਹਿੰਸਰ ਨੂੰ ਅੱਗ ਲਾਈ ਜਾਵੇਗੀ।
ਨੌ ਸਿਹ
ਆਤਸ਼ਬਾਜ਼ੀ ਸਮੇਤ ਜਲ ਜਾਣਗੇ!
ਦਸਵਾਂ ਸਿਰ ਜਸ਼ਨ ਮਨਾ
ਲੋਕਾਂ ਦੀ ਭੀੜ ਸਮੇਤ
ਘਰ ਵਾਪਿਸ ਪਰਤ ਜਾਏਗਾ।
ਲੰਕਾ ਦੀ ਰਾਖੀ ਕੌਣ ਕਰੇਗਾ?
ਸੰਨ੍ਹ ਲੱਗ ਚੁੱਕੀ ਹੈ।
ਦਰਵਾਜ਼ਾ ਨਹੀਂ ਹੈ
ਸੀਤਾ ਦੀ ਮਹਿਕ ਕਿਸ ਨੇ ਚੁਰਾਈ?
ਧੋਬਣ ਧੋਬੀ ਵੱਲ
ਚੋਰ ਅੱਖੇ ਵੇਖ ਰਹੀ ਹੈ
ਰਾਵਣ ਧੋਬੀ ਪਟੜਾ ਲਾ ਕੇ ਜਾ ਚੁੱਕਾ ਹੈ।
(ਹਾਸਿਲ-ਪੰਨਾ-57)
ਇਉਂ ਰਾਜਨੀਤੀ ਦੀ ਵਿਆਕਰਣ ਨੂੰ ਸਮਾਜਕ ਪਹਿਰਨ ਵਿਚ ਪਛਾਨਣਾ ਅਤੇ ਸੰਚਾਰਨਾ ਸਹਿਲ ਕਾਰਜ ਨਹੀਂ ਹੈ। ਅਜਿਹੀ ਕਵਿਤਾ ਸਿੱਧੇ ਤੌਰ 'ਤੇ ਮੁਖਾਤਬ ਨਾ ਹੋ ਕੇ ਉਹ ਟੇਢ ਪੈਦਾ ਕਰਦੀ ਹੈ, ਜੋ ਕਵਿਤਾ ਦੀ ਕਲਾ ਮੰਗ ਕਰਦੀ ਹੈ। ਕਵਿਤਾ ਦਾ ਓਹਲਾ ਹੀ ਉਸ ਦਾ ਸੰਘਣਾਪਣ ਹੁੰਦਾ ਹੈ ਜਿਹੜਾ ਕਵਿਤਾ ਦੇ ਬੋਧ ਨੂੰ ਗੁੰਦਦਾ ਹੈ। ਦਲਵੀਰ ਦੀ ਕਵਿਤਾ ਸਿਰਫ਼ ਨਾਰੀਵਾਦੀ ਕਵਿਤਾ ਅੰਦਰ ਹੀ ਸੰਘਣਾਪਣ ਅਤੇ ਨਿਵੇਕਲਾਪਣ ਪੈਦਾ ਨਹੀਂ ਕਰਦੀ ਸਗੋਂ ਨਵੀਂ ਪੰਜਾਬੀ ਕਵਿਤਾ ਨੂੰ ਵੀ ਇਕ ਨਵੀਂ ਦਿਸ਼ਾ ਅਤੇ ਡੂੰਘਾਈ ਦਿੰਦੀ ਹੈ ਜਿਸ ਤਰ੍ਹਾਂ ਵੱਖਰੇ ਵੱਖਰੇ ਵਰਤਾਰੇ, ਉਨ੍ਹਾਂ ਦੀ ਸਿਆਸਤ, ਪਿਤਰਕੀ ਦਾ ਅਵਚੇਤਨ, ਔਰਤ ਦੇ ਵਜੂਦ ਨਾਲ ਜੁੜੇ ਪ੍ਰਸ਼ਨ ਦਲਵੀਰ ਦੀ ਕਵਿਤਾ ਵਿਚ ਸਾਹਮਣੇ ਆਉਂਦੇ ਹਨ, ਉਹ ਨਿਸ਼ਚੇ ਹੀ ਪੰਜਾਬੀ ਕਵਿਤਾ ਨੂੰ ਸਮਾਜਕਤਾ ਦੇ ਪ੍ਰਵਾਹ ਵਿਚ ਢਾਲ ਕੇ ਨਵਾਂ ਸੰਵਾਦ ਛੇੜਦੇ ਹਨ। ਦਲਵੀਰ ਦੀ ਕਵਿਤਾ ਦਾ ਕਾਵਿ। ਸੰਬੋਧਨ, ਕਾਵਿ ਸੰਚਾਰ, ਕਾਵਿ ਸੰਜਮਤਾ, ਚਿਹਨਾਂ ਦੀ ਵਰਤੋਂ ਅਤੇ ਕਾਵਿ ਸੁਹਜ ਬਾਰੇ ਚਰਚਾ ਫਿਰ ਕਦੇ ਸਹੀ।
ਮਦਨ ਵੀਰਾ ਕਾਵਿ ਦੇ ਸਰੋਕਾਰ
ਪ੍ਰੀਤਇੰਦਰ ਸਿੰਘ
ਭਾਰਤੀ ਸਮਾਜਿਕ ਰਚਨਾ ਅਜਿਹੀ ਪੀਡੀ ਤੇ ਗੁੰਝਲਦਾਰ ਹੈ, ਜਿਸ ਵਿਚ ਵਿਭਿੰਨ ਸਮਾਜਿਕ ਸਮੂਹਾਂ ਵਿਚ ਵੰਡੇ ਹੋਏ ਲੋਕ ਵੱਖਰੇ-ਵੱਖਰੇ ਥਾਵਾਂ ਤੇ ਭੂਗੋਲਿਕ ਦਿਸ਼ਾਵਾਂ ਵਿਚ ਵਸਦੇ ਹਨ। ਜਿਨ੍ਹਾਂ ਦੇ ਸਭਿਅਚਾਰਕ ਵਖਰੇਵੇਂ ਸਿੱਧੇ ਤੌਰ 'ਤੇ ਵੀ ਅਤੇ ਸੂਖ਼ਮ ਪੱਧਰ 'ਤੇ ਵੀ ਦਿਖਾਈ ਦਿੰਦੇ ਹਨ। ਪਰ ਇਨ੍ਹਾਂ ਵਖਰੇਵਿਆਂ ਦੇ ਸਮਾਨਾਂਤਰ ਹੀ ਧਾਰਮਿਕ- ਆਰਥਿਕ, ਰਾਜਨੀਤਕ-ਆਰਥਿਕ ਤੇ ਧਾਰਮਿਕ-ਰਾਜਨੀਤਕ ਪੱਧਰ 'ਤੇ ਰਲੇਵਿਆਂ ਨੇ ਬਹੁਤ ਸਾਰੇ ਸਵਾਲ ਖੜ੍ਹੇ ਕੀਤੇ ਹਨ। ਇਨ੍ਹਾਂ ਸਾਰੇ ਤੱਤਾਂ ਦੇ ਬਾਵਜੂਦ ਇੱਕ ਵੱਖਰੀ ਕਿਸਮ ਦਾ ਅਵਚੇਤਨ ਪੈਦਾ ਹੋਇਆ ਹੈ। ਡਾ. ਸੰਤੋਖ ਸਿੰਘ ਅਨੁਸਾਰ, "ਇਨ੍ਹਾਂ ਵਿੱਚੋਂ ਜਨਮ, ਭੂਗੋਲਿਕ ਸਥਿਤੀ ਤੇ ਆਰਥਿਕ ਵਸੀਲੇ ਉਹ ਠੋਸ ਤੱਤ ਬਣਦੇ ਹਨ, ਜਿਨ੍ਹਾਂ ਤੋਂ ਉਤਪੰਨ ਚੇਤਨਾ ਦੁਨੀਆਂ ਭਰ ਦੇ ਵਰਤਾਰਿਆਂ ਪ੍ਰਤੀ ਪ੍ਰਤੀਕਿਰਿਆ ਦਿਖਾਉਂਦੀ ਹੈ। ਅਜਿਹੀ ਭਾਰਤੀ ਸਮਾਜਿਕ ਬਣਤਰ ਵਿਚ ਮਨੁੱਖ ਦੀ ਪਹਿਚਾਣ ਉਸ ਦੇ ਜਨਮ ਤੋਂ ਹੀ ਹੈ। ਉਸ ਉਪਰ ਉਸ ਦੀ ਸਮਾਜਿਕਤਾ ਅਨੁਸਾਰ ਬੰਦਸ਼ਾਂ ਵੀ ਹਨ ਅਤੇ ਆਪਣੇ ਦਾਇਰੇ ਵਿਚ ਕੁਝ ਕੁ ਖੁੱਲ੍ਹਾ ਹਨ।" ਸਮਾਜ ਵਿਚ ਕੁਝ ਨਕਾਰਾਤਮਕ ਅਤੇ ਵਿਘਟਨਕਾਰੀ ਪ੍ਰਵਿਰਤੀਆਂ ਵੀ ਦੇਖਣ ਵਿਚ ਆ ਰਹੀਆਂ ਹਨ। ਅਜਿਹੇ ਰੁਝਾਨਾਂ ਨੂੰ ਦੇਖ ਕੇ ਕੋਈ ਵੀ ਸਮਾਜ ਹਿਤੈਸ਼ੀ ਵਿਅਕਤੀ ਖ਼ੁਸ਼ ਨਹੀਂ ਹੋ ਸਕਦਾ। ਸਮਾਜ ਨੂੰ ਕਿਸੇ ਵੀ ਆਧਾਰ 'ਤੇ ਛੋਟੇ-ਛੋਟੇ ਗਰੁੱਪਾਂ ਜਾਂ ਜਾਤਾਂ ਵਿਚ ਵੰਡਣਾ ਅਤੇ ਸਮਾਜ ਵਿਚ ਜਾਨਲੇਵਾ ਵਿਰੋਧਾਂ ਦਾ ਪੈਦਾ ਕਰ ਲੈਣਾ ਬਹੁਤ ਦੁਖਦਾਈ ਤੇ ਕਰੁਣਾਮਈ ਹੈ। ਅਜਿਹੇ ਰੁਝਾਨਾਂ ਜਾਂ ਪ੍ਰਵਿਰਤੀਆਂ ਦਾ ਜ਼ੋਰ ਪਕੜਨਾ ਸਮਾਜ ਦੇ ਸਮੁੱਚੇ ਹਿੱਤ ਲਈ ਕੋਈ ਬਿਹਤਰ ਅਤੇ ਕਲਿਆਣਕਾਰੀ ਨਿਸ਼ਾਨੀ ਨਹੀਂ ਹੈ। ਇਹ ਬਹੁਤ ਹੀ ਸੰਵੇਦਨਸ਼ੀਲ ਮਸਲਾ ਹੈ, ਜਿਸ ਨੂੰ ਓਨੀ ਹੀ ਬਾਰੀਕੀ ਤੇ ਸੰਜੀਦਗੀ ਨਾਲ ਵਿਚਾਰਨ ਤੇ ਸਮਝਣ ਦੀ ਲੋੜ ਹੈ। ਧਰਮ ਦੀ ਪਾਣ ਨਾਲ ਰਚੀ ਗਈ ਸਮਾਜਿਕ ਵਿਵਸਥਾ ਦੀ ਇਨਸਾਨੀ ਜੀਵਨ 'ਤੇ ਪਈ ਮਾਰ ਹੀ ਏਨੀ ਡੂੰਘੀ ਤੇ ਖ਼ਤਰਨਾਕ ਹੈ ਕਿ ਕੋਈ ਵੀ ਸੰਵੇਦਨਸ਼ੀਲ ਵਿਅਕਤੀ ਇਸ ਦੀ ਪੀੜਾ ਮਹਿਸੂਸ ਕੀਤੇ ਬਿਨ੍ਹਾਂ ਨਹੀਂ ਰਹਿ ਸਕਦਾ। ਅਜਿਹੀ ਪੀੜਾ ਸਹਿੰਦੇ ਵਿਅਕਤੀਆਂ ਦੀ ਗਿਣਤੀ ਭਾਰਤ ਦੀ ਆਬਾਦੀ ਦਾ ਇਕ ਤਿਹਾਈ ਭਾਗ ਹੈ। ਇਹ ਦੁਖਾਂਤ ਸੈਂਕੜੇ ਸਾਲਾਂ ਦਾ ਨਹੀਂ, ਸਗੋਂ ਹਜ਼ਾਰਾਂ ਸਾਲਾਂ ਦਾ ਹੈ। ਇਹ ਦੁਖਾਂਤ ਕਦੋਂ ਅਤੇ ਕਿਵੇਂ ਵਾਪਰਿਆਂ, ਇਸ ਦਾ ਕੌਣ ਜ਼ਿੰਮੇਵਾਰ ਹੈ, ਇਹ ਸ਼ੈਤਾਨੀ ਜਾਲ 'ਚੋਂ ਬੰਦ-ਖਲਾਸੀ ਕਿਵੇਂ ਹੋਵੇ, ਹਰ ਯੁੱਗ ਵਿਚ ਇਨ੍ਹਾਂ ਭਖਦੇ ਅਤੇ ਦੁਖਦੇ ਸਵਾਲਾਂ ਨੇ ਸੁਤੰਤਰ ਅਤੇ ਇਨਸਾਫ਼ ਪਸੰਦ ਵਿਅਕਤੀਆਂ ਨੂੰ ਵਿਆਕੁਲ ਹੀ ਨਹੀਂ ਕੀਤਾ, ਸਗੋਂ ਬਗ਼ਾਵਤ ਲਈ ਉਤੇਜਿਤ ਵੀ ਕੀਤਾ ਹੈ। ਪੂਰਵ ਵੈਦਿਕ ਕਾਲ ਵਿਚ ਭਾਰਤੀ ਸਮਾਜ ਅੰਦਰ ਕਿਸੇ ਤਰ੍ਹਾਂ ਦੀ ਵਰਣ ਵਿਵਸਥਾ, ਜਾਤ-ਪਾਤ ਜਾਂ ਵਰਗ-ਵੰਡ ਨਹੀਂ ਸੀ ਕਿਉਂਕਿ ਭਾਰਤੀ ਮੂਲ ਦੇ ਬਾਸ਼ਿੰਦੇ ਜੋ ਪ੍ਰਾਕਿਰਤਕ ਸਾਧਨਾਂ 'ਤੇ ਨਿਰਭਰ ਜੀਵਨ ਬਿਤਾਉਂਦੇ ਸਨ, ਉਨ੍ਹਾਂ ਵਿਚ ਸਮੂਹਿਕ ਸੁਰੱਖਿਆ ਅਤੇ ਸਮੂਹਕ ਚੇਤਨਾ ਸੀ। ਆਰੀਆ ਦੇ ਭਾਰਤੀ ਪਰਵੇਸ਼ ਉਪਰੰਤ ਜੋ ਪਰਿਸਥਿਤੀਆਂ ਬਣੀਆਂ ਉਨ੍ਹਾਂ ਵਿਚ ਜੇਤੂ ਲੋਕਾਂ (ਆਰੀਅਨ) ਨੇ ਮੂਲ ਨਿਵਾਸੀਆਂ ਨੂੰ ਗ਼ੁਲਾਮ ਬਣਾ ਕੇ ਵਰਣ-ਵੰਡ ਕੀਤੀ। ਇਹ ਵੰਡ ਅੱਗੋਂ ਜਾਤੀ ਵੰਡ 'ਚ ਵਿਭਾਜਤ
ਨਾਲ ਵੀ ਟੱਕਰ ਲੈਂਦੀ ਹੈ। ਸਮਕਾਲੀ ਪੰਜਾਬੀ ਕਵਿਤਾ ਵਿਚ ਦਲਿਤ ਸਵਾਲ ਦੀ ਪਹਿਰੇਦਾਰੀ ਦੀ ਪਿਰਤ ਆਦਿ ਧਰਮ ਲਹਿਰ ਦੌਰਾਨ ਉਭਰੇ ਕਵੀਆਂ ਨੇ ਪਾਈ। ਇਸ ਲਹਿਰ ਦੇ ਆਧੁਨਿਕ ਦੌਰ ਦੇ ਪ੍ਰਮੁੱਖ ਕਵੀ ਚਰਨਦਾਸ ਨਿਧੜਕ, ਚਾਨਣ ਮਾਣਕ, ਗੁਰਦਾਸ ਰਾਮ ਆਲਮ, ਮੰਗੂ ਰਾਮ ਮੁੱਗੋਵਾਲ, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ ਆਦਿ ਕਵੀਆਂ ਨੇ ਦਲਿਤ ਸਵਾਲ ਦੇ ਵੱਖ-ਵੱਖ ਪਹਿਲੂਆਂ ਤੋਂ ਸਮਾਜ ਅਤੇ ਸਰਕਾਰਾਂ ਨੂੰ ਸੋਚਣ ਲਈ ਮਜਬੂਰ ਕੀਤਾ। ਇਸੇ ਲੜੀ ਦੇ ਤਹਿਤ ਨਵੀਂ ਪੰਜਾਬੀ ਕਵਿਤਾ ਵਿਚ ਮਦਨ ਵੀਰਾ ਦਲਿਤ ਪਛਾਣ ਨੂੰ ਉਜਾਗਰ ਕਰਦੇ ਹੋਏ, ਦਲਿਤ ਜੀਵਨ ਦੀ ਤਸਵੀਰ ਪੇਸ਼ ਕਰਦਾ ਹੈ। ਉਹ ਜਿੱਥੇ ਦਲਿਤ ਕਵਿਤਾ ਨੂੰ ਮੁੱਖ ਧਾਰਾ ਦੀ ਕਵਿਤਾ ਦਾ ਅੰਗ ਬਣਾਉਂਦਾ ਹੈ, ਉਥੇ ਦਲਿਤ ਜੀਵਨ ਦੀ ਪਛਾਣ ਅਤੇ ਦਮਨ ਦੀ ਤਿੱਖੀ ਨਿਸ਼ਾਨਦੇਹੀ ਵੀ ਕਰਦਾ ਹੈ:
"ਮੈਂ ਕਵਿਤਾ ਨਹੀਂ ਲਿਖਦਾ
ਲਿਖਦਾ ਹਾਂ ਰਿਕਸ਼ਾ ਚਾਲਕ ਦੇ ਸਾਹਾਂ ਤੱਕ ਆਉਂਦੀ
ਖੌਰੂ ਪਾਉਂਦੀ
ਉਸ ਤਿੱਖੀ ਮਹਿਕ ਨੂੰ ਜਿਸ ਦੇ ਗੱਡੇ ਜਿਨੇ ਬੋਝ ਨੂੰ
ਫੁੱਲਾਂ ਦੇ ਭਾਰ ਵਾਂਗ ਖਿੱਚਦਾ
ਉਹ ਗੁਣਗੁਣਾਉਂਦਾ ਹੈ।"2
ਮਦਨ ਵੀਰਾ ਆਪਣੀ ਕਵਿਤਾ ਵਿਚ ਉਸ ਸਾਰੇ ਪ੍ਰਬੰਧ ਨੂੰ ਪਰਤ-ਦਰ-ਪਰਤ ਖੋਲ੍ਹਦਾ ਹੈ। ਜਿਹੜੇ ਲੋਕਾਈ ਦਾ ਆਰਥਿਕ ਤੇ ਸਮਾਜਿਕ ਸੋਸ਼ਣ ਕਰਦੇ ਹਨ। ਇਸ ਦੇ ਨਾਲ ਹੀ ਉਹਨਾਂ ਵੱਖਰੇ ਕਿਸਮ ਦੇ ਵਿਸ਼ੇਸ਼ ਸਮੂਹਾਂ ਦਾ ਨੋਟਿਸ ਲੈਂਦਾ ਹੈ। ਜਿਸ ਦੇ ਮੈਂਬਰ ਦਾ ਸੋਸ਼ਣ ਕੇਵਲ ਆਰਥਿਕ ਤੇ ਮਾਨਸਿਕ ਤੌਰ 'ਤੇ ਹੀ ਨਹੀਂ ਕੀਤਾ ਜਾਂਦਾ, ਸਗੋਂ ਉਸ ਨੂੰ ਮਨੁੱਖ ਨਾ ਮੰਨਣ ਦਾ ਫ਼ਤਵਾ ਵੀ ਜਾਰੀ ਕੀਤਾ ਗਿਆ ਹੈ। ਮਦਨ ਵੀਰਾ ਵਿਡੰਬਨਾ ਰਾਹੀਂ ਆਪਣੀ ਕਵਿਤਾ ਵਿਚ ਉਸ ਸੋਸ਼ਿਤ ਮਨੁੱਖ ਦੀ ਤਸਵੀਰ ਸਮਾਜਿਕ ਬਣਤਰ ਰਾਹੀਂ ਪੇਸ਼ ਕਰਦਾ ਹੈ, ਜਿਹੜਾ ਰਾਜਨੀਤਕ, ਸਮਾਜਿਕ, ਆਰਥਿਕ, ਧਾਰਮਿਕ ਤੌਰ 'ਤੇ ਹੀਣਾ ਹੀ ਨਹੀਂ ਕੀਤਾ ਗਿਆ, ਸਗੋਂ ਮਾਨਸਿਕ ਤੌਰ 'ਤੇ ਦਬੇਲ ਵੀ ਬਣਾਇਆ ਗਿਆ ਹੈ। ਮਦਨ ਵੀਰਾ ਤੰਦ-ਤਾਣੀ ਕਾਵਿ-ਸੰਗ੍ਰਹਿ ਵਿਚ ਲਿਖਦਾ ਹੈ:
"ਉਸ ਨੂੰ ਪਤਾ ਸੀ
ਬਿਲਕੁਲ ਪਤਾ ਸੀ
ਕਿ ਉਹ ਸਰਾਪੇ ਸਮਿਆਂ ਦਾ
ਛੇਕਿਆ ਹੋਇਆ ਛਿਣ ਸੀ
ਮਾੜਾ ਪਹਿਰ ਸੀ
ਜਿਹਦੇ ਲਈ ਮਨੁੱਖ ਜਾਮਾ
ਨਰਕ ਵਰਗੀ ਜੂਨ ਸੀ
ਤੇ ਖੁੱਲ੍ਹ ਕੇ ਝੱਲਿਆ ਕਹਿਰ ਸੀ
ਜਿਉਣ ਦੀ ਜ਼ਿੱਦ 'ਚ
ਸੋ ਪਾਪੜ ਵੇਲਦਾ
ਉਹ ਖ਼ੁਦ ਵੇਲ ਹੋ ਰਿਹਾ ਸੀ
ਚਲਦੇ ਸਾਹਾਂ ਦੇ ਇਵਜ਼ 'ਚ
ਹਰ ਚਾਲ-ਹਰ ਦਾਅ
ਫੇਲ੍ਹ ਹੋ ਰਿਹਾ ਸੀ।"3
ਮਦਨ ਵੀਰਾ ਨੇ 'ਭਾਖਿਆ' ਕਾਵਿ-ਸੰਗ੍ਰਹਿ ਵਿਚ ਦਲਿਤ, ਗ਼ਰੀਬ ਅਤੇ ਪੇਂਡੂ ਮਿਹਨਤਕਸ਼ ਵਰਗ ਦੀ ਜ਼ਿੰਦਗੀ ਨੂੰ ਕਾਵਿ-ਵਸਤੂ ਬਣਾਇਆ ਹੈ। ਮਦਨ ਵੀਰਾ ਦੀ ਪ੍ਰਗਤੀਸ਼ੀਲ ਕਾਵਿ-ਦ੍ਰਿਸ਼ਟੀ ਦਾ ਵਖਰੇਵਾਂ ਹੀ ਇਥੇ ਹੈ ਕਿ ਭਾਰਤੀ ਸਮਾਜ ਨੂੰ ਨਿਰੋਲ ਵਰਗ ਸੰਰਚਨਾ ਨਹੀਂ ਸਮਝਦਾ, ਸਗੋਂ ਇਸ ਵਰਗਗਤ ਸਮਾਜ ਦੇ ਅੰਦਰ ਜਾਤੀ-ਵੰਡ ਨੂੰ ਪਛਾਣ ਕੇ ਮਨੁੱਖ ਨੂੰ ਆਰਥਿਕ ਸੋਸ਼ਣ ਦੇ ਨਾਲ-ਨਾਲ ਉਸ ਦੇ ਹੋ ਰਹੇ ਨੈਤਿਕ, ਸਭਿਆਚਾਰਕ ਸੋਸ਼ਣ ਨੂੰ ਕੇਂਦਰ ਵਿਚ ਲੈ ਕੇ ਆਉਂਦਾ ਹੈ। ਇਸ ਕਰਕੇ ਪੰਜਾਬੀ ਕਵਿਤਾ ਧਰਤਮੁੱਖ ਅਰਥ ਗ੍ਰਹਿਣ ਕਰਕੇ ਵਧੇਰੇ ਯਥਾਰਥਕ ਬਣ ਜਾਂਦੀ ਹੈ। ਇਤਿਹਾਸਕ ਚੇਤਨਾ ਤੇ ਭਵਿੱਖਮੁੱਖੀ ਪ੍ਰਗਤੀਸ਼ੀਲ ਵਿਸ਼ਵ-ਦ੍ਰਿਸ਼ਟੀ ਨਾਲ ਉਸ ਨੇ ਦਲਿਤ ਜ਼ਿੰਦਗੀ ਦੇ ਯਥਾਰਥ ਨੂੰ ਸਤ੍ਹਾ ਤੋਂ ਹੇਠਾਂ ਜਾ ਕੇ ਸਮਝਿਆ ਹੈ। ਮਦਨ ਵੀਰਾ ਨੇ ਗ਼ਰੀਬ ਤੇ ਦਲਿਤ ਦੀ ਜ਼ਿੰਦਗੀ ਦੇ ਦਰਦ ਦੀ ਵਿਥਿਆ ਨੂੰ ਵਿਚਾਰਧਾਰਕ ਸੰਵੇਦਨਾ ਵਿਚ ਪੇਸ਼ ਕੀਤਾ ਹੈ। ਉਸ ਨੇ ਜ਼ਿੰਦਗੀ ਦੀ ਤਹਿ ਵਿਚ ਛੁਪੇ ਰੋਹ, ਸਮਾਜਿਕ ਪਰਿਵਰਤਨ ਤੇ ਕ੍ਰਾਂਤੀ ਨੂੰ ਵੀ ਆਪਣਾ ਕਾਵਿ ਪ੍ਰਵਚਨ ਬਣਾਇਆ ਹੈ:-
"ਹੱਕ ਨਿਆਂ ਤੋਂ ਸੱਖਣੀਆਂ ਹਿੱਕਾਂ 'ਚ
ਸਿਰਫ਼ ਹਾਉਕੇ ਹੀ ਨਹੀਂ
ਰੋਸ ਵੀ ਹੁੰਦਾ ਹੈ
ਇਨ੍ਹਾਂ ਹਿੱਕਾਂ ਦੇ ਧੁਰ ਅੰਦਰ
ਰੋਹ ਦੀ ਰਿਸ਼ਮ ਵੀ ਜਾਗਦੀ ਹੈ
ਜੋ ਸੁਲਗਦੀ ਰਹਿੰਦੀ ਹੈ
ਮਚਦੀ ਰਹਿੰਦੀ ਹੈ
ਕਿਸੇ ਜਵਾਲਾਮੁਖੀ ਵਾਂਗ ਫਟਣ ਦੀ ਉਡੀਕ ਵਿਚ
ਹੱਕ ਨਿਆਂ ਤੋਂ ਵਿਰਵੀਆਂ ਜਿੰਦਾਂ
ਕਮਾਨ ਵਾਂਗ ਦੋਹਰੀਆਂ ਨਹੀਂ ਹੁੰਦੀਆਂ
ਨਾ ਜੀ ਹਜ਼ੂਰੀ 'ਚ ਲਿਫ ਕੇ ਸਾਹ ਲੈਂਦੀਆਂ
ਉਹ ਵਕਤ ਆਉਣ 'ਤੇ ਤਣਦੀਆਂ ਨੇ ਤੀਰ ਵਾਂਗ
ਨੇ ਲਿਸ਼ਕਦੀਆਂ ਨੇ ਤੀਰ ਵਾਂਗ।”4
ਮਦਨ ਵੀਰਾ ਨੇ ਵਰਗਗਤ ਸਮਾਜ ਵਿਚ ਜਾਤੀ ਚੇਤਨਾ ਦੀ ਦਲਿਤ ਮੁਕਤੀ ਦੇ ਸੰਦੇਸ਼ ਦੇਣ ਵਾਲੀ ਕ੍ਰਾਂਤੀਸ਼ੀਲ ਕਾਵਿ ਸਿਰਜਣਾ ਕੀਤੀ ਹੈ। ਉਸ ਨੇ ਭਾਰਤੀ ਲੋਕਤੰਤਰੀ ਰਾਜ ਵਿਚ ਗੰਦ-ਮੰਦ ਨਾਲ ਲਿਬੜੇ ਤੇ ਮੁਸ਼ਕ ਮਾਰਦੇ ਬੁੱਧ-ਸੁੱਧ ਤੋਂ ਊਣੇ
ਤੇ ਵਿਹੂਣੇ ਲੋਕਾਂ ਦੇ ਜੀਵਨ ਦਾ ਦ੍ਰਿਸ਼ਮੁਲਕ ਕਾਵਿ-ਬਿੰਬ ਸਿਰਜਿਆ। ਇਸ ਕਰਕੇ ਉਹ ਆਪਣੀ ਕਵਿਤਾ ਵਿਚ ਬੁਰਜੁਆ ਲੋਕਤੰਤਰ ਦੀ ਮਿੱਥ ਸੰਬੰਧੀ ਵਾਰ-ਵਾਰ ਪ੍ਰਸ਼ਨ ਖੜ੍ਹੇ ਕਰਦਾ ਹੈ:
"ਰਾਜਧਾਨੀ ਦੇ ਦਲਾਲ
ਪੁੱਟ ਰਹੇ ਨੇ ਪਹਾੜ
ਕਰ ਰਹੇ ਨੇ ਝਾੜ ਪੂੰਝ
ਢਕ ਕੇ ਕੂੜਾ ਕਬਾੜ
ਫੇਰ ਖਿਚੜੀ ਪੱਕ ਰਹੀ ਹੈ
ਨਾਹਰਿਆਂ ਦੀ
ਟਿੱਡੀ ਦਲ ਵਾਂਗ ਚੜ੍ਹ ਪਈ ਹੈ
ਭੀੜ ਦੇਖੋ ਲਾਰਿਆਂ ਦੀ
ਤਕਦੀਰ ਬਦਲੇ
ਢਾਰਿਆਂ ਦੀ ਢਾਰਿਆਂ ਛੰਨਾਂ 'ਚ ਹਨੇਰਾ
ਕੋਹਾਂ ਦੂਰ ਹੈ ਸਵੇਰਾ
ਭਾਰਤ ਉਦੈ ਹੋ ਰਿਹਾ ਹੈ।”5
ਮਦਨ ਵੀਰਾ ਦੀ ਕਵਿਤਾ ਦੱਬੇ-ਕੁਚਲੇ ਲੋਕਾਂ ਦੇ ਅਹਿਸਾਸਾਂ ਨੂੰ ਸਕਾਰਦੀ, ਉਨ੍ਹਾਂ ਦੀ ਜ਼ਿੰਦਗੀ ਜੀਣ ਦੀ ਲੋਚਾ ਨੂੰ ਇੰਗਤ ਵੀ ਕਰਦੀ ਹੈ। ਮਦਨ ਵੀਰਾ ਦੀ ਕਾਵਿ ਦ੍ਰਿਸ਼ਟੀ ਭਾਰਤ ਵਿਚ ਵਸਦੇ ਬਿਨ ਹੁੰਗਾਰੇ ਬਾਤ ਪਾਉਂਦੇ ਉਨ੍ਹਾਂ ਗ਼ਰੀਬ ਲੋਕਾਂ ਦੇ ਜੀਵਨ ਯਥਾਰਥ ਉਤੇ ਟਿਕੀ ਪਈ ਹੈ। ਜੋ ਆਪਣਾ ਮੂਲ ਪਛਾਣਨ ਤੋਂ ਅਸਮਰੱਥ ਹਨ ਅਤੇ ਸੰਸਕਿਰਤੀ ਤੇ ਧਰਮ-ਕਰਮ ਦੀ ਰਾਜਨੀਤੀ ਤੋਂ ਅਣਜਾਣ ਤੇ ਅਗਿਆਨੀ ਹਨ ਕਿਉਂਕਿ ਰਾਜ-ਪ੍ਰਬੰਧ ਅਤੇ ਸਥਾਪਤ ਧਾਰਮਿਕ-ਨੈਤਿਕ ਪ੍ਰਬੰਧ ਨੇ ਇਸ ਲੋਕਾਈ ਨੂੰ ਭਰਮ-ਚੇਤਨਾ ਵਿਚ ਅਜਿਹਾ ਜਕੜ ਦਿੱਤਾ ਕਿ ਉਹ ਆਪਣੀ ਮੁਕਤੀ ਪ੍ਰਤੀ ਮੌਲਿਕ ਰੂਪ ਵਿਚ ਸੋਚ ਹੀ ਨਹੀਂ ਸਕਦੇ। ਜਿਵੇਂ:
"ਦੱਸੋ ਇਨ੍ਹਾਂ ਕਮਲਿਆਂ ਨੂੰ
ਅੰਬਰ ਦੇ ਥਮਲਿਆਂ ਨੂੰ
ਕਿ ਜੀਣਾ ਸਿਰ ਚੁੱਕਣਾ ਹੈ
ਕਿ ਜੀਣਾ ਅੱਖ ਪੁੱਟਣੀ ਹੈ
ਬਈ ਜੀਣਾ ਹਿੱਕ ਡਾਹੁਣੀ ਹੈ
ਪਹਾੜਾਂ ਨਾਲ ਖਹਿਣਾ ਹੈ
ਉਨ੍ਹਾਂ ਨੂੰ ਕੌਣ ਦੱਸੇਗਾ
ਕਿ ਉਨ੍ਹਾਂ ਦੇ ਮੁੜ੍ਹਕੇ ਦੇ ਮੋਤੀ
ਕਿਸ ਕਾਲੀ ਕੋਠੀ ਦੇ ਕੈਦੀ ਨੇ
ਉਨ੍ਹਾਂ ਦਾ ਸੁਖ-ਚੈਨ
ਕਿਸ ਦੇ ਖਾਤੇ ਪਿਆ ਹੈ
ਉਨ੍ਹਾਂ ਦੀ ਧੁੱਪ-ਛਾਂ ਕਿਹਦਿਆਂ ਦੰਮਾਂ ਦੀ ਬਰਦੀ ਹੈ
ਜੋ ਡਰ-ਡਰ ਉਮਰ ਦੀ ਦਿਨ
ਪੂਰੇ ਕਰਦੀ ਏ।"6
ਮਦਨ ਵੀਰਾ ਦੀ ਕਵਿਤਾ ਵਰਤਮਾਨ ਯੁੱਗ ਦੇ ਮੰਡੀ ਅਰਥਚਾਰੇ ਵਿਚ ਦਬੇਲ ਮਨੁੱਖ ਦੀ ਵੇਦਨਾ ਅਤੇ ਸੰਵੇਦਨਾ ਦਾ ਕਾਵਿ-ਪ੍ਰਵਚਨ ਹੈ। ਜਿਹੜਾ ਮਨੁੱਖ ਮੰਡੀ ਦੇ ਪ੍ਰਕੋਪ ਝੱਲ ਰਿਹਾ ਹੈ। ਮੰਡੀ ਦੇ ਸਮਾਜਿਕ ਸਬੰਧਾਂ ਵਿਚ ਦਖ਼ਲ ਕਰਕੇ ਮਨੁੱਖ ਤੋਂ ਮਨੁੱਖ ਦੀ ਦੂਰੀ ਦਾ ਇਕੱਲ ਭੋਗ ਰਿਹਾ ਹੈ। ਇਹ ਇਕੱਲ ਕਦੇ ਉਸ ਨੂੰ ਨਿਰਾਸ਼ ਕਰਦੀ ਹੈ, ਕਦੇ ਪ੍ਰੇਸ਼ਾਨ ਕਰਦੀ ਹੈ। ਜਿਸ ਕਰਕੇ ਉਹ ਬੇਗਾਨਗੀ ਹੰਢਾਉਂਦਾ ਹੈ। ਸੰਘਰਸ਼ੀ ਅਵਾਮ ਦੀ ਕਮੀ ਕਾਰਨ ਸੰਘਰਸ਼ ਦੇ ਨਜ਼ਦੀਕ ਆਉਣ ਤੋਂ ਝਿਜਕਦਾ ਵੀ ਨਹੀਂ, ਪ੍ਰੰਤੂ ਇਸ ਸੰਘਰਸ਼ੀ ਆਵਾਮ ਦੇ ਖੰਡ-ਖੰਡ ਹੋਣ ਦਾ ਕਾਰਨ ਖੱਬੇ-ਪੱਖੀ ਸੰਘਰਸ਼ੀ ਧਿਰਾਂ ਨੂੰ ਮੰਨਦਾ ਹੈ। ਇਸ ਸਬੰਧ ਵਿਚ 'ਡਾਰਾਂ ਦੀ ਹੋਣੀ' ਕਵਿਤਾ ਵਿਸ਼ੇਸ਼ ਤੌਰ 'ਤੇ ਪੜ੍ਹਨਯੋਗ ਹੈ।
ਭਾਰਤੀ ਲੋਕਤੰਤਰ ਦੀਆਂ ਵਿਭਿੰਨ ਪਰਤਾਂ ਵਿਚ ਭ੍ਰਿਸ਼ਟਾਚਾਰ ਦੀ ਗੱਲ ਵੀ ਮਦਨ ਵੀਰਾ ਕਾਵਿ ਵਿਚ ਵਿਅੰਗਮਈ ਤਰੀਕੇ ਨਾਲ ਹੋਈ ਹੈ। ਲੋਕਤੰਤਰ ਪ੍ਰਣਾਲੀ ਦਾ ਰੰਗ ਫਿੱਕਾ ਕਰ ਦਿੱਤਾ ਗਿਆ ਹੈ। ਮਦਨ ਵੀਰਾ ਨੇ ਭਾਰਤੀ ਲੋਕਤੰਤਰ ਨੂੰ ਇਸ ਦੇ ਆਪਣੇ ਅਸਲ ਮਾਅਨਿਆਂ ਤੋਂ ਦੂਰ ਕੀਤੇ ਜਾਣ ਤੋਂ ਤੰਗ ਆ ਕੇ ਇਸ ਦੇ ਵਿਰੋਧ ਵਿਚ ਆਮ ਲੋਕਾਈ ਦੇ ਰੋਹ ਨੂੰ ਬਿਆਨ ਕੀਤਾ ਹੈ:
"ਮੈਂ ਨਹੀਂ ਕਰ ਸਕਣੀ
ਵੋਟ ਦੀ ਵਰਤੋਂ
-------------
ਅੱਧੀ ਸਦੀ ਤੋਂ ਲੋਕਤੰਤਰ ਦਾ ਨਾਟਕ ਦੇਖਦਾ
ਮੈਂ ਜਾਣ ਗਿਆ ਹਾਂ
ਕਿ ਧੜਾ ਕੋਈ ਵੀ ਜਿੱਤੇ
ਤਾਜ ਕਿਸੇ ਵੀ ਸਿਰ ਸਜੇ
ਹਾਰ ਇੱਥੇ ਆਮ ਲੋਕਾਂ ਦੀ ਹੋਣੀ ਹੈ।"
ਮਦਨ ਵੀਰਾ ਨੇ ਆਪਣੀ ਕਾਵਿ ਸਿਰਜਣਾ ਰਾਹੀਂ ਇਕ ਨਿਵੇਕਲੇ ਅਤੇ ਪਰਪੱਕ ਕਵੀ ਦਾ ਬਿੰਬ ਬਣਾਇਆ ਹੈ। ਪ੍ਰਗੀਤਕ ਲੈਅ, ਵਿਅੰਗ ਦੀ ਛੋਹ ਅਤੇ ਸਪੱਸ਼ਟ ਕਾਵਿ ਸੰਚਾਰ ਉਸ ਦੇ ਕਾਵਿ ਸ਼ਿਲਪ ਨੂੰ ਨਿਖਾਰਣ ਵਾਲੇ ਤੱਤ ਹਨ। ਉਸ ਨੇ ਜ਼ਿੰਦਗੀ ਦੀ ਤਹਿ ਵਿਚ ਛਿਪੇ ਰੋਹ, ਸਮਾਜਿਕ ਪਰਿਵਰਤਨ ਅਤੇ ਕ੍ਰਾਂਤੀਕਾਰੀ ਤੱਤ ਨੂੰ ਕਾਵਿ ਰੂਪ ਦੇ ਕੇ ਦਲਿਤ ਕਵਿਤਾ ਨੂੰ ਤਾਕਤਵਰ ਬਣਾਇਆ ਹੈ ਮਦਨ ਵੀਰਾ ਦੀ ਕਵਿਤਾ ਨੂੰ ਜਾਤੀ ਤੇ ਜਮਾਤੀ ਚੇਤਨਾ ਦੀ ਕਵਿਤਾ ਕਹਿ ਕੇ ਮੁਕਤ ਨਹੀਂ ਹੋਇਆ ਜਾ ਸਕਦਾ, ਸਗੋਂ ਉਸ ਦੀ ਕਵਿਤਾ ਦੇ ਅੰਤਰਮੁਖੀ ਸਰੋਕਾਰਾਂ ਦੇ ਬਾਹਰਮੁਖੀ ਵਿਚਾਰਧਾਰਾਈ ਆਧਾਰਾਂ ਨੂੰ ਤਲਾਸ਼ਣ ਦੀ ਬਹੁਤ ਜ਼ਰੂਰਤ ਹੈ । ਮਦਨ ਵੀਰਾ ਨੇ ਆਪਣੀ ਸਮੁੱਚੀ ਕਵਿਤਾ ਵਿਚ
ਕੋਸ਼ਿਸ਼ ਕੀਤੀ ਹੈ ਕਿ ਜਾਤ ਨੂੰ ਅੰਤਰਮੁਖੀ ਵਰਤਾਰਿਆਂ ਤੱਕ ਸੀਮਿਤ ਨਹੀਂ ਕੀਤਾ, ਸਗੋਂ ਵਰਗਗਤ ਦ੍ਰਿਸ਼ਟੀਕੋਣ ਦੇ ਪਰਿਪੇਖ ਵਿਚ ਉਸ ਦੁਆਲੇ ਪਸਰੀਆਂ ਸਾਰੀਆਂ ਸਥਿਤੀਆਂ-ਪ੍ਰਸਥਿਤੀਆਂ ਨੂੰ ਸਾਹਮਣੇ ਲਿਆਇਆ ਹੈ। ਜਿਸ ਵਿਚੋਂ ਇਹ ਕਵਿਤਾ ਉਦੈ ਹੋਈ ਹੈ।
ਮਦਨ ਵੀਰਾ ਦਾ ਜੀਵਨ ਭਾਵੇਂ ਮੱਧ-ਵਰਗੀ ਹੈ, ਪਰੰਤੂ ਉਸ ਦੀ ਦ੍ਰਿਸ਼ਟੀ ਮੱਧ- ਵਰਗੀ ਨਹੀਂ। ਜੇਕਰ ਉਸਦਾ ਅਕੀਦਾ ਅਜਿਹਾ ਹੁੰਦਾ ਤਾਂ ਉਹ ਸਮਾਜਿਕ ਤਬਦੀਲੀ ਲਈ ਸਾਹਿਤ ਸਿਰਜਣਾ ਨਾ ਕਰਦਾ, ਸਗੋਂ ਮਾਨਸਿਕ ਉਦਗਾਰਾਂ ਦੀ ਸਿਰਜਣਾ ਵੱਲ ਅਗਰਸਰ ਹੁੰਦਾ।
ਇਸ ਤਰ੍ਹਾਂ ਉਸ ਨੇ ਤਿੰਨ ਦਹਾਕਿਆਂ ਤੋਂ ਲਗਾਤਾਰ ਦਲਿਤ ਲੋਕਾਂ ਨੂੰ 'ਨਾਬਰਾਂ ਦੀ ਆਵਾਜ਼' ਵਜੋਂ ਉਭਾਰਿਆ ਅਤੇ ਆਮ ਲੋਕਾਂ ਦੀ ਆਵਾਜ਼ ਨੂੰ 'ਭਾਖਿਆ', 'ਨਾਬਰਾਂ ਦੀ ਇਬਾਰਤ', 'ਤੰਦ-ਤਾਣੀ' ਤੇ 'ਖਾਰਾ ਪਾਣੀ' ਕਾਵਿ-ਸੰਗ੍ਰਹਿਆਂ ਵਿਚ ਆਪਣੀ ਕਾਵਿ ਯੋਗਤਾ ਰਾਹੀਂ ਪ੍ਰਮਾਣ ਦਿੱਤਾ ਹੈ।
ਪੈਰ ਟਿੱਪਣੀਆਂ
1. ਸੰਤੋਖ ਸੁੱਖੀ, ਨਵਾਂ ਜ਼ਮਾਨਾ, ਪੰਨਾ-3.
2. ਤੰਦ ਤਾਣੀ, ਪੰਨਾ-17.
3. ਤੰਦ ਤਾਣੀ, ਪੰਨਾ-40.
4. ਭਖਿਆ, ਪੰਨਾ -56.
5. ਨਾਬਰਾਂ ਦੀ ਇਬਾਰਤ, ਪੰਨਾ-58.
6. ਪੰਨਾ -69
7. ਪੰਨਾ- 76
ਸਹਾਇਕ ਪੁਸਤਕ ਸੂਚੀ
ਸੰਤੋਖ ਸਿੰਘ ਸੁੱਖੀ, ਨਵਾਂ ਜ਼ਮਾਨਾ, 26 ਦਸੰਬਰ, 2010,
ਗੁਰਮੀਤ ਕੱਲਰਮਾਜਰੀ, ਦਲਿਤ ਪੰਜਾਬੀ ਸਾਹਿਤ ਆਧੁਨਿਕ ਪਰਿਪੇਖ, ਸ਼ਬਦ, ਜੁਲਾਈ-ਦਸੰਬਰ, 2007.
ਡਾ. ਸਰਬਜੀਤ ਸਿਘ, ਦਲਿਤ ਦ੍ਰਿਸ਼ਟੀ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2004.
ਡਾ. ਰੌਣਕੀ ਰਾਮ, ਦਲਿਤ ਪਛਾਣ, ਮੁਕਤੀ ਤੇ ਸ਼ਕਤੀਕਰਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2012.
ਡਾ. ਰੌਣਕੀ ਰਾਮ, ਦਲਿਤ ਚੇਤਨਾ: ਸਰੋਤ ਤੇ ਸਰੂਪ, ਲੋਕਗੀਤ ਪ੍ਰਕਾਸ਼ਨ, चंडीगडु, 2010.
ਮਦਨ ਵੀਰਾ, ਭਾਖਿਆ
ਮਦਨ ਵੀਰਾ, ਤੰਦ-ਤਾਣੀ,
ਮਦਨ ਵੀਰਾ, ਨਾਬਰਾਂ ਦੀ ਇਬਾਰਤ,
ਮਦਨ ਵੀਰਾ, ਖਾਰਾ ਪਾਣੀ
ਇੰਦਰਜੀਤ ਨੰਦਨ ਦੀ ਕਵਿਤਾ ਦੇ ਸਰੋਕਾਰ
ਡਾ. ਕਿਰਨਜੀਤ ਕੌਰ
ਇੰਦਰਜੀਤ ਨੰਦਨ ਇਕੱਵੀਂ ਸਦੀ ਦੇ ਪਹਿਲੇ ਦਹਾਕੇ ਦੀ ਪੰਜਾਬੀ ਕਵਿਤਾ ਦੇ ਖੇਤਰ ਵਿਚ ਇਕ ਜਾਣਿਆ ਪਛਾਣਿਆ ਨਾਂ ਹੈ। ਇਸ ਦਹਾਕੇ ਵਿਚ ਉਸਦੀਆਂ ਕਾਵਿ ਪੁਸਤਕਾਂ ਦਿਸਹਿਦਿਆਂ ਤੋਂ ਪਾਰ (2002), ਚੁੱਪ ਦੇ ਰੰਗ (2005), ਸ਼ਹੀਦ ਭਾਗਤ ਸਿੰਘ- ਅਣਥੱਕ ਜੀਵਨ ਗਾਥਾ (2008) ਅਤੇ ਕਵਿਤਾ ਦੇ ਮਾਰਫ਼ਤ (2009) ਦੇ ਪ੍ਰਕਾਸ਼ਨ ਨਾਲ ਪੰਜਾਬੀ ਕਵਿਤਾ ਦਾ ਖੇਤਰ ਹੋਰ ਵਿਸ਼ਾਲ ਹੋ ਜਾਂਦਾ ਹੈ। ਸਮਕਾਲੀ ਪੰਜਾਬੀ ਕਾਵਿ-ਸਿਰਜਣਾ ਦੇ ਸੰਦਰਭ ਵਿਚ ਉਸਦਾ ਨਿਵੇਕਲਾ ਨਜ਼ਰੀਆਂ ਉਸਦੀ ਵਿਸ਼ੇਸ਼ ਪਛਾਣ ਬਣਦਾ ਹੈ। ਹਥਲੇ ਅਧਿਐਨ ਵਿਚ ਉਸਦੀ ਕਵਿਤਾ ਦੇ ਮੋਟੇ ਤੌਰ 'ਤੇ ਦੋ ਪਾਸਾਰ ਨਜ਼ਰ ਆਉਂਦੇ ਹਨ, ਜਿਹਨਾਂ ਦੇ ਆਧਾਰ ਤੇ ਉਸਦੇ ਵੱਖ-ਵੱਖ ਸਰੋਕਾਰਾਂ ਨੂੰ ਪਛਾਣਨ ਦਾ ਯਤਨ ਕੀਤਾ ਗਿਆ ਹੈ।
ਇੰਦਰਜੀਤ ਨੰਦਨ ਦੀ ਕਵਿਤਾ ਦਾ ਪਹਿਲਾ ਪਾਸਾਰ ਉਸਦੀ ਤੀਸਰੀ ਕਾਵਿ ਪੁਸਤਕ ਸ਼ੀਹਦ ਭਗਤ ਸਿੰਘ-ਅਣਥੱਕ ਜੀਵਨ ਗਾਥਾ ਵਿੱਚ ਸ. ਭਗਤ ਸਿੰਘ ਦੇ ਜੀਵਨ, ਵਿਚਾਰਧਾਰਾ, ਕੁਰਬਾਨੀ, ਦੇਸ਼ ਭਗਤ ਸਾਥੀਆਂ ਦੀ ਭੂਮਿਕਾ, ਆਜ਼ਾਦੀ ਸੰਗਰਾਮ, ਆਜ਼ਾਦੀ ਦੇ ਇਤਿਹਾਸ ਨਾਲ ਸੰਬੰਧਿਤ ਘਟਨਾਵਾਂ, ਵੇਰਵਿਆਂ, ਗਤੀਵਿਧੀਆਂ ਅਤੇ ਸਿਆਸੀ ਪੈਂਤੜਿਆਂ ਦੇ ਕਾਵਿਕ ਵਰਨਣ ਵਿਚੋਂ ਉਭਰਦਾ ਹੈ। ਇਸ ਪਹਿਲੂ ਨਾਲ ਸੰਬੰਧਿਤ ਉਸਦੀਆਂ ਦੋ ਕਵਿਤਾਵਾਂ "ਫਾਂਸੀ ਤੋਂ ਪਹਿਲਾਂ " ਅਤੇ "ਫਾਂਸੀ ਤੋਂ ਬਾਅਦ" ਚੁੱਪ ਦੇ ਰੰਗ ਵਿਚ ਪ੍ਰਕਾਸ਼ਿਤ ਹੋਈਆਂ ਹਨ। ਪਹਿਲੀ ਕਵਿਤਾ ਵਿਚ ਉਹ ਸ. ਭਗਤ ਸਿੰਘ ਦੇ ਵਿਚਾਰਾਂ ਦੀ ਲੈਨਿਨ ਦੇ ਵਿਚਾਰਾਂ ਨਾਲ ਇਕਸੁਰਤਾ ਨੂੰ ਬਿਆਨਦੀ ਹੋਈ “ਇਨਕਲਾਬ-ਜ਼ਿੰਦਾਬਾਦ" ਦੇ ਨਾਹਰੇ ਨੂੰ ਉਸਦੀ ਮੌਤ ਦੇ ਬਿੰਬ ਦੀ ਪਿੱਠ ਭੂਮੀ ਵਿਚ ਸਿਰਜਦੀ ਹੈ ਅਤੇ ਦੂਸਰੀ ਕਵਿਤਾ ਵਿਚ ਉਹ ਇਸ ਸ਼ਹਾਦਤ ਦੀ ਅਗਰਭੂਮੀ ਵਿਚ ਆਧੁਨਿਕ ਨੌਜਵਾਨ ਨੂੰ ਉਸ ਦੀ ਪਤਨਮਈ ਸਥਿਤੀ ਪ੍ਰਤਿ ਸੁਚੇਤ ਕਰਦੀ ਹੋਈ 'ਸਵਦੇਸ਼ੀ' ਦੇ ਸਮਵਿਥ 'ਉਦਾਰੀਕਰਣ, ਵਿਸ਼ਵੀਕਰਣ ਤੇ ਗਲੋਬਲੀਕਰਣ' ਦੇ ਦੌਰ ਵਿਚ ਮੰਡੀ ਦੇ ਖ਼ਪਤ ਸਭਿਆਚਾਰ ਰਾਹੀਂ ਨਵਬਸਤੀਵਾਦ ਅਤੇ ਨਵ ਸਾਮਰਾਜਵਾਦ ਦੇ ਯੁਗ ਵਿਚ ਸਾਡੀ ਆਰਥਿਕ ਤੇ ਮਾਨਸਿਕ 'ਗੁਲਾਮੀ ਭਰਪੂਰ ਆਜ਼ਾਦੀ' ਦੀ ਵਿਡੰਬਨਾ ਨੂੰ ਪ੍ਰਗੀਤਕ ਸੁਰ ਵਿਚ ਚਿਤਰਦੀ ਹੋਈ ਭਗਤ ਸਿੰਘ ਨਾਲ ਸੰਵਾਦ ਵੀ ਰਚਾਉਂਦੀ ਹੈ ਅਤੇ ਉਸਦੀ ਸ਼ਹਾਦਤ ਦੇ ਉਦੇਸ਼ 'ਤੇ ਪ੍ਰਸ਼ਨ ਚਿੰਨ੍ਹ ਵੀ ਲਗਾਉਂਦੀ ਹੈ। ਉਹ ਕਹਿੰਦੀ ਹੈ:
ਜਿਨ੍ਹਾਂ ਤੇਰੇ ਨਕਸ਼ੇ ਕਦਮਾਂ 'ਤੇ,
ਚਲਣਾ ਸੀ
ਭਗਤ ਸਿੰਘ ਬਣਨਾ ਸੀ
ਉਹ ਤਾਂ ਕਦ ਦੇ
ਗੁੰਮ ਹੋ ਗਏ ਨੇ
ਪੱਬਾਂ.... ਕੱਲਬਾਂ.....ਡਿਸਕੋ....ਕਸੀਨੋ ‘ਚ
ਸਵਦੇਸ਼ੀ ਦੀ ਥਾਂ ਹੁਣ
ਉਦਾਰੀਕਰਣ....
ਵਿਸ਼ਵੀਕਰਨ.....
ਗਲੋਬਲੀਕਰਣ
…………ਤੇ ਹੋਰ ਪਤਾ ਨਹੀਂ
ਕੀ ਕੁਝ ਆ ਗਿਆ ਹੈ
ਇਸ ਮੁਲਕ ਅੰਦਰ
ਭਗਤ ਸਿੰਘ।
............
ਸੱਤਾ ਇਕ ਅਮੀਰ ਹੱਥੋਂ
ਦੂਜੇ ਅਮੀਰ ਹੱਥ ਚਲੀ ਗਈ
ਤੇ ਆਜ਼ਾਦ ਦੇਸ਼ ਦੇ ਗਰੀਬਾਂ ਨੂੰ
ਇਕ ਨਵੀਂ ਗੁਲਾਮੀ ਮਿਲ ਗਈ
ਸੱਚ ਮੁੱਚ ! ਭਗਤ ਸਿੰਘ!
ਬਹੁਤ ਕੁਝ ਬਦਲ ਗਿਆ ਹੈ
ਤੇਰੀ ਫਾਂਸੀ ਤੋਂ ਬਾਦ........,
ਸ਼ਹੀਦ ਭਗਤ ਸਿੰਘ-ਅਣਥੱਕ ਜੀਵਨ ਗਾਥਾ ਦੀ ਰਚਨਾ ਕਰਕੇ ਜਿਥੇ ਉਹ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਇਕ ਸੱਚੀ-ਸੁੱਚੀ ਸ਼ਰਧਾਂਜਲੀ ਅਰਪਿਤ ਕਰਦੀ ਹੈ, ਉਥੇ ਆਧੁਨਿਕ ਪੰਜਾਬੀ ਨੌਜਵਾਨਾਂ ਲਈ ਪ੍ਰੇਰਨਾਦਾਇਕ ਅਤੇ ਉਸਾਰੂ ਸਾਹਿਤ ਦੀ ਸਿਰਜਣਾ ਵੀ ਕਰਦੀ ਹੈ ਅਤੇ ਪੰਜਾਬੀ ਮਹਾਂ ਕਾਵਿ ਦੀ ਵਿਧਾ ਵਿਚ ਵਿਸਤਾਰ ਵੀ ਕਰਦੀ ਹੈ। " ਆਸ ਕੀਤੀ ਜਾ ਸਕਦੀ ਹੈ ਕਿ ਇਸ ਨੂੰ ਪੜ੍ਹ ਕੇ ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਆਪ ਨੂੰ ਬੇਯਕੀਨੀ, ਦੁਚਿੱਤੀ ਤੇ ਭਰਮਾਂ ਤੋਂ ਮੁਕਤੀ ਪਾ ਕੇ ਸਮਾਜ ਨੂੰ ਅੱਗੇ ਵਧਣ ਤੇ ਮਜਬੂਤ ਕਰਨ ਵਿਚ ਹਿੱਸਾ ਪਾਵੇਗੀ।" ਇਸ ਮਹਾਂਕਾਵਿ ਦੇ ਵੀਹ ਕਾਂਡਾਂ ਵਿਚ ਉਹ ਭਾਰਤ ਦੇਸ਼ ਦੇ ਇਤਿਹਾਸ ਦੇ ਵਰਣਨ ਤੋਂ ਆਰੰਭ ਕਰਕੇ ਭਾਰਤ ਅਤੇ ਫਿਰ ਪੰਜਾਬ ਨੂੰ ਇਕ ਖ਼ੁਸ਼ਹਾਲ ਪ੍ਰਾਂਤ ਦੇ ਤੌਰ ਤੇ ਬਿਆਨਦੀ ਹੈ। ਸ. ਭਗਤ ਸਿੰਘ ਦੇ ਪਿੰਡ ਅਤੇ ਪਰਿਵਾਰ ਦਾ ਬਿੰਬ ਉਹ ਕੁਰਬਾਨੀ ਦੇ ਇਤਿਹਾਸਕ ਪਿਛੋਕੜ ਵਿਚ ਸਿਰਜਦੀ ਹੈ ਜੋ ਇੱਕੀਵੀਂ ਸਦੀ ਦੀ ਸਰਦਲ ਉੱਤੇ ਸਮਕਾਲੀ ਪੰਜਾਬੀ ਕਵਿਤਾ ਦੇ ਪਰਿਪੇਖ ਵਿਚ ਉਸਨੂੰ ਵੱਖਰੀ ਪਛਾਣ ਦਾ ਧਾਰਨੀ ਬਣਾਉਂਦਾ ਹੈ। "ਇਹ ਮਹਾਂਕਾਵਿ
ਲਿਖ ਕੇ ਉਹ ਨਵੇਂ ਕਵੀਆਂ /ਕਵਿੱਤਰੀਆਂ ਦੀ ਮੂਹਰਲੀ ਕਤਾਰ 'ਚ ਜਾ ਖਲੋਤੀ ਹੈ। ਮਹਾਂਕਾਵਿ ਵਿਚ ਸਭ ਤੋਂ ਵੱਧ ਜਾਦੂ ਭਰਿਆ ਚਮਤਕਾਰ ਇਹ ਹੈ ਕਿ ਪਾਠਕ ਜਿੱਥੇ ਨੰਦਨ ਦੇ ਸ਼ਕਤੀਸ਼ਾਲੀ ਕਾਵਿ ਪ੍ਰਵਾਹ ਨਾਲ ਇਕ ਸੁਰ ਹੋਇਆ ਉੱਡਿਆ ਰਹਿੰਦਾ ਹੈ, ਉਥੇ ਕਥਾ ਕਰਮ ਨਾਲ ਇਕਸੁਰ ਹੋਇਆ ਉਸਦਾ ਭਗਤ ਸਿੰਘ ਵਿਚ ਵੀ ਮੈਟਾ ਮਾਰਫ਼ਸਿਜ਼ ਹੋਇਆ ਰਹਿੰਦਾ ਹੈ। "3 ਅੱਜ ਦੇ ਉਤਰ ਆਧੁਨਿਕ ਮਨੁੱਖ ਨੂੰ ਦਰਪੇਸ਼ ਉੱਤਰ ਆਧੁਨਿਕ ਮਸਲਿਆਂ ਦੇ ਦੌਰ ਵਿਚ ਇਤਿਹਾਸ ਵਿਚਲੇ ਅਜਿਹੇ ਕੌਮੀ ਨਇਕ ਦੇ ਜੀਵਨ ਬਿਰਤਾਂਤ, ਵਿਚਾਰਧਾਰਾ, ਸੋਚ, ਦ੍ਰਿੜ, ਇਰਾਦੇ, ਸ਼ਹਾਦਤ, ਗੌਰਵਮਈ ਇਤਿਹਾਸਕ ਘਟਨਾਵਾਂ, ਤਤਕਾਲੀ ਸਿਆਸੀ ਸ਼ਖ਼ਸੀਅਤਾਂ ਦੇ ਰਾਜਨੀਤਕ ਪੈਂਤੜਿਆਂ ਅਤੇ ਸੂਝ ਆਦਿ ਦੀ ਨਿਰਪੱਖ ਤੇ ਕਾਵਿਕ ਪੇਸ਼ਕਾਰੀ ਨਿਰਸੰਦੇਹ ਇਕ ਪਾਸੇ ਤਾਂ ਆਧੁਨਿਕ ਪੀੜ੍ਹੀ ਨੂੰ ਮੰਡੀ ਦੇ ਯੁਗ ਵਿਚਲੀ ਗ਼ੁਲਾਮੀ ਦੇ ਵਿਦਰੋਹ ਵਾਸਤੇ ਉਸਾਰੂ ਸੇਧ ਪ੍ਰਦਾਨ ਕਰਦੀ ਹੈ ਅਤੇ ਦੂਜੇ ਪਾਸੇ ਸਾਡੇ ਕੌਮੀ ਵਿਰਸੇ, ਲੋਕ ਜੀਵਨ ਅਤੇ ਸਭਿਆਚਾਰ ਨਾਲ ਜੋੜਦੀ ਹੈ। ਇਸ ਸੁਹਜਮਈ ਬਿਰਤਾਂਤ ਦਾ ਕਥਾਨਕ ਵਿਧਾ ਅਨੁਸਾਰ ਲੰਬਾ ਚੌੜਾ ਪਰ ਵਿਉਂਤਿਆ ਹੋਇਆ ਹੈ। ਇਤਿਹਾਸਕ, ਰਾਜਨੀਤਕ ਅਤੇ ਮਾਨਵਵਾਦੀ ਦ੍ਰਿਸ਼ਟੀ ਤੋਂ ਸਿਰਜਿਆ ਇਹ ਬਿਰਤਾਂਤ ਪਾਠਕ ਨੂੰ ਗਿਆਨ ਵੀ ਪ੍ਰਦਾਨ ਕਰਦਾ ਹੈ ਅਤੇ ਇਸ ਵਿਚ ਵਰਤੀਆਂ ਗਈਆਂ ਕਾਵਿ-ਜੁਗਤਾਂ ਤੇ ਕਾਵਿ-ਭਾਸ਼ਾ ਉਸਦੀਆਂ ਸੁਹਜਾਤਮਕ ਰੁਚੀਆਂ ਨੂੰ ਵੀ ਤ੍ਰਿਪਤ ਕਰਦੀ ਹੈ। ਮਿਸਾਲ ਵਜੋਂ:
ਚਾਵਾਂ ਦਾ ਬੂਟਾ ਤਾਂ ਹਰਿਆ ਭਰਿਆ ਸੀ
ਚਾਵਾਂ ਦਾ ਬੂਟਾ ਤਾਂ ਹੱਥੀ ਧਰਿਆ ਸੀ
ਚਾਵਾਂ ਦੇ ਬੂਟੇ ਦੀ ਸੁੱਕੀ ਟਾਹਣੀ ਏ
ਚਾਵਾਂ ਦੇ ਬੂਟੇ ਦੀ ਹੋਰ ਕਹਾਣੀ ਏ
ਜੋ ਸੂਹੀ ਸਵੇਰ ਸੀ ਜੰਮਿਆ
ਕਰ ਗਿਆ ਸੂਹਾ ਹਨੇਰ
ਹਨੇਰ ਦੀ ਬੁੱਕਲ 'ਚੋਂ
ਫਿਰ ਜਨਮੀ ਸੂਹੀ ਸਵੇਰ....... 5
ਉਸਨੂੰ ਕੋਹਲੂ ਅੱਗੇ ਲਾਇਆ ਹੈ
ਕੋਹਲੂ ਉਸ ਤੋਂ ਚਲਾਇਆ ਹੈ
ਹਰ ਦਿਨ ਕੋਹਲੂ ਗਿੜਦਾ ਹੈ।
ਕੋਹਲੂ ਅੱਗੇ ਜੁੜਦਾ ਹੈ
ਅੰਦਰ ਵੀ ਕੁਝ ਝੜਦਾ ਹੈ
ਅੰਦਰ ਵੀ ਕੋਹਲੂ ਗਿੜਦਾ ਹੈ
ਚੁੱਕ ਘੁਮਿਆਰੀ ਮਿੱਟੀ
ਚੱਕ ਤੇ ਇਉ ਧਰੇ
ਚੱਕ ਘੁਮਿਆਰੀ ਮਿਟੀ
ਜਿਉਂ ਮਿਟੀ ਤੋਂ ਡਰੇ
ਕਿਤੇ ਮਿੱਟੀ ਉਠ ਪਈ
ਤਾਂ ਬਗ਼ਾਵਤ ਨਾ ਕਰੇ
ਸਿਖ਼ਰ ਚੜਾ ਕੇ ਗੁੱਡੀ
ਗਾਂਧੀ ਕੱਟੀ ਡੋਰ
ਧਰਤ ਤੇ ਆ ਡਿੱਗੀ
ਵਿੱਚ ਅੱਖ ਦੇ ਫੋਰ
ਤੰਦ ਚਰਖ਼ੇ ਪਾ ਕੇ
ਉਪਰੋਕਤ ਭਾਂਤ ਦੀ ਅਲੰਕਾਰਕ, ਪ੍ਰਤੀਕਾਤਮਕ ਅਤੇ ਬਿੰਬਾਤਮਕ ਸਿਰਜਣਾ ਰਾਹੀਂ ਸਿਆਸੀ ਅਤੇ ਇਨਕਲਾਬੀ ਸਰੋਕਾਰਾਂ ਦੀ ਪਛਾਣ ਅਤੇ ਨਿਰਪੱਖ ਪੇਸ਼ਕਾਰੀ ਕਰਕੇ ਉਹ ਇਤਿਹਾਸ ਵਿਚਲੇ ਸ਼ੰਕਾਸਤ ਮਸਲਿਆਂ ਦੀ ਪੁਨਰ ਤਲਾਸ਼ ਵਲ ਪ੍ਰੇਰਦੀ ਹੋਈ ਵਿਅਕਤੀ ਅਤੇ ਸਮਾਜ ਦੀਆਂ ਸਾਂਝੀਆਂ ਹੋਣੀਆਂ ਨੂੰ ਨਜਿਠਣ ਲਈ ਕਰਮਯੋਗ ਬਣਾਉਂਦੀ ਹੈ।
ਇੰਦਰਜੀਤ ਨੰਦਨ ਦੀ ਕਾਵਿ-ਰਚਨਾ ਦੀ ਪਛਾਣ ਦਾ ਦੁਸਰਾ ਪਾਸਾਰ ਉਸਦੇ ਦਿਸਹੱਦਿਆਂ ਤੋਂ ਪਾਰ ਦੇਖਣ ਦੀ ਇੱਛਾ ਤੋਂ ਸ਼ੁਰੂ ਹੋ ਕੇ ਸਵੈ-ਤਲਾਸ਼ ਦੇ ਯਤਨਾਂ ਵਿਚੋਂ ਚੁੱਪ ਦੇ ਰੰਗ ਪਛਾਣਦਾ ਹੋਇਆ ਕਵਿਤਾ ਦੇ ਮਾਰਫ਼ਤ ਤਕ ਪੰਹੁਚਣ ਦੀ ਯਾਤਰਾ ਦੇ ਸਰੋਕਾਰਾਂ ਨੂੰ ਪਛਾਣਨ ਨਾਲ ਸੰਬੰਧਿਤ ਹੈ। ਇਸ ਪਛਾਣ ਦੌਰਾਨ ਦ੍ਰਿਸ਼ਟੀਗੋਚਰ ਹੁੰਦਾ ਹੈ ਕਿ ਉਹ ਅਹਿਸਾਸਾਂ, ਭਾਵਾਂ ਅਤੇ ਜਜ਼ਬਿਆਂ ਦੀ ਕਵਿਤਾ ਰਚਦੀ ਹੈ, ਜਿਸ ਵਿਚ ਉਸਦੇ ਅੰਦਰਲੇ ਅਧੂਰੇਪਣ ਅਤੇ ਅਪ੍ਰਾਪਤ ਦਾ ਅਹਿਸਾਸ ਉਸਨੂੰ ਹਮੇਸ਼ਾ ਭਟਕਣ ਵਿਚ ਪਾਈ ਰੱਖਦਾ ਹੈ। "ਇੰਦਰਜੀਤ ਨੰਦਨ ਦੀ ਪਹਿਲੀ ਕਵਿਤਾ ਹੀ ਅਜਿਹੀ ਭਟਕਣ ਨਾਲ ਸੰਵਾਦ ਸਿਰਜਦੀ ਹੈ, ਜਿਹੜੀ ਨਿਰੰਤਰ ਬਾਅਦ 'ਚ ਉਸਦੀਆਂ ਅਗਲੀਆਂ ਕਵਿਤਾਵਾਂ ਦੀ ਪ੍ਰਿਸ਼ਠ-ਭੂਮੀ ਬਣਦੀ ਹੈ।
ਲਟਕ ਰਹੀ ਹਾਂ
ਇਕ ਖਲਾਅ ਅੰਦਰ
ਜਿੱਥੇ ਸਭ ਕੁਝ ਖਾਲੀ ਹੈ
ਕੋਈ ਹੋਂਦ ਨਹੀਂ
ਸਿਵਾ ਹਨੇਰੇ ਦੀ ਭਟਕਣ ਤੋਂ10
ਕੌਣ ਹੈ ਉਹ
ਜਿਸਦੀ ਰਾਹ ਤੱਕਦੀ?
ਹੈ ਕਿਉਂ ਅਹਿਸਾਸ
ਇਕ ਅਧੂਰੇਪਨ ਦਾ?"
ਇਸ ਤਨਾਓਗ੍ਰਸਤ ਅਵਸਥਾ ਵਿਚੋਂ ਬਾਹਰ ਨਿਕਲਣ ਦੇ ਯਤਨ ਵਿਚ ਉਹ ਕਈ ਰੰਗੀਨ ਸੁਪਨੇ ਸਿਰਜਦੀ ਹੈ। ਜਿਸ ਵਿਚ ਉਹ ਆਪਣੇ ਆਪ ਨੂੰ ਪ੍ਰਕਿਰਤੀ ਨਾਲ ਅਭੇਦ ਕਰ ਲੈਂਦੀ ਹੈ ਅਤੇ ਪ੍ਰਕਿਰਤੀ ਉਸਦੀ ਕਵਿਤਾ ਵਿਚ ਰੂਪਕਾਂ ਅਤੇ ਬਿੰਬਾਂ ਦੇ ਰੂਪ ਵਿਚ ਪ੍ਰਗਟ ਹੁੰਦੀ ਹੈ:
ਮੇਰੇ ਮਨ ਦੀ
ਬੰਜਰ ਧਰਤੀ
ਸੁਪਨਿਆਂ ਦੇ ਮਾਰੂਥਲ
ਤੂੰ ਇਕ ਬੱਦਲ ਦਾ ਟੋਟਾ
ਤਪਦੀ ਮਿੱਟੀ ਨੂੰ ਅੰਤਿਮ ਆਸ!12
ਪ੍ਰਕਿਰਤੀ ਉਤਰਆਧੁਨਿਕ ਮਨੁੱਖ ਦੀ ਜ਼ਿੰਦਗੀ ਦੀ ਦੌੜ ਵਿਚਲੀ ਭਟਕਣਾ ਲਈ ਤ੍ਰਿਪਤੀ ਦਾ ਰਸਤਾ ਦਿਖਾਉਂਦੀ ਹੈ। ਇੰਦਰਜੀਤ ਨੰਦਨ ਦੀਆਂ ਕਈ ਕਵਿਤਾਵਾਂ ਵਿਚ ਪ੍ਰਕਿਰਤੀ ਅਤੇ ਬ੍ਰਹਿਮੰਡ ਵਿਚਲੀਆਂ ਵਸਤੂਆਂ ਦਾ ਮਾਨਵੀਕਰਣ ਹੋਇਆ ਹੈ ਜੋ ਉਸਦੇ ਸੁਪਨ ਸੰਸਾਰ ਦੀ ਸਿਰਜਣਾ ਕਰਦਾ ਹੈ। ਸੁਪਨ ਸੰਸਾਰ ਰਾਹੀਂ ਆਪਣੀਆਂ ਅਪ੍ਰਾਪਤੀਆਂ ਅਤੇ ਅਧੂਰੇਪਣ ਨੂੰ ਪੂਰਿਆਂ ਕਰਣ ਦੀ ਤੀਬਰ ਇੱਛਾ ਉਸਦੀ ਕਵਿਤਾ ਵਿਚ ਆਸ਼ਾਵਾਦੀ ਸੁਰ ਬਣਕੇ ਪ੍ਰਸਤੁਤ ਹੁੰਦੀ ਹੈ:
ਹਉਕਿਆਂ ਨੂੰ ਐਵੇਂ
ਹਮਸਫ਼ਰ ਨਾ ਬਣਾ
ਗੁਆਚੀ ਮੁਸਕਾਨ ਦੀ ਵੀ
ਗਲ ਕਰ ਲਿਆ ਕਰ।।13
ਜੀਵਨ ਦਾ ਜੋ ਕਾਲਾ ਰੰਗ
ਮੇਰੇ ਹਿੱਸੇ ਆਇਆ
ਉਸ ਉੱਤੇ ਵੀ ਕੱਢ ਦਿਤੀ
ਮੈਂ ਮੁਹੱਬਤ ਦੀ ਫੁਲਕਾਰੀ
ਤੇ ਭਰ ਦਿੱਤੇ ਸੂਹੇ ਰੰਗ
ਪਰ ਕਈ ਥਾਵਾਂ 'ਤੇ ਉਸਦੇ ਇਹ ਰੰਗੀਨ ਸੁਪਨੇ, ਸੁਪਨੇ ਬਣਨ ਤੋਂ ਪਹਿਲਾਂ ਹੀ ਟੁੱਟ ਜਾਂਦੇ ਹਨ ਅਤੇ ਉਹ ਅਤ੍ਰਿਪਤ ਹੀ ਰਹਿੰਦੀ ਹੈ:
............................
ਅਜੇ ਸੂਹੇ ਸੁਪਨਿਆਂ ਦੀ
ਸਰਦਲ ਤੇ ਪੈਰ ਹੀ ਪਾਇਆ ਸੀ
ਕਿ ਮੇਰੀ ਅੱਖ ਖੁਲ੍ਹ ਗਈ।”
“ਪਰ ਉਸਦੀ ਕਵਿਤਾ ਦਾ ਮੁੱਖ ਉਦੇਸ਼ ਮਾਨਵੀ ਰਿਸ਼ਤਿਆਂ ਦੇ ਵੱਖ-ਵੱਖ ਰੰਗਾਂ ਨੂੰ ਉਭਾਰਨਾ ਹੈ। ਇਨ੍ਹਾਂ ਰੰਗਾਂ ਰਾਹੀਂ ਉਸਦੀ ਕਵਿਤਾ ਰਿਸ਼ਤਿਆਂ ਬਾਰੇ ਸਵੈ ਨਾਲ ਸੰਵਾਦ ਰਚਾਉਂਦੀ ਹੈ। 16 ਆਪਣੇ ਮਨ ਦੇ ਅਜਿਹੇ ਸਾਰੇ ਅਹਿਸਾਸਾਂ, ਭਾਵਾਂ, ਜਜ਼ਬਿਆਂ, ਦੁੱਖਾਂ ਅਤੇ ਸੁੱਖਾਂ ਦਾ ਹਾਲ ਉਹ ਆਪਣੀ ਕਵਿਤਾ ਨੂੰ ਸੁਣਾਉਂਦੀ ਹੈ:
ਇਹ ਜੋ ਅਸੀਂ ਲਿਖਦੇ ਹਾਂ ਨਜ਼ਮਾਂ
ਹੁੰਦੀਆਂ ਨੇ ਤਰਜ਼ਮਾ
ਅੰਦਰਲੇ ਵਲਵਲਿਆਂ ਦਾ
ਬਿਰਹਾ ਦੀ ਦਾਸਤਾਨ
ਦੁੱਖਾਂ ਦੇ ਵਰਕੇ ਫਰੋਲਦੀਆਂ
ਸਾਂਝੀਆਂ ਕਰਦੀਆਂ ਨੇ ਪੀੜਾਂ।"
ਅਸਲ ਵਿਚ ਮੱਧਵਰਗੀ ਬੰਦਾ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ ਕਿਉਂਕਿ ਜੋ ਪ੍ਰਾਪਤ ਹੈ, ਉਸ ਵਿਚ ਊਣਤਾਈਆਂ ਨੂੰ ਦੇਖਣ ਪਰਖਣ ਦੇ ਉਹ ਕਾਬਿਲ ਹੁੰਦਾ ਹੈ, ਜੋ ਉਸਦੇ ਦੁੱਖਾਂ ਅਤੇ ਭਟਕਣ ਦਾ ਕਾਰਨ ਬਣਦਾ ਹੈ। ਅਤੇ ਮੌਜੂਦਾ ਨੂੰ ਸਮਝਦਾ ਹੋਇਆ ਵੀ ਉਸਨੂੰ ਬਦਲਣ ਦੀ ਜਾਂ ਵਿਦਰੋਹ ਕਰਨ ਦੀ ਹਿੰਮਤ ਉਹ ਕਰਦਾ ਨਹੀਂ। ਉਸ ਕੋਲ ਫਿਰ ਇਕੋ ਇਕ ਸਾਧਨ 'ਸ਼ਬਦ' ਬਚਦਾ ਹੈ ਜਿਸ ਰਾਹੀਂ ਉਹ ਆਪਣੇ ਅਹਿਸਾਸਾਂ ਦੇ ਭਾਰ ਤੋਂ ਹਲਕਾ ਹੋਣ ਦਾ ਯਤਨ ਕਰਦਾ ਹੈ। ਪਰ ਸ਼ਬਦਾਂ ਦੇ ਇਹ ਪ੍ਰਵਚਨ ਉਸਦੀ ਸਥਿਤੀ ਨੂੰ ਬਦਲਦੇ ਨਹੀਂ ਹਨ। ਇਸੇ ਕਰਕੇ ਉਸਦੇ ਸੁਪਨੇ ਵੀ ਅੱਧ ਵਿਚਾਲੇ ਹੀ ਟੁੱਟ ਜਾਂਦੇ ਹਨ। ਕਵਿਤਾ ਨਾਲ ਸੰਵਾਦ ਰਚਾਉਂਦੀ ਹੋਈ ਇੰਦਰਜੀਤ ਨੰਦਨ ਕਵੀ ਤੇ ਕਵਿਤਾ ਦੇ ਆਪਸੀ ਸੰਬੰਧਾਂ ਦੀ ਗੱਲ ਵੀ ਕਰਦੀ ਹੈ:
ਅੰਦਰਲਾ ਜਦ ਆਖਦਾ ਹੈ
"ਮੈਂ ਪਿਆਰ ਹਾਂ
ਤੇਰਾ ਆਪਣਾ
ਤੇਰੇ ਹਿਰਦੇ 'ਚ
ਲੁਕਿਆ ਹੋਇਆ......
ਤਾਂ ਸਾਰਾ ਵਜੂਦ
ਕੋਮਲ ਕੋਮਲ ਹੋ ਜਾਂਦਾ ਹੈ
ਤੇ ਮੈਂ ਸਭ ਕੁਝ
ਤੈਨੂੰ ਦੱਸਣ
ਬੈਠ ਜਾਂਦੀ ਹਾਂ ਨਜ਼ਮਾ18
ਕਵਿਤਾ ਉਸ ਅੰਦਰ ਉਤਰੇ
ਜਾਂ ਕਵਿਤਾ ਅੰਦਰ/ਉਹ ਉਤਰ ਜਾਵੇ
ਸਮਝ ਨਾ ਪਾਵੇ
ਜਦ ਵੀ ਉਹ
ਉਦਾਸ ਹੋ ਜਾਵੇ
ਕਵਿਤਾ ਕੋਲ ਆਵੇ।
ਕਵਿਤਾ ਨੂੰ ਉਹ 'ਨੰਨੀ ਜਾਦੂਗਰਨੀ ਕਹਿੰਦੀ ਹੈ ਜਿਸਦਾ ਕਵੀ ਨਾਲ ਰਿਸ਼ਤਾ ਅਸੀਮਤਾ ਵਾਲਾ ਹੁੰਦਾ ਹੈ ਅਤੇ ਕਵਿਤਾ ਹੀ ਉਸਦੇ 'ਕੌੜੇ ਬੋਲਾਂ' ਨੂੰ 'ਖ਼ੁਸ਼ਾਮਦੀਦ’ ਆਖਦੀ ਹੈ। ਕਵਿਤਾ ਦੇ ਮੁਕਾਬਲੇ ਉਸਨੂੰ ਬਾਕੀ ਸਾਰੇ ਸੰਸਾਰ-ਸਮਾਜਿਕ ਰਿਸ਼ਤੇ ਬੌਣੇ ਲਗਦੇ ਹਨ। ਇਸ ਸੰਦਰਭ ਵਿਚ ਉਸਦੀਆਂ ਕਵਿਤਾਵਾਂ 'ਕਾਂ' 'ਆਪਣਾਪਣ', 'ਆਖ਼ਰ ਕਦ ਤਕ', 'ਲਾਸ਼,' 'ਵਰਜਿਤ ਮੰਜ਼ਿਲ,' 'ਰਿਸ਼ਤੇ’, 'ਸਵੈਟਰ’, 'ਇੰਟੀਰੀਅਰ ਡੈਕੋਰੇਟਰ' ਆਦਿ ਵਿਚਾਰਨ ਯੋਗ ਹਨ। ਆਧੁਨਿਕ ਰਿਸ਼ਤਿਆਂ ਬਾਰੇ ਉਹ ਕਹਿੰਦੀ ਹੈ:
ਰਿਸ਼ਤੇ.....
ਆਧੁਨਿਕ ਯੁਗ 'ਚ
ਹਾਈ ਬ੍ਰਿਡ ਹੋ ਗਏ
.........................
ਪਰ ਮਹਿਕੋਂ ਪੇਤਲੇ
ਮੂਲੋਂ ਖੋਖਲੇ
ਹੈਲੋ ਹਾਏ ਕਰਦੇ
ਬੌਣੇ ਬੌਣੇ, ਨਿੱਕੇ ਨਿੱਕੇ
ਰਿਸ਼ਤੇ ਹੁਣ
ਬੋਨਸਈ ਹੋ ਗਏ...20
ਸਮਾਜ ਸਭਿਆਚਾਰਕ ਰਿਸ਼ਤਿਆਂ ਵਿਚੋਂ ਉਸਨੂੰ 'ਮਾਂ ਦਾ ਰਿਸ਼ਤਾ ਅਤੇ ਮਾਂ ਵਰਗਾ “ਭੂਆ ਦਾ ਰਿਸ਼ਤਾ” ਹੀ 'ਕਵਿਤਾ ਦੇ ਰਿਸ਼ਤੇ' ਵਰਗਾ, ਬਲਕਿ ਇਸ ਤੋਂ ਵੀ ਉੱਪਰ ਦਾ ਲਗਦਾ ਹੈ। 'ਮਾਂ ਨੂੰ ਪਤਾ ਹੈ' ਕਵਿਤਾ ਵਿਚ ਉਹ ਮਾਂ ਅਤੇ ਪੁੱਤਰ ਵਿਚਾਲੇ ਮੋਹ, ਮਮਤਾ,ਆਪਸੀ ਸਮਝ, ਅਗਵਾਈ ਅਤੇ ਪ੍ਰੇਰਨਾ ਜਿਹੇ ਸੰਕਲਪਾਂ ਦੀ ਪਿੱਠ ਭੂਮੀ ਵਿਚ ਅਜਿਹੇ ਰਿਸ਼ਤਿਆਂ ਨੂੰ ਜ਼ਿੰਦਗੀ ਦੇ ਸੰਘਰਸ਼ ਵਿਚ 'ਮਸ਼ਾਲ ਵਰਗੀ ਰੋਸ਼ਨੀ' ਪੈਦਾ ਕਰਨ ਵਾਲੇ ਦਰਸਾਉਂਦੀ ਹੈ, ਰਿਸ਼ਤਿਆਂ ਪ੍ਰਤਿ ਅਜਿਹੀ ਪਹੁੰਚ ਜਿੱਥੇ ਸਾਡੇ ਪੈਤਰਿਕ ਸਿਸਟਮ ਦਾ ਇਕ ਉਸਾਰ ਹੈ, ਉਥੇ ਆਧੁਨਿਕ ਮੰਡੀ ਦੇ ਯੁੱਗ ਵਿਚਲੀ ਵਿਡੰਬਨਾ ਵੀ ਹੈ ਜਿਸ ਕਾਰਨ ਰਿਸ਼ਤਿਆਂ ਵਿਚਲੀ ਨੈਤਿਕਤਾ ਦਾ ਪਤਨ ਹੋ ਰਿਹਾ ਹੈ। ਸਮਾਜ ਸਾਪੇਖ ਰਿਸ਼ਤਿਆਂ ਦੇ ਸਮਾਨਾਂਤਰ ਉਹ ਕੁਝ ਬੇਨਾਮ ਰਿਸ਼ਤਿਆਂ ਨੂੰ ਜ਼ਿਆਦਾ ਮਹੱਤਵਪੂਰਨ ਸਮਝਦੀ ਹੈ। ਉਸ ਦੀ ਕਵਿਤਾ 'ਪੰਧ' 'ਤ੍ਰਿਪਤੀ', 'ਸਾਧਨਾ' ਆਦਿ ਇਸ ਪ੍ਰਸੰਗ ਵਿਚ ਸਮਝਣਯੋਗ ਹਨ। ਇਹਨਾਂ ਬੇਨਾਮ ਰਿਸ਼ਤਿਆਂ ਵਿਚੋਂ ਪ੍ਰੇਮ/ਮੁਹੱਬਤ ਦਾ ਰਿਸ਼ਤਾ ਬਾਰ-
ਬਾਰ ਉਸਦੀ ਰਚਨਾ ਵਿਚ ਪ੍ਰਥਮ ਸਥਾਨ ਗ੍ਰਹਿਣ ਕਰ ਜਾਂਦਾ ਹੈ। ਉਹ ਵਧੇਰੇ ਨਾਰੀ ਕਾਵਿ ਦੀ ਤਰ੍ਹਾਂ “ਪੁਰਸ਼ ਨਾਲ ਸਮਾਨਤਾ ਦੇ ਪੱਧਰ ਉੱਤੇ ਮੁਹੱਬਤੀ ਰਿਸ਼ਤੇ ਵਿਚ ਬੱਝ ਕੇ ... ਮੁਹੱਬਤ ਨੂੰ ਸ਼ਿੱਦਤੀ ਆਦਰਸ਼ ਸਥਿਤੀ ਵਜੋਂ ਅੰਗੀਕਾਰ" ਕਰਦੀ ਹੈ।"21 "ਇਹ ਮੁਹੱਬਤ ਦੇ ਅਹਿਸਾਸ ਨਾਲ ਲਰਜ਼ਦੀ ਹੈ, ਪਰੰਤੂ ਇਸ ਵਿਚ ਤਥਾਕਥਿਤ ਨਾਰੀਵਾਦ ਦਾ ਬੋਝ ਨਹੀਂ ਹੈ। "22 ਇਕ ਪੜਾਅ ਤੇ ਜਾ ਕੇ ਮੁਹੱਬਤ, ਪ੍ਰਕਿਰਤੀ, ਕਲਾ, ਸਾਧਨਾ, ਤਪ, ਤਪੱਸਿਆ, ਖੂਬਸੂਰਤੀ, ਸੰਗੀਤ, ਸਾਹਿਤ, ਸ਼ਬਦ, ਅੱਖਰ, ਗਿਆਨ, ਬੁੱਧੀ ਅਤੇ ਨੀਝ ਆਦਿ ਸੰਕਲਪ ਉਸਦੀ ਰਚਨਾ ਵਿਚ ਆਪਸ ਵਿਚ ਅਭੇਦ ਹੋ ਕੇ ਅਜਿਹੇ ਉੱਦਾਤ ਸੰਬੰਧਾਂ ਦਾ ਪ੍ਰਤੀਕ ਬਣ ਜਾਂਦੇ ਹਨ ਜਿਹਨਾਂ ਵਿਚੋਂ ਉਹ ਮੁਕਤੀ, ਤ੍ਰਿਪਤੀ ਅਤੇ ਸਕੂਨ ਦਾ ਅਨੁਭਵ ਕਰਦੀ ਹੈ। ਉਸਦੀ ਮੁਹੱਬਤ ਦਾ 'ਸੂਹਾ ਰੰਗ' ਬਾਰ-ਬਾਰ ਉਸਦੀ ਕਵਿਤਾ ਵਿਚ ਉਭਰਦਾ ਹੈ ਅਤੇ ਖ਼ੁਸ਼ੀ ਦਾ ਪ੍ਰਤੀਕ ਬਣ ਜਾਂਦਾ ਹੈ। ਇਸ ਸੰਦਰਭ ਵਿਚ 'ਲੋਅ', 'ਹੱਯਾਤੀ', 'ਮੁਹੱਬਤੀ ਫੁੱਲ', ਮਿਲਾਪ', 'ਅਲਖ', 'ਪ੍ਰੇਮ ਮਾਰਗ', ਸਾਧਨਾ ਅਤੇ 'ਤ੍ਰਿਪਤੀ' ਆਦਿ ਕਵਿਤਾਵਾਂ ਵਰਣਨ ਯੋਗ ਹਨ। ਅਜਿਹੇ ਬੇਨਾਮ ਰਿਸ਼ਤਿਆਂ ਵਿਚ ਹੀ ਇਕ ਹੋਰ ਰਿਸ਼ਤੇ 'ਚੁੱਪ ਦੇ ਰਿਸ਼ਤੇ' ਦਾ ਜ਼ਿਕਰ ਵੀ ਉਹ ਕਰਦੀ ਹੈ ਜੋ ਮੌਨ ਰਹਿੰਦਿਆਂ ਹੋਇਆਂ ਹੀ ਸਭ ਸੰਚਾਰ ਕਰ ਜਾਂਦਾ ਹੈ। ਇਸਦੇ ਰਹੱਸ ਬਾਰੇ ਉਹ ਕਹਿੰਦੀ ਹੈ:
ਚੁੱਪ ਦਾ ਰਿਸ਼ਤਾ
ਕਿੰਨਾ ਅਜਬ
ਦੋ ਨਜ਼ਰਾਂ ਰਾਹੀਂ
ਬੰਦ ਹੋਠਾਂ ਨਾਲ
ਸਭ ਕੁਝ ਕਹਿ ਜਾਵੇ ।23
ਅਣਕਹੇ 'ਚੋਂ
ਸੁਣਦੀ ਹਾਂ
ਮੌਨ ਦੇ ਅਰਥ
ਲੱਭਦੀ ਹਾਂ.....
ਤੇ ਮੇਰੇ ਮਨ ਦੇ ਤਲ 'ਤੇ
ਉਸ ਦੀ ਚੁੱਪ ਦਾ ਰੰਗ
ਹੋਰ ਵੀ ਗੂੜਾ ਹੋ ਜਾਂਦਾ ਹੈ... 24
ਇਸੇ ਮੌਨ ਦੇ ਅਰਥਾਂ ਨੂੰ ਹੋਰ ਘੋਖਣ ਲਈ ਉਹ ਮਹਾਤਮਾ ਬੁੱਧ ਦੀਆਂ 'ਖੜਾਵਾਂ ' ਪਾ ਕੇ ਗਿਆਨ ਮਾਰਗ ਵਿਚ ਹੋਰ ਅੱਗੇ ਜਾਣਾ ਚਾਹੁੰਦੀ ਹੈ। ਇਸ ਕਿਸਮ ਦੇ ਰਿਸ਼ਤਿਆਂ ਅਤੇ ਸੰਬੰਧਾਂ ਦੀ ਪਛਾਣ ਕਰਦੀ ਹੋਈ ਇੰਦਰਜੀਤ ਨੰਦਨ ਕਿਧਰੇ ਵੀ ਸੁਚੇਤ ਤੌਰ 'ਤੇ ਸਮਕਾਲੀ ਅਖਾਉਤੀ ਉੱਤਰਆਧੁਨਿਕ ਨਾਰੀਵਾਦ ਨੂੰ ਅਪਣਾਉਂਦੀ ਨਜ਼ਰ ਨਹੀਂ ਆਉਂਦੀ। ਪਰ ਅਚੇਤ ਤੌਰ ਤੇ ਉਸਦੀ ਰਚਨਾ ਵਿਚ ਨਾਰੀ ਚੇਤਨਾ ਦਾ ਭਾਵ ਨਹੀਂ
ਹੈ। ਆਪਣੀਆਂ ਕਵਿਤਾਵਾਂ 'ਦਰਜੇ ਤੇ ਔਰਤ', 'ਹੱਥ', 'ਬਦਸੂਰਤ’, ‘ਬੂਹਾ’, 'ਕਠਪੁਤਲੀ' ਅਤੇ 'ਤੇਰੀ ਕਾਇਆ ਮੇਰੇ ਸ਼ਬਦ’ (ਲੰਬੀ ਨਜ਼ਮ) ਵਿਚ ਉਹ ਪਿਤਰਕੀ ਸਮਾਜ ਸਭਿਆਚਾਰ ਵਿਚ ਔਰਤ ਨੂੰ ਪ੍ਰਾਪਤ ਦੁਜੈਲੇ ਸਥਾਨ ਅਤੇ ਉਸ ਨਾਲ ਹੁੰਦੀਆਂ ਵਧੀਕੀਆਂ ਨੂੰ ਸਿਰਜਦੀ ਹੈ ਅਤੇ ਇਸਨੂੰ ਜੁਗਾਂ ਜੁਗਾਤਰਾਂ ਤੋਂ ਚਲਦੀ ਆ ਰਹੀ ਹੋਣੀ ਦੇ ਰੂਪ ਵਿਚ ਸਮਝਦੀ ਹੋਈ ਔਰਤ ਨੂੰ 'ਇਕਸਾਰ ਦਾ ਦਰਜਾ ਮਿਲਣ' ਦਾ ਪ੍ਰਸ਼ਨ ਖੜ੍ਹਾ ਕਰਦੀ ਹੈ। ਆਪਣੀ ਕਵਿਤਾ "ਮੈਂ ਤੇ ਮੈਂ" ਵਿਚ ਅਜਿਹੇ ਅਤਿ ਆਧੁਨਿਕਵਾਦ ਨੂੰ ਬਾਕੀ ਇਸਤਰੀ ਕਵਿਤਰੀਆਂ ਦੀ ਤਰ੍ਹਾਂ ਧਾਰਨ ਨਾ ਕਰਨ ਦਾ ਤਰਕ ਸਿਰਜਦੀ ਹੋਈ ਉਹ ਆਪਣੇ ਆਪ ਨੂੰ 'ਮੁਹੱਬਤ' ਦੇ ਅਨੁਭਵ ਅਤੇ ਅਹਿਸਾਸ ਦੀ ਧਾਰਨੀ ਮੰਨਦੀ ਹੈ ਅਤੇ ਮਰਦ ਪ੍ਰਤਿ ਇਕ ਪਾਸਾ ਸੋਚ ਅਪਨਾਉਣ ਤੋਂ ਇਨਕਾਰ ਕਰਦੀ ਹੈ। ਇਸਦੇ ਬਾਵਜੂਦ ਉਹ ਬਾਕੀ ਇਸਤਰੀਆਂ ਦੁਆਰਾ ਹੁੰਢਾਏ ਗਏ ਉਹਨਾਂ ਦੇ ਕੌੜੇ ਯਥਾਰਥਕ ਅਨੁਭਵਾਂ ਦੀ ਸੰਭਾਵਨਾ ਨੂੰ ਸਵੀਕਾਰ ਕਰਕੇ ਆਪਣੀ ਨਾਰੀ ਚੇਤਨਾ ਰਾਹੀਂ ਉਹਨਾਂ ਦੀ ਨਾਰੀ- ਦ੍ਰਿਸ਼ਟੀ ਨੂੰ ਰੱਦ ਨਹੀਂ ਕਰਦੀ:
ਅੰਦਰ ਦੀ ਅੰਦਰ ਪਏ ਛਾਲੇ
ਪਤਾ ਨਹੀਂ ਕਦੋਂ
ਆਪ ਮੁਹਾਰੇ ਫੁੱਟ ਪਏ ਹੋਣੇ
ਤਾਂ ਹੀ ਤਾਂ ਉਗਲਿਆ
ਕਲਮਾਂ ਨੇ ਇਕ ਤਲਖ਼ ਸੱਚ
ਨੰਗਾ ਸੱਚ
ਤੇ ਬੜਾ ਕੁਝ ਹੋ ਗਿਆ।
............ਬੇਪਰਦ 25
ਇੰਦਰਜੀਤ ਨੰਦਨ ਖ਼ਪਤ ਸਭਿਆਚਾਰ ਵਿਚਲੇ ਮੰਡੀ ਦੇ ਯੁਗ ਵਿਚ ਮੌਜੂਦਾ ਸਿਆਸਤੀ, ਪ੍ਰਬੰਧਕੀ ਅਤੇ ਨਿਆਂਇਕ ਢਾਂਚੇ ਨੂੰ ਆਪਣੀਆਂ ਕਵਿਤਾਵਾਂ ਵਿਚ ਸਿਰਜਦੀ ਹੋਈ ਵਿਅੰਗਾਤਮਕ ਵਿਧੀ ਰਾਹੀਂ ਇਸ ਵਿਚਲੇ ਖੋਖਲੇਪਣ ਨੂੰ ਉਜਾਗਰ ਕਰਦੀ ਹੈ:
ਕਾਨੂੰਨ ਦਾ ਬਜ਼ਾਰ ਗਰਮ ਹੈ
ਕਾਲੇ ਕੋਟਾਂ 'ਚ
ਬੈਠੇ ਨੇ ਵਿਉਪਾਰੀ
ਜੋ ਵੱਧ ਪੈਸਾ ਦੇਵੇਗਾ
ਉਹੀ ਖਰੀਦ ਕੇ ਲੈ ਜਾਏਗਾ
ਕਾਨੂੰਨ…………….।? ।26
ਆਪਣੇ ਹੀ ਕੱਟੇ ਅੰਗਾਂ ਦਾ
ਸਬੂਤ ਦੇਣਾ ਪੈਂਦਾ
ਪਰ ਨਿਆਂ ਨਹੀਂ ਮਿਲਦਾ
ਤੇ ਲੋਕ ਲਟਕਦੇ ਰਹਿੰਦੇ
ਮਾਨਸਿਕ ਪੀੜਾ ਦੀਆਂ ਸਲੀਬਾਂ ਤੇ
ਵਰ੍ਹਾ ਦਰ ਵਰ੍ਹਾ
ਇੰਤਜ਼ਾਰ ਕਰਦੇ ਇਨਸਾਫ਼ ਦਾ27
ਪੱਥਰ ਦੇ
ਅਣਘੜਤ ਜਿਹੇ ਬੁੱਤ
ਚੁਣ ਚੁਣ
ਟਿਕਾ ਦਿੱਤੇ ਗਏ
ਕੁਰਸੀਆਂ ਉਪਰ
ਤੇ ਔਹ....
ਚੀਥੜਿਆਂ 'ਚ ਲਿਪਟੀ
ਉਨੀ ਹੀ ਮਾਸੂਮੀਅਤ ਨਾਲ
ਅੱਜ ਵੀ ਆਪਣਾ ਤਵਾ
ਆ ਰਗੜਣ ਲੱਗੀ
ਬੁੱਤ ਦੇ ਕਦਮਾਂ ਨਾਲ
ਇਹ ਸੋਚ ਕਿ
..........
ਪਰ
ਉਹਨੂੰ ਕੀ ਪਤਾ ਸੀ
ਕਿ ਅੱਜ ਕੱਲ੍ਹ ਦੇ ਪੱਥਰ
ਪਾਰਸ ਨਹੀਂ ਹੁੰਦੇ।"28
ਰਾਜਨੀਤਕ ਸੱਤਾ ਦੇ ਯੁੱਗ ਵਿਚ ਸਾਧਾਰਨ ਵਿਅਕਤੀ ਦੀ ਸਥਿਤੀ ਦਾ ਅਜਿਹਾ ਕਰੁਣਾਮਈ ਚਿਤਰਨ ਅਤੇ ਮਾਨਵਤਾ ਤੇ ਮਨੁੱਖਤਾ ਸੰਬੰਧੀ ਅਜਿਹੇ ਹੋਰ ਅਹਿਸਾਸ ਇੰਦਰਜੀਤ ਨੰਦਨ ਦੀਆਂ ਕਵਿਤਾਵਾਂ ਵਿਚ ਥਾਂ-ਪੁਰ-ਥਾਂ ਦ੍ਰਿਸ਼ਟੀਗੋਚਰ ਹੁੰਦੇ ਹਨ। 'ਦੋ ਸ਼ਬਦ' ਵਿਚ ਹਮਦਰਦੀ ਲਈ ਤੜਪ ਅਤੇ 'ਆਪਣਾਪਣ' ਵਿਚ 'ਦਰਦ ਵੰਡਾਉਣ ਦੀ ਇਨਸਾਨੀ ਭਾਵਨਾ ਦੀ ਅਣਹੋਂਦ ਵਰਗੇ ਅਮਾਨਵੀ ਵਤੀਰੇ ਤੋਂ ਨਿਰਾਸ਼ ਹੋ ਕੇ ਉਹ 'ਮਾਨਵਤਾ ਦਾ ਘਾਣ' ਦੇਖਣ ਤੋਂ ਕੰਨੀ ਕਤਰਾਉਂਦੀ ਹੈ। ਉੱਤਰ ਆਧੁਨਿਕਤਾ ਦੇ ਇਸ ਦੌਰ ਵਿਚ ਉਹ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿਚ ਦਰਪੇਸ਼ ਅਨੇਕਾਂ ਵਿਅਕਤੀਗਤ, ਸਮਾਜਿਕ, ਆਰਥਿਕ, ਦੰਭੀ, ਮਕਾਨਕੀ ਅਤੇ ਗਲੋਬਲ ਮਸਲਿਆਂ
ਵਿਚ ਵਿਰੋਧਾਭਾਸ ਦੇ ਖ਼ੂਬਸੂਰਤ ਬਿੰਬ ਉਲੀਕਦੀ ਹੈ। ਇਸ ਪ੍ਰਸੰਗ ਵਿਚ ਉਸਦੀਆਂ ਕਵਿਤਾਵਾਂ 'ਸਭਿਅਤਾ', 'ਧਰਮ', 'ਅਰਥ', 'ਮਸ਼ੀਨ ਤੋਂ ਮਨੁੱਖ', 'ਘਰ ਨੂੰ ਵਿਦਾ' ਅਤੇ ' ਗਲੋਬਲ ਵਾਰਮਿੰਗ' ਵਰਣਨ ਯੋਗ ਹਨ। ਮਿਸਾਲ ਵਜੋਂ:
ਤਿੱਖੀ ਧੁੱਪ 'ਚ
ਰਿਕਸ਼ਾ ਚਲਾ ਰਿਹਾ ਬੁੱਢਾ ਨੰਗੇ ਪੈਰੀਂ
ਚਾਹ ਫੜਾ ਕੇ ਆ ਰਿਹਾ ਮੁੰਡੂ
ਢੇਰ ਤੋਂ
ਅੱਧਨੰਗੀ ਔਰਤ ਚੁੱਕ ਰਹੀ ਲਿਫ਼ਾਫੇ
...................................
ਏਅਰ ਕੰਡੀਸ਼ਨਡ ਕਮਰੇ 'ਚ
ਗਲੋਬਲ ਵਾਰਮਿੰਗ 'ਤੇ
ਹੋ ਰਹੀ ਹੈ ਚਰਚਾ29
ਕਵਿੱਤਰੀ ਅਜਿਹੀਆਂ ਸਮਾਜ ਸਭਿਆਚਰਕ ਪ੍ਰਸਥਿਤੀਆਂ ਵਿਚ ਵਿਆਪਤ 'ਗਰੀਬ ਦੀ ਧੀ ਦੇ ਸੁਹੱਪਣ ' ਤੇ ਮਾਂ ਬਾਪ ਦੀ ਅਫ਼ਸੋਸਜਨਕ ਸਥਿਤੀ ਦੇ ਪ੍ਰਗਟਾਵੇ ਤੋਂ ਅਗਾਂਹ 'ਅੰਬੋ' ਦੇ ਮਿਹਨਤਕਸ਼ ਹੱਥਾਂ ਨੂੰ ਉੱਚਾ ਉੱਠਣ ਦੀ ਪ੍ਰੇਰਣਾ ਦੇਂਦੀ ਹੋਈ 'ਪੈਰਾਂ' ਦੀ ਸੁੱਖ ਮੰਗਣ ਨਾਲੋਂ ਸੋਚਾਂ, ਵਿਚਾਰਾਂ ਅਤੇ ਕਲਮਾਂ ਦੀ ਸੁੱਖ ਮੰਗਣ ਨੂੰ ਤਰਜੀਹ ਦੇਂਦੀ ਹੈ।“....... ਇਸ ਕਵਿਤਾ ਵਿਚ ਸਮਿਆਂ ਦੇ ਹਨੇਰੇ ਵਿਰੁੱਧ ਵਿਦਰੋਹ ਹੈ। ਇਸ ਵਿਦਰੋਹ ਦੀ ਭਾਸ਼ਾ ਭਾਸ਼ਣੀ ਉਚਾਰ ਵਾਲੀ ਨਹੀਂ ਸਗੋਂ ਕਾਵਿਕ ਰਚਨਾਤਮਕਤਾ ਵਾਲੀ ਹੈ ਜਿਹੜੀ ਅਹਿਸਾਸ 'ਚੋਂ ਉਦੈ ਹੁੰਦੀ ਹੈ।” ਰੋਸ਼ਨੀ' ਵਿਚ ਸੋਚ ਤੇ ਉਰਜਾ ਰਾਹੀਂ ਬਦਲਾਵ ਲਿਆਉਣ, 'ਫਾਂਸੀ' ਵਿਚ ਮੱਥੇ ਦੀਆਂ ਸੋਚਾਂ ਨੂੰ ਹਥੇਲੀਆਂ ਤੇ ਉਕਰਨ ਦਾ ਪੈਗ਼ਾਮ ਦੇਣ ਅਤੇ 'ਅਸੀ' ਵਿਚ ਲੜਾਈ ਤੋਂ ਡਰਦੇ ਹੋਏ ਬੁੱਤ ਬਣਨ ਤੋਂ ਬਾਅਦ ਗਿਆਨ ਰੂਪੀ ਸੂਰਜਾਂ ਦੇ ਉਦੈ ਹੋਣ ਦੇ ਨਾਲ ਹਨੇਰਿਆਂ ਖਿਲਾਫ਼ ਵਿਦਰੋਹ ਕਰਨ ਲਈ ਹਥੇਲੀਆਂ 'ਤੇ ਦੀਪ ਬਾਲ ਕੇ ਤੁਰਨ ਦਾ ਰਸਤਾ ਪਕੜਨਾ ਉਸਦੀ ਸਮਾਜਵਾਦੀ ਇਨਕਲਾਬੀ ਸੋਚ ਵਿਚੋਂ ਉਭਰੀ ਵਿਦਰੋਹੀ ਸੁਰ ਦਾ ਪ੍ਰਮਾਣ ਹੈ। ਇਸ ਰਸਤੇ ਤੇ ਤੁਰਨ ਲਈ ਉਹ ਸ਼ਬਦ ਦੇ ਸਾਧਿਅਮ ਰਾਹੀਂ, ਕਲਮ ਦੀ ਤਾਕਤ ਨਾਲ ਨਰੋਆ ਸਾਹਿਤ ਰਚ ਕੇ ਨਵਾਂ ਇਤਿਹਾਸ ਸਿਰਜਣ ਦਾ ਮਾਰਗ ਸੁਝਾਉਂਦੀ ਹੈ,ਜਿਸ ਵਾਸਤੇ ਉਹ ਕਵਿਤਾ ਨਾਲ ਸਮਾਧੀ ਲਾਉਣ ਨੂੰ ਤਰਜੀਹ ਦੇਂਦੀ ਹੈ। ਇਸ ਪੱਖੋਂ ਉਸਦੀਆਂ ਲੰਬੀਆਂ ਨਜ਼ਮਾਂ 'ਤੇਰੀ ਕਾਇਆ ਮੇਰੇ ਸ਼ਬਦ' ਅਤੇ 'ਸੰਵਾਦ' ਵਿਸ਼ੇਸ਼ ਧਿਆਨ ਦੀ ਮੰਗ ਕਰਦੀਆਂ ਹਨ:
ਐ ਨਜ਼ਮ! ਐ ਮੇਰੀ ਸ਼ਕਤੀ!
ਤੂੰ ਏ ਮੇਰੇ ਨਾਲ
ਮੈਂ ਭੇਦ ਹੀ ਦਿਆਂਗੀ
ਹਰ ਚਕਰਵਿਊ
ਤੇ ਇਕ ਦਿਨ
ਨਿਕਲ ਆਵਾਂਗੀ ਬਾਹਰ
ਐ ਕਵੀ!
ਇਹ ਨਿੱਕੇ ਨਿੱਕੇ ਚਕਰਵਿਉ
ਜੋ ਰਚਦਾ ਏ ਵਕਤ
.........................
ਇਕ ਨਾ ਇਕ ਦਿਨ
ਮੰਨ ਹੀ ਜਾਏਗਾ
ਕਲਮਾਂ ਦੀ ਤਾਕਤ
ਤੇ ਜਾਣ ਜਾਏਗਾ
ਕਿਵੇਂ ਬਦਲ ਜਾਂਦੇ ਨੇ ਯੁੱਗ
ਜੇ ਸ਼ਬਦ ਦੀ ਤਾਕਤ
ਪੁੱਜ ਜਾਏ ਆਵਾਮ ਤੀਕ
.............................
ਐ ਕਵੀ!
ਮੈਨੂੰ ਪਤਾ ਹੈ
ਤੇਰੀ ਸ਼ਕਤੀ ਦਾ
ਤੂੰ ਰਚ ਹੀ ਲੈਣਾ
ਬੜਾ ਨਰੋਆ
ਬੜਾ ਜੁਝਾਰੂ
..................
ਤੇ ਆਉਂਦੇ ਵਕਤ ਅੱਗੇ
ਸਿਰਜ ਦੇ ਇਕ ਨਵਾਂ ਇਤਿਹਾਸ"31
ਇੰਦਰਜੀਤ ਨੰਦਨ ਅਨੁਭਵਾਂ ਵਿਚੋਂ ਉਜਾਗਰ ਹੁੰਦੇ ਆਪਣੀ ਕਵਿਤਾ ਦੇ ਇਹਨਾਂ ਸਾਰੇ ਸਰੋਕਾਰਾਂ ਨੂੰ 'ਜ਼ਿੰਦਗੀ ਦੀ ਕਵਿਤਾ ਨੂੰ ਹਰਫ਼ ਜਿਉਂਦੀ ਹੋਈ', 'ਖੁਸ਼ੀ ਦੇ ਅਰਥਾਂ ਦੀ ਭਾਲ' ਵਿਚੋਂ 'ਸਹਿਜ', ਅਵਸਥਾ ਵਿਚ ਹੀ ਗ੍ਰਹਿਣ ਕਰਦੀ ਅਤੇ ਚਿਤਰਦੀ ਹੈ। ਕਾਵਿ ਸਿਰਜਣਾ ਦੀ 'ਰਿਸ਼ੀ ਵਰਗੀ ਸਮਾਧੀ' ਰਾਹੀਂ ਉਹ ਕਈ 'ਰਹੱਸਾਂ ਨੂੰ ਫਰੋਲਦੇ ਸਮੇਂ ਉਸਦੀ ਕਵਿਤਾ ਪ੍ਰਕਿਰਤੀ, ਕਲਾ ਸੰਗੀਤ, ਸਮਾਧੀ ਅਤੇ ਮੁਹੱਬਤ ਆਦਿ ਦੇ ਸੰਗ ਵਿਚਰਦੀ ਹੈ। ਆਧੁਨਿਕ ਮਸ਼ੀਨੀਕਰਨ ਦੇ ਯੁੱਗ ਵਿਚ ਉਤਰ ਆਧੁਨਿਕ ਮਨੁੱਖ ਪ੍ਰਕਿਰਤੀ ਨੂੰ ਅਲਵਿਦਾ ਕਹਿੰਦਾ ਜਾ ਰਿਹਾ ਹੈ, ਜਿਸ ਕਰਕੇ ਆਧੁਨਿਕ ਸਹੂਲਤਾਂ
ਨਾਲ ਲੈਸ ਉਹਦੇ ਘਰ ਨਾਲ ਉਸਨੂੰ ਮੁਹੱਬਤ ਹੀ ਨਹੀਂ ਹੁੰਦੀ, ਜਿਥੇ ਉਸਦੇ ਅਹਿਸਾਸ ਖਿੰਡ-ਪੁੰਡ ਜਾਂਦੇ ਹਨ ਕਿਉਂਕਿ 'ਮਸ਼ੀਨਾਂ ਦੀ ਘਰੜ ਘਰੜ' ਵਿਚ ਸਾਡੇ ਜਜ਼ਬਾਤ ਵੀ ਪਿਸ ਗਏ ਹਨ। ਅਜਿਹੇ ਸਰੋਕਾਰਾਂ ਦੇ ਕਈ ਪ੍ਰਵਚਨ ਉਹ ਆਪਣੀਆਂ ਕਵਿਤਾਵਾਂ, ਨਜ਼ਮਾਂ ਅਤੇ ਪ੍ਰਗੀਤਾਂ ਰਾਹੀਂ ਬਿੰਬਤ ਕਰਦੀ ਹੈ।
ਸੰਖੇਪ ਵਿਚ, ਇੰਦਰਜੀਤ ਨੰਦਨ ਦੀ ਕਵਿਤਾ ਦੇ ਸਰੋਕਾਰ ਉਤਰ ਆਧੁਨਿਕ ਮਨੁੱਖ ਦੀ ਜ਼ਿੰਦਗੀ ਦੇ ਮਸਲਿਆਂ ਨੂੰ ਉਜਾਗਰ ਕਰਦੇ ਹੋਏ ਇਸ ਵਿਸ਼ਵੀਕ੍ਰਿਤ ਦੁਨੀਆਂ ਵਿਚ ਉਸਦੀ ਹੋਂਦ ਅਤੇ ਹੋਣੀ ਦੀ ਪਛਾਣ ਕਰਦੇ ਹਨ। ਇਹ ਪਛਾਣ ਉਸਦੀ ਸਵੈ- ਭਟਕਣ ਅਤੇ ਸਵੈ-ਤਲਾਸ਼ ਦੇ ਤਣਾਓ ਵਿਚੋਂ ਉਤਪੰਨ ਹੁੰਦੀ ਹੈ। ਤਣਾਓ ਮੁਕਤੀ ਦੇ ਯਤਨ ਵਿਚ ਉਹ ਸਥਾਪਿਤ ਨੂੰ ਸਵੀਕਾਰ ਵੀ ਕਰਦੀ ਹੈ, ਇਸ ਉੱਪਰ ਪ੍ਰਸ਼ਨ ਚਿੰਨ੍ਹ ਵੀ ਲਗਾਉਂਦੀ ਹੈ ਅਤੇ ਇਸ ਪ੍ਰਤਿ ਵਿਦਰੋਹੀ ਸੁਰ ਵੀ ਪੈਦਾ ਕਰਦੀ ਹੈ।
ਹਵਾਲੇ
1. ਚੁੱਪ ਦੇ ਰੰਗ, ਪੰਨਾ-24
2. ਪ੍ਰੋ. ਜਗਮੋਹਨ, "ਉੱਚੀ ਤੇ ਸੁੱਚੀ ਸ਼ਰਧਾਂਜਲੀ", ਸ਼ਹੀਦ ਭਗਤ ਸਿੰਘ -ਅਣਥੱਕ ਜੀਵਨ ਗਾਥਾ,ਪੰਨਾ- 9
3. ਅਜਾਇਬ ਕਮਲ, "ਇਕ ਨਵੇਂ ਮਹਾਂਕਾਵਿ ਰੂਪਾਕਾਰ ਦੀ ਸਿਰਜਣਾ”, ਉਹੀ, ठा-14.
4. ਉਹੀ, ਪੰਨਾ -147.
5. ਉਹੀ, ਪੰਨਾ -239.
6. ਉਹੀ, ਪੰਨਾ -62.
7. ਉਹੀ, ਪੰਨਾ -196.
8. . ਉਹੀ, ਪੰਨਾ -83.
9. ਡਾ, ਅਮਰਜੀਤ ਕੌਂਕੇ, “ਆਦਿ ਸ਼ਬਦ", ਦਿਸਹੱਦਿਆਂ ਤੋਂ ਪਾਰ, ਪੰਨਾ-7.
10. ਦਿਸਹੱਦਿਆਂ ਤੋ ਪਾਰ, ਪੰਨਾ-54.
11. ਉਹੀ, ਪੰਨਾ -58.
12. ਚੁੱਪ ਦੇ ਰੰਗ, ਪੰਨਾ -50.
13. ਦਿਸਹੱਦਿਆਂ ਤੋਂ ਪਾਰ, ਪੰਨਾ -46.
14. ਕਵਿਤਾ ਦੇ ਮਾਰਫਤ, ਪੰਨਾ -24.
15. ਅਸ਼ੋਕ ਅਜਨਬੀ, ਪ੍ਰਵਚਨ' ਅਕਤੂਬਰ-ਦਸੰਬਰ 2002, ਪੰਨਾ-91.
16. ਅਸ਼ੋਕ ਅਜਨਬੀ, ਪ੍ਰਵਚਨ' ਅਕਤੂਬਰ-ਦਸੰਬਰ, ਪੰਨਾ-91.
17. ਦਿਸਹੱਦਿਆਂ ਤੋਂ ਪਾਰ, ਪੰਨਾ-59.
18. ਕਵਿਤਾ ਦੇ ਮਾਰਫ਼ਤ, ਪੰਨਾ-32.
19. ਉਹੀ, ਪੰਨਾ -30.
20. ਉਹੀ, ਪੰਨਾ -34.
21. ਹਰਵਿੰਦਰ ਭੰਡਾਲ, “ਨਾਰੀ ਕਵਿਤਾ", ਸਮਕਾਲੀ ਪੰਜਾਬੀ ਕਵਿਤਾ ਪ੍ਰਵਚਨ ਤੇ ਪ੍ਰਸ਼ਨ ਪੰਨਾ-147.
22. ਡਾ. ਸਰਬਜੀਤ ਸਿੰਘ, ਚੁੱਪ ਦੇ ਰੰਗ, ਪੰਨਾ-1.
23. ਦਿਸਹੱਦਿਆਂ ਤੋਂ ਪਾਰ, ਪੰਨਾ-49.
24. ਚੁੱਪ ਦੇ ਰੰਗ ,ਪੰਨਾ -37.
25. ਕਵਿਤਾ ਦੇ ਮਾਰਫ਼ਤ, ਪੰਨਾ-53.
26. ਉਹੀ, ਪੰਨਾ -54.
27. ਉਹੀ, ਪੰਨਾ -55.
28. ਦਿਸੱਹਦਿਆਂ ਤੋਂ ਪਾਰ, ਪੰਨਾ-64.
29. ਕਵਿਤਾ ਦੇ ਮਾਰਫ਼ਤ, ਪੰਨਾ-36.
30. ਡਾ. ਸਰਬਜੀਤ ਸਿੰਘ, ਚੁੱਪ ਦੇ ਰੰਗ, ਪੰਨਾ-1.
31. ਕਵਿਤਾ ਦੇ ਮਾਰਫ਼ਤ -69, 70, 71.