ਮੁਖ ਬੰਧ
ਪੁਰਾਣੇ ਜਹਾਨ ਨੂੰ ਮੈਂ ਪੰਜਾਹ ਸਠ ਵਰਹੇ ਦੇਖਦਾ ਰਿਹਾ, ਇਸ ਪਿਛੋਂ ਨਵੇਂ ਜਹਾਨ ਦੀ ਖਿੱਚ ਨੇ ਪਿਛਲੇ ਪੰਜਾਂ ਛਿਆਂ ਸਾਲਾਂ ਵਿਚ ਜੋ ਖਿਆਲ ਪੈਦਾ ਕੀਤੇ, ਉਹ ਇਸ ਸੰਚੀ ਵਿਚ ਦਿੱਤੇ ਜਾ ਰਹੇ ਹਨ । ਮੇਰੇ ਜਜ਼ਬਾਤ ਨੂੰ ਜਿਸ ਚੀਜ਼ ਨੇ ਵਧੇਰੇ ਪੁੱਛਿਆ, ਉਹ ਨਿੱਤ ਦੀ ਗੁਲਾਮੀ ਹੈ। ਹਿੰਦੁਸਤਾਨ ਉਤੇ ਅੰਗਰੇਜ਼ ਦੀ ਗੁਲਾਮੀ ਤਾਂ ਸਿਰਫ ਡੇਢ ਸੌ ਸਾਲ ਤੋਂ ਸਵਾਰ ਹੈ, ਪਰ ਅਸਲ ਗੁਲਾਮੀ ਦਾ ਜਾਲ ਉਸ ਵੇਲੇ ਤੋਂ ਵਿਛਿਆ ਆ ਰਿਹਾ ਹੈ ਜਦੋਂ ਬੋਧ ਸਾਮਰਾਜ ਨੂੰ ਜਿੱਤ ਕੇ ਬ੍ਰਾਹਮਣੀ ਤਾਕਤ ਨੇ ਇਥੋਂ ਦੀ ਜਨਤਾ ਨੂੰ ਸਚਾਈ ਦੇ ਗਯਾਨ ਤੋਂ ਵੰਚਿਤ ਕਰ ਦਿੱਤਾ ਸੀ । ਉਨ੍ਹਾਂ ਨੇ ਆਪਣੀ ਸੰਸਕ੍ਰਿਤ ਨੂੰ ਅਪਣੇ ਕਬਜ਼ੇ ਵਿਚ ਰਖਿਆ, ਤੇ ਬਾਕੀ ਜਾਤੀਆਂ ਪਾਸੋਂ ਉਹੋ ਕਰਮ ਕਾਂਡ ਚਲਵਾਇਆ, ਜਿਸ ਨਾਲ ਉਨ੍ਹਾਂ ਦਾ ਮਨਸ਼ਾ ਪੂਰਾ ਹੁੰਦਾ ਸੀ ਤੇ ਹਕੂਮਤ ਦੀਆਂ ਜੜ੍ਹਾਂ ਪੱਕੀਆਂ ਹੁੰਦੀਆਂ ਸਨ । ਅੰਧੇਰੇ ਵਿਚ ਰਖਣ ਦਾ ਸਭ ਤੋਂ ਵੱਡਾ ਸਟੰਟ ਸੁਅਰਗ ਤੇ ਨਰਕ ਦੀ ਕਲਪਨਾ ਸੀ। ਇਸ ਦੇ ਨਾਲ ਧਰਮ ਰਾਜ ਦੀ ਕਚਹਿਰੀ, ਚਿਤ੍ਰ ਗੁਪਤ ਦੀ ਕਰਮ ਪਤ੍ਰੀ, ਮਰਨ ਦੇ ਬਾਦ ਦਾ ਕਿਰਿਆ ਕਰਮ, ਸ਼ਰਾਧ ਦੇ ਵਾਸਤੇ ਪਾਣੀ ਦੇਣ ਵਾਲੇ ਪੁਤ੍ਰ ਦੀ ਲੋੜ ਆਦਿਕ ਕਈ ਫਰਜ਼ ਜੜ ਦਿਤੇ ਗਏ। ਗਲ ਕੀ ਜੰਮਣ ਤੋਂ ਤਿੰਨ ਮਹੀਨੇ ਪਹਿਲੇ ਤੋਂ ਸ਼ੁਰੂ ਹੋ ਕੇ, ਸਾਰੀ ਉਮਰ, ਤੇ ਮਰਨ ਤੋਂ ਬਾਦ ਪ੍ਰੋੜ੍ਹੇ ਦੀ ਮੌਤ ਤਕ ਟੈਕਸਾਂ ਦਾ ਸਿਲਸਿਲਾ ਜਾਰੀ ਰਹਿੰਦਾ ਹੈ ।
ਇਸੇ ਸਿਲਸਿਲੇ ਦਾ ਦੂਸਰਾ ਸਟੰਟ ਮੁਕਤੀ ਦਾ ਸਵਾਲ ਹੈ ।
-ਓ-
ਸੁਰਗ ਨਰਕ ਤਾਂ ਭਲੇ ਬੁਰੇ ਕਰਮਾਂ ਦਾ ਫਲ ਹੁੰਦਾ ਹੈ ਪਰ ਮੁਕਤੀ ਜਾਂ ਸਦਗਤੀ ਗਿਆਨ ਦੀ ਮੁਹਤਾਜ ਹੈ ਅਤੇ ਗਿਆਨ ਬਿਨਾਂ ਗੁਰੂ ਦੇ ਅਸੰਭਵ ਮੰਨਿਆ ਗਿਆ ਹੈ। ਨਿਗੁਰੇ ਦੀ ਗਤੀ ਹੋ ਹੀ ਨਹੀਂ ਸਕਦੀ । ਗੁਰੂ ਦੀ ਨਿਗਾਹ ਪੈਂਦਿਆਂ ਹੀ ਜਨਮ ਜਨਮਾਂਤ੍ਰਾਂ ਦੇ ਪਾਪ ਧੋਤੇ ਜਾਂਦੇ ਹਨ । ਗੁਰੂ ਰਬ ਅਤੇ ਬੰਦੇ ਦੇ ਵਿਚਕਾਰ ਇਕ ਪੁਲ ਹੈ, ਜਿਸ ਨਾਲ ਸੰਸਾਰ ਸਾਗਰ ਨੂੰ ਪਾਰ ਕੀਤਾ ਜਾ ਸਕਦਾ ਹੈ। ਮਠਾਂ ਦੇ ਮਹੰਤ, ਗੁਸਾਈਂ, ਪਰਮ ਹੰਸ, ਬਾਬਾ ਜੀ, ਅਖਾੜਿਆਂ ਤੇ ਜਾਗੀਰਾਂ ਦੇ ਮਾਲਕ ਗੱਦੀਆਂ ਉੱਤੇ ਕਬਜ਼ਾ ਜਮਾਈ ਬੈਠੇ ਹਨ । ਵੈਸ਼ਨਵ, ਜੈਨ, ਰਾਧਾ ਸ੍ਵਾਮੀ ਮਠਾਂ ਵਿਚ ਬੜਾ ਜ਼ੋਰ ਹੈ ਅਤੇ ਦਖਣ ਵਿਚ ਜਗਤ ਗੁਰੂ ਸ੍ਵਾਮੀ ਸ਼ੰਕਰਾਚਾਰਯ ਦਾ ਬਹੁਤ ਬੜਾ ਮਠ ਹੈ ਜਿਸ ਨਾਲ ਲਖਾਂ ਕਰੋੜਾਂ ਦੀ ਵਕਫ ਜਾਇਦਾਦ ਹੈ ਇਸ ਨੂੰ ਉਹੋ ਮਾਣ ਪ੍ਰਾਪਤ ਹੈ ਜੋ ਯੂਰਪ ਵਿਚ ਪੋਪ ਆਫ ਰੋਮ ਨੂੰ ਹਾਸਲ ਹੈ। ਪੰਜਾਬ ਵਿਚ ਭੀ ਇਨ੍ਹਾਂ ਦੀਆਂ ਸ਼ਾਖਾਂ ਹਨ। ਕਈ ਗੱਦੀਦਾਰ ਐਸੇ ਹਨ ਜੋ ਅਪਣੇ ਬਜ਼ੁਰਗਾਂ ਦੀ ਮਾਰੀ ਹੋਈ ਤੇਗ ਦਾ ਫਲ ਖਾ ਰਹੇ ਹਨ । ਬੇਦੀ ਅਤੇ ਭੱਲੇ ਗੁਰੂ ਖਾਸ ਤੌਰ ਤੇ ਮਸ਼ਹੂਰ ਹਨ। ਮੇਰੇ ਬਜ਼ੁਰਗਾਂ ਨੇ ਭੀ ਬੇਦੀ ਬਾਵਿਆਂ ਨੂੰ ਗੁਰੂ ਮੰਨਿਆ ਹੋਇਆ ਸੀ । ਇਕ ਇਕ ਗੁਰੂ ਨਾਲ ਹਜ਼ਾਰਹਾ ਚੇਲੇ ਹੁੰਦੇ ਹਨ। ਏਹ ਲੋਕ ਹਰ ਸਾਲ ਸਿਖੀ ਸੇਵਕੀ ਵਿਚ ਦੌਰਾ ਕਰ ਕੇ ਕਾਰ ਭੇਟ ਕਠੀ ਕਰ ਲਿਜਾਂਦੇ ਹਨ ਤੇ ਘਰ ਬੈਠੇ ਆਨੰਦ ਮਾਣਦੇ ਹਨ । ਮੇਰੇ ਪਾਸ ਇਕ ਬੇਦੀ ਬਾਬਾ ਕਾਰ ਭੇਟ ਲੈਣ ਆਯਾ, ਸ਼ਰਾਬੀ, ਜੁਆਰੀਆ ਤੇ ਪੱਕਾ ਗੁੰਡਾ ਸੀ ਮੈਂ ਇਕ ਦੋ ਸਵਾਲ ਕਰ ਬੈਠਾ, ਜਵਾਬ ਮਿਲਿਆ “ਗੁਰ ਕਹਿਆ ਸਾ ਕਾਰ ਕਮਾਵਉ ॥ ਗੁਰ ਕੀ ਕਰਨੀ ਕਾਹੇ ਧਾਵਉ।।” ਮੁੜ ਕੇ ਉਹ ਮੇਰੇ ਪਾਸ ਕਦੇ ਨਹੀਂ ਆਇਆ।
ਇਨ੍ਹਾਂ ਸੰਤਾਂ ਮਹੰਤਾਂ, ਗੁਰੂਆਂ ਗੁਸਾਈਆਂ ਦੀ ਪੂਜਾ ਐਨੀ
-ਅ-
ਸ਼ਰਧਾ ਨਾਲ ਹੁੰਦੀ ਹੈ, ਮਾਨੋਂ ਕਿ ਓਹ ਪਰਮੇਸ਼ਰ ਦਾ ਪਰਤੱਖ ਰੂਪ ਹਨ। ਇਨ੍ਹਾਂ ਦੀ ਮਾਨਤਾ ਵਿਚ ਬਹੁਤ ਸਾਰਾ ਹਿੱਸਾ ਅਨਪੜ੍ਹ ਇਸਤ੍ਰੀਆਂ ਦਾ ਹੈ, ਜਿਨ੍ਹਾਂ ਨੂੰ ਮੁਕਤੀ, ਸ਼ਕਤੀ ਦਾ ਤਾਂ ਐਨਾ ਫਿਕਰ ਨਹੀਂ ਹੁੰਦਾ, ਪਰ ਔਲਾਦ ਦੇ ਵਾਸਤੇ ਮਾਰੀਆਂ ਮਾਰੀਆਂ ਫਿਰਦੀਆਂ ਹਨ। ਮਰਦਾਂ ਦੀ ਸਾਰੀ ਕਮਾਈ ਪੁਤ੍ਰ ਦੀ ਅਸ਼ੀਰਵਾਦ ਲੈਣ ਵਾਸਤੇ ਜਿਥੇ ਭੀ ਦੱਸ ਪਏ, ਝੋਕ ਦੇਂਦੀਆਂ ਹਨ। ਪਰ ਜਿਹੜੀਆਂ ਮਾਈਆਂ ਰੱਬ ਰਜਾਈਆਂ (ਥੋੜੀਆਂ ਸੁਹਾਗਣਾਂ ਤੇ ਬਾਕੀ ਸਭ ਵਿਧਵਾਵਾਂ) ਔਲਾਦ ਦੇ ਫਿਕਰ ਤੋਂ ਵਿਹਲੀਆਂ ਹੋ ਜਾਂਦੀਆਂ ਹਨ, ਓਹ ਆਪਣੀ ਇਕ ਵਖਰੀ ਗਿਆਨ ਗੋਦੜੀ ਬਣਾ ਕੇ ਇਨ੍ਹਾਂ ਮਠ ਜੋ ਧਾਰੀਆਂ ਦੀਆਂ ਚੋਲੀਆਂ ਬਣ ਜਾਂਦੀਆਂ ਹਨ ਅਤੇ ਅਪਣੇ ਪਰਲੋਕ ਵਾਸੀ ਮਰਦਾਂ ਦਾ ਧਨ ਜਿੰਨਾ ਭੀ ਕਾਬੂ ਆ ਜਾਵੇ, ਸਿੱਧਾ ਹਰਦੁਆਰ ਜਾਂ ਮਥੁਰਾ ਬਿੰਦਰਾ ਬਨ ਪਹੁੰਚਾ ਕੇ ਭਗਵਾਨ ਦੇ ਨਾਮ ਤੇ ਅਰਪਣ ਕਰ ਦੇਂਦੀਆਂ ਹਨ ਤੇ ਉਥੋਂ ਦੇ ਮਹੰਤਾਂ ਨੂੰ ਮੁਖਤਾਰ ਕੁਲ ਬਣਾ ਦੇਂਦੀਆਂ ਹਨ। ਜੋ ਕੁਝ ਪਰਮੇਸ਼ਰ ਅਰਪਣ ਹੋ ਗਿਆ, ਉਸ ਦਾ ਹਿਸਾਬ ਪੁਛਣ ਦੀ ਲੋੜ ਨਹੀਂ ।
ਦੇਸ਼ ਦਾ ਐਨਾ ਧਨ ਕੁਰਬਾਨ ਕਰ ਕੇ ਐਨੀ ਤਸੱਲੀ ਤਾਂ ਹੋ ਜਾਂਦੀ ਕਿ ਉਸ ਨੂੰ ਕਿਸੇ ਚੰਗੇ ਅਰਥ ਲਾਇਆ ਜਾਂਦਾ ਹੈ। ਪਰ ਦੁਖ ਦੀ ਗੱਲ ਇਹ ਹੈ, ਕਿ ਏਹ ਲੋਕ ਆਪਣੇ ਚਲਨ ਨੂੰ ਭੀ ਸੰਭਾਲ ਨਹੀਂ ਸਕਦੇ। ਤਸਵੀਰ ਦਾ ਉਪਰਲਾ ਪਾਸਾ ਬੜਾ ਰੋਸ਼ਨ ਤੇ ਪਿਛਲਾ ਪਾਸਾ ਬਿਲਕੁਲ ਸਿਆਹ। ਲੱਖਾਂ ਕਰੋੜਾਂ ਦੀ ਜਾਇਦਾਦ ਦੇ ਮਾਲਕ ਬਣ ਕੇ ਤੇ ਸ਼ਾਹਾਨਾ ਸ਼ਾਨ ਪਾ ਕੇ ਉਸ ਧਨ ਨੂੰ ਅੰਨ੍ਹੇ ਵਾਹ ਉਜਾੜਨਾ ਸ਼ੁਰੂ ਕਰ ਦੇਂਦੇ ਹਨ ਪਰ ਐਸੀ ਹੁਸ਼ਿਆਰੀ ਨਾਲ ਕਿ ਦੂਜੇ ਕੰਨ ਖਬਰ ਭੀ ਨਾ ਹੋਵੇ ।
ਜਿੰਨੇ ਭੀ ਦੇਸ਼ ਦੇ ਰੀਫਾਰਮਰ ਤੇ ਸੁਧਾਰਕ ਆਉਂਦੇ ਰਹੇ
-ੲ-
ਓਹ ਇਸੇ ਤਰਾਂ ਦੀ ਮੱਕਾਰੀ, ਦੰਭ ਅਤੇ ਪਾਖੰਡ ਨੂੰ ਨੰਗਾ ਕਰਨ ਦਾ ਜਤਨ ਕਰਦੇ ਰਹੇ । ਇਸ ਸੰਬੰਧ ਵਿਚ ਕਬੀਰ ਸਾਹਿਬ ਤੇ ਗੁਰੂ ਨਾਨਕ ਦਾ ਨਾਮ ਖਾਸ ਤੌਰ ਤੇ ਲਿਆ ਜਾ ਸਕਦਾ ਹੈ। ਐਸੇ ਲੋਕਾਂ ਦੀ ਕਰਤੂਤ ਉਨ੍ਹਾਂ ਨੇ ਬੜੀ ਦਲੇਰੀ ਨਾਲ ਜ਼ਾਹਰ ਕੀਤੀ। ਏਹ ਲੋਕ ਜੇ ਕਦੇ ਏਨੀ ਦਲੇਰੀ ਹੀ ਦਿਖਾ ਸਕਦੇ ਕਿ ਮਹਾਰਾਜ ! ਕਲਜੁਗ ਦਾ ਜ਼ਮਾਨਾ ਹੈ, ਅਸੀ ਸ਼ਿਵ ਸ਼ੰਕਰ ਤਾਂ ਹੈ ਨਹੀਂ, ਕਿ ਕਾਮਦੇਵ ਨੂੰ ਭਸਮ ਕਰ ਸਕੀਏ, ਤਦ ਦੁਨੀਆ ਦੀ ਤਸੱਲੀ ਹੋ ਜਾਂਦੀ। ਓਹ ਅਰਾਮ ਨਾਲ ਗ੍ਰਹਸਥ ਮਾਰਗ ਵਿਚ ਦਾਖ਼ਲ ਹੋ ਜਾਂਦੇ ਤੇ ਆਪਣੀ ਪੂੰਜੀ ਬਚਿਆਂ ਦੇ ਹਵਾਲੇ ਕਰ ਜਾਂਦੇ ਪਰ ਫਿਕਰ ਉਨ੍ਹਾਂ ਨੂੰ ਇਹ ਹੈ, ਕਿ ਅਗੋਂ ਉਨ੍ਹਾਂ ਦੀ ਉਪਜੀਵਕਾ ਰੁਕ ਜਾਏਗੀ।
ਸਾਡੀ ਦਾਨ ਪ੍ਰਣਾਲੀ ਦੇ ਅਯੋਗ ਵਰਤਾਉ ਨਾਲ ਇਕ ਹੋਰ ਅਨ੍ਯਾਇ ਨਿਰਇਛਤ ਤ੍ਰੀਕੇ ਨਾਲ ਹੋ ਰਿਹਾ ਹੈ। ਹਰਦੁਆਰ ਮਥੁਰਾ ਬਿੰਦ੍ਰਾਬਨ ਆਦਿਕ ਤੀਰਥਾਂ ਉਤੇ ਲਖੋਖਾ ਭਿਖ ਮੰਗੇ ਲੋਕ ਯਾਤ੍ਰੀਆਂ ਦੀ ਹੌਸਲਾ ਅਫਜ਼ਾਈ ਨਾਲ ਵਧਦੇ ਜਾ ਰਹੇ ਹਨ। ਉਨ੍ਹਾਂ ਨੂੰ ਬਾਕਾਇਦਾ ਤੇ ਮਨਮਰਜ਼ੀ ਦੀ ਖੁਰਾਕ ਨਾ ਮਿਲਣ ਕਰ ਕੇ ਨਰੋਏ ਨਹੀਂ ਰਹਿੰਦੇ, ਸੂਰਤਾਂ ਕੋਝੀਆਂ ਤੇ ਔਲਾਦ ਵਿੰਗੀ, ਚਿੱਬੀ ਪੈਦਾ ਹੋ ਪੈਂਦੀ ਹੈ। ਆਲਸ ਦੇ ਮਾਰੇ, ਨਾ ਕੰਮ ਦੀ ਰੋਟੀ ਨਾ ਸੁਆਦ ਦਾ ਕਪੜਾ ਜੁੜਦਾ ਹੈ। ਮਿਹਨਤ ਕਰ ਕੇ ਕਮਾਉਣ ਦੀ ਰੀਝ ਹੀ ਮਰ ਗਈ ਹੈ। ਜੇ ਉਨ੍ਹਾਂ ਹੀ ਅਸਥਾਨਾਂ ਤੇ ਕੋਈ ਦਸਤਕਾਰੀ ਦੇ ਧਰਮ ਅਰਥ ਸਕੂਲ ਖੋਲ੍ਹੇ ਜਾਣ, ਜਾਂ ਕੋਈ ਲਾਭਦਾਇਕ ਇੰਡਸਟਰੀ ਜਾਰੀ ਕਰ ਦਿਤੀ ਜਾਵੇ ਤਾਂ ਇਹੋ ਲੋਕ ਕਮਾਊ ਕਿਰਤੀ ਬਣ ਕੇ ਦੇਸ਼ ਦੇ ਹੁਸਨ ਤੇ ਖੁਸ਼ਹਾਲੀ ਨੂੰ ਵਧਾ ਸਕਦੇ ਹਨ ।
ਜੇ ਸਿਰਫ ਮਥੁਰਾ ਬਿੰਦ੍ਰਾਬਨ ਦਾ ਉਹ ਧਨ, ਜੋ ਠਾਕੁਰ ਜੀ ਦੇ ਭੋਗ ਵਾਸਤੇ ਮੁਸਤਕਿਲ ਜਾਗੀਰਾਂ ਦੀ ਸ਼ਕਲ ਵਿਚ ਪਬਲਿਕ
--ਸ--
ਅਤੇ ਹਿੰਦੂ ਰਜਵਾੜਿਆਂ ਵਲੋਂ ਵਕਫ ਕੀਤਾ ਹੋਇਆ ਹੈ, ਕਿਸੇ ਸੁਹਣੇ ਅਰਥ ਲਗਾਇਆ ਜਾਵੇ, ਤਾਂ ਬੜੇ ਦਾਵੇ ਨਾਲ ਕਿਹਾ ਜਾ ਸਕਦਾ ਹੈ, ਕਿ ਸਾਰੇ ਯੂ. ਪੀ. ਵਿਚ ਮੁਫਤ ਪ੍ਰਾਇਮਰੀ ਤਾਲੀਮ ਜਾਰੀ ਹੋ ਜਾਵੇ । ਇਸ ਧਨ ਨਾਲ ਬਨਾਰਸ ਦੀ ਹਿੰਦੂ ਯੂਨੀਵਰਸਟੀ ਤੋਂ ਭੀ ਵਡੇਰੀ ਯੂਨੀਵਰਸਟੀ ਚਲਾਈ ਜਾ ਸਕਦੀ ਹੈ ।
ਹਿੰਦੂਆਂ ਦੀ ਪੁਰਾਤਨਤਾ ਪ੍ਰਸਤੀ ਦਾ ਦੁਖਦਾਈ ਪਹਿਲੂ ਸੂਰਜ ਗ੍ਰਹਣ ਤੇ ਚੰਦ੍ਰ ਗ੍ਰਹਣ ਦਾ ਸਵਾਲ ਹੈ। ਸੈਂਕੜੇ ਵਰਿਹਾਂ ਤੋਂ ਰਾਹੂ ਕੇਤੂ ਮਾਰ ਦਿਤੇ ਗਏ ਹਨ, ਸਕੂਲਾਂ ਦੇ ਨਿਕੇ ਨਿਕੇ ਬੱਚੇ ਮਾਂ ਨੂੰ ਇਨ੍ਹਾਂ ਗ੍ਰਹਣਾਂ ਦੀ ਅਸਲੀਅਤ ਸਮਝਾਂਦੇ ਹਨ ਪਰ ਜਦ ਭੀ ਮੌਕਾ ਆਵੇ ਕੁਰਖੇਤ੍ਰ ਆਦਿਕ ਤੀਰਥਾਂ ਤੇ ਕਰੋੜਹਾ ਰੁਪਏ ਰੇਲਾਂ ਦੇ ਭਾੜਿਆਂ ਵਿਚ ਉਜੜ ਜਾਂਦੇ ਤੇ ਹਜ਼ਾਰਹਾਂ ਬੰਦਿਆਂ ਦੀ ਜਾਨ ਭੀੜਾਂ ਵਿਚ ਮਿਧੀ ਜਾਂਦੀ ਹੈ। ਇਹੋ ਹਾਲ ਕੰਭਾਂ ਅਧਕੁੰਭੀ ਦਿਆਂ ਮੇਲਿਆਂ ਉਤੇ ਹੁੰਦਾ ਹੈ। ਗਲ ਕੀ ਅਜ ਤੋਂ ਚਾਰ ਪੰਜ ਹਜ਼ਾਰ ਵਰਹੇ ਦੇ ਪੁਰਾਣੇ ਵਿਸਵਾਸ ਅਜ ਤਕ ਸਾਡੇ ਗਲਾਂ ਨਾਲ ਚੰਬੜੇ ਹੋਏ ਹਨ, ਹਾਲਾਂ ਕੇ ਉਹ ਵੇਲਾ ਇਨਸਾਨੀ ਕਿਆਸਾਂ ਦੇ ਬਚਪਨ ਦਾ ਸੀ । ਇਸ ਵੇਲੇ ਦੁਨੀਆ ਬਹੁਤ ਅਗੇ ਨਿਕਲ ਆਈ ਹੈ, ਬਹਿਲਾਂ, ਰਥਾਂ ਤੇ ਟਪਰੀਆਂ ਦੇ ਯੁਗ ਤੋਂ ਲੰਘ ਕੇ ਅਸੀ ਰੇਲਾਂ ਤੇ ਹਵਾਈ ਜਹਾਜਾਂ ਤੇ ਵਡੇ ਵਡੇ ਮਹੱਲਾਂ ਵਾਲੇ ਯੁਗ ਵਿਚ ਪਹੁੰਚ ਗਏ ਹਾਂ। ਫਾਸਲੇ ਐਨੇ ਘਟ ਗਏ ਹਨ ਕਿ ਤਾਰ, ਬੇਤਾਰ ਟੈਲੀਫੋਨ ਤੇ ਰੈਡੀਓ ਨਾਲ ਪਲ ਪਲ ਦੀ ਖਬਰ ਆ ਜਾਂਦੀ ਹੈ । ਟੈਲੀਵੀਯਨ ਦੀ ਉੱਡੀਕ ਹੋ ਰਹੀ ਹੈ; ਜਿਸ ਨਾਲ ਹਜਾਰਾਂ ਮੀਲਾਂ ਤੇ ਬੈਠੇ ਦੋ ਆਦਮੀ ਸੈਨਤਾਂ ਕਰ ਕੇ ਹਸ ਹਸ ਕੇ ਗੱਲਾਂ ਕਰ ਸਕਣਗੇ। ਨੀਊਯਾਰਕ ਵਿਚ ਬੈਠਾ ਆਦਮੀ ਲੰਡਨ ਦਾ ਸਿਨੇਮਾ ਦੇਖ ਸਕਿਆ ਕਰੇਗਾ ।
-ਹ-
ਹਿੰਦੁਸਤਾਨ ਵਿਚ ਤੀਸਰਾ ਵਿਸ਼ਵਾਸ ਕਿਸਮਤ ਦਾ ਹੈ, ਕਿ ਪਿਛਲੇ ਕਰਮਾਂ ਦੇ ਫਲ ਰੂਪ ਵਿਚ ਕਿਸਮਤ ਲਿਖੀ ਜਾਂਦੀ ਹੈ। ਸਾਰੀ ਧਰਤੀ ਵਿਚੋਂ ਹਿੰਦੁਸਤਾਨ ਹੀ ਇਕ ਐਸਾ ਬਦਕਿਸਮਤ ਦੇਸ਼ ਹੈ, ਜਿਸ ਦੇ ਹਿੱਸੇ ਭੁਖ ਨੰਗ ਤੇ ਦਰਿਦ੍ਰ ਆਏ ਹੋਏ ਹਨ । ਆਲਸ ਦੇ ਮਾਰੇ ਹੋਏ ਕਿਸਮਤ ਤੇ ਸ਼ਾਕਰ ਬੈਠੇ ਹਨ, ਹਾਲਾਂ ਕਿ ਹੋਰ ਸਾਰੀ ਦੁਨੀਆ ਪੁਰਸ਼ਾਰਥ ਨਾਲ ਖੁਸ਼ਹਾਲ ਹੁੰਦੀ ਜਾ ਰਹੀ ਹੈ। ਇਸ ਤਰਾਂ ਦੇ ਵਿਸ਼ਵਾਸ ਭਰਪੂਰ ਤੇ ਸਰਬੰਸ ਦਾਨੀ ਦੇਸ ਉਤੇ ਭੀ ਵਿਧਾਤਾ ਨੂੰ ਤਰਸ ਨਾ ਆਉਣਾ, ਸਾਫ ਦਸਦਾ ਹੈ ਕਿ ਇਸ ਸਿੱਧਾਂਤ ਦੇ ਮਿਥਣ ਵਾਲੇ ਪਾਸੋਂ ਕੋਈ ਬੁਨਿਆਦੀ ਭੁਲ ਹੋਈ ਸੀ । ਭਾਵ ਇਹ ਕਿ ਭਾਰਤ ਵਰਸ਼ ਦੀ ਆਰਥਿਕ ਹਾਲਤ ਉਤੇ ਭੀ ਕੰਟ੍ਰੋਲ ਉਸੇ ਬ੍ਰਾਹਮਣ ਕਲਾਸ ਦਾ ਹੈ। ਸੁਤੀ ਹੋਈ ਕਿਸਮਤ ਨੂੰ ਜਗਾਉਂਣ ਦੇ ਉਪਾਉ ਭੀ ਹਵਨ, ਯੱਗ, ਗ੍ਰਹਿ ਪੂਜਾ, ਦੇਵ ਪੂਜਾ, ਦੁਰਗਾ ਪੂਜਾ ਆਦਿਕ ਦੱਸੇ ਜਾਂਦੇ ਹਨ ਤੇ ਗਰੀਬਾਂ ਦੀ ਰਹੀ ਸਹੀ ਕਮਾਈ ਨੂੰ ਏਸ ਤ੍ਰੀਕੇ ਨਾਲ ਚੂਸ ਲਿਆ ਜਾਂਦਾ ਹੈ। ਈਸ਼ਰ (ਜਿਸ ਨੂੰ ਕਿ ਸਾਰੇ ਸੰਸਾਰ ਦਾ ਪਾਲਣਹਾਰਾ ਮੰਨਿਆ ਜਾਂਦਾ ਹੈ) ਨੂੰ ਪ੍ਰਸੰਨ ਕਰਨ ਦਾ ਨੁਸਖਾ ਭੀ ਦਾਨ ਹੀ ਦਸਿਆ ਜਾਂਦਾ ਹੈ ਤੇ ਦਾਨ ਦਾ ਅਧਿਕਾਰੀ ਸਿਵਾਏ ਬ੍ਰਾਹਮਣ ਦੇ ਹੋਰ ਕੋਈ ਨਹੀਂ, ਕਿਉਂਕਿ ਉਹ ਈਸ਼ਰ ਦਾ ਮੁਖ ਹੈ। ਸ਼ੂਦਰ ਗ਼ਰੀਬ ਦਾ ਹਿੱਸਾ ਤੇ ਕਿਤੇ ਰਿਹਾ, ਛਤ੍ਰੀ ਤੇ ਵੈਸ਼ ਭੀ ਦਾਨ ਨੂੰ ਛੁਹ ਨਹੀਂ ਸਕਦਾ।
ਪਰਮਾਤਮਾ
ਉਂਜ ਤੇ ਜੁਗਾਂ ਜੁਗਾਂਤ੍ਰਾਂ ਤੋਂ ਪਰਮਾਤਮਾ ਸੰਬੰਧੀ ਸਵਾਲ ਹਲ ਹੋ ਹੀ ਨਹੀਂ ਸਕਿਆ, ਨਾ ਉਸ ਦੀ ਉਮਰ ਦਾ ਪਤਾ ਲਗਾ ਹੈ ਤੇ ਨਾ ਉਸ ਦੇ ਤਾਣੇ ਪੇਟੇ ਦਾ ਹਿਸਾਬ ਹੋ ਸਕਿਆ ਹੈ, ਪਰ
--ਕ—
ਸਧਾਰਣ ਤੌਰ ਤੇ ਇਹ ਮੰਨ ਲਿਆ ਗਿਆ ਹੈ, ਕਿ ਉਹ ਇਕ ਮਹਾਂ ਬ੍ਰਹਮ ਹੈ. ਵੈਰਾਟ ਸਰੂਪ ਹੈ, ਜਿਸ ਦੇ ਅੰਤ੍ਰਗਤ ਅਰਬਾਂ ਖਰਬਾਂ ਤਾਰੇ ਹਨ ਤੇ ਉਨ੍ਹਾਂ ਨੂੰ ਟੱਪ ਕੇ ਹੋਰ ਭੀ ਬਹੁਤ ਕੁਝ ਹੈ, ਜਿਸ ਨੂੰ ਬੜੀ ਤੋਂ ਬੜੀ ਦੂਰਬੀਨ ਲਭ ਨਹੀਂ ਸਕਦੀ। ਸਾਡੀ ਇਹ ਧਰਤੀ ਇਸ ਬ੍ਰਹਮਾਂਡ ਵਿਚ ਇਉਂ ਹੈ ਜਿਵੇਂ ਸਰਹੋਂ ਦੇ ਵਡੇ ਸਾਰੇ ਬੋਹਲ ਵਿਚ ਇਕ ਦਾਣਾ ਹੁੰਦਾ ਹੈ । ਸੂਰਜ ਧਰਤੀ ਨਾਲੋਂ ਬਹੁਤ ਵਡਾ ਹੈ ਤੇ ਬ੍ਰਹਮਾਂਡ ਦੇ ਹੋਰ ਅਰਬਾਂ ਖਰਬਾਂ ਸਤਾਰੇ ਸੂਰਜ ਨਾਲੋਂ ਭੀ ਬਹੁਤ ਵਡੇਰੇ ਹਨ। ਪਰਮਾਤਮਾ ਇਸ ਸਾਰੇ ਨਜ਼ਾਮ ਨੂੰ ਚਲਾ ਰਿਹਾ ਹੈ। ਉਹ ਇੱਕੋ ਹੈ, ਲਾਸਾਨੀ ਹੈ, ਅਰੂਪ ਹੈ, ਅਖੰਡ ਹੈ, ਇਕ ਰਸ ਹੈ, ਅਨਾਦੀ ਅਤੇ ਅਨੰਤ ਹੈ। ਸਿਫਤ ਸੁਣ ਕੇ ਪ੍ਰਸੰਨ ਨਹੀਂ ਹੁੰਦਾ ਤੇ ਨਿੰਦਾ ਸੁਣ ਕੇ ਗੁੱਸੇ ਵਿਚ ਨਹੀਂ ਆਉਂਦਾ, ਬਦਲੇ ਨਹੀਂ ਲੈਂਦਾ। ਕੁਦਰਤ ਉਸ ਦਾ ਇਕ ਖੇਲ ਹੈ। ਇਸ ਧਰਤੀ ਦੇ ਜੀਵ ਜੰਤੂ ਪਸ਼ੂ ਤੇ ਮਨੁਖ ਕੁਦਰਤ ਦੇ ਕਾਰਖਾਨੇ ਵਿਚ ਇਉਂ ਜੰਮਦੇ ਮਰਦੇ ਹਨ ਜਿਸਤਰਾਂ ਜਲ ਵਿਚੋਂ ਬੁਲਬੁਲੇ ਉਠਦੇ ਤੇ ਪਲ ਭਰ ਲਈ ਜੀ ਕੇ ਪਾਟ ਜਾਂਦੇ ਹਨ। ਇਕ ਮਿਟਦੇ ਹਨ ਤਾਂ ਦੂਜੇ ਹੋਰ ਪੈਦਾ ਹੋ ਜਾਂਦੇ ਹਨ, ਜਲ ਆਪਣੇ ਥਾਂ ਜਿਉਂ ਕਾ ਤਿਉਂ ਰਹਿੰਦਾ ਹੈ।
ਇਸੇ ਸਚਾਈ ਤੇ ਸਿਧਾਂਤ ਨੂੰ ਸੂਫੀ ਲੋਕਾਂ ਨੇ ਹਮਹ ਓਸਤ ਕਹਿ ਕੇ ਮੰਨਿਆ ਹੈ। ਸਾਰਾ ਸੰਸਾਰ ਇਸੇ ਸਚਾਈ ਦਾ ਕਾਇਲ ਹੁੰਦਾ ਜਾ ਰਿਹਾ ਹੈ । ਕੋਈ ਇਸ ਵਿਸ਼ਵਾਸ ਨੂੰ ਦਿਲ ਵਿਚ ਦੱਬੀ ਬੈਠਾ ਹੈ ਤੇ ਕੋਈ ਖੁਲ ਕੇ ਕਹਿ ਦੇਂਦਾ ਹੈ।
ਅੰਜੀਲ ਵਿਚ ਸੰਸਾਰ ਉਤਪਤੀ ਦਾ ਜ਼ਿਕਰ ਹੈ, ਉਸ ਦੇ ਪੈਰੋਕਾਰਾਂ ਵਿਚੋਂ ਡਾਰਵਿਨ ਨੇ ਪੈਦਾ ਹੋ ਕੇ ਸਾਰੇ ਕਿਆਸ ਗਲਤ ਸਾਬਤ ਕਰ ਦਿਤੇ । ਪਰ ਹਿੰਦੂਆਂ ਵਿਚੋਂ ਕੋਈ ਅਜੇਹਾ ਦਲੇਰ ਪੈਦਾ
-ਖ-
ਨਹੀਂ ਹੋਇਆ ਜੋ ਖੋਜ ਕਰ ਕੇ ਦਸ ਸਕੇ ਕਿ ਕਿਸਤਰਾਂ ਨਾਰਾਇਣ ਦੇ ਨਾਭਿ ਕੰਵਲ ਵਿਚੋਂ ਬ੍ਰਹਮਾ ਦੀ ਪੈਦਾਇਸ਼ ਹੋਈ, ਸਮੁੰਦਰ ਕਿਸਤਰਾਂ ਰਿੜਕਿਆ ਗਿਆ ਤੇ ਗੰਗਾ ਨੂੰ ਕਿਸ ਤਰਾਂ ਅਕਾਸ਼ ਤੋਂ ਪ੍ਰਿਥਵੀ ਉਤੇ ਉਤਾਰਿਆ ਗਿਆ । ਬਾਹਰ ਦੀ ਦੁਨੀਆ ਹਿੰਦੁਸਤਾਨ ਦੇ ਅਨੋਖੇ ਕਿਆਸਾਂ ਨੂੰ ਸੁਣ ਕੇ ਯਾ ਪੜ੍ਹ ਕੇ ਮੂੰਹ ਵਿਚ ਰੁਮਾਲ ਲੈ ਰਹੇ ਹਨ ਪਰ ਸਾਡੀ ਧਰਤੀ ਉਤੇ ਐਸੀ ਜ਼ਿਹਨੀਅਤ ਮੌਜੂਦ ਹੈ ਜੋ ਸੱਚੀ ਗਲ ਸਹਾਰ ਨਹੀਂ ਸਕਦੀ ਤੇ "ਮਜ਼ਹਬ ਖਤਰੇ ਵਿਚ" ਦਾ ਰੌਲਾ ਪਾ ਕੇ ਓਪਰੀ ਸਰਕਾਰ ਦੀ ਮਦਦ ਨਾਲ ਕਿਤਾਬ ਨੂੰ ਜ਼ਬਤ ਕਰਾਉਣ ਨੂੰ ਤਿਆਰ ਹੋ ਜਾਂਦੀ ਹੈ।
ਫਿਰਕੇਦਾਰੀ
ਰਬ ਭਾਵੇਂ ਇਕੋ ਹੈ, ਪਰ ਉਸ ਦੇ ਪੂਜਕਾਂ ਦੇ ਕਈ ਫਿਰਕੇ ਬਣੇ ਹੋਏ ਹਨ। ਇਨ੍ਹਾਂ ਦੀ ਪੈਦਾਇਸ਼ ਰੋਟੀ ਦੇ ਸਵਾਲ ਨਾਲ ਹੋਈ ਸੀ। ਜਿਸ ਦਿਨ ਦੇਸ਼ ਦੀ ਆਰਥਕ ਹਾਲਤ ਠੀਕ ਹੋ ਗਈ, ਫਿਰਕੇਦਾਰੀ ਆਪਣੀ ਮੌਤੇ ਆਪ ਹੀ ਮਰ ਜਾਵੇਗੀ। ਨਾ ਕੋਈ ਮਲੇਛ ਰਹੇਗਾ ਨਾ ਕਾਫਰ । ਨਾ ਬੇਇਤਬਾਰੀ ਰਹੇਗੀ ਨਾ ਨਫਰਤ ।
ਇਸਤ੍ਰੀ ਜਾਤੀ
ਮਰਦ ਨੇ ਅਜ ਤਕ ਇਸਤ੍ਰੀ ਨੂੰ ਇਸ ਵਾਸਤੇ ਗੁਲਾਮ ਬਣਾਈ ਰਖਿਆ ਹੈ, ਕਿ ਉਹ ਨਿਰਬਲ ਹੈ, ਨਿਰਾਸ਼ਾ ਹੈ, ਮਰਦ ਦੀ ਕਮਾਈ ਬਗੈਰ ਜੀ ਨਹੀਂ ਸਕਦੀ। ਇਹ ਸਵਾਲ ਹੋਰ ਦੇਸ਼ਾਂ ਵਿਚ ਤਾਂ ਹਲ ਹੋ ਚੁਕਾ ਹੈ ਨਿਰਾ ਹਿੰਦੁਸਤਾਨ ਬਾਕੀ ਹੈ ਜਿਥੇ
--ਗ--
ਇਸਤ੍ਰੀ ਨੂੰ ਡੰਗਰਾਂ ਵਾਂਗ ਵੇਚਿਆ ਖਰੀਦਿਆ ਜਾਂਦਾ ਹੈ ਤੇ ਉਸ ਨੂੰ ਖਿਡਾਉਣਾ ਸਮਝ ਕੇ ਹੰਡਾਇਆ ਜਾਂਦਾ ਹੈ। ਪਰ ਜਲਦੀ ਹੀ ਉਹ ਦਿਨ ਆਉਣ ਵਾਲਾ ਹੈ ਜਦੋਂ ਇਸਤ੍ਰੀ ਆਪਣੇ ਪੈਰਾਂ ਉਤੇ ਖਲੋ ਜਾਵੇਗੀ । ਇਸਤ੍ਰੀ ਨੂੰ ਵਿਧਵਾ ਹੋਣ ਕਰ ਕੇ ਨਰਕ ਵਿਚ ਨਹੀਂ ਸੁਟਿਆ ਜਾਵੇਗਾ। ਵਿਧਵਾ ਵਿਆਹ ਹਿੰਦੂਆਂ ਵਿਚ ਭੀ ਵੈਸਾ ਹੀ ਅਦਰਾਇਆ ਜਾਏਗਾ ਜੈਸਾ ਹੋਰ ਕੌਮਾਂ ਵਿਚ ।
ਸਮਾਜ ਰਾਜ
ਪੁਰਾਣੇ ਜ਼ਮਾਨੇ ਵਿਚ ਪੋਪ ਰਾਜ ਯਾ ਪਰੋਹਤ ਰਾਜ ਪ੍ਰਧਾਨ ਸੀ, ਜਾਤੀ ਤੇ ਜਨਮ ਦੇ ਹੰਕਾਰ ਵਿਚ ਆਕੜੇ ਫਿਰਦੇ ਸਨ । ਪਰ ਹੁਣ ਸਮਾਜ ਖੁਦ ਉਨ੍ਹਾਂ ਦੇ ਚਾਲ ਚਲਨ ਦੀ ਪੜਤਾਲ ਕਰੇਗਾ ਜਾਤੀਂ ਰਾਮ ਨ ਰੀਝਿਆ, ਕਰਮ ਕਰੇ ਸੋ ਸੀਝਿਆ । ਇਕ ਵਾਰ ਦੀ ਚੋਣ ਸਦੀਵੀ ਚੋਣ ਨਹੀਂ ਰਹੇਗੀ, ਹਰ ਤੀਜੇ ਯਾ ਪੰਜਵੇਂ ਸਾਲ ਦਿਆਨਤਦਾਰੀ ਦਾ ਮੇਯਾਰ ਮੁੜ ਕੇ ਪੜਤਾਲਿਆ ਜਾਏਗਾ । ਫਿਰਕੇਦਾਰੀ ਦੇ ਢਕੋਸਲੇ ਨੂੰ ਕੋਈ ਆਸਰਾ ਨਹੀਂ ਦਿਤਾ ਜਾਏਗਾ । ਗੁਣ ਕਰਮ ਸੁਭਾਵ ਦੇ ਆਧਾਰ ਪਰ ਹਰ ਕਿਸੇ ਨੂੰ ਆਪਣਾ ਮੁੱਲ ਸਮਾਜ (ਜਮਹੂਰ) ਪਾਸੋਂ ਪੁਆਣਾ ਹੋਵੇਗਾ। ਜਿਹੜਾ ਲੀਡਰ ਸਮਾਜ ਦੀ ਆਰਥਿਕ ਖੁਸ਼ਹਾਲੀ ਵਾਸਤੇ ਮਿਹਨਤ ਨਾ ਕਰੇਗਾ, ਉਸ ਦੀਆਂ ਟੱਲੀਆਂ ਤੇ ਘੜਿਆਲਾਂ ਦੀ ਆਵਾਜ਼ ਆਪਣੇ ਆਪ ਬੰਦ ਹੋ ਜਾਏਗੀ । ਸਰਬ ਸੰਸਾਰ ਸਾਂਝੀ ਸੱਭਤਾ ਦੇ ਅਧਾਰ ਪਰ ਕੰਮ ਹੋਣ ਗੇ । ਦੌਲਤਮੰਦੀ ਯਾ ਨਸਲੀ ਉਚਾਈ ਦਾ ਕੋਈ ਮੁਲ ਨਾ ਪਏਗਾ ।
ਏਹ ਜਿੰਨੇ ਭੀ ਹਿੰਦੁਸਤਾਨ ਦੇ ਰੋਗ ਮੈਂ ਗਿਣਾਏ ਹਨ
--ਘ--
ਉਨ੍ਹਾਂ ਸਾਰਿਆਂ ਦਾ ਮੂਲ ਕਾਰਣ ਇਹ ਹੈ, ਕਿ ਦੇਸ਼ ਵਿਚ ਵਿਦਿਆ ਤੇ ਵਾਕਫੀਅਤ ਦੀ ਥੁੜ ਹੈ। ਸੌ ਵਿਚੋਂ ਦਸ ਬਾਰਾਂ ਪੜ੍ਹੇ ਲਿਖੇ ਹਨ ਤੇ ਬਾਕੀ ਸਾਰੇ ਮੂਰਖ ਅਨਪੜ੍ਹ । ਅੰਗ੍ਰੇਜ਼ ਹਕੂਮਤ ਨੂੰ ਇਸ ਦਾ ਫਿਕਰ ਕੋਈ ਨਹੀਂ, ਉਸ ਨੂੰ ਤਾਂ ਭਰਤੀ ਵਾਸਤੇ ਆਦਮੀਆਂ ਦੀ ਲੋੜ ਹੈ ਪੜ੍ਹੇ ਹੋਣ ਜਾਂ ਅਨਪੜ੍ਹ । ਸੋ ਜਦ ਤਕ ਦੇਸ਼ ਸੁਤੰਤਰ ਨਾ ਹੋਵੇ, ਵਿਦਯਕ ਤਰੱਕੀ ਵਲ ਕਦਮ ਨਹੀਂ ਉਠ ਸਕਦਾ। ਉਹ ਦਿਲ ਭੀ ਹੁਣ ਬਹੁਤ ਦੂਰ ਨਹੀਂ ਰਿਹਾ, ਆਜ਼ਾਦੀ ਆਪ ਹੀ ਆ ਕੇ ਪੈਰ ਚੁੰਮੇਗੀ।
ਜੋ ਕੁਝ ਮੈਂ ਪਿਛੇ ਦਸ ਚੁਕਾ ਹਾਂ ਉਸ ਨਾਲ ਉਨ੍ਹਾਂ ਲੋਕਾਂ ਨੂੰ ਜਿਨਾ ਦੀ ਰੋਟੀ ਖਤਰੇ ਵਿਚ ਪੈਂਦੀ ਹੈ, ਜ਼ਰੂਰ ਦੁਖ ਪਹੁੰਚੇਗਾ, ਪਰ ਇਹ ਮੇਰੇ ਵਸ ਦੀ ਗਲ ਨਹੀਂ, ਮੇਰਾ ਲੂੰ ਲੂੰ ਪੱਛਿਆ ਹੋਇਆ ਹੈ। ਮੈਂ ਇਹ ਹਾਲਤਾਂ ਸੁਣ ਸੁਣਾ ਕੇ ਜਾਂ ਬਾਹਰ ਬੈਠ ਕੇ ਨਹੀਂ ਦੇਖੀਆਂ, ਅੰਦਰ ਵੜ ਵੜ ਕੇ ਟੋਹੀਆਂ ਹਨ। ਉਨ੍ਹਾਂ ਲੋਕਾਂ ਦਾ ਹਕ ਹੈ, ਮੇਰੀ ਇਸ ਕਿਤਾਬ ਨੂੰ ਨਾ ਖਰੀਦਣ, ਨਾ ਪੜ੍ਹਨ, ਨਾ ਹਥ ਲਾਉਣ। ਮੇਰੀ ਇਹ ਰਚਨਾ ਸਿਰਫ ਨਰੋਏ ਤੇ ਅਗੇ ਵਧੂ ਖਿਆਲਾਂ ਵਾਲੇ ਪੜ੍ਹੇ ਲਿਖੇ ਨੌਜਵਾਨਾਂ ਦੇ ਵਾਸਤੇ ਹੈ, ਜਿਨ੍ਹਾਂ ਦੀ ਦਲੇਰੀ ਤੇ ਨਿਡਰਤਾ ਦੇ ਭਰੋਸੇ ਉਤੇ ਮੈਂ ਹਿੰਦੁਸਤਾਨ ਦੇ ਸ਼ਾਨਦਾਰ ਭਵਿਸ਼ ਦਾ ਸਪਨਾ ਲੈ ਰਿਹਾ ਹਾਂ।
ਪੰਜਾਬੀ ਦੇ ਕੁਝ ਸਾਹਿੱਤ ਸਮਾਲੋਚਕਾਂ ਦਾ ਵਿਚਾਰ ਹੈ ਕਿ ਮੇਰੀਆਂ ਕਵਿਤਾਵਾਂ ਵਿਚ ਰੋਮਾਂਸ ਦਾ ਅਭਾਵ ਹੈ । ਹੋਵੇਗਾ ਭਾਵੇਂ ਇਸੇ ਤਰਾਂ ਹੀ, ਪਰ ਮੇਰੇ ਆਪਣੇ ਆਪ ਨੂੰ ਤਾਂ ਸਾਰੇ ਆਲੇ ਦੁਆਲੇ ਅਗ ਲਗੀ ਹੋਈ ਦਿਸ ਰਹੀ ਹੈ। ਜੇ ਮੇਰੀ ਕਵਿਤਾ ਨੇ ਦੇਸ਼ ਦਾ ਕੁਝ ਸੁਆਰਨਾ ਹੀ ਨਹੀਂ, ਤਾਂ ਇਸ ਦਾ ਹੋਣਾ ਭੀ ਕਿਸ ਕੰਮ, ਇਸ ਨੂੰ ਫੂਕ ਦੇਣਾ ਬਿਹਤਰ ਹੈ।
---ਙ—
ਇਸ ਗਲਤ ਫਹਿਮੀ ਦਾ ਕਾਰਣ ਮੈਂ ਇਹ ਸਮਝਦਾ ਹਾਂ ਕਿ ਯੂਰਪੀਨ ਕਵੀਆਂ ਦੀ ਰੋਮਾਂਟਿਕ ਰਚਨਾ ਤੋਂ ਪ੍ਰਭਾਵਿਤ ਹੋਏ ਹਿੰਦੁਸਤਾਨੀ ਗ੍ਰੈਜੂਏਟਾਂ ਨੂੰ ਮੇਰੇ ਅੰਦਰ ਉਸੇ ਨਮੂਨੇ ਦਾ ਰੋਮਾਂਸ ਨਹੀਂ ਮਿਲਦਾ । ਪਰ ਮੇਰਾ ਤਰਜ਼ੇ ਬਿਆਨ ਸਾਰਾ ਏਸ਼ਿਆਟਿਕ ਤੇ ਖਾਸ ਕਰ ਹਿੰਦੁਸਤਾਨੀ ਹੈ, ਅਤੇ ਉਹ ਹਿੰਦੁਸਤਾਨ ਵਿਚ ਚਲਦੇ ਫਿਰਦੇ ਆਮ ਲੋਕਾਂ ਦੀਆਂ ਸੁੱਤੀਆਂ ਨਸਾਂ ਨੂੰ ਤੜਪਾਉਣ ਵਾਸਤੇ ਪੇਸ਼ ਕੀਤਾ ਜਾ ਰਿਹਾ ਹੈ। ਹੋ ਸਕਦਾ ਹੈ ਕਿ ਅਗਾਊ ੨੦ ਵਰਿਹਾਂ ਵਿਚ ਹਿੰਦੁਸਤਾਨੀ ਸਾਹਿੱਤ ਵਿਚ ਯੂਰਪ ਦੇ ਮੇਯਾਰ ਦਾ ਰੋਮਾਂਸ ਪੈਦਾ ਹੋ ਜਾਵੇ ਪਰ ਇਸ ਵੇਲੇ ਦੇ ਹਾਲਾਤ ਨੇ ਮੈਨੂੰ ਕੁਝ ਲਿਖਣ ਦਾ ਹੌਸਲਾ ਦਿੱਤਾ ਹੈ ।
ਅੰਤ ਵਿਚ ਮੈਂ ਹਿੰਦੁਸਤਾਨ ਦੇ ਭਵਿਸ਼ ਬਾਬਤ ਕੁਝ ਪੇਸ਼ੀਨ ਗੋਈਆਂ ਕਰਦਾ ਹਾਂ ਜੋ ਅਗਾਊ ੨੦ ਸਾਲਾਂ ਦੇ ਅੰਦਰ ਆਉਣ ਵਾਲੀ ਨਸਲ ਦੇ ਹੱਥੀਂ ਪੂਰੀਆਂ ਹੋ ਜਾਣਗੀਆਂ ।
(੧) ਰਬ ਤੇ ਬੰਦੇ ਦਾ ਸਿੱਧਾ ਸੰਬੰਧ ਹੋਵੇਗਾ, ਵਿਚੋਲਾ ਕੋਈ ਨਾ ਰਹੇਗਾ। ਬੰਦਾ ਰਬ ਦੀ ਜਿਸ ਤਰਾਂ ਦੀ ਬੰਦਗੀ ਚਾਹੇ ਅੰਦਰ ਬੈਠ ਕੇ ਹੀ ਕਰ ਲਏਗਾ। ਕਿਸੇ ਨੂੰ ਦਖਲ ਦੇਣ ਦਾ ਹਕ ਨਾ ਰਹੇਗਾ। ਪੁਰਾਣੀਆਂ ਕੀਮਤਾਂ ਸਭ ਗਲਤ ਹੋ ਜਾਣਗੀਆਂ।
(੨) ਜਾਦੂ, ਟੂਣਾ, ਮੰਤਰ, ਝਾੜਾ, ਜਿੰਨ ਭੂਤ, ਕਰਾਮਾਤ, ਵਰ ਸਰਾਪ ਸਾਰੇ ਵਿਸ਼ਵਾਸ ਟੁਟ ਜਾਣਗੇ। ਕਿਸਮਤ ਦਾ ਢਕੋਸਲਾ ਨਿਕਲ ਜਾਏਗਾ। ਜਨਿਤਾ ਰਲ ਕੇ ਅਪਣੀ ਅਪਣੀ ਨਹੀਂ ਸਮੁਚੇ ਦੇਸ ਦੀ ਕਿਸਮਤ ਬਣਾਏਗੀ ।
(੩) ਸਾਰੇ ਜਹਾਨ ਦਾ ਰਬ ਇਕੋ ਹੋਵੇਗਾ ਤੇ ਮਜ਼ਹਬ ਮਨੁਖਤਾ ਹੋਵੇਗਾ ਉਸ ਦੀ ਨੀਂਹ ਇਖਲਾਕ ਅਤੇ ਸਚਾਈ ਉਤੇ ਧਰੀ ਜਾਏਗੀ ।
--ਚ—
(੪) ਕੋਈ ਅਨਪੜ੍ਹ, ਭੁਖਾ ਨੰਗਾ, ਭਿਖਾਰੀ, ਵਿਹਲੜ ਨਾ ਰਹੇਗਾ, ਸਾਰੇ ਕਮਾਊ ਹੋਣਗੇ। ਹਰੇਕ ਨੂੰ ਰਜਵੀਂ ਰੋਟੀ ਮਿਲੇਗੀ।
(੫) ਮੰਦਰਾਂ ਤੀਰਥਾਂ ਗੁਰੂਆਂ ਗੁਸਾਈਆਂ ਦੀ ਮਨਤਾ ਨਾ ਰਹੇਗੀ । ਚੜ੍ਹਾਵਿਆਂ ਦਾ ਧਨ ਦੇਸ਼ ਦੀ ਸਰਬ ਸਾਂਝੀ ਭਲਾਈ ਦੇ ਕੰਮ ਆਵੇਗਾ।
(੬) ਇਸਤ੍ਰੀ ਸੁਤੰਤਰ ਹੋਵੇਗੀ, ਮਨ ਮਰਜ਼ੀ ਦੀ ਸ਼ਾਦੀ ਕਰੇਗੀ ਔਲਾਦ ਵਾਸਤੇ ਅਸ਼ੀਰਵਾਦਾਂ ਦੀ ਥਾਂ ਦਵਾਵਾਂ ਵਰਤੇਗੀ। ਕੁੜੀ ਮੁੰਡੇ ਦੇ ਹਕ ਬਰਾਬਰ ਹੋ ਜਾਣ ਗੇ ।
(੭) ਸੁਰਗ ਨਰਕ ਦਾ ਸਵਾਲ ਸੱਚਾ ਸਾਬਤ ਨਹੀਂ ਹੋਵੇਗਾ। ਏਸੇ ਦੁਨੀਆਂ ਨੂੰ ਬਹਿਸ਼ਤ ਬਣਾਇਆ ਜਾਵੇਗਾ। ਸਰਾਧ ਤੇ ਕਿਰਿਆ ਕਰਮ ਦੀ ਲੋੜ ਹੀ ਨਾ ਰਹੇਗੀ।
(੮) ਸੰਤਾਂ ਸਾਧੂਆਂ, ਮਹੰਤਾਂ ਨੂੰ ਸ਼ਾਦੀ ਕਰਨ ਦੀ ਪੂਰੀ ਆਜ਼ਾਦੀ ਹੋਵੇਗੀ।
(੯) ਦੇਵੀ ਦਿਉਤਿਆਂ ਉਤੇ ਸ਼ਰਧਾ ਨਾ ਰਹੇਗੀ। ਜੋਤਸ਼ ਨਾਲ ਧਰਮ ਦਾ ਕੋਈ ਲਗਾਉ ਨਾ ਰਹੇਗਾ । ਦਾਨ ਦਾ ਅਧਿਕਾਰੀ ਗਰੀਬ ਹੋਵੇਗਾ, ਪਰ ਗਰੀਬੀ ਰਹਿਣ ਨਾ ਦਿਤੀ ਜਾਵੇਗੀ ।
(੧੦) ਰਾਜ ਹਿੰਦੁਸਤਾਨੀਆਂ ਦਾ ਹੋਵੇਗਾ। ਮਜਾਰਟੀ ਮਜੂਰਾਂ ਕਿਸਾਨਾਂ ਦੇ ਹਥ ਹੋਵੇਗੀ। ਸੁਆਰਥੀ ਨੂੰ ਨਫਰਤ ਨਾਲ ਦੇਖਿਆ ਜਾਏਗਾ ।
(੧੧) ਮੌਤ ਨੂੰ ਮਾਮੂਲੀ ਘਟਨਾ ਸਮਝਿਆ ਜਾਏਗਾ। ਸਿਆਪੇ ਫੂੜੀਆਂ, ਦੁਵਰ੍ਹਿਆਂ ਚੁਵਰੀਆਂ ਬੰਦ ਹੋ ਜਾਣਗੇ ।
(੧੨) ਸਭ ਕਾਰੋਬਾਰ ਨੈਸ਼ਨਲ ਬਿਹਤਰੀ ਦੇ ਆਧਾਰ ਪਰ ਹੋਣਗੇ। ਚੋਣਾਂ ਸਾਂਝੀਆਂ ਹੋਣਗੀਆਂ।
૨૫- ੯ -૧ ੯ ૪૫ ਧਨੀ ਰਾਮ ਚਾਤ੍ਰਿਕ
--ਛ –-
ਨਵਾਂ ਜ਼ਮਾਨਾ
ਸਮਾਂ ਲਿਆਵੇ ਨਵੀਓਂ ਨਵੀਆਂ,
ਪਰਦੇ ਤੇ ਤਸਵੀਰਾਂ ।
ਹਰ ਸਵੇਰ ਨੂੰ ਪਾਸਾ ਪਰਤਣ,
ਬਦਲਦੀਆਂ ਤਕਦੀਰਾਂ ।
ਪੂੰਝੇ ਗਏ ਪੁਰਾਣੇ ਨਾਵੇਂ,
ਵਟਦੇ ਗਏ ਅਕੀਦੇ,
ਦੱਬੇ ਮੁਰਦੇ ਨਹੀਂ ਜਿਵਾਣੇ,
ਆ ਕੇ ਪੀਰ ਫ਼ਕੀਰਾਂ ।
____________
ਹੁਸਨ ਤੇਰੇ ਦੀ ਨਵੀਂ ਸ਼ਮਾਂ ਤੇ,
ਅਸੀ ਹੋਏ ਪਰਵਾਨੇ ।
ਖੋਟੇ ਹੋਏ ਕਿਆਸੀ ਸਿੱਕੇ,
ਖੁਲ੍ਹ ਗਏ ਖੋਜ ਖ਼ਜ਼ਾਨੇ ।
ਸਜਨੀ, ਸੇਜ, ਸ਼ਰਾਬ, ਸੁਰਾਹੀ,
ਪੁਨਰ ਜਨਮ ਵਿਚ ਆਏ ।
ਰਿੰਦਾਂ ਦੀ ਮਹਿਫਲ ਵਿਚ ਬਹਿ ਗਏ,
ਸੁਰਗਾਂ ਦੇ ਦੀਵਾਨੇ ।
ਨਵੀਆਂ ਲੀਹਾਂ
ਉਠ ਸੁੱਤੀਆਂ ਰੂਹਾਂ ਜਗਾ ਸਜਣਾ ।
ਇਕ ਨਵਾਂ ਜਹਾਨ ਵਸਾ ਸਜਣਾ ।
੧-ਸੁਟ ਪਰੇ ਪੁਰਾਣੀਆਂ ਲੀਰਾਂ ਨੂੰ,
ਨਕਲੀ ਖਿਚੀਆਂ ਤਸਵੀਰਾਂ ਨੂੰ,
ਢਾਹ ਮਸਤਕ ਦੀਆਂ ਲਕੀਰਾਂ ਨੂੰ,
ਤਕਦੀਰਾਂ ਨੂੰ ਪਲਟਾ ਸਜਣਾ ।
ਉਠ ਸੁੱਤੀਆਂ......
੨-ਤੂੰ ਸੁਰਗ ਦੀ ਸੋ ਤੇ ਫੁਲ ਗਿਆ ਏਂ,
ਪਰ ਅਪਣਾ ਆਸਣ ਭੁਲ ਗਿਆ ਏਂ,
ਵਹਿਮਾਂ ਵਿਚ ਫਸਿਆ ਰੁਲ ਗਿਆ ਏਂ,
ਅਸਲੀਅਤ ਨੂੰ ਅਜ਼ਮਾ ਸਜਣਾ ।
ਉਠ ਸੁੱਤੀਆਂ.......
੩-ਤੈਨੂੰ ਮਤਲਬੀਏ ਚਮਕਾ ਰਹੇ ਨੇਂ,
ਭਾਈਆਂ ਤੋਂ ਪਾੜੀ ਜਾ ਰਹੇ ਨੇਂ,
ਨਫਰਤ ਦਾ ਜਾਲ ਵਿਛਾ ਰਹੇ ਨੇਂ,
ਬਚ ਬਚ ਕੇ ਪੈਰ ਟਿਕਾ ਸਜਣਾ ।
ਉਠ ਸੁੱਤੀਆਂ ਰੂਹਾਂ......
ਇਕ ਨਵਾਂ ਜਹਾਨ......
ਪੰਜਾਬੀ ਦਾ ਸੁਪਨਾ
ਕਿਸੇ ਟਾਪੂ ਵਿਚ ਬੈਠੇ ਪੰਜਾਬੀ ਦਾ ਆਪਣੇ ਵਤਨੀ ਭਰਾ ਨਾਲ ਮੇਲ
____________
੧-ਪੰਜਾਬੋਂ ਔਂਦਿਆ ਵੀਰਨਿਆ !
ਕੋਈ ਗੱਲ ਕਰ ਆਪਣੇ ਥਾਵਾਂ ਦੀ।
ਮੇਰੇ ਪਿੰਡ ਦੀ, ਮੇਰੇ ਟੱਬਰ ਦੀ,
ਹਮਸਾਇਆਂ ਭੈਣ ਭਰਾਵਾਂ ਦੀ ।
ਫਸਲਾਂ ਚੰਗੀਆਂ ਹੋ ਜਾਂਦੀਆਂ ਨੇਂ ?
ਮੀਂਹ ਵੇਲੇ ਸਿਰ ਪੈ ਜਾਂਦਾ ਹੈ ?
ਘਿਉ ਸਸਤਾ, ਅੰਨ ਸਵੱਲਾ ਏ ?
ਸਭ ਰਜ ਕੇ ਰੋਟੀ ਖਾਂਦੇ ਨੇਂ ?
ਪਰਭਾਤ ਰਿੜਕਣੇ ਪੈਂਦੇ ਸਨ ?
ਛਾਹ ਵੇਲੇ ਭੱਤੇ ਢੁਕਦੇ ਸਨ ?
ਭਠੀਆਂ ਤੇ ਝੁਰਮਟ ਪੈਂਦੇ ਸਨ ?
ਤ੍ਰਿਞਣਾਂ ਵਿਚ ਚਰਖੇ ਘੁਕਦੇ ਸਨ ?
ਪਰਦੇਸਾਂ ਅੰਦਰ ਬੈਠਿਆਂ ਨੂੰ,
ਕੋਈ ਯਾਦ ਤੇ ਕਰਦਾ ਹੋਵੇਗਾ,
ਮਾਂ, ਭੈਣ ਤੇ ਨਾਰ ਕਿਸੇ ਦੀ ਦਾ,
ਦਿਲ ਹੌਕੇ ਭਰਦਾ ਹੋਵੇਗਾ।
੨-ਪੰਜਾਬੀਆਂ ਵਿਚ ਕੋਈ ਚਾ ਭੀ ਹੈ ?
ਪੰਜਾਬ ਦੀ ਸ਼ਾਨ ਬਣਾਉਣ ਦਾ ?
ਪਾਟੇ ਹੋਏ ਸੀਨੇ ਸੀਉਣ ਦਾ ?
ਨਿਖੜੇ ਹੋਏ ਵੀਰ ਮਿਲਾਉਣ ਦਾ ?
ਹਿੰਦੂ, ਮੋਮਨ, ਸਿਖ, ਈਸਾਈ,
ਘਿਉ ਖਿਚੜੀ ਹੋ ਗਏ ਹੋਵਣ ਗੇ।
ਕਿਰਸਾਣ, ਬਪਾਰੀ ਤੇ ਕਿਰਤੀ,
ਇਕ ਥਾਏਂ ਖਲੋ ਗਏ ਹੋਵਣ ਗੇ।
੩-ਅਸੀ ਜਦ ਦੇ ਏਥੇ ਆਏ ਹਾਂ,
ਸਾਡੇ ਤੇ ਹਲੀਏ ਹੀ ਵਟ ਗਏ ਨੇਂ।
ਸਾੜੇ ਤੇ ਕੀਨੇ ਨਿਕਲ ਗਏ,
ਵਲ ਵਿੰਗ ਪੁਰਾਣੇ ਹਟ ਗਏ ਨੇਂ ।
ਜੀ ਚਾਹੰਦਾ ਹੈ ਪੰਜਾਬ ਨੂੰ ਭੀ,
ਐਥੋਂ ਵਰਗਾ ਰੰਗ ਲਾ ਲਈਏ ।
ਪਿੰਡ ਪਿੰਡ ਵਿਚ ਸਾਂਝਾਂ ਪਾ ਲਈਏ,
ਪਕੀਆਂ ਸੜਕਾਂ ਬਣਵਾ ਲਈਏ ।
ਹੱਥਾਂ ਵਿਚ ਬਰਕਤ ਪੈ ਜਾਵੇ,
ਧਰਤੀ ਸੋਨੇ ਦੀ ਹੋ ਜਾਵੇ ।
ਆ ਕੇ ਕੋਈ ਰੋੜ੍ਹ ਮਜੂਰੀ ਦਾ,
ਭੁੱਖ ਨੰਗ ਦੇ ਧੋਣੇ ਧੋ ਜਾਵੇ ।
ਆਸਤਕ-ਨਾਸਤਕ
੧. ਰੱਬ ਦਿਆ ਪੂਜਕਾ !
ਰੱਬ ਦਿਆ ਵਾਰਸਾ !
ਸੱਚਮੁਚ ਰੱਬ ਨੂੰ ਰੱਬ ਹੈਂ ਸਮਝਦਾ ?
ਫੇਰ ਇਹ ਦੱਸ ਖਾਂ,
ਉਸ ਤੇਰੇ ਰੱਬ ਨੇ,
ਤੈਨੂੰ ਹੀ ਆਪਣਾ ਆਪ ਕਿਉਂ ਸੌਂਪਿਆ ?
੨. ਜੇ ਤੇਰੀ ਰਾਇ ਵਿਚ,
ਇਹੋ ਗਲ ਠੀਕ ਹੈ,
ਤਾਂ ਤੇ ਤੂੰ ਰੱਬ ਨੂੰ ਠੀਕ ਨਹੀਂ ਸਮਝਿਆ ।
ਗ਼ਰਜ਼ ਦਾ ਰੱਬ, ਤੂੰ ਆਪ ਹੈ ਘੜ ਲਿਆ। '
ਆਸਤਕ ਹੋਣ ਦਾ ਨਿਰਾ ਇਕ ਡਾਮ ਹੈ।
ਹੋਰਨਾਂ ਰੱਬ ਦਿਆਂ ਬੰਦਿਆਂ ਵਾਸਤੇ,
ਤੇਰੇ ਵਿਚ ਕੋਈ ਨਹੀਂ ਚਿਣਗ ਸਤਕਾਰ ਦੀ।
ਤੂੰ ਉਨ੍ਹਾਂ ਨੂੰ ਕੋਈ ਹੱਕ ਨਹੀਂ ਬਖਸ਼ਦਾ-
ਅੰਦਰੇ ਬੈਠ ਕੇ,
ਆਪਣੇ ਰੱਬ ਨੂੰ
ਜਿਸ ਤਰ੍ਹਾਂ ਚਾਹੁਣ ਓਹ; ਕਹਿ ਸਕਣ ਦਿਲ ਦੀਆਂ।
੩. ਇੱਕ ਇਨਸਾਨ,
ਜੋ ਨੇਕ ਹੈ, ਪਾਕ ਹੈ,
ਚਾਹੁੰਦਾ ਏ ਰਾਤ ਦਿਨ ਭਲਾ ਸੰਸਾਰ ਦਾ,
ਦੂਜਿਆਂ ਸਾਰਿਆਂ ਵਾਂਗ ਹੀ ਸਾਊ ਹੈ।
ਚਾਹੇ ਹੈ ਮੁਸਲਮਾਂ,
ਚਾਹੇ ਈਸਾਈ ਹੈ,
ਆਰਯਾ, ਪਾਰਸੀ,
ਜੈਨ ਜਾਂ ਵੈਸ਼ਨੋ,
ਤੂੰ ਉਹਨੂੰ ਵੇਖ ਕੇ ਕੁੜ੍ਹਨ ਕਿਉਂ ਲਗ ਪਏਂ ?
ਜੋ ਤੇਰੇ ਢੰਗ ਤੇ ਰੱਬ ਨਹੀਂ ਪੂਜਦਾ
ਤੂੰ ਉਦ੍ਹੇ ਰਾਹ ਵਿਚ ਖੜਾ ਕਿਉਂ ਹੋ ਰਹੇਂ ?
੪. ਰੱਬ ਤਾਂ ਕਦੇ ਭੀ
ਬੁਰਾ ਨਹੀਂ ਮੰਨਦਾ
ਮਾੜਿਆਂ ਚੰਗਿਆਂ ਵਾਸਤੇ ਓਸਦੇ-
ਬੂਹੇ ਤਾਂ ਕਦੇ ਵੀ ਬੰਦ ਨਹੀਂ ਹੋ ਸਕੇ ।
ਤੂੰਹੇਂ ਕਿਉਂ ਓਸ ਦਾ ਸੋਧਰਾ ਬਣ ਗਿਓਂ ?
ਯਾ ਤੇਰੀ ਸਮਝ ਦੇ ਵਿੱਚ ਕੁਝ ਊਣ ਹੈ,
ਯਾ ਤੇਰਾ ਰੱਬ ਕੋਈ ਵੱਖਰਾ ਰੱਬ ਹੈ ।
ਅਖੀਆਂ
ਅਖੀਆਂ ਬੁਰੀ ਬਲਾ, ਵੇ ਲੋਕੋ !
ਅਖੀਆਂ ਬੁਰੀ ਬਲਾ ।
੧. ਲੰਮੀ ਲਗਨ,
ਅਨੋਖੇ ਸੁਪਨੇ,
ਅਣਹੋਣੇ ਜਿਹੇ ਚਾ, ਵੇ ਲੋਕੋ ! ਅਖੀਆਂ......
੨. ਫੱਟਿਆਂ ਜਾਣਾ ਤੇ
ਚੈਨ ਨ ਲੈਣਾ,
ਅਲ੍ਹੜ ਜਿਹਾ ਸੁਭਾ, ਵੇ ਲੋਕੋ! ਅਖੀਆਂ......
੩. ਗੋਤਾ ਲਾਉਣ, ਸਮੁੰਦਰੋਂ ਡੂੰਘਾ,
ਤਾਰਿਆਂ ਤੀਕ ਚੜਾ, ਵੇ ਲੋਕੋ !
੪. ਆਪੇ ਲੱਗਣ ਤੋਂ
ਆਪੇ ਲੂਸਣ
ਭਾਂਬੜ ਲੈਣ ਮਚਾ, ਵੇ ਲੋਕੋ !
੫. ਰੋੜ੍ਹੇ ਪਈਆਂ
ਜਾਣ ਨ ਠਲ੍ਹੀਆਂ,
ਠੇਲ੍ਹ ਸੁਟਣ ਦਰਯਾ ਵੇ ਲੋਕੋ !
੬. ਆਪ ਸ਼ਿਕਾਰੀ ਤੇ
ਆਪੇ ਪੰਛੀ,
ਆਪੇ ਖੇਡਣ ਦਾ ਵੇ ਲੋਕੋ !
ਅਖੀਆਂ ਬੁਰੀ ਬਲਾ ।
ਮੈਂ ਕਿਸੇ ਗਲੋਂ ਨਹੀਂ ਡਰਨਾ
੧. ਕਿਉਂ ਨਾਪਾਂ ਮੈਂ ਤਾਰ ਦਮਾਂ ਦੀ ?
ਕਾਹਨੂੰ ਦੇਖਾਂ ਮਜ਼ਲ ਅਗਾਂਹ ਦੀ ?
ਪਿਛਲੀ-ਅਗਲੀ ਦੋਵੇਂ ਮੇਰੀਆਂ,
ਬਹਿ ਕੇ ਮੈਂ ਕੀ ਕਰਨਾ ।
ਮੈਂ ਕਿਸੇ ਗਲੋਂ ਨਹੀਂ ਡਰਨਾ ।
੨. ਮਕਸਦ ਉੱਚਾ, ਪੰਧ ਲਮੇਰਾ,
ਜਦ ਅਖ ਖੋਲ੍ਹੀ, ਨਵਾਂ ਸਵੇਰਾ।
ਲਖ ਆਉਣ ਤੂਫਾਨ ਬਿਜਲੀਆਂ
ਨਾ ਡੁਬਣਾ ਨਾ ਸੜਨਾ,
ਮੈਂ ਕਿਸੇ ਗਲੋਂ ਨਹੀਂ ਡਰਨਾ ।
੩. ਮੈਂ ਜੀਊਂਦਾ, ਮੈਂ ਨਵਾਂ ਨਰੋਇਆ
ਮੈਂ ਹੀ ਏ ਮੇਲਾ ਲਾਇਆ ਹੋਇਆ,
ਹਰ ਪਿੰਡ ਮੇਰਾ (ਤੇ) ਹਰ ਘਰ ਮੇਰਾ
ਜਦ ਚਾਹਣਾ, ਜਾ ਵੜਨਾ,
ਮੈਂ ਕਿਸੇ ਗਲੋਂ ਨਹੀਂ ਡਰਨਾ।
੪. ਲੈ-ਪਰਲੈ ਦੇ ਲੰਘ ਕੇ ਗੇੜੇ
ਦੇਸ਼ ਕਾਲ ਤੋਂ ਹੋਰ ਅਗੇਰੇ,
ਤੁਰਿਆਂ ਜਾਣਾ, ਤੁਰਦਿਆਂ ਰਹਿਣਾ
ਪੈਰ ਪਿਛਾਂਹ ਨਹੀਂ ਧਰਨਾ,
ਮੈਂ ਕਿਸੇ ਗਲੋਂ ਨਹੀਂ ਡਰਨਾ ।
― ੮ー
ਮਦਾਰੀ
੧ : ਮੀਆਂ ਮਦਾਰੀਆ !
ਤੇਰਾ ਤਮਾਸ਼ਾ,
ਕੀਤਾ ਕਿਸੇ ਨਾ ਪਸੰਦ ।
ਡੌਰੂ ਖੜਕਾ ਕੇ,
ਬੰਸਰੀ ਵਜਾ ਕੇ,
ਲੋਕਾਂ ਨੂੰ ਲੀਤਾ ਤੂੰ ਜੋੜ,
ਅੱਖੀਆਂ ਬਚਾਉਂਦਾ,
ਹੱਥ ਖਿਸਕਾਉਂਦਾ,
ਮਣਕਿਆਂ ਨੂੰ ਦੇਨਾ ਏਂ ਤੋੜ।
ਸੱਚਿਆਂ ਨੂੰ ਝੂਠਿਆਂ
ਝੂਠਿਆਂ ਨੂੰ ਸੱਚਿਆਂ
ਕਰ ਕਰ ਕੇ ਹੁੰਨਾ ਏਂ ਅਨੰਦ ।
੨. ਕਦੇ ਔਸ ਬੰਦੇ ਨੂੰ
ਕਦੇ ਐਸ ਬੰਦੇ ਨੂੰ
ਆਪਣਾ ਤੂੰ ਲੈਨਾ ਏਂ ਬਣਾ,
ਥੈਲੇ ਨੂੰ ਫਰੋਲ ਕੇ,
ਝੂਠ ਸੱਚ ਬੋਲ ਕੇ,
ਇੱਕ ਨੂੰ ਤੂੰ ਦੇਨਾ ਏਂ ਜਿਤਾ
ਤੇਰੀਆਂ ਚਲਾਕੀਆਂ,
ਤਾੜ ਲਈਆਂ ਸਾਰਿਆਂ,
ਕਰ ਹੁਣ ਤਮਾਸ਼ੇ ਨੂੰ ਬੰਦ ।
ਅਸੀ ਚਾਰੇ ਯਾਰ ਪੁਰਾਣੇ
੧. ਹਿੰਦੂ, ਮੁਸਲਿਮ, ਸਿਖ, ਈਸਾਈ,
ਇਕ ਮਾਂ ਜਾਏ, ਚਾਰੇ ਭਾਈ,
ਰਬ ਜਾਣੇ, ਕੀ ਟਪਲਾ ਖਾ ਗਏ,
ਹੋ ਕੇ ਸਿਆਣੇ ਬਿਆਣੇ ।
੨. ਕੋਈ ਪੁਜਾਰੀ, ਕੋਈ ਨਿਮਾਜ਼ੀ,
ਘਰੋ ਘਰੀ ਸਨ ਰਾਜ਼ੀ ਬਾਜ਼ੀ,
ਇਕਸੇ ਰਬ ਨੂੰ ਮੰਨਦੇ ਆਏ
ਬਾਹਮਣ ਅਤੇ ਮੁਲਾਣੇ ।
੩. ਦੇਸ ਮੋਕਲਾ, ਕਿਰਤ ਬੁਤੇਰੀ,
ਖੁਲ੍ਹੀਆਂ ਹਿੱਕਾਂ, ਦਿਲੀਂ ਦਲੇਰੀ,
ਪੰਜਾਬੀ ਦਾ ਅਸਲਾ ਨਹੀਂ ਸੀ,
ਦਿਲ ਦੇ ਭੇਤ ਲੁਕਾਣੇ ।
੪. ਤੂੰ ਸਹੀ ਚੰਗਾ, ਮੈਂ ਸਹੀ ਮਾੜਾ,
ਕੋਈ ਭੀ ਨਹੀਂ ਦਿਲਾਂ ਵਿਚ ਪਾੜਾ,
ਨਿਕੀਆਂ ਨਿਕੀਆਂ ਗੱਲਾਂ ਬਦਲੇ,
ਕਾਹਨੂੰ ਵੈਰ ਵਧਾਣੇ ।
੫. ਅਖੀਆਂ ਫਿਰਨ ਪ੍ਯਾਰ ਦੀਆਂ ਭੁਖੀਆਂ,
ਆ ਛਡ ਦੇਈਏ ਗੱਲਾਂ ਰੁਖੀਆਂ,
ਤਕਦਾ ਨਹੀਂ ! ਵਾ ਵਗਦੀ ਵਲ ਹੀ
ਤੁਰਦੇ ਲੋਕ ਸਿਆਣੇ ।
ਅਸੀ ਚਾਰੇ ਯਾਰ ਪੁਰਾਣੇ ।
੬. ਹੁਣ ਭੀ ਸਭ ਕੁਝ ਹੋ ਸਕਦਾ ਹੈ,
ਡੋਬੂ ਰੋਹੜ ਖਲੋ ਸਕਦਾ ਹੈ,
ਲਾ ਲੈਣ ਜੇਕਰ ਬੇੜਾ ਬੰਨੇ,
ਰਲ ਕੇ ਸੁਘੜ ਮੁਹਾਣੇ ।
ਅਸੀ ਚਾਰੇ ਯਾਰ ਪੁਰਾਣੇ ।
੭. ਪੇਂਡੂ, ਸ਼ਹਿਰੀ, ਸਾਊ, ਕੰਮੀ,
ਢਾਹ ਸੁੱਟਣ ਜੇ ਫੁੱਟ ਨਿਕੰਮੀ,
ਓਹੋ ਭਰਾ ਤੇ ਓਹੋ ਜੱਫੀਆਂ,
ਵਲ ਵਿੰਗ ਭੁਲ ਭਲ ਜਾਣੇ ।
ਅਸੀ ਚਾਰੇ ਯਾਰ ਪੁਰਾਣੇ ।
੮. ਪਾੜੂਆਂ ਨਿਖੇੜੂਆਂ ਦੀ ਇਕ ਨਾ ਮੰਨੀਏ,
ਸਗੋਂ ਉਨ੍ਹਾਂ ਦਾ ਬੂਥਾ ਭੰਨੀਏ,
ਨਾਲ ਸਲੂਕ, ਅਮਨ ਦੇ ਸਿਹਰੇ,
ਅਸਾਂ ਹੀ ਗਲੀਂ ਪੁਆਣੇ।
ਅਸੀ ਚਾਰੇ ਯਾਰ ਪੁਰਾਣੇ ।
ਦੇਸ਼ ਦਰਦ
੧. ਦਿਲ ਦਰਯਾ ਵਿਚ, ਸੋਚ ਬੁਲਬੁਲੇ,
ਉਠ ਉਠ ਕੇ ਬਹਿ ਜਾਂਦੇ ਨੇਂ,
ਦੇਸ਼-ਦਰਦ ਦੇ ਸੁਪਨ-ਮੁਨਾਰੇ
ਉਸਰ ਉਸਰ ਢਹਿ ਜਾਂਦੇ ਨੇਂ ।
ਫਰਜ਼, ਸਚਾਈ, ਅਕਲ, ਦਲੇਰੀ,
ਰੋਜ਼ ਹਲੂਣੇ ਦੇਂਦੇ ਨੇਂ,
ਪਰ, ਪਰ-ਵਸ ਦੇ ਸਭ ਮਨਸੂਬੇ
ਬਣੇ ਬਣੇ ਰਹਿ ਜਾਂਦੇ ਨੇਂ ।
ਪਰ ਭੀ ਹਨ, ਪਹੁੰਚੇ ਭੀ ਹਨ,
ਹਿੰਮਤ ਭੀ ਹੈ, ਆਸ਼ਾ ਭੀ ਹੈ,
ਦਿਲ ਭੀ ਹੈ, ਪੀੜਾਂ ਭੀ ਹਨ,
ਫਰਯਾਦਾਂ ਦੀ ਭਾਸ਼ਾ ਭੀ ਹੈ ।
ਉੱਡਣ ਨੂੰ ਤੱਯਾਰ ਭੀ ਹਾਂ,
ਆਕਾਸ਼ ਭੀ ਪਿਆ ਬੁਲਾਂਦਾ ਹੈ,
ਪਰ ਪਿੰਜਰੇ ਦੀ ਖਿੜਕੀ 'ਚੋਂ
ਇਕ ਤੀਲੀ ਕਢਣੀ ਬਾਕੀ ਹੈ ।
ਸੰਸਾਰ-ਜੰਗ
ਕੋਈ ਮੋੜੇ ਵੇ, ਕੋਈ ਮੋੜੇ ।
ਇਸ ਬਿਫਰੇ ਹੋਏ ਹਾਥੀ ਨੂੰ
ਕੋਈ ਮੋੜੇ ਵੇ ਕੋਈ ਮੋੜੇ ।
੧. ਦੁਨੀਆ ਵਿਚ ਪੈ ਗਿਆ ਭੜਥੂ,
ਘੁਗ ਵਸਦੇ ਸ਼ਹਿਰ ਉਜੜ ਗਏ।
ਧਨ ਧਾਮ, ਸੁਹਜ, ਸਰਮਾਏ,
ਕੁਝ ਡੁੱਬ ਗਏ, ਕੁਝ ਸੜ ਗਏ।
ਡਾਢੀ ਹੰਕਾਰਨ ਹੋਣੀ,
ਅਜ ਚੜੀ ਹਵਾ ਦੇ ਘੋੜੇ ।
ਕੋਈ ਮੋੜੇ ਵੇ, ਕੋਈ ਮੋੜੇ ।
੨. ਧਰਤੀ ਦੀ ਫਟ ਗਈ ਛਾਤੀ,
ਸਾਗਰ ਦਾ ਖੌਲੇ ਪਾਣੀ ।
ਤਾਕਤ ਹੋਈ ਟੋਟੇ ਟੋਟੇ,
ਪਲਚੀ ਗਈ ਸਾਰੀ ਤਾਣੀ।
ਸ਼ੈਤਾਨ ਫਰਿਸ਼ਤਾ ਬਣ ਕੇ,
ਉਪਦੇਸ਼ ਕਰੇ ਬੇਲੋੜੇ ।
ਕੋਈ ਮੋੜੇ ਵੇ ਕੋਈ ਮੋੜੇ ।
੩. ਖੁਦਗਰਜ਼ੀ ਹੋ ਗਈ ਅੰਨ੍ਹੀ,
ਮਾਇਆ ਨੂੰ ਚੜ੍ਹ ਗਈ ਮਸਤੀ।
ਨੰਗੀ ਹੋ ਹੋ ਕੇ ਨਚਦੀ
ਭੂਤੀ ਹੋਈ ਐਸ਼-ਪਰਸਤੀ ।
ਅਸ਼ਰਾਫਤ ਹੋ ਗਈ ਸਸਤੀ
ਜ਼ੋਰਾਵਰ ਲਹੂ ਨਿਚੋੜੇ ।
ਕੋਈ ਮੋੜੇ ਵੇ ਕੋਈ ਮੋੜੇ ।
੪. ਬੰਦਿਆਂ ਦੀਆਂ ਲਾਸ਼ਾਂ ਚਿਣ ਕੇ,
ਇਕ ਉਸਰੇ ਪਈ ਅਟਾਰੀ ।
ਇਸ ਲਹੂਆਂ ਦੇ ਦਰਯਾ ਵਿਚ,
ਤਰ ਜਾਸੀ ਦੁਨੀਆ ਸਾਰੀ ।
ਪਰ ਸਚਿਆਈ ਦੀ ਥੁੜ ਨੇ,
ਆਸ਼ਾ ਦੇ ਬੇੜੇ ਬੋੜੇ ।
ਕੋਈ ਮੋੜੇ ਵੇ ਕੋਈ ਮੋੜੇ ।
੫. ਮਾਨੁਖ਼ਤਾ ਦਰਦਾਂ ਮਾਰੀ,
ਸਿਵਿਆਂ ਤੇ ਬੈਠੀ ਝੂਰੇ ।
ਮੇਰੇ ਅਮਨ ਚੈਨ ਦੇ ਸੁਪਨੇ,
ਖਬਰੇ ਕਦ ਹੋਸਣ ਪੂਰੇ ।
ਖਖੜੀ ਖਖੜੀ ਰੂਹਾਂ ਦੇ,
ਕਦ ਸਿਰ ਜਾਵਣਗੇ ਜੋੜੇ ।
ਕੋਈ ਮੋੜੇ ਵੇ ਕੋਈ ਮੋੜੇ ।
ਇਨਸਾਨਸਤਾਨ
੧. ਉਠ ਸਾਕੀ ! ਇਕ ਹੰਭਲਾ ਮਾਰ,
ਨਵਾਂ ਨਸ਼ਾ ਕੋਈ ਕਰ ਤੱਯਾਰ ।
ਚੜ੍ਹ ਜਾਵੇ ਸੁਰਤੀ ਅਸਮਾਨ,
ਦਿੱਸਣ ਲਗ ਪਏ ਨਵਾਂ ਜਹਾਨ ।
ਨਵਾਂ ਬਗੀਚਾ, ਨਵੀਂ ਬਹਾਰ,
ਨਵੀਂ ਜਵਾਨੀ, ਨਵਾਂ ਨਿਖਾਰ ।
ਨਵੀਂ ਜ਼ਮੀਨ, ਨਵਾਂ ਅਸਮਾਨ,
ਸਚਮੁਚ ਦਾ ਇਨਸਾਨਸਤਾਨ ।
੨. ਹਿੰਦੂ, ਮੋਮਨ, ਸਿਖ, ਈਸਾਈ,
ਸਾਰੇ ਜਾਪਣ ਭਾਈ ਭਾਈ।
ਦਸਤਕਾਰ, ਕਿਰਤੀ, ਕਿਰਸਾਣ,
ਸਾਂਝੀ ਰੋਟੀ ਵੰਡ ਕੇ ਖਾਣ ।
ਭੁੱਖ, ਨੰਗ, ਚਿੰਤਾ, ਬੇਕਾਰੀ,
ਹਟ ਜਾਏ ਧੜਕੇ ਦੀ ਬੀਮਾਰੀ।
ਘੁਲ ਮਿਲ ਜਾਵਣ ਧਰਮ ਇਮਾਨ,
ਸਚਮੁਚ ਦਾ ਇਨਸਾਨਸਤਾਨ।
੩. ਸਾਂਝੇ ਹੋਣ ਮਸੀਤਾਂ ਮੰਦਰ,
ਵੱਸੇ ਰੱਬ ਦਿਲਾਂ ਦੇ ਅੰਦਰ !
ਲੀਡਰ ਹੋਣ ਦਿਆਨਤਦਾਰ,
ਮੇਲ ਮੁਹੱਬਤ ਦਾ ਪਰਚਾਰ ।
ਮਤਲਬੀਏ ਤੇ ਪਾੜਨ ਵਾਲੇ,
ਭੁਲ ਜਾਵਣ ਸ਼ਤਰੰਜ ਦੇ ਚਾਲੇ ।
ਟਕਰਾਂ ਤੋਂ ਨਾ ਵਢ ਵਢ ਖਾਣ,
ਸਚਮੁਚ ਦਾ ਇਨਸਾਨਸਤਾਨ ।
__________
੪. ਵਡਿਆਂ ਦਾ ਦਿਲ ਹੋ ਜਾਏ ਵੱਡਾ,
ਢਾਹ ਸੁੱਟਣ ਨਫਰਤ ਦਾ ਅੱਡਾ ।
ਵੰਡ ਖਾਣ ਦੀ ਪੈ ਜਾਏ ਵਾਦੀ,
ਮੰਗ ਸਕਣ, ਸਾਂਝੀ ਆਜ਼ਾਦੀ ।
ਸਾਂਝੀਆਂ ਚੋਣਾਂ, ਸਾਂਝੀ ਪੀੜ,
ਉਂਗਲ ਸੜਿਆਂ ਧੁਖੇ ਸਰੀਰ।
ਇਕ ਦੂਜੇ ਤੋਂ ਸਦਕੇ ਜਾਣ,
ਸਚਮੁਚ ਦਾ ਇਨਸਾਨਸਤਾਨ।
__________
ਕਵੀ ਦਾ ਹਾੜਾ
੧. ਰਫੀਕੋ ! ਮੇਰੇ ਹਾਲ ਤੇ ਤਰਸ ਖਾ ਕੇ,
ਏ ਦੱਸੋ ਕਿ ਮੇਰਾ ਜਨਮ ਕਿਸ ਲਈ ਸੀ ?
ਕਜ਼ਾ ਨੇ ਉਤਾਰਨ ਲਗੇ ਆਸਮਾਨੋਂ,
ਮੇਰੇ ਵਾਸਤੇ, ਕਿਉਂ ਇਹੋ ਥਾਂ ਚੁਗੀ ਸੀ ?
ਗ਼ਰੀਬਾਂ ਗ਼ੁਲਾਮਾਂ, ਮਜ਼ੂਰਾਂ ਦੀ ਧਰਤੀ,
ਨ ਹਾਸਾ, ਨ ਖੇੜਾ, ਨ ਕਪੜਾ, ਨ ਰੋਟੀ।
ਨਿਖੇੜੇ, ਬਖੇੜੇ, ਲੜਾਈ, ਭਿੜਾਈ,
ਪਰਹੇ ਆਪਣੀ ਤੇ ਅਦਾਲਤ ਪਰਾਈ।
੨. ਕਵੀ ਹੋ ਕੇ ਦਿਲ ਦੀ ਮੈਂ ਕਿਸ ਨੂੰ ਸੁਣਾਵਾਂ ?
ਉਮਲ ਪੈਣ ਹੰਝੂ, ਤਾਂ ਕਿਸ ਥਾਂ ਵਹਾਵਾਂ ?
ਮੈਂ ਖੋਲਾਂ ਕਿਵੇਂ ਜੀਭ ਦੇ ਜੰਦਰੇ ਨੂੰ ?
ਕਿਦੇ ਤੋਂ ਪੁਰਾਣਾ ਤਲਿਸਮ ਤੁੜਾਵਾਂ ?
ਨ ਰ ਹੈ, ਨ ਯਾਰੀ, ਨ ਹਿੰਮਤ, ਨ ਏਕਾ,
ਨ ਹਥ ਪੈਰ ਖੁਲ੍ਹੇ, ਨ ਦਾਰੂ ਨ ਸਿੱਕਾ ।
ਭਗੀਰਥ ਦੀ ਗੰਗਾ ਕਿਵੇਂ ਮੋੜ ਖਾਵੇ ?
ਲਿਖੀ ਹੋਈ ਤਕਦੀਰ ਕੀਕਰ ਵਟਾਵਾਂ ?
ਲਹੂ ਜਮ ਚੁਕੇ ਨੂੰ ਕਿਵੇਂ ਸੇਕ ਆਵੇ ?
ਤੇ ਪੱਥਰ ਹਟਾ ਕੇ ਹਵਾ ਕੌਣ ਲਾਵੇ ?
੩. ਓ ਕਵੀਆ ! ਨ ਡਰ, ਹੋਸ਼ ਨੂੰ ਕਰ ਟਿਕਾਣੇ,
ਏ ਧਰਤੀ ਹੈ ਉਜੜੀ ਹੋਈ ਤੇਰੇ ਭਾਣੇ ?
ਏ ਬੀਰਾਂ ਦੀ ਧਰਤੀ, ਜਵਾਨਾਂ ਦੀ ਧਰਤੀ,
ਏ ਲਾਲਾਂ ਜਵਾਹਰਾਂ ਤੇ ਖ਼ਾਨਾਂ ਦੀ ਧਰਤੀ।
ਏ ਲੋਹੇ ਤੇ ਕੋਲੇ ਦੀ ਕਾਨਾਂ ਦੀ ਧਰਤੀ।
ਫਲਾਂ ਮੇਵਿਆਂ ਦਾ ਖਜ਼ਾਨਾ ਹਿਮਾਲਾ,
ਏ ਬੁਧ ਤੇ ਕ੍ਰਿਸ਼ਨ ਦੇ ਨਿਸ਼ਾਨਾਂ ਦੀ ਧਰਤੀ।
੪. ਜ਼ਰਾ ਦੇਖ, ਆਇਆ ਨਵਾਂ, ਕਾਲ-ਚੱਕਰ,
ਸ਼ੁਆ ਉਠ ਰਹੀ ਹੈ ਹਨੇਰੇ ਦੇ ਅੰਦਰ।
ਅਜ਼ਾਦੀ ਦੀ ਉਸਰਨ ਲਗੀ ਹੈ ਇਮਾਰਤ,
ਲਿਖੀ ਜਾ ਰਹੀ ਹੈ ਨਵੀਂ ਤੇਰੀ ਕਿਸਮਤ ।
ਨਵੀਂ ਰੋਸ਼ਨੀ ਨੇ ਬਟਨ ਹੈ ਦਬਾਇਆ,
ਓ ਪਰਦਾ ਪੁਰਾਣਾ ਗਿਆ ਹੈ ਉਠਾਇਆ।
ਨਿਰਾਸ਼ਾ ਦੀ ਗੱਦੀ ਤੇ ਆ ਬੈਠੀ ਆਸ਼ਾ,
ਸ਼ੁਰੂ ਹੋ ਗਿਆ ਏਕਤਾ ਦਾ ਤਮਾਸ਼ਾ ।
ਚਮਨ ਤੇਰਾ ਆਬਾਦ ਹੋ ਕੇ ਰਹੇਗਾ।
ਵਤਨ ਤੇਰਾ ਆਜ਼ਾਦ ਹੋ ਕੇ ਰਹੇਗਾ।
ਤੇਰਾ ਹੁਕਮ
ਤੁੱਧੇ ਘੱਲੀ (ਅਤੇ) ਤੁਧੇ ਸੱਦੀ
ਮੈਂ ਠਿਲ੍ਹ ਪਈ ਜਿਗਰਾ ਕਰ ਕੇ ।
ਐਥੋਂ ਤਕ ਤਾਂ ਅੱਪੜ ਪਈ ਆਂ,
ਹੌਲੀ ਹੌਲੀ ਤਰ ਕੇ ।
ਹਾਂਭ ਮੇਰੀ ਹੁਣ ਟੁਟਦੀ ਜਾਵੇ,
(ਅਤੇ) ਕੰਢਾ ਬੜਾ ਦੁਰਾਡਾ।
ਜਾਂ ਘਲ ਦੇ ਕੋਈ ਤੁਲਾ ਮੁਹਾਣਾ
(ਜਾਂ) ਚੁਕ ਲੈ ਬਾਹੋਂ ਫੜ ਕੇ ।
____________
ਤੈਥੋਂ ਵਿੱਛੁੜ, ਐਸੀ ਘੁੱਥੀ,
ਮੈਂ ਗਾਹਿਆ ਚੱਕ ਚੁਗਿਰਦਾ,
ਏਹੋ ਬੂਹਾ (ਮਤੇ) ਤੇਰਾ ਈ ਹੋਵੇ,
(ਮੈਂ) ਦਰ ਤਕਿਆ ਧਿਰ ਧਿਰ ਦਾ।
ਐਡੀ ਸਾਰੀ ਨਗਰੀ ਦੇ ਵਿਚ,
(ਮੈਨੂੰ) ਤੁਧ ਬਿਨ ਕੌਣ ਪਛਾਣੇ ?
ਖੋਲ ਬੂਹਾ, ਮੇਰੀ ਭਰ ਦੇ ਝੋਲੀ
ਸਦਕਾ ਅਪਣੇ ਸਿਰ ਦਾ।
ਅਰਸ਼ੀ ਕਿਣਕਾ
ਜੇ ਵੱਸ ਮੇਰੇ ਵਿਚ ਹੁੰਦਾ,
ਭੁਲ ਕੇ ਭੀ ਛਾਲ ਨ ਮਾਰਦਾ ।
੧. ਠੰਢਕ ਦਾ ਨਿਰਮਲ ਕਿਣਕਾ,
ਅਰਸ਼ਾਂ ਵਿੱਚ ਵੱਸਣ ਵਾਲਾ।
ਮਾਸੂਮ ਅਞਾਣੇ ਵਰਗਾ,
ਨਿਰਛਲ ਤੇ ਭੋਲਾ ਭਾਲਾ ।
ਮੈਂ ਮੌਜਾਂ ਮਾਣ ਰਿਹਾ ਸਾਂ,
ਅਪਣੀ ਮਦ ਵਿਚ ਮਸਤਾਨਾ,
ਛਡ ਅਗਾਂਹ ਪਿਛਾਂਹ ਦੀ ਚਿੰਤਾ,
ਗਾਂਦਾ ਸਾਂ ਪ੍ਰੇਮ-ਤਰਾਨਾ ।
ਨਾ ਜਾਗ ਰਿਹਾ ਸਾਂ ਪੂਰਾ,
ਨਾ ਬੇਸੁਰਤੀ ਨੀਂਦਰ ਦੀ,
ਇਕ ਵਾ ਹੇਠਾਂ ਲੈ ਆਈ,
ਕੋਈ ਗੁਪਤ ਇਸ਼ਾਰੇ ਕਰਦੀ।
ਮੈਂ ਓਥੇ ਹੀ ਸਾਂ ਚੰਗਾ,
ਪਰ ਦਮ ਨਹੀਂ ਸੀ ਇਨਕਾਰ ਦਾ ।
ਜੇ ਵੱਸ ਮੇਰੇ ਵਿਚ ਹੁੰਦਾ,
ਭੁਲ ਕੇ ਭੀ ਛਾਲ ਨ ਮਾਰਦਾ ।
੨. ਮੈਂ ਵਾਂਗ ਫੁਹਾਰ ਉਤਰਿਆ,
ਪਰਬਤ ਤੇ ਆ ਕੇ ਢੱਠਾ ।
ਕਈ ਹੋਰ ਕਰੋੜਾਂ ਉਤਰੇ,
ਇਕ ਤੋਦਾ ਹੋ ਗਿਆ ਕੱਠਾ ।
ਸੂਰਜ ਨੇ ਸੁਟ ਸੁਟ ਕਿਰਨਾਂ,
ਉਸ ਤੋਦੇ ਨੂੰ ਪੰਘਰਾਇਆ ।
ਚਸ਼ਮੇ ਦੀ ਸੂਰਤ ਬਦਲੀ,
ਝਰਨੇ ਦਾ ਰੂਪ ਵਟਾਇਆ।
ਨਾਲੇ ਤੋਂ ਨਦੀ ਚਲਾਈ,
ਮੈਦਾਨਾਂ ਵਿੱਚ ਵਿਛਾਇਆ।
ਸਾਗਰ ਵਿਚ ਧੱਕਾ ਦੇ ਕੇ,
ਮੁੜ ਕਰ ਕਰ ਭਾਫ ਉਡਾਇਆ ।
ਮੈਂ ਭਵਿਆ ਲਖ ਲਖ ਵਾਰੀ,
ਹਰ ਵਾਰੀ ਕੀਤੀ ਧਾਈ,
ਸੱਧਰ ਸੀ ਦਿਲ ਵਿਚ ਭਾਰੀ,
ਮਿਲ ਜਾਵੇ ਉਹੋ ਉਚਾਈ।
ਪਰ ਪੈਰ ਮੇਰਾ ਬਣ ਭਾਰਾ,
ਹੇਠਾਂ ਹੀ ਗਿਆ ਨਿਘਾਰਦਾ ।
ਜੇ ਵੱਸ ਮੇਰੇ ਵਿਚ ਹੁੰਦਾ,
ਭੁਲ ਕੇ ਭੀ ਛਾਲ ਨ ਮਾਰਦਾ ।
੩. ਇਸ ਚੱਕਰ ਦੇ ਵਿਚ ਚਲਦਿਆਂ,
ਅਜ ਤੀਕ ਸਮਝ ਨਹੀਂ ਆਈ,
ਮੈਂ ਕਿਸਮਤ ਆਪ ਲਿਖਾਈ,
ਜਾਂ ਬਾਹਰੋਂ ਕਿਸੇ ਬਣਾਈ।
ਮੈਂ ਕੀ ਕਸੂਰ ਕਰ ਬੈਠਾ,
ਜਿਸ ਦਾ ਬਦਲਾ ਹੈ ਮਿਲਦਾ ।
ਇਹ ਰੀਝ ਮੇਰੀ ਅਪਣੀ ਸੀ,
ਯਾ ਸ਼ੌਕ ਕਿਸੇ ਦੇ ਦਿਲ ਦਾ।
ਮੇਰੀ ਪਹਿਲੀ ਮਾਸੂਮੀ ਕਿਉਂ ਮੈਥੋਂ ਖੁੱਸ ਗਈ ਹੈ ?
ਆਵਾ ਜਾਈ ਦੀ ਬਿਪਤਾ,
ਗਲ ਮੇਰੇ ਕਿਵੇਂ ਪਈ ਹੈ ?
ਮੈਂ ਪੁੰਨ ਪਾਪ ਤੋਂ ਨਿਆਰਾ,
ਹੋ ਗਿਆ ਕਿਸ ਤਰ੍ਹਾਂ ਦਾਗੀ ?
ਕੀ ਕਾਲਖ ਮੂੰਹ ਤੇ ਮਲ ਕੇ,
ਮੈਂ ਅਪਣੀ ਸ਼ਾਨ ਤਿਆਗੀ।
ਮੇਰੇ ਮਨ ਦੀ ਸੀ ਮਰਜ਼ੀ,
ਯਾ ਭਾਣਾ ਸੀ ਕਰਤਾਰ ਦਾ।
ਜੇ ਵੱਸ ਮੇਰੇ ਵਿਚ ਹੁੰਦਾ,
ਭੁਲ ਕੇ ਭੀ ਛਾਲ ਨ ਮਾਰਦਾ ।
੪. ਓ ਹੇਠ ਉਤਾਰਨ ਵਾਲੇ !
ਤੂੰ ਮਾਲਕ ਹੀ ਸਹੀ ਮੇਰਾ,
ਪਰ ਇਹ ਗਲ ਤੇ ਸਮਝਾ ਦੇ,
ਵਸ ਮੇਰਾ ਸੀ, ਜਾਂ ਤੇਰਾ?
ਜਿਸ ਵਾ ਨੇ ਹੇਠ ਲਿਆਂਦਾ,
ਉਹ ਕਿਉਂ ਨਹੀਂ ਉਤਾਂਹ ਉਠਾਂਦੀ ?
ਉਹ ਸੈਨਤ ਸਿੱਧੀ ਹੋ ਕੇ,
ਕਿਉਂ ਰਸਤਾ ਨਹੀਂ ਵਿਖਾਂਦੀ ?
ਜੇ ਇਹ ਭੀ ਹੋ ਨਹੀਂ ਸਕਦਾ,
ਤਦ ਇਹ ਸੋਝੀ ਹੀ ਪਾ ਦੇ,
ਪਰਵਸਮਜਬੂਰਾਂ ਉੱਤੇ,
ਏਹ ਟੈਕਸ ਲਗ ਗਏ ਕਾਹਦੇ ?
ਏਹ ਪੋਪ, ਮਸੰਦ, ਮੁਲਾਣੇ,
ਕਿਉਂ ਮੇਰੇ ਮਗਰ ਲਗਾਏ ?
ਏਹ ਲਹੂ ਨਿਚੋੜਨ ਵਾਲੇ,
ਤੂੰ ਵਾਰਸ ਕਦੋਂ ਬਣਾਏ ?
ਮੈਂ ਅੱਕ ਗਿਆ ਮੂੰਹ ਰਖਦਾ,
ਇਸ ਤੇਰੇ ਦਾਵੇਦਾਰ ਦਾ ।
ਜੇ ਵੱਸ ਮੇਰੇ ਵਿਚ ਹੁੰਦਾ,
ਭੁਲ ਕੇ ਭੀ ਛਾਲ ਨ ਮਾਰਦਾ ।
ਏਥੇ ਬੋਲਣ ਦੀ ਨਹੀਂ ਜਾਹ ਅੜਿਆ (ਕਾਫੀ)
੧. ਚੌੜਾ ਦਰਯਾ, ਡੂੰਘਾ ਪਾਣੀ,
ਰਾਤ ਹਨੇਰੀ, ਘੁੰਮਣਵਾਣੀ,
ਬੇੜੀ ਛੇਕੋ ਛੇਕ ਪੁਰਾਣੀ
ਰਿਸ਼ਵਤਖੋਰ ਮਲਾਹ ਅੜਿਆ ।
੨. ਜੀਭ ਤੇ ਜੰਦਰਾ, ਪੈਰੀਂ ਬੇੜੀ,
ਸੱਚ ਆਖਣ ਦੀ ਵਾਹੇ ਨ ਮੇਰੀ,
ਦਾਵੇਦਾਰਾਂ ਦੇ ਹਥ ਮਿਸਲਾਂ,
ਹਾਕਮ ਬੇਪਰਵਾਹ ਅੜਿਆ।
੩. ਰਬ ਦੀ ਹੁਰਮਤ ਦੇ ਰਖਵਾਲੇ,
ਛੁਰਿਆਂ ਤੇ ਕਿਰਪਾਨਾਂ ਵਾਲੇ,
ਫਤਵੇ ਸਾਂਭੀ ਫਿਰਨ ਦੁਆਲੇ,
ਸੁਕਿਆ ਰਹਿੰਦਾ ਏ ਸਾਹ ਅੜਿਆ ।
੪. ਰਬ ਖ਼ਬਰੇ ਮੈਨੂੰ ਮਿਲ ਹੀ ਪੈਂਦਾ,
ਮਿੰਨਤ ਨਾਲ ਮਨਾ ਭੀ ਲੈਂਦਾ,
ਪਰ ਬੇਤਰਸ ਮਸੰਦ ਮਜਾਉਰ,
ਰੋਕੀ ਬੈਠੇ ਰਾਹ ਅੜਿਆ ।
੫. ਹਮਸਾਏ ਦਾ ਮੋਢਾ ਫੜ ਕੇ,
ਕੀ ਹਾਸਲ ਸੁਰਗਾਂ ਵਿਚ ਵੜ ਕੇ,
ਅਪਣੇ ਪੈਰੀਂ ਤੋੜ ਚੜ੍ਹਨ ਦੀ,
ਦਿਲ ਵਿਚ ਰਹਿੰਦੀ ਏ ਚਾਹ ਅੜਿਆ।
ਤੇਰੀ ਗਦ ਵਿਚ ਬਾਲ ਅਞਾਣਾ
੧. ਅੰਬ ਦੀਆਂ ਫਾੜੀਆਂ, ਨੈਣ ਮਮੋਲੇ,
ਹੱਸੂੰ ਹੱਸੂੰ ਕਰਨ ਬਲੌਰੀ ਗੋਲੇ ।
ਹਿਕ ਨਾਲ ਲਾ ਲਾ, ਕਰਨੀ ਏਂ ਛੀ ਛੀ,
ਰੱਜਨੀ ਏਂ ਬੁੱਲੀਆਂ ਦਾ ਰਸ ਪੀ ਪੀ ।
ਭੁੱਲ ਗਿਆ ਸੌਣਾ ਖਾਣਾ,
ਤੇਰੀ ਗਦ ਵਿਚ ਬਾਲ ਅਞਾਣਾ ।
____________
੨. ਵੇਖਨੀ ਏਂ ਵਿੰਗੀ ਵਰਾਛ ਜਦੋਂ ਲਾਲ ਦੀ,
ਮੱਥੇ ਉਤੇ ਧੁੰਮੇ ਤੇਰੇ, ਲਾਲੀ ਕਮਾਲ ਦੀ।
ਹੱਸਦੇ ਨੂੰ ਤੱਕ ਤੱਕ, ਖੀਵੀ ਹੁੰਦੀ ਜਾਨੀ ਏਂ,
ਸੈਨਤਾਂ ਦੇ ਨਾਲ ਪਈ ਪੀਆ ਨੂੰ ਤਕਾਨੀ ਏਂ ।
ਤਣਨੀ ਏਂ ਤੰਦਣ ਤਾਣਾ,
ਤੇਰੀ ਗਦ ਵਿਚ ਬਾਲ ਅਞਾਣਾ ।
____________
੩. ਪਿਆਰ ਦੀ ਦੁਨੀਆ ਤੂੰਹੇਂ ਵਸਾਈ,
ਸ਼ਹੁ ਦੀ ਸੂਰਤ ਪੁਤ ਵਿਚ ਆਈ।
ਰੱਬ ਨੇ ਸੁੱਤਾ ਪ੍ਰੇਮ ਜਗਾਇਆ,
ਸਾਂਝੀਆਂ ਸੱਧਰਾਂ, ਬੂਟਾ ਲਾਇਆ।
ਰਲ ਮਿਲ ਪਾਣੀ ਪਾਣਾ,
ਤੇਰੀ ਗਦ ਵਿਚ ਬਾਲ ਅਞਾਣਾ ।
੪. ਤੂੰ ਤੇ ਸ਼ਹੁ ਰਲ ਇਕ ਮਿਕ ਹੋ ਗਏ,
ਮਕਸਦ ਪੂਰਾ ਕਰਨ ਖਲੋ ਗਏ ।
ਸੁਹਣੇ ਜੱਗ ਦੇ ਸੁਹਜ ਵਧਾਣੇ,
ਬੂਟੇ ਲਾ ਲਾ ਫੁੱਲ ਖਿੜਾਣੇ ।
ਕੱਠਿਆਂ ਤੁਰਿਆਂ ਜਾਣਾ,
ਤੇਰੀ ਗਦ ਵਿਚ ਬਾਲ ਅਞਾਣਾ।
_____________
ਲਾ ਮਕਾਨ
ਸਾਰਾ ਤੇਰਾ ਕਾਰਾ ਤੇ ਹੈ,
ਤੂੰ ਨਹੀਂ ਦਿਸਦਾ ।
ਐਨਾ ਖਿਲਰ ਖਿਲਾਰਾ ਤੇ ਹੈ,
ਤੂੰ ਨਹੀਂ ਦਿਸਦਾ।
ਸੂਰਜ, ਚੰਦ, ਸਤਾਰੇ, ਧਰਤੀ,
ਸਭ ਨੂੰ ਕੋਈ ਸਹਾਰਾ ਤੇ ਹੈ,
ਤੂੰ ਨਹੀਂ ਦਿਸਦਾ ।
ਪਰਬਤ, ਨਦੀਆਂ, ਸਬਜ਼ਾ, ਮਹਿਕਾਂ,
ਸੁਹਜਾਂ ਦਾ ਭੰਡਾਰਾ ਤੇ ਹੈ,
ਤੂੰ ਨਹੀਂ ਦਿਸਦਾ ।
ਮਹਿਫਲ, ਸਾਕੀ, ਮੈਂ ਤੇ ਮਸਤੀ,
ਰੌਣਕ ਬੋਲ ਬੁਲਾਰਾ ਤੇ ਹੈ,
ਤੂੰ ਨਹੀਂ ਦਿਸਦਾ ।
ਪੰਧ, ਮੁਸਾਫਿਰ, ਨਦੀ, ਕਿਨਾਰਾ,
ਪਾਰ ਲਗਣ ਦਾ ਚਾਰਾ ਤੇ ਹੈ,
ਤੂੰ ਨਹੀਂ ਦਿਸਦਾ ।
ਪਿਆਰ, ਉਡੀਕ, ਕਸ਼ਸ਼ ਤੇ ਲਾਰਾ,
ਲੁਕਵਾਂ ਜਿਹਾ ਇਸ਼ਾਰਾ ਤੇ ਹੈ,
ਤੂੰ ਨਹੀਂ ਦਿਸਦਾ ।
ਮਜ਼ਹਬ
ਸ਼ੁੱਧ ਆਤਮਾ, ਪਹਿਲਾਂ ਪ੍ਰਗਟੀ,
ਮਜ਼ਹਬ ਇਸ ਦੇ ਪਿੱਛੋਂ ਆਇਆ।
ਧਰਮ, ਸਚਾਈ ਦੀ ਚਿਟਾਨ ਤੇ
ਮਜ਼ਹਬ ਨੇ ਇਕ ਮਹਿਲ ਬਣਾਇਆ।
ਮਜ਼ਹਬ ਦੇ ਪਾਣੀ ਨੂੰ ਗੰਦਾ
ਕੀਤਾ ਜਦੋਂ ਜ਼ਮੀਰ ਫਰੋਸ਼ਾਂ ।
ਜਿਉਂ ਕੀ ਤਿਉਂ ਚਿਟਾਨ ਹੀ ਰਹਿ ਗਈ
ਮਜ਼ਹਬ ਦਾ ਹੋ ਗਿਆ ਸਫਾਇਆ ।
ਮਜ਼ਹਬ ਦਾ ਗੜ੍ਹ ਢਹਿੰਦਾ ਜਾਵੇ,
ਥਾਂ ਥਾਂ ਪੈਂਦੇ ਜਾਣ ਮੁਘਾਰੇ ।
ਥੋਬੇ ਲਾ ਲਾ ਲਿੰਬੀ ਪੋਚੀ,
ਜਾਣ ਭਗਤ ਜਨ ਰਲ ਕੇ ਸਾਰੇ ।
ਲਟਕ ਰਹੀ ਹੈ ਤਾਰ ਦਮਾਂ ਦੀ,
ਧਨ ਦੌਲਤ ਦਾ ਫੜੀ ਸਹਾਰਾ ।
ਘੜੀਆਂ ਦਾ ਮਹਿਮਾਨ ਬਿਰਛ
ਹਟਕੋਰੇ ਖਾਵੇ ਨਦੀ ਕਿਨਾਰੇ ।
ਪੇਟ ਪੂਜਾ
ਨਾ ਕੋਈ ਠਾਕੁਰ (ਤੇ) ਨਾ ਕੋਈ ਪੂਜਕ,
ਸਭ ਰੋਟੀ ਦੇ ਉਪਰਾਲੇ ।
ਚਿਟੀਆਂ ਪੱਗਾਂ (ਤੇ) ਦੂਹਰੇ ਟਿੱਕੇ,
ਅੰਦਰੋਂ ਹਿਰਦੇ ਕਾਲੇ ।
ਹਥ ਵਿਚ ਮਾਲਾ (ਤੇ) ਮੂੰਹ ਵਿਚ ਮੰਤਰ,
ਕੱਛ ਵਿਚ ਤੇਜ਼ ਕਟਾਰੀ,
ਐਸੇ ਠੱਗਾਂ ਨਾਲੋਂ ਚੰਗੇ,
ਖੀਸੇ ਕਤਰਨ ਵਾਲੇ ।
ਏਜੰਟਾਂ ਨੂੰ ਸੰਮਣ ਆਏ,
(ਤੁਸੀ) ਹਲਵਾ ਖਾ ਖਾ ਫੁਲ ਗਏ ।
ਮੂਰਖ ਪਰਜਾ ਲੁਟ ਲੁਟ ਖਾ ਲਈ,
(ਅਤੇ) ਅਸਲ ਮਨੋਰਥ ਭੁਲ ਗਏ ।
ਜਾਗ ਉਠੀ ਹੈ ਦੁਨੀਆ, ਹੁਣ ਤੇ
ਭੇਜ ਦਿਓ ਅਸਤੀਫ਼ੇ,
ਮਜ਼ਦੂਰਾਂ ਕਿਰਸਾਨਾਂ ਖਾਤਰ
ਰੱਬ ਦੇ ਬੂਹੇ ਖੁਲ੍ਹ ਗਏ ।
ਏਕਾ
੧. ਆ ਵੀਰਨਾ! ਆ ਬੇਲੀਆ!
ਆ ਸੋਚੀਏ, ਬਹਿ ਕੇ ਜ਼ਰਾ।
ਇਕ ਵਕਤ ਸੀ, ਦੋਵੇਂ ਅਸੀ,
ਸਚ ਮੁੱਚ ਦੇ ਇਨਸਾਨ ਸਾਂ ।
ਇਕ ਖ਼ੂਨ ਸੀ, ਇਕ ਜਾਨ ਸਾਂ ।
ਇੱਕੋ ਦੁਹਾਂ ਦਾ ਬੱਬ ਸੀ:
ਸਾਂਝਾ ਦੁਹਾਂ ਦਾ ਰੱਬ ਸੀ ।
ਨਾ ਵੈਰ ਸਨ, ਨਾ ਛੇੜ ਸੀ,
ਨਾ ਫੁੱਟ ਸੀ, ਨਾ ਤ੍ਰੇੜ ਸੀ।
ਸੀਨੇ ਫਰਿਸ਼ਤੇ ਵਾਂਗ ਸਨ,
ਧੀਆਂ ਤੇ ਭੈਣਾਂ ਸਾਂਝੀਆਂ ।
ਹਮਸਾਏ ਮਾਂ ਪਿਉ ਜਾਏ ਸਾਂ,
ਖਾਂਦੇ ਕਮਾਂਦੇ ਆਏ ਸਾਂ ।
ਪਰ ਹੁਣ ਤੇ ਹਾਲਤ ਹੋਰ ਹੈ,
ਢਿੱਡਾਂ 'ਚ ਵੜ ਗਿਆ ਚੋਰ ਹੈ ।
ਵਖਰੀ ਜਿਹੀ ਕੋਈ ਵਾ ਵਗੀ,
ਤੈਨੂੰ ਤੇ ਮੈਨੂੰ ਆ ਲਗੀ ।
ਮੂੰਹ ਮੁੜ ਗਏ, ਦਿਲ ਫਟ ਗਏ,
ਮੋਹ ਘਟ ਗਿਆ, ਰਾਹ ਵਟ ਗਏ ।
ਕੁਝ ਹੱਕ ਕੰਨ ਵਿਚ ਕਹਿ ਗਏ,
ਕੁਝ ਸ਼ੱਕ ਹੱਡੀਂ ਬਹਿ ਗਏ ।
ਆਗੂ ਭੀ ਐਸੇ ਮਿਲ ਪਏ,
ਪਾੜੀ ਦੁਹਾਂ ਦਾ ਦਿਲ ਗਏ ।
ਚੰਗੇ ਭਲੇ ਸਾਂ ਵੱਸਦੇ,
ਅਜ ਕਲ ਬਦਲ ਗਈ ਤੋਰ ਕਿਉਂ ?
ਤੂੰ ਹੋਰ ਕਿਉਂ ? ਮੈਂ ਹੋਰ ਕਿਉਂ ?
੨. ਓਹੋ ਜ਼ਿਮੀਂ ਅਸਮਾਨ ਉਹੋ,
ਅੱਲਾ ਉਹੋ, ਇਨਸਾਨ ਉਹੋ ।
ਆ ਵੱਟ ਦਿਲ ਦੇ ਕੱਢੀਏ,
ਖ਼ੁਦਗਰਜ਼ੀਆਂ ਹੁਣ ਛੱਡੀਏ ।
ਲਾਈਏ ਪਨੀਰੀ ਪਿਆਰ ਦੀ,
ਇਤਫਾਕ ਦੀ, ਇਤਬਾਰ ਦੀ।
ਨਾ ਤੂੰ ਸੜੇਂ ਨਾ ਮੈਂ ਕੁੜ੍ਹਾਂ,
ਨਾ ਤੂੰ ਥੁੜੀਂ ਨਾ ਮੈਂ ਥੁੜਾਂ ।
ਹੁਣ ਭੀ ਜੇ ਹੋਏ ਸਾਫ ਨਾ,
ਭੁੱਲਾਂ ਨੂੰ ਕੀਤਾ ਮਾਫ ਨਾ ।
ਰੁੜ੍ਹ ਜਾਂ ਗੇ ਘੁੱਮਣਘੇਰ ਵਿਚ
ਪੈ ਜਾਂ ਗੇ ਲੰਮੇ ਫੇਰ ਵਿਚ।
ਪੰਜਾਬ ਦੇ ਹੀਰੇ ਅਸੀਂ
ਸੜਨਾ ਅਸਾਡੀ ਖ਼ੋ ਨਹੀਂ ।
ਅਸਲਾ ਨਹੀਂ ਖੋਟਾ ਤਿਰਾ,
ਜਿਗਰਾ ਨਹੀਂ ਛੋਟਾ ਮਿਰਾ ।
ਮੈਂ ਜਿ ਘੁਲ ਮਿਲ ਜਾਵੀਏ,
ਚੱਕਾਂ ਦੇ ਵਿਚ ਨਾ ਆਵੀਏ,
ਬੇਖੌਫ਼ ਹੋ ਕੇ ਵੱਸੀਏ,
ਬਣ ਕੇ ਨਮੂਨਾ ਦੱਸੀਏ ।
ਲਾਊ ਬੁਝਾਊ ਆਏ ਜੋ,
ਲੂਤੀ ਚੁਆਤੀ ਲਾਏ ਜੋ,
ਬੂਥਾ ਉਦ੍ਹਾ ਚਾ ਭੰਨੀਏ,
ਆਖਾ ਨ ਉਸ ਦਾ ਮੰਨੀਏ ।
ਦੋ ਤਾਕਤਾਂ ਜੁੜ ਜਾਣ ਜੇ,
ਕੋਈ ਸਕੇਗਾ ਤੋੜ ਕਿਉਂ ?
ਤੂੰ ਹੋਰ ਕਿਉਂ, ਮੈਂ ਹੋਰ ਕਿਉਂ ?
ਤੂੰ ਸਾਧ ਕਿਉਂ, ਮੈਂ ਚੋਰ ਕਿਉਂ ?
ਅੱਗ (ਗੀਤ)
ਮੇਰੇ ਅੰਦਰ ਬਲਦੀ ਏ ਅੱਗ ਲੋਕੋ,
ਮੇਰੇ ਚਾਰ ਚੁਫੇਰੇ ਅੱਗ ਲੋਕੋ ।
੧. ਧਰਮ ਨਿਆਂ ਨੂੰ ਮਿਲੇ ਨ ਢੋਈ,
ਤਾਕਤ ਫਿਰਦੀ ਏ ਬਿਫਰੀ ਹੋਈ,
ਥਰ ਥਰ ਕੰਬਦਾ ਏ ਜੱਗ ਲੋਕੋ,
ਮੇਰੇ ਲਹਿੰਦੇ ਚੜ੍ਹਦੇ ਅੱਗ ਲੋਕੋ ।
੨. ਘਰ ਘਰ ਲਾਲਚ ਤੇ ਖੁਦਗਰਜ਼ੀ,
ਇਕ ਦੂਜੇ ਦੀ ਰਲੇ ਨ ਮਰਜ਼ੀ,
ਸਭ ਦੀ ਬਾਂਗ ਅਲੱਗ ਲੋਕੋ,
ਮੇਰੇ ਐਧਰ ਔਧਰ ਅੱਗ ਲੋਕੋ ।
੩. ਕੁਕੜਾਂ ਵਾਂਗਰ ਲੀਡਰ ਲੜਦੇ,
ਬੇ ਬੁਨਿਆਦ ਬਹਾਨੇ ਘੜਦੇ,
ਖਤਰੇ ਵਿਚ ਹੈ ਪੱਗ ਲੋਕੋ,
ਮੇਰੇ ਆਸੇ ਪਾਸੇ ਅੱਗ ਲੋਕੋ ।
੪. ਹਿੰਦੂ, ਮੁਸਲਿਮ, ਸਿਖ, ਈਸਾਈ,
ਪਾਟੈ ਫਿਰਦੇ ਭਾਈ ਭਾਈ,
ਦੂਤੀਆਂ ਦੇ ਆਖੇ ਲੱਗ ਲੋਕੋ,
ਮੇਰੇ ਅੰਦਰ ਬਲਦੀ ਏ ਅੱਗ ਲੋਕੋ ।
ਦਿਲ ਇੱਕ, ਦਲੀਲਾਂ ਦੋ
ਕਿਸੇ ਵੇਲੇ ਖਿੜ ਖਿੜ ਖੀਵਾ ਹੋ ਜਾਂ,
ਕਿਸੇ ਵੇਲੇ ਪੈਨਾਂ ਰੋ,
ਦਿਲ ਇੱਕ, ਦਲੀਲਾਂ ਦੋ ।
੧. ਇਕ ਕਹੇ, ਦੁਨੀਆ ਡਾਢੀ ਮਿੱਠੀ,
ਤੂੰ ਸ਼ਾਇਦ ਵਸ ਕੇ ਨਹੀਂ ਡਿੱਠੀ ।
ਟੱਬਰ, ਦੌਲਤ, ਰੌਣਕ, ਹਾਸੇ,
ਮੇਲਾ ਹੀ ਮੇਲਾ ਆਸੇ ਪਾਸੇ।
ਪਿਆਰ, ਹਿਮਾਇਤ, ਮਿੱਠੀ ਤਕਣੀ,
ਮਰ ਕੇ ਭੀ ਇਹ ਭੁਲ ਨਹੀਂ ਸਕਣੀ,
ਇੱਜ਼ਤ ਤੇ ਅਬਰੋ,
ਦਿਲ ਇੱਕ ਦਲੀਲਾਂ ਦੋ ।
੨. ਦੂਜੀ ਆਖੇ, ਠਗਣੀ ਮਾਇਆ,
ਦੁਨੀਆਂ ਨੂੰ ਗਲ ਕਿਉਂ ਲਾਇਆ ?
ਤੇਰਾ ਪੰਧ ਬੜਾ ਹੈ ਲੰਮਾ,
ਇਕ ਦਮ ਭੀ ਨਾ ਵੀਟ ਨਿਕੰਮਾ।
ਸੋਨਾ ਚਾਂਦੀ ਸਭ ਕੁਝ ਸੁਟ ਦੇ,
ਮੋਹ ਮਮਤਾ ਦੀ ਸੰਘੀ ਘਟ ਦੇ ।
ਬਹਿ ਜਾ ਬੂਹੇ ਢੋ,
ਦਿਲ ਇੱਕ ਦਲੀਲਾਂ ਦੋ ।
੩. ਇਕ ਕਹੇ, ਡਰ ਨਾ, ਬਾਹਰ ਨਿਕਲ ਤੂੰ,
ਝਾਤੀ ਮਾਰ ਦੁਆਲੇ ਵਲ ਤੂੰ ।
ਸੇਕ ਬੁਝਾ ਦੇ, ਗੰਦ ਹਟਾ ਦੇ,
ਆਂਢ ਗੁਆਂਢੀਆਂ ਨੂੰ ਠੰਢ ਪਾ ਦੇ ।
ਇਹੋ ਜਹਾਨ ਬਹਿਸ਼ਤ ਬਣਾ ਲੈ,
ਪਿਆਰਾਂ ਦੀ ਫੁਲਵਾੜੀ ਲਾ ਲੈ,
ਆਦਰ ਦੀ ਖੁਸ਼ਬੋ,
ਦਿਲ ਇੱਕ, ਦਲੀਲਾਂ ਦੋ।
੪. ਦੂਈ ਕਹੇ, ਕਿਉਂ ਟੱਕਰਾਂ ਮਾਰੇਂ ?
ਪਿਆ ਪਰਾਏ ਡੰਗਰ ਚਾਰੇਂ ।
ਅਪਣਾ ਆਪ ਨਬੇੜ ਬਖੇੜਾ,
ਲਾਹ ਸੁਟ ਗਲੋਂ `ਬਿਗਾਨਾ ਝੇੜਾ ।
ਤੂੰ ਸਭ ਦਾ ਚਾਚਾ ਨਹੀਂ ਲਗਦਾ,
ਫਿਕਰ ਪੈ ਗਿਆ ਸਾਰੇ ਜਗ ਦਾ ।
ਬਹਿ ਜਾ ਲਾਂਭੇ ਹੋ,
ਦਿਲ ਇਕ ਦਲੀਲਾਂ ਦੋ ।
੫. ਵਾਜ ਆਈ ਜੇ ਤਕੜਾ ਹੋਵੇਂ,
ਪੂਰੀਆਂ ਹੋਣ ਦਲੀਲਾਂ ਦੋਵੇਂ ।
ਦੁੰਹ ਹੱਥੀ ਦੋ ਰਾਸਾਂ ਫੜ ਕੇ,
ਕਾਬੂ ਕਰ ਲੈ ਉਪਰ ਚੜ੍ਹ ਕੇ ।
ਆਪ ਕਿਸੇ ਤੋਂ ਕਾਂਬ ਨ ਖਾ ਤੂੰ,
ਦੋਵੇਂ ਅਪਣੇ ਮਗਰ ਚਲਾ ਤੂੰ ।
ਤਣ ਕੇ ਜ਼ਰਾ ਖਲੋ,
ਦਿਲ ਇਕ, ਦਲੀਲਾਂ ਦੋ।
ਪ੍ਰੇਮ ਸੰਦੇਸ਼
ਹਸ ਹਸ ਸਮਾਂ ਲੰਘਾ ਓ ਮਿੱਤਰਾ ! ਹਸ ਹਸ ਸਮਾਂ ਲੰਘਾ
੧. ਸੁਟ ਦੇ ਫਿਕਰ ਅੰਦੇਸ਼ੇ ਜੀ ਦੇ,
ਸਭ ਨੂੰ ਦੇ ਸੰਦੇਸ਼ ਖੁਸ਼ੀ ਦੇ,
ਪ੍ਰੇਮ ਸਤਾਰ ਸੁਣਾ, ਓ ਸਜਣਾ !
ਹਸ ਹਸ ਸਮਾਂ ਲੰਘਾ ।
੨. ਜੋ ਮਿਲ ਪਏ ਗਲਵਕੜੀ ਪਾ ਲੈ,
ਅਖੀਆਂ ਪੈਰਾਂ ਹੇਠ ਵਿਛਾ ਲੈ,
ਮੰਨ ਕੇ ਸਕਾ ਭਰਾ, ਓ ਸਜਣਾ !
ਹਸ ਹਸ ਸਮਾਂ ਲੰਘਾ ।
੩. ਕਿਨ ਪਾਈਆਂ ਸਨ ਕਚੀਆਂ ਤਰੇੜਾਂ ?
ਕਿਸ ਦੇ ਛੇੜਿਆਂ, ਛਿੜੀਆਂ ਛੇੜਾਂ ?
ਚੰਬੜੀ ਕਦੋਂ ਬਲਾ, ਓ ਮਿਤਰਾ !
ਹਸ ਹਸ ਸਮਾਂ ਲੰਘਾ ।
੪. ਤੇਰਾ ਕੰਮ ਖੁਸ਼ੀਆਂ ਤੇ ਹਾਸੇ,
ਅਮਨ ਪਸਰ ਜਾਏ ਚਾਰੇ ਪਾਸੇ,
ਗੁੱਸੇ ਗਿਲੇ ਭੁਲਾ, ਓ ਮਿਤਰਾ !
ਹਸ ਹਸ ਸਮਾਂ ਲੰਘਾ ।
ਪੰਛੀ-ਆਲ੍ਹਣਾ
੧. ਨੀਂਦਰ ਉਸ਼ਾ ਦੀ ਉੱਖੜੀ,
ਚਾਨਣ ਦਾ ਬੂਹਾ ਖੁਲ੍ਹ ਗਿਆ।
ਸੂਰਜ ਨੇ ਮੇਰੇ ਆਲ੍ਹਣੇ ਵਿਚ,
ਪੈਰ ਆ ਕੇ ਰੱਖਿਆ।
ਉਸ ਰੱਖਿਆ, ਮੈਂ ਚੁੱਕਿਆ,
ਸਾਥੀ ਨ ਕੋਈ ਉਡੀਕਿਆ ।
ਬਸ ਖੰਭ ਖੁਲ੍ਹੇ ਕਰ ਲਏ,
ਤੇ ਆਲ੍ਹਣੇ ਤੋਂ ਚਲ ਪਿਆ।
੨. ਖੁਲ੍ਹੀ ਹਵਾ ਵਿਚ ਪੇਲਦਾ,
ਧਰਤੀ ਤੇ ਚੋਗਾ ਭਾਲਦਾ,
ਖੇਤਾਂ ਦੇ ਸਿੱਟੇ ਭੋਰਦਾ,
ਰੁੱਖਾਂ ਦੇ ਮੇਵੇ ਚੱਖਦਾ,
ਚੇਤਾ ਨਹੀਂ ਦਿਨ ਭਰ ਦੇ ਵਿਚ,
ਕਿੰਨੀਆਂ ਕੁ ਮੌਜਾਂ ਮਾਣੀਆਂ।
ਤਕ ਤਕ ਕੇ ਉੱਚੀਆਂ ਨੀਵੀਆਂ,
ਕਿਸ ਨਾਲ ਪ੍ਰੀਤਾਂ ਪਾਈਆਂ।
ਕੁਝ ਪਾਲੀਆਂ, ਕੁਝ ਤੋੜੀਆਂ,
ਓੜਕ ਦਿਹਾੜਾ ਬੀਤਿਆ ।
੩. ਹੁਣ ਸੰਝ ਸਿਰ ਤੇ ਆ ਗਈ,
ਚੋਖਾ ਹਨੇਰਾ ਪੈ ਗਿਆ।
ਸਾਥੀ ਨਹੀਂ ਕੋਈ ਜਾਪਦਾ।
ਅਗੇ ਕੋਈ, ਪਿੱਛੇ ਕੋਈ।
ਕੁਝ ਜਾ ਚੁਕੇ,
ਕੁਝ ਜਾ ਰਹੇ।
ਇਕ ਮੈਂ ਇਕੱਲਾ ਰਹਿ ਗਿਆ।
੪. ਖਤਰਾ ਹੈ ਕੀ ?
ਕੱਲਾ ਸਹੀ।
ਆਇਆ ਭੀ ਤਾਂ,
ਕੱਲਾ ਹੀ ਸਾਂ।
ਹਰ ਰੋਜ਼ ਆਉਂਦੇ ਜਾਂਦਿਆਂ,
ਮਿਣ ਛੱਡਿਆ ਹੈ ਰਾਹ ਮੈਂ।
ਡੂੰਘੇ ਹਨੇਰੇ ਵਿੱਚ ਭੀ,
ਭੁਲਦਾ ਨਹੀਂ ਮੈਂ ਆਲ੍ਹਣਾ ।
ਉੱਡਾਂ ਗਾ ਅੱਖਾਂ ਮੀਟ ਕੇ,
ਤਦ ਭੀ ਮੇਰਾ ਘਰ ਆਪਣਾ,
ਪੈਰਾਂ ਤਲੇ ਆ ਜਾਇਗਾ ।
ਅੰਧ ਵਿਸ਼ਵਾਸ
ਮੁਕਤੀ, ਸੁਰਗ, ਉਮਰ ਤੇ ਕਿਸਮਤ,
ਸਭ ਕੁਝ ਤੇਰੇ ਪੱਲੇ,
ਸਚਿਆਈ ਦੀ ਬੁਚਕੀ ਕਾਹਨੂੰ
ਦੱਬੀ ਬੈਠਾ ਏਂ ਥੱਲੇ ?
ਤੂੰ ਜਾਤਾ, ਅੰਨ੍ਹੇ ਵਿਸ਼ਵਾਸੀ,
ਮੁਕਣੇ ਨਹੀਂ ਮੁਕਾਇਆਂ,
ਪਰ ਇਸ ਨਵੇਂ ਜਗਤ ਵਿਚ ਤੇਰੀ,
ਜਾਦੂਗਰੀ ਨ ਚੱਲੇ ।
ਦੇਵਤਿਆਂ ਰਿਸ਼ੀਆਂ ਦੇ ਵੇਲੇ,
ਵਰ ਸਰਾਪ ਸਨ ਚਲਦੇ,
ਚੂਲੀ ਭਰ ਕੇ ਮੰਤਰ ਪੜ੍ਹਿਆਂ,
ਨਕਸ਼ੇ ਰਹੇਂ ਬਦਲਦੇ ।
ਕਲਜੁਗ ਨੇ ਸਭ ਕਥਾ ਕਹਾਣੀ,
ਨੰਗੀ ਕਰ ਦਿਖਲਾਈ,
ਪਰ ਮੂਰਖ ਅੰਨ੍ਹੇ ਵਿਸ਼ਵਾਸੋਂ,
ਹਾਲੀ ਭੀ ਨਹੀਂ ਟਲਦੇ।
ਮੋਤੀ
ਗੋਤਾ ਖੋਰ ਸਮੁੰਦਰ ਵਿੱਚੋਂ,
ਕਢ ਕਢ ਸਿੱਪ ਖਿਲਾਰੇ,
ਹੱਥੋ ਹੱਥ ਵਿਹਾਝੀ ਜਾਵਣ,
ਮੋਤੀਆਂ ਦੇ ਵਣਜਾਰੇ ।
ਕਿਸੇ ਦੀ ਝੋਲੀ ਇੱਕੋ ਭਰ ਦੇ,
ਕਈ ਖਾਲੀ ਹੱਥ ਸਿਧਾਰੇ ।
(ਪਰ) ਓਹ ਕੀ ਜਾਣਨ ਸਾਰ ਦੁਰਾਂ ਦੀ,
(ਜਿਹੜੇ) ਸੋਚਣ ਖੜੇ ਕਿਨਾਰੇ ।
ਗੁਲਾਬ
ਮੈਂ ਗੁਲਾਬ,
ਮੇਰਾ ਕਰਤਵ ਏਹੋ,
ਖਿੜ ਖਿੜ ਬਾਗ਼ ਸਜਾਣਾ।
ਸੁਕ ਸੜ ਜਾਣਾ,
ਭੁਰ ਜਾਣਾ, ( ਅਤੇ )
ਮੁੜ ਖੇੜੇ ਵਿਚ ਆਣਾ।
ਬਾਗ਼ ਸਲਾਮਤ,
ਬੂਟਾ ਹਰਿਆ,
ਜੀਵੇ ਜਾਗੇ ਮਾਲੀ,
ਸ਼ਾਲਾ ਬਣਿਆ ਰਹੇ, ਮੇਰਾ ਏਥੇ
ਨਿਤ ਨਿਤ ਆਉਣ ਜਾਣਾ ।
ਤੇਰੀ ਯਾਦ
ਯਾਦ ਤੇਰੀ ਮਿਲ ਗਈ ਸੀ,
ਦਿਲ ਦੇ ਖੂੰਜੇ ਅੰਦਰ ਰਖਣੀ,
ਜ਼ੁਲਫ ਤੇਰੀ ਦੀਆਂ ਲਪਟਾਂ ਦੀ ਵਾ,
ਮਿਲ ਜਾਂਦੀ ਸੀ ਭਖਣੀ ।
ਪਰ ਜਦ ਦਾ ਉਹ ਹੁਸਨ ਹੁਲਾਰਾ,
ਨਜ਼ਰੋਂ ਲਾਂਭੇ ਹੋਇਆ,
ਹਿਰਦੇ ਮੰਦਰ ਦੇ ਵਿਚ ਰਹਿ ਗਈ,
ਥਾਂ ਸਖਣੀ ਦੀ ਸਖਣੀ।
ਪੱਲਾ ਫੜ ਫੜ ਕਿਹਾ ਬੁਤੇਰਾ,
ਬਹਿ ਜਾ, ਬਹਿ ਜਾ, ਬਹਿ ਜਾ,
ਜਿੰਨੀਆਂ ਘੜੀਆਂ ਜੀ ਚਾਹੁੰਦਾ ਈ,
ਓਨਾਂ ਚਿਰ ਹੀ ਰਹਿ ਜਾ।
ਹਿਜਰ ਤੇਰੇ ਦੀਆਂ ਪੀੜਾਂ ਨੂੰ ਮੈਂ,
ਹਸ ਹਸ ਕੇ ਪੀ ਜਾਸਾਂ,
ਯਾਦ ਤੇਰੀ ਨੂੰ ਯਾਦ ਰਖਾਂਗਾ,
ਏਨੀ ਗਲ ਤੇ ਕਹਿ ਜਾ।
ਮਿਲਾਪ ਦੇ ਪਲ
ਓਹ ਆਏ,
ਹਸ ਪਏ
ਹਥ ਕਢਿਆ
ਮੈਂ ਸਹਿਮੀ, ਸਭ ਕੁਝ ਦੇ ਦਾਤੇ,
ਹਾਸਾ ਤੇ ਨਹੀਂ ਕਰਦੇ ?
ਨੀਵੀਂ ਪਾ, ਮੈਂ ਅੰਦਰ ਟੋਹਿਆ,
ਚਾਰੇ ਕੰਨੀਆਂ ਖ਼ਾਲੀ,
ਅਖ ਪੱਟੀ, ਉਹ ਜਾ ਚੁੱਕੇ ਸਨ,
ਹੰਝੂ ਰਹਿ ਗਏ ਭਰਦੇ।
ਅਮ੍ਰਿਤ ਛੰਨਾ, ਛਲ ਛਲ ਕਰਦਾ,
ਉਨ੍ਹਾਂ ਮੇਰੇ ਹੱਥ ਫੜਾਇਆ ।
ਆਖਣ ਲੱਗੇ: ਸਾਰਾ ਪੀ ਜਾ,
ਮੈਂ ਤੇਰੇ ਹੀ ਲਈ ਬਣਾਇਆ ।
ਮੈਂ ਝਿਜਕੀ, ਮਤਿ ਕੌੜਾ ਹੋਵੇ,
ਵਹਿਮਾਂ ਨੇ ਮਤ ਮਾਰੀ,
ਸੋਚਾਂ ਕਰਦਿਆਂ, ਛੰਨਾ ਡਿਗ ਪਿਆ,
(ਪਰ) ਬੁੱਲਾਂ ਤੀਕ ਨ ਆਇਆ।
ਪੁਰਾਣਾ ਰਾਜ਼
੧. ਜੁੱਗਾਂ ਤੋਂ ਚਲਿਆ,
ਇਕ ਰਾਜ਼ ਪੁਰਾਣਾ,
ਮੈਂ ਸਮਝ ਚੁਕਾ ਹਾਂ,
ਪਰ ਕੀਕਰ ਆਖਾਂ ?
ਇਹ ਹੋਛੀ ਦੁਨੀਆਂ,
ਸੁਣ ਸਹਿ ਨਹੀਂ ਸਕਦੀ ।
੨. ਇਕ ਸਾਫ਼ ਸਚਾਈ,
ਦਾ ਸੂਰਜ ਚੜ੍ਹਿਆਂ,
ਚਿਰ ਚੋਖਾ ਹੋਇਆ।
ਪਰ ਨੂਰ-ਮੁਨਾਰੇ- .
ਦੀਆਂ ਕਿਰਨਾਂ ਉੱਤੇ,
ਅਖ ਡਹਿ ਨਹੀਂ ਸਕਦੀ।
੩. ਇਕ ਅਜਬ ਤਲਿੱਸਮ,
ਟੁਟ ਚੁਕਾ ਚਿਰੋਕਾ ।
ਇਕ ਗੁਪਤ ਖਜ਼ਾਨਾ,
ਮੂੰਹ ਖੁਲ੍ਹਾ ਪਿਆ ਹੈ ।
ਪਰ ਜੀਭ ਸੰਗਾਊ,
ਕੁਝ ਕਹਿ ਨਹੀਂ ਸਕਦੀ ।
੪. ਮੇਰਾ ਤੇ ਤੇਰਾ,
ਨਹੀਂ ਪਰਦਾ ਕੋਈ ।
ਤੂੰ ਮੇਰਾ ਮਹਿਰਮ,
ਮੈਂ ਤੇਰਾ ਭੇਤੀ।
ਇਹ ਗੁੱਝੀ ਛਿੱਪੀ,
ਗਲ ਰਹਿ ਨਹੀਂ ਸਕਦੀ ।
੫. ਉਹ ਦਿਨ ਹੈ ਨੇੜੇ,
ਸਭ ਖਲਕ ਕਹੇਗੀ,
ਕਿਨ ਨੀਹਾਂ ਧਰੀਆਂ,
ਕਿਨ ਮਹਿਲ ਉਸਾਰੇ,
ਇਹ ਬਣੀ ਅਟਾਰੀ,
ਹੁਣ ਢਹਿ ਨਹੀਂ ਸਕਦੀ ।
ਹੀਰਾ
ਹੀਰਿਆ ! ਤੈਨੂੰ ਪਾੜ ਰਹੇ ਉਸਤਾਦ ।
੧. ਕਣੀਆਂ ਥਪ ਥਪ ਸਾਣ ਬਣਾਇਆ,
ਰਗੜ ਰਗੜ ਤੇਰਾ ਵਜ਼ਨ ਘਟਾਇਆ,
(ਪਰ) ਸਗੋਂ ਵਧੀ ਤੇਰੀ ਆਬ,
ਹੀਰਿਆ ! ਤੈਨੂੰ ਪਾੜ ਰਹੇ ਉਸਤਾਦ ।
੨. ਪਾੜਨ ਵਾਲੇ, ਫਿਰਨ ਦੁਆਲੇ,
ਤੂੰ ਓਹਨਾਂ ਦੇ ਮੂੰਹ ਕਰ ਕਾਲੇ,
ਸੌਂ ਨਹੀਂ ਗਿਆ ਪੰਜਾਬ,
ਹੀਰਿਆ ! ਤੈਨੂੰ ਪਾੜ ਰਹੇ ਉਸਤਾਦ ।
੩. ਘਸਦਾ ਰਹੁ ਪਰ ਤ੍ਰੇੜ ਨ ਖਾਵੀਂ,
ਟੋਟਿਆਂ ਵਿਚ ਨਾ ਵੰਡਿਆ ਜਾਵੀਂ,
(ਅਪਣਾ) ਅਸਲਾ ਰੱਖੀਂ ਯਾਦ,
ਹੀਰਿਆ ! ਤੈਨੂੰ ਪਾੜ ਰਹੇ ਉਸਤਾਦ ।
੪. ਅਜ ਨਹੀਂ ਤੇ ਕੁਝ ਹੋਰ ਦਿਨਾਂ ਨੂੰ,
ਲਭ ਲਏਂ ਗਾ ਤੂੰ ਅਪਣੇ ਥਾਂ ਨੂੰ,
(ਕਿਸੇ) ਦਰਦੀ ਦੇ ਸਿਰ ਦਾ ਤਾਜ,
ਹੀਰਿਆ ! ਤੈਨੂੰ ਪਾੜ ਰਹੇ ਉਸਤਾਦ !
ਰਬਾਬ
ਰਬਾਬੀ ! ਧਰ ਦੇ ਹੇਠ ਰਬਾਬ ।
੧. ਚੂਲਾਂ ਹਿੱਲੀਆਂ, ਖੋਚਲ ਕਿੱਲੀਆਂ,
ਤਾਰਾਂ ਤਰਬਾਂ ਪੈ ਗਈਆਂ ਢਿੱਲੀਆਂ,
ਭੁਰ ਗਈ ਤੰਦੀ, ਘਸ ਗਿਆ ਜ਼ਖ਼ਮਾ,
ਖਲੜੀ ਹੋਈ ਖਰਾਬ,
ਰਬਾਬੀ ! ਧਰ ਦੇ ਹੇਠ ਰਬਾਬ ।
੨. ਬੋਤਲ ਸਖਣੀ ਕਰ ਗਿਆ ਸਾਕੀ,
ਮਹਫਿਲ ਵਿਚ ਰੌਣਕ ਨਹੀਂ ਬਾਕੀ,
ਅਥਰੂ ਡੋਲ੍ਹ ਸ਼ਮਾਂ ਦਾ ਚਾਨਣ,
ਦੇਂਦਾ ਜਾਏ ਜਵਾਬ,
ਰਬਾਬੀ ! ਧਰ ਦੇ ਹੇਠ ਰਬਾਬ ।
੩. ਟੁਟਦੇ ਜਾਣ ਖਿਲਾਰੇ ਤਾਣੇ,
ਭੁਲਦੇ ਜਾਂਦੇ ਗੀਤ ਪੁਰਾਣੇ,
ਅਖੀਆਂ ਅਗੋਂ ਹਟਦੇ ਜਾਂਦੇ,
ਘੜੇ ਸੁਨਹਿਰੀ ਖਾਬ,
ਰਬਾਬੀ ! ਧਰ ਦੇ ਹੇਠ ਰਬਾਬ ।
੪. ਇਸ ਰਬਾਬ ਨੂੰ ਤੀਲੀ ਲਾ ਦੇ,
ਲਭਦਾ ਈ ਤਾਂ ਕੋਈ ਹੋਰ ਲਿਆ ਦੇ,
ਨਵੀਆਂ ਤਰਜ਼ਾਂ, ਗੀਤ ਅਨੋਖੇ,
ਨਗਮਿਆਂ ਭਰੀ ਕਿਤਾਬ,
ਰਬਾਬੀ ! ਧਰ ਦੇ ਹੇਠ ਰਬਾਬ ।
ਅਖੀਆਂ
ਪਿਆਰੇ ਦੀ
ਦੀਦ ਲਈ,
ਦੁਨੀਆਂ ਤੇ ਆਈਆਂ,
ਅਖੀਆਂ।
ਇੰਤਜ਼ਾਰੀ ਦੇ ਲਈ,
ਰਾਹ ਤੇ ਵਿਛਾਈਆਂ,
ਅਖੀਆਂ।
ਜ਼ੱਰਾ ਸੂਰਜ ਦੀ ਤਰਫ,
ਰੱਖੇ ਸਫਰ ਨੂੰ ਜਾਰੀ।
ਏਹੋ ਕੁਝ ਹੁੰਦਾ ਰਹੇ,
ਜਦ ਦੀਆਂ ਲਾਈਆਂ,
ਅਖੀਆਂ ।
ਕਿੱਸੇ ਅਲਫ ਲੇਲਾ ਵਾਲੇ
੧. ਬੜੇ ਚਿਰ ਤੋਂ ਪਟੀਆਂ ਪੜ੍ਹਾਂਦਾ ਰਿਹੋਂ ਤੂੰ,
ਸੁਅਰਗਾਂ ਦੇ ਸੁਪਨੇ ਵਿਖਾਂਦਾ ਰਿਹੋਂ ਤੂੰ,
ਕਹਾਣੀ ਸੁਆਦੀ ਬਣਾਂਦਾ ਰਿਹੋਂ ਤੂੰ,
ਲਗਾਂਦਾ ਰਿਹੋਂ ਖੂਬ ਮਿਰਚਾਂ ਮਸਾਲੇ,
ਮੁਕਾ ਹੁਣ ਤੇ ਕਿੱਸੇ ਅਲਫ ਲੇਲਾ ਵਾਲੇ ।
੨. ਕਰਾਮਾਤ ਹਰ ਗਲ ਦੇ ਵਿਚ ਤੂੰ ਫਸਾਈ,
'ਮੇਰੀ ਜਾਨ ਖਾ ਗਈ ਤੇਰੀ ਪੰਡਿਤਾਈ,
ਹੜਪ ਕਰ ਗਿਓਂ ਮੇਰੀ ਸਾਰੀ ਕਮਾਈ,
ਨ ਸਮਝੇ ਮੈਂ ਸ਼ਤਰੰਜ ਤੇਰੀ ਦੇ ਚਾਲੇ,
ਮੁਕਾ ਹੁਣ ਤੇ ਕਿੱਸੇ ਅਲਫ ਲੇਲਾ ਵਾਲੇ ।
੩. ਤੂੰ ਦਿਉਤੇ ਘੜੇ, ਦੇਵੀਆਂ ਭੀ ਬਣਾਈਆਂ,
ਮੁਰਾਦਾਂ ਮੰਗਾਈਆਂ ਤੇ ਸੁਖਣਾਂ ਸੁਖਾਈਆਂ,
ਤੇ ਨੱਕ ਨਾਲ ਸੌ ਸੌ ਲਕੀਰਾਂ ਕਢਾਈਆਂ,
ਕਰਾਏ ਕਈ ਮੈਤੋਂ ਕਜੀਏ ਕਸਾਲੇ,
ਮੁਕਾ ਹੁਣ ਤੇ ਕਿੱਸੇ ਅਲਫ ਲੇਲਾ ਵਾਲੇ ।
੪. ਗੁਲਾਮੀ ਦੇ ਸੰਗਲ ਬੜੇ ਤੂੰ ਬਣਾਏ,
ਸਚਾਈ ਲੁਕਾਈ, ਡਰਾਵੇ ਵਧਾਏ,
ਅਜ਼ਾਦੀ ਮੇਰੀ ਤੇ ਕਈ ਭਾਰ ਪਾਏ,
ਬੜੇ ਜਾਲ ਤਾਣੇ ਤੂੰ ਮੇਰੇ ਦੁਆਲੇ,
ਮੁਕਾ ਹੁਣ ਤੇ ਕਿੱਸੋ ਅਲਫ ਲੇਲਾ ਵਾਲੇ ।
੫. ਅਞਾਣਾ ਜਦੋਂ ਸਾਂ, ਰਿਹਾ ਪਰਚ ਜਾਂਦਾ,
ਖਿਡੌਣੇ ਤੇਰੇ ਨੂੰ ਰਿਹਾ ਸਿਰ ਝੁਕਾਂਦਾ,
ਮੈਂ ਤੰਗ ਆ ਗਿਆ ਹੁਣ ਤੇ ਮੱਥੇ ਘਸਾਂਦਾ,
ਨਹੀਂ ਜਾਂਦੇ ਐਨੇ ਸਿਆਪੇ ਸੰਭਾਲੇ,
ਮੁਕਾ ਹੁਣ ਤੇ ਕਿੱਸੇ ਅਲਫ ਲੇਲਾ ਵਾਲੇ ।
੬. ਜ਼ਮਾਨੇ ਨੇ ਕਰ ਲਈ ਏ ਦੁਨੀਆ ਸਿਆਣੀ,
ਗਲੋਂ ਲਹਿ ਗਈ ਉਹ ਬਿਮਾਰੀ ਪੁਰਾਣੀ,
ਉਹ ਪਿਛਲੀ ਜਹਾਲਤ ਨ ਜਾਏ ਪਛਾਣੀ,
ਨਵੀਂ ਰੋਸ਼ਨੀ ਨੇ ਨਵੇਂ ਦਿਨ ਵਿਖਾਲੇ,
ਮੁਕਾ ਹੁਣ ਤੇ ਕਿੱਸੇ ਅਲਫ ਲੇਲਾ ਵਾਲੇ ।
੭. ਹੈ ਸਾਇਨਸ ਨੇ ਗਿਆਨ ਕੀਤਾ ਸੁਖਾਲਾ,
ਸਚਾਈ ਨੇ ਕਰ ਦਿੱਤਾ ਘਰ ਘਰ ਉਜਾਲਾ,
ਨ ਸੁਰਗਾਂ ਦਾ ਲਾਲਚ, ਨ ਨਰਕਾਂ ਦਾ ਪਾਲਾ,
ਹੋਏ ਦੂਰ ਵਹਿਮਾਂ ਤੇ ਭਰਮਾਂ ਦੇ ਜਾਲੇ,
ਮੁਕਾ ਹੁਣ ਤੇ ਕਿੱਸੇ ਅਲਫ ਲੇਲਾ ਵਾਲੇ।
੮. ਤੂੰ ਰਬ ਅੱਗੇ ਮੇਰੀਆਂ ਸ਼ਕੈਤਾਂ ਲਗਾ ਲੈ,
ਮੇਰੇ ਮਗਰ ਕੁੱਤੇ ਦੁੜਾ ਕੇ ਡਰਾ ਲੈ,
ਬਗ਼ਾਵਤ ਬਣਾ ਲੈ, ਯਾ ਕਾਫਰ ਧੁਮਾ ਲੈ,
ਤੂੰ ਕਰ ਛੋੜ ਮੈਨੂੰ ਖੁਦਾ ਦੇ ਹਵਾਲੇ,
ਮੁਕਾ ਹੁਣ ਤੇ ਕਿੱਸੇ ਅਲਫ ਲੇਲਾ ਵਾਲੇ ।
ਆ ਸਜਣੀ
੧. ਘੁਟ ਘੁਟ ਕੇ ਫੜੀਆਂ ਡੋਰਾਂ ਨੂੰ,
ਨਾ ਰਿਸ਼ਮਾਂ ਵਾਂਗ ਵਧਾ ਸਜਣੀ,
ਦਰਸ਼ਨ ਮੇਲੇ ਦੀਆਂ ਘੜੀਆਂ ਨੂੰ
ਨਾ ਅਗਾਂਹ ਅਗਾਂਹ ਤਿਲਕਾ ਸਜਣੀ।
੨. ਤੂੰ ਕਦ ਮੇਰੇ ਘਰ ਆਵੇਂ ਗੀ?
ਕਦ ਗਲ ਲਾ ਕੇ ਅਪਣਾਵੇਂ ਗੀ?
ਕਿਤੇ ਮੁਕ ਨਾ ਜਾਣ ਉਡੀਕਾਂ ਏਹ,
ਝਬ ਆ ਸਜਣੀ, ਝਬ ਆ ਸਜਣੀ ।
੩. ਗਲ ਲੱਗਣ ਨੂੰ ਜੀ ਕਰਦਾ ਹੈ,
ਪਰ ਬੇ ਅਦਬੀ ਤੋਂ ਡਰਦਾ ਹੈ,
ਵਿਚਕਾਰ ਖਲੋਤੇ ਪੜਦੇ ਨੂੰ
ਤੂੰ ਆਪੀਂ ਪਰੇ ਹਟਾ ਸਜਣੀ ।
੪. ਮੇਰੀ ਬਾਂਹ ਫੜਨ ਲਈ ਬਾਂਹ ਕਰ ਦੇ,
ਮੇਰੇ ਬਹਿਣ ਲਈ ਕੋਈ ਥਾਂ ਕਰ ਦੇ,
ਮੇਰੇ ਪੈਰ ਬਿੜਕਦੇ ਜਾਂਦੇ ਨੀਂ
ਜ਼ਰਾ ਉੜ ਕੇ ਉਤਾਂਹ ਉਠਾ ਸਜਣੀ ।
ਸੇਫਟੀ ਵਾਲ
ਸੇਫਟੀ ਵਾਲ, ਸੇਫਟੀ ਵਾਲ।
ਕਾਲ ਚਕ੍ਰ ਦੀ ਫਿਰਦੀ ਚਾਲ ।
੧. ਬਾਇਲਰ ਦੇ ਵਿਚ ਜੋੜੀ ਭਾਫ਼,
ਇੰਜਨ ਵਾਹੀ ਜਾਏ ਸਾਫ।
ਮੱਠੀ ਹੋਣ ਲਗੇ ਜਦ ਤੋਰ,
ਕਾਇਮ ਰੱਖੇ ਉਸ ਦਾ ਜ਼ੋਰ ।
ਕੋਲਾ ਪੈ ਪੈ ਨਾਲੋ ਨਾਲ,
ਸੇਫਟੀ ਵਾਲ, ਸੇਫਟੀ ਵਾਲ ।
੨. ਅਗ ਪਾਣੀ ਦਾ ਸਾਂਝਾ ਖੇਲ,
ਤਾਕਤ ਤੋਰੀ ਚੱਲੇ ਰੇਲ ।
ਹੋ ਜਾਏ ਭਾਫ ਜਦੋਂ ਮੂੰਹ ਜ਼ੋਰ,
ਪੈਣ ਲਗੇ ਆਖ਼ਰ ਦਾ ਸ਼ੋਰ।
ਖੁਲ ਜਾਏ ਤਦ ਸੇਫਟੀ ਵਾਲ,
ਸੇਫਟੀ ਵਾਲ, ਸੇਫਟੀ ਵਾਲ।
੩. ਖ਼ੂਨੀ ਘੁੱਗੂ ਰੌਲਾ ਪਾ,
ਅੱਤ ਹੋਈ ਦੇਵੇ ਸਮਝਾ।
ਚਲੇ ਚੁਫੇਰੇ ਤੱਤੀ ਵਾ,
ਸਹਿਜੇ ਸਹਿਜੇ ਭਾਫ ਉਡਾ ।
ਮੁੜ ਆ ਜਾਏ ਓਸੇ ਹਾਲ,
ਸੇਫਟੀ ਵਾਲ, ਸੇਫਟੀ ਵਾਲ।
੪. ਕੁਦਰਤ ਦੀ ਇਹ ਚਾਲ ਕਦੀਮ,
ਵਧਦਾ ਜਾਏ ਜਦੋਂ ਸਟੀਮ।
ਹਲ ਸੁੱਟੇ ਧਰਤੀ ਤੇ ਵਾਹ,
ਵਾਧੂ ਤਾਕਤ ਕਰੇ ਤਬਾਹ ।
ਫਿਰ ਮੋਇਆਂ ਨੂੰ ਲਏ ਜਿਵਾਲ,
ਸੇਫਟੀ ਵਾਲ, ਸੇਫਟੀ ਵਾਲ ।
ਮਹਿਫ਼ਲ
ਸਾਕੀ ! ਅਜ ਤੇਰੀ ਮਹਿਫ਼ਲ ਵਿਚ,
ਕੋਈ ਰਾਗ ਨਹੀਂ, ਕੋਈ ਰੰਗ ਨਹੀਂ।
ਚੱਕਰ ਨਹੀਂ ਜਾਮ ਸੁਰਾਹੀ ਦਾ,
ਕੋਈ ਨਚਦਾ ਮਸਤ ਮਲੰਗ ਨਹੀਂ ।
ਮਤਲਬ ਦੇ ਬੰਦੇ ਬੈਠੇ ਨੇਂ,
ਬੁਕਲਾਂ ਵਿਚ ਚੋਰ ਹੈ ਗ਼ਰਜ਼ਾਂ ਦਾ,
ਟੁਕੜੇ ਬਿਨ ਕੋਈ ਉਮੰਗ ਨਹੀਂ,
ਬਿਨ ਪੈਸੇ ਕੋਈ ਮੰਗ ਨਹੀਂ ।
ਕੋਈ ਅਗਨ ਨਹੀਂ ਚੰਗਿਆਈ ਦੀ,
ਕੋਈ ਲਗਨ ਨਹੀਂ ਕੁਰਬਾਨੀ ਦੀ,
ਇਨਸਾਫ, ਅਸੂਲ, ਸਚਾਈ ਦਾ,
ਕੋਈ ਰੰਗ ਨਹੀਂ, ਕੋਈ ਢੰਗ ਨਹੀਂ ।
ਉਪਰੋਂ ਹੈ ਸ਼ਾਨ ਮੁਲਮੇ ਦੀ,
ਅੰਦਰੋਂ ਕੋਈ ਖੋਟਾ ਸਿੱਕਾ ਹੈ,
ਅਖੀਆਂ ਵਿਚ ਘੱਟਾ ਪੈਂਦਾ ਹੈ,
ਕੋਈ ਅਣਖ ਨਹੀਂ ਕੋਈ ਸੰਗ ਨਹੀਂ ।
ਦਿਲ ਦੀ ਸੱਧਰ
ਦਿਲ ਕਰਦਾ ਏ, ਮੈਂ ਸੁਹਣੀ ਹੋਵਾਂ ।
ਜਿਨ੍ਹਾਂ ਸਖੀਆਂ ਲਾਲ ਰਿਝਾਏ,
ਜਾ ਉਹਨਾਂ ਦੇ ਨਾਲ ਖਲੋਵਾਂ ।
੧. ਬਣਾਂ ਪੁਜਾਰਨ, ਅਲਫੀ ਪਾ ਕੇ,
ਪੂਜਣ ਜਾਵਾਂ, ਥਾਲ ਸਜਾ ਕੇ,
ਪ੍ਰੇਮ-ਗਲੀ ਵਿਚ, ਲਿਟਾਂ ਖਿੰਡਾ ਕੇ,
ਨਾਲੇ ਗਾਵਾਂ, ਨਾਲੇ ਰੋਵਾਂ।
ਦਿਲ ਕਰਦਾ ਏ, ਮੈਂ ਸੁਹਣੀ ਹੋਵਾਂ ।
੨. ਬਾਹਰੋਂ ਉਜਲੀ, ਅੰਦਰੋਂ ਕਾਲੀ,
ਚੱਜ ਵਿਹੂਣੀ, ਪੱਲਿਓਂ ਖ਼ਾਲੀ,
ਹੰਝੂ ਪਾ ਪਾ, ਸਾਬਣ ਲਾ ਲਾ,
ਚਿੱਕੜ ਭਰੀਆਂ ਕੰਨੀਆਂ ਧੋਵਾਂ ।
ਦਿਲ ਕਰਦਾ ਏ, ਮੈਂ ਸੁਹਣੀ ਹੋਵਾਂ ।
੩. ਹਿੰਮਤ ਥੋੜੀ, ਪੰਧ ਲਮੇਰਾ,
ਪਤਾ ਨਹੀਂ, ਕੀ ਬਣਸੀ ਮੇਰਾ,
ਪਰ ਆਸ਼ਾ ਦੀ ਤਾਰ ਸੰਭਾਲੀ,
ਘੜੀਆਂ ਗਿਣ ਗਿਣ ਹਾਰ ਪਰੋਵਾਂ ।
ਦਿਲ ਕਰਦਾ ਏ, ਮੈਂ ਸੁਹਣੀ ਹੋਵਾਂ ।
ਤੇਰੀ ਉਡੀਕ
ਮਾਹੀਆ ! ਤੇਰੀ ਉਡੀਕ,
ਕਰੀ ਚਲਾਂ ਕਦ ਤੀਕ ?
੧. ਤੜਕਾ ਹੋਇਆ,
ਲਾਲੀ ਹੱਸੀ।
ਪੰਛੀ ਚਹਿਕੇ,
ਦੁਨੀਆਂ ਵੱਸੀ।
ਦਿਲ ਧੜਕੰਦਾ- ਮੁਠ ਵਿਚ ਫੜ ਕੇ,
ਰਾਹ ਮੈਂ ਤਕਿਆ, ਕੋਠੇ ਚੜ ਕੇ ।
ਆ ਜਾਏਂ ਕਿਤੇ ਨਜੀਕ ।
ਮਾਹੀਆ ! ਤੇਰੀ ਉਡੀਕ, ਕਰੀ ਚਲਾਂ ਕਦ......
੨. ਚੜ੍ਹੀ ਦੁਪਹਿਰ,
ਮੈਂ ਰਿੱਧਾ ਪੱਕਾ।
ਥਾਲ ਪਰੋਸਿਆ,
ਫੜ ਲਿਆ ਪੱਖਾ ।
ਵਿੱਚ ਬਰੂਹਾਂ - ਨਿਗਹ ਜਮਾਈ,
ਕੁੰਡਾ ਖੜਕੇ, ਖੰਘੇ ਮਾਹੀ।
ਅੰਦਰ ਲਵਾਂ ਧਰੀਕ ।
ਮਾਹੀਆ ! ਤੇਰੀ ਉਡੀਕ, ਕਰੀ ਚਲਾਂ ਕਦ......
੩. ਸੰਝਾਂ ਪਈਆਂ,
ਦੀਵੇ ਜਗ ਪਏ।
ਘਰੋ ਘਰੀ ਵਲ ਪੰਛੀ ਵਗ ਪਏ।
ਸੌਂਦੀ ਜਾਏ ਦੁਨੀਆ ਸਾਰੀ,
ਮੇਰੇ ਅੰਦਰ ਫਿਰੇ ਕਟਾਰੀ।
ਮੁੜ ਨਾ ਜਾਏ ਰਫੀਕ ।
ਮਾਹੀਆ ! ਤੇਰੀ ਉਡੀਕ, ਕਰੀ ਚਲਾਂ ਕਦ......
੪. ਭਿੰਨੀ ਰਾਤ,
ਖਿੜੀ ਫੁਲਵਾੜੀ,
ਮੈਂ ਰੋ ਰੋ ਕੇ ਭਿਉਂ ਲਈ ਸਾੜ੍ਹੀ ।
ਘੜੀਆਂ ਗਿਣੀਆਂ,
ਪਹਿਰ ਗੁਜ਼ਾਰੇ।
ਅਖੀਆਂ ਵਿਚ ਦੀ - ਲੰਘੇ ਤਾਰੇ।
ਮੋਟੇ ਅਤੇ ਬਰੀਕ।
ਮਾਹੀਆ ! ਤੇਰੀ ਉਡੀਕ, ਕਰੀ ਚਲਾਂ ਕਦ......
੫. ਤੇਰੇ ਵਸ ਵਿਚ ਸਭ ਕੁਝ ਮੇਰਾ,
ਤੂੰ ਤੁੱਠੇ ਤਾਂ ਵੱਸੇ ਖੇੜਾ।
ਤਾਂਘਾਂ ਤੜਫਣ, ਵਾਹ ਨ ਚੱਲੇ,
ਗੋਰਖਧੰਦਾ ਪੈ ਗਿਆ ਪੱਲੇ ।
ਗ਼ਲਤ ਬਣਾ ਜਾਂ ਠੀਕ।
ਮਾਹੀਆ ! ਤੇਰੀ ਉਡੀਕ,
ਕਰੀ ਚਲਾਂ ਕਦ ਤੀਕ।
ਸਵਾਲ ਜਵਾਬ
ਦੋਹਰੇ
ਪਹਿਲੀ ਤੁਕ ਵਿਚ ਸਵਾਲ ਤੇ ਦੂਜੀ ਵਿਚ ਜਵਾਬ।
੧. ਫੁੱਲ ਗੁਲਾਬੀ,
ਸੁਹਣਿਆ !
(ਤੂੰ) ਬਣ ਗਿਓਂ
ਕਿਵੇਂ ਗੁਲਾਬ ?
ਖਿੜਾਂ,
ਖਿੜਾਵਾਂ,
ਸਭਸ ਨੂੰ,
ਮੇਰੇ ਮਾਲੀ ਦਾ ਸੀ ਖਾਬ।
੨. ਭਉਰਾ !
ਭਉਂ ਭਉਂ ਕੰਵਲ ਦਾ,
ਕਿਉਂ ਮਾਣੇਂ ਰਸ ਰੰਗ ?
ਸਭ ਕੋਈ ਮਰੇ,
ਸੁਹਣੱਪ ਤੇ,
ਰਬ ਦੀ ਇਹੋ ਉਮੰਗ !
੩. ਤਿੱਤਰੀਏ !
ਤੂੰ ਲੈ ਲਏ
ਕਿੱਥੋਂ ਐਨੇ ਰੰਗ ?
ਜਿਹੜਾ ਸੁਹਣਾ ਵੇਖਿਆ,
ਓਥੋਂ ਲੀਤਾ ਮੰਗ।
੪. ਬੁਲਬੁਲ ਨੀਂ !
ਤੂੰ ਫੁੱਲ ਦਾ,
ਕਿਉਂ ਲਾ ਲਿਆ ਵਿਰਾਗ ?
ਭੁੱਖੀ ਪ੍ਰੀਤਮ-ਛੋਹ ਦੀ,
ਭਟਕਾਂ ਬਾਗੋ ਬਾਗ।
੫. ਪਾੜ, ਪਪੀਹੇ !
ਚੁੰਝ ਨੂੰ,
ਕਿਉਂ ਨਿਤ ਪਾਵੇਂ ਕੂਕ ?
ਪ੍ਰੇਮ-ਕਣੀ ਦੀ ਤਾਂਘ ਵਿਚ,
ਉਠੇ ਕਲੇਜਿਓਂ ਹੂਕ।
੬. ਕੋਇਲ !
ਕਿਉਂ ਤੂੰ ਕੂਕਦੀ,
ਕਾਲੀ ਗਈਓਂ ਹੋ ?
ਡਾਲੀ ਡਾਲੀ ਲੈਨੀ ਆਂ,
ਸੋਹਣੇ ਦੀ ਕਨਸੋ ।
ਜੀਵਨ ਜਗਾਵਾ
੧. ਅਮਰ ਜੀਵਨ ਜੇ ਚਾਹਨਾ ਏਂ,
ਤਾਂ ਮਰਨੇ ਦੀ ਤਿਆਰੀ ਕਰ ।
ਜੇ ਦੇਸ਼ ਆਬਾਦ ਕਰਨਾ ਈਂ,
ਲਹੂ ਦੀ ਨਹਿਰ ਜਾਰੀ ਕਰ।
ਜੇ ਉੱਚੀ ਕੌਮ ਕਰਨੀ ਹੈ,
ਤਾਂ ਬਾਹਵਾਂ ਦੀ ਉਸਾਰੀ ਕਰ।
ਜੇ ਦਿਲ ਜਿੱਤਣ ਦੀ ਸੱਧਰ ਹੈ,
ਤਾਂ ਦੌਲਤ ਨਾ ਪਿਆਰੀ ਕਰ ।
ਕਿ ਕੌਮਾਂ ਬਣਦੀਆਂ-
ਚੌੜੇ ਦਿਲਾਂ ਵਾਲੇ ਜਵਾਨਾਂ ਤੇ।
ਤੇ ਦੇਸ਼ ਉਸਰਨ ਸਦਾ –
ਜਿਗਰੇ ਦੀਆਂ ਮੁਹਕਮ ਚਿਟਾਨਾਂ ਤੇ ।
੨. ਤਅੱਸਬ ਦੀ ਹਟਾ ਪੱਟੀ,
ਤੇ ਨਫਰਤ ਨੂੰ ਨਾ ਆਦਰ ਦੇ ।
ਮੁਹੱਬਤ ਦਾ ਖੁਲਾ ਕਰ ਦਰ,
ਤੇ ਬਾਹਾਂ ਚੌੜੀਆਂ ਕਰ ਦੇ।
ਪਰੇ ਕਰ ਫਿਰਕੇਦਾਰੀ ਨੂੰ,
ਤੇ ਏਕੇ ਦੀ ਹਵਾ ਭਰ ਦੇ ।
ਤਰਾਨਾ ਛੇੜ ਕੇ ਕੌਮੀ,
ਕਲੇਜਾ ਚੀਰ ਕੇ ਧਰ ਦੇ।
ਤੇਰੀ ਆਵਾਜ਼ ਗੂੰਜ ਉੱਠੇ,
ਜ਼ਮੀਨਾਂ ਆਸਮਾਨਾਂ ਤੇ ।
ਕਿ ਦੇਸ਼ ਉਸਰਨ ਸਦਾ –
ਜਿਗਰੇ ਦੀਆਂ ਮੁਹਕਮ ਚਿਟਾਨਾਂ ਤੇ।
੩. ਤੂੰ ਧੀਰਜ ਨਾਲ ਡਟਿਆ ਰਹੁ,
ਕੋਈ ਦਿਨ ਆ ਹੀ ਜਾਵੇ ਗਾ।
ਸਚਾਈ ਦਾ ਅਵਾਜ਼ਾ ਉਠ ਕੇ,
ਤਬਦੀਲੀ ਲਿਆਵੇ ਗਾ।
ਫਤੇ ਦਾ ਹਾਰ, ਤੇਰੇ ਗਲ,
ਸਮਾਂ ਖੁਦ ਆ ਕੇ ਪਾਵੇ ਗਾ।
ਏ ਹਿੰਦੁਸਤਾਨ ਤੇਰਾ ਹੈ,
ਤੇ ਤੇਰਾ ਹੀ ਕਹਾਵੇ ਗਾ।
ਬਹਾਦੁਰ ਹੱਸਦੇ ਤੇ ਖੇਡਦੇ,
ਖੇਡਣ ਗੇ ਜਾਨਾਂ ਤੇ,
ਕਿ ਦੇਸ਼ ਉਸਰਨ ਸਦਾ-
ਜਿਗਰੇ ਦੀਆਂ ਮੁਹਕਮ ਚਿਟਾਨਾਂ ਤੇ ।
੪. ਜੇ ਨਿੱਯਤ ਰਾਸ ਹੈ ਤੇਰੀ,
ਤਾਂ ਨੇੜੇ ਕਾਮਯਾਬੀ ਹੈ।
ਤੇਰੀ ਤਾਕਤ ਦੇ ਤਰਕਸ਼ ਵਿਚ,
ਤਮੱਨਾ ਬੇ ਹਿਸਾਬੀ ਹੈ।
ਖਿਜ਼ਾਂ ਮੱਕੀ ਖਲੋਤੀ ਹੈ,
ਬਹਾਰ ਆਈ ਗੁਲਾਬੀ ਹੈ।
ਅਗੇਰੇ ਹੀ ਰਿਹਾ ਤੁਰਦਾ,
ਹਮੇਸ਼ਾ ਤੋਂ ਪੰਜਾਬੀ ਹੈ।
ਪਿਆ ਹੈ ਹੁਣ ਤੇ ਸਾਂਝਾ ਭਾਰ,
ਹਿੰਦੂ ਮੁਸਲਮਾਨਾਂ ਤੇ ।
ਕਿ ਦੇਸ਼ ਉਸਰਨ ਸਦਾ -
ਜਿਗਰੇ ਦੀਆਂ ਮੁਹਕਮ ਚਿਟਾਨਾਂ ਤੇ।
ਰੱਬ ਏਜਨਸੀ
ਜੇ ਰੱਬ ਹੁੰਦਾ ਧਨ ਦਾ ਭੁੱਖਾ,
ਤਾਂ ਮੈਂ ਸੋਨਾ ਢੇਰੀ ਲਾਂਦਾ ।
ਜੇ ਉਹ ਚਾਹੰਦਾ ਰੋਟੀ ਕਪੜਾ,
(ਤਾਂ ਮੈਂ) ਸਭ ਕੁਝ ਹੱਥ ਫੜਾਂਦਾ।
ਜਿਸ ਦੀਆਂ ਦਾਤਾਂ ਸਭ ਕੋਈ ਖਾਵੇ,
ਉਹ ਕਿਉਂ ਮੰਗਤਾ ਹੋਇਆ ?
ਭੋਲੇ ਰਬ ਦੇ ਏਜੰਟਾਂ ਨੂੰ,
ਕੋਈ ਨਹੀਂ ਸਮਝਾਂਦਾ ।
ਪੁਜਾਰੀ ਨੂੰ
ਬਾਬਾ ! ਤੇਰੀ ਢਹਿਣ ਲਗੀ ਊ ਅਟਾਰੀ ।
੧. ਪਿੱਲੀਆਂ ਇੱਟਾਂ, ਰੇਤਲਾ ਗਾਰਾ,
ਥਰਡ ਕਲਾਸ ਮਸਾਲਾ ਸਾਰਾ,
ਹੇਠੋਂ ਕੱਲਰ ਚੜ੍ਹਦਾ ਆਵੇ,
ਭੁਰ ਭੁਰ ਪਏ ਉਸਾਰੀ ।
ਬਾਬਾ ! ਤੇਰੀ ਢਹਿਣ ਲਗੀ ਊ ਅਟਾਰੀ ।
੨. ਬੜੇ ਚਿਰਾਂ ਤੋਂ ਝੋਲੇ ਖਾਵੇ,
ਥੱਲਿਓਂ ਨੀਂਹ ਖਿਸਕਦੀ ਜਾਵੇ,
ਜਿਸ ਦਿਨ ਕੋਈ ਹਲੂਣਾ ਆਇਆ,
ਡਿਗ ਪੈਣੀ ਹੈ ਸਾਰੀ।
ਬਾਬਾ ! ਤੇਰੀ ਢਹਿਣ ਲਗੀ ਊ ਅਟਾਰੀ ।
੩. ਦੁਨੀਆ ਹੁੰਦੀ ਜਾਏ ਸਿਆਣੀ,
ਹੁਣ ਤੇਰੀ ਕੋਈ ਪੇਸ਼ ਨ ਜਾਣੀ,
ਬੇੜੀ ਛੇਕੋ ਛੇਕ ਪੁਰਾਣੀ,
ਲਭਣੀ ਨਹੀਂ ਸਵਾਰੀ।
ਬਾਬਾ ! ਤੇਰੀ ਢਹਿਣ ਲਗੀ ਊ ਅਟਾਰੀ ।
੪. ਸੁਰਗ ਨਰਕ ਤੋਂ ਕਪੜਾ ਲਹਿ ਗਿਆ,
ਮਜ਼ਹਬ ਇਕ ਦਿਖਾਵਾ ਰਹਿ ਗਿਆ,
ਜਾਂ ਦਿਸਦੇ ਨੇ ਮਾਇਆ ਧਾਰੀ,
ਜਾਂ ਰਹਿ ਗਏ ਵਿਭਚਾਰੀ ।
ਬਾਬਾ ! ਤੇਰੀ ਢਹਿਣ ਲਗੀ ਊ ਅਟਾਰੀ ।
ਨੀਂਦ
ਨੀਂਦ ਨਖੱਤੀ ਨੂੰ ਕੀ ਆਖਾਂ,
(ਜਿਹੜੀ) ਵੈਰ ਪਈ ਹਥ ਧੋ ਕੇ।
ਸਾਰੀ ਰਾਤ ਉਡੀਕਿਆ ਢੋਲਣ,
ਬੂਹੇ ਵਿੱਚ ਖਲੋ ਕੇ।
ਉਹ ਆਇਆ ਪਰ ਮੈਂ ਸ਼ਰਮਾ ਗਈ,
ਅਖੀਆਂ ਦੋ ਲਏ ਬੂਹੇ ।
ਹਸਦਾ ਹਸਦਾ ਲੰਘ ਗਿਆ ਮਾਹੀ,
ਪਲਕਾਂ ਉਹਲੇ ਹੋ ਕੇ।
ਸ੍ਵਰਗ ਨਰਕ
ਸੁਰਗ ਦੇ ਸੋਹਲੇ ਸੁਣਾ,
ਲੁਟ ਲੁਟ ਖਾਨਾ ਏਂ ਕਾਹਨੂੰ ?
ਨਰਕ ਦਾ ਨਕਸ਼ਾ ਦਿਖਾ,
ਰੋਜ ਡਰਾਨਾ ਏਂ ਕਾਹਨੂੰ ?
ਮੈਂ ਤੇ ਦੋਹਾਂ ਤੋਂ ਨਿਡਰ,
ਹੋ ਕੇ ਨਿਆਰਾ ਬੈਠਾਂ,
ਫੇਰ ਭੀ ਫਤਵਿਆਂ ਦੇ,
ਤੀਰ ਚੁਭਾਨਾ ਏਂ ਕਾਹਨੂੰ ?
ਗ਼ਰੀਬ ਦਾ ਗੁਰਪੁਰਬ
ਬਾਬਾ ! ਮੇਰੇ ਠੁਰਕਣ ਨਿਕੇ ਨਿਕੇ ਬਾਲ । ਟੇਕ-
੧. ਕੋਈ ਨੰਗਾ, ਅਧ ਕਜਿਆ ਕੋਈ,
ਕਿਸੇ ਦੀ ਪਜਾਮੀ ਪਾਟੀ ਹੋਈ,
ਉਤੋਂ ਨੱਸਾ ਨੱਸਾ ਆਵੇ ਸਿਆਲ ।
ਬਾਬਾ ! ਮੇਰੇ ਠੁਰਕਣ ਨਿਕੇ ਨਿਕੇ ਬਾਲ ।
੨. ਪੱਲੇ ਪੈਂਦੀ ਏ ਖਿਚਵੀਂ ਮਜੂਰੀ,
ਕੋਈ ਲੋੜ ਨ ਹੋਵੇ ਪੂਰੀ,
ਅਤੇ ਦਾਣਿਆਂ ਦਾ ਪੈ ਗਿਆ ਕਾਲ ।
ਬਾਬਾ ! ਮੇਰੇ ਠੁਰਕਣ ਨਿਕੇ ਨਿਕੇ ਬਾਲ ।
੩. ਸਿਦਕ ਸਬੂਰੀ ਤੋਸ਼ਾ ਮੇਰਾ,
ਨੰਗਿਆਂ ਤੇ ਭੁਖਿਆਂ ਨੂੰ ਆਸਰਾ ਤੇਰਾ,
ਮੇਰਾ ਹਲ ਕਰ ਰੋਟੀ ਦਾ ਸਵਾਲ।
ਬਾਬਾ ! ਮੇਰੇ ਠੁਰਕਣ ਨਿਕੇ ਨਿਕੇ ਬਾਲ ।
੪. ਤੂੰ ਮੇਰਾ ਸਤਿਗੁਰ, ਮੈਂ ਤੇਰਾ ਬੇਟਾ,
ਕੰਗਲੇ ਦੀ ਏ ਕਬੂਲੀਂ ਭੇਟਾ,
ਰੁਖੀ ਰੋਟੀ ਤੇ ਪਤਲੀ ਦਾਲ ।
ਬਾਬਾ ! ਮੇਰੇ ਠੁਰਕਣ ਨਿਕੇ ਨਿਕੇ ਬਾਲ ।
ਕਾਣਾ ਘੁੰਡ
ਲੰਮੇ ਦੀਏ ਲੰਮੀਏ ਨਾਰੇ !
ਤੇਰੇ ਕਾਣੇ ਘੁੰਡ ਨੇ ਮਾਰਿਆ।
੧. ਘੁੰਡ ਦੇ ਉਹਲਿਓਂ ਦੁਨੀਆਂ ਛਾਣੇਂ,
ਸਭ ਨੂੰ ਤੱਕੇਂ, ਸਭ ਨੂੰ ਜਾਣੇਂ,
ਆਪੂੰ ਲੁਕ ਬਹੇਂ ਕਿਨਾਰੇ । ਤੇਰੇ ਕਾਣੇ......
੨. ਹੋਰਾਂ ਨਾਲ ਪਰੀਤਾਂ ਲਾਵੇਂ,
ਮਸਕੀਨਾਂ ਵਲ ਝਾਤ ਨ ਪਾਵੇਂ,
ਤੇਰੇ ਮਾਂਹ ਤੇ ਕਿਸੇ ਨਹੀਂ ਮਾਰੇ । ਤੇਰੇ ਕਾਣੇ......
੩. ਵੰਗਾਂ ਭੀ ਛਣਕਣ, ਝਾਂਜਰ ਬੋਲੇ,
ਕਿਉਂ ਬਹਿਨੀ ਏਂ, ਕਰ ਕਰ ਉਹਲੇ,
ਕਰ ਲੈਣ ਦੇ ਖੁਲੇ ਨਜ਼ਾਰੇ । ਤੇਰੇ ਕਾਣੇ......
੪. ਤੂੰ ਸਾਡੀ ਤੇ ਅਸੀ ਭੀ ਤੇਰੇ,
ਹਸ ਕੇ ਬਹੀਏ, ਹੋਈਏ ਨੇੜੇ,
ਹਟ ਜਾਣ ਭੁਲੇਖੇ ਸਾਰੇ ।
ਤੇਰੇ ਕਾਣੇ ਘੁੰਡ ਨੇ ਮਾਰਿਆ ।
ਜੀਵਨ-ਸਾਥ
੧. ਪਿਆਰੀ ! ਮੈਂ ਤੇਰੇ ਬਾਝੋਂ,
ਇਕੱਲਾ ਤੇ ਇਕਾਰਾਂ ਸਾਂ।
ਤੇਰੀ ਸੰਗਤ 'ਚ ਟਕਸਾਲੇ -
ਬਿਨਾਂ ਬਿਲਕੁਲ ਨਿਕਾਰਾ ਸਾਂ।
ਤੇਰੀ ਥੁੜ ਦੀ ਕਰਾਈ ਸੂਝ,
ਵਸਦੇ ਪੰਛੀਆਂ ਪਸੂਆਂ,
ਤੜਪਦਾ, ਢੂੰਡਦਾ ਫਿਰਦਾ,
ਕੋਈ ਜੀਵਨ- ਸਹਾਰਾ ਸਾਂ।
੨. ਇਕੇਰਾਂ ਤੂੰ ਤੇ ਮੈਂ ਵਖ ਵਖ,
ਭਟਕਦੇ ਜੰਗਲਾਂ ਵਿਚ ਸਾਂ,
ਅਚਾਨਕ, ਇਕ ਨਦੀ ਕੰਢੇ,
ਨਿਗਾਹਾਂ ਸਾਡੀਆਂ ਲੜੀਆਂ।
ਤੇਰੇ ਲਈ ਓਪਰਾ ਸਾਂ ਮੈਂ,
ਮੇਰੇ ਲਈ ਓਪਰੀ ਸੈਂ ਤੂੰ,
ਠਠੰਬਰ ਕੇ ਖੜੇ ਹੋ ਗਏ,
ਤੂੰ ਅਪਣੀ ਥਾਂ, ਮੈਂ ਅਪਣੀ ਥਾਂ ।
੩. ਦੁਹਾਂ ਦੇ ਦਿਲ ਉਛਲ ਆਏ,
ਦੁਵੱਲੀ ਕਾਲਜੇ ਧੜਕੇ।
ਪਈ ਇਕ ਖਿੱਚ ਪੈਰਾਂ ਨੂੰ,
ਅਸੀ ਕੁਝ ਹੋ ਗਏ ਨੇੜੇ।
ਤੂੰ ਅਪਣੇ ਨੈਣ ਨੈਣਾਂ ਵਿਚ
ਖੁਭਾ ਕੇ ਮੇਰਾ ਦਿਲ ਟੋਹਿਆ,
ਅਤੇ ਮੈਂ ਆਪਣਾ ਸਭ ਕੁਝ,
ਵਿਛਾਇਆ ਸਾਹਮਣੇ ਤੇਰੇ ।
੪. ਖੁਸ਼ੀ ਨੇ ਇਕ ਸਰੂਰ ਆਂਦਾ,
ਬੜੇ ਹੱਸੇ, ਬੜੇ ਉਛਲੇ,
ਤਰਾਨੇ ਪਿਆਰ ਦੇ ਛਿੜ ਪਏ,
ਤੰਬੂਰੇ ਇਕ-ਸੁਰੇ ਹੋ ਕੇ।
ਇਸ਼ਾਰੇ ਨਾਲ, ਜੀਵਨ-ਸਾਥ
ਦੇ ਵਾਅਦੇ ਅਸਾਂ ਕਰ ਲਏ।
ਬਿਨਾਂ ਜਾਣੇ, ਬਿਨਾਂ ਪਰਖੇ,
ਬਿਨਾਂ ਬੋਲੇ ਅਸੀ ਤੁਰ ਪਏ।
੫. ਤੂੰ ਅਪਣੀ ਬਾਂਹ ਅਗਾਂਹ ਕੀਤੀ,
ਮੈਂ ਬਰਕਤ ਸਮਝ ਕੇ ਫੜ ਲਈ।
ਕਰੰਟ ਐਸੀ ਪਈ ਸਾਂਝੀ,
ਕਿ ਦੁਨੀਆ ਜਗਮਗਾ ਉੱਠੀ।
ਦਿਲਾਂ ਦੀਆਂ ਧੜਕਣਾਂ, ਮੂੰਹ ਜੋੜ,
ਗੱਲਾਂ ਕਰਨ ਲਗ ਪਈਆਂ।
ਲਿਪਟ ਗਏ ਆਤਮਾ ਐਸੇ, ਮੈਂ ਤੂੰ ਹੋ ਗਿਆ, ਤੂੰ ਮੈਂ ਹੋ ਗਈ।
੬. ਅਕਾਸ਼ੋਂ ਖ਼ਾਕ ਦੀ ਜੋੜੀ –
ਨੂੰ ਕਾਦਰ ਨੇ ਦੁਆ ਦਿੱਤੀ।
ਗਲਾਂ ਵਿਚ, ਅਸ਼ਰਫੁਲ - ਮਖ਼ਲੂਕ –
ਦੀ ਜੈਮਾਲ ਪਾ ਦਿੱਤੀ।
ਸਿੰਘਾਸਣ ਆਦਮੀਅਤ ਦਾ,
ਮਿਲੀ ਬਖਸ਼ੀਸ਼ ਬੰਦੇ ਨੂੰ,
ਰਜ਼ਾ ਸੁਣ ਕੇ, ਅਸਾਂ, ਤਸਲੀਮ
ਦੀ ਗਰਦਨ ਝੁਕਾ ਦਿੱਤੀ।
੭. ਸਿਰਾਂ ਤੇ ਚਾ ਲਈ ਸੇਵਾ,
ਅਸਾਂ ਦੁਨੀਆਂ ਵਸਾਉਣ ਦੀ।
ਨਵੇਂ ਰਸਤੇ ਦੇ ਕੰਡੇ ਹੂੰਝ -
ਕੇ, ਸੁਹਣੀ ਬਣਾਉਣ ਦੀ।
ਵਫ਼ਾ, ਸਤਕਾਰ, ਹਿੰਮਤ, ਦਰਦ,
ਕੁਰਬਾਨੀ, ਤੜਪ, ਜਿਗਰਾ,
ਮਨੁੱਖੀ ਆਤਮਾ ਦੀ ਅਣਖ,
ਆਜ਼ਾਦੀ ਬਚਾਉਣ ਦੀ ।
੮. ਲਗਾ ਕੇ ਰੌਣਕਾਂ, ਧਰਤੀ ਤੇ,
ਤੂੰ ਸਭਨਾਂ ਦੀ ਛਾਂ ਬਣੀਓਂ ।
ਰਿਸ਼ੀ, ਅਵਤਾਰ, ਪੈਗ਼ੰਬਰ,
ਸ਼ਹੀਦਾਂ ਦੀ ਤੂੰ ਮਾਂ ਬਣੀਓਂ ।
ਮੇਰੀ ਕੀਮਤ ਵਧਾਈ, ਨੇਕੀਆਂ
ਦਾ ਰਾਹ ਦਸ ਦਸ ਕੇ,
ਜਗਤ ਮਾਤੇਰੀ, ਸਤਕਾਰ
ਤੇ ਪੂਜਾ ਦੀ ਥਾਂ ਬਣੀਓਂ ।
ਬੇੜੀ
ਸ਼ਹ ਵਿਚ ਇਕ ਬੇੜੀ ਚੱਲੇ ।
ਨਾ ਚੱਪੂ, ਨਾ ਵੰਝ, ਮੁਹਾਣਾ,
ਡਗਮਗ ਡੋਲਣ ਪੱਲੇ ।
ਸ਼ਹੁ ਵਿਚ ਇਕ ਬੇੜੀ ਚੱਲੇ ।
੧. ਕਾਲੀ ਰਾਤ, ਹਨੇਰੀ ਵੱਗੇ,
ਕੁਝ ਨਾ ਸੁੱਝੇ ਪਿੱਛੇ, ਅੱਗੇ,
ਕਾਂਗ ਉਥੱਲ ਪਥੱਲੇ।
ਸ਼ਹੁ ਵਿਚ ਇਕ ਬੇੜੀ ਚੱਲੇ ।
੨. ਨਜ਼ਰ ਨ ਆਵੇ ਕੋਈ ਕਿਨਾਰਾ,
ਨਾ ਕੋਈ ਚਮਕੇ ਨੂਰ-ਮੁਨਾਰਾ,
ਸਾਥੀ ਨਾਲ ਨ ਰੱਲੇ ।
ਸ਼ਹੁ ਵਿਚ ਇਕ ਬੇੜੀ ਚੱਲੇ ।
੩. ਹਲਕੀ ਜਿਹੀ ਕਿਰਨ ਜੇ ਮਿਲਦੀ,
ਰਾਹ ਪੈ ਜਾਂਦੀ ਠਿਲ੍ਹਦੀ ਠਿਲ੍ਹਦੀ,
ਕੰਢਾ ਹੈ ਕਿਤ ਵੱਲੇ ।
ਸ਼ਹੁ ਵਿਚ ਇਕ ਬੇੜੀ ਚੱਲੇ ।
੪. ਥਰ ਥਰ ਕੰਬੇ, ਰੁੜ੍ਹ ਨਾ ਜਾਵਾਂ,
ਕੂਕੇ ਕਰ ਕਰ ਲੰਮੀਆਂ ਬਾਹਵਾਂ,
ਕੋਈ ਡੁਬਦੀ ਨੂੰ ਝੱਲੇ।
ਸ਼ਹੁ ਵਿਚ ਇਕ ਬੇੜੀ ਚੱਲੇ ।
ਅਦਲ ਬਦਲ
ਸਾਕੀ !
ਅਜ,
ਕਿਦ੍ਹੇ ਇਸ਼ਾਰੇ ਨੇ -
ਬਦਲਾਈ ਚਾਲ ਜ਼ਮਾਨੇ ਦੀ ?
ਸੂਰਤ ਵਟ ਗਈ -
ਸੁਰਾਹੀ ਦੀ,
ਰੰਗਤ ਫਿਰ ਗਈ ਪੈਮਾਨੇ ਦੀ।
ਪੰਡਤ,
ਮੁੱਲਾਂ,
ਤੇ ਭਾਈ ਜੀ,
ਅਜ ਸਣੇ ਮੁਰੀਦਾਂ ਆਣ ਵੜੇ।
ਇਸ -
ਇਨਸਾਨਾਂ ਦੀ
ਮਹਿਫਲ ਵਿਚ,
ਰਬ ਲਾਜ ਰਖੇ ਮੈਖਾਨੇ ਦੀ ।
ਖੁਲੇ ਦਰਵਾਜ਼ੇ
ਗ਼ਜ਼ਲ ।
ਪੁਰਾਣਾ ਭੇਦ ਜ਼ਾਹਰ ਹੋ ਚੁਕਾ ਹੈ,
ਉਠ, ਦਲੇਰੀ ਕਰ ।
ਤੇਰੇ ਖੜਕਾਣ ਦੀ ਹੈ ਲੋੜ,
ਖੁਲ ਜਾਣਾ ਹੈ ਆਪੇ ਦਰ ।
ਤੁਰੀ ਹੋਈ ਰੌਸ਼ਨੀ ਦੀ ਰੌ,
ਤੇਰੇ ਤਕ ਆਣ ਪਹੁੰਚੀ ਹੈ,
ਹਨੇਰਾ ਦੂਰ ਕਰ ਸਾਰਾ,
ਪੁਚਾ ਕੇ ਚਾਨਣਾ ਘਰ ਘਰ ।
ਖਜ਼ਾਨਾ ਗਿਆਨ ਦਾ ਭਰਿਆ
ਪਿਆ ਹੈ ਚੱਪੇ ਚੱਪੇ ਤੇ,
ਤਲਿੱਸਮ ਤੋੜ ਕੇ, ਕਢ ਦੇ,
ਖਿਆਲੀ ਭੂਤਨੇ ਦਾ ਡਰ।
ਤੇਰੇ ਤੇ ਰੱਬ ਦੇ ਵਿਚਕਾਰ,
ਪਰਦਾ ਸੀ ਨ ਹੈ ਉਹਲਾ ।
ਤੁਸੀ ਦੋਵੇਂ ਤਮਾਸ਼ਾਗਰ
ਤੇ ਦੁਨੀਆ ਇਕ ਤਮਾਸ਼ਾ ਘਰ ।
ਸਚਾਈ ਨੇ ਸਚਾਈ ਅੰਤ
ਜ਼ਾਹਰ ਹੋ ਕੇ ਰਹਿਣਾ ਹੈ,
ਤਣੇ ਹੋਏ ਜਾਲ ਤੋੜੀ ਚਲ,
ਮੁਹਿਮ ਭਰਮਾਂ ਦੀ ਕਰ ਲੈ ਸਰ ।
ਜੇ ਹਿੰਮਤ ਹੈ ਤਾਂ ਘੜ ਤਕਦੀਰ,
ਅਪਣੀ ਆਪਣੇ ਹੱਥੀਂ,
ਪਰਾਈ ਨਾਉ ਤੇ ਨਾ ਤਰ,
ਨ ਲੈ ਕਿਧਰੋਂ ਉਧਾਰੇ ਪਰ।
ਹਰਿਕ ਗੇੜਾ ਲਿਆਂਦਾ ਹੈ,
ਨਵੀਂ ਦੁਨੀਆ, ਨਵਾਂ ਨਕਸ਼ਾ,
ਜ਼ਮਾਨੇ ਨਾਲ ਤੁਰਿਆ ਚਲ,
ਤੇ ਡਰ ਡਰ ਕੇ ਨ ਹਰ ਹਰ ਕਰ ।
ਨਵੇਂ-ਪੁਰਾਣੇ
ਵਡਿਆਂ ਦੀ ਖਿੱਚੀ ਹੋਈ ਮਦਿਰਾ,
ਹੋ ਗਈ ਬਹੁਤ ਪੁਰਾਣੀ ।
ਐਨੀ ਤਿੱਖੀ ਤੇ ਗਲਘੋਟੂ,
ਮੁਸ਼ਕਿਲ ਹੋਈ ਲੰਘਾਣੀ।
ਸੈ ਨਸਲਾਂ ਦੀ ਢਾ-ਉਸਾਰ ਨੇ,
ਰੰਗ ਕਈ ਪਲਟਾਏ,
ਕਿਉਂ ਨਾ ਮੈਂ ਭੀ ਸੁਣਾਂ ਸੁਣਾਵਾਂ,
ਅਜ ਦੀ ਨਵੀਂ ਕਹਾਣੀ ।
ਵਿਆਸ ਤੇ ਸੁਖਦੇਵ ਨੂੰ,
ਸੁਪਨੇ ਮਿਲੇ ਭਗਵਾਨ ਦੇ,
ਕਾਗਤਾਂ ਤੇ ਵਾਹ ਗਏ,
ਨਕਸ਼ੇ ਜ਼ਿਮੀਂ ਅਸਮਾਨ ਦੇ।
ਵਕਤ ਨੇ ਵਿਸ਼ਵਾਸ ਪੱਥਰ
ਤੋਂ ਲਕੀਰਾਂ ਮੇਟੀਆਂ,
ਖੋਜੀਆਂ ਨੇ ਪਲਟ ਦਿੱਤੇ,
ਲੇਖ ਹਿੰਦੁਸਤਾਨ ਦੇ ।
ਆਜ਼ਾਦੀ
ਹੁਸਨ,
ਪਦਾਰਥ,
ਮਹਿਲ -ਮੁਨਾਰੇ,
ਮੇਲੇ ਅਤੇ ਨਜ਼ਾਰੇ ।
ਦੀਦੇ,
ਖੀਵੇ ਹੋਏ,
ਤਕ ਤਕ -
ਸੁਹਜ ਜਗਤ ਦੇ ਸਾਰੇ ।
ਪਰ,
ਜਦ ਤੋਂ,
ਆਜ਼ਾਦ ਜਗਤ ਦੇ,
ਪੈਣ ਲਗੇ ਝਲਕਾਰੇ,
ਇਸ਼ਕ ਤੇਰੇ ਦੇ-
ਚਾ ਦੀਆਂ ਚੀਸਾਂ,
ਸਾਰੇ ਸੁਆਦ ਵਿਸਾਰੇ ।
ਸਾਕੀਆ
ਭਰ ਭਰ ਜਾਮ ਪਿਆ, ਸਾਕੀਆ ! ਭਰ ਭਰ ਜਾਮ ਪਿਆ।
੧. ਤੇਰੇ ਅੰਦਰ ਮੱਟ ਬੜੇ ਨੇਂ,
ਚਾਲੀ ਕ੍ਰੋੜ ਪਿਆਕ ਖੜੇ ਨੇਂ,
ਬੂੰਦ ਬੂੰਦ ਤੇ ਉਡਦੀ ਜਾਵੇ,
ਪੀਪਾ ਦਿਹ ਉਲਟਾ।
ਸਾਕੀਆ ! ਭਰ ਭਰ ਜਾਮ ਪਿਆ ।
੨. ਸੁਣ ਸੁਣ ਤੇਰੇ ਫਰਜ਼ੀ ਲਾਰੇ,
ਕਾਹਲੇ ਪੈਂਦੇ ਜਾਂਦੇ ਸਾਰੇ।
ਮੰਗਦੇ ਮੰਗਦੇ ਫਾਵੇ ਹੋ ਗਏ,
ਐਨਾ ਨਾ ਤਰਸਾ।
ਸਾਕੀਆ ! ਭਰ ਭਰ ਜਾਮ ਪਿਆ।
੩. ਤੇਰੀ ਇੱਕ ਪੁਰਾਣੀ ਵਾਦੀ,
ਰਿੰਦਾਂ ਨਾਲ ਕਰੇਂ ਉਸਤਾਦੀ ।
ਕਿਸੇ ਨੂੰ ਥੋੜੀ ਕਿਸੇ ਨੂੰ ਬਹੁਤੀ,
ਸਿਰ ਦੇਵੇਂ ਪੜਵਾ ।
ਸਾਕੀਆ ! ਭਰ ਭਰ ਜਾਮ ਪਿਆ ।
੪. ਤੂੰ ਤੇ ਰਿੰਦ ਹੁਣ ਦੋ ਨਹੀਂ ਰਹਿ ਗਏ,
ਇਕਸੇ ਬੇੜੀ ਦੇ ਵਿਚ ਬਹਿ ਗਏ ।
ਪੀਂਦਾ ਅਤੇ ਪਿਆਂਦਾ ਚਲ ਹੁਣ,
ਐਵੇਂ ਨਾ ਸ਼ਰਮਾ ।
ਸਾਕੀਆ ! ਭਰ ਭਰ ਜਾਮ ਪਿਆ ।
ਜਮਦੂਤ ਨੂੰ
ਜਮਦੂਤ ! ਮੇਰੇ ਤੇ ਹਾਲੀ ਰੁਅਬ ਜਮਾ ਨਾ,
ਵਾਰੰਟ ਮੌਤ ਦੇ ਘੜੀ ਮੁੜੀ ਦਿਖਲਾ ਨਾ ।
ਰਬ ਦਾ ਸਵਾਲ ਤਾਂ ਬੜਾ ਦੁਰੇਡਾ ਜਾਪੇ,
ਡੁਬਦਾ ਤਰਦਾ, ਲਗ ਜਾਂ ਗਾ ਕੰਢੇ ਆਪੇ ।
ਪਰ ਹਾਲੀ ਤੇ ਏਸੇ ਜਹਾਨ ਵਿਚ ਮੇਰਾ,
ਸੁਰਖ਼ਰੂ ਹੋਣ ਦਾ ਕੰਮ ਪਿਆ ਬਹੁਤੇਰਾ ।
ਖਾਬਾਂ ਦੀ ਦੁਨੀਆ ਵਸ ਨਹੀਂ ਸੱਕੀ ਹਾਲੀ,
ਕਈ ਨੁਕਰਾਂ ਅੰਦਰੋਂ ਜਾਪਣ ਖਾਲੀ ਖਾਲੀ ।
ਬੱਦਲ ਜਿਹੇ ਵਾਂਗ, ਖੜੀ ਵਿਚਕਾਰ ਨਿਰਾਸ਼ਾ,
ਦਿਸਦਾ ਨਹੀਂ ਮੈਨੂੰ ਸਾਫ਼ ਪਾਰਲਾ ਪਾਸਾ।
ਮੈਂ ਸਚਮੁਚ ਦਾ ਇਨਸਾਨ ਕਹਾ ਨਹੀਂ ਸਕਿਆ,
ਖਿਲਰੇ ਹੋਏ ਤੀਲੇ ਜੋੜ ਬਣਾ ਨਹੀਂ ਸਕਿਆ।
ਉਚਿਆਂ ਚੜ੍ਹ ਕੇ, ਕੋਈ ਪ੍ਯਾਰ ਝਾਤ ਨਹੀਂ ਪਾਈ,
ਨਾ ਭਾਰਤ ਮਾਤਾ ਦੀ ਕੁਝ ਬਣਤ ਬਣਾਈ ।
ਅੰਧੇਰੇ ਵਿਚ ਨਹੀਂ ਕੀਤਾ ਕੋਈ ਉਜਾਲਾ,
ਸੀਤਲ ਨਹੀਂ ਕੀਤਾ ਅਪਣਾ ਆਲ ਦੁਆਲਾ ।
ਨਾ ਅਪਣੀ ਜੂਨ ਸੁਆਰੀ, ਤੇ ਨ ਕਿਸੇ ਦੀ,
ਬਹਿ ਕੇ ਟੋਹੀ ਨਹੀਂ ਨਾੜ ਕਿਸੇ ਹਿਰਦੇ ਦੀ ।
ਅੰਦਰ ਮੇਰੇ ਤੰਦੂਰ ਜਿਹਾ ਤਪਦਾ ਹੈ,
ਪਰ ਬੇਬਸ ਪਾਸੋਂ ਹੋ ਕੁਝ ਨਹੀਂ ਸਕਦਾ ਹੈ।
ਜਿਉਂ ਜਿਉਂ ਹੁੰਦੀ ਹੈ ਦੇਰ, ਗਰਕਦਾ ਜਾਵਾਂ,
ਮੈਂ ਸ਼ਰਮ ਮਾਰਿਆ ਧੌਣ ਨ ਉਤਾਂਹ ਉਠਾਵਾਂ ।
ਪਰ ਆਸ਼ਾ ਮੇਰੀ ਤਾਰ ਵਧਾਈ ਜਾਵੇ,
ਝਾੜੇ ਝੰਬੇ ਹੋਏ ਖੰਭ ਉਗਾਈ ਜਾਵੇ ।
ਹਰ ਘੜੀ ਨਵਾਂ ਇਤਿਹਾਸ ਬਣਾ ਸਕਦੀ ਹੈ,
ਹਰ ਹੋਣੀ ਸਜਰਾ ਦੌਰ ਲਿਆ ਸਕਦੀ ਹੈ।
ਮੈਂ ਮੁਠ ਵਿਚ ਮੌਤ ਹਯਾਤ ਸਾਂਭ ਕੇ ਰਖੀਆਂ,
ਆਜ਼ਾਦੀ ਦਾ ਦਿਨ ਦੇਖ ਲੈਣ ਏਹ ਅਖੀਆਂ।
ਖ਼ਾਲਿਕ-ਖ਼ਲਕ
ਖ਼ਲਕਤ ਰਬ ਵਿਚ, (ਤੇ) ਰਬ ਖ਼ਲਕਤ ਵਿਚ,
ਜਿਉਂ ਮਹਿੰਦੀ ਵਿਚ ਲਾਲੀ ।
ਹਰ ਹਿਰਦੇ ਵਿਚ ਰਬ ਦਾ ਆਸਣ,
ਕੋਈ ਜਾਹ ਨ ਜਾਪੇ ਖਾਲੀ।
ਬਾਹਰੋਂ ਰਬ ਜਾਪੈ ਨਾ ਜਾਪੇ,
ਅੰਦਰੋਂ ਦੇਇ ਦਿਖਾਲੀ ।
ਜਿਹੜਾ ਰਬ ਨੂੰ ਬਾਹਰ ਨਿਖੇੜੇ,
(ਉਹਦੀ) ਅਪਣੀ ਖਾਮ ਖਿਆਲੀ ।
ਜਿਉਂ ਜਿਉਂ ਰਬ ਹੁੰਦਾ ਜਾਏ ਸਾਂਝਾ,
ਘਰ ਘਰ ਹੁੰਦਾ ਜਾਏ ਉਜਾਲਾ ।
ਧੁਪਦੀ ਜਾਏ ਮੈਲ ਦਿਲਾਂ ਦੀ,
ਪ੍ਰੇਮ ਨਦੀ ਵਿਚ ਉਠੇ ਉਛਾਲਾ ।
ਜੇਕਰ ਭਾਰਤ ਦੇ ਜ਼ਮੀਰ ਨੂੰ,
ਪਾਪੀ ਪੇਟ ਨ ਕਰਦਾ ਕਾਲਾ,
ਮੁੱਦਤ ਦਾ ਬਣ ਚੁਕਿਆ ਹੁੰਦਾ,
ਸਰ ਇਕਬਾਲ ਦਾ "ਨਯਾ ਸ਼ਿਵਾਲਾ" !
ਪ੍ਰੇਮ-ਸਤਾਰ
੧. ਪ੍ਰੇਮ ਜਗਤ ਹੈ ਬੜਾ ਉਚੇਰਾ,
ਘਟ ਘਟ ਵਿਚ ਭਗਵਨ ਦਾ ਡੇਰਾ,
ਨਸ ਨਸ ਦੇ ਵਿਚ ਖੜਕ ਰਹੀ ਹੈ,
ਪ੍ਰੇਮ ਦੀ ਸਾਂਝੀ ਤਾਰ।
ਜੋਗੀਆ ! ਪ੍ਰੇਮ ਦੀ ਛੇੜ ਸਤਾਰ।
੨. ਸ਼ਰਾ ਧਰਮ ਦੇ ਭੁਲ ਜਾ ਝੇੜੇ,
ਰੋਟੀ ਦੇ ਕਰ ਖ਼ਤਮ ਬਖੇੜੇ,
ਦਿਲ ਹੋ ਜਾਵਣ ਨੇੜੇ ਨੇੜੇ,
ਜਾਗ ਉਠੇ ਸਤਕਾਰ।
ਜੋਗੀਆ ! ਪ੍ਰੇਮ ਦੀ ਛੇੜ ਸਤਾਰ।
੩. ਮਨੋਂ ਉਠਾ ਦੂਈ ਦਾ ਡੇਰਾ,
ਜੋਗ ਹੋਵੇ ਸੰਪੂਰਣ ਤੇਰਾ,
ਸਾਂਝੇ ਮੰਡਪ ਦੇ ਵਿਚ ਲਾ ਲੈ,
ਭਗਵਨ ਦਾ ਦਰਬਾਰ।
ਜੋਗੀਆ ! ਪ੍ਰੇਮ ਦੀ ਛੇੜ ਸਤਾਰ ।
੪. ਜੀ ਜੀ ਹੈ ਤੇਰਾ ਗੁਰੁ ਭਾਈ,
ਹਿੰਦੂ, ਮੁਸਲਿਮ, ਸਿਖ, ਈਸਾਈ,
ਮੰਦਿਰ, ਮਸਜਿਦ ਦੇ ਵਿਚ ਗੂੰਜੇ,
ਪ੍ਰੇਮ ਦੀ ਜੈ ਜੈ ਕਾਰ।
ਜੋਗੀਆ ! ਪ੍ਰੇਮ ਦੀ ਛੇੜ ਸਤਾਰ ।
ਸ਼ੂਦਰ-ਅਛੂਤ
ਜਮਦਿਆਂ ਮਾਨੁੱਖ ਨੇ,
ਮਾਨੁੱਖਤਾ ਨੂੰ ਧਾਰਿਆ,
ਮਨੂ ਨੇ ਕਮਜ਼ੋਰ ਨੂੰ,
ਸ਼ੂਦਰ ਬਣਾ, ਧਤਕਾਰਿਆ।
ਜੀ ਉਠੀ ਇਨਸਾਨੀਅਤ ਨੇ,
ਫੇਰ ਗਲ ਨੂੰ ਲਾ ਲਿਆ,
ਸਿਰ ਨਹੀਂ ਹੰਕਾਰ ਦਾ -
ਉਠਦਾ ਸ਼ਰਮ ਦਾ ਮਾਰਿਆ ।
ਬਾਹਮਣ - ਖਤਰੀ
ਟਿੱਕਿਆਂ ਵਾਲੇ,
ਜਾਤਾਂ ਦੇ ਹੰਕਾਰੀ।
ਸੰਤ -ਮਹੰਤ,
ਸੰਭਾਲੀ ਬੈਠੇ,
ਰਬ ਦੀ ਠੇਕੇਦਾਰੀ ।
ਛੁਹ ਛਾਇਆ ਦਾ
ਕੋਹੜ ਸੰਭਾਲੀ,
ਤੁਰਦਿਆਂ ਸ਼ਰਮ ਨ ਆਵੇ,
ਮਾਨੁਖਤਾ ਦੇ ਜੌਹਰ, ਬਾਝੋਂ,
ਲਾਨਤ ਹੈ ਇਹ ਸਾਰੀ।
ਰੱਬ ਤੇ ਮਜੂਰ
ਜਿਉਂ ਜਿਉਂ ਰਬ,
ਹੁੰਦਾ ਜਾਏ ਨੇੜੇ,
ਦੋਜ਼ਖ ਦਾ ਡਰ
ਲਹਿੰਦਾ ਜਾਵੇ ।
ਕਾਫਰ ਕਾਫਰ
ਆਖਣ ਵਾਲਾ,
ਹੁਣ ਤੋਂ ਆਪ
ਪਿਆ ਸ਼ਰਮਾਵੇ ।
ਸਿਰ ਤੋਂ ਸੁੱਟ,
ਪੁਰਾਣੀਆਂ ਪੰਡਾਂ,
ਨਵੇਂ ਸੁਰਗ ਵਿਚ
ਦਾਖਲ ਹੋਇਆ,
ਅਪਣੀ ਕਿਸਮਤ
ਆਪ ਘੜਨ ਦੀ,
ਰੀਝ-
ਮਜੂਰਾਂ ਨੂੰ ਭੀ ਆਵੇ ।
ਪੁੰਨ ਪਾਪ
ਆਪੇ ਭੈੜੇ ਪਾਸੇ ਜਾਵੇਂ,
ਆਪੇ ਪਾਪ ਬਣਾਵੇਂ ।
ਧਰਮਰਾਜ ਦੀ ਚੜ੍ਹੇ ਕਚਹਿਰੀ,
ਆਪੇ ਡੰਡ ਲੁਆਵੇਂ ।
ਥੱਲੇ ਉਤਰ, ਨਿਆਂ ਦੇ ਤਖਤੋਂ,
ਮਨ ਕਿਉਂ ਹੋਇਆ ਮੈਲਾ ?
ਸਭ ਤੋਂ ਖਰੀ ਸਿਆਣਪ ਉਹ,
ਜੇ ਪਹਿਲਾਂ ਈ ਪੈਰ ਬਚਾਵੇਂ ।
ਤੂੰਹੇਂ ਕਰਤਾ, ਤੂੰਹੇਂ ਭੁਗਤਾ,
ਤੂੰਹੇਂ ਤਖਤ ਅਦਲ ਦਾ ।
ਘੁਟ ਕੇ ਫੜ ਲੈ ਮਨ ਦੀਆਂ ਵਾਗਾਂ,
(ਜੋ) ਪਲ ਪਲ ਰਹੇ ਬਦਲਦਾ ।
ਸੀਤ ਹੋ ਜਾਏ ਤਨ ਮਨ ਤੇਰਾ,
(ਜੇ) ਬਣ ਕੇ ਰਹੇਂ ਕਿਸੇ ਦਾ,
ਨਾ ਤੂੰ ਬਣ ਕਾਰਜ ਦਾ ਕਰਤਾ,
ਨਾ ਬਣ ਭਾਗੀ ਫਲ ਦਾ ।
ਹੁਸਨ ਦਾ ਗੁਮਾਨ
ਸੁਹਣੀਏ ! ਹੁਸਨ ਦਾ ਕਰ ਨਾ ਗੁਮਾਨ ।
੧. ਰੂਪ ਤੇਰੇ ਦੀਆਂ ਧੁੰਮਾਂ ਪਈਆਂ,
ਸੱਤ ਵਲੈਤੀਂ ਖਬਰਾਂ ਗਈਆਂ,
ਮੰਨ ਗਿਆ ਸਾਰਾ ਜਹਾਨ ।
ਹੁਸੀਨਾਂ ਦੇ ਵਿਚ ਤੂੰ ਪਰਧਾਨ ।
ਸੁਹਣੀਏ ! ਹੁਸਨ ਦਾ ਕਰ ਨਾ ਗੁਮਾਨ ।
੨. ਆਸ਼ਕਾਂ ਤੇਰੇ ਅੱਗੇ ਪੱਲਾ ਅੱਡਿਆ,
ਤੂੰ ਐਪਰ ਹੰਕਾਰ ਨ ਛੱਡਿਆ,
ਜਾ ਚੜ੍ਹੀਓਂ ਅਸਮਾਨ ।
ਮਾਰਿਆ ਹੇਠ ਨ ਰਤਾ ਧਿਆਨ ।
ਸੁਹਣੀਏ ! ਹੁਸਨ ਦਾ ਕਰ ਨਾ ਗੁਮਾਨ ।
੩. ਸੰਝ ਪਈ, ਪਰਛਾਵਾਂ ਲਹਿ ਗਿਆ,
ਹੁਸਨ ਤੇ ਜੋਬਨ ਸੁਪਨਾ ਰਹਿ ਗਿਆ,
ਸਮਾਂ ਬੜਾ ਬਲਵਾਨ ।
ਮੁਕ ਗਈ ਚਾਰ ਦਿਨਾਂ ਦੀ ਸ਼ਾਨ ।
ਸੁਹਣੀਏਂ ! ਹੁਸਨ ਦਾ ਕਰ ਨਾ ਗੁਮਾਨ ।
੪. ਅੰਤ ਸਮਾਂ ਹੁਣ ਆ ਗਿਆ ਨੇੜੇ,
ਭੁਲ ਜਾਵਾਂ ਸਭ ਸ਼ਿਕਵੇ ਤੇਰੇ,
ਛਡ ਦੇਵੇਂ ਜੇ ਅਭਿਮਾਨ ।
ਤੁਰ ਗਏ ਬੜੇ ਬੜੇ ਸੁਲਤਾਨ ।
ਸੁਹਣੀਏ ! ਹੁਸਨ ਦਾ ਕਰ ਨਾ ਗੁਮਾਨ ।
ਰਬ ਦੀ ਦੁਹਾਈ
ਵੇ ਰੱਬਾ! ਤੂੰ ਏ ਕੇਹੋ ਜਹੀ ਦੁਨੀਆ ਬਣਾਈ।
੧. ਜਦੋਂ ਤੂੰ ਬਣਾਏ ਰਾਜੇ ਰਾਣੇ,
ਵਾਂਜੇ ਰਖੇ ਕਿਉਂ ਕੰਗਲੇ ਨਿਮਾਣੇ ?
ਐਡੀ ਸੁਹਣੀ ਲੀਲਾ ਰਚ ਕੇ,
ਇਹ ਕੀ ਤੂੰ ਲੀਕ ਲੁਆਈ ?
ਵੇ ਰੱਬਾ ! ਤੂੰ ਏ ਕੇਹੋ ਜਹੀ ਦੁਨੀਆ ਬਣਾਈ ?
੨. ਇਕਧਿਰ ਤੜਫਣ ਅਮਨ ਦੇ ਹਾਮੀ,
ਇਕਧਿਰ ਨਕ ਨਕ ਆਈ ਗੁਲਾਮੀ,
ਲਹੂ ਤਿਹਾਈ ਤਾਕਤ ਖਬਰੇ,
ਕੀਕੂੰ ਤੂੰ ਸਿਰ ਤੇ ਚੜ੍ਹਾਈ ।
ਵੇ ਰੱਬਾ ! ਤੂੰ ਏ ਕੇਹੋ ਜਹੀ ਦੁਨੀਆ ਬਣਾਈ ?
੩ . ਖਤਰੇ ਵਿਚ ਹੈ ਤੇਰੀ ਵਡਿਆਈ,
ਤ੍ਰਾਹ ਤ੍ਰਾਹ ਕਰ ਉਠੀ ਸਾਰੀ ਖ਼ੁਦਾਈ,
ਵੇਖ ਕੇ ਭਠ ਵਿਚ ਭੁਜਦਾ ਬੰਗਾਲਾ,
ਜਾਗ ਨ ਤੈਨੂੰ ਆਈ ?
ਵੇ ਰੱਬਾ ! ਤੂੰ ਏ ਕੇਹੋ ਜਹੀ ਦੁਨੀਆ ਬਣਾਈ ?
੪. ਮਾੜਿਆਂ ਦੀ ਗਲ ਮੰਨਦਾ ਕਿਉਂ ਨਹੀਂ ?
ਤਕੜਿਆਂ ਦਾ ਮੂੰਹ ਭੰਨਦਾ ਕਿਉਂ ਨਹੀਂ ?
ਜਾਂ ਰਖ ਨੇਕੀ ਤੇ ਪ੍ਰੇਮ ਦੇ ਪੁਤਲੇ,
ਜਾਂ ਰਖ ਬੰਬਾਂ ਦੀ ਲੜਾਈ।
ਵੇ ਰੱਬਾ ! ਤੂੰ ਏ ਕੇਹੋ ਜਹੀ ਦੁਨੀਆ ਬਣਾਈ ?
ਸ਼ਿਕਾਰੀ
ਅੱਗੇ ਬਲਬ ਜਗੇ
ਬਿਜਲੀ ਦਾ,
ਪਿੱਛੇ ਘੁੱਪ ਹਨੇਰਾ।
ਇਸ ਪੜਦੇ ਦੇ ਹੇਠ,
ਸ਼ਿਕਾਰੀ,
ਪਾਈ ਬੈਠੇ ਡੇਰਾ ।
ਤਸਬੀ,
ਤਿਲਕ,
ਸਲੀਬ,
ਸਿਮਰਨਾ,
ਜੁਗ ਜੁਗ ਜੀਉਣ ਸਹਾਰੇ ।
ਬੇ ਸਮਝਾਂ ਨੇ,
ਰਬ ਦੇ ਰਾਹ ਤੇ,
ਰਖਿਆ ਰਿਜ਼ਕ ਬੁਤੇਰਾ ।
ਆਨੰਦ
ਹਰ ਵੇਲੇ ਆਨੰਦ ਰਿਹਾ ਕਰ, ਹਰ ਵੇਲੇ ਆਨੰਦ।
੧. ਪਹੁ ਫੁਟਦੀ ਤੋਂ ਖਾਓ ਪੀਏ ਤਕ,
ਲੜ ਜੀਵਨ -ਸੰਗ੍ਰਾਮ ।
ਅੱਖ ਖੁਲ੍ਹੇ ਤਦ ਸਜਰੇ ਰਣ ਵਿਚ,
ਵਧ ਵਧ ਪਾ ਦੇ ਸ਼ਾਮ ।
ਦੁਖਾਂ ਸੁਖਾਂ ਦੀ ਮਜ਼ਲ ਮੁਕਾਂਦਾ,
ਖੇੜਾ ਕਰੀਂ ਨ ਬੰਦ ।
ਹਰ ਵੇਲੇ ਆਨੰਦ ਰਿਹਾ ਕਰ,
ਹਰ ਵੇਲੇ ਆਨੰਦ।
੨. ਚਾਨਣ ਅਤੇ ਹਨੇਰਾ ਦੋਵੇਂ,
ਤੁਰਦੇ ਨਾਲੋ ਨਾਲ ।
ਹਰ ਹੰਭਲੇ ਵਿਚ, ਲੁਕੀਆਂ ਛਿਪੀਆਂ
ਖੁਸ਼ੀਆਂ ਦੀ ਕਰ ਭਾਲ ।
ਸੂਰਜ ਨਿੱਘ ਪੁਚਾਂਦਾ ਜਾਵੇ,
ਠੰਢਕ ਦੇਵੇ ਚੰਦ।
ਹਰ ਵੇਲੇ ਆਨੰਦ ਰਿਹਾ ਕਰ,
ਹਰ ਵੇਲੇ ਆਨੰਦ ।
੩. ਅਦਲ ਬਦਲ ਦਾ ਚੱਕਰ ਚੱਲੇ,
ਆਸ਼ਾ ਦੇ ਆਧਾਰ ।
ਹਸਦਾ ਹਸਦਾ, ਬਾਹਾਂ ਮਾਰਦਾ,
ਨਦੀਓਂ ਹੋ ਜਾ ਪਾਰ ।
ਪਰ ਮੱਥੇ ਤੇ, ਕਿਸੇ ਸਮੇਂ ਭੀ,
ਵੱਟ ਨ ਕਰੀਂ ਪਸੰਦ,
ਹਰ ਵੇਲੇ ਆਨੰਦ ਰਿਹਾ ਕਰ,
ਹਰ ਵੇਲੇ ਆਨੰਦ।
੪. ਕੁਦਰਤ ਤੈਨੂੰ ਅਗਾਂਹ ਵਧਾਵੇ,
ਜੇਕਰ ਤ੍ਰਿੱਖੀ ਚਾਲ ।
ਪਿਛਾਂਹ ਖਲੋਤੇ ਸਾਥੀਆਂ ਨੂੰ ਭੀ,
ਸੱਦ ਰਲਾ ਲੈ ਨਾਲ ।
ਖਿੜਦਾ ਅਤੇ ਖਿੜਾਂਦਾ ਜਾਵੇ,
ਦਾਤਾ ਦਾ ਫਰਜ਼ੰਦ,
ਹਰ ਵੇਲੇ ਆਨੰਦ ਰਿਹਾ ਕਰ,
ਹਰ ਵੇਲੇ ਆਨੰਦ।
ਮਾਤ ਭੂਮੀ
ਗ਼ਜ਼ਲ ।
ਗ਼ੁਲਾਮ ਜਨਿਤਾ ਦੀ ਮਾਤ-ਭੂਮੀ !
ਨਿਰਾਸ ਨਾ ਹੋ ਨ ਕੰਬ ਥਰ ਥਰ ।
ਲਹੂ ਪਿਆ ਕੇ ਨ ਪਾਲ ਚਿੰਤਾ,
ਨ ਨੈਣ ਭਰ ਭਰ ਕੇ ਜੀ ਬੁਰਾ ਕਰ ।
ਬਿਤਰਸ ਹੁੰਦੇ ਨੇ ਬੁਤ ਹਮੇਸ਼ਾਂ,
ਤੂੰ ਪੱਥਰਾਂ ਤੋਂ ਉਮੈਦ ਨਾ ਰਖ,
ਤੂੰ ਉਠ ਖੜੀ ਹੋ, ਇਰਾਦਾ ਕਰ ਕੇ,
ਤੇ ਆਪ ਬਣ ਕੇ ਵਿਖਾਲ ਬੁਤਗਰ ।
ਤੂੰ ਜਿਸ ਸਤਾਰੇ ਦੀ ਲੋ ਨੂੰ ਤਰਸੇਂ,
ਓ ਚੜ੍ਹ ਚੁਕਾ ਹੈ ਬੜੇ ਚਿਰਾਂ ਦਾ,
ਤੂੰ ਜਿਸ ਅਗਨ ਦੀ ਤਲਾਸ਼ ਵਿਚ ਹੈਂ,
ਓ ਜਗ ਰਹੀ ਹੈ ਤੇਰੇ ਹੀ ਅੰਦਰ।
ਪਰਾਏ ਪੁਤ੍ਰਾਂ ਦਾ ਕੀ ਭਰੋਸਾ,
ਪਰਾਈ ਛਾਹ ਤੇ ਮੁਨਾ ਨ ਝਾਟਾ,
ਤੂੰ ਅਪਨੀ ਔਲਾਦ ਚੋਂ ਖੜੇ ਕਰ
ਖਮੋਸ਼ ਸੇਵਕ, ਬਿਗ਼ਰਜ਼ ਲੀਡਰ ।
ਤੇਰੇ ਹੀ ਪੁਤ੍ਰਾਂ ਪੁਆਏ ਸੰਗਲ,
ਉਨ੍ਹਾਂ ਹੀ ਰਲ ਮਿਲ ਕੇ ਤੋੜਨੇ ਨੇਂ,
ਤੂੰ ਬੇਵਿਸਾਹੀ ਦਾ ਭੂਤ ਕਢ ਦੇ
ਤੇ ਏਕਤਾ ਦਾ ਪੜ੍ਹਾ ਦੇ ਮੰਤਰ।
ਦਲੇਰ, ਨਿਰਛਲ ਤੇ ਨੇਕ ਰਹਬਰ,
ਨਿਤਰ ਰਹੇ ਨੇਂ ਤਲੀ ਤੇ ਸਿਰ ਧਰ,
ਕਿ ਖਾ ਖਾ ਮਰਜੀਉੜਾ ਹੀ ਗੋਤੇ,
ਹੈ ਢੂੰਡਦਾ ਆਬਦਾਰ ਗੌਹਰ।
ਸ਼ਮਾਂ ਤੇ ਨਕਲੀ ਤੇ ਅਸਲ ਭੰਭਟ
ਦੀ ਪਰਖ ਦਾ ਆ ਗਿਆ ਹੈ ਵੇਲਾ,
ਕਿ ਕੌਮੀ ਰਤਨਾਂ ਦੀ ਚੋਣ ਖਾਤਰ
ਹੀ ਰਿੜਕਿਆ ਜਾ ਰਿਹਾ ਏ ਸਾਗਰ ।
ਪੰਛੀ-ਉਡਾਰੀ
ਪੰਛੀ ! ਜ਼ਰਾ ਭਰ ਕੇ ਮਾਰ ਉਡਾਰੀ ।
੧. ਪਿੰਜਰੇ ਦਾ ਮੋਹ ਤੋੜ ਚੁਕਾ ਹੈਂ,
ਨੀਵੀਂ ਧਰਤੀ ਛੋੜ ਚੁਕਾ ਹੈਂ,
ਉਡਦਾ ਉਡਦਾ ਅਰਸ਼ੇ ਚੜ੍ਹ ਜਾ,
(ਜਿਥੋਂ) ਦਿਸ ਪਏ ਦੁਨੀਆ ਸਾਰੀ ।
ਪੰਛੀ ! ਜ਼ਰਾ ਭਰ ਕੇ ਮਾਰ ਉਡਾਰੀ ।
੨. ਫੁਲਦੀ ਜਾਵੇ ਛਾਤੀ ਤੇਰੀ,
ਨਿਗਹ ਬਣਾ ਲੈ ਹੋਰ ਚੁੜੇਰੀ,
ਜਿਸ ਸੂਰਤ ਵਿਚ ਝਾਤੀ ਪਾਵੇਂ,
ਜਿੰਦੋਂ ਲਗੇ ਪਿਆਰੀ ।
ਪੰਛੀ ! ਜ਼ਰਾ ਭਰ ਕੇ ਮਾਰ ਉਡਾਰੀ ।
੩. ਮੇਰ ਤੇਰ ਦੀਆਂ ਕੰਧਾਂ ਢਾ ਦੇ,
ਸਭ ਥਾਂ ਪਿਆਰ - ਪਨੀਰੀ ਲਾ ਦੇ ।
ਹਸਮੁਖ, ਨਿਰਮਲ, ਸੀਤਲ ਜਿੰਦੜੀ,
ਦੁਖੀਆਂ ਦੀ ਦਿਲਦਾਰੀ ।
ਪੰਛੀ ! ਜ਼ਰਾ ਭਰ ਕੇ ਮਾਰ ਉਡਾਰੀ ।
੪. ਖੰਭ ਖੁਲ੍ਹੇ, ਅਖੀਆਂ ਵਿਚ ਲਾਲੀ,
ਵੰਡਦਾ ਚੱਲ ਖੁਸ਼ੀ, ਖੁਸ਼ਹਾਲੀ ।
ਸੁਣ ਸੁਣ ਤੇਰੇ ਗੀਤ ਰਸੀਲੇ,
ਛਿੜ ਪਏ ਪ੍ਰੇਮ-ਉਸਾਰੀ।
ਪੰਛੀ ! ਜ਼ਰਾ ਭਰ ਕੇ ਮਾਰ ਉਡਾਰੀ ।
ਹਿੰਮਤ
ਸੈ ਤਕਦੀਰਾਂ,
ਘੜੀਆਂ ਭੱਜੀਆਂ,
ਸੈ ਬਲੀਆਂ
ਬੁਝ ਗਈਆਂ।
ਪਰ ਹਿੰਮਤ ਦੀਆਂ -
ਪਾਈਆਂ ਲੀਕਾਂ,
ਦਿਨ ਦਿਨ ਉਘੜਨ ਪਈਆਂ।
ਤੂੰ ਆਲਸ ਦਾ-
ਪੱਲਾ ਫੜ ਕੇ,
ਨਾਂ ਕਿਸਮਤ ਦਾ ਧਰਿਆ।
ਹਿੰਮਤੀਆਂ ਨੇ,
ਮਾਰ ਕੇ ਬਾਹਾਂ,
ਸੈ ਨਦੀਆਂ ਤਰ ਲਈਆਂ।
ਹੰਕਾਰੀ ਨੂੰ
ਸੜ ਸੜ ਕੇ, ਹੰਕਾਰ ਦੇਵਤਾ !
ਕਿਉਂ ਛੱਡੇਂ ਗੁੱਸੇ ਦੇ ਤੀਰ ?
ਟੋਟੇ ਟੋਟੇ ਹੁੰਦੀ ਜਾਵੇ,
ਡੂਮ-ਡਰਾਵਿਆਂ ਦੀ ਜ਼ੰਜੀਰ ।
ਅੰਦਰੋਂ ਬਾਹਰੋਂ ਹੋ ਗਈ ਨੰਗੀ,
ਤੇਰੇ ਹਿਰਦੇ ਦੀ ਤਸਵੀਰ ।
ਲੇਖ ਪੁਰਾਣੇ ਮਿਟਦੇ ਜਾਂਦੇ,
ਪਾ ਹੁਣ ਕੋਈ ਨਵੀਂ ਲਕੀਰ ।
ਤੇਰੇ ਪਿੱਛੇ ਤੁਰਦਾ ਤੁਰਦਾ,
ਹੁੰਦਾ ਜਾਏ ਦੇਸ਼ ਕੰਗਾਲ ।
ਰੋਟੀ ਦੀ ਕੋਈ ਡੌਲ ਬਣਾ ਦੇ,
ਰੁੜ੍ਹ ਨਾ ਜਾਏਂ ਤੂੰ ਭੀ ਨਾਲ ।
ਮਲਤ ਹੋਏ ਸ਼ਰਧਾ ਦੇ ਠੱਪੇ,
ਨਵੇਂ ਕਾਲ ਦੀ ਕਿਸਮਤ ਢਾਲ।
ਮਿਹਨਤੀਆਂ ਦਾ ਸਿਰ ਜੁੜਵਾ ਕੇ,
ਪੁਰੁਸ਼ਾਰਥ ਦੀ ਜਾਚ ਸਿਖਾਲ।
ਸੰਤ ਕਲਾਸ
ਪੂਜ, ਗੁਸਾਈਂ, ਬਾਬਾ, ਸੰਤ,
ਸਤਿਗੁਰ ਜੀ, ਮਹਾਰਾਜ, ਮਹੰਤ ।
ਕੁਝ ਫਿਰਤੂ, ਕੁਝ ਗੱਦੀ ਦਾਰ,
ਛੜੇ ਛਾਂਟ ਕੁਝ ਸਣ ਪਰਿਵਾਰ ।
ਭਾਂਤ ਭਾਂਤ ਦੇ ਪਹਿਨ ਲਿਬਾਸ,
ਉਪਜ ਪਈ ਇਕ ਸੰਤ ਕਲਾਸ।
ਪਰਮੇਸ਼ਰ ਦੇ ਸੋਲ ਇਜੰਟ,
ਮਜ਼ਹਬ ਨੂੰ ਰਖ ਲੈਣ ਸਟੰਟ।
ਲੰਮਾ ਚੋਗਾ, ਅੱਖਾਂ ਲਾਲ,
ਕੱਠਾ ਕਰਦੇ ਫਿਰਨਾ ਮਾਲ ।
ਮਠ, ਮੰਦਿਰ, ਦਿਹਰਾ, ਗੁਰੁ ਧਾਮ,
ਜੋ ਚਾਹਿਆ, ਰਖ ਲੈਣਾ ਨਾਮ।
ਕਿਸੇ ਬੜੇ ਤੋਂ ਨੀਂਹ ਰਖਵਾ,
ਦੇਣੀ ਕਿਤੇ ਉਸਾਰੀ ਲਾ।
ਕੱਚਾ ਪੱਕਾ ਕੰਮ ਸੁਆਰ,
ਬੱਚਤ ਜਾਣੀ ਆਪ ਡਕਾਰ ।
ਟੱਬਰਦਾਰ ਗ਼ਰੀਬਾਂ ਨਾਲ,
ਹਰ ਵੇਲੇ ਸੇਵਾ ਦਾ ਸੁਆਲ ।
ਮੂੰਹ ਮੰਗੀ ਮਿਲ ਜਾਏ ਮੁਰਾਦ,
ਸੁਖਣਾਂ ਨਾਲ ਮਿਲੇ ਔਲਾਦ ।
ਜੇ ਕੋਈ ਕਰ ਬੈਠੇ ਤਕਰਾਰ,
ਹੋ ਜਾਣਾ ਸਿਰ ਤੇ ਅਸਵਾਰ।
ਦੁਸ਼ਟ ਦੁਸਟ ਦੀ ਸ਼ਿਸ਼ਕਰ ਲਾ,
ਕੁੱਤੇ ਦੇਣੇ ਮਗਰ ਦੁੜਾ।
ਬਣਾਂਦਾ ਕਿਉਂ ਨਹੀਂ ?
ਪਿੰਜਰੇ ਵਿਚ ਪ੍ਰਚੇ ਹੋਏ ਪੰਛੀ !
ਰਬ ਦਾ ਸ਼ੁਕਰ ਮਨਾਂਦਾ ਕਿਉਂ ਨਹੀਂ ?
ਖੁਲੀ ਹੋਈ ਖਿੜਕੀ ਤਕ ਕੇ ਭੀ,
ਗਰਦਨ ਉਤਾਂਹ ਉਠਾਂਦਾ ਕਿਉਂ ਨਹੀਂ ?
ਮੁੱਦਤ ਦਾ ਤਰਸੇਵਾਂ ਤੇਰਾ,
ਖੁਲ੍ਹੀ ਹਵਾ ਵਿਚ ਉਤਾਂਹ ਚੜ੍ਹਨ ਦਾ,
ਹੁਣ ਤੇ ਤੇਰਾ ਵਸ ਚਲਦਾ ਹੈ,
ਭਰ ਕੇ ਪਰ ਫੈਲਾਂਦਾ ਕਿਉਂ ਨਹੀਂ ?
ਉਂਗਲੀ ਨਾਲ ਇਸ਼ਾਰੇ ਪਾ ਪਾ,
ਨਾਚ ਬੁਤੇਰੇ ਨੱਚ ਲਏ ਨੀਂ,
ਅਪਣੇ ਹੱਥੀਂ ਲੀਹਾਂ ਪਾ ਕੇ,
ਕਿਸਮਤ ਨਵੀਂ ਬਣਾਂਦਾ ਕਿਉਂ ਨਹੀਂ ?
ਸੰਗਲ ਦੇ ਖਿਲਰੇ ਹੋਏ ਟੋਟੇ,
ਮੁੜ ਕੇ ਜੇ ਕੋਈ ਜੋੜਨ ਲੱਗੇ,
ਹਿੰਮਤ ਦਾ ਫੁੰਕਾਰਾ ਭਰ ਕੇ,
ਮੂਜ਼ੀ ਪਰੇ ਹਟਾਂਦਾ ਕਿਉਂ ਨਹੀਂ ?
ਮੀਸਣਿਆਂ ਮਾਸ਼ੂਕਾਂ ਦਾ ਮੂੰਹ,
ਚੰਦ ਚੜ੍ਹੇ ਮੁਸਕਾ ਉਠਿਆ ਹੈ,
ਛੁਹ ਕੇ ਨਾਚ ਮਲੰਗਾਂ ਵਾਲਾ,
ਮਹਿਫਲ ਨੂੰ ਗਰਮਾਂਦਾ ਕਿਉਂ ਨਹੀਂ ?
ਮੈਖਾਨੇ ਵਿਚ ਸਾਕੀ ਆਇਆ,
ਨਾਲ ਬਹਾ ਲੈ ਘੁੰਡ ਉਠਾ ਕੇ,
ਇਕਸੇ ਬੇੜੀ ਦੇ ਵਿਚ ਬਹਿ ਕੇ,
ਪੀਂਦਾ ਅਤੇ ਪਿਆਂਦਾ ਕਿਉਂ ਨਹੀਂ ?
ਮੱਥੇ ਟਿਕਦੇ ਸਨ ਨਿਤ ਜਿਸ ਥਾਂ,
ਢਾਹ ਸੁਟਿਆ ਉਹ ਥੜਾ ਸਮੇਂ ਨੇ,
ਨਵੇਂ ਜ਼ਮਾਨੇ ਦਾ ਫੜ ਪੱਲਾ,
ਨਵਾਂ ਜਹਾਨ ਵਸਾਂਦਾ ਕਿਉਂ ਨਹੀਂ ?
ਤੇਰੇ ਈ ਕਸ਼ਟ ਸਹੇੜੇ ਹੋਏ,
ਬਣ ਗਏ ਨੇਂ ਨਾਸੂਰ ਪੁਰਾਣੇ,
ਦੇਵਤਿਆਂ ਦਾ ਮੂੰਹ ਕੀ ਤਕਨਾ ਏਂ,
ਆਪੂੰ ਹੱਥ ਹਿਲਾਂਦਾ ਕਿਉਂ ਨਹੀਂ ?
ਲਾਚਾਰੀ
ਯਾਰ ਕਹਿਣ :-
ਧਰਤੀ ਦੀਆਂ ਗੱਲਾਂ
ਅੱਕ ਗਏ ਪੜ੍ਹ ਪੜ੍ਹ ਕੇ।
ਕੁਦਰਤ ਦੀ ਮੈਂ ਥਾਹ ਨ ਲੱਭੀ,
ਅਸਮਾਨਾਂ ਤੇ ਚੜ੍ਹ ਕੇ।
ਸੁਰਗ ਨਰਕ ਦੀ
ਦਾਸਤਾਨ ਨੇ,
ਦਿਲ ਨੂੰ ਖਿੱਚ ਨ ਪਾਈ,
ਮੂਰਖ ਨੂੰ
ਸਮਝਾਣਾ ਮੁਸ਼ਕਿਲ
ਬਹਿ ਜਾਵਾਂ ਚੁਪ ਕਰ ਕੇ।
ਆਸ਼ਾਵਾਦ
ਆਸ਼ਾ ਅਤੇ ਨਿਰਾਸ਼ਾ
ਡਿਠੀਆਂ,
ਇਕ ਹੱਸੇ,
ਇਕ ਰੋਵੇ ।
ਦਿਨ- ਚਾਨਣ
ਤੇ
ਰਾਤ - ਹਨੇਰਾ,
ਸੱਜੇ ਖੱਬੇ ਦੋਵੇ ।
ਮੈਂ ਚਾਨਣ ਦੇ
ਨਾਲ ਤੁਰ ਪਿਆ,
ਪਿਛੇ ਪਿਆ ਹਨੇਰਾ ।
ਮਨ ਦੇ ਹਥ ਵਿਚ
ਸਭ ਕੁਝ ਹੈ,
ਉਹ ਜੋ ਚਾਹੇ ਸੋ ਹੋਵੇ ।
ਆਦਰਸ਼ਵਾਦ
੧. ਆਦਰਸ਼ਵਾਦ, ਆਦਰਸ਼ਵਾਦ,
ਪੜ੍ਹ ਸੁਣ ਕੇ ਆਵੇ ਸੁਆਦ ਸੁਆਦ ।
ਨਾਟਕ ਦੇ ਪਾਤਰ ਅਤਿ ਅਨੂਪ,
ਜੀਵਨ ਪਵਿਤ੍ਰ, ਭਗਵਨ ਸਰੂਪ।
ਕੰਨੀਆਂ ਵਲ੍ਹੇਟ ਕੇ ਤੁਰਨ ਫਿਰਨ,
ਗਲ ਗਲ ਵਿਚ ਮੂੰਹੋਂ ਫੁੱਲ ਕਿਰਨ।
ਦਿਉਤੇ ਅਕਾਸ਼ ਤੋਂ ਛਾਲ ਮਾਰ,
ਉਤਰੇ ਮਨੁੱਖ ਦਾ ਰੂਪ ਧਾਰ।
ਨਿਰਮਲ ਚਰਿਤ੍ਰ, ਹਿਰਦੇ ਵਿਸ਼ਾਲ,
ਕਟ ਜਾਣ ਪਾਪ ਇਕ ਛੋਹ ਨਾਲ ।
ਜੀ ਚਾਹੇ ਨਸ ਕੇ ਫੜਾਂ ਚਰਨ,
ਹੋ ਕੇ ਪ੍ਰਸੰਨ ਕੁਝ ਮੇਹਰ ਕਰਨ।
ਪਾ ਪ੍ਯਾਰ -ਨੀਝ, ਥਪਕੀ ਦੇ ਨਾਲ,
ਕਰ ਦੇਣ ਮੁਕਤ, ਹੋ ਜਾਂ ਨਿਹਾਲ।
੨. ਪਰ ਜਿਉਂ ਜਿਉਂ ਹੋਇਆ ਕੋਲ ਕੋਲ,
ਤਲਿਓਂ ਦਿਸਿਆ ਕੁਝ ਪੋਲ ਪੋਲ ।
ਖਿਜ਼ਰੀ ਲਿਬਾਸ, ਨਾਰਦ ਨੁਹਾਰ,
ਚਾਦਰ ਸੁਫੈਦ, ਦਿਲ ਦਾਗ਼ਦਾਰ।
ਅਖੀਆਂ 'ਚ ਲਾਜ, ਨਾ ਮੂੰਹ 'ਚਿ ਬੋਲ,
ਬੇ ਆਬ ਤਾਬ, ਗੌਹਰ ਅਮੋਲ ।
ਸਬਜ਼ੇ ਦੇ ਸੀਨੇ ਵਿਚ ਉਜਾੜ,
ਸਾਗਰ ਵਿਚ ਲਾਵੇ ਦਾ ਪਹਾੜ ।
ਦਿਲ ਭੜਥਾ ਹੋ ਗਿਆ ਸੇਕ ਨਾਲ,
ਸਚ ਦੀ ਤਲਾਸ਼ ਡਿਗ ਪਈ ਚੁਫਾਲ ।
ਪੰਛੀ ਮੁੜ ਆਏ ਤਕ ਸੁਰਾਬ,
ਆਸ਼ਾ ਦੇ ਹੋ ਗਏ ਗ਼ਲਤ ਖਾਬ।
ਸਚ ਤੋਂ ਬਗ਼ੈਰ ਆਦਰਸ਼ਵਾਦ,
ਬੇਅਰਥ, ਬਿਲੋੜਾ, ਬੇ ਸੁਆਦ ।
ਇਸਤ੍ਰੀ
ਬੁੱਕਲ ਮਾਰ, ਘਰੋਂ ਨਿਕਲੀ ਸੀ,
ਰਾਹ ਵਿਚ ਘੁੰਡ ਹਟਾਇਆ ।
ਅਗਾਂਹ ਗਈ ਤਾਂ ਸਿਰ ਭੀ ਨੰਗਾ,
ਬੁਢਿਆਂ ਰੌਲਾ ਪਾਇਆ।
ਬਾਬਾ ! ਵੇਖ ਬਦਲਦੀ ਦੁਨੀਆ,
ਹਸ ਕੇ ਕਿਉਂ ਨਹੀਂ ਕਹਿੰਦਾ :-
ਲੱਥੀ ਗਲੋਂ ਗੁਲਾਮੀ,
ਪਹਿਰਾ ਆਜ਼ਾਦੀ ਦਾ ਆਇਆ।
ਇਕ ਨੇ ਨੰਗਾ ਨਾਚ ਵਿਖਾਇਆ,
ਇਕ ਨੇ ਬੁਰਕਾ ਪਾਇਆ ।
ਇਹ ਭੀ ਔਰਤ, ਉਹ ਭੀ ਔਰਤ,
ਕਿਸ ਨੇ ਫਰਕ ਬਣਾਇਆ ?
ਚਾਲਾਕੀ ਖੁਦਗ਼ਰਜ਼ ਮਰਦ ਦੀ,
ਹਸ ਕੇ ਅਗੋਂ ਬੋਲੀ :-
ਪੈਸੇ ਨਾਲ ਖਰੀਦ ਅਜ਼ਾਦੀ,
ਅੰਦਰ ਨਾਚ ਕਰਾਇਆ ।
ਭਾਰਤੀ ਸ਼ੇਰ
ਉਠ ਜਾਗ, ਭਾਰਤੀ ਸ਼ੇਰਾ !
ਤੂੰ ਮਾਲਿਕ ਹਿੰਦੁਸਤਾਨ ਦਾ।
੧. ਆਸੋਂ ਪਾਸੋਂ ਆਏ ਲੁਟੇਰੇ,
ਆਣ ਵੜੇ ਘਰ ਅੰਦਰ ਤੇਰੇ।
ਖਾਂਦੇ ਰਹੇ ਹੈਵਾਨਾਂ ਵਾਂਗਰ,
ਬੁਰਕਾ ਪਾ ਇਨਸਾਨ ਦਾ।
ਉਠ ਜਾਗ, ਭਾਰਤੀ ਸ਼ੇਰਾ !
ਤੂੰ ਮਾਲਿਕ ਹਿੰਦੁਸਤਾਨ ਦਾ।
੨. ਨਿੱਤਰ, ਅਪਣੀ ਸ਼ਾਨ ਦਿਖਾ ਦੇ,
ਸਿਰ ਦੇ ਕੇ ਭੀ ਦੇਸ਼ ਬਚਾ ਦੇ,
ਜ਼ੋਰ ਤੇਰਾ ਹੈ ਅਰਜੁਨ ਜੈਸਾ,
ਗਿਆਨ ਕ੍ਰਿਸ਼ਨ ਭਗਵਾਨ ਦਾ।
ਉਠ ਜਾਗ ਭਾਰਤੀ ਸ਼ੇਰਾ,
ਤੂੰ ਮਾਲਿਕ ਹਿੰਦੁਸਤਾਨ ਦਾ।
੩. ਮਰਨ ਲਈ ਰਹੁ ਅੱਗੇ ਅੱਗੇ,
ਅਣਖ ਤੇਰੀ ਨੂੰ ਦਾਗ਼ ਨ ਲੱਗੇ,
ਪਾੜਨ ਵਾਲਿਆਂ ਦੀ ਭੰਨ ਬੂਥੀ,
ਕਰ ਮੂੰਹ ਕਾਲਾ ਸ਼ੈਤਾਨ ਦਾ।
ਉਠ ਜਾਗ, ਭਾਰਤੀ ਸ਼ੇਰਾ!
ਤੂੰ ਮਾਲਿਕ ਹਿੰਦੁਸਤਾਨ ਦਾ।
੪. ਕਿਸੇ ਬਲਾ ਨੇ ਬਾਹਰੋਂ ਆ ਕੇ,
ਢਿੱਡਾਂ ਦੇ ਵਿਚ ਚੋਰ ਬਹਾ ਕੇ,
ਖਰੀਆਂ ਨੀਤਾਂ ਦੇ ਵਿਚ ਪਾਇਆ,
ਫੁਰਕ ਜਿਮੀਂ ਅਸਮਾਨ ਦਾ।
ਉਠ ਜਾਗ, ਭਾਰਤੀ ਸ਼ੇਰਾ !
ਤੂੰ ਮਾਲਿਕ ਹਿੰਦੁਸਤਾਨ ਦਾ ।
੫. ਤੇਰੇ ਘਰ ਆ ਵੜੀ ਬਿਮਾਰੀ,
ਇਕ ਦੂਜੇ ਤੇ ਬੇ ਇਤਬਾਰੀ ।
ਵੈਦਾਂ ਇਕੋ ਨੁਸਖਾ ਲਿਖਿਆ;
ਜੁਗ ਹਿੰਦੂ ਮੁਸਲਮਾਨ ਦਾ।
ਉਠ ਜਾਗ, ਭਾਰਤੀ ਸ਼ੇਰਾ !
ਤੂੰ ਮਾਲਿਕ ਹਿੰਦੁਸਤਾਨ ਦਾ ।
੬. ਤੂੰ ਭਾਰਤ ਦਾ, ਭਾਰਤ ਤੇਰਾ,
ਗੈਰਾਂ ਦਾ ਚੁਕਵਾ ਦੇ ਡੇਰਾ ।
ਆਜ਼ਾਦੀ ਦਾ ਝੰਡਾ ਝੂਲੇ,
ਹੋਏ ਮੁਹਕਮ ਅਮਨ ਜਹਾਨ ਦਾ।
ਉਠ ਜਾਗ, ਭਾਰਤੀ ਸ਼ੇਰਾ !
ਤੂੰ ਮਾਲਿਕ ਹਿੰਦੁਸਤਾਨ ਦਾ ।
ਸੇਹਰਾ
ਨੌਜਵਾਨ ਲਾੜਿਆਂ ਵਾਸਤੇ
ਓ ਸਜ ਵਜ ਕੇ ਰਣ ਵਿਚ ਨਿਕਲ ਆਏ ਸ਼ੇਰਾ !
ਅਸੀਲਾ ! ਦਨਾਵਾ ! ਜਵਾਨਾ ! ਦਲੇਰਾ !
ਉਮੰਗਾਂ ਦਾ ਦਰਯਾ ਛੁਲਕਦਾ ਹੈ ਤੇਰਾ,
ਹੈ ਸਾਹਵੇਂ ਤੇਰੇ ਕੋਈ ਮਕਸਦ ਉਚੇਰਾ,
ਤੂੰ ਚਾਹਨਾ ਏਂ ਦੁਖ ਸੁਖ ਦਾ ਸਾਥੀ ਬਣਾਣਾ
ਤੇ ਜੀਵਨ ਦੇ ਪੈਂਡੇ ਨੂੰ ਹਸ ਹਸ ਮੁਕਾਣਾ । (੧)
ਤੂੰ ਜਿਸ ਰਾਹ ਵਲ ਪੈਰ ਹੈ ਅਜ ਵਧਾਇਆ,
ਮੁਹਿਮ ਜੇਹੜੀ ਸਰ ਕਰਨ ਖਾਤਰ ਹੈਂ ਆਇਆ,
ਮੁਰਾਦਾਂ ਦਾ ਸਿਹਰਾ ਹੈ ਸਿਰ ਤੇ ਸਜਾਇਆ,
ਜੋ ਕੁਦਰਤ ਨੇ ਆਦਰਸ਼ ਤੇਰਾ ਬਣਾਇਆ,
ਓ ਔਖਾ ਜਿਹਾ ਹੈ ਖਬਰਦਾਰ ਹੋ ਜਾ,
ਬੜੀ ਉੱਚੀ ਘਾਟੀ ਊ, ਹੁਸ਼ਿਆਰ ਹੋ ਜਾ । (੨)
ਤੂੰ ਜਿਸ ਲਖਸ਼ਮੀ ਨਾਲ ਲੈਣੇ ਨੇਂ ਫੇਰੇ,
ਓ ਤੋਰੀ ਗਈ ਸੀ ਧੁਰੋਂ ਨਾਲ ਤੇਰੇ,
ਜੇ ਸੂਰਜ ਸਜਾਇਆ ਸੀ ਤੈਨੂੰ ਚਿਤੇਰੇ,
ਤਾਂ ਉਸ ਵਿਚ ਧਰੇ ਸੁਹਜ ਚੰਦੋਂ ਵਧੇਰੇ,
ਕਿ ਦੁਨੀਆ ਦੇ ਦਿਨ ਰਾਤ ਰੋਸ਼ਨ ਬਣਾਓ,
ਤੇ ਕੁਦਰਤ ਦੇ ਖੇੜੇ ਨੂੰ ਰਲ ਕੇ ਵਸਾਓ। (३)
ਤੂੰ ਉਸ ਦੇ ਲਈ, ਓ ਤੇਰੇ ਲਈ ਹੈ,
ਏ ਜੋੜੀ ਰਚੀ ਪ੍ਰੇਮ ਖਾਤਰ ਗਈ ਹੈ,
ਤੂੰ ਭਗਵਨ ਉਦਾ, ਓ ਤੇਰੀ ਭਗਵਤੀ ਹੈ,
ਤੂੰ ਜੀਵਨ ਉਦਾ, ਉਹ ਤੇਰੀ ਜ਼ਿੰਦਗੀ ਹੈ,
ਓ ਤੇਰੀ ਹੈ ਧਿਰ ਤੇ ਤੂੰ ਉਸਦਾ ਸਹਾਰਾ,
ਦੁਹਾਂ ਬਾਝ ਕੋਝਾ ਹੈ ਸੰਸਾਰ ਸਾਰਾ । (४)
ਜੇ ਚਾਹਨਾ ਏਂ ਦੁਨੀਆ ਰਸੀਲੀ ਬਣਾਣੀ,
ਜੇ ਚਾਹਨਾ ਏਂ ਜੀਵਨ ਦੀ ਸ਼ੋਭਾ ਵਧਾਣੀ,
ਜੇ ਸਚ ਮੁਚ ਦੀ ਹੈ ਪ੍ਰੇਮ-ਨਗਰੀ ਵਸਾਣੀ,
ਤੇ ਰਣ ਵਿਚ ਨਹੀਂ ਤੂੰ ਕਦੇ ਭਾਂਜ ਖਾਣੀ,
ਤਾਂ ਨਾਰੀ ਨੂੰ ਹਮਦਰਦ ਅਪਣੀ ਬਣਾ ਲੈ,
ਜੇ ਉੱਠਣ ਦੀ ਚਾਹ ਹੈ ਤਾਂ ਉਸ ਨੂੰ ਉਠਾ ਲੈ । (੫)
ਜੇ ਤਕਣਾ ਈ ਨਾਰੀ ਦਾ ਦਿਲ, ਘੁੰਡ ਚਾ ਕੇ,
ਖਿੜੀ ਆਤਮਾ ਦੇ ਜੇ ਲੈਣੇ ਨੀਂ ਝਾਕੇ,
ਤਾਂ ਤਕ ਉਸ ਨੂੰ ਦੂਈ ਦਾ ਪਰਦਾ ਹਟਾ ਕੇ,
ਗੁਲਾਮੀ ਦੇ ਪਿੰਜਰੇ ਤੋਂ ਬਾਹਰ ਬਿਠਾ ਕੇ,
ਜੇ ਸੁਣਨੇ ਨੀਂ ਨਗਮੇ, ਕੁਦਰਤੀ ਅਦਾ ਵਿਚ,
ਤਾਂ ਉੱਡਣ ਦੇ ਬੁਲਬੁਲ ਨੂੰ ਉੱਚੀ ਹਵਾ ਵਿਚ। (੬)
ਉਦੇ ਫ਼ਰਜ਼ ਰਬ ਨੇ ਮਿਥੇ ਨੇਂ ਬਥੇਰੇ,
ਤੂੰ ਘੇਰੇ ਨ ਪਾ ਹੋਰ, ਉਸ ਦੇ ਚੁਫੇਰੇ,
ਉਦੇ ਜਜ਼ਬਿਆਂ ਨੂੰ ਚੜ੍ਹਨ ਦੇ ਉਚੇਰੇ,
ਏ ਚੜ੍ਹ ਕੇ ਭੀ ਕੰਮ ਔਣਗੇ ਅੰਤ ਤੇਰੇ,
ਤੇਰਾ ਇਹ ਜਗਤ ਭੀ ਸੁਖਾਲਾ ਕਰੇਗੀ,
ਤੇ ਪਰਲੋਕ ਭੀ ਸ਼ਾਨ ਵਾਲਾ ਕਰੇਗੀ। (੭)
ਬੜੇ ਚਿਰ ਤੋਂ ਜੇਲਾਂ ਦੀ ਵਾ ਖਾ ਰਹੀ ਹੈ,
ਤੇ ਪਿੰਜਰੇ ਪਈ ਫਰਜ਼ ਭੁਗਤਾ ਰਹੀ ਹੈ,
ਜਹਾਲਤ ਉਦੀ ਹੁਣ ਤੇ ਸ਼ਰਮਾ ਰਹੀ ਹੈ,
ਅਜੇ ਭੀ ਓ ਮਰਦਾਂ ਦੇ ਗੁਣ ਗਾ ਰਹੀ ਹੈ,
ਨ ਚੂੰਡੀ ਮਿਲੇਗੀ ਵਫਾਦਾਰ ਐਸੀ,
ਨ ਭੋਲੀ ਪੁਜਾਰਨ, ਨ ਗ਼ਮਖਾਰ ਐਸੀ। (੮)
ਜੇ ਨਾਰੀ ਭੀ ਆਦਰਸ਼ ਜੀਵਨ ਬਣਾਂਦੀ,
ਪਤੀ ਨਾਲ ਸਾਂਵੀਂ ਉਡਾਰੀ ਲਗਾਂਦੀ,
ਜੇ ਪੱਥਰ ਬਣਾ ਕੇ ਬਿਠਾਈ ਨ ਜਾਂਦੀ,
ਤਾਂ ਮਰਦਾਂ ਦਾ ਹੀ ਭਾਰ ਹੌਲਾ ਕਰਾਂਦੀ,
ਪਰੰਤੂ ਸੁਆਰਥ ਨੇ ਕੀਤਾ ਇਸ਼ਾਰਾ,
ਕਿ ਤੀਵੀਂ ਤੋਂ ਉਠ ਜਾਊਗਾ ਰੁਅਬ ਸਾਰਾ। (੯)
ਓ ਭੋਲੇ ਨ ਸਮਝੇ ਕਿ ਔਰਤ ਏ ਕੀ ਹੈ,
ਏ ਰੌਣਕ, ਏ ਰਹਿਮਤ ਏ ਬਰਕਤ ਕਿਦੀ ਹੈ,
ਕਿਦੇ ਸਿਰ ਤੇ ਕਾਦਰ ਦੀ ਕੁਦਰਤ ਖੜੀ ਹੈ,
ਕਿਦ੍ਹੇ ਬਾਝ ਜੀਉਣ ਨੂੰ ਕਰਦਾ ਨ ਜੀ ਹੈ,
ਏ ਨਾਰੀ ਨੇ ਹੀ ਗੋਂਦ ਸਾਰੀ ਹੈ ਗੁੰਦੀ,
ਜੇ ਆਦਮ ਹੀ ਰਹਿੰਦਾ ਤਾਂ ਦੁਨੀਆ ਨ ਹੁੰਦੀ। (੧੦)
ਏ ਮਾਸੂਮ ਪੁਤਲੀ ਜਦੋਂ ਰਬ ਘੜੀ ਸੀ,
ਤਾਂ ਕਾਰੀਗਰੀ ਸਭ ਖਤਮੇ ਕਰ ਛੜੀ ਸੀ,
ਜਿਵੇਂ ਬਾਹਰੋਂ ਚੰਦ ਸਮ ਹਸਮੁਖੀ ਸੀ,
ਤਿਵੇਂ ਦਿਲ ਦੀ ਨਿਰਛਲ ਤੇ ਦਰਦਾਂ ਭਰੀ ਸੀ,
ਪਿਆਰਾਂ ਦਾ ਘਰ, ਪਰ ਪਿਆਰਾਂ ਦੀ ਭੁੱਖੀ,
ਤੜਪਦਾ ਕਲੇਜਾ ਤੇ ਜਜ਼ਬੇ ਮਨੁੱਖੀ । (৭৭)
ਨਜ਼ਰ ਇਸ ਦੀ ਨੀਵੀਂ, ਨਿਗਾਹ ਇਸ ਦੀ ਉੱਚੀ,
ਮੁਹੱਬਤ ਦੀ ਮੂਰਤ, ਖਿਆਲਾਂ ਦੀ ਸੁੱਚੀ,
ਸ਼ਰਾਫਤ ਤੇ ਅਸਮਤ ਦੀ ਦੇਵੀ ਸਮੁੱਚੀ,
ਏ ਸਿਦਕਣ, ਪਤੀ-ਪ੍ਰੇਮ-ਧਾਗੇ ਪਰੁੱਚੀ,
ਏ ਟਹਿਲਣ ਪੁਰਾਣੀ, ਏ ਘਰ ਦੀ ਸੁਆਣੀ,
ਮਨੁਖ ਨੇ ਨ ਪਰ ਸ਼ਾਨ ਇਸ ਦੀ ਪਛਾਣੀ । (੧੨)
ਜੇ ਵਡਿਆਂ ਨੇ ਇਸ ਵਿਚ ਲਗਾਈ ਹੈ ਦੇਰੀ,
ਤਾਂ ਕੀ ਡਰ ਹੈ ? ਤੂੰ ਹੀ ਦਿਖਾ ਦੇ ਦਲੇਰੀ,
ਓ ਰਹਿ ਗਏ ਪਿਛਾਂਹ, ਹੁਣ ਤੇ ਚਲਦੀ ਹੈ ਤੇਰੀ,
ਸਖੀ ਬਣ ਤੇ ਛਾਤੀ ਨੂੰ ਕਰ ਲੈ ਚੁੜੇਰੀ,
ਗਿਰੀ ਹੋਈ ਗੋਲੀ ਨੂੰ ਰਾਣੀ ਬਣਾ ਲੈ,
ਤੇ ਦਿਲ ਦੇ ਸਿੰਘਾਸਣ ਤੇ ਉਸ ਨੂੰ ਬਹਾ ਲੈ । (੧੩)
ਓ ਮਹਿਰਮ ਹੈ ਧੁਰ ਦੀ, ਨ ਮੂੰਹ ਹੁਣ ਲੁਕਾ ਤੂੰ,
ਬੜੀ ਹੋ ਚੁਕੀ, ਹੁਣ ਤੇ ਰਸਤੇ ਤੇ ਆ ਤੂੰ,
ਉਦ੍ਹਾ ਸਬਰ ਤਕਿਆ ਈ, ਅਪਣਾ ਦਿਖਾ ਤੂੰ,
ਡਕਾਰੀ ਨ ਜਾ, ਉਸ ਦਾ ਕਰਜ਼ਾ ਚੁਕਾ ਤੂੰ,
ਨਿਆਂ ਉਸ ਦੇ ਪੱਲੇ ਯਾ ਹਸ ਹਸ ਕੇ ਪਾ ਦੇ,
ਯਾ ਸੁਪਨੇ ਅਜ਼ਾਦੀ ਦੇ ਲੈਣੇ ਹਟਾ ਦੇ ।
ਜੇ ਨਾਰੀ ਤੇ ਸ਼ਕ ਦੀ ਨਿਗਾਹ ਹੀ ਰਖੇਂਗਾ,
ਨ ਇਤਬਾਰ ਉਸ ਦੀ ਵਫ਼ਾ ਤੇ ਕਰੇਂਗਾ,
ਜੇ ਦਿਲ ਉਸ ਦਾ ਖੋਹ ਕੇ ਨ ਦਿਲ ਅਪਣਾ ਦੇਂਗਾ,
ਹਕੂਮਤ ਦੇ ਮਦ ਵਿਚ ਨ ਬੰਦਾ ਬਣੇਂਗਾ,
ਤਾਂ ਤੇਰਾ ਨਸ਼ਾ ਇਹ ਉਤਰ ਕੇ ਰਹੇਗਾ,
ਤੇ ਤੰਗ ਆ ਕੇ ਜੰਗ ਉਸ ਨੂੰ ਕਰਨਾ ਪਏਗਾ । (੧੫)
ਓ ਅਜ਼ਲੋਂ ਹੈ ਸੋਹਣੀ, ਨ ਬੇਸ਼ਕ ਸਜਾ ਸੂ,
ਨ ਗਹਿਣੇ ਵਿਖਾ ਸੂ, ਨ ਜ਼ਰ ਤੇ ਭੁਲਾ ਸੂ,
ਨ ਸੂਟਾਂ ਤੇ ਬੂਟਾਂ ਦੀ ਭਿੱਤੀ ਤੇ ਲਾ ਸੂ,
ਨ ਝੂਠੇ ਸ਼ਿੰਗਾਰਾਂ ਤੇ ਅਹਿਮਕ ਬਣਾ ਸੂ,
ਜੇ ਸਰਦਾ ਈ ਤਦ ਉਸ ਦੇ ਦਿਲ ਵਿਚ ਉਤਰ ਜਾ,
ਉਠਾ ਦੇ ਸੂ ਦੇ ਕੇ ਬਰਾਬਰ ਦਾ ਦਰਜਾ । (१੬)
ਜੇ ਨਿਰਬਲ ਹੈ ਤਦ ਉਸ ਦਾ ਜਿਗਰਾ ਵਧਾ ਦੇ,
ਜੇ ਅਨਪੜ੍ਹ ਹੈ ਤਦ ਉਸ ਨੂੰ ਵਿਦਿਆ ਪੜ੍ਹਾ ਦੇ,
ਹਨੇਰੇ 'ਚਿ ਬੈਠੀ ਹੈ ਦੀਵਾ ਜਗਾ ਦੇ,
ਜੇ ਬੇ ਪਰ ਹੈ, ਪਰ ਦੇ ਕੇ ਉਡਣਾ ਸਿਖਾ ਦੇ,
ਇਦੇ ਬਿਨ ਅਗੇਰੇ ਕਿਵੇਂ ਹਲ ਸਕੇਂਗਾ,
ਨ ਉਹ ਤੁਰ ਸਕੇਗੀ, ਨ ਤੂੰ ਚਲ ਸਕੇਂਗਾ। (੧੭)
ਖਿਡੌਣਾ ਸਮਝ ਕੇ ਨ ਉਸ ਨੂੰ ਹੰਡਾਵੀਂ,¸
ਓ ਇਨਸਾਨ ਹੈ, ਤੂੰ ਪਸ਼ੂ ਨਾ ਬਣਾਵੀਂ,
ਓ ਦੇਵੀ ਹੈ, ਤੂੰ ਦੇਵਤਾ ਬਣ ਵਿਖਾਵੀਂ,
ਸਤੀ ਆਤਮਾ ਨੂੰ ਕਦੇ ਨ ਸਤਾਵੀਂ,
ਉਸੇ ਨਾਲ ਘਰ ਤੇਰਾ ਚਮਕੇ ਗਾ ਸਾਰਾ,
ਓਹ ਤੇਰੀ ਪਿਆਰੀ, ਤੂੰ ਉਸਦਾ ਪਿਆਰਾ। (੧੮)
ਜੇ ਤਾਰਾ ਜਿਹੀ ਨਾਰ ਦਾ ਤੈਨੂੰ ਚਾ ਹੈ,
ਸਤੀ ਸੀਤਾ ਜੈਸੀ ਨੂੰ ਜੀ ਲੋਚਦਾ ਹੈ,
ਤਾਂ ਚੰਗਾ ਹੈ, ਇਸ ਵਿਚ ਦੁਹਾਂ ਦਾ ਭਲਾ ਹੈ,
ਪਰ ਇਹ ਮੰਗ ਤੇਰੀ ਤਦੇ ਹੀ ਰਵਾ ਹੈ,
ਕਿ ਪਹਿਲੇ ਹਰੀ ਚੰਦ ਬਣ ਕੇ ਵਿਖਾਵੇਂ,
ਤੇ ਨਾਰੀ - ਬਰਤ ਰਾਮ ਵਰਗਾ ਨਿਭਾਵੇਂ । (੧੯)
ਜਿਥੇ ਮਰਦ ਤੀਵੀਂ ਦੀ ਮੀਜਾ ਰਲੀ ਹੈ,
ਉਹੋ ਘਰ ਸੁਅਰਗਾ ਪੁਰੀ ਬਣ ਰਹੀ ਹੈ,
ਉਸੇ ਥਾਂ ਤੇ ਬਰਕਤ ਤੇ ਸੁਖ ਸ਼ਾਨਤੀ ਹੈ,
ਉਹੋ ਜੋੜੀ ਦੁਨੀਆ ਤੇ ਭਾਗਾਂ ਭਰੀ ਹੈ,
ਜੇ ਤੀਵੀਂ ਦੀ ਆਂਦਰ ਦੇ ਵਿਚ ਧੁਖਧੁਖੀ ਹੈ,
ਨ ਨਾਰੀ ਸੁਖੀ ਹੈ ਨ ਭਰਤਾ ਸੁਖੀ ਹੈ । (२०)
ਤੂੰ ਮਾਲੀ ਚਮਨ ਦਾ, ਓ ਮਾਲਣ ਹੈ ਤੇਰੀ,
ਤੂੰ ਮੋਹਨ ਉਦਾ ਉਹ ਗਵਾਲਣ ਹੈ ਤੇਰੀ,
ਓ ਹਰਹਾਲ ਦੀ ਭਾਈਵਾਲਣ ਹੈ ਤੇਰੀ,
ਤੂੰ ਉਸਦਾ ਰਿਣੀ, ਉਹ ਸਵਾਲਣ ਹੈ ਤੇਰੀ,
ਜੇ ਮਿਲ ਕੇ ਰਹੋਗੇ ਤਾਂ ਵਸਦੇ ਰਹੋਗੇ,
ਤੇ ਦੁਖ ਸੁਖ ਦੇ ਵੇਲੇ ਭੀ ਹਸਦੇ ਰਹੋਗੇ।
ਸਲਾਹ ਜੇਹੜੀ ਚਾਤ੍ਰਿਕ ਨੇ ਤੈਨੂੰ ਸੁਣਾਈ,
ਏ ਰਬ ਦੀ ਸੁਦਾ ਹੈ, ਅਕਾਸ਼ਾਂ ਤੋਂ ਆਈ,
ਇਹੋ ਹੈ ਸਚਾਈ, ਇਹੋ ਹੈ ਸਫਾਈ,
ਇਸੇ ਵਿਚ ਹੈ ਤੇਰੀ ਤੇ ਉਸ ਦੀ ਭਲਾਈ,
ਇਹੋ ਸਾਰੇ ਜਗ ਵਿਚ ਤੁਰੇ ਗੀ ਕਹਾਣੀ,
ਤੂੰ ਉਂਸ ਦਾ ਸੁਆਮੀ, ਓ ਤੇਰੀ ਸੁਆਣੀ। (੨੨