ਮੁੰਡੇ ਨੂੰ ਕੁਝ ਕਹੇ ਤੇ ਉਹ ਫਿਰ ਨਾ ਮੰਨੇ, ਅਤੀ ਅਸੰਭਵ।
ਇੱਕ ਕਾਲੀ ਵਰਦੀ ਵਾਲੇ ਮੋਟੇ ਤੇ ਮਧਰੇ ਜਿਹੇ ਆਦਮੀ ਨੇ ਸੀਟੀ ਵਜਾਈ ਤੇ ਨਾਲ ਹੀ ਹਰੀ ਝੰਡੀ ਹਿਲਾਈ। ਸਾਡੀਆਂ ਅੱਖਾਂ ਵੀ ਮੁਸਕਾਣ ਵਿਚ ਚਮਕੀਆਂ। ਉਨ੍ਹਾਂ ਵਿਚ ਇਸ ਮਿਲਣੀ ਦਾ ਨਵਾਂ ਚਾਅ ਤੇ ਫਿਰ ਮਿਲਣੀ ਦੀ ਆਸ਼ਾ-ਤੜਪ ਰਹੀ ਸੀ। ਗੱਡੀ ਹਿੱਲਣ ਨਾਲ ਸਾਡੇ ਦਿਲ ਵੀ ਹਿੱਲੇ। ਗੱਡੀ ਪਲੇਟਫਾਰਮ ਛੱਡ ਗਈ। ਪਰ ਉਸ ਦਾ ਮੂੰਹ ਤਾਕੀ ਵਿਚੋਂ ਦੀ ਬਾਹਰ, ਮੈਨੂੰ ਥੰਮ ਵਾਂਗ ਖਲੋਤੇ ਨੂੰ ਦੇਖ ਰਿਹਾ ਸੀ। ਉਸ ਦੇ ਗੋਰੇ ਮੁੱਖ ਨੂੰ ਇੱਕ ਕਾਲੀ ਲਿਟ ਚੁੰਮ ਰਹੀ ਸੀ। ਮੈਂ ਹਾਲੇ ਵੀ ਖਲੋਤਾ ਵੇਖੀ ਜਾ ਰਿਹਾ ਸਾਂ। ਮੈਂ ਹੱਥ ਉਠਾ ਕੇ ਹਿਲਾਇਆ। ਅਖੀਰ ਗੱਡੀ ਲਾਈਨ ਬਦਲ ਗਈ ਅਤੇ ਉਸ ਦਾ ਗੋਰਾ ਮੂੰਹ ਮੇਰੀਆਂ ਨਜ਼ਰਾਂ ਤੋਂ ਉਹਲੇ ਹੋ ਗਿਆ। ਇਉਂ ਜਾਪਦਾ ਏ, ਜਿਵੇਂ ਇਹ ਕਲ੍ਹ ਦੀ ਗੱਲ ਹੋਵੇ। ਗੱਡੀ ਮੇਰੇ ਅਨੁਭਵ ਵਿਚ ਹਾਲੇ ਵੀ ਚਲੀ ਜਾ ਰਹੀ ਹੈ। ਉਹ ਲਾਈਨ ਬਦਲ ਜਾਂਦੀ ਹੈ ਤੇ ਮੈਂ ਉਦਾਸ ਹੋ ਜਾਂਦਾ ਹਾਂ।
2
ਮੇਰਾ ਦਿਲ ਕੁਦਰਤੀ ਹਰਿਆਵਲ ਦਾ ਆਸ਼ਕ ਤੇ ਫੁੱਲਾਂ ਦਾ ਪੁਜਾਰੀ ਹੋ ਚੁੱਕਾ ਸੀ। ਹੋਰ ਕਿਸੇ ਬਗੀਚਿਆਂ ਵਿਚ ਜਾਣ ਦੀ ਥਾਂ ਮੈਂ ਇਕ ਆਪਣਾ ਛੋਟਾ ਜਿਹਾ ਬਗੀਚਾ ਤਿਆਰ ਕਰ ਰਿਹਾ ਸਾਂ। ਦੁਆਲੇ ਗੁਲਾਬ ਤੇ ਧਰੇਕਾਂ ਦੇ ਬੂਟੇ ਲਾਏ ਹੋਏ ਸਨ। ਗੁਲਾਬ ਖਿੜਨ ਤੇ ਆਇਆ ਹੋਇਆ ਸੀ। ਜਿਹੜੇ ਬੂਟੇ ਆਪਣੇ ਹੱਥੀਂ ਲਾਏ ਫਲ ਤੇ ਫੁੱਲ ਦੇਂਦੇ ਹਨ, ਉਹ ਡਾਢੇ ਪਿਆਰੇ ਲਗਦੇ ਹਨ।
ਬੂਟੇ ਆਪਣੀ ਮਿਹਨਤ ਨਾਲੋਂ ਕਈ ਗੁਣਾਂ ਵਧੇਰੇ ਪ੍ਰਸੰਨਤਾ ਦੇਂਦੇ ਹਨ। ਕੁਦਰਤ ਨਾਲ ਆਪਾਂ ਇਕ ਕਰਨ ਲਈ ਮਨੁੱਖ ਨੂੰ ਜਰੂਰ ਫੁੱਲਾਂ ਨਾਲ ਪਿਆਰ ਪਾਉਣਾ ਚਾਹੀਦਾ ਹੈ। ਮੈਂ ਆਪਣੀ ਰੂਹ ਦਾ ਅਤੀ ਸੁੰਦਰ ਟਿਕਾਣਾ ਆਪਣਾ ਪੁੰਗਰ ਰਿਹਾ ਬਗੀਚਾ ਹੀ ਸਮਝਦਾ ਸਾਂ । ਏਸੇ ਲਈ ਘਟ ਤੋਂ ਘਟ ਦੋ ਵਾਰੀ ਦਿਹਾੜੀ ਵਿਚ ਉਸ ਦੀ ਯਾਤਰਾ ਲਈ ਮਜਬੂਰ ਸਾਂ। ਗੁਲਾਬ ਦੀਆਂ ਕਿਆਰੀਆਂ ਵਿਚ ਪਾਣੀ ਦੀ ਬਹੁਲਤਾ ਕਰਕੇ ਘਾਹ ਬਹੁਤ ਹੋ ਗਿਆ ਸੀ। ਤਕਰੀਬਨ ਗੁਲਾਬ ਜੇਡਾ ਉੱਚਾ ਘਾਹ ਮੈਂ ਦਾਤੀ ਦੇ ਤਿੱਖੇ ਤੇ ਖਰ੍ਹਵੇ ਦੰਦਿਆਂ ਨਾਲ ਖਿੱਚ ਰਿਹਾ ਸਾਂ। ਇਕ ਤਕੜਾ ਥੱਬਾ ਬਾਹਰ ਕੱਢ ਲਿਆ ਸੀ। ਉਸ ਵੇਲੇ ਮੇਰਾ ਦੋਸਤ ਸਤਿਨਾਮ ਆ ਗਿਆ। ਮੈਨੂੰ ਨੀਵੀਂ ਪਾਈ ਆਪਣੀ ਧੁਨ ਵਿਚ ਮਸਤ ਵੇਖ ਵਾੜ ਤੇ ਪਰਲੇ ਬੰਨੇ ਹੀ ਮੁਸਕ੍ਰਾਂਦਾ ਰਿਹਾ। ਮੇਰੇ ਲਈ ਸਤਿਨਾਮ ਦਾ ਚਿਹਰਾ ਇਕ ਸਦਾ ਸੱਜਰਾ ਫੁੱਲ ਸੀ, ਜਿਸ ਨੂੰ ਵੇਖ-ਵੇਖ ਮੁਸਕ੍ਰਾਂਦਾ ਮੈਂ ਥੱਕਦਾ ਨਹੀਂ ਸਾਂ। ਉਹ ਪ੍ਰਸੰਨਤਾ ਵਿਚ ਗਵਾਚਿਆ ਰਹਿੰਦਾ ਸੀ । ਕਦੇ ਉਦਾਸੀ ਨੇ ਉਸ ਨੂੰ ਥੋੜਿਆਂ ਨਹੀਂ ਸੀ ਕੀਤਾ। ਇਹ ਉਸ ਦੇ ਸੁਭਾਅ ਦੀ ਇਕ ਚੰਗੀ ਸਿਫਤ ਸੀ।
'ਦਾਤੀ ਦੇ ਦੰਦੇ ਹੱਥ ਵਿਚ ਫਿਰ ਜਾਣਗੇ, ਥੋੜ੍ਹਾ ਹੌਲੀ।
ਮੈਂ ਸਿਰ ਉਤਾਂਹ ਚੁੱਕਿਆ, ਸਤਿਨਾਮ ਦਾ ਚਿਹਰਾ ਚਮਕ ਰਿਹਾ ਸੀ।
'ਆਓ ਅੰਦਰ ਲੰਘ ਆਓ, ਉਸ ਵਟ ਤੋਂ ਦੀ ਹੋ ਕੇ।
ਸਤਿਨਾਮ ਆਪਣੀ ਧੋਤੀ ਦੀ ਕੰਨੀ ਫੜੀ ਅੰਦਰ ਆਇਆ। ਇਕ ਗੁਲਾਬ ਦੀ ਟਾਹਣੀ ਨਾਲ ਉਸ ਦੀ ਧੋਤੀ ਦਾ ਦੂਜਾ ਲੜ ਅੜ ਗਿਆ ਤੇ ਮੈਂ ਹਸਦਿਆਂ ਕਿਹਾ, 'ਜਦ ਬੂਟੇ ਤੁਹਾਡੇ ਪ੍ਰੇਮ ਲਈ ਐਨੀ ਖਿੱਚ ਰਖਦੇ ਹਨ ਫਿਰ ਬੰਦਿਆਂ ਦਾ ਕੀ ਕਹਿਣਾ ਹੈ।'
'ਇਨ੍ਹਾਂ ਮੇਰੀ ਧੋਤੀ ਪਾੜ ਦਿੱਤੀ ਏ, ਇਹ ਅੱਗੋਂ ਪ੍ਰੇਮ ਖਿੱਚਾਂ ਦੱਸਦਾ ਹੈ।
ਮੈਂ ਇਕ ਗੁਲਾਬ ਦਾ ਫੁੱਲ ਤੋੜਿਆ।
'ਸਤਿਨਾਮ। ਪ੍ਰੇਮ ਖਿੱਚਾਂ ਸੁਭਾਗਿਆਂ ਲਈ ਹੁੰਦੀਆਂ ਹਨ। ਮੇਰਾ ਕਿਉਂ ਨਾ ਇਨ੍ਹਾਂ ਪੱਲਾ ਫੜ੍ਹ ਲਿਆ । ਖਾਸ ਕਰ ਹੁਸੀਨ ਰਾਹੀਆਂ ਨੂੰ ਤਾਂ ਇਹ ਵਲ-ਵਲ ਖਲ੍ਹਾਰਦੇ ਹਨ। ਲੈ ਫੜ ਇਹ ਗੁਲਾਬ ਤੇਰੇ ਮੂੰਹ ਨਾਲ ਕਿੰਨਾ ਮਿਲਦਾ ਹੈ।'
ਜਦ ਤੇਰੇ ਪੱਲੇ ਫੜਨ ਨੂੰ ਪ੍ਰਿਤਪਾਲ ਵਰਗੀਆਂ ਕੋਮਲ ਕਲੀਆਂ ਹਨ, ਤੂੰ ਕਦੋਂ ਝਾੜੀਆਂ 'ਚ ਲੀੜੇ ਪੜਾਉਂਦਾ ਏਂ। ਉਸ ਦੇ ਨਾਲ ਮੈਂ ਹੱਸ ਪਿਆ।'
'ਜੇ ਦੋ ਰਾਹੀਆਂ ਨੇ ਜੀਵਨ ਭਾਵਾਂ ਨੂੰ ਵਟਾ ਲਿਆ ਤਾਂ ਕੀ ਆਖ਼ਰ ਆ ਗਈ।'
'ਬਸ ਇਹੀ ਕਿ ਮੁਹੱਬਤ ਦਾ ਮਹਿਲ ਉਸਾਰਨ ਲਈ ਬੁਨਿਆਦੀ ਪੱਥਰ ਰਖ ਦਿੱਤਾ ਗਿਆ।'
'ਤੂੰ ਯਾਰ ਯਕੀਨ ਕਰ।'
'ਇਸ ਗੱਲ ਤੇ ਯਕੀਨ ਨਹੀਂ ਹੁੰਦਾ ਕਿ ਏਕਮ ਦਾ ਚੰਨ ਅਭਾਵ ਹੁੰਦਾ ਹੈ। ਦੂਜ ਵਾਲੇ ਦਿਨ ਸਾਫ਼ ਪੱਛਮੀ ਦੁਮੇਲ ਤੋਂ ਥੋੜ੍ਹਾ ਉੱਚਾ ਦਿਸ ਪੈਂਦਾ ਹੈ। ਆਖ਼ਰ ਆਪਣੀ ਪੂਰਨਤਾ ਨੂੰ ਪਹੁੰਚ ਜਾਂਦਾ ਹੈ। ਕੋਈ ਚੀਜ਼ ਇਕ ਦਮ ਹੀ ਜਵਾਨੀ ਵਿਚ ਨਹੀਂ ਪ੍ਰਗਟ ਹੁੰਦੀ, ਫਿਰ ਮਹਾਰਾਜ ਤੁਸੀਂ ਤੇ ਗਿਆਨੀ ਹੋ।'
'ਜੇ ਕਿਸੇ ਜਵਾਨ ਹਿਰਦੇ ਵਿਚ ਪਿਆਰ ਵੀ ਆ ਜਾਵੇ; ਇਹ ਕੋਈ ਬੁਰੀ ਗੱਲ ਨਹੀਂ । ਸਗੋਂ ਜਵਾਨ ਹਿਰਦੇ ਹੁੰਦੇ ਹੀ ਪਿਆਰ ਘਰ ਨੇ।'
'ਤੇ ਹੁਣ ਪ੍ਰਿਤਪਾਲ ਨੇ ਆਪਣੇ ਗੁਰੂ ਤੋਂ ਭਗਤੀ ਤੇ ਗਿਆਨ-ਵਿਦਿਆ ਲਏ ਬਿਨਾਂ ਕਿਤੇ ਨਹੀਂ ਜਾਣਾ।'
'ਦੇਖ ਸਤਿਨਾਮ। ਭਗਤੀ ਨਾਮ ਪ੍ਰੀਤੀ ਦਾ ਹੈ ਤੇ...!
'ਤੇ ਮੇਰਾ ਖ਼ਿਆਲ ਹੈ ਪ੍ਰਿਤਪਾਲ ਦੀ ਪ੍ਰੀਤੀ ਦਾ।'
'ਤੁਸੀਂ ਮੇਰੀ ਗੱਲ ਤੇ ਸੁਣ ਲਵੋ, ਵਿਚੋਂ ਹੀ ਵਾਜਾਂ ਦੇਣ ਲਗ ਪੈਂਦੇ ਹੋ।
'ਹੱਛਾ ਕਹੋ।' ਉਸ ਨੇ ਮੁਸਕ੍ਰਾਂਦਿਆਂ ਬੁੱਲਾਂ ਤੋਂ ਦੀ ਜੀਭ ਫੇਰੀ । ਜੀਭ ਤੇ ਬੁੱਲਾਂ ਦੇ ਅਰਗਵਾਨੀ ਰੰਗ ਨਾਲ ਸੂਹੇ ਗੁਲਾਬ ਦੀ ਸ਼ੋਭਾ ਹੋਰ ਭੀ ਵਧ ਗਈ।
'ਭਗਤੀ ਤੇ ਪ੍ਰੇਮ ਤਾਂ ਇਕੋ ਅਰਥ ਦੇ ਦੋ ਸ਼ਬਦ ਹਨ ਅਤੇ ਗਿਆਨ ਪ੍ਰਭੂ ਪਿਆਰ ਸੱਤਾ ਦਾ ਜਣਾਇਕ।'
'ਕੀ ਪਾਲ ਵਿਚ ਹੀ ਪ੍ਰਭੂ ਪ੍ਰਕਾਸ਼ ਹੈ, ਮੇਰੇ ਜਾਂ ਹੋਰ ਕਿਸੇ ਵਿਚ ਨਹੀਂ?"
'ਮੈਂ ਤੁਹਾਨੂੰ ਪਿਆਰ ਕਰਦਾ ਹਾਂ।'
'ਫਿਰ ਦੂਜਿਆਂ ਨੂੰ ਕਿਉਂ ਨਹੀਂ ਕਰਦੇ ?'
'ਸੁਣੋ। ਸਾਰਿਆਂ ਨਾਲ ਮਿੱਤਰਤਾ ਨਹੀਂ ਹੋ ਸਕਦੀ। ਸਾਰਿਆਂ ਲਈ ਮਿੱਤਰ ਭਾਵ ਅੰਦਰ ਪੈਦਾ ਹੋ ਸਕਦੇ ਹਨ। ਜਾਂ ਸ਼ੁਭ-ਇੱਛਕ ਦ੍ਰਿਸ਼ਟੀ ਸਰਬਤ ਹੋ ਸਕਦੀ ਹੈ ਤੇ ਨਵਰਤ ਭਾਵ ਉੱਡ ਸਕਦਾ ਹੈ। ਚੰਗੀ ਮਿੱਤਰਤਾ ਇਕ ਕਾਲ ਵਿਚ ਕੇਵਲ ਇਕ ਹੀ ਨਾਲ ਹੋ ਸਕਦੀ ਹੈ। ਫਿਰ ਉਨ੍ਹਾਂ ਦੋਹਾਂ ਵਿਚ ਵੀ ਪਿਆਰ ਮਿੱਤਰਤਾ ਇਸ ਗੱਲ 'ਤੇ ਕਾਇਮ ਰਹਿ ਸਕਦੀ ਹੈ ਕਿ ਉਨ੍ਹਾਂ ਦੇ ਗੁਣ ਸਮਾਨ ਹੋਣ। ਗੁਣਾਂ ਦੇ ਵਧਾ ਘਟਾ ਵਿਚ ਵੀ ਕੀਤੀ ਹਰ ਗੱਲ ਹਿਰਦੇ ਵਿਚ ਸਮਾ ਨਹੀਂ ਸਕਦੀ। ਪ੍ਰਿਤਪਾਲ ਦੇ ਹਿਰਦੇ ਵਿਚ ਮੈਨੂੰ ਚੰਗੇ ਗੁਣਾਂ ਦਾ ਪ੍ਰਕਾਸ਼ ਦਿਸਦਾ ਹੈ। ਜੇ ਕਰ ਮੇਰੀ ਕੋਈ ਕਾਮਨਾ ਪਾਲ ਨੂੰ ਪਿਆਰ ਕਰਦੀ ਹੈ, ਤਾਂ ਪ੍ਰਭੂ ਝਰੋਖੇ 'ਚੋਂ ਲੰਘੇ ਬਿਨਾ ਉਸ ਦੀ ਆਤਮਾ ਤਕ ਨਹੀਂ ਪੁਜਦੀ। ਇਕ ਮਿੱਤਰ ਨੂੰ ਇਸ ਗੱਲ ਤੇ ਵਿਸ਼ਵਾਸ ਸੱਚੇ ਮਿੱਤਰ ਜਿੰਨਾ ਹੀ ਕਰਨਾ ਚਾਹੀਦਾ ਹੈ।'
'ਇਸ ਗੱਲ ਦਾ ਮੈਨੂੰ ਪੂਰਨ ਗਿਆਨ ਹੈ ਕਿ ਤੁਸੀਂ ਆਪਣੀ ਦਲੀਲ ਨਾਲ ਹਰ ਇਕ ਨੂੰ ਆਪਣੇ ਮਗਰ ਲਾ ਲੈਂਦੇ ਹੋ। ਕੀ ਤੁਸਾਂ ਬਹੁਤਾ ਏਸੇ ਲਈ ਪੜ੍ਹਿਆ ਤੇ ਵਿਚਾਰਿਆ ਹੈ ਕਿ ਨਿੱਕੀਆਂ ਅਵਾਜਾਂ ਨੂੰ ਹੜੱਪ ਕਰ ਲਿਆ ਕਰੋ ?'
'ਜਿਹੜੇ ਦੂਜਿਆਂ ਦੀਆਂ ਜਮੀਰਾਂ ਨੂੰ ਗੁਲਾਮ ਬਣਾਉਣ ਲਈ ਫਲਸਫਾ ਹਾਸਲ ਕਰਦੇ ਹਨ, ਉਹ ਵੱਡੇ ਗੁਨਾਹੀ ਹਨ। ਦੁਨੀਆ ਦੀਆਂ ਨਜ਼ਰਾਂ ਵਿਚ ਉਹ ਇਕ ਮਸ਼ਹੂਰ ਫਲਾਸਫਰ ਜਾ ਗਿਆਨੀ ਹੋ ਸਕਦੇ ਹਨ, ਪਰ ਅੰਦਰ ਯਕੀਨਨ ਉਹ ਇਕ ਨਾਸੂਰ ਨੂੰ ਪਲ- ਪਲ ਵਧਾਂਦੇ ਹਨ। ਮੇਰੇ ਗੁਰੂਦੇਵ ਨੇ ਇਸ ਗੱਲ ਤੋਂ ਬਚਣ ਲਈ ਕਰੜੀ ਚਿਤਾਵਨੀ ਕੀਤੀ ਹੋਈ ਹੈ। ਤੁਸੀਂ ਮੇਰੀਆਂ ਗੱਲਾਂ ਤੇ ਵਿਸ਼ਵਾਸ ਕਰੋ।
ਅਸੀ ਦੋਵੇਂ ਇਕ ਖਾਲ ਵਿਚ ਵਟ ਦਾ ਸਿਰਹਾਣਾ ਲੈ ਕੇ ਪੈ ਗਏ। ਸਾਡੇ ਪਿਛਲੇ ਪਾਸੇ ਬਰਸੇਮ ਸਾਰੇ ਖੇਤ ਨੂੰ ਢੱਕੀ ਖਲੋਤੀ ਸੀ। ਪੂਰੇ ਦੀ ਠੰਢੀ ਹਵਾ, ਬਰਸੇਮ ਦਾ ਵਿਛ ਵਿਛ ਖੇਡ ਨੂੰ ਚੁੰਮਣਾ,ਕੁਦਰਤ ਦਾ ਖੀਵੇ ਭਾਵ ਵਿਚ ਝੁਕ-ਝੁਕ ਨਿਰਤ ਕਰਨਾ ਸੀ। ਟਾਹਲੀ ਦੀ ਛਾਵੇਂ, ਜਿਥੇ ਅਸੀਂ ਪਏ ਸਾਂ, ਇਕ ਘੁੱਗੀ ਆਪਣਾ ਗਲਾ ਫੁਲਾ ਆੜੂ ਦੇ ਬੂਟੇ ਤੇ, ਘੂ- ਘੂ-ਘੂੰ ਘੁ-ਘੂ-ਘੂੰ ਗੌਂ ਰਹੀ ਸੀ। ਜਿਸ ਤੋਂ ਪ੍ਰਭਾਵਿਤ ਹੋ ਕੇ ਸਤਿਨਾਮ ਨੇ ਕਿਹਾ, 'ਇਸ ਦੀ ਆਵਾਜ਼ ਕਿੰਨੀ ਮਿੱਠੀ ਹੈ।
'ਸਾਡੇ ਅੰਦਰ ਇਸ ਤੋਂ ਕਿਤੇ ਵੱਡੀ ਮਹਾਂ ਮਧੁਰ ਸ਼ਕਤੀ ਹੈ, ਜਿਸ ਨਾਲ ਟਕਰਾ ਕੇ ਅਜਿਹੀਆਂ ਆਵਾਜ਼ਾਂ ਮਿਠਾਸ-ਮਿਠਾਸ ਹੋ ਡਿੱਗਦੀਆਂ ਹਨ।
'ਤੁਸੀਂ ਹਰ ਗੱਲ ਨੂੰ ਅੰਦਰ ਅੰਦਰ ਲੈ ਜਾਦੇ ਹੋ। ਕੀ ਹੈ ਤੁਹਾਡੇ ਅੰਦਰ ?' ਸਤਿਨਾਮ ਨੇ ਖਿੱਝ ਕੇ ਕਿਹਾ।
'ਮੇਰੇ ਰਾਹ ਚਲਣ ਵਾਲਿਆਂ ਲਈ ਸਭ ਕੁਝ ਅੰਦਰ ਹੀ ਹੈ, ਬਾਹਰ ਕੁਝ ਵੀ ਨਹੀਂ। ਇਹ ਸੰਸਾਰ ਤੇ ਇਸ ਵਰਗੇ ਹਜ਼ਾਰਾਂ ਦ੍ਰਿਸ਼ ਅੰਦਰੇ ਚਿਤਰੇ ਪਏ ਹਨ।
'ਤੈਨੂੰ ਇਨ੍ਹਾਂ ਨਿਕੰਮੀਆਂ ਜਿਹੀਆਂ ਗੱਲਾਂ ਵਿਚ ਕੀ ਸੁਆਦ ਆਉਂਦਾ ਹੈ। ਭਲਾ ਇਕ ਗਿੱਠ ਹਿਰਦੇ ਵਿਚ ਕੀ ਕੁਝ ਸਮਾ ਸਕਦਾ ਹੈ।
'ਸਤਿਨਾਮ! ਇਸ ਛੋਟੇ ਹਿਰਦੇ ਨੂੰ ਮਹਾਂ ਸ਼ਕਤੀ ਦਾ ਅਕਾਰ ਸਮਝ। ਉਸ ਦੀ ਹੀ ਕ੍ਰਿਤਮਾ ਤੁਹਾਡੇ ਦੁਆਲੇ ਨੂੰ ਮੁਸਕਰਾ ਰਹੀ ਹੈ । ਤੇਰੇ ਲਈ ਇਹ ਹੈਰਾਨੀ ਹੈ, ਪਰ ਮੇਰੇ ਲਈ ਪੂਰਨ ਅਮਰ ਤਸੱਲੀ ਤੇ ਅਨੰਦ ਹੀ ਅਨੰਦ ਹੈ।
'ਮੈਂ ਇਸ ਅਨੰਦ ਤੋਂ ਐਵੇਂ ਹੀ ਚੰਗਾ ਹਾਂ, ਹੁਣ ਮਤਲਬ ਦੀ ਗੱਲ ਵਲ ਆ।'
'ਦੱਸੋ ਕਿਹੜੀ ਗੱਲ?
'ਉਹ। ਜਿਵੇਂ ਪਤਾ ਈ ਨਹੀਂ ਹੁੰਦਾ। ਓਹ! ਸਦਾ ਹਸੂੰ ਹਸੂੰ ਕਰਦੀ ਸੁਤੰਤਰ ਕਲੀ '
'ਦੋਸਤ ਕਦੇ ਕਿਸੇ ਨੂੰ ਕਟਵੇਂ ਸ਼ਬਦਾਂ ਨਾਲ ਯਾਦ ਕਰਨਾ ਆਪਣੇ ਹੀ ਸਦਾਚਾਰ ਨੂੰ ਜਖ਼ਮੀ ਕਰਨਾ ਏਂ। ਕਿਸੇ ਦੀ ਗੈਰ ਹਾਜ਼ਰੀ ਤੋਂ ਕਦੇ ਅਜਿਹਾ ਫ਼ਾਇਦਾ ਨਾ ਉਠਾਓ।
'ਮੈਂ ਉਸ ਨੂੰ ਬੁਰਾ ਨਹੀਂ ਕਿਹਾ।'
'ਤੁਹਾਨੂੰ ਪਤਾ ਹੈ, ਇਕ ਸੱਜਣ ਵੀ ਸੱਜਣ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਤੁਸਾਂ ਉਸ ਦਾ ਨਹੀਂ, ਮੇਰਾ ਤੇ ਉਸ ਪਿਛੋਂ ਆਪਣਾ ਹੀ ਅਪਮਾਨ ਕੀਤਾ ਹੈ।'
'ਓ ਛੱਡ ਪਰ੍ਹਾਂ ਅਪਮਾਨਾਂ ਨੂੰ। ਗੱਲ ਕਰ ਤਲਵੰਡੀ ਕਦੋਂ ਚਲੀਏ।'
'ਮਾਤਾ, ਗੁਰੂਦੇਵ ਤੇ ਪ੍ਰੇਮਿਕਾ ਨੂੰ ਜਿੰਨੀ ਵਾਰ ਮਿਲਿਆ ਜਾਵੇ ਥੋੜ੍ਹਾ ਹੈ। ਮੇਰੇ ਵਲੋਂ ਤੇ ਅੱਜ ਸ਼ਾਮ ਨੂੰ ਹੀ ਚਲੋ, ਕੀ ਪਾਲ ਤਲਵੰਡੀ ਹੀ ਹੈ।
'ਹੋਰ ਪੱਟੂਆ ਤੈਨੂੰ ਲੈ ਕੇ ਕਾਹਦੇ ਲਈ ਜਾਣਾ ਹੈ।
'ਤੇਰੇ ਸ਼ਬਦਾਂ ਵਿਚ ਮੇਰੀ ਪਾਲ ਨਾਲ ਵਾਕਫ਼ੀ ਇਕ ਸਦੀ ਜਿੰਨੀ ਵਿੱਥ ਰਖਦੀ ਹੈ। ਸਾਫ਼ ਤੇ ਚਿੱਟੇ ਸ਼ਬਦਾਂ ਵਿਚ ਤੇਰੀ ਦ੍ਰਿਸ਼ਟੀ ਮੈਨੂੰ ਇਕ ਬਦਮਾਸ਼ ਵੇਖ ਰਹੀ ਹੈ। ਤੂੰ ਨਹੀਂ ਜਾਣਦਾ ਕਿ ਪਾਲ ਇਕ ਅਨਮੋਲ ਹੀਰਾ ਹੈ।
'ਮੇਰਾ ਦੋਸਤ ਵੀ ਕੋਹਨੂਰ ਹੈ।'
'ਹੋਵੇਂਗਾ, ਪਰ ਜੇ ਤੇਰੀ ਨੀਯਤ ਮੇਰੀ ਬਾਬਤ ਸਾਫ਼ ਤੇ ਸੱਚੀ ਨਹੀਂ ਤਾਂ ਮੈਂ ਤੇਰੇ ਨਾਲ ਜਾਣਾ ਨਹੀਂ ਚਾਹੁੰਦਾ। ਤੂੰ ਇਕੱਲਾ ਹੀ ਚਲਿਆ ਜਾਹ।'
'ਬਾਬਾ! ਮੈਂ ਤੇਰਾ ਖਾਮੋਸ਼ ਪੈਰੋਕਾਰ ਹਾਂ। ਬਸ ਹੋਰ ਅੱਗੇ ਮੈਥੋਂ ਕੁਝ ਨਾ ਪੁੱਛੀ।'
'ਚੰਗਾ ਚਲ ਤੂੰ, ਮੈਂ ਤੈਨੂੰ ਤੇਰੇ ਘਰ ਹੀ ਆ ਕੇ ਮਿਲਦਾ ਹਾਂ।
ਸਤਿਨਾਮ ਚਲਿਆ ਗਿਆ। ਮੈਂ ਕਿਆਰੀਆਂ ਵਿਚੋਂ ਪਾਲ ਲਈ ਕਈ ਗੁਲਾਬ ਦੇ ਫੁੱਲ ਤੋੜੇ। ਕਈ ਪੂਰੇ ਖਿੜੇ ਤੇ ਕਈ ਅੱਧ ਖਿੜੇ। ਸਾਰਿਆਂ ਨੂੰ ਰੁਮਾਲ ਵਿਚ ਲਪੇਟ, ਦਾਤੀ ਚੁੱਕ ਕੇ ਮੈਂ ਵੀ ਘਰ ਨੂੰ ਤੁਰ ਆਇਆ।
ਘਰ ਆ ਕੇ ਪੰਪ ਵਿਚੋਂ ਪਾਣੀ ਕੱਢ ਕੇ ਨਹਾਉਣ ਲੱਗਾ। ਅੰਗ-ਅੰਗ ਨੂੰ ਮਲਿਆ, ਜਿਵੇਂ ਨੁਮਾਇਸ਼ ਤੇ ਜਾਣਾ ਹੋਵੇ । ਸਾਬਣ ਤੇਲ ਨਾਲ ਸਰੀਰ ਵਿਚ ਸੱਤਾ ਤੇ ਫੁਰਤੀ ਭਰ, ਕਪੜਿਆਂ ਦੇ ਉਦਾਲੇ ਹੋਇਆ। ਲੀਹਦਾਰ ਪਜਾਮਾ ਪਾਇਆ। ਬੋਸਕੀ ਦੀ ਕਮੀਜ਼ ਨਾਲ
ਪਿੰਡਾ ਸਜਾਇਆ। ਕੇਸਾਂ ਵਿਚ ਕੰਘਾ ਫੇਰ ਲਸੂੜੀ ਪੱਗ ਟਿੱਕੀ ਰੱਖ ਕੇ ਬੰਨ੍ਹੀ । ਚੰਗੀ ਤਰ੍ਹਾਂ ਸਜ ਕੇ ਮੈਂ ਸ਼ੀਸ਼ੇ ਸਾਹਮਣੇ ਆਇਆ। ਮੈਂ ਸ਼ੀਸ਼ਾ ਬਹੁਤ ਘੱਟ ਵੇਖਦਾ ਸਾਂ, ਕਿਉਂ ਕਿ ਮੈਂ ਕਿਤੇ ਪੜ੍ਹਿਆ ਸੀ ਕਿ ਸ਼ੀਸ਼ਾ ਬਹੁਤੀ ਵਾਰ ਮੁਖੜੇ ਦੀ ਆਬ ਖੋਹ ਲੈਂਦਾ ਹੈ। ਪਰ ਉਸ ਵੇਲੇ ਮੇਰਾ ਅੰਦਰਲਾ ਕਹਿ ਰਿਹਾ ਸੀ, ਕਿ ਮੈਂ ਅਜਿਹਾ ਸੋਹਣਾ ਕਦੇ ਬਹੁਤ ਘਟ ਹੋਇਆ ਹਾਂ। ਮੈਨੂੰ ਉਸ ਵੇਲੇ ਖ਼ਿਆਲ ਆਇਆ, ਸੁੰਦਰਤਾ ਤਾਂ ਅੰਦਰ ਹੈ, ਇਹ ਲੀੜੇ ਹੁਸਨ ਨਹੀਂ ਵਧਾਂਦੇ, ਫਿਰ ਇਹ ਵੇਲੇ ਵੇਲੇ ਕਿਉਂ ਪ੍ਰਗਟ ਹੁੰਦਾ ਹੈ? ਝਟ ਕੁ ਹੋਇਆ ਮੈਂ ਸਾਧਾਰਨ ਰੰਗ ਵਿਚ ਸਾਂ । ਪਰ ਹੁਣ ਹੁਸਨ ਜਵਾਨੀਆਂ ਦੀਆਂ ਹੱਦਾਂ ਸਲਾਮ ਕਰਨ ਲਈ ਆ ਖਲੋਤੀਆਂ ਹਨ। ਮੈਨੂੰ ਆਪਣੇ ਗੁਰੂਦੇਵ ਦਾ ਕਹਿਣਾ ਯਾਦ ਆਇਆ।
'ਜਿਸ ਵੇਲੇ ਮਨੁੱਖ ਆਪਣੇ ਪਿਆਰ ਨੂੰ ਇਕਾਗਰ ਚਿੱਤ ਯਾਦ ਕਰਦਾ ਹੈ। ਉਸ ਵੇਲੇ ਮਨ ਦੀਆਂ ਚੰਚਲ ਬਿਰਤੀਆਂ ਨਸ਼ਟ ਹੋ ਜਾਂਦੀਆਂ ਹਨ, ਪਾਪਾਂ ਦਾ ਪਰਦਾ ਤਾਰ ਤਾਰ ਹੋ ਜਾਂਦਾ ਹੈ। ਜਿਹੋ ਜਿਹੀ ਅਨੁਭਵਤਾ ਓਦੋਂ ਹੁੰਦੀ ਹੈ ; ਉਸ ਤਰ੍ਹਾਂ ਦੀ ਹੀ ਪੂਰੀ ਹੋ ਜਾਂਦੀ ਹੈ ।
ਮੇਰੀਆਂ ਸੁਭਾਵਕ ਮੁਸਕਾਣਾਂ ਹੁਸਨ ਜਵਾਨੀ ਨਸ਼ਈ ਬਣਾ ਦੇਂਦੀਆਂ ਸਨ। ਮੈਂ ਸਤਿਨਾਮ ਦੇ ਘਰ ਆਇਆ। ਉਹ ਮੇਰੇ ਵਲ ਵੇਖ ਕੇ ਹੈਰਾਨ ਵੀ ਹੋਇਆ ਤੇ ਮੁਸਕਰਾਇਆ ਵੀ। ਮੈਂ ਕਾਹਲਿਆਂ ਹੋ ਕੇ ਪੁਛਿਆ:
'ਕੀ ਗੱਲ ਦੋਸਤ! ਹੱਲ ਤੱਕ ਤਿਆਰ ਵੀ ਨਹੀਂ ਹੋਇਆ ?"
ਉਸ ਸਿਰ ਖੁਰਕਦਿਆਂ ਕੁਝ ਉਦਾਸ ਜਿਹਾ ਹੋ ਕੇ ਕਿਹਾ, 'ਮੁਸ਼ਕਲ ਇਹ ਹੈ ਕਿ ਮੈਂ ਅੱਜ ਜਾਂ ਨਹੀਂ ਸਕਦਾ, ਕਿਉਂਕਿ ਮੈਥੋਂ ਛੋਟਾ ਕੇਸਰ ਏਥੇ ਨਹੀਂ ਹੈ।
'ਅਜੇਹੀ ਚਾਲ ਓਪਰੇ ਨੂੰ ਬੇਵਕੂਫ ਬਣਾ ਸਕਦੀ ਹੈ।
ਸਤਿਨਾਮ ਨੂੰ ਆਪ ਤੇ ਜ਼ਬਤ ਨਾ ਕਿਹਾ ਤੇ ਝਟ ਹੀ ਉਸ ਦਾ ਹਾਸਾ ਨਿਕਲ ਗਿਆ ।
'ਬਲਬੀਰ। ਮੇਰੇ ਕੋਲ ਐਨੇ ਕੀਮਤੀ ਲੀੜੇ ਨਹੀਂ। ਸਹੁਰੇ ਉਥੇ ਮੇਰੇ ਹਨ, ਮੈਂ ਤੇਰੇ ਨਾਲ ਨਾਈ ਬਣ ਕੇ ਨਹੀਂ ਜਾਂ ਸਕਦਾ।'
'ਲੀੜੇ ਤੂੰ ਮੇਰੇ ਲੈ ਸਕਦਾ ਏ।
'ਮੈਂ ਤੇ ਅੱਜ ਤੇਰੇ ਜਿੰਨਾ ਸੁਹਣਾ ਵੀ ਨਹੀਂ।
'ਹੁੱਜਤਾਂ ਤਾਂ ਅੱਜ ਬਹੁਤ ਸੁਝਦੀਆਂ ਏਂ। ਆਪਣੀ ਵਾਰ ਛੇਤੀ ਹੀ ਚੀਕ ਉਠਦਾ ਹੁੰਦਾ ਏ।
'ਵਾਹ! ਜੁੱਤੀ ਵੱਲ ਧਿਆਨ ਹੀ ਨਹੀਂ ਮਾਰਿਆ ਹਰੀ ਮਖ਼ਮਲ ਤੇ ਸੁਨਹਿਰੀ ਤਿੱਲੇ ਦੇ ਇਹ ਬੂਟੇ ਵਾਹ ਸ਼ਾਨ! ਮਰ ਗਏ ਸਾਨੂੰ ਜੰਮਣ ਵਾਲੇ, ਅਸੀਂ ਵਿਆਹ ਵੀ ਗਏ, ਸਾਨੂੰ ਅਜਿਹੀ ਜੁੱਤੀ ਨਾ ਜੁੜੀ। ਜਿੰਦਣ ਤੂੰ ਵਿਆਹਿਆ ਜਾਵੇਂਗਾ, ਪਤਾ ਨਹੀਂ ਕਿੰਨੇ ਕੁ ਘਰ ਪੱਟੇਂਗਾ।