'ਤੈਨੂੰ ਇਨ੍ਹਾਂ ਨਿਕੰਮੀਆਂ ਜਿਹੀਆਂ ਗੱਲਾਂ ਵਿਚ ਕੀ ਸੁਆਦ ਆਉਂਦਾ ਹੈ। ਭਲਾ ਇਕ ਗਿੱਠ ਹਿਰਦੇ ਵਿਚ ਕੀ ਕੁਝ ਸਮਾ ਸਕਦਾ ਹੈ।
'ਸਤਿਨਾਮ! ਇਸ ਛੋਟੇ ਹਿਰਦੇ ਨੂੰ ਮਹਾਂ ਸ਼ਕਤੀ ਦਾ ਅਕਾਰ ਸਮਝ। ਉਸ ਦੀ ਹੀ ਕ੍ਰਿਤਮਾ ਤੁਹਾਡੇ ਦੁਆਲੇ ਨੂੰ ਮੁਸਕਰਾ ਰਹੀ ਹੈ । ਤੇਰੇ ਲਈ ਇਹ ਹੈਰਾਨੀ ਹੈ, ਪਰ ਮੇਰੇ ਲਈ ਪੂਰਨ ਅਮਰ ਤਸੱਲੀ ਤੇ ਅਨੰਦ ਹੀ ਅਨੰਦ ਹੈ।
'ਮੈਂ ਇਸ ਅਨੰਦ ਤੋਂ ਐਵੇਂ ਹੀ ਚੰਗਾ ਹਾਂ, ਹੁਣ ਮਤਲਬ ਦੀ ਗੱਲ ਵਲ ਆ।'
'ਦੱਸੋ ਕਿਹੜੀ ਗੱਲ?
'ਉਹ। ਜਿਵੇਂ ਪਤਾ ਈ ਨਹੀਂ ਹੁੰਦਾ। ਓਹ! ਸਦਾ ਹਸੂੰ ਹਸੂੰ ਕਰਦੀ ਸੁਤੰਤਰ ਕਲੀ '
'ਦੋਸਤ ਕਦੇ ਕਿਸੇ ਨੂੰ ਕਟਵੇਂ ਸ਼ਬਦਾਂ ਨਾਲ ਯਾਦ ਕਰਨਾ ਆਪਣੇ ਹੀ ਸਦਾਚਾਰ ਨੂੰ ਜਖ਼ਮੀ ਕਰਨਾ ਏਂ। ਕਿਸੇ ਦੀ ਗੈਰ ਹਾਜ਼ਰੀ ਤੋਂ ਕਦੇ ਅਜਿਹਾ ਫ਼ਾਇਦਾ ਨਾ ਉਠਾਓ।
'ਮੈਂ ਉਸ ਨੂੰ ਬੁਰਾ ਨਹੀਂ ਕਿਹਾ।'
'ਤੁਹਾਨੂੰ ਪਤਾ ਹੈ, ਇਕ ਸੱਜਣ ਵੀ ਸੱਜਣ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਤੁਸਾਂ ਉਸ ਦਾ ਨਹੀਂ, ਮੇਰਾ ਤੇ ਉਸ ਪਿਛੋਂ ਆਪਣਾ ਹੀ ਅਪਮਾਨ ਕੀਤਾ ਹੈ।'
'ਓ ਛੱਡ ਪਰ੍ਹਾਂ ਅਪਮਾਨਾਂ ਨੂੰ। ਗੱਲ ਕਰ ਤਲਵੰਡੀ ਕਦੋਂ ਚਲੀਏ।'
'ਮਾਤਾ, ਗੁਰੂਦੇਵ ਤੇ ਪ੍ਰੇਮਿਕਾ ਨੂੰ ਜਿੰਨੀ ਵਾਰ ਮਿਲਿਆ ਜਾਵੇ ਥੋੜ੍ਹਾ ਹੈ। ਮੇਰੇ ਵਲੋਂ ਤੇ ਅੱਜ ਸ਼ਾਮ ਨੂੰ ਹੀ ਚਲੋ, ਕੀ ਪਾਲ ਤਲਵੰਡੀ ਹੀ ਹੈ।
'ਹੋਰ ਪੱਟੂਆ ਤੈਨੂੰ ਲੈ ਕੇ ਕਾਹਦੇ ਲਈ ਜਾਣਾ ਹੈ।
'ਤੇਰੇ ਸ਼ਬਦਾਂ ਵਿਚ ਮੇਰੀ ਪਾਲ ਨਾਲ ਵਾਕਫ਼ੀ ਇਕ ਸਦੀ ਜਿੰਨੀ ਵਿੱਥ ਰਖਦੀ ਹੈ। ਸਾਫ਼ ਤੇ ਚਿੱਟੇ ਸ਼ਬਦਾਂ ਵਿਚ ਤੇਰੀ ਦ੍ਰਿਸ਼ਟੀ ਮੈਨੂੰ ਇਕ ਬਦਮਾਸ਼ ਵੇਖ ਰਹੀ ਹੈ। ਤੂੰ ਨਹੀਂ ਜਾਣਦਾ ਕਿ ਪਾਲ ਇਕ ਅਨਮੋਲ ਹੀਰਾ ਹੈ।
'ਮੇਰਾ ਦੋਸਤ ਵੀ ਕੋਹਨੂਰ ਹੈ।'
'ਹੋਵੇਂਗਾ, ਪਰ ਜੇ ਤੇਰੀ ਨੀਯਤ ਮੇਰੀ ਬਾਬਤ ਸਾਫ਼ ਤੇ ਸੱਚੀ ਨਹੀਂ ਤਾਂ ਮੈਂ ਤੇਰੇ ਨਾਲ ਜਾਣਾ ਨਹੀਂ ਚਾਹੁੰਦਾ। ਤੂੰ ਇਕੱਲਾ ਹੀ ਚਲਿਆ ਜਾਹ।'
'ਬਾਬਾ! ਮੈਂ ਤੇਰਾ ਖਾਮੋਸ਼ ਪੈਰੋਕਾਰ ਹਾਂ। ਬਸ ਹੋਰ ਅੱਗੇ ਮੈਥੋਂ ਕੁਝ ਨਾ ਪੁੱਛੀ।'
'ਚੰਗਾ ਚਲ ਤੂੰ, ਮੈਂ ਤੈਨੂੰ ਤੇਰੇ ਘਰ ਹੀ ਆ ਕੇ ਮਿਲਦਾ ਹਾਂ।
ਸਤਿਨਾਮ ਚਲਿਆ ਗਿਆ। ਮੈਂ ਕਿਆਰੀਆਂ ਵਿਚੋਂ ਪਾਲ ਲਈ ਕਈ ਗੁਲਾਬ ਦੇ ਫੁੱਲ ਤੋੜੇ। ਕਈ ਪੂਰੇ ਖਿੜੇ ਤੇ ਕਈ ਅੱਧ ਖਿੜੇ। ਸਾਰਿਆਂ ਨੂੰ ਰੁਮਾਲ ਵਿਚ ਲਪੇਟ, ਦਾਤੀ ਚੁੱਕ ਕੇ ਮੈਂ ਵੀ ਘਰ ਨੂੰ ਤੁਰ ਆਇਆ।
ਘਰ ਆ ਕੇ ਪੰਪ ਵਿਚੋਂ ਪਾਣੀ ਕੱਢ ਕੇ ਨਹਾਉਣ ਲੱਗਾ। ਅੰਗ-ਅੰਗ ਨੂੰ ਮਲਿਆ, ਜਿਵੇਂ ਨੁਮਾਇਸ਼ ਤੇ ਜਾਣਾ ਹੋਵੇ । ਸਾਬਣ ਤੇਲ ਨਾਲ ਸਰੀਰ ਵਿਚ ਸੱਤਾ ਤੇ ਫੁਰਤੀ ਭਰ, ਕਪੜਿਆਂ ਦੇ ਉਦਾਲੇ ਹੋਇਆ। ਲੀਹਦਾਰ ਪਜਾਮਾ ਪਾਇਆ। ਬੋਸਕੀ ਦੀ ਕਮੀਜ਼ ਨਾਲ
ਪਿੰਡਾ ਸਜਾਇਆ। ਕੇਸਾਂ ਵਿਚ ਕੰਘਾ ਫੇਰ ਲਸੂੜੀ ਪੱਗ ਟਿੱਕੀ ਰੱਖ ਕੇ ਬੰਨ੍ਹੀ । ਚੰਗੀ ਤਰ੍ਹਾਂ ਸਜ ਕੇ ਮੈਂ ਸ਼ੀਸ਼ੇ ਸਾਹਮਣੇ ਆਇਆ। ਮੈਂ ਸ਼ੀਸ਼ਾ ਬਹੁਤ ਘੱਟ ਵੇਖਦਾ ਸਾਂ, ਕਿਉਂ ਕਿ ਮੈਂ ਕਿਤੇ ਪੜ੍ਹਿਆ ਸੀ ਕਿ ਸ਼ੀਸ਼ਾ ਬਹੁਤੀ ਵਾਰ ਮੁਖੜੇ ਦੀ ਆਬ ਖੋਹ ਲੈਂਦਾ ਹੈ। ਪਰ ਉਸ ਵੇਲੇ ਮੇਰਾ ਅੰਦਰਲਾ ਕਹਿ ਰਿਹਾ ਸੀ, ਕਿ ਮੈਂ ਅਜਿਹਾ ਸੋਹਣਾ ਕਦੇ ਬਹੁਤ ਘਟ ਹੋਇਆ ਹਾਂ। ਮੈਨੂੰ ਉਸ ਵੇਲੇ ਖ਼ਿਆਲ ਆਇਆ, ਸੁੰਦਰਤਾ ਤਾਂ ਅੰਦਰ ਹੈ, ਇਹ ਲੀੜੇ ਹੁਸਨ ਨਹੀਂ ਵਧਾਂਦੇ, ਫਿਰ ਇਹ ਵੇਲੇ ਵੇਲੇ ਕਿਉਂ ਪ੍ਰਗਟ ਹੁੰਦਾ ਹੈ? ਝਟ ਕੁ ਹੋਇਆ ਮੈਂ ਸਾਧਾਰਨ ਰੰਗ ਵਿਚ ਸਾਂ । ਪਰ ਹੁਣ ਹੁਸਨ ਜਵਾਨੀਆਂ ਦੀਆਂ ਹੱਦਾਂ ਸਲਾਮ ਕਰਨ ਲਈ ਆ ਖਲੋਤੀਆਂ ਹਨ। ਮੈਨੂੰ ਆਪਣੇ ਗੁਰੂਦੇਵ ਦਾ ਕਹਿਣਾ ਯਾਦ ਆਇਆ।
'ਜਿਸ ਵੇਲੇ ਮਨੁੱਖ ਆਪਣੇ ਪਿਆਰ ਨੂੰ ਇਕਾਗਰ ਚਿੱਤ ਯਾਦ ਕਰਦਾ ਹੈ। ਉਸ ਵੇਲੇ ਮਨ ਦੀਆਂ ਚੰਚਲ ਬਿਰਤੀਆਂ ਨਸ਼ਟ ਹੋ ਜਾਂਦੀਆਂ ਹਨ, ਪਾਪਾਂ ਦਾ ਪਰਦਾ ਤਾਰ ਤਾਰ ਹੋ ਜਾਂਦਾ ਹੈ। ਜਿਹੋ ਜਿਹੀ ਅਨੁਭਵਤਾ ਓਦੋਂ ਹੁੰਦੀ ਹੈ ; ਉਸ ਤਰ੍ਹਾਂ ਦੀ ਹੀ ਪੂਰੀ ਹੋ ਜਾਂਦੀ ਹੈ ।
ਮੇਰੀਆਂ ਸੁਭਾਵਕ ਮੁਸਕਾਣਾਂ ਹੁਸਨ ਜਵਾਨੀ ਨਸ਼ਈ ਬਣਾ ਦੇਂਦੀਆਂ ਸਨ। ਮੈਂ ਸਤਿਨਾਮ ਦੇ ਘਰ ਆਇਆ। ਉਹ ਮੇਰੇ ਵਲ ਵੇਖ ਕੇ ਹੈਰਾਨ ਵੀ ਹੋਇਆ ਤੇ ਮੁਸਕਰਾਇਆ ਵੀ। ਮੈਂ ਕਾਹਲਿਆਂ ਹੋ ਕੇ ਪੁਛਿਆ:
'ਕੀ ਗੱਲ ਦੋਸਤ! ਹੱਲ ਤੱਕ ਤਿਆਰ ਵੀ ਨਹੀਂ ਹੋਇਆ ?"
ਉਸ ਸਿਰ ਖੁਰਕਦਿਆਂ ਕੁਝ ਉਦਾਸ ਜਿਹਾ ਹੋ ਕੇ ਕਿਹਾ, 'ਮੁਸ਼ਕਲ ਇਹ ਹੈ ਕਿ ਮੈਂ ਅੱਜ ਜਾਂ ਨਹੀਂ ਸਕਦਾ, ਕਿਉਂਕਿ ਮੈਥੋਂ ਛੋਟਾ ਕੇਸਰ ਏਥੇ ਨਹੀਂ ਹੈ।
'ਅਜੇਹੀ ਚਾਲ ਓਪਰੇ ਨੂੰ ਬੇਵਕੂਫ ਬਣਾ ਸਕਦੀ ਹੈ।
ਸਤਿਨਾਮ ਨੂੰ ਆਪ ਤੇ ਜ਼ਬਤ ਨਾ ਕਿਹਾ ਤੇ ਝਟ ਹੀ ਉਸ ਦਾ ਹਾਸਾ ਨਿਕਲ ਗਿਆ ।
'ਬਲਬੀਰ। ਮੇਰੇ ਕੋਲ ਐਨੇ ਕੀਮਤੀ ਲੀੜੇ ਨਹੀਂ। ਸਹੁਰੇ ਉਥੇ ਮੇਰੇ ਹਨ, ਮੈਂ ਤੇਰੇ ਨਾਲ ਨਾਈ ਬਣ ਕੇ ਨਹੀਂ ਜਾਂ ਸਕਦਾ।'
'ਲੀੜੇ ਤੂੰ ਮੇਰੇ ਲੈ ਸਕਦਾ ਏ।
'ਮੈਂ ਤੇ ਅੱਜ ਤੇਰੇ ਜਿੰਨਾ ਸੁਹਣਾ ਵੀ ਨਹੀਂ।
'ਹੁੱਜਤਾਂ ਤਾਂ ਅੱਜ ਬਹੁਤ ਸੁਝਦੀਆਂ ਏਂ। ਆਪਣੀ ਵਾਰ ਛੇਤੀ ਹੀ ਚੀਕ ਉਠਦਾ ਹੁੰਦਾ ਏ।
'ਵਾਹ! ਜੁੱਤੀ ਵੱਲ ਧਿਆਨ ਹੀ ਨਹੀਂ ਮਾਰਿਆ ਹਰੀ ਮਖ਼ਮਲ ਤੇ ਸੁਨਹਿਰੀ ਤਿੱਲੇ ਦੇ ਇਹ ਬੂਟੇ ਵਾਹ ਸ਼ਾਨ! ਮਰ ਗਏ ਸਾਨੂੰ ਜੰਮਣ ਵਾਲੇ, ਅਸੀਂ ਵਿਆਹ ਵੀ ਗਏ, ਸਾਨੂੰ ਅਜਿਹੀ ਜੁੱਤੀ ਨਾ ਜੁੜੀ। ਜਿੰਦਣ ਤੂੰ ਵਿਆਹਿਆ ਜਾਵੇਂਗਾ, ਪਤਾ ਨਹੀਂ ਕਿੰਨੇ ਕੁ ਘਰ ਪੱਟੇਂਗਾ।
'ਬਾਬਾ ਐਨੀ ਕਾਹਲੀਆਂ ਕਿਉਂ ਕਰਦਾ ਏਂ, ਠਹਿਰ ਤਾਂ ਜਾਹ। ਅਜੇ ਹੁਣੇ ਚਾਦਰਾ ਧੋ ਕੇ ਸੁਕਣੇ ਪਾਇਆ ਹੈ, ਜੇ ਸੁੱਕ ਗਿਆ ਹੋਵੇ। ਮੈਨੂੰ ਪਤੈ ਜਦੋਂ ਕਿਸੇ ਸੱਜਣੀ ਨੂੰ ਮਿਲਣਾ ਹੋਵੇ, ਅੰਗ-ਅੰਗ ਬਲ ਉਠਦਾ ਹੈ।'
'ਤੂੰ ਬੜਾ ਖੋਚਰ ਹੁੰਦਾ ਜਾਂਦਾ ਏਂ।
ਇਕ ਪ੍ਰਕਾਰ ਕਾਫ਼ੀ ਚਿਰ ਪਿਛੋਂ ਸਤਿਨਾਮ ਮਸਾਂ ਘਰੋਂ ਨਿਕਲਿਆ। ਰਾਹ ਵਿਚ ਸਤਿਨਾਮ ਜਾਣ ਦੇ ਪਿਛੇ ਰਹਿ ਕੇ ਬੋਲਿਆ, 'ਅੱਗੇ ਤਾਂ ਮੌਲੇ ਬਲਦ ਵਾਂਗ ਝੂਲ-ਝੂਲ ਤੁਰਦਾ ਹੁੰਦਾ ਸੈਂ, ਅੱਜ ਤੇਰੇ ਵਿਚ ਲੋਹੜੇ ਦੀ ਤੇਜ਼ੀ ਕਿਥੋਂ ਆ ਗਈ। ਸ਼ਾਇਦ ਕੋਈ ਖਿੱਚ ਰਿਹਾ ਹੈ।
ਮੈਂ ਚੁੱਪ-ਚਾਪ ਸਤਿਨਾਮ ਦੀਆਂ ਹਸਾਉਣੀਆਂ ਹਰਕਤਾਂ ਸੁਣਦਾ ਤੇ ਵਿਹੰਦਾ ਰਿਹਾ। ਫਿਰ ਉਹ ਕਵਾਲੀ ਗਾਉਣ ਲਗ ਪਿਆ :- ਦਿਲ ਮੇਰੇ ਵਿਚ ਵਸਦੀ, ਤੇਰੀ ਇਕ ਤਸਵੀਰ ਨੀ।
ਰਾਂਝਾ ਮੈਂ ਹਜ਼ਾਰੇ ਦਾ, ਤੂੰ ਸਿਆਲੀ ਹੀਰ ਨੀ।
ਅੱਖਾਂ ਦੇ ਵਿਚ ਆਜਜ਼ੀ, ਦਿਲ ਦੇ ਵਿਚ ਹੈ ਤੜਪਨਾਂ,
ਭਿੱਛਿਆ ਪਾਵੀਂ ਪ੍ਰੇਮ ਦੀ, ਦਰ ਤੇ ਖੜਾ ਫ਼ਕੀਰ ਨੀਂ।
ਮੁੱਖ ਤੇਰੇ ਨੂੰ ਤਰਸਦੇ ਅੱਥਰੂ ਭਰ ਨੈਣ ਇਹ,
ਵਾਸਤਾ ਭਗਵਾਨ ਦਾ, ਮੁੱਖ ਤੋਂ ਲਾਹ ਦੇ ਚੀਰ ਨੀ।
ਆਪਣੇ ਨੂੰ ਆਪਣਾ, ਸੁਹਣੀਏ ਬਣਾ ਲਵੀਂ,
ਤੇਰਾ ਹੀ ਜਦ ਹੋ ਗਿਆ, ਫਿਰ ਕੀ ਜੱਗ ਨਾਲ ਸੀਰ ਨੀ।
ਮੇਰਾ ਤਾਂ ਭਗਵਾਨ ਤੂੰ, ਮੇਰਾ ਦੀਨ ਈਮਾਨ ਤੂੰ,
ਤੇਰਾ ਹੀ ਰਹਾਂਗਾ ਹੁਣ, ਪੱਥਰ ਤੇ ਲਕੀਰ ਨੀ।
ਗਾਉਣ ਦੇ ਸਾਰੇ ਇਸ਼ਾਰੇ ਸਤਿਨਾਮ ਮੇਰੇ ਵਲ ਕਰਦਾ ਰਿਹਾ, ਜਿਵੇਂ ਮੈਂ ਫ਼ਕੀਰ ਬਣ ਕੇ ਉਹਦੇ ਦਰਸ਼ਨਾਂ ਨੂੰ ਚਲਿਆ ਸਾਂ। ਕਾਵਿ ਲੈਅ ਦੇ ਖ਼ਾਤਮੇ ਤੇ ਆ ਕੇ ਉਹ ਮਾਹਰ ਗਾਇਕਾਂ ਵਾਂਗ ਬਾਂਹ ਕੱਢ ਕੇ ਦੂਹਰਾ ਹੋ ਜਾਂਦਾ। ਅਸੀਂ ਸਾਰਾ ਰਾਹ ਬੜਾ ਹੱਸਦਿਆਂ ਖੇਲਦਿਆਂ ਮੁਕਾਇਆ। ਹਰ ਜਵਾਨ ਸਾਧ ਦਾ ਫ਼ਾਇਦਾ ਹੀ ਕੀ ਹੁੰਦਾ ਹੈ। ਪਿੰਡ ਵੜਨ ਲਗਿਆ ਅਸਾਂ ਜੁੱਤੀਆਂ ਝਾੜੀਆਂ ਅਤੇ ਮੁੱਛਾਂ ਨੂੰ ਤਾਅ ਦੇ ਕੁੰਡ ਪਾਏ। ਮਤਾ ਕੋਈ ਨੁਕਸ ਕੱਢ ਦੇਵੇ । ਸਹੁਰੀਂ ਗਏ ਇਕ ਜਵਾਨ ਮੁੰਡੇ ਵਿਚ ਜੇ ਕੋਈ ਨੁਕਸ ਕੱਢ ਦੇਵੇ, ਤਾਂ ਸਮਝੋ ਸਿਰ ਹੀ ਵਢਿਆ ਗਿਆ। ਘਰ ਪੁੱਜ ਕੇ ਸਤਿਨਾਮ ਨੇ ਆਪਣੀ ਸੱਸ ਨੂੰ ਮੱਥਾ ਟੇਕਿਆ। ਮੈਂ ਵੀ ਪਿਆਰ ਲੈਣ ਦਾ ਮਾਰਿਆ ਨਾਲ ਝੁਕ ਗਿਆ। ਸਤਿਨਾਮ ਦੀ ਪਤਨੀ ਤਾਰੋ ਮੈਨੂੰ ਵੇਖ ਕੇ ਹੱਸ ਪਈ। ਤਾਰੋ ਦੀ ਮਾਂ ਅੰਦਰੋਂ ਮੰਜੇ ਤੇ ਲੀੜੇ ਵਿਛਾਉਣ ਲਈ ਲੈਣ ਗਈ। ਮੈਂ ਤਾਰੋ ਨੂੰ ਸਿਰ ਝੁਕਾਂਦਿਆਂ ਕਿਹਾ, 'ਸਲਾਮ ਕਹਿੰਦਾ ਹਾਂ ਭਾਬੀ ਜੀ!'
'ਹਟਦਾ ਨਹੀਂ ਮਖੌਲ ਕਰਨੋਂ'! ਕੁੜੀਆਂ ਤੋਂ ਕੁਟਵਾਵਾਂਗੀ ਤੇ ਛੀਨਾ ਏਥੋਂ ਦੂਰ ਹੈ।
'ਫੁੱਲ ਭਾਵੇਂ ਕਿੱਡੀ ਜ਼ੋਰ ਦੀ ਵੱਜਣ, ਜਖਮ ਨਹੀਂ ਕਰਦੇ ਭਾਬੀ।
'ਚੰਗਾ ਠਹਿਰ ਫਿਰ ਥੋੜ੍ਹਾ ਚਿਰ।
'ਰਾਤ ਰਹਿਣਾ ਹੈ ਥੋੜ੍ਹੇ ਚਿਰ ਦਾ ਕੀ ਮਤਲਬ।
ਉਸ ਦੀ ਮਾਂ ਨੇ ਮੰਜੇ ਤੇ ਪਹਿਲੋਂ ਦਰੀ ਸੱਟੀ ਤੇ ਉਸ ਪਿੱਛੋਂ ਹਰੀਆਂ ਵੇਲਾਂ ਵਾਸੀ ਵਛਾਈ ਕੱਢੀ। ਇਕ ਸਿਰਹਾਣਾ ਦਿੱਤਾ ਗਿਆ, ਜਿਸ ਉਤੇ ਹਵਾਈ ਜਹਾਜ਼ ਕੱਢਿਆ ਸੀ, ਜਿਸ ਨੂੰ ਉਹਨਾਂ ਦਾ ਇਕ ਸ਼ੈਲੀ ਮੁੰਡਾ 'ਬਾਲੋ ਬਾਲੋ' ਕਹਿ ਕੇ ਬੁਲਾਂਦਾ ਸੀ, ਸਿਰਹਾਣੇ ਦੀ ਕਢਾਈ ਦੇ ਤੋਪੇ ਦਸਦੇ ਹਨ ਕਿ ਕੱਢਣ ਵਾਲੀ ਸਚਿਆਰੀ ਹੈ। ਰਕਾਣਾਂ ਦੇ ਹੱਥ ਕਾਹਨੂੰ ਰਲਦੇ ਹਨ। ਤਾਰੋ ਨੇ ਦੋ ਛੰਨੇ ਦੁੱਧ ਦੇ ਕਾੜ੍ਹਨੀ 'ਚੋਂ ਕੱਢੇ ਤੇ ਤਰਾਤਰੀ ਖੰਡ ਪਾ ਕੇ ਸਾਡੇ ਅੱਗੇ ਲਿਆ ਰੱਖੇ।
ਕੌਣ ਪੀਵੇਗਾ ਏਨਾ ਦੁੱਧ ?'
'ਜਿਸ ਕੁੱਟ ਖਾਣੀ ਹੈ?" ਤਾਰੋ ਨੇ ਉੱਤਰ ਦਿੱਤਾ।
'ਮੈਂ ਤਾਂ ਛੱਡਣਾ ਨਹੀਂ, ਮੇਰਾ ਹਿੱਸਾ ਪਿਆ ਰਹੇ।' ਸਤਿਨਾਮ ਨੇ ਜੁੱਤੀ ਲਾਹਦਿਆਂ ਕਿਹਾ।
ਮੁੜ ਤਾਰੋ ਨੇ ਆਪਣੀ ਮਾਂ ਨੂੰ ਕਿਹਾ, 'ਇਹ ਜਿਹੜਾ ਬਲਬੀਰ ਹੈ ਮਾਂ ਜੀ। ਮੈਨੂੰ ਮਖੌਲਾਂ ਮੂੰਹ ਗੱਲ ਨਹੀਂ ਓਥੇ ਕਰਨ ਦਿੰਦਾ। ਮੈਂ ਵੀ ਇਸ ਨਾਲ ਹੁਣ ਉੱਨੀ ਇੱਕੀ ਕਰਵਾਵਾਂਗੀ।'
ਉਸ ਦੀ ਮਾਂ ਨੇ ਆਖਿਆ, 'ਨਾ ਕੁੜੀਏ। ਘਰ ਆਇਆਂ ਨਾਲ ਨਹੀਂ ਇਉਂ ਕਰੀਦੀ।
'ਤੂੰ ਮਾਂ ਜੀ ਵੇਖ ਤਾਂ ਸਹੀ ਮੈਂ ਹੁਣੇ ਲਿਆਉਂਦੀ ਹਾਂ, ਮਿੱਡੀ ਹੋਰਾਂ ਨੂੰ ਸਦ ਕੇ?
ਉਹ ਉਦੋਂ ਹੀ ਘਰੋਂ ਨਿਕਲ ਗਈ। ਸਤਿਨਾਮ ਦੇ ਸਹੁਰਿਆਂ ਦਾ ਘਰ ਚੁਰਸਤੇ ਵਿਚ ਸੀ। ਸਤਿਨਾਮ ਨੇ ਮੁਸਕਰਾਂਦਿਆਂ ਕਿਹਾ, 'ਰੱਬ ਵੇਖੀਏ ਕੀ ਵਿਖਾਉਂਦਾ ਏ, ਇਨ੍ਹਾਂ ਕੁਆਰੀਆਂ ਦੇ ਅਲੂਕਾਰ ਵਿਚੋਂ।
'ਚਲ ਆ ਆਪਾਂ ਬਾਹਰ ਫਿਰ ਤੁਰ ਆਈਏ।
"ਚਲ ਭਰਾ। ਜੇ ਜਵਾਨੀ ਨੂੰ ਕੋਈ ਨਾ ਵੇਖੇ ਤਾਂ ਉਸ ਦਾ ਦਿਲ ਟੁੱਟ ਜਾਂਦਾ ਹੈ; ਪਰ ਤੂੰ ਉਡੀਕ ਕਰ, ਵੇਖਣ ਵਾਲੀਆਂ ਰੂਹਾਂ ਏਥੇ ਈ ਆ ਜਾਣਗੀਆਂ।
ਏਨੇ ਨੂੰ ਚਾਰ ਪੰਜ ਕੁੜੀਆਂ ਮਿੱਡੀ ਤੇ ਦਿਆਲੀ ਹੋਰੀਂ ਆ ਗਈਆਂ ਤੇ ਸਾਰੀਆਂ ਨੇ ਫੌਜੀਆਂ ਵਾਂਗ ਮਿਥ ਕੇ ਸਲੂਟ ਕੀਤਾ। ਮੈਂ ਤੇ ਸਤਿਨਾਮ ਮੁਸਕਰਾਂਦੇ ਰਹੇ। ਸਤਿਨਾਮ ਨੇ ਇਕ ਖਚਰੇ ਇਸਾਰੇ ਨਾਲ ਇਕ ਪ੍ਰਕਾਰ ਖੁਲ੍ਹ ਦੇ ਦਿੱਤੀ। ਦਿਆਲੀ ਨੇ ਮਿੱਡੀ ਨੂੰ ਆਖਿਆ, 'ਜੇ ਤੇਰਾ ਬਲਬੀਰ ਨਾਲ ਵਿਆਹ ਹੋ ਜਾਵੇ।
'ਬੂਥਾ ਇਸ ਦਾ ਮੈਨੂੰ ਵਿਆਹ ਵਾਲਾ ਦੀਂਹਦਾ ਹੈ। ਵੇਖ ਨੀ ਵਿਆਹ ਦੇ ਨਾਂ ਤੇ ਕਿਵੇਂ ਨਾਸਾਂ ਫਲਾਉਂਦਾ ਏ।
ਮੈਨੂੰ ਵੀ ਮਜਬੂਰ ਬੋਲਣਾ ਹੀ ਪਿਆ, 'ਤੂੰ ਆਦਮੀ ਨਾਲ ਕਾਹਨੂੰ ਵਿਆਹ ਕਰਵਾਉਣਾ ਏਂ, ਬੂਥੇ ਨਾਲ ਹੀ ਕਰਵਾਈ'
'ਇਹ ਜੁੱਤੀ ਕੀਹਦੀ ਮੰਗ ਕੇ ਲਿਆਇਆ ਏ?'
'ਸਰਦਾਰ ਅਤਰ ਸਿੰਘ ਨੌਂ ਫੁੱਟੇ ਦੀ।
ਮਿੱਡੀ ਇਕ ਦਮ ਚੁੱਪ ਹੋ ਗਈ। ਕਿਉਂਕਿ ਮੇਰੇ ਨਾਨਕੀ ਇਕ ਨਿੱਕੇ ਜਿਹੇ ਅਤਰ ਮੁੰਡੇ ਨਾਲ ਮਿੱਡੀ ਮੰਗੀ ਹੋਈ ਸੀ । ਏਧਰੋਂ ਇਸ ਦੀ ਮੰਗਣੀ ਬਾਰੇ ਸਤਿਨਾਮ ਨੇ ਮੈਨੂੰ ਪਹਿਲੋਂ ਹੀ ਦਸ ਦਿੱਤਾ ਸੀ। ਉਸ ਨੂੰ ਬੜਾ ਗੁੱਸਾ ਆਇਆ, ਮੈਂ ਮੌਕਾ ਪਾ ਕੇ, ਫਿਰ ਕਿਹਾ, 'ਮੈਨੂੰ ਤਾਂ ਸਭ ਕੁਝ ਤਾਰੋ ਨੇ ਦੱਸਿਆ ਹੈ।
ਮਿੱਡੀ ਤਾਰੋ ਦੇ ਗਲ੍ਹ ਪੈ ਗਈ। ਮੈਂ ਅੰਦਰੇ ਅੰਦਰ ਲੱਗਾ ਹੱਸਣ। ਤਾਰੋ ਨੇ ਉਸ ਨੂੰ ਸਮਝਾਂਦਿਆਂ ਕਿਹਾ, 'ਅੰਨ੍ਹੀਏ। ਆਪਾਂ ਨੂੰ ਲੜਾਉਣ ਦਾ ਮਾਰਿਆ ਕਹਿੰਦਾ ਏ।'
ਮੈਂ ਵਿਚੋਂ ਹੀ ਇਕ ਹੋਰ ਚਲਾ ਦਿਤੀ।
'ਤਾਰੋ ਤੂੰ ਦਸਿਆ ਨਹੀਂ, ਮੈਨੂੰ ਇਸ ਦੇ ਸਹੁਰੇ ਦਾ ਅਤੇ ਇਸ ਦੀ ਸੱਸ ਦਾ ਨਾਂ, ਜੋ ਲੱਤੋਂ ਲੰਞੀ ਹੈ ਹੋਰ ਕੁਝ ਦਸਾਂ ?'
ਮੈਨੂੰ ਇਸ ਗੱਲ ਦਾ ਨਾਨਕਿਆ ਦੇ ਸਬੰਧ ਕਰਕੇ ਪਤਾ ਸੀ। ਮਿੱਡੀ ਦੇ ਤਾਂ ਭਾ ਦੀ ਬਣ ਗਈ, ਜਦੋਂ ਮੈਂ ਜੋਤਸ਼ੀਆਂ ਵਾਂਗ ਸੱਚੀਆਂ ਦੱਸਣ ਲੱਗਾ। ਮਿੱਡੀ ਗੁੱਸੇ ਨਾਲ ਭਰੀ ਚਲੀ ਗਈ ਤੇ ਮੇਰਾ ਮਗਰੋਂ ਖੂਬ ਹਾਸਾ ਨਿਕਲਿਆ। ਸਤਿਨਾਮ ਗੁੱਝਾ-ਗੁੱਝਾ ਹੋਰ ਹੀ ਕਿਸੇ ਨੂੰ ਵੇਖੀ ਜਾ ਰਿਹਾ ਸੀ। ਇਕ ਕੁੜੀ ਦੇ ਨੈਣ ਸਾਫ਼ ਸ਼ਰਾਬੀ ਪਿਆਲੇ ਹੀ ਦਿਸਦੇ ਸਨ। ਮੈਨੂੰ ਨਹੀਂ ਸੀ ਪਤਾ ਕਿ ਮੇਰੇ ਬੇ-ਧਿਆਨੇ ਹੋਣ ਕਰਕੇ ਸਤਿਨਾਮ ਕਿੰਨੀ ਕੁ ਪੀ ਕੇ ਸ਼ਰਾਬੀ ਹੋ ਗਿਆ ਹੈ। ਜਦੋਂ ਮੈਂ ਉਹਨਾਂ ਨੈਣਾਂ ਨੂੰ ਤੱਕਿਆ। ਇਕ ਵਾਰ ਹੀ 'ਝਰਲ' ਕਰਦੀ ਨਸ਼ੀਲੀ ਹਰਕਤ ਮੈਨੂੰ ਬੇਵਸ ਜਿਹਾ ਕਰ ਗਈ। ਜਦੋਂ ਉਸ ਨੇ ਦੇਖਿਆ, ਉਸ ਝਟ ਸ਼ਰਮ ਨਾਲ ਕੰਬ ਕੇ ਨੀਵੀਂ ਪਾ ਲਈ, ਆਹ ਲਾਜਵੰਤੀ। ਕੁਆਰੀਆਂ ਕੁੜੀਆਂ ਦੀ ਪਵਿੱਤਰਤਾ ਕੇਵਲ ਸ਼ਰਮ ਤੇ ਉਸ ਦਾ ਅਹਿਸਾਸ। ਕੁੜੀਆਂ ਇਕ-ਇਕ ਕਰ ਕੇ ਚਲੀਆਂ ਗਈਆਂ। ਪਰ ਦੋ ਜਵਾਨਾਂ ਨੂੰ ਤੜਪਾਣ ਲਈ ਰਾਤ ਪਾ ਗਈਆਂ।
ਰਾਤ ਲੰਘ ਗਈ ਪਰ ਬਿਸਤਰੇ ਤੇ ਵਟ ਦਸਦੇ ਹਨ ਕਿ ਮੈਂ ਰਾਤੀਂ ਸੁੱਤਾ ਨਹੀਂ, ਸਗੋਂ ਪਾਸੇ ਹੀ ਮਾਰਦਾ ਰਿਹਾ ਹਾਂ। ਸਤਿਨਾਮ ਨੇ ਮੈਨੂੰ ਪਾਲ ਨੂੰ ਇਕ ਰੁਕਾ ਲਿਖਣ ਲਈ ਕਿਹਾ, ਕਿਉਂਕਿ ਉਸ ਦਾ ਘਰ ਪਿੰਡ ਦੇ ਦੂਜੇ ਬੰਨੇ ਸੀ। ਅਸੀਂ ਬਾਹਰੋਂ ਆ ਕੇ ਨਹਾਤੇ ਤੇ ਮੁੜ ਦਹੀਂ ਨਾਲ ਹਾਜਰੀ ਖਾਧੀ। ਚਾਹ ਦੇ ਵੀ ਦੋ-ਦੋ ਪਿਆਲੇ ਪੀਤੇ। ਸਤਿਨਾਮ ਥੱਲੇ ਆਪਣੀਆਂ ਸਾਲੀਆਂ ਵਿਚ ਰੁਝ ਗਿਆ। ਏਧਰ ਮੈਂ ਚਿੱਠੀ ਤੇ ਲਕੀਰਾਂ ਪਾਉਣੀਆਂ ਸ਼ੁਰੂ ਕੀਤੀਆਂ –
ਇਕ ਸੁਪਨਾ ਆਇਆ, ਜੀਵਨ ਰੰਗ ਰੱਤਾ।
ਇਕ ਰੇਲ ਦਾ ਸਫਰ, ਅਥਵਾ ਜੀਵਨ ਦਾ ਸ਼ੁਰੂ।
ਜੀਵਨ ਭਾਵ ਦਾ ਖੁਸ਼ੀਆਂ ਵਿਚ ਉਦੈ ਹੋਣਾ ਤੇ ਪ੍ਰੀਤ ਖਿਮਾਂ ਵਿਚ ਛੁਪਣਾ।
ਇਕ ਸਾਥ ਸੀ, ਜੀਵਨ ਦੀ ਮਧਰਤਾ ਵਿਚ ਓਤ ਪੋਤ।