'ਬਾਬਾ ਐਨੀ ਕਾਹਲੀਆਂ ਕਿਉਂ ਕਰਦਾ ਏਂ, ਠਹਿਰ ਤਾਂ ਜਾਹ। ਅਜੇ ਹੁਣੇ ਚਾਦਰਾ ਧੋ ਕੇ ਸੁਕਣੇ ਪਾਇਆ ਹੈ, ਜੇ ਸੁੱਕ ਗਿਆ ਹੋਵੇ। ਮੈਨੂੰ ਪਤੈ ਜਦੋਂ ਕਿਸੇ ਸੱਜਣੀ ਨੂੰ ਮਿਲਣਾ ਹੋਵੇ, ਅੰਗ-ਅੰਗ ਬਲ ਉਠਦਾ ਹੈ।'
'ਤੂੰ ਬੜਾ ਖੋਚਰ ਹੁੰਦਾ ਜਾਂਦਾ ਏਂ।
ਇਕ ਪ੍ਰਕਾਰ ਕਾਫ਼ੀ ਚਿਰ ਪਿਛੋਂ ਸਤਿਨਾਮ ਮਸਾਂ ਘਰੋਂ ਨਿਕਲਿਆ। ਰਾਹ ਵਿਚ ਸਤਿਨਾਮ ਜਾਣ ਦੇ ਪਿਛੇ ਰਹਿ ਕੇ ਬੋਲਿਆ, 'ਅੱਗੇ ਤਾਂ ਮੌਲੇ ਬਲਦ ਵਾਂਗ ਝੂਲ-ਝੂਲ ਤੁਰਦਾ ਹੁੰਦਾ ਸੈਂ, ਅੱਜ ਤੇਰੇ ਵਿਚ ਲੋਹੜੇ ਦੀ ਤੇਜ਼ੀ ਕਿਥੋਂ ਆ ਗਈ। ਸ਼ਾਇਦ ਕੋਈ ਖਿੱਚ ਰਿਹਾ ਹੈ।
ਮੈਂ ਚੁੱਪ-ਚਾਪ ਸਤਿਨਾਮ ਦੀਆਂ ਹਸਾਉਣੀਆਂ ਹਰਕਤਾਂ ਸੁਣਦਾ ਤੇ ਵਿਹੰਦਾ ਰਿਹਾ। ਫਿਰ ਉਹ ਕਵਾਲੀ ਗਾਉਣ ਲਗ ਪਿਆ :- ਦਿਲ ਮੇਰੇ ਵਿਚ ਵਸਦੀ, ਤੇਰੀ ਇਕ ਤਸਵੀਰ ਨੀ।
ਰਾਂਝਾ ਮੈਂ ਹਜ਼ਾਰੇ ਦਾ, ਤੂੰ ਸਿਆਲੀ ਹੀਰ ਨੀ।
ਅੱਖਾਂ ਦੇ ਵਿਚ ਆਜਜ਼ੀ, ਦਿਲ ਦੇ ਵਿਚ ਹੈ ਤੜਪਨਾਂ,
ਭਿੱਛਿਆ ਪਾਵੀਂ ਪ੍ਰੇਮ ਦੀ, ਦਰ ਤੇ ਖੜਾ ਫ਼ਕੀਰ ਨੀਂ।
ਮੁੱਖ ਤੇਰੇ ਨੂੰ ਤਰਸਦੇ ਅੱਥਰੂ ਭਰ ਨੈਣ ਇਹ,
ਵਾਸਤਾ ਭਗਵਾਨ ਦਾ, ਮੁੱਖ ਤੋਂ ਲਾਹ ਦੇ ਚੀਰ ਨੀ।
ਆਪਣੇ ਨੂੰ ਆਪਣਾ, ਸੁਹਣੀਏ ਬਣਾ ਲਵੀਂ,
ਤੇਰਾ ਹੀ ਜਦ ਹੋ ਗਿਆ, ਫਿਰ ਕੀ ਜੱਗ ਨਾਲ ਸੀਰ ਨੀ।
ਮੇਰਾ ਤਾਂ ਭਗਵਾਨ ਤੂੰ, ਮੇਰਾ ਦੀਨ ਈਮਾਨ ਤੂੰ,
ਤੇਰਾ ਹੀ ਰਹਾਂਗਾ ਹੁਣ, ਪੱਥਰ ਤੇ ਲਕੀਰ ਨੀ।
ਗਾਉਣ ਦੇ ਸਾਰੇ ਇਸ਼ਾਰੇ ਸਤਿਨਾਮ ਮੇਰੇ ਵਲ ਕਰਦਾ ਰਿਹਾ, ਜਿਵੇਂ ਮੈਂ ਫ਼ਕੀਰ ਬਣ ਕੇ ਉਹਦੇ ਦਰਸ਼ਨਾਂ ਨੂੰ ਚਲਿਆ ਸਾਂ। ਕਾਵਿ ਲੈਅ ਦੇ ਖ਼ਾਤਮੇ ਤੇ ਆ ਕੇ ਉਹ ਮਾਹਰ ਗਾਇਕਾਂ ਵਾਂਗ ਬਾਂਹ ਕੱਢ ਕੇ ਦੂਹਰਾ ਹੋ ਜਾਂਦਾ। ਅਸੀਂ ਸਾਰਾ ਰਾਹ ਬੜਾ ਹੱਸਦਿਆਂ ਖੇਲਦਿਆਂ ਮੁਕਾਇਆ। ਹਰ ਜਵਾਨ ਸਾਧ ਦਾ ਫ਼ਾਇਦਾ ਹੀ ਕੀ ਹੁੰਦਾ ਹੈ। ਪਿੰਡ ਵੜਨ ਲਗਿਆ ਅਸਾਂ ਜੁੱਤੀਆਂ ਝਾੜੀਆਂ ਅਤੇ ਮੁੱਛਾਂ ਨੂੰ ਤਾਅ ਦੇ ਕੁੰਡ ਪਾਏ। ਮਤਾ ਕੋਈ ਨੁਕਸ ਕੱਢ ਦੇਵੇ । ਸਹੁਰੀਂ ਗਏ ਇਕ ਜਵਾਨ ਮੁੰਡੇ ਵਿਚ ਜੇ ਕੋਈ ਨੁਕਸ ਕੱਢ ਦੇਵੇ, ਤਾਂ ਸਮਝੋ ਸਿਰ ਹੀ ਵਢਿਆ ਗਿਆ। ਘਰ ਪੁੱਜ ਕੇ ਸਤਿਨਾਮ ਨੇ ਆਪਣੀ ਸੱਸ ਨੂੰ ਮੱਥਾ ਟੇਕਿਆ। ਮੈਂ ਵੀ ਪਿਆਰ ਲੈਣ ਦਾ ਮਾਰਿਆ ਨਾਲ ਝੁਕ ਗਿਆ। ਸਤਿਨਾਮ ਦੀ ਪਤਨੀ ਤਾਰੋ ਮੈਨੂੰ ਵੇਖ ਕੇ ਹੱਸ ਪਈ। ਤਾਰੋ ਦੀ ਮਾਂ ਅੰਦਰੋਂ ਮੰਜੇ ਤੇ ਲੀੜੇ ਵਿਛਾਉਣ ਲਈ ਲੈਣ ਗਈ। ਮੈਂ ਤਾਰੋ ਨੂੰ ਸਿਰ ਝੁਕਾਂਦਿਆਂ ਕਿਹਾ, 'ਸਲਾਮ ਕਹਿੰਦਾ ਹਾਂ ਭਾਬੀ ਜੀ!'
'ਹਟਦਾ ਨਹੀਂ ਮਖੌਲ ਕਰਨੋਂ'! ਕੁੜੀਆਂ ਤੋਂ ਕੁਟਵਾਵਾਂਗੀ ਤੇ ਛੀਨਾ ਏਥੋਂ ਦੂਰ ਹੈ।
'ਫੁੱਲ ਭਾਵੇਂ ਕਿੱਡੀ ਜ਼ੋਰ ਦੀ ਵੱਜਣ, ਜਖਮ ਨਹੀਂ ਕਰਦੇ ਭਾਬੀ।
'ਚੰਗਾ ਠਹਿਰ ਫਿਰ ਥੋੜ੍ਹਾ ਚਿਰ।
'ਰਾਤ ਰਹਿਣਾ ਹੈ ਥੋੜ੍ਹੇ ਚਿਰ ਦਾ ਕੀ ਮਤਲਬ।
ਉਸ ਦੀ ਮਾਂ ਨੇ ਮੰਜੇ ਤੇ ਪਹਿਲੋਂ ਦਰੀ ਸੱਟੀ ਤੇ ਉਸ ਪਿੱਛੋਂ ਹਰੀਆਂ ਵੇਲਾਂ ਵਾਸੀ ਵਛਾਈ ਕੱਢੀ। ਇਕ ਸਿਰਹਾਣਾ ਦਿੱਤਾ ਗਿਆ, ਜਿਸ ਉਤੇ ਹਵਾਈ ਜਹਾਜ਼ ਕੱਢਿਆ ਸੀ, ਜਿਸ ਨੂੰ ਉਹਨਾਂ ਦਾ ਇਕ ਸ਼ੈਲੀ ਮੁੰਡਾ 'ਬਾਲੋ ਬਾਲੋ' ਕਹਿ ਕੇ ਬੁਲਾਂਦਾ ਸੀ, ਸਿਰਹਾਣੇ ਦੀ ਕਢਾਈ ਦੇ ਤੋਪੇ ਦਸਦੇ ਹਨ ਕਿ ਕੱਢਣ ਵਾਲੀ ਸਚਿਆਰੀ ਹੈ। ਰਕਾਣਾਂ ਦੇ ਹੱਥ ਕਾਹਨੂੰ ਰਲਦੇ ਹਨ। ਤਾਰੋ ਨੇ ਦੋ ਛੰਨੇ ਦੁੱਧ ਦੇ ਕਾੜ੍ਹਨੀ 'ਚੋਂ ਕੱਢੇ ਤੇ ਤਰਾਤਰੀ ਖੰਡ ਪਾ ਕੇ ਸਾਡੇ ਅੱਗੇ ਲਿਆ ਰੱਖੇ।
ਕੌਣ ਪੀਵੇਗਾ ਏਨਾ ਦੁੱਧ ?'
'ਜਿਸ ਕੁੱਟ ਖਾਣੀ ਹੈ?" ਤਾਰੋ ਨੇ ਉੱਤਰ ਦਿੱਤਾ।
'ਮੈਂ ਤਾਂ ਛੱਡਣਾ ਨਹੀਂ, ਮੇਰਾ ਹਿੱਸਾ ਪਿਆ ਰਹੇ।' ਸਤਿਨਾਮ ਨੇ ਜੁੱਤੀ ਲਾਹਦਿਆਂ ਕਿਹਾ।
ਮੁੜ ਤਾਰੋ ਨੇ ਆਪਣੀ ਮਾਂ ਨੂੰ ਕਿਹਾ, 'ਇਹ ਜਿਹੜਾ ਬਲਬੀਰ ਹੈ ਮਾਂ ਜੀ। ਮੈਨੂੰ ਮਖੌਲਾਂ ਮੂੰਹ ਗੱਲ ਨਹੀਂ ਓਥੇ ਕਰਨ ਦਿੰਦਾ। ਮੈਂ ਵੀ ਇਸ ਨਾਲ ਹੁਣ ਉੱਨੀ ਇੱਕੀ ਕਰਵਾਵਾਂਗੀ।'
ਉਸ ਦੀ ਮਾਂ ਨੇ ਆਖਿਆ, 'ਨਾ ਕੁੜੀਏ। ਘਰ ਆਇਆਂ ਨਾਲ ਨਹੀਂ ਇਉਂ ਕਰੀਦੀ।
'ਤੂੰ ਮਾਂ ਜੀ ਵੇਖ ਤਾਂ ਸਹੀ ਮੈਂ ਹੁਣੇ ਲਿਆਉਂਦੀ ਹਾਂ, ਮਿੱਡੀ ਹੋਰਾਂ ਨੂੰ ਸਦ ਕੇ?
ਉਹ ਉਦੋਂ ਹੀ ਘਰੋਂ ਨਿਕਲ ਗਈ। ਸਤਿਨਾਮ ਦੇ ਸਹੁਰਿਆਂ ਦਾ ਘਰ ਚੁਰਸਤੇ ਵਿਚ ਸੀ। ਸਤਿਨਾਮ ਨੇ ਮੁਸਕਰਾਂਦਿਆਂ ਕਿਹਾ, 'ਰੱਬ ਵੇਖੀਏ ਕੀ ਵਿਖਾਉਂਦਾ ਏ, ਇਨ੍ਹਾਂ ਕੁਆਰੀਆਂ ਦੇ ਅਲੂਕਾਰ ਵਿਚੋਂ।
'ਚਲ ਆ ਆਪਾਂ ਬਾਹਰ ਫਿਰ ਤੁਰ ਆਈਏ।
"ਚਲ ਭਰਾ। ਜੇ ਜਵਾਨੀ ਨੂੰ ਕੋਈ ਨਾ ਵੇਖੇ ਤਾਂ ਉਸ ਦਾ ਦਿਲ ਟੁੱਟ ਜਾਂਦਾ ਹੈ; ਪਰ ਤੂੰ ਉਡੀਕ ਕਰ, ਵੇਖਣ ਵਾਲੀਆਂ ਰੂਹਾਂ ਏਥੇ ਈ ਆ ਜਾਣਗੀਆਂ।
ਏਨੇ ਨੂੰ ਚਾਰ ਪੰਜ ਕੁੜੀਆਂ ਮਿੱਡੀ ਤੇ ਦਿਆਲੀ ਹੋਰੀਂ ਆ ਗਈਆਂ ਤੇ ਸਾਰੀਆਂ ਨੇ ਫੌਜੀਆਂ ਵਾਂਗ ਮਿਥ ਕੇ ਸਲੂਟ ਕੀਤਾ। ਮੈਂ ਤੇ ਸਤਿਨਾਮ ਮੁਸਕਰਾਂਦੇ ਰਹੇ। ਸਤਿਨਾਮ ਨੇ ਇਕ ਖਚਰੇ ਇਸਾਰੇ ਨਾਲ ਇਕ ਪ੍ਰਕਾਰ ਖੁਲ੍ਹ ਦੇ ਦਿੱਤੀ। ਦਿਆਲੀ ਨੇ ਮਿੱਡੀ ਨੂੰ ਆਖਿਆ, 'ਜੇ ਤੇਰਾ ਬਲਬੀਰ ਨਾਲ ਵਿਆਹ ਹੋ ਜਾਵੇ।
'ਬੂਥਾ ਇਸ ਦਾ ਮੈਨੂੰ ਵਿਆਹ ਵਾਲਾ ਦੀਂਹਦਾ ਹੈ। ਵੇਖ ਨੀ ਵਿਆਹ ਦੇ ਨਾਂ ਤੇ ਕਿਵੇਂ ਨਾਸਾਂ ਫਲਾਉਂਦਾ ਏ।
ਮੈਨੂੰ ਵੀ ਮਜਬੂਰ ਬੋਲਣਾ ਹੀ ਪਿਆ, 'ਤੂੰ ਆਦਮੀ ਨਾਲ ਕਾਹਨੂੰ ਵਿਆਹ ਕਰਵਾਉਣਾ ਏਂ, ਬੂਥੇ ਨਾਲ ਹੀ ਕਰਵਾਈ'
'ਇਹ ਜੁੱਤੀ ਕੀਹਦੀ ਮੰਗ ਕੇ ਲਿਆਇਆ ਏ?'
'ਸਰਦਾਰ ਅਤਰ ਸਿੰਘ ਨੌਂ ਫੁੱਟੇ ਦੀ।
ਮਿੱਡੀ ਇਕ ਦਮ ਚੁੱਪ ਹੋ ਗਈ। ਕਿਉਂਕਿ ਮੇਰੇ ਨਾਨਕੀ ਇਕ ਨਿੱਕੇ ਜਿਹੇ ਅਤਰ ਮੁੰਡੇ ਨਾਲ ਮਿੱਡੀ ਮੰਗੀ ਹੋਈ ਸੀ । ਏਧਰੋਂ ਇਸ ਦੀ ਮੰਗਣੀ ਬਾਰੇ ਸਤਿਨਾਮ ਨੇ ਮੈਨੂੰ ਪਹਿਲੋਂ ਹੀ ਦਸ ਦਿੱਤਾ ਸੀ। ਉਸ ਨੂੰ ਬੜਾ ਗੁੱਸਾ ਆਇਆ, ਮੈਂ ਮੌਕਾ ਪਾ ਕੇ, ਫਿਰ ਕਿਹਾ, 'ਮੈਨੂੰ ਤਾਂ ਸਭ ਕੁਝ ਤਾਰੋ ਨੇ ਦੱਸਿਆ ਹੈ।
ਮਿੱਡੀ ਤਾਰੋ ਦੇ ਗਲ੍ਹ ਪੈ ਗਈ। ਮੈਂ ਅੰਦਰੇ ਅੰਦਰ ਲੱਗਾ ਹੱਸਣ। ਤਾਰੋ ਨੇ ਉਸ ਨੂੰ ਸਮਝਾਂਦਿਆਂ ਕਿਹਾ, 'ਅੰਨ੍ਹੀਏ। ਆਪਾਂ ਨੂੰ ਲੜਾਉਣ ਦਾ ਮਾਰਿਆ ਕਹਿੰਦਾ ਏ।'
ਮੈਂ ਵਿਚੋਂ ਹੀ ਇਕ ਹੋਰ ਚਲਾ ਦਿਤੀ।
'ਤਾਰੋ ਤੂੰ ਦਸਿਆ ਨਹੀਂ, ਮੈਨੂੰ ਇਸ ਦੇ ਸਹੁਰੇ ਦਾ ਅਤੇ ਇਸ ਦੀ ਸੱਸ ਦਾ ਨਾਂ, ਜੋ ਲੱਤੋਂ ਲੰਞੀ ਹੈ ਹੋਰ ਕੁਝ ਦਸਾਂ ?'
ਮੈਨੂੰ ਇਸ ਗੱਲ ਦਾ ਨਾਨਕਿਆ ਦੇ ਸਬੰਧ ਕਰਕੇ ਪਤਾ ਸੀ। ਮਿੱਡੀ ਦੇ ਤਾਂ ਭਾ ਦੀ ਬਣ ਗਈ, ਜਦੋਂ ਮੈਂ ਜੋਤਸ਼ੀਆਂ ਵਾਂਗ ਸੱਚੀਆਂ ਦੱਸਣ ਲੱਗਾ। ਮਿੱਡੀ ਗੁੱਸੇ ਨਾਲ ਭਰੀ ਚਲੀ ਗਈ ਤੇ ਮੇਰਾ ਮਗਰੋਂ ਖੂਬ ਹਾਸਾ ਨਿਕਲਿਆ। ਸਤਿਨਾਮ ਗੁੱਝਾ-ਗੁੱਝਾ ਹੋਰ ਹੀ ਕਿਸੇ ਨੂੰ ਵੇਖੀ ਜਾ ਰਿਹਾ ਸੀ। ਇਕ ਕੁੜੀ ਦੇ ਨੈਣ ਸਾਫ਼ ਸ਼ਰਾਬੀ ਪਿਆਲੇ ਹੀ ਦਿਸਦੇ ਸਨ। ਮੈਨੂੰ ਨਹੀਂ ਸੀ ਪਤਾ ਕਿ ਮੇਰੇ ਬੇ-ਧਿਆਨੇ ਹੋਣ ਕਰਕੇ ਸਤਿਨਾਮ ਕਿੰਨੀ ਕੁ ਪੀ ਕੇ ਸ਼ਰਾਬੀ ਹੋ ਗਿਆ ਹੈ। ਜਦੋਂ ਮੈਂ ਉਹਨਾਂ ਨੈਣਾਂ ਨੂੰ ਤੱਕਿਆ। ਇਕ ਵਾਰ ਹੀ 'ਝਰਲ' ਕਰਦੀ ਨਸ਼ੀਲੀ ਹਰਕਤ ਮੈਨੂੰ ਬੇਵਸ ਜਿਹਾ ਕਰ ਗਈ। ਜਦੋਂ ਉਸ ਨੇ ਦੇਖਿਆ, ਉਸ ਝਟ ਸ਼ਰਮ ਨਾਲ ਕੰਬ ਕੇ ਨੀਵੀਂ ਪਾ ਲਈ, ਆਹ ਲਾਜਵੰਤੀ। ਕੁਆਰੀਆਂ ਕੁੜੀਆਂ ਦੀ ਪਵਿੱਤਰਤਾ ਕੇਵਲ ਸ਼ਰਮ ਤੇ ਉਸ ਦਾ ਅਹਿਸਾਸ। ਕੁੜੀਆਂ ਇਕ-ਇਕ ਕਰ ਕੇ ਚਲੀਆਂ ਗਈਆਂ। ਪਰ ਦੋ ਜਵਾਨਾਂ ਨੂੰ ਤੜਪਾਣ ਲਈ ਰਾਤ ਪਾ ਗਈਆਂ।
ਰਾਤ ਲੰਘ ਗਈ ਪਰ ਬਿਸਤਰੇ ਤੇ ਵਟ ਦਸਦੇ ਹਨ ਕਿ ਮੈਂ ਰਾਤੀਂ ਸੁੱਤਾ ਨਹੀਂ, ਸਗੋਂ ਪਾਸੇ ਹੀ ਮਾਰਦਾ ਰਿਹਾ ਹਾਂ। ਸਤਿਨਾਮ ਨੇ ਮੈਨੂੰ ਪਾਲ ਨੂੰ ਇਕ ਰੁਕਾ ਲਿਖਣ ਲਈ ਕਿਹਾ, ਕਿਉਂਕਿ ਉਸ ਦਾ ਘਰ ਪਿੰਡ ਦੇ ਦੂਜੇ ਬੰਨੇ ਸੀ। ਅਸੀਂ ਬਾਹਰੋਂ ਆ ਕੇ ਨਹਾਤੇ ਤੇ ਮੁੜ ਦਹੀਂ ਨਾਲ ਹਾਜਰੀ ਖਾਧੀ। ਚਾਹ ਦੇ ਵੀ ਦੋ-ਦੋ ਪਿਆਲੇ ਪੀਤੇ। ਸਤਿਨਾਮ ਥੱਲੇ ਆਪਣੀਆਂ ਸਾਲੀਆਂ ਵਿਚ ਰੁਝ ਗਿਆ। ਏਧਰ ਮੈਂ ਚਿੱਠੀ ਤੇ ਲਕੀਰਾਂ ਪਾਉਣੀਆਂ ਸ਼ੁਰੂ ਕੀਤੀਆਂ –
ਇਕ ਸੁਪਨਾ ਆਇਆ, ਜੀਵਨ ਰੰਗ ਰੱਤਾ।
ਇਕ ਰੇਲ ਦਾ ਸਫਰ, ਅਥਵਾ ਜੀਵਨ ਦਾ ਸ਼ੁਰੂ।
ਜੀਵਨ ਭਾਵ ਦਾ ਖੁਸ਼ੀਆਂ ਵਿਚ ਉਦੈ ਹੋਣਾ ਤੇ ਪ੍ਰੀਤ ਖਿਮਾਂ ਵਿਚ ਛੁਪਣਾ।
ਇਕ ਸਾਥ ਸੀ, ਜੀਵਨ ਦੀ ਮਧਰਤਾ ਵਿਚ ਓਤ ਪੋਤ।
ਜੀਵਨ, ਇਕ ਰਸ ਭਰੀ ਸੁਗਾਤ, ਪਰ ਜੇ ਕਿਸੇ ਦੀ ਭੇਟਾ ਕੀਤੀ ਜਾਵੇ।
ਇੱਕਲ ਆਪੇ ਵਿਚ ਜੀਵਨ ਦਾ ਮਾਣ, ਇਕ ਥੋਥੀ ਹਿੰਡ : ਜਿਹੜੀ ਲੰਮਾ ਕਸ਼ਟ ਬਣ ਪਿਘਲਦੀ।
ਆਸ਼ਾ ਦਰਪਣ ਸਾਫ਼ ਤੇ ਜੀਵਨ ਦਾ ਰਾਹ ਮੋਕਲਾ, ਚਾ-ਕਲੀਆਂ ਵਿਚ ਪਾਟਦਾ ਰੰਗ, ਵਲਵਲੇ ਅਕਹਿ ਮਸਤੀ ਵਿਚ ਅਬੋਲ, ਧੜਕਨ ਕਾਹਲੀ ਤੇ ਅਰਮਾਨ ਤਰੰਗਾਂ, ਬੇਕਰਾਰੀ ਵਿਚ ਅਧੀਰ।
ਇਕ ਯਾਦ ਕਿ ਮਨ ਵਜਦਕ ਭਾਵਾਂ ਵਿਚ ਸੂਰਜ ਦੇ ਦਰ ਪਾਗਲ ਭਿਖਾਰੀ ਵਾਂਗ ਸਿਰ ਝੁਕਾਈ ਖਲੋਤਾ।
ਆ ਉਹਨਾਂ ਰਾਵ੍ਹਾਂ ਵਲ ਚਲੀਏ, ਜਿਥੇ ਦਵੈਖ ਦੀਆਂ ਹੱਦਾਂ ਮੁਕਦੀਆਂ ਹਨ।
ਆ ਉਹਨਾਂ ਥਾਵਾਂ ਵਿਚ ਵਸੀਏ ਜਿਥੇ ਪ੍ਰੇਮੀਆਂ ਦੀ ਧਰਤੀ ਹੈ, ਕੰਵਲ ਪੱਤੀਆਂ ਵਰਗੀ ਕੂਲੀ ਜਿਸ ਨੂੰ ਦੇਵਤੇ ਸ਼ਰਧਾ ਦੀਆਂ ਫੁੱਲ ਡਾਲਾਂ ਨਾਲ ਸਾਫ਼ ਕਰਦੇ ਨੇਂ।
ਅਸਲ ਪਿਆਰ ਦੀ ਨਗਰੀ।
ਚੰਦਰਮਾ ਦਾ ਹੱਸਦਾ ਸੀਤਲ ਪ੍ਰਕਾਸ਼।
ਭੋਰਾ ਦਾ ਕੰਵਲਾਂ ਨੂੰ ਚੁੰਮ-ਚੁੰਮ ਛੱਡਣਾ।
ਬਹਾਰ ਦਾ ਫੁੱਲ ਕਲੀਆਂ ਵਿਚ ਜਵਾਨ ਨਾਜ਼।
ਨਾਚ ਕੁੜੀਆਂ ਦੇ ਹਾਵ ਭਾਵ, ਵਿਗਸਨਾਂ ਦਾ ਮੀਂਹ ।
ਸਾਜ਼ ਤਾਰਾਂ ਵਿਚ ਉਲਝੀ ਲੱਜ਼ਤ।
ਸੰਗੀਤ ਬੋਲਾਂ ਦਾ ਅੰਮ੍ਰਿਤ।
ਹੁਸੀਨ ਦ੍ਰਿਸ਼ਾਂ ਵਿਚ ਅੱਖਾਂ ਮਦਮਤੀਆਂ।
ਪਿਆਰ ਨਸ਼ਾ, ਸਰੂਰ ਪਿਆਰ।
ਜੀਵਨ, ਪਿਆਰ ਨਸ਼ਾ ਸੰਗੀਤ।
ਬਾਕੀ ਸਭ ਕੁਝ ਹੇਚ, ਅਸਲੋਂ ਹੇਚ।
ਦੂਰ ਇਸ ਦੁਨੀਆ ਦੀ ਕਲਪਨਾ ਤੋਂ ਦੂਰ।
ਉਹ! ਮੈਂ ਕੀ ਲਿਖ ਆਇਆ ਹਾਂ, ਮੈਨੂੰ ਪਤਾ ਤਕ ਨਹੀਂ। ਤੁਸੀਂ ਦਰਿਆ ਦਿਲ ਹੋ, ਜ਼ਰੂਰ ਖ਼ਿਮਾਂ ਕਰੋਗੇ। ਅਫ਼ਸੋਸ ਕਿ ਮੈਂ ਤੁਹਾਨੂੰ ਖ਼ਤ ਦੇ ਮੁੱਢ ਵਿਚ 'ਸਤਿ ਸ੍ਰੀ ਅਕਾਲ' ਬੁਲਾਣੀ ਵੀ ਭੁੱਲ ਆਇਆ ਹਾਂ। ਪ੍ਰੇਮੀ ਦੀ ਜ਼ਿੰਦਗੀ ਗਲਤੀਆਂ ਦਾ ਵਾੜਾ ਹੀ ਹੈ। ਮੇਰਾ ਖ਼ਿਆਲ ਹੈ, ਤੁਸੀਂ ਮੈਨੂੰ ਦੁਨੀਆ ਜਿੰਨੀ ਨਫ਼ਰਤ ਨਹੀਂ ਕਰੋਗੇ। ਮੈਂ ਤੁਹਾਡੇ ਦਰਸ਼ਨਾਂ ਦਾ ਸ਼ੀਘਰ ਉਡੀਕਵਾਨ ਹਾਂ। ਤੁਸੀਂ ਕਿੰਨੇ ਚੰਗੇ ਹੋ, ਜਿਹੜੇ ਚੇਤੇ ਆਉਂਦੇ ਹੋ।
ਜੀਵਨ ਦਾ ਨਵਾਂ ਰਾਹੀ
ਖ਼ਤ ਦਿਆਲੋ ਨਾਂ ਦੀ ਕੁੜੀ ਉਸ ਨੂੰ ਪਹੁੰਚਾ ਆਈ। ਕੋਈ ਇਕ ਘੰਟਾ ਲੰਘ ਗਿਆ ।
ਉਸ ਇਕ ਘੰਟੇ ਦਾ ਸਮਾਂ ਬੜਾ ਰੰਗਲਾ ਸੀ, ਕਿਉਂਕਿ ਉਸ ਵਿਚ ਪਾਲ ਦੇ ਆਉਣ ਦੀ ਉਡੀਕ ਸੀ। ਮਿੱਠੀ ਉਡੀਕ, ਅੱਖਾਂ ਚਮਕ ਰਹੀਆਂ ਸਨ। ਮੇਰੇ ਕੰਨ ਪੌੜੀਆਂ ਵਿਚ ਕਿਸੇ ਦੇ ਪੈਰਾਂ ਦੀ ਅਵਾਜ ਸੁਣ ਰਹੇ ਸਨ। ਪਰ ਨਹੀਂ ਇਹ ਤੇ ਮੇਰੇ ਹੀ ਦਿਲ ਦੀ ਧੜਕਣ ਸੀ । ਭੁੱਲਾਂ ਦਾ ਸੁਆਦ ਵੀ ਅਜਿਹੇ ਸਮੇਂ ਮਾਣਿਆ ਜਾਂਦਾ ਹੈ। ਇਕ ਦਮ ਹੀ ਅੰਦਰੋਂ ਕੁਝ ਉਤਪੰਨ ਹੋਇਆ, 'ਬੇਵਕੂਫ। ਉਹ ਤੇਰੀ ਕੀ ਲੱਗਦੀ ਹੈ, ਇਸ ਮਚਲਾਣ ਤੇ ਸ਼ਰਮ ਤਾਂ ਨਹੀਂ ਆਉਂਦੀ ?'
ਮੈਂ ਇਕ ਵਾਰ ਹੀ ਸੁੰਨ ਜਿਹਾ ਹੋ ਗਿਆ। ਮੈਨੂੰ ਆਪਣਾ ਆਪ ਕਿਰਦਾ-ਕਿਰਦਾ ਜਾਪਿਆ। ਸ਼ਰਮ ਨੇ ਮੇਰੇ ਅੰਗ ਨਿੱਸਲ ਕਰ ਦਿੱਤੇ ਅਤੇ ਮੈਨੂੰ ਕੁਝ ਸੁੱਝਦਾ ਨਹੀਂ ਸੀ।
ਪਰ ਮੈਂ ਕੋਈ ਗੁਨਾਹ ਨਹੀਂ ਕਰ ਰਿਹਾ। ਜੀਵਨ ਘਾਟੀ ਤੇ ਚੜ੍ਹਨ ਲਈ ਹਰ ਰਾਹੀਂ ਸਾਥੀ ਹੋ ਸਕਦਾ ਹੈ। ਪਿਆਰ ਪ੍ਰਭੂ ਦਾ ਆਪਣਾ ਕ੍ਰਿਸ਼ਮਾ ਹੈ।
ਕੋਈ ਨਾ ਕੋਈ ਦਲੀਲ ਹੀ ਆਦਮੀ ਨੂੰ ਗੁਨਾਹ ਲਈ ਮਜਬੂਰ ਕਰਦੀ ਹੈ। ਪਰ ਸ਼ਰ੍ਹਾ ਸਮਾਜ ਤੇ ਬੰਧਨਾਂ ਵਿਚ ਅੜਿਆ ਜੀਵਨ ਕਿਉਂ ਨਹੀਂ ਖੁਦਕਸ਼ੀ ਕਰਦਾ, ਕਿਉਂ ਦਮ ਘੁੱਟ ਘੁੱਟ ਸਾਹ ਖਿੱਚਦਾ ਹੈ। ਨਦੀਆਂ ਦੇ ਰਾਹ ਕੌਣ ਬਣਾਂਦਾ ਹੈ, ਕੜੀਆਂ ਨੂੰ ਖਿੜਨਾ ਕੌਣ ਦਸਦਾ ਹੈ, ਵੇਲਾਂ ਤੇ ਜੁਲਫਾਂ ਵਿਚ ਵਲ ਤੇ ਕੁੰਡਲ ਕੌਣ ਪਾਂਦਾ ਹੈ? ਹਵਾਵਾਂ ਨੂੰ ਕੌਣ ਮੌੜਦਾ ਹੈ ਤੇ ਸਾਗਰ ਦੀਆਂ ਛੱਲਾਂ ਨੂੰ ਕੋਣ ਰੋਕਦਾ ਹੈ? ਇਹ ਚੰਦਰਾ ਸਮਾਜ ਤੂਫਾਨ ਦੀ ਭੇਟਾ ਕਿਉਂ ਨਹੀਂ ਹੋ ਜਾਂਦਾ? ਇਹ ਨਾਕਾਮ ਬੰਧਨ ਜਲ ਪ੍ਰਵਾਹ ਕਿਉਂ ਨਹੀਂ ਹੁੰਦੇ ? ਗੁਲਾਮੀ ਦੀਆਂ ਜੰਜੀਰਾਂ ਅੱਗ ਵਿਚ ਕਿਉਂ ਨਹੀਂ ਢਲਦੀਆਂ। ਜੀਵਨ ਲਈ ਵਲਗਣ ਅਸਲੋਂ ਅਸੰਭਵ। ਭਗਵਾਨ ਦਾ ਆਪਣਾ ਨਾਹਰਾ ਪਿਆਰ ਹੈ ਤੇ ਉਸ ਦੇ ਪਿਆਰ ਦਾ ਸੌਦਾਈ ਅਮਲ, ਇਹ ਸੰਸਾਰ ਹੈ। ਜੋ ਸੰਸਾਰ ਸੁਪਨਾ ਹੈ ਤਾਂ ਮੇਰੀ ਕ੍ਰਿਆ ਸਥਿਰ ਨਹੀਂ। ਜੇ ਮੈਨੂੰ ਵੀ ਵਹਿਮ ਭੁਲਾ ਸਕਦੇ ਤੇ ਭੁਲੇਖੇ ਡਰਾ ਸਕਦੇ ਹਨ, ਤਦ ਮੇਰੀਆਂ ਸਾਰੀਆਂ ਨਿੱਕੀਆਂ ਮੋਟੀਆਂ ਕਿਤਾਬਾਂ ਨੂੰ ਦਰਿਆ ਸਪੁਰਦ ਕਰ ਦੇਵੋ ਅਤੇ ਲੋਹੇ ਦੇ ਲਾਲ ਸੂਹੇ ਕੀਲੇ ਮੇਰੇ ਦਿਮਾਗ ਵਿਚ ਠੋਕ ਦਿਓ, ਤਾਂਕਿ ਦਿਮਾਗੀ ਸ਼ਕਤੀ ਦੇ ਜੀਵਾਣੂੰ ਸੜ ਜਾਣ। ਉਹ ਜੀਵਨ ਨਹੀਂ, ਇਕ ਦੁੱਖਾਂ ਭਰੀ ਬਹੁੜੀ ਹੈ, ਜਿਸ ਵਿਚ ਇਕ ਵੀ ਬੰਧਨ ਹੈ। ਗੁਲਾਮੀ ਭਗਵਾਨ ਦੀ ਵੀ ਠੁਕਰਾ ਦਿਉ।
ਮੇਰੇ ਅੰਦਰ ਫਿਰ ਇਕ ਲਰਜਾ ਆਇਆ। ਪਰ ਮੈਂ ਆਪਣੇ ਆਪ ਨੂੰ ਹੋਸ਼ ਵਿਚ ਲਿਆਉਣ ਲਗਾ, ਜਿਵੇਂ ਮੈਂ ਪਾਗਲ ਅੱਗੇ ਬਕਵਾਸ ਕਰ ਰਿਹਾ ਸਾਂ। ਉਦੋਂ ਹੀ ਵਿਹੜੇ ਵਿਚ ਇਕ ਕੋਮਲ ਅਵਾਜ਼ ਨੇ ਕਿਸੇ ਤੋਂ ਪੁਛਿਆ, 'ਤੁਹਾਡੇ ਘਰ ਇਕ ਫੁੱਲ ਉਤਰਿਆ ਹੈ? ਮੇਰੇ ਭੁੱਖੇ ਕੰਨਾਂ ਨੇ ਝਟ ਜਾਣ ਲਿਆ ਕਿ ਇਹ ਕਿਸ ਦੀ ਅਵਾਜ਼ ਹੈ।
'ਪਰ ਭੌਰੇ ਨੂੰ ਬੜੀ ਦੂਰੋਂ ਸੁਗੰਧੀ ਨੇ ਖਿੱਚਿਆ?' ਇਹ ਤਾਰੇ ਦੇ ਹੱਸਦੇ ਬੋਲ ਸਨ।
'ਖਿੱਚ ਜੁ ਹੋਈ।
'ਜਿਹੜਾ ਕਲ੍ਹ ਆਥਣ ਦਾ ਖਿੜਿਆ ਹੋਇਆ ਹੈ, ਉਸ ਦੀ ਬੇ-ਕਰਾਰੀ ਵੀ ਦੇਖਣ ਵਾਲੀ ਹੈ।'