ਪਾਲੀ
ਜਸਵੰਤ ਸਿੰਘ ਕੰਵਲ
1
ਮੇਰੇ ਦਿਲ ਵਿਚ ਇਕ ਗੁਝੇ ਜਿਹੇ ਭੇਦ ਦਾ ਦਰਦ ਅੱਧ ਪੱਕੇ ਫੋੜੇ ਵਾਂਗ ਟਸ-ਟਸ ਕਰ ਰਿਹਾ ਏ। ਮੈਂ ਉਸ ਨੂੰ ਸਾਂਭ ਕੇ ਰਖਦਾ ਹਾਂ, ਮਤੇ ਵਧੇਰੇ ਹੀ ਦਖਣ ਨਾ ਲੱਗ ਪਏ। ਅੱਖੀਆ ਸਦਾ ਵੱਸਦੀਆਂ ਹੀ ਰਹਿੰਦੀਆਂ ਹਨ। ਸਭ ਤੋਂ ਬਹੁਤਾ ਦੁੱਖ ਤੇ ਮੈਨੂੰ ਇਸ ਗੱਲ ਦਾ ਹੈ ਕਿ ਮੈਂ ਅੰਦਰੇ ਅੰਦਰ ਧੁੱਖਦਾ ਹਾਂ। ਇਸ ਦਰਦ ਵੇਦਨਾ ਨੂੰ ਪੁਕਾਰ ਕੇ ਨਹੀਂ ਦੱਸ ਸਕਦਾ। ਇਕ ਉਦਾਸ ਜਿਹੇ ਸਰੀਰ ਵਿਚ ਬੇ-ਜਾਨ ਜਿਹੀ ਜਿੰਦ ਬੋਰਿਆਂ ਵਾਂਗ ਲਈ ਫਿਰਦਾ ਹਾਂ। ਅਜੇ ਤੀਕ ਆਪਣੇ ਜ਼ਖ਼ਮ ਦੁਨੀਆ ਤੋਂ ਲੁਕਾਈ ਰਖੇ ਅਤੇ ਗੁਝੀਆਂ ਪੀੜਾਂ ਅੰਦਰ ਹੀ ਘੁਟੀ ਰਖੀਆਂ ਹਨ।
ਮੈਂ ਆਪਣੀ ਬਾਹੁੜੀ ਵਿਚ ਪਾਗਲ ਰਿਹਾ ਤੇ ਦੁਨੀਆ ਨੂੰ ਮੇਰੀਆਂ ਹਰਕਤਾਂ ਹੱਸਣ ਲਈ ਮਜਬੂਰ ਕਰਦੀਆਂ ਰਹੀਆਂ। ਦੁਨੀਆ ਹੋਰ ਕਰੇ ਵੀ ਕੀ? ਇਹ ਹੱਸਣ ਜਾਣਦੀ ਹੈ, ਹਸਾਣ ਨਹੀਂ। ਲੋਕੀਂ ਮੇਰੀ ਪੜ੍ਹਾਈ ਦੇ ਖਪਤ ਨੂੰ ਸ਼ੁਦਾ ਸਮਝਦੇ, ਫਿਰ ਮੇਰੀਆਂ ਭਰੀਆਂ ਅੱਖਾਂ ਕਿਸ ਪੂੰਝਣੀਆਂ ਸਨ । ਮੈਂ ਇਕੱਲਾ ਸਾਂ, ਸ਼ਾਇਦ ਮੇਰੀ ਵੀ ਕਦੇ ਕੋਈ ਸੋਹਣੀ ਜੇਹੀ ਦੁਨੀਆ ਸੀ, ਪਰ ਅੱਜ ਉਹ ਬਰਬਾਦ ਹੋ ਚੁੱਕੀ ਹੈ। ਮੇਰੇ ਹਵਾ ਵਿਚ ਉਡ ਰਹੇ ਖੁੱਲ੍ਹੇ ਕੇਸ ਦੁਨੀਆ ਲਈ ਇਕ ਹੈਰਾਨੀ ਹੈ ਪਰ ਝੱਲੀ ਦੁਨੀਆ ਨਹੀਂ ਜਾਣਦੀ ਕਿ ਮੈਂ ਆਪਣੇ ਦਿਲ ਦੀ ਮਲਕਾ ਤੇ ਸਦੀਵੀ ਮਾਤਮ ਵਿਚ ਹਵਾ ਦੇ ਬੁੱਲ੍ਹੇ ਮਾਨਣ ਲਈ ਇਨ੍ਹਾਂ ਨੂੰ ਅਜ਼ਾਦ ਕਰ ਦਿੱਤਾ ਹੈ।
ਇਹ ਚੀਸਾਂ ਤੇ ਪੀੜਾਂ ਕਿੰਨਾ ਚਿਰ ਤੜਪਾਉਣਗੀਆਂ ? ਕੁਝ ਨਹੀਂ ਕਿਹਾ ਜਾ ਸਕਦਾ । ਨਦੀ ਦੇ ਅਰੁਕ ਪ੍ਰਵਾਹ ਵਾਂਗ ਇਹ ਦਿਲ ਦਾ ਦਰਦ ਤਦ ਹੀ ਰੁਕੇਗਾ, ਜਦ ਜ਼ਿੰਦਗੀ ਦੇ ਅਨੰਤ ਸਾਗਰ ਵਿਚ ਅਭੇਦ ਹੋ ਜਾਏਗਾ। ਇਹ ਵੀ ਮੈਂ ਆਪਣੀ ਉਸ ਪਿਆਰੀ ਦੀ ਅਪਾਰ ਕਿਰਪਾ ਸਮਝਦਾ ਹਾਂ ਕਿ ਜਿਸ ਦੀ ਯਾਦ ਵਿਚ ਘੁਲ ਰਿਹਾ ਹਾਂ। ਜੇ ਉਸ ਦੀ ਜ਼ਿੰਦਗੀ ਨਾਲ ਮੇਰੀ ਇਹ ਗ਼ਮਾਂ ਦੀ ਪੂੰਜੀ ਵੀ ਖੋਹ ਲਈ ਜਾਂਦੀ, ਫਿਰ ਮੈਂ ਕੀ ਕਰਦਾ।
'ਪਾਲੀ। ਮੈਂ ਤੇਰੀ ਯਾਦ ਦੇ ਸਿਮਰਨ ਨਾਲ ਪਵਿੱਤ੍ਰ ਹੋ ਰਿਹਾ ਹਾਂ? ਪਾਪ ਧੋ ਰਿਹਾ ਹਾਂ। ਸ਼ਾਇਦ ਇਹ ਪਵਿੱਤ੍ਰਤਾ ਹੀ ਤੇਰੇ ਤੱਕ ਪੁੱਜਣ ਦਾ ਸੱਚਾ ਤੇ ਸਹੀ ਮਾਰਗ ਹੈ।
ਹੋ ਸਕਦਾ ਹੈ ਕਿਸੇ ਲਈ ਇਹ ਇਕ ਕਹਾਣੀ ਹੋਵੇ, ਪਰ ਮੇਰੇ ਲਈ ਇਸ ਨੂੰ ਸਦਾ ਦੁਹਰਾਂਦੇ ਰਹਿਣਾ ਜ਼ਿੰਦਗੀ ਦੀ ਪੂਜਾ ਹੈ। ਖ਼ਬਰੇ ਮੈਂ ਇਸ ਕਰ ਕੇ ਹੀ ਅੱਜ ਤੀਕ ਜਿੰਦਾ ਹਾਂ ਅਤੇ ਹੋਰ ਕੁਝ ਮੈਨੂੰ ਚੰਗਾ ਵੀ ਨਹੀਂ ਲਗਦਾ।
****
ਮੈਂ ਆਪਣੇ ਗੁਰੂਦੇਵ ਕੋਲ ਵਿਦਿਆ ਪੜ੍ਹਦਾ ਰਿਹਾ, ਤਾਂ ਕਿ ਆਪਣੇ ਜੀਵਨ ਵਿਚ ਨਿੱਗਰ ਸਚਾਈ ਤੇ ਸੁੱਚੀ ਪਵਿੱਤ੍ਰਤਾ ਭਰ ਸਕਾਂ। ਕੋਈ ਆਦਮੀ ਆਪਣੀ ਮਾਤਾ ਤੇ ਗੁਰੂਦੇਵ
ਦਾ ਦੇਣਾ ਨਹੀਂ ਦੇ ਸਕਦਾ, ਜਿਨ੍ਹਾਂ ਦੀ ਮਿਹਰਬਾਨੀ ਸਦਕਾ ਉਹ ਜੀਵਨ ਨੂੰ ਪਾਉਂਦਾ ਹੈ। ਉਦੋਂ ਮੇਰੀ ਉਮਰ ਕੁਲ ਅਠਾਰਾਂ ਵਰ੍ਹਿਆਂ ਦੀ ਸੀ । ਵਿਦਿਆ ਦੇ ਸੁੰਦਰ ਭਾਵ ਜੀਵਨ ਦੀਆਂ ਨਿੱਕੀਆਂ-ਨਿੱਕੀਆਂ ਘਟਨਾਵਾਂ ਵਿਚ ਚਮਕਣ ਲਗ ਪਏ ਸਨ। ਮੈਂ ਵੀ ਹਰ ਕੰਮ ਵਿਚ ਸੁਆਦ ਤੇ ਚਾਅ ਜਿਹਾ ਮਹਿਸੂਸ ਕਰ ਰਿਹਾ ਸਾਂ। ਉਦੋਂ ਮੈਨੂੰ ਕੀ ਪਤਾ ਸੀ ਕਿ ਇਹ ਨਿੱਕੀਆਂ ਸੁਆਦ ਬੂੰਦਾਂ ਹੀ ਇਕ ਦਿਨ ਮਿਲ ਕੇ ਦਰਿਆ ਤੇ ਉਸ ਪਿਛੋਂ ਸਾਗਰ ਹੋ ਜਾਣਗੀਆਂ, ਜਿਸ ਵਿਚ ਮੇਰੀ ਨਤਾਣੀ ਨਈਆ ਗੋਤੇ ਖਾਵੇਗੀ। ਇਸ ਮਾਸੂਮ ਚਾਅ ਚੰਗਿਆੜੀਆਂ ਤੋਂ ਭਾਂਬੜ ਹੋ, ਮੈਨੂੰ ਸਾਰੇ ਨੂੰ ਝੁਲਸ ਸੁੱਟਣਗੇ। ਨਿੱਕੀਆਂ ਚੀਜਾਂ ਸਮੇਂ ਨਾਲ ਵੱਡੀਆਂ ਹੁੰਦੀਆਂ ਹਨ ਅਤੇ ਵੱਡੀਆਂ ਮੁੜ ਇਨਕਲਾਬ ਨੂੰ ਪੁੱਜ ਕੇ ਪ੍ਰਮਾਣੂ ਹੋ ਡਿਗਦੀਆਂ ਹਨ। ਜਿਨ੍ਹਾਂ ਵਿਚ ਕਾਲ ਕਦੇ ਆਪਣੇ ਦੌਰੇ ਨਾਲ ਫਿਰ ਜ਼ਿੰਦਗੀ ਧੜਕਾਂਦਾ ਹੈ। ਮੇਰੇ ਖਿਆਲ ਵਿਚ ਫਨਾਹ ਕੋਈ ਚੀਜ਼ ਵੀ ਨਹੀਂ ਹੁੰਦੀ, ਕੇਵਲ ਟੁੱਟ ਭੱਜ ਕੇ ਆਪਣੇ ਅਸਲੇ ਨੂੰ ਲੱਭਦੀ ਹੈ। ਕੀ ਫਿਰ ਮੇਰੀਆਂ ਰਾਤ ਦਿਨ ਦੀਆਂ ਪ੍ਰੀਤ ਪ੍ਰਾਰਥਨਾਵਾਂ, ਮੈਨੂੰ ਮੇਰੀ ਪ੍ਰਿਆ ਕੋਲ ਨਹੀਂ ਖਿੱਚ ਰਹੀਆਂ? ਨਿਰਸੰਦੇਹ ਮੈਂ ਕੁਦਰਤ ਦੀ ਚਾਲ ਅਧੀਨ ਆਪਣੇ ਮਾਰਗ ਤੇ ਸਹੀ ਜਾ ਰਿਹਾ ਹਾਂ। ਦੁਨੀਆ ਦੀ ਚਿੜਾਂਦ ਮੇਰਾ ਧਿਆਨ ਨਹੀਂ ਤੋੜ ਸਕੇਗੀ, ਮੈਂ ਆਪਣੀ ਪਿਆਰੀ ਦੀ ਯਾਦ ਵਿਚ ਵਿਸਮਾਦ ਹੋਇਆ ਰਹਾਂਗਾ।
ਅੱਜ ਤੋਂ ਲਗਭਗ ਚਾਰ ਸਾਲ ਪਹਿਲਾਂ ਇਕ ਸੁਹਾਵਣੀ ਸਵੇਰ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਜਦੋਂ ਕਿ ਮੰਜੇ ਤੋਂ ਉਠਦੇ ਨੂੰ ਹੀ ਦੋ ਨਿੱਛਾਂ ਆਈਆਂ ਸਨ । ਪ੍ਰਭਾਤ ਵਾਂਗ ਮੇਰੇ ਵੀ ਬੁਲ੍ਹ ਹੱਸੇ। "ਕੀ ਮੈਨੂੰ ਵੀ ਕੋਈ ਯਾਦ ਕਰਦਾ ਹੈ? ਨਿੱਛਾਂ ਦਾ ਸਵੇਰੀ ਆਉਣਾ ਤਾਂ ਇਹੀ ਜ਼ਾਹਰ ਕਰਦਾ ਹੈ, ਪਰ ਮੇਰਾ ਤੇ ਕੋਈ ਪਿਆਰਾ ਨਹੀਂ, ਮੈਨੂੰ ਕਿਸ ਯਾਦ ਕਰਨਾ ਹੈ। ਓਦੋਂ ਮੈਨੂੰ ਆਪਣੇ ਗੁਰੂਦੇਵ ਦਾ ਕਹਿਣਾ ਚੇਤੇ ਆਇਆ।
'ਕੁਦਰਤ ਦਾ ਹਰ ਨਿੱਕੇ ਤੋਂ ਨਿੱਕਾ ਅੰਗ ਕਿਸੇ ਨਾ ਕਿਸੇ ਲਈ ਜ਼ਰੂਰ ਇਕ ਤਕੜੀ ਖਿੱਚ ਰਖਦਾ ਹੈ। ਇਕ ਮਾਮੂਲੀ ਕਲੀ ਭੌਰੇ ਦਾ ਦਿਲ ਵਿੰਨ੍ਹਦੀ ਹੈ। ਘੰਡਾ ਰੇੜੀ ਦੀਆਂ ਸੁਰਾਂ ਜੰਗਲ ਵਿਚ ਮਿਰਗ ਨੂੰ ਖੀਵਾ ਅਤੇ ਬੱਦਲ ਗੂੰਜਾਂ ਇਕ ਮੋਰ ਨੂੰ ਨਿਰਤ ਲਈ ਮਜਬੂਰ ਕਰਦੀਆਂ ਹਨ।
ਕੀ ਫਿਰ ਮੇਰੀ ਨਿਖਰ ਰਹੀ ਜਵਾਨੀ ਕਿਸੇ ਲਈ... ! ਮੇਰੇ ਜਵਾਨ ਭਾਵ ਏਥੇ ਆ ਕੇ ਸ਼ਰਮਾ ਗਏ। ਸ਼ਰਮ ਇਸਤਰੀ ਪੁਰਸ਼ ਦੀ ਸਾਂਝੀ ਜੀਵਨ ਪੂੰਜੀ ਹੈ, ਜਿਸ ਨੂੰ ਅਸੀਂ ਦੋਹੀਂ ਹੱਥੀ ਲੁਟਾਂਦੇ ਅਫਸੋਸ ਨਹੀਂ ਕਰਦੇ।
ਉਸ ਦਿਨ ਮੈਂ ਕਿਤੇ ਆਪਣੀ ਰਿਸ਼ਤੇਦਾਰੀ ਵਿਚ ਜਾਣਾ ਸੀ । ਦਹੀਂ ਪੀ ਕੇ ਮੈਂ ਲੀੜੇ ਪਾਏ। ਇਕ ਪੰਜਾਬੀ ਰਸਾਲਾ, ਆਪਣੀ ਨੋਟ ਬੁਕ, ਕਲਮ ਤੇ ਥੈਲਾ ਚੁੱਕ ਕੇ ਮੈਂ ਘਰੋਂ ਨਿਕਲਿਆ। ਓਦੋਂ ਮੇਰੇ ਹਰ ਕੰਮ ਵਿਚ ਇਕ ਨਵਾਂ ਚਾਅ ਹੁੰਦਾ ਸੀ। ਘਰੋਂ ਨਿਕਲ ਕੇ ਮੈਂ ਆਪਣੇ ਘਰ ਨੂੰ ਮੁੜ ਭੁੱਖੀ ਰੀਝ ਨਾਲ ਵੇਖਿਆ। ਭਾਵੇਂ ਮੈਂ ਦੋ ਦਿਨ ਲਈ ਹੀ ਬਾਹਰ ਜਾਂ ਰਿਹਾ ਸਾਂ, ਪਰ ਫਿਰ ਵੀ ਮੇਰਾ ਸਬਰ ਇਕ ਦਿਨ ਬਾਹਰ ਰਹਿ ਕੇ ਐਨਾ ਉਤਾਵਲਾ ਹੋ ਜਾਂਦਾ, ਜਿਵੇਂ ਮੈਂ ਇਕ ਸਾਲ ਤੋਂ ਆਪਣੀ ਜਨਮ ਭੂਮੀ ਨੂੰ ਤਰਸ ਰਿਹਾ ਹਾਂ। ਮੈਂ ਗੱਡੀ ਚੜ੍ਹਨਾ ਸੀ ਤੇ ਮੇਰਾ ਸਟੇਸ਼ਨ ਦੋ ਮੀਲ ਤੇ ਸੀ। ਗੱਡੀ ਦੇ ਟਾਈਮ ਤੋਂ ਮੈਂ ਦੋ ਘੰਟੇ ਪਹਿਲਾਂ ਤੁਰਿਆ ਸਾਂ।
ਕਿਉਂਕਿ ਮੈਂ ਇਸ ਦੋ ਮੀਲ ਦੇ ਕੱਚੇ ਸਫਰ ਵਿਚ ਤੁਰ ਕੇ ਬੜਾ ਸੁਆਦ ਲੈਂਦਾ ਸਾਂ। ਜਦ ਮਨੁੱਖ ਦੇ ਦਿਲ ਸੁਆਦ ਮਾਨਣ ਦੀ ਇੱਛਾ ਸ਼ਕਤੀ ਜਾਗ ਉਠੇ, ਉਸ ਵੇਲੇ ਭਾਵੇਂ ਉਹ ਕੋਈ ਕੰਮ ਕਰੇ, ਉਸ ਵਿਚ ਹੀ ਇਕ ਅਨੋਖਾ ਅਨੰਦ ਮਹਿਸੂਸ ਕਰਦਾ ਹੈ।
ਕਈ ਵਾਰ ਮੇਰੇ ਹਿਰਦਿਓਂ ਇਕ ਮੁਸਕਾਣ ਉਠਦੀ ਅਤੇ ਮੈਂ ਪਿਛੇ ਭੌਂ ਕੇ ਹੱਸਦੀਆਂ ਅੱਖਾਂ ਨਾਲ ਆਪਣੀਆਂ ਪੈੜਾਂ ਵੇਖਣ ਲੱਗ ਪੈਂਦਾ, ਅਤੇ ਖ਼ਿਆਲ ਕਰਦਾ ਸਾਂ, ਕੀ ਮੈਂ ਇਨ੍ਹਾਂ ਪੈੜਾਂ ਤੱਕ ਪੁੱਜ ਸਕਦਾ ਹਾਂ? ਫਿਰ ਜਵਾਬ ਦੇਂਦਾ ਸਾਂ ਕਿ ਨਹੀਂ ਇਨ੍ਹਾਂ ਤੱਕ ਮੁੜ ਪੁੱਜਣ ਲਈ ਇਕ ਜਨਮ ਦੀ ਹੋਰ ਉਡੀਕ ਕਰਨੀ ਪਵੇਗੀ। ਦੁਬਾਰਾ ਫਿਰ ਸੋਚਦਾ ਸਾਂ ਕਿ ਜਦ ਸਾਨੂੰ ਪਿਛਲੇ ਪੈਰ ਚਿੰਨ ਤਕ ਅਪੜਨ ਲਈ ਇਕ ਜਨਮ ਬਰਬਾਦ ਕਰਨਾ ਪੈਂਦਾ ਹੈ, ਕੁਦਰਤ ਇਕ ਪਲ ਲੰਘੇ ਨੂੰ ਸਾਲਾਂ ਦੇ ਇਵਜ ਵਿਚ ਵੀ ਵਾਪਸ ਨਹੀਂ ਕਰਦੀ ਤਾਂ ਅਸੀਂ ਆਪਣੀਆਂ ਜਿੰਦਗੀਆਂ ਕਿਵੇਂ ਆਦਰਸ਼ ਤੋਂ ਬਿਨਾਂ ਕੋਹ ਰਹੇ ਹਾਂ।
ਇਕ ਮੀਲ ਤੇ ਆ ਕੇ ਇਕ ਨਹਿਰ ਆ ਗਈ। ਉਸ ਦੇ ਹਰਿਆਵਲੇ ਕਿਨਾਰਿਆ ਵਿਚ ਮੰਦ-ਮੰਦ ਵਗਦਾ ਪਾਣੀ ਵੇਖ, ਮੇਰਾ ਜੀਅ ਓਥੇ ਹੀ ਢੇਰੀ ਹੋ ਜਾਣ ਨੂੰ ਕੀਤਾ। ਮੈਂ ਝੱਟ ਆਪਣਾ ਥੈਲਾ ਸੁੱਟ ਕੁਹਣੀ ਪਰਨੇ ਹਰੀ ਘਾਹ ਤੇ ਪੈ ਗਿਆ। ਜਿਹੜੇ ਪੁਰਸ਼ ਆਪਣੇ ਮਨ ਦੇ ਜਜ਼ਬਿਆਂ ਨੂੰ ਕੁਚਲ ਕੇ ਕੋਈ ਕੰਮ ਕਰਦੇ ਹਨ, ਉਹ ਆਪਣੀ ਆਤਮਾ ਨਾਲ ਇਨਸਾਫ਼ ਨਹੀਂ ਕਰਦੇ ਅਤੇ ਜੀਵਨ ਨੂੰ ਧੋਖਾ ਦੇਂਦੇ ਹਨ। ਕੁਝ ਸਮਾਂ ਮੈਂ ਅਨੰਦ ਵਿਚ ਖੀਵਾ ਹੋਇਆ ਪਿਆ ਰਿਹਾ। ਥੋੜ੍ਹੇ ਚਿਰ ਪਿਛੋਂ ਮੇਰੀਆਂ ਨਜ਼ਰਾਂ ਨੇ ਨਹਿਰ ਦੇ ਪਾਣੀ ਤੋਂ ਦੀ ਤਰਦਿਆਂ ਆਪਣਾ ਸਟੇਸ਼ਨ ਵੇਖਿਆ। ਮੈਂ ਜਾਣ ਦੀ ਭਾਵਨਾ ਨਾਲ ਉਠ ਕੇ ਬੈਠ ਗਿਆ। ਅਫਸੋਸ ! ਅਸੀਂ ਦੁਨਿਆਵੀ ਤੁੱਛ ਕੰਮਾਂ ਦੀ ਖ਼ਾਤਰ ਆਪਣੇ ਮੌਲਿਕ ਸੁਆਦ ਨੂੰ ਕਿੰਨੀ ਬੇ-ਦਰਦੀ ਨਾਲ ਕਤਲ ਕਰਦੇ ਹਾਂ। ਪਰ ਮੇਰੀ ਨਵੀਂ ਮੁਸਕਾਨ ਆਖ ਰਹੀ ਸੀ ਕਿ ਸੁਆਦ ਕਿਸੇ ਚੀਜ ਵਿਚ ਨਹੀਂ, ਉਹ ਆਪਣੇ ਅੰਦਰ ਇਕ ਚਸ਼ਮੇ ਵਾਂਗ ਉਮੜਦਾ ਰਹਿੰਦਾ ਹੈ।
ਮੈਂ ਫਿਰ ਉਠ ਕੇ ਤੁਰ ਪਿਆ । ਹਰ ਖ਼ਿਆਲ ਨਵਾਂ ਹੌਂਸਲਾ ਹੁੰਦਾ ਹੈ ਤੇ ਹਰ ਮੁਸਕਾਣ ਉਤਸ਼ਾਹ ਭਰੀ ਕੰਬਣੀ । ਮੈਂ ਰਵਾਂ ਰਵੀ ਵਗਿਆ ਮਤਾ ਗੱਡੀਓਂ ਹੀ ਨਾ ਖੁੰਝ ਜਾਵਾਂ। ਸਟੇਸ਼ਨ ਮਾਸਟਰ ਮੇਰੇ ਬੜੇ ਮਿੱਤਰ ਸਨ। ਉਮਰ ਪੰਜਾਹ ਨੂੰ ਪਹੁੰਚੀ ਹੋਈ ਸੀ। ਕ੍ਰਿਸ਼ਨ ਭਗਤ ਹੋਣ ਕਰਕੇ ਰੋਇਆ ਤੇ ਨੱਚਿਆ ਬੜਾ ਕਰਦੇ ਸਨ ਤੇ ਕੀਰਤਨ ਦੇ ਅਨੰਦ ਵਿਚ ਬਹੁਤਾ ਮਗਨ ਰਹਿੰਦੇ। ਮੈਂ ਸਟੇਸ਼ਨ ਵਿਚ ਵੜਦਿਆਂ ਨਮਸਤੇ ਕਹੀ ਉਨ੍ਹਾਂ ਨੂੰ ਦੇਖ ਕੇ ਮੁਸਕ੍ਰਾਇਆ। ਸਟੇਸ਼ਨ ਮਾਸਟਰ ਨੇ ਹੱਸਦਿਆਂ ਕਿਹਾ, 'ਕੀ ਗੱਲ ਹੈ ਮੁਸਕਰਾਂਦੇ ਹੋ?
'ਮੈਂ ਹੈਰਾਨ ਹਾਂ ਬਾਬੂ ਜੀ। ਤੁਸੀਂ ਬੁੱਢੇ ਹੱਸ ਰਹੇ ਹੋ, ਮੈਂ ਜਵਾਨ ਨੇ ਮੁਸਕਰਾ ਲਿਆ ਤਾਂ ਕੀ ਹੋਇਆ?'
'ਹੱਛਾ। ਇਹ ਗੱਲ ਹੈ।
'ਹਾਂ ਜੀ, ਝਿਜਕ ਕਿਸ ਗੱਲ ਦੀ, ਅਜੇ ਤਾਂ ਹੱਸਣਾ ਹੈ ਹੱਸਣਾ।'
'ਤੇ ਰੋਣਾ ਕਦੋਂ ਹੈ ?
'ਇਸ ਗੱਲ ਦਾ ਬਾਬੂ ਜੀ ਖਿਆਲ ਹੀ ਨਹੀਂ ਰਖਿਆ।
ਮੈਂ ਉਦਾਸ ਜਿਹਾ ਹੋ ਗਿਆ ਕਿਉਕਿ ਰੋਣਾ ਤੇ ਹੱਸਣਾ ਜੀਵਨ ਦੇ ਬਦਲਦੇ ਪਰਛਾਵੇਂ ਹਨ। ਮੈਂ ਇਕ ਨੂੰ ਸੁੱਖਾਂ ਨਾਲ ਭਰਿਆ ਵੇਖ ਕੇ ਚੁਣਿਆ ਸੀ। ਉਸ ਦੇ ਨਾਲ ਦੂਜੇ ਦਾ ਆ ਜਾਣਾ ਕੁਦਰਤੀ ਸੀ। ਬਾਬੂ ਟਿਕਟਾਂ ਦੇਣ ਲਗ ਪਏ। ਪੇਂਡੂ ਸਟੇਸ਼ਨ ਹੋਣ ਤੇ ਵੀ ਏਥੇ ਕਾਫੀ ਭੀੜ ਹੋ ਜਾਂਦੀ ਸੀ। ਸਟੇਸ਼ਨ ਦੁਆਲੇ ਸੁਹਣੀ ਹਰਿਆਵਲ ਸੀ। ਮੈਂ ਮੁਸਾਫ਼ਰਾਂ ਨੂੰ ਪ੍ਰਸੰਨ ਚਿੱਤ ਵੇਖ ਰਿਹਾ ਹਾਂ, ਜਾਂ ਨਹੀਂ ਸੀ ਕਿਹਾ ਜਾ ਸਕਦਾ ਕਿ ਮੇਰੀ ਅੰਦਰਲੀ ਪ੍ਰਸੰਨਤਾ ਕੁਦਰਤ ਦੇ ਅੰਗਾਂ ਵਿਚ ਅਦਭੁਤ ਨਿਰਤ ਕਰ ਰਹੀ ਸੀ।
ਇਕ ਵੀਹ ਕੁ ਸਾਲ ਦੀ ਕੁੜੀ ਦਫਤਰ ਅੰਦਰ ਆਈ ਤੇ ਉਸ ਨੇ ਆਉਂਦਿਆਂ ਹੀ ਬਾਬੂ ਜੀ ਨੂੰ 'ਸਤਿ ਸ੍ਰੀ ਅਕਾਲ' ਕਹੀ। ਮੈਂ ਵੀ ਸਤਿਕਾਰ ਨਾਲ ਖੜ੍ਹਾ ਹੋ ਗਿਆ ਅਤੇ ਕੁਰਸੀ ਛੱਡਦਿਆਂ ਕਿਹਾ, 'ਬੈਠੋ ਜੀ?'
'ਨਹੀਂ, ਤੁਸੀਂ ਕੋਈ ਖ਼ਿਆਲ ਨਾ ਕਰੋ। ਇਹ ਆਖ ਉਹ ਵੱਡੀ ਸਾਰੀ ਮੇਜ਼ ਦੇ ਇਕ ਕੋਨੇ ਤੇ ਬਹਿ ਗਈ।
ਮੈਨੂੰ ਕਿਸੇ ਦਾ ਚਿਹਰਾ ਵੇਖ ਕੇ ਉਸ ਦਾ ਗੁਣ ਔਗੁਣ ਦਾ ਅੰਦਾਜ਼ਾ ਲਾਉਣ ਦੀ ਇਕ ਆਦਤ ਪਈ ਹੋਈ ਸੀ। ਉਸ ਕੁੜੀ ਨੂੰ ਵੀ ਮੈਂ ਆਪਣੀ ਆਦਤ ਅਨੁਸਾਰ ਵੇਖਣਾ ਸ਼ੁਰੂ ਕਰ ਦਿੱਤਾ। ਉਸ ਵਿਚ ਮਿਠਾਸ, ਇਉਂ ਜਾਪਦੀ ਸੀ, ਜਿਵੇਂ ਮੇਰੇ ਨੀਰਸ ਦਿਲ ਮਾਖੋ ਚੋ ਰਹੀ ਹੈ । ਕੋਮਲਤਾ, ਮੇਰੇ ਫਰਕਦੇ ਅੰਗਾਂ ਵਿੱਚ ਆਪ-ਮੁਹਾਰੇ ਨਿੱਸਲਤਾ ਆ ਰਹੀ ਸੀ। ਐਨੀ ਸ਼ਾਂਤ ਕਿ ਮੈਨੂੰ ਆਪਣੇ ਕਾਹਲੇ ਸੁਭਾਅ ਤੇ ਸ਼ਰਮ ਆ ਗਈ। ਹਸਮੁੱਖਤਾ ਦੇ ਚਿੰਨ੍ਹ, ਇਕ ਕਲੀ ਵਾਂਗ ਬੰਦ ਪਏ ਅਰਮਾਨ ਸਨ। ਹੁਸਨ, ਇਕ ਸਾਕਾਰ ਸਚਾਈ ਸੀ। ਤਿੱਖੇ ਨਕਸ਼ਾਂ ਵਿਚ ਉਹ ਮੈਥੋਂ ਵੀ ਬਾਜੀ ਲੈ ਗਈ ਸੀ। ਸੁਹਣੇ, ਸਾਫ਼ ਤੇ ਸਰੀਰ ਨਾਲੇ ਫਬੇ ਕਪੜਿਆਂ ਵਿਚ ਮੈਂ ਕਿਸੇ ਮਹਾਂ ਚਿਤ੍ਰਕਾਰ ਦਾ ਸ਼ਾਹਕਾਰ ਵੇਖ ਰਿਹਾ ਸਾਂ। ਉਸ ਨੂੰ ਵੇਖ ਕੇ ਮੇਰੀਆਂ ਅੱਖਾਂ ਹੈਰਾਨੀ ਵਿਚ ਠਠੰਬਰ ਗਈਆਂ। ਇਸ ਤੋਂ ਬਿਨਾਂ ਮੈਂ ਆਪਣੇ ਅੰਦਰ ਇਕ ਤਰ੍ਹਾਂ ਨੀਂਦ- ਨਸ਼ਾ ਜਿਹਾ ਵੀ ਪ੍ਰਤੀਤ ਕਰ ਰਿਹਾ ਸਾਂ।
ਮੈਂ ਉਸ ਵਿਚ ਔਗੁਣ ਲੱਭਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਇਹ ਫ਼ਿਤਰਤ ਦੇ ਉਲਟ ਸੀ, ਕਿਉਂਕਿ ਜਿਹੜੀ ਚੀਜ ਇਕ ਵਾਰ ਚੰਗੀ ਬਣ ਕੇ ਅੰਦਰ ਆਵੇ, ਉਸ ਦੇ ਨੁਕਸ ਵੀ ਚੰਗਿਆਈਆਂ ਵਿਚ ਬਦਲ ਜਾਂਦੇ ਹਨ। ਉਂਜ ਕੁੜੀਆਂ ਸਾਰੀਆਂ ਹੀ ਸੋਹਣੀਆਂ ਹੁੰਦੀਆਂ ਹਨ, ਪਰ ਉਸ ਵਿਚ ਸਿਫ਼ਤਾਂ ਦੀ ਕੁਝ ਵਧੇਰੇ ਹੀ ਲਾਮਡੋਰੀ ਸੀ। ਮੈਂ ਉਸ ਨੂੰ ਵੇਖ-ਵੇਖ ਇਕ ਅਜਿੱਤ ਤੇ ਨਵੀਂ ਖੁਸ਼ੀ ਅੰਦਰੇ ਅੰਦਰ ਮਾਣ ਰਿਹਾ ਸਾਂ। ਪਰ ਬਾਹਰੋਂ ਮਨੁੱਖੀ ਅਣਖ ਦਾ ਕਾਇਲ ਪੰਜਾਬੀ ਮਾਸਕ ਪੱਤਰ ਉਤੇ ਐਵੇਂ ਨਜ਼ਰਾਂ ਸੁੱਟ ਰਿਹਾ ਸਾਂ।
ਸਟੇਸ਼ਨ ਮਾਸਟਰ ਆਪਣੇ ਕੰਮ ਵਲੋਂ ਵਿਹਲੇ ਹੋਏ ਅਤੇ ਮੈਨੂੰ ਪੁੱਛਣ ਲੱਗੇ, 'ਅੱਜ ਕਲ੍ਹ ਕੀ ਵਿਚਾਰਦੇ ਹੋ ?
'ਆਤਮ ਸਿਧਾਂਤ।'
'ਤੁਸੀ ਭਗਤੀ ਦੇ ਕਾਇਲ ਹੋ ਜਾਂ ਗਿਆਨ ਦੇ ?"
'ਭਗਤੀ ਵਿਚ ਦੀ ਲੰਘ ਕੇ ਹੀ ਇਕ ਜਗਿਆਸੂ ਗਿਆਨ ਤੱਕ ਪੁੱਜਦਾ ਹੈ, ਮੈਂ ਨਿਰਸੰਦੇਹ ਗਿਆਨ ਨੂੰ ਅਧਿਕਤਾ ਦੇਂਦਾ ਹਾਂ।
'ਤਦ ਫਿਰ ਤੁਹਾਡੇ ਖ਼ਿਆਲ ਵਿਚ ਭਗਤੀ ਭਾਵ ਨਾਲ ਮੁਕਤੀ ਨਹੀਂ ਮਿਲਦੀ ?'
'ਹਾਂ ਭਗਤੀ ਦਵੈਤਵਾਦ ਬਿਨਾਂ ਨਹੀਂ ਹੋ ਸਕਦੀ ਅਤੇ ਗਿਆਨ ਕੇਵਲ ਇਕ ਬ੍ਰਹਮ ਦਾ ਹੀ ਜਣਾਇਕ ਹੈ। ਇਹ ਮੇਰਾ ਖਿਆਲ ਨਹੀਂ, ਸ਼ਾਸਤਰ ਦਸਦੇ ਹਨ।
ਇਕ ਆਦਮੀ ਬਾਹਰੋਂ ਹਫਿਆ ਹੋਇਆ ਆਇਆ ਅਤੇ ਉਸ ਆਉਂਦਿਆਂ ਹੀ ਸਟੇਸ਼ਨ ਮਾਸਟਰ ਨੇ ਪੁੱਛਿਆ, 'ਜੀ ਬਾਬੂ ਜੀ। ਗੱਡੀ ਕਿੰਨੇ ਬਜੇ ਆਊ ਜੀ?'
'ਬਸ ਆਉਣ ਹੀ ਵਾਲੀ ਹੈ।
'ਫੇਰ ਜੀ ਮੈਨੂੰ ਟਿਕਟ ਦੇਣ ਦੀ ਮਿਹਰਬਾਨੀ ਕਰ ਦਿਓ। ਉਸ ਗਰੀਬ ਜਿਹਾ ਬਣਦਿਆਂ ਕਿਹਾ।
'ਲਿਆ ਫੜਾ ਪੈਸੇ ।' ਬਾਬੂ ਜੀ ਦੇ ਚਿਹਰੇ ਤੇ ਗੁੱਸੇ ਦੇ ਚਿੰਨ੍ਹ ਸਨ। ਉਹ ਉਸ ਆਦਮੀ ਨੂੰ ਟਿਕਟ ਦੇਣ ਚਲੇ ਗਏ। ਉਸ ਕੁੜੀ ਨੇ ਮੇਰੇ ਕੋਲੋਂ ਪੰਜਾਬੀ ਰਿਸਾਲਾ ਹੱਥ ਦੀ ਸੈਨਤ ਨਾਲ ਮੰਗਿਆ, ਮੈਂ ਮੇਜ਼ ਅੱਗੇ ਪਏ ਰਸਾਲੇ ਨੂੰ ਉਸ ਵਲ ਵਧਾ ਦਿੱਤਾ। ਬਾਬੂ ਜੀ ਆ ਕੇ ਮੇਰੇ ਨਾਲ ਫਿਰ ਇਸੇ ਵਿਸ਼ੇ ਤੇ ਬਹਿਸ ਕਰਨ ਲੱਗ ਪਏ। ਮੇਰੀਆਂ ਠੋਸ ਦਲੀਲਾਂ ਅਗੇ ਬਾਬੂ ਜੀ ਦੀ ਕੋਈ ਪੇਸ਼ ਨਾ ਜਾਵੇ। ਮੈਨੂੰ ਇਉਂ ਜਾਪਦਾ ਸੀ ਜਿਵੇਂ ਉਹ ਯੁਵਤੀ ਮੇਰੀਆਂ ਕਹੀਆਂ ਜਾ ਰਹੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣ ਰਹੀ ਹੈ। ਭਾਵੇਂ ਉਸ ਦੀਆਂ ਨਜ਼ਰਾਂ ਰਿਸਾਲੇ ਤੇ ਫਿਰ ਰਹੀਆਂ ਸਨ, ਪਰ ਉਸ ਨੂੰ ਕੱਖ ਸਮਝ ਨਹੀਂ ਪੈ ਰਹੀ ਸੀ। ਕਿਉਂਕਿ ਉਹ ਕਈ ਵਾਰੀ ਰਸਾਲੇ ਦੀ ਕੰਨੀ ਨੀਵੀਂ ਕਰਕੇ ਮੈਨੂੰ ਵੇਖ ਵੀ ਲੈਂਦੀ ਸੀ । ਸਾਇਦ ਉਸ ਦਾ ਮਨ ਚੋਰੀ ਵੇਖਣ ਲਈ ਮਜਬੂਰ ਸੀ, ਪਰ ਲੋਕ-ਲਾਜ ਦਾ ਥੋੜ੍ਹਾ ਡਰ ਪਰਦੇ ਦੀ ਓਟ ਲੈ ਰਿਹਾ ਸੀ। ਮੈਂ ਇਸ ਗੱਲ ਬਾਤ ਦੇ ਸਮੇਂ ਵਿਚ ਇਕ ਗੱਲ ਦਾ ਅਨੁਮਾਨ ਹੀ ਨਹੀਂ, ਨਿਸਚਾ ਕਰ ਲਿਆ ਸੀ ਕਿ ਇਸ ਸੁਹਿਰਦ ਕੁੜੀ ਦੇ ਅੰਦਰ ਇਕ ਹਮਦਰਦ ਦਿਲ ਹੈ, ਕੋਈ ਗੁੱਝੀ ਜਿਹੀ ਭੁੱਖ ਹੈ, ਜਿਹੜੀ ਹਰ ਆਦਮੀ ਨਹੀਂ ਜਾਣ ਸਕਦਾ।
ਬਾਬੂ ਜੀ ਨੇ ਉਧਰੋਂ ਮੁੜਦਿਆਂ ਕਿਹਾ, 'ਤੁਹਾਡਾ ਸ਼ਾਇਰਾਂ ਦਾ ਅਸਲ ਵਿਚ ਕਿਸੇ ਚੀਜ਼ ਤੇ ਵੀ ਨਿਸ਼ਚਾ ਨਹੀਂ ਹੁੰਦਾ।' ਅਸੀਂ ਸਾਰੇ ਹੀ ਹੱਸ ਪਏ।
ਇਕ ਕੁਲੀ ਅੰਦਰ ਆਇਆ ਅਤੇ ਉਸ ਕਿਹਾ, 'ਬਾਬੂ ਜੀ! ਗੱਡੀ ਸਿਗਨਲ ਛੱਡ ਆਈ।
ਅਸੀਂ ਸਾਰੇ ਬਾਹਰ ਨਿਕਲੇ। ਸੁੰਦਰੀ ਨੇ ਮੇਰਾ ਰਸਾਲਾ ਫੜਾਂਦਿਆਂ ਧੰਨਵਾਦ ਕੀਤਾ। ਮੈਂ ਜਵਾਬ ਵਿਚ ਕਿਹਾ, 'ਤੁਸੀਂ ਸਫਰ ਵਿਚ ਵੀ ਇਸ ਨੂੰ ਪੜ੍ਹ ਸਕਦੇ ਹੋ।
'ਤੁਸਾਂ ਆਪ ਪੜ੍ਹਨਾ ਹੋਵੇਗਾ ?'
'ਨਹੀਂ, ਮੈਂ ਜੋ ਕੁਝ ਪੜ੍ਹ ਚੁੱਕਾ ਹਾਂ, ਉਸ ਨੂੰ ਵਿਚਾਰ ਲਵਾਂਗਾ।
'ਸ਼ੁਕਰੀਆ।'
ਅਸੀਂ ਅੱਡ-ਅੱਡ ਗੱਡੀ ਚੜ੍ਹੇ। ਮੇਰਾ ਦਿਲ ਚਾਹੁੰਦਾ ਸੀ ਕਿ ਇਸ ਸੋਹਣੀ ਕੁੜੀ ਨਾਲ ਸਫਰ ਕਰਾਂ, ਹਾਣ ਪਿਆਰਾ। ਕੀ ਪਤਾ ਉਸ ਦਾ ਦਿਲ ਵੀ ਇਕ ਡੱਬੇ ਵਿਚ ਹੀ ਰਲ ਬਹਿਣ ਨੂੰ ਕਰਦਾ ਹੋਵੇ। ਅਸੀਂ ਝਿਜਕ ਅਧੀਨ ਇਕ ਦੂਜੇ ਨੂੰ ਕੁਝ ਨਾ ਕਹਿ ਸਕੇ।
ਅਗਲੇ ਸਟੇਸ਼ਨ ਤੇ ਇੰਜਣ ਪਾਣੀ ਲੈਣ ਲਈ ਆਮ ਸਟੇਸ਼ਨਾਂ ਨਾਲੋਂ ਬਹੁਤਾ ਚਿਰ ਖਲੋਤਾ। ਮੈਂ ਉਤਰ ਕੇ ਪਲੇਟਫਾਰਮ ਤੇ ਫਿਰਨ ਲਗ ਪਿਆ। ਪਲੇਟਫਾਰਮ ਤੇ ਵੱਡੇ ਵੱਡੇ ਚਿਣੇ ਪੱਥਰ ਵੇਖ ਕੇ ਮਜ਼ਦੂਰ ਦੀ ਕਰੜੀ ਮਿਹਨਤ ਹਉਂਕੇ ਭਰਦੀ ਜਾਪੀ। ਮੇਰੇ ਤਰਸ ਰਹੇ ਦਿਲ ਵਿਚ ਇਨਕਲਾਬ ਦੀਆਂ ਲਹਿਰਾਂ ਝਰਣ-ਝਰਣ' ਫਿਰਨ ਲੱਗੀਆਂ। ਮੈਂ ਸੋਚਦਾ ਸਾਂ, ਦੁਨੀਆ ਤੱਕੜੇ ਮਾੜੇ ਦੀ ਜੰਗ ਹੈ। ਜ਼ਿੰਦਗੀ ਨਾਲ ਕੁਝ ਇਨਸਾਫ ਨਹੀਂ ਕੀਤਾ ਜਾ ਰਿਹਾ।
ਉਦੋਂ ਹੀ ਇੰਜਨ ਨੇ ਸੀਟੀ ਮਾਰੀ ਅਤੇ ਗੱਡੀ ਤੁਰਨ ਲਈ ਇਕ ਵਾਰ ਹੀ ਹਿੱਲੀ। ਮੈਂ ਝੱਟ ਜਿਹੜਾ ਡੱਬਾ ਅੱਗੇ ਆਇਆ, ਉਸ ਵਿਚ ਹੀ ਚੜ੍ਹ ਗਿਆ। ਅੱਗੇ ਓਹੀ ਸੁੰਦਰੀ ਬੈਠੀ ਸੀ। ਉਹ ਮੈਨੂੰ ਦੇਖ ਕੇ ਬੇ-ਮਲੂਮ ਜਿਹਾ ਮੁਸਕ੍ਰਾਈ। ਪਰ ਮੈਂ ਕਾਫ਼ੀ ਸ਼ਰਮ ਮਹਿਸੂਸ ਕੀਤੀ। ਖ਼ਿਆਲ ਕਰਦਾ ਸਾਂ ਕਿ ਇਸ ਸੁੰਦਰੀ ਦੇ ਦਿਲ ਜ਼ਰੂਰ ਸ਼ੱਕ ਪੈ ਗਿਆ ਹੋਵੇਗਾ ਕਿ ਮੈਂ ਜਾਣ ਬੁੱਝ ਕੇ ਹੀ ਉਸ ਦੇ ਡੱਬੇ ਵਿਚ ਆਇਆ ਹਾਂ। ਪਰ ਉਸ ਕਿਹਾ, 'ਆਓ ਨਾ, ਬੈਠੋ?
ਉਸ ਦੇ ਕਹੇ ਹੋਏ ਸ਼ਬਦ ਬੜੇ ਮਿੱਠੇ ਸਨ, ਮੈਂ ਬਹਿੰਦਿਆਂ ਉਸ ਦਾ ਧੰਨਵਾਦ ਕੀਤਾ। ਮੈਨੂੰ ਹਾਲੇ ਵੀ ਆਪਣਾ ਅੰਦਰ ਜ਼ਖ਼ਮੀ-ਜ਼ਖ਼ਮੀ ਜਾਪਦਾ ਸੀ। ਉਸ ਦੀ ਮੰਦ-ਮੰਦ ਪ੍ਰਸੰਨਤਾ ਦੇਖ ਮੈਂ ਆਪਣਾ ਖ਼ਿਆਲ ਭੁਲਾਉਣ ਦਾ ਯਤਨ ਕੀਤਾ। ਉਸ ਕੁੜੀ ਦੀ ਬੋਲ ਚਾਲ ਤੋਂ ਮੈਂ ਖ਼ਿਆਲ ਕੀਤਾ ਕਿ ਪੜ੍ਹੀ ਲਿਖੀ ਹੋਣ ਤੋਂ ਬਿਨਾਂ ਸਿਆਣੀ ਵੀ ਬਹੁਤ ਹੈ। ਉਸ ਰੁਕ ਕੇ ਕਿਹਾ, 'ਤੁਹਾਡੇ ਖ਼ਿਆਲ ਬੜੇ ਪਵਿੱਤਰ ਹਨ।
'ਪਵਿੱਤਰ ਤਾਂ ਕੇਵਲ ਮਨ ਹੀ ਹੋ ਸਕਦਾ ਹੈ ਤੇ ਉਸ ਵਿਚ ਦੀ ਲੰਘੀ ਹਰ ਚੀਜ ਉਸ ਦੇ ਰੂਪ ਵਿਚ ਰੰਗੀ ਜਾਂਦੀ ਹੈ।'
'ਤੁਹਾਡੀ ਹਰ ਗੱਲ ਹੈਰਾਨ ਕਰਨ ਵਾਲੀ ਹੈ।'
ਇਹ ਸੁਣ ਕੇ ਮੈਂ ਲੱਜਾ ਨਾਲ ਨੀਵੀਂ ਪਾ ਲਈ ਅਤੇ ਉਸ ਦੇ ਸੈਂਡਲ ਵੇਖਣ ਲਗ ਪਿਆ, ਜਿਹੜੇ ਕਾਲੇ ਰੰਗ ਵਿਚ ਗੋਰੇ ਪੈਰਾਂ ਤੇ ਚਿੱਟੀ ਸਾੜੀ ਨਾਲ ਚੰਗੇ ਸਜੇ ਹੋਏ ਸਨ। ਉਸ ਨੇ ਮੁੜ ਪੁੱਛਿਆ, 'ਕੀ ਤੁਸੀਂ ਸ਼ਾਇਰ ਵੀ ਹੋ?'
'ਐਵੇਂ ਕਦੇ ਟੁੱਟੇ ਫੁਟੇ ਸ਼ਬਦ ਜੋੜਦਾ ਹੁੰਦਾ ਹਾਂ।
'ਐਨੀ ਛੋਟੀ ਉਮਰ ਵਿਚ ਐਨੇ ਗੁਣ ਕਿਵੇਂ ਆ ਸਕਦੇ ਹਨ। ਕਵੀ ਹੋਣਾ ਭਗਵਾਨ ਦੇ ਪਿਆਰ ਦੀ ਚੇਟਕ ਤੇ ਫਲਾਸਫਰ। ਮੈਂ ਤੇ ਤੁਹਾਡੀਆਂ ਇਕ ਦੋ ਗੱਲਾਂ ਸੁਣ ਕੇ ਹੀ ਹੈਰਾਨ ਹਾਂ।
'ਹੈਰਾਨੀ ਕਿਸ ਗੱਲ ਦੀ; ਸਭ ਹੈਰਾਨੀਆਂ ਸੁਪਨਿਆਂ ਵਰਗੇ ਭਰਮ ਹੁੰਦੀਆਂ ਹੈ। ਸਾਡੇ ਮਨ ਐਨੇ ਛੋਟੇ ਤੇ ਦਿਮਾਗ ਐਨੇ ਕਮਜ਼ੋਰ ਹੋ ਚੁੱਕੇ ਹਨ ਕਿ ਉਨ੍ਹਾਂ ਲਈ ਹਰ ਸੱਚੀ ਗੱਲ ਇਕ ਹੈਰਾਨੀ ਬਣ ਜਾਂਦੀ ਹੈ।
'ਮੈਂ ਤੁਹਾਡੀ ਸਿਆਣਪ ਦੀ ਕਦਰ ਕਰਦੀ ਹਾਂ ਅਤੇ ਇਹ ਆਖਣ ਵਿਚ ਵੀ ਝਿਜਕ ਨਹੀਂ ਅਨੁਭਵ ਕਰਦੀ ਕਿ ਅੱਜ ਅਸਲੀਅਤ ਦੇ ਨੇੜੇ ਗਿਆ ਆਦਮੀ ਡਿੱਠਾ ਹੈ।
'ਮੈਂ ਨਹੀਂ ਕਹਿ ਸਕਦਾ ਕਿ ਇਹ ਕਿੰਨਾ ਕੁ ਸੱਚ ਹੈ।
ਮੈਂ ਸੱਚ ਮੁਚ ਹੀ ਲੋਹੜੇ ਦੀ ਸ਼ਰਮ ਮਹਿਸੂਸ ਕਰ ਰਿਹਾ ਸਾਂ । ਸਾਥੀ ਰਾਹੀਆਂ ਦੀਆਂ ਅੱਖਾਂ ਵਿਚ ਵੀ ਸਾਡੀ ਗੱਲ-ਬਾਤ ਇਕ ਹੈਰਾਨੀ ਵਾਲੀ ਸੀ। ਇਕ ਇਸਤਰੀ ਮਰਦ ਦਾ ਗੱਡੀ ਵਿਚ ਐਉਂ ਗੱਲਾਂ ਕਰਨਾ ਪੱਛਮੀ ਤਹਿਜ਼ੀਬ ਨੂੰ ਪੁਚਕਾਰ-ਪੁਚਕਾਰ ਕੋਲ ਸੱਦਣ ਦੇ ਤੁਲ ਸੀ । ਪੱਛਮੀ ਸਭਿਅਤਾ ਦੀ ਹੱਦੋਂ ਵੱਧ ਖੁਲ੍ਹ ਨੂੰ ਅੱਜ ਵੀ ਮੈਂ ਦਿਲੋਂ ਨਫਰਤ ਕਰਦਾ ਹਾਂ। ਪਰ ਉਸ ਵੇਲੇ ਅਸੀਂ ਗੱਲਾਂ ਕਰਦੇ ਰਹਿਣਾ ਜਰੂਰ ਚਾਹੁੰਦੇ ਸਾਂ। ਜਵਾਨ ਵਲਵਲੇ ਸਭਿਅਤਾ ਦੀਆਂ ਹੱਦਾਂ ਨੂੰ ਚੀਰ ਜਾਂਦੇ ਹਨ। ਸਭਿਅਤਾ ਨੂੰ ਕਿਸ ਮੌਕੇ ਮਜਬੂਰ ਹੋ ਕੇ ਉਨ੍ਹਾਂ ਦੇ ਪਿਛੇ ਲਗਣਾ ਪੈਂਦਾ ਹੈ।
ਮੈਨੂੰ ਇਉਂ ਭਾਸ ਰਿਹਾ ਸੀ, ਜਿਵੇਂ ਉਹ ਕੁੜੀ ਮੈਨੂੰ ਜਾਨਣ ਲਈ ਬੇ-ਕਰਾਰ ਹੈ ਪਰ ਚੁੱਪ ਤੇ ਝਿਜਕ ਵਿਚ ਗੰਢ ਜਿਹੀ ਬਣੀ ਹੋਈ ਸੀ। ਦਿਲ ਤੇ ਮੇਰਾ ਵੀ ਅੰਦਰੋਂ ਅੰਦਰ ਪਤਾ ਕਰਨਾ ਚਾਹੁੰਦਾ ਸੀ ਕਿ ਇਹ ਕੌਣ ਕੁੜੀ ਹੈ ਤੇ ਕਿਥੋਂ ਹੈ ? ਪਰ ਪੁੱਛ ਨਹੀਂ ਸਾਂ ਸਕਦਾ। ਰੱਬ ਦਾ ਹਜ਼ਾਰ ਸ਼ੁਕਰ ਕਿ ਉਸ ਆਪ ਹੀ ਪਹਿਲ ਕਰ ਦਿੱਤੀ ਅਤੇ ਮੇਰੇ ਕੋਲੋਂ ਪੁਛਿਆ, 'ਤੁਹਾਡੇ ਘਰ...ਕਿੱਥੇ ਹਨ?
'ਮੇਰਾ ਪਿੰਡਾ ਛੀਨਾ ਹੈ।
'ਛੀਨੇ ਸਾਡੇ ਪਿੰਡ ਦੀ ਇਕ ਕੁੜੀ ਵਿਆਹੀ ਹੋਈ ਹੈ।
'ਕੀ ਮੈਂ ਤੁਹਾਡਾ ਪਿੰਡ ਜਾਣ ਸਕਦਾ ਹਾਂ ?'
'ਤਲਵੰਡੀ।' ਉਸ ਥੋੜ੍ਹਾ ਮੁਸਕਰਾਂਦਿਆਂ ਕਿਹਾ।
ਲੁਧਿਆਣੇ ਆ ਗਿਆ। ਸਾਰੇ ਮੁਸਾਫ਼ਰ ਉਤਰਨ ਦੀ ਫ਼ਿਕਰ ਵਿਚ ਉਠ ਰਹੇ ਸਨ ਪਰ ਅਸੀਂ ਹਾਲੇ ਚੁੱਪ ਬੈਠੇ ਸਾਂ, ਇਸ ਲਈ ਕਿ ਗੱਡੀ ਖਾਲੀ ਹੋਣ ਤੇ ਸੁਖਾਲੇ ਉਤਰ ਸਕਾਂਗੇ। ਕੋਈ ਆਪਣੀ ਗੱਠੜੀ ਚੁੱਕ ਰਿਹਾ ਸੀ ਤੇ ਕੋਈ ਕੁਲੀ ਨੂੰ ਅਵਾਜ ਦੇ ਰਿਹਾ ਸੀ । ਸਭ ਤੋਂ ਪਿਛੋਂ ਅਸੀਂ ਵੀ ਉਠੇ।
'ਤੁਸੀਂ ਕਿਥੇ ਜਾ ਰਹੇ ਹੋ ?' ਉਸ ਸੁੰਦਰੀ, ਦੇ ਕੋਮਲ ਸ਼ਬਦਾਂ ਨੇ ਮੈਨੂੰ ਕਿਧਰੇ ਰੁੜ੍ਹੇ ਜਾਦੇ ਨੂੰ ਸੁਚੇਤ ਕੀਤਾ।
'ਮੈਂ ਦੂਰ ਕਲਿਆਣ ਨੂੰ ਜਾ ਰਿਹਾ ਹਾਂ।
'ਅਸੀਂ ਦੋਵੇਂ ਪੁਲ ਦੀਆਂ ਪੌੜੀਆਂ ਚੜ੍ਹ ਰਹੇ ਸਾਂ। ਉਸ ਸੁੰਦਰੀ ਨੇ ਮੁੜ ਕਿਹਾ, 'ਤੁਸਾਂ ਮੁਆਫ਼ ਕਰਨਾ ਤੇ ਕੁਝ ਹੋਰ ਹੀ ਨਾ ਸਮਝਣਾ, ਪਰ ਤੁਹਾਡੇ ਵਰਗੇ ਸਿਆਣੇ ਲਈ ਇਹ ਗੱਲ ਕਹਿਣੀ ਉਂਜ ਹੈ ਹੀ ਗਲਤੀ। ਮੈਂ ਤੁਹਾਡਾ ਨਾਂ ਪੁੱਛਣਾ ਚਾਹੁੰਦੀ ਹਾਂ।
'ਨਾਂ ਪੁੱਛ ਵੀ ਲਵੋ ਅਤੇ ਦਸ ਵੀ ਦੇਵੋ। ਮੇਰਾ ਨਾਂ ਬਲਬੀਰ ਹੈ।
'ਮੇਰਾ ਨਾਂ ਪ੍ਰਿਤਪਾਲ ਹੈ।
'ਅੱਜ ਕਿਥੇ ਜਾ ਰਹੇ ਹੋ?'
'ਮੈਂ ਜਲੰਧਰ ਜਾ ਰਹੀ ਹਾਂ ਅਤੇ ਉਥੇ ਫ਼ੌਜੀ ਸੇਵਾਦਾਰਨੀ ਦੀ ਹੈਸੀਅਤ ਵਿਚ ਟਰੇਨਿੰਗ ਲੈ ਰਹੀ ਹਾਂ।
'ਅਸੀਂ ਪੁਲ ਚੜ੍ਹੇ। ਉਸ ਨੇ ਦੋ ਨੰਬਰ ਪਲੇਟਫਾਰਮ ਤੇ ਜਾਣਾ ਸੀ, ਉਸ ਨੇ ਮੈਨੂੰ ਰਸਾਲਾ ਫੜਾਂਦਿਆਂ 'ਸਤਿ ਸ੍ਰੀ ਅਕਾਲ' ਬੁਲਾਈ। ਉਹ ਪੌੜੀਆਂ ਉਤਰ ਗਈ ਤੇ ਮੈਂ ਅੱਗੇ ਚਲਿਆ ਗਿਆ। ਟਿਕਟ ਬਾਬੂ ਨੂੰ ਦੇ ਕੇ ਮੈਂ ਸ਼ਹਿਰ ਨੂੰ ਚਲਿਆ ਗਿਆ। ਰਾਹ ਵਿਚ ਪਾਲ ਨਾਲ ਨਵੀਂ ਵਾਕਫੀ ਬਾਰੇ ਬੜਾ ਖੁਸ਼ ਸਾਂ। ਉਸ ਵੇਲੇ ਸੋਚਿਆਂ ਵੀ ਮੇਰੀ ਸਮਝ ਵਿਚ ਕੁਝ ਨਹੀਂ ਸੀ ਆਉਂਦਾ। ਇਕ ਕਮਲੀ ਜਿਹੀ ਖ਼ੁਸ਼ੀ ਨਾਲ ਮੈਨੂੰ ਆਪਣਾ ਆਪ ਭਰਿਆ ਭਰਿਆ ਜਾਪਦਾ ਸੀ । ਮੈਂ ਕਾਹਲੀ-ਕਾਹਲੀ ਸ਼ਹਿਰ ਗਿਆ ਅਤੇ ਇਕ ਦੋ ਲੋੜੀਂਦੀਆਂ ਚੀਜਾਂ ਲਈਆਂ। ਕਾਹਲ ਇਸ ਲਈ ਕਰ ਰਿਹਾ ਸਾਂ ਕਿ ਇਕ ਵੇਰ ਪਾਲ ਨੂੰ ਸਟੇਸ਼ਨ ਤੇ ਫਿਰ ਜਾ ਵੇਖਾਂ।
ਮੇਰੀ ਗੱਡੀ ਨੇ ਦੋ ਵਜੇ ਜਾਣਾ ਸੀ ਅਤੇ ਉਸ ਦੇ ਜਾਣ ਵਿਚ ਅਜੇ ਢਾਈ ਘੰਟੇ ਬਾਕੀ ਸਨ। ਮੈਂ ਸਟੇਸ਼ਨ ਤੇ ਆ ਕੇ ਪਾਲ ਨੂੰ ਇਕ ਬੈਂਚ ਤੇ ਬੈਠੀ ਦੇਖਿਆ। ਉਸ ਵੀ ਮੈਨੂੰ ਵੇਖ ਕੇ ਕਿਹਾ, 'ਮੇਰੀ ਗੱਡੀ ਤਾਂ ਅੱਜ ਦੋ ਘੰਟੇ ਲੇਟ ਹੈ।'
'ਜੰਗ ਦੇ ਦਿਨਾਂ ਕਰਕੇ ਗੱਡੀਆਂ ਆਮ ਤੌਰ ਤੇ ਲੇਟ ਹੀ ਆਉਂਦੀਆਂ ਹਨ। ਮੈਂ ਉਸ ਦੇ ਕੋਲ ਆ ਕੇ ਕਿਹਾ।
ਉਹ ਬੈਂਚ ਦੇ ਇਕ ਪਾਸੇ ਹੋ ਕੇ ਬਹਿ ਗਈ ਅਤੇ ਮੇਰੇ ਬੈਠਣ ਲਈ ਕਾਫੀ ਥਾਂ ਕਰ ਦਿੱਤੀ । ਅਸੀਂ ਆਕੜੀ ਹੋਈ ਬੈਂਚ ਤੇ ਬੈਠੇ ਸਾਂ। ਮੈਂ ਕੁਝ ਪੁੱਛਣਾ ਚਾਹੁੰਦਾ ਸਾਂ, ਪਰ ਉਸ ਨੂੰ ਝਿਜਕਦਾ ਕੁਝ ਕਹਿ ਵੀ ਨਹੀਂ ਸਾਂ ਸਕਦਾ। ਕਈ ਵਾਰ ਗੱਲ ਬੁੱਲਾਂ ਨਾਲ ਟਕਰਾ ਕੇ ਪਿੱਛੇ ਮੁੜ ਜਾਂਦੀ ਰਹੀ, ਅਖੀਰ ਮੈਂ ਗੱਲ ਤੋਰ ਲਈ, 'ਮੁਆਫ ਕਰਨਾ ਮੈਂ ਕੁਝ ਪੁੱਛਣ ਲਈ ਗਲਤੀ ਕਰ ਰਿਹਾ ਹਾਂ।
'ਮੁਆਫੀ ਕਾਹਦੀ: ਪੁੱਛੋ? '
ਤੁਸੀ ਫੌਜੀ ਸੇਵਾਦਾਰਨੀ ਦੀ ਟਰੇਨਿੰਗ ਕਿਉਂ ਲੈ ਰਹੇ ਹੋ ?'
'ਤੁਸੀਂ ਇਹ ਗੱਲ ਅੱਜ ਨਾ ਪੁੱਛੋ, ਕਦੇ ਫੇਰ ਦੱਸਾਂਗੀ।'
'ਜੇ ਮੈਂ ਭੁੱਲਦਾ ਨਹੀਂ ਤਾਂ ਤੁਸਾਂ ਸ਼ੁਰੂ ਜ਼ਿੰਦਗੀ ਵਿਚ ਕੋਈ ਨਾ ਕੋਈ ਹਾਰ ਵੇਖੀ ਹੈ।
'ਬਿਲਕੁਲ ਠੀਕ।'
'ਕੀ ਤੁਸੀਂ ਆਪਣੇ ਬਾਰੇ ਥੋੜ੍ਹੀ ਵਾਕਫੀ ਦੇ ਸਕਦੇ ਹੋ? ਮੈਨੂੰ ਤੁਹਾਡੇ ਨਾਲ ਹਮਦਰਦੀ ਹੈ।
'ਇਹ ਠੀਕ ਹੈ। ਮੈਂ ਤੁਹਾਨੂੰ ਸਭ ਕੁਝ ਦੱਸ ਸਕਦੀ ਹਾਂ, ਪਰ ... । ਥੋੜ੍ਹਾ ਅਟਕ ਕੇ, 'ਦੂਜਾ ਸ਼ਾਇਰ ਦੁਨੀਆ ਦੇ ਦੁਖ ਸੁਖ ਨੂੰ ਆਪਣੀ ਕਲਪਨਾ ਵਿਚ ਲਿਆ ਕੇ ਆਪਣੇ ਆਪ ਇਕ ਅਨੰਦ ਮਾਣਦਾ ਹੈ। ਉਸ ਨੂੰ ਜਿਉਂਦੇ ਪਾਤਰਾਂ ਨਾਲ ਕੋਈ ਹਮਦਰਦੀ ਨਹੀਂ ਹੁੰਦੀ।
ਮੇਰੇ ਦਿਲ ਨੂੰ ਕਾਫ਼ੀ ਸੱਟ ਵੱਜੀ, ਕਿਉਂਕਿ ਪਾਲ ਨੇ ਇਕ ਗੁੱਝੀ ਰਮਜ ਸ਼ਾਇਰ ਦੇ ਨਾਂ ਹੇਠ ਕੱਢ ਮਾਰੀ ਸੀ।
'ਤੁਸੀਂ ਭੁੱਲਦੇ ਹੋ ਜੀ। ਕਈਆਂ ਘਟਨਾਵਾਂ ਵਿਚ ਕਵੀ ਤੇ ਲਿਖਾਰੀ ਬਿਲਕੁਲ ਪਿਘਲ ਜਾਦੇ ਹਨ। ਮੇਰੇ ਬਾਰੇ ਇਹ ਗਲਤ ਖ਼ਿਆਲ ਦਿਲੋਂ ਕੱਢ ਦੇਵੇ। ਮੈਨੂੰ ਤੁਹਾਡੇ ਨਾਲ ਸੱਚੀ ਹਮਦਰਦੀ ਹੈ।
ਇਹ ਬੜੀ ਚੰਗੀ ਗੱਲ ਹੈ, ਖਾਸ ਕਰਕੇ ਮੇਰੇ ਵਾਸਤੇ। ਮੈਂ ਕਿਤੇ ਪੜ੍ਹਿਆ ਕਰਦੀ ਸੀ ਕਿ ਚੜ੍ਹਦੀ ਜਵਾਨੀ ਆਪਣਾ ਹਰ ਕੰਮ ਸੱਚੇ ਦਿਲੋਂ ਆਰੰਭ ਕਰਦੀ ਹੈ। ਪਰ ਸਮਾਜ ਨੇ ਮੈਨੂੰ ਬਹੁਤਾ ਬੁਰਾ ਸਬਕ ਸਿਖਾਇਆ ਏ।
'ਜਵਾਨੀ ਭੈੜੇ ਸਮਾਜ ਤੇ ਕਾਨੂੰਨ ਨਾਲ ਸਦਾ ਟੱਕਰ ਲੈਂਦੀ ਆਈ ਹੈ। ਮਾਯੂਸ ਹੋਣ ਦੀ ਲੋੜ ਨਹੀਂ, ਜੀਵਨ ਦਾ ਪੜਾਅ ਹਾਲੇ ਕਾਫੀ ਦੂਰ ਹੈ।'
ਉਸ ਦਾ ਚਿਹਰਾ ਕੁਝ ਚਮਕ ਆਇਆ, ਜਾਂ ਕਿਸੇ ਨਵੀਂ ਆਸ ਨੇ ਉਦਾਸ ਜੀਵਨ ਨੂੰ ਖੇੜਾ ਦੇ ਦਿੱਤਾ। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਜਵਾਨੀ 'ਚੋਂ ਜਜਬੇ ਮੁੱਕ ਜਾਣ। ਉਸ ਬੁੱਲਾਂ ਤੇ ਜੀਭ ਫੇਰਦਿਆਂ ਕਿਹਾ, 'ਮੈਂ ਜਿੰਦਗੀ ਦਾ ਕੁਝ ਨਹੀਂ ਵੇਖਿਆ, ਮੇਰੇ ਦਿਲ ਵਿਚ ਕੋਈ ਉਤਸ਼ਾਹ ਨਹੀਂ।
'ਜਿੰਦਗੀ ਦਾ ਜ਼ਰੂਰ ਕੋਈ ਆਦਰਸ਼ ਬਣਾਵੋ, ਕਿਉਂਕਿ ਆਪਣੀ ਮੰਜ਼ਲ ਦੀ ਸੇਧੇ ਤੁਰਨਾ ਹੀ ਅਨੰਦ ਦੇ ਸਕਦਾ ਹੈ।'
'ਜੇ ਮੈਂ ਤੁਹਾਡੇ ਨਾਲ ਆਪਣਾ ਮੁਕਾਬਲਾ ਕਰਾਂ, ਤਦ ਤੁਸੀਂ ਮੈਥੋਂ ਕਈ ਮੰਜ਼ਲਾਂ ਅੱਗੇ ਦਿਸਦੇ ਹੋ।‘
'ਅੱਗੇ ਪਿਛੇ ਦਾ ਖ਼ਿਆਲ ਕੋਈ ਨਹੀਂ। ਮੈਂ ਤੁਹਾਨੂੰ ਖਲੋ ਕੇ ਉਡੀਕ ਵੀ ਸਕਦਾ ਹਾਂ, ਪਰ ਇਸ ਤਰ੍ਹਾਂ ਤੁਹਾਡੇ ਮਨ ਦੀ ਕਮਜੋਰੀ ਜ਼ਾਹਰ ਹੋਵੇਗੀ । ਕਿਉਂ ਨਹੀਂ ਤੁਸੀਂ ਓਨਾ ਸਫਰ ਭੱਜ ਕੇ ਮੁਕਾਉਂਦੇ, ਜਿੰਨੇ ਦੀ ਵਿੱਥ ਹੈ।
ਉਸ ਦੀ ਗੱਡੀ ਆ ਗਈ। ਸਾਡੇ ਖ਼ਿਆਲਾਂ ਦੀ ਲੜੀ ਵੀ ਟੁੱਟ ਗਈ। ਪਰ ਉਹ ਮੇਰੇ ਵਲ ਵੇਖ ਕੇ ਮੁਸਕਰਾਈ। ਉਸ ਦਾ ਪ੍ਰਸੰਨ ਚਿਹਰਾ ਦਸਦਾ ਸੀ ਕਿ ਉਸ ਦੇ ਦਿਲ ਵਿਚ ਮੇਰੇ ਲਈ ਕਾਫ਼ੀ ਸਤਿਕਾਰ ਹੈ। ਸਾਹਮਣੇ ਡੱਬੇ ਵਿਚ ਉਹ ਉਠ ਕੇ ਜਾ ਬੈਠੀ ਅਤੇ ਬਾਰੀ ਵਿਚ ਦੀ ਮੂੰਹ ਕੱਢ ਕੇ ਮੇਰੇ ਵੱਲ ਦੇਖਦੀ ਰਹੀ। ਮੈਂ ਧਿਆਨ ਨਾਲ ਉਸ ਦੀਆਂ ਅੱਖਾਂ ਨਵੀਂ ਵਾਕਫੀ ਤੇ ਸੱਜਣ-ਜੁਦਾਈ ਦੇ ਦੋ ਨਿਆਰੇ ਪ੍ਰਛਾਵੇਂ ਵੇਖੇ।
ਪਾਲ ਆਪਣੀਆਂ ਸ਼ੁਭ-ਇੱਛਾਵਾਂ ਦੀ ਭੇਟਾ ਵਜੋਂ ਫਿਰ ਮੁਸਕਰਾਈ। ਉਸ ਦੀ ਮੁਸਕਾਣ ਵਿਚ ਮੇਰੀ ਸੁਰਤ ਜਿਹੀ ਟਿਕਾਣੇ ਨਹੀਂ ਸੀ ਰਹਿੰਦੀ। ਉਸ ਦਾ ਪ੍ਰਸੰਨ ਚਿਹਰਾ ਸ਼ਕਤੀ ਦਾ ਸਦਾ ਬਹਾਰ ਫੁੱਲ ਜਾਪਦਾ ਸੀ। ਉਹ ਬਹੁਤ ਕੁਝ ਸੀ, ਕਿਉਂਕਿ ਉਹ ਇਕ ਸ਼ਾਇਰ ਦੇ ਮਜ਼੍ਹਬ ਵਿਚ ਆਈ ਨਵ-ਪ੍ਰਿਅ ਸੀ। ਉਸ ਮੇਰੇ ਦਿਲ ਤੇ ਇਕ ਜਾਦੂ ਜਿਹਾ ਕਰ ਦਿੱਤਾ। ਕੁਝ ਇਉਂ ਵੀ ਜਾਪਦਾ ਸੀ । ਜਿਉਂ ਦਿਲ ਵਿਚ ਕੋਈ ਦੈਵੀ ਮਿਠਾਸ ਆ ਗਈ ਹੈ। ਦਿਲ ਓਹੀ ਸੀ, ਪਰ ਚਾਅ ਕੁਝ ਨਵੇਂ ਉਠ ਰਹੇ ਸਨ। ਬੂਟੇ ਓਹੀ ਸਨ, ਪਰ ਬਹਾਰ ਕਣੀਆਂ ਉਨ੍ਹਾਂ ਨੂੰ ਸ਼ਰਾਬੀ ਕਰ ਗਈਆਂ।
ਮੈਂ ਉਸ ਦੇ ਕੋਲ ਹੀ ਪਲੇਟਫਾਰਮ ਤੇ ਫਿਰ ਰਿਹਾ ਸਾਂ। ਉਸ ਦੇ ਡੱਬੇ ਤੋਂ ਦੂਰ ਵੀ ਨਹੀਂ ਸਾਂ ਜਾਂਦਾ, ਜਿਵੇਂ ਉਹ ਮੇਰਾ ਆਦਰਸ਼ ਬਣ ਗਈ ਸੀ । ਉਸ ਨੂੰ ਆਪਣੇ ਖਿਆਲਾਂ ਵਿਚ ਅਨੁਭਵ ਕਰਕੇ ਆਪ ਹੀ ਖੀਵਾ ਸਾਂ। ਮੈਂ ਪਾਲ ਅੱਗੇ ਪਹਿਲੋਂ ਵੀ ਜਾਣ ਲਈ ਬੇਨਤੀ ਕੀਤੀ ਸੀ, ਪਰ ਉਹ ਚਾਹੁੰਦੀ ਸੀ ਕਿ ਮੈਂ ਉਸ ਨੂੰ ਤੋਰ ਕੇ ਹੀ ਜਾਵਾਂ। ਇਕ ਸੋਹਣੀ ਕੁੜੀ ਜਵਾਨ
ਮੁੰਡੇ ਨੂੰ ਕੁਝ ਕਹੇ ਤੇ ਉਹ ਫਿਰ ਨਾ ਮੰਨੇ, ਅਤੀ ਅਸੰਭਵ।
ਇੱਕ ਕਾਲੀ ਵਰਦੀ ਵਾਲੇ ਮੋਟੇ ਤੇ ਮਧਰੇ ਜਿਹੇ ਆਦਮੀ ਨੇ ਸੀਟੀ ਵਜਾਈ ਤੇ ਨਾਲ ਹੀ ਹਰੀ ਝੰਡੀ ਹਿਲਾਈ। ਸਾਡੀਆਂ ਅੱਖਾਂ ਵੀ ਮੁਸਕਾਣ ਵਿਚ ਚਮਕੀਆਂ। ਉਨ੍ਹਾਂ ਵਿਚ ਇਸ ਮਿਲਣੀ ਦਾ ਨਵਾਂ ਚਾਅ ਤੇ ਫਿਰ ਮਿਲਣੀ ਦੀ ਆਸ਼ਾ-ਤੜਪ ਰਹੀ ਸੀ। ਗੱਡੀ ਹਿੱਲਣ ਨਾਲ ਸਾਡੇ ਦਿਲ ਵੀ ਹਿੱਲੇ। ਗੱਡੀ ਪਲੇਟਫਾਰਮ ਛੱਡ ਗਈ। ਪਰ ਉਸ ਦਾ ਮੂੰਹ ਤਾਕੀ ਵਿਚੋਂ ਦੀ ਬਾਹਰ, ਮੈਨੂੰ ਥੰਮ ਵਾਂਗ ਖਲੋਤੇ ਨੂੰ ਦੇਖ ਰਿਹਾ ਸੀ। ਉਸ ਦੇ ਗੋਰੇ ਮੁੱਖ ਨੂੰ ਇੱਕ ਕਾਲੀ ਲਿਟ ਚੁੰਮ ਰਹੀ ਸੀ। ਮੈਂ ਹਾਲੇ ਵੀ ਖਲੋਤਾ ਵੇਖੀ ਜਾ ਰਿਹਾ ਸਾਂ। ਮੈਂ ਹੱਥ ਉਠਾ ਕੇ ਹਿਲਾਇਆ। ਅਖੀਰ ਗੱਡੀ ਲਾਈਨ ਬਦਲ ਗਈ ਅਤੇ ਉਸ ਦਾ ਗੋਰਾ ਮੂੰਹ ਮੇਰੀਆਂ ਨਜ਼ਰਾਂ ਤੋਂ ਉਹਲੇ ਹੋ ਗਿਆ। ਇਉਂ ਜਾਪਦਾ ਏ, ਜਿਵੇਂ ਇਹ ਕਲ੍ਹ ਦੀ ਗੱਲ ਹੋਵੇ। ਗੱਡੀ ਮੇਰੇ ਅਨੁਭਵ ਵਿਚ ਹਾਲੇ ਵੀ ਚਲੀ ਜਾ ਰਹੀ ਹੈ। ਉਹ ਲਾਈਨ ਬਦਲ ਜਾਂਦੀ ਹੈ ਤੇ ਮੈਂ ਉਦਾਸ ਹੋ ਜਾਂਦਾ ਹਾਂ।
2
ਮੇਰਾ ਦਿਲ ਕੁਦਰਤੀ ਹਰਿਆਵਲ ਦਾ ਆਸ਼ਕ ਤੇ ਫੁੱਲਾਂ ਦਾ ਪੁਜਾਰੀ ਹੋ ਚੁੱਕਾ ਸੀ। ਹੋਰ ਕਿਸੇ ਬਗੀਚਿਆਂ ਵਿਚ ਜਾਣ ਦੀ ਥਾਂ ਮੈਂ ਇਕ ਆਪਣਾ ਛੋਟਾ ਜਿਹਾ ਬਗੀਚਾ ਤਿਆਰ ਕਰ ਰਿਹਾ ਸਾਂ। ਦੁਆਲੇ ਗੁਲਾਬ ਤੇ ਧਰੇਕਾਂ ਦੇ ਬੂਟੇ ਲਾਏ ਹੋਏ ਸਨ। ਗੁਲਾਬ ਖਿੜਨ ਤੇ ਆਇਆ ਹੋਇਆ ਸੀ। ਜਿਹੜੇ ਬੂਟੇ ਆਪਣੇ ਹੱਥੀਂ ਲਾਏ ਫਲ ਤੇ ਫੁੱਲ ਦੇਂਦੇ ਹਨ, ਉਹ ਡਾਢੇ ਪਿਆਰੇ ਲਗਦੇ ਹਨ।
ਬੂਟੇ ਆਪਣੀ ਮਿਹਨਤ ਨਾਲੋਂ ਕਈ ਗੁਣਾਂ ਵਧੇਰੇ ਪ੍ਰਸੰਨਤਾ ਦੇਂਦੇ ਹਨ। ਕੁਦਰਤ ਨਾਲ ਆਪਾਂ ਇਕ ਕਰਨ ਲਈ ਮਨੁੱਖ ਨੂੰ ਜਰੂਰ ਫੁੱਲਾਂ ਨਾਲ ਪਿਆਰ ਪਾਉਣਾ ਚਾਹੀਦਾ ਹੈ। ਮੈਂ ਆਪਣੀ ਰੂਹ ਦਾ ਅਤੀ ਸੁੰਦਰ ਟਿਕਾਣਾ ਆਪਣਾ ਪੁੰਗਰ ਰਿਹਾ ਬਗੀਚਾ ਹੀ ਸਮਝਦਾ ਸਾਂ । ਏਸੇ ਲਈ ਘਟ ਤੋਂ ਘਟ ਦੋ ਵਾਰੀ ਦਿਹਾੜੀ ਵਿਚ ਉਸ ਦੀ ਯਾਤਰਾ ਲਈ ਮਜਬੂਰ ਸਾਂ। ਗੁਲਾਬ ਦੀਆਂ ਕਿਆਰੀਆਂ ਵਿਚ ਪਾਣੀ ਦੀ ਬਹੁਲਤਾ ਕਰਕੇ ਘਾਹ ਬਹੁਤ ਹੋ ਗਿਆ ਸੀ। ਤਕਰੀਬਨ ਗੁਲਾਬ ਜੇਡਾ ਉੱਚਾ ਘਾਹ ਮੈਂ ਦਾਤੀ ਦੇ ਤਿੱਖੇ ਤੇ ਖਰ੍ਹਵੇ ਦੰਦਿਆਂ ਨਾਲ ਖਿੱਚ ਰਿਹਾ ਸਾਂ। ਇਕ ਤਕੜਾ ਥੱਬਾ ਬਾਹਰ ਕੱਢ ਲਿਆ ਸੀ। ਉਸ ਵੇਲੇ ਮੇਰਾ ਦੋਸਤ ਸਤਿਨਾਮ ਆ ਗਿਆ। ਮੈਨੂੰ ਨੀਵੀਂ ਪਾਈ ਆਪਣੀ ਧੁਨ ਵਿਚ ਮਸਤ ਵੇਖ ਵਾੜ ਤੇ ਪਰਲੇ ਬੰਨੇ ਹੀ ਮੁਸਕ੍ਰਾਂਦਾ ਰਿਹਾ। ਮੇਰੇ ਲਈ ਸਤਿਨਾਮ ਦਾ ਚਿਹਰਾ ਇਕ ਸਦਾ ਸੱਜਰਾ ਫੁੱਲ ਸੀ, ਜਿਸ ਨੂੰ ਵੇਖ-ਵੇਖ ਮੁਸਕ੍ਰਾਂਦਾ ਮੈਂ ਥੱਕਦਾ ਨਹੀਂ ਸਾਂ। ਉਹ ਪ੍ਰਸੰਨਤਾ ਵਿਚ ਗਵਾਚਿਆ ਰਹਿੰਦਾ ਸੀ । ਕਦੇ ਉਦਾਸੀ ਨੇ ਉਸ ਨੂੰ ਥੋੜਿਆਂ ਨਹੀਂ ਸੀ ਕੀਤਾ। ਇਹ ਉਸ ਦੇ ਸੁਭਾਅ ਦੀ ਇਕ ਚੰਗੀ ਸਿਫਤ ਸੀ।
'ਦਾਤੀ ਦੇ ਦੰਦੇ ਹੱਥ ਵਿਚ ਫਿਰ ਜਾਣਗੇ, ਥੋੜ੍ਹਾ ਹੌਲੀ।
ਮੈਂ ਸਿਰ ਉਤਾਂਹ ਚੁੱਕਿਆ, ਸਤਿਨਾਮ ਦਾ ਚਿਹਰਾ ਚਮਕ ਰਿਹਾ ਸੀ।
'ਆਓ ਅੰਦਰ ਲੰਘ ਆਓ, ਉਸ ਵਟ ਤੋਂ ਦੀ ਹੋ ਕੇ।
ਸਤਿਨਾਮ ਆਪਣੀ ਧੋਤੀ ਦੀ ਕੰਨੀ ਫੜੀ ਅੰਦਰ ਆਇਆ। ਇਕ ਗੁਲਾਬ ਦੀ ਟਾਹਣੀ ਨਾਲ ਉਸ ਦੀ ਧੋਤੀ ਦਾ ਦੂਜਾ ਲੜ ਅੜ ਗਿਆ ਤੇ ਮੈਂ ਹਸਦਿਆਂ ਕਿਹਾ, 'ਜਦ ਬੂਟੇ ਤੁਹਾਡੇ ਪ੍ਰੇਮ ਲਈ ਐਨੀ ਖਿੱਚ ਰਖਦੇ ਹਨ ਫਿਰ ਬੰਦਿਆਂ ਦਾ ਕੀ ਕਹਿਣਾ ਹੈ।'
'ਇਨ੍ਹਾਂ ਮੇਰੀ ਧੋਤੀ ਪਾੜ ਦਿੱਤੀ ਏ, ਇਹ ਅੱਗੋਂ ਪ੍ਰੇਮ ਖਿੱਚਾਂ ਦੱਸਦਾ ਹੈ।
ਮੈਂ ਇਕ ਗੁਲਾਬ ਦਾ ਫੁੱਲ ਤੋੜਿਆ।
'ਸਤਿਨਾਮ। ਪ੍ਰੇਮ ਖਿੱਚਾਂ ਸੁਭਾਗਿਆਂ ਲਈ ਹੁੰਦੀਆਂ ਹਨ। ਮੇਰਾ ਕਿਉਂ ਨਾ ਇਨ੍ਹਾਂ ਪੱਲਾ ਫੜ੍ਹ ਲਿਆ । ਖਾਸ ਕਰ ਹੁਸੀਨ ਰਾਹੀਆਂ ਨੂੰ ਤਾਂ ਇਹ ਵਲ-ਵਲ ਖਲ੍ਹਾਰਦੇ ਹਨ। ਲੈ ਫੜ ਇਹ ਗੁਲਾਬ ਤੇਰੇ ਮੂੰਹ ਨਾਲ ਕਿੰਨਾ ਮਿਲਦਾ ਹੈ।'
ਜਦ ਤੇਰੇ ਪੱਲੇ ਫੜਨ ਨੂੰ ਪ੍ਰਿਤਪਾਲ ਵਰਗੀਆਂ ਕੋਮਲ ਕਲੀਆਂ ਹਨ, ਤੂੰ ਕਦੋਂ ਝਾੜੀਆਂ 'ਚ ਲੀੜੇ ਪੜਾਉਂਦਾ ਏਂ। ਉਸ ਦੇ ਨਾਲ ਮੈਂ ਹੱਸ ਪਿਆ।'
'ਜੇ ਦੋ ਰਾਹੀਆਂ ਨੇ ਜੀਵਨ ਭਾਵਾਂ ਨੂੰ ਵਟਾ ਲਿਆ ਤਾਂ ਕੀ ਆਖ਼ਰ ਆ ਗਈ।'
'ਬਸ ਇਹੀ ਕਿ ਮੁਹੱਬਤ ਦਾ ਮਹਿਲ ਉਸਾਰਨ ਲਈ ਬੁਨਿਆਦੀ ਪੱਥਰ ਰਖ ਦਿੱਤਾ ਗਿਆ।'
'ਤੂੰ ਯਾਰ ਯਕੀਨ ਕਰ।'
'ਇਸ ਗੱਲ ਤੇ ਯਕੀਨ ਨਹੀਂ ਹੁੰਦਾ ਕਿ ਏਕਮ ਦਾ ਚੰਨ ਅਭਾਵ ਹੁੰਦਾ ਹੈ। ਦੂਜ ਵਾਲੇ ਦਿਨ ਸਾਫ਼ ਪੱਛਮੀ ਦੁਮੇਲ ਤੋਂ ਥੋੜ੍ਹਾ ਉੱਚਾ ਦਿਸ ਪੈਂਦਾ ਹੈ। ਆਖ਼ਰ ਆਪਣੀ ਪੂਰਨਤਾ ਨੂੰ ਪਹੁੰਚ ਜਾਂਦਾ ਹੈ। ਕੋਈ ਚੀਜ਼ ਇਕ ਦਮ ਹੀ ਜਵਾਨੀ ਵਿਚ ਨਹੀਂ ਪ੍ਰਗਟ ਹੁੰਦੀ, ਫਿਰ ਮਹਾਰਾਜ ਤੁਸੀਂ ਤੇ ਗਿਆਨੀ ਹੋ।'
'ਜੇ ਕਿਸੇ ਜਵਾਨ ਹਿਰਦੇ ਵਿਚ ਪਿਆਰ ਵੀ ਆ ਜਾਵੇ; ਇਹ ਕੋਈ ਬੁਰੀ ਗੱਲ ਨਹੀਂ । ਸਗੋਂ ਜਵਾਨ ਹਿਰਦੇ ਹੁੰਦੇ ਹੀ ਪਿਆਰ ਘਰ ਨੇ।'
'ਤੇ ਹੁਣ ਪ੍ਰਿਤਪਾਲ ਨੇ ਆਪਣੇ ਗੁਰੂ ਤੋਂ ਭਗਤੀ ਤੇ ਗਿਆਨ-ਵਿਦਿਆ ਲਏ ਬਿਨਾਂ ਕਿਤੇ ਨਹੀਂ ਜਾਣਾ।'
'ਦੇਖ ਸਤਿਨਾਮ। ਭਗਤੀ ਨਾਮ ਪ੍ਰੀਤੀ ਦਾ ਹੈ ਤੇ...!
'ਤੇ ਮੇਰਾ ਖ਼ਿਆਲ ਹੈ ਪ੍ਰਿਤਪਾਲ ਦੀ ਪ੍ਰੀਤੀ ਦਾ।'
'ਤੁਸੀਂ ਮੇਰੀ ਗੱਲ ਤੇ ਸੁਣ ਲਵੋ, ਵਿਚੋਂ ਹੀ ਵਾਜਾਂ ਦੇਣ ਲਗ ਪੈਂਦੇ ਹੋ।
'ਹੱਛਾ ਕਹੋ।' ਉਸ ਨੇ ਮੁਸਕ੍ਰਾਂਦਿਆਂ ਬੁੱਲਾਂ ਤੋਂ ਦੀ ਜੀਭ ਫੇਰੀ । ਜੀਭ ਤੇ ਬੁੱਲਾਂ ਦੇ ਅਰਗਵਾਨੀ ਰੰਗ ਨਾਲ ਸੂਹੇ ਗੁਲਾਬ ਦੀ ਸ਼ੋਭਾ ਹੋਰ ਭੀ ਵਧ ਗਈ।
'ਭਗਤੀ ਤੇ ਪ੍ਰੇਮ ਤਾਂ ਇਕੋ ਅਰਥ ਦੇ ਦੋ ਸ਼ਬਦ ਹਨ ਅਤੇ ਗਿਆਨ ਪ੍ਰਭੂ ਪਿਆਰ ਸੱਤਾ ਦਾ ਜਣਾਇਕ।'
'ਕੀ ਪਾਲ ਵਿਚ ਹੀ ਪ੍ਰਭੂ ਪ੍ਰਕਾਸ਼ ਹੈ, ਮੇਰੇ ਜਾਂ ਹੋਰ ਕਿਸੇ ਵਿਚ ਨਹੀਂ?"
'ਮੈਂ ਤੁਹਾਨੂੰ ਪਿਆਰ ਕਰਦਾ ਹਾਂ।'
'ਫਿਰ ਦੂਜਿਆਂ ਨੂੰ ਕਿਉਂ ਨਹੀਂ ਕਰਦੇ ?'
'ਸੁਣੋ। ਸਾਰਿਆਂ ਨਾਲ ਮਿੱਤਰਤਾ ਨਹੀਂ ਹੋ ਸਕਦੀ। ਸਾਰਿਆਂ ਲਈ ਮਿੱਤਰ ਭਾਵ ਅੰਦਰ ਪੈਦਾ ਹੋ ਸਕਦੇ ਹਨ। ਜਾਂ ਸ਼ੁਭ-ਇੱਛਕ ਦ੍ਰਿਸ਼ਟੀ ਸਰਬਤ ਹੋ ਸਕਦੀ ਹੈ ਤੇ ਨਵਰਤ ਭਾਵ ਉੱਡ ਸਕਦਾ ਹੈ। ਚੰਗੀ ਮਿੱਤਰਤਾ ਇਕ ਕਾਲ ਵਿਚ ਕੇਵਲ ਇਕ ਹੀ ਨਾਲ ਹੋ ਸਕਦੀ ਹੈ। ਫਿਰ ਉਨ੍ਹਾਂ ਦੋਹਾਂ ਵਿਚ ਵੀ ਪਿਆਰ ਮਿੱਤਰਤਾ ਇਸ ਗੱਲ 'ਤੇ ਕਾਇਮ ਰਹਿ ਸਕਦੀ ਹੈ ਕਿ ਉਨ੍ਹਾਂ ਦੇ ਗੁਣ ਸਮਾਨ ਹੋਣ। ਗੁਣਾਂ ਦੇ ਵਧਾ ਘਟਾ ਵਿਚ ਵੀ ਕੀਤੀ ਹਰ ਗੱਲ ਹਿਰਦੇ ਵਿਚ ਸਮਾ ਨਹੀਂ ਸਕਦੀ। ਪ੍ਰਿਤਪਾਲ ਦੇ ਹਿਰਦੇ ਵਿਚ ਮੈਨੂੰ ਚੰਗੇ ਗੁਣਾਂ ਦਾ ਪ੍ਰਕਾਸ਼ ਦਿਸਦਾ ਹੈ। ਜੇ ਕਰ ਮੇਰੀ ਕੋਈ ਕਾਮਨਾ ਪਾਲ ਨੂੰ ਪਿਆਰ ਕਰਦੀ ਹੈ, ਤਾਂ ਪ੍ਰਭੂ ਝਰੋਖੇ 'ਚੋਂ ਲੰਘੇ ਬਿਨਾ ਉਸ ਦੀ ਆਤਮਾ ਤਕ ਨਹੀਂ ਪੁਜਦੀ। ਇਕ ਮਿੱਤਰ ਨੂੰ ਇਸ ਗੱਲ ਤੇ ਵਿਸ਼ਵਾਸ ਸੱਚੇ ਮਿੱਤਰ ਜਿੰਨਾ ਹੀ ਕਰਨਾ ਚਾਹੀਦਾ ਹੈ।'
'ਇਸ ਗੱਲ ਦਾ ਮੈਨੂੰ ਪੂਰਨ ਗਿਆਨ ਹੈ ਕਿ ਤੁਸੀਂ ਆਪਣੀ ਦਲੀਲ ਨਾਲ ਹਰ ਇਕ ਨੂੰ ਆਪਣੇ ਮਗਰ ਲਾ ਲੈਂਦੇ ਹੋ। ਕੀ ਤੁਸਾਂ ਬਹੁਤਾ ਏਸੇ ਲਈ ਪੜ੍ਹਿਆ ਤੇ ਵਿਚਾਰਿਆ ਹੈ ਕਿ ਨਿੱਕੀਆਂ ਅਵਾਜਾਂ ਨੂੰ ਹੜੱਪ ਕਰ ਲਿਆ ਕਰੋ ?'
'ਜਿਹੜੇ ਦੂਜਿਆਂ ਦੀਆਂ ਜਮੀਰਾਂ ਨੂੰ ਗੁਲਾਮ ਬਣਾਉਣ ਲਈ ਫਲਸਫਾ ਹਾਸਲ ਕਰਦੇ ਹਨ, ਉਹ ਵੱਡੇ ਗੁਨਾਹੀ ਹਨ। ਦੁਨੀਆ ਦੀਆਂ ਨਜ਼ਰਾਂ ਵਿਚ ਉਹ ਇਕ ਮਸ਼ਹੂਰ ਫਲਾਸਫਰ ਜਾ ਗਿਆਨੀ ਹੋ ਸਕਦੇ ਹਨ, ਪਰ ਅੰਦਰ ਯਕੀਨਨ ਉਹ ਇਕ ਨਾਸੂਰ ਨੂੰ ਪਲ- ਪਲ ਵਧਾਂਦੇ ਹਨ। ਮੇਰੇ ਗੁਰੂਦੇਵ ਨੇ ਇਸ ਗੱਲ ਤੋਂ ਬਚਣ ਲਈ ਕਰੜੀ ਚਿਤਾਵਨੀ ਕੀਤੀ ਹੋਈ ਹੈ। ਤੁਸੀਂ ਮੇਰੀਆਂ ਗੱਲਾਂ ਤੇ ਵਿਸ਼ਵਾਸ ਕਰੋ।
ਅਸੀ ਦੋਵੇਂ ਇਕ ਖਾਲ ਵਿਚ ਵਟ ਦਾ ਸਿਰਹਾਣਾ ਲੈ ਕੇ ਪੈ ਗਏ। ਸਾਡੇ ਪਿਛਲੇ ਪਾਸੇ ਬਰਸੇਮ ਸਾਰੇ ਖੇਤ ਨੂੰ ਢੱਕੀ ਖਲੋਤੀ ਸੀ। ਪੂਰੇ ਦੀ ਠੰਢੀ ਹਵਾ, ਬਰਸੇਮ ਦਾ ਵਿਛ ਵਿਛ ਖੇਡ ਨੂੰ ਚੁੰਮਣਾ,ਕੁਦਰਤ ਦਾ ਖੀਵੇ ਭਾਵ ਵਿਚ ਝੁਕ-ਝੁਕ ਨਿਰਤ ਕਰਨਾ ਸੀ। ਟਾਹਲੀ ਦੀ ਛਾਵੇਂ, ਜਿਥੇ ਅਸੀਂ ਪਏ ਸਾਂ, ਇਕ ਘੁੱਗੀ ਆਪਣਾ ਗਲਾ ਫੁਲਾ ਆੜੂ ਦੇ ਬੂਟੇ ਤੇ, ਘੂ- ਘੂ-ਘੂੰ ਘੁ-ਘੂ-ਘੂੰ ਗੌਂ ਰਹੀ ਸੀ। ਜਿਸ ਤੋਂ ਪ੍ਰਭਾਵਿਤ ਹੋ ਕੇ ਸਤਿਨਾਮ ਨੇ ਕਿਹਾ, 'ਇਸ ਦੀ ਆਵਾਜ਼ ਕਿੰਨੀ ਮਿੱਠੀ ਹੈ।
'ਸਾਡੇ ਅੰਦਰ ਇਸ ਤੋਂ ਕਿਤੇ ਵੱਡੀ ਮਹਾਂ ਮਧੁਰ ਸ਼ਕਤੀ ਹੈ, ਜਿਸ ਨਾਲ ਟਕਰਾ ਕੇ ਅਜਿਹੀਆਂ ਆਵਾਜ਼ਾਂ ਮਿਠਾਸ-ਮਿਠਾਸ ਹੋ ਡਿੱਗਦੀਆਂ ਹਨ।
'ਤੁਸੀਂ ਹਰ ਗੱਲ ਨੂੰ ਅੰਦਰ ਅੰਦਰ ਲੈ ਜਾਦੇ ਹੋ। ਕੀ ਹੈ ਤੁਹਾਡੇ ਅੰਦਰ ?' ਸਤਿਨਾਮ ਨੇ ਖਿੱਝ ਕੇ ਕਿਹਾ।
'ਮੇਰੇ ਰਾਹ ਚਲਣ ਵਾਲਿਆਂ ਲਈ ਸਭ ਕੁਝ ਅੰਦਰ ਹੀ ਹੈ, ਬਾਹਰ ਕੁਝ ਵੀ ਨਹੀਂ। ਇਹ ਸੰਸਾਰ ਤੇ ਇਸ ਵਰਗੇ ਹਜ਼ਾਰਾਂ ਦ੍ਰਿਸ਼ ਅੰਦਰੇ ਚਿਤਰੇ ਪਏ ਹਨ।
'ਤੈਨੂੰ ਇਨ੍ਹਾਂ ਨਿਕੰਮੀਆਂ ਜਿਹੀਆਂ ਗੱਲਾਂ ਵਿਚ ਕੀ ਸੁਆਦ ਆਉਂਦਾ ਹੈ। ਭਲਾ ਇਕ ਗਿੱਠ ਹਿਰਦੇ ਵਿਚ ਕੀ ਕੁਝ ਸਮਾ ਸਕਦਾ ਹੈ।
'ਸਤਿਨਾਮ! ਇਸ ਛੋਟੇ ਹਿਰਦੇ ਨੂੰ ਮਹਾਂ ਸ਼ਕਤੀ ਦਾ ਅਕਾਰ ਸਮਝ। ਉਸ ਦੀ ਹੀ ਕ੍ਰਿਤਮਾ ਤੁਹਾਡੇ ਦੁਆਲੇ ਨੂੰ ਮੁਸਕਰਾ ਰਹੀ ਹੈ । ਤੇਰੇ ਲਈ ਇਹ ਹੈਰਾਨੀ ਹੈ, ਪਰ ਮੇਰੇ ਲਈ ਪੂਰਨ ਅਮਰ ਤਸੱਲੀ ਤੇ ਅਨੰਦ ਹੀ ਅਨੰਦ ਹੈ।
'ਮੈਂ ਇਸ ਅਨੰਦ ਤੋਂ ਐਵੇਂ ਹੀ ਚੰਗਾ ਹਾਂ, ਹੁਣ ਮਤਲਬ ਦੀ ਗੱਲ ਵਲ ਆ।'
'ਦੱਸੋ ਕਿਹੜੀ ਗੱਲ?
'ਉਹ। ਜਿਵੇਂ ਪਤਾ ਈ ਨਹੀਂ ਹੁੰਦਾ। ਓਹ! ਸਦਾ ਹਸੂੰ ਹਸੂੰ ਕਰਦੀ ਸੁਤੰਤਰ ਕਲੀ '
'ਦੋਸਤ ਕਦੇ ਕਿਸੇ ਨੂੰ ਕਟਵੇਂ ਸ਼ਬਦਾਂ ਨਾਲ ਯਾਦ ਕਰਨਾ ਆਪਣੇ ਹੀ ਸਦਾਚਾਰ ਨੂੰ ਜਖ਼ਮੀ ਕਰਨਾ ਏਂ। ਕਿਸੇ ਦੀ ਗੈਰ ਹਾਜ਼ਰੀ ਤੋਂ ਕਦੇ ਅਜਿਹਾ ਫ਼ਾਇਦਾ ਨਾ ਉਠਾਓ।
'ਮੈਂ ਉਸ ਨੂੰ ਬੁਰਾ ਨਹੀਂ ਕਿਹਾ।'
'ਤੁਹਾਨੂੰ ਪਤਾ ਹੈ, ਇਕ ਸੱਜਣ ਵੀ ਸੱਜਣ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਤੁਸਾਂ ਉਸ ਦਾ ਨਹੀਂ, ਮੇਰਾ ਤੇ ਉਸ ਪਿਛੋਂ ਆਪਣਾ ਹੀ ਅਪਮਾਨ ਕੀਤਾ ਹੈ।'
'ਓ ਛੱਡ ਪਰ੍ਹਾਂ ਅਪਮਾਨਾਂ ਨੂੰ। ਗੱਲ ਕਰ ਤਲਵੰਡੀ ਕਦੋਂ ਚਲੀਏ।'
'ਮਾਤਾ, ਗੁਰੂਦੇਵ ਤੇ ਪ੍ਰੇਮਿਕਾ ਨੂੰ ਜਿੰਨੀ ਵਾਰ ਮਿਲਿਆ ਜਾਵੇ ਥੋੜ੍ਹਾ ਹੈ। ਮੇਰੇ ਵਲੋਂ ਤੇ ਅੱਜ ਸ਼ਾਮ ਨੂੰ ਹੀ ਚਲੋ, ਕੀ ਪਾਲ ਤਲਵੰਡੀ ਹੀ ਹੈ।
'ਹੋਰ ਪੱਟੂਆ ਤੈਨੂੰ ਲੈ ਕੇ ਕਾਹਦੇ ਲਈ ਜਾਣਾ ਹੈ।
'ਤੇਰੇ ਸ਼ਬਦਾਂ ਵਿਚ ਮੇਰੀ ਪਾਲ ਨਾਲ ਵਾਕਫ਼ੀ ਇਕ ਸਦੀ ਜਿੰਨੀ ਵਿੱਥ ਰਖਦੀ ਹੈ। ਸਾਫ਼ ਤੇ ਚਿੱਟੇ ਸ਼ਬਦਾਂ ਵਿਚ ਤੇਰੀ ਦ੍ਰਿਸ਼ਟੀ ਮੈਨੂੰ ਇਕ ਬਦਮਾਸ਼ ਵੇਖ ਰਹੀ ਹੈ। ਤੂੰ ਨਹੀਂ ਜਾਣਦਾ ਕਿ ਪਾਲ ਇਕ ਅਨਮੋਲ ਹੀਰਾ ਹੈ।
'ਮੇਰਾ ਦੋਸਤ ਵੀ ਕੋਹਨੂਰ ਹੈ।'
'ਹੋਵੇਂਗਾ, ਪਰ ਜੇ ਤੇਰੀ ਨੀਯਤ ਮੇਰੀ ਬਾਬਤ ਸਾਫ਼ ਤੇ ਸੱਚੀ ਨਹੀਂ ਤਾਂ ਮੈਂ ਤੇਰੇ ਨਾਲ ਜਾਣਾ ਨਹੀਂ ਚਾਹੁੰਦਾ। ਤੂੰ ਇਕੱਲਾ ਹੀ ਚਲਿਆ ਜਾਹ।'
'ਬਾਬਾ! ਮੈਂ ਤੇਰਾ ਖਾਮੋਸ਼ ਪੈਰੋਕਾਰ ਹਾਂ। ਬਸ ਹੋਰ ਅੱਗੇ ਮੈਥੋਂ ਕੁਝ ਨਾ ਪੁੱਛੀ।'
'ਚੰਗਾ ਚਲ ਤੂੰ, ਮੈਂ ਤੈਨੂੰ ਤੇਰੇ ਘਰ ਹੀ ਆ ਕੇ ਮਿਲਦਾ ਹਾਂ।
ਸਤਿਨਾਮ ਚਲਿਆ ਗਿਆ। ਮੈਂ ਕਿਆਰੀਆਂ ਵਿਚੋਂ ਪਾਲ ਲਈ ਕਈ ਗੁਲਾਬ ਦੇ ਫੁੱਲ ਤੋੜੇ। ਕਈ ਪੂਰੇ ਖਿੜੇ ਤੇ ਕਈ ਅੱਧ ਖਿੜੇ। ਸਾਰਿਆਂ ਨੂੰ ਰੁਮਾਲ ਵਿਚ ਲਪੇਟ, ਦਾਤੀ ਚੁੱਕ ਕੇ ਮੈਂ ਵੀ ਘਰ ਨੂੰ ਤੁਰ ਆਇਆ।
ਘਰ ਆ ਕੇ ਪੰਪ ਵਿਚੋਂ ਪਾਣੀ ਕੱਢ ਕੇ ਨਹਾਉਣ ਲੱਗਾ। ਅੰਗ-ਅੰਗ ਨੂੰ ਮਲਿਆ, ਜਿਵੇਂ ਨੁਮਾਇਸ਼ ਤੇ ਜਾਣਾ ਹੋਵੇ । ਸਾਬਣ ਤੇਲ ਨਾਲ ਸਰੀਰ ਵਿਚ ਸੱਤਾ ਤੇ ਫੁਰਤੀ ਭਰ, ਕਪੜਿਆਂ ਦੇ ਉਦਾਲੇ ਹੋਇਆ। ਲੀਹਦਾਰ ਪਜਾਮਾ ਪਾਇਆ। ਬੋਸਕੀ ਦੀ ਕਮੀਜ਼ ਨਾਲ
ਪਿੰਡਾ ਸਜਾਇਆ। ਕੇਸਾਂ ਵਿਚ ਕੰਘਾ ਫੇਰ ਲਸੂੜੀ ਪੱਗ ਟਿੱਕੀ ਰੱਖ ਕੇ ਬੰਨ੍ਹੀ । ਚੰਗੀ ਤਰ੍ਹਾਂ ਸਜ ਕੇ ਮੈਂ ਸ਼ੀਸ਼ੇ ਸਾਹਮਣੇ ਆਇਆ। ਮੈਂ ਸ਼ੀਸ਼ਾ ਬਹੁਤ ਘੱਟ ਵੇਖਦਾ ਸਾਂ, ਕਿਉਂ ਕਿ ਮੈਂ ਕਿਤੇ ਪੜ੍ਹਿਆ ਸੀ ਕਿ ਸ਼ੀਸ਼ਾ ਬਹੁਤੀ ਵਾਰ ਮੁਖੜੇ ਦੀ ਆਬ ਖੋਹ ਲੈਂਦਾ ਹੈ। ਪਰ ਉਸ ਵੇਲੇ ਮੇਰਾ ਅੰਦਰਲਾ ਕਹਿ ਰਿਹਾ ਸੀ, ਕਿ ਮੈਂ ਅਜਿਹਾ ਸੋਹਣਾ ਕਦੇ ਬਹੁਤ ਘਟ ਹੋਇਆ ਹਾਂ। ਮੈਨੂੰ ਉਸ ਵੇਲੇ ਖ਼ਿਆਲ ਆਇਆ, ਸੁੰਦਰਤਾ ਤਾਂ ਅੰਦਰ ਹੈ, ਇਹ ਲੀੜੇ ਹੁਸਨ ਨਹੀਂ ਵਧਾਂਦੇ, ਫਿਰ ਇਹ ਵੇਲੇ ਵੇਲੇ ਕਿਉਂ ਪ੍ਰਗਟ ਹੁੰਦਾ ਹੈ? ਝਟ ਕੁ ਹੋਇਆ ਮੈਂ ਸਾਧਾਰਨ ਰੰਗ ਵਿਚ ਸਾਂ । ਪਰ ਹੁਣ ਹੁਸਨ ਜਵਾਨੀਆਂ ਦੀਆਂ ਹੱਦਾਂ ਸਲਾਮ ਕਰਨ ਲਈ ਆ ਖਲੋਤੀਆਂ ਹਨ। ਮੈਨੂੰ ਆਪਣੇ ਗੁਰੂਦੇਵ ਦਾ ਕਹਿਣਾ ਯਾਦ ਆਇਆ।
'ਜਿਸ ਵੇਲੇ ਮਨੁੱਖ ਆਪਣੇ ਪਿਆਰ ਨੂੰ ਇਕਾਗਰ ਚਿੱਤ ਯਾਦ ਕਰਦਾ ਹੈ। ਉਸ ਵੇਲੇ ਮਨ ਦੀਆਂ ਚੰਚਲ ਬਿਰਤੀਆਂ ਨਸ਼ਟ ਹੋ ਜਾਂਦੀਆਂ ਹਨ, ਪਾਪਾਂ ਦਾ ਪਰਦਾ ਤਾਰ ਤਾਰ ਹੋ ਜਾਂਦਾ ਹੈ। ਜਿਹੋ ਜਿਹੀ ਅਨੁਭਵਤਾ ਓਦੋਂ ਹੁੰਦੀ ਹੈ ; ਉਸ ਤਰ੍ਹਾਂ ਦੀ ਹੀ ਪੂਰੀ ਹੋ ਜਾਂਦੀ ਹੈ ।
ਮੇਰੀਆਂ ਸੁਭਾਵਕ ਮੁਸਕਾਣਾਂ ਹੁਸਨ ਜਵਾਨੀ ਨਸ਼ਈ ਬਣਾ ਦੇਂਦੀਆਂ ਸਨ। ਮੈਂ ਸਤਿਨਾਮ ਦੇ ਘਰ ਆਇਆ। ਉਹ ਮੇਰੇ ਵਲ ਵੇਖ ਕੇ ਹੈਰਾਨ ਵੀ ਹੋਇਆ ਤੇ ਮੁਸਕਰਾਇਆ ਵੀ। ਮੈਂ ਕਾਹਲਿਆਂ ਹੋ ਕੇ ਪੁਛਿਆ:
'ਕੀ ਗੱਲ ਦੋਸਤ! ਹੱਲ ਤੱਕ ਤਿਆਰ ਵੀ ਨਹੀਂ ਹੋਇਆ ?"
ਉਸ ਸਿਰ ਖੁਰਕਦਿਆਂ ਕੁਝ ਉਦਾਸ ਜਿਹਾ ਹੋ ਕੇ ਕਿਹਾ, 'ਮੁਸ਼ਕਲ ਇਹ ਹੈ ਕਿ ਮੈਂ ਅੱਜ ਜਾਂ ਨਹੀਂ ਸਕਦਾ, ਕਿਉਂਕਿ ਮੈਥੋਂ ਛੋਟਾ ਕੇਸਰ ਏਥੇ ਨਹੀਂ ਹੈ।
'ਅਜੇਹੀ ਚਾਲ ਓਪਰੇ ਨੂੰ ਬੇਵਕੂਫ ਬਣਾ ਸਕਦੀ ਹੈ।
ਸਤਿਨਾਮ ਨੂੰ ਆਪ ਤੇ ਜ਼ਬਤ ਨਾ ਕਿਹਾ ਤੇ ਝਟ ਹੀ ਉਸ ਦਾ ਹਾਸਾ ਨਿਕਲ ਗਿਆ ।
'ਬਲਬੀਰ। ਮੇਰੇ ਕੋਲ ਐਨੇ ਕੀਮਤੀ ਲੀੜੇ ਨਹੀਂ। ਸਹੁਰੇ ਉਥੇ ਮੇਰੇ ਹਨ, ਮੈਂ ਤੇਰੇ ਨਾਲ ਨਾਈ ਬਣ ਕੇ ਨਹੀਂ ਜਾਂ ਸਕਦਾ।'
'ਲੀੜੇ ਤੂੰ ਮੇਰੇ ਲੈ ਸਕਦਾ ਏ।
'ਮੈਂ ਤੇ ਅੱਜ ਤੇਰੇ ਜਿੰਨਾ ਸੁਹਣਾ ਵੀ ਨਹੀਂ।
'ਹੁੱਜਤਾਂ ਤਾਂ ਅੱਜ ਬਹੁਤ ਸੁਝਦੀਆਂ ਏਂ। ਆਪਣੀ ਵਾਰ ਛੇਤੀ ਹੀ ਚੀਕ ਉਠਦਾ ਹੁੰਦਾ ਏ।
'ਵਾਹ! ਜੁੱਤੀ ਵੱਲ ਧਿਆਨ ਹੀ ਨਹੀਂ ਮਾਰਿਆ ਹਰੀ ਮਖ਼ਮਲ ਤੇ ਸੁਨਹਿਰੀ ਤਿੱਲੇ ਦੇ ਇਹ ਬੂਟੇ ਵਾਹ ਸ਼ਾਨ! ਮਰ ਗਏ ਸਾਨੂੰ ਜੰਮਣ ਵਾਲੇ, ਅਸੀਂ ਵਿਆਹ ਵੀ ਗਏ, ਸਾਨੂੰ ਅਜਿਹੀ ਜੁੱਤੀ ਨਾ ਜੁੜੀ। ਜਿੰਦਣ ਤੂੰ ਵਿਆਹਿਆ ਜਾਵੇਂਗਾ, ਪਤਾ ਨਹੀਂ ਕਿੰਨੇ ਕੁ ਘਰ ਪੱਟੇਂਗਾ।
'ਬਾਬਾ ਐਨੀ ਕਾਹਲੀਆਂ ਕਿਉਂ ਕਰਦਾ ਏਂ, ਠਹਿਰ ਤਾਂ ਜਾਹ। ਅਜੇ ਹੁਣੇ ਚਾਦਰਾ ਧੋ ਕੇ ਸੁਕਣੇ ਪਾਇਆ ਹੈ, ਜੇ ਸੁੱਕ ਗਿਆ ਹੋਵੇ। ਮੈਨੂੰ ਪਤੈ ਜਦੋਂ ਕਿਸੇ ਸੱਜਣੀ ਨੂੰ ਮਿਲਣਾ ਹੋਵੇ, ਅੰਗ-ਅੰਗ ਬਲ ਉਠਦਾ ਹੈ।'
'ਤੂੰ ਬੜਾ ਖੋਚਰ ਹੁੰਦਾ ਜਾਂਦਾ ਏਂ।
ਇਕ ਪ੍ਰਕਾਰ ਕਾਫ਼ੀ ਚਿਰ ਪਿਛੋਂ ਸਤਿਨਾਮ ਮਸਾਂ ਘਰੋਂ ਨਿਕਲਿਆ। ਰਾਹ ਵਿਚ ਸਤਿਨਾਮ ਜਾਣ ਦੇ ਪਿਛੇ ਰਹਿ ਕੇ ਬੋਲਿਆ, 'ਅੱਗੇ ਤਾਂ ਮੌਲੇ ਬਲਦ ਵਾਂਗ ਝੂਲ-ਝੂਲ ਤੁਰਦਾ ਹੁੰਦਾ ਸੈਂ, ਅੱਜ ਤੇਰੇ ਵਿਚ ਲੋਹੜੇ ਦੀ ਤੇਜ਼ੀ ਕਿਥੋਂ ਆ ਗਈ। ਸ਼ਾਇਦ ਕੋਈ ਖਿੱਚ ਰਿਹਾ ਹੈ।
ਮੈਂ ਚੁੱਪ-ਚਾਪ ਸਤਿਨਾਮ ਦੀਆਂ ਹਸਾਉਣੀਆਂ ਹਰਕਤਾਂ ਸੁਣਦਾ ਤੇ ਵਿਹੰਦਾ ਰਿਹਾ। ਫਿਰ ਉਹ ਕਵਾਲੀ ਗਾਉਣ ਲਗ ਪਿਆ :- ਦਿਲ ਮੇਰੇ ਵਿਚ ਵਸਦੀ, ਤੇਰੀ ਇਕ ਤਸਵੀਰ ਨੀ।
ਰਾਂਝਾ ਮੈਂ ਹਜ਼ਾਰੇ ਦਾ, ਤੂੰ ਸਿਆਲੀ ਹੀਰ ਨੀ।
ਅੱਖਾਂ ਦੇ ਵਿਚ ਆਜਜ਼ੀ, ਦਿਲ ਦੇ ਵਿਚ ਹੈ ਤੜਪਨਾਂ,
ਭਿੱਛਿਆ ਪਾਵੀਂ ਪ੍ਰੇਮ ਦੀ, ਦਰ ਤੇ ਖੜਾ ਫ਼ਕੀਰ ਨੀਂ।
ਮੁੱਖ ਤੇਰੇ ਨੂੰ ਤਰਸਦੇ ਅੱਥਰੂ ਭਰ ਨੈਣ ਇਹ,
ਵਾਸਤਾ ਭਗਵਾਨ ਦਾ, ਮੁੱਖ ਤੋਂ ਲਾਹ ਦੇ ਚੀਰ ਨੀ।
ਆਪਣੇ ਨੂੰ ਆਪਣਾ, ਸੁਹਣੀਏ ਬਣਾ ਲਵੀਂ,
ਤੇਰਾ ਹੀ ਜਦ ਹੋ ਗਿਆ, ਫਿਰ ਕੀ ਜੱਗ ਨਾਲ ਸੀਰ ਨੀ।
ਮੇਰਾ ਤਾਂ ਭਗਵਾਨ ਤੂੰ, ਮੇਰਾ ਦੀਨ ਈਮਾਨ ਤੂੰ,
ਤੇਰਾ ਹੀ ਰਹਾਂਗਾ ਹੁਣ, ਪੱਥਰ ਤੇ ਲਕੀਰ ਨੀ।
ਗਾਉਣ ਦੇ ਸਾਰੇ ਇਸ਼ਾਰੇ ਸਤਿਨਾਮ ਮੇਰੇ ਵਲ ਕਰਦਾ ਰਿਹਾ, ਜਿਵੇਂ ਮੈਂ ਫ਼ਕੀਰ ਬਣ ਕੇ ਉਹਦੇ ਦਰਸ਼ਨਾਂ ਨੂੰ ਚਲਿਆ ਸਾਂ। ਕਾਵਿ ਲੈਅ ਦੇ ਖ਼ਾਤਮੇ ਤੇ ਆ ਕੇ ਉਹ ਮਾਹਰ ਗਾਇਕਾਂ ਵਾਂਗ ਬਾਂਹ ਕੱਢ ਕੇ ਦੂਹਰਾ ਹੋ ਜਾਂਦਾ। ਅਸੀਂ ਸਾਰਾ ਰਾਹ ਬੜਾ ਹੱਸਦਿਆਂ ਖੇਲਦਿਆਂ ਮੁਕਾਇਆ। ਹਰ ਜਵਾਨ ਸਾਧ ਦਾ ਫ਼ਾਇਦਾ ਹੀ ਕੀ ਹੁੰਦਾ ਹੈ। ਪਿੰਡ ਵੜਨ ਲਗਿਆ ਅਸਾਂ ਜੁੱਤੀਆਂ ਝਾੜੀਆਂ ਅਤੇ ਮੁੱਛਾਂ ਨੂੰ ਤਾਅ ਦੇ ਕੁੰਡ ਪਾਏ। ਮਤਾ ਕੋਈ ਨੁਕਸ ਕੱਢ ਦੇਵੇ । ਸਹੁਰੀਂ ਗਏ ਇਕ ਜਵਾਨ ਮੁੰਡੇ ਵਿਚ ਜੇ ਕੋਈ ਨੁਕਸ ਕੱਢ ਦੇਵੇ, ਤਾਂ ਸਮਝੋ ਸਿਰ ਹੀ ਵਢਿਆ ਗਿਆ। ਘਰ ਪੁੱਜ ਕੇ ਸਤਿਨਾਮ ਨੇ ਆਪਣੀ ਸੱਸ ਨੂੰ ਮੱਥਾ ਟੇਕਿਆ। ਮੈਂ ਵੀ ਪਿਆਰ ਲੈਣ ਦਾ ਮਾਰਿਆ ਨਾਲ ਝੁਕ ਗਿਆ। ਸਤਿਨਾਮ ਦੀ ਪਤਨੀ ਤਾਰੋ ਮੈਨੂੰ ਵੇਖ ਕੇ ਹੱਸ ਪਈ। ਤਾਰੋ ਦੀ ਮਾਂ ਅੰਦਰੋਂ ਮੰਜੇ ਤੇ ਲੀੜੇ ਵਿਛਾਉਣ ਲਈ ਲੈਣ ਗਈ। ਮੈਂ ਤਾਰੋ ਨੂੰ ਸਿਰ ਝੁਕਾਂਦਿਆਂ ਕਿਹਾ, 'ਸਲਾਮ ਕਹਿੰਦਾ ਹਾਂ ਭਾਬੀ ਜੀ!'
'ਹਟਦਾ ਨਹੀਂ ਮਖੌਲ ਕਰਨੋਂ'! ਕੁੜੀਆਂ ਤੋਂ ਕੁਟਵਾਵਾਂਗੀ ਤੇ ਛੀਨਾ ਏਥੋਂ ਦੂਰ ਹੈ।
'ਫੁੱਲ ਭਾਵੇਂ ਕਿੱਡੀ ਜ਼ੋਰ ਦੀ ਵੱਜਣ, ਜਖਮ ਨਹੀਂ ਕਰਦੇ ਭਾਬੀ।
'ਚੰਗਾ ਠਹਿਰ ਫਿਰ ਥੋੜ੍ਹਾ ਚਿਰ।
'ਰਾਤ ਰਹਿਣਾ ਹੈ ਥੋੜ੍ਹੇ ਚਿਰ ਦਾ ਕੀ ਮਤਲਬ।
ਉਸ ਦੀ ਮਾਂ ਨੇ ਮੰਜੇ ਤੇ ਪਹਿਲੋਂ ਦਰੀ ਸੱਟੀ ਤੇ ਉਸ ਪਿੱਛੋਂ ਹਰੀਆਂ ਵੇਲਾਂ ਵਾਸੀ ਵਛਾਈ ਕੱਢੀ। ਇਕ ਸਿਰਹਾਣਾ ਦਿੱਤਾ ਗਿਆ, ਜਿਸ ਉਤੇ ਹਵਾਈ ਜਹਾਜ਼ ਕੱਢਿਆ ਸੀ, ਜਿਸ ਨੂੰ ਉਹਨਾਂ ਦਾ ਇਕ ਸ਼ੈਲੀ ਮੁੰਡਾ 'ਬਾਲੋ ਬਾਲੋ' ਕਹਿ ਕੇ ਬੁਲਾਂਦਾ ਸੀ, ਸਿਰਹਾਣੇ ਦੀ ਕਢਾਈ ਦੇ ਤੋਪੇ ਦਸਦੇ ਹਨ ਕਿ ਕੱਢਣ ਵਾਲੀ ਸਚਿਆਰੀ ਹੈ। ਰਕਾਣਾਂ ਦੇ ਹੱਥ ਕਾਹਨੂੰ ਰਲਦੇ ਹਨ। ਤਾਰੋ ਨੇ ਦੋ ਛੰਨੇ ਦੁੱਧ ਦੇ ਕਾੜ੍ਹਨੀ 'ਚੋਂ ਕੱਢੇ ਤੇ ਤਰਾਤਰੀ ਖੰਡ ਪਾ ਕੇ ਸਾਡੇ ਅੱਗੇ ਲਿਆ ਰੱਖੇ।
ਕੌਣ ਪੀਵੇਗਾ ਏਨਾ ਦੁੱਧ ?'
'ਜਿਸ ਕੁੱਟ ਖਾਣੀ ਹੈ?" ਤਾਰੋ ਨੇ ਉੱਤਰ ਦਿੱਤਾ।
'ਮੈਂ ਤਾਂ ਛੱਡਣਾ ਨਹੀਂ, ਮੇਰਾ ਹਿੱਸਾ ਪਿਆ ਰਹੇ।' ਸਤਿਨਾਮ ਨੇ ਜੁੱਤੀ ਲਾਹਦਿਆਂ ਕਿਹਾ।
ਮੁੜ ਤਾਰੋ ਨੇ ਆਪਣੀ ਮਾਂ ਨੂੰ ਕਿਹਾ, 'ਇਹ ਜਿਹੜਾ ਬਲਬੀਰ ਹੈ ਮਾਂ ਜੀ। ਮੈਨੂੰ ਮਖੌਲਾਂ ਮੂੰਹ ਗੱਲ ਨਹੀਂ ਓਥੇ ਕਰਨ ਦਿੰਦਾ। ਮੈਂ ਵੀ ਇਸ ਨਾਲ ਹੁਣ ਉੱਨੀ ਇੱਕੀ ਕਰਵਾਵਾਂਗੀ।'
ਉਸ ਦੀ ਮਾਂ ਨੇ ਆਖਿਆ, 'ਨਾ ਕੁੜੀਏ। ਘਰ ਆਇਆਂ ਨਾਲ ਨਹੀਂ ਇਉਂ ਕਰੀਦੀ।
'ਤੂੰ ਮਾਂ ਜੀ ਵੇਖ ਤਾਂ ਸਹੀ ਮੈਂ ਹੁਣੇ ਲਿਆਉਂਦੀ ਹਾਂ, ਮਿੱਡੀ ਹੋਰਾਂ ਨੂੰ ਸਦ ਕੇ?
ਉਹ ਉਦੋਂ ਹੀ ਘਰੋਂ ਨਿਕਲ ਗਈ। ਸਤਿਨਾਮ ਦੇ ਸਹੁਰਿਆਂ ਦਾ ਘਰ ਚੁਰਸਤੇ ਵਿਚ ਸੀ। ਸਤਿਨਾਮ ਨੇ ਮੁਸਕਰਾਂਦਿਆਂ ਕਿਹਾ, 'ਰੱਬ ਵੇਖੀਏ ਕੀ ਵਿਖਾਉਂਦਾ ਏ, ਇਨ੍ਹਾਂ ਕੁਆਰੀਆਂ ਦੇ ਅਲੂਕਾਰ ਵਿਚੋਂ।
'ਚਲ ਆ ਆਪਾਂ ਬਾਹਰ ਫਿਰ ਤੁਰ ਆਈਏ।
"ਚਲ ਭਰਾ। ਜੇ ਜਵਾਨੀ ਨੂੰ ਕੋਈ ਨਾ ਵੇਖੇ ਤਾਂ ਉਸ ਦਾ ਦਿਲ ਟੁੱਟ ਜਾਂਦਾ ਹੈ; ਪਰ ਤੂੰ ਉਡੀਕ ਕਰ, ਵੇਖਣ ਵਾਲੀਆਂ ਰੂਹਾਂ ਏਥੇ ਈ ਆ ਜਾਣਗੀਆਂ।
ਏਨੇ ਨੂੰ ਚਾਰ ਪੰਜ ਕੁੜੀਆਂ ਮਿੱਡੀ ਤੇ ਦਿਆਲੀ ਹੋਰੀਂ ਆ ਗਈਆਂ ਤੇ ਸਾਰੀਆਂ ਨੇ ਫੌਜੀਆਂ ਵਾਂਗ ਮਿਥ ਕੇ ਸਲੂਟ ਕੀਤਾ। ਮੈਂ ਤੇ ਸਤਿਨਾਮ ਮੁਸਕਰਾਂਦੇ ਰਹੇ। ਸਤਿਨਾਮ ਨੇ ਇਕ ਖਚਰੇ ਇਸਾਰੇ ਨਾਲ ਇਕ ਪ੍ਰਕਾਰ ਖੁਲ੍ਹ ਦੇ ਦਿੱਤੀ। ਦਿਆਲੀ ਨੇ ਮਿੱਡੀ ਨੂੰ ਆਖਿਆ, 'ਜੇ ਤੇਰਾ ਬਲਬੀਰ ਨਾਲ ਵਿਆਹ ਹੋ ਜਾਵੇ।
'ਬੂਥਾ ਇਸ ਦਾ ਮੈਨੂੰ ਵਿਆਹ ਵਾਲਾ ਦੀਂਹਦਾ ਹੈ। ਵੇਖ ਨੀ ਵਿਆਹ ਦੇ ਨਾਂ ਤੇ ਕਿਵੇਂ ਨਾਸਾਂ ਫਲਾਉਂਦਾ ਏ।
ਮੈਨੂੰ ਵੀ ਮਜਬੂਰ ਬੋਲਣਾ ਹੀ ਪਿਆ, 'ਤੂੰ ਆਦਮੀ ਨਾਲ ਕਾਹਨੂੰ ਵਿਆਹ ਕਰਵਾਉਣਾ ਏਂ, ਬੂਥੇ ਨਾਲ ਹੀ ਕਰਵਾਈ'
'ਇਹ ਜੁੱਤੀ ਕੀਹਦੀ ਮੰਗ ਕੇ ਲਿਆਇਆ ਏ?'
'ਸਰਦਾਰ ਅਤਰ ਸਿੰਘ ਨੌਂ ਫੁੱਟੇ ਦੀ।
ਮਿੱਡੀ ਇਕ ਦਮ ਚੁੱਪ ਹੋ ਗਈ। ਕਿਉਂਕਿ ਮੇਰੇ ਨਾਨਕੀ ਇਕ ਨਿੱਕੇ ਜਿਹੇ ਅਤਰ ਮੁੰਡੇ ਨਾਲ ਮਿੱਡੀ ਮੰਗੀ ਹੋਈ ਸੀ । ਏਧਰੋਂ ਇਸ ਦੀ ਮੰਗਣੀ ਬਾਰੇ ਸਤਿਨਾਮ ਨੇ ਮੈਨੂੰ ਪਹਿਲੋਂ ਹੀ ਦਸ ਦਿੱਤਾ ਸੀ। ਉਸ ਨੂੰ ਬੜਾ ਗੁੱਸਾ ਆਇਆ, ਮੈਂ ਮੌਕਾ ਪਾ ਕੇ, ਫਿਰ ਕਿਹਾ, 'ਮੈਨੂੰ ਤਾਂ ਸਭ ਕੁਝ ਤਾਰੋ ਨੇ ਦੱਸਿਆ ਹੈ।
ਮਿੱਡੀ ਤਾਰੋ ਦੇ ਗਲ੍ਹ ਪੈ ਗਈ। ਮੈਂ ਅੰਦਰੇ ਅੰਦਰ ਲੱਗਾ ਹੱਸਣ। ਤਾਰੋ ਨੇ ਉਸ ਨੂੰ ਸਮਝਾਂਦਿਆਂ ਕਿਹਾ, 'ਅੰਨ੍ਹੀਏ। ਆਪਾਂ ਨੂੰ ਲੜਾਉਣ ਦਾ ਮਾਰਿਆ ਕਹਿੰਦਾ ਏ।'
ਮੈਂ ਵਿਚੋਂ ਹੀ ਇਕ ਹੋਰ ਚਲਾ ਦਿਤੀ।
'ਤਾਰੋ ਤੂੰ ਦਸਿਆ ਨਹੀਂ, ਮੈਨੂੰ ਇਸ ਦੇ ਸਹੁਰੇ ਦਾ ਅਤੇ ਇਸ ਦੀ ਸੱਸ ਦਾ ਨਾਂ, ਜੋ ਲੱਤੋਂ ਲੰਞੀ ਹੈ ਹੋਰ ਕੁਝ ਦਸਾਂ ?'
ਮੈਨੂੰ ਇਸ ਗੱਲ ਦਾ ਨਾਨਕਿਆ ਦੇ ਸਬੰਧ ਕਰਕੇ ਪਤਾ ਸੀ। ਮਿੱਡੀ ਦੇ ਤਾਂ ਭਾ ਦੀ ਬਣ ਗਈ, ਜਦੋਂ ਮੈਂ ਜੋਤਸ਼ੀਆਂ ਵਾਂਗ ਸੱਚੀਆਂ ਦੱਸਣ ਲੱਗਾ। ਮਿੱਡੀ ਗੁੱਸੇ ਨਾਲ ਭਰੀ ਚਲੀ ਗਈ ਤੇ ਮੇਰਾ ਮਗਰੋਂ ਖੂਬ ਹਾਸਾ ਨਿਕਲਿਆ। ਸਤਿਨਾਮ ਗੁੱਝਾ-ਗੁੱਝਾ ਹੋਰ ਹੀ ਕਿਸੇ ਨੂੰ ਵੇਖੀ ਜਾ ਰਿਹਾ ਸੀ। ਇਕ ਕੁੜੀ ਦੇ ਨੈਣ ਸਾਫ਼ ਸ਼ਰਾਬੀ ਪਿਆਲੇ ਹੀ ਦਿਸਦੇ ਸਨ। ਮੈਨੂੰ ਨਹੀਂ ਸੀ ਪਤਾ ਕਿ ਮੇਰੇ ਬੇ-ਧਿਆਨੇ ਹੋਣ ਕਰਕੇ ਸਤਿਨਾਮ ਕਿੰਨੀ ਕੁ ਪੀ ਕੇ ਸ਼ਰਾਬੀ ਹੋ ਗਿਆ ਹੈ। ਜਦੋਂ ਮੈਂ ਉਹਨਾਂ ਨੈਣਾਂ ਨੂੰ ਤੱਕਿਆ। ਇਕ ਵਾਰ ਹੀ 'ਝਰਲ' ਕਰਦੀ ਨਸ਼ੀਲੀ ਹਰਕਤ ਮੈਨੂੰ ਬੇਵਸ ਜਿਹਾ ਕਰ ਗਈ। ਜਦੋਂ ਉਸ ਨੇ ਦੇਖਿਆ, ਉਸ ਝਟ ਸ਼ਰਮ ਨਾਲ ਕੰਬ ਕੇ ਨੀਵੀਂ ਪਾ ਲਈ, ਆਹ ਲਾਜਵੰਤੀ। ਕੁਆਰੀਆਂ ਕੁੜੀਆਂ ਦੀ ਪਵਿੱਤਰਤਾ ਕੇਵਲ ਸ਼ਰਮ ਤੇ ਉਸ ਦਾ ਅਹਿਸਾਸ। ਕੁੜੀਆਂ ਇਕ-ਇਕ ਕਰ ਕੇ ਚਲੀਆਂ ਗਈਆਂ। ਪਰ ਦੋ ਜਵਾਨਾਂ ਨੂੰ ਤੜਪਾਣ ਲਈ ਰਾਤ ਪਾ ਗਈਆਂ।
ਰਾਤ ਲੰਘ ਗਈ ਪਰ ਬਿਸਤਰੇ ਤੇ ਵਟ ਦਸਦੇ ਹਨ ਕਿ ਮੈਂ ਰਾਤੀਂ ਸੁੱਤਾ ਨਹੀਂ, ਸਗੋਂ ਪਾਸੇ ਹੀ ਮਾਰਦਾ ਰਿਹਾ ਹਾਂ। ਸਤਿਨਾਮ ਨੇ ਮੈਨੂੰ ਪਾਲ ਨੂੰ ਇਕ ਰੁਕਾ ਲਿਖਣ ਲਈ ਕਿਹਾ, ਕਿਉਂਕਿ ਉਸ ਦਾ ਘਰ ਪਿੰਡ ਦੇ ਦੂਜੇ ਬੰਨੇ ਸੀ। ਅਸੀਂ ਬਾਹਰੋਂ ਆ ਕੇ ਨਹਾਤੇ ਤੇ ਮੁੜ ਦਹੀਂ ਨਾਲ ਹਾਜਰੀ ਖਾਧੀ। ਚਾਹ ਦੇ ਵੀ ਦੋ-ਦੋ ਪਿਆਲੇ ਪੀਤੇ। ਸਤਿਨਾਮ ਥੱਲੇ ਆਪਣੀਆਂ ਸਾਲੀਆਂ ਵਿਚ ਰੁਝ ਗਿਆ। ਏਧਰ ਮੈਂ ਚਿੱਠੀ ਤੇ ਲਕੀਰਾਂ ਪਾਉਣੀਆਂ ਸ਼ੁਰੂ ਕੀਤੀਆਂ –
ਇਕ ਸੁਪਨਾ ਆਇਆ, ਜੀਵਨ ਰੰਗ ਰੱਤਾ।
ਇਕ ਰੇਲ ਦਾ ਸਫਰ, ਅਥਵਾ ਜੀਵਨ ਦਾ ਸ਼ੁਰੂ।
ਜੀਵਨ ਭਾਵ ਦਾ ਖੁਸ਼ੀਆਂ ਵਿਚ ਉਦੈ ਹੋਣਾ ਤੇ ਪ੍ਰੀਤ ਖਿਮਾਂ ਵਿਚ ਛੁਪਣਾ।
ਇਕ ਸਾਥ ਸੀ, ਜੀਵਨ ਦੀ ਮਧਰਤਾ ਵਿਚ ਓਤ ਪੋਤ।
ਜੀਵਨ, ਇਕ ਰਸ ਭਰੀ ਸੁਗਾਤ, ਪਰ ਜੇ ਕਿਸੇ ਦੀ ਭੇਟਾ ਕੀਤੀ ਜਾਵੇ।
ਇੱਕਲ ਆਪੇ ਵਿਚ ਜੀਵਨ ਦਾ ਮਾਣ, ਇਕ ਥੋਥੀ ਹਿੰਡ : ਜਿਹੜੀ ਲੰਮਾ ਕਸ਼ਟ ਬਣ ਪਿਘਲਦੀ।
ਆਸ਼ਾ ਦਰਪਣ ਸਾਫ਼ ਤੇ ਜੀਵਨ ਦਾ ਰਾਹ ਮੋਕਲਾ, ਚਾ-ਕਲੀਆਂ ਵਿਚ ਪਾਟਦਾ ਰੰਗ, ਵਲਵਲੇ ਅਕਹਿ ਮਸਤੀ ਵਿਚ ਅਬੋਲ, ਧੜਕਨ ਕਾਹਲੀ ਤੇ ਅਰਮਾਨ ਤਰੰਗਾਂ, ਬੇਕਰਾਰੀ ਵਿਚ ਅਧੀਰ।
ਇਕ ਯਾਦ ਕਿ ਮਨ ਵਜਦਕ ਭਾਵਾਂ ਵਿਚ ਸੂਰਜ ਦੇ ਦਰ ਪਾਗਲ ਭਿਖਾਰੀ ਵਾਂਗ ਸਿਰ ਝੁਕਾਈ ਖਲੋਤਾ।
ਆ ਉਹਨਾਂ ਰਾਵ੍ਹਾਂ ਵਲ ਚਲੀਏ, ਜਿਥੇ ਦਵੈਖ ਦੀਆਂ ਹੱਦਾਂ ਮੁਕਦੀਆਂ ਹਨ।
ਆ ਉਹਨਾਂ ਥਾਵਾਂ ਵਿਚ ਵਸੀਏ ਜਿਥੇ ਪ੍ਰੇਮੀਆਂ ਦੀ ਧਰਤੀ ਹੈ, ਕੰਵਲ ਪੱਤੀਆਂ ਵਰਗੀ ਕੂਲੀ ਜਿਸ ਨੂੰ ਦੇਵਤੇ ਸ਼ਰਧਾ ਦੀਆਂ ਫੁੱਲ ਡਾਲਾਂ ਨਾਲ ਸਾਫ਼ ਕਰਦੇ ਨੇਂ।
ਅਸਲ ਪਿਆਰ ਦੀ ਨਗਰੀ।
ਚੰਦਰਮਾ ਦਾ ਹੱਸਦਾ ਸੀਤਲ ਪ੍ਰਕਾਸ਼।
ਭੋਰਾ ਦਾ ਕੰਵਲਾਂ ਨੂੰ ਚੁੰਮ-ਚੁੰਮ ਛੱਡਣਾ।
ਬਹਾਰ ਦਾ ਫੁੱਲ ਕਲੀਆਂ ਵਿਚ ਜਵਾਨ ਨਾਜ਼।
ਨਾਚ ਕੁੜੀਆਂ ਦੇ ਹਾਵ ਭਾਵ, ਵਿਗਸਨਾਂ ਦਾ ਮੀਂਹ ।
ਸਾਜ਼ ਤਾਰਾਂ ਵਿਚ ਉਲਝੀ ਲੱਜ਼ਤ।
ਸੰਗੀਤ ਬੋਲਾਂ ਦਾ ਅੰਮ੍ਰਿਤ।
ਹੁਸੀਨ ਦ੍ਰਿਸ਼ਾਂ ਵਿਚ ਅੱਖਾਂ ਮਦਮਤੀਆਂ।
ਪਿਆਰ ਨਸ਼ਾ, ਸਰੂਰ ਪਿਆਰ।
ਜੀਵਨ, ਪਿਆਰ ਨਸ਼ਾ ਸੰਗੀਤ।
ਬਾਕੀ ਸਭ ਕੁਝ ਹੇਚ, ਅਸਲੋਂ ਹੇਚ।
ਦੂਰ ਇਸ ਦੁਨੀਆ ਦੀ ਕਲਪਨਾ ਤੋਂ ਦੂਰ।
ਉਹ! ਮੈਂ ਕੀ ਲਿਖ ਆਇਆ ਹਾਂ, ਮੈਨੂੰ ਪਤਾ ਤਕ ਨਹੀਂ। ਤੁਸੀਂ ਦਰਿਆ ਦਿਲ ਹੋ, ਜ਼ਰੂਰ ਖ਼ਿਮਾਂ ਕਰੋਗੇ। ਅਫ਼ਸੋਸ ਕਿ ਮੈਂ ਤੁਹਾਨੂੰ ਖ਼ਤ ਦੇ ਮੁੱਢ ਵਿਚ 'ਸਤਿ ਸ੍ਰੀ ਅਕਾਲ' ਬੁਲਾਣੀ ਵੀ ਭੁੱਲ ਆਇਆ ਹਾਂ। ਪ੍ਰੇਮੀ ਦੀ ਜ਼ਿੰਦਗੀ ਗਲਤੀਆਂ ਦਾ ਵਾੜਾ ਹੀ ਹੈ। ਮੇਰਾ ਖ਼ਿਆਲ ਹੈ, ਤੁਸੀਂ ਮੈਨੂੰ ਦੁਨੀਆ ਜਿੰਨੀ ਨਫ਼ਰਤ ਨਹੀਂ ਕਰੋਗੇ। ਮੈਂ ਤੁਹਾਡੇ ਦਰਸ਼ਨਾਂ ਦਾ ਸ਼ੀਘਰ ਉਡੀਕਵਾਨ ਹਾਂ। ਤੁਸੀਂ ਕਿੰਨੇ ਚੰਗੇ ਹੋ, ਜਿਹੜੇ ਚੇਤੇ ਆਉਂਦੇ ਹੋ।
ਜੀਵਨ ਦਾ ਨਵਾਂ ਰਾਹੀ
ਖ਼ਤ ਦਿਆਲੋ ਨਾਂ ਦੀ ਕੁੜੀ ਉਸ ਨੂੰ ਪਹੁੰਚਾ ਆਈ। ਕੋਈ ਇਕ ਘੰਟਾ ਲੰਘ ਗਿਆ ।
ਉਸ ਇਕ ਘੰਟੇ ਦਾ ਸਮਾਂ ਬੜਾ ਰੰਗਲਾ ਸੀ, ਕਿਉਂਕਿ ਉਸ ਵਿਚ ਪਾਲ ਦੇ ਆਉਣ ਦੀ ਉਡੀਕ ਸੀ। ਮਿੱਠੀ ਉਡੀਕ, ਅੱਖਾਂ ਚਮਕ ਰਹੀਆਂ ਸਨ। ਮੇਰੇ ਕੰਨ ਪੌੜੀਆਂ ਵਿਚ ਕਿਸੇ ਦੇ ਪੈਰਾਂ ਦੀ ਅਵਾਜ ਸੁਣ ਰਹੇ ਸਨ। ਪਰ ਨਹੀਂ ਇਹ ਤੇ ਮੇਰੇ ਹੀ ਦਿਲ ਦੀ ਧੜਕਣ ਸੀ । ਭੁੱਲਾਂ ਦਾ ਸੁਆਦ ਵੀ ਅਜਿਹੇ ਸਮੇਂ ਮਾਣਿਆ ਜਾਂਦਾ ਹੈ। ਇਕ ਦਮ ਹੀ ਅੰਦਰੋਂ ਕੁਝ ਉਤਪੰਨ ਹੋਇਆ, 'ਬੇਵਕੂਫ। ਉਹ ਤੇਰੀ ਕੀ ਲੱਗਦੀ ਹੈ, ਇਸ ਮਚਲਾਣ ਤੇ ਸ਼ਰਮ ਤਾਂ ਨਹੀਂ ਆਉਂਦੀ ?'
ਮੈਂ ਇਕ ਵਾਰ ਹੀ ਸੁੰਨ ਜਿਹਾ ਹੋ ਗਿਆ। ਮੈਨੂੰ ਆਪਣਾ ਆਪ ਕਿਰਦਾ-ਕਿਰਦਾ ਜਾਪਿਆ। ਸ਼ਰਮ ਨੇ ਮੇਰੇ ਅੰਗ ਨਿੱਸਲ ਕਰ ਦਿੱਤੇ ਅਤੇ ਮੈਨੂੰ ਕੁਝ ਸੁੱਝਦਾ ਨਹੀਂ ਸੀ।
ਪਰ ਮੈਂ ਕੋਈ ਗੁਨਾਹ ਨਹੀਂ ਕਰ ਰਿਹਾ। ਜੀਵਨ ਘਾਟੀ ਤੇ ਚੜ੍ਹਨ ਲਈ ਹਰ ਰਾਹੀਂ ਸਾਥੀ ਹੋ ਸਕਦਾ ਹੈ। ਪਿਆਰ ਪ੍ਰਭੂ ਦਾ ਆਪਣਾ ਕ੍ਰਿਸ਼ਮਾ ਹੈ।
ਕੋਈ ਨਾ ਕੋਈ ਦਲੀਲ ਹੀ ਆਦਮੀ ਨੂੰ ਗੁਨਾਹ ਲਈ ਮਜਬੂਰ ਕਰਦੀ ਹੈ। ਪਰ ਸ਼ਰ੍ਹਾ ਸਮਾਜ ਤੇ ਬੰਧਨਾਂ ਵਿਚ ਅੜਿਆ ਜੀਵਨ ਕਿਉਂ ਨਹੀਂ ਖੁਦਕਸ਼ੀ ਕਰਦਾ, ਕਿਉਂ ਦਮ ਘੁੱਟ ਘੁੱਟ ਸਾਹ ਖਿੱਚਦਾ ਹੈ। ਨਦੀਆਂ ਦੇ ਰਾਹ ਕੌਣ ਬਣਾਂਦਾ ਹੈ, ਕੜੀਆਂ ਨੂੰ ਖਿੜਨਾ ਕੌਣ ਦਸਦਾ ਹੈ, ਵੇਲਾਂ ਤੇ ਜੁਲਫਾਂ ਵਿਚ ਵਲ ਤੇ ਕੁੰਡਲ ਕੌਣ ਪਾਂਦਾ ਹੈ? ਹਵਾਵਾਂ ਨੂੰ ਕੌਣ ਮੌੜਦਾ ਹੈ ਤੇ ਸਾਗਰ ਦੀਆਂ ਛੱਲਾਂ ਨੂੰ ਕੋਣ ਰੋਕਦਾ ਹੈ? ਇਹ ਚੰਦਰਾ ਸਮਾਜ ਤੂਫਾਨ ਦੀ ਭੇਟਾ ਕਿਉਂ ਨਹੀਂ ਹੋ ਜਾਂਦਾ? ਇਹ ਨਾਕਾਮ ਬੰਧਨ ਜਲ ਪ੍ਰਵਾਹ ਕਿਉਂ ਨਹੀਂ ਹੁੰਦੇ ? ਗੁਲਾਮੀ ਦੀਆਂ ਜੰਜੀਰਾਂ ਅੱਗ ਵਿਚ ਕਿਉਂ ਨਹੀਂ ਢਲਦੀਆਂ। ਜੀਵਨ ਲਈ ਵਲਗਣ ਅਸਲੋਂ ਅਸੰਭਵ। ਭਗਵਾਨ ਦਾ ਆਪਣਾ ਨਾਹਰਾ ਪਿਆਰ ਹੈ ਤੇ ਉਸ ਦੇ ਪਿਆਰ ਦਾ ਸੌਦਾਈ ਅਮਲ, ਇਹ ਸੰਸਾਰ ਹੈ। ਜੋ ਸੰਸਾਰ ਸੁਪਨਾ ਹੈ ਤਾਂ ਮੇਰੀ ਕ੍ਰਿਆ ਸਥਿਰ ਨਹੀਂ। ਜੇ ਮੈਨੂੰ ਵੀ ਵਹਿਮ ਭੁਲਾ ਸਕਦੇ ਤੇ ਭੁਲੇਖੇ ਡਰਾ ਸਕਦੇ ਹਨ, ਤਦ ਮੇਰੀਆਂ ਸਾਰੀਆਂ ਨਿੱਕੀਆਂ ਮੋਟੀਆਂ ਕਿਤਾਬਾਂ ਨੂੰ ਦਰਿਆ ਸਪੁਰਦ ਕਰ ਦੇਵੋ ਅਤੇ ਲੋਹੇ ਦੇ ਲਾਲ ਸੂਹੇ ਕੀਲੇ ਮੇਰੇ ਦਿਮਾਗ ਵਿਚ ਠੋਕ ਦਿਓ, ਤਾਂਕਿ ਦਿਮਾਗੀ ਸ਼ਕਤੀ ਦੇ ਜੀਵਾਣੂੰ ਸੜ ਜਾਣ। ਉਹ ਜੀਵਨ ਨਹੀਂ, ਇਕ ਦੁੱਖਾਂ ਭਰੀ ਬਹੁੜੀ ਹੈ, ਜਿਸ ਵਿਚ ਇਕ ਵੀ ਬੰਧਨ ਹੈ। ਗੁਲਾਮੀ ਭਗਵਾਨ ਦੀ ਵੀ ਠੁਕਰਾ ਦਿਉ।
ਮੇਰੇ ਅੰਦਰ ਫਿਰ ਇਕ ਲਰਜਾ ਆਇਆ। ਪਰ ਮੈਂ ਆਪਣੇ ਆਪ ਨੂੰ ਹੋਸ਼ ਵਿਚ ਲਿਆਉਣ ਲਗਾ, ਜਿਵੇਂ ਮੈਂ ਪਾਗਲ ਅੱਗੇ ਬਕਵਾਸ ਕਰ ਰਿਹਾ ਸਾਂ। ਉਦੋਂ ਹੀ ਵਿਹੜੇ ਵਿਚ ਇਕ ਕੋਮਲ ਅਵਾਜ਼ ਨੇ ਕਿਸੇ ਤੋਂ ਪੁਛਿਆ, 'ਤੁਹਾਡੇ ਘਰ ਇਕ ਫੁੱਲ ਉਤਰਿਆ ਹੈ? ਮੇਰੇ ਭੁੱਖੇ ਕੰਨਾਂ ਨੇ ਝਟ ਜਾਣ ਲਿਆ ਕਿ ਇਹ ਕਿਸ ਦੀ ਅਵਾਜ਼ ਹੈ।
'ਪਰ ਭੌਰੇ ਨੂੰ ਬੜੀ ਦੂਰੋਂ ਸੁਗੰਧੀ ਨੇ ਖਿੱਚਿਆ?' ਇਹ ਤਾਰੇ ਦੇ ਹੱਸਦੇ ਬੋਲ ਸਨ।
'ਖਿੱਚ ਜੁ ਹੋਈ।
'ਜਿਹੜਾ ਕਲ੍ਹ ਆਥਣ ਦਾ ਖਿੜਿਆ ਹੋਇਆ ਹੈ, ਉਸ ਦੀ ਬੇ-ਕਰਾਰੀ ਵੀ ਦੇਖਣ ਵਾਲੀ ਹੈ।'
'ਪਰ ਕਿੱਥੇ ਹਨ ਉਹ ?'
'ਜਿਧਰੋਂ ਸੁਗੰਧੀ ਆਉਂਦੀ ਹੈ, ਓਧਰੇ ਚਲੀ ਜਾਹ।'
'ਮੇਰਾ ਖ਼ਿਆਲ ਹੈ ਸੁਗੰਧੀ ਓਧਰੋਂ ਹੇਠਾਂ ਨੂੰ ਆ ਰਹੀ ਹੈ।
'ਤੇਰੀਆਂ ਤੇ ਉਹਦੀਆਂ ਸੱਤੇ ਸੱਤ। ਉਤੇ ਹੀ ਲੰਮਾ ਪਿਆ ਹੈ।
ਮੇਰੀ ਖੁਸ਼ੀ ਬੁੱਲਾਂ 'ਚੋਂ ਡੁੱਲ੍ਹ ਡੁੱਲ੍ਹ ਪੈ ਰਹੀ ਸੀ।
'ਤੈਨੂੰ ਨਾਲ ਲੈ ਕੇ ਚਲਾਂਗੀ?''
'ਭੂੰਡਾਂ ਦਾ ਭੌਰਾਂ ਨਾਲ ਕੀ ਸੰਗ।'
'ਆ ਤਾਂ ਸਹੀ।
'ਤੁਸਾਂ ਭੈਣ ਕੋਈ ਚੋਰੀ ਗੱਲ ਕਰਨੀ ਹੋਵੇਗੀ।
'ਤੈਥੋਂ, ਕਾਹਦਾ ਲੁਕਾ।'
ਠਿੱਪ ਠਿੱਪ ਕਰਦੀਆਂ ਆਵਾਜਾਂ ਉਪਰ ਨੂੰ ਚੜ੍ਹੀਆਂ। ਬਾਰੀ ਵਿਚ ਦੀ ਮੈਂ ਇਕ ਸਿਰ ਉੱਚਾ ਹੁੰਦਾ ਵੇਖਿਆ, ਗੋਲ ਚਿਹਰਾ, ਹੱਸਦੀਆਂ ਅੱਖਾਂ ਤੇ ਮੁਸਕਰਾਂਦੇ ਬੁੱਲ। ਬਿਲਕੁਲ ਓਹੀ, ਜਿਹੜੀ ਮੇਰੇ ਦਿਲ ਵਿਚ ਇਕ ਲੰਮੇ ਸਮੇਂ ਤੋਂ ਪ੍ਰਕਾਸ਼ਮਾਨ ਸੀ। ਮੇਰਾ ਦਿਲ ਧੜਕਿਆ, ਜਿਵੇਂ ਕੋਈ ਇਮਤਿਹਾਨ ਵੇਲੇ ਸਹਿਮਦਾ ਹੈ। ਇਕ ਹਲਕੀ ਕੰਬਣੀ ਸਾਰੇ ਸਰੀਰ ਵਿਚ ਫਿਰੀ ਮੈਂ ਸੂਤ ਹੋਣ ਦੇ ਯਤਨ ਹੀ ਕਰ ਰਿਹਾ ਸਾਂ ਕਿ ਉਹ ਦੋਵੇਂ ਚੁਬਾਰੇ ਦੇ ਦਰ ਅੱਗੇ ਆ ਗਈਆਂ। 'ਸਤਿ ਸ੍ਰੀ ਅਕਾਲ' ਆਖੀ ਗਈ ਤੇ ਮੁੜ ਪਾਲ ਦੂਜੇ ਮੇਜ ਤੇ ਬਹਿ ਗਈ।
'ਮੈਂ ਵੀ ਗਿਆਨੀਆਂ। ਸਲਾਮ ਕਹਿੰਦੀ ਹਾਂ।‘ ਤਾਰੇ ਨੇ ਹੱਸਦਿਆਂ ਖੱਬਾ ਹੱਥ ਸਿਰ ਨੂੰ ਲਾਂਦਿਆਂ ਕਿਹਾ।
ਪਾਲ ਨੇ ਮੇਰੀ ਵਲ ਮੁਸਕਰਾਂਦਿਆਂ ਤਾਰੋ ਨੂੰ ਕਿਹਾ, 'ਅਨੀ ਖੱਬੇ ਹੱਥ ਨਾਲ ਹੀ ਇਨ੍ਹਾਂ ਨੂੰ ਮਖੌਲ ?
'ਦਿਓਰ ਹੈ ਲਾਲੜੀ ਵਰਗਾ। ਇਹ ਤੇ ਆਪ ਟਿਚਕਰਾਂ ਦਾ ਘਰ ਹੈ। ਕੱਲ੍ਹ ਅਜੇ ਆ ਕੇ ਬੈਠਾ ਨਹੀਂ ਸੀ, ਅਗੋਂ ਲਗ ਪਿਆ ਜਿਵੇਂ ਸਾਲੀ ਹੁੰਦੀ ਹਾਂ। ਉਹ ਸਾਲੀਆਂ ਵਾਲਾ ਤਾਂ ਅਜੇ ਕਿਸੇ ਨਾਲ ਸਿੱਧੇ ਮੂੰਹ ਬੋਲਦਾ ਵੀ ਨਹੀਂ।
'ਹੇ ਵਾਹਿਗੁਰੂ।' ਮੈਂ ਕਿਹਾ, 'ਉਹਦੇ ਮੂੰਹ 'ਚ ਤਾਂ ਜੀਭ ਨਹੀਂ, ਜੇ ਸਤਿਨਾਮ ਨਹੀਂ ਮਖੌਲ ਕਰਦਾ ਤਾਂ ਡੁੱਬੀਆਂ ਗੱਲਾਂ। ਕੰਡਾ ਹੈ ਕੰਡਾ ਬੇਰੀ ਦਾ, ਅੜਿਆ ਨਿਕਲਦਾ ਕਿਹੜਾ ਹੈ।
'ਬਸ ਕਰ ਰਹਿਣ ਦੇ, ਕਿਸੇ ਕੋਲ ਨਾ ਗੱਲ ਕਰ ਦੇਵੀਂ।' ਤਾਰੋ ਦਾ ਬੋਲ ਕਾਫ਼ੀ ਉੱਚਾ ਸੀ। ਉਂਜ ਉਸ ਪਿੰਡ ਦੀਆਂ ਸਾਰੀਆਂ ਕੁੜੀਆਂ ਨੂੰ ਉੱਚਾ ਬੌਲਣ ਦੀ ਆਦਤ ਸੀ, ਪਰ ਤਾਰੋ ਦੀ ਤਾਂ ਹੱਦ ਹੀ ਹੋਈ ਪਈ ਸੀ। ਮੈਂ ਸਹਿਜ ਨਾਲ ਕਿਹਾ, 'ਉਸ ਕਿਹੜਾ ਵਿਆਹ ਕਰਵਾਉਣਾ ਏ, ਬਈ ਗੱਲ ਨਾ ਕਰਾਂ?
'ਲੈ ਉਹਦੀ ਮਰਜੀ ਹੈ ਵਿਆਹ ਕਰਵਾਣ ਦੀ ਤਾਂ, ਵਿਆਹ ਕਰਵਾ ਲਵੇ। ਉਸ ਕਿਸੇ ਦੇ ਰੋਕਿਆ ਰੁਕਣਾ ਏ।
'ਹਾਂ, ਵਿਆਹ ਕਰਵਾਉਣ ਲੱਗਾ ਏ ਉਹ। ਦਸ ਦਿਨ ਤੈਨੂੰ ਏਥੇ ਆਈ ਨੂੰ ਹੋਏ ਨਹੀਂ, ਉਹਦਾ ਲੱਕ ਹਉਂਕੇ ਲੈ ਲੈ ਸੁੱਕ ਗਿਆ ਹੈ।
'ਤੂੰ ਏਹਦੀਆਂ ਗੱਲਾਂ ਸੁਣਦੀ ਜਾਹ, ਖ਼ਬਰੇ ਰੱਬ ਨੇ ਇਹਦਾ ਦਿਮਾਗ ਕਾਹਦਾ ਬਣਾਇਆ ਹੈ। ਤਾਰੋ ਨੇ ਪਾਲ ਦੇ ਮੋਢੇ ਤੇ ਹੱਥ ਰਖਦਿਆਂ ਕਿਹਾ।
'ਭੈਣ ਤੁਸੀਂ ਦਿਉਰ ਭਰਜਾਈ ਜਿਵੇਂ ਜੀ ਆਵੇ ਸਿੱਝੇ।
'ਅਜੇ ਕੱਲ੍ਹ ਦੀ ਗੱਲ ਹੈ। ਮੈਂ ਕਿਹਾ, 'ਮੇਰੇ ਕੋਲ ਬਾਹਰ ਬਗੀਚੇ ਵਿਚ ਰੋ ਪਿਆ। ਜਵਾਨੀ ਵਿਚ ਮੁਹੱਬਤ ਤੇ ਰੱਥ ਦਾ ਦਿੱਤਾ ਆਹ ਰੰਗ ਰੂਪ ਵਿਛੋੜਾ ਕਿਥੋਂ ਜਰਿਆ ਜਾਂਦਾ।'
'ਆਹ ਹੈ। ਉਹ ਭਾਵੇਂ ਘਰ ਗਈ ਨੂੰ ਸਿਆਣੇ ਨਾ।
'ਤੇਲ ਚੋ ਕੇ ਲਿਜਾਊਂ ਤੈਨੂੰ ਦਰ 'ਚੋਂ'। ਮੈਂ ਕਹਿੰਦਾ ਹਾਂ ਹੋਵੇ, ਸਤਿਨਾਮ, ਫਿਰ ਤੈਨੂੰ ਸਿਆਣੇ ਨਾ ਗੱਜਬ ਸਾਈਂ ਦਾ। ਉਸ ਤੋਂ ਤਾਂ ਦੋ ਮਿੰਟ ਦਾ ਗੁੱਸਾ ਨਹੀਂ ਜਰਿਆ ਜਾਂਦਾ। ਸੱਚ ਮੁੱਚ ਪ੍ਰੇਮੀਆਂ ਦੇ ਦਿਲ ਪਿਆਰ ਦੇ ਮੁਆਮਲੇ ਵਿਚ ਥੋੜ੍ਹੇ ਹੁੰਦੇ ਹਨ।
'ਤੈਨੂੰ ਸੱਤ ਸਲਾਮਾਂ, ਕਿਥੋਂ ਭੂੰਡਾਂ ਦੀ ਖੱਖਰ ਛੇਡ ਲਈ। ਅਗੰਮ ਦੀ ਵਾਹਦਾ ਹੈ। ਤਾਰੋ ਉੱਠਦੀ ਨੇ ਪਾਲ ਨੂੰ ਕਿਹਾ, 'ਲੈ ਭੈਣੇ ਮੈਂ ਤਾਂ ਜਾਂਦੀ ਹਾਂ।
'ਕਿੱਥੇ ਜਾਂਦੀ ਏ ਤੂੰ !' ਪਾਲ ਨੇ ਥੋੜ੍ਹਾ ਹੈਰਾਨੀ ਨਾਲ ਕਿਹਾ।
'ਇਹਨਾਂ ਨੂੰ ਲੰਗਰ ਦੀ ਖਵਾਉਣਾ ਏ ਹੇਠਾਂ ਜਾ ਕੇ ਪਤਾ ਲਵਾਂ, ਫੇਰ ਆਉਂਦੀ ਹਾਂ । ਨਾਲੇ ਤੁਸਾਂ ਕੋਈ ਖਾਸ ਗੱਲ ਕਰਨੀ ਹੋਵੇਗੀ। ਨਾਲੇ ਇਹਦਾ ਭਰਾ ਬਾਹਰੋਂ ਆ ਜਾਵੇਗਾ ।
'ਮੇਰੀ ਤਾਂ ਰੋਟੀ ਨਾ ਬਣਾਉਣੀ, ਮੈਂ ਤਾਂ ਲੰਗਰ ਖਾਣਾ ਨਹੀਂ।' ਮੈਂ ਮੁਸਕਰਾਦਿਆਂ ਕਿਹਾ।
'ਮੈਂ' ਤਾਂ ਸੌਂਹ ਭਰਾ ਦੀ ਬਲਬੀਰ। ਕਿਤੇ ਗੁੱਸਾ ਨਾ ਕਰ ਲਵੀਂ ਅੜਿਆ।
ਉਹ ਚਲੀ ਗਈ। ਅਸੀ ਅਰਮਾਨ ਦੱਬੀ ਚੁੱਪ ਬੈਠੇ ਸਾਂ। ਪਰ ਚੁੱਪ ਵੀ ਕਿੰਨਾ ਕੁ ਚਿਰ ਬੈਠਦੇ; ਮਸੀਂ ਤਾਂ ਸਮਾਂ ਮਿਲਿਆ ਸੀ। ਮੇਰਾ ਦਿਲ ਚਾਹੁੰਦਾ ਸੀ ਇਕੇਰਾਂ ਹੀ ਸਭ ਕੁਝ ਉਛਾਲ ਦੇਵਾਂ।
'ਕੱਲ੍ਹ ਸ਼ਾਮ ਆਉਣ ਦੀ ਖੇਚਲ ਕੀਤੀ !'
'ਜੀ ਹਾਂ, ਕੱਲ ਆਉਣ ਨਾਲ ਹੀ ਖੁਸ਼ੀ ਪ੍ਰਾਪਤ ਹੋਈ ਏ।
'ਤੁਸਾਂ ਕੱਲ੍ਹ ਹੀ ਕਿਉਂ ਨਾ ਮੈਨੂੰ ਸੱਦਿਆ ?"
'ਹਨੇਰਾ ਹੋ ਜਾਣ ਤੇ ਤੁਹਾਡੀ ਤਕਲੀਫ ਦਾ ਖ਼ਿਆਲ ਸੀ।
'ਤਕਲੀਫ ਤੇ ਅੱਜ ਧੁੱਪ ਹੋਣ ਤੇ ਘਟ ਸਮਝਦੇ ਹੋ।
'ਮੈਂ ਮੁਆਫੀ ਲਈ ਪ੍ਰਾਰਥਨਾ ਕਰਦਾ ਹਾਂ।'
'ਅਗਾਂਹ ਨੂੰ ਕਿਹੜਾ ਗ਼ਲਤੀਆਂ ਹੋਣੀਆਂ ਨਹੀਂ। ਪੰਜ ਸੱਤ ਮੁਆਫੀਆਂ ਹੁਣੇ ਮੰਗ
ਲਵੋ। ਪਾਲ ਨੇ ਹੱਸਦਿਆਂ ਕਿਹਾ, 'ਮੁਆਫੀ ਤੁਸੀਂ ਕਿਸ ਗੱਲ ਦੀ ਮੰਗਦੇ ਹੋ। ਇਸ ਦਾ ਇਹ ਮਤਲਬ ਹੈ ਕਿ ਤੁਸਾਂ ਮੈਨੂੰ ਜਾਣਿਆ ਨਹੀਂ।"
ਜਿਸ ਨੂੰ ਸਮਝਿਆ ਨਾ ਜਾਵੇ, ਉਹ ਕੁਦਰਤੀ ਓਪਰਾ ਹੁੰਦਾ ਹੈ। ਮੈਂ ਤੁਹਾਨੂੰ ਆਪਣੇ ਦਿਲ ਦਾ ਇਕ ਪਿਆਰਾ, ਅਰਮਾਨ ਸਮਝਦਾ ਹਾਂ।
'ਫਿਰ ਉਸ ਦਿਨ ਵਾਲੀ ਗੱਲ। ਮੈਂ ਚਾਹੁੰਦੀ ਹਾਂ, ਤੁਸੀਂ ਮੇਰੇ ਵਿਚ ਆਪਣੀ ਜ਼ਿੰਦਗੀ ਦੇਖੋ, ਅਤੇ ਆਪਣੀ ਜ਼ਿੰਦਗੀ ਵਿਚ ਤੁਸੀਂ ਮੈਨੂੰ ਸਹਾਰਾ ਦੇਵੋ, ਕਿਉਂਕਿ ਮੈਂ ਥੱਕ ਕੇ ਡਿੱਗ ਚੁੱਕੀ ਹਾਂ। ਤੁਹਾਡਾ ਉਤਸ਼ਾਹ ਤੇ ਬਲ ਨਵਾਂ ਹੈ।'
'ਹਰ ਚੀਜ਼ ਦਿਲ ਵਿਚ ਅਰਮਾਨ ਬਣਾ ਕੇ ਰੱਖੀ ਜਾਂਦੀ ਹੈ। ਤੁਸੀਂ ਇਸ ਗੱਲ ਨੂੰ ਮੇਰੇ ਫਰਜ਼ ਤੇ ਛੱਡੋ।
ਸਤਿਨਾਮ ਥੱਲੇ ਗਾਉਣ ਲਗ ਪਿਆ। ਪਤਾ ਨਹੀਂ ਉਸਦਾ ਨਿਸ਼ਾਨਾ ਅਸੀਂ ਸਾਂ, ਜਾਂ ਕੋਈ ਉਸ ਦੀ ਨਖਰੇਲੋ।
'ਰਾਂਝਾ ਮੈਂ ਹਜ਼ਾਰੇ ਦਾ, ਤੂੰ ਸਿਆਲੀ ਹੀਰ ਨੀ।
ਹਸ਼ਰ ਤਾਂਈ ਚੁੱਭਣਗੇ, ਤੇਰੇ ਮਾਰੇ ਤੀਰ ਨੀ।
ਮੈਂ ਤੇ ਪਾਲ ਦੋਵੇਂ ਹੱਸ ਪਏ।
'ਤੁਸਾਂ ਉਸ ਦਿਨ ਕਿਹਾ ਸੀ, ਕਦੇ ਫੇਰ ਆਪਣੀ ਜੀਵਨ ਵਿਥਿਆ ਦਸਾਂਗੀ। 'ਕਦੇ ਫੇਰ ਤਾਂ ਆਉਣਾ ਨਹੀਂ, ਪਰ ਅੱਜ ਤੁਸੀਂ ਸੁਣਾ ਸਕਦੇ ਹੋ ? ਮੈਂ ਪਾਲ ਨੂੰ ਸੁਭਾਵਕ ਕਿਹਾ।
'ਅੱਜ ਵੀ ਕੋਈ ਸੋਹਣਾ ਮੌਕਾ ਨਹੀਂ। ਇਕ ਸ਼ਾਂਤ ਥਾਂ ਤੇ ਸੁਤੰਤਰ ਸਮਾਂ ਲੋੜੀਂਦਾ ਹੈ। ਉਸ ਦੇ ਬਾਂਹ ਹੇਠਾਂ ਕਰਨ 'ਤੇ ਉਸ ਦੀ ਵੱਟਾਂ ਵਾਲੀ ਚੁੰਨੀ ਵੀ ਥੱਲੇ ਨੂੰ ਢਿਲਕ ਗਈ, ਅਤੇ ਉਸਦੇ ਗਲ ਹਰੇ ਮਣਕਿਆਂ ਦੀ ਮਾਲਾ ਚਿੱਟੇ ਕਾਲਰਾਂ ਤੇ ਸੁਹੱਪਣ ਦੀ ਸਵੇਰ ਬਣ ਗਈ। ਮੈਨੂੰ ਇਉਂ ਜਾਪਿਆ, ਜਿਵੇਂ ਉਨ੍ਹਾਂ ਮਣਕਿਆਂ ਵਿਚ ਮੇਰੀ ਪ੍ਰੀਤ ਦੇ ਕੁਲ ਸਿਮਰਣ ਬੰਦ ਪਏ ਹਨ। ਖ਼ਬਰੇ ਉਨ੍ਹਾਂ ਦੀ ਛੋਹ ਇਕ ਵਾਰ ਹੀ ਪ੍ਰਭੂ ਆਖਣ ਨਾਲ ਸਾਰੇ ਜੀਵਨ ਦੇ ਸੰਸੇ ਮੁਕਾ ਦੇਵੇਗੀ।
ਪਰ ਜੇ ਜੀਵਨ ਦੇ ਸੰਸੇ ਮੁਕ ਗਏ, ਫਿਰ ਪੁਜਾਰੀ ਦੀ ਹੈਸੀਅਤ ਕੀ ਰਹੀ? ਜਦ ਪੁਜਾਰੀ ਨਾ ਰਿਹਾ, ਪੂਜਯ ਦੀ ਪੂਜਾ ਕਿਵੇਂ ਹੋਵੇਗੀ। ਕੀ ਪੁਜਾਰੀ ਪੂਜ੍ਯ ਵਿਚ ਚਲਿਆ ਜਾਵੇਗਾ, ਤੇ ਮੁੜ ਮੇਰੀ ਪੂਜਾ ਹੋਣੀ ਸ਼ੁਰੂ ਹੋਵੇਗੀ? ਨਾ ਬਈ। ਮੈਨੂੰ ਇਹ ਮਨਜੂਰ ਨਹੀਂ, ਮੈਂ ਤਾਂ ਆਪਣੀ ਸਿਮਰਨ ਸਕਤੀ ਆਪਣੇ ਪੂਜਯ ਨੁਕਤੇ ਤੇ ਹੀ ਜਮ੍ਹਾਂ ਦੇਣੀ ਚਾਹੁੰਦਾ ਹਾਂ।
ਰਾਜ ਨਾ ਚਾਹੂੰ ਮੁਕਟ ਨਾ ਚਾਹੂੰ, ਮਨ ਪ੍ਰੀਤ ਚਰਨ ਕੁਮਲਾਰੇ।
'ਕਿਥੇ ਚਲੇ ਗਏ । ਪਾਲ ਨੇ ਸਿਰਹਾਣੇ ਤੇ ਕੂਹਣੀ ਰਖਦਿਆਂ ਕਿਹਾ।
'ਹਰ ਆਦਮੀ ਨੂੰ ਕਿਥੇ ਜਾਣਾ ਪੈਂਦਾ ਹੈ।
'ਹਰ ਆਦਮੀ ਨੂੰ ਕਿਥੇ ਜਾਣਾ ਪੈਂਦਾ ਹੈ ?
'ਆਪਣੀ ਆਖਰੀ ਜਾਂ ਮੁੱਢਲੀ ਮੰਜਲ ਵਲ।‘
'ਆਖਰੀ ਤੇ ਮੁਢਲੀ ਮੰਜ਼ਲ ਮੈਂ ਨਹੀਂ ਸਮਝੀ ?'
'ਜਿਥੇ ਆਦਮੀ ਦੇ ਸਫ਼ਰ ਦਾ ਅੰਤ ਹੋ ਜਾਂਦਾ ਹੈ, ਉਹ ਆਖਰੀ ਹੈ; ਫਨਾਹ। ਮੁੱਢ ਤੋਂ ਭਾਵ ਆਦਮੀ ਦੀ ਕਰਮ ਕ੍ਰਿਆ ਦਾ ਸ਼ੁਰੂ। ਆਦਮੀ ਦਾ ਜਨਮ ਮੌਤ ਮਗਰੋਂ ਆਰੰਭ ਹੁੰਦਾ ਹੈ ਅਤੇ ਅੰਤ ਮੌਤ ਵਿਚ ਹੀ ਵਾਪਸ ਚਲਾ ਜਾਂਦਾ ਹੈ। ਮੌਤ ਹੀ ਚੰਗੀਆਂ ਮੰਦੀਆਂ ਹਾਲਤਾਂ ਚਾਂਦੀ ਤੇ ਉਸਾਰਦੀ ਹੈ। ਸਾਰੀ ਕਲਪਨਾ ਦਾ ਮੁੱਢ ਇਹ ਤੁਹਾਡੀ ਮਾਲਾ ਦੇ ਹਰੇ ਮਣਕੇ ਹਨ। ਮੈਂ ਸੁਕੜ ਕੇ ਇਨ੍ਹਾਂ ਵਿਚ ਹੀ ਮੁਸਕਾਂਦਾ ਹਾਂ।
ਪਾਲ ਹੱਸ ਪਈ ਅਤੇ ਉਸ ਨੇ ਆਪਣਾ ਸਿਰ ਸੱਜੀ ਹਥੇਲੀ ਤੇ ਰੱਖ ਲਿਆ ਤੇ ਕੁਝ ਗੰਭੀਰ ਹੋ ਗਈ। ਮੈਂ ਫਿਰ ਕਿਹਾ, 'ਜੋਗੀ ਕਦੇ ਕੁ ਦੇ ਹੋ ਗਏ ਹੋ ?
'ਬਸ ਹੁਣ ਤੇ ਦਿਲ ਜੋਗਣ ਬਣਨ ਨੂੰ ਕਰਦਾ ਹੈ। ਸੰਸਾਰ ਦੇ ਦੁੱਖਾਂ ਨੇ ਤਾਂ ਫੋੜੇ ਵਾਂਗ ਚੀਸਾਅ ਦਿੱਤਾ। ਹੁਣ ਪੀਆ ਦੇ ਗੁਣ ਗਾ ਕੇ ਵੀ ਵੇਖ ਲਈਏ, ਜੇ ਸੜਦਾ ਹਿਰਦਾ ਇਕ ਪਲ ਸ਼ਾਂਤ ਹੋ ਜਾਵੇ।
'ਇਕ ਪਲ ਲਈ ਨਹੀਂ ਪਾਲ। ਮੇਰੇ ਭਗਵਾਨ ਦਾ ਸਿਮਰਨ ਅਗਾਧ ਸ਼ਾਂਤ ਹੋ ਵਿਗਸਦਾ ਹੈ। ਮੇਰੀ ਖੁਸ਼ੀ ਦੀ ਅੱਜ ਹੱਦ ਨਹੀਂ, ਜੋ ਤੇਰੇ ਖ਼ਿਆਲ ਭਗਵਾਨ ਚੇਟਕ ਵਲ ਰਾਗਬ ਹੋਏ ਹਨ। ਪਰ ਇਹ ਤੇ ਦਸ; ਉਹ ਪ੍ਰੇਮ ਮੂਰਤ ਕੌਣ ਹੈ ਜਿਸ ਦੇ ਪੂਜਯ ਸੰਸਕਾਰਾਂ ਨੇ ਤੇਰੇ ਹਿਰਦੇ ਨੂੰ ਪਵਿੱਤਰ ਚਾਨਣ ਨਾਲ ਭਰ ਦਿੱਤਾ ਹੈ? ਮੈਂ ਵੀ ਉਨ੍ਹਾਂ ਦੇ ਦਰਸ਼ਨ ਕਰ ਕੇ ਕ੍ਰਿਤਾਰਥ ਹੋਵਾਂ।'
'ਮੈਂ ਇੱਕ ਵਾਰ ਜਲੰਧਰ ਜਾ ਰਹੀ ਸਾਂ । ਉਹ ਨਵ ਉਮਰੀਆ! ਮੈਨੂੰ ਰੇਲ ਵਿਚ ਮਿਲੇ ਸਨ।
ਮੇਰੇ ਚਿਹਰੇ ਤੇ ਰੰਗੀਲੀ ਸ਼ਰਮ ਦੇ ਚਿੰਨ੍ਹ ਸਨ। ਮੈਂ ਨੀਵੀਂ ਚੁੱਕਦਿਆਂ ਕਿਹਾ, 'ਤੁਸਾਂ ਮੈਨੂੰ ਕਈ ਵਾਰ ਸ਼ਰਮਿੰਦਾ ਕੀਤਾ ਹੈ?
'ਮੈਨੂੰ ਮੇਰੇ ਭਗਵਾਨ ਨੇ ਕੂੜੇ ਭਾਵ ਤਿਆਗ ਕੇ ਸੱਚ ਬੋਲਣ ਦੀ ਆਦਤ ਪਾ ਦਿੱਤੀ ਹੈ ?
ਮੈਂ ਚੁੱਪ-ਚਾਪ ਆਪਣੀ ਕਮੀਜ ਤੇ ਮਜੀਠੀ ਬਟਨ ਵੇਖਣ ਲੱਗ ਪਿਆ, ਜਿਵੇਂ ਮੈਨੂੰ ਕੋਈ ਗੱਲ ਨਹੀਂ ਸੀ ਔੜਦੀ। ਉਦੋਂ ਹੀ ਜੰਬ ਵਲ ਧਿਆਨ ਜਾਣ ਕਰਕੇ ਮੈਨੂੰ ਫੁੱਲ ਚੇਤੇ ਆ ਗਏ: ਜਿਹੜੇ ਮੈਂ ਪਾਲ ਲਈ ਪ੍ਰੇਮ ਸੁਗਾਤ ਵਜੋਂ ਲਿਆਇਆ ਸੀ।
'ਇਕ ਵਾਰ ਸੁਦਾਮਾ ਜੀ ਕੰਗਾਲ ਹਾਲਤ ਵਿਚ ਕ੍ਰਿਸ਼ਨ ਜੀ ਨੂੰ ਮਿਲਣ ਗਏ। ਸੁਗਾਤ ਵਜੋਂ ਸੱਤੂ ਹੀ ਲੈ ਗਏ ਸਨ, ਤੇ.ਯ..!'
'ਮੈਂ ਸਮਝ ਗਈ ਲਿਆਓ ਮੇਰੀ ਸੁਗਾਤ; ਮੈਨੂੰ ਛੇਤੀ ਦੇ ਦੇਵੇ ਭਾਵੇਂ ਉਹ ਕਿਹੋ ਜਿਹੀ ਹੈ।
ਮੈਂ ਚਿੱਟੀ ਰੁਮਾਲੀ, ਜਿਸ ਵਿਚ ਫੁੱਲ ਸਨ, ਅੱਗੇ ਕਰ ਦਿੱਤੀ ਅਤੇ ਨਿਮਾਣੇ ਤੋਹਫੇ ਕਰਕੇ ਨੀਵੀਂ ਪਾ ਲਈ। ਉਸ ਰੁਮਾਲੀ ਦੋਹਾਂ ਹੱਥਾਂ ਵਿਚ ਬੜੀ ਸ਼ਰਧਾ ਤੇ ਪ੍ਰੇਮ ਨਾਲ ਲੈ ਲਈ, ਜਿਵੇਂ ਕਿਸੇ ਪਵਿੱਤਰ ਪੁਸਤਕ ਨੂੰ ਕੋਈ ਭਗਤ ਸਾਂਭ-ਸਾਂਭ ਖੋਲ੍ਹਦਾ ਹੈ : ਪਾਲ ਵੀ
ਉਸ ਰੁਮਾਲੀ ਦੀਆਂ ਤਹਿਆਂ ਚੁੱਕ ਰਹੀ ਸੀ। ਹਵਾ ਜਿਆਦਾ ਵਗਣ ਕਰਕੇ ਚੁਬਾਰੇ ਦੀਆਂ ਬਾਰੀਆਂ 'ਠੱਕ ਠੱਕ' ਵੱਜ ਰਹੀਆਂ ਸਨ। ਜਿਉਂ ਹੀ ਪਾਲ ਨੇ ਫੁੱਲ ਨੰਗੇ ਕੀਤੇ, ਹਵਾ ਦੇ ਕਾਰਨ ਪੱਤੀਆਂ ਤੇ ਸੁਗੰਧੀ ਸਾਰੇ ਚੁਬਾਰੇ ਵਿਚ ਖਿੱਲਰ ਗਈ। ਪਾਲ ਨੇ ਝੱਟ ਰੁਮਾਲੀ ਦੱਬ ਲਈ।
'ਕੋਮਲ ਰੂਹਾਂ ਕੋਮਲ ਹੀ ਸੁਗਾਤਾਂ ਦਿਆ ਕਰਦੀਆਂ ਨੇ।
'ਇਹ ਫੁੱਲ ਕੁਮਲਾ ਗਏ ਹਨ ; ਪਰ ਇਹਨਾਂ ਨੂੰ ਕੁਮਲਾਉਣਾ ਨਹੀਂ ਸੀ ਚਾਹੀਦਾ, ਬੇਵਫਾ ਜੁ ਹੋਏ।
'ਹੁਸਨ ਜਵਾਨੀਆਂ ਆਪਣੀ ਮਿਆਦ 'ਤੇ ਆਪ ਹੀ ਝੁਰੜਾ ਜਾਂਦੀਆਂ ਹਨ, ਇਹ ਤੇ ਫੁੱਲ ਸਨ।
'ਮੇਕੀ ਸੁਗਾਤ ਦੀ ਤੁੱਛਤਾ ਵਲ ਨਾ ਵੇਖਿਆ ਜਾਵੇ, ਪ੍ਰੀਤ ਯਾਦ ਦੀ ਮਹਿਕ ਵਲ ਧਿਆਨ ਦਿੱਤਾ ਜਾਵੇ।
'ਮੈਂ ਤੇ ਸੱਚਮੁੱਚ ਇਨ੍ਹਾਂ ਨੂੰ ਪਾ ਕੇ ਗਵਾਚ ਗਈ ਹਾਂ ਕਿ ਮੈਨੂੰ ਵੀ ਕੋਈ ਯਾਦ ਕਰਦਾ ਹੈ। ਮੇਰੇ ਜੀਵਨ ਦੀ ਪੱਤਝੜ ਵਿਚ ਮੁੜ ਬਹਾਰ ਬਣ ਰਹੀ ਹੈ। ਅੱਜ ਮੈਂ ਈਸ਼ਵਰ ਦੀਆਂ ਦਾਤਾਰ ਬਖਸ਼ਸ਼ਾਂ 'ਤੇ ਖੁਸ਼ ਹਾਂ।'
ਮੇਰੇ ਅੰਦਰ ਇਕ ਆਪ ਮੁਹਾਰੀ ਰਸੀਲਤਾ ਆ ਰਹੀ ਸੀ।
ਮੈਂ ਇਕ ਸ਼ਰਾਬ ਦੀ ਬੋਤਲ ਵਾਂਗ ਚੁੱਪ ਸਾਂ। ਮੇਰੀਆਂ ਅੱਖਾਂ ਵਿਚ ਮੇਰੇ ਕੁਲ ਜਜਬੇ ਰੋਮਾਂਚ ਬਣ ਕੇ ਅਟਕੇ ਹੋਏ ਸਨ । ਉਸ ਇਕ ਸੁੱਕੇ ਫੁੱਲ ਨੂੰ ਚੁੱਕ ਕੇ ਬੁੱਲਾਂ ਨਾਲ ਲਾਇਆ। ਉਸ ਵੇਲੇ ਮੈਨੂੰ ਇਉਂ ਭਾਸਿਆ, ਜਿਵੇਂ ਮੈਨੂੰ ਕਿਸੇ ਬਹਿਸਤ ਵਲ ਜ਼ੋਰੀ ਖਿੱਚ ਲਿਆ ਹੈ। ਨੇੜੇ ਹੀ ਸੀ ਕਿ ਮੇਰੀ ਜ਼ਬਤਹੀਣ ਚੀਕ ਨਿਕਲ ਜਾਂਦੀ, ਓਦੋਂ ਹੀ ਸਤਿਨਾਮ ਹੇਠੋਂ ਮੁੜ ਗਾ ਉਠਿਆ, ਜਿਵੇਂ ਉਸ ਦੇ ਮੁੜ-ਮੁੜ ਹੌਲ ਪੈਦੇ ਹਨ।
'ਆਪਣੇ ਨੂੰ ਆਪਣਾ, ਸੋਹਣੀਏ ਬਣਾ ਲਵੀਂ,
ਤੇਰਾ ਹੀ ਜਦ ਹੋ ਗਿਆ; ਫਿਰ ਕੀ ਜਗ ਨਾਲ ਸੀਰ ਨੀ ?
ਪਾਲ ਨੇ ਮੁਸਕ੍ਰਾਂਦਿਆਂ ਕਿਹਾ, 'ਸਤਿਨਾਮ ਮੁੜ-ਮੁੜ ਕੀ ਆਖ ਰਿਹਾ ਹੈ ?'
'ਆਪ ਮੁਹਾਰੀਆਂ ਮਾਰੀ ਜਾਂਦਾ ਹੈ'
'ਕਿਤੇ ਸੱਚ ਤਾਂ ਨਹੀਂ ਆਖ ਰਿਹਾਂ ?
'ਸਚਾਈ ਕਦੇ ਕਿਸੇ ਦੀ ਆੜ ਲੈ ਕੇ ਨਹੀਂ ਆਉਂਦੀ, ਜਿਸ ਦਿਨ ਆਵੇਗੀ ਬਿਲਕੁਲ ਨੰਗੇ ਮੂੰਹ। ਸਚਾਈ ਕੀ ਤੇ ਬਹਾਨੇ ਕੀ। ਪਰ ਫਿਰ ਵੀ ਜੋ ਕੁਝ ਦਿਲ ਵਿਚ ਹੈ; ਮੈਂ ਸਪਸ਼ਟ ਦਸ ਦੇਣਾ ਚਾਹੁੰਦਾ ਹਾਂ। ਇਕ ਮਿੱਠੀ ਮਿੱਠੀ ਖੁਸ਼ੀ ਅੰਦਰ ਹਿਲੋਰਾ ਦੇ ਰਹੀ ਹੈ, ਤੁਹਾਡੇ ਮਿੱਠੇ ਪਿਆਰ ਦਾ ਨਗਮਾ। ਹਿਰਦੇ ਵਿਚ ਅਨੰਦ ਹੀ ਅਨੰਦ ਹੈ, ਜਿਸ ਵਿਚ ਤੇਰਾ ਪਿਆਰ ਇਕ ਛੋਟੀ ਲਹਿਰ ਦਿਸਦਾ ਹੈ, ਪਰ ਮੁੜ ਓਹੀ ਵੱਡਾ ਸਾਗਰ ਹੋ ਜਾਂਦਾ ਹੈ। ਫਿਰ ਵੀ ਮੇਰੇ ਅੰਦਰ ਇਕ ਡਰ ਕੰਬਣੀ ਦੇ ਰਿਹਾ ਹੈ ਕਿ ਕਿਤੇ ਮੇਰੀ ਨਾਦਾਨ ਉਮਰ ਤੁਹਾਡੇ ਗਲਤ ਪਿਆਰ ਦੀ ਨਿਰੀ ਕਾਮਨਾ ਬਣ ਕੇ ਨਾ ਰਹਿ ਜਾਏ।'
'ਬਲਬੀਰ! ਮੈਂ ਤੁਹਾਡੇ ਅੱਗੇ ਹੱਥ ਜੋੜਦੀ ਹਾਂ, ਤੁਸੀਂ ਇਕ ਨਿਮਾਣੀ ਨੂੰ ਐਨਾ ਉੱਚਾ ਨਾ ਖ਼ਿਆਲ ਕਰੋ, ਜਿਸ ਨੂੰ ਮੈਂ ਕਿਸੇ ਵੇਲੇ ਸਮਝ ਵੀ ਨਹੀਂ ਸਕਦੀ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸੇ ਤੁਹਾਡੇ ਭਰਾ ਦਾ ਮੈਂ ਥੁਕ ਛੱਡਿਆ ਮਲ ਹਾਂ।
'ਮਲ ਤੋਂ ਖ਼ਾਲੀ ਦੁਨੀਆ ਦਾ ਕੋਈ ਵੀ ਅੰਗ ਨਹੀਂ। ਇਸ ਮਲ ਵਿਚ ਜਿਹੜੀ ਥੋੜ੍ਹੀ ਬਹੁਤ ਚਮਕ ਹੈ, ਉਹ ਭਗਵਾਨ ਦਾ ਸਾਤਵਕ ਗੁਣ ਹੈ। ਮਲ ਵਿਚ ਸੁਤੰਤਰ ਆਪਣੀ ਚਮਕ ਨਹੀਂ। ਦੂਜੇ ਕਿਸੇ ਮੇਰੇ ਭਰਾ ਵਾਲਾ ਗਿਲਾ, ਇਸ ਤੋਂ ਸਰਬ ਇਸਤਰੀ ਜਾਤੀ ਅੱਗੇ ਸ਼ਰਮਿੰਦਾ ਹਾਂ ਕਿ ਮਰਦ ਉਨ੍ਹਾਂ ਨਾਲ ਯੋਗ ਵਰਤਾਅ ਨਹੀਂ ਕਰਦੇ। ਭਾਵੇਂ ਉਹ ਤੁਹਾਡੇ ਨੇ ਕਿੰਨਾ ਫਜੂਲ ਰੋਹਬ ਪਾਉਂਦੇ ਹਨ, ਪਰ ਫਿਰ ਵੀ ਤੁਸੀਂ ਉਨ੍ਹਾਂ ਨੂੰ ਮੁਆਫ਼ ਕਰੋ, ਉਹ ਤਰਸ ਦੇ ਪਾਤਰ ਹਨ। ਉਨ੍ਹਾਂ ਨੂੰ ਆਪਣੀ ਬੇਵਫ਼ਾਈ ਦਾ ਆਪ ਪਤਾ ਨਹੀਂ ਜਿਸ ਆਦਮੀ ਨੂੰ ਆਪਣੀ ਕ੍ਰਿਆ ਵਿਚ ਪੁੰਨ ਪਾਪ ਦਾ ਗਿਆਨ ਨਹੀਂ, ਉਸ 'ਤੇ ਰੋਸ ਬੇਅਰਥ ਹੈ, ਆਪਣੇ ਹੀ ਮਨ ਆਤਮਾ ਨੂੰ ਜ਼ਖ਼ਮੀ ਕਰਨਾ ਹੁੰਦਾ ਹੈ। ਤੁਹਾਡੀ ਕੋਮਲ ਬਾਣੀ ਉਨ੍ਹਾਂ ਦੇ ਦਿਲਾਂ ਵਿਚੋਂ ਰੁੱਖਾਪਣ ਕੱਢ ਸਕਦੀ ਹੈ। ਤੁਹਾਡਾ ਹੀ ਸਬਰ ਤੇ ਵਿਸ਼ਵਾਸ ਉਨ੍ਹਾਂ ਦੀ ਵਫ਼ਾ ਤੇ ਪ੍ਰੀਤ ਜਗਾ ਸਕਦਾ ਹੈ।
'ਇਹ ਮੈਂ ਨਹੀਂ ਮੰਨ ਸਕਦੀ। ਆਦਮੀ ਬਲ ਨਾਲ ਹਰ ਚੰਗੀ ਮੰਦੀ ਚੀਜ ਨੂੰ ਆਪਣੇ ਯੋਗ ਬਣਾ ਲੈਂਦਾ ਹੈ, ਪਰ ਇਸਤਰੀ ਆਪਣੇ ਸਤਿਧਰਮ ਨੂੰ ਛੱਡ, ਜ਼ਿੰਦਗੀ ਦੀ ਬਾਜ਼ੀ ਲਾ ਕੇ ਵੀ ਹਾਰ ਖਾ ਜਾਂਦੀ ਹੈ। ਮੈਂ ਤੇ ਸਮਝਦੀ ਹਾਂ, ਮਰਦ ਕੋਲ ਬਲ ਹੈ ਤੇ ਇਸਤਰੀ ਕਮਜੋਰੀਆ ਦੀ ਭੰਨੀ ਅਬਲਾ। ਮਰਦ ਕੋਈ ਐਬ ਵੀ ਕਰ ਲਵੇ, ਉਹ ਵੀ ਨੇਕੀ ਬਣਾ ਕੇ ਜਗ ਵਿਚ ਰੋਸ਼ਨ ਹੋ ਜਾਂਦਾ ਹੈ, ਪਰ ਇਸਤਰੀ ਇਕ ਪਵਿੱਤਰ ਕਾਰਜ ਵਿਚ ਵੀ ਬਦਨਾਮ ਸਮਝੀ ਜਾਂਦੀ ਹੈ। ਦੁਨੀਆ ਦੀ ਬੁਨਿਆਦ ਤਕੜੇ ਮਾੜੇ ਦੀ ਜੰਗ ਉੱਤੇ ਹੈ।
ਪਾਲ ਕੁਝ ਹੋਰ ਵੀ ਕਹਿਣਾ ਚਾਹੁੰਦੀ ਸੀ ਕਿ ਤਾਰੋ ਪੌੜੀਆਂ ਚੜ੍ਹਦੀ ਦਿਸੀ। ਉਸ ਨੂੰ ਦੇਖ ਦੋਹਾਂ ਦਾ ਹਾਸਾ ਨਿਕਲ ਗਿਆ। ਕੀ ਉਸ ਆਦਮੀ ਨੂੰ ਧੰਨਵਾਦ ਨਹੀਂ ਦੇਣਾ ਚਾਹੀਦਾ, ਜਿਹੜਾ ਦੂਜਿਆਂ ਨੂੰ ਹਸਾਂਦਾ ਹੈ। ਤਾਰੋ ਨੇ ਉਤੇ ਆਉਂਦਿਆਂ ਹੀ ਕਿਹਾ, 'ਕਿਉਂ ਬਲਬੀਰ। ਕੱਢ ਲੈ ਦਿਲ ਦੇ ਗੁਬਾਰ! ਹੈ ਪਾਲ! ਲਾ ਛੱਡੀ ਸੀ ਮਹੀਨੇ ਦੀ। ਇਸ ਨੂੰ ਨਾਲ ਹੀ ਕਿਉਂ ਨਹੀਂ ਲੈ ਚਲਦਾ, ਨਾਲੇ ਮੇਰਾ ਜੀਆ ਲੱਗਾ ਰਿਹਾ ਕਰੂ।
'ਜੀਅ ਤੂੰ ਆਪਣਾ ਲਵਾਉਣਾ ਏ ਤੇ ਲੈ ਕੇ ਜਾਵਾਂ ਮੈਂ, ਇਹ ਕਿਸ ਤਰ੍ਹਾਂ ?
ਮੈਂ ਕਹਿ ਹੀ ਰਿਹਾ ਸਾਂ ਪਾਲ ਨੇ ਵਿਚੋਂ ਹੀ ਕਿਹਾ, 'ਚਲਾਂਗੀ, ਜਰੂਰ ਚਲਾਂਗੀ, ਜੇ ਤੇਰਾ ਜੀਅ ਨਹੀਂ ਲਵਾਉਣਾ ਹੋਰ ਕਿਸ ਦਾ ਲਵਾਉਣਾ ਏ।
'ਦਿਸਦੀ ਏ ਗੱਲ, ਤੂੰ ਕਿਤੇ ਸਾਡੇ ਮੁੰਡੇ ਨੂੰ... । ਤਾਰੋ ਦੀ ਗੱਲ ਵਿਚ ਛੱਡ ਦਿੱਤੀ।
'ਤੇਰਾ ਵੀ ਕੁਝ ਪਤਾ ਨਹੀਂ ਲਗਦਾ, ਕਦੇ ਓਧਰ ਕਦੇ ਏਧਰ?' ਪਾਲ ਨੇ ਹੱਸਦਿਆਂ ਕਿਹਾ।
'ਰੋਟੀ ਤਿਆਰ ਪਈ ਏ ਬਲਬੀਰ! ਹੇਠਾਂ ਉਡੀਕਦੇ ਹਨ। ਫਿਰ ਠੰਢੀ ਹੋ ਜਾਵੇਗੀ।
'ਓਸ ਨੂੰ ਲੰਗਰ ਖੁਆ ਦੇ, ਮੈਨੂੰ ਤਾਂ ਅੱਜ ਪਾਲ ਦੇ ਨਿਊਂਦਾ ਹੈ।
' ਉਠ ਤੂੰ ਚਲ ਕੇ ਰੋਟੀ ਖਾਹ, ਪਾਲ ਆਪ ਭੁੱਖੀ ਬੈਠੀ ਹੈ।
ਪਾਲ ਨੇ ਉਠਦਿਆਂ ਕਿਹਾ, 'ਮੈਨੂੰ ਤਾਂ ਹਾਲੇ ਭੁੱਖ ਲਗੀ ਨਹੀਂ।
ਤੈਨੂੰ ਅੱਜ ਭੁੱਖ ਕਿੱਥੇ? ਆਹੋ ਭਾਈ। ਮੇਲੇ ਹੋ ਗਏ। ਤੁਹਾਨੂੰ ਭੁੱਖ ਕਿਥੇ।
' ਮੈਂ ਹੱਸਦਿਆਂ ਕਿਹਾ, 'ਤਾਰੋ ਵੀ ਰੰਗੀਲੀ ਹੈ, ਇਸ ਤੇ ਗੁੱਸਾ ਕਰਨ ਵਾਲਾ ਪਛਤਾਵੇਗਾ ਹੀ।
'ਤੇਰਾ ਭਰਾ ਤਾਂ ਗੁੱਸੇ ਨਾਲ ਹੀ ਭਰਿਆ ਰਹਿੰਦਾ ਹੈ। ਆਪ ਤਾਂ ਗੱਲ ਅਗਲੇ ਨੂੰ ਮੂੰਹ ਤੇ ਚੁਭਵੀਂ ਕਹਿ ਦੇਣੀ ਤੇ ਆਪਣੇ ਵਾਰੀ ਬੱਸ, ਮੈਂ ਨਾ ਮਾਨੂੰ।
ਅਸੀਂ ਤਿੰਨੇ ਹੱਸਦੇ ਹੱਸਦੇ ਪੌੜੀਆਂ ਉਤਰ ਆਏ।
3
ਸਤਿਨਾਮ ਨੂੰ ਤਹਿਸੀਲ ਦੇ ਇਕ ਦਫ਼ਤਰ ਵਿਚ ਜਗ੍ਹਾ ਮਿਲ ਗਈ ਸੀ। ਮੈਥੋਂ ਇੱਕ ਪਿਆਰਾ ਤੇ ਪ੍ਰਸੰਨ ਮਿੱਤਰ ਖੁੱਸ ਗਿਆ। ਫਿਰ ਵੀ ਮੈਂ ਤੇ ਉਹ ਮਹੀਨੇ ਵੀਹੀਂ ਦਿਨੀਂ ਤਹਿਸੀਲ ਜਾਂ ਪਿੰਡ ਜਰੂਰ ਇਕੱਠੇ ਹੁੰਦੇ ਸਾਂ। ਇਨ੍ਹਾਂ ਮਿਲਣੀਆਂ ਵਿਚ ਸ਼ੌਕ ਪ੍ਰਿਆ ਪ੍ਰੇਮੀ ਵਰਗਾ ਹੁੰਦਾ ਸੀ। ਮਿਲਣੀ ਦੀ ਪਹਿਲੀ ਝਾਕੀ ਹੀ ਅੱਖ ਵਿਚ ਨਸ਼ਾ ਭਰ ਦੇਂਦੀ।
ਸਾਡੇ ਘਰ ਵਾਲਿਆਂ ਨੂੰ ਮੇਰੇ ਤੇ ਪਾਲ ਦੇ ਮਿਲਣ ਦੀ ਸਾਰੀ ਗੱਲ ਪਤਾ ਨਹੀਂ ਕਿਸ ਨੇ ਦੱਸ ਦਿੱਤੀ। ਕਾਫ਼ੀ ਤੋਂ ਵੱਧ ਮੈਨੂੰ ਵਿਚੇ ਵਿਚ ਬੁਰਾ ਜਾਣਿਆ ਗਿਆ । ਪਰ ਮੈਂ ਏਹੋ ਜਿਹੀਆਂ ਗੱਲਾ ਦੀ ਬਹੁਤ ਘਟ ਪਰਵਾਹ ਕਰਿਆ ਕਰਦਾ ਸਾਂ। ਮੈਂ ਬਿਲਕੁਲ ਸਾਫ਼ ਆਪਣੀ ਭੈਣ ਕੋਲ ਕਹਿ ਦਿੱਤਾ, 'ਮੈਂ ਆਪਣੇ ਜੀਵਨ ਨੂੰ ਸੁਥਰਾ ਬਣਾਉਣ ਲਈ ਉਸ ਨੂੰ ਮਿਲਿਆ ਹਾਂ ਅਤੇ ਮਿਲਾਂਗਾ ਵੀ। ਮੈਂ ਕੋਈ ਵੀ ਆਪਣੀ ਕ੍ਰਿਆ ਲੁਕੋ ਕੇ ਪਾਪ ਦਾ ਭਾਗੀ ਨਹੀਂ ਹੋਣਾ ਚਾਹੁੰਦਾ, ਪਰ ਇਹ ਗੁਨਾਹ ਕੀ ਹੈ? ਮੈਨੂੰ ਅਫ਼ਸੋਸ ਹੈ ਕਿ ਤੁਸੀਂ ਘਰ ਦੇ ਵੀ ਮੈਨੂੰ ਏਨਾ ਨੀਵਾਂ ਜਾਣਦੇ ਹੋ। ਮੈਂ ਜੀਵਨ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਯਤਨ ਕਰਦਾ ਹਾਂ ਤੇ ਤੁਸੀਂ ਮੈਨੂੰ ਉਨ੍ਹਾਂ ਵਿਚ ਪ੍ਰਵੇਸ਼ ਹੋਇਆ ਜਾਣਦੇ ਹੋ। ਤੁਸੀਂ ਸਾਰੀ ਉਮਰ ਵੀ ਮੈਨੂੰ ਨਹੀਂ ਜਾਣ ਸਕੋਗੇ। ਮੈਂ ਅੱਜ ਹੀ ਫੈਸਲਾ ਮੰਗਦਾ ਹਾਂ ਕਿ ਤੁਸਾਂ ਮੇਰੇ ਜੀਵਨ ਵਿਚ ਕੋਈ ਰੋਕ ਪਾਉਣੀ ਹੈ ਤਾਂ ਮੈਂ ਘਰ ਸਦਾ ਲਈ ਤਿਆਗਦਾ ਹਾਂ।
"ਕਿੱਥੇ ਜਾਵੋਗੇ ? ਭੈਣ ਨੇ ਮੁਸਕ੍ਰਾਂਦਿਆ ਕਿਹਾ।
'ਵਾਹ। ਕੋਈ ਰਾਹ ਨਹੀਂ ਜਾਂ ਜਿਧਰ ਨੂੰ ਜਾਵਾਂਗਾ ਧਰਤੀ ਮੁੱਕ ਜਾਵੇਗੀ। ਉਸ ਦਿਨ ਤੇ ਪੂਰਨ ਆਜ਼ਾਦ ਹੋ ਜਾਵਾਂਗਾ। ਸਭ ਨਦੀਆਂ ਪਹਾੜ ਮੇਰੇ ਹੋਣਗੇ। ਮੈਂ ਆਪਣਾ ਜੀਵਨ ਜੰਗਲਾਂ ਵਿਚ ਰੁਲਾ ਦੇਵਾਂਗਾ। ਪੰਛੀਆਂ ਤੇ ਮਾਰੂ ਜਾਨਵਰਾਂ ਨਾਲ ਦੋਸਤੀਆਂ ਕੱਢਾਂਗਾ। ਫੁੱਲ ਮੇਰੇ ਗੱਲ ਵਿਚ ਹੱਸਣਗੇ ਤੇ ਫਲ ਮੇਰੀ ਭੁੱਖ-ਅਧਾਰ ਹੋਣਗੇ। ਮੈਂ ਫ਼ਕੀਰ ਹੋਣਾ ਬੰਧਨਾਂ ਤੋਂ ਦੂਰ।
'ਕਿਸੇ ਨੂੰ ਤੁਹਾਡੇ ਤੇ ਕੋਈ ਯਕੀਨ ਹੋਵੇ ਨਾ ਹੋਵੇ, ਪਰ ਮੈਂ ਤੁਹਾਡੇ ਤੇ ਬਹੁਤ ਕਰਦੀ ਹਾਂ। ਘਰ ਦਾ ਕੋਈ ਜੀਅ ਵੀ ਹੀਲ-ਹੁੱਜਤ ਨਹੀਂ ਕਰਦਾ।
ਗੱਲ ਚੱਲੀ ਸੀ, ਜਿਸ ਤੇ ਤੁਸੀਂ ਐਨਾ ਰੋਸ ਕਰਦੇ ਹੋ। ਘਰ ਦੇ ਤੇ ਤੁਹਾਡੀ ਨਵੀਂ ਖੇਡ ਨੂੰ ਪ੍ਰਸੰਨ ਵੇਖ ਰਹੇ ਹਨ।
ਮੇਰੀ ਤਸੱਲੀ ਹੋ ਗਈ। ਮੈਂ ਪੜ੍ਹਨ ਵਿਚ ਫਿਰ ਰੁੱਝ ਗਿਆ। ਮੇਰੀ ਲਗਨ ਇਕ ਭੁਲੇਖੇ ਨੂੰ ਸੱਚ ਕਰਨ ਵਿਚ ਉਤਾਵਲੀ ਸੀ। ਇਹ ਅੱਖਰ ਸਚਾਈ ਦੇ ਨਾਹਰੇ ਤਾਂ ਬਹੁਤ ਮਾਰਦੇ ਹਨ, ਪਰ ਆਪ ਹੀ ਸਤਿ-ਨਿਰਤ ਵਿਚ ਕਿਉਂ ਨਹੀਂ ਹਿਲਦੇ। ਹਕੀਕਤ ਵਿਚ ਇਹ ਸਾਰੇ ਸਿਆਹੀ ਦੇ ਸੋਹਣੇ ਧੱਬੇ ਹਨ; ਪਰ ਮਨੁੱਖ ਨੂੰ ਸਾਰੀ ਉਮਰ ਖਪਾਣ ਲਈ ਕਿੰਨੇ ਚਤਰ ਹਨ । ਜਦੋਂ ਮੇਰਾ ਦਿਮਾਗ ਥੱਕ ਕੇ ਬੌਂਦਲ ਜਾਂਦਾ, ਓਦੋਂ ਹੀ ਇਹ ਕਿਤਾਬੀ ਅੱਖਰ ਹਰਕਤ ਅਰੰਭਦੇ। ਉਸ ਵੇਲੇ ਇਹ ਸਮਝਦੇ ਸਨ ਕਿ ਜੇ ਇਹ ਮੂਰਖ ਨਹੀਂ ਤਾਂ ਪਾਗਲ ਹੋਣ ਹੀ ਵਾਲਾ ਹੈ। ਵਿਦਿਆ ਦੀ ਇੰਤਹਾ ਦੂਰੀ ਤੇ ਜਾ ਕੇ ਹਰ ਲੁਕਮਾਨ ਨੇ ਸਿਰ ਫੇਰਿਆ।
'ਵਿਦਿਆ ਆਪਣੇ ਆਪ ਵਿਚ ਅਧੂਰੀ ਹੈ। ਜਿੰਦਗੀ ਨੂੰ ਵਿਦਿਆ ਵਰਗੀ ਇਕ ਹੋਰ ਚੀਜ਼ ਦੀ ਲੋੜ ਹੈ ਜਿਸ ਨਾਲ ਤਸੱਲੀ ਆ ਸਕੇ। ਹੋ ਸਕਦਾ ਹੈ ਵਿੱਦਿਆ ਕਾਗਜੀ ਫੁੱਲ ਹੋਵੇ, ਜਿਸ ਨਾਲ ਜਿੰਦਗੀ ਸੋਹਣੀ ਹੋਵੇ, ਪਰ ਸੁਗੰਧੀ ਦੀ ਵੀ ਭੁੱਖ ਰਹੇਗੀ। ਮੈਂ ਨਹੀਂ ਕਹਿ ਸਕਦਾ ਕਿ ਵਿਦਿਆ ਹੀ ਕੇਵਲ ਉਹ ਚੀਜ਼ ਹੈ, ਜਿਸ ਨਾਲ ਜ਼ਿੰਦਗੀ ਪੂਰਨਤਾ ਨੂੰ ਪਹੁੰਚਦੀ ਹੈ।'
ਜੇ ਰਾਹ ਵਿਚ ਕੋਈ ਪੜਾਅ ਨਾ ਆਵੇ, ਰਾਹੀਂ ਜਰੂਰ ਥਕ ਕੇ ਡਿੱਗ ਪਵੇਗਾ। ਉਹ ਜਵਾਨੀ ਆਪਣੇ ਜਜਬਿਆਂ ਦੇ ਭਾਰ ਨਾਲ ਹੀ ਕੁਚਲੀ ਜਾਵੇਗੀ, ਜਿਸ ਨੂੰ ਮਨ ਪਸੰਦ ਸਾਥੀ ਨਾ ਮਿਲਿਆ। ਗੁਰੂਦੇਵ ਕਲਪਨਾ ਕੁਝ ਹੋਰ ਕਹਿ ਰਹੀ ਸੀ।
ਜਵਾਨੀ ਵਿਚ ਹੁਸਨ ਦਾ ਨਖਾਰ ਤੇ ਮੁਹੱਬਤ ਦਾ ਜ਼ਿੰਦਗੀ ਨਾਲ ਸੰਬੰਧ ਕੁਦਰਤੀ ਹੈ।
ਪਰ ਮੇਰੀ ਜ਼ਿੰਦਗੀ ਤੇ ਇਹ ਵਾਕ ਪੂਰਨ ਲਾਗੂ ਨਹੀਂ ਸੀ ਹੁੰਦਾ। ਕੀ ਫਿਰ ਗੁਰੂਦੇਵ ਝੂਠ ਕਹਿੰਦੇ ਹਨ ? ਮੇਰਾ ਤਨ ਮਨ ਉਸੇ ਵੇਲੇ ਗੁਰੂਦੇਵ ਸ਼ਰਧਾ ਵਿਚ ਝੁਕ ਗਿਆ। ਮੈਂ ਆਪਣੇ ਆਪ ਨੂੰ ਉਸ ਵੇਲੇ ਖਿਮਾ ਹੀਣ ਘੂਰ ਰਿਹਾ ਸਾਂ। ਦੁਨੀਆ ਕਿੰਨੀ ਖੁਸ਼ ਹੈ, ਜਿਹੜੀ ਕਿਸੇ ਨੂੰ ਯਾਦ ਕਰਦੀ ਹੈ। ਮੈਂ ਨਾ ਕਿਸੇ ਨੂੰ ਯਾਦ ਕਰ ਕੇ ਹੱਸਦਾ ਸਾਂ ਤੇ ਨਾ ਰੋਂਦਾ ਸਾਂ।
ਇਨ੍ਹਾਂ ਸੋਚਾਂ ਵਿਚ ਹੀ ਮੈਨੂੰ ਉਂਘ ਆ ਗਈ। ਮੈਂ ਇਕ ਖੁਲ੍ਹੀ ਕਾਪੀ ਤੇ ਹੀ ਸਿਰ ਰੱਖ ਕੇ ਪੈ ਗਿਆ। ਮੇਰਾ ਸਿਰ ਖਰਾਸ ਦੀ ਚੱਕਰੀ ਵਾਂਗ ਘੁੰਮ ਰਿਹਾ ਸੀ। ਨੀਂਦ ਜਿਹੀ ਵਿਚ ਇਕ ਸੁਪਨਾ ਆਇਆ। ਸੁਪਨਾ ਵਿਸਮਾਦ ਅਨੰਦ ਦੀ ਪਾਰਲੀ ਛੋਹ ਹੁੰਦਾ ਹੈ। ਜਿਸ ਨੂੰ ਪ੍ਰੇਮੀ ਤੇ ਭਗਵਾਨ ਭਗਤ ਪਾਉਂਦੇ ਹਨ। ਵਾਸਤਵ ਵਿਚ ਜਿਹੜੀ ਕਲਪਨਾ ਤਸੱਲੀ ਨਾ ਦੇਵੇ, ਮਨ ਉਸ ਦੀਆਂ ਪ੍ਰਤਿਬੰਧਕ ਲੀਕਾਂ ਰਾਹੀਂ ਸੁਪਨਾ ਬੁਣਦਾ ਹੈ। ਕੱਚੀ ਨੀਂਦ ਵਿਚ ਕਿਸੇ ਪਵਿੱਤਰ ਰੂਹ ਨੂੰ ਸੁਪਨੇ ਵਿਚ ਮਿਲਦਾ। ਸੁਪਨਾ ਉਸ ਦੀ ਆਸ਼ਾ ਦੇ ਸੰਚੇ ਤੇ ਠੀਕ ਫਿੱਟ ਆ ਜਾਂਦਾ ਹੈ। ਜਾਂ ਆਸ਼ਾ ਆਪਣਾ ਨਾਕਾਮ ਯਤਨ ਸੁਪਨ ਭੁਲੇਖੇ ਵਿਚ ਜਾਹਰ ਕਰਦੀ ਹੈ ।
ਮੁਸਕਰਾ!
ਕਿ ਮੇਰੀਆਂ ਅੱਖਾਂ ਤੇਰੀ ਪਿਆਰ ਉਡੀਕ ਵਿਚ ਖੁਲ੍ਹੀਆਂ ਹਨ।
ਬੋਲ!
ਕਿ ਮੇਰੇ ਭੁੱਖੇ ਕੰਨਾਂ ਵਿਚ ਸੰਗੀਤ ਰਸ ਪ੍ਰਵੇਸ਼ ਕਰੇ।
ਬਾਹਾਂ ਖੋਲ੍ਹ।
ਕਿ ਇਕ ਸ਼ਰਾਬੀ ਤੇਰੀ ਗਲਵਕੜੀ ਵਿਚ ਬੇਹੋਸ਼ ਸੌਣਾ ਚਾਹੁੰਦਾ ਹੈ।
ਅਫਸੋਸ। ਜਾਗ ਕਿੰਨੀ ਬੇਦਰਦੀ ਨਾਲ ਸੁਪਨੇ ਦੀ ਹਕੀਕਤ ਨੂੰ ਕਤਲ ਕਰਦੀ ਹੈ, ਮੇਰੀ ਜਾਗ ਖੁਲ੍ਹੀ। ਮੇਰੀਆਂ ਲਾਲ ਗੁਸੈਲੀਆਂ ਅੱਖਾਂ, ਸਾਹਮਣੇ ਦੀਵਾਰ ਨਾਲ ਲੱਗੀ ਇੱਕ ਸੁੰਦਰੀ ਦੀ ਤਸਵੀਰ ਤੇ ਕ੍ਰੋਧੀ ਬਣੀਆਂ ਹੋਈਆਂ ਸਨ। ਮੈਂ ਮਨ ਵਿਚ ਕਹਿ ਰਿਹਾ ਸਾਂ ਇਕ ਪ੍ਰੇਮੀ ਦਾ ਸੁਪਨਾ ਧੋਖਾ ਹੋ ਸਕਦਾ ਹੈ, ਜ਼ਿੰਦਗੀ ਦੀ ਅਨੁਭਵ ਸਚਾਈ ਵੀ ਬੇਅਰਥ ਹੋਣੀ ਚਾਹੀਦੀ ਹੈ। ਭਾਵੇਂ ਮੈਂ ਜੀਅ ਕੇ ਨਹੀਂ ਡਿੱਠਾ, ਪਰ ਕੀ ਕਿਹਾ ਜਾ ਸਕਦਾ ਹੈ, ਇਹ ਲਾਰਾ ਹੀ ਆਦਮੀ ਨੂੰ ਖਿੱਚ-ਖਿੱਚ ਬੁੱਢਿਆਂ ਕਰ ਦੇਂਦਾ ਹੋਵੇ।
'ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣ ਹਾਰੁ ।
ਮੇਰਾ ਗੁੱਸਾ ਅਜੇ ਉਤਰਿਆ ਨਹੀਂ ਸੀ। ਤਸਵੀਰ ਸੁੰਦਰੀ ਦੇ ਖੁਲ੍ਹੇ ਵਾਲਾਂ ਵਿਚ ਮੈਂ ਬੇਤਹਾਸ਼ਾ ਹੱਥ ਮਾਰਿਆ। ਠੋਸ ਕੰਧ ਨਾਲ ਮੇਰੀਆਂ ਉਂਗਲਾਂ ਟੱਕਰ ਖਾ ਕੇ ਪਿਛੇ ਹੱਟ ਗਈਆਂ, ਜਿਵੇਂ ਮੇਰਾ ਗੁਸੀਲਾ ਜੋਸ਼ ਹਾਰ ਖਾ ਗਿਆ ਸੀ। ਤਸਵੀਰ ਵਿਚ ਚਿੱਬ ਪੈ ਗਿਆ। ਕੁਦਰਤ ਮੇਰੀ ਬੇਵਕੂਫੀ ਤੇ ਮੁਸਕਰਾ ਰਹੀ ਸੀ, ਪਰ ਮੈਂ ਆਪਣੀ ਬੇਵਕੂਫੀਆਂ ਵਿਚ ਚੂਰ ਸਾਂ। ਜਿਉ ਹੀ ਅੱਗੇ ਪਈ ਕਾਪੀ ਭੁਆ ਕੇ ਵਗਾਈ, ਉਹ 'ਖਰੜ' ਕਰਦੀ ਇਕ ਖੂੰਜੇ ਵਿਚ ਮੂਧੀ ਜਾ ਪਈ।
ਖੱਬੇ ਪਾਸੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਸੀ। ਮੇਰੀ ਬੌਂਦਲੀ ਨਜ਼ਰ ਉਸ ਪਵਿੱਤਰ ਹਸਤੀ ਵਲ ਕੁਦਰਤੀ ਗਈ। ਮੈਂ ਇਕ ਦਮ ਸ਼ਾਂਤ ਹੋ ਗਿਆ ਸ਼ਰਧਾ ਤੇ ਸ਼ਰਮ ਨਾਲ ਮੇਰਾ ਸਿਰ ਬੇਅਖ਼ਤਿਆਰ ਨੀਵਾਂ ਹੋ ਗਿਆ। ਮੇਰੇ ਗੁਰੂਦੇਵ ਦੀ ਰੂਹ ਮੇਰੇ ਵਿਚ ਪ੍ਰਵੇਸ਼ ਹੋ ਕੇ ਬੋਲੀ, 'ਆਤਮ ਸ਼ਾਂਤੀ ਸਾਰੀਆਂ ਬਲਦੀਆਂ ਸੜਦੀਆਂ ਕਾਮਨਾਵਾਂ ਨੂੰ ਚੁੱਕ ਲੈਂਦੀ ਹੈ । ਨਾਗਾਂ ਦੀ ਵਿਸ ਚੰਦਨ ਦਾ ਕੁਝ ਨਹੀਂ ਵਿਗਾੜਦੀ। ਆਤਮ ਸ਼ਾਂਤੀ ਬਿਨਾਂ ਕੀਤੀ ਹਰ ਲਾਲਸਾ ਦੋਜਖੀਂ ਭਟਕਣਾ ਹੈ।
ਮਹਾਤਮਾ ਸੱਚ ਆਖ ਰਹੇ ਹਨ, ਪਰ ਜਦ ਮੈਨੂੰ ਆਪਣੇ ਆਪ ਤੇ ਵਸ ਨਹੀਂ ਸੀ ਰਹਿੰਦਾ, ਉਸ ਵੇਲੇ ਮੈਂ ਉਨ੍ਹਾਂ ਦੀਆਂ ਤਾਲੀਮਾ ਤੋਂ ਦੂਰ ਹੁੰਦਾ ਸਾਂ, ਹਨੇਰਾ ਮੈਨੂੰ ਰੁਲਾ ਦੇਂਦਾ ਸੀ। ਕਿਸੇ ਦੇ ਪੌੜੀਆਂ ਚੜ੍ਹਨ ਦੀ ਅਵਾਜ਼ ਆਈ। ਇਹ ਇਕ ਜਨਾਨੇ ਸਕੂਲ ਦੀ ਵਿਦਿਆਰਥਣ ਸੀ। ਇਹੀ ਕੋਈ ਗਿਆਰਾ ਬਰਸਾਂ ਦੀ ਹੋਵੇਗੀ। ਉਸ ਉਤੇ ਚੜ੍ਹਦਿਆਂ ਹੀ ਕਿਹਾ, 'ਤੁਹਾਨੂੰ ਸਾਡੇ ਸਕੂਲ ਸੱਦਿਆ ਹੈ ।
‘ਕਿਉ?’
'ਇਹ ਮੈਨੂੰ ਪਤਾ ਨਹੀਂ।‘
'ਕਿਸ ਸੱਦਿਆ ਹੈ ? '
‘ਭੈਣਜੀਆਂ ਨੇ।‘
'ਚੰਗਾ ਚਲ ਮੈਂ ਆਉਂਦਾ ਹਾਂ।
'ਉਹ ਕਹਿੰਦੀਆਂ ਸਨ, ਹੁਣੇ ਆਉਣਾ।
'ਮੈਂ ਹੁਣੇ ਹੀ ਆਉਂਦਾ ਹਾਂ।
ਕੁੜੀ ਚਲੀ ਗਈ। ਮੈਂ ਬੀਮਾਰਾਂ ਵਾਂਗ ਉਠ ਕੇ ਪਜਾਮਾ ਪਾਇਆ ਅਤੇ ਲਸੂੜੀ ਪਗ ਮੋਢੇ ਤੇ ਰੱਖ ਕੇ ਹੀ ਥੱਲੇ ਉਤਰ ਆਇਆ। ਏਹੋ ਕੋਈ ਦਸ ਗਿਆਰਾਂ ਵਜੇ ਦਾ ਵੇਲਾ ਹੋਵੇਗਾ। ਅੱਗੇ ਮੈਨੂੰ ਕਦੇ ਜਨਾਨੇ ਸਕੂਲ ਨਹੀਂ ਸੀ ਸੱਦ ਹੋਈ। ਮੈਂ ਐਵੇਂ ਵਾਧੂ ਸਿਰ ਖਪਾਉਣਾ ਚੰਗਾ ਨਾ ਜਾਣਿਆ। ਜਨਾਨੇ ਸਕੂਲ ਅੱਗੇ ਜਾ ਕੇ ਮੈਂ ਘੰਟੀ ਖੜਕਾਈ। ਇਕ ਅੱਧੀ ਉਮਰ ਦੀ ਇਸਤਰੀ ਵੇਖ ਕੇ ਪਿਛੇ ਮੁੜ ਗਈ। ਕੰਧ ਦੇ ਮੋੜ ਤੋਂ ਬਿਲਕੁਲ ਨੇੜੇ ਹੀ ਦੋ ਕੁਰਸੀਆਂ ਆ ਗਈਆਂ। ਝੱਟ ਕੁ ਪਿਛੋਂ ਮੁਸਕ੍ਰਾਂਦੀ ਪਾਲ ਰੁਮਾਲ ਨਾਲ ਆਪਣਾ ਅੱਧਾ ਮੂੰਹ ਢੱਕੀ ਆ ਗਈ। ਉਸ ਦੋਵੇਂ ਹੱਥ ਜੋੜ ਕੇ 'ਸਤਿ ਸ੍ਰੀ ਅਕਾਲ' ਆਖੀ। ਮੈਂ ਵੀ ਨਾਲ ਹੀ ਬੁਲਾਂਦਿਆਂ ਸਿਰ ਝੁਕਾਇਆ ਅਤੇ ਆਖਿਆ, 'ਮੈਨੂੰ ਅਫਸੋਸ ਹੈ ਕਿ ਹੱਥ ਜੋੜਦਿਆਂ ਤੁਹਾਡਾ ਮੂੰਹ ਨੰਗਾ ਹੋ ਗਿਆ।'
ਪਾਲ ਨੇ ਫਿਰ ਓਸੇ ਤਰ੍ਹਾਂ ਨੀਲੇ ਰੁਮਾਲ ਨਾਲ ਆਪਣੀ ਇਕ ਗਲ੍ਹ ਲਕੋ ਲਈ। ਉਹਦੀਆਂ ਵੱਖੀਆਂ ਹਿੱਲੀਆਂ, ਮਾਨੋ ਹਾਸਾ ਬੁੱਲਾਂ ਨੂੰ ਘੁਟਦਿਆਂ ਵੀ ਨਿਕਲ ਹੀ ਗਿਆ। ਉਸ ਦਾ ਅੰਗ-ਅੰਗ ਹੱਸ ਰਿਹਾ ਸੀ।
'ਹੋਰ?' ਉਸ ਨੇ ਮੁਸਕ੍ਰਾਂਦਿਆਂ ਕਿਹਾ।
'ਅੱਜ ਦੇਵੀ ਨੇ ਸੇਵਕ ਦੀ ਪ੍ਰਾਰਥਨਾ ਕਰਨ ਤੋਂ ਬਿਨਾਂ ਹੀ ਕਿਵੇਂ ਆ ਦਰਸ਼ਨ ਦਿੱਤੇ ?
'ਹਾਂ ਹੋਰ ?' ਉਸ ਦੀਆਂ ਅੱਖਾਂ ਵਿਚ ਉਹ ਚੰਗਿਆੜੇ ਚਮਕ ਰਹੇ ਸਨ, ਜਿਹੜੇ ਕਦੇ ਦਾਹ ਨਹੀਂ ਕਰਦੇ, ਪਰ ਜਗਦੇ ਬੁਝਦੇ ਜੁਗਨੂੰਆਂ ਵਾਂਗ ਬੇਕਰਾਰੀਆਂ ਦੇ ਭਾਂਬੜ ਬਾਲ ਦੇਂਦੇ ਹਨ।
'ਬਸ ਹੋਰ ਕਿ ਤੁਸੀਂ ਅੱਗੇ ਨਾਲੋਂ ਬਹੁਤ ਸਿਆਣੇ ਹੋ ਗਏ ਹੋ।
‘ਮਖੌਲ।'
‘ਮੈਂ ਤੁਹਾਨੂੰ ਕੋਈ ਮਖੌਲ ਨਹੀਂ ਕੀਤਾ।‘
'ਮੈਨੂੰ ਤੁਹਾਡੀ ਵਿਦਿਆ ਦਾ ਕਾਫ਼ੀ ਸਤਿਕਾਰ ਹੈ। ਗਿਆਨੀ ਜੀ।‘ ਉਸ ਦੇ ਬੁੱਲਾਂ ਤੇ ਮੁਸਕਾਣ ਹੁਸ਼ਿਆਰਾਂ ਵਾਂਗ ਨਿਰਤ ਕਰ ਰਹੀ ਸੀ।
'ਸੱਚਾਈ ਦਾ ਸੁਆਦ ਕਿੰਨਾ ਤਲਖ ਹੈ ਕਿ ਜੀਭ ਬਰੀਕ ਮਿਰਚਾਂ ਦੀ ਕੁੜੱਤਣ ਤਾਂ ਸਹਾਰ ਸਕਦੀ ਹੈ, ਪਰ ਸਚਾਈ ਉਸ ਤੋਂ ਬੁਰੇ ਹਾਲਾਂ ਵਿਚ ਵੀ ਸਹਾਰੀ ਨਹੀਂ ਜਾ ਸਕਦੀ। ਤੁਸੀਂ ਖਾਹ-ਮਖਾਹ ਆਪਣੀ ਜ਼ਮੀਰ ਤੇ ਇਕ ਦਾਗ਼ ਲਾਉਣ ਦੀ ਕੋਸ਼ਿਸ਼ ਨਾ ਕਰੋ। ਮੇਰੀ ਵਿਦਿਆ ਦਾ ਜਿਹੜਾ ਤੁਹਾਨੂੰ ਸਤਿਕਾਰ ਹੈ। ਉਸ ਨੂੰ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ। ਚੇਲਾ ਗੁਰੂ ਕੋਲੋਂ ਪੜ੍ਹ ਕੇ ਉਸ ਨਾਲ ਹੀ ਭਿੜ ਪੈਂਦਾ ਹੈ, ਨਾਲੇ ਉਸ ਨੂੰ ਇਸ ਗੱਲ ਦਾ ਗਿਆਨ ਵੀ ਹੁੰਦਾ ਹੈ ਕਿ ਮੈਂ ਆਪਣੇ ਗੁਰੂਦੇਵ ਨੂੰ ਕਿਸੇ ਤਰ੍ਹਾਂ ਹਰਾ ਨਹੀਂ ਸਕਦਾ।
'ਤੁਸੀਂ ਤਕੜੇ ਤਾਂ ਹੋ?'
'ਬਿਲਕੁਲ ਨਹੀਂ। ਤੁਸੀਂ ਚੰਗੀ ਤਰ੍ਹਾਂ ਮੇਰੇ ਸੜ ਰਹੇ ਅਰਮਾਨ ਵੇਖ ਸਕਦੇ ਹੋ। ਮੈਂ ਪਾਗਲ ਲਹਿਰਾਂ ਦੀ ਦਬੋਚ ਵਿਚ ਗੋਤਿਆਂ ਲਈ ਮਜਬੂਰ ਹਾਂ। ਮੇਰੇ ਅੰਗਾਂ ਵਿਚ ਕੁਝ ਬਲ ਰਿਹਾ ਹੈ, ਮੈਂ ਇਕ ਤੜਪ ਵਿਚ ਅਧੀਰ ਤੇ ਅਸ਼ਾਂਤ ਹਾਂ। ਚਲੋ ਘਰ ਨੂੰ ਚੱਲੀਏ, ਇਹ ਥਾਂ ਸਾਡੀਆਂ ਆਸਾਂ ਦੀ ਫੁਲਵਾੜੀ ਨਹੀਂ ਹੋ ਸਕਦੀ।‘
'ਕੀ ਜਰੂਰ ਚਲੀਏ ?'
'ਮੇਰਾ ਖਿਆਲ ਹੈ ਜੇ ਤੁਹਾਡੇ ਲਈ ਕੋਈ ਨਿਕੰਮੀ ਰੋਕ ਨਾ ਹੋਵੇ।
'ਰੋਕ ਤਾਂ ਕੋਈ ਨਹੀਂ, ਫਿਰ ਤਾਰੇ ਕੋਲ ਵੀ ਜਾਣਾ ਪਵੇਗਾ।
'ਉਹ ਅਜੇ ਤਲਵੰਡੀ ਹੀ ਹੈ, ਜੇ ਉਸਦਾ ਡਰ ਤੁਹਾਨੂੰ ਖਾ ਰਿਹਾ ਹੈ।'
'ਡਰ ਮੇਰੇ ਸਾਰੇ ਲਹਿ ਚੁੱਕੇ ਹਨ, ਮੈਨੂੰ ਜਮਾਨੇ ਦੇ ਲੋਕਾਂ ਤੋਂ ਡਰਨ ਦੀ ਲੋੜ ਨਹੀ। ਸ਼ਾਇਦ ਜ਼ਮਾਨਾ ਤੇ ਲੋਕ ਮੈਥੋਂ ਡਰਨਗੇ। ਜਿੰਦਗੀ ਦੀ ਜਿਹੜੀ ਲਹਿਰ ਉਤਸ਼ਾਹ ਤੇ ਪਿਆਰ ਨਾਲ ਚਮਕ ਉੱਠੀ ਸੀ, ਉਹ ਇਕ ਬੇਵਫ਼ਾ ਕਿਨਾਰੇ ਨਾਲ ਟਕਰਾ ਕੇ ਮੁੜ ਪਾਣੀ ਹੋ ਚੁੱਕੀ ਹੈ। ਹੁਣ ਕਿਸ ਗੱਲ ਦਾ ਤੌਖਲਾ। ਇਉਂ ਜਾਪਦਾ ਹੈ, ਜਿਵੇਂ ਮੇਰੀਆਂ ਸੱਧਰਾਂ ਕਿਸੇ ਨੂੰ ਛੋਹ ਕੇ ਵੀ ਕਵਾਰੀਆਂ ਦੀਆਂ ਕਵਾਰੀਆਂ ਹੀ ਰਹਿ ਗਈਆਂ ਹਨ।
ਮੈਂ ਦੇਖ ਰਿਹਾ ਸਾਂ, ਉਸ ਦੀਆਂ ਅੱਖਾਂ ਵਿਚ ਜੋਸ਼ ਤੇ ਘਿਰਣਾ ਦਾ ਸਾਂਝਾ ਘੋਲ ਸੀ। ਉਹ ਕੁਰਸੀ ਤੋਂ ਚਲਣ ਲਈ ਉੱਠ ਖਲੋਤੀ। ਮੈਂ ਸਿਰ ਹਿਲਾਂਦਿਆਂ ਕਿਹਾ, 'ਪਾਣੀ 'ਚੋਂ ਲਹਿਰਾਂ ਉੱਠਦੀਆਂ ਚਿਰ ਨਹੀਂ ਲਾਉਂਦੀਆਂ, ਬਸ ਚੰਦ ਨੂੰ ਪੂਰਨਮਾ ਵਿਚ ਥੋੜ੍ਹਾ ਨੀਵਾਂ ਹੋਣਾ ਚਾਹੀਦਾ ਹੈ। ਜਾਂ ਕੁਦਰਤ ਦੇ ਇਕ ਨਿੱਕੇ ਤੂਫਾਨ ਦੀ ਲੋੜ ਇਸ ਅਧੂਰੇ ਕੰਮ ਨੂੰ ਪੂਰਾ ਕਰ ਦੇਂਦੀ ਹੈ।
'ਪਰ ਉਹ ਪਾਣੀ ਬਲਬੀਰ। ਇਕ ਨਿੱਕੀ ਛੱਪੜੀ ਹੋ ਕੇ ਸੁੱਕ ਰਿਹਾ ਹੈ, ਉਸ ਵਿਚ ਲਹਿਰਾਂ ਦੀ ਸੰਭਾਵਨਾ ਅਸਲੋਂ ਗਲਤ ਤੇ ਨਿਰੋਆ ਕੂੜ ਹੈ। ਮੈਂ ਅੰਦਰ ਭੈਣ ਹੋਰਾਂ ਨੂੰ ਕਹਿ ਆਵਾਂ, ਤੁਸਾਂ ਇਕ ਮਿੰਟ ਖਲੋਣਾ।
ਪਾਲ ਬੜੀ ਛੇਤੀ ਜਾ ਕੇ ਮੁੜ ਆਈ, ਜਿਵੇਂ ਗਈ ਹੀ ਨਹੀਂ ਸੀ। ਐਤਕੀਂ ਵਾਰ ਉਸ ਦੇ ਹੱਥ ਵਿਚ ਡੇਢ ਫੁਟ ਲੰਮਾ ਕਾਲਾ ਡੰਡਾ ਫੜਿਆ ਹੋਇਆ ਸੀ, ਜਿਹੜਾ ਉਸ ਸ਼ਾਇਦ ਦਿਲ ਦੇ ਸ਼ੌਕ ਲਈ ਰੱਖਿਆ ਹੋਇਆ ਸੀ।
'ਇਹ ਡੰਡਾ ਨਾ ਫੜਿਆ ਕਰੋ। ਤੁਹਾਨੂੰ ਬਿਲਕੁਲ ਨਹੀਂ ਸੋਭਦਾ। ਹਰ ਚੀਜ਼ ਸੋਭਦੀ ਜਾਂ ਕੁਸੋਭਦੀ ਦੂਜੀ ਅੱਖ ਤੋਂ ਪੁੱਛਣੀ ਚਾਹੀਦੀ ਹੈ, ਕਿਉਂਕਿ ਪ੍ਰਸ਼ੰਸਾ ਹੁੰਦੀ ਹੀ ਬਿਗਾਨਿਆਂ ਤੇ ਭਾਰੂ ਹੈ। ਹਾਂ, ਇਹ ਹਰੀ ਸਾੜੀ ਤੁਹਾਡੇ ਜਿਸਮ ਨੂੰ ਚਾਰ ਚੰਨ ਲਾ ਰਹੀ ਹੈ। ਤੁਹਾਡਾ ਮੂੰਹ ਇਸ ਵਿਚ ਦੀ ਇਉਂ ਦਿਸਦਾ ਹੈ, ਜਿਵੇਂ ਕੇਲੇ ਦੇ ਪੱਤੇ ਤੇ ਅੱਧਖਿੜਿਆ ਗੁਲਾਬ। ਇਹ ਕੰਨ ਕੋਲ ਵਾਲਾਂ ਦਾ ਉਲਝਿਆ ਗੁੱਛਾ ਬਿਲਕੁਲ ਕੋਮਲ ਪੱਤੀਆਂ 'ਤੇ ਖਾਮੋਸ਼ ਬਹਿ ਰਿਹਾ ਭੌਰਾ, ਇਸ ਨੂੰ ...।
'ਬੱਸ ਹੁਣ ਕਵੀ ਰਾਜ ਜੀ। ਐਨਾ ਅਸਮਾਨ ਨਾ ਚੜ੍ਹਾਓ ਕਿ ਮੈਥੋਂ ਫਿਰ ਉਤਰਿਆ ਹੀ ਨਾ ਜਾਵੇ।
'ਵਾਹ ਉਤਰ ਕੇ ਕੀ ਲੈਣਾ ਹੈ, ਓਥੇ ਹੀ ਰਹੀ ਜੋਹਰਾ ਕੋਲ (ਹੁਸਨ ਦੀ ਦੇਵੀ)
ਅਸੀਂ ਸੂਕਲੋਂ ਚਲ ਚੁੱਕੇ ਸੀ। ਉਸ ਦਾ ਕਾਲਾ ਡੰਡਾ ਮੇਰੇ ਕੋਲ ਸੀ। ਉਹ ਆਪਣੀ ਉੱਡ ਰਹੀ ਸਾੜ੍ਹੀ ਨੂੰ ਫੜ ਫੜ ਰੱਖਦੀ ਸੀ । ਰਾਹ ਵਿਚ ਖੱਬੇ ਪਾਸੇ ਮੇਰੇ ਯਾਰਾਂ ਦੀ ਜੁੰਡੀ ਸੀ। ਉਨ੍ਹਾਂ ਦੀਆਂ ਆਪੋ ਵਿਚ ਦੀ ਸੈਨਤਾਂ ਮਿਲੀਆਂ ਤੇ ਮੁੜ ਦੂਜੇ ਪਲ ਉਨ੍ਹਾਂ ਦੇ ਜਜ਼ਬੇ ਤੜਪੇ ਤੇ ਚਿਹਰੇ ਖਿੜ ਪਏ। ਭੁੱਖੀਆਂ ਆਸਾਂ ਵਾਂਗ ਉਨ੍ਹਾਂ ਦੀਆਂ ਸੈਨਤ ਸੱਧਰਾਂ ਮੇਰੇ ਵਲ ਆਈਆਂ। ਪਰ ਮੈਂ ਇਕ ਮਗਰੂਰ ਸਹਿਨਸ਼ਾਹ ਵਾਂਗ ਠੁਕਰਾ ਦਿੱਤੀਆਂ। ਮੇਰੀ ਪੱਤੀ ਆ ਗਈ ਸੀ। ਅਗਵਾੜੇ ਦੇ ਮੋੜ ਤੇ ਕਈ ਸਿਆਣੇ ਆਦਮੀ ਪੁਰਾਣੀ ਉਮਰ ਦੇ ਮਾਣ ਵਿਚ ਆਕੜੇ ਖਲੋਤੇ ਸਨ। ਪਰ ਜਿਉਂ ਹੀ ਅਸੀਂ ਕੋਲ ਦੀ ਲੰਘੇ ਸਾਰੇ ਇਕ-ਦਮ ਖਾਮੋਸ਼ ਹੋ ਗਏ ਜਿਵੇਂ ਅਸੀ ਲੰਘਦੇ ਹੋਏ ਉਹਨਾਂ ਦੀਆਂ ਜੀਭਾਂ ਹੀ ਕਟ ਲਿਆਏ ਸਾਂ। ਮੈਂ ਸਭ ਕੁਝ ਸਮਝਦਾ ਸਾਂ। ਉਨ੍ਹਾਂ ਦੇ ਚਿਹਰਿਆਂ ਤੇ ਇਕ ਘੂਰੀ ਸੀ, ਮੇਰੀ ਸ਼ਰਾਫ਼ਤ ਦੇ ਉਲਟ ਕੌੜੀ ਨਫਰਤ। ਅਸੀਂ ਲੰਘਦੇ ਹੋਏ ਉਨ੍ਹਾਂ ਦੇ ਦਿਲਾਂ ਵਿਚ ਹੈਰਾਨੀ ਦੇ ਠੁੱਡੇ ਮਾਰ ਆਏ। ਪਿੰਡ ਵਿਚ ਇਕ ਜਵਾਨ ਇਸਤਰੀ ਮਰਦ ਦਾ ਇਸ ਤਰ੍ਹਾਂ ਲੰਘਣਾ ਇਕ ਭਾਂਬੜ ਸਮਾਨ ਸੀ। ਖੈਰ ਮੈਂ ਉਹ ਗੱਲਾਂ ਨਾ ਸੁਣ ਸਕਿਆ, ਜਿਹੜੀਆਂ ਉਹਨਾਂ ਸਾਡੇ ਪਿਛੇ ਕੀਤੀਆਂ, ਪਰ ਮੇਰਾ ਯਕੀਨ ਹੈ ਕਿ ਉਹ ਚੰਗੀਆਂ ਨਹੀਂ ਸਨ । ਬੁੱਢੇ ਝੁਰੜਿਆਈ ਓਮਰ ਤੋਂ ਸੁਤੰਤਰ ਪਿਆਰ ਦੀ ਆਸ, ਯਮਰਾਜ ਤੋਂ ਜੀਵਨ ਦਾਨ ਦਾ ਸੁਪਨਾ ਸੀ।
ਅਸੀਂ ਸ਼ੁਕਰ ਕਰ ਕੇ ਘਰ ਵੜੇ। ਅੱਗੇ ਮੇਰੀ ਮਾਂ ਤੇ ਭੈਣ ਜੀ ਇਕ ਮੰਜੇ ਤੇ ਗਲੋਟਿਆਂ ਦੀ ਖ਼ਬਰ ਲੈ ਰਹੀਆਂ ਸਨ। ਪਾਲ ਨੇ ਉਨ੍ਹਾਂ ਨੂੰ 'ਸਤਿ ਸ੍ਰੀ ਅਕਾਲ ਬੁਲਾਈ। ਮਾਂ ਜੀ ਨੇ ਬੜਾ ਆਦਰ ਦਿੱਤਾ, ਪਰ ਮੈਨੂੰ ਮਾਂ ਜੀ ਤੋਂ ਏਨੀ ਆਸ ਨਹੀਂ ਸੀ। ਬੇਬੇ ਜੀ ਹੋਰੀ ਮੇਰੀ ਸਮਝ ਤੋਂ ਬਹੁਤ ਗੰਭੀਰ ਤੇ ਸਿਆਣੇ ਸਨ। ਮੈਂ ਉੱਤੇ ਆਪਣੇ ਕਮਰੇ ਵਿਚ ਆ ਗਿਆ। ਪਰ ਮੈਂ ਹੇਠਾਂ ਉਨ੍ਹਾਂ ਸਾਰਿਆਂ ਨੂੰ ਦੇਖ ਤੇ ਸੁਣ ਰਿਹਾ ਸਾਂ। ਮੇਰੀ ਭੈਣ ਨੇ ਪਾਲ ਨੂੰ ਘੁੱਟ ਕੇ ਜੱਫੀ ਪਾ ਲਈ । ਪਾਲ ਪਹਿਲਾਂ ਤਾਂ ਥੋੜ੍ਹਾ ਹੈਰਾਨ ਹੋਈ, ਪਰ ਪਿਛੋਂ ਤਾਂ ਇਉਂ ਰਲ ਮਿਲ ਗਈ, ਜਿਵੇਂ ਸਾਡੇ ਘਰ ਦੀ ਪੁਰਾਣੀ ਮੈਂਬਰ ਹੁੰਦੀ ਹੈ। ਪਾਲ ਦੀ ਪ੍ਰਸੰਨਤਾ ਬਿਲਕੁਲ ਮੁਗਧ ਹੋ ਚੁੱਕੀ ਸੀ । ਉਸ ਲਈ ਅਜਿਹੇ ਪ੍ਰਸੰਨ ਪਿਆਰ ਦੀ ਆਸ ਸਦਾ ਲਈ ਕਿਸਮਤ ਦੀ ਕਾਲਖ ਵਿਚ ਛਿਪ ਚੁੱਕੀ ਸੀ। ਮੇਰੀ ਭੈਣ ਉਸ ਨਾਲ ਇਸ ਤਰ੍ਹਾਂ ਗੱਲਾਂ ਕਰ ਰਹੀ ਸੀ, ਜਿਵੇਂ ਉਹ ਬੜੇ ਚਿਰ ਤੋਂ ਉਸ ਦੀ ਸਹੇਲੀ ਸੀ। ਮੇਰੀ ਭੈਣ ਨੇ ਪੁਛਿਆ, 'ਦੱਸੋ ਕੀ ਖਾਣਾ ਪੀਣਾ ਹੈ '
'ਮੈਨੂੰ ਕਿਸੇ ਚੀਜ ਦੀ ਲੋੜ ਨਹੀਂ ਰਹੀ।
'ਇਸ ਦਾ ਮਤਲਬ ਇਹ ਹੈ ਕਿ ਮਿਲਣ ਤੋਂ ਅੱਗੋ ਜਰੂਰ ਭੁੱਖ ਜਾਂ ਤ੍ਰੇਹ ਸੀ।
'ਤੁਸੀਂ ਆਪਣੇ ਭਰਾ ਵਾਂਗ ਬਹੁਤ ਚਤਰ ਹੋ। ਪਾਲ ਨੇ ਹਸਦਿਆਂ ਕਿਹਾ।
'ਤੁਹਾਡੇ ਬੁੱਲ੍ਹ ਕੁਮਲਾਏ ਪਏ ਹਨ।
'ਕੇਵਲ ਧੁੱਪੇ ਆਉਣ ਨਾਲ।' ਪਾਲ ਨੇ ਬੁੱਲਾਂ ਤੋਂ ਦੀ ਜੀਭ ਫੇਰੀ ਤੇ ਬੁੱਲ੍ਹ ਤਰੇਲ ਪੈ ਕੇ ਨਿਖਰੀਆਂ ਕੰਵਲ ਪੱਤੀਆਂ ਵਾਂਗ ਚਮਕ ਪਏ।
'ਦਸੋ ਨਾ ਕੀ ਪੀਣਾ ਹੈ ?' ਭੈਣ ਨੇ ਕਾਹਲਿਆਂ ਪੈ ਕੇ ਪੁਛਿਆ।
'ਜੋ ਤੁਸੀਂ ਪਿਆਲ ਦੇਵੋ।
'ਨਿੰਬੂ ਰਸੋਈ ਵਿਚ ਦੋ ਪਏ ਹਨ।' ਬੇਬੇ ਜੀ ਨੇ ਅਟੇਰਨ ਤੋਂ ਅੱਟੀ ਲਾਹੁੰਦਿਆ ਆਖਿਆ, 'ਸ਼ਿਕੰਜਬੀ ਕਰ ਲਿਆ ਜਾਂ ਖੱਟੀ ਲੱਸੀ ਵਿਚ ਖੰਡ ਪਾ ਲਿਆ, ਹੋਰ ਦੁਪਹਿਰੇ ਚਾਹ ਤੇ ਪੀਣੀ ਹੀ ਨਹੀਂ।'
'ਮੇਰਾ ਖ਼ਿਆਲ ਹੈ ਖੱਟੀ ਲੱਸੀ ਚੰਗੀ ਰਹੇਗੀ।' ਪਾਲ ਨੇ ਜਾਂਦੀ ਭੈਣ ਨੂੰ ਕਿਹਾ।
'ਤੁਸੀਂ ਕੀ ਕੰਮ ਕਰਦੇ ਹੋ ?' ਬੇਬੇ ਜੀ ਨੇ ਸੁਭਾਵਕ ਪੁੱਛਿਆ।
'ਗੌਰਮਿੰਟ ਦੀਆਂ ਡਿੱਗਦੀਆਂ ਲਾਲਾਂ ਪੂੰਝਦੇ ਹਨ। ਮੈਂ ਉਤੋਂ ਉੱਤਰ ਦਿੱਤਾ।
ਬੇਬੇ ਜੀ ਤੇ ਪਾਲ ਦੋਵੇਂ ਹੱਸ ਪਈਆਂ। ਬੇਬੇ ਜੀ ਨੇ ਮੁੜ ਕਿਹਾ, 'ਭਲਾ ਬੀਬੀ ਜੀ! ਨੌਕਰੀ ਕਰਨ ਦਾ ਡਰ ਵੀ ਕੀ ਹੈ। ਆਦਮੀ ਦੀ ਜੂਨ ਸੁਧਰ ਜਾਂਦੀ ਹੈ।'
'ਪਰ ਬਲਬੀਰ ਨੂੰ ਤਾਂ ਥੋੜ੍ਹਾ ਪੁੱਛੋ, ਕਿਵੇਂ ਮਿਰਚਾਂ ਲੜਦੀਆਂ ਵਾਂਗ ਖਿੱਝਦਾ ਹੈ।
'ਐਵੇਂ ਸਾਰੀ ਦਿਹਾੜੀ ਕਾਗਜਾਂ ਨਾਲ ਮੱਥਾ ਮਾਰੀ ਜਾਂਦਾ ਹੈ, ਸਾਨੂੰ ਤਾਂ ਇਸ ਦੇ ਸ਼ੌਦਾਈ ਹੋ ਜਾਣ ਦਾ ਵੀ ਡਰ ਹੈ।
'ਏਨਾ ਪੜ੍ਹ ਲਿਖ ਕੇ ਜ਼ਰੂਰ ਕਿਸੇ ਨੌਕਰੀ ਤੇ ਹੋਣਾ ਚਾਹੀਦਾ ਹੈ।' ਪਾਲ ਨੇ ਹੱਸਦਿਆਂ ਮੇਰੀ ਵਲ ਵਿਅੰਗ ਕੀਤਾ।
ਮੈਂ ਮੁਸਕ੍ਰਾਂਦਿਆਂ ਫਿਰ ਕਿਹਾ, 'ਪੈਟਰਿਕ ਹੈਨਰੀ ਪੱਛਮੀ ਵਿਦਵਾਨ ਨੇ ਕਿਹਾ ਸੀ ਕਿ ਮੈਨੂੰ ਆਜ਼ਾਦੀ ਦਿਓ ਨਹੀਂ ਤਾਂ ਮੌਤ।
'ਕਲ੍ਹ ਨੂੰ ਕੋਈ ਕੰਨ ਪਾਟੀ ਤੇਰੇ ਮਗਰ ਲਗ ਗਈ, ਉਸ ਨੂੰ ਕਿਤਾਬਾਂ ਖਾਣ ਨੂੰ ਦੇ ਦਿਆ ਕਰੀਂ। ਤੇਰੇ ਪਾਉਨੇ ਆਂ ਗਲ੍ਹ ਵਿਚ ਵਾਹੀ ਤੂੰ ਨਹੀਂ ਐਵੇਂ ਸੂਤ ਆਉਂਦਾ । ਬੇਬੇ ਨੇ ਵੀ ਸਿਰ ਹਿਲਾਇਆ ਤੇ ਹਸਦਿਆਂ ਹਾਮੀ ਭਰੀ।
ਓਧਰੋਂ ਭੈਣ ਲੱਸੀ ਲੈ ਕੇ ਆ ਗਈ। ਉਸ ਤੋਂ ਵੀ ਹਸਦੀ ਤੋਂ ਥੋੜ੍ਹੀ ਲੱਸੀ ਡੁੱਲ੍ਹ ਗਈ ਅਤੇ ਉਸ ਇਕ ਆਪਣੀ ਚਲਾਂਦਿਆਂ ਕਿਹਾ, 'ਇਹਦਾ ਵਿਆਹ ਹੋ ਜਾਵੇ ਇਕ ਵਾਰ। ਇਹ ਆਪੇ ਹੀ ਸੂਤ ਹੋ ਜਾਵੇਗਾ। ਫਿਰ ਇਸ ਨੇ ਕਿਸੇ ਦੇ ਕਹੇ ਤੋਂ ਬਿਨਾਂ ਹੀ ਚੌ ਮੋਢੇ ਤੇ ਹੱਥ ਵਿਚ ਪਰਾਣੀ ਫੜ ਲੈਣੀ ਏ। ਦੇਖਣਾ, ਫਿਰ ਮੈਰੇ ਦੇ ਕਿਆਰਾਂ ਦਾ ਖੱਬਲ ਕਿਵੇਂ ਸੁੱਕਦਾ ਹੈ।'
'ਕੰਮ ਕਰਨਾ ਬੀਬੀ ਜੀ ਕੋਈ ਬੁਰਾ ਨਹੀਂ। ਪਰ ਮੈਂ ਹੀਰਾ ਹਰਨ ਜੰਗਲਾਂ ਵਿਚ ਚਰਨ ਵਾਲਾ, ਨਦੀਆਂ ਦੇ ਪਾਣੀ ਪੀਣ ਵਾਲਾ, ਕਦੇ ਸੁੱਕੇ ਸੜੇ ਬਾਗ ਵੇਖਦਾ ਤੇ ਛਪੜਾਂ ਦੇ ਪਾਣੀ ਪੀਂਦਾ ਹਾਂ। ਬੀਬੀ ਮੈਨੂੰ ਫੜਨ ਵਾਲੀਆਂ ਫਾਹੀਆਂ ਅਜੇ ਬਣੀਆਂ ਨਹੀਂ। ਕਿਥੇ ਰੋਹੀਆਂ ਦੇ ਖੁਲ੍ਹੇ ਜਾਨਵਰ, ਕਿਥੇ ਧੜੀ-ਧੜੀ ਦੇ ਸੰਗਲ ਗਲ੍ਹ ਵਿਚ ਪਾਏ ਤੇ ਮੁੰਨੀਆਂ ਨਾਲ ਫਾਹੇ ਦਿੱਤੀਆਂ ਮੱਝਾਂ। ਆਜ਼ਾਦੀ ਵੀ ਕਦੇ ਕੋਈ ਵੇਚਦਾ ਹੈ ?'
'ਥੋੜ੍ਹੀ ਜਰੈਂਦ ਕਰ, ਵੇਖਾਂਗੀ ਤੇਰਾ ਤਮਾਸ਼ਾ। ਬੇਬੇ ਜੀ ਨੇ ਟੋਕਰੀ ਵਿਚੋਂ ਗਲੋਟਾ ਲੈਂਦਿਆਂ ਕਿਹਾ।
'ਤਾਂ ਫਿਰ ਕੀ ਹੋਇਆ ਬੇਬੇ ਜੀ। ਚੱਕ ਲਵਾਂਗੇ ਸਿਰ ਨੀਵਾਂ ਕਰ ਕੇ ਚੌ ਪੁਰਾਣੀ।'
ਪਾਲ ਲੱਸੀ ਪੀ ਰਹੀ ਸੀ। ਸਾਰਿਆਂ ਦੇ ਹਾਸੇ ਨਾਲ ਉਸ ਨੂੰ ਵੀ ਹਾਸੇ ਨਾਲ ਗਲਹੱਥੂ ਆ ਗਿਆ। ਭੈਣ ਜੀ ਦੇ ਹਸਦਿਆਂ ਅੱਖਾਂ ਵਿਚੋਂ ਪਾਣੀ ਆ ਗਿਆ।
'ਦੇਖਿਆ, ਇਹ ਤਾਂ ਸਭ ਮੋਰੀ ਨਿਕਲ ਜਾਂਦਾ ਏ' ਭੈਣ ਨੇ ਹਸਦਿਆਂ ਹਸਦਿਆਂ ਮਸਾਂ ਕਿਹਾ।
ਮੈਂ ਮੁੜ ਕੁਰਸੀ ਤੇ ਆ ਬੈਠਾ। ਮੈਨੂੰ ਇਸ ਪ੍ਰਕਾਰ ਦੀ ਸਾਰੀ ਖੱਪ ਤੋਂ ਇਕ ਤਰ੍ਹਾਂ ਨਫਰਤ ਜਿਹੀ ਸੀ। ਅਸਲ ਵਿਚ ਮੇਰੇ ਅੰਦਰ ਕਾਮਨਾਵਾਂ ਭਟਕੀਆਂ ਹੋਈਆਂ ਸਨ। ਉਹ ਸਾਂਤ ਹੁੰਦੀਆਂ ਨਹੀਂ ਸਨ ਅਤੇ ਮੈਨੂੰ ਟਿਕਾ ਆਉਂਦਾ ਨਹੀਂ ਸੀ। ਏਸੇ ਕਰਕੇ ਸਾਰੀ ਦੁਨੀਆ ਨੂੰ ਪਾਗਲਖਾਨਾ ਸਮਝਣ ਲਈ ਮਜਬੂਰ ਸਾਂ। ਕਈਆਂ ਦਿਨਾਂ ਤੋਂ ਇਸ ਸੋਚ ਵਿਚ ਬਿਲਕੁਲ ਚੂਰ ਹੋਇਆ ਪਿਆ ਸਾਂ ਕਿ ਕਿਉਂ ਨਾ ਆਪਣੀਆਂ ਜੀਵਨ ਆਸਾਂ ਪਾਲ ਦੇ ਸੱਖਣੇ ਜੀਵਨ ਪਿਆਲੇ ਵਿਚ ਉਲਟੀਆਂ ਜਾਣ। ਪਰ ਮਨ ਪੂਰਨ ਰਾਜ਼ੀ ਨਹੀਂ ਸੀ। ਗੁਰੂਦੇਵ ਗਿਆਨ ਅੱਡ ਹੀ ਨਿਰਾਲੇ ਰਾਹਾਂ ਵਿਚ ਖਿੱਚੀ ਫਿਰਦਾ ਸੀ। ਪਾਲ ਦਾ ਹੁਸਨ ਨਿੱਤ ਨਿਖਰਵੀਂ ਸਵੇਰ ਬਣ ਮੇਰੇ ਦਿਲ ਦੀ ਧਰਤੀ ਪ੍ਰਕਾਸ਼ ਰਿਹਾ ਸੀ। ਵਿਲਕਦੀਆਂ ਕਾਮਨਾਵਾਂ ਪਾਲ ਵਲ ਬਾਹਾਂ ਚੁੱਕ-ਚੁੱਕ ਭਜਦੀਆਂ ਪਰ ਮਨ ਮਜਬੂਰ ਇਰਾਦੇ ਤੇ ਅਡੋਲ ਖਲੋਤਾ, ਆਫ਼ਤਾਂ ਤੇ ਝੋਲਿਆਂ ਵਿਚ ਦੀ ਆਪਣੇ ਆਦਰਸ਼ ਨੂੰ ਪਛਾਣਦਾ ਖਾਮੋਸ਼ ਸੀ। ਕਾਮਨਾਵਾਂ ਰਬੜ ਦੇ ਫੀਤੇ ਵਾਂਗ ਵਧਦੀਆਂ ਮੁੜ ਆਪਣੇ ਖੁਸ਼ਕ ਘੁਰਨਿਆਂ ਵਿਚ ਆ ਵੜਦੀਆਂ ਸਨ। ਕਿਉਂਕਿ ਮਨ ਬਿਨਾਂ ਉਨ੍ਹਾਂ ਦੀ ਕਿਤੇ ਵੀ ਪਹੁੰਚ ਨਹੀਂ ਸੀ। ਮੈਨੂੰ ਇਉਂ ਭਾਸ ਰਿਹਾ ਸੀ ਜਿਵੇਂ ਮੇਰੇ ਗੁਰੂਦੇਵ ਮੇਰੀ ਹਰ ਨਿੱਕੀ ਮੋਟੀ ਹਰਕਤ ਨੂੰ ਮੇਰੇ ਸਿਰ ਤੇ ਖਲੋਕੇ ਦੇਖ ਰਹੇ ਹਨ ਅਤੇ ਮੇਰੇ ਹੋ ਰਹੇ ਇਮਤਿਹਾਨ ਦਾ ਅਨੰਦ ਮਿੱਠੀਆਂ ਮੁਸਕਾਣਾਂ ਵਿਚ ਮਾਣ ਰਹੇ ਹਨ।
ਚੰਗਾ ਗੋਰਖਧੰਦਾ ਮੇਰੇ ਅੱਗੇ ਸੁੱਟਿਆ ਹੈ ਗੁਰੂਦੇਵ!
ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਸੀ ਕਿ ਪਾਲ ਦੇ ਮੇਰੇ ਕੋਲ ਆ ਜਾਣ ਤੇ ਮੇਰਾ ਸਬਰ ਬਿਲਕੁਲ ਅਡੋਲ ਇਕ ਅਚਾਰਯ ਦੇ ਦਿਲ ਵਾਂਗ ਗੰਭੀਰ ਹੋ ਜਾਂਦਾ ਸੀ, ਪਰ ਉਸ ਦੇ ਚਲੇ ਜਾਣ ਤੇ ਜਾਂ ਪਰੇ ਹੋ ਜਾਣ ਤੇ ਦਿਲ ਵਿਚ ਮਚਲਾਣ ਉੱਠ ਖਲੋਂਦੀ। ਕੋਈ ਦੈਵੀ ਸ਼ਕਤੀ ਉਸ ਵੇਲੇ ਮਨ ਨੂੰ ਸਵੱਛ ਤੇ ਪਵਿਤ੍ਰ ਬਣਾ ਦੇਂਦੀ ਹੈ। ਜੇਕਰ ਕੋਈ ਉਸ ਵੇਲੇ ਮਨ ਅੰਦਰ ਨੂੰ ਦੇਖਦਾ ਤੇ ਭਗਤੀ ਭਾਵਨਾ ਦਾ ਕਾਇਲ ਹੋ ਕੇ ਖ਼ਿਆਲ ਕਰਦਾ ਕਿ ਇਸ ਵਿਚ ਸ਼ੈਤਾਨ ਰੂਹ ਆ ਕੇ ਅੱਧਾ ਪਲ ਵੀ ਜੀਉਂਦੀ ਨਹੀਂ ਰਹਿ ਸਕਦੀ। ਪਰ ਜਦੋਂ ਫਿਤਰਤ ਸਵੇਰ ਦੀ ਬਜਾਏ ਸ਼ਾਮ ਦੀ ਝਾਕੀ ਲਿਆਉਂਦੀ ਤਾਂ ਖਿਆਲ ਕਰਦਾ ਕਿ ਇਸ ਗੁਨਾਹ ਘਰ ਵਿਚ ਕਿਸੇ ਪਵਿਤ੍ਰ ਆਤਮਾ ਨੇ ਅਜ਼ਲਾਂ ਤੋਂ ਪੈਰ ਨਹੀਂ ਰਖਿਆ। ਜੀਵਨ ਦੇ ਦੋ ਪਹਿਲੂ ਨਫ਼ਰਤ ਦੇ ਪਿਆਰ, ਗੁਨਾਹ ਤੇ ਨੇਕੀ ਸਦਾ ਤੋਂ ਖਹਿੰਦੇ ਆਏ ਹਨ। ਗੁਰੂਦੇਵ ਦਾ ਉਪਦੇਸ਼ ਸੀ:
'ਪਿਆਰ ਤੇਰਾ ਮਹਿਬੂਬ ਹੈ ਤੇ ਉਸ ਨੂੰ ਮਿਲਣਾ ਨੇਕੀ। ਗੁਨਾਹ ਤੇਰਾ ਵੈਰੀ ਹੈ ਤੇ ਨਫਰਤ ਤੇਰੀ ਉਸ ਨਾਲ ਲੜਾਈ।
'ਪਰ ਮੇਰੇ ਗੁਰੂਦੇਵ ਮੈਂ ਗੁਨਾਹ ਨੂੰ ਛੋਹੇ ਬਿਨਾਂ ਪਿਆਰ ਨੂੰ ਕਿਉਂ ਕਰ ਜਾਣ ਸਕਾਂਗਾ।
ਗੁਰੂਦੇਵ ਏਥੇ ਮੇਰੀ ਸਹਾਇਤਾ ਕਰੋ, ਅੱਗੇ ਹਨੇਰਾ ਹੈ, ਮੈਨੂੰ ਕੁਝ ਨਹੀਂ ਦਿਸਦਾ ਮੈਂ ਗੁਨਾਹ ਵਿਚ ਅਨੰਦਮਈ ਲੱਜਤ ਵੇਖ ਰਿਹਾ ਹਾਂ।" ਮੇਰਾ ਆਪਣਾ ਆਪ ਕੰਬ ਰਿਹਾ ਸੀ।
'ਖ਼ਬਰਦਾਰ। ਸਚਾਈ ਦੇ ਰਾਹ ਤੋਂ ਜਿੰਨਾ ਪਾਸੇ ਹੋਵੇਗਾ, ਓਨਾ ਹੀ ਸਮੇਂ ਦੇ ਤੇਜ ਫਿਰਦੇ ਚੱਕਰ ਨਾਲ ਕਟਿਆ ਜਾਵੇਗਾ। ਗੁਨਾਹ ਵਲ ਚੁੱਕੀਆ ਬਾਹਾਂ ਕਦੇ ਸਾਬਤ ਨਹੀਂ ਰਹਿ ਸਕਦੀਆਂ।
(ਗੁਰੂਦੇਵ)
'ਓ ਮਹਾਂ ਪ੍ਰਭੂ। ਇਹ ਮੈਂ ਕੀ ਸੋਚ ਰਿਹਾ ਸੀ । ਗੁਲਾਮੀ ਦੇ ਦੁੱਖ ਸਹਿ ਕੇ ਜਿਹੜਾ ਪੁਰਸ਼ ਆਜਾਦ ਹੋ ਜਾਵੇ, ਕਦੇ ਉਹ ਵੀ ਮੁੜ ਕੇ ਗੁਲਾਮੀ ਕਬੂਲਦਾ ਹੈ? ਏਥੇ ਸਵਰੰਤਰਤਾ ਵਿਚ ਮੇਰਾ ਸਾਹ ਸੁਖਾਲਾ ਤੇ ਅਨੰਦਮਈ ਹੈ। ਮੈਂ ਵਿਸ਼ਿਆਂ ਤੇ ਹਜ਼ਾਰ ਵਾਰ ਥੁੱਕਦਾ ਹਾਂ। ਕਿਥੇ ਇਨਸਾਨ ਭਗਵਾਨ ਰੂਪ, ਕਿਥੇ ਵਿਸ਼ਿਆ ਦਾ ਸੁਆਮੀ ਸ਼ੈਤਾਨ। ਮੈਨੂੰ ਨਫਰਤ ਹੈ ਉਸ ਨਾਲ ਇਕ ਉਜਾਲੇ ਘਰ ਵਿਚ ਹਨੇਰਾ ਕਿਸ ਤਰ੍ਹਾਂ ਆ ਸਕਦਾ ਹੈ ।
'ਮਜਨੂੰ! ਅੱਜ ਰੋਟੀ ਨਹੀਂ ਖਾਣੀ'' ਬੇਬੇ ਜੀ ਨੇ ਇਕ ਵਾਰ ਹੀ ਮੇਰੇ ਖ਼ਿਆਲਾਂ ਵਿਚ ਬੰਬ ਚੁੱਕ ਮਾਰਿਆ।
'ਰੋਟੀ। ਰੋਟੀ ਅੱਜ ਖਾ ਨਹੀਂ ਲਈ। ਮੈਂ ਹੈਰਾਨ ਜਿਹਾ ਹੋ ਕੇ ਕਿਹਾ।
'ਵੇ ਕਦੋਂ, ਸਿਰ ਫਿਰ ਗਿਆ ਈ? ਲੈ ਪਾਗਲ ਹੋਣ ਵਿਚ ਅਜੇ ਕੋਈ ਕਸਰ ਬਾਕੀ ਹੈ।'
'ਚੰਗਾ ਜੇ ਨਹੀਂ ਖਾਧੀ ਤਾਂ ਬੀਬੀ ਜੀ ਏਥੇ ਹੀ ਫੜਾ ਦਿਓ। ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੋਵੇਗੀ। ਮੈਂ ਆਪਣੀ ਭੈਣ ਨੂੰ ਤਰਲੇ ਵਜੋਂ ਕਿਹਾ।
'ਸਾਥੋਂ ਨਹੀਂ ਰੋਟੀ ਲੈ ਕੇ ਉੱਤੇ ਆਈਦਾ। ਵਿਆਹ ਕਰਵਾ ਲੈ, ਫਿਰ ਭਾਵੇਂ ਵਹੁਟੀ ਤੋਂ ਬਾਗ਼ ਵਿਚ ਰੋਟੀ ਮੰਗਵਾ ਲਿਆ ਕਰੀ।
'ਵਹੁਟੀ ਤਾਂ ਮੈਂ ਅੱਜ ਲਿਆਉਂਦਾ ਹਾਂ, ਪਰ ਤੁਸਾਂ ਰਖਣੀ ਨਹੀਂ।
'ਅਸੀਂ ਨਹੀਂ ਰਖਣੀ? ਡਰਦਾ ਆਪ ਨਹੀਂ ਲਿਆਉਂਦਾ ਬਈ ਮੈਨੂੰ ਕੰਮ ਕਰਨਾ ਪਵੇਗਾ।
'ਵਹੁਟੀ ਤਾਂ ਅੱਜ ਸੁੱਖ ਨਾਲ ਆਪ ਹੀ ਆ ਗਈ ਏ, ਜਾ ਕੇ ਲਿਆਉਣ ਦੀ ਵੀ ਖੇਚਲ ਨਹੀਂ ਕਰਨੀ ਪਈ।
'ਆਹਾ ਹਾ...।' ਹੱਸ ਹੱਸ ਸਾਰੇ ਹੀ ਲੋਟਪੋਟ ਹੋ ਗਏ।
ਭੈਣ ਨੇ ਮੁੜ ਪਾਲ ਨੂੰ ਕਿਹਾ, 'ਦੱਸੋ ਖਾਂ, ਤੁਸਾਂ ਚੋਰੀ ਚੋਰੀ ਕੀ ਮਿਥਿਆ ਹੈ।
'ਜੇ ਬੀਬੀ ਤੂੰ ਰਖ ਕੇ ਰਾਜੀ ਏ ਤਾਂ ਮੈਂ ਕੀ ਆਖਦੀ ਹਾਂ। ਇਹੋ ਜਿਹੀ ਨਣਦ ਤਾਂ ਰੱਬ ਦੇਵੇ।
'ਚੰਗਾ ਉਠ ਫਿਰ ਫੜਾ ਰੋਟੀ ਉਸ ਨੂੰ ਉੱਤੇ । ਭੈਣ ਨੇ ਉਸ ਦਾ ਮੋਢਾ ਹਿਲਾਂਦਿਆ ਕਿਹਾ।
'ਲੈ ਅਜੇ, ਪਹਿਲੇ ਦਿਨ ਹੀ?'
'ਹੋਰ ਕਮਲੀਏ, ਉਸ ਤਾਂ ਤੇਰਾ ਹੁਣ ਤਾਈਂ ਮੂੰਹ ਹੀ ਨਹੀਂ ਵੇਖਿਆ ਹੋਣਾ। ਤੈਨੂੰ ਤਾਂ ਰੋਟੀ ਫੜਾਉਂਦੀ ਨੂੰ ਸ਼ਰਮ ਆਵੇਗੀ। ਅੰਨ੍ਹੀਏ ਘੁੰਡ ਤਾਂ ਕੱਢ ਲੈ, ਉਹ ਸਾਹਮਣੇ ਖੜ੍ਹਾ ਵੇਖੀ ਜਾਂਦਾ ਈ ।
ਬਹੁਤ ਹਾਸਾ ਮੱਚਿਆ। ਭੈਣ ਨੇ ਉਠ ਕੇ ਰੋਟੀ ਪਾਲ ਨੂੰ ਲਿਆ ਫੜਾਈ ਅਤੇ ਨਾਲ ਹੀ ਪੰਪ ਤੋਂ ਇਕ ਗੜਵੀ ਹੱਥ ਧੋਣ ਲਈ ਪਾਣੀ ਦੀ ਭਰ ਦਿੱਤੀ। ਸਾਰੇ ਹੱਸ ਹੱਸ ਦੂਹਰੇ ਹੋ ਰਹੇ ਸਾਂ। ਗੱਲ ਕੀ ਉਸ ਨੇ ਰੋਟੀ ਮੈਨੂੰ ਲਿਆ ਫੜਾਈ। ਮੇਰੀ ਖੁਸ਼ੀ ਵਿਚ ਭੁੱਖ ਤਿਤਰ ਬਿਤਰ ਹੋ ਗਈ। ਮੈਂ ਥੋੜ੍ਹਾ ਬਹੁਤ ਖਾਧਾ। ਮੁੜ ਥਾਲੀ ਭੁੰਜੇ ਰਖਦਿਆਂ ਪਾਲ ਤੋਂ ਪੁੱਛਿਆ 'ਤੁਸੀਂ ਰੋਟੀ?'
'ਮੈਨੂੰ ਕੋਈ ਭੁੱਖ ਨਹੀਂ?'
'ਓਹ। ਤਾਂ ਤੁਸੀਂ ਓਧਰੋਂ ਰੋਟੀ ਖਾ ਕੇ ਨਹੀਂ ਆਏ? ਮੁੜ ਮੈਂ ਭੈਣ ਨੂੰ ਕਿਹਾ, 'ਬੀਬੀ ਜੀ ਤੁਹਾਡੀ ਭਾਬੀ ਤੇ ਭੁੱਖੀ ਬੈਠੀ ਹੈ।
'ਹੱਛਾ। ਮੈਂ ਲਿਆਈ ਰੋਟੀ।'
'ਮੈਨੂੰ ਤੇ ਰੋਟੀ ਦੀ ਲੋੜ ਨਹੀਂ ਸੀ । ਪਾਲ ਮੁੜ ਭੈਣ ਨੂੰ ਬੋਲੀ 'ਬੀਬੀ ਜੀ। ਰੋਟੀ ਨਾ ਲਿਆਉ।
ਭੈਣ ਨੂੰ ਆਵਾਜ਼ ਸੁਣੀ ਨਾ, ਕਿਉਂਕਿ ਉਹ ਅੰਦਰ ਰੋਟੀ ਲੈਣ ਚਲੀ ਗਈ ਸੀ।
'ਤੁਸਾਂ ਅੱਜ ਮੇਰਾ ਬਹੁਤ ਮਖੌਲ ਬਣਾਇਆ ਹੈ। ਪਾਲ ਨੇ ਹੱਸਦਿਆਂ ਕਿਹਾ।
'ਚਲੋ ਐਨੇ ਜੀਆਂ ਦੀ ਖੁਸ਼ੀ ਨਾਲ ਤੁਸਾਂ ਨੇਕੀ ਖਰੀਦ ਲਈ।
'ਮੈਨੂੰ ਤੇ ਅੱਜ ਆਪ ਬੜਾ ਸੁਆਦ ਆਇਆ ਹੈ। ਕੀ ਤੁਹਾਡੇ ਸਾਰੇ ਦਿਨ ਹੀ ਇਸ ਪ੍ਰਕਾਰ ਲੰਘਦੇ ਹਨ? ਕਿੰਨੇ ਖੁਸ਼ਕਿਸਮਤ ਹੋ ਤੁਸੀਂ।
'ਤੁਹਾਡੇ ਨਾਲ ਅੱਜ ਮੇਰੀ ਕੁਟੀਆ ਭਰੀ ਪਈ ਹੈ। ਜਦੋਂ ਤੁਸੀਂ ਚਲੇ ਜਾਵੋਗੇ ਸ਼ਾਇਦ ਮੇਰਾ ਦਿਲ ਵੀ ਸੱਖਣਾ ਹੋ ਜਾਵੇ ।
'ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਤੁਹਾਡੇ ਕੋਲ ਕਿੰਨੇ ਪੂਜਯ ਮਹਾਤਮਾ ਦੀਆਂ ਫੋਟੋ, ਫੁੱਲਾਂ ਭਰੀਆਂ ਤਸਵੀਰਾਂ, ਕਵੀਆਂ ਦੇ ਖਿਲਰੇ ਵਾਲਾਂ ਵਰਗੇ ਬੋਲ, ਇਹ ਗੋਰੀਆਂ ਦੇ ਸੁਹਣੇ ਚਿੱਤਰ ਅਤੇ ਸੈਂਕੜੇ ਨਿੱਕੀਆਂ ਮੋਟੀਆਂ ਕਿਤਾਬਾਂ ਪਈਆਂ ਹਨ। ਜੇ ਤੁਹਾਡੇ ਕੋਲ ਕੁਝ ਨਹੀਂ ਤਾਂ ਫਿਰ ਸਾਰੀ ਦੁਨੀਆ ਦੇ ਸਬਰ ਦੀ ਬਗ਼ਾਵਤ ਕਿਵੇਂ ਇਨਕਲਾਬ ਤੋਂ ਰੁਕ ਸਕਦੀ ਹੈ।
'ਇਹ ਸਾਰੀਆਂ ਚੀਜਾਂ ਮੇਰੀ ਭੁੱਖ ਦੂਰ ਨਹੀਂ ਕਰ ਸਕਦੀਆਂ। ਮੈਂ ਜੜ੍ਹ ਦਾ ਨਹੀਂ, ਚੇਤਨਤਾ ਦਾ ਪੁਜਾਰੀ ਹਾਂ। ਇਹ ਸਾਹਮਣੀ ਸੰਗੀਤ-ਕੁੜੀ ਦੀ ਤਸਵੀਰ ਸਵਾਏ ਮੈਨੂੰ ਤੜਪਾਣ ਦੇ ਹੋਰ ਕੁਝ ਨਹੀਂ ਕਰਦੀ, ਪਰ ਮੈਂ ਕਿਸੇ ਮਧਭਰੀ ਸੁਰ ਨੂੰ ਉਡੀਕ ਰਿਹਾ ਹਾਂ। ਇਹ ਜਨਮ ਤੋਂ ਹੀ ਖਾਮੋਸ ਹੈ। ਕਿਤਾਬਾਂ ਨੇ ਮੇਰਾ ਦਿਮਾਗ ਚੱਟ ਲਿਆ ਹੈ। ਇਕ ਚੰਗੇ ਭਲੇ ਤੋਂ ਮੂਰਖ ਬਣਾ ਦਿੱਤਾ ਹੈ। ਨਹੀਂ ਜਾਣਦੇ ਬਹੁਤੇ ਰਿਸ਼ੀਆਂ ਦੇ ਜੀਵਨ ਜੋਬਨ ਦੀ ਵੈਰੀ
ਨਿਯਮਨਾਵਲੀ ਵਿਚ ਸੁੱਕੇ, ਸੜੇ ਤੇ ਕੋਰੇ ਹੁੰਦੇ ਹਨ, ਪਰ ਨਹੀਂ ਮੁਆਫ ਕਰਨਾ ਇਨ੍ਹਾਂ ਮਹਾਤਮਾਂ ਬਾਰੇ ਮੈਂ ਕੋਈ ਸਹੀ ਰਾਏ ਨਹੀਂ ਰਖਦਾ।'
ਮੈਂ ਫਿਰ ਮੁਸਕ੍ਰਾਂਦਿਆਂ ਪਾਲ ਨੂੰ ਕਿਹਾ, 'ਤੁਸੀਂ ਬੜੇ ਚੰਗੇ ਤੇ ਸਿਆਣੇ ਹੋ। ਜਿਹੜੇ ਮੇਰੇ ਜੀਵਨ ਭੁੱਖੇ ਖਿਆਲਾਂ ਨੂੰ ਬੜੇ ਧਿਆਨ ਨਾਲ ਸੁਣਦੇ ਹੋ।
'ਪਰ ਤੁਸੀਂ ਵਿਚ ਵਿਚ ਬਹੁਤ ਵਾਰ ਐਨੇ ਉਦਾਸ ਹੋ ਜਾਂਦੇ ਹੋ ਕਿ ਮੇਰਾ ਹਿਰਦਾ ਤਰਸ ਹੀ ਤਰਸ ਬਣ ਜਾਂਦਾ ਹੈ। ਉਸ ਵੇਲੇ ਮੈਂ ਤੁਹਾਡੀ ਗੰਭੀਰਤਾ ਨੂੰ ਬੜੀ ਹੈਰਾਨੀ ਨਾਲ ਵੇਖਦੀ ਹਾਂ। ਸੱਚ ਮੁੱਚ ਤੁਹਾਡੀ ਜਮਾਨਾ ਕਦਰ ਨਹੀਂ ਕਰ ਰਿਹਾ।'
'ਜਮਾਨਾ ਕਿਸੇ ਤੇ ਤਰਸ ਨਹੀਂ ਖਾਇਆ ਕਰਦਾ। ਆਪੇ ਵਿਚ ਮਸਤੀ ਸਭ ਤੋਂ ਵੱਡੀ ਲੱਜਤ ਤੇ ਅਨੰਦ ਹੈ। ਖਿਆਮ ਕਿੰਨਾ ਰੰਗੀਲਾ ਸ਼ਾਇਰ ਹੋਇਆ ਹੈ, ਜਿਹੜਾ ਇਕ ਪਿਆਲੇ ਤੇ ਸ਼ਹਿਨਸ਼ਾਹੀ ਠੁਕਰਾਣ ਦੀ ਸਿਫਾਰਸ਼ ਕਰਦਾ ਹੈ। ਹੋ ਸਕਦਾ ਹੈ ਉਹ ਪਿਆਲਾ ਵੀ ਤੋੜ ਛੱਡਦਾ, ਪਰ ਇਹ ਉਸ ਦਾ ਆਪਾ-ਮਸਤੀ ਤੱਕ ਪੁੱਜਣ ਦਾ ਇਕੋ ਇਕ ਸਾਧਨ ਹੋ ਕੇ ਰਹਿ ਗਿਆ ਸੀ। ਵਜਦ ਦੇ ਪੰਘੂੜੇ ਵਿਚ ਆਤਮਾ ਦਾ ਪ੍ਰਕਾਸ਼ਕ ਹੋ ਕੇ ਹਿਲੋਰਾ ਮਾਰਨਾ ਹੀ ਅਸਲ ਜੀਵਨ ਅਨੰਦ ਹੈ। ਉਫ। ਦੁਨੀਆ ਤੇ ਕਿੰਨਾ ਬਕਵਾਸ ਫੈਲਿਆ ਹੋਇਆ। ਨਿਰਦਈ ਕਠੋਰਤਾ ਨੇ ਮਨੁੱਖਤਾ ਨੂੰ ਪਸ਼ੂਪੁਣੇ ਵਿਚ ਬਦਲ ਦਿੱਤਾ ਹੈ। ਪਰ ਪਾਲ! ਮੈਂ ਤੈਨੂੰ ਆਪਣਾ ਮਦ ਭਰਿਆ ਪਿਆਲਾ ਸਮਝਦਾ ਹਾਂ। ਮੇਰੇ ਮਨ ਨੂੰ ਹਰ ਸੋਗ ਤੋਂ ਮੁੜ ਹਰ ਗੰਭੀਰ ਖਿਆਲ ਤੋਂ ਹਟਾ ਅਤੇ ਜੀਵਨ ਮੌਤ ਦੇ ਗੋਰਖ ਧੰਦੇ ਤੋਂ ਥੱਕੀ ਅਕਲ ਨੂੰ ਆਪਣੀ ਪ੍ਰਸੰਨ ਪ੍ਰੀਤ ਛੋਹ ਨਾਲ ਇਕ ਅਮੁੱਕ ਰਾਗਣੀ ਵਿਚ ਬਦਲ ਸੁੱਟ। ਮੇਰੀਆਂ ਸਾਰੀਆਂ ਮਨ ਤਾਰਾਂ ਤੇਰੀ ਛੋਹ ਮਿਜਰਾਬ ਨਾਲ ਇਕ ਨਿਰਤ ਕਾਂਬੇ ਵਿਚ ਅਮਰ, ਸ਼ਦਾਈ ਹੋ ਜਾਣ। ਸ਼ਾਇਦ ਇਸ ਤੋਂ ਵੱਡਾ ਕੋਈ ਸੁੱਖ ਨਹੀਂ ਹੋਵੇਗਾ। ਪਾਲ। ਤੂੰ ਠੀਕ ਜਾਣ, ਮੈਂ ਇਸ ਦੁਨੀਆ ਦੀ ਹੀਣਤਾ ਤੋਂ ਤੰਗ ਆ ਗਿਆ ਹਾਂ। ਮੇਰਾ ਇਨ੍ਹਾਂ ਵਿਚ ਵਸਣਾ ਅਸੰਭਵ ਹੈ। ਮੇਰੀ ਰੂਹ ਇਨ੍ਹਾਂ ਵਿਚ ਵਸਦੀ ਹੋਈ ਵੀ ਆਪਣੀ ਇਕੱਲ੍ਹਤਾ ਵਿਚ ਭਟਕ ਰਹੀ ਹੈ। ਆਓ...।'
ਓਦੋਂ ਭੈਣ ਜੀ ਰੋਟੀ ਲੈ ਕੇ ਆ ਗਏ। ਉਸ ਹਸਦਿਆਂ ਪਾਲ ਨੂੰ ਕਿਹਾ, 'ਮੇਰਾ ਖਿਆਲ ਹੈ, ਇਸ ਦੇ ਕਮਲ ਨੇ ਤੁਹਾਡੇ ਤੇ ਵੀ ਕੁਝ ਅਸਰ ਕਰ ਦਿੱਤਾ ਹੈ, ਜਿਸ ਕਰਕੇ ਤੁਸੀਂ ਸਿਰ ਮਾਰ ਮਾਰ ਸ਼ੌਕ ਨਾਲ ਬੈਠੇ ਸੁਣੀ ਜਾਂਦੇ ਹੋ। ਸੱਚ ਇਕ ਹੋਰ ਗੱਲ ਹੈ ਕਿ ਦਾਲ ਭਾਜੀ ਰੋਟੀ ਨਾਲ ਨੂੰ ਕੁਝ ਨਹੀ। ਮੈਂ ਗੁਆਂਢੋਂ ਵੀ ਪਤਾ ਕਰ ਆਈ ਹਾਂ, ਪਰ ਰੋਟੀ ਦਾ ਵੇਲਾ ਨਾ ਹੋਣ ਕਰਕੇ ਜਵਾਬ ਹੀ ਮਿਲਿਆ ਹੈ। ਤੁਸਾਂ ਮੁਆਫ਼ ਕਰਨਾ ਇਹ ਥੋੜ੍ਹੀ ਸ਼ੱਕਰ ਘਿਉ ਤੇ ਸਿਰਕਾ ਗੰਢੇ ਹੀ ਪ੍ਰਵਾਨ ਕਰਨੇ। ਉਂਜ ਤੁਹਾਨੂੰ ਅੱਜ ਮਿੱਠੇ ਦਾ ਸ਼ਗਨ ਵੀ ਦੇਣਾ ਸੀ, ਕੁਦਰਤੀ ਰਾਸ ਆ ਗਿਆ।
ਭੈਣ ਦਾ ਸੁਭਾਅ ਸਦਾ ਖੁਸ਼ ਰਹਿਣਾ ਸੀ। ਸਾਡੇ ਸਾਰਿਆ ਦੇ ਮੂੰਹ ਪ੍ਰਸੰਨਤਾ ਨਾਲ ਖਿੜੇ ਤੇ ਭਰੇ ਹੋਏ ਸਨ। ਪਾਲ ਨੇ ਥਾਲ ਫੜਦਿਆਂ ਸ਼ੱਕਰ ਦੇਖ ਕੇ ਕਿਹਾ, 'ਇਹ ਬੀਬੀ ਜੀ ਅਜੇ ਥੋੜ੍ਹੀ ਹੀ ਹੈ। ਮੈਂਥੋਂ ਤੇ ਦੋ ਮਹੀਨੇ ਨਹੀਂ ਮੁੱਕਣੀ।
'ਲੈ, ਤੁਹਾਡੇ ਜੇਹੇ ਰਿਸ਼ਟ ਪੁਸ਼ਟ ਲਈ ਕੋਈ ਬਾਹਲੀ ਨਹੀਂ। ਖਾ ਲਵੋਗੇ। ਸਾਡਾ ਹਰਬੰਸ ਤੇ ਭਰੇ ਛੰਨੇ ਤੋਂ ਘਟ ਨਹੀਂ ਖਾਂਦਾ। ਜੇ ਥੋੜ੍ਹੀ ਹੋਵੇ ਓਥੇ ਹੀ ਛੰਨਾ ਭੁੰਜੇ ਤੇ ਰੋਟੀਆਂ ਪਸੂਆਂ ਦੀਆਂ ਖੁਰਲੀਆਂ ਵਿਚ। ਹਾਲਾਂ ਕਿ ਤੁਹਾਡੇ ਨਾਲੋਂ ਕਿਤੇ ਛੋਟਾ ਦਿਸਦਾ ਹੈ।
ਉਹ ਕੰਮ ਕਰਨ ਵਾਲਾ ਹੈ, ਮੈਂ ਉਸ ਨਾਲ ਕਿਥੋਂ ਰਲ ਗਈ ਤੁਸੀਂ ਭੀ ਹੱਦ ਕਰਦੇ ਹੋ।
'ਚੰਗਾ, ਹੁਣ ਤੁਸੀਂ ਰੋਟੀ ਖਾਵੋ, ਅਸਾਂ ਅੱਜ ਬਹੁਤ ਸਾਰੀਆਂ ਗੱਲ ਕਰਨੀਆਂ ਹਨ। ਮੈਂ ਪਾਲ ਨੂੰ ਗੱਲ ਖ਼ਤਮ ਕਰਨ ਲਈ ਕਿਹਾ।
'ਹੋਰ ਤੇਰੀ ਬੀਜਣ ਖੁਣੋਂ' ਵਤ ਸੁੱਕਦੀ ਹੋਣੀ ਏ। ਗੱਲਾਂ ਮਾਰ ਲਈਆਂ ਜਾਂ ਅਮਲੀਆਂ ਵਾਂਗ ਊਂਘ ਛੱਡਿਆ।'
'ਬਸ ਬੀਬੀ। ਬਹੁਤ ਹੱਤਕ ਨਾ ਕਰੋ ਇਕ ਭਲੇਮਾਣਸ ਦੀ । ਮੈਂ ਫਿਰ ਪਾਲ ਵਲ ਮੂੰਹ ਕਰਦਿਆਂ ਕਿਹਾ, 'ਜਦੋਂ ਘਰ ਦੇ ਸਾਡਾ ਸਤਿਕਾਰ ਨਹੀਂ ਕਰਦੇ, ਬਾਹਰਲਿਆ ਤਾਂ ਜਰੂਰ ਲੂਣ ਮਿਰਚਾਂ ਲਾ ਕੇ ਗੱਲਾਂ ਕਰਨੀਆਂ ਹੋਈਆਂ। ਲੋਕੀ ਪਤਾ ਨਹੀਂ ਬੋਲੀਆਂ ਦੇ ਤਿੱਖੇ ਸੂਏ ਕਿਥੋਂ ਤਿਆਰ ਕਰਵਾਂਦੇ ਹਨ। ਬਸ ਇਕ ਬੋਲੀ ਮਾਰੀ ਨਹੀਂ ਤੇ ਇਕ ਭਲਾ ਆਦਮੀ ਹਲਾਕ ਹੋਇਆ ਨਹੀਂ।
ਹਰਬੰਸ ਹੇਠਾਂ ਆ ਗਿਆ ਸੀ, ਉਸ ਨੇ ਸੁਭਾਵਕ ਹੀ ਗੌਣਾ ਸ਼ੁਰੂ ਕਰ ਦਿੱਤਾ।
'ਤੈਨੂੰ ਸਾਧ ਨਾਲ ਕੀ ਤੈਨੂੰ ਚੋਰ ਨਾਲ ਕੀ।
ਤੂੰ ਤਾਂ ਆਪਣੀ ਨਬੇੜ ਤੈਨੂੰ ਹੋਰ ਨਾਲ ਕੀ।
ਗੱਲ ਉਸ ਨੇ ਸਚਾਈ ਦੀ ਧੜੀ ਕਰ ਕੇ ਸੁੱਟ ਪਾਈ ਸੀ । ਅਸੀਂ ਆਪਣੇ ਜੀਵਨ ਵਲ ਤਾਂ ਉੱਕਾ ਧਿਆਨ ਨਹੀਂ ਦਿੰਦੇ, ਪਰ ਲੋਕਾਂ ਦੀ ਚੰਗੀ ਮੰਦੀ ਦੀ ਖੂਬ ਦੰਦ-ਕਥਾ ਕਰਦੇ ਹਾਂ । ਮੁੜ ਹਰਬੰਸ ਨੇ ਸਾਰਿਆਂ ਨੂੰ ਚੁੱਪ ਵੇਖ ਕੇ ਮੈਨੂੰ ਕਿਹਾ, 'ਤੈਨੂੰ ਭਰਾ। ਧਰਮਸਾਲਾ ਵਿਚ ਹੁਣੇ ਬੁਲਾਇਆ ਹੈ। ਧਰਮਸਾਲਾ ਪਾਉਣ ਬਾਰੇ ਇਕੱਠ ਹੋਇਆ ਹੈ ਤੇ ਤੈਨੂੰ ਘੱਲਣ ਲਈ ਹੀ ਮੈਨੂੰ ਭੇਜਿਆ ਹੈ।
'ਕੀ ਮੇਰੇ ਬਿਨਾਂ ਸਰਦਾ ਨਹੀਂ, ਤੂੰ ਹੀ ਵੇਲਾ ਪੂਰਾ ਕਰ ਆਉਂਦਾ।
'ਖੁਭਿਆ ਗੱਡਾ ਵਹਿੜਕੇ ਨਹੀਂ ਖਿੱਚ ਸਕਦੇ। ਨਾਲੇ ਮੇਰਾ ਜੱਟ ਦਿਮਾਗ ਤੇਰੇ ਨਾਲ ਕਿਵੇਂ ਰਲ ਸਕਦਾ ਹੈ। ਸਾਡੇ ਵਰਗਿਆਂ ਉਥੇ ਸਿੱਧੀਆਂ ਆਖਣੀਆਂ ਹੋਈਆਂ। ਲੋਕਾਂ ਗੁੱਸਾ ਕਰਨਾ ਏਂ, ਫਿਰ ਕੀ ਸੁਆਦ ਆਊ। ਮਣਕਾ ਥਾਂ ਦੇ ਥਾਂ ਹੀ ਸੋਂਹਦਾ ਹੈ।
ਮੈਂ ਪੱਗ ਬੰਨ੍ਹਦਿਆਂ ਪਾਲ ਤੋਂ ਅੱਧੇ ਘੰਟੇ ਦੀ ਛੁੱਟੀ ਲਈ। ਮੈਂ ਜਾਣਾ ਨਹੀਂ ਸਾਂ ਚਾਹੁੰਦਾ, ਪਰ ਇਨ੍ਹਾਂ ਦੁਨੀਆ ਵਾਲਿਆਂ ਦੀ ਵੀ ਗੱਲ ਮੰਨਣੀ ਹੀ ਪੈਂਦੀ ਹੈ।
ਜਦੋਂ ਮੈਂ ਇਕੱਠ ਤੋਂ ਮੁੜ ਕੇ ਆਇਆ ਤਾਂ ਪਾਲ ਸੁੱਤੀ ਪਈ ਸੀ । ਇਕ ਬਾਂਹ ਸਰ੍ਹਾਣੇ ਹੇਠ ਦੀ ਕੱਢੀ ਹੋਈ ਸੀ। ਇਕ ਹੱਥ ਕੁਦਰਤੀ ਉਸ ਦਾ ਸੱਜੀ ਝੋਬਨਾ ਸਾਂਭੀ ਬੈਠਾ ਸੀ। ਦੂਜੀ ਵਿਚਾਰੀ ਆਪਣੀ ਅਸਲ ਥਾਂ ਤੋਂ ਥੋੜ੍ਹੀ ਹੇਠਾਂ ਨੂੰ ਢਿਲਕੀ ਹੋਈ ਸੀ, ਬਿਲਕੁਲ ਬੇਮਲੂਮੀ। ਦੋ ਲਿਟਾਂ ਹਵਾ ਨਾਲ ਉੱਡ-ਉੱਡ ਉਸ ਦੇ ਮੁਖੜੇ ਨੂੰ ਢੱਕਣਾ ਚਾਹੁੰਦੀਆਂ ਸਨ, ਪਰ ਉਨ੍ਹਾਂ ਦੀ ਇਹ ਮਾਸੂਮ ਖੇਡ ਉਸ ਦੇ ਹੁਸਨ ਨੂੰ ਆਖਰਾਂ ਵਲ ਧੂ ਰਹੀ ਸੀ। ਅੱਖਾਂ, ਸ਼ਰਾਬ ਦੇ ਮੂਧੇ ਵੱਜੇ ਪਿਆਲੇ ਸਨ।
ਬਿਹਬਲ ਤੇ ਅਧੀਰ ਹਿਚਕੋਲਿਆਂ ਨੇ ਮੇਰੇ ਦਿਲ ਦੀ ਹਾਲਤ ਅਜੀਬ ਤੋਂ ਅਪਾਰ ਅਨੋਖੀ ਬਣਾ ਦਿੱਤੀ। ਮੇਰੀ ਆਰਟ ਭੁੱਖ ਪਾਲ ਦੇ ਸੁੱਤੇ ਹੁਸਨ ਵਿਚ ਪ੍ਰਤੱਖ ਕ੍ਰਿਤਮਾ ਬਣੀ ਹੋਈ ਸੀ। ਮੈਂ ਉਸ ਨੂੰ ਵੇਖ ਰਿਹਾ ਸਾਂ, ਪਰ ਉਫ। ਮੈਂਥੋਂ ਸਹਾਰਿਆ ਨਹੀਂ ਸੀ ਜਾਂਦਾ। ਆਰਟ ਆਪਣੇ ਜਵਾਨ ਕ੍ਰਿਸ਼ਮੇ ਵਿਚ ਬੇਪਰਵਾਹ ਸੀ । ਉਸ ਨੂੰ ਕੋਈ ਪਤਾ ਨਹੀਂ ਸੀ ਕਿ ਇਕ ਕਵੀ ਜਜ਼ਬਾਤੀ ਤੂਫਾਨ ਵਿਚ ਆਪ ਤੂਫ਼ਾਨ ਦਾ ਇਕ ਅੰਗ ਹੋ ਕੇ ਬੇਪਤਾ ਮੰਜ਼ਲ ਵਲ ਰੁੜ੍ਹਿਆ ਜਾ ਰਿਹਾ ਹੈ। ਉਸ ਵੇਲੇ ਜੇ ਕੋਈ ਚਿੱਤਰਕਾਰ ਉਸ ਨੂੰ ਵੇਖਦਾ ਤਦ 'ਜੋਹਰਾ ਜੋਹਰਾ' ਦੇ ਨਾਹਰੇ ਮਾਰਦਾ ਆਪਣੇ ਕੱਪੜੇ ਪਾੜ ਦੌੜ ਜਾਂਦਾ। ਮੈਂ ਕੁਰਸੀ ਤੇ ਨਾ ਬਹਿ ਸਕਿਆ, ਮੇਰੇ ਦਿਲ ਦੀ ਧੜਕਣ ਹੱਦੋਂ ਵਧ ਤੇਜ ਹੋ ਚੁੱਕੀ ਸੀ। ਮੈਂ ਆਪਣੀ ਨਬਜ਼ ਤੇ ਹੱਥ ਰਖਿਆ, ਮੇਰੀਆਂ ਉਂਗਲਾਂ ਤਕ ਟਪ ਰਹੀਆਂ ਸਨ। ਖੂਨ ਦਾ ਤੇਜ਼ ਵਹਾ ਦਸ ਦੇਣਾ ਚਾਹੁੰਦਾ ਸੀ ਕਿ ਅੱਜ ਉਹ ਭਰ ਜਵਾਨ ਹੈ। ਮੈਂ ਨੀਂਦਰਾਏ ਹੁਸਨ ਤੇ ਝੁਕਿਆ। ਇਕ ਹੱਥ ਕਿਸੇ ਵਲਵਲੇ ਦੀ ਸ਼ਰਾਰਤ ਨਾਲ ਅਗਾਂਹ ਵਧਿਆ, ਪਰ ਖ਼ਿਆਲ ਦੀ ਢਾਲ ਨਾਲ ਟਕਰਾ ਕੇ ਨਕਾਰਾ ਹੋ ਗਿਆ।
ਮੈਂ ਚਾਹੁੰਦਾ ਸਾਂ ਕਿ ਉਹ ਕਦੇ ਨਾ ਜਾਗੇ, ਬਸ ਮੈਂ ਵੇਖੀ ਜਾਵਾਂ। ਸ਼ਾਇਦ ਮੈਂ ਅੱਜ ਆਪਣੇ ਅਫੀਮ ਆਦਰਜ ਦੇ ਨੇੜੇ ਪਹਿਲੀ ਵਾਰ ਆਇਆ ਸਾਂ। ਉਸ ਵੇਲੇ ਕੁਝ ਨਹੀਂ ਸੀ ਸਮਝ ਪੈਂਦਾ ਕਿ ਕੀ ਕਰਾਂ ? ਕਾਸ਼। ਇਸ ਆਰਟ ਵਿਚ ਸਮਾ ਜਾਣ ਲਈ ਕੋਈ ਰਾਹ ਹੁੰਦਾ ।
ਜੇ ਉਸ ਵੇਲੇ ਭੁੱਲ ਭੁਲੇਖੇ ਅਜਰਾਈਲ ਅੰਦਰ ਆ ਜਾਂਦਾ, ਪਾਲ ਦੇ ਹੁਸਨ ਨੂੰ ਵੇਖ ਜ਼ਰੂਰ ਸੁਰ ਵਿਚ ਫੂਕ ਮਾਰ ਦਿੰਦਾ। ਉਸ ਦੀ ਸ਼ਕਤੀ ਤੋਂ ਕਿਤੇ ਅਸਹਾਰ ਦ੍ਰਿਸ਼ ਸੀ। ਉਸ ਦੇ ਵਾਲ ਮੁੜਕੇ ਨਾਲ ਭਿੱਜ ਕੇ ਗਲ੍ਹਾਂ ਤੇ ਮੱਥੇ ਤੇ ਜੰਮ ਗਏ, ਮਾਨੋ ਨਾਗਾਂ ਦੇ ਬੱਚੇ ਕੁੰਡਲਾਂ ਮਾਰੀ ਹੁਸਨ ਦੀ ਰਾਖੀ ਕਰ ਰਹੇ ਹਨ। ਉਸ ਇਕ ਲੰਮਾ ਸਾਹ ਖਿੱਚਿਆ ਤੇ ਉਸ ਨਾਲ ਹੀ ਇਕ ਹਉਕਾ ਲਿਆ। ਹਉਕਾ ਨਾਲ ਲੱਕ ਵਿਚ ਪੈਦਾ ਹੋਈਆਂ ਲਹਿਰਾਂ ਨੇ ਮੇਰਾ ਸਭ ਕੁਝ ਆਪਣੇ ਵਿਚ ਜਜਬ ਕਰ ਲਿਆ। ਮੇਰੀ ਜਵਾਨੀ ਡੁੱਬ ਚੁੱਕੀ ਸੀ, ਫਲਸਫਾ ਬੁਰੀ ਤਰ੍ਹਾਂ ਗੋਤੇ ਖਾ ਰਿਹਾ ਸੀ। ਮੇਰੇ ਪਰਾਣ ਮੌਤ ਨੂੰ ਬੁਰੀ ਤਰ੍ਹਾਂ ਪੁਕਾਰ ਰਹੇ ਸਨ। ਬਦਬਖ਼ਤ ਮੌਤ ਦੀ ਮੇਰੇ ਤਮਾਸ਼ੇ ਦੀ ਦਰਸ਼ਕ ਬਣੀ ਮੁਸਕਰਾ ਰਹੀ ਸੀ। ਉਸ ਵੇਲੇ ਮੈਂ ਦਿਲ ਵਿਚੋਂ ਮੁੱਠੀ ਭਰ, ਸਾਰੀ
ਧਰਤੀ ਖੂਨ ਕਰ ਦੇਣੀ ਚਾਹੁੰਦਾ ਸਾਂ। ਮੈਂ ਹੈਰਾਨ ਸਾਂ ਕਿ ਇਨਸਾਨ ਆਪਣੇ ਆਦਰਸ਼ ਨੂੰ ਜਿੱਤ ਕੇ ਫਿਰ ਕਿਉਂ ਜਿੰਦਾ ਰਹਿੰਦਾ ਹੈ ?
ਭਲਾ ਮੇਰੇ ਤੜਪ ਰਹੇ ਬੁੱਲ ਜੇ ਇਨ੍ਹਾਂ ਨਿਰੀਆਂ ਨੂਰ, ਕੰਵਲ ਪਤੀਆਂ ਨੂੰ ਇਕ ਵਾਰ ਚੁੰਮ ਲੈਣ, ਫਿਰ ਕਿਆਮਤ ਦੀ ਕਾਹਲੀ ਦਾ ਕੋਈ ਡਰ ਨਹੀਂ ਹੋਵੇਗਾ। ਸਵਰਗ ਵਿਚ ਸਭ ਤੋਂ ਪਿਆਰੀ ਥਾਂ ਮੇਰੀ ਮਲਕੀਅਤ ਹੋਵੇਗੀ। ਪ੍ਰੇਮੀਆਂ ਤੇ ਬਿਨਾਂ ਸਵਰਗ ਵਿਚ ਕੋਈ ਨਹੀਂ ਜਾ ਸਕਦਾ। ਆਹ ! ਮਸਤ ਦੀਵਾਨਿਆਂ ਦੀ ਪ੍ਰੀਤ ਨਗਰੀ।
'ਵਿਭਚਾਰੀ ਭੌਰਾ ਕਲੀ ਦਾ ਰਸ ਚੂਸ ਕੇ ਉਸ ਨੂੰ ਬਰਬਾਦ ਕਰਦਾ ਹੈ ਤੇ ਪ੍ਰੇਮੀ ਆਪਣੀ ਪ੍ਰਿਆ ਨੂੰ ਚੁੰਮ ਕੇ ਉਸ ਨੂੰ ਕਤਲ ਕਰਦਾ ਹੈ।
(ਗੁਰੂਦੇਵ)
ਉਫ। ਇਹ ਕੀ ਲੋਹੜਾ ਮਾਰਿਆ ਗੁਰੂਦੇਵ ? ਕਾਸ਼! ਮੈਂ ਸਿਆਣਾ ਹੋਣ ਦੀ ਥਾਂ ਮੂਰਖ ਹੁੰਦਾ, ਅੱਜ ਇਸ ਲੱਜਤ ਤੋਂ ਵਾਝਿਆਂ ਨਾ ਰਹਿੰਦਾ। ਓ ਲੋਭ ਲਹਿਰ ਦੀ ਬੌਂਦਲਾਈ ਦੁਨੀਆ। ਮੈਂ ਅੱਜ ਤੇਰੇ ਅੱਗੇ ਦੁੱਧ ਧੋਤੇ ਵਾਕ ਰਖਦਾ ਹਾਂ ਕਿ ਸਿਆਣਾ ਹੋਣਾ ਦੁਨੀਆ ਦੀਆਂ ਸਾਰੀਆ ਲੱਜਤਾਂ ਤੋਂ ਕੋਰੇ ਰਹਿਣਾ ਹੈ। ਅਫਸੋਸ ਕਿ ਤੂੰ ਮੂਰਖ ਹੁੰਦੀ ਹੋਈ ਵੀ ਅਸਲ ਅਨੰਦ ਨੂੰ ਆਪਣੇ ਹੱਥੀ ਕੋਹ ਰਹੀ ਏ। ਪਾਲ ਨੇ ਜਿਉਂ ਹੀ ਪਾਸਾ ਪਰਤਿਆ ਤੇ ਜਾਗ ਖੁਲ੍ਹੀ । ਨੈਣ ਪਿਆਲੇ ਸਿੱਧੇ ਹੋਣ ਦੀ ਦੇਰ ਸੀ ਕਿ ਉਹ ਮੁੜ ਨਸ਼ੇ ਨਾਲ ਭਰ ਗਏ। ਨੀਂਦ-ਲਾਲੀ ਅੱਖਾਂ ਵਿਚ ਰਸ ਬਣ ਕੇ ਜੰਮੀ ਹੋਈ ਦਿਸਦੀ ਸੀ। ਉਹ ਉਠਦਿਆਂ ਹੀ ਮੁਸਕਾਈ, ਸਾਇਦ ਮੁਸਕਾਉਣਾ ਉਸ ਦਾ ਧਰਮ ਬਣ ਗਿਆ ਸੀ।
'ਤੁਸੀਂ ਕਿੰਨੇ ਕੁ ਚਿਰ ਤੋਂ ਏਥੇ ਬੈਠੇ ਹੈ !
'ਮੈਨੂੰ ਪਤਾ ਨਹੀਂ। ਮੈਂ ਉਸ ਤੋਂ ਅੱਖਾਂ ਤੇ ਬੁੱਲ ਮੁਸਕਾਉਣੇ ਸਿੱਖ ਲਏ ਸਨ।
'ਸ਼ਾਇਦ ਤੁਹਾਡੇ ਗੁਰੂਦੇਵ ਨੇ ਤੁਹਾਨੂੰ ਝੂਠ ਬੋਲਣਾ ਵੀ ਸਿਖਾਇਆ ਹੈ ?
'ਨਹੀਂ ਤਾਂ, ਪਰ ਤੁਸੀਂ ਨਹੀਂ ਜਾਣਦੇ, ਮੈਂ ਏਥੇ ਬੈਠਾ ਵੀ ਏਥੇ ਨਹੀਂ ਸਾਂ। ਮੇਰੇ ਤੇ ਸਰੂਰ ਦਾ ਅਤਿ ਪਿਆਰਾ ਦੌਰਾ ਸੀ। ਮੈਂ ਵੀ ਅੱਜ ਕਹਿ ਸਕਦਾ ਹਾਂ ਕਿ ਜੀਵਨ ਨੂੰ ਇਕ ਪਲ ਲਈ ਸੁਆਦ ਬਣਾ ਕੇ ਪੀਤਾ ਹੈ।
'ਆਪਣੀ ਖੁਸਕਿਸਮਤੀ 'ਚੋਂ ਭੋਰਾ ਦਾਨ ਕਰ ਸਕਦੇ ਹੋ ?'
'ਅਚੰਭਾ ਹੈ ਕਿ ਇਕ ਸਾਗਰ ਪਪੀਹੇ ਤੋਂ ਸੁਆਂਤੀ ਬੂੰਦ ਦੀ ਮੰਗ ਕਰੇ।'
ਪਾਲ ਨੂੰ ਆਪਣੇ ਤੇ ਕਾਬੂ ਨਾ ਰਿਹਾ। ਉਸ ਦੇ ਸਾਰੇ ਜਜਬੇ ਮਾਨਵਤਾ ਵਿਚ ਪਿਘਲ ਤੇ ਤਰਸੀਨ ਭੁੱਖ ਬਣ ਗਏ। ਮੇਰੇ ਸੁੱਤੇ-ਸਿੱਧ ਜਵਾਬ ਨੇ ਉਸ ਦੇ ਸੁੱਤੇ ਹਰ ਅੰਗ ਨੂੰ ਬੇਕਰਾਰ ਕਰ ਦਿੱਤਾ। ਉਸ ਦਾ ਹੁਸਨ ਜਵਾਲਾ ਰੂਹ ਬਣ ਗਿਆ। ਉਸ ਦੇ ਨੈਣਾਂ ਦੇ ਤਿਰਛੇ ਮਦ- ਭਰੇ ਕਟਾਖਯ ਮੇਰੇ ਵਲ ਆਪਮੁਹਾਰੇ ਵਧੇ ਸ਼ਾਇਦ ਮੈਨੂੰ ਸ਼ਰਾਬੀ ਕਰ ਦੇਣ ਲਈ ਉਤਾਵਲੇ ਸਨ। ਉਸ ਪ੍ਰੀਤ ਪ੍ਰਾਰਥਨਾ ਵਿਚ ਦੋਵੇਂ ਬਾਹਾਂ ਉਤਾਂਹ ਉਬਾਸੀ ਲਈ ਚੁੱਕੀਆਂ। ਇਸਤਰੀ ਦੀ ਉਬਾਸੀ ਮਰਦ ਵਲਵਲਿਆਂ ਲਈ ਇਕ ਜਬਰਦਸਤ ਚੈਲਿੰਜ ਹੈ । ਪਰ ਬਲਬੀਰ ਨੂੰ ਅਜਿਹੇ ਮੌਕੇ ਦੇ ਇਮਤਿਹਾਨਾਂ ਵਿਚ ਕਿਸੇ ਨੇ ਅਜੀਬ ਬੰਦਾ ਬਣਾ ਦਿੱਤਾ ਸੀ, ਜਿਹੜਾ ਸਮਝਦਾ ਸਭ ਕੁਝ ਸੀ, ਪਰ ਮਜਬੂਰ ਸੀ ਕਿਸੇ ਬੰਧਨ ਦੀ ਕੈਦ ਵਿਚ ।
ਸਭ ਕੁਝ ਜਾਣਦਿਆਂ ਮੇਰਾ ਜੀਅ ਉਸ ਦੀ ਝੋਲੀ ਵਿਚ ਡਿੱਗ ਪੈਣ ਨੂੰ ਕੀਤਾ। ਮੇਰਾ ਦਿਲ ਕਿਸੇ ਮਿੱਠੀ ਘੁੱਟ ਲਈ ਅੰਦਰੇ ਅੰਦਰ ਤਰਸ ਤੇ ਰੋ ਰਿਹਾ ਸੀ। ਪਰ ਹਾਏ। ਜਾਲਮ ਫਲਸਵੇ ਤੇਰਾ ਸਤਿਆਨਾਸ ਹੋਵੇ। ਤੂੰ ਸਾਡੀਆਂ ਜਵਾਨੀਆਂ ਇਸ ਲਈ ਪਾਲਦਾ ਤੇ ਨਿਖਾਰਦਾ ਏਂ ਕਿ ਸਾਡਾ ਲਹੂ ਅੱਗ ਨਾਲ ਮਿਲਾ ਕੇ ਇਕ ਨਵਾਂ ਹੁਸਨ ਪੈਦਾ ਕਰੇ। ਪ੍ਰੇਮੀਆਂ ਨੂੰ ਇਸ ਲਈ ਵਲਵਲਾਉਂਦਾ ਏਂ ਕਿ ਉਹਨਾਂ ਦੀਆਂ ਸੁਹਲ ਲਾਸਾਂ ਪੱਥਰਾਂ ਦੇ ਪਹਾੜ ਭਾਰ ਹੇਠਾਂ ਚੀਥਲੀਆਂ ਜਾਣ। ਜੱਲਾਦ! ਸਾਡੀ ਕੋਹਾਣ 'ਤੇ ਅਨੰਦ ਮਾਣਦਾ ਏਂ? ਦੂਰ ਹੋ ਮੇਰੀਆ ਅੱਖਾਂ 'ਚੋਂ ਫ਼ਰੇਬੀਆ। ਪਰ ਨਹੀਂ, ਉਫ। ਮੈਂ ਕੀ ਸੁਣ ਰਿਹਾ ਹਾਂ।
'ਕਾਮਨਾ ਦੇ ਅਤੋਲ ਭਾਰ ਅੱਗੇ ਪਹਾੜਾਂ ਦਾ ਭਾਰ ਕੱਖ ਵੀ ਨਹੀਂ। ਪਵਿਤ੍ਰ ਹੁਸਨ ਵਿਚ ਕਾਮਨਾ ਦਾ ਪ੍ਰਵੇਸ਼ ਮੱਸਿਆ ਦੇ ਮਦਨਾਗ ਦਾ ਡੰਗ ਹੈ। ਜਿਸ ਕਲੀ ਨੂੰ ਅਲਪ ਸੁੱਖ ਲਈ ਛੋਹਿਆ ਚਾਹੁੰਦਾ ਏਂ, ਉਹ ਵਾਸਤਵ ਵਿਚ ਦੋ ਧਾਰਾ ਕੰਡਾ ਹੈ। ਹਰ ਤਲਖ਼ ਤਜਰਬਾ ਹਕੀਕਤ ਦੇ ਨੇੜੇ ਲਿਜਾਂਦਾ ਹੈ। ਪਾਣੀ ਦਾ ਵਹਾਅ ਕੁਦਰਤੀ ਨਿਵਾਣ ਵਲ ਹੈ। ਸਾਰੇ ਮਨੁੱਖ ਹੀ ਹਕੀਕਤ ਵਲ ਜਾ ਰਹੇ ਹਨ। ਫਰਕ ਕੇਵਲ ਏਨਾ ਹੀ ਹੈ ਕਿ ਗਿਆਨੀ ਆਪਣੀ ਮੰਜ਼ਲ ਨੂੰ ਸਮੇਂ ਤੋਂ ਜਾਣਦਾ ਹੈ ?
ਜਿਸ ਪਿਆਲੇ ਨੂੰ ਮੈਂ ਰਾਤ ਦਿਨੇ ਤਰਸਦਾ ਸਾਂ, ਉਹ ਮੇਰੇ ਬੁੱਲਾਂ ਅੱਗੇ ਸੀ। ਦਿਲ ਫਨਾਹ ਹੋਣਾ ਚਾਹੁੰਦਾ ਸੀ। ਪਰ ਮਨ-ਸੰਤੁਸ਼ਟਤਾ ਕਿਸੇ ਅਪਾਰ ਅਨੰਦ ਦੀ ਉਡੀਕ ਵਿਚ ਇਨਕਾਰੀ ਸੀ। ਮੈਂ ਆਪਣਾ ਧਿਆਨ ਪਾਲ ਦੀਆਂ ਨਜ਼ਰਾਂ ਵਲ ਮੋੜਿਆ। ਉਹਨਾਂ ਵਿਚ ਹਾਲੇ ਵੀ ਆਸ਼ਾ ਦੀ ਰਾਹ ਦੇਖ ਰਿਹਾ ਜਜਬਾ ਸੀ। ਮੇਰਾ ਦਿਲ ਕੰਬ ਗਿਆ, ਮੈਂ ਆਪੇ ਤੇ ਕਾਬੂ ਪਾਉਣ ਦਾ ਯਤਨ ਕੀਤਾ ਅਤੇ ਨਾ ਮੁਸਕ੍ਰਾਉਣ ਤੇ ਮੁਸਕ੍ਰਾਂਦਿਆਂ ਕਿਹਾ, 'ਤੁਸੀ ਜਵਾਨੀ ਵਿਚ ਏਨੇ ਗਾਫਲ ਸੁੱਤੇ ਪਏ ਸੋ?
'ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਜਵਾਨੀ ਸੁਤਿਆਂ ਪਿਆ ਕਿਉਂ ਨਾ ਲੰਘ ਗਈ । ਉਸ ਨੇ ਨਿਰਾਸ ਸਿਰ ਫੇਰਦਿਆਂ ਆਖਿਆ।
'ਪਾਲ, ਅੱਜ ਇਹ ਗੱਲ ਆਪਣੇ ਦਿਲ ਵਿਚ ਯਕੀਨ ਦਾ ਨਿਰੋਲ ਮਾਦਾ ਬਣਾ ਕੇ ਬਿਠਾ ਲਵੋ ਕਿ ਤੁਹਾਨੂੰ ਇਸ ਸੰਸਾਰ ਵਿਚ ਕੋਈ ਦਿਲ ਹੈ, ਜਿਹੜਾ ਕੇਵਲ ਤੁਹਾਨੂੰ ਹੀ ਚਾਹ ਰਿਹਾ ਹੈ। ਤੁਸੀਂ ਉਸ ਦੀ ਉਡੀਕ ਵਿਚ ਆਪਣੀਆਂ ਆਸਾਂ ਨੂੰ ਨਿੱਤ ਸਵੇਰ ਦੀ ਤਰੇਲ ਨਾਲ ਸਜਰਿਆਂ ਦੇਖੋ। ਦੁਨੀਆ ਦਾ ਕੋਈ ਜ਼ੱਰਾ ਭਗਵਾਨ ਦੇ ਪਿਆਰ ਤੋਂ ਅੱਜ ਦੂਰ ਨਹੀਂ। ਸਮਾਂ ਆਪਣੀ ਪ੍ਰੀਤ ਛੋਹ ਨਾਲ ਹਰ ਦਿਲ ਦੀ ਧੜਕਣ ਸ਼ੁਰੂ ਕਰਦਾ ਹੈ। ਮੈਂ ਨਹੀਂ ਕਹਿ ਸਕਦਾ ਕਿ ਤੁਹਾਡਾ ਪ੍ਰੇਮੀ ਤੁਹਾਡੀ ਭਗਤੀ ਵਿਚ ਕਿੰਨਾ ਕੁ ਵਿਸਮਾਦ ਰਹਿੰਦਾ ਹੈ। ਜਿਸ ਦਿਨ ਇਕ ਭਗਤ ਨੂੰ ਆਪਣੇ ਭਗਵਾਨ ਦੇ ਦਰਸ਼ਨ ਹੋ ਜਾਣਗੇ, ਉਸ ਦਿਨ ਹੀ ਤੇਰਾ ਹੁਸਨ ਉਸ ਪ੍ਰੇਮੀ ਦੇ ਰਾਹ ਦਾ ਹਨੇਰਾ ਲੀਰਾਂ ਕਰ ਸੁੱਟੇਗਾ। ਉਸ ਪਿਛੋਂ ਤੁਸੀਂ ਦੋਵੇਂ ਅਨੰਦ ਸਾਗਰ ਵਿਚ ਦੋ ਸੁੱਖ ਬੂੰਦਾਂ ਬਣ ਕੇ ਸਦਾ ਲਈ ਇਕ ਮਹਾਂ-ਸਾਗਰ ਹੋ ਜਾਵੋਗੇ।
'ਬੂਡਿ ਮੂਏ ਨਾਉਕਾ ਮਿਲੈ ਫੁਨਿ ਕਾਮ ਨਾ ਆਵੇ । ਚਾਤ੍ਰਿਕ ਇਕ ਬੂੰਦ ਨੂੰ ਤਰਸਦਾ ਮਰ ਜਾਂਦਾ ਹੈ, ਪਰ ਉਸ ਦੀ ਮੌਤ ਪਿਛੋਂ ਉਸ ਦੀ ਲਾਸ਼ ਨੂੰ ਸਾਗਰ ਵਿਚ ਸੁੱਟ ਪਾਉਣ ਨਾਲ ਜਿਹੜਾ ਅਨੰਦ ਉਸ ਪੰਛੀ ਨੂੰ ਪਹੁੰਚੇਗਾ। ਉਹ ਮੈਨੂੰ ਵੀ ਮਿਲ ਜਾਵੇਗਾ।
'ਤੁਸੀਂ ਕਿਹੋ ਜਿਹੀਆਂ ਨਕਾਰੀਆਂ ਗੱਲਾਂ ਕਰਦੇ ਹੋ। ਅਸੀਂ ਸੁਆਮੀ ਬਣ ਕੇ ਜ਼ਿੰਦਗੀ ਜੀਵਾਂਗੇ। ਰੂਹ ਨੂੰ ਸੱਧਰ ਭਾਵ ਨਾਲ ਬਹਾਦਰ ਬਣਾਵੋ। ਅਸੀ ਫ਼ਿਤਰਤ ਦਾ ਚਮਕਦਾ ਅੰਗ ਹਾਂ, ਜੀਵਨ ਸਾਡੇ ਲਈ ਮਜਬੂਰ ਹੋਵੇਗਾ। ਵਿਸ਼ਵਾਸ ਕਰੋ ਕਿ ਅਸੀਂ ਤਰਲਿਆਂ ਤੇ ਹਉਕਿਆਂ ਵਿਚ ਸੜਨ ਲਈ ਨਹੀਂ ਪੈਂਦਾ ਹੋਏ।' ਮੇਰੇ ਸ਼ਬਦਾਂ ਵਿਚ ਜੀਵਨ ਦਲੇਰੀ ਬੋਲ ਰਹੀ ਸੀ।
'ਤੁਹਾਡੇ ਲਈ ਸਭ ਕੁਝ ਹੋਵੇਗਾ। ਪਰ ਮੇਰੇ ਲਈ ਜ਼ਿੰਦਗੀ ਦੇ ਸਭ ਦਰਵਾਜ਼ੇ ਬੰਦ ਹਨ, ਪਰ ਤੁਸੀਂ ਬਾਰ ਬਾਰ ਯਕੀਨ ਨਾਲ ਆਖਦੇ ਹੋ, ਇਸ ਲਈ ਤਕਦੀਰ ਤੇ ਸ਼ਾਕਰ ਹੋ ਖਾਮੋਸ਼ ਰਹਿੰਦੀ ਹਾਂ। ਇਕ ਮਹਾਤਮਾ ਦਾ ਸੇਵਕ ਵੀ ਮਹਾਤਮਾ ਹੀ ਹੁੰਦਾ ਹੈ। ਇਸ ਲਈ...।'
ਪਾਲ ਨੇ ਵਿਚੇਂ ਹੀ ਵਾਕ ਛੱਡ ਦਿੱਤਾ। ਅਸੀਂ ਮੁੜ ਸਧਾਰਨ ਹਾਲਤ ਵਿਚ ਆ ਗਏ । ਕੁਝ ਚਿਰ ਲਈ ਚੁੱਪ ਰਹਿੰਦੇ ਹੋਏ ਇਕ ਦੂਜੇ ਤੋਂ ਕੁਝ ਪੁੱਛਣ ਲਈ ਸੋਚ ਰਹੇ ਸਾਂ। ਪਾਲ ਟੇਢੀ ਕੂਹਣੀ ਪਰਨੇ ਖੱਬੀ ਹਥੇਲੀ ਤੇ ਸਿਰ ਰਖੀ ਪਈ ਸੀ। ਉਸ ਦਾ ਜੂੜਾ ਖੁਲ੍ਹ ਚੁੱਕਾ ਸੀ ਅਤੇ ਉਸ ਦੇ ਕੁਝ ਵਾਲ ਚਿੱਟੇ ਸਿਰਹਾਣੇ ਤੇ ਸੇਵੀਆਂ ਵਾਂਗ ਵਲ ਖਾਂਦੇ ਖਿਲਰੇ ਪਏ ਸਨ। ਉਹ ਫ਼ਕੀਰਾਨਾ ਬੇਪਰਵਾਹੀ ਵਿਚ ਉਹਨਾਂ ਰੇਸ਼ਮੀ ਲੱਛਿਆਂ ਦੀ ਸਾਂਭ ਵਲੋਂ ਅਡੋਲ ਸੀ। ਮੇਰੀਆਂ ਉਂਗਲਾਂ ਵਿਚ ਝੁਣਝੁਣੀਆਂ ਤੜਪ ਰਹੀਆਂ ਸਨ ਕਿ ਕਿਉਂ ਨਾ ਬਾਕੀ ਅੱਧੇ ਅਣ- ਖਿਲਰੇ ਕੇਸਾਂ ਨੂੰ ਵੀ ਬੰਧਨ ਤੋਂ ਛੁਡਾ ਕੇ ਖਿਲਾਰ ਦਿੱਤਾ ਜਾਵੇ। ਗੁੱਤਾਂ ਕਰਨੀਆਂ ਮੂਰਖਤਾ ਜੇਹੀ ਹੈ, ਇਨ੍ਹਾਂ ਵਿਚ ਕੁਦਰਤ ਦੇ ਸੁਹੱਪਣ ਦੀ ਹਾਰ ਹੋ ਜਾਂਦੀ ਹੈ। ਪਾਲ ਇਕ ਹੱਥ ਨਾਲ ਵਿਛਾਈ ਤੇ ਕੱਢੇ ਹਲਕੇ ਗੁਲਾਬੀ ਰੰਗ ਦੇ ਫੁੱਲ ਨੂੰ ਮੁੜ ਮੁੜ ਤੋੜਨ ਦਾ ਨਾਕਾਮ ਯਤਨ ਕਰ ਰਹੀ ਸੀ। ਮੈਂ ਸੁਭਾਵਕ ਆਖਿਆ, 'ਕਿਸੇ ਦੇ ਕੂਲੇ ਦਿਲ ਨੂੰ ਇੰਜ ਨਹੁੰਆਂ ਨਾਲ ਕੋਹਣਾ ਚੰਗਾ ਨਹੀਂ।
'ਪਰ ਮੇਰਾ ਦਿਲ ਕੋਹਣ ਵੇਲੇ ਕਿਸੇ ਦੇ ਮੂੰਹੋਂ ਨਾ ਉਫ ਨਿਕਲੀ, ਇਕ ਪੱਥਰ ਸੱਟ ਵਾਂਗ ਸਭ ਨੇ ਬੁੱਲ ਘੁਟ ਲਏ।'
'ਇਕ ਕਵੀ ਦਾ ਕਿਸੇ ਦੀ ਹਮਦਰਦੀ ਲਈ ਇਕ ਕਿਹਾ ਫਿਕਰਾ, ਦੁਨੀਆ ਦੇ ਲਿੱਸੇ ਤੇ ਫੋਕੇ ਹਜ਼ਾਰ ਅਫਸੋਸ ਤੋਂ ਭਾਰੂ ਹੈ। ਜਿਹੜਾ ਕੁਝ ਇਕ ਕਵੀ ਕਿਸੇ ਦੇ ਦਿਲ ਸੱਚੇ ਇਰਾਦੇ ਦੀ ਕਲਪਨਾ ਵਿਚ ਉਕਰ ਦੇਵੇਗਾ, ਉਸ ਨੂੰ ਕੋਈ ਹੋਣੀ ਵੀ ਨਹੀਂ ਮਿਟਾ ਸਕੇਗੀ ਮੈਂ ਅੱਜ ਤੁਹਾਡੇ ਸਾਰੇ ਦੁੱਖ ਰੋਗ ਤੁਹਾਡੀ ਜੀਵਨ-ਕਹਾਣੀ ਸੁਣ ਕੇ ਖੋਹ ਲਵਾਂਗਾ। ਹੁਣ ਮਿਹਰਬਾਨੀ ਕਰ ਕੇ ਸਾਰੀਆਂ ਗੱਲਾਂ ਤਿਆਗ ਕੇ ਆਪਣੀ ਕਹਾਣੀ ਸੁਣਾਵੋ। ਮੈਂ ਕਈ ਵਾਰ ਸੁਣਨ ਲਈ ਬੇਨਤੀਆਂ ਕਰ ਚੁੱਕਾ ਹਾਂ?
'ਜ਼ਰੂਰ ਸੁਣਨੀ ਹੈ ?"
'ਬਹੁਤ ਭੁੱਖ ਨਾਲ'।
'ਉਸ ਵਿਚ ਕੁਝ ਨਹੀਂ ਸਿਵਾਏ ਇਕ ਹਾਰ ਦੇ। ਤੁਸੀਂ ਸੁਣ ਕੇ ਕੀ ਕਰੋਗੇ।
'ਤੁਹਾਨੂੰ ਸੁਣ ਕੇ ਜੀਵਨ ਨੂੰ ਰੰਗਲਾ ਜਾਣਾਂਗਾ। ਮੂਰਖ ਦੁਨੀਆ ਨੂੰ ਜਾਣਾਂਗਾ ਕਿ ਉਹ ਕੀ ਚਾਹੁੰਦੀ ਹੈ ਇਕ ਵਫ਼ਾ ਨੂੰ ਕਿਉਂ ਕਰ ਠੁਕਰਾਉਂਦੀ ਹੈ।'
'ਹੇ ਹਮਦਰਦ ਆਤਮਾ। ਇਸ ਤੋਂ ਪਹਿਲਾਂ ਮੈਂ ਕਿਸੇ ਨੂੰ ਇਕ ਸ਼ਬਦ ਤਕ ਵੀ ਨਹੀਂ
ਦੱਸਿਆ। ਮੈਨੂੰ ਪਹਿਲਾਂ ਨਾ ਕੋਈ ਅਜਿਹਾ ਹਮਦਰਦ ਮਿਲਿਆ ਅਤੇ ਨਾ ਹੀ ਮੈਂ ਕਿਸੇ ਗੈਰ ਆਦਮੀ ਨੂੰ ਸੁਣਾ ਕੇ ਆਪਣਾ ਜਖ਼ਮ ਮੁੜ ਛੇੜਨਾ ਚਾਹੁੰਦੀ ਸਾਂ, ਸੋ ਸੁਣੋ-
'ਮੇਰੇ ਪਿਤਾ ਇਕ ਰਿਆਸਤ ਵਿਚ ਮਾਮੂਲੀ ਫ਼ੌਜੀ ਅਫਸਰ ਸਨ। ਮੇਰਾ ਲਾਡਲਾ ਤੇ ਮਿੱਠਾ ਬਚਪਨ ਓਥੇ ਹੀ ਲੰਘਿਆ। ਮੈਨੂੰ ਉਹ ਸੁਤੰਤਰ ਘੜੀਆਂ ਤੇ ਨਿੱਤ ਨਵੀਂ ਪ੍ਰਸੰਨਤਾ ਦੇ ਚਾਵਾਂ ਵਿਚ ਬੇਫਿਕਰ ਫਿਰਨਾ, ਕਦੇ ਨਹੀਂ ਭੁੱਲੇਗਾ, ਓਹ। ਮੈਂ ਓਥੇ ਹੀ ਅੱਠ ਜਮਾਤਾਂ ਪਾਸ ਕੀਤੀਆਂ। ਮੇਰੀ ਇਕ ਮਹਿੰਦਰਾ ਨਾਂ ਦੀ ਪਿਆਰੀ ਸਹੇਲੀ ਅੱਜ ਵੀ ਰਹਿ ਰਹਿ ਚੇਤੇ ਆਉਂਦੀ ਹੈ। ਗੱਲ ਕੀ ਜਿੰਨੇ ਕੁ ਇਕ ਅਮੀਰ ਘਰਾਣੇ ਵਿਚ ਸੁੱਖ ਤੇ ਆਜ਼ਾਦੀ ਹੋ ਸਕਦੇ ਹਨ ਮੈਂ ਉਥੇ ਰੱਜ ਕੇ ਮਾਣੇ। ਕੋਈ ਵੀ ਵਰਜ ਨਹੀਂ ਸੀ, ਨਾ ਰੋਕ। ਕੀ ਚੰਗਾ ਹੋਵੇ ਜੇ ਮਨੁੱਖ ਦਾ ਜੀਵਨ ਬੁਢੇਪੇ ਤੋਂ ਸ਼ੁਰੂ ਹੋ ਕੇ ਬਚਪਨ ਵਿਚ ਸਮਾਵੇ। ਦੁਖਾਂਤ ਦੀ ਥਾਂ ਸੁਖਾਂਤ ਮੱਲ ਲਵੇ। ਉਸ ਹਾਲਤ ਵਿਚ ਮੌਤ ਕਿੰਨੀ ਮਿੱਠੀ ਤੇ ਪਿਆਰੀ ਹੋ ਜਾਵੇ। ਪਰ ਹੋਣੀ ਇਸ ਦੁਨੀਆ ਤੇ ਸਮੇਂ ਦੀ ਮਾਂ ਹੈ: ਜਿਸ ਦੇ ਵਾਯੂਮੰਡਲ ਵਿਚ ਮੇਰੇ ਵਰਗੀਆਂ ਹਜਾਰਾਂ ਜਾਨਾਂ ਲਿਤਾੜੀਆਂ ਜਾਂਦੀਆਂ ਹਨ। ਸਮੇਂ ਨੂੰ ਕੋਈ ਪਰਵਾਹ ਨਹੀਂ ਕਿ ਉਸ ਦੇ ਪੱਥਰ ਪੈਰਾਂ ਹੇਠ ਕਿਹੋ ਜਿਹੀਆਂ ਸੁਹਲ ਜਿੰਦੜੀਆਂ ਦਰੜੀਆਂ ਜਾ ਰਹੀਆਂ ਹਨ। ਦੁਨੀਆ ਨੂੰ ਦੱਸਣ ਦਾ ਇਕ ਮਸੀਂ ਮੌਕਾ ਮਿਲਦਾ ਹੈ। ਇਸ ਨਾਮੁਰਾਦ ਦੁਨੀਆ ਨੂੰ ਨਿੱਤ ਨਵੀਂ ਕਹਾਣੀ ਦਿਲਚਸਪੀ ਲਈ ਚਾਹੀਦੀ ਹੈ।
'ਕਲੀ ਸਦਾ ਕਲੀ ਨਹੀਂ ਰਹਿੰਦੀ। ਉਸ ਜ਼ਰੂਰ ਇਕ ਦਿਨ ਖਿੜਨਾ ਹੁੰਦਾ ਹੈ। ਸਿਆਣਾ ਮਾਲੀ ਇਸ ਗੱਲ ਨੂੰ ਸਮੇਂ ਤੋਂ ਅੱਗੋਂ ਹੀ ਜਾਣ ਲੈਂਦਾ ਹੈ। ਪਿਤਾ ਜੀ ਨੂੰ ਵੀ ਮੇਰੀ ਫ਼ਿਕਰ ਹੋਈ। ਜਿਨ੍ਹਾਂ ਲੜਕੀਆਂ ਦਾ ਭਾਰ ਮਾਂ ਬਾਪ ਨੂੰ ਫਿਕਰ ਵਿਚ ਥਕਾਂਦਾ ਹੈ, ਮੇਰਾ ਖ਼ਿਆਲਾ ਹੈ ਹੋਰ ਕੋਈ ਨੁਕਸਾਨ ਵੀ ਇਤਨੀ ਚਿੰਤਾ ਦਾ ਕਾਰਨ ਨਹੀਂ ਬਣਦਾ। ਅਸੀਂ ਰਿਆਸਤੋਂ ਆਪਣੇ ਪਿੰਡ ਨੂੰ ਬੋਲੇ। ਮੈਂ ਆਪਣੀ ਸਹੇਲੀ ਮਹਿੰਦਰ ਤੋਂ ਬੜੇ ਦੁੱਖ ਨਾਲ ਵਿਛੜੀ। ਮੈਨੂੰ ਕੀ ਪਤਾ ਸੀ ਕਿ ਹੁਣ ਅੱਗੇ ਦੁੱਖਾਂ ਦੇ ਚੱਕਰ ਵਿਚ ਹੀ ਪੈ ਜਾਣਾ ਹੈ। ਮਹਿੰਦਰ ਦੇ ਵਿਛੋੜੇ ਤੋਂ ਮੇਰੇ ਦੁੱਖ ਸ਼ੁਰੂ ਹੋ ਗਏ ਸਨ। ਮੇਰੇ ਨਾਤੇ ਲਈ ਇਕ ਸਿਆਣਾ ਵਿਚੋਲਾ ਲੱਭਿਆ ਗਿਆ। ਵਿਚੋਲਿਆਂ ਦੀ ਸਿਆਣਪ ਤੇ ਚਤਰਾਈ ਬਹੁਤ ਮੋਮੇਠਗਣੀਆਂ ਗੱਲਾਂ ਮਾਰਨ ਵਿਚ ਹੀ ਹੁੰਦੀ ਹੈ।
'ਮੇਰਾ ਵਿਚੋਲਾ ਵੀ ਲੱਗਾ ਉਘ ਦੀਆਂ ਪਤਾਲ ਮਾਰਨ। ਮੁੰਡਾ ਜਵਾਨ ਹੈ, ਅਕਲ ਸ਼ਕਲ ਬਹੁਤ ਹੈ। ਜਾਇਦਾਦ ਤੇ ਪੈਸੇ ਦੀ ਤੇ ਗੱਲ ਹੀ ਨਾ ਕਰੋ। ਬਾਹਰ ਦੋ ਤਿੰਨ ਹਲ ਚਲਦੇ ਹਨ। ਸੱਤ ਬੈਲ, ਇਕ ਊਠ, ਤਿੰਨ ਮੱਝਾਂ ਦੋ ਗਾਈਆਂ ਵਹਿੜਕੇ ਛੋਟੀਆਂ ਦੀ ਤਾਂ ਪੁਛੋ ਨਾ, ਗਿਣੇ ਹੀ ਨਹੀਂ ਜਾਂਦੇ। ਕੰਮ ਜੱਟ ਦਾ ਘਮਾ ਘੰਮ ਚਲਦਾ ਹੈ। ਫਿਰ ਨੰਬਰਦਾਰ ਹੈ ਸਰਦਾਰ ਆਪ। ਮੇਰੀ ਮੰਨੋ ਤਾਂ ਕੁਝ ਨਾ ਪੁਛੋ, ਸਾਕ ਕਰਨ ਦੀ ਕਰੋ ਜੇ ਮੁੰਡਾ ਰੁਕ ਗਿਆ, ਫਿਰ ਟੋਲਿਆਂ ਅਜਿਹਾ ਥਾਂ ਨਹੀਂ ਜੇ ਲੱਭਣਾ। ਮੁੰਡਾ ਜਮਾਤਾਂ ਵੀ ਛੀ ਪੜ੍ਹਿਆ ਹੋਇਆ ਹੈ। ਫਿਰ ਸਰਦਾਰ ਜੀ, ਨੇੜ ਪਰੇਹਾਂ, ਖੇਤਾਂ ਨਾਲ ਖੇਤ ਲੱਗਣ। ਕਹਿੰਦੇ ਹੁੰਦੇ ਹਨ ਨੇੜੇ ਦੀ ਤਾਂ ਸਿਆਣ ਨਹੀਂ ਮਾਨ। ਦੁੱਖ ਸੁੱਖ ਦੀ ਸਾਂਝ ਹੋਰ ਰੱਬ ਕੋਲੋਂ ਕੀ ਲੈਣਾ ਹੈ।
'ਮੇਰੇ ਪਿਤਾ ਜੀ ਸਾਰੀ ਉਮਰ ਬਾਹਰ ਹੀ ਰਹੇ ਸਨ। ਪਿੰਡਾਂ ਦੀ ਹਵਾ ਦਾ ਉਨ੍ਹਾਂ ਨੂੰ ਉੱਕਾ ਹੀ ਪਤਾ ਨਹੀਂ ਸੀ। ਵਿਚੋਲੇ ਦੀਆਂ ਗੱਲਾਂ ਵਿੱਚ ਆ ਗਏ। ਸਾਰੀਆ ਗੱਲਾਂ ਘਰ
ਵਿਚ ਮੇਰੇ ਸਾਹਮਣੇ ਹੀ ਹੁੰਦੀਆਂ ਸਨ। ਵਿਚੇ ਵਿਚ ਮੈਂ ਇਕ ਸ਼ਰਮਾਕਲ ਜਿਹੀ ਖੁਸ਼ੀ ਵੀ ਪਰਤੀਤ ਕਰਦੀ ਸਾਂ। ਪਰ ਕੀ ਪਤਾ ਸੀ ਕਿ ਕਲੀ ਨੂੰ ਤੋੜ ਕੇ ਸਦਾ ਲਈ ਚੁਰਾਹੇ ਗੱਡੀ ਵਾੜ ਦੇ ਕੰਡਿਆਂ ਵਿਚ ਅੜਾ ਦਿੱਤਾ ਜਾਵੇਗਾ। ਪਿਤਾ ਜੀ ਹੋਰਾਂ ਨੂੰ ਵਿਚੋਲੇ ਦੀ ਬਕਵਾਸ ਨੇ ਭਰਮਾ ਲਿਆ। ਅਗਲੇ ਦਿਨ ਕੋਕਰੀ ਜਾ ਕੇ ਰੁਪਈਆ ਹੱਥ ਰੱਖ ਆਏ। ਪਿਤਾ ਜੀ ਦੀ ਸਾਰੀ ਛੁੱਟੀ ਪੰਝੀ ਦਿਨ ਦੀ ਸੀ। ਵਿਆਹ ਵੀ ਪੰਦਰਾਂ ਦਿਨਾਂ ਦਾ ਰਖ ਆਏ। ਪਿੰਡ ਦੀਆ ਕੁੜੀਆਂ ਲਗੀਆਂ ਮੈਨੂੰ ਮੁਸਕਰਾ ਕੇ ਵੇਖਣ। ਕਈ ਤਾਂ ਵੱਖੀਆਂ ਵਿਚ ਚੂੰਢੀਆਂ ਭਰਨੋਂ ਵੀ ਨਹੀਂ ਸਨ ਹਟਦੀਆਂ। ਪਰ ਆਹ। ਉਹ ਚੂੰਢੀਆਂ ਵੀ ਕੀ ਪਿਆਰੀਆਂ ਹੁੰਦੀਆਂ ਹਨ। ਸੱਚਮੁਚ ਇਕ ਕਵਾਰੀ ਦੇ ਜਜਬੇ ਕਵਾਰੀ ਹੀ ਜਾਣ ਸਕਦੀ ਹੈ।
ਮੈਂ ਵਿਚੋਂ ਹੀ ਬੋਲ ਪਿਆ, 'ਕਿਤੇ ਹਾਣੀ ਮੁੰਡਿਆਂ ਦੀਆਂ ਗੱਲਾਂ ਸੁਣੀਆਂ ਜਾਣ, ਫਿਰ ਵੇਖੋ ਜਿੰਦਗੀ ਨੰਗੇ ਮੂੰਹ ਨਾਚ ਕਰਦੀ।
'ਮੁੰਡਿਆਂ ਵਿਚ ਕਿਹੜਾ ਲਹੂ ਨਹੀਂ ਹੁੰਦਾ। ਇਹ ਮਿੱਠੀ ਜਲਣ ਦੁਵੱਲੀ ਹੁੰਦੀ ਹੈ। ਖੈਰ ਰੁਪਿਆ ਹੱਥ ਰੱਖਣ ਵੇਲੇ ਜਿਹੜੀਆਂ ਸ਼ਰਤਾਂ ਹੋਈਆਂ ਉਹ ਇਹ ਸਨ, ਜੰਞ ਦੇ ਆਦਮੀ ਥੋੜ੍ਹੇ ਸੱਦੇ ਜਾਣਗੇ। ਖਟ ਵਗੈਰਾ ਕੁਝ ਨਹੀਂ ਦਿੱਤੀ ਜਾਵੇਗੀ। ਕੇਵਲ ਇਕ ਲੜਕੀ ਦਾ ਹੀ ਦਾਨ ਹੋਵੇਗਾ। ਉਸ ਵੇਲੇ ਉਨ੍ਹਾਂ ਸਾਰੀਆਂ ਸਤਿਬਚਨ ਆਖ ਮੰਨੀਆਂ। ਪਰ ਜਿਸ ਦਿਨ ਲਾਗੀ ਜੰਞ ਦੇ ਦਸ ਆਦਮੀ ਆਖਣ ਗਿਆ, ਅੱਗੋਂ ਉਨ੍ਹਾਂ ਜਵਾਬ ਦਿੱਤਾ ਕਿ ਮੁੰਡਾ ਆਖਦਾ ਹੈ, ਮੇਰਾ ਤੀਹਾਂ ਆਦਮੀਆਂ ਤੋਂ ਘਟ ਨਹੀਂ ਸਰ ਸਕਦਾ। ਮੇਰੇ ਯਾਰਾਂ ਮਿੱਤਰਾਂ ਵੀ ਜਾਣਾ ਹੋਇਆ। ਜੋ ਕੁਝ ਉਨ੍ਹਾਂ ਕਿਹਾ, ਲਾਗੀ ਵਿਚਾਰੇ ਸਾਨੂੰ ਆ ਸੁਣਾਇਆ । ਪਿਤਾ ਜੀ ਹੋਰਾਂ ਵਿਚੋਲੇ ਨੂੰ ਸੱਦ ਕੇ ਪੁੱਛਿਆ। ਉਸ ਅੱਗੋਂ ਸ਼ੇਰ ਦੇ ਬੱਚੇ ਜਵਾਬ ਦਿੱਤਾ: ਤਾਂ ਫਿਰ ਕੀ ਹੋਇਆ। ਤੀਹ ਆਦਮੀਆਂ ਨਾਲ ਮਰ ਤਾਂ ਨਹੀਂ ਜਾਵਾਂਗੇ। ਪਿਤਾ ਜੀ ਹੋਰਾਂ ਕਿਹਾ, ਹੋਰ ਤਾਂ ਸਭ ਬੰਦੋਬਸਤ ਹੋ ਜਾਵੇਗਾ, 'ਖੰਡ ਕਿਥੋਂ ਲਵਾਂਗੇ। ਤਿੰਨ ਬੋਰੀਆਂ ਤੋਂ ਘਟ ਕਿਸੇ ਸੂਰਤ ਵੀ ਨਹੀਂ ਸਰਨਾ।
'ਮੁਆਫ਼ ਕਰਨਾ ਬਲਬੀਰ, ਤੁਸੀਂ ਹੈਰਾਨ ਹੋਵੇਗੇ ਕਿ ਮੈਂ ਕੀ ਸੁਣਾ ਰਹੀ ਹਾਂ, ਪਰ ਮੈਂ ਚਾਹੁੰਦੀ ਹਾਂ ਕਿ ਹਰ ਨਿੱਕੀ ਤੋਂ ਨਿੱਕੀ ਘਟਨਾ ਨੂੰ ਤੁਹਾਡੇ ਅੱਗੇ ਖੋਲ੍ਹ ਕੇ ਰੱਖ ਦੇਵਾਂ। ਫਿਰ ਤੁਸਾਂ ਬਿਲਕੁਲ ਨਿਰਪੱਖ ਮੇਰੇ ਬਾਰੇ ਇਨਸਾਫ਼ ਕਰਨਾ।‘
'ਮੈਂ ਸਭ ਕੁਝ ਬੜੇ ਧਿਆਨ ਨਾਲ ਸੁਣ ਰਿਹਾ ਹਾਂ। ਤੁਸੀਂ ਇੰਨ ਬਿੰਨ ਆਖੀ ਚੱਲੋ।‘
ਪਿਤਾ ਜੀ ਨੇ ਸੇਰ ਕੱਚੀ ਰੁਪਏ ਦੀ ਖੰਡ, ਦੋ ਬੋਰੀਆਂ ਖਰੀਦੀ। ਅੱਗੇ ਜਦੋਂ ਜੰਞ ਆਈ ਤੀਹਾਂ ਦੇ ਵੀ ਪੰਜਤਾਲੀ ਆਦਮੀ ਬਣ ਗਏ। ਪਿਤਾ ਜੀ ਬੜੇ ਹੈਰਾਨ ਹੋਏ, ਖੰਡ ਅੱਗੇ ਹੀ ਥੋੜ੍ਹੀ ਸੀ। ਇਨ੍ਹਾਂ ਪੇਂਡੂਆਂ ਦੇ ਵਤੀਰੇ ਤੇ ਪਿਤਾ ਜੀ ਨੂੰ ਬੜਾ ਗੁੱਸਾ ਆ ਰਿਹਾ ਸੀ। ਵਿਚੋਲੇ ਨੇ ਗੱਲਾਂ ਬਾਤਾਂ ਮਾਰ ਕੇ ਪੰਜ ਤੋਲੇ ਸੋਨੇ ਦਾ ਵਿਆਂਦੜ ਵਾਸਤੇ ਕੈਂਠਾ ਵੀ ਚੋਰੀ ਕਰਵਾ ਦਿੱਤਾ ਸੀ। ਅਸਾਂ ਜਿਵੇਂ ਵੀ ਸਰੀ ਓਸੇ ਤਰ੍ਹਾਂ ਆਪਣੇ ਵਲੋਂ ਨਿਬਾਹੀ। ਜੰਞ ਦੀ ਬਹੁਤ ਸੇਵਾ ਕੀਤੀ। ਵਿਆਂਦੜ ਨੂੰ ਹਰ ਰੋਟੀ ਤੋਂ ਸ਼ਰਾਬੀ ਹੋਏ ਨੂੰ ਉਸ ਦੇ ਸਾਥੀ ਚੁੱਕ ਕੇ ਲੈ ਜਾਂਦੇ ਸਨ। ਮੈਨੂੰ ਮੇਰੀਆ ਸਾਥਣਾਂ ਨੇ ਲੁਕੋ ਕੇ ਸ਼ਰਾਬੀ ਸਰਦਾਰ ਵਿਖਾਇਆ। ਸਾਉਲੇ ਰੰਗ ਵਿਚ ਸੀਤਲਾ ਦੇ ਦਾਗ਼ ਸਨ, ਸੁਆਹ ਤੇ ਜੰਮੀਆਂ ਕਣੀਆਂ। ਉਸ ਦੇ ਸ਼ਰਾਬੀ ਹੋਣੇ ਨੇ ਮੇਰੇ ਦਿਲ ਨੂੰ
ਤਕੜੀ ਸੇਂਟ ਮਾਰੀ। ਕਾਲੇ ਰੰਗ ਨਾਲ ਉਸ ਸੂਫ ਦਾ ਚਾਦਰਾ ਬੰਨ੍ਹ ਮਾਨੋਂ ਸ਼ੌਕੀਨੀ ਦੇ ਮੂੰਹ ਤੇ ਚਪੇੜ ਵੱਟ ਮਾਰੀ ਸੀ।
ਆਨੰਦ ਦੀ ਧਾਰਮਕ ਰਸਮ ਨੇ ਇਕ ਆਜ਼ਾਦ ਰੋਹੀ ਦੀ ਹਰਨੀ ਜੰਡ ਨਾਲ ਨਰੜ ਦਿੱਤੀ। ਮੈਂ ਸਾਰੀਆਂ ਗੱਲਾਂ ਖਾਮੋਸ਼ ਪੀ ਲਈਆਂ। ਇਕ ਕੰਵਾਰੀ ਪੰਜਾਬਣ ਅਜਿਹੇ ਮੌਕੇ ਹੋਰ ਕਰ ਹੀ ਕੀ ਸਕਦੀ ਹੈ। ਮੈਂ ਪਿਤਾ ਜੀ ਦੇ ਕੀਤੇ ਨੂੰ ਕਦੇ ਵੀ ਰੱਦਣ ਨੂੰ ਤਿਆਰ ਨਹੀਂ ਸੀ. ਭਾਵੇਂ ਮੈਨੂੰ ਲੱਖ ਜਨਮ ਕੁਰਬਾਨੀ ਕਿਉਂ ਨਾ ਦੇਣੀ ਪੈਂਦੀ। ਅਖੀਰਲੀ ਰੋਟੀ ਤੇ ਸਰਦਾਰ ਜੀ ਹੋਰੀ ਸ਼ਰਾਬੀ ਹੋਏ ਆਖ ਰਹੇ ਸਨ, 'ਮੈਨੂੰ ਸਭ ਪਤਾ ਹੈ। ਮੈਨੂੰ ਸਭ ਪਤਾ...। ਮੈਨੂੰ ਇਹ ਗੱਲ ਕਦੇ ਨਹੀ ਭੁਲ਼ਣੀ। ਅੱਗੇ ਜਾ ਕੇ ਤੁਸੀਂ ਵੇਖਣਾ ਇਸ ਗੱਲ ਨੇ ਕੀ 'ਗੱਲੂ' ਬਣ ਜਾਣਾ ਏ। ਮੈਂ ਸਾਰੀਆਂ ਗੱਲਾਂ ਤਕੜਾ ਜੇਰਾ ਕਰਕੇ ਵੇਖਦੀ ਤੇ ਸੁਣਦੀ ਗਈ। ਮੈਨੂੰ ਆਪਣੀ ਲਿਆਕਤ ਤੇ ਭਰੋਸਾ ਸੀ ਕਿ ਮੈਂ ਸਭ ਕੁਝ ਠੀਕ ਕਰ ਲਵਾਂਗੀ। ਉਹ ਮੇਰੇ ਪਤੀ ਹਨ, ਮੈਂ ਉਨ੍ਹਾਂ ਦੀਆਂ ਇਹ ਸਾਰੀਆਂ ਆਦਤਾਂ ਹਟਾ ਦੇਵਾਂਗੀ । ਅਫ਼ਸੋਸ । ਖੂਹ ਦਾ ਪਾਣੀ ਸ੍ਵਛ ਕਰਨ ਲਈ ਲੂਣ ਦਾ ਸਾਰਾ ਡਲਾ ਖੁਰ ਗਿਆ, ਪਰ ਖੂਹ ਦੇ ਪਾਣੀ ਵਿਚ ਕੋਈ ਫਰਕ ਨਾ ਪਿਆ।
'ਪਿਤਾ ਜੀ ਨੇ ਕੈਂਠਾ ਲਾੜੇ ਦੇ ਗਲ੍ਹ ਪਾ ਦਿੱਤਾ। ਉਨ੍ਹਾਂ ਦੀ ਕਾਲੀ ਗਰਦਨ ਸੋਨੇ ਦੀ ਚਮਕ ਨਾਲ ਥੋੜ੍ਹੀ ਲਿਸ਼ਕ ਉਠੀ। ਪਿਤਾ ਜੀ ਕੈਂਠਾ ਪਾ ਕੇ ਅੰਦਰ ਚਲੇ ਗਏ, ਤਦ ਸਰਦਾਰ ਹੋਰਾਂ ਕਿਹਾ, 'ਗੁੱਟ ਤਾਂ ਖ਼ਾਲੀ ਹੀ ਰਹੇ। ਇਹ ਗੱਲ ਮੈਂ ਸਹੇਲੀਆਂ ਵਿਚ ਖੜ੍ਹੀ ਨੇ ਕੰਨੀਂ ਸੁਣੀ। ਮੈਨੂੰ ਵੀ ਖਲੋਤੀ ਨੂੰ ਗੁੱਸੇ ਨਾਲ ਤ੍ਰੇਲੀ ਆ ਗਈ। ਮਨੁੱਖਤਾ ਦਾ ਕੋਈ ਲਿਹਾਜ਼ ਨਹੀਂ, ਜੀਵਨ ਦਾ ਕੋਈ ਸਤਿਕਾਰ ਨਹੀਂ, ਕੇਵਲ ਲਾਲਚ ਮੁੱਖ ਰਖਿਆ ਗਿਆ। ਇਸ ਲਾਲਚ ਨੇ ਮੇਰੀ ਜ਼ਿੰਦਗੀ ਬੁਰੀ ਤਰ੍ਹਾਂ ਤਬਾਹ ਕੀਤੀ। ਅਸਾਂ ਉਹ ਸਾਰੀਆਂ ਨਿੱਕੀਆਂ ਮੋਟੀਆਂ ਰਸਮਾਂ ਕੀਤੀਆਂ, ਜਿਹੜੀਆਂ ਪਿੰਡਾਂ ਦੇ ਵਿਚ ਪ੍ਰਚੱਲਤ ਸਨ। ਸਰਦਾਰ ਦੇ ਘਰਦਿਆਂ ਨੂੰ ਦੋਹਰੇ ਲੀੜੇ ਦਿੱਤੇ। ਮਾਂ ਪਿਓ ਨੇ ਮੈਨੂੰ ਹਜ਼ਾਰ ਸਿਖਿਆ ਨਾਲ ਵਿਦਾ ਕੀਤਾ ।
ਸਹੇਲੀਆਂ ਨੂੰ ਭਰੇ ਦਿਲ ਨਾਲ ਘੁੱਟ ਕੇ ਮਿਲੀ। ਮੇਰਾ ਦਿਲ ਡੁੱਬਦਾ ਜਾ ਰਿਹਾ ਸੀ। ਇਕ ਭਰਿਆ ਬਗੀਚਾ ਛੱਡ ਕੇ ਜਾਣ ਨੂੰ ਜੀ ਨਹੀਂ ਸੀ ਕਰਦਾ। ਜਿਸ ਰਥ ਵਿਚ ਮੈਂ ਬਿਠਾਈ ਗਈ, ਉਹ ਤਕੜੇ ਹਿਚਕੋਲੇ ਨਾਲ ਹਿਲਿਆ, ਮੈਨੂੰ ਇਉਂ ਜਾਪਿਆ, ਜਿਵੇਂ ਕਿਸੇ ਨੇ ਮੇਰੇ ਦਿਲ 'ਚੋਂ ਰੁਗ ਭਰ ਲਿਆ। ਜਿਉਂ-ਜਿਉਂ ਰਥ ਤੁਰਦਾ ਸੀ, ਤਿਉਂ-ਤਿਉਂ ਹੀ ਮੇਰਾ ਦਿਲ ਘਿਰ ਰਿਹਾ ਸੀ। ਉਹਨੀਂ ਦਿਨੀ ਮੀਂਹ ਬੜੇ ਪਏ ਸਨ। ਸਹੁਰੇ ਪਿੰਡ ਦਾ ਛੱਪੜ ਸ਼ਰਾਬੀਆਂ ਵਾਂਗ ਹਿਲੋਰਾ ਤੇ ਠਾਠਾਂ ਮਾਰ ਰਿਹਾ ਸੀ। ਧਰਤੀ ਸਾਰੀ ਮੀਂਹ ਨਾਲ ਇਉਂ ਫਿੱਸੀ ਪਈ ਸੀ, ਜਿਵੇਂ ਗਰੀਬ ਦੀ ਜ਼ਿੰਦਗੀ ਦੁੱਖਾਂ ਨਾਲ। ਘਰ ਜਾਣ ਲਈ ਕੋਈ ਹੋਰ ਰਾਹ ਨਹੀਂ ਸੀ, ਸਵਾਏ ਇਸ ਦੇ ਕਿ ਛੱਪੜ ਵਿਚ ਹੀ ਠਿਲ੍ਹਿਆ ਜਾਂਦਾ। ਜਾਞੀਆਂ ਵਿਚ ਇਕ ਅਨੋਖਾ ਹਾਸਾ ਮਚਿਆ ਹੋਇਆ ਸੀ। ਮੇਰੇ ਸਹੁਰੇ ਨੇ ਲਾਗੀ ਨੂੰ ਛੱਪੜ ਵਿਚ ਵੜਨ ਲਈ ਕਿਹਾ ਕਿ ਦੇਖ ਪਾਣੀ ਕਿੰਨਾ ਕੁ ਡੂੰਘਾ ਹੈ। ਸਾਰਾ ਛੱਪੜ ਦੇਖ ਕੇ ਲਾਗੀ ਨੇ ਬਲਦਾਂ ਦੇ ਰੱਸੇ ਫੜੇ। ਪਾਣੀ ਵਿਚ ਪਹੀਆਂ ਦੀਆਂ ਆਰਾਂ ਘੁੰਮਣ ਲਗੀਆ। ਪਾਣੀ ਰੱਥ ਦੀ ਹਿਕ ਛੋਹਣ ਨੂੰ ਆ ਰਿਹਾ ਸੀ। ਅਖੀਰ ਨੀਵੇਂ ਪਾਸੇ ਦੀ ਛੱਤ ਭਿੱਜ ਹੀ ਗਈ। ਰੱਥ ਦੀ ਇਕ ਨੁਕਰ ਵਿਚ ਦੀ ਮੈਨੂੰ ਪਿੰਡ ਦੇ ਖੋਲੇ ਦਿਸੇ। ਮੇਰਾ ਮਨ ਮੈਨੂੰ ਕਹਿ ਰਿਹਾ ਸੀ, 'ਪਾਲ ਹੁਣ ਤੂੰ ਏਥੇ ਵਸਣਾ ਏ।
'ਇਕ ਵਾਰ ਰਥਵਾਹੀ ਨੇ ਬਲਦਾਂ ਨੂੰ 'ਬਸ਼ਕਾਰ' ਮਾਰੀ। ਸਿਆਣੇ ਬਲਦ ਝਟ ਰੁਕ ਗਏ। ਮੈਂ ਵੀ ਸੰਭਲੀ, ਕਿਉਂਕਿ ਸਹੁਰਾ ਘਰ ਆ ਗਿਆ ਸੀ। ਘਰ ਵਿਚ ਨਿੱਕੇ ਮੋਟੇ ਨਿਆਣਿਆਂ ਨੇ 'ਬਹੂ ਆ ਗਈ, ਬਹੂ ਆ ਗਈ ਦਾ ਰੌਲਾ ਪਾ ਦਿੱਤਾ। ਝਟ ਦੋ ਮਿੰਟਾਂ ਅੰਦਰ ਕੁੜੀਆਂ ਨੇ ਸਾਵਣ ਬੱਦਲੀਆਂ ਵਾਂਗ ਰਥ ਆ ਘੇਰਿਆ। ਗੀਤ ਗਾ ਕੇ ਵਿਆਹ ਦੀ ਸੋਭਾ ਵਧਾਈ ਗਈ। ਸਰਦਾਰ ਪਿਆਰਾ ਸਿੰਘ ਦੇ ਤੌਲੀਏ ਦਾ ਲੜ ਫੜਾ ਕੇ ਮੈਨੂੰ ਤੋਰ ਕੇ ਬੂਹੇ ਅੱਗੇ ਲਿਆਂਦਾ ਗਿਆ। ਪਿਆਰਾ ਸਿੰਘ ਮੇਰੇ ਪਤੀ ਸਨ। ਸੱਸ ਨੇ ਦੋਹੀਂ ਕੌਲੀਂ ਤੇਲ ਚੋਇਆ ਅਤੇ ਅਸੀਂ ਦੋਵੇਂ ਮੱਲਕ ਮੱਲਕ ਬੀਮਾਰੀ ਵਾਂਗ ਤੁਰ ਰਹੇ ਸਾਂ। ਮੈਨੂੰ ਅੰਦਰ ਲਿਜਾ ਕੇ ਇਕ ਮੰਜੇ ਤੇ ਲੀੜਾ ਵਿਛਾ ਕੇ ਬਿਠਾ ਦਿੱਤਾ ਤੇ ਸੰਸ ਨੇ ਪਾਣੀ ਵਾਰ ਕੇ ਪੀਤਾ।
'ਭਲਾ ਪਾਲ ਵਿਆਹ ਵਿਚ ਇਕ ਰੂਹ ਕਿੰਨਾ ਕੁ ਸੁਆਦ ਮਾਣਦੀ ਹੈ? 'ਮੈਂ ਵਿਆਹ- ਸੁਆਦ ਦੀ ਤਾਂਘ ਨਾਲ ਪੁੱਛਿਆ।
'ਇਹ ਇਕ ਭੁਲੇਖਾ ਹੀ ਹੈ। ਕੰਵਾਰੇ ਵਿਆਹ ਨੂੰ ਭੁੱਖੇ ਚਾਅ ਨਾਲ ਉਡੀਕਦੇ ਹਨ ਤੇ ਵਿਆਹੇ ਦੁਆਲਾ ਕਢਵਾ ਕੇ ਫਿਰ ਚਾਹੁੰਦੇ ਹਨ ਕਿ ਵਿਆਹ ਹੁਣ ਹੋਣਾ ਚਾਹੀਦਾ ਹੈ। ਮੁਸਕ੍ਰਾਂਦੀ ਪਾਲ ਨੇ ਮੁੜ ਕਿਹਾ, 'ਅਸੀ ਕਿਹੋ ਜਿਹੀਆ ਮੂਰਖ ਗਲਤੀਆਂ ਵਿਚ ਪਏ ਹਾਂ।
'ਪਰ ਪਾਲ। ਗਲਤੀਆਂ ਹੀ ਜੀਵਨ ਨੂੰ ਬਹੁਤਾ ਪਛਾਣਦੀਆਂ ਹਨ।'
'ਹਛਾ। ਏਵੇਂ ਸਹੀ, ਤੁਸੀ ਕਹਾਣੀ ਅੱਗੇ ਸੁਣੋ। ਵਿਆਹ ਵਿਚ ਹੀ ਮੈਨੂੰ ਪਤਾ ਲਗ ਗਿਆ ਕਿ ਮੇਰਾ ਸਹੁਰਾ ਸਾਡੇ ਤੇ ਨਾਰਾਜ਼ ਹੈ। ਕਿਉਂਕਿ ਨਾ ਤੇ ਅਸਾਂ ਘੋੜੀ ਦਿੱਤੀ ਸੀ ਅਤੇ ਨਾ ਹੀ ਹੋਰ ਨਕਦ ਉਨ੍ਹਾਂ ਦੇ ਭੇਟਾ ਕੀਤਾ ਸੀ। ਮੇਰੇ ਸਰਦਾਰ ਦਾ ਮੂੰਹ ਅੱਡ ਹੀ ਸੁਜਿਆ ਹੋਇਆ ਸੀ। ਉਹ ਆਪਣੀ ਭੈਣ ਨੂੰ ਕਹਿ ਰਿਹਾ ਸੀ, 'ਭੈਣ। ਤੇਰੀ ਤੇ ਮੇਰੀ ਕਿਸਮਤ ਰੱਬ ਨੇ ਇਕੋ ਜਿਹੀ ਬਣਾ ਦਿੱਤੀ ' ਮੇਰੇ ਦਿਲ ਵਿਚ ਇਹ ਗੱਲ ਸੂਲ ਵਾਂਗ ਚੁੱਭ ਕੇ ਰਹਿ ਗਈ। ਸੰਖੇਪ ਵਿਚ ਮੈਂ ਵਿਆਹ ਵਿਚ ਹੀ ਕਈ ਇਕ ਕੌੜੀਆਂ ਫਿੱਕੀਆਂ ਗੱਲਾਂ ਸੁਣੀਆਂ। ਮੈਂ ਤੀਜੇ ਦਿਨ ਵਾਪਸ ਆ ਗਈ। ਮੈਂ ਪਿਤਾ ਜੀ ਨੂੰ ਰਾਹ ਵਿਚ ਹੀ ਸਾਰੀ ਗੱਲ ਦਸ ਦਿੱਤੀ। ਪਿਤਾ ਜੀ ਨੇ ਬੜੇ ਔਖੇ ਹੋ ਕੇ ਗੱਲਾਂ ਸੁਣੀਆਂ ਅਤੇ ਪਿੰਡ ਜਾ ਕੇ ਵਿਚੋਲੇ ਨਾਲ ਲੜ ਪਏ। ਵਿਚੋਲੇ ਨੇ ਅੱਗੋਂ ਬਣਾ ਸਵਾਰ ਕੇ ਕਿਹਾ, 'ਤੁਹਾਨੂੰ ਸਰਦਾਰ ਜੀ ਪਤਾ ਨਹੀਂ। ਤੁਸਾਂ ਅੱਗੋਂ ਕੋਈ ਵਿਆਹ ਕੀਤਾ ਹੋਵੇ ਤਾਂ ਤੁਹਾਨੂੰ ਪਤਾ ਹੋਵੇ । ਵਿਆਹ ਵਿਚ ਅਜਿਹੇ ਰਗੜੇ ਝਗੜੇ ਹੁੰਦੇ ਹੀ ਹਨ। ਦੋ ਚਾਰ ਦਿਨਾਂ ਪਿਛੋਂ ਸਭ ਕੁਝ ਠੀਕ ਹੋ ਜਾਇਆ ਕਰਦਾ ਹੈ।
ਮੇਰਾ ਮੁਕਲਾਵਾ ਨਾਲ ਦਾ ਹੀ ਸੀ। ਦੋ ਦਿਨ ਪਿੰਡ ਰਖ ਕੇ ਮੈਨੂੰ ਫਿਰ ਕੋਕਰੀ ਨੂੰ ਤੋਰਿਆ ਗਿਆ। ਮੇਰੇ ਦਿਲ ਦੇ ਚਾਅ ਇਕ ਤਰ੍ਹਾਂ ਨਾਲ ਮਿੱਧੇ ਗਏ ਸਨ। ਕਿਉਂਕਿ ਮੇਰੇ ਨਾਲੋਂ ਦਾਜ ਕੀਮਤੀ ਸਮਝਿਆ ਗਿਆ ਸੀ। ਮੈਨੂੰ ਓਥੇ ਜਾਣ ਵਿਚ ਬਿਲਕੁਲ ਹੀ ਕੋਈ ਖੁਸ਼ੀ ਨਹੀਂ ਸੀ। ਪਰ ਰਥ ਦੀਆਂ ਟੱਲੀਆਂ ਤੇ ਬੈਲਾਂ ਦੀਆਂ ਘੁੰਘਰਾਲਾਂ ਛਣਕਦੀਆਂ ਦਸ ਰਹੀਆਂ ਸਨ ਕਿ ਅਸੀਂ ਪਿੰਡ ਤੋਂ ਦੋ ਮੀਲ ਆ ਗਏ ਹਾਂ। ਮੈਂ ਤੇ ਸਰਦਾਰ ਦੋਵੇਂ ਹੀ ਰੱਥ ਵਿਚ ਬੈਠੇ ਸਾਂ, ਜਾਂ ਇਕ ਪਾਸੇ ਚੌਲਾਂ ਦੀਆਂ ਪਿੰਨੀਆਂ ਦਾ ਇਕ ਪੀਪਾ ਸੀ। ਹੁਣ ਤਕ ਬਿਲਕੁਲ ਚੁੱਪ ਵਰਤੀ ਰਹੀ ਸੀ। ਮੈਂ ਘੁੰਡ ਵਿਚ ਦੀ ਵੀ ਉਸ ਨੂੰ ਵੇਖਣ ਦਾ ਯਤਨ ਨਾ ਕੀਤਾ ਅਤੇ ਇਕ ਪਾਸੇ ਢੋਅ ਲਾਈ ਬੈਠੀ ਰਹੀ। ਉਸ ਇਕ ਵਾਰ ਹੀ ਝਟਕੇ ਨਾਲ ਮੇਰੇ ਸਿਰ ਦਾ ਲੀੜਾ
ਖਿੱਚਿਆ। ਮੇਰਾ ਮੂੰਹ ਨੰਗਾ ਹੋ ਗਿਆ। ਮੈਨੂੰ ਹੈਰਾਨੀ ਤੇ ਅਫਸੋਸ ਹੋਇਆ। ਮੈਂ ਚੁੱਪ ਚਾਪ ਫਿਰ ਪੱਲਾ ਲੈ ਲਿਆ । ਹੋਰ ਰਥ ਵਿਚ ਰੌਲਾ ਤੇ ਪਾਉਣਾ ਹੀ ਨਹੀਂ ਸੀ। ਦੂਜੀ ਵਾਰ ਉਸਨੇ ਮੇਰੇ ਪੱਟ ਤੇ ਅਜਿਹੀ ਚੂੰਡੀ ਵਢੀ, ਮਾਨੋਂ ਮੇਰੀ ਜਾਨ ਹੀ ਨਿਕਲ ਗਈ । ਮੈਂ ਕਸੀਸ ਵਟ ਕੇ ਖਾਮੋਸ਼ ਹੋ ਰਹੀ। ਉਹ ਫਿਰ ਵੀ ਨਿਚੱਲਾ ਨਾ ਰਹਿ ਸਕਿਆ। ਮੇਰੀ ਵੱਖੀ ਵਲ ਰੰਬੇ ਵਾਂਗ ਹੱਥ ਚਲਾਇਆ। ਮੈਂ ਤਰਲੇ ਵਜੋਂ ਹੱਥ ਬੰਨ੍ਹ ਦਿੱਤੇ। ਮੇਰੀ ਹਾਰ ਦੇਖ ਕੇ ਮੂਰਖ ਸਰਦਾਰ ਬੜਾ ਖੁਸ ਹੋਇਆ। ਉਸ ਨੂੰ ਨਹੀਂ ਸੀ ਪਤਾ ਕਿ ਔਰਤ ਸਦੀਆਂ ਤੋਂ ਆਦਮੀ ਦੇ ਦਰ ਤੇ ਜੀਵਣ ਦੀ ਭਿਖਿਆ ਮੰਗ ਰਹੀ ਹੈ।
'ਪਰ ਤੁਸੀਂ ਉਸ ਲਈ ਮੂਰਖ ਸ਼ਬਦ ਕਿਉਂ ਵਰਤਿਆ?'
'ਤੁਹਾਡੀ ਸ਼ਰੇਣੀ ਦਾ ਕਰਕੇ ਤੁਹਾਨੂੰ ਦੁਖ ਹੋਇਆ ਹੋਵੇਗਾ ?
'ਇਹ ਗੱਲ ਨਹੀਂ, ਤੁਸਾਂ...।
ਫਿਰ ਉਸ ਦੇ ਵਤੀਰੇ ਨੇ ਆਪਣੇ ਆਪ ਨੂੰ ਇਸ ਲਫਜ਼ ਦੇ ਐਨ ਯੋਗ ਸਾਬਤ ਕਰ ਦਿੱਤਾ ਸੀ। ਇਕ ਦੁਖੀਆ ਦੀ ਕਹਾਣੀ ਠੰਡੇ ਦਿਲ ਨਾਲ ਸੁਣੋ:
'ਉਹ ਰਾਤ ਆ ਗਈ, ਜਿਸ ਵਿਚ ਇਸਤਰੀ ਦੀ ਪਵਿਤ੍ਰਤਾ ਮਰਦ ਛੋਹ ਨਾਲ ਸਤਿਕਾਰੀ ਘਟ ਤੇ ਲਿਤਾੜੀ ਬਹੁਤੀ ਜਾਂਦੀ ਹੈ। ਸਤਾਰਾਂ ਅਠਾਰਾਂ ਸਾਲਾਂ ਵਿਚ ਧੜਕਦੀ ਜਵਾਨੀ ਕਈ ਵਾਰ ਇਕ ਲਾਸ਼ ਬਣ ਜਾਂਦੀ ਹੈ। ਨਾਜ਼ਾ ਪਲਿਆ ਹੁਸਨ ਦੀਵੇ ਦੀ ਕਾਲਖ ਬਣ ਕੇ ਰਹਿ ਜਾਂਦਾ ਹੈ।
ਇਸ ਦੇ ਉਲਟ ਮੇਰੀਆਂ ਕਈ ਭੈਣਾਂ ਲਈ ਸ਼ਾਇਦ ਮਰਦ ਛੋਹ ਜੀਵਨ ਦੇ ਨਿਰਾਲੇ ਨਗਮੇ ਪੈਦਾ ਕਰਦੀ ਹੋਵੇਗੀ। ਸ਼ਾਇਦ ਉਨ੍ਹਾਂ ਦੀ ਸਖਣੀ ਜ਼ਿੰਦਗੀ ਪੂਰਨ ਹੀ ਉਸ ਰਾਤ ਹੁੰਦੀ ਹੋਵੇ, ਕਿਉਂਕਿ ਮੈਨੂੰ ਉਸ ਦਾ ਕੋਈ ਗਿਆਨ ਨਹੀਂ। ਮੈਨੂੰ ਮੇਰੀ ਆਪਣੀ ਬੀਤੀ ਨਾਲ ਵਾਸਤਾ ਹੈ। ਇਸ ਰਾਤ ਵਿਚ ਇਕ ਭੋਲੀ ਲੜਕੀ ਦਾ ਬੁਰੀ ਤਰ੍ਹਾਂ ਇਮਤਿਹਾਨ ਲਿਆ ਜਾਂਦਾ ਹੈ।
'ਗਰਮੀ ਦੀ ਰੁੱਤ ਸੀ। ਚੁਬਾਰੇ ਦੇ ਸਿਖਰ ਦੋ ਮੰਜੇ ਡਾਹੇ ਹੋਏ ਸਨ। ਰੋਟੀ ਖੁਆ ਕੇ ਮੇਰੀ ਨਣਾਨ ਮੈਨੂੰ ਉੱਤੇ ਛੱਡ ਗਈ। ਚੌਲ ਮੇਰੇ ਢਿਡ ਵਿਚ ਬੁਰੀ ਤਰ੍ਹਾਂ ਗੇੜੇ ਕੱਢ ਰਹੇ ਸਨ। ਮੈਂ ਉਦੋਂ ਹੀ ਢਿੱਡ ਫੜ ਕੇ ਪੈ ਗਈ। ਹਨੇਰਾ ਕਾਫ਼ੀ ਹੋ ਚੁੱਕਿਆ ਸੀ। ਦੂਜੇ ਸੱਖਣੇ ਮੰਜੇ ਦਾ ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹ ਕਿਸ ਦਾ ਹੈ। ਆਉਣ ਵਾਲੇ ਸਮੇਂ ਲਈ ਮੈਂ ਦਿਲ ਵਿਚ ਗੱਲ ਬਾਤ ਸੋਚ ਰਹੀ ਸਾਂ। ਕਦੇ ਦਿਲ ਕਾਹਲਾ ਪੈਂਦਾ, ਪਰ ਕਦੇ ਇਕ ਨਾਦਾਨ ਮੁਸਕਾਣ ਵਿਚ ਸਭ ਕੁਝ ਭੁੱਲਣ ਦਾ ਯਤਨ ਕਰਦੀ ਸਾਂ। ਮੈਨੂੰ ਖੁਸ਼ੀ ਦੀ ਓਨੀ ਆਸ ਨਹੀਂ ਸੀ ਜਿੰਨਾ ਡਰ ਲਗ ਰਿਹਾ ਸੀ। ਚੌਲ ਕੱਚੇ ਹੋਣ ਕਰਕੇ ਮੈਨੂੰ ਢਿੱਡ ਪੀੜ ਤਕੜੀ ਹੋਣ ਲਗ ਪਈ। ਚੁਬਾਰੇ ਨਾਲ ਲਗੀ ਬਾਂਸ ਦੀ ਪੌੜੀ ਇਕ ਵਾਰ ਚੁੱਕ ਕੇ ਮੁੜ ਲਾਈ ਗਈ, ਮੈਂ ਸਮਝਿਆ ਮੇਰੀ ਸਰਕਾਰ ਆ ਰਹੀ ਹੈ। ਮੈਂ ਪੱਲਾ ਲਿਆ ਤੇ ਆਪਣੇ ਦਿਲ ਦੀ ਪਲ-ਪਲ ਤੇਜ਼ ਹੋ ਰਹੀ ਧੜਕਣ ਹੱਥ ਰੱਖ ਕੇ ਥੰਮਣ ਲਗੀ। ਪਰ ਕਿਥੇ। ਸਰਦਾਰ ਹੋਰਾਂ ਦੇ ਪਹੁੰਚਣ ਤੋਂ ਅੱਗੇ ਸ਼ਰਾਬ
ਦੀ ਤਿੱਖੀ ਬੋ ਮੰਜਿਆਂ ਦੁਆਲੇ ਘੁੰਮਣ ਲਗੀ। 'ਅਪੜੇ ਕਹਿ ਕੇ ਉਨ੍ਹਾਂ ਆਪਣਾ ਪੈਰ ਜੋਰ ਦੀ ਚੁਬਾਰੇ ਦੀ ਛੱਤ ਤੇ ਮਾਰਿਆ ਅਤੇ ਇਕ ਤਕੜਾ ਸਾਹ ਨਾਸਾਂ ਰਾਹੀ ਛੱਡਿਆ। ਚੁਬਾਰੇ ਦਾ ਮੱਛਰ ਸਭ ਨੱਸ ਗਿਆ। ਮੇਰਾ ਦਿਲ ਉਸੇ ਤਰ੍ਹਾਂ ਧੜਕ ਰਿਹਾ ਸੀ। ਉਹ ਮੰਜਾ ਨੇੜੇ ਖਿਚ ਕੇ ਬਹਿ ਗਏ ਅਤੇ ਬਹਿੰਦਿਆਂ ਸਾਰ ਹੀ ਉਨ੍ਹਾਂ ਮੇਰੀ ਬਾਂਹ ਫੜ ਲਈ । ਮੈਂ ਛੁਡਾਣ ਦਾ ਯਤਨ ਨਾ ਕੀਤਾ। ਮੈਨੂੰ ਆਪਣੇ ਅੰਦਰ ਜੋਬਨ ਦੇ ਬੰਦ ਵਲਵਲੇ ਮਿੱਠੇ-ਮਿੱਠੇ ਪਿਘਲਦੇ ਜਾਪੇ। ਪਰ ਉਨ੍ਹਾਂ 'ਹੂੰ' ਕਹਿ ਕੇ ਬਾਂਹ ਝਟਕੇ ਨਾਲ ਛੱਡ ਦਿੱਤੀ। ਝਟਕਾ ਮੇਰੇ ਦਿਲ ਵਿਚ ਕੰਬਣੀ ਬਣ ਦੇ ਸਮਾ ਗਿਆ ਅਤੇ ਇਕ ਹੈਰਾਨੀ ਨੇ ਮੈਨੂੰ ਗੁੱਝਾ ਜਿਹਾ ਤੜਪਾ ਦਿੱਤਾ। 'ਕਿਸੇ ਤੋਂ ਵਿਛੜਨ ਦਾ ਬਹੁਤ ਦੁੱਖ ਹੋਵੇਗਾ।' ਮੈਨੂੰ ਸਰਦਾਰ ਦੇ ਪਹਿਲੇ ਕਹੇ ਸ਼ਬਦਾਂ ਨੇ ਹੈਰਾਨ ਤੋਂ ਬੌਰੀ ਕਰ ਦਿੱਤਾ। ਮੈਨੂੰ ਉਸ ਦੇ ਕਹੇ ਦੀ ਕੱਖ ਸਮਝ ਨਾ ਪਈ। ਮੈਂ ਅਬੋਲ ਪਈ ਸਾਂ। 'ਮੈਂ ਬਥੇਰੇ ਪਾਪੜ ਵੇਲੇ ਹਨ, ਆਦਮੀ ਦੀ ਤੋਰ ਦੋਂ ਦਸ ਦੇਵਾਂ ਕਿ ਇਸ ਦੇ ਦਿਲ ਵਿਚ ਕੀ ਹੈ। ਫਿਰ ਤੀਵੀਂ ਦੀਆਂ ਚਾਲਾਂ ਸਮਝਣ ਵਿਚ ਤਾਂ ਮੈਂ ਪੂਰਾ ਵੈਲੀ ਹਾਂ । ਖ਼ਿਆਲ ਕਰਦੀ ਸਾਂ ਕਿ ਖ਼ਬਰੇ ਆਦਮੀ ਪਹਿਲੀ ਰਾਤ ਰੋਹਬ ਪਾਉਣ ਲਈ ਹੀ ਅਜਿਹੀਆਂ ਗੱਲਾਂ ਕਰਿਆ ਕਰਦਾ ਹੈ। ਪਰ ਉਸ ਦੇ ਇਸ ਵਾਕ ਨੇ ਮੇਰੇ ਅੱਗੇ ਉਸ ਦੇ ਆਚਰਨ ਨੂੰ ਬੁਰੀ ਤਰ੍ਹਾਂ ਨੰਗਿਆਂ ਕਰ ਦਿੱਤਾ। ਮੈਂ ਇਸ ਦੁੱਖ ਦੇ ਵਾਰ ਨੂੰ ਪਹਿਲਾਂ ਵਾਂਗ ਸਹਾਰਿਆ, ਮੇਰੇ ਅੰਦਰ ਇਕ ਸਾਂਗ ਗੱਡੀ ਗਈ।
ਸ਼ਾਇਦ ਤੁਸੀਂ ਨਹੀਂ ਜਾਣ ਸਕਦੇ, ਉਸ ਵੇਲੇ ਇਸਤਰੀ ਦਿਲ ਨੂੰ ਕਿੰਨਾ ਕੁ ਦੁਖ ਹੁੰਦਾ ਹੈ, ਜਦੋਂ ਕਿ ਉਸ ਦਾ ਆਦਮੀ ਦੂਜੀਆਂ ਇਸਤਰੀਆਂ ਨਾਲ ਆਪਣਾ ਤਅੱਲਕ ਦਸ ਰਿਹਾ ਹੋਵੇ। ਸ਼ਾਇਦ ਮੇਰੇ ਸਰਦਾਰ ਆਪਣੀ ਵਡਿਆਈ ਕਰ ਰਹੇ ਸਨ। ਮੈਂ ਕੰਡੇ ਦੀ ਨੋਕ ਤੇ ਦਿਲ ਰੱਖੀ ਸੁਣਦੀ ਰਹੀ, ਪਰ ਉਸ ਵੇਲੇ ਮੇਰਾ ਬੁਰਾ ਹਾਲ ਸੀ। ਸਰਦਾਰ ਹੋਰਾਂ ਫੁਰਮਾਇਆ, 'ਤੂੰ ਸਮਝਦੀ ਹੋਵੇਂਗੀ ਕਿ ਮੈਨੂੰ ਤੇਰੇ ਲੱਛਣਾਂ ਦਾ ਪਤਾ ਨਹੀਂ ?' ਉਫ! ਮੈਨੂੰ ਨਹੀਂ ਸੀ ਪਤਾ ਕਿ ਸਾਰੀਆਂ ਗੱਲਾਂ ਮੈਨੂੰ ਹੀ ਆਖੀਆ ਜਾ ਰਹੀਆਂ ਹਨ। ਮੈਨੂੰ ਇਉਂ ਭਾਸਿਆ ਜਿਵੇਂ ਕਿਸੇ ਸੜਦਾ ਸੜਦਾ ਕੋਲਾ ਮੇਰੇ ਦਿਲ ਤੇ ਰਖ ਦਿੱਤਾ ਹੈ। ਮੇਰਾ ਸਾਰਾ ਦਿਲ ਅੱਖਾਂ ਵਿਚ ਪਾਣੀ ਬਣ ਕੇ ਆ ਛਲਕਿਆ। ਓ ਭਗਵਾਨ ਕੀ ਇਹ ਸੱਚਮੁਚ ਮੈਨੂੰ ਹੀ ਆਖ ਰਹੇ ਸਨ। ਮੈਂ ਡੁੱਬਾਂ ਮਾਰ ਕੇ ਰੋਣਾ ਚਾਹੁੰਦੀ ਸਾਂ। ਮੈਥੋਂ ਆਪਣਾ ਅੰਦਰਲਾ ਸਾਂਭਿਆ ਨਹੀਂ ਸੀ ਜਾ ਰਿਹਾ। ਉਨ੍ਹਾਂ ਇਕ ਹੋਰ ਗੋਲੀ ਦਾਗ ਦਿੱਤੀ। 'ਤੈਨੂੰ ਬਚਨਾ ਯਾਦ ਕਰਦਾ ਸੀ, ਉਫ! ਹੋ ਭਗਵਾਨ। ਮੈਂ ਕੀ ਸੁਣ ਰਹੀ ਹਾਂ, ਮੈਥੋਂ ਜ਼ੋਰ ਲਾਉਣ ਤੇ ਵੀ ਰੋਣ ਨਾ ਠਲ੍ਹਿਆ ਗਿਆ। ਬਚਨਾ ਸਾਡੀ ਗਲੀ ਦਾ ਹੀ ਮੁੰਡਾ ਸੀ। ਮੈਂ ਹੈਰਾਨ ਸਾਂ, ਕੰਮ ਰਹੀ ਸਾਂ ਹੋ ਰਹੀ ਸਾਂ । ਮੈਨੂੰ ਕੁਝ ਵੀ ਨਹੀਂ ਸੀ ਸੁੰਬਦਾ ਮੈਂ ਆਪਣੀਆਂ ਚੁਬਕੀਆਂ ਵਿਚ ਹੀ ਡੁੱਬ ਜਾਣਾ ਚਾਹੁੰਦੀ ਸਾਂ ਕਿ ਹੁਣੇ ਕੁਝ ਪਾ ਕੇ ਮਰ ਜਾਵਾਂ। ਪਰ ਹਾਏ। ਉਸ ਵੇਲੇ ਮੇਰਾ ਬੁਰਾ ਹਾਲ ਸੀ। ਮੈਂ ਹੈਰਾਨ ਸਾਂ ਕਿ ਪੰਛੀ ਦਿਨ ਤਾਂ ਪਿੰਡ ਆਈ ਨੂੰ ਨਹੀਂ ਸਨ ਹੋਏ, ਏਨੇ ਵਿਚ ਮੈਂ ਵਾਸਤੇ ਪਾ ਲਏ, ਧਾਰ ਵੀ ਲੱਭ ਲਏ। ਹਾਲਾਂ ਕਿ ਪੰਜ ਛੀ ਦਿਨ ਪਿਛੋਂ ਹੀ ਮੇਰਾ ਵਿਆਹ ਧਰਿਆ ਗਿਆ ਸੀ। ਇਕ ਸੀਸਾ ਟੁੱਟ ਕੇ ਕੁਝ ਰਹਿ ਜਾਵੇ ਤਾਂ ਰਹਿ ਜਾਵੇ, ਪਰ ਇਸਤਰੀ ਦਾ ਦਿਲ ਟੁੱਟ ਕੇ ਬਾਕੀ ਕੁਝ ਨਹੀਂ ਰਹਿੰਦਾ। ਉਹ ਸਦਾ
ਲਈ ਸੁਆਹ ਦੀ ਮੁੱਠ ਹੋ ਜਾਂਦਾ ਹੈ। ਮੈਥੋਂ ਰੋਣ ਰੋਕਿਆ ਨਹੀਂ ਸੀ ਜਾਂਦਾ, ਬਥੇਰਾ ਖਿਆਲ ਕਰਦੀ ਸਾਂ ਕਿ ਜੇ ਕਿਸੇ ਸੁਣ ਲਿਆ, ਤਾਂ ਕੀ ਆਖੇਗਾ, ਪਰ ਇਹ ਦੁੱਖ ਕਿਸੇ ਦੇ ਕਹਿਣ ਸੁਣਨ ਤੋਂ ਕਿਤੇ ਭੈੜਾ ਤੇ ਬਾਹਰਾ ਸੀ। ਉਨਾਂ ਮੁੜ ਬਣਾ ਸਵਾਰ ਕੇ ਕਿਹਾ, 'ਮੈਂ ਚੰਗੀ ਤਰ੍ਹਾਂ ਜਾਣਦਾ ਹਾਂ, ਤੀਵੀਂ ਰੋ ਕੇ ਸੱਚੀ ਹੁੰਦੀ ਹੈ । ਉਸ ਸ਼ੇਰ ਦੇ ਬੱਚੇ ਨੂੰ ਕੀ ਪਰਵਾਹ ਸੀ ਕਿ ਕੋਈ ਕਿਵੇਂ ਫੂਹੀ-ਪਿੰਜੀਦਾ ਜਾ ਰਿਹਾ ਹੈ। ਮੈਂ ਏਹੀ ਉਨ੍ਹਾਂ ਦੀ ਕ੍ਰਿਪਾ ਸਮਝਦੀ ਸਾਂ ਕਿ ਉਹ ਚੁੱਪ ਹੀ ਕਰਨ, ਪਰ ਉਨ੍ਹਾਂ ਪਾਸੋਂ ਇਹ ਆਸ ਵੀ ਨਿਰਮੂਲ ਹੋ ਚੁੱਕੀ ਸੀ।
ਤੁਸਾਂ ਬਲੀਬਰ। ਯਕੀਨ ਜਾਣਨਾ ਕਿ ਉਨ੍ਹਾਂ ਦੀਆਂ ਇਨ੍ਹਾਂ ਗੱਲਾਂ ਨੇ ਮੇਰੇ ਦਿਲੋਂ ਪਤੀ-ਸਤਿਕਾਰ ਬਿਲਕੁਲ ਉਡਾ ਦਿੱਤਾ। ਮੈਨੂੰ ਆਪਣੇ ਸਾਹਮਣੇ ਇਕ ਜਮਦੂਤ ਦਿਸ ਰਿਹਾ ਸੀ। ਮੇਰੀ ਹਾਲਤ ਉਸ ਮੋਤੀ ਵਰਗੀ ਸੀ ਜਿਸ ਨੂੰ ਚੂਰ ਕਰ ਕੇ ਮੁੜ ਕਿਸੇ ਲੇਸਦਾਰ ਚੀਜ ਨਾਲ ਉਸ ਦੇ ਅਕਾਰ ਨੂੰ ਇਕੱਠਾ ਕੀਤਾ ਜਾਵੇ। ਉਸ ਮੇਰੀ ਛੁਟੀ ਹੋਈ ਬਾਂਹ ਮੁੜ ਫੜ ਲਈ। ਮੇਰਾ ਅੰਗ-ਅੰਗ ਭ$ਜ ਚੁੱਕਾ ਸੀ। ਮੇਰਾ ਕੁਝ ਵੀ ਸਾਬਤ ਨਹੀਂ ਸੀ ਰਿਹਾ। ਉਨ੍ਹਾਂ ਮੇਰੇ ਮੰਜੇ ਨਾਲ ਪੈਰ ਲਾ ਕੇ ਮੈਨੂੰ ਆਪਣੀ ਪਲ ਖਿਚਿਆ। ਇਕ ਲੋਥ ਉਨ੍ਹਾਂ ਦੇ ਪੱਟਾਂ ਵਿਚ ਪਈ ਰੋ ਰਹੀ ਸੀ। 'ਹੁਣ ਚੁੱਪ ਵੀ ਕਰ ਮੂੰਹ ਅੱਡਿਆ ਏ। ਮੇਰੇ ਮੂੰਹ ਉਤਲਾ ਕਪੜਾ ਹੰਝੂਆਂ ਨਾਲ ਭਿੱਜ ਚੁੱਕਾ ਸੀ। ਉਨ੍ਹਾਂ ਚੁਕ ਕੇ ਪਰ੍ਹੇ ਕਰ ਦਿੱਤਾ। ਮੈਨੂੰ ਉਨ੍ਹਾਂ ਦੀ ਉਸ ਵੇਲੇ ਦੀ ਸ਼ਕਲ ਵੇਖ ਕੇ ਐਨੀ ਨਫਰਤ ਹੋਈ ਕਿ ਬਾਕੀ ਜਿੰਦਗੀ ਵਿਚ ਉਹ ਵਧਦੀ ਹੀ ਗਈ। ਉਨ੍ਹਾਂ ਝਟ ਆਪਣੇ ਸ਼ਰਾਬੀ ਬੁੱਲ ਮੇਰੇ ਬੁੱਲਾਂ ਤੇ ਰੱਖ ਦਿੱਤੇ । ਉਹ ਹੰਝੂਆਂ ਨਾਲ ਨਮਕੀਨ ਹੋ ਚੁਕੇ ਸਨ। ਸ਼ਾਇਦ ਉਨ੍ਹਾਂ ਨੂੰ ਸਵਾਦ ਕੁਝ ਕੜਵਾ ਹੀ ਆਇਆ ਹੋਵੇ। ਹੈਰਾਨ ਇਸ ਗਲ ਤੇ ਸਾਂ ਕਿ ਝਟ ਕੁ ਹੋਇਆ ਇਹ ਬਦਬਖਤ ਕੀ ਬਕਦਾ ਸੀ । ਤੇ ਹੁਣ ਆਪਣੀ ਮੂਰਖਤਾ ਤੇ ਸ਼ਰਮਿੰਦਾ ਵੀ ਨਹੀਂ ਸੀ ਹੁੰਦਾ। ਅਜਿਹੇ ਇਮਤਿਹਾਨ ਵਿਚ ਪਿਆਰ ਕੀ ਕਰੇਗਾ ਤੇ ਸਿਆਣਪ ਕਿਥੇ ਖਲੋਵੇਗੀ। ਫਿਰ ਉਸ ਮੇਰੀਆਂ ਗਲ੍ਹਾਂ ਤੋਂ ਸੁਆਦ ਮਾਨਣਾ ਚਾਹਿਆ। ਪਰ ਖਾਰ ਸਾਰੇ ਹੀ ਜੰਮ ਚੁੱਕੀ ਸੀ। ਉਸ ਮੈਨੂੰ ਮੂੰਹ ਧੋਣ ਲਈ ਕਿਹਾ। ਮੈਂ ਹਾਉਕਾ ਲੈ ਕੇ ਕਿਹਾ, 'ਮੈਨੂੰ ਕੋਈ ਲੋੜ ਨਹੀਂ ਮੂੰਹ ਧੋਣ ਦੀ। "ਧੋਂਦੀ ਨਹੀਂ ?' ਉਸ ਅਜਿਹੇ ਕੁਰਖਤ ਤਰੀਕੇ ਨਾਲ ਕਿਹਾ ਕਿ ਮੇਰੀ ਰਹਿੰਦੀ ਖੂੰਹਦੀ ਜਾਨ ਵੀ ਸਹਿਮ ਗਈ। ਮਜਬੂਰ ਮੈਂ ਗੜਵੀ 'ਚੋਂ ਪਾਣੀ ਦੇ ਛਿੱਟੇ ਮਾਰ ਕੇ ਨਾਮੁਰਾਦ ਜਿਹਾ ਮੂੰਹ ਚੁੰਨੀ ਨਾਲ ਹੀ ਸਾਫ਼ ਕਰ ਲਿਆ।
'ਰਾਤ ਹਨੇਰੀ ਸੀ, ਮੇਰੀ ਜ਼ਿੰਦਗੀ ਦੀਆਂ ਸਾਰੀਆਂ ਜੋਤਾਂ ਜਗਣ ਤੋਂ ਪਹਿਲਾਂ ਹੀ ਬੁਝ ਚੁੱਕੀਆਂ ਸਨ। ਚੁੱਪ ਚਾਪ ਆਪਣੇ ਮੰਜੇ ਤੇ ਗਈ ਉਹ ਕਾਮ ਦੀ ਅੱਗ ਵਿਚ ਬੁਰੀ ਤਰ੍ਹਾਂ ਤੜਪ ਰਿਹਾ ਸੀ ਅਤੇ ਸ਼ਰਾਬ ਨੇ ਬਾਕੀ ਰਹਿੰਦੀ ਹੋਸ਼ ਵੀ ਉਠਾ ਦਿੱਤੀ। ਉਹ ਇਕ ਵਾਰ ਹੀ ਮੇਰੀ ਹਿੱਕ ਕੇ ਡਿੱਗ ਪਿਆ ਅਤੇ ਇਕ ਬੇਜਾਨ ਜਿਹੀ ਲੋਥ ਨੂੰ ਚੁੰਮ ਚੁੰਮ ਕੇ ਸੁਆਦ ਮਾਨਣ ਲੱਗਾ। ਇਕ ਰੋਣ ਮੇਰੇ ਸਾਰੇ ਅੰਗਾਂ ਵਿਚ ਹਾਲੇ ਵੀ ਖਾਮੋਸ ਰੋਈ ਜਾ ਰਿਹਾ ਸੀ। ਮੇਰੇ ਦਿਲ ਵਿਚੋਂ ਪਿਆਰ ਦਾ ਨਾਂ ਤੱਕ ਉਡ ਗਿਆ। ਇਹ ਮੇਰੀ ਸੁਹਾਗ ਰਾਤ ਸੀ, ਜਰਾ ਅੱਗੋਂ ਚੰਗੀ ਧਿਆਨ ਨਾਲ ਸੁਣਨਾ। ਉਸ ਵੇਲੇ ਮੇਰਾ ਸਬਰ ਸਾਰੀ ਮਰਦ ਜਾਤੀ ਨੂੰ ਚੀਰ ਜਾਣ ਲਈ ਕਾਹਲਾ ਸੀ।
'ਨਾ ਸਾਰੇ ਮਰਦ ਅਜਿਹੇ ਹੋ ਸਕਦੇ ਹਨ ਅਤੇ ਨਾ ਹੀ ਇਸਤਰੀਆਂ।' ਮੈਂ ਵਿਚੋਂ ਬੋਲ ਪਿਆ।
'ਚੁੱਪ ਰਹੋ ਵੱਡੇ ਮਰਦ ਆਏ ਨੇ।' ਪਾਲ ਦਾ ਗੁੱਸਾ ਮੇਰੇ ਉਪਰ ਵੀ ਵਰ੍ਹਿਆ, ਪਰ ਇਹ ਉਸ ਦੇ ਵਸ ਦੀ ਗੱਲ ਨਹੀਂ ਸੀ । ਹੁਣ ਵੀ ਉਸ ਦੇ ਸੋਗੀ ਅਤੇ ਗੁਸੈਲ ਚਿਹਰੇ ਵਲ ਦੇਖਿਆ ਨਹੀਂ ਸੀ ਜਾਂਦਾ। ਉਸ ਮੁੜ ਕਿਹਾ, 'ਬਲਬੀਰ ਖਿਮਾਂ ਕਰਨਾ, ਪਰ ਹੁਣ ਤੁਸਾਂ ਸਾਰੀ ਗੱਲ ਸੁਣੇ ਬਿਨਾਂ ਵਿਚੋਂ ਨਾ ਕੂਣਾ।'
'ਤੁਹਾਡਾ ਗਿਲਾ ਜਾਇਜ਼ ਹੈ ਤੁਸੀਂ ਜੀ ਸਦਕੇ ਗੁੱਸਾ ਕਰੋ। ਮੈਂ ਸਾਰੀ ਮਰਦ ਜਾਤੀ ਵਲੋਂ ਖਿਮਾਂ ਮੰਗਾਂਗਾ ਅਤੇ ਮਜ਼ਲੂਮ ਇਸਤਰੀ ਦੀ ਸੇਵਾ ਲਈ ਜਾਨ ਤਕ ਦੇਣ ਵਿਚ ਦਰੇਗ ਨਹੀਂ ਕਰਾਂਗਾ। ਤੁਸੀਂ ਅੱਗੇ ਸੁਣਾਓ।
ਹਾਂ, ਉਸ ਮੈਨੂੰ ਆਪਣੇ ਸਰੀਰ ਨਾਲ ਘੁਟ ਲਿਆ, ਉਸ ਵੇਲੇ ਮੇਰੀ ਅਵਾਜ ਟੁੱਟੇ- ਲਫ਼ਜ਼ਾਂ ਵਿਚ ਲੜਖੜਾਈ, 'ਜੇ ਮੈਂ ਠੀਕ ਬਚਨੇ ਦੀ ਹਾਂ, ਫਿਰ ਤੁਸੀਂ ਇਕ ਕਲੰਕੀ ਤੇ ਗੁਨਾਹੀ ਛਿਟ ਤੋਂ ਬਚੋ।'
'ਇਹ ਫ਼ਾਰਸੀਆਂ ਸਾਨੂੰ ਬਹੁਤ ਆਉਂਦੀਆਂ ਹਨ। ਅਸੀਂ ਚੋਪੜੀਆਂ ਮਾਰਨੀਆਂ ਜਾਣਦੇ ਹਾਂ। ਇਹੋ ਜੇਹੀਆਂ ਗੱਲਾਂ ਛੱਡ ਤੇ ਹੁਣ ਮਤਲਬ ਦੀ ਗੱਲ ਕਰ।
'ਕੀ ਅਜੇ ਕੋਈ ਚੋਭ ਬਾਕੀ ਰਹਿ ਗਈ ਹੈ । ਉਸ ਦੇ ਮੂੰਹੋਂ ਸ਼ਰਾਬ ਦੀ ਭੈੜੀ ਬੋ ਆ ਰਹੀ ਸੀ ਅਤੇ ਮੇਰਾ ਦਮ ਘੁਟਿਆ ਜਾ ਰਿਹਾ ਸੀ। 'ਮੈਂ ਚਾਹੁੰਦੀ ਹਾਂ ਤੁਸੀਂ ਆਪਣੇ ਮੰਜੇ ਤੇ ਚਲੇ ਜਾਓ।
'ਕਾਹਤੋਂ ?' ਉਸ ਨੇ ਮੈਨੂੰ ਜ਼ੋਰ ਦੀ ਜੱਫੀ ਵਿਚ ਘੁਟਦਿਆਂ ਕਿਹਾ।
'ਮੇਰਾ ਦਿਲ ਸ੍ਰਦਾਰ ਜੀ। ਤੁਸੀਂ ਜਰੂਰ ਮਿਹਰਬਾਨੀ ਕਰਕੇ..
'ਮੇਰਾ ਫਿਰ ਰੋਣ ਨਿਕਲ ਗਿਆ। ਰੱਬ ਜਾਣੇ ਉਹ ਐਤਕੀ ਕਿਉਂ ਪਸੀਜ ਗਿਆ ਅਤੇ ਕਹਿਣ ਲੱਗਾ, ਮੈਂ ਤਾਂ ਕੇਵਲ ਤੇਰਾ ਦਿਲ ਵੇਖਣ ਲਈ ਕਿਹਾ ਸੀ, ਅਸਲ ਵਿਚ ਕੋਈ ਗੱਲ ਨਹੀਂ।' ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਸ਼ਾਇਦ ਉਹ ਹੁਣ ਵੀ ਬਕ ਰਿਹਾ ਸੀ । ਰਬ ਉਸ ਰਾਤ ਤੋਂ ਪਨਾਹ ਦੇਵੇ ਭੁੱਖਾ ਜੱਟ, ਸ਼ਰਾਬ ਵਿਚ ਮਦਹੋਸ਼ ਤੇ ਇਕ ਨਿਮਾਣੀ ਜਿੰਦ ਉਸ ਦਾ ਸ਼ਿਕਾਰ।
ਮੈਨੂੰ ਸਾਰੀ ਰਾਤ ਦੀ ਨੀਂਦ ਨਾ ਆਈ, ਇਕ ਚੌਲਾਂ ਦੀ ਢਿੱਡ ਪੀੜ, ਦੂਜੇ ਦਿਲ ਵਿੰਨ੍ਹਣ ਵਾਲੀਆਂ ਬੋਲੀਆਂ, ਤੀਜੇ ਕਾਮਨਾ ਤੋਂ ਉਪਜੇ ਦਰਦ ਤੇ ਚੀਸਾਂ ਦੇ ਕਾਰਨ ਮੇਰਾ ਸਰੀਰ ਨਿਢਾਲ ਹੋ ਚੁੱਕਾ ਸੀ। ਪਾਸੇ ਪਰਤਦਿਆਂ ਹਾਉਕੇ ਭਰਦਿਆਂ ਤੇ ਪੀੜ ਨੂੰ ਘੁਟ ਘੁਟ ਸਹਿੰਦਿਆਂ ਸਵੇਰ ਦਾ ਮੂੰਹ ਵੇਖਿਆ। ਇਧਰ ਆਪ ਉਹ ਜ਼ਾਲਮ ਨਸ਼ੇ ਦੀ ਘੂਕੀ ਅਤੇ ਗੂਹੜੀ ਨੀਂਦ ਕਰਕੇ ਲੰਮੀਆਂ ਤਾਣੀ ਪਿਆ ਸੀ। ਸੂਰਜ ਚੜ੍ਹ ਆਇਆ ਅਤੇ ਮੈਂ ਉਸ ਨੂੰ ਲੱਤੋਂ ਖਿੱਚ ਕੇ ਜਗਾਇਆ। ਉਸ ਜਾਗਦੇ ਨੇ 'ਵਾਹਿਗੁਰੂ' ਕਿਹਾ। ਜਿਵੇਂ ਸਮਝਦਾ ਸੀ ਕਿ ਵਾਹਿਗੁਰੂ ਕਹਿਣ ਨਾਲ ਉਸ ਦੇ ਸਾਰਿਆਂ ਗੁਨਾਹਾਂ ਉਪਰ ਲੀਕ ਮਾਰੀ ਜਾਏਗੀ।
'ਇਹ ਬਲਬੀਰ ਜੀ।ਆਪਣੀ ਜਿੰਦਗੀ ਦੇ ਨਾਟਕ ਦਾ ਇਕ ਹਿੱਸਾ ਹੀ ਸੁਣਾਇਆ
ਹੈ ਬਾਕੀ ਦਾ ਵੀ ਸੁਣੋ ਪਰ ਪਹਿਲਾਂ ਮੈਨੂੰ ਪਾਣੀ ਪਿਲਾ ਕੇ ਕੁਝ ਤਕੜੀ ਕਰ ਲਓ।
ਪਾਲ ਦੇ ਮੱਥੇ ਤੇ ਤਰੇਲੀਆਂ ਆ ਗਈਆਂ ਸਨ । ਮੈਂ ਕੁਰਸੀ ਨਾਲ ਲਮਕ ਰਿਹਾ ਤੌਲੀਆ ਉਸ ਵਲ ਸੁਟਿਆ ਅਤੇ ਆਪ ਉਸ ਲਈ ਪਾਣੀ ਲੈਣ ਚਲਿਆ ਗਿਆ ਹੈ। ਮੇਰੇ ਆਉਂਦੇ ਨੂੰ ਉਹ ਮੇਰੀ ਕਵਿਤਾਵਾਂ ਵਾਲੀ ਕਾਪੀ ਫੋਲ ਰਹੀ ਸੀ। ਮੈਨੂੰ ਵੇਖ ਕੇ ਉਸ ਕਿਹਾ, 'ਜੇ ਕਦੇ ਮੈਂ ਵੀ ਕਵਿਤਾ ਲਿਖ ਕੇ ਆਪਣਾ ਦਿਲ ਹੌਲਾ ਕਰ ਸਕਦੀ।'
'ਕਵਿਤਾ, ਕਵਿਤਾ ਦੁਆਰਾ ਨਹੀਂ ਹਾਜ਼ਰ ਹੁੰਦੀ, ਸਗੋਂ ਕਵੀ ਦੀ ਕਲਮ ਰਾਹੀਂ ਮੁਸਕਾਂਦੀ ਹੈ। ਹੀਰਾ ਆਪਣੇ ਮੂੰਹੋਂ ਕਦੇ ਆਪਣੀ ਕੀਮਤ ਨਹੀਂ ਦਸਦਾ। ਕਲੀ ਕਿਸੇ ਭੌਰੇ ਨੂੰ ਅਵਾਜ਼ਾਂ ਨਹੀਂ ਮਾਰਦੀ। ਹੰਝੂ ਆਪਣਾ ਦਰਦ ਕਿਸੇ ਹਾਲਤ ਵਿਚ ਆਪ ਨਹੀਂ ਦਸ ਸਕਦਾ। ਮੈਂ ਗਲਾਸ ਫੜਾਂਦਿਆਂ ਕਿਹਾ।
ਉਸ ਮੁਸਕਾਂਦਿਆਂ ਗਲਾਸ ਫੜ ਲਿਆ ਤੇ ਬੋਲੀ, 'ਮੋਟੀਆਂ ਗੱਲਾਂ ਹੀ ਕਵੀਆਂ ਦੇ ਜ਼ੁਬਾਨ ਤੇ ਸਵੱਛ ਹੋ ਕੇ ਕੀਮਤੀ ਬਣ ਜਾਂਦੀਆਂ ਹਨ।'
ਉਹ ਮੂੰਹ ਧੋਣ ਲਗ ਪਈ। ਮੈਨੂੰ ਉਦੋਂ ਹੀ ਇਕ ਮੁਸਲਮਾਨ ਲਿਖਾਰੀ ਦਾ ਖਿਆਲ ਯਾਦ ਆਇਆ:
ਜਿਸ ਪਾਣੀ ਨਾਲ ਇਕ ਜਵਾਨ ਤੇ ਅਤਿ ਸੁੰਦਰ ਇਸਤਰੀ ਦੀਆਂ ਅੱਖਾਂ ਧੋਤੀਆਂ ਜਾਂਦੀਆਂ ਹਨ, ਉਸ ਦੇ ਸ਼ਰਾਬੀ ਹੋ ਜਾਣ ਵਿਚ ਕੋਈ ਸੰਦੇਹ ਬਾਕੀ ਨਹੀਂ ਰਹਿੰਦਾ।
ਮੈਂ ਹੇਠਾਂ ਹੱਥ ਰੱਖ ਦਿੱਤਾ ਅਤੇ ਪਾਲ ਦੀਆਂ ਅੱਖਾਂ ਨੂੰ ਛੋਹਿਆ ਹੋਇਆ ਪਾਣੀ ਹੱਥਾਂ ਵਿਚ ਪੈਣ ਲਗਾ। ਇਕ ਮਿੱਠੀ ਫੁਹਾਰ ਜਿਹੀ ਛੋਹ ਦਿਲ ਅੰਦਰ ਕੋਈ ਸਾਜ਼ ਜਿਹਾ ਵਜਾਉਣ ਲਗ ਪਈ। ਸ਼ਾਇਦ ਸ਼ਰਾਬ ਦਾ ਨਸ਼ਾ ਇਸ ਤਰ੍ਹਾਂ ਹੀ ਚੜ੍ਹਦਾ ਹੋਵੇ। ਮੈਂ ਖ਼ਿਆਲ ਹੀ ਕਰ ਰਿਹਾ ਸਾਂ ਕਿ ਪਾਲ ਨੇ ਹੱਥ ਮਾਰ ਕੇ ਪਾਣੀ ਡਲ੍ਹਾ ਦਿੱਤਾ।
ਇਹ ਕੀ ਕਰਦੇ ਹੋ?
'ਇਕ ਕਵੀ ਕਿੰਨਾ ਸਿਆਣਾ ਹੋ ਜਾਵੇ, ਪਰ ਉਸ ਵਿਚੋਂ ਬੱਚਿਆਂ ਵਾਲਾ ਪਾਗਲ ਸੁਭਾਅ ਨਹੀ ਜਾਂਦਾ।
'ਆਹ ਕਿੰਨੇ ਚੰਗੇ ਹਨ ਉਹ ਆਦਮੀ, ਜਿਹੜੇ ਜਵਾਨ ਤੇ ਬੁੱਢੇ ਹੋ ਕੇ ਵੀ ਮਿੱਠੇ ਬੰਦੇ ਹੀ ਰਹਿੰਦੇ ਹਨ।
'ਕੀ ਤੁਹਾਨੂੰ ਇਹ ਸੁਭਾਅ ਬਹੁਤ ਪਿਆਰਾ ਹੈ ?
'ਪਿਆਰਾ ਨਹੀਂ ਸਗੋਂ ਹਰ ਵੇਲੇ ਤਰਸੇਵਾਂ ਰਹਿੰਦਾ ਹੈ।
'ਮੇਰਾ ਝੱਲਾ ਸੁਭਾਅ ਤੁਹਾਡੀ ਮਲਕੀਅਤ ਹੋਇਆ ਅਤੇ ਉਸ ਦੇ ਬਦਲੇ...।
ਪਾਲ ਨੇ ਪਤਾ ਨਹੀਂ ਕੀ ਸੋਚਦਿਆਂ ਸਿਰ ਫੇਰਿਆ। ਉਸ ਦੇ ਅੰਦਰ ਕੋਈ ਇਰਾਦਾ ਸੋਚ ਨਾਲ ਘੋਲ ਕਰ ਰਿਹਾ ਸੀ। ਮੇਰਾ ਖਿਆਲ ਸੀ ਕਿ ਉਸ ਨੂੰ ਆਪਣੇ ਸਿਰ ਫੇਰਨ ਦਾ ਵੀ ਪਤਾ ਨਹੀਂ ਸੀ। ਉਸ ਤੌਲੀਏ ਨਾਲ ਮੂੰਹ ਸਾਫ ਕਰ ਕੇ ਪਾਣੀ ਪੀਤਾ ਤੇ 'ਸ਼ੁਕਰੀਆ' ਆਖਦਿਆਂ ਗਲਾਸ ਭੁੰਜੇ ਰਖ ਦਿੱਤਾ। ਮੈਂ ਹਸਦਿਆ ਕਿਹਾ, 'ਮੁਆਫ਼ ਕਰਨਾ ਬਸ ਚਾਹ ਬਣ ਰਹੀ ਹੈ, ਖੂਬ ਅਨੰਦ ਨਾਲ ਪੀਵਾਂਗੇ।
'ਪਰ ਇਸ ਪਾਣੀ ਤੋਂ ਉਹ ਚਾਹ ਕਦੇ ਵੀ ਸੁਆਦੀ ਨਹੀਂ ਹੋਵੇਗੀ।
'ਹੋ ਸਕਦਾ ਹੈ, ਤੁਹਾਡਾ ਖ਼ਿਆਲ ਸਹੀ ਹੋਵੇ, ਪਰ ਤੁਸੀਂ ਆਪਣੀ ਬਾਕੀ ਵਿਥਿਆ ਵੀ ਸੁਣਾਵੋ।
'ਸੁਣ ਲਵੋ ਮਹਾਰਾਜ! ਪਿਤਾ ਜੀ ਰਿਆਸਤ ਨੂੰ ਚਲੇ ਗਏ ਸਨ ਅਤੇ ਮਾਤਾ ਜੀ ਹੋਰਾਂ ਨੂੰ ਪਿੰਡ ਹੀ ਛੱਡ ਗਏ। ਮਾਤਾ ਜੀ ਉਸ ਤੋਂ ਪਿਛੋਂ ਮੁੜ ਰਿਆਸਤ ਵਿਚ ਪਿਤਾ ਜੀ ਕੋਲ ਨਹੀਂ ਗਏ। ਮੁਕਲਾਵੇ ਨੂੰ ਮੈਂ ਪੰਜ ਛੇ ਦਿਨ ਰਹਿ ਕੇ ਵਾਪਸ ਆ ਗਈ। ਦਸਾਂ ਦਿਨਾਂ ਪਿਛੋਂ ਹੀ ਸਰਦਾਰ ਜੀ ਫਿਰ ਲੈਣ ਵਾਸਤੇ ਆ ਗਏ। ਇਕ ਹਫਤਾ ਅਸਾਂ ਉਨ੍ਹਾਂ ਨੂੰ ਰੱਖਿਆ। ਮਾਤਾ ਜੀ ਨੇ ਬੜੀਆਂ ਮਿੰਨਤਾਂ ਕੀਤੀਆਂ ਕਿ ਹਾਲੇ ਇਕ ਮਹੀਨਾ ਹੋਰ ਰਹਿਣ ਦੇਵੋ। ਪਰ ਉਹ ਇਕੋ ਸਿਰ ਮਾਰ ਛੱਡਣ। ਫਿਰ ਇਕ ਹੋਰ ਹੈਰਾਨੀ ਹੋਈ ਕਿ ਜਿੰਨੇ ਦਿਨ ਏਥੇ ਰਹੇ ਓਨੇ ਦਿਨ ਹੀ ਬਚਨੇ ਹੋਰਾਂ ਨਾਲ ਸ਼ਰਾਬ ਪੀਤੀ। ਰਾਤ ਨੂੰ ਉਹ ਸ਼ਰਾਬੀ ਹੋਏ ਨੂੰ ਘਰ ਸੁੱਟ ਜਾਣ। ਕਦੇ ਰੋਟੀ ਖਾ ਲੈਣ, ਕਦੇ ਭੁੱਖੇ ਹੀ ਪਏ ਰਹਿਣ।
ਆਖਰ ਖੜ੍ਹੇ ਪੈਰ ਲੀੜੇ ਬਣਵਾਏ ਅਤੇ ਐਤਕੀ ਪਿੰਡੋਂ ਹੀ ਬੈਲ ਗੱਡੀ ਕਰਾਏ ਕੀਤੀ। ਬਲਦਾਂ ਦੇ ਪੈਰਾਂ ਨਾਲ ਧੂੜ ਉੱਡਦੀ ਨੇੜ ਤੇੜ ਦੇ ਹਾਲੀਆਂ ਨੂੰ ਦਸਦੀ ਸੀ ਕਿ ਕੋਈ ਕੁੰਡੀਆਂ ਮੁੱਛਾਂ ਵਾਲਾ ਸਰਦਾਰ ਜਾ ਰਿਹਾ ਹੈ। ਔਖੇ ਸੁਖਾਲਿਆਂ ਸੱਸ ਦੇ ਜਾ ਪੈਰੀ ਹੱਥ ਲਾਇਆ। ਨਣਾਨ ਨੂੰ ਵੀ ਵੱਡੀ ਜਾਣ ਕੇ ਮੱਥਾ ਟੇਕਿਆ ਤੇ ਪੈਰ ਛੋਹੇ।
'ਇਕ ਦੋ ਦਿਨਾਂ ਵਿਚ ਹੀ 'ਵਹੁਟੀਏ ਵਹੁਟੀਏ' ਦੀ ਪੁਚਕਾਰ ਖ਼ਤਮ ਹੋਈ ਅਤੇ ਲਗੀ ਕੰਮਾਂ ਦੀ ਵਾਰੀ ਆਉਣ । ਪਹਿਲੇ ਦਿਨ ਮੈਥੋਂ ਗੁੜ ਪੁਆ ਕੇ ਮਿੱਠੀਆਂ ਰੋਟੀਆਂ ਪਕਵਾਈਆਂ ਗਈਆਂ। ਲੀੜੇ ਧੋਣ ਦੀ ਵਾਰੀ ਅੱਠ ਨੌਂ ਜੀਆਂ ਦੇ ਲੀੜੇ ਮੇਰੇ ਹਵਾਲੇ ਕੀਤੇ ਗਏ। ਸਰਦਾਰ ਦਾ ਕੁੜਤਾ ਵੀ ਧੋਣ ਲਈ ਮੈਂ ਚੁਬਾਰੇ ਵਿਚੋਂ ਲਾਹਿਆ। ਜੇਬ ਵਿਚੋਂ ਅਫੀਮ ਵਾਲੀ ਡੱਬੀ ਨਿਕਲੀ: ਮੈਨੂੰ ਪਹਿਲੀ ਵਾਰ ਉਸ ਦੇ ਅਫੀਮ ਖਾਣ ਤੇ ਸ਼ੱਕ ਪਿਆ। ਖਿਆਲ ਕੀਤਾ ਕਿ ਇਸ ਉਮਰ ਵਿਚ ਉਹ ਕਦੋਂ ਅਫੀਮ ਖਾਂਦਾ ਹੋਵੇਗਾ ? ਖ਼ਬਰੇ ਕਿਸੇ ਹੋਰ ਨੇ ਫੜਾ ਦਿੱਤੀ ਹੋਵੇ । ਪਰ ਮੈਂ ਇਹ ਗੱਲ ਦਿਲ ਵਿਚ ਰਖੀ। ਮੱਝਾਂ ਦੀਆਂ ਧਾਰਾਂ ਕੱਢਣਾ ਤੇ ਦੁੱਧ ਰਿੜਕਣਾ ਤਾਂ ਮੈਨੂੰ ਆਉਂਦੀ ਨੂੰ ਹੀ ਸਪੁਰਦ ਕਰ ਦਿੱਤਾ ਸੀ। ਪਰ ਮੈਂ ਸਾਰੇ ਕੰਮ ਬੜੇ ਚਾਅ ਨਾਲ ਕਰਦੀ ਸਾਂ। ਦਿਨੋਂ ਦਿਨ ਇਕ ਹੋਰ ਧੁਖਣੀ ਸ਼ੁਰੂ ਹੋਈ। ਉਹ ਸੀ ਮੇਰੀ ਤੇ ਸੱਸ ਦੀ ਨਾ ਬਣਨੀ। ਨਣਾਨ ਸੱਸ ਤੋਂ ਦੋ ਰਤੀਆਂ ਉਤੋਂ ਦੀ ਸੀ, ਮੇਰੀ ਚੰਗੀ ਗੱਲ ਵੀ ਰੱਦ ਕੇ ਸੁੱਟ ਦਿੱਤੀ ਜਾਂਦੀ। ਪਰ ਫਿਰ ਵੀ ਮੈਂ ਕੋਈ ਗਿਲਾ ਨਾ ਕੀਤਾ।
ਕਿਉਂਕਿ ਸੱਸ ਆਪ ਨੋਂਹ ਬਣ ਕੇ ਰਹਿ ਚੁੱਕੀ ਹੁੰਦੀ ਹੈ। ਇਸ ਲਈ ਉਸ ਦੇ ਦਿਲ ਅੰਦਰ ਪੁਰਾਣਾ ਬਦਲਾ ਜਾਗਦਾ ਹੈ ਅਤੇ ਏਸੇ ਗੱਲ ਨੂੰ ਮੁਖ ਰਖ ਕੇ ਉਹ ਆਈ ਨੋਂਹ ਤੇ ਹਕੂਮਤ ਸ਼ੁਰੂ ਕਰ ਦੇਂਦੀ ਹੈ। ਮੈਨੂੰ ਵੀ ਬੁਰੀ ਤਰ੍ਹਾਂ ਸਤਾਉਣਾ ਸ਼ੁਰੂ ਕਰ ਦਿੱਤਾ। ਸ਼ਾਇਦ ਉਨ੍ਹਾਂ ਦੋਹਾਂ ਮਾਂ ਧੀ ਨੇ ਮੈਨੂੰ ਔਖੇ ਕਰਨ ਲਈ ਸਾਰੇ ਮਾਲ ਡੰਗਰ ਦਾ ਗੋਹਾ ਕੂੜਾ ਮੇਰੇ ਜੁੰਮੇ ਪਾਇਆ। ਮੈਂ ਮੁਸਕਾ ਕੇ ਗੋਹੇ ਦੀ ਟੋਕਰੀ ਸਿਰ ਤੇ ਚੁੱਕ ਲਈ ਅਤੇ ਸ਼ਰਮ ਹਯਾ ਦਾ ਪੱਲਾ ਚੀਰ ਕੇ ਰੂੜੀ ਤੇ ਜਾ ਸੁੱਟੀ। ਪੰਦਰਾਂ ਅਠਾਰਾਂ ਪਸ਼ੂਆਂ ਦਾ ਦੋ ਵੇਲੇ ਦਾ ਗੋਹਾ ਕੂੜਾ ਤਕੜਾ ਸਮਾਂ ਲੈਂਦਾ ਸੀ। ਟੋਕਰੀਆਂ ਦੇ ਭਾਰ ਨਾਲ ਮੇਰਾ ਸਿਰ ਦੁਖਣ ਲਗ ਪੈਂਦਾ।
ਜਦੋਂ ਮੈਂ ਨਿੱਤ ਸਵੇਰੇ ਰੂੜੀ ਤੇ ਕੂੜਾ ਸੁੱਟਣ ਜਾਂਦੀ ਸਾਂ, ਤਾਂ ਰਾਹ ਵਿਚ ਇਕ ਜਵਾਨ ਮੁੰਡਾ, ਸ਼ਾਇਦ ਉਸ ਦੀ ਓਥੇ ਹੱਟੀ ਸੀ, ਹਾਉਂਕੇ ਲੈ ਕੇ ਆਖਿਆ ਕਰੇ, 'ਗਿੱਦੜਾਂ ਨੂੰ ਖੰਡ ਦੀ ਬੋਰੀ ਲੱਭ ਗਈ, ਪਾੜ ਕੇ ਛੱਡਣਗੇ।
ਏਨਾ ਆਖ ਕੇ ਪਾਲ ਦਾ ਹਾਸਾ ਨਿਕਲ ਗਿਆ ਮੈਂ ਵੀ ਹਾਸਾ ਜਬਤ ਕਰੀ ਬੈਠਾ ਸਾਂ । ਹੱਸਣਾ ਕੁਦਰਤੀ ਸੀ। ਮੈਂ ਆਖਿਆ, 'ਪਾਲ। ਇਹ ਕਹਿ ਤੇ ਠੀਕ ਰਿਹਾ ਸੀ। ਇੱਕ ਨਾਜ਼ਕ ਧੌਣ ਉਤੇ ਇਕ ਵਾਰ ਹੀ ਐਨਾ ਭਾਰ ਪਾ ਦੇਣਾ ਸਰਾਸਰ ਜ਼ੁਲਮ ਹੈ।
ਉਸ ਖੰਘੂਰਦਿਆਂ ਕਿਹਾ, 'ਖੈਰ, ਤੁਸੀਂ ਅੱਗੇ ਸੁਣੋ, ਉਨ੍ਹਾਂ ਗੱਲੀਂ ਗੱਲੀਂ ਇਹ ਚੋਭਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਤੇਰੇ ਮਾਪਿਆ ਸਾਨੂੰ ਕੁਝ ਨਹੀਂ ਦਿੱਤਾ। ਫਲਾਣਿਆਂ ਨੇ ਕੰਞਣ ਪਾਏ, ਮੋਹਰੀ (ਘੋੜੀ) ਦਿੱਤੀ ਅਤੇ ਨਕਦ ਪੰਜ ਸੌ ਦਿੱਤਾ। ਤੁਸੀਂ ਤਾਂ ਕੰਗਾਲ ਹੋ ਕਿਸੇ ਥਾਂ ਦੇ। ਉਜੜੇ ਪਿੰਡ ਦਾ ਸਾਕ ਲਭ ਲਿਆ ਮੈਂ ਹੈਰਾਨ ਚੁੱਪ-ਚਾਪ ਸੁਣੀ ਜਾਇਆ ਕਰਾਂ?
'ਸਾਹੁਰੇ ਹੁੰਦੇ ਤਿਲਕਣ ਬਾਜ਼ੀ, ਸੰਭਲ ਸੰਭਲ ਪਬ ਧਰਨਾ।'
ਕੁੜੀਆਂ ਦੀ ਇਹ ਗੱਲ ਮੈਨੂੰ ਮੁੜ ਮੁੜ ਚੇਤੇ ਆਇਆ ਕਰੇ। ਆਖਰ ਇਕ ਦਿਨ ਅੱਕੀ ਨੇ ਆਖ ਹੀ ਦਿੱਤਾ, 'ਬੇਬੇ ਜੀ। ਤੁਸੀਂ ਫਿਰ ਆਪਣਾ ਪੁੱਤਰ ਉਥੇ ਵਿਆਉਣਾ ਸੀ, ਜਿਥੇ ਇਹ ਸਾਰੀਆਂ ਚੀਜ਼ਾ ਮਿਲ ਸਕਦੀਆਂ।' ਬਸ ਏਨੀ ਗੱਲ ਤੋਂ ਘਰ ਵਿਚ ਭਾਂਬੜ ਮਚ ਉੱਠਿਆ। ਸਹੁਰੇ ਨੂੰ ਕਿਹਾ ਗਿਆ ਕਿ ਇਹ ਤਾਂ ਮੇਰੇ ਸਾਹਮਣੇ ਬੋਲਦੀ ਹੈ। ਇਸ ਦੀ ਗਿੱਠ ਜਬਾਨ ਹੈ। ਮੈਂ ਤੇ ਇਸ ਨੂੰ ਰਖਣਾ ਨਹੀਂ। ਇਹੋ ਜਿਹੀਆਂ ਗੱਲਾਂ ਸੁਣ ਸੁਣ ਮੇਰਾ ਹਿਰਦਾ ਕੰਬਣ ਲਗ ਪਿਆ ਅਤੇ ਲੱਗੀ ਕੰਧ ਨਾਲ ਲੱਗ ਕੇ ਵਿਚਾਰ ਕਰਨ ਕਿ ਅੜਿਆ ਜੇ ਇਨ੍ਹਾਂ ਛੱਡ ਦਿੱਤੀ। ਫਿਰ ਤੇ ਮੈਂ ਕਿਸੇ ਪਾਸੇ ਜੋਗੀ ਵੀ ਨਾ ਰਹੀ। ਅੱਗੇ ਨੂੰ ਲਾ ਕੰਨਾਂ ਨੂੰ ਹੱਥ ਕਿ ਜਵਾਬ ਨਹੀਂ ਦੇਵਾਂਗੀ। ਉਸ ਦਿਨ ਸਜਾ ਸੁਣਾਈ ਗਈ ਕਿ ਨਿੱਤ ਪਕਾਣ ਜੋਗਾ ਆਟਾ ਵੀ ਪੀਠਾ ਕਰਾਂ। ਸਾਰੀਆਂ ਗੱਲਾਂ ਸਿਰ ਨੀਵਾਂ ਕਰ ਕੇ ਮੰਨੀਆਂ।
ਹੁਣ ਤੁਸੀ ਮੈਥੋਂ ਨਿੱਤ ਦਾ ਕੰਮ ਸੁਣੋ। ਤੜਕਿਓ ਉਠਣਾ ਤੇ ਪੰਦਰਾਂ ਸੇਰ ਕੱਚਾ ਆਟਾ ਬਰੀਕ ਪੀਹਣਾ, ਮਤਾਂ ਕੋਈ ਮੋਟੀ ਆਖ ਕੇ ਮੈਨੂੰ ਦੁਰਕਾਰੇ। ਪਹਿਲੋਂ ਚੱਕੀ ਪਹਿਣ ਨਾਲ ਮੇਰੇ ਹੱਡ ਜੋੜ ਦੁਖਿਆ ਕਰਨ। ਪਰ ਉਥੇ ਕਿਸੇ ਨੂੰ ਦਸਣਾ ਥੋੜ੍ਹਾ ਸੀ। ਉਸ ਤੋਂ ਪਿਛੋਂ ਦੁਧ ਰਿੜਕਣਾ, ਮੱਝਾਂ ਨੂੰ ਪੱਠੇ ਪਾਉਣੇ ਤੇ ਫਿਰ ਉਹਨਾਂ ਨੂੰ ਚੋਣਾ। ਸਹੁਰੇ ਤੇ ਸਰਦਾਰ ਨੂੰ ਚਾਹ ਕਰ ਕੇ ਦੇਣੀ। ਉਸ ਤੋਂ ਪਿਛੋਂ ਗੋਹੇ ਕੂੜੇ ਦੁਆਲੇ ਹੋਣਾ। ਝਾੜੂ ਬਹਾਰੀ ਕਰਦੀ ਨੂੰ ਮੈਨੂੰ ਦਸ ਵਜ ਜਾਂਦੇ ਸਨ। ਆ ਕੇ ਛੇਤੀ ਨਾਲ ਦਾਲ ਧਰਨੀ ਅਤੇ ਭੁੱਖੀ ਭਾਣੀ ਨੇ ਮੈਂ ਰੋਟੀ ਲੱਗਣਾ। ਸਭ ਕੁਝ ਤਿਆਰ ਕਰ ਕੇ ਸੱਸ ਰਾਣੀ ਨੂੰ ਕਹਿਣਾ, ਮਾਂ ਜੀ ਰੋਟੀ ਤਿਆਰ ਹੈ ਤੁਸੀਂ ਵਰਤਾ ਦੇਵੋ।
'ਸਾਰੇ ਰੋਟੀ ਖਾ ਹਟਣ ਪਿਛੋਂ ਸੱਸ ਦੋ ਰੋਟੀਆਂ ਮੇਰੀ ਵਲ ਵੀ ਸੁੱਟ ਦਿਆ ਕਰੇ। ਬਿਲਕੁਲ ਇਸ ਤਰ੍ਹਾਂ ਸੁੱਟੇ, ਜਿਵੇਂ ਮੈਂ ਉਸ ਘਰ ਦਾ ਕੁੱਤਾ ਸਾਂ। ਦਾਲ ਤੌੜੀ ਵਿਚ ਹੁੰਦੀ ਸੁੰਦੀ ਤੋਂ ਵੀ ਮੇਰੀ ਵਲ ਗੰਡਾ ਰੋਹੜ ਦਿਆ ਕਰੇ। ਕਈ ਵਾਰ ਰੁੱਖੀਆਂ ਹੀ ਪਾਣੀ ਲੱਸੀ
ਨਾਲ ਸਬਰ ਦੇ ਘੁੱਟ ਭਰਕੇ ਲੰਘਾ ਲਿਆ ਕਰਾਂ। ਉਸ ਪਿਛੋਂ ਜੂਠੇ ਭਾਂਡਿਆਂ ਦਾ ਅੰਬਾਰ ਸਾਫ ਕਰਨ ਲਈ ਚੁੱਲ੍ਹੇ ਅੱਗੇ ਸਿਰ ਗੋਡਿਆ 'ਚ ਸੁੱਟ ਕੇ ਬਹਿ ਜਾਇਆ ਕਰਾਂ। ਕਈ ਵੇਰ ਖ਼ਿਆਲ ਆਵੇ ਕਿ ਜੇ ਕਦੇ ਮੇਰੀ ਮਾਂ ਮੈਨੂੰ ਇਸ ਹਾਲਤ ਵਿਚ ਵੇਖ ਲਵੇ ਤਾਂ ਕਦੀ ਜਿਊਂਦੀ ਨਾ ਰਹਿ ਸਕੇ। ਮੇਰੇ ਹੱਥ ਸੁਆਹ ਨਾਲ ਬਿਆਈਆਂ ਪੈ ਕੇ ਖਰਖਰਾ ਬਣਗੇ। ਭਾਂਡੇ ਸਾਫ਼ ਕਰਨ ਪਿਛੋਂ ਪਾਟੇ ਲੀੜਿਆਂ ਨੂੰ ਟਾਕੀਆਂ ਲਾਉਣੀਆਂ, ਲੀੜੇ ਧੋਣੇ ਤੇ ਹੋਰ ਨਿੱਕਾ ਮੋਟਾ ਕੰਮ ਹੁੰਦਾ ਸੀ। ਦਿਨ ਢਲੇ ਮੱਝਾਂ ਨੂੰ ਵੰਡ ਪਾਉਣੇ ਅਤੇ ਗਊਆਂ ਨੂੰ ਤੂੜੀ ਤੇ ਹਰਾ ਰਲਾਉਣਾ ਹੁੰਦਾ ਸੀ। ਜੇ ਹਰਾ ਕੁਤਰਿਆ ਨਾ ਹੋਵੇ ਤਦ ਆਪ ਦੱਥੇ ਲਾ ਕੇ ਕੁਤਰਨਾ ਵੀ ਪੈਂਦਾ ਸੀ। ਕਾਮੇ ਹੁਣ ਤਕਰੀਬਨ ਨਿੱਤ ਹੀ ਇਸ ਵੇਲੇ ਪੱਠੇ ਨਹੀਂ ਸਨ ਕੁਤਰਦੇ। ਓਧਰੋਂ ਵਿਹਲੇ ਹੋ ਕੇ ਲੱਸੀ ਵਾਲੇ ਭਾਂਡੇ ਸਾਫ਼ ਕਰਨੇ ਹੁੰਦੇ ਸਨ। ਦੁੱਧ ਵਾਲੀਆਂ ਕਾੜ੍ਹਨੀਆਂ ਭੜੋਲੀਆਂ ਵਿਚੋਂ ਕੱਢ ਕੇ ਰਸੋਈ ਵਿਚ ਟਿਕਾਣੇ ਰਖਦੀ ਸਾਂ, ਫਿਰ ਪਸ਼ੂਆਂ ਨੂੰ ਪਾਣੀ ਪਿਆਉਣ ਦਾ ਵੇਲਾ ਹੋ ਜਾਂਦਾ। ਮੈਂ ਕੜਾਹੀ ਫੜ ਕੇ ਆ ਖੂਹੀ ਦੇ ਦੁਆਲੇ ਹੁੰਦੀ। ਪਸ਼ੂ ਆਖਣ ਅਸੀਂ ਪਾਣੀ ਪੀਣੋ ਹਟਣਾ ਨਹੀਂ ਤੇ ਖੂਹੀ ਆਖੇ ਮੇਰੇ 'ਚੋਂ ਪਾਣੀ ਮੁਕਣਾ ਨਹੀਂ। ਦੋ ਘੰਟੇ ਮੇਰੀਆਂ ਬਾਹਾਂ ਮਣ ਕੱਚੇ ਦਾ ਡੋਲ ਬੁਰੀ ਤਰ੍ਹਾਂ ਖਿੱਚਦੀਆਂ।
ਏਧਰੋਂ ਹਟ ਕੇ ਗੋਹੇ ਧੁਖਾ ਦਾਲ ਵਾਲੀ ਤੌੜੀ ਧਰਦੀ ਸਾਂ। ਬਹੁਤੀ ਦਾਲ ਮਾਂਹ ਮੋਠਾਂ ਤੇ ਛੋਲਿਆਂ ਦੀ ਹੀ ਹੁੰਦੀ ਸੀ। ਹਰ ਦੂਜੇ ਦਿਨ ਦੁਪਹਿਰਾਂ ਨੂੰ ਦਸ ਬਾਰਾਂ ਟੋਕਰੇ ਗੋਹੇ ਦੀਆਂ ਪਾਥੀਆਂ ਪਥਣੀਆਂ ਹੁੰਦੀਆਂ ਸਨ। ਆਥਣ ਦਾ ਕੂੜਾ ਸਿੱਟਣ ਵੇਲੇ ਓਧਰੋਂ ਪਾਥੀਆਂ ਢੋਇਆ ਕਰਦੀ ਸਾਂ। ਇਸੇ ਦੌੜ ਭਜ ਵਿਚ ਰਾਤ ਦੀ ਰੋਟੀ ਦਾ ਵੇਲਾ ਹੋ ਜਾਂਦਾ। ਮੱਝਾਂ ਦੀਆਂ ਧਾਰਾਂ ਕਢਦੀ ਸਾਂ, ਦੁੱਧ ਤੱਤਾ ਕਰ ਕੇ ਜਮਾਉਂਦੀ ਸਾਂ। ਸਾਰਿਆਂ ਦੇ ਰੋਟੀ ਖਾਣ ਦੇ ਮਗਰੋਂ ਮੇਰੀ ਵਾਰੀ ਆਉਂਦੀ ਸੀ। ਰਾਤ ਵੇਲੇ ਮੈਨੂੰ ਨਿੱਤ ਹੀ ਰੁੱਖੀ ਰੋਟੀ ਮਿਲਦੀ ਸੀ। ਮੈਂ ਪਿੱਠ ਭੁਆ ਕੇ ਰੋਟੀ ਜੇਬ ਵਿਚ ਪਾ ਲੈਂਦੀ ਅਤੇ ਕੋਠੇ ਤੇ ਨਿੱਤ ਗਿੱਝੇ ਹੋਏ ਕੁੱਤੇ ਨੂੰ ਪਾ ਦੇਂਦੀ ਸਾਂ। ਭਾਂਡੇ ਮਾਂਜ ਕੇ ਫਿਰ ਰਾਤ ਨੂੰ ਸਰਦਾਰ ਹੋਰਾਂ ਦੇ ਵਸ ਪੈ ਜਾਂਦੀ। ਤੜਕੇ ਉਠ ਕੇ ਖਾਊ-ਪੀਏ ਤਕ ਮੈਂ ਇਕ ਮਿੰਟ ਵੀ ਸਾਹ ਨਹੀਂ ਸਾਂ ਲੈਂਦੀ। ਪਰ ਮਾਂ ਧੀ ਦੀਆਂ ਬੋਲੀਆਂ ਤੇ ਮਚਦੇ ਤਾਹਨੇ ਫਿਰ ਵੀ ਸੁਣਦੀ ਹੀ ਰਹਿੰਦੀ ਸਾਂ । ਸਰਦਾਰ ਨੂੰ ਕਦੇ ਅਲਫੋਂ ਬੇ ਨਹੀਂ ਸੀ ਆਖੀ ਕਿ ਤੇਰੀ ਮਾਂ ਤੇ ਭੈਣ ਮੈਨੂੰ ਸਾਰੀ ਦਿਹਾੜੀ ਇਉਂ ਤੰਗ ਕਰਦੀਆਂ ਹਨ। ਪਰ ਉਹ ਲਾਣਾ ਹੀ ਊਤਾਂ ਦਾ ਸੀ। ਇਕ ਮੇਰੇ ਛੋਟੇ ਦੇਵਰ ਨੂੰ ਮੇਰੇ ਨਾਲ ਹਮਦਰਦੀ ਸੀ । ਪਸ਼ੂਆਂ ਨੂੰ ਪਾਣੀ ਪਿਲਾਣ ਤੇ ਪੱਠੇ ਪਾਉਣ ਵਿਚ ਉਹ ਮੈਨੂੰ ਕਾਫ਼ੀ ਮਦਦ ਦੇ ਦਿਆ ਕਰਦਾ। ਸਰਦਾਰ ਨੇ ਰਾਤ ਨੂੰ ਕਦੇ ਸੌਂਹ ਖਾ ਕੇ ਵੀ ਨਹੀਂ ਸੀ ਪੁੱਛਿਆ ਕਿ ਤੂੰ ਦਿਨੇ ਕੀ ਕੰਮ ਕਰਦੀ ਹੁੰਦੀ ਏ ? ਤੂੰ ਤਕੜੀ ਤਾਂ ਰਹਿੰਦੀ ਏ ? ਮੈਂ ਤਰਸਦੀ ਹੀ ਰਹਿੰਦੀ ਸਾਂ ਕਿ ਉਹ ਕਦੇ ਮੇਰਾ ਹਾਲ ਪੁੱਛਣ । ਲਗਾਤਾਰ ਦੋ ਮਹੀਨੇ ਦਾ ਥਕੇਵਾਂ ਜਮ੍ਹਾਂ ਹੋ ਗਿਆ, ਪਰ ਉਸ ਸ਼ੇਰ ਦੇ ਬੱਚੇ ਆਪਣਾ ਮਤਲਬ ਹੱਲ ਕਰਨ ਬਿਨਾਂ ਕਦੇ ਹੱਸ ਕੇ ਨਾ ਗੱਲ ਕੀਤੀ। ਮੈਂ ਨਿੱਤ ਰਾਤ ਨੂੰ ਭਰੀ ਪੀਤੀ ਰਹਿ ਜਾਂਦੀ। ਸ਼ਾਇਦ ਉਨ੍ਹਾਂ ਨੂੰ ਪਿਆਰ ਭਰੀਆਂ ਗੱਲਾਂ ਕਰਨੀਆਂ ਨਹੀਂ ਸਨ ਆਉਂਦੀਆਂ। ਮੇਰੀ ਸਿਹਤ ਹਦੋਂ ਵਧ ਕਮਜ਼ੋਰ ਹੋ ਗਈ। ਰੁਖੀ ਮਿਸੀ ਰੋਟੀ ਪਾਣੀ ਉਹ ਵੀ ਇਕ ਡੰਗ, ਹੌਂਸਲੇ ਤੋਂ ਬਿਨਾਂ ਸਾਰੀ ਦਿਹਾੜੀ ਕੰਮ ਨੂੰ ਜੁਟੇ ਰਹਿਣਾ ਇਸ ਤਰ੍ਹਾਂ ਮਾੜੀ ਹੀ ਹੋਣਾ ਸੀ।
'ਸਰਦਾਰ ਹੋਰੀਂ ਅਫੀਮ ਤਕੜੀ ਖਾਂਦੇ ਸਨ। ਚਾਹ ਦਾ ਗੱਫਾ ਦੋ ਵੇਲੇ ਤੇ ਸਿਗਰਟਾਂ ਦਾ ਝੱਸ ਵੀ ਪੈ ਚਲਿਆ ਸੀ। ਮੇਰੀ ਮਾੜੀ ਕਿਸਮਤ ਨੂੰ ਸਾਰੀਆਂ ਹੋਣੀਆਂ ਹੌਲੀ-ਹੌਲੀ ਜੁੜਦੀਆਂ ਗਈਆਂ। ਇਨ੍ਹਾਂ ਦਿਨਾਂ ਵਿਚ ਮੇਰੀ ਮਾਂ ਮੈਨੂੰ ਆ ਕੇ ਲੈ ਗਈ। ਪਿਛੋਂ ਸਰਦਾਰ ਹੋਰਾਂ ਨੂੰ ਨਸ਼ਿਆਂ ਦੀ ਗਰਮੀ ਨੇ ਚੁੱਕਿਆ ਤੇ ਬੀਮਾਰ ਹੋ ਗਏ। ਇਲਾਜ ਕੋਈ ਕਰਵਾਇਆ ਨਾ, ਸਿਹਤ ਗਿਰ ਗਈ। ਪਿਤਾ ਜੀ ਛੁੱਟੀ ਲੈ ਕੇ ਆਏ। ਉਨ੍ਹਾਂ ਆਪਣੇ ਜਵਾਈ ਨੂੰ ਘਰ ਲਿਆਂਦਾ ਅਤੇ ਚੰਗੀ ਤਰ੍ਹਾਂ ਇਲਾਜ ਕਰਵਾਇਆ। ਹਕੀਮ ਨੇ ਸ਼ਰਾਬ ਉੱਕਾ ਹੀ ਬੰਦ ਕਰ ਦਿੱਤੀ। ਪਰ ਵਿਚੋਂ ਦੋ ਵਾਰੀ ਫਿਰ ਪੀ ਗਏ। ਅਸਾਂ ਉਸ ਨੂੰ ਪੂਰਾ ਇਕ ਮਹੀਨਾ ਰੱਖ ਕੇ ਤੰਦੁਰਸਤ ਕਰ ਕੇ ਘੱਲਿਆ ਅਤੇ ਜਾਂਦੇ ਨੂੰ ਮਾਂ ਜੀ ਵੀਹ ਸੇਰ ਪੱਕੇ ਘਿਓ ਦਾ ਟੀਨ ਮੁਲ ਲੈ ਕੇ ਦਿੱਤਾ। ਮੈਨੂੰ ਦੂਜੀ ਵਾਰ ਕੋਕਰੀ ਜਾ ਕੇ ਪਤਾ ਲਗਾ ਕਿ ਸਰਦਾਰ ਘਿਓ ਦਾ ਟੀਨ ਖਾਧਾ ਨਹੀਂ ਸਗੋਂ ਵੇਚ ਦਿੱਤਾ ਸੀ। ਮੈਨੂੰ ਬੜਾ ਗੁੱਸਾ ਆਇਆ ਪਰ ਕਸੀਸ ਵੱਟ ਕੇ ਪੀ ਗਈ। ਮਾਂ ਨੇ ਪਿੰਡ ਆਈ ਤੋਂ ਪੁਛਿਆ, 'ਕੋਈ ਤਕਲੀਫ ?' ਮੈਂ ਆਖਿਆ, 'ਸਭ ਠੀਕ ਹੈ'। ਤਕਲੀਫ਼ ਪਰਗਟ ਕਰ ਕੇ ਮਾਂ ਨੂੰ ਮੈਂ ਵਧੇਰੇ ਦੁਖੀ ਕਰਨ ਚੰਗਾ ਨਾ ਜਾਣਿਆ, ਕਿਉਂਕਿ ਸਾਰੇ ਹਾਲਾਤ ਦਾ ਪਤਾ ਲੱਗਣ ਤੇ ਉਸ ਦੇ ਤੜਫ ਤੜਫ ਕੇ ਮਰ ਜਾਣ ਦਾ ਖ਼ਤਰਾ ਸੀ।
ਜਦੋਂ ਮੈਨੂੰ ਸਰਦਾਰ ਦੂਜੀ ਵਾਰ ਲੈ ਕੇ ਗਿਆ, ਓਦੋਂ ਤੇ ਓਥੇ ਕੁਝ ਗੱਲਾਂ ਹੀ ਹੋਰ ਬਣ ਗਈਆਂ। ਧੋਬੀ ਦੇ ਬੈਲ ਵਾਂਗ ਮੈਂ ਆਪਣੀ ਨਿਤ ਦੀ ਡਿਊਟੀ ਸਾਂਭ ਲਈ। ਪਰ ਇਸ ਵਾਰ ਮੇਰਾ ਹਿਰਦਾ ਬੋਲੀਆਂ ਦੀਆਂ ਸੂਲਾਂ ਨਾਲ ਬੁਰੀ ਤਰ੍ਹਾਂ ਵਿੰਨਣਾ ਸ਼ੁਰੂ ਕਰ ਦਿੱਤਾ। ਮੈਨੂੰ ਗਾਲ੍ਹਾਂ ਦੇ ਨਾਲ ਮੇਰੇ ਮਾਤਾ ਪਿਤਾ ਨੂੰ ਵੀ ਵਿਚ ਦਵੱਲ ਧਰਿਆ। ਇਸਤਰੀ ਆਪਣੀ ਹੱਤਕ ਹਰ ਤਰ੍ਹਾਂ ਸਹਾਰ ਲੈਂਦੀ ਹੈ, ਪਰ ਮਾਪਿਆਂ ਬਾਰੇ ਉਸ ਤੋਂ ਇਕ ਲਫਜ਼ ਨਹੀਂ ਸੁਣਿਆ ਜਾਂਦਾ। ਮੇਰੀਆਂ ਅੱਖਾਂ ਵਿਚ ਹੰਝੂ ਅਟਕਣੇ ਸ਼ੁਰੂ ਹੋ ਗਏ, ਰੋਂਦੀ ਵੀ ਨਹੀਂ ਸਾਂ, ਮਤੇ ਕਲੇਸ਼ ਜਿਆਦਾ ਵਧ ਜਾਵੇ। ਮਾਂ ਧੀ ਆਥਣ ਸਵੇਰ ਸਰਦਾਰ ਨੂੰ ਚੁੱਕਦੀਆਂ ਰਹਿੰਦੀਆਂ ਸਨ। ਮੋਟੀ ਅਕਲ ਤੇ ਲਾਈ-ਲਗ ਘਰ ਵਾਲੇ ਤੋਂ ਰੱਬ ਬਚਾਵੇ। ਅਖੀਰ ਉਨ੍ਹਾਂ ਦੀ ਮੁਰਾਦ ਪੂਰੀ ਹੋਈ ਤੇ ਥੋੜ੍ਹੇ ਜਿਹੇ ਕਸੂਰ ਤੇ ਡੰਡਿਆਂ ਨਾਲ ਮੇਰੀ ਮੁਰੰਮਤ ਹੋਣ ਲਗੀ।
ਇਕ ਵਾਰ ਦੀ ਗੱਲ ਕਿ ਮੈਂ ਰੋਟੀ ਪਕਾ ਰਹੀ ਸਾਂ। ਇਕ ਗੁਆਂਢਣ ਆ ਗਈ। ਮੇਰੀ ਸੱਸ ਚੁਲ੍ਹੇ ਅੱਗੇ ਹੀ ਬੈਠੀ ਸੀ। ਮੈਂ ਤਵੇ ਤੋਂ ਰੋਟੀ ਲਾਹ ਕੇ ਫੁਲਾਣ ਲਈ ਚੁਲ੍ਹੇ ਦੀ ਮੱਠੀ ਮੱਠੀ ਅੱਗ-ਅੱਗੇ ਰੱਖ ਦਿੱਤੀ। ਗੁਆਂਢਣ ਮੈਥੋਂ ਸਰ੍ਹਾਣੇ ਦੀ ਉਣਾਈ ਪੁੱਛ ਰਹੀ ਸੀ। ਮੈਂ ਉਸ ਨੂੰ ਦਸਣ ਲਗ ਪਈ। ਰੋਟੀ ਦਾ ਖਿਆਲ ਭੁਲ ਗਿਆ। ਮੈਂ ਸਮਝਦੀ ਸਾਂ ਕਿ ਚੜੇਲ ਅੱਗੇ ਬੈਠੀ ਹੈ, ਆਪੇ ਚੁੱਕ ਲਵੇਗੀ । ਪਰ ਉਸ ਨੇ ਨਾ ਚੁੱਕੀ ਰੋਟੀ ਸੜ ਗਈ, ਮੈਨੂੰ ਬੜਾ ਅਫਸੋਸ ਹੋਇਆ। ਗੁਆਂਢਣ ਜਾ ਚੁੱਕੀ ਸੀ। ਮੈਂ ਉਹੋ! ਕਹਿ ਕੇ ਸੜੀ ਰੋਟੀ ਚੁੱਕੀ। ਮੇਰੀ ਸੱਸ ਨੇ ਤਪਾਇਆ ਹੋਇਆ ਖੁਰਚਣਾ ਮੇਰੇ ਗੁਟ ਤੇ ਲਾ ਦਿੱਤਾ। ਖੁਰਚਣਾ ਪਹਿਲੋਂ ਹੀ ਅੱਗ ਵਿਚ ਰਖ ਕੇ ਗਰਮ ਕਰ ਲਿਆ ਸੀ। ਖੁਰਚਣਾ ਲਗਦੇ ਸਾਰੇ ਹੀ ਮੇਰੀ ਚੀਕ ਨਿਕਲ ਗਈ। ਉਸ ਆਪਣਾ ਜ਼ਹਿਰੀਲਾ ਮੂੰਹ ਖੋਲਿਆ ਤੇ ਆਖਣ ਲੱਗੀ, 'ਇਸ ਨੂੰ ਤੇਰਾ ਪਿਓ ਖਾਵੇਗਾ, ਤੈਨੂੰ ਖੁਆਉਣੀ ਏਂ ਮੁਰਦਾਰੇ। ਜੂਠ ਕਿਸੇ ਥਾਂ ਦੀ।
ਸਾਰੇ ਦਿਨਾਂ ਦਾ ਇਕੱਠਾ ਹੋਇਆ ਗ਼ਮ, ਹਿਰਦਾ ਪਾੜ ਅੱਖਾਂ ਰਾਹੀਂ ਵਹਿ ਤੁਰਿਆ।
ਮੇਰੀਆਂ ਭੁੱਬਾਂ ਨਿਕਲ ਗਈਆਂ, ਮੈਂ ਰੋ ਰੋ ਫਾਵੀ ਹੋ ਗਈ। ਇਕ ਇਕ ਗੱਲ ਚੇਤੇ ਆਵੇ ਅਤੇ ਰੋਣ ਝੜੀ ਦੇ ਬੱਦਲਾਂ ਵਾਂਗ ਠੱਲਿਆ ਨਾ ਜਾਵੇ। ਮਾਂ ਧੀ ਆਖਣ, ਪਤੰਦਰ ਦੇ ਆਉਣ ਤੋਂ ਅੱਗੋਂ ਅੱਗੋਂ ਹੁੰਦੀ ਹੈ, ਕਿਤੇ ਆ ਕੇ ਕੁਝ ਕਹਿ ਨਾ ਦੇਵੇ । ਸਰਦਾਰ ਪੱਠੇ ਲੈ ਕੇ ਆਇਆ ਹੀ ਸੀ ਕਿ ਮਾਂ ਨੇ ਅੱਗੋਂ ਹੀ ਬਾਹਰਲੇ ਘਰ ਜਾ ਸਿਖਾਇਆ। ਉਸ ਮੈਨੂੰ ਅੰਦਰ ਰੋਂਦੀ ਨੂੰ ਆ ਫੜਿਆ। ਡੰਡੇ ਨਾਲ ਸਾਰਾ ਪਿੰਡਾ ਲੂਹ ਸੁੱਟਿਆ। ਮੈਂ ਚੀਕਾਂ ਮਾਰਾਂ ਤੇ ਵਾਸਤੇ ਪਾਵਾਂ, ਪਰ ਪੱਥਰ ਨੇ ਇਕ ਨਾ ਸੁਣੀ। ਜਿਹੜੇ ਹੱਥ ਤੇ ਖੁਰਚਣਾ ਲੱਗਾ ਸੀ, ਓਸ ਥਾਂ ਓਦੋਂ ਹੀ ਛਾਲਾ ਹੋ ਗਿਆ ਸੀ। ਓਨਾ ਥਾਂ ਸੜੀ ਜਾ ਰਿਹਾ ਸੀ। ਸਰਦਾਰ ਨੇ ਇਕ ਡੰਡਾ ਬੇਦਰਦੀ ਨਾਲ ਓਥੇ ਵੀ ਜੜ ਦਿੱਤਾ। ਛਾਲਾ ਫਿਸ ਕੇ ਪਾਣੀ ਨਿਕਲ ਗਿਆ, ਬਹੁੜੀਂ ਰੱਬਾ। ਇਸਤਰੀ ਦੀ ਜੂਨ ਭੁੱਲ ਕੇ ਵੀ ਨਾ ਪਾਈਂ।
ਸਾਰੇ ਟੱਬਰ ਦਾ ਗੁੱਸਾ ਕਢ, ਉਸ ਮੈਨੂੰ ਛੱਡ ਦਿੱਤਾ। ਮੈਂ ਭੁੰਜੇ ਹੀ ਟੇਢੀ ਪਈ ਸਾਂ। ਦੁਖਾਂ ਦੀ ਵਾਛੜ ਮੈਨੂੰ ਇਕ ਵਾਰ ਹੀ ਭੰਨ ਕੇ ਸੁੱਟ ਗਈ। ਚੁੰਨੀ ਨਾਲ ਮੂੰਹ ਢੱਕੀ ਰੋਈ ਜਾ ਰਹੀ ਸਾਂ। ਪਤਾ ਨਹੀਂ ਉਸ ਦਿਨ ਮੇਰੀਆਂ ਅੱਖਾਂ ਅੰਦਰ ਕਿੰਨਾ ਕੁ ਪਾਣੀ ਪਿਆ ਸੀ, ਜਿਹੜਾ ਖ਼ਤਮ ਹੋਣ ਵਿਚ ਨਹੀਂ ਆਉਂਦਾ ਸੀ। ਚੁੱਪ ਹੋਏ ਵੀ ਕੁਝ ਸੋਚ ਕੇ ਫਿਰ ਦੋਹਾਂ ਹੱਥਾਂ ਵਿਚ ਮੂੰਹ ਫੜ ਕੇ ਹੁਬਕੀਂ ਹੁਬਕੀ ਰੋਣ ਲੱਗ ਪੈਂਦੀ ਸਾਂ। ਉਸ ਵੇਲੇ ਮੈਂ ਸਮਝਦੀ ਸਾਂ ਕਿ ਇਸਤਰੀ ਜੂਨ ਸਾਰੇ ਨਰਕਾਂ ਦਾ ਨਿਚੋੜ ਹੈ। ਕੁਝ ਨਹੀਂ ਸੀ ਸੁੱਝਦਾ, ਉਹ ਵੇਲਾ ਰੱਬ ਦੁਸ਼ਮਣ ਨੂੰ ਵੀ ਨਸੀਬ ਨਾ ਕਰੇ।
ਨਿਤ ਦੀਆਂ ਮਾਰਾਂ, ਗਾਲ੍ਹਾਂ, ਵੇਲੇ ਕੁਵੇਲੇ ਦੀ ਭੁੱਖ, ਕੰਮ ਦੀ ਖਿਚ ਰਾਤ ਦਿਨ ਵਢ- ਵਢ ਖਾਂਦੀ ਚਿੰਤਾ ਨੇ ਮੇਰਾ ਰੰਗ ਨੀਲਾ ਕਰ ਦਿੱਤਾ। ਮੈਨੂੰ ਹਲਕਾ ਹਲਕਾ ਬੁਖਾਰ ਰਹਿਣ ਲਗ ਪਿਆ। ਮੇਰੀ ਲਿਆਕਤ ਦਾ ਉਨ੍ਹਾਂ ਭੋਰਾ ਮੁੱਲ ਨਾ ਪਾਇਆ। ਮੇਰੀ ਸਿਆਣਪ ਕੁੱਤੇ ਵਾਂਗ ਦੁਰਕਾਰ ਦਿੱਤੀ। ਸਾਰੇ ਕੰਮ ਨੂੰ ਜੁੱਤੀ ਬਰਾਬਰ ਨਾ ਜਾਣਿਆ। ਮੇਰਾ ਸਭ ਕੀਤਾ ਕਰਾਇਆ ਤੇ ਬਣਿਆ ਬਣਾਇਆ ਖੂਹ ਵਿਚ ਪਾ ਦਿੱਤਾ। ਫਿਰ ਤਾਪ ਪ੍ਰਤੱਖ ਜਾਹਰ ਹੋ ਗਿਆ। ਨਿੱਤ ਰਾਤ ਨੂੰ ਚੜ੍ਹ ਜਾਇਆ ਕਰੇ। ਮੇਰੀ ਰਿਆਸਤ ਵਾਲੀ ਸਹੇਲੀ ਮਹਿੰਦਰ ਦੇ ਨਾਨਕੇ ਕੋਕਰੀ ਹੀ ਸਨ। ਉਹ ਮੈਨੂੰ ਮਿਲਣ ਆਈ ਅਤੇ ਮੇਰਾ ਰੰਗ ਰੂਪ ਤੇ ਹਾਲ ਵੇਖ ਹੈਰਾਨ ਹੋ ਗਈ। ਮੇਰੀ ਸੱਸ ਇਕ ਮਿੰਟ ਵੀ ਮੇਰੇ ਪਾਸੋਂ ਨਾ ਹਿੱਲੀ, ਮਤਾਂ ਮੈਂ ਕੋਈ ਸੱਚੀ ਉਸ ਨੂੰ ਦਸ ਦੇਵਾਂ। ਪਰ ਸਚਾਈ ਆਪ ਹੀ ਨਹੀਂ ਲੁਕਦੀ। ਮੇਰੇ ਡੁਲ੍ਹਦੇ ਅੱਥਰੂ ਮਹਿੰਦਰ ਤੋਂ ਨਾ ਵੇਖੇ ਗਏ। ਉਹ ਬਿਨਾਂ ਆਖਣ ਤੇ ਹੀ ਸਾਰਾ ਕੁਝ ਸਮਝ ਗਈ। ਜਦੋਂ ਜਾਣ ਲਗੀ ਤਾਂ ਮੈਨੂੰ ਜੱਫੀ ਪਾ ਕੇ ਮਿਲੀ। ਜੱਫੀ ਪਾਉਣ ਨਾਲ ਉਸ ਨੂੰ ਇਹ ਭੀ ਪਤਾ ਲਗ ਗਿਆ ਕਿ ਮੈਂ ਤਾਪ ਵਿਚ ਭਖ ਰਹੀ ਹਾਂ। ਉਹ ਕੁਝ ਨਾ ਬੋਲੀ, ਚੁੱਪ-ਚਾਪ ਰਿਆਸਤ ਨੂੰ ਚਲੀ ਗਈ। ਪਿੱਛੋਂ ਪਤਾ ਲਗਾ ਕਿ ਉਸ ਨੂੰ ਸਾਰਾ ਹਾਲ ਆਢੋਂ ਗੁਆਢੋਂ ਮਲੂਮ ਹੋ ਗਿਆ ਸੀ। ਸਾਰੀ ਗੱਲ ਉਸ ਜਾ ਕੇ ਪਿਤਾ ਜੀ ਨੂੰ ਦਸ ਦਿੱਤੀ। ਪਿਤਾ ਜੀ ਤੋਂ ਸੁਣ ਕੇ ਰਿਹਾ ਨਾ ਗਿਆ ਅਤੇ ਇਕ ਦਮ ਪੰਜ ਦਿਨ ਛੁੱਟੀ ਲੈ ਕੇ ਆ ਗਏ। ਉਨ੍ਹਾਂ ਦੇ ਆਉਣ ਨਾਲ ਐਨਾ ਜਰੂਰ ਹੋਇਆ ਕਿ ਮੇਰੀ ਜਾਨ ਬਚ ਗਈ। ਪਿਤਾ ਜੀ ਨੇ ਮੇਰੇ ਤੋਂ ਕਈ ਗੱਲਾਂ ਪੁਛਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਪਹਿਲਾਂ ਤਾਂ ਕੁਝ ਨਾ ਦੱਸਿਆ, ਪਰ ਜਿਆਦਾ ਦੇਰ ਮੈਥੋਂ ਜਬਤ ਨਾ ਹੋ ਸਕਿਆ। ਸਾਰੇ
ਦੁਖ ਭੁੱਬਾਂ ਦੀ ਸ਼ਕਲ ਵਿਚ ਪਿਤਾ ਜੀ ਦੀ ਗੋਦ ਵਿਚ ਡਿਗ ਪਏ ਜਬਾਨੀ ਮੈਥੋਂ ਕੁਝ ਵੀ ਦਸਿਆ ਗਿਆ। ਉਸ ਵੇਲੇ ਪਿਤਾ ਜੀ ਦੀਆਂ ਵੀ ਅੱਖਾਂ ਭਰ ਆਈਆਂ।
ਪਿਤਾ ਜੀ ਨੇ ਮੈਨੂੰ ਤਿਆਰ ਹੋਣ ਲਈ ਕਿਹਾ, ਪਰ ਮੈਂ ਬੇਨਤੀ ਕੀਤੀ 'ਪਿਤਾ ਜੀ। ਇਨ੍ਹਾਂ ਤੋਂ ਪੁੱਛ ਕੇ ਜਾਣਾ ਚੰਗਾ ਹੋਵੇਗਾ। ਪਿਤਾ ਜੀ ਨੇ ਸਾਰਿਆ ਦੇ ਸਾਹਮਣੇ ਕਿਹਾ, ਮੈਂ ਪਾਲ ਨੂੰ ਲੈ ਜਾਣਾ ਹੈ ਅਤੇ ਉਂਨਾ ਚਿਰ ਨਹੀਂ ਘੱਲਣਾ, ਜਿੰਨਾ ਚਿਰ ਤੁਸੀਂ ਇਸ ਗੱਲ ਦੀ ਤਸੱਲੀ ਨਾ ਦੇਵੋ ਕਿ ਇਸ ਨੂੰ ਆਪਣੇ ਵਰਗਾ ਹੀ ਸਮਝੋਂਗੇ। ਮੈਂ ਤੁਹਾਨੂੰ ਧੀ ਕੋਹ ਕੋਹ ਹਲਾਲ ਕਰਨ ਲਈ ਨਹੀਂ ਸੀ ਦਿੱਤੀ। ਤੁਸੀਂ ਵੀ ਧੀਆਂ ਵਾਲੇ ਹੋ। ਮੇਰੇ ਹੱਥ ਹਿਲਾਣ ਤੇ ਪਿਤਾ ਜੀ ਖਾਮੋਸ਼ ਹੋ ਗਏ। ਉਨ੍ਹਾਂ ਸਾਰਿਆਂ ਨੂੰ ਦੰਦਲ ਪੈ ਗਈ। ਕਿਸੇ ਕੋਈ ਜਵਾਬ ਨਾ ਦਿੱਤਾ। ਤੁਹਾਡੀ ਮਰਜ਼ੀ ਹੈ। ਪਿਤਾ ਜੀ ਨੇ ਹੋਰ ਕੁਝ ਵੀ ਨਾ ਸੁਣਿਆ ਤੇ ਮੈਨੂੰ ਚਲਣ ਲਈ ਕਿਹਾ।
'ਅਸੀਂ ਤਲਵੰਡੀ ਆ ਗਏ। ਪੰਦਰਾਂ ਵੀਹ ਦਿਨਾਂ ਵਿਚ ਮੈਨੂੰ ਬੁਖ਼ਾਰ ਵਲੋਂ ਅਰਾਮ ਆਇਆ, ਜਿਹੜੀ ਵੀ ਕੋਈ ਮੈਨੂੰ ਆ ਕੇ ਵੇਖੇ, ਮੂੰਹ ਨਾਲ ਉਂਗਲ ਪਾ ਕੇ ਰਹਿ ਜਾਏ, 'ਕੁੜੇ ਪਾਲ ਤੈਨੂੰ ਕੀ ਹੋ ਗਿਆ। ਕੁੜੇ ਤੂੰ ਤੇ ਕਾਲੀ ਭੂਤ ਹੋ ਗਈ।' ਕਮਲਿਆਂ ਵਾਂਗ ਸਭ ਦੀਆਂ ਗੱਲਾਂ ਸੁਣਦੀ ਰਹੀ। ਇਕ ਦਿਨ ਪਿਤਾ ਜੀ ਨੇ ਵੀ ਦੁਖੀ ਹੋ ਕੇ ਕਿਹਾ, 'ਮੈਂ ਬੜਾ ਸੁਖੀ ਸਾਂ, ਪਰ ਇਸ ਕੁੜੀ ਨੇ...।' ਅੱਗੋਂ ਉਹ ਕੁਝ ਨਾ ਆਖ ਸਕੇ। ਮੈਂ ਸਮਝਿਆ, ਸਾਡੇ ਭਾਰਤ ਵਿਚ ਕੁੜੀ ਮਾਂ ਬਾਪ ਲਈ ਉਹ ਨਾਸੂਰ ਹੈ, ਜਿਹੜਾ ਦਿਲ ਤੇ ਪਿਆ ਸਦਾ ਚੀਸਾਂ ਕਰਦਾ ਰਹਿੰਦਾ ਹੈ। ਧੀਆਂ ਦਾ ਪੈਦਾ ਹੋਣਾ ਇਕ ਲਾਹਨਤ ਹੈ। ਕਾਸ਼ ! ਕਿਸੇ ਦੇ ਘਰ ਧੀ ਨਾ ਹੋਵੇ, ਉਸ ਦਾ ਵੈਰੀ ਭਾਵੇਂ ਇਕ ਹੋਰ ਵਧ ਜਾਵੇ। ਪਿਤਾ ਜੀ ਨੌਕਰੀ ਤੇ ਚਲੇ ਗਏ। ਦੋ ਮਹੀਨੇ ਪਿਛੋਂ ਪਤਾ ਲਗਾ ਕਿ ਸਰਦਾਰ ਦੀ ਸਾਰੋਂ ਪਿੰਡ ਵਿਚ ਮੰਗਣੀ ਹੋ ਗਈ ਏ। ਤਿੰਨ ਮਹੀਨੇ ਪਿਛੋਂ ਉਨ੍ਹਾਂ ਦਾ ਵਿਆਹ ਵੀ ਹੋ ਗਿਆ। ਮੇਰੀ ਜ਼ਿੰਦਗੀ ਦਾ ਬਿਰਛ ਜੜ੍ਹਾਂ ਤੋਂ ਹੀ ਸੁੱਕ ਗਿਆ। ਮੈਂ ਵੀ ਮਾਂ ਬਾਪ ਲਈ ਜ਼ਹਿਮਤ ਬਣੀ ਰਹਿਣਾ ਚੰਗਾ ਨਾ ਸਮਝਿਆ ਅਤੇ ਫ਼ੌਜੀ ਸੇਵਾਦਾਰਨੀਆਂ ਵਿਚ ਭਰਤੀ ਹੋ ਗਈ। ਹੁਣ ਪਿੰਡ ਪਿੰਡ ਦੌਰਾ ਕਰ ਰਹੀ ਹਾਂ, ਜਿਨ੍ਹਾਂ ਵਿਚੋਂ ਤੁਹਾਡਾ ਵੀ ਇਕ ਪਿੰਡ ਹੈ। ਇਹ ਹੈ ਮੇਰੀ ਜੀਵਨ ਵਿਥਿਆ।'
ਚੁੱਪ ਨੇ ਮੇਰੇ ਮੂੰਹ ਨੂੰ ਜਿੰਦਰਾ ਮਾਰ ਲਿਆ। ਅਫਸੋਸ ਵਿਚ ਡੂੰਘਾ ਧਸ ਗਿਆ। ਮੇਰੇ ਕੋਲੋਂ ਕੁਝ ਵੀ ਨਾ ਆਖ ਹੋਇਆ। ਮੈਂ ਹੱਦੋਂ ਵਧ ਸ਼ਰਮਿੰਦਾ ਸਾਂ, ਜਿਵੇਂ ਮੇਰੇ ਹੀ ਸਕੇ ਭਰਾ ਨੇ ਪਾਲ ਨਾਲ ਇਹ ਸਲੂਕ ਕੀਤਾ ਹੋਵੇ।
5
ਸ਼ਾਮ ਨੂੰ ਸੂਰਜ ਆਪਣਾ ਤੇਜ ਥੋੜ੍ਹਾ ਕਰਦਾ ਹੈ ਜਾਂ ਕਰਨ ਲਈ ਮਜਬੂਰ ਹੁੰਦਾ ਹੈ, ਓਦੋਂ ਮੈਂ ਪਾਲ ਨੂੰ ਤਲਵੰਡੀ ਦੇ ਅੱਧ ਤਕ ਛੱਡ ਆਇਆ। ਉਹ ਚਲੀ ਗਈ, ਜਿਵੇਂ ਉਸ ਨੂੰ ਆਇਆਂ ਨੂੰ ਬਹੁਤ ਸਮਾਂ ਹੋ ਗਿਆ ਸੀ। ਜੀਵਨ ਦੀ ਗੁੰਝਲ ਹੱਲ ਕਰਨ ਲਈ ਮੈਂ ਸਿਰ ਤੋੜ ਯਤਨ ਕਰ ਰਿਹਾ ਸਾਂ, ਪਰ ਇਸੇ ਦੀ ਕੋਈ ਗੁੱਥੀ ਵੀ ਸੁਲਝਾਈ ਨਹੀਂ ਸੀ ਜਾ ਰਹੀ।
ਦੁਨੀਆ ਕਿਵੇਂ ਇਸ ਨੂੰ ਪਾ ਲੈਂਦੀ ਹੈ । ਖਬਰੇ ਉਹ ਜਿਹਾ ਅਗੇ ਆਇਆ, ਓਹੋ ਜਿਹੀ ਹੋ ਰਹਿੰਦੀ ਹੋਵੇ।
ਮੈਂ ਆਪਣੇ ਭਰਾ ਤੇ ਹੋਰ ਲਾਵਿਆਂ ਦੀ ਰੋਟੀ ਦੇ ਕੇ ਬਾਹਰੋਂ ਆ ਰਿਹਾ ਸਾਂ। ਮੇਰੇ ਇਕ ਹੱਥ ਵਿਚ ਬਾਲਟੀ ਸੀ। ਮੇਰੀ ਇਹ ਆਦਤ ਸੀ ਕਿ ਜਦੋਂ ਇਕੱਲ੍ਹਾ ਹੋਵਾਂ ਜਾਂ ਕਿਤੇ ਜਾ ਰਿਹਾ ਹੋਵਾਂ, ਇਸ ਪ੍ਰਕਾਰ ਦੀ ਮਸਤੀ ਜਿਹੀ ਵਿਚ ਮਗਨ ਰਹਿੰਦਾ ਸਾਂ। ਕਿਸੇ ਪਿਛੋਂ ਅਵਾਜ ਮਾਰੀ। ਮੈਨੂੰ ਐਵੇਂ ਬੁਲਾਣ ਤੇ ਮੂਰਖ ਲੋਕਾਂ ਉਪਰ ਬੜਾ ਗੁੱਸਾ ਆਉਂਦਾ। ਇਹ ਨਹੀਂ ਸਨ ਜਾਣਦੇ, ਮੈਂ ਕਿਸੇ ਵੇਲੇ ਵੀ ਸੋਚ ਰਿਹਾ ਹੁੰਦਾ ਹਾਂ। ਮੈਂ ਉਸ ਦੀ ਅਵਾਜ ਤੇ ਨਾ ਬੋਲਿਆ, ਪਰ ਉਹ ਬਹਾਦਰ ਆਵਾਜਾਂ ਮਾਰੀ ਹੀ ਗਿਆ ਅਤੇ ਮੈਨੂੰ ਆਪਣੇ ਕੋਲ ਸੱਦ ਲਿਆ। ਉਸ ਦਸਿਆ, 'ਦੋ ਫੌਜੀ ਭਗੌੜੇ ?'
'ਫਿਰ ਮੈਂ ਕੀ ਕਰਾਂ ?"
'ਦਲਬਾਰਾ ਤੇ ਇਕ ਉਸ ਦੇ ਨਾਲ ਹੋਰ। ਉਹ ਚੋਰੀ ਚੋਰੀ ਮੈਨੂੰ ਸਮਝਾ ਰਿਹਾ ਸੀ। ਦਲਬਾਰਾ ਸਾਡੇ ਪੁਰਾਣੇ ਸੀਰੀ ਦਾ ਮੁੰਡਾ ਸੀ। ਮੈਂ ਉਸ ਦਾ ਨਾਂ ਸੁਣ ਕੇ ਔਖਾ ਜਿਹਾ ਹੋ ਗਿਆ। ਉਸ ਨੂੰ ਛੁੱਟੀ ਕਟ ਕੇ ਗਏ ਨੂੰ ਥੋੜ੍ਹੇ ਦਿਨ ਹੀ ਹੋਏ ਸਨ । ਸੋਚਦਾ ਸਾਂ, ਉਸ ਅਜਿਹਾ ਬੁਰਾ ਕੰਮ ਕਿਉਂ ਕੀਤਾ? ਜਰੂਰ ਕਿਸੇ ਦਾ ਚੁੱਕਿਆ ਚੁਕਾਇਆ ਪਲਟਣ ਵਿਚੋਂ ਭਜ ਆਇਆ ਹੈ।
'ਅਜ ਤੜਕੇ ਹੀ ਆਏ ਹਨ। ਕਲ੍ਹ ਦਾ ਦਿਨ ਉਨ੍ਹਾਂ ਬਾਹਰ ਮੈਰੇ ਵਿਚ ਹੀ ਕਟਿਆ ਹੈ।
'ਕਿੱਥੇ ਹਨ ਉਹ ?
'ਮੇਰੇ ਘਰ ਹਨ।
ਮੈਨੂੰ ਆਪਣੇ ਪਿੰਡ ਦੇ ਹਾਲ ਦਾ ਪਤਾ ਸੀ। ਅਜਿਹੇ ਮੁੰਡੇ ਨੂੰ ਵੈਲੀ ਝਟ ਹੱਥ ਵਿਚ ਲੈ ਲੈਂਦੇ ਅਤੇ ਉਸ ਕੋਲੋਂ ਆਪਣੇ ਦੁਸ਼ਮਣ ਨੂੰ ਮਰਵਾ ਦਿੰਦੇ ਸਨ। ਡਾਕੇ ਪਵਾ ਦੇਣੇ ਉਨ੍ਹਾਂ ਲਈ ਮਾਮੂਲੀ ਗੱਲ ਸੀ। ਮੈਨੂੰ ਦਲਬਾਰੇ ਦੀ ਜ਼ਿੰਦਗੀ ਤੇ ਮੁੜ ਮੁੜ ਤਰਸ ਆ ਰਿਹਾ ਸੀ। ਕਿ ਇਸ ਨੂੰ ਕਿਸੇ ਤਰ੍ਹਾਂ ਬਚਾਇਆ ਜਾਵੇ। ਏਥੇ ਪੁਲੀਸ ਦੇ ਪੇਸ਼ ਕੀਤਾ ਜਾਵੇ, ਜਾਂ ਉਸ ਨੂੰ ਸਮਝਾ ਕੇ ਵਾਪਸ ਪਲਟਣ ਭੇਜਿਆ ਜਾਵੇ। ਓਥੇ ਵਧ ਤੋਂ ਵਧ ਵੀਹ ਪੱਚੀ ਦਿਨ ਦੀ ਨਜਰਬੰਦੀ ਹੋ ਜਾਵੇਗੀ। ਇਕ ਭਗੌੜੇ ਨੂੰ ਮਿਲਣਾ ਕਾਨੂੰਨ ਅਨੁਸਾਰ ਦੋਸ਼ ਸਮਝਿਆ ਜਾਂਦਾ ਹੈ। ਪਰ ਮੇਰੇ ਗੁਰੂਦੇਵ ਦਾ ਹੁਕਮ ਸੀ, 'ਮਨੁੱਖ ਜਾਤੀ ਦੇ ਵੈਰੀ ਨੂੰ ਮੁੜ ਮਿੱਤਰ ਬਣਾਉਣਾ ਹੀ ਅਸਲੀ ਸੁਧਾਰ ਤੇ ਹਮਦਰਦੀ ਹੈ।'
ਉਹ ਆਦਮੀ ਮੇਰੇ ਨਾਲ ਆ ਰਿਹਾ ਸੀ। ਇਕ ਛੱਤ ਲੰਘ ਕੇ ਇਕ ਕੋਠੜੀ ਵਿਚ ਉਹ ਦੋਵੇਂ ਇਕ ਮੰਜੇ ਤੇ ਅੱਧ ਸੁੱਤੇ ਪਏ ਸਨ। ਪੂਰੀ ਫ਼ੌਜੀ ਵਰਦੀ ਤੇ ਰਾਈਫਲਾਂ ਕੋਲ ਸਨ। ਉਸ ਆਦਮੀ ਨੂੰ ਮੈਂ ਚਲੇ ਜਾਣ ਲਈ ਕਿਹਾ। ਮੈਂ ਦਲਬਾਰੇ ਤੋਂ ਪੁਛਿਆ, 'ਮੂਰਖਾ। ਇਹ ਤੂੰ ਕੀ ਕੰਮ ਕੀਤਾ?'
'ਮੇਰੀ ਕਿਸਮਤ।' ਏਹੀ ਆਖ ਕੇ ਉਹ ਅੱਖਾਂ ਭਰ ਆਇਆ।
'ਤੂੰ ਕੁਝ ਸੋਚਿਆ ਨਾ, ਤੂੰ ਕੀ ਕਰ ਰਿਹਾ ਹੈ ? ਜੇ ਕਿਸੇ ਵੈਲੀ ਦੇ ਹੱਥ ਆ ਜਾਂਦਾ ਤਾਂ ਇਹਨਾਂ ਹਥਿਆਰਾਂ ਦੀ ਖ਼ਾਤਰ ਤੈਨੂੰ ਮਾਰ ਕੇ ਕਿਤੇ ਦਾ ਕਿਤੇ ਖਪਾ ਦੇਂਦਾ।
ਉਸ ਨੇ ਚੁੱਪ ਚਾਪ ਨੀਵੀਂ ਪਾ ਲਈ। ਉਹ ਆਪਣੀ ਕੀਤੀ ਤੇ ਪਛਤਾ ਰਿਹਾ ਸੀ।
'ਫਿਰ ਹੁਣ ਕੀ ਸਲਾਹ ?
'ਜੰਗ ਵਿਚ ਵੀ ਮਰ ਜਾਣਾ ਸੀ, ਏਥੇ ਵੀ ਮਰ ਜਾਣਾ ਏ।'
ਪਿੰਡ ਵਿਚ ਅੱਗੇ ਖੂਨ ਖਰਾਬੇ ਹੋ ਚੁਕੇ ਸਨ। ਸਰਕਾਰ ਨੇ ਤਾਜ਼ੀਰੀ ਚੌਕੀ ਪਾਈ ਹੋਈ ਸੀ। ਪਿੰਡਾਂ ਦੇ ਗਰੀਬਾਂ ਤੋਂ ਚੌਕੀ ਟੈਕਸ ਅੱਗੇ ਨਹੀਂ ਸੀ ਦਿੱਤਾ ਜਾਂਦਾ। ਦਲਬਾਰੇ ਦੇ ਪੇਸ਼ ਨਾ ਹੋਣ ਤੇ ਜਰੂਰ ਸੀ ਕਿ ਉਹ ਕਿਸੇ ਵੈਲੀ ਦਾ ਮਿੱਤਰ ਹੋ ਜਾਂਦਾ। ਮੈਨੂੰ ਉਸ ਦੀ ਅਤੇ ਕਈ ਹੋਰ ਜਾਨਾਂ ਖ਼ਤਰੇ ਵਿਚ ਜਾਪੀਆਂ ਅਤੇ ਉਸ ਨੂੰ ਕਿਹਾ, 'ਜੋ ਕੁਝ ਮੈਂ ਆਖਾਂ ਤੈਨੂੰ ਉਹੀ ਕੁਝ ਕਰਨਾ ਹੋਵੇਗਾ।'
'ਕੀ?'
'ਵਾਪਸ ਆਪਣੀ ਪਲਟਣ ਵਿਚ ਚਲੇ ਜਾਓ, ਨਹੀਂ ਤਾਂ ਪੋਲੀਸ ਦੇ ਘੇਰੇ ਵਿਚ ਆ ਕੇ ਮਾਰੇ ਜਾਉਂਗੇ ।
'ਪੁਲੀਸ ਦੀ ਕੀ ਤਾਕਤ ਹੈ ਸਾਡੇ ਅੱਗੇ ਠਹਿਰ ਜਾਏ।' ਇਹ ਦੂਜੇ ਫੌਜੀ ਦੀ ਆਵਾਜ ਸੀ।
'ਪਰ ਜੋ ਕੁਝ ਮੈਂ ਕਹਿ ਰਿਹਾ ਹਾਂ, ਉਸ ਵਲ ਧਿਆਨ ਦੇਵੋ।
'ਨਾ ਅਸੀਂ ਪੁਲੀਸ ਦੇ ਪੇਸ਼ ਹੋਣਾ ਤੇ ਅਤੇ ਨਾ ਵਾਪਸ ਜਾਣਾ ।' ਦੂਜਾ ਫੌਜੀ ਬੋਲਿਆ।
ਬਾਹਰ ਕੁਝ ਖੜਾਕ ਹੋਇਆ। ਘਰ ਦੀ ਕੁੜੀ ਨੇ ਦੱਸਿਆ ਕਿ ਬਹੁਤ ਸਾਰੀ ਪੋਲੀਸ ਨੇ ਘੇਰਾ ਪਾ ਲਿਆ ਹੈ। ਮੇਰਾ ਦਿਲ ਧੜਕਿਆ ਅਤੇ ਉਹਨਾਂ ਦੇ ਰੰਗ ਵੀ ਪੀਲੇ ਪੈ ਗਏ।
'ਤੁਸੀਂ ਗੋਲੀ ਨਹੀਂ ਚਲਾਉਣੀ।'
ਇਹ ਆਖ ਮੈਂ ਬਾਹਰ ਨਿਕਲਿਆ । ਸੋਚਦਾ ਸਾਂ ਜੇ ਮੁਕਾਬਲਾ ਹੋ ਗਿਆ ਤਾਂ ਬਹੁਤ ਹੀ ਬੁਰੀ ਗੱਲ ਹੋਵੇਗੀ। ਫੌਜੀ ਆਦਮੀਆਂ ਹੱਥੋਂ ਪੋਲੀਸ ਦੇ ਕਈ ਆਦਮੀ ਮਰ ਸਕਦੇ ਹਨ, ਭਾਵੇਂ ਕਿਸੇ ਸੂਰਤ ਬਚ ਉਹ ਵੀ ਨਹੀਂ ਸਕਦੇ। ਪਰ ਪਿੰਡ ਤੇ ਕਿੰਨਾ ਕੁ ਭਾਰ ਪਵੇਗਾ। ਸਾਹਮਣੇ ਖਲੋਤਾ ਥਾਣੇਦਾਰ ਮੈਨੂੰ ਜਾਣਦਾ ਸੀ। ਉਸ ਨੂੰ ਦੇਖ ਕੇ ਮੇਰਾ ਦਿਲ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ, ਕਿਉਂਕਿ ਉਹ ਮੇਰੀ ਬੜੀ ਇੱਜਤ ਕਰਦਾ ਸੀ। ਪਰ ਹੁਣ ਉਹ ਸੋਚਦਾ ਹੋਵੇਗਾ ਕਿ ਮੈਂ ਵੀ ਅਜਿਹੇ ਗੁੰਡੇ ਕੰਮਾਂ ਵਿਚ ਹਿੱਸਾ ਲੈਂਦਾ ਹਾਂ। ਇਕ ਪਾਸੇ ਇਨਸਪੈਕਟਰ ਸਾਹਿਬ ਖਲੋਤੇ ਸਨ।
'ਤੂੰ ਕਿਥੋਂ ਆਇਆ ਏ ?
‘ਦੋਸ਼ੀਆਂ ਕੋਲੋਂ।’
'ਚੰਗਾ, ਇਕ ਦਮ ਹੇਠਾਂ ਬਹਿ ਜਾ।
'ਪਰ ਜਨਾਬ ਮੈਂ ਬਹਿਣ ਲਈ ਨਹੀਂ ਆਇਆ। ਜੇ ਦੋਸ਼ੀ ਬੇਹਥਿਆਰ ਪੇਸ਼ ਕੀਤੇ ਜਾਣ ?
'ਕੀ ਤੂੰ ਉਹਨਾਂ ਨੂੰ ਬਾਹਰ ਕੱਢਣ ਦਾ ਹੌਸਲਾ ਰਖਦਾ ਏ?
'ਚਾਹੇ ਕੁਝ ਹੋਵੇ ਮੈਂ ਮੁਕਾਬਲਾ ਨਹੀਂ ਹੋਣ ਦੇਣਾ।‘
‘ਬਹੁਤ ਹੱਛਾ! ਸ਼ਾਬਾਸ਼! ਤੈਨੂੰ ਕਾਕਾ ਕੋਈ ਹਰਜ਼-ਵਰਜ ਨਹੀਂ ਹੋਣ ਦਿੱਤੀ ਜਾਵੇਗੀ । ਤੂੰ ਹਰ ਤਰ੍ਹਾਂ ਦੇ ਡਰ ਤੋਂ ਬੇਫਿਕਰ ਰਹਿ।'
'ਬਹੁਤ ਹਛਾ ਜਨਾਬ!'
ਏਨੀ ਆਖ ਮੈਂ ਅੰਦਰ ਚਲਾ ਗਿਆ। ਉਹ ਅਗੋਂ ਮੁਕਾਬਲੇ ਲਈ ਤਿਆਰੀ ਕਰ ਰਹੇ ਸਨ।
'ਇਕ ਪਾਸੇ ਆਪਣੀ ਜਾਨ ਦੇ ਦੂਜੇ ਪਾਸੇ ਮਾਮੂਲੀ ਜੇਲ੍ਹ ਦੋਹਾਂ 'ਚੋਂ ਇਕ ਚੁਣ ਲਵੋ।
'ਅਸੀਂ ਪੰਜ ਚਾਰ ਮਾਰ ਕੇ ਮਰਾਂਗੇ।' ਦੂਜਾ ਫੌਜੀ ਬੋਲਿਆ।
'ਪਰ ਦਿਲਬਾਰਿਆ। ਤੈਨੂੰ ਕੁਝ ਪਿੰਡ ਦਾ ਖ਼ਿਆਲ ਹੈ ਕਿ ਨਹੀਂ ?' ਮੈਂ ਦਿਲਬਾਰੇ ਦੀ ਰਫਲ ਫੜ ਲਈ ਅਤੇ ਨਾਲ ਹੀ ਦੂਜੇ ਫੌਜੀ ਦੀ ਰਫਲ ਨੂੰ ਹੱਥ ਪਾ ਲਿਆ। ਮੈਨੂੰ ਆਪਣੇ ਆਪ ਤੇ ਵਿਸ਼ਵਾਸ ਸੀ ਕਿ ਦਿਲਬਾਰਾ ਮੇਰੀ ਗੱਲ ਨੂੰ ਨਹੀਂ ਮੋੜੇਗਾ। ਦਿਲਬਾਰੇ ਦੇ ਆਖਣ ਉਤੇ ਉਸ ਦੇ ਸਾਥੀ ਨੇ ਵੀ ਰਫਲ ਦੇ ਦਿੱਤੀ। ਮੈਂ ਦੋਵੇਂ ਰਫਲਾਂ ਇਨਸਪੈਕਟਰ ਸਾਹਿਬ ਅਗੇ ਲਿਆ ਸੁੱਟੀਆਂ।
'ਸ਼ਾਬਾਸ਼ ਕਾਕਾ! ਸ਼ਾਬਾਸ਼! ਹੁਣ ਉਨ੍ਹਾਂ ਨੂੰ ਵੀ ਬਾਹਰ ਕੱਢ ਲਿਆ।
ਦੋਵੇਂ ਫ਼ੌਜੀ ਬਾਹਰ ਲੈ ਆਂਦੇ। ਝਟਪਟ ਉਨ੍ਹਾਂ ਨੂੰ ਹੱਥਕੜੀਆਂ ਲਾ ਦਿੱਤੀਆਂ ਗਈਆਂ । ਉਨ੍ਹਾਂ ਦੀਆਂ ਗੋਲੀਆਂ ਆਦਿ ਕਬਜ਼ੇ ਵਿਚ ਕਰ ਲਈਆਂ ਸੁਪਰਡੈਂਟ ਸਾਹਿਬ ਛਤ ਉਤੇ ਸਨ । ਉਹ ਵੀ ਸਿਪਾਹੀਆਂ ਸਮੇਤ ਥੱਲੇ ਆ ਉੱਤਰੇ। ਉਨ੍ਹਾਂ ਮੇਰਾ ਵੀ ਨਾਂ ਨੋਟ ਕਰ ਲਿਆ। ਸਾਰੇ ਘਰ ਦੀ ਤਲਾਸ਼ੀ ਲਈ ਗਈ। ਨਾਜਾਇਜ਼ ਚੀਜ਼ਾਂ ਕਾਬੂ ਕਰ ਕੇ ਸਾਰੇ ਓਥੋਂ ਚਲ ਪਏ। ਰਸਤੇ ਵਿਚ ਡਿਪਟੀ ਸਾਹਿਬ ਨੇ ਮੈਨੂੰ ਆਪਣੇ ਭਰਾ ਨੂੰ ਨਾਲ ਲੈ ਕੇ ਤਹਿਸੀਲ ਵਿਚ ਆਉਣ ਲਈ ਕਿਹਾ। ਮੈਂ ਸੁਭਾਵਕ ਉੱਤਰ ਦਿੱਤਾ, 'ਕੀ ਉਸ ਦਾ ਆਉਣਾ ਜਰੂਰੀ ਹੈ ?' ਮੇਰਾ ਮਤਲਬ ਇਹ ਸੀ ਕਿ ਮੇਰਾ ਭਰਾ ਵਾਂਢੇ ਗਿਆ ਹੋਇਆ ਕਈ ਕਈ ਦਿਨ ਬਾਹਰ ਲਾ ਆਉਂਦਾ, ਅਤੇ ਉਸ ਦਿਨ ਵੀ ਗਿਆ ਹੋਇਆ ਸੀ। ਮੇਰਾ ਸਪਸ਼ਟ ਮਤਲਬ ਇਹ ਸੀ ਜੇ ਉਹ ਕਲ੍ਹ ਨੂੰ ਨਾ ਆਇਆ, ਉਸ ਹਾਲਤ ਵਿਚ ਮੇਰੇ ਲਈ ਕੀ ਕਰਨਾ ਹੋਵੇਗਾ। ਪਰ ਸੁਪਰਡੰਟ ਸਾਹਿਬ ਨੇ ਪਤਾ ਨਹੀਂ ਇਸ ਦੇ ਕੀ ਅਰਥ ਕੱਢੇ। ਮੁੜ ਭਰਵੀਂ ਆਵਾਜ਼ ਵਿਚ ਆਖਣ ਲਗੇ, 'ਇਹ ਹੁਕਮ ਹੈ ? ਮੇਰੀ ਸਮਝ ਵਿਚ ਇਹ ਨਾ ਆਇਆ ਕਿ ਮਜਬੂਰੀ ਹਾਲਤਾਂ ਵਿਚ ਹੁਕਮ ਕਿਉਂ ਕਰ ਲਾਗੂ ਹੋ ਸਕਦਾ ਹੈ।
ਮੁਕਦੀ ਗੱਲ ਡਿਪਟੀ ਸਾਹਿਬ ਹੋਰਾਂ ਸ਼ਾਮ ਨੂੰ ਮੈਨੂੰ ਮੇਰੀ ਬਹਾਦਰੀ ਦੇ ਸਿਲੇ ਵਿਚ ਇਕ ਠਾਣੇ ਦੀ ਹਵਾਲਾਤ ਵਿਚ ਬੰਦ ਕਰ ਦਿੱਤਾ। ਮੈਂ ਸਾਰੀ ਕਾਰਵਾਈ ਤੇ ਹੈਰਾਨ ਹੋਣ ਦੀ ਥਾਂ ਹੱਸਿਆ। ਮੈਨੂੰ ਪਹਿਲੋਂ ਪਤਾ ਲਗ ਚੁੱਕਾ ਸੀ ਕਿ ਸਚਾਈ ਦੀ ਕਦਰ ਜ਼ਮਾਨਾ ਤੇ ਵੇਲੇ ਦਾ ਕਾਨੂੰਨ ਕਿੰਨੀ ਕੁ ਪਾਉਂਦਾ ਹੈ। ਇਹ ਅਫ਼ਵਾਹ ਨੇੜੇ ਤੇੜੇ ਬਿਜਲੀ ਵਾਂਗ ਫਿਰ ਗਈ । ਮੇਰੇ ਦੋਸਤਾਂ ਨੂੰ ਤੇ ਰਿਸ਼ਤੇਦਾਰਾਂ ਨੂੰ ਹੱਦੋਂ ਵਧ ਅਫਸੋਸ ਹੋਇਆ, ਪਰ ਮੇਰਾ ਦਿਲ ਇਸ ਮਾਮੂਲੀ
ਤਕਲੀਫ ਨੂੰ ਇਕ ਦਲੇਰੀ ਵਿਚ ਅਨੁਭਵ ਕਰ ਰਿਹਾ ਸੀ । ਮੈਂ ਸੋਚਦਾ ਸਾਂ ਕਿ ਇਹ ਮੁੱਢ ਹੈ ਮੇਰੇ ਜੀਵਨ ਦਾ । ਮੈਂ ਆਪਣੇ ਆਦਰਸ਼ ਨੂੰ ਢਾਲ ਹੀ ਲੋਕ ਪੀੜ ਦੀ ਹਮਦਰਦੀ ਵਿਚ ਲਿਆ ਸੀ। ਮੈਨੂੰ ਅਫਸੋਸ ਹੀ ਕੀ ਹੋਣਾ ਸੀ।
ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਛੁਡਾਣ ਦੇ ਯਤਨ ਆਰੰਭ ਦਿੱਤੇ। ਮੈਨੂੰ ਡੀਫੈਂਸ ਔਫ ਇੰਡੀਆ ਰੂਲਜ ਦੇ ਅਧੀਨ ਹਵਾਲਾਤ ਵਿਚ ਬੰਦ ਕੀਤਾ ਗਿਆ। ਕੁਝ ਸਮਝ ਨਹੀਂ ਸੀ ਪੈਂਦੀ ਕਿ ਮੈਂ ਫੜਿਆ ਕਿਸ ਜੁਰਮ ਵਿਚ ਗਿਆ ਹਾਂ। ਇਖਲਾਕੀ ਤੌਰ ਤੇ ਮੈਂ ਸਮਝਦਾ ਸੀ ਕਿ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਮੈਂ ਆਪਣਾ ਫਰਜ ਪੂਰਾ ਕੀਤਾ ਅਤੇ ਮਨੁੱਖੀ ਜ਼ਿੰਦਗੀ ਲਈ ਮੌਤ ਨਾਲ ਲੜਿਆ ਹਾਂ। ਹਵਾਲਾਤ ਵਿਚ ਆ ਕੇ ਵੀ ਮੈਂ ਇਹ ਸੌਦਾ ਸਸਤਾ ਹੀ ਸਮਝਿਆ। ਮੈਂ ਕਈਆਂ ਜਾਨਾਂ ਦੇ ਬਚਾਣ ਦਾ ਵਸੀਲਾ ਬਣਿਆ। ਉਸ ਵਿਚ ਮੈਨੂੰ ਈਸ਼ਵਰ ਦੀ ਕ੍ਰਿਪਾ ਨਾਲ ਫ਼ਤਹ ਮਿਲ ਚੁੱਕੀ ਸੀ । ਹੁਣ ਜੇ ਥੋੜ੍ਹੀ ਦੁਖ ਤਕਲੀਫ ਆ ਗਈ, ਤਾਂ ਮੈਂ ਉਸ ਨੂੰ ਇਕ ਮਸਤਾਨੀ ਖੁਸ਼ੀ ਵਿਚ ਮਹਿਸੂਸ ਕਰ ਰਿਹਾ ਸੀ। ਪਰ ਡਿਪਟੀ ਸਾਹਿਬ ਦਾ ਗਰੂਰ ਤੇ ਰੋਹਬ ਪਾਰੇ ਦੀ ਆਖਰੀ ਚੋਟੀ ਤੇ ਪੁਜਾ ਹੋਇਆ ਸੀ। ਅਸਲ ਵਿਚ ਉਹ ਮੇਰਾ ਅਭਿਮਾਨ ਕੁਚਲਣਾ ਚਾਹੁੰਦੇ ਸਨ। ਮੈਨੂੰ ਤੇ ਮੇਰੇ ਰਿਸ਼ਤੇਦਾਰਾਂ ਨੂੰ ਆਪਣੇ ਸਾਹਮਣੇ ਝੁਕਿਆ ਵੇਖਣਾ ਚਾਹੁੰਦੇ ਸਨ। ਮੇਰਾ ਸ਼ਾਂਤ ਚਿਹਰਾ ਕਹਿ ਰਿਹਾ ਸੀ ਕਿ ਡਿਪਟੀ ਸਾਹਿਬ ਖ਼ੁਦ ਮੇਰੇ ਨਾਲੋਂ ਕਿਤੇ ਭਾਰੇ ਦੇਸੀ ਹਨ, ਜਿਹੜੇ ਇਕ ਜ਼ਿੰਦਾ ਦਿਲ ਨੌਜਵਾਨ ਦੇ ਸੱਚੇ ਇਰਾਦਿਆਂ ਨੂੰ ਮਿਟਾ ਦੇਣ ਲਈ ਤੁਰੇ ਹੋਏ ਹਨ।
ਥਾਣੇ ਦੇ ਸਾਰੇ ਮੁਲਾਜ਼ਮਾਂ ਨਾਲ ਮੇਰੀ ਚੰਗੀ ਵਾਕਫ਼ੀ ਹੋ ਗਈ। ਕਿਉਂਕਿ ਹਰ ਆਦਮੀ ਮੈਨੂੰ ਹਰ ਵੇਲੇ ਪ੍ਰਸੰਨ ਚਿੱਤ ਵੇਖਦਾ ਸੀ । ਵਾਕਫ਼ੀਆਂ ਹੀ ਇਕ ਦਿਨ ਨਿੱਗਰ ਪਿਆਰ ਵਿਚ ਬਦਲ ਜਾਂਦੀਆ ਹਨ। ਪ੍ਰਸੰਨ ਰਹਿਣ ਦਾ ਏਹੀ ਕਾਰਨ ਸੀ, ਜੋ ਮੇਰੀ ਜ਼ਮੀਰ ਬਾਰ-ਬਾਰ ਅੰਦਰੋਂ ਕਹਿ ਰਹੀ ਸੀ ਕਿ ਮੈਂ ਬਿਲਕੁਲ ਨਿਰਦੋਸ਼ ਹਾਂ ਤੇ ਇਕ ਭਲੇ ਕੰਮ ਸਦਕਾ ਜੇਲ੍ਹ ਦੀ ਹਵਾ ਖਾ ਰਿਹਾ ਹਾਂ। ਮੈਂ ਅੰਦਰ ਬੜਾ ਸੋਹਣਾ ਗਾਇਆ ਕਰਦਾ ਸਾਂ । ਮੇਰਾ ਗੌਣਾ ਸਾਰੇ ਸਿਪਾਹੀ ਘੜੀ ਖੁਸ਼ੀ ਤੇ ਚਾਅ ਨਾਲ ਸੁਣਿਆ ਕਰਦੇ ਸਨ। ਵਾਰਸ ਦੀ ਹੀਰ ਨੂੰ ਜਦ ਚੰਗੀ ਸੁਰ ਨਾਲ ਪੜ੍ਹਦਾ ਤਾਂ ਬਾਹਰ ਬੈਠੇ ਸਿਰ ਹਿਲਾਣ ਲਗ ਪੈਂਦੇ। ਮੇਰੇ ਅੱਗੇ ਕਈ ਸੁਆਲ ਪਾਏ ਜਾਂਦੇ, ਮੈਂ ਉਹਨਾਂ ਨੂੰ ਉੱਤਰ ਵਿਚ ਪੂਰਨ ਤਸੱਲੀ ਦੇਂਦਾ ਸਾਂ। ਥਾਣੇਦਾਰ ਵੀ ਮੇਰੀ ਕਾਫ਼ੀ ਇੱਜਤ ਕਰਨ ਲਗ ਪਏ। ਕਈਆਂ ਮੁਕੱਦਮਿਆਂ ਦੀਆਂ ਫਾਈਲਾਂ ਮੇਰੇ ਸਾਹਮਣੇ ਲਿਖੀਆਂ ਜਾਂਦੀਆਂ, ਜਿਨ੍ਹਾਂ ਵਿਚ ਨੱਬੇ ਫੀਸਦੀ ਝੂਠ ਹੁੰਦਾ ਸੀ । ਮੈਥੋਂ ਥਾਣੇਦਾਰ ਸਾਹਿਬ ਲਿਖ ਕੇ ਪੁਛਦੇ, 'ਕਿਉਂ ਗਿਆਨੀ ਠੀਕ ਹੈ ' ਮੈਂ' ਕਹਿ ਦੇਂਦਾ ਸਾਂ, 'ਜੋ ਤੁਸੀ ਲਿਖ ਦੇਵੋ, ਉਹ ਸਭ ਠੀਕ ਹੀ ਠੀਕ ਹੈ।
ਇਕ ਵਾਰ ਡਿਪਟੀ ਸਾਹਿਬ ਨੇ ਹਵਾਲਾਤ ਦਾ ਦੌਰਾ ਕੀਤਾ। ਮੈਨੂੰ ਅੰਦਰ ਖੜ੍ਹੇ ਨੂੰ ਵੇਖ ਕੇ ਆਖਣ ਲੱਗੇ, 'ਕਿਉਂ ਦਮਾਗ ਠੀਕ ਹੋ ਗਿਆ ।' ਮੈਨੂੰ ਬੜਾ ਗੁੱਸਾ ਆਇਆ। ਜਨਾਬ ਨਾਸਾਂ ਰਾਹੀਂ ਆਪਣਾ ਰੋਹਬ ਕੱਢ ਰਹੇ ਸਨ। ਬਿਲਕੁਲ ਬਾਹਰ ਸਤੂਨ ਵਾਂਗ ਆਕੜੇ ਖੜ੍ਹੇ ਸਨ। ਮੇਰੇ ਦਿਲ ਨੂੰ ਕਾਫ਼ੀ ਸੱਟ ਵੱਜੀ। ਇਸ ਡਿਪਟੀ ਦੀ ਬਾਹਰ ਸਾਰੇ ਬੜੀ ਧਾਰਮਿਕ ਸੁਹਰਤ ਸੀ। ਪਰ ਮੇਰੀ ਸਮਝ ਵਿਚ ਪਹਿਲਾਂ ਇਹ ਨਾ ਆਇਆ ਕਿ ਕਦੇ ਗੁਲਾਮ ਦੇਸ਼ ਦਾ ਪੋਲੀਸ ਅਫ਼ਸਰ ਵੀ ਮਹਾਤਮਾ ਹੋ ਸਕਦਾ ਹੈ।
ਮੈਂ ਜੇਲ੍ਹ ਵਿਚ ਕਾਫ਼ੀ ਤੋਂ ਵਧ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਯਾਦ ਕਰਦਾ ਸਾਂ । ਇਕ ਦਿਨ ਮੇਰਾ ਦੋਸਤ ਸਤਿਨਾਮ ਆਇਆ, ਪਰ ਮੈਂ ਨੀਵੀਂ ਪਾਈ ਇਕ ਕਿਤਾਬ ਪੜ੍ਹ ਰਿਹਾ ਸਾਂ। ਇਕ ਮੁਨਸ਼ੀ ਨੇ ਕਿਹਾ, 'ਜੀ। ਤੁਹਾਡਾ ਦੋਸਤ ਆਇਆ ਹੈ ਅਤੇ ਤੁਹਾਡੇ ਲਈ ਸੇਬ ਲਿਆਇਆ ਹੈ ।' ਮੈਨੂੰ ਸਤਿਨਾਮ ਦੇ ਦਰਸ਼ਨ ਕਰ ਕੇ ਬੜਾ ਸੁਆਦ ਆਇਆ । ਮੈਂ ਵੇਖਿਆ, ਸਤਿਨਾਮ ਕੁਝ ਉਦਾਸ ਜਿਹਾ ਸੀ।
'ਸਤਿਨਾਮ। ਉਦਾਸ ਜਿਹਾ ਕਿਉਂ ਖੜ੍ਹਾ ਏ, ਮੇਰੇ ਵਲ ਵੇਖ, ਬੁੱਢਾ ਹੋਇਆ ਆਦਮੀ ਹਸਦਾ ਨਹੀਂ ਸੋਹਣਾ ਲਗਦਾ, ਪਰ ਜਵਾਨੀ ਨੂੰ ਅਫਸੋਸ ਵਿਚ ਗੁਜ਼ਾਰਨਾ ਮਹਾਂ ਪਾਪ ਹੈ। ਤੂੰ ਤੇ ਹਸੂੰ ਹਸੂੰ ਕਰਦਾ ਰਹਿੰਦਾ ਸੈਂ। ਕੀ ਗੱਲ ਹੈ? ਤੇਰੀ ਤਾਰੋ ਤੇ ਤਕੜੀ ਹੈ ?
ਮੇਰੀ ਇਹ ਗੱਲ ਸੁਣ ਕੇ ਸਾਰੇ ਹੱਸ ਪਏ। ਛੜੇ ਸਿਪਾਹੀਆਂ ਦੇ ਦਿਲ ਵਿਚ ਤਾਰੋ ਦਾ ਨਾ ਸਾਂਗ ਬਣ ਕੇ ਵੱਜਾ। ਕੁਝ ਹੋਰ ਗੱਲਾਂ ਬਾਤਾਂ ਮਗਰੋਂ ਸਤਿਨਾਮ ਫਤਹਿ ਬੁਲਾ ਕੇ ਚਲਿਆ ਗਿਆ। ਮੈਂ ਫੇਰ ਕਿਤਾਬ ਦੇ ਵਰਕੇ ਪਲਟਣ ਲਗਾ।
ਮੈਨੂੰ ਅੰਦਰੇ ਪਤਾ ਲਗਾ ਕਿ ਮੇਰੇ ਰਿਸਤੇਦਾਰ ਮੈਨੂੰ ਛੁਡਾਣ ਲਈ ਸਿਰ ਤੋੜ ਯਤਨ ਕਰ ਰਹੇ ਹਨ। ਉਸ ਦਿਨ ਹੀ ਮੈਨੂੰ ਥਾਣੇਦਾਰ ਸਾਹਿਬ ਨੇ ਕਿਹਾ, 'ਬਲਬੀਰ। ਮੈਨੂੰ ਬੜੀ ਸ਼ਰਮ ਆਉਂਦੀ ਹੈ ਕਿ ਤੇਰੇ ਜਿਹਾ ਸ਼ਰੀਫ ਲੜਕਾ ਅੰਦਰ ਹਵਾਲਾਤ ਵਿਚ ਹੋਵੇ।
'ਮੈਨੂੰ ਤੁਹਾਡੀ ਹਮਦਰਦੀ ਦਾ ਬੜਾ ਮਾਣ ਹੈ।'
'ਕਲ੍ਹ ਮੈਂ ਤੁਹਾਨੂੰ ਡਿਪਟੀ ਸਾਹਿਬ ਪਾਸ ਲੈ ਚਲਾਂਗਾ, ਪਰ ਤੂੰ ਮੂੰਹੋਂ ਕੁਝ ਨਾ ਬੋਲੀ, ਜੋ ਕੁਝ ਆਖਣ ਸਤਿ ਬਚਨ ਕਰ ਮੰਨੀ।
'ਬਹੁਤ ਬਿਹਤਰ ਜੀ, ਪਰ ਤੁਸੀਂ ਤਾਂ ਜਾਣਦੇ ਹੀ ਹੋ, ਮੇਰਾ ਕਸੂਰ ਤਾਂ ਇਹੋ ਹੀ ਹੈ ਕਿ ਦੁਵੱਲੀ ਜਾਨਾਂ ਦਾ ਨੁਕਸਾਨ ਹੋਣੋਂ ਬਚਾਇਆ ਹੈ ਅਤੇ ਸਿਲੇ ਵਿਚ ਗਰਮੀ ਦੀ ਰੁੱਤ ਦੀਆਂ ਪੱਚੀ ਰਾਤਾਂ ਮੈਂ ਹਵਾਲਾਤ ਵਿਚ ਕੱਟੀਆਂ ਹਨ।
'ਮੈਨੂੰ ਡਰ ਹੈ ਕਿ ਕਿਧਰੇ ਓਥੇ ਵੀ ਇਹੋ ਜਿਹੇ ਗਿਆਨ ਛਾਂਟਣੇ ਸ਼ੁਰੂ ਨਾ ਕਰ ਦੇਵੀਂ।
ਅਗਲੇ ਦਿਨ ਮੈਨੂੰ ਡਿਪਟੀ ਸਾਹਿਬ ਦੀ ਕੋਠੀ ਦੇ ਬਾਹਰ ਬਿਠਾ ਦਿੱਤਾ ਗਿਆ। ਥੋੜ੍ਹੇ ਮਿੰਟ ਠਹਿਰ ਕੇ ਮੈਨੂੰ ਉਨ੍ਹਾਂ ਦੇ ਪੇਸ਼ ਕੀਤਾ ਗਿਆ। ਸਾਹਿਬ ਬਹਾਦਰ ਬੋਲੇ, 'ਕਿਉਂ?
ਮੈਂ ਥਾਣੇਦਾਰ ਸਾਹਿਬ ਦੀ ਨਸੀਹਤ ਸਦਕਾ ਖਾਮੋਸ਼ ਸਾਂ।
'ਤੂੰ ਐਨਾ ਸਿਆਣਾ ਮੁੰਡਾ ਹੋ ਕੇ ਉਨ੍ਹਾਂ ਚੂਹੜਿਆਂ ਕੋਲ ਗਿਆ ਹੀ ਕਿਉਂ?'
ਮੇਰਾ ਮਨ ਕਹਿ ਰਿਹਾ ਸੀ ਕਿ ਕੀ ਚੂਹੜੇ ਹਮਦਰਦੀ ਦੇ ਪਾਤਰ ਨਹੀਂ ਹੁੰਦੇ ? ਕੀ ਉਨ੍ਹਾਂ ਨੂੰ ਮਨੁੱਖ ਨਹੀਂ ਸਮਝਿਆ ਜਾਣਾ ਚਾਹੀਦਾ ? ਪਰ ਫਿਰ ਵੀ ਆਪਣੀ ਜਮੀਰ ਦੇ ਖਿਲਾਫ਼ ਮੇਰੇ ਮੂੰਹੋਂ ਅਵੱਸ ਨਿਕਲ ਗਿਆ, 'ਬਸ ਜੀ ਜਾ ਹੀ ਹੋ ਗਿਆ।
ਡਿਪਟੀ ਸਾਹਿਬ ਹੱਸ ਪਏ। ਸ਼ਾਇਦ ਉਹ ਮੇਰੇ ਮੂੰਹੋਂ ਏਹੋ ਕੁਝ ਸੁਣਨਾ ਚਾਹੁੰਦੇ ਸਨ। ਮੇਰੀ ਅਣਖ ਮਿੱਟੀ ਵਿਚ ਮਿਲ ਚੁੱਕੀ ਸੀ। ਮੇਰੀ ਜਖ਼ਮੀ ਆਤਮਾ ਮੈਨੂੰ ਅੰਦਰੋਂ ਲਾਹਨਤਾਂ ਪਾ ਰਹੀ ਸੀ। ਪਰ ਡਿਪਟੀ ਸਾਹਿਬ ਦਾ ਹੰਕਾਰ ਵਿਚ ਸੜਦਾ ਕਲੇਜਾ ਠੰਢਾ ਹੋ ਗਿਆ। ਕਿਉਂਕਿ ਉਸ ਇਕ ਅਣਖੀ ਜਵਾਨ ਨੂੰ ਆਪਣੀ ਬੁੱਢੀ ਉਮਰੇ ਮਿੱਟੀ ਵਿਚ ਮਿਲਾ ਦਿੱਤਾ
ਸੀ। ਪਰ ਹਜੂਰ ਨੂੰ ਇਸ ਗੱਲ ਦਾ ਪਤਾ ਨਾ ਲਗਾ ਕਿ ਲਫ਼ਜ਼ ਮੇਰੀ ਜ਼ੁਬਾਨ 'ਚੋਂ ਕਢਵਾਉਣ ਵਾਲਾ ਕੌਣ ਹੈ। ਮੇਰਾ ਅੰਦਰ ਡਿੱਗਦਾ ਜਾ ਰਿਹਾ ਸੀ। ਮੈਨੂੰ ਛੁਟਣ ਵਿਚ ਕੋਈ ਖੁਸ਼ੀ ਨਹੀਂ ਸੀ। ਆਪਣੀ ਅਣਖ ਤੇ ਇੱਜ਼ਤ ਵੇਚ ਕੇ ਇਨਸਾਨ ਕਾਫ਼ੀ ਮਰਾਤਬੇ ਤੇ ਪਹੁੰਚ ਸਕਦਾ ਹੈ, ਪਰ ਪਿੱਠ ਤੇ ਲੱਗਾ ਦਾਗ ਉਸ ਦੀ ਔਲਾਦ ਵੀ ਨਹੀਂ ਧੋ ਸਕਦੀ।
'ਇਸ ਦੀ ਹੱਥਕੜੀਆਂ ਖੋਲ੍ਹ ਦਿਓ। ਇਹ ਜਨਾਬ ਦੇ ਭਾਰੇ ਬੋਲ ਸਨ।
ਮੈਨੂੰ ਛੱਡ ਦਿੱਤਾ ਗਿਆ। ਸਾਰੇ ਰਿਸ਼ਤੇਦਾਰ ਤੇ ਘਰਦਿਆਂ ਨੇ ਸੁਖ ਦਾ ਸਾਹ ਲਿਆ। ਮੇਰੇ ਮਿੱਤਰ ਮੈਨੂੰ ਮਿਲਣ ਆਏ। ਘਰ ਵਿਚ ਇਕ ਮੇਲਾ ਜਿਹਾ ਲਗ ਗਿਆ। ਸਾਰੇ ਹੀ ਖੁਸ਼ ਸਨ, ਪਰ ਮੇਰੀ ਖੁਸ਼ੀ ਮੇਰੇ ਤੋਂ ਕਿਤੇ ਬਹੁਤ ਦੂਰ ਚਲੀ ਗਈ ਸੀ। ਛੁੱਟ ਕੇ ਆਣ ਤੇ ਜੋ ਗੱਲਾਂ ਨਹੀਂ ਸੁਣੀਆਂ ਸਨ, ਉਹ ਵੀ ਸੁਣੀਆਂ। ਸਾਰੀਆਂ ਗੱਲਾਂ ਨੂੰ ਭੁਲਾ ਕੇ ਮੈਂ ਰਾਤ ਨੂੰ ਸੌਣ ਦਾ ਯਤਨ ਕੀਤਾ। ਪਰ ਨੀਂਦ ਅੱਖਾਂ ਵਿਚੋਂ ਰਾਹੀ ਬਣ ਕੇ ਤੁਰ ਗਈ ਸੀ।
6
ਮੈਂ ਹਵਾਲਾਤ ਵਿਚ ਬੰਦ ਰਹਿ ਚੁੱਕਾ ਸਾਂ। ਜਿਸ ਨਾਲ ਲੋਕਾਂ ਦੀਆਂ ਨਜ਼ਰਾਂ ਕੁਝ ਸ਼ੱਕੀ ਹੋ ਗਈਆਂ ਸਨ। ਇਨ੍ਹਾਂ ਫਿਰੇ ਦਿਮਾਗਾਂ ਨੂੰ ਕੌਣ ਸਮਝਾਂਦਾ ਕਿ ਸਚਾਈ ਤੇ ਸੁਤੰਤਰਤਾ ਜਵਾਨੀ ਵਿਚ ਆ ਕੇ ਅਵੱਸ਼ ਜੇਲ੍ਹ ਯਾਤਰਾ ਲਈ ਮਜਬੂਰ ਹੁੰਦੀਆਂ ਹਨ। ਅਸੀਂ ਲੋਕ ਨੁਕਤਾਚੀਨੀ ਬੜੀ ਛੇਤੀ ਆਰੰਭ ਦੇਂਦੇ ਹਾਂ, ਨਹੀਂ ਜਾਣਦੇ ਕਿ ਉਸ ਵਿਸ਼ੇ ਬਾਰੇ ਅਸੀਂ ਕੁਝ ਸਮਰੱਥਾ-ਸੂਝ ਵੀ ਰਖਦੇ ਹਾਂ ਜਾਂ ਨਹੀਂ ? ਸਮਰੱਥਾ ਸਕਤੀ ਬਿਨਾਂ ਕੀਤੀ ਨੁਕਤਾਚੀਨੀ ਭੱਖਦੀ ਲੋਹ ਤੇ ਪਈ ਕਣੀ ਹੁੰਦੀ ਹੈ, ਜਿਹੜੀ ਓਸੇ ਪਲ ਆਪੇ ਦਾ ਨਾਸ਼ ਵੇਖਦੀ ਹੈ।
ਇਕ ਤਰ੍ਹਾਂ ਸਿਆਣਾ ਹੋਣਾ ਵੀ ਗੁਨਾਹ ਬਣ ਗਿਆ। ਮੂਰਖ ਨੂੰ ਆਪੇ ਦੀ ਸੋਝੀ ਨਹੀਂ । ਆਖ਼ਰ ਇਨਸਾਨ ਹੋਵੇ ਤਾਂ ਕੀ ਹੋਵੇ? ਕੀ ਫਿਲਾਸਫਰ ਹੋ ਕੇ ਖ਼ਾਮੋਸ਼ ਹੋ ਜਾਵੇ? ਇਹ ਖ਼ੁਦਗਰਜੀ ਹੈ। ਵਿਦਿਆ ਅਮਲ ਬਿਨਾਂ ਸੱਤਾਹੀਣ ਹੋ ਜਾਵੇਗੀ। ਫਿਰ ਕਿਸੇ ਨੂੰ ਵਿਦਿਆ ਅਤੇ ਸਚਾਈ ਤੇ ਯਕੀਨ ਵੀ ਨਾ ਰਹੇਗਾ ਕਿ ਇਹ ਜਿੰਦਗੀ ਦੀਆਂ ਧੀਆਂ ਹਨ। ਸੱਚ ਸੁਆਦ ਬਣ ਕੇ ਮੇਰੀਆਂ ਅੱਖਾਂ ਵਿਚ ਆ ਗਿਆ। ਇਉਂ ਜਾਪਦਾ ਸੀ, ਜਿਵੇਂ ਸਿਰ 'ਚੋਂ ਕੁਝ ਪੰਘਰ ਕੇ ਅੱਖਾਂ ਰਾਹ ਨਿਕਲੀ ਜਾ ਰਿਹਾ ਹੈ। ਜਦੋਂ ਮੇਰੀ ਕਿਸੇ ਪਾਸੇ ਵਾਹ ਨਹੀਂ ਸੀ ਜਾਂਦੀ, ਓਦੋਂ ਕੁਦਰਤੀ ਗੁਰੂਦੇਵ ਨੂੰ ਯਾਦ ਕਰਦਾ ਸੀ। ਅਸੀਂ ਰੂਹ ਨੂੰ ਤਸਕੀਨ ਦੇਣ ਲਈ ਹੀ ਪਿਆਰੇ ਨੂੰ ਯਾਦ ਕਰਦੇ ਹਾਂ।
'ਨਿਗੁਣੀ ਸੋਚ ਇਕ ਰਾਤ ਵਿਚ ਕਾਲੇ ਤੋਂ ਚਿੱਟੇ ਹੋ ਜਾਣ ਤੱਕ ਦਾ ਪਾੜਾ ਰੱਖਦੀ ਹੈ ।'ਸੱਚਦਾਨੰਦ' ਤੇ ਕੀਤਾ ਦ੍ਰਿੜ ਵਿਸ਼ਵਾਸ ਲੱਖਾਂ ਹਨੇਰੀਆਂ ਤਹਿਆਂ ਦਾ ਭਸਮਕ ਹੈ। ਸਾਰੇ ਵੇਦਾਂ ਦੀ ਮਗਜ਼ਮਾਰੀ ਏਹੋ ਹੈ ਕਿ ਕਰੋੜ ਜਨਮ ਦਾ ਤਪ ਏਸੇ ਵਿਚ ਸੰਤੁਸਟ। ਫਿਰ ਕਿਉਂ ਨਿਰਾਰਥ ਕਾਮਨਾ ਲਈ ਕਲਪਿਆ ਜਾਵੇ। ਬਾਰ ਬਾਰ ਕੀਤੀ ਸ਼ੰਕਾ ਤੇ ਕਲਪਨਾ ਦਸਦੀ ਹੈ ਕਿ ਮਨੁੱਖ ਦਾ ਆਪਣਾ ਨਿਸ਼ਚਾ ਪੂਰਨ ਨਹੀਂ।
(ਗੁਰੂਦੇਵ)
ਇਸ ਸਾਰੀ 'ਖੱਪ-ਖੱਪ' ਤੋਂ ਲਾਂਭੇ ਹੋ ਕੇ ਕਿਉਂ ਨਾ ਭਗਵਾਨ ਭਜਨ ਵਿਚ ਮਨ ਨੂੰ ਤਸੱਲੀ ਦਿੱਤੀ ਜਾਵੇ ਦੁਨੀਆ ਸਮੁੰਦਰੋਂ ਪਾਰ ਤਕ ਕਿਉਂ ਪੜ੍ਹਦੀ ਹੈ ? ਵੱਡੇ-ਵੱਡੇ ਕਾਰਖ਼ਾਨੇ ਕਿਉਂ ਜਾਰੀ ਕਰਦੀ ਹੈ? ਇਹ ਸਭ ਕੁਝ ਆਪਣੇ ਸੁੱਖ ਲਈ ਹੀ ਕੇਵਲ ਹੈ। ਪ੍ਰਿਥਵੀ ਦਾ ਹਰ ਕੀੜਾ ਕਿਸੇ ਯਤਨ ਵਿਚ ਕਾਹਲਾ ਹੈ। ਜਦ ਸਮਾਂ ਹੀ ਬੁਰਾ ਗੁਜਰਨਾ ਹੈ, ਫਿਰ ਤੈਥੋਂ ਚਿੱਪੀ ਨਹੀਂ ਚੁੱਕੀ ਜਾਂਦੀ। ਨੇਕੀ ਖਟੀ ਵੀ ਇਕ ਦਿਨ ਖ਼ਤਮ ਹੋ ਜਾਂਦੀ ਹੈ। ਜਦ ਨੇਕੀ ਖਟਣ ਵਾਲਾ ਰਾਤ ਭਰ ਦਾ ਮਹਿਮਾਨ ਹੈ, ਫਿਰ ਸੁਹਰਦਤਾ ਦੀ ਲਾਲਸਾ ਕਿੰਨੀ ਥੋਥੀ ਤੇ ਕੂੜੀ ਹੈ। ਚੱਲ, ਤਿਆਗੀਆਂ ਦਾ ਰਾਹ ਆਦਿ ਜੁਗਾਦਿ ਤੋਂ ਸੰਸਾਰੀਆਂ ਨਾਲ ਨਹੀਂ ਮਿਲਿਆ। ਸ਼ੜਨ ਦੇ ਇਸ ਸੰਸਾਰ ਨੂੰ ਦਵੰਦਵਾਦ ਦੇ ਭੱਠ ਵਿਚ।
'ਇਸ ਨੀਅਤ ਨਾਲ ਧਾਰਨ ਕੀਤਾ ਤਿਆਗ ਸਭ ਤੋਂ ਵੱਡੀ ਕਮਜੋਰੀ ਹੈ। ਅਸਲ ਤਿਆਗ ਮਾਨਵ ਬਿਰਤੀਆਂ ਨੂੰ ਆਤਮ ਭਾਵ ਵਿਚ ਬਦਲ ਦੇਣਾ ਹੈ। ਬਹਾਦਰ ਉਹ ਹੈ, ਜਿਹੜਾ ਵਿਰੋਧੀਆਂ ਨੂੰ ਜਿੱਤ ਕੇ ਆਪਣਾ ਮੰਤਵ ਪਾਵੇ।“ (ਗੁਰੂਦੇਵ)
ਮੈਂ ਰਮ ਜਾਣਾ ਚਾਹੁੰਦਾ ਸਾਂ, ਪਰ ਗੁਰੂਦੇਵ ਦੇ ਵਾਕ ਮੇਰੀ ਰਹਿਨੁਮਾਈ ਲਈ ਰੋਕ ਬਣੇ ਹੋਏ ਸਨ। ਮੈਂ ਆਪਣੇ ਆਪ ਨੂੰ ਇਕ ਮੁਸਕਾਣ ਦੇ ਧੋਖੇ ਵਿਚ ਭੁਲਾਣਾ ਚਾਹਿਆ, ਪਰ ਕਿਥੇ। ਆਪਣੇ ਆਪ ਨਾਲ ਧੋਖਾ ਕਾਮਯਾਬ ਨਹੀਂ ਹੋ ਸਕਦਾ। ਇਕ ਕਿਤਾਬ ਚੁੱਕ ਕੇ ਪੜ੍ਹਨੀ ਸ਼ੁਰੂ ਕੀਤੀ-
'ਪ੍ਰਾਰਬਧ ਮੁਸਕਾਂਦੀ ਹੈ,
ਜਦੋਂ ਮਨੁੱਖ ਉਸ ਤੋਂ ਬਚਣ ਲਈ
ਗ੍ਰੰਥ ਫੋਲਦਾ ਤੇ ਯੱਗ ਕਰਦਾ ਹੈ।
ਕਮਲੀ ਹੁਸੀਨਾ ਟੁੱਟੇ ਫੁੱਲ ਨੂੰ ਡਾਲ ਨਾਲ ਮੁੜ ਜੋੜਨਾ ਚਾਹੁੰਦੀ ਹੈ, ਅਤੇ ਨਹੀਂ ਜਾਣਦੀ ਕਿ ਉਸ ਦਾ ਵੀ ਹੁਸਨ ਉਸ ਤੋਂ ਵੱਖ ਹੋਣ ਵਾਲਾ ਹੈ।
ਵਾਸਤਵ ਵਿਚ ਹੁਸਨ ਤੇ ਜੋਬਨ ਵਧਦਾ ਘਟਦਾ ਨਹੀਂ,
ਪਰਸਪਰ ਮਾਂ ਧੀ ਦੀ ਮਲਕੀਅਤ ਵਿਚ ਬਦਲਦਾ ਰਹਿੰਦਾ ਹੈ।
ਸਭ ਦੁਨੀਆ ਪੂਰਬ ਤੋਂ ਪੱਛਮ ਸਫਰ ਕਰਦੀ ਹੈ।
ਚਾਅ ਨਾਲ ਤੁਰਦੀ ਹੈ, ਥਕੇਵੇਂ ਵਿਚ ਡਿਗਦੀ ਹੈ,
ਰਾਹ ਵਿਚ ਆਏ ਪੜਾਅ ਤੇ ਲਏ ਹਉਕੇ ਫਿਰ ਨਹੀਂ ਘਟਾਂਦੇ।
ਉਸ ਜਿਹਾ ਕੋਈ ਨਹੀਂ,
ਜਿਹੜਾ ਇਕ ਥੱਕੇ ਨੂੰ ਆਪਣਾ ਬਲ ਉਧਾਰਾ ਦੇਂਦਾ ਹੈ,
ਇਹ ਸਾਂਝ ਬਰਾਦਰੀ ਹੀ ਜਗਤ ਦੀ ਪਰਸਪਰ ਸਥਿਰਤਾ ਹੈ।
ਨਾ ਕੋਈ ਆਦਿ ਹੈ ਨਾ ਅੰਤ,
ਜਿਥੋਂ ਤੁਰੇ ਹੋ ਉਥੇ ਹੀ ਆ ਕੇ ਤੁਹਾਡੀ ਵਾਟ ਦਾ ਖ਼ਾਤਮਾ ਹੈ।
ਝੋਰਾ ਨਾ ਕਰੋ
ਜੋ ਤੁਹਾਥੋਂ ਵੱਖ ਹੋ ਗਿਆ,
ਨਿਰਸੰਦੇਹ ਉਹ ਅਸਲੀਅਤ ਵਿਚ ਸਮਾ ਗਿਆ।'
ਕਿਤਾਬ ਠੱਪ ਦਿੱਤੀ। ਬਹੁਤਾ ਪੜ੍ਹਨਾ ਵੀ ਅਕੇਵਾਂ ਹੀ ਹੁੰਦਾ ਹੈ। ਮੁੜ-ਮੁੜ ਲਈ ਸੁਗੰਧੀ ਵੀ ਦੁਰਗੰਧੀ ਵਿਚ ਬਦਲ ਜਾਂਦੀ ਹੈ। ਮੈਂ ਕੁਰਸੀ ਤੋਂ ਉਠ ਕੇ ਆਪਣੀ ਛੋਟੀ ਜਿੰਨੀ ਕੁਟੀਆ ਵਿਚ ਫਿਰਨ ਲਗ ਪਿਆ। ਸਮਾਂ ਫਿਰਦਾ ਹੈ, ਉਮਰ ਤੁਰਦੀ ਹੈ, ਰੁੱਤਾਂ ਬਦਲਦੀਆਂ ਹਨ, ਅਸਲ ਵਿਚ ਇਹ ਸਾਰੀਆਂ ਸਮੇਂ ਨਾਲ ਸੰਯੁਕਤ ਹਨ। ਦੁਨੀਆ ਦੀ ਹਰ ਕ੍ਰਿਆ ਦਾ ਸੁਆਮੀ ਕੇਵਲ ਕਾਲ ਭਗਵਾਨ ਹੀ ਹੈ।
ਮੈਂ ਮੌਤ ਫ਼ਿਲਾਸਫ਼ੀ ਤੇ ਵਿਚਾਰ ਕਰਦਾ ਕੁਝ ਮਗਨ ਜਿਹਾ ਸਾਂ ਕਿ ਗੱਤੇ ਤੇ ਲਿਖੇ ਇਕ ਗੀਤ ਵਲ ਮੇਰੀ ਨਜਰ ਗਈ। ਗੁਰੂਦੇਵ ਜੀ ਇਸ ਗੀਤ ਨੂੰ ਬੜੇ ਚਾਅ ਨਾਲ ਸੁਣਿਆ ਕਰਦੇ ਸਨ-
'ਪੰਛੀ! ਤੂੰ ਏਂ ਦੇਸ ਪਰਾਏ,
ਬੰਧਨ ਤੋੜ ਸੁਤੰਤਰ ਹੋ ਜਾ, ਦੇਖ ਕੇ ਆਤਮ ਸਾਏ! ਪੰਛੀ!
ਫੁੱਲ ਹਸਾਵੇ ਕੰਡਾ ਰੁਆਵੇ,
ਦ੍ਵੰਦਵਾਦ ਵਿਚ ਚੈਨ ਨਾ ਪਾਵੇ,
ਵਿਸ਼ਿਆ ਦੀ ਮਧ ਜੋ ਮਧਮਾਤਾ, ਭੰਵਰਾ ਬਣ ਰਹਿ ਜਾਏ। ਪੰਛੀ।
ਲਹਿਰਾਂ ਦੇ ਮੂੰਹ ਤੇਰੀ ਬੇੜੀ,
'ਕੰਵਲ' ਬਚੇਗੀ ਸੂਰਤ ਕਿਹੜੀ,
ਮੰਜਲ ਗਿਆਨ ਜਦੋਂ ਆ ਜਾਵੇ, ਕਰਮ ਸਫਰ ਮੁੱਕ ਜਾਏ।
ਪੰਛੀ ! ਤੂੰ ਏਂ ਦੇਸ਼ ਪਰਾਏ।'
ਮੈਨੂੰ ਪਤਾ ਨਹੀਂ ਸੀ, ਮੈਂ ਕਿੰਨਾ ਕੁ ਚਿਰ ਇਨ੍ਹਾਂ ਤਾਨਾਂ ਵਿਚ ਗੁੰਮ ਰਿਹਾ। ਇਕ ਸਾਇਆ ਕੰਧ ਤੇ ਡਿੱਠਾ, ਮੈਂ ਸਮਝਿਆ ਕੋਈ ਮੇਰਾ ਸਿਰ ਖਾਣ ਆ ਰਿਹਾ ਹੈ। ਓਇ, ਮੈਂ ਤੇ ਅੱਗੇ ਹੀ ਭਰਿਆ ਪੀਤਾ ਬੈਠਾ ਹਾਂ। ਪਰ ਓਦੋਂ ਹੀ ਸ੍ਰੀਮਤੀ ਪਾਲ ਜੀ ਪ੍ਰਗਟ ਹੋਏ। ਮੇਰੀ ਥਕਾਣ ਝਟਪਟ ਦੂਰ ਹੋ ਗਈ। ਮੈਂ ਇਕ ਅਨੋਖੀ ਖੁਸ਼ੀ ਵਿਚ ਹੱਸ ਪਿਆ। ਆਦਮੀ ਦਾ ਮਨ ਕਿੰਨੀ ਛੇਤੀ ਬਦਲਦਾ ਹੈ, ਵਿਭਚਾਰੀ ਜੋ ਹੋਇਆ। ਉਸ ਹੱਥ ਜੋੜਦਿਆਂ 'ਸਤਿ ਸ੍ਰੀ ਅਕਾਲ' ਕਹੀ। ਪਰ ਮੈਂ ਪਾਗਲਾਂ ਵਾਂਗ ਉਸ ਵਲ ਵੇਖਦਾ ਤੇ ਹੱਸਦਾ ਹੀ ਰਿਹਾ ।
'ਕੀ ਗੱਲ ਹੈ ?' ਉਸ ਪਿਆਰ ਨਾਲ ਤਕਦਿਆਂ ਕਿਹਾ।
'ਫ਼ਿਤਰਤ ਆਪੇ ਵਿਚ ਪੂਰਨ ਨੰਗੀ ਹੈ।
'ਪਰ ਤੁਸੀਂ ਉਸ 'ਤੇ ਪਰਦੇ ਪਾਣ ਦੇ ਯਤਨ ਕਰ ਰਹੇ ਹੋ।
'ਇਹ ਠੀਕ ਹੈ ਸਜਣੀ। ਇਕ ਤਾਂ ਪਾਗਲ ਜੇਹਾ ਕਵੀ ਹੋਇਆ, ਦੂਜਾ ਫ਼ਕੀਰੀ ਦਾ ਰੰਗ ਤੇ ਸਭ ਤੋਂ ਪਿਛੋਂ ਨਵਾਂ ਪ੍ਰੇਮੀ ਬਣਿਆ ਹਾਂ। ਪ੍ਰੇਮੀ ਦੇ ਸਭ ਕਾਰਜ ਖੁਲ੍ਹੇ ਘੁੰਡ ਹੁੰਦੇ ਹਨ । ਤੁਸਾਂ ਕੁਦਰਤ ਦਾ ਕਦੇ ਕੋਈ ਅੰਗ ਲੁਕਿਆ ਡਿੱਠਾ ਹੈ?'
'ਨਹੀਂ ਤਾਂ' 'ਫਿਰ ਤੁਹਾਨੂੰ ਮੇਰੇ ਉਪਰ ਕੋਈ ਸ਼ੱਕ ਨਹੀਂ ਕਰਨਾ ਚਾਹੀਦਾ।'
'ਤੁਹਾਨੂੰ ਹਵਾਲਾਤ ਵਿਚ ਸੁਣ ਕੇ ਮੈਨੂੰ ਅਤੀ ਦੁਖ ਹੋਇਆ ।'
'ਏਸੇ ਕਰਕੇ ਮੈਂ ਓਥੇ ਬਹੁਤਾ ਪ੍ਰਸੰਨ ਰਿਹਾ ਹਾਂ। ਮੈਂ ਸਮਝਦਾ ਸਾਂ ਕਿ ਇਸ ਨੂੰ ਬੁਰਾ ਮਹਿਸੂਸ ਕਰਨ ਵਾਲੇ ਬਹੁਤ ਹਨ।
'ਹੁਣ ਤੇ ਤਕੜੇ ਹੋ ?'
'ਨਹੀਂ, ਮੈਂ ਜਿੱਤ ਕੇ ਹਾਰ ਚੁੱਕਾ ਹਾਂ। ਇਸ ਤੋਂ ਕਿਤੇ ਚੰਗਾ ਸੀ ਮੈਂ ਹਵਾਲਾਤ ਵਿਚ ਹੁੰਦਾ।
'ਨਾ ਰੱਬਾ। ਇਉਂ ਨਾ ਕਹੋ। ਤੁਸੀਂ ਬੜੇ ਚੰਗੇ ਤੇ ਸਿਆਣੇ ਹੋ।
'ਇਸ ਸਿਆਣਪ ਨੇ ਮੈਨੂੰ ਐਨ ਮੌਕੇ ਤੇ ਧੋਖਾ ਦਿੱਤਾ। ਚੰਗਾ ਕੇਵਲ ਮੈਂ ਤੇਰੀ ਨਜ਼ਰ ਵਿਚ ਹੀ ਹਾਂ। ਦੁਨੀਆ ਮੈਨੂੰ ਹੁਣ ਬਦਮਾਸ਼ਾਂ ਦਾ ਸਾਥੀ ਪੁਕਾਰਦੀ ਹੈ।'
'ਮੇਰੇ ਬਲ ਵਿਚ ਬਦਮਾਸ਼ੀ ਦੀ ਸੰਭਾਵਨਾ ਵੀ ਨਹੀਂ। ਉਹ ਨਿਰੋਲ ਦੁੱਧ ਤੇ ਸੱਚ ਹੈ । ਕੀ ਤੁਹਾਨੂੰ ਇਸ ਵਿਚ ਕੋਈ ਤਸੱਲੀ ਨਹੀਂ ਕਿ ਮੈਂ ਤੁਹਾਨੂੰ ਅਤਿ ਚੰਗਿਆ ਤੇ ਪਵਿਤ੍ਰ ਸਮਝਦੀ ਹਾਂ।
'ਦੁੱਧ ਤੇ ਸੱਚ ਦਾ ਆਪਣਾ ਸੁਆਦ ਕਸੈਲਾ ਹੁੰਦਾ ਹੈ। ਤੁਹਾਡਾ ਮੇਰੇ ਲਈ ਚੰਗਾ ਚਿਤਵਣਾ ਹੀ ਮੈਨੂੰ ਜਿਊਣ ਲਈ ਮਜਬੂਰ ਕਰਦਾ ਹੈ। ਮੈਂ ਤਾਂ ਮੌਤ ਵਲ ਛਾਲਾਂ ਮਾਰਦਾ ਹਾਂ, ਪਰ ਮੈਨੂੰ ਬਾਂਹ ਤੋਂ ਵੜਨ ਵਾਲੇ ਤੁਸੀਂ ਤੇ ਗੁਰੂਦੇਵ ਵਿਚਾਲੇ ਆ ਜਾਂਦੇ ਹੋ। ਕਿਵੇਂ ਹੋਵੇ, ਮੈਂ ਸੱਚ ਦਾ ਸਾਥ ਨਹੀਂ ਛੱਡਾਂਗਾ।'
ਮੈਂ ਕੁਰਸੀ ਤੇ ਨਿਚੱਲਾ ਬੈਠਾ ਸਾਂ ਅਤੇ ਉਸ ਦਿਨ ਹੀ ਕੇਸੀ ਨਹਾਤਾ ਸਾਂ। ਮੇਰੇ ਕੇਸ ਅਮਰਲਤਾ ਵਾਂਗ ਤੇਲ ਵਿਚ ਸਲ੍ਹਾਬੇ ਪਲਮ ਰਹੇ ਸਨ। ਪਾਲ ਮੇਜ਼ ਤੇ ਅਰਕਾਂ ਰੱਖੀ ਮੈਨੂੰ ਵੇਖ ਰਹੀ ਸੀ, ਜਿਵੇਂ ਉਸ ਦਾ ਮੇਰੇ ਵਿਚ ਕੁਝ ਗਵਾਚਿਆ ਹੋਇਆ ਸੀ। ਧੁਰ ਤੋਂ ਇਸਤਰੀ ਮਰਦ ਇਕ ਦੂਜੇ ਵਿਚ ਘੁੱਲ ਮਿਲੇ ਆ ਰਹੇ ਹਨ। ਆਪਣੀ ਲੁਕੀ ਖੁਸ਼ੀ ਨੂੰ ਇਕ ਦੂਜੇ ਵਿਚੋਂ ਖੋਜਦੇ ਹਨ। ਚਾਆਂ ਭਰੇ ਅਮਲਾਂ ਵਿਚ ਗਦ-ਗਦ ਹੁੰਦੇ ਹਨ।
ਦੁਨੀਆ ਦੇ ਭੈੜੇ ਵਰਤਾਅ ਨਾਲ ਮੇਰਾ ਦਿਲ ਪੀੜ ਵਿਚ ਫਿੱਸ ਚੁੱਕਾ ਸੀ। ਮੈਂ ਰੋ ਰੋ ਹੌਲਾ ਹੋਣਾ ਚਾਹੁੰਦਾ ਸਾਂ। ਪਿਆਰੇ ਸਾਥੀ ਸਾਹਮਣੇ ਗਮ-ਸੋਮਾ ਪਾਟਦਾ ਚਿਰ ਨਹੀਂ ਲਾਉਂਦਾ। ਬਸ ਕਿਸੇ ਬਹਾਨੇ ਦੀ ਲੋੜ ਹੁੰਦੀ ਹੈ।
'ਮੇਰੇ ਚੰਗੇ ਬਲ। ਸੋਗ ਕਿਸ ਗੱਲ ਦਾ? ਹੱਸਦਾ ਆਦਮੀ ਕਿੰਨਾ ਸੋਹਣਾ ਲੱਗਦਾ ਹੈ ।
ਮੈਂ ਆਪਣਾ ਸਿਰ ਮੇਜ਼ ਤੇ ਟੇਕ ਲਿਆ। ਮੇਰੀਆਂ ਅੱਖਾਂ ਪਾਣੀ ਨਾਲ ਭਰ ਗਈਆਂ। ਹੰਝੂ ਪਲਕਾਂ ਤੇ ਆ ਕੇ ਕੰਬ ਰਹੇ ਸਨ। ਸ਼ਾਇਦ ਉਹ ਮੇਜ਼ ਦੀ ਨੀਲੀ ਚਾਦਰ ਵਿਚ ਸਮਾਉਣਾ ਨਹੀਂ ਸਨ ਚਾਹੁੰਦੇ।
'ਤੁਸੀਂ ਮੇਰਾ ਤਾਂ ਹਾਲ ਪੁਛਿਆ ਹੀ ਨਹੀਂ।'
'ਹਾਲ?’
ਮੈਂ ਹੰਝੂ ਭਰੀਆਂ ਅੱਖਾਂ ਉਸ ਵਲ ਫੇਰੀਆਂ, 'ਤੁਸੀਂ ਆਪਣਾ ਹਾਲ ਪਛਾਣ ਲਵੋ, ਜਿਥੇ ਵੀ ਹੈ ਜਿਹੋ ਜਿਹਾ ਹੈ। ਸਾਥੀ ਦਾ ਹਾਲ ਪੁਛਣ ਦੀ ਲੋੜ ਨਹੀਂ ਹੁੰਦੀ, ਉਹ ਅਨਦੱਸਿਆਂ ਬੋਲਦਾ ਹੈ। ਅਸੀਂ ਸਮਝ ਨਹੀਂ ਸਕਦੇ ਉਸ ਦੀ ਹਾਲਤ ਵਿਚ ਪੰਘਰ ਸਕਦੇ ਹਾਂ। ਪਾਲ। ਮੈਨੂੰ ਹੈਰਾਨੀ ਹੈ ਕਿ ਤੁਸਾਂ ਅੱਜ ਮੇਰੇ ਕੋਲੋਂ ਐਨੀ ਓਪਰੀ ਗੱਲ ਪੁਛੀ।
ਪਾਲ ਮੇਰੀ ਅਜੀਬ ਹਾਲਤ ਦੇ ਕਾਰਨ ਤਰਸ ਵਿਚ ਪਸੀਜ ਗਈ ਅਤੇ ਮੇਰੇ ਖਿਲਰੇ ਵਾਲਾਂ ਨੂੰ ਆਪਣੇ ਨਰਮ-ਨਰਮ ਪੋਟਿਆਂ ਨਾਲ ਸੁਲਝਾਣ ਲਗ ਪਈ। ਸ਼ਾਇਦ ਉਸ ਦੀ ਮਨੋ ਕਲਪਣਾ ਪਿਆਰ ਦੇ ਸਾਜ ਦੀਆਂ ਤਾਰਾਂ ਹਿਲਾ ਰਹੀ ਸੀ । ਉਸ ਨੂੰ ਆਪਣੇ ਆਪ ਤੇ ਕਾਬੂ ਨਹੀਂ ਸੀ, ਉਹ ਵਾਲਾਂ ਨੂੰ ਸੁਲਝਾਣ ਦੀ ਥਾਂ ਉਲਝਾ ਰਹੀ ਸੀ। ਉਸ ਨੂੰ ਪਤਾ ਤੱਕ ਨਹੀਂ ਸੀ, ਉਹ ਕੀ ਕਰ ਰਹੀ ਹੈ। ਜੋ ਕੁਝ ਮੇਰੇ ਅੰਦਰ ਹੋ ਰਿਹਾ ਸੀ। ਉਹ ਅਕੱਥ ਸੀ। ਸੁਆਦ ਜਾਂ ਲੱਜਤ ਕਦੇ ਕਥਨ ਵਿਚ ਆ ਹੀ ਨਹੀਂ ਸਕਦੀ। ਮੈਂ ਕੁਝ ਕਹਿਣਾ ਚਾਹੁੰਦਾ ਸਾਂ, ਪਰ ਸ਼ਬਦ ਨਹੀਂ ਸਨ ਜੁੜਦੇ । ਬੁੱਲਾਂ ਨੂੰ ਇਉਂ ਭਾਸਦਾ ਸੀ, ਜਿਵੇਂ ਕਿਸੇ ਸਿਉਂ ਦਿੱਤਾ ਹੈ। ਦਿਲ ਧੜਕਦੇ ਸਨ, ਸ਼ਾਇਦ ਹਮਦਰਦੀ ਨੇ ਆਸ਼ਾ ਦੀ ਸਿਆਹੀ ਨਾਲ ਵਿਸ਼ਵਾਸ ਕਾਗਜ਼ ਤੇ ਇਕ ਰਾਜ਼ੀਨਾਮਾ ਲਿਖ ਕੇ ਦੇ ਦਿੱਤਾ ਸੀ। ਭਵਿਸ਼ ਰੰਗਲਾ ਦਿਸ ਰਿਹਾ ਸੀ। ਅਸੀਂ ਇਕ ਦੂਜੇ ਦੇ ਕਿੰਨੇ ਨੇੜੇ ਸਾਂ। ਪਰ ਨਹੀਂ, ਹਾਲੇ ਵੀ ਅਸੀਂ ਕਿੰਨੇ ਦੂਰ ਸੀ।
ਪਾਲ ਦੀ ਥਰਾਣ-ਚੋਭ ਕਸਕ ਵਿਚ ਆ ਕੇ ਇਕ ਵਾਰ ਹੀ ਅਵੱਸ਼ ਕੰਬੀ। ਦੂਜੇ ਪਨ ਉਸ ਮੇਰਾ ਸਿਰ ਆਪਣੀ ਛਾਤੀ ਤੇ ਘੁਟ ਲਿਆ। ਸਿਰ ਜੋਬਨਾਂ ਵਿਚਾਲੇ ਬੇਹੋਸ਼ ਸੀ। ਨਾੜ ਨਾੜ ਵਿਚ ਲਹੂ ਅਨੰਦ ਨਸ਼ਾ ਬਣ ਕੇ ਜੰਮ ਗਿਆ। ਮੇਰਾ ਦਿਲ ਬੁਰੀ ਤਰ੍ਹਾਂ ਧੜਕ ਰਿਹਾ ਸੀ, ਜਿਵੇਂ ਹੁਣ ਨਿਕੰਮੀਆਂ ਹੱਡੀਆਂ ਤੋੜ ਕੇ ਬਾਹਰ ਆ ਜਾਵੇਂਗਾ। ਮਨ ਕਹਿ ਰਿਹਾ ਸੀ, 'ਇਹ ਸਵਰਗ ਮੇਰੇ ਇਕੱਲ੍ਹੇ ਲਈ ਹੀ ਹੈ। ਸਭ ਦੇਵਤਿਆਂ ਤੇ ਪਰੀਆਂ ਨੂੰ ਬਾਹਰ ਕੱਢ ਦਿਓ। ਮੇਰੇ ਨੈਣ ਪਿਆਰ ਸੁੱਖ ਵਿਚ ਮੀਟੇ ਗਏ। ਮੈਂ ਬੋਲਣਾ ਨਹੀਂ ਸਾਂ ਚਾਹੁੰਦਾ, ਮਤਾ ਅਨੰਦ ਨੈਣਾਂ ਰਾਹ ਨਿਕਲ ਕੇ ਕਿਤੇ ਦੌੜ ਜਾਵੇ।
'ਪ੍ਰਿਆ। ਜੇ ਆਗਿਆ ਦੇਵੋ, ਏਹਨਾਂ ਨਵ ਕੇਲੇ ਦੇ ਪਤਰਾਂ ਵਰਗੇ ਹੱਥਾਂ ਨੂੰ ਸੜ੍ਹਦੇ ਬੁੱਲਾਂ ਨਾਲ ਇਕ ਵਾਰ ਚੁੰਮ ਲਵਾਂ।
'ਹਜਾਰਾਂ ਵਾਰ ਮੇਰੇ ਬਲ।'
ਉਸਦੇ ਭਖਦੇ ਬੁਲਾਂ ਤੇ ਅੰਮ੍ਰਿਤ ਫਲੀਆਂ ਰੱਖ ਦਿੱਤੀਆਂ। ਮੈਂ ਇਕ ਵਾਰ ਉਨ੍ਹਾਂ ਨੂੰ ਚੁੰਮਿਆ ਤੇ ਮੁੜ ਛੇਤੀ ਨਾਲ ਆਪਣੇ ਬੁੱਲ ਪਰੇ ਕਰ ਲਏ, ਮਤਾਂ ਮੇਰੀ ਪਿਆਰ ਹਵਾੜ ਉਹਨਾਂ ਨੂੰ ਲੂਹ ਸੁੱਟਦੀ ਹੋਵੇ। ਕੁਦਰਤੀ ਮੇਰਾ ਰੋਣ ਨਿਕਲ ਗਿਆ। ਮੈਂ ਹੈਰਾਨ ਸਾਂ ਇਸ ਖੁਸ਼ੀ ਦੇ ਸਮੇਂ ਕਿਉਂ ਹੋ ਰਿਹਾ ਹਾਂ। ਖ਼ਬਰੇ ਦੁਖ ਬਖੇੜਿਆਂ ਨੂੰ ਬਾਹਰ ਕੱਢ ਕੇ ਅਨੰਦ ਆਪ ਅੰਦਰ ਰਹਿਣਾ ਚਾਹੁੰਦਾ ਸੀ । ਉਸ ਮੇਰਾ ਸਿਰ ਫਿਰ ਘੁਟ ਲਿਆ। ਉਸ ਦਾ ਧੜਕਦਾ ਦਿਲ ਮੇਰੇ ਸਿਰ ਨਾਲ ਟਕਰਾ ਰਿਹਾ ਸੀ। ਸਿਰ ਇਕ ਬੋਝਲ ਪੰਡ ਹੈ ਜੋ ਇਸ ਨੂੰ ਪ੍ਰਿਆ ਨੇ ਅੱਜ
ਤਕ ਨਹੀਂ ਘੁਟਿਆ। ਉਸ ਮੇਰੀਆਂ ਅੱਖਾਂ ਆਪਣੀ ਹਰੀ ਸਾੜ੍ਹੀ ਨਾਲ ਪੂੰਝੀਆਂ ਤੇ ਸਿਰ ਫੜ ਕੇ ਉਤਾਂਹ ਕੀਤਾ।
'ਉਫ। ਪਾਲ ਮੈਥੋਂ ਨਹੀਂ ਸਹਾਰਿਆ ਜਾਂਦਾ।'
ਮੇਰੇ ਅੰਦਰੋਂ ਰੋਣ ਲਹਿਰਾਂ ਫਿਰ ਉਛਲੀਆਂ, ਪਰ ਉਸ ਦੇ ਹੱਥ ਤੇ ਦੋਵੇਂ ਅੰਗਨਾਂ ਸਿਰ ਨੂੰ ਲੁਕਾ ਰਹੇ ਸਨ।
ਉਸ ਦੀਆਂ ਗੋਰੀਆਂ ਬਾਹਾਂ ਛਾਈਆਂ ਨਰਮ ਸਨ ਤੇ ਉਸ ਦੀਆਂ ਛਾਤੀਆਂ ਆਕੜੀਆਂ ਹੋਈਆਂ, ਜਿਵੇਂ ਵਿਚਕਾਰੋਂ ਕਟ ਕੇ ਨਾਰੀਅਲ ਮੂਧੇ ਮਾਰੇ ਹੋਣ। ਅੱਖਾਂ ਬਲੋਰਾ ਵਾਂਗ ਜਗਦੀਆਂ, ਛਾਤੀ ਢਾਲ ਵਰਗੀ ਨਿਧੜਕ, ਜਿਵੇਂ ਇਕ ਪੈਗੰਬਰ ਦੀ ਕਬਰ ਤੇ ਸੰਗਮਰਮਰੀ ਸਿਲ੍ਹਾ ਹੁੰਦੀ ਹੈ।
ਬੁੱਲ੍ਹ ਕੰਵਲਾਂ ਦੀਆਂ ਸੂਹੀਆਂ ਪੱਤੀਆਂ ਸਨ, ਇਉਂ ਭਾਸਦਾ ਸੀ, ਜਿਵੇਂ ਰਸ ਤੇ ਅੰਮ੍ਰਿਤ ਸਿੰਮਣ ਲਈ ਉਤਾਵਲੇ ਸਨ । ਸੁਪਨੇ ਉਸ ਦੇ ਵਾਲਾਂ ਵਿਚ ਗੁਆਏ ਹੋਏ ਸਨ। ਆਸ਼ਾ ਸਮਝਦੀ ਸੀ, ਉਸ ਦਾ ਕੰਮ ਹੁਣ ਸਦਾ ਲਈ ਖ਼ਤਮ ਹੋ ਗਿਆ।
ਮੇਰਾ ਸਿਰ ਹਾਲੇ ਉਸ ਦੀ ਹਿੱਕ ਤੇ ਸ਼ਾਂਤ ਟਿਕਿਆ ਪਿਆ ਸੀ। ਮੇਰੇ ਕੁਲ ਅਰਮਾਨ ਚੀਕ ਤੇ ਫ਼ਿਜ਼ਾ ਨੂੰ ਪਾੜ ਦੇਣਾ ਚਾਹੁੰਦੇ ਸਨ। ਘਰਦਿਆਂ ਦਾ ਡਰ ਜਮਦੂਤਾਂ ਵਾਂਗ ਖਾ ਰਿਹਾ ਸੀ। ਡਰ ਪਿਆਰ ਤੇ ਜਵਾਨੀ ਨੂੰ ਚੰਦਨ ਦੀ ਗੋਲੀ ਵਾਂਗ ਚੀਰ ਕੇ ਦੋ ਕਰ ਦੇਂਦਾ ਹੈ।
ਹੇਠੋਂ ਬੀਬੀ ਜੀ ਨੇ ਅਚਾਨਕ ਅਵਾਜ਼ ਮਾਰੀ, 'ਬਲਬੀਰ। ਚਾਹ ਤਿਆਰ ਪਈ ਹੈ ਆ ਕੇ ਲੈ ਜਾ ।
'ਆਇਆ ਬੀਬੀ ਜੀ।'
ਕਿਸੇ ਨੇ ਪਿਆਲਾ ਫੜ ਲਿਆ, ਸੁਰਾਹੀ ਮੁਧ ਗਈ ਤੇ ਨਸ਼ਾ ਖ਼ਤਮ ਹੋ ਗਿਆ। ਮੈਂ ਉਸ ਦੇ ਹੱਥ ਘੁਟੇ ਚੌਹਾਂ ਅੱਖਾਂ ਵਿਚ ਵਫ਼ਾ ਦਾ ਭਾਵ ਪ੍ਰਗਟਿਆ, ਅਬੋਲ ਸੁਨੇਹਾ ਤੀਰ ਬਣ ਕੇ ਦਿਲਾਂ ਵਿਚ ਬਹਿ ਗਿਆ। ਮੈਂ ਸੋਚਣ ਲਗ ਪਿਆ ਰਾਂਝੇ ਤੇ ਹੀਰ ਨੇ ਇਸੇ ਤਰ੍ਹਾਂ ਝਨਾਂ ਤੇ ਬਹਿ ਕੇ ਕੌਲ ਕਰਾਰ ਕੀਤੇ ਤੇ ਸੌਹਾਂ ਖਾਧੀਆਂ ਹੋਣਗੀਆਂ।
ਮੈਂ ਚਾਹ ਲੈਣ ਚਲਿਆ। ਭਾਂਡੇ ਭਾਵੇਂ ਕਿੰਨੇ ਸਾਫ਼ ਕੀਤੇ ਹੋਣ, ਮੈਨੂੰ ਇਕ ਵਾਰ ਫਿਰ ਧੋਤੇ ਬਿਨਾਂ ਤਸੱਲੀ ਨਹੀਂ ਸੀ ਹੁੰਦੀ। ਮੈਂ ਚੀਨੀ ਦੀਆਂ ਪਿਆਲਿਆਂ ਮੁੜ ਗਰਮ ਪਾਣੀ ਨਾਲ ਧੋਣੀਆਂ ਆਰੰਭ ਦਿੱਤੀਆਂ । ਬੀਬੀ ਜੀ ਨੇ ਮੇਰੀ ਪਿੱਠ ਵਿਚ ਮੁਕੀ ਜੜਦਿਆਂ ਕਿਹਾ, ਵੇਖ। ਉਹਦੇ ਲਈ ਕਿਵੇਂ ਭਾਂਡੇ ਸਾਫ਼ ਕਰ ਰਿਹਾ ਹੈ। ਘਰ ਦਾ ਕੋਈ ਕੰਮ ਹੋਵੇ ਤਾਂ ਸੌ ਬਹਾਨੇ।‘
ਬੀਬੀ ਜੀ ਬਿਲਕੁਲ ਸਚ ਆਖੇ ਰਹੇ ਸਨ। ਪ੍ਰਿਆ ਮਨੁੱਖ ਦਾ ਆਦਰਸ਼ ਬਣ ਜਾਂਦੀ ਹੈ। ਜਿਸ ਨਾਲ ਘਰ ਦੇ ਸਾਰੇ ਹੀ ਓਪਰੇ ਹੋ ਜਾਂਦੇ ਹਨ। ਮੈਂ ਚਾਹ ਦੀ ਚਿਲਕਵੀਂ ਗੜਵੀ ਮੇਜ਼ ਤੇ ਲਿਆ ਰੱਖੀ ਅਤੇ ਪਿਆਲੀਆਂ ਵੀ ਪਾਲ ਦੇ ਅੱਗੇ ਕਰ ਦਿੱਤੀਆਂ। ਦੋਵੇਂ ਕੁਰਸੀਆਂ ਉਪਰ ਆਹਮਣੇ ਸਾਹਮਣੇ ਬੈਠ ਗਏ। ਪਾਲ ਨੇ ਦੋਹਾਂ ਪਿਆਲੀਆਂ ਵਿਚ ਚਾਹ ਪਾਈ ਤੇ ਉਸ ਪੀਦਿਆਂ ਕਿਹਾ, 'ਅੱਜ ਚਾਹ ਦਾ ਲੁਤਫ ਨਿਰਾਲਾ ਹੀ ਹੈ।'
'ਨਹੀਂ ਅੱਜ ਸਭ ਕੁਝ ਹਦੋਂ ਜਿਆਦਾ ਮਿੱਠਾ ਹੈ।‘
'ਬਲ ਰਾਜ। ਤੁਸੀਂ ਕਿੰਨੇ ਸੋਹਣੇ ਹੋ। ਮੇਰਾ ਸਾਰਾ ਹਿਰਦਾ ਇਸ ਤੱਕ ਵਿਚ ਉਲਰਿਆ ਜਾ ਰਿਹਾ ਹੈ।'
ਹਰ ਪ੍ਰਿਆ ਦਾ ਪ੍ਰੇਮੀ ਸੁੰਦਰ ਤੇ ਰੂਪਵਾਨ ਹੁੰਦਾ ਹੈ। ਪਰ ਪਾਲੀ। ਜੋ ਸੁਆਦ ਮੈਂ ਅੱਜ ਮਾਣਿਆ ਹੈ, ਮੈਂ ਚਾਹੁੰਦਾ ਹਾਂ ਮੇਰਾ ਜੀਵਨ ਉਸ ਵਿਚ ਸਦਾ ਲਈ ਅਲੋਪ ਹੋ ਜਾਏ ।
'ਪਰ ਬਲ ਜੀ। ਗੁਰੂਦੇਵ ਸਿਧਾਂਤ ਕੀ ਆਖਦਾ ਹੈ, ਅੱਜ ਤਾਂ ਤੁਸਾਂ ਇਸ ਸਬੰਧੀ ਜ਼ਿਕਰ ਤਕ ਨਹੀਂ ਕੀਤਾ।
ਮੈਂ ਹਉਕਾ ਭਰ ਕੇ ਆਖਿਆ, ਗੁਰੂਦੇਵ ਜੀ ਦਾ ਹਰ ਬਚਨ ਪਵਿਤ੍ ਤੇ ਪ੍ਰਤੱਖ ਸਚਾਈ ਹੈ। ਉਹ ਆਖਦੇ ਹਨ :-
ਕਲਪਨਾ ਦੀ ਹਾਰ, ਸਾਕਾਰ ਸ਼ਾਂਤੀ।
ਵਾਸ਼ਨਾ ਦਾ ਖ਼ਾਤਮਾ ਕਰਮ ਦੀ ਮੌਤ।
ਮਨ ਦਾ ਸੰਸਾਰ ਯਾਰੀ ਤੋਂ ਮੂੰਹ ਮੋੜਨਾ, ਵਿਸਮਾਦ ਦਾ ਪ੍ਰੇਮੀ ਹੋਣਾ।
ਵਿਸਮਾਦ, ਚੇਤਨਤਾ ਦੀ ਅਮਰ ਅਵਸਥਾ।
ਜਿਸ ਤੋਂ ਸਾਰੀਆਂ ਤ੍ਰਿਸ਼ਨਾਵਾਂ ਆਪਣੇ ਹਥਿਆਰ ਸੁੱਟ ਪਨਾਹ ਮੰਗਦੀਆਂ ਹਨ।
ਮਨ ਦਾ ਵਿਸਮਾਦ ਵਿਚ ਪ੍ਰਵੇਸ਼,
ਉਸ ਦੀਆਂ ਸਾਰੀਆਂ ਕ੍ਰਿਆਵਾਂ ਨੂੰ ਅਨੰਦਤ ਕਰਨਾ।
ਆਤਮਾ ਹੀ ਅਨੰਦ ਦਾ ਅਸਲ ਭੰਡਾਰ,
ਜਿਸ ਤੋਂ ਕੁਲ ਸੰਸਾਰੀ ਮੰਗਦੇ ਫਿਰਦੇ ਹਨ।
ਹਰ ਨਿੱਕੇ ਤੋਂ ਵੱਡਾ ਤੇ ਅਗਾਦ ਸੁੱਖ, ਆਤਮਾ ਦਾ ਖਿਣਕ ਤਰਸ।
ਪਰ ਅਸੀਂ ਅਣਜਾਣ ਆਪਣੀਆਂ ਕਾਲਖਾਂ ਵਿਚ,
ਅਭਿਮਾਨ ਨੂੰ ਵਡਿਆਂਦੇ ਅਗਿਆਨੀ, ਆਵਾਗਵਨੀ!
ਅਸੀਂ ਸੁਆਦ ਵਿਚ ਸਾਰੀ ਚਾਹ ਪੀ ਗਏ। 'ਕਾਸ਼! ਜ਼ਿੰਦਗੀ ਇਸ ਤਰ੍ਹਾਂ ਪੀਤੀ ਜਾ ਸਕੇ । ਮੈਂ ਪਾਲ ਨੂੰ ਪਿਆਲੀ ਰਖਦਿਆਂ ਕਿਹਾ। 'ਲੰਮੀ ਜ਼ਿੰਦਗੀ ਮਲੋਮੱਲੀ ਕਸ਼ਟ ਬਣ ਜਾਂਦੀ ਹੈ। ਅਤੇ ਛੋਟੀ ਹਰ ਪਹਿਲੂ ਤੋਂ ਕਾਮਯਾਬ ਰਹਿੰਦੀ ਹੈ।
'ਇਹ ਕੀ ਕਿਹਾ ਜਾ ਸਕਦਾ ਹੈ, ਕਿਸੇ ਨੂੰ ਪਿਛਲੀ ਉਮਰ ਵਿਚ ਆ ਕੇ ਸੁੱਖ ਮਿਲਦਾ ਹੈ ਅਤੇ ਪਹਿਲੀ ਉਮਰ ਵਿਚ ਬੁਰੇ ਦਿਨ ਵੇਖਦਾ ਹੈ।' ਪਾਲ ਨੇ ਸੁਭਾਵਕ ਆਖਿਆ।
ਮੈਂ ਮਖ਼ੌਲ ਵਜੋਂ ਕਿਹਾ, 'ਤਾਂ ਫਿਰ ਸਰਕਾਰ ਬੁੱਢੀ ਉਮਰ ਤੇ ਹੀ ਆਸਾਂ ਲਾਈ ਬੈਠੀ ਹੈ ।
ਪਾਲ ਨੇ ਮੇਰੇ ਹੱਥ ਉਤੇ ਪੈਨਸਲ ਦੀ ਨੋਕ ਚੁਭੋ ਦਿਤੀ, ਪੀੜ ਨੇ ਲਜ਼ਤ ਬਣ ਕੇ ਹਿਰਦੇ ਨੂੰ ਝਰਨਾਇਆ।
'ਚਲੋ ਮੈਨੂੰ ਛੱਡ ਆਵੋ ਹੁਣ।
'ਤੁਹਾਡੇ ਆਖੇ ਲਗਾਂ ਕਿ ਦਿਲ ਦੇ ?"
ਪਾਲ ਮੁਸਕਰਾ ਪਈ।
'ਕੀ ਜਾਣਾ ਹੀ ਹੈ ਤੇ ਹੁਣੇ ਹੀ ?' ਮੇਰੀਆਂ ਨਜ਼ਰਾਂ ਵਿਚ ਆਸ਼ਾ ਤੇ ਤਰਲੇ ਦਾ ਮਿਲਵਾਂ ਰੂਪ ਸੀ।
'ਨੌਕਰ ਹਾਂ। ਬਾਦਸ਼ਾਹੋਂ! ਕੀਤਾ ਕੀ ਜਾਵੇ?’
ਉਹ ਉਠ ਕੇ ਖਲੋ ਗਈ ਤੇ ਉਸ ਮੇਰੀ ਬਾਂਹ ਫੜ ਕੇ ਖਿੱਚੀ। ਮੈਂ ਮੁੜ ਕਿਹਾ, 'ਕਿਸ ਦੁਨੀਆ ਵਿੱਚ ਲੈਕੇ ਚਲੇ ਹੋ ਇਕ ਮਸਤਾਨੇ ਨੂੰ?’
'ਹੈਰਾਨੀ ਹੈ, ਜੋ ਇਕ ਮਸਤਾਨਾ ਵੀ ਦੇਸ਼ ਦੇ ਫਰਕ ਵਿਤਕਰੇ ਨੂੰ ਜਾਣੇ ।'
ਮੈਂ ਪਾਗਲ ਖੁਸ਼ੀ ਵਿਚ ਉਠ ਕੇ ਓਸ ਦੇ ਨਾਲ ਤੁਰ ਪਿਆ। ਅਸੀਂ ਪਿੰਡ ਦੇ ਉਤੋਂ ਦੀ ਹੁੰਦੇ ਹੋਏ, ਇਕ ਚੌੜੇ ਪਹੇ ਆ ਪਏ। ਅਸੀਂ ਤੁਰ ਰਹੇ ਸਾਂ ਜਾਂ ਧਰਤੀ ਪੈਰਾਂ ਥੱਲੇ ਸੁਕੜ ਰਹੀ ਸੀ। ਪਰ ਪਿੰਡ ਸਾਡੀ ਕੰਡ ਪਿਛੇ ਦੂਰ ਤੇ ਅਲੋਪ ਹੁੰਦਾ ਜਾ ਰਿਹਾ ਸੀ। ਕੰਡ ਪਿੱਛੇ ਤੇ ਹਨੇਰੇ ਵਿਚ ਸਾਰੀਆਂ ਚੀਜਾਂ ਹੀ ਦੂਰ ਹੁੰਦੀਆਂ ਹਨ। ਇਕ ਸੂਏ ਤੇ ਆ ਕੇ ਮੇਰੇ ਪੈਰ ਰੁਕ ਗਏ। ਅਸੀਂ ਦੋਵੇਂ ਇਕ ਪਟੜੀ ਤੇ ਹਰੀ ਘਾਹ ਵੇਖ ਕੇ ਬਹਿ ਗਏ।
'ਨਦੀ ਕਨਾਰੇ ਨਾਲ ਸਜਣ ਦੇ, ਜੀ ਭਰ ਸ਼ਾਮ ਬਿਤਾਈ।
ਇਸ ਗੀਤ ਲੈਅ ਵਿਚ ਮੇਰਾ ਅੰਦਰ ਸਰੂਰ ਸਰੂਰ ਹੋਇਆ ਲਹਿਰੀਂ ਤਾਲ ਦੇਣ ਲਗਾ।
ਮੈਂ ਪਾਣੀ ਦਾ ਬੁੱਕ ਭਰਿਆ ਅਤੇ ਮੁੜ ਉਤਾਂਹ ਉਛਾਲ ਕੇ ਪਾਣੀ ਦੀ ਹਿਕ ਤੇ ਖਿਲਾਰ ਦਿੱਤਾ। ਬੁੱਕ ਵਿਚ ਆਇਆ ਪਾਣੀ ਦੂਜੇ ਵਿਚ ਅਭੇਦ ਹੋ ਗਿਆ। ਥੋੜ੍ਹਾ ਚਿਰ ਚੁੱਪ ਰਹਿ ਕੇ ਪੁਛਿਆ, 'ਤੁਹਾਡੇ ਕੰਮ ਦਾ ਕੀ ਹਾਲ ਹੈ ?
'ਮੇਰੇ ਕੰਮ ਤੋਂ ਤੁਹਾਡਾ ਕੀ ਭਾਵ ਹੈ ?'
'ਤੁਹਾਡੀ ਆਪਣੀ ਬਾਬਤ ਮੈਨੂੰ ਚੰਗੀ ਤਰ੍ਹਾਂ ਤਸੱਲੀ ਹੈ। ਮੈਂ ਕੇਵਲ ਤੁਹਾਡੇ ਸਰਕਾਰੀ ਕੰਮ ਬਾਰੇ ਪੁਛ ਰਿਹਾ ਹਾਂ।
'ਹਰ ਮਹੀਨੇ ਵੀਹ ਦੌਰੇ ਪਿੰਡਾਂ ਦੇ ਕਰਨੇ ਪੈਂਦੇ ਹਨ, ਸੋ ਕਰ ਲੈਂਦੀ ਹਾਂ ਅਤੇ ਆਪਣੀ ਰੀਪੋਟ ਭਰਤੀ ਆਫਸ ਵਿਚ ਦੇ ਦੇਂਦੀ ਹਾਂ। ਮੇਰੇ ਨਾਲ ਦੀਆਂ ਫੌਜੀ ਸੇਵਾਦਾਰਨੀਆਂ ਨੇ ਕਈ ਆਦਮੀ ਭਰਤੀ ਵੀ ਕਰਾ ਦਿੱਤੇ ਹਨ, ਪਰ ਮੈਨੂੰ ਕੋਈ ਮਿਲਿਆ ਹੀ ਨਹੀਂ।
'ਜੇ ਕਰ ਨਹੀਂ ਮਿਲਿਆ, ਤਦ ਤੁਸੀ ਮੈਨੂੰ ਹੀ ਭਰਤੀ ਕਰਾ ਦਿਓ। ਮੈਂ ਮਸਖਰੀ ਵਜੋਂ ਕਿਹਾ, ਪਰ ਬਾਹਰੋਂ ਚਿਹਰੇ ਤੋਂ ਸੰਜੀਦਾ ਰਿਹਾ।
ਤੁਹਾਨੂੰ ਭਰਤੀ! ਕਦੇ ਭੁਲ ਕੇ ਵੀ ਨਾ। ਮਰ ਜਾਏ ਤੁਹਾਨੂੰ ਭਰਤੀ ਕਰਨ ਵਾਲਾ ਕਦੇ ਸੁਣਿਆ ਨਹੀਂ ਜੇ, 'ਵੇ ਨਾ ਜੋਬਨ ਥਿਆਵੇ, ਲੱਖ ਹਜ਼ਾਰਾਂ ਖਰਚੇ।'
'ਇਸ ਬੋਲੀ ਵਿਚ ਮਾਹਾਰਾਜ। ਇਕ ਪੰਜਾਬਣ ਦਾ ਦਿਲ ਬੋਲ ਰਿਹਾ ਹੈ। ਜਿਸ ਨੇ ਪਿਆਰ ਵਿਚ ਪੰਘਰ ਕੇ ਦੇਸ਼ ਬਿਪਤਾ ਨੂੰ ਗਭਰੂ ਮੇਲ ਤੋਂ ਵਾਰ ਦਿੱਤਾ ਹੈ। ਇਕ ਪੰਜਾਬਣ ਦਾ ਦਿਲ ਐਨਾ ਕਮਜ਼ੋਰ ਨਹੀਂ ਹੋ ਸਕਦਾ। ਪੰਜਾਬ ਆਦਿ ਤੋਂ ਹੀ ਸੂਰਮਿਆਂ ਦੀ ਧਰਤੀ
ਹੈ । ਇਸ ਦਾ ਹਰ ਜੱਰਾ ਲਹੂ ਵਿਚ ਭਿੱਜ ਚੁੱਕਾ ਹੈ।
'ਐਵੇਂ ਤੁਸੀਂ ਬਹੁਤੀਆਂ ਡੀਗਾਂ ਮਾਰਦੇ ਹੋ।'
'ਪਰ ਇਕ ਜ਼ਿੰਦਾ ਦਿਲ ਸ਼ਾਇਰ ਨੂੰ ਕਈ ਪਾਸੇ ਰਖਣੇ ਪੈਂਦੇ ਹਨ। ਅਸੀਂ ਦੋਵੇਂ ਹੀ ਹੱਸ ਪਏ।
ਮੈਂ ਜੁੱਤੀ ਲਾਹ ਕੇ ਪਾਣੀ ਵਿਚ ਪੈਰ ਪਾ ਲਏ ਅਤੇ ਲੱਗਾ ਵਗਦੇ ਪਾਣੀ ਵਿਚ ਲਹਿਰਾਂ ਛੇੜਨ। ਨਵੇਂ ਫੈਸ਼ਨ ਪੱਟੀਆਂ ਕੁੜੀਆਂ ਦੇ ਵਲਾਏ ਵਾਲਾਂ ਵਾਂਗ ਲਹਿਰਾਂ ਇਕ ਕਿਨਾਰੇ ਤੋਂ ਦੂਜੇ ਕਿਨਾਰੇ ਤਕ ਜਾਣ ਲਗ ਪਈਆਂ। ਮੇਰੇ ਦਿਲ ਵਿਚ ਇਕ ਕੁਦਰਤੀ ਖਰੂਦ ਉੱਠਿਆ ਅਤੇ ਇੱਕ ਚੂਲੀ ਪਾਣੀ ਦੀ ਭਰ ਕੇ ਪਾਲ ਦੇ ਮੂੰਹ ਵਲ ਚੁੱਕ ਮਾਰੀ। ਉਸ ਬਨਾਉਟੀ ਗੁੱਸਾ ਬਣਾਂਦਿਆਂ ਕਿਹਾ, 'ਮੈਂ ਤੁਹਾਨੂੰ ਛੇੜਿਆ ਨਹੀਂ ?'
'ਮੈਂ ਚਾਹੁੰਦਾ ਹਾਂ, ਤੁਸੀਂ ਛੇੜੋ।‘
'ਨਤੀਜਾ ਕੀ ਹੋਵੇਗਾ ?'
'ਸਦਾ ਚੇਤੇ ਰਹਿਣ ਵਾਲੀ ਇਕ ਮਿੱਠੀ ਲੜਾਈ।
ਅਸੀਂ ਪਾਣੀ ਉਛਾਲਦੇ ਹੋਏ ਦੋਵੇਂ ਹੱਸ ਪਏ। ਇਉਂ ਜਾਪਦਾ ਸੀ, ਜਿਵੇਂ ਅਸੀਂ ਖੁਸ਼ੀ ਤੇ ਹਕੂਮਤ ਕਰ ਰਹੇ ਹਾਂ। ਪਾਲ ਦੀਆਂ ਗਲ੍ਹਾਂ ਤੇ ਪਾਣੀ ਦੀਆਂ ਅਟਕੀਆਂ ਕਣੀਆਂ ਉਸ ਨੂੰ ਹੁਸਨ ਨੂੰ ਕਿਆਮਤ ਵਲ ਧਰੀਕ ਤੁਰੀਆਂ। ਸਾਡੇ ਕੋਲ ਦੀ ਪਹੇ ਪਹੇ ਕਈ ਰਾਹੀਂ ਲੰਘ ਗਏ, ਜਿਨ੍ਹਾਂ ਵਿਚੋਂ ਕਈ ਮੇਰੇ ਜਾਣੂ ਵੀ ਸਨ।
'ਪਾਲ! ਭਲਾ ਲੰਘਣ ਵਾਲੇ ਆਪਾਂ ਨੂੰ ਕੀ ਖ਼ਿਆਲ ਕਰਦੇ ਹੋਣਗੇ ?'
'ਜੋ ਖ਼ਿਆਲ ਕਰਦੇ ਹਨ, ਮੈਂ ਚੰਗੀ ਤਰ੍ਹਾਂ ਸਮਝਦੀ ਹਾਂ ਇਹ ਏਹੋ ਜਿਹੇ ਖਿਆਲ ਹੀ ਕਰਨ ਜਾਣਦੇ ਹਨ, ਹੋਰ ਇਨ੍ਹਾਂ ਤੇ ਚੰਗੀ ਆਸ਼ਾ ਨਿਰਮੂਲ ਹੈ, ਦੁਨੀਆ ਦੇ ਸਾਰੇ ਭੈੜੇ ਸ਼ਬਦ ਮਨ ਹੀ ਮਨ ਵਿਚ ਇਨ੍ਹਾਂ ਸਾਡੇ ਲਈ ਵਰਤ ਛੱਡੇ ਹੋਣਗੇ।
ਅਸੀਂ ਪਾਣੀ ਵਾਂਗ ਥੋੜ੍ਹੇ ਚਿਰ ਲਈ ਚੁੱਪ ਹੋ ਗਏ। ਸਾਥੋਂ ਦੋ ਖੇਤਾਂ ਦੀ ਵਿਥ ਤੇ ਹਰਿਆਵਲ ਵਿਚ ਮਦਹੋਸ਼ ਬਾਗ਼ ਹੁਲਾਰੇ ਖਾ ਰਿਹਾ ਸੀ। ਮੋਰਾਂ ਦੇ ਕਾਹਲੇ ਸਾਹ ਟਾਹਲੀਆਂ ਦੀ ਠੰਡੀ ਛਾਵੇਂ ਦੀ 'ਫੜਕ ਫੜਕ ਹਿਲਦੇ ਭਾਸਦੇ ਸਨ। ਗਿੱਲੀ ਧਰਤੀ ਨਾਲ ਉਹ ਹਿੱਕਾਂ ਜੋੜੀ ਠੰਢ ਮਾਣ ਰਹੇ ਸਨ। ਕਦੇ ਕਦਾਈ 'ਕਿਆ ਕੋ' ਦੀ ਅਵਾਜ਼ ਨਾਲ ਸਾਰੇ ਵਾਯੂਮੰਡਲ ਵਿਚ ਨਗਮਾ ਤੜਪਾ ਦੇਂਦੇ।
'ਚਲੋ ਬਾਗ ਦੀ ਸੈਰ ਕਰੀਏ ?' ਪਾਲ ਨੇ ਮੇਰੇ ਦਿਲ ਨੂੰ ਹਲੂਣਿਆ।
ਮੈਂ, 'ਹਾਏ ਓਏ ਨਦੀ ਕਿਨਾਰਿਆ! ਕਹਿੰਦਾ ਉਠਿਆ। ਜਿਵੇਂ ਮੇਰੇ ਵਲਵਲੇ ਪਾਣੀ ਨੇ ਖੋਹ ਲਏ ਸਨ। ਕਿਨਾਰੇ ਕਿਨਾਰੇ ਅਸੀਂ ਬਾਗ ਦੀ ਖਿੜਕੀ ਤਕ ਅੱਪੜੇ। ਮੈਂ ਖਿੜਕੀ ਪਰ੍ਹੇ ਕਰਦਿਆਂ ਕਿਹਾ, 'ਏਥੇ ਭੋਰਾ ਫੁੱਲ ਬਣ ਕੇ ਰਹਿ ਪਈਏ। ਕੀ ਲੈਣਾ ਏਂ ਸੜਦੇ ਕੋਹੜ ਵਿੱਚ ਜਾਕੇ।
'ਸੱਚ ਮੁਚ ਏਥੋਂ ਜਾਣ ਨੂੰ ਜੀਅ ਨਹੀਂ ਕਰਦਾ। ਅਜਿਹੀ ਸ਼ਾਂਤ ਤੇ ਨਵੇਕਲੀ ਜਗ੍ਹਾ
ਚੰਗੇ ਭਾਗਾਂ ਨਾਲ ਨਸੀਬ ਹੁੰਦੀ ਹੈ । ਤੁਸੀ ਤੇ ਏਥੇ ਨਿੱਤ ਆ ਕੇ ਆਪਣਾ ਦਿਮਾਗ ਪ੍ਰਫੁਲਤ ਕਰ ਜਾਂਦੇ ਹੋ। ਮੇਰੀ ਵਲ ਵੇਖੋ ਨਿੱਤ ਲੋਕਾਂ ਦੀਆਂ ਚੋਭਵੀਆਂ ਗੱਲਾਂ ਸੁਣਨੀਆਂ ਤੇ ਨਿਤ ਨਵੇਂ ਪਿੰਡ ਦੀ ਗਰਦ ਵਿਚ ਇਸ਼ਨਾਨ।'
'ਪ੍ਰੇਮੀ ਮਨੁੱਖ ਜਾਤੀ ਨਾਲੋਂ ਫੁੱਲਾਂ ਬੂਟਿਆਂ ਦੇ ਵਧੇਰੇ ਨੇੜੇ ਹਨ। ਮੇਰੀਆਂ ਨਜ਼ਰਾਂ ਆਪਣਾ ਅਗੰਮ ਟਿਕਾਣਾ ਢੂੰਡ ਰਹੀਆਂ ਸਨ, ਪਰ ਪਤਾ ਨਹੀਂ ਪਾਲ ਨੇ ਕਿਸ ਰੀਝ ਨਾਲ ਵੇਖਿਆ, ਮੇਰੀ ਮਰਦ ਸ਼ਕਤੀ ਵਿਚ ਇਕ ਵਾਰ ਹੀ ਤਕੜੀ ਹਿਲ-ਜੁਲ ਆ ਗਈ। ਮੇਰਾ ਮਨ ਮੇਰੇ ਕਾਬੂ 'ਚੋਂ ਨਿਕਲ ਜਾਣਾ ਚਾਹੁੰਦਾ ਸੀ। ਪਾਲ ਦੇ ਗੋਰੇ ਅੰਗ ਅੰਗੜਾਈ ਵਿਚ ਆਕੜ ਕੇ ਜੋਸ਼ ਆਹਾਂ ਬਣ ਰਹੇ ਸਨ। ਮੈਂ ਖਾਮੋਸ਼ ਨੀਵੀਂ ਪਾ ਲਈ, ਜਿਵੇਂ ਮੈਂ ਹਾਰ ਗਿਆ ਸਾਂ।
ਪਾਲ! ਜੇ ਕੋਈ ਜਿੰਦਗੀ ਦਾ ਅਰਮਾਨ ਮੇਰੇ ਲਈ ਸੁਆਦ ਬਣ ਕੇ ਆਇਆ ਹੈ, ਤਦ ਮੇਰੀ 'ਜੀ ਆਇਆਂ' ਉਸ ਨੂੰ ਮਿੱਧਣ ਲਈ ਕਾਹਲ ਨਹੀਂ। ਮੈਂ ਚਾਹੁੰਦਾ ਹਾਂ ਸੁਆਦ ਸੁਆਦ ਹੀ ਰਹੇ। ਉਸ ਦੇ ਫਨਾਹ ਹੋ ਜਾਣ ਨਾਲ ਨਹੀਂ ਕਿਹਾ ਜਾ ਸਕਦਾ, ਜੀਵਨ ਜੋਤ ਹਿਚਕੀ ਵਿਚ ਖ਼ਤਮ ਹੋ ਜਾਵੇ। ਜੇ ਮੈਂ ਗਲਤ ਹਾਂ, ਤਦ ਸੁਆਦ ਨੂੰ ਮਾਨਣ ਲਈ ਲੰਮੇਰਾ ਜਰੂਰ ਕਰ ਦੇਣਾ ਚਾਹੁੰਦਾ ਹਾਂ । ਸੁਆਦ ਅੱਗੇ ਹੀ ਅੱਗੇ ਰਹੇ ਤੇ ਮੇਰੀਆਂ ਬਾਹਾਂ ਉਸ ਨੂੰ ਬੋਚਣ ਤੇ ਘੁਟਣ ਦੇ ਯਤਨ ਵਿਚ ਕਬਰ ਤਕ ਪੁਜ ਜਾਣ। ਕੀ ਏਨਾ ਕਾਫ਼ੀ ਨਹੀਂ ਕਿ ਸਬਰ ਨੇ ਚੁੱਪ ਚਾਪ ਪਿਆਰ ਲਈ ਹਰ ਟਿਕਾਣਾ ਖ਼ਾਲੀ ਕਰ ਦਿੱਤਾ ਹੈ।‘ ਗੁਰੂਦੇਵ ਦੀ ਰੂਹ ਸੁਣ :-
'ਪਿਆਰ ਦੇ ਅੰਤ ਲਈ ਕਾਹਲਾ ਨਾ ਹੋ।
ਉਡੀਕ,
ਕਿ ਤੇਰਾ ਪਿਆਰ ਹਉਂਕੇ ਤੋਂ ਹਨੇਰੀ ਨਹੀਂ ਬਣ ਜਾਂਦਾ,
ਨਾਜ਼ਕ ਧੜਕ ਤੋਂ ਭੁਚਾਲ,
ਅਤੇ ਬੂੰਦ ਤੋਂ ਸਾਗਰ ਨਹੀਂ ਹੋ ਨਿਬੜਦਾ।
ਇਕ ਬੂੰਦ ਬੁੱਲ੍ਹ ਤਾਂ ਸ਼ਾਂਤ ਕਰ ਸਕਦੀ ਹੈ,
ਪਰ ਹਿਰਦੇ ਦੀ ਪ੍ਰਜਵੱਲਤ ਜੁਆਲਾ ਨਹੀਂ।
ਪਿਆਰ ਦਾ ਇਹ ਨੇਮ ਹੈ, ਸਿਮਰਨ ਵਿਚ ਮਗਨ ਰਹੋ
ਏਥੋਂ ਤਕ ਕਿ ਤੁਹਾਡੀਆਂ ਕਾਮਨਾਵਾਂ ਕਬਰ ਨਹੀਂ ਹੋ ਜਾਂਦੀਆਂ।
ਜੇ ਪ੍ਰੇਮ ਤੇ ਅਨੰਦ ਨੂੰ ਇਕ ਗਲਵਕੜੀ ਵਿਚ ਦੇਖਣਾ ਚਾਹੁੰਦੇ ਹੋ,
ਓਨਾ ਚਿਰ ਇੰਤਜਾਰ ਕਰੋ,
ਜਿੰਨਾ ਚਿਰ ਸਹਿਜ ਤੁਹਾਡੀ ਰੂਹ ਨੂੰ ਕਾਇਆ ਤੋਂ ਵੱਖ ਨਹੀਂ ਕਰ ਦਿੰਦਾ।
(ਗੁਰੂਦੇਵ)
ਪਾਲ ਮੇਰੇ ਬੋਲ ਇਉਂ ਸੁਣ ਰਹੀ ਸੀ, ਜਿਵੇਂ ਕਿਸੇ ਮਹਾਤਮਾ ਦਾ ਉਪਦੇਸ਼। ਉਹ ਬਿਲਕੁਲ ਸ਼ਾਂਤ ਤੇ ਪਰੀ ਰੂਪ ਦਿਸਦੀ ਸੀ। ਉਸ ਦੀਆਂ ਅੱਖਾਂ ਨੀਵੀਆਂ ਸਨ, ਮੈਂ ਖ਼ਿਆਲ
ਕੀਤਾ ਸ਼ਾਇਦ ਇਸ ਨੂੰ ਆਪਣੇ ਤੇ ਅਫਸੋਸ ਆ ਰਿਹਾ ਹੈ। ਮੈਂ ਉਸ ਦਾ ਧਿਆਨ ਚੰਬੇ ਦੀਆਂ ਕਲੀਆਂ ਵਲ ਦੁਆਇਆ। ਕਲੀਆਂ ਦਾ ਇਕ ਬੁੱਕ ਤੋੜ ਕੇ ਉਸ ਦੇ ਸਿਰ ਤੇ ਬਖੇਰ ਦਿੱਤਾ। ਉਹ ਹੱਸ ਪਈ, ਜਿੰਨੀਆ ਕਲੀਆਂ ਡਿਗਦੀਆਂ ਉਹ ਬੋਚ ਸਕਦੀ ਸੀ, ਓਨੀਆਂ ਉਸ ਬੋਚੀਆਂ ਅਤੇ ਸੌਦਾਈਆਂ ਵਾਂਗ ਚੁੰਮਦੀ ਜੇਬ ਵਿਚ ਪਾਂਦੀ ਗਈ।
ਸਾਰੇ ਬਾਗ਼ ਦੀ ਤਲਾਸ਼ੀ ਲੈ ਕੇ ਅਸੀਂ ਬਾਹਰ ਆਏ ਅਤੇ ਮੁੜ ਉਸ ਪਹੇ ਤੇ ਪਹਾੜ ਵਲ ਨੂੰ ਟੁਰ ਪਏ।
'ਮੇਰਾ ਖਿਆਲ ਹੈ, ਹੁਣ ਅੱਗੇ ਕੋਈ ਡਰ ਨਹੀਂ ਸੀ। ਮੈਂ ਇਕੱਲ੍ਹੀ ਚਲੀ ਜਾਵਾਂਗੀ। ਖੇਚਲ ਦੀ ਮੁਆਫ਼ੀ ਮੰਗਦੀ ਹਾਂ ?' ਉਸ ਦੇ ਹੱਥ ਜੁੜੇ ਹੋਏ ਸਨ।
'ਮੈਂ ਕੁਝ ਨਹੀਂ ਕਹਿ ਸਕਦਾ। ਹੱਛਾ। ਚਲੋ ਤੁਸੀਂ, ਹਨੇਰਾ ਮੂੰਹ ਅੱਡੀ ਵਧ ਰਿਹਾ ਹੈ।
ਉਹ ਚਲੀ ਗਈ, ਮੈਂ ਵੀ ਵਾਪਸ ਮੁੜਿਆ, ਪਰ ਫਿਰ ਪਿਛੇ ਭੌਂ ਕੇ ਤੱਕਿਆ, ਜਿਵੇਂ ਉਹ ਮੇਰੇ ਅੰਦਰੋਂ ਕੁਝ ਕੱਢ ਕੇ ਲੈ ਗਈ ਸੀ। ਮੇਰਾ ਦਿਲ ਭਾਰਾ ਸੀ, ਪਰ ਅੰਦਰਲਾ ਕਹਿ ਰਿਹਾ ਸੀ, ਵਿਚੋਂ ਕੁਝ ਨਿਕਲ ਜਰੂਰ ਗਿਆ ਹੈ। ਮੈਂ ਉਸ ਦੀਆਂ ਧਰਤੀ ਦੀ ਹਿੱਕ ਤੇ ਕੀਤੀਆਂ ਪੈੜਾਂ ਵੇਖ ਰਿਹਾ ਸਾਂ। ਇਕ ਪੈੜ ਨੇ ਮੇਰੇ ਮਨ ਨੂੰ ਆਪਣੀ ਵਲ ਖਿਚਿਆ ਤੇ ਮੇਰੇ ਹੱਥ ਨੇ ਮਿੱਟੀ ਦੀ ਮੁੱਠੀ ਭਰ ਲਈ। ਉਹ ਪਵਿਤਰ ਚਰਨ ਛੋਹ, ਜਿਸ ਨੇ ਮਿੱਟੀ ਵਿਚ ਜ਼ਿੰਦਗੀ ਧੜਕਾ ਦਿੱਤੀ ਸੀ।
7
ਐਤਵਾਰ ਦਾ ਦਿਨ ਸੀ। ਇਹ ਦਿਨ ਕੁਦਰਤੀ ਦੂਜਿਆਂ ਦਿਨਾਂ ਨਾਲ ਵਧੇਰੇ ਰੰਗ ਭਰਿਆ ਹੁੰਦਾ ਹੈ। ਕਾਰੋਬਾਰ ਦੀ ਤਕੜੀ ਖਪ-ਖਪ ਬੰਦ ਹੋ ਜਾਂਦੀ ਹੈ ਅਤੇ ਮਨੁੱਖ ਜ਼ਿੰਦਗੀ ਨੂੰ ਨੇੜਿਓਂ ਹੋ ਕੇ ਵੇਖਦਾ ਹੈ। ਮੈਂ ਠੀਕ ਫੈਸਲਾ ਨਹੀਂ ਸਾਂ ਕਰ ਸਕਦਾ ਕਿ ਉਸ ਦਿਨ ਸਤਿਨਾਮ ਮੈਨੂੰ ਮਿਲਣ ਆਇਆ ਸੀ। ਜਾਂ ਤਾਰੋ ਦਾ ਪਿਆਰ ਉਸ ਨੂੰ ਦਸਾਂ ਮੀਲਾਂ ਤੋਂ ਘਸੀਟ ਲਿਆਇਆ ਸੀ। ਪਰ ਸਤਿਨਾਮ ਕੇਵਲ ਮੈਨੂੰ ਮਿਲਣ ਦੀ ਖ਼ਾਤਰ ਆਉਣ ਦੀ ਦਲੀਲ ਬਹੁਤ ਸਾਰੇ ਬਕੜਵਾਦ ਵਿਚ ਦੁਹਰਾ ਰਿਹਾ ਸੀ, ਪਰ ਮੇਰੀਆਂ ਅੱਖਾਂ ਜਾਣ ਰਹੀਆਂ ਸਨ ਕਿ ਅਸਲੀਅਤ ਨੂੰ ਲਕੋਣ ਦੇ ਨਾਲ ਨਾਲ ਯਤਨ ਵੀ ਕਰ ਰਿਹਾ ਹੈ।
ਦੋਸਤ ਦੋਸਤ ਹੀ ਹੁੰਦਾ ਹੈ ਅਤੇ ਮੈਂ ਸਤਿਨਾਮ ਨੂੰ ਪਿਆਰ ਕਰਦਾ ਸਾਂ, ਬਿਲਕੁਲ ਖੁਲ੍ਹੇ ਦਿਲ ਨਾਲ। ਪਰ ਮੈਨੂੰ ਹੁਣ ਉਸ ਦੀਆਂ ਚਾਲਾਂ ਤੇ ਥੋੜ੍ਹਾ ਸ਼ੱਕ ਜਿਹਾ ਹੋ ਰਿਹਾ ਸੀ। ਮੈਂ ਇਸ ਨੂੰ ਬਹੁਤ ਮਹਿਸੂਸ ਕੀਤਾ, ਕਿਉਂਕਿ ਦੋਸਤੀ ਵਿਚ ਥੋੜ੍ਹਾ ਸ਼ੱਕ ਵੀ ਇਕ ਤਕੜੀ ਮੰਜ਼ਲ ਦਾ ਖੱਪਾ ਬਣ ਜਾਂਦਾ ਹੈ। ਪਰ ਸਤਿਨਾਮ ਹਰੇਕ ਨਿੱਕੀ ਜਿਹੀ ਗੱਲ ਵਿਚ ਆਪਣੀ ਸਚਾਈ ਜ਼ਾਹਰ ਕਰ ਜਾਂਦਾ ।
ਠੀਕ ਉਸ ਦਿਨ ਐਤਵਾਰ ਹੀ ਸੀ। ਮੈਂ ਤੇ ਸਤਿਨਾਮ ਬਾਹਰ ਬਗੀਚੇ ਵਿਚ ਟਹਿਲਣ ਲਈ ਜਾ ਰਹੇ ਸਾਂ।
'ਬਲਬੀਰ! ਜੇ ਤੂੰ ਬੁਰਾ ਨਾ ਜਾਣੇ ਤਾਂ ਮੈਂ ਇਕ ਗੱਲ ਆਖਾਂ!
'ਜੇ ਗੱਲ ਹੀ ਅਜਿਹੀ ਹੋਵੇਗੀ, ਉਸ ਹਾਲਤ ਵਿਚ ਮੇਰਾ ਬੁਰਾ ਮਨਾਣਾ ਕੁਦਰਤੀ ਹੈ।
'ਭਾਵੇਂ ਤੈਨੂੰ ਸੁਣ ਕੇ ਤਕਲੀਫ ਹੀ ਹੋਵੇ, ਮੈਂ ਦੱਸਾਂਗਾ ਜਰੂਰ।'
'ਫਿਰ ਪਹਿਲੇ ਵਾਕ ਦੀ ਹਮਦਰਦੀ ਖ਼ਤਮ ਹੋ ਜਾਵੇਗੀ।
'ਖੈਰ ਕੁਝ ਨਹੀਂ, ਮੈਂ ਤੁਹਾਨੂੰ ਚਿਤਾਵਨੀ ਕਰਵਾਂਦਾ ਹਾਂ ਕਿ ਤੁਸੀਂ ਪਾਲ ਨਾਲੋਂ ਆਪਣੇ ਸਬੰਧ ਛੱਡ ਦੇਵੋ।'
ਉਸ ਦੀ ਗੱਲ ਸੁਣ ਕੇ ਮੈਂ ਹੱਸ ਪਿਆ ਅਤੇ ਦਿਲ ਵਿਚ ਖ਼ਿਆਲ ਕੀਤਾ ਕਿ ਸਤਿਨਾਮ ਨੂੰ ਜਰੂਰ ਕੋਈ ਭੁਲੇਖਾ ਲੱਗਾ ਹੈ।
ਉਸ ਮੁੜ ਕਿਹਾ, ਐਸ. ਡੀ. ਓ. ਨਾਲ ਉਸ ਦੇ ਮੇਲ ਮਿਲਾਪ ਨੇ ਇਸ ਨੂੰ ਬਦਨਾਮ ਕਰ ਦਿੱਤਾ ਹੈ। ਮੈਨੂੰ ਤਲਵੰਡੀ ਦੀਆਂ ਕੁੜੀਆਂ ਦਸਦੀਆਂ ਹਨ ਕਿ ਉਹ ਤੇ ਸ਼ਰਾਬ ਵੀ ਬਹੁਤ ਪੀਂਦੀ ਹੈ। ਐਸ. ਡੀ. ਓ. ਜਦੋਂ ਚਾਹੇ ਆਪਣੀ ਕਾਰ ਭੇਜ ਕੇ ਤਹਿਸੀਲੋ ਮੰਗਵਾ ਲੈਂਦਾ ਹੈ ਅਤੇ ਕਈ ਵਾਰ ਅੱਧੀ ਰਾਤ ਨੂੰ ਕਾਰ ਉਸ ਨੂੰ ਘਰ ਛੱਡ ਜਾਂਦੀ ਹੈ। ਮੈਂ ਬਿਲਕੁਲ ਸੱਚ ਕਹਿ ਰਿਹਾ ਹਾਂ। ਉਸ ਦੀ ਬਦਨਾਮੀ ਤੇਰਾ ਵੀ ਮੂੰਹ ਕਾਲਾ ਕਰ ਦੇਵੇਗੀ। ਤੇਰੇ ਤੇ ਪਾਲ ਦੇ ਸਬੰਧ ਨੂੰ ਪਿੰਡ ਦੇ ਲੋਕ ਅੱਗੇ ਹੀ ਭੈੜਾ ਜਾਣਦੇ ਹਨ। ਬਦਨਾਮ ਹੋਣਾ ਚੰਗਾ ਨਹੀਂ।
ਮੈਂ ਅੱਖਾਂ ਚੌੜੀਆਂ ਕਰ ਕੇ ਸਤਿਨਾਮ ਦੇ ਵਾਕ ਸੁਣਦਾ ਰਿਹਾ। 'ਮੇਰਾ ਵੀ ਮੂੰਹ ਕਾਲਾ ਕਰ ਦੇਵੇਗੀ । ਮੈਂ ਇਹ ਸ਼ਬਦ ਮੁੜ ਕਹੇ। ਜਿੰਨਾ ਮੈਂ ਇਨ੍ਹਾਂ ਗੱਲਾਂ ਦੀ ਸਚਾਈ ਨੂੰ ਸਮਝਣ ਵਿਚ ਔਖਾ ਹੋ ਰਿਹਾ ਸਾਂ, ਓਨਾ ਹੋਰ ਕਿਸੇ ਗੱਲੋਂ ਨਹੀਂ ਸਾਂ ਹੋਇਆ। ਇਸਤਰੀ ਮੁੱਢ ਤੋਂ ਹੀ ਬਦਨਾਮ ਹੈ। ਸੋਚਦਾ ਸਾਂ ਕਿ ਉਸ ਦਾ ਸਬੰਧ ਕੁਦਰਤੀ ਵੱਡੇ ਆਦਮੀ ਅਤੇ ਅਫ਼ਸਰਾਂ ਨਾਲ ਪੈਂਦਾ ਹੈ। ਇਨ੍ਹਾਂ ਆਦਮੀਆਂ ਦੇ ਆਚਰਨ ਚੰਗੇ ਨਹੀਂ ਹੁੰਦੇ ਅਤੇ ਹੋ ਸਕਦਾ ਹੈ ਕਿ ਇਹ ਗੱਲ ਠੀਕ ਹੀ ਹੋਵੇ। ਫਿਰ ਖਿਆਲ ਕਰਦਾ ਸਾਂ ਕਿਤੇ ਸਤਿਨਾਮ ਝੂਠ ਹੀ ਨਾ ਬੋਲਦਾ ਹੋਵੇ ? ਨਹੀਂ ਸਤਿਨਾਮ ਝੂਠ ਨਹੀਂ ਕਹਿੰਦਾ, ਪਰ ਪਾਲ ਵੀ ਐਨੀ ਭੈੜੀ ਨਹੀਂ ਹੋ ਸਕਦੀ ? ਕੀ ਕਿਹਾ ਜਾ ਸਕਦਾ ਹੈ। ਫਿਰ ਵੀ ਤੀਵੀਂ ਦੀ ਹੀ ਜ਼ਾਤ ਹੈ। ਹੁਸਨ ਜਵਾਨੀ ਦੀ ਇਸ ਬਹਾਰ ਵਿਚ ਮਹਿਕ ਉਠਣਾ ਕੋਈ ਵੱਡੀ ਗੱਲ ਨਹੀਂ।
ਮੈਂ ਅੰਦਰੋਂ ਅੰਦਰ ਵਢੀਦਾ ਜਾ ਰਿਹਾ ਸਾਂ, ਪਰ ਬਾਹਰੋਂ ਸਿਰ ਹਿਲਾਂਦਿਆਂ ਕਿਹਾ:
'ਕੀ ਕਿਹਾ ਜਾ ਸਕਦਾ ਹੈ ਸਤਿਨਾਮ, ਇਹ ਪਿਆਰ ਦੀ ਹੀ ਵਿਗੜੀ ਸ਼ਕਲ ਹੋਵੇ, ਕਿਉਂਕਿ ਪਿਆਰ ਬਹੁਤਾ ਬਦਨਾਮੀ ਤੇ ਹੀ ਨਿਰਭਰ ਹੈ। ਪਾਲ ਐਨੀ ਪਾਗਲ ਨਹੀਂ, ਜਿੰਨੀ ਕਿ ਉਹ ਸਿਆਣੀ ਹੈ। ਮੈਂ ਉਸ ਨੂੰ ਤੇਰੇ ਜਾਂ ਹੋਰ ਕਿਸੇ ਨਾਲੋਂ ਬਹੁਤਾ ਜਾਣਦਾ ਹਾਂ। ਜੇ ਉਹ ਕਿਸੇ ਨੂੰ ਆਪਣਾ ਜੀਵਨ ਸਾਥੀ ਚੁਣ ਰਹੀ ਹੈ, ਤਦ ਮੈਨੂੰ ਖੁਸ਼ੀ ਹੈ।
ਖੁਸ਼ੀ ਆਖਣ ਨੂੰ ਤਾਂ ਮੈਂ ਕਹਿ ਗਿਆ, ਪਰ ਅੰਦਰੋਂ ਮੇਰਾ ਦਿਲ ਕੱਚਾ ਹੁੰਦਾ ਜਾ ਰਿਹਾ ਸੀ।
'ਜੀਵਨ ਸਾਥੀ ਨਾ, ਉਹ ਕੁਝ ਹੋਰ ਲੱਭ ਰਹੀ ਹੈ। ਐਸ. ਡੀ. ਓ. ਕਈ ਬੱਚਿਆਂ ਦਾ ਬਾਪ ਹੈ। ਅੱਧੀ ਉਮਰ ਦਾ ਹੋ ਚੁੱਕਾ ਹੈ। ਅੱਧਾ ਸਿਰ ਚਿੱਟਾ ਹੋਇਆ ਪਿਆ ਹੈ। ਅਸਲ ਗੱਲ ਇਹ ਹੈ ਕਿ ਉਸ ਦੀ ਆਪਣੀ ਘਰ ਵਾਲੀ ਸੋਹਣੀ ਨਹੀਂ, ਏਸੇ ਕਰਕੇ ਉਸ ਨੂੰ ਪਿੰਡ ਛੱਡਿਆ ਹੋਇਆ ਹੈ।
ਸਤਿਨਾਮ ਦੀਆਂ ਗੱਲਾਂ ਨੇ ਮੇਰਾ ਅੰਦਰ ਪੱਛ ਸੁਟਿਆ। ਮੇਰੇ ਵਿਚ ਸਾਹ ਸਤ ਨਾ ਰਿਹਾ ਅਤੇ ਜੋਸ਼ ਜਵਾਬ ਦੇ ਗਈ। ਮੇਰੀਆਂ ਅੱਖੀਆਂ ਅੱਗੋਂ ਪਾਲ ਦੀ ਸ਼ਕਲ ਪਲ-ਪਲ ਕੁਮਲਾਂਦੀ ਤੇ ਮੈਲੀ ਹੁੰਦੀ ਜਾ ਰਹੀ ਸੀ। ਦਿਲ ਨੂੰ ਯਕੀਨ ਨਹੀਂ ਸੀ ਆਉਂਦਾ ਕਿ ਇਕ ਦੇਵੀ ਅਪਵਿੱਤਰ ਹੋ ਸਕਦੀ ਹੈ। ਪਰ ਸਤਿਨਾਮ ਦੀਆਂ ਅੱਖਾਂ ਅਜੇ ਵੀ ਮੈਨੂੰ ਘੂਰ ਰਹੀਆਂ ਸਨ।
'ਸਤਿਨਾਮ! ਮੈਂ ਬਾਹਰ ਨਹੀਂ ਫਿਰ ਸਕਦਾ, ਚਲ ਵਾਪਸ ਮੈਂ ਘਰ ਜਾਣਾ ਚਾਹੁੰਦਾ ਹਾਂ । ਦਿਲ ਬਦਲਦੇ ਚਿਰ ਨਹੀਂ ਲਾਉਂਦੇ।
ਅਸੀਂ ਵਾਪਸ ਮੁੜ ਆਏ। ਮੈਂ ਇਕੱਲਾ ਹੀ ਆਪਣੀ ਝੁੱਗੀ ਵਿਚ ਆਇਆ ਤੇ ਕੁਰਸੀ ਤੇ ਆ ਕੇ ਡਿੱਗ ਪਿਆ। ਸਾਹਮਣੇ ਕੰਧ ਨਾਲ ਸੁੰਦਰੀ ਦੀ ਤਸਵੀਰ ਪਲਮ ਰਹੇ ਕੇਸਾਂ 'ਚੋਂ ਮੁਸਕਰਾ ਰਹੀ ਸੀ। ਮੇਰਾ ਗੁੱਸਾ ਤਸਵੀਰ ਵਲ ਵੇਖ ਸਰਬ ਇਸਤਰੀ ਜਾਤੀ ਨੂੰ ਕੋਸ ਰਿਹਾ ਸੀ:-
'ਐ ਇਸਤਰੀ!'
ਮੈਂ ਤੈਨੂੰ ਆਪਣੀ ਕਵਿਤਾ ਵਿਚ ਅਸਮਾਨੀ ਦੇਵੀ ਆਖਿਆ,
ਪਰ ਤੇਰੀ ਵਿਭਚਾਰ ਕਾਮਨਾ ਨਾ ਗਈ।
ਤੇਰੀ ਸੁੰਦਰਤਾ, ਕੋਮਲਤਾ ਵਿਚ ਪੁੰਗਰਦੀ ਦਰਸਾਈ
ਪਰ ਤੇਰਾ ਸਰੀਰ ਮੋਮ ਤੇ ਦਿਲ ਖਿੰਘਰ, ਖਿੰਘਰ ਹੀ ਰਿਹਾ
ਮੈਂ ਤੈਨੂੰ ਪ੍ਰੇਮ ਮੂਰਤੀ ਦਿਵਯ ਆਤਮਾ, ਪੁਕਾਰਿਆ,
ਪਰ ਉਫ। ਤੂੰ ਦੀਪ ਲਾਟ ਤੋਂ ਵੱਧ ਕੱਖ ਵੀ ਨਹੀਂ ਸੀ।
ਉਹ ਕੇਡਾ ਮੂਰਖ ਹੈ, ਜਿਹੜਾ ਕਹਿੰਦਾ ਹੈ,
ਤਲਵਾਰ ਹਸਦੀ ਹੈ ਤੇ ਔਰਤ ਪਿਆਰ ਕਰਦੀ ਹੈ।
ਹਾਏ। ਬੇਦਰਦਣ ਵਫ਼ਾ ਹੀਣ ਪਾਲ।
ਮੈਂ ਤੈਨੂੰ ਪੂਜਾ ਲਈ ਚੁਣਿਆ ਸੀ,
ਪਰ ਤੂੰ ਨਰਕ ਦੀ ਛਿੱਟ ਸੀ, ਨਰਕੀ ਛਿੱਟ ਹੀ ਰਹੀ।
ਤੂੰ ਆਪਣੇ ਸੱਚੇ ਹਿਰਦੇ ਅੰਦਰ ਨੂੰ,
ਨਫ਼ਸਾਨੀ ਸ਼ਰਾਬ ਵਿਚ ਡੋਬ ਦਿੱਤਾ।
ਆਪਣੇ ਹੀਰੇ ਦਿਲ ਨੂੰ ਝੂਠੇ ਸੀਸ਼ੇ ਨਾਲ ਵਟਾ ਲਿਆ।
ਕਾਸ਼! ਤੂੰ ਆਪਣੇ ਮਰਦ ਸਾਥੀ ਦਾ ਦਿਲ,
ਸਹੀ ਅਰਥਾਂ ਵਿਚ ਨਾ ਜਾਣ ਸਕੀ।
ਪਰ ਨਹੀਂ,
ਤੂੰ ਆਪਣੀ ਕਾਮ ਖ਼ੁਸ਼ੀ ਲਈ ਹਰ ਹੋਣੀ ਨੂੰ
ਜੀ ਆਇਆ ਕਹਿ ਰਹੀ ਏਂ।
ਠੀਕ ਜਾਣ, ਇਕ ਸ਼ਾਇਰ ਆਪਣੀ ਕਬਰ ਸਿਲਾ ਤੇ
ਇਹ ਸਬਦ ਉਕਰਵਾ ਦੇਵੇਗਾ,
ਔਰਤ ਪਿਆਰ ਨਹੀਂ, ਤਲਵਾਰ ਹੈ।
ਮੇਰੀਆਂ ਅੱਖਾਂ ਲਾਲ ਸਨ। ਹਉਂਕੇ ਅਵੱਸ਼ ਆਉਂਦੇ ਸਨ, ਹਿੱਕ ਸਾਗਰ ਦੀ ਲਹਿਰ ਵਾਂਗ ਉਠਦੀ ਤੇ ਮੁੜ ਸਹਿਮ ਜਾਂਦੀ । ਆਪਣਾ ਸਿਰ ਖੱਬੀ ਹਥੇਲੀ ਤੇ ਦੁਖੀਆਂ ਵਾਂਗ ਰੱਖੀ ਬੈਠਾ ਸਾਂ। ਮੈਂ ਹੈਰਾਨ ਸਾਂ ਕਿ ਪਥਰਾਈਆਂ ਅੱਖਾਂ ਵਿਚ ਹੰਝੂ ਕਿਥੋਂ ਆ ਗਏ। ਮੈਂ ਕਿੰਨਾ ਹੀ ਚਿਰ ਇਸ ਹਾਲਤ ਵਿਚ ਡੁਸਕਦਾ ਰਿਹਾ। ਪਾਲ ਤੇ ਰਹਿ ਰਹਿ ਗੁੱਸਾ ਤੇ ਅਫਸੋਸ ਆ ਰਿਹਾ ਸੀ।
ਏਸੇ ਦੁਰਦਸਾ ਵਿਚ ਉਠ ਕੇ ਮੰਜੀ ਤੇ ਪਿਆ। ਲੱਗਾ ਆਪਣੇ ਆਪ ਨੂੰ ਦੁਰਕਾਰਨ। ਤੂੰ ਉਸ ਨੂੰ ਕਿਉਂ ਚਾਹਿਆ? ਇਹ ਸਭ ਨਫਸ ਦਾ ਕਸੂਰ ਹੈ। ਓ ਨਿਰਲੱਜ ਨਫਸੀ ਕੁੱਤੇ ਆਪਣੀਆਂ ਕੁਰੀਤੀਆਂ ਦਾ ਤਿਆਗ ਕਰ, ਨਹੀਂ ਮੇਰੇ ਦਿਲ ਵਿੱਚ ਤੇਰੇ ਲਈ ਕੋਈ ਥਾਂ ਨਹੀਂ। ਫਿਰ ਸੋਚਦਾ ਸਾਂ, ਇਸਤਰੀ ਦਾ ਮਨ ਕਿੰਨੀ ਛੇਤੀ ਬਦਲ ਜਾਂਦਾ ਹੈ। ਭਰਥਰੀ ਨੇ ਕਿਹਾ ਸੀ, ਤੀਵੀਂ ਤਿੰਨ ਚੀਜ਼ਾਂ ਤੇ ਜਾਨ ਦਿੰਦੀ ਹੈ :-
'ਗੋਰਾ ਰੰਗ, ਜਵਾਨ ਲਹੂ ਤੇ ਬਹੁਤਾ ਧਨ।
ਮੈਂ ਬਹੁਤ ਗੋਰਾ ਨਹੀਂ ਸਾਂ ਪਰ ਮੈਨੂੰ ਕੋਈ ਭੈੜਾ ਵੀ ਨਹੀਂ ਕਹਿ ਸਕਦਾ ਸੀ। ਨਕਸ਼ ਸਾਰੇ ਹੀ ਤਿੱਖੇ ਸਨ, ਪਰ ਸਰੀਰ ਪਤਲਾ ਸੀ। ਫਿਰ ਗਰੀਬ ਪੇਂਡੂ ਕਿਸਾਨ ਦਾ ਪੁੱਤਰ ਦੀ ਸਾਂ । ਪਾਲ ਲਈ ਤਾਂ ਤਿੰਨ ਚੀਜਾਂ ਨਾਲ ਚੌਥੀ ਹਕੂਮਤ ਵੀ ਰਲ ਗਈ ਸੀ। ਕੀ ਪਤਾ ਕਿਸੇ ਦਿਨ ਉਹ ਅਮੀਰਜ਼ਾਦੀ ਅਖਵਾਵੇ। ਜੋ ਉਸ ਹੋਣਾ ਹੈ, ਹੋ ਜਾਵੇ ਪਰ ਉਸ ਦਾ ਔਰਤ ਹੋਣਾ ਧੋਤਾ ਨਹੀਂ ਜਾਵੇਗਾ। ਦੁਨੀਆ ਚੰਗੀ ਤਰ੍ਹਾਂ ਜਾਣੇਗੀ ਕਿ ਇਕ ਸ਼ਾਇਰ ਨੇ ਉਸ ਨੂੰ ਆਪਣਾ ਦਿਲ ਦਿੱਤਾ, ਪਰ ਉਸ ਨੇ ਬੜੀ ਬੇਵਫਾਈ ਨਾਲ ਉਸ ਨੂੰ ਖੱਜਲ ਕੀਤਾ। ਸ਼ਾਇਰ ਦੁਨੀਆ ਨੂੰ ਇਹ ਵਾਕ ਦੇ ਕੇ ਮਰ ਗਿਆ :-
'ਜਿਹੜਾ ਔਰਤ ਨੂੰ ਪਿਆਰ ਕਰਦਾ, ਉਹ ਆਪਣੀ ਧੌਣ ਤੇ ਤਲਵਾਰ ਰਖਦਾ ਹੈ।
'ਮੇਰਾ ਦਿਲ ਪਾਲ ਨੂੰ ਬੁਰਾ ਭਲਾ ਕਹਿ ਕੇ ਹੌਲਾ ਵੀ ਨਹੀਂ ਸੀ ਹੋਇਆ ਕਿ ਮੇਰੇ ਪ੍ਰਿਯ ਗੁਰੂਦੇਵ ਦੀ ਰੂਹ ਦੇ ਦਰਸ਼ਨ ਹੋਏ :-
'ਔਰਤ। ਰੱਬ ਦਾ ਪਿਆਰ ਆਰਟ,
ਮਰਦ ਲਈ ਜ਼ਿੰਦਗੀ ਹੀ ਜ਼ਿੰਦਗੀ,
ਪ੍ਰੇਮੀਆਂ ਦਾ ਸਭ ਤੋਂ ਮਿੱਠਾ ਸ਼ਬਦ।
ਅੱਜ ਦੀ ਔਰਤ ਉਹੋ ਕੁਝ ਹੈ,
ਜੋ ਕੁਝ ਮਰਦ ਨੇ ਉਸ ਨੂੰ ਬਣਾ ਦਿੱਤਾ।
ਐ ਮੇਰੇ ਸ਼ਿਸ਼!
ਤੈਨੂੰ ਇਸ ਗੱਲ ਵਿਚ ਪੂਰਨ ਵਿਸ਼ਵਾਸ ਕਰਨਾ ਚਾਹੀਦਾ ਹੈ।
ਹਰ ਵੱਡੇ ਤੋਂ ਨਿੱਕਾ ਭਗਵਾਨ ਕ੍ਰਿਤ ਆਰਟ,
ਪਿਆਰ ਕਰਨ ਯੋਗ ਹੈ, ਜਾਂ ਸਾਰੇ ਕਾਰਜ ਹੀ ਈਸ਼ਰ ਦੇ,
ਪਿਆਰ ਰੋਮਾਂਸ ਹਨ।
ਦਵੈਖ ਭਾਵਨਾ ਵਾਲਾ ਪੁਰਸ਼ ਆਤਮ ਪਿਆਰ ਤੋਂ ਕੋਰਾ ਹੈ।
ਉਸ ਨਦੀ ਦਾ ਪਾਣੀ ਡੂੰਘਾ ਨਹੀਂ,
ਜਿਸ ਵਿਚ ਡਿਗਿਆ ਰੋੜਾ ਉਸ ਨੂੰ ਗੰਧਲਾ ਕਰ ਸੁੱਟਦਾ ਹੈ,
ਔਰਤ ਦੀ ਨਿਸ਼ਕਾਮ ਪੂਜਾ
ਆਦਮੀ ਲਈ ਮੁਕਤੀ ਦੇ ਦਰ ਚੌੜੇ ਕਰਦੀ ਹੈ।
ਇਸ ਦੇ ਉਲਟ ਮਰਦ ਕਾਮਕ ਆਵਾਜ਼ਾਂ ਵਿਚ
ਔਰਤ ਤੋਂ ਅਨੰਦ ਮੰਗਦਾ ਹੈ।
ਨਫ਼ਰਤ ਤੇ ਈਰਖਾ ਆਦਰਸ਼ ਜੇਤੂ ਨਹੀਂ ਹੋ ਸਕਦੀਆਂ।
ਸਾਡੀਆਂ ਸਾਰੀਆਂ ਗੁੰਝਲਾਂ ਤੇ ਹਰਖ ਸੋਗ
ਕੇਵਲ ਸਹਿਜ ਪਿਆਰ ਹੀ ਮਿਟਾ ਸਕਦਾ ਹੈ।'
ਸਾਬਣ ਕਪੜੇ ਦੀ ਮੈਲ ਕਟ ਦੇਂਦਾ ਹੈ ਤੇ ਮੀਂਹ ਰੁੱਖਾਂ ਦੀ ਗਰਦ। ਠੀਕ ਗੁਰੂਦੇਵ ਵਾਕ ਸੰਸਾਰ ਵਾਸ਼ਨਾ ਤੋਂ ਅਤਿ ਉਚੇਰੇ ਮੁਕਤ ਸੰਦੇਸ਼ ਹੀ ਸਨ । ਮੇਰੇ ਸਾਰੇ ਭੁਲੇਖੇ ਤਤਕਾਲ ਨਵਿਰਤ ਹੋ ਗਏ, ਜਦੋਂ ਗੁਰੂਦੇਵ ਦਾ ਭਾਵ ਅਵੇਸ਼ ਅੰਦਰ ਉਤਪੰਨ ਹੋਇਆ। ਪਰ ਫਿਰ ਵੀ ਮੈਂ ਪਾਲ ਨੂੰ ਚਿਤਾਵਨੀ ਵਜੋਂ ਇਕ ਖ਼ਤ ਲਿਖਣਾ ਚੰਗਾ ਜਾਣਿਆ।
ਉਸ ਵਿਚਾਰੀ ਦਾ ਦੋਸ਼ ਵੀ ਕੀ ਸੀ, ਐਨਾ ਵੱਡਾ ਸੰਸਾਰ ਆਪਣੀ ਕਾਮਨਾ ਵਿਚ ਚੂਰ, ਹਰ ਵਕਤ ਮਗਰ ਲੱਗਾ ਹੋਇਆ ਹੈ। ਗੁਮਰਾਹੀ ਦੀਆਂ ਖੇਡਾਂ ਮਨੁੱਖ ਲਈ ਮੂੰਹ ਅੱਡੀ ਖਲੋਤੀਆਂ ਹਨ। ਮੈਨੂੰ ਆਪਣਾ ਫ਼ਰਜ਼ ਪਛਾਨਣਾ ਚਾਹੀਦਾ ਹੈ। ਘੱਟ ਤੋਂ ਘੱਟ ਮੈਨੂੰ ਆਪਣੇ ਸਾਥੀ ਨੂੰ ਚਾਨਣ ਵਲ ਜ਼ਰੂਰ ਖਿਚਣਾ ਚਾਹੀਦਾ ਹੈ।
ਮੈਂ ਵੀ ਅਜੀਬ ਸਾਂ। ਝੱਟ ਕੁ ਹੋਇਆ ਪਾਲ ਨੂੰ ਦੁਨੀਆ ਦੀਆਂ ਕੁਲ ਲਾਹਨਤਾਂ ਵਿਚ ਢੱਕ ਰਿਹਾ ਸਾਂ। ਪਰ ਹੁਣ ਹਮਦਰਦੀ ਵਿਚ ਢਲੀ ਜਾ ਰਿਹਾ ਸਾਂ। ਗਿਆਨ-ਭਗਵਾਨ
ਤੋਂ ਦੂਰ ਗਿਆ ਮਨ ਸੰਸਾਰ ਕਮਜੋਰੀਆਂ ਵਿਚ ਮੁੜ ਪ੍ਰੇਵਸ਼ ਕਰਦਾ ਸੀ। ਸਾਰੀਆਂ ਗੱਲਾਂ ਸੋਚ ਵਿਚਾਰ, ਉਸ ਨੂੰ ਚਿੱਠੀ ਲਿਖਣੀ ਜ਼ਰੂਰੀ ਸਮਝੀ।
'ਪਾਲ ਜੀ,
ਮੈਂ ਅੱਜ ਤੁਹਾਡੇ ਨਾਲ ਜੀਅ ਖੋਲ੍ਹ ਕੇ ਗੱਲਾਂ ਕਰਨੀਆਂ ਚਾਹੁੰਦਾ ਹਾਂ, ਗੱਲਾਂ ਹੀ ਨਹੀਂ, ਤੁਹਾਡੀ ਆਤਮਾ ਨੂੰ ਘੁਟ ਪਿਆਰਨਾ ਵੀ। ਬਗੀਚੇ ਵਿਚੋਂ ਅਜ ਖ਼ਾਸ ਕਰ ਤੁਹਾਡੀ ਯਾਦ ਵਿਚ ਗੁਲਾਬ ਦੇ ਚਾਰ ਸੂਹੇ ਫੁੱਲ ਤੋੜ ਕੇ ਲਿਆਇਆ ਹਾਂ, ਜਿਹੜੇ ਮੇਰੀ ਮੇਜ਼ ਤੇ ਨਿੱਕੀ ਰੁਮਾਲੀ ਵਿਚ ਖੁਲ੍ਹੇ ਤੁਹਾਡੇ ਹੁਸਨ ਵਾਂਗ ਹਸ ਰਹੇ ਸਨ। ਤੁਹਾਡੀ ਰੂਹ ਨੂੰ ਫੁੱਲ ਪੱਤੀਆਂ ਵਿਚ ਮੁਸਕਾਂਦਿਆਂ ਵੇਖ ਮੇਰਾ ਜਿਉੜਾ ਕੁਝ ਭੁਲ ਕੇ ਕੁਝ ਯਾਦ ਕਰ ਰਿਹਾ ਹੈ।
ਰੂਹਾਂ ਮਲਹੀਣ ਮਾਧਵ ਹੁਸਨ ਹੁੰਦੀਆਂ ਹਨ। ਪਰ ਸੱਜਣੀ! ਇਹ ਅਸਹਾਰ ਤੇ ਹਿਰਦੇਵੇਧਕ ਗੱਲਾਂ ਮੈਂ ਕੀ ਸੁਣ ਰਿਹਾ ਹਾਂ। 'ਪਾਲ ਸ਼ਰਾਬ ਬੜੇ ਚਾਅ ਨਾਲ ਪੀਂਦੀ ਹੈ ਅਤੇ ਆਪਣੇ ਨਵੇਂ ਪ੍ਰੇਮੀ ਨਾਲ ਪਿਆਰ ਰੁਚੀਆਂ ਦਿਨ ਬਦਿਨ ਵਧਾ ਰਹੀ ਹੈ। ਇਨ੍ਹਾਂ ਗੱਲਾਂ ਦੇ ਸੱਚ ਸਮਝਣ ਨਾਲ ਮੇਰੀ ਰੂਹ ਦਮ ਘੁਟਿਆਂ ਵਾਂਗ ਤੜਫਦੀ ਹੈ। ਰੱਬਾ ਅਜਿਹਾ ਕਦੇ ਨਾ ਹੋਵੇ।
ਫਿਰ ਖ਼ਿਆਲ ਕਰਦਾ ਹਾਂ ਕਿ ਜੇ ਇਹ ਸੱਚ ਹੈ, ਤਦ ਵੀ ਕੋਈ ਪਰਵਾਹ ਨਹੀਂ। ਕਿਉਂਕਿ ਜਿਸ ਪਾਲ ਨੂੰ ਮੈਂ ਪ੍ਰੀਤ ਕਰਦਾ ਹਾਂ, ਉਹ ਚੇਤੰਨ ਪਾਲ ਹੈ। ਜਿਸ ਤਕ ਗੁਨਾਹ ਪਹੁੰਚਦਾ ਬੁੱਢਾ ਹੋ ਕੇ ਮੌਤ ਬੁਰਕੀ ਹੋ ਜਾਂਦਾ ਹੈ। ਮੈਨੂੰ ਇਸ ਸੱਚ ਝੂਠ ਨਾਲ ਕੋਈ ਵਾਸਤਾ ਨਹੀਂ, ਮੈਂ ਉਸ ਪਾਲ ਨੂੰ ਨਹੀਂ ਪਿਆਰ ਰਿਹਾ, ਜਿਹੜੀ ਸ਼ਰਾਬ ਦੀ ਕਾਇਲ ਹੈ, ਜਾਂ ਆਪਣੇ ਕਿਸੇ ਫ਼ਿਤਰਤੀ ਜਜ਼ਬੇ ਦਾ ਕਾਮ ਵਾਸ਼ਨਾ ਵਿਚ ਅਨੰਦ ਵੇਖ ਰਹੀ ਹੈ। ਮੈਂ ਉਸ ਦੀ ਪਵਿੱਤਰ ਰੂਹ ਦਾ ਪੁਜਾਰੀ ਹਾਂ।
ਮੈਨੂੰ ਅਫ਼ਸੋਸ ਹੈ ਕਿ ਮੈਂ ਇਹ ਕੁਝ ਲਕੋ ਨਹੀਂ ਸਕਿਆ। ਪਰ ਇਕ ਸਖੀ ਦੇ ਐਬ ਕੰਡ ਪਿਛੇ ਉਸ ਨੂੰ ਖੁਆਰ ਕਰਨ ਦੀ ਬਜਾਏ ਉਸ ਦੇ ਮੂੰਹ ਤੇ ਕਹਿਣੇ ਚੰਗੇ ਹਨ। ਉਹ ਦੋਸਤ ਦੁਸ਼ਮਣ ਹੈ, ਜਿਹੜਾ ਆਪਣੇ ਮਿੱਤਰ ਨੂੰ ਉਸ ਦੀ ਗਲਤੀ ਤੋਂ ਜਾਣੂ ਨਹੀਂ ਕਰਵਾਂਦਾ। ਤੈਨੂੰ ਇਹ ਕੁਝ ਜਾਣ ਕੇ ਬੜਾ ਦੁਖ ਹੋਵੇਗਾ। ਇਹ ਦੁਖ ਬੀਮਾਰ ਦੇ ਗੰਦੇ ਅੰਗ ਨੂੰ ਛਿੱਲਣ ਜਿੰਨਾ ਹੀ ਹੋਵੇਗਾ। ਪ੍ਰਿਆ! ਤੂੰ ਠੀਕ ਜਾਣ, ਇਹ ਦੁਖ ਦੋ ਦਿਲਾਂ ਦੀ ਪਿਆਰੀ ਸਾਂਝ ਦਾ ਜਾਮਨ ਹੈ।
ਮੈਂ ਲਿਖਣੋਂ ਨਹੀਂ ਰੁਕ ਸਕਦਾ ਕਿ ਅੱਜ ਇਸ ਖ਼ਿਆਲ ਨਾਲ ਕਿੰਨਾ ਕੁ ਰੋਇਆ ਹਾਂ। ਰੋਣ ਬੜਾ ਪਿਆਰਾ ਲੱਗਦਾ ਸੀ, ਕਿਉਂਕਿ ਉਸ ਵਿਚ ਤੇਰੀ ਯਾਦ ਪ੍ਰਧਾਨ ਸੀ। ਤੇਰੀ ਬਾਬਤ ਸਾਰੀ ਉਮਰ ਹੀ ਰੋਈ ਜਾਣਾ ਮੇਰੇ ਲਈ ਮਿੱਠਾ ਸੁਭਾਗ ਹੈ।
ਕੋਈ ਪਿਆਰੀ ਜ਼ਿੰਦਗੀ ਬਰਬਾਦ ਹੋ ਰਹੀ ਹੈ, ਪਰ ਮੈਂ ਜ਼ਿੰਦਗੀ ਬਾਰੇ ਕੁਝ ਨਹੀਂ ਜਾਣਦਾ, ਕਿਉਂਕਿ ਹਾਲੇ ਮੇਰੀ ਆਪਣੀ ਕੋਈ ਜ਼ਿੰਦਗੀ ਨਹੀਂ। ਸ਼ਾਇਦ ਕਿਸੇ ਦੇ ਗੁਨਾਹਾਂ ਤੇ ਵਿਰਲਾਪ ਕਰਨਾ ਹੀ ਮੇਰਾ ਜੀਵਨ ਮਨੋਰਥ ਹੋ ਗਿਆ ਹੈ, ਜਾਂ ਕਿਸੇ ਦੇ ਦੁੱਖਾਂ ਨੂੰ ਕਵਿਤਾ ਵਿਚ ਗਾਉਣਾ।
ਤੂੰ ਗੁਨਾਹ ਕਰ ਰਹੀ ਏਂ ਜਾਂ ਨੇਕੀ। ਮੈਨੂੰ ਇਸ ਉਤੇ ਰਤਾ ਭਰ ਅਫਸੋਸ ਨਹੀਂ, ਕਿਉਂਕਿ ਆਪਣੇ ਪਿਆਰੇ ਦੀਆਂ ਖ਼ਾਹਸ਼ਾ ਨੂੰ ਸਿੱਧੀ ਤਰ੍ਹਾਂ ਕੁਚਲਣਾ ਨਹੀਂ ਚਾਹੀਦਾ, ਸਗੋਂ ਉਸਦੇ ਦਿਲ ਬੁਰੇ ਭਲੇ ਦਾ ਅਹਿਸਾਸ ਫੂਕਣਾ ਚਾਹੀਦਾ ਹੈ। ਪਿਆਰੇ ਦੀਆਂ ਖ਼ਾਹਸ਼ਾਂ ਨੂੰ ਫਨਾਹ ਕਰਨਾ ਆਪਣੇ ਪਿਆਰ ਨੂੰ ਅੰਤਮ ਸਲਾਮ ਦੇਣਾ ਹੁੰਦਾ ਹੈ। ਇਕ ਮੋਤੀ ਗੰਦੇ ਨਾਲੇ ਵਿਚ ਡਿੱਗ ਪਿਆ। ਦੁਨੀਆ ਮੋਤੀ ਨੂੰ ਵੀ ਗੰਦ ਸਮਝਣ ਲਗ ਪਈ। ਕੀ ਇਸ ਪ੍ਰਕਾਰ ਮੋਤੀ ਦੀ ਕੀਮਤ ਘਟ ਗਈ ? ਪਰ ਪਾਗਲ ਦੁਨੀਆ ਦੇ ਫਿਰੇ ਦਿਮਾਗ ਨੂੰ ਕੌਣ ਉਚੇੜ ਕੇ ਸਮਝਾਂਦਾ। ਮੋਤੀ ਨੂੰ ਮਲ ਨਹੀਂ ਛੋਂਹਦੀ, ਭਾਵੇਂ ਮੋਤੀ ਆਪਣੇ ਆਪ ਨੂੰ ਵੀ ਗੰਦ ਕਿਉਂ ਨਾ ਜਾਨਣ ਲਗ ਪਵੇ। ਮੇਰਾ ਮਨ ਕੇਵਲ ਇਨ੍ਹਾਂ ਖ਼ਿਆਲਾਂ ਦੀ ਖਿੱਚੋਤਾਣ ਨੂੰ ਹੂਕਾਂ ਵਿਚ ਵਿਆਕੁਲ ਹੈ।
ਚਾਨਣ ਵਿਚ ਹਨੇਰੇ ਦੀ ਸੰਭਾਵਨਾ ਨਹੀਂ। ਰੂਹ ਨੇੜੇ ਕੋਈ ਪਾਪ ਕਿਵੇਂ ਆ ਸਕਦਾ। ਹੈ। ਮੇਰੀ ਮਾਧਕਤਾ! ਐਬਾਂ ਤੋਂ ਕੋਈ ਹਿਰਦਾ ਖਾਲੀ ਨਹੀਂ। ਜੋ ਕੁਝ ਤੂੰ ਕਰਦੀ ਏਂ, ਮੇਰੇ ਲਈ ਉਹ ਬੁਰਾ ਨਹੀਂ। ਕਾਸ਼। ਕਦੇ ਤੂੰ ਮੇਰੇ ਨੈਣਾਂ ਵਿਚ ਆਪਣਾ ਸਹੀ ਸਤਿਕਾਰ ਪੜ੍ਹ ਸਕਦੀ, ਜਦੋਂ ਕਿ ਮੈਂ ਇਕੱਲ੍ਹ ਵਿਚ ਤੇਰੀ ਯਾਦ ਸਦਕਾ ਨੈਣ ਭਰੀ ਬੈਠਾ ਹੁੰਦਾ ਹਾਂ।
ਮੈਂ ਚੁੱਪ ਸੋਚ ਰਿਹਾ ਹਾਂ। ਕਿਤਾਬਾਂ ਬੁਲ੍ਹ ਘੁੱਟੀਆਂ ਹੈਰਾਨ ਪਈਆਂ ਹਨ। ਤੇਰੀ ਯਾਦ ਵਿਚ ਟੁੱਟੇ ਚਾਰੇ ਫੁੱਲ ਪਾਗਲਪਣ ਵਿਚ ਕੁਮਲਾ ਰਹੇ ਹਨ। ਬੜੇ ਭੋਲੇ ਤੇ ਪਿਆਰੇ ਹਨ। ਇਹਨਾਂ ਹੁਸੀਨਾਂ ਨੂੰ ਕੀ ਪਤਾ ਹੈ ਕਿ ਮੈਂ ਕੀ ਭੈੜਾ ਲਿਖੀ ਜਾ ਰਿਹਾ ਹਾਂ। ਸੁਹਣਿਆਂ ਨੂੰ ਗੁਨਾਹਾਂ ਵਲ ਝਾਤੀ ਪਾਉਣ ਦੀ ਵਿਹਲ ਨਹੀਂ ਮਿਲਦੀ। ਪਰ ਪਾਲ ! ਤੂੰ ਸੱਚ ਜਾਣ ਤੇਰਾ ਇਕ ਹੁਸਨ ਹੀ ਦੁਨੀਆ ਦੀ ਕਾਣੀ ਅੱਖ ਦਾ ਲਾਲਚ ਹੈ।
ਮੈਨੂੰ ਤੇਰੇ ਕਰਮ ਵੀ ਪਿਆਰੇ ਹਨ, ਕਿਉਂਕਿ ਉਹ ਤੇਰੇ ਹਨ। ਪ੍ਰੇਮੀ ਦੀ ਹਰ ਵਸਤੂ ਹੀ ਮੁਹੱਬਤ ਯੋਗ ਹੁੰਦੀ ਹੈ। ਮੈਂ ਤੈਥੋਂ ਕਦੇ ਪਿਆਰ ਨਹੀਂ ਮੰਗਿਆ। ਮੈਂ ਮੰਗਣਾ ਵੀ ਨਹੀਂ ਚਾਹੁੰਦਾ। ਪਿਆਰ ਵਰਗੀ ਅਮੋਲਕ ਚੀਜ਼ ਮੰਗਿਆ ਨਹੀਂ ਮਿਲਦੀ। ਜੇ ਤੂੰ ਮੈਨੂੰ ਨਫ਼ਰਤ ਵੀ ਕਰੇਂ, ਮੈਂ ਮੁਸਕਰਾਏ ਬਿਨਾਂ ਨਹੀਂ ਰਹਿ ਸਕਦਾ, ਕਿਉਂਕਿ ਤੇਰੀ ਜਿਸ ਆਤਮਾ ਨੂੰ ਮੈਂ ਮੁਹੱਬਤ ਕਰਦਾ ਹਾਂ, ਉਹ ਮੈਥੋਂ ਇਕ ਛਿਨ ਪਰ੍ਹੇ ਨਹੀਂ ਹੁੰਦੀ । ਜਿਹੜਾ ਰੁਹਾਨੀ ਸੁਆਦ ਮੈਂ ਤੇਰੀ ਪ੍ਰੀਤ ਯਾਦ ਵਿਚ ਮਾਣ ਰਿਹਾ ਹਾਂ। ਮੈਂ ਚਾਹੁੰਦਾ ਹਾਂ, ਉਸ ਦਾ ਤੈਨੂੰ ਚੰਗੀ ਤਰ੍ਹਾਂ ਗਿਆਨ ਹੋਵੇ। ਇਹ ਤਦ ਹੀ ਹੋ ਸਕਦਾ ਹੈ, ਜੇ ਤੂੰ ਆਪਣੇ ਮਨੋ-ਲੱਜਤ ਖ਼ਿਆਲਾਂ ਤੇ ਅਮਲਾਂ ਦਾ ਬਲੀਦਾਨ ਦੇਵੇਂ।
ਕਾਸ਼। ਤੈਨੂੰ ਆਪਣੇ ਸੋਨੇ ਦਾ ਗਿਆਨ ਹੁੰਦਾ, ਫਿਰ ਤੂੰ ਕਦੇ ਭੀ ਮੁਲੱਮੇ ਦੇ ਬਰਾਬਰ ਆਪਾ ਨਾ ਤੋਲਦੀ। ਪਰ ਉਹ, ਮੇਰੇ ਮੂਰਖ ਮਨ, ਫੁੱਲ ਨੂੰ ਆਪਣੇ ਰੂਪ ਦਾ ਮਾਣ ਹੈ, ਪਰ ਮਹਿਕ ਦੀ ਕਦਰ ਨਹੀਂ। ਮੈਂ ਤੈਨੂੰ ਮੰਨਣ ਲਈ ਆਖ਼ੀਰ ਤਰਲਾ ਭੇਜ ਰਿਹਾ ਹਾਂ।
ਦੁਨੀਆ ਪਵਿਤ੍ਰ ਰੂਹਾਂ ਨੂੰ ਵੀ ਕਲੰਕਤ ਕਰਨੋਂ ਨਹੀਂ ਹਟਦੀ। ਪਰ ਉਸ ਵੇਲੇ ਸਾਨੂੰ ਆਪਣੀ ਸਚਾਈ ਤੇ ਅਟੱਲ ਭਰੋਸਾ ਹੋਵੇਗਾ, ਜਦੋਂ ਅਸੀਂ ਹਰ ਕਰਮ ਨੂੰ ਸਤਿ ਦੀ ਬੁਨਿਆਦ ਤੋਂ ਸ਼ੁਰੂ ਕਰਾਂਗੇ। ਮੇਰਾ ਮਨ ਜ਼ਖ਼ਮੀ ਹੋ ਕੇ ਪੁਕਾਰਨੋਂ ਤਦ ਹੀ ਰਹਿ ਸਕਦਾ ਹੈ, ਜੇ ਤੇਰਾ ਸਤਿ ਵਿਸ਼ਵਾਸ ਤੇਰੀ ਹਰ ਮਜਬੂਰੀ ਹਾਲਤ ਵਿਚ ਵੀ ਬਿਨਾਂ ਝਿਜਕ ਅਡੋਲ ਹੋਵੇ। ਨਹੀਂ ਤਾਂ ਤੈਨੂੰ ਅੱਜ ਜਾਣ ਲੈਣਾ ਚਾਹੀਦਾ ਹੈ ਕਿ ਇਹ ਸ਼ਾਇਰ ਰੂਹ ਦੀ ਜ਼ਿੰਦਾ ਮੌਤ ਹੋ ਗਈ। ਕੇਵਲ
ਇਸ ਕਰਕੇ ਕਿ ਉਹ ਇਕ ਡੋਲ ਰਹੀ ਹਸਤੀ ਨੂੰ ਆਤਮ ਰਿਸ਼ਤੇ ਤੋਂ ਜਾਣੂ ਨਾ ਕਰਵਾ ਸਕਿਆ। ਇਕ ਕਿਨਾਰੇ ਡੁੱਬਦੀ ਜਿੰਦ ਨੂੰ ਬਾਹੋਂ ਫੜ ਕੇ ਨਾ ਬਚਾ ਸਕਿਆ।
ਪਾਲ! ਕੀ ਤੈਥੋਂ ਬਲਬੀਰ ਐਨੀ ਆਸ ਵੀ ਨਹੀਂ ਕਰ ਸਕਦਾ?
ਤੇਰੀ ਹਮਦਰਦੀ ਵਿਚ ਗਿੱਲੀਆਂ ਅੱਖਾਂ ਵਲੋਂ ਇਹ ਟੁੱਟੀਆਂ ਫੁੱਟੀਆਂ ਸਤਰਾਂ ਹਨ। ਮੈਂ ਆਸ ਕਰਦਾ ਹਾਂ ਕਿ ਤੂੰ ਜ਼ਰੂਰ ਆਪਣਾ ਸਮਾਂ ਹਰਜ ਕਰ ਕੇ ਇਨ੍ਹਾਂ ਨੂੰ ਪੜ੍ਹੇਗੀ ਤੇ ਅਮਲ ਯੋਗ ਬਣਾਵੇਂਗੀ। ਕੇਵਲ ਇਕ ਵਿਲਕਦੀ ਰੂਹ ਲਈ, ਜਿਸ ਨੂੰ ਤੇਰੇ ਗਮ ਦਾ ਤੇਰੇ ਨਾਲੋਂ ਵੀ ਬਹੁਤ ਫਿਕਰ ਹੈ। ਤੈਨੂੰ ਜੀਵਨ ਪੰਧ ਵਿਚ ਡਿਗਦੀ ਵੇਖ ਕੇ,
ਬਲਬੀਰ।
ਮੈਂ ਖ਼ਤ ਡਾਕ ਵਿਚ ਪਾ ਆਇਆ। ਜਦੋਂ ਰੋਟੀ ਖਾਣ ਬੈਠਾ, ਬੇਬੇ ਜੀ ਨੇ ਕੁਝ ਹੋਰ ਹੀ ਸੁਣਾਇਆ। ਉਹਨਾਂ ਦਾ ਚਿਹਰਾ ਚਿੰਤਾਤੁਰ ਦਿਸ ਰਿਹਾ ਸੀ ਤੇ ਕਹਿਣ ਲੱਗੇ, 'ਪਿੰਡ ਦੇ ਵੈਲੀਆਂ ਵਿਚ ਤੇਰੇ ਬਾਰੇ ਕਈ ਤਰ੍ਹਾਂ ਦੇ ਸ਼ੱਕੀ ਖਿਆਲ ਹਨ। ਮੈਂ ਚਾਹੁੰਦੀ ਹਾਂ, ਤੂੰ ਕਿਤੇ ਬਾਹਰ ਨੌਕਰੀ ਤੇ ਚਲਿਆ ਜਾਵੇਂ। ਇਹਨਾਂ ਮੂਰਖਾਂ ਵਿਚ ਫਸ ਕੇ ਕਿਤੇ ਫੇਰ ਅੜੇਂਗਾ। ਮੈਨੂੰ ਇਸ ਫ਼ਿਕਰ ਵਿਚ ਰਾਤ ਨੂੰ ਨੀਂਦ ਨਹੀਂ ਪੈਂਦੀ। ਮੈਂ ਤਾਂ ਤੈਨੂੰ ਵੇਖ-ਵੇਖ ਜੀਅ ਰਹੀ ਹਾਂ । ਮੇਰੇ ਤੋਂ ਤੇਰਾ ਕੋਈ ਦੁਖ ਨਹੀਂ ਦੇਖਿਆ ਜਾਣਾ।"
'ਮਾਤਾ। ਮੈਂ ਬਾਲਣ ਨਹੀਂ ਜੋ ਅੱਗ ਵਿਚ ਫੂਕਿਆ ਜਾਵਾਂਗਾ, ਧਾਤ ਨਹੀਂ ਜੋ ਢਲ ਜਾਵਾਂਗਾ। ਮੇਰੀ ਹਿੰਮਤ ਪਹਾੜਾਂ ਨੂੰ ਦਰੜ ਸੁੱਟੇਗੀ। ਮੇਰਾ ਵਿਸ਼ਵਾਸ ਤੂਫ਼ਾਨੀ ਸਮੁੰਦਰਾਂ ਨੂੰ ਰਿੜਕ ਦੇਵੇਗਾ। ਮੈਂ ਸਚਾਈ ਦਾ ਅਮੋੜ ਇਨਕਲਾਬ ਹਾਂ। ਮੇਰੀਆਂ ਅੱਖਾਂ ਵਿਚ ਚਾਨਣ ਹੈ, ਜਿਹੜਾ ਔਖੀਆਂ ਰਾਹਾਂ ਨੂੰ ਚੀਰ ਜਾਵੇਗਾ। ਮੈਂ ਥੱਕੇ ਟੁੱਟੇ ਮਜ਼ਦੂਰ ਕਿਸਾਨਾਂ ਦੀ ਸੇਵਾ ਲਈ ਜੰਮਿਆ ਹਾਂ। ਦੁਖੀਆਂ, ਬੀਮਾਰਾਂ ਤੇ ਗੁਲਾਮਾਂ ਲਈ ਜੀਵਨ ਯੋਗ ਸਹਾਰਾ ਬਣ ਕੇ ਆਇਆ ਹਾਂ! ਮੈਂ ਹਨੇਰੇ ਤੇ ਦੁਖ ਰੋਗਾਂ ਵਿਚ ਤੜਫਦੀ ਦੁਨੀਆ ਛੱਡ ਕੇ ਕਿਵੇਂ ਚਲਾ ਜਾਵਾਂ? ਮੈਂ ਆਪਣੇ ਆਪ ਨੂੰ ਧੋਖਾ ਦੇ ਦੇਵਾਂ ? ਮੇਰੀ ਮਾਤਾ! ਤੂੰ ਨਹੀਂ ਜਾਣਦੀ ਬਲਬੀਰ ਵਿਚ ਕਿੰਨਾ ਕੁ ਬਲ ਹੈ ?
'ਵੇਖ ਬਲਬੀਰ! ਤੂੰ ਸਦਾ ਆਪਣੀ ਕੀਤੀ ਕਰਦਾ ਹੈਂ! ਰੱਬ ਦੇ ਵਾਸਤੇ ਅਸੀਂ ਜਿਉਂਦੇ ਮਰ ਜਾਵਾਂਗੇ, ਜੇ ਤੈਨੂੰ ਕੁਝ ਹੋ ਗਿਆ । ਤੂੰ ਜ਼ਰੂਰ ਚਲਿਆ ਚਾਹ। ਅਸੀਂ ਆਪੇ ਔਖੇ ਸੁਖਾਲੇ ਕਟ ਲਵਾਂਗੇ।'
ਬੇਬੇ ਜੀ ਨੂੰ ਮੇਰੀ ਕਹੀ ਗੱਲ ਚੰਗੀ ਨਾ ਲੱਗੀ ਅਤੇ ਨਾ ਹੀ ਉਨ੍ਹਾਂ ਸਮਝੀ। ਮੈਂ ਚੁੱਪ ਚਾਪ ਔਖਾ ਸੁਖਾਲਾ ਰੋਟੀ ਖਾਣ ਲਗ ਪਿਆ। ਮੈਨੂੰ ਇਉਂ ਭਾਸਦਾ ਸੀ, ਜਿਵੇਂ ਰੋਟੀ ਮੇਰੇ ਸੰਘ ਵਿਚ ਫੁਲ ਰਹੀ ਹੈ ਅਤੇ ਮੈਂ ਅੱਖਾਂ ਚੌੜੀਆਂ ਕਰ ਕਰ ਅੰਦਰ ਲੰਘਾ ਰਿਹਾ ਹਾਂ। ਰੋਟੀ ਖਾ ਕੇ ਮੈਂ ਆਪਣੀ ਕੁਟੀਆ ਵਿਚ ਆ ਗਿਆ। ਸੌਂ ਜਾਣ ਲਈ ਮੰਜੇ ਤੇ ਪੈ ਗਿਆ। ਪੰਦਰਾਂ ਕੁ ਮਿੰਟਾ ਪਿਛੋਂ ਸਕੂਲ ਦਾ ਇਕ ਵਿਦਿਆਰਥੀ ਇਕ ਲਫ਼ਾਫਾ ਤੇ ਇਕ ਪੰਜਾਬੀ ਮਾਸਕ ਪੱਤਰ ਦੇ ਗਿਆ। ਮੈਂ ਪਹਿਲੋਂ ਲਫ਼ਾਫਾ ਪਾੜਿਆ। ਇਹ ਪੱਤਰਕਾ ਪਾਲ ਦੀ ਸੀ; ਲਿਖਿਆ ਸੀ :-
ਪਰਸੋ ਤੋਂ ਦੌਰੇ ਮੁਕ ਚੁੱਕੇ ਹਨ। ਤੁਹਾਡੀ ਯਾਦ ਨੂੰ ਅੱਖਰਾਂ ਵਿਚ ਬੰਦ ਕਰ ਕੇ ਭੇਜ
ਰਹੀ ਹਾਂ। ਮੈਂ ਇਕੱਲ੍ਹੀ ਚੁਬਾਰੇ ਵਿਚ ਤੁਹਾਨੂੰ ਖ਼ਤ ਲਿਖ ਰਹੀ ਹਾਂ। ਮੇਰੇ ਅੰਦਰ ਚਾਅ ਉਣ ਰਹੇ ਹਨ। ਮੇਰੇ ਅੰਗਾਂ ਵਿਚ ਵਿਚਾਰਾਂ ਮਚਲ ਰਹੀਆਂ ਹਨ। ਜੇ ਹਾਲਤ ਏਸੇ ਤਰ੍ਹਾਂ ਹੀ ਰਹੇ ਤਾਂ ਜ਼ਰੂਰ ਦੋ ਘੜੀਆਂ ਨੂੰ ਪਾਗਲ ਹੋ ਜਾਵਾਂਗੀ। ਕੀ ਤੁਸੀਂ ਅੱਖਰਾਂ ਵਿਚੋਂ ਲੱਭ ਲਵੋਗੇ ਕਿ ਮੇਰਾ ਦਿਲ ਕੀ ਮੰਗ ਰਿਹਾ ਹੈ। ਪਰ ਨਹੀਂ, ਮਰਦ ਇਹ ਕਦੇ ਵੀ ਜਾਣ ਨਹੀਂ ਸਕੇਗਾ।
ਮੈਂ ਤੁਹਾਨੂੰ ਪਿਆਰ ਕਰਦੀ ਹਾਂ,
ਪਰ ਨਹੀਂ, ਦਿਲ ਕਹਿੰਦਾ ਹੈ ਕਿ ਇਸ ਤੋਂ ਵੀ ਕੋਈ ਚੰਗੀ ਚੀਜ਼, ਜਿਹੜੀ ਵਿਕਦੀ ਨਹੀਂ ਜਾਂ ਕਿਤੋਂ ਢੂੰਡਿਆਂ ਮਿਲਦੀ ਨਹੀਂ।
ਹੋ ਸਕਦਾ ਹੈ ਮਰਦ ਸਾਇੰਸਦਾਨ ਚੰਨ ਦੀਆਂ ਰਿਸ਼ਮਾਂ ਨੂੰ ਇਸ ਸਾਜ਼ ਵਿਚ ਜੜ ਲਵੇ ।
ਇਹ ਵੀ ਸੰਭਵ ਹੈ, ਕਿ ਉਹ ਰਿਸ਼ਮ-ਤਾਰਾਂ ਨਗਮੇ ਵਿਚ ਬੋਲ ਪੈਣ।
ਪਰ ਆਹ। ਜੋ ਕੁਝ ਮੇਰੇ ਦਿਲ ਵਿਚ ਹੁਣ ਹੈ
ਇਹ ਤੁਹਾਨੂੰ ਕਿਤੋਂ ਨਹੀਂ ਮਿਲੇਗਾ,
ਮੈਂ ਦਾਅਵੇ ਨਾਲ ਪੁਕਾਰਦੀ ਹਾਂ, ਨਹੀਂ ਮਿਲੇਗਾ,
ਬਿਲਕੁਲ ਨਹੀਂ ਮਿਲੇਗਾ।
ਕੋਈ ਹੁਸਨ ਇਸ ਨੂੰ ਛੋਹ ਕੇ ਮੈਲਾ ਨਹੀਂ ਕਰ ਸਕਦਾ।
ਕੋਈ ਸੱਚ ਇਸ ਤੋਂ ਉਚਾ ਨਹੀਂ ਹੋ ਸਕਦਾ।
ਪਿਆਰੇ ਬਲ-ਰਾਜ। ਤੁਸੀਂ ਜਾਣਦੇ ਹੋ ਉਹ ਕੀ ਹੈ ?
ਮੇਰਾ ਦਿਲ ਸਾਗਰ ਛੱਲਾਂ ਬਣ ਰਿਹਾ ਹੈ।
ਤੁਸੀਂ ਮੁਸਕਾਉਣੋਂ ਨਹੀਂ ਹਟਦੇ।
ਦਿਲ ਮੱਲੋਜ਼ੋਰੀ ਆਪਣੇ ਕਰਾਰ ਵਲ ਉੱਛਲ ਰਿਹਾ ਹੈ।
ਉਹ ਸੱਚਾ ਹੁਸਨ, ਜਿਸ ਨੂੰ ਕਵਿਤਾ ਗਾ ਨਹੀਂ ਸਕੀ,
ਉਹ ਹੈ ਇਸਤਰੀ ਦਾ ਅਸਲ ਰੂਪ।
ਮੰਨਿਆ, ਸ਼ਾਇਰ ਇਸਤਰੀ ਦਿਲ ਦੇ ਅਤਿ ਨੇੜੇ ਹੁੰਦਾ ਹੈ।
ਪਰ ਇਸਤਰੀ ਦੇ ਹਿਰਦੇ ਰੂਪ ਤੱਕ, ਕੁਲ ਨਾਜ਼ਕ ਭਾਵ ਹੋਛੇ ਹਨ।
ਮੈਂ ਉਹ ਸਭ ਕੁਝ ਤੇਰੇ ਹਵਾਲੇ ਕਰ ਦਿੱਤਾ ਹੈ।
ਜੋ ਕੁਝ ਮੇਰਾ ਸੀ, ਮੇਰੇ ਪ੍ਰੀਤਮ ਬਲ।
ਮੈਂ ਅਨਾਥ ਸਾਂ,
ਪ੍ਰਭੂ ਨੇ ਮੇਰਾ ਨਾਥ ਬਖ਼ਸ਼ ਦਿੱਤਾ।
ਮੈਂ ਅਨਿਆਂ ਧੁੰਦ ਵਿਚ ਅਸਲੋਂ ਗਵਾਚ ਗਈ ਸਾਂ
ਪਰ ਹੁਣ ਮੈਨੂੰ ਕਿਸੇ ਨੇ ਢੂੰਡ ਲਿਆ ਹੈ।
ਸੁੱਤੇ ਜਵਾਨ ਭਾਵ ਅੰਗੜਾਈਆਂ ਵਿਚ ਜਾਗ ਪਏ ਹਨ।
ਹੁਸਨ ਚਮਕ ਕੇ ਪ੍ਰਾਰਥਨਾ ਬਣ ਗਿਆ ਹੈ।
ਜੋਬਨ ਵਿਸ਼ਵਾਸ ਚਟਾਣ ਵਿਚ ਤਣਿਆ ਦਿਸਦਾ ਹੈ।
ਮੈਨੂੰ ਜੀਵਨ ਦੇ ਰਾਹਾਂ ਨੇ ਚੰਗੀ ਤਰ੍ਹਾਂ ਰੁਲਾਇਆ,
ਪਰ ਹੁਣ ਮੈਨੂੰ ਮੇਰਾ ਰਾਹੀਂ ਆ ਮਿਲਿਆ ਹੈ।
ਮੰਜ਼ਲ ਤੇ ਆ ਕੇ ਸਾਰੇ ਦੁਖ ਰੋਸ ਭੁਲ ਜਾਂਦੇ ਹਨ।
ਮੈਂ ਤੁਹਾਨੂੰ ਬਿਨਾਂ ਪੁਛੇ ਆਪਣਾ ਪ੍ਰੇਮੀ ਬਣਾ ਲਿਆ ਹੈ।
ਪਰ ਕੀ ਬਾਲਮ। ਪਿਆਰ ਹਿਰਦਿਆਂ ਵਿਚ
ਪ੍ਰਵੇਸ਼ ਦਾ ਵੀ ਪੁੱਛ ਗਿੱਛ ਕਰਦਾ ਹੈ?
ਮੈਨੂੰ ਇਉਂ ਜਾਪਦਾ ਹੈ, ਜਿਵੇਂ ਤੁਸੀਂ ਭੌਰ ਗੁੰਜਾਰ ਬਿਨਾਂ
ਕੁਝ ਨਹੀਂ ਜਾਣਦੇ।
ਤੇ ਮੈਂ ਅੱਧਖਿੜੇ ਫੁਲ ਵਾਂਗ ਅਭੋਲ।
ਅਸੀਂ ਇਕ ਦੂਜੇ ਨੂੰ ਨਹੀਂ ਜਾਣਦੇ ਸਾਂ।
ਦੇਵਯੋਗ ਨਾਲ ਇਕ ਦੂਜੇ ਨੂੰ ਜਾਣ ਕੇ ਵਾਕਫ਼ ਬਣੇ,
ਵਧਦੀ ਵਾਕਫ਼ੀ ਮਿੱਤਰਤਾ ਵਿਚ ਬਦਲ ਗਈ।
ਮਿਤਰਤਾ ਨੇ ਹਮਦਰਦੀ ਦੀ ਜਾਗ ਵਿਚ ਸਾਰੇ ਰਾਜ ਇਕ ਕਰ ਦਿੱਤੇ।
ਹੁਣ ਅਸੀਂ ਕਿਥੇ ਹਾਂ ?
ਜਿਥੇ ਪਹੁੰਚਣ ਲਈ ਸਾਰੀ ਕੁਦਰਤ ਕਾਹਲੀ ਹੈ।
ਇਉਂ ਦਿਸ ਰਿਹਾ ਹੈ, ਜਿਵੇਂ ਪਿਆਰ ਵਿਚ ਸਾਰਾ ਬ੍ਰਹਿਮੰਡ
ਸਿੰਚਰਿਆ ਪਿਆ ਹੈ।
ਪਿਆਰ ਵਿਚ ਸਾਰੀਆਂ ਕਾਮਨਾਵਾਂ ਮੁਸਕ੍ਰਾ ਕੇ
ਆਨੰਦ ਬਣ ਗਈਆਂ ਹਨ।
ਪਰ ਮੇਰੇ ਦਿਲ ਵਿਚ ਇਕ ਭਟਕਨਾ ਹੈ,
ਕਾਹਲੀ ਕਾਹਲੀ ਭੁੱਖੀ ਭੁੱਖੀ।
ਹਰ ਅੰਗ ਜਵਾਨ ਆਸ਼ਾ ਬਣ ਕੇ ਤੜਪ ਰਿਹਾ ਹੈ।
ਮੈਂ ਤੁਹਾਨੂੰ ਐਨੀ ਵਾਰ ਚੁੰਮਣਾ ਚਾਹੁੰਦੀ ਹਾਂ ਕਿ ਬੇਹੋਸ਼ ਹੋ ਜਾਵਾਂ।
ਸਬਰ ਦੀ ਹੱਦ ਨੂੰ ਚੀਰ, ਐਨਾ ਘੁੱਟਣਾ ਚਾਹੁੰਦੀ ਹਾਂ,
ਕਿ ਮੇਰੇ ਸਭ ਜੋੜ ਆਪਣੇ ਥਾਵਾਂ ਤੋਂ ਟੁੱਟ ਜਾਣ।
ਸਾਰੀ ਮਾਨਵਤਾ ਪਿਆਰ ਵਿਚ ਫ਼ਨਾਹ ਹੋ ਕੇ
ਨੂਰ-ਅਨੰਦ ਬਣ ਜਾਵੇ।
ਆਹ! ਮੇਰੇ ਪ੍ਰੇਮੀ ਬਲਰਾਜ ਹੁਣ ਤੂੰ ਮੇਰੇ ਕੋਲ ਹੁੰਦਾ,
ਇਸ ਵੇਲੇ!
ਤੂੰ ਮੇਰੇ ਲਈ ਹੀ ਭਗਵਾਨ ਰੀਝਾਂ ਨੇ ਸ਼ੰਗਾਰਿਆ ਏ।
ਮੈਂ ਤੇਰੀ ਪੂਜਾ ਕਰਾਂਗੀ, ਆਰਤੀ ਉਤਾਰਾਂਗੀ,
ਤੂੰ ਮੇਰਾ ਭਗਵਾਨ ਤੇ ਮੈਂ ਤੇਰੀ ਚੇਲੀ,
ਤੇਰੀ ਚਰਨ ਸ਼ਰਧਾ ਵਿਚ ਇਸਤਰੀਅਤ ਨਿਛਾਵਰ ਕਰਾਂਗੀ।
ਜਦੋਂ ਤੂੰ ਮੇਰੇ ਕੋਲ ਹੋਵੇਂਗਾ, ਮੈਂ ਕੀ ਨਾ ਕਰਾਂਗੀ।
ਪਰ ਮੇਰੇ ਅੰਦਰ ਕੁਝ ਲਰਜ਼ ਰਿਹਾ ਹੈ,
ਕਿਤੇ ਤੂੰ ਦੁਨੀਆ ਤੇ ਜ਼ਮਾਨੇ ਦਾ ਖਿਆਲ ਨਾ ਕਰ ਲਵੀਂ।
ਸਮਾਜ ਰੋਕ ਦੇ ਅਨੁਭਵ ਵਿਚ ਗਵਾਚ ਨਾ ਜਾਵੀਂ।
ਮੇਰਾ ਦਿਲ ਯਕੀਨ ਨਾਲ ਆਖਦਾ ਹੈ,
ਕਿ ਸ਼ਾਇਰ ਇਨ੍ਹਾਂ ਸਾਰਿਆਂ ਦਾ ਮੰਹੂ ਤੋੜ ਕੇ
ਅੱਗੇ ਵਧਿਆ ਮਰਦਾ ਹੈ;
ਜਿਹੜਾ ਪਿਆਰ ਦਾ ਕਾਇਲ ਹੈ,
ਸਚੀ ਹਮਦਰਦੀ ਵਿਚ ਹਰ ਹੋਣੀ ਨੂੰ ਸਤਿਕਾਰਦਾ
ਤੇ ਕਲਾ ਦੀ ਪੂਰਨਤਾ ਦਾ ਖੋਜੀ ਹੈ।
ਆ, ਕਵਿਤਾ ਦੀ ਭਾਲ ਵਿਚ ਕਮਲੇ ਰਾਹੀ,
ਮੇਰੇ ਮਨ ਕੁਟੀਆ ਤੈਨੂੰ ਉਡੀਕ ਰਹੀ ਹੈ!
ਸਾਰੇ ਫੁੱਲ ਤੈਨੂੰ ਸੱਦ ਰਹੇ ਹਨ।
ਤਲੀਆਂ ਆਪਣੀ ਬੇਜ਼ਬਾਨੀ ਵਿਚ ਕੁਝ ਦਸਣਾ ਚਾਹੁੰਦੀਆਂ ਹਨ।
ਮੇਰੀਆਂ ਕਾਲੀਆਂ ਲਿਟਾਂ ਵੇਲਾਂ ਵਾਂਗ ਤੈਨੂੰ ਲਕੋ ਲੈਣ ਲਈ ਝੂਲ ਰਹੀਆਂ।
ਦਿਲ ਨਦੀ ਤੈਨੂੰ ਪਾ ਕੇ ਹੀ ਪਵਿੱਤਰ ਹੋ ਸਕਦੀ ਹੈ।
ਮੇਰਾ ਰੂਪ ਕਵਿਤਾ ਹੈ, ਮੈਂ ਪਿਆਰ ਦੀ ਅਵਤਾਰ।
ਮੇਰੇ ਨੈਣਾਂ ਵਿਚ ਸਰੂਰ ਸੁਖ ਹੈ, ਅੰਗੂਰ ਰਸ।
ਤੂੰ ਕਿਉਂ ਨਹੀਂ ਆਉਂਦਾ?
ਮਰਦ ਕਿੰਨੇ ਕਠੋਰ ਹੁੰਦੇ ਹਨ।
ਮੈਂ ਉਹ,
ਜਿਹੜੀ ਕਦੇ ਮਿਲੀ ਹੀ ਨਹੀਂ, ਇਕ ਤਾਂਘ।
ਤੂੰ ਗਿਆਨ ਭਾਵਨਾ ਦਾ ਕਾਇਲ, ਤਿਆਗ-ਆਸ਼ਕ।
ਕੀ ਜਾਣੀਏ, ਕਦੇ ਸਿਧਾਰਥ ਵਾਂਗ ਵਿਚਾਰੀ ਯਸ਼ੋਧਾ ਨੂੰ ਛੱਡ
ਚੁੱਪ ਚਾਪ ਰਮ ਜਾਵੇਂ।
ਪਰ ਜਾਹ ਜਿਥੇ ਵੀ ਤੈਨੂੰ ਤਸੱਲੀ ਤੇ ਸ਼ਾਂਤੀ ਮਿਲਦੀ ਹੈ।
ਮੇਰੇ ਲਈ ਐਨਾ ਜੀਵਨ ਦਾਨ ਹੀ ਤਸੱਲੀ ਹੈ
ਕਿ ਮੈਂ ਬਲਬੀਰ ਦੀ ਪ੍ਰੇਮਕਾ ਹਾਂ,
ਤੇ ਉਸ ਦੀ ਪ੍ਰੀਤ-ਯਾਦ ਵਿਚ ਦਿਨ-ਰਾਤ ਨੂੰ ਜਨਮ ਦੇ ਰਹੀ ਹਾਂ।
ਉਹ ਆਵੇ, ਦਿਨਾਂ, ਮਹੀਨਿਆਂ ਤੇ ਬਰਸਾਂ ਨੂੰ, ਜਦੋਂ ਵੀ ਜੀਅ ਚਾਹੇ।
ਮੇਰੀ ਤਾਂਘ, ਸਿਮਰਨ ਵਿਚ ਉਸਦੀ ਉਪਾਸ਼ਕ ਰਹੇਗੀ।
ਤੂੰ ਤਿਆਗੀ ਹੋ ਕੇ ਉਸ ਨੂੰ ਪੀ ਲਵੀਂ,
ਮੈਂ ਤੈਨੂੰ ਪਹਿਲੋਂ ਪਾ ਕੇ ਤੇਰੀ ਪੂਜਾ ਕਰ ਰਹੀ ਹਾਂ।
ਤੈਨੂੰ ਤੇਰਾ ਭਗਵਾਨ ਮਿਲੇ ਨਾ ਮਿਲੇ,
ਪਰ ਮੇਰਾ ਪ੍ਰਿਯ ਭਗਵਾਨ ਮੈਥੋਂ ਕੋਈ ਹੋਣੀ ਵੱਖ ਨਹੀਂ ਕਰ ਸਕੇਂਗੀ।
ਮੇਰੇ ਕੋਲ ਬਹੁਤ ਕੁਝ ਹੈ, ਇਕ ਹੀਰਾ ਬਲ!
ਪਰ ਆਹ! ਨਜ਼ਰਾਂ ਤੋਂ ਪਰੇ ਕੁਝ ਨਹੀਂ, ਇਕ ਠੰਢਾ ਹਾਉਕਾ।
ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ ਅਨੇਕਾਂ ਸੱਧਰਾਂ ਨਾਲ।
ਸਾਥੀ ਮਿਲ ਜਾਣ ਤੇ ਦਿਲ-ਰਾਜ ਭਾਰੇ ਹੋ ਜਾਂਦੇ ਹਨ।
ਮੈਂ ਇਕ ਵਾਰ ਹੀ ਤੇਰੀ ਝੋਲੀ 'ਚ ਢਹਿ ਪੈਣਾ ਚਾਹੁੰਦੀ ਹਾਂ।
ਪਰਸੋਂ ਤਹਿਸੀਲੇ ਜਾ ਰਹੀ ਹਾਂ,
ਗਿਆਰਾਂ ਵਜੇ ਰੇਲਵੇ ਵੇਟਿੰਗ ਰੂਮ ਵਿਚ
ਮਿਲਣ ਦੀ ਜ਼ਰੂਰ ਖੇਚਲ ਕਰਨੀ।
ਤੁਸੀਂ ਮੇਰੇ ਤਰਲੇ ਨੂੰ ਜ਼ਰੂਰ ਸਵੀਕਾਰ ਕਰੋਗੇ,
ਮੇਰੇ ਨਿੱਕੇ ਰਿਸ਼ੀ ਬਾਲਮ! ਪ੍ਰੀਤਮ ਭਗਵਾਨ ਦੀ ਚੇਲੀ।
'ਮੈਂ ਹਾਂ, ਪਾਲ'
ਚਿੱਠੀ ਪੜ੍ਹਨ ਨੂੰ ਤਾਂ ਮੈ ਪੜ੍ਹ ਗਿਆ, ਪਰ ਜਿਹੜੀ ਤਕਲੀਫ਼ ਪੜ੍ਹ ਕੇ ਮੈਨੂੰ ਹੋਈ ਉਹ ਇੰਤਹਾ ਸੀ। ਉਹ ਇਹ ਚਿੱਠੀ ਮੇਰੀ ਚਿੱਠੀ ਪਹੁੰਚਣ ਤੋਂ ਪਹਿਲਾਂ ਲਿਖੀ ਹੈ। ਹਾਏ ਰੱਬਾ । ਮੈਂ ਉਸ ਨੂੰ ਕੀ ਲਿਖ ਕੇ ਭੇਜ ਦਿੱਤਾ ਹੈ। ਉਹ ਪੜ੍ਹ ਕੇ ਮੈਨੂੰ ਕੀ ਖਿਆਲ ਕਰੇਗੀ। ਐਡੀ ਉੱਚੀ ਆਦਰਸ਼ਕ ਮਿਸਾਲ ਵਾਲੀ ਇਸਤਰੀ ਤੇ ਸ਼ੱਕ ? ਉਹ ਪ੍ਰੇਮੀ ਨਹੀਂ ਅਨੇਮੀ ਹੈ, ਜਿਹੜਾ ਆਪਣੀ ਪ੍ਰਿਆ ਤੇ ਕਿਸੇ ਦੇ ਕਹੇ ਸੁਣੇ ਸ਼ੱਕ ਕਰਦਾ ਹੈ। ਪਿਆਰ ਵਿਚ ਤਾਂ ਜਰਾ ਜਿੰਨੀ ਵਿਰਲ ਨਹੀਂ। ਮੇਰੀ ਹਾਲਤ ਉਸ ਮਾਲਹ ਵਰਗੀ ਸੀ, ਜਿਸ ਨੇ ਆਪਣੀ ਹੱਥੀਂ ਆਪਣੇ
ਚੱਪੂ ਤੋੜ ਲਏ ਹੋਣ ਅਤੇ ਤੂਫ਼ਾਨ ਉਸ ਦੇ ਸਾਹਮਣੇ ਉਠ ਰਿਹਾ ਹੋਵੇ। ਮੈਂ ਆਪਣੇ ਆਦਰਸ਼ ਨੂੰ ਅਸਹਾਰ ਸੱਟ ਮਾਰ ਚੁੱਕਿਆ ਸਾਂ।
ਮੈਂ ਪਾਲ ਤੋਂ ਮੁਆਫ਼ੀ ਮੰਗ ਲਵਾਂਗਾ। ਪਰ ਕੀ ਪਤਾ ਦਿਲ ਸ਼ੀਸ਼ਾ ਖ਼ਿਮਾਂ ਸਰੇਸ਼ ਨਾਲ ਜੁੜ ਸਕੇ ਜਾਂ ਨਾ। ਹਾਏ ਕਿਸਮਤ! ਪੱਤ੍ਰਕਾ ਪੜ੍ਹ ਕੇ ਉਸ ਦੇ ਦਿਲ ਦਾ ਕੀ ਹਾਲ ਹੋਵੇਗਾ ਮੈਂ ਬੇ-ਹੱਦ ਬੁਰਾ ਕੀਤਾ ਹੈ। ਉਹ ਆਪ ਹੀ ਚਿੱਠੀ ਵਿਚ ਗਿਲਾ ਕਰ ਚੁੱਕੀ ਹੈ ਕਿ ਮਰਦ ਇਸਤਰੀ ਦੇ ਅਸਲ ਰੂਪ ਨੂੰ ਨਹੀਂ ਪਛਾਣ ਸਕਦਾ। ਸ਼ੱਕੀ ਪ੍ਰੇਮੀ ਨੂੰ ਕੋਈ ਅਧਿਕਾਰ ਨਹੀਂ, ਜੋ ਉਹ ਪਿਆਰ ਨੂੰ ਬਦਨਾਮ ਕਰੇ ਤੇ ਜੀਵਨ ਨੂੰ ਤਲਖ਼ । ਕੀ ਮੈਂ ਚਿੱਠੀ ਡਾਕ ਵਿਚ ਜਾਣੋ ਰੋਕ ਦੇਵਾਂ, ਪਰ ਫ਼ਜੂਲ ਡਾਕ ਤੁਰ ਗਈ ਹੈ, ਮੈਂ ਬੇ-ਅਰਥ ਪਛਤਾਵੇ ਵਿਚ ਤੜਪਦਾ ਰਿਹਾ। ਉਸ ਦਾ ਪ੍ਰੇਮ-ਪੱਤ੍ਰ ਇਕ ਵਾਰ ਫਿਰ ਪੜ੍ਹਿਆ। ਮੇਰੇ ਸਾਰੇ ਭੁਲੇਖੇ ਪ੍ਰਗਟ ਸਚਾਈ ਨੇ ਨਿਕੰਮੇ ਕਰ ਦਿੱਤੇ। ਪਰ ਉਸ ਦੇ ਪਿਆਰ ਚਾਨਣ ਵਿਚ ਮੈਂ ਦੋਸ਼ੀਆਂ ਵਾਂਗ ਕਾਲਾ ਹੀ ਰਿਹਾ। ਪਿਆਰ ਪਵਿੱਤ੍ਰਤਾ ਨੇ ਮੇਰਾ ਦਿਲ ਅਸਲੋਂ ਨਿਰਮਾਣ ਕਰ ਦਿੱਤਾ। ਮੈਂ ਇਸ ਦੇ ਮਿੱਠੇ ਸੰਦੇਸ਼ ਨੂੰ ਕਈ ਵਾਰ ਪੜ੍ਹਿਆ ਅਤੇ ਨਹੀਂ ਕਹਿ ਸਕਦਾ ਕਿ ਕਿੰਨੀ ਵਾਰ ਰੋਇਆ। ਉਸ ਨੂੰ ਚਿੱਠੀ ਲਿਖਣ ਵੇਲੇ ਵੀ ਰੋਇਆ ਸਾਂ, ਪਰ ਭੁਲੇਖੇ ਦਾ ਰੋਣ ਹਕੀਕਤ-ਹੀਣ ਗੌਰਵਤਾ ਹੈ। ਮੈਂ ਇਕ ਪਾਕ ਹਸਤੀ ਨੂੰ ਗੁਨਾਹਾਂ ਲਿਬੜੀ ਕਹਿ ਕੇ ਗੁਨਾਹਗਾਰ ਹੋ ਗਿਆ ਸਾਂ। ਸ਼ਿਕਾਰ ਨੇ ਕੁਦਰਤੀ ਸ਼ਿਕਾਰੀ ਨੂੰ ਜ਼ਖ਼ਮੀ ਕਰ ਕੇ ਨਿਢਾਲ ਕਰ ਦਿੱਤਾ ਸੀ।
ਮੇਰੇ ਸੁਪਨੇ ਇਸ ਕਿਆਸ ਤੋਂ ਬੇ-ਖ਼ਬਰ ਸਨ ਕਿ ਪਾਲ ਦਾ ਹਿਰਦਾ ਐਨਾ ਨਿਰਮਲ ਤੇ ਪ੍ਰੀਤ ਬਾਰੇ ਐਨੀ ਉੱਚੀ ਭਾਵਨਾ ਰਖਦਾ ਹੋਵੇਗਾ। ਸੱਚਮੁਚ ਮਰਦ ਇਸਤਰੀ ਹਿਰਦੇ ਤੋਂ ਸਦੀਆਂ ਦੂਰ ਹਨੇਰੇ ਵਿਚ ਹੈ। ਮੇਰੀ ਬੇਕਰਾਰੀ ਤੇ ਚਿੱਤ ਤਕਲੀਫ਼ ਭੋਰਾ ਵੀ ਘੱਟ ਨਹੀਂ ਸੀ ਹੋ ਰਹੀ। ਮੈਂ ਪਾਲ ਦੀ ਪੱਤਰਕਾ ਜੇਬ ਵਿਚ ਪਾ ਕੇ ਬਾਹਰ ਬਗੀਚੇ ਵਲ ਨੂੰ ਤੁਰ ਪਿਆ। ਸ਼ਾਮ ਹੋ ਚੁੱਕੀ ਸੀ, ਜਾਂ ਸੂਰਜ ਧਰਤੀ ਦੀ ਕਿਸੇ ਕੰਦਰ ਵਿਚ ਥੱਕੇ ਰਾਹੀ ਵਾਂਗ ਡਿਗ ਪੈਣ ਲਈ ਆਸਰਾ ਲੋੜਦਾ ਸੀ। ਮੈਂ ਥੱਕਿਆ ਹੀ ਨਹੀਂ ਸਾਂ, ਥਾਂ-ਥਾਂ ਤੋਂ ਟੁਟਿਆ ਪਿਆ ਸਾਂ। ਸੂਰਜ ਆਰਾਮ ਨਾਲ ਦਸ ਘੰਟੇ ਸੌਂ ਜਾਵੇਗਾ, ਪਰ ਮੈਂ ਸਾਰੀ ਰਾਤ ਕਿਵੇਂ ਲੁਛਦਾ ਰਹਾਂਗਾ । ਐਨ ਓਸੇ ਵੇਲੇ ਗੁਰੂਦੇਵ ਜੀ ਨੇ ਆਪਣੇ ਮੁਖਾਰਬਿੰਦ ਤੋਂ ਫੁਰਮਾਇਆ :-
'ਇਕ ਮਸਤਾਨਾ ਆਤਮ-ਸਿਮਰਨ ਹੀ ਅਨੰਦ ਹੈ।
ਗੁਰੂਦੇਵ ਨੇ ਉਪਦੇਸ਼ ਦੇ ਕੇ ਮੈਨੂੰ ਜੀਵਨ ਜੋਗ ਬਣਾਇਆ। ਮੇਰੀਆਂ ਅੱਖਾਂ ਵਿਚ ਚਾਨਣ ਜੋਤ ਭਰੀ ਤਾਂ ਜੋ ਮੈਂ ਭਲੇ ਬੁਰੇ ਨੂੰ ਪਛਾਣ ਸਕਾਂ। ਪਾਲ ਨਿਰੋਲ ਰੂਹ ਬਣ ਕੇ ਮੇਰੇ ਜੀਵਨ ਵਿਚ ਦਾਖਲ ਹੋਈ ਜਾਂ ਇਉਂ ਕਹੋ ਮਰਦ ਸਰੀਰ ਪਹਿਲੋਂ ਮੁਰਦੇ ਦਾ ਢਾਂਚਾ ਸੀ, ਔਰਤ ਰੂਹ ਨੇ ਇਸ ਵਿਚ ਸਾਰੀਆਂ ਬਰਕਤਾਂ ਤੇ ਕਰਾਮਾਤਾਂ ਜਿੰਦਾ ਕਰ ਦਿੱਤੀਆਂ। ਨਿਰਸੰਦੇਹ ਮਰਦ ਦੀ ਮੰਜ਼ਲ ਔਰਤ ਤੋਂ ਪਰੇ ਕੋਈ ਨਹੀਂ ਹੈ। ਮਨੁੱਖ ਪ੍ਰਭੂ ਦੇ ਅਤਿ ਨੇੜੇ ਹੋਇਆ ਕ੍ਰਿਸ਼ਮਾ ਹੈ।
ਹਰ ਆਦਮੀ ਦੇ ਮਨ ਵਿਚ ਤ੍ਰਿਸ਼ਨਾ ਹੈ, ਜਿਸ ਦਾ ਭਾਵ ਸੁੱਖ, ਸ਼ਾਂਤੀ ਤੇ ਪ੍ਰਸੰਨਤਾ ਤੋਂ ਵਧ ਕੁਝ ਨਹੀਂ ਹੁੰਦਾ। ਪਰ ਇਸ ਪ੍ਰਕਾਰ ਕੋਈ ਖੁਸ਼ੀ ਅਵਾਜ਼ਾਂ ਮਾਰਿਆ ਨਹੀਂ ਆਉਂਦੀ। ਹਾਂ, ਕਦੇ ਕਦੇ ਸੱਚੀ ਮੰਗ-ਭਾਵਨਾ ਉਸ ਲਈ ਅਮਲ ਪ੍ਰੇਰਕ ਜਰੂਰ ਹੋ ਜਾਂਦੀ ਹੈ। ਪ੍ਰਭੂ
ਪੁਕਾਰੋ ਜਾਂ ਆਪਣੀ ਪ੍ਰਿਆ ਦਾ ਉਚਾਰਨ ਕਰੋ, ਇਕ ਦਿਨ ਉਸ ਦਾ ਹੀ ਰੂਪ ਹੋ ਜਾਵੋਗੇ। ਸਾਰੇ ਖੂਹਾਂ, ਛੱਪੜਾਂ, ਨਦੀਆਂ, ਨਾਲਿਆਂ ਤੇ ਦਰਿਆਵਾਂ ਵਿਚ ਇਕੋ ਸਾਗਰ ਦਾ ਪਾਣੀ ਹੈ। ਸਾਰੇ ਥਾਵਾਂ ਵਿਚ ਭਗਵਾਨ ਰਮ ਰਿਹਾ ਹੈ। ਸਾਡਾ ਹਰ ਕਰਮ ਉਸ ਦੇ ਨੇੜੇ ਹੋਣਾ ਹੋਵੇਗਾ, ਪਰ ਹਿਰਦੇ ਵਿਚ ਨਿਸ਼ਕਾਮਤਾ ਪ੍ਰਬਲ ਚਟਾਨ ਬਣੀ ਹੋਣੀ ਚਾਹੀਦੀ ਹੈ। ਉਸ ਵੇਲੇ ਸਤਿ ਵਿਸ਼ਵਾਸ ਤੇ ਗਿਆਨ ਭਾਵਨਾ ਨਾਲ ਪਾਏ ਅਨੰਦ ਦੀ ਉਪਮਾ ਤੇ ਮਹਿਮਾ ਕੋਈ ਨਹੀਂ ਕਹਿ ਸਕੇਗਾ। ਮੈਂ ਤੇ ਹਿਲਦਾ ਜੁਲਦਾ ਇਕ ਅਣੂ ਰੂਪ ਕੀੜਾ ਹਾਂ, ਜਦੋਂ ਮਰ ਜਾਵਾਂਗਾ ਇਕ ਜੱਰਾ ਬਣ ਜਾਵਾਂਗਾ। ਹੁਣ ਵੀ ਹਸਤੀ ਤੋਂ ਵੱਖ ਨਹੀਂ, ਫਿਰ ਵੀ ਹਸਤੀ ਨਾਲ ਹੀ ਜੁੜਿਆ ਰਹਾਂਗਾ। ਮੇਰੀ ਹਰਕਤ ਮਹਾਂ ਹਰਕਤ ਸ਼ਕਤੀ ਵਿਚ ਅਭੇਦ ਰੂਪ ਸਮਾ ਜਾਵੇਗੀ। ਨਾ ਹੁਣ ਪ੍ਰਭੂ ਤੋਂ ਕੁਝ ਵੱਖਰਾ ਹਾਂ, ਨਾ ਪਹਿਲੋਂ ਸਾਂ। ਓਹ ਮਹਾਂ ਪ੍ਰਭੂ ਸਤਿ ਚਿਤ ਅਨੰਦਮਯ!
ਨਾ ਮੈਂ ਸੁੱਖ ਭਾਵਨਾ ਦੀ ਟੋਲ ਵਿਚ ਖੂਹ ਤੇ ਆ ਗਿਆ ਸਾਂ। ਹਨੇਰਾ ਬਿਰਛਾਂ ਦੀਆਂ ਛਾਵਾਂ ਨਾਲ ਇਕ ਮਿਕ ਹੋ ਚੁੱਕਾ ਸੀ। ਮੈਂ ਬਦਾਮ ਦੇ ਬੂਟੇ ਨੂੰ ਇਕ ਬਾਂਹ ਦੇ ਕਲਾਵੇ ਵਿਚ ਵਲੀ ਖਲੋਤਾ ਸਾਂ। ਇਕ ਕੋਮਲ ਪੱਤਿਆਂ ਭਰੀ ਡਾਲ ਹਵਾ ਦੀ ਸਿਖਾਈ ਮੁੜ ਮੁੜ ਮੇਰੇ ਬੁੱਲਾਂ ਨੂੰ ਚੁੰਮ ਰਹੀ ਸੀ। ਮੈਂ ਸਮਝਦਾ ਸਾਂ ਕਿ ਕੁਦਰਤ ਵੀ ਮੇਰੀ ਭੁੱਖ ਨੂੰ ਅਨੁਭਵ ਕਰ ਰਹੀ ਹੈ। ਮੈਂ ਦੂਜੇ ਹੱਥ ਨਾਲ ਉਸ ਪਲਮਦੀ ਲਗਰ ਨੂੰ ਫੜ ਲਿਆ ਤੇ ਹਿੱਕ ਨਾਲ ਘੁੱਟ ਕੇ ਛੇਤੀ ਹੀ ਛੱਡ ਦਿੱਤਾ। ਮਤਾਂ ਇਕੱਲ੍ਹ ਵਿਚ ਫੜੀ ਯੁਵਤੀ ਵਾਂਗ ਘਬਰਾ ਜਾਵੇ।
ਕਲ੍ਹ ਨੂੰ ਗਿਆਰਾਂ ਵਜੇ ਪਾਲ ਨੂੰ ਮਿਲਣ ਦਾ ਇਕਰਾਰ ਹੈ। ਮਿਲਣ ਦੇ ਅਨੁਭਵ ਨਾਲ ਮੇਰਾ ਦਿਲ ਇਕ ਪ੍ਰਕਾਰ ਕੰਬ ਰਿਹਾ ਸੀ। ਸ਼ਰਮ ਨਾਲ ਮੇਰਾ ਮੂੰਹ ਤਰੇਲੀਓਂ ਤਰੇਲੀ ਹੋ ਰਿਹਾ ਸੀ। ਪਰ ਹੁਣ ਕੀਤਾ ਹੀ ਕੀ ਜਾ ਸਕਦਾ ਹੈ। ਇਕ ਦੋਸਤ ਦੇ ਇਤਬਾਰ ਵਿਚ ਮੈਂ ਸ਼ੱਕੀ ਹੋ ਗਿਆ ਸਾਂ। ਸਤਿਨਾਮ ਵੀ ਹੱਦ ਹੀ ਹੈ, ਸੁਣੀਆਂ ਗੱਲਾਂ ਯਕੀਨ ਵਿਚ ਮੈਨੂੰ ਆ ਆਖੀਆਂ। ਮਿਤਰ ਸਚਾਈ ਵਿਚ ਮਨੁੱਖ ਦਾ ਵਰਗਲਾਇਆ ਜਾਣਾ ਕੋਈ ਵੱਡੀ ਗੱਲ ਨਹੀਂ।
ਮੇਰੇ ਪੈਰ ਘਰ ਵਲ ਨੂੰ ਖਿਸਕ ਤੁਰੇ। ਮੈਂ ਦਿਲ ਦਾ ਦਰਦ ਸਾਂਭੀ ਨਾਲ-ਨਾਲ ਜਾ ਰਿਹਾ ਸਾਂ। ਤੇਜ ਵੀ ਨਹੀਂ ਸਾਂ ਚਲਦਾ, ਮਤਾਂ ਦਰਦ ਵੇਦਨਾ ਬਣ ਜਾਵੇ। ਹੌਲੀ-ਹੌਲੀ ਘਰ ਦੇ ਬੂਹੇ ਅੱਗੇ ਆ ਗਿਆ। ਦਰਵਾਜ਼ੇ ਬੰਦ ਸਨ, ਅਵਾਜ਼ ਮਾਰ, 'ਦਰਵਾਜ਼ਾ ਖੋਲ੍ਹੋ ਜੀ।'
'ਆ ਜਾ, ਤੈਨੂੰ ਹੀ ਉਡੀਕਦੇ ਹਾਂ।
ਇਹ ਆਵਾਜ਼ ਮੇਰੇ ਇਕ ਰਿਸ਼ਤੇਦਾਰ ਦੀ ਸੀ। ਮੇਰੇ ਛੋਟੇ ਭਰਾ ਨੇ ਦਰਵਾਜ਼ਾ ਖੋਲਿਆ, ਮੈਂ ਅੰਦਰ ਚਲਾ ਗਿਆ ਅੱਗੇ ਮੇਰਾ ਭਣਵੱਈਆ ਬੈਠਾ ਸੀ। ਮੈਂ ਇਹਨਾਂ ਨਾਲ ਬੜੀ ਮੁਹੱਬਤ ਕਰਦਾ ਸਾਂ। ਖਾਸ ਜ਼ਿੰਦਾ ਦਿਲ ਆਦਮੀ ਸਨ, ਏਸੇ ਲਈ ਮੈਂ ਇਨ੍ਹਾਂ ਦੀ ਅਤਿ ਇੱਜ਼ਤ ਕਰਦਾ ਸਾਂ। 'ਸਤਿ ਸ੍ਰੀ ਅਕਾਲ' ਆਖੀ, ਸੁਖ ਸਾਂਦ ਪੁੱਛੀ ਅਤੇ ਉਹਨਾਂ ਨਾਲ ਹੀ ਮੰਜੇ ਤੇ ਬਹਿ ਗਿਆ। ਅਸਾਂ ਇਕੱਠਿਆਂ ਹੀ ਰੋਟੀ ਖਾਧੀ। ਥੋੜ੍ਹੀਆਂ ਬੁਹਤੀਆਂ ਗੱਲਾਂ ਪਿਛੋਂ ਅਸੀਂ ਛੱਤ ਤੇ ਆ ਪਏ। ਆਰਾਮ ਨਾਲ ਬਹਿ ਕੇ ਮੇਰੇ ਭਣਵੱਈਏ ਨੇ ਕਿਹਾ, 'ਸੁਣਾ ਕੀ ਹਾਲ ਹੈ ?'
'ਹਾਲ ਕਾਹਦਾ ਹੈ, ਇਉਂ ਪ੍ਰਤੀਤ ਹੋ ਰਿਹਾ ਐ ਏ, ਜਿਵੇਂ ਦਮ ਘੁੱਟ ਕੇ ਮਰ ਜਾਵਾਂਗਾ ।
'ਤੂੰ ਕਦੇ ਵੀ ਨਾ ਕਿਹਾ ਚੰਗਾ ਹਾਂ।'
'ਵੀਰਾ ਚੰਗਾ ਹੋਵਾਂ ਤਾਂ ਕਹਾਂ। ਜਬਾਨੋਂ ਕਹਿ ਦੇਵਾਂ, ਬੜਾ ਤਕੜਾ ਹਾਂ, ਪਰ ਅੰਦਰੋਂ ਜੀਅ ਡੁੱਬ ਰਿਹਾ ਹੋਵੇ, ਕੀ ਫ਼ਾਇਦਾ ?'
'ਸੱਚ ਹੋਰ ਗੱਲ ਹੈ, ਬੇਬੇ ਜੀ, ਤੈਨੂੰ ਬਾਹਰ ਭੇਜਣਾ ਚਾਹੁੰਦੇ ਹਨ।
'ਮੈਨੂੰ ਕੋਈ ਪਤਾ ਨਹੀਂ, ਅੱਜ ਮਾਤਾ ਜੀ ਕਹਿੰਦੇ ਸਨ, ਤੇਰਾ ਪਿੰਡ ਰਹਿਣਾ ਚੰਗਾ ਨਹੀਂ।
'ਮੇਰਾ ਵੀ ਖਿਆਲ ਹੈ, ਤੂੰ ਸਾਲ ਛੇ ਮਹੀਨੇ ਉਰੇ ਪਰੇ ਟਲ ਜਾਹ। ਕੀ ਲੈਣਾ ਏ ਇਸ ਜੱਟਵਾਦ ਤੋਂ। ਐਵੇਂ ਕਿਸੇ ਨਾਲ ਲੜਨਾ ਪਵੇਗਾ। ਪਿੰਡ ਵਾਲਿਆਂ ਨੇ ਤਾਂ ਅੱਤ ਚੁੱਕੀ ਹੋਈ ਹੈ?
'ਆਪਣਾ ਕਿਸੇ ਨਾਲ ਵੈਰ ਵਰੋਧ ਥੋੜ੍ਹਾ ਹੈ। ਅਜਿਹੇ ਮੌਕੇ ਸ਼ਾਂਤੀ ਤੇ ਟਿਕਾ ਦੇ ਯਤਨ ਕਰਨੇ ਚਾਹੀਦੇ ਹਨ। ਮੂਰਖ ਆਪੋ ਵਿਚ ਦੀ ਲੜ ਕੇ ਮਰ ਜਾਣਗੇ।'
‘ਤੈਨੂੰ ਕਿਸੇ ਨਾਲ ਕੀ, ਤੂੰ ਆਪਣੇ ਆਪ ਨੂੰ ਬਚਾ। ਵੈਰੀ ਤੈਨੂੰ ਖ਼ਤਰਨਾਕ ਸਮਝਦੇ ਹਨ।
'ਇਹ ਖ਼ੁਦਗਰਜ਼ੀ ਹੈ। ਮੇਰੀ ਜ਼ਮੀਰ ਇਹ ਗੱਲ ਨਹੀਂ ਮੰਨਦੀ। ਪਰ ਮੈਨੂੰ ਡਰਨ ਦਾ ਕਦੇ ਮੌਕਾ ਹੀ ਨਹੀਂ ਆਇਆ। ਮੈਨੂੰ ਸਮਝ ਨਹੀਂ ਪੈਂਦੀ ਕਿ ਡਰਾਂ ਕਿਸ ਗੱਲੋਂ।
'ਬਲਬੀਰ! ਸਾਡਾ ਵੀ ਤੇਰੇ ਤੇ ਕੁਝ ਹੱਕ ਹੈ । ਅਸੀਂ ਸਾਰੇ ਘਰ ਦੇ ਤੇ ਦੋਸਤ ਵੀ ਕੁਝ ਹੱਕ ਰਖਦੇ ਹਾਂ। ਤੈਨੂੰ ਜਾਣ ਲਈ ਆਪਣੇ ਆਪ ਨੂੰ ਤਿਆਰ ਕਰਨਾ ਹੀ ਪਵੇਗਾ। ਅਸੀ ਤੈਨੂੰ ਆਖ਼ਰੀ ਮੋਹ ਤਾਣ ਵਿਚ ਆਖ ਰਹੇ ਹਾਂ।
'ਹੱਛਾ ਮੈਂ ਵਿਚਾਰ ਕਰਾਂਗਾ।'
ਮੇਰਾ ਦਿਲ ਹਲਕਾ ਹੋਣ ਦੀ ਥਾਂ ਹੋਰ ਵੀ ਬੋਝਲ ਹੁੰਦਾ ਜਾ ਰਿਹਾ ਸੀ। ਅਸਾਂ ਫਿਰ ਕੋਈ ਖ਼ਾਸ ਗੱਲ ਨਾ ਕੀਤੀ । ਮੈਂ ਸਾਰੇ ਖ਼ਿਆਲ ਭੁਲ ਕੇ ਸੌਣ ਦੀ ਕੋਸ਼ਿਸ ਕਰਨ ਲੱਗਾ। ਮੈਂ ਸੌਂ ਤਾਂ ਗਿਆ ਪਰ ਉਹੀ ਖ਼ਿਆਲ ਸੁਪਨੇ ਰੂਪ ਵਿਚ ਸਾਹਮਣੇ ਆ ਖਲੋਤੇ।
ਸ਼ਰਾਬ ਵਿਚ ਹੰਕਾਰੀ ਡਾਕੂ ਇਕ ਗਰੀਬ ਘਰ ਨੂੰ ਲੁੱਟੀ ਜਾ ਰਹੇ ਹਨ। ਜਦੋਂ ਗਰੀਬ 'ਹਾਇ ਲੁਟ ਲਿਆ' ਪੁਕਾਰਦਾ ਹੈ, ਕੋਈ ਨਾ ਕੋਈ ਉਸ ਦੀ ਪਿੱਠ ਵਿਚ ਡਾਂਗ ਠੋਕ ਦੇਂਦਾ ਹੈ, ਕੋਈ ਗਵਾਂਢੀ ਉਸ ਗਰੀਬ ਦੀ ਮਦਦ ਲਈ ਨਹੀਂ ਆਉਂਦਾ। ਜਾਂਦੇ ਹੋਏ ਡਾਕੂ ਉਸ ਗਰੀਬ ਦੀ ਜਵਾਨ ਧੀ ਨੂੰ ਨਾਲ ਧੂਹਣ ਲੱਗੇ। ਮੈਥੋਂ ਦੇਖ ਕੇ ਨਾ ਰਿਹਾ ਗਿਆ। ਇਕ ਸਾਬਤੀ ਪੱਕੀ ਇੱਟ ਕੋਠੇ ਤੋਂ ਉਸ ਜਾਲਮ ਨੂੰ ਦੇ ਮਾਰੀ। ਇੱਟ ਉਸ ਦੇ ਕੁੱਬੇ ਲੱਕ ਤੇ ਵੱਜੀ ਤੇ ਉਹ ਉਥੇ ਹੀ 'ਹਾਏ' ਕਹਿ ਕੇ ਬਹਿ ਗਿਆ। ਦੂਜੇ ਗੁੱਸੇ ਨਾਲ ਪੌੜੀ ਚੜ੍ਹ ਕੇ ਮੇਰੀ ਵਲ ਨੂੰ ਆਏ ਮੈਂ ਅੰਨ੍ਹੇ ਵਾਹ ਇੱਟਾਂ ਠੋਕੀ ਗਿਆ। ਇਕ ਬਚਦਾ ਬਚਦਾ ਮੇਰੇ ਤਕ ਅਪੜ ਹੀ ਗਿਆ। ਉਸ ਲੈਂਦੇ ਨੇ ਮੇਰੇ ਢਿੱਡ ਵਿਚ ਬਲਮ ਖੋਬ ਦਿਤੀ। ਮੈਂ ਉਸੇ ਵੇਲੇ ਇਕੱਠਾ ਹੋ ਗਿਆ।
ਮੇਰਾ ਸਰੀਰ ਇਕ ਵਾਰ ਹੀ ਕੰਬਿਆ। ਜਦੋਂ ਅੱਖ ਖੁਲ੍ਹੀ ਤਦ ਚੰਦ ਅੱਧਾ ਅਸਮਾਨ ਚੀਰ ਆਇਆ ਸੀ। ਮੈਂ ਕਾਫ਼ੀ ਚਿਰ ਸੁਪਨੇ ਦੀ ਘਟਨਾ ਨੂੰ ਸੋਚਦਾ ਰਿਹਾ। ਮੈਨੂੰ ਪਤਾ ਤੱਕ ਨਾ ਲੱਗਾ, ਜਦੋਂ ਸੋਚ ਨੀਂਦ ਵਿਚ ਫਿਰ ਟੁਭੀ ਮਾਰ ਗਈ।
8
ਤਹਿਸੀਲ ਜਦੋਂ ਮੈਂ ਜਾ ਕੇ ਤਾਂਗੇ ਵਿਚੋਂ ਉਤਰਿਆ, ਨੌਂ ਵਜ ਚੁੱਕੇ ਸਨ। ਤਾਂਗਿਆਂ ਦੇ ਅੱਡੇ ਦੇ ਨਾਲ ਹੀ ਸਤਿਨਾਮ ਨੇ ਚੁਬਾਰਾ ਲਿਆ ਹੋਇਆ ਸੀ। ਦਫ਼ਤਰ ਦਸ ਵਜੇ ਲੱਗਦਾ ਹੈ। ਮੈਂ ਖ਼ਿਆਲ ਕਰਕੇ ਇਕ ਘੰਟਾ ਸਤਿਨਾਮ ਕੋਲ ਗੁਜ਼ਾਰਨ ਲਈ ਤੁਰ ਪਿਆ। ਜਦ ਚੁਬਾਰੇ ਉਪਰ ਗਿਆ, ਸਤਿਨਾਮ ਕੇਸ ਵਾਹੁੰਦਾ ਡਿੱਠਾ। ਅੱਗੋਂ ਉਸ ਕੇਸ ਪਿਛਾਂਹ ਸੁੱਟਦਿਆਂ ਕਿਹਾ, 'ਅੱਜ ਸਰਦਾਰਨੀ ਆਈ ਹੋਈ ਹੈ, ਮੌਕੇ ਤੇ ਹੀ ਆ ਵੱਜਿਆ ਏ।'
ਉਹ ਕੁਝ ਹੈਰਾਨ ਜਿਹਾ ਹੋ ਗਿਆ। ਮੈਨੂੰ ਇਉਂ ਜਾਪਦਾ ਸੀ, ਜਿਵੇਂ ਮੈਂ ਅੰਦਰੋਂ ਕਾਫ਼ੀ ਕਮਜ਼ੋਰ ਹੋ ਚੁੱਕਾ ਹਾਂ। ਮੈਂ ਬਿਲਕੁਲ ਚੁੱਪ ਰਹਿਣਾ ਚਾਹੁੰਦਾ ਸਾਂ। ਸਤਿਨਾਮ ਦੀ ਸ਼ਕਲ ਏਦੂੰ ਭੈੜੀ ਅੱਗੇ ਕਦੇ ਨਹੀਂ ਸੀ ਡਿੱਠੀ।
'ਪੱਟੂਆ ਕਿਹੜੀ ਗੱਲੋਂ ਮਸੋਸੀਆਂ ਵੱਟੀਆਂ ਨੇ ?'
ਮੇਰੀਆਂ ਅੱਖਾਂ ਉਸ ਨੂੰ ਜਵਾਬ ਤਾਂ ਦੇ ਰਹੀਆਂ ਸਨ, ਪਰ ਅਫ਼ਸੋਸ ਉਹ ਪੜ੍ਹ ਨਹੀਂ ਸੀ ਰਿਹਾ।
'ਵੇਖਾਂਗਾ ਜਦੋਂ ਪਾਲ ਨੂੰ ਮਿਲਦਾ ਵੀ ਗੁੰਮ ਸੁੰਮ ਹੀ ਰਿਹਾ।'
ਬਦਲੇ ਦੇ ਦੋਸ਼ ਭਾਵ ਵਿਚ ਮੈਂ ਉੱਤਰ ਦਿੱਤਾ, 'ਸਤਿਨਾਮ! ਤੂੰ ਸਤਿਨਾਮ ਨਹੀਂ। ਤੂੰ ਮੇਰਾ ਦੋਸਤ ਏਂ, ਪਰ ਦੋਸਤੀ ਦੀ ਅਸਲੀਅਤ ਨੂੰ ਅਨੁਭਵ ਨਹੀਂ ਕਰਦਾ। ਆਪਣੇ ਜਾਣੇ ਤਾਂ ਹਮਦਰਦੀ ਕਰਦਾ ਏਂ, ਪਰ ਤੈਥੋਂ ਮੈਨੂੰ ਇਕ ਤਕੜੀ ਸੱਟ ਵੱਜ ਚੁੱਕੀ ਹੈ।
'ਹੂੰ ਤਦ ਇਉਂ ਕਿਉਂ ਨਹੀਂ ਕਹਿੰਦਾ ਕਿ ਪਾਲ ਨੇ ਗੱਲਾਂ ਕਰ ਕੇ ਆਪਣੀ ਨੇਕ ਚਲਨੀ ਦਾ ਵਿਸ਼ਵਾਸ ਪੱਕਾ ਕਰ ਦਿੱਤਾ ਏ। ਜਨਾਨੀ ਤਾਂ ਮਿਟੀ ਦੀ ਮਾਣ ਨਹੀਂ, ਉਹ ਤਾਂ ਮਹਾਰਾਜ ਸਾਰੇ ਪੱਤਨਾਂ ਦੀ ਤਾਰੂ ਹੈ, ਤੇਰੇ ਜਿਹੇ ਜਨੂਨੀਆਂ ਨੂੰ ਟਿਚ ਸਮਝਦੀ ਹੈ, ਟਿਚ।
ਸਤਿਨਾਮ ਨੂੰ ਆਪ ਪਤਾ ਨਹੀਂ ਸੀ, ਉਹ ਕੀ ਕਹਿ ਰਿਹਾ ਹੈ। ਗੱਲਾਂ ਦੇ ਨਾਲ- ਨਾਲ ਉਸ ਦਾ ਚਿਹਰਾ ਵੀ ਬਦਲ ਰਿਹਾ ਸੀ। ਮੈਂ ਸਮਝਦਾ ਸਾਂ, ਜੋ ਇਸ ਨੂੰ ਆਪਣੇ ਮਨ ਤੇ ਕਾਬੂ ਨਹੀਂ। ਮੈਂ ਇਕ ਟਕ ਗ਼ਮ ਵਿਚ ਘੂਰਦੀਆਂ ਅੱਖਾਂ ਨਾਲ ਵਿੰਹਦਾ ਰਿਹਾ। ਸਤਿਨਾਮ ਨੇ ਮੁਰਦਿਆਂ ਵਾਂਗ ਹਸਦਿਆਂ ਕਿਹਾ, 'ਕਿਹੜੀਆਂ ਗ਼ਮਾਂ ਨੇ ਅੱਜ ਤੈਨੂੰ ਘੇਰ ਲਿਆ ?
'ਤੂੰ ਸਭ ਕੁਝ ਜਾਣਦਾ ਅਣਜਾਣ ਬਣਦਾ ਏਂ।
ਪਤਾ ਨਹੀਂ ਕਿ ਮੈਂ ਉਹ ਨਹੀਂ ਸੀ ਰਿਹਾ ਜਾਂ ਸਤਿਨਾਮ। ਕਿਉਂਕਿ ਜਿਹੜੀ ਖੁਸ਼ੀ ਮੈਂ ਉਸ ਤੋਂ ਮਾਣਦਾ ਸਾਂ ਉਹ ਉੱਕਾ ਹੀ ਨਹੀਂ ਸੀ ਮਿਲ ਰਹੀ। ਮੇਰਾ ਜੀਅ ਓਥੇ ਠਹਿਰਨ ਨੂੰ ਨਾ ਕੀਤਾ। ਮੈਂ ਉਠ ਕੇ ਤੁਰਨ ਹੀ ਲੱਗਾ ਸੀ ਕਿ ਸਤਿਨਾਮ ਨੇ ਬਾਂਹ ਫੜਦਿਆਂ ਕਿਹਾ, 'ਆਖ਼ਰ ਗੱਲ ਵੀ ਕੋਈ ?'
'ਕੋਈ ਨਹੀਂ' ਮੈਂ ਸਿਰ ਹਿਲਾਂਦਿਆਂ ਕਿਹਾ।
ਮੇਰੇ ਇਰਾਦੇ ਦੀ ਦ੍ਰਿੜਤਾ ਵੇਖ ਸਤਿਨਾਮ ਨੇ ਬਾਂਹ ਛੱਡ ਦਿੱਤੀ। ਮੈਂ ਜਿਸ ਤਰ੍ਹਾਂ ਭੈੜਾ ਜਿਹਾ ਗਿਆ ਸਾਂ, ਉਸੇ ਤਰ੍ਹਾਂ ਹੀ ਵਾਪਸ ਆ ਗਿਆ। ਸੜਕ ਦੇ ਬੰਨੇ ਬੰਨੇ ਟੁਰਦਾ ਟਾਊਨ ਹਾਲ ਚਲਾ ਗਿਆ। ਬਾਹਰ ਹੀ ਇਕ ਫੁਲਵਾੜੀ ਵਿਚ ਘਾਹ ਤੇ ਬੈਠ ਗਿਆ। ਭਾਂਤ-ਭਾਂਤ ਦੇ ਲਾਲ ਖੱਟੇ ਤੇ ਚਿੱਟੇ ਫੁੱਲ ਆਪਣੇ ਖੇੜੇ ਵਿਚ ਮਹਿਕ ਰਹੇ ਸਨ।
ਕੀ ਚੰਗਾ ਹੁੰਦਾ ਜੇ ਮੈਂ ਫੁੱਲ ਹੁੰਦਾ, ਹਸ ਲਿਆ ਹੁੰਦਾ, ਹਸਾ ਲਿਆ ਹੁੰਦਾ, ਮਨ ਆਏ ਚਾਅ ਪੂਰੇ ਕਰ ਲਏ ਹੁੰਦੇ। ਇਹ ਕਿੰਨੇ ਖੁਸ਼ ਕਿਸਮਤ ਹਨ, ਜਿਨਾਂ ਦੀਆਂ ਆਸਾਂ ਖੁਸ਼ੀ ਦੀ ਅਸ਼ੀਰਵਾਦ ਲੈ ਕੇ ਆਉਂਦੀਆਂ ਹਨ। ਮੈਂ ਰੇਸ਼ਮੀ ਘਾਹ ਤੇ ਪਿਆ ਰਿਹਾ।"
ਟਾਊਨ ਹਾਲ ਦੇ ਦਫ਼ਤਰ ਦੀ ਘੜੀ ਨੇ ਗਿਆਰਾਂ ਖੜਕਾਉਣੇ ਸ਼ੁਰੂ ਕੀਤੇ। ਮੈਂ ਉਬੜਵਾਹਿਆਂ ਵਾਂਗ ਉਠਿਆ ਅਤੇ ਰੇਲਵੇ ਵਲ ਹੋ ਤੁਰਿਆ। ਮੇਰੀਆਂ ਲੱਤਾਂ ਅਗਾਂਹ ਦੀ ਬਜਾਏ ਪਿਛੇ ਨੂੰ ਜਾ ਰਹੀਆਂ ਜਾਪਦੀਆਂ ਸਨ। ਜਿਵੇਂ ਇਕ ਦੋਸ਼ੀ ਕਚਹਿਰੀ ਵਲ ਜਾਂਦਾ ਜੀ ਭਿਆਣਾ ਹੁੰਦਾ ਹੈ।
ਮੈਂ ਵੇਟਿੰਗ-ਰੂਮ ਦੇ ਦਰਵਾਜ਼ੇ ਵਿਚ ਖਲੋ ਗਿਆ। ਦਿਲ ਧੜਕਿਆ, ਅੰਦਰ ਕਿਵੇਂ ਵੜਾ। ਸਪ੍ਰਿੰਗਾਂ ਵਾਲੇ ਤਖ਼ਤੇ ਮਗਰਮੱਛ ਦੇ ਜਬਾੜਿਆਂ ਵਾਂਗ ਇਕ ਵਾਰ ਹੀ ਅੰਦਰੋਂ ਖੁਲ੍ਹੇ। ਅਗੇ ਹੁਸਨ ਮੂਰਤ ਪਾਲ ਖਲੋਤੀ ਸੀ। ਉਸ ਦੇ ਚਿਹਰੇ ਤੋਂ ਇਉਂ ਭਾਸਦਾ ਸੀ, ਜਿਵੇਂ ਚਿਤਾਵਨੀ ਪੱਤਰ ਨੇ ਸੁੰਦਰਤਾ ਵਿਚ ਜ਼ਹਿਰ ਮਿਲਾ ਕੇ ਉਸ ਨੂੰ ਪੀਲਾ ਪੀਲਾ ਕਰ ਦਿੱਤਾ ਹੈ। ਉਸ ਦੀਆਂ ਅੱਖਾਂ ਵਿਚ ਇਕ ਨਿਰਮਾਣ ਰੋਸ ਸੀ। ਮੈਂ ਉਸ ਦੀਆਂ ਅੱਖਾਂ ਵਿਚ ਇਹ ਕੁਝ ਸਹਾਰ ਨਾ ਸਕਿਆ ਅਤੇ ਨੀਵੀਂ ਪਾ ਲਈ। ਉਸ ਹਿਰਦੇਵੇਧਕ ਸੀਨ ਨੇ ਮੈਨੂੰ ਥਾਂ-ਥਾਂ ਤੋਂ ਤੋੜ ਸੁੱਟਿਆ। ਪਾਲ ਹਾਲੇ ਵੀ ਤਖ਼ਤਿਆਂ ਨੂੰ ਆਪਣੀਆਂ ਬਾਹਵਾਂ ਨਾਲ ਥੰਮ੍ਹੀ ਖਲੋਤੀ ਸੀ। ਮੇਰਾ ਮਨ ਉਸ ਵੇਲੇ ਸਹੀ ਫੈਸਲਾ ਨਾ ਕਰ ਸਕਿਆ ਕਿ ਸਾਡੇ ਵਿਚੋਂ ਕੌਣ ਵਧੇਰੇ ਜ਼ਖ਼ਮੀ ਹੈ। ਪਛਤਾਵੇ ਦਾ ਘਾਇਲ, ਦੂਜਾ ਪਿਆਰ ਸ਼ੱਕ ਦਾ ਫੱਟੜ।
'ਆਓ! ਇਸ ਤੋਂ ਵਧ ਉਹ ਕੁਝ ਨਾ ਆਖ ਸਕੀ। ਮੈਂ ਸਤੂਨਾਂ ਵਰਗੀਆਂ ਭਾਰੀਆਂ ਲੱਤਾਂ ਨੂੰ ਹਿਲਾਇਆ। ਅਸੀਂ ਦੋਵੇਂ ਕਿਸੇ ਲੰਮੀ ਬਿਮਾਰੀ ਤੋਂ ਖਲਾਸੀ ਪਾ ਚੁੱਕੇ ਸਰੀਰ ਜਾਪਦੇ ਸਾਂ। ਮੈਂ ਇਕ ਅਰਾਮ ਕੁਰਸੀ ਵਿਚ ਢੈ ਪਿਆ ਅਤੇ ਉਹ ਲਾਗੇ ਹੀ ਇਕ ਕੁਰਸੀ ਤੇ ਬਹਿ ਗਈ। ਕਮਰੇ ਵਿਚ ਕਬਰ ਵਰਗੀ ਚੁੱਪ ਸੀ। ਪਰ ਚੁੱਪ ਵੀ ਇਕ ਜਬਾਨ ਹੈ, ਜਿਹੜੀ ਅੱਖਾਂ ਵਿਚ ਦੀ ਪ੍ਰਗਟ ਹੁੰਦੀ ਹੈ। ਮੈਂ ਵੇਖਿਆ, ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ। ਉਫ਼। ਉਹ ਆਪਣੀ ਪ੍ਰਗਟ ਸਚਾਈ ਦੇ ਹੰਝੂਆਂ ਵਿਚ ਡੁੱਬਣ ਲਈ ਕਾਹਲੀ ਸੀ। ਮੇਰਾ ਦਿਲ ਧੜਕ ਰਿਹਾ ਸੀ, ਰੋਮ-ਰੋਮ ਤੇ ਗ਼ਮ ਦੀ ਮੋਹਰ ਲਗੀ ਹੋਈ ਸੀ। ਮੈਂ ਆਪਣੇ ਆਪ ਨੂੰ ਕੁਰਸੀ ਵਿਚ ਨਾ ਸਹਾਰ ਸਕਿਆ, ਉਠ ਕੇ ਆਪਣੇ ਰੁਮਾਲ ਨਾਲ ਉਸ ਦੀਆਂ ਭਰੀਆਂ ਨਰਗਸਾਂ ਨੂੰ ਪੂੰਝਣ ਲਗ ਪਿਆ।
'ਮੈਂ ਚਾਹੁੰਦਾ ਹਾਂ ਪ੍ਰਿਯਾ। ਇਸ ਵਹਿਮ ਨੂੰ ਭੁੱਲ ਜਾਵੋ।'
'ਪਰ ਇਕ ਸ਼ਾਇਰ ਤੇ ਗਿਆਨੀ ਨਜ਼ਰ ਵਿਚ ਵਹਿਮ ਤੇ ਭੁਲੇਖਾ ਆ ਹੀ ਕਿਵੇਂ ਸਕਦਾ ਹੈ ?'
'ਉਹ ਆ ਗਿਆ, ਜਿਵੇਂ ਵੀ ਆ ਸਕਦਾ ਸੀ, ਉਸ ਨੂੰ ਇਕ ਕੂੜ ਭੁਲੇਖਾ ਜਾਣ ਕੇ ਤਿਆਗ ਦਿਓ।'
'ਪ੍ਰੀਤਮ ਇਕ ਭੁਚਾਲ ਇਮਾਰਤ ਦਾ ਕੁਝ ਨਹੀਂ ਛੱਡ ਕੇ ਜਾਂਦਾ। ਪਰ ਉਹ।
'ਮੈਂ ਕਿਹਾ ਪ੍ਰਿਆ। ਇਸ ਗੱਲ ਨੂੰ ਸੁੱਟ ਪਾਓ।'
'ਪਰ ਤੁਹਾਨੂੰ ਇਹ ਗੱਲ ਦੱਸੀ ਕਿਸ ਨੇ ?'
ਕਿਸੇ ਨੇ ਵੀ ਨਹੀਂ।
'ਇਕ ਪ੍ਰੇਮੀ ਸ਼ੱਕ ਨਹੀਂ ਕਰ ਸਕਦਾ ਤੇ ਝੂਠ ਵੀ ਨਹੀਂ ਬੋਲਿਆ ਕਰਦਾ। ਮੈਨੂੰ ਤੁਹਾਡੇ ਤੇ ਪੱਕਾ ਯਕੀਨ ਹੈ। ਤੁਹਾਨੂੰ ਨਿਸ਼ੰਗ ਮੇਰੇ 'ਤੇ ਨਾ ਹੋਵੇ। ਮੈਨੂੰ ਇਹ ਵੀ ਮਾਣ ਹੈ ਕਿ ਮੇਰਾ ਬਲਬੀਰ ਝੂਠ ਨਹੀਂ ਬੋਲਦਾ। ਹਾਂ ਦਸੋ, ਫਿਰ ਉਹ ਕੌਣ ਸੀ?'
ਮੈਂ ਦੱਸਣਾ ਨਹੀਂ ਚਾਹੁੰਦਾ ਪਾਲ। ਇਸ ਮੁਆਮਲੇ ਵਿਚ ਮਜਬੂਰ ਹਾਂ। ਨਿਰਸੰਦੇਹ ਤੁਹਾਡੇ ਮਨ ਨੂੰ ਇਕ ਝੂਠੇ ਸ਼ੱਕ ਨਾਲ ਤਕਲੀਫ਼ ਪਹੁੰਚੀ, ਮੈਂ ਖਿਮਾਂ ਮੰਗਦਾ ਹਾਂ ਹਜ਼ਾਰ ਤਰਲੇ ਨਾਲ।
'ਬਲਬੀਰ। ਮੈਂ ਤੁਹਾਡੀ ਬਹੁਤ ਹੀ ਇੱਜ਼ਤ ਕਰਦੀ ਹਾਂ। ਤੁਸੀਂ ਇਸ ਲਈ ਮੇਰੇ ਪਾਸ ਸਤਿਨਾਮ ਦਾ ਨਾਂ ਲੈਣੋਂ ਝਿਜਕਦੇ ਹੋ ਕਿ ਉਹ ਤੁਹਾਡਾ ਦੋਸਤ ਹੈ ਅਤੇ ਆਪਣੇ ਦੋਸਤ ਦੀ ਹੈਸੀਅਤ ਨੂੰ ਕਿਸੇ ਦੀਆਂ ਨਜ਼ਰਾਂ ਵਿਚ ਗਿਰਿਆ ਨਹੀਂ ਵੇਖਣਾ ਚਾਹੁੰਦੇ। ਤੁਸੀਂ ਉਸ ਦੇ ਐਬਾਂ ਨੂੰ ਲੁਕੋ ਕੇ ਉਸ ਦੀਆਂ ਖੂਬੀਆਂ ਨੂੰ ਜ਼ਾਹਰ ਕਰਨਾ ਚਾਹੁੰਦੇ ਹੋ। ਪਰ ਯਾਦ ਰੱਖੋ, ਹੋਣੀ ਇਸ ਦੇ ਉਲਟ ਕੰਮ ਕਰ ਰਹੀ ਹੈ। ਹੋ ਸਕਦਾ ਹੈ ਸਤਿਨਾਮ ਦੀ ਜ਼ਿੰਦਗੀ ਲਈ ਤੁਸੀਂ ਆਪਾ ਵਾਰਨ ਦਾ ਵੀ ਹੀਆ ਰਖਦੇ ਹੋਵੇ, ਪਰ ਜਿਥੋਂ ਤੱਕ ਮੈਂ ਜਾਣ ਸਕੀ ਹਾਂ, ਉਸ ਦੇ ਦਿਲ ਵਿਚ ਨਾ ਤੁਹਾਡੀ ਕਦਰ ਤੇ ਨਾ ਇੱਜ਼ਤ ਹੈ। ਇਸ ਤੋਂ ਵੱਧ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਕਿ ਉਹ ਤੁਹਾਡਾ ਦੋਸਤ ਹੈ।
ਜਿਵੇਂ-ਜਿਵੇਂ ਪਾਲ ਕਹਿ ਰਹੀ ਸੀ, ਮੈਂ ਨਾਲ-ਨਾਲ ਉਸ ਦੇ ਚਿਹਰੇ ਨੂੰ ਬੜੇ ਧਿਆਨ ਨਾਲ ਵੇਖ ਰਿਹਾ ਸਾਂ। ਚਿਹਰੇ ਦਾ ਬਦਲਦਾ ਰੰਗ ਦਸ ਰਿਹਾ ਸੀ ਕਿ ਉਹ ਦੇ ਦਿਲ ਵਿਚ ਸਤਿਨਾਮ ਦੇ ਖ਼ਿਲਾਫ਼ ਕਾਫੀ ਤੋਂ ਬਹੁਤੀ ਨਫਰਤ ਹੈ, ਜਿਸ ਵਿਚ ਬਦਲੇ ਦੀ ਭਾਵਨਾ ਵੀ ਕਿਤੇ ਝਲਕਾ ਦੇਂਦੀ ਸੀ।
'ਮੇਰੀ ਖ਼ਾਤਰ ਸਤਿਨਾਮ ਬਾਰੇ ਸਭ ਕੁਝ ਭੁੱਲ ਜਾਵੋ। ਉਹ ਮੇਰਾ ਮਿੱਤਰ ਹੈ ਤੇ ਨਿਰਦੋਸ਼ ਹੈ।
ਮੈਂ ਤੁਹਾਡੇ ਕਰਕੇ ਹੀ ਵਿਚ ਪੀ ਗਈ ਹਾਂ, ਪਰ ਨਿਰਦੋਸ਼ ਉਹ ਕਦੇ ਨਹੀਂ ਹੋ ਸਕਦਾ।
'ਖੈਰ ਛੱਡੋ ਪਰੇ ਇਸ ਮੁਆਮਲੇ ਨੂੰ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਕ ਵਾਰ ਮੁਸਕਰਾਓ । ਗੁਰੂਦੇਵ ਆਖਦੇ ਹਨ, 'ਓਨਾ ਚਿਰ ਮੁਸਕਰਾਂਦੇ ਹੀ ਰਹੋ, ਜਿੰਨਾ ਚਿਰ ਤੁਸੀਂ ਨਿਰੇ ਨੂਰ ਨਹੀਂ ਬਣ ਜਾਂਦੇ। ਤੁਹਾਡੇ ਚਾਅ ਹਿਰਦੇ ਪਿੜ ਵਿਚ ਨੱਚਣ ਲਈ ਮਜਬੂਰ ਨਹੀਂ ਹੁੰਦੇ। 'ਮੁਸਕਰਾਓ, ਪਾਲ ਜੀ?'
ਪਾਲ ਮਜਬੂਰ ਮੁਸਕਰਾ ਪਈ। ਉਸ ਨੇ ਗਮ ਬਿਲਕੁਲ ਭੁਲਾ ਦਿੱਤਾ। ਮੇਰੇ ਦਿਲ ਵਿਚ ਵੀ ਇਕ ਤਰ੍ਹਾਂ ਸ਼ਾਂਤੀ ਆ ਗਈ। ਪਾਲ ਨੇ ਮੁਸਕਰਾਂਦਿਆਂ ਕਿਹਾ, 'ਮਰਦ ਇਸਤਰੀ ਤੋਂ ਕੀ ਨਹੀਂ ਕਰਵਾ ਸਕਦਾ, ਜੇ ਸੱਚੇ ਦਿਲੋਂ ਉਸ ਨੂੰ ਪਿਆਰ ਦੇਂਦਾ ਹੋਵੇ ਜਦੋਂ ਵੀ ਕੋਈ ਮਰਦ ਇਸਤਰੀ ਦੇ ਜੀਵਨ ਵਿਚ ਆਉਂਦਾ ਹੈ, ਉਹ ਸਮਝਦੀ ਹੈ, ਮੈਂ ਇਸ ਤੋਂ ਬਿਨਾਂ ਕੁਝ ਨਹੀਂ। ਉਸ ਦੇ ਇਸ਼ਾਰੇ ਨੂੰ ਹੁਕਮ ਸਮਝ ਕੇ ਪੂਰਾ ਕਰਦੀ ਹੈ। ਉਹ ਵੀ ਧੰਨ ਮਾਵਾਂ ਦੀਆਂ ਧੀਆਂ ਹਨ, ਜਿਹੜੀਆਂ ਆਪਣੀ ਸ਼ਰਮ ਤੇ ਮਾਪਿਆਂ ਦੀ ਇੱਜ਼ਤ ਨੂੰ ਕਤਲ ਕਰ ਕੇ ਆਪਣੇ ਪ੍ਰੇਮੀ ਦੇ ਨਾਲ ਨਿਕਲ ਤੁਰਦੀਆਂ ਹਨ। ਮਰਦ ਬਹੁਤ ਬੇਕਦਰੇ ਦੇਖੇ ਅਤੇ ਸੁਣੇ।
ਮੈਂ ਸਮਝ ਰਿਹਾ ਸਾਂ, ਬਿਲਕੁਲ ਚੰਗੀ ਤਰ੍ਹਾਂ ਇਹ ਸਭ ਕੁਝ ਉਸ ਦਾ ਆਪਣਾ ਗਿਲਾ ਸੀ। ਮੈਂ ਉਸ ਨੂੰ ਪੂਰਨ ਅਰਥਾਂ ਵਿਚ ਪਿਆਰ ਨਹੀਂ ਸਾਂ ਦੇ ਰਿਹਾ। ਪਰ ਫਿਰ ਵੀ ਮੈਂ ਉਸ ਨੂੰ ਚਮਕਾਉਣ ਲਈ ਕਿਹਾ, 'ਜੇ ਮਰਦ ਬੇਕਦਰੇ ਹਨ ਤਾਂ ਤੀਵੀਂ ਵੀ ਘੱਟ ਨਹੀਂ ਪਾਲ! ਉਹ ਦਿਨ ਲੰਘ ਗਏ, ਜਦੋਂ ਸੋਹਣੀਆਂ ਤੇ ਸੱਸੀਆਂ ਪੈਦਾ ਹੋਇਆ ਕਰਦੀਆਂ ਸਨ । ਅੱਜ ਦੀ ਪੰਜਾਬਣ ਤੋਂ ਏਡੇ ਵੱਡੇ ਸੁਪਨੇ ਅਸੰਭਵ ਹਨ।
'ਤੁਸੀਂ ਕਦੋਂ ਕੁ ਬਾਰਾਂ ਵਰ੍ਹੇ ਮੱਝਾਂ ਚਾਰੀਆਂ ਸਨ ਤੇ ਸੋਹਣੀ ਦਾ ਕੂੜਾ ਆਪਣੀ ਇੱਜ਼ਤ ਨੂੰ ਛਿੱਕੇ ਤੇ ਟੰਗ ਕੇ ਢੋਇਆ ਸੀ।
'ਇੱਜ਼ਤ ਵੱਡਿਆਂ ਆਦਮੀਆਂ ਦੀ ਹੁੰਦੀ ਹੈ। ਇਕ ਫਕੀਰ ਨੂੰ ਇਸ ਨਾਲ ਕੀ ਵਾਸਤਾ, ਪਰ ਜੇ ਤੁਸਾਂ ਮੱਝਾਂ ਹੀ ਚਰਵਾਉਣੀਆਂ ਹਨ, ਤਦ ਮੈਨੂੰ ਕੀ ਇਨਕਾਰ ਹੋ ਸਕਦਾ ਹੈ।
'ਤੁਸੀਂ ਬੰਦਿਆਂ ਨੂੰ ਚਾਰ ਜਾਂਦੇ ਹੋ, ਫਿਰ ਗ਼ਜ਼ਬ ਇਹ ਹੈ ਕਿ ਪਤਾ ਨਹੀਂ ਲਗਣ ਦੇਂਦੇ ।
ਮੈਂ ਕੁਝ ਕਹਿਣ ਹੀ ਲੱਗਾ ਸਾਂ ਕਿ ਦੋ ਲਾਲੇ ਅੰਦਰ ਆ ਗਏ। ਭਾਵੇਂ ਉਹ ਸਾਨੂੰ ਕੁਝ ਕਹਿ ਤਾਂ ਨਹੀਂ ਸਕਦੇ, ਪਰ ਅਸੀਂ ਫਿਰ ਵੀ ਆਜ਼ਾਦੀ ਮਾਨਣੀ ਚਾਹੁੰਦੇ ਸਾਂ। ਉਨ੍ਹਾਂ ਇਉਂ ਡੇਰੇ ਆ ਲਾਏ ਸਨ, ਜਿਵੇਂ ਆਪਣਾ ਹੀ ਘਰ ਹੁੰਦਾ ਹੈ। ਪਰ ਅਸਾਂ ਵੀ ਤੇ ਹੁਣ ਤਕ ਆਪਣਾ ਘਰ ਹੀ ਸਮਝਿਆ ਹੋਇਆ ਸੀ। ਮਨੁੱਖ ਆਪਣੀ ਖੁਦਗਰਜ਼ੀ ਵਲ ਕੋਈ ਧਿਆਨ ਨਹੀਂ ਦੇਂਦਾ। ਠੀਕ ਐਬ ਦੂਜੇ ਦੀ ਦਿਸਦੇ ਹਨ। ਮੈਂ ਪਾਲ ਨੂੰ ਉਠ ਚਲਣ ਲਈ ਸਿਰ ਦਾ ਇਸ਼ਾਰਾ ਕੀਤਾ, ਉਹ ਝਟ ਆਪਣਾ ਚਮੜੇ ਦਾ ਬੈਗ ਚੁੱਕ ਕੇ ਖਲੋ ਗਈ। ਅਸੀਂ ਲਾਲਿਆਂ ਨੂੰ ਦਸੌਰੀ ਮਾਲ ਦੀ ਬਹਿਸ ਲਈ ਇਕੱਲ੍ਹੇ ਕਰ ਆਏ। ਪਲੇਟਫਾਰਮ ਤੋਂ ਦੀ ਹੁੰਦੇ ਹੋਏ ਪਾਣੀ ਦੇ ਨਲਕੇ ਕੋਲ ਆ ਗਏ। ਜਿਥੇ ਇੰਜਣ ਨਾਲ ਪਾਣੀ ਉਤਾਹਾਂ ਟੈਂਕੀ ਵਿਚ ਚੜ੍ਹਾਇਆ ਜਾਂਦਾ ਸੀ। ਕੋਲ ਹੀ ਤਾਰ ਦੇ ਵਲਗਣ ਵਿਚ ਸੁਹਣਾ ਘਾਹ ਤੇ ਟਾਹਲੀਆਂ ਦੀ ਛਾਂ ਸੀ । ਸਦਾ ਬਹਾਰ ਗੁਲਾਬ ਵੀ ਖਿੜਿਆ ਹੋਇਆ ਸੀ । ਅਸੀਂ ਦੁਪਹਿਰੇ ਹੋਰ ਕਿਤੇ ਜਾਣਾ ਚੰਗਾ ਨਾ ਸਮਝਿਆ ਅਤੇ ਉਸ ਵਲਗਣ ਵਿਚ ਟਾਹਲੀਆਂ ਦੀ ਢੋਅ ਲਾ ਕੇ ਛਾਵੇਂ ਬਹਿ ਗਏ। ਥੋੜ੍ਹੀ ਦੂਰ ਰੇਲ ਦੀ ਲੀਹ ਤੋਂ ਆਦਮੀ ਲੰਘਦੇ ਰਹੇ।
ਮੈਂ ਕੁਝ ਯਾਦ ਕਰਕੇ ਕਿਹਾ, 'ਮੈਂ ਮਿਲਟਰੀ ਵਿਚ ਭਰਤੀ ਹੋਣਾ ਚਾਹੁੰਦਾ ਹਾਂ।
'ਕਿਉਂ?।‘
'ਘਰ ਦੇ ਮਜਬੂਰ ਕਰਦੇ ਹਨ।
'ਤੁਸੀਂ ਤੇ ਘਰਦਿਆਂ ਦੀ ਪਰਵਾਹ ਨਹੀਂ ਸੀ ਕਰਦੇ?'
'ਉਹਨਾਂ ਰਿਸ਼ਤੇਦਾਰਾਂ ਦੇ ਰਾਹੀਂ ਮੇਰੇ ਤੇ ਜ਼ੋਰ ਪਾ ਦਿੱਤਾ ਹੈ ਕਿ ਮੈਂ ਥੋੜ੍ਹੇ ਚਿਰ ਲਈ ਪਿੰਡ ਛੱਡ ਜਾਵਾਂ।
'ਇਹ ਸਲਾਹ ਤੇ ਮੈਂ ਵੀ ਦਿੰਦੀ ਹਾਂ ਕਿ ਪਿੰਡ ਨਾ ਰਹੋ, ਪਰ ਕੀ ਫ਼ੌਜੀ ਸਰਵਸ ਬਿਨਾਂ ਹੋਰ ਕੋਈ ਨੌਕਰੀ ਨਹੀਂ ਮਿਲ ਸਕਦੀ?'
'ਮਿਲ ਸਕਦੀ ਹੈ, ਪਰ ਮੈਂ ਇਕ ਸਿਪਾਹੀ ਬਣ ਕੇ ਮੋਰਚੇ ਤੇ ਮਨੁੱਖਤਾ ਨੂੰ ਵਹਿਸ਼ੀਆਂ ਵਾਂਗ ਲੜਦਿਆਂ ਵੇਖਣਾ ਚਾਹੁੰਦਾ ਹਾਂ। ਤੁਸੀਂ ਕਿਸ ਕਾਰਨ ਆਖਦੇ ਹੋ ਕਿ ਮੈਂ ਆਪਣੇ ਪਿਆਰੇ ਪਿੰਡੋਂ ਨਿਕਲ ਜਾਵਾਂ ?'
'ਮੈਨੂੰ ਸਤਿਨਾਮ ਨੇ ਹੀ ਦਸਿਆ ਸੀ, ਉਹ ਆਖਦਾ ਸੀ ਕਿ ਬਲਬੀਰ ਜਾਣ ਬੁਝ ਕੇ ਪਾਰਟੀ-ਬਾਜ਼ੀ ਵਿਚ ਆ ਰਿਹਾ ਹੈ।
'ਕੀ ਸਤਿਨਾਮ ਮੇਰੀ ਬਾਬਤ ਇਹ ਕੁਝ ਕਹਿ ਰਿਹਾ ਹੈ ?
'ਇਸ ਗੱਲ ਤੇ ਹੀ ਬਸ ਨਹੀਂ, ਉਹ ਅਸੂਲ ਹੀ ਹੱਦ ਨੂੰ ਵੀ ਪਾਰ ਕਰ ਗਿਆ ਹੈ। ਏਥੋਂ ਤਕ ਕਿ ਇਕ ਦੋਸਤ ਦੀ ਪਿਆਰੀ ਚੀਜ਼ ਨੂੰ ਖੋਹ ਲੈਣ ਲਈ ਕਾਹਲਾ ਹੈ।"
'ਕਾਸ਼! ਉਹ ਦੋਸਤ ਮੈਂ ਹੋਵਾਂ। ਆਪਣੀ ਹਰ ਪਿਆਰੀ ਚੀਜ਼ ਨਾਲ ਉਸ ਦੀ ਜ਼ਿੰਦਗੀ ਨੂੰ ਪੂਰਨ ਕਰ ਸਕਾਂ, ਭਾਵੇਂ ਮੈਂ ਬਰਬਾਦ ਹੀ ਹੋ ਜਾਵਾਂ। ਮਨੁੱਖ ਅਸੂਲ ਦਾ ਓਦੋਂ ਤਿਆਗ ਕਰਦਾ ਹੈ, ਜਦੋਂ ਉਸ ਦੇ ਅੰਦਰ ਥੁੜ੍ਹ ਜੀਵਨ ਨੂੰ ਕਾਫ਼ੀ ਊਣਾ ਕਰ ਗਈ ਹੋਵੇ। ਹਰ ਡਾਕੂ ਤੇ ਚੋਰ ਦੀ ਚੰਗੇ ਸਮੇਂ ਜੇ ਮਦਦ ਕੀਤੀ ਜਾਵੇ, ਉਹ ਮਨੁੱਖਤਾ ਨਾਲੋਂ ਵਫ਼ਾ ਦਾ ਨਾਤਾ ਨਾ ਤੋੜੇ।'
'ਮੈਨੂੰ ਤੁਹਾਡੀਆਂ ਇਨ੍ਹਾਂ ਖੂਬੀਆਂ ਨੇ ਮੋਹ ਕੇ ਕਿਸੇ ਥਾਂ ਜੋਗੀ ਨਹੀਂ ਛੱਡਿਆ। ਮੈਂ ਤੁਹਾਡੀ ਕਾਫ਼ੀ ਇੱਜ਼ਤ ਕਰਦੀ ਹਾਂ, ਪਰ ਮੈਥੋਂ ਪਾਗਲਪੁਣੇ ਵਿਚ ਸੁੱਤੇ ਸਿੱਧ ਬੇ-ਅਦਬੀਆਂ ਵੀ ਹੋ ਜਾਂਦੀਆਂ ਹਨ।'
'ਸਤਿਕਾਰ ਅਵਸਥਾ ਵੇਲੇ ਪਿਆਰ ਵਿਚ ਸ਼ੱਕ ਰਹਿ ਜਾਵੇ ਤਾਂ ਵੱਡੀ ਗੱਲ ਨਹੀਂ, ਪਰ ਜਦੋਂ ਇਸ ਨੂੰ ਟੱਪ ਕੇ ਬੇ-ਅਦਬੀਆਂ ਆਪਣਾ ਪਾਰਟ ਸ਼ੁਰੂ ਕਰਦੀਆਂ ਹਨ, ਓਦੋਂ ਕੋਈ ਵੀ ਜ਼ਰਾ ਭਰ ਵਿਖਮਤਾ ਨਹੀਂ ਰਹਿੰਦੀ। ਇਸਤਰੀ ਭਾਵੇਂ ਸਿਆਣਪ ਦੀ ਚੋਟੀ ਤਕ ਪਹੁੰਚ ਜਾਵੇ, ਪਰ ਭੁੱਲਾਂ ਕਰਨੋਂ ਨਹੀਂ ਰੁਕ ਸਕਦੀ। ਇਸ ਨੂੰ ਉਸ ਦੀ ਕਮਜ਼ੋਰੀ ਨਹੀਂ ਕਹਿ ਸਕਦੇ ।
'ਕੀ ਇਸਤਰੀ ਭੁੱਲਾਂ ਕਰਦੀ ਹੈ ?'
'ਨਹੀਂ ਅਦਾਵਾਂ ਭਰੇ ਵਤੀਰੇ ਨਾਲ ਇਕ ਪ੍ਰੇਮੀ ਮਨ ਨੂੰ ਬੇਵਸ ਕਰਦੀ ਹੈ।
'ਹੱਛਾ ਮਰਦ ਕੀ ਕਰਦੇ ਹਨ ?'
'ਉਹਨਾਂ ਅਦਾਵਾਂ ਨੂੰ ਦਿਲ ਵਿਚ ਜ਼ਖ਼ਮ ਬਣਾ ਕੇ ਛੁਪਾ ਲੈਂਦੇ ਹਨ।
'ਹੋਰ?'
'ਹੋਰ ਬੀਮਾਰ ਹਾਲਤ ਵਿਚ ਕਬਰ ਤਕ ਪੁੱਜ ਜਾਂਦੇ ਹਨ।
ਪਾਲ ਨੇ ਵਟ ਕੇ ਮੁੱਕੀ ਮੇਰੇ ਪੈਰ ਤੇ ਮਾਰੀ। ਹਾਇ ਕਹਿੰਦਾ ਮੇਰਾ ਮੂੰਹ ਖੁਲ੍ਹ ਗਿਆ। ਅਸੀ ਦੋਵੇਂ ਹੱਸ ਪਏ। ਹਾਸੇ ਵਿਚ ਉਭਰਦੀਆਂ ਉਸ ਦੀਆਂ ਛਾਤੀਆਂ ਨੇ ਮੇਰੇ ਖ਼ਿਆਲਾਂ ਨੂੰ ਬੁਰੀ ਤਰ੍ਹਾਂ ਰੋਲ ਸੁੱਟਿਆ।
'ਅਜਿਹੇ ਸੁਹਣੇ ਵਾਕਾਂ ਨਾਲ ਹੀ ਇਕ ਭੋਲੀ ਇਸਤਰੀ ਦੇ ਦਿਲ ਨੂੰ ਮਰਦ ਜਿਤਦਾ ਹੈ। ਵਾਸਤਵ ਵਿਚ ਮਰਦ ਇਕ ਧੋਖੇ ਦਾ ਜਾਲ ਵਿਛਾ ਕੇ ਅੰਜਾਣ ਬੁਲਬੁਲ ਨੂੰ ਫਾਹੁੰਦਾ ਹੈ।
'ਪ੍ਰਿਯਾ! ਇਹ ਨਾ ਆਖੋ। ਮਰਦ ਜੇ ਪਿਆਰ ਵਿਚ ਇਸਤਰੀ ਦੀ ਪੂਜਾ ਲਈ ਮਜਬੂਰ ਹੈ ਤਦ ਇਸ ਦਾ ਇਹ ਮਤਲਬ ਨਹੀਂ, ਮਰਦ ਐਨਾ ਧੋਖੇਬਾਜ਼ ਹੈ।'
'ਪਰ ਨਹੀਂ, ਬਲਬੀਰ! ਮਰਦ ਜ਼ਰੂਰ ਹੀ ਇਸਤਰੀ ਨੂੰ ਠੱਗਦਾ ਹੈ ।‘
ਜਿਹੜਾ ਕਿਸੇ ਨੂੰ ਠੱਗਦਾ ਹੈ, ਉਹ ਆਪ ਵੀ ਠਗਿਆ ਜਾਂਦਾ ਹੈ। ਇਸਤਰੀ ਮਰਦ ਨੂੰ ਖ਼ੁਆਰ ਕਰਦੀਆਂ ਹਨ। ਪਰ ਮੈਂ ਸਮਝਦਾ ਹਾਂ, ਨਾ ਉਹ ਇਸਤਰੀਆਂ ਹਨ ਨਾ ਉਹ ਮਰਦ। ਲਾਲਚ ਤੇ ਨਫਸ ਵਿਚ ਅੰਨ੍ਹੇ ਹੋਏ ਹੈਵਾਨ ਹਨ। ਅਸਲੀ ਇਸਤਰੀ ਮਰਦ ਇਕ ਦੂਜੇ ਤੋਂ ਵੱਖ ਕੁਝ ਨਹੀਂ। ਮੇਰੇ ਗੁਰੂਦੇਵ ਇਸਤਰੀ ਮਰਦ ਬਾਬਤ ਕਿੰਨਾ ਸੋਹਣਾ ਆਖਦੇ ਹਨ :-
'ਮਰਦ ਸ਼ਾਇਰ ਤੇ ਇਸਤਰੀ ਕਵਿਤਾ।
ਕੁਦਰਤ ਸਾਜ ਤੇ ਸਮਾਂ ਮਿਜਰਾਬ।
ਇਸਤਰੀ ਮਰਦ ਦਾ ਸਾਂਝਾ ਅਮਲ, ਨਗਮਾ,
ਜ਼ਿੰਦਗੀ ਸਰੂਰ ਵਿਚ ਮਸਤ ਤੇ ਬੇਹੋਸ਼ ਅਨੰਦਮਯ।'
'ਮੈਂ ਤੁਹਾਡੇ ਗੁਰੂਦੇਵ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ ਤੇ ਉਨ੍ਹਾਂ ਦਾ ਅਸ਼ੀਰਵਾਦ ਲੈਣਾ ਚਾਹੁੰਦੀ ਹਾਂ। ਉਹ ਭਗਵਾਨ ਰੂਪ ਵਿਚ ਕਿੰਨੇ ਚੰਗੇ ਤੇ ਪਿਆਰੇ ਹੋਣਗੇ।'
'ਉਹਨਾਂ ਦੀ ਸ਼ਕਲ ਸਧਾਰਨ ਆਦਮੀਆਂ ਵਰਗੀ ਹੀ ਹੈ, ਪਰ ਪ੍ਰਿਆ ਸ਼ਕਲਾਂ ਚੰਗੀਆਂ ਨਹੀਂ ਹੁੰਦੀਆਂ, ਪਿਆਰੀਆਂ ਕੇਵਲ ਰੂਹਾਂ ਹੀ ਹੁੰਦੀਆਂ ਹਨ। ਉਨ੍ਹਾਂ ਦੀ ਪੂਰਨ ਰੂਹ ਤੁਹਾਡੇ ਸਾਹਮਣੇ ਹੈ।
ਪਾਲ ਨੇ ਸਤਿਕਾਰ ਨਾਲ ਹੱਥ ਜੋੜਦਿਆਂ ਮੇਰੇ ਪੈਰ ਛੋਹਣੇ ਚਾਹੇ। ਪਰ ਮੈਂ ਉਸ ਦੇ ਹੱਥ ਫੜ ਲਏ। ਮੇਰੇ ਹਾਸੇ ਨਾਲ ਉਸ ਦਾ ਹਾਸਾ ਨਿਕਲ ਗਿਆ।
'ਪਾਲ ਜੀ! ਮੈਂ ਤੁਹਾਥੋਂ ਕੁਝ ਪੁਛਣਾ ਚਾਹੁੰਦਾ ਹਾਂ।
'ਜੋ ਜੀ ਆਵੇ ਪੁੱਛੋ।'
'ਉਸ ਦਿਨ ਮੈਂ ਤੁਹਾਡੀ ਕਹਾਣੀ ਬੜੇ ਧਿਆਨ ਨਾਲ ਸੁਣੀ ਸੀ । ਤੁਹਾਡੇ ਪਿਛੋਂ ਹੁਣ ਤਕ ਕਾਫੀ ਵਿਚਾਰਦਾ ਰਿਹਾ ਹਾਂ । ਤੁਸਾਂ ਓਥੇ ਬੜਾ ਕੁਝ ਕੀਤਾ, ਪਰ ਅਫਸੋਸ ਕੋਈ ਮੁੱਲ ਨਾ ਪਿਆ। ਭਲਾ ਜੇ ਤੁਹਾਡੀ ਜ਼ਿੰਦਗੀ ਵਿਚ ਫਿਰ ਓਨਾ ਹੀ ਕੰਮ ਆ ਜਾਵੇ, ਕੀ ਤੁਸੀਂ
ਕਰ ਸਕੋਗੇ?"
'ਮਰਦ ਇਸਤਰੀ ਨੂੰ ਸੱਚੇ ਦਿਲੋਂ ਪਿਆਰ ਦੇਵੇ, ਫਿਰ ਕੰਮ ਉਸ ਨੂੰ ਕਦੇ ਨਹੀਂ ਥਕਾ ਸਕਦੇ। ਪਿਆਰ ਹੀ ਇਸਤਰੀ ਦੇ ਜਿਊਂਦੇ ਰਹਿਣ ਦਾ ਅਸਲ ਸਹਾਰਾ ਹੈ।‘
''ਪਿਆਰ ਹੀ ਨਹੀਂ ਉਹ ਵਾਯੂਮੰਡਲ ਵਿਚ ਤੇਰੇ ਕੰਮ ਦੀ ਕਦਰ ਵੀ ਹੋਵੇਗੀ। ਥੱਕ ਕੇ ਡਿੱਗ ਰਹੇ ਸਰੀਰ ਨੂੰ ਸਾਂਭਣ ਲਈ ਇਕ ਗਭਰੂ ਦੀਆਂ ਫ਼ੌਲਾਦ ਵਰਗੀਆਂ ਬਾਹਵਾਂ ਹੋਣਗੀਆਂ।
ਫਿਰ ਤੇ ਭਾਵੇਂ ਮੈਨੂੰ ਸੂਲੀ ਤੇ ਟੰਗ ਦੇਵੋ, ਉਸ ਵਿਚ ਵੀ ਇਕ ਸਵਾਦ ਮਾਣਾਂਗੀ।'
'ਪਾਲ। ਜੀਵਨ ਦੀ ਗੁੰਝਲ ਹੱਲ ਹੁੰਦੀ ਨਹੀਂ ਦਿਸਦੀ ਮਨ ਕੁਝ ਚਾਹੁੰਦਾ ਹੈ, ਪਰ ਕਰਵਾਇਆ ਮੈਥੋਂ ਕੁਝ ਹੋਰ ਜਾ ਰਿਹਾ ਹੈ।
'ਪਰ ਤੁਸੀਂ ਤੇ ਗੁਰੂਦੇਵ ਦੀ ਰੂਹ ਹੋ।
'ਮੈਂ ਮੁਸਕਰਾ ਪਿਆ। ਇਹ ਇਸਤਰੀ ਦਿਲ ਦੀ ਵੱਡੀ ਸਿਫਤ ਹੈ, ਜੋ ਆਦਮੀ ਦੇ ਡੋਲਦੇ ਮਨ ਜਾਂ ਖਿਚੋਤਾਣ ਵੇਲੇ ਮੌਕੇ ਤੇ ਸਾਹਸ ਦੇ ਕੇ ਉਸ ਨੂੰ ਦੂਣਾ ਕਰਦੀ ਹੈ।
'ਤੇਰੇ ਗੁਣ ਮੇਰੀਆਂ ਸਿਫ਼ਤਾਂ ਤੋਂ ਕਿਤੇ ਉੱਚੇ ਹਨ ਬਲ।'
'ਇਹ ਅਸੰਭਵ ਹੈ। ਅੱਜ ਤਕ ਇਸਤਰੀ ਨੇ ਆਪਣਾ ਰਾਹ ਕੋਈ ਨਹੀਂ ਬਣਾਇਆ। ਜੋ ਕੁਝ ਮਰਦ ਨੇ ਪੈਦਾ ਕੀਤਾ ਉਸ ਨੂੰ ਸਾਂਭਣ ਦੇ ਯਤਨ ਵਿਚ ਹੀ ਰਹੀ।'
'ਤੇਰੇ ਕਹਿਣ ਵਿਚ ਭੁਲੇਖਾ ਹੈ, ਕਿਉਂਕਿ ਇਸਤਰੀ ਨੇ ਮਨੁੱਖ ਤੋਂ ਘਟ ਕਾਢਾਂ ਨਹੀਂ ਕੱਢੀਆਂ। ਘਰੋਗੀ ਕੰਮਾਂ ਵਿਚ ਸਾਰੀਆਂ ਕਾਢਾਂ ਅਜ ਤਕ ਇਸਤਰੀ ਦਿਮਾਗ ਵਿਚੋਂ ਹੀ ਨਿਕਲੀਆਂ ਹਨ। ਨਗਮੇ ਜਿਹੀ ਪਿਆਰੀ ਤੇ ਮਿੱਠੀ ਕਲਾ ਨੂੰ ਜਨਮ ਦੇਣ ਵਾਲੀ ਇਸਤਰੀ ਹੈ। ਕਹਿੰਦੇ ਹਨ, ਪਹਿਲੋਂ ਇਸਤਰੀ ਮਰਦ ਦਾ ਜੋੜਾ ਸਮੁੰਦਰ ਕੰਢੇ ਇਕ ਖੜ੍ਹੇ ਭਰਪੂਰ ਵਾਦੀ ਵਿਚ ਵਸਦਾ ਸੀ। ਮਰਦ ਜਦੋਂ ਸਮੁੰਦਰ 'ਚੋਂ ਮੱਛੀਆਂ ਫੜਨ ਚਲਿਆ ਜਾਂਦਾ, ਤੇ ਸ਼ਾਮ ਤਕ ਵਾਪਸ ਨਾ ਆਉਂਦਾ, ਤਦ ਤੀਵੀਂ ਬੇਕਰਾਰ ਹੋ ਜਾਂਦੀ। ਬਾਹਰ ਨਿਕਲ ਕੇ ਉਸ ਨੂੰ ਵੇਖਦੀ, ਪਰ ਉਹ ਕਿਤੇ ਨਜ਼ਰ ਨਾ ਆਉਂਦਾ ਫੁੱਲਾਂ ਨੂੰ ਵੇਖ ਕੇ ਆਪ ਹੀ ਹੱਸ ਪੈਂਦੀ, ਜਦੋਂ ਪੰਛੀਆਂ ਨੂੰ ਬੋਲਦਿਆਂ ਸੁਣਦੀ, ਉਸ ਨੂੰ ਇਉਂ ਜਾਪਦਾ ਜਿਵੇਂ ਉਸ ਦਾ ਦਿਲ ਪੰਛੀਆਂ ਦੀਆਂ ਬੋਲੀਆਂ ਵਿਚ ਵੰਡਿਆ ਗਿਆ ਹੈ। ਬੇਕਰਾਰੀ ਵਿਚ ਉਠਿਆ ਦਰਦ ਪੰਛੀਆਂ ਵਾਂਗ ਗੁਣਗੁਣਾਉਣ ਲਗਦਾ। ਇਹ ਇਸਤਰੀ ਦੀਆਂ ਪਹਿਲੀਆਂ ਗੁੰਗੀਆਂ ਸੁਰਾਂ ਸਨ, ਸ਼ਬਦ ਭਾਵਾਂ ਤੋਂ ਹੀਣ। ਸ਼ਬਦ ਕਈ ਸਦੀਆਂ ਪਿਛੋਂ ਨਗਮੇ ਵਿਚ ਨਿਖਰੇ। ਇਹ ਪ੍ਰਾਚੀਨ ਕਹਾਣੀ ਜਾਹਿਰ ਕਰਦੀ ਹੈ ਕਿ ਕਵਿਤਾ ਨਗਮੇਂ ਤੋਂ ਪਿਛੋਂ ਪੈਦਾ ਹੋਈ ਹੈ।
'ਤਦ ਫਿਰ ਇਸਤਰੀ ਕਵਿਤਾ ਤੇ ਮਰਦ ਨਗਮਾ ਹੀ ਹੋਇਆ ਨਾ ?'
'ਤੁਸੀਂ ਇਸ ਭਾਵ ਤੋਂ ਕਿਤੇ ਸਿਆਣੇ ਹੋ, ਮੈਂ ਇਸ ਦੀ ਕੋਈ ਵਿਥਿਆ ਨਹੀਂ ਕਰ ਸਕਦਾ।
'ਤੇਰੀ ਮਿਹਰਬਾਨੀ।'
ਹੱਛਾ ਫਿਰ ਨਗਮਾ ਜੀ! ਕੁਝ ਗਾ ਕੇ ਵੀ ਸੁਣਾਇਆ ਜਾਵੇ।
'ਅੱਜ ਦਾ ਨਗਮਾ ਕਵਿਤਾ ਵਿਚ ਕੈਦ ਹੋ ਚੁੱਕਾ ਹੈ। ਮਰਦ-ਮੂੰਹ ਗਾਉਂਦਾ ਓਹੀ ਸ਼ੋਭਾ ਨਹੀਂ ਦੇਂਦਾ, ਜਿੰਨਾ ਔਰਤ-ਮੂੰਹ।
ਇਸ ਦਾ ਮਤਲਬ ਇਹ ਕਿ ਤੁਸੀਂ ਸਿਧੀ ਤਰ੍ਹਾਂ ਇਨਕਾਰ ਕਰਨ ਦੀ ਥਾਂ ਵਲ ਪਾ ਕੇ ਗਲੋਂ ਗਲਾਵਾਂ ਲਾਹੁੰਣਾ ਚਾਹੁੰਦੇ ਹੋ।
'ਪ੍ਰਿਆ ਡਾਢਾ ਕਰੜਾ ਹੁਕਮ ਪ੍ਰੇਮੀ ਦੀ ਜਾਨ ਕੱਠੀ ਕਰ ਦੇਂਦਾ ਹੈ। ਲਓ ਸੁਣੋ-
ਜੇ ਮੇਰੇ ਪਿੰਜਰ ਦਾ ਇਕ ਸਾਜ ਬਣ ਜਾਏ।
ਤੇਰੀ ਉਪਮਾ ਤੇਰਾ ਰੂਪ, ਮੇਰੀ ਤਾਰ ਤਾਰ ਗਾਏ।
ਤਾਰਾਂ ਦੀ ਟੁੰਕਾਰ ਅਨਹਦ, ਜੀਵਨ ਨੂੰ ਮੇਰੇ ਬਦਲੇ,
ਮਸਤੀ ਦੇ ਮੂੰਹੋਂ ਧੀਰੇ, ਮਾਧਵ ਸੰਗੀਤ ਨਿਕਲੇ,
ਤੇਰੇ ਗੀਤਾਂ ਦੀ ਲਯ, ਮੇਰੇ ਰੋਮਾਂ 'ਚ ਰਚ ਜਾਏ।
ਇਹ ਮੁਰਦੇ 'ਚ ਜਾਨ ਪੈ ਜਾਏ।
ਜੇ ਮੇਰੇ ਪਿੰਜਰ ਦਾ ਇਕ ਸਾਜ ਬਣ ਜਾਏ।
ਜਿੰਦਗੀ ਹੀ ਤੇਰੀ ਆਵਾਜ਼ ਬਣ ਜਾਏ।
ਰੇਲ ਦੀ ਲੀਹ ਤੋਂ ਦੀ ਸਤਿਨਾਮ ਦੇ ਚੁਬਾਰੇ ਕੋਲ ਰਹਿਣ ਵਾਲਾ ਇਕ ਮੋਟਰ ਡਰਾਈਵਰ ਸਾਡੇ ਵਲ ਵੇਖ ਕੇ ਇਕ ਖਚਰੀ ਹਾਸੀ ਹਸਦਿਆਂ ਲੰਘਿਆ। ਸਾਡੀ ਰੰਗ ਮਸਤੀ ਪਹਿਲਾਂ ਵਾਂਗ ਉਸੇ ਤਰ੍ਹਾਂ ਅਡੋਲ ਰਹੀ, ਪਰ ਪਾਲ ਇਕ ਵਾਰ ਹੀ ਬੋਲ ਪਈ-
'ਜੇ ਤੇਰੀ ਬਣ ਜਾਵਾਂ,
ਚੁੱਪ ਸਾਜਾਂ ਦੀਆਂ ਤਾਰਾਂ ਵਿਚੋਂ। ਰੂਹ ਬਣ ਬਣ ਕੇ ਗਾਵਾਂ
ਆਖ ਸਕੇ ਕੀ ਹਿਰਦਾ ਕਮਲਾ,
ਮਰਦ ਪਛਾਣੇ ਮੂਲ ਨਾ ਤਰਲਾ।
ਪੱਤਝੜ ਵਰਗਾ ਦਿਲ ਵੀਰਾਨਾ, ਛੋਹ ਕੇ ਸਵਰਗ ਬਣਾਵਾਂ।
ਜੇ ਤੇਰੀ ਬਣ ਜਾਵਾਂ।
ਪਾਲ ਦੀਆਂ ਮੰਗਾਂ ਇਕ ਸਮੇਂ ਤੋਂ ਕਿਸੇ ਵਿਸ਼ੇਸ਼ ਪਿਆਰ ਨੂੰ ਉਡੀਕ ਰਹੀਆਂ ਸਨ। ਭਾਵੇਂ ਮੈਂ ਸਭ ਸਮਝਦਾ ਸੀ, ਪਰ ਪਾਲ ਲਈ ਇਕ ਬਾਲਕ ਸਾਂ। ਮਾਨਵ ਪਿਆਰ ਦੀ ਅਸਲੀਅਤ ਗੁਰੂਦੇਵ ਸ਼ਬਦਾਂ ਵਿਚ ਬਿਲਕੁਲ ਥੋਥੀ ਤੇ ਕੂੜੀ ਸੀ। ਗੁਰੂਦੇਵ ਦੇ ਭਾਵ ਆਵੇਸ਼ ਵਿਚ ਮੈਂ ਪਾਲ ਨੂੰ ਦੂਰ ਛੱਡ ਜਾਂਦਾ ਸੀ । ਪਾਲ ਦੀ ਪ੍ਰੀਤ ਯਾਦ ਵਿਚ ਗੁਰੂਦੇਵ ਸੁਨੇਹੇ ਭੁਲਦੇ ਤੇ ਮੁੜ ਚੇਤੇ ਆਉਂਦੇ ਸਨ-
'ਹੱਡ ਚੰਮ ਦੇ ਪਿਆਰ ਦਾ ਨਾਤਾ ਕਾਮ ਦਾ ਇਕ ਉਛਾਲਾ ਹੈ;
ਜਿਹੜਾ ਜਵਾਨੀ ਦੇ ਲਹੂ ਨਾਲ ਜਿਉਂਦਾ ਤੇ ਮਰਦਾ ਹੈ।
ਬਰਸਾਤੀ ਨਦੀਆਂ ਆਪਣੇ ਕਿਨਾਰੇ ਤੋੜ ਕੇ
ਵਸਤੀਆਂ ਨੂੰ ਵੀ ਬਰਬਾਦ ਕਰਦੀਆਂ ਹਨ।
ਜਵਾਨੀ ਦੇ ਢਲਦੇ ਪ੍ਰਛਾਵੇਂ,
ਪਿਆਰ ਦੀ ਰਾਹ ਦੇ ਨਰਕ-ਸੀਨ ਦਰਸਾਂਦੇ ਹਨ।
ਜਿਹੜਾ ਆਪਣੀ ਉਡੀਕ ਤੋਂ ਕਾਹਲਾ ਹੈ,
ਨਿਰਸੰਦੇਹ ਉਸ ਦੇ ਅਮਲ ਕਬਰਾਂ ਪੁਟ ਰਹੇ ਹਨ।
ਫਰਜਾਂ ਦੀ ਫ਼ਤਹਿ ਮਨੁੱਖ ਦਾ
ਕੁਦਰਤੀ ਅਰਾਮ ਟਿਕਾਣਾ ਹੋਵੇਗਾ।'
- ਗੁਰੂਦੇਵ
‘ਕੀ ਸੋਚਦੇ ਹੋ ਬਲਬੀਰ?’
ਮੇਰੀ ਸੋਚ ਮੇਰੇ ਨਾਲ ਹੀ ਸਬੰਧ ਰਖਦੀ ਹੈ, ਤੁਹਾਨੂੰ ਦਸਣ ਵਿਚ ਮੈਂ ਕੋਈ ਫ਼ਾਇਦਾ ਨਹੀਂ ਸਮਝਦਾ।
'ਚੰਗਾ ਮਹਾਰਾਜਾ ਜੀ! ਨਾ ਦੱਸੋ।‘
'ਬਸ, ਕਰ ਲਿਆ ਨਿੱਕੀ ਜਿਹੀ ਗੱਲ ਤੋਂ ਰੋਸਾ। ਤੀਵੀਂ ਰੁਸਦੀ ਵੀ ਬੜੀ ਛੇਤੀ ਹੈ ਤੇ ਮੰਨਦੀ ਵੀ ਬੜੀ ਛੇਤੀ। ਜਿਹੜੀ ਗੱਲ ਮਰਦ ਨਾ ਮੰਨੇ, ਉਸਨੂੰ ਰੋ ਕੇ ਜਾਂ ਹੱਸ ਕੇ ਮਨਾ ਲੈਣਾ ਉਸ ਲਈ ਕੋਈ ਵੱਡੀ ਗੱਲ ਨਹੀਂ। ਨੀਤੀਵੇਤਾ, ਰੋਣਾ ਤੇ ਹੱਸਣਾ ਤੀਵੀਂ ਦੇ ਦੋ ਵੱਡੇ ਹਥਿਆਰ ਮੰਨਦੇ ਹਨ, ਪਰ ਮੈਨੂੰ ਤੇ ਉਸ ਦੀ ਹਰ ਅਵਸਥਾ ਇਕ ਨਾਚ ਕ੍ਰਿਸ਼ਮਾ ਹੀ ਦਿਸਦਾ ਹੈ। ਵੇਖੋ ਨਾ ਕੀ ਮਿੱਠਾ ਰੋਸ ਹੈ। 'ਚੰਗਾ ਜੀ, ਨਾ ਦਸੋ'। ਇਹ 'ਨਾ ਦਸੋ' ਦਾ ਭਾਵ ਨਹੀਂ ਪ੍ਰਗਟ ਕਰਦਾ ਸਗੋਂ ਮਰਦ ਤੇ ਇਕ ਤਕੜਾ ਹਮਲਾ ਹੈ, ਜਿਸ ਨਾਲ ਉਹ ਕੁਝ ਵੀ ਲਕੋ ਕੇ ਨਹੀਂ ਰੱਖ ਸਕਦਾ।
'ਬਾਬਾ ਖਹਿੜਾ ਛੱਡੋ, ਜਿਸ ਚੀਜ਼ ਨੂੰ ਫੜਦੇ ਹੋ ਅਸਮਾਨ ਚੜ੍ਹਾ ਕੇ ਛੱਡਦੇ ਹੋ।
ਪਾਲ ਆਪਣੇ ਬੈਗ ਵਿਚੋਂ ਕੁਝ ਟੋਲ ਰਹੀ ਸੀ, ਫਿਰ ਉਸ ਇਕ ਚਿੱਟੀ ਜਿਹੀ ਗੋਲੀ ਮੂੰਹ ਵਿਚ ਪਾ ਲਈ। ਇਕ ਚਿੱਠੀ ਕੱਢਦਿਆਂ ਉਸ ਕਿਹਾ, 'ਇਹ ਤੁਹਾਡੀ ਚਿੱਠੀ ਐਸ. ਡੀ.ਓ. ਸਾਹਿਬ ਵੀ ਪੜ੍ਹ ਚੁੱਕੇ ਹਨ।‘
'ਉਨ੍ਹਾਂ ਨੂੰ ਤੂੰ ਦਿੱਤੀ ਸੀ ?'
'ਨਹੀਂ, ਕਈ ਇਕ ਕਾਗਜ਼ਾਂ ਤੇ ਉਨ੍ਹਾਂ ਦੇ ਦਸਖ਼ਤ ਕਰਵਾਉਣੇ ਸਨ। ਬੈਗ ਵਿਚੋਂ ਇਹ ਵੀ ਬਾਹਰ ਨਿਕਲ ਪਈ। ਮੈਨੂੰ ਪਤਾ ਤੱਕ ਨਾ ਲੱਗਾ, ਜਦ ਉਨ੍ਹਾਂ ਪਰੇ ਹੋ ਕੇ ਇਹ ਸਾਰੀ ਪੜ੍ਹ ਲਈ, ਫਿਰ ਮੈਨੂੰ ਚਿੱਠੀ ਦਿੰਦਿਆਂ ਕਿਹਾ, 'ਇਹ ਮੁੰਡਾ ਕੌਣ ਹੈ ?' ਮੈਂ ਸੱਚ ਦਸ ਦਿੱਤਾ, ਇਸ ਤੋਂ ਅੱਗੇ ਉਨ੍ਹਾਂ ਕੁਝ ਨਾ ਪੁਛਿਆ, ਪਰ ਮੈਨੂੰ ਬੜੀ ਹੀ ਸ਼ਰਮ ਆਈ।
'ਸਮਾਂ ਹੀ ਅਜਿਹਾ ਸੀ ।
ਉਸ ਨੇ ਚਿੱਠੀ ਆਪਣੇ ਬੈਗ ਵਿਚ ਰੱਖ ਲਈ। ਮੁੜ ਉਹ ਬੈਗ ਤੇ ਸਿਰ ਰਖ ਕੇ ਘਾਹ
’ਤੇ ਲੰਮੀ ਪੈ ਗਈ। ਹਵਾ ਨਾਲ ਉਸ ਦੀ ਸਾੜ੍ਹੀ ਸਿਰ ਤੋਂ ਲਹਿ ਗਈ। ਉਸ ਦੀਆਂ ਛਾਤੀਆਂ ਦਾ ਉਭਾਰ ਸਾਹ ਨਾਲ ਠਾਠਾਂ ਮਾਰ ਰਿਹਾ ਜਾਪਦਾ ਸੀ, ਮੇਰੀ ਅਕਲ ਟਿਕਾਣੇ ਨਾ ਰਹੀ। ਅਜਿਹੇ ਸਮੇਂ ਹਰ ਲਹੂ ਰਖਦੇ ਗਭਰੂ ਦੀ ਹੋਸ਼ ਟਿਕਾਣੇ ਨਹੀਂ ਰਹਿਣੀ ਚਾਹੀਦੀ । ਮੇਰੀਆਂ ਅੱਖਾਂ ਵਿਚ ਪਿਆਰ ਦਾ ਨਸ਼ਾ ਚਾਸਣੀ ਬਣ ਗਿਆ। ਪਾਲ ਨੇ ਮੈਨੂੰ ਵੇਖਿਆ। ਉਹ ਭੋਲੀ ਕੁੜੀ ਨਹੀਂ ਸੀ, ਤਾੜ ਗਈ ਤੇ ਹੱਸ ਪਈ। ਉਸ ਦੀ ਹਾਸੀ ਵਿਚ ਇਕ ਨਖਰੀਲੀ ਅਦਾ ਸੀ। ਸ਼ਾਇਦ ਉਸ ਨੂੰ ਆਪਣੀ ਕਾਮਯਾਬੀ ਤੇ ਥੋੜ੍ਹਾ ਮਾਣ ਜਾਗ ਪਿਆ ਸੀ ।
'ਇਉਂ ਪ੍ਰਤੀਤ ਹੁੰਦਾ ਹੈ ਪਾਲ! ਜਿਵੇਂ ਤੁਹਾਡੇ ਅੰਗਾਂ ਵਿਚ ਮਸਤੀ ਭਰ ਗਈ ਹੈ। ਮੈਂ ਆਪ ਹੈਰਾਨ ਹਾਂ ਕਿ ਮੈਨੂੰ ਕੀ ਹੁੰਦਾ ਜਾ ਰਿਹਾ ਹੈ ? ਫਿਰ ਮਸਤੀ ਹੈ, ਜੋਸ਼ ਹੈ ਜਾਂ ਕੀ ਆਖਾਂ...।‘
'ਮੈਂ ਕੁਝ ਨਹੀਂ ਕਹਿ ਸਕਦੀ। ਤੁਸੀਂ…। ਉਹ ਸ਼ਰਮਾ ਗਈ। ਓਦੋਂ ਹੀ ਇਕ ਨੀਲੇ ਕਪੜਿਆਂ ਵਾਲਾ ਕੁਲੀ ਨਲਕੇ ਤੋਂ ਪਾਣੀ ਦੀ ਬਾਲਟੀ ਭਰਨ ਲਈ ਆ ਗਿਆ। ਅਸਾਂ ਗੱਲਾਂ ਦਾ ਰੁਖ ਬਦਲ ਲਿਆ।
'ਹੱਛਾ। ਫਿਰ ਮੈਨੂੰ ਭਰਤੀ ਕਦੋਂ ਕਰਵਾਉਣਾ ਏ ?
'ਮੈਂ ਚਾਹੁੰਦੀ ਹਾਂ, ਤੁਸੀਂ ਭਰਤੀ ਨਾ ਹੋਵੋ।‘
'ਨਹੀਂ, ਮੈਂ ਜੰਗ ਵਿਚ ਜ਼ਰੂਰ ਜਾਣਾ ਹੈ।‘
'ਫਿਰ ਮੈਂ ਕੀ ਕਹਿ ਸਕਦੀ ਹਾਂ, ਜਦੋਂ ਤੁਹਾਡੀ ਮਰਜ਼ੀ ਹੋਵੇ।‘
‘ਬਸ ਛੇਤੀ ਹੀ ਇਕ ਦੋ ਦਿਨਾਂ ਵਿਚ।‘
'ਕਲਰਕੀ ਲਾਈਨ ਵਿਚ ਜਾਣਾ ਏ ?
'ਨਹੀਂ, ਸਿਪਾਹੀ ਬਣ ਕੇ।
'ਸਿਪਾਹੀ ਦੀ ਤਨਖ਼ਾਹ ਬਹੁਤ ਥੋੜ੍ਹੀ ਹੁੰਦੀ ਹੈ, ਫਿਰ ਤੁਸੀਂ ਪੜ੍ਹੇ ਲਿਖੇ ਕਾਫ਼ੀ ਹੋ।
ਤਨਖ਼ਾਹ ਦਾ ਕੋਈ ਸੁਆਲ ਨਹੀਂ, ਜੇ ਜੰਗ ਵਿਚ ਜਾਣਾ ਏ ਤਾਂ ਸਿਪਾਹੀ ਹੋ ਕੇ ਜਾਣਾ ਹੈ।
ਕੁਲੀ ਪਾਣੀ ਦੀ ਬਾਲਟੀ ਭਰ ਕੇ ਜਦ ਜਾ ਚੁੱਕਾ ਤਾਂ ਪਾਲ ਕਹਿਣ ਲੱਗੀ, 'ਪਰ ਮੇਰਾ ਦਿਲ ਕਰਦਾ ਏ, ਭਰਤੀ ਹੋਣ ਤੋਂ ਪਹਿਲੇ ਕਿਤੇ...
'ਕਹੋ ਕੀ ਆਖਣ ਲੱਗੇ ਸਉ ?
'ਮੇਰਾ ਦਿਲ ਚਾਹੁੰਦਾ ਏ, ਇਕ ਦੋ ਦਿਨ ਅੰਮ੍ਰਿਤਸਰ ਇਕੱਠੇ ਸੈਰ ਕੀਤੀ ਜਾਵੇ। ਸਿਨਮਾ ਦੇਖੀਏ ਤੇ ਜੀਅ ਭਰ ਕੇ ਭਵੀਏਂ?
ਮੈਨੂੰ ਇਸ ਵਿਚ ਕੋਈ ਇਨਕਾਰ ਨਹੀਂ। ਮੈਂ ਤੁਹਾਡੇ ਨਾਲ ਆਪਣੇ ਦਾਅ ਹਰ ਪ੍ਰਕਾਰ ਸਾਂਝੇ ਕਰਨ ਲਈ ਤਿਆਰ ਹਾਂ। ਇਸ ਦੇ ਉਲਟ ਮੈਂ ਤੁਹਾਨੂੰ ਕਿਸੇ ਜੰਗਲ ਵਿਚ ਨਦੀ ਕਿਨਾਰੇ ਲਿਜਾਣਾ ਚਾਹੁੰਦਾ ਸਾਂ। ਲਾਗੇ ਕਿਸੇ ਪਹਾੜੀ ਪਿੰਡ ਵਿਚ ਇਕ ਦੋ ਦਿਨ ਰਹਿੰਦੇ । ਪਰ ਤੁਸਾਂ ਸ਼ਹਿਰ ਨੂੰ ਚੁਣਿਆ ਹੈ, ਚਲੋ ਓਥੇ ਸਹੀ।
ਫਿਰ ਕਿਸ ਦਿਨ ਚਲਿਆ ਜਾਵੇ ?'
‘ਜਦੋਂ ਤੁਹਾਡਾ ਜੀਅ ਚਾਹੇ, ਇਕ ਗੁਲਾਮ ਨੂੰ ਵੀ ਉਜ਼ਰ ਹੋ ਸਕਦਾ ਹੈ।‘
'ਗੁਲਾਮ ਕਹਿਣ ਦਾ ਕੀ ਮਤਲਬ?'
'ਗੁਲਾਮਾਂ ਦੇ ਪੂਛਾਂ ਨਹੀਂ ਲੱਗੀਆਂ ਹੁੰਦੀਆਂ, ਜਿਹੜਾ ਕੋਈ ਕਿਸੇ ਦੇ ਵੱਸ ਹੋ ਜਾਵੇ, ਬਸ ਉਸਨੂੰ ਗੁਲਾਮ ਹੀ ਪੁਕਾਰਿਆ ਜਾਂਦਾ ਹੈ।
'ਕੀ ਮੈਂ ਨਹੀਂ ਕਿਸੇ ਦਾ ਗੁਲਾਮ ?'
'ਕਿਸੇ ਵਿਚ ਹਿੰਮਤ ਹੀ ਨਹੀਂ ਕਿ ਹੁਸਨ ਦੀ ਮਲਕਾ ਨੂੰ ਗੁਲਾਮ ਰੱਖ ਸਕੇ।'
‘ਤੁਸੀਂ ਬਲਬੀਰ ਨਹੀਂ ਜਾਣਦੇ ਕਿ ਮੈਂ ਕਿੰਨੇ ਚਿਰ ਤੋਂ ਪ੍ਰੇਮ ਦੇ ਪਿੰਜਰੇ ਵਿਚ ਕਿਸੇ ਬਹਾਰ ਨੂੰ ਉਡੀਕ ਰਹੀ ਹਾਂ। ਮਰਦ ਦਾ ਥੋੜ੍ਹਾ ਜਿੰਨਾ ਪਿਆਰ ਹੀ ਇਸਤਰੀ ਬੁਲਬੁਲ ਲਈ ਅਟੁੱਟ ਲੋਹੇ ਦੀਆਂ ਸੀਖਾਂ ਖੜ੍ਹੀਆਂ ਕਰ ਦਿੰਦਾ ਹੈ। ਮੈਂ ਤੁਹਾਡੇ ਪਿਆਰ ਵਿਚ ਅਸਲੋਂ ਖਿੱਚੀ ਗਈ ਹਾਂ ਅਤੇ ਤੁਹਾਡੇ ਫ਼ਲਸਫੇ ਅੱਗੇ ਬੇਜ਼ਬਾਨ ਹਾਂ।
'ਹੱਛਾ, ਚਲਣ ਦਾ ਪ੍ਰੋਗਰਾਮ ਕਦੋਂ ਕੁ ਦਾ ਹੈ?'
'ਮੈਂ ਅੱਜ ਸ਼ਾਮ ਇਕ ਪਿੰਡ ਦਾ ਦੌਰਾ ਕਰਨਾ ਹੈ ਤੇ ਤੁਹਾਡੇ ਪਾਸੋਂ ਹੋਰ ਇਕ ਘੰਟੇ ਤੱਕ ਚਲੀ ਜਾਵਾਂਗੀ।'
'ਮੇਰੇ ਘਰ ਵੀ ਇਕ ਰਿਸ਼ਤੇਦਾਰ ਆਏ ਹੋਏ ਹਨ ਅਤੇ ਛੇਤੀ ਹੀ ਵਾਪਸ ਮੁੜਨਾ ਹੈ। ਚਲੋ ਬਜ਼ਾਰੋਂ ਲੱਸੀ ਪਾਣੀ ਪੀ ਕੇ ਚਲੀਏ।'
ਅਸੀਂ ਦੋਵੇਂ ਓਥੋਂ ਉਠ ਕੇ ਸੜਕ ਦੀ ਲਾਈਨ ਲਾਈਨ ਤੁਰ ਪਏ । ਫਾਟਕ ਤੋਂ ਬਾਜ਼ਾਰ ਵਲ ਭੌਂ ਗਏ। ਇਕ ਹਲਵਾਈ ਦੀ ਦੁਕਾਨ ਤੋਂ ਦੀ ਲੱਸੀ ਪੀਤੀ ਤੇ ਭੁੱਖੇ ਹੋਣ ਕਰਕੇ ਕੁਝ ਬਰਫ਼ੀ ਵੀ ਖਾਧੀ। ਇਕ ਭਾਈ ਦੀਆਂ ਮੁੱਛਾਂ ਲੱਸੀ ਵਿਚ ਭਿੱਜੀਆਂ ਵੇਖ ਪਾਲ ਦਾ ਹਾਸਾ ਨਿਕਲ ਗਿਆ, ਪਰ ਗੁੱਝਾ। ਮੈਂ ਥਲਿਓਂ ਉਸ ਦਾ ਪੈਰ ਦਬਾਇਆ ਅਤੇ ਅੱਖ ਦੇ ਇਸ਼ਾਰੇ ਨਾਲ ਉਸ ਦੀ ਹਰਕਤ ਨੂੰ ਸਭਿਅਤਾ-ਹੀਣ ਕਿਹਾ। ਮੈਂ ਨੌਕਰ ਨੂੰ ਰੁਪਿਆ ਦਿੱਤਾ ਕਿ ਸਾਡੇ ਪੈਸੇ ਕਟ ਲਵੇ ਪਾਲ ਨੇ ਆਖਿਆ ਕਿ ਪੈਸੇ ਮੈਂ ਦੇਵਾਂਗੀ। ਮੈਂ ਨੌਕਰ ਨੂੰ ਹੱਥ ਨਾਲ ਚਲੇ ਜਾਣ ਲਈ ਕਿਹਾ।
'ਪਾਲ ਮੇਰੇ ਪੈਸੇ ਤੁਹਾਡੇ ਹੀ ਹਨ। ਤੁਸੀਂ ਕੋਈ ਖ਼ਿਆਲ ਨਾ ਕਰੋ।
ਅਸੀਂ ਦੁਕਾਨ ਵਿਚੋਂ ਨਿਕਲੇ। ਮੈਂ ਆਪਣੇ ਵਿਗੜੇ ਪੰਪ ਲਈ ਲੋਹੇ ਦੀ ਦੁਕਾਨ ਤੋਂ ਦੋ ਤਿੰਨ ਕਾਬਲੇ ਲਏ। ਪਾਲ ਨੇ ਅੱਧ ਸੇਰ ਅੰਗੂਰ ਲੈ ਕੇ ਮੇਰੇ ਥੈਲੇ ਵਿਚ ਪਾ ਦਿੱਤੇ।
'ਤੁਸਾਂ ਇਹ ਗੱਲ ਦੱਸੀ ਹੀ ਨਾ ਕਿ ਅੰਮ੍ਰਿਤਸਰ ਕਦੋਂ ਚਲੀਏ ?'
'ਇਸ ਸੋਮਵਾਰ ਸਹੀ।' ਮੈਂ ਅੰਗੂਰ ਮੂੰਹ ਪਾਂਦਿਆਂ ਕਿਹਾ।
'ਬਹੁਤ ਹੱਛਾ! ਮੇਰੇ ਦੌਰੇ ਕੱਲ੍ਹ ਨੂੰ ਖ਼ਤਮ ਹੋ ਜਾਣਗੇ।
ਹੌਲੀ-ਹੌਲੀ ਅਸੀਂ ਤਾਂਗਿਆਂ ਵਾਲੇ ਅੱਡੇ ਵਿਚ ਆ ਗਏ। ਮੈਂ ਜਾਣ ਲਈ ਆਗਿਆ ਮੰਗੀ।
ਉਸ ਹੱਸਦੀ ਨੇ ਸਤਿ ਸ੍ਰੀ ਅਕਾਲ ਬੁਲਾਈ ਅਤੇ ਫਿਰ ਆਪਣੇ ਦਫਤਰ ਨੂੰ ਚਲੀ ਗਈ ।
9
ਮੇਰੇ ਸਟੇਸ਼ਨ ਤੇ ਪੁੱਜਣ ਤੋਂ ਅੱਗੇ ਹੀ ਪਾਲ ਆ ਗਈ ਸੀ। ਮੇਰੀ ਘੜੀ ਦਸਦੀ ਸੀ ਕਿ ਗੱਡੀ ਹਾਲੇ ਅੱਧੇ ਘੰਟੇ ਨੂੰ ਆਵੇਗੀ । ਪਾਲ ਅੱਜ ਜ਼ਿਆਦਾ ਚੁਸਤ ਜਾਪਦੀ ਸੀ ਤੇ ਕਹਿਣ ਲੱਗੀ, 'ਤੁਸੀਂ ਵੀ ਮੌਕੇ ਸਿਰ ਆ ਗਏ।'
'ਹਜੂਰ ਦੇ ਹੁਕਮ ਦੀ ਪਾਲਣਾ ਜ਼ਰੂਰੀ ਸੀ ।'
'ਬਲਬੀਰ! ਤੁਸੀਂ ਮੈਨੂੰ ਮਖੌਲ ਨਾ ਕਰਿਆ ਕਰੋ।'
'ਆਖ਼ਰ ਹੋਰ ਕਿਸ ਨੂੰ ਮਖੌਲ ਕਰਾਂ ? ਸਾਰੀ ਦੁਨੀਆ ਛੱਡ ਇਕ ਤੁਹਾਨੂੰ ਅਪਣਾ ਲਿਆ ਹੈ। ਤੁਸੀਂ ਵੀ ਆਖਦੇ ਹੋ, ਤੁਹਾਡੇ ਨਾਲ ਆਪਣੇ ਵਲਵਲੇ ਸਾਂਝੇ ਨਾ ਕਰਾਂ।
'ਅਸਲ ਗੱਲ ਹੋਰ ਹੈ। ਦਿਲ ਤੁਹਾਡੀ ਗੱਲ ਬਾਤ ਨਾਲ ਬਹੁਤ ਖੁਸ਼ ਹੁੰਦਾ ਹੈ, ਪਰ ਉਤੋਂ ਚਿੜ੍ਹ ਕੇ ਰੋਸ ਪ੍ਰਗਟ ਕਰਦੀ ਹਾਂ।'
'ਤਦ ਪਤਾ ਲਗਾ ਕਿ ਇਸਤਰੀ ਦੇ ਦਿਲ ਰਖਦੀ ਹੈ। ਇਕ ਅੰਦਰ ਤੇ ਦੂਜਾ ਬਾਹਰ। ਵਾਹ ਓਇ ਮਰਦ ਭੋਲਿਆ! ਤੂੰ ਕੀ ਜਾਣਦਾ ਏਂ ਇਸਤਰੀ ਦਿਲ ਦੀਆਂ ਡੂੰਘਾਣਾਂ।'
'ਕਰੋ ਰੱਜ ਕੇ ਮਖੌਲ। ਜੇ ਮੈਂ ਤੁਹਾਡੇ ਜਿੰਨਾ ਪੜ੍ਹੀ ਹੁੰਦੀ, ਮੈਂ ਵੀ ਤੁਹਾਨੂੰ ਖੂਬ ਬੁਧੂ ਬਣਾਉਂਦੀ।
'ਕੀ ਮਖੌਲ ਕਰਨ ਲਈ ਵੀ ਕੋਈ ਪੜ੍ਹਾਈ ਕਰਨੀ ਪੈਂਦੀ ਹੈ। ਇਸਤਰੀ ਤੇ ਅਨਪੜ੍ਹ ਹੀ ਇਕ ਕਿਆਮਤ ਹੈ। ਉਸ ਦੇ ਕੁਦਰਤੀ ਤੇ ਅਦਾਵਾਂ ਭਰੇ ਅੰਗ, ਜੁਆਲਾ ਵਰਗਾ ਜੋਸ਼ੀਲਾ ਹੁਸਨ ਤੇ ਸਾਗਰ ਵਰਗਾ ਲਹਿਰੀ ਜੋਬਨ ਗਭਰੂਆਂ ਦੀ ਅਣਖ ਨੂੰ ਮਿੱਟੀ ਕਰ ਦੇਂਦੇ ਹਨ।
'ਮਰਦ ਕਿਸ ਨੇ ਭੋਲੇ ਬਣਾਏ ਹਨ?
'ਉਸ ਭਗਵਾਨ ਨੇ ਜਿਸ ਨੇ ਇਸਤਰੀ ਨੂੰ ਚੰਚਲਤਾ ਦੀ ਰਾਣੀ ਬਣਾਇਆ।
'ਜਿਸ ਗੱਲ ਦਾ ਪਤਾ ਨਾ ਹੋਵੇ। ਉਸ ਤੇ ਬਹਿਸ ਕਰਨ ਦਾ ਕੀ ਲਾਭ।' 'ਮੈਂ ਤਾਂ ਸਮਝਦੀ ਹਾਂ ਕਿ ਭਗਵਾਨ ਨੂੰ ਪਾ ਲੈਣਾ ਕੋਈ ਔਖਾ ਨਹੀਂ, ਪਰ ਇਸਤਰੀ ਦਿਲ ਤਕ ਪੁਜਣਾ, ਜ਼ਿੰਦਗੀ ਦੀ ਆਖ਼ਰੀ ਮੰਜ਼ਲ ਨੂੰ ਛੋਹਣਾ ਹੈ। ਪੁਰਾਣੇ ਰਿਸ਼ੀਆਂ ਨੂੰ ਆਪਣੀਆਂ ਕਾਮਨਾਵਾਂ ਤੇ ਆਪ ਕਾਬੂ ਨਾ ਰਿਹਾ ਅਤੇ ਆਪਣੇ ਸਾਰੇ ਤਪ ਇਸਤਰੀ ਹੁਸਨ ਵਿਚ ਸਮਰਪਨ ਕਰ ਦਿੱਤੇ। ਪਿਛੋਂ ਆਪ ਹੀ ਇਸਤਰੀ ਛੋਹਣ ਨੂੰ ਨਰਕੀ ਸੱਦਾ ਕਰਾਰ ਦੇ ਦਿੱਤਾ । ਮਰਦ ਹਾਕਮ ਸੀ, ਉਸ ਜੋ ਚਾਹਿਆ ਫਤਵਾ ਦੇ ਦਿੱਤਾ ਅਤੇ ਦੁਨੀਆ ਦੇ ਸਾਰੇ ਕਲੰਕ ਇਸਤਰੀ ਜਾਤ ਨਾਲ ਚਮੇੜ ਦਿੱਤੇ।'
'ਪਰ ਨਵੀਨ ਇਸਤਰੀ, ਮਰਦ ਦੇ ਸਾਰੇ ਹੱਕ ਖੋਹ ਕੇ ਹੁਣ ਖੂਬ ਬਦਲਾ ਲੈ ਰਹੀ ਹੈ।
'ਇਹ ਬਿਲਕੁਲ ਗਲਤ ਹੈ, ਔਰਤ ਅੱਜ ਵੀ ਇਕ ਸੇਵਕ ਤੋਂ ਵੱਧ ਕੁਝ ਨਹੀਂ।
'ਹੱਛਾ ਇਸ ਗੱਲ ਦਾ ਜਵਾਬ ਅੰਮ੍ਰਿਤਸਰ ਚਲ ਕੇ ਦੇਵਾਂਗਾ।'
ਅਸੀਂ ਸਿਗਨਲ ਕੋਲ ਆ ਗਏ ਸਾਂ, ਉਹ ਭੁੱਖੇ ਪ੍ਰੇਮੀ ਵਾਂਗ ਬਾਹਾਂ ਅੱਡੀ ਖਲੋਤਾ ਸੀ। ਅਸੀਂ ਸਟੇਸ਼ਨ ਨੂੰ ਮੁੜ ਪਏ, 'ਕੜਚ' ਦੇ ਕੇ ਸਿਗਨਲ ਦੀ ਬਾਂਹ ਲਮਕ ਪਈ। ਮੈਂ ਪਾਲ ਨੂੰ ਛੇਤੀ ਕਦਮ ਪੁੱਟਣ ਲਈ ਕਿਹਾ, 'ਚਲੋ ਵਗ ਕੇ ਟਿਕਟਾਂ ਲਈਏ।'
'ਟਿਕਟਾਂ ਲੈ ਲਈਆਂ ਹਨ।
'ਤੁਸੀਂ ਟਿਕਟਾਂ ਕਿਉਂ ਲਈਆਂ ?'
'ਇਸ ਲਈ ਕਿ ਤੁਹਾਡੀ ਹਾਲੇ ਨੌਕਰੀ ਨਹੀਂ ਲੱਗੀ।'
ਮੈਂ ਉਸ ਵਲ ਵੇਖ ਕੇ ਹੱਸ ਪਿਆ।
ਗੱਡੀ ਧੂੰਆਂ ਛੱਡਦੀ ਆ ਗਈ ਅਤੇ ਮੈਂ ਤੀਜੇ ਦਰਜੇ ਦੇ ਡੱਬਿਆਂ ਵਲ ਜਾਣ ਹੀ ਲੱਗਾ ਸਾਂ ਕਿ ਪਾਲ ਨੇ ਕਿਹਾ, 'ਬਲਬੀਰ। ਟਿਕਟਾਂ ਸੈਕਿੰਡ ਕਲਾਸ ਦੀਆਂ ਹਨ।'
ਮੇਰੇ ਮੱਥੇ ਤੇ ਇਕ ਤਿਉੜੀ ਪੈ ਗਈ, ਪਰ ਮੂੰਹੋਂ ਕੁਝ ਨਾ ਬੋਲਿਆ। ਪਾਲ ਨੇ ਮੇਰੀ ਚੁੱਪ ਨੂੰ ਮਹਿਸੂਸ ਕੀਤਾ। ਅਸੀਂ ਚੁੱਪ ਚਾਪ ਦੂਜੇ ਦਰਜੇ ਵਿਚ ਚੜ੍ਹ ਗਏ । ਡੱਬਾ ਅੱਗੇ ਸਖਣਾ ਹੀ ਸੀ। ਬਰਾਂਚ ਲਾਈਨਾਂ ਦੇ ਪਹਿਲੇ ਤੇ ਦੂਜੇ ਦਰਜੇ ਦੇ ਡੱਬੇ ਤਕਰੀਬਨ ਖ਼ਾਲੀ ਹੀ ਹੁੰਦੇ ਸਨ। ਅਸੀਂ ਆਪਣਾ ਮਾਮੂਲੀ ਸਮਾਨ ਰੱਖ ਦਿੱਤਾ। ਪਾਲ ਨੇ ਬਿਜਲੀ ਦਾ ਪੱਖਾ ਛੱਡ ਦਿੱਤਾ ਅਤੇ ਮੇਰੇ ਕੋਲ ਆ ਬੈਠੀ। ਮੈਂ ਉਸ ਨੂੰ ਥੋੜ੍ਹਾ ਦੋਸ਼ੀਆਂ ਵਾਂਗ ਘੂਰਦਿਆਂ ਕਿਹਾ, 'ਸਾਨੂੰ ਸ਼ਰਮ ਆਉਣੀ ਚਾਹੀਦੀ ਹੈ, ਕਿਸਾਨਾਂ ਦੇ ਬੱਚੇ ਹੁੰਦਿਆਂ ਹੋਇਆ ਅਸੀਂ ਸੈਕਿੰਡ ਕਲਾਸ ਵਿਚ ਸਫ਼ਰ ਕਰੀਏ, ਜਦੋਂ ਦੇਸ਼ ਵਿਚ ਲੱਖਾਂ ਭੁੱਖੇ ਮਰ ਰਹੇ ਹੋਣ। ਪਾਲ! ਮੇਰਾ ਦੇਸ਼ ਗਰੀਬ ਤੇ ਭੁੱਖਾ ਹੈ। ਸਾਨੂੰ ਆਪਣੀ ਵਾਧੂ ਕਮਾਈ ਭੁੱਖਿਆਂ ਭਰਾਵਾਂ ਦੀ ਸਹਾਇਤਾ ਲਈ ਦੇਣੀ ਚਾਹੀਦੀ ਹੈ। ਬਲਬੀਰ ਕਦੇ ਉਸ ਇਸਤਰੀ ਮਰਦ ਦਾ ਸਤਿਕਾਰ ਕਰਨ ਲਈ ਤਿਆਰ ਨਹੀਂ, ਜਿਸ ਦੇ ਦਿਲ ਵਿਚ ਦੇਸ਼ ਲਈ ਹਮਦਰਦੀ ਤੇ ਪਿਆਰ ਨਹੀਂ।'
'ਮੈਂ ਅਮੀਰੀ ਸ਼ਾਨ ਨਾਲ ਟਿਕਟਾਂ ਨਹੀਂ ਖਰੀਦੀਆਂ, ਸਗੋਂ ਇਕੱਲ੍ਹ ਚਾਹ ਲਈ। ਤੀਜੇ ਦਰਜੇ ਵਿਚ ਭੀੜ ਅਤਿ ਹੋਣ ਕਰੇ ਸੈਕਿੰਡ ਦੀਆਂ ਟਿਕਟਾਂ ਖਰੀਦਣੀਆਂ, ਇਕ ਤਰ੍ਹਾਂ ਨਾਲ ਸਹਾਇਤਾ ਹੀ ਹੋ ਜਾਂਦੀ ਹੈ। ਕੁਝ ਨਾ ਕੁਝ ਮੁਸਾਫ਼ਰ ਤਾਂ ਘੱਟ ਹੀ ਜਾਂਦੇ ਹਨ।
'ਇਸ ਵਿਚ ਆਪਣਾ ਆਰਾਮ ਤੇ ਖ਼ੁਦਗਰਜ਼ੀ ਛੁਪੀ ਹੋਈ ਹੈ।‘
'ਹੁਣ ਮਿਹਰਬਾਨੀ ਕਰਕੇ ਇਕ ਗਲਤੀ ਨਾਲ ਦੂਜੀ ਵੀ ਨਾ ਕੀਤੀ ਜਾਵੇ। ਤੁਸੀਂ ਤਾਂ ਜਿਸ ਗੱਲ ਮਗਰ ਪੈਂਦੇ ਹੋ, ਉਸ ਨੂੰ ਚਿੱਥ ਕੇ ਛੱਡਦੇ ਹੋ।
'ਇਸਤਰੀ ਆਪਣੀ ਜਿੱਦ ਪੁਗਾ ਲੈਂਦੀ ਹੈ, ਪਰ ਮਰਦ ਨੂੰ ਥੋੜ੍ਹਾ ਰੋਸ ਪ੍ਰਗਟ ਕਰਨ ਦਾ ਵੀ ਅਖਤਿਆਰ ਨਹੀਂ।
'ਹੁਣ ਫ਼ਰਜ਼ਾਂ ਨੂੰ ਥੋੜ੍ਹੇ ਚਿਰ ਲਈ ਤਿਆਗ ਦਿਓ ਅਤੇ ਚਿੱਤ ਪ੍ਰਸੰਨਤਾ ਲਈ ਪਿਆਰ ਦੇ ਨੇੜੇ ਹੋ ਜਾਵੇ। ਕਿਥੇ ਫਰਜ਼ ਤੇ ਕਿਥੇ ਪਿਆਰ, ਇਕ ਨਿਰੀ ਖੁਸ਼ਕੀ ਅਤੇ ਦੂਜਾ ਬਹਾਰ।‘
'ਇਸਤਰੀ ਪਿਆਰ ਤੇ ਮਰਦ ਫ਼ਰਜ਼।
ਪਾਲ ਦਾ ਮੁੱਖ ਸੱਜਰੇ ਗੁਲਾਬ ਦੇ ਫੁੱਲ ਵਾਂਗ ਇਕ ਨਿਰਾਲੀ ਸ਼ਾਨ ਵਿਚ ਮੁਸਕਰਾ ਰਿਹਾ ਸੀ। ਜੀਵਨ ਖੁਸ਼ੀ ਮੁੱਲ ਨਹੀਂ ਵਿਕਦੀ। ਇਹ ਜਦੋਂ ਵੀ ਮਿਲਦੀ ਹੈ, ਮੁਫ਼ਤ ਮਿਲਦਾ ਹੈ। ਇਹ ਆਪਣੇ ਆਪ ਆਉਂਦੀ ਹੈ, ਸੱਦਿਆ ਜਾਂ ਪੁਕਾਰਿਆਂ ਨਹੀਂ ਆਉਂਦੀ।
ਪਾਲ ਨੇ ਮੇਰਾ ਨੱਕ ਫੜ ਕੇ ਖਿਚਦਿਆਂ ਕਿਹਾ, 'ਤੁਹਾਡਾ ਨੱਕ ਕਿੰਨਾ ਸੋਹਣਾ ਤੇ ਤਿੱਖਾ ਹੈ। ਵਾਰਸ ਨੇ ਇਸ ਨੂੰ 'ਨੱਕ ਅਲਫ਼ ਹੁਸੀਨੀ ਦਾ ਪਿੱਪਲ ਏ' ਆਖਿਆ ਏ।
'ਤੁਹਾਡੀ ਜ਼ੁਲਫ ਨੂੰ ਵੀ ਖਜ਼ਾਨੇ ਦੀ ਬਾਰ ਦਾ ਨਾਗ ਕਿਹਾ ਹੈ। ਮੈਂ ਉਸ ਦੀ ਲਿਟ ਨੂੰ ਛੋਂਹਦਿਆਂ ਕਿਹਾ।
'ਵੱਟਾ ਲਾਹੁਣ ਨੂੰ ਕਿੰਨੇ ਸ਼ੇਰ ਨੇ।
'ਵਾਰ ਕਰਨ ਨੂੰ ਕਿੰਨੀ ਸੋਖ ਏ।
ਉਸ ਮੇਰੀ ਪਿੱਠ ਵਿਚ ਹਸਦਿਆਂ ਮੁੱਕੀ ਮਾਰੀ । ਮੈਂ ਪੋਲੀ ਜਿਹੀ ਗਲ੍ਹ ਤੇ ਚਪੇੜ ਧਰ ਦਿੱਤੀ। ਸਾਡਾ ਦੋਹਾਂ ਦਾ ਹਾਸਾ ਨਿਕਲ ਗਿਆ ਬਹੁਤ ਹੱਸੇ। ਪਾਲ ਨੇ ਮੇਰੇ ਦੋਵੇਂ ਹੱਥ ਫੜ ਲਏ। ਜਿਵੇਂ ਮੈਂ ਦੋਸ਼ੀ ਸਾਂ। ਮੈਂ ਪਾਲ ਨੂੰ ਮਖੌਲ ਨਾਲ ਕਿਹਾ, 'ਜੀ ਹੁਣ ਛੱਡ ਦੇਵੋ, ਫਿਰ ਗਲਤੀ ਨਹੀਂ ਕਰਾਂਗਾ।'
ਪਾਲ ਨੇ ਹਾਸੇ ਨੂੰ ਜ਼ਬਤ ਕਰਦਿਆਂ ਥੋੜ੍ਹਾ ਰੋਹਬ ਵਿਚ ਕਿਹਾ, 'ਤੇਰੀ ਗਲਤੀ ਐਨੀ ਛੋਟੀ ਨਹੀਂ ਕਿ ਤੈਨੂੰ ਛੱਡ ਦਿੱਤਾ ਜਾਵੇ।
'ਕਿਸੇ ਤਰ੍ਹਾਂ ਗਲਤੀ ਮੁਆਫ਼ ਵੀ ਕਰ ਸਕਦੇ ਹੋ?'
ਪਾਲ ਦਾ ਹਾਸਾ ਪਿਆਰ ਵਿਚ ਬਦਲ ਗਿਆ। ਉਹ ਕੁਝ ਨਾ ਬੋਲੀ। ਮੈਂ ਉਸ ਦੀਆਂ ਅੱਖਾਂ ਵਲ ਡਿੱਠਾ। ਉਫ! ਉਨ੍ਹਾਂ ਵਿਚ ਇਕ ਅਜੀਬ ਨਸ਼ਾ ਸੀ । ਮੈਥੋਂ ਵੇਖਿਆ ਨਾ ਗਿਆ । ਮੇਰੇ ਵਲਵਲੇ ਧੜਕਣਾਂ ਦੇ ਆਵੇਸ਼ ਵਿਚ ਆ ਗਏ। ਪਰ ਮੇਰਾ ਮਨ ਓਨਾ ਕਾਹਲਾ ਨਹੀਂ ਸੀ, ਜਿੰਨਾ ਅਜਿਹੇ ਸਮੇਂ ਇਕ ਮਰਦ ਦਾ ਹੁੰਦਾ ਹੈ। ਦਿਲ ਪਿਆਰ ਪਿਆਰ ਹੋਇਆ ਪਿਆ ਸੀ। ਪਰ ਮਨ ਵਿਚ ਹਾਲੇ ਕੁਝ ਸ਼ਾਂਤੀ ਸੀ। ਮੇਰੇ ਦਿਲ ਨੇ ਅੱਜ ਪਾਲ ਦੇ ਪਿਆਰ ਨੂੰ ਰੱਦ ਕਰਨਾ ਚੰਗਾ ਨਾ ਜਾਣਿਆ। ਮੈਂ ਇਕ ਪਲ ਬਾਹਰ ਵੇਖਿਆ ਦਰਖ਼ਤ ਸਾਨੂੰ ਵਿੰਹਦੇ ਭੱਜੇ ਜਾ ਰਹੇ ਸਨ। ਮੈਂ ਸੋਚਿਆ; ਮੈਂ ਕੀ ਕਰਦਾ ਹਾਂ ? ਪਿਆਰ! ਕੁਦਰਤ ਵੇਖਦੀ ਹੈ ? ਉਹ ਆਪ ਪਿਆਰ ਵਿਚ ਖੀਵੀ ਹੈ। ਕੀ ਇਹ ਗੁਨਾਹ ਨਹੀਂ? ਕਾਮਕ ਅਧਾਰ ਤੇ ਕੀਤੀ ਖਾਹਸ਼ ਵੀ ਗੁਨਾਹ ਹੈ।
ਮੈਂ ਪਾਲ ਦੇ ਹੁਸਨ ਨੂੰ ਇਕ ਵਾਰ ਫਿਰ ਵੇਖਿਆ। ਮੀਂਹ ਪੈ ਕੇ ਨਿਖਰੀ ਕਲੀ ਵਾਂਗ ਮਧ ਭਰਿਆ, ਜਿਸ ਨੂੰ ਕਿਸੇ ਪਿਆਰ ਦੀ ਛੋਹ ਹੁਣ ਖੇੜੇ ਵਿਚ ਪਾਗਲ ਕਰ ਦੇਵੇਗੀ। ਪਾਲ ਨੇ ਮੇਰੀਆਂ ਬਾਹਾਂ ਖੋਲ੍ਹ ਕੇ ਆਪਣੇ ਗਲ ਪਾ ਲਈਆਂ ਅਤੇ ਮੇਰੇ ਸਿਰ ਨੂੰ ਆਪਣੀ ਹਿਕ ਨਾਲ ਘੁਟ ਲਿਆ, ਪਾਲ ਕੰਬ ਰਹੀ ਸੀ। ਮੈਂ ਕੰਬਦੇ ਬੁੱਲਾਂ 'ਚੋਂ ਆਖਿਆ, 'ਮੇਰੀ ਪ੍ਰਿਆ! ਬਲਬੀਰ ਨੂੰ ਕਿਸੇ ਗਲਤੀ ਲਈ ਮਜਬੂਰ ਨਾ ਕਰੀਂ। ਉਹ ਨਿਸ਼ਕਾਮ ਪਿਆਰ ਨੂੰ ਆਤਮਾ ਤੱਕ ਪੁੱਜਣ ਦਾ ਇਕ ਮਾਰਗ ਮੰਨਦਾ ਹੈ। ਬਲਬੀਰ ਤੇਰਾ ਪੂਰਨ ਹਿਤ ਨਾਲ ਪ੍ਰੇਮੀ ਹੈ, ਪਰ
ਤੈਨੂੰ ਚੇਤਨ ਸਰਹੱਦਾਂ ਤੇ ਉਡੀਕ ਰਿਹਾ ਹੈ। ਆਪਾ ਮਿਟਾ ਕੇ ਮੇਰੀ ਅਮਰ ਦੁਨੀਆ ਵਿਚ ਆ ਜਾ। ਜੇ ਕਰ ਮੈਂ ਤੇਰੀ ਦੁਨੀਆ ਵਿਚ ਆਇਆ, ਤਾਂ ਯਾਦ ਰਖ ਇਸ ਤਰ੍ਹਾਂ ਤੇਰੀ ਗਲਵਕੜੀ ਵਿਚ ਆਇਆ ਹੀ ਮੁਰਝਾ ਜਾਵਾਂਗਾ।'
ਪਾਲ ਕਿਸੇ ਅਨੰਦ ਵਿਚ ਖਾਮੋਸ਼ ਸੀ।
'ਬੋਲ ਪ੍ਰਿਯ ! ਮੈਂ ਤੇਰੇ ਮਿੱਠੇ ਰਸ ਭਰੇ ਬੋਲਾਂ ਨੂੰ ਤਰਸ ਰਿਹਾ ਹਾਂ, ਬੋਲ।'
'ਮੈਨੂੰ ਉੱਕਾ ਪਤਾ ਨਹੀਂ, ਮੈਂ ਪਿਆਰ ਤੋਂ ਵਧ ਕੁਝ ਨਹੀਂ, ਇਸਤਰੀ ਪਿਆਰ ਹਾਲਤ ਵਿਚ ਕੋਈ ਵਿਆਖਿਆ ਨਹੀਂ ਕਰ ਸਕਦੀ। ਮੈਨੂੰ ਜੋ ਚਾਹੇ ਬਣਾ ਲਵੋ। ਮੈਨੂੰ ਕੋਈ ਇਨਕਾਰ ਨਹੀਂ। ਪਰ ਰੱਬ ਦੇ ਵਾਸਤੇ ਮੈਨੂੰ ਦਿਲ ਤੋਂ ਪਰੇ ਨਾ ਕਰਨਾ । ਬਲਰਾਜ! ਮੈਂ ਤੇਰੀ ਹਾਂ, ਇਸ ਤੋਂ ਵਧ ਮੈਂ ਕੁਝ ਨਹੀਂ ਜਾਣਦੀ।'
ਮੇਰੇ ਦਿਲ ਨੂੰ ਪਾਲ ਨੇ ਹਰ ਪਹਿਲੂ ਤੋਂ ਜਿੱਤ ਲਿਆ। ਮੈਂ ਵੀ ਉਸ ਘੁੱਟ ਕੇ ਗਲਵਕੜੀ ਪਾ ਲਈ। ਲੱਜ਼ਤ ਨੇ ਦੋ ਸਰੀਰਾਂ ਦੀ ਜਾਨ ਇਕ ਕਰ ਦਿੱਤੀ।
'ਦਰਦ ਸੁਆਦ ਦੀ ਮਿਲਵਰਤਣ ਵਿਚ ਪਿਘਲਿਆ ਮੇਰਾ ਸੀਨਾ ।'
ਇਸ ਗੀਤ ਦੇ ਭਾਵਾਂ ਵਿਚ ਮੇਰੀ ਰੂਹ ਅਨੰਦ ਅਨੰਦ ਹੋ ਗਈ। ਗਲਤੀ ਮੁਆਫ਼ ਰੂਹ ਆਪ ਅਨੰਦਮਯ ਹੈ, ਪਰ ਉਸ ਵੇਲੇ ਉਸ ਦੇ ਅਨੰਦ ਦਾ ਪ੍ਰਕਾਸ਼ ਮਾਨਵ ਸਰੀਰਾਂ ਵਿਚ ਵੀ ਪ੍ਰਵੇਸ਼ ਕਰ ਲਿਆ। ਸੁਆਦ ਨੇ ਸਾਰੇ ਅੰਗਾਂ ਵਿਚ ਚੀਸਾਂ ਦੇ ਚੀਰ ਪਾ ਦਿੱਤੇ। ਜਦੋਂ ਅਸਾਂ ਗਲਵਕੜੀ ਛੱਡੀ, ਇਉਂ ਜਾਪਦਾ ਸੀ ਜਿਵੇਂ ਸਵਰਗ ਨੇ ਹੁਣ ਭੁਚਾਲ ਤੋਂ ਹੋਸ਼ ਸੰਭਾਲੀ ਹੈ । ਪਾਲ ਨੇ ਸ਼ਰਮਾ ਕੇ ਆਪਣਾ ਸਿਰ ਮੇਰੇ ਮੋਢੇ ਤੇ ਰੱਖ ਦਿੱਤਾ ਅਤੇ ਹੱਥ ਆਪਣੀ ਛਾਤੀ ਤੇ ਘੁਟ ਰੱਖਿਆ।
'ਪਾਲ ਤੂੰ ਕਿਨੀ ਸੋਹਣੀ ਤੇ ਪਿਆਰੀ ਏਂ।'
'ਤੇ ਤੁਸੀਂ...।'
'ਤੂੰ ਅੱਜ ਮੈਨੂੰ ਪਾਗਲ ਬਣਾ ਦਿੱਤਾ।
'ਪ੍ਰੇਮੀ ਸਿਆਣੇ ਕਦੋਂ ਹੁੰਦੇ ਐ। ਤੁਹਾਨੂੰ ਤਾਂ ਮੈਂ ਪਾਗਲ ਬਣਾ ਦਿੱਤਾ, ਪਰ ਤੁਸਾਂ ਮੈਨੂੰ ਉਹ ਕੁਝ ਬਣਾ ਦਿੱਤਾ, ਜਿਹੜਾ ਦਸਿਆ ਵੀ ਨਹੀਂ ਜਾਂਦਾ ।'
'ਅਸੀਂ ਕਿਨੇ ਮੂਰਖ ਹਾਂ।'
'ਮੈਨੂੰ ਤਾਂ ਤੁਸੀਂ ਮੂਰਖ ਹੀ ਪਿਆਰੇ ਹੋ।'
ਪਾਲ ਦੇ ਕਹੇ ਜਾ ਰਹੇ ਹਰ ਇਕ ਬੋਲ ਵਿਚ ਅਨੋਖੀ ਮਧਰੁਤਾ ਸੀ। ਗੱਡੀ ਸਟੇਸ਼ਨ ਤੇ ਆ ਕੇ ਰੁਕ ਗਈ। ਮੈਂ ਬਾਹਰ ਵੇਖਿਆ, ਤਦ ਪਤਾ ਲਗਾ ਅਸੀਂ ਦੋ ਸਟੇਸ਼ਨ ਪਿਛੇ ਛੱਡ ਆਏ ਹਾਂ। ਮੈਂ ਫਿਰ ਸੀਟ ਤੇ ਆ ਬੈਠਾ ਤਾਂ ਪਾਲ ਕਹਿਣ ਲੱਗੀ, 'ਬਲਬੀਰ ਕੋਈ ਮਿੱਠੀ ਜਿਹੀ ਗੱਲ ਸੁਣਾਵੋ ?'
ਪਾਲ ਦੇ ਚਿਹਰੇ ਤੇ ਖੁਸ਼ੀ ਬਿਜਲੀ ਵਾਂਗ ਚਮਕ ਰਹੀ ਸੀ । ਗਲ੍ਹਾਂ ਊਸ਼ਾ ਦੀ ਲਾਲੀ ਕਸ਼ਮੀਰ ਦੇ ਸਿਉਆਂ ਨੂੰ 'ਥੂਹ ਕਹਿ ਰਹੀਆਂ ਸਨ। ਅੱਖਾਂ ਕੰਵਲਾਂ ਵਾਂਗ ਖੁਲ੍ਹੀਆਂ ਤੇ
ਚਮਕੀਲੀਆਂ, ਬੁੱਲ੍ਹ ਸੰਗਤਰੇ ਦੀਆਂ ਫਾੜੀਆਂ ਵਾਂਗ ਰਸ ਭਰੇ। ਮੇਰੇ ਸੌਦਾਈ ਨੈਣਾਂ ਨੂੰ ਪਾਲ ਦੇ ਹੁਸਨ ਬਿਨਾਂ ਕੁਝ ਨਹੀਂ ਸੀ ਦਿਸਦਾ। ਮੈਂ ਸਮਝਦਾ ਸਾਂ ਕਿ ਜ਼ਿੰਦਗੀ ਦਾ ਸੁਆਦ ਪਾਲ ਜਿਹੀ ਹੁਸੀਨਾ ਦੇ ਹੀ ਪਿਆਰੇ ਜਾਣ ਵਿਚ ਮਾਣਿਆ ਜਾ ਸਕਦਾ ਹੈ। ਦੁਨੀਆ ਤੇ ਹਾਉਕੇ ਲੈ ਲੈ ਜਿੰਦਾ ਰਹਿਣਾ ਨਰਕ ਦੇ ਤੁੱਲ ਹੈ।
'ਮੇਰੀ ਗੱਲ ਤੁਸੀਂ ਸੁਣ ਕੇ ਵੀ ਅਣਸੁਣੀ ਕਰ ਦੇਂਦੇ ਹੋ। ਪਾਲ ਨੇ ਨਿਹੋਰੇ ਵਿਚ ਕਿਹਾ।
'ਮੈਨੂੰ ਇਉਂ ਭਾਸਦਾ ਹੈ ਜਿਵੇਂ ਤੁਹਾਡੇ ਪਿਆਰ ਵਿਚ ਸਭ ਕੁਝ ਭੁੱਲ ਗਿਆ ਹਾਂ, ਤੁਹਾਡੀ ਆਪਣੀ ਗੱਲ ਇਕ ਮਿੱਠੀ ਕਹਾਣੀ ਬਣ ਗਈ। ਤੁਹਾਥੋਂ ਬਿਨਾਂ ਦੁਨੀਆ ਵਿਚ ਕੀ ਮਿੱਠਾ ਹੈ ?
ਪਾਲ ਇਕ ਵਾਰ ਹੀ ਮੇਰੀ ਝੋਲੀ ਵਿਚ ਢਹਿ ਪਈ। ਪਾਲ ਦੀ ਮਨੋਕਾਮਨਾ ਇਕ ਪ੍ਰਕਾਰ ਪੂਰੀ ਹੋ ਗਈ ਸੀ। ਪਰ ਮੇਰਾ ਜਖ਼ਮੀ ਮਨ ਸਭ ਕੁਝ ਵਿਚਾਰਦਿਆਂ ਫੈਸਲਾ ਨਾ ਕਰ ਸਕਿਆ ਕਿ ਮੈਂ ਗਲਤ ਹਾਂ ਜਾਂ ਸਹੀ। ਪਾਲ ਮੇਰੀਆਂ ਬਾਹਾਂ ਵਿਚ ਇਕ ਫੁੱਲਾਂ ਭਰੀ ਡਾਲ ਜਾਪਦੀ ਸੀ। ਉਸ ਦਾ ਕੁਝ ਵੀ ਭਾਰ ਨਹੀਂ ਸੀ ਲਗ ਰਿਹਾ। ਮੈਂ ਹੈਰਾਨ ਸਾਂ ਕਿ ਕਿਸ ਵਲਵਲੇ ਦਾ ਮਜਬੂਰ ਹੋਇਆ ਉਸ ਦੇ ਮਧ ਭਰੇ ਬੁੱਲ੍ਹ ਚੁੰਮਣ ਲਈ ਕਾਹਲਾ ਸਾਂ। ਚੌਹਾਂ ਬੁੱਲਾਂ ਦੀ ਲੰਮੀ ਰੂਸ ਨਾਲ ਜ਼ਿੰਦਗੀ ਸੁਕੜ ਕੇ ਮੌਤ ਦੇ ਦਰ ਆ ਗਈ। ਉਫ਼! ਅਸਹਾਰ ਸਮਾਂ ਸੀ। ਪਰ ਦੂਜੇ ਬੰਨੇ ਪਛਤਾਵੇ ਦਾ ਸੁਆਦ ਅੱਖਾਂ ਦੀਆਂ ਪਲਕਾਂ ਵਿਚ ਆ ਕੰਬਿਆ । ਜਦੋਂ ਮੈਂ ਪਾਲ ਦੇ ਮੁੱਖ ਤੋਂ ਮੁੱਖ ਚੁਕਿਆ: ਪਿਆਰ ਪਛਤਾਵੇ ਦੀ ਪ੍ਰਸਪਰ ਖਿਚੋਤਾਣ ਨਾਲ ਦੋ ਹੰਝੂ ਮੇਰੀਆਂ ਗਲ੍ਹਾਂ ਤੋਂ ਦੀ ਗੁਨਾਹ ਦੀਆਂ ਲੀਕਾਂ ਵਾਂਗ ਵਹਿ ਤੁਰੇ। ਪਾਲ ਨੇ ਤਰਸਵਾਨ ਦਿਲ ਨਾਲ ਉਨ੍ਹਾਂ ਨੂੰ ਆਪਣੇ ਰੁਮਾਲ ਵਿਚ ਲੁਕਾ ਲਿਆ। ਹੰਝੂ ਹੋਰ ਆ ਗਏ, ਉਸ ਨੇ ਰੁਮਾਲ ਦੀ ਦੂਜੀ ਤਹਿ ਖੋਲ੍ਹ ਕੇ ਪੂੰਝ ਦਿੱਤੇ। ਹੰਝੂ ਹੋਰ ਨਿਕਲ ਆਏ ਆਖ਼ਰ ਉਸ ਮੇਰਾ ਸਿਰ ਆਪਣੀ ਨਰਮ ਉਭਰੀ ਹਿੱਕ ਤੇ ਘੁਟ ਲਿਆ।
'ਪ੍ਰਿਆ! ਇਸ ਨੂੰ ਜੋਰ ਨਾਲ ਘੁਟ ਲਵੋ। ਇਉਂ ਭਾਸਦਾ ਹੈ, ਜਿਵੇਂ ਤੁਹਾਡੀ ਹਿਕ ਤੋਂ ਪਰੇ ਹੋ ਕੇ ਇਹ ਪਾਟ ਜਾਵੇਗਾ ਜਾਂ ਸਦਾ ਲਈ ਬੌਰਾ ਹੋ ਜਾਵੇਗਾ।
ਪਾਲ ਕਿਸੇ ਲੱਜਤ ਗੜੂੰਦ ਵਿਚ ਚੁੱਪ ਸੀ। ਇਹ ਹਾਲਤ ਕਿੰਨਾ ਕੁ ਚਿਰ ਰਹੀ, ਕੁਝ ਨਹੀਂ ਕਿਹਾ ਜਾ ਸਕਦਾ। ਪਰ ਜਦੋਂ ਮੈਨੂੰ ਲੁਧਿਆਣੇ ਦੇ ਭੱਠਿਆਂ ਦੀਆਂ ਚਿਮਨੀਆਂ ਦਿਸੀਆਂ, ਅਸੀ ਇਕ ਦੂਜੇ ਤੋਂ ਵੱਖ ਹੋ ਕੇ ਸੰਭਲੇ। ਗਡੀ ਟੇਡੀ ਟੇਡੀ ਮੋੜ ਮੁੜਨ ਲਗੀ ਅਤੇ ਪੁਲ ਹੇਠ ਦੀ ਹੁੰਦੀ ਹੋਈ ਆਪਣੇ ਸਹੀ ਟਿਕਾਣੇ ਤੇ ਆ ਖਲੋਤੀ।
ਗੱਡੀ ਤੋਂ ਉਤਰ ਕੇ ਅੰਮ੍ਰਿਤਸਰ ਵਾਲੀ ਗੱਡੀ ਦਾ ਇਕ ਕੁਲੀ ਤੋਂ ਪਤਾ ਕੀਤਾ। ਉਸ ਦਸਿਆ, ਔਹ ਸਾਹਮਣੇ ਦੋ ਨੰਬਰ ਤੇ ਤਿਆਰ ਖੜ੍ਹੀ ਹੈ। ਅਸੀਂ ਵਗ ਕੇ ਦੋ ਨੰਬਰ ਦੇ ਪਲੇਟਫਾਰਮ ਤੇ ਗਏ। ਵੇਖਦੇ ਵੇਖਦੇ ਸੈਕਿੰਡ ਕਲਾਸ ਦੇ ਡੱਬੇ ਅੱਗੇ ਆਏ । ਸਾਰਾ ਡੱਬਾ ਸਾਮਾਨ ਨਾਲ ਹੀ ਭਰਿਆ ਪਿਆ ਸੀ । ਗੱਡੀ ਤੁਰਨ ਵਾਲੀ ਸੀ ਦੂਜੇ ਡੱਬੇ ਦੀ ਭਾਲ ਵਿਚ ਸਮਾਂ ਗਵਾਉਣਾ ਚੰਗਾ ਨਾ ਜਾਣਿਆ। ਚੁੱਪ ਚਾਪ ਔਖੇ ਸੁਖਾਲੇ ਓਸੇ ਵਿਚ ਹੀ ਚੜ੍ਹ ਗਏ।
ਪਿਛਲੀ ਗੱਡੀ ਵਿਚ ਨੌਂ ਸੀਟਾਂ ਦੀ ਥਾਂ ਅਸਾਂ ਦੋਂਹ ਤੇ ਹੀ ਮੌਜਾਂ ਮਾਣੀਆਂ ਸਨ। ਇਕ ਪਾਸੇ ਕੁੜੀਆਂ ਬੈਠੀਆਂ ਸਨ। ਇਸ ਵਿਚ ਬਹਿਣ ਜੋਗੀਆਂ ਸੀਟਾਂ ਮਿਲਣੀਆਂ ਵੀ ਮੁਸ਼ਕਲ ਸਨ। ਦੋ ਪਾਸੀਂ ਔਰਤਾਂ ਬੈਠੀਆਂ ਸਨ। ਚਿਹਰੇ ਇਉਂ ਦਸਦੇ ਸਨ; ਜਿਵੇਂ ਇਕੋ ਖਾਨਦਾਨ ਦੀ ਹੀ ਪੈਦਾਵਰ ਹਨ। ਦੋ ਔਰਤਾਂ ਨੇ ਸੀਟਾਂ ਤੇ ਬੱਚੇ ਲਿਟਾਏ ਹੋਏ ਸਨ, ਅਸੀਂ ਦੋਵੇਂ ਉਹਨਾਂ ਦੇ ਚੰਦਰੇ ਵਤੀਰੇ ਤੇ ਨਫ਼ਰਤ ਵਿਚ ਘੁਲੇ ਖਲੋਤੇ ਸਾਂ। ਪਾਲ ਨੂੰ ਉਸ ਦੀ ਹਮ-ਉਮਰ ਕੁੜੀ ਨੇ ਆਪਣੇ ਕੋਲ ਸੱਦ ਲਿਆ। ਉਸ ਨੇ ਮੇਰੇ ਵਲ ਵੇਖਿਆ। ਮੈਂ ਇਸ਼ਾਰੇ ਨਾਲ ਉਸ ਨੂੰ ਬਹਿ ਜਾਣ ਲਈ ਕਿਹਾ। ਪਾਲ ਨੇ ਕੁੜੀ ਨੂੰ ਬਹਿੰਦਿਆਂ ਧੰਨਵਾਦ ਦਿੱਤਾ। ਉਹ ਮੁਸਕਰਾ ਪਈ।
ਮੈਂ ਬਿਸਤਰਿਆਂ ਨੂੰ ਢੋਹ ਲਾਈ ਖਲੋਤਾ ਰਿਹਾ। ਬਿਜਲੀ ਦਾ ਪੱਖਾ ਵੀ ਉਹਨਾਂ ਔਰਤਾਂ ਆਪਣੀ ਵਲ ਫੇਰਿਆ ਹੋਇਆ ਸੀ। ਮੇਰੇ ਬਹਿਣ ਲਈ ਥਾਂ ਬਣਾਈ ਜਾ ਸਕਦੀ ਸੀ। ਪਰ ਮੈਂ ਪੜ੍ਹੇ ਲਿਖੇ ਮੁਸਾਫਰਾਂ ਦੀ ਸਭਿਅਤਾ ਜਾਚਣ ਲਈ ਖਲੋਤਾ ਰਿਹਾ। ਗੱਡੀ ਵਿਸਲ ਦੇ ਕੇ ਤੁਰ ਪਈ। ਮੇਰੇ ਸਾਥੀ ਮੁਸਾਫਰ ਆਰਾਮ ਨਾਲ ਬੈਠੇ ਰਹੇ । ਏਥੋਂ ਤਕ ਕਿ ਜਲੰਧਰ ਤਕ ਉਹਨਾਂ ਦੀ ਜਮੀਰ ਨੂੰ ਮੇਰੇ ਖਲੋਣ ਤੇ ਸ਼ਰਮ ਨਾ ਆਈ। ਜਲੰਧਰ ਇਕ ਆਦਮੀ ਉਤਰ ਗਿਆ। ਮੇਰੀਆਂ ਖਲੋਤੇ ਦੀਆਂ ਲੱਤਾਂ ਵੀ ਥੱਕ ਗਈਆਂ ਸਨ । ਮੈਂ ਰੱਬ ਦਾ ਸ਼ੁਕਰ ਕੀਤਾ, ਪਰ ਉਸ ਦੇ ਉਠਣ ਨਾਲ ਇਕ ਭਲਾਮਾਣਸ ਟੇਢਾ ਹੋ ਗਿਆ। ਮੈਂ ਅਗਾਂਹ ਵਧਦਾ ਹੀ ਰਹਿ ਗਿਆ। 'ਸ੍ਰੀ ਮਾਨ ਜੀ! ਬਵੋ ਨਾ, ਮੈਂ ਵੀ ਬਹਿਣਾ ਚਾਹੁੰਦਾ ਹਾਂ।'
'ਤਿੰਨਾਂ ਦੀਆਂ ਸੀਟਾਂ ਹਨ, ਜੋ ਅਸੀਂ ਤਿੰਨ ਬੈਠੇ ਹੀ ਹਾਂ।
'ਐਨੀ ਖ਼ੁਦਗਰਜੀ ਨਹੀਂ ਚਾਹੀਦੀ।'
ਉਹ ਚੁੱਪ ਚਾਪ ਕੰਨ ਪਰਨੇ ਪਿਆ ਰਿਹਾ। ਮੈਂ ਸਮਝਿਆ ਨਰਮੀ ਨਾਲ ਕੰਮ ਨਹੀਂ ਬਣਨਾ। ਸਰਦਾਰ ਮੇਰੇ ਨਾਲੋਂ ਤਕੜਾ ਨਹੀਂ ਸੀ। ਮੈਂ ਸਰਦਾਰ ਨੂੰ ਡੋਲਿਓਂ ਫੜ ਕੇ ਬਹਾ ਦਿੱਤਾ ਅਤੇ ਆਪ ਵੀ ਨਾਲ ਬਹਿ ਗਿਆ। ਸਰਦਾਰ ਥੋੜ੍ਹਾ ਔਖਾ ਭਾਰਾ ਹੋਣ ਲੱਗਾ। ਉਸ ਦੀ 'ਚਿੜ ਚਿੜ' ਤੇ ਮੇਰੇ ਨਾਲ ਹੋਰ ਮੁਸਾਫ਼ਰ ਮੁਸਕਰਾ ਪਏ। ਤਿੰਨ ਆਦਮੀ ਬਾਹਰ ਸਾਡੇ ਡੱਬੇ ਅੱਗੇ ਆ ਲਮਕੇ। ਉਹਨਾਂ ਨੂੰ ਤੀਜੇ ਦਰਜੇ ਦੇ ਡੱਬਿਆਂ ਦੇ ਬਾਹਰ ਫੱਟਿਆਂ ਤੇ ਵੀ ਜਗ੍ਹਾ ਨਹੀਂ ਸੀ ਮਿਲੀ। ਗੱਡੀ ਚਲ ਪਈ ਸਰਦਾਰ ਨੂੰ ਉਂਘ ਆ ਰਹੀ ਸੀ। ਉਹ ਦੋ ਵਾਰੀ ਉਂਘਲਾ ਕੇ ਮੇਰੇ ਉਤੇ ਡਿੱਗਾ। ਮੈਂ ਸਰਦਾਰ ਦਾ ਮੋਢਾ ਫੜ ਕੇ ਹਿਲਾਂਦਿਆਂ ਕਿਹਾ, 'ਜੇ ਐਤਕੀ ਮੇਰੇ ਤੇ ਡਿਗਿਆ ਤਦ ਸੂਤ ਵੀ ਕਰਾਂਗਾ।'
'ਕਿੰਨਾ ਬਦ-ਤਹਿਜ਼ੀਬ ਲੜਕਾ ਹੈ।'
'ਜਿਹੜੀ ਤੁਸੀਂ ਮੇਰੇ ਨਾਲ ਤਹਿਜ਼ੀਬ ਵਰਤੀ ਹੈ, ਉਹ ਤਾਂ ਬਹੁਤ ਹੀ ਸ਼ਲਾਘਾ- ਯੋਗ ਹੈ।
ਸਾਰੇ ਮੁਸਾਫ਼ਰ ਮੁੜ ਹੱਸ ਪਏ। ਸਰਦਾਰ ਥੋੜ੍ਹਾ ਚੁਕੰਨਾ ਹੋ ਕੇ ਬਹਿ ਗਿਆ, ਮਤਾਂ ਮੁੰਡਾ ਪਾਣ ਪੱਤ ਹੀ ਲਾਹ ਦੇਵੇ।
ਅੰਮ੍ਰਿਤਸਰ ਦੇ ਬਾਗ ਆਉਣੇ ਸ਼ੁਰੂ ਹੋ ਗਏ। ਹਰਿਆਵਲ ਤੇ ਆਸ਼ਾ ਦੀ ਸੱਤਾ ਵਿਚ ਬਹੁਤ ਫ਼ਰਕ ਨਹੀਂ ਹੁੰਦੀ । ਬੂਟਿਆਂ ਦੀਆਂ ਡਾਲੀਆਂ ਗਰਭਵਤੀ ਇਸਤਰੀਆਂ ਵਾਂਗ ਭਰੀਆਂ
ਸਨ। ਕਿਤੇ ਕਿਤੇ ਮੱਕੀ ਦੇ ਖੇਤ ਵੀ ਬਘੋਲੇ ਤੇ ਆਏ ਦਿਸਦੇ ਸਨ। ਹਵਾ ਨਾਲ ਖਿਲਰੇ ਬਘੇਲੇ ਰੱਥ ਤੋਂ ਉਤਾਂਹ ਉਠੀਆਂ ਖਿਮਾਂ ਮੰਗਦੀਆਂ ਉਂਗਲਾਂ ਜਾਪਦੇ ਸਨ। ਅੰਮ੍ਰਿਤਸਰ ਦੀਆਂ ਚਿੱਟੀਆਂ ਕੋਠੀਆਂ ਦਿਸਣੀਆਂ ਸ਼ੁਰੂ ਹੋ ਗਈਆਂ। ਗੱਡੀ ਹੌਲੀ ਹੁੰਦੀ ਜਾ ਰਹੀ ਸੀ। ਉਸ ਲਾਈਨਾਂ ਬਦਲਦੀ ਨੇ ਸਾਨੂੰ ਸਾਡੀ ਮੰਜ਼ਲ ਤੇ ਲਿਆ ਸੁੱਟਿਆ। ਅਸੀਂ ਤਾਂ ਸੁਖਾਲੇ ਹੀ ਉਤਰ ਗਏ। ਪਰ ਥਰਡ ਕਲਾਸ ਦੇ ਡੱਬਿਆਂ ਵਲ ਛਪਾਰ ਦੇ ਮੇਲੇ ਵਾਂਗ ਰੌਲਾ ਮੱਚ ਉਠਿਆ। ਲੋਕੀਂ ਬਾਰੀਆਂ ਰਾਹੀਆਂ ਛਾਲਾਂ ਮਾਰ ਕੇ ਉਤਰ ਰਹੇ ਸਨ। ਵੜ੍ਹਨ ਵਾਲੇ ਲੋਕੀ ਉਤਰਨ ਵਾਲਿਆਂ ਨੂੰ ਡੱਕੀ ਖਲੋਤੇ ਸਨ। ਅਸੀਂ ਪੁੱਲ ਤੋਂ ਦੀ ਹੁੰਦੇ ਹੋਏ ਠਿੱਪ ਠਿੱਪ ਕਰਦੇ ਸਟੇਸ਼ਨ ਤੇ ਬਾਹਰ ਆ ਗਏ।
'ਠਹਿਰਨ ਦਾ ਕੀ ਪ੍ਰੋਗਰਾਮ ਹੈ ?' ਪਾਲ ਨੇ ਮੱਥੇ ਤੋਂ ਤ੍ਰੇਲੀ ਪੂੰਝਦਿਆਂ ਪੁਛਿਆ।
'ਕਿਸੇ ਸਰਾਂ ਵਿਚ ਅਟਕ ਜਾਵਾਂਗੇ।'
'ਅੱਗੇ ਗੱਡੀ ਵਿਚ ਤਾਂ ਬਚ ਰਹੇ ਹਾਂ, ਹੁਣ ਸਰਾਂ ਵਿਚ ਜ਼ਰੂਰ ਔਖਿਆਂ ਹੋਣਾ ਹੈ?
'ਗੱਡੀ ਵਿਚ ਤੁਹਾਨੂੰ ਤਾਂ ਕੋਈ ਤਕਲੀਫ਼ ਨਹੀਂ ਹੋਈ ਨਾ।'
'ਓਇ ਰੱਬਾ। ਤੁਹਾਨੂੰ ਹੋ ਗਈ ਤੇ ਮੈਨੂੰ ਪਿਛੇ ਰਹਿ ਗਈ।
'ਹੱਛਾ ਇਹ ਗੱਲ ਏ ?
ਝੇਡਾਂ ਫਿਰ ਕਰ ਲੈਣੀਆਂ, ਕਿਸੇ ਬਿਲੇ ਲਗ ਲਈਏ।
'ਅੰਮ੍ਰਿਤਸਰ ਤੇ ਆ ਹੀ ਗਏ ਹਾਂ, ਹੋਰ ਕਿਥੇ ਜਾਣਾ ਹੈ ?
ਮੈਂ ਚਾਹੁੰਦੀ ਹਾਂ ਕਿਸੇ ਹੋਟਲ ਵਿਚ ਠਹਿਰ ਜਾਈਏ।
'ਕਿਸਾਨਾਂ ਦੇ ਬੱਚਿਆਂ ਲਈ ਸਰਾਂ ਚੰਗੀ ਹੈ।
ਇਕ ਤਾਂਗੇ ਵਾਲੇ ਨੇ ਪੁਛਿਆ, 'ਸਰਦਾਰ ਜੀ। ਕਿਥੇ ਜਾਵੇਗੇ ?
'ਜਿਥੇ ਵੀ ਲੈ ਚਲੋ।
ਲਿਆਉ ਸਮਾਨ ਬੀਬੀ ਜੀ, ਬੈਠੋ ਤਾਂਗੇ ਵਿੱਚ।‘
ਉਸ ਸਮਾਨ ਤਾਂਗੇ ਵਿੱਚ ਰੱਖ ਲਿਆ। ਅਸੀਂ ਦੋਵੇਂ ਪਿੱਛੇ ਬਹਿ ਗਏ। ਤਾਂਗੇ ਵਾਲੇ ਨੇ ਘੋੜੀ ਤੋਰਦਿਆਂ ਪੁੱਛਿਆ, 'ਸਰਦਾਰ ਜੀ, ਦਰਬਾਰ ਸਾਹਿਬ?
‘ਗੁਰੂ ਰਾਮਦਾਸ ਦੀ ਸਰਾਂ?’
‘ਨਹੀਂ ਭਾਈ, ਕਿਸੇ ਹੋਟਲ।‘
‘ਬੀਬੀ ਜੀ ਤੁਸੀਂ ਹੋਟਲ ਆਖਦੇ ਹੋ, ਸਰਦਾਰ ਹੁਰੀਂ ਗੁਰੂ ਰਾਮਦਾਸ ਦੀ ਸਰਾਂ ਆਖਦੇ ਐ।“
‘ਨਹੀਂ ਕਿਸੇ ਚੰਗੇ ਹੋਟਲ ਵਿੱਚ ਲੈ ਚੱਲ।‘
ਮੈਂ ਚੁੱਪ ਰਿਹਾ। ਜੇ ਤੀਵੀਂ ਨਾ ਮੰਨੇ ਤਾਂ ਆਪ ਹੀ ਝੁਕਨਾ ਪੈਂਦਾ ਹੈ। ਭਰਥਰੀ ਨੇ ਕਿਹਾ ਸੀ ਤੀਵੀਂ ਦੀ ਜਿੱਦ ਉਸਦੀ ਕਾਮ੍ਯਾਬੀ ਹੈ, ਪ੍ਰਤੱਖ ਹੀ ਵੇਖ ਲਈ। ਰਿਸ਼ੀ ਪੁਰਸ਼ਾਂ ਦੇ ਬਚਨ ਪੱਥਰਾਂ ਤੇ ਵਾਹੀਆਂ ਲੀਕਾਂ ਹੁੰਦੇ ਹਨ। ਤਾਂਗੇ ਵਾਲੇ ਨੇ ਬੜੀ ਛੇਤੀ ਬਾਹਰਵਾਲ
ਇਕ ਨਿਵੇਕਲੇ ਹੋਟਲ ਅੱਗੇ ਲਿਆ ਉਤਾਰਿਆ। ਸਾਨੂੰ ਉਤਰਦਿਆਂ ਵੇਖ ਹੋਟਲ ਦਾ ਇਕ ਨੌਕਰ ਅਤਿ ਮੈਲੇ ਹੋਏ ਪਰਨੇ ਨਾਲ ਹੱਥ ਪੂੰਝਦਾ ਬਾਹਰ ਆਇਆ।
'ਸਰਦਾਰ ਜੀ ਕਮਰਾ ਚਾਹੀਏ ?'
'ਹਾਂ, ਸਰਦਾਰਨੀ ਸਾਹਿਬਾ ਨੇ ਦੋ ਦਿਨ ਠਹਿਰਣਾ ਹੈ।
ਪਾਲ ਘੂਰੀ ਵਟ ਕੇ ਰਹਿ ਗਈ। ਮੈਂ ਮਿੱਠਾ ਜਿਹਾ ਮੁਸਕਰਾ ਪਿਆ। ਨੌਕਰ ਨੇ ਇਕ ਕਮਰੇ ਵਿਚ ਸਮਾਨ ਲਿਆ ਰਖਿਆ।
ਪਾਲ ਇਕ ਬਿਸਤਰੇ ਤੇ ਪੈ ਗਈ। ਉਸ ਦਾ ਆਪਾ ਸੋਖ ਰੋਸ ਵਿਚ ਕਲੀ ਵਾਂਗ ਬੰਦ ਸੀ। ਮੈਂ ਕੁਰਸੀ ਤੇ ਬਹਿ ਗਿਆ ਤੇ ਜੁੱਤੀ ਲਾਹ ਕੇ ਪੈਰਾਂ ਦੀ ਧੂਫ ਕੱਢਣ ਲਗਾ।
ਪਾਲ ਹੇਠਲਾ ਬੁੱਲ ਦਬਾਂਦਿਆਂ ਮੁਸਕਰਾਈ, ਪਰ ਰੋਸ ਵਜੋਂ ਬੋਲੀ ਨਾ। ਮੈਨੂੰ ਪਾਲ ਦੀ ਜ਼ਬਤ ਦਾ ਪਤਾ ਸੀ। ਉਂਜ ਔਰਤਾਂ ਦਾ ਜ਼ਬਤ ਹੁੰਦਾ ਹੀ ਥੋੜ੍ਹਾ ਹੈ। ਉਹ ਮਚਲ ਉੱਠੀ।
‘ਨਿੰਮ ਚੜ੍ਹੇ ਕਰੇਲੇ ਵਾਂਗ ਮਰਦ ਜੇ ਚਾਰ ਅੱਖਰ ਪੜ੍ਹ ਜਾਵੇ, ਫਿਰ ਤੀਵੀਂ ਨੂੰ ਕਦੋਂ ਬੋਲਣ ਦੇਂਦਾ ਹੈ।‘
'ਮੈਂ ਤੁਹਾਡੇ ਨੈਣਾਂ ਨੂੰ ਬੋਲਦਿਆਂ ਸੁਣ ਰਿਹਾ ਸਾਂ। ਚੁਪੀਤੇ ਵੀ ਗੁੱਝੇ ਤੀਰ ਚਲਾ ਰਹੇ ਸਨ। ਇਸਤਰੀ ਕੇਵਲ ਜ਼ਬਾਨ ਨਾਲ ਹੀ ਗੱਲਾਂ ਨਹੀਂ ਕਰਦੀ। ਤੁਹਾਨੂੰ ਬੁਲਾਣ ਲਈ ਤਾਂ ਮੈਂ ਸਵੇਰ ਦਾ ਤਰਲੇ ਕਰ ਰਿਹਾ ਸਾਂ ਕਿ ਅੱਖੀਆਂ ਆਦਿ ਨਾਲ ਗੱਲਾਂ ਕਰਨ ਦੀ ਬਜਾਏ, ਸਰਦਾਰਨੀ ਸਾਹਿਬਾ ਜ਼ਬਾਨੋਂ ਵੀ ਕੁਝ ਉਚਰਨ।'
ਪਾਲ ਨੇ ਨਾਲ ਹੀ ਮੇਜ਼ ਤੇ ਪਈ ਘੰਟੀ ਦਬਾਈ। ਨੌਕਰ ਅੰਦਰ ਆਇਆ।
'ਕੀ ਹੁਕਮ ਹੈ ਸਰਦਾਰ ਜੀ ?
'ਇਨ੍ਹਾਂ ਨੂੰ ਪੁਛੋ।
'ਕਿਉਂ ਬੀਬੀ ਜੀ ?
'ਦੁੱਧ ਸੋਡੇ ਦੀਆਂ ਦੋ ਬੋਤਲਾਂ ।'
ਨੌਕਰ ਚਲਾ ਗਿਆ। ਪਾਲ ਨੇ ਬੜੇ ਔਖਿਆਂ ਹੋ ਕੇ ਕਿਹਾ, 'ਹੁਣ ਬੱਸ ਕਰੋ ਬਹੁਤ ਹੋ ਗਈ ਹੈ।
'ਨਹੀਂ ਕੁਝ ਦੇਰ ਗੁੱਸੇ ਰਹਿ ਕੇ ਵੇਖ ਲਓ।
'ਬਾਬਾ ਮੈਂ ਨਹੀਂ ਕੋਈ ਗੁੱਸਾ ਕਰਦੀ, ਹੁਣ ਖਿਮਾਂ ਵੀ ਕਰੋ।'
'ਇਹ ਤੇ ਗੱਲ ਹੋਈ ਨਾ।'
'ਔਰਤ ਮੁੱਢ ਤੋਂ ਹੀ ਹਾਰਦੀ ਆਈ ਹੈ।'
ਨੌਕਰ ਨੇ ਦੋ ਗਲਾਸ ਦੁੱਧ ਸੋਡੇ ਦੇ ਮੇਜ਼ ਤੇ ਲਿਆ ਰਖੇ। ਪਾਲ ਵੀ ਕੁਰਸੀ ਤੇ ਆ ਕੇ ਬਹਿ ਗਈ। ਦੋਹਾਂ ਹਸਦਿਆਂ ਮਖੌਲ ਕਰਦਿਆਂ ਸੋਡਾ ਅੰਮ੍ਰਿਤ ਬਣਾ ਕੇ ਪੀਤਾ। ਪੰਜ ਸਤ ਮਿੰਟ ਅਰਾਮ ਕਰਕੇ ਦੋਵੇਂ ਵਾਰੀ-ਵਾਰੀ ਨਹਾਤੇ। ਮੈਂ ਪਾਲ ਤੋਂ ਪੁਛਿਆ, 'ਹੁਣ ਕਿਸ ਪਾਸੇ ਨੂੰ ਚਲਣਾ ਹੈ ?
'ਜਿਧਰ ਤੁਹਾਡਾ ਜੀਅ ਚਾਹੇ ਚਲਦੇ ਰਹੋ। ਜੇ ਮੈਂ ਕਿਧਰੇ ਕਹਿ ਦਿੱਤਾ, ਤੁਸਾਂ ਫਿਰ ਮਖੌਲਾਂ ਮੂੰਹ ਨਹੀਂ ਛੱਡਣਾ।‘
'ਮੇਰਾ ਖ਼ਿਆਲ ਹੈ ਅੱਜ ਸ਼ਾਮ ਕੰਪਨੀ ਬਾਗ ਦੇਖ ਆਈਏ। ਸਵੇਰੇ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਦੇ ਦਰਸ਼ਨ ਕਰਾਂਗੇ।'
'ਜਿਵੇਂ ਸਰਦਾਰ ਦਾ ਹੁਕਮ।'
‘ਵਾਹਵਾ! ਤੈਨੂੰ ਭੀ ਵਟਾ ਲਾਹੁਣ ਦਾ ਮੌਕਾ ਮਿਲ ਹੀ ਗਿਆ।'
ਪਾਲ ਨੇ ਵਾਲ ਵਾਹੇ ਤੇ ਨਵਾਂ ਸੂਟ ਬਦਲਿਆ। ਮੈਂ ਓਹੀ ਕਪੜੇ ਪਾਈ ਰਖੇ। ਪਾਲ ਨੇ ਤਿਆਰ ਹੋ ਕੇ ਪੁਛਿਆ, 'ਤੁਸਾਂ ਕਪੜੇ ਨਹੀਂ ਬਦਲੇ?'
'ਮੈਂ ਕਿਹੜਾ ਕਿਸੇ ਨੂੰ ਆਪਣਾ ਆਪ ਵਿਖਾਉਣਾ ਹੈ। ਨਾਲੇ ਤੁਹਾਡੇ ਨਾਲ ਬਹੁਤੇ ਚੰਗੇ ਕਪੜੇ ਪਾ ਕੇ ਤੁਹਾਡੀ ਸ਼ਾਨ ਨਹੀਂ ਘਟਾਉਣੀ ਚਾਹੁੰਦਾ।'
'ਹੱਛਾ! ਤੁਸੀਂ ਇਕੱਲੇ ਹੀ ਕੰਪਨੀ ਬਾਗ ਦੇਖ ਆਵੋ, ਮੈਂ ਨਹੀਂ ਜਾਣਾ।"
'ਇਹ ਚੰਗਾ ਰੋਹਬ ਹੈ, ਪਤਾ ਨਹੀਂ ਅਗੋਂ ਇਹੋ ਜੇਹੇ ਕਿੰਨੇ ਹੁਕਮ ਮੰਨਣੇ ਪੈਣੇ ਹਨ। 'ਜੇ ਚਲਣਾ ਏਂ ਤਾਂ ਕਪੜੇ ਬਦਲ ਲਵੋ, ਨਹੀਂ ਤਾਂ ਮੈਂ ਉੱਕਾ ਨਹੀਂ ਜਾਣਾ। ਵੇਖਦੇ ਨਹੀਂ ਕਪੜੇ ਸਫਰ ਵਿਚ ਕਿੰਨੇ ਮੈਲੇ ਹੋ ਗਏ ਹਨ।
ਫ਼ਕੀਰਾਂ ਦੀ ਚਮੜੀ ਤੇ ਕਪੜੇ ਮੈਲੇ ਹੀ ਹੁੰਦੇ ਹਨ। ਮੇਰੇ ਗੁਰੂਦੇਵ ਆਖਦੇ ਹਨ:-
'ਮਾਨਵਤਾ ਮੈਲ ਦੀ ਪੰਡ ਹੈ।
ਇਸ ਧੋਤਿਆਂ ਨਹੀਂ ਨਿਖਰਦਾ,
ਦਹੀਂ ਵਰਤੋਂ ਭਾਵੇਂ ਹਜ਼ਾਰ ਸਾਬਣ।
ਹਿਰਦੇ ਸ਼ੁੱਧੀ ਕੇਵਲ ਸਿਮਰਨ ਤੇ ਪ੍ਰਾਸ਼ਚਿਤ ਨਾਲ ਹੁੰਦੀ ਹੈ।
ਸ਼ੁੱਧ ਹਿਰਦੇ ਪਿੜ ਵਿਚ ਹੀ,
ਸਦਾ ਸੁੰਦਰ ਆਤਮਾ ਦਾ ਅਮਰ ਨਿਰਤ ਸ਼ੁਰੂ ਹੋਵੇਗਾ।
ਮੂਰਖੋ। ਇਸ ਵਾਟ ਨੂੰ ਅਕਲ ਨਾਲ ਨਾਪੋ,
ਕੇਵਲ ਨਿਸ਼ਕਾਮ ਭਗਤੀ ਹੀ ਸਹਿਜ ਤਕ ਅਪੜਦੀ ਹੈ।
ਪਾਲ ਨੇ ਸੂਟ ਕੇਸ ਵਿਚੋਂ ਕਪੜੇ ਕੱਢੇ। ਮੈਂ ਉਸ ਨੂੰ ਵਿਹੰਦਾ ਰਿਹਾ। ਆਖ਼ਰ ਉਸ ਮੇਰੀ ਕਮੀਜ਼ ਦੇ ਬਟਨ ਵੀ ਖੋਲ੍ਹਣੇ ਸ਼ੁਰੂ ਕਰ ਦਿੱਤੇ। ਮੈਂ ਸੋਚ ਰਿਹਾ ਸਾਂ ਕਿ ਹਰ ਇਸਤਰੀ ਮਰਦ ਜੋੜਾ ਕਿਹੋ ਜੇਹੀ ਰੁਸਦੀ ਮੰਨਦੀ ਅਗਮ ਖ਼ੁਸ਼ੀ ਨੂੰ ਮਾਣਦਾ ਹੈ। ਮੈਂ ਕਪੜੇ ਬਦਲ ਲਏ। ਪਾਲ ਦੀ ਪ੍ਰਸੰਨਤਾ ਬੁੱਲਾਂ ਤੋਂ ਡੁੱਲ੍ਹ ਡੁੱਲ੍ਹ ਪੈ ਰਹੀ ਸੀ। ਅਸਾਂ ਹੋਟਲ ਤੋਂ ਨਿਕਲ ਤਾਂਗਾ ਫੜਿਆ । ਤਾਂਗੇ ਵਾਲਾ, "ਹਟ ਜਾ ਸਰਦਾਰ, ਵੇਖੀਂ ਮਾਈ, ਬਲੀ ਉਇ ਮਰਨਾਂ ਈ ਹੇਠ ਆ ਕੇ।' ਆਖਦਾ ਕੰਪਨੀ ਬਾਗ ਲੈ ਆਇਆ।
ਇਹ ਕੰਪਨੀ ਬਾਗ ਹੈ। ਸਾਡੇ ਕਦਮਾਂ ਕੋਲ ਖਿੜੇ ਫੁੱਲ ਆਖ ਰਹੇ ਸਨ। ਸਹਿਜੇ- ਸਹਿਜੇ ਅਸੀਂ ਸਾਰੇ ਬਾਗ ਦਾ ਸੁਹੱਪਣ ਤੇ ਨਜ਼ਾਰੇ ਵੇਖੀ ਜਾਂਦੇ ਸਾਂ।
ਇਕ ਬੈਂਚ ਤੇ ਆ ਬੈਠੇ। ਸੱਜੇ ਖੱਬੇ ਪਾਣੀ ਫੁਹਾਰਿਆਂ ਵਿਚ ਦੀ ਉਛਲ ਉਛਲ ਪੈਂਦਾ ਸੀ, ਸਾਹਮਣੇ ਤਿਕੋਨਾਂ ਵਿਚ ਧਰਤੀ ਦੀ ਹਿੱਕ ਤੇ ਖਿੜੀਆਂ ਫੁੱਲ ਕਿਆਰੀਆਂ, ਰੰਗ ਬਰੰਗੀਆਂ ਭਾਆਂ ਵਿਚ ਕਿਸੇ ਮੁਟਿਆਰ ਦਾ ਗਵਾਚਿਆ ਮਾਣ ਦਿਸਦੀਆਂ ਸਨ। ਥੋੜ੍ਹੀ ਦੂਰ ਗੁਲਾਬ ਕਲੀਆਂ ਤੇ ਫੁੱਲ ਪ੍ਰਭਾਤ ਮੁੱਖੜੇ ਵਾਂਗ ਸੂਹੇ ਜਾਪਦੇ ਸਨ । ਸਾਹਮਣੀ ਸੜਕ ਚੋਂ ਨਿਕਲ ਨਿਕਲ ਕਈ ਸੁੰਦਰ ਜੋੜੀਆਂ ਘਾਹ ਕਿਤਿਆ ਤੇ ਡੇਰੇ ਲਾਉਂਦੀਆਂ ਗਈਆਂ।
'ਅੰਮ੍ਰਿਤਸਰ, ਸਿਫ਼ਤੀ ਦਾ ਘਰ।' ਖਾਸ ਕਰ ਹੁਣ ਤਾਂ ਸਾਰੀਆਂ ਸਿਫ਼ਤਾਂ ਔਰਤ ਵਿਚ ਹੀ ਆ ਇਕੱਠੀਆਂ ਹੋਈਆਂ ਸਨ। ਬੱਗੇ ਬੱਗੇ ਮੂੰਹ ਰੋਹੀ ਦੇ ਕਪਾਹ ਫੁਲਾਂ ਵਰਗੇ, ਪਰ ਬੁੱਲ ਟਮਾਟਰਾਂ ਵਰਗੇ ਰੱਤੇ ਕੀਤੇ, ਅੱਜ ਜਵਾਨੀ ਤੋਂ ਰੁੱਸੇ ਨੈਣਾਂ ਨੂੰ ਸੁਰਮੇ ਦੀ ਸਾਣ ਤੇ ਲਾ ਕੇ ਤੇਜ਼ ਕੀਤਾ ਹੋਇਆ ਹੈ। ਸਿਰ ਵਿਚਾਲੇ ਇਕ ਲਹੂ ਡੰਡੀ ਕਿਸੇ ਰਾਹੀਂ ਨੂੰ ਭੁਲਾਣ ਲਈ ਵਾਹੀ ਹੋਈ। ਸੁੱਕੀਆਂ ਫੁਲੀਆਂ ਗੱਲ੍ਹਾਂ ਤੇ ਚੜ੍ਹੀ ਸਫ਼ੈਦੀ ਦਸਦੀ ਸੀ ਕਿ ਹੁਸਨ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਸ ਦੀਆਂ ਗੱਲ੍ਹਾਂ ਤੋਂ ਵੱਖ ਨਾ ਹੋਵੇ। ਛਾਤੀਆਂ ਨੂੰ ਅੰਗੀਆਂ ਵਿਚ ਘੁੱਟ ਕੇ ਰੱਖਣ ਦੇ ਫ਼ਜ਼ੂਲ ਯਤਨ ਕੀਤੇ ਹੋਏ ਸਨ, ਉਹ ਆਪਣੀ ਥਾਂ ਤੋਂ ਗਿੱਠ-ਗਿੱਠ ਦਾ ਫ਼ਰਕ ਪਾ ਗਈਆਂ ਸਨ। ਜਾਂ ਸੁੱਕ ਕੇ ਖਾਲੀ ਗੁੱਥਲੀਆਂ ਬਣ ਗਈਆਂ ਸਨ।
'ਜੀ। ਉਸ ਕੁੜੀ ਵਲ ਵੇਖੋ!
'ਕੀ ਤੇਰਾ ਖਿਆਲ ਹੈ, ਉਹ ਤੈਥੋਂ ਸੁਹਣੀ ਹੈ ?'
'ਮੈਂ ਵੀ ਕੋਈ ਸੁਹਣੀਆਂ ਵਿਚੋਂ ਸੁਹਣੀ ਹਾਂ? ਮੇਰਾ ਮਤਲਬ ਓਸ ਦੇ ਫ਼ੈਸ਼ਨੇਬਲ ਲੀੜਿਆਂ ਤੋਂ ਹੈ।'
'ਉਹ ਚਾਹੇ ਕੁਝ ਬਣ ਜਾਵੇ, ਮੇਰੀ ਪਾਲ ਦੇ ਮਾਧਵ ਹੁਸਨ ਨੂੰ ਕਦੇ ਵੀ ਨਹੀਂ ਪਹੁੰਚ ਸਕਦੀ । ਬਸ ਕਾਮਨਾ ਦੀ ਪੁਤਲੀ ਜਾਣ ਇਸ ਨੂੰ। ਅਜੇਹੀਆਂ ਇਸਤਰੀਆਂ ਤੋਂ ਸੱਚੇ ਪਿਆਰ ਦੀ ਕਦੇ ਵੀ ਉਮੀਦ ਨਹੀਂ ਹੋ ਸਕਦੀ।
'ਕਿਉਂ ਪਿਆਰ ਦੀ ਉਮੀਦ ਕਿਉਂ ਨਹੀਂ ਹੋ ਸਕਦੀ ?'
'ਜਿਸ ਇਸਤਰੀ ਦੇ ਦਿਲ ਵਿਚ ਆਪਾ ਵਿਖਾਉਣ ਦੀ ਖਾਹਸ਼ ਮਚਲਦੀ ਰਹਿੰਦੀ ਹੈ; ਪਿਆਰ ਭਾਵਨਾ ਉਸ ਦੇ ਦਿਲ ਵਿਚ ਪੈਦਾ ਹੀ ਨਹੀਂ ਹੁੰਦੀ। ਉਸ ਦੀ ਖੁਸ਼ੀ ਤਾਂ ਇਸ ਵਿਚ ਹੀ ਤੱਤਪਰ ਰਹਿੰਦੀ ਹੈ ਕਿ ਮੈਨੂੰ ਵੇਖਣ ਵਾਲਾ ਜਵਾਨ 'ਹਾਏ' ਵਿਚ ਕਤਲ ਹੋ ਕੇ ਰਹਿ ਜਾਵੇ। ਉਸ ਦਾ ਦੋ-ਦੋ ਘੰਟੇ ਸਿੰਗਾਰਾਂ ਵਿਚ ਰੁੱਝੇ ਰਹਿਣਾ ਦਸਦਾ ਹੈ ਕਿ ਉਹਦੇ ਦਿਲ ਵਿਚ ਕਾਮ ਭੁੱਖ ਆਖ਼ਰਾਂ ਨੂੰ ਪਹੁੰਚ ਚੁੱਕੀ ਹੈ। ਘਰ ਵਿਚ ਏਸੇ ਇਸਤਰੀ ਨੂੰ ਵੇਖੋ ਭੂਤਨੀ ਜਾਪੇਗੀ ਅਤੇ ਵੇਖਣ 'ਤੇ ਕਚਿਆਣ ਆਵੇਗੀ। ਜੇ ਇਸਦੇ ਦਿਲ ਵਿਚ ਕੋਈ ਪ੍ਰੀਤ ਦੀ ਸੱਚੀ ਭਾਵਨਾ ਹੋਵੇ, ਤਦ ਇਹ ਆਪਣਾ ਸਿੰਗਾਰ ਆਪਣੇ ਮਾਲਕ ਨੂੰ ਕਰ ਕੇ ਵਿਖਾਵੇ।
'ਏਧਰ ਦਿਨ ਢਲਣਾ ਸ਼ੁਰੂ ਹੋਇਆ ਓਧਰ ਉਸ ਆਪਣੀ ਸ਼ਿੰਗਾਰ ਪਟਾਰੀ ਖੋਲ੍ਹਣੀ ਸ਼ੁਰੂ ਕੀਤੀ। ਵਾਲ ਵਾਹੇ, ਸਿਧੇ ਵਾਹ ਕੇ ਫਿਰ ਪੁੱਠੀਆਂ ਪੱਟੀਆਂ ਚੁੱਕੀਆਂ ਤੇ ਮੁੜ ਉਨ੍ਹਾਂ ਵਿਚ ਵਲ ਪਾਏ, ਜਿਵੇਂ ਗਭਰੂ ਦੀਆਂ ਸਾਰੀਆਂ ਆਹਾਂ ਉਨ੍ਹਾਂ ਵਿਚ ਹੀ ਘੁਟ ਕੇ ਰਹਿ ਜਾਣਗੀਆਂ । ਬੁਨੈਣਾਂ ਵਰਗੀਆਂ ਲੰਡੀਆਂ ਕਮੀਜ਼ਾਂ ਪਾਈਆਂ, ਜਿਸ ਨਾਲ ਅੱਧ ਨੰਗਾ
ਸਰੀਰ ਆਪਣੀ ਭੁਖ ਵਿਚ ਕਿਸੇ ਲਈ ਸੁਨੇਹਾ ਬਣਿਆ ਹੁੰਦਾ ਹੈ। ਫਿਰ ਸਾੜ੍ਹੀਆਂ ਦੀ ਚੋਣ ਹੋਣੀ ਸ਼ੁਰੂ ਹੁੰਦੀ ਹੈ। ਉਹ ਅਜਿਹਾ ਰੰਗ ਚੁਣਨਾ ਚਾਹੁੰਦੀ ਹੈ, ਜਿਸ ਨਾਲ ਮਰਦ ਦੀ ਜਵਾਨੀ ਉਸ ਦਾ ਇਕ ਹੁਲਾਰਾ ਨਾ ਸਹਾਰ ਸਕੇ। ਮੁਸਕਾਉਂਦੀ ਹੈ ਕਿ ਕੋਈ ਪਰਵਾਨਾ ਸੜ ਕੇ ਭਸਮ ਹੋ ਜਾਵੇਗਾ ।
'ਪ੍ਰਿਆ! ਸ਼ਹਿਰ ਦੀ ਆਤਸ਼ਬਾਜੀ ਪਲ ਝਟ ਦਾ ਚਮਕਾਰਾ ਹੈ। ਪਰ ਪੇਂਡੂ ਹੁਸਨ ਕਿਸੇ ਦਾ ਪਿਆਰ ਉਡੀਕ ਵਿਚ ਸਾਰੀ ਰਾਤ ਬਲਦਾ ਆਪਾ ਸਵੇਰੇ ਸੂਰਜ ਨੂੰ ਵਾਪਸ ਕਰਦਾ ਹੈ। ਇਨ੍ਹਾਂ ਫ਼ੈਸ਼ਨ ਪੱਟੀਆਂ ਤੋਂ ਪਿਆਰ ਦੀ ਆਸ਼ਾ ਅਸਲੋਂ ਨਿਰਮੂਲ ਹੈ।"
'ਕੀ ਇਨ੍ਹਾਂ ਵਿਚ ਕੋਈ ਗੁਣ ਨਹੀਂ ਬਾਕੀ ?
'ਹੋਵੇਗਾ ਕੋਈ, ਜਿਸ ਸਹਾਰੇ ਇਨ੍ਹਾਂ ਦੀ ਜ਼ਿੰਦਗੀ ਕਾਇਮ ਹੈ। ਪਰ ਵੱਡੇ ਗੁਨਾਹਾਂ ਦਾ ਪ੍ਰਛਾਵਾਂ ਨਿੱਕੇ ਮੋਟੇ ਗੁਣਾਂ ਨੂੰ ਆਪਣੇ ਅੰਗਾਂ ਵਿਚ ਛੁਪਾ ਲੈਂਦਾ ਹੈ।'
ਮੈਨੂੰ ਯਾਦ ਆ ਗਿਆ ਹੈ, ਇਕ ਵੇਸਵਾ ਨੇ ਅਖ਼ਬਾਰ ਵਿਚ ਲਿਖਿਆ ਸੀ, 'ਸਾਡੀ ਜਗ੍ਹਾ ਹੁਣ ਸ਼ਹਿਰੀ ਸੁਆਣੀਆਂ ਨੇ ਮਲ ਲਈ ਹੈ। ਜਿਹੜਾ ਸ਼ਿੰਗਾਰ ਸਾਡੀ ਖੱਟੀ ਸੀ। ਉਹ ਹੁਣ ਉਨ੍ਹਾਂ ਖੋਹ ਲਿਆ ਹੈ। ਸਾਡੇ ਵਾਲੇ ਨਾਜ਼, ਅਦਾਵਾਂ, ਬੋਲ ਚਾਲ ਤੇ ਰੁਸੇਵੇਂ, ਇਸ਼ਾਰੇ ਉਨ੍ਹਾਂ ਚੰਗੀ ਤਰ੍ਹਾਂ ਸਿੱਖ ਲਏ ਹਨ। ਸਾਨੂੰ ਇਸ ਗੱਲ ਦਾ ਕੋਈ ਅਫ਼ਸੋਸ ਨਹੀਂ ਕਿ ਸਾਡੀ ਆਮਦਨ ਘੱਟ ਗਈ ਹੈ ਸਗੋਂ ਖੁਸ਼ੀ ਹੈ ਕਿ ਸਾਡੀ ਸ਼੍ਰੇਣੀ ਵਿਚ ਤਰੱਕੀ ਹੋ ਗਈ ਹੈ।
'ਮੈਂ ਤਾਂ ਸੁਣਿਆ ਸੀ ਸ਼ਹਿਰਨਾਂ ਵਿਚ ਬੜੀ ਤਹਿਜ਼ੀਬ ਹੁੰਦੀ ਹੈ।
'ਤਹਿਜ਼ੀਬ ਆਪਣੇ ਆਪ ਵਿਚ ਬੁਰੀ ਨਹੀਂ। ਸਾਡੀਆਂ ਨਫਸਾਨੀ ਮੰਗਾਂ ਇਸ ਨੂੰ ਬਦਨਾਮ ਕਰਦੀਆਂ ਹਨ। ਮੈਨੂੰ ਯਾਦ ਆਇਆ, 'ਤੁਹਾਡੇ ਇਸ ਸਵਾਲ ਦਾ ਜਵਾਬ ਅੰਮ੍ਰਿਤਸਰ ਚਲ ਕੇ ਦੇਵਾਂਗਾ, ਜੋ ਨਵੀਨ ਇਸਤਰੀ, ਮਰਦ ਨੂੰ ਬੁਰੀ ਤਰ੍ਹਾਂ ਨਚਾਉਂਦੀ ਹੈ। ਹੁਣ ਤੁਸੀਂ ਸਾਹਮਣੀ ਕੁੜੀ ਤੇ ਉਸ ਦੇ ਨਾਲ ਉਸ ਦੇ ਗਭਰੂ ਨੂੰ ਵੇਖ ਲਵੋ। ਉਹ ਉਸ ਦਾ ਪਤੀ ਹੈ, ਪਰ ਇਉਂ ਲਗਦਾ ਹੈ, ਜਿਵੇਂ ਕਿਤੋਂ ਵਗਾਰੀ ਫੜਿਆ ਹੁੰਦਾ ਹੈ।
'ਅੱਜ ਕਲ੍ਹ ਤੇ ਮੁੰਡੇ ਕਿਹੜਾ ਘਟ ਗੁਜ਼ਾਰਦੇ ਹਨ। ਕੁੜੀਆਂ ਦੇ ਤਾਂਗਿਆਂ ਪਿਛੇ ਇਉਂ ਸਾਈਕਲ ਚਲਾਉਂਦੇ ਹਨ, ਜਿਵੇਂ ਮਾਲਕ ਦਾ ਕੁੱਤਾ ਉਸ ਮਗਰ ਪੂਛ ਮਾਰਦਾ ਹੈ।
'ਮੁੰਡਿਆਂ ਤੇ ਜਵਾਨਾਂ ਦਾ ਵੀ ਕੁਝ ਨਾ ਪੁੱਛੋ। ਤੂੰ ਪਾਲ ਇਹਨਾਂ ਨੂੰ ਏਨਾ ਨਹੀਂ ਜਾਣਦੀ, ਜਿੰਨਾ ਕਿ ਮੈਨੂੰ ਪਤਾ ਹੈ। ਸੁਣਿਆ ਹੈ ਪਹਿਲਾਂ ਜਵਾਨਾਂ ਦਾ ਸ਼ੁਗਲ ਪੜ੍ਹਨਾ, ਆਪਣੀ ਸਿਹਤ ਨੂੰ ਤੰਦਰੁਸਤ ਰਖਣਾ ਸੀ ਅਤੇ ਜੋ ਕੰਮ ਬੁੱਢਿਆਂ ਅਤੇ ਬੱਚਿਆਂ ਤੋਂ ਨਹੀਂ ਸੀ ਹੋ ਸਕਦਾ ਕਰਦੇ ਸਨ। ਦੁਖੀਆਂ ਦਾ ਦਰਦ ਵੰਡਾਂਦੇ ਸਨ। ਆਪਣੇ ਪਿੰਡ ਦੇ ਅਤੇ ਦੇਸ਼ ਦੀ ਇੱਜ਼ਤ ਦੀ ਖ਼ਾਤਰ ਆਪਣੀ ਜਾਨ ਤਕ ਖ਼ਤਰੇ ਵਿਚ ਪਾ ਦੇਂਦੇ ਸਨ। ਉਸ ਸੂਰਮਤਾਈ ਦੀ ਬਜਾਏ ਹੁਣ ਸਿਨਮੇ ਦੇਖਣੇ, ਸਿਗਰਟ ਪੀਣੇ, ਛਜੇਦਾਰ ਪੱਗਾਂ ਘੰਟਾ ਘੰਟਾ ਸ਼ੀਸ਼ੇ ਅੱਗੇ ਬਹਿ ਕੇ ਬੰਨ੍ਹਣੀਆਂ ਅਤੇ ਦਾੜ੍ਹੀਆ ਉਪਰ ਇਕ ਮਲ੍ਹਮ ਜੇਹੀ (ਫਿਕਸੋ) ਲਾ ਕੇ ਫ਼ਜੂਲ ਵਕਤ ਗੰਵਾਣਾ ਹੀ ਸ਼ੁਗਲ ਰਹਿ ਗਿਆ ਹੈ।'
'ਅਸੀਂ ਵੀ ਸ਼ਹਿਰੀਆਂ ਦੇ ਨੇੜੇ ਹੁੰਦੇ ਜਾ ਰਹੇ ਹਾਂ।
ਤੁਸੀਂ ਬੇਸ਼ਕ ਹੋ ਜਾਵੋ, ਪਰ ਮੇਰੇ ਵਿਚੋਂ ਪੇਂਡੂ-ਪੁਣਾ ਕਿਸੇ ਤਰ੍ਹਾਂ ਵੀ ਨਹੀਂ ਨਿਕਲ ਸਕਦਾ। ਮੈਂ ਕੱਚੇ ਦੁੱਧ ਦੀਆਂ ਧਾਰਾਂ ਲਈਆਂ ਹਨ। ਬੈਲਾਂ ਨੂੰ ਗੱਡੇ ਜੋੜ ਭਜਾਇਆ ਹੈ। ਹਲ ਵਾਹ ਕੇ ਵੀ ਸੁਆਦ ਲਿਆ ਹੈ। ਖੂਹ ਦੀ ਗਾਧੀ ਤੇ ਬਹਿ ਕੇ ਮਿਰਜਾ ਗਾਵਿਆ ਹੈ । ਛੋਲਿਆਂ ਦੀਆਂ ਹੋਲਾਂ ਨਾਲ ਹੱਥ ਬੁੱਲ੍ਹ ਕਾਲੇ ਕੀਤੇ ਹਨ। ਕੱਸੀਆਂ ਦਾ ਪਾਣੀ ਬੁੱਕਾਂ ਨਾਲ ਪੀਤਾ ਹੈ ਤੇ ਪੋਹ ਮਾਘ ਦੀਆਂ ਨਾਜ਼ਕ ਗੰਦਲਾਂ ਤੋੜੀਆਂ ਹਨ। ਮੈਂ ਆਜਾਦ ਜੀਉਂਕੇ ਡਿੱਠਾ ਹੈ। ਹੁਸਨ ਤੇ ਪਿਆਰ ਨੂੰ ਸਹੀ ਅਰਥਾਂ ਵਿਚ ਇਕ ਦੂਜੇ ਵਿਚ ਅਭੇਦ ਡਿੱਠਾ ਹੈ। ਮੈਂ ਅੰਮ੍ਰਿਤ ਪੀ ਕੇ ਜਹਿਰ ਦੇ ਕਿਵੇਂ ਨੇੜੇ ਆ ਸਕਦਾ ਹਾਂ। ਸਭ ਸ਼ਹਿਰ ਨਰਕੀ ਅਖਾੜੇ ਹਨ । ਇਕ ਸੁਹਲ ਜਿਹੀ ਨਾਜ਼ਕ ਕੁੜੀ ਸਾਡੇ ਅਗੋਂ ਦੀ ਮਰੋੜੇ ਮਾਰਦੀ ਲੰਘ ਗਈ। ਅਸੀਂ ਦੋਵੇਂ ਮੁਸਕਾ ਪਏ ਜਦੋਂ ਉਹ ਥੋੜ੍ਹੀ ਪਰ੍ਹੇ ਗਈ, ਮੈਂ ਆਖਿਆ, ਸ਼ਾਇਦ ਇਹ ਆਖਦੀ ਹੋਵੇਗੀ ਕਿ ਮੈਂ ਕਾਮਦੇਵ ਦੇ ਸਾਰੇ ਤੀਰ ਤੋੜ ਚੁੱਕੀ ਹਾਂ। ਮੈਨੂੰ ਇਸ ਦੀ ਚਾਲ ਤੇ ਹਾਸਾ ਆਉਂਦਾ ਹੈ। ਮਾਲਵੇ ਦਾ ਗਭਰੂ ਇਸ ਨੂੰ ਇਕ ਮੁੱਠ ਵਿਚ ਕੱਠੀ ਕਰ ਦੇਵੇ । ਪਰ ਕੀ ਆਖ ਸਕਦੇ ਹਾਂ ਪਾਲ, ਜੋ ਹਵਾ ਇਸ ਤਰ੍ਹਾਂ ਦੀ ਰਹੀ, ਤਦ ਕੋਈ ਵੱਡੀ ਗੱਲ ਨਹੀਂ, ਸ਼ਹਿਰੀ ਅਬਾਦੀ ਪੁਰਾਣਾ ਯੂਨਾਨ ਹੀ ਬਣ ਜਾਵੇ। ਪੁਰਾਣੇ ਯੂਨਾਨ ਵਿਚ ਕਾਮਕ ਅਧਾਰ ਤੇ ਇਸਤਰੀ (ਜੋਹਰਾ) ਦੀ ਪੂਜਾ ਹੋਇਆ ਕਰਦੀ ਸੀ। ਰੱਥ ਦੀ ਬਜਾਏ ਇਸਤਰੀ ਤੋਂ ਪਿਆਰ ਮੰਗਿਆ ਜਾਂਦਾ ਸੀ। ਔਰਤ ਨਾਲੋਂ ਰੱਬ ਦੀ ਹਸਤੀ ਤੇ ਬਹੁਤਾ ਵਿਸ਼ਵਾਸ ਨਹੀਂ ਸੀ।
'ਕੀ ਇਸ ਤੋਂ ਚੰਗਾ ਨਹੀਂ ਸੀ ਕਿ ਅਸੀਂ ਪਹਾੜੀ ਨਾਲੇ ਜੰਗਲ ਵਿਚ ਦੋ ਦਿਨ ਖੁਸ਼ੀਆਂ ਮਨਾ ਆਉਂਦੇ।'
'ਚਲੋ ਉਠੋ ਚਲੀਏ, ਜੇ ਜ਼ਿੰਦਗੀ ਰਹੀ ਤਾਂ ਪਹਾੜੀ ਨਦੀਆਂ ਕਿਨਾਰੇ ਵੀ ਫਿਰਾਂਗੇ।'
ਅਸੀਂ ਟੁਰਦੇ ਫਿਰਦੇ ਹੋਟਲ ਤਕ ਪੁਜ ਗਏ ਅਤੇ ਨੌਕਰ ਨੇ ਰੋਟੀ ਮੇਜ਼ ਤੇ ਲਿਆ ਰੱਖੀ । ਮੈਂ ਓਮ ਪ੍ਰਭੂ ਆਖ ਬੁਰਕੀ ਮੂੰਹ ਵਿਚ ਪਾ ਲਈ ਤੇ ਪਾਲ ਤੋੜਦਿਆਂ ਹੱਸ ਪਈ।
'ਕਿਉਂ ਪਾਲ ਜੀ! ਤੁਹਾਨੂੰ ਮਹਾਂ ਪ੍ਰਭੂ ਦੇ ਨਾਲ ਕੋਈ ਨਰਾਜ਼ਗੀ ਹੈ ?
'ਨਰਾਜ਼ਗੀ ਤਾਂ ਕੋਈ ਨਹੀਂ, ਪਰ ਤੁਸੀਂ ਸਿਖ ਹੋ ਕੇ ਵਾਹਿਗੁਰੂ ਕਿਉਂ ਨਹੀਂ ਆਖਦੇ ?'
'ਪਹਿਲੀ ਗੱਲ ਤੇ ਸਿਖ ਦੀ ਦ੍ਰਿਸ਼ਟੀ ਵਿਚ ਭਗਵਾਨ ਨਾਮ ਦਾ ਕੋਈ ਭੇਦ ਨਹੀਂ। ਫਿਰ ਭਗਵਾਨ ਸਾਰੇ ਨਾਮਾਂ ਵਿਚ ਇਕ ਰੂਪ ਹੀ ਵਿਆਪਕ ਹੈ। ਇਨ੍ਹਾਂ ਤੇ ਸ਼ੱਕ ਕਰਨ ਵਾਲਾ ਤਅੱਸਬੀ ਹੋਵੇਗਾ।'
ਪਾਲ ਨੇ ਘੰਟੀ ਵਜਾ ਕੇ ਨੌਕਰ ਤੋਂ ਕੱਚੇ ਟਮਾਟਰ ਮੰਗਵਾਏ। ਨੌਕਰ ਚਿੱਟੀ ਪਲੇਟ ਵਿਚ ਲੂਣ ਮਿਰਚਾਂ ਲਾ ਕੇ ਲੈ ਆਇਆ। ਅਸੀਂ ਰੋਟੀ ਮਿੱਠੀ ਚਰਚਾ ਵਿਚ ਖਾਧੀ। ਰੋਟੀ ਖਾ ਲੈਣ ਪਿਛੋਂ ਕੁਝ ਥੱਕੇ ਹੋਣ ਕਰਕੇ ਹੋਟਲ ਦੀ ਛੱਤ ਤੇ ਇਕ ਨਿਵੇਕਲੀ ਥਾਂ ਜਾ ਡੇਰੇ ਲਾਏ । ਸਾਡੇ ਤੇ ਇਕ ਜਾਦੂ ਜੇਹੇ ਦਾ ਅਸਰ ਹੋਇਆ ਸੀ। ਆਪਣੇ ਪਿੰਡੋਂ ਚੋਰਾਂ ਵਾਂਗ ਨੱਠ ਕੇ ਏਥੇ ਇਕ ਮਿੱਠੇ ਸੁੱਖ ਦੀ ਭਾਲ ਵਿਚ ਆਏ ਹੋਏ ਸਾਂ।
'ਜੇ ਤੁਸੀਂ ਅਜ ਥੋੜ੍ਹਾ ਚਿਰ ਮੇਰੀ ਹਿੱਕ ਤੇ ਸਿਰ ਰੱਖ ਕੇ ਸੌਵੋਂ ?'
'ਫਿਰ ਕੀ ਹੋਵੇਗਾ ਪ੍ਰਿਯਾ?'
"ਇਸ ਪਿਆਰ ਸੁਖ ਨੂੰ ਮੈਂ ਦੱਸ ਨਹੀਂ ਸਕਦੀ।'
'ਤੇਰਾ ਤੇ ਮੇਰਾ ਸੁਖ ਜੀਵਨ ਦੀ ਸਾਂਝੀ ਪੂੰਜੀ ਹੈ। ਮੈਨੂੰ ਕੋਈ ਇਨਕਾਰ ਨਹੀਂ, ਪਰ ਮੈਂ ਚਾਹੁੰਦਾ ਹਾਂ ਤੇਰੇ ਪਿਆਰ ਦੀ ਮੰਜ਼ਲ ਸਦਾ ਦੂਰ ਰਹੇ ਤੇ ਮੈਂ ਇਕ ਅਨੁਭਵ ਸਚਾਈ ਵਿਚ ਸਦਾ ਗਵਾਚਿਆ ਰਹਾਂ।
ਮੈਂ ਉਸ ਦੀ ਬੁੱਕਲ ਵਿਚ ਪ੍ਰੇਮੀ ਪ੍ਰਿਯਾ ਦੀ ਵਿਖਮਤਾ ਨੂੰ ਗਵਾ ਦਿੱਤਾ । ਮੇਰੇ ਕੰਨਾਂ ਨੇ ਉਸ ਦੇ ਦਿਲ ਦੀਆਂ ਸਾਰੀਆਂ ਧੜਕਣਾਂ ਸੁਣੀਆਂ। ਅੱਖੀਆਂ ਦਾ ਪ੍ਰੇਮ ਰਸ ਉਸ ਰਾਤ ਹਿਰਣ ਤੋਂ ਕੁਝ ਪਰ ਹੀ ਡੁਲਿਆ। ਦੁਨੀਆ ਦੋ ਦਿਲਾਂ ਨੂੰ ਮਿਲਦਿਆਂ ਦੇਖ ਗੁਨਾਹ ਸਮਝੇਗੀ ਪਰ ਮੇਰੀ ਸਮਝ ਵਿਚ ਰੱਬ ਦੀ ਇਸ ਤੋਂ ਵਡੇਰੀ ਪ੍ਰਸੰਨਤਾ ਕੋਈ ਨਹੀਂ।
'ਛੋਟੀ ਪ੍ਰੀਤ ਵੱਡੀ ਸੜਕ ਵਿਚ ਡੰਡੀ ਬਣ ਕੇ ਸਮਾ ਜਾਂਦੀ ਹੈ,
ਪ੍ਰਿਯਾ ਪ੍ਰੀਤ ਪ੍ਰਭੂ ਦੀ ਅਗਾਧ ਪ੍ਰੀਤ ਦਾ ਰਾਜ ਖੋਲ੍ਹਦੀ ਹੈ।
ਪ੍ਰੇਮੀ ਦੀ ਹਰ ਕ੍ਰਿਆ ਨਿਸ਼ਕਾਮ ਅਮਲ
ਆਪੇ ਵਿਚ ਇਕ ਪੂਰਨ ਰਸ ਹੈ,
ਤੇ ਉਸ ਦਾ ਵਿਸ਼ਵਾਸ ਉਸ ਨੂੰ ਕਿਸੇ ਭੁਚਾਲ ਵਿਚ ਵੀ
ਡੋਲਣ ਨਹੀਂ ਦੇਂਦਾ।
(ਗੁਰੂਦੇਵ)
ਅਸੀ ਸੁੱਤੇ, ਜਾਗੇ ਤੇ ਸੁਪਨਿਆਂ ਵਿਚ ਗਵਾਚੇ। ਪਿਆਰ ਅਨੰਦ ਸੀ ਤੇ ਅਨੰਦ ਪਿਆਰ। ਇਉ ਭਾਸਦਾ ਸੀ, ਸਾਡੇ ਛੱਟੇ ਸਾਹ ਦੁਨੀਆ ਦੇ ਦੁਖਾਂ ਨੂੰ ਦੂਰ ਕਰ ਰਹੇ ਹਨ। ਹਵਾ ਪ੍ਰੇਮੀਆਂ ਨੂੰ ਛੋਹ ਕੇ ਸੁਗੰਧੀ ਭਰਪੂਰ ਹੋ ਜਾਂਦੀ ਹੈ। ਪਤਾ ਨਹੀਂ ਰਾਤ ਕਿੰਨੀ ਕੁ ਬੀਤੀ ਸੀ, ਜਦੋਂ ਪਾਲ ਨੇ ਕਿਹਾ, 'ਜਾਗਦੇ ਹੋ ?'
'ਕਹੋ ਪ੍ਰਿਯਾ, ਕੀ ਕਹਿਣਾ ਚਾਹੁੰਦੇ ਹੈ ?' ਮੈਂ ਉਸ ਦੇ ਬੁੱਲਾਂ ਨੂੰ ਛੇੜਦਿਆਂ ਕਿਹਾ।
'ਮੈਂ ਤੁਹਾਥੋਂ ਐਨਾ ਸੁਖ ਮਾਣ ਕੇ ਹੁਣ ਕਿਤੇ ਜੋਗੀ ਨਹੀਂ ਰਹੀ। ਮੈਨੂੰ ਆਪਣੇ ਚਰਨਾਂ ਵਿਚ ਥਾਂ ਦੇਣੀ।
'ਮੇਰੀ ਗਰੀਬੀ ਤੁਹਾਡੀ ਹਰ ਆਰਜੂ ਦਾ ਸਤਿਕਾਰ ਕਰਦੀ ਹੈ।
'ਪਿਆਰ ਅਮੀਰੀ ਗਰੀਬੀ ਨਾਲ ਕੋਈ ਸੰਬੰਧ ਨਹੀਂ ਰਖਦਾ।'
'ਦਿਲ ਚਾਹੁੰਦਾ ਏ, ਤੁਹਾਨੂੰ ਆਪਣੇ ਵਿਚ ਸਮਾ ਇਕ ਜੱਰਾ ਬਣ ਕੇ ਕੋਈ ਪਹਾੜੀ ਖੰਡ ਮਲ ਲਵਾਂ, ਰਸ-ਕਤਰਾ ਬਣ ਕੇ ਸਾਗਰ ਵਿਚ ਡੁੱਬ ਜਾਵਾਂ।
'ਜੀ ਮੈਂ ਤਾਂ ਤੁਹਾਥੋਂ ਬਿਨਾਂ ਕਿਸੇ ਸੂਰਤ ਨਹੀਂ ਬਚ ਸਕਦੀ।
ਤੈਥੋਂ ਬਿਨਾਂ ਮੇਰੇ ਜਿੰਦਾ ਰਹਿਣ ਦੀਆਂ ਲਾਲਸਾ ਵੀ ਪਰਾਣ ਤੋੜ ਚੁੱਕੀਆਂ ਹਨ।
'ਦੁਨੀਆ ਪ੍ਰੇਮੀਆਂ ਨੂੰ ਕਿਉਂ ਬੁਰਾ ਜਾਣਦੀ ਹੈ ?'
ਅਸੀਂ ਬੁੱਲ ਜੋੜੀ ਕਿਸੇ ਅਨੰਦ ਵਿਚ ਗਵਾਚ ਗਏ। ਪਿਆਰ ਤੇ ਨੀਂਦ ਦੇ ਦੋਵੇਂ ਨਸ਼ੇ ਵਿਚ ਮਿੱਠੀ ਬੇ-ਸ਼ੁੱਧਤਾ ਲੈ ਕੇ ਆਏ। ਜਦੋਂ ਮੇਰੀ ਅੱਖ ਖੁਲ੍ਹੀ ਓਦੋਂ ਚਾਨਣਾ ਹੋ ਚੁੱਕਾ ਸੀ ।
ਮੈਂ ਪਾਲ ਨੂੰ ਹਲੂਣਦਿਆਂ ਕਿਹਾ, 'ਉਠੋ ਮਹਾਰਾਜਾ! ਕੁਦਰਤ ਜਾਗ ਪਈ ਹੈ।'
ਦੋਵੇਂ ਛੇਤੀ-ਛੇਤੀ ਨਹਾਏ ਅਤੇ ਕਪੜੇ ਪਾ ਕੇ ਹੋਟਲ 'ਚੋਂ ਬਾਹਰ ਆਏ। ਰਾਹ ਵਿਚ ਇਕ ਤਾਂਗੇ ਤੇ ਬੈਠ ਘੰਟਾ ਘਰ ਪੁਜ ਗਏ।
ਮੈਂ ਸਵਾ ਰੁਪਏ ਦੀ ਦੇਗ ਲਈ। ਪਾਲ ਨੇ ਦੋ ਫੁੱਲਾਂ ਦੇ ਹਾਰ ਲਏ। ਅਸੀਂ ਪੌੜੀਆਂ ਉਤਰ ਕੇ ਪਰਕਰਮਾ ਵਿਚ ਆ ਗਏ। ਸ਼ਰਧਾ ਵਿਚ ਮਨ ਖੀਵਾ ਹੁੰਦਾ ਜਾ ਰਿਹਾ ਸੀ। ਸਰੀਰ ਕਿਸੇ ਨਿਸਲਤਾ ਵਿਚ ਚੂਰ ਜਿਹਾ ਜਾਪਦਾ ਸੀ। ਮੇਰਾ ਮਨ ਡੰਡੌਤ ਵਿਚ ਵਿਛ ਜਾਣਾ ਚਾਹੁੰਦਾ ਸੀ। ਭਾਈ ਸਾਹਿਬ ਨੇ ਸਾਥੋਂ ਦੇਗ ਫੜ ਲਈ ਅਤੇ ਥੋੜੀ ਸਾਨੂੰ ਸੀਤ ਪ੍ਰਸ਼ਾਦ ਵਜੋਂ ਮੋੜ ਦਿੱਤੀ।
ਸਾਜ਼ਾਂ ਦੀਆਂ ਮਿੱਠੀਆਂ ਸੁਰਾਂ ਮੈਨੂੰ ਆਪਣੇ ਅਨਹੱਦ ਦੇਸ ਵਿਚ ਲੈ ਜਾਣਾ ਚਾਹੁੰਦੀਆਂ ਸਨ। ਅਸਾਂ ਬਾਹਰ ਆ ਦੇਗ ਵੰਡੀ, ਆਪ ਭੀ ਥੋੜ੍ਹੀ ਮੂੰਹ 'ਚ ਪਾਈ। ਹਰਿ ਕੀ ਪੌੜੀ ਤੋਂ ਅੰਮ੍ਰਿਤ ਲਿਆ। ਪਾਲ ਫੁੱਲਾਂ ਦੇ ਹਾਰ ਚੜ੍ਹਾ ਆਈ ਅਤੇ ਗ੍ਰੰਥੀ ਸਾਹਿਬ ਨੇ ਉਸ ਨੂੰ ਇਕ ਸਿਹਰਾ ਹੋਰ ਦੇ ਦਿੱਤਾ। ਉਸ ਅੱਖਾਂ ਤੇ ਮਸਤਕ ਨੂੰ ਛੁਹਾਂਦਿਆਂ ਮੇਰੇ ਗਲ੍ਹ ਪਾ ਦਿੱਤਾ। ਉਸ ਵੇਲੇ ਪਾਲ ਦੀਆਂ ਅੱਖਾਂ ਕਹਿ ਰਹੀਆਂ ਸਨ ਕਿ ਪਿਆਰ ਦਾ ਇਕਰਾਰ ਨਿਰੋਲ ਸਚਾਈ ਤੋਂ ਬਿਨਾਂ ਕੁਝ ਨਹੀਂ ਰਿਹਾ। ਅਸੀਂ ਹਰਿਮੰਦਰ ਸਾਹਿਬ ਦੁਆਲੇ ਪ੍ਰਕਰਮਾ ਕਰ ਕੀਰਤਨ ਸੁਣਨ ਲਈ ਬੈਠ ਗਏ।
ਬਾਣੀ ਅਨੰਦ ਨੂੰ ਪਹੁੰਚੀ ਮਸਤੀ ਦੇ ਮੂੰਹੋਂ ਨਿਕਲੀ ਕਵਿਤਾ ਹੈ। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਉਸ ਨੂੰ ਪੂਰੇ ਧਿਆਨ ਨਾਲ ਇਕ ਪੱਥਰ ਚਿੱਤ ਸੁਣੇ ਤੇ ਫਿਰ ਨਾ ਪਿਘਲੇ। ਪ੍ਰਭੂ ਵਿਚ ਅਭੇਦ ਹੋਈ ਮਹਾਂ ਵਿਅਕਤੀ ਦੀ ਅਭੇਦ ਅਵਸਥਾ ਸਮੇਂ ਦੀ ਮਸਤੀ ਵਿਚੋਂ ਉਚਾਰੀ ਕਵਿਤਾ, ਜਨਮਾਂ ਦੇ ਪਾਪ, ਪੁੰਨਾਂ ਵਿਚ ਬਦਲ ਦੇਣ ਦੀ ਸਮਰੱਥਾ ਰਖਦੀ ਹੈ।
'ਰਾਖੁ ਰਾਮੁ ਮੇਰੇ ਬੀਠੁਲਾ ਜਨੁ ਸਰਨਿ ਤੁਮਾਰੀ’
ਅੰਦਰ ਸਰੂਰ ਇਕ ਸ਼ਕਤੀ ਵਿਚ ਨਿਰਤ ਕਰ ਰਿਹਾ ਸੀ। ਮਾਨਵਤਾ ਦੀ ਕੁਲ ਸੱਤਾ ਚੂਰ ਚੂਰ ਹੋ ਗਈ। ਇਕਾਗਰਤਾ ਅਨੰਦ ਦਾ ਸਹੀ ਮਾਰਗ ਹੈ। ਮਨ ਸੂਫੀ ਫ਼ਕੀਰਾਂ ਵਾਂਗ ਹਾਲ ਵਿਚ ਨੱਚ ਪੈਣਾ ਚਾਹੁੰਦਾ ਸੀ। ਅੰਦਰ ਇਕ ਲਰਜ਼ਾ ਆਇਆ ਅਤੇ ਸਾਰਾ ਸਰੀਰ ਇਕ ਤਰਲਾ ਬਣ ਗਿਆ। ਮੇਰਾ ਤਰਲਾ ਪ੍ਰਭੂ ਤੋਂ ਖਿਮਾਂ ਮੰਗ ਰਿਹਾ ਸੀ।
'ਰਾਖੁ ਰਾਖੁ ਮੇਰੇ ਬੀਠੁਲਾ, ਜਨੁ ਸਰਨਿ ਤੁਮ੍ਹਾਰੀ ॥
ਨੈਣਾਂ ਤੋਂ ਜਲ ਭਰ ਆਇਆ। ਆਖਦੇ ਹਨ ਪੱਥਰ ਕਿਵੇਂ ਤਰ ਸਕਦੇ ਹਨ।
ਕੀ ਗੁਨਾਹਾਂ ਨਾਲੋਂ ਪੱਧਰ ਭਾਰੇ ਹੁੰਦੇ। ਮੇਰੇ ਪੱਥਰ-ਪਾਪ ਪਿਘਲ ਪਿਘਲ ਕੇ ਬਾਹਰ ਆ ਰਹੇ ਸਨ। ਸੱਚੀ ਨੀਯਤ ਵਿਚ ਪ੍ਰਭੂ ਸ਼ਰਨ ਪਕੜੀ ਪਾਪਾਂ ਦਾ ਕੁਲ ਖਾਤਾ ਨੇਸਤ ਕਰ ਦੇਂਦੀ ਹੈ, ਪਰ ਅਫਸੋਸ ਤੇ ਦੁਖ ਏਹੀ ਹੈ ਕਿ ਸਾਡੀ ਨੀਯਤ ਸਾਫ਼ ਨਹੀਂ ਹੁੰਦੀ।
'ਗ੍ਰਿਹੁ ਤਜਿ ਬਨਖੰਡ ਜਾਈਐ ਚੁਨਿ ਖਾਈਐ ਕੰਦਾ।।
ਅਜਹੁ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ ।।'
ਰਾਗ ਤੇ ਬਾਣੀ ਓਦੋਂ ਮਨੁੱਖੀ ਮਨ ਤੇ ਪੂਰਨ ਅਸਰ ਕਰਦੇ ਹਨ, ਜਦੋਂ ਸਾਰੀਆਂ ਭਟਕਣਾ ਖ਼ਤਮ ਹੋ ਕੇ ਮਨ ਸਰੋਦ ਰਸੀਆ ਹੀ ਰਹਿ ਜਾਂਦਾ ਹੈ। ਓਧਰ ਰਾਗੀ ਤੇ ਮਸਤੀ ਆਪਣੇ ਕੁਲ ਤਾਣ ਵਿਚ ਛਾਈ ਹੋਵੇ, ਓਦੋਂ ਬੰਧਨ ਟੁੱਟਦੇ ਹਨ, ਭਰਮ ਮੁਕਦੇ ਹਨ। ਇਲਾਹੀ ਨੂਰ ਅਸਲ ਸਰੂਰ ਵਿਚ ਬ੍ਰਹਮਾਨੰਦ ਦਾ ਬੂਹਾ ਖੋਲ੍ਹ ਦੇਂਦਾ ਹੈ। ਜਿਥੇ ਗਿਆ ਮਨੁੱਖ ਸੰਸਾਰੀ ਵਾਸਨਾ ਨੂੰ ਸਦਾ ਲਈ ਭੁੱਲ ਜਾਂਦਾ ਹੈ।
'ਮਿਟ ਗਈ ਹੈ ਮੇਰੇ ਦਿਲੋਂ ਹੁਣ ਸੰਸਾਰ ਦੀ ਵਾਸ਼ਨਾ।
ਜਾਣ ਗਿਆ ਹਾਂ ਜਦ ਤੋਂ ਮੈਂ ਆਤਮ ਪਿਆਰ ਲੱਖਸ਼ਨਾ।'
ਦੋ ਘੰਟੇ ਪ੍ਰਭੂ ਆਨੰਦ ਨੂੰ ਸਰਵਨਾਂ ਨੇ ਰੱਜ ਕੇ ਪੀਤਾ। ਹਿਲਣ ਨੂੰ ਜੀਅ ਨਹੀ ਸੀ ਕਰਦਾ।
ਤਿੰਨ ਕੁੜੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਮੱਥਾ ਟੇਕਿਆ, ਜਦੋਂ ਉਠੀਆਂ ਤਾਂ ਓਹਨਾਂ ਦੇ ਸਿਰਾਂ ਤੋਂ ਚੁੰਨੀਆਂ ਲਹਿ ਗਈਆਂ ਕਿਉਂਕਿ ਡੇੜ੍ਹ ਗਜ ਅਰਜ ਦੀ ਚੁੰਨੀ ਨੂੰ ਉਹਨਾਂ ਨੇ ਵਟ ਪਾ ਪਾ ਕੇ ਡੇੜ੍ਹ ਫੁਟ ਬਣਾ ਲਿਆ ਸੀ। ਅਸੀਂ ਦੋਵੇਂ ਸਤਿਕਾਰ ਨਾਲ ਮੱਥਾ ਟੇਕ ਬਾਬੇ ਅਟੱਲ ਸਾਹਿਬ ਦੇ ਦਰਸ਼ਨ ਲਈ ਤੁਰੇ।
ਸ਼ਰੋਮਣੀ ਕਮੇਟੀ ਦੀ ਬਿਲਡਿੰਗ ਜਵਾਨੀ ਦੇ ਅਭਿਮਾਨ ਵਾਂਗ ਮੁਸਕਰਾ ਰਹੀ ਸੀ। ਨਾਲ ਹੀ ਗੁਰੂ ਰਾਮਦਾਸ ਸਰਾਂ ਯਾਤਰੂਆਂ ਦੇ ਆਰਾਮ ਟਿਕਾਣੇ ਲਈ ਆਪਣੀਆਂ ਬਾਹਾਂ ਖੋਲ੍ਹੀ ਖਲੋਤੀ ਸੀ। ਯਾਤਰੂ ਇਹਨੂੰ ਥਕੇਵਾਂ ਦੇ ਜਾਂਦੇ ਸਨ ਅਤੇ ਵੱਟੇ ਵਿਚ ਨਵੀਂ ਖੁਸ਼ੀ ਲੈ ਆਪਣੇ ਰਾਹ ਪੈਂਦੇ ਸਨ।
ਅਸੀਂ ਫਿਰ ਹੋਟਲ ਵਿਚ ਆ ਗਏ। ਸਾਰਾ ਦੁਪਹਿਰਾ ਹੋਟਲ ਵਿਚ ਕਟਿਆ। ਦਿਲ ਢਲਦੇ ਨਾਲ ਹੀ ਸ਼ਾਮ ਘਟਾਂ ਚੜ੍ਹ ਆਈਆਂ। ਸ਼ਹਿਰ ਨਾਲੋਂ ਅਸਮਾਨ ਡਾਢਾ ਪਿਆਰਾ ਸੀ । ਸ਼ਾਇਦ ਕੁਦਰਤ ਕੰਸੀ ਨਹਾ ਕੇ ਵਾਲ ਸੁਕਾ ਰਹੀ ਸੀ। ਕੇਸਾਂ ਵਿਚੋਂ ਕਣੀਆਂ ਡਿਗਣੀਆਂ ਸ਼ੁਰੂ ਹੋ ਗਈਆਂ। ਕੀ ਆਖ ਸਕਦੇ ਹਾਂ ਕਿ ਕੁਦਰਤ ਬਿਰਹਾ ਹਾਲਤ ਵਿਚ ਕੇਸ ਖੋਲ੍ਹ ਕੇ ਰੋ ਰਹੀ ਹੋਵੇ। ਪਰ ਸਾਡੀਆਂ ਹਸਦੀਆਂ ਅੱਖਾਂ ਤੇ ਵਲਵਲੇ ਆਖ ਰਹੇ ਸਨ ਕਿ ਇਹ ਖ਼ਿਆਲਾ ਗਲਤ ਹੈ।
'ਅਜ ਸਿਨਮੇ ਚਲਣਾ ਹੈ ?' ਮੇਰਾ ਮੋਢਾ ਹਿਲਾਂਦਿਆਂ ਪਾਲ ਨੇ ਕਿਹਾ।
'ਜ਼ਰੂਰ ਜੀ। ਪਰ ਦਰਬਾਰ ਸਾਹਿਬ ਵੀ ਜ਼ਰੂਰ ਜਾਣਾ ਹੈ। ਓਥੇ ਵੀ ਅਨੋਖਾ ਅਨੰਦ ਹੈ।
'ਫਿਰ ਮੀਂਹ ਹਟਣ ਤੇ ਹੀ ਚਲੇ ਚਲੀਏ।'
ਮੈਂ ਘੰਟੀ ਵਜਾ ਕੇ ਨੌਕਰ ਨੂੰ ਸੱਦਿਆ। ਨੌਕਰ ਝਟ ਆ ਗਿਆ।
'ਅੱਜ ਕਲ੍ਹ ਕਿਹੜੀ ਫਿਲਮ ਚੰਗੀ ਹੈ ?'
'ਜੀ 'ਪ੍ਰੀਤ ਭਿਖਾਰੀ' ਨੂੰ ਲੋਕ ਬਹੁਤ ਸਲਾਹੁੰਦੇ ਹਨ।
ਨੌਕਰ ਚਲਾ ਗਿਆ। ਮੀਂਹ ਨਿੱਕੀ ਫੁਹਾਰ ਵਿਚ ਬਦਲ ਗਿਆ। ਮੈਂ ਮਸਤਾਨਿਆਂ
ਵਾਂਗ ਬਾਹਰ ਫਿਰਨ ਲੱਗਾ। ਪਾਲ ਵੇਖ-ਵੇਖ ਹਸਦੀ ਰਹੀ। ਮੈਂ ਕੁਦਰਤੀ ਖੁਸ਼ੀ ਨਾਲ ਆਪਣੀ ਖੁਸੀ ਸਾਂਝੀ ਕਰ ਰਿਹਾ ਸਾਂ। ਕਣੀਆਂ ਬਿਲਕੁਲ ਹਟ ਗਈਆਂ। ਅਸੀਂ ਦਰਬਾਰ ਸਾਹਿਬ ਤਾਂਗੇ ਚੜ੍ਹ ਕੇ ਚਲੇ ਗਏ।
ਬਸ ਓਹੀ ਸ਼ਾਂਤੀ ਤੇ ਅਗਾਧ ਪਿਆਰ ਵਿਚ ਬਦਲਿਆ ਜੀਵਨ। ਮੈਂ ਹੈਰਾਨ ਸਾਂ ਕਿ ਐਨੀ ਛੇਤੀ ਕਿਵੇਂ ਅੰਦਰ ਤਬਦੀਲੀ ਹੋ ਜਾਂਦੀ ਹੈ। ਆਤਮ-ਸਰੋਦ ਮਨੋ-ਕਾਮਨਾ ਦੇ ਪਰਦੇ ਲੀਰਾਂ ਕਰ ਸੁੱਟਦਾ ਹੈ। ਸੂਰਜ ਰੋਸ਼ਨੀ ਚੰਦਰਮਾ ਨੂੰ ਵੀ ਨੂਰਾਨੀ ਬਣਾ ਦੇਂਦੀ ਹੈ। ਆਤਮ ਅਨੰਦ ਮਨ ਤੇ ਚਿੱਤ ਨੂੰ ਵੀ ਮਦਹੋਸ਼ ਕਰ ਦੇਂਦਾ ਹੈ। ਇਕ ਘੰਟਾ ਇਸ ਅਨੰਦ ਨੂੰ ਮਾਣਿਆ ਤੇ ਮਨ ਚਾਹੁੰਦਾ ਸੀ, ਏਸੇ ਅਨੰਦ ਵਿਚ ਗਵਾਚਿਆ ਰਹਾਂ।
ਪਾਲ ਦੇ ਹਿਲਾਣ ਤੇ ਮੈਂ ਉਠਿਆ ਅਤੇ ਪਾਪੀ ਸਿਰ ਨੂੰ ਸੰਗਤ ਦੀ ਚਰਨ ਧੂੜੀ ਵਿਚ ਘਸਾਦਿਆਂ ਚੁੱਕਿਆ। ਅਸੀਂ ਮੁੜ ਆਏ। ਹੋਟਲ ਤੋਂ ਸੋਡਾ ਆਦਿ ਪੀ ਫਿਰ 'ਪ੍ਰੀਤ ਭਿਖਾਰੀ' ਵੇਖਣ ਚਲੇ ਗਏ। ਸਿਨਮਾ ਸਾਥੋਂ ਦੂਰ ਨਹੀਂ ਸੀ। ਟਿਕਟਾਂ ਲੈ ਕੇ ਸਿਨਮੇ ਦੇ ਹਾਲ ਵਿਚ ਅਸੀਂ ਇਕ ਪੱਖੇ ਹੇਠਾਂ ਆ ਬੈਠੇ। ਥੋੜ੍ਹੀ ਇਸ਼ਤਿਹਾਰਬਾਜ਼ੀ ਪਿਛੋਂ ਅਸਲ ਫਿਲਮ ਸ਼ੁਰੂ ਹੋਈ।
'ਦੋ ਜਵਾਨ ਦਿਲ, ਇਕ ਦੂਜੇ ਨੂੰ ਚਾਹੁੰਦੇ ਹਨ। ਪ੍ਰੇਮੀ ਗਰੀਬ ਹੈ ਤੇ ਜਾਤ ਬਰਾਦਰੀ ਦੇ ਫ਼ਰਕ ਸਦਕਾ ਆਪਣੀ ਪ੍ਰਿਯਾ ਨੂੰ ਪਾ ਨਹੀਂ ਸਕਦਾ। ਲੜਕੀ ਨੂੰ ਉਸ ਦਾ ਬਾਪ ਇਕ ਧਨੀ ਦੇ ਲੜਕੇ ਨਾਲ ਵਿਆਹ ਦੇਂਦਾ ਹੈ। ਉਹ ਲੜਕਾ ਇਕ ਸਦੀਵੀ ਰੋਗ ਦਾ ਸ਼ਿਕਾਰ ਹੈ। ਇਹ ਖ਼ਬਰ ਸੁਣ ਕੇ ਪ੍ਰੇਮੀ ਸ਼ਹਿਰ ਤੋਂ ਫਕੀਰ ਹੋ ਕੇ ਤੁਰ ਜਾਂਦਾ ਹੈ।
ਅੱਧ ਕਹਾਣੀ ਖ਼ਤਮ ਹੋ ਗਈ ਤਾਂ ਪਾਲ ਨੇ ਕਿਹਾ, 'ਸਮਾਜ ਤੇ ਪਿਆਰ ਇਕ ਦੂਜੇ ਦੇ ਦੁਸ਼ਮਣ ਹਨ।
'ਹਾਂ, ਪਰ ਅੱਗੇ ਦੇਖੋ ਤਸਵੀਰ ਕੀ ਰੰਗ ਵਟਾਉਂਦੀ ਹੈ।
ਮੈਂ ਸੋਡੇ ਵਾਲੇ ਨੂੰ ਦੋ ਬੋਤਲਾਂ ਲਿਆਉਣ ਲਈ ਕਿਹਾ। ਉਹ ਝਟ ਦੋ ਬੇਤਲਾਂ ਲੈ ਆਇਆ। ਅਸੀਂ ਸੋਡਾ ਪੀ ਉਸ ਨੂੰ ਪੈਸੇ ਦਿੱਤੇ । ਫਿਲਮ ਫਿਰ ਸ਼ੁਰੂ ਹੋ ਗਈ।
'ਪ੍ਰੇਮੀ ਆਪਣੀ ਪ੍ਰਿਯਾ ਨੂੰ ਭਗਵਾਨ ਭਜਨ ਵਿਚ ਭੁੱਲ ਜਾਣਾ ਚਾਹੁੰਦਾ ਹੈ, ਪਰ ਭੁੱਲ ਨਹੀਂ ਸਕਦਾ। ਉਸ ਦੀ ਪ੍ਰਿਯਾ ਵਿਧਵਾ ਹੋ ਜਾਂਦੀ ਹੈ। ਪ੍ਰੇਮੀ ਸਾਧੂ ਰੂਪ ਵਿਚ ਮੰਗਦਾ ਮੰਗਦਾ ਉਸ ਦੇ ਸ਼ਹਿਰ ਆਉਂਦਾ ਹੈ। ਅਚਾਨਕ ਉਸ ਦੇ ਘਰ ਵੀ ਭਿੱਛਿਆ ਦੀ ਸਦਾ ਕਰਦਾ ਹੈ ਅਤੇ ਆਪਣੀ ਪ੍ਰਿਯਾ ਨੂੰ ਪਛਾਣ ਲੈਂਦਾ ਹੈ। ਉਹ ਪੁੱਛਦੀ ਹੈ, 'ਭਿਖਾਰੀ ਕੀ ਲੈਣਾ ਏਂ ? ਉਹ ਅੱਗੋਂ ਆਖਦਾ ਹੈ, 'ਮੈਂ ਪ੍ਰੀਤ ਦਾ ਭਿਖਾਰੀ ਹਾਂ।' ਦੋਵੇਂ ਮਿਲ ਪੈਂਦੇ ਹਨ। ਪ੍ਰੇਮੀ ਕਿਤੇ ਉਠ ਜਾਣ ਲਈ ਆਖਦਾ ਹੈ, ਪਰ ਪ੍ਰਿਯਾ ਸਾਰੀ ਉਮਰ ਵਿਧਵਾ ਹੀ ਰਹਿਣਾ ਚਾਹੁੰਦੀ ਹੈ। ਪ੍ਰੇਮੀ ਅਥਾਹ ਸੋਚ ਵਿਚ ਉਥੋਂ ਤੁਰਦਾ ਹੈ, ਪਰ ਮੋਟਰ ਹੇਠ ਆ ਕੇ ਮਰ ਜਾਂਦਾ ਹੈ। ਉਸ ਦੀ ਪ੍ਰਿਯਾ ਵੀ ਸੁਣ ਕੇ ਮਰ ਜਾਂਦੀ ਹੈ। ਖ਼ਤਮ।
'ਇਸ ਦਾ ਐਂਡ ਸੁਖਾਂਤ ਹੋਣਾ ਚਾਹੀਦਾ ਸੀ। ਪਾਲ ਨੇ ਕਿਹਾ।
'ਹਾਂ, ਹੋਣਾ ਸੁਖਾਂਤ ਚਾਹੀਦਾ ਸੀ। ਪਰ ਕਹਾਣੀ ਲੇਖਕ ਦਾ ਆਸ਼ਾ ਕੁਝ ਹੋਰ ਹੈ।
ਉਹ ਪਹਿਲੋਂ ਫ਼ਰਜ਼ ਨੂੰ ਨਿਭਾਇਆ ਤੇ ਪਿਛੋਂ ਪਿਆਰ ਨੂੰ। ਪ੍ਰੇਮਕਾ ਸੁਸਾਇਟੀ ਦੇ ਅਸੂਲ ਨੂੰ ਤੋੜਨਾ ਨਹੀਂ ਸੀ ਚਾਹੁੰਦੀ, ਪ੍ਰੇਮੀ ਬਿਨਾਂ ਜਿੰਦਾ ਵੀ ਨਹੀਂ ਸੀ ਰਹਿ ਸਕਦੀ, ਸੋ ਉਸ ਅਜਿਹਾ ਹੀ ਕੀਤਾ।
ਅਸੀ ਹੋਟਲ ਵਿਚ ਰੋਟੀ ਖਾ ਕੇ ਲੰਮੇ ਪੈ ਗਏ।
'ਪ੍ਰਿਯਾ! ਸਵੇਰੇ ਪਹਿਲੀ ਗੱਡੀ ਹੀ ਚਲੇ ਚਲੀਏ।'
'ਨਹੀਂ ਜੀ ਐਡੀ ਕੀ ਕਾਹਲੀ ਹੈ? ਇਕ ਦਿਨ ਤਾਂ ਹੋਰ ਰਹੀਏ। ਉਸ ਤਰਲੇ ਵਜੋਂ ਕਿਹਾ।
'ਨਹੀਂ ਪਹਿਲੀ ਗੱਡੀ ਜਰੂਰ ਚਲੇ ਚਲਣਾ ਹੈ।'
ਫਿਲਮ-ਕਹਾਣੀ ਸੋਚਦਿਆਂ ਸਾਡੀਆਂ ਅੱਖਾਂ ਨੀਂਦ ਵਿਚ ਭਾਰੀਆਂ ਹੋ ਗਈਆਂ। ਦੋ ਕੁ ਵਜੇ ਹੋਟਲ ਵਿਚ ਚੀਕਾਂ ਨੇ ਮੈਨੂੰ ਜਗਾ ਦਿੱਤਾ। ਪਾਲ ਵੀ ਰੋਣਾ ਸੁਣ ਕੇ ਉਠ ਖਲੋਤੀ। ਪਤਾ ਲਗਾ ਕਿ ਇਕ ਇਸਤਰੀ ਹੇਠਾਂ ਮੈਨੇਜਰ ਨੂੰ ਗਾਲਾਂ ਦੇ ਰਹੀ ਹੈ। ਉਸ ਦੀਆਂ ਗਾਲਾਂ ਤੋਂ ਜ਼ਾਹਰ ਹੋ ਰਿਹਾ ਸੀ ਕਿ ਉਸ ਨਾਲ ਅਤਿ ਭੈੜਾ ਸਲੂਕ ਕੀਤਾ ਗਿਆ। ਉਹ ਚੁੱਪ ਚਾਪ ਹੋਟਲ 'ਚੋਂ ਚਲੀ ਗਈ। ਕੋਈ ਅੱਧੇ ਘੰਟੇ ਪਿਛੋਂ ਪੁਲੀਸ ਨੇ ਮੈਨੇਜਰ ਨੂੰ ਆ ਫੜਿਆ। ਥਾਨੇਦਾਰ ਉਸ ਨੂੰ ਘੂਰਦਿਆਂ ਆਖ ਰਿਹਾ ਸੀ, 'ਕੀ ਤੂੰ ਹੋਟਲ ਇਹੋ ਜਹੀਆਂ ਗੱਲਾਂ ਵਾਸਤੇ ਖੋਲ੍ਹਿਆ ਹੋਇਆ ਹੈ।
ਥਾਣੇਦਾਰ ਨੇ ਸਾਡੀ ਵੀ ਪੁਛ ਪੜਤਾਲ ਕੀਤੀ। ਪਾਲ ਨੇ ਆਪਣਾ ਫੌਜੀ ਸੇਵਾਦਾਰਨੀ ਹੋਣਾ ਜ਼ਾਹਰ ਕਰਕੇ ਅਤੇ ਮੈਨੂੰ ਆਪਣਾ ਪਤੀ ਦਸਕੇ ਉਨ੍ਹਾਂ ਦੀ ਤਸੱਲੀ ਕਰਵਾ ਦਿੱਤੀ। ਪੁਲੀਸ ਦੇ ਚਲੇ ਜਾਣ ਪਿਛੋਂ ਮੈਨੂੰ, ਪਾਲ ਤੇ ਬੜਾ ਹਾਸਾ ਆਇਆ। ਅਸੀਂ ਤਾਂ ਤੜ੍ਹਕੇ ਹੀ ਗੱਡੀ ਵਾਪਸ ਆ ਗਏ, ਪਰ ਰੱਬ ਜਾਣੇ ਮੈਨੇਜਰ ਨਾਲ ਪਿਛੋਂ ਕਿਵੇਂ ਬੀਤੀ।
10
ਅੰਮ੍ਰਿਤਸਰੋਂ ਆਏ ਨੂੰ ਦੋ ਦਿਨ ਹੋ ਗਏ ਸਨ। ਆਪਣੀ ਕੁਟੀਆ ਵਿਚ ਚੁੱਪ ਚਾਪ ਬੈਠਾ ਸਾਂ। ਇਕ ਅੱਠ ਨੌਂ ਬਰਸਾਂ ਦੀ ਕੁੜੀ ਆਈ ਅਤੇ ਇਕ ਕਾਗਜ਼ ਜਿਹਾ ਫੜਾ ਕੇ ਭੱਜ ਗਈ । ਮੈਂ ਤਹਿ ਕੀਤਾ ਕਾਗਜ ਖੋਲ੍ਹਿਆ, ਲਿਖਿਆ ਸੀ :-
ਮੇਰੇ ਦੇਵਰ ਬਲਬੀਰ,
ਸਤਿ ਸ੍ਰੀ ਅਕਾਲ! ਮੈਂ ਦੋਨੋਂ ਹੱਥ ਜੋੜ ਕੇ ਅਰਜ਼ ਕਰਦੀ ਹਾਂ। ਮੈਂ ਬੜੀ ਹੀ ਔਖੀ ਹਾਂ । ਕੀ ਲਿਖਾਂ! ਮੈਨੂੰ ਤੇ ਲਿਖਣਾ ਵੀ ਨਹੀਂ ਆਉਂਦਾ। ਮੈਂ ਬੜਾ ਹੀ ਰੋਂਦੀ ਰਹਿੰਦੀ ਹਾਂ। ਅਸਲੀ ਗੱਲ ਇਹ ਹੈ, ਤੇਰਾ ਭਰਾ ਹੁਣ ਸਦਾ 'ਪਾਲ' 'ਪਾਲ' ਹੀ ਕਰਦਾ ਰਹਿੰਦਾ ਅਤੇ ਉਸਦੇ ਪਿਆਰ ਦੀਆਂ ਗੱਲਾਂ ਕਰ ਕਰ ਮੇਰਾ ਦਿਲ ਉਸ ਅਸਲੋਂ ਤੋੜ ਦਿੱਤਾ ਹੈ। ਤੂੰ ਹੀ ਦਸ ਬਲਬੀਰ ਜੇ ਇਹ ਗੱਲ ਸਿਰੇ ਚੜ੍ਹ ਗਈ, ਮੈਂ ਕਿਧਰ ਨੂੰ ਜਾਵਾਂਗੀ।
ਮੈਂ ਸਮਝਦੀ ਹਾਂ, ਜੇ ਉਸ ਨੂੰ ਕੋਈ ਵਰਜ਼ ਸਕਦਾ ਹੈ ਤਾਂ ਇਕ ਤੂੰ ਹੀ ਹੈਂ ਤੇਰੇ ਭਾਵੇਂ ਆਖੇ ਲਗ ਜਾਵੇ, ਹੋਰ ਤਾਂ ਰੱਬ ਦੇ ਆਖੇ ਵੀ ਨਹੀਂ ਲੱਗਦਾ! ਰੱਬ ਦੇ ਵਾਸਤੇ ਉਸ ਨੂੰ ਕਿਵੇਂ ਇਸ ਕੰਮੋਂ ਹਟਾ। ਮੈਂ ਤੇਰਾ ਅਹਿਸਾਨ ਉਮਰ ਭਰ ਨਹੀਂ ਭੁੱਲਾਂਗੀ। ਜ਼ਰੂਰ ਬਰ ਜ਼ਰੂਰ, ਮੇਰੀ ਬੇਨਤੀ ਹੱਥ ਬੰਨ੍ਹ ਕੇ ਹੈ।
-ਤੇਰੀ ਭਾਬੀ ਤਾਰੋ
ਲਿਖਤ ਭਾਵੇਂ ਚਿਧਮਿਧ ਤੇ ਵਿੰਗੀ ਟੇਢੀ ਸੀ, ਪਰ ਮੈਂ ਅੱਖਰ ਜੋੜ ਸਾਰੀ ਪੜ੍ਹ ਲਈ ਅਤੇ ਸਤਿਨਾਮ ਦੇ ਦਿਲ ਦੀ ਹਕੀਕਤ ਮੇਰੇ ਅੱਗੇ ਨੰਗੀ ਹੋ ਗਈ। ਮੈਨੂੰ ਬੜਾ ਗੁੱਸਾ ਆਇਆ ਅਤੇ ਓਨਾ ਹੀ ਅਫਸੋਸ। ਮਨੁੱਖੀ ਫ਼ਿਤਰਤ ਕਿੰਨੀ ਕਮਜ਼ੋਰ ਹੈ।
ਭਰਤੀ ਹੋ ਕੇ ਚਲੇ ਜਾਣ ਲਈ ਮੈਂ ਜ਼ਰੂਰੀ ਚੀਜ਼ਾਂ ਨਾਲ ਲੈ ਜਾਣ ਵਾਸਤੇ ਇਕੱਠੀਆਂ ਕਰ ਲਈਆਂ ਅਤੇ ਅਗਲੇ ਦਿਨ ਹੀ ਚਲੇ ਜਾਣ ਦਾ ਇਰਾਦਾ ਸੀ। ਤਾਰੋ ਵਲੋਂ ਆਈ ਚਿੱਠੀ ਬਾਰੇ ਕੁਝ ਕਰਨ ਲਈ ਮੈਂ ਸੋਚ ਰਿਹਾ ਸਾਂ। ਪਾਲ ਨੇ ਮੇਰੇ ਕੋਲ ਇਸ ਗੱਲ ਨੂੰ ਉੱਕਾ ਨਹੀਂ ਸੀ ਦਸਿਆ। ਖ਼ਬਰੇ ਸਤਿਨਾਮ ਨੇ ਜ਼ਬਾਨੀ ਉਸ ਨੂੰ ਕੁਝ ਕਿਹਾ ਹੀ ਨਾ ਹੋਵੇ ਜਾਂ ਪਾਲ ਨੇ ਹੀ ਇਹ ਗੱਲ ਮੇਰਾ ਦੋਸਤ ਹੋਣ ਕਰਕੇ ਜ਼ਾਹਰ ਨਾ ਕੀਤੀ ਹੋਵੇ। ਉਹ! ਨਹੀਂ ਪਾਲ ਨੇ ਇਕ ਵਾਰ ਕਿਹਾ ਤਾਂ ਸੀ, 'ਉਹ ਦੋਸਤ ਦੀ ਪਿਆਰੀ ਚੀਜ਼ ਖੋਹ ਲੈਣ ਲਈ ਵੀ ਕਾਹਲਾ ਹੈ। ਪਾਲ ਕਿੰਨੀ ਚੰਗੀ, ਜਿਸ ਨੇ ਸਤਿਨਾਮ ਬਾਰੇ ਸਭ ਕੁਝ ਲਕੋ ਰਖਿਆ। ਉਹ ਮੇਰੇ ਦਿਲ ਨੂੰ ਸਮਝਦੀ ਸੀ, ਜੋ ਆਪਣੇ ਦੋਸਤ ਦੀ ਅਜਿਹੀ ਗੱਲ ਸੁਣ ਕੇ ਕਿੰਨਾ ਕੁ ਦੁੱਖ ਹੋਵੇਗਾ, ਪਰ ਸਤਿਨਾਮ ਦੋਸਤੀ ਦੇ ਨਿਸ਼ਾਨ ਤੋਂ ਕਿਵੇਂ ਦੂਰ ਜਾ ਪਿਆ।
ਪਿਆਰੇ ਦੋਸਤ,
ਤੂੰ ਪਿਆਰੇ ਹੋਣ ਦੀ ਹੈਸੀਅਤ ਤਾਂ ਗੰਵਾ ਚੁੱਕਾ ਏਂ, ਪਰ ਤੇਰੀ ਮੁਹੱਬਤ ਮੇਰੇ ਮਨ ਵਿਚ ਅਜੇ ਵੀ ਘਟ ਨਹੀਂ ਹੋਈ। ਮੈਨੂੰ ਤੇਰੇ ਤੇ ਹੱਦੋਂ ਵਧ ਅਫਸੋਸ ਹੈ। ਤੈਨੂੰ ਵੀ ਹੋਵੇਗਾ, ਕਿਉਂਕਿ ਪਾਲ ਬਾਰੇ ਤੇਰੇ ਖ਼ਿਆਲ ਮੈਥੋਂ ਗੁਝੇ ਨਹੀਂ ਰਹੇ, ਤੂੰ ਉਨ੍ਹਾਂ ਨੂੰ ਛੁਪਾਣ ਦਾ ਭਾਵੇਂ ਲੱਖ ਯਤਨ ਕੀਤਾ।
ਦੋਸਤ ਕੀ ਹੁੰਦਾ ਹੈ ? ਇਕ ਦੁਖੀ ਮਨ ਦਾ ਆਰਾਮ ਟਿਕਾਣਾ ਜਾਂ ਮਜ਼ਲੂਮ ਲਈ ਨਿੱਘੀ ਪਨਾਹ। ਜ਼ਿੰਦਗੀ ਦੇ ਆਦਰਸ਼ ਨੂੰ ਪਾਉਣ ਲਈ ਸਾਹਸ ਤੇ ਬਲ। ਪ੍ਰਿਯ ਤੋਂ ਉਤਰ ਕੇ ਦੋਸਤ ਸਭ ਕੁਝ ਹੈ, ਦੋਸਤ ਪ੍ਰਿਯ ਵਰਗੀ ਹੀ ਇਕ ਮਿੱਠੀ ਤਸੱਲੀ ਹੈ। ਸਮਾਜਕ ਤੇ ਆਰਥਕ ਨੁਕਤਾ ਨਿਗਾਹ ਤੋਂ ਸਾਰੇ ਸੰਕਟਾਂ ਨੂੰ ਚੀਰ ਕੇ ਮਨੁੱਖੀ ਦਿਲ ਕੋਲ ਪਹੁੰਚਿਆ ਸੰਦੇਸ਼ ਹੈ।
ਪਤਨੀ ਕੀ ਹੈ? ਜੀਵਨ ਦਾ ਪੂਰਨ ਅੱਧ, ਵਫ਼ਾ ਦੇ ਸਾਥ ਵਿਚ ਨਿਰੋਲ ਮਿਠਾਸ ਅਤੇ ਆਪਣੇ ਆਪ ਵਿਚ ਪੂਰਨ ਕਾਮਯਾਬੀ। ਸ਼ਾਇਦ ਤੂੰ ਇਸ ਗੱਲ ਨੂੰ ਮਹਿਸੂਸ ਨਹੀਂ ਕਰਦਾ ਕਿ ਜਦੋਂ ਇਕ ਪਤੀ ਆਪਣੀਆਂ ਪਿਆਰ ਬਾਹਾਂ ਪਤਨੀ ਦੇ ਗਲੋਂ ਤੋੜ ਕੇ ਕਿਸੇ ਹੋਰ ਵਲ ਵਧਾਂਦਾ ਹੈ, ਓਦੋਂ ਰੱਬ ਦਾ ਦਿਲ ਦੁਖੀ ਹੋ, ਪਾਣੀ ਦੀ ਸ਼ਕਲ ਵਿਚ ਇਸਤਰੀਆਂ ਦੀਆਂ ਅੱਖਾਂ ਆ ਭਰਦਾ ਹੈ।
ਤੂੰ ਅੱਜ ਕਲ੍ਹ ਇਕ ਬੱਚੇ ਦਾ ਬਾਪ ਹੋਣ ਵਾਲਾ ਏਂ। ਇਕ ਪਲ ਲਈ ਸੋਚ, ਜੇ ਤੇਰੀ ਭਾਵਨਾ ਅਸਲੀਅਤ ਵਿਚ ਬਦਲ ਜਾਵੇ ਅਤੇ ਇਕ ਜਮਾਨਾ ਲੰਘ ਜਾਵੇ: ਉਸ ਵੇਲੇ ਤੇਰੇ ਜਵਾਨ ਬੱਚੇ ਨੂੰ ਦੁਨੀਆ ਉਸ ਬਾਪ ਦਾ ਪੁੱਤਰ ਕਹੇਗੀ, ਜਿਹੜਾ ਆਪਣੀ ਸੁਸ਼ੀਲ ਪਤਨੀ ਤੋਂ ਮੂੰਹ ਮੋੜ ਕੇ ਵਿਭਚਾਰ ਲਈ ਕਦੇ ਮਜਬੂਰ ਹੋਇਆ ਸੀ । ਪਾਲ ਦੇ ਦਿਲ ਨੂੰ ਤੂੰ ਸਮਝਿਆ ਨਹੀਂ। ਉਹ ਸਧਾਰਨ ਮਨੁੱਖੀ ਨਜ਼ਰ ਤੋਂ ਕੁਝ ਉਚੇਰਾ ਮਾਣ ਹੈ। ਇਕ ਪਲ ਲਈ ਹੋਰ ਸੋਚ ਕਿ ਜੇ ਤੂੰ ਐਸ਼ ਲਈ ਮਜਬੂਰ ਏ, ਤਦ ਤੇਰੀ ਪਤਨੀ ਲਈ ਜੀਵਨ ਸੁੱਖ ਦੇ ਸਭ ਦਰਵਾਜ ਬੰਦ ਹੋ ਜਾਣਗੇ। ਠੀਕ ਏਹੀ ਹੈ ਕਿ ਉਸ ਨੂੰ ਵੀ ਫਿਰ ਆਪਣੇ ਵਰਗੀ ਖੁਲ੍ਹ ਦੇ ਛੱਡ। ਪਰ ਅਜਿਹਾ ਤੂੰ ਕਰਨਾ ਤਾਂ ਕਿਤੇ, ਸੁਣਕੇ ਵੀ ਨਹੀਂ ਸਹਾਰ ਸਕਦਾ। ਇਕ ਗੁਨਾਹਗਾਰ ਵਿਭਚਾਰੀ ਮਰਦ ਨੂੰ ਇਸਤਰੀ ਮੁਆਫ਼ ਕਰ ਦੇਂਦੀ ਹੈ, ਪਰ ਮਰਦ ਉਸ ਦੀ ਮਾਮੂਲੀ ਹਰਕਤ ਤੋਂ ਵੀ ਔਖਾ ਹੋ ਕੇ ਉਸਨੂੰ ਸਦਾ ਲਈ ਤਿਆਗ ਦਿੰਦਾ ਹੈ।
ਕੀ ਤੇਰੇ ਰੰਗੀਨ ਖ਼ਿਆਲ ਵਾਂਗ ਸਾਰੀ ਦੁਨੀਆ ਹੀ ਸੁਹਣੀਆਂ ਇਸਤਰੀਆਂ ਤੇ ਡੁਲ੍ਹ ਜਾਏ, ਦੁਨੀਆ ਤੇ ਹਲਚਲੀ ਨਾ ਮਚ ਜਾਏ। ਜੇ ਤੇਰੇ ਵਰਗਾ ਸਿਆਣਾ ਆਦਮੀ ਸੁਸਾਇਟੀ ਦਾ ਅੰਗ ਤੋੜ ਦੇਵੇ, ਫਿਰ ਅਨਪੜ੍ਹ ਤੇ ਮੂਰਖ ਤਾਂ ਇਖ਼ਲਾਕ ਦਾ ਸਤਿਆਨਾਸ ਕਰ ਸੁੱਟਣਗੇ। ਮੈਂ ਤੇਰੀ ਇਸ ਗਲਤ ਭਾਵਨਾ ਨੂੰ ਖਤਮ ਕਰਨ ਲਈ ਚੇਤਾਵਨੀ ਭੇਜਦਾ ਹਾਂ। ਕਿਉਂਕਿ ਜਿਹੜੀ ਅੱਜ ਕਲਪਨਾ ਹੈ, ਉਹ ਕਲ੍ਹ ਅਸਲੀਅਤ ਵੀ ਹੋ ਸਕਦੀ ਹੈ। ਹੋ ਸਕਦਾ ਹੈ ਪਾਲ ਦੀ ਥਾਂ ਕੋਈ ਹੋਰ ਦਿਆਲ ਹੋ ਜਾਵੇ। ਮਨੁੱਖ ਦਾ ਮਨ ਜਦੋਂ ਉਸ ਦੇ ਕਾਬੂ ਤੋਂ ਹਿੱਲ ਜਾਵੇ, ਫਿਰ ਟਿਕਾਅ ਮੁਸ਼ਕਲ ਹੋ ਜਾਂਦਾ ਹੈ।
ਮੈਂ ਕਲ੍ਹ ਹੀ ਭਰਤੀ ਹੋ ਕੇ ਪਤਾ ਨਹੀ ਕਿਥੇ ਜਾ ਰਿਹਾ ਹਾਂ। ਮੈਂ ਆਸ਼ਾ ਕਰਦਾ ਹਾਂ ਤੂੰ ਦੋਸਤ ਨੂੰ ਜੀਵਨ ਦੇ ਸਹੀ ਨਜ਼ਰੀਏ ਤੋਂ ਪਛਾਣਦਾ ਹੋਇਆ ਨਹੀਂ ਭੁਲੇਂਗਾ।
-ਤੈਨੂੰ ਸਹੀ ਰਾਹ ਤੇ ਵੇਖਣ ਦਾ ਚਾਹਵਾਨ
ਬਲਬੀਰ।
ਮੇਰੇ ਟੁਰਨ ਤੋਂ ਪਹਿਲਾਂ ਘਰ ਵਾਲਿਆਂ ਸਾਰਿਆਂ ਕੰਮਾਂ ਬਾਰੇ ਮੇਰੇ ਨਾਲ ਸਲਾਹਾਂ ਕੀਤੀਆਂ ਅਤੇ ਇਸ ਤਰ੍ਹਾਂ ਕਾਫ਼ੀ ਸਮਾਂ ਲੰਘ ਗਿਆ। ਸ਼ਾਮ ਨੂੰ ਮੈਂ ਆਪਣੇ ਬਗੀਚੇ ਵਲ ਗਿਆ। ਹੱਥੀਂ ਲਾਏ ਬੂਟਿਆਂ ਦਾ ਮੋਹ ਉਪਜਿਆ, ਖ਼ਬਰੇ ਵਿਚਾਰੇ ਪਾਣੀ ਬਿਨਾਂ ਹੀ ਸੁੱਕ ਜਾਣ ਜਾਂ ਮੇਰੀਆਂ ਤੱਕਾਂ ਨੂੰ ਤਰਸ ਕੇ ਮਰ ਜਾਣ। ਬੂਟੇ ਮਾਲੀ ਨਾਲ ਪਿਤਰੀ ਸਨੇਹ ਰਖਦੇ ਹਨ। ਮੈਂ ਕਈਆਂ ਬੂਟਿਆਂ ਨੂੰ ਪਿਆਰ ਨਾਲ ਚੁੰਮਿਆਂ। ਜਿਉਂ-ਜਿਉਂ ਹਨੇਰਾ ਹੁੰਦਾ ਜਾ ਰਿਹਾ ਸੀ। ਮੇਰਾ ਹਿਰਦਾ ਟੁੱਟਦਾ ਜਾ ਰਿਹਾ ਸੀ। ਜਨਮ ਭੂਮੀ ਤੋਂ ਵੱਖ ਹੋਣਾ ਕੋਈ ਸੁਖਾਲੀ ਗੱਲ ਨਹੀਂ ਹੈ।
ਕੁਝ ਸੁਤਿਆ ਤੇ ਫ਼ਿਕਰ ਚਿੰਤਾ ਵਿਚ ਰਾਤ ਲੰਘ ਗਈ । ਸਵੇਰਾ ਹੋਇਆ ਮਾਤਾ ਜੀ ਨੇ ਖਾਣ ਲਈ ਸ਼ਗਨ ਵਜੋਂ ਮੇਰੇ ਅੱਗੇ ਦਹੀਂ ਰਖਿਆ, ਪਰ ਮੈਂ ਵੇਖਿਆ ਮਾਤਾ ਜੀ ਦੀਆਂ ਅੱਖੀਆਂ ਵਿਚ ਪਾਣੀ ਬੇ-ਵਸਾ ਵਗ ਰਿਹਾ ਸੀ। ਉਹਨਾਂ ਸੂਟਕੇਸ ਵਿਚ ਇਕ ਗੁੜ ਦੀ ਟਿਕੀ ਪਾ ਦਿੱਤੀ। ਜਦੋਂ ਮੈਂ ਤੁਰਨ ਲਗਾ, ਮਾਂ ਦਾ ਮੋਹ ਅੱਖੀਆਂ ਰਾਹੀਂ ਪਿਘਲ ਪਿਆ। ਮੈਂ ਪੱਥਰ ਜਿਹਾ ਦਿਲ ਬਣਾ ਘਰੋਂ ਨਿਕਲਿਆ। ਭਾਵੇਂ ਦਿਲ ਮਾਂ ਪਿਆਰ ਵਿਚ ਉਛਲਿਆ
ਪਰ ਮੈਂ ਮਾਂ ਸਾਹਮਣੇ ਆਪਣੀ ਕਮਜੋਰੀ ਨਾ ਪ੍ਰਗਟ ਹੋਣ ਦਿੱਤੀ। ਮਾਂ ਦੇ ਮੂੰਹੋਂ ਉਨ੍ਹਾਂ ਦੀ ਕੋਸ਼ਿਸ਼ ਕਰਨ ਤੇ ਵੀ ਕੋਈ ਗੱਲ ਨਾ ਨਿਕਲ ਸਕੀ ਅਤੇ ਬੜੇ ਔਖੇ ਜੇਹੋ ਹੋ ਕੇ ਉਨ੍ਹਾਂ ਕਿਹਾ, ਚਿੱਠੀ ਪਾ ਦਿੱਤੀ...?
ਗਮ ਭਰਿਆ, ਕੁਝ ਸੋਚਦਾ, ਪਿੰਡ ਨਿਕਲ ਤੁਰਿਆ ਤੇ ਭਰਤੀ ਦਫ਼ਤਰ ਵਿਚ ਪਹੁੰਚ ਗਿਆ, ਪਰ ਪਾਲ ਇਕਰਾਰ ਅਨੁਸਾਰ ਆਈ ਨਹੀਂ ਸੀ। ਦਫ਼ਤਰ ਵਿਚ ਜਾ ਕੇ ਪਤਾ ਲਗਾ ਕਿ ਕਪਤਾਨ ਸਾਹਿਬ ਭਰਤੀ ਕਰਦੇ ਹਨ। ਮੈਂ ਸਿੱਧਾ ਉਨ੍ਹਾਂ ਦੇ ਪਾਸ ਜਾ ਕੇ ਕਿਹਾ, 'ਭਰਤੀ ਹੋਣਾ ਚਾਹੁੰਦਾ ਹਾਂ।
'ਸਾਬਾਸ! ਆਓ ਬੜੀ ਖੁਸ਼ੀ ਦੀ ਗੱਲ ਹੈ।
ਇਕ ਆਦਮੀ ਨੇ ਪਹਿਲੋਂ ਮੇਰਾ ਕਦ ਮਿਣਿਆ। ਮੈਂ ਛੀ ਫੁਟ ਸਾਂ। ਭਾਰ ਤੋਲਿਆ, ਇਕ ਸੌ ਚਾਲੀ ਪਾਉਂਡ ਹੋਇਆ ਅਤੇ ਛਾਤੀ ਨਾਪੀ, ਛੱਤੀ ਇੰਚ ਨਿਕਲੀ। ਇਹ ਸਾਰੀਆਂ ਗੱਲਾਂ ਇਕ ਕਲਰਕ ਰਜਿਸਟਰ ਵਿਚ ਲਿਖਦਾ ਰਿਹਾ।
'ਸ੍ਰੀ ਮਾਨ ਜੀ। ਇਹ ਗੱਲ ਨੋਟ ਕਰ ਲਵੋ ਕਿ ਮੈਂ ਪ੍ਰਤਿਪਾਲ ਕੌਰ ਦੀ ਤਰਫੋਂ ਭਰਤੀ ਹੋ ਰਿਹਾ ਹਾਂ।
ਕੈਪਟਨ ਸਾਹਿਬ ਥੋੜ੍ਹਾ ਮੁੱਛਾਂ 'ਚ ਮੁਸਕਰਾਏ ਤੇ ਕਹਿਣ ਲੱਗੇ, 'ਉਹ ਆਪ ਕਿਉਂ ਨਹੀਂ ਨਾਲ ਆਈ?'
'ਆਉਣ ਦਾ ਇਕਰਾਰ ਜ਼ਰੂਰ ਸੀ, ਪਰ ਪਤਾ ਨਹੀਂ ਕਿਉਂ ਨਹੀਂ ਆਈ। ਕੋਈ ਖ਼ਾਸ ਵਜ੍ਹਾ ਹੋ ਗਈ ਹੋਵੇਗੀ।
'ਬਹੁਤ ਹੱਛਾ ਜੀ!' ਫਿਰ ਕਲਰਕ ਨੂੰ ਕਿਹਾ, 'ਇਹ ਵੀ ਨੋਟ ਕਰ ਲਵੋ।
ਪਾਲ ਨੇ ਇਸ ਤਾਰੀਖ ਨੂੰ ਭਰਤੀ ਆਫ਼ਿਸ ਵਿਚ ਮਿਲਣ ਦਾ ਇਕਰਾਰ ਕੀਤਾ ਸੀ। ਪਰ ਉਹ ਆਈ ਨਹੀਂ ਸੀ। ਮੈਂ ਇਸ ਗੱਲ ਨੂੰ ਵਿਚਾਰਦਾ ਇਕ ਥੁੜ੍ਹ ਜੇਹੀ ਮਹਿਸੂਸ ਕਰ ਰਿਹਾ ਸਾਂ। ਫਿਰ ਖ਼ਿਆਲ ਕੀਤਾ ਕਿ ਚਲੋ ਸਤਿਨਾਮ ਨੂੰ ਹੀ ਮਿਲ ਲਵਾਂ, ਨਾਲੇ ਆਖ ਦੇਵਾਂਗਾ ਕਿ ਮੇਰਾ ਇਕ ਖ਼ਤ ਆ ਰਿਹਾ ਹੈ। ਉਸ ਨੂੰ ਧਿਆਨ ਨਾਲ ਪੜ੍ਹ ਕੇ ਉਸ 'ਤੇ ਅਮਲ ਕਰੀਂ। ਪਰ ਉਹ ਆਪਣੇ ਦਫਤਰ ਨਹੀਂ ਸੀ। ਪੁਛਿਆ ਤਦ ਪਤਾ ਲਗਾ ਕਿ ਆਪਣੇ ਅਫ਼ਸਰ ਨਾਲ ਦੌਰੇ ਤੇ ਗਿਆ ਹੋਇਆ ਹੈ। ਮੈਂ ਫਿਰ ਵਾਪਸ ਭਰਤੀ ਦਫਤਰ ਨੂੰ ਮੁੜ ਆਇਆ।
ਭਰਤੀ ਵਾਲਿਆਂ ਮੇਰਾ ਰੇਲਵੇ ਪਾਸ ਅੰਬਾਲੇ ਛਾਉਣੀ ਦਾ ਬਣਾ ਦਿੱਤਾ ਅਤੇ ਸ਼ਾਮ ਦੀ ਗੱਡੀ ਦੋ ਹੋਰ ਸਾਥੀਆਂ ਨਾਲ ਮੈਂ ਅੰਬਾਲੇ ਵਲ ਨੂੰ ਖਿਚੀਦਾ ਜਾਣ ਲਗਾ। ਮੈਨੂੰ ਪਾਲ ਦੇ ਨਾ ਮਿਲਣ ਦਾ ਬੜਾ ਅਫਸੋਸ ਸੀ। ਚੁੱਪ ਚਾਪ ਫੋਟੇ ਤੇ ਸਿਰ ਸੁੱਟੀ ਪਿਆ ਰਿਹਾ। ਸਾਥੀਆਂ ਗੱਲ-ਬਾਤ ਕਰਨੀ ਚਾਹੀ, ਪਰ ਮੈਂ 'ਹੂੰ ਹਾਂ" ਕਰ ਕੇ ਟਾਲ ਦਿੱਤਾ। ਉਹ ਨਹੀਂ ਸਨ ਜਾਣਦੇ ਕਿ ਮੈਂ ਜਿਸ ਨਾਲ ਗੱਲਾਂ ਕਰਨੀਆਂ ਚਾਹੁੰਦਾ ਹਾਂ, ਕਰੀ ਹੀ ਜਾ ਰਿਹਾ ਹਾਂ। ਹਰ ਖਾਮੋਸ਼ੀ ਕਿਸੇ ਖ਼ਿਆਲ ਅਧੀਨ ਇਕ ਪ੍ਰਿਯ ਲਗਨ ਵਿਚ ਰੁੱਝੀ ਰਹਿੰਦੀ ਹੈ। ਫਿਰ ਮੇਰਾ ਮਨ ਆਖ ਰਿਹਾ ਸੀ।
'ਮੈਂ ਹੁਣ ਦੇਸ਼ ਦਾ ਸਿਪਾਹੀ ਹਾਂ, ਦੇਸ਼ ਦੀ ਸੇਵਾ ਮੇਰਾ ਇਕੋ ਇਕ ਫ਼ਰਜ ਹੋ ਗਿਆ।
ਭਾਵੇਂ ਹਰ ਆਦਮੀ ਦੇਸ਼ ਪਿਆਰ ਦਾ ਪਾਕ ਜਜ਼ਬਾ ਰਖਦਾ ਹੈ, ਪਰ ਸਿਪਾਹੀ ਤੇ ਕਿਸੇ ਹਾਲਤ ਵਿਚ ਵੀ ਦੇਸ਼ ਪਿਆਰ ਦੀ ਵਫ਼ਾ ਤੋਂ ਜਾਨ ਪਿਆਰੀ ਨਹੀਂ ਰੱਖ ਸਕਦਾ। ਉਹ ਕੇਵਲ ਦੁਸ਼ਮਣ ਨੂੰ ਦੇਸ਼ ਦੀਆਂ ਹੱਦਾਂ ਤੋਂ ਪਰ੍ਹੇ ਹੀ ਧੱਕੀ ਰੱਖਦਾ ਹੈ, ਨਹੀਂ ਤਾਂ ਉਥੇ ਹੀ ਆਪਣੇ ਫ਼ਰਜ਼ ਤੇ ਕਟ ਮਰਦਾ ਹੈ।'
ਪ੍ਰਿਯ ਨਾਲੋਂ ਮੇਰਾ ਇਰਾਦਾ ਵਧੇਰੇ ਮਜਬੂਤ ਸੀ । ਮੈਂ ਜਿਸ ਕੰਮ ਵਿਚ ਪੈਂਦਾ ਸਾਂ ਉਸ ਨੂੰ ਪੂਰੇ ਬਲ ਨਾਲ ਦਰੜ ਕੇ ਸੁੱਟ ਦੇਂਦਾ ਸਾਂ। ਮੇਰਾ ਅਕੀਦਾ ਸੀ ਕਿ ਜੋ ਕਰਨਾ ਹੈ, ਉਹ ਛੇਤੀ ਤੋਂ ਛੇਤੀ ਕਾਮਯਾਬੀ ਵਿਚ ਬਦਲ ਦੇਣਾ ਹੈ। 'ਇਰਾਦੇ ਦੀ ਮਜ਼ਬੂਤੀ ਹੀ ਇਨਸਾਨ ਦੀ ਸਭ ਤੋਂ ਵੱਡੀ ਤਾਕਤ ਹੈ, ਜਿਸ ਨੂੰ ਅਸੀ ਪੂਰਨਤਾ ਵੀ ਕਹਿ ਸਕਦੇ ਹਾਂ।
ਲੁਧਿਆਣੇ ਤੋਂ ਗੱਡੀ ਬਦਲ ਕੇ ਅਸੀਂ ਅੰਬਾਲੇ ਵਾਲੀ ਗੱਡੀ ਲੈ ਲਈ। ਤੜਕੇ ਹੁੰਦੇ ਨੂੰ ਉਹ ਅੰਬਾਲੇ ਜਾ ਪਹੁੰਚੀ। ਟੀ ਸਟਾਲ ਤੋਂ ਚਾਹ ਦੀ ਪਿਆਲੀ ਪੀਤੀ। ਮੈਨੂੰ ਯਾਦ ਆਇਆ ਕਿ ਕਦੇ ਪਾਲ ਨਾਲ ਵੀ ਚਾਹ ਪੀਤੀ ਸੀ । ਯਾਦ ਵੀ ਆਦਮੀ ਦੀ ਜ਼ਿੰਦਗੀ ਵਿਚ ਇਕ ਰੰਗੀਨ ਲੋਹੜਾ ਹੈ, ਜਿਹੜਾ ਵਿਛੋੜੇ ਵਿਚ ਫੱਟੜ ਦਿਲਾਂ ਨੂੰ ਸੀਉਂ ਕੇ ਮਿੱਠੀ ਚੀਸ ਕਰ ਦਿੰਦਾ ਹੈ। ਉਥੇ ਹੀ ਫੱਟਿਆਂ ਤੇ ਦੋ ਤਿੰਨ ਘੰਟੇ ਪਾਸੇ ਪਰਤਦੇ ਰਹੇ। ਸਰੀਰ ਦੇ ਹੱਡ ਤਾਂ ਅੱਗੇ ਗੱਡੀ ਦੇ ਫੱਟਿਆਂ ਨਾਲ ਹੀ ਭੁੰਨੇ ਪਏ ਸਨ। ਉਸਲਵੱਟੇ ਲੈਂਦਿਆਂ ਦਿਨ ਚੜ੍ਹਦਿਆਂ। ਇਕ ਹਲਵਾਈ ਦੀ ਦੁਕਾਨ ਤੋਂ ਲੱਸੀ ਪੀਤੀ । ਫਿਰ ਸਿੱਧੇ ਛਾਉਣੀ ਨੂੰ ਤੁਰ ਪਏ।
ਜਾਂਦਿਆਂ ਦੇ ਹੀ ਨਾਂ ਨੋਟ ਕਰਕੇ ਉਹਨਾਂ ਵਰਦੀਆਂ ਸਾਡੇ ਮੱਥੇ ਮਾਰੀਆਂ। ਇਕ ਹਵਾਲਦਾਰ ਨੇ ਸਾਨੂੰ ਪੰਦਰਾਂ ਦੀ ਇਕ ਹੋਰ ਟੋਲੀ ਵਿਚ ਰਲਾਇਆ ਅਤੇ ਲੱਗੀ ਲੈਫਿਟ ਰਾਈਟ ਹੋਣ। ਤਿੰਨ ਚਾਰ ਘੰਟੇ ਉਸ ਖੂਬ ਸਾਨੂੰ ਕੁੱਤੇ ਵਾਂਗ ਭੁਆਇਆ। ਸਕੂਲ ਵੀ ਹੌਲੀ ਹੌਲੀ ਜਾਣ ਲੱਗੇ। ਸਲੂਟ ਕਰਨਾ ਸਿਖਿਆ, ਕੱਸ ਕੇ ਸੱਜਾ ਹੱਥ ਮਥੇ ਤੇ ਲਿਆਉਣਾ ਤੇ 'ਠਾਹ' ਦੇ ਕੇ ਜੇ ਸੱਜਾ ਬੂਟ ਖੱਬੇ ਵਿਚ ਮਾਰਨਾ। ਪਹਿਲਾਂ ਥੋੜ੍ਹੇ ਦਿਨ ਮੈਨੂੰ ਬੜੀ ਔਖਿਆਈ ਹੋਈ। ਦਿਲ ਕਰੇ ਥੋੜ੍ਹੇ ਦਿਨ ਬਹਾਨਾ ਲਾ ਹਸਪਤਾਲ ਵਿਚ ਜਾ ਪਵਾਂ ਅਤੇ ਦਮ ਮਾਰਕੇ ਤਕੜਾ ਹੋ ਜਾਵਾਂ। ਬਹੁਤ ਔਖੇ ਹੋਏ ਸਿਪਾਹੀ ਏਸੇ ਤਰ੍ਹਾਂ ਹੀ ਕਰਦੇ ਸਨ। ਪਰ ਦਿਲ ਨੇ ਆਖਿਆ, ਇਹ ਗਲਾਵਾਂ ਗਲੋਂ ਲਹਿਣਾ ਨਹੀਂ ਜਦ ਤਕ ਕੋਰਸ ਪੂਰਾ ਨਹੀਂ ਹੁੰਦਾ। ਸੋ ਨਤੀਜੇ ਦੀ ਅਨੁਭਵਤਾ ਨਾਲ ਮੈਂ ਅਗਲੀ ਪਰੇਡ ਲਈ ਫਿਰ ਬਲ ਫੜ ਜਾਂਦਾ ਸਾਂ।
ਰੋਟੀ ਖਾ ਲੈਣ ਪਿਛੋਂ ਸਾਡੀ ਗਿਣਤੀ ਹੁੰਦੀ ਅਤੇ ਗਿਣਤੀ ਦੇ ਕੇ ਇਕ ਦੂਜੇ ਨੂੰ ਛੇਡਦੇ, ਮੰਜੇ ਘੜੀਸਦੇ ਬਾਰਕਾ ਤੋਂ ਬਾਹਰ ਆ ਜਾਂਦੇ। ਕਈ ਸਾਥੀ ਬੋਲੀਆਂ ਵਿਚ ਆਪਣਾ ਦਿਲ ਪਰਚਾਉਦੇ, ਕਈ ਮੇਰੇ ਵਰਗੇ ਚੁਪ, ਕਿਸੇ ਦੀ ਯਾਦ ਵਿਚ ਨੀਂਦ-ਸੁਪਨਾ ਬਣ ਜਾਂਦੇ। ਕਈ ਉੱਚੀ-ਉੱਚੀ ਗੱਲਾਂ ਕਰਦੇ ਸਨ, ਕਿਉਂ ਉਇ ਚੌਰਿਆ, ਕਿੰਨੇ ਜੁਆਕ ਛੱਡ ਕੇ ਆਇਆ ਏਂ?
'ਮੈਂ ਤਾਂ ਹਾਲੇ ਛੜਾ ਹੀ ਹਾਂ ਭਰਾਵਾ। ਤੂੰ ਆਪਣੀ ਨਾਜੋ ਦਾ ਹਾਲ ਸੁਣਾ ।"
ਤਾਂ ਤੇ ਰੱਬ ਨੇ ਆਪਾਂ ਇਕੋ ਜਿਹੇ ਹੀ ਰਖੇ ਹਾਂ। ਸਾਨੂੰ ਬਈ ਰੱਬ ਕਦੋਂ ਵਿਆਹੁੰਦਾ ਏ। ਰੰਨਾਂ ਵਾਲੇ ਚੁੱਪ ਕੀਤੇ ਓਹਨਾਂ ਨੂੰ ਯਾਦ ਕਰੀ ਜਾਂਦੇ ਐ। ਮਰ ਜਾਣਗੇ ਏਸੇ ਤਰ੍ਹਾਂ ਹਉਂਕੇ ਲੈ ਲੈ...
ਵਾਹ ਬਈ ਵਾਹ। ਇਹ ਤੂੰ ਲੱਖ ਰੁਪਈਏ ਦੀ ਆਖੀ, ਵਿਆਹੇ ਛੜਿਆਂ ਨਾਲੋਂ ਵੀ ਦੁਖੀ ਹਨ। ਭਲਾ ਇਹਨਾਂ ਧਾਰਾਂ ਲੈਣੀਆਂ ਸਨ ਏਥੇ ਆ ਕੇ।
ਇਹਨਾਂ ਦੀ ਏਥੇ ਜਾਨ ਫਾਹੇ ਦਿੱਤੀ ਹੈ, ਉਹ ਉਧਰ ਕੋਠੇ ਟਪਦੀਆਂ ਫਿਰਦੀਆਂ ਹੋਣਗੀਆਂ।
'ਹਾਂ, ਹੋਰ ਉਹ ਇਹਨਾਂ ਨੂੰ ਉਡੀਕਣਗੀਆਂ ਸਾਲ ਸਾਲ ਭਰ।'
ਉਹਨਾਂ ਦੇ ਦਿਲ ਦੀਆਂ ਆਵਾਜ਼ਾਂ ਆਪਣੇ ਆਪ ਨਿਕਲ ਰਹੀਆਂ ਸਨ। ਅਗੋਂ ਪਿਛੋਂ ਸਭ ਦੀ ਅੱਖ ਲਗ ਜਾਂਦੀ ਅਤੇ ਸਵੇਰੇ ਪੌਣੇ ਛੇ ਦਾ ਬਿਗਲ ਸਾਰਿਆਂ ਨੂੰ ਚੁਕੰਨੇ ਕਰ ਦਿੰਦਾ । ਸੁਪਨੇ ਟੁੱਟ ਜਾਂਦੇ, ਮਿਲੇ ਵਿਛੜ ਜਾਂਦੇ। ਭੱਜ ਨੱਠ ਵਿਚ ਕੋਈ ਨਹਾ ਲੈਂਦਾ, ਕੋਈ ਮੂੰਹ ਹੱਥ ਧੋ ਕੇ ਹੀ ਵਰਦੀ ਪਾ ਗਰਾਊਂਡ ਵਿਚ ਆ ਜਾਂਦਾ। ਓਹੀ ਬਾਹਾਂ ਨਿਤ ਵਾਂਗ ਉਤਾਂਹ ਹਿਠਾਂਹ, ਏਧਰ ਘੁੰਮੋਂ, ਸਿਧੇ ਚਲੋ, ਥੱਲੇ ਡਿਗੋ। ਜਦੋਂ ਕਿਸੇ ਤੋਂ ਛੇਤੀ ਨਾ ਹੁੰਦਾ ਜਾਂ ਉੱਕ ਜਾਂਦਾ, ਤਦ ਹਵਾਲਦਾਰ ਬੁੱਲ੍ਹ ਟੁਕਦਾ ਆਖਦਾ, 'ਓਦੋਂ ਮਾਂ ਨੂੰ ਆਖ ਆਉਂਦੇ ਨੇ ਮੈਂ ਹੁਣ ਪੈਨਸ਼ਨ ਲੈ ਆਉਂਦਾ ਹਾਂ। ਇਹ ਨਹੀਂ ਪਤਾ ਕਿ ਪਰਾਏ ਪੁੱਤਰਾਂ ਨੇ ਕਚੂੰਬਰ ਕੱਢ ਦੇਣਾ ਹੈ।
ਕਦੇ ਕਦੇ ਸ਼ਹਿਰ ਭੌਂ ਆਉਂਦਾ ਸਾਂ। ਪਾਬੰਦੀ ਬੜੀ ਸੀ, ਪੰਦਰਾਂ ਮਿੰਟ ਦੀ ਵਿਹਲ ਲਈ ਭੀ ਛੁੱਟੀ ਲੈਣੀ ਪੈਂਦੀ ਸੀ। ਸਾਥੀ ਸ਼ਰਾਬ ਪੀ ਕੇ ਆਪਣੇ ਦੁਖ ਤੇ ਗ਼ਮ ਥੋੜ੍ਹੇ ਚਿਰ ਨਈ ਭੁੱਲ ਜਾਂਦੇ, ਪਰ ਮੈਂ ਸ਼ਰਾਬ ਨਾ ਪੀ ਕੇ ਦਿਲ ਨੂੰ ਸਦਾ ਕਿਸੇ ਗ਼ਮ ਵਿਚ ਗਰਕ ਰਖਣਾ ਚਾਹੁੰਦਾ ਸਾਂ, ਮੈਂ ਕਈ ਮਿੱਤਰਾਂ ਦੇ ਆਖਣ ਤੇ ਵੀ ਸ਼ਰਾਬ ਨਹੀਂ ਸਾਂ ਪੀਂਦਾ। ਮਾਸ ਖਾਣ ਨੂੰ ਸ਼ਰਾਬ ਨਾਲੋਂ ਵੀ ਵਧੇਰੇ ਗੁਨਾਹ ਸਮਝਦਾ ਸਾਂ। ਇਸੇ ਤਰ੍ਹਾਂ ਭੈੜੇ ਚੰਗੇ ਦਿਨ ਬੀਤਦੇ ਗਏ।
ਸਾਡੀ ਚਾਨਮਾਰੀ ਦਾ ਇਮਤਿਹਾਨ ਹੋਣਾ ਸ਼ੁਰੂ ਹੋਇਆ। ਮਿੰਟੀ ਦੇ ਚੰਦ ਵਿਚ ਨਿਸ਼ਾਨੇ ਮਰਵਾ ਰਾਈਫਲ ਦਾ ਇਮਤਿਹਾਨ ਹੋ ਰਿਹਾ ਸੀ। ਸਾਰੀ ਪਲਟਣ 'ਚੋਂ ਮੈਂ ਅੱਵਲ ਰਿਹਾ। ਮੇਰਾ ਸਾਹਿਬ ਬੜਾ ਖੁਸ਼ ਹੋਇਆ ਅਤੇ ਇਕ ਘੜੀ ਇਨਾਮ ਵਜੋਂ ਮੈਨੂੰ ਦਿੱਤੀ। ਇਨਾਮ ਮਿਲ ਜਾਣ ਤੇ ਮੈਨੂੰ ਕੋਈ ਖ਼ਾਸ ਪ੍ਰਸੰਨਤਾ ਨਾ ਹੋਈ। ਪਰ ਇਸ 'ਟੁਮ ਜੁਆਨ ਬਹੁਤ ਅੱਚਾ ਹੈ।‘ ਕਹਿਣ ਵਾਲਾ ਕੀ ਜਾਣਦਾ ਸੀ।
ਮੈਂ ਆਪਣੀ ਰੰਗਰੂਟੀ ਦਾ ਕੋਰਸ ਤਿੰਨ ਮਹੀਨੇ ਵਿਚ ਪਾਸ ਕਰ ਲਿਆ। ਅੱਗੇ ਨਾਲੋਂ ਕੁਝ ਸੁਖਾਲਾ ਹੋ ਗਿਆ ਸਾਂ। ਹੁਣ ਕਿਤੇ ਨਾ ਕਿਤੇ ਪਹਿਰੇ ਤੇ ਵੀ ਆਕੜ ਕੇ ਖਲੋਣ ਪੈਂਦਾ ਸੀ। ਦਿਨ ਬੀਤਦੇ ਗਏ ਹਫਤਿਆ ਪਿਛੋਂ ਮਹੀਨੇ ਵੀ ਲੰਘ ਗਏ। ਬਹਾਰ ਦੇ ਮੁਢ ਵਿਚ ਮੈਂ ਪੂਰੇ ਸੱਤ ਮਹੀਨੇ ਪਿਛੋਂ ਕੇਵਲ ਇਕ ਮਹੀਨੇ ਦੀ ਛੁੱਟੀ ਆਇਆ।
ਪਤਾ ਲੱਗਾ ਕਿ ਪਾਲ ਆਪਣਾ ਕੰਮ ਛੱਡ ਕੇ ਕਿਤੇ ਚਲੀ ਗਈ ਹੈ, ਪਰ ਠੀਕ ਪਤਾ ਨਹੀਂ ਕਿਥੇ? ਦੋ ਦਿਨ ਪਿਛੋਂ ਸਤਨਾਮ ਵੀ ਮਿਲ ਪਿਆ, ਉਹ ਬੜਾ ਸ਼ਰਮਿੰਦਾ ਸੀ। ਉਸ ਦਾ ਚਿਹਰਾ ਦਸਦਾ ਸੀ ਕਿ ਉਹ ਮਿਲਣ ਤੋਂ ਝਿਜਕਦਾ ਹੈ, ਕਿਉਂਕਿ ਮੈਂ ਸੱਤ ਮਹੀਨੇ ਪਿਛੋਂ
ਆਇਆ ਸੀ, ਇਸ ਲਈ ਉਹ ਮੇਰੇ ਘਰ ਆਉਣ ਲਈ ਮਜਬੂਰ ਸੀ । ਸੁਖ ਅਨੰਦ ਜਾਂ ਹਾਲ ਪੁਛਣ ਉਪਰੰਤ, ਮੈਂ ਪਾਲ ਬਾਰੇ ਗੱਲ ਛੇੜੀ ਤਾਂ ਜੋ ਸਹੀ ਗੱਲ ਦਾ ਪਤਾ ਲੱਗ ਜਾਵੇ, 'ਪਾਲ ਅਜ ਕਲ੍ਹ ਕਿੱਥੇ ਹੈ?'
'ਕੁਝ ਪੱਕਾ ਪਤਾ ਨਹੀਂ।
'ਫਿਰ ਵੀ ਤੈਨੂੰ ਤਾਂ ਜ਼ਰੂਰ ਪਤਾ ਹੋਣਾ ਚਾਹੀਦਾ ਹੈ।'
ਸਤਨਾਮ ਸ਼ਰਮਾਕਲ ਜਿਹਾ ਹੋ ਕੇ ਆਖਣ ਲੱਗਾ, 'ਪੱਕਾ ਪਤਾ ਕੋਈ ਨਹੀਂ। ਬਹੁਤੇ ਆਖਦੇ ਹਨ, ਉਹ ਦਾ ਬਾਪ ਆਪਣੇ ਕੋਲ ਰਿਆਸਤ ਵਿਚ ਲੈ ਗਿਆ, ਸ਼ਾਇਦ ਉਥੇ ਵਿਆਹ ਦਿੱਤੀ ਹੋਵੇ। ਕਈ ਇਹ ਵੀ ਆਖਦੇ ਹਨ ਕਿ ਉਹ ਐਸ. ਡੀ. ਓ. ਨਾਲ ਰੋਹਤਕ ਚਲੀ ਗਈ, ਕਿਉਂਕਿ ਉਸ ਦੀ ਬਦਲੀ ਰੋਹਤਕ ਦੀ ਹੋ ਗਈ ਹੈ। ਅਸਲੀ ਗੱਲ ਕੋਈ ਵੀ ਨਹੀਂ ਕਹਿ ਸਕਦਾ।
'ਹੱਛਾ। ਇਹ ਤੇ ਗੱਲ ਹੋਈ, ਤੂੰ ਮੈਨੂੰ ਕੋਈ ਚਿੱਠੀ ਕਿਉਂ ਨਹੀਂ ਪਾਈ।'
'ਮੇਰੇ ਕੋਲ ਤੁਹਾਡਾ ਐਡਰੈਸ ਕੋਈ ਨਹੀਂ ਸੀ।‘
'ਪਤਾ ਤਾਂ ਤੂੰ ਸਾਡੇ ਘਰ ਲੈ ਸਕਦਾ ਸੈਂ।‘
'ਹਾਂ ਇਹ ਤਾਂ ਠੀਕ ਹੈ, ਇਸ ਨੂੰ ਮੇਰੀ ਗਲਤੀ ਸਮਝ ਛੱਡੋ, ਪਰ ਤੁਸਾਂ ਵੀ ਤੇ ਮੈਨੂੰ ਕੋਈ ਸਿੱਧੀ ਚਿੱਠੀ ਨਹੀਂ ਲਿਖੀ।'
ਅਸੀਂ ਦੋਵੇਂ ਚਾਹ ਪੀ ਕੇ ਬਾਹਰ ਨੂੰ ਨਿਕਲ ਗਏ। ਜਿਹੜਾ ਕੋਈ ਅਜੇ ਤਕ ਨਹੀਂ ਸੀ ਮਿਲਿਆ, ਉਹ ਮਿਲਣਸਾਰ ਪਹਿਲੀ ਗੱਲ ਇਹ ਆਖਦਾ ਸੀ, 'ਆ ਬਈ ਨੌਕਰਾ, ਕਦੋਂ ਆਇਆ ਏਂ, ਹੋਰ ਤਾਂ ਤਕੜਾ ਰਿਹਾ ਏਂ, ਥੋੜ੍ਹਾ ਰੰਗ ਕਾਲਾ ਹੋਇਆ ਲੱਗਦਾ ਹੈ?'
ਮੈਂ ਸੰਖੇਪ ਸ਼ਬਦਾਂ ਵਿਚ ਸਭ ਨੂੰ ਜਵਾਬ ਦੇਈ ਜਾਂਦਾ ਸਾਂ। ਨੇੜੇ ਘਰਾਂ ਦੀਆਂ ਮਾਈਆ ਸਿਰ ਤੇ ਪਿਆਰ ਦਿੰਦੀਆਂ ਤੇ ਮੈਨੂੰ ਔਖੇ ਜਿਹੇ ਹੋ ਕੇ ਮੱਥਾ ਟੇਕਣਾ ਪੈਂਦਾ। ਭਾਬੀਆਂ ਹਸਦੀਆਂ ਅੱਖਾਂ ਨਾਲ ਹਾਲ ਪੁਛਦੀਆਂ, ਮੇਰਾ ਕੁਮਲਾਇਆ ਚਿਹਰਾ ਵੀ ਪਲ ਦੀ ਪਲ ਖਿੜ ਪੈਂਦਾ। ਅਸਲ ਵਿਚ ਉਦਾਸੀ ਮੇਰਾ ਖਹਿੜਾ ਨਹੀਂ ਸੀ ਛੱਡਦੀ ਅਤੇ ਮੇਰੀਆਂ ਨਜ਼ਰਾਂ ਪਾਲ ਨੂੰ ਲਭਦੀਆਂ ਫਿਰਦੀਆਂ ਸਨ। ਜਿਵੇਂ ਉਹ ਛੇਤੀ ਹੀ ਕਿਸੇ ਪਾਸਿਓਂ ਆ ਜਾਵੇਗੀ। ਇਕ ਪਿਆਰੇ ਦੀ ਹੋਂਦ ਬਿਨਾਂ ਸਾਰਾ ਸੰਸਾਰ ਸੱਖਣਾ ਹੁੰਦਾ ਹੈ, ਭਰੇ ਸੰਸਾਰ ਵਿਚ ਆਪਣਾ ਕੋਈ ਨਹੀਂ ਦਿਸਦਾ ਅਤੇ ਆਪਣੇ ਵੀ ਓਪਰੇ ਓਪਰੇ ਜਾਪਣ ਲਗ ਪੈਂਦੇ ਹਨ।
'ਤੁਸੀ ਗਲਤ ਭਾਲਦੇ ਹੋ।
ਅਨਾਤਮ ਕਾਰਜਾਂ ਵਿਚ ਕੋਈ ਤਸੱਲੀ ਨਹੀਂ।
ਸੁਧ ਹਿਰਦੇ ਵਿਚ ਉਸ ਦਾ ਪ੍ਰਕਾਸ਼ ਹੈ।
ਓਥੋਂ ਨਿਕਲੀ ਰੋਸ਼ਨੀ ਹੀ ਫੁੱਲਾਂ ਆਦਿ ਵਿਚ ਵਿਆਪਕ ਹੈ।
ਜਾਂ ਅੰਦਰ ਨੂੰ ਜਾਣ ਕੇ ਸਾਰੀ ਹਸਤੀ ਦਾ ਰਾਜ
ਨੰਗਾ ਹੋ ਜਾਂਦਾ ਹੈ।
ਪਿਆਰ ਆਪਣੇ ਸਾਤਵਕ ਆਵੇਸ਼ ਵਿਚ
ਤੁਹਾਨੂੰ ਮਿਲਣ ਲਈ ਅਤਿ ਕਾਹਲਾ ਹੈ।
ਪਰ ਤੁਸੀਂ ਗਲਤ ਲਗਨ ਅਧੀਨ ਉਦਾਸ ਤੇ ਕਲਪਾਏ ਜਾ ਰਹੇ ਹੋ।
ਮੈਂ ਦਾਅਵੇ ਨਾਲ ਆਖਦਾ ਹਾਂ
ਤੁਸੀਂ ਇਕ ਪਲ ਅੰਤਰ ਵਿਚ ਆ ਜਾਵੋ,
ਸਾਰੇ ਜਨਮਾਂ ਦਾ ਰੁਝੇਵਾਂ ਖ਼ਤਮ ਹੋ ਜਾਵੇਗਾ।
-ਗੁਰੂਦੇਵ
ਓਮ ਪ੍ਰਭੂ! ਪ੍ਰਭੂ! ਮੈਂ ਤੇਰੀ ਕਿਸ ਜ਼ਬਾਨ ਨਾਲ ਉਪਮਾ ਕਰਾਂ ਗੁਰੂਦੇਵ! ਮੈਂ ਚਾਹੁੰਦਾ ਹਾਂ ਤੇਰੀ ਕਈ ਜਨਮ ਭਗਤੀ ਕਰਾਂ, ਪਰ ਤੂੰ ਤੇ ਮੇਰਾ ਜਨਮ ਸਦਾ ਲਈ ਹੀ ਮੁਕਾ ਦਿੱਤਾ ਹੈ ਅਤੇ ਆਪਣੇ ਨੂਰ ਦੀ ਇਕ ਕਿਰਨ ਬਣਾ ਕੇ ਉਸ ਨੂੰ ਕੇਂਦਰ ਨਾਲ ਸੰਯੁਕਤ ਕਰ ਲਿਆ ਹੈ। ਮੈਂ ਕੀ ਕਹਿ ਸਕਦਾ ਹਾਂ ਕਿ ਮੈਂ ਤੂੰ ਵਿਚ ਕੋਈ ਭੇਦ ਹੈ, ਪਰ ਮੇਰੇ ਗੁਰੂਦੇਵ! ਮੈਂ ਇਕ ਹੋਰ ਬੱਦਲਾਂ ਵਿਚ ਆਈ ਰਿਸ਼ਮ ਨੂੰ ਨਾਲ ਮਿਲਾਉਣਾ ਚਾਹੁੰਦਾ ਹਾਂ। ਤੂੰ ਮੈਨੂੰ ਖਿੱਚਿਆ ਮੈਂ ਕਿਸੇ ਨੂੰ ਖਿੱਚ ਰਿਹਾ ਹਾਂ, ਇਸ ਤਰ੍ਹਾਂ ਹੀ ਹੋਰ ਕੋਈ ਕਿਸੇ ਹੋਰ ਨੂੰ ਖਿੱਚੇਗਾ ਤੇ ਕੇਂਦਰ ਦੀ ਸਦਾ- ਖਿੱਚ ਜਾਰੀ ਰਹੇਗੀ।
ਪੰਜ ਦਿਨ ਹੋਰ ਲੰਘ ਗਏ। ਇਕ ਤੀਹ ਸਾਲ ਦਾ ਜਵਾਨ ਮੁੰਡਾ ਆਪਣੀ ਭੈਣ ਦਾ ਨਾਤਾ ਮੇਰੇ ਨਾਲ ਕਰਨ ਲਈ ਆਇਆ। ਉਸ ਨਾਲ ਇਕ ਬੱਗੀ ਦਾਹੜੀ ਵਾਲਾ ਮੈਲਾ ਜਿਹਾ ਆਦਮੀ ਸੀ, ਸ਼ਾਇਦ ਨਾਈ ਹੀ ਹੋਵੇ। ਘਰਦਿਆਂ ਉਨ੍ਹਾਂ ਦਾ ਚੰਗਾ ਆਦਰ ਭਾਅ ਕੀਤਾ। ਮੈਨੂੰ ਮਿਲੇ, ਮੈਂ ਵੀ ਸਤਿਕਾਰ ਕੀਤਾ। ਤਿੰਨੇ ਚੁੱਪ ਜਿਹੇ ਸਾਂ, ਸ਼ਾਇਦ ਗੱਲ ਦਾ ਮੁੱਢ ਤੋਰਨ ਲਈ ਕੁਝ ਸੋਚ ਰਹੇ ਸਾਂ। ਬ੍ਰਿਧ ਆਦਮੀ ਨੇ ਕਿਹਾ, 'ਅਸੀਂ ਕਾਕਾ ਰਿਸ਼ਤਾ ਕਰਨ ਬਾਰੇ ਆਏ ਹਾਂ, ਤੁਹਾਡੀ ਕੀ ਸਲਾਹ ਹੈ ?'
'ਤੁਹਾਡੇ ਪਿੰਡ ਦਾ ਸ਼ੁਭ ਨਾਮ ?'
'ਤਲਵੰਡੀ ਹੈ ਜੀ।
'ਤੁਸੀਂ ਸਾਡੇ ਘਰ ਵੀ ਕੋਈ ਗੱਲ ਕੀਤੀ ਸੀ ?'
'ਤੁਹਾਡੀ ਮਾਤਾ ਜੀ ਨੇ ਸਾਰੀ ਗੱਲ ਤੁਹਾਡੇ ਤੇ ਸੁੱਟੀ ਹੈ ।
ਮੈਂ ਸੋਚ ਰਿਹਾ ਸਾਂ ਕਿ ਖ਼ਬਰੇ ਇਨ੍ਹਾਂ ਨੂੰ ਮੇਰੀ ਬਾਬਤ ਤਾਰੋ ਨੇ ਹੀ ਦਸਿਆ ਹੋਵੇ, ਪਰ ਉਸ ਮੈਨੂੰ ਕੋਈ ਖ਼ਬਰ ਨਹੀਂ ਸੀ ਕੀਤੀ। ਮੈਂ ਅਸਚਰਜ ਜਿਹਾ ਸਾਂ।
'ਅਸੀਂ ਤਾਂ ਸਾਕ ਕਰ ਦੇਣ ਲਈ ਹੀ ਆਏ ਹਾਂ, ਕੁਝ ਪੁੱਛਣ ਪਛਾਣ ਦੀ ਲੋੜ ਨਹੀਂ । ਤੁਸੀ ਆਪਣਾ ਇਰਾਦਾ ਜਾਹਰ ਕਰੋ।' ਗੱਭਰੂ ਨੇ ਕਿਸੇ ਆਸ ਵਿਚ ਕਿਹਾ।
'ਤੁਹਾਨੂੰ ਮੇਰੇ ਫੌਜ ਵਿਚ ਭਰਤੀ ਹੋਏ ਦਾ ਪਤਾ ਹੋਵੇਗਾ। ਘਟ ਤੋਂ ਘਟ ਜੇ ਮੈਂ ਤੁਹਾਡੀ ਜਗ੍ਹਾ ਹੁੰਦਾ, ਇਕ ਫੌਜੀ ਨੂੰ ਉਸ ਵੇਲੇ ਆਪਣੀ ਭੈਣ ਦਾ ਸਾਕ ਨਾ ਦਿੰਦਾ, ਜਦੋਂ ਕਿ ਲੜਾਈ ਪੂਰੇ ਜੋਰਾਂ ਤੇ ਤੁਲੀ ਹੋਈ ਹੈ।‘
ਇਹ ਸਾਰੀ ਗੱਲ ਅਸੀਂ ਸੋਚ ਲਈ ਹੈ ਅਤੇ ਮੈਂ ਆਪਣੀ ਭੈਣ ਦਾ ਸਾਕ ਕਰ ਦੇਣ ਲਈ ਫਿਰ ਭੀ ਹੀਆ ਰਖਦਾ ਹਾਂ, ਕਿਉਂਕਿ ਜਿਨ੍ਹਾਂ ਮਰਨਾ ਹੈ, ਉਹ ਏਥੇ ਵੀ ਮਰ ਜਾਂਦੇ ਹਨ। ਜੇ ਤੁਹਾਡਾ ਇਰਾਦਾ ਹੋਵੇ ਤਾਂ ਵਿਆਹ ਵੀ ਹੁਣੇ ਕੀਤਾ ਜਾ ਸਕਦਾ ਹੈ ।
"ਇਹ ਉਸ ਤੋਂ ਵੀ ਭੈੜੀ ਗੱਲ ਹੈ। ਸਿਪਾਹੀ ਬਚ ਕੇ ਆਉਣ ਦੀ ਆਸ਼ਾ ਨਾਲ ਜੰਗ ਵਿਚ ਨਹੀਂ ਜਾਂਦਾ। ਉਸ ਅਗੇ ਕੇਵਲ ਲੜਨਾ ਹੁੰਦਾ ਹੈ, ਉਹ ਜ਼ਿੰਦਗੀ ਨੂੰ ਅਸੂਲੋਂ ਨਹੀਂ ਵਿਚਾਰਦਾ। ਜੰਗ ਦਾ ਕੋਈ ਪਤਾ ਨਹੀਂ ਕਦੋਂ ਮੁਕੇ, ਇਸ ਲਈ ਨਾ ਮੈਂ ਮੰਗਣੀ ਦੇ ਹੱਕ ਵਿਚ ਹਾਂ ਨਾ ਵਿਆਹ ਦੇ । ਮੈਂ ਆਪਣੀ ਵਲੋਂ ਇਨਕਾਰ ਭਾਵ ਨਾਲ ਕਿਹਾ ।
'ਤੁਸੀਂ ਸਾਡੇ ਨਾਲ ਗੱਲ ਪੱਕੀ ਕਰ ਲਵੋ, ਸਭ ਕੁਝ ਜੰਗ ਪਿਛੋਂ ਕੀਤਾ ਜਾਵੇਗਾ।‘
'ਸਰਦਾਰ ਜੀ। ਮੈਂ ਕਿਸੇ ਲਾਰੇ ਵਿਚ ਨਹੀਂ ਲਮਕਾਉਣਾ ਚਾਹੁੰਦਾ। ਇਕ ਜੰਗ ਵਿਚ ਜਾ ਰਹੇ ਸਿਪਾਹੀ ਤੇ ਆਸ ਕੀ ਅਰਥ ਰਖਦੀ ਹੈ ।‘
ਉਹ ਨਿਰਾਸ਼ ਹੋ ਗਏ, ਹੋਰ ਉਹਨਾਂ ਲਈ ਚਾਰਾ ਹੀ ਕੀ ਸੀ। ਅਖੀਰ ਫਤਹ ਬੁਲਾ ਕੇ ਚਲੇ ਗਏ। ਕਿਸੇ ਨੂੰ ਕੀ ਪਤਾ ਸੀ ਕਿ ਮੇਰੇ ਦਿਲ ਦੀਆਂ ਗੰਢਾ ਕਿਸ ਨਾਲ ਪੈ ਚੁੱਕੀਆਂ ਹਨ। ਇਸ ਦੀ ਅਸਲੀਅਤ ਨਾ ਕੋਈ ਦੋਸਤ ਜਾਣਦਾ ਸੀ ਅਤੇ ਨਾ ਹੀ ਮੇਰੇ ਘਰ ਵਾਲੇ । ਘਰ ਦੇ ਮੇਰੇ ਤੇ ਨਰਾਜ਼ ਸਨ ਕਿ ਮੈਂ ਉਹਨਾਂ ਨੂੰ ਕਿਉਂ ਕੋਰਾ ਜਵਾਬ ਦੇ ਦਿੱਤਾ। ਬੀਬੀ ਜੀ ਆਖ ਰਹੇ ਸਨ ਕਿ ਸਾਡਾ ਤਾਂ ਦੁੱਧ ਪਿਆਇਆ ਐਵੇਂ ਹੀ ਗਿਆ ਨਾ।
ਛੁੱਟੀ ਬੀਤ ਗਈ। ਮੈਂ ਹਰ ਦਿਨ ਪਾਲ ਦੀ ਉਡੀਕ ਵਿਚ ਗੁਜਾਰਿਆ ਤੇ ਆਖੀਰ ਦਿਨ ਤਕ ਉਸ ਦੀ ਉਡੀਕ ਕੀਤੀ । ਕੋਈ ਵੀ ਥੋਹ ਪਤਾ ਨਾ ਲੱਗਾ। ਅਖੀਰਲੇ ਦਿਨ ਮੈਂ ਬਹੁਤ ਹੀ ਔਖਾ ਜਿਹਾ ਰਿਹਾ ਤੇ ਇਕ ਚੋਰ ਵਾਂਗ ਨੱਸ ਜਾਣ ਲਈ ਕਾਹਲਾ ਵੀ ਸਾਂ। ਇਹ ਓਹੀ ਜਨਮ-ਭੂਮੀ ਸੀ, ਜਿਸ ਤੋਂ ਵਿਛੜਦਿਆਂ ਮੇਰੇ ਹੌਲ ਪਿਆ ਕਰਦੇ ਸਨ। ਪਾਲ ਦੇ ਪਿਆਰ ਨੇ ਦੇਸ ਪ੍ਰਦੇਸ ਦਾ ਵਿਤਕਰਾ ਉਡਾ ਦਿੱਤਾ ਸੀ । ਸੱਚਮੁਚ ਪਿਆਰ ਪੈਂਦਾ ਹੀ ਫਰਕ ਮਿਟਾਉਣ ਲਈ ਹੁੰਦਾ ਹੈ। ਮੈਂ ਆਪਣਾ ਕਿਟਬੈਗ ਸਾਂਭਿਆ ਅਤੇ ਥੋੜ੍ਹਾ ਘਿਓ ਨਾਲ ਲਿਜਾਣ ਲਈ ਟੀਨ ਵਿਚ ਪੁਆਇਆ। ਸਾਰਿਆਂ ਤੋਂ ਵਿਦਾਇਗੀ ਲੈ ਹੀ ਰਿਹਾ ਸਾਂ ਕਿ ਤਾਰੋ ਵੀ ਗੋਦੀ ਮੁੰਡਾ ਚੁੱਕੀ ਆ ਗਈ। ਮੈਂ ਮੁੰਡਾ ਉਸ ਤੋਂ ਫੜ ਲਿਆ ਅਤੇ ਇਕ ਰੁਪਈਆ ਮੁੰਡੇ ਨੂੰ ਦੇਂਦਿਆ ਪਿਆਰ ਕੀਤਾ। ਰੁਪਈਏ ਦਾ ਨੋਟ ਉਸ ਦੇ ਹੱਥੋਂ ਡਿਗ ਪਿਆ । ਤਾਰੋ ਨੇ ਚੁੱਕ ਕੇ ਵਾਪਸ ਕਰਦਿਆਂ ਕਿਹਾ 'ਰੁਪਈਆ ਨਹੀਂ ਲੈਣਾ, ਵੱਡਾ ਆਇਆ ਹੈ ਮੁੰਡੇ ਦੇ ਹੱਥ ਚੋਰੀ ਚੋਰੀ ਫੜਾਉਣ ਵਾਲਾ।
'ਮੁੰਡਾ ਮੇਰਾ ਵੀ ਕੁਝ ਲੱਗਦਾ ਹੈ।
ਬੇਬੇ ਜੀ ਦੇ ਆਖਣ ਤੇ ਤਾਰੋ ਨੇ ਰੁਪਿਆ ਰਖ ਲਿਆ ਓਦੋਂ ਹੀ ਮੁੰਡੇ ਨੇ ਮੇਰੀ ਖਾਕੀ ਵਰਦੀ ਤੇ ਪਿਸ਼ਾਬ ਕਰ ਦਿੱਤਾ। ਸਾਰੇ ਹੀ ਹਸ ਪਏ ਅਤੇ ਮੈਂ ਹਸਦਿਆਂ ਮੁੰਡਾ ਤਾਰੋ ਨੂੰ ਫੜਾ ਦਿੱਤਾ। ਬੇ-ਦਿਲਾ ਜੇਹਾ ਸਾਰਿਆ ਤੋਂ ਵੱਖ ਹੋਇਆ। ਤਾਰੋ ਨੇ ਜਾਂਦੇ ਨੂੰ ਕਿਹਾ, 'ਚਿੱਠੀ ਪਾ ਦਿਆ ਕਰ।
'ਬਹੁਤ ਹੱਛਾ ਜੀ।
ਮੈਂ ਬੇ-ਪਰਵਾਹੀ ਜੇਹੀ ਨਾਲ ਘਰੋਂ ਨਿਕਲ ਤੁਰਿਆ। ਰਾਹ ਵਿਚ ਮਿਲਦਿਆਂ ਨੂੰ ਫਤਹਿ ਬੁਲਾਂਦਾ ਰਿਹਾ। ਮੇਰੇ 'ਚੀਕੂੰ ਚੀਕੂੰ ਕਰਦੇ ਬੂਟ ਪਿੰਡ ਤੋਂ ਦੂਰ ਹੁੰਦੇ ਜਾ ਰਹੇ ਸਨ।
11
ਪੰਜ ਮਹੀਨੇ ਹੋਰ ਲੰਘ ਗਏ। ਹਰ ਦਿਨ ਨਾਲ ਪਾਲ ਦੀ ਯਾਦ ਪ੍ਰਛਾਵੇਂ ਵਾਂਗ ਚੁੰਬੜੀ ਰਹੀ। ਸਾਡੀ ਪਲਟਨ ਨੂੰ ਲੜਾਈ ਵਿਚ ਜਾਣ ਦਾ ਹੁਕਮ ਆ ਗਿਆ, ਕਈਆਂ ਘਰ ਮਿਲਣ ਲਈ ਛੁੱਟੀਆਂ ਮਨਜੂਰ ਕਰਵਾ ਲਈਆਂ। ਮੈਂ ਛੁੱਟੀ ਨਾ ਲਈ ਕਿਉਂਕਿ ਮੈਂ ਕਿਸ ਨੂੰ ਮਿਲਣਾ ਸੀ ।ਮੇਰੀ ਰੂਹ ਤਾਂ ਕਿਤੇ ਗਵਾਚੀ ਹੋਈ ਸੀ। ਮੈਂ ਸੋਚਦਾ ਸਾਂ ਕਿ ਜਰੂਰ ਪਾਲ ਦੀ ਜ਼ਿੰਦਗੀ ਵਿਚ ਕੋਈ ਤਕੜੀ ਘਟਨਾ ਵਾਪਰੀ ਹੈ, ਨਹੀਂ ਤਾਂ ਉਸ ਇਸ ਪ੍ਰਕਾਰ ਨਹੀਂ ਅਲੋਪ ਹੋਣਾ ਸੀ। ਮੈਂ ਗਮ ਥੋੜ੍ਹਾ ਕਰਨ ਲਈ ਜਾਣ ਕੇ ਅਨਪੜ੍ਹ ਸਿਪਾਹੀਆਂ ਦੀਆਂ ਗੱਲਾਂ ਵਲ ਵਧੇਰੇ ਧਿਆਨ ਦੇਣ ਲਗਾ, ਪਰ ਬਾਹਵਾਂ ਮਾਰਨ ਨਾਲ ਤੂਫਾਨ ਥੋੜ੍ਹਾ ਨਹੀਂ ਹੁੰਦਾ।
ਸਾਡੀ ਪਲਟਨ ਦੇ ਜਾਣ ਵਿਚ ਦੋ ਦਿਨ ਹੀ ਬਾਕੀ ਸਨ। ਛੁੱਟੀਆਂ ਕੱਟਣ ਵਾਲੇ ਸਿਪਾਹੀ ਦਬਾਦਬ ਆ ਰਹੇ ਸਨ। ਉਸ ਦਿਨ ਹੀ ਮੈਨੂੰ ਸਤਿਨਾਮ ਦਾ ਖ਼ਤ ਮਿਲਿਆ-
ਦੁਨੀਆ ਨੂੰ ਹਾਲੇ ਵੀ ਏਹੀ ਯਕੀਨ ਹੈ ਕਿ ਪਾਲ ਆਪਣੇ ਕਿਸੇ ਯਾਰ ਕੋਲ ਹੀ ਹੈ। ਲੋਕਾਂ ਨੂੰ ਉਸ ਦੇ ਚਾਲ-ਚਲਣ ਤੇ ਪੂਰਾ ਸ਼ੱਕ ਹੈ। ਕਈ ਤਾਂ ਇਹ ਗੱਲ ਕਹਿਣੋਂ ਨਹੀਂ ਝਿਜਕਦੇ ਕਿ ਪਾਲ ਨੂੰ ਰੱਖਿਆ ਹੀ ਕਿਤੇ ਬਲਬੀਰ ਨੇ ਹੈ। ਆਪਣੇ ਪਿੰਡ ਤੇ ਖਾਸ ਬਹੁਤੀ ਕੋਈ ਗੱਲ ਨਹੀਂ ਕਰਦਾ, ਪਰ ਤਲਵੰਡੀ ਦੇ ਸ਼ਹਿਰ ਵਿਚ ਤਾਂ ਚਰਚਾ ਹੀ ਬਹੁਤੀ ਇਸੇ ਗੱਲ ਦੀ ਹੈ। ਇਥੇ ਦੇ ਲੋਕ ਬਹੁਤਾ ਐਸ. ਡੀ.ਓ. ਨੂੰ ਬਦਨਾਮ ਕਰਦੇ ਹਨ।
ਉਸ ਦਾ ਕੋਈ ਪਤਾ ਨਹੀਂ ਲਗਾ ਕਿ ਕਿਥੇ ਹੈ। ਜੋ ਕੁਝ ਵੀ ਕੋਈ ਦਸਦਾ ਹੈ, ਸਭ ਮਨ ਘੜਤ ਅਫਵਾਹਾਂ ਹੀ ਹਨ। ਤੁਸਾਂ ਆਪਣੀ ਸਿਹਤ ਬਾਰੇ ਲਿਖਣਾ ਤੁਹਾਡੀ ਭਾਬੀ ਤੇ ਕਾਕਾ ਤਕੜੇ ਹਨ।
-ਤੁਹਾਡਾ
ਸਤਿਨਾਮ
ਮੈਂ ਚਿੱਠੀ ਪਾੜ ਕੇ ਭੋਰਾ-ਭੋਰਾ ਕਰ ਸੁੱਟੀ। ਉਸ ਚਿੱਠੀ ਲਿਖਣ ਦਾ ਫ਼ਾਇਦਾ ਕੀ ਹੁੰਦਾ ਹੈ, ਜਿਹੜੀ ਮਨ ਨੂੰ ਕੋਈ ਤਸੱਲੀ ਨਹੀਂ ਦੇ ਸਕਦੀ। ਇਸ ਤੋਂ ਕਿਤੇ ਚੰਗਾ ਸੀ, ਉਹ ਲਿਖਦਾ ਹੀ ਨਾ। ਕਿਸੇ ਦੇ ਗ਼ਮ ਵਿਚ ਵਾਧਾ ਕਰਨਾ ਵੀ ਕੋਈ ਹਮਦਰਦੀ ਹੈ?
ਤੁਰਨ ਤੋਂ ਇਕ ਦਿਨ ਅਗੋਂ ਸਾਰੀ ਪਲਟਨ ਦੀ ਗਿਣਤੀ ਹੋਈ। ਕੁਝ ਸਿਪਾਹੀ ਘਟ ਸਨ ਪਤਾ ਨਹੀਂ ਉਹ ਜੰਗ ਵਿਚ ਜਾਣ ਦੇ ਡਰ ਤੋਂ ਹੀ ਪਿੱਛੇ ਨਹੀਂ ਸਨ ਆਏ ਜਾਂ ਰਾਹ ਵਿਚ ਕਿਸੇ ਤਰ੍ਹਾਂ ਲੇਟ ਹੋ ਗਏ ਸਨ। ਵਾਧੂ ਸਾਮਾਨ ਘਰਾਂ ਨੂੰ ਬਿਲਟੀਆਂ ਕਰਵਾ ਦਿੱਤਾ ਤੇ ਬਾਕੀ ਦਾ ਬੰਨ੍ਹਵਾ ਕੇ ਤਿਆਰੀ ਦਾ ਬਿਗਲ ਵਜਾ ਦਿੱਤਾ। ਮੈਨੂੰ ਜੰਗ ਵਿਚ ਜਾਣ ਦੀ ਕਾਫੀ ਖੁਸ਼ੀ ਸੀ। ਪਰ ਇਸ ਖੁਸ਼ੀ ਦੀ ਤਹਿ ਵਿਚ ਲੋੜ-ਪੀੜ ਨਾਲ ਫਿਸਿਆ ਦਿਲ ਵੀ ਹਉਕੇ
ਭਰ ਰਿਹਾ ਸੀ। ਸਾਡੀ ਪਲਟਣ ਲਈ ਇਕ ਸਪੈਸ਼ਲ ਗੱਡੀ ਨੀਯਤ ਹੋਈ। ਅਸੀਂ ਰਫਲਾਂ ਮੋਢਿਆਂ ਵਿਚ ਪਾਈ ਤੇ ਮਾਮੂਲੀ ਬਿਸਤਰੇ ਲਈ ਆਪਣੀਆਂ ਥਾਵਾਂ ਮੱਲ ਲਈਆਂ। ਮੁਸਲਮਾਨ ਭਰਾਵਾਂ ਨੇ 'ਯਾ ਅਲੀ ਤੇ ਅਲਾ ਹੂ ਅਕਬਰ' ਪੁਕਾਰਿਆ, ਗੱਡੀ ਤੁਰ ਪਈ। ਸਿਪਾਹੀ ਗੱਡੀ ਵਿਚ ਹੀ ਗੱਲੀਂ ਜੁਟ ਪਏ। 'ਕਿਉਂ ਬਈ, ਵਿਆਹਿਆਂ ਨਾਲੋਂ ਹੁਣ ਛੜੇ ਕਿੰਨੇ ਚੰਗੇ ਹਨ, ਨਾ ਵਿਛੜੇ, ਨਾ ਹੰਝੂ ਡੋਲ੍ਹੇ। ਦਮ ਦਾ ਦਮ ਧੋਖਾ ਨਾ ਗਮ।
'ਬਹੁਤਾ ਮਾਣ ਕਰਨ ਵਾਲੇ ਹੁਣ ਬਿਗਾਨਿਆਂ ਗੋਚਰੀਆਂ ਹੀ ਛੱਡ ਚੱਲੇ।'
'ਉਹ ਆਪਣੇ ਵਰਗਿਆਂ ਹੀ ਆ ਕੇ ਸੰਭਾਲਣੀਆਂ ਨੇ, ਵਿਆਹਿਆਂ ਤੇ ਸਭਨਾਂ ਮਰ ਜਾਣਾ ਏਂ ਜੰਗ ਵਿਚ 'ਜੇ ਇਹ ਨਾ ਮਰੇ ਫਿਰ ਸਾਡੀ ਵਾਰੀ ਕਦੋਂ ਆਵੇਗੀ।
ਰੱਬ ਕੁਝ ਸੋਚ ਕੇ ਹੀ ਜੰਗ ਲਾਉਂਦਾ ਹੈ। ਉਹਨਾਂ ਸਾਰਿਆਂ ਦੇ ਮੂੰਹਾਂ ਤੇ ਪਿਆਰ ਭੁੱਖ ਚਮਕ ਰਹੀ ਸੀ। ਛੇੜ ਛਾੜ ਕਾਫੀ ਜਾਰੀ ਸੀ, ਮੈਂ ਵੀ ਆਪਣਾ ਦੁਖ ਭੁਲਾਣ ਲਈ ਉਹਨਾਂ ਦੀਆਂ ਗੱਲਾਂ ਵਿਚ ਹਿੱਸਾ ਲੈਣ ਲੱਗਾ। ਮੈਂ ਕਿਹਾ, 'ਵਿਆਹਿਆਂ ਨੇ ਤਾਂ ਕੋਈ ਅਨੰਦ ਵੇਖ ਲਿਆ, ਪਰ ਤੁਸੀਂ ਗੱਲ ਕਰ ਕੇ ਢਿੱਡ ਭਰਨ ਨਾਲੋਂ ਹੋਰ ਕੀ ਮਾਣਿਆ ਹੈ ?'
'ਹੋਰ ਵਿਆਹਿਆਂ ਨੇ ਸਾਥੋਂ ਗੱਲਾਂ ਵੀ ਖੋਹ ਲੈਣੀਆਂ ਨੇ।
ਇਕ ਮੈਨੂੰ ਆਖਣ ਲੱਗਾ, 'ਸਜਣਾ! ਆਖ ਨਾ ਆਖ ਤੂੰ ਤਾਂ ਜ਼ਰੂਰ ਵਿਆਹਿਆ ਹੋਇਆ ਏ।
'ਰੰਨ ਦੀਆਂ ਬਾਹਾਂ ਗਲੋਂ ਲਾਹੁੰਦਾ ਔਖਾ ਹੀ ਹੋਇਆ ਹੋਵੇਂਗਾ?'
ਮੈਂ ਉਨ੍ਹਾਂ ਦੀਆਂ ਗੱਲਾਂ ਸੁਣ-ਸੁਣ ਹੱਸੀ ਜਾ ਰਿਹਾ ਸਾਂ।
'ਨਹੀਂ ਭਰਾਵੋ! ਮੈਂ ਵਿਆਹਿਆ ਨਹੀਂ ਹਾਂ ? ਇਹ ਆਖਣ ਤੇ ਮੈਂ ਆਪਣੇ ਆਪ ਵਿਚ ਸ਼ਰਮ ਜਿਹੀ ਮਹਿਸੂਸ ਕੀਤੀ।
'ਏਥੇ ਤੇ ਮੰਗਣੀ ਵਾਲਿਆਂ ਨੂੰ ਵੀ ਚਿੱਤ ਵਿਚ ਮੁਸਮੁਸੀਆਂ ਉੱਠਣ ਲੱਗ ਪੈਂਦੀਆਂ ਨੇ ।
'ਕੱਛ ਵਿਚ ਵੰਜਲੀ ਲੈ ਕੇ ਘਰੋਂ ਤੁਰਿਆ ਏਂ ਚਾਕਾ ਤੂੰ,
ਪੱਤਣ ਦੂਰ ਏਥੋਂ ਤੇਰੀ ਹੀਰ ਪਿਆਰੀ ਦਾ'
'ਵਾਹ ਓਏ ਮੁੰਡਿਆ! ਕਰ ਦਿੱਤਾ ਈ ਦਿੱਤ ਖੁਸ਼! ਕੁਝ ਜਾਣਦਾ ਏ ਤਾਂ ਹੋਰ ਸੁਣਾ ।
'ਕੋਠੇ ਉੱਤੇ ਕੋਠੜੀ ਹੇਠ ਵਗੇ ਦਰਿਆ,
ਦਿਲ ਮਿਲਣੇ ਨੂੰ ਲੋਚਦਾ, ਬਗਲਾ ਬਣ ਕੇ ਆ।
'ਹੱਥ ਵਿਚ ਬਗਲੀ ਜੋਗੀ ਮੰਗਦਾ ਫਿਰਦਾ ਖੇੜਿਆਂ 'ਚ
ਬੋਲੀ ਇਕ ਕੁੜੀ ਨੇ ਤ੍ਰਿੰਝਣ ਵਿਚੋਂ ਮਾਰੀ।
ਕੰਢੇ ਇਸਕ ਝਨਾਂ ਤੇ ਮੌਜਾਂ ਮਾਣੀਆਂ ਚਾਕ ਬਣ,
ਚੂਰੀ ਬੇਲੇ ਖਾ ਹੁਣ ਬਣਿਆ ਫਿਰੇ ਭਿਖਾਰੀ।?
ਕੰਨ ਪੜਵਾ ਲਏ ਤੇ ਸੁਆਹ ਸਿਰ ਵਿਚ ਪਾਈ ਵੇਖ ਲੋ,
ਕੀ ਕੁਝ ਨਾ ਕਰਵਾਵੇ ਰੰਨ ਸੁਹਣੀ ਦੀ ਯਾਰੀ।
ਉਧਰ ਘਿਉ ਖਿੱਚੜ ਹੈ ਹੀਰ ਨਾਲ ਸੈਦੇ ਦੇ,
ਸਾਂਗ ਮਾਰ ਕੁੜੀ ਨੇ ਹਿੱਕ ਰਾਂਝੇ ਦੀ ਪਾੜੀ।
'ਆਹਾ! ਮੌਜਾਂ ਹੋ ਗਈਆਂ, ਥਿਆ ਗਈ ਮਨ ਪ੍ਰਚਾਉਣ ਨੂੰ ਮਸ਼ੀਨ।
ਇਕ ਸਿਪਾਹੀ ਨੇ ਉੱਚੀ ਜੇਹੀ ਕਿਹਾ ਤੇ ਸਾਰੇ ਹਸਦੇ ਹੋਏ, 'ਆਹੋ ਆਹੋ' ਕਰਨ ਲਗ ਪਏ।
ਕੋਈ ਪਤਾ ਨਹੀਂ ਸੀ ਕਿ ਗੱਡੀ ਕਿੰਨੇ ਕੁ ਸਟੇਸ਼ਨ ਛੱਡ ਆਈ। ਇਕ ਜੰਕਸ਼ਨ ਤੇ ਆ ਕੇ ਖਲੋਤੀ। ਕਿਸੇ ਚਾਹ ਪੀਤੀ ਕਿਸੇ ਪਾਣੀ, ਪਰ ਮੈਂ ਇਕ ਪੰਜਾਬੀ ਦਾ ਰਸਾਲਾ ਲੈ ਲਿਆ । ਅਸੀਂ ਪੂਰਬੀ ਮੋਰਚੇ ਤੇ ਜਾ ਰਹੇ ਸਾਂ। ਜਦੋਂ ਗੱਡੀ ਸਟੇਸ਼ਨ ਲੰਘ ਗਈ ਤਦੋਂ ਲਾਈਨ ਲਾਈਨ ਦੋ ਮੁਟਿਆਰਾਂ ਇਕ ਸੂਟ ਕੇਸ ਚੁੱਕੀ ਜਾ ਰਹੀਆਂ ਸਨ। ਫੌਜੀ ਉਨ੍ਹਾਂ ਨੂੰ ਵੇਖ ਕੇ ਚੀਕਾਂ ਮਾਰਨ ਲੱਗ ਪਏ, ਕਈਆਂ ਹੱਥਾਂ ਨਾਲ ਗੰਦੇ ਇਸ਼ਾਰੇ ਵੀ ਕੀਤੇ। ਮੈਂ ਸਾਰਿਆਂ ਨੂੰ ਹਟਾਂਦਿਆਂ ਕਿਹਾ, 'ਭਰਾਵੋ। ਸਾਨੂੰ ਕਿਸੇ ਨੂੰ ਨਹੀਂ ਪਤਾ ਕਿ ਅਸੀਂ ਜੰਗ ਵਿਚੋਂ ਸਹੀ ਸਲਾਮਤ ਮੁੜ ਕੇ ਵਾਪਸ ਆਉਣਾ ਏਂ ਜਾਂ ਨਹੀਂ। ਅਸੀਂ ਦੇਸ਼ ਦੀ ਰੱਖਿਆ ਲਈ ਲੜਨ ਜਾ ਰਹੇ ਹਾਂ। ਸਾਡੇ ਦੇਸ਼ ਦੀਆਂ ਯੁਵਤੀਆਂ ਸਾਡੀਆਂ ਭੈਣਾਂ ਹਨ। ਅਸੀਂ ਇਨ੍ਹਾਂ ਦੀ ਖ਼ਾਤਰ ਹੀ ਮੌਤ ਨਾਲ ਘੁਲਣ ਜਾ ਰਹੇ ਹਾਂ। ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਇਨ੍ਹਾਂ ਦੇ ਦਿਲਾਂ ਵਿਚ ਨਫਰਤ ਭਰ ਕੇ ਜਾ ਰਹੇ ਹਾਂ। ਅਸੀਂ ਤਹਿਜ਼ੀਬ ਇਖ਼ਲਾਕ ਤੇ ਦੇਸ਼ ਦੀ ਇੱਜ਼ਤ ਦੀ ਰੱਖਿਆ ਕਰਨੀ ਹੈ। ਸਿਪਾਹੀ ਦੀ ਬੜੀ ਜੁੰਮੇਵਾਰੀ ਹੁੰਦੀ ਹੈ, ਪਰ ਅਫਸੋਸ! ਕਿ ਅਸੀਂ ਇਸ ਨੂੰ ਉੱਕਾ ਹੀ ਨਹੀਂ ਪਛਾਣਦੇ ਅਤੇ ਕਿਵੇਂ ਆਪਣੀਆਂ ਭੈਣਾਂ ਨੂੰ ਗੰਦੇ ਇਸ਼ਾਰਿਆਂ ਨਾਲ ਤੰਗ ਕਰ ਰਹੇ ਹਾਂ।
ਸਾਰੇ ਡੱਬੇ ਵਿਚ ਚੁੱਪ ਜਿਹੀ ਵਰਤ ਗਈ, ਪਰ ਇਕ ਮਸਖਰੇ ਜਿਹੇ ਨੇ ਕਿਹਾ, 'ਓ ਯਾਰ ਕੀ ਲੋਹੜਾ ਆ ਗਿਆ ਜੇ ਥੋੜ੍ਹਾ ਦਿਲ ਪਰਚਾ ਲਿਆ। ਖ਼ਬਰੇ ਰੱਬ ਨੂੰ ਕੀ ਭਾਉਂਦੀ ਹੈ ਅਤੇ ਅੱਗੇ ਕੀ ਕੀ ਦੁਖ ਦੇਖਣੇ ਐ।
'ਹੋਵੇਗਾ ਓਹੀ ਕੁਝ ਜੋ ਅਸੀਂ ਕਰ ਦੇਵਾਂਗੇ। ਸਿਪਾਹੀ ਹੀ ਮੁਲਕਾਂ ਦੀਆਂ ਤਕਦੀਰਾਂ ਪਲਟਦੇ ਹਨ। ਸਾਹਿਤ ਤੇ ਸਿਪਾਹੀ ਦੋਵੇਂ ਰਲ ਕੇ ਜੋ ਮਰਜ਼ੀ ਚਾਹੇ ਕਰ ਲੈਣ।
'ਸਾਨੂੰ ਤਾਂ 'ਠੂਹ ਠਾਹ' ਤੋਂ ਬਿਨਾਂ ਕੁਝ ਆਉਂਦਾ ਨਹੀਂ। ਹਾਂ ਪਿੱਛੇ ਮੁੜਦੇ ਨਹੀਂ, ਜਿਧਰ ਨੂੰ ਜਾਵਾਂਗੇ ਇਕ ਵਾਰ ਰਾਹ ਵਿਹਲਾ ਕਰਦੇ ਤੁਰੇ ਜਾਵਾਂਗੇ।
'ਜੰਗ ਵਿਚ ਸਿਪਾਹੀ ਦਾ ਇਹੋ ਧਰਮ ਹੈ, ਜੋ ਅੱਗੇ ਹੀ ਵਧਦਾ ਜਾਵੇ। ਗੱਡੀ ਤੁਰੀ ਹੀ ਗਈ, ਸਮਾਂ ਘੰਟੇ ਤੇ ਦਿਨ ਬਣ ਲੰਘਦਾ ਗਿਆ। ਅਸੀਂ ਫੱਟਿਆ ਤੇ ਸੌਂਦੇ ਜਾਗਦੇ ਰਾਤ ਵੀ ਲੰਘਾ ਦੇਂਦੇ ਸਾਂ। ਸਫਰ ਵਿਚ ਮੈਲ ਲੋਹੜੇ ਦੀ ਜੰਮ ਗਈ। ਮੁੜਕਾ ਆ ਆ ਪਿੰਡਾ ਮੁਸ਼ਕ ਗਿਆ। ਮੈਂ ਦਿਨੇ ਆਪਣੇ ਸਾਥੀਆਂ ਵਿਚ ਰਲਿਆ ਮਿਲਿਆ ਰਹਿੰਦਾ
ਸਾਂ, ਪਰ ਰਾਤ ਨੂੰ ਪਾਲ ਦੇ ਸੁਫਨਿਆਂ ਵਿਚ ਨਿਤ ਇਕ ਨਵੀਂ ਦੁਨੀਆ ਵਸਾ ਕੇ ਉਜਾੜ ਲੈਂਦਾ ਸਾਂ। ਮੈਂ ਪੱਥਰ ਹੋ ਕੇ ਲੜਨ ਜਾ ਰਿਹਾ ਸਾਂ, ਕਿਉਂਕਿ ਉਹ ਮੇਰਾ ਧਰਮ ਸੀ, ਪਰ ਇਕ ਜ਼ਮਾਨਾ ਤੇ ਦੁਨੀਆ ਜਾਣਦੀ ਹੈ ਕਿ ਪ੍ਰੇਮ ਆਦਿ ਤੋਂ ਹੀ ਅਮਨ ਦਾ ਸ਼ੁਭ-ਇਛੁਕ ਰਿਹਾ ਹੈ। ਦੋ ਰਾਤਾਂ ਤੇ ਤਿੰਨ ਦਿਨ ਪਿਛੋਂ ਅਸੀਂ ਹਾਵੜੇ ਜਾ ਉਤਰੇ। ਕਲਕੱਤੇ ਛਾਉਣੀ ਦੇ ਕੋਲ ਹੀ ਸਾਡੀ ਪਲਟਨ ਨੇ ਤੰਬੂ ਜਾ ਲਾਏ।
ਥੋੜ੍ਹੇ ਦਿਨਾਂ ਪਿਛੋਂ ਉਥੇ ਵੀ ਅੱਗੇ ਨੂੰ ਚਾਲੇ ਪਾਉਣੇ ਪਏ, ਆਖ਼ਰ ਅਸੀਂ ਮੈਦਾਨੇ ਜੰਗ ਵਿਚ ਆ ਗਏ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ, ਜਦੋਂ ਜਾਪਾਨੀ ਸਾਰਾ ਬਰਮਾ ਮਾਰ, ਹਮਲਾ ਕਰਨੋਂ ਰੁਕ ਗਏ ਸਨ ਅਤੇ ਇਤਿਹਾਦੀ ਫੌਜਾਂ ਨੇ ਆਪਣਾ ਜ਼ੋਰ ਆਰੰਭ ਦਿੱਤਾ ਸੀ ।
ਜਿਥੇ ਸਾਡੇ ਕੈਂਪ ਲਗੇ ਹੋਏ ਸਨ, ਉਹ ਇਲਾਕਾ ਜੰਗਲੀ ਤੇ ਪਹਾੜੀ ਸੀ। ਇਕ ਨਦੀ ਦੁਸ਼ਮਣ ਤੇ ਸਾਡੇ ਵਿਚਕਾਰ ਸੀ, ਜਿਹੜੀ ਦੋਹਾਂ ਦੇ ਜੋਰ ਨੂੰ ਤੋਲ ਰਹੀ ਸੀ । ਦੁਸ਼ਮਣ ਬੜੀ ਘੱਟ ਗਿਣਤੀ ਵਿਚ ਸੀ। ਨਾ ਕੋਈ ਉਨ੍ਹਾਂ ਦਾ ਮੋਰਚਾ ਸੀ ਅਤੇ ਨਾ ਹੀ ਕਿਤੇ ਟਿਕਾਣਾ। ਕਦੇ ਗੋਲੀ ਕਿਤੋਂ ਆਉਂਦੀ ਸੀ, ਕਦੇ ਕਿਤੋਂ। ਅਸੀ ਕਿ ਗੋਲੇ ਦੇ ਜਵਾਬ ਵਿਚ ਵੀਹ ਚਲਾਉਂਦੇ ਸਾਂ। ਸਾਨੂੰ ਸਾਮਾਨ ਦੀ ਕੋਈ ਘਾਟ ਨਹੀਂ ਸੀ। ਦੁਸ਼ਮਣ ਹਰ ਨਿੱਕਾ ਮੋਟਾ ਹਮਲਾ ਅਚਾਨਕ ਹੀ ਕਰਦਾ, ਪਰ ਸਾਡਾ ਤੋਪਖਾਨਾ ਉਸ ਨੂੰ ਜੰਗਲ ਵਿਚ ਨੱਠ ਜਾਣ ਲਈ ਮਜਬੂਰ ਕਰ ਦੇਂਦਾ।
ਸਾਨੂੰ ਵੀ ਹਮਲੇ ਦਾ ਹੁਕਮ ਮਿਲਿਆ। ਸਾਡੇ ਸੂਹੀਆਂ ਸਾਨੂੰ ਪਤਾ ਦਿੱਤਾ, ਜੇ ਦੁਸ਼ਮਣ ਦਾ ਅੱਠ ਮੀਲ ਤਕ ਕੋਈ ਟਿਕਾਣਾ ਨਹੀਂ, ਉਹ ਜੰਗਲ ਵਿਚ ਪੰਜ-ਪੰਜ ਸੱਤ-ਸੱਤ ਦੀਆਂ ਟੋਲੀਆਂ ਬਣਾ ਕੇ ਫਿਰ ਰਹੇ ਹਨ। ਜੰਗਲੀ ਘਾਹ ਗੋਡੇ ਗੋਡੇ ਤੋਂ ਲੱਕ-ਲੱਕ ਤੱਕ ਸੀ। ਮੱਛਰ ਏਦੂੰ ਬਹੁਤਾ ਮੋਟਾ ਮੈਂ ਆਪਣੀ ਉਮਰ ਵਿਚ ਕਿਤੇ ਨਹੀਂ ਵੇਖਿਆ। ਮਲੇਰੀਏ ਦੇ ਬਚਣ ਤੋਂ ਕੁਨੀਨ ਦੀਆਂ ਸਾਨੂੰ ਹਰ ਹਫਤੇ ਵੀਹ ਪੰਝੀ ਗੋਲੀਆਂ ਦਿੱਤੀਆਂ ਜਾਂਦੀਆਂ ਸਨ। ਏਨਾ ਹੋਣ ਤੇ ਵੀ ਬਹੁਤ ਸਿਪਾਹੀ ਮਲੇਰੀਏ ਨਾਲ ਬਿਮਾਰ ਹੋ ਹੀ ਜਾਂਦੇ । ਪਰ ਮੈਨੂੰ ਤਾਪ ਉਕਾ ਹੀ ਨਾ ਚੜ੍ਹਿਆ।
ਸਫਰਮੈਨਾਂ ਵਾਲਿਆਂ ਦੀ ਮਦਦ ਨਾਲ ਅਸਾਂ ਦਰਿਆ ਨੂੰ ਪਾਰ ਕੀਤਾ, ਪਾਰ ਹੁੰਦਿਆਂ ਹੀ ਬੜੀ ਤੇਜੀ ਨਾਲ ਹਮਲਾ ਕੀਤਾ, ਪਰ ਦੁਸ਼ਮਣ ਤੇ ਕੋਈ ਰੋਕ ਨਾ ਹੋ ਸਕੀ। ਥੋੜ੍ਹੇ ਬਹੁਤੇ ਜਾਪਾਨੀ ਮਾਰੇ ਗਏ। ਇਸ ਹਮਲੇ ਵਿਚ ਮੈਂ ਜਾਣ ਲਿਆ ਸੀ ਕਿ ਜਾਪਾਨੀ ਜਾਨ ਤੋੜ ਕੇ ਲੜਦੇ ਹਨ, ਕਿਉਂਕਿ ਮਰਦੇ ਦਮ ਤਕ ਉਹ ਲੜਨੋਂ ਨਹੀਂ ਸਨ ਹਟਦੇ। ਦੁਸ਼ਮਣ ਦੇ ਸਿਪਾਹੀਆਂ ਦੀ ਕੋਈ ਖਾਸ ਵਰਦੀ ਨਹੀਂ ਸੀ ਅਤੇ ਨਾ ਹੀ ਪੈਰੀਂ ਬੂਟ ਹੁੰਦੇ ਸਨ। ਬੜਾ ਥੋੜ੍ਹਾ ਸਾਮਾਨ ਲੈ ਕੇ ਲੜਦੇ ਸਨ। ਸਾਡੀਆਂ ਪਿਠਾਂ ਤੇ ਵੀਹ ਵੀਹ ਸੇਰ ਦੇ ਬੁਚਕੇ ਹੁੰਦੇ। ਦੁਸ਼ਮਣ ਦੀ ਸਾਡੇ ਹਮਲੇ ਅਗੇ ਕੋਈ ਵਾਹ ਨਾ ਗਈ, ਅਸੀਂ ਨਦੀ ਤੋਂ 15 ਮੀਲ ਤਕ ਦਾ ਮੈਦਾਨ ਮਲ ਲਿਆ। ਇਕ ਪਾਸੇ ਜੰਗਲ ਵਧੇਰੇ ਸੀ ਤੇ ਇਕ ਪਾਸੇ ਦੋ ਪਹਾੜੀਆਂ ਸਨ। ਅਸਾਂ ਗੋਲਾ ਬਾਰੂਦ ਬੇਪਰਵਾਹੀ ਨਾਲ ਫੂਕਿਆ। ਸਾਨੂੰ ਸਾਮਾਨ ਤੇ ਖੁਰਾਕ ਦੀ ਥੋੜ੍ਹ ਕਦੇ ਨਹੀਂ ਸੀ ਮਹਿਸੂਸ ਹੋਈ। ਇਸ ਤੋਂ ਉਲਟ ਦੁਸ਼ਮਣ ਸਾਮਾਨ ਤੇ ਖੁਰਾਕ ਤੋਂ ਹਮੇਸ਼ਾਂ ਤੰਗ ਰਿਹਾ। ਉਸ ਦੇ ਹਾਰਨ ਦਾ ਇਹ ਵੀ ਇਕ ਕਾਰਨ ਸੀ।
ਲੜਾਈ ਤਕਰੀਬਨ ਥੰਮ੍ਹ ਗਈ ਸੀ । ਸ਼ਾਮ ਨੂੰ ਸਾਡੀ ਤੇ ਇਕ ਹੋਰ ਪਲਟਣ ਦੇ ਰਲੇ ਮਿਲੇ ਚੌਦਾਂ ਸਿਪਾਹੀਆਂ ਦੀ ਡਿਊਟੀ ਦੁਸ਼ਮਣ ਦੇ ਦਸਤਿਆਂ ਦੀ ਸੂਹ ਲੈਣ ਲਈ ਲੱਗੀ। ਭਾਵੇਂ ਅਸੀਂ ਕਿੰਨੇ ਥਕ ਗਏ ਸਾਂ, ਪਰ ਜਾਣੋ ਕਿਸ ਤਰ੍ਹਾਂ ਇਨਕਾਰ ਕਰ ਸਕਦੇ ਸਾਂ ? ਫੌਜੀ ਸਿਪਾਹੀ ਦੀ ਹਿੰਮਤ ਬਹੁਤ ਘੱਟ ਹਾਰਦੀ ਹੈ। ਅਸੀਂ ਦੇਖ ਭਾਲ ਲਈ ਚਲ ਪਏ। ਪੱਗਾਂ ਵਿਚ ਜੰਗਲੀ ਵੇਲਾਂ, ਪੱਤੇ ਤੇ ਟਾਹਣੀਆਂ ਟੰਗ ਲਈਆਂ, ਤਾਂ ਕਿ ਦੁਸਮਣ ਦੂਰੋਂ ਵੇਖਣ ਵਿਚ ਧੋਖਾ ਖਾਵੇ। ਤਿੰਨ ਟੋਲੀਆਂ ਵਿਚ ਹੋ ਕੇ ਅਸੀਂ ਏਧਰ ਓਧਰ ਨਿਕਲ ਤੁਰੇ। ਸਾਡੀ ਟੋਲੀ ਵਿਚ ਇਕ ਸਾਂਵਲੇ ਰੰਗ ਦਾ ਜੁਆਨ ਸੀ, ਉਂਜ ਪਰੇੜਾਂ ਕਰਦਿਆਂ ਦੇ ਸਾਡੇ ਵੀ ਰੰਗ ਥੋੜ੍ਹੇ ਕਾਲੇ ਹੋ ਗਏ ਸਨ, ਪਰ ਉਸ ਦੇ ਮੂੰਹ ਤੇ ਮਾਤਾ ਦੇ ਵੀ ਦਾਗ਼ ਸਨ, ਉਸ ਮੇਰੇ ਵਲ ਮੁਸਕਾਂਦਿਆਂ ਕਿਹਾ, 'ਭਰਾਵਾ! ਤੇਰਾ ਕਿਹੜਾ ਜ਼ਿਲ੍ਹਾ ਹੈ।
“ਫੀਰੋਜਪੁਰ।‘
'ਤਾਂ ਤੇ ਤੂੰ ਮੇਰਾ ਗਰਾਈਂ ਏ? ਉਸ ਮੈਨੂੰ ਜੱਫੀ ਵਿਚ ਲੈ ਲਿਆ। ਅਸੀਂ ਮੌਤ ਦੀ ਵਾਦੀ ਵਿਚ ਨਿਧੜਕ ਫਿਰ ਰਹੇ ਸਾਂ । ਲੜਾਈ ਵਿਚ ਇਕ ਜਿਲ੍ਹੇ ਦੇ ਸਿਪਾਹੀ ਭਰਾਵਾਂ ਨਾਲੋਂ ਬਹੁਤਾ ਪਿਆਰ ਕਰਦੇ ਹਨ। ਦੁਸ਼ਮਣ ਦਾ ਇਕ ਹਵਾਈ ਜਹਾਜ਼ ਆਇਆ। ਅਸੀਂ ਸਾਰੇ ਭਜਕੇ ਘਾਹ ਵਿਚ ਮੂਧੇ ਹੋ ਗਏ। ਹਵਾਈ ਜਹਾਜ ਲੰਘ ਗਿਆ, ਅਸੀਂ ਮੁੜ ਉਠ ਕੇ ਇਕੱਠੇ ਹੋਏ। ਤਿੰਨ ਕੁ ਮੀਲ ਤਕ ਹੀ ਅਸੀਂ ਮਸਾਂ ਫਿਰ ਸਕੇ। ਕਿਸੇ ਜਾਪਾਨੀ ਨਾਲ ਟਾਕਰਾ ਨਾ ਹੋਇਆ, ਕੇਵਲ ਤਿੰਨ ਗੋਲੀਆਂ ਦੁਸ਼ਮਣ ਨੇ ਚਲਾਈਆਂ। ਸਾਡੇ ਹੋਰ ਵੀ ਦੇਖ ਭਾਲ ਵਾਲੇ ਦਸਤੇ ਗਏ ਹੋਏ ਸਨ। ਸਾਰੇ ਹੀ ਸਹੀ ਸਲਾਮਤ ਵਾਪਸ ਆ ਗਏ।
ਪਹਿਰੇਦਾਰਾਂ ਚੌਕੰਨੇ ਹੋ ਕੇ ਆਪਣੀ ਡਿਊਟੀ ਨਿਬਾਹੀ। ਅਸਾਂ ਸੁੱਖ ਨਾਲ ਰਾਤ ਕੱਟੀ । ਸਵੇਰ ਦੇ ਸਰਕਾਰੀ ਬਿਗਲ ਤੋਂ ਇਕ ਘੰਟਾ ਪਹਿਲੋਂ ਖਤਰੇ ਦੀ ਘੰਟੀ ਨੇ ਸਾਰੇ ਸਿਪਾਹੀਆਂ ਦੀ ਨੀਂਦਰ ਤੋੜ ਦਿੱਤੀ। ਮੋਰਚੇ ਤੇ ਸਿਪਾਹੀ ਵਰਦੀਆਂ ਨਹੀਂ ਲਾਹੁੰਦੇ। ਉਸੇ ਤਰ੍ਹਾਂ ਉਠ ਕੇ ਅਸੀਂ ਆਪਣੇ ਕਿਟ ਬੈਗ ਬੰਨ੍ਹੇ ਤੇ ਤਿਆਰ ਬਰ ਤਿਆਰ ਹੋ ਗਏ। ਪਤਾ ਲਗਾ ਜੋ ਅਸੀਂ ਸਾਰੇ ਹੀ ਜਾਪਾਨੀ ਘੇਰੇ ਵਿਚ ਹਾਂ। ਝਟ ਵਾਇਰਲੈੱਸ ਰਾਹੀਂ ਪਿਛੇ ਨੂੰ ਖ਼ਬਰ ਦਿੱਤੀ ਗਈ। ਕਲ੍ਹ ਸ਼ਾਮ ਆਉਣ ਵਾਲਾ ਦੁਸ਼ਮਣ ਦਾ ਹਵਾਈ ਜਹਾਜ਼ ਹੀ ਸਾਡੇ ਟਿਕਾਣੇ ਦਾ ਪਤਾ ਕਰ ਕੇ ਗਿਆ ਸੀ। ਸਾਡੇ ਤੋਪਖਾਨੇ ਨੇ ਉਸ ਤੇ ਗੋਲੇ ਚਲਾਏ ਸਨ, ਪਰ ਉਹ ਸਾਫ ਬਚ ਕੇ ਨਿਕਲ ਗਿਆ ਸੀ। ਸਵੇਰਾ ਹੋਣ ਤੇ ਹੀ ਛੇ ਸਤ ਪਾਸਿਓਂ ਗੋਲੀ ਆਉਣੀ ਸ਼ੁਰੂ ਹੋਈ। ਜਿਸ ਪਾਸਿਓਂ ਗੋਲੀ ਆਵੇ, ਸਾਡੀਆਂ ਰਫਲਾਂ ਤੇ ਤੋਪਖਾਨਾ ਉਸ ਪਾਸੇ ਅੱਗ ਵਰ੍ਹਾ ਦੇਵੇ । ਦੁਸ਼ਮਣ ਡਟ ਕੇ ਮੁਕਾਬਲਾ ਨਹੀਂ ਸੀ ਕਰਦਾ, ਸਗੋਂ ਗੁੱਝਾ ਨੁਕਸਾਨ ਕਰਦਾ ਸੀ।
ਅਸੀਂ ਦੋ ਦਿਨ ਘੇਰੇ ਵਿਚ ਰਹੇ, ਜਾਪਾਨੀ ਸਵਾਏ ਦੂਰੋਂ ਤੋਪ ਚਲਾਉਣ ਦੇ ਨੇੜੇ ਨਾ ਢੁੱਕੇ । ਸਾਨੂੰ ਹਵਾਈ ਜਹਾਜ਼ਾਂ ਨੇ ਸਮਾਨ ਤੇ ਖੁਰਾਕ ਬੇਹਿਸਾਬ ਸੁੱਟ ਦਿੱਤੀ ਸੀ। ਸਾਡੇ ਕਾਫੀ ਸਿਪਾਹੀ ਮਾਰੇ ਗਏ ਸਨ। ਅਸੀਂ ਹੈਰਾਨ ਸਾਂ ਕਿ ਜਾਪਾਨੀ ਹਮਲਾ ਕਿਉਂ ਨਹੀਂ ਕਰਦੇ। ਤੀਜੇ ਦਿਨ ਸਾਡੇ ਕਮਾਂਡਰ ਨੇ ਹਮਲੇ ਦਾ ਹੁਕਮ ਦਿੱਤਾ, ਕਿਉਂਕਿ ਜਿੰਨਾ ਚਿਰ ਘੇਰਾ ਨਹੀਂ ਸੀ ਟੁੱਟਦਾ ਖ਼ਤਰਾ ਦੂਰ ਨਹੀਂ ਸੀ ਹੁੰਦਾ। ਬੇ-ਹਿਸਾਬ ਗੋਲੇ ਦੁਸ਼ਮਣ ਤੇ ਸੁੱਟੇ ਗਏ। ਅਸੀਂ ਜੰਗਲ
ਦੇ ਭੇਤੀ ਨਹੀਂ ਸਾਂ ਅਤੇ ਦੁਸ਼ਮਣ ਥਾਂ-ਥਾਂ ਤੋਂ ਵਾਕਫ ਸੀ। ਹਵਾਈ ਜਹਾਜ਼ਾਂ ਨੇ ਵੀ ਕਾਫੀ ਮਦਦ ਕੀਤੀ।
ਜਦੋਂ ਸਿਪਾਹੀ ਲੜਾਈ ਵਿਚ ਲੜਦਾ ਹੈ। ਬਿਲਕੁਲ ਪੱਥਰ ਦਿਲ ਹੋ ਕੇ ਲੜਦਾ ਹੈ। ਭੈਣਾਂ ਭਾਈਆਂ ਦਾ ਮੋਹ ਵੀ ਉਦੋਂ ਭੁੱਲ ਜਾਂਦਾ ਹੈ । ਸਿਪਾਹੀ ਦੇਸ਼ ਦੀ ਤਾਕਤ ਅਤੇ ਜਿੰਦ ਜਾਨ ਹੁੰਦੇ ਹਨ। ਮੈਂ ਆਪਣੇ ਪੰਜਾਬ ਦੀ ਅਣਖ ਨੂੰ ਵੱਟਾ ਲਾਉਣ ਨੂੰ ਤਿਆਰ ਨਹੀਂ ਸੀ ਅਤੇ ਹੌਸਲੇ ਨਾਲ ਅੱਗੇ ਵਧ ਰਿਹਾ ਸਾਂ। ਮੈਨੂੰ ਉਸ ਵੇਲੇ ਆਪਣੇ ਆਪ ਤੇ ਬੜਾ ਮਾਣ ਸੀ ਕਿ ਮੈਂ ਆਪਣੇ ਦੇਸ਼ ਨਾਲ ਵਫਾਦਾਰੀ ਕਰ ਰਿਹਾ ਹਾਂ। ਜਿਧਰ ਮੈਂ ਤੇ ਮੇਰੇ ਸਾਥੀ ਵਧ ਰਹੇ ਸੀ. ਉਸ ਪਾਸਿਓਂ ਇਕ ਜਾਪਾਨੀ ਤੋਪ ਗੋਲੇ ਚਲਾ ਰਹੀ ਸੀ। ਘੇਰਾ ਕਰੀਬਨ ਟੁੱਟ ਚੁੱਕਾ ਸੀ, ਪਰ ਅਸੀਂ ਦੁਸ਼ਮਣ ਦੀ ਤੋਪ ਖੋਹ ਲੈਣ ਲਈ ਲੰਮੇ ਪੈ ਕੇ ਵਧ ਰਹੇ ਸਾਂ। ਇਕ ਗੋਲਾ ਅਚਾਨਕ ਸਾਡੇ ਕੋਲ ਆ ਕੇ ਫਟਿਆ, ਜਿਸ ਨਾਲ ਮੈਂ ਤੇ ਮੇਰੇ ਕਈ ਸਾਥੀ ਜ਼ਖ਼ਮੀ ਹੋ ਗਏ। ਧੂੰਏਂ ਵਿਚ ਮੈਨੂੰ ਆਪਣਾ ਦਮ ਘੁਟਦਾ ਜਾਪਿਆ ਤੇ ਮੈਂ ਬੇਹੋਸ਼ ਹੋ ਗਿਆ।
12
ਜਦੋਂ ਮੈਨੂੰ ਹੋਸ਼ ਆਈ, ਮੈਨੂੰ ਇਉਂ ਪ੍ਰਤੀਤ ਹੋਇਆ, ਜਿਵੇਂ ਮੈਂ ਇਕ ਮੰਜੇ ਤੇ ਪਿਆ ਹਾਂ ਅਤੇ ਮੇਰੇ ਮੱਥੇ ਵਿਚ ਖੁਰਕ ਹੋ ਰਹੀ ਹੈ। ਮੈਂ ਖੁਰਕਣ ਦਾ ਯਤਨ ਕੀਤਾ, ਪਰ ਕਿਸੇ ਨੇ ਮੇਰਾ ਹੱਥ ਫੜ ਕੇ ਮੰਜੇ ਤੇ ਪਾ ਦਿੱਤਾ। ਮੈਂ ਕੁਝ ਚਿਰ ਸੋਚ ਰਿਹਾ ਸਾਂ। ਮੈਂ ਦੇਖਣ ਲਈ ਅੱਖਾਂ ਜੋਰ ਲਾ ਕੇ ਖੋਲ੍ਹਦਾ ਸਾਂ, ਪਰ ਕੁਝ ਨਹੀਂ ਸੀ ਦਿਸਦਾ। ਮੈਂ ਹੱਥ ਨਾਲ ਅੱਖਾਂ ਟੋਹੀਆਂ, ਉਹਨਾਂ ਤੇ ਪੱਟੀ ਬੱਝੀ ਹੋਈ ਸੀ। ਕਿਸੇ ਨੇ ਮੇਰੇ ਹੱਥ ਨੂੰ ਅੱਖਾਂ ਤੋਂ ਚੁੱਕ ਕੇ ਮੇਰੀ ਹਿੱਕ ਤੇ ਰੱਖ ਦਿੱਤੇ। ਕੁਝ ਸਮਝ ਨਹੀਂ ਸੀ ਪੈਂਦੀ ਕਿ ਮੇਰਾ ਹੱਥ ਫੜਨ ਵਾਲਾ ਕੌਣ ਹੈ। ਮੇਰੇ ਮੱਥੇ ਚੋਂ ਪੀੜ ਨਿਕਲੀ ਮੈਂ ਸੱਜਾ ਹੱਥ ਜੋਰ ਦੀ ਮੱਥੇ ਤੇ ਮਾਰਿਆ, ਪਰ ਕਿਸੇ ਨੇ 'ਉਹ ਕਹਿ ਕੇ ਮੇਰਾ ਹੱਥ ਆਪਣੇ ਹੱਥ ਵਿਚ ਫੜ ਲਿਆ।
ਮੈਂ ਹੌਲੀ ਜਿਹਾ ਕਿਹਾ, 'ਤੁਸੀ ਕੌਣ ਹੋ?
'ਮੈਂ ਨਰਸ ਹੂੰ। ਕਿਸੇ ਨੇ ਬੜੀ ਹੈਂਕੜ ਨਾਲ ਕਿਹਾ।
ਮੈਂ ਨਰਸ ਹੂੰ? ਇਹ ਸ਼ਬਦ ਮੇਰੇ ਹਿਰਦੇ ਵਿਚ ਜਖ਼ਮ ਬਣ ਕੇ ਬਹਿ ਗਏ।
'ਕੀ ਮੈਂ ਹਸਪਤਾਲ ਵਿਚ ਹਾਂ?
'ਜੀ ਹਾਂ?
'ਤੁਸੀ ਕਿੰਨਾ ਰੁੱਖਾ ਬੋਲਦੇ ਹੋ ਨਰਸ! ਜ਼ਖ਼ਮੀ ਸਿਪਾਹੀ ਹਮਦਰਦੀ ਦੇ ਭੁੱਖੇ ਹੁੰਦੇ ਹਨ।‘
‘ਡਾਕਟਰ ਕਾ ਹੁਕਮ ਹੈ, ਆਰਾਮ ਕਰੋ।
'ਹੱਛਾ ਨਰਸ?
ਮੈਂ ਚੁੱਪ ਕਰ ਗਿਆ, ਪਰ ਨਰਸ ਦੇ ਵਤੀਰੇ ਨੂੰ ਥੋੜ੍ਹੇ ਗੁੱਸੇ ਤੇ ਨਫ਼ਰਤ ਵਿਚ ਅਨੁਭਵ ਕਰਨ ਲਗਾ। ਨਰਸਾਂ ਬੜੀਆਂ ਚੰਗੀਆਂ ਹੁੰਦੀਆਂ ਹਨ। ਇਸ ਦੇ ਸੁਭਾਅ ਨੂੰ ਕੀ ਹੋਇਆ ਹੈ?
’ਨਰਸ ਤੁਸਾਂ ਕਦੇ ਕਿਸੇ ਨਾਲ ਪਿਆਰ ਨਹੀਂ ਕੀਤਾ ?"
'ਚੁੱਪ! ਕਿਆ ਮਤਲਬ ?
'ਸ਼ਾਇਦ ਇਸੇ ਲਈ ਹੀ ਤੁਸੀਂ ਏਨਾ ਕੌੜਾ ਬੋਲਦੇ ਹੋ। ਮੈਂ ਸੱਚ ਕਹਿੰਦਾ ਹਾਂ, ਤੁਸੀਂ ਕਿਸੇ ਨਾਲ ਜ਼ਰੂਰ ਪਿਆਰ ਕਰੋ। ਤੁਹਾਡੀ ਬੋਲੀ ਸ਼ਹਿਦ ਬਣ ਜਾਵੇਗੀ।‘
'ਸਿਪਾਹੀ ਆਰਾਮ ਕਰੋ!'
ਮੈਂ ਫਿਰ ਖਾਮੋਸ਼ ਹੋ ਗਿਆ। ਥੋੜ੍ਹੇ ਚਿਰ ਪਿਛੋਂ ਬੂਟਾਂ ਦਾ ਖੜਾਕ ਹੋਇਆ ਕਿਸੇ ਨੇ ਮੇਰੀ ਬਾਂਹ ਨੰਗੀ ਕੀਤੀ ਅਤੇ ਮੈਨੂੰ ਜਾਪਿਆ, ਜਿਵੇਂ ਕੋਈ ਸੂਲ ਚਭੋਂਦਾ ਹੈ। ਮੈਂ ਸਮਝਿਆ ਮੈਨੂੰ ਇੰਜੈਕਸ਼ਨ ਦਿੱਤਾ ਗਿਆ ਹੈ। ਮੇਰਾ ਸਿਰ ਬਹੁਤ ਪੀੜ ਕਰ ਰਿਹਾ ਸੀ। ਮੈਂ ਪੋਲੀ ਪੋਲੀ ਫਿਰ ਮੱਥੇ ਤੋਂ ਹੀ ਹੱਥ ਫੇਰਿਆ। ਸਾਰੇ ਮੱਥੇ ਤੇ ਸਿਰ ਤੇ ਇਕ ਪਾਸੇ ਪੱਟੀਆਂ ਬਝੀਆਂ ਹੋਈਆਂ ਸਨ। ਮੈਂ ਊਂਘ ਜਿਹੀ ਪਰਤੀਤ ਕਰਦਾ ਫਿਰ ਸੌਂ ਗਿਆ। ਪਤਾ ਨਹੀਂ ਮੈਂ ਕਿੰਨਾ ਚਿਰ ਸੁੱਤਾ ਰਿਹਾ। ਮੈਂ ਇਕ ਆਵਾਜ਼ ਸੁਣੀ, 'ਸਿਪਾਹੀ। ਇਹ ਨਰਸ ਦੀ ਆਵਾਜ਼ ਸੀ, ਪਰ ਐਤਕੀ ਕੁਝ ਨਰਮ ਸੀ।
'ਹਾਂ ਜੀ।' ਮੈਂ' ਜਵਾਬ ਦਿੱਤਾ।
'ਦੁੱਧ ਪੀਓ! ਉਸ ਮੂੰਹ ਨੂੰ ਚਮਚਾ ਲਾਉਂਦਿਆਂ ਕਿਹਾ।
ਮੈਂ ਮੂੰਹ ਅੱਡ ਦੇਂਦਾ ਰਿਹਾ ਅਤੇ ਉਹ ਚਮਚੇ ਭਰ ਭਰ ਮੂੰਹ ਵਿਚ ਪਾਉਂਦੀ ਰਹੀ। ਦੁੱਧ ਪੀ ਲੈਣ ਪਿੱਛੋਂ ਉਸ ਨੇ ਕਿਸੇ ਕਪੜੇ ਨਾਲ ਮੇਰਾ ਮੂੰਹ ਸਾਫ ਕਰ ਦਿੱਤਾ।
'ਤੁਸੀ ਬੜੇ ਚੰਗੇ ਹੋ ਨਰਸ ।
'ਪਰ ਕਿਆ ?' ਉਸ ਦੀ ਆਵਾਜ਼ ਬੜੀ ਫਿੱਕੀ ਸੀ।
'ਆਪਣੀ ਸੇਵਾ ਜਿੰਨਾ ਜੇ ਬੁਲੇਂਦੇ ਵੀ ਮਿੱਠਾ।
ਉਸ ਕੋਈ ਜਵਾਬ ਨਾ ਦਿੱਤਾ। ਜਿੰਨੀ ਵਾਰ ਉਹ ਬੋਲਦੀ ਸੀ, ਮੈਨੂੰ ਉਨੀ ਵਾਰ ਹੀ ਆਪਣਾ ਦਿਲ ਘਟਦਾ ਜਾਪਦਾ।
ਨਰਸ ਕੀ ਵਕਤ ਹੈ?
'ਸ਼ਾਮ ਕੇ ਪਾਂਚ।'
ਨਰਸ ਦੀ ਦੇਖ ਭਾਲ ਵਿਚ ਦੋ ਦਿਨ ਬੀਤ ਗਏ। ਕਮਰੇ ਵਿਚ ਜਾ ਕਿਤੇ ਡਾਕਟਰ ਆਉਂਦਾ ਸੀ ਜਾਂ ਝਾੜੂ ਦੇਣ ਵਾਲਾ। ਮੱਥੇ ਦੀ ਪੱਟੀ ਖੋਹਲ ਕੇ ਨਿਤ ਹੀ ਦਵਾਈ ਲਾਈ ਜਾਂਦੀ, ਪਰ ਅੱਖਾਂ ਦੀ ਪੱਟੀ ਉਸੇ ਤਰ੍ਹਾਂ ਬੰਨ੍ਹੀ ਹੋਈ ਸੀ। ਮੇਰੇ ਪਏ ਦੇ ਪਾਸੇ ਵੀ ਦੁਖਣ ਲਗ ਪਏ ਸਨ। ਮੈਨੂੰ ਉਠ ਕੇ ਬੈਠਣ ਨਹੀਂ ਸੀ ਦਿੱਤਾ ਜਾਂਦਾ।
'ਨਰਸ। ਮੈਨੂੰ ਮੁਆਫ ਕਰਨਾ, ਤੁਹਾਨੂੰ ਬਾਰ ਬਾਰ ਬੁਲਾ ਰਿਹਾ ਹਾਂ।
ਕਿਆ ਬਾਤ ਹੈ ?
'ਮੇਰੀਆਂ ਅੱਖਾਂ ਦੀ ਪੱਟੀ ਕਦ ਖੁਲ੍ਹੇਗੀ?
‘ਕਲ।‘
‘ਬਹੁਤ ਸ਼ੁਕਰੀਆ।‘
'ਸਿਪਾਹੀ। ਆਪ ਨੇ ਕਿਸੀ ਕੋ ਪਿਆਰ ਕੀਆ ਹੈ ?
‘ਹਾਂ ਨਰਸ।‘
ਮੈਂ ਹਉਂਕਾ ਲੈਂਦਿਆ ਕਿਹਾ, ਪਰ ਮੈਂ ਹੈਰਾਨ ਸਾਂ ਕਿ ਨਰਸ ਨੇ ਮੈਥੋਂ ਇਹ ਸਵਾਲ ਕਿਉਂ ਪੁਛਿਆ।
'ਕਭੀ ਅਪਣੀ ਪਿਆਰੀ ਕੋ ਯਾਦ ਵੀ ਕੀਆ ਹੈ?
'ਪ੍ਰੇਮੀ ਸਾਰੀ ਦੁਨੀਆ ਭੁੱਲ ਸਕਦਾ ਹੈ, ਪਰ ਆਪਣੀ ਪਿਆਰੀ ਨਹੀਂ। ਪਿਆਰੀ ਦੀ ਯਾਦ ਹੀ ਉਸ ਦੀ ਜਿੰਦਗੀ ਦਾ ਸਹਾਰਾ ਹੁੰਦੀ ਹੈ। ਨਰਸ! ਜੇ ਤੁਸਾਂ ਪ੍ਰੀਤ ਕਰ ਕੇ ਵੇਖੀ ਹੁੰਦੀ, ਫਿਰ ਜਾਣਦੇ ਕਿ ਇਸ ਵਿਚ ਹੀ ਇਲਾਹੀ ਸੁਆਦ ਹੈ।
'ਮੈਂ ਇਸ ਕੋ ਨਫਰਤ ਕਰਤੀ ਹੂੰ ।
'ਜਿਸ ਚੀਜ਼ ਦਾ ਕਿਸੇ ਸੁਆਦ ਨਹੀਂ ਡਿਠਾ, ਉਸ ਬਾਰੇ ਉਸ ਦੀ ਰਾਏ ਸਹੀ ਨਹੀ ਹੁੰਦੀ। ਪਿਆਰ ਰੱਬੀ ਦਾਤ ਹੈ ਨਰਸ।
'ਹੱਛਾ। ਹੋਗੀ, ਅਬ ਆਰਾਮ ਕਰੋ ?
ਨਰਸ ਦੇ ਸ਼ਬਦ ਇਉਂ ਪ੍ਰਤੀਤ ਹੁੰਦੇ ਸਨ, ਜਿਵੇਂ ਰਾਜ਼ੀ ਹੋਏ ਜਖ਼ਮ ਨੂੰ ਫਿਰ ਉਚੇਡ ਦੇਂਦੇ ਹਨ। ਉਸ ਦੇ ਬੋਲ ਤੋਂ ਬਿਨਾਂ ਮੈਨੂੰ ਹੋਰ ਸਾਰੇ ਹੀ ਆਰਾਮ ਮਿਲੇ ਹੋਏ ਸਨ। ਵੇਲੇ ਸਿਰ ਖਾਣ ਪੀਣ ਨੂੰ ਵੀ ਦੇਂਦੀ ਤੇ ਆਪ ਹੀ ਹੱਥ ਮੂੰਹ ਸਾਫ਼ ਕਰਦੀ। ਸ਼ਾਇਦ ਇਹ ਉਸ ਦਾ ਫਰਜ ਹੀ ਸੀ। ਪੈਰਾਂ ਦੀ ਫੜਾਕ ਹੌਲੀ ਹੁੰਦੀ ਇਲਕੁਲ ਬੰਦ ਹੋ ਗਈ। ਨਰਸ ਕਮਰੇ ਵਿਚੋਂ ਚਲੀ ਗਈ ਸੀ। ਮੈਂ ਵਿਹਲ ਲਭ ਕੇ ਗੁਣਗੁਣਾਉਣ ਲੱਗਾ :-
ਤੇਰੀ ਯਾਦ ਸਤਾਵੇ
ਇਕ ਪਲ ਚੈਨ ਲੈਣ ਨਾ ਦੇਵੇ, ਮੁੜ ਮੁੜ ਪਈ ਰੁਆਵੇ।
ਸੁਪਨੇ ਦੇ ਵਿਚ ਬਾਹਾਂ ਚੁੱਕ ਚੁੱਕ ਮੁੜ ਛਾਤੀ ਤੇ ਟੇਕਾਂ,
ਖਾਲੀ ਸੇਜ ਤੇ ਲੋਥ ਤੜਪਦੀ, ਚੁੱਪ ਹਨੇਰਾ ਦੇਖਾਂ,
ਮੁਰਦਾ ਜਿਸਮ ਪਿਆਰ ਬਿਨਾ ਇਹ, ਰੂਹ ਨੂੰ ਕੌਣ ਲਿਆਵੇ।
ਤੇਰੀ ਯਾਦ ਸਤਾਵੇ।
ਇਕ ਪਲ ਚੈਨ ਲੈਣ ਨਾ ਦੇਵੇ, ਮੁੜ ਮੁੜ ਪਈ ਰੁਆਵੇ।
ਪੈਰਾ ਦਾ ਖੜਾਕ ਹੋਇਆ। ਮੈਂ ਓਦੇ ਹੀ ਚੁੱਪ ਹੋ ਗਿਆ ਅਤੇ ਕੁਝ ਪੁਛਣ ਲਗਾ,’ਨਰਸ।‘
ਮੈਂ ਹੂੰ ਬਾਬੂ ਜੀ ਝਾੜੂ ਵਾਲਾ।‘
‘ਹੱਛਾ ਤੂੰ ਏ। ਮੈਂ ਕਿਹਾ ਨਰਸ ਏ ਕਿਤੇ।‘
'ਤੇਰਾ ਕੀ ਨਾਂ ਹੈ ?
ਰਾਮੂੰ ਹੈ ਜੀ।‘
ਰਾਮੂ ਇਹ ਨਰਸ ਕਿੰਨਾ ਫਿੱਕਾ ਬੋਲਦੀ ਹੈ।‘
ਨਹੀ ਬਾਬੂ ਜੀ ! ਐਸਾ ਤੋ ਨਹੀਂ। ਯਿਹ ਨਰਸ ਤੋ ਤਮਾਮ ਨਰਸੋਂ ਸੇ ਅੱਛੀ ਹੈ, ਪੰਜਾਬਣ ਹੈ ਨਾ ਬਾਬੂ ਜੀ।
'ਕੀ ਇਹ ਨਰਸ ਪੰਜਾਬਣ ਹੈ ?" ਮੈਂ ਹੈਰਾਨ ਹੋ ਕੇ ਰਾਮੂੰ ਤੋਂ ਪੁਛਿਆ।
'ਹਾਂ ਬਾਬੂ ਜੀ। ਬੜੇ ਅੱਛੇ ਦਿਲ ਵਾਲੀ ਹੈ। ਆਪ ਪਰ ਤੋਂ ਬਹੁਤ ਮਿਹਰਬਾਨ ਹੈ। ਉਸ ਝਾੜੂ ਦੇਂਦੇ ਨੇ ਕਿਹਾ।
ਮੇਰੇ ਤੇ ਉਸ ਦੀ ਕੀ ਮਿਹਰਬਾਨੀ ਹੈ?' ਮੈਂ ਹੋਰ ਵੀ ਹੈਰਾਨੀ ਨਾਲ ਪੁਛਿਆ।
'ਵੇਖਤੇ ਨਹੀਂ ਬਾਬੂ ਜੀ। ਤਮਾਮ ਸਿਪਾਹੀ ਤੋਂ ਹਸਪਤਾਲ ਮੇਂ ਹੈਂ, ਔਰ ਆਪ ਨਰਸ ਕੇ ਕੈਂਪ ਮੇਂ ਹੋ। ਵੋਹ ਆਪ ਕੀ ਬਹੁਤ...।
ਮੈਂ ਵਿਚੋਂ ਹੀ ਕਾਹਲਿਆਂ ਪੁਛਿਆ, 'ਕੀ ਮੈਂ ਨਰਸ ਦੇ ਆਪਣੇ ਟੈਂਟ ਵਿਚ ਹਾਂ?
‘ਕਿਆ ਬਾਬੂ ਜੀ ਆਪ ਕੋ ਯਿਹ ਵੀ ਨਹੀਂ ਪਤਾ। ਮੁਝ ਸੇ ਮਸਖਰੀ ਨਾ ਕਰੋ ਜੀ'
'ਰਾਮੂੰ ਮੈਂ ਤੈਨੂੰ ਮਸਖਰੀ ਨਹੀਂ ਕਰਦਾ, ਤੂੰ ਸਚ ਦਸ, ਇਹ ਨਰਸ ਕੌਣ ਹੈ ?
'ਪੰਜਾਬਣ ਤੇ ਹੈ ਬਾਬੂ ਜੀ! ਤਮਾਮ ਇਸ ਕੇ 'ਸੁਹਣੀ ਨਰਸ' ਬੋਲਤਾ ਹੈ।
'ਪਰ ਰਾਮੂ ਇਹ ਮੈਨੂੰ ਆਪਣੇ ਟੈਂਟ ਵਿਚ ਕਿਉਂ ਲਿਆਈ ?'
ਯੇਹ ਮੈਂ ਕਿਆ ਜਾਨੂੰ।"
ਮੈਂ ਚੁੱਪ ਹੋ ਗਿਆ ਤੇ ਸਾਰੀ ਗੱਲ ਹੈਰਾਨੀ ਨਾਲ ਵਿਚਾਰ ਰਿਹਾ ਸਾਂ। ਰਾਮੂੰ ਝਾੜੂ ਦੇ ਕੇ ਚਲਾ ਗਿਆ। ਮੈਂ ਨਰਸ ਨੂੰ ਕਾਹਲਿਆਂ ਉਡੀਕ ਰਿਹਾ ਸਾਂ ਕਿ ਕਦੋਂ ਆਵੇ ਤੇ ਸਾਰੀ ਗੱਲ ਪੁੱਛਾਂ। ਰਾਮੂ ਦੀ ਗੱਲ ਤੇ ਮੈਨੂੰ ਯਕੀਨ ਜਿਹਾ ਨਹੀਂ ਸੀ ਆਉਂਦਾ, ਪਰ ਉਹ ਯਕੀਨ ਜ਼ਰੂਰ ਕਰਵਾ ਗਿਆ ਸੀ। ਪੈਰਾਂ ਦੀ ਅਵਾਜ਼ ਆਈ ਧੀਰਜ ਨਾਲ ਪੁੱਛਿਆ, 'ਨਰਸ? '
‘ਹਾਂ ਕਹੋ ਕਿਆ ਬਾਤ ਹੈ ?
ਪਹਿਲੀ ਗੱਲ ਇਹ ਕਿ ਤੁਸੀਂ ਪੰਜਾਬੀ ਹੋ ਕੇ ਹਿੰਦੁਸਤਾਨੀ ਕਿਉਂ ਬੋਲਦੇ ਹੋ ?'
'ਆਪ ਕੋ ਇਹ ਕੌਣ ਕਹਿਤਾ ਹੈ ? ਉਸ ਕਾਹਲੀ ਨਾਲ ਉੱਤਰ ਦਿੱਤਾ।
'ਹੁਣ ਤਾਂ ਤੁਹਾਡਾ ਕਾਹਲਾ ਜਵਾਬ ਵੀ ਇਸ ਗੱਲ ਦਾ ਗਵਾਹ ਹੈ।
'ਸਿਪਾਹੀ ਚੁੱਪ ਰਹੋ ਔਰ ਆਰਾਮ ਕਰੋ?
'ਮੇਰੀ ਆਤਮਾ ਓਨਾ ਚਿਰ ਆਰਾਮ ਨਹੀਂ ਕਰ ਸਕਦੀ, ਜਿੰਨਾ ਚਿਰ ਸਾਰੀ ਗੱਲ
ਨਹੀਂ ਦੱਸੀ ਜਾਂਦੀ ਕਿ ਮੈਂ ਹਸਪਤਾਲ ਦੀ ਬਜਾਏ ਤੁਹਾਡੇ ਆਪਣੇ ਟੈਂਟ ਵਿਚ ਕਿਉਂ ਹਾਂ?
'ਸਿਪਾਹੀ ਆਪ ਪਾਗਲ ਤੇ ਨਹੀਂ ਹੋ ਗਏ।'
'ਜਿਹੜਾ ਕੁਝ ਮੈਂ ਕਹਿ ਰਿਹਾ ਹਾਂ ਜੇ ਉਹ ਸੱਚ ਨਹੀਂ ਤਦ ਮੈਂ ਜਰੂਰ ਪਾਗਲ ਹਾਂ, ਤੁਸੀਂ ਵੀ ਪਾਗਲ ਹੋਣ ਲਈ ਮਜਬੂਰ ਕਰ ਰਹੇ ਹੋ, ਜਿਹੜੇ ਅਸਲੀਅਤ ਲੁਕਾ ਰਹੇ ਹੋ।
'ਬਸ ਮੈਂ ਕਹਿ ਰਹੀ ਹੂੰ ਆਰਾਮ ਕਰੋ।
'ਮੈਂ ਨਰਸ ਪੁੱਛ ਕੇ ਛੱਡਾਂਗਾ।' ਮੈਂ ਉਂਗਲ ਦਾ ਇਸ਼ਾਰਾ ਕਰਦਿਆਂ ਕਿਹਾ।
'ਹੱਛਾ ਕਲ੍ਹ ਮਾਲੂਮ ਹੋ ਜਾਏਗਾ।
'ਨਰਸ ਮੇਰੀ ਰਾਤ ਹੈਰਾਨੀ ਵਿਚ ਨਿਕਲਣੀ ਮੁਸ਼ਕਲ ਹੈ, ਹੁਣੇ ਦੱਸੇ?"
'ਕਰਤੇ ਹੋ ਆਰਾਮ ਯਾ ਬੁਲਾਊਂ ਡਾਕਟਰ ਕੋ।
ਮੈਂ ਦੋਹਾਂ ਹੱਥਾਂ ਨਾਲ ਅੱਖਾਂ ਤੋਂ ਪੱਟੀ ਖਿਚ ਕੇ ਲਾਹ ਦਿਤੀ। ਪੱਟੀ ਲਾਹੁੰਦਿਆਂ ਸਿਰ ਦੇ ਜ਼ਖ਼ਮ ਨੂੰ ਬੜੀ ਪੀੜ ਹੋਈ, ਪਰ ਮੈਂ ਸੱਜੇ ਪਾਸੇ ਪਾਲ ਨੂੰ ਨਰਸ ਦੇ ਭੇਸ ਵਿਚ ਪਛਾਣ ਲਿਆ। ਉਸ ਮੇਰੇ ਦੋਵੇਂ ਹੱਥ ਫੜ ਕੇ ਮੁਸਕਾਂਦਿਆ ਕਿਹਾ, 'ਇਹ ਤੁਸਾਂ ਬਹੁਤ ਬੁਰਾ ਕੀਤਾ ?
ਮੈਂ ਉਸ ਦੇ ਦੋਵੇਂ ਹੱਥ ਆਪਣੀ ਹਿੱਕ ਤੇ ਘੁਟ ਲਏ ਅਤੇ 'ਓਹ! ਪਾਲ ।" ਕਹਿੰਦੇ ਨੇ ਅੱਖਾਂ ਮੀਟ ਲਈਆਂ, ਜਿਵੇਂ ਮੈਂ ਉਸ ਨੂੰ ਅੰਦਰ ਲੈ ਗਿਆ ਸਾਂ। ਹੈਰਾਨੀ ਅਗੰਮ ਸੱਚ ਵਿਚ ਅਭੇਦ ਹੋ ਗਈ। ਸ਼ਾਇਦ ਪਿਆਰ ਨੇ ਰੂਹ ਤਕ ਰਸਾਈ ਕਰ ਲਈ ਸੀ। ਮੈਂ ਮੁੜ ਅੱਖਾਂ ਖੋਲ੍ਹੀਆਂ, ਕਿਤੇ ਭੁਲੇਖਾ ਤਾਂ ਨਹੀਂ। ਪਰ ਸੱਚ, ਸੱਚ ਹੀ ਸੀ। ਮੈਨੂੰ ਇਉਂ ਭਾਸਦਾ ਸੀ, ਜਿਵੇਂ ਬਿਲਕੁਲ ਨਵਾਂ ਨਰੋਆ ਹਾਂ। ਪ੍ਰਿਆ ਆਪੇ ਵਿਚ ਇਕ ਅਮਰ ਕਰ ਦੇਣ ਵਾਲੀ ਸੱਤਾ ਹੈ। ਮੈਂ ਉਸ ਦਾ ਸਿਰ ਆਪਣੀ ਹਿੱਕ ਤੇ ਘੁੱਟਦਿਆਂ ਕਿਹਾ, 'ਪ੍ਰਿਆ। ਮੈਥੋਂ ਐਨਾ ਲੁਕਾਅ?
'ਪ੍ਰੀਤਮ ਮਜਬੂਰੀ ਸੀ, ਦੇਖੋ ਨਾ ਮੈਂ ਕਿੰਨਾ ਜਾਣ ਬੁਝ ਕੇ ਬੁਰਾ ਬੋਲਦੀ ਰਹੀ ਹਾਂ।
'ਆਖ਼ਰ ਕਿਉਂ. ਮੈਂ ਇਹੀ ਤਾਂ ਪੁੱਛ ਰਿਹਾ ਹਾਂ।
'ਜਦੋਂ ਤੁਸੀਂ ਜ਼ਖ਼ਮੀ ਹਸਪਤਾਲ ਵਿਚ ਲਿਆਏ ਗਏ, ਕੁਦਰਤੀ ਮੈਂ ਵੀ ਓਥੇ ਹੀ ਸਾਂ। ਉਸ ਦਿਨ ਜ਼ਖ਼ਮੀ ਬਹੁਤ ਆਏ ਸਨ । ਤੁਹਾਨੂੰ ਲਹੂ ਲੁਹਾਣ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਛੇਤੀ ਨਾਲ ਡਾਕਟਰ ਨੂੰ ਅੱਡ ਕਰ ਕੇ ਰੋਂਦੀਆਂ ਅੱਖਾਂ ਨਾਲ ਤਰਲਾ ਕੀਤਾ ਕਿ ਮੇਰਾ ਸਭ ਕੁਝ ਬਰਬਾਦ ਹੋ ਰਿਹਾ ਹੈ। ਤੁਸੀਂ ਛੇਤੀ ਇਸ ਵਲ ਧਿਆਨ ਕਰੋ। ਡਾਕਟਰ ਮੰਨ ਗਿਆ।'
'ਝਟਪਟ ਤੁਹਾਨੂੰ ਸਟਰੈਚਰ ਤੇ ਪਾ ਕੇ ਅੰਦਰ ਲਿਆਂਦਾ ਤੇ ਉਨ੍ਹਾਂ ਵੇਖਿਆ ਕਾਫ਼ੀ ਜਖ਼ਮ ਮੱਥੇ ਨੂੰ ਤਰਾਸਦਾ ਲੰਘ ਗਿਆ ਸੀ । ਪਰ ਤੁਹਾਡੇ ਵਿਚੋਂ ਲਹੂ ਨਿਕਲ ਚੁੱਕਿਆ ਸੀ । ਆਪ ਦੇ ਦਿਲ ਦੀ ਧੜਕਣ ਜਾਚੀ ਤੇ ਫਿਰ ਅੱਖਾਂ ਵਿਚ ਦਵਾਈ ਪਾ ਕੇ ਅਤੇ ਪਲਕਾਂ ਤੇ ਫੰਬੇ ਰੱਖ ਪੱਟੀ ਬੰਨ੍ਹ ਦਿੱਤੀ । ਡਾਕਟਰ ਹੋਰਾਂ ਤਾਕੀਦ ਕੀਤੀ ਕਿ ਤਿੰਨ ਦਿਨ ਪੱਟੀ ਨਾ ਖੋਲ੍ਹੀ ਜਾਵੇ ਅਤੇ ਬਾਹਰਲੀ ਲਾਈਟ ਤੋਂ ਅੱਖਾਂ ਨੂੰ ਹਰ ਤਰ੍ਹਾਂ ਬਚਾਇਆ ਜਾਵੇ। ਅਜੇ ਆਪ ਦੀ ਪੱਟੀ ਕੱਲ੍ਹ ਖੋਲ੍ਹਣੀ ਸੀ।
ਪਰ ਪ੍ਰਿਯਾ। ਸੂਰਜ ਤਾਂ ਛਿਪ ਗਿਆ ਹੈ, ਹੁਣ ਅੱਖਾਂ ਨੂੰ ਚਾਨਣ ਦਾ ਡਰ ਨਹੀਂ। ਕੋਈ ਠੀਕ ਸਮੇਂ ਸਿਰ ਹੀ ਖੁਲ੍ਹੀ ਹੈ।
'ਭਾਵੇਂ ਮੈਂ ਆਪਣੇ ਦਿਲੋਂ ਕਿੰਨੀ ਮਜਬੂਰ ਸਾਂ, ਪਰ ਫਿਰ ਵੀ ਅੱਖਾਂ ਦੇ ਖ਼ਤਰੇ ਦੇ ਕਾਰਨ, ਹਰ ਖੁਸ਼ੀ ਨੂੰ ਲੇਟ ਕਰੀ ਜਾ ਰਹੀ ਸਾਂ।'
'ਹੋਰ ਤਾਂ ਗੱਲਾਂ ਦੀਆਂ ਗੱਲਾਂ। ਤੂੰ ਹਿੰਦੁਸਤਾਨੀ ਇਸ ਤਰ੍ਹਾਂ ਕੌੜੀ ਕਿਵੇਂ ਬੋਲਦੀ ਰਹੀ ।
'ਡਾਕਟਰ ਹੋਰਾਂ ਇਹ ਵੀ ਕਿਹਾ ਸੀ ਕਿ ਹੋਸ਼ ਆਉਣ ਤੇ ਜੇ ਇਸ ਨੂੰ ਤੇਰਾ ਪਤਾ ਲੱਗ ਗਿਆ, ਤਦ ਹੋ ਸਕਦਾ ਹੈ ਇਸ ਦੀ ਮੌਤ ਹੀ ਹੋ ਜਾਵੇ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਦੋ ਤਿੰਨ ਦਿਨ ਇਸ ਦੇ ਨੇੜੇ ਨਾ ਆਵੋ। ਮੈਂ ਡਾਕਟਰ ਨੂੰ ਕਿਹਾ ਕਿ ਇਹ ਤਾਂ ਹੋ ਨਹੀਂ ਸਕਦਾ ਕਿ ਇਨ੍ਹਾਂ ਤੋਂ ਪਰ੍ਹੇ ਰਹਾਂ। ਮੈਂ ਇਨ੍ਹਾਂ ਨੂੰ ਆਪਣੇ ਟੈਂਟ ਵਿਚ ਰਖਾਂਗੀ ਤੇ ਆਪਣੇ ਆਪ ਨੂੰ ਬਿਲਕੁਲ ਜ਼ਾਹਰ ਨਹੀਂ ਕਰਾਂਗੀ। ਡਾਕਟਰ ਦੀ ਤਸੱਲੀ ਕਰਵਾ ਕੇ ਮੈਂ ਆਪ ਨੂੰ ਏਥੇ ਲੈ ਆਈ।
ਸਭ ਦੁਖ ਭੁਲ ਗਏ। ਕੌਣ ਆਖਦਾ ਸੀ ਕਿ ਜਿਥੇ ਵਸਦੀ ਦੁਨੀਆ ਉਜੜਦੀ ਹੈ, ਓਥੇ ਇਕ ਜ਼ਖ਼ਮੀ ਦੀ ਦੁਨੀਆ ਪੂਰਨ ਰੁਮਾਂਸ ਵਿਚ ਆਬਾਦ ਹੋਵੇਗੀ। ਕੀ ਪਤਾ ਸਾਰਾ ਸੰਸਾਰ ਚੰਗੇ ਚੰਗੇਰੇ ਲਈ ਢਹਿ ਉਸਰ ਰਿਹਾ ਹੈ। ਮੁਕਦਾ ਕਰਮ ਆਪਣੀ ਬਾਕੀ ਵਿਚ ਮਸਤਾਨੀ ਖੁਸ਼ੀ ਛੱਡ ਜਾਂਦਾ ਹੈ! ਕੀ ਪਤਾ ਮੇਰੀ ਪ੍ਰਿਯਾ ਮੇਰੇ ਮੁਕੇ ਕਰਮ ਦੀ ਹੀ ਖੁਸ਼ੀ ਤੇ ਮਸਤੀ ਰਲਵੀਂ ਹੋਵੇ।
'ਪ੍ਰਿਯਾ! ਵਿਧਾਤਾ ਨੇ ਸਾਨੂੰ ਕਿਹੜੀ ਵਿਧ ਨਾਲ ਮਿਲਾਇਆ, ਪਰ ਤੂੰ ਨਰਸ ਕਿੱਦਾਂ ਬਣੀ ਤੇ ਫੌਜੀ ਸੇਵਾਦਾਰਨੀਆਂ ਵਾਲੀ ਨੌਕਰੀ ਕਿਉਂ ਛੱਡ ਦਿੱਤੀ ?'
'ਇਹ ਗੱਲ ਬੜੀ ਲੰਮੀ ਚੌੜੀ ਹੈ।
'ਕੀ ਮੈਂ ਇਸ ਤੋਂ ਜਾਣੂ ਨਹੀਂ ਹੋ ਸਕਦਾ ?
'ਵਾਹ, ਤੁਹਾਥੋਂ ਲੁਕਾਈ ਹੀ ਕਿਹੜੀ ਗੱਲ ਜਾ ਸਕਦੀ ਹੈ।
'ਫਿਰ ਦਸੋ ਨਾ।'
ਉਹ ਮੇਰੇ ਮੰਜੇ ਤੋਂ ਉਠੀ, ਇਕ ਢੱਕੀ ਹੋਈ ਪਲੇਟ ਚੁੱਕੀ, ਉਸ ਵਿਚ ਦੁੱਧ ਪਾਇਆ, ਚੀਨੀ ਚਮਚੇ ਨਾਲ ਰਲਾਂਦੀ ਮੇਰੇ ਮੰਜੇ ਤੇ ਹੀ ਆ ਗਈ। ਪਾਲ ਜਿਧਰ ਜਾਂਦੀ ਸੀ, ਮੇਰਾ ਧਿਆਨ ਓਧਰੇ ਤੁਰਿਆ ਫਿਰਦਾ ਸੀ, ਜਿਵੇਂ ਮੇਰੀ ਉਸ ਵਿਚ ਹਰ ਆਰਜੂ ਗਵਾਚੀ ਹੋਈ ਸੀ । ਦਰਿਆ ਸਾਗਰ ਵਿਚ ਡਿੱਗ ਕੇ ਦਰਿਆ ਨਹੀਂ ਰਹਿੰਦਾ, ਸਗੋਂ ਸਾਗਰ ਬਣ ਜਾਂਦਾ ਹੈ । ਪ੍ਰਿਯ ਦਾ ਸਿਮਰਨ ਕਰਦਾ ਪ੍ਰੇਮੀ ਜਦ ਆਪਣੇ ਆਪ ਨੂੰ ਭੁੱਲ ਜਾਂਦਾ ਹੈ ਜਾਂ ਉਸ ਵਿਚ ਗਵਾਚ ਜਾਂਦਾ ਹੈ। ਓਦੋਂ ਉਸ ਦੇ ਜੀਵਨ ਦੀਆਂ ਵਾਟਾਂ ਖ਼ਤਮ ਹੋ ਜਾਂਦੀਆਂ ਹਨ ਅਤੇ ਚੇਤਨਤਾ ਦੇ ਅਨੰਦ ਸਾਗਰ ਵਿਚ ਆਪਣੀ ਹਸਤੀ ਇਕ ਕਰ ਲੈਂਦਾ ਹੈ।
ਪਾਲ ਹੌਲੇ ਜਹੇ ਮੰਜੇ ਤੇ ਬਹਿ ਗਈ। ਭਾਵੇਂ ਮੈਂ ਜ਼ਖ਼ਮੀ ਹੋ ਕੇ ਕਾਫ਼ੀ ਕਮਜ਼ੋਰ ਹੋ ਚੁੱਕਾ ਸਾਂ, ਪਰ ਚਿਹਰੇ ਤੇ ਪੂਰਨ ਸਿਹਤ ਦੇ ਨਿਸ਼ਾਨ ਸਨ। ਉਸ ਦੀ ਖੁਸ਼ੀ ਦਾ ਕੋਈ ਅਨੁਮਾਨ
ਨਹੀਂ ਸੀ, ਇਉਂ ਭਾਸਦਾ ਸੀ, ਜਿਵੇਂ ਆਪਣੀਆਂ ਸੁਹਣੀਆਂ ਅੱਖਾਂ ਨਾਲ ਮੈਨੂੰ ਹੁਣੇ ਰਾਜੀ ਕਰ ਦੇਵੇਗੀ। ਮੈਂ ਪਿਆਰ ਵਿਚ ਆ ਮਸਖਰੀ ਭਾਵ ਨਾਲ ਕਿਹਾ, 'ਸੁਹਣੀ ਨਰਸ।
ਉਸ ਹਸਦਿਆਂ ਪਿਆਰ ਨਾਲ ਮੇਰੀ ਗਲ੍ਹ ਤੇ ਪੋਲੀ ਜਿਹੀ ਚਪਤ ਜੜ ਦਿੱਤੀ।
'ਲਓ, ਅੱਡੋ ਮੂੰਹ।' ਉਸ ਪਲੇਟ ਵਿਚੋਂ ਚਿਮਚਾ ਭਰਦਿਆਂ ਕਿਹਾ।
'ਪਰ ਮੈਨੂੰ ਤਾਂ ਅੱਜ ਭੁੱਖ ਨਹੀਂ, ਇਉਂ ਪ੍ਰਤੀਤ ਹੁੰਦਾ ਏ, ਜਿਵੇਂ ਕੋਈ ਜਨਮ ਦੀ ਭੁੱਖ ਮਿਟ ਗਈ ਏ, ਸ਼ਾਇਦ ਹੁਣ ਭੁੱਖ ਤੇ ਵਾਸ਼ਨਾ ਰਹੀ ਹੀ ਕੋਈ ਨਹੀਂ।'
'ਥੋੜ੍ਹਾ ਖਾਣਾ ਪਵੇਗਾ।'
'ਬਿਲਕੁਲ ਨਹੀਂ।‘
'ਨਖਰੇ ਨਾ ਕਰੋ, ਜ਼ਰੂਰ ਥੋੜ੍ਹਾ ਖਾ ਲਵੋ।‘
'ਬਸ ਦਰਸ਼ਨ ਕਰ ਕੇ ਹੀ ਰੱਜ ਗਿਆ ਹਾਂ।'
'ਖਾਤੇ ਹੋ ਯਾ ਬੁਲਾਉਂ ਡਾਕਟਰ ਕੋ।' ਉਸ ਗਲ ਦਾ ਤੌਲੀਆਂ ਠੀਕ ਕਰਦਿਆਂ ਕਿਹਾ।
ਸਾਡਾ ਦੋਹਾਂ ਦਾ ਹਾਸਾ ਨਿਕਲ ਗਿਆ। ਮੈਂ ਮੂੰਹ ਅੱਡ-ਅੱਡ ਚੌਲ ਖਾਂਦਾ ਰਿਹਾ ਅਤੇ ਪਾਲ ਤੋਲੀਏ ਨਾਲ ਮੂੰਹ ਸਾਫ ਕਰਦੀ ਰਹੀ। ਪੋਲੀ ਜਿਹੀ ਫਿਰ ਚਪਤ ਮਾਰ ਦਿੱਤੀ। ਸ਼ਾਇਦ ਉਹ ਸੇਵਾ ਦੇ ਇਵਜ਼ ਵਿਚ ਪਿਆਰ ਦਾ ਇਨਾਮ ਲੈ ਰਹੀ ਸੀ। ਪਾਲ ਨੇ ਮੇਰੇ ਲੀੜੇ ਲਾਹ ਕੇ ਬਦਲ ਦਿੱਤੇ।
'ਮੈਂ ਚਾਹੁੰਦਾ ਹਾਂ ਤੁਸੀਂ ਵੀ ਆਪਣੀ ਨਰਸ ਵਾਲੀ ਡਰੈਸ ਲਾਹ ਕੇ ਪੰਜਾਬੀ ਬਣ ਜਾਵੋ ।
'ਕਿਉਂ! ਇਸ ਤਰ੍ਹਾਂ ਨਹੀਂ ਠੀਕ।'
'ਠੀਕ ਤਾਂ ਹੈ, ਪਰ ਮੈਂ ਨਰਸ ਨੂੰ ਪਿਆਰ ਨਹੀਂ ਕਰਦਾ ਪੰਜਾਬਣ ਪਾਲ ਨੂੰ ਕਰਦਾ ਹਾਂ ।
'ਓਹ। ਯੇਹ ਬਾਤ ਹੈ।'
'ਤੁਸੀਂ ਹਿੰਦੁਸਤਾਨੀ ਬੋਲਦੇ ਹੁਣ ਕਿੰਨੇ ਪਿਆਰੇ ਲਗਦੇ ਹੋ।'
'ਨਰਸ ਤੁਸਾਂ ਕਦੇ ਕਿਸੇ ਨੂੰ ਪਿਆਰ ਨਹੀਂ ਕੀਤਾ ?' ਪਾਲ ਨੇ ਹੱਸਦਿਆਂ ਮੇਰੀ ਸਾਂਗ ਲਾਈ। ਮੈਂ ਵੀ ਉਸ ਵਾਂਗ ਹੀ ਕਿਹਾ, 'ਸਿਪਾਹੀ ਆਰਾਮ ਕਰੋ, ਤੁਮ ਕੋ ਇਸ ਸੇ ਕਿਆ ।
ਪਹਿਲੋਂ ਉਸ ਸਲਵਾਰ ਪਾਈ, ਫਿਰ ਉਸ ਗਾਉਨ ਲਾਹਿਆ। ਬੁਨੈਣ ਵਿਚ ਦੀ ਉਸ ਦੀਆਂ ਛਾਤੀਆਂ ਦਾ ਨੰਗੇਜ ਮੈਨੂੰ ਸੌਦਾਈ ਬਣਾ ਰਿਹਾ ਸੀ । ਮੈਂ ਵੇਖਣਾ ਨਹੀਂ ਸਾਂ ਚਾਹੁੰਦਾ, ਪਰ ਅੱਖਾਂ ਵੀ ਨਹੀਂ ਸਾਂ ਮੀਟ ਸਕਦਾ। ਪਾਲ ਨੇ ਝੱਟ ਸ਼ਰਮਾਂਦਿਆਂ ਪਿੱਠ ਕਰ ਲਈ ਅਤੇ ਕਮੀਜ਼ ਪਾ ਲਈ। ਸਿਰ ਤੋਂ ਤਹਿ ਕੀਤਾ ਰੁਮਾਲ ਜਿਹਾ ਲਾਹ ਕੇ ਚੁੰਨੀ ਲੈ ਲਈ।
'ਵਾਹ ਜੀ। ਤੁਸੀਂ ਨਰਸ ਹੋ ਕੇ ਵੀ ਸ਼ਰਮਾਉਂਦੇ ਹੋ ?
'ਕੀ ਨਰਸ ਬਣ ਜਾਣ ਤੇ ਇਸਤਰੀ ਖ਼ਤਮ ਹੋ ਜਾਂਦੀ ਹੈ ?
'ਨਹੀਂ ਤਾਂ।'
'ਤਦ ਫਿਰ ਇਸਤਰੀ ਸ਼ਰਮ ਤੋਂ ਬਿਨਾਂ ਕੁਝ ਵੀ ਨਹੀਂ।'
ਇਹ ਤੇਰੀ ਗੱਲ ਮੈਨੂੰ ਬਹੁਤ ਹੀ ਪਿਆਰੀ ਲੱਗਦੀ ਹੈ। ਮਰਦ ਹਿੰਮਤ ਤੇ ਦਲੇਰੀ ਬਿਨਾਂ ਕੁਝ ਨਹੀਂ ਅਤੇ ਇਸਤਰੀ ਸ਼ਰਮ ਹਯਾ ਤੋਂ ਬਿਨਾਂ।'
'ਪਾਲ ਨੇ ਮੰਜੇ ਤੇ ਬਹਿ ਕੇ ਮੇਰੀਆਂ ਲੱਤਾਂ ਨੱਪਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਕਿਹਾ, ਜੇ ਮੈਨੂੰ ਥੋੜ੍ਹੇ ਚਿਰ ਲਈ ਬਹਾ ਦੇਵੋ ?"
ਉਸ ਨੇ ਸਿਰਹਾਣਾ ਮੇਰੀ ਪਿੱਠ ਹੇਠਾਂ ਦੇ ਕੇ ਬਹਾ ਦਿੱਤਾ ਅਤੇ ਆਪ ਪਿਠ ਨੂੰ ਆਸਰਾ ਦੇਈ ਰਖਿਆ।
'ਪਾਲ। ਤੂੰ ਤੇ ਹੁਣ ਬਹੁਤ ਹੀ ਸਿਆਣੀ ਹੋ ਗਈ ਏਂ, ਪਰ ਮੈਂ ਬਹੁਤ ਕੁਝ ਭੁਲਾ ਚੁੱਕਾ ਹਾਂ।'
'ਤੁਹਾਡਾ ਕੀ ਹੈ ਮਸਤਾਨਿਆਂ ਦਾ।'
'ਤੁਸੀਂ ਮੇਰੇ ਸਿਰ ਤੇ ਵੱਡਾ ਅਹਿਸਾਨ ਕਰ ਰਹੇ ਹੋ।'
'ਪਿਆਰ ਵਿਚ ਨਾ ਕੋਈ ਅਹਿਸਾਨ ਹੈ ਨਾ ਬਦਲਾ।'
'ਤੂੰ ਤੇ ਪਾਲ ਸੱਚ ਮੁਚ ਹੀ ਫ਼ਿਲਾਸਫ਼ਰ ਹੋ ਗਈ ਏਂ, ਠੀਕ ਗਿਆਨ ਪਿਛੋਂ ਪਿਆਰ ਦੀ ਮੰਜਲ ਆਉਂਦੀ ਹੈ।
'ਮੈਂ ਤੇ ਤੁਹਾਡੇ ਵਿਚ ਭੁਲੀ ਰਹਿੰਦੀ ਹਾਂ ਅਤੇ ਤੁਹਾਡੇ ਹੀ ਪਿਛੇ ਆ ਰਹੀ ਹਾਂ।' ਪਾਲ ਨੇ ਠਰੰਮੇ ਨਾਲ ਉੱਤਰ ਦਿੱਤਾ।
'ਮੈਨੂੰ ਇਸ ਗੱਲ ਦੀ ਅਤਿਅੰਤ ਖੁਸ਼ੀ ਹੈ।'
ਥੋੜ੍ਹਾ ਚਿਰ ਚੁੱਪ ਰਹਿਣ ਪਿਛੋਂ ਮੈਂ ਕਿਹਾ, 'ਹੱਛਾ, ਦੱਸੋ ਨਾ ਫਿਰ ਨਰਸ ਕਿਵੇਂ ਬਣੇ?"
'ਅੰਮ੍ਰਿਤਸਰੋਂ ਆ ਕੇ ਮੈਂ' ਬੀਮਾਰ ਹੋ ਗਈ ਸੀ।
'ਓਹੋ। ਤੁਸਾਂ ਮੈਨੂੰ ਖ਼ਬਰ ਨਾ ਕੀਤੀ। ਸ਼ਾਇਦ ਭਰਤੀ ਦਫਤਰ ਤੁਸੀਂ ਆਪਣੇ ਇਕਰਾਰ ਤੇ ਏਸ ਕਰਕੇ ਨਹੀਂ ਪੁਜੇ।
'ਮੈਨੂੰ ਜੀ ਓਦੋਂ ਬੜਾ ਬੁਖਾਰ ਚੜ੍ਹਿਆ, ਪੰਦਰਾਂ ਵੀਹ ਦਿਨ ਮੰਜੇ ਤੇ ਪਈ ਰਹੀ। ਉਹਨਾਂ ਦਿਨਾਂ ਵਿਚ...
'ਕਾਸ਼। ਓਦੋਂ ਮੈਂ ਤੁਹਾਡੀ ਕੁਝ ਸੇਵਾ ਕਰ ਸਕਦਾ।'
'ਤੁਸੀਂ ਸੇਵਾ ਕੀ ਕਰਨੀ ਸੀ। ਜੇਕਰ ਤੁਸੀਂ ਓਥੇ ਹੁੰਦੇ ਤਾਂ ਬੁਖ਼ਾਰ ਹੀ ਕਾਹਨੂੰ ਹੋਣਾ ਸੀ । ਥੋੜ੍ਹੇ ਦਿਨਾਂ ਪਿਛੋਂ ਪਿਤਾ ਜੀ ਰਿਆਸਤ ਤੋਂ ਆਏ। ਮੈਂ ਕੁਝ ਤਕੜੀ ਹੋ ਗਈ ਸਾਂ। ਉਨ੍ਹਾਂ ਮੈਨੂੰ ਆਪਣੇ ਨਾਲ ਲਿਜਾਣਾ ਚਾਹਿਆ । ਸ਼ਾਇਦ ਉਹ ਲੋਕਾਂ ਦੀ ਨੁਕਤਾਚੀਨੀ ਸੁਣ ਕੇ ਨਾ ਸਹਾਰ ਸਕੇ। ਉਨ੍ਹਾਂ ਇਹ ਵੀ ਜਾਹਰ ਕੀਤਾ ਕਿ ਰਿਆਸਤ ਵਿਚ ਇਕ ਦਸਵੀਂ ਪਾਸ ਮੁੰਡਾ ਕਲਰਕ ਲੱਗਾ ਹੈ ਅਤੇ ਸਿਆਣਾ ਬਹੁਤ ਹੈ। ਤੇਰੀ ਸ਼ਾਦੀ ਉਸ ਨਾਲ ਓਥੇ ਹੀ ਕਰ ਦੇਵਾਂਗਾ। ਪਰ ਮੈਂ ਜਾਣ ਤੋਂ ਨਾਂਹ ਕਰ ਦਿੱਤੀ। ਪਿਤਾ ਜੀ ਨੇ ਲਾਲ ਸੂਹੇ ਹੁੰਦਿਆਂ ਮੇਰੇ ਮੂੰਹ ਤੇ ਵੱਟ ਕੇ ਚਪੇੜ ਮਾਰੀ ਅਤੇ ਕਿਹਾ, 'ਇਥੇ ਪਿੰਡ ਪਿੰਡ ਫਿਰਨਾ ਚੰਗਾ ਹੈ ?'
'ਪਿਤਾ ਜੀ ਨੇ ਮੈਨੂੰ ਇਸ ਤੋਂ ਪਹਿਲਾਂ ਕਿਤੇ ਨਿੱਕੀ ਹੁੰਦੀ ਨੂੰ ਹੀ ਮਾਰਿਆ ਹੋਵੇਗਾ। ਮੇਰੀਆਂ ਅੱਖਾਂ ਭਰ ਆਈਆਂ ਅਤੇ ਮੈਂ ਕੰਬੀ ਜਾ ਰਹੀ ਸਾਂ । ਪਿਤਾ ਜੀ ਇਹ ਕਹਿ ਕੇ ਚੁਬਾਰੇ ਚੜ੍ਹ ਗਏ, 'ਜੇ ਮੇਰੀ ਇੱਜ਼ਤ ਦਾ ਖ਼ਿਆਲ ਹੈ, ਤਦ ਤਿਆਰ ਹੋ। ਮੈਂ ਕੁਝ ਨਾ ਫੈਸਲਾ ਕਰ ਸਕੀ, ਇਕੱਲੀ ਹੋ ਕੇ ਬੜਾ ਰੋਈ। ਮੈਂ ਦਿਲ ਤੁਹਾਨੂੰ ਦੇ ਚੁੱਕੀ ਸਾਂ, ਹੋਰ ਕਿਸੇ ਨਾਲ ਵਿਆਹ ਕਿਵੇਂ ਕਰਵਾ ਸਕਦੀ ਸਾਂ। ਉਸ ਵੇਲੇ ਮੇਰਾ ਜੀਅ ਮਰ ਜਾਣ ਨੂੰ ਕਰਦਾ ਸੀ । ਅਜਿਹੀ ਹਾਲਤ ਵਿਚ ਇਕ ਇਸਤਰੀ ਇਉਂ ਹੀ ਸੋਚਦੀ ਹੈ ਜਦੋਂ ਮਾਂ ਬਾਪ ਵੀ ਆਪਣੀ ਧੀ ਸ਼ੱਕੀ ਨਜ਼ਰਾਂ ਨਾਲ ਵੇਖਣ ਲੱਗ ਪੈਣ।
ਮੈਂ ਕਿੰਨੀ ਬੇਵਕੂਫ਼ ਸਾਂ। ਤੁਹਾਡੇ ਨਾਲ ਪਿਆਰ ਤਾਂ ਪਾ ਲਿਆ, ਪਰ ਜਿੰਦਗੀ ਦੀ ਮੰਜਲ ਤੈਅ ਕਰਨ ਬਾਰੇ ਕੋਈ ਗੱਲ ਨਾ ਨਜਿੱਠੀ।'
'ਪਿਆਰ ਹੁੰਦਾ ਹੀ ਕਮਲੇ ਹੋ ਕੇ ਹੈ। ਗੱਲਾਂ ਨਜਿੱਠਣ ਦੀ ਵੀ ਹੋਸ਼ ਨਹੀਂ ਰਹਿੰਦੀ। ਮੈਂ ਆਪਣੀਆਂ ਲੰਮੀਆਂ ਬਾਹਾਂ ਉਸ ਦੇ ਗਲ ਵਲਾਂਦਿਆਂ ਕਿਹਾ।
'ਪਿਤਾ ਜੀ ਬਹੁਤ ਗੁੱਸੇ ਹੋ ਕੇ ਚਲੇ ਗਏ। ਸ਼ਾਇਦ ਮੈਂ ਉਨ੍ਹਾਂ ਨੂੰ ਇਸ ਉਮਰ ਵਿਚ ਘਰ ਬੈਠੀ ਦੁਖੀ ਕਰ ਰਹੀ ਸਾਂ ਅਤੇ ਉਨ੍ਹਾਂ ਦੀ ਜ਼ਿੰਦਗੀ ਤੇ ਇਕ ਤਰ੍ਹਾਂ ਦਾ ਬੋਝ ਬਣੀ ਹੋਈ ਸਾਂ। ਮੈਨੂੰ ਕੁਝ ਨਹੀਂ ਸੀ ਸੁਝਦਾ। ਅਖ਼ੀਰ ਮੈਂ ਆਪਣੇ ਆਪ ਨੂੰ ਨਰਸਿੰਗ ਸਰਵਿਸ ਵਾਸਤੇ ਤਿਆਰ ਕੀਤਾ ਅਤੇ ਆਪਣੇ ਪਹਿਲੇ ਕੰਮ ਤੋਂ ਅਸਤੀਫ਼ਾ ਦੇ ਦਿੱਤਾ। ਮੈਨੂੰ ਕਦੇ ਕਦੇ ਆਪ ਮੁਹਾਰੇ ਆਪਣੇ ਅੰਦਰੋਂ ਆਵਾਜ਼ ਆਉਂਦੀ ਸੀ ਕਿ ਇਹ ਸਲਾਹ ਚੰਗੀ ਹੈ। ਕੁਝ ਵਿਸ਼ਵਾਸ ਜੇਹਾ ਹੋ ਗਿਆ ਸੀ ਕਿ ਇਸ ਤਰ੍ਹਾਂ ਗਵਾਚੇ ਦੀ ਭਾਲ ਵੀ ਸ਼ਾਇਦ ਹੋ ਜਾਏ। ਮੈਂ ਦੋ ਮਹੀਨੇ ਦੇ ਕੋਰਸ ਵਾਸਤੇ ਦਿੱਲੀ ਆ ਗਈ। ਘਰ ਮੈਂ ਜਾਣਾ ਹੀ ਨਹੀਂ ਸੀ ਚਾਹੁੰਦੀ, ਕਿਉਂਕਿ ਘਰ ਦੇ ਮੇਰੇ ਤੇ ਕਾਫ਼ੀ ਨਾਰਾਜ਼ ਸਨ। ਮੇਰੇ ਦਿਲ ਨੇ ਘਰ ਰਹਿ ਕੇ ਉਨ੍ਹਾਂ ਤੇ ਕਿਸੇ ਤਰ੍ਹਾਂ ਦਾ ਵੀ ਭਾਰ ਪਾਉਣਾ ਨਾ ਚਾਹਿਆ। ਇਕ ਬਦਨਾਮ ਆਦਮੀ ਦੀ ਚਰਚਾ ਦੁਨੀਆ ਤੋਂ ਉਹਲੇ ਹੋ ਜਾਣ ਨਾਲ ਹਟ ਜਾਂਦੀ ਹੈ। ਮੈਂ ਜਗ ਦੀਆਂ ਨਿੱਤ ਨਵੀਆਂ ਗੱਲਾਂ ਸੁਣਕੇ ਨਹੀਂ ਸਾਂ ਸਹਾਰ ਸਕਦੀ। ਮੈਨੂੰ ਇਕ ਤੁਹਾਡਾ ਹੀ ਫ਼ਿਕਰ ਸੀ ਅਤੇ ਤੁਹਾਨੂੰ ਹੀ ਮਿਲਣ ਦੀ ਇੱਛਾ ਸੀ।
'ਮੈਂ ਦਸ ਨਹੀਂ ਸਕਦੀ ਕਿ ਮੈਂ ਵਿਛੋੜੇ ਦੇ ਦਿਨ ਕਿਸ ਤਰ੍ਹਾਂ ਕਟੇ ਹਨ।'
'ਪਰ ਤੁਸੀਂ ਮੇਰੇ ਜਿਹੇ ਨਾਚੀਜ਼ ਲਈ ਇਤਨੇ ਕਸ਼ਟ ਕਿਉਂ ਝੱਲੇ ?'
ਉਸ ਮੈਨੂੰ ਘੁਟ ਕੇ ਪਿਆਰ ਕੀਤਾ। ਕਮਜ਼ੋਰ ਸਰੀਰ ਵੀ ਪਿਆਰ ਕਰਨ ਵੇਲੇ ਲੋਹੜੇ ਦਾ ਬਲ ਫੜ ਜਾਂਦਾ ਹੈ। ਪਿਆਰ ਵਿਚ ਮਸਤ ਰਾਤ ਹੌਲੀ ਹੌਲੀ ਸਮੇਂ ਦੇ ਧੱਕਿਆ ਨਾਲ ਬੀਤ ਰਹੀ ਸੀ।
ਪਾਲ ਦੇ ਪਿਆਰ ਤੇ ਉਸ ਦੀ ਕਰੜੀ ਸੇਵਾ ਨੇ ਮੈਨੂੰ ਛੇਤੀ ਤਕੜਾ ਕਰ ਦਿੱਤਾ ਡਾਕਟਰ ਦਿਹਾੜੀ ਵਿਚ ਇਕ ਵਾਰ ਆਉਂਦਾ ਤੇ ਸਾਨੂੰ ਪ੍ਰਸੰਨ ਵੇਖ ਖ਼ੁਸ਼ ਹੁੰਦਾ। ਅਸਾਂ ਉਸ ਨੂੰ ਆਪਣੀ ਸਾਰੀ ਰਾਮ ਕਹਾਣੀ ਸੁਣਾ ਦਿੱਤੀ। ਉਹ ਮਦਰਾਸੀ ਸੀ ਅਤੇ ਕਾਲੇ ਰੰਗ ਵਿਚ ਸੋਹਣਾ ਦਿਲ ਰੱਖਦਾ ਸੀ। ਸਾਡੇ ਨਾਲ ਚਾਹ ਪੀਂਦਾ ਤੇ ਕਿੰਨਾ ਚਿਰ ਹੀ ਗੱਪਾਂ ਮਾਰਦਾ ਰਹਿੰਦਾ। ਪਾਲ ਨੇ ਇਕ ਦਿਨ ਉਸ ਦੀ ਜੀਪ ਮੰਗੀ ਅਤੇ ਕਿਹਾ ਕਿ ਅਸੀਂ ਇਕ ਦਿਨ ਦਾ ਟੂਰ ਕਰਨਾ
ਚਾਹੁੰਦੇ ਹਾਂ। ਉਸ ਬੜੀ ਖੁਸ਼ੀ ਪ੍ਰਗਟ ਕੀਤੀ। ਮੈਂ ਹੁਣ ਚੰਗੀ ਤਰ੍ਹਾਂ ਤੁਰ ਫਿਰ ਲੈਂਦਾ ਸਾਂ ਅਤੇ ਜਖਮ ਬਿਲਕੁਲ ਭਰ ਗਿਆ ਸੀ।
ਅਸੀਂ ਦੂਸਰੇ ਦਿਨ ਖਾਣ ਪੀਣ ਦੀਆਂ ਚੀਜ਼ਾਂ ਲੈ ਕੇ ਚਲ ਪਏ। ਡਰਾਈਵਰ ਨੇ ਪੁੱਛਿਆ, 'ਕਿਸ ਪਾਸੇ ਚਲਣਾ ਏਂ ?'
'ਕਿਸੇ ਰਮਣੀਕ ਜਗ੍ਹਾ ਲੈ ਚਲੋ।' ਪਾਲ ਨੇ ਉਸ ਨੂੰ ਕਿਹਾ।
ਅਸੀਂ ਦੋਵੇਂ ਪਿਛਲੀ ਸੀਟ ਤੇ ਅਰਮਾਨਾਂ ਭਰੀਆਂ ਹਿੱਕਾਂ ਲਈ ਬੈਠੇ ਸਾਂ। ਜੀਪ ਭੱਜੀ ਜਾ ਰਹੀ ਸੀ। ਫ਼ਿਲਮ ਸੀਨਰੀ ਵਾਂਗ ਕੁਦਰਤ ਦੇ ਨਜ਼ਾਰੇ ਸਾਹਮਣੇ ਆ ਆ ਮੁਕ ਰਹੇ ਸਨ । ਅਸੀਂ ਇਕ ਦੂਜੇ ਨੂੰ ਦੇਖ ਦੇਖ ਖੁਸ਼ ਹੋ ਰਹੇ ਸਾਂ। ਅਸੀਂ ਹਸਪਤਾਲ 'ਚੋਂ ਚਾਲੀ ਪੰਤਾਲੀ ਮੀਲ ਆ ਗਏ। ਇਕ ਛੋਟੀ ਜਿਹੀ ਨਦੀ ਜੰਗਲ ਵਿਚੋਂ ਵਾਦੀ ਵਲ ਨੂੰ ਆ ਰਹੀ ਸੀ। ਏਥੋਂ ਦੀ ਲੜਾਈ ਲੰਘ ਚੁੱਕੀ ਸੀ। ਕਈਆਂ ਦਰਖਤਾਂ ਨੂੰ ਗੋਲਿਆਂ ਨੇ ਪਾੜ ਕੇ ਖਖੜੀਆਂ ਕੀਤਾ ਹੋਇਆ ਸੀ । ਥਾਂ ਥਾਂ ਤੇ ਬੰਬਾਂ ਨੇ ਟੋਏ ਪੁਟ ਛੱਡੇ ਸਨ। ਸਾਰੇ ਜੰਗਲ ਦਾ ਨਾਸ ਜਿਹਾ ਹੋਇਆ ਪਿਆ ਸੀ।
ਮੋਟਰ ਉਥੇ ਹੀ ਰੁਕਵਾ ਲਈ। ਨਦੀ ਕਿਨਾਰੇ ਹੁੰਦੇ ਹੋਏ ਅਸੀਂ ਜੰਗਲ ਵਲ ਨੂੰ ਵਧੇ। ਕਈ ਥਾਈਂ ਲੜਾਈ ਨੇ ਜੰਗਲ ਦੇ ਸੁਹੱਪਣ ਨੂੰ ਬੁਰੀ ਤਰ੍ਹਾਂ ਖ਼ਰਾਬ ਕੀਤਾ ਹੋਇਆ ਸੀ। ਅਸੀਂ ਇਕ ਚੰਗੀ ਜਿਹੀ ਥਾਂ ਵੇਖ ਕੇ ਬਹਿ ਗਏ। ਡਰਾਈਵਰ ਨੂੰ ਗੱਡੀ ਵਿਚ ਹੀ ਛੱਡ ਆਏ ਸਾਂ। ਮੈਂ ਅਨੁਭਵ ਕਰਦਿਆਂ ਕਿਹਾ। ਅਸਾਂ ਹਸਪਤਾਲ ਕਿੰਨੇ ਵਜੇ ਪੁਜਣਾ ਹੈ ?
'ਚਾਰ ਵਜੇ, ਪਰ ਤੁਹਾਨੂੰ ਕੀ ਫ਼ਿਕਰ ਹੈ ?"
'ਅਸੀਂ ਕਾਨੂੰਨ ਦੇ ਚੋਰ ਹਾਂ।
'ਪ੍ਰੇਮੀ ਕਾਨੂੰਨ ਦੇ ਚੋਰ ਮਜ਼੍ਹਬ ਦੇ ਦੋਸ਼ੀ ਤੇ ਸਮਾਜ ਤੋਂ ਬਾਗੀ। ਪ੍ਰੇਮੀ ਹੋਣਾ ਦੁਨੀਆ ਦੀ ਨਜ਼ਰ ਵਿਚ ਤਾਂ ਅਤਿ ਭੈੜਾ ਹੈ, ਪਰ ਹੈਰਾਨੀ ਹੈ ਅਸੀਂ ਜੰਗਲ ਵਿਚ ਆ ਕੇ ਵੀ ਇਨ੍ਹਾਂ ਨਿਗੂਣੀਆਂ ਗੱਲਾਂ ਯਾਦ ਕਰਦੇ ਹਾਂ।'
'ਮੇਰਾ ਤਾਂ ਲੰਮੇ ਪੈ ਜਾਣ ਨੂੰ ਜੀਅ ਕਰਦਾ ਹੈ।
ਮੈਂ ਸਿਰ ਹੇਠਾਂ ਇਕ ਕਪੜਾ ਲੈ ਕੇ ਘਾਹ ਤੇ ਪੈ ਗਿਆ। ਇਕ ਬ੍ਰਿਛ ਦੀ ਸਾਡੇ ਉਤੇ ਸੁਹਣੀ ਛਾਂ ਸੀ। ਉਸ ਦੇ ਫੁੱਲ ਫਲੀਆਂ ਵਰਗੇ ਹੇਠਾਂ ਨੂੰ ਲਮਕੇ ਹੋਏ ਸਨ। ਪੱਤੇ ਭੀ ਕਾਫ਼ੀ ਚੌੜੇ ਸਨ। ਅਸੀਂ ਜੰਗਲ ਦੇ ਇਕ ਸਿਰੇ ਤੇ ਸਾਂ। ਹਵਾ ਸਾਡੇ ਵਲੋਂ ਜੰਗਲ ਵਲ ਨੂੰ ਰਾਸ ਪਾਉਂਦੀ ਜਾ ਰਹੀ ਸੀ। ਪਾਲ ਵੀ ਮੇਰੀ ਹਿੱਕ ਤੇ ਦੂਜੇ ਬੰਨੇ ਕੂਹਣੀ ਤੇ ਸਿਰ ਰਖ ਕੇ ਪੈ ਗਈ । ਮੈਂ ਉਸ ਵੇਲੇ ਮਹਾਂ ਅਨੰਦ ਪ੍ਰਤੀਤ ਕਰ ਰਿਹਾ ਸਾਂ। ਖ਼ਬਰ ਉਸ ਵੇਲੇ ਸਾਰੀ ਕੁਦਰਤ ਨੂੰ ਹੀ ਪਿਆਰ ਨਸ਼ੇ ਨੇ ਸਿਥਲ ਕਰ ਦਿੱਤਾ ਸੀ।
'ਦਿਲ ਚਾਹੁੰਦਾ ਏ ਪ੍ਰਿਯਾ। ਅਜ ਜ਼ਿੰਦਗੀ ਦੀ ਕੋਈ ਸੱਧਰ ਬਾਕੀ ਨਾ ਰਹਿ ਜਾਵੇ।‘
'ਇਕ ਫੁਲ ਕੁਝ ਨਹੀਂ ਜਾਣਦਾ, ਭੌਰਾ ਜਿਵੇਂ ਵੀ ਜੀਅ ਆਵੇ ਮਾਣੇ ।‘
'ਇਕ ਕਾਮੀ ਦੀ ਮਿਸਾਲ ਨਾਲ ਮੇਰੇ ਪਿਆਰ ਨੂੰ ਨਾ ਮਿੱਕੇ ।‘
'ਪਿਆਰ ਕੇਵਲ ਪਿਆਰ ਹੁੰਦਾ ਹੈ।
ਉਹ ਮੇਰੀ ਹਿੱਕ ਤੇ ਹੌਲੀ ਹੌਲੀ ਉਂਗਲਾਂ ਫੇਰ ਰਹੀ ਸੀ, ਜਿਵੇਂ ਕੋਈ ਸਾਜ ਵਜਾਣ ਦੀ ਕੋਸ਼ਿਸ਼ ਕਰਦਾ ਹੈ।
'ਪਿਆਰ ਇਕ ਅਮਰ ਚੀਜ਼ ਹੈ, ਇਕ ਫਾਨੀ ਚੀਜ਼ ਦੀ ਮਿਸਾਲ ਦੇ ਕੇ ਸਾਨੂੰ ਇਸ ਦੀ ਕਦਰ ਨਹੀਂ ਘਟਾਣੀ ਚਾਹੀਦੀ।'
ਮੇਰੇ ਗਲਮੇ ਦਾ ਉਤਲਾ ਬਟਨ ਖੁਲ੍ਹਾ ਸੀ । ਪਾਲ ਨੇ ਮੁਸਕਾਂਦਿਆਂ ਕਿਹਾ, 'ਤੁਹਾਡੀ ਗੋਰੀ ਹਿਕ ਤੇ ਪਏ ਦੋ ਕਾਲੇ ਤਿਲ ਮੈਨੂੰ ਅਤਿ ਪਿਆਰੇ ਲਗਦੇ ਹਨ।
ਜਦੋਂ ਮੈਂ ਵਿਆਹਿਆ ਜਾਵਾਂਗਾ, ਓਦੋਂ ਮੈਨੂੰ ਕੈਂਠਾ ਪਵੇਗਾ। ਮੈਂ ਹਸਦੇ ਨੇ ਕਿਹਾ।
'ਉਸ ਨੂੰ ਪਿਆਰ ਵੀ ਲੋਹੜੇ ਦਾ ਮਿਲਦਾ ਹੈ।'
'ਤਾਂ ਤੇ ਤੁਹਾਨੂੰ ਕੈਂਠਾ ਵੀ ਮਿਲ ਜਾਵੇਗਾ ਅਤੇ ਪਿਆਰ ਵੀ। ਤੁਸੀਂ ਤੇ ਹੋਏ ਖੁਸ਼ਕਿਸਮਤ, ਅੜਿਆ ਸਾਥੋਂ ਰੱਬ ਨੇ ਸਾਰੇ ਹੀ ਭਾਗ ਖੋਹ ਲਏ।
'ਕਢੋ ਨਾ ਆਪਣੀ ਹਿੱਕ ਵਿਚੋਂ ਤਿਲ ਫਿਰ ਤੁਹਾਨੂੰ ਵੀ ਹਾਰ ਮਿਲ ਸਕਦਾ ਹੈ।
'ਤਿਲ ਤਾਂ ਨਿਕਲ ਆਵੇਗਾ, ਪਰ ਤੁਸਾਂ ਹਾਰ ਨਹੀਂ ਪਾਉਣਾ।'
'ਜੇ ਹਾਰ ਨਾ ਪਵੇਗਾ ਤਾਂ ਬਾਹਾਂ ਵੀ ਨਾ ਗਲ ਪਾਵਾਂਗਾ।'
ਪਾਲ ਨੇ ਘੁਟਦਿਆਂ ਕਿਹਾ, 'ਮੈਨੂੰ ਬਸ ਬਾਹਾਂ ਹੀ ਕਾਫ਼ੀ ਹਨ, ਮੈਨੂੰ ਹੜੇ ਹਾਰਾਂ ਦੀ ਲੋੜ ਨਹੀਂ।
'ਪਰ ਮੈਂ ਤੇ ਕੈਂਠਾ ਜ਼ਰੂਰ ਲੈਣਾ ਹੈ ?"
'ਇਕ ਸ਼ਾਇਰ ਫ਼ਕੀਰ ਦੇ ਗਲ ਕੈਂਠਾ ਸੁਹਣਾ ਲਗੇਗਾ ?'
'ਇਕ ਪ੍ਰੇਮੀ ਦੇ ਗਲ ਤਾਂ ਲਗੇਗਾ ਨਾ । ਮੈਂ ਬਨਾਉਟੀ ਹਉਕਾ ਲੈਂਦਿਆ ਕਿਹਾ, 'ਚੰਗਾ ਤੁਹਾਡੀ ਮਰਜ਼ੀ ।
'ਹੱਛਾ ਰੋਵੋ ਨਾ, ਜ਼ਰੂਰ ਕੈਂਠਾ ਲੈ ਦੇਵਾਂਗੀ, ਪਰ ਤੁਸਾਂ ਹਾਰ ਦੀ ਵੀ ਤਿਆਰੀ ਰੱਖਣੀ।
'ਜੇ ਭਲਾ ਜੰਗਲੀ ਫੁੱਲਾਂ ਦਾ ਹਾਰ ਪਾਇਆ ਜਾਵੇ, ਕੀ ਉਹ ਚੰਗਾ ਨਾ ਰਹੇਗਾ ?' ਮੈਂ ਮਸਖਰੀ ਭਾਵ ਨਾਲ ਕਿਹਾ ਪਾਲ ਹੱਸ ਪਈ, ਪਰ ਮੈਂ ਮੂੰਹ ਗੰਭੀਰ ਜਿਹਾ ਬਣਾਈ ਰੱਖਿਆ। ਉਸ ਕੋਈ ਉੱਤਰ ਨਾ ਦਿੱਤਾ ਅਤੇ ਮੇਰੀ ਹਿੱਕ ਤੇ ਸਿਰ ਰਖ ਕੇ ਪੈ ਗਈ। ਮੈਂ ਫਿਰ ਪਾਲ ਨੂੰ ਚਮਕਾਉਣ ਲਈ ਕਿਹਾ, 'ਗਹਿਣੇ ਇਸਤਰੀ ਹੁਸਨ ਦੀ ਸ਼ਾਨ ਮਾਰ ਦਿੰਦੇ ਹਨ। ਭਲਾ ਮੇਰੇ ਵਰਗਾ ਤਾਂ ਆਪਣੇ ਆਪ ਨੂੰ ਸੁਹਣਾ ਬਨਾਉਣ ਲਈ ਕੁਝ ਪਾ ਹੀ ਲਵੇ। ਪਰ ਤੇਰੇ ਵਰਗੀ ਸੁੰਦਰੀ ਜੇ ਗਹਿਣੇ ਪਾਵੇ ਤਾਂ ਹੁਸਨ ਦੀ ਹੱਤਕ ਨਹੀਂ ਤੇ ਹੋਰ ਕੀ ਹੈ ?'
'ਮੈਨੂੰ ਪਤਾ ਹੈ, ਤੁਹਾਨੂੰ ਪਾਉਣੇ ਜੋ ਪੈਂਦੇ ਹਨ ਹੁਣ, ਐਹ ਵੇਖੋ ਨਾ ਬਹੁਤ ਕਾਲੇ ਉਸ ਮੇਰੇ ਨੱਕ ਨੂੰ ਮਿੱਠੀ ਝਟਕੀ ਦਿੰਦਿਆ ਕਿਹਾ।
'ਹੱਛਾ! ਤੁਹਾਡਾ ਵਿਆਹ ਕਦੋਂ ਹੈ ?
'ਇਸ ਦਾ ਤਾਂ ਮੇਰੇ ਪ੍ਰੀਤਮ ਨੂੰ ਪਤਾ ਹੈ।
ਮੈਂ ਪਾਸਾ ਜਿਹਾ ਲੈਂਦਿਆਂ ਕਿਹਾ, 'ਥੋੜ੍ਹਾ ਉਠੋ ਨਾ, ਭਾਰ ਲੱਗਦਾ ਹੈ ?
‘ਹੱਛਾ। ਇਹ ਵੀ ਭਾਰ ਹੁੰਦਾ ਹੈ, ਤੁਸੀਂ ਮੇਰੇ ਤੇ ਸਦੀਆਂ ਸਿਰ ਰਖੀ ਪਏ ਰਹੋ, ਮੈਂ ਕਦੇ ਨਾ ਆਖਾਂ ਭਾਰ ਲੱਗਦਾ ਹੈ। ਪਾਲ ਨੇ ਉਠ ਕੇ ਬਹਿੰਦਿਆਂ ਕਿਹਾ।
'ਕੁਝ ਖਾਣ ਨੂੰ ਲਿਆਂਦਾ ਹੈ ?'
'ਹਾਂ, ਪਰ ਗੱਡੀ ਵਿਚ ਹੀ ਪਿਆ ਹੈ। ਮੈਂ ਲਿਆਉਂਦੀ ਹਾਂ।'
ਉਹ ਉਠ ਕੇ ਚਲੀ ਗਈ। ਮੇਰੀਆਂ ਨਜ਼ਰਾਂ ਉਸ ਦੀ ਚਾਲ ਨਾਲ ਹੀ ਜਾ ਰਹੀਆਂ ਸਨ। ਦਸਾਂ ਕੁ ਮਿੰਟਾਂ ਪਿਛੋਂ ਆਉਂਦੀ ਦਿਸੀ। ਅੱਜ ਉਸ ਦੀ ਚਾਲ ਵਿਚ ਜਵਾਨੀ ਦੀ ਪੂਰਨ ਨਜ਼ਤ ਸੀ। ਜਵਾਨੀ ਸ਼ਰਾਬ ਤੋਂ ਨਸ਼ਾ ਤੇ ਨਸ਼ੇ ਤੋਂ ਰਸ ਬਣ ਚੁੱਕੀ ਸੀ । ਜੇ ਜਵਾਨੀ ਨੂੰ ਸਮੇਂ ਸਿਰ ਨਾ ਮਾਣਿਆ ਜਾਵੇ, ਤਦ ਵਲਵਲੇ ਦੇ ਜੋਸ਼ ਵਿਚ ਆ ਬੇਬਸੀ ਦੀ ਮੌਤ ਮਰ ਜਾਂਦੀ ਹੈ। ਉਹ ਨੇੜੇ ਆ ਗਈ, 'ਕੀ ਵੇਖਦੇ ਹੋ?'
'ਇਕ ਸਮੇਂ ਵਿਚ ਮੈਂ ਤੈਨੂੰ ਵੇਖਾਂ ਕਿ ਤੇਰੇ ਹੁਸਨ ਨੂੰ ?' ਤੇਰੀ ਜਵਾਨੀ ਨੂੰ ਜਾਚਾਂ ਕਿ ਉਸ ਦੇ ਵਾਰ ਸਹਾਰਾਂ ? ਅਫਸੋਸ ਇਸ ਗੱਲ ਦਾ ਹੈ ਕਿ ਮੈਂ ਵੇਖਦਾ ਸਭ ਕੁਝ ਹਾਂ, ਪਰ ਦਸ ਕੁਝ ਵੀ ਨਹੀਂ ਸਕਦਾ। ਸੁਹਜ: ਅੱਖਾਂ ਹਨ, ਜਿਹੜੀਆਂ ਵੇਖ ਸਕਦੀਆਂ ਹਨ। ਜਵਾਨੀ ਰਸ ਹੈ, ਜਿਹੜਾ ਚੂਸਿਆ ਜਾ ਸਕਦਾ ਹੈ। ਪਰ ਪਿਆਰ ਉਹ ਸੰਗੀਤ ਏ, ਜਿਹੜਾ ਗਾਇਆ ਨਹੀਂ ਜਾ ਸਕਦਾ। ਇਹ ਇਕ ਵਜਦ ਹੈ, ਜਿਹੜਾ ਅਕਹਿ ਹੈ। ਮੈਂ ਇਕ ਬ੍ਰਹਮੰਡ ਵੇਖ ਰਿਹਾ ਹਾਂ ਜਿਹੜਾ ਪਾਲ ਦੇ ਰੂਪ ਵਿਚ ਇਕੱਠਾ ਹੋ ਕੇ ਕਿਆਮਤ ਬਣ ਗਿਆ ਹੈ।
'ਮੇਰਾ ਮਸਤਾਨਾ!' ਪਾਲ ਨੇ ਪਿਆਰ ਵਿਚ ਆਖਦਿਆਂ ਆਪਣੀਆਂ ਬਾਹਾਂ ਫੈਲਾ ਦਿੱਤੀਆਂ। ਜਿਵੇਂ ਉਹ ਕਹਿ ਰਹੀ ਸੀ ਕਿ ਉਸ ਆਪਣੀ ਹਿੱਕ ਮੇਰੀ ਗਲਵਕੜੀ ਲਈ ਖਾਲੀ ਕਰ ਦਿੱਤੀ ਹੈ।
'ਤੈਨੂੰ ਪਿਆਰ ਦੀ ਦੇਵੀ ਆਖਾਂ ਕਿ ਸ਼ਕਤੀ ?'
'ਮੈਨੂੰ ਪਾਲ ਤੋਂ ਵਧ ਕੁਝ ਨਾ ਆਖੋ ।' ਉਸ ਸੰਤਰਾ ਪਾੜਦਿਆਂ ਕਿਹਾ।
'ਮੈਂ ਪਾਲ ਨੂੰ ਦੇਵ ਭਾਵ ਵਿਚ ਲਿਜਾਣਾ ਚਾਹੁੰਦਾ ਸਾਂ, ਪਰ ਉਹ ਇਸਤਰੀ ਹੈਸੀਅਤ ਵਿਚ ਹੀ ਪ੍ਰਸੰਨ ਸੀ। ਮੇਰੇ ਦਿਲ ਵਿਚ ਉਸ ਦੀ ਕਦਰ ਆਖਰੀ ਪੜਾਅ ਤੇ ਆ ਗਈ। ਉਸ ਸੰਤਰੇ ਦੀ ਇਕ ਫਾੜੀ ਬੁੱਲਾਂ ਨਾਲ ਲਿਆ ਲਾਈ, ਪ੍ਰੇਮ ਵਿਚ ਪਾਗਲ ਹੋਈ ਇਸਤਰੀ ਦੀ ਖੁਸ਼ੀ। ਮੈਂ ਮੂੰਹ ਨਾ ਖੋਲ੍ਹਿਆ ਅਤੇ ਉਸ ਨੂੰ ਹੱਸਦੀਆਂ ਅੱਖਾਂ ਨਾਲ ਵੇਖਦਾ ਰਿਹਾ। ਮੈਂ ਹਰ ਸੁਆਦ ਨੂੰ ਲੰਮੇਰੀ ਖੁਸ਼ੀ ਵਿਚ ਬਦਲ ਦੇਣਾ ਚਾਹੁੰਦਾ ਸਾਂ ।
'ਖਾਂ ਵੀ ਲਵੋ ਨਾ ?"
ਮੈਂ ਜਾਣਿਆ ਇਸ ਤੋਂ ਬਹੁਤੀ ਉਡੀਕ ਵੀ ਹੁਣ ਜਲਨ ਤੋਂ ਛਾਲਾ ਬਣ ਜਾਵੇਗੀ। ਮੇਰੇ ਬੁੱਲਾਂ ਨੇ ਫਾਤੀ ਫੜ ਲਈ ਅਤੇ ਰਸ ਨੂੰ ਚੂਸ, ਪਿਆਰ ਦੇ ਕਿਸੇ ਰਸ ਮੰਡਲ ਨੂੰ ਜਾ ਛੋਹਿਆ। ਮੈਂ ਉਸ ਤੋਂ ਅੱਧਾ ਸੰਤਰਾ ਖੋਹਦਿਆਂ ਇਕ ਫਾੜੀ ਛਿਲਣੀ ਸ਼ੁਰੂ ਕੀਤੀ।
'ਤੁਸੀਂ ਖੁਆਉਣ ਜਾਣਦੇ ਹੋ, ਖਾਣ ਨਹੀਂ, ਹੈ ਨਾ ?' ਮੁੜ ਮੈਂ ਉਸ ਦਾ ਹੱਥ ਘੁਟਦਿਆਂ ਕਿਹਾ, 'ਲਓ ਖਾ ਲਓ, ਮੈਂ ਪਿਆਰ ਨਾਲ ਦਿੰਦਾ ਹਾਂ।'
'ਪਿਆਰ ਨਾਲ ਤੇ ਭਾਵੇਂ ਤੁਸੀਂ ਜ਼ਹਿਰ ਦੇਵੋ, ਮੈਂ ਇਕੋ ਡੀਕ ਨਾਲ ਹੀ ਪੀ ਜਾਵਾਂਗੀ।
ਉਸ ਫਾੜੀ ਫੜ ਕੇ ਖਾ ਲਈ। ਅਸੀਂ ਕਿੰਨੇ ਹੀ ਸੰਤਰੇ ਪਾੜ ਛੱਡੇ। ਪਿਛੋਂ ਨਦੀ ਦੇ ਪਾਣੀ ਨਾਲ ਹੱਥ ਮੂੰਹ ਧੋਤੇ।
'ਮੈਂ ਕਿਹਾ ਪ੍ਰਿਯਾ। ਤੁਸੀਂ ਨਾ ਮੂੰਹ ਧੋਵੋ ?"
'ਕਿਉਂ?'
'ਸੋਹਜ, ਸੋਹਜ ਤੋਂ ਵਧ ਹੋਰ ਕੀ ਹੋ ਜਾਵੇਗਾ।'
'ਇਹ ਤੇ ਮਖ਼ੌਲ ਤੁਸੀਂ ਮੈਨੂੰ ਤਦ ਕਰੋ, ਜੇ ਤੁਸੀਂ ਘਟ ਸੋਹਣੇ ਹੋਵੇ।'
'ਮੈਂ ਵੀ ਸੁਹਣਾ ਹਾਂ ?' ਮੈਂ ਹਾਸੇ ਨਾਲ ਕਿਹਾ।
'ਆਪਣਾ ਹੁਸਨ ਆਪ ਨੂੰ ਹੀ ਸਹੀ ਦਿਸਦਾ ਹੁੰਦਾ।'
'ਸ਼ੀਸ਼ੇ ਤੇ ਨਦੀ ਤੇ ਪਾਣੀ ਵਿਚ ਤਾਂ ਦੇਖਿਆ ਹੀ ਜਾ ਸਕਦਾ ਹੈ।' ਮੈਂ ਪਾਣੀ ਵਿਚ ਵੇਖਦਿਆਂ ਕਿਹਾ।
'ਸ਼ੀਸ਼ਾ ਦੇ ਨਦੀ ਦਾ ਪਾਣੀ ਹੁਸਨ ਨਾਲ ਪੂਰਨ ਇਨਸਾਫ਼ ਨਹੀਂ ਕਰਦੇ ਇਸ ਦਾ ਸਹੀ ਮੁੱਲ ਪ੍ਰਿਯਾ ਦੀਆਂ ਅੱਖਾਂ ਹੀ ਪਾ ਸਕਦੀਆਂ ਹਨ।
'ਉਇ ਲੋਹੜਾ! ਮੈਂ ਉੱਠਦਿਆਂ ਕਿਹਾ। 'ਚਲੋ ਚਲੀਏ, ਕਿਤੇ ਵਕਤ ਹੀ ਨਾ ਹੋ ਜਾਵੇ।
'ਫਿਰ ਕਿਹੜੀ ਆਖ਼ਰ ਆ ਜਾਵੇਗੀ।'
'ਫੌਜੀ ਹੁਕਮ ਦੇ ਵਧੇਰੇ ਪਾਬੰਦ ਹੁੰਦੇ ਹਨ।‘
ਅਸੀਂ ਖੁਸ਼ੀ ਵਿਚ ਤੁਰਦੇ ਤੁਰਦੇ ਗੱਡੀ ਕੋਲ ਆਏ। ਡਰਾਈਵਰ ਤਾਕੀ ਤੇ ਸਿਰ ਰਖੀ ਸੌਂ ਰਿਹਾ ਸੀ। ਉਸ ਨੂੰ ਜਗਾਇਆ ਤੇ ਉਸ ਛੇਤੀ ਨਾਲ ਤ੍ਰਭਕਿਆ, ਜਿਵੇਂ ਕੋਈ ਭੈੜਾ ਸੁਪਨਾ ਦੇਖ ਕੇ ਜਾਗਦਾ ਹੈ। ਗੱਡੀ ਉਸ ਸਿੱਧੀ ਕੀਤੀ ਅਤੇ ਅਸੀਂ ਚੜ੍ਹ ਗਏ। ਪਾਲ ਨੇ ਉਸ ਨੂੰ ਹੌਲੀ ਹੌਲੀ ਚਲਾਉਣ ਨੂੰ ਕਿਹਾ।
13
ਸਵੇਰੇ ਉੱਠਦੇ ਨੂੰ ਇਕ ਤਾਰ ਮਿਲੀ, 'ਹਰਬੰਸ ਟਾਈਫਾਈਡ ਨਾਲ ਬਿਮਾਰ ਹੈ, ਤੈਨੂੰ ਮਿਲਣਾ ਚਾਹੁੰਦਾ ਹੈ।
ਛੋਟੇ ਭਰਾ ਦੇ ਬਿਮਾਰ ਹੋਣ ਨੇ ਮੈਨੂੰ ਘਰ ਲਈ ਤੜਪਾ ਦਿੱਤਾ, ਭਾਵੇਂ ਮੈਂ ਉਥੇ ਪਿਛਲੀ ਛੁੱਟੀ ਮਾਯੂਸ ਕਟ ਕੇ ਆਇਆ ਸਾਂ। ਮਾਂ ਜਾਏ ਦਾ ਮੋਹ ਇਕ ਦੈਵੀ ਖਿਚ ਰਖਦਾ ਹੈ। ਮੋਹ ਆਪ ਇਕ ਖਿੱਚ ਹੈ। ਮੈਂ ਪਾਲ ਨੂੰ ਤਾਰ ਬਾਰੇ ਸਭ ਕੁਝ ਦੱਸਿਆ। ਅਸਾਂ ਡਾਕਟਰ ਦੀ ਵੀ
ਸਲਾਹ ਲਈ। ਉਸ ਵਿਸ਼ਵਾਸ ਦੁਆਇਆ ਕਿ ਛੁੱਟੀ ਇਕ ਦੋ ਦਿਨਾਂ ਵਿਚ ਉਹ ਮਨਜ਼ੂਰ ਕਰਵਾ ਦੇਵੇਗਾ।
ਸਿਹਤ ਮੇਰੀ ਲਗਪਗ ਠੀਕ ਹੋ ਚੁੱਕੀ ਸੀ । ਤਾਰ ਨੇ ਇਕ ਤਰ੍ਹਾਂ ਫ਼ਿਕਰ ਜਿਹਾ ਪਾ ਦਿੱਤਾ। ਮੈਂ ਕਾਹਲਾ ਸਾਂ ਕਿ ਕਦੋਂ ਛੁੱਟੀ ਮਿਲੇ ਤੇ ਉੱਡ ਕੇ ਮਾਤ-ਭੂਮੀ ਜਾ ਪਹੁੰਚਾਂ। ਰਾਮੂੰ ਝਾੜੂ ਵਾਲੇ ਨੇ ਆ ਕੇ ਦੱਸਿਆ ਕਿ ਤੁਹਾਡੇ ਫੌਜੀ ਮਿੱਤਰ ਤੁਹਾਨੂੰ ਮਿਲਣ ਆਏ ਹਨ ਅਤੇ ਦੋ ਨੰਬਰ ਵਾਰਡ ਵਿਚ ਉਡੀਕਦੇ ਹਨ। ਮੈਂ ਉਨ੍ਹਾਂ ਨੂੰ ਮਿਲਣ ਚਲਿਆ ਗਿਆ। ਮੈਨੂੰ ਵੇਖ ਕੇ ਉਹ ਸਾਰੇ ਮੁਸਕਰਾ ਪਏ ਅਤੇ ਮੇਰੀ ਕੋਈ ਗੱਲ ਸੁਣਨ ਜਾਂ ਜਵਾਬ ਦੀ ਉਡੀਕ ਤੋਂ ਬਗੈਰ ਹੀ ਕਈ ਗੱਲਾਂ ਕਰਦੇ ਗਏ। 'ਇਹਦੀ ਬਈ ਨਰਸ ਨਾਲ ਯਾਰੀ ਲਗ ਗਈ ਹੈ, ਇਹ ਹੁਣ ਕਦੋਂ ਆਪਾਂ ਨੂੰ ਸਿਆਣਦਾ ਹੈ।'
'ਅਸੀਂ ਚਾਲੀ ਮੀਲ ਤੋਂ ਖ਼ਬਰ ਲੈਣ ਮਸਾਂ ਸਾਹਬ ਤੋਂ ਛੁੱਟੀ ਲੈ ਕੇ ਆਏ ਹਾਂ। ਤੂੰ ਨਰਸ ਦੇ ਘਰੋਂ ਨਹੀਂ ਨਿਕਲਿਆ, ਦੋ ਘੰਟੇ ਹੋ ਗਏ। ਉਡੀਕਦਿਆਂ ਨੂੰ।'
ਮੈਂ ਹਸਦੇ ਨੇ ਉੱਤਰ ਦਿੱਤਾ, 'ਮਿੱਤਰੋ! ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ।'
'ਗੱਲਾਂ ਗਰਾਈਂ ਸੱਚੀਆਂ ਕਰਦੇ ਹਾਂ।'
'ਮੈਨੂੰ ਜੇ ਕੋਈ ਨਰਸ ਮਿਲਣ ਦੀ ਝਾਕ ਹੋਵੇ, ਤਦ ਨਿੱਤ ਜ਼ਖ਼ਮੀ ਹੋਵਾਂ। ਇਕ ਹੋਰ ਬੋਲਿਆ।
'ਉਂਜ ਤੇ ਤਕੜਾ ਏਂ ਹੁਣ ?'
'ਹਾਂ ਬਿਲਕੁਲ।' ਮੈਂ ਉੱਤਰ ਦਿੱਤਾ।
ਮੇਰੇ ਨਾਲ ਦੇ ਵੀ ਕਈ ਜ਼ਖ਼ਮੀ ਹੋਏ ਹੋਏ ਸਨ, ਜਿਹੜੇ ਉਸੇ ਹਸਪਤਾਲ ਵਿਚ ਰਾਜ਼ੀ ਹੋ ਰਹੇ ਸਨ। ਇਨ੍ਹਾਂ ਖ਼ਬਰ ਲੈਣ ਆਇਆ ਵਿਚ ਮਾਤਾ ਦੇ ਦਾਗਾਂ ਵਾਲਾ ਜ਼ਿਲ੍ਹੇ ਦਾ ਗਰਾਈਂ ਵੀ ਆਇਆ ਹੋਇਆ ਸੀ। ਉਹ ਵੀ ਮੁਸਕਰਾ ਮੁਸਕਰਾ ਗੱਲਾਂ ਸੁਣ ਰਿਹਾ ਸੀ। ਇਕ ਖੋਚੜ ਨੇ ਮੈਨੂੰ ਕਿਹਾ, 'ਮਿੱਤਰ। ਸਾਡੀ ਵੀ ਸਾਂਝ ਪੁਆ ਲੈ, ਨਹੀਂ ਤਾਂ ਤੇਰਾ ਕੰਮ ਵਿਗਾੜ ਦੇਵਾਂਗੇ।'
'ਪਿਆਰ ਵੀ ਕਦੇ ਵੰਡਿਆ ਜਾਂਦਾ ਏ।' ਮੈਂ ਉੱਤਰ ਦਿੱਤਾ।
'ਦਰੋਪਤੀ ਪੰਜਾਂ ਨੇ ਸਾਂਭੀ ਸੀ।
'ਇਕ ਮਰਦ ਨਾਰੀ ਕਦੋਂ ਦੇਂਦਾ ਹੈ।'
'ਜੇ ਸਿਧੇ ਹੱਥੀਂ ਨਹੀਂ ਦਿੰਦਾ, ਤਦ ਨਿਹੰਗਾਂ ਵਾਲਾ ਹੱਲਾ ਬੋਲੋ।'
ਮੈਂ ਉਨ੍ਹਾਂ ਨੂੰ ਚਮਕਾਉਣ ਲਈ ਕਿਹਾ, 'ਅਸੀਂ ਦੋਵੇਂ ਪਰਸੋਂ ਦੇਸ਼ ਨੂੰ ਛੁੱਟੀ ਕੱਟਣ ਜਾ ਰਹੇ ਹਾਂ।
ਫੌਜੀ ਇਹ ਗੱਲ ਸੁਣ ਕੇ ਚੀਕ ਉਠੇ। '
ਵਾਰਸ ਸ਼ਾਹ ਹੈ ਕੌਣ ਸ਼ਰੀਕ ਉਸ ਦਾ
ਜਿਸ ਦਾ ਰੱਬ ਨੇ ਕੰਮ ਸਵਾਰਿਆ ਈ।'
ਫਿਰ ਤੂੰ ਜਿਉਂਦਾ ਨਹੀਂ ਦੇਸੋਂ ਆ ਸਕਦਾ, ਅਵਲ ਤੇ ਘਰ ਤੱਕ ਹੀ ਨਹੀਂ ਪੁੱਜਦਾ :-
ਏਸ ਇਸ਼ਕ ਦਰਿਆ ਦੇ ਵਹਿਣ ਡੂੰਘੇ,
ਤਾਰੂ ਡੁੱਬਦੇ ਅੱਧ ਵਿਚਕਾਰ ਜਾ ਕੇ।'
'ਨਰਸ ਨਾਲ ਮੌਜਾਂ ਮਾਣ ਲੈਂਦਾ ਜੇ ਪਿਆਰ ਮੋਰਚੇ ਤੋਂ ਅੱਧ-ਮਰੇ ਨੂੰ ਨਾ ਚੁੱਕ ਕੇ ਲਿਆਉਂਦਾ । ਇਕ ਫੌਜੀ ਨੇ ਮੈਨੂੰ ਮਾਤਾ ਦੇ ਦਾਗਾਂ ਵਾਲੇ ਗਰਾਈਂ ਵਲ ਇਸ਼ਾਰਾ ਕਰਦਿਆਂ ਕਿਹਾ।
'ਕੀ ਭਰਾ ਤੇਰਾ ਨਾਮ ਹੀ ਪਿਆਰਾ ਹੈ ?" ਮੈਂ ਉਸ ਗਰਾਈ ਨੂੰ ਨਿਰਮਾਣ ਜਿਹਾ ਹੋ ਕੇ ਕਿਹਾ।
'ਹਾਂ ਵੀਰ ਮੇਰਾ ਹੀ ਭੈੜਾ ਜਿਹਾ ਨਾਂ ਪਿਆਰਾ ਹੈ।
'ਮੈਂ ਤੇਰਾ ਇਹ ਅਹਿਸਾਨ ਸਾਰੀ ਉਮਰ ਨਹੀਂ ਭੁੱਲ ਸਕਦਾ। ਮੈਨੂੰ ਆਪਣਾ ਪਿੰਡ ਦੱਸ, ਮੈਂ ਤੇਰੇ ਘਰਦਿਆਂ ਨੂੰ ਤੇਰੀ ਸੁਖ ਸਾਂਦ ਜਾ ਕੇ ਦੱਸਾਂਗਾ।'
'ਮੇਰਾ ਪਿੰਡ ਤਾਂ ਕੋਕਰੀ ਹੈ, ਪਰ ਘਰ ਮੇਰੀ ਸੁੱਖ ਸਾਂਦ ਦਸਣ ਦੀ ਲੋੜ ਨਹੀਂ।
ਮੈਂ ਕੋਕਰੀ ਪਿੰਡ ਦਾ ਨਾਂ ਸੁਣ ਕੇ ਹੈਰਾਨ ਹੋ ਗਿਆ।
'ਨਾ ਭਰਾ। ਮਾਂ ਬਾਪ ਤੇ ਭੈਣ ਭਰਾਵਾਂ ਦੇ ਦਿਲ ਲੜਾਈ ਵਿਚ ਗਏ ਆਪਣੇ ਸਬੰਧੀ ਲਈ ਸਦਾ ਤੜਫਦੇ ਰਹਿਦੇ ਹਨ।
'ਜੇ ਤੁਸੀਂ ਕੁਝ ਸੁਨੇਹਾ ਲੈ ਕੇ ਜਾਣਾ ਚਾਹੁੰਦੇ ਹੋ, ਤਦ ਏਧਰ ਅੱਡ ਹੋ ਕੇ ਸੁਣ ਲਵੋ। ਮੇਰੇ ਦਿਲ ਇਕੋ ਹੀ ਆਰਜੂ ਬਾਕੀ ਹੈ।
ਇਕ ਸਿਪਾਹੀ ਨੇ ਕਿਹਾ, 'ਸਿੱਧਾ ਨਹੀਂ ਕਹਿੰਦਾ ਕਿ ਬਹੁਟੀ-ਹਰੇਵੇਂ ਵਿਚ ਨੀਂਦ ਨਹੀਂ ਪੈਦੀ, ਹੋਰ ਆਰਜੂ ਦਿਲ ਟੈਰ ਦੀ ਹੈ।
"ਓਇ ਜਦੋਂ ਕੋਈ ਨਾਲ ਦਾ ਛੁੱਟੀ ਜਾਵੇ, ਤੀਵੀਆਂ ਵਾਲਿਆਂ ਦੇ ਦਿਲ ਐਵੇਂ ਵਿਸੂ ਵਿਸੂ ਕਰਨ ਲਗ ਪੈਂਦੇ ਐ।
ਅਸੀਂ ਦੋਵੇਂ ਬਾਹਰ ਇਕ ਬ੍ਰਿਛ ਕੋਲ ਆ ਬੈਠੇ। ਮੈਂ ਉਸ ਨੂੰ ਕਿਹਾ, 'ਦੱਸੋ ਭਰਾ ਜੀ ਕੀ ਹੁਕਮ ਹੈ। ਵੈਸੇ ਮੈਂ ਕੋਈ ਤੁਹਾਡਾ ਕੰਮ ਹੋਵੇ ਕਰਨ ਨੂੰ ਤਿਆਰ ਹਾਂ। ਪਰ ਮੇਰੀ ਜਾਨ ਬਚਾਣ ਦਾ ਅਹਿਸਾਨ ਜੋ ਤੁਸਾਂ ਕੀਤਾ ਹੈ, ਉਹ ਤਾਂ ਮੈਂ ਸਾਰੀ ਉਮਰ ਨਹੀਂ ਉਤਾਰ ਸਕਾਂਗਾ ।
'ਸੁਨੇਹਾ ਵੀਰ ਕੋਈ ਨਹੀਂ। ਮੈਂ ਬੜਾ ਪਾਪੀ ਹਾਂ, ਮੈਂ ਚਾਹੁੰਦਾ ਹਾਂ ਜਿਉਂਦਾ ਵਾਪਸ' ਨਾ ਜਾਵਾਂ।
'ਕਿਉਂ ਭਰਾ ਇਉ ਕਿਉਂ ਆਖਦਾ ਏ ?'
'ਨਹੀਂ ਓ ਗਰਾਈਂ। ਮੈਨੂੰ ਕਰੜੀਆਂ ਸਜਾਵਾਂ ਮਿਲਣੀਆਂ ਚਾਹੀਦੀਆਂ ਹਨ। ਕਾਸ਼ । ਮੈਨੂੰ ਪਹਿਲੋਂ ਕੁਝ ਸੋਝੀ ਹੁੰਦੀ ।
'ਆਖਰ ਦਸੇਂ ਵੀ ਕੁਝ ?'
'ਪਹਿਲੋਂ ਤੁਸੀਂ ਮੈਨੂੰ ਆਪਣਾ ਪਿੰਡ ਦਸੋ। ਫਿਰ ਮੈਂ ਤੁਹਾਨੂੰ ਸੁਨੇਹਾ ਦੇਵਾਂਗਾ। ਪਿਆਰਾ ਬੜਾ ਦੁਖੀ ਹੋ ਕੇ ਗੱਲਾਂ ਕਰ ਰਿਹਾ ਸੀ।
'ਮੇਰਾ ਪਿੰਡ ਛੀਨਾ ਹੈ।'
'ਤੁਸੀਂ ਤੇ ਬਿਲਕੁਲ ਸਾਡੇ ਲਾਗ ਦੇ ਹੋ।' ਉਸ ਹੱਥ ਮਿਲਾਂਦਿਆਂ ਕਿਹਾ, 'ਭਰਾ! ਸੁਨੇਹਾ ਕੋਈ ਨਹੀਂ ਇਕ ਪ੍ਰਾਰਥਨਾ ਹੈ। ਤੂੰ ਮੇਰੀ ਖ਼ਾਤਰ ਏਨਾ ਕੰਮ ਜ਼ਰੂਰ ਕਰੀਂ। ਤੁਹਾਡੇ ਪਿੰਡ ਤੋਂ ਤਲਵੰਡੀ ਤਿੰਨ ਮੀਲ ਹੈ। ਓਥੇ ਸੇਵਾ ਸਿੰਘ ਦੀ ਲੜਕੀ ਪ੍ਰਿਤਪਾਲ ਨੂੰ... ਉਹ ਚੁੱਪ ਹੋ ਗਿਆ।
ਮੇਰੀ ਏਨੀ ਗੱਲ ਸੁਣ ਕੇ ਹੈਰਾਨੀ ਵਿਚ ਹੋਸ਼ ਟਿਕਾਣੇ ਨਾ ਰਹੀ। ਪਰ ਆਪੇ ਤੇ ਮੁਸ਼ਕਲ ਨਾਲ ਕਾਬੂ ਪਾਉਂਦਿਆਂ ਕਿਹਾ, 'ਹਾਂ ਉਸ ਨੂੰ ਕੀ ਕਹਾਂ ?'
'ਉਸ ਨੂੰ ਬੇਨਤੀ ਕਰੀਂ ਕਿ ਪਿਆਰਾ ਸਿੰਘ ਕੋਕਰੀ ਵਾਲਾ ਈਸ਼ਵਰ ਨੂੰ ਸਾਖੀ ਜਾਣ ਕੇ ਆਪਣੇ ਗੁਨਾਹਾਂ ਦੀ ਤੇਰੇ ਪਾਸੋਂ ਮੁਆਫ਼ੀ ਮੰਗਦਾ ਹੈ। ਮੈਂ ਮੁੜ ਕੇ ਦੇਸ ਉੱਕਾ ਹੀ ਆਉਣਾ ਨਹੀਂ ਚਾਹੁੰਦਾ। ਮੈਂ ਤੇਰੇ ਤੇ ਬਹੁਤ ਜ਼ੁਲਮ ਕੀਤੇ ਹਨ, ਪਰ ਜੇ ਤੂੰ ਮੈਨੂੰ ਮੁਆਫ਼ ਨਾ ਕੀਤਾ, ਮੇਰੀ ਜਾਨ ਸੁਖਾਲੀ ਨਾ ਨਿਕਲ ਸਕੇਗੀ। ਮੈਂ ਤੇਰੇ ਮੱਥੇ ਨਹੀਂ ਲਗ ਸਕਦਾ। ਮੈਨੂੰ ਬਖਸ਼ ਦੇਵੀਂ ਇਕ ਪਾਪੀ ਨੂੰ ਜ਼ਰੂਰ ਬਖਸ਼ ਦੇਵੀਂ। ਮੈਂ ਆਪਣੀਆਂ ਕੀਤੀਆਂ ਦਾ ਫਲ ਪਾ ਚੁੱਕਾ ਹਾਂ, ਘਰ ਬਾਹਰ ਸਭ ਬਰਬਾਦ ਹੋ ਗਿਆ ਹੈ।
ਪਿਆਰਾ ਸਿੰਘ ਰੋ ਰਿਹਾ ਸੀ ਮੇਰੀ ਹਾਲਤ ਪਾਗਲਾਂ ਵਰਗੀ ਸੀ। ਮੈਨੂੰ ਥੋੜ੍ਹਾ ਸ਼ੱਕ ਇਸ ਤੇ ਪਾਲ ਦਾ ਪਤੀ ਹੋਣ ਦਾ ਪੈ ਰਿਹਾ ਸੀ। ਮੈਂ ਸੰਭਲਦਿਆਂ ਹੋਇਆ ਉਸ ਨੂੰ ਦਿਲਾਸਾ ਦੇਣਾ ਚਾਹਿਆ, 'ਜ਼ਰਾਂ ਤੁਸੀਂ ਰੋਵੋ ਨਾ, ਮੈਂ ਉਸ ਨੂੰ ਸਭ ਕੁਝ ਤੁਹਾਡੇ ਵਲੋਂ ਦੱਸਾਂਗਾ। ਤੁਸੀਂ ਆਪਣੀ ਸਾਰੀ ਵਿਥਿਆ ਸੁਣਾਓ।' ਮੈਂ ਅੰਦਰੋਂ ਅੰਦਰ ਕੰਬ ਰਿਹਾ ਸਾਂ।
'ਮੈਂ ਭਰਾ, ਉਸ ਬੇ-ਗੁਨਾਹ ਨੂੰ ਘਰੋਂ ਧੱਕਾ ਦਿੱਤਾ। ਘਰ ਵਾਲਿਆਂ ਦੀ ਚੁੱਕ ਵਿਚ ਆ ਕੇ ਦੂਜਾ ਵਿਆਹ ਕਰਵਾ ਲਿਆ। ਘਰ ਦੇ ਲਾਲਚ ਨੂੰ ਮਰਦੇ ਸਨ। ਦਿਲੋਂ ਮੈਂ ਵਿਆਹ ਕਰ ਕੇ ਉੱਕਾ ਹੀ ਰਾਜੀ ਨਹੀਂ ਸੀ । ਹੁਣ ਵਾਲੀ ਇਕ ਸਦੀਵ ਰੋਗ ਦੀ ਮਾਰੀ ਹੋਈ ਹੈ। ਉਸ ਦਾ ਤਾਪ ਨਹੀਂ ਹਟਦਾ। ਕੋਈ ਤਪਦਿਕ ਆਖਦਾ ਹੈ ਕੋਈ ਕੁਝ। ਮੇਰਾ ਦਿਲ ਟੁੱਟ ਗਿਆ। ਮੈਂ ਘਰ ਪਾਲ ਨੂੰ ਲਿਆਉਣ ਲਈ ਗੱਲ ਤੋਰੀ, ਬਾਪੂ ਨੇ ਲਾਲ ਪੀਲੀਆਂ ਅੱਖਾਂ ਕੱਢ ਖ਼ਾਮੋਸ਼ ਕਰ ਦਿੱਤਾ। ਮੈਂ ਚੋਰੀ ਦੋ ਵਾਰ ਪਾਲ ਨੂੰ ਮਿਲਣ ਦਾ ਯਤਨ ਕੀਤਾ, ਪਰ ਉਹ ਪਿੰਡ ਨਹੀਂ ਸੀ। ਉਸ ਵੇਲੇ ਮੈਨੂੰ ਉਸ ਦੀਆਂ ਨੇਕੀਆਂ ਯਾਦ ਆਉਣ ਲਗੀਆਂ। ਕਦੇ ਸਾਹਮਣੇ ਨਾ ਬੋਲਣਾ, ਸਦਾ ਕੰਮ ਵਿਚ ਜੁਟੇ ਰਹਿਣਾ, ਮੇਰੀ ਅਤਿ ਦੀ ਸੇਵਾ ਕਰਨੀ। ਓਹ! ਮੈਂ ਕਿੱਡਾ ਪੱਥਰ ਦਿਲ ਨਿਕਲਿਆ। ਮੈਂ ਸਰਦਾਰ ਜੀ ਬਹੁਤ ਪਾਪੀ ਹਾਂ ।
ਉਹ ਫਿਰ ਰੋ ਪਿਆ। ਮੇਰੀ ਸਮਝ ਕੋਈ ਫੈਸਲਾ ਨਾ ਕਰ ਸਕੀ ਕਿ ਮੈਂ ਹੁਣ ਕਿਸੇ ਪਾਸੇ ਨੂੰ ਨਿਕਲਾ। ਉਸ ਫਿਰ ਹਿਚਕੀਆਂ ਲੈਂਦਿਆਂ ਕਿਹਾ, 'ਬਸ ਭਰਾ। ਮੈਨੂੰ ਉਸ ਤੋਂ ਮੁਆਫ਼ੀ ਦੁਆ ਦੇਵੀਂ। ਆਖ ਦੇਵੀ ਕਿ ਉਹ ਆਪਣੇ ਗੁਨਾਹਾਂ ਤੇ ਝੂਰਦਾ ਮਰੇਗਾ। ਘਰਦਿਆਂ ਨੂੰ ਮੇਰਾ ਕੋਈ ਸੁਨੇਹਾ ਨਹੀਂ।
'ਭਰਾ ਤੂੰ ਭਰਤੀ ਕਿਉਂ ਹੋਇਆ, ਕਿਉਂ ਨਾ ਉਸ ਨੂੰ ਮਿਲਣ ਦਾ ਹੋਰ ਯਤਨ ਕੀਤਾ ?
'ਘਰ ਦੇ ਉਸ ਨੂੰ ਲਿਆਉਣ ਬਾਰੇ ਨਾ ਮੰਨੇ ਅਤੇ ਪੈਸਿਆਂ ਦੀ ਆਸ ਤੇ ਬੈਠੇ ਰਹੇ। ਮੈਂ ਗੁੱਸੇ ਹੋ ਕੇ ਭਰਤੀ ਹੋ ਗਿਆ, ਕਿਉਂਕਿ ਵੈਲਾਂ ਵਿਚ ਪੈ ਕੇ ਘਰ ਵਿਚ ਫੁਟੀ ਕੌਡੀ ਵੀ ਨਹੀਂ ਸੀ ਰਹੀ। ਫਿਰ ਮਗਰੋਂ ਆਖਣ ਛੇਤੀ ਨਾਂਵਾਂ ਕਟਵਾ। ਮੈਨੂੰ ਦੋ ਸਾਲ ਭਰਤੀ ਹੋਏ ਨੂੰ ਹੋ ਗਏ, ਮੈਂ ਪਿੰਡ ਉੱਕਾ ਹੀ ਛੁੱਟੀ ਨਹੀਂ ਗਿਆ। ਏਥੇ ਉਸ ਦੀ ਸੇਵਾ ਤੇ ਯਾਦ ਵਧੇਰੇ ਸਤਾਉਣ ਲਗੀਆਂ। ਹੁਣ ਤੇ ਇਉਂ ਦਿਲ ਕਰਦਾ ਹੈ ਕਿ ਮੌਤ ਆਵੇ ਤੇ ਛੇਤੀ ਇਕ ਪਾਪੀ ਨੂੰ ਉਸ ਦੇ ਪਾਪਾਂ ਦੀ ਸਜ਼ਾ ਮਿਲੇ। ਉਹ ਜੋ ਕੁਝ ਆਖੀ ਜਾ ਰਿਹਾ ਸੀ, ਮੈਂ ਉਹ ਕੁਝ ਸੁਣ ਨਹੀਂ ਸਾਂ ਰਿਹਾ। ਉਸ ਦੇ ਗੁਨਾਹਾਂ ਤੇ ਪਛਤਾਵੇ ਦੀ ਤਾਂ ਕਦਰ ਕਰ ਰਿਹਾ ਸਾਂ। ਕਿਉਂਕਿ ਇਸ ਤਰ੍ਹਾਂ ਪਾਲ ਦਾ ਹਰ ਗੱਲੋਂ ਬੇ-ਦਾਗ ਹੋਣਾ ਸਾਬਤ ਹੁੰਦਾ ਸੀ। ਪਰ ਦਿਲ ਵਿਚ ਵਿਚ ਬਹਿੰਦਾ ਜਾ ਰਿਹਾ ਸੀ।
'ਉਹ ਤੁਹਾਨੂੰ ਜ਼ਰੂਰ ਮੁਆਫ਼ ਕਰ ਦੇਵੇਗੀ।'
'ਮੈਂ ਤੇਰਾ ਬੜਾ ਹੀ ਧੰਨਵਾਦੀ ਹੋਵਾਂਗਾ।
'ਪਰ ਇਹ ਵੀ ਭਰਾ ਬੜਾ ਚੰਗਾ ਹੋਣਾ ਸੀ, ਜੇ ਤੂੰ ਮੈਨੂੰ ਮੋਰਚੇ ਤੇ ਹੀ ਮਰ ਜਾਣ ਦਿੰਦਾ । ਮੈਂ ਹਾਉਕਾ ਲੈਂਦਿਆ ਕਿਹਾ।
'ਇਉਂ ਕਿਉਂ ਆਖਦਾ ਏਂ ਵੀਰਾ। ਹੁਣ ਤੇ ਤੈਨੂੰ ਸਕਿਆਂ ਭਰਾਵਾਂ ਵਾਂਗ ਪਿਆਰ ਕਰਿਆ ਕਰਾਂਗਾ।
'ਮੇਰੀ ਦੁਖ-ਭਰੀ ਕਹਾਣੀ ਨੇ ਮੇਰੇ ਸੁੱਤੇ ਦੁਖ ਜਗਾ ਦਿੱਤੇ ਹਨ।'
'ਮੇਰੇ ਵਰਗਾ ਤੇ ਦੁਸ਼ਮਣ ਵੀ ਔਖਾ ਨਾ ਹੋਵੇ।'
ਮੇਰਾ ਮਨ ਆਖ ਰਿਹਾ ਸੀ, 'ਦੁਸ਼ਮਣ ਤਾਂ ਤੇਰੇ ਸਾਹਮਣੇ ਬੈਠਾ ਹੈ। ਜ਼ਾਲਮਾ! ਮੋਰਚੇ ਤੋਂ ਬਚਾ ਕੇ ਤੂੰ ਮੇਰੇ ਸਿਰ ਇਕ ਹੋਰ ਅਹਿਸਾਨ ਚਾੜ੍ਹ ਦਿੱਤਾ । ਤੂੰ ਤਾਂ ਮੇਰੇ ਜੀਵਨ ਦੇ ਸਭ ਦਰਵਾਜ਼ੇ ਬੰਦ ਕਰ ਦਿੱਤੇ ਹਨ। 'ਇਹ ਤੁਹਾਡਾ ਸੰਦੇਸ਼ ਉਸ ਤੱਕ ਜ਼ਰੂਰ ਪੁਜ ਜਾਵੇਗਾ ਪਰ ਤੁਸੀਂ ਆਪਣਾ ਪਤਾ ਲਿਖਾ ਦੇਵੋ।
ਉਸ ਆਪਣਾ ਪਤਾ ਦੱਸਿਆ ਅਤੇ ਮੈਂ ਜ਼ਹਿਰ ਦਾ ਘੁਟ ਭਰ ਕੇ ਲਿਖ ਲਿਆ। ਓਥੋਂ ਉਠਦਿਆਂ ਮੈਂ ਆਪਣਾ ਆਪ ਮਸਾਂ ਸਾਂਭਿਆ। ਅਸੀਂ ਫਿਰ ਫੌਜੀਆਂ ਕੋਲ ਆਏ। ਮੇਰੀ ਹਾਲਤ ਚਿਰਾਂ ਦੇ ਰੋਗੀਆਂ ਵਰਗੀ ਹੋ ਗਈ ਸੀ। ਪਿਆਰੇ ਦਾ ਪਛਤਾਵਾ ਮੈਨੂੰ ਮਾਰ ਕੇ ਹੀ ਸੁੱਟ ਗਿਆ। ਫ਼ੌਜੀ ਆਪਣੇ ਸੁਭਾਅ ਤੋਂ ਮਜਬੂਰ ਬਕਣ ਲੱਗ ਪਏ। 'ਕਿਉਂ ਪਿਆਰਿਆ ਕਰ ਆਇਆ ਏਂ ਦਿਲ ਹੌਲਾ।' 'ਇਉਂ ਬੱਚੂ ਸੁਨੇਹਿਆਂ ਨਾਲ ਨਹੀਂ ਕੰਮ ਬਣਨਾ ਰਾਤੀ ਉਸ ਦੇ ਨਾਂ ਦਾ ਸਿਮਰਨ ਕਰਿਆ ਕਰ। ਅਸੀਂ ਦੋਵੇਂ ਚੁੱਪ ਸਾਂ। ਹੋਰ ਉਹਨਾਂ ਬੇਵਕੂਫ਼ਾਂ ਨੂੰ ਆਖਦੇ ਵੀ ਕੀ।
ਫੌਜੀ ਤਾਂ ਰੰਨ ਦੇ ਮੋਹ ਵਿਚ ਉਸ ਦੇ ਪੈਰੀਂ ਹੱਥ ਲਾਉਣ ਤਾਈਂ ਜਾਂਦਾ ਹੈ।'
'ਬਾਹਰ ਤਾਂ ਫ਼ੌਜੀ ਮੁਲਕਾਂ ਦੇ ਮੁਲਕ ਮਾਰ ਲੈਂਦਾ ਹੈ, ਪਰ ਘਰ ਤੀਵੀਂ ਅਗੇ ਕੰਨ ਨਹੀਂ ਖੁਰਕਦਾ।
ਦੋ ਚਾਰ ਹੋਰ ਏਧਰ ਓਧਰ ਦੀਆਂ ਗੱਲਾਂ ਮਾਰਨ ਪਿਛੋਂ ਖ਼ਬਰ ਲੈਣ ਆਏ ਮਿੱਤਰ, ਆਪਣੀਆਂ ਲਾਰੀਆਂ ਛੇਡ ਚਲੇ ਗਏ। ਮੈਂ ਉਹਨਾਂ ਤੋਂ ਵਿਦਾ ਹੋ ਕੇ ਕਮਰੇ ਨੂੰ ਆਇਆ। ਅਗੇ ਪਾਲ ਕੁਦਰਤੀ ਓਥੇ ਹੈ ਨਹੀਂ ਸੀ। ਮੈਂ ਮੰਜੇ ਤੇ ਪੈ ਕੇ ਬਹੁਤ ਰੋਇਆ।
ਹਾਏ ਰੱਬਾ। ਹੁਣ ਕੀ ਕਰਾਂ। ਪਾਲ ਨੂੰ ਸਦਾ ਲਈ ਉਸ ਦੀ ਜਾਣ ਕੇ ਭੁਲ ਜਾਵਾਂ? ਇਹ ਕਿਸ ਤਰ੍ਹਾਂ ਹੋ ਸਕਦਾ ਹੈ ? ਜੀਵਨ ਵਿਚ ਇਹੋ ਕੁਝ ਮਿਲਿਆ ਸੀ, ਬਸ ਹੁਣ ਇਹ ਵੀ ਤਿਆਗ ਦੇਵਾਂ ? ਜਮੀਰ ਨੂੰ ਵੀ ਧੋਖਾ ਨਹੀਂ ਦੇ ਸਕਦਾ। ਪਿਆਰੇ ਨੇ ਆਪਣੇ ਗੁਨਾਹਾਂ ਦਾ ਸੱਚੇ ਦਿਲੋਂ ਇਕਬਾਲ ਕਰ ਲਿਆ ਹੈ। ਕੌਣ ਹੈ ਜੋ ਮਨੁੱਖ ਹੋ ਕੇ ਗਲਤੀਆਂ ਨਹੀਂ ਕਰਦਾ । ਉਹ ਪਾਲ ਦੇ ਪਿਆਰ ਵਿਚ ਖਿੱਚਿਆ ਮੌਤ ਦੇ ਦਰ ਆ ਗਿਆ ਹੈ। ਇਸ ਤੋਂ ਬਹੁਤਾ ਇਕ ਪ੍ਰੇਮੀ ਕਿਸੇ ਨੂੰ ਕੀ ਯਾਦ ਕਰ ਸਕਦਾ ਹੈ।
ਕੀ ਮੈਂ ਪਾਲੇ ਨੂੰ ਸੱਚੇ ਦਿਲੋਂ ਨਹੀਂ ਪਿਆਰ ਕਰਦਾ? ਮੇਰੀ ਜ਼ਿੰਦਗੀ ਤਾਂ ਉਸ ਦੀ ਮੁਹੱਬਤ ਵਿਚ ਬਿਲਕੁਲ ਸਾਰੀਆਂ ਮੰਜ਼ਲਾਂ ਮਾਰ ਕੇ ਖ਼ਤਮ ਹੋ ਚੁੱਕੀ ਹੈ। ਜੇ ਪਿਆਰਾ ਉਸ ਬਿਨਾਂ ਜਿੰਦਾ ਨਹੀਂ ਰਹਿ ਸਕਦਾ ਤਾਂ ਮੇਰੇ ਬਚਣ ਦੀ ਕਿਹੜੀ ਸੂਰਤ ਹੋ ਸਕਦੀ ਹੈ ? ਜ਼ਮੀਰ ਆਖ ਰਹੀ ਸੀ, ਇਹ ਤੇਰਾ ਇਮਤਿਹਾਨ ਹੈ ਬਲਬੀਰ! ਮੇਰਾ ਧਰਮ ਹੈ ਕਿ ਮੈਂ ਆਪਣੇ ਆਪ ਨੂੰ ਵਿਚੋਂ ਕਢ ਲਵਾਂ। ਪਰ ਉਫ਼! ਮੈਂ ਉਸ ਤੋਂ ਬਗੈਰ ਕਿਸ ਤਰ੍ਹਾਂ ਜ਼ਿੰਦਾ ਰਹਿ ਸਕਾਂਗਾ । ਪਾਲ ਦਾ ਸਾਰੀ ਗੱਲ ਜਾਣ ਕੇ ਕੀ ਹਾਲ ਹੋਵੇਗਾ। ਉਹ ਨਾਜ਼ਕ ਕਲੀ ਸਦਾ ਲਈ ਕੁਮਲਾ ਜਾਵੇਗੀ। ਪਰ ਅੰਦਰ ਆਵਾਜ਼ ਆ ਰਹੀ ਕਿ ਤੂੰ ਉਸ ਦੀ ਰਾਏ ਨੂੰ ਆਪਣੀ ਖੁਦਗਰਜ਼ੀ ਲਈ ਵਰਤ ਰਿਹਾ ਏਂ। ਨਹੀਂ, ਪਾਲ ਭਗਵਾਨ ਦੀਆਂ ਲੱਖਾਂ ਚੀਜ਼ਾਂ ਵਿਚੋਂ ਇਕ ਇਕ ਚੀਜ਼ ਹੈ, ਮੈਂ ਦੁਨੀਆ ਵਾਰ ਕੇ ਵੀ ਉਸ ਨੂੰ ਨਹੀਂ ਛੱਡਾਂਗਾ।
ਇਹ ਵੀ ਠੀਕ ਫੈਸਲਾ ਨਹੀਂ। ਇਹ ਇਕ ਮੁੜ ਕਾਮੀ ਦੀ ਜ਼ਿੱਦ ਕਹੀ ਜਾ ਸਕਦੀ ਹੈ । ਆਹ ਗੁਰੂਦੇਵ। ਮੈਨੂੰ ਏਥੇ ਤੁਹਾਡੀ ਲੋੜ ਹੈ। ਮੈਂ ਕੁਝ ਨਹੀਂ ਕਰ ਸਕਦਾ, ਡਰਦਾ ਹਾਂ ਕਿ ਕਿਤੇ ਉਹ ਕੁਝ ਨਾ ਹੋ ਜਾਵੇ, ਜਿਹੜਾ ਸਾਰੇ ਜਨਮ ਦੀ ਕਮਾਈ ਰੋੜ੍ਹ ਦੇਵੇ, ਮੈਂ ਤੁਹਾਡੇ ਫ਼ੈਸਲੇ ਨੂੰ ਸੱਚਾ ਇਨਸਾਫ ਮੰਨਾਂਗਾ। ਬੋਲੇ ਮੇਰੇ ਗੁਰੂਦੇਵ! ਮੈਂ ਤੁਹਾਨੂੰ...!
'ਪਿਆਰ ਚੇਤੰਨਤਾ ਦੀ ਅਨੁਭਵਤਾ ਹੈ।
ਮਾਨਵਤਾ ਤੇ ਉਸ ਦੀ ਰਿਸ਼ਮ ਪੈ ਕੇ ਹੀ
ਅੰਦਰ ਕੋਈ ਲਗਨ ਲਗਦੀ ਹੈ।
ਸਿਮਰਨ ਨਿਤ ਪਿਆਰ ਦੀ ਰੋਸ਼ਨੀ ਨੂੰ ਵਧਾਂਦਾ ਹੈ।
ਇਕ ਦਿਨ ਸਾਰੀ ਮਾਨਵਤਾ ਰੋਸ਼ਨੀ ਨੂੰ ਵਧਾਂਦਾ ਹੈ।
ਕਾਰਜ-ਕਾਰਣ ਭਾਵ ਵੀ ਤਿਆਗੇ ਜਾਂਦੇ ਹਨ।
ਮਾਨਵਤਾ ਦਾ ਭਾਰ ਤਿਆਗੇ ਬਿਨਾ,
ਆਤਮਾ ਦੇ ਰਸ ਮੰਡਲਾਂ ਵਿਚ ਉਡਾਰੀਆਂ ਅਸੰਭਵ ਹਨ।
ਉਹ ਪ੍ਰੇਮੀ ਸਰੀਰਕ ਪਿਆਰ ਵਿਚ ਹੀ ਖੁਭਿਆ ਹੋਇਆ ਹੈ,
ਜਿਹੜਾ ਦਵੈਖ ਭਾਵਨਾ ਵਿਚ ਚੀਕ ਚਿਹਾੜਾ ਪਾ ਰਿਹਾ ਹੈ।
ਪਿਆਰ ਦਾ ਰੱਬੀ ਰਾਜ ਓਦੋਂ ਖੁਲ੍ਹਦਾ ਹੈ,
ਜਦੋਂ ਪ੍ਰੇਮੀ ਆਪਣੇ ਆਪ ਨੂੰ ਤਿਆਗ ਵਿਚ ਬਦਲ ਦੇਂਦਾ ਹੈ।
ਪ੍ਰਿਯਾ ਦੇ ਮਾਨਵ ਅੰਗਾਂ ਤਕ ਹੀ ਇਕ ਪ੍ਰੇਮੀ ਦੀ ਮੰਜ਼ਲ ਨਹੀਂ,
ਇਹ ਕੇਵਲ ਆਤਮ-ਅਨੰਦ ਦਾ ਖਿਣਕ ਦਿੱਤਾ ਲਾਲਚ ਹੈ।
ਜਿਸ ਤੋਂ ਪ੍ਰੇਮੀ ਪ੍ਰਭਾਵਤ ਹੋ ਕੇ ਆਪਣੇ ਪਰਮਾਨੰਦ ਨੂੰ ਪਾਵੇ।
ਤੜਪਨਾ ਪ੍ਰਿਯਾ ਦੀਆਂ ਬਾਹਾਂ ਵਿਚ ਵੀ ਖ਼ਤਮ ਨਹੀਂ ਹੋ ਸਕਦੀ, ਜਿੰਨਾ ਚਿਰ ਆਪਣੇ ਪਿਆਰ ਨੂੰ ਵਾਸਤਵ ਅਵਸਥਾ ਵਿਚ ਨਹੀਂ ਪਛਾਣਿਆ ਜਾਂਦਾ।
ਜ਼ੱਰੇ ਵਿਚ ਪਹਾੜ ਦੀ ਹਸਤੀ ਤੇ,
ਇਕ ਬੀਜ ਵਿਚ ਹੁਲਾਰੇ ਲੈਂਦਾ ਬ੍ਰਿਛ ਹੈ।
ਯਕੀਨਨ ਪ੍ਰੇਮਿਕਾ ਇਹ ਉਹ ਪਰਮ ਸੁਖ ਹੈ,
ਜਿਸ ਦੀ ਖੋਜ ਵਿਚ ਬੈਠੇ ਜੋਗੀ ਆਪਣੇ ਪਿੰਜਰ ਸੁਕਾ ਰਹੇ ਸਨ।
ਓਮ ਸਦਾ ਸੁਖਮਯ ਮਹਾਂ ਪ੍ਰਭੂ !
-ਗੁਰੂਦੇਵ
ਮੈਂ ਖ਼ਾਮੋਸ਼ ਸਾਂ। ਫੈਸਲਾ ਹੋ ਗਿਆ। ਪਰ ਸਾਰੀ ਕਾਇਆ ਕੁਮਲਾ ਗਈ। ਪਾਲ ਵੀ ਆ ਗਈ, ਪਰ ਮੇਰਾ ਮਾਯੂਸ ਮੂੰਹ ਵੇਖ ਕੇ ਹੱਕੀ ਬੱਕੀ ਰਹਿ ਗਈ ਅਤੇ ਕਹਿਣ ਲੱਗੀ।
'ਤੁਸੀਂ ਐਨੇ ਉਦਾਸ ਕਿਉਂ ਹੁੰਦੇ ਹੋ। ਈਸ਼ਵਰ ਚੰਗੀ ਕਰੇਗਾ! ਤੁਸੀਂ ਤੇ ਰੋਏ ਜਾਪਦੇ ਹੋ।'
ਮੇਰੀਆਂ ਗ਼ਮ ਭਰੀਆਂ ਅੱਖਾਂ ਪਾਲ ਤੋਂ ਵਿਛੜ ਰਹੀਆਂ ਸਨ। ਪਰ ਪਾਲ ਵਿਚਾਰੀ ਨੂੰ ਕੁਝ ਪਤਾ ਨਹੀਂ ਸੀ। ਉਹ ਮੇਰਾ ਗਮ ਭਰਾ ਦੀ ਬਿਮਾਰੀ ਸਮਝ ਰਹੀ ਸੀ। ਪਰ ਮੈਂ ਉਸ ਦੇ ਦਰਦ ਵਿਛੋੜੇ ਵਿਚ ਫਿਸ ਰਿਹਾ ਸਾਂ। ਮੈਂ ਇਕ ਹਉਕਾ ਲਿਆ, ਇਉਂ ਜਾਪਿਆ ਜ਼ਿੰਦਗੀ ਮੌਤ ਦੀ ਪਕੜ ਵਿਚ ਇਕ ਵਾਰ ਝੰਜੋੜੀ ਗਈ।
'ਮੈਥੋਂ ਤੁਹਾਡਾ ਅਜਿਹਾ ਚਿਹਰਾ ਵੇਖ ਸਹਾਰਿਆ ਨਹੀਂ ਜਾਂਦਾ। ਤੁਸੀਂ ਅਣਹੋਏ ਫ਼ਿਕਰ ਨਾਲ ਆਪਣੇ ਆਪ ਨੂੰ ਕਿਉਂ ਪਏ ਦੁਖੀ ਕਰਦੇ ਹੋ?
'ਪਾਲ ! ਤੂੰ ਨਹੀਂ ਜਾਣਦੀ, ਮੇਰੀ ਜ਼ਿੰਦਗੀ ਵਿਚ ਇਸ ਤੋਂ ਵੱਡਾ ਕੋਈ ਦੁਖ ਨਹੀਂ ਆਇਆ। ਸੁੱਖ ਤੇ ਪਿਆਰ ਦਾ ਪਾ ਲੈਣਾ ਕੋਈ ਮੁਸ਼ਕਲ ਨਹੀਂ, ਪਰ ਇਸ ਦਾ ਨਿਭਾਉਣਾ ਕਿੰਨਾ ਮੁਸ਼ਕਲ ਹੈ।
'ਰੱਬ ਚਾਹੇ ਸਭ ਠੀਕ ਹੈ, ਆਪਣੇ ਗਮ ਗਲਤ ਕਰ ਦੇਵੋ।
ਮੈਂ ਚੁੱਪ ਹੋ ਗਿਆ। ਪਾਲ ਨੇ ਮੇਰੇ ਸਿਰ ਤੋਂ ਪੱਗ ਲਾਹ ਕੇ ਤੇਲ ਝਸਣ ਲਈ ਜੂੜਾ ਖੋਲ੍ਹਿਆ। ਕੇਸ ਮੋਢਿਆਂ ਤੇ ਲਮਕਣ ਲਗ ਪਏ। ਉਸ ਤੇਲ ਵਾਲੀ ਸ਼ੀਸ਼ੀ ਚੁੱਕ ਕੇ ਸਿਰ ਦੇ ਵਿਚਾਲੇ ਤੇਲ ਪਾਇਆ ਅਤੇ ਪੋਲੀਆਂ ਪੋਲੀਆਂ ਉਂਗਲਾਂ ਨਾਲ ਝੱਸਣ ਲਗ ਪਈ। ਮੈਂ ਖ਼ਿਆਲ ਕਰਦਾ ਸਾਂ ਕਿ ਫਿਰ ਮੇਰਾ ਅੰਗ ਅੰਗ ਇਸ ਦੀ ਛੋਹ ਨੂੰ ਤਰਸੇਗਾ। ਮੇਰੀਆਂ ਅੱਖਾਂ ਵਿਚ ਪਾਣੀ ਆ ਗਿਆ। ਮੈਂ ਆਪਣਾ ਆਪ ਜ਼ਬਤ ਕਰਕੇ ਪੁਛਿਆ, 'ਪ੍ਰਿਯ ! ਮੇਰੇ ਵਿਛੜਨ ਦਾ ਤੁਹਾਨੂੰ ਦੁਖ ਤਾਂ ਨਾ ਹੋਵੇਗਾ ?"
'ਨਹੀਂ ਬਲ।'
'ਪਰ ਮੈਂ ਤੇ ਪ੍ਰਿਯਾ ਰੱਜ ਕੇ ਰੋਇਆ ਕਰਾਂਗਾ।'
'ਪ੍ਰੀਤਮ। ਇਸਤਰੀ ਉਸ ਵਿਛੋੜੇ ਨੂੰ ਹੱਸ ਕੇ ਲੰਘਾ ਦੇਂਦੀ ਹੈ, ਜਿਸ ਦੇ ਥੋੜ੍ਹੇ ਜਿੰਨੇ ਚਿਰ ਮਗਰੋਂ ਉਸ ਸਦਾ ਲਈ ਪ੍ਰੀਤਮ ਨਾਲ ਇਕਮਿਕ ਹੋ ਜਾਣਾ ਹੁੰਦਾ ਹੈ।'
'ਥੋੜ੍ਹੇ ਜਿੰਨੇ ਚਿਰ ਮਗਰੋਂ...!
ਮੈਂ ਹੁਬਕੀ ਹੁਬਕੀਂ ਰੋ ਪਿਆ। ਪਾਲ ਨੇ ਮੇਰਾ ਮੂੰਹ ਆਪਣੇ ਵਲ ਭੰਵਾਇਆ, ਪਰ ਮੈਂ ਫਿਰ ਪਰੇ ਕਰ ਲਿਆ। ਮੈਂ ਅਸਲੀਅਤ ਦੱਬੀ ਬੈਠਾ ਸਾਂ, ਪਰ ਉਹ ਮਲੋਜੋਰੀ ਜ਼ਾਹਰ ਹੋ ਜਾਣਾ ਚਾਹੁੰਦੀ ਸੀ। ਪਾਲ ਨੇ ਤੇਲ ਝੱਸਣਾ ਛੱਡ ਦਿੱਤਾ ਅਤੇ ਤੌਲੀਏ ਨਾਲ ਮੇਰੀਆਂ ਅੱਖਾਂ ਪੁੰਝੀਆਂ।
'ਪਾਲ ਮੈਂ ਤੁਹਾਨੂੰ ਨਹੀਂ ਲੈ ਜਾ ਸਕਦਾ, ਦੂਸਰੇ ਤੁਹਾਨੂੰ ਤਕਲੀਫ਼ ਹੋਵੇਗੀ ਰਾਹ ਵਿਚ ।
'ਤੁਹਾਡੀਆਂ ਗੱਲਾਂ ਕਿੰਨੀਆਂ ਮਿੱਠੀਆਂ ਹੁੰਦੀਆਂ ਸਨ ਪਰ ਅੱਜ ਤੁਸੀਂ ਕਿਹੋ ਜੇਹੀਆਂ ਦਿਲ-ਢਾਹੂ ਗੱਲਾਂ ਕਰ ਰਹੇ ਹੋ।'
'ਸਮੇਂ ਨੇ ਮਜਬੂਰ ਕਰ ਦਿੱਤਾ ਹੈ, ਮੇਰਾ ਸਭ ਕੁਝ...!
ਪਾਲ ਨੇ ਮੇਰਾ ਦਿਲ ਬਹਿਲਾਉਣ ਲਈ ਅਨੇਕ ਯਤਨ ਕੀਤੇ, ਪਰ ਮੇਰੇ ਅੰਦਰ ਗ਼ਮ ਦਾ ਤੂਫ਼ਾਨ ਆਇਆ ਹੋਇਆ ਸੀ। ਦਿਲ ਨੂੰ ਕੁਝ ਚਿਰ ਲਈ ਧੀਰਜ ਦੇ ਧੋਖੇ ਵਿਚ ਲਿਆ ਕੇ ਪਾਲ ਤੋਂ ਪੁੱਛਿਆ, 'ਮੈਨੂੰ ਯਾਦ ਕਰਿਆ ਕਰੋਂਗੇ ?'
'ਨਹੀਂ, ਉੱਕਾ ਨਹੀਂ।' ਉਸ ਨੇ ਮੁਸਕਰਾਂਦਿਆਂ ਕਿਹਾ।
'ਇਹ ਵੀ ਖੁਸ਼ ਕਿਸਮਤੀ ਹੈ, ਜੋ ਤੁਸੀਂ ਬਿਲਕੁਲ ਭੁਲ ਜਾਵੋ, ਪਰ ਕਦੇ ਨਾ ਕਦੇ ਇਸ ਨਿਮਾਣੇ ਨੂੰ ਜ਼ਰੂਰ ਯਾਦ ਕਰ ਲਿਆ ਕਰਨਾ।'
'ਪਿਆਰ ਵਿਚ ਮਸਤਾਨੀ ਹੋਈ ਰੂਹ ਪਿਆਰੇ ਦਾ ਹੀ ਰੂਪ ਹੋ ਜਾਂਦੀ ਹੈ। ਯਾਦ ਤੇ ਭੁਲ ਦਾ ਖਿਆਲ ਹੀ ਨਹੀਂ ਰਹਿੰਦਾ। ਜਦ ਤਕ ਤੁਸੀਂ ਛੁੱਟੀ ਕਟ ਨਹੀਂ ਆਉਂਦੇ ਮੈਂ ਤੁਹਾਡਾ ਸਿਮਰਨ ਕਰਾਂਗੀ।'
'ਹੁਣ ਅਸੀਂ ਤਕੜੇ ਸਮੇਂ ਪਿਛੋਂ ਮਿਲਾਂਗੇ।'
'ਮੈਂ ਤਾਂ ਤੁਹਾਡੇ ਵਿਚ ਏਨੀ ਖੋ ਚੁੱਕੀ ਹਾਂ ਕਿ ਵਿਛੜ ਹੀ ਨਹੀਂ ਸਕਦੀ। ਇਕ ਮਹੀਨੇ ਦੇ ਇਕ ਇਕ ਦਿਨ ਨੂੰ ਤੁਹਾਡੀ ਉਡੀਕ ਵਿਚ ਸੁਆਦ ਬਣਾ ਕੇ ਵਾਰ ਸੁੱਟਾਂਗੀ। ਮੇਰਾ ਆਪਾ ਇਉਂ ਮੁਗਧ ਜਿਹਾ ਹੋਇਆ ਜਾਪਦਾ ਹੈ, ਜਿਵੇਂ ਜ਼ਿੰਦਗੀ ਮੌਤ ਦਾ ਝੇੜਾ ਹੀ ਮੁਕ ਗਿਆ ਹੋਵੇ।
ਉਸ ਦੇ ਪਿਆਰ ਭਿੰਨੇ ਸ਼ਬਦ ਸੁਣ ਸੁਣ ਮੇਰਾ ਹਿਰਦਾ ਕੰਡਿਆਲੀ ਤਾਰ ਤੇ ਭੜਕ ਰਿਹਾ ਸੀ । ਤੜਪਦਿਆਂ ਲੁਛਦਿਆਂ ਰਾਤ ਬੀਤ ਰਹੀ ਸੀ । ਤੇ ਨੀਂਦ ਨੇ ਵੈਰੀਆਂ ਵਾਂਗ ਇਕ ਦੂਜੇ ਤੋਂ ਮੂੰਹ ਭੰਵਾਈ ਰਖੇ।
14
ਮੈਂ ਡਾਕਟਰ ਸਾਹਿਬ ਕੋਲ ਗਿਆ, ਉਹ ਚਾਹ ਪੀ ਰਹੇ ਸਨ। ਮੇਰਾ ਮੂੰਹ ਉਡਿਆ ਪਿਆ ਸੀ। ਡਾਕਟਰ ਸਾਹਿਬ ਨੇ ਹਸਦਿਆਂ ਕਿਹਾ, 'ਇਤਨੇ ਉਦਾਸ ਯਾਰ। ਉਨ੍ਹਾਂ ਮੈਨੂੰ ਵੀ ਇਕ ਪਿਆਲੀ ਚਾਹ ਦੇਦਿਆਂ ਕਿਹਾ।
'ਡਾਕਟਰ ਜੀ! ਮੈਂ ਤੁਹਾਡੇ ਕੋਲ ਇਕ ਪ੍ਰਾਰਥਨਾ ਲੈ ਕੇ ਆਇਆ ਹਾਂ।
'ਕਿਆ ਹੈ?'
'ਮੈਨੂੰ ਤੁਹਾਡੀ ਹਮਦਰਦੀ ਦੀ ਪੂਰਨ ਲੋੜ ਹੈ, ਮੇਰੀ ਇਸ ਮੁਸ਼ਕਲ ਨੂੰ ਕਿਸੇ ਹੱਦ ਤਕ ਤੁਸੀਂ ਥੋੜ੍ਹੀ ਕਰ ਸਕਦੇ ਹੋ।
'ਕਹੋ ਵੀ ਭਈਆ ?'
'ਅਸਲ ਗੱਲ ਇਹ ਹੈ ਕਿ ਕਲ੍ਹ ਮੈਨੂੰ ਪਾਲ ਦਾ ਪਤੀ ਮਿਲਿਆ ਅਤੇ ਉਸ ਪਾਲ ਨੂੰ ਆਪਣੇ ਵਲੋਂ ਪ੍ਰਾਰਥਨਾ ਘੱਲੀ ਹੈ ਕਿ ਮੇਰੇ ਗੁਨਾਹ ਮੁਆਫ਼ ਕੀਤੇ ਜਾਣ। ਉਸ ਪੂਰਨ ਪਛਤਾਵੇ ਵਿਚ ਰੋ ਕੇ ਸਭ ਕੁਝ ਆਖਿਆ ਹੈ। ਉਸ ਦਾ ਹਿਰਦਾ ਹੁਣ ਨਿਰੋਲ ਦੁੱਧ ਹੋ ਚੁੱਕਾ ਹੈ, ਇਹ ਸੱਚ ਹੈ ਕਿ ਮੈਂ ਪਾਲ ਨੂੰ ਕਦੇ ਭੁਲ ਨਾ ਸਕਾਂਗਾ, ਸਗੋਂ ਇਸ ਦੀ ਸਾਰੀ ਉਮਰ ਪੂਜਾ ਕਰਦਾ ਰਹਾਂਗਾ। ਮੈਥੋਂ ਉਸ ਦੇ ਪਤੀ ਦੀ ਪ੍ਰੀਤ-ਪਛਤਾਵੇ ਵਾਲੀ ਹਾਲਤ ਵੇਖੀ ਨਹੀਂ ਗਈ । ਉਹ ਆਖਦਾ ਸੀ ਕਿ 'ਮੈਨੂੰ ਇਕ ਵਾਰ ਪਾਪੀ ਨੂੰ ਪਾਲ ਮੁਆਫ਼ ਕਰ ਦੇਵੇ, ਮੈਂ ਸੁਖਾਲਿਆਂ ਮਰ ਸਕਾਂਗਾ। ਮੇਰੀ ਜ਼ਮੀਰ ਇਨ੍ਹਾਂ ਦੋਹਾਂ ਨੂੰ ਮਿਲਾਉਣ ਲਈ ਹੀ ਜੀਵਨ ਦਾ ਅਸਲ ਮਨੋਰਥ ਸਮਝਦੀ ਹੈ। ਮੇਰਾ ਫਲਸਵਾ ਮੈਨੂੰ ਏਥੇ ਇਕ ਪਲ ਠਹਿਰਣ ਲਈ ਲਾਹਨਤਾਂ ਪਾ ਰਿਹਾ ਹੈ। ਮੈਂ ਚਾਹੁੰਦਾ ਹਾਂ, ਤੁਸੀਂ ਮੇਰਾ ਨਾਵਾਂ ਮਿਲਟਰੀ ਵਿਚੋਂ ਸਦਾ ਲਈ ਕਟਵਾ ਦੇਵੋ। ਤੁਹਾਡੀ ਬਹੁਤ ਹੀ ਮਿਹਰਬਾਨੀ ਹੋਵੇਗੀ ।
'ਕਿਆ ਆਪ ਪਾਗਲ ਤੇ ਨਹੀਂ ਹੋ ਗਏ?
'ਹਾਂ ਦਿਸ ਤਾਂ ਅਜਿਹਾ ਹੀ ਰਿਹਾ ਹੈ ਕਿ ਪਾਗਲ ਹਾਂ, ਪਰ ਮੈਂ ਪਾਲ ਤੋਂ ਹੁਣ ਦੂਰ ਹੀ ਰਹਿਣਾ ਚਾਹੁੰਦਾ ਹਾਂ। ਨਾ ਜਾਣੀਏ ਕਿਤੇ ਮੇਰੀ ਕਮਜ਼ੋਰੀ ਕਾਮਨਾ ਦੀ ਕਾਇਲ ਹੋ ਕੇ ਮੁੜ ਉਸ ਦੇ ਸਰੀਰਕ ਪਿਆਰ ਨੂੰ ਤਰਸ ਪਵੇ। ਮੈਨੂੰ ਫਰਜ਼ ਮਜਬੂਰ ਕਰਦੇ ਹਨ। ਮੈਂ ਕੁਝ ਨਹੀਂ ਕਰ ਸਕਦਾ ਡਾਕਟਰ ਸਾਹਿਬ।
'ਆਪ ਜਾਨਤੇ ਹੈਂ ਜੋ ਪਾਲ ਸੁਣ ਕਰ ਕਿਸ ਤਰ੍ਹਾਂ ਜਿੰਦਾ ਰਹੇਗੀ ?
'ਤੁਸਾਂ ਉਸ ਨੂੰ ਧੀਰਜ ਦਿਲਾਸਾ ਦੇਣਾ, ਮੇਰੀ ਮਜਬੂਰੀ ਜ਼ਾਹਰ ਕਰਨੀ।
‘ਮੁਝੇ ਆਪ ਕੀ ਰਾਏ ਪਸੰਦ ਨਹੀਂ।'
'ਦਿਲ ਤਾਂ ਡਾਕਟਰ ਜੀ ਮੇਰਾ ਵੀ ਨਹੀਂ ਮੰਨਦਾ, ਪਰ ਕੀਤਾ ਕੀ ਜਾਵੇ। ਇਸ ਤੋਂ ਬਿਨਾਂ ਮੈਨੂੰ ਜਖ਼ਮੀ ਹੋਏ ਨੂੰ ਮੋਰਚੇ ਤੋਂ ਚੁੱਕ ਕੇ ਲਿਆਉਣ ਵਾਲਾ ਵੀ ਉਸ ਦਾ ਹੀ ਪਤੀ ਹੈ। ਪਾਲ ਦੇ ਪਿਆਰ ਵਿਛੋੜੇ ਨੇ ਉਸ ਨੂੰ ਪਸੂ ਤੋਂ ਮਨੁੱਖ ਤੇ ਮਾਨੁੱਖ ਤੋਂ ਦੇਵਤਾ ਬਣਾ ਦਿੱਤਾ ਹੈ । ਜੇ ਉਸ ਦੇ ਦਿਲ ਵਿਚ ਕਪਟ ਹੁੰਦਾ, ਤਦ ਉਹ ਆਪਣੀ ਜਾਨ ਵਾਰ ਕੇ ਮੈਨੂੰ ਧੂੰਆਂਧਾਰ ਜੰਗ ਵਿਚੋਂ ਕਦੇ ਚੁੱਕ ਕੇ ਨਾ ਲਿਆਉਂਦਾ। ਮੈਂ ਸਮਝਦਾ ਹਾਂ। ਮਨੁੱਖਤਾ ਨਾਲ ਹਮਦਰਦੀ ਜਗਾਉਣ ਵਾਲੀ ਵੀ ਪਾਲ ਦੀ ਹੀ ਮੁਹੱਬਤ ਹੈ। ਫਿਰ ਮੈਨੂੰ ਮੇਰੇ ਗੁਰੂਦੇਵ ਦੀਆਂ ਆਵਾਜ਼ਾਂ ਤੇ ਮੇਰੇ ਫਰਜ ਬੁਰੀ ਤਰ੍ਹਾਂ ਚੁਮੜੇ ਹੋਏ ਹਨ। ਤੁਸਾਂ ਇਹ ਸਾਰਾ ਭੇਦ ਮੇਰੇ ਜਾਣ ਤੇ ਹੀ ਪਾਲ ਨੂੰ ਦੱਸਣਾ। ਉਂਜ ਮੈਂ ਇਕ ਚਿੱਠੀ ਲਿਖ ਕੇ ਵੀ ਉਸ ਨੂੰ ਦੇਂਦਾ ਜਾਵਾਂਗਾ।
'ਆਪ ਆਪਣੀ ਜ਼ਿੰਦਗੀ ਹੀ ਬਰਬਾਦ ਨਹੀਂ ਕਰ ਰਹੇ, ਬਲਕਿ ਪਾਲ ਕੋ ਭੀ ਐਸਾ ਕਰਨੇ ਕੇ ਲਈ ਮਜਬੂਰ ਕਰਤੇ ਹੈਂ।'
'ਮੈਂ ਭਗਵਾਨ ਤੇ ਪਾਲ ਵਿਚ ਕੋਈ ਫਰਕ ਨਹੀਂ ਸਮਝਿਆ। ਰੂਹ ਤੋਂ ਰੂਹ ਜੁਦਾ ਨਹੀਂ ਹੋ ਸਕਦੀ। ਪਰ ਤੁਸੀਂ ਮੇਰੇ ਹਾਲ ਤੇ ਤਰਸ ਕਰੋ। ਮੈਂ ਆਪਣੇ ਦਿਲ ਨਾਲ ਫੈਸਲਾ ਕਰ ਲਿਆ ਹੈ ਕਿ ਮਾਨਵ ਪਾਲ ਤੋਂ ਸਦਾ ਹੀ ਪਰੇ ਹੋ ਜਾਵਾਂ ਤੇ ਆਤਮ ਪਾਲ ਦੀ ਸਦਾ ਪੂਜਾ ਕਰਦਾ ਰਹਾਂ। ਦਿਲ ਦਾ ਕੋਈ ਵਸਾਹ ਨਹੀਂ ਕਿ ਕਦੋਂ ਬੇਈਮਾਨ ਹੋ ਜਾਵੇ। ਇਸ ਲਈ ਜ਼ਰੂਰ ਮੇਰਾ ਨਾਵਾਂ ਕਟਵਾ ਦੇਵੋ। ਤੁਹਾਡੀ ਬਹੁਤ ਹੀ ਮਿਹਰਬਾਨੀ ਹੋਵੇਗੀ।'
'ਹੱਛਾ! ਅਗਰ ਆਪ ਕੀ ਯਹੀ ਮਰਜ਼ੀ ਹੈ ਤੋ ਮੈਂ ਕੋਸ਼ਿਸ਼ ਕਰੂੰਗਾ ਕਿ ਆਪ ਕੇ ਥੋੜ੍ਹੀ ਪੈਨਸ਼ਨ ਭੀ ਮਿਲ ਜਾਏ ਕਿਉਂਕਿ ਆਪ ਜ਼ਖ਼ਮੀ ਹੋ ਕਰ ਮੋਰਚੇ ਸੇ ਵਾਪਸ ਆਏ ਹੈਂ। ਅਬ ਆਪ ਛੁੱਟੀ ਜਾਓ, ਛੁੱਟੀ ਕੇ ਦਿਨੋਂ ਮੇਂ ਹੀ ਸਭ ਠੀਕ ਹੋ ਜਾਏਗਾ।
'ਪਰ ਡਾਕਟਰ ਸਾਹਿਬ ਤੁਸਾਂ ਪਾਲ ਨੂੰ ਜ਼ਰੂਰ ਦਿਲਾਸਾ ਤੇ ਹੌਸਲਾ ਦੇਣਾ ਤੁਹਾਡੀ ਬਹੁਤ ਹੀ ਮਿਹਰਬਾਨੀ ਹੋਵੇਗੀ।
'ਆਪ ਫਿਕਰ ਮਤ ਕਰੋ।'
ਮੈਂ ਡਾਕਟਰ ਸਾਹਿਬ ਨਾਲ ਹੱਥ ਮਿਲਾਇਆ। ਦਿਲ ਘਿਰ ਰਿਹਾ ਸੀ, ਮਾਯੂਸੀਆ ਵਿਚ ਥੋੜ੍ਹਾ ਹੁੰਦਾ ਜਾ ਰਿਹਾ ਸਾਂ। ਦੁਨੀਆ ਖੁਸ਼ ਤੇ ਰੁਖੀ ਸੀ, ਮੇਰੀ ਆਪਣੀ ਕਾਇਆ ਮੌਤ ਦੇ ਪਰਛਾਵੇਂ ਹੇਠ ਆਈ ਹੋਈ ਸੀ । ਦਿਲ ਚਿਚਲਾ ਰਿਹਾ ਸੀ, ਕੀ ਪਾਲ ਨੂੰ ਛੱਡ ਕੇ ਚਲਿਆ ਜਾਵੇਂਗਾ, ਜਿਸ ਤੇਰੀ ਸੇਵਾ ਵਿਚ ਕਈ ਰਾਤਾਂ ਤੇ ਉਨੀਂਦਰੇ ਕਟੇ, ਜਦੋਂ ਕਿ ਤੂੰ ਮੌਤ ਨਾਲ ਘੁਲ ਰਿਹਾ ਸੀ ?
'ਕਿਥੋਂ ਆਏ ਹੋ ? ਪਾਲ ਨੇ ਥੋੜ੍ਹਿਆ ਹੁੰਦਿਆਂ ਪੁਛਿਆ।
'ਡਾਕਟਰ ਸਾਹਿਬ ਕੋਲੋਂ ਆਇਆ ਹਾਂ।
'ਹਾਏ ਰੱਬਾ! ਤੁਸੀਂ ਐਨੇ ਉਦਾਸ ਨਾ ਹੋਵੇ। ਮੈਥੋਂ ਤੁਹਾਡਾ ਚਿਹਰਾ ਵੇਖਿਆ ਨਹੀਂ ਜਾਂਦਾ ।
'ਭਰਾ ਬੀਮਾਰ ਹੈ ਤੇ ਉਤੋਂ ਤੇਰਾ ਵਿਛੋੜਾ.. !' ਤੂੰ ਨਹੀਂ ਜਾਣਦੀ ਪਾਲ। ਕਿ ਮੈਂ ਕਿੰਨਾ ਮਹਿਸੂਸ ਕਰ ਰਿਹਾ ਹਾਂ। ਇਸ ਨਾਲੋਂ ਤਾਂ ਜਦੋਂ ਜ਼ਖ਼ਮੀ ਹੋਇਆ ਸਾਂ ਉਥੇ ਹੀ ਮਰ ਜਾਂਦਾ ਚੰਗਾ ਸੀ।
'ਤੁਸੀਂ ਸਿਪਾਹੀ ਹੋ, ਕੁੜੀਆਂ ਵਾਂਗ ਕਿਉਂ ਕਰਦੇ ਹੋ।
ਸਾਰੀ ਦਿਹਾੜੀ ਸੋਗ ਵਿਚ ਹੀ ਗਿਣਤੀਆਂ ਗਿਣਦਿਆਂ ਗੁਜ਼ਾਰ ਦਿੱਤੀ। ਪਾਲ ਨੇ ਕਈ ਵਾਰ ਦਿਲ ਪ੍ਰਚਾਣ ਦੀ ਕੋਸ਼ਿਸ਼ ਕੀਤੀ। ਕਦੇ ਉਸ ਨਾਲ ਮੈਂ ਬਨਾਉਟੀ ਹੱਸ ਪੈਂਦਾ, ਪਰ ਅੰਦਰੇ ਅੰਦਰ ਗ਼ਮ ਵਿਚ ਡੁਬਿਆ ਰਹਿੰਦਾ। ਰੋਟੀ ਖਾ ਲੈਣ ਪਿਛੋਂ ਮੈਂ ਪਾਲ ਵਲ ਪਿੱਠ ਕਰ ਕੇ ਚਿੱਠੀ ਲਿਖਣ ਬਹਿ ਗਿਆ।
'ਪਿਆਰੀ ਪਾਲ।
ਹਿਰਦੇ ਦੇ ਤਖਤ ਤੇ ਮੈਨੂੰ ਬਿਠਾ ਲਿਆ ਹੈ,
ਕਿ ਜਦ ਤੱਕ ਜ਼ਿੰਦਾ ਰਹਾਂ ਤੇਰੀ ਪੂਜਾ ਕਰਾਂ,
ਅਤੇ ਜਦੋਂ ਮਰ ਜਾਵਾਂ ਤੇਰੀ ਰੂਹ ਹੀ ਬਣ ਜਾਵਾਂ।
ਪਿਆਰ ਇਕ ਵਾਰੀ ਹੀ ਜੀਵਨ ਵਿਚ ਆਉਂਦਾ ਹੈ,
ਜਾ ਸੁਤੀ ਜੀਵਨ ਕਲੀ ਇਕ ਤਰ੍ਹਾਂ ਪ੍ਰਕਾਸ਼ ਵਿਚ ਵਿਗਸਦੀ ਹੈ।
ਅਤੇ ਫੁੱਲ ਬੀਜ ਬਣ ਕੇ ਸਾਰੇ ਬਗੀਚੇ ਦੇ
ਆਕਾਰ ਨੂੰ ਅੰਦਰ ਸਮਾ ਲੈਂਦਾ ਹੈ।
ਪ੍ਰੇਮ ਅੰਦਰ ਕੁਲ ਭਗਵਾਨ ਹਸਤੀ
ਪ੍ਰਿਯਾ ਅੰਕਰ ਵਿਚ ਜ਼ਾਹਰ ਹੁੰਦੀ ਹੈ।
ਮੇਰੇ ਅਗੇ ਭਗਵਾਨ ਹਸਤੀ ਨੂੰ ਆਪਣੇ
ਤੂੰ ਮੇਰੀ ਪ੍ਰਿਯਾ!
ਅਸਲ ਰੂਪ ਵਿਚ ਨੰਗਿਆਂ ਕਰ ਦਿੱਤਾ ਹੈ।
ਜੋ ਕੁਝ ਗੁਰੂਦੇਵ ਨੇ ਜ਼ਬਾਨੀ ਤੇ ਪੁਸਤਕਾਂ ਰਾਹੀਂ ਪੜ੍ਹਾਇਆ ਸੀ,
ਤੂੰ ਉਸ ਨੂੰ ਆਪਣੇ ਅਮਲ ਵਿਚ ਸੱਚਿਆਂ ਕਰ ਵਿਖਾਇਆ।
ਜੋ ਕੁਝ ਮੈਂ ਲਿਖ ਰਿਹਾ ਹਾਂ,
ਉਸ ਦਾ ਮੈਨੂੰ ਵੀ ਪਤਾ ਨਹੀਂ ਕਿ ਕੀ ਲਿਖ ਰਿਹਾ ਹਾਂ।
ਪਰ ਤੂੰ ਜਾਣ ਜਾਵੇਗੀ-
ਕਿ ਮੈਂ ਕਿਉਂ ਉਦਾਸ ਸਾਂ।
ਇਕ ਪੰਛੀ ਨੂੰ ਦਰਖਤ ਤੇ ਰਾਤ ਕਟੀ ਭੁਲਦੀ ਨਹੀਂ,
ਮੈਂ ਜ਼ਖ਼ਮੀ ਨੇ ਤੇਰੀ ਆਗੋਸ਼ ਵਿਚ
ਕਈ ਰਾਤਾਂ ਸੁਖ ਤੇ ਅਨੰਦ ਵਿਚ ਮਾਣੀਆਂ ਹਨ।
ਕਾਇਆ ਤੋਂ ਕੇਵਲ ਵਿਛੜਦੀ ਰੂਹ ਹਾਉਕਾ ਭਰਦੀ ਹੈ।
ਤੇ ਮੈਂ ਤਾਂ ਪ੍ਰੇਮ ਦੀਆਂ ਕਈ ਮੰਜ਼ਲਾਂ ਨੂੰ ਛੱਡਦਾ
ਤਿਆਗ ਵਿਚ ਪ੍ਰਵੇਸ਼ਦਾ, ਕਿਉਂ ਨਾ ਸੋਗਵਾਰ ਹੁੰਦਾ।
ਭਾਵੇਂ ਇਹ ਸੋਗ, ਦੁਖ ਦੇ ਗਮ ਬਿਲਕੁਲ ਅਨਹੋਣੇ ਹਨ,
ਤੇ ਵਾਸਤਵ ਵਿਚ ਇਹ ਦ੍ਵੈਤਵਾਦ ਦੀ ਜੱਦੀ ਮਲਕੀਅਤ ਹਨ।
ਪਰ ਮੈਂ ਇਹ ਵੀ ਨਹੀਂ ਭੁਲ ਸਕਦਾ,
ਕਿ ਜਿੰਨਾ ਚਿਰ ਜ਼ਿੰਦਾ ਹਾਂ, ਇਨਸਾਨ ਹਾਂ, ਭਗਵਾਨ ਨਹੀਂ।
ਵਿਛੋੜੇ ਦਾ ਦੁਖ ਹੈ, ਅੱਖਾਂ ਵਿਚ ਹੰਝੂ ਹੈ,
ਹਾਉਕੇ ਹਨ, ਆਹਾਂ ਹਨ, ਸਭ ਕੁਝ ਹੈ।
ਤੇਰੀ ਆਰਾਧਨਾ ਮਨ ਨਾਲ ਹੋਵੇਗੀ।
ਅਤੇ ਇਹ ਹਾਉਕੇ ਤੇ ਹੰਝੂ
ਹੰਝੂ ਤੇਰੇ ਪ੍ਰੀਤ-ਹਵਨ ਵਿਚ ਸਮਗਰੀ ਦਾ ਕੰਮ ਦੇਣਗੇ।
ਤਿਆਗ ਤੇ ਪਿਆਰ ਦੇਖਣ ਵਿਚ ਓਪਰੇ ਹਨ।
ਪਰ ਅਸਲ ਵਿਚ ਇਹ ਇਕੋ ਮਾਇਆ ਮਾਂ ਦੇ ਜਾਏ ਭਰਾ ਹਨ।
ਪਿਆਰ ਹੈ ਪ੍ਰਿਯਾ ਵਿਚ ਸੰਸਾਰ ਭੁਲ ਜਾਣਾ
ਤੇ ਤਿਆਗ ਪਿਆਰ ਵਿਚ ਅਸਲੀਅਤ ਨੂੰ ਪਾ ਲੈਣਾ।
ਗੁਲਾਬ ਵਿਚੋਂ ਨਾ ਰੰਗ ਵਖ ਹੋ ਸਕਦਾ ਹੈ ਨਾ ਸੁਗੰਧੀ।
ਜੀਵਨ ਵਿਚੋਂ ਨਾ ਪਿਆਰ ਨਖੇੜਿਆ ਜਾ ਸਕਦਾ ਹੈ ਨਾ ਤਿਆਗ
ਇਕ ਦਾ ਜਨਮ ਦੂਜੇ ਲਈ ਅਸ਼ੀਰਵਾਦ ਹੈ,
ਇਕ ਦਾ ਖ਼ਾਤਮਾ ਦੂਜੇ ਲਈ ਮੌਤ ਸੁਨੇਹਾ।
ਇਨ੍ਹਾਂ ਦੀ ਰਲਵੀਂ ਸਾਂਝ ਜੀਵਨ ਸੰਗਾਰਦੀ ਹੈ,
ਪਵਿਤ੍ਰਤਾ ਤੇ ਕੁਰਬਾਨੀ ਇਕ ਦੂਜੇ ਦਾ ਮੂੰਹ ਚੁੰਮਦੀਆਂ ਹਨ।
ਅਸੀ ਭਗਵਾਨ ਤੋਂ ਵਿਛੜੀਆਂ ਦੋ ਭਟਕਦੀਆਂ ਰੂਹਾਂ ਹਾਂ,
ਕਿਸੇ ਕਤਰੇ ਤੀ ਸਿੱਧੀ ਸਾਗਰ ਨਾਲ ਅਸ਼ਨਾਈ ਨਹੀਂ ਹੋ ਸਕਦੀ।
ਦੋ ਦਿਲਾਂ ਦੇ ਪਿਆਰ ਵਿਚ ਮੁਗਧ ਹੋਣਾ ਭਗਤੀ ਹੈ।
ਤੇ ਭਗਤੀ ਤੋਂ ਉਠ ਕੇ ਤਿਆਗ ਧਾਰਨਾ,
ਉਹਨਾਂ ਦੀ ਅਲਪੱਗਤਾ ਦੇ ਕੁਲ ਬੰਧਨ ਕਟਦਾ ਹੈ।
ਜੇਹਾ ਕਿ ਪਿਆਰ ਤੇ ਤਿਆਗ ਦੀ ਖਿੱਚੋਤਾਣ ਸਹਿਜ ਦੀ ਜਨਮ ਦਾਤਾ ਹੈ,
ਜੋ ਕੁਲ ਅਸਾਧ ਰੋਗਾਂ ਲਈ ਇਕੋ ਇਕ ਸੰਜੀਵਨੀ ਹੈ।
ਮੈਂ ਤੈਥੋਂ ਜੁਦਾ ਹੋ ਰਿਹਾ ਹਾਂ।
ਇਕ ਹੋ ਜਾਣ ਲਈ।
ਕਾਮਨਾਵਾਂ ਵਿਲਕਦੀਆਂ ਹਨ,
ਇਸ ਨਿੱਕੇ ਵਿਛੋੜੇ ਨੂੰ ਦੀਰਘ ਕਰ ਕਰ ਵਿਖਾਉਂਦੀਆਂ ਹਨ,
ਇਹ ਭੁਲਾਣ ਤੋਂ ਬਿਨਾਂ ਹੋਰ ਜਾਣਦੀਆਂ ਹੀ ਕੀ ਹਨ।
ਪਰ ਤੂੰ, ਹੇ ਮੇਰੀ ਮਾਧਵਾ!
ਬਹੁਤਾ ਦੁਖੀ ਨਾ ਹੋਵੀਂ, ਹੰਝੂ ਨਾ ਬਹਾਈ।
ਕਿਤੇ ਮੇਰਾ ਮਨ ਇਸ ਅਹਿਸਾਸ ਕਲਪਨਾ ਵਿਚ
ਹੀ ਹਾਰ ਕੇ ਨਾ ਡਿਗ ਪਵੇ।
ਉਹ ਦਿਨ ਦੂਰ ਨਹੀਂ
ਜਦੋਂ ਸਾਡੇ ਵਹਾਏ ਹੰਝੂ ਅੰਮ੍ਰਿਤ ਰਸ ਵਿਚ ਬਦਲ ਜਾਣਗੇ,
ਤੇ ਸਾਡੀਆਂ ਮੁਹੱਬਤਾਂ ਵਿਚ ਰੌਸ਼ਨ ਹੋਈਆਂ ਅੱਖਾਂ
ਭਟਕਦੀਆਂ ਸੰਸਾਰੀ ਰੂਹਾਂ ਨੂੰ ਰਾਹ ਵਿਖਾਉਣਗੀਆਂ।
ਉੱਕਾ ਹੀ ਸੋਗ ਨਾ ਕਰੀਂ,
ਕਿਉਂਕਿ ਚੇਤੰਨ ਸਵੇਰਾ ਹੋਣ ਹੀ ਵਾਲਾ ਹੈ।
ਫਿਰ ਚਕਵਾ ਤੇ ਚਕਵੀ ਸਦਾ ਲਈ ਇਕ ਹੋਣਗੇ।
ਮਨੁਖ ਇਸ ਲਈ ਸੰਸਾਰ ਵਿਚ ਆਉਂਦਾ ਹੈ
ਕਿ ਆਪਣੇ ਗੁਨਾਹਾਂ ਦੇ ਖਾਤਮੇ ਲਈ ਪ੍ਰਾਰਥਨਾ ਕਰ ਸਕੇ।
ਪਰਸੋਂ ਮੈਂ ਵੀ ਇਕ ਪ੍ਰੇਮੀ ਨੂੰ ਪ੍ਰਾਸਚਿਤ ਕਰਦਿਆਂ ਵੇਖਿਆ,
ਅਤੇ ਓਦੋਂ ਹੀ ਮੇਰੇ ਮਨ ਦੀ ਹਾਲਤ ਪਾਗਲਾਂ ਵਾਂਗ ਹੋ ਗਈ।
ਸ਼ਾਇਦ ਕੋਈ ਮੇਰੀ ਥਾਂ ਮੱਲਣ ਵਾਲਾ ਆ ਗਿਆ ਸੀ,
ਤੇਰਾ ਪਤੀ ਪਿਆਰਾ।
ਉਹ ਓਹ ਨਹੀਂ ਜੋ ਅਗੇ ਸੀ,
ਉਸ ਆਪਣੇ ਗੁਨਾਹਾਂ ਦੇ ਇਵਜ਼ ਵਿਚ ਤੁਹਾਥੋਂ ਮੁਆਫ਼ੀ ਮੰਗੀ ਹੈ।
ਉਸ ਦਾ ਸੁਨੇਹਾ ਦੇਣ ਵੇਲੇ ਹਾਲਤ ਤਰਸ ਦੀ ਭੁੱਖੀ ਸੀ,
ਬਹੁਤ ਆਜਜ਼ੀ ਵਿਚ ਪ੍ਰਾਰਥਨਾ ਘੱਲੀ ਹੈ।
ਮੈਂ ਉਸ ਨਾਲ ਇਕਰਾਰ ਕਰ ਚੁੱਕਾ ਹਾਂ,
ਕਿ ਪਾਲ ਤੋਂ ਤੁਹਾਨੂੰ ਜ਼ਰੂਰ ਮੁਆਫ਼ ਕਰਵਾ ਦੇਵਾਂਗਾ।
ਪਰ ਉਹ ਗ਼ਰੀਬ ਨਹੀਂ ਸੀ ਜਾਣਦਾ
ਕਿ ਮੈਂ ਹੀ ਉਸ ਦੀ ਪਿਆਰੀ ਤੇ ਕਬਜ਼ਾ ਕਰੀ ਬੈਠਾ ਹਾਂ।
ਨਹੀਂ, ਇਹ ਗਲਤ ਭਾਵ ਹੈ
ਤੁਸਾਂ ਉਸ ਨੂੰ ਮੁਆਫ਼ ਕਰ ਦੇਣਾ, ਜ਼ਰੂਰ,
ਮੇਰੇ ਸਦਕਾ ਤੇ ਮੇਰੇ ਪਿਆਰ ਦਾ ਸਦਕਾ।
ਉਹ ਬਦਲ ਕੇ ਹੁਣ ਸੱਚਾ ਪ੍ਰੇਮੀ ਹੋ ਚੁੱਕਾ ਏ।
ਜੇਕਰ ਤੇਰਾ ਦਿਲ ਇਹ ਕੁਝ ਨਾ ਮੰਨੇ,
ਤਦ ਇਸ ਫ਼ਰਜ਼ ਨੂੰ ਜੀਵਨ ਦਾ ਅੰਗ ਬਣਾ ਕੇ ਪਾਲਣਾ
ਕਿ ਜੇ ਉਹ ਤੁਹਾਡਾ ਪ੍ਰੇਮੀ ਨਹੀਂ ਤਾਂ ਪਤੀ ਜ਼ਰੂਰ ਹੈ।
ਪ੍ਰੇਮੀ ਦਾ ਜਨਮ ਨਿਤ ਨਵੀਂ ਮੁਸ਼ਕਲ ਨੂੰ ਅਪਨਾਉਣਾ ਹੈ।
ਜੀਵਨ ਨਿਰੋਲ ਗ਼ਮ ਹੈ ਨਾ ਖ਼ੁਸ਼ੀ,
ਸਗੋਂ ਦੁੱਧ ਦੀ ਸਾਂਝ ਵਿਚ ਗੁੰਨ ਕੇ ਉਠਾਇਆ ਖ਼ਮੀਰ ਹੈ।
ਉਹ ਅਸਲੋਂ ਭੁਲ ਵਿਚ ਗਵਾਚੇ ਹੋਏ ਹਨ,
ਜਿਹੜੇ ਆਖਦੇ ਹਨ ਤਿਆਗ ਪ੍ਰੇਮ ਤੋਂ ਉਪਰਾਮਤਾ ਹੈ।
ਇਸ ਜਗਤ ਨਾਲ ਰੋਸਾ ਨਹੀਂ ਪ੍ਰਿਯਾ।
ਸਗੋਂ ਆਪੋ ਵਿਚ ਆਉਣ ਦਾ ਆਖ਼ਰੀ ਯਤਨ ਹੈ।
ਜ਼ਬਤ ਵੀ ਆਪਣੇ ਆਪ ਵਿਚ ਇਕ ਸਬਰ ਹੈ,
ਜਿਹੜਾ ਜੀਵਨ ਅੰਤ ਤੇ ਅਨੰਦ ਬਣ ਜਾਂਦਾ ਹੈ।
ਹਿੰਮਤ ਦੇ ਦ੍ਰਿੜ੍ਹ ਇਰਾਦਾ ਔਖ ਨੂੰ ਸੌਖ ਵਿਚ ਬਦਲ ਦੇਂਦਾ ਹੈ।
ਪ੍ਰਿਯਾ ਵਿਚ ਵਿਸ਼ਵਾਸ ਹੀ ਹਰ ਮੁਸ਼ਕਲ ਦਾ ਹੱਲ ਹੈ।
ਮੈਂ ਜ਼ਰੂਰ ਡੋਲ ਗਿਆ ਸਾਂ:
ਪਰ ਗੁਰੂਦੇਵ ਨੇ ਮੇਰੀ ਐਨ ਮੌਕੇ ਸਿਰ ਰਹਿਨੁਮਾਈ ਕੀਤੀ।
ਇਹ ਮੇਰਾ ਪੂਰਨ ਨਿਸ਼ਚਾ ਹੈ।
ਕਿ ਮੈਂ ਤੈਥੋਂ ਦੂਰ ਨਹੀਂ, ਸਗੋਂ ਨੇੜੇ ਹੋ ਰਿਹਾ ਹਾਂ,
ਪਰ ਪ੍ਰਿਯਾ ਫਿਰ ਵੀ ਮੇਰੇ ਅੰਗ ਜਲ ਰਹੇ ਹਨ।
ਇਸ ਨੂੰ ਮੇਰੀ ਕਮਜ਼ੋਰੀ ਜਾਣ ਕੇ ਖਿਮਾ ਕਰ ਦੇਵੀਂ
ਕਿਉਂਕਿ ਖਿਮਾ ਭਗਵਾਨ ਦਾ ਦਿਲ ਹੈ।
ਮੈਂ ਤੈਨੂੰ ਆਪਣੇ ਹੰਝੂਆਂ ਜਿੰਨੇ ਹੀ ਅੱਖਰ ਲਿਖ ਰਿਹਾ ਹਾਂ,
ਧਾਹੀਂ ਰੋਂਦਾ ਹਾਂ,
ਪਰ ਕਿਸੇ ਇਰਾਦੇ ਦੀ ਚਟਾਨ ਤੋਂ ਹਿੱਲਣਾ ਵੀ ਮਨਜੂਰ ਨਹੀਂ।
ਜੇ ਕਦੇ ਮੇਰੀ ਕੋਈ ਕਾਮਨਾ ਤੇਰਾ ਦੁਆਲਾ ਮੱਲੇ,
ਤਦ ਉਸ ਨੂੰ ਆਪਣੀ ਠੋਕਰ ਨਾਲ
ਹੋਸ਼ ਵਿਚ ਆਉਣ ਦਾ ਅਵਸਰ ਬਖਸ਼ੀ।
ਆਤਮ ਆਦਰਸ਼ ਵਾਂਗ ਮਾਨਵਤਾ ਦੀ ਪਾਲਨਾ ਵੀ ਜ਼ਰੂਰੀ ਹੈ,
ਸਾਨੂੰ ਦੁਨੀਆ ਦੀ ਬੇਚਾਲ ਮਰਯਾਦਾ ਤੇ
ਤਰਸ ਖਾਣਾ ਚਾਹੀਦਾ ਹੈ।
ਅਸਾਂ ਇਕ ਦੂਜੇ ਨੂੰ ਪਿਆਰ ਕੇ ਆਪਣੇ ਭਰਮ ਗੁਆ ਲਏ ਹਨ,
ਹੁਣ ਸਰੀਰਕ ਪਿਆਰ ਦਾ ਹੋਣਾ ਨਾ ਹੋਣਾ ਸਾਮਾਨ ਹੈ।
ਸਾਡਾ ਝੋਰੇ ਵਿਚ ਤੜਪਨਾ ਭਾਵੇਂ ਚੰਗਾ ਨਹੀਂ,
ਪਰ ਫਿਰ ਵੀ ਅਸੀਂ ਇਕ ਦੂਜੇ ਨੂੰ ਰੋਂਦੇ ਰਹਾਂਗੇ,
ਕਿਉਂਕਿ ਪਿਆਰ ਦਾ ਇਹ ਨੇਮ ਦੋਹਾਂ ਅਵਸਥਾਵਾਂ ਵਿਚ ਏਕਤਾ
ਭਾਵ ਰਖਦਾ ਹੈ।
ਪਿਆਰ ਆਦਿ ਤੋਂ ਅੰਤ ਤੱਕ ਸੱਚ ਹੀ ਸੱਚ ਹੈ;
ਪਰ ਅਸੀਂ ਹੀ ਇਸ ਨੂੰ ਗਲਤ ਸਮਝ ਕੇ ਧੋਖਾ ਖਾਂਦੇ ਹਾਂ।
ਆਦਿ ਅੰਤ, ਕਲਪਨਾ ਦੇ ਭੁਲੇਖੇ ਦਾ ਹੋ ਸਕਦਾ ਹੈ,
ਪਰ ਪਿਆਰ ਅਨਾਦੀ ਆਤਮ ਰੂਪ ਹੈ।
ਪਿਆਰੀ। ਭਗਵਾਨ ਰੂਪ ਗੁਰੂਦੇਵ ਦਾ ਇਕ ਕਹਿਣਾ ਮੈਂ ਕਦੇ ਨਹੀਂ ਭੁਲ ਸਕਾਂਗਾ, ਕਿਉਂ ਇਸ ਤੋਂ ਵੱਡਾ ਹੋਰ ਕੋਈ ਉਪਦੇਸ਼ ਨਹੀਂ:
'ਜੀਵਨ' ਸਹਿਜ ਪਿਆਰ ਲਈ ਇਕ ਭੁੱਖ ਹੈ।
'ਗਿਆਨ ਪਿਆਰ ਦੀ ਅਸਲੀਅਤ ਨੂੰ ਰੋਸ਼ਨ ਕਰਦਾ ਹੈ, ਤੇ ਪਿਆਰ ਮੁਕਤੀ ਤੋਂ ਪਰਮਾਤਮਾ ਵਿਚ ਗੁੰਮ ਹੋ ਜਾਂਦਾ ਹੈ।'
ਅੰਤ ਵਿਚ ਮੈਂ ਬੇਨਤੀ ਕਰਦਾ ਹਾਂ
ਕਿ ਚਿੱਠੀ ਵਿਚ ਮੈਂ ਕਈ ਥਾਂ ਆਪਣੇ ਕਮਜ਼ੋਰ ਭਾਵ
ਲਕੋ ਨਹੀਂ ਸਕਿਆ,
ਮੈਨੂੰ ਬਖ਼ਸ ਦੇਣਾ ਕਮਜੋਰੀਆਂ ਵਿਚ ਆਏ ਦੇਸ਼ੀ ਨੂੰ।
ਪਰ ਪ੍ਰਿਯਾ ਅਸੀਂ ਦੋਸ਼ ਅਦੋਸ਼ ਦੀਆਂ ਵਾਟਾਂ ਮਾਰ ਵੀ ਭੁਲਦੇ ਹਾਂ,
ਬਿਲਕੁਲ ਬਾਲਕਾਂ ਵਾਂਗ।
ਮੇਰਾ ਇਕੋ ਹੀ ਕਰਮ ਹੁਣ ਰਹਿ ਗਿਆ ਹੈ,
ਬਾਕੀ ਦੀ ਉਮਰ ਵਿਚ ਕੇਵਲ ਤੇਰੀ ਹੀ ਪੂਜਾ।
ਪ੍ਰਿਯਾ। ਪੂਜਾ ਵਿਚ ਸੰਸਾਰ ਭੁਲ ਜਾਣਾ ਵੀ ਅਨੰਦ ਹੀ ਅਨੰਦ ਹੈ।
ਮੈਂ ਪੂਰਨ ਆਸ਼ਾ ਕਰਦਾ ਹਾਂ ਕਿ ਤੂੰ ਪਿਆਰੇ ਨੂੰ
ਜ਼ਰੂਰ ਖਿਮਾ ਕਰ ਦੇਵੇਂਗੀ।
ਉਸ ਨੂੰ ਮਿਲਕੇ ਤੇਰੇ ਸਾਰੇ ਰੋਸ ਮੁਕ ਜਾਣਗੇ।
ਹਾਇ ਮੇਰੇ ਦਿਲ
ਪ੍ਰਿਯਾ ਮੈਨੂੰ ਅਭਾਗੇ ਨੂੰ ਕਦੇ ਯਾਦ ਕਰ ਲਿਆ ਕਰਨਾ।
ਪਿਆਰਾ ਸਿੰਘ ਨੂੰ ਮੈਂ ਪਿੰਡੋਂ ਜਾ ਕੇ ਖ਼ਤ ਲਿਖਾਂਗਾ,
ਏਥੇ ਮੈਥੋਂ ਕੋਸ਼ਿਸ਼ ਕਰਨ ਤੇ ਵੀ ਕੁਝ ਨਹੀਂ ਲਿਖਿਆ ਗਿਆ :
ਹੱਛਾ। ਮੈਂ ਤੁਹਾਥੋਂ ਪਿਆਰ ਭਰੀ 'ਸਤਿ ਸ੍ਰੀ ਅਕਾਲ' ਵਿਚ ਵਿਦਾ ਹੁੰਦਾ ਹਾਂ।
ਅਤੇ ਖ਼ਤ ਹਜ਼ਾਰ ਚੁੰਮਣਾਂ ਨਾਲ ਬੰਦ ਕਰਦਾ ਹਾਂ।
ਦਿਲ ਵਿਛੜਨਾ ਨਹੀਂ ਚਾਹੁੰਦਾ,
ਪਰ ਕੋਈ ਰੱਬੀ ਤਾਕਤ ਪ੍ਰੇਰ ਰਹੀ ਹੈ.. ਮਜਬੂਰ।
ਖਿਮਾ ਕਰਨਾ, ਖਿਮਾ ਕਰਨਾ।
ਜ਼ਿੰਦਗੀ ਮੌਤ ਦੀਆਂ ਹੱਦਾਂ ਲੰਘ ਕੇ ਹੁਣ ਇਕ ਦੂਜੇ ਨੂੰ
ਕਦੇ ਨਾ ਵਿਛੜਨ ਲਈ ਮਿਲਾਂਗੇ।
ਅੱਖਾਂ ਤੇਰੀ ਪ੍ਰੀਤ ਯਾਦ ਵਿਚ ਸਦਾ ਭਿੱਜੀਆਂ ਰਹਿਣਗੀਆਂ।
ਮੈਂ ਭਾਗ ਅਭਾਗ ਦਾ ਚੀਥੜਿਆ ਹੋਇਆ,
ਸਦਾ ਤੇਰਾ,
ਬਲਬੀਰ।
ਮੈਂ ਚਿੱਠੀ ਲਿਖਦਾ ਕਿੰਨੀ ਵਾਰ ਰੋਇਆ ਕੁਝ ਪਤਾ ਨਹੀਂ ਸੀ । ਪਾਲ ਚੁੱਪ ਚਾਪ ਮੰਜੇ ਤੇ ਪਈ ਰਹੀ। ਉਸ ਲਿਖਦੇ ਨੂੰ ਇਕ ਦੋ ਵਾਰੀ ਕੁਝ ਪੁਛਿਆ ਵੀ, ਪਰ ਮੈਂ ਉਂਗਲ ਦੇ ਇਸ਼ਾਰੇ ਨਾਲ ਹੀ ਚੁੱਪ ਰਹਿਣ ਦਾ ਇਸ਼ਾਰਾ ਕਰਦਾ ਰਿਹਾ। ਚਿੱਠੀ ਲਿਖ ਲੈਣ ਤੇ ਉਸ ਪੁਛਿਆ, 'ਇਹ ਚਿੱਠੀ ਕਿਸ ਨੂੰ ਲਿਖੀ ਹੈ ?'
ਮੈਂ ਆਪਣੇ ਆਪ ਨੂੰ ਕਾਇਮ ਕਰਕੇ ਮੁਸਕਾਂਦਿਆਂ ਕਿਹਾ, 'ਤੁਹਾਨੂੰ ਜੀ!
ਮੈਂ ਤਾਂ ਤੁਹਾਡੇ ਕੋਲ ਹੀ ਹਾਂ, ਉਂਜ ਹੀ ਆਖ ਦਿੰਦੇ ਜੋ ਕਹਿਣਾ ਸੀ। ਤੁਸੀਂ ਵੀ ਹੱਦ ਹੀ ਹੋ।
'ਸਾਰੀਆਂ ਗੱਲਾਂ ਕਿਤੇ ਜਬਾਨੀ ਆਖੀਆਂ ਜਾਂਦੀਆਂ ਹਨ ?' ਮੇਰਾ ਅੰਦਰ ਦਰਦ ਤੇ ਗ਼ਮ ਨਾਲ ਰੋ ਰਿਹਾ ਸੀ, ਪਰ ਬਾਹਰੋਂ ਸਧਾਰਨ ਕਾਬੂ ਜੋਰੀ ਵਿਖਾ ਰਿਹਾ ਸਾਂ।
'ਇਹ ਲੰਮੀ ਚੌੜੀ ਚਿੱਠੀ ਉਸ ਮੁੰਡੇ ਨੂੰ ਧੰਨਵਾਦ ਵਜੋਂ ਲਿਖੀ ਹੈ ਜਿਸ ਮੇਰੀ ਮੋਰਚੇ ਤੋਂ ਚੁੱਕ ਕੇ ਜਾਨ ਬਚਾਈ ਸੀ।'
'ਹੈਂ'।' ਪਾਲ ਨੇ ਹੈਰਾਨੀ ਨਾਲ ਕਿਹਾ, 'ਤੁਹਾਨੂੰ ਉਸ ਦਾ ਕਿਵੇਂ ਪਤਾ ਲਗਾ ?
'ਕਲ੍ਹ ਉਹ ਆਪ ਏਥੇ ਮੇਰੀ ਖ਼ਬਰ ਨੂੰ ਆਇਆ ਸੀ। ਉਹ ਇਕ ਬਹਾਦਰ ਦੇਵਤਾ ਹੈ ।
'ਮੈਂ ਆਪ ਉਸ ਨੂੰ ਧੰਨਵਾਦ ਦੇਣਾ ਚਾਹੁੰਦੀ ਹਾਂ। ਉਸ ਬੜਾ ਹੀ ਚੰਗਾ ਕੀਤਾ। ਵਾਹਿਗੁਰੂ ਸਦਾ ਲਈ ਉਸ ਨੂੰ ਸੁਖੀ ਰੱਖੇ । ਤੁਸਾਂ ਮੈਨੂੰ ਉਸ ਵੇਲੇ ਨਾ ਦੱਸਿਆ? ਮੈਂ ਉਸ ਨੂੰ ਮਿਲ ਕੇ ਖੁਸ਼ ਹੁੰਦੀ ਅਤੇ ਉਸ ਨੂੰ ਕੋਈ ਚਾਹ ਪਾਣੀ ਪੁੱਛਦੀ।
'ਪ੍ਰਿਯਾ। ਉਹ ਆਖਦਾ ਸੀ ਕਿ ਉਹ ਬੜਾ ਗੁਨਾਹੀ ਹੈ ਅਤੇ ਰੋਂਦਿਆਂ ਉਸ ਆਪਣੀ ਘਰ ਵਾਲੀ ਨੂੰ ਪ੍ਰਾਰਥਨਾ ਸੰਦੇਸ਼ ਘਲਿਆ ਹੈ, 'ਮੈਂ ਤੇਰੇ ਨਾਲ ਬੜੇ ਜ਼ੁਲਮ ਕੀਤੇ ਹਨ। ਨਿਰਦੋਸ਼ ਨੂੰ ਘਰੋਂ ਧੱਕਾ ਦੇ ਦਿੱਤਾ ਹੈ। ਮੈਂ ਆਪਣੇ ਪਾਪਾਂ ਤੇ ਦੇਵੀ ਹੁਣ ਰੋ ਕੇ ਪਛਤਾ ਰਿਹਾ ਹਾਂ। ਤੂੰ ਮੈਨੂੰ ਜ਼ਰੂਰ ਮੁਆਫ਼ ਕਰ ਦੇਵੀਂ ਨਹੀਂ ਤਾਂ ਮੈਂ ਸੁਖਾਲਾ ਨਹੀਂ ਮਰ ਸਕਾਂਗਾ। ਮੈਂ ਇਹ ਸੁਣ ਕੇ ਪ੍ਰਸੰਨਤਾ ਨਾਲ ਮਰਾਂਗਾ ਕਿ ਤੂੰ ਮੈਨੂੰ ਬਖਸ਼ ਦਿੱਤਾ ਹੈ। ਕੀ ਇਸ ਪ੍ਰਕਾਰ ਸੱਚੇ ਦਿਲੋਂ ਪਛਤਾਵੇ ਵਿਚ ਵਿਲਕ ਰਹੇ ਪ੍ਰੇਮੀ ਨੂੰ ਮੁਆਫ਼ ਨਹੀਂ ਕਰਨਾ ਚਾਹੁੰਦੀ ?'
'ਜ਼ਰੂਰ ਮੁਆਫ਼ ਕਰ ਦੇਣਾ ਚਾਹੀਦਾ ਹੈ ?'
'ਤੇਰੀ ਰਾਏ ਬੜੀ ਚੰਗੀ ਹੈ, ਆਸ਼ਾ ਹੈ ਉਹ ਜ਼ਰੂਰ ਮੁਆਫ਼ ਕਰ ਦੇਵੇਗੀ ਅਤੇ ਆਪਣੀ ਪਤੀ ਨੂੰ ਮੁੜ ਅਪਣਾਏਗੀ।
ਅਸਾਂ ਉਸ ਰਾਤ ਹੋਰ ਬਹੁਤ ਗੱਲਾਂ ਕੀਤੀਆਂ, ਕਿਉਂਕਿ ਪਾਲ ਗੱਲਾਂ ਕਰਨੋਂ ਹਟਦੀ ਹੀ ਨਹੀਂ, ਪਰ ਪਾਲ ਵਿਚਾਰੀ ਕੀ ਜਾਣਦੀ ਸੀ ਕਿ ਸਵੇਰੇ ਉਸ ਦੇ ਜੀਵਨ ਵਿਚ ਇਕ ਅਜਿਹਾ ਭੁਚਾਲ ਆਉਣ ਵਾਲਾ ਹੈ, ਜਿਹੜਾ ਜ਼ਿੰਦਗੀ ਪਲਟ ਕੇ ਕੁਝ ਦਾ ਕੁਝ ਕਰ ਦੇਂਦਾ ਹੈ।
'ਮੇਰੇ ਕੋਲ ਆਓ ਪ੍ਰਿਯਾ।'
ਪਾਲ ਝਟ ਉਠ ਕੇ ਮੇਰੇ ਮੰਜੇ ਤੇ ਆ ਡਿੱਗੀ, ਮੈਂ ਉਸ ਦੇ ਸਿਰ ਨੂੰ ਆਪਣੀ ਹਿੱਕ ਤੇ ਥਪਕਦਿਆਂ ਕਿਹਾ, 'ਪਾਲੀ। ਮੇਰੀ ਹਿੱਕ ਵਿਚ ਕੁਝ ਬੋਲੀ ਜਾ ਰਿਹਾ ਹੈ।
'ਮੇਰਾ ਪਿਆਰ ਤੇ ਉਸ ਵਿਚ ਵਿਛੋੜੇ ਦਾ ਅਹਿਸਾਸ।'
'ਤੂੰ ਸੱਚ ਆਖਦੀ ਏ, ਉਂਜ ਪ੍ਰਿਯਾ ਦੇ ਬੋਲਾਂ ਵਰਗੀ ਕੋਈ ਸਚਾਈ ਤੇ ਤਸੱਲੀ ਨਹੀਂ ਹੁੰਦੀ। ਮੈਂ ਚਾਹੁੰਦਾ ਹਾਂ, ਹੁਣ ਇਸ ਤਰ੍ਹਾਂ ਸੜਦੀ ਹੀ ਰਹੇ।'
ਪਾਲ ਨੇ ਸਿਰ ਚੁੱਕ ਕੇ ਮੈਨੂੰ ਘੂਰਦਿਆਂ ਵੇਖਿਆ।
'ਪ੍ਰਿਯਾ। ਤੁਸੀਂ ਘੂਰਦੇ ਵੀ ਪਿਆਰੇ ਪਿਆਰੇ ਯਾਦ ਆਉਂਦੇ ਰਹੋਗੇ।'
‘ਕੋਈ ਗੱਲ ਜ਼ਰੂਰ ਹੈ, ਪਰ ਤੁਸੀਂ ਦਸਦੇ ਨਹੀਂ। ਉਸ ਮਿੱਠੇ ਜਿਹੇ ਗੁੱਸੇ ਨਾਲ ਕਿਹਾ।
'ਗੱਲ ਕੀ ਹੋਣੀ ਏਂ ਪ੍ਰਿਯਾ! ਮੈਂ ਕਲ੍ਹ ਜਾ ਰਿਹਾ ਹਾਂ, ਜਾਂਦਾ ਹੀ ਸੁੱਖ ਸਾਂਦ ਦੀ ਚਿੱਠੀ ਪਾ ਦੇਵਾਂਗਾ। ਪਰ ਅੰਦਰੋਂ ਮੇਰਾ ਦਿਲ ਰਹਿਮ ਤੇ ਤਰਸ ਦੀਆਂ ਅਪੀਲਾਂ ਵਿਚ ਕੰਬ ਰਿਹਾ ਸੀ।
'ਪ੍ਰਿਯਾ। ਇਸ ਤਰ੍ਹਾਂ ਹੀ ਪਿਆਰ ਵਿਚ ਸਵੇਰਾ ਕਰ ਦਿਓ।
'ਪ੍ਰੀਤਮ! ਮੈਂ ਤੁਹਾਥੋਂ ਬਿਨਾਂ ਹਾਂ ਹੀ ਕੀ?'
ਪਿਆਰ ਦੀ ਹਾਲਤ ਵਿਚ ਸਮਾਂ ਲੰਮੀਆਂ ਲੰਮੀਆਂ ਉਲਾਂਘਾ ਭਰਦਾ ਹੈ। ਸਵੇਰਾ ਵੀ ਹੋ ਗਿਆ। ਪਾਲ ਨੇ ਉਠ ਕੇ ਮਿੱਠੇ ਪਰੌਂਠੇ ਪਕਾਏ ਅਤੇ ਚਾਹ ਬਣਾਈ। ਮੈਂ ਕਬਰ ਵਿਚ ਪੈ ਜਾਣ ਵਾਲੀ ਲਾਸ਼ ਬਣਦਾ ਜਾ ਰਿਹਾ ਸਾਂ ਤੇ ਪਾਲ ਮੈਨੂੰ ਵੇਖ ਵੇਖ ਥੋੜ੍ਹੀ ਹੋ ਰਹੀ ਸੀ। ਅਸਾਂ ਦੋਹਾਂ ਚਾਹ ਪੀਤੀ ਅਤੇ ਇਕ ਦੂਜੇ ਦੇ ਮੂੰਹ ਵਿਚ ਪਿਆਰ ਦੀਆਂ ਬੁਰਕੀਆਂ ਪਾਈਆਂ । ਪਾਲ ਦਾ ਏਨਾ ਪਿਆਰ ਵੇਖ ਮੇਰਾ ਦਿਲ ਪਸੀਜਦਾ ਜਾ ਰਿਹਾ ਸੀ, ਪਰ ਵੇਦਨਾ ਬੁੱਲਾਂ ਤੇ ਆ ਆ ਪਿਛੇ ਮੁੜ ਰਹੀ ਸੀ। ਮੇਰੀਆਂ ਅੱਖਾਂ ਕਮਲੀਆਂ ਹੰਝੂ ਭਰ ਲਏ।
'ਕੀ ਕਰਦੇ ਹੋ ਬਲ ਜੀ! ਅਗਲੇ ਦਾ ਦਿਲ ਤੋੜਨ ਵਿਚ ਕੋਈ ਕਸਰ ਨਹੀਂ ਛੱਡਦੇ ! ਛੱਡੋ ਪਰ੍ਹੇ ਹੱਥ, ਅੱਖਾਂ ਪੂੰਝਾਂ।'
ਉਸ ਅੱਖਾਂ ਰੁਮਾਲ ਨਾਲ ਸਾਫ਼ ਕਰ ਦਿੱਤੀਆਂ ਤੇ ਮੈਂ ਉਸ ਕੋਲੋਂ ਰੁਮਾਲ ਲੈ ਕੇ ਆਪਣੀ ਜੇਬ ਵਿਚ ਪਾ ਲਿਆ। ਉਸ ਮੇਰਾ ਸਟੀਲ ਦਾ ਕੜਾ ਲਾਹ ਕੇ ਆਪਣੀ ਬਾਂਹ ਵਿਚ ਪਾ ਲਿਆ। ਉਸ ਦਿਨ ਸਵੇਰੇ ਹੀ ਖ਼ਤਰੇ ਦਾ ਹਵਾਈ ਅਲਾਰਮ ਇਕ ਵਾਰ ਹੋ ਚੁੱਕਾ ਸੀ, ਪਰ ਦੁਸ਼ਮਣ ਦਾ ਇਕ ਜਹਾਜ਼ ਫਿਰ ਕੇ ਮੁੜ ਗਿਆ ਸੀ। ਅਖੀਰ ਮੈਂ ਆਪਣਾ ਸਮਾਨ ਲੈ ਤੁਰਿਆ। ਪਾਲ ਕਾਫ਼ੀ ਦੂਰ ਛੱਡਣ ਆਈ। ਮੈਂ ਡੇਢ ਮੀਲ ਤੋਂ ਆ ਕੇ ਲਾਰੀ ਫੜ ਕੇ ਰੇਲ ਦੇ ਸਟੇਸ਼ਨ ਤੇ ਪੁਜਣਾ ਸੀ। ਪਾਲ ਨੂੰ ਚਿੱਠੀ ਦਿੰਦਿਆਂ ਕਿਹਾ, 'ਵਾਹਦਾ ਕਰੋ ਕਿ ਚਿੱਠੀ ਘਰ ਜਾ ਕੇ ਪੜ੍ਹੋਂਗੇ, ਫਿਰ ਤੇ ਏਥੇ ਦੇ ਜਾਵਾਂਗਾ, ਨਹੀਂ ਤਾਂ ਘਰੋਂ ਜਾ ਕੇ ਡਾਕ ਵਿਚ ਪਾਵਾਂਗਾ।'
‘ਮੈਂ ਘਰ ਜਾ ਕੇ ਹੀ ਪੜ੍ਹਾਂਗੀ।'
'ਮੇਰੀ ਸੌਂਹ ਖਾਓ।'
'ਤੁਹਾਡੀ ਸੌਂਹ ਮੈਂ ਕਿਸੇ ਮੁਲੋਂ ਵੀ ਨਹੀਂ ਖਾਵਾਂਗੀ, ਪਰ ਤੁਸੀਂ ਯਕੀਨ ਕਰੋ।
'ਇਹ ਲੈ। ਮੈਂ ਚਿੱਠੀ ਦਿੰਦਿਆ ਕਿਹਾ, 'ਇਸ ਨੂੰ ਅਮਲ ਯੋਗ ਬਣਾਉਣਾ।
'ਕੀ ਕੋਈ ਖ਼ਾਸ ਗੱਲ ਹੈ ?'
'ਹੈ, ਇਕ ਮਾਮੂਲੀ ਜਿਹੀ।'
ਮੈਂ ਪਾਲ ਨੂੰ ਕਲਾਵੇ ਵਿਚ ਲੈ ਕੇ ਵਿਦਾ ਹੋਣ ਲਈ ਕਿਹਾ, 'ਹੁਣ ਤੁਸੀਂ ਮੁੜੋ।'
'ਵਿਛੜਨਾ ਔਖਾ ਹੈ। ਇਹ ਉਸ ਦੇ ਆਖ਼ਰੀ ਵਾਕ ਸਨ।
ਇਕ ਵਾਰ ਹੀ ਮੇਰਾ ਸਰੀਰ ਥਰਾਇਆ। ਮੈਂ ਛੇਤੀ ਭੱਜ ਜਾਣਾ ਚਾਹੁੰਦਾ ਸਾਂ, ਮਤਾਂ ਗੱਲ ਵਿਗੜ ਹੀ ਨਾ ਜਾਵੇ। ਦੋਹਾਂ ਹੰਝੂ ਵਹਾ ਕੇ ਇਕ ਦੂਜੇ ਤੋਂ ਵਿਦਾ ਲਈ। ਅਸੀਂ ਪਿਛੇ ਭੌਂ ਕੇ ਇਕ ਦੂਜੇ ਨੂੰ ਵੇਖਦੇ ਜਾ ਰਹੇ ਸਾਂ । ਮੈਂ ਕੁਝ ਕਾਹਲੀ ਕੀਤੀ, ਕਿਉਂਕਿ ਦਿਲ ਦੋਸ਼ੀਆਂ ਵਾਂਗ ਪਲ ਪਲ ਡਰ ਤੇ ਲਰਜ਼ ਰਿਹਾ ਸੀ। ਮੈਂ ਤੁਰਿਆ ਹੀ ਗਿਆ, ਬਿਨਾਂ ਇਹ ਜਾਣੇ ਕਿ ਮੈਂ ਕਿਥੇ ਕੁ ਹਾਂ। ਕੋਈ ਅੱਧੇ ਘੰਟੇ ਪਿਛੋਂ ਦੁਸ਼ਮਣ ਦੇ ਚਾਰ ਪੰਜ ਹਵਾਈ ਜਹਾਜ ਕਾਹਲੇ
ਕਾਹਲੇ ਭੌਂਦੇ ਵੇਖੇ। ਮੈਂ ਬੇ-ਪਰਵਾਹ ਤੇ ਨਿਡਰ ਹੋ ਕੇ ਚਲ ਰਿਹਾ ਸਾਂ। ਦਿਲ ਵਿਚ ਕਈ ਤਰ੍ਹਾਂ ਦੇ ਖਿਆਲ ਹਵਾਈ ਜਹਾਜ਼ਾਂ ਵਾਂਗ ਚੱਕਰ ਕੱਢ ਰਹੇ ਸਨ।
ਪਿਛੋਂ ਇਕ ਜੀਪ ਲੰਮਾ ਹਾਰਨ ਦਿੰਦੀ, ਬੜੀ ਤੇਜ਼ ਆ ਰਹੀ ਸੀ, ਉਂਜ ਸੀ ਬੜੀ ਦੂਰ । ਇਕ ਹਵਾਈ ਜਹਾਜ਼ ਦੋ ਵਾਰ ਜੀਪ ਤੇ ਝੁਕਿਆ ਤੇ ਮੁੜ ਉਤਾਂਹ ਹੋ ਗਿਆ। ਤੀਜੀ ਵਾਰ ਉਸ ਬਹੁਤ ਨੀਵਾਂ ਹੋ ਕੇ ਇਕ ਬੰਬ ਮਾਰਿਆ। ਓਹ! ਗੱਡੀ ਓਦੋਂ ਹੀ ਟੁਕੜਿਆਂ ਵਿਚ ਖਿੰਡ ਗਈ। ਮੈਂ ਬਹੁਤੀ ਦੂਰ ਨਹੀਂ ਸਾਂ, ਭੱਜ ਕੇ ਜੀਪ ਵਲ ਗਿਆ। ਗੱਡੀ ਦਾ ਡਰਾਈਵਰ ਜ਼ਖ਼ਮੀ ਹੋਇਆ ਬਹੁੜੀਆਂ ਵਿਚ ਚੀਕ ਰਿਹਾ ਸੀ। 'ਹਾਏ। ਇਹ ਗੱਡੀ ਡਾਕਟਰ ਸਾਹਿਬ ਦੀ ਲਗਦੀ ਹੈ। ਮੈਂ ਭੱਜ ਕੇ ਕੋਲ ਗਿਆ।
'ਸਰਦਾਰ ਜੀ! ਹਾਇ, ਤੁਸੀਂ ਇਹ ਕੀ ਕੀਤਾ।' ਡਰਾਈਵਰ ਨੇ ਲੰਮੀ ਤਾੜ ਨਾਲ ਕਿਹਾ ਅਤੇ ਉਹ ਸਦਾ ਲਈ ਚੁੱਪ ਹੋ ਗਿਆ। ਜਦੋਂ ਦੂਜੇ ਬੰਨੇ ਨਿਗਾਹ ਮਾਰੀ, 'ਉਹ ਮੇਰੇ ਭਗਵਾਨ। ਇਹ ਕੀ ਲੋਹੜਾ ਮਾਰਿਆ।'
'ਮੈਂ ਪਾਲ ਤੇ ਪਾਗਲਾਂ ਵਾਂਗ ਡਿੱਗ ਪਿਆ। ਮੇਰੀ ਚਿੱਠੀ ਉਸ ਦੀ ਮੁੱਠੀ ਵਿਚ ਘੁੱਟੀ ਹੋਈ ਸੀ ਅਤੇ ਪਾਸੇ ਪਰਨੇ ਅਮਰ ਨੀਂਦ ਸੁੱਤੀ ਪਈ ਸੀ, ਕਈਆਂ ਥਾਵਾਂ ਤੋਂ ਲਹੂ ਲੁਹਾਣ ।'
'ਪਾਲ! ਪ੍ਰਿਯਾ! ਮੇਰੀ ਪ੍ਰਿਯਾ!'
ਉਹ ਬਿਲਕੁਲ ਚੁੱਪ ਸੀ, ਮੈਂ ਭੁੱਬਾਂ ਮਾਰ ਰਿਹਾ ਸਾਂ।
ਆਹ! ਤੂੰ ਚਲੀ ਗਈ,
ਰੱਬੀ ਸਦਾ ਅਟੱਲ ਹੁਕਮ।
ਮੈਂ ਬਾਕੀ ਦੇ ਦਿਨ ਤੇਰੀ ਪ੍ਰੀਤ ਪ੍ਰਾਰਥਨਾ ਵਿਚ
ਦੀਵੇ ਵਾਂਗ ਬਲਦਾ ਰਹਾਂਗਾ।
ਮੈਂ ਆ ਰਿਹਾ ਹਾਂ ਤੇਰੇ ਕੋਲ,
ਵਰ੍ਹਿਆਂ ਨੂੰ ਮਹੀਨੇ ਤੇ ਮਹੀਨਿਆਂ ਨੂੰ ਦਿਨ ਬਣਾ ਕੇ
ਆਪਣੀ ਵਾਟ ਕਾਹਲਿਆਂ ਨਬੇੜਦਾ।
ਮੇਰਾ ਭਟਕਦੇ ਦਾ ਅਸਲ ਟਿਕਾਣਾ ਤੇਰੀ ਗੋਦ ਹੈ,
ਮੇਰੇ ਸੁਖ, ਮੇਰੇ ਅਨੰਦ, ਮੇਰੀ ਆਤਮਾ, ਮੇਰੀ ਪਾਲ। ...
***