ਕਿਉਂਕਿ ਮੈਂ ਇਸ ਦੋ ਮੀਲ ਦੇ ਕੱਚੇ ਸਫਰ ਵਿਚ ਤੁਰ ਕੇ ਬੜਾ ਸੁਆਦ ਲੈਂਦਾ ਸਾਂ। ਜਦ ਮਨੁੱਖ ਦੇ ਦਿਲ ਸੁਆਦ ਮਾਨਣ ਦੀ ਇੱਛਾ ਸ਼ਕਤੀ ਜਾਗ ਉਠੇ, ਉਸ ਵੇਲੇ ਭਾਵੇਂ ਉਹ ਕੋਈ ਕੰਮ ਕਰੇ, ਉਸ ਵਿਚ ਹੀ ਇਕ ਅਨੋਖਾ ਅਨੰਦ ਮਹਿਸੂਸ ਕਰਦਾ ਹੈ।
ਕਈ ਵਾਰ ਮੇਰੇ ਹਿਰਦਿਓਂ ਇਕ ਮੁਸਕਾਣ ਉਠਦੀ ਅਤੇ ਮੈਂ ਪਿਛੇ ਭੌਂ ਕੇ ਹੱਸਦੀਆਂ ਅੱਖਾਂ ਨਾਲ ਆਪਣੀਆਂ ਪੈੜਾਂ ਵੇਖਣ ਲੱਗ ਪੈਂਦਾ, ਅਤੇ ਖ਼ਿਆਲ ਕਰਦਾ ਸਾਂ, ਕੀ ਮੈਂ ਇਨ੍ਹਾਂ ਪੈੜਾਂ ਤੱਕ ਪੁੱਜ ਸਕਦਾ ਹਾਂ? ਫਿਰ ਜਵਾਬ ਦੇਂਦਾ ਸਾਂ ਕਿ ਨਹੀਂ ਇਨ੍ਹਾਂ ਤੱਕ ਮੁੜ ਪੁੱਜਣ ਲਈ ਇਕ ਜਨਮ ਦੀ ਹੋਰ ਉਡੀਕ ਕਰਨੀ ਪਵੇਗੀ। ਦੁਬਾਰਾ ਫਿਰ ਸੋਚਦਾ ਸਾਂ ਕਿ ਜਦ ਸਾਨੂੰ ਪਿਛਲੇ ਪੈਰ ਚਿੰਨ ਤਕ ਅਪੜਨ ਲਈ ਇਕ ਜਨਮ ਬਰਬਾਦ ਕਰਨਾ ਪੈਂਦਾ ਹੈ, ਕੁਦਰਤ ਇਕ ਪਲ ਲੰਘੇ ਨੂੰ ਸਾਲਾਂ ਦੇ ਇਵਜ ਵਿਚ ਵੀ ਵਾਪਸ ਨਹੀਂ ਕਰਦੀ ਤਾਂ ਅਸੀਂ ਆਪਣੀਆਂ ਜਿੰਦਗੀਆਂ ਕਿਵੇਂ ਆਦਰਸ਼ ਤੋਂ ਬਿਨਾਂ ਕੋਹ ਰਹੇ ਹਾਂ।
ਇਕ ਮੀਲ ਤੇ ਆ ਕੇ ਇਕ ਨਹਿਰ ਆ ਗਈ। ਉਸ ਦੇ ਹਰਿਆਵਲੇ ਕਿਨਾਰਿਆ ਵਿਚ ਮੰਦ-ਮੰਦ ਵਗਦਾ ਪਾਣੀ ਵੇਖ, ਮੇਰਾ ਜੀਅ ਓਥੇ ਹੀ ਢੇਰੀ ਹੋ ਜਾਣ ਨੂੰ ਕੀਤਾ। ਮੈਂ ਝੱਟ ਆਪਣਾ ਥੈਲਾ ਸੁੱਟ ਕੁਹਣੀ ਪਰਨੇ ਹਰੀ ਘਾਹ ਤੇ ਪੈ ਗਿਆ। ਜਿਹੜੇ ਪੁਰਸ਼ ਆਪਣੇ ਮਨ ਦੇ ਜਜ਼ਬਿਆਂ ਨੂੰ ਕੁਚਲ ਕੇ ਕੋਈ ਕੰਮ ਕਰਦੇ ਹਨ, ਉਹ ਆਪਣੀ ਆਤਮਾ ਨਾਲ ਇਨਸਾਫ਼ ਨਹੀਂ ਕਰਦੇ ਅਤੇ ਜੀਵਨ ਨੂੰ ਧੋਖਾ ਦੇਂਦੇ ਹਨ। ਕੁਝ ਸਮਾਂ ਮੈਂ ਅਨੰਦ ਵਿਚ ਖੀਵਾ ਹੋਇਆ ਪਿਆ ਰਿਹਾ। ਥੋੜ੍ਹੇ ਚਿਰ ਪਿਛੋਂ ਮੇਰੀਆਂ ਨਜ਼ਰਾਂ ਨੇ ਨਹਿਰ ਦੇ ਪਾਣੀ ਤੋਂ ਦੀ ਤਰਦਿਆਂ ਆਪਣਾ ਸਟੇਸ਼ਨ ਵੇਖਿਆ। ਮੈਂ ਜਾਣ ਦੀ ਭਾਵਨਾ ਨਾਲ ਉਠ ਕੇ ਬੈਠ ਗਿਆ। ਅਫਸੋਸ ! ਅਸੀਂ ਦੁਨਿਆਵੀ ਤੁੱਛ ਕੰਮਾਂ ਦੀ ਖ਼ਾਤਰ ਆਪਣੇ ਮੌਲਿਕ ਸੁਆਦ ਨੂੰ ਕਿੰਨੀ ਬੇ-ਦਰਦੀ ਨਾਲ ਕਤਲ ਕਰਦੇ ਹਾਂ। ਪਰ ਮੇਰੀ ਨਵੀਂ ਮੁਸਕਾਨ ਆਖ ਰਹੀ ਸੀ ਕਿ ਸੁਆਦ ਕਿਸੇ ਚੀਜ ਵਿਚ ਨਹੀਂ, ਉਹ ਆਪਣੇ ਅੰਦਰ ਇਕ ਚਸ਼ਮੇ ਵਾਂਗ ਉਮੜਦਾ ਰਹਿੰਦਾ ਹੈ।
ਮੈਂ ਫਿਰ ਉਠ ਕੇ ਤੁਰ ਪਿਆ । ਹਰ ਖ਼ਿਆਲ ਨਵਾਂ ਹੌਂਸਲਾ ਹੁੰਦਾ ਹੈ ਤੇ ਹਰ ਮੁਸਕਾਣ ਉਤਸ਼ਾਹ ਭਰੀ ਕੰਬਣੀ । ਮੈਂ ਰਵਾਂ ਰਵੀ ਵਗਿਆ ਮਤਾ ਗੱਡੀਓਂ ਹੀ ਨਾ ਖੁੰਝ ਜਾਵਾਂ। ਸਟੇਸ਼ਨ ਮਾਸਟਰ ਮੇਰੇ ਬੜੇ ਮਿੱਤਰ ਸਨ। ਉਮਰ ਪੰਜਾਹ ਨੂੰ ਪਹੁੰਚੀ ਹੋਈ ਸੀ। ਕ੍ਰਿਸ਼ਨ ਭਗਤ ਹੋਣ ਕਰਕੇ ਰੋਇਆ ਤੇ ਨੱਚਿਆ ਬੜਾ ਕਰਦੇ ਸਨ ਤੇ ਕੀਰਤਨ ਦੇ ਅਨੰਦ ਵਿਚ ਬਹੁਤਾ ਮਗਨ ਰਹਿੰਦੇ। ਮੈਂ ਸਟੇਸ਼ਨ ਵਿਚ ਵੜਦਿਆਂ ਨਮਸਤੇ ਕਹੀ ਉਨ੍ਹਾਂ ਨੂੰ ਦੇਖ ਕੇ ਮੁਸਕ੍ਰਾਇਆ। ਸਟੇਸ਼ਨ ਮਾਸਟਰ ਨੇ ਹੱਸਦਿਆਂ ਕਿਹਾ, 'ਕੀ ਗੱਲ ਹੈ ਮੁਸਕਰਾਂਦੇ ਹੋ?
'ਮੈਂ ਹੈਰਾਨ ਹਾਂ ਬਾਬੂ ਜੀ। ਤੁਸੀਂ ਬੁੱਢੇ ਹੱਸ ਰਹੇ ਹੋ, ਮੈਂ ਜਵਾਨ ਨੇ ਮੁਸਕਰਾ ਲਿਆ ਤਾਂ ਕੀ ਹੋਇਆ?'
'ਹੱਛਾ। ਇਹ ਗੱਲ ਹੈ।
'ਹਾਂ ਜੀ, ਝਿਜਕ ਕਿਸ ਗੱਲ ਦੀ, ਅਜੇ ਤਾਂ ਹੱਸਣਾ ਹੈ ਹੱਸਣਾ।'
'ਤੇ ਰੋਣਾ ਕਦੋਂ ਹੈ ?
'ਇਸ ਗੱਲ ਦਾ ਬਾਬੂ ਜੀ ਖਿਆਲ ਹੀ ਨਹੀਂ ਰਖਿਆ।
ਮੈਂ ਉਦਾਸ ਜਿਹਾ ਹੋ ਗਿਆ ਕਿਉਕਿ ਰੋਣਾ ਤੇ ਹੱਸਣਾ ਜੀਵਨ ਦੇ ਬਦਲਦੇ ਪਰਛਾਵੇਂ ਹਨ। ਮੈਂ ਇਕ ਨੂੰ ਸੁੱਖਾਂ ਨਾਲ ਭਰਿਆ ਵੇਖ ਕੇ ਚੁਣਿਆ ਸੀ। ਉਸ ਦੇ ਨਾਲ ਦੂਜੇ ਦਾ ਆ ਜਾਣਾ ਕੁਦਰਤੀ ਸੀ। ਬਾਬੂ ਟਿਕਟਾਂ ਦੇਣ ਲਗ ਪਏ। ਪੇਂਡੂ ਸਟੇਸ਼ਨ ਹੋਣ ਤੇ ਵੀ ਏਥੇ ਕਾਫੀ ਭੀੜ ਹੋ ਜਾਂਦੀ ਸੀ। ਸਟੇਸ਼ਨ ਦੁਆਲੇ ਸੁਹਣੀ ਹਰਿਆਵਲ ਸੀ। ਮੈਂ ਮੁਸਾਫ਼ਰਾਂ ਨੂੰ ਪ੍ਰਸੰਨ ਚਿੱਤ ਵੇਖ ਰਿਹਾ ਹਾਂ, ਜਾਂ ਨਹੀਂ ਸੀ ਕਿਹਾ ਜਾ ਸਕਦਾ ਕਿ ਮੇਰੀ ਅੰਦਰਲੀ ਪ੍ਰਸੰਨਤਾ ਕੁਦਰਤ ਦੇ ਅੰਗਾਂ ਵਿਚ ਅਦਭੁਤ ਨਿਰਤ ਕਰ ਰਹੀ ਸੀ।
ਇਕ ਵੀਹ ਕੁ ਸਾਲ ਦੀ ਕੁੜੀ ਦਫਤਰ ਅੰਦਰ ਆਈ ਤੇ ਉਸ ਨੇ ਆਉਂਦਿਆਂ ਹੀ ਬਾਬੂ ਜੀ ਨੂੰ 'ਸਤਿ ਸ੍ਰੀ ਅਕਾਲ' ਕਹੀ। ਮੈਂ ਵੀ ਸਤਿਕਾਰ ਨਾਲ ਖੜ੍ਹਾ ਹੋ ਗਿਆ ਅਤੇ ਕੁਰਸੀ ਛੱਡਦਿਆਂ ਕਿਹਾ, 'ਬੈਠੋ ਜੀ?'
'ਨਹੀਂ, ਤੁਸੀਂ ਕੋਈ ਖ਼ਿਆਲ ਨਾ ਕਰੋ। ਇਹ ਆਖ ਉਹ ਵੱਡੀ ਸਾਰੀ ਮੇਜ਼ ਦੇ ਇਕ ਕੋਨੇ ਤੇ ਬਹਿ ਗਈ।
ਮੈਨੂੰ ਕਿਸੇ ਦਾ ਚਿਹਰਾ ਵੇਖ ਕੇ ਉਸ ਦਾ ਗੁਣ ਔਗੁਣ ਦਾ ਅੰਦਾਜ਼ਾ ਲਾਉਣ ਦੀ ਇਕ ਆਦਤ ਪਈ ਹੋਈ ਸੀ। ਉਸ ਕੁੜੀ ਨੂੰ ਵੀ ਮੈਂ ਆਪਣੀ ਆਦਤ ਅਨੁਸਾਰ ਵੇਖਣਾ ਸ਼ੁਰੂ ਕਰ ਦਿੱਤਾ। ਉਸ ਵਿਚ ਮਿਠਾਸ, ਇਉਂ ਜਾਪਦੀ ਸੀ, ਜਿਵੇਂ ਮੇਰੇ ਨੀਰਸ ਦਿਲ ਮਾਖੋ ਚੋ ਰਹੀ ਹੈ । ਕੋਮਲਤਾ, ਮੇਰੇ ਫਰਕਦੇ ਅੰਗਾਂ ਵਿੱਚ ਆਪ-ਮੁਹਾਰੇ ਨਿੱਸਲਤਾ ਆ ਰਹੀ ਸੀ। ਐਨੀ ਸ਼ਾਂਤ ਕਿ ਮੈਨੂੰ ਆਪਣੇ ਕਾਹਲੇ ਸੁਭਾਅ ਤੇ ਸ਼ਰਮ ਆ ਗਈ। ਹਸਮੁੱਖਤਾ ਦੇ ਚਿੰਨ੍ਹ, ਇਕ ਕਲੀ ਵਾਂਗ ਬੰਦ ਪਏ ਅਰਮਾਨ ਸਨ। ਹੁਸਨ, ਇਕ ਸਾਕਾਰ ਸਚਾਈ ਸੀ। ਤਿੱਖੇ ਨਕਸ਼ਾਂ ਵਿਚ ਉਹ ਮੈਥੋਂ ਵੀ ਬਾਜੀ ਲੈ ਗਈ ਸੀ। ਸੁਹਣੇ, ਸਾਫ਼ ਤੇ ਸਰੀਰ ਨਾਲੇ ਫਬੇ ਕਪੜਿਆਂ ਵਿਚ ਮੈਂ ਕਿਸੇ ਮਹਾਂ ਚਿਤ੍ਰਕਾਰ ਦਾ ਸ਼ਾਹਕਾਰ ਵੇਖ ਰਿਹਾ ਸਾਂ। ਉਸ ਨੂੰ ਵੇਖ ਕੇ ਮੇਰੀਆਂ ਅੱਖਾਂ ਹੈਰਾਨੀ ਵਿਚ ਠਠੰਬਰ ਗਈਆਂ। ਇਸ ਤੋਂ ਬਿਨਾਂ ਮੈਂ ਆਪਣੇ ਅੰਦਰ ਇਕ ਤਰ੍ਹਾਂ ਨੀਂਦ- ਨਸ਼ਾ ਜਿਹਾ ਵੀ ਪ੍ਰਤੀਤ ਕਰ ਰਿਹਾ ਸਾਂ।
ਮੈਂ ਉਸ ਵਿਚ ਔਗੁਣ ਲੱਭਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਇਹ ਫ਼ਿਤਰਤ ਦੇ ਉਲਟ ਸੀ, ਕਿਉਂਕਿ ਜਿਹੜੀ ਚੀਜ ਇਕ ਵਾਰ ਚੰਗੀ ਬਣ ਕੇ ਅੰਦਰ ਆਵੇ, ਉਸ ਦੇ ਨੁਕਸ ਵੀ ਚੰਗਿਆਈਆਂ ਵਿਚ ਬਦਲ ਜਾਂਦੇ ਹਨ। ਉਂਜ ਕੁੜੀਆਂ ਸਾਰੀਆਂ ਹੀ ਸੋਹਣੀਆਂ ਹੁੰਦੀਆਂ ਹਨ, ਪਰ ਉਸ ਵਿਚ ਸਿਫ਼ਤਾਂ ਦੀ ਕੁਝ ਵਧੇਰੇ ਹੀ ਲਾਮਡੋਰੀ ਸੀ। ਮੈਂ ਉਸ ਨੂੰ ਵੇਖ-ਵੇਖ ਇਕ ਅਜਿੱਤ ਤੇ ਨਵੀਂ ਖੁਸ਼ੀ ਅੰਦਰੇ ਅੰਦਰ ਮਾਣ ਰਿਹਾ ਸਾਂ। ਪਰ ਬਾਹਰੋਂ ਮਨੁੱਖੀ ਅਣਖ ਦਾ ਕਾਇਲ ਪੰਜਾਬੀ ਮਾਸਕ ਪੱਤਰ ਉਤੇ ਐਵੇਂ ਨਜ਼ਰਾਂ ਸੁੱਟ ਰਿਹਾ ਸਾਂ।
ਸਟੇਸ਼ਨ ਮਾਸਟਰ ਆਪਣੇ ਕੰਮ ਵਲੋਂ ਵਿਹਲੇ ਹੋਏ ਅਤੇ ਮੈਨੂੰ ਪੁੱਛਣ ਲੱਗੇ, 'ਅੱਜ ਕਲ੍ਹ ਕੀ ਵਿਚਾਰਦੇ ਹੋ ?
'ਆਤਮ ਸਿਧਾਂਤ।'
'ਤੁਸੀ ਭਗਤੀ ਦੇ ਕਾਇਲ ਹੋ ਜਾਂ ਗਿਆਨ ਦੇ ?"
'ਭਗਤੀ ਵਿਚ ਦੀ ਲੰਘ ਕੇ ਹੀ ਇਕ ਜਗਿਆਸੂ ਗਿਆਨ ਤੱਕ ਪੁੱਜਦਾ ਹੈ, ਮੈਂ ਨਿਰਸੰਦੇਹ ਗਿਆਨ ਨੂੰ ਅਧਿਕਤਾ ਦੇਂਦਾ ਹਾਂ।
'ਤਦ ਫਿਰ ਤੁਹਾਡੇ ਖ਼ਿਆਲ ਵਿਚ ਭਗਤੀ ਭਾਵ ਨਾਲ ਮੁਕਤੀ ਨਹੀਂ ਮਿਲਦੀ ?'
'ਹਾਂ ਭਗਤੀ ਦਵੈਤਵਾਦ ਬਿਨਾਂ ਨਹੀਂ ਹੋ ਸਕਦੀ ਅਤੇ ਗਿਆਨ ਕੇਵਲ ਇਕ ਬ੍ਰਹਮ ਦਾ ਹੀ ਜਣਾਇਕ ਹੈ। ਇਹ ਮੇਰਾ ਖਿਆਲ ਨਹੀਂ, ਸ਼ਾਸਤਰ ਦਸਦੇ ਹਨ।
ਇਕ ਆਦਮੀ ਬਾਹਰੋਂ ਹਫਿਆ ਹੋਇਆ ਆਇਆ ਅਤੇ ਉਸ ਆਉਂਦਿਆਂ ਹੀ ਸਟੇਸ਼ਨ ਮਾਸਟਰ ਨੇ ਪੁੱਛਿਆ, 'ਜੀ ਬਾਬੂ ਜੀ। ਗੱਡੀ ਕਿੰਨੇ ਬਜੇ ਆਊ ਜੀ?'
'ਬਸ ਆਉਣ ਹੀ ਵਾਲੀ ਹੈ।
'ਫੇਰ ਜੀ ਮੈਨੂੰ ਟਿਕਟ ਦੇਣ ਦੀ ਮਿਹਰਬਾਨੀ ਕਰ ਦਿਓ। ਉਸ ਗਰੀਬ ਜਿਹਾ ਬਣਦਿਆਂ ਕਿਹਾ।
'ਲਿਆ ਫੜਾ ਪੈਸੇ ।' ਬਾਬੂ ਜੀ ਦੇ ਚਿਹਰੇ ਤੇ ਗੁੱਸੇ ਦੇ ਚਿੰਨ੍ਹ ਸਨ। ਉਹ ਉਸ ਆਦਮੀ ਨੂੰ ਟਿਕਟ ਦੇਣ ਚਲੇ ਗਏ। ਉਸ ਕੁੜੀ ਨੇ ਮੇਰੇ ਕੋਲੋਂ ਪੰਜਾਬੀ ਰਿਸਾਲਾ ਹੱਥ ਦੀ ਸੈਨਤ ਨਾਲ ਮੰਗਿਆ, ਮੈਂ ਮੇਜ਼ ਅੱਗੇ ਪਏ ਰਸਾਲੇ ਨੂੰ ਉਸ ਵਲ ਵਧਾ ਦਿੱਤਾ। ਬਾਬੂ ਜੀ ਆ ਕੇ ਮੇਰੇ ਨਾਲ ਫਿਰ ਇਸੇ ਵਿਸ਼ੇ ਤੇ ਬਹਿਸ ਕਰਨ ਲੱਗ ਪਏ। ਮੇਰੀਆਂ ਠੋਸ ਦਲੀਲਾਂ ਅਗੇ ਬਾਬੂ ਜੀ ਦੀ ਕੋਈ ਪੇਸ਼ ਨਾ ਜਾਵੇ। ਮੈਨੂੰ ਇਉਂ ਜਾਪਦਾ ਸੀ ਜਿਵੇਂ ਉਹ ਯੁਵਤੀ ਮੇਰੀਆਂ ਕਹੀਆਂ ਜਾ ਰਹੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣ ਰਹੀ ਹੈ। ਭਾਵੇਂ ਉਸ ਦੀਆਂ ਨਜ਼ਰਾਂ ਰਿਸਾਲੇ ਤੇ ਫਿਰ ਰਹੀਆਂ ਸਨ, ਪਰ ਉਸ ਨੂੰ ਕੱਖ ਸਮਝ ਨਹੀਂ ਪੈ ਰਹੀ ਸੀ। ਕਿਉਂਕਿ ਉਹ ਕਈ ਵਾਰੀ ਰਸਾਲੇ ਦੀ ਕੰਨੀ ਨੀਵੀਂ ਕਰਕੇ ਮੈਨੂੰ ਵੇਖ ਵੀ ਲੈਂਦੀ ਸੀ । ਸਾਇਦ ਉਸ ਦਾ ਮਨ ਚੋਰੀ ਵੇਖਣ ਲਈ ਮਜਬੂਰ ਸੀ, ਪਰ ਲੋਕ-ਲਾਜ ਦਾ ਥੋੜ੍ਹਾ ਡਰ ਪਰਦੇ ਦੀ ਓਟ ਲੈ ਰਿਹਾ ਸੀ। ਮੈਂ ਇਸ ਗੱਲ ਬਾਤ ਦੇ ਸਮੇਂ ਵਿਚ ਇਕ ਗੱਲ ਦਾ ਅਨੁਮਾਨ ਹੀ ਨਹੀਂ, ਨਿਸਚਾ ਕਰ ਲਿਆ ਸੀ ਕਿ ਇਸ ਸੁਹਿਰਦ ਕੁੜੀ ਦੇ ਅੰਦਰ ਇਕ ਹਮਦਰਦ ਦਿਲ ਹੈ, ਕੋਈ ਗੁੱਝੀ ਜਿਹੀ ਭੁੱਖ ਹੈ, ਜਿਹੜੀ ਹਰ ਆਦਮੀ ਨਹੀਂ ਜਾਣ ਸਕਦਾ।
ਬਾਬੂ ਜੀ ਨੇ ਉਧਰੋਂ ਮੁੜਦਿਆਂ ਕਿਹਾ, 'ਤੁਹਾਡਾ ਸ਼ਾਇਰਾਂ ਦਾ ਅਸਲ ਵਿਚ ਕਿਸੇ ਚੀਜ਼ ਤੇ ਵੀ ਨਿਸ਼ਚਾ ਨਹੀਂ ਹੁੰਦਾ।' ਅਸੀਂ ਸਾਰੇ ਹੀ ਹੱਸ ਪਏ।
ਇਕ ਕੁਲੀ ਅੰਦਰ ਆਇਆ ਅਤੇ ਉਸ ਕਿਹਾ, 'ਬਾਬੂ ਜੀ! ਗੱਡੀ ਸਿਗਨਲ ਛੱਡ ਆਈ।
ਅਸੀਂ ਸਾਰੇ ਬਾਹਰ ਨਿਕਲੇ। ਸੁੰਦਰੀ ਨੇ ਮੇਰਾ ਰਸਾਲਾ ਫੜਾਂਦਿਆਂ ਧੰਨਵਾਦ ਕੀਤਾ। ਮੈਂ ਜਵਾਬ ਵਿਚ ਕਿਹਾ, 'ਤੁਸੀਂ ਸਫਰ ਵਿਚ ਵੀ ਇਸ ਨੂੰ ਪੜ੍ਹ ਸਕਦੇ ਹੋ।
'ਤੁਸਾਂ ਆਪ ਪੜ੍ਹਨਾ ਹੋਵੇਗਾ ?'
'ਨਹੀਂ, ਮੈਂ ਜੋ ਕੁਝ ਪੜ੍ਹ ਚੁੱਕਾ ਹਾਂ, ਉਸ ਨੂੰ ਵਿਚਾਰ ਲਵਾਂਗਾ।
'ਸ਼ੁਕਰੀਆ।'
ਅਸੀਂ ਅੱਡ-ਅੱਡ ਗੱਡੀ ਚੜ੍ਹੇ। ਮੇਰਾ ਦਿਲ ਚਾਹੁੰਦਾ ਸੀ ਕਿ ਇਸ ਸੋਹਣੀ ਕੁੜੀ ਨਾਲ ਸਫਰ ਕਰਾਂ, ਹਾਣ ਪਿਆਰਾ। ਕੀ ਪਤਾ ਉਸ ਦਾ ਦਿਲ ਵੀ ਇਕ ਡੱਬੇ ਵਿਚ ਹੀ ਰਲ ਬਹਿਣ ਨੂੰ ਕਰਦਾ ਹੋਵੇ। ਅਸੀਂ ਝਿਜਕ ਅਧੀਨ ਇਕ ਦੂਜੇ ਨੂੰ ਕੁਝ ਨਾ ਕਹਿ ਸਕੇ।
ਅਗਲੇ ਸਟੇਸ਼ਨ ਤੇ ਇੰਜਣ ਪਾਣੀ ਲੈਣ ਲਈ ਆਮ ਸਟੇਸ਼ਨਾਂ ਨਾਲੋਂ ਬਹੁਤਾ ਚਿਰ ਖਲੋਤਾ। ਮੈਂ ਉਤਰ ਕੇ ਪਲੇਟਫਾਰਮ ਤੇ ਫਿਰਨ ਲਗ ਪਿਆ। ਪਲੇਟਫਾਰਮ ਤੇ ਵੱਡੇ ਵੱਡੇ ਚਿਣੇ ਪੱਥਰ ਵੇਖ ਕੇ ਮਜ਼ਦੂਰ ਦੀ ਕਰੜੀ ਮਿਹਨਤ ਹਉਂਕੇ ਭਰਦੀ ਜਾਪੀ। ਮੇਰੇ ਤਰਸ ਰਹੇ ਦਿਲ ਵਿਚ ਇਨਕਲਾਬ ਦੀਆਂ ਲਹਿਰਾਂ ਝਰਣ-ਝਰਣ' ਫਿਰਨ ਲੱਗੀਆਂ। ਮੈਂ ਸੋਚਦਾ ਸਾਂ, ਦੁਨੀਆ ਤੱਕੜੇ ਮਾੜੇ ਦੀ ਜੰਗ ਹੈ। ਜ਼ਿੰਦਗੀ ਨਾਲ ਕੁਝ ਇਨਸਾਫ ਨਹੀਂ ਕੀਤਾ ਜਾ ਰਿਹਾ।
ਉਦੋਂ ਹੀ ਇੰਜਨ ਨੇ ਸੀਟੀ ਮਾਰੀ ਅਤੇ ਗੱਡੀ ਤੁਰਨ ਲਈ ਇਕ ਵਾਰ ਹੀ ਹਿੱਲੀ। ਮੈਂ ਝੱਟ ਜਿਹੜਾ ਡੱਬਾ ਅੱਗੇ ਆਇਆ, ਉਸ ਵਿਚ ਹੀ ਚੜ੍ਹ ਗਿਆ। ਅੱਗੇ ਓਹੀ ਸੁੰਦਰੀ ਬੈਠੀ ਸੀ। ਉਹ ਮੈਨੂੰ ਦੇਖ ਕੇ ਬੇ-ਮਲੂਮ ਜਿਹਾ ਮੁਸਕ੍ਰਾਈ। ਪਰ ਮੈਂ ਕਾਫ਼ੀ ਸ਼ਰਮ ਮਹਿਸੂਸ ਕੀਤੀ। ਖ਼ਿਆਲ ਕਰਦਾ ਸਾਂ ਕਿ ਇਸ ਸੁੰਦਰੀ ਦੇ ਦਿਲ ਜ਼ਰੂਰ ਸ਼ੱਕ ਪੈ ਗਿਆ ਹੋਵੇਗਾ ਕਿ ਮੈਂ ਜਾਣ ਬੁੱਝ ਕੇ ਹੀ ਉਸ ਦੇ ਡੱਬੇ ਵਿਚ ਆਇਆ ਹਾਂ। ਪਰ ਉਸ ਕਿਹਾ, 'ਆਓ ਨਾ, ਬੈਠੋ?
ਉਸ ਦੇ ਕਹੇ ਹੋਏ ਸ਼ਬਦ ਬੜੇ ਮਿੱਠੇ ਸਨ, ਮੈਂ ਬਹਿੰਦਿਆਂ ਉਸ ਦਾ ਧੰਨਵਾਦ ਕੀਤਾ। ਮੈਨੂੰ ਹਾਲੇ ਵੀ ਆਪਣਾ ਅੰਦਰ ਜ਼ਖ਼ਮੀ-ਜ਼ਖ਼ਮੀ ਜਾਪਦਾ ਸੀ। ਉਸ ਦੀ ਮੰਦ-ਮੰਦ ਪ੍ਰਸੰਨਤਾ ਦੇਖ ਮੈਂ ਆਪਣਾ ਖ਼ਿਆਲ ਭੁਲਾਉਣ ਦਾ ਯਤਨ ਕੀਤਾ। ਉਸ ਕੁੜੀ ਦੀ ਬੋਲ ਚਾਲ ਤੋਂ ਮੈਂ ਖ਼ਿਆਲ ਕੀਤਾ ਕਿ ਪੜ੍ਹੀ ਲਿਖੀ ਹੋਣ ਤੋਂ ਬਿਨਾਂ ਸਿਆਣੀ ਵੀ ਬਹੁਤ ਹੈ। ਉਸ ਰੁਕ ਕੇ ਕਿਹਾ, 'ਤੁਹਾਡੇ ਖ਼ਿਆਲ ਬੜੇ ਪਵਿੱਤਰ ਹਨ।
'ਪਵਿੱਤਰ ਤਾਂ ਕੇਵਲ ਮਨ ਹੀ ਹੋ ਸਕਦਾ ਹੈ ਤੇ ਉਸ ਵਿਚ ਦੀ ਲੰਘੀ ਹਰ ਚੀਜ ਉਸ ਦੇ ਰੂਪ ਵਿਚ ਰੰਗੀ ਜਾਂਦੀ ਹੈ।'
'ਤੁਹਾਡੀ ਹਰ ਗੱਲ ਹੈਰਾਨ ਕਰਨ ਵਾਲੀ ਹੈ।'
ਇਹ ਸੁਣ ਕੇ ਮੈਂ ਲੱਜਾ ਨਾਲ ਨੀਵੀਂ ਪਾ ਲਈ ਅਤੇ ਉਸ ਦੇ ਸੈਂਡਲ ਵੇਖਣ ਲਗ ਪਿਆ, ਜਿਹੜੇ ਕਾਲੇ ਰੰਗ ਵਿਚ ਗੋਰੇ ਪੈਰਾਂ ਤੇ ਚਿੱਟੀ ਸਾੜੀ ਨਾਲ ਚੰਗੇ ਸਜੇ ਹੋਏ ਸਨ। ਉਸ ਨੇ ਮੁੜ ਪੁੱਛਿਆ, 'ਕੀ ਤੁਸੀਂ ਸ਼ਾਇਰ ਵੀ ਹੋ?'
'ਐਵੇਂ ਕਦੇ ਟੁੱਟੇ ਫੁਟੇ ਸ਼ਬਦ ਜੋੜਦਾ ਹੁੰਦਾ ਹਾਂ।
'ਐਨੀ ਛੋਟੀ ਉਮਰ ਵਿਚ ਐਨੇ ਗੁਣ ਕਿਵੇਂ ਆ ਸਕਦੇ ਹਨ। ਕਵੀ ਹੋਣਾ ਭਗਵਾਨ ਦੇ ਪਿਆਰ ਦੀ ਚੇਟਕ ਤੇ ਫਲਾਸਫਰ। ਮੈਂ ਤੇ ਤੁਹਾਡੀਆਂ ਇਕ ਦੋ ਗੱਲਾਂ ਸੁਣ ਕੇ ਹੀ ਹੈਰਾਨ ਹਾਂ।
'ਹੈਰਾਨੀ ਕਿਸ ਗੱਲ ਦੀ; ਸਭ ਹੈਰਾਨੀਆਂ ਸੁਪਨਿਆਂ ਵਰਗੇ ਭਰਮ ਹੁੰਦੀਆਂ ਹੈ। ਸਾਡੇ ਮਨ ਐਨੇ ਛੋਟੇ ਤੇ ਦਿਮਾਗ ਐਨੇ ਕਮਜ਼ੋਰ ਹੋ ਚੁੱਕੇ ਹਨ ਕਿ ਉਨ੍ਹਾਂ ਲਈ ਹਰ ਸੱਚੀ ਗੱਲ ਇਕ ਹੈਰਾਨੀ ਬਣ ਜਾਂਦੀ ਹੈ।
'ਮੈਂ ਤੁਹਾਡੀ ਸਿਆਣਪ ਦੀ ਕਦਰ ਕਰਦੀ ਹਾਂ ਅਤੇ ਇਹ ਆਖਣ ਵਿਚ ਵੀ ਝਿਜਕ ਨਹੀਂ ਅਨੁਭਵ ਕਰਦੀ ਕਿ ਅੱਜ ਅਸਲੀਅਤ ਦੇ ਨੇੜੇ ਗਿਆ ਆਦਮੀ ਡਿੱਠਾ ਹੈ।
'ਮੈਂ ਨਹੀਂ ਕਹਿ ਸਕਦਾ ਕਿ ਇਹ ਕਿੰਨਾ ਕੁ ਸੱਚ ਹੈ।
ਮੈਂ ਸੱਚ ਮੁਚ ਹੀ ਲੋਹੜੇ ਦੀ ਸ਼ਰਮ ਮਹਿਸੂਸ ਕਰ ਰਿਹਾ ਸਾਂ । ਸਾਥੀ ਰਾਹੀਆਂ ਦੀਆਂ ਅੱਖਾਂ ਵਿਚ ਵੀ ਸਾਡੀ ਗੱਲ-ਬਾਤ ਇਕ ਹੈਰਾਨੀ ਵਾਲੀ ਸੀ। ਇਕ ਇਸਤਰੀ ਮਰਦ ਦਾ ਗੱਡੀ ਵਿਚ ਐਉਂ ਗੱਲਾਂ ਕਰਨਾ ਪੱਛਮੀ ਤਹਿਜ਼ੀਬ ਨੂੰ ਪੁਚਕਾਰ-ਪੁਚਕਾਰ ਕੋਲ ਸੱਦਣ ਦੇ ਤੁਲ ਸੀ । ਪੱਛਮੀ ਸਭਿਅਤਾ ਦੀ ਹੱਦੋਂ ਵੱਧ ਖੁਲ੍ਹ ਨੂੰ ਅੱਜ ਵੀ ਮੈਂ ਦਿਲੋਂ ਨਫਰਤ ਕਰਦਾ ਹਾਂ। ਪਰ ਉਸ ਵੇਲੇ ਅਸੀਂ ਗੱਲਾਂ ਕਰਦੇ ਰਹਿਣਾ ਜਰੂਰ ਚਾਹੁੰਦੇ ਸਾਂ। ਜਵਾਨ ਵਲਵਲੇ ਸਭਿਅਤਾ ਦੀਆਂ ਹੱਦਾਂ ਨੂੰ ਚੀਰ ਜਾਂਦੇ ਹਨ। ਸਭਿਅਤਾ ਨੂੰ ਕਿਸ ਮੌਕੇ ਮਜਬੂਰ ਹੋ ਕੇ ਉਨ੍ਹਾਂ ਦੇ ਪਿਛੇ ਲਗਣਾ ਪੈਂਦਾ ਹੈ।
ਮੈਨੂੰ ਇਉਂ ਭਾਸ ਰਿਹਾ ਸੀ, ਜਿਵੇਂ ਉਹ ਕੁੜੀ ਮੈਨੂੰ ਜਾਨਣ ਲਈ ਬੇ-ਕਰਾਰ ਹੈ ਪਰ ਚੁੱਪ ਤੇ ਝਿਜਕ ਵਿਚ ਗੰਢ ਜਿਹੀ ਬਣੀ ਹੋਈ ਸੀ। ਦਿਲ ਤੇ ਮੇਰਾ ਵੀ ਅੰਦਰੋਂ ਅੰਦਰ ਪਤਾ ਕਰਨਾ ਚਾਹੁੰਦਾ ਸੀ ਕਿ ਇਹ ਕੌਣ ਕੁੜੀ ਹੈ ਤੇ ਕਿਥੋਂ ਹੈ ? ਪਰ ਪੁੱਛ ਨਹੀਂ ਸਾਂ ਸਕਦਾ। ਰੱਬ ਦਾ ਹਜ਼ਾਰ ਸ਼ੁਕਰ ਕਿ ਉਸ ਆਪ ਹੀ ਪਹਿਲ ਕਰ ਦਿੱਤੀ ਅਤੇ ਮੇਰੇ ਕੋਲੋਂ ਪੁਛਿਆ, 'ਤੁਹਾਡੇ ਘਰ...ਕਿੱਥੇ ਹਨ?
'ਮੇਰਾ ਪਿੰਡਾ ਛੀਨਾ ਹੈ।
'ਛੀਨੇ ਸਾਡੇ ਪਿੰਡ ਦੀ ਇਕ ਕੁੜੀ ਵਿਆਹੀ ਹੋਈ ਹੈ।
'ਕੀ ਮੈਂ ਤੁਹਾਡਾ ਪਿੰਡ ਜਾਣ ਸਕਦਾ ਹਾਂ ?'
'ਤਲਵੰਡੀ।' ਉਸ ਥੋੜ੍ਹਾ ਮੁਸਕਰਾਂਦਿਆਂ ਕਿਹਾ।
ਲੁਧਿਆਣੇ ਆ ਗਿਆ। ਸਾਰੇ ਮੁਸਾਫ਼ਰ ਉਤਰਨ ਦੀ ਫ਼ਿਕਰ ਵਿਚ ਉਠ ਰਹੇ ਸਨ ਪਰ ਅਸੀਂ ਹਾਲੇ ਚੁੱਪ ਬੈਠੇ ਸਾਂ, ਇਸ ਲਈ ਕਿ ਗੱਡੀ ਖਾਲੀ ਹੋਣ ਤੇ ਸੁਖਾਲੇ ਉਤਰ ਸਕਾਂਗੇ। ਕੋਈ ਆਪਣੀ ਗੱਠੜੀ ਚੁੱਕ ਰਿਹਾ ਸੀ ਤੇ ਕੋਈ ਕੁਲੀ ਨੂੰ ਅਵਾਜ ਦੇ ਰਿਹਾ ਸੀ । ਸਭ ਤੋਂ ਪਿਛੋਂ ਅਸੀਂ ਵੀ ਉਠੇ।
'ਤੁਸੀਂ ਕਿਥੇ ਜਾ ਰਹੇ ਹੋ ?' ਉਸ ਸੁੰਦਰੀ, ਦੇ ਕੋਮਲ ਸ਼ਬਦਾਂ ਨੇ ਮੈਨੂੰ ਕਿਧਰੇ ਰੁੜ੍ਹੇ ਜਾਦੇ ਨੂੰ ਸੁਚੇਤ ਕੀਤਾ।
'ਮੈਂ ਦੂਰ ਕਲਿਆਣ ਨੂੰ ਜਾ ਰਿਹਾ ਹਾਂ।
'ਅਸੀਂ ਦੋਵੇਂ ਪੁਲ ਦੀਆਂ ਪੌੜੀਆਂ ਚੜ੍ਹ ਰਹੇ ਸਾਂ। ਉਸ ਸੁੰਦਰੀ ਨੇ ਮੁੜ ਕਿਹਾ, 'ਤੁਸਾਂ ਮੁਆਫ਼ ਕਰਨਾ ਤੇ ਕੁਝ ਹੋਰ ਹੀ ਨਾ ਸਮਝਣਾ, ਪਰ ਤੁਹਾਡੇ ਵਰਗੇ ਸਿਆਣੇ ਲਈ ਇਹ ਗੱਲ ਕਹਿਣੀ ਉਂਜ ਹੈ ਹੀ ਗਲਤੀ। ਮੈਂ ਤੁਹਾਡਾ ਨਾਂ ਪੁੱਛਣਾ ਚਾਹੁੰਦੀ ਹਾਂ।
'ਨਾਂ ਪੁੱਛ ਵੀ ਲਵੋ ਅਤੇ ਦਸ ਵੀ ਦੇਵੋ। ਮੇਰਾ ਨਾਂ ਬਲਬੀਰ ਹੈ।
'ਮੇਰਾ ਨਾਂ ਪ੍ਰਿਤਪਾਲ ਹੈ।
'ਅੱਜ ਕਿਥੇ ਜਾ ਰਹੇ ਹੋ?'
'ਮੈਂ ਜਲੰਧਰ ਜਾ ਰਹੀ ਹਾਂ ਅਤੇ ਉਥੇ ਫ਼ੌਜੀ ਸੇਵਾਦਾਰਨੀ ਦੀ ਹੈਸੀਅਤ ਵਿਚ ਟਰੇਨਿੰਗ ਲੈ ਰਹੀ ਹਾਂ।