ਪੈਗ਼ੰਬਰ ਦਾ ਬਗੀਚਾ
ਖ਼ਲੀਲ ਜਿਬਰਾਨ
ਸਿਜਦਾ
ਜ਼ਿੰਦਗੀ ਦੇ ਸਫ਼ਰ ’ਚ ਅੱਧਵਾਟੇ
ਛੱਡ ਕੇ ਜਾਣ ਵਾਲੇ 'ਹਮਸਫ਼ਰ' ਲਈ
ਚਾਨਣ ਲੀਕਾਂ
ਯਾਦ ਕਰਨਾ ਇਕ ਰੂਪ ਹੈ ਮਿਲਣੀ ਦਾ।
—ਖ਼ਲੀਲ ਜਿਬਰਾਨ
ਕੁਝ ਗੱਲਾਂ
ਡਾ. ਜਗਦੀਸ਼ ਕੌਰ ਨਾਲ ਕਈ ਵਰ੍ਹਿਆਂ ਦੀ ਸਾਂਝ ਹੈ। ਇਕੱਠੇ ਕੰਮ ਕਰਦੇ ਰਹੇ ਤੇ ਇਕੱਠੇ ਹੀ ਰਿਟਾਇਰ ਹੋ ਕੇ ਘਰ ਬੈਠੇ ਭਵਿੱਖ ਬਾਰੇ ਸੁਪਨੇ ਲੈ ਰਹੇ ਹਾਂ। ਇਹਨਾਂ ਲੰਮੇ ਵਰ੍ਹਿਆਂ ਦੌਰਾਨ ਜਿੰਨਾ ਇਹਨਾਂ ਨੂੰ ਸਮਝਣ ਦਾ ਯਤਨ ਕੀਤਾ ਉਹ ਉੰਨੇ ਹੀ ਡੂੰਘੇ ਹੁੰਦੇ ਗਏ। ਇਹਨਾਂ ਅੰਦਰ ਅੰਬਰਾਂ ਵਿਚ ਉਡਾਰੀਆਂ ਮਾਰਨ ਦੀ ਲਾਲਸਾ ਸੀ ਤੇ ਭਟਕਣ ਇਹਨਾਂ ਦੀ ਜ਼ਿੰਦਗੀ ਦਾ ਮੂਲ ਰਿਹਾ ਹੈ। ਇਹਨਾਂ ਨੇ ਬੜਾ ਕੁਝ ਦੇਖਿਆ, ਮਾਣਿਆ, ਹੰਡਾਇਆ ਤੇ ਫਿਰ ਮਨ ਟਿਕ ਗਿਆ। ਇਕ ਵਾਰ ਮੈਂ ਇਹਨਾਂ ਪਾਸ ਕਪੂਰਥਲੇ ਗਿਆ ਤਾਂ ਇਹਨਾਂ ਨੇ ਆਖਿਆ ਮੇਰੇ ਵਿਚ ਕੰਮ ਕਰਨ ਦਾ ਅਥਾਹ ਜੋਸ਼ ਹੈ, ਸਮਰੱਥਾ ਹੈ। ਵਿਹਲ ਹੈ! ਦੱਸੋ ਕੀ ਕਰਾਂ ? ਸੁਆਲ ਬੜਾ ਗੰਭੀਰ ਸੀ । ਮੈਂ ਆਖਿਆ “ਖ਼ਲੀਲ ਜਿਬਰਾਨ ਦੀਆਂ ਅਮਰ ਕਿਰਤਾਂ ਦਾ ਸ਼ੁੱਧ ਪੰਜਾਬੀ ਵਿਚ ਅਨੁਵਾਦ ਕਰੋ । ਪੰਜਾਬੀ ਦੀ ਸੇਵਾ ਹੋਵੇਗੀ। ਪਾਠਕਾਂ ਨੂੰ ਵਿਲੱਖਣ ਪੜ੍ਹਨ ਲਈ ਮਿਲੇਗਾ ! ਤੁਹਾਨੂੰ ਪੰਜਾਬੀ ਮਨਾਂ ਵਿਚ ਵਾਸਾ ਮਿਲੇਗਾ ਤੇ ਤੁਹਾਡੀ ਉਮਰਾ ਇਕ ਸਦੀ ਹੋਰ ਵੱਧ ਜਾਵੇਗੀ।" ਡਾਕਟਰ ਵਾਡੀਆ ਨੇ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਲਿਆ ਤੇ ਫਿਰ ਚਲ ਸੋ ਚਲ ! ਖ਼ਲੀਲ ਜਿਬਰਾਨ ਦੀਆਂ ਲਗਭਗ ਸਾਰੀਆਂ ਅਤਿ ਮਹੱਤਵਪੂਰਨ ਲਿਖਤਾਂ ਦਾ ਪੰਜਾਬੀ ਵਿਚ ਸੁਚੱਜਾ ਅਨੁਵਾਦ ਕਰਕੇ ਪੰਜਾਬੀ ਅਨੁਵਾਦ ਸਾਹਿਤ ਵਿਚ ਆਪਣੀ ਮਾਣਯੋਗ ਥਾਂ ਬਣਾ ਲਈ। ਅਸਲ ਵਿਚ ਗੱਲ ਇਹ ਸੀ ਕਿ ਮੈਂ ਆਪ ਖ਼ਲੀਲ ਜਿਬਰਾਨ ਦੀਆਂ ਦੋ ਕੁ ਪੁਸਤਕਾਂ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਸੀ ਤੇ ਪਾਠਕਾਂ ਨੇ ਬੜਾ ਪਿਆਰ ਦਿੱਤਾ। ਮੇਰੇ ਸਤਿਕਾਰਯੋਗ ਮਿੱਤਰ ਪ੍ਰੋ. ਹਰਿੰਦਰ ਸਿੰਘ ਮਹਿਬੂਬ ਨੇ ਮੈਨੂੰ ਆਖਿਆ, “ਪਿਆਰੇ ਇਸ ਮਹਾਨ ਸਾਹਿਤਕਾਰ ਦੀਆਂ
ਸਮੁੱਚੀਆਂ ਰਚਨਾਵਾਂ ਦਾ ਅਨੁਵਾਦ ਕਰ! ਕੌਮ ਦਾ ਬੜਾ ਫ਼ਾਇਦਾ ਹੋ ਤੇ ਤੁਹਾਨੂੰ ਵੀ ਆਤਮਕ ਸ਼ਾਂਤੀ ਮਿਲੂ।" ਮੈਂ ਚਾਹੁੰਦਾ ਸਾਂ ਇਹ ਕਾਰਜ ਕਰ ਪਰ ਹੌਂਸਲਾ ਨਾ ਪਿਆ ਤੇ ਸੋਚਿਆ ਸਾਂਝਾ ਕੰਮ ਹੈ ਜੇ ਡਾ. ਜਗਦੀਸ਼ ਕ ਦੇਵੇ ਤਾਂ ਵੀ ਵਧੀਆ ਹੈ। ਮੈਂ ਇਹਨਾਂ ਨੂੰ ਇਸ ਕੰਮੇਂ ਲਾ ਕੇ ਆਪ ਚੁੱ ਬੈਠ ਗਿਆ। ਇਹਨਾਂ ਨੇ ਮੇਰੇ ਬਚਨਾਂ ਨੂੰ ਮੰਨਦਿਆਂ ਜ਼ਿੰਦਗੀ ਦਾ ਅਹਿ ਤੇ ਬੇਹਤਰੀਨ ਹਿੱਸਾ ਇਸ ਕਾਰਜ ਨੂੰ ਸਮਰਪਿਤ ਕਰ ਦਿੱਤਾ ! ਮੈਂ ਤਾਂ ਕਹਿੰਦ ਇਹਨਾਂ ਜ਼ਿੰਦਗੀ ਹੀ ਸਫ਼ਲ ਕਰ ਲਈ। ਮਨੁੱਖਾ ਜਨਮ ਵਿਹਲੇ ਬੈਠ ਕੇ ਮੌਤ ਉਡੀਕਣ ਲਈ ਨਹੀਂ ਮਿਲਿਆ, ਕੰਮ ਕਰਨ ਲਈ ਮਿਲਿਆ ਹੈ ਜੋ ਵੀ ਕਰ ਸਕਦੇ ਹੋ, ਕਰੋ।
ਖ਼ਲੀਲ ਜਿਬਰਾਨ ਨੇ ਉਮਰ ਬੜੀ ਘੱਟ ਲਿਖਾਈ। ਬਸ 50 ਕੁ ਵਰ੍ਹੇ ਇਸ ਦਿਸਦੇ ਵੱਸਦੇ ਵਿਚ ਰਹਿ ਕੇ ਅਲੋਪ ਹੋ ਗਏ। ਜਿੰਨਾ ਚਿਰ ਜੀਵੇ ਬਸ ਨਿਰੰਤਰ ਸਾਹਿਤਕ ਯਾਤਰਾ ’ਤੇ ਰਹੇ। ਮਨ ਦੀਆਂ ਡੂੰਘਾਈਆਂ 'ਚੋਂ ਰੂਹਾਨੀ ਬੁਲੰਦੀਆਂ 'ਚੋਂ, ਦੁਨੀਆਵੀ ਮੋਹ ਮੁਹੱਬਤਾਂ 'ਚੋਂ ਜੋ ਵੀ ਅਨੁਭਵ ਉਹਨਾਂ ਨੂੰ ਹੋਏ, ਉਹਨਾਂ ਚੁੱਪ-ਚਾਪ ਬਹੁਤ ਹੀ ਗੰਭੀਰ ਢੰਗ ਨਾਲ ਗੰਭੀਰ ਤੇ ਨਦੀ ਦੀ ਰਵਾਨੀ ਵਾਲੀ ਭਾਸ਼ਾ ਵਿਚ ਲਿੱਖ ਦਿੱਤਾ, ਜੋ ਸਰਵ-ਪਰਵਾਨਿਤ ਹੋਇਆ। ਉਨ੍ਹਾਂ ਦੀ ਅਮਰ ਰਚਨਾ 'ਦੀ ਪ੍ਰਾਫ਼ਿਟ' ਨੂੰ ਵਿਸ਼ਵ ਦੀਆਂ ਪੰਜ ਕਿਤਾਬਾਂ ਵਿਚ ਗਿਣਿਆਂ ਜਾਂਦਾ ਹੈ ਜਿਸ ਨੇ ਆਪਣੇ ਸਮਕਾਲੀ ਸਮਾਜ ਨੂੰ ਪ੍ਰਭਾਵਿਤ ਕੀਤਾ ਤੇ ਆਉਣ ਵਾਲੀਆਂ ਪੀੜ੍ਹੀਆਂ ਇਸ ਪੁਸਤਕ ਤੋਂ ਸੇਧ ਲੈ ਕੇ ਸੱਚੀ-ਸੁੱਚੀ ਜ਼ਿੰਦਗੀ ਜੀਣ ਲਈ ਯਤਨਸ਼ੀਲ ਹੋਣਗੀਆਂ।
ਪਿਆਰ ਖ਼ਲੀਲ ਜਿਬਰਾਨ ਦੀ ਰਚਨਾ ਦਾ ਧੁਰਾ ਹੈ। ਪਿਆਰ ਦੀ ਗੱਲ ਕਰਦਿਆਂ ਉਹ ਇੰਨਾ ਭਾਵੁਕ ਹੋ ਜਾਂਦਾ ਹੈ ਕਿ ਉਹਦੇ ਸ਼ਬਦ ਪਿਆਰ ਨੂੰ ਸਮੂਰਤ ਬਣਾ ਦਿੰਦੇ ਹਨ। ਪਿਆਰ ਸਿਰਫ਼ ਮਜ਼ਾਜੀ ਨਹੀਂ ਸਗੋਂ ਹਕੀਕੀ ਜਜ਼ਬਾ ਹੈ! ਪਿਆਰ ਵਿਚ ਪ੍ਰੇਮੀ ਪ੍ਰੇਮਿਕਾ ਦਾ ਰੂਪ ਬਣ ਜਾਂਦਾ ਹੈ। ਦੋਵਾਂ ਵਿਚ ਕੋਈ ਫ਼ਰਕ ਨਹੀਂ ਰਹਿ ਜਾਂਦਾ । ਪਿਆਰ ਕੁਰਬਾਨੀ ਹੈ । ਗਿਲਾ-ਸ਼ਿਕਵਾ ਕਰਨਾ ਪਿਆਰ ਕਰਦਿਆਂ ਲਈ ਹਰਾਮ ਹੈ। ਪਿਆਰ ਰੱਬ ਦੀ ਰਜ਼ਾ ਵਰਗਾ ਹੈ। ਪਿਆਰ ਜ਼ਿੰਦਗੀ ਦੀ ਸ਼ਾਹਰਗ ਹੈ। ਪਿਆਰ ਜ਼ਿੰਦਗੀ ਦਾ ਮੂਲ ਹੈ। ਪਿਆਰ ਕਰਨ ਵਾਲੇ ਪਿਆਰ ਬਿਨਾ ਸਭ ਕੁਝ ਨੂੰ ਤਿਆਗ ਹੀ ਦਿੰਦੇ ਹਨ। ਉਹਦਾ ਕਹਿਣਾ ਹੈ ਪਿਆਰ ਨੂੰ ਪਿਆਰ ਦਾ ਰਜੋਵਾਂ ਹੁੰਦਾ ਹੈ ਤੇ ਇਹ ਲਾਜ਼ਮੀ
ਨਹੀਂ ਪਿਆਰ ਕਰਨ ਵਾਲੇ ਹਰ ਵੇਲੇ ਨੇੜੇ ਰਹਿਣ। ਉਹਦੇ ਬਚਨ ਹਨ-ਯਾਦ ਕਰਨਾ ਵੀ ਮਿਲਣਾ ਹੈ ਤੇ ਪਿਆਰ ਕਰਨ ਵਾਲਿਆਂ ਵਿਚ ਵਿੱਥ ਹੋਣੀ ਜਾਂ ਰਹਿਣੀ ਚਾਹੀਦੀ ਹੈ ਕਿਉਂਕਿ ਦਰਗਾਹ ਦੇ ਥੰਮ ਦੂਰੀ ਤੇ ਹੀ ਸੋਹਦੇਂ ਨੇ। ਪਿਆਰ ਤਾਂ ਇਕ ਦੂਜੇ ਵਿਚ ਸਮਾ ਜਾਣ ਦਾ ਨਾਂ ਹੈ।
ਖ਼ਲੀਲ ਜਿਬਰਾਨ ਧੁਰ ਅੰਦਰੋਂ ਧਾਰਮਿਕ ਸੱਜਣ ਸੀ ਜਿਸ ਨੂੰ ਬਾਹਰੀ ਭੇਖ, ਪਾਖੰਡ, ਦਿਖਾਵਾ ਤੇ ਪੂਜਾ ਅਰਚਾ ਨਾਲ ਨਫ਼ਰਤ ਸੀ। ਧਰਮ ਦਾ ਅਰਥ, ਆਪਣੇ ਮੂਲ ਸੋਮੇਂ ਪਰਮਾਤਮਾ ਨਾਲ ਨੇੜਤਾ ਹੈ । ਉਸ ਦੀ ਹਰ ਦਮ ਯਾਦ ਹੈ ਮਨ ਉਸਦੀ ਹਜ਼ੂਰੀ ਵਿਚ ਰਹੇ, ਇਹੀ ਸੱਚਾ ਧਰਮ ਹੈ। ਹਰ ਕੱਟੜ ਧਾਰਮਿਕ ਬੰਦਾ ਇਹ ਮੰਨਦਾ ਤੇ ਪ੍ਰਚਾਰਦਾ ਹੈ ਕਿ ਉਸ ਦਾ ਧਰਮ ਹੀ ਸੱਚਾ ਹੈ ਤੇ ਉਸ ਦੇ ਅਨੁਯਾਈ ਹੀ ਮੁਕਤ ਹੋਣਗੇ ਬਾਕੀ ਸਭ ਨਰਕਾਂ ਵਿਚ ਸੜਨਗੇ । ਪਰ ਖ਼ਲੀਲ ਨੂੰ ਇਹ ਗੱਲ ਬੜੀ ਕੋਝੀ ਲੱਗਦੀ ਹੈ ਉਸ ਨੇ ਬੜੀ ਸੁਹਣੀ ਕਹਾਣੀ ਲਿਖੀ ਹੈ—ਇਕ ਪਾਦਰੀ ਗਿਰਜੇ ਦੇ ਪੋਰਚ ਵਿਚ ਖੜਾ ਮੀਂਹ ਦਾ ਨਜ਼ਾਰਾ ਦੇਖ ਰਿਹਾ ਹੈ ਇਕ ਔਰਤ ਆ ਕੇ ਬੜੀ ਘਬਰਾਈ ਹੋਈ ਆਵਾਜ਼ ਵਿਚ ਪੁੱਛਦੀ ਹੈ—ਫ਼ਾਦਰ ਮੈਂ ਈਸਾਈ ਨਹੀਂ ਹਾਂ। ਮੈਂ ਨਰਕਾਂ ਦੀ ਅੱਗ ਤੋਂ ਕਿਵੇਂ ਬੱਚ ਸਕਦੀ ਹਾਂ ? ਪਾਦਰੀ ਨੇ ਬੜੇ ਅਹੰਕਾਰੀ ਲਹਿਜੇ ਵਿਚ ਆਖਿਆ-ਤੈਨੂੰ ਕੋਈ ਨਰਕ ਦੀ ਅੱਗ ਤੋਂ ਨਹੀਂ ਬਚਾ ਸਕਦਾ ਕਿਉਂਕਿ ਤੂੰ ਈਸਾ ਦੀ ਸ਼ਰਣ ਵਿਚ ਨਹੀਂ ਹੈਂ। ਤੇ ਹੋਇਆ ਕੀ ? ਅਚਾਨਕ ਬਿਜਲੀ ਡਿੱਗੀ। ਪਾਦਰੀ ਸੜ ਕੇ ਮਰ ਗਿਆ ਤੇ ਉਹ ਔਰਤ ਪਾਸ ਖੜੀ ਬਚ ਗਈ ! ਹੈ ਨਾ ਕਮਾਲ ! ਧਾਰਮਿਕ ਕੱਟੜਤਾ ਉਤੇ ਕਮਾਲ ਦਾ ਵਿਅੰਗ ਹੈ ਤੇ ਸੱਚੇ ਧਰਮ ਦੀ ਗੱਲ ਸਹਿਜੇ ਹੀ ਸਮਝਾ ਦਿੱਤੀ ਹੈ।
ਖ਼ਲੀਲ ਬੱਚੇ ਨੂੰ ਰੱਬ ਵਲੋਂ ਭੇਜਿਆ ਆਜ਼ਾਦ ਵਿਅਕਤੀ ਮੰਨਦਾ ਹੈ। ਉਹਦਾ ਕਹਿਣਾ ਹੈ—ਅਸੀਂ ਬੱਚੇ ਨੂੰ ਪਾਲਣ ਦੇ ਜ਼ਿੰਮੇਵਾਰ ਹਾਂ ਨਾ ਕਿ ਆਪਣੇ ਵਿਚਾਰ ਉਸ ਉਪਰ ਠੋਸਣ ਦੇ। ਬੱਚੇ ਨੂੰ ਆਜ਼ਾਦ ਸੋਚਣ ਦਿਓ। ਵਿਗਾਸ ਦੇ ਪੱਥ 'ਤੇ ਚਲਣ ਦਿਓ ! ਕਮਾਲ ਦਾ ਵਿਚਾਰ ਹੈ। ਲੱਖਾਂ ਬੱਚੇ ਮਾਪਿਆਂ ਦੇ ਵਿਚਾਰਾਂ ਨੂੰ ਅਪਣਾ ਕੇ ਦੁੱਖ ਭੋਗ ਰਹੇ ਹਨ। ਉਹਨਾਂ ਨੇ ਕੀ ਬਣਨਾ ਹੈ ? ਉਸ ਦਾ ਫ਼ੈਸਲਾ ਕਰਨਾ ਤਾਂ ਬਾਲਾਂ ਨੂੰ ਚਾਹੀਦਾ ਸੀ ਪਰ ਕਰਨ ਲੱਗੇ ਮਾਪੇ ! ਇਸ ਕਾਰਨ ਦੁਨੀਆਂ ਵਿਚ ਕਲਹ-ਕਲੇਸ਼ ਦੀ ਮਾਤਰਾ ਵਧੀ ਹੈ।
ਖ਼ਲੀਲ ਕਈ ਵਾਰ ਮੌਜ ਵਿਚ ਆਇਆ ਅਜਿਹੀ ਪਤੇ ਦੀ ਗੱਲ
ਕਰਦਾ ਹੈ ਕਿ ਮਜ਼ਾ ਆ ਜਾਂਦਾ ਹੈ। ਇਕ ਵਾਰ ਉਸ ਨੂੰ ਕਿਸੇ ਨੇ ਪੁੱਛਿਆ-ਪੈਸਾ ਜਮ੍ਹਾਂ ਕਿੰਨਾ ਕੁ ਕਰੀਏ ? ਉਸ ਦਾ ਜੁਆਬ ਕਮਾਲ ਦਾ ਸੀ। ਉਸ ਨੇ ਆਖਿਆ ਪੈਸਾ ਜਮ੍ਹਾ ਕਰਨਾ ਇਉਂ ਹੈ ਜਿਵੇਂ ਹਾਜੀਆਂ ਦਾ ਕੁੱਤਾ ਹੱਜ ਨੂੰ ਜਾਂਦਿਆਂ ਮਾਰੂਥਲ ਵਿਚ ਰੋਟੀ ਦੱਬ ਜਾਵੇ ਕਿ ਵਾਪਸੀ 'ਤੇ ਖਾ ਲਵਾਂਗਾ। ਜਮ੍ਹਾਂ ਰਾਸ ਪੂੰਜੀ ਤੁਹਾਡੀ ਨਹੀਂ ਹੈ। ਉਹਨਾਂ ਲੋਕਾਂ ਦੀ ਹੈ ਤੇ ਨਾਲ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਬੰਦੇ ਦੀ ਲੋੜ ਕਿੰਨੀ ਕੁ ਹੈ? "ਸਹਸ ਖਟੈ ਲਖਿ ਕਉ ਉਠਿ ਧਾਵੈ" ਤੇ ਸਿੱਟਾ ਨਿਕਲਦਾ ਹੈ ਖੁਆਰੀ। ਬੀਮਾਰੀਆਂ ਦੀ ਆਮਦ ਤੇ ਬੇਲੋੜਾ ਤਣਾਓ। ਜ਼ਿੰਦਗੀ ਨੂੰ ਭਰਪੂਰ ਜੀਣ ਦਾ ਸੰਦੇਸ਼ ਦਿੰਦਿਆਂ ਉਹਨਾਂ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਦੇ ਛਿੰਨ ਨੂੰ ਭੋਗੋ। ਭਵਿੱਖ ਦੀ ਚਿੰਤਾ ਵਿਚ ਹੁਣ ਨੂੰ ਦੁੱਖਮਈ ਨਾ ਬਣਾਓ! ਕੀ ਇਹੈ ਛੋਟੀ ਗੱਲ ਹੈ ?
ਖ਼ਲੀਲ ਨੇ ਹਰ ਪ੍ਰਕਾਰ ਦੀਆਂ ਬੋਸੀਦਾ ਪਰੰਪਰਾਵਾਂ ਨੂੰ ਬੜੇ ਪ੍ਰਤੀਕਮਈ ਢੰਗ ਨਾਲ ਨਕਾਰਿਆ ਤੇ ਉਹਨਾਂ ਦੀ ਸਾਰਹੀਣਤਾ ਨੂੰ ਜਨਤਾ ਸਾਹਮਣੇ ਪੇਸ਼ ਕੀਤਾ। ਗੱਲਾਂ ਬੜੀਆਂ ਪਤੇ ਦੀਆਂ ਕੀਤੀਆਂ ਪਰ ਉਹ ਰੂੜ੍ਹੀਵਾਦੀ ਤੇ ਸੰਕੀਰਣ ਬਿਰਤੀ ਵਾਲੇ ਆਗੂਆਂ ਨੂੰ ਕਦੋਂ ਪਚਦੀਆਂ ਸਨ ? ਉਹਨਾਂ ਨੂੰ ਜਾਪਿਆ ਕਿ ਜੇਕਰ ਇਹ ਬਾਜ ਨਾ ਆਇਆ ਤਾਂ ਸਾਡਾ ਹਲਵਾ ਮੰਡਾ ਤੇ ਲੋਕਾਂ ਦੀ ਲੁੱਟ ਦਾ ਰਾਹ ਬੰਦ ਹੋ ਜਾਵੇਗਾ। ਉਹਨਾਂ ਨੇ ਇਸ ਦਾ ਡਟ ਕੇ ਵਿਰੋਧ ਕੀਤਾ। ਰਾਜ ਦਰਬਾਰੇ ਹਾਲ ਦੁਹਾਈ ਪਾਈ ਤੇ ਨਵੇਂ ਵਿਚਾਰਾਂ ਦੇ ਬੁਲੰਦ ਸ਼ਾਇਰ ਨੂੰ ਦੇਸ਼ ਨਿਕਾਲਾ ਦੁਆ ਕੇ ਸੁੱਖ ਦਾ ਸਾਹ ਲਿਆ। ਉਹਨਾਂ ਦਾ ਇਹੀ ਪ੍ਰਮੁੱਖ ਦੋਸ਼ ਸੀ ਕਿ ਖ਼ਲੀਲ ਦੀਆਂ ਲਿਖਤਾਂ ਨਵੀਂ ਪੀੜ੍ਹੀ ਨੂੰ ਕੁਰਾਹੇ ਪਾ ਰਹੀਆਂ ਹਨ ਤੇ ਰਾਜ ਲਈ ਖ਼ਤਰਾ ਹਨ। ਅਸਲੀਅਤ ਇਹ ਹੈ ਕਿ ਉਸ ਨੇ ਵੀਹਵੀਂ ਸਦੀ ਵਿਚ ਪੈਗ਼ੰਬਰੀ ਸ਼ਾਨ ਨਾਲ ਇਲਾਹੀ ਗੱਲਾਂ ਕੀਤੀਆਂ ਜਿਹਨਾਂ ਨੇ ਇਕ ਪੂਰੀ ਪੀੜ੍ਹੀ ਨੂੰ ਪ੍ਰਭਾਵਿਤ ਕੀਤਾ ਤੇ ਅੱਜ ਵੀ ਉਹਨਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਵਿਚ ਕਮੀ ਨਹੀਂ ਹੋਈ ਤੇ ਆਉਣ ਵਾਲੇ ਸਮਿਆਂ ਵਿਚ ਜਦੋਂ ਲੋਕ ਪਦਾਰਥਕ ਰਜੇਵੇਂ ਤੋਂ ਅੱਕ ਜਾਣਗੇ ਤਾਂ ਮੁੜ ਉਹਨਾਂ ਦੇ ਬੁਲੰਦ ਖ਼ਿਆਲਾਂ ਤੋਂ ਲਾਭ ਉਠਾਉਣ ਲਈ ਉਹਨਾਂ ਦੀ ਸ਼ਰਣ ਵਿਚ ਆਉਣਗੇ। ਉਹਨਾਂ ਦੇ ਕਦਰਦਾਨਾਂ ਨੇ ਮੁਕਤਕੰਠ ਨਾਲ ਸਿਫ਼ਤ ਕਰਦਿਆਂ ਆਪ ਦੇ ਅਮਰ ਬਚਨ-ਬਿਲਾਸ ਨੂੰ ਬਾਈਬਲ ਦੇ ਬਚਨਾਂ ਦੇ ਤੁਲ ਆਖਦਿਆਂ
ਹਰਸ਼ ਮਹਿਸੂਸ ਕੀਤਾ। ਸੱਚ ਹੈ ਕਿ ਉਹਨਾਂ ਦੇ ਬਚਨ ਭੁੱਲੇ-ਭਟਕੇ ਲੋਕਾਂ ਨੂੰ ਸੁੱਖ-ਸ਼ਾਂਤੀ ਦਾ ਮਾਰਗ ਦਿਖਾਉਂਦੇ ਹਨ ਤੇ ਅਗਾਂਹ ਵੀ ਦਿਖਾਉਂਦੇ ਰਹਿਣਗੇ।
ਜਿਹਨਾਂ ਦਿਨਾਂ ਵਿਚ ਖ਼ਲੀਲ ਅਮਰੀਕਾ ਵਿਚ ਰਹਿ ਕੇ ਸਾਹਿਤ ਸਿਰਜਣਾ ਕਰ ਰਿਹਾ ਸੀ, ਫ਼ਰਾਇਡ ਦੇ ਮਨੋਵਿਸ਼ਲੇਸ਼ਣ ਦੇ ਸਿਧਾਂਤਾਂ ਦਾ ਬੜਾ ਚਰਚਾ ਸੀ ਤੇ ਲੋਕ ਮਨ ਦੀ ਥਾਹ ਪਾਉਣ ਵਿਚ ਲੱਗੇ ਹੋਏ ਸਨ। ਖ਼ਲੀਲ ਨੇ ਅਜਿਹੇ ਲੋਕਾਂ 'ਤੇ ਬੜਾ ਵਧੀਆ ਵਿਅੰਗ ਕੀਤਾ ਸੀ। ਇਕ ਅਜਿਹਾ ਫ਼ਿਲਾਸਫ਼ਰ ਜਾ ਰਿਹਾ ਸੀ ਤਾਂ ਉਸ ਨੂੰ ਇਕ ਸਫ਼ਾਈ ਸੇਵਕ ਮਿਲਿਆ । ਗੱਲਾਂ ਕਰਦਿਆਂ ਫ਼ਿਲਾਸਫ਼ਰ ਕਹਿਣ ਲੱਗਾ ਤੂੰ ਕੀ ਕੰਮ ਕਰਦਾ ਹੈਂ। ਉਸ ਨੇ ਆਖਿਆ-ਮੈਂ ਗੰਦਗੀ ਸਾਫ਼ ਕਰਦਾ ਹਾਂ। ਫ਼ਿਲਾਸਫ਼ਰ ਕਹਿਣ ਲੱਗਾ ਅੱਛਾ! ਮੈਨੂੰ ਤੇਰੇ 'ਤੇ ਤਰਸ ਆਉਂਦਾ ਹੈ ਕਿ ਤੂੰ ਬਹੁਤ ਹੀ ਘਟੀਆ ਕੰਮ ਕਰ ਰਿਹਾ ਹੈਂ। ਸਫ਼ਾਈ ਸੇਵਕ ਕਹਿਣ ਲੱਗਾ-ਤੂੰ ਕੀ ਕੰਮ ਕਰਦਾ ਹੈਂ ? ਫ਼ਿਲਾਸਫ਼ਰ ਨੇ ਬੜਾ ਚੌੜਾ ਹੋ ਕੇ ਆਖਿਆ-ਮੈਂ ਲੋਕਾਂ ਦੇ ਮਨਾਂ ਦਾ ਅਧਿਐਨ ਕਰਦਾ ਹਾਂ। ਸਫ਼ਾਈ ਸੇਵਕ ਕਹਿਣ ਲੱਗਾ—ਹੈ ਤੇਰੇ ਦੀ! ਤੂੰ ਤਾਂ ਮੇਰੇ ਨਾਲੋਂ ਵੀ ਗੰਦਾ ਕੰਮ ਕਰ ਰਿਹਾ ਹੈਂ। ਮੈਨੂੰ ਤੇਰੇ 'ਤੇ ਤਰਸ ਆਉਂਦਾ ਹੈ, ਜ਼ਿੰਦਗੀ ਲੋਕਾਂ ਦੇ ਮਨ ਦੀਆਂ ਡੂੰਘਾਈਆਂ ਵਿਚ ਜਾ ਕੇ ਉਹਨਾਂ ਦੀ ਗੰਦਗੀ ਦੇਖਣ ਦਾ ਨਾਂ ਨਹੀਂ ਹੈ, ਸਗੋਂ ਪਰਮਾਤਮਾ ਦੁਆਰਾ ਸਿਰਜੇ ਸੁਹੱਪਣ ਨੂੰ ਦੇਖਣ ਮਾਨਣ ਦਾ ਨਾਂ ਹੈ।
ਖ਼ਲੀਲ ਨੂੰ ਮਨੁੱਖਤਾ ਨਾਲ ਅਥਾਹ ਪਿਆਰ ਸੀ। ਉਸ ਨੇ ਕਿਹਾ ਹੈ, ਮਨੁੱਖਤਾ ਰੌਸ਼ਨੀ ਦਾ ਦਰਿਆ ਹੈ ਜੋ ਅਸਦੀਵਤਾ ਤੋਂ ਸਦੀਵਤਾ ਵਲ ਵਹਿੰਦਾ ਹੈ। ਮਨੁੱਖ ਦੁਨੀਆਂ ਵਿਚ ਆ ਕੇ ਆਪਣੇ ਰੋਲ ਅਦਾ ਕਰਕੇ ਚਲੇ ਜਾਂਦੇ ਹਨ ਪਰ ਮਨੁੱਖਤਾ ਨਿਰੰਤਰ ਗਤੀਸ਼ੀਲ ਰਹਿੰਦੀ ਹੈ ਜੋ ਅਮਰਤਾ ਵਲ ਨੂੰ ਪ੍ਰਗਤੀਸ਼ੀਲ ਹੈ। ਭਾਰਤੀ ਰਿਸ਼ੀ ਦੇ ਬਚਨ ਵੀ ਤਾਂ ਅਜਿਹੇ ਹਨ-ਮੈਨੂੰ ਅੰਧਕਾਰ ਤੋਂ ਪ੍ਰਕਾਸ਼ ਵਲ ਲੈ ਚਲ। ਮੈਨੂੰ ਅਗਿਆਨ ਤੋਂ ਗਿਆਨ ਵਲ ਲੈ ਚਲ ! ਮੈਨੂੰ ਮੌਤ ਤੋਂ ਅਮਰਤਾ ਵਲ ਲੈ ਚੱਲ! ਕੀ ਖ਼ਲੀਲ ਜਿਬਰਾਨ ਵੀ ਰਿਸ਼ੀ ਦੇ ਪੱਧਰ ਦਾ ਰੂਹਾਨੀ ਜੀਉੜਾ ਨਹੀਂ ? ਉਹਨਾਂ ਨੇ ਸਵਰਗ ਦੀ ਹੋਂਦ ਨੂੰ ਤਾਂ ਮੰਨਿਆ ਹੈ ਪਰ ਉਸ ਸਵਰਗ ਨੂੰ ਨਹੀਂ ਜਿਸ ਦੇ ਲਾਰੇ ਲਾ ਕੇ ਪੂਜਾਰੀ ਵਰਗ ਲੋਕਾਂ ਨੂੰ ਲੁੱਟਦਾ ਆਇਆ ਹੈ। ਖ਼ਲੀਲ ਦੇ ਬਚਨ
ਹਨ-ਸਵਰਗ ਤਾਂ ਇਥੇ ਹੀ ਹੈ ਦਰਵਾਜ਼ੇ ਪਿੱਛੇ ਤੇ ਅਗਲੇ ਕਮਰੇ ਵਿਚ ਪਰ ਮੈਂ ਤਾਂ ਚਾਬੀਆਂ ਹੀ ਗਵਾ ਲਈਆਂ ਨੇ । ਸ਼ਾਇਦ ਕਿਧਰੇ ਗ਼ਲਤ ਥਾਂ ਰੱਖ ਦਿੱਤੀਆਂ ਨੇ।
ਖ਼ਲੀਲ ਨੇ ਕਵਿਤਾ ਦੀ ਸਿਧਾਂਤਕ ਵਿਆਖਿਆ ਨਹੀਂ ਕੀਤੀ ਪਰ ਜੋ ਕਵਿਤਾ ਬਾਰੇ ਆਖਿਆ ਹੈ ਵੇਖਣਯੋਗ ਹੈ: ਕਵਿਤਾ ਵਿਵੇਕ ਹੈ ਜੋ ਦਿਲਾਂ ਨੂੰ ਮੋਂਹਦਾ ਹੈ। ਵਿਵੇਕ ਕਵਿਤਾ ਹੈ ਜੋ ਮਨਾਂ ਵਿਚ ਗਾਉਂਦੀ ਹੈ। ਖ਼ਲੀਲ ਨੇ ਸੰਗੀਤਕਾਰ ਬਾਰੇ ਬਹੁਤ ਪਿਆਰਾ ਬਚਨ ਕੀਤਾ ਹੈ—ਗਵੱਈਆ ਉਹ ਹੈ ਜੋ ਸਾਡੇ ਮਨਾਂ ਦੀ ਚੁੱਪ ਨੂੰ ਗਾਉਂਦਾ ਹੈ। ਚੁੱਪ ਸੰਗੀਤ ਬਾਰੇ ਉਹਨਾਂ ਦੇ ਬੋਲ ਦੇਖੋ—ਜਿਹੜਾ ਗੀਤ ਮਾਂ ਦੇ ਮਨ ਵਿਚ ਚੁੱਪ-ਚਾਪ ਪਿਆ ਹੈ, ਬਾਲ ਦੇ ਹੋਠਾਂ 'ਤੇ ਗਾਇਆ ਜਾਂਦਾ ਹੈ।
ਮਹਿਮਾਨ ਨਵਾਜ਼ੀ ਮਾਨਵਤਾ ਦੀ ਪ੍ਰਗਤੀ ਦਾ ਮਾਪਦੰਡ ਹੈ। ਹਰ ਕੌਮ ਦੇ ਆਪਣੇ ਢੰਗ ਹਨ ਮਹਿਮਾਨ ਨੂੰ ਰੀਝਾਉਣ ਦੇ ! ਖ਼ਲੀਲ ਦਾ ਬਚਨ ਦੇਖੋ-ਜੇਕਰ ਮਹਿਮਾਨਾਂ ਲਈ ਨਹੀਂ ਹਨ ਤਾਂ ਸਾਡੇ ਘਰ ਕਬਰਾਂ ਹਨ ਅਤੇ ਮਹਿਮਾਨ ਦੀ ਵਡਿਆਈ ਇਉਂ ਜ਼ਾਹਿਰ ਕੀਤੀ—ਮੈਂ ਆਪਣੇ ਮਹਿਮਾਨ ਨੂੰ ਦਹਿਲੀਜ਼ 'ਤੇ ਰੋਕਿਆ ਤੇ ਕਿਹਾ, “ਅੰਦਰ ਵੜਨ ਲੱਗੇ ਆਪਣੇ ਪੈਰ ਨਾ ਪੂੰਝੋ ਸਗੋਂ ਜਾਣ ਲੱਗਿਆਂ ਇਉਂ ਕਰਨਾ।"
ਕਈ ਵਾਰੀ ਮਹਿਮਾਨ ਨਵਾਜ਼ੀ ਨੂੰ ਲੈ ਕੇ ਉਹਨਾਂ ਵਿਅੰਗ ਵੀ ਬਹੁਤ ਕਮਾਲ ਦਾ ਕੀਤਾ ਹੈ, “ਇਕ ਮਿਹਰਬਾਨ ਬਘਿਆੜ ਨੇ ਇਕ ਸਾਧਾਰਨ ਜਿਹੀ ਭੇਡ ਨੂੰ ਆਖਿਆ ਕਿ ਕੀ ਤੁਸੀਂ ਮੇਰੇ ਘਰ ਤਸ਼ਰੀਫ਼ ਲਿਆ ਕੇ ਮੇਰਾ ਮਾਣ ਨਹੀਂ ਰੱਖੋਗੇ? ਅਤੇ ਭੇਡ ਨੇ ਜੁਆਬ ਦਿੱਤਾ-ਜਨਾਬ ਅਸੀਂ ਤੁਹਾਡੇ ਘਰ ਆਉਣ ਦਾ ਮਾਣ ਪ੍ਰਾਪਤ ਕਰਦੇ ਜੇਕਰ ਤੁਹਾਡੇ ਪੇਟ ਨਾ ਲੱਗਿਆ ਹੁੰਦਾ।”
ਕਈ ਅਮਰ ਸੱਚਾਈਆਂ ਖ਼ਲੀਲ ਦੀ ਰਚਨਾ ਵਿਚ ਹੀਰਿਆਂ ਵਾਂਗ ਜੜ੍ਹੀਆਂ ਹੋਈਆਂ ਹਨ-
'ਸਿਰਫ਼ ਮੇਰੇ ਨਾਲੋਂ ਘਟੀਆ ਬੰਦਾ ਹੀ ਮੇਰੇ ਨਾਲ ਈਰਖਾ ਜਾਂ ਨਫ਼ਰਤ ਕਰ ਸਕਦਾ ਹੈ।'
'ਭੁੱਲ ਜਾਣਾ ਇਕ ਰੂਪ ਹੈ ਆਜ਼ਾਦੀ ਦਾ।'
'ਯਾਦ ਕਰਨਾ ਵੀ ਤਾਂ ਮਿਲਣੀ ਦਾ ਰੂਪ ਹੀ ਹੈ।'
ਤੀਬਰ ਇੱਛਾ ਹੀ ਹਰ ਚੀਜ਼ ਦਾ ਮੂਲ ਹੈ।'
'ਸ਼ੈਤਾਨ ਦੀ ਉਸੇ ਦਿਨ ਮੌਤ ਹੋ ਗਈ ਸੀ ਜਿਸ ਦਿਨ ਤੁਸੀਂ ਜਨਮੇਂ ਸੀ।'
'ਪਰਮਾਤਮਾ ਜ਼ਿਆਦਾ ਰੱਜਿਆਂ ਨੂੰ ਰਜਾਵੇ ।'
'ਇੱਛਾ ਅੱਧਾ ਜੀਵਨ ਹੈ ਤੇ ਉਦਾਸੀਨਤਾ ਅੱਧੀ ਮੌਤ।' ਆਦਿ।
ਖ਼ਲੀਲ ਨੂੰ ਪੜ੍ਹਨਾ ਬਹੁਤ ਧਿਆਨ ਦੀ ਮੰਗ ਕਰਦਾ ਹੈ। ਇਕਾਗਰ ਚਿੱਤ ਹੋ ਕੇ ਇਹਨਾਂ ਦੀ ਰਚਨਾ ਦਾ ਆਨੰਦ ਮਾਣਿਆ ਜਾ ਸਕਦਾ ਹੈ। ਫਿਰ ਤੁਹਾਨੂੰ ਉਹ ਅਗਮ-ਅਗੋਚਰ ਦੀ ਸੋਝੀ ਕਰਵਾਉਣਗੇ। ਅਕੱਥ ਨੂੰ ਕਥਣਯੋਗ ਬਣਾਉਣਗੇ। ਰੂਹਾਨੀ ਬੁਲੰਦੀਆਂ ਤਕ ਲੈ ਜਾਣਗੇ। ਤੁਸੀਂ ਇਹਨਾਂ ਦੀਆਂ ਰਚਨਾਵਾਂ ਨੂੰ ਪੜ੍ਹ ਕੇ ਕਾਫ਼ੀ ਬਦਲ ਜਾਵੋਗੇ। ਤੁਹਾਨੂੰ ਜਾਪੇਗਾ ਤੁਸੀਂ ਅਜਿਹੀ ਦਿੱਸਦੀ ਵੱਸਦੀ ਦੁਨੀਆਂ ਵਿਚ ਵਿਚਰ ਰਹੇ ਹੋ ਜਿਸ ਪਾਸ ਦੇਣ ਲਈ ਕੁਝ ਨਹੀਂ। ਤੇ ਜਿਸ ਜਗਤ ਵਿਚ ਸ਼ਾਇਰ ਲੈ ਜਾ ਰਿਹਾ ਹੈ ਉਹ ਸਦੀਵੀ ਸੁੱਖ-ਸ਼ਾਂਤੀ ਦਾ ਘਰ ਹੈ ਸਿੱਖ ਸ਼ਬਦਾਵਲੀ ਵਿਚ ਸੱਚਖੰਡ ਹੈ। ਜਿਥੇ ਸਦੀਵੀ ਟਿਕਾਣਾ ਮਿਲ ਜਾਂਦਾ ਹੈ ਭਟਕਦੇ ਮਾਨਵ ਨੂੰ।
ਡਾ. ਜਗਦੀਸ਼ ਵਾਡੀਆ ਦੀ ਹਿੰਮਤ ਹੈ ਜੋ ਉਹਨਾਂ ਅਜਿਹੇ ਗਹਿਰ-ਗੰਭੀਰ ਚਿੰਤਨ ਦੀਆਂ ਅਮਰ ਰਚਨਾਵਾਂ ਨੂੰ ਪੜ੍ਹਿਆ ਹੈ, ਮਾਣਿਆ ਹੈ ਤੇ ਫਿਰ ਪੰਜਾਬੀ ਵਿਚ ਅਨੁਵਾਦ ਕਰਕੇ ਅੰਗਰੇਜ਼ੀ ਨਾ ਜਾਨਣ ਵਾਲਿਆਂ ਉੱਤੇ ਪਰਉਪਕਾਰ ਕੀਤਾ ਹੈ। ਇਹਨਾਂ ਰਚਨਾਵਾਂ ਦਾ ਅਨੁਵਾਦ ਕੋਈ ਸੌਖੀ ਗੱਲ ਨਹੀਂ ਹੈ। ਮੈਨੂੰ ਤਾਂ ਕਈ ਵਾਰ ਜਾਪਦਾ ਹੈ ਉਸ ਮਹਾਕਵੀ ਦੀ ਰੂਹ ਨੇ ਹੀ ਡਾਕਟਰ ਵਾਡੀਆ ਨੂੰ ਇਹ ਅਨੁਵਾਦ ਕਰਨ ਲਈ ਪ੍ਰੇਰਿਆ ਤੇ ਸਮਰੱਥ ਬਣਾਇਆ।
ਡਾ. ਵਾਡੀਆ ਲੰਮੀ ਜ਼ਿੰਦਗੀ ਭੋਗਦਿਆਂ ਹੋਰ ਸਾਹਿਤ ਸਿਰਜਣਾ ਕਰਨ। ਇਹੀ ਅਰਦਾਸ ਹੈ।
ਗੁਰਮੁਖ ਸਿੰਘ
ਇਕ ਅਮਰ-ਪੈਗੰਬਰ—ਖ਼ਲੀਲ ਜਿਬਰਾਨ
ਮਨੁੱਖ ਦੀ ਸਾਰਥਿਕਤਾ ਇਸ ਵਿਚ ਨਹੀਂ ਕਿ ਉਸ ਨੇ ਕੀ ਪ੍ਰਾਪਤ ਕੀਤਾ ਹੈ, ਸਗੋਂ ਇਸ ਵਿਚ ਹੈ ਕਿ ਉਹ ਕੀ ਪ੍ਰਾਪਤ ਕਰਨਾ ਚਾਹੁੰਦਾ ਸੀ। ਗਿਆਨ ਤਾਂ ਅਥਾਹ ਸਮੁੰਦਰ ਵਾਂਗ ਹੈ ਜਿਸ ਦੀ ਕੋਈ ਥਾਹ ਨਹੀਂ ਪਾ ਸਕਦਾ। ਜਿੰਨਾ ਹਾਸਲ ਕਰੋ ਉਹ ਤਾਂ ਇਕ ਕਿਣਕਾ ਮਾਤਰ ਹੀ ਹੁੰਦਾ ਹੈ। ਸੰਪੂਰਨ ਗਿਆਨ ਹਾਸਲ ਕਰਨ ਲਈ ਤਾਂ ਮਨੁੱਖ ਨੂੰ ਯੁਗਾਂ ਯੁਗਾਂਤਰਾਂ ਤਕ ਘਾਲਨਾ ਘਾਲਣੀ ਪੈਂਦੀ ਹੈ। ਫਿਰ ਵੀ ਉਹ ਟੀਚੇ ਤਕ ਪੁੱਜੇ, ਕਿਹਾ ਨਹੀਂ ਜਾ ਸਕਦਾ। ਹਾਂ ਏਨਾ ਜ਼ਰੂਰ ਹੈ ਕਿ ਕੁਝ ਸ਼ਖ਼ਸੀਅਤਾਂ ਇਹੋ ਜਿਹੀਆਂ ਹੁੰਦੀਆਂ ਹਨ ਜੋ ਥੋੜ੍ਹੇ ਸਮੇਂ ਵਿਚ ਬਹੁਤ ਕੁਝ ਹਾਸਲ ਕਰਕੇ ਸਮਾਜ ਲਈ ਚਾਨਣ ਮੁਨਾਰਾ ਬਣਦੀਆਂ ਹਨ। ਅਜਿਹਾ ਹੀ ਇਕ ਸ਼ਖ਼ਸ ਹੋਇਆ ਹੈ—ਖ਼ਲੀਲ ਜਿਬਰਾਨ ਜਿਸ ਨੂੰ ਅਮਰ ਪੈਗ਼ੰਬਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਸ ਦੇ ਵਿਚਾਰਾਂ ਸਦਕਾ, ਉਸਦੀਆਂ ਲਿਖਤਾਂ ਸਦਕਾ।
ਉਸ ਦੀ ਸ਼ਕਤੀ ਰੂਹਾਨੀ ਜੀਵਨ ਦੇ ਕਿਸੇ ਮਹਾਨ ਸਰੋਤ ਵਿੱਚੋਂ ਨਿਕਲੀ ਸੀ, ਨਹੀਂ ਤਾਂ ਉਹ ਏਨਾ ਸਰਵ-ਵਿਆਪੀ ਤੇ ਪ੍ਰਭਾਵਸ਼ਾਲੀ ਨਾ ਹੁੰਦਾ। ਵਿਚਾਰਾਂ ਨੂੰ ਬੋਲੀ ਦੀ ਜਿਸ ਸ਼ਾਨ ਤੇ ਖ਼ੂਬਸੂਰਤੀ ਦੇ ਵਸਤਰ ਉਸ ਨੇ ਪਹਿਨਾਏ ਉਹ ਸਭ ਉਸਦੇ ਆਪਣੇ ਸਨ। -ਕਲਾਡ ਬਰੈਗਡਨ
ਕਲਾ ਕੁਦਰਤ ਵਲੋਂ ਅਨੰਤਤਾ ਵਲ ਇਕ ਕਦਮ ਹੈ ਅਤੇ ਮਹਾਨ ਕਲਾਕਾਰ ਨੂੰ ਅਨੰਤਤਾ ਦੀ ਇੱਛਾ ਇਸ ਲਈ ਹੁੰਦੀ ਹੈ ਕਿ ਉਥੇ ਉਸ ਨੂੰ ਆਪਣੀਆਂ ਅਣਲਿਖੀਆਂ ਕਵਿਤਾ ਤੇ ਅਣਚਿਤਰੇ ਚਿੱਤਰ ਪ੍ਰਾਪਤ ਹੋ ਜਾਂਦੇ
ਹਨ। ਇਕ ਕਲਾ ਕਿਰਤ ਤਾਂ ਧੁੰਦ ਨੂੰ ਮੂਰਤੀ ਦਾ ਰੂਪ ਦੇਣਾ ਹੁੰਦਾ ਹੈ ਤੇ ਇਹ ਮੂਰਤੀ ਰੂਪ ਮਿਲਦਾ ਹੈ ਲੈਬਨਾਨ ਦੇ ਅਗਾਂਹ-ਵਧੂ ਵਿਚਾਰਾਂ ਦੇ ਧਾਰਨੀ ਸਾਹਿਤਕਾਰ ਖ਼ਲੀਲ ਜਿਬਰਾਨ ਦੀਆਂ ਰਚਨਾਵਾਂ, ਕਲਾ-ਕਿਰਤਾਂ ਤੇ ਚਿਤਰਾਂ ਵਿੱਚੋਂ ਜਿਸ ਨੇ ਸਾਰੇ ਸਮਾਜਕ ਤੇ ਧਾਰਮਕ ਪਿਛਾਂਹ-ਖਿਚੂ ਬੰਧਨ ਤੋੜ ਕੇ ਇਕ ਅਜਿਹੀ ਪਰੰਪਰਾ ਕਾਇਮ ਕੀਤੀ ਜਿਸ ਨੇ ਸਾਹਿਤ ਜਗਤ ਵਿਚ ਉਸ ਦੀ ਨਿਵੇਕਲੀ ਥਾਂ ਬਣਾ ਦਿੱਤੀ। ਖ਼ਲੀਲ ਜਿਬਰਾਨ ਆਪ ਲਿਖਦਾ ਹੈ, “ਮਹਾਨ ਮਨੁੱਖ ਦੇ ਦੋ ਦਿਲ ਹੁੰਦੇ ਹਨ : ਇਕ 'ਚੋਂ ਖੂਨ ਵਗਦਾ ਹੈ ਤੇ ਦੂਸਰਾ ਸਹਿਣ ਕਰਦਾ ਹੈ।” ਇਹ ਵਿਚਾਰ ਉਸਦੇ ਆਪਣੇ ਉੱਤੇ ਪੂਰੀ ਤਰ੍ਹਾਂ ਢੁੱਕਦਾ ਹੈ—ਸਮਾਜ ਦਾ ਜਿਹੜਾ ਕੋਹਝਾ ਰੂਪ ਉਸ ਵੇਖਿਆ, ਮਹਿਸੂਸ ਕੀਤਾ, ਆਪਣੇ ਆਪ ਉੱਤੇ ਹੰਢਾਇਆ, ਉਹੀ ਉਸਦੀਆਂ ਲਿਖਤਾਂ ਵਿੱਚੋਂ ਉਭਰ ਕੇ ਸਾਹਮਣੇ ਆਉਂਦਾ ਹੈ। ਪਰ ਨਾਲ ਹੀ ਉਹ ਇਹ ਵੀ ਸਪੱਸ਼ਟ ਕਰਦਾ ਹੈ, “ਹਰ ਵਿਚਾਰ ਜਿਸ ਨੂੰ ਮੈਂ ਆਪਣੇ ਪ੍ਰਗਟਾ ਵਿਚ ਕੈਦ ਕੀਤਾ ਹੈ, ਆਪਣੇ ਅਮਲਾਂ ਨਾਲ ਮੁਕਤ ਕਰਾਂਗਾ।" ਇਹ ਪ੍ਰਗਟਾ ਅਤੇ ਅਮਲ ਉਸਦੀਆਂ ਰਚਨਾਵਾਂ ਵਿੱਚੋਂ ਆਪ ਮੁਹਾਰੇ ਉਭਰਕੇ ਸਾਹਮਣੇ ਆਉਂਦੇ ਹਨ।
ਖ਼ਲੀਲ ਜਿਬਰਾਨ ਨੇ ਜ਼ਿੰਦਗੀ ਨੂੰ ਇਕ ਨਵੇਂ ਤੇ ਅਨੋਖੇ ਦ੍ਰਿਸ਼ਟੀਕੋਣ ਤੋਂ ਵੇਖਿਆ। ਅਰਬ ਦੇਸ਼ਾਂ ਦੀ ਸਦੀਆਂ ਪੁਰਾਣੀ ਗੜਬੜ ਵਾਲੀ ਅੰਦਰੂਨੀ ਸਿਆਸਤ ਤੇ ਬਾਹਰੀ ਦਖ਼ਲ-ਅੰਦਾਜ਼ੀ ਦੇ ਬਾਵਜੂਦ ਉਸ ਦੀ ਨਿੱਜੀ ਸ਼ਖ਼ਸੀਅਤ ਕਾਇਮ ਹੀ ਨਾ ਰਹੀ ਸਗੋਂ ਹੋਰ ਉਭਰਕੇ ਸਾਹਮਣੇ ਆਈ । ਜਦਕਿ ਪੱਛਮੀ ਦੁਨੀਆਂ ਆਪਣੀਆਂ ਸਮੱਸਿਆਵਾਂ ਦਾ ਹਲ ਵਿਗਿਆਨ ਰਾਹੀਂ ਲੱਭ ਰਹੀ ਸੀ ਉਥੇ ਅਰਬ ਦੇਸ਼ਾਂ ਦੇ ਲੋਕ ਜ਼ਿੰਦਗੀ ਨੂੰ ਕਾਵਿਕ ਦੇ ਦਾਰਸ਼ਨਿਕ ਨਜ਼ਰੀਏ ਤੋਂ ਵੇਖਣ ਨੂੰ ਤਰਜੀਹ ਦੇਂਦੇ ਰਹੇ । ਇਥੋਂ ਦੇ ਲੇਖਕ ਨਾ ਤਾਂ ਧਾਰਮਿਕ ਕੱਟੜਦਾ ਨੂੰ ਬਿਆਨ ਕਰਦੇ ਹਨ ਨਾ ਹੀ ਵਿਗਿਆਨ ਵਲੋਂ ਪਾਏ ਭੁਲੇਖਿਆ ਦਾ ਸ਼ਿਕਾਰ ਹੁੰਦੇ ਹਨ। ਉਹ ਲਿਖਣ ਵਿਚ ਪੂਰੀ ਆਜ਼ਾਦੀ ਮਾਣਦੇ ਹਨ। ਇਸਦੀ ਮਿਸਾਲ ਖ਼ਲੀਲ ਜਿਬਰਾਨ ਦੇ ਰੂਪ ਵਿਚ ਸਾਡੇ ਸਾਹਮਣੇ ਹੈ ਅਤੇ ਜਿੰਨੇ ਮਾਨ ਸਨਮਾਨ ਦਾ ਉਹ ਹੱਕਦਾਰ ਹੈ, ਹੋਰ ਕੋਈ ਲੇਖਕ ਸ਼ਾਇਦ ਹੀ ਉਸਦਾ ਮੁਕਾਬਲਾ ਕਰ ਸਕੇ। ਪੂਰਬੀ ਦੇਸ਼ਾਂ ਦੇ ਸਾਹਿਤ ਜਗਤ ਵਿਚ ਜਿੰਨਾ ਵਧੀਆ ਤੇ ਉੱਚ ਪਾਏ ਦਾ ਸਾਹਿਤ ਰਚਿਆ ਗਿਆ ਹੈ, ਖ਼ਲੀਲ ਜਿਬਰਾਨ ਉਸ ਦੀ ਟੀਸੀ 'ਤੇ ਖੜਾ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਆਪਣੇ ਜੀਉਂਦੇ ਜੀਅ ਸਾਰੀ ਜ਼ਿੰਦਗੀ ਬਤੌਰ ਇਕ ਇਨਸਾਨ ਤੇ ਇਕ ਲੇਖਕ ਉਹ ਵਿਵਾਦਗ੍ਰਸਤ ਹੀ ਰਿਹਾ। ਭਾਵੇਂ ਹੁਣ ਬਹੁਮਤ ਉਸਨੂੰ ਦਾਰਸ਼ਨਿਕ, ਧਾਰਮਿਕ ਨੇਤਾ ਤੇ ਅਮਰ ਪੈਗ਼ੰਬਰ ਕਹਿੰਦਾ ਹੈ ਪਰ ਇਕ ਸਮਾਂ ਸੀ ਜਦੋਂ ਉਸ ਨੂੰ ਕਾਫ਼ਰ ਤੇ ਬਾਗ਼ੀ ਕਹਿਕੇ ਧਰਮ ਵਿੱਚ ਛੇਕ ਦਿੱਤਾ ਗਿਆ ਸੀ। ਉਸਦੀ ਪੁਸਤਕ ਬਾਗ਼ੀ ਰੂਹਾਂ (Spirit Rebellious) ਇਸ ਲਈ ਸਾੜ ਦਿੱਤੀ ਗਈ ਸੀ ਕਿਉਂਕਿ ਉਹ ਖ਼ਤਰਨਾਕ ਬਗ਼ਾਵਤੀ ਤੇ ਨੌਜਵਾਨਾਂ ਨੂੰ ਵਿਗਾੜਨ ਵਾਲੀ ਸਮਝੀ ਗਈ। ਧਰਮ ਹੈ ਸਮਾਜ ਤੋਂ ਤਾਂ ਕੇਵਲ ਇਸ ਕਰਕੇ ਹੀ ਛੇਕਿਆ ਗਿਆ ਕਿਉਂਕਿ ਉਸ ਹੈ ਇਨਸਾਨ ਦੇ ਬਣਾਏ ਤੇ ਪੁਰਖਿਆਂ ਤੋਂ ਵਿਰਸੇ ਵਿਚ ਮਿਲੀਆਂ ਰੀਤੀ- ਰਿਵਾਜ਼ਾਂ ਤੇ ਔਰਤ ਨੂੰ ਜ਼ਹਿਨੀ ਤੌਰ 'ਤੇ ਗ਼ੁਲਾਮ ਬਣਾ ਕੇ ਰੱਖਣ ਵਾਲੇ ਮਨੁੱਖੀ ਸਮਾਜ ਵਿਰੁੱਧ ਆਵਾਜ਼ ਬੁਲੰਦ ਕੀਤੀ, ਧਾਰਮਿਕ ਨੇਤਾਵਾਂ ਦੇ ਪਾਖੰਡਾਂ ਵਿਰੁੱਧ ਕਹਾਣੀਆਂ ਲਿਖੀਆਂ ਅਤੇ ਆਪਣੇ ਦੇਸ਼ ਵਾਸੀਆਂ ਨੂੰ ਤੁਰਕੀ ਹਕੂਮਤ ਵਿਰੁੱਧ ਉਠ ਖੜੇ ਹੋਣ ਲਈ ਲਲਕਾਰਿਆ, ਆਜ਼ਾਦੀ ਦਾ ਨਾਅਰਾ ਲਾਇਆ। ਅਜਿਹਾ ਇਲਜ਼ਾਮ ਕਿਸੇ ਵੇਲੇ ਯੂਨਾਨ ਦੇ ਦਾਰਸ਼ਨਿਕ ਸੁਕਰਾਤ ਉੱਤੇ ਵੀ ਲਾਇਆ ਗਿਆ ਸੀ। ਪਰ ਉਸਦੇ ਸਮਕਾਲੀ ਲਿਖਦੇ ਹਨ-ਜਿਬਰਾਨ ਕਈ ਵਾਰ ਆਪਣੀ ਲਿਖਤ ਵਿਧੀ ਵਿਚ ਬਾਈਬਲ ਦੀ ਉੱਚਤਾ ਤਕ ਅਪੜ ਜਾਂਦਾ ਹੈ, ਉਸਦੇ ਅੱਖਰਾਂ ਵਿਚ ਅੰਜੀਲ ਵਿਚਲੇ ਈਸਾ ਦੇ ਬੋਲਾਂ ਦੀ ਪਰਤਵੀਂ ਗੂੰਜ ਹੈ।
ਉਸਦੀਆਂ 18 ਸਾਹਿਤਕ ਕਿਰਤਾਂ ਵਿੱਚੋਂ ਇਕ ਪੁਸਤਕ (The Prophet) ਪੈਗ਼ੰਬਰ ਅੰਤਰਰਾਸ਼ਟਰੀ ਪੱਧਰ 'ਤੇ ਸਭ ਤੋਂ ਵੱਧ ਵਿਕਣ ਵਾਲੀ ਪੁਸਤਕ ਹੈ ਅਤੇ ਸੰਸਾਰ ਦੀਆਂ ਵੀਹ ਤੋਂ ਵੱਧ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀ ਹੈ। ਭਾਵੇਂ ਪੈਗ਼ੰਬਰ ਉਸਦੀ ਸਭ ਤੋਂ ਵਧੀਆ ਕਿਰਤ ਹੈ ਪਰ (Broken Wings) ਟੁੱਟੇ ਖੰਭ ਜੋ ਉਸਦਾ ਪਹਿਲਾ ਨਾਵਲਿਟ ਹੈ ਅਰਬੀ ਭਾਸ਼ਾ ਵਿਚ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਉਸਦੀਆਂ ਸਾਹਿਤਕ ਤੇ ਕਲਾਤਮਕ ਲਿਖਤਾਂ ਦਾ ਜ਼ਖ਼ੀਰਾ ਏਨਾ ਅਮੀਰ ਤੇ ਕਰਪਰ ਹੈ ਜਿਸ ਨੂੰ
ਦੀ ਮੌਲਿਕਤਾ ਤੇ ਸਪੱਸ਼ਟਤਾ ਕਾਰਨ ਹੀ ਸਰਵੋਤਮ ਸਾਹਿਤਕਾਰ ਹੋਣ ਦਾ ਮਾਣ ਹਾਸਲ ਹੈ। ਉਸ ਨੂੰ ਕਲਾਕਾਰ ਦੇ ਤੌਰ 'ਤੇ ਵੀ ਬਹੁਤ ਮਾਨਤਾ ਮਿਲੀ। ਉਸਦੀਆਂ ਡਰਾਇੰਗ ਤੇ ਚਿੱਤਰ ਮੂਲ ਪੁਸਤਕਾਂ ਵਿਚ ਮਿਲਦੀਆਂ ਹਨ ਤੇ ਜਿਹਨਾਂ ਨੂੰ ਵਿਸ਼ਵ ਪੱਧਰ 'ਤੇ ਸਲਾਹਿਆ ਗਿਆ। ਜਦੋਂ ਮਹਾਨ ਕਲਾਕਾਰ ਰੋਡਿਨ ਨੇ ਜਿਬਰਾਨ ਦਾ ਪੋਰਟਰੇਟ ਤਿਆਰ ਕਰਨਾ ਚਾਹਿਆ ਤਾਂ ਉਸ ਦੀ ਤੁਲਨਾ ਕਲਾਕਾਰ ਤੇ ਸਾਹਿਤਕਾਰ ਵਿਲੀਅਮ ਬਲੇਕ ਨਾਲ ਕੀਤੀ। ਪੱਛਮ ਦੇ ਸਾਹਿਤਕ ਜਗਤ ਵਿਚ ਉਸ ਨੂੰ ਵੀਹਵੀਂ ਸਦੀ ਦਾ ਦਾਂਤੇ ਕਹਿਕੇ ਸਤਿਕਾਰਿਆ ਗਿਆ। ਇਹ ਉਸਦੀਆਂ ਲਿਖਤਾਂ ਦੀ ਮਾਨਤਾ ਹੀ ਸੀ ਕਿ ਦੇਸ਼ ਨਿਕਾਲੇ ਦਾ ਸਮਾਂ ਪੂਰਾ ਹੋਣ ਉਪਰੰਤ ਜਦੋਂ ਉਹ ਲੈਬਨਾਨ ਵਾਪਿਸ ਪਰਤਿਆ ਤਾਂ ਧਰਮ ਨੇ ਉਸ ਨੂੰ ਬਿਨਾ ਸ਼ਰਤ ਮੁੜ ਗਲੇ ਲਾ ਲਿਆ ਅਤੇ ਅਠਤਾਲੀ ਸਾਲ ਦੀ ਜੁਆਨੀ ਦੀ ਉਮਰੇ ਹੀ ਜਦੋਂ ਉਸਦਾ ਦਿਹਾਂਤ ਹੋਇਆ ਤਾਂ ਉਸਦੇ ਜਨਾਜ਼ੇ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਪਾਦਰੀ, ਧਾਰਮਿਕ ਨੇਤਾ, ਪੂਰਬੀ ਦੇਸ਼ਾਂ ਦੇ ਸਾਰੇ ਫ਼ਿਰਕਿਆਂ ਦੇ ਪ੍ਰਤੀਨਿਧ ਸ਼ਾਮਲ ਸਨ। ਚਰਚ ਵਲੋਂ ਉਸਨੂੰ ਵਿਸ਼ੇਸ਼ ਮਾਣ ਸਤਿਕਾਰ ਇਹ ਮਿਲਿਆ ਕਿ ਉਸ ਨੂੰ ਬਚਪਨ ਦੇ ਚਰਚ ਲੈਬਨਾਨ ਬਸ਼ਰੀ ਵਿਚ ਮਾਰ ਸਾਰਕਿਸ ਦੇ ਮੱਠ ਦੇ ਬਗ਼ੀਚੇ ਵਿਚ ਦਫ਼ਨਾਇਆ ਗਿਆ। ਇਹ ਉਸਦੀ ਚਰਚ ਵਾਪਸੀ ਸੀ।
ਉਹ ਸਾਰੀ ਉਮਰ ਅਜਿਹੇ ਸਮਾਜ ਦੀ ਸਿਰਜਣਾ ਕਰਨ ਦੇ ਸੁਪਨੇ ਲੈਂਦਾ ਰਿਹਾ, ਜਿਸ ਵਿਚ ਪਿਆਰ, ਰੂਹਾਨੀ ਦਇਆ ਤੇ ਖਿੱਚ ਦਾ ਵਾਸ ਹੋਵੇ ਕਿਉਂਕਿ ਦਇਆ ਹੀ ਮਨੁੱਖ ਵਿਚ ਰੱਬ ਦਾ ਅਕਸ਼ ਹੈ। ਅਜਿਹੇ ਵਿਸ਼ਵ ਪ੍ਰਸਿੱਧੀ ਪ੍ਰਾਪਤ ਸਾਹਿਤਕਾਰ ਦੀਆਂ ਰਚਨਾਵਾਂ ਨੂੰ ਪੰਜਾਬੀ ਪਾਠਕਾਂ ਦੇ ਹੱਥਾਂ ਤਕ ਪੁੱਜਦਾ ਕਰਦੇ ਹੋਏ ਮੈਨੂੰ ਖ਼ੁਸ਼ੀ ਹੋ ਰਹੀ ਹੈ। ਲਗਭਗ ਉਸਦੀਆਂ ਸਾਰੀਆਂ ਹੀ ਰਚਨਾਵਾਂ ਦਾ ਇਸ ਕਲਮ ਤੋਂ ਅਨੁਵਾਦ ਹੋ ਕੇ ਪਾਠਕਾਂ ਤਕ ਪੁੱਜ ਚੁੱਕਾ ਹੈ। ਮੈਨੂੰ ਆਪਣੇ ਪਾਠਕਾਂ ਦਾ ਪੂਰਾ ਪੂਰਾ ਸਹਿਯੋਗ ਮਿਲਿਆ ਹੈ ਤਾਂ ਹੀ ਮੈਂ ਪੁਸਤਕ ‘ਪੈਂਗਬਰ ਦਾ ਬਗੀਚਾ’ (The Garden of the Prophet) ਦੀ ਦੂਸਰੀ ਐਡੀਸ਼ਨ ਛਾਪਣ ਦਾ ਹੌਂਸਲਾ ਕਰ ਸਕੀ ਹਾਂ। ਧੰਨਵਾਦੀ ਹਾਂ ਆਪਣੇ ਪਾਠਕਾਂ, ਦੋਸਤਾਂ, ਮਿੱਤਰਾਂ, ਆਪਣੇ ਬੱਚਿਆਂ ਤੇ ਵਿਸ਼ੇਸ਼ ਤੌਰ 'ਤੇ ਸ. ਕੁਲਬੀਰ ਸਿੰਘ ਸੂਰੀ ਦੀ ਜਿਹਨਾਂ ਦੀ ਹਰ ਸੰਭਵ ਮਦਦ ਤੋਂ ਬਿਨਾਂ ਇਹ
ਕਾਰਜ ਨੇਪਰੇ ਚੜ੍ਹਨਾ ਸ਼ਾਇਦ ਸੰਭਵ ਨਾ ਹੁੰਦਾ। ਧੰਨਵਾਦੀ ਹਾਂ ਪਰਮ ਪੂਜਨੀਕ ਸੁਆਮੀ ਈਸ਼ਵਰਦਾਸ ਸ਼ਾਸਤਰੀ ਜੀ ਦੀ ਜਿਹਨਾਂ ਨੇ ਵਿਚਾਰ ਵਟਾਂਦਰੇ ਦੌਰਾਨ ਆਪਣੇ ਵਡਮੁੱਲੇ ਸੁਝਾਅ ਦਿੱਤੇ। (ਜੋ ਮਿਤੀ 16 ਅਗਸਤ, 2003 ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ) ਸ਼ੁਕਰ ਗੁਜ਼ਾਰ ਹਾਂ ਆਪਣੇ ਰਹਿਬਰ ਪਰਮ ਪਿਤਾ ਪਰਮਾਤਮਾ ਦੀ ਜਿਸ ਨੇ ਇਸ ਕਲਮ ਨੂੰ ਬਲ ਬਖ਼ਸ਼ਿਆ।
18-2-2004
ਡਾ. ਜਗਦੀਸ਼ ਕੌਰ ਵਾਡੀਆ
318-ਏ, ਸ਼ਾਸਤਰੀ ਨਗਰ
ਜਲੰਧਰ
ਖ਼ਲੀਲ ਜਿਬਰਾਨ ਦੀ ਹੱਥ ਲਿਖਤ ਦਾ ਨਮੂਨਾ
1
ਪਸੰਦੀਦਾ ਤੇ ਹਰਮਨ ਪਿਆਰਾ ਅਲਮੁਸਤਫ਼ਾ, ਜੋ ਆਪਣੇ ਸਮੇਂ ਬੁਲੰਦੀ ਦੀਆਂ ਸਿਖ਼ਰਾਂ 'ਤੇ ਸੀ ਤਿਚਰੀਨ ਦੇ ਮਹੀਨੇ, ਜੋ ਇਕ ਯਾਦਗਾਰੀ ਮਹੀਨਾ ਹੈ, ਆਪਣੇ ਜਨਮ ਸਥਾਨ ਵਾਲੇ ਟਾਪੂ 'ਤੇ ਪਰਤਿਆ।
ਜਿਉਂ ਹੀ ਜਹਾਜ਼ ਬੰਦਰਗਾਹ ਨੇੜੇ ਪੁੱਜਿਆ, ਉਹ ਉੱਠ ਕੇ ਮੁਹਾਣੇ ਉੱਤੇ ਖਲੋ ਗਿਆ । ਮਲਾਹ ਵੀ ਉਸਦੇ ਨਾਲ ਹੀ ਉੱਠ ਖਲੋਤੇ। ਉਸਦੇ ਮਨ ਵਿਚ ਘਰ ਪਰਤਣ ਦੀ ਬੇਹੱਦ ਖ਼ੁਸ਼ੀ ਸੀ।
ਉਹ ਸਾਰਿਆਂ ਨੂੰ ਸੰਬੋਧਨ ਕਰਦਾ ਹੋਇਆ ਕਹਿਣ ਲੱਗਾ, "ਵੇਖੋ! ਇਹ ਟਾਪੂ ਜੋ ਮੇਰਾ ਜਨਮ ਸਥਾਨ ਹੈ। ਇਥੇ ਧਰਤੀ ਨੇ ਸਾਨੂੰ ਜੀਵਨ ਦਾਨ ਦਿੱਤਾ, ਇਕ ਗੀਤ, ਇਕ ਭੇਦ ਦੱਸਿਆ; ਗੀਤ ਅਕਾਸ਼ ਜਿੱਡਾ ਵਿਸ਼ਾਲ ਤੇ ਭੇਦ ਧਰਤੀ ਜਿੰਨਾ ਡੂੰਘਾ ਅਤੇ ਧਰਤੀ ਤੇ ਅਕਾਸ਼ ਵਿਚਕਾਰ ਜੋ ਵੀ ਹੈ, ਜਦੋਂ ਗੀਤ ਉਸ ਵਿਚ ਗੂੰਜੇਗਾ ਤੇ ਗੁੱਝਾ ਰਹੱਸ ਖੁੱਲ੍ਹੇਗਾ ਤਾਂ ਸਾਡੀ ਅਭਿਲਾਖਾ ਸ਼ਾਂਤ ਹੋ ਜਾਏਗੀ।
“ਸਮੁੰਦਰ ਨੇ ਸਾਨੂੰ ਇਕ ਵਾਰੀ ਫਿਰ ਇਹਨਾਂ ਕਿਨਾਰਿਆਂ ਦੇ ਹਵਾਲੇ ਕੀਤਾ ਹੈ। ਅਸੀਂ ਉਸ ਦੀਆਂ ਲਹਿਰਾਂ ਦੀ ਇਕ ਹੋਰ ਲਹਿਰ ਤੋਂ ਸਿਵਾਇ ਕੁਝ ਵੀ ਨਹੀਂ ਹਾਂ। ਸਮੁੰਦਰ ਨੇ ਸਾਨੂੰ ਉਭਰਦੀ ਲਹਿਰ ਦਾ ਵੇਗ ਬਣਾ ਕੇ ਅਗਾਂਹ ਕੀਤਾ ਹੈ ਤਾ ਕਿ ਉਸ ਦੇ ਸ਼ਬਦਾਂ ਨੂੰ ਪ੍ਰਵਾਜ਼ ਦੇ ਸਕੀਏ, ਪਰ ਅਸੀਂ ਅਜਿਹਾ ਕਿਵੇਂ ਕਰ ਸਕਦੇ ਹਾਂ ਜਦ ਤਕ ਅਸੀਂ ਪਥਰੀਲੇ ਤੇ ਰੇਤਲੇ ਕੰਢਿਆਂ ਉੱਤੇ ਉਸ ਨਾਲ ਇਕ ਸੁਰ ਹੋਣ ਲਈ ਕੋਈ ਰਾਹ ਨਹੀਂ ਕੱਢਦੇ।
"ਕਿਉਂਕਿ ਮਲਾਹਾਂ ਅਤੇ ਸਮੁੰਦਰ ਦਾ ਇਹੀ ਵਿਧਾਨ ਹੈ, ਜੇ ਤੁਸੀ ਆਜ਼ਾਦ ਹੋਣਾ ਤੇ ਮੁਕਤੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਧੁੰਦ
ਵਲ ਪਰਤਣਾ ਲਾਜ਼ਮੀ ਹੈ । ਨਿਰਾਕਾਰ ਸਦਾ ਆਕਾਰ ਵਿਚ ਹੋਣਾ ਲੋਚਦਾ ਹੈ। ਇਥੋਂ ਤਕ ਕਿ ਆਕਾਸ਼ ਵਿਚ ਅਣਗਿਣਤ ਚਮਕਦੇ ਤਾਰੇ ਇਕ ਦਿਨ ਅਨੇਕਾਂ ਸੂਰਜਾਂ ਤੇ ਚੰਦਰਮਾਂ ਦਾ ਰੂਪ ਧਾਰਨ ਕਰ ਲੈਣਗੇ ਅਤੇ ਅਸੀਂ ਜਿਨ੍ਹਾਂ ਨੇ ਬਹੁਤ ਕੁਝ ਤਲਾਸ਼ ਕਰ ਲਿਆ ਹੈ, ਹੁਣ ਆਪਣੇ ਜਨਮ ਸਥਾਨ ਵਾਲੇ ਉਭੜ-ਖਾਭੜ ਟਾਪੂ ਵਲ ਪਰਤੇ ਹਾਂ। ਸਾਨੂੰ ਇਕ ਵਾਰੀ ਫਿਰ ਧੁੰਦ ਵਿਚ ਵਿਲੀਨ ਹੋ ਜਾਣਾ ਤੇ ਜੀਵਨ ਦੀ ਨਵੀਂ ਸ਼ੁਰੂਆਤ ਨੂੰ ਅਨੁਭਵ ਕਰਨਾ ਚਾਹੀਦਾ ਹੈ। ਉਸ ਸਥਿਤੀ ਵਿਚ ਜੋ ਆਪਣੇ ਆਪ ਨੂੰ ਵਿਲੀਨ ਕਰ ਲਵੇਗਾ ਉਹੀ ਨਵ-ਜੀਵਨ ਪ੍ਰਾਪਤ ਕਰ ਕੇ ਉੱਚੀਆਂ ਸਿਖ਼ਰਾਂ ਤਕ ਪੁੱਜ ਸਕੇਗਾ ਅਤੇ ਬਾਕੀ ਜੋ ਕੁਝ ਬਚੇਗਾ ਉਹ ਵੇਗ ਤੇ ਆਜ਼ਾਦੀ ਦਾ ਰੂਪ ਧਾਰ ਲਵੇਗਾ?
“ਅਸੀ ਸਦਾ ਕਿਨਾਰਿਆਂ ਦੀ ਤਲਾਸ਼ ਵਿਚ ਰਹਾਂਗੇ, ਅਸੀ ਜ਼ਿੰਦਗੀ ਦੇ ਗੀਤ ਗਾਵਾਂਗੇ ਤੇ ਦੂਸਰੇ ਸਾਡੀ ਆਵਾਜ਼ ਨੂੰ ਸੁਣਨਗੇ, ਪਰ ਉਸ ਲਹਿਰ ਬਾਰੇ ਕੀ ਕਹੀਏ ਜੋ ਉੱਠਦੀ ਹੈ ਤੇ ਕਿਨਾਰੇ ਨਾਲ ਟਕਰਾ ਕੇ ਸ਼ਾਂਤ ਹੋ ਜਾਂਦੀ ਹੈ ਪਰ ਕੋਈ ਉਸ ਲਹਿਰ ਦੇ ਵੇਗ ਤੇ ਸ਼ਾਂਤ ਹੋਣ ਦੀ ਆਵਾਜ਼ ਨਹੀਂ ਸੁਣੇਗਾ ? ਸਾਡੇ ਅੰਦਰ ਅਜਿਹਾ ਹੀ ਬਹੁਤ ਕੁਝ ਹੈ ਜਿਸਦੀ ਆਵਾਜ਼ ਕਿਸੇ ਨੂੰ ਸੁਣਾਈ ਨਹੀਂ ਦੇਂਦੀ ਤੇ ਉਹੀ ਸਾਡੇ ਧੁਰ ਅੰਦਰ ਦੇ ਡੂੰਘੇ ਦੁੱਖਾਂ ਨੂੰ ਪਲੋਸਦਾ ਹੈ। ਹਾਂ, ਇਹ ਵੀ ਅਣਸੁਣਿਆ ਹੀ ਹੈ ਜੋ ਸਾਡੀ ਰੂਹ ਨੂੰ ਆਕਾਰ ਬਖ਼ਸ਼ਦਾ ਅਤੇ ਤਕਦੀਰ ਦਾ ਨਿਰਮਾਣ ਕਰਦਾ ਹੈ।”
ਫਿਰ ਮਲਾਹਾਂ ਵਿੱਚੋਂ ਇਕ ਮਲਾਹ ਅੱਗੇ ਵਧਿਆ ਤੇ ਕਹਿਣ ਲੱਗਾ, “ਮੇਰੇ ਮਾਲਕ, ਇਸ ਕਿਨਾਰੇ ਤਕ ਪੁੱਜਣ ਲਈ ਸਾਡੀ ਤਾਂਘ ਦੀ ਤੁਸੀ ਅਗਵਾਈ ਕੀਤੀ ਹੈ ਅਤੇ ਵੇਖੋ ਅਸੀ ਆਪਣੇ ਮਕਸਦ ਵਿਚ ਕਾਮਯਾਬ ਹੋ ਗਏ ਹਾਂ। ਪਰ ਤੁਸੀ ਹਾਲਾਂ ਵੀ ਗ਼ਮ ਦੀ ਗੱਲ ਕਰਦੇ ਹੋ, ਦਿਲਾਂ ਦੇ ਟੁੱਟਣ ਦੀ ਗੱਲ ਕਰਦੇ ਹੋ।”
ਮਲਾਹ ਦੀ ਇਸ ਗੱਲ ਦਾ ਜੁਆਬ ਦੇਂਦੇ ਹੋਏ ਉਹ ਕਹਿਣ ਲੱਗਾ, "ਕੀ ਮੈਂ ਆਜ਼ਾਦੀ ਦੀ ਗੱਲ ਨਹੀਂ ਕਰਦਾ ? ਉਸ ਧੁੰਦ ਦੀ ਗੱਲ ਨਹੀਂ ਕਰਦਾ ਜੋ ਸਾਡੀ ਅਸਲ ਆਜ਼ਾਦੀ ਹੈ ? ਪਰ ਇਹ ਮੇਰੇ ਲਈ ਤਕਲੀਫ਼ਦੇਹ ਹੈ ਕਿ ਮੈਂ ਇਸ ਟਾਪੂ ਤਕ ਦੀ ਯਾਤਰਾ ਕੀਤੀ ਹੈ, ਜੋ ਮੇਰਾ ਜਨਮ ਸਥਾਨ ਹੈ। ਇਹ ਯਾਤਰਾ ਮੈਂ ਇਸ ਤਰ੍ਹਾਂ ਕੀਤੀ ਹੈ ਜਿਵੇਂ ਇਕ ਕਤਲ ਹੋਏ (ਮਨੁੱਖ)
ਦੀ ਰੂਹ ਉਹਨਾਂ ਅੱਗੇ ਗੋਡੇ ਟੇਕ ਦੇਵੇ ਜਿਹਨਾਂ ਨੇ ਉਸ ਦਾ ਕਤਲ ਕੀਤਾ ਜਾਵੇ।"
ਇਕ ਹੋਰ ਮਲਾਹ ਉਠਿਆ ਤੇ ਕਹਿਣ ਲੱਗਾ, "ਵੇਖੋ! ਉਧਰ ਲੋਕਾਂ 9 ਹੜ੍ਹ ਵਲ ਵੇਖੋ, ਜੋ ਸਮੁੰਦਰ ਦੇ ਕਿਨਾਰੇ ਖੜਾ ਹੈ। ਉਹਨਾਂ ਦੀ ਚੁੱਪ ਤੋਂ ਜ਼ਾਹਿਰ ਹੈ ਜਿਵੇਂ ਉਹਨਾਂ ਨੂੰ ਤੁਹਾਡੇ ਆਉਣ ਦਾ ਦਿਨ ਤੇ ਘੜੀ ਪਤਾ ਹੈ। ਉਹ ਆਪਣੇ ਖੇਤਾਂ ਤੇ ਅਗੂੰਰਾਂ ਦੇ ਬਗੀਚਿਆਂ ਵਿੱਚੋਂ ਆਪਣੇ ਕੰਮ-ਕਾਰ ਛੱਡ ਕੇ ਤੁਹਾਡੀ ਉਡੀਕ ਵਿਚ ਇਥੇ ਆਣ ਇਕੱਠੇ ਹੋਏ ਹਨ।”
ਹਰਮਨ ਪਿਆਰੇ ਅਲਮੁਸਤਫ਼ਾ ਨੇ ਦੂਰ ਦੂਰ ਤਕ ਖੜੇ ਲੋਕਾਂ ਦੇ ਸਮੂਹ ਵਲ ਨਜ਼ਰ ਮਾਰੀ, ਉਹਨਾਂ ਦੀ ਤਾਂਘ ਨੂੰ ਵੇਖ ਕੇ ਉਹ ਮਨ ਹੀ ਮਨ ਚੌਕੰਨਾ ਜ਼ਰੂਰ ਹੋ ਗਿਆ, ਪਰ ਉਹ ਬਾਹਰੋਂ ਚੁੱਪ ਰਿਹਾ।
ਉਸ ਦੀ ਆਮਦ ਨੂੰ ਵੇਖ ਕੇ ਲੋਕਾਂ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਤੇ ਉੱਚੀ ਉੱਚੀ 'ਜੀ ਅਇਆਂ' ਕਹਿਣ ਲੱਗੇ। ਉਹਨਾਂ ਦੀ ਆਵਾਜ਼ ਤੇ ਬੋਲਾਂ ਵਿਚ ਯਾਦਾਂ ਤੇ ਬੇਨਤੀਆਂ ਦੀ ਗੂੰਜ ਸੀ, ਜੋਦੜੀ ਸੀ।
ਉਸ ਨੇ ਆਪਣੇ ਮਲਾਹਾਂ ਵਲ ਇਕ ਨਜ਼ਰ ਵੇਖਿਆ ਤੇ ਫਿਰ ਕਹਿਣ ਲੱਗਾ, "ਮੈਂ ਉਹਨਾਂ ਲਈ ਕੀ ਲਿਆਇਆ ਹਾਂ ? ਮੈਂ ਤਾਂ ਇਕ ਸ਼ਿਕਾਰੀ ਸਾਂ ਦੂਰ-ਦੁਰਾਡੀ ਧਰਤੀ ਉੱਤੇ। ਨਿਸ਼ਾਨਾ ਮਿੱਥ ਕੇ ਤਾਕਤ ਨਾਲ ਮੈਂ ਉਹ ਸੋਨੇ ਦੇ ਤੀਰ, ਜਿਹੜੇ ਉਹਨਾਂ ਨੇ ਹੀ ਮੈਨੂੰ ਦਿੱਤੇ, ਚਲਾ ਦਿੱਤੇ । ਪਰ ਉਸ ਦਾ ਕੋਈ ਸਿੱਟਾ ਨਾ ਨਿਕਲਿਆ। ਮੈਂ ਕਦੇ ਧਿਆਨ ਹੀ ਨਾ ਦਿੱਤਾ ਉਹ ਤੀਰ ਕਿਧਰ ਗਏ। ਹੋ ਸਕਦਾ ਹੈ ਉਹ ਤੀਰਾਂ ਨਾਲ ਜ਼ਖ਼ਮੀ ਹੋਈਆਂ ਚੀਲਾਂ ਦੇ ਖੰਭਾਂ ਨਾਲ ਹੀ ਆਕਾਸ਼ ਵਿਚ ਖਿੰਡ-ਪੁੰਡ ਗਏ ਹੋਣ ਅਤੇ ਇਹ ਵੀ ਹੋ ਸਕਦਾ ਹੈ ਕਿ ਉਹ ਸੋਨੇ ਦੀ ਤੀਰ ਉਹਨਾਂ ਲੋੜਵੰਦ ਹੱਥਾਂ ਵਿਚ ਪੁੱਜ ਗਏ ਹੋਣ, ਜਿਹਨਾਂ ਨੂੰ ਪੇਟ ਦੀ ਭੁੱਖ ਮਿਟਾਉਣ ਲਈ ਪੈਸੇ ਦੀ ਲੋੜ ਹੋਵੇ।
"ਮੈਂ ਨਹੀਂ ਜਾਣਦਾ ਕਿ ਉਹਨਾਂ ਤੀਰਾਂ ਦੀ ਉਡਾਣ ਕਿਥੇ ਤਕ ਸੀ, ਪਰ ਮੈਂ ਏਨਾ ਹੀ ਜਾਣਦਾ ਹਾਂ ਕਿ ਉਹਨਾਂ ਨੇ ਅਸਮਾਨ ਵਿਚ ਇਕ ਗੋਲ ਚੱਕਰ ਜਿਹਾ ਬਣਾ ਲਿਆ ਸੀ।
"ਫਿਰ ਵੀ ਹੁਣ ਤਕ ਪਿਆਰ ਮੇਰੇ ਉੱਤੇ ਮਿਹਰਬਾਨ ਹੈ ਅਤੇ ਤੁਸੀ ਮੇਰੇ ਸਾਥੀਓ, ਮੇਰੇ ਮਲਾਹੋ, ਬਹੁਤ ਦੂਰ ਤਕ ਮੇਰੇ ਨਾਲ ਸਮੁੰਦਰ ਦਾ ਸਫ਼ਰ
ਤੈਅ ਕਰੋਗੇ ਪਰ ਮੈਂ ਗੂੰਗਾ ਬਣਕੇ ਨਹੀਂ ਬੈਠਾ ਰਹਾਂਗਾ। ਜੇ ਕਿਤੇ ਮੌਸਮਾਂ ਦਾ ਜ਼ਾਲਮਾਨਾ ਹੱਥ ਮੇਰੀ ਗਰਦਨ ਤਕ ਪਹੁੰਚਿਆ ਤਾਂ ਮੈਂ ਚੀਕ ਉਠਾਂਗਾ . ਅਤੇ ਭਾਵੇਂ ਮੇਰੇ ਹੋਠਾਂ ਉੱਤੇ ਪਹਿਰਾ ਬਿਠਾ ਦਿੱਤਾ ਜਾਵੇ, ਮੈਂ ਫਿਰ ਵੀ ਆਪਣੇ ਵਿਚਾਰ ਲੋਕਾਂ ਤਕ ਪਹੁੰਚਾਵਾਂਗਾ।"
ਆਪਣੇ ਪੈਗ਼ੰਬਰ ਦੇ ਮੂੰਹੋਂ ਅਜਿਹੇ ਸ਼ਬਦ ਸੁਣ ਕੇ ਉਹਨਾਂ ਦੇ ਦਿਲਾਂ ਨੂੰ ਠੇਸ ਪੁੱਜੀ। ਉਹਨਾਂ ਵਿੱਚੋਂ ਇਕ ਜਣਾ ਉਠ ਕੇ ਕਹਿਣ ਲੱਗਾ, “ਮੇਰੇ ਮਾਲਕ, ਸਾਨੂੰ ਸਭ ਕੁਝ ਸਮਝਾਓ, ਕਿਉਂਕਿ ਤੁਹਾਡਾ ਖੂਨ ਸਾਡੀਆਂ ਰਗਾ ਵਿਚ ਵਹਿ ਰਿਹਾ ਹੈ ਅਤੇ ਸਾਡੇ ਸਾਹਵਾਂ ਵਿਚ ਤੁਹਾਡੀ ਖ਼ੁਸ਼ਬੂ ਹੈ, ਅਸੀ ਸਭ ਕੁਝ ਸਮਝ ਜਾਵਾਂਗੇ।”
ਉਸ ਦੀ ਆਵਾਜ਼ ਵਿਚ ਤੇਜ਼ ਹਵਾ ਦਾ ਵੇਗ ਸੀ । ਉਸ ਨੇ ਉਹਨਾਂ ਨੂੰ ਉੱਤਰ ਦਿੰਦਿਆਂ ਕਿਹਾ, “ਕੀ ਤੁਸੀ ਮੈਨੂੰ ਮੇਰੇ ਜਨਮ ਵਾਲੇ ਟਾਪੂ ਉੱਤੇ ਬਤੌਰ ਚਾਰਕ ਲਿਆਂਦਾ ਹੈ ? ਹਾਲਾਂ ਮੈਂ ਏਨਾ ਗਿਆਨਵਾਨ ਨਹੀਂ ਹੋਇਆ! ਮੈਂ ਹਾਲਾਂ ਬਹੁਤ ਛੋਟਾ ਹਾਂ ਤੇ ਅਣਜਾਣ ਵੀ। ਆਪਣੇ ਬਾਰੇ ਜਾਂ ਕਿਸੇ ਹੋਰ ਬਾਰੇ ਕੁਝ ਕਹਿ ਸਕਾਂ ਏਨੀ ਸਮਰਥਾ ਮੇਰੇ ਵਿਚ ਨਹੀਂ ਹੈ ਕਿਉਂਕਿ ਕਿਸੇ ਬਾਰੇ ਜਾਂ ਆਪਣੇ ਬਾਰੇ ਕੁਝ ਕਹਿਣਾ ਸਮੁੰਦਰ ਦੀ ਡੂੰਘਾਈ ਵਿਚ ਜਾਣ ਨਾਲੋਂ ਘੱਟ ਨਹੀਂ।
"ਜੋ ਸਿਆਣਪ ਹਾਸਲ ਕਰਨਾ ਚਾਹੁੰਦਾ ਹੈ, ਉਸਨੂੰ ਇਸ ਸਿਆਣਪ ਦੀ ਤਲਾਸ਼ ਮੱਖਣ ਦੇ ਪਿਆਲੇ ਜਾਂ ਚੁਟਕੀ ਭਰ ਲਾਲ ਮਿੱਟੀ ਵਿੱਚੋਂ ਕਰਨ ਦਿਓ। ਮੈਂ ਤਾਂ ਇਕ ਗਾਉਣ ਵਾਲਾ ਹਾਂ। ਮੈਂ ਤਾਂ ਹਾਲਾਂ ਧਰਤੀ ਦੇ ਗੀਤ ਗਾਵਾਂਗਾ ਅਤੇ ਤੁਹਾਡੇ ਗੁਆਚੇ ਹੋਏ ਸੁਪਨਿਆਂ ਦੇ ਗੀਤ ਗਾਵਾਂਗਾ, ਜਿਹੜੇ ਨੀਂਦ ਤੋਂ ਨੀਂਦ ਦੇ ਵਿਚਕਾਰਲੇ ਸਮੇਂ ਵਿਚ ਆਉਂਦੇ ਤੇ ਖ਼ਤਮ ਹੋ ਜਾਂਦੇ ਹਨ। ਪਰ ਮੇਰੀ ਨਜ਼ਰ ਸਮੁੰਦਰ 'ਤੇ ਹੀ ਟਿਕੀ ਰਹੇਗੀ।”
ਹੁਣ ਜਹਾਜ਼ ਬੰਦਰਗਾਹ ਵਿਚ ਦਾਖ਼ਲ ਹੋ ਕੇ ਸਮੁੰਦਰ ਦੇ ਕਿਨਾਰੇ ਪੁੱਜ ਗਿਆ ਸੀ, ਉਹ ਸਾਡਾ ਮਾਲਕ ਆਪਣੇ ਜਨਮ ਵਾਲੇ ਟਾਪੂ ਉੱਤੇ ਆਣ ਪੁੱਜਿਆ ਤੇ ਇਕ ਵਾਰੀ ਉਹ ਫਿਰ ਆਪਣੇ ਲੋਕਾਂ ਵਿਚ ਮੌਜੂਦ ਸੀ। ਉਸ ਦੇ ਮਿੱਤਰ ਪਿਆਰਿਆਂ ਤੇ ਚਹੇਤਿਆਂ ਦੇ ਦਿਲ ਖ਼ੁਸ਼ੀ ਨਾਲ ਉਛਲ ਪਏ, ਉਸ ਦੀ ਘਰ ਵਾਪਸੀ ਦੀ ਇਕਾਂਤ ਭਾਵਨਾ ਨੇ ਉਸ ਦਾ ਅੰਦਰ ਹਲੂਣ ਕੇ ਰੱਖ ਦਿੱਤਾ।
ਇਕ ਵੱਡੇ ਸਾਰੇ ਹਜੂਮ ਦੇ ਰੂਪ ਵਿਚ ਇਕੱਠੇ ਹੋਏ ਲੋਕ ਸ਼ਾਂਤ-ਚਿਤ ਤੇ ਚੁੱਪ-ਚਾਪ ਉਸ ਦੇ ਹੋਠਾਂ ਵਿੱਚੋਂ ਨਿਕਲਦੇ ਬੋਲਾਂ ਦੀ ਉਡੀਕ ਵਿਚ ਸਨ, ਪਰ ਉਹ ਕੁਝ ਨਾ ਬੋਲਿਆ, ਕਿਉਂਕਿ ਹਾਲਾਂ ਤਕ ਯਾਦਾਂ ਦੀ ਉਦਾਸੀ ਉਸ ਉੱਤੇ ਹਾਵੀ ਸੀ, ਉਸ ਨੇ ਮਨ ਹੀ ਮਨ ਵਿਚਾਰ ਕੀਤੀ : "ਕੀ ਮੈਂ ਇਹ ਕਿਹਾ ਹੈ ਕਿ ਮੈਂ ਗਾਵਾਂਗਾ ? ਨਹੀਂ, ਮੈਂ ਗਾ ਸਕਦਾ ਹਾਂ ਪਰ ਮੈਂ ਆਪਣੇ ਹੋਂਠ ਖੋਲਾਂਗਾ ਤਾਕਿ ਜੀਵਨ ਦੇ ਬੋਲ ਉਭਰਨ ਅਤੇ ਹਵਾ ਵਿਚ ਖਿੰਡ ਕੇ ਖ਼ੁਸ਼ੀ ਤੇ ਆਸਰੇ ਦਾ ਸਾਧਨ ਬਣਨ।”
ਏਨੀ ਦੇਰ ਵਿਚ ਕਰੀਮਾ, ਜੋ ਬਚਪਨ ਵਿਚ ਉਸ ਦੇ ਨਾਲ, ਉਸ ਦੇ ਮਾਪਿਆਂ ਦੇ ਬਾਗ਼ ਵਿਚ ਖੇਡੀ-ਮੱਲੀ ਸੀ, ਉੱਠੀ ਤੇ ਕਹਿਣ ਲੱਗੀ, "ਜੀਵਨ ਦੇ ਬਾਰ੍ਹਾਂ ਵਰ੍ਹੇ ਤੂੰ ਆਪਣੇ ਆਪ ਨੂੰ ਸਾਡੇ ਤੋਂ ਦੂਰ ਰੱਖਿਆ ਤੇ ਉਹ ਬਾਰ੍ਹਾਂ ਵਰ੍ਹੇ ਅਸੀ ਤੇਰੀ ਆਵਾਜ਼ ਸੁਣਨ ਲਈ ਤਰਸ ਗਏ ਹਾਂ।”
ਉਸ ਨੇ ਬੜੇ ਹੀ ਸਨੇਹ ਨਾਲ ਉਸ ਵਲ ਵੇਖਿਆ। ਇਹ ਉਹੀ ਕਰੀਮਾ ਸੀ, ਜੋ ਉਸ ਦੀ ਮਾਂ ਦੇ ਆਖ਼ਰੀ ਪਲਾਂ ਵੇਲੇ ਉਸ ਦੇ ਕੋਲ ਸੀ ਜਦੋਂ ਕਿ ਉਸ ਦੀ ਮਾਂ ਨੂੰ ਮੌਤ ਦੇ ਚਿੱਟੇ ਖੰਭਾਂ ਨੇ ਆਪਣੇ ਹੇਠ ਲੁਕਾ ਲਿਆ ਸੀ।
ਉਹ ਸਹਿਜ ਭਾਵ ਨਾਲ ਕਹਿਣ ਲੱਗਾ, “ਬਾਰ੍ਹਾਂ ਵਰ੍ਹੇ ? ਕਰੀਮਾ, ਤੂੰ ਕਿਹਾ ਹੈ ਬਾਰ੍ਹਾਂ ਵਰ੍ਹੇ ? ਮੈਂ ਆਪਣੀ ਤਾਂਘ ਨੂੰ ਨਾ ਤਾਂ ਕਿਸੇ ਤਾਰਿਆਂ ਜੜੇ ਗਜ਼ ਨਾਲ ਮਾਪਿਆ ਹੈ ਤੇ ਨਾ ਹੀ ਉਸਦੀ ਡੂੰਘਾਈ ਦੀ ਕਨਸੋਅ ਸੁਣੀ ਹੈ। ਕਿਉਂਕਿ ਪਿਆਰ, ਉਹ ਪਿਆਰ ਜੋ ਘਰ ਪਰਤਣ ਦੀ ਤੜਪ ਲਈ ਹੋਵੇ, ਦਾ ਅਨੁਮਾਨ ਸਮੇਂ ਦੇ ਮਾਪ ਤੇ ਸਮੇਂ ਦੀ ਡੂੰਘਾਈ ਤੋਂ ਨਹੀਂ ਲਾਇਆ ਜਾ ਸਕਦਾ ਤੇ ਨਾ ਹੀ ਪਿਆਰ ਸਮੇਂ ਦੇ ਪੈਮਾਨੇ ਰਾਹੀਂ ਮਾਪਿਆ ਜਾ ਸਕਦਾ ਹੈ।
"ਅਕਸਰ ਅਜਿਹੇ ਪਲ ਵੀ ਹੁੰਦੇ ਹਨ ਜੋ ਵਿਛੋੜੇ ਦੀ ਸਦੀਵਤਾ ਨੂੰ ਪਕੜ ਵਿਚ ਰੱਖਦੇ ਹਨ। ਪਰ ਵਿਛੋੜਾ ਤਾਂ ਕੁਝ ਵੀ ਨਹੀਂ ਕੇਵਲ ਮਨ ਦਾ ਸਖਣਾਪਨ ਹੈ। ਅਸੀ ਤਾਂ ਸ਼ਾਇਦ ਵਿਛੜੇ ਹੀ ਨਹੀਂ ਹਾਂ।”
ਅਲਮੁਸਤਫ਼ਾ ਨੇ ਲੋਕਾਂ ਦੇ ਇਕੱਠ ਵਲ ਝਾਤੀ ਮਾਰੀ, ਸਭ ਨੂੰ ਧਿਆਨ ਨਾਲ ਵੇਖਿਆ ਜਵਾਨਾਂ, ਬਜ਼ੁਰਗਾਂ, ਤਕੜਿਆਂ ਤੇ ਨਿਤਾਣਿਆ ਨੂੰ; ਉਹਨਾਂ ਨੂੰ ਵੀ ਜਿਹਨਾਂ ਦੇ ਚਿਹਰਿਆਂ ਉੱਤੇ ਹਵਾ ਤੇ ਸੂਰਜ ਦੀ ਛੁਹ ਦੀ ਭਾਅ
ਸੀ, ਉਹਨਾਂ ਨੂੰ ਵੀ ਤੱਕਿਆ ਜਿਹਨਾਂ ਦੇ ਚਿਹਰੇ ਮੁਹਰੇ ਪੀਲੇ ਭੂਕ ਸਨ। ਉਹਨਾਂ ਸਾਰਿਆਂ ਦੇ ਚਿਹਰਿਆਂ ਉੱਤੇ ਤਾਂਘ ਦੀ ਕਿਰਨ ਤੇ ਸੁਆਲਾਂ ਦੇ ਜਗਿਆਸਾ ਸੀ।
ਉਹਨਾਂ ਵਿੱਚੋਂ ਇਕ ਵਿਅਕਤੀ ਉਠਿਆ ਤੇ ਸੁਆਲ ਕੀਤਾ, "ਮੇ ਮਾਲਕ, ਜ਼ਿੰਦਗੀ ਨੇ ਸਾਡੀਆਂ ਆਸਾਂ ਤੇ ਇੱਛਾਵਾਂ ਨਾਲ ਖਿਲਵਾੜ ਕੀਤਾ। ਹੈ। ਅਸੀ ਬਹੁਤ ਦੁੱਖੀ ਹਾਂ, ਸਾਨੂੰ ਕੁਝ ਸਮਝ ਨਹੀਂ ਆਉਂਦਾ। ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿ ਸਾਨੂੰ ਹੌਂਸਲਾ ਦਿਓ ਅਤੇ ਨਾਲ ਹੀ ਸਾਨੂੰ ਸਾਡੇ ਦੁੱਖ ਦੇ ਕਾਰਨ ਦੱਸੋ।”
ਉਸ ਦੀ ਗੱਲ ਸੁਣ ਕੇ ਉਸ ਨੂੰ ਬੜਾ ਤਰਸ ਆਇਆ ਪਰ ਉਹ ਸ਼ਾਂਤ-ਚਿੱਤ ਅਵਸਥਾ ਵਿਚ ਦੱਸਣ ਲੱਗਾ, “ਜੀਵਨ ਹਰ ਜੀਊਂਦੀ ਚੀਜ ਨਾਲੋਂ ਪਹਿਲਾਂ ਹੋਂਦ ਵਿਚ ਹੈ, ਇਥੋਂ ਤਕ ਕਿ ਖ਼ੂਬਸੂਰਤੀ ਨੂੰ ਧਰਤੀ ਉੱਤੇ ਜਨਮ ਲੈਣ ਤੋਂ ਪਹਿਲਾਂ ਹੀ ਖੰਭ ਲਾ ਦਿੱਤੇ ਗਏ ਸਨ ਅਤੇ ਸੱਚਾਈ ਉਦੋਂ ਵੀ ਸੱਚਾਈ ਸੀ ਜਦੋਂ ਇਸ ਨੂੰ ਸ਼ਾਬਦਿਕ ਰੂਪ ਨਹੀਂ ਸੀ ਦਿੱਤਾ ਗਿਆ।
“ਜ਼ਿੰਦਗੀ ਸਾਡੀ ਖ਼ਾਮੋਸ਼ੀ ਵਿਚ ਗਾਉਂਦੀ ਹੈ ਅਤੇ ਨੀਂਦ ਵਿਚ ਸੁਪਨੇ ਸਾਜਦੀ ਹੈ। ਇਥੋਂ ਤਕ ਕਿ ਜਦੋਂ ਅਸੀ ਢਹਿੰਦੀਆਂ ਕਲਾ ਵਲ ਜਾ ਰਹੇ ਹੁੰਦੇ ਹਾਂ ਜ਼ਿੰਦਗੀ ਉੱਚਾਈ ਦੀ ਸਿਖ਼ਰ ਉੱਤੇ ਹੁੰਦੀ ਹੈ। ਜਦੋਂ ਅਸੀ ਦੁੱਖੀ ਹੋ ਕੇ ਰੋਂਦੇ ਹਾਂ ਜ਼ਿੰਦਗੀ ਮੁਸਕਰਾਉਂਦੀ ਹੈ ਅਤੇ ਜਦੋਂ ਅਸੀ ਜੰਜ਼ੀਰਾਂ ਵਿਚ ਬੱਝੇ ਹੁੰਦੇ ਹਾਂ ਜ਼ਿੰਦਗੀ ਆਜ਼ਾਦੀ ਮਾਣਦੀ ਹੈ।
"ਅਕਸਰ ਅਸੀ ਜ਼ਿੰਦਗੀ ਨੂੰ ਕੋਸਦੇ ਹਾਂ ਪਰ ਅਜਿਹਾ ਕੇਵਲ ਉਦੋਂ ਹੀ ਹੁੰਦਾ ਹੈ ਜਦੋਂ ਅਸੀ ਆਪ ਦੁੱਖੀ ਤੇ ਨਿਰਾਸ ਹੁੰਦੇ ਹਾਂ। ਅਸੀ ਜ਼ਿੰਦਗੀ ਨੂੰ ਬੇਕਾਰ ਤੇ ਖੋਖਲੀ ਕਹਿੰਦੇ ਹਾਂ, ਅਜਿਹਾ ਕੇਵਲ ਉਦੋਂ ਹੀ ਹੁੰਦਾ ਹੈ ਜਦੋਂ ਸਾਡੀ ਆਪਣੀ ਰੂਹ ਉਜਾੜ ਥਾਵਾਂ 'ਤੇ ਭਟਕਦੀ ਫਿਰਦੀ ਅਤੇ ਸਾਡੇ ਦਿਲ ਵਿਚ ਹਊਮੈ ਦੀ ਭਾਵਨਾ ਪ੍ਰਬਲ ਹੁੰਦੀ ਹੈ।
“ਜ਼ਿੰਦਗੀ ਗਹਿਰ-ਗੰਭੀਰ, ਉਚੇਰੀ ਤੇ ਦੂਰ ਦੁਰਾਡੇ ਤਕ ਵਿਚਰਦੀ ਹੈ ਅਤੇ ਜਦੋਂ ਤੁਹਾਡੀ ਵਿਸ਼ਾਲ ਦ੍ਰਿਸ਼ਟੀ ਉਸ ਦੇ ਪੈਰਾਂ ਤਕ ਪੁੱਜਦੀ ਹੈ ਤਾਂ ਉਹ ਬਹੁਤ ਨੇੜੇ ਹੁੰਦੀ ਹੈ; ਜਦੋਂ ਤੁਹਾਡੇ ਨਿਰੰਤਰ ਚਲਦੇ ਸੁਆਸ ਉਸ ਦੇ ਦਿਲ ਤਕ ਪੁੱਜਦੇ ਹਨ, ਤਾਂ ਤੁਹਾਡੇ ਪਰਛਾਵੇਂ ਦਾ ਪਰਛਾਵਾਂ ਉਸ ਦੀ ਨਜ਼ਰ
ਵਿੱਚੋਂ ਲੰਘਦਾ ਹੈ ਅਤੇ ਤੁਹਾਡੀ ਹਲਕੀ ਜਿਹੀ ਚੀਕ ਦੀ ਗੂੰਜ ਉਸ ਦੀ ਗਤੀ ਵਿਚ ਬਸੰਤ ਤੇ ਪੱਤਝੜ ਹੋ ਨਿਬੜਦੀ ਹੈ।
"ਜ਼ਿੰਦਗੀ ਪਰਦਿਆਂ ਵਿਚ ਕੱਜੀ ਤੇ ਲੁੱਕੀ ਹੋਈ ਹੈ ਜਿਵੇਂ ਕਿ ਤੁਹਾਡਾ ਮਹਾਨ ਆਪਾ ਲੁਕਿਆ ਤੇ ਪਰਦੇ ਹੇਠ ਕੱਜਿਆ ਹੋਇਆ ਹੈ। ਪਰ ਜਦੋਂ ਜ਼ਿੰਦਗੀ ਦੇ ਹੋਠਾਂ ਤੋਂ ਕੁਝ ਉਚਰਦਾ ਹੈ ਤਾਂ ਹਵਾਵਾਂ ਵੀ ਸ਼ਬਦਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ; ਜਦੋਂ ਉਹ ਦੁਬਾਰਾ ਕੁਝ ਉਚਰਦੀ ਹੈ ਤਾਂ ਤੁਹਾਡੇ ਹੋਠਾਂ ਦੀ ਮੁਸਕਾਨ ਤੇ ਅੱਖਾਂ ਦੇ ਹੰਝੂ ਵੀ ਸ਼ਬਦ ਹੋ ਨਿਬੜਦੇ ਹਨ। ਜ਼ਿੰਦਗੀ ਜਦੋਂ ਗਾਉਂਦੀ ਹੈ ਤਾਂ ਬੋਲੇ ਵੀ ਸੁਣਨ ਲੱਗ ਪੈਂਦੇ ਤੇ ਸੰਗੀਤ ਖਿੱਚ ਵਿਚ ਮਸਤ ਹੋ ਜਾਂਦੇ ਹਨ। ਜਦੋਂ ਜ਼ਿੰਦਗੀ ਤੁਰਦੀ ਹੈ ਤਾਂ ਸੂਰਦਾਸ ਵੀ ਉਸ ਨੂੰ ਵੇਖ ਸਕਦੇ ਤੇ ਹੈਰਾਨ ਹੋ ਜਾਂਦੇ, ਤੇ ਉਤਸੁਕਤਾ ਨਾਲ ਉਸ ਦੇ ਪਿੱਛੇ-ਪਿੱਛੇ ਤੁਰ ਪੈਂਦੇ ਹਨ।”
ਉਹ ਬੋਲਦਾ ਬੋਲਦਾ ਚੁੱਪ ਹੋ ਗਿਆ, ਉਸ ਚੁੱਪ ਨੇ ਲੋਕਾਂ ਨੂੰ ਵੀ ਆਪਣੀ ਬੁੱਕਲ ਵਿਚ ਸਮੇਟ ਲਿਆ, ਇਸ ਚੁੱਪ ਵਿਚ ਵੀ ਕੋਈ ਅਣਸੁਣਿਆ ਗੀਤ ਸੀ। ਉਸ ਦੇ ਬੋਲ ਸੁਣ ਕੇ ਲੋਕਾਂ ਨੂੰ ਆਪਣੀ ਇਕਲੱਤਾ ਤੇ ਦੁੱਖਾਂ ਤੋਂ ਰਾਹਤ ਮਿਲੀ ।
2
ਉਹ ਇਕੱਠੇ ਹੋਏ ਲੋਕਾਂ ਦੀ ਭੀੜ ਨੂੰ ਉਥੇ ਹੀ ਛੱਡ ਕੇ ਆਪ ਅੱਗੇ ਵਧਿਆ ਤੇ ਉਸ ਬਗ਼ੀਚੇ ਵਲ ਨੂੰ ਤੁਰ ਪਿਆ, ਜੋ ਉਸ ਦੇ ਮਾਪਿਆਂ ਦਾ ਬਗ਼ੀਚਾ ਸੀ ਅਤੇ ਜਿਥੇ ਉਸ ਦੇ ਮਾਤਾ-ਪਿਤਾ ਤੇ ਉਸ ਦੇ ਦਾਦੇ-ਪੜਦਾ ਸਦਾ ਦੀ ਨੀਂਦ ਸੁੱਤੇ ਪਏ ਸਨ।
ਉਸ ਦੇ ਪਿੱਛੇ ਆਉਣ ਵਾਲਿਆਂ ਵਿਚ ਉਹ ਲੋਕ ਤੇ ਸਾਕ-ਸੰਬੰਧੀ ਸਨ ਜੋ ਇਹ ਸੋਚ ਰਹੇ ਸਨ ਕਿ ਇਹ ਉਸ ਦੀ ਘਰ ਵਾਪਸੀ ਸੀ ਪਰ ਉਹ ਇਕੱਲਾ ਸੀ, ਬਿਲਕੁਲ ਇਕੱਲਾ। ਉਸ ਦੇ ਆਪਣੇ ਸਕੇ ਰਿਸ਼ਤੇਦਾਰਾਂ ਵਿੱਚੋਂ ਕੋਈ ਵੀ ਨਹੀਂ ਸੀ ਰਿਹਾ, ਜੋ ਉਸ ਦੇ ਆਉਣ 'ਤੇ ਖ਼ੁਸ਼ੀ ਮਣਾ ਕੇ 'ਜੀ ਆਇਆਂ' ਕਹਿੰਦੇ ਸਿਵਾਏ ਇਹਨਾਂ ਲੋਕਾਂ ਤੋਂ, ਇਹੀ ਉਸ ਦੇ ਆਪਣੇ ਸਨ ।
ਪਰ ਜਹਾਜ਼ ਦਾ ਕਪਤਾਨ, ਜੋ ਉਸ ਦੀ ਮਾਨਸਕ ਅਵਸਥਾ ਨੂੰ ਸਮਝਦਾ ਸੀ, ਨੇ ਲੋਕਾਂ ਨੂੰ ਮਸ਼ਵਰਾ ਦਿੰਦਿਆਂ ਕਿਹਾ, "ਉਸ ਦੇ ਪਿੱਛੇ ਜਾਣ ਦਾ ਮਤਲਬ ਹੈ ਉਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਣਾ। ਕਿਉਂਕਿ ਇਕਾਂਤਵਾਸ ਹੀ ਉਸ ਦੀ ਖ਼ੁਰਾਕ ਹੈ ਅਤੇ ਉਸ ਦੇ ਪਿਆਲੇ ਵਿਚ ਯਾਦਾਂ ਦੀ ਸ਼ਰਾਬ ਹੈ ਜੋ ਉਹ ਇਕੱਲਾ ਹੀ ਪੀਣਾ ਚਾਹੇਗਾ।"
ਕਪਤਾਨ ਦੇ ਇਹ ਸ਼ਬਦ ਸੁਣ ਕੇ ਮਲਾਹਾਂ ਦੇ ਅੱਗੇ ਵਧਦੇ ਕਦਮ ਰੁੱਕ ਗਏ; ਕਿਉਂਕਿ ਉਹ ਸਮਝ ਗਏ ਕਿ ਜਹਾਜ਼ ਦੇ ਕਪਤਾਨ ਨੇ ਜੋ ਕੁਝ ਉਹਨਾਂ ਨੂੰ ਕਿਹਾ ਹੈ ਠੀਕ ਹੀ ਕਿਹਾ ਹੈ। ਉਥੇ ਇਕੱਠੇ ਹੋਏ ਸਾਰੇ ਮਰਦਾਂ ਤੇ ਔਰਤਾਂ ਨੇ ਵੀ ਆਪਣੀ ਇੱਛਾ ਦੇ ਵਿਰੁੱਧ ਆਪਣੇ ਕਦਮਾਂ ਨੂੰ ਉਥੇ ਹੀ ਰੋਕ ਲਿਆ।
ਕੇਵਲ ਕਰੀਮਾ ਹੀ ਥੋੜ੍ਹੀ ਦੂਰ ਤਕ ਉਸ ਦੇ ਪਿੱਛੇ ਗਈ, ਜੋ ਉਸ ਇਕਾਂਤ ਤੇ ਉਸ ਦੀਆਂ ਯਾਦਾਂ ਦੀ ਵਿਆਕੁਲਤਾ ਤੋਂ ਜਾਣੂ ਸੀ। ਉਸ ਆਪਣੇ ਮੂੰਹ ਤੋਂ ਇਕ ਸ਼ਬਦ ਵੀ ਨਾ ਬੋਲਿਆ, ਥੋੜ੍ਹੀ ਦੂਰ ਤਕ ਪਿੱਛੇ ਈ, ਫਿਰ ਮੁੜੀ ਤੇ ਆਪਣੇ ਘਰ ਵਲ ਨੂੰ ਤੁਰ ਪਈ। ਬਗ਼ੀਚੇ ਵਿਚ ਬਦਾਮ ਦਰੱਖ਼ਤ ਹੇਠ ਖੜੀ ਉਹ ਫੁੱਟ-ਫੁੱਟ ਕੇ ਰੋ ਪਈ, ਨਹੀਂ ਸੀ ਜਾਣਦੀ ਕਿ ਕਿਉਂ ?
3
ਅਲਮੁਸਤਫ਼ਾ ਸਿੱਧਾ ਆਪਣੇ ਮਾਪਿਆਂ ਦੇ ਬਗ਼ੀਚੇ ਵਿਚ ਪੁੱਜਾ, ਅੰਦਰ ਦਾਖ਼ਲ ਹੋਇਆ ਤੇ ਦਰਵਾਜ਼ਾ ਬੰਦ ਕਰ ਲਿਆ ਤਾ ਕਿ ਕੋਈ ਵੀ ਉਸ ਦੇ ਪਿੱਛੇ ਨਾ ਆਵੇ।
ਅਤੇ ਉਹ ਚਾਲ੍ਹੀ ਦਿਨ ਤੇ ਚਾਲ੍ਹੀ ਰਾਤਾਂ, ਉਸ ਘਰ ਦੇ ਬਗੀਚੇ ਵਿਚ ਬਿਲਕੁਲ ਇਕੱਲਾ ਹੀ ਰਿਹਾ, ਕੋਈ ਉਸ ਦੇ ਪਿੱਛੇ ਨਾ ਆਇਆ ਨਾ ਹੈ। ਫ਼ਾਟਕ ਤਕ ਕਿਉਂਕਿ ਇਹ ਬੰਦ ਸੀ । ਇਹ ਵੀ ਸਾਰੇ ਲੋਕ ਜਾਣਦੇ ਸਨ। ਕਿ ਉਹ ਅੰਦਰ ਇਕਾਂਤਵਾਸ ਵਿਚ ਹੈ।
ਚਾਲ੍ਹੀ ਦਿਨ ਤੇ ਚਾਲ੍ਹੀ ਰਾਤਾਂ ਬੀਤਣ ਉਪਰੰਤ, ਅਲਮੁਸਤਫ਼ਾ ਨੇ ਦਰਵਾਜ਼ਾ ਖੋਲ੍ਹ ਦਿੱਤਾ। ਇਹ ਇਕ ਤਰ੍ਹਾਂ ਨਾਲ ਲੋਕਾਂ ਨੂੰ ਅੰਦਰ ਆਉਣ ਲਈ ਇਜਾਜ਼ਤ ਸੀ।
ਬਾਗ਼ ਵਿਚ ਉਸ ਦੇ ਕੋਲ ਨੌਂ ਵਿਅਕਤੀ ਆਏ, ਤਿੰਨ ਉਸ ਦੇ ਆਪਣੇ ਜਹਾਜ਼ ਦੇ ਮਲਾਹ ਸਨ, ਤਿੰਨ ਪੁਜਾਰੀ ਸਨ ਜੋ ਧਰਮ ਸਥਾਨ ਦੀ ਸੇਵਾ ਕਰਦੇ ਅਤੇ ਤਿੰਨ ਉਸ ਦੇ ਬਚਪਨ ਦੇ ਸਾਥੀ ਜਿਹਨਾਂ ਨਾਲ ਰਲ ਕੇ ਉਹ ਖੇਡਿਆ ਕਰਦਾ ਸੀ। ਇਹ ਸਾਰੇ ਉਸ ਦੇ ਚੇਲੇ ਸਨ।
ਇਕ ਸਵੇਰ ਨੂੰ ਉਹ ਸਾਰੇ ਉਸ ਦੇ ਆਲੇ-ਦੁਆਲੇ ਬਹਿ ਗਏ, ਇਹ ਵੇਖ ਕੇ ਉਸ ਦੀਆਂ ਬੀਤੇ ਦਿਨਾਂ ਦੀਆਂ ਵਿਸਰੀਆਂ ਯਾਦਾਂ ਤਾਜ਼ਾ ਹੋ ਗਈਆਂ। ਉਸ ਦੇ ਚੇਲਿਆਂ ਵਿੱਚੋਂ ਇਕ, ਜਿਸ ਦਾ ਨਾਂ ਹਾਫ਼ਿਜ਼ ਸੀ, ਨੇ ਉਸ ਕੋਲ ਬੇਨਤੀ ਕੀਤੀ, “ਮੇਰੇ ਮਾਲਕ, ਓਰਫ਼ਲੀਜ਼ ਸ਼ਹਿਰ ਬਾਰੇ ਸਾਨੂੰ ਜਾਣਕਾਰੀ ਦਿਓ ਤੇ ਉਸ ਧਰਤੀ ਬਾਰੇ ਚਾਨਣਾ ਪਾਓ ਜਿਥੇ ਤੁਸੀ ਜੀਵਨ ਦੇ ਬਾਰ੍ਹਾਂ ਸਾਲ ਬਿਤਾਏ।”
ਅਲਮੁਸਤਫ਼ਾ ਚੁੱਪ ਸੀ, ਉਸ ਨੇ ਦੂਰ ਪਹਾੜੀਆਂ ਵਲ ਨਿਗਾਹ ਮਾਰੀ ਅਤੇ ਵਿਸ਼ਾਲ ਆਕਾਸ਼ ਵਲ ਵੀ; ਉਸ ਦੀ ਚੁੱਪ ਵਿਚ ਕਸ਼ਮਕਸ਼ ਸੀ।
ਉਸ ਨੇ ਚੁੱਪ ਤੋੜੀ ਤੇ ਕਹਿਣ ਲੱਗਾ, "ਮੇਰੇ ਦੋਸਤੋ, ਮੇਰੇ ਹਮਸਫ਼ਰ ਸਾਥੀਓ, ਉਸ ਕੌਮ ਦੀ ਹਾਲਤ ਤਰਸਯੋਗ ਹੈ ਜੋ ਵਿਸ਼ਵਾਸ ਕਰਦੀ ਹੈ ਪਰ ਧਰਮ ਤੋਂ ਬੇਮੁੱਖ ਹੈ।
"ਉਹ ਕੌਮ ਤਰਸ ਦੀ ਪਾਤਰ ਹੈ, ਜੋ ਕੱਪੜੇ ਤਾਂ ਪਹਿਣਦੀ ਹੈ ਪਰ ਆਪਣੇ ਹੱਥੀਂ ਬੁਣੇ ਹੋਏ ਨਹੀਂ; ਜੋ ਅੰਨ੍ਹ ਖਾਂਦੀ ਹੈ ਪਰ ਫ਼ਸਲ ਆਪ ਨਹੀਂ ਉਗਾਉਂਦੀ; ਵਾਈਨ ਪੀਂਦੀ ਹੈ ਪਰ ਆਪਣੀਆਂ ਮਸ਼ੀਨਾਂ ਰਾਹੀਂ ਤਿਆਰ ਨਹੀਂ ਕੀਤੀ ਹੁੰਦੀ।
“ਉਸ ਕੌਮ ਦੀ ਹਾਲਤ ਤਰਸਯੋਗ ਹੈ ਜੋ ਬਦਮਾਸ਼ਾਂ ਨੂੰ ਹੀਰੋ ਸਮਝਕੇ ਉਹਨਾਂ ਦੀ ਜੈ-ਜੈਕਾਰ ਕਰਦੀ ਅਤੇ ਵਿਖਾਵੇ ਦੇ ਜੇਤੂਆਂ ਨੂੰ ਪਰਉਪਕਾਰੀ ਸਮਝਦੀ ਹੈ।
"ਉਸ ਕੌਮ ਦੀ ਹਾਲਤ ਵੀ ਤਰਸਯੋਗ ਹੈ ਜੋ ਸੁਪਨੇ ਵਿਚ ਅਭਿਲਾਖਾ ਨੂੰ ਨਫ਼ਰਤ ਕਰਦੀ, ਪਰ ਜਾਗ੍ਰਤ ਅਵਸਥਾ ਵਿਚ ਉਸ ਅਗੇ ਹਥਿਆਰ ਸੁੱਟ ਦੇਂਦੀ ਹੈ।
"ਤਰਸਯੋਗ ਹੈ ਉਸ ਕੌਮ ਦੀ ਹਾਲਤ ਜੋ ਸਿਰਫ਼ ਜਨਾਜ਼ੇ ਨਾਲ ਜਾਂਦੀ ਹੋਈ ਹੀ ਆਵਾਜ਼ ਬੁਲੰਦ ਕਰਦੀ ਹੈ ਅੱਗੇ ਪਿੱਛੇ ਨਹੀਂ; ਆਪਣੀ ਬਰਬਾਦੀ ਤੋਂ ਇਲਾਵਾ ਕਦੇ ਵੀ ਵਧ ਚੜ੍ਹ ਕੇ ਗੱਲ ਨਹੀਂ ਕਰਦੀ ਅਤੇ ਸਿਰਫ਼ ਉਦੋਂ ਹੀ ਬਗ਼ਾਵਤ ਕਰੇਗੀ, ਜਦੋਂ ਇਸ ਦੀ ਗਰਦਨ ਤਲਵਾਰ ਤੇ ਤੱਖਤੇ ਵਿਚਕਾਰ ਕੱਟ ਜਾਣ ਲਈ ਪਈ ਹੋਵੇ।
"ਤਰਸ ਆਉਂਦਾ ਹੈ ਉਸ ਕੌਮ ਉੱਤੇ ਜਿਸਦਾ ਰਾਜਨੀਤੀਵੇਤਾ ਲੂੰਬੜ ਹੈ, ਦਾਰਸ਼ਨਿਕ ਇਕ ਮਦਾਰੀ ਅਤੇ ਜਿਸਦੀ ਕਲਾ ਗੰਢ-ਤੁਪ ਦੀ ਕਲਾ, ਬਹੁਰੂਪੀਆ ਅਤੇ ਮਜ਼ਾਕੀਆ ਹੋਵੇ।
“ਉਸ ਕੌਮ ਦੀ ਹਾਲਤ ਤਰਸਯੋਗ ਹੈ ਜੋ ਨਵੇਂ ਬਣੇ ਸ਼ਾਸਕ ਦਾ ਸੁਆਗਤ ਵਾਜਿਆਂ ਗਾਜਿਆਂ ਨਾਲ ਕਰਦੀ ਹੈ ਪਰ ਉਸ ਦਾ ਹੀ ਤ੍ਰਿਸਕਾਰ ਕਰਕੇ ਅਲਵਿਦਾ ਕਹਿੰਦੀ ਹੈ ਤਾ ਕਿ ਫਿਰ ਕਿਸੇ ਹੋਰ ਨਵੇਂ ਸ਼ਾਸਕ ਨੂੰ ਸ਼ਾਨ-ਸ਼ੌਕਤ ਨਾਲ ਜੀ ਆਇਆ ਕਹਿ ਸਕੇ।
"ਤਰਸ ਦੀ ਪਾਤਰ ਹੈ ਉਹ ਕੌਮ ਜਿਸ ਦੇ ਸਾਧੂ ਸੰਤ ਵਰ੍ਹਿਆਂ ਹੋ ਮੌਨ ਧਾਰਨ ਕਰੀ ਬੈਠੇ ਹਨ ਅਤੇ ਤਾਕਤਵਰ ਮਨੁੱਖ ਹਾਲਾਂ ਬਚਪਨਾ ਹੰਢਾ ਰਹੇ ਹਨ।
“ਸੱਚਮੁੱਚ ਉਸ ਕੌਮ ਦੀ ਹਾਲਤ ਤਰਸਯੋਗ ਹੈ ਜੋ ਹਿੱਸਿਆਂ ਵਿਚ ਵੰਡੀ ਹੋਈ ਹੈ ਅਤੇ ਹਰ ਹਿੱਸਾ ਆਪਣੇ ਆਪ ਨੂੰ ਕੌਮ ਸਮਝਦਾ ਹੈ।"
4
ਉਸ ਦੇ ਚੇਲਿਆਂ ਵਿੱਚੋਂ ਇਕ ਨੇ ਸੁਆਲ ਕੀਤਾ, “ਤੁਹਾਡੇ ਆਪਣੇ ਅੰਤਰਮਨ ਵਿਚ ਜੋ ਕੁਝ ਇਸ ਵੇਲੇ ਵਾਪਰ ਰਿਹਾ ਹੈ, ਜੋ ਉਤਰਾ-ਚੜ੍ਹਾਅ ਆ ਰਹੇ ਹਨ, ਸਾਨੂੰ ਉਹਨਾਂ ਬਾਰੇ ਕੁਝ ਚਾਨਣਾ ਪਾਓ।”
ਉਸ ਨੇ ਉਸ ਚੇਲੇ ਵਲ ਨਿਗਾਹ ਮਾਰੀ ਤੇ ਉੱਤਰ ਦੇਣ ਲੱਗਿਆਂ ਇੰਜ ਜਾਪਦਾ ਸੀ ਜਿਵੇਂ ਉਸ ਦੀ ਆਵਾਜ਼ ਵਿਚ ਤਾਰਿਆਂ ਦੇ ਸੰਗੀਤ ਜਿਹੀ ਧੁਨੀ ਹੋਵੇ, ਉਹ ਦੱਸਣ ਲੱਗਾ, "ਚੇਤਨ ਅਵਸਥਾ ਵਿਚ ਲਏ ਸੁਪਨੇ ਵਿਚ ਜਦੋਂ ਤੁਸੀ ਖ਼ਾਮੋਸ਼ ਹੁੰਦੇ ਅਤੇ ਆਪਣੇ ਧੁਰ ਅੰਦਰ ਦੀ ਆਵਾਜ਼ ਨੂੰ ਇਕਾਗਰ ਚਿੱਤ ਹੋ ਕੇ ਸੁਣਦੇ ਹੋ ਤਾਂ ਤੁਹਾਡੇ ਵਿਚਾਰ ਬਰਫ਼ ਦੇ ਗੋਲਿਆਂ ਵਾਂਗ ਡਿੱਗਦੇ, ਉਛਲਦੇ ਤੇ ਤੁਹਾਡੇ ਵਿਚਾਰਾਂ ਵਿਚਾਲੇ ਪਈ ਵਿੱਥ ਦੀਆਂ ਆਵਾਜ਼ਾਂ ਨੂੰ ਬਲੌਰੀ ਚੁੱਪ ਦੇ ਕੱਜਣ ਹੇਠ ਕੱਜ ਲੈਂਦੇ ਹਨ।
"ਜਾਗ੍ਰਤ ਅਵਸਥਾ ਵਿਚ ਲਏ ਸੁਪਨੇ ਹੁੰਦੇ ਹੀ ਕੀ ਹਨ ਕੇਵਲ ਬੱਦਲਾਂ ਦਾ ਰੂਪ ਜੋ ਤੁਹਾਡੇ ਦਿਲ ਦੇ ਆਕਾਸ਼ ਰੂਪੀ ਦਰਖ਼ੱਤ ਉੱਤੇ ਡੋਡੀ ਬਣਦੇ ਤੇ ਖਿੜਦੇ ਹਨ ? ਅਤੇ ਤੁਹਾਡੇ ਵਿਚਾਰ ਵੀ ਤਾਂ ਕੇਵਲ ਫੁੱਲ-ਪੱਤੀਆਂ ਹੀ ਹਨ ਜਿਹਨਾਂ ਨੂੰ ਤੁਹਾਡੀ ਦਿਲ ਰੂਪੀ ਹਵਾ ਪਹਾੜੀਆਂ ਤੇ ਖੇਤਾਂ ਉੱਤੇ ਖਿਲਾਰ ਦੇਂਦੀ ਹੈ ?
"ਇਹ ਤਾਂ ਉਹ ਗੱਲ ਹੈ ਜਿਵੇਂ ਤੁਸੀ ਉਦੋਂ ਤਕ ਸਕੂਨ ਦੀ ਉਡੀਕ ਕਰਦੇ ਹੋ ਜਦ ਤਕ ਤੁਹਾਡਾ ਆਕਾਰਹੀਣ ਅੰਤਰੀਵ ਆਕਾਰ ਦੀ ਸ਼ਕਲ ਅਖ਼ਤਿਆਰ ਨਹੀਂ ਕਰ ਲੈਂਦਾ। ਇਸੇ ਤਰ੍ਹਾਂ ਹੀ ਬੱਦਲ ਇਕੱਠੇ ਹੋ ਕੇ ਉਦੋਂ ਤਕ ਵੱਸਦੇ ਜਾਂ ਖਿੰਡਦੇ ਪੁੰਡਦੇ ਨਹੀਂ ਜਦੋਂ ਤਕ ਦੈਵੀ ਸ਼ਕਤੀ ਸੂਰਜ, ਚੰਦ ਤੇ ਤਾਰਿਆਂ ਨੂੰ ਬਲੌਰੀ ਰੂਪ ਵਿਚ ਆਪਣੀ ਇੱਛਾ ਅਨੁਸਾਰ ਆਕਾਰ ਨਹੀਂ ਦੇਂਦੀ।”
ਇਕ ਚੇਲਾ ਜਿਸਦਾ ਨਾਂ ਸਾਰਕਿਸ ਸੀ, ਆਪਣੀ ਸ਼ੰਕਾ ਨਵਿਰਤੀ ਲਈ ਪੁੱਛਣ ਲੱਗਾ, “ਹੁਣ ਬਸੰਤ ਰੁੱਤ ਆਏਗੀ ਤੇ ਸਾਡੇ ਸੁਪਨਿਆਂ ਅਤੇ ਵਿਚਾਰਾਂ ਰੂਪੀ ਬਰਫ਼ ਨੂੰ ਪਿਘਲਾ ਦੇਵੇਗੀ, ਬਾਕੀ ਕੁਝ ਵੀ ਨਹੀਂ ਰਹੇਗਾ।”
ਉਸ ਨੇ ਸਹਿਜ ਸੁਭਾਅ ਉੱਤਰ ਦੇਂਦਿਆਂ ਦੱਸਿਆ, “ਜਦੋਂ ਬਸੰਤ ਬਹਾਰ ਸੁੱਖ ਦੀ ਨੀਂਦ ਸੁੱਤੇ ਦਰਖ਼ਤਾਂ ਦੇ ਝੁੰਡ ਤੇ ਅੰਗੂਰਾਂ ਦੇ ਬਾਗ਼ਾਂ ਵਿਚ ਆਪਣੇ ਦੈਵੀ ਪ੍ਰੀਤਮ ਦੀ ਭਾਲ ਵਿਚ ਆਉਂਦੀ ਹੈ, ਬਰਫ਼ਾਂ ਉਦੋਂ ਵੀ ਪਿਘਲਣਗੀਆਂ ਅਤੇ ਘਾਟੀ ਵਿਚ ਵਹਿੰਦੇ ਦਰਿਆ ਵਿਚ ਜਾ ਰਲਣ ਲਈ ਨਾਲਿਆਂ ਦੇ ਰੂਪ ਵਿਚ ਵਹਿਣਗੀਆਂ ਤਾ ਕਿ ਮਹਿੰਦੀ ਦੇ ਦਰਖ਼ਤਾਂ ਤੇ ਸਦਾ ਬਹਾਰ ਬੂਟਿਆਂ ਦੀ ਪਿਆਸ ਬੁਝਾ ਸਕਣ।
"ਇਸ ਤਰ੍ਹਾਂ ਜਦੋਂ ਤੁਹਾਡੇ 'ਤੇ ਬਸੰਤ ਬਹਾਰ ਆਏਗੀ ਤਾਂ ਤੁਹਾਡੇ ਦਿਲ ਰੂਪੀ ਬਰਫ਼ ਪਿਘਲ ਜਾਏਗੀ ਅਤੇ ਘਾਟੀ ਵਿਚ ਜ਼ਿੰਦਗੀ ਰੂਪੀ ਦਰਿਆ ਦੀ ਤਲਾਸ਼ ਵਿਚ ਤੁਹਾਡੇ ਭੇਦ ਨਦੀ ਨਾਲਿਆਂ ਦੇ ਰੂਪ ਵਿਚ ਵਹਿ ਤੁਰਨਗੇ। ਦਰਿਆ ਤੁਹਾਡੇ ਇਹ ਭੇਦ ਸੰਭਾਲ ਕੇ ਵਿਸ਼ਾਲ ਸਮੁੰਦਰ ਵਿਚ ਜਾ ਰਲੇਗਾ।
“ਬਸੰਤ ਬਹਾਰ ਦੇ ਆਉਣ 'ਤੇ ਸਾਰੀਆਂ ਵਸਤਾਂ ਪਿਘਲ ਕੇ ਗੀਤਾਂ ਦਾ ਰੂਪ ਧਾਰ ਲੈਣਗੀਆਂ। ਇਥੋਂ ਤਕ ਕਿ ਤਾਰੇ ਤੇ ਵੱਡੇ ਵੱਡੇ ਬਰਫ਼ ਦੇ ਗੋਹੜੇ ਜੋ ਧੀਮੇ-ਧੀਮੇ ਵਿਸ਼ਾਲ ਖੇਤਾਂ ਵਿਚ ਡਿੱਗਦੇ ਹਨ ਉਹ ਪਿਘਲ ਕੇ ਸੰਗੀਤਕ ਨਦੀਆਂ ਦਾ ਰੂਪ ਧਾਰ ਲੈਣਗੇ। ਜਦੋਂ ਦੈਵੀ ਸ਼ਕਤੀ (ਖ਼ੁਦਾ) ਦੇ ਚਿਹਰੇ ਦਾ ਤੇਜ ਦੂਰ ਦੁਮੇਲ ਤੋਂ ਉਭਰੇਗਾ, ਤਾਂ ਕਿਹੜੀ ਜੰਮੀ ਹੋਈ ਸਤਹ (ਸਮਰੂਪਤਾ) ਤਰਲ ਤਰਾਨੇ ਦਾ ਰੂਪ ਧਾਰਨ ਨਹੀਂ ਕਰੇਗੀ ? ਅਤੇ ਤੁਹਾਡੇ ਵਿੱਚੋਂ ਕੋਣ ਅਜਿਹਾ ਮਨੁੱਖ ਹੋਵੇਗਾ ਜੋ ਮਹਿੰਦੀ ਜਾਂ ਸਦਾ ਬਹਾਰ ਦਰੱਖ਼ਤ ਵਾਂਗ ਆਪਣੀ ਪਿਆਸ ਨਹੀਂ ਬੁਝਾਉਣਾ ਚਾਹੇਗਾ ?
"ਇਹ ਬੀਤੇ ਹੋਏ ਕੱਲ੍ਹ ਦੀ ਗੱਲ ਹੈ ਕਿ ਤੁਸੀ ਗਤੀਸ਼ੀਲ ਸਮੁੰਦਰ ਨਾਲ ਗਤੀਸ਼ੀਲ ਸੀ ਬਿਨਾ ਕਿਨਾਰੇ ਤੇ ਬਿਨਾ ਸ੍ਵੈ ਦੀ ਹੋਂਦ ਤੋਂ । ਫਿਰ, ਹਵਾ ਜੋ ਜੀਵਨ ਦਾ ਮੂਲ ਹੈ ਨੇ ਆਪਣੇ ਚਿਹਰੇ ਦੀ ਰੌਸ਼ਨੀ ਦੇ ਪਰਦੇ ਦਾ ਜਾਲ ਤੁਹਾਡੇ ਆਲੇ-ਦੁਆਲੇ ਬੁਣ ਦਿੱਤਾ, ਫਿਰ ਉਸ ਦੇ ਦੈਵੀ ਹੱਥਾਂ ਨੇ ਤੁਹਾਨੂੰ -ਇਕ ਸੂਤਰ ਵਿਚ ਬੰਨ੍ਹ ਕੇ ਆਕਾਰ ਬਖ਼ਸ਼ਿਆ ਅਤੇ ਉਸ ਦੀ ਬਦੌਲਤ ਤੁਸੀ ਸਿਰ ਉੱਚਾ ਕਰਕੇ ਸਿਖ਼ਰਾਂ ਨੂੰ ਮਾਨਣ ਦੇ ਕਾਬਲ ਹੋ ਸਕੇ। ਵਿਸ਼ਾਲ ਸਮੁੰਦਰ
ਵੀ ਤੁਹਾਡੇ ਕਦਮ ਚਿੰਨ੍ਹਾਂ ਉੱਤੇ ਚਲਿਆ ਅਤੇ ਉਸ ਦਾ ਗੀਤ ਹਾਲਾਂ ਵੀ ਤੁਹਾਡੇ ਅੰਗ-ਸੰਗ ਹੈ। ਤੁਸੀ ਭਾਵੇਂ ਹੁਣ ਆਪਣੇ ਵੰਸ਼ ਤੇ ਪਿਛੋਕੜ ਨੂੰ ਭੁੱਲ ਚੁੱਕੇ ਹੋ ਪਰ ਉਹ ਸਦਾ ਤੁਹਾਡੇ ਉੱਤੇ ਆਪਣੇ ਮਾਤਰੀਭਾਵ ਦਾ ਹੱਕ ਜਮਾਏਗੀ ਅਤੇ ਸਦਾ ਤੁਹਾਨੂੰ ਆਪਣੇ ਅੰਗ-ਸੰਗ ਰੱਖੇਗੀ।
"ਤੁਸੀ ਪਹਾੜਾਂ ਅਤੇ ਮਾਰੂਥਲਾਂ ਵਿਚ ਘੁੰਮਦਿਆਂ ਫਿਰਦਿਆਂ ਹਮੇਸ਼ਾ ਉਸ ਦੇ ਠੰਡਕ ਭਰੇ ਦਿਲ ਦੀ ਡੂੰਘਾਈ ਨੂੰ ਯਾਦ ਕਰੋਗੇ ਅਤੇ ਅਕਸਰ ਭਾਵੇਂ ਤੁਹਾਨੂੰ ਇਹ ਸਮਝ ਨਾ ਪਵੇ ਕਿ ਤੁਹਾਨੂੰ ਕਿਸ ਚੀਜ਼ ਦੀ ਤਾਂਘ ਹੈ, ਪਰ ਇਹ ਤਾਂਘ ਉਸ ਦੀ ਅਥਾਹ ਤੇ ਸੰਗੀਤਮਈ ਸ਼ਾਂਤੀ ਲਈ ਹੈ।
"ਇਹ ਹੋਰ ਕਿਥੋਂ ਮਿਲ ਸਕਦੀ ਹੈ ? ਇਹ ਮਿਲ ਸਕਦੀ ਹੈ ਦਰੱਖ਼ਤਾਂ ਦੇ ਝੁੰਡ ਤੇ ਕੁੰਜ ਵਿਚ ਜਦੋਂ ਪਹਾੜੀਆਂ ਉੱਤੇ ਡਿੱਗੇ ਪੱਤਿਆਂ ਉੱਤੇ ਰਿਮਝਿਮ ਮੀਂਹ ਪੈਂਦਾ ਹੈ, ਬਰਫ਼ ਪੈਂਦੀ ਹੈ ਜੋ ਰੱਬੀ ਨੇਅਮਤ ਹੈ, ਕਰਮ ਹੈ; ਇਹ ਮਿਲ ਸਕਦੀ ਹੈ ਘਾਟੀ ਵਿਚ ਜਦੋਂ ਤੁਸੀ ਆਪਣਾ ਇੱਜੜ ਹੱਕ ਕੇ ਦਰਿਆ ਵਲ ਲਿਜਾਂਦੇ ਹੋ; ਇਹ ਮਿਲ ਸਕਦੀ ਹੈ ਤੁਹਾਡੇ ਖੇਤਾਂ ਵਿਚ ਜਿਥੇ ਚਸ਼ਮੇ ਚਾਂਦੀ ਰੰਗੀ ਭਾਅ ਮਾਰਦੇ ਹਰਿਆਵਲ ਵਾਲੀ ਧਰਤੀ ਉੱਤੇ ਜਾ ਮਿਲਦੇ ਹਨ; ਇਹ ਮਿਲ ਸਕਦੀ ਹੈ ਤੁਹਾਡੇ ਬਗ਼ੀਚਿਆਂ ਵਿਚ ਜਿਥੇ ਪ੍ਰਭਾਤ ਦੇ ਤ੍ਰੇਲ ਤੁਪਕਿਆਂ ਵਿੱਚੋਂ ਸਵਰਗੀ ਝਲਕ ਨਜ਼ਰੀਂ ਪੈਂਦੀ ਹੈ; ਇਹ ਮਿਲ ਸਕਦੀ ਹੈ ਤੁਹਾਡੀਆਂ ਚਰਾਗਾਹਾਂ ਵਿੱਚੋਂ ਜਦੋਂ ਸ਼ਾਮ ਵੇਲੇ ਦਾ ਧੁੰਦਲਕਾ ਤੁਹਾਡੇ ਰਾਹਵਾਂ ਵਿਚ ਵਿਛਿਆ ਹੁੰਦਾ ਹੈ; ਇਹਨਾਂ ਸਾਰੇ ਥਾਵਾਂ 'ਤੇ ਸਮੁੰਦਰ ਤੁਹਾਡੇ ਅੰਗ-ਸੰਗ ਹੁੰਦਾ ਹੈ, ਜੋ ਤੁਹਾਡੀ ਵਿਰਾਸਤ ਦੀ ਗਵਾਹੀ ਭਰਦਾ ਹੈ, ਤੁਹਾਡੇ ਪਿਆਰ ਦਾ ਦਾਅਵੇਦਾਰ ਬਣਦਾ ਹੈ।
"ਤੁਹਾਡੇ ਅੰਦਰ ਵੀ ਬਰਫ਼ ਦੇ ਗੋਹੜੇ ਹਨ ਜੋ ਸਮੁੰਦਰ ਵਿਚ ਜਾ ਰਲਣ ਲਈ ਉਤਾਵਲੇ ਹਨ।”
5
ਇਕ ਦਿਨ ਸਵੇਰ ਵੇਲੇ ਜਦੋਂ ਉਹ ਆਪਣੇ ਚੇਲਿਆਂ ਨਾਲ ਬਗੀਚੇ ਵਿਚ ਸੈਰ ਕਰ ਰਿਹਾ ਸੀ, ਇਕ ਔਰਤ ਦਰਵਾਜ਼ੇ 'ਤੇ ਪੁੱਜੀ, ਇਹ ਔਰਤ ਸੀ ਕਰੀਮਾ, ਜਿਸ ਨੂੰ ਅਲਮੁਸਤਫ਼ਾ ਬਚਪਨ ਵਿਚ ਆਪਣੀ ਭੈਣ ਵਾਂਗ ਪਿਆਰ ਕਰਦਾ ਸੀ। ਉਹ ਖੜ੍ਹੀ ਰਹੀ ਚੁੱਪ-ਚਾਪ, ਬਿਨਾ ਕੁਝ ਕਹੇ, ਉਸ ਨੇ ਦਰਵਾਜ਼ੇ ਤਕ ਪੁੱਜ ਕੇ ਦਰਵਾਜ਼ਾ ਵੀ ਨਾ ਖੜਕਾਇਆ, ਕੇਵਲ ਉਦਾਸ ਤੇ ਤਾਂਘ ਭਰੀਆਂ ਨਜ਼ਰਾਂ ਨਾਲ ਬਾਗ਼ ਵਲ ਨਿਹਾਰਦੀ ਰਹੀ।
ਅਲਮੁਸਤਫ਼ਾ ਨੇ ਉਸ ਦੀਆਂ ਨਜ਼ਰਾਂ ਤੋਂ ਉਸ ਦੀ ਇੱਛਾ, ਉਸ ਦੀ ਤਾਂਘ ਨੂੰ ਭਾਂਪ ਲਿਆ, ਉਹ ਤੇਜ਼ ਕਦਮ ਪੁੱਟਦਾ ਹੋਇਆ ਦਰਵਾਜ਼ੇ ਤਕ ਪੁੱਜਾ ਤੇ ਉਸ ਦੀ ਆਮਦ ਲਈ ਦਰਵਾਜ਼ਾ ਖੋਲ੍ਹ ਕੇ ਨਿੱਘਾ ਸੁਆਗਤ ਕਰਦੇ ਹੋਏ ਅੰਦਰ ਆਉਣ ਲਈ ਕਿਹਾ।
ਕਰੀਮਾ ਨੇ ਬੋਲਣ ਦਾ ਹੌਂਸਲਾ ਕੀਤਾ ਤੇ ਕਹਿਣ ਲੱਗੀ : “ਤੂੰ ਆਪਣੇ ਆਪ ਨੂੰ ਸਾਡੇ ਸਾਰਿਆਂ ਦੀਆਂ ਨਜ਼ਰਾਂ ਤੋਂ ਕਿਥੇ ਛੁਪਾ ਲਿਆ ਸੀ ਕਿ ਅਸੀ ਤੇਰੀ ਇਕ ਝਲਕ ਵੀ ਨਾ ਪਾ ਸਕੀਏ ? ਪਰ ਵੇਖ, ਅਸੀ ਤੈਨੂੰ ਇਹਨਾਂ ਸਾਲਾਂ, ਤੇਰੇ ਵਿਛੋੜੇ ਦੇ ਦਿਨਾਂ ਵਿਚ ਵੀ ਤੈਨੂੰ ਪਿਆਰ ਕਰਦੇ ਰਹੇ ਹਾਂ ਤੇ ਤੇਰੀ ਸੁੱਖ-ਸਾਂਦ ਨਾਲ ਵਾਪਸੀ ਲਈ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹੇ ਹਾਂ। ਹੁਣ ਇਹ ਸਾਰੇ ਲੋਕ ਤੈਨੂੰ ਮਿਲਣ ਤੇ ਤੇਰੇ ਨਾਲ ਆਪਣੇ ਵਿਚਾਰ, ਦੁੱਖ-ਦਰਦ ਸਾਂਝੇ ਕਰਨ ਲਈ ਉਤਾਵਲੇ ਹਨ। ਮੈਂ ਉਹਨਾਂ ਸਾਰਿਆਂ ਦਾ ਸੁਨੇਹਾ ਲੈ ਕੇ ਇਹ ਬੇਨਤੀ ਕਰਨ ਲਈ ਆਈ ਹਾਂ ਕਿ ਤੂੰ ਉਹਨਾਂ ਨੂੰ ਦਰਸ਼ਨ ਦੇਹ, ਉਹਨਾਂ ਨਾਲ ਆਪਣੀ ਸੂਝ-ਬੂਝ ਦੀਆਂ ਗੱਲਾਂ ਕਰ, ਉਹਨਾਂ ਦੇ ਟੁੱਟੇ
ਦਿਲਾਂ ਨੂੰ ਢਾਰਸ ਦੇਹ, ਦੁੱਖੀ ਦਿਲਾਂ ਉੱਤੇ ਮਰਹਮ ਲਾ ਤੇ ਸਾਡੀ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰ।”
ਕਰੀਮਾ ਵਲ ਦੇਖਦੇ ਹੋਏ ਅਲਮੁਸਤਫ਼ਾ ਕਹਿਣ ਲੱਗਾ, "ਤੁਸੀ ਮੈਨੂੰ ਉਦੋਂ ਤਕ ਸਿਆਣੇ ਨਾ ਕਹੋ ਜਦੋਂ ਤਕ ਸਾਰੇ ਮਨੁੱਖਾਂ ਨੂੰ ਸਿਆਣਿਆਂ ਨਹੀਂ ਕਹਿੰਦੇ। ਮੈਂ ਇਕ ਪੱਕਿਆ ਹੋਇਆ ਫ਼ਲ ਜ਼ਰੂਰ ਹਾਂ ਪਰ ਹਾਲਾਂ ਟਾਹਣੀ ਨਾਲ ਲੱਗਿਆ ਹੋਇਆ ਹਾਂ, ਹਾਲਾਂ ਕੱਲ੍ਹ ਦੀ ਹੀ ਗੱਲ ਹੈ ਕਿ ਮੈਂ ਇਕ ਫੁੱਲ ਸਾਂ।
"ਤੁਸੀ ਸਾਰੇ ਆਪਣੇ ਆਪ ਨੂੰ ਅਗਿਆਨੀ ਤੇ ਮੂਰਖ ਨਾ ਕਹੋ ਕਿਉਂਕਿ ਹਕੀਕਤ ਇਹ ਹੈ ਕਿ ਅਸੀ ਨਾ ਤਾਂ ਸਿਆਣੇ ਹਾਂ ਤੇ ਨਾ ਹੀ ਮੂਰਖ। ਅਸੀ ਤਾਂ ਜ਼ਿੰਦਗੀ ਰੂਪੀ ਦਰੱਖ਼ਤ ਉੱਤੇ ਲੱਗੇ ਹੋਏ ਹਰੇ ਪੱਤੇ ਹਾਂ ਅਤੇ ਜ਼ਿੰਦਗੀ ਆਪ ਸਿਆਣਪ ਤੋਂ ਪਰ੍ਹੇ ਤੇ ਯਕੀਨਨ ਮੂਰਖਤਾ ਤੋਂ ਵੀ ਪਰ੍ਹੇ ਹੈ।
"ਕੀ ਮੈਂ ਆਪਣੇ ਆਪ ਨੂੰ ਤੁਹਾਡੀਆਂ ਨਜ਼ਰਾਂ ਤੋਂ ਓਹਲੇ ਰੱਖਿਆ ਹੈ ? ਤੁਸੀ ਇਹ ਨਹੀਂ ਜਾਣਦੇ ਕਿ ਸਾਡੇ ਵਿਚ ਕੋਈ ਫ਼ਾਸਲਾ ਨਹੀਂ, ਇਥੋਂ ਤਕ ਕਿ ਸੁਪਨੇ ਵਿਚ ਰੂਹ ਕੋਲੋਂ ਵੀ ਇਸ ਵਿੱਥ ਦੀ ਆਸ ਨਹੀਂ ਕੀਤੀ ਜਾ ਸਕਦੀ ? ਅਤੇ ਜਦੋਂ ਰੂਹ ਇਸ ਫ਼ਾਸਲੇ ਨੂੰ ਤੈਅ ਕਰ ਜਾਏਗੀ ਤਾਂ ਇਹ ਰੂਹ ਦਾ ਸੰਗੀਤ ਹੋ ਨਿਬੜੇਗੀ।
“ਤੁਹਾਡੇ ਤੇ ਤੁਹਾਡੇ ਗੁਆਂਢੀ ਵਿਚ ਪਈ ਵਿੱਥ, ਜੋ ਤੁਹਾਨੂੰ ਮਿੱਤਰਤਾ ਭਾਵਨਾ ਤੋਂ ਪਰ੍ਹੇ ਰੱਖਦੀ ਹੈ ਉਸ ਵਿੱਥ ਤੋਂ ਕਿਤੇ ਜ਼ਿਆਦਾ ਹੈ ਜੋ ਤੁਹਾਡੇ ਤੇ ਸੱਤ ਦੇਸ਼ ਤੇ ਸੱਤ ਸਮੁੰਦਰ ਪਾਰ ਰਹਿੰਦੇ ਤੁਹਾਡੇ ਮਿੱਤਰ ਪਿਆਰੇ ਵਿਚਕਾਰ ਹੁੰਦੀ ਹੈ।
"ਕਿਉਂਕਿ ਯਾਦਾਂ ਵਿਚ ਵੱਸੇ ਰਹਿਣ ਵਾਲਿਆਂ ਵਿਚ ਕੋਈ ਫ਼ਾਸਲੇ ਨਹੀਂ ਹੁੰਦੇ; ਵਿਸਰ ਜਾਣ ਵਿਚ ਹੀ ਦੂਰੀ ਹੁੰਦੀ ਹੈ ਜਿਸ ਨੂੰ ਨਾ ਤਾਂ ਸਾਡੀ ਆਵਾਜ਼ ਤੇ ਨਾ ਹੀ ਨਜ਼ਰ ਘਟਾ ਸਕਦੀ ਹੈ।
“ਸਮੁੰਦਰਾਂ ਦੇ ਕਿਨਾਰਿਆਂ ਅਤੇ ਉੱਚੀਆਂ ਪਹਾੜੀ ਚੋਟੀਆਂ ਵਿਚਕਾਰ ਇਕ ਗੁੱਝਾ ਰਸਤਾ ਹੁੰਦਾ ਹੈ ਜੋ ਤੁਹਾਨੂੰ ਹਰ ਹਾਲ ਵਿਚ ਤੈਅ ਕਰਨਾ ਹੀ ਪੈਣਾ ਹੈ ਤਾਂ ਹੀ ਤੁਸੀਂ ਧਰਤੀ ਦੇ ਬੇਟਿਆਂ ਨਾਲ ਇਕ-ਮਿਕ ਹੋ ਸਕੋਗੇ।
" ਤੁਹਾਡੇ ਗਿਆਨ ਤੇ ਤੁਹਾਡੀ ਸੂਝ ਬੂਝ ਵਿਚਕਾਰ ਇਕ ਗੁੱਝਾ ਰਾਹ
ਹੈ ਜੋ ਤੁਹਾਨੂੰ ਤਲਾਸ਼ ਕਰਨਾ ਚਾਹੀਦਾ ਹੈ ਤਾ ਕਿ ਤੁਸੀ ਪਹਿਲਾਂ ਮਨੁੱਖ ਨਾਲ ਤੇ ਫਿਰ ਆਪਣੇ ਸ੍ਵੈ ਨਾਲ ਇਕ-ਸੁਰ ਹੋ ਸਕੋ।
"ਤੁਹਾਡਾ ਸੱਜਾ ਹੱਥ ਜੋ ਦੇਂਦਾ ਹੈ ਤੇ ਖੱਬਾ ਹੱਥ ਜੋ ਲੈਂਦਾ ਹੈ ਵਿਚਕਾਰ ਬੜਾ ਫ਼ਾਸਲਾ ਹੈ। ਕੇਵਲ ਇਹ ਸੋਚ ਕੇ ਕਿ ਦੋਵੇਂ ਹੱਥ ਦੇਂਦੇ ਤੇ ਲੈਂਦੇ ਹਨ ਤੁਸੀ ਇਸ ਫ਼ਾਸਲੇ ਨੂੰ ਮਿਟਾ ਨਹੀਂ ਸਕਦੇ। ਇਸ ਫ਼ਾਸਲੇ ਨੂੰ ਤਾਂ ਹੀ ਮਿਟਾ ਸਕਦੇ ਹੋ ਜੇ ਇਹ ਸੋਚ ਲਵੋ ਕਿ ਤੁਸੀ ਨਾ ਤਾਂ ਦੇਣਾ ਹੈ ਤੇ ਨਾ ਹੀ ਲੈਣਾ।
"ਅਸਲ ਵਿਚ ਵੱਡਾ ਫ਼ਾਸਲਾ ਉਹ ਹੈ ਜੋ ਸਾਡੀ ਸੁੱਤੇ ਰਹਿਣ ਤੇ ਜਾਗਣ ਦੀ ਅਵਸਥਾ ਵਿਚ ਹੁੰਦਾ ਹੈ; ਅਤੇ ਉਸ ਵਿਚਕਾਰ ਜੋ ਹੈ ਉਹ ਹੈ ਕਾਰਜ, ਇਕ ਤਾਂਘ, ਇੱਛਾ।
"ਅਤੇ ਇਸ ਤੋਂ ਪਹਿਲਾਂ ਕਿ ਤੁਸੀ ਜ਼ਿੰਦਗੀ ਨਾਲ ਇਕ-ਸੁਰ ਹੋਵੋ, ਇਕ ਹੋਰ ਰਾਹ ਹੈ ਜੋ ਤੁਹਾਨੂੰ ਹਰ ਹਾਲ ਵਿਚ ਤੈਅ ਕਰਨਾ ਹੀ ਪੈਣਾ ਹੈ। ਪਰ ਉਸ ਰਾਹ ਬਾਰੇ ਮੈਂ ਹਾਲਾਂ ਕੁਝ ਨਹੀਂ ਕਹਾਂਗਾ, ਕਿਉਂਕਿ ਮੈਨੂੰ ਜਾਪਦਾ ਹੈ ਤੁਸੀ ਪਹਿਲਾਂ ਹੀ ਸਫ਼ਰ ਕਰ ਕਰ ਕੇ ਥੱਕੇ ਪਏ ਹੋ।”
6
ਫਿਰ ਅਲਮੁਸਤਫ਼ਾ ਕਰੀਮਾ ਅਤੇ ਆਪਣੇ ਨੌਂ ਚੇਲਿਆਂ ਸਮੇਤ ਬਾਹਰ ਖੁੱਲ੍ਹੀ ਥਾਂ ਆਇਆ ਜਿਥੇ ਉਸ ਨੇ ਲੋਕਾਂ, ਆਪਣੇ ਦੋਸਤਾਂ-ਮਿੱਤਰਾਂ, ਆਪਣੇ ਗੁਆਂਢੀਆਂ ਨਾਲ ਗੱਲਬਾਤ ਕੀਤੀ, ਵਿਚਾਰ ਸਾਂਝੇ ਕੀਤੇ। ਉਸ ਨਾਲ ਗੱਲਬਾਤ ਕਰਕੇ ਉਸ ਦੀ ਨੇੜਤਾ ਕਾਰਨ ਉਹਨਾਂ ਸਭਨਾਂ ਦੀ ਖ਼ੁਸ਼ੀ ਦਾ ਕੋਈ ਪਾਰਾਵਾਰ ਨਹੀਂ ਸੀ।
ਉਹ ਸਭਨਾਂ ਨੂੰ ਸੰਬੋਧਨ ਕਰਦਾ ਹੋਇਆ ਕਹਿਣ ਲੱਗਾ, "ਤੁਸੀ ਨੀਂਦ ਵਿਚ ਵਧਦੇ-ਫੁਲਦੇ ਹੋ ਅਤੇ ਰਾਤ ਨੂੰ ਸੁਪਨਿਆਂ ਦੀ ਦੁਨੀਆ ਵਿਚ ਜੀਵਨ ਦੀ ਭਰਪੂਰਤਾ ਮਾਣਦੇ ਹੋ। ਕਿਉਂਕਿ ਤੁਹਾਡੇ ਦਿਨ ਤਾਂ ਉਸ ਲਈ ਸ਼ੁਕਰਾਨਾ ਕਰਨ ਵਿਚ ਬੀਤ ਜਾਂਦੇ ਹਨ, ਜੋ ਤੁਸਾਂ ਰਾਤ ਦੀ ਅਹਿਲਤਾ ਵਿਚ ਪ੍ਰਾਪਤ ਕੀਤਾ ਹੁੰਦਾ ਹੈ।
"ਅਕਸਰ ਤੁਸੀ ਇਹ ਸੋਚਦੇ ਤੇ ਕਹਿੰਦੇ ਹੋ ਕਿ ਰਾਤ ਆਰਾਮ ਕਰਨ ਲਈ ਹੈ ਪਰ ਸੱਚੀ ਗੱਲ ਤਾਂ ਇਹ ਹੈ ਕਿ ਰਾਤ ਕੁਝ ਲੱਭਣ ਲਈ, ਕੁਝ ਤਲਾਸ਼ ਕਰਨ ਲਈ ਹੁੰਦੀ ਹੈ।
"ਦਿਨ ਤੁਹਾਨੂੰ ਗਿਆਨ ਹਾਸਲ ਕਰਨ ਦੀ ਤਾਕਤ ਅਤੇ ਤੁਹਾਡੇ ਹੱਥਾਂ ਨੂੰ ਕੁਝ ਹਾਸਲ ਕਰਨ ਦੀ ਕਲਾ ਲਈ ਮੁਹਾਰਤ ਬਖ਼ਸ਼ਦਾ ਹੈ, ਇਹ ਰਾਤ ਹੀ ਹੈ ਜੋ ਤੁਹਾਨੂੰ ਜੀਵਨ ਦੇ ਅਸਲ ਖ਼ਜ਼ਾਨੇ ਦਾ ਰਾਹ ਵਿਖਾਉਂਦੀ ਹੈ।
“ਸੂਰਜ ਉਹਨਾਂ ਸਾਰੀਆਂ ਚੀਜ਼ਾਂ ਨੂੰ ਸਿਖਿਆ ਦੇਂਦਾ ਹੈ ਜੋ ਰੌਸ਼ਨੀ ਵਿਚ ਵਧਣ ਫੁੱਲਣ ਲਈ ਤਾਂਘਦੀਆਂ ਹਨ। ਪਰ ਰਾਤ ਉਹਨਾਂ ਸਾਰੀਆਂ ਚੀਜ਼ਾਂ ਨੂੰ ਤਾਰਿਆਂ ਦੀ ਦੁਨੀਆਂ ਦੇ ਦਰਸ਼ਨ ਕਰਾਉਂਦੀ ਹੈ।
"ਇਹ ਰਾਤ ਦੀ ਅਡੋਲਤਾ ਹੀ ਹੈ ਜੋ ਜੰਗਲ ਵਿਚ ਦਰਖ਼ਤਾਂ ਨੂੰ ਤੇ ਬਾਗ਼ ਵਿਚ ਫੁੱਲਾਂ ਨੂੰ ਦੁਲਹਨ ਜਿਹੀ ਪੁਸ਼ਾਕ ਨਾਲ ਸਜਾ ਦੇਂਦੀ ਹੈ ਅਤੇ ਫਿਰ ਖੁਲ੍ਹ-ਦਿਲੀ ਨਾਲ ਖ਼ੁਸ਼ੀਆਂ ਵੰਡਦੀ ਦੁਲਹਨ ਦੇ ਚੈਂਬਰ ਨੂੰ ਸਜਾਉਂਦੀ ਹੈ; ਉਸ ਪਵਿੱਤਰ ਚੁੱਪ ਵਿੱਚ ਸਮੇਂ ਦੀ ਕੁੱਖ ਵਿੱਚ ਆਉਣ ਵਾਲਾ ਕੱਲ੍ਹ ਜਨਮ ਲੈਂਦਾ ਹੈ।
"ਇਸ ਲਈ ਇਹ ਹਰਦਮ ਤੁਹਾਡੇ ਕੋਲ ਹੈ, ਅਤੇ ਇਸ ਦੀ ਤਲਾਸ਼ ਵਿਚ ਹੀ ਤੁਹਾਡੀ ਖ਼ੁਸ਼ੀ, ਸੰਤੁਸ਼ਟੀ ਤੇ ਪੂਰਤੀ ਹੈ। ਭਾਵੇਂ ਦਿਨ ਚੜ੍ਹਦਿਆਂ ਹੀ ਤੁਹਾਡੀ ਚੇਤੰਨਤਾ ਰਾਤ ਦੀਆਂ ਸੁਪਨਈ ਯਾਦਾਂ ਨੂੰ ਮਿਟਾ ਦੇਂਦੀ ਹੈ ਪਰ ਸੁਪਨਿਆਂ ਦਾ ਪਸਾਰਾ ਸਦਾ ਲਈ ਪਸਰਿਆ ਰਹਿੰਦਾ ਹੈ ਤੇ ਦੁਲਹਨ ਦਾ ਚੈਂਬਰ ਉਡੀਕ ਵਿਚ।”
ਉਹ ਬੋਲਦਾ ਬੋਲਦਾ ਕੁਝ ਪਲਾਂ ਲਈ ਖ਼ਾਮੋਸ਼ ਹੋ ਗਿਆ ਤੇ ਸਾਰੇ ਸਰੋਤੇ ਵੀ, ਪਰ ਉਹ ਉਸ ਦੇ ਬੋਲਾਂ ਦੀ ਉਡੀਕ ਵਿਚ ਸਨ। ਉਹ ਫਿਰ ਕਹਿਣ ਲੱਗਾ :
“ਤੁਸੀ ਆਤਮਾਵਾਂ ਹੋ ਭਾਵੇਂ ਸਰੀਰਕ ਰੂਪ ਵਿਚ ਤੁਰਦੇ ਫਿਰਦੇ ਹੋ; ਤੇਲ ਵਾਂਗ ਜੋ ਹਨੇਰੇ ਵਿਚ ਬਲਦਾ ਹੈ, ਤੁਸੀ ਲਾਟਾਂ ਹੋ ਭਾਵੇਂ ਸਰੀਰ ਰੂਪੀ ਲੈਂਪਾਂ ਵਿਚ ਬੰਦ ਹੋ।
"ਜੇ ਤੁਸੀ ਸਰੀਰਾਂ ਤੋਂ ਇਲਾਵਾ ਹੋਰ ਕੁਝ ਨਾ ਹੁੰਦੇ ਤਾਂ ਮੇਰਾ ਤੁਹਾਡੇ ਸਾਹਮਣੇ ਖਲੋਣਾ ਤੇ ਤੁਹਾਡੇ ਨਾਲ ਗੱਲਬਾਤ ਕਰਨਾ ਖ਼ਾਲੀਪਣ ਤੋਂ ਸਿਵਾਇ ਕੁਝ ਵੀ ਅਰਥ ਨਹੀਂ ਸੀ ਰੱਖਦਾ ਜਾਂ ਇਹ ਕਹਿ ਲਈਏ ਕਿ ਕੋਈ ਮੁਰਦਾ ਮੁਰਦੇ ਨੂੰ ਬੁਲਾਉਂਦਾ ਹੋਵੇ। ਪਰ ਅਜਿਹਾ ਨਹੀਂ ਹੈ। ਉਹ ਸਭ ਕੁਝ ਜੋ ਤੁਹਾਡੇ ਅੰਦਰ ਅਮਰ ਹੈ ਉਹ ਸਦਾ ਲਈ ਆਜ਼ਾਦ ਹੈ, ਉਸ ਨੂੰ ਕੈਦ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਜਕੜਿਆ ਜਾ ਸਕਦਾ ਹੈ ਕਿਉਂਕਿ ਇਹ ਹੀ ਪਰਮਾਤਮਾ ਦੀ ਇੱਛਾ ਹੈ। ਤੁਸੀ ਉਸ ਦੇ ਸੁਆਸ ਹੋ, ਜੋ ਆਜ਼ਾਦ ਹਨ ਜਿਵੇਂ ਹਵਾ ਨੂੰ ਨਾ ਤਾਂ ਫੜਿਆ ਜਾ ਸਕਦਾ ਹੈ ਨਾ ਹੀ ਪਿੰਜਰੇ ਵਿਚ ਬੰਦ ਕੀਤਾ ਜਾ ਸਕਦਾ ਹੈ। ਮੈਂ ਉਸ ਪਰਮਾਤਮਾ ਦੇ ਸੁਆਸ ਦਾ ਹੀ ਅੰਸ਼ ਹਾਂ।”
7
ਉਹ ਉਸ ਇਕੱਠ ਵਿੱਚੋਂ ਤੇਜ਼ੀ ਨਾਲ ਤੁਰਦਾ ਹੋਇਆ ਬਾਹਰ ਨਿਕਲਿਆ ਤੇ ਸਿੱਧਾ ਬਾਗ਼ ਵਿਚ ਜਾ ਪੁੱਜਾ। ਉਸ ਦੇ ਇਕ ਚੇਲੇ ਸਾਰਕਿਸ ਨੂੰ ਕੁਝ ਸ਼ੰਕਾ ਸੀ, ਸੋ ਉਸ ਨੇ ਸ਼ੰਕਾ ਨਵਿਰਤੀ ਲਈ ਪੁੱਛਿਆ, “ਮਾਲਕ, ਬਦਸੂਰਤੀ ਬਾਰੇ ਤੁਹਾਡਾ ਕੀ ਵਿਚਾਰ ਹੈ ? ਤੁਸੀ ਕਦੇ ਇਸ ਬਾਰੇ ਕੁਝ ਨਹੀਂ ਦੱਸਿਆ ?”
ਅਲਮੁਸਤਫ਼ਾ ਨੇ ਸਹਿਜ ਨਾਲ ਇਸ ਦਾ ਉੱਤਰ ਦਿੱਤਾ, ਪਰ ਉਸ ਦੇ ਬੋਲਾਂ ਵਿਚ ਸਖ਼ਤੀ ਸੀ, “ਮੇਰੇ ਦੋਸਤ, ਕੀ ਉਹ ਵਿਅਕਤੀ ਤੈਨੂੰ ਰੁੱਖਾ ਤੇ ਮਹਿਮਾਨ ਨਿਵਾਜ਼ੀ ਦੀ ਭਾਵਨਾ ਤੋਂ ਰਹਿਤ ਕਹੇਗਾ ਜਿਹੜਾ ਆਪ ਤੇਰੇ ਦਰਵਾਜ਼ੇ ਉੱਤੇ ਦਸਤਕ ਦਿੱਤੇ ਬਿਨਾ ਤੇਰੇ ਘਰ ਅੱਗੋਂ ਦੀ ਲੰਘ ਜਾਏ ?
"ਕੌਣ ਤੈਨੂੰ ਬੋਲਾ ਤੇ ਬੇਸਮਝ ਕਹੇਗਾ, ਜਦੋਂ ਉਹ ਆਪ ਅਜੀਬੋ-ਗਰੀਬ ਭਾਸ਼ਾ ਵਿਚ ਬੋਲ ਰਿਹਾ ਹੋਵੇ, ਜੋ ਤੇਰੀ ਸਮਝ ਤੋਂ ਬਾਹਰ ਹੈ ?
"ਕੀ ਇਹ ਉਹ ਗੱਲ ਨਹੀਂ ਕਿ ਜਿਸ ਤਕ ਪਹੁੰਚਣ ਦਾ ਤੁਸੀਂ ਕਦੇ ਉਪਰਾਲਾ ਹੀ ਨਾ ਕੀਤਾ ਹੋਵੇ, ਜਿਸ ਦੇ ਦਿਲ ਵਿਚ ਝਾਕਣ ਦੀ ਤੁਹਾਡੀ ਇੱਛਾ ਹੀ ਨਾ ਹੋਵੇ, ਇਸ ਨੂੰ ਤੁਸੀ ਬਦਸੂਰਤੀ ਕਹਿੰਦੇ ਹੋ ?
"ਜੇ ਬਦਸੂਰਤੀ ਨਾਂ ਦੀ ਕੋਈ ਚੀਜ਼ ਹੈ, ਤਾਂ ਇਹ ਸਿਰਫ਼ ਸਾਡੀਆਂ ਅੱਖਾਂ ਉੱਤੇ ਪਿਆ ਅਗਿਆਨਤਾ ਦਾ ਪਰਦਾ ਤੇ ਕੰਨਾਂ ਵਿਚ ਭਰੀ ਮੈਲ ਹੈ।
"ਆਪਣੀਆਂ ਯਾਦਾਂ ਦੇ ਰੂ-ਬਰੂ ਆਤਮਾ ਤੋਂ ਡਰੋ ਤੇ ਕਿਸੇ ਨੂੰ ਵੀ ਬਦਸੂਰਤ ਨਾ ਕਹੋ, ਮੇਰੇ ਦੋਸਤ।”
8
ਇਕ ਦਿਨ ਜਦੋਂ ਉਹ ਚਿੱਟੇ ਰੰਗ ਦੇ ਚਿਨਾਰ ਦੇ ਦਰਖ਼ਤਾਂ ਦੇ ਸਾਏ ਹੇਠ ਬੈਠੇ ਸਨ, ਇਕ ਚੇਲੇ ਨੇ ਸੁਆਲ ਕੀਤਾ, "ਮੇਰੇ ਮਾਲਕ ਮੈਨੂੰ ਸਮੇਂ ਤੋਂ ਬੜਾ ਡਰ ਲੱਗਦਾ ਏ। ਇਹ ਸਾਡੇ ਜੀਵਨ ਨੂੰ ਲਿਤਾੜਦਾ ਹੋਇਆ ਅੱਗੇ ਲੰਘ ਜਾਂਦਾ ਤੇ ਸਾਨੂੰ ਸਾਡੀ ਜੁਆਨੀ ਤੋਂ ਵਾਂਝਿਆ ਕਰੀ ਜਾਂਦਾ ਏ, ਪਰ ਬਦਲੇ ਵਿਚ ਇਹ ਸਾਨੂੰ ਕੀ ਦੇਂਦਾ ਏ ?”
ਉਸ ਨੇ ਇਸ ਸੁਆਲ ਦਾ ਜੁਆਬ ਦੇਂਦੇ ਹੋਏ ਦੱਸਿਆ, “ਮੁੱਠੀ ਭਰ ਵਧੀਆ ਮਿੱਟੀ ਹੱਥ ਵਿਚ ਲਵੋ। ਕੀ ਇਸ ਵਿਚ ਤੁਹਾਨੂੰ ਬੀਜ ਦਾ ਜਾਂ ਕੀੜੇ ਦਾ ਨਾਮੋ ਨਿਸ਼ਾਨ ਨਜ਼ਰੀ ਪੈਂਦਾ ਏ ? ਜੇ ਤੁਹਾਡਾ ਹੱਥ ਵਿਸ਼ਾਲ ਤੇ ਚਿਰਸਥਾਈ ਹੁੰਦਾ ਤਾਂ ਬੀਜ ਉੱਗ ਕੇ ਜੰਗਲ ਬਣ ਗਿਆ ਹੁੰਦਾ ਤੇ ਇਕ ਕੀੜਾ, ਕੀੜਿਆਂ ਦਾ ਪੂਰਾ ਭੌਣ ਬਣ ਜਾਂਦਾ। ਇਹ ਨਾ ਭੁਲੋ ਕਿ ਸਮਾਂ, ਜੋ ਬੀਜਾਂ ਨੂੰ ਜੰਗਲ ਦੇ ਰੂਪ ਵਿਚ ਬਦਲ ਦੇਂਦਾ ਤੇ ਕੀੜਿਆਂ ਨੂੰ ਭੌਣ ਦਾ ਰੂਪ ਦੇ ਦੇਂਦਾ ਹੈ, ਇਸ ‘ਹੁਣ’ ਵਾਲੇ ਪਲ ਨਾਲ ਜੁੜਿਆ ਹੋਇਆ ਹੈ, ਅਤੇ ਸਾਰੇ ਹੀ ਸਾਲ ਇਸੇ 'ਹੁਣ' ਨਾਲ ਜੁੜੇ ਹੋਏ ਹਨ।
"ਅਤੇ ਸਾਲਾਂ ਦੌਰਾਨ ਬਦਲਦੇ ਮੌਸਮ ਕੀ ਹਨ, ਕੇਵਲ ਤੁਹਾਡੇ ਆਪਣੇ ਵਿਚਾਰਾਂ ਵਿਚ ਤਬਦੀਲੀ, ਹੋਰ ਕੁਝ ਨਹੀਂ ? ਬਸੰਤ-ਬਹਾਰ ਤੁਹਾਡੇ ਦਿਲ ਵਿਚ ਪੈਦਾ ਹੋਈ ਚੇਤੰਨਤਾ ਏ ਅਤੇ ਗਰਮੀ ਦਾ ਮੌਸਮ ਤੁਹਾਡੇ ਆਪਣੇ ਸਾਰਥਕ ਆਪੇ ਦੀ ਪਛਾਣ ਏ। ਕੀ ਪਹਿਲਾਂ ਵਾਲੀ ਪੱਤਝੜ ਤੁਹਾਡੇ ਉਸ ਬਚਪਨ ਨੂੰ ਲੋਰੀਆਂ ਨਹੀਂ ਸੁਣਾਉਂਦੀ ਜੋ ਤੁਹਾਡੇ ਅੰਦਰ ਹਾਲਾਂ ਵੀ ਮੌਜੂਦ ਏ ? ਤੇ ਸਰਦੀ ਰੁੱਤ ਬਾਰੇ ਮੈਂ ਕੀ ਕਹਾਂ ਜੋ ਸਾਰੇ ਮੌਸਮਾਂ ਦੇ ਸੁਪਨਿਆਂ ਨੂੰ ਨੀਂਦ ਰਾਣੀ ਦੀ ਗੋਦ ਵਿਚ ਲਿਆ ਸੁੱਟਦੀ ਹੈ ?
9
ਫਿਰ ਉਸ ਦੇ ਇਕ ਜਗਿਆਸੂ ਚੇਲੇ ਮਾਨੁੱਸ ਨੇ ਉਸ ਵਲ ਵੇਖਿਆ, ਆਲੇ-ਦੁਆਲੇ ਵਲ ਝਾਤੀ ਮਾਰੀ। ਉਸ ਨੇ ਵੇਖਿਆ ਕਿ ਫੁੱਲਾਂ ਵਾਲੇ ਪੌਦੇ ਅੰਜੀਰ ਦੇ ਦਰੱਖ਼ਤ ਨਾਲ ਲਿਪਟੇ ਹੋਏ ਸਨ। ਉਹ ਪੁੱਛਣ ਲੱਗਾ, "ਮੇਰੇ ਮਾਲਕ, ਦਰੱਖ਼ਤ ਉੱਤੇ ਚੜੀ ਇਸ ਵੇਲ ਵਲ ਦੇਖੋ। ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ? ਇਹ ਭਾਰ ਨਾਲ ਲੱਦੀਆਂ ਵੇਲਾਂ ਦਰੱਖ਼ਤ ਤਕ ਸੂਰਜ ਦੀ ਰੌਸ਼ਨੀ ਪਹੁੰਚਣ ਹੀ ਨਹੀਂ ਦੇਂਦੀਆਂ। ਏਨਾ ਹੀ ਨਹੀਂ, ਸਗੋਂ ਦਰੱਖ਼ਤ ਦੀਆਂ ਟਾਹਣੀਆਂ ਤੇ ਪੱਤਿਆਂ ਵਿਚਲੇ ਰਸ ਨੂੰ ਵੀ ਚੂਸ ਲੈਂਦੀਆਂ ਹਨ।”
ਉਸ ਨੇ ਬੜੇ ਠਰਮੇ ਨਾਲ ਉਸ ਨੂੰ ਉੱਤਰ ਦਿੱਤਾ, "ਮੇਰੇ ਦੋਸਤ, ਅਸੀ ਸਾਰੇ ਹੀ ਪਰਾਜੀਵੀ ਹਾਂ। ਅਸੀ ਜੋ ਮਿੱਟੀ ਨੂੰ ਉਪਜਾਊ ਬਣਾਉਣ ਲਈ ਮਿਹਨਤ ਕਰਦੇ ਹਾਂ ਉਹਨਾਂ ਨਾਲੋਂ ਵਧੇਰੇ ਮਹੱਤਤਾ ਨਹੀਂ ਰੱਖਦੇ, ਜੋ ਮਿੱਟੀ ਦੀ ਢੇਰੀ ਨੂੰ ਜਾਣੇ ਬਿਨਾਂ ਸਿਧੇ ਤੌਰ 'ਤੇ ਉਸ ਤੋਂ ਜੀਵਨ-ਦਾਨ ਪ੍ਰਾਪਤ ਕਰਦੇ ਹਨ।
"ਕੀ ਇਕ ਮਾਂ ਆਪਣੇ ਬੱਚੇ ਨੂੰ ਕਹਿ ਸਕਦੀ ਏ: 'ਮੈਂ ਤੈਨੂੰ ਵਾਪਿਸ ਕੁਦਰਤ ਦੀ ਗੋਦ ਵਿਚ ਸੌਂਪਦੀ ਹਾਂ, ਜੋ ਤੇਰੀ ਮਹਾਨ ਮਾਂ ਏ, ਕਿਉਂਕਿ ਤੂੰ ਮੈਨੂੰ ਬਹੁਤ ਦੁੱਖੀ ਕਰਦਾ ਏਂ ?'
"ਜਾਂ ਕੀ ਇਕ ਸੰਗੀਤਕਾਰ ਆਪਣੇ ਹੀ ਗੀਤ ਨੂੰ ਇਹ ਕਹਿਕੇ ਬੁਰਾ-ਭਲਾ ਕਹਿ ਸਕਦਾ ਏ: 'ਤੂੰ ਗੂੰਜ ਦੀ ਗੁਫ਼ਾ ਵਿਚ ਪਰਤ ਜਾਂ ਜਿਥੋਂ ਤੇਰਾ ਜਨਮ ਹੋਇਆ ਸੀ, ਕਿਉਂਕਿ ਤੈਨੂੰ ਗਾਉਣ ਨਾਲ ਮੇਰਾ ਸਾਹ ਉਖੜਦਾ ਏ?'
"ਅਤੇ ਕੀ ਚਰਵਾਹਾ ਆਪਣੇ ਇੱਜੜ ਨੂੰ ਕਹੇਗਾ: 'ਮੇਰੇ ਕੋਲ ਕੋਈ ਚਰਾਗਾਹ ਨਹੀਂ ਜਿਥੇ ਤੁਸੀਂ ਪੇਟ ਭਰ ਸਕੋ, ਇਸ ਲਈ ਤੁਸੀਂ ਆਪਣਾ ਜੀਵਨ ਖ਼ਤਮ ਕਰ ਲਵੋ, ਆਪਣੀ ਬਲੀ ਦੇ ਦਿਓ ?'
"ਨਹੀਂ ਮੇਰੇ ਦੋਸਤ, ਅਜਿਹਾ ਨਹੀਂ, ਇਹਨਾਂ ਸਾਰੀਆਂ ਗੱਲਾਂ ਦੇ ਜੁਆਬ, ਪੁੱਛਣ ਤੋਂ ਪਹਿਲਾਂ ਹੀ ਦਿਤੇ ਜਾ ਚੁੱਕੇ ਹਨ, ਜਿਵੇਂ ਕਿ ਤੁਹਾਡੇ ਸੌਣ ਤੋਂ ਪਹਿਲਾਂ ਹੀ ਤੁਹਾਡੇ ਸੁਪਨੇ ਪੂਰੇ ਹੋ ਗਏ ਹਨ।
"ਅਸੀ ਕੁਦਰਤ ਦੇ ਕਾਨੂੰਨ ਅਨੁਸਾਰ ਮੁੱਢ ਕਦੀਮ ਤੇ ਅਣਮਿਥੇ ਸਮੇਂ ਤੋਂ ਹੀ ਇਕ ਦੂਜੇ ਉੱਤੇ ਨਿਰਭਰ ਕਰਦੇ ਹਾਂ। ਆਓ, ਅਸੀ ਸਾਰੇ ਰਲ ਮਿਲ ਕੇ ਪਿਆਰ ਤੇ ਹਮਦਰਦੀ ਨਾਲ ਰਹੀਏ। ਆਪਣੀ ਇਕੱਲਤਾ ਵਿਚ ਇਕ ਦੂਸਰੇ ਦਾ ਸਾਥ ਮਾਣੀਏ ਅਤੇ ਉਹਨਾਂ ਰਾਹਵਾਂ ਉੱਤੇ ਮਿਲ-ਜੁਲ ਕੇ ਚਲੀਏ ਜਿਥੇ ਮਿਲ ਬੈਠਣ ਦਾ ਕੋਈ ਟਿਕਾਣਾ ਨਾ ਹੋਵੇ।
“ਮੇਰੇ ਦੋਸਤੋ, ਮੇਰੇ ਭਰਾਵੋ, ਇਹ ਵਿਸ਼ਾਲ ਰਸਤਾ ਹੀ ਤੁਹਾਡਾ ਸੰਗੀ ਸਾਥੀ ਹੈ।
“ਦਰੱਖ਼ਤ ਉੱਤੇ ਲਟਕਦੀ ਵੇਲ ਦੇ ਬੂਟੇ ਰਾਤ ਦੀ ਠੰਡਕ ਭਰੀ ਅਹਿਲਤਾ ਵਿਚ ਧਰਤੀ ਵਿੱਚੋਂ ਖ਼ੁਰਾਕ ਪ੍ਰਾਪਤ ਕਰਦੇ ਹਨ ਅਤੇ ਧਰਤੀ ਸ਼ਾਂਤ ਸੁਪਨਮਈ ਅਵਸਥਾ ਵਿਚ ਸੂਰਜ ਦੀ ਰੌਸ਼ਨੀ ਆਪਣੇ ਵਿਚ ਜਜ਼ਬ ਕਰਦੀ ਹੈ।
"ਅਤੇ ਸੂਰਜ, ਤੁਹਾਡੇ ਤੇ ਮੇਰੇ ਅਤੇ ਹੋਰ ਸਾਰਿਆਂ ਵਾਂਗ ਸ਼ਹਿਜ਼ਾਦੇ ਰਾਹੀਂ ਦਿੱਤੇ ਮਹਾਂਭੋਜ ਵਿਚ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ਾਮਲ ਹੁੰਦਾ ਹੈ ਜਿਸਦੇ ਦਰਵਾਜ਼ੇ ਹਰ ਇਕ ਵਾਸਤੇ ਸਦਾ ਖੁੱਲ੍ਹੇ ਰਹਿੰਦੇ ਅਤੇ ਮਹਾਭੋਜ ਸਦਾ ਚਲਦਾ ਰਹਿੰਦਾ ਹੈ।
“ਮਾਨੁੱਸ, ਮੇਰੇ ਦੋਸਤ, ਇਥੇ ਜੋ ਕੁਝ ਵੀ ਹੈ ਇਕ ਦੂਸਰੇ ਉੱਤੇ ਨਿਰਭਰ ਕਰਦਾ ਹੈ; ਅਤੇ ਜੋ ਕੁਝ ਵੀ ਹੈ ਉਹ ਸਭ ਉਸ ਮਹਾਨ ਪਰਮਾਤਮਾ ਵਲੋਂ ਮਿਲੀਆਂ ਨੇਅਮਤਾਂ ਤੇ ਅਟੁੱਟ ਵਿਸ਼ਵਾਸ ਉੱਤੇ ਨਿਰਭਰ ਕਰਦਾ ਹੈ।”
10
ਇਕ ਸਵੇਰ, ਜਦੋਂ ਪ੍ਰਭਾਤ ਦੀ ਪੀਲੀ ਭਾਅ ਮਾਰਦੀ ਲੋਅ ਹਾਲਾਂ ਵਾਤਾਵਰਣ ਉੱਤੇ ਛਾਈ ਹੋਈ ਸੀ, ਉਹ ਆਪਣੇ ਚੇਲਿਆਂ ਸਮੇਤ ਸਾਰੇ ਜਣੇ ਬਾਗ਼ ਵਿਚ ਜਾ ਪੁੱਜੇ ਅਤੇ ਪੂਰਬ ਦਿਸ਼ਾ ਵਲ ਝਾਤੀ ਮਾਰੀ, ਜਿਧਰੋਂ ਚੜ੍ਹਦਾ ਸੂਰਜ ਆਪਣੀਆਂ ਮੱਧਮ ਰਿਸ਼ਮਾਂ ਖਿਲਾਰਦਾ ਹੋਇਆ ਦਰਸ਼ਨ ਦੇ ਰਿਹਾ ਸੀ। ਇਹ ਨਜ਼ਾਰਾ ਵੇਖ ਕੇ ਉਹ ਮੌਨ ਸਨ।
ਥੋੜ੍ਹੀ ਦੇਰ ਬਾਅਦ ਚੁੱਪੀ ਨੂੰ ਤੋੜਦੇ ਹੋਏ ਅਲਮੁਸਤਫ਼ਾ ਉਂਗਲ ਨਾਲ ਇਸ਼ਾਰਾ ਕਰਦੇ ਹੋਏ ਕਹਿਣ ਲੱਗਾ, "ਤ੍ਰੇਲ ਤੁਪਕੇ ਵਿਚ ਪੈਂਦਾ ਪ੍ਰਭਾਤ ਦੇ ਸੂਰਜ ਦਾ ਪਰਛਾਵਾਂ ਸੂਰਜ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ। ਤੁਹਾਡੀ ਰੂਹ ਵਿਚ ਜ਼ਿੰਦਗੀ ਦਾ ਪ੍ਰਤਿਬਿੰਬ ਜ਼ਿੰਦਗੀ ਨਾਲੋਂ ਕਿਸੇ ਤਰ੍ਹਾਂ ਘਟ ਨਹੀਂ ਹੈ।
"ਤ੍ਰੇਲ ਤੁਪਕੇ ਵਿਚ ਰੌਸ਼ਨੀ ਇਸ ਲਈ ਪ੍ਰਤਿਬਿੰਬਤ ਹੁੰਦੀ ਹੈ ਕਿਉਂਕਿ ਇਹ ਰੌਸ਼ਨੀ ਨਾਲ ਇਕਸੁਰ ਹੈ, ਇਸੇ ਤਰ੍ਹਾਂ ਤੁਹਾਡੇ ਵਿੱਚੋਂ ਜੀਵਨ ਦਾ ਝਲਕਾਰਾ ਪੈਂਦਾ ਹੈ ਕਿਉਂਕਿ ਤੁਸੀਂ ਜੀਵਨ ਨਾਲ ਇਕਸੁਰ ਹੋ।
"ਜਦੋਂ ਹਨੇਰੇ ਨੇ ਤੁਹਾਨੂੰ ਆਪਣੀ ਲਪੇਟ ਵਿਚ ਲਿਆ ਹੋਵੇ ਤਾਂ ਇਹੀ ਜਾਣੋ : 'ਇਹ ਹਨੇਰਾ ਅਣਜੰਮੀ ਪ੍ਰਭਾਤ ਹੈ ਅਤੇ ਭਾਵੇਂ ਰਾਤ ਦਾ ਦਰਦ ਮੇਰੇ ਉੱਤੇ ਪੂਰੀ ਤਰ੍ਹਾਂ ਹਾਵੀ ਹੈ, ਫਿਰ ਵੀ ਮੇਰੇ ਜੀਵਨ ਵਿਚ ਪ੍ਰਭਾਤ ਜ਼ਰੂਰ ਹੋਵੇਗੀ, ਜਿਵੇਂ ਪਹਾੜੀਆਂ ਉੱਤੇ ਉਹ ਆਪਣੀ ਲੋਅ ਖਿਲਾਰਦੀ ਹੈ।'
"ਧੁੰਦਲਕੇ ਵਿਚ ਲਿੱਲੀ ਫੁੱਲ ਦੇ ਦੁਆਲੇ ਜਦੋਂ ਤ੍ਰੇਲ ਤੁਪਕਾ ਆਪਣੀ ਹੋਂਦ ਕਾਇਮ ਕਰਦਾ ਹੈ ਤਾਂ ਉਹ ਤੁਹਾਡੇ ਵਾਂਗ ਹੀ ਕਰਦਾ ਹੈ ਜਿਵੇਂ ਤੁਸੀ ਪਰਮਾਤਮਾ ਦੇ ਦਿਲ ਵਿਚ ਆਪਣੀ ਰੂਹ ਨੂੰ ਕੇਂਦਰਿਤ ਕਰਦੇ ਹੋ।
“ਕੀ ਤ੍ਰੇਲ ਤੁਪਕਾ ਇਹ ਕਹੇਗਾ: 'ਹਜ਼ਾਰਾਂ ਸਾਲਾਂ ਵਿਚ, ਕੀ ਮੈਂ ਇਕ ਤ੍ਰੇਲ ਤੁਪਕਾ ਹੀ ਹਾਂ'
ਪਰ ਤੁਹਾਡੇ ਕੋਲ ਇਸ ਦਾ ਉੱਤਰ ਹੈ ਉਸ ਨੂੰ ਦੱਸੋ: 'ਤੈਨੂੰ ਇਹ ਨਹੀਂ ਪਤਾ ਕਿ ਇਹਨਾਂ ਸਾਰੇ ਸਾਲਾਂ ਦੀ ਰੌਸ਼ਨੀ ਤੇਰੀ ਹੋਂਦ ਦੇ ਘੇਰੇ ਵਿਚ ਚਮਕ ਰਹੀ ਹੈ ?”
11
ਇਕ ਸ਼ਾਮ ਨੂੰ ਬੜਾ ਹੀ ਤੇਜ਼ ਤੂਫ਼ਾਨ ਆਇਆ, ਅਲਮੁਸਤਫ਼ਾ ਆਪਣੇ ਨੌਂ ਚੇਲਿਆਂ ਸਮੇਤ ਅੰਦਰ ਜਾ ਕੇ ਅੱਗ ਦੁਆਲੇ ਬੈਠ ਗਏ। ਉਹ ਸਾਰੇ ਸ਼ਾਂਤ ਤੇ ਟਿਕਾਅ ਦੀ ਅਵਸਥਾ ਵਿਚ ਸਨ।
ਉਹਨਾਂ ਨੌਂ ਚੇਲਿਆਂ ਵਿੱਚੋਂ ਇਕ ਕਹਿਣ ਲੱਗਾ, "ਮੇਰੇ ਮਾਲਕ ਮੈਂ ਇਕੱਲੀ ਜਾਨ ਹਾਂ ਅਤੇ ਸਮੇਂ ਦੀਆਂ ਠੋਕਰਾਂ ਨੇ ਮੇਰੇ ਦਿਲ, ਦਿਮਾਗ਼ ਤੇ ਜਿਸਮ ਨੂੰ ਦਰੜ ਕੇ ਰੱਖ ਦਿੱਤਾ ਹੈ।"
ਅਲਮੁਸਤਫ਼ਾ ਉਠਿਆ ਤੇ ਉਹਨਾਂ ਵਿਚ ਜਾ ਖੜ੍ਹਾ ਹੋਇਆ ਅਤੇ ਤੇਜ਼ ਹਨੇਰੀ ਜਿਹੀ ਆਵਾਜ਼ ਵਿਚ ਉਹਨਾਂ ਨੂੰ ਸੰਬੋਧਨ ਕਰਦਾ ਕਹਿਣ ਲੱਗਾ, "ਇਕੱਲਾ ! ਇਸ ਨਾਲ ਕੀ ਫ਼ਰਕ ਪੈਂਦਾ ਏ ? ਤੂੰ ਇਸ ਦੁਨੀਆਂ ਵਿਚ ਇਕੱਲਾ ਹੀ ਆਇਆ ਏਂ ਅਤੇ ਇਕੱਲਿਆਂ ਹੀ ਧੁੰਦ ਵਿਚ ਵਿਲੀਨ ਹੋ ਜਾਣਾ ਏ।
"ਇਸ ਲਈ ਬਿਹਤਰ ਹੈ, ਆਪਣਾ ਪਿਆਲਾ ਇਕੱਲਾ ਹੀ ਚੁੱਪਚਾਪ ਪੀ ਜਾ। ਬਸੰਤ ਬਹਾਰ ਦੇ ਦਿਨਾਂ ਕੋਲ ਹੋਰ ਵੀ ਹੋਂਠ ਹਨ ਤੇ ਪਿਆਲੇ ਵੀ ਅਤੇ ਉਹ ਇਹ ਪਿਆਲੇ ਵਧੀਆ ਤੇ ਮਿੱਠੀ ਵਾਈਨ ਨਾਲ ਭਰੇਗੀ ਜਿਵੇਂ ਕਿ ਤੇਰੇ ਪਿਆਲੇ ਨੂੰ ਭਰਿਆ ਹੈ।
"ਆਪਣਾ ਪਿਆਲਾ ਇਕੱਲਿਆਂ ਹੀ ਪੀ ਜਾ ਭਾਵੇਂ ਇਸ ਵਿੱਚੋਂ ਤੈਨੂੰ ਆਪਣੇ ਹੀ ਖ਼ੂਨ ਤੇ ਹੰਝੂਆਂ ਦਾ ਸੁਆਦ ਕਿਉਂ ਨਾ ਆਉਂਦਾ ਹੋਵੇ, ਅਤੇ ਪਿਆਸ ਵਰਗੇ ਤੋਹਫ਼ੇ ਲਈ ਜ਼ਿੰਦਗੀ ਦਾ ਸ਼ੁਕਰਾਨਾ ਕਰ । ਕਿਉਂਕਿ ਪਿਆਸ ਵਰਗੀ ਨੇਅਮਤ ਤੋਂ ਬਿਨਾਂ ਤੇਰਾ ਦਿਲ ਵੀਰਾਨ ਸਮੁੰਦਰ ਦੇ ਕਿਨਾਰੇ ਵਾਂਗ ਹੈ ਜਿਥੇ ਲਹਿਰਾਂ ਦੇ ਸੰਗੀਤ ਦੀ ਕੋਈ ਆਵਾਜ਼ ਨਹੀਂ ਆਉਂਦੀ ਤੇ ਨਾ ਹੀ ਜਵਾਰਭਾਟਾ ਉਠਦਾ ਹੈ।
“ਆਪਣਾ ਪਿਆਲਾ ਇਕੱਲਿਆਂ ਹੀ ਪੀ ਜਾ ਤੇ ਪੀ ਵੀ ਖ਼ੁਸ਼ੀ ਖੁਸ਼ੀ।
"ਇਸ ਪਿਆਲੇ ਨੂੰ ਸਿਰ ਤੋਂ ਵੀ ਉੱਚਾ ਚੁੱਕ ਅਤੇ ਉਹਨਾਂ ਲੋਕਾਂ ਵਾਂਗ ਮਸਤ ਹੋ ਕੇ ਪੀ ਜੋ ਇਕੱਲਿਆਂ ਹੀ ਪੀਂਦੇ ਹਨ।
"ਇਕ ਵਾਰ ਮੈਨੂੰ ਕੁਝ ਵਿਅਕਤੀਆਂ ਦਾ ਸਾਥ ਮਿਲਿਆ ਤੇ ਮੈਂ ਉਹਨਾਂ ਦੇ ਨਾਲ ਮਹਾਭੋਜ ਦੀ ਮੇਜ਼ 'ਤੇ ਬੈਠ ਕੇ ਰੱਜ ਕੇ ਸ਼ਰਾਬ ਪੀਤੀ, ਪਰ ਉਸ ਸ਼ਰਾਬ ਦਾ ਨਸ਼ਾ ਨਾ ਤਾਂ ਮੇਰੇ ਸਿਰ ਨੂੰ ਚੜ੍ਹਿਆ ਤੇ ਨਾ ਹੀ ਮੇਰੇ ਸਰੀਰ ਉੱਤੇ ਅਸਰ ਕੀਤਾ। ਇਸ ਦਾ ਅਸਰ ਮੇਰੇ ਪੈਰਾਂ ਉੱਤੇ ਹੋਇਆ। ਮੇਰੀ ਸੂਝ ਬੂਝ ਜੁਆਬ ਦੇ ਗਈ ਤੇ ਮੇਰਾ ਦਿਲ ਸੁੰਨ ਹੋ ਕੇ ਰਹਿ ਗਿਆ ਸੀ। ਸਿਰਫ਼ ਮੇਰੇ ਪੈਰ ਧੁੰਦ ਵਿਚ ਉਹਨਾਂ ਦਾ ਸਾਥ ਦੇ ਰਹੇ ਸਨ।
“ ਉਸ ਤੋਂ ਬਾਅਦ ਮੈਂ ਕਦੇ ਕਿਸੇ ਦਾ ਸੰਗ ਨਾ ਕੀਤਾ, ਨਾ ਹੀ ਮੇਜ਼ 'ਤੇ ਬੈਠ ਕੇ ਉਹਨਾਂ ਨਾਲ ਸ਼ਰਾਬ ਪੀਤੀ।
“ਇਸ ਲਈ ਮੈਂ ਤੈਨੂੰ ਕਹਿੰਦਾ ਹਾਂ, ਭਾਵੇਂ ਸਮੇਂ ਦੀ ਪੈੜ ਤੈਨੂੰ ਦਰੜ ਕੇ ਰੱਖ ਦੇਵੇ, ਕੋਈ ਗੱਲ ਨਹੀਂ ? ਤੇਰੇ ਲਈ ਇਹੀ ਬਿਹਤਰ ਹੈ ਕਿ ਤੂੰ ਆਪਣੇ ਗ਼ਮਾਂ ਦਾ ਪਿਆਲਾ ਇਕੱਲਿਆਂ ਹੀ ਪੀ ਅਤੇ ਖ਼ੁਸ਼ੀ ਦਾ ਪਿਆਲਾ ਵੀ ਤੂੰ ਇਕੱਲਿਆਂ ਹੀ ਪੀਵੇਂਗਾ।”
12
ਇਕ ਦਿਨ, ਇਕ ਯੂਨਾਨੀ ਦਾਰਸ਼ਨਿਕ, ਜਿਸ ਦਾ ਨਾਂ ਫਾਰਡਰਸ ਸੀ (Phardrous), ਬਗ਼ੀਚੇ ਵਿਚ ਸੈਰ ਕਰ ਰਿਹਾ ਸੀ, ਉਸ ਦਾ ਪੈਰ ਇਕ ਪੱਥਰ ਨੂੰ ਵੱਜਾ। ਪੱਥਰ ਨਾਲ ਪੈਰ ਟਕਰਾਉਣ 'ਤੇ ਉਹ ਗ਼ੁੱਸੇ ਨਾਲ ਲਾਲ ਪੀਲਾ ਹੋ ਗਿਆ। ਉਹ ਵਾਪਿਸ ਮੁੜਿਆ ਤੇ ਪੱਥਰ ਨੂੰ ਹੱਥ ਵਿਚ ਲੈ ਕੇ, ਧੀਮੀ ਆਵਾਜ਼ ਵਿਚ ਇਹ ਕਹਿੰਦੇ ਹੋਏ, "ਓਹ ਮੇਰੇ ਰਸਤੇ ਵਿਚ ਪਈ ਬੇਜਾਨ ਚੀਜ਼!" ਪੱਥਰ ਵਗਾਹ ਮਾਰਿਆ।
ਅਲਮੁਸਤਫ਼ਾ, ਜੋ ਲੋਕਾਂ ਦਾ ਹਰਮਨ ਪਿਆਰਾ ਤੇ ਚਹੇਤਾ ਸੀ ਉਸ- ਨੂੰ ਸਮਝਾਉਣ ਲੱਗਾ, "ਤੂੰ ਇਹ ਗੱਲ ਕਿਉਂ ਕਹਿ ਰਿਹਾ ਏਂ : ਓਹ ਬੇਜਾਨ ਚੀਜ਼ ? ਕੀ ਤੂੰ ਇਸ ਬਾਗ਼ ਵਿਚ ਚਿਰਾਂ ਤੋਂ ਨਹੀਂ ਰਹਿ ਰਿਹਾ ਤੇ ਕੀ ਇਹ ਨਹੀਂ ਜਾਣਦਾ ਕਿ ਇਥੇ ਕੋਈ ਵੀ ਚੀਜ਼ ਬੇਜਾਨ ਨਹੀਂ ? ਸਾਰੀਆਂ ਵਸਤਾਂ ਦਿਨ ਦੇ ਚਾਨਣ ਤੇ ਰਾਤ ਦੀ ਸ਼ਾਨ-ਸ਼ੌਕਤ ਵਿਚ ਜੀਊਂਦੀਆਂ ਤੇ ਚਮਕਦੀਆਂ ਹਨ। ਤੇਰੇ ਤੇ ਪੱਥਰ ਵਿਚ ਕੋਈ ਫ਼ਰਕ ਨਹੀਂ, ਦੋਵੇਂ ਇਕੋ ਜਿਹੇ ਹੋ। ਫ਼ਰਕ ਜੇ ਹੈ ਤਾਂ ਕੇਵਲ ਦਿਲ ਦੀ ਧੜਕਨ ਦਾ। ਤੇਰਾ ਦਿਲ ਥੋੜ੍ਹਾ ਤੇਜ਼ੀ ਨਾਲ ਧੜਕਦਾ ਹੈ, ਠੀਕ ਹੈ ਨਾ, ਮੇਰੇ ਦੋਸਤ ? ਹਾਂ, ਪਰ ਉਹ ਓਨਾ ਸ਼ਾਂਤ ਨਹੀਂ, ਜਿੰਨਾ ਪੱਥਰ ਹੈ।
"ਇਸਦੀ ਸੁਰ ਤਾਲ ਭਾਵੇਂ ਹੋਰ ਤਰ੍ਹਾਂ ਦੀ ਹੋਵੇ, ਪਰ ਮੈਂ ਤੈਨੂੰ ਦੱਸਦਾ ਹਾਂ ਕਿ ਜੇ ਤੂੰ ਆਪਣੀ ਆਤਮਾ ਦੀ ਆਵਾਜ਼ ਨੂੰ ਡੂੰਘਾਈ ਨਾਲ ਸੁਣੇਂ ਅਤੇ ਖਲਾਅ ਦੀ ਉਚਾਈ ਨੂੰ ਮਾਪੇਂ ਤਾਂ ਤੈਨੂੰ ਇਕੋ ਹੀ ਸੰਗਤੀਕ ਲੈਅ ਸੁਣਾਈ ਦੇਵੇਗੀ ਅਤੇ ਉਸ ਸੰਗੀਤਕ ਲੈਅ ਵਿਚ ਕੀ ਪੱਥਰ ਤੇ ਕੀ ਤਾਰੇ, ਇਕ
ਦੂਸਰੇ ਵਿਚ ਅਭੇਦ ਪੂਰਨ ਸੁਰ ਵਿਚ ਗਾਉਂਦੇ ਨਜ਼ਰ ਆਉਣਗੇ ਭਾਵ ਸਾਰੀ ਕੁਦਰਤ ਗਾਉਂਦੀ ਜਾਪੇਗੀ।
"ਜੇ ਮੇਰੀ ਕਹੀ ਹੋਈ ਗੱਲ ਤੇਰੀ ਸਮਝ ਵਿਚ ਨਹੀਂ ਆਈ ਤਾਂ ਫਿਰ ਇਕ ਹੋਰ ਪ੍ਰਭਾਤ ਦੇ ਉਜਾਲੇ ਤਕ ਉਡੀਕ ਕਰ। ਜੇ ਤੂੰ ਇਸ ਪੱਥਰ ਨੂੰ ਇਸ ਲਈ ਬੁਰਾ ਭਲਾ ਕਿਹਾ ਹੈ ਕਿ ਆਪਣੀ ਅਗਿਆਨਤਾ ਦੇ ਹਨੇਰੇ ਕਾਰਨ ਤੂੰ ਇਸ ਨੂੰ ਠੋਕਰ ਮਾਰੀ ਏ ਤਾਂ ਕੀ ਤੂੰ ਆਕਾਸ਼ ਦੇ ਉਸ ਤਾਰੇ ਨੂੰ ਵੀ ਬੁਰਾ ਭਲਾ ਕਹੇਂਗਾ ਜੇ ਕਿਧਰੇ ਤੇਰਾ ਸਿਰ ਉਸ ਨਾਲ ਟਕਰਾ ਜਾਏ। ਪਰ ਇਕ ਦਿਨ ਅਜਿਹਾ ਆਏਗਾ ਜਦੋਂ ਤੂੰ ਪੱਥਰ ਤੇ ਤਾਰੇ ਇਕੱਠੇ ਕਰੇਂਗਾ ਜਿਵੇਂ ਇਕ ਬੱਚਾ ਘਾਟੀ ਵਿਚਲੇ ਲਿੱਲੀ ਫੁੱਲ ਤੋੜ ਕੇ ਇਕੱਠੇ ਕਰਦਾ ਏ, ਅਤੇ ਫਿਰ ਤੈਨੂੰ ਅਹਿਸਾਸ ਹੋਏਗਾ ਕਿ ਇਹ ਸਾਰੀਆਂ ਚੀਜ਼ਾਂ ਜੀਊਂਦੀਆਂ ਜਾਗਦੀਆਂ ਤੇ ਮਹਿਕਦੀਆਂ ਹਨ।”
13
ਹਫ਼ਤੇ ਦੇ ਪਹਿਲੇ ਦਿਨ ਜਦੋਂ ਚਰਚ ਦੀਆਂ ਘੰਟੀਆਂ ਦੀ ਆਵਾਜ਼ ਉਹਨਾਂ ਦੇ ਕੰਨਾਂ ਵਿਚ ਗੂੰਜੀ ਤਾਂ ਇਕ ਚੇਲਾ ਉਠਿਆ ਤੇ ਪੁੱਛਣ ਲੱਗਾ, "ਮੇਰੇ ਮਾਲਕ ਅਸੀ ਪਰਮਾਤਮਾ ਦੀ ਸਰਬ-ਵਿਆਪਕਤਾ ਬਾਰੇ ਬਹੁਤ ਕੁਝ ਸੁਣਿਆ ਹੈ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਅਤੇ ਹਕੀਕਤ ਵਿਚ ਉਹ ਪਰਮਾਤਮਾ ਕੌਣ ਹੈ ਜੋ ਸਤਿ ਹੈ?”
ਇਹ ਸੁਆਲ ਸੁਣਕੇ ਉਹ ਉਹਨਾਂ ਸਾਹਮਣੇ ਇੰਨੀ ਤਕੜਾਈ ਨਾਲ ਉਠ ਕੇ ਖੜਾ ਹੋ ਗਿਆ ਜਿਵੇਂ ਇਕ ਤਣਿਆ ਹੋਇਆ ਦਰੱਖ਼ਤ ਝੱਖੜ ਤੇ ਤੂਫ਼ਾਨ ਤੋਂ ਨਿੱਡਰ ਖੜਾ ਹੁੰਦਾ ਹੈ, ਫਿਰ ਉਹ ਦੱਸਣ ਲੱਗਾ, “ਮੇਰੇ ਪਿਆਰੇ ਸਾਥੀਓ, ਉਸ ਇਕ ਦਿਲ ਬਾਰੇ ਵਿਚਾਰ ਕਰੋ ਜਿਸ ਵਿਚ ਸਾਰੇ ਦਿਲ ਸਮਾਏ ਹੋਏ ਹਨ, ਉਸ ਪਿਆਰ ਬਾਰੇ ਸੋਚੋ ਜਿਸ ਵਿਚ ਤੁਹਾਡੇ ਸਾਰਿਆਂ ਦਾ ਅਥਾਹ ਪਿਆਰ ਸਮਾਇਆ ਹੋਇਆ ਏ, ਉਹ ਆਤਮਾ ਜਿਸ ਵਿਚ ਤੁਹਾਡੇ ਸਾਰਿਆਂ ਦੀਆਂ ਆਤਮਾਵਾਂ ਇਕ ਸੁਰ ਹਨ, ਉਹ ਆਵਾਜ਼ ਜਿਸ ਵਿਚ ਸਾਰਿਆਂ ਦੀਆਂ ਆਵਾਜ਼ਾਂ ਮੌਜੂਦ ਹਨ ਅਤੇ ਚੁੱਪ ਜੋ ਤੁਹਾਡੀ ਸਾਰਿਆਂ ਦੀ ਚੁੱਪ ਨਾਲੋਂ ਗੰਭੀਰ ਤੇ ਅਸੀਮ ਹੈ।
"ਤੁਸੀ ਆਪਣੇ ਅੰਦਰ ਦੀ ਭਰਪੂਰ ਖੂਬਸੂਰਤੀ ਵਲ ਝਾਤੀ ਮਾਰੋ, ਜੋ ਸਾਰੀਆਂ ਖੂਬਸੂਰਤ ਚੀਜ਼ਾਂ ਨਾਲੋਂ ਵਧੇਰੇ ਮਨਮੋਹਕ ਹੈ, ਗੀਤ ਜੋ ਸਾਗਰ ਦੇ ਗੀਤਾਂ ਨਾਲੋਂ ਵੀ ਵਿਸ਼ਾਲ ਹੈ ਅਤੇ ਜੰਗਲ ਇੰਜ ਜਾਪਦਾ ਹੈ ਜਿਵੇਂ ਦੁਨੀਆ ਦਾ ਬਾਦਸ਼ਾਹ ਤਖ਼ਤ ਉੱਤੇ ਬੈਠਾ ਹੋਵੇ ਤੇ ਉਸ ਦੇ ਹੱਥ ਵਿਚ ਰਾਜਦੰਡ ਹੋਵੇ, ਜਿਸ ਦੀਆਂ ਨਜ਼ਰਾਂ ਵਿਚ ਸਪਤ ਰਿਸ਼ੀ ਇਕ ਪੀੜ੍ਹਾ ਹੈ ਤੇ ਉਸ ਦੀ ਹੋਂਦ ਤ੍ਰੇਲ ਤੁਪਕੇ ਦੀ ਚਮਕ ਤੋਂ ਵੱਧ ਕੁਝ ਵੀ ਨਹੀਂ।
“ਤੁਹਾਨੂੰ ਹਮੇਸ਼ਾ ਰੋਟੀ, ਕਪੜੇ, ਮਕਾਨ ਤੇ ਸਾਥ ਦੀ ਲੋੜ ਰਹੀ ਹੈ; ਪਰ ਉਸ ਇਕ ਪਰਮਾਤਮਾ ਵਲ ਵੇਖੋ, ਜਿਸ ਦੀ ਤੁਹਾਡੇ ਵਾਂਗ ਕੋਈ ਲੋੜ ਨਹੀਂ; ਨਾ ਹੀ ਉਸ ਕੋਲ ਪੱਥਰਾਂ ਦੀ ਬਣੀ ਗੁਫ਼ਾ ਹੈ, ਜਿਸ ਵਿਚ ਤੁਹਾਨੂੰ ਆਸਰਾ ਦੇ ਕੇ ਬਾਹਰੀ ਤੱਤਾਂ ਤੋਂ ਤੁਹਾਡੀ ਰਾਖੀ ਕਰ ਸਕੇ।
"ਧਿਆਨ ਰਹੇ, ਜੇ ਮੇਰੇ ਕਹੇ ਲਫ਼ਜ਼ ਤੁਹਾਡੇ ਰਾਹ ਵਿਚ ਅੜਚਨ ਤੇ ਰੁਕਾਵਟ ਜਾਪਣ, ਕੋਈ ਗੱਲ ਨਹੀਂ ਜੇ ਤੁਹਾਡੇ ਦਿਲ ਨੂੰ ਠੇਸ ਪਹੁੰਚੇ, ਪਰ ਤੁਹਾਡੀ ਜਗਿਆਸਾ ਤੁਹਾਨੂੰ ਉਸ ਸਰਬ-ਸ਼ਕਤੀਮਾਨ ਦੇ ਪਿਆਰ ਤੇ ਸਿਆਣਪ ਦੇ ਨੇੜੇ ਲੈ ਜਾਏਗੀ, ਜਿਸ ਨੂੰ ਲੋਕ ਪਰਮਾਤਮਾ ਕਹਿੰਦੇ ਹਨ।"
ਉਸ ਦੀਆਂ ਗੱਲਾਂ ਸੁਣ ਕੇ ਸਾਰੇ ਇਕਦਮ ਚੁੱਪ ਤੇ ਸ਼ਾਂਤ ਸਨ ਪਰ ਉਹਨਾਂ ਦੇ ਦਿਲ ਅੰਦਰੋਂ ਵਿਆਕੁਲ ਸਨ; ਉਹਨਾਂ ਨੂੰ ਵੇਖਕੇ ਅਲਮੁਸਤਫ਼ਾ ਦਾ ਦਿਲ ਪਿਆਰ ਨਾਲ ਲਬਰੇਜ਼ ਹੋ ਉਠਿਆ। ਉਸ ਨੇ ਉਹਨਾਂ ਵਲ ਹਮਦਰਦੀ ਨਾਲ ਵੇਖਿਆ ਤੇ ਕਹਿਣ ਲੱਗਾ, "ਸਾਨੂੰ ਉਸ ਸਰਬ-ਸ਼ਕਤੀਮਾਨ ਪਿਤਾ ਪਰਮਾਤਮਾ ਬਾਰੇ ਹੋਰ ਕੋਈ ਸੁਆਲ-ਜੁਆਬ ਨਹੀਂ ਕਰਨੇ ਚਾਹੀਦੇ। ਆਓ ਅਸੀ ਦੇਵਤਿਆਂ, ਆਪਣੇ ਗੁਆਂਢੀਆਂ, ਆਪਣੇ ਵੀਰਾਂ ਤੇ ਉਹਨਾਂ ਤੱਤਾਂ ਦੀ ਗੱਲ ਕਰੀਏ, ਜੋ ਸਾਡੇ ਘਰਾਂ ਤੇ ਖੇਤਾਂ ਦੇ ਆਲੇ-ਦੁਆਲੇ ਵਿਚਰਦੇ ਹਨ।
"ਤੁਸੀ ਖ਼ਿਆਲਾਂ ਖ਼ਿਆਲਾਂ ਵਿਚ ਹੀ ਬੱਦਲਾਂ ਵਿਚ ਵਿਚਰੋਗੇ ਤੇ ਇਸ ਨੂੰ ਹੀ ਉਚਾਈ ਸਮਝੋਗੇ; ਕਲਪਨਾ ਵਿਚ ਹੀ ਤੁਸੀ ਵਿਸ਼ਾਲ ਸਮੁੰਦਰ ਦੇ ਉੱਤੋਂ ਦੀ ਲੰਘੋਗੇ ਤੇ ਇਸ ਨੂੰ ਹੀ ਫ਼ਾਸਲਾ ਹੋਣ ਦਾ ਦਾਅਵਾ ਕਰੋਗੇ। ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਜਦੋਂ ਤੁਸੀ ਧਰਤੀ ਵਿਚ ਬੀਜ ਬੋਂਦੇ ਹੋ ਤਾਂ ਤੁਸੀ ਉਚਾਈਆਂ 'ਤੇ ਪੁੱਜਦੇ ਹੋ; ਅਤੇ ਜਦੋਂ ਤੁਸੀ ਆਪਣੇ ਗੁਆਂਢੀ ਸਾਹਮਣੇ ਪ੍ਰਭਾਤ ਵੇਲੇ ਦੀ ਖ਼ੂਬਸੂਰਤੀ ਦੀ ਤਾਰੀਫ਼ ਕਰਦੇ ਹੋ ਤਾਂ ਸਮਝੋ ਤੁਸੀ ਵਿਸ਼ਾਲ ਸਮੁੰਦਰ ਪਾਰ ਕਰ ਲਿਆ।
“ਅਕਸਰ ਤੁਸੀ ਉਸ ਪਰਮਾਤਮਾ, ਜੋ ਅਨੰਤ ਹੈ, ਦੀ ਵਡਿਆਈ ਦੇ ਗੀਤ ਗਾਉਂਦੇ ਹੋ ਪਰ ਹਕੀਕਤ ਇਹ ਹੈ ਕਿ ਤੁਸੀ ਉਹ ਗੀਤ ਆਪ ਨਹੀਂ ਸੁਣਦੇ। ਜਦੋਂ ਤੁਸੀ ਸੁਰੀਲੀ ਆਵਾਜ਼ ਵਾਲੇ ਪੰਛੀਆਂ ਦੀ ਆਵਾਜ਼ ਸੁਣੋ ਅਤੇ ਤੇਜ਼ ਹਵਾ ਚਲਣ ਨਾਲ ਟਾਹਣੀ ਨਾਲੋਂ ਟੁਟਦੇ ਪੱਤਿਆਂ ਦੀ
ਖੜਖੜਾਹਟ ਸੁਣਦੇ ਹੋ ਤਾਂ ਮੇਰੇ ਦੋਸਤੋ, ਇਹ ਨਾ ਭੁਲੋ ਕਿ ਇਹ ਉਦੋਂ ਹੀ ਸੰਗੀਤ ਦੀ ਆਵਾਜ਼ ਕਰਦੇ ਹਨ ਜਦੋਂ ਟਾਹਣੀ ਨਾਲੋਂ ਟੁੱਟਦੇ ਹਨ।
"ਮੈਂ ਤੁਹਾਨੂੰ ਉਸ ਸਰਬ-ਸ਼ਕਤੀਮਾਨ ਪਰਮਾਤਮਾ ਬਾਰੇ ਹੋਰ ਸੁਆਲ ਕਰਨ ਤੋਂ ਮਨ੍ਹਾ ਕਰਦਾ ਹਾਂ ਜੋ ਤੁਹਾਡੇ ਲਈ ਸਭ ਕੁਝ ਹੈ, ਪਰ ਹਾਂ ਤੁਸੀ ਗੱਲ ਕਰੋ ਇਕ ਦੂਸਰੇ ਬਾਰੇ। ਇਕ ਦੂਸਰੇ ਨੂੰ ਸਮਝਣ ਬਾਰੇ, ਗੁਆਂਢੀ ਦੀ ਗੁਆਂਢੀ ਬਾਰੇ ਤੇ ਦੇਵਤੇ ਦੀ ਦੇਵਤੇ ਬਾਰੇ।
"ਤੁਸੀ ਦੱਸੋ ਜਦੋਂ ਮਾਦਾ ਪੰਛੀ ਆਕਾਸ਼ ਵਲ ਉਡਾਰੀ ਮਾਰ ਕੇ ਦੂਰ ਚਲੀ ਜਾਂਦੀ ਹੈ ਤਾਂ ਆਲ੍ਹਣੇ ਵਿਚ ਪਏ ਬੋਟ ਨੂੰ ਕੌਣ ਚੋਗਾ ਦੇਂਦਾ ਹੈ ? ਕੀ ਬਾਗ਼ ਵਿਚ ਉਗਿਆ ਫੁੱਲ ਉਦੋਂ ਤਕ ਆਪਣੇ ਬੀਜ ਦੂਰ ਦੂਰ ਤਕ ਖਿਲਾਰ ਸਕਦਾ ਹੈ ਜਦ ਤਕ ਮਧੂਮੱਖੀ ਇਕ ਫੁੱਲ ਤੋਂ ਦੂਸਰੇ ਉੱਤੇ ਜਾ ਕੇ ਨਹੀਂ ਬੈਠਦੀ ?
"ਇਹ ਤਾਂ ਹੀ ਸੰਭਵ ਹੈ ਜੇ ਤੁਸੀ ਆਪਣਾ ਆਪਾ ਸੀਮਤ ਸ੍ਵੈ ਵਿਚ ਜਜ਼ਬ ਕਰ ਦਿਓ ਅਤੇ ਉਚਾਈਆਂ ਵਿਚ ਉਸ ਦੀ ਭਾਲ ਕਰੋ, ਜਿਸ ਨੂੰ ਤੁਸੀ ਪਰਮਾਤਮਾ ਕਹਿੰਦੇ ਹੋ। ਕੀ ਤੁਸੀ ਆਪਣੇ ਵਿਸ਼ਾਲ ਆਪੇ ਵਿੱਚੋਂ ਆਪਣੇ ਰਾਹ ਤਲਾਸ਼ ਕਰ ਲਵੋਗੇ; ਕੀ ਤੁਸੀ ਥੋੜ੍ਹੇ ਜਿਹੇ ਵੀ ਆਲਸੀ ਹੁੰਦੇ ਹੋਏ ਆਪਣੀਆਂ ਪਗਡੰਡੀਆਂ ਆਪ ਬਣਾ ਲਵੋਗੇ ?
"ਮੇਰੇ ਮਲਾਹੋ ਤੇ ਮੇਰੇ ਦੋਸਤੋ, ਸਿਆਣਪ ਇਸੇ ਵਿਚ ਹੈ ਕਿ ਤੁਸੀ ਪਰਮਾਤਮਾ ਬਾਰੇ ਘੱਟ ਤੋਂ ਘੱਟ ਗੱਲ ਕਰੋ, ਜੋ ਸਾਡੀ ਸਮਝ ਤੋਂ ਬਾਹਰ ਹੈ। ਤੁਸੀ ਗੱਲ ਕਰੋ ਇਕ ਦੂਸਰੇ ਬਾਰੇ, ਜਿਸ ਨੂੰ ਅਸੀ ਸਮਝ ਸਕੀਏ। ਫਿਰ ਵੀ ਮੈਂ ਤੁਹਾਨੂੰ ਏਨੀ ਕੁ ਜਾਣਕਾਰੀ ਜ਼ਰੂਰ ਦੇਣੀ ਚਾਹਾਂਗਾ ਕਿ ਅਸੀ ਉਸ ਪਰਮਾਤਮਾ ਦਾ ਸਾਹ ਤੇ ਮਹਿਕ ਹਾਂ, ਜਿੰਦ-ਜਾਨ ਹਾਂ। ਪੱਤੇ ਵਿਚ, ਫੁੱਲ ਵਿਚ ਤੇ ਇਥੋਂ ਤਕ ਕਿ ਫਲ ਵਿੱਚੋਂ ਵੀ ਸਾਨੂੰ ਪਰਮਾਤਮਾ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਹੈ।"
14
ਇਕ ਦਿਨ ਦੁਪਹਿਰ ਵੇਲੇ, ਤਿੰਨ ਚੇਲਿਆਂ, ਜੋ ਬਚਪਨ ਵਿਚ ਉਸ ਦੇ ਨਾਲ ਖੇਡਦੇ ਰਹੇ ਸਨ, ਵਿੱਚੋਂ ਇਕ ਉਸ ਦੇ ਕੋਲ ਆ ਕੇ ਕਹਿਣ ਲੱਗਾ: “ਮਾਲਕ, ਮੇਰੇ ਕਪੜੇ ਪਾਟ ਗਏ ਹਨ ਅਤੇ ਪਾਉਣ ਵਾਸਤੇ ਹੋਰ ਕਪੜੇ ਹੈ ਨਹੀਂ। ਮੈਨੂੰ ਇਜਾਜ਼ਤ ਦਿਓ ਕਿ ਮੈਂ ਬਾਜ਼ਾਰ ਜਾ ਕੇ ਨਵੇਂ ਕਪੜੇ ਖ਼ਰੀਦ ਲਿਆਵਾਂ।"
ਅਲਮੁਸਤਫ਼ਾ ਉਸ ਨੌਜੁਆਨ ਵਲ ਵੇਖਦਾ ਹੋਇਆ ਕਹਿਣ ਲੱਗਾ, "ਲਿਆ ਆਪਣੇ ਕਪੜੇ ਮੈਨੂੰ ਦੇ ਦੇਹ।" ਚੇਲੇ ਨੇ ਅਜਿਹਾ ਹੀ ਕੀਤਾ ਅਤੇ ਆਪ ਸਿਖ਼ਰ ਦੁਪਹਿਰ ਨੰਗ-ਮੁਨੰਗਾ ਖੜਾ ਰਿਹਾ।
ਅਲਮੁਸਤਫ਼ਾ ਨੇ ਗਰਜਵੀਂ ਤੇਜ਼ ਆਵਾਜ਼, ਜਿਵੇਂ ਲੜਾਈ ਦੇ ਮੈਦਾਨ ਵਿਚ ਜਾਣ ਵਾਲਾ ਘੋੜਾ ਸੜਕ ਉੱਤੇ ਸਰਪਟ ਦੌੜਦਾ ਹੋਵੇ, ਵਿਚ ਕਹਿਣ ਲੱਗਾ, "ਕੇਵਲ ਨੰਗੇ ਸਰੀਰ ਵਾਲੇ ਹੀ ਸੂਰਜ ਦੀ ਗਰਮੀ ਵਿਚ ਜਿਉਂਦੇ ਰਹਿੰਦੇ ਹਨ। ਕੇਵਲ ਭੋਲੇ-ਭਾਲੇ ਹੀ ਹਵਾ ਦੇ ਘੋੜੇ 'ਤੇ ਸਵਾਰ ਹੁੰਦੇ ਹਨ। ਅਤੇ ਉਹ ਜੋ ਹਜ਼ਾਰ ਵਾਰੀ ਰਸਤਾ ਭੁਲਦਾ ਹੈ ਅਖ਼ੀਰ ਆਪਣੇ ਘਰ ਪੁੱਜ ਜਾਂਦਾ ਹੈ।
"ਫ਼ਰਿਸ਼ਤੇ ਵੀ ਚਲਾਕ ਮਨੁੱਖਾਂ ਤੋਂ ਤੰਗ ਆ ਚੁੱਕੇ ਹਨ। ਅਜੇ ਕੱਲ੍ਹ ਦੀ ਹੀ ਗੱਲ ਹੈ ਇਕ ਫ਼ਰਿਸ਼ਤਾ ਮੈਨੂੰ ਕਹਿਣ ਲੱਗਾ, 'ਅਸੀ ਚਮਕਦੀਆਂ ਵਸਤਾਂ ਵਾਸਤੇ ਨਰਕ ਬਣਾਇਆ। ਸਿਰਫ਼ ਅੱਗ ਹੀ ਇਸ ਚਮਕ ਨੂੰ ਖ਼ਤਮ ਕਰਕੇ ਚੀਜ਼ ਨੂੰ ਜੜ੍ਹ ਤੋਂ ਪਿਘਲਾ ਕੇ ਰੱਖ ਦਿੰਦੀ ਹੈ, ਹੋਰ ਕੋਈ ਨਹੀਂ ?'
"ਅਤੇ ਮੇਰਾ ਜੁਆਬ ਸੀ, 'ਤੁਸੀ ਨਰਕ ਬਣਾ ਕੇ ਉਸ ਵਿਚ ਰਹਿਣ ਤੇ ਰਖਵਾਲੀ ਵਾਸਤੇ ਸ਼ੈਤਾਨ ਵੀ ਪੈਦਾ ਕੀਤੇ।' ਫ਼ਰਿਸ਼ਤੇ ਦਾ ਉੱਤਰ ਸੀ, ‘ਨਹੀਂ
ਨਰਕ ਉਹਨਾਂ ਵਾਸਤੇ ਹੈ ਜੋ ਅੱਗ ਸਾਹਮਣੇ ਵੀ ਹਥਿਆਰ ਨਹੀਂ ਸੁੱਟਦੇ।’
"ਸਮਝਦਾਰ ਫ਼ਰਿਸ਼ਤਾ! ਉਹ ਚੰਗੇ ਤੇ ਮਾੜੇ ਮਨੁੱਖਾਂ ਦੇ ਰੰਗ-ਢੰਗ ਜਾਣਦਾ ਹੈ। ਉਹ ਉਹਨਾਂ ਦੈਵੀ ਪੁਰਸ਼ਾਂ ਵਿੱਚੋਂ ਇਕ ਹੈ ਜੋ ਪੈਗ਼ੰਬਰ ਉੱਤੇ ਉਦੋਂ ਨਜ਼ਰਸਾਨੀ ਕਰਦਾ ਹੈ ਜਦੋਂ ਉਹ ਚਤੁਰ ਮਨੁੱਖਾਂ ਦੀ ਚਾਲ ਵਿਚ ਫਸ ਕੇ ਲਾਲਸਾ ਵੱਸ ਉਧਰ ਖਿਚੇ ਜਾਂਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਪੈਗ਼ੰਬਰਾਂ ਦੀ ਮੁਸਕਾਨ ਵੇਖ ਕੇ ਮੁਸਕਰਾਂਦਾ ਅਤੇ ਉਹਨਾ ਦੇ ਦੁੱਖ ਵੇਲੇ ਰੋਂਦਾ ਹੈ।
"ਮੇਰੇ ਦੋਸਤੋ ਤੇ ਮੇਰੇ ਮਲਾਹੋ; ਕੇਵਲ ਵਸਤਰ-ਹੀਣ ਹੀ ਸੂਰਜ ਦੀ ਗਰਮੀ ਝੇਲਦੇ ਹੋਏ ਜ਼ਿੰਦਾ ਰਹਿੰਦੇ ਹਨ। ਕੇਵਲ ਪਤਵਾਰ-ਹੀਣ ਹੀ ਵਿਸ਼ਾਲ ਸਮੁੰਦਰ ਨੂੰ ਪਾਰ ਕਰ ਸਕਦੇ ਹਨ। ਉਹ ਜੋ ਰਾਤ ਪੈਣ 'ਤੇ ਸੌਂਦਾ ਹੈ, ਪ੍ਰਭਾਤ ਹੋਣ 'ਤੇ ਜਾਗੇਗਾ ਅਤੇ ਜੋ ਬਰਫ਼ ਪੈਣ ਵੇਲੇ ਦਰੱਖ਼ਤ ਹੇਠ ਸੌਣ ਦਾ ਹੌਂਸਲਾ ਕਰ ਸਕਦਾ ਹੈ, ਉਹ ਹੀ ਬਸੰਤ ਬਹਾਰ ਮਾਣੇਗਾ।
“ਤੁਸੀ ਤਾਂ ਜੜ੍ਹਾਂ ਵਾਂਗ ਹੋ, ਸਿੱਧੇ ਸਾਦੇ ਜਿਹੇ; ਪਰ ਧਰਤੀ ਤੋਂ ਤੁਹਾਨੂੰ ਸੂਝ-ਬੂਝ ਪ੍ਰਾਪਤ ਹੋਈ ਹੈ। ਭਾਵੇਂ ਤੁਸੀ ਚੁੱਪ ਹੋ, ਸ਼ਾਂਤ ਹੋ ਪਰ ਤੁਹਾਡੇ ਅੰਦਰ ਦੀਆਂ ਅਣਜੰਮੀਆਂ ਭਾਵਨਾਵਾਂ ਵਿਚ ਚਾਰੇ ਦਿਸ਼ਾਵਾਂ ਦੀਆਂ ਹਵਾਵਾਂ ਦਾ ਸੰਗੀਤ ਹੈ।
"ਤੁਸੀ ਕਮਜ਼ੋਰ ਹੋ ਤੇ ਆਕਾਰਹੀਣ ਵੀ, ਫਿਰ ਵੀ ਤੁਸੀ ਉੱਚੇ ਲੰਮੇ ਓਕ ਦਰੱਖ਼ਤ ਦੀ ਹੋਂਦ ਦੀ ਸ਼ੁਰੂਆਤ ਹੋ ਅਤੇ ਵਿਸ਼ਾਲ ਆਕਾਸ਼ ਉੱਤੇ ਜਿਵੇਂ ਬੈਂਤ ਨਾਲ ਉਲੀਕਿਆ ਮੱਧਮ ਜਿਹਾ ਆਕਾਰ।
"ਮੈਂ ਤੁਹਾਨੂੰ ਇਕ ਵਾਰੀ ਫਿਰ ਕਹਿੰਦਾ ਹਾਂ ਕਿ ਤੁਸੀ ਕਾਲੀ ਸਿਆਹ ਧਰਤੀ ਤੇ ਗਤੀਸ਼ੀਲ ਆਕਾਸ਼ ਵਿਚਕਾਰ ਜੜ੍ਹਾਂ ਹੋ । ਮੈਂ ਅਕਸਰ ਤੁਹਾਨੂੰ ਦਿਨ ਦੇ ਉਜਾਲੇ ਵੇਲੇ ਨੱਚਣ ਲਈ ਉਤਾਵਲੇ ਹੁੰਦਿਆਂ ਵੇਖਿਆ ਹੈ ਪਰ ਨਾਲ ਹੀ ਅਦਿੱਖ ਹੁੰਦੇ ਵੀ ਤੱਕਿਆ ਹੈ । ਜੜ੍ਹਾਂ ਸਾਰੀਆਂ ਹੀ ਅਦਿੱਖ ਹੁੰਦੀਆਂ ਹਨ। ਉਹ ਆਪਣੇ ਦਿਲ ਦੇ ਭੇਦ ਉਦੋਂ ਤਕ ਗੁੱਝਾ ਰੱਖਦੀਆਂ ਹਨ, ਜਦ ਤਕ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਉਸ ਭੇਦ ਦਾ ਪ੍ਰਗਟਾ ਕਿਵੇਂ ਕਰਨ।
“ਪਰ ਬਹਾਰ ਆਏਗੀ; ਬਹਾਰ ਇਕ ਚੰਚਲ ਕੁਮਾਰੀ ਹੈ; ਉਹ ਪਹਾੜੀਆਂ ਤੇ ਮੈਦਾਨਾਂ ਵਿਚ ਹਰਿਆਵਲ ਹੀ ਹਰਿਆਵਲ ਕਰ ਦੇਵੇਗੀ।”
15
ਉਸ ਦੇ ਚੇਲਿਆਂ ਵਿੱਚੋਂ ਇਕ ਚੇਲਾ, ਜੋ ਚਰਚ ਵਿਚ ਸੇਵਾ ਕਰਦਾ ਸੀ, ਨੇ ਬੇਨਤੀ ਕੀਤੀ; “ਸਾਡੇ ਮਾਲਕ, ਸਾਨੂੰ ਅਜਿਹੀ ਸਿਖਿਆ ਦਿਓ ਕਿ ਸਾਡੀ ਜ਼ਬਾਨ ਤੋਂ ਨਿਕਲੇ ਸ਼ਬਦਾਂ ਦੀ ਮਹੱਤਤਾ ਵੀ ਉਨੀ ਹੀ ਹੋਵੇ ਜਿੰਨੀ ਤੁਹਾਡੇ ਮੂੰਹੋਂ ਨਿਕਲੇ ਸ਼ਬਦਾਂ ਦੀ ਹੈ। ਇਹ ਸ਼ਬਦ ਉਸਤਤ ਗੀਤ ਬਣਨ ਤੇ ਲੋਕਾਂ ਤਕ ਇਹਨਾਂ ਦੀ ਮਹਿਕ ਪੁੱਜੇ।"
ਅਲਮੁਸਤਫ਼ਾ ਨੇ ਸਹਿਜ ਸੁਭਾਅ ਉੱਤਰ ਦਿੱਤਾ, “ਤੁਹਾਡੀ ਵਡਿਆਈ ਤੁਹਾਡੇ ਸ਼ਬਦਾਂ ਤੋਂ ਵਧੇਰੇ ਹੋਵੇਗੀ ਤੇ ਤੁਹਾਡਾ ਰਸਤਾ ਸੰਗੀਤਮਈ ਤੇ ਮਹਿਕਾਂ ਭਰਿਆ ਹੋਵੇਗਾ; ਸੰਗੀਤਮਈ ਪਿਆਰ ਕਰਨ ਵਾਲਿਆਂ ਤੇ ਪਿਆਰ ਕੀਤੇ ਜਾਣ ਵਾਲਿਆਂ ਲਈ ਹੈ ਅਤੇ ਮਹਿਕਾਂ ਭਰਿਆ ਉਹਨਾਂ ਲਈ ਜੋ ਆਪਣਾ ਜੀਵਨ ਬਾਗ਼ਾਂ ਵਿਚ ਬਿਤਾਉਣ ਲਈ ਵਚਨਬੱਧ ਹੋਣਗੇ।
"ਪਰ ਤੁਸੀ ਆਪਣੇ ਸ਼ਬਦਾਂ ਨਾਲੋਂ ਵੀ ਵਧੇਰੇ ਉੱਚਾਈ ਤਕ ਉਠੋਗੇ ਜਿਥੋਂ ਤਕ ਸਿਤਾਰਿਆਂ ਦੀ ਚਮਕ ਪੁੱਜਦੀ ਹੈ ਅਤੇ ਤੁਸੀ ਆਪਣੇ ਹੱਥ ਉਦੋਂ ਤਕ ਅੱਡ ਕੇ ਰੱਖੋਗੇ, ਜਦ ਤਕ ਉਹ ਚਮਕ ਤੇ ਮਹਿਕ ਨਾਲ ਭਰ ਨਹੀਂ ਜਾਂਦੇ; ਫਿਰ ਤੁਸੀ ਸਫ਼ੇਦ ਆਲ੍ਹਣੇ ਵਿਚ ਸੁੱਤੇ ਪਏ ਬੋਟ ਵਾਂਗ ਹੇਠਾਂ ਧਰਤੀ ਉੱਤੇ ਲੇਟ ਕੇ ਆਰਾਮ ਕਰੋਗੇ ਅਤੇ ਤੁਸੀ ਆਪਣੇ ਆਉਣ ਵਾਲੇ ਕੱਲ੍ਹ ਦੇ ਸੁਪਨੇ ਲਵੋਗੇ ਜਿਵੇਂ ਸਫ਼ੇਦ ਬਨਫਸ਼ੇ ਦਾ ਫੁੱਲ ਬਸੰਤ ਬਹਾਰ ਦੇ।
“ਹਾਂ, ਤੇ ਤੁਸੀ ਆਪਣੇ ਸ਼ਬਦਾਂ ਦੀ ਡੂੰਘਾਈ ਤੋਂ ਵੀ ਵੱਧ ਡੂੰਘੇ ਉਤਰੋਗੇ। ਤੁਸੀ ਨਦੀ ਨਾਲਿਆਂ ਦੇ ਗੁਆਚ ਚੁੱਕੇ ਫੁੱਟਦੇ ਸੋਮਿਆਂ ਨੂੰ ਵੀ
ਤਲਾਸ਼ ਕਰੋਗੇ ਅਤੇ ਤੁਸੀ ਇਕ ਗੁੱਝੀ ਗੁਫ਼ਾ ਵਾਂਗ ਹੋਵੋਗੇ, ਜਿਸ ਵਿਚ ਡੂੰਘਾਈਆਂ ਦੀਆਂ ਮੱਧਮ ਆਵਾਜ਼ਾਂ ਗੂੰਜਦੀਆਂ ਹਨ, ਜਿਹੜੀਆਂ ਤੁਹਾਨੂੰ ਹੁਣ ਸੁਣਾਈ ਨਹੀਂ ਦੇਂਦੀਆਂ।
"ਤੁਸੀ ਆਪਣੇ ਸ਼ਬਦਾਂ ਦੀ ਡੂੰਘਾਈ ਨਾਲੋਂ ਵੀ ਡੂੰਘੇ ਜਾਵੋਗੇ। ਹਾਂ, ਧਰਤੀ ਦੇ ਧੁਰ ਅੰਦਰ ਦੀਆਂ ਆਵਾਜ਼ਾਂ ਤੋਂ ਵੀ ਡੂੰਘੇ ਅਤੇ ਉਥੇ ਤੁਸੀ ਉਸ ਪਰਮ ਪਿਤਾ ਪਰਮਾਤਮਾ ਨਾਲ ਇਕੱਲੇ ਹੀ ਵਿਚਰੋਗੇ, ਜੋ ਇਕੱਲਾ ਹੀ ਦੁਧੀਆ ਰਾਹ ਉੱਤੇ ਤੁਰਦਾ ਹੈ।”
16
ਥੋੜ੍ਹੀ ਦੇਰ ਚੁੱਪ ਰਹਿਣ ਮਗਰੋਂ ਇਕ ਚੇਲੇ ਨੇ ਅੱਗੇ ਵੱਧ ਕੇ ਪੁੱਛਿਆ, “ਸਾਡੇ ਮਾਲਕ, ਸਾਨੂੰ 'ਹੋਂਦ' ਬਾਰੇ ਕੁਝ ਦੱਸੋ। ਇਹ ਹੋਂਦ ਕੀ ਹੈ ?”
ਅਲਮੁਸਤਫ਼ਾ ਉਸ ਵਲ ਇਕ ਟੱਕ ਵੇਖਦਾ ਰਿਹਾ ਤੇ ਪਿਆਰ ਭਰੀਆਂ ਨਜ਼ਰਾਂ ਨਾਲ ਕੋਈ ਸੁਨੇਹਾ ਦਿੱਤਾ। ਉਹ ਇਕਦਮ ਉਠ ਖੜ੍ਹਾ ਹੋਇਆ ਤੇ ਉਹਨਾਂ ਸਾਰਿਆਂ ਤੋਂ ਕੁਝ ਫ਼ਾਸਲੇ 'ਤੇ ਜਾ ਖਲੋਤਾ; ਫਿਰ ਉਹਨਾਂ ਵਲ ਵਾਪਿਸ ਪਰਤਿਆ ਤੇ ਉਸ ਨੂੰ ਕਹਿਣ ਲੱਗਾ, "ਇਸ ਬਾਗ਼ ਵਿਚ ਮੇਰੇ ਮਾਪੇ ਦਫ਼ਨ ਹਨ, ਉਹਨਾਂ ਨੂੰ ਜੀਊਂਦੇ ਮਨੁੱਖਾਂ ਨੇ ਦਫ਼ਨਾਇਆ ਸੀ; ਇਸੇ ਹੀ ਬਾਗ਼ ਵਿਚ ਬੀਤੇ ਸਾਲਾਂ ਦੇ ਬੀਜ ਦਫ਼ਨ ਹਨ ਜੋ ਹਵਾ ਰਾਹੀਂ ਦੂਸਰੀ ਥਾਂ ਤੋਂ ਇਸ ਥਾਂ ਤਕ ਪੁੱਜੇ। ਹਜ਼ਾਰਾਂ ਵਾਰ ਮੇਰੇ ਮਾਪੇ ਇਥੇ ਹੀ ਦਫ਼ਨਾਏ ਜਾਣਗੇ ਅਤੇ ਹਜ਼ਾਰਾਂ ਵਾਰ ਹੀ ਹਵਾ ਇਹ ਬੀਜ ਖਿਲਾਰਦੀ ਰਹੇਗੀ; ਅਤੇ ਯਾਦ ਰਹੇ ਹਜ਼ਾਰਾਂ ਸਾਲਾਂ ਤਕ ਮੈਂ, ਤੁਸੀ ਤੇ ਇਹ ਫੁੱਲ ਇਸ ਬਾਗ਼ ਵਿਚ ਹੁਣ ਵਾਂਗ ਇਕੱਠੇ ਹੋਵਾਂਗੇ; ਇਹ ਸਾਡੀ ਹੋਂਦ ਹੋਵੇਗੀ, ਜ਼ਿੰਦਗੀ ਨੂੰ ਪਿਆਰ ਕਰਦੇ ਹੋਏ, ਇਹ ਸਾਡੀ ਹੋਂਦ ਹੀ ਹੋਵੇਗੀ ਤਾਂ ਹੀ ਅਸੀ ਇਕ ਹੋਰ ਦੁਨੀਆ ਦਾ ਸੁਪਨਾ ਲਵਾਂਗੇ। ਸਾਡੀ ਹੋਂਦ, ਸਾਡਾ ਵਜੂਦ ਹੋਵੇਗਾ ਤਾਂ ਅਸੀਂ ਸੂਰਜ ਦੀ ਉੱਚਾਈ ਤਕ ਉਪਰ ਉਠਣ ਦਾ ਸੁਪਨਾ ਲਵਾਂਗੇ।
"ਪਰ ਵਰਤਮਾਨ ਵਿਚ ਵਜੂਦ ਵਿਚ ਹੋਣਾ ਸਿਆਣਪ ਹੈ, ਮੂਰਖ ਵੀ ਇਸ ਹੋਂਦ ਤੋਂ ਅਣਜਾਣ ਨਹੀਂ, ਹੋਂਦ ਤਕੜੇ ਹੋਣ ਦਾ ਨਾਂ ਹੈ ਨਾ ਕਿ ਕਮਜ਼ੋਰ ਦਾ ਮਜ਼ਾਕ ਉਡਾਉਣ ਦਾ; ਬੱਚਿਆਂ ਨਾਲ ਇਕ ਪਿਤਾ ਵਾਂਗ ਨਾ ਖੇਡੋ, ਸਗੋਂ ਸਾਥੀਆਂ ਵਾਂਗ ਖੇਡੋ ਤਾ ਕਿ ਉਹ ਖੇਡਣਾ ਸਿੱਖ ਜਾਣ।
"ਬਜ਼ੁਰਗ ਆਦਮੀ ਤੇ ਔਰਤਾਂ ਨਾਲ ਸਾਦਗੀ ਤੇ ਨਿਰਛਲਤਾ ਨਾਲ
ਪੇਸ਼ ਆਓ ਤੇ ਉਹਨਾਂ ਨਾਲ ਪੁਰਾਣੇ ਬਬੂਲ ਦੇ ਦਰੱਖ਼ਤ ਦੀ ਛਾਵੇਂ ਬੈਠ ਕੇ ਆਨੰਦ ਮਾਣੋ, ਭਾਵੇਂ ਤੁਸੀ ਆਪਣੀ ਭਰ ਜੁਆਨੀ ਦੀ ਬਸੰਤ ਬਹਾਰ ਮਾਣਨ ਦੀ ਉਮਰ ਵਿਚ ਕਿਉਂ ਨਾ ਹੋਵੋ;
“ਕਵੀ ਦੀ ਤਲਾਸ਼ ਕਰੋ ਭਾਵੇਂ ਉਹ ਸੱਤ ਸਮੁੰਦਰ ਪਾਰ ਕਿਉਂ ਨਾ ਰਹਿੰਦਾ ਹੋਵੇ, ਉਸ ਦੀ ਮੌਜੂਦਗੀ ਵਿਚ ਸ਼ਾਤ ਰਹੋ, ਕਿਸੇ ਚੀਜ਼ ਦੀ ਇੱਛਾ ਨਾ ਰੱਖੋ, ਕੋਈ ਮੰਗ ਨਾ ਕਰੋ, ਤੇ ਨਾ ਹੀ ਤੁਹਾਡੀ ਜ਼ੁਬਾਨ ਉੱਤੇ ਕੋਈ ਸੁਆਲ ਹੋਵੇ;
“ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਸੰਤ ਤੇ ਗੁਨਾਹਗਾਰ ਦੋਵੇਂ ਜੁੜਵੇਂ ਭਰਾ ਹਨ, ਉਨ੍ਹਾਂ ਦਾ ਪਿਤਾ ਉਹੀ ਪਰਮਾਤਮਾ ਹੈ ਜੋ ਸਾਡਾ ਵੀ ਪਿਤਾ ਹੈ, ਇਹਨਾਂ ਦੋਹਾਂ ਵਿੱਚੋਂ ਇਕ ਭਰਾ ਇਕ ਮਿੰਟ ਪਹਿਲਾਂ ਪੈਦਾ ਹੋਇਆ ਤੇ ਦੂਸਰਾ ਬਾਅਦ ਵਿਚ, ਇਸ ਲਈ ਅਸੀ ਪਹਿਲੇ ਪੈਦਾ ਹੋਏ ਦਾ ਮਾਣ ਇਕ ਸ਼ਹਿਜ਼ਾਦੇ ਵਾਂਗ ਕਰਦੇ ਹਾਂ;
“ਖੂਬਸੂਰਤੀ ਦੇ ਪਿੱਛੇ ਪਿੱਛੇ ਤੁਰ ਪਵੋ ਭਾਵੇਂ ਉਹ ਤੁਹਾਨੂੰ ਚਟਾਨ ਦੇ ਕੰਢੇ 'ਤੇ ਕਿਉਂ ਨਾ ਲੈ ਜਾਵੇ; ਭਾਵੇਂ ਉਹ ਖੰਭਾਂ ਦੇ ਆਸਰੇ ਉਡਾਰੀ ਮਾਰਦੀ ਹੈ ਅਤੇ ਤੁਸੀ ਖੰਭਾਂ ਤੋਂ ਬਿਨਾਂ ਹੁੰਦੇ ਹੋ, ਭਾਵੇਂ ਉਹ ਕਿਨਾਰਾ ਵੀ ਟੱਪ ਜਾਏ ਤਾਂ ਵੀ ਉਸ ਦਾ ਪਿੱਛਾ ਕਰੋ ਕਿਉਂਕਿ ਜਿਥੇ ਖ਼ੂਬਸੂਰਤੀ ਨਹੀਂ ਉਥੇ ਕੁਝ ਵੀ ਨਹੀਂ ਹੈ;
“ਤੁਸੀ ਚਾਰਦੀਵਾਰੀ ਤੋਂ ਬਿਨਾਂ ਬਾਗ਼ ਬਣੋ, ਰਖਵਾਲੇ ਤੋਂ ਬਿਨਾਂ ਅੰਗੂਰਾਂ ਦਾ ਬਗ਼ੀਚਾ ਅਤੇ ਬਹੁਮੁੱਲਾ ਖ਼ਜ਼ਾਨਾ ਜੋ ਆਉਂਦੇ ਜਾਂਦੇ ਰਾਹੀਆਂ ਵਾਸਤੇ ਖੁੱਲ੍ਹਾ ਰਹੇ;
"ਭਾਵੇਂ ਕੋਈ ਤੁਹਾਨੂੰ ਲੁੱਟ ਲਵੇ, ਧੋਖਾ ਦੇਵੇ, ਛਲ-ਫ਼ਰੇਬ ਕਰੇ, ਗ਼ਲਤ ਰਾਹ 'ਤੇ ਪਾਏ, ਧੋਖੇ ਨਾਲ ਕਾਬੂ ਕਰੇ ਤੇ ਫਿਰ ਤੁਹਾਡਾ ਮੌਜੂ ਬਣਾਏ; ਪਰ ਇਹ ਸਭ ਕੁਝ ਹੁੰਦਿਆਂ ਵੀ ਤੁਸੀ ਆਪਣੇ ਵਿਸ਼ਾਲ ਆਪੇ ਤੋਂ ਉੱਚਾ ਉਠ ਕੇ ਉਹਨਾਂ ਵਲ ਨਿਗਾਹ ਮਾਰੋ ਤੇ ਮੁਸਕਰਾ ਦਿਓ। ਅਜਿਹਾ ਕਰਦੇ ਹੋਏ ਤੁਸੀ ਦਿਲ ਦਿਮਾਗ਼ ਵਿਚ ਇਕ ਗੱਲ ਪੱਕੀ ਜਾਣੋ ਕਿ ਤੁਹਾਡੇ ਦਿਲ ਰੂਪੀ ਬਗ਼ੀਚੇ ਵਿਚ ਬਸੰਤ ਬਹਾਰ ਆਏਗੀ ਤੇ ਇੱਛਾਵਾਂ ਰੂਪੀ ਪੱਤਿਆਂ ਨਾਲ ਮੌਜ ਮਸਤੀ ਕਰੇਗੀ ਅਤੇ ਪੱਤਝੜ ਦੀ ਰੁੱਤੇ ਅੰਗੂਰ ਪੱਕਣਗੇ। ਇਹ ਵੀ
ਜਾਣ ਲਵੋ ਕਿ ਜੇ ਸਾਰੀਆਂ ਖਿੜਕੀਆਂ ਵਿੱਚੋਂ ਇਕ ਖਿੜਕੀ ਪੂਰਬ ਦਿਸ਼ਾ ਵਲ ਖੁਲ੍ਹਦੀ ਹੈ ਤਾਂ ਤੁਹਾਨੂੰ ਕਦੇ ਵੀ ਖ਼ਾਲੀਪਣ ਦਾ ਅਹਿਸਾਸ ਨਹੀਂ ਹੋਏਗਾ। ਇਹ ਵੀ ਯਾਦ ਰੱਖੋ ਕਿ ਇਹ ਸਾਰੇ ਗ਼ਲਤ ਕੰਮ ਕਰਨ ਵਾਲੇ ਲੁਟੇਰੇ, ਠੱਗ ਤੇ ਧੋਖੇਬਾਜ਼ ਤੁਹਾਡੇ ਭਰਾ ਹਨ ਤੇ ਲੋੜਵੰਦ ਵੀ; ਅਤੇ ਕੁਦਰਤੀ ਇਹਨਾਂ ਸਾਰਿਆਂ ਵਿੱਚੋਂ ਤੁਸੀ ਇਸ ਨਗਰ ਤੋਂ ਪਰ੍ਹੇ ਅਦਿੱਖ ਸ਼ਹਿਰ ਦੇ ਮਾਨਯੋਗ ਨਿਵਾਸੀ ਹੋ।
"ਅਤੇ ਹੁਣ ਤੁਹਾਡੇ ਹੱਥ ਉਹਨਾਂ ਸਭ ਚੀਜ਼ਾਂ ਨੂੰ ਆਕਾਰ ਵਿਚ ਢਾਲਦੇ ਤੇ ਤਰਾਸ਼ਦੇ ਹਨ, ਜਿਹਨਾਂ ਦੀ ਦਿਨ ਰਾਤ ਸਾਨੂੰ ਆਪਣੇ ਆਰਾਮ ਲਈ ਲੋੜ ਹੈ।
"ਵਜੂਦ ਵਿਚ ਹੋਣਾ ਉਸ ਜੁਲਾਹੇ ਵਾਂਗ ਹੈ, ਜਿਸ ਦਾ ਧਿਆਨ ਉਂਗਲਾਂ ਉੱਤੇ ਟਿਕਿਆ ਹੁੰਦਾ ਹੈ ਤੇ ਉਹ ਇਕ ਨਿਰਮਾਤਾ ਰੌਸ਼ਨੀ ਤੇ ਪੁਲਾੜ ਤੋਂ ਜਾਣੂ ਹੁੰਦਾ ਹੈ; ਇਹ ਹੋਂਦ ਇਕ ਹਲ ਵਾਹੁਣ ਵਾਲੇ ਕਿਸਾਨ ਦੀ ਹੈ, ਜੋ ਜਾਣਦਾ ਹੈ ਕਿ ਹਰ ਬੀਜੇ ਜਾਣ ਵਾਲੇ ਬੀਜ ਵਿਚ ਤੁਸੀਂ ਬਹੁਮੁੱਲਾ ਖ਼ਜ਼ਾਨਾ ਛੁਪਾ ਰਹੇ ਹੋ, ਤੁਸੀਂ ਇਕ ਮਛਿਆਰੇ ਤੇ ਸ਼ਿਕਾਰੀ ਦੀ ਤਰ੍ਹਾਂ ਹੋ ਜਿਹੜੇ ਮੱਛੀ ਅਤੇ ਜਾਨਵਰ ਉੱਤੇ ਰਹਿਮ ਕਰਦੇ ਹਨ ਭਾਵੇਂ ਮਨੁੱਖ ਦੀ ਲੋੜ ਤੇ ਭੁੱਖ ਵਧੇਰੇ ਦਇਆ ਦੀ ਪਾਤਰ ਹੈ।
"ਇਸ ਤੋਂ ਵੀ ਜ਼ਿਆਦਾ ਮੈਂ ਇਹ ਕਹਾਂਗਾ, ਮੈਂ ਤੁਹਾਨੂੰ ਹਰ ਮਨੁੱਖ ਦੇ ਕੰਮ ਆਉਣ ਦੇ ਮੰਤਵ ਲਈ ਹਰ ਇਕ ਨੂੰ ਆਪਣਾ ਸਾਥੀ ਬਣਾਵਾਂਗਾ, ਕਿਉਂਕਿ ਇਸੇ ਤਰ੍ਹਾਂ ਹੀ ਤੁਸੀ ਆਪਣੇ ਅਸਲੀ ਮੰਤਵ ਤਕ ਪੁੱਜਣ ਦੀ ਆਸ ਰੱਖੋਗੇ।
" ਮੇਰੇ ਸਾਥੀਓ, ਮੇਰੇ ਪਿਆਰਿਓ, ਬਲਵਾਨ ਬਣੋ ਕਮਜ਼ੋਰ ਨਹੀਂ; ਵਿਸ਼ਾਲ ਸੋਚ ਰੱਖੋ ਤੰਗ ਨਹੀਂ; ਜਦੋਂ ਤਕ ਮੇਰੀ ਤੇ ਤੁਹਾਡੀ ਅੰਤਮ ਘੜੀ ਸਾਡੇ ਮਹਾਨ ਆਪੇ ਵਿਚ ਨਹੀਂ ਬਦਲ ਜਾਂਦੀ।”
ਉਸ ਨੇ ਥੋੜ੍ਹੀ ਦੇਰ ਲਈ ਚੁੱਪ ਸਾਧ ਲਈ, ਉਸ ਦੇ ਨੌਂ ਚੇਲੇ ਜੋ ਉਥੇ ਹਾਜ਼ਰ ਬਨ ਦੇ ਚਿਹਰਿਆਂ ਉੱਤੇ ਉਦਾਸੀ ਛਾ ਗਈ।
ਉਹਨਾਂ ਵਿੱਚੋਂ ਤਿੰਨ ਮਲਾਹ ਸਨ ਜੋ ਸਮੁੰਦਰੀ ਯਾਤਰਾ ਲਈ ਉਤਾਵਲੇ ਸਨ ਅਤੇ ਉਹਨਾਂ ਵਿੱਚੋਂ ਕੁਝ ਉਹ ਵੀ ਸਨ ਜੋ ਧਰਮ ਸਥਾਨਾਂ ਦੇ ਪੁਜਾਰੀ ਸਨ ਤੇ ਗਿਰਜਾ ਘਰਾਂ ਵਲੋਂ ਧਰਵਾਸ ਮਿਲਣ ਲਈ ਉਤਾਵਲੇ ਸਨ ਅਤੇ ਜਿਹੜੇ ਉਸ ਦੇ ਬਚਪਨ ਦੇ ਸਾਥੀ ਮਾਰਕੀਟ ਜਾਣ ਦੀ ਇੱਛਾ ਰੱਖਦੇ ਸਨ। ਸਾਰੇ ਹੀ ਉਸ ਦੀਆਂ ਗੱਲਾਂ ਨੂੰ ਸਮਝ ਨਹੀਂ ਸਨ ਰਹੇ, ਉਹਨਾਂ ਸਾਰਿਆਂ ਦੀ ਆਵਾਜ਼ ਉਸ ਤਕ ਪੁੱਜ ਕੇ ਇੰਜ ਪਰਤ ਆਉਂਦੀ ਜਿਵੇਂ ਥਕਿਆ ਹਾਰਿਆ ਤੇ ਬੇਘਰ ਪੰਛੀ ਆਸਰੇ ਦੀ ਭਾਲ ਵਿਚ ਹੋਵੇ।
ਅਲਮੁਸਤਫ਼ਾ ਬਾਗ਼ ਵਿਚ ਉਹਨਾਂ ਤੋਂ ਥੋੜ੍ਹਾ ਪਰ੍ਹੇ ਚਲਾ ਗਿਆ, ਉਸ ਨੇ ਨਾ ਕੁਝ ਕਿਹਾ ਤੇ ਨਾ ਹੀ ਉਹਨਾਂ ਵਲ ਵੇਖਿਆ। ਉਹ ਸਾਰੇ ਚੇਲੇ ਆਪਸ ਵਿਚ ਸੋਚੀਂ ਪੈ ਗਏ ਅਤੇ ਵਾਪਸ ਜਾਣ ਦੀ ਤਾਂਘ ਲਈ ਬਹਾਨਾ ਭਾਲਣ ਲੱਗੇ।
ਫਿਰ ਉਹ ਸਾਰੇ ਪਰਤੇ ਤੇ ਆਪਣੇ ਆਪਣੇ ਥਾਂ ਟਿਕਾਣੇ 'ਤੇ ਚਲੇ ਗਏ ਤੇ ਉਹਨਾਂ ਦਾ ਚਹੇਤਾ ਤੇ ਹਰਮਨ ਪਿਆਰਾ ਅਲਮੁਸਤਫ਼ਾ ਉਥੇ ਇਕੱਲਾ ਰਹਿ ਗਿਆ ਸੀ।
17
ਜਦੋਂ ਰਾਤ ਡੂੰਘੀ ਪੈ ਗਈ ਤਾਂ ਉਸ ਦੇ ਕਦਮ ਆਪਣੀ ਮਾਂ ਦੀ ਕਬਰ ਵਲ ਵਧੇ; ਉਹ ਉਸ ਥਾਂ ਕਬਰ ਦੇ ਨੇੜੇ ਉੱਗੇ ਹੋਏ ਦਿਓਦਾਰ ਦੇ ਦਰੱਖ਼ਤ ਹੇਠ ਬਹਿ ਗਿਆ । ਉਥੇ ਆਕਾਸ਼ ਦੀ ਰੌਸ਼ਨੀ ਸਿੱਧੀ ਪੈ ਰਹੀ ਸੀ ਅਤੇ ਬਗੀਚਾ ਇੰਜ ਚਮਕਦਾ ਜਾਪਦਾ ਸੀ ਜਿਵੇਂ ਧਰਤੀ ਦੀ ਹਿੱਕ ਉੱਤੇ ਬਹੁਮੁੱਲਾ ਹੀਰਾ ਪਿਆ ਹੋਵੇ।
ਉਸ ਇਕੱਲ ਵਿਚ ਉਸ ਦੀ ਆਤਮਾ ਕੁਰਲਾ ਉਠੀ ਤੇ ਉਹ ਆਪ ਮੁਹਾਰਾ ਕਹਿਣ ਲੱਗਾ:
“ਮੇਰੀ ਆਤਮਾ ਆਪਣੇ ਹੀ ਪੱਕੇ ਹੋਏ ਫ਼ਲਾਂ ਦੇ ਭਾਰ ਹੇਠ ਦੱਬੀ ਪਈ ਹੈ। ਕੌਣ ਹੈ ਜੋ ਆ ਕੇ ਇਹ ਫ਼ਲ ਲੈ ਕੇ ਸੰਤੁਸ਼ਟ ਹੋ ਜਾਵੇ ? ਕੀ ਕੋਈ ਵੀ ਅਜਿਹਾ ਨਹੀਂ ਜਿਸ ਨੇ ਵਰਤ ਰੱਖਿਆ ਹੋਵੇ, ਜੋ ਰਹਿਮ ਦਿਲ ਤੇ ਦਇਆਲੂ ਹੋਵੇ ਤੇ ਆ ਕੇ ਸੂਰਜ ਦੇਵਤਾ ਪ੍ਰਤੀ ਮੇਰੇ ਵਲੋਂ ਪਹਿਲੇ ਚੜ੍ਹਾਵੇ ਨਾਲ ਆਪਣਾ ਵਰਤ ਖੋਲ੍ਹੇ ਅਤੇ ਮੇਰੇ ਆਪਣੇ ਹੀ ਭਾਰ ਨਾਲ ਲੱਦੀ ਆਤਮਾ ਦਾ ਬੋਝ ਹਲਕਾ ਕਰੇ ?
"ਮੇਰੀ ਆਤਮਾ ਯੁਗਾਂ-ਯੁਗਾਤਰਾਂ ਦੀ ਸ਼ਰਾਬ ਨਾਲ ਭਰਪੂਰ ਰਹੀ ਹੈ। ਕੀ ਕੋਈ ਅਜਿਹਾ ਪਿਆਸਾ ਨਹੀਂ ਜੋ ਆ ਕੇ ਆਪਣੀ ਪਿਆਸ ਬੁਝਾਵੇ ?
"ਇਕ ਵਾਰੀ ਇਕ ਆਦਮੀ ਚੌਰਾਹੇ ਵਿਚ ਆਉਂਦੇ ਜਾਂਦੇ ਰਾਹੀਆਂ ਵਲ ਹੱਥ ਫੈਲਾ ਕੇ ਖੜਾ ਸੀ ਜੋ ਹੀਰੇ ਜਵਾਹਰਾਤ ਨਾਲ ਭਰੇ ਹੋਏ ਸਨ। ਉਹ ਆਉਂਦੇ ਜਾਂਦੇ ਰਾਹੀਆਂ ਅੱਗੇ ਵਾਸਤੇ ਪਾ ਰਿਹਾ ਸੀ: “ਮੇਰੇ ਉੱਤੇ ਤਰਸ ਕਰੋ ਅਤੇ ਇਹ ਹੀਰੇ ਜਵਾਹਰਾਤ ਲੈ ਜਾਓ। ਰੱਬ ਦੇ ਵਾਸਤੇ ਮੇਰੇ ਹੱਥਾਂ ਵਿੱਚੋਂ ਇਹ ਚੁਕ ਲਵੋ ਤਾਕਿ ਮੈਨੂੰ ਸ਼ਾਂਤੀ ਮਿਲੇ।”
"ਪਰ ਆਉਂਦੇ ਜਾਂਦੇ ਰਾਹੀ ਕੇਵਲ ਉਸ ਵਲ ਵੇਖਦੇ ਤੇ ਅੱਗੇ ਲੰਘ ਜਾਂਦੇ, ਕਿਸੇ ਨੇ ਵੀ ਹੱਥ ਤੋਂ ਕੁਝ ਨਾ ਚੁਕਿਆ।
"ਜੇ ਕਦੇ ਉਹ ਭਿਖਾਰੀ ਹੁੰਦਾ ਤੇ ਕੁਝ ਲੈਣ ਵਾਸਤੇ ਹੱਥ ਅੱਡੇ ਹੁੰਦੇ, ਕੰਬਦੇ ਹੱਥ ਅਤੇ ਮੁੜ ਖ਼ਾਲੀ ਹੱਥ ਆਪਣੇ ਸੀਨੇ ਨਾਲ ਲਾ ਲੈਂਦਾ, ਉਹ ਉਸ ਨਾਲੋਂ ਬਿਹਤਰ ਸੀ ਜੋ ਤੋਹਫ਼ਿਆਂ ਨਾਲ ਭਰੇ ਹੱਥ ਦੇਣ ਵਾਸਤੇ ਅੱਗੇ ਕਰਦਾ ਸੀ ਪਰ ਕੋਈ ਕਬੂਲ ਕਰਨ ਲਈ ਤਿਆਰ ਨਹੀਂ ਸੀ ਹੁੰਦਾ।
“ਇਸੇ ਤਰ੍ਹਾਂ ਦਾ ਇਕ ਵਾਕਿਆ ਦਇਆਲੂ ਸ਼ਹਿਜ਼ਾਦੇ ਦਾ ਹੈ, ਜਿਸ ਨੇ ਪਹਾੜ ਅਤੇ ਰੇਗਿਸਤਾਨ ਵਿਚ ਆਪਣੇ ਸ਼ਾਹੀ ਤੰਬੂ ਗੱਡ ਦਿੱਤੇ ਤੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਅੱਗ ਬਾਲ ਦਿਓ ਤਾ ਕਿ ਅਜਨਬੀਆਂ ਤੇ ਭੁੱਲੇ ਭਟਕਿਆਂ ਨੂੰ ਉਹਨਾਂ ਦੀ ਮੌਜੂਦਗੀ ਦਾ ਪਤਾ ਲੱਗ ਜਾਏ; ਅਤੇ ਆਪਣੇ ਗ਼ੁਲਾਮਾਂ ਨੂੰ ਸੜਕ ਵਲ ਭੇਜਿਆ ਤਾਕਿ ਕੋਈ ਮਹਿਮਾਨ ਮਿਲੇ ਤਾਂ ਲੈ ਆਉਣਾ ਪਰ ਰੇਗਿਸਤਾਨ ਦੀਆਂ ਸੜਕਾਂ ਤੇ ਰਸਤੇ ਉਜਾੜ ਸਨ, ਕੋਈ ਵੀ ਉਧਰੋਂ ਨਾ ਲੰਘਿਆ।
"ਜੇ ਕਿਤੇ ਉਹ ਸ਼ਹਿਜ਼ਾਦਾ, ਇਕ ਸਾਧਾਰਨ ਗ਼ਰੀਬੜਾ ਆਦਮੀ ਹੁੰਦਾ, ਰੋਟੀ ਤੇ ਆਸਰੇ ਦੀ ਤਲਾਸ਼ ਵਿਚ ਭਟਕਦਾ। ਜੇ ਕਿਤੇ ਉਹ ਭੁਲਿਆ ਭਟਕਿਆ ਅਜਨਬੀ ਹੁੰਦਾ ਜਿਸ ਕੋਲ ਕੇਵਲ ਇਕ ਡੰਡਾ ਤੇ ਮਿੱਟੀ ਦੇ ਬਰਤਨ ਤੋਂ ਸਿਵਾਏ ਕੁਝ ਨਾ ਹੁੰਦਾ। ਅਤੇ ਰਾਤ ਪੈਂਦਿਆਂ ਉਹ ਆਪਣੇ ਵਰਗੇ ਗ਼ਰੀਬੜੇ ਸਾਥੀਆਂ ਤੇ ਸਾਧਾਰਨ ਅਣਜਾਣ ਕਵੀਆਂ ਨੂੰ ਮਿਲਦਾ ਤੇ ਉਹਨਾਂ ਨਾਲ ਆਪਣੀ ਭਿਖਿਆ, ਯਾਦਾਂ ਤੇ ਸੁਪਨਿਆਂ ਨੂੰ ਸਾਂਝਾ ਕਰਦਾ ਤਾਂ ਕਿਤੇ ਬਿਹਤਰ ਸੀ।
"ਇਸੇ ਤਰ੍ਹਾਂ ਦੀ ਇਕ ਘਟਨਾ ਬਾਦਸ਼ਾਹ ਦੀ ਧੀ ਦੀ ਹੈ ਜੋ ਨੀਂਦ ਤੋਂ ਜਾਗੀ, ਉਸ ਨੇ ਰੇਸ਼ਮੀ ਕਪੜੇ ਪਹਿਣੇ ਤੇ ਹੀਰੇ ਮੋਤੀਆਂ ਨਾਲ ਹਾਰ ਸ਼ਿੰਗਾਰ ਕੀਤਾ, ਵਾਲਾਂ ਉੱਤੇ ਖ਼ੁਸ਼ਬੂਦਾਰ ਤੇਲ ਲਾਇਆ ਤੇ ਜਿਸਮ ਉੱਤੇ ਖ਼ੁਸ਼ਬੂ ਲਾਈ। ਉਹ ਮਹਿਲਾਂ ਵਿੱਚੋਂ ਉਤਰ ਕੇ ਬਾਗ਼ ਵਿਚ ਪੁੱਜੀ ਜਿਥੇ ਰਾਤ ਵੇਲੇ ਪਈ ਤ੍ਰੇਲ ਨਾਲ ਉਸ ਦੇ ਸੁਨਹਿਰੀ ਸੈਂਡਲ ਭਿੱਜ ਗਏ।
“ਸ਼ਾਂਤਮਈ ਰਾਤ ਵਿਚ ਬਾਦਸ਼ਾਹ ਦੀ ਧੀ ਬਗ਼ੀਚੇ ਵਿਚ ਪਿਆਰ ਦੀ ਤਲਾਸ਼ ਵਿਚ ਆਈ, ਪਰ ਉਸ ਦੇ ਪਿਤਾ ਦੇ ਵਿਸ਼ਾਲ ਰਾਜ ਵਿਚ ਕੋਈ
ਇਕ ਵੀ ਨੌਜੁਆਨ ਅਜਿਹਾ ਨਹੀਂ ਸੀ ਜੋ ਉਸ ਨੂੰ ਪਿਆਰ ਕਰਦਾ।
"ਜੇ ਕਿਤੇ ਉਹ ਇਕ ਕਿਸਾਨ ਦੀ ਧੀ ਹੁੰਦੀ, ਜੋ ਖੇਤਾਂ ਵਿਚ ਭੇਡਾਂ ਚਾਰਦੀ ਅਤੇ ਸ਼ਾਮ ਨੂੰ ਸੜਕਾਂ ਦੀ ਮਿੱਟੀ ਧੂੜ ਨਾਲ ਲਥਪਥ ਪੈਰਾਂ ਨਾਲ ਉਹ ਘਰ ਪਰਤਦੀ; ਉਸ ਦੇ ਕਪੜਿਆਂ ਵਿੱਚੋਂ ਅੰਗੂਰਾਂ ਦੇ ਬਾਗ਼ਾਂ ਦੀ ਮਹਿਕ ਆਉਂਦੀ ਹੁੰਦੀ। ਅਤੇ ਰਾਤ ਨੂੰ ਜਦੋਂ ਸਾਰੀ ਦੁਨੀਆਂ ਨੀਂਦ ਰਾਣੀ ਦੀ ਗੋਦ ਵਿਚ ਮਸਤ ਪਈ ਹੁੰਦੀ ਤਾਂ ਉਸ ਦੇ ਚੁਪਕੇ ਜਿਹੇ ਧੀਮੇ ਕਦਮ ਦਰਿਆ ਦੀ ਘਾਟੀ ਵਲ ਆਪ ਮੁਹਾਰੇ ਉੱਠਦੇ ਜਿਥੇ ਉਸ ਦਾ ਪ੍ਰੇਮੀ ਉਸ ਦੀ ਉਡੀਕ ਵਿਚ ਘੜੀਆਂ ਗਿਣ ਰਿਹਾ ਹੁੰਦਾ। (ਉਸ ਬਾਦਸ਼ਾਹ ਦੀ ਧੀ ਨਾਲੋਂ ਕਿਤੇ ਵਧ ਖ਼ੁਸ਼ਕਿਸਮਤ ਸੀ।)
"ਜੇ ਕਦੇ ਉਹ ਸੰਤਨੀ (ਨੱਨ) ਹੁੰਦੀ, ਜੋ ਵੀਰਾਨ ਜਗ੍ਹਾ 'ਤੇ ਆਸ਼ਰਮ ਵਿਚ ਧੂਫ਼ ਦੀ ਥਾਂ ਆਪਣੇ ਸਾਹਾਂ ਨੂੰ ਬਾਲ ਰਹੀ ਹੁੰਦੀ ਤਾ ਕਿ ਉਸ ਦੇ ਸਾਹ ਹਵਾ ਵਿਚ ਰਲ ਸਕਣ, ਅਤੇ ਉਹ ਆਪਣੇ ਹੋਰ ਸਾਰੇ ਸਾਥੀਆਂ, ਜੋ ਪੂਜਾ ਕਰਦੇ, ਪਿਆਰ ਕਰਦੇ ਤੇ ਪਿਆਰੇ ਜਾਂਦੇ, ਨਾਲ ਮਿਲ ਕੇ ਆਪਣੀ ਆਤਮਾ ਦੀ ਬੁਝਦੀ ਲੋਅ ਨੂੰ ਕਾਇਮ ਰੱਖਣ ਦਾ ਯਤਨ ਕਰਦੀ ਤਾ ਕਿ ਇਹ ਰੌਸ਼ਨੀ ਉਸ ਮਹਾਨ ਰੌਸ਼ਨੀ ਵਲ ਉੱਠ ਸਕੇ।
"ਕਾਸ਼ ਕਿਤੇ ਉਹ ਬਜ਼ੁਰਗ ਔਰਤ ਹੁੰਦੀ ਜੋ ਧੁੱਪੇ ਬੈਠ ਕੇ, ਜਵਾਨੀ ਵਿਚ ਆਪਣੇ ਸਾਥੀ ਨਾਲ ਬਿਤਾਏ ਦਿਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੀ।"
ਰਾਤ ਹੋਰ ਡੂੰਘੀ ਪਸਰ ਗਈ ਸੀ ਅਤੇ ਅਲਮੁਸਤਫ਼ਾ ਸ਼ਾਂਤ ਰਾਤ ਦੇ ਮਾਹੌਲ ਵਿਚ ਹੋਰ ਗੰਭੀਰ ਹੋ ਗਿਆ ਸੀ ਅਤੇ ਉਸ ਦੀ ਆਤਮਾ ਜਿਵੇਂ ਅਣਵੱਸਿਆ ਬੱਦਲ ਹੋਵੇ। ਉਸ ਦੇ ਅੰਦਰੋਂ ਫਿਰ ਚੀਸ ਉਠੀ :
“ਮੇਰੀ ਆਤਮਾ ਆਪਣੇ ਹੀ ਪੱਕੇ ਫ਼ਲਾਂ ਦੇ ਭਾਰ ਨਾਲ ਲੱਦੀ ਹੋਈ ਹੈ,
ਮੇਰੀ ਆਤਮਾ ਆਪਣੇ ਹੀ ਫ਼ਲਾਂ ਦੇ ਭਾਰ ਹੇਠ ਦੱਬੀ ਹੋਈ ਏ।
ਕੌਣ ਹੈ ਜੋ ਆਏਗਾ ਤੇ ਫ਼ਲ ਖਾ ਕੇ ਸੰਤੁਸ਼ਟ ਹੋ ਜਾਏਗਾ ?
ਮੇਰੀ ਆਤਮਾ ਆਪਣੀ ਹੀ ਸ਼ਰਾਬ ਨਾਲ ਲਬਾਲਬ ਭਰੀ ਹੋਈ ਏ।
ਕੌਣ ਹੈ ਜੋ ਇਹ ਸ਼ਰਾਬ ਪਿਆਲੇ ਵਿਚ ਪਾ ਕੇ ਪੀ ਲਵੇ ਤੇ ਪਿਆਸੇ ਦਿਲ ਦੀ ਪਿਆਸ ਬੁਝਾਏਗਾ ?
"ਜੇ ਕਿਤੇ ਮੈਂ ਫੁੱਲ ਤੇ ਫ਼ਲਹੀਣ ਦਰੱਖ਼ਤ ਹੁੰਦਾ, ਭਾਰ ਦਾ ਦਰਦ ਬਾਂਝਪੁਣੇ ਨਾਲੋਂ ਵਧੇਰੇ ਤਕਲੀਫ਼ ਦੇਹ ਹੁੰਦਾ ਹੈ, ਅਤੇ ਉਸ ਅਮੀਰ ਦਾ ਦੁੱਖ ਜਿਸ ਕੋਲੋਂ ਕੋਈ ਕੁਝ ਕਬੂਲਦਾ ਨਹੀਂ ਉਸ ਭਿਖਾਰੀ ਦੇ ਦੁੱਖ ਨਾਲੋਂ ਕਿਤੇ ਜ਼ਿਆਦਾ ਹੁੰਦਾ ਏ, ਜਿਸ ਨੂੰ ਕੋਈ ਕੁਝ ਦੇਂਦਾ ਨਹੀਂ।
"ਜੇ ਕਿਤੇ ਮੈਂ ਸੁੱਕਾ, ਖ਼ੁਸ਼ਕ ਖੂਹ ਹੁੰਦਾ, ਤੇ ਲੋਕ ਉਸ ਵਿਚ ਪੱਥਰ ਸੁੱਟਦੇ; ਪਰ ਖ਼ੁਸ਼ਕ ਤੇ ਝੁਲਸਿਆ ਹੋਇਆ ਖੂਹ ਹੋਣਾ ਕਿਤੇ ਚੰਗਾ ਹੈ। ਬਜਾਏ ਇਸ ਦੇ ਕਿ ਉਸ ਵਿਚ ਪਾਣੀ ਤਾਂ ਹੋਵੇ ਪਰ ਆਉਂਦੇ ਜਾਂਦੇ ਰਾਹੀ ਉਸ ਵਿੱਚੋਂ ਪਾਣੀ ਨਾ ਪੀਣ।
"ਜੇ ਕਿਤੇ ਮੈਂ ਪੈਰਾਂ ਹੇਠ ਮਿੱਧੀ ਜਾਣ ਵਾਲੀ ਦੱਭ ਹੁੰਦਾ, ਇਹ ਵਧੇਰੇ ਚੰਗਾ ਹੁੰਦਾ, ਉਸ ਚਾਂਦੀ ਰੰਗੀ ਤਾਰ ਦੀ ਬਣੀ ਬੰਸਰੀ ਨਾਲੋਂ
ਜਿਸ ਘਰ ਦੇ ਮਾਲਕ ਦੀਆਂ ਉਂਗਲਾਂ ਨਾ ਹੋਣ ਅਤੇ ਜਿਸ ਦੇ ਬੱਚੇ ਬੋਲੇ ਹੋਣ।”
18
ਲਗਾਤਾਰ ਸੱਤ ਦਿਨ ਤੇ ਸੱਤ ਰਾਤਾਂ ਕੋਈ ਵੀ ਉਸ ਬਾਗ਼ ਦੇ ਨੇੜੇ ਨਾ ਢੁਕਿਆ, ਬਸ ਇਕੱਲਾ ਉਹ ਸੀ ਜਾਂ ਉਸ ਦੀਆਂ ਯਾਦਾਂ ਤੇ ਉਸ ਦਾ ਦਰਦ, ਉਹ ਲੋਕ ਜੋ ਉਸ ਦੀਆਂ ਗੱਲਾਂ ਪਿਆਰ ਤੇ ਸਬਰ ਨਾਲ ਸੁਣਦੇ ਸਨ, ਉਹ ਵੀ ਆਪਣੇ ਕੰਮਾਂ-ਕਾਰਾਂ ਵਿਚ ਰੁੱਝ ਗਏ ਸਨ।
ਕੇਵਲ ਕਰੀਮਾ ਨੇ ਉਸ ਦੇ ਨੇੜੇ ਆਉਣ ਦਾ ਹੌਂਸਲਾ ਕੀਤਾ, ਜਿਸ ਦੇ ਚਿਹਰੇ ਉੱਤੇ ਚੁੱਪ ਦੀ ਨਕਾਬ ਸੀ, ਉਸ ਦੇ ਹੱਥਾਂ ਵਿਚ ਕੱਪ ਤੇ ਪਲੇਟ ਸੀ ਜਿਸ ਵਿਚ ਉਹ ਉਸ ਦੀ ਇੱਕਲਤਾ ਤੇ ਭੁੱਖ ਵਾਸਤੇ ਕੁਝ ਖਾਣ-ਪੀਣ ਲਈ ਲੈ ਕੇ ਆਈ ਸੀ। ਉਹ ਚੀਜ਼ਾਂ ਉਸ ਦੇ ਅੱਗੇ ਰੱਖ ਕੇ ਬਾਹਰ ਨਿਕਲ ਗਈ।
ਅਲਮੁਸਤਫ਼ਾ ਫਿਰ ਗੇਟ ਦੇ ਨੇੜੇ ਉੱਗੇ ਚਿੱਟੇ ਚਿਨਾਰ ਦੇ ਦਰੱਖ਼ਤ ਕੋਲ ਆਇਆ ਤੇ ਉੱਥੇ ਹੀ ਬੈਠ ਕੇ ਦੂਰ ਸੜਕ ਵਲ ਨਿਗਾਹ ਮਾਰੀ। ਥੋੜ੍ਹੀ ਹੀ ਦੇਰ ਪਿੱਛੋਂ ਉਸ ਨੇ ਵੇਖਿਆ ਜਿਵੇਂ ਸੜਕ ਉੱਤੇ ਮਿੱਟੀ ਦੇ ਬੱਦਲ ਉਡਦੇ ਹੋਏ ਉਸ ਵਲ ਵਧ ਰਹੇ ਹੋਣ । ਬੱਦਲਾਂ ਦੇ ਇਸ ਗਹਿਰ ਵਿੱਚੋਂ ਉਸ ਨੂੰ ਨਜ਼ਰੀਂ ਪਏ ਆਪਣੇ ਨੌਂ ਚੇਲੇ, ਕਰੀਮਾ ਉਹਨਾਂ ਦੇ ਅੱਗੇ ਅੱਗੇ ਚਲ ਰਹੀ ਸੀ।
ਅਲਮੁਸਤਫ਼ਾ ਅੱਗੇ ਵਧ ਕੇ ਉਹਨਾਂ ਨੂੰ ਸੜਕ ਉੱਤੇ ਹੀ ਅੱਗੋਂ ਦੀ ਜਾ ਮਿਲਿਆ, ਉਹ ਸਾਰੇ ਗੇਟ ਲੰਘ ਕੇ ਅੰਦਰ ਆ ਗਏ ਅਤੇ ਹੁਣ ਸਭ ਕੁਝ ਠੀਕ ਠਾਕ ਸੀ, ਉਹਨਾਂ ਨੂੰ ਜਾਪਿਆ ਜਿਵੇਂ ਉਹ ਘੰਟਾ ਕੁ ਪਹਿਲਾਂ ਇਥੋਂ ਗਏ ਹੋਣ।
ਉਹ ਅੰਦਰ ਦਾਖ਼ਲ ਹੋਏ ਤੇ ਉਸ ਦੇ ਨਾਲ ਹੀ ਬੈਠ ਕੇ ਥੋੜ੍ਹਾ ਬਹੁਤ
ਖਾਧਾ ਪੀਤਾ ਜੋ ਕਰੀਮਾ ਲਿਆਈ ਸੀ । ਕਰੀਮਾ ਨੇ ਫਿਰ ਡਬਲ ਰੋਟੀ ਤੇ ਮੱਛੀ ਪਲੇਟ ਵਿਚ ਰੱਖੀ ਤੇ ਕੱਪਾਂ ਵਿਚ ਹੋਰ ਸ਼ਰਾਬ ਪਾ ਦਿੱਤੀ। ਜਦੋਂ ਉਹ ਆਖ਼ਰੀ ਬੂੰਦਾਂ ਕੱਪਾਂ ਵਿਚ ਪਾ ਰਹੀ ਸੀ ਤਾਂ ਉਸ ਨੂੰ ਕਹਿਣ ਲੱਗੀ, "ਮਾਲਕ ਮੈਨੂੰ ਆਗਿਆ ਦਿਓ ਕਿ ਸ਼ਹਿਰ ਜਾ ਕੇ ਮੈਂ ਹੋਰ ਸ਼ਰਾਬ ਲੈ ਆਵਾਂ, ਇਹ ਤਾਂ ਖ਼ਤਮ ਹੋ ਗਈ ਏ।”
ਉਸ ਨੇ ਕਰੀਮਾ ਵਲ ਨਜ਼ਰ ਚੁੱਕ ਕੇ ਵੇਖਿਆ, ਅਲਮੁਸਤਫ਼ਾ ਦੀਆਂ ਨਜ਼ਰਾਂ ਵਿਚ ਸਫ਼ਰ ਤੇ ਦੂਰ ਦੇਸ਼ ਦੀ ਯਾਤਰਾ ਦੀ ਝਲਕ ਸੀ, ਉਹ ਕਹਿਣ ਲੱਗਾ, "ਨਹੀਂ, ਇਹ ਹਾਲ ਦੀ ਘੜੀ ਵਾਸਤੇ ਕਾਫ਼ੀ ਹੈ।”
ਉਹ ਸਾਰੇ ਜੋ ਕੁਝ ਵੀ ਮਿਲਿਆ ਖਾ ਪੀ ਕੇ ਸੰਤੁਸ਼ਟ ਹੋ ਗਏ। ਜਦੋਂ ਸਾਰੇ ਖਾ ਪੀ ਕੇ ਵਿਹਲੇ ਹੋ ਗਏ ਤਾਂ ਅਲਮੁਸਤਫ਼ਾ ਉੱਚੀ ਆਵਾਜ਼, ਜੋ ਸਮੁੰਦਰ ਜਿੰਨੀ ਡੂੰਘੀ ਤੇ ਚੰਦਰਮਾ ਕਾਰਨ ਉਠਦੇ ਜਵਾਰਭਾਟੇ ਜਿੰਨੀ ਤੀਬਰ ਸੀ ਵਿਚ ਉਹਨਾਂ ਨੂੰ ਸੰਬੋਧਨ ਕਰਨ ਲੱਗਾ, "ਮੇਰੇ ਸਾਥੀਓ, ਮੇਰੇ ਹਮਸਫ਼ਰ ਵੀਰੋ, ਹੁਣ ਸਾਡੇ ਵਿਛੜਣ ਦਾ ਸਮਾਂ ਆ ਗਿਆ ਏ। ਅਸੀ ਬਥੇਰਾ ਚਿਰ ਇਕੱਠੇ ਸਮੁੰਦਰ ਦਾ ਸਫ਼ਰ ਤੈਅ ਕੀਤਾ, ਇਕੱਠੇ ਹੀ ਤਿੱਖੇ ਚਟਾਨੀ ਪਹਾੜਾਂ 'ਤੇ ਚੜ੍ਹੇ ਅਤੇ ਤੂਫ਼ਾਨਾਂ ਨਾਲ ਵੀ ਜੂਝਦੇ ਰਹੇ ਹਾਂ। ਅਸੀ ਫਾਕੇ ਵੀ ਕੱਟੇ ਹਨ ਤੇ ਵਿਆਹ ਦੇ ਜਸ਼ਨਾਂ ਵਿਚ ਵੀ ਆਨੰਦ ਮਾਣਿਆ ਹੈ। ਅਕਸਰ ਅਸੀ ਤਨ ਤੋਂ ਨੰਗੇ ਵੀ ਰਹੇ ਹਾਂ ਪਰ ਅਸੀ ਸ਼ਾਹੀ ਲਿਬਾਸ ਵੀ ਪਹਿਣਿਆ। ਅਸੀ ਬਹੁਤ ਦੂਰ ਦੂਰ ਤਕ ਇਕੱਠੇ ਸਫ਼ਰ ਕੀਤਾ ਪਰ ਹੁਣ ਅਸੀ ਵਿਛੜ ਰਹੇ ਹਾਂ । ਤੁਸੀ ਸਾਰੇ ਆਪਣੇ ਰਾਹ 'ਤੇ ਇਕੱਠੇ ਅੱਗੇ ਵਧੋਗੇ ਪਰ ਮੈਨੂੰ ਇਕੱਲਿਆਂ ਹੀ ਆਪਣੇ ਰਾਹ 'ਤੇ ਜਾਣਾ ਚਾਹੀਦਾ ਹੈ।
“ਭਾਵੇਂ ਵਿਸ਼ਾਲ ਸਮੁੰਦਰ ਤੇ ਵਿਸ਼ਾਲ ਧਰਤੀਆਂ ਸਾਨੂੰ ਅੱਡ ਕਰ ਦੇਣਗੀਆਂ, ਫਿਰ ਵੀ ਅਸੀਂ ਪਵਿੱਤਰ ਪਹਾੜ ਦੀ ਚੜ੍ਹਾਈ ਵੇਲੇ ਇਕ ਦੂਸਰੇ ਦੇ ਸਾਥੀ ਹੋਵਾਂਗੇ।
"ਇਸ ਤੋਂ ਪਹਿਲਾਂ ਕਿ ਅਸੀ ਆਪਣੇ ਆਪਣੇ ਰਾਹਵਾਂ ਵਲ ਤੁਰੀਏ ਮੈਂ ਤੁਹਾਨੂੰ ਆਪਣੀਆਂ ਦਿਲੀ ਇੱਛਾਵਾਂ ਤੇ ਨਸੀਹਤਾਂ ਦੇਣਾ ਚਾਹਾਂਗਾ :
"ਹੱਸਦੇ ਗਾਉਂਦੇ ਆਪਣੇ ਰਾਹ 'ਤੇ ਤੁਰਦੇ ਜਾਓ, ਪਰ ਤੁਹਾਡਾ ਹਰ ਕੀੜ ਸੰਖੇਪ ਤੇ ਛੋਟਾ ਜਿਹਾ ਹੋਵੇ ਕਿਉਂਕਿ ਜੋ ਗੀਤ ਜੁਆਨੀ ਵਿਚ ਹੀ
ਤੁਹਾਡੇ ਹੋਠਾਂ ਉੱਤੇ ਆ ਕੇ ਅਲੋਪ ਹੋ ਜਾਣ ਉਹ ਲੋਕਾਂ ਦੇ ਦਿਲਾਂ ਵਿਚ ਅਮਰ ਰਹਿਣਗੇ।
"ਪਿਆਰੀ ਜਿਹੀ ਸੱਚਾਈ ਨੂੰ ਥੋੜ੍ਹੇ ਜਿਹੇ ਸ਼ਬਦਾਂ ਵਿਚ ਪੇਸ਼ ਕਰੋ ਨਾ ਕਿ ਮਾੜੀ ਸੱਚਾਈ ਨੂੰ ਸੰਖੇਪ ਵਿਚ। ਉਹ ਲੜਕੀ ਜਿਸ ਦੇ ਵਾਲ ਧੁੱਪ ਵਿਚ ਚਮਕਦੇ ਹਨ, ਨੂੰ ਦੱਸੋ ਕਿ ਉਹ ਪ੍ਰਭਾਤ ਦੀ ਬੇਟੀ ਹੈ। ਪਰ ਜੇ ਤੁਸੀ ਕਿਸੇ ਸੂਰਦਾਸ ਨੂੰ ਵੇਖਦੇ ਹੋ ਤਾਂ ਇਹ ਨਾ ਕਹੋ ਕਿ ਉਹ ਤੇ ਰਾਤ ਇਕੋ ਜਿਹੇ ਹੀ ਹਨ।
“ਬੰਸਰੀ ਵਾਦਕ ਦੀ ਆਵਾਜ਼ ਨੂੰ ਇੰਜ ਸੁਣੋ ਜਿਵੇਂ ਬਸੰਤ ਬਹਾਰ ਨੂੰ ਮਾਣਦੇ ਹੋ, ਪਰ ਜੇ ਤੁਸੀ ਨੁਕਤਾਚੀਨਾਂ ਤੇ ਗ਼ਲਤੀ ਕੱਢਣ ਵਾਲੇ ਨੂੰ ਆਲੋਚਨਾ ਕਰਦੇ ਸੁਣਦੇ ਹੋ ਤਾਂ ਕੰਨਾਂ ਵਿਚ ਝੱਪੇ ਦੇ ਲਵੋ ਤੇ ਸਮਝੋ ਜਿਵੇਂ ਇਹ ਕਲਪਨਾ ਹੀ ਹੋਵੇ।
“ਮੇਰੇ ਸਾਥੀਓ, ਮੇਰੇ ਪਿਆਰਿਓ, ਤੁਹਾਨੂੰ ਰਾਹ ਵਿਚ ਨਿਆਸਰੇ ਵਿਅਕਤੀ ਵੀ ਮਿਲਣਗੇ; ਉਹਨਾਂ ਨੂੰ ਆਸਰਾ ਦਿਓ। ਸਿੰਗੀ ਵਜਾਉਣ ਵਾਲੇ ਵੀ ਮਿਲਣਗੇ ਉਹਨਾਂ ਦੀ ਤਾਰੀਫ਼ ਕਰੋ ਅਤੇ ਹਮਲਾਵਰ ਵੀ ਮਿਲਣਗੇ ਉਹਨਾਂ ਦੇ ਹੱਥਾਂ ਵਿਚ ਫੁੱਲ ਪੱਤੀਆਂ ਫੜਾ ਦਿਓ, ਤੇਜ਼ ਤਰਾਰ ਵਿਅਕਤੀ ਨੂੰ ਸ਼ਬਦਾਂ ਦੀ ਮਿਠਾਸ ਬਖ਼ਸ਼ੋ।
“ਤੁਹਾਨੂੰ ਇਹੋ ਜਿਹੇ ਤੇ ਹੋਰ ਵੀ ਕਈ ਕਿਸਮ ਦੇ ਲੋਕ ਮਿਲਣਗੇ, ਲੰਗੜੇ ਫਹੁੜੀਆਂ ਵੇਚਦੇ ਹੋਏ, ਸੂਰਦਾਸ ਸ਼ੀਸ਼ੇ ਵੇਚਦੇ ਅਤੇ ਅਮੀਰ ਆਦਮੀ ਚਰਚ ਦੇ ਦਰਵਾਜ਼ੇ ਉੱਤੇ ਭੀਖ ਮੰਗਦੇ ਵੀ ਮਿਲਣਗੇ।
"ਲੰਗੜੇ ਮਨੁੱਖ ਨੂੰ ਆਪਣੀ ਤੇਜ਼ ਚਾਲ ਦਿਓ, ਅੰਨ੍ਹੇ ਨੂੰ ਆਪਣੀ ਨਜ਼ਰ ਅਤੇ ਅਮੀਰ ਭਿਖਾਰੀਆਂ ਨੂੰ ਆਪਣਾ ਆਸਰਾ ਹੀ ਦੇ ਦਿਓ, ਉਹ ਸਾਰੇ ਹੀ ਲੋੜਵੰਦ ਹਨ। ਯਕੀਨ ਕਰੋ ਕੋਈ ਵੀ ਮਨੁੱਖ ਭਿਖਿਆ ਲਈ ਆਪਣੇ ਹੱਥ ਉਦੋਂ ਤਕ ਨਹੀਂ ਅੱਡਦਾ ਜਦ ਤਕ ਉਹ ਗ਼ਰੀਬੀ ਦੀ ਦਲਦਲ ਵਿਚ ਫਸਿਆ ਨਾ ਹੋਵੇ; ਭਾਵੇਂ ਉਹ ਕਿੰਨੀ ਵੀ ਜਾਇਦਾਦ ਦਾ ਮਾਲਕ ਕਿਉਂ ਨਾ ਹੋਵੇ।
“ਮੇਰੇ ਸਾਥੀਓ, ਮੇਰੇ ਦੋਸਤੋ, ਮੈਂ ਤੁਹਾਨੂੰ ਆਪਣੇ ਪਿਆਰ ਦਾ ਵਾਸਤਾ ਦੇਂਦੇ ਹੋਏ ਦੱਸਦਾ ਹਾਂ ਕਿ ਤੁਹਾਡੀ ਮੰਜ਼ਲ ਦੇ ਰਸਤੇ ਵਿਚ ਅਨੇਕਾਂ ਅੜਚਨਾਂ
ਆਉਣਗੀਆਂ, ਰੇਗਿਸਤਾਨ ਵਿਚ ਹਰ ਰਸਤਾ ਦੂਸਰੇ ਨੂੰ ਕੱਟੇਗਾ, ਜਿਥੇ ਸ਼ੇਰ ਤੇ ਖ਼ਰਗੋਸ਼ ਅਤੇ ਭੇਡਾਂ ਤੇ ਭੇੜੀਏ ਘੁੰਮਦੇ ਹੋਏ ਨਜ਼ਰ ਆਉਣਗੇ।
"ਉਸ ਵੇਲੇ ਮੇਰੀ ਇਹ ਗੱਲ ਯਾਦ ਰੱਖਣਾ, ਮੈਂ ਤੁਹਾਨੂੰ ਕੁਝ ਦੇਣਾ ਨਹੀਂ ਸਗੋਂ ਲੈਣਾ ਸਿਖਾਇਆ ਹੈ; ਇਨਕਾਰ ਦੀ ਨਹੀਂ ਸਗੋਂ ਪੂਰਤੀ ਦੀ ਸਿੱਖਿਆ ਦਿੱਤੀ, ਤੁਹਾਨੂੰ ਆਤਮ ਸਮਰਪਣ ਨਹੀਂ ਸਗੋਂ ਸਮਝਣ ਤੇ ਸਹਿਮਤ ਹੋਣ ਦੀ ਸਿੱਖਿਆ ਦਿੱਤੀ; ਪਰ ਹਰ ਹਾਲ ਵਿਚ ਤੁਹਾਡੇ ਹੋਠਾਂ ਉੱਤੇ ਮੁਸਕਾਨ ਹੋਵੇ।
"ਮੈਂ ਤੁਹਾਨੂੰ ਮੌਨ ਰਹਿਣ ਲਈ ਨਹੀਂ ਸਗੋਂ ਗੀਤ ਗਾਉਣ ਦੀ ਸਿੱਖਿਆ ਦੇਂਦਾ ਹਾਂ ਬਸ਼ਰਤੇ ਕਿ ਉਹ ਗੀਤ ਬਹੁਤ ਉੱਚੀ ਆਵਾਜ਼ ਵਿਚ ਨਾ ਗਾਇਆ ਜਾਵੇ।
"ਮੈਂ ਤੁਹਾਨੂੰ ਤੁਹਾਡੇ ਵਿਸ਼ਾਲ ਆਪੇ ਦੀ ਸਿੱਖਿਆ ਦਿੰਦਾਂ ਹਾਂ ਜਿਸ ਦੇ ਕਲਾਵੇ ਵਿਚ ਸਾਰੀ ਮਨੁੱਖਤਾ ਆ ਜਾਂਦੀ ਹੈ।”
ਉਹ ਆਪਣੀ ਥਾਂ ਤੋਂ ਉਠਿਆ ਤੇ ਸਿੱਧਾ ਬਾਗ਼ ਵਿਚ ਚਲਾ ਗਿਆ ਅਤੇ ਸਰੂ ਦੇ ਦਰੱਖ਼ਤ ਦੇ ਸਾਏ ਹੇਠ ਟਹਿਲਣ ਲੱਗਾ ਕਿਉਂਕਿ ਹੁਣ ਦਿਨ ਢਲ ਰਿਹਾ ਸੀ। ਉਸ ਦੇ ਚੇਲੇ ਉਸ ਤੋਂ ਥੋੜ੍ਹੇ ਜਿਹੇ ਫ਼ਾਸਲੇ 'ਤੇ ਪਿੱਛੇ ਪਿੱਛੇ ਹੀ ਆ ਗਏ, ਕਿਉਂਕਿ ਉਹਨਾਂ ਦੇ ਮਨ ਭਰ ਆਏ ਤੇ ਜੀਭ ਤਾਲੂ ਨਾਲ ਜੁੜ ਗਈ ਸੀ, ਉਹ ਸਾਰੇ ਹੀ ਹੈਰਾਨ ਸਨ।
ਕੇਵਲ ਕਰੀਮਾ ਜੋ ਉਸ ਦੇ ਨਾਲ ਆਈ ਸੀ ਪਰ ਪਿੱਛੇ ਰਹਿ ਗਈ ਸੀ, ਉਸ ਦੇ ਕੋਲ ਆ ਕੇ ਕਹਿਣ ਲੱਗੀ, "ਮਾਲਕ ਮੇਰੀ ਤੀਬਰ ਇੱਛਾ ਹੈ ਕਿ ਤੁਸੀ ਮੈਨੂੰ ਅਗਲੇ ਦਿਨ ਦੇ ਸਫ਼ਰ ਲਈ ਭੋਜਨ ਤਿਆਰ ਕਰਨ ਦੀ ਇਜਾਜ਼ਤ ਦਿਓ।”
ਅਲਮੁਸਤਫ਼ਾ ਨੇ ਉਸ ਵਲ ਇੰਜ ਵੇਖਿਆ ਜਿਵੇਂ ਉਸ ਨੂੰ ਇਸ ਦੁਨੀਆ ਤੋਂ ਇਲਾਵਾ ਹੋਰ ਦੁਨੀਆ ਦਾ ਝਾਉਲਾ ਪਿਆ ਹੋਵੇ, ਉਹ ਹੌਂਸਲਾ ਕਰ ਕੇ ਉਸ ਨੂੰ ਕਹਿਣ ਲੱਗਾ, "ਮੇਰੀਏ ਭੈਣੇ, ਮੇਰੀ ਪਿਆਰੀ ਭੈਣ, ਇਹ ਨਿਸ਼ਚਿਤ ਹੋ ਚੁੱਕਾ ਹੈ ਸਮੇਂ ਦੀ ਸ਼ੁਰੂਆਤ ਤੋਂ ਪਹਿਲਾਂ ਤੋਂ ਹੀ। ਰੋਟੀ ਤੇ ਸ਼ਰਾਬ ਤਿਆਰ ਹੈ ਸਾਡੇ ਕਲ ਵਾਸਤੋ, ਬੀਤੇ ਕਲ ਵਾਸਤੇ ਤੇ ਅੱਜ ਵਾਸਤੇ ਵੀ।
"ਮੈਂ ਜਾ ਰਿਹਾ ਹਾਂ, ਪਰ ਜੇ ਮੈਂ ਇਕ ਸੱਚਾਈ ਦੱਸੇ ਬਿਨਾ ਚਲਾ ਗਿਆ ਤਾਂ ਉਹ ਸੱਚ ਮੈਨੂੰ ਫਿਰ ਤਲਾਸ਼ ਕਰੇਗਾ ਤੇ ਜਿਸਮਾਨੀ ਰੂਪ ਵਿਚ ਲੱਭੇਗਾ ਭਾਵੇਂ ਮੇਰੇ ਪੰਜ-ਭੂਤਕ ਸਰੀਰ ਦੇ ਤੱਤ ਸਦੀਵਤਾ ਦੀ ਚੁੱਪ ਵਿਚ ਖਿਲਰ ਕਿਉਂ ਨਾ ਗਏ ਹੋਣ ਅਤੇ ਮੈਨੂੰ ਫਿਰ ਤੁਹਾਡੇ ਵਿਚ ਵਿਚਰਨਾ ਪਵੇਗਾ ਤਾ ਕਿ ਮੈਂ ਅਸੀਮ ਚੁੱਪਾਂ ਦੇ ਦਿਲ ਦੀ ਤਹਿ ਹੇਠੋਂ ਨਵੇਂ ਪੈਦਾ ਹੋਏ ਬੱਚੇ ਦੀ ਆਵਾਜ਼ ਵਿਚ ਬੋਲ ਸਕਾਂ।
"ਅਤੇ ਜੇ ਖ਼ੂਬਸੂਰਤੀ ਨਾਂ ਦੀ ਕੋਈ ਚੀਜ਼ ਹੋਵੇ, ਜਿਸ ਬਾਰੇ ਮੈਂ ਤੁਹਾਨੂੰ ਹੁਣ ਤਕ ਨਹੀਂ ਦੱਸਿਆ ਤਾਂ ਮੈਨੂੰ ਫਿਰ ਇਕ ਵਾਰ ਤੁਹਾਡੇ ਵਿਚ ਵਿਚਰਨਾ ਪਵੇਗਾ, ਭਾਵੇਂ ਆਪਣੇ ਇਸੇ ਨਾਂ ਅਲਮੁਸਤਫ਼ਾ ਨਾਲ ਹੀ ਵਿਚਰਾਂ। ਮੈਂ ਤੁਹਾਨੂੰ ਆਪਣੀ ਕੋਈ ਨਿਸ਼ਾਨੀ ਦੱਸਾਂਗਾ ਤਾਕਿ ਤੁਸੀਂ ਜਾਣ ਸਕੋ ਕਿ ਮੈਂ ਮੁੜ ਤੁਹਾਨੂੰ ਉਹ ਗੱਲ ਦੱਸਣ ਲਈ ਆਇਆ ਹਾਂ ਜੋ ਦੱਸਣੋਂ ਰਹਿ ਗਈ ਸੀ; ਪਰਮਾਤਮਾ ਆਪਣੇ ਆਪ ਨੂੰ ਮਨੁੱਖ ਕੋਲੋਂ ਲੁਕਾ ਕੇ ਦੁੱਖੀ ਨਹੀਂ ਹੋਣਾ ਚਾਹੁੰਦਾ, ਨਾ ਹੀ ਉਸ ਦੇ ਸ਼ਬਦ ਮਨੁੱਖੀ ਦਿਲ ਦੀ ਡੂੰਘਾਈ ਵਿਚ ਦੱਬੇ ਰਹਿਣ ਲਈ ਹਨ।
"ਮੈਂ ਮੌਤ ਤੋਂ ਬਾਅਦ ਵੀ ਜਿਊਂਦਾ ਰਹਾਂਗਾ ਅਤੇ ਮੇਰਾ ਗੀਤ ਤੁਹਾਡੇ ਕੰਨਾਂ ਵਿਚ ਗੂੰਜੇਗਾ:
ਵਿਸ਼ਾਲ ਸਾਗਰ ਦੀਆਂ ਲਹਿਰਾਂ ਮੈਨੂੰ ਸਾਗਰ ਤਲ ਤਕ ਕਿਉਂ ਨਾ ਲੈ ਜਾਣ, ਉਸ ਤੋਂ ਬਾਅਦ ਵੀ ਇਹ ਗੀਤ ਤੁਹਾਨੂੰ ਸੁਣਾਈ ਦੇਵੇਗਾ।
ਮੈਂ ਤੁਹਾਡੇ ਸਦਾ ਅੰਗ ਸੰਗ ਰਹਾਂਗਾ ਭਾਵੇਂ ਸਰੀਰਿਕ ਤੌਰ ਤੇ ਨਹੀਂ, ਭਾਵੇਂ ਮੈਂ ਆਤਮਕ ਤੌਰ ਤੇ ਅਦਿੱਖ ਹੋਵਾਂਗਾ ਪਰ ਤੁਹਾਡੇ ਨਾਲ ਤੁਹਾਡੇ ਖੇਤਾਂ ਵਿਚ ਘੁੰਮਾਂਗਾ ਮੈਂ ਤੁਹਾਡੇ ਨਾਲ ਅੱਗ ਦੁਆਲੇ ਬੈਠਾ ਹੋਵਾਂਗਾ ਪਰ ਇਕ ਅਦਿੱਖ ਮਹਿਮਾਨ ਦੀ ਤਰ੍ਹਾਂ ਮੌਤ ਨਾਲ ਕੋਈ ਤਬਦੀਲੀ ਨਹੀਂ ਆਉਂਦੀ ਸਿਰਫ਼ ਇਕ ਪਰਦਾ ਹੈ ਜਿਸ ਹੇਠ ਚਿਹਰੇ ਢੱਕੇ ਜਾਂਦੇ ਹਨ। ਲੱਕੜਹਾਰਾ ਹਰ ਹਾਲ ਵਿਚ ਲੱਕੜਹਾਰਾ ਹੀ ਰਹੇਗਾ ਅਤੇ ਕਿਸਾਨ ਕਿਸਾਨ ਹੀ;
ਪਰ ਜਿਸ ਨੇ ਆਪਣਾ ਗੀਤ ਹਵਾ ਲਈ ਗਾਇਆ
ਉਹ ਇਹ ਗੀਤ ਬ੍ਰਹਿਮੰਡ ਲਈ ਵੀ ਗਾਏਗਾ।"
ਇਹ ਗੱਲਾਂ ਸੁਣ ਕੇ ਚੇਲੇ ਤਾਂ ਜਿਵੇਂ ਪੱਥਰ ਵਾਂਗ ਅਹਿਲ ਖੜੇ ਸਨ ਪਰ ਅੰਦਰੋਂ ਇਸ ਗੱਲ ਕਾਰਨ ਦੁੱਖੀ ਸਨ ਕਿਉਂਕਿ ਉਸ ਨੇ ਕਿਹਾ ਸੀ, "ਮੈਂ ਤੁਹਾਡੇ ਤੋਂ ਵਿਛੜ ਕੇ ਜਾ ਰਿਹਾ ਹਾਂ।" ਪਰ ਕੋਈ ਵੀ ਵਿਅਕਤੀ ਉਸ ਨੂੰ ਰੋਕਣ ਦਾ ਹੌਂਸਲਾ ਨਾ ਕਰ ਸਕਿਆ ਤੇ ਨਾ ਹੀ ਉਸ ਦੇ ਪਿੱਛੇ ਪਿੱਛੇ ਜਾਣ ਦਾ।
ਅਲਮੁਸਤਫ਼ਾ ਆਪਣੇ ਮਾਪਿਆਂ ਦੇ ਬਾਗ਼ ਵਿੱਚੋਂ ਬਾਹਰ ਆਇਆ, ਉਸ ਦੀ ਚਾਲ ਵਿਚ ਤੇਜ਼ੀ ਸੀ ਪਰ ਪੈੜ ਚਾਪ ਸੁਣਾਈ ਨਹੀਂ ਸੀ ਦੇਂਦੀ; ਅਤੇ ਘੜੀਆਂ ਪਲਾਂ ਵਿਚ ਉਹ ਤੇਜ਼ ਹਵਾ ਨਾਲ ਉੱਡਦੇ ਪੱਤੇ ਵਾਂਗ ਉਹਨਾਂ ਤੋਂ ਬਹੁਤ ਦੂਰ ਚਲਾ ਗਿਆ; ਉਹਨਾਂ ਸਾਰਿਆਂ ਨੇ ਵੇਖਿਆ ਜਿਵੇਂ ਦੂਰ ਉੱਚਾਈਆਂ ਤੋਂ ਪੀਲੀ ਰੌਸ਼ਨੀ ਹਿਲਦੀ ਹੋਵੇ।
ਉਸ ਦੇ ਨੌਂ ਚੇਲੇ ਹੇਠਾਂ ਸੜਕ ਵਲ ਰਾਹ ਪਏ। ਪਰ ਉਹ ਔਰਤ ਢਲਦੀ ਰਾਤ ਵਿਚ ਉਥੇ ਹੀ ਅਹਿਲ ਖੜੀ ਰਹੀ, ਉਸ ਨੇ ਅਜੂਬਾ ਵੇਖਿਆ ਕਿਵੇਂ ਰੌਸ਼ਨੀ ਤੇ ਧੁੰਦਲਕਾ ਇਕ-ਮਿੱਕ ਹੋ ਚੁੱਕੇ ਸਨ; ਅਤੇ ਉਸ ਨੇ ਉਸ ਦੇ ਹੀ ਕਹੇ ਸ਼ਬਦਾਂ ਨਾਲ ਆਪਣੇ ਸੁੰਨੇਪਣ ਤੇ ਇਕੱਲਤਾ ਨੂੰ ਧਰਵਾਸ ਦਿੱਤੀ : "ਮੈਂ ਚੱਲਿਆ ਹਾਂ, ਪਰ ਜੇ ਮੈਂ ਕੋਈ ਸੱਚਾਈ ਤੁਹਾਨੂੰ ਬਿਨਾ ਦੱਸੇ ਚਲਾ ਜਾਂਦਾ ਹਾਂ ਤਾਂ ਉਹ ਸੱਚਾਈ ਮੈਨੂੰ ਤਲਾਸ਼ ਕਰੇਗੀ, ਮੇਰੀ ਖਿੰਡੀ-ਪੁੰਡੀ ਹੋਂਦ ਨੂੰ ਇਕੱਠਾ ਕਰੇਗੀ ਤੇ ਮੈਂ ਫਿਰ ਆਵਾਂਗਾ।"
19
ਅਤੇ ਹੁਣ ਰਾਤ ਢਲ ਚੁੱਕੀ ਸੀ।
ਉਹ ਪਹਾੜੀਆਂ ਉੱਤੇ ਪੁੱਜ ਗਿਆ ਸੀ । ਉਸ ਦੇ ਕਦਮ ਉਸ ਨੂੰ ਧੁੰਦ ਵਲ ਲੈ ਗਏ, ਉਹ ਚਟਾਨਾਂ ਵਿਚਕਾਰ ਖਲੋ ਗਿਆ ਅਤੇ ਹੁਣ ਚਿੱਟੇ ਸਰੂ ਦੇ ਦਰੱਖ਼ਤ ਸਭ ਦੀਆਂ ਅੱਖਾਂ ਤੋਂ ਓਹਲੇ ਸਨ; ਉਹ ਆਪਣੇ ਆਪ ਨੂੰ ਸੰਬੋਧਨ ਕਰ ਕੇ ਕਹਿਣ ਲੱਗਾ : “ਓ ਧੁੰਦ, ਮੇਰੀ ਭੈਣ, ਇਹ ਚਲਦਾ ਸਾਹ ਹਾਲਾਂ ਸਾਂਚੇ ਵਿਚ ਢਲਿਆ ਨਹੀਂ;
ਮੈਂ ਇਹ ਚਲਦੇ ਬੇਆਵਾਜ਼ ਸਾਹ ਤੈਨੂੰ ਵਾਪਸ ਮੋੜਦਾ ਹਾਂ, ਹਾਲਾਂ ਇਕ ਵੀ ਸ਼ਬਦ ਮੂੰਹੋਂ ਨਹੀਂ ਨਿਕਲਿਆ।
“ਓ ਧੁੰਦ, ਉਡਦੀ ਹੋਈ ਮੇਰੀ ਧੁੰਦ ਭੈਣ, ਹੁਣ ਅਸੀ ਇਕ-ਮਿੱਕ ਹੋ ਗਏ ਹਾਂ, ਅਤੇ ਜੀਵਨ ਦੇ ਅਗਲੇ ਦਿਨ ਤਕ ਅਸੀ ਇਕੱਠੇ ਰਹਾਂਗੇ, ਜਿਸ ਦੀ ਪ੍ਰਭਾਤ ਤੈਨੂੰ ਆਪਣੇ ਵਿਚ ਸਮੋ ਲਵੇਗੀ ਤੇ ਬਾਗ਼ ਵਿਚ ਰਹਿ ਜਾਣਗੇ ਤ੍ਰੇਲ ਤੁਪਕੇ, ਅਤੇ ਮੈਨੂੰ ਵੀ ਜਿਵੇਂ ਇਕ ਬੱਚਾ ਮਾਂ ਦੀ ਛਾਤੀ ਨਾਲ ਲੱਗਾ ਹੋਵੇ, ਅਸੀ ਅਮਰ ਹੋ ਜਾਵਾਂਗੇ। “ਓ ਧੁੰਦ, ਮੇਰੀ ਭੈਣ, ਮੈਂ ਵਾਪਸ ਆ ਗਿਆ ਹਾਂ, ਡੂੰਘਾਈਆਂ ਵਿਚ ਦਿਲ ਦੀ ਧੜਕਣ ਸੁਣਨ ਲਈ ਤੇਰੇ ਦਿਲ ਵਾਂਗ, ਇਕ ਇੱਛਾ ਉਦੇਸ਼ ਰਹਿਤ ਟੀਸ ਪੈਦਾ ਕਰਦੀ ਹੈ।
ਜਿਵੇਂ ਤੇਰੀ ਇੱਛਾ,
ਇਕ ਵਿਚਾਰ ਜੋ ਹਾਲਾਂ ਖਿੰਡਿਆ ਹੋਇਆ ਹੈ
ਜਿਵੇਂ ਕਿ ਤੇਰਾ ਵਿਚਾਰ।
“ਓ ਧੁੰਦ, ਮੇਰੀਏ ਭੈਣੇ, ਮੇਰੀ ਅੰਮਾ ਜਾਈਏ ਵੱਡੀਏ ਭੈਣੇ,
ਮੇਰੇ ਹੱਥਾਂ ਵਿਚ ਹਾਲਾਂ ਵੀ ਹਰੇ ਬੀਜ ਫੜੇ ਹੋਏ ਹਨ
ਜੋ ਤੂੰ ਮੈਨੂੰ ਖਿਲਾਰਨ ਲਈ ਕਿਹਾ ਸੀ,
ਅਤੇ ਮੇਰੇ ਹੋਠਾਂ ਉੱਤੇ ਉਹੀ ਗੀਤ
ਜੋ ਤੂੰ ਮੈਨੂੰ ਗਾਉਣ ਲਈ ਕਿਹਾ ਸੀ;
ਮੈਂ ਬਦਲੇ ਵਿਚ ਤੈਨੂੰ ਕੁਝ ਨਾ ਦਿੱਤਾ,
ਨਾ ਹੀ ਪਰਤਵੀਂ ਆਵਾਜ਼ ਦਿੱਤੀ,
ਕਿਉਂਕਿ ਮੇਰੇ ਹੱਥ ਜਕੜੇ ਹੋਏ ਸਨ ਅਤੇ
ਬੁਲ੍ਹ ਸੀਤੇ ਹੋਏ।
“ਓ ਧੁੰਦ, ਮੇਰੀ ਭੈਣ, ਮੈਂ ਸੰਸਾਰ ਨੂੰ ਬਹੁਤ ਪਿਆਰ ਦਿੱਤਾ
ਤੇ ਬਹੁਤ ਪਿਆਰ ਲਿਆ,
ਕਿਉਂਕਿ ਮੇਰੀਆਂ ਸਾਰੀਆਂ ਮੁਸਕਾਨਾਂ ਉਸ ਦੇ ਬੁਲ੍ਹਾਂ ਉੱਤੇ ਸਨ
ਅਤੇ ਉਸ ਦੇ ਸਾਰੇ ਹੰਝੂ ਮੇਰੀਆਂ ਅੱਖਾਂ ਵਿਚ।
ਫਿਰ ਵੀ ਸਾਡੇ ਵਿਚਕਾਰ ਚੁੱਪ ਦੀ ਡੂੰਘੀ ਘਾਟੀ ਸੀ
ਜਿਸ ਨੂੰ ਨਾ ਉਹ ਪਾਰ ਕਰ ਸਕੀ
ਤੇ ਨਾ ਹੀ ਮੈਂ ਉਲੰਘ ਸਕਿਆ। “ਓ ਧੁੰਦ, ਮੇਰੀ ਭੈਣ, ਮੇਰੀ ਅਮਰ ਭੈਣ ਧੁੰਦ,
ਮੈਂ ਛੋਟੇ ਛੋਟੇ ਬੱਚਿਆਂ ਲਈ ਸਦੀਆਂ ਪੁਰਾਣੇ ਗੀਤ ਗਾਏ,
ਉਹਨਾਂ ਨੇ ਸੁਣੇ, ਉਹਨਾਂ ਦੇ ਚਿਹਰਿਆਂ ਉੱਤੇ ਹੈਰਾਨੀ ਸੀ;
ਪਰ ਕਲ੍ਹ ਨੂੰ ਇਤਫ਼ਾਕ ਨਾਲ ਉਹ ਇਹ ਗੀਤ ਭੁੱਲ ਜਾਣਗੇ,
ਮੈਂ ਨਹੀਂ ਜਾਣਦਾ ਕਿ ਹਵਾ ਇਹ ਗੀਤ ਕਿਸ ਤਕ ਪਹੁੰਚਾਏਗੀ।
ਭਾਵੇਂ ਇਹ ਗੀਤ ਮੇਰਾ ਆਪਣਾ ਨਹੀਂ ਸੀ,
ਫਿਰ ਵੀ ਇਹ ਮੇਰੇ ਦਿਲ ਵਿੱਚੋਂ ਨਿਕਲਿਆ
ਅਤੇ ਕੁਝ ਪਲਾਂ ਲਈ ਮੇਰੇ ਹੋਠਾਂ ਉੱਤੇ ਰਿਹਾ।
"ਓ ਧੁੰਦ, ਮੇਰੀ ਭੈਣ, ਭਾਵੇਂ ਇਹ ਸਭ ਕੁਝ ਬੀਤ ਗਿਆ ਏ,
ਪਰ ਮੈਂ ਬਿਲਕੁਲ ਸ਼ਾਂਤ ਹਾਂ।
ਇਹੀ ਬਹੁਤ ਸੀ ਕਿ ਇਹ ਗੀਤ ਉਹਨਾਂ ਨੂੰ ਸੁਣਾਇਆ ਗਿਆ
ਜੋ ਪਹਿਲਾਂ ਜਨਮ ਲੈ ਚੁੱਕੇ ਹਨ।
ਭਾਵੇਂ ਗੀਤ ਦੀ ਆਵਾਜ਼ ਮੇਰੀ ਨਹੀਂ ਹੈ,
ਪਰ ਇਹ ਮੇਰੇ ਦਿਲ ਦੀ ਡੂੰਘਾਈ ਵਿੱਚੋਂ ਨਿਕਲੀ ਇੱਛਾ ਹੈ।
“ਓ ਧੁੰਦ, ਮੇਰੀ ਭੈਣ, ਮੇਰੀਏ ਭੈਣੇ ਧੁੰਦ
ਮੈਂ ਹੁਣ ਤੇਰੇ ਨਾਲ ਇਕ-ਮਿੱਕ ਹਾਂ।
ਹੁਣ ਮੇਰੇ ਸ੍ਵੈ ਦੀ ਹੋਂਦ ਨਹੀਂ ਰਹੀ।
ਦੁਨਿਆਵੀ ਦੀਵਾਰਾਂ ਡਿੱਗ ਚੁੱਕੀਆਂ ਹਨ,
ਜੰਜ਼ੀਰਾਂ ਟੁੱਟ ਚੁੱਕੀਆਂ ਹਨ;
ਮੈਂ ਤੇਰੇ ਤਕ ਆਉਂਦਾ ਹਾਂ, ਓ ਧੁੰਦ,
ਅਸੀ ਇਕੱਠੇ ਤੈਰਾਂਗੇ ਸਮੁੰਦਰ ਦੀ ਸਤਹ ਉੱਤੇ
ਜੀਵਨ ਦੀ ਅਗਲੀ ਪ੍ਰਭਾਤ ਤਕ;
ਜਦੋਂ ਪ੍ਰਭਾਤ ਤੈਨੂੰ ਆਪਣੇ ਕਲਾਵੇ ਵਿਚ ਲੈ ਲਵੇਗੀ
ਤੇ ਬਾਗ਼ ਵਿਚ ਰਹਿ ਜਾਣਗੇ ਤ੍ਰੇਲ ਤੁਪਕੇ
ਅਤੇ ਮੈਨੂੰ ਵੀ ਉਸੇ ਤਰ੍ਹਾਂ ਕਲਾਵੇ ਵਿਚ ਲਵੇਗੀ
ਜਿਵੇਂ ਇਕ ਬੱਚਾ ਮਾਂ ਦੀ ਛਾਤੀ ਨਾਲ ਲੱਗਿਆ ਹੋਵੇ।”
ਅਨੰਤ ਸਾਗਰ
ਮੈਂ ਚਿਰਕਾਲ ਤੋਂ ਸਾਗਰ ਦੇ ਕਿਨਾਰਿਆਂ ਉੱਤੇ ਰੇਤ ਤੇ ਝੱਗ ਦੇ ਵਿਚ-ਵਿਚਾਲੇ ਘੁੰਮ ਰਿਹਾ ਹਾਂ । ਆਉਣ ਵਾਲਾ ਜੁਆਰਭਾਟਾ ਮੇਰੀਆਂ ਪੈੜਾਂ ਮਿਟਾ ਦੇਵੇਗਾ ਤੇ ਝੱਗ ਨੂੰ ਪੌਣ ਉਡਾ ਲੈ ਜਾਏਗੀ, ਪਰ ਸਾਗਰ ਤੇ ਇਸ ਦਾ ਕਿਨਾਰਾ ਸਦਾ ਕਾਇਮ ਰਹਿਣਗੇ।
ਇਕ ਵਾਰ ਮੈਂ ਮੁੱਠੀ ਵਿਚ ਰੇਤ ਉਠਾਈ, ਜਦ ਉਸ ਨੂੰ ਖੋਲ੍ਹ ਕੇ ਦੇਖਿਆ ਤਾਂ ਹੈਰਾਨੀ ਹੋਈ ਕਿ ਰੇਤ ਦੀ ਥਾਂ ਇਕ ਨਿੱਕਾ ਜਿਹਾ ਕੀਟਾਣੂ ਹਿਲਜੁਲ ਕਰ ਰਿਹਾ ਸੀ । ਮੈਂ ਆਪਣੀ ਮੁੱਠੀ ਮੀਟ ਲਈ, ਫਿਰ ਖੋਲ੍ਹ ਕੇ ਦੇਖਿਆ ਤਾਂ ਉਸ ਕੀਟ ਦੀ ਥਾਂ ਇਕ ਨਿੱਕਾ ਜਿਹਾ ਪੰਛੀ ਨਜ਼ਰ ਆਇਆ। ਮੈਂ ਇਕ ਵਾਰ ਫਿਰ ਹੱਥ ਬੰਦ ਕਰ ਲਿਆ, ਮੁੜ ਖੋਲ੍ਹਿਆ ਤਾਂ ਕੀ ਦੇਖਦਾ ਹਾਂ ਕਿ ਇਸੇ ਦੀ ਡੂੰਘ ਵਿਚ ਉਪਰ ਨੂੰ ਮੂੰਹ ਕਰੀ ਕੋਈ ਉਦਾਸ ਮਨੁੱਖ ਖਲੋਤਾ ਹੈ । ਮੈਂ ਫਿਰ ਮੁੱਠੀ ਮੀਟੀ ਅਤੇ ਫਿਰ ਖੋਲ੍ਹੀ ਤਾਂ ਉਥੇ ਧੂੜ ਦੇ ਕਿਣਕੇ ਤੋਂ ਸਿਵਾ ਕੁਝ ਵੀ ਨਹੀਂ ਸੀ।
ਇਕ ਅਨੋਖੀ ਮਧੁਰਤਾ ਵਾਲਾ ਗੀਤ ਸੁਣਾਈ ਦੇ ਰਿਹਾ ਸੀ। ਕਲ੍ਹ ਤਕ ਮੈਂ ਇਹੋ ਸਮਝਦਾ ਸੀ ਕਿ ਮੇਰੀ ਆਤਮਾ ਜੀਵਨ ਦੇ ਵਿਸ਼ਾਲ ਦਿਸਹੱਦੇ 'ਤੇ ਇਕ ਨਿੱਕਾ ਜਿਹਾ ਜ਼ੱਰਾ ਮਾਤਰ ਹੈ ਤੇ ਫਿਰ ਮੈਨੂੰ ਪਤਾ ਲੱਗਾ ਕਿ ਇਹ ਵਿਸ਼ਾਲ ਦਿਸਹੱਦਾ ਮੈਂ ਹੀ ਹਾਂ ਤੇ ਇਹ ਸਾਰੀ ਹਰਕਤ ਮੇਰੇ ਅੰਦਰ ਹੋ ਰਹੀ ਹੈ, ਪਰ ਉਹ ਮੈਨੂੰ ਸਮਝਾਉਂਦੇ ਹੋਏ ਕਹਿੰਦੇ ਹਨ, "ਤੁਸੀਂ ਤੇ ਤੁਹਾਡਾ ਨਿਵਾਸ-ਇਹ ਵਿਸ਼ਵ ਅਨੰਤ ਸਾਗਰ ਦੇ ਕੰਢੇ 'ਤੇ ਰੇਤ ਦਾ ਕਿਣਕਾ ਮਾਤਰ ਹੈ।” ਲੇਕਿਨ ਮੈਂ ਸੁਪਨਈ ਰੰਗ ਵਿਚ ਉਨ੍ਹਾਂ ਨੂੰ ਕਹਿ ਕੇ ਸੁਣਾ ਰਿਹਾ ਹਾਂ—"ਮੈਂ ਹੀ ਇਕ ਅਨੰਤ ਸਾਗਰ ਹਾਂ ਤੇ ਇਹ ਸਾਰਾ ਵਿਸ਼ਵ ਮੇਰੇ ਹੀ ਕਿਨਾਰੇ ਉੱਤੇ ਰੇਤ-ਕਣਾਂ ਵਾਂਗ ਪਸਰਿਆ ਹੋਇਆ ਹੈ।”
ਆਤਮਾ ਦੀ ਅਮਰਤਾ
ਸ਼ੇਖ਼- ਆਤਮਾ ਦੀ ਹਸਤੀ ਦਾ ਸਬੂਤ ਉਸ ਦੇ ਅੰਦਰ ਹੀ ਹੈ, ਬਾਹਰਲੀ ਰੂਪ-ਰੇਖਾ ਤੇ ਚਿਣ ਤੋਂ ਉਸ ਦੀ ਪਛਾਣ ਸੰਭਵ ਨਹੀਂ। ਕੋਈ ਕਹਿੰਦਾ ਹੈ ਕਿ ਜਦ ਆਤਮਾ ਪੂਰਨਤਾ ਨੂੰ ਪੁੱਜਦੀ ਹੈ ਤਾਂ ਉਹ ਜੀਵਨ ਤੋਂ ਮੁਕਤ ਹੋ ਜਾਂਦੀ ਹੈ। ਇਹ ਆਤਮਾ ਫਲ ਦੇ ਸਮਾਨ ਹੈ, ਜਦ ਫਲ ਪੱਕ ਜਾਂਦਾ ਹੈ ਤਾਂ ਉਹ ਹਵਾ ਦੇ ਬੁੱਲੇ ਨਾਲ ਆਪਣੇ ਆਪ ਡਿੱਗ ਪੈਂਦਾ ਹੈ। ਕਈ ਕਹਿੰਦੇ ਹਨ ਕਿ ਸਰੀਰ ਹੀ ਸਭ ਕੁਝ ਹੈ, ਆਤਮਾ ਜਾਂ ਮਨ ਕੋਈ ਚੀਜ਼ ਨਹੀਂ। ਮੌਤ ਆਖ਼ਰੀ ਅਵਸਥਾ ਹੈ, ਜਦ ਆਤਮਾ ਸਰੀਰ ਤੋਂ ਅਲਹਿਦਾ ਹੋ ਜਾਂਦੀ ਹੈ। ਜਿਵੇਂ ਸਖ਼ਤ ਗਰਮੀ ਪੈਣ ਕਾਰਨ ਝੀਲ ਸੁੱਕ ਜਾਂਦੀ ਹੈ ਤਾਂ ਉਸ ਦਾ ਪਰਛਾਵਾਂ ਵੀ ਨਾਲ ਅਲੋਪ ਹੋ ਜਾਂਦਾ ਹੈ, ਪਰੰਤੂ ਆਤਮਾ ਤਾਂ ਸਦਾ ਅਬਿਨਾਸ਼ੀ ਹੈ।
ਨੌਜੁਆਨ- ਜੰਗਲ ਸਰੀਰ ਤੇ ਆਤਮਾ ਵਿਚ ਭਿੰਨ-ਭੇਦ ਨਹੀਂ ਕਰਦਾ। ਉਸ ਲਈ ਤਾਂ ਸਾਗਰ, ਝੀਲ, ਤ੍ਰੇਲ ਤੇ ਧੁੰਦ ਸਭ ਇੱਕੋ ਹਨ। ਧਰਤੀ ਤਾਂ ਗੰਧਵਾਨ ਹੈ, ਇਸ ਦਾ ਖੇੜਾ ਤੇ ਮਹਿਕ ਸਭ ਥਾਂ ਵਿਆਪਕ ਹੈ।
ਸ਼ੇਖ਼- ਇਸ ਧਰਤੀ ਦੇ ਬੇਟੇ ਦੀ ਮੌਤ ਤਾਂ ਨਿਸਚਤ ਹੈ ਲੇਕਿਨ ਜੋ ਪ੍ਰਾਣ ਸਰੂਪ ਹੈ, ਉਸ ਦੀ ਮੌਤ ਇਕ ਤਰ੍ਹਾਂ ਦੀ ਯਾਤਰਾ ਦੀ ਸ਼ੁਰੂਆਤ ਹੈ। ਜੇਕਰ ਕੋਈ ਸੁਪਨਿਆਂ ਵਿਚ ਪ੍ਰਭਾਤ ਦਾ ਆਲਿੰਗਨ ਕਰਦਾ ਹੈ, ਤਾਂ ਉਹ ਸੱਚਮੁੱਚ ਅਮਰਤਾ ਦਾ ਅਧਿਕਾਰੀ ਹੈ; ਜਿਸ ਤਰ੍ਹਾਂ ਜਹਾਜ਼ ਰੌਸ਼ਨ-ਮੁਨਾਰੇ ਨੂੰ ਪਾਰ ਕਰ ਜਾਂਦਾ ਹੈ, ਇਸੇ ਤਰ੍ਹਾਂ ਮੌਤ ਵੀ ਇਸ ਨੂੰ ਪਾਰ ਕਰਦੀ ਹੋਈ ਆਪਣਾ ਭਾਰ ਹਲਕਾ ਕਰਦੀ ਜਾਂਦੀ ਹੈ।
ਨੌਜੁਆਨ- ਕੁਦਰਤੀ ਜੰਗਲ ਵਿਚ ਨਾ ਮੌਤ ਹੈ, ਨਾ ਕਬਰਿਸਤਾਨ। ਬਸੰਤ ਦੇ ਬੀਤ ਜਾਣ ਉਪਰੰਤ ਵੀ ਅਨੰਦ ਦਾ ਰਾਜ ਖ਼ਤਮ ਨਹੀਂ ਹੁੰਦਾ। ਮੌਤ ਦਾ ਭੈ ਇਕ ਕ੍ਰਾਂਤੀ ਹੈ ਜੋ ਕਿ ਸਾਧੂਆਂ ਦੇ ਸੀਨੇ ਵਿਚ ਸੁਲਘਦਾ ਹੈ। ਸਾਡੇ ਲਈ ਬਹਾਰ ਦਾ ਮੌਸਮੀ ਮੇਲਾ ਤੇ ਯੁਗਾਂ ਦੀ ਲੰਮੀ ਉਮਰ-ਦੋਵੇਂ ਬਰਾਬਰ ਹਨ।
ਮੈਨੂੰ ਵੰਝਲੀ ਦਿਉ ਤੇ ਗਾਉਣ ਵਜਾਉਣ ਦਿਉ ਕਿਉਂਕਿ ਸੰਗੀਤ ਹੀ ਅਮਰ ਹੈ। ਇਹ ਖ਼ੁਸ਼ੀ ਗ਼ਮੀ ਤੋਂ ਬਾਦ ਵੀ ਜ਼ਿੰਦਾ ਰਹਿੰਦਾ ਹੈ ਅਤੇ ਸਦਾ ਸਥਿਰ ਹੈ।
ਇਸ਼ਕ
ਸ਼ੇਖ਼- ਵਿਜਈ ਯੋਧਿਆਂ ਦਾ ਜਸ ਅਸੀਂ ਆਮ ਤੌਰ 'ਤੇ ਭੁੱਲ ਜਾਂਦੇ ਹਾਂ ਤੇ ਸਾਨੂੰ ਉਨ੍ਹਾਂ ਦਾ ਕ੍ਰੋਧ ਤੇ ਪਾਗਲਪਣ ਹੀ ਯਾਦ ਰਹਿੰਦਾ ਹੈ। ਸਿਕੰਦਰ ਦੇ ਮਨ ਵਿਚ ਸੰਸਾਰ-ਵਿਜਈ ਹੋਣ ਦੀ ਲਾਲਸਾ ਤੇਜ਼ ਸੀ, ਉਸ ਦਾ ਹੱਲਾ ਇਕ ਕਤਲਗਾਹ ਸੀ। ਆਸ਼ਕ ਮਜਨੂੰ ਦੀ ਬਿਰਹੋਂ-ਵੇਦਨਾ ਉਸ ਦੀ ਵਿਜੈ ਸੀ, ਵਡਿਆਈ ਸੀ। ਉਸ ਦੇ ਹਿਰਦੇ ਨੂੰ ਅਸੀਂ ਇਕ ਪਵਿੱਤਰ ਮੰਤਰ ਤਸੱਵਰ ਕਰਦੇ ਹਾਂ। ਇਸਕ ਦਾ ਪ੍ਰਗਟਾਵਾ ਸਰੀਰ ਦੁਆਰਾ ਨਹੀਂ ਬਲਕਿ ਰੂਹ ਦੁਆਰਾ ਹੋਣਾ ਸ੍ਰੇਸ਼ਟ ਹੈ ਕਿਉਂਕਿ ਰੂਹ ਰਾਹੀਂ ਹੀ ਅਸਲ ਪ੍ਰੇਮ ਪ੍ਰਭਾਵਿਤ ਹੁੰਦਾ ਹੈ। ਜਿਸ ਤਰ੍ਹਾਂ ਸ਼ਰਾਬ ਜੋਸ਼ ਦੇਣ ਨਾਲ ਹੀ ਕੱਢੀ ਜਾਂਦੀ ਹੈ ਤੇ ਫਿਰ ਸਾਡੀ ਰੂਹ ਨੂੰ ਮਤਵਾਲਾ ਬਣਾਉਂਦੀ ਹੈ, ਇਸੇ ਤਰ੍ਹਾਂ ਇਲਾਹੀ ਇਸ਼ਕ ਦੁਆਰਾ ਅਸੀਂ ਰੱਬੀ ਵਰਦਾਨ ਨੂੰ ਲੈਣ ਦੇ ਯੋਗ ਹੁੰਦੇ ਹਾਂ।
ਨੌਜੁਆਨ- ਜੰਗਲ ਵਿਚ ਤਾਂ ਮਤਵਾਲੇ ਦੀ ਮਿੱਠੀ ਯਾਦ ਹੀ ਕਾਇਮ ਹੈ। ਜ਼ਾਲਮ ਜਾਬਰ ਦੀਆਂ ਕਰਤੂਤਾਂ ਦਾ ਚਰਚਾ ਕਰਨ ਦਾ ਉਥੇ ਕਿਸੇ ਨੂੰ ਸ਼ੌਕ ਨਹੀਂ, ਇਹ ਤਾਂ ਇਤਿਹਾਸ ਵਿਚ ਹੀ ਹੁੰਦਾ ਹੈ। ਇਸ਼ਕ ਦਾ ਮੰਦਰ ਸਦਾ ਅਮਰ ਤੇ ਅੱਟਲ ਹੈ। ਮੈਨੂੰ ਵੰਝਲੀ ਦਿਉ ਤੇ ਗਾਉਣ ਦਿਉ। ਜਾਬਰ ਦੀ ਨਿਰਦੈਤਾ ਭੁੱਲ ਜਾਓ। ਕੰਵਲ ਫੁੱਲ ਦੀ ਰਚਨਾ ਇਸ ਲਈ ਕੀਤੀ ਗਈ ਹੈ ਕਿ ਤ੍ਰੇਲ ਦੇ ਮੋਤੀ ਸਾਂਭੇ ਜਾਣ। ਪ੍ਰੇਮੀ ਵਿਆਕੁਲ ਹੋ ਕੇ ਵੀ ਆਪਣੀ ਪਿਆਸ ਬੁਝਾਉਣੀ ਨਹੀਂ ਚਾਹੁੰਦਾ। ਲੋਕ ਪੁੱਛਦੇ ਹਨ ਕਿ ਲਹੂ ਦੇ ਹੰਝੂ ਕਿਉਂ ਕੇਰਦਾ ਹੈਂ ?
ਜੰਗਲ ਵਿਚ ਆਸ਼ਕਾਂ ਦੇ ਮਿਲਣ 'ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਤੇ ਨਾ ਹੀ ਉਨ੍ਹਾਂ ਸੂਹੀਆਂ ਨੂੰ ਕੋਈ ਦੋਸ਼ ਦਿੰਦਾ ਹੈ। ਸੋਹਣਾ ਮ੍ਰਿਗ ਆਪਣੀ ਮੂਨ ਦੀ ਪ੍ਰੀਤ ਦਾ ਸੁਆਗਤ ਕਰਦਾ ਹੈ। ਉਕਾਬ ਕਦੀ ਆਪਣਾ ਰੋਅਬ ਨਹੀਂ ਦਿਖਾਉਂਦਾ ਤੇ ਨਾ ਹੀ ਕਹਿੰਦਾ ਹੈ ਕਿ ਮੈਂ ਕੋਈ ਚਮਤਕਾਰ ਦਿਖਾ ਰਿਹਾ ਹਾਂ। ਅਸੀਂ ਕੁਦਰਤ ਦੇ ਬੱਚੇ ਨਿਰਮਲ-ਚਿਤ ਵਾਲੇ ਨਿਰਛਲ ਬੱਚੇ ਹਾਂ। ਮੈਨੂੰ ਵੰਝਲੀ ਦਿਉ ਤੇ ਗਾਉਣ ਦਿਉ।
***
ਧਰਮ
ਸ਼ੇਖ਼- ਧਰਮ ਇਕ ਚੰਗੀ ਤਰ੍ਹਾਂ ਵਾਹੀ ਬੀਜੀ ਖੇਤੀ ਦੇ ਸਮਾਨ ਹੈ। ਸੁਰਗ ਦੇ ਅਭਿਲਾਸ਼ੀ ਤੇ ਨਰਕ ਭੈ-ਭੀਤ ਪ੍ਰਾਣੀ ਦੀ ਮਰਜ਼ੀ ਨਾਲ ਇਹ ਬਿਜਾਈ ਹੋਈ ਹੈ, ਇਹ ਜੀਵਨ-ਉਸਾਰੀ ਤੋਂ ਇਲਾਵਾ ਕੁਝ ਵੀ ਨਹੀਂ। ਨਾ ਇਨ੍ਹਾਂ ਨਿਭਾਗਿਆਂ ਨੇ ਇਸ਼ਟ ਪੂਜਾ ਕੀਤੀ ਤੇ ਨਾ ਹੀ ਪ੍ਰਾਸ਼ਚਿਤ ਹੀ ਕੀਤਾ। ਇਨ੍ਹਾਂ ਤਾਂ ਰੋਜ਼ਾਨਾ ਵਿਹਾਰ ਵਿਚ ਧਰਮ ਨੂੰ ਇਕ ਤਰ੍ਹਾਂ ਦਾ 'ਵਪਾਰ' ਹੀ ਬਣਾ ਲਿਆ ਜਿਸ ਤੋਂ ਵਧ ਲਾਹਾ ਲਿਆ ਜਾਵੇ। ਕੀ ਹੁਣ ਉਹ ਇਸ ਧਰਮ ਨੂੰ ਤਿਲਾਂਜਲੀ ਦੇਣ ਜਾਂ ਇਸ ਤੋਂ ਫਿਰ ਕੋਈ ਨਫ਼ਾ ਖੱਟਣ ?
ਨੌਜੁਆਨ- ਕੁਦਰਤ ਦੇ ਜੰਗਲ ਵਿਚ ਨਾ ਕੋਈ ਆਸਤਿਕ ਹੈ ਨਾ ਨਾਸਤਿਕ ਅਤੇ ਨਾ ਹੀ ਕੋਈ ਕਿਸੇ ਹਜ਼ਰਤ ਮੁਹੰਮਦ ਜਾਂ ਹਜ਼ਰਤ ਈਸਾ ਦੇ ਧਰਮ-ਵਿਸ਼ੇਸ਼ ਦਾ ਮਹੱਤਵ ਹੈ। ਜਦੋਂ ਪੰਛੀ ਮਿੱਠੀ ਸੁਰ ਵਿਚ ਗਾਉਂਦੇ ਹਨ ਤਾਂ ਉਸ ਰਸੀਲੀ ਸੁਰ ਨਾਲ ਆਤਮਾ ਨੂੰ ਸੰਤੁਸ਼ਟੀ ਮਿਲਦੀ ਹੈ। ਮੈਨੂੰ ਵੰਝਲੀ ਦਿਉ ਤੇ ਗਾਉਣ ਦਿਉ। ਪ੍ਰਾਰਥਨਾ ਮੇਰਾ ਗੀਤ ਹੈ ਤੇ ਪ੍ਰੇਮ ਹੀ ਮੇਰਾ ਸਾਜ਼। ਵੰਝਲੀ ਦੀ ਧੁਨ ਸਭ ਦਾ ਸੰਤਾਪ ਮਿਟਾਏਗੀ।