ਹਰਸ਼ ਮਹਿਸੂਸ ਕੀਤਾ। ਸੱਚ ਹੈ ਕਿ ਉਹਨਾਂ ਦੇ ਬਚਨ ਭੁੱਲੇ-ਭਟਕੇ ਲੋਕਾਂ ਨੂੰ ਸੁੱਖ-ਸ਼ਾਂਤੀ ਦਾ ਮਾਰਗ ਦਿਖਾਉਂਦੇ ਹਨ ਤੇ ਅਗਾਂਹ ਵੀ ਦਿਖਾਉਂਦੇ ਰਹਿਣਗੇ।
ਜਿਹਨਾਂ ਦਿਨਾਂ ਵਿਚ ਖ਼ਲੀਲ ਅਮਰੀਕਾ ਵਿਚ ਰਹਿ ਕੇ ਸਾਹਿਤ ਸਿਰਜਣਾ ਕਰ ਰਿਹਾ ਸੀ, ਫ਼ਰਾਇਡ ਦੇ ਮਨੋਵਿਸ਼ਲੇਸ਼ਣ ਦੇ ਸਿਧਾਂਤਾਂ ਦਾ ਬੜਾ ਚਰਚਾ ਸੀ ਤੇ ਲੋਕ ਮਨ ਦੀ ਥਾਹ ਪਾਉਣ ਵਿਚ ਲੱਗੇ ਹੋਏ ਸਨ। ਖ਼ਲੀਲ ਨੇ ਅਜਿਹੇ ਲੋਕਾਂ 'ਤੇ ਬੜਾ ਵਧੀਆ ਵਿਅੰਗ ਕੀਤਾ ਸੀ। ਇਕ ਅਜਿਹਾ ਫ਼ਿਲਾਸਫ਼ਰ ਜਾ ਰਿਹਾ ਸੀ ਤਾਂ ਉਸ ਨੂੰ ਇਕ ਸਫ਼ਾਈ ਸੇਵਕ ਮਿਲਿਆ । ਗੱਲਾਂ ਕਰਦਿਆਂ ਫ਼ਿਲਾਸਫ਼ਰ ਕਹਿਣ ਲੱਗਾ ਤੂੰ ਕੀ ਕੰਮ ਕਰਦਾ ਹੈਂ। ਉਸ ਨੇ ਆਖਿਆ-ਮੈਂ ਗੰਦਗੀ ਸਾਫ਼ ਕਰਦਾ ਹਾਂ। ਫ਼ਿਲਾਸਫ਼ਰ ਕਹਿਣ ਲੱਗਾ ਅੱਛਾ! ਮੈਨੂੰ ਤੇਰੇ 'ਤੇ ਤਰਸ ਆਉਂਦਾ ਹੈ ਕਿ ਤੂੰ ਬਹੁਤ ਹੀ ਘਟੀਆ ਕੰਮ ਕਰ ਰਿਹਾ ਹੈਂ। ਸਫ਼ਾਈ ਸੇਵਕ ਕਹਿਣ ਲੱਗਾ-ਤੂੰ ਕੀ ਕੰਮ ਕਰਦਾ ਹੈਂ ? ਫ਼ਿਲਾਸਫ਼ਰ ਨੇ ਬੜਾ ਚੌੜਾ ਹੋ ਕੇ ਆਖਿਆ-ਮੈਂ ਲੋਕਾਂ ਦੇ ਮਨਾਂ ਦਾ ਅਧਿਐਨ ਕਰਦਾ ਹਾਂ। ਸਫ਼ਾਈ ਸੇਵਕ ਕਹਿਣ ਲੱਗਾ—ਹੈ ਤੇਰੇ ਦੀ! ਤੂੰ ਤਾਂ ਮੇਰੇ ਨਾਲੋਂ ਵੀ ਗੰਦਾ ਕੰਮ ਕਰ ਰਿਹਾ ਹੈਂ। ਮੈਨੂੰ ਤੇਰੇ 'ਤੇ ਤਰਸ ਆਉਂਦਾ ਹੈ, ਜ਼ਿੰਦਗੀ ਲੋਕਾਂ ਦੇ ਮਨ ਦੀਆਂ ਡੂੰਘਾਈਆਂ ਵਿਚ ਜਾ ਕੇ ਉਹਨਾਂ ਦੀ ਗੰਦਗੀ ਦੇਖਣ ਦਾ ਨਾਂ ਨਹੀਂ ਹੈ, ਸਗੋਂ ਪਰਮਾਤਮਾ ਦੁਆਰਾ ਸਿਰਜੇ ਸੁਹੱਪਣ ਨੂੰ ਦੇਖਣ ਮਾਨਣ ਦਾ ਨਾਂ ਹੈ।
ਖ਼ਲੀਲ ਨੂੰ ਮਨੁੱਖਤਾ ਨਾਲ ਅਥਾਹ ਪਿਆਰ ਸੀ। ਉਸ ਨੇ ਕਿਹਾ ਹੈ, ਮਨੁੱਖਤਾ ਰੌਸ਼ਨੀ ਦਾ ਦਰਿਆ ਹੈ ਜੋ ਅਸਦੀਵਤਾ ਤੋਂ ਸਦੀਵਤਾ ਵਲ ਵਹਿੰਦਾ ਹੈ। ਮਨੁੱਖ ਦੁਨੀਆਂ ਵਿਚ ਆ ਕੇ ਆਪਣੇ ਰੋਲ ਅਦਾ ਕਰਕੇ ਚਲੇ ਜਾਂਦੇ ਹਨ ਪਰ ਮਨੁੱਖਤਾ ਨਿਰੰਤਰ ਗਤੀਸ਼ੀਲ ਰਹਿੰਦੀ ਹੈ ਜੋ ਅਮਰਤਾ ਵਲ ਨੂੰ ਪ੍ਰਗਤੀਸ਼ੀਲ ਹੈ। ਭਾਰਤੀ ਰਿਸ਼ੀ ਦੇ ਬਚਨ ਵੀ ਤਾਂ ਅਜਿਹੇ ਹਨ-ਮੈਨੂੰ ਅੰਧਕਾਰ ਤੋਂ ਪ੍ਰਕਾਸ਼ ਵਲ ਲੈ ਚਲ। ਮੈਨੂੰ ਅਗਿਆਨ ਤੋਂ ਗਿਆਨ ਵਲ ਲੈ ਚਲ ! ਮੈਨੂੰ ਮੌਤ ਤੋਂ ਅਮਰਤਾ ਵਲ ਲੈ ਚੱਲ! ਕੀ ਖ਼ਲੀਲ ਜਿਬਰਾਨ ਵੀ ਰਿਸ਼ੀ ਦੇ ਪੱਧਰ ਦਾ ਰੂਹਾਨੀ ਜੀਉੜਾ ਨਹੀਂ ? ਉਹਨਾਂ ਨੇ ਸਵਰਗ ਦੀ ਹੋਂਦ ਨੂੰ ਤਾਂ ਮੰਨਿਆ ਹੈ ਪਰ ਉਸ ਸਵਰਗ ਨੂੰ ਨਹੀਂ ਜਿਸ ਦੇ ਲਾਰੇ ਲਾ ਕੇ ਪੂਜਾਰੀ ਵਰਗ ਲੋਕਾਂ ਨੂੰ ਲੁੱਟਦਾ ਆਇਆ ਹੈ। ਖ਼ਲੀਲ ਦੇ ਬਚਨ
ਹਨ-ਸਵਰਗ ਤਾਂ ਇਥੇ ਹੀ ਹੈ ਦਰਵਾਜ਼ੇ ਪਿੱਛੇ ਤੇ ਅਗਲੇ ਕਮਰੇ ਵਿਚ ਪਰ ਮੈਂ ਤਾਂ ਚਾਬੀਆਂ ਹੀ ਗਵਾ ਲਈਆਂ ਨੇ । ਸ਼ਾਇਦ ਕਿਧਰੇ ਗ਼ਲਤ ਥਾਂ ਰੱਖ ਦਿੱਤੀਆਂ ਨੇ।
ਖ਼ਲੀਲ ਨੇ ਕਵਿਤਾ ਦੀ ਸਿਧਾਂਤਕ ਵਿਆਖਿਆ ਨਹੀਂ ਕੀਤੀ ਪਰ ਜੋ ਕਵਿਤਾ ਬਾਰੇ ਆਖਿਆ ਹੈ ਵੇਖਣਯੋਗ ਹੈ: ਕਵਿਤਾ ਵਿਵੇਕ ਹੈ ਜੋ ਦਿਲਾਂ ਨੂੰ ਮੋਂਹਦਾ ਹੈ। ਵਿਵੇਕ ਕਵਿਤਾ ਹੈ ਜੋ ਮਨਾਂ ਵਿਚ ਗਾਉਂਦੀ ਹੈ। ਖ਼ਲੀਲ ਨੇ ਸੰਗੀਤਕਾਰ ਬਾਰੇ ਬਹੁਤ ਪਿਆਰਾ ਬਚਨ ਕੀਤਾ ਹੈ—ਗਵੱਈਆ ਉਹ ਹੈ ਜੋ ਸਾਡੇ ਮਨਾਂ ਦੀ ਚੁੱਪ ਨੂੰ ਗਾਉਂਦਾ ਹੈ। ਚੁੱਪ ਸੰਗੀਤ ਬਾਰੇ ਉਹਨਾਂ ਦੇ ਬੋਲ ਦੇਖੋ—ਜਿਹੜਾ ਗੀਤ ਮਾਂ ਦੇ ਮਨ ਵਿਚ ਚੁੱਪ-ਚਾਪ ਪਿਆ ਹੈ, ਬਾਲ ਦੇ ਹੋਠਾਂ 'ਤੇ ਗਾਇਆ ਜਾਂਦਾ ਹੈ।
ਮਹਿਮਾਨ ਨਵਾਜ਼ੀ ਮਾਨਵਤਾ ਦੀ ਪ੍ਰਗਤੀ ਦਾ ਮਾਪਦੰਡ ਹੈ। ਹਰ ਕੌਮ ਦੇ ਆਪਣੇ ਢੰਗ ਹਨ ਮਹਿਮਾਨ ਨੂੰ ਰੀਝਾਉਣ ਦੇ ! ਖ਼ਲੀਲ ਦਾ ਬਚਨ ਦੇਖੋ-ਜੇਕਰ ਮਹਿਮਾਨਾਂ ਲਈ ਨਹੀਂ ਹਨ ਤਾਂ ਸਾਡੇ ਘਰ ਕਬਰਾਂ ਹਨ ਅਤੇ ਮਹਿਮਾਨ ਦੀ ਵਡਿਆਈ ਇਉਂ ਜ਼ਾਹਿਰ ਕੀਤੀ—ਮੈਂ ਆਪਣੇ ਮਹਿਮਾਨ ਨੂੰ ਦਹਿਲੀਜ਼ 'ਤੇ ਰੋਕਿਆ ਤੇ ਕਿਹਾ, “ਅੰਦਰ ਵੜਨ ਲੱਗੇ ਆਪਣੇ ਪੈਰ ਨਾ ਪੂੰਝੋ ਸਗੋਂ ਜਾਣ ਲੱਗਿਆਂ ਇਉਂ ਕਰਨਾ।"
ਕਈ ਵਾਰੀ ਮਹਿਮਾਨ ਨਵਾਜ਼ੀ ਨੂੰ ਲੈ ਕੇ ਉਹਨਾਂ ਵਿਅੰਗ ਵੀ ਬਹੁਤ ਕਮਾਲ ਦਾ ਕੀਤਾ ਹੈ, “ਇਕ ਮਿਹਰਬਾਨ ਬਘਿਆੜ ਨੇ ਇਕ ਸਾਧਾਰਨ ਜਿਹੀ ਭੇਡ ਨੂੰ ਆਖਿਆ ਕਿ ਕੀ ਤੁਸੀਂ ਮੇਰੇ ਘਰ ਤਸ਼ਰੀਫ਼ ਲਿਆ ਕੇ ਮੇਰਾ ਮਾਣ ਨਹੀਂ ਰੱਖੋਗੇ? ਅਤੇ ਭੇਡ ਨੇ ਜੁਆਬ ਦਿੱਤਾ-ਜਨਾਬ ਅਸੀਂ ਤੁਹਾਡੇ ਘਰ ਆਉਣ ਦਾ ਮਾਣ ਪ੍ਰਾਪਤ ਕਰਦੇ ਜੇਕਰ ਤੁਹਾਡੇ ਪੇਟ ਨਾ ਲੱਗਿਆ ਹੁੰਦਾ।”
ਕਈ ਅਮਰ ਸੱਚਾਈਆਂ ਖ਼ਲੀਲ ਦੀ ਰਚਨਾ ਵਿਚ ਹੀਰਿਆਂ ਵਾਂਗ ਜੜ੍ਹੀਆਂ ਹੋਈਆਂ ਹਨ-
'ਸਿਰਫ਼ ਮੇਰੇ ਨਾਲੋਂ ਘਟੀਆ ਬੰਦਾ ਹੀ ਮੇਰੇ ਨਾਲ ਈਰਖਾ ਜਾਂ ਨਫ਼ਰਤ ਕਰ ਸਕਦਾ ਹੈ।'
'ਭੁੱਲ ਜਾਣਾ ਇਕ ਰੂਪ ਹੈ ਆਜ਼ਾਦੀ ਦਾ।'
'ਯਾਦ ਕਰਨਾ ਵੀ ਤਾਂ ਮਿਲਣੀ ਦਾ ਰੂਪ ਹੀ ਹੈ।'
ਤੀਬਰ ਇੱਛਾ ਹੀ ਹਰ ਚੀਜ਼ ਦਾ ਮੂਲ ਹੈ।'
'ਸ਼ੈਤਾਨ ਦੀ ਉਸੇ ਦਿਨ ਮੌਤ ਹੋ ਗਈ ਸੀ ਜਿਸ ਦਿਨ ਤੁਸੀਂ ਜਨਮੇਂ ਸੀ।'
'ਪਰਮਾਤਮਾ ਜ਼ਿਆਦਾ ਰੱਜਿਆਂ ਨੂੰ ਰਜਾਵੇ ।'
'ਇੱਛਾ ਅੱਧਾ ਜੀਵਨ ਹੈ ਤੇ ਉਦਾਸੀਨਤਾ ਅੱਧੀ ਮੌਤ।' ਆਦਿ।
ਖ਼ਲੀਲ ਨੂੰ ਪੜ੍ਹਨਾ ਬਹੁਤ ਧਿਆਨ ਦੀ ਮੰਗ ਕਰਦਾ ਹੈ। ਇਕਾਗਰ ਚਿੱਤ ਹੋ ਕੇ ਇਹਨਾਂ ਦੀ ਰਚਨਾ ਦਾ ਆਨੰਦ ਮਾਣਿਆ ਜਾ ਸਕਦਾ ਹੈ। ਫਿਰ ਤੁਹਾਨੂੰ ਉਹ ਅਗਮ-ਅਗੋਚਰ ਦੀ ਸੋਝੀ ਕਰਵਾਉਣਗੇ। ਅਕੱਥ ਨੂੰ ਕਥਣਯੋਗ ਬਣਾਉਣਗੇ। ਰੂਹਾਨੀ ਬੁਲੰਦੀਆਂ ਤਕ ਲੈ ਜਾਣਗੇ। ਤੁਸੀਂ ਇਹਨਾਂ ਦੀਆਂ ਰਚਨਾਵਾਂ ਨੂੰ ਪੜ੍ਹ ਕੇ ਕਾਫ਼ੀ ਬਦਲ ਜਾਵੋਗੇ। ਤੁਹਾਨੂੰ ਜਾਪੇਗਾ ਤੁਸੀਂ ਅਜਿਹੀ ਦਿੱਸਦੀ ਵੱਸਦੀ ਦੁਨੀਆਂ ਵਿਚ ਵਿਚਰ ਰਹੇ ਹੋ ਜਿਸ ਪਾਸ ਦੇਣ ਲਈ ਕੁਝ ਨਹੀਂ। ਤੇ ਜਿਸ ਜਗਤ ਵਿਚ ਸ਼ਾਇਰ ਲੈ ਜਾ ਰਿਹਾ ਹੈ ਉਹ ਸਦੀਵੀ ਸੁੱਖ-ਸ਼ਾਂਤੀ ਦਾ ਘਰ ਹੈ ਸਿੱਖ ਸ਼ਬਦਾਵਲੀ ਵਿਚ ਸੱਚਖੰਡ ਹੈ। ਜਿਥੇ ਸਦੀਵੀ ਟਿਕਾਣਾ ਮਿਲ ਜਾਂਦਾ ਹੈ ਭਟਕਦੇ ਮਾਨਵ ਨੂੰ।
ਡਾ. ਜਗਦੀਸ਼ ਵਾਡੀਆ ਦੀ ਹਿੰਮਤ ਹੈ ਜੋ ਉਹਨਾਂ ਅਜਿਹੇ ਗਹਿਰ-ਗੰਭੀਰ ਚਿੰਤਨ ਦੀਆਂ ਅਮਰ ਰਚਨਾਵਾਂ ਨੂੰ ਪੜ੍ਹਿਆ ਹੈ, ਮਾਣਿਆ ਹੈ ਤੇ ਫਿਰ ਪੰਜਾਬੀ ਵਿਚ ਅਨੁਵਾਦ ਕਰਕੇ ਅੰਗਰੇਜ਼ੀ ਨਾ ਜਾਨਣ ਵਾਲਿਆਂ ਉੱਤੇ ਪਰਉਪਕਾਰ ਕੀਤਾ ਹੈ। ਇਹਨਾਂ ਰਚਨਾਵਾਂ ਦਾ ਅਨੁਵਾਦ ਕੋਈ ਸੌਖੀ ਗੱਲ ਨਹੀਂ ਹੈ। ਮੈਨੂੰ ਤਾਂ ਕਈ ਵਾਰ ਜਾਪਦਾ ਹੈ ਉਸ ਮਹਾਕਵੀ ਦੀ ਰੂਹ ਨੇ ਹੀ ਡਾਕਟਰ ਵਾਡੀਆ ਨੂੰ ਇਹ ਅਨੁਵਾਦ ਕਰਨ ਲਈ ਪ੍ਰੇਰਿਆ ਤੇ ਸਮਰੱਥ ਬਣਾਇਆ।
ਡਾ. ਵਾਡੀਆ ਲੰਮੀ ਜ਼ਿੰਦਗੀ ਭੋਗਦਿਆਂ ਹੋਰ ਸਾਹਿਤ ਸਿਰਜਣਾ ਕਰਨ। ਇਹੀ ਅਰਦਾਸ ਹੈ।
ਗੁਰਮੁਖ ਸਿੰਘ
ਇਕ ਅਮਰ-ਪੈਗੰਬਰ—ਖ਼ਲੀਲ ਜਿਬਰਾਨ
ਮਨੁੱਖ ਦੀ ਸਾਰਥਿਕਤਾ ਇਸ ਵਿਚ ਨਹੀਂ ਕਿ ਉਸ ਨੇ ਕੀ ਪ੍ਰਾਪਤ ਕੀਤਾ ਹੈ, ਸਗੋਂ ਇਸ ਵਿਚ ਹੈ ਕਿ ਉਹ ਕੀ ਪ੍ਰਾਪਤ ਕਰਨਾ ਚਾਹੁੰਦਾ ਸੀ। ਗਿਆਨ ਤਾਂ ਅਥਾਹ ਸਮੁੰਦਰ ਵਾਂਗ ਹੈ ਜਿਸ ਦੀ ਕੋਈ ਥਾਹ ਨਹੀਂ ਪਾ ਸਕਦਾ। ਜਿੰਨਾ ਹਾਸਲ ਕਰੋ ਉਹ ਤਾਂ ਇਕ ਕਿਣਕਾ ਮਾਤਰ ਹੀ ਹੁੰਦਾ ਹੈ। ਸੰਪੂਰਨ ਗਿਆਨ ਹਾਸਲ ਕਰਨ ਲਈ ਤਾਂ ਮਨੁੱਖ ਨੂੰ ਯੁਗਾਂ ਯੁਗਾਂਤਰਾਂ ਤਕ ਘਾਲਨਾ ਘਾਲਣੀ ਪੈਂਦੀ ਹੈ। ਫਿਰ ਵੀ ਉਹ ਟੀਚੇ ਤਕ ਪੁੱਜੇ, ਕਿਹਾ ਨਹੀਂ ਜਾ ਸਕਦਾ। ਹਾਂ ਏਨਾ ਜ਼ਰੂਰ ਹੈ ਕਿ ਕੁਝ ਸ਼ਖ਼ਸੀਅਤਾਂ ਇਹੋ ਜਿਹੀਆਂ ਹੁੰਦੀਆਂ ਹਨ ਜੋ ਥੋੜ੍ਹੇ ਸਮੇਂ ਵਿਚ ਬਹੁਤ ਕੁਝ ਹਾਸਲ ਕਰਕੇ ਸਮਾਜ ਲਈ ਚਾਨਣ ਮੁਨਾਰਾ ਬਣਦੀਆਂ ਹਨ। ਅਜਿਹਾ ਹੀ ਇਕ ਸ਼ਖ਼ਸ ਹੋਇਆ ਹੈ—ਖ਼ਲੀਲ ਜਿਬਰਾਨ ਜਿਸ ਨੂੰ ਅਮਰ ਪੈਗ਼ੰਬਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਸ ਦੇ ਵਿਚਾਰਾਂ ਸਦਕਾ, ਉਸਦੀਆਂ ਲਿਖਤਾਂ ਸਦਕਾ।
ਉਸ ਦੀ ਸ਼ਕਤੀ ਰੂਹਾਨੀ ਜੀਵਨ ਦੇ ਕਿਸੇ ਮਹਾਨ ਸਰੋਤ ਵਿੱਚੋਂ ਨਿਕਲੀ ਸੀ, ਨਹੀਂ ਤਾਂ ਉਹ ਏਨਾ ਸਰਵ-ਵਿਆਪੀ ਤੇ ਪ੍ਰਭਾਵਸ਼ਾਲੀ ਨਾ ਹੁੰਦਾ। ਵਿਚਾਰਾਂ ਨੂੰ ਬੋਲੀ ਦੀ ਜਿਸ ਸ਼ਾਨ ਤੇ ਖ਼ੂਬਸੂਰਤੀ ਦੇ ਵਸਤਰ ਉਸ ਨੇ ਪਹਿਨਾਏ ਉਹ ਸਭ ਉਸਦੇ ਆਪਣੇ ਸਨ। -ਕਲਾਡ ਬਰੈਗਡਨ
ਕਲਾ ਕੁਦਰਤ ਵਲੋਂ ਅਨੰਤਤਾ ਵਲ ਇਕ ਕਦਮ ਹੈ ਅਤੇ ਮਹਾਨ ਕਲਾਕਾਰ ਨੂੰ ਅਨੰਤਤਾ ਦੀ ਇੱਛਾ ਇਸ ਲਈ ਹੁੰਦੀ ਹੈ ਕਿ ਉਥੇ ਉਸ ਨੂੰ ਆਪਣੀਆਂ ਅਣਲਿਖੀਆਂ ਕਵਿਤਾ ਤੇ ਅਣਚਿਤਰੇ ਚਿੱਤਰ ਪ੍ਰਾਪਤ ਹੋ ਜਾਂਦੇ
ਹਨ। ਇਕ ਕਲਾ ਕਿਰਤ ਤਾਂ ਧੁੰਦ ਨੂੰ ਮੂਰਤੀ ਦਾ ਰੂਪ ਦੇਣਾ ਹੁੰਦਾ ਹੈ ਤੇ ਇਹ ਮੂਰਤੀ ਰੂਪ ਮਿਲਦਾ ਹੈ ਲੈਬਨਾਨ ਦੇ ਅਗਾਂਹ-ਵਧੂ ਵਿਚਾਰਾਂ ਦੇ ਧਾਰਨੀ ਸਾਹਿਤਕਾਰ ਖ਼ਲੀਲ ਜਿਬਰਾਨ ਦੀਆਂ ਰਚਨਾਵਾਂ, ਕਲਾ-ਕਿਰਤਾਂ ਤੇ ਚਿਤਰਾਂ ਵਿੱਚੋਂ ਜਿਸ ਨੇ ਸਾਰੇ ਸਮਾਜਕ ਤੇ ਧਾਰਮਕ ਪਿਛਾਂਹ-ਖਿਚੂ ਬੰਧਨ ਤੋੜ ਕੇ ਇਕ ਅਜਿਹੀ ਪਰੰਪਰਾ ਕਾਇਮ ਕੀਤੀ ਜਿਸ ਨੇ ਸਾਹਿਤ ਜਗਤ ਵਿਚ ਉਸ ਦੀ ਨਿਵੇਕਲੀ ਥਾਂ ਬਣਾ ਦਿੱਤੀ। ਖ਼ਲੀਲ ਜਿਬਰਾਨ ਆਪ ਲਿਖਦਾ ਹੈ, “ਮਹਾਨ ਮਨੁੱਖ ਦੇ ਦੋ ਦਿਲ ਹੁੰਦੇ ਹਨ : ਇਕ 'ਚੋਂ ਖੂਨ ਵਗਦਾ ਹੈ ਤੇ ਦੂਸਰਾ ਸਹਿਣ ਕਰਦਾ ਹੈ।” ਇਹ ਵਿਚਾਰ ਉਸਦੇ ਆਪਣੇ ਉੱਤੇ ਪੂਰੀ ਤਰ੍ਹਾਂ ਢੁੱਕਦਾ ਹੈ—ਸਮਾਜ ਦਾ ਜਿਹੜਾ ਕੋਹਝਾ ਰੂਪ ਉਸ ਵੇਖਿਆ, ਮਹਿਸੂਸ ਕੀਤਾ, ਆਪਣੇ ਆਪ ਉੱਤੇ ਹੰਢਾਇਆ, ਉਹੀ ਉਸਦੀਆਂ ਲਿਖਤਾਂ ਵਿੱਚੋਂ ਉਭਰ ਕੇ ਸਾਹਮਣੇ ਆਉਂਦਾ ਹੈ। ਪਰ ਨਾਲ ਹੀ ਉਹ ਇਹ ਵੀ ਸਪੱਸ਼ਟ ਕਰਦਾ ਹੈ, “ਹਰ ਵਿਚਾਰ ਜਿਸ ਨੂੰ ਮੈਂ ਆਪਣੇ ਪ੍ਰਗਟਾ ਵਿਚ ਕੈਦ ਕੀਤਾ ਹੈ, ਆਪਣੇ ਅਮਲਾਂ ਨਾਲ ਮੁਕਤ ਕਰਾਂਗਾ।" ਇਹ ਪ੍ਰਗਟਾ ਅਤੇ ਅਮਲ ਉਸਦੀਆਂ ਰਚਨਾਵਾਂ ਵਿੱਚੋਂ ਆਪ ਮੁਹਾਰੇ ਉਭਰਕੇ ਸਾਹਮਣੇ ਆਉਂਦੇ ਹਨ।
ਖ਼ਲੀਲ ਜਿਬਰਾਨ ਨੇ ਜ਼ਿੰਦਗੀ ਨੂੰ ਇਕ ਨਵੇਂ ਤੇ ਅਨੋਖੇ ਦ੍ਰਿਸ਼ਟੀਕੋਣ ਤੋਂ ਵੇਖਿਆ। ਅਰਬ ਦੇਸ਼ਾਂ ਦੀ ਸਦੀਆਂ ਪੁਰਾਣੀ ਗੜਬੜ ਵਾਲੀ ਅੰਦਰੂਨੀ ਸਿਆਸਤ ਤੇ ਬਾਹਰੀ ਦਖ਼ਲ-ਅੰਦਾਜ਼ੀ ਦੇ ਬਾਵਜੂਦ ਉਸ ਦੀ ਨਿੱਜੀ ਸ਼ਖ਼ਸੀਅਤ ਕਾਇਮ ਹੀ ਨਾ ਰਹੀ ਸਗੋਂ ਹੋਰ ਉਭਰਕੇ ਸਾਹਮਣੇ ਆਈ । ਜਦਕਿ ਪੱਛਮੀ ਦੁਨੀਆਂ ਆਪਣੀਆਂ ਸਮੱਸਿਆਵਾਂ ਦਾ ਹਲ ਵਿਗਿਆਨ ਰਾਹੀਂ ਲੱਭ ਰਹੀ ਸੀ ਉਥੇ ਅਰਬ ਦੇਸ਼ਾਂ ਦੇ ਲੋਕ ਜ਼ਿੰਦਗੀ ਨੂੰ ਕਾਵਿਕ ਦੇ ਦਾਰਸ਼ਨਿਕ ਨਜ਼ਰੀਏ ਤੋਂ ਵੇਖਣ ਨੂੰ ਤਰਜੀਹ ਦੇਂਦੇ ਰਹੇ । ਇਥੋਂ ਦੇ ਲੇਖਕ ਨਾ ਤਾਂ ਧਾਰਮਿਕ ਕੱਟੜਦਾ ਨੂੰ ਬਿਆਨ ਕਰਦੇ ਹਨ ਨਾ ਹੀ ਵਿਗਿਆਨ ਵਲੋਂ ਪਾਏ ਭੁਲੇਖਿਆ ਦਾ ਸ਼ਿਕਾਰ ਹੁੰਦੇ ਹਨ। ਉਹ ਲਿਖਣ ਵਿਚ ਪੂਰੀ ਆਜ਼ਾਦੀ ਮਾਣਦੇ ਹਨ। ਇਸਦੀ ਮਿਸਾਲ ਖ਼ਲੀਲ ਜਿਬਰਾਨ ਦੇ ਰੂਪ ਵਿਚ ਸਾਡੇ ਸਾਹਮਣੇ ਹੈ ਅਤੇ ਜਿੰਨੇ ਮਾਨ ਸਨਮਾਨ ਦਾ ਉਹ ਹੱਕਦਾਰ ਹੈ, ਹੋਰ ਕੋਈ ਲੇਖਕ ਸ਼ਾਇਦ ਹੀ ਉਸਦਾ ਮੁਕਾਬਲਾ ਕਰ ਸਕੇ। ਪੂਰਬੀ ਦੇਸ਼ਾਂ ਦੇ ਸਾਹਿਤ ਜਗਤ ਵਿਚ ਜਿੰਨਾ ਵਧੀਆ ਤੇ ਉੱਚ ਪਾਏ ਦਾ ਸਾਹਿਤ ਰਚਿਆ ਗਿਆ ਹੈ, ਖ਼ਲੀਲ ਜਿਬਰਾਨ ਉਸ ਦੀ ਟੀਸੀ 'ਤੇ ਖੜਾ ਹੈ।