ਇਕ ਅਮਰ-ਪੈਗੰਬਰ—ਖ਼ਲੀਲ ਜਿਬਰਾਨ
ਮਨੁੱਖ ਦੀ ਸਾਰਥਿਕਤਾ ਇਸ ਵਿਚ ਨਹੀਂ ਕਿ ਉਸ ਨੇ ਕੀ ਪ੍ਰਾਪਤ ਕੀਤਾ ਹੈ, ਸਗੋਂ ਇਸ ਵਿਚ ਹੈ ਕਿ ਉਹ ਕੀ ਪ੍ਰਾਪਤ ਕਰਨਾ ਚਾਹੁੰਦਾ ਸੀ। ਗਿਆਨ ਤਾਂ ਅਥਾਹ ਸਮੁੰਦਰ ਵਾਂਗ ਹੈ ਜਿਸ ਦੀ ਕੋਈ ਥਾਹ ਨਹੀਂ ਪਾ ਸਕਦਾ। ਜਿੰਨਾ ਹਾਸਲ ਕਰੋ ਉਹ ਤਾਂ ਇਕ ਕਿਣਕਾ ਮਾਤਰ ਹੀ ਹੁੰਦਾ ਹੈ। ਸੰਪੂਰਨ ਗਿਆਨ ਹਾਸਲ ਕਰਨ ਲਈ ਤਾਂ ਮਨੁੱਖ ਨੂੰ ਯੁਗਾਂ ਯੁਗਾਂਤਰਾਂ ਤਕ ਘਾਲਨਾ ਘਾਲਣੀ ਪੈਂਦੀ ਹੈ। ਫਿਰ ਵੀ ਉਹ ਟੀਚੇ ਤਕ ਪੁੱਜੇ, ਕਿਹਾ ਨਹੀਂ ਜਾ ਸਕਦਾ। ਹਾਂ ਏਨਾ ਜ਼ਰੂਰ ਹੈ ਕਿ ਕੁਝ ਸ਼ਖ਼ਸੀਅਤਾਂ ਇਹੋ ਜਿਹੀਆਂ ਹੁੰਦੀਆਂ ਹਨ ਜੋ ਥੋੜ੍ਹੇ ਸਮੇਂ ਵਿਚ ਬਹੁਤ ਕੁਝ ਹਾਸਲ ਕਰਕੇ ਸਮਾਜ ਲਈ ਚਾਨਣ ਮੁਨਾਰਾ ਬਣਦੀਆਂ ਹਨ। ਅਜਿਹਾ ਹੀ ਇਕ ਸ਼ਖ਼ਸ ਹੋਇਆ ਹੈ—ਖ਼ਲੀਲ ਜਿਬਰਾਨ ਜਿਸ ਨੂੰ ਅਮਰ ਪੈਗ਼ੰਬਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਸ ਦੇ ਵਿਚਾਰਾਂ ਸਦਕਾ, ਉਸਦੀਆਂ ਲਿਖਤਾਂ ਸਦਕਾ।
ਉਸ ਦੀ ਸ਼ਕਤੀ ਰੂਹਾਨੀ ਜੀਵਨ ਦੇ ਕਿਸੇ ਮਹਾਨ ਸਰੋਤ ਵਿੱਚੋਂ ਨਿਕਲੀ ਸੀ, ਨਹੀਂ ਤਾਂ ਉਹ ਏਨਾ ਸਰਵ-ਵਿਆਪੀ ਤੇ ਪ੍ਰਭਾਵਸ਼ਾਲੀ ਨਾ ਹੁੰਦਾ। ਵਿਚਾਰਾਂ ਨੂੰ ਬੋਲੀ ਦੀ ਜਿਸ ਸ਼ਾਨ ਤੇ ਖ਼ੂਬਸੂਰਤੀ ਦੇ ਵਸਤਰ ਉਸ ਨੇ ਪਹਿਨਾਏ ਉਹ ਸਭ ਉਸਦੇ ਆਪਣੇ ਸਨ। -ਕਲਾਡ ਬਰੈਗਡਨ
ਕਲਾ ਕੁਦਰਤ ਵਲੋਂ ਅਨੰਤਤਾ ਵਲ ਇਕ ਕਦਮ ਹੈ ਅਤੇ ਮਹਾਨ ਕਲਾਕਾਰ ਨੂੰ ਅਨੰਤਤਾ ਦੀ ਇੱਛਾ ਇਸ ਲਈ ਹੁੰਦੀ ਹੈ ਕਿ ਉਥੇ ਉਸ ਨੂੰ ਆਪਣੀਆਂ ਅਣਲਿਖੀਆਂ ਕਵਿਤਾ ਤੇ ਅਣਚਿਤਰੇ ਚਿੱਤਰ ਪ੍ਰਾਪਤ ਹੋ ਜਾਂਦੇ
ਹਨ। ਇਕ ਕਲਾ ਕਿਰਤ ਤਾਂ ਧੁੰਦ ਨੂੰ ਮੂਰਤੀ ਦਾ ਰੂਪ ਦੇਣਾ ਹੁੰਦਾ ਹੈ ਤੇ ਇਹ ਮੂਰਤੀ ਰੂਪ ਮਿਲਦਾ ਹੈ ਲੈਬਨਾਨ ਦੇ ਅਗਾਂਹ-ਵਧੂ ਵਿਚਾਰਾਂ ਦੇ ਧਾਰਨੀ ਸਾਹਿਤਕਾਰ ਖ਼ਲੀਲ ਜਿਬਰਾਨ ਦੀਆਂ ਰਚਨਾਵਾਂ, ਕਲਾ-ਕਿਰਤਾਂ ਤੇ ਚਿਤਰਾਂ ਵਿੱਚੋਂ ਜਿਸ ਨੇ ਸਾਰੇ ਸਮਾਜਕ ਤੇ ਧਾਰਮਕ ਪਿਛਾਂਹ-ਖਿਚੂ ਬੰਧਨ ਤੋੜ ਕੇ ਇਕ ਅਜਿਹੀ ਪਰੰਪਰਾ ਕਾਇਮ ਕੀਤੀ ਜਿਸ ਨੇ ਸਾਹਿਤ ਜਗਤ ਵਿਚ ਉਸ ਦੀ ਨਿਵੇਕਲੀ ਥਾਂ ਬਣਾ ਦਿੱਤੀ। ਖ਼ਲੀਲ ਜਿਬਰਾਨ ਆਪ ਲਿਖਦਾ ਹੈ, “ਮਹਾਨ ਮਨੁੱਖ ਦੇ ਦੋ ਦਿਲ ਹੁੰਦੇ ਹਨ : ਇਕ 'ਚੋਂ ਖੂਨ ਵਗਦਾ ਹੈ ਤੇ ਦੂਸਰਾ ਸਹਿਣ ਕਰਦਾ ਹੈ।” ਇਹ ਵਿਚਾਰ ਉਸਦੇ ਆਪਣੇ ਉੱਤੇ ਪੂਰੀ ਤਰ੍ਹਾਂ ਢੁੱਕਦਾ ਹੈ—ਸਮਾਜ ਦਾ ਜਿਹੜਾ ਕੋਹਝਾ ਰੂਪ ਉਸ ਵੇਖਿਆ, ਮਹਿਸੂਸ ਕੀਤਾ, ਆਪਣੇ ਆਪ ਉੱਤੇ ਹੰਢਾਇਆ, ਉਹੀ ਉਸਦੀਆਂ ਲਿਖਤਾਂ ਵਿੱਚੋਂ ਉਭਰ ਕੇ ਸਾਹਮਣੇ ਆਉਂਦਾ ਹੈ। ਪਰ ਨਾਲ ਹੀ ਉਹ ਇਹ ਵੀ ਸਪੱਸ਼ਟ ਕਰਦਾ ਹੈ, “ਹਰ ਵਿਚਾਰ ਜਿਸ ਨੂੰ ਮੈਂ ਆਪਣੇ ਪ੍ਰਗਟਾ ਵਿਚ ਕੈਦ ਕੀਤਾ ਹੈ, ਆਪਣੇ ਅਮਲਾਂ ਨਾਲ ਮੁਕਤ ਕਰਾਂਗਾ।" ਇਹ ਪ੍ਰਗਟਾ ਅਤੇ ਅਮਲ ਉਸਦੀਆਂ ਰਚਨਾਵਾਂ ਵਿੱਚੋਂ ਆਪ ਮੁਹਾਰੇ ਉਭਰਕੇ ਸਾਹਮਣੇ ਆਉਂਦੇ ਹਨ।
ਖ਼ਲੀਲ ਜਿਬਰਾਨ ਨੇ ਜ਼ਿੰਦਗੀ ਨੂੰ ਇਕ ਨਵੇਂ ਤੇ ਅਨੋਖੇ ਦ੍ਰਿਸ਼ਟੀਕੋਣ ਤੋਂ ਵੇਖਿਆ। ਅਰਬ ਦੇਸ਼ਾਂ ਦੀ ਸਦੀਆਂ ਪੁਰਾਣੀ ਗੜਬੜ ਵਾਲੀ ਅੰਦਰੂਨੀ ਸਿਆਸਤ ਤੇ ਬਾਹਰੀ ਦਖ਼ਲ-ਅੰਦਾਜ਼ੀ ਦੇ ਬਾਵਜੂਦ ਉਸ ਦੀ ਨਿੱਜੀ ਸ਼ਖ਼ਸੀਅਤ ਕਾਇਮ ਹੀ ਨਾ ਰਹੀ ਸਗੋਂ ਹੋਰ ਉਭਰਕੇ ਸਾਹਮਣੇ ਆਈ । ਜਦਕਿ ਪੱਛਮੀ ਦੁਨੀਆਂ ਆਪਣੀਆਂ ਸਮੱਸਿਆਵਾਂ ਦਾ ਹਲ ਵਿਗਿਆਨ ਰਾਹੀਂ ਲੱਭ ਰਹੀ ਸੀ ਉਥੇ ਅਰਬ ਦੇਸ਼ਾਂ ਦੇ ਲੋਕ ਜ਼ਿੰਦਗੀ ਨੂੰ ਕਾਵਿਕ ਦੇ ਦਾਰਸ਼ਨਿਕ ਨਜ਼ਰੀਏ ਤੋਂ ਵੇਖਣ ਨੂੰ ਤਰਜੀਹ ਦੇਂਦੇ ਰਹੇ । ਇਥੋਂ ਦੇ ਲੇਖਕ ਨਾ ਤਾਂ ਧਾਰਮਿਕ ਕੱਟੜਦਾ ਨੂੰ ਬਿਆਨ ਕਰਦੇ ਹਨ ਨਾ ਹੀ ਵਿਗਿਆਨ ਵਲੋਂ ਪਾਏ ਭੁਲੇਖਿਆ ਦਾ ਸ਼ਿਕਾਰ ਹੁੰਦੇ ਹਨ। ਉਹ ਲਿਖਣ ਵਿਚ ਪੂਰੀ ਆਜ਼ਾਦੀ ਮਾਣਦੇ ਹਨ। ਇਸਦੀ ਮਿਸਾਲ ਖ਼ਲੀਲ ਜਿਬਰਾਨ ਦੇ ਰੂਪ ਵਿਚ ਸਾਡੇ ਸਾਹਮਣੇ ਹੈ ਅਤੇ ਜਿੰਨੇ ਮਾਨ ਸਨਮਾਨ ਦਾ ਉਹ ਹੱਕਦਾਰ ਹੈ, ਹੋਰ ਕੋਈ ਲੇਖਕ ਸ਼ਾਇਦ ਹੀ ਉਸਦਾ ਮੁਕਾਬਲਾ ਕਰ ਸਕੇ। ਪੂਰਬੀ ਦੇਸ਼ਾਂ ਦੇ ਸਾਹਿਤ ਜਗਤ ਵਿਚ ਜਿੰਨਾ ਵਧੀਆ ਤੇ ਉੱਚ ਪਾਏ ਦਾ ਸਾਹਿਤ ਰਚਿਆ ਗਿਆ ਹੈ, ਖ਼ਲੀਲ ਜਿਬਰਾਨ ਉਸ ਦੀ ਟੀਸੀ 'ਤੇ ਖੜਾ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਆਪਣੇ ਜੀਉਂਦੇ ਜੀਅ ਸਾਰੀ ਜ਼ਿੰਦਗੀ ਬਤੌਰ ਇਕ ਇਨਸਾਨ ਤੇ ਇਕ ਲੇਖਕ ਉਹ ਵਿਵਾਦਗ੍ਰਸਤ ਹੀ ਰਿਹਾ। ਭਾਵੇਂ ਹੁਣ ਬਹੁਮਤ ਉਸਨੂੰ ਦਾਰਸ਼ਨਿਕ, ਧਾਰਮਿਕ ਨੇਤਾ ਤੇ ਅਮਰ ਪੈਗ਼ੰਬਰ ਕਹਿੰਦਾ ਹੈ ਪਰ ਇਕ ਸਮਾਂ ਸੀ ਜਦੋਂ ਉਸ ਨੂੰ ਕਾਫ਼ਰ ਤੇ ਬਾਗ਼ੀ ਕਹਿਕੇ ਧਰਮ ਵਿੱਚ ਛੇਕ ਦਿੱਤਾ ਗਿਆ ਸੀ। ਉਸਦੀ ਪੁਸਤਕ ਬਾਗ਼ੀ ਰੂਹਾਂ (Spirit Rebellious) ਇਸ ਲਈ ਸਾੜ ਦਿੱਤੀ ਗਈ ਸੀ ਕਿਉਂਕਿ ਉਹ ਖ਼ਤਰਨਾਕ ਬਗ਼ਾਵਤੀ ਤੇ ਨੌਜਵਾਨਾਂ ਨੂੰ ਵਿਗਾੜਨ ਵਾਲੀ ਸਮਝੀ ਗਈ। ਧਰਮ ਹੈ ਸਮਾਜ ਤੋਂ ਤਾਂ ਕੇਵਲ ਇਸ ਕਰਕੇ ਹੀ ਛੇਕਿਆ ਗਿਆ ਕਿਉਂਕਿ ਉਸ ਹੈ ਇਨਸਾਨ ਦੇ ਬਣਾਏ ਤੇ ਪੁਰਖਿਆਂ ਤੋਂ ਵਿਰਸੇ ਵਿਚ ਮਿਲੀਆਂ ਰੀਤੀ- ਰਿਵਾਜ਼ਾਂ ਤੇ ਔਰਤ ਨੂੰ ਜ਼ਹਿਨੀ ਤੌਰ 'ਤੇ ਗ਼ੁਲਾਮ ਬਣਾ ਕੇ ਰੱਖਣ ਵਾਲੇ ਮਨੁੱਖੀ ਸਮਾਜ ਵਿਰੁੱਧ ਆਵਾਜ਼ ਬੁਲੰਦ ਕੀਤੀ, ਧਾਰਮਿਕ ਨੇਤਾਵਾਂ ਦੇ ਪਾਖੰਡਾਂ ਵਿਰੁੱਧ ਕਹਾਣੀਆਂ ਲਿਖੀਆਂ ਅਤੇ ਆਪਣੇ ਦੇਸ਼ ਵਾਸੀਆਂ ਨੂੰ ਤੁਰਕੀ ਹਕੂਮਤ ਵਿਰੁੱਧ ਉਠ ਖੜੇ ਹੋਣ ਲਈ ਲਲਕਾਰਿਆ, ਆਜ਼ਾਦੀ ਦਾ ਨਾਅਰਾ ਲਾਇਆ। ਅਜਿਹਾ ਇਲਜ਼ਾਮ ਕਿਸੇ ਵੇਲੇ ਯੂਨਾਨ ਦੇ ਦਾਰਸ਼ਨਿਕ ਸੁਕਰਾਤ ਉੱਤੇ ਵੀ ਲਾਇਆ ਗਿਆ ਸੀ। ਪਰ ਉਸਦੇ ਸਮਕਾਲੀ ਲਿਖਦੇ ਹਨ-ਜਿਬਰਾਨ ਕਈ ਵਾਰ ਆਪਣੀ ਲਿਖਤ ਵਿਧੀ ਵਿਚ ਬਾਈਬਲ ਦੀ ਉੱਚਤਾ ਤਕ ਅਪੜ ਜਾਂਦਾ ਹੈ, ਉਸਦੇ ਅੱਖਰਾਂ ਵਿਚ ਅੰਜੀਲ ਵਿਚਲੇ ਈਸਾ ਦੇ ਬੋਲਾਂ ਦੀ ਪਰਤਵੀਂ ਗੂੰਜ ਹੈ।
ਉਸਦੀਆਂ 18 ਸਾਹਿਤਕ ਕਿਰਤਾਂ ਵਿੱਚੋਂ ਇਕ ਪੁਸਤਕ (The Prophet) ਪੈਗ਼ੰਬਰ ਅੰਤਰਰਾਸ਼ਟਰੀ ਪੱਧਰ 'ਤੇ ਸਭ ਤੋਂ ਵੱਧ ਵਿਕਣ ਵਾਲੀ ਪੁਸਤਕ ਹੈ ਅਤੇ ਸੰਸਾਰ ਦੀਆਂ ਵੀਹ ਤੋਂ ਵੱਧ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀ ਹੈ। ਭਾਵੇਂ ਪੈਗ਼ੰਬਰ ਉਸਦੀ ਸਭ ਤੋਂ ਵਧੀਆ ਕਿਰਤ ਹੈ ਪਰ (Broken Wings) ਟੁੱਟੇ ਖੰਭ ਜੋ ਉਸਦਾ ਪਹਿਲਾ ਨਾਵਲਿਟ ਹੈ ਅਰਬੀ ਭਾਸ਼ਾ ਵਿਚ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਉਸਦੀਆਂ ਸਾਹਿਤਕ ਤੇ ਕਲਾਤਮਕ ਲਿਖਤਾਂ ਦਾ ਜ਼ਖ਼ੀਰਾ ਏਨਾ ਅਮੀਰ ਤੇ ਕਰਪਰ ਹੈ ਜਿਸ ਨੂੰ
ਦੀ ਮੌਲਿਕਤਾ ਤੇ ਸਪੱਸ਼ਟਤਾ ਕਾਰਨ ਹੀ ਸਰਵੋਤਮ ਸਾਹਿਤਕਾਰ ਹੋਣ ਦਾ ਮਾਣ ਹਾਸਲ ਹੈ। ਉਸ ਨੂੰ ਕਲਾਕਾਰ ਦੇ ਤੌਰ 'ਤੇ ਵੀ ਬਹੁਤ ਮਾਨਤਾ ਮਿਲੀ। ਉਸਦੀਆਂ ਡਰਾਇੰਗ ਤੇ ਚਿੱਤਰ ਮੂਲ ਪੁਸਤਕਾਂ ਵਿਚ ਮਿਲਦੀਆਂ ਹਨ ਤੇ ਜਿਹਨਾਂ ਨੂੰ ਵਿਸ਼ਵ ਪੱਧਰ 'ਤੇ ਸਲਾਹਿਆ ਗਿਆ। ਜਦੋਂ ਮਹਾਨ ਕਲਾਕਾਰ ਰੋਡਿਨ ਨੇ ਜਿਬਰਾਨ ਦਾ ਪੋਰਟਰੇਟ ਤਿਆਰ ਕਰਨਾ ਚਾਹਿਆ ਤਾਂ ਉਸ ਦੀ ਤੁਲਨਾ ਕਲਾਕਾਰ ਤੇ ਸਾਹਿਤਕਾਰ ਵਿਲੀਅਮ ਬਲੇਕ ਨਾਲ ਕੀਤੀ। ਪੱਛਮ ਦੇ ਸਾਹਿਤਕ ਜਗਤ ਵਿਚ ਉਸ ਨੂੰ ਵੀਹਵੀਂ ਸਦੀ ਦਾ ਦਾਂਤੇ ਕਹਿਕੇ ਸਤਿਕਾਰਿਆ ਗਿਆ। ਇਹ ਉਸਦੀਆਂ ਲਿਖਤਾਂ ਦੀ ਮਾਨਤਾ ਹੀ ਸੀ ਕਿ ਦੇਸ਼ ਨਿਕਾਲੇ ਦਾ ਸਮਾਂ ਪੂਰਾ ਹੋਣ ਉਪਰੰਤ ਜਦੋਂ ਉਹ ਲੈਬਨਾਨ ਵਾਪਿਸ ਪਰਤਿਆ ਤਾਂ ਧਰਮ ਨੇ ਉਸ ਨੂੰ ਬਿਨਾ ਸ਼ਰਤ ਮੁੜ ਗਲੇ ਲਾ ਲਿਆ ਅਤੇ ਅਠਤਾਲੀ ਸਾਲ ਦੀ ਜੁਆਨੀ ਦੀ ਉਮਰੇ ਹੀ ਜਦੋਂ ਉਸਦਾ ਦਿਹਾਂਤ ਹੋਇਆ ਤਾਂ ਉਸਦੇ ਜਨਾਜ਼ੇ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਪਾਦਰੀ, ਧਾਰਮਿਕ ਨੇਤਾ, ਪੂਰਬੀ ਦੇਸ਼ਾਂ ਦੇ ਸਾਰੇ ਫ਼ਿਰਕਿਆਂ ਦੇ ਪ੍ਰਤੀਨਿਧ ਸ਼ਾਮਲ ਸਨ। ਚਰਚ ਵਲੋਂ ਉਸਨੂੰ ਵਿਸ਼ੇਸ਼ ਮਾਣ ਸਤਿਕਾਰ ਇਹ ਮਿਲਿਆ ਕਿ ਉਸ ਨੂੰ ਬਚਪਨ ਦੇ ਚਰਚ ਲੈਬਨਾਨ ਬਸ਼ਰੀ ਵਿਚ ਮਾਰ ਸਾਰਕਿਸ ਦੇ ਮੱਠ ਦੇ ਬਗ਼ੀਚੇ ਵਿਚ ਦਫ਼ਨਾਇਆ ਗਿਆ। ਇਹ ਉਸਦੀ ਚਰਚ ਵਾਪਸੀ ਸੀ।
ਉਹ ਸਾਰੀ ਉਮਰ ਅਜਿਹੇ ਸਮਾਜ ਦੀ ਸਿਰਜਣਾ ਕਰਨ ਦੇ ਸੁਪਨੇ ਲੈਂਦਾ ਰਿਹਾ, ਜਿਸ ਵਿਚ ਪਿਆਰ, ਰੂਹਾਨੀ ਦਇਆ ਤੇ ਖਿੱਚ ਦਾ ਵਾਸ ਹੋਵੇ ਕਿਉਂਕਿ ਦਇਆ ਹੀ ਮਨੁੱਖ ਵਿਚ ਰੱਬ ਦਾ ਅਕਸ਼ ਹੈ। ਅਜਿਹੇ ਵਿਸ਼ਵ ਪ੍ਰਸਿੱਧੀ ਪ੍ਰਾਪਤ ਸਾਹਿਤਕਾਰ ਦੀਆਂ ਰਚਨਾਵਾਂ ਨੂੰ ਪੰਜਾਬੀ ਪਾਠਕਾਂ ਦੇ ਹੱਥਾਂ ਤਕ ਪੁੱਜਦਾ ਕਰਦੇ ਹੋਏ ਮੈਨੂੰ ਖ਼ੁਸ਼ੀ ਹੋ ਰਹੀ ਹੈ। ਲਗਭਗ ਉਸਦੀਆਂ ਸਾਰੀਆਂ ਹੀ ਰਚਨਾਵਾਂ ਦਾ ਇਸ ਕਲਮ ਤੋਂ ਅਨੁਵਾਦ ਹੋ ਕੇ ਪਾਠਕਾਂ ਤਕ ਪੁੱਜ ਚੁੱਕਾ ਹੈ। ਮੈਨੂੰ ਆਪਣੇ ਪਾਠਕਾਂ ਦਾ ਪੂਰਾ ਪੂਰਾ ਸਹਿਯੋਗ ਮਿਲਿਆ ਹੈ ਤਾਂ ਹੀ ਮੈਂ ਪੁਸਤਕ ‘ਪੈਂਗਬਰ ਦਾ ਬਗੀਚਾ’ (The Garden of the Prophet) ਦੀ ਦੂਸਰੀ ਐਡੀਸ਼ਨ ਛਾਪਣ ਦਾ ਹੌਂਸਲਾ ਕਰ ਸਕੀ ਹਾਂ। ਧੰਨਵਾਦੀ ਹਾਂ ਆਪਣੇ ਪਾਠਕਾਂ, ਦੋਸਤਾਂ, ਮਿੱਤਰਾਂ, ਆਪਣੇ ਬੱਚਿਆਂ ਤੇ ਵਿਸ਼ੇਸ਼ ਤੌਰ 'ਤੇ ਸ. ਕੁਲਬੀਰ ਸਿੰਘ ਸੂਰੀ ਦੀ ਜਿਹਨਾਂ ਦੀ ਹਰ ਸੰਭਵ ਮਦਦ ਤੋਂ ਬਿਨਾਂ ਇਹ
ਕਾਰਜ ਨੇਪਰੇ ਚੜ੍ਹਨਾ ਸ਼ਾਇਦ ਸੰਭਵ ਨਾ ਹੁੰਦਾ। ਧੰਨਵਾਦੀ ਹਾਂ ਪਰਮ ਪੂਜਨੀਕ ਸੁਆਮੀ ਈਸ਼ਵਰਦਾਸ ਸ਼ਾਸਤਰੀ ਜੀ ਦੀ ਜਿਹਨਾਂ ਨੇ ਵਿਚਾਰ ਵਟਾਂਦਰੇ ਦੌਰਾਨ ਆਪਣੇ ਵਡਮੁੱਲੇ ਸੁਝਾਅ ਦਿੱਤੇ। (ਜੋ ਮਿਤੀ 16 ਅਗਸਤ, 2003 ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ) ਸ਼ੁਕਰ ਗੁਜ਼ਾਰ ਹਾਂ ਆਪਣੇ ਰਹਿਬਰ ਪਰਮ ਪਿਤਾ ਪਰਮਾਤਮਾ ਦੀ ਜਿਸ ਨੇ ਇਸ ਕਲਮ ਨੂੰ ਬਲ ਬਖ਼ਸ਼ਿਆ।
18-2-2004
ਡਾ. ਜਗਦੀਸ਼ ਕੌਰ ਵਾਡੀਆ
318-ਏ, ਸ਼ਾਸਤਰੀ ਨਗਰ
ਜਲੰਧਰ