7
ਉਹ ਉਸ ਇਕੱਠ ਵਿੱਚੋਂ ਤੇਜ਼ੀ ਨਾਲ ਤੁਰਦਾ ਹੋਇਆ ਬਾਹਰ ਨਿਕਲਿਆ ਤੇ ਸਿੱਧਾ ਬਾਗ਼ ਵਿਚ ਜਾ ਪੁੱਜਾ। ਉਸ ਦੇ ਇਕ ਚੇਲੇ ਸਾਰਕਿਸ ਨੂੰ ਕੁਝ ਸ਼ੰਕਾ ਸੀ, ਸੋ ਉਸ ਨੇ ਸ਼ੰਕਾ ਨਵਿਰਤੀ ਲਈ ਪੁੱਛਿਆ, “ਮਾਲਕ, ਬਦਸੂਰਤੀ ਬਾਰੇ ਤੁਹਾਡਾ ਕੀ ਵਿਚਾਰ ਹੈ ? ਤੁਸੀ ਕਦੇ ਇਸ ਬਾਰੇ ਕੁਝ ਨਹੀਂ ਦੱਸਿਆ ?”
ਅਲਮੁਸਤਫ਼ਾ ਨੇ ਸਹਿਜ ਨਾਲ ਇਸ ਦਾ ਉੱਤਰ ਦਿੱਤਾ, ਪਰ ਉਸ ਦੇ ਬੋਲਾਂ ਵਿਚ ਸਖ਼ਤੀ ਸੀ, “ਮੇਰੇ ਦੋਸਤ, ਕੀ ਉਹ ਵਿਅਕਤੀ ਤੈਨੂੰ ਰੁੱਖਾ ਤੇ ਮਹਿਮਾਨ ਨਿਵਾਜ਼ੀ ਦੀ ਭਾਵਨਾ ਤੋਂ ਰਹਿਤ ਕਹੇਗਾ ਜਿਹੜਾ ਆਪ ਤੇਰੇ ਦਰਵਾਜ਼ੇ ਉੱਤੇ ਦਸਤਕ ਦਿੱਤੇ ਬਿਨਾ ਤੇਰੇ ਘਰ ਅੱਗੋਂ ਦੀ ਲੰਘ ਜਾਏ ?
"ਕੌਣ ਤੈਨੂੰ ਬੋਲਾ ਤੇ ਬੇਸਮਝ ਕਹੇਗਾ, ਜਦੋਂ ਉਹ ਆਪ ਅਜੀਬੋ-ਗਰੀਬ ਭਾਸ਼ਾ ਵਿਚ ਬੋਲ ਰਿਹਾ ਹੋਵੇ, ਜੋ ਤੇਰੀ ਸਮਝ ਤੋਂ ਬਾਹਰ ਹੈ ?
"ਕੀ ਇਹ ਉਹ ਗੱਲ ਨਹੀਂ ਕਿ ਜਿਸ ਤਕ ਪਹੁੰਚਣ ਦਾ ਤੁਸੀਂ ਕਦੇ ਉਪਰਾਲਾ ਹੀ ਨਾ ਕੀਤਾ ਹੋਵੇ, ਜਿਸ ਦੇ ਦਿਲ ਵਿਚ ਝਾਕਣ ਦੀ ਤੁਹਾਡੀ ਇੱਛਾ ਹੀ ਨਾ ਹੋਵੇ, ਇਸ ਨੂੰ ਤੁਸੀ ਬਦਸੂਰਤੀ ਕਹਿੰਦੇ ਹੋ ?
"ਜੇ ਬਦਸੂਰਤੀ ਨਾਂ ਦੀ ਕੋਈ ਚੀਜ਼ ਹੈ, ਤਾਂ ਇਹ ਸਿਰਫ਼ ਸਾਡੀਆਂ ਅੱਖਾਂ ਉੱਤੇ ਪਿਆ ਅਗਿਆਨਤਾ ਦਾ ਪਰਦਾ ਤੇ ਕੰਨਾਂ ਵਿਚ ਭਰੀ ਮੈਲ ਹੈ।
"ਆਪਣੀਆਂ ਯਾਦਾਂ ਦੇ ਰੂ-ਬਰੂ ਆਤਮਾ ਤੋਂ ਡਰੋ ਤੇ ਕਿਸੇ ਨੂੰ ਵੀ ਬਦਸੂਰਤ ਨਾ ਕਹੋ, ਮੇਰੇ ਦੋਸਤ।”