9
ਫਿਰ ਉਸ ਦੇ ਇਕ ਜਗਿਆਸੂ ਚੇਲੇ ਮਾਨੁੱਸ ਨੇ ਉਸ ਵਲ ਵੇਖਿਆ, ਆਲੇ-ਦੁਆਲੇ ਵਲ ਝਾਤੀ ਮਾਰੀ। ਉਸ ਨੇ ਵੇਖਿਆ ਕਿ ਫੁੱਲਾਂ ਵਾਲੇ ਪੌਦੇ ਅੰਜੀਰ ਦੇ ਦਰੱਖ਼ਤ ਨਾਲ ਲਿਪਟੇ ਹੋਏ ਸਨ। ਉਹ ਪੁੱਛਣ ਲੱਗਾ, "ਮੇਰੇ ਮਾਲਕ, ਦਰੱਖ਼ਤ ਉੱਤੇ ਚੜੀ ਇਸ ਵੇਲ ਵਲ ਦੇਖੋ। ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ? ਇਹ ਭਾਰ ਨਾਲ ਲੱਦੀਆਂ ਵੇਲਾਂ ਦਰੱਖ਼ਤ ਤਕ ਸੂਰਜ ਦੀ ਰੌਸ਼ਨੀ ਪਹੁੰਚਣ ਹੀ ਨਹੀਂ ਦੇਂਦੀਆਂ। ਏਨਾ ਹੀ ਨਹੀਂ, ਸਗੋਂ ਦਰੱਖ਼ਤ ਦੀਆਂ ਟਾਹਣੀਆਂ ਤੇ ਪੱਤਿਆਂ ਵਿਚਲੇ ਰਸ ਨੂੰ ਵੀ ਚੂਸ ਲੈਂਦੀਆਂ ਹਨ।”
ਉਸ ਨੇ ਬੜੇ ਠਰਮੇ ਨਾਲ ਉਸ ਨੂੰ ਉੱਤਰ ਦਿੱਤਾ, "ਮੇਰੇ ਦੋਸਤ, ਅਸੀ ਸਾਰੇ ਹੀ ਪਰਾਜੀਵੀ ਹਾਂ। ਅਸੀ ਜੋ ਮਿੱਟੀ ਨੂੰ ਉਪਜਾਊ ਬਣਾਉਣ ਲਈ ਮਿਹਨਤ ਕਰਦੇ ਹਾਂ ਉਹਨਾਂ ਨਾਲੋਂ ਵਧੇਰੇ ਮਹੱਤਤਾ ਨਹੀਂ ਰੱਖਦੇ, ਜੋ ਮਿੱਟੀ ਦੀ ਢੇਰੀ ਨੂੰ ਜਾਣੇ ਬਿਨਾਂ ਸਿਧੇ ਤੌਰ 'ਤੇ ਉਸ ਤੋਂ ਜੀਵਨ-ਦਾਨ ਪ੍ਰਾਪਤ ਕਰਦੇ ਹਨ।
"ਕੀ ਇਕ ਮਾਂ ਆਪਣੇ ਬੱਚੇ ਨੂੰ ਕਹਿ ਸਕਦੀ ਏ: 'ਮੈਂ ਤੈਨੂੰ ਵਾਪਿਸ ਕੁਦਰਤ ਦੀ ਗੋਦ ਵਿਚ ਸੌਂਪਦੀ ਹਾਂ, ਜੋ ਤੇਰੀ ਮਹਾਨ ਮਾਂ ਏ, ਕਿਉਂਕਿ ਤੂੰ ਮੈਨੂੰ ਬਹੁਤ ਦੁੱਖੀ ਕਰਦਾ ਏਂ ?'
"ਜਾਂ ਕੀ ਇਕ ਸੰਗੀਤਕਾਰ ਆਪਣੇ ਹੀ ਗੀਤ ਨੂੰ ਇਹ ਕਹਿਕੇ ਬੁਰਾ-ਭਲਾ ਕਹਿ ਸਕਦਾ ਏ: 'ਤੂੰ ਗੂੰਜ ਦੀ ਗੁਫ਼ਾ ਵਿਚ ਪਰਤ ਜਾਂ ਜਿਥੋਂ ਤੇਰਾ ਜਨਮ ਹੋਇਆ ਸੀ, ਕਿਉਂਕਿ ਤੈਨੂੰ ਗਾਉਣ ਨਾਲ ਮੇਰਾ ਸਾਹ ਉਖੜਦਾ ਏ?'