ਪੈਗ਼ੰਬਰ ਤੇ ਪੈਗਾਮ
ਖ਼ਲੀਲ ਜਿਬਰਾਨ
ਅਨੁਵਾਦਕਾ- ਡਾ. ਜਗਦੀਸ਼ ਕੌਰ ਵਾਡੀਆ
ਤਰਤੀਬ
ਖ਼ਲੀਲ — ਇਕ ਮਾਰਗ ਦਰਸ਼ਕ
ਡਾ: ਜਗਦੀਸ਼ ਕੌਰ ਵਾਡੀਆ
1. ਜ਼ਿੰਦਗੀ
2. ਸ਼ਹੀਦਾਂ ਦਾ ਮਨੁੱਖੀ ਵਿਧਾਨ ਨੂੰ ਸੁਨੇਹਾ
3. ਵਿਚਾਰ ਅਤੇ ਚਿੰਤਨ
4. ਪਹਿਲੀ ਨਜ਼ਰ
5. ਮਨੁੱਖ ਦਾ ਦੈਵਤਵ
6. ਤਰਕ ਅਤੇ ਗਿਆਨ
7. ਸੰਗੀਤ
8. ਸਿਆਣਪ
9. ਪਿਆਰ ਅਤੇ ਬਰਾਬਰੀ
10. ਮਾਲਕ ਦੇ ਹੋਰ ਬਚਨ
11. ਸਰੋਤਾ
12. ਪਿਆਰ ਅਤੇ ਜੁਆਨੀ
13. ਸਿਆਣਪ ਅਤੇ ਮੈਂ
14. ਦੋ ਸ਼ਹਿਰ
15. ਪ੍ਰਕ੍ਰਿਤੀ ਅਤੇ ਮਨੁੱਖ
16. ਜਾਦੂਗਰਨੀ
17. ਜੁਆਨੀ ਅਤੇ ਆਸ
18. ਪੁਨਰ ਜੀਵਨ
ਖ਼ਲੀਲ-ਇਕ ਮਾਰਗ ਦਰਸ਼ਕ
ਮੇਰੀ ਮਜ਼ਾਰ ਉਤੇ ਜਦ ਚਿਰਾਗ ਕੋਈ ਧਰੇਗਾ,
ਭਟਕੇ ਹੋਏ ਮੁਸਾਫ਼ਰ ਲਈ ਲੋਅ ਦਾ ਕੰਮ ਕਰੇਗਾ।
ਪਰ ਖ਼ਲੀਲ ਜਿਬਰਾਨ, ਜਿਸਨੂੰ ਅਜੋਕਾ ਸਾਹਿਤ ਸੰਸਾਰ ਪੈਗੰਬਰ ਕਹਿ ਕੇ ਸਨਮਾਨ ਕਰਦਾ ਹੈ, ਆਪ ਅਤੇ ਉਸ ਦੀਆਂ ਲਿਖਤਾਂ ਲੋਅ ਹੀ ਨਹੀਂ ਪੂਰੀ ਮਸ਼ਾਲ ਸਾਬਤ ਹੋ ਰਹੀਆਂ ਹਨ। ਜਿਸਮਾਨੀ ਤੌਰ 'ਤੇ ਉਹ ਸਾਡੇ ਵਿੱਚ ਨਾ ਹੁੰਦਾ ਹੋਇਆ ਵੀ ਸਾਡੇ ਕੋਲ ਹੈ, ਸਾਡੇ ਅੰਗ ਸੰਗ ਹੈ ਆਪਣੀਆਂ ਲਿਖਤਾਂ, ਚਿਤਰਾਂ ਤੇ ਮਹਾਨ ਵਿਦਵਤਾ ਭਰਪੂਰ ਵਿਚਾਰਾਂ ਸਦਕਾ। ਉਸਦੇ ਵਿਚਾਰ ਅਨੁਸਾਰ : "ਮਨੁੱਖ ਦਾ ਚਰਿਤਰ ਹੀ ਉਸਦਾ ਵਿਅਕਤੀਤੱਵ ਹੁੰਦਾ ਹੈ। ਨਾਂ-ਮਣਾਂ ਤਾਂ ਬਾਹਰਲੀ ਦਿੱਖ ਹੈ ਪਰ ਚਰਿਤਰ ਅੰਦਰਲੀ।" ਇਹੀ ਵਿਅਕਤੀਤੱਵ ਮਨੁੱਖ ਨੂੰ ਦੁਨੀਆ ਦੀਆ ਨਜ਼ਰਾਂ ਵਿੱਚ ਉੱਚਾ ਚੁੱਕਦਾ ਹੈ-ਵਿਅਕਤੀ ਵਿਸ਼ੇਸ਼ ਬਣਾਂਦਾ ਹੈ। ਸੰਸਾਰ ਵਿਚ ਪੈਦਾ ਤਾਂ ਕਰੋੜਾਂ ਲੋਕ ਹੁੰਦੇ ਹਨ ਪਰ ਪੀਰ, ਔਲੀਆ ਜਾਂ ਪੈਗ਼ੰਬਰ ਕੋਈ ਵਿਰਲਾ ਹੀ ਕਹਾਂਦਾ ਹੈ।
ਮੱਧ-ਪੂਰਬੀ ਦੇਸ, ਸੀਰੀਆ ਦੇ ਮਾਊਂਟ ਲੇਬਨਾਨ ਦੇ ਖੇਤਰ ਵਿਚ ਬਸ਼ਰੀ ਪਿੰਡ ਵਿਚ 6 ਜਨਵਰੀ 1883 ਨੂੰ ਪੈਦਾ ਹੋਇਆ ਖ਼ਲੀਲ ਜਿਬਰਾਨ ਰੋਮਨ ਕੈਥੋਲਿਕ ਈਸਾਈ ਸੀ ਅਤੇ ਮੈਰੋਨਾਈਟਸ ਫਿਰਕੇ ਨਾਲ ਸੰਬੰਧ ਰਖਦਾ ਸੀ। ਉਹ ਜਮਾਂਦਰੂ ਹੀ ਬਾਗੀ ਸੁਭਾ ਦਾ ਸੀ। ਉਸਨੇ ਆਪਣੇ ਜੀਵਨ ਦੇ ਪਹਿਲੇ 12 ਸਾਲ ਜਿਹੜੀਆਂ ਤੰਗੀਆਂ ਤੁਰਸ਼ੀਆਂ ਤੇ ਗਰੀਬੀ ਵਿਚ ਗੁਜ਼ਾਰੇ, ਉਹ ਸਾਲ ਉਸ ਲਈ ਅਮਲੀ ਤੌਰ 'ਤੇ ਅੱਗ ਦੀ ਭੱਠੀ ਸਾਬਤ ਹੋਏ ਜਿਸ ਵਿਚੋਂ ਸੋਨਾ ਕੁੰਦਨ ਬਣ ਕੇ ਨਿਕਲਦਾ ਹੈ।
ਇਹੀ ਕਾਰਨ ਹੈ ਕਿ ਉਹ ਮਨੁੱਖਤਾ ਦਾ ਦਰਦੀ ਹੋ ਨਿਬੜਿਆ। ਇਸ ਛੋਟੀ ਜਿਹੀ ਉਮਰੇ ਉਹ ਆਪਣੇ ਮਾਤਾ ਪਿਤਾ ਨਾਲ ਅਮਰੀਕਾ ਆ ਗਿਆ ਅਤੇ 1903 ਵਿਚ ਪੱਕੇ ਤੌਰ ਤੇ ਇਥੇ ਆ ਵਸਿਆ। ਉਪਰੰਤ ਚਿਤਰਕਾਰੀ ਦੀ ਸਿਖਿਆ ਹਾਸਲ ਕਰਨ ਲਈ ਪੈਰਿਸ ਪੰਜ ਸਾਲ ਰਿਹਾ ਉਦੋਂ ਤਕ ਉਸਨੇ ਅਰਬੀ ਭਾਸ਼ਾ ਵਿਚ ਲਿਖਣਾ ਵੀ ਆਰੰਭ ਕਰ ਦਿੱਤਾ ਸੀ ਅਤੇ 1916 ਵਿਚ ਅੰਗੇਰਜ਼ੀ ਵਿਚ। ਉਸਦੀ ਸੰਸਾਰ ਪ੍ਰਸਿੱਧ ਰਚਨਾ 'ਦਾ ਪ੍ਰੋਫੈਟ' 1923 ਵਿਚ ਛਪੀ ਇਸ(The Spirit Rebellious) ਪੁਸਤਕ ਨੇ ਤਾਂ ਧਾਰਮਿਕ ਖੇਤਰ ਵਿਚ ਤਹਿਲਕਾ ਮਚਾ ਕੇ ਰੱਖ ਦਿੱਤਾ ਅਤੇ ਖ਼ਲੀਲ ਨੂੰ ਧਰਮ ਵਿਚੋਂ ਛੇਕਿਆ ਗਿਆ ਕਿਉਂਕਿ:
ਉਹ ਚਰਚ ਜਾਣ ਦਾ ਪਾਬੰਦ ਨਹੀਂ ਸੀ:
ਉਸਨੇ ਧਾਰਮਿਕ ਕੁਰੀਤੀਆਂ ਅਤੇ ਪਾਦਰੀਆਂ ਦੇ ਭਰਿਸ਼ਟ ਜੀਵਨ ਤੇ ਰਹਿਣ ਸਹਿਣ ਦੇ ਪਾਜ ਨੂੰ ਉਘਾੜਿਆ ਸੀ;
ਉਹ ਇਸਤਰੀਆਂ ਦੇ ਹੱਕ ਵਿੱਚ ਲਿਖਦਾ ਸੀ; (ਸ਼ਾਇਦ ਇਸੇ ਕਰਕੇ ਉਸਦੇ ਪ੍ਰਸ਼ੰਸਕਾਂ ਵਿਚ ਮਰਦਾਂ ਨਾਲੋਂ ਇਸਤਰੀਆਂ ਦੀ ਗਿਣਤੀ ਵਧ ਸੀ)
ਉਹ ਪ੍ਰੇਮ ਪਿਆਰ ਨੂੰ ਸਮਾਜ ਦਾ ਸਰੋਤ ਮੰਨਦਾ ਸੀ;
ਉਸਨੇ ਮਨੁੱਖਤਾ ਦੇ ਦੁੱਖ ਦਰਦ ਨੂੰ ਖੁਲ੍ਹ ਕੇ ਪੇਸ਼ ਕੀਤਾ; ਅਤੇ ਉਸਦਾ ਨਿੱਜੀ ਦਰਦ ਸਾਰੇ ਸੰਸਾਰ ਦਾ ਸਮੁੱਚੀ ਮਾਨਵਤਾ ਦਾ ਦਰਦ ਬਣਿਆ; (ਟੁੱਟੇ ਖੰਭ)
ਉਹ ਈਸਾ ਨੂੰ ਖ਼ੁਦਾ ਨਹੀਂ ਸਗੋਂ ਮਾਨਵ ਜਾਇਆ ਮਨੁੱਖ ਮੰਨਦਾ ਸੀ। (ਜੀਸਸ ਦਾ ਸਨ ਆਫ਼ ਮੈਨ)
ਪਰ ਹੈਰਾਨੀ ਦੀ ਗਲ ਹੈ ਕਿ ਲੇਬਨਾਨ ਦੇ ਇਸ ਮਹਾਨ ਸਾਹਿਤਕਾਰ/ਚਿਤਰਕਾਰ ਨੂੰ ਆਪਣੇ ਦੇਸ਼ ਵਿਚ ਕੋਈ ਮਾਨਤਾ ਨਾ ਮਿਲੀ ਸਗੋਂ
ਬਾਗ਼ੀ ਕਰਾਰ ਦਿੱਤਾ ਗਿਆ। ਉਸਦੇ ਜਨਮ ਸਥਾਨ ਵਿਖੇ ਉਸਦੀ ਇਕ ਸਾਧਾਰਨ ਕਬਰ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਜਦ ਕਿ ਅਮਰੀਕਾ ਤੇ ਪੱਛਮੀ ਦੇਸ਼ਾਂ ਵਿੱਚ ਉਸਨੂੰ ਪੂਰਾ ਮਾਨ ਸਨਮਾਨ ਪ੍ਰਾਪਤ ਹੋਇਆ। ਸੰਨ 1931 ਵਿਚ ਜਦੋਂ ਉਸਦੀ ਮੌਤ ਤਪਦਿਕ, ਕੈਂਸਰ ਅਤੇ ਨਮੋਨੀਆ ਕਾਰਨ ਹੋਈ ਤਾਂ ਹਰ ਧਰਮ ਦੇ ਲੋਕ, ਰਾਜਸੀ ਨੇਤਾ ਤੇ ਧਾਰਮਿਕ ਮੁਖੀ ਉਸਦੇ ਜਨਾਜ਼ੇ ਵਿਚ ਸ਼ਾਮਲ ਹੋਏ। ਅਜੋਕੀ ਦੁਨੀਆਂ ਉਸਨੂੰ ਪੀਰ, ਔਲੀਆ ਤੇ ਪੈਗਬੰਰ ਤੋਂ ਘਟ ਨਹੀਂ ਮਨੰਦੀ ਅਤੇ ਉਸਦੀਆਂ ਲਿਖਤਾਂ ਨੂੰ ਧਾਰਮਿਕ ਪੁਸਤਕਾਂ ਤੇ ਗ੍ਰੰਥਾਂ ਦੇ ਬਰਾਬਰ ਸ਼ਰਧਾ ਨਾਲ ਵੇਖਿਆ ਜਾਂਦਾ ਹੈ। ਅਜ ਸੰਸਾਰ ਦੀ ਹਰ ਜ਼ਬਾਨ ਵਿਚ ਉਸਦੀਆਂ ਰਚਨਾਵਾਂ ਅਨੁਵਾਦ ਹੋ ਕੇ ਬਹੁ ਗਿਣਤੀ ਵਿਚ ਵਿਕ ਰਹੀਆਂ ਹਨ। ਪੰਜਾਬੀ ਭਾਸ਼ਾ ਵਿਚ ਵੀ ਉਸਦੀਆਂ ਲਗਭਗ ਸਾਰੀਆਂ ਪੁਸਤਕਾਂ (ਇਸੇ ਕਲਮ ਤੋਂ) ਅਨੁਵਾਦ ਰੂਪ ਵਿਚ ਪਾਠਕਾਂ ਤਕ ਪੁਜਦੀਆਂ ਕਰਨ ਦਾ ਸਫਲ ਉਪਰਾਲਾ ਕੀਤਾ ਗਿਆ ਹੈ। ਯਤਨ ਕੀਤਾ ਗਿਆ ਹੈ ਕਿ ਅਨੁਵਾਦ ਦੇ ਪੱਖ ਤੋਂ ਲੇਖਕ ਦੀ ਮਾਨਸਿਕ ਤੇ ਭਾਵਨਾਤਮਕ ਪੱਧਰ 'ਤੇ ਇਕਸੁਰ ਹੋਇਆ ਜਾਏ; ਦੂਸਰਾ ਲੇਖਕ ਦੀਆਂ ਸਮੁਚੀਆਂ ਕਿਰਤਾਂ ਨੂੰ ਡੂੰਘਾਈ ਨਾਲ ਪੜ੍ਹਿਆ ਤੇ ਸਮਝਿਆ ਜਾਏ ਤਾਕਿ ਪਾਠਕ ਲੇਖਕ ਦੀ ਸੋਚ, ਪ੍ਰਗਟਾ ਢੰਗ ਤੇ ਵਿਅਕਤੀਤੱਵ ਦੇ ਨੇੜੇ ਹੋ ਕੇ ਉਸ ਦੇ ਵਿਚਾਰਾਂ ਨੂੰ ਸਮਝ ਸਕਣ, ਸ਼ਬਦ ਚੋਣ ਵਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਤਾਕਿ ਲੇਖਕ ਦੇ ਉਦੇਸ਼ ਦੇ ਅਨੁਕੂਲ ਵਿਚਾਰਾਂ ਦਾ ਪ੍ਰਗਟਾ ਹੋ ਸਕੇ।
ਹੱਥਲੀ ਪੁਸਤਕ 'ਪੈਗੰਬਰ ਤੇ ਪੈਗਾਮ' (The Voice of the Master) ਦੇ ਪਹਿਲੇ ਭਾਗ ਵਿਚ ਖ਼ਲੀਲ ਜਿਬਰਾਨ ਦਾ ਵੀਨਸ ਤਕ ਦਾ ਸਫ਼ਰ ਅਤੇ ਉਸਦੀ ਮੌਤ ਨੂੰ ਲੇਖ ਰੂਪ ਵਿਚ ਪੇਸ਼ ਕੀਤਾ ਗਿਆ ਹੈ ਅਤੇ ਦੂਸਰੇ ਭਾਗ ਵਿਚ ਉਸਦੇ ਵਿਦਵਤਾ ਭਰਪੂਰ ਵਿਚਾਰ, ਜੋ ਪੁਸਤਕ ਰੂਪ ਵਿਚ ਅਤੇ ਬਹੁਤ ਸਾਰੇ ਧਰਮ ਪੱਤਰਾਂ ਦੇ ਰੂਪ ਵਿਚ ਛਪੇ ਹੋਏ ਵਿਚਾਰ ਹਨ, ਬਾਕੀ ਦੇ ਸਿਧਾਂਤ ਪੁਸਤਕਾਂ ਵਿਚੋਂ ਲਏ ਗਏ ਹਨ। ਇਹ
ਵਿਚਾਰ ਜੀਵਨ ਦੇ ਵੱਖ ਵੱਖ ਪਹਿਲੂਆਂ ਨੂੰ ਪੇਸ਼ ਕਰਦੇ ਹਨ ਜਿਵੇਂ ਜ਼ਿੰਦਗੀ, ਪਿਆਰ, ਵਿਆਹ, ਮਨੁੱਖ ਦਾ ਦੈਵਤਵ, ਤਰਕ ਤੇ ਗਿਆਨ, ਸੰਗੀਤ, ਸਿਆਣਪ, ਸਰੋਤਾ, ਪ੍ਰਕ੍ਰਿਤੀ ਅਤੇ ਮਨੁੱਖ ਅਤੇ ਪੁਨਰ ਜੀਵਨ ਆਦਿ।
ਆਸ ਹੈ ਪਾਠਕ ਇਸ ਮਸ਼ਾਲ ਤੋਂ ਰੋਸ਼ਨੀ ਦੀ ਕਿਰਣ ਲੈਕੇ ਆਪਣਾ ਰਾਹ ਰੌਸ਼ਨ ਕਰਨਗੇ।
ਜਲੰਧਰ
ਮਿਤੀ 1 ਮਾਰਚ 2001
ਡਾ. ਜਗਦੀਸ਼ ਕੌਰ ਵਾਡੀਆ
ਭਾਗ 1
ਗੁਰੂ ਤੇ ਉਸਦੇ ਚੇਲੇ
1. ਪੈਗੰਬਰ ਦਾ ਵੀਨਸ ਤਕ ਦਾ ਸਫ਼ਰ
ਇਕ ਚੇਲੇ ਨੇ ਵੇਖਿਆ ਕਿ ਉਸਦਾ ਮਾਲਕ ਬਾਗ ਵਿਚ ਇਧਰ ਤੋਂ ਉਧਰ ਸ਼ਾਂਤਚਿਤ ਚਹਿਲ ਕਦਮੀ ਕਰ ਰਿਹਾ ਸੀ ਅਤੇ ਉਸਦੇ ਪੀਲੇ ਭੂਕ ਚਿਹਰੇ ਉਤੇ ਗਮ ਦੇ ਡੂੰਘੇ ਚਿੰਨ੍ਹ ਨਜ਼ਰ ਆ ਰਹੇ ਸਨ। ਚੇਲੇ ਨੇ ਮਾਲਕ ਨੂੰ ਅੱਲਾ ਦਾ ਨਾਂ ਲੈਕੇ ਅਗੋਂ ਦੀ ਹੋ ਕੇ ਸਲਾਮ ਕੀਤੀ ਅਤੇ ਦੁੱਖ ਦਾ ਕਾਰਨ ਪੁਛਿਆ। ਮਾਲਕ ਨੇ ਸੇਟੀ ਹੇਠਾਂ ਨੂੰ ਕਰਕੇ ਇਸ਼ਾਰਾ ਕੀਤਾ ਅਤੇ ਚੇਲੇ ਨੂੰ ਮੱਛੀ ਤਾਲਾਬ ਦੇ ਕੰਢੇ ਚਟਾਨ ਉਤੇ ਬੈਠਣ ਲਈ ਆਖਿਆ। ਉਸਨੇ ਇੰਜ ਹੀ ਕੀਤਾ ਅਤੇ ਮਾਲਕ ਦੇ ਪ੍ਰਵਚਨ ਸੁਨਣ ਸਈ ਤਤਪਰ ਹੋ ਉਠਿਆ।
ਮਾਲਕ ਕਹਿਣ ਲਗਾ -
"ਤੇਰੀ ਇੱਛਾ ਹੈ ਕਿ ਮੈਂ ਤੈਨੂੰ ਉਸ ਦੁਖਾਂਤ ਬਾਰੇ ਦਸਾਂ ਜੋ ਯਾਦਾਸ਼ਤ ਹਰ ਦਿਨ ਅਤੇ ਰਾਤ ਮੇਰੇ ਦਿਲ ਦੀ ਸਟੇਜ ਉਤੇ ਖੇਡਦੀ ਹੈ। ਤੂੰ ਮੇਰੀ ਲੰਮੀ ਚੁੱਪ ਅਤੇ ਅਣਕਹੇ ਭੇਦ ਤੋਂ ਅੱਕ ਗਿਆ ਏਂ ਅਤੇ ਮੇਰੇ ਹਉਂਕੇ ਤੇ ਵਿਰਲਾਪ ਤੈਨੂੰ ਦੁਖੀ ਕਰਦੇ ਨੇਂ। ਤੂੰ ਆਪਣੇ ਆਪ ਨੂੰ ਕਹਿੰਦਾ ਏ, "ਜੇ ਮਾਲਕ ਮੈਨੂੰ ਆਪਣੇ ਗਮ ਦੇ ਮੰਦਰ ਵਿਚ ਦਾਖ਼ਲ ਨਹੀਂ ਹੋਣ ਦੇਵੇਗਾ, ਤਾਂ ਫਿਰ ਉਸਦੇ ਲਾਡ ਨਾਲ ਭਰੇ ਹੋਏ ਘਰ ਵਿਚ ਮੈਂ ਕਿਵੇਂ ਦਾਖਲ ਹੋ ਸਕਾਂਗਾ?"
"ਸੁਣ, ਮੇਰੀ ਗਾਥਾ ਸੁਣ, ਪਰ ਮੇਰੇ ਉਤੇ ਤਰਸ ਨਾ ਕਰੀਂ ਕਿਉਂਕਿ ਤਰਸ ਕਮਜ਼ੋਰਾਂ ਵਾਸਤੇ ਹੈ ਅਤੇ ਮੈਂ ਹਾਲਾਂ ਮੁਸੀਬਤ ਵਿਚ ਵੀ ਤਕੜਾ ਹਾਂ।
"ਜੁਆਨੀ ਦੇ ਦਿਨਾਂ ਤੋਂ ਹੀ ਇਕ ਵਚਿਤਰ ਔਰਤ ਦਾ ਸਾਇਆ ਸੁੱਤੇ ਜਾਗਦੇ ਤੇ ਤੁਰਦੇ ਫਿਰਦੇ ਮੈਨੂੰ ਡਰਾਉਂਦਾ ਰਿਹਾ ਹੈ। ਰਾਤ ਦੀ ਇਕੱਲ ਵਿਚ ਮੈਂ ਉਸਨੂੰ ਆਪਣੇ ਬਿਸਤਰੇ ਲਾਗੇ ਬੈਠੇ ਵੇਖਦਾ ਹਾਂ। ਰਾਤ ਦੀ ਚੁੱਪੀ ਵਿਚ ਮੈਨੂੰ ਉਸਦੀ ਵਚਿਤਰ ਆਵਾਜ਼ ਸੁਣਾਈ ਦੇਂਦੀ ਹੈ। ਅਕਸਰ, ਜਦੋਂ ਮੈਂ ਆਪਣੀਆਂ ਅੱਖਾਂ ਬੰਦ ਕਰਦਾ ਹਾਂ ਤਾਂ ਮੈਂ ਆਪਣੇ ਹੋਠਾਂ ਉਤੇ ਉਸਦੀਆਂ ਨਰਮ ਉਂਗਲਾਂ ਦੀ ਛੁਹ ਮਹਿਸੂਸ ਕਰਦਾ ਹਾਂ, ਅਤੇ ਜਦੋਂ ਅੱਖਾਂ ਖੋਹਲਦਾ ਹਾਂ ਤਾਂ ਮੈਂ ਡਰ ਦੇ ਭਾਰ ਹੇਠ ਦਬ ਜਾਂਦਾ ਹਾਂ ਅਤੇ ਅਚਾਨਕ ਅਣਹੋਂਦ ਦੀ ਫੁਸਫਸਾਹਟ ਦੀ ਆਵਾਜ਼ ਮੈਨੂੰ ਸੁਣਾਈ ਦੇਣੀ ਸ਼ੁਰੂ ਹੋ ਜਾਂਦੀ ਹੈ ...।
"ਅਕਸਰ ਆਪਣੇ ਆਪ ਨੂੰ ਇਹ ਕਹਿੰਦੇ ਹੋਏ ਮੈਂ ਹੈਰਾਨ ਹੁੰਦਾ ਹਾਂ, "ਕੀ ਇਹ ਮੇਰੀ ਪ੍ਰੇਮਿਕਾ ਹੈ ਜੋ ਮੈਨੂੰ ਉਦੋਂ ਤਕ ਘੁੰਮਾਉਂਦੀ ਰਹਿੰਦੀ ਹੈ ਜਦ ਤਕ ਮੈਂ ਬੱਦਲਾਂ ਵਿਚ ਗੁਆਚ ਨਹੀਂ ਜਾਂਦਾ ? ਕੀ ਮੈਂ ਆਪਣੇ ਸੁਪਨਿਆਂ ਦੀਆਂ ਸ਼ਕਤੀਆਂ ਵਿਚੋਂ ਇਕ ਮਿੱਠੀ ਆਵਾਜ਼ ਅਤੇ ਨਰਮ ਛੂਹ ਵਾਲੀ ਨਵੀਂ ਦੇਵੀ ਦਾ ਨਿਰਮਾਣ ਕੀਤਾ ਹੈ ? ਕੀ ਮੈਂ ਆਪਣੇ ਹੋਸ਼ ਹਵਾਸ ਗੁਆ ਬੈਠਾ ਹਾਂ ਅਤੇ ਆਪਣੇ ਦੀਵਾਨੇਪਨ ਵਿਚ ਇਸ ਪਿਆਰੇ ਜਿਹੇ ਸਾਥੀ ਦੀ ਸਿਰਜਣਾ ਕੀਤੀ ਹੈ ? ਕੀ ਮੈਂ ਆਪਣੇ ਆਪ ਨੂੰ ਮਨੁੱਖਾਂ ਦੇ ਸਮਾਜ ਅਤੇ ਸ਼ਹਿਰ ਦੇ ਸ਼ੋਰ ਸ਼ਰਾਬੇ ਤੋਂ ਲਾਂਭੇ ਕਰ ਲਿਆ ਹੈ ਤਾ ਕਿ ਮੈਂ ਆਪਣੀ ਅਰਾਧਨਾ ਵਿਚ ਇਕੱਲਾ ਮਸਤ ਰਹਾਂ ? ਕੀ ਮੈਂ ਜ਼ਿੰਦਗੀ ਦੀ ਖੂਬਸੂਰਤੀ ਤੇ ਨਿਆਰੇ ਸ੍ਵਰ ਸੁਨਣ ਤੋਂ ਆਪਣੀਆਂ ਅੱਖਾਂ ਤੇ ਕੰਨ ਬੰਦ ਕਰ ਲਏ ਹਨ ਤਾਂ ਕਿ ਮੈਂ ਉਸ ਦੇਵੀ ਦੀ ਖੂਬਸੂਰਤੀ ਨੂੰ ਹੋਰ ਚੰਗੀ ਤਰ੍ਹਾਂ ਦੇਖ ਤੇ ਉਸਦੀ ਦੈਵੀ ਆਵਾਜ਼ ਨੂੰ ਸੁਣ ਸਕਾਂ?
"ਮੈਨੂੰ ਅਕਸਰ ਹੈਰਾਨੀ ਹੁੰਦੀ ਹੈ : 'ਕੀ ਮੈਂ ਇਕ ਦੀਵਾਨਾ ਹਾਂ ਜੋ ਇਕੱਲਾ ਰਹਿ ਕੇ ਸੰਤੁਸ਼ਟ ਹੈ ਅਤੇ ਆਪਣੀ ਇਕੱਲਤਾ ਦੇ ਸਾਏ ਵਿਚੋਂ ਆਪਣੀ ਰੂਹ ਲਈ ਸਾਥੀ ਅਤੇ ਪਤਨੀ ਦੀ ਭਾਲ ਕਰਦਾ ਹੈ ?
"ਮੈਂ ਪਤਨੀ ਸ਼ਬਦ ਕਿਹਾ ਹੈ ਅਤੇ ਤੁਹਾਨੂੰ ਇਹ ਸ਼ਬਦ ਸੁਣ ਕੇ ਹੈਰਾਨੀ ਹੋਈ ਹੋਵੇਗੀ। ਪਰ ਅਕਸਰ ਅਸੀ ਕਿਸੇ ਅਜੀਬੋ-ਗਰੀਬ
ਅਨੁਭਵ ਬਾਰੇ ਕਿੰਨੇ ਪਰੇਸ਼ਾਨ ਹੁੰਦੇ ਹਾਂ ਜਿਸਨੂੰ ਅਸੰਭਵ ਕਹਿ ਕੇ ਰੱਦ ਕਰ ਦੇਂਦੇ ਹਾਂ, ਪਰ ਜਿੰਨਾਂ ਮਰਜੀ ਯਤਨ ਕਰੀਏ ਅਸੀਂ ਉਸਦੀ ਹਕੀਕਤ ਨੂੰ ਆਪਣੇ ਮਨਾਂ ਵਿਚੋਂ ਨਹੀਂ ਕੱਢ ਸਕਦੇ ?
"ਇਹ ਖਿਆਲੀ ਔਰਤ ਹੀ ਮੇਰੀ ਪਤਨੀ ਹੈ ਜੋ ਮੇਰੇ ਨਾਲ ਜੀਵਨ ਦੇ ਦੁੱਖ ਸੁੱਖ ਸਾਂਝੇ ਕਰਦੀ ਰਹੀ ਹੈ। ਪ੍ਰਭਾਤ ਵੇਲੇ ਜਦੋਂ ਮੇਰੀ ਅੱਖ ਖੁਲ੍ਹਦੀ ਹੈ ਤਾਂ ਮੈਂ ਉਸਨੂੰ ਮਿਹਰ ਅਤੇ ਮਾਤਰੀ ਪਿਆਰ ਨਾਲ ਭਰੇ ਹੋਏ ਲਿਸ਼ਕਦੇ ਨੈਣਾਂ ਨਾਲ ਆਪਣੇ ਸਿਰਹਾਣੇ ਝੁਕੀ ਹੋਈ ਵੇਖਦਾ ਹਾਂ। ਜਦੋਂ ਮੈਂ ਕਿਸੇ ਕੰਮ ਦੀ ਸਕੀਮ ਬਣਾ ਰਿਹਾ ਹੁੰਦਾ ਹਾਂ ਤਾਂ ਉਹ ਮੇਰੇ ਨਾਲ ਹੁੰਦੀ ਅਤੇ ਉਸ ਕੰਮ ਨੂੰ ਸਿਰੇ ਚਾੜ੍ਹਣ ਵਿਚ ਮੇਰੀ ਮਦਦ ਕਰਦੀ। ਜਦੋਂ ਮੈਂ ਭੋਜਨ ਕਰਨ ਲਈ ਬੈਠਦਾ ਹਾਂ ਤਾਂ ਉਹ ਮੇਰੇ ਨਾਲ ਹੁੰਦੀ ਹੈ ਅਤੇ ਅਸੀ ਆਪਣੇ ਵਿਚਾਰ ਤੇ ਬੋਲ ਸਾਂਝੇ ਕਰਦੇ ਹਾਂ। ਸ਼ਾਮ ਨੂੰ ਉਹ ਫਿਰ ਮੇਰੇ ਨਾਲ ਹੁੰਦੀ ਤੇ ਸਲਾਹ ਦੇਂਦੀ,"ਅਸੀ ਇਥੇ ਬੈਠ ਬੈਠ ਕੇ ਬਹੁਤ ਥੱਕ ਗਏ ਹਾਂ। ਚਲੋ ਖੇਤਾਂ ਤੇ ਚਰਾਗਾਹਾਂ ਵਿਚ ਘੁੰਮਣ ਚਲੀਏ।" ਮੈਂ ਆਪਣਾ ਕੰਮ ਛਡ ਛਡਾ ਕੇ ਉਸਦੇ ਨਾਲ ਖੇਤਾਂ ਵਲ ਨੂੰ ਹੋ ਤੁਰਦਾ ਹਾਂ ਅਤੇ ਅਸੀ ਉੱਚੀ ਸਾਰੀ ਚਟਾਨ ਉਤੇ ਬੈਠਕੇ ਦੂਰ ਖ਼ਿਤਿਜ ਵਲ ਵੇਖਦੇ ਰਹਿੰਦੇ ਹਾਂ। ਉਹ ਸੁਨਹਿਰੀ ਬੱਦਲਾਂ ਵਲ ਇਸ਼ਾਰਾ ਕਰਦੀ ਅਤੇ ਮੈਨੂੰ ਚੇਤੰਨ ਕਰਦੀ ਹੈ ਕਿ ਕਿਵੇਂ ਪੰਛੀ ਸ਼ਾਮ ਨੂੰ ਘਰ ਮੁੜਦੇ ਹੋਏ ਚਹਿਚਹਾਂਦੇ ਤੇ ਗੀਤ ਗਾਉਂਦੇ, ਆਜ਼ਾਦੀ ਤੇ ਸੁੱਖ ਸ਼ਾਂਤੀ ਜਿਹੇ ਤੋਹਫ਼ੇ ਲਈ ਖ਼ੁਦਾ ਦਾ ਸ਼ੁਕਰ ਕਰਦੇ ਹਨ।
"ਕਈ ਵਾਰੀ, ਜਦੋਂ ਮੈਂ ਚਿੰਤਾਗ੍ਰਸਤ ਅਤੇ ਔਕੜ ਵਿਚ ਹੁੰਦਾ ਹਾਂ ਤਾਂ ਉਹ ਮੇਰੇ ਕਮਰੇ ਵਿਚ ਆ ਜਾਂਦੀ ਹੈ ਅਤੇ ਜਿਉਂ ਹੀ ਮੈਨੂੰ ਉਸਦੀ ਆਮਦ ਦਾ ਅਹਿਸਾਸ ਹੁੰਦਾ ਮੇਰੀ ਸਾਰੀ ਚਿੰਤਾ ਤੇ ਉਲਝਣ ਖੁਸ਼ੀ ਤੇ ਸਕੂਨ ਵਿਚ ਬਦਲ ਜਾਂਦੀ ਹੈ। ਜਦੋਂ ਮੇਰੀ ਆਤਮਾ ਮਨੁੱਖ ਦੇ ਮਨੁੱਖ ਪ੍ਰਤੀ ਅਨਿਆਂ ਨੂੰ ਵੇਖਕੇ ਬਗ਼ਾਵਤ ਕਰਦੀ ਹੈ ਅਤੇ ਜਦੋਂ ਮੈਂ ਉਸਦਾ ਚਿਹਰਾ ਉਹਨਾਂ ਚਿਹਰਿਆਂ ਵਿਚ ਤਕਦਾ ਹਾਂ ਜਿਨ੍ਹਾਂ ਨੂੰ ਵੇਖਣ ਤੋਂ ਮੈਂ ਦੂਰ ਭੱਜਦਾ ਹਾਂ, ਤਾਂ ਮੇਰੇ ਦਿਲ ਦੀ ਹਲਚਲ ਸ਼ਾਂਤ ਹੋ ਕੇ ਇਕ ਖ਼ੁਦਾਈ
ਸ਼ਾਂਤ ਸਰੂਰ ਨਾਲ ਭਰ ਜਾਂਦੀ ਹੈ। ਇਕਾਂਤ ਦੀਆਂ ਘੜੀਆਂ ਵਿਚ ਜਦੋਂ ਜੀਵਨ ਦੇ ਜ਼ਹਿਰੀਲੇ ਤੀਰ ਮੇਰੇ ਦਿਲ ਵਿਚ ਖੁਭਦੇ ਅਤੇ ਜਦੋਂ ਮੈਂ ਜੀਵਨ ਦੀਆਂ ਜੰਜੀਰਾਂ ਰਾਹੀਂ ਧਰਤੀ ਨਾਲ ਬਝਿਆ ਹੁੰਦਾ ਹਾਂ ਤਾਂ ਮੈਂ ਆਪਣੀ ਸਾਥਣ ਵਲ ਵੇਖਦਾ ਹਾਂ ਜੋ ਪਿਆਰ ਭਰੀਆਂ ਨਜ਼ਰਾਂ ਨਾਲ ਮੇਰੇ ਵਲ ਵੇਖ ਰਹੀ ਹੁੰਦੀ ਹੈ, ਮੇਰੀ ਗਮੀ ਖੁਸ਼ੀ ਵਿਚ ਬਦਲ ਜਾਂਦੀ ਹੈ ਅਤੇ ਮੈਨੂੰ ਜੀਵਨ ਖੁਸ਼ੀ ਭਰਿਆ ਅਦਨ ਦਾ ਬਾਗ਼ ਜਾਪਦਾ ਹੈ।
"ਤੁਸੀਂ ਪੁਛੋਗੇ ਕਿ ਅਜਿਹੀ ਅਜੀਬੋ ਗਰੀਬ ਹੋਂਦ ਨਾਲ ਮੈਂ ਕਿਵੇਂ ਸੰਤੁਸ਼ਟ ਹੋ ਸਕਦਾ ਹਾਂ, ਅਤੇ ਮੇਰੇ ਵਰਗਾ ਆਦਮੀ, ਜਵਾਨੀ ਦੀ ਰੁੱਤੇ ਖਿਆਲੀ ਅਤੇ ਕਾਲਪਨਿਕ ਸਾਏ ਬਾਰੇ ਸੋਚਕੇ ਕਿਵੇਂ ਖੁਸ਼ੀ ਮਾਣ ਸਕਦਾ ਹੈ ? ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਅਜਿਹੀ ਅਵਸਥਾ ਵਿਚ ਮੈਂ ਜਿਹੜੇ ਸਾਲ ਬਿਤਾਏ ਹਨ, ਜੋ ਵੀ ਮੈਂ ਜ਼ਿੰਦਗੀ, ਖੂਬਸੂਰਤੀ, ਖੁਸ਼ੀ ਅਤੇ ਸਕੂਨ ਬਾਰੇ ਗਿਆਨ ਹਾਸਲ ਕੀਤਾ ਹੈ ਉਹ ਸਭ ਉਸ ਲਈ ਅਣਗੌਲੇ ਜਿਹੇ ਪੱਥਰ ਹਨ।
"ਕਿਉਂਕਿ ਮੇਰੀ ਖ਼ਿਆਲੀ ਸਾਥਣ ਅਤੇ ਮੈਂ ਉਹਨਾਂ ਵਿਚਾਰਾਂ ਵਾਂਗ ਰਹੇ ਹਾਂ ਜੋ ਆਜ਼ਾਦੀ ਨਾਲ ਸੂਰਜ ਸਾਹਵੇਂ ਵਿਚਰਦੇ, ਜਾਂ ਪਾਣੀਆਂ ਦੀਆਂ ਸਤਰ ਉਤੇ ਤੈਰਦੇ, ਚਾਂਦਨੀ ਰਾਤ ਵਿਚ ਗੀਤ ਗਾਉਂਦੇ-ਅਮਨ ਦਾ ਇਕ ਗੀਤ, ਜੋ ਆਤਮਾ ਨੂੰ ਸਕੂਨ ਦੇਂਦਾ ਅਤੇ ਅਦੁੱਤੀ ਖੂਬਸੂਰਤੀ ਵਲ ਖਿੱਚਦਾ ਹੈ।
"ਜ਼ਿੰਦਗੀ ਉਹ ਹੁੰਦੀ ਹੈ ਜੋ ਅਸੀਂ ਆਤਮਾ ਦੀਆਂ ਅੱਖਾਂ ਰਾਹੀਂ ਵੇਖਦੇ ਤੇ ਅਨੁਭਵ ਕਰਦੇ ਹਾਂ, ਪਰ ਸਾਡੇ ਆਲੇ ਦੁਆਲੇ ਦੀ ਦੁਨੀਆ ਨੂੰ ਅਸੀ ਤਰਕ ਅਤੇ ਗਿਆਨ ਰਾਹੀਂ ਜਾਣ ਸਕਦੇ ਹਾਂ। ਅਤੇ ਅਜਿਹਾ ਗਿਆਨ ਸਾਨੂੰ ਬੇਹੱਦ ਗਮ ਜਾਂ ਖੁਸ਼ੀ ਦੇਂਦਾ ਹੈ। ਇਹ ਗ਼ਮ ਹੀ ਸੀ ਜੋ ਮੈਨੂੰ ਤੀਹ ਸਾਲ ਦੀ ਉਮਰ ਤੋਂ ਪਹਿਲਾਂ ਮਿਲਣਾ ਤੇ ਮੇਰੀ ਤਕਦੀਰ ਵਿਚ ਭੋਗਣਾ ਲਿਖਿਆ ਸੀ। ਚੰਗਾ ਹੁੰਦਾ ਜੇ ਮੈਂ ਉਸ ਉਮਰ ਤਕ ਪੁੱਜਣ ਤੋਂ ਪਹਿਲਾਂ ਮਰ ਗਿਆ ਹੁੰਦਾ; ਜਿਹੜੇ ਸਾਲਾਂ ਨੇ ਮੇਰੇ ਜੀਵਨ ਦਾ ਸਾਹ ਸੱਤ ਤੇ ਜਿਗਰ ਦਾ ਖੂਨ ਨਿਚੋੜ ਲਿਆ ਸੀ ਅਤੇ ਮੈਨੂੰ ਬਿਨਾਂ ਪੱਤਿਆਂ ਤੋਂ ਮੁਰਝਾਈਆਂ ਟਹਿਣੀਆਂ ਵਾਲੇ ਦਰਖ਼ਤ ਵਾਂਗ ਕਰ ਛਡਿਆ ਸੀ ਜੋ
ਰੁਮਕਦੀ ਨੱਚਦੀ ਹੋਈ ਮਸਤ ਹਵਾ ਵਿਚ ਝੂਮ ਨਹੀਂ ਸੀ ਸਕਦਾ ਅਤੇ ਜਿਹਨਾਂ ਉਤੇ ਪੰਛੀ ਆਪਣਾ ਆਲ੍ਹਣਾ ਨਹੀਂ ਬਣਾਉਂਦੇ।"
ਮਾਲਕ ਥੋੜੀ ਦੇਰ ਲਈ ਮੌਨ ਹੋ ਗਿਆ ਅਤੇ ਆਪਣੇ ਚੇਲੇ ਦੇ ਕੋਲ ਬੈਠਦੇ ਹੋਏ ਫਿਰ ਕਹਿਣ ਲਗਾ:
"ਵੀਹ ਸਾਲ ਪਹਿਲਾਂ ਮਾਊਂਟ ਲੇਬਨਾਨ ਦੇ ਗਵਰਨਰ ਨੇ ਸ਼ਹਿਰ ਦੇ ਮੇਅਰ ਦੇ ਨਾਂ ਸਿਫ਼ਾਰਸ਼ੀ ਚਿਠੀ ਦੇ ਕੇ ਮੈਨੂੰ ਵਿਦਿਅਕ ਮਿਸ਼ਨ 'ਤੇ ਵੀਨਸ ਭੇਜਿਆ, ਜਿਸਨੂੰ ਉਹ ਕਾਨਸਟੇਨਟੀਨਾਪੋਲ ਮਿਲਿਆ ਸੀ। ਮੈਂ ਨਿਸਾਨ ਦੇ ਮਹੀਨੇ ਇਤਾਲਵੀ ਜਹਾਜ਼ ਰਾਹੀਂ ਲੈਬਨਾਨ ਨੂੰ ਅਲਵਿਦਾ ਕਹੀ। ਬਸੰਤ ਬਹਾਰ ਦੀ ਹਵਾ ਵਿਚ ਮਹਿਕ ਸੀ ਅਤੇ ਖਿਤਿਜ ਤੋਂ ਪਰ੍ਹੇ ਅਨੇਕਾਂ ਚਿੱਟੇ ਬੱਦਲ ਖੂਬਸੂਰਤ ਚਿਤਰਾਂ ਵਾਂਗ ਲਟਕਦੇ ਜਾਪਦੇ ਸਨ। ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ ਕਿ ਕਿੰਨੀ ਵੱਡੀ ਖੁਸ਼ੀ ਮਹਿਸੂਸ ਹੋਈ ਸੀ ਮੈਨੂੰ ਇਸ ਸਫ਼ਰ ਦੌਰਾਨ? ਮੇਰੇ ਕੋਲ ਏਨੇ ਸ਼ਬਦ ਇਸ ਯੋਗ ਨਹੀਂ ਹਨ ਕਿ ਮੈਂ ਮਨੁੱਖੀ ਮਨ ਦੀ ਅੰਤਰੀਵ ਭਾਵਨਾ ਨੂੰ ਬਿਆਨ ਕਰ ਸਕਾਂ।
ਜਿਹੜੇ ਸਾਲ ਮੈਂ ਆਪਣੀ ਹਵਾ ਤੋਂ ਹਲਕੀ, ਸੁਬਕ ਪਰ ਲੌਕਿਕ ਸਾਥਣ ਨਾਲ ਬਿਤਾਏ ਉਹ ਸੰਤੁਸ਼ਟੀ, ਖੁਸ਼ੀ ਅਤੇ ਸਕੂਨ ਭਰਪੂਰ ਸਨ। ਮੈਨੂੰ ਉਡੀਕਦੀਆਂ ਹੋਈਆਂ ਤਕਲੀਫ਼ਾਂ ਜਾਂ ਮੇਰੀ ਖੁਸ਼ੀ ਦੇ ਪਿਆਲੇ ਵਿਚ ਹੇਠਲੀ ਤਹਿ ਤੇ ਹਿਲਦੀ ਹੋਈ ਕੁੜਿਤਣ ਦਾ ਮੈਨੂੰ ਰਤੀ ਭਰ ਵੀ ਖ਼ਿਆਲ ਨਹੀਂ ਸੀ।
"ਜਦੋਂ ਹੀ ਗੱਡੀ ਵਿਚ ਬੈਠ ਕੇ ਮੈਂ ਆਪਣੇ ਦੇਸ਼ ਦੀਆਂ ਪਹਾੜੀਆਂ ਤੇ ਵਾਦੀਆਂ ਨੂੰ ਅਲਵਿਦਾ ਕਹੀ ਅਤੇ ਸਮੁੰਦਰ ਤਟ ਵਲ ਵਧਿਆ, ਮੇਰੀ ਸਾਥਣ ਮੇਰੇ ਨਾਲ ਬੈਠੀ ਸੀ। ਬੈਰੂਤ ਵਿਚ ਬਿਤਾਏ ਖੁਸ਼ੀ ਭਰੇ ਤਿੰਨ ਦਿਨਾਂ ਦੇ ਦੌਰਾਨ ਉਹ ਮੇਰੇ ਨਾਲ ਰਹੀ, ਸ਼ਹਿਰ ਵਿਚ ਘੁੰਮੀ ਫਿਰੀ, ਜਿਥੇ ਮੈਂ ਰੁਕਦਾ ਰੁਕ ਜਾਂਦੀ ਅਤੇ ਜਦੋਂ ਕੋਈ ਮੇਰਾ ਦੋਸਤ ਸੁੱਖ ਸਾਂਦ ਪੁਛਦਾ ਤਾਂ ਮੁਸਕਰਾ ਦੇਂਦੀ।
"ਜਦੋਂ ਮੈਂ ਸਰ੍ਹਾਂ ਦੀ ਬਾਲਕੋਨੀ ਵਿਚ ਬੈਠਕੇ ਸ਼ਹਿਰ ਦਾ ਨਜ਼ਾਰਾ ਵੇਖ ਰਿਹਾ ਹੁੰਦਾ ਤਾਂ ਉਹ ਉਸ ਵੇਲੇ ਮੇਰੇ ਸੁਪਨਿਆਂ ਵਿਚ ਘੁਲਮਿਲ ਗਈ ਹੁੰਦੀ।
"ਪਰ ਜਦੋਂ ਮੈਂ ਜਹਾਜ਼ ਉਤੇ ਸਵਾਰ ਹੋਣ ਲਗਾ, ਜਬਰਦਸਤ ਤਬਦੀਲੀ ਨੇ ਮੇਰੇ ਉਤੇ ਗਲਬਾ ਪਾ ਲਿਆ। ਮੈਂ ਮਹਿਸੂਸ ਕੀਤਾ ਕਿ ਕੋਈ ਅਜੀਬ ਖਿੱਚ ਹੱਥ ਫੜ ਕੇ ਮੈਨੂੰ ਪਿਛੇ ਖਿੱਚ ਰਹੀ ਹੋਵੇ ਅਤੇ ਮੈਨੂੰ ਆਪਣੇ ਅੰਦਰੇ ਇਕ ਧੀਮੀ ਜਿਹੀ ਆਵਾਜ਼ ਸੁਣਾਈ ਦੇਂਦੀ ਕਿ 'ਵਾਪਿਸ ਆ ਜਾਹ! ਨਾ ਜਾਹ। ਇਸ ਤੋਂ ਪਹਿਲਾਂ ਕਿ ਜਹਾਜ਼ ਕਿਨਾਰੇ ਤੇ ਠਿਲ੍ਹ ਪਵੇ ਵਾਪਿਸ ਆ ਜਾਹ।'
"ਮੈਂ ਇਸ ਆਵਾਜ਼ ਵਲ ਧਿਆਨ ਹੀ ਨਾ ਦਿਤਾ। ਪਰ ਜਦੋਂ ਜਹਾਜ਼ ਠਿਲ੍ਹ ਪਿਆ, ਮੈਂ ਉਸ ਛੋਟੇ ਜਿਹੇ ਪਰਿੰਦੇ ਵਾਂਗ ਮਹਿਸੂਸ ਕੀਤਾ ਜੋ ਅਚਾਨਕ ਬਾਜ ਦੇ ਪੰਜਿਆਂ ਵਿਚ ਫਸਿਆ ਪਿਆ ਆਕਾਸ਼ ਵਿਚ ਉੱਚਾ ਲਟਕ ਰਿਹਾ ਹੋਵੇ।
"ਸੰਝ ਵੇਲੇ ਜਿਉਂ ਹੀ ਲੈਬਨਾਨ ਦੇ ਪਹਾੜ ਤੇ ਚੋਟੀਆਂ ਅਖੋਂ ਓਹਲੇ ਹੁੰਦੇ ਗਏ ਮੈਂ ਆਪਣੇ ਆਪ ਨੂੰ ਜਹਾਜ਼ ਦੀ ਅਗਲੀ ਨੁੱਕਰ ਉਤੇ ਇਕੱਲਾ ਮਹਿਸੂਸ ਕੀਤਾ। ਮੈਂ ਆਲੇ ਦੁਆਲੇ ਆਪਣੇ ਸੁਪਨਿਆ ਦੀ ਔਰਤ, ਜਿਸਨੂੰ ਮੈਂ ਦਿਲੋਂ ਪਿਆਰ ਕੀਤਾ ਸੀ, ਜੋ ਮੇਰੀ ਚਿਰਾਂ ਦੀ ਸਾਥਣ ਰਹੀ ਸੀ, ਵਲ ਝਾਤੀ ਮਾਰੀ, ਪਰ ਉਹ ਉਥੇ ਮੇਰੇ ਕੋਲ ਨਹੀਂ ਸੀ। ਆਕਾਸ਼ ਵਲ ਤਕਦਿਆਂ ਹੀ ਜਿਹੜੀ ਸੋਹਣੀ ਮੁਟਿਆਰ ਦਾ ਚਿਹਰਾ ਜਦੋਂ ਵੀ ਵੇਖਦਾ ਹੁੰਦਾ ਸਾਂ, ਰਾਤ ਦੀ ਚੁੱਪੀ ਵਿਚ ਜਿਹੜੀ ਆਵਾਜ਼ ਮੈਨੂੰ ਸੁਣਾਈ ਦਿੰਦੀ ਸੀ, ਬੇਰੂਤ ਦੀਆਂ ਗਲੀਆਂ ਵਿਚ ਤੁਰਦਿਆਂ ਜਿਸਦਾ ਹੱਥ ਮੇਰੇ ਹੱਥ ਵਿਚ ਹੁੰਦਾ ਸੀ-ਉਹ ਹੁਣ ਮੇਰੇ ਕੋਲ ਹੈ ਨਹੀਂ ਸੀ।
"ਮੈ ਜ਼ਿੰਦਗੀ ਵਿਚ ਪਹਿਲੀ ਵਾਰ ਆਪਣੇ ਆਪ ਨੂੰ ਬਿਲਕੁਲ ਇਕੱਲਿਆਂ ਮਹਿਸੂਸ ਕੀਤਾ ਜਦ ਕਿ ਕਿਸ਼ਤੀ ਡੂੰਘੇ ਸਾਗਰ ਵਿਚ ਤੈਰਦੀ ਅਗੇ ਵਧ ਰਹੀ ਸੀ। ਉਸਨੂੰ ਦਿਲ ਵਿਚ ਹੀ ਯਾਦ ਕਰਦੇ ਹੋਏ, ਉਸਦਾ ਚਿਹਰਾ ਵੇਖਣ ਦੀ ਆਸ ਨਾਲ ਲਹਿਰਾਂ ਵਲ ਝਾਕਦੇ ਹੋਏ ਮੈਂ ਜਹਾਜ਼ ਦੀ ਛੱਤ ਉਤੇ ਹੌਲੀ ਹੌਲੀ ਟਹਿਲਦਾ ਰਿਹਾ ਪਰ ਸਭ ਵਿਅਰਥ। ਅੱਧੀ ਰਾਤ ਨੂੰ, ਜਦੋਂ ਸਾਰੇ ਯਾਤਰੀ ਆਰਾਮ ਕਰਨ ਲਈ ਜਾ ਚੁਕੇ ਸਨ: ਮੈਂ ਚਿੰਤਤ ਤੇ ਉਲਝਨ ਭਰਿਆ ਇਕੱਲਾ ਹੀ ਉਥੇ ਰਹਿ ਗਿਆ ਸਾਂ।
"ਅਚਾਨਕ ਮੈਂ ਉਪਰ ਵਲ ਵੇਖਿਆ ਤਾਂ ਜਹਾਜ਼ ਦੀ ਅਗਲੀ ਨੁੱਕਰ ਤੋਂ ਥੋੜ੍ਹੇ ਹੀ ਫ਼ਾਸਲੇ ਤੇ, ਮੇਰੇ ਉਤੇ, ਬੱਦਲ ਵਿਚਕਾਰ ਮੈਨੂੰ ਨਜ਼ਰੀਂ ਪਈ, ਮੇਰੀ ਜੀਵਨ ਸਾਥਣ। ਮੈਂ ਖੁਸ਼ੀ ਵਿਚ ਨੱਚ ਉਠਿਆ, ਆਪਣੀਆਂ ਬਾਹਵਾਂ ਫੈਲਾ ਦਿਤੀਆਂ ਅਤੇ ਚੀਕ ਪਿਆ, 'ਮੇਰੀ ਪ੍ਰੀਤਮਾ, ਤੂੰ ਮੈਨੂੰ ਛੱਡ ਕਿਉਂ ਦਿਤਾ। ਤੂੰ ਕਿਥੇ ਚਲੀ ਗਈ ਏ? ਤੂੰ ਕਿਥੇ ਸੀ? ਹੁਣ ਮੇਰੇ ਨਜ਼ਦੀਕ ਆ ਜਾਹ ਅਤੇ ਫਿਰ ਕਦੇ ਮੈਨੂੰ ਇਕੱਲਿਆਂ ਨਾ ਛਡੀਂ।
"ਉਹ ਅਡੋਲ ਰਹੀ। ਉਸਦੇ ਚਿਹਰੇ ਉਤੇ ਮੈਨੂੰ ਗਮ ਅਤੇ ਦੁੱਖ ਦੇ ਚਿੰਨ੍ਹ ਦਿਖਾਈ ਦਿਤੇ ਜੋ ਪਹਿਲਾਂ ਕਦੇ ਨਹੀਂ ਸਨ ਵੇਖੇ। ਮਿਠੀ ਪਰ ਉਦਾਸੀ ਭਰੀ ਆਵਾਜ਼ ਵਿਚ ਉਹ ਬੋਲੀ, 'ਮੈਂ ਸਾਗਰ ਦੀਆਂ ਡੂੰਘਾਈਆਂ ਵਿਚੋਂ ਤੈਨੂੰ ਇਕ ਵਾਰੀ ਫਿਰ ਵੇਖਣ ਲਈ ਆਈ ਹਾਂ। ਹੁਣ ਹੇਠਾਂ ਆਪਣੇ ਕੈਬਿਨ ਵਿਚ ਜਾਹ ਅਤੇ ਆਪਣੇ ਆਪ ਨੂੰ ਨੀਂਦ ਤੇ ਸੁਪਨਿਆਂ ਦੇ ਹਵਾਲੇ ਕਰ ਦੇਹ।
"ਇਹ ਲਫ਼ਜ਼ ਕਹਿੰਦਿਆਂ ਹੀ ਉਹ ਫਿਰ ਬੱਦਲਾਂ ਵਿਚ ਅਲੋਪ ਹੋ ਗਈ। ਮੈਂ ਆਪੇ ਤੋਂ ਬਾਹਰ ਹੋ ਕੇ ਭੁੱਖ ਬੱਚੇ ਵਾਂਗ ਉਸਨੂੰ ਪੁਕਾਰਿਆ। ਚਾਰੇ ਪਾਸੇ ਆਪਣੀਆਂ ਬਾਹਵਾਂ ਫੈਲਾ ਦਿਤੀਆਂ ਪਰ ਸਾਰੇ ਪਾਸਿਆਂ ਤੋਂ ਉਸ ਕਲਾਵੇ ਵਿਚ ਆਈ ਤ੍ਰੇਲ ਭਰੀ ਰਾਤ ਦੀ ਹਵਾ।
"ਮੈਂ ਹੇਠਾਂ ਆਪਣੀ ਸੀਟ ਉਤੇ ਵਾਪਸ ਚਲਾ ਗਿਆ, ਮੈਨੂੰ ਆਪਣੇ ਅੰਦਰ ਪ੍ਰਚੰਡ ਤੱਤਾਂ ਦਾ ਉਤਰਾਅ ਚੜ੍ਹਾਅ ਮਹਿਸੂਸ ਹੋਇਆ। ਇੰਜ ਜਾਪ ਰਿਹਾ ਸੀ ਜਿਵੇਂ ਮੈਂ ਕਿਸੇ ਹੋਰ ਹੀ ਜਹਾਜ਼ ਵਿਚ ਹੋਵਾਂ ਜੋ ਪਰੇਸ਼ਾਨੀ ਅਤੇ ਨਿਰਾਸਾ ਦੇ ਤੂਫ਼ਾਨੀ ਸਾਗਰਾਂ ਵਿਚ ਡਿਕੋਡੋਲੇ ਖਾ ਰਿਹਾ ਹੋਵੇ।
"ਪਰ ਹੈਰਾਨੀ ਹੋਈ ਜਿਉਂ ਹੀ ਮੈਂ ਸਿਰਹਾਣੇ ਉੱਤੇ ਸਿਰ ਰਖਿਆ, ਮੈਨੂੰ ਗਹਿਰੀ ਨੀਂਦ ਨੇ ਆ ਘੇਰਿਆ।
"ਮੈਂ ਸੁਪਨਿਆਂ ਦੀ ਦੁਨੀਆ ਵਿਚ ਗੁਆਚ ਗਿਆ, ਸੁਪਨੇ ਵਿਚ ਮੈਂ ਵੇਖਿਆ ਸੂਲੀ ਦੇ ਆਕਾਰ ਦਾ ਸੇਬਾਂ ਦਾ ਦਰਖ਼ਤ ਜਿਸ ਉਤੇ ਲਟਕ ਰਹੀ ਸੀ ਮੇਰੀ ਜੀਵਨ ਸਾਥਣ, ਜਿਵੇਂ ਸੂਲੀ ਉਤੇ ਚੜ੍ਹਾਈ ਗਈ ਹੋਵੇ।
ਧਰਤੀ ਉਤੇ ਡਿੱਗੇ ਦਰਖ਼ਤ ਦੇ ਪੱਤਿਆਂ ਤੇ ਫੁੱਲਾਂ ਉਤੇ ਉਸਦੇ ਹੱਥਾਂ ਤੇ ਪੈਰਾਂ ਵਿਚੋਂ ਵਗਦੇ ਖੂਨ ਦੇ ਤੁਪਕੇ ਡਿਗ ਰਹੇ ਸਨ।
"ਜਹਾਜ਼ ਦਿਨ ਰਾਤ ਅਗੇ ਵਧਦਾ ਰਿਹਾ, ਪਰ ਮੈਂ ਜਿਵੇਂ ਲਿਵਲੀਨਤਾ ਵਿਚ ਗੁਆਚਿਆ ਹੋਇਆ ਸਾਂ, ਮੈਨੂੰ ਇਹ ਵੀ ਪਤਾ ਨਹੀਂ ਸੀ ਲੱਗਦਾ ਕਿ ਮੈਂ ਦੂਰ ਕਿਸੇ ਉਚਾਈ 'ਤੇ ਸਫ਼ਰ ਕਰ ਰਿਹਾ ਮਨੁੱਖ ਸਾਂ ਜਾਂ ਬੱਦਲਵਾਈ ਭਰੇ ਆਕਾਸ਼ ਵਿਚ ਲਹਿਰਾਂਦਾ ਭੂਤ। ਮੈਂ ਵਿਅਰਥ ਹੀ ਪ੍ਰਮਾਤਮਾ ਕੋਲ ਉਸਦੇ ਬੋਲਾਂ ਦੀ ਗੂੰਜ ਜਾਂ ਉਸਦੇ ਪਰਛਾਵੇਂ ਦੀ ਇਕ ਝਾਤ ਜਾ ਹੋਠਾਂ ਉਤੇ ਉਸਦੀਆਂ ਉਂਗਲਾਂ ਦੀ ਨਰਮ ਛੂਹ ਦੀ ਜਾਚਨਾ ਕਰਦਾ ਰਿਹਾ।
"ਇਸੇ ਤਰ੍ਹਾਂ ਹੀ ਚੌਦਾਂ ਦਿਨ ਬੀਤ ਗਏ ਪਰ ਮੈਂ ਇਕੱਲਾ ਹੀ ਰਹਿ ਗਿਆ ਸਾਂ। ਪੰਦਰ੍ਹਵੇਂ ਦਿਨ ਦੁਪਹਿਰੇ ਸਾਨੂੰ ਦੂਰੋਂ ਇਟਲੀ ਦਾ ਤੱਟ ਨਜ਼ਰੀਂ ਪਿਆ ਅਤੇ ਸ਼ਾਮ ਵੇਲੇ ਅਸੀਂ ਬੰਦਰਗਾਹ ਵਿਚ ਦਾਖ਼ਲ ਹੋਏ। ਬਹੁਤ ਵਧੀਆ ਸਜੇ ਹੋਏ ਸ਼ਿਕਾਰੇ ਲੈ ਕੇ ਲੋਕਾਂ ਦੀ ਭੀੜ ਜਹਾਜ਼ ਦੇ ਯਾਤਰੂਆਂ ਨੂੰ ਜੀ ਆਇਆਂ ਕਹਿਣ ਅਤੇ ਸ਼ਹਿਰ ਦੀ ਸੈਰ ਕਰਵਾਉਣ ਲਈ ਉਮੜ ਪਈ।
"ਵੀਨਸ ਸ਼ਹਿਰ ਕਈ ਛੋਟੇ ਛੋਟੇ ਟਾਪੂਆਂ ਉਤੇ ਵਸਿਆ ਹੋਇਆ ਹੈ ਜੋ ਇਕ ਦੂਸਰੇ ਦੇ ਨੇੜੇ ਹਨ। ਨਹਿਰਾਂ ਇਸਦੀਆਂ ਗਲੀਆਂ ਹਨ ਅਤੇ ਅਨੇਕਾਂ ਹੀ ਮਹਿਲ ਅਤੇ ਰਿਹਾਇਸ਼ੀ ਘਰ ਪਾਣੀ ਉਤੇ ਹੀ ਉਸਰੇ ਹੋਏ ਹਨ। ਢੋਆ ਢੁਆਈ ਦਾ ਇਕੋ ਇਕ ਸਾਧਨ ਕੇਵਲ ਸ਼ਿਕਾਰੇ ਹੀ ਹਨ।
"ਮੇਰੇ ਸ਼ਿਕਾਰੇ ਵਾਲੇ ਨੇ ਪੁਛਿਆ ਕਿ ਮੈਂ ਕਿਥੇ ਜਾਣਾ ਸੀ ਤੇ ਜਦੋਂ ਮੈਂ ਦਸਿਆ ਕਿ ਵੀਨਸ ਦੇ ਮੇਅਰ ਕੋਲ, ਤਾਂ ਉਸਨੇ ਹੈਰਾਨੀ ਨਾਲ ਮੇਰੇ ਵਲ ਵੇਖਿਆ। ਜਿਉਂ ਹੀ ਅਸੀਂ ਨਹਿਰ ਵਿਚੋਂ ਲੰਘ ਰਹੇ ਸਾਂ, ਰਾਤ ਆਪਣੇ ਕਾਲੇ ਖੰਭ ਸ਼ਹਿਰ ਉਤੇ ਫੈਲਾ ਰਹੀ ਸੀ। ਮਹਿਲਾਂ ਅਤੇ ਚਰਚਾ ਦੀਆਂ ਖਿੜਕੀਆਂ ਵਿਚੋਂ ਰੋਸ਼ਨੀ ਦੀ ਝਲਕ ਨਜ਼ਰ ਆ ਰਹੀ ਸੀ ਅਤੇ ਪਾਣੀ ਵਿਚ ਪੈਂਦਾ ਉਹਨਾਂ ਦਾ ਪਰਛਾਵਾਂ ਸ਼ਹਿਰ ਦੀ ਦਿੱਖ ਨੂੰ ਕਵੀ ਦੀ ਕਲਪਨਾ ਦਾ ਸ਼ਹਿਰ ਬਣਾ ਰਿਹਾ ਸੀ ਬਹੁਤ ਹੀ ਮਨਮੋਹਕ ਤੇ ਦਿਲਖਿਚਵਾਂ।
"ਜਦੋਂ ਸ਼ਿਕਾਰਾ ਦੋ ਨਹਿਰਾਂ ਦੇ ਦੁਮੇਲ 'ਤੇ ਪੁਜਿਆ, ਮੈਨੂੰ ਅਚਾਨਕ ਚਰਚ ਦੀਆਂ ਘੰਟੀਆਂ ਦੀ ਗਮਗੀਨ ਆਵਾਜ਼ ਸੁਣਾਈ ਦਿਤੀ। ਭਾਵੇਂ ਮੈਂ ਅਧਿਆਤਮਕ ਵਜਦ ਵਿਚ ਸਾਂ ਹਕੀਕਤ ਤੋਂ ਬਹੁਤ ਦੂਰ, ਪਰ ਇਸ ਆਵਾਜ਼ ਨੇ ਮੇਰੇ ਦਿਲ ਨੂੰ ਵਿੰਨ੍ਹ ਦਿਤਾ ਤੇ ਆਤਮਾ ਨੂੰ ਮਾਯੂਸ ਕਰ ਦਿਤਾ।
"ਸ਼ਿਕਾਰਾ ਕੰਢੇ ਆ ਲਗਾ ਅਤੇ ਮਰਮਰੀ ਦੇ ਪੌਡੇ ਨਾਲ ਬੰਨ੍ਹ ਦਿਤਾ ਗਿਆ, ਜੋ ਇਕ ਪੱਕੀ ਗਲੀ ਨੂੰ ਰਾਹ ਜਾਂਦਾ ਸੀ। ਸ਼ਿਕਾਰੇ ਦੇ ਮਾਲਕ ਨੇ ਬਾਗ਼ ਵਿਚਕਾਰ ਬਣੇ ਸ਼ਾਨਦਾਰ ਮਹਿਲ ਵਲ ਇਸ਼ਾਰਾ ਕਰਦੇ ਹੋਏ ਕਿਹਾ, 'ਤੁਸੀਂ ਆਪਣੇ ਟਿਕਾਣੇ 'ਤੇ ਪੁੱਜ ਗਏ ਹੋ।' ਹੌਲੀ ਜਿਹੀ ਮੈਂ ਮਹਿਲ ਵਲ ਜਾਂਦੀਆਂ ਪੌੜੀਆਂ ਚੜ੍ਹਿਆ, ਸ਼ਿਕਾਰੇ ਵਾਲਾ ਸਮਾਨ ਲੈ ਕੇ ਮੇਰੇ ਪਿਛੇ ਪਿਛੇ ਆ ਰਿਹਾ ਸੀ, ਮੁਖ ਦਰਵਾਜ਼ੇ ਉਤੇ ਪੁੱਜ ਕੇ ਮੈਂ ਉਸਨੂੰ ਪੈਸੇ ਦੇ ਕੇ ਅਲਵਿਦਾ ਤੇ ਧੰਨਵਾਦ ਦੇ ਸ਼ਬਦ ਕਹੇ।
"ਮੈਂ ਘੰਟੀ ਵਜਾਈ, ਦਰਵਾਜ਼ਾ ਖੁਲ੍ਹਿਆ। ਜਿਉਂ ਹੀ ਮੈਂ ਘਰ ਦੇ ਅੰਦਰ ਦਾਖ਼ਲ ਹੋਇਆ ਵਿਰਲਾਪ ਅਤੇ ਰੋਣ ਰੁਹਾਟੇ ਦੀ ਆਵਾਜ਼ ਨੇ ਮੇਰਾ ਸੁਆਗਤ ਕੀਤਾ। ਮੈਂ ਹੈਰਾਨ ਤੇ ਸੁੰਨ ਜਿਹਾ ਹੋ ਗਿਆ। ਇਕ ਬਜ਼ੁਰਗ ਨੌਕਰ ਮੇਰੇ ਵਲ ਵਧਿਆ ਤੇ ਗ਼ਮਗੀਨ ਆਵਾਜ਼ ਵਿਚ ਪੁਛਿਆ ਕਿ ਮੈਂ ਕਿਸ ਕੰਮ ਆਇਆ ਹਾਂ; ਮੈਂ ਪੁਛਿਆ, 'ਕੀ ਇਹ ਮੇਅਰ ਦਾ ਮਹਿਲ ਹੈ? ਉਹ ਝੁਕਿਆ ਅਤੇ ਸਿਰ ਹਿਲਾਇਆ, ਮੈਂ ਲੈਬਨਾਨ ਦੇ ਗਵਰਨਰ ਵਲੋਂ ਦਿਤੀ ਹੋਈ ਚਿਠੀ ਉਸਦੇ ਹੱਥ ਫੜਾ ਦਿਤੀ। ਉਸਨੇ ਚਿਠੀ ਵਲ ਦੇਖਿਆ ਅਤੇ ਸੰਜੀਦਗੀ ਨਾਲ ਆਓ ਭਗਤ ਵਾਲੇ ਕਮਰੇ ਵਲ ਵਧਿਆ।
“ਮੈਂ ਇਕ ਨੌਜੁਆਨ ਨੌਕਰ ਵਲ ਮੁੜਿਆ ਅਤੇ ਕਮਰੇ ਵਿਚਲੇ ਗਮਗੀਨ ਮਾਹੌਲ ਦਾ ਕਾਰਨ ਪੁੱਛਿਆ। ਉਸਨੇ ਦਸਿਆ ਕਿ ਅਜ ਹੀ ਮੇਅਰ ਦੀ ਬੇਟੀ ਦੀ ਮੌਤ ਹੋਈ ਹੈ, ਇਹ ਕਹਿ ਕੇ ਉਸਨੇ ਆਪਣਾ ਮੂੰਹ ਢਕ ਕੇ ਜਾਰੋ ਜਾਰ ਰੋਣਾ ਸ਼ੁਰੂ ਕਰ ਦਿਤਾ।
“ਉਸ ਮਨੁੱਖ ਦੀ ਮਾਨਸਿਕ ਸਥਿਤੀ ਦਾ ਅੰਦਾਜਾ ਲਾਓ ਜੋ ਸਮੁੰਦਰ ਪਾਰ ਕਰਕੇ, ਆਸਾ ਤੇ ਨਿਰਾਸ਼ਾ ਵਿਚ ਘਿਰਿਆ ਹੋਇਆ ਦੂਰ
ਦੇਸ਼ ਵਿਚ ਪੁੱਜਣ ਵਾਲਾ ਹੋਵੇ ਅਤੇ ਸਫਰ ਦੇ ਆਖਰੀ ਪਲਾਂ ਵਿਚ ਉਸ ਮਹਿਲ ਦੇ ਦਰਵਾਜ਼ੇ 'ਤੇ ਜਾ ਖੜਾ ਹੋਵੇ ਜਿਥੇ ਦੁੱਖ ਅਤੇ ਵਿਰਲਾਪ ਤੇ ਜ਼ਾਲਮ ਸਾਇਆ ਦਾ ਵਾਸਾ ਹੋਵੇ। ਉਸ ਅਜਨਬੀ ਦੇ ਦਿਲ ਦੀ ਹਾਲਤ ਦਾ ਅੰਦਾਜ਼ਾ ਲਾਓ ਜੋ ਮਹਿਲ ਵਿਚ ਦਿਲ ਪਰਚਾਵੇ ਤੇ ਆਓ ਭਗਤ ਦੀ ਆਸ ਲੈ ਕੇ ਆਵੇ ਪਰ ਅਗੋਂ ਮੌਤ ਦੇ ਸਫੈਦ ਖੰਭਾਂ ਰਾਹੀਂ ਉਸਦਾ ਸੁਆਗਤ ਹੋਵੇ।
"ਛੇਤੀ ਹੀ ਬਜ਼ੁਰਗ ਨੌਕਰ ਪਰਤ ਆਇਆ ਅਤੇ ਸਿਰ ਝੁਕਾਂਦੇ ਹੋਏ ਕਹਿਣ ਲਗਾ, "ਮੇਅਰ ਸਾਹਬ ਤੁਹਾਡਾ ਇੰਤਜ਼ਾਰ ਕਰ ਰਹੇ ਹਨ।"
“ਉਹ ਮੈਨੂੰ ਕਾਰੀਡੋਰ ਦੇ ਬਿਲਕੁਲ ਸਿਰੇ ਤੇ ਦਰਵਾਜ਼ੇ ਤਕ ਲੈ ਗਿਆ ਅਤੇ ਅੰਦਰ ਜਾਣ ਦਾ ਇਸ਼ਾਰਾ ਕੀਤਾ। ਸੁਆਗਤੀ ਕਮਰੇ ਵਿਚ ਪਾਦਰੀਆਂ ਅਤੇ ਹੋਰ ਸਤਿਕਾਰਯੋਗ ਹਸਤੀਆਂ ਦੀ ਭੀੜ ਲਗੀ ਹੋਈ ਸੀ ਤੇ ਸਾਰੇ ਹੀ ਡੂੰਘੀ ਚੁੱਪ ਵਿਚ ਡੁੱਬੇ ਹੋਏ ਸਨ। ਕਮਰੇ ਦੇ ਵਿਚਕਾਰ ਲੰਮੀ ਚਿੱਟੀ ਦਾਹੜੀ ਵਾਲਾ ਇਕ ਬਜੁਰਗ ਮੈਨੂੰ ਮਿਲਿਆ, ਮੇਰੇ ਨਾਲ ਹੱਥ ਮਿਲਾਇਆ ਅਤੇ ਕਿਹਾ, "ਅਸੀਂ ਨਾਖੁਸ਼ ਮਾਹੌਲ ਵਿਚ ਤੁਹਾਡਾ ਸੁਆਗਤ ਕਰ ਰਹੇ ਹਾਂ ਜੋ ਦੂਰ ਦੇਸ਼ ਤੋਂ ਆਏ ਹੋ, ਕਿਉਂਕਿ ਅਜ ਹੀ ਮੇਰੀ ਪਿਆਰੀ ਬੇਟੀ ਦੀ ਮੌਤ ਹੋਈ ਹੈ। ਫਿਰ ਵੀ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਸਾਡਾ ਗਮਗੀਨ ਮਾਹੌਲ ਤੁਹਾਡੇ ਮਿਸ਼ਨ ਵਿਚ ਰੁਕਾਵਟ ਨਹੀਂ ਬਣੇਗਾ, ਯਕੀਨ ਕਰੋ ਜੋ ਮੈਂ ਕਰ ਸਕਿਆ ਤੁਹਾਡੇ ਲਈ ਜ਼ਰੂਰ ਕਰਾਂਗਾ।
"ਮੈਂ ਉਸਦੀ ਫਰਾਖਦਿਲੀ ਅਤੇ ਦਇਆਲੂ ਸ਼ਬਦਾਂ ਲਈ ਉਸਦਾ ਧੰਨਵਾਦ ਕੀਤਾ ਅਤੇ ਦੁੱਖ ਦੇ ਮੌਕੇ 'ਤੇ ਹਮਦਰਦੀ ਪ੍ਰਗਟ ਕੀਤੀ। ਉਸਨੇ ਮੈਨੂੰ ਇਕ ਸੀਟ ਉਤੇ ਬੈਠਣ ਲਈ ਕਿਹਾ ਅਤੇ ਮੈਂ ਸਾਰਿਆਂ ਨਾਲ ਉਸਦੇ ਗਮ ਵਿਚ ਸ਼ਰੀਕ ਹੋ ਗਿਆ।
"ਜਿਉ ਹੀ ਮੈਂ ਅਫਸੋਸ ਕਰਨ ਵਾਲਿਆਂ ਦੇ ਗਮਗੀਨ ਚਿਹਰਿਆਂ ਵਲ ਵੇਖਿਆ ਅਤੇ ਦਿਲੋਂ ਨਿਕਲੇ ਦਰਦੀਲੇ ਹਉਕਿਆਂ ਨੂੰ ਸੁਣਿਆ, ਮੇਰਾ ਦਿਲ ਦੁੱਖ ਅਤੇ ਸੋਗ ਨਾਲ ਭਰ ਗਿਆ।
"ਅਫਸੋਸ ਕਰਨ ਆਉਣ ਵਾਲਿਆ ਵਿਚੋਂ ਸਾਰੇ ਹੌਲੀ ਹੌਲੀ ਇਕ ਇਕ ਕਰਕੇ ਬਾਹਰ ਜਾਣ ਲਗੇ, ਕਮਰੇ ਵਿਚ ਰਹਿ ਗਏ ਮੈਂ ਅਤੇ ਮੇਅਰ। ਜਦੋਂ ਮੈਂ ਵੀ ਹੌਲੀ ਜਿਹੀ ਉਠਣ ਲਗਾ ਤਾਂ ਉਸਨੇ ਮੇਰੇ ਮੋਢੇ 'ਤੇ ਹੱਥ ਰਖਕੇ ਕਿਹਾ, 'ਮੇਰੇ ਦੋਸਤ, ਮੇਰੀ ਬੇਨਤੀ ਹੈ ਕਿ ਤੁਸੀਂ ਨਾ ਜਾਓ। ਤੁਸੀਂ ਮੇਰੇ ਮਹਿਮਾਨ ਹੋ ਪਰ ਕੀ ਤੁਸੀਂ ਮੇਰੇ ਗਮ ਵਿਚ ਮੇਰਾ ਸਾਥ ਦਿਉਂਗੇ?
"ਉਸਦੇ ਸ਼ਬਦ ਮੇਰੇ ਦਿਲ ਨੂੰ ਟੁੰਬ ਗਏ ਅਤੇ ਮੈਂ ਆਪਣੀ ਰਜ਼ਾਮੰਦੀ ਜ਼ਾਹਰ ਕੀਤੀ। ਉਹ ਫਿਰ ਕਹਿਣ ਲਗਾ,"ਤੁਸੀਂ ਲੈਬਨਾਨ ਵਾਸੀ ਅਜਨਬੀਆਂ ਪ੍ਰਤੀ ਬਹੁਤ ਹੀ ਫ਼ਰਾਖ਼ਦਿਲ ਹੋ। ਜੇ ਗੰਭੀਰਤਾ ਨਾਲ ਵੇਖੀਏ ਤਾਂ ਸਚਮੁਚ ਲੇਬਨਾਨ ਵਾਲੇ ਆਪਣੇ ਮਹਿਮਾਨ ਪ੍ਰਤੀ ਸਾਡੇ ਨਾਲੋਂ ਵਧੇਰੇ ਦਇਆਲੂ ਅਤੇ ਮਿਲਣਸਾਰ ਹਨ। ਉਸਨੇ ਘੰਟੀ ਵਜਾਈ ਅਤੇ ਉਸੇ ਵੇਲੇ ਸ਼ਾਨਦਾਰ ਵਰਦੀ ਵਿਚ ਸਜਿਆ ਡਿਓਢੀ ਬਰਦਾਰ ਆਣ ਹਾਜ਼ਰ ਹੋਇਆ।
"ਸਾਡੇ ਮਹਿਮਾਨ ਨੂੰ ਪੂਰਬ ਵਲ ਦੇ ਕਮਰੇ ਵਿਚ ਲੈ ਜਾਓ।" ਉਸਨੇ ਹੁਕਮ ਦਿਤਾ, 'ਜਦ ਤਕ ਇਹ ਸਾਡੇ ਘਰ ਹਨ ਵਧੀਆ ਖਾਤਰਦਾਰੀ ਕਰਨਾ।
"ਡਿਓਢੀ ਬਰਦਾਰ ਮੈਨੂੰ ਇਕ ਵੱਡੇ ਸਾਰੇ ਸਜੇ ਸਜਾਏ ਕਮਰੇ ਵਿਚ ਲੈ ਗਿਆ। ਜਿਉਂ ਹੀ ਉਹ ਕਮਰੇ ਵਿਚੋਂ ਬਾਹਰ ਨਿਕਲਿਆ ਮੈਂ ਸੋਫੇ ਵਿਚ ਧੱਸ ਗਿਆ ਅਤੇ ਵਿਦੇਸ਼ੀ ਧਰਤੀ ਉਤੇ ਮੈਂ ਆਪਣੀ ਸਥਿਤੀ ਦਾ ਜਾਇਜ਼ਾ ਲੈਣ ਲਗਾ। ਮੈਂ ਆਪਣੀ ਜਨਮ ਭੂਮੀ ਤੋਂ ਬਹੁਤ ਦੂਰ ਇਸ ਧਰਤੀ 'ਤੇ ਬਿਤਾਏ ਪਹਿਲੇ ਕੁਝ ਘੰਟਿਆਂ ਬਾਰੇ ਵਿਚਾਰ ਕੀਤੀ।
"ਕੁਝ ਹੀ ਮਿੰਟਾਂ ਵਿਚ ਡਿਓਢੀ ਬਰਦਾਰ ਪਰਤ ਆਇਆ, ਉਸਦੇ ਹੱਥ ਵਿਚ ਚਾਂਦੀ ਦੀ ਟਰੇਅ ਵਿਚ ਰਾਤ ਦਾ ਖਾਣਾ ਪਰੋਸਿਆ ਹੋਇਆ ਸੀ। ਖਾਣਾ ਖਾ ਚੁਕਣ ਉਪਰੰਤ ਮੈਂ ਕਮਰੇ ਵਿਚ ਚਹਿਲਕਦਮੀ ਕਰਨ ਲਗਾ, ਥੋੜ੍ਹੀ ਥੋੜ੍ਹੀ ਦੇਰ ਲਈ ਖਿੜਕੀ ਕੋਲ ਰੁਕ ਕੇ ਵੀਨਸ ਸ਼ਹਿਰ ਉਤਲੇ ਆਕਾਸ਼ ਵਲ ਝਾਤੀ ਮਾਰ ਲੈਂਦਾ ਅਤੇ ਸ਼ਿਕਾਰੇ ਵਾਲਿਆਂ ਦਾ ਚੀਕ ਚਿਹਾੜਾ ਅਤੇ ਚਪੂਆਂ ਦੀ ਸੰਗੀਤਕ ਲੈਅ ਨੂੰ ਸੁਣਦਾ ਰਿਹਾ। ਬਹੁਤ ਦੇਰ ਬਾਅਦ ਮੈਨੂੰ ਊਂਘ ਜਿਹੀ ਆਈ ਤੇ ਮੈਂ ਥਕਾਵਟ ਭਰੇ ਜਿਸਮ
ਨੂੰ ਬਿਸਤਰੇ ਉਤੇ ਢੇਰੀ ਕਰ ਦਿਤਾ: ਮੈਂ ਉਨੀਂਦੀ ਜਿਹੀ ਅਵਸਥਾ ਵਿਚ ਸਾਂ, ਜਿਸ ਵਿਚ ਨੀਂਦ ਦਾ ਨਸ਼ਾ ਅਤੇ ਹਲਕੀ ਜਿਹੀ ਹੋਸ਼ ਰਲੀ ਮਿਲੀ ਹੋਈ ਸੀ।
"ਮੈਨੂੰ ਨਹੀਂ ਪਤਾ ਇਸ ਹਾਲਤ ਵਿਚ ਮੈਂ ਕਿੰਨੀ ਦੇਰ ਰਿਹਾ, ਕਿਉਂਕਿ ਜੀਵਨ ਦੇ ਕਿੰਨੇ ਹੀ ਵਿਸ਼ਾਲ ਦਾਇਰੇ ਹਨ ਜਿਹਨਾਂ ਵਿਚ ਆਤਮਾ ਘੁੰਮਦੀ ਹੈ ਅਤੇ ਜਿਸਨੂੰ ਸਮੇਂ ਦੇ ਪੈਮਾਨੇ ਨਾਲ ਮਾਪਿਆ ਨਹੀਂ ਜਾ ਸਕਦਾ ਜੋ ਮਨੁੱਖੀ ਕਾਢ ਹੈ। ਇਹ ਮੈਂ ਉਦੋਂ ਮਹਿਸੂਸ ਕੀਤਾ ਤੇ ਹੁਣ ਮਹਿਸੂਸ ਕਰਦਾ ਹਾਂ, ਜਿਸ ਸਥਿਤੀ ਵਿਚ ਮੈਂ ਆਪਣੇ ਆਪ ਨੂੰ ਵੇਖਿਆ ਬੜੀ ਕਰਮਾਂ ਮਾਰੀ ਘੜੀ ਸੀ।
"ਅਚਾਨਕ ਮੈਂ ਮਹਿਸੂਸ ਕੀਤਾ ਕੋਈ ਸਾਇਆ ਮੇਰੇ ਉਤੇ ਮੰਡਰਾ ਰਿਹਾ ਸੀ, ਕੋਈ ਅਲੌਕਿਕ ਆਤਮਾ ਮੈਨੂੰ ਬੁਲਾ ਰਹੀ ਸੀ, ਪਰ ਕੋਈ ਸਪਸ਼ਟ ਚਿੰਨ੍ਹ ਨਜ਼ਰ ਨਹੀਂ ਸਨ ਆ ਰਹੇ। ਮੈਂ ਉਠ ਖੜਾ ਹੋਇਆ ਅਤੇ ਹਾਲ ਕਮਰੇ ਵਲ ਨੂੰ ਉਠ ਤੁਰਿਆ, ਜਿਵੇਂ ਕੋਈ ਦੈਵੀ ਸ਼ਕਤੀ ਮੈਨੂੰ ਤੇਜ਼ੀ ਨਾਲ ਖਿਚੀ ਜਾ ਰਹੀ ਹੋਵੇ। ਮੈਂ ਇੱਛਾ ਨਾ ਹੁੰਦਿਆਂ ਵੀ ਤੁਰ ਪਿਆ ਜਿਵੇਂ ਸੁਪਨੇ ਵਿਚ ਹੋਵਾਂ। ਜਾਪਦਾ ਸੀ ਜਿਵੇਂ ਸਮੇਂ ਅਤੇ ਸਥਾਨ ਤੋਂ ਪਰ੍ਹੇ ਕਿਸੇ ਦੁਨੀਆ ਦਾ ਸਫਰ ਕਰ ਰਿਹਾ ਹੋਵਾਂ।
"ਜਦ ਮੈਂ ਹਾਲ ਕਮਰੇ ਦੇ ਸਿਰੇ 'ਤੇ ਪੁਜਿਆ, ਦਰਵਾਜ਼ਾ ਖੋਲ੍ਹਿਆ ਅਤੇ ਵੇਖਿਆ ਕਿ ਮੈਂ ਵੱਡੇ ਸਾਰੇ ਚੈਂਬਰ ਵਿਚ ਸਾਂ ਜਿਸਦੇ ਵਿਚਕਾਰ ਕਫਨ ਵਿਚ ਇਕ ਲਾਸ਼ ਪਈ ਸੀ, ਆਲੇ ਦੁਆਲੇ ਮੋਮਬੱਤੀਆਂ ਜਗ ਰਹੀਆਂ ਤੇ ਉਤੇ ਚਿੱਟੇ ਫੁੱਲਾਂ ਦੇ ਹਾਰ ਪਏ ਸਨ। ਮੈਂ ਲਾਸ਼ ਦੇ ਕੋਲ ਗੋਡਿਆਂ ਭਾਰ ਬੈਠ ਕੇ ਵਿਛੜੀ ਰੂਹ ਵਲ ਵੇਖਿਆ। ਕੀ ਵੇਖਦਾ ਹਾਂ ਮੌਤ ਦੇ ਪਰਦੇ ਵਿਚ ਲਿਪਟੀ ਮੇਰੇ ਸਾਹਵੇਂ ਮੇਰੀ ਪ੍ਰੇਮਿਕਾ, ਮੇਰੀ ਚਿਰਜੀਵੀ ਸਾਥਣ ਦਾ ਚਿਹਰਾ ਸੀ। ਇਹ ਉਹ ਔਰਤ ਸੀ ਜਿਸਦੀ ਮੈਂ ਪੂਜਾ ਕਰਦਾ ਰਿਹਾ, ਹੁਣ ਮੌਤ ਦੇ ਠੰਡੇ ਯਖ ਹੱਥਾਂ ਵਿਚ, ਚਿੱਟੇ ਕਫਨ, ਚਿੱਟੇ ਫੁੱਲਾਂ ਵਿਚ ਲਿਪਟੀ, ਯੁਗਾਂ ਦੀ ਚੁੱਪ ਵਿਚ ਲੇਟੀ ਪਈ ਸੀ।
"ਓ, ਪਿਆਰ, ਜ਼ਿੰਦਗੀ ਤੇ ਮੌਤ ਦੇ ਮਾਲਕ! ਤੂੰ ਹੀ ਸਾਡੀਆਂ ਰੂਹਾਂ ਦਾ ਸਿਰਜਨਹਾਰਾ ਏਂ। ਤੂੰ ਹੀ ਸਾਡੀਆਂ ਰੂਹਾਂ ਨੂੰ ਰੌਸ਼ਨੀ ਤੇ ਹਨੇਰੇ
ਵਲ ਲਿਜਾਂਦਾ ਏ। ਤੂੰ ਸਾਡੇ ਦਿਲਾਂ ਨੂੰ ਸ਼ਾਂਤੀ ਬਖ਼ਸ਼ਦਾ ਅਤੇ ਉਸ ਵਿਚ ਆਸ ਦੀ ਕਿਰਨ ਤੇ ਦਰਦ ਭਰਦਾ ਏਂ। ਹੁਣ ਤੂੰ ਮੈਨੂੰ ਮੇਰੀ ਜੁਆਨੀ ਦੀ ਸਾਥਣ ਦੇ ਠੰਡੇ ਯਖ ਤੇ ਸਵਾਸਹੀਣ ਰੂਪ ਵਿਚ ਦਰਸ਼ਨ ਕਰਾਏ ਹਨ।
"ਮਾਲਕ ਤੂੰ ਮੈਨੂੰ ਆਪਣੀ ਧਰਤੀ ਤੋਂ ਨਿਖੇੜ ਕੇ ਇਥੇ ਲਿਆਂਦਾ ਹੈ ਅਤੇ ਮੇਰੇ ਸਾਹਵੇਂ ਜੀਵਨ ਉਤੇ ਮੌਤ ਤੇ ਖੁਸ਼ੀ ਉਤੇ ਗ਼ਮ ਦੀ ਤਾਕਤ ਦਾ ਭੇਦ ਪ੍ਰਗਟ ਕੀਤਾ ਹੈ। ਤੂੰ ਮੇਰੇ ਟੁੱਟੇ ਦਿਲ ਦੇ ਰੇਗਿਸਤਾਨ ਵਿਚ ਚਿੱਟੇ ਲਿਲੀ ਫੁੱਲ ਉਗਾਏ ਹਨ ਅਤੇ ਉਹਨਾਂ ਫੁੱਲਾਂ ਨੂੰ ਮੁਰਝਾਏ ਹੋਏ ਵਿਖਾਉਣ ਲਈ ਮੈਨੂੰ ਦੂਰ ਘਾਟੀ ਵਿਚ ਲੈ ਆਂਦਾ ਹੈ।
"ਓ ਮੇਰੀ ਇਕੱਲ ਅਤੇ ਦੇਸ਼ ਨਿਕਾਲੇ ਦੇ ਸਾਥੀਓ, ਖੁਦਾ ਦੀ ਇਹੀ ਇੱਛਾ ਸੀ ਕਿ ਮੈਂ ਜੀਵਨ ਦੀ ਕੁੜਿਤਣ ਦਾ ਪਿਆਲਾ ਪੀਵਾਂ। ਉਸ ਦੀ ਇੱਛਾ ਪੂਰੀ ਹੋ ਗਈ। ਅਸੀਂ ਮਹਾਨ ਪ੍ਰਮੇਸ਼ਰ ਦੇ ਕਮਜ਼ੋਰ ਜਿਹੇ ਤੱਤਾਂ ਤੋਂ ਸਿਵਾਇ ਕੁਝ ਵੀ ਨਹੀਂ ਹਾਂ, ਅਤੇ ਉਸ ਪ੍ਰਮੇਸ਼ਰ ਦੀ ਇੱਛਾ ਅਗੇ ਸਿਰ ਝੁਕਾਉਣ ਤੋਂ ਸਿਵਾਇ ਸਾਡੇ ਕੋਲ ਕੋਈ ਚਾਰਾ ਹੀ ਨਹੀਂ ਹੈ।
"ਜੇ ਅਸੀ ਪਿਆਰ ਕਰਦੇ ਹਾਂ, ਸਾਡਾ ਪਿਆਰ ਨਾ ਤਾਂ ਸਾਡੇ ਵਲੋਂ ਹੈ ਨਾ ਹੀ ਸਾਡੇ ਲਈ। ਜੇ ਅਸੀ ਖੁਸ਼ ਹੁੰਦੇ ਹਾਂ ਤਾਂ ਸਾਡੀ ਖੁਸ਼ੀ ਸਾਡੇ ਵਿਚ ਨਹੀਂ ਸਗੋਂ ਜੀਵਨ ਵਿਚ ਹੈ। ਜੇ ਦੁਖੀ ਹੁੰਦੇ ਹਾਂ ਤਾਂ ਸਾਡਾ ਦਰਦ ਸਾਡੇ ਜ਼ਖ਼ਮਾਂ ਵਿਚ ਨਹੀਂ ਹੁੰਦਾ ਸਗੋਂ ਪ੍ਰਕ੍ਰਿਤੀ ਦੇ ਦਿਲ ਵਿਚ ਹੁੰਦਾ ਹੈ।
"ਇਹ ਗਾਥਾ ਦਸ ਕੇ ਮੈਂ ਕੋਈ ਸ਼ਿਕਾਇਤ ਨਹੀਂ ਕਰ ਰਿਹਾ, ਕਿਉਂਕਿ ਜੋ ਸ਼ਿਕਾਇਤ ਕਰਦਾ ਹੈ ਉਸਨੂੰ ਜੀਵਨ ਬਾਰੇ ਸ਼ੰਕਾ ਹੁੰਦੀ ਹੈ ਅਤੇ ਮੈਂ ਪੱਕਾ ਉਪਾਸ਼ਕ ਹਾਂ। ਮੈਂ ਜੀਵਨ ਦੇ ਪਿਆਲੇ ਵਿਚੋਂ ਜੋ ਵੀ ਪੀਂਦਾ ਹਾਂ ਉਸਦੇ ਹਰ ਹਿੱਸੇ ਵਿਚ ਜਿੰਨੀ ਕੁੜਿਤਣ ਰਲੀ ਹੁੰਦੀ ਹੈ ਉਸਦਾ ਮੈਂ ਉਪਾਸ਼ਕ ਹਾਂ। ਮੈਂ ਗ਼ਮ ਦੀ ਖੂਬਸੂਰਤੀ ਵਿਚ ਵਿਸਵਾਸ ਰਖਦਾ ਹਾਂ ਜੋ ਮੇਰੇ ਦਿਲ ਨੂੰ ਟੁੰਬਦੀ ਹੈ। ਮੈਂ ਇਹਨਾਂ ਫੌਲਾਦੀ ਉਂਗਲਾਂ ਦੀ ਉਸ ਦਇਆ ਵਿਚ ਵਿਸ਼ਵਾਸ ਰਖਦਾ ਹਾਂ ਜੋ ਮੇਰੀ ਰੂਹ ਨੂੰ ਮਸਲ ਕੇ ਰਖ ਦੇਂਦੀਆਂ ਹਨ।
"ਇਹ ਹੈ ਮੇਰੀ ਕਹਾਣੀ। ਮੈਂ ਇਸਦਾ ਅੰਤ ਕਿਵੇਂ ਕਰ ਸਕਦਾ ਹਾਂ
ਜਦੋਂ ਕਿ ਅਸਲ ਵਿਚ ਇਸਦਾ ਕੋਈ ਅੰਤ ਹੈ ਹੀ ਨਹੀਂ? ਮੈਂ ਗੋਡਿਆਂ ਭਾਰ ਝੁਕਿਆ ਹੋਇਆ ਕਫ਼ਨ ਕੋਲ ਬੈਠਾ ਰਿਹਾ, ਚੁੱਪ ਤੇ ਗੁੰਮ ਸੁੰਮ, ਅਤੇ ਮੈਂ ਉਸ ਦੈਵੀ ਚਿਹਰੇ ਵਲ ਨਿਰੰਤਰ ਵੇਖਦਾ ਹੀ ਰਿਹਾ ਜਦ ਤਕ ਪ੍ਰਭਾਤ ਨਾ ਹੋ ਗਈ। ਫਿਰ ਮੈਂ ਉਠਿਆ ਅਤੇ ਆਪਣੇ ਕਮਰੇ ਵਿਚ ਪਰਤ ਆਇਆ, ਸਦੀਵਤਾ ਦੇ ਭਾਰੀ ਬੋਝ ਹੇਠ ਦਬਿਆ ਤੇ ਦੁੱਖੀ ਮਨੁੱਖਤਾ ਦੇ ਦਰਦ ਦੀ ਨਿਰੰਤਰਤਾ ਦਾ ਬੋਝ ਲਈ।
"ਤਿੰਨ ਹਫ਼ਤੇ ਬਾਅਦ ਮੈਂ ਵੀਨਸ ਸ਼ਹਿਰ ਤੋਂ ਅਲਵਿਦਾ ਲਈ ਅਤੇ ਲੈਬਨਾਨ ਪਰਤ ਆਇਆ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਮੈਂ ਸਾਲਾਂ ਦੇ ਸਾਲ ਵਿਸ਼ਾਲਤਾ ਵਿਚ ਅਤੇ ਬੀਤੇ ਸਮੇਂ ਦੀਆਂ ਚੁੱਪ ਦੀਆਂ ਗਹਿਰਾਈਆਂ ਵਿਚ ਬਿਤਾਏ ਹੋਣ।
"ਪਰ ਉਹ ਝਲਕ ਕਾਇਮ ਰਹੀ। ਭਾਵੇਂ ਮੈਂ ਉਸਨੂੰ ਦੁਬਾਰਾ ਮ੍ਰਿਤਕ ਰੂਪ ਵਿਚ ਹੀ ਵੇਖਿਆ, ਪਰ ਮੇਰੇ ਅੰਦਰ ਉਹ ਹਾਲਾਂ ਵੀ ਜ਼ਿੰਦਾ ਸੀ। ਉਸਦੇ ਸਾਏ ਹੇਠ ਹੀ ਮੈਂ ਮਿਹਨਤ ਕੀਤੀ ਤੇ ਗਿਆਨ ਹਾਸਲ ਕੀਤਾ। ਉਹ ਮਿਹਨਤ ਕੀ ਸੀ, ਮੇਰੇ ਮਿਤਰੋ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੀ ਹੋ।
"ਗਿਆਨ ਅਤੇ ਸਿਆਣਪ ਜੋ ਮੈਂ ਗ੍ਰਹਿਣ ਕੀਤੀ, ਮੈਂ ਉਪਰਾਲਾ ਕੀਤਾ ਕਿ ਆਪਣੇ ਲੋਕਾਂ ਅਤੇ ਉਹਨਾਂ ਦੇ ਸ਼ਾਸਕਾਂ ਤੱਕ ਪੁਚਾਵਾਂ। ਮੈਂ ਲੈਬਨਾਨ ਦੇ ਗਵਰਨਰ ਅਲ-ਹੈਰਿਸ ਦੇ ਧਿਆਨ ਵਿਚ ਦਲਿਤਾਂ ਦੇ ਦੁੱਖ ਲਿਆਂਦੇ ਜੋ ਰਾਜ ਅਤੇ ਚਰਚ ਅਧਿਕਾਰੀਆਂ ਦੀਆਂ ਬੇਇਨਸਾਫ਼ੀਆਂ ਤੇ ਬੁਰਾਈਆਂ ਹੇਠ ਕੁਚਲੇ ਜਾ ਰਹੇ ਹਨ।
"ਮੈਂ ਉਸਨੂੰ ਰਾਏ ਦਿਤੀ ਕਿ ਆਪਣੇ ਪਿਤਾ ਪਿਤਾਮਿਆਂ ਦੇ ਦੱਸੇ ਰਾਹ 'ਤੇ ਚਲੇ ਅਤੇ ਉਹਨਾਂ ਵਾਂਗ ਹੀ ਆਪਣੀ ਪਰਜਾ ਨਾਲ ਵਰਤਾਉ ਕਰੇ ਨਰਮਦਿਲੀ ਉਦਾਰਤਾ ਤੇ ਸੂਝਬੂਝ ਨਾਲ। ਮੈਂ ਉਸਨੂੰ ਇਹ ਵੀ ਕਿਹਾ, 'ਲੋਕ ਸਾਡੀ ਸਲਤਨਤ ਦੀ ਸ਼ਾਨ ਅਤੇ ਧਨ ਦੌਲਤ ਦਾ ਸੋਮਾ ਹਨ। ਮੈਂ ਇਹ ਵੀ ਕਿਹਾ, "ਇਕ ਰਾਜੇ ਦੀ ਸਲਤਨਤ ਵਿਚੋਂ ਚਾਰ ਚੀਜ਼ਾਂ ਦਾ ਖ਼ਾਤਮਾ ਹੋਣਾ ਲਾਜ਼ਮੀ ਹੈ- ਕ੍ਰੋਧ, ਲਾਲਚ, ਝੂਠ ਅਤੇ ਹਿੰਸਾ।
"ਇਹਨਾਂ ਅਤੇ ਹੋਰ ਨਸੀਹਤਾਂ ਸਦਕਾ ਹੀ ਮੈਨੂੰ ਝਿੜਕਿਆ ਗਿਆ, ਦੇਸ਼ ਨਿਕਾਲਾ ਦਿਤਾ ਅਤੇ ਚਰਚ ਤੋਂ ਛੇਕਿਆ ਗਿਆ।
"ਇਕ ਰਾਤ ਅਲ-ਹੈਰਿਸ ਦਾ ਦਿਲ ਦਹਿਲ ਗਿਆ ਤੇ ਉਹ ਰਾਤ ਸੌਂ ਨਾ ਸਕਿਆ। ਖਿੜਕੀ ਵਿਚ ਖੜੇ ਹੋ ਕੇ ਉਸ ਧਿਆਨ ਚਿਤ ਹੋ ਕੇ ਆਕਾਸ਼ ਵਲ ਵੇਖਿਆ। ਕਿੰਨੀ ਅਜੀਬ ਗਲ ਹੈ। ਅਨੇਕਾਂ ਹੀ ਖ਼ੁਦਾਈ ਮਨੁੱਖ ਅਨੰਤ ਵਿਚ ਸਮਾ ਗਏ। ਕਿਸਨੇ ਇਸ ਰਹੱਸਮਈ ਅਤੇ ਅਸਚਰਜ ਭਰੇ ਸੰਸਾਰ ਦੀ ਰਚਨਾ ਕੀਤੀ? ਕੌਣ ਹੈ ਜੋ ਤਾਰਿਆਂ ਨੂੰ ਗਰਦਿਸ਼ ਵਿਚ ਰਖਦਾ ਹੈ? ਦੂਰੀ ਤੇ ਸਥਿਤ ਗ੍ਰਹਿਆਂ ਨਾਲ ਸਾਡਾ ਕੀ ਸੰਬੰਧ ਹੈ? ਮੈਂ ਕੌਣ ਹਾਂ ਅਤੇ ਮੈਂ ਇਥੇ ਕਿਉਂ ਹਾਂ? ਇਹ ਸਾਰੀਆਂ ਗੱਲਾਂ ਅਲ-ਹੈਰਿਸ ਨੇ ਆਪਣੇ ਆਪ ਨੂੰ ਸੰਬੋਧਨ ਕਰਕੇ ਕਹੀਆਂ।
ਫਿਰ ਉਸਨੂੰ ਯਾਦ ਆਈ ਮੇਰੀ ਜਲਾਵਤਨੀ ਅਤੇ ਉਸ ਵਲੋਂ ਮੇਰੇ ਨਾਲ ਕੀਤਾ ਗਿਆ ਦੁਰਵਿਵਹਾਰ। ਇਕਦਮ ਉਸਨੇ ਮੈਨੂੰ ਸੁਨੇਹਾ ਭੇਜਿਆ ਅਤੇ ਮੁਆਫ਼ੀ ਮੰਗੀ। ਉਸਨੇ ਮੈਨੂੰ ਸ਼ਾਹੀ ਲਿਬਾਸ ਨਾਲ ਸਨਮਾਨਿਆ ਅਤੇ ਲੋਕਾਂ ਦੇ ਸਾਹਮਣੇ ਮੈਨੂੰ ਆਪਣਾ ਸਲਾਹਕਾਰ ਐਲਾਨਦੇ ਹੋਏ ਇਕ ਸੁਨਹਿਰੀ ਚਾਬੀ ਮੇਰੇ ਹੱਥ ਵਿਚ ਫੜਾ ਦਿਤੀ।
"ਆਪਣੇ ਦੇਸ਼ ਨਿਕਾਲੇ ਦੇ ਸਾਲਾਂ ਦਾ ਮੈਨੂੰ ਕੋਈ ਅਫ਼ਸੋਸ ਨਹੀਂ। ਉਹ ਜੋ ਸੱਚ ਦੇ ਮਾਰਗ ਤੇ ਚਲਦੇ ਹੋਏ ਮਨੁੱਖਤਾ ਨੂੰ ਇਸ ਰਾਹ 'ਤੇ ਪਾਏਗਾ ਯਕੀਨਨ ਦੁੱਖ ਭੋਗੇਗਾ। ਮੇਰੇ ਦੁੱਖਾਂ ਨੇ ਹੀ ਮੈਨੂੰ ਸਿਖਾਇਆ ਕਿ ਆਪਣੇ ਭਾਈ ਬੰਧੂਆਂ ਦੇ ਦੁੱਖਾਂ ਨੂੰ ਸਮਝਾਂ, ਜ਼ੁਲਮ ਜਾਂ ਦੇਸ਼ ਨਿਕਾਲੇ ਨੇ ਮੇਰੇ ਅੰਦਰ ਦੀ ਦ੍ਰਿਸ਼ਟੀ ਨੂੰ ਮੱਧਮ ਨਹੀਂ ਕੀਤਾ।
"ਪਰ ਹੁਣ ਮੈਂ ਥੱਕ ਚੁਕਿਆ ਹਾਂ...
ਆਪਣੀ ਗਾਥਾ ਮੁਕਾਉਣ ਮਗਰੋਂ ਮਾਲਕ ਨੇ ਆਪਣੇ ਚੇਲੇ ਨੂੰ ਜਾਣ ਲਈ ਕਿਹਾ, ਜਿਸਦਾ ਨਾਂ ਅਲਮੁਹਤੱਦਾ ਸੀ ਅਰਥਾਰ 'ਨਵ- ਮੁਰੀਦ' ਅਤੇ ਆਪ ਪੁਰਾਣੀਆਂ ਯਾਦਾਂ ਦੀ ਥਕਾਵਟ ਤੋਂ ਜਿਸਮ ਅਤੇ ਰੂਹ ਨੂੰ ਆਰਾਮ ਦੇਣ ਲਈ ਆਪਣੀ ਆਰਾਮਗਾਹ ਵਲ ਚਲਾ ਗਿਆ।
2. ਪੈਗ਼ੰਬਰ ਦੀ ਮੌਤ
ਦੋ ਹਫ਼ਤੇ ਬਾਅਦ ਮਾਲਕ ਬੀਮਾਰ ਪੈ ਗਿਆ ਅਤੇ ਵੱਡੀ ਗਿਣਤੀ ਵਿਚ ਉਸਦੇ ਚਹੇਤੇ ਆਸ਼ਰਮ ਵਿਚ ਉਸਦੀ ਸਿਹਤ ਦਾ ਹਾਲ ਚਾਲ ਪੁਛਣ ਆਏ। ਜਦੋਂ ਉਹ ਬਾਗ਼ ਦੇ ਦਰਵਾਜ਼ੇ ਤਕ ਪੁੱਜੇ ਤਾਂ ਉਹਨਾਂ ਨੇ ਮਾਲਕ ਦੇ ਕਮਰੇ ਵਿਚੋਂ ਇਕ ਪਾਦਰੀ, ਨੱਨ, ਡਾਕਟਰ ਤੇ ਚੇਲੇ ਅੱਲਮੁਹਤੱਦਾ ਨੂੰ ਨਿਕਲਦੇ ਵੇਖਿਆ। ਪਿਆਰੇ ਚੇਲੇ ਨੇ ਮਾਲਕ ਦੀ ਮੌਤ ਦਾ ਐਲਾਨ ਕਰ ਦਿਤਾ। ਭੀੜ ਵਿਚ ਸ਼ਾਮਲ ਲੋਕਾਂ ਨੇ ਰੋਣਾ ਪਿਟਣਾ ਤੇ ਵਿਰਲਾਪ ਕਰਨਾ ਸ਼ੁਰੂ ਕਰ ਦਿਤਾ ਪਰ ਅੱਲਮੁਹਤੱਦਾ ਨਾ ਰੋਇਆ ਤੇ ਨਾ ਹੀ ਕੋਈ ਲਫਜ਼ ਮੂੰਹੋਂ ਬੋਲਿਆ।
ਥੋੜ੍ਹੀ ਦੇਰ ਲਈ ਚੇਲੇ ਨੇ ਸ੍ਵੈ ਚਿੰਤਨ ਕੀਤਾ, ਫਿਰ ਮੱਛੀਆਂ ਦੇ ਤਾਲਾਬ ਕੰਢੇ ਬਣੀ ਚਟਾਨ ਉੱਤੇ ਖੜ੍ਹੇ ਹੋ ਕੇ ਇਕੱਠ ਨੂੰ ਸੰਬੋਧਨ ਕਰਨ ਲਗਾ।
'ਮੇਰੇ ਭਰਾਵੋ ਤੇ ਦੇਸ਼ਵਾਸੀਓ ਤੁਸੀ ਮਾਲਕ ਦੀ ਮੌਤ ਦੀ ਖ਼ਬਰ ਤਾਂ ਸੁਣ ਹੀ ਲਈ ਹੈ। ਲੈਬਨਾਨ ਦਾ ਅਮਰ ਪੈਗੰਬਰ ਸਦਾ ਦੀ ਨੀਂਦ ਸੌਂ ਗਿਆ ਹੈ ਅਤੇ ਉਸਦੀ ਪਵਿਤਰ ਰੂਹ ਸਾਰੇ ਗ਼ਮਾਂ ਤੇ ਸੋਗ ਤੋਂ ਪਰ੍ਹੇ ਆਤਮਾ ਦੇ ਬੈਕੁੰਠ ਵਿਚ ਸਾਡੇ ਉਤੇ ਮੰਡਰਾ ਰਹੀ ਹੈ। ਉਸਦੀ ਰੂਹ ਸਰੀਰ ਦੇ ਪਿੰਜਰੇ ਤੋਂ ਆਜਾਦ ਹੋ ਗਈ ਹੈ ਅਤੇ ਧਰਤੀ ਦੇ ਜੀਵਨ ਦੇ ਸੰਤਾਪ ਤੋਂ ਮੁਕਤ ਹੋ ਗਈ ਹੈ।
"ਮਾਲਕ ਇਸ ਪਦਾਰਥਵਾਦੀ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ ਅਤੇ ਉਸ ਸ਼ਾਨ ਸ਼ੌਕਤ ਦਾ ਜਾਮਾ ਪਹਿਨ ਕੇ ਔਕੜਾਂ ਤੇ ਦੁੱਖਾਂ ਤੋਂ ਮੁਕਤ ਹੋ ਕੇ ਕਿਸੇ ਹੋਰ ਦੁਨੀਆ ਵਿਚ ਜਾ ਵਸਿਆ ਹੈ। ਉਹ ਹੁਣ ਉਸ ਥਾਂ ਜਾ ਪੁੱਜਿਆ ਹੈ ਜਿਥੇ ਅਸੀ ਨਾ ਤਾਂ ਉਸਨੂੰ ਵੇਖ ਸਕਦੇ ਹਾਂ ਨਾ ਹੀ ਉਸਦੀ ਆਵਾਜ਼ ਸੁਣ ਸਕਦੇ ਹਾਂ। ਉਹ ਆਤਮਾ ਦੇ ਸੰਸਾਰ ਵਿਚ
ਨਿਵਾਸ ਕਰ ਰਿਹਾ ਹੈ ਜਿਥੇ ਗਿਆਨ ਇਕੱਠਾ ਕਰਦਾ ਰਿਹਾ ਹੈ ਜਿਸਦਾ ਇਤਿਹਾਸ ਤੇ ਖੂਬਸੂਰਤੀ ਉਸਨੂੰ ਸਦਾ ਖਿੱਚ ਪਾਉਂਦੀ ਰਹੀ ਅਤੇ ਜਿਥੋਂ ਦੀ ਆਵਾਜ ਸੁਨਣ ਲਈ ਉਹ ਤਰਸਦਾ ਰਿਹਾ।
"ਇਸ ਧਰਤੀ ਉਤੇ ਉਸਦਾ ਜੀਵਨ ਨਿਰੰਤਰ ਮਹਾਨ ਕੰਮਾਂ ਨੂੰ ਸਮਰਪਿਤ ਸੀ। ਇਹ ਜੀਵਨ ਨਿਰੰਤਰ ਵਿਚਾਰ ਦਾ ਜੀਵਨ ਸੀ, ਕਿਉਂਕਿ ਮਾਲਕ ਆਰਾਮ ਨੂੰ ਭੁੱਲਕੇ ਹਮੇਸ਼ਾ ਕੰਮ ਵਿਚ ਹੀ ਰੁਝਿਆ ਰਹਿੰਦਾ ਸੀ। ਉਸਨੂੰ ਕੰਮ ਨਾਲ ਮੋਹ ਸੀ ਜਿਸਨੂੰ ਉਸਨੇ ਪ੍ਰਮੁੱਖ ਪਿਆਰ ਦੀ ਪ੍ਰੀਭਾਸ਼ਾ ਕਿਹਾ।
"ਉਸਦੀ ਪਿਆਸੀ ਰੂਹ ਨੂੰ ਸਜਗਤਾ ਦੀ ਗੋਦ ਤੋਂ ਬਿਨਾਂ ਕਿਧਰੇ ਚੈਨ ਨਹੀਂ ਸੀ ਮਿਲ ਸਕਦਾ। ਉਸਦਾ ਹਮਦਰਦ ਦਿਲ ਦਇਆ ਭਾਵਨਾ ਤੇ ਉਤਸ਼ਾਹ ਨਾਲ ਉਮੜਦਾ ਸੀ।
"ਨਿਰਾਲਾ ਜੀਵਨ ਜੀਵਿਆ, ਉਸਨੇ ਇਸ ਧਰਤੀ ਉਤੇ
"ਉਹ ਗਿਆਨ ਦਾ ਸੋਮਾ ਸੀ ਜੋ ਸਦੀਵਤਾ ਦੀ ਛਾਤੀ ਵਿਚੋਂ ਫੁੱਟਿਆ, ਜੋ ਇਕ ਸਿਆਣਪ ਦੀ ਪਵਿਤਰ ਨਦੀ ਵਾਂਗ ਮਨੁੱਖਤਾ ਦੇ ਮਨ ਨੂੰ ਸਿੰਜਦੀ ਤੇ ਤਰੋਤਾਜਾ ਕਰਦੀ ਹੈ।
"ਹੁਣ ਉਹ ਦਰਿਆ ਅਨੰਤ ਜੀਵਨ ਦੇ ਕਿਨਾਰਿਆਂ ਤਕ ਪੁੱਜ ਗਿਆ ਹੈ। ਕੋਈ ਵੀ ਵਿਛੜੀ ਆਤਮਾ ਲਈ ਨਾ ਵਿਰਲਾਪ ਕਰੇ ਤੇ ਨਾ ਹੰਝੂ ਵਹਾਏ।
"ਯਾਦ ਰਹੇ ਕੇਵਲ ਉਹ, ਜੋ ਜੀਵਨ ਦੇ ਪਵਿਤਰ ਮੰਦਰ ਸਾਹਵੇਂ ਖੜ੍ਹੇ ਹੁੰਦੇ ਹਨ ਅਤੇ ਜਿਹਨਾਂ ਨੇ ਆਪਣੇ ਮੱਥੇ ਦੇ ਪਸੀਨੇ ਦੀ ਇਕ ਬੂੰਦ ਨਾਲ ਵੀ ਧਰਤੀ ਨੂੰ ਪ੍ਰਫੁਲਿਤ ਨਹੀਂ ਕੀਤਾ ਉਹ ਅੰਤਮ ਸਮੇਂ ਹੰਝੂਆਂ ਤੇ ਵਿਰਲਾਪ ਦੇ ਹੱਕਦਾਰ ਹਨ।
"ਪਰ ਜਿਥੋਂ ਤਕ ਮਾਲਕ ਦਾ ਸਬੰਧ ਹੈ- ਕੀ ਉਸਨੇ ਆਪਣਾ ਸਾਰਾ ਜੀਵਨ ਮਨੁੱਖਤਾ ਦੀ ਭਲਾਈ ਲਈ ਮਿਹਨਤ ਕਰਦੇ ਨਹੀਂ ਬਿਤਾਇਆ? ਕੀ ਤੁਹਾਡੇ ਵਿਚੋਂ ਕੋਈ ਅਜਿਹਾ ਹੈ ਜਿਸਨੇ ਉਸਦੀ
"ਮੋਂ ਦਾਮਸਕਸ ਦੇ ਇਕ ਧਨਵਾਨ ਤੇ ਫਰਾਖਦਿਲ ਸ਼ੇਖ ਨੂੰ ਵੇਖਿਆ ਜਿਸਨੇ ਅਰਬ ਦੇਸ਼ ਦੇ ਉਜਾੜ ਰੇਗਿਸਤਾਨ ਵਿਚ ਪਹਾੜਾਂ ਦੇ ਕੰਢੇ ਕੰਢੇ ਆਪਣੇ ਤੰਬੂ ਗੱਡ ਦਿਤੇ। ਸ਼ਾਮ ਢਲਣ ਸਮੇਂ ਉਸਨੇ ਆਪਣੇ ਨੌਕਰ ਚਾਕਰ ਚਾਰੇ ਪਾਸੇ ਭੇਜੇ ਕਿ ਲੋੜਵੰਦ ਯਾਤਰੂਆਂ ਨੂੰ ਲੱਭ ਲਿਆਉਣ ਜੋ ਇਥੇ ਆ ਕੇ ਆਸਰਾ ਤੇ ਭੋਜਨ ਲੈ ਸਕਣ। ਪਰ ਉਥੋਂ ਦੀਆਂ ਉਭੜ ਖਾਭੜ ਸੜਕਾਂ ਵੀਰਾਨ ਪਈਆਂ ਸਨ-ਉਹਨਾਂ ਨੂੰ ਕੋਈ ਵੀ ਮਹਿਮਾਨ ਨਾ ਮਿਲਿਆ।
"ਮੈਂ ਇਕਾਂਤ ਵਿਚ ਬੈਠੇ ਉਸ ਸ਼ੇਖ਼ ਦੀ ਹਾਲਤ ਉਤੇ ਵਿਚਾਰ ਕੀਤੀ ਅਤੇ ਆਪਣੇ ਆਪ ਨੂੰ ਕਿਹਾ, 'ਚੰਗਾ ਹੁੰਦਾ ਜੇ ਇਹ ਸਾਥੀਆਂ ਨਾਲੋਂ ਵਿਛੜਿਆ ਹੋਇਆ, ਹੱਥ ਵਿਚ ਡੰਡਾ ਤੇ ਖਾਲੀ ਟੋਕਰੀ ਬਾਂਹ ਉਤੇ ਟੰਗੀ ਹੋਈ ਹੁੰਦੀ ਅਤੇ ਦੁਪਹਿਰ ਵੇਲੇ ਸ਼ਹਿਰ ਦੇ ਸਿਰੇ 'ਤੇ ਗੰਦ ਦੇ ਢੇਰ ਨੇੜੇ ਬੈਠਾ ਆਪਣੇ ਸਾਥੀਆਂ ਨਾਲ ਦੋਸਤੀ ਦਾ ਖਾਣਾ ਵੰਡ ਕੇ ਖਾ ਰਿਹਾ ਹੁੰਦਾ।'
"ਲੈਬਨਾਨ ਵਿਚ ਮੈਂ ਵੇਖਿਆ, ਗਵਰਨਰ ਦੀ ਬੇਟੀ ਆਪਣੀ ਨੀਂਦ ਵਿਚੋਂ ਜਾਗੀ, ਜਿਸਨੇ ਕੀਮਤੀ ਗਾਊਨ ਪਾਇਆ ਹੋਇਆ ਸੀ, ਵਾਲਾਂ ਵਿਚ ਇਤਰ ਫੁਲੇਲ ਅਤੇ ਜਿਸਮ ਉਤੇ ਵਧੀਆ ਸੁਗੰਧੀ ਛਿੜਕੀ ਹੋਈ ਸੀ। ਉਹ ਆਪਣੇ ਪਿਤਾ ਦੇ ਮਹਿਲ ਦੇ ਬਾਗ਼ ਵਿਚ ਕਿਸੇ ਪ੍ਰੇਮੀ ਦੀ ਭਾਲ ਵਿਚ ਘੁੰਮ ਰਹੀ ਸੀ। ਗਲੀਚੇ ਵਾਂਗ ਵਿਛੇ ਘਾਹ ਉਤੇ ਪਈਆਂ ਤ੍ਰੇਲ ਬੂੰਦਾਂ ਨੇ ਉਸਦੇ ਗਾਊਨ ਦੇ ਪੱਲੇ ਭਿਉਂ ਦਿਤੇ। ਪਰ ਅਫ਼ਸੋਸ। ਉਸਦੇ ਪਿਤਾ ਦੀ ਪਰਜਾ ਵਿਚੋਂ ਕੋਈ ਵੀ ਅਜਿਹਾ ਨਹੀਂ ਸੀ ਜੋ ਉਸਨੂੰ ਪਿਆਰ ਕਰ ਸਕੇ।
"ਜਿਉਂ ਹੀ ਮੈਂ ਗਵਰਨਰ ਦੀ ਬੇਟੀ ਦੀ ਇਸ ਤਰਸਯੋਗ ਸਥਿਤੀ ਦਾ ਚਿੰਤਨ ਕੀਤਾ, ਮੇਰੀ ਆਤਮਾ ਨੇ ਝੰਜੋੜ ਕੇ ਮੈਨੂੰ ਕਿਹਾ, 'ਕੀ ਇਹ ਚੰਗਾ ਨਹੀਂ ਸੀ ਕਿ ਇਹ ਇਕ ਸਾਧਾਰਨ ਕਿਸਾਨ ਦੀ ਬੇਟੀ ਹੁੰਦੀ, ਆਪਣੇ ਪਿਤਾ ਦੀਆਂ ਭੇਡਾਂ ਦੇ ਇਜੱੜ ਨੂੰ ਚਰਾਗਾਹ ਵਲ ਲਿਜਾਂਦੀ ਅਤੇ ਸ਼ਾਮ ਨੂੰ ਉਸ ਇਜੱੜ ਨੂੰ ਘਰ ਵਾਪਿਸ ਲਿਆਉਂਦੀ ਅਤੇ ਉਸਦੇ
ਖਰ੍ਹਵੇਂ ਗਾਊਨ ਵਿਚੋਂ ਮਿੱਟੀ ਤੇ ਅੰਗੂਰਾਂ ਦੀ ਮਹਿਕ ਆਉਂਦੀ? ਅਤੇ ਇਹ ਵੀ ਸੰਭਵ ਹੁੰਦਾ ਕਿ ਉਹ ਆਪਣੇ ਪਿਤਾ ਦੀ ਝੌਂਪੜੀ ਵਿਚੋਂ ਰਾਤ ਦੀ ਸੁੰਨਸਾਨ ਵਿਚ ਚੁਪ-ਚਾਪ ਆਪਣੇ ਪ੍ਰੇਮੀ ਨੂੰ ਮਿਲਣ ਚਲੀ ਜਾਂਦੀ ਜੋ ਕਲਕਲ ਕਰਦੀ ਨਦੀ ਕੰਢੇ ਉਸਦਾ ਇੰਤਜ਼ਾਰ ਕਰ ਰਿਹਾ ਹੁੰਦਾ।"
"ਮੇਰੇ ਦਿਲ ਦਾ ਦਰਖ਼ਤ ਫਲਾਂ ਦੇ ਭਾਰ ਨਾਲ ਲਦਿਆ ਹੋਇਆ ਹੈ। ਆਓ, ਲੋੜਵੰਦ ਰੂਹੋ, ਆਓ ਇਹ ਫਲ ਇਕੱਠੇ ਕਰੋ, ਖਾਓ ਅਤੇ ਸੰਤੁਸ਼ਟ ਹੋ ਜਾਓ। ਮੇਰੀ ਆਤਮਾ ਯੁਗਾਂ ਦੀ ਪੁਰਾਣੀ ਸ਼ਰਾਬ ਨਾਲ ਛਲਕਦੀ ਪਈ ਹੈ। ਓ, ਪਿਆਸੇ ਦਿਲੋ, ਆਓ ਪੀਓ ਅਤੇ ਆਪਣੀ ਪਿਆਸ ਬੁਝਾਓ...।
"ਜੇ ਕਦੇ ਮੈਂ ਅਜਿਹਾ ਦਰਖ਼ਤ ਹੁੰਦਾ ਜੋ ਫਲਦਾ ਫੁਲਦਾ ਨਾ; ਕਿਉਂਕਿ ਉਪਜਾਊ ਪੁਣੇ ਦਾ ਦਰਦ ਬਾਂਝਪੁਣੇ ਦੇ ਦਰਦ ਨਾਲੋਂ ਦੁਖਦਾਈ ਹੁੰਦਾ ਹੈ; ਇਕ ਫ਼ਰਾਖ਼ਦਿਲ ਅਮੀਰ ਦਾ ਦੁੱਖ ਵਿਚਾਰੇ ਗਰੀਬ ਦੇ ਦੁੱਖ ਨਾਲੋਂ ਡਾਹਢਾ ਹੁੰਦਾ ਹੈ...।
"ਜੇ ਕਦੇ ਮੈਂ ਸੁੱਕਾ ਖੂਹ ਹੁੰਦਾ, ਅਤੇ ਰਾਹਗੀਰ ਮੇਰੇ ਵਿਚ ਪੱਥਰ ਸੁੱਟਦੇ। ਕਿਉਂਕਿ ਇਕ ਖਾਲੀ ਖੂਹ ਹੋਣਾ ਉਸ ਖੂਹ ਨਾਲੋਂ ਚੰਗਾ ਹੈ ਜਿਸ ਵਿਚ ਸਾਫ਼ ਸੁਥਰਾ ਪਾਣੀ ਤਾਂ ਹੋਵੇ ਪਰ ਪਿਆਸ ਦੇ ਮਾਰੇ ਬੁਲ੍ਹ ਉਸਨੂੰ ਛੂਹਣ ਨਾ।
"ਜੇ ਕਦੇ ਮੈਂ ਮਨੁੱਖ ਦੇ ਪੈਰਾਂ ਹੇਠ ਕੁਚਲਿਆ ਤੇ ਟੁੱਟੇ ਹੋਏ ਨੜੇ ਦਾ ਟੋਟਾ ਹੁੰਦਾ ਕਿਉਂਕਿ ਅਜਿਹਾ ਹੋਣਾ ਉਸ ਬੰਸਰੀ ਨਾਲੋਂ ਚੰਗਾ ਹੈ ਜਿਸਨੂੰ ਵਜਾਉਣ ਵਾਲਿਆਂ ਦੀਆਂ ਉਂਗਲਾਂ 'ਤੇ ਛਾਲੇ ਹੋਣ ਅਤੇ ਜਿਸਦਾ ਮਾਲਕ ਤੇ ਘਰ ਦੀ ਹਰ ਚੀਜ਼ ਕੰਨਾਂ ਤੋਂ ਬੋਲੀ ਹੋਵੇ।
"ਓ ਮੇਰੀ ਮਾਤ ਭੂਮੀ ਦੇ ਧੀਆਂ-ਪੁਤਰੋ, ਮੇਰੀ ਗਲ ਧਿਆਨ ਨਾਲ ਸੁਣੋ, ਪੈਗ਼ੰਬਰ ਦੇ ਕਹੇ ਹੋਏ ਸ਼ਬਦਾਂ ਨੂੰ ਧਿਆਨ ਨਾਲ ਵਿਚਾਰੋ। ਆਪਣੇ ਦਿਲ ਦੇ ਕਿਸੇ ਹਿੱਸੇ ਵਿਚ ਇਹਨਾਂ ਲਈ ਥਾਂ ਬਣਾਓ ਅਤੇ ਆਪਣੀ ਰੂਹ ਦੇ ਬਾਗ਼ ਵਿਚ ਸਿਆਣਪ ਦੇ ਬੀਜ ਵੱਧਣ ਫੁਲਣ ਦਿਓ। ਕਿਉਂਕਿ ਇਹ ਹੀ ਮਾਲਕ ਵਲੋਂ ਦਿਤਾ ਕੀਮਤੀ ਤੋਹਫ਼ਾ ਹੈ।"
ਇਸ ਤਰ੍ਹਾਂ ਅੱਲਮੁਹਤੱਦਾ ਦੀ ਪ੍ਰਸਿਧੀ ਦੇਸ਼ ਦੇ ਕੋਨੇ ਕੋਨੇ ਵਿਚ ਫੈਲਦੀ ਗਈ। ਬਹੁਤ ਸਾਰੇ ਲੋਕ ਸਤਿਕਾਰ ਦੇਣ ਅਤੇ ਮਾਲਕ ਦੇ ਬੁਲਾਰੇ ਦੇ ਵਿਚਾਰ ਸੁਨਣ ਲਈ ਦੂਸਰੇ ਦੇਸ਼ਾਂ ਤੋਂ ਵੀ ਆਏ।
ਚਕਿਤਸਕ, ਵਕੀਲ, ਕਵੀ ਤੇ ਦਾਰਸ਼ਨਿਕ ਜਿਥੇ ਵੀ ਉਸਨੂੰ ਮਿਲਦੇ, ਗਲੀ ਹੋਵੇ, ਚਰਚ ਹੋਵੇ, ਮਸਜਿਦ ਹੋਵੇ, ਯਹੂਦੀਆਂ ਦਾ ਪੂਜਾ ਸਥਾਨ ਹੋਵੇ ਜਾਂ ਕੋਈ ਹੋਰ ਥਾਂ ਜਿਥੇ ਲੋਕ ਇਕੱਠੇ ਹੁੰਦੇ, ਉਸ ਉਤੇ ਸੁਆਲਾਂ ਦੀ ਵਾਛੜ ਕਰ ਦੇਂਦੇ। ਉਹਨਾਂ ਦੇ ਦਿਮਾਗ ਉਸਦੇ ਖੂਬਸੂਰਤ ਵਿਚਾਰਾਂ ਨੂੰ ਸੁਣਕੇ ਬਾਗੋਬਾਗ ਹੋ ਜਾਦੇ ਜੋ ਅਗੇ ਤੋਂ ਅਗੇ ਲੋਕਾਂ ਤਕ ਪੁੱਜਦੇ।
ਉਸਨੇ ਉਹਨਾਂ ਨੂੰ ਜੀਵਨ ਤੇ ਇਸਦੇ ਯਥਾਰਥ ਬਾਰੇ ਦਸਿਆ
"ਮਨੁੱਖ ਸਮੁੰਦਰ ਦੀ ਝੱਗ ਵਾਂਗ ਹੈ ਜੋ ਪਾਣੀ ਦੀ ਸਤਹ ਉਤੇ ਤੈਰਦੀ ਹੈ। ਹਵਾ ਚਲਣ ਨਾਲ ਇਹ ਅਲੋਪ ਹੋ ਜਾਂਦੀ ਹੈ ਜਿਵੇਂ ਇਸਦੀ ਹੋਂਦ ਹੈ ਹੀ ਨਹੀਂ ਸੀ। ਇਸੇ ਤਰ੍ਹਾਂ ਹੀ ਮੌਤ ਸਾਡੇ ਜੀਵਨ ਨੂੰ ਅਲੋਪ ਕਰ ਦੇਂਦੀ ਹੈ।
"ਜੀਵਨ ਦੀ ਹਕੀਕਤ ਜੀਵਨ ਹੀ ਹੈ ਜਿਸਦਾ ਆਰੰਭ ਗਰਭ ਵਿਚ ਨਹੀਂ ਅਤੇ ਨਾ ਹੀ ਇਸਦਾ ਅੰਤ ਕਬਰ ਵਿਚ। ਕਿਉਂਕਿ ਸਾਲ ਜੋ ਬੀਤ ਜਾਂਦੇ ਹਨ, ਕੁਝ ਵੀ ਨਹੀਂ ਕੇਵਲ ਸਦੀਵੀ ਜੀਵਨ ਦਾ ਇਕ ਪਲ ਹੈ ਅਤੇ ਪਦਾਰਥਵਾਦੀ ਸੰਸਾਰ ਅਤੇ ਇਸ ਵਿਚਲੀ ਹੋਂਦ ਜਾਗ੍ਰਤ ਅਵਸਥਾ ਦੇ ਮੁਕਾਬਲੇ ਇਕ ਸੁਪਨਾ ਮਾਤਰ ਹੈ ਜਿਸਨੂੰ ਅਸੀਂ ਮੌਤ ਦਾ ਭੈ ਕਹਿੰਦੇ ਹਾਂ।
"ਅਕਾਸ਼ ਵਿਚ ਹਾਸੇ ਦੀ ਆਵਾਜ, ਸਾਡੇ ਦਿਲ ਵਿਚੋਂ ਨਿਕਲਿਆ ਹਰ ਹਉਂਕਾ ਹੁੰਦਾ ਹੈ ਅਤੇ ਉਹਨਾਂ ਦੀ ਗੂੰਜ ਨੂੰ ਸੰਭਾਲ ਕੇ ਰਖਦੀ ਹੈ ਜੋ ਹਰ ਚੁੰਮਣ, ਜਿਸਦਾ ਸਰੋਤ ਖੁਸ਼ੀ ਹੁੰਦੀ ਹੈ, ਦਾ ਪ੍ਰਤਿਕਰਮ ਹੁੰਦੀ ਹੈ।
"ਫਰਿਸ਼ਤੇ ਗਮ ਰਾਹੀਂ ਕੇਰੇ ਹਰ ਹੰਝੂ ਦਾ ਹਿਸਾਬ ਰਖਦੇ ਹਨ;
ਅਤੇ ਉਹ ਸਾਡੇ ਪਿਆਰਾਂ ਨਾਲ ਰਚੇ ਹੋਏ ਹਰ ਗੀਤ ਨੂੰ ਅਨੰਤ ਦੇ ਬਹਿਸ਼ਤਾਂ ਵਿਚ ਮੰਡਰਾਂਦੀਆਂ ਆਤਮਾਵਾਂ ਦੇ ਕੰਨਾਂ ਵਿਚ ਪਾਉਂਦੇ।
"ਆਉਣ ਵਾਲੇ ਸਮੇਂ ਸੰਸਾਰ ਵਿਚ, ਅਸੀਂ ਆਪਣੀਆਂ ਭਾਵਨਾਵਾਂ ਦੀਆਂ ਤਰੰਗਾਂ ਅਤੇ ਦਿਲਾਂ ਦੀ ਗਤੀ ਨੂੰ ਵੇਖਾਂਗੇ ਅਤੇ ਮਹਿਸੂਸ ਕਰਾਂਗੇ। ਅਸੀ ਆਪਣੇ ਅੰਤਰੀਵ ਦੀ ਦੈਵੀ ਸ਼ਕਤੀ ਦੇ ਅਰਥ ਸਮਝ ਜਾਵਾਂਗੇ ਜਿਸਨੂੰ ਅਸੀਂ ਨਿਰਾਸ਼ਾ ਵਿਚ ਉਲਝੇ ਹੋਣ ਕਾਰਨ ਘ੍ਰਿਣਾ ਕਰਦੇ ਹਾਂ।
"ਹਰ ਉਹ ਕਰਮ ਜਿਸਨੂੰ ਅਜ ਅਸੀਂ ਗੁਨਾਹ ਦੇ ਅਹਿਸਾਸ ਨਾਲ ਕਮਜੋਰੀ ਕਹਿੰਦੇ ਹਾਂ ਕਲ੍ਹ ਨੂੰ ਉਹੀ ਕਰਮ ਮਨੁੱਖ ਦੀ ਸੰਪੂਰਣਤਾ ਵਿਚ ਇਕ ਲਾਜ਼ਮੀ ਕੜੀ ਸਾਬਤ ਹੋਵੇਗਾ।
“ਉਹ ਮੁਸੀਬਤਾਂ ਭਰੇ ਕੰਮ ਜਿਹਨਾਂ ਦਾ ਸਾਨੂੰ ਕੋਈ ਇਵਜਾਨਾ ਨਹੀਂ ਮਿਲਦਾ, ਸਾਡੇ ਨਾਲ ਹੀ ਰਹਿਣਗੇ ਅਤੇ ਉਹੀ ਗੌਰਵਮਈ ਸਾਬਤ ਹੋਣ ਦੇ ਨਾਲ ਨਾਲ ਸਾਡੀ ਸ਼ਾਨ ਸ਼ੌਕਤ ਨੂੰ ਵੀ ਉਭਾਰਣਗੇ ਅਤੇ ਜਿਹੜੀਆਂ ਔਕੜਾਂ ਅਸੀਂ ਸਹਿਣ ਕੀਤੀਆਂ ਸਾਡੇ ਲਈ ਮਾਨ- ਸਨਮਾਨ ਤੇ ਸਿਰ ਦਾ ਤਾਜ ਬਨਣਗੀਆਂ ।
ਇਹ ਲਫ਼ਜ਼ ਕਹਿ ਕੇ ਉਹ ਚੇਲਾ ਭੀੜ ਵਿਚੋਂ ਅਲੋਪ ਹੋਣ ਅਤੇ ਸਾਰੇ ਦਿਨ ਦੀ ਬਕਾਵਟ ਤੋਂ ਜਿਸਮ ਨੂੰ ਆਰਾਮ ਦੇਣ ਲਗਿਆ ਹੀ ਸੀ, ਜਦੋਂ ਉਸ ਵੇਖਿਆ ਕਿ ਇਕ ਨੌਜੁਆਨ ਖੁਬਸੂਰਤ ਪਿਆਰੀ ਜਿਹੀ ਲੜਕੀ ਵਲ ਘਬਰਾਈਆਂ ਹੋਈਆਂ ਨਜ਼ਰਾਂ ਨਾਲ ਵੇਖ ਰਿਹਾ ਸੀ।
ਚੇਲਾ ਉਸ ਨੌਜੁਆਨ ਨੂੰ ਸੰਬੋਧਨ ਕਰਦੇ ਹੋਏ ਕਹਿਣ ਲਗਾ
"ਕੀ ਤੂੰ ਬਹੁਤ ਸਾਰੇ ਧਰਮਾਂ ਤੋਂ ਦੁਖੀ ਏ ਜਿਨ੍ਹਾਂ ਦਾ ਮਨੁੱਖਤਾ ਨੇ ਪ੍ਰਚਾਰ ਕੀਤਾ? ਕੀ ਤੂੰ ਵਿਵਾਦਗ੍ਰਸਤ ਵਿਸ਼ਵਾਸਾਂ ਦੀ ਘਾਟੀ ਵਿਚ ਗੁੰਮ ਹੋ ਗਿਆ ਏ। ਕੀ ਤੂੰ ਸੋਚਦਾ ਏਂ ਕਿ ਅਧਰਮ ਦੀ ਆਜ਼ਾਦੀ ਤਾਬੇਦਾਰੀ ਦੇ ਜੂਲੇ ਨਾਲੋਂ ਘਟ ਭਾਰੀ ਹੈ ਅਤੇ ਵਿਰੋਧ ਕਰਨ ਦੀ ਆਜਾਦੀ ਰਜ਼ਾਮੰਦੀ ਦੀ ਢਾਲ ਨਾਲੋਂ ਵਧੇਰੇ ਮਜਬੂਤ ਸਹਾਰਾ ਦੇਣ ਵਾਲੀ ਹੈ?
"ਜੇ ਅਜਿਹੀ ਗਲ ਹੈ ਤਾਂ ਖੂਬਸੂਰਤੀ ਨੂੰ ਆਪਣਾ ਧਰਮ ਸਮਝ ਅਤੇ ਆਪਣੀ ਦੇਵੀ ਦੀ ਤਰ੍ਹਾਂ ਉਸਦੀ ਪੂਜਾ ਕਰ, ਕਿਉਂਕਿ ਉਹ ਖੁਦਾ ਦਾ ਪ੍ਰਤੱਖ ਰੂਪ ਅਤੇ ਸੰਪੂਰਨ ਕਾਰੀਗਰੀ ਹੈ । ਉਹਨਾਂ ਕੋਲੋਂ ਆਪਣੇ ਆਪ ਨੂੰ ਦੂਰ ਰੱਖ ਜਿਨ੍ਹਾਂ ਨੇ ਦੇਵੀ ਰੂਪ ਨੂੰ ਖਿਲਵਾੜ ਸਮਝਿਆ ਜਿਵੇਂ ਕਿ ਇਹ ਪਾਖੰਡ ਹੋਵੇ, ਜਿਸ ਵਿਚ ਲਾਲਚ ਅਤੇ ਹੰਕਾਰ ਮਿਲਿਆ ਹੋਵੇ, ਸਗੋਂ ਇਸਦੀ ਬਜਾਏ ਸੁਹਪੱਣ ਦੀ ਦਿਵਤਾ ਵਿਚ ਵਿਸ਼ਵਾਸ ਕਰ ਜੋ ਇਕਦਮ ਤੇਰੇ ਜੀਵਨ ਦੀ ਪੂਜਾ ਦੀ ਸ਼ੁਰੂਆਤ ਅਤੇ ਖੁਸ਼ੀ ਲਈ ਤੇਰੀ ਤੜਪ ਦਾ ਸ੍ਰੋਤ ਹੈ।
"ਖ਼ੂਬਸੂਰਤੀ ਸਾਹਵੇਂ ਪਸ਼ਚਾਤਾਪ ਕਰ ਅਤੇ ਆਪਣੇ ਗੁਨਾਹਾਂ ਲਈ ਮੁਆਫੀ ਮੰਗ ਕਿਉਂਕਿ ਖੂਬਸੂਰਤੀ ਤੇਰੇ ਦਿਲ ਨੂੰ ਔਰਤ ਦੇ ਸਿੰਘਾਸਨ ਦੇ ਨੇੜੇ ਲਿਆਉਂਦੀ ਹੈ ਜੋ ਪ੍ਰਕ੍ਰਿਤੀ ਦੇ ਅਸੂਲਾਂ ਅਨੁਸਾਰ ਤੇਰੇ ਪਿਆਰ ਦਾ ਦਰਪਨ ਅਤੇ ਦਿਲ ਦੀ ਅਧਿਆਪਕਾ ਹੈ ਜੋ ਤੇਰਾ ਅਸਲੀ ਘਰ ਹੈ।"
ਅਤੇ ਇਸ ਤੋਂ ਪਹਿਲਾਂ ਕਿ ਭੀੜ ਖਿੰਡ ਪੁੰਡ ਜਾਏ, ਉਹ ਫਿਰ ਬੋਲਿਆ: "ਇਸ ਸੰਸਾਰ ਵਿਚ ਦੋ ਕਿਸਮ ਦੇ ਆਦਮੀ ਹਨ; ਬੀਤੇ ਕਲ੍ਹ ਦੇ ਆਦਮੀ ਅਤੇ ਆਉਣ ਵਾਲੇ ਕਲ੍ਹ ਦੇ ਆਦਮੀ। ਮੇਰੇ ਭਰਾਵੋ, ਤੁਸੀਂ ਕਿਸ ਕਿਸਮ ਨਾਲ ਸੰਬੰਧ ਰਖਦੇ ਹੋ? ਆਓ, ਮੈਂ ਤੁਹਾਡੇ ਵਲ ਨਜ਼ਰ ਮਾਰ ਕੇ ਵੇਖਾਂ ਅਤੇ ਜਾਣਕਾਰੀ ਲਵਾਂ ਕਿ ਕੀ ਤੁਸੀਂ ਉਹ ਹੋ ਜੋ ਰੋਸ਼ਨੀ ਦੇ ਸੰਸਾਰ ਵਿਚ ਦਾਖ਼ਲ ਹੋਣ ਵਾਲੇ ਹੋ ਜਾਂ ਹਨੇਰੇ ਸੰਸਾਰ ਵਿਚ ਜਾਣ ਵਾਲੇ ਹੋ। ਆਓ ਤੇ ਮੈਨੂੰ ਦੱਸੋ ਕਿ ਤੁਸੀਂ ਕੀ ਅਤੇ ਕੌਣ ਹੋ।
"ਕੀ ਤੂੰ ਰਾਜਨੀਤੀ ਵੇਤਾ ਏਂ ਜੋ ਆਪਣੇ ਆਪ ਨੂੰ ਕਹਿੰਦਾ ਏਂ, 'ਮੈਂ ਆਪਣੇ ਦੇਸ਼ ਨੂੰ ਆਪਣੇ ਹਿਤਾਂ ਲਈ ਵਰਤਾਂਗਾ? ਜੇ ਅਜਿਹਾ ਹੈ, ਤਾਂ ਤੂੰ ਦੂਸਰਿਆਂ ਦੀਆਂ ਲਾਸ਼ਾਂ ਉਤੇ ਰਹਿਣ ਵਾਲਾ ਸੁਆਰਥੀ ਏਂ। ਜਾਂ ਕੀ ਤੂੰ ਸ਼ਰਧਾਲੂ ਦੇਸ਼ ਭਗਤ ਏ', ਜੋ ਆਪਣੀ ਆਤਮਾ ਦੇ ਕੰਨਾਂ ਵਿਚ ਫੁਸਫਸਾਉਂਦਾ ਹੈ 'ਮੈਂ ਆਪਣੇ ਦੇਸ਼ ਨੂੰ ਵਿਸ਼ਵਾਸਪਾਤਰ ਨੌਕਰ ਵਜੋਂ ਪਿਆਰ ਕਰਦਾ ਹਾਂ। ਜੇ ਅਜਿਹੀ ਗਲ ਹੈ, ਤਾਂ ਤੂੰ ਰੇਗਿਸਤਾਨ ਵਿੱਚ
ਬਿਰਖਾਂ ਵਿਚ ਘਿਰੀ ਹੋਈ ਝੀਲ ਏਂ ਜੋ ਰਾਹਗੀਰਾਂ ਦੀ ਪਿਆਸ ਬੁਝਾਉਣ ਲਈ ਉਤਾਵਲੀ ਏ।
"ਜਾ ਕੀ ਤੂੰ ਵਪਾਰੀ ਏਂ, ਲੋਕਾਂ ਦੀਆਂ ਲੋੜਾਂ ਤੋਂ ਲਾਹਾ ਲੈਣ ਵਾਲਾ, ਚੀਜਾਂ ਦੀ ਜਮ੍ਹਾਂ ਖੋਰੀ ਕਰਨ ਵਾਲਾ ਤਾਕਿ ਵਧੀਆਂ ਹੋਈਆਂ ਕੀਮਤਾਂ ਉਤੇ ਚੀਜ਼ਾਂ ਵੇਚ ਸਕੇਂ? ਜੇ ਅਜਿਹਾ ਹੈ ਤਾਂ ਤੂੰ ਦੁਰਾਚਾਰੀ ਏਂ ਅਤੇ ਇਸ ਗਲ ਦਾ ਕੋਈ ਅਰਥ ਨਹੀਂ ਰਹਿੰਦਾ ਕਿ ਤੇਰਾ ਘਰ ਮਹੱਲ ਹੈ ਜਾਂ ਕੈਦਖਾਨਾ।
"ਜਾਂ ਕੀ ਤੂੰ ਇਕ ਈਮਾਨਦਾਰ ਆਦਮੀ ਏਂ ਜੋ ਕਿਸਾਨ ਅਤੇ ਜੁਲਾਹੇ ਨੂੰ ਉਤਪਾਦਿਤ ਵਸਤਾਂ ਦਾ ਵਟਾਂਦਰਾ ਕਰਨ ਲਈ ਪ੍ਰੋਤਸਾਹਨ ਦੇਂਦਾ ਏ, ਜੋ ਖਰੀਦਾਰ ਤੇ ਵੇਚਣ ਵਾਲੇ ਵਿਚ ਵਿਚੋਲੇ ਦਾ ਕੰਮ ਕਰਦਾ ਏ ਅਤੇ ਆਪਣੇ ਹੀ ਨਿਆਂ ਵਾਲੇ ਢੰਗਾਂ ਸਦਕਾ ਆਪ ਵੀ ਫਾਇਦੇ ਵਿਚ ਰਹਿੰਦਾ ਤੇ ਦੂਸਰਿਆਂ ਨੂੰ ਫਾਇਦਾ ਪਹੁੰਚਾਂਦਾ ਏਂ?
"ਇਸੇ ਤਰ੍ਹਾਂ ਜੇ ਤੂੰ ਸਚਾਈ ਦਾ ਹਾਮੀ ਏਂ ਤਾਂ ਤੈਨੂੰ ਕੋਈ ਫ਼ਰਕ ਨਹੀਂ ਪੈਂਦਾ ਤੇਰੀ ਤਾਰੀਫ਼ ਹੁੰਦੀ ਹੈ ਜਾਂ ਤੇਰੇ ਉਤੇ ਇਲਜਾਮ ਲਗਦਾ ਏ।
"ਕੀ ਤੂੰ ਇਕ ਧਾਰਮਿਕ ਆਗੂ ਏਂ ਜੋ ਸਿਧੇ ਸਾਦੇ ਲੋਕਾਂ ਦੇ ਵਿਸ਼ਵਾਸ ਵਿਚੋਂ ਆਪਣੇ ਸਰੀਰ ਲਈ ਸੰਧੂਰੀ ਲਿਬਾਸ ਬੁਣਦਾ ਏ, ਉਹਨਾਂ ਦੀ ਦਇਆ ਭਾਵਨਾ ਤੋਂ ਆਪਣੇ ਸਿਰ ਲਈ ਸੁਨਹਿਰੀ ਤਾਜ ਬਣਾਉਂਦਾ ਏ ਅਤੇ ਸ਼ੈਤਾਨ ਦੀ ਮਿਹਰ ਦੀ ਉਦਾਰਤਾ ਭੋਗਦਾ ਹੋਇਆ ਸ਼ੈਤਾਨ ਪ੍ਰਤੀ ਨਫ਼ਰਤ ਦੀ ਭਾਵਨਾ ਰਖਦਾ ਏ? ਜੇ ਅਜਿਹਾ ਹੈ ਤਾਂ ਤੂੰ ਨਾਸਤਕ ਏਂ ਅਤੇ ਇਸ ਗਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੂੰ ਸਾਰਾ ਦਿਨ ਵਰਤ ਰਖਦਾ ਏਂ' ਜਾਂ ਸਾਰੀ ਰਾਤ ਪ੍ਰਾਰਥਨਾ ਕਰਦਾ ਏਂ।
"ਜਾਂ ਕੀ ਤੂੰ ਨਿਸ਼ਠਾਵਾਨ ਏਂ ਜੋ ਲੋਕਾਂ ਦੀ ਭਲਾਈ ਵਿਚੋਂ ਸਾਰੀ ਕੌਮ ਦੇ ਭਲੇ ਦੀ ਇੱਛਾ ਕਰਦਾ ਏ ਅਤੇ ਜਿਸਦੀ ਆਤਮਾ ਵਿਚ ਪਵਿਤਰ ਆਤਮਾ ਵਲ ਜਾਂਦੀ ਸੰਪੂਰਨਤਾ ਦੀ ਪੌੜੀ ਏ? ਜੇ ਤੂੰ ਅਜਿਹਾ ਏਂ ਤਾਂ ਤੂੰ ਸਚਾਈ ਦੇ ਬਾਗ਼ ਵਿਚ ਲਿੱਲੀ ਫੁੱਲ ਵਾਂਗ ਏਂ, ਇਸ ਗਲ
ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੇਰੀ ਸੁਗੰਧੀ ਮਨੁੱਖਾਂ ਲਈ ਨਿਛਾਵਰ ਹੋਈ ਹੈ ਜਾਂ ਹਵਾ ਵਿਚ ਖਿੰਡ ਪੁੰਡ ਗਈ ਹੈ ਜਿਥੇ ਇਹ ਸਦੀਵੀ ਤੌਰ ਤੇ ਸੰਭਾਲ ਲਈ ਜਾਏਗੀ।
"ਜਾਂ ਕੀ ਤੂੰ ਪੱਤਰਕਾਰ ਏਂ ਜੋ ਗੁਲਾਮਾਂ ਦੀ ਮੰਡੀ ਵਿਚ ਆਪਣੇ ਅਸੂਲ ਵੇਚਦਾ ਹੈ, ਜੋ ਗੱਪਾਂ ਤੇ ਮਜ਼ਬੂਰੀ ਤੇ ਗੁਨਾਹ ਦੇ ਸਿਰ 'ਤੇ ਗੁਲਛੱਰੇ ਉਡਾਉਂਦਾ ਹੈ? ਜੇ ਅਜਿਹਾ ਹੈ ਤਾਂ ਤੂੰ ਭੁੱਖੀ ਗਿਰਝ ਵਾਂਗ ਏਂ ਜੋ ਗਲਿਆ ਸੜਿਆ ਮੁਰਦਾਰ ਖਾਂਦੀ ਏ।
"ਜਾਂ ਕੀ ਤੂੰ ਇਤਿਹਾਸ ਦੀ ਸਟੇਜ ਉਤੇ ਖੜਾ ਇਕ ਅਧਿਆਪਕ ਏਂ ਜੋ ਬੀਤੇ ਸਮੇਂ ਦੀ ਸ਼ਾਨ ਸ਼ੌਕਤ ਤੋਂ ਉਤਸ਼ਾਹਿਤ ਹੁੰਦਾ, ਮਨੁੱਖਤਾ ਨੂੰ ਉਪਦੇਸ਼ ਦੇ ਕੇ ਉਪਦੇਸ਼ਕ ਦਾ ਫਰਜ਼ ਨਿਭਾਉਂਦਾ ਏ? ਜੇ ਇੰਜ ਹੈ ਤਾਂ ਤੂੰ ਦੁਖੀ ਮਾਨਵਤਾ ਲਈ ਪੌਸ਼ਟਿਕ ਸ਼ਕਤੀ ਅਤੇ ਜ਼ਖਮੀ ਦਿਲਾਂ ਲਈ ਮਲ੍ਹਮ ਏ।
"ਕੀ ਤੂੰ ਇਕ ਗਵਰਨਰ ਏਂ ਜੋ ਪਰਜਾ ਵਲੋਂ ਬੇਧਿਆਨਾ ਹੋ ਕੇ, ਹੂੰਝਾ ਫੇਰ ਕੇ ਆਪਣੀ ਜੇਬ ਭਰਨ ਤੋਂ ਸਿਵਾਇ ਹੋਰ ਕੁਝ ਨਹੀਂ ਸੋਚਦਾ ਜਾਂ ਆਪਣੇ ਹਿਤ ਲਈ ਉਹਨਾਂ ਦੀ ਲੁੱਟ ਖੋਹ ਕਰਦਾ ਏਂ? ਜੇ ਅਜਿਹਾ ਹੈ ਤਾਂ ਤੂੰ ਕੌਮ ਦੀ ਧਰਤੀ ਉਤੇ ਵਾਧੂ ਭਾਰ ਏਂ।
"ਕੀ ਤੂੰ ਇਕ ਸ਼ਰਧਾਵਾਨ ਨੌਕਰ ਏਂ ਜੋ ਲੋਕਾਂ ਨੂੰ ਪਿਆਰ ਕਰਦਾ ਅਤੇ ਉਹਨਾਂ ਦੀ ਭਲਾਈ ਚਾਹੁੰਦਾ ਏ ਅਤੇ ਉਹਨਾਂ ਦੀ ਸਫ਼ਲਤਾ ਲਈ ਜੋਸ਼ੀਲਾ ਮਨੁੱਖ ਏ? ਜੇ ਅਜਿਹਾ ਹੈ ਤਾਂ ਤੂੰ ਧਰਤੀ ਦੇ ਸੁਖ ਭੰਡਾਰ ਲਈ ਵਰਦਾਨ ਵਾਂਗ ਏਂ।
"ਜਾਂ ਕੀ ਤੂੰ ਇਕ ਪਤੀ ਵਾਂਗ ਏਂ ਜੋ ਆਪਣੀਆਂ ਗਲਤੀਆਂ ਨੂੰ ਕਾਨੂੰਨੀ ਤੌਰ ਤੇ ਸਹੀ ਦੱਸਦਾ ਹੈ ਪਰ ਆਪਣੀ ਪਤਨੀ ਦੀਆਂ ਉਹਨਾਂ ਹੀ ਗਲਤੀਆਂ ਨੂੰ ਗੈਰ ਕਾਨੂੰਨੀ? ਜੇ ਅਜਿਹਾ ਏ ਤਾਂ ਤੂੰ ਉਸ ਮਰ ਮੁੱਕ ਚੁਕੇ ਖੂੰਖਾਰ ਜੰਗਲੀਆਂ ਵਾਂਗ ਏ ਜੋ ਗੁਫਾਵਾਂ ਵਿਚ ਰਹਿੰਦੇ ਅਤੇ ਆਪਣਾ ਸਰੀਰ ਖੱਲ ਨਾਲ ਢਕਦੇ ਸਨ।
"ਜਾਂ ਕੀ ਤੂੰ ਇਕ ਭਰੋਸੇਯੋਗ ਸਾਥੀ ਏਂ ਜਿਸਦੀ ਪਤਨੀ ਉਸਦੇ ਹਰ ਵਿਚਾਰ, ਮਸਤੀ ਅਤੇ ਜਿਤ ਵਿਚ ਭਾਈਵਾਲ ਹੈ। ਜੇ ਅਜਿਹਾ ਹੈ ਤਾਂ ਤੂੰ ਉਸ ਤਰ੍ਹਾਂ ਏ ਜੋ ਕੌਮ ਦੇ ਸਰਦਾਰ ਵਜੋਂ ਨਿਆਂ ਦੀ ਸਿਆਣਪ ਤੇ ਹੱਕ ਦੀ ਦੁਪਹਿਰ ਦੀ ਸੰਪੂਰਨ ਰੌਸ਼ਨੀ ਏਂ।
"ਕੀ ਤੂੰ ਇਕ ਲਿਖਾਰੀ ਏਂ ਜੋ ਭੀੜ ਵਿਚ ਵੀ ਸਿਰ ਉੱਚਾ ਰਖਦਾ ਹੈ ਜਦੋਂ ਕਿ ਉਸਦਾ ਦਿਮਾਗ ਬੀਤੇ ਸਮੇਂ ਦੇ ਹਨੇਰੇ ਵਿਚ ਧਸਿਆ ਹੁੰਦਾ ਹੈ ਜੋ ਯੁਗਾਂ ਦੇ ਕੂੜਾ ਕਰਕਟ ਤੇ ਚੀਥੜਿਆਂ ਨਾਲ ਭਰਿਆ ਪਿਆ ਹੈ? ਜੇ ਅਜਿਹਾ ਹੈ ਤਾਂ ਤੂੰ ਤਲਾਬ ਵਿਚ ਖੜ੍ਹੇ ਸੜੇ ਹੋਏ ਪਾਣੀ ਵਾਂਗ ਏਂ।
"ਜਾਂ ਕੀ ਤੂੰ ਤੀਖਣ ਬੁੱਧੀ ਵਾਲਾ ਵਿਚਾਰਕ ਏਂ ਜੋ ਆਪਣੇ ਅੰਤਰੀਵ ਸ੍ਵੈ ਦੀ ਛਾਂਟੀ ਕਰਦਾ ਹੋਇਆ ਵਾਧੂ, ਘਸੇ ਪਿਟੇ ਤੇ ਭੈੜੇ ਵਿਚਾਰਾਂ ਦਾ ਤਿਆਗ ਕਰਦਾ ਹੈ ਪਰ ਚੰਗੇ ਤੇ ਲਾਹੇਵੰਦ ਵਿਚਾਰਾਂ ਨੂੰ ਸੰਭਾਲ ਲੈਂਦਾ ਹੈ? ਜੇ ਅਜਿਹਾ ਹੈ ਤਾਂ ਤੂੰ ਭੁੱਖੇ ਲਈ ਭੋਜਨ ਅਤੇ ਪਿਆਸੇ ਲਈ ਠੰਡੇ ਤੇ ਸਾਫ਼ ਜਲ ਵਾਂਗ ਏਂ।
"ਕੀ ਤੂੰ ਇਕ ਸ਼ੋਰ ਸ਼ਰਾਬੇ ਅਤੇ ਥੋਥੇ ਵਿਚਾਰਾਂ ਵਾਲਾ ਕਵੀ ਏਂ? ਜੇ ਅਜਿਹਾ ਹੈ ਤਾਂ ਤੂੰ ਉਸ ਨੀਮ ਹਕੀਮ ਵਾਂਗ ਏ ਜੋ ਜਦੋਂ ਆਪ ਰੋਂਦਾ ਹੈ ਸਾਨੂੰ ਉਸ ਉਤੇ ਹਾਸਾ ਆਉਂਦਾ ਏ ਅਤੇ ਜਦੋਂ ਉਹ ਆਪ ਹਸਦਾ ਹੈ ਤਾਂ ਸਾਨੂੰ ਉਸ ਉਤੇ ਰੋਣਾ ਆਉਂਦਾ ਏ।
"ਜਾਂ ਕੀ ਤੂੰ ਉਹਨਾਂ ਖ਼ੁਦਾਈ ਰੂਹਾਂ ਵਿਚੋਂ ਇਕ ਏਂ ਜਿਨ੍ਹਾਂ ਦੇ ਹੱਥਾਂ ਵਿਚ ਖ਼ੁਦਾ ਨੇ ਸਾਰੰਗੀ ਫੜਾਈ ਹੈ ਤਾਂਕਿ ਖ਼ੁਦਾਈ ਸੰਗੀਤ ਨਾਲ ਆਤਮਾ ਨੂੰ ਨਿਹਾਲ ਕਰਨ ਅਤੇ ਆਪਣੇ ਸਾਥੀਆਂ ਨੂੰ ਜੀਵਨ ਅਤੇ ਜੀਵਨ ਦੇ ਸੁਹਪੱਣ ਦੇ ਨੇੜੇ ਲਿਆਉਣ? ਜੇ ਅਜਿਹਾ ਹੈ ਤਾਂ ਤੂੰ ਸਾਨੂੰ ਰਾਹ ਵਿਖਾਉਣ ਵਾਲਾ ਦੀਪਕ ਏਂ, ਸਾਡੇ ਦਿਲਾਂ ਵਿਚ ਮਿੱਠੀ ਤਾਂਘ ਏ ਅਤੇ ਸਾਡੇ ਸੁਪਨਿਆਂ ਵਿਚ ਇਕ ਖ਼ੁਦਾਈ ਪ੍ਰਕਾਸ਼ ਏਂ।
"ਇਸ ਤਰ੍ਹਾਂ ਮਨੁੱਖਤਾ ਦੇ ਹਿਸਿਆਂ ਵਿਚ ਵੰਡੀ ਹੋਈ ਹੈ, ਇਕ ਹਿੱਸੇ ਵਿਚ ਪੁਰਾਣੇ ਅਤੇ ਝੁਕੀ ਕਮਰ ਵਾਲੇ ਕਮਜ਼ੋਰ ਮਨੁੱਖ ਹਨ ਜਿਵੇਂ
ਉਹ ਹੱਥ ਵਿਚ ਵਿੰਗੀ ਟੇਢੀ ਨਕਾਰਾ ਖੂੰਡੀ ਫੜੀ ਜੀਵਨ ਪੱਥ ਉਤੇ ਤੁਰ ਰਹੇ ਹੋਣ, ਉਹ ਇੰਜ ਹਫਦੇ ਹੋਏ ਤੁਰਦੇ ਜਿਵੇਂ ਪਹਾੜ ਦੀ ਚੋਟੀ ਉੱਤੇ ਚੜ੍ਹ ਰਹੇ ਹੋਣ ਜਦੋਂ ਕਿ ਉਹ ਅਸਲ ਵਿਚ ਉਤਰਾਈ ਵਲ ਨੂੰ ਉਤਰ ਰਹੇ ਹੁੰਦੇ। "ਅਤੇ ਦੂਸਰਾ ਦਸਤਾ ਉਹਨਾਂ ਲੋਕਾਂ ਦਾ ਹੈ ਜੋ ਜੁਆਨ ਹਨ, ਜੋ ਦੌੜਦੇ ਜਿਵੇਂ ਪੈਰਾਂ ਨਾਲ ਉਡਦੇ ਹੋਏ, ਗਾਉਂਦੇ ਜਿਵੇਂ ਉਹਨਾਂ ਦੇ ਗਲੇ ਵਿਚ ਚਾਂਦੀ ਦੀਆਂ ਤਾਰਾਂ ਕਸੀਆਂ ਹੋਈਆਂ ਹੋਣ ਅਤੇ ਪਹਾੜ ਦੀ ਚੋਟੀ ਵਲ ਇਸ ਤਰ੍ਹਾਂ ਚੜ੍ਹਦੇ ਜਿਵੇਂ ਕਿਸੇ ਬੇਰੋਕ ਜਾਦੁਈ ਤਾਕਤ ਨਾਲ ਖਿੱਚੇ ਜਾਂਦੇ ਹੋਣ। "ਮੇਰੇ ਵੀਰੇ, ਤੁਸੀ ਇਹਨਾਂ ਦੋਵਾਂ ਵਿਚੋਂ ਕਿਸ ਨਾਲ ਸੰਬੰਧ ਰਖਦੇ ਹੋ? ਆਪਣੇ ਆਪ ਨੂੰ ਇਹ ਸੁਆਲ ਉਦੋਂ ਕਰੋ ਜਦੋਂ ਤੁਸੀ ਰਾਤ ਦੀ ਚੁੱਪ ਚਾਂ ਵਿਚ ਇਕੱਲੇ ਹੋਵੇ। "ਆਪਣੇ ਆਪ ਲਈ ਫ਼ੈਸਲਾ ਕਰੋ ਕਿ ਕੀ ਤੁਸੀਂ ਬੀਤੇ ਕਲ ਦੇ ਗੁਲਾਮਾਂ ਨਾਲ ਸੰਬੰਧ ਰਖਦੇ ਹੈ ਜਾਂ ਆਉਣ ਵਾਲੇ ਕਲ੍ਹ ਦੇ ਆਜ਼ਾਦ ਵਿਅਕਤੀਆਂ ਨਾਲ।" ਇਹ ਕਹਿਕੇ ਅੱਲਮੁਹਤੱਦਾ ਆਪਣੀ ਆਰਾਮਗਾਹ ਵਲ ਪਰਤ ਪਿਆ ਅਤੇ ਆਪਣੇ ਆਪ ਨੂੰ ਕਈ ਮਹੀਨਿਆਂ ਤਕ ਇਕਾਂਤਵਾਸ ਵਿਚ ਰਖਿਆ ਅਤੇ ਮਾਲਕ ਦੇ ਉਹਨਾਂ ਵਿਦਵਤਾ ਭਰੇ ਸ਼ਬਦਾਂ ਨੂੰ ਪੜ੍ਹਿਆ ਤੇ ਉਹਨਾਂ ਬਾਰੇ ਵਿਚਾਰ ਕੀਤੀ ਜੋ ਉਸ ਲਈ ਲਿਖਤਾਂ ਦੇ ਰੂਪ ਵਿਚ ਛਡ ਗਿਆ ਸੀ। ਉਸਨੇ ਡੂੰਘਾਈ ਨਾਲ ਉਹਨਾਂ ਲਿਖਤਾਂ ਦਾ ਅਧਿਅਨ ਕੀਤਾ, ਪਰ ਬਹੁਤ ਸਾਰੀ ਅਜਿਹੀ ਸਮਗਰੀ ਸੀ ਜਿਹਨਾਂ ਦਾ ਨਾ ਤਾਂ ਉਸਨੇ ਅਧਿਅਨ ਕੀਤਾ ਸੀ ਤੇ ਨਾ ਹੀ ਮਾਲਕ ਦੇ ਮੂੰਹੋ ਸੁਣੇ ਸਨ। ਉਸਨੇ ਕਸਮ ਖਾ ਲਈ ਕਿ ਉਦੋਂ ਤਕ ਆਸ਼ਰਮ ਵਿਚੋਂ ਬਾਹਰ ਨਹੀਂ ਨਿਕਲੇਗਾ ਜਦ ਤਕ ਮਾਲਕ ਰਾਹੀਂ ਛੱਡੀ ਸਾਰੀ ਸਮਗਰੀ ਤੇ ਲਿਖਤਾਂ ਦਾ ਅਧਿਐਨ ਕਰਕੇ ਵਿਦਵਰਾ ਹਾਸਲ ਨਹੀਂ ਕਰ ਲੈਂਦਾ, ਤਾਕਿ ਉਹ ਵਿਚਾਰ ਆਪਣੇ ਦੇਸ਼ਵਾਸੀਆਂ ਤਕ ਪੁਚਾ ਸਕੇ। ਇਸ ਤਰ੍ਹਾਂ
ਅੱਲਮੁਹਤੱਦਾ ਆਪਣੇ ਮਾਲਕ ਦੀਆਂ ਲਿਖਤਾਂ ਦੇ ਅਧਿਅਨ ਵਿਚ ਰੁਝ ਗਿਆ, ਆਪਣੇ ਅਤੇ ਆਪਣੇ ਆਲੇ ਦੁਆਲੇ ਤੋਂ ਨਿਰਲੇਪ ਅਤੇ ਉਹਨਾਂ ਸਭਨਾਂ ਤੋਂ ਬੇਲਾਗ ਜਿਹਨਾਂ ਨੇ ਉਸਨੂੰ ਬੈਰੂਤ ਦੀਆਂ ਗਲੀਆਂ ਤੇ ਚੌਰਾਹਿਆਂ ਵਿਚ ਬੋਲਦੇ ਸੁਣਿਆ ਸੀ।
ਉਸਦੇ ਪ੍ਰਸ਼ੰਸਕਾਂ, ਜੋ ਉਸ ਨਾਲ ਬਹੁਤ ਜੁੜੇ ਹੋਏ ਸਨ, ਨੇ ਉਸ ਤੱਕ ਪਹੁੰਚਣ ਦੀ ਅਸਫਲ ਕੋਸ਼ਿਸ਼ ਕੀਤੀ। ਇਥੋਂ ਤਕ ਕਿ ਜਦੋਂ ਮਾਊਂਟ ਲੈਬਨਾਨ ਦੇ ਗਵਰਨਰ ਨੇ ਉਸਨੂੰ ਬੁਲਾ ਭੇਜਿਆ ਕਿ ਉਹ ਅਜ ਰਾਜ ਦੇ ਅਧਿਕਾਰੀਆਂ ਨੂੰ ਸੰਬੋਧਨ ਕਰੇ, ਉਸਨੇ ਇਹ ਕਹਿਕੇ ਨਾਂਹ ਕਰ ਦਿਤੀ, "ਮੈਂ ਤੁਹਾਡੇ ਕੋਲ ਛੇਤੀ ਹੀ ਪਰਤਾਂਗਾ, ਸਾਰੀ ਜਨਤਾ ਲਈ ਵਿਸ਼ੇਸ਼ ਸੁਨੇਹਾ ਲੈ ਕੇ।"
ਗਵਰਨਰ ਨੇ ਹੁਕਮ ਕੀਤਾ ਕਿ ਜਿਸ ਦਿਨ ਅੱਲਮੁਹਤੱਦਾ ਲੋਕਾਂ ਸਾਹਮਣੇ ਆਏਗਾ ਤੇ ਸੰਬੋਧਨ ਕਰੇਗਾ, ਸਾਰੇ ਨਾਗਰਿਕ ਆਪਣੇ ਆਪਣੇ ਘਰਾਂ, ਚਰਚਾਂ, ਮਸਜਿਦਾਂ, ਪੂਜਾ ਘਰਾਂ ਅਤੇ ਸਾਹਿਤਕ ਸਥਾਨਾਂ ਵਿਚ ਉਸਨੂੰ ਜੀ ਆਇਆਂ ਕਹਿਕੇ ਮਾਨ ਕਰਨਗੇ ਅਤੇ ਉਸਦੇ ਲਫ਼ਜ਼ਾ ਨੂੰ ਇਜ਼ਤ ਮਾਣ ਨਾਲ ਸੁਣਨਗੇ ਕਿਉਂਕਿ ਉਸਦੀ ਆਵਾਜ਼ ਪੈਗੰਬਰ ਦੀ ਆਵਾਜ਼ ਹੋਵੇਗੀ।
ਜਿਸ ਦਿਨ ਅੱਲਮੁਹਤੱਦਾ ਆਪਣਾ ਮਿਸ਼ਨ ਸ਼ੁਰੂ ਕਰਨ ਲਈ ਇਕਾਂਤਵਾਸ ਵਿਚੋਂ ਬਾਹਰ ਨਿਕਲਿਆ ਉਹ ਦਿਨ ਸਾਰਿਆਂ ਲਈ ਖੁਸ਼ੀਆਂ ਤੇ ਤਿਉਹਾਰ ਦਾ ਦਿਨ ਹੋ ਨਿਬੜਿਆ। ਅੱਲਮੁਹਤੱਦਾ ਖੁਲ੍ਹ ਕੇ ਬਿਨਾਂ ਕਿਸੇ ਰੋਕ ਟੋਕ ਤੋਂ ਬੋਲਿਆ। ਉਸਨੇ ਪਿਆਰ ਅਤੇ ਭਰਾਤਰੀ ਭਾਵ ਦਾ ਸੁਨੇਹਾ ਦਿੱਤਾ। ਕਿਸੇ ਨੇ ਉਸਨੂੰ ਦੇਸ਼ ਨਿਕਾਲੇ ਜਾਂ ਧਰਮ/ ਚਰਚ ਵਿਚੋਂ ਛੇਕਣ ਦੀ ਧਮਕੀ ਦੇਣ ਦਾ ਹੌਂਸਲਾ ਨਾ ਕੀਤਾ। ਕਿਵੇਂ ਆਪਣੇ ਮਾਲਕ ਦੀ ਤਕਦੀਰ ਤੋਂ ਉਲਟ ਗਲ ਹੋਈ ਕਿ ਮੁਆਫੀ ਦੇਣ ਅਤੇ ਵਾਪਿਸ ਬੁਲਾਉਣ ਤੋਂ ਪਹਿਲਾਂ ਜਿਸਨੂੰ ਛੇਕਣ ਤੇ ਬੇਦਖ਼ਲ ਕਰਨ ਦਾ ਫ਼ੈਸਲਾ ਕਰ ਦਿਤਾ ਗਿਆ ਸੀ।
ਅੱਲਮੁਹਤੱਦਾ ਦੇ ਵਿਚਾਰਾਂ ਨੂੰ ਸਾਰੇ ਲੈਬਨਾਨ ਨੇ ਸੁਣਿਆ।
ਬਾਅਦ ਵਿਚ ਕਿਤਾਬਾਂ ਦੀ ਸ਼ਕਲ ਵਿਚ, ਧਰਮ ਪੱਤਰਾਂ ਦੇ ਰੂਪ ਵਿਚ ਛਪੇ ਅਤੇ ਅਰਬ ਦੇਸ਼ਾਂ ਅਤੇ ਪ੍ਰਾਚੀਨ ਫੋਨੀਸ਼ੀਆ ਵਿਚ ਵੰਡੇ ਗਏ। ਕੁਝ ਧਰਮ ਪੱਤਰ ਤਾਂ ਮਾਲਕ ਦੇ ਆਪਣੇ ਕਹੇ ਗਏ ਵਿਚਾਰ ਹਨ, ਬਾਕੀ ਦੇ ਸਿਧਾਂਤ ਅਤੇ ਵਿਦਵਤਾ ਭਰੀਆਂ ਪ੍ਰਾਚੀਨ ਪੁਸਤਕਾਂ ਵਿਚੋਂ ਮਾਲਕ ਅਤੇ ਚੇਲੇ ਰਾਹੀ ਛਾਂਟੇ ਗਏ।
ਭਾਗ - 2
ਪੈਗੰਬਰ ਦਾ ਪੈਗਾਮ
ਜ਼ਿੰਦਗੀ
ਜ਼ਿੰਦਗੀ ਇਕਾਂਤਵਾਸ ਦੇ ਸਮੁੰਦਰ ਵਿਚ ਇਕ ਟਾਪੂ ਹੈ, ਇਕ ਅਜਿਹਾ ਟਾਪੂ, ਚਟਾਨਾਂ ਜਿਸਦੀਆਂ ਆਸ਼ਾਵਾਂ ਹਨ, ਦਰਖ਼ਤ ਜਿਸਦੇ ਸੁਪਨੇ, ਫੁੱਲ ਜਿਸਦੀ ਇਕਾਂਤ ਅਤੇ ਨਦੀ ਜਿਸਦੀ ਪਿਆਸ ਹੈ।
ਮੇਰੇ ਦੋਸਤੋ, ਤੁਹਾਡੀ ਜ਼ਿੰਦਗੀ ਅਜਿਹਾ ਟਾਪੂ ਹੈ ਜਿਹੜਾ ਹੋਰ ਟਾਪੂਆਂ ਅਤੇ ਖੇਤਰਾਂ ਨਾਲੋਂ ਅੱਡ ਕੀਤਾ ਹੋਇਆ ਹੈ। ਇਸ ਗਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਦੂਸਰੇ ਦੇਸ਼ਾਂ ਨੂੰ ਜਾਣ ਵਾਲੇ ਕਿੰਨੇ ਜਹਾਜ ਤੁਹਾਡੇ ਕਿਨਾਰੇ ਤੋਂ ਕੂਚ ਕਰਦੇ ਹਨ, ਨਾ ਹੀ ਇਸ ਗਲ ਨਾਲ ਕੋਈ ਫ਼ਰਕ ਪੈਂਦਾ ਹੈ ਕਿ ਕਿੰਨੇ ਬੇੜੇ ਤੁਹਾਡੇ ਕਿਨਾਰੇ ਆ ਕੇ ਲਗਦੇ ਹਨ, ਤੁਸੀ ਇਕਾਂਤ ਹੀ ਰਹਿੰਦੇ ਹੋ, ਇਕਾਂਤ ਦੀਆਂ ਪੀੜਾਂ ਸਹਿੰਦੇ ਹੋਏ, ਖੁਸ਼ੀ ਲਈ ਤਾਂਘਦੇ ਹੋਏ। ਤੁਸੀਂ ਆਪਣੇ ਹੀ ਭਾਈ ਬੰਧੂਆਂ ਲਈ ਅਨਜਾਣ ਅਤੇ ਉਹਨਾਂ ਦੀ ਹਮਦਰਦੀ ਅਤੇ ਸਮਝ ਤੋਂ ਬਹੁਤ ਦੂਰ ਹੋ।
ਮੇਰੇ ਵੀਰ ਮੈਂ ਤੈਨੂੰ ਸੋਨੇ ਦੀ ਪਹਾੜੀ ਟੀਸੀ ਉਤੇ ਬੈਠਕੇ ਅਮੀਰੀ ਨੂੰ ਮਾਣਦੇ ਹੋਏ-ਆਪਣੇ ਖਜ਼ਾਨੇ 'ਤੇ ਮਾਣ ਕਰਦੇ ਅਤੇ ਇਸ ਵਿਸ਼ਵਾਸ ਨਾਲ ਆਸਵੰਦ ਵੇਖਿਆ ਹੈ ਕਿ ਇਹ ਮੁੱਠੀ ਭਰ ਸੋਨਾ ਜੋ ਤੁਸੀਂ ਇਕੱਠਾ ਕੀਤਾ ਹੈ ਅਜਿਹਾ ਅਦਿੱਖ ਰਿਸ਼ਤਾ ਹੈ ਜੋ ਦੂਸਰੇ ਮਨੁੱਖਾਂ ਦੀਆਂ
ਇਛਾਵਾਂ ਅਤੇ ਵਿਚਾਰਾਂ ਨੂੰ ਤੁਹਾਡੇ ਨਾਲ ਜੋੜਦਾ ਹੈ।
ਮੈਂ ਆਪਣੀਆਂ ਅੰਤਰੀਵ ਅੱਖਾਂ ਨਾਲ ਤੈਨੂੰ ਇਕ ਮਹਾਨ ਜੇਤੂ ਵਜੋਂ ਵੇਖਿਆ ਹੈ, ਫੌਜਾਂ ਦੇ ਦਸਤਿਆਂ ਦੀ ਅਗਵਾਈ ਕਰਦੇ ਹੋਏ, ਆਪਣੇ ਦੁਸ਼ਮਨਾਂ ਦੇ ਕਿਲ੍ਹਿਆਂ ਦੀ ਤਬਾਹੀ ਦੇ ਇਰਾਦੇ ਰਖਦੇ ਹੋਏ। ਪਰ ਜਦੋਂ ਮੈਂ ਦੁਬਾਰਾ ਵੇਖਿਆ ਤਾਂ ਸੋਨੇ ਦੇ ਭੰਡਾਰ ਹੇਠ ਦਬਿਆ ਹੋਇਆ ਇਕ ਇਕੱਲਾ ਦਿਲ ਜਿਵੇਂ ਸੋਨੇ ਦੇ ਪਿੰਜਰੇ ਵਿਚ ਇਕ ਪਿਆਸਾ ਪੰਛੀ ਜਿਸਦੇ ਕੋਲ ਪਾਣੀ ਦਾ ਖਾਲੀ ਪਿਆਲਾ ਪਿਆ ਹੋਵੇ, ਤੋਂ ਸਿਵਾਇ ਹੋਰ ਕੁਝ ਵੀ ਨਹੀਂ ਸੀ।
ਮੇਰੇ ਭਰਾ ਮੈਂ ਤੈਨੂੰ ਸ਼ਾਨ-ਸ਼ੌਕਤ ਦੇ ਤਖ਼ਤ ਉਤੇ ਬੈਠੇ ਵੇਖਿਆ ਹੈ। ਅਤੇ ਤੇਰੇ ਦੁਆਲੇ ਲੋਕ ਖੜੇ ਤੇਰੀ ਸ਼ਾਨ ਦੀ ਪ੍ਰਸ਼ੰਸਾ ਕਰਦੇ ਹੋਏ, ਤੇਰੇ ਮਹਾਨ ਕਾਰਨਾਮਿਆਂ ਦੀ ਤਾਰੀਫ ਕਰਦੇ ਹੋਏ, ਤੇਰੀ ਸਿਆਣਪ ਦੇ ਪੁਲ ਬੰਨ੍ਹਦੇ ਹੋਏ ਅਤੇ ਤੇਰੇ ਵਲ ਇੰਜ ਵੇਖਦੇ ਹੋਏ ਜਿਵੇਂ ਪੈਗੰਬਰ ਦੇ ਹਜ਼ੂਰ ਹੋਣ, ਉਹਨਾਂ ਦੀਆਂ ਆਤਮਾਵਾਂ ਜਿਵੇਂ ਸਵਰਗੀ ਮੰਡਪ ਵਿਚ ਪੁੱਜ ਗਈਆਂ ਹੋਣ।
ਅਤੇ ਜਦੋਂ ਤੂੰ ਆਪਣੀ ਪਰਜਾ ਵਲ ਵੇਖਿਆ, ਮੈਨੂੰ ਤੇਰੇ ਚਿਹਰੇ ਉਤੇ ਖੁਸ਼ੀ, ਜਿੱਤ ਤੇ ਤਾਕਤ ਦੇ ਚਿੰਨ੍ਹ ਦਿਸੇ ਜਿਵੇਂ ਤੂੰ ਉਹਨਾਂ ਦੇ ਸਰੀਰ ਦੀ ਰੂਹ ਹੋਵੇਂ।
ਪਰ ਜਦੋਂ ਮੈਂ ਦੁਬਾਰਾ ਝਾਤੀ ਮਾਰੀ ਤਾਂ ਮੈਂ ਤੈਨੂੰ ਆਪਣੇ ਤਖ਼ਤ ਦੇ ਕੋਲ ਆਪਣੀ ਇਕੱਲਤਾ ਵਿਚ ਖੜੇ ਵੇਖਿਆ ਜਿਵੇਂ ਇਕ ਦੇਸ਼ ਨਿਕਾਲਾ ਮਿਲਿਆ ਵਿਅਕਤੀ ਬਾਰੇ ਪਾਸੇ ਬਾਹਵਾਂ ਫੈਲਾ ਕੇ ਅਦਿਖ ਭੂਤਾਂ ਤੇ ਤਰਸ ਤੇ ਦਇਆ ਦੀ ਭੀਖ ਮੰਗਦਾ ਹੋਇਆ ਰਹਿਣ ਲਈ ਟਿਕਾਣਾ ਮੰਗਦਾ ਹੋਵੇ ਅਤੇ ਹੋਰ ਕੁਝ ਨਹੀਂ ਕੇਵਲ ਨਿਆਂ ਅਤੇ ਦੋਸਤੀ ਚਾਹੁੰਦਾ ਹੋਵੇ।
ਮੇਰੇ ਵੀਰ, ਮੈਂ ਤੈਨੂੰ ਇਕ ਖੂਬਸੂਰਤ ਔਰਤ ਉਤੇ ਮੋਹਿਤ ਹੁੰਦਾ ਅਤੇ ਉਸਦੀ ਖੂਬਸੂਰਤੀ ਦੇ ਕਦਮਾਂ ਵਿਚ ਆਪਣਾ ਦਿਲ ਨਿਛਾਵਰ ਕਰਦੇ ਹੋਏ ਵੇਖਿਆ ਹੈ। ਜਦੋਂ ਮੈਂ ਉਸਨੂੰ ਤੇਰੇ ਵਲ ਮਾਸੂਮੀਅਤ ਅਤੇ ਮਾਤਰੀ ਪਿਆਰ ਭਰੀਆਂ ਨਜ਼ਰਾਂ ਨਾਲ ਵੇਖਦੇ ਹੋਏ ਵੇਖਿਆ ਤਾਂ ਮੇਰੇ ਮਨ ਨੇ ਕਿਹਾ, "ਪਿਆਰ ਅਮਰ ਰਹੇ ਜਿਸਨੇ ਇਸ ਵਿਅਕਤੀ ਨੂੰ ਇਕਾਂਤ ਤੋਂ ਮੁਕਤੀ ਦਿਵਾਈ ਅਤੇ ਉਸਦੇ ਦਿਲ ਨੂੰ ਕਿਸੇ ਹੋਰ ਦੇ ਦਿਲ ਨਾਲ ਜੋੜਿਆ ਹੈ।"
ਫਿਰ ਵੀ ਜਦੋਂ ਮੈਂ ਦੁਬਾਰਾ ਵੇਖਿਆ ਤਾਂ ਮੈਨੂੰ ਤੇਰੇ ਪਿਆਰ ਭਰੇ ਦਿਲ ਦੇ ਅੰਦਰ ਇਕ ਹੋਰ ਸੁੰਨੇ ਦਿਲ ਦੇ ਦਰਸ਼ਨ ਹੋਏ ਜੋ ਇਕ ਔਰਤ ਸਾਹਵੇਂ ਆਪਣੇ ਦਿਲ ਦੇ ਭੇਦ ਖੋਹਲਣ ਦੇ ਬੇਕਾਰ ਯਤਨ ਕਰ ਰਿਹਾ ਤੇ ਕੁਰਲਾ ਰਿਹਾ ਹੋਵੇ, ਅਤੇ ਤੇਰੀ ਪਿਆਰ ਭਰੀ ਰੂਹ ਦੇ ਪਿਛੇ ਇਕ ਹੋਰ ਇਕਾਂਤ ਰੂਹ ਬੇਕਾਰ ਯਤਨ ਕਰਦੀ ਦਿਖਾਈ ਦਿਤੀ ਜੋ ਅਵਾਰਾ ਬੱਦਲ ਨੂੰ ਤੇਰੀ ਪ੍ਰੇਮਿਕਾ ਦੀਆਂ ਅੱਖਾਂ ਵਿਚ ਹੰਝੂ ਦੇ ਤੁਪਕੇ ਬਣਾ ਸਕੇ।
ਤੇਰੀ ਜ਼ਿੰਦਗੀ, ਮੇਰੇ ਵੀਰ, ਅਜਿਹਾ ਇਕਾਂਤਵਾਸ ਹੈ ਜੋ ਦੂਸਰੇ ਮਨੁੱਖਾਂ ਦੀ ਰਿਹਾਇਸ਼ ਤੋਂ ਅੱਡ ਕਰ ਦਿਤਾ ਗਿਆ ਹੈ। ਇਹ ਅਜਿਹਾ ਘਰ ਹੈ ਜਿਸ ਅੰਦਰ ਝਾਤੀ ਮਾਰ ਕੇ ਕੋਈ ਗੁਆਂਢੀ ਝਾਕ ਨਹੀਂ ਸਕਦਾ। ਜੇ ਇਹ ਹਨੇਰੇ ਵਿਚ ਡੁੱਬ ਜਾਏ, ਤੇਰੇ ਗੁਆਂਢੀ ਦੀ ਲੈਂਪ ਇਸਨੂੰ ਰੁਸ਼ਨਾ ਨਾ ਸਕੇ। ਜੇ ਇਹ ਸਾਰੇ ਸਮਾਨ ਤੋਂ ਖਾਲੀ ਹੋ ਜਾਵੇ ਤਾਂ ਤੇਰੇ ਗੁਆਂਢੀ ਦੇ ਭਰੇ ਹੋਏ ਗੁਦਾਮ ਵੀ ਇਸ ਨੂੰ ਭਰ ਨਾ ਸੱਕਣ। ਜੇ ਇਹ ਰੇਗਿਸਤਾਨ ਵਿਚ ਖੜਾ ਹੋਵੇ ਤਾਂ ਤੂੰ ਇਸਨੂੰ ਦੂਸਰੇ ਵਿਅਕਤੀ ਦੇ ਮਿਹਨਤ ਨਾਲ ਬਣਾਏ ਸੰਵਾਰੇ ਬਾਗ਼ ਵਿਚ ਲਿਜਾ ਨਾ ਸਕੇਂ। ਜੇ ਇਹ ਪਹਾੜ ਦੀ ਟੀਸੀ ਉਤੇ ਖੜਾ ਹੈ ਤਾਂ ਤੂੰ ਇਸਨੂੰ ਹੇਠਾਂ ਘਾਟੀ 'ਤੇ ਉਤਾਰ ਨਾ ਸਕੇਂ ਜਿਸ ਉਤੋਂ ਅਨੇਕਾਂ ਮਨੁੱਖ ਲੰਘ ਰਹੇ ਹੋਣ।
ਮੇਰੇ ਭਰਾ, ਤੇਰੀ ਆਤਮਾ ਦੀ ਜ਼ਿੰਦਗੀ ਨੂੰ ਇਕਾਂਤਵਾਸ ਨੇ ਘੇਰਿਆ ਹੋਇਆ ਹੈ ਅਤੇ ਜੇ ਕਿਤੇ ਇਹ ਇਕਾਂਤਵਾਸ ਅਤੇ ਸੁੰਨਾਪਨ ਨਾ ਹੁੰਦੇ ਤਾਂ ਤੂੰ ਤੂੰ ਨਾ ਹੁੰਦਾ ਮੈਂ ਮੈਂ ਨਾ ਹੁੰਦਾ। ਜੇ ਕਿਤੇ ਇਹ ਸੁੰਨਾਪਣ ਤੇ ਇਕੱਲ ਨਾ ਹੁੰਦੀ ਤਾਂ ਤੇਰੀ ਆਵਾਜ ਸੁਣਕੇ ਮੈਨੂੰ ਇੰਜ ਲਗਦਾ ਜਿਵੇਂ ਇਹ ਮੇਰੀ ਆਪਣੀ ਆਵਾਜ਼ ਹੋਵੇ ਜਾਂ ਤੇਰੇ ਚਿਹਰੇ ਨੂੰ ਵੇਖ ਕੇ ਜਾਪਦਾ ਜਿਵੇਂ ਸ਼ੀਸ਼ੇ ਵਿਚੋਂ ਮੈਂ ਆਪਣਾ ਆਪਾ ਵੇਖ ਰਿਹਾ ਹੋਵਾਂ।
ਸ਼ਹੀਦਾਂ ਦਾ ਮਨੁੱਖੀ ਵਿਧਾਨ ਨੂੰ ਸੁਨੇਹਾ
ਕੀ ਤੂੰ ਉਹਨਾਂ ਵਿਚੋਂ ਇਕ ਏਂ ਜੋ ਗਮ ਦੇ ਝੂਲੇ ਵਿਚ ਪੈਦਾ ਹੋਇਆ ਅਤੇ ਬਦਨਸੀਬੀ ਦੀ ਗੋਦ ਅਤੇ ਜ਼ਬਰ ਦੇ ਘਰ ਵਿਚ ਪਲ ਕੇ ਵੱਡਾ ਹੋਇਆ? ਕੀ ਤੂੰ ਖੁਸ਼ਕ ਟੁੱਕਰ ਖਾਂਦਾ ਏ ਜੋ ਹੰਝੂਆਂ ਨਾਲ ਭਿੱਜਿਆ ਹੋਇਆ ਹੈ? ਕੀ ਤੂੰ ਉਹ ਗੰਧਲਾ ਪਾਣੀ ਪੀਂਦਾ ਏ ਜਿਸ ਵਿਚ ਖੂਨ ਤੇ ਹੰਝੂ ਰਲੇ ਹੋਏ ਹਨ?
ਕੀ ਤੂੰ ਉਹ ਸਿਪਾਹੀ ਏਂ ਜਿਸ ਨੂੰ ਮਨੁੱਖ ਦੇ ਬੇਰਹਿਮ ਕਾਨੂੰਨ ਨੇ ਮਜ਼ਬੂਰ ਕਰਕੇ ਆਪਣਾ ਪਰਿਵਾਰ ਛਡਕੇ, ਲਾਲਚ ਦੀ ਖ਼ਾਤਰ ਮੈਦਾਨੇ- ਜੰਗ ਵਿਚ ਭੇਜਿਆ ਜਿਸਨੂੰ ਤੇਰੇ ਨੇਤਾ ਫਰਜ਼ ਦਾ ਢੋਂਗੀ ਨਾਂ ਦੇਂਦੇ ਹਨ?
ਕੀ ਤੂੰ ਕਵੀ ਏਂ ਜੋ ਜੀਵਨ ਦੀਆਂ ਥੁੜਾਂ ਨਾਲ ਸੰਤੁਸ਼ਟ ਹੈ, ਕਾਗਜ ਤੇ ਕਲਮ ਨਾਲ ਹੀ ਖੁਸ਼ ਹੈ ਅਤੇ ਆਪਣੇ ਹੀ ਦੇਸ਼ ਵਿਚ ਅਜਨਬੀ ਅਤੇ ਆਪਣੇ ਸਾਥੀਆਂ ਤੋਂ ਅਨਜਾਣ ਤੇ ਅਲਗ ਰਹਿ ਰਿਹਾ ਏਂ?
ਕੀ ਤੂੰ ਇਕ ਕੈਦੀ ਏਂ ਜੋ ਛੋਟੇ ਜਿਹੇ ਜੁਰਮ ਬਦਲੇ ਹਨੇਰੀ ਕਾਲ ਕੋਠੜੀ ਵਿਚ ਸੁਟਿਆ ਗਿਆ ਏਂ ਅਤੇ ਉਹਨਾਂ ਰਾਹੀਂ ਨਿਰਾਦਰ ਕੀਤਾ ਗਿਆ ਏਂ ਜੋ ਆਦਮੀ ਨੂੰ ਭ੍ਰਿਸ਼ਟਾਚਾਰੀ ਬਣਾ ਕੇ ਸੁਧਾਰ ਕਰਨਾ ਚਾਹੁੰਦੇ ਹਨ?
ਕੀ ਤੂੰ ਇਕ ਨੌਜੁਆਨ ਔਰਤ ਏਂ ਜਿਸਨੂੰ ਖ਼ੁਦਾ ਨੇ ਖੂਬਸੂਰਤੀ ਨਾਲ ਮਾਲਾਮਾਲ ਕੀਤਾ ਹੈ, ਪਰ ਜੋ ਇਕ ਅਮੀਰ ਦੀ ਵਹਿਸ਼ਤ ਦਾ ਸ਼ਿਕਾਰ ਹੋ ਗਈ ਹੋਵੇ, ਜਿਸਨੇ ਤੈਨੂੰ ਧੋਖਾ ਦਿਤਾ ਅਤੇ ਤੇਰਾ ਜਿਸਮ ਖਰੀਦਿਆ ਹੋਵੇ ਪਰ ਦਿਲ ਨਹੀਂ, ਅਤੇ ਤੈਨੂੰ ਮੁਸੀਬਤ ਤੇ ਮਾਯੂਸੀ ਦੇ ਜੀਵਨ ਵਲ ਧਕੇਲ ਦਿੱਤਾ ਹੋਵੇ?
ਜੇ ਤੂੰ ਇਹਨਾਂ ਵਿਚੋਂ ਕੋਈ ਇਕ ਏਂ ਤਾਂ ਤੂੰ ਮਨੁਖੀ ਕਾਨੂੰਨ ਦਾ ਸ਼ਹੀਦ ਏਂ। ਤੂੰ ਬਦਨਸੀਬ ਏ ਅਤੇ ਤੇਰੀ ਬਦਨਸੀਬੀ, ਤਾਕਤਵਰ ਦੇ
ਅਨਿਆਂ, ਜ਼ਾਲਮ ਦੀ ਬੇਇਨਸਾਫ਼ੀ, ਅਮੀਰ ਦੇ ਜ਼ੁਲਮਾਂ ਤੇ ਹੋਛੇ ਅਤੇ ਹਵਸ਼ੀ ਦੇ ਸੁਆਰਥਪੁਣੇ ਦਾ ਫਲ ਹੈ।
ਧੀਰਜ ਕਰੋ, ਮੇਰੇ ਪਿਆਰੇ ਕਮਜ਼ੋਰ ਸਾਥੀਓ, ਕਿਉਂਕਿ ਇਸ ਦੇ ਪਿਛੇ ਅਤੇ ਇਸ ਪਦਾਰਥਕ ਸੰਸਾਰ ਤੋਂ ਪਰ੍ਹੇ ਇਕ ਹੋਰ ਮਹਾਨ ਤਾਕਤ ਹੈ, ਉਹ ਤਾਕਤ ਜਿਸਦਾ ਨਾਂ ਹੈ ਸੰਪੂਰਣ ਨਿਆਂ, ਦਇਆ, ਤਰਸ ਤੇ ਪਿਆਰ।
ਤੂੰ ਅਜਿਹੇ ਫੁੱਲ ਵਾਂਗ ਏਂ ਜੋ ਛਾਂ ਹੇਠਾਂ ਉਗੱਦਾ ਹੈ, ਮਿੱਠੀ ਪੌਣ ਚਲਦੀ ਹੈ ਤਾਂ ਤੁਹਾਡੇ ਬੀਜ ਨੂੰ ਸੂਰਜ ਦੀ ਰੌਸ਼ਨੀ ਵਿਚ ਲਿਆਉਂਦੀ ਹੈ ਜਿਥੇ ਤੁਸੀਂ ਫਿਰ ਖੂਬਸੂਰਤੀ ਦਾ ਜੀਵਨ ਜੀਓਂਗੇ।
ਤੁਸੀ ਉਸ ਰੁੰਡ ਮੁੰਡ ਦਰਖ਼ਤ ਵਾਂਗ ਹੋ ਜੋ ਸਰਦੀਆਂ ਦੀ ਬਰਫ਼ ਦੇ ਭਾਰ ਹੇਠ ਝੁਕਿਆ ਹੋਇਆ ਹੈ : ਬਸੰਤ ਬਹਾਰ ਆਏਗੀ ਅਤੇ ਆਪਣਾ ਹਰਿਆਵਲ ਵਾਲਾ ਪੱਲੂ ਤੁਹਾਡੇ ਉਤੇ ਫੈਲਾ ਦੇਵੇਗੀ; ਅਤੇ ਸਚਾਈ ਹੰਝੂਆਂ ਦੇ ਪਰਦੇ ਨੂੰ ਹਟਾ ਦੇਵੇਗੀ ਜਿਸਦੇ ਪਿੱਛੇ ਤੁਹਾਡੀ ਖੁਸ਼ੀ ਲੁਕੀ ਹੋਈ ਹੈ। ਮੈਂ ਤੁਹਾਨੂੰ ਆਪਣੇ ਕੋਲ ਲੈ ਆਵਾਂਗਾ, ਮੇਰੇ ਦੁਖੀ ਭਰਾਓ; ਮੈਂ ਤੁਹਾਨੂੰ ਪਿਆਰ ਕਰਦਾ ਹਾਂ ਅਤੇ ਮੈਂ ਤੁਹਾਡੇ ਉਤੇ ਜ਼ੁਲਮ ਕਰਨ ਵਾਲਿਆਂ ਦੀ ਨਿਖੇਧੀ ਕਰਦਾ ਹਾਂ।
ਵਿਚਾਰ ਅਤੇ ਚਿੰਤਨ
ਜ਼ਿੰਦਗੀ ਸਾਨੂੰ ਉਤਾਂਹ ਚੁਕਦੀ ਅਤੇ ਇਕ ਥਾਂ ਤੋਂ ਦੂਸਰੀ ਥਾਂ ਲਿਜਾਂਦੀ ਹੈ, ਤਕਦੀਰ ਸਾਨੂੰ ਇਕ ਨੁਕਤੇ ਤੋਂ ਦੂਸਰੇ ਤਕ ਲਿਜਾਂਦੀ ਹੈ ਅਤੇ ਅਸੀ ਇਕ ਦੋਰਾਹੇ 'ਤੇ ਪੁੱਜ ਜਾਂਦੇ ਹਾਂ ਜਿਥੇ ਅਸੀਂ ਡਰਾਉਣੀਆਂ ਆਵਾਜ਼ਾਂ ਸੁਣਦੇ ਅਤੇ ਕੇਵਲ ਉਹੀ ਵੇਖਦੇ ਹਾਂ ਜੋ ਸਾਡੇ ਰਾਹ ਵਿਚ ਅੜਚਨ ਅਤੇ ਰੁਕਾਵਟ ਬਣਕੇ ਖੜੇ ਹੁੰਦੇ ਹਨ।
ਖੂਬਸੂਰਤੀ ਸਾਡੇ ਸਾਹਮਣੇ ਆਪਣੇ ਆਪ ਨੂੰ ਇਸ ਤਰ੍ਹਾਂ ਪ੍ਰਗਟ ਕਰਦੀ ਹੈ ਜਿਵੇਂ ਸ਼ਾਨ ਸ਼ੌਕਤ ਦੇ ਤਖ਼ਤ ਉਤੇ ਬੈਠੀ ਹੋਵੇ, ਪਰ ਅਸੀਂ ਉਸ ਵਾਸਤੇ ਵਾਸਨਾ ਵਿਚ ਲਿਪਤ, ਉਸਦੀ ਪਵਿਤਰਤਾ ਦੇ ਤਾਜ ਦੀ ਖੋਹ ਖਿੰਜ ਕਰਦੇ ਹਾਂ ਅਤੇ ਆਪਣੀ ਬਦਇਖ਼ਲਾਕੀ ਨਾਲ ਉਸਦਾ ਲਿਬਾਸ ਮੈਲਾ ਕਰਦੇ ਹਾਂ।
ਪਿਆਰ ਸਾਡੇ ਕੋਲੋਂ ਦੀ ਲੰਘ ਜਾਂਦਾ ਹੈ, ਭੋਲੇਪਨ ਦੇ ਪਰਦੇ ਵਿਚ ਲਿਪਟਿਆ ਹੋਇਆ, ਪਰ ਅਸੀਂ ਡਰਦੇ ਮਾਰੇ ਉਸ ਕੋਲੋਂ ਬਚਦੇ ਹਾਂ, ਜਾਂ ਹਨੇਰੇ ਵਿਚ ਛੁਪਦੇ ਹਾਂ, ਜਾਂ ਉਸਦੇ ਨਾਂ ਉਤੇ ਮਾੜੇ ਕਰਮ ਕਰਨ ਲਈ ਉਸਦਾ ਪਿੱਛਾ ਕਰਦੇ ਹਾਂ।
ਇਥੋਂ ਤਕ ਕਿ ਸਾਡੇ ਵਿਚੋਂ ਸਭ ਤੋਂ ਸਿਆਣੇ ਵੀ ਪਿਆਰ ਦੇ ਭਾਰੀ ਬੋਝ ਹੇਠ ਝੁਕ ਜਾਂਦੇ ਹਨ; ਪਰ ਸਚਾਈ ਇਹ ਹੈ ਕਿ ਪਿਆਰ ਏਨਾ ਸੂਖਮ ਹੈ ਜਿਵੇਂ ਲੈਬਨਾਨ ਦੀ ਮਹਿਕਾਂ ਭਰੀ ਹਵਾ।
ਆਜ਼ਾਦੀ ਸਾਨੂੰ ਖਾਣੇ ਦੀ ਮੇਜ਼ ਉਤੇ ਸੱਦਾ ਦੇਂਦੀ ਹੈ, ਜਿਥੇ ਅਸੀ ਸੁਆਦਲੇ ਖਾਣੇ ਅਤੇ ਵਧੀਆ ਸ਼ਰਾਬ ਲਈ ਉਸ ਨਾਲ ਸ਼ਰੀਕ ਹੁੰਦੇ ਹਾਂ, ਪਰ ਜਦੋਂ ਅਸੀਂ ਉਸਦੇ ਨਾਲ ਮੇਜ਼ ਉਤੇ ਬੈਠ ਜਾਂਦੇ ਹਾਂ, ਤਾਂ ਅਸੀਂ ਭੁਖਿਆਂ ਅਤੇ ਪੇਟੂਆਂ ਵਾਂਗ ਖਾਂਦੇ ਹਾਂ।
ਪ੍ਰਕ੍ਰਿਤੀ ਸਾਨੂੰ ਜੀ ਆਇਆਂ ਕਹਿਣ ਲਈ ਆਪਣੀਆਂ ਬਾਹਵਾਂ ਫੈਲਾ ਦੇਂਦੀ ਹੈ, ਅਤੇ ਖੂਬਸੂਰਤੀ ਨੂੰ ਮਾਨਣ ਦਾ ਸੱਦਾ ਦੇਂਦੀ ਹੈ, ਪਰ ਸਾਨੂੰ ਉਸਦੀ ਚੁੱਪ ਤੋਂ ਡਰ ਲਗਦਾ ਹੈ ਅਤੇ ਅਸੀਂ ਭੀੜ ਭੜੱਕੇ ਵਾਲੇ ਸ਼ਹਿਰਾਂ ਵਲ ਮੂੰਹ ਕਰਕੇ ਦੌੜਦੇ ਹਾਂ ਜਿਵੇਂ ਇਕ ਭੇਡ ਖੂੰਖਾਰ ਭੇੜੀਏ ਤੋਂ ਬਚਣ ਲਈ ਦੌੜਦੀ ਹੈ।
ਸੱਚ ਸਾਨੂੰ ਸੱਦਾ ਦੇਂਦਾ ਤੇ ਖਿੱਚਦਾ ਹੈ ਜਿਵੇਂ ਇਕ ਬੱਚੇ ਦਾ ਭੋਲਾ ਭਾਲਾ ਜ਼ੋਰਦਾਰ ਹਾਸਾ ਜਾਂ ਪਿਆਰੇ ਦਾ ਚੁੰਮਣ ਖਿੱਚਦਾ ਹੈ ਪਰ ਅਜੇ ਉਸਨੂੰ ਦੇਖਕੇ ਪਿਆਰ ਦੇ ਦਰਵਾਜ਼ੇ ਬੰਦ ਕਰ ਲੈਂਦੇ ਹਾਂ ਅਤੇ ਉਸ ਨਾਲ ਇੰਜ ਵਰਤਾਉ ਕਰਦੇ ਹਾਂ, ਜਿਵੇਂ ਕੋਈ ਦੁਸ਼ਮਣ ਹੋਵੇ।
ਮਨੁੱਖੀ ਮਨ ਮਦਦ ਲਈ ਪੁਕਾਰ ਕਰਦਾ ਹੈ, ਮਨੁੱਖੀ ਰੂਹ ਸਾਨੂੰ ਮੁਕਤੀ ਲਈ ਬੇਨਤੀ ਕਰਦੀ ਹੈ, ਪਰ ਅਸੀਂ ਉਹਨਾਂ ਦੀ ਪੁਕਾਰ ਵਲ ਧਿਆਨ ਨਹੀਂ ਦੇਂਦੇ, ਨਾ ਸੁਣਦੇ ਹਾਂ ਤੇ ਨਾ ਹੀ ਸਮਝਦੇ ਹਾਂ। ਪਰ ਜੋ ਮਨੁੱਖ ਇਹਨਾਂ ਨੂੰ ਸੁਣਦਾ ਤੇ ਸਮਝਦਾ ਹੈ ਅਸੀਂ ਉਸਨੂੰ ਪਾਗਲ ਕਹਿਕੇ ਉਸਤੋਂ ਦੂਰ ਭਜਦੇ ਹਾਂ।
ਇਸ ਤਰ੍ਹਾਂ ਰਾਤਾਂ ਬੀਤ ਜਾਂਦੀਆਂ ਅਤੇ ਅਸੀਂ ਅਵਚੇਤਨ ਵਿਚ ਜੀਉਂਦੇ ਹਾਂ ਅਤੇ ਦਿਨ ਸਾਡਾ ਸੁਆਗਤ ਕਰਦੇ ਤੇ ਸਾਨੂੰ ਆਲਿੰਗਨ ਵਿਚ ਲੈਂਦੇ ਹਨ। ਪਰ ਅਸੀਂ ਦਿਨ ਰਾਤ ਦੇ ਨਿਰੰਤਰ ਖ਼ੌਫ਼ ਵਿਚ ਜੀਉਂਦੇ ਹਾਂ।
ਅਸੀਂ ਧਰਤੀ ਨੂੰ ਜੱਫਾ ਮਾਰਦੇ ਹਾਂ ਜਦੋਂ ਕਿ ਸਾਡੇ ਮਾਲਕ ਦੇ ਦਿਲ ਦੇ ਦਰਵਾਜ਼ੇ ਸਾਡੇ ਲਈ ਖੁੱਲ੍ਹੇ ਹੁੰਦੇ ਹਨ। ਅਸੀਂ ਜੀਵਨ ਦੀ ਖੁਰਾਕ ਨੂੰ ਕੁਚਲ ਜਾਂਦੇ ਹਾਂ ਜਦੋਂ ਕਿ ਭੁੱਖ ਸਾਡੇ ਦਿਲਾਂ ਨੂੰ ਘੁਣ ਵਾਂਗ ਖਾਂਦੀ ਹੈ। ਜ਼ਿੰਦਗੀ ਕਿੰਨੀ ਵਧੀਆ ਹੈ ਮਨੁੱਖ ਲਈ, ਫਿਰ ਵੀ ਮਨੁੱਖ ਕਿੰਨਾਂ ਦੂਰ ਜਾ ਰਿਹਾ ਹੈ ਜ਼ਿੰਦਗੀ ਤੋਂ।
ਪਹਿਲੀ ਨਜ਼ਰ
ਇਹ ਉਹ ਪਲ ਹੈ ਜੋ ਜੀਵਨ ਦੇ ਨਸ਼ੇ ਨੂੰ ਚੇਤਨੰਤਾ ਤੋਂ ਅੱਡ ਕਰਦਾ ਹੈ। ਇਹ ਪਹਿਲੀ ਲਾਟ ਹੈ ਜੋ ਦਿਲ ਦੀ ਅੰਦਰੂਨੀ ਸਲਤਨਤ ਨੂੰ ਰੌਸ਼ਨ ਕਰਦੀ ਹੈ। ਇਹ ਪਹਿਲੀ ਜਾਦੂਈ ਸੁਰ ਹੈ ਜੋ ਦਿਲ ਦੀ ਚਾਂਦੀ ਰੰਗੀ ਤਾਰ ਉਤੇ ਵਜਾਈ ਜਾਂਦੀ ਹੈ। ਇਹ ਉਹ ਸੂਖਮ ਪਲ ਹੈ ਜੋ ਰੂਹ ਸਾਹਵੇਂ ਸਮੇਂ ਦੀ ਗਾਥਾ ਖੋਹਲਦਾ ਅਤੇ ਅੱਖਾਂ ਸਾਹਵੇਂ ਰਾਤ ਦੇ ਕਾਰਜਾਂ ਅਤੇ ਅੰਤਰਾਤਮਾ ਦੇ ਕਰਮਾਂ ਨੂੰ ਪ੍ਰਗਟ ਕਰਦਾ ਹੈ। ਇਹ ਭਵਿੱਖ ਦੇ ਸਦੀਵਤਾ ਦੇ ਭੇਦ ਖੋਹਲਦਾ ਹੈ। ਇਹ ਉਹ ਬੀਜ ਹੈ ਜੋ ਪਿਆਰ ਦੀ ਦੇਵੀ 'ਇਸ਼ਤਰ' ਰਾਹੀਂ ਸੁਟਿਆ ਗਿਆ, ਪਿਆਰ ਦੇ ਖੇਤ ਵਿਚ ਪ੍ਰੇਮਿਕਾ ਦੀਆਂ ਨਜ਼ਰਾਂ ਰਾਹੀਂ ਬੀਜਿਆ ਗਿਆ, ਪਿਆਰ ਰਾਹੀਂ ਪਾਲਿਆ ਪੋਸਿਆ ਗਿਆ ਅਤੇ ਰੂਹ ਰਾਹੀਂ ਕਟਿਆ ਗਿਆ।
ਪ੍ਰੀਤਮਾ ਦੀਆਂ ਨਜ਼ਰਾਂ ਦੀ ਪਹਿਲੀ ਝਲਕ ਉਸ ਆਤਮਾ ਵਾਂਗ ਹੈ ਜੋ ਪ੍ਰਾਣੀਆਂ ਦੇ ਚਿਹਰੇ ਉਤੇ ਘੁੰਮਦੀ ਧਰਤੀ ਅਤੇ ਆਕਾਸ਼ ਨੂੰ ਜਨਮ ਦੇਂਦੀ ਹੈ, ਜਦੋਂ ਮਾਲਕ ਦੇ ਮੂੰਹੋਂ ਇਹ ਨਿਕਲਿਆ, "ਇਹਨੂੰ ਇੰਜ ਹੀ ਰਹਿਣ ਦਿਓ।“
ਪਹਿਲਾ ਚੁੰਮਣ
ਇਹ ਪਿਆਲੇ ਵਿਚੋਂ ਪੀਤਾ ਪਹਿਲਾਂ ਘੁੱਟ ਹੈ ਜਿਸਨੂੰ ਪਿਆਰ ਦੀ ਦੇਵੀ ਨੇ ਜੀਵਨ ਅੰਮ੍ਰਿਤ ਰਾਹੀਂ ਭਰਿਆ। ਇਹ ਸ਼ੰਕਾ ਅਤੇ ਵਿਸ਼ਵਾਸ ਨੂੰ ਵੰਡਣ ਵਾਲੀ ਰੇਖਾ ਹੈ, ਸ਼ੰਕਾ ਆਤਮਾ ਨੂੰ ਧੋਖਾ ਦੇਂਦੀ ਅਤੇ ਦਿਲ ਨੂੰ ਗਮਗੀਨ ਕਰਦੀ ਹੈ, ਜਦੋਂ ਕਿ ਵਿਸ਼ਵਾਸ ਅੰਤਰੀਵ ਸ੍ਵੈ ਨੂੰ ਖੁਸ਼ੀ ਨਾਲ ਮਾਲਾਮਾਲ ਕਰਦਾ ਹੈ। ਇਹ ਜੀਵਨ ਦੇ ਗੀਤ ਦਾ ਆਰੰਭ ਅਤੇ ਆਦਰਸ਼ ਆਦਮੀ ਦੇ ਨਾਟਕ ਦਾ ਪਹਿਲਾਂ ਐਕਟ ਹੈ। ਇਹ ਬੰਧਨ ਹੈ ਜੋ ਬੀਤੇ ਦੀ ਅਲੌਕਿਕਤਾ ਨੂੰ ਭਵਿੱਖ ਦੀ ਚਮਕ ਦਮਕ ਨਾਲ ਜੋੜਦਾ ਹੈ,
ਇਹ ਬੰਧਨ ਹੈ ਭਾਵਨਾਵਾਂ ਦੀ ਚੁੱਪ ਅਤੇ ਉਹਨਾਂ ਦੇ ਗੀਤ ਵਿਚਕਾਰ। ਇਹ ਚਾਰ ਹੋਠਾਂ ਤੋਂ ਉਚਾਰਿਆ ਗਿਆ ਸ਼ਬਦ ਹੈ ਜੋ ਦਿਲ ਨੂੰ ਤਖਤ, ਪਿਆਰ ਨੂੰ ਬਾਦਸ਼ਾਹ ਅਤੇ ਵਫ਼ਾਦਾਰੀ ਨੂੰ ਤਾਜ ਕਹਿੰਦਾ ਹੈ। ਇਹ ਗੁਲਾਬ ਦੇ ਹੋਠਾਂ ਉਤੇ ਹਵਾ ਦੀਆਂ ਨਾਜ਼ਕ ਉਂਗਲਾਂ ਦੀ ਨਰਮ ਛੂਹ ਹੈ ਜਿਸ ਤੋਂ ਸੁੱਖ ਦਾ ਲੰਮਾ ਹਉਂਕਾ ਅਤੇ ਮਿੱਠੀ ਸਿਸਕੀ ਨਿਕਲਦੀ ਹੈ।
ਇਹ ਉਸ ਜਾਦੂਈ ਤਰੰਗ ਦੀ ਸ਼ੁਰੂਆਤ ਹੈ ਜੋ ਪ੍ਰੇਮੀਆਂ ਨੂੰ ਪਦਾਰਥਵਾਦੀ ਸੰਸਾਰ ਤੋਂ ਸੁਪਨਿਆਂ ਅਤੇ ਇਜ਼ਹਾਰ ਦੀ ਦੁਨੀਆਂ ਵਿਚ ਲੈ ਜਾਂਦੀ ਹੈ।
ਇਹ ਦੋ ਖੂਬਸੂਰਤ ਖ਼ੁਸ਼ਬੂਦਾਰ ਫੁੱਲਾਂ ਦਾ ਸੁਮੇਲ ਹੈ, ਅਤੇ ਜਿਨ੍ਹਾਂ ਦੀ ਖ਼ੁਸ਼ਬੂ ਦੇ ਮਿਸ਼੍ਰਣ ਨਾਲ ਤੀਸਰੀ ਰੂਹ ਦੀ ਉਤਪਤੀ ਹੁੰਦੀ ਹੈ।
ਜਿਵੇਂ ਕਿ ਪਹਿਲੀ ਨਜ਼ਰ ਮਨੁੱਖੀ ਮਨ ਦੇ ਖੇਤ ਵਿਚ ਦੇਵੀ ਰਾਹੀਂ ਬੀਜੇ ਬੀਜ ਵਾਂਗ ਹੈ ਉਸੇ ਤਰ੍ਹਾਂ ਪਹਿਲਾ ਚੁੰਮਣ ਜ਼ਿੰਦਗੀ ਦੇ ਦਰਖ਼ਤ ਦੀ ਟਾਹਣੀ ਦੇ ਸਿਰੇ ਉਤੇ ਉਗਿਆ ਪਹਿਲਾ ਫੁੱਲ ਹੈ।
ਵਿਆਹ
ਇਸ ਅਵਸਥਾ ਵਿਚ ਪਿਆਰ ਜ਼ਿੰਦਗੀ ਦੀ ਨਸਰ ਨੂੰ ਪ੍ਰਸ਼ੰਸਾ ਦੇ ਸੰਗੀਤਮਈ ਭਜਨਾਂ ਤੇ ਗੀਤਾਂ ਵਿਚ ਬਦਲ ਦੇਂਦਾ ਹੈ, ਉਹ ਸੰਗੀਤ ਜੋ ਰਾਤ ਦੀ ਚੁੱਪੀ ਵਿਚ ਤਿਆਰ ਕੀਤਾ ਜਾਂਦਾ ਹੈ ਤਾਂਕਿ ਦਿਨ ਵੇਲੇ ਗਾਇਆ ਜਾ ਸਕੇ। ਪਿਆਰ ਦੀ ਤੀਬਰਤਾ ਪਰਦਾ ਉਤਾਰਦੀ ਅਤੇ ਦਿਲ ਦੀਆਂ ਤਹਿਆਂ ਨੂੰ ਰੁਸ਼ਨਾਉਂਦੀ, ਅਜਿਹੀ ਖੁਸ਼ੀ ਦਾ ਸੰਚਾਰ ਕਰਦੀ ਹੈ ਜਿਸਦਾ ਮੁਕਾਬਲਾ ਹੋਰ ਕੋਈ ਖੁਸ਼ੀ ਨਹੀਂ ਕਰ ਸਕਦੀ ਸਿਵਾਇ ਰੂਹ ਦੀ ਖੁਸ਼ੀ ਤੋਂ, ਜਦੋਂ ਉਹ ਖ਼ੁਦਾ ਨੂੰ ਕਲਾਵੇ ਵਿਚ ਲੈਂਦੀ ਹੈ।
ਵਿਆਹ ਦੋ ਰੂਹਾਂ ਦਾ ਮੇਲ ਹੈ ਜਿਸ ਨਾਲ ਧਰਤੀ ਉਤੇ ਤੀਸਰੀ ਰੂਹ ਦਾ ਜਨਮ ਹੋਵੇ। ਇਹ ਤੀਬਰ ਪਿਆਰ ਵਿਚ ਦੋ ਰੂਹਾਂ ਦਾ ਮਿਲਨ ਹੈ ਜਿਥੇ ਵਖਰੇਵਾਂ ਖ਼ਤਮ ਹੋ ਜਾਂਦਾ ਹੈ। ਇਹ ਉਹ ਮਹਾਨ ਮਿਲਨ ਹੈ ਜੋ ਵੱਖ ਵੱਖ ਹੋਂਦ ਨੂੰ ਦੋ ਆਤਮਾਵਾਂ ਵਿਚ ਮਿਲਾ ਦੇਂਦਾ ਹੈ। ਇਹ ਮਾਲਾ ਦਾ
ਉਹ ਸੁਨਹਿਰੀ ਚੱਕਰ ਹੈ ਜਿਸਦੀ ਸ਼ੁਰੂਆਤ ਤਕਣੀ ਤੋਂ ਸ਼ੁਰੂ ਹੁੰਦੀ ਹੈ ਅਤੇ ਅੰਤ ਸਦੀਵਤਾ ਵਿਚ। ਇਹ ਪਵਿਤਰ ਵਰਖਾ ਹੈ ਜੋ ਸਾਫ਼ ਆਕਾਸ਼ ਤੋਂ ਹੁੰਦੀ ਅਤੇ ਦੈਵੀ ਪ੍ਰਕ੍ਰਿਤੀ ਦੇ ਖੇਤਾਂ ਨੂੰ ਹਰਿਆਵਲ ਅਤੇ ਫਲ ਫੁਲ ਪ੍ਰਦਾਨ ਕਰਦੀ ਹੈ।
ਜਿਵੇਂ ਪ੍ਰੇਮਿਕਾ ਦੀਆਂ ਨਜ਼ਰਾਂ ਦੀ ਪਹਿਲੀ ਝਲਕ ਮਨੁੱਖੀ ਦਿਲ ਵਿਚ ਬੀਜੇ ਬੀਜ ਵਾਂਗ ਹੈ, ਅਤੇ ਉਸਦੇ ਹੋਠਾਂ ਦਾ ਪਹਿਲਾਂ ਚੁੰਮਣ ਜ਼ਿੰਦਗੀ ਦੇ ਦਰਖ਼ਤ ਦੀ ਟਾਹਣੀ ਉਤੇ ਲਗੇ ਫੁੱਲ ਵਾਂਗ ਹੈ, ਇਸ ਤਰ੍ਹਾਂ ਵਿਆਹ ਬੰਧਨ ਵਿਚ ਬੱਝੇ ਦੋ ਪ੍ਰੇਮੀਆਂ ਦਾ ਮਿਲਨ ਉਸੇ ਬੀਜ ਦੇ ਪਹਿਲੇ ਫੁੱਲ ਦੇ ਪਹਿਲੇ ਫਲ ਵਾਂਗ ਹੈ।
ਮਨੁੱਖ ਦਾ ਦੈਵਤਵ
ਬਸੰਤ ਰੁੱਤ ਆ ਗਈ ਅਤੇ ਪ੍ਰਕ੍ਰਿਤੀ ਨੇ ਨਦੀ ਨਾਲਿਆਂ ਦੀ ਕਲਕਲ ਅਤੇ ਫੁੱਲਾਂ ਦੀ ਮੁਸਕਾਨ ਦੇ ਰੂਪ ਵਿਚ ਆਪਣਾ ਕ੍ਰਿਸ਼ਮਾ ਵਿਖਾਉਣਾ ਸ਼ੁਰੂ ਕੀਤਾ ਅਤੇ ਮਨੁੱਖ ਦੀ ਰੂਹ ਖੁਸ਼ ਤੇ ਸੰਤੁਸ਼ਟ ਕਰ ਦਿਤੀ।
ਫਿਰ ਅਚਾਨਕ ਪ੍ਰਕ੍ਰਿਤੀ ਕ੍ਰੋਧਿਤ ਹੋ ਉਠੀ ਅਤੇ ਖੂਬਸੂਰਤ ਸ਼ਹਿਰ ਤਹਿਸ ਨਹਿਸ ਕਰ ਕੇ ਰਖ ਦਿਤਾ। ਅਤੇ ਮਨੁੱਖ, ਉਸਦਾ ਹਸਣਾ, ਖੇਡਣਾ, ਉਸਦੀ ਮਿਠਾਸ ਅਤੇ ਉਸਦੀ ਦਿਆਲਤਾ ਭੁੱਲ ਗਿਆ।
ਇਕ ਘੰਟੇ ਵਿਚ ਭਿਆਨਕ ਤੇ ਪ੍ਰਚੰਡ ਤਾਕਤ ਨੇ ਉਹ ਸਭ ਤਬਾਹ ਕਰਕੇ ਰਖ ਦਿਤਾ ਸੀ ਜਿਸਨੂੰ ਉਸਾਰਨ ਲਈ ਕਈ ਨਸਲਾਂ ਨੇ ਮਿਹਨਤ ਕੀਤੀ ਸੀ। ਭਿਅੰਕਰ ਮੌਤ ਨੇ ਮਨੁੱਖ ਅਤੇ ਪਸ਼ੂਆ ਨੂੰ ਆਪਣੇ ਸ਼ਿਕੰਜੇ ਵਿਚ ਜਕੜ ਕੇ ਦਰੜ ਸੁਟਿਆ।
ਪ੍ਰਚੰਡ ਅਗਨੀ ਨੇ ਮਨੁੱਖ ਅਤੇ ਉਸਦੀਆਂ ਬਣਾਈਆਂ ਵਸਤਾਂ ਨੂੰ ਹੱੜਪ ਕਰ ਲਿਆ ਅਤੇ ਇਕ ਡੂੰਘੀ ਤੇ ਡਰਾਉਣੀ ਰਾਤ ਨੇ ਜ਼ਿੰਦਗੀ ਦੀ ਖੂਬਸੂਰਤੀ ਨੂੰ ਸੁਆਹ ਦੇ ਢੇਰ ਹੇਠ ਦੱਬ ਦਿਤਾ। ਡਰਾਉਣੇ ਤੱਤ ਦੇ ਕ੍ਰੋਧ ਨੇ ਮਨੁੱਖੀ ਵਸੋਂ ਅਤੇ ਉਸਦੀ ਸ਼ਿਲਪ ਕਲਾ ਨੂੰ ਤਬਾਹ ਕਰ ਦਿਤਾ।
ਧਰਤੀ ਦੇ ਖਿਤਿਆਂ ਅੰਦਰ ਹੋਈ ਤਬਾਹੀ ਦੇ ਭਿਆਨਕ ਸ਼ੋਰ ਸਰਾਬੇ ਵਿਚਕਾਰ ਇਸ ਸਾਰੇ ਦੁਖਾਤ ਅਤੇ ਤਬਾਹੀ ਵਿਚ ਇਕ ਨਿਮਾਣੀ ਜਿਹੀ ਆਤਮਾ ਖੜੀ ਇਸ ਸਾਰੇ ਦ੍ਰਿਸ਼ ਨੂੰ ਦੂਰੋਂ ਵੇਖਦੀ ਹੋਈ ਮਨੁੱਖ ਦੀ ਕਮਜ਼ੋਰੀ ਅਤੇ ਪ੍ਰਮਾਤਮਾ ਦੀ ਸਰਬ ਵਿਆਪਕਤਾ ਬਾਰੇ ਗ਼ਮਗੀਨ ਜਿਹੀ ਹੋ ਕੇ ਸੋਚਦੀ ਪਈ ਸੀ । ਉਸਨੇ ਧਰਤੀ ਦੀਆਂ ਡੂੰਘੀਆਂ ਤਹਿਆਂ ਹੇਠ ਛਿਪੇ ਅਤੇ ਆਕਾਸ਼ ਦੇ ਉਡਦੇ ਐਟਮਾਂ ਵਿਚ ਮਨੁੱਖ ਦੇ ਦੁਸ਼ਮਨ ਬਾਰੇ ਵਿਚਾਰ ਕੀਤਾ। ਉਸਨੇ ਮਾਵਾਂ ਅਤੇ ਭੁੱਖੇ ਬੱਚਿਆਂ ਦੇ ਵਿਰਲਾਪ ਨੂੰ
ਸੁਣਿਆ ਅਤੇ ਉਹਨਾਂ ਦੇ ਦੁੱਖ ਵਿਚ ਸ਼ਰੀਕ ਹੋਈ। ਉਸਨੇ ਤੱਤਾਂ ਦੇ ਵਹਿਸ਼ੀਪੁਣੇ ਅਤੇ ਮਨੁੱਖ ਦੇ ਛੋਟੇਪਨ ਬਾਰੇ ਵਿਚਾਰ ਕੀਤੀ ਅਤੇ ਉਸਨੂੰ ਯਾਦ ਆਇਆ ਕਿ ਕਿਵੇਂ ਬੱਚੇ ਕਲ੍ਹ ਰਾਤ ਸੁੱਖ ਸਾਂਦ ਨਾਲ ਆਪਣੇ ਘਰਾਂ ਵਿਚ ਸੁੱਤੇ ਸਨ ਪਰ ਅਜ ਉਹ ਨਿਮਾਣੇ ਬੇਘਰੇ, ਸ਼ਰਨਾਰਥੀ ਹੋਕੇ ਆਪਣੇ ਖੂਬਸੂਰਤ ਸ਼ਹਿਰ ਨੂੰ ਅਫਸੋਸੇ ਜਿਹੇ ਦੂਰੋਂ ਵੇਖ ਰਹੇ ਸਨ। ਉਹਨਾਂ ਦੀਆਂ ਆਸਾਂ ਨਿਰਾਸ਼ਾ ਵਿਚ ਬਦਲ ਗਈਆ, ਖੁਸ਼ੀਆਂ ਗਮੀਆਂ ਵਿਚ ਅਤੇ ਸ਼ਾਤਮਈ ਜੀਵਨ ਯੁੱਧ ਵਿਚ । ਉਸਨੇ ਟੁੱਟੇ ਦਿਲਾਂ ਵਾਲਿਆਂ ਨਾਲ ਦੁੱਖ ਸਾਂਝਾ ਕੀਤਾ ਜੋ ਗਮ ਦਰਦ ਅਤੇ ਨਿਰਾਸਾ ਦੇ ਫੌਲਾਦੀ ਪੰਜਿਆਂ ਵਿਚ ਜਕੜੇ ਪਏ ਸਨ।
ਅਤੇ ਜਿਉਂ ਹੀ ਰੂਹ ਖੜੀ ਹੋ ਕੇ ਦੈਵੀ ਵਿਧਾਨ ਦੇ ਨਿਆਂ ਬਾਰੇ ਵਿਚਾਰ ਮਗਨ, ਦੁਖੀ ਤੇ ਸ਼ੰਕਿਤ ਹੋ ਰਹੀ ਸੀ ਜੋ ਸਾਰੇ ਸੰਸਾਰ ਦੀਆਂ ਤਾਕਤਾਂ ਨੂੰ ਆਪਸ ਵਿਚ ਜੋੜਦਾ ਹੈ। ਉਸਨੇ ਚੁੱਪ ਦੇ ਕੰਨਾਂ ਵਿਚ ਹੌਲੀ ਜਿਹੀ ਕਿਹਾ-
"ਇਸ ਸਾਰੀ ਸਿਰਜਨਾ ਦੇ ਪਿਛੇ ਅਨੰਤ ਸਿਆਣਪ ਹੈ ਜੋ ਅਜਿਹੀ ਕ੍ਰੋਪੀ ਅਤੇ ਤਬਾਹੀ ਲਿਆਉਂਦੀ ਹੈ ਪਰ ਜੋ ਕਿਆਸੀ ਜਾਣ ਵਾਲੀ ਖੂਬਸੂਰਤੀ ਵੀ ਪੈਦਾ ਕਰੇਗੀ।
"ਕਿਉਂਕਿ ਅਗਨੀ, ਗਰਜਨਾ ਅਤੇ ਤੂਫਾਨ ਧਰਤੀ ਲਈ ਹਨ ਜਿਵੇਂ ਮਨੁੱਖੀ ਮਨ ਲਈ ਨਫਰਤ, ਈਰਖਾ ਅਤੇ ਬੁਰਾਈਆਂ ਹਨ। ਜਦੋਂ ਕਿ ਸੰਤਾਪ ਹੰਢਾਉਂਦੀ ਕੌਮ ਦੀ ਕੁਰਲਾਹਟ ਅਤੇ ਵਿਰਲਾਪ ਆਕਾਸ਼ ਵਿਚ ਗੂੰਜ ਰਹੇ ਸਨ ਤਾਂ ਯਾਦਾਸ਼ਤ ਨੇ ਉਹ ਸਾਰੀਆਂ ਚਿਤਾਵਨੀਆਂ, ਕਹਿਰ ਅਤੇ ਦੁਖਾਂਤ ਜੋ ਵਕਤ ਦੀ ਸਟੇਜ ਉਤੇ ਵਾਪਰੇ ਸਨ ਉਹ ਮੇਰੇ ਦਿਮਾਗ਼ ਨੂੰ ਯਾਦ ਕਰਾਏ।
"ਮੈਂ ਵੇਖਿਆ ਕਿ ਮਨੁੱਖ ਸਾਰੀ ਧਰਤੀ ਉਤੇ ਬੁਰਜ, ਮਹਿਲ, ਸ਼ਹਿਰ ਅਤੇ ਮੰਦਰ ਉਸਾਰਦਾ ਰਿਹਾ ਅਤੇ ਮੈਂ ਇਹ ਵੀ ਵੇਖਿਆ ਕਿ ਧਰਤੀ ਉਹਨਾਂ ਉਤੇ ਕ੍ਰੋਧ ਵਿਚ, ਉਹਨਾਂ ਨੂੰ ਖੋਹ ਕੇ ਵਾਪਿਸ ਆਪਣੀ ਹਿੱਕ ਵਿਚ ਮੁੜ ਲੁਕਾ ਲੈਂਦੀ ਹੈ।
"ਮੈਂ ਇਹ ਵੀ ਵੇਖਿਆ ਕਿ ਤਾਕਤਵਰ ਆਦਮੀਆ ਨੇ ਅਜਿੱਤ ਕਿਲ੍ਹੇ ਉਸਾਰੇ ਅਤੇ ਉਹਨਾਂ ਦੀਆਂ ਦੀਵਾਰਾਂ ਨੂੰ ਚਿਤਰਕਾਰਾਂ ਰਾਹੀਂ ਚਿਤਰਕਾਰੀ ਨਾਲ ਸਜਾਉਂਦੇ ਵੇਖਿਆ, ਫਿਰ ਮੇਰੀ ਨਜ਼ਰੀਂ ਇਹ ਪਿਆ ਕਿ ਧਰਤੀ ਨੇ ਉਬਾਸੀ ਲਈ ਤੇ ਆਪਣਾ ਪੂਰਾ ਮੂੰਹ ਅੱਡ ਕੇ ਸਾਰੇ ਕਲਾਕਾਰਾਂ ਦੇ ਮੁਹਾਰਤ ਵਾਲੇ ਹੱਥਾਂ ਅਤੇ ਪ੍ਰਤਿਭਾ ਵਲੋਂ ਸਿਰਜੇ ਤੇਜਸਵੀ ਦਿਮਾਗ ਨੂੰ ਹੜਪ ਕਰ ਲਿਆ।
"ਅਤੇ ਮੈਂ ਇਹ ਵੀ ਜਾਣਦੀ ਸੀ ਕਿ ਧਰਤੀ ਖੂਬਸੂਰਤ ਦੁਲਹਨ ਵਾਂਗ ਹੈ ਜਿਸਨੂੰ ਆਪਣੇ ਸੁਹਪਣ ਨੂੰ ਵਧਾਉਣ ਲਈ ਮਨੁੱਖੀ ਹੱਥਾਂ ਦੇ ਬਣੇ ਗਹਿਣੀਆਂ ਦੀ ਲੋੜ ਨਹੀਂ ਹੈ ਸਗੋਂ ਆਪਣੇ ਖੇਤਾਂ ਦੀ ਹਰਿਆਵਲ ਅਤੇ ਸਮੁੰਦਰੀ ਕੰਢੇ ਦੀ ਸੁਨਹਿਰੀ ਰੋਡ ਅਤੇ ਆਪਣੇ ਪਹਾੜਾਂ ਦੇ ਕੀਮਤੀ ਪੱਥਰਾਂ ਨਾਲ ਸੰਤੁਸ਼ਟ ਹੈ।
"ਪਰ ਮੈਂ ਮਨੁੱਖ ਨੂੰ ਆਪਣੇ ਦੈਵਤਵ ਵਿਚ ਕ੍ਰੋਧ ਅਤੇ ਤਬਾਹੀ ਵਿਚਕਾਰ ਦਾਨਵ ਵਾਂਗ ਤੇ ਧਰਤੀ ਦੇ ਗੁੱਸੇ ਅਤੇ ਤੱਤਾਂ ਦੀ ਕ੍ਰੋਪੀ ਦਾ ਮਜ਼ਾਕ ਉਡਾਉਂਦਾ ਖੜਾ ਵੇਖਿਆ।
"ਰੌਸ਼ਨੀ ਦੇ ਮੀਨਾਰ ਵਾਂਗ ਮਨੁੱਖ ਬੇਬੀਲੋਨ, ਨਿੰਨੇਵਾਹ, ਪਾਲਮਿਰਾ ਅਤੇ ਪੌਂਮਪੇ ਦੇ ਥੇਹਾਂ ਵਿਚ ਖੜਾ ਸੀ ਅਤੇ ਜਿਸ ਅੰਦਾਜ਼ ਵਿਚ ਉਹ ਖੜਾ ਸੀ ਉਸਨੇ ਅਮਰਤਵ ਦਾ ਗੀਤ ਗਾਇਆ :
"ਜੋ ਕੁਝ ਵੀ ਹੈ ਧਰਤੀ ਦਾ ਹੈ
ਉਸਨੂੰ ਲੈ ਲੈਣ ਦਿਉ,
ਕਿਉਂਕਿ ਮੈਂ, ਮਨੁੱਖ, ਦਾ ਕੋਈ ਅੰਤ ਨਹੀਂ ਹੈ।"
ਤਰਕ ਅਤੇ ਗਿਆਨ
ਜਦੋਂ ਤਰਕ ਤੁਹਾਨੂੰ ਕੁਝ ਕਹੇ, ਉਸਦੇ ਵਿਚਾਰ ਧਿਆਨ ਨਾਲ ਸੁਣੋ ਅਤੇ ਇਸੇ ਵਿਚ ਤੁਹਾਡਾ ਭਲਾ ਹੈ। ਉਸਦੇ ਬੋਲਾਂ ਦੀ ਉਚਿਤ ਵਰਤੋਂ ਕਰੋ ਤਾਂ ਤੁਸੀਂ ਇਕ ਸ਼ਸਤਰਬੱਧ ਮਨੁੱਖ ਵਾਂਗ ਹੋਵੋਂਗੇ। ਕਿਉਂਕਿ ਪ੍ਰਮਾਤਮਾ ਨੇ ਤੁਹਾਨੂੰ ਤਰਕ ਤੋਂ ਵਧੀਆ ਕੋਈ ਰਹਿਬਰ ਨਹੀਂ ਦਿਤਾ ਨਾ ਹੀ ਤਰਕ ਨਾਲੋਂ ਤਕੜਾ ਕੋਈ ਹਥਿਆਰ। ਜਦੋਂ ਤਰਕ ਤੁਹਾਡੇ ਅੰਤਰੀਵ ਨਾਲ ਗਲ ਕਰਦਾ ਹੈ ਤੁਸੀਂ ਇੱਛਾ ਦੇ ਵਿਰੁੱਧ ਇਕ ਤੱਕੜੀ ਹੋ। ਕਿਉਂਕਿ ਤਰਕ ਇਕ ਸਿਆਣਾ ਮੰਤਰੀ, ਵਫ਼ਾਦਾਰ ਰਹਿਬਰ ਅਤੇ ਅਕਲਮੰਦ ਸਲਾਹਕਾਰ ਹੈ। ਤਰਕ ਹਨੇਰੇ ਵਿਚ ਰੋਸ਼ਨੀ ਹੈ ਜਿਵੇਂ ਰੋਸ਼ਨੀ ਵਿਚ ਕ੍ਰੋਧ ਹਨੇਰਾ ਹੈ। ਸਿਆਣੇ ਬਣੋ, ਤਰਕ ਨੂੰ ਆਪਣਾ ਰਹਿਬਰ ਬਨਣ ਦਿਓ ਨਾਕਿ ਆਵੇਗ ਨੂੰ।
ਪਰ ਇਹ ਯਾਦ ਰਹੇ ਕਿ ਤਰਕ ਭਾਵੇਂ ਤੁਹਾਡਾ ਕਿੰਨਾ ਵੀ ਸਾਥ ਦੇਵੇ, ਗਿਆਨ ਦੀ ਮਦਦ ਤੋਂ ਬਿਨਾਂ ਉਹ ਅਸਮਰਥ ਹੈ। ਆਪਣੀ ਸਕੀ ਭੈਣ ਗਿਆਨ ਤੋਂ ਬਿਨਾਂ ਤਰਕ ਬੇਘਰ ਗਰੀਬੀ ਵਾਂਗ ਹੈ, ਅਤੇ ਗਿਆਨ, ਤਰਕ ਦੇ ਬਿਨਾਂ ਇਕ ਅਸੁਰਖਿਅਤ ਘਰ ਵਾਂਗ ਹੈ। ਅਤੇ ਪਿਆਰ, ਨਿਆਂ ਅਤੇ ਚੰਗਿਆਈ ਵੀ ਤਰਕ ਤੋਂ ਬਿਨਾਂ ਅਰਥਹੀਨ ਹਨ।
ਵਿਦਵਾਨ ਮਨੁੱਖ ਜੋ ਫ਼ੈਸਲਾਕੁੰਨ ਨਹੀਂ ਹੈ ਇਕ ਬਿਨਾਂ ਹਥਿਆਰ ਸਿਪਾਹੀ ਵਾਂਗ ਹੈ ਜੋ ਲੜਾਈ ਦੇ ਮੈਦਾਨ ਵਿਚ ਜਾ ਰਿਹਾ ਹੋਵੇ। ਉਸਦਾ ਕ੍ਰੋਧ ਉਸਦੀ ਬਹਾਦਰੀ ਦੇ ਜੀਵਨ ਦੀ ਪਵਿਤਰ ਬਸੰਤ ਬਹਾਰ ਨੂੰ ਜ਼ਹਿਰੀਲਾ ਕਰ ਦੇਵੇਗਾ ਅਤੇ ਉਹ ਘੜੇ ਦੇ ਸਾਫ ਪਾਣੀ ਵਿਚ ਪਏ ਥੋਹਰ ਦੇ ਬੂਟੇ ਵਾਂਗ ਹੋਵੇਗਾ।
ਤਰਕ ਅਤੇ ਵਿਦਵਤਾ ਜਿਸਮ ਅਤੇ ਰੂਹ ਵਾਂਗ ਹਨ। ਜਿਸਮ ਤੋਂ ਬਿਨਾਂ ਰੂਹ ਕੁਝ ਨਹੀਂ, ਫੋਕੀ ਹਵਾ ਹੈ। ਰੂਹ ਤੋਂ ਬਿਨਾਂ ਜਿਸਮ ਕੇਵਲ ਇਕ ਬੇਜਾਨ ਢਾਂਚਾ ਹੈ।
ਵਿਦਵਤਾ ਤੋਂ ਬਿਨਾਂ ਤਰਕ ਅਣਵਾਹੀ ਧਰਤੀ ਵਾਂਗ ਹੈ, ਜਾਂ ਉਸ ਮਨੁੱਖੀ ਜਿਸਮ ਵਾਂਗ ਹੈ ਜਿਸਨੂੰ ਚੰਗੀ ਖੁਰਾਕ ਨਹੀਂ ਮਿਲਦੀ।'
ਤਰਕ ਮਾਰਕਿਟ ਵਿਚ ਵੇਚੀਆਂ ਜਾਣ ਵਾਲੀਆਂ ਵਸਤਾਂ ਵਾਂਗ ਨਹੀਂ ਹੈ-ਜਿੰਨੀਆਂ ਜਿਆਦਾ ਉਹ ਹੋਣਗੀਆਂ ਉਨਾਂ ਹੀ ਉਹਨਾਂ ਦਾ ਘਟ ਮੁੱਲ ਹੋਵੇਗਾ। ਤਰਕ ਦੀ ਕੀਮਤ ਉਸਦੀ ਬਹੁਤਾਤ ਨਾਲ ਵਧਦੀ ਹੈ। ਪਰ ਜੇ ਇਸਨੂੰ ਮਾਰਕਿਟ ਵਿਚ ਵੇਚਿਆ ਜਾਵੇ ਤਾਂ ਕੇਵਲ ਸਿਆਣਾ ਆਦਮੀ ਹੀ ਇਸਦੀ ਸਹੀ ਕੀਮਤ ਲਗਾ ਸਕਦਾ ਹੈ।
ਮੂਰਖ ਨੂੰ ਮੂਰਖਤਾ ਅਤੇ ਪਾਗਲ ਆਦਮੀ ਨੂੰ ਪਾਗਲਪਨ ਤੋਂ ਸਿਵਾਇ ਕੁਝ ਨਹੀਂ ਦਿਸਦਾ। ਕਲ ਮੈਂ ਇਕ ਮੂਰਖ ਆਦਮੀ ਨੂੰ ਕਿਹਾ ਕਿ ਸਾਡੇ ਵਿਚੋਂ ਮੂਰਖਾਂ ਦੀ ਗਿਣਤੀ ਕਰ। ਉਸਨੇ ਹੱਸ ਕੇ ਕਿਹਾ, "ਇਹ ਕੰਮ ਬਹੁਤ ਮੁਸ਼ਕਿਲ ਹੈ ਅਤੇ ਇਸਨੂੰ ਕਾਫ਼ੀ ਸਮਾਂ ਲਗੇਗਾ। ਕੀ ਇਹ ਬਿਹਤਰ ਨਹੀਂ ਕਿ ਕੇਵਲ ਸਿਆਣਿਆਂ ਦੀ ਗਿਣਤੀ ਕਰ ਲਈਏ?"
ਆਪਣੀ ਸਹੀ ਵੁੱਕਤ ਨੂੰ ਪਛਾਣੋ ਤਾਂ ਤੁਸੀਂ ਕਦੇ ਖ਼ਤਮ ਨਹੀਂ ਹੋਵੇਗੇ। ਤਰਕ ਤੁਹਾਡੀ ਰੌਸ਼ਨੀ ਅਤੇ ਤੁਹਾਡੇ ਲਈ ਸਚਾਈ ਦਾ ਚਾਨਣ ਮੁਨਾਰਾ ਹੈ। ਤਰਕ ਜੀਵਨ ਦਾ ਸ੍ਰੋਤ ਹੈ। ਖ਼ੁਦਾ ਨੇ ਤੁਹਾਨੂੰ ਗਿਆਨ ਬਖ਼ਸ਼ਿਆ ਹੈ, ਤਾਕਿ ਇਸਦੀ ਰੌਸ਼ਨੀ ਰਾਹੀਂ ਨਾ ਕੇਵਲ ਤੁਸੀਂ ਉਸਦੀ ਪੂਜਾ ਕਰ ਸਕੋ ਸਗੋਂ ਆਪਣੇ ਅੰਦਰੋਂ ਆਪਣੀ ਕਮਜ਼ੋਰੀ ਅਤੇ ਤਾਕਤ ਨੂੰ ਪਹਿਚਾਣ ਸਕੋ।
ਜੇ ਤੁਸੀਂ ਆਪਣੀ ਅੱਖ ਵਿਚ ਰੜਕਦੇ ਮਿੱਟੀ ਦੇ ਕਣ ਨੂੰ ਮਹਿਸੂਸ ਨਹੀਂ ਕਰ ਸਕਦੇ, ਤਾਂ ਯਕੀਨਨ ਤੁਹਾਨੂੰ ਤੁਹਾਡੇ ਗੁਆਂਢੀ ਦੀ ਅੱਖ ਵਿਚ ਪਿਆ ਕਣ ਵੀ ਨਹੀਂ ਦਿਸੇਗਾ।
ਹਰ ਦਿਨ ਆਪਣੀ ਆਤਮਾ ਵਿਚ ਝਾਤੀ ਮਾਰੋ ਅਤੇ ਆਪਣੇ ਨੁਕਸਾਂ ਨੂੰ ਸੁਧਾਰੋ, ਜੇ ਤੁਸੀਂ ਅਜਿਹਾ ਕਰਨ ਵਿਚ ਸਫ਼ਲ ਨਹੀਂ ਹੁੰਦੇ ਤਾਂ ਤੁਸੀਂ ਆਪਣੇ ਅੰਦਰ ਮੌਜੂਦ ਗਿਆਨ ਅਤੇ ਤਰਕ ਪ੍ਰਤੀ ਇਮਾਨਦਾਰ ਨਹੀਂ ਹੋਵੋਂਗੇ।
ਆਪਣੇ ਉਤੇ ਪੂਰੀ ਨਿਗਰਾਨੀ ਰੱਖੋ ਜਿਵੇਂ ਤੁਸੀਂ ਆਪਣੇ ਹੀ ਦੁਸ਼ਮਨ ਹੋਵੋ: ਕਿਉਂਕਿ ਤੁਸੀਂ ਉਦੋਂ ਤਕ ਆਪਣੇ ਆਪ ਉਤੇ ਕਾਬੂ ਪਾਉਣਾ ਨਹੀਂ ਸਿਖ ਸਕਦੇ ਜਦ ਤਕ ਪਹਿਲਾਂ ਤੁਸੀਂ ਆਪਣੀਆਂ
ਭਾਵਨਾਵਾਂ ਉਤੇ ਕਾਬੂ ਪਾਉਣਾ ਨਹੀਂ ਸਿਖਦੇ ਅਤੇ ਆਪਣੀ ਆਤਮਾ ਦੀ ਆਵਾਜ਼ ਦੀ ਆਗਿਆ ਦਾ ਪਾਲਣ ਨਹੀਂ ਕਰਦੇ।
ਇਕ ਵਾਰੀ ਮੈਂ ਇਕ ਵਿਦਵਾਨ ਨੂੰ ਕਹਿੰਦੇ ਸੁਣਿਆ, "ਹਰ ਬੁਰਾਈ ਦਾ ਇਲਾਜ ਹੈ ਸਿਵਾਇ ਮੂਰਖਤਾ ਦੇ। ਇਕ ਢੀਠ ਮੂਰਖ ਨੂੰ ਤਾੜਨਾ ਕਰਨੀ ਜਾਂ ਬੁਧੂ ਨੂੰ ਨਸੀਹਤ ਦੇਣੀ ਪਾਣੀ ਉਤੇ ਲਿਖਣ ਦੇ ਬਰਾਬਰ ਹੈ। ਈਸਾ ਨੇ ਨੇਤਰਹੀਣਾਂ, ਲੰਗੜਿਆਂ, ਲੂਲ੍ਹਿਆਂ ਅਤੇ ਕੋਹੜੀਆਂ ਦਾ ਇਲਾਜ ਕੀਤਾ ਪਰ ਉਹ ਮੂਰਖਾਂ ਦਾ ਇਲਾਜ ਨਾ ਕਰ ਸਕਿਆ।
"ਕਿਸੇ ਵੀ ਪ੍ਰਸ਼ਨ ਦਾ ਸਾਰੇ ਪੱਖਾਂ ਤੋਂ ਅਧਿਐਨ ਕਰੋ ਯਕੀਨਨ ਤੁਹਾਨੂੰ ਪਤਾ ਲਗ ਜਾਏਗਾ ਕਿ ਗਲਤੀ ਕਿਥੇ ਹੈ?
"ਜੇ ਤੁਹਾਡੇ ਘਰ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਹੈ, ਧਿਆਨ ਰਹੇ ਕਿ ਖ਼ੁਫ਼ੀਆ ਦਰਵਾਜ਼ਾ ਵੀ ਬਹੁਤ ਤੰਗ ਨਾ ਹੋਵੇ।
"ਉਹ ਜੋ ਖੁੱਸ ਜਾਣ ਪਿਛੋਂ ਮੌਕੇ ਨੂੰ ਨੂੰ ਫੜਣ ਦਾ ਯਤਨ ਕਰਦਾ ਹੈ ਉਹ ਉਸ ਮਨੁੱਖ ਵਾਂਗ ਹੈ ਜੋ ਮੌਕੇ ਨੂੰ ਨੇੜੇ ਪੁਜਦਿਆਂ ਤਕਦਾ ਹੈ ਪਰ ਉਸ ਨੂੰ ਫੜਣ ਵਾਸਤੇ ਨਹੀਂ ਉਠਦਾ।
ਪ੍ਰਮਾਤਮਾ ਕਦੇ ਬੁਰਾ ਨਹੀਂ ਕਰਦਾ। ਉਸਨੇ ਸਾਨੂੰ ਤਰਕ ਅਤੇ ਵਿਦਵਤਾ ਬਖ਼ਸ਼ੀ ਹੈ ਤਾਕਿ ਅਸੀਂ ਗਲਤੀਆਂ ਅਤੇ ਤਬਾਹੀ ਦੇ ਟੋਇਆਂ ਵਿਚ ਡਿਗਣ ਤੋਂ ਸਦਾ ਚੁਕੰਨੇ ਰਹੀਏ।
ਖੁਸ਼ਕਿਸਮਤ ਹਨ ਉਹ ਜਿਹਨਾਂ ਉਤੇ ਖ਼ੁਦਾ ਨੇ ਤਰਕ ਵਰਗੇ ਤੋਹਫ਼ੇ ਦੀ ਬਖ਼ਸ਼ਿਸ਼ ਕੀਤੀ ਹੈ।
ਸੰਗੀਤ
ਮੈਂ ਆਪਣੀ ਪ੍ਰੇਮਿਕਾ ਕੋਲ ਬੈਠ ਕੇ ਉਸਦੇ ਬੋਲਾਂ ਨੂੰ ਸੁਣਿਆ। ਮੇਰੀ ਰੂਹ ਅਸੀਮ ਖਲਾਅ ਵਿਚ ਘੁੰਮਣ ਲਗੀ ਜਿਥੇ ਬ੍ਰਹਿਮੰਡ ਇਕ ਸੁਪਨਾ ਲਗਿਆ ਅਤੇ ਜਿਸਮ ਜਿਵੇਂ ਤੰਗ ਕਾਲ ਕੋਠੜੀ।
ਮੇਰੀ ਪ੍ਰੇਮਿਕਾ ਦੀ ਜਾਦੂਈ ਆਵਾਜ਼ ਮੇਰੇ ਦਿਲ ਦੀਆਂ ਤਹਿਆਂ ਨੂੰ ਛੂਹ ਗਈ।
ਦੋਸਤੋ, ਇਹ ਸੰਗੀਤ ਹੈ ਜਿਸਦੀ ਆਵਾਜ਼ ਮੈਂ ਆਪਣੀ ਪ੍ਰੇਮਿਕਾ ਦੇ ਹਉਕਿਆਂ ਵਿਚੋਂ ਅਤੇ ਉਸਦੇ ਹੋਠਾਂ ਵਿਚੋਂ ਨਿਕਲੇ ਧੀਮੇ ਜਿਹੇ ਸ਼ਬਦਾਂ ਰਾਹੀਂ ਸੁਣੀ।
ਮੈਂ ਆਪਣੀਆਂ ਅੱਖਾਂ ਦੀ ਆਵਾਜ਼ ਰਾਹੀਂ ਆਪਣੀ ਪ੍ਰੇਮਿਕਾ ਦੇ ਦਿਲ ਵਿਚ ਝਾਕਿਆ।
ਮੇਰੇ ਦੋਸਤੋ- ਸੰਗੀਤ ਆਤਮਾਵਾਂ ਦੀ ਬੋਲੀ ਹੈ। ਇਸਦੀ ਲੈਅ ਉਲਾਸਮਈ ਹਵਾ ਵਾਂਗ ਹੈ ਜੋ ਤਰਬਾਂ ਨੂੰ ਪਿਆਰ ਨਾਲ ਕੰਬਾ ਦੇਂਦੀ ਹੈ। ਜਦੋਂ ਸੰਗੀਤ ਦੀਆਂ ਨਰਮ ਉਂਗਲਾਂ ਸਾਡੀਆਂ ਭਾਵਨਾਵਾਂ ਦਾ ਦਰ ਖੜਕਾਉਂਦੀਆਂ ਹਨ, ਸੰਗੀਤ ਸਾਡੀਆਂ ਯਾਦਾਂ ਨੂੰ ਜਾਗ੍ਰਿਤ ਕਰ ਦੇਂਦਾ ਹੈ ਜੋ ਬੀਤੇ ਦੀ ਗਹਿਰਾਈ ਵਿਚ ਲੰਮੇ ਸਮੇਂ ਤੋਂ ਛੁਪੀਆਂ ਹੁੰਦੀਆਂ ਹਨ। ਸੰਗੀਤ ਦੀਆਂ ਉਦਾਸ ਸੁਰਾਂ ਸੋਗੀ ਯਾਦਾਂ ਨੂੰ ਮੁੜ ਯਾਦ ਕਰਾਉਂਦੀਆਂ ਹਨ- ਅਤੇ ਇਸ ਦੀਆਂ ਸ਼ਾਂਤ ਸੁਰਾਂ ਸਾਨੂੰ ਖੁਸ਼ੀ ਭਰੀਆਂ ਯਾਦਾਂ ਦੀ ਯਾਦ ਦਿਵਾਉਂਦੀਆਂ ਹਨ। ਸੰਗੀਤ ਦੀਆਂ ਤਾਰਾਂ ਦੀ ਆਵਾਜ਼ ਸਾਨੂੰ ਪ੍ਰੀਤਮ ਦੇ ਵਿਛੋੜੇ ਵੇਲੇ ਹੰਝੂ ਲਿਆ ਦੇਂਦੀ ਹੈ ਜਾਂ ਸ਼ਾਂਤੀ ਜੋ ਸਾਨੂੰ ਖੁਦਾ ਨੇ ਦਿਤੀ ਹੈ ਉਤੇ ਮੁਸਕਰਾਉਣ ਲਈ ਕਹਿੰਦੀ ਹੈ।
ਸੰਗੀਤ ਦੀ ਰੂਹ ਆਤਮਾ ਦੀ ਰੂਹ ਹੈ ਅਤੇ ਉਸਦਾ ਮਨ ਉਸਦਾ ਦਿਲ ਹੈ।
ਪ੍ਰਮਾਤਮਾ ਨੇ ਜਦੋਂ ਮਨੁੱਖ ਨੂੰ ਪੈਦਾ ਕੀਤਾ ਤਾਂ ਭਾਸ਼ਾ ਵਜੋਂ ਉਸਨੂੰ
ਸੰਗੀਤ ਦਿਤਾ ਜੋ ਦੂਸਰੀਆਂ ਸਾਰੀਆਂ ਭਾਸ਼ਾਵਾਂ ਤੋਂ ਵੱਖਰਾ ਸੀ। ਮੁੱਢਲ ਮਨੁੱਖ ਨੇ ਬੀਆਬਾਨ ਵਿਚ ਆਪਣੀ ਸ਼ਾਨ ਦੇ ਗੀਤ ਗਾਏ, ਅਤੇ ਉਸਨੇ ਰਾਜਿਆਂ ਦੇ ਦਿਲਾਂ ਨੂੰ ਧੂਹ ਪਾਈ ਤੇ ਉਹ ਆਪਣੇ ਤਖਤ ਛਡਕੇ ਤੁਰ ਪਏ।
ਸਾਡੀਆਂ ਰੂਹਾਂ ਮਾਸੂਮ ਫੁੱਲਾਂ ਵਾਂਗ ਹਨ ਜੋ ਤਕਦੀਰ ਦੀਆਂ ਹਵਾਵਾਂ ਦੇ ਰਹਿਮੋ ਕਰਮ ਤੇ ਹੋਣ। ਉਹ ਪ੍ਰਭਾਤ ਵੇਲੇ ਦੀ ਹਵਾ ਨਾਲ ਬਰਥਰਾਂਦੇ ਅਤੇ ਆਕਾਸ਼ ਤੋਂ ਪੈਂਦੀ ਤ੍ਰੇਲ ਹੇਠ ਆਪਣਾ ਸਿਰ ਝੁਕਾ ਦੇਂਦੇ ਹਨ।
ਪ੍ਰਭਾਤ ਵੇਲੇ ਪੰਛੀ ਦੀ ਚਹਿਚਹਾਟ ਦਾ ਗੀਤ ਮਨੁੱਖ ਨੂੰ ਨੀਂਦ ਤੋਂ ਜਗਾ ਦੇਂਦਾ ਅਤੇ ਸਦੀਵੀ ਖ਼ੁਦਾ ਦੀ ਸ਼ਾਨ ਵਿਚ ਗਾਏ ਜਾਣ ਵਾਲੇ ਭਜਨਾਂ ਵਿਚ ਸ਼ਾਮਲ ਹੋਣ ਦਾ ਸੱਦਾ ਦੇਂਦਾ ਹੈ ਜਿਸਨੇ ਪੰਛੀ ਦੇ ਗੀਤ ਦੀ ਸਿਰਜਨਾ ਕੀਤੀ।
ਅਜਿਹਾ ਗੀਤ ਸਾਨੂੰ ਆਪਣੇ ਸ੍ਵੈ ਕੋਲੋਂ ਪ੍ਰਾਚੀਨ ਪੁਸਤਕਾਂ ਵਿਚ ਦਰਜ ਰਹੱਸਾਂ ਦੇ ਅਰਥ ਸਮਝਣ ਲਈ ਪ੍ਰੇਰਦਾ ਹੈ।
ਜਦੋਂ ਪੰਛੀ ਗਾਉਂਦੇ ਹਨ, ਕੀ ਉਹ ਖੇਤਾਂ ਵਿਚ ਫੁੱਲਾਂ ਨੂੰ ਸੱਦਦੇ ਹਨ, ਜਾਂ ਦਰਖ਼ਤਾਂ ਨਾਲ ਗੱਲਾਂ ਕਰਦੇ ਜਾਂ ਨਦੀਆਂ ਦੀ ਕਲਕਲ ਦੀ ਗੂੰਜ ਦੀ ਆਵਾਜ਼ ਕਰਦੇ ਹਨ? ਮਨੁੱਖ ਆਪਣੀ ਸਮਝ ਸਦਕਾ ਇਹ ਨਹੀਂ ਜਾਣ ਸਕਦਾ ਕਿ ਪੰਛੀ ਕੀ ਕਹਿ ਰਿਹਾ ਹੈ, ਨਾ ਹੀ ਇਹ ਕਿ ਨਦੀ ਕੀ ਕਹਿ ਰਹੀ ਹੈ, ਨਾ ਹੀ ਇਹ ਕਿ ਲਹਿਰਾਂ ਕੀ ਘੁਸਰ ਮੁਸਰ ਕਰਦੀਆਂ ਹਨ ਜਦੋਂ ਉਹ ਧੀਮੇ ਜਿਹੇ ਕਿਨਾਰੇ ਨੂੰ ਛੁਹੰਦੀਆਂ ਹਨ।
ਮਨੁੱਖ ਦੀ ਸਮਝ ਨਹੀਂ ਜਾਣ ਸਕਦੀ ਕਿ ਦਰਖ਼ਤਾਂ ਦੇ ਪੱਤਿਆਂ ਉਤੇ ਡਿਗਦੀ ਜਾਂ ਖਿੜਕੀ ਦੇ ਸ਼ੀਸ਼ਿਆਂ ਉਤੇ ਟਪਕਦੀ ਬਰਸਾਤ ਕੀ ਕਹਿੰਦੀ ਹੈ। ਉਹ ਨਹੀਂ ਜਾਣ ਸਕਦਾ ਕਿ ਵਗਦੀ ਹਵਾ ਬਾਗ਼ ਵਿਚ ਫੁੱਲਾਂ ਨੂੰ ਕੀ ਕਹਿੰਦੀ ਹੈ।
ਪਰ ਮਨੁੱਖੀ ਮਨ, ਆਪਣੇ ਜਜ਼ਬਿਆਂ ਨਾਲ ਖੇਡਦੀਆਂ ਇਹਨਾਂ ਆਵਾਜ਼ਾਂ ਦੇ ਅਰਥ ਮਹਿਸੂਸ ਕਰ ਸਕਦਾ ਤੇ ਆਪਣੀ ਗਰਿਫਤ ਵਿਚ ਲੈ ਸਕਦਾ ਹੈ। ਪ੍ਰਮੇਸਰੀ ਸੋਚ ਅਕਸਰ ਉਸ ਨਾਲ ਰਹੱਸਮਈ ਭਾਸ਼ਾ ਵਿਚ ਗਲ ਕਰਦੀ ਹੈ, ਰੂਹ ਅਤੇ ਪ੍ਰਕ੍ਰਿਤੀ ਆਪਸ ਵਿਚ ਵਿਚਾਰ ਵਟਾਂਦਰਾ ਕਰਦੀਆਂ ਹਨ, ਜਦੋਂ ਕਿ ਮਨੁੱਖ ਬੇਜ਼ਬਾਨ ਅਤੇ ਹੈਰਾਨ ਹੋਇਆ ਵੇਖਦਾ ਹੈ।
ਕੀ ਅਜੇ ਤਕ ਮਨੁੱਖ ਰੂਹ ਅਤੇ ਪ੍ਰਕ੍ਰਿਤੀ ਦੀਆਂ ਆਵਾਜ਼ਾਂ ਨੂੰ ਸੁਣਕੇ ਰੋਇਆ ਨਹੀਂ? ਅਤੇ ਕੀ ਉਸਦੇ ਹੰਝੂ ਤਿੱਖੀ ਤੇ ਸਹੀ ਸਮਝ ਦਾ ਪ੍ਰਮਾਣ ਨਹੀਂ ਹਨ?
ਦੈਵੀ ਸੰਗੀਤ।
ਪਿਆਰ ਦੇ ਰੂਹ ਦੀ ਬੇਟੀ
ਪਿਆਰ ਅਤੇ ਕੁੜਿਤਣ ਦਾ ਪਿਆਲਾ
ਮਨੁੱਖੀ ਮਨ ਦਾ ਸੁਪਨਾ, ਗ਼ਮ ਦਾ ਫਲ
ਖੁਸ਼ੀ ਦਾ ਫੁੱਲ, ਜਜ਼ਬੇ ਦੀ ਮਹਿਕ ਅਤੇ ਖੇੜਾ
ਪ੍ਰੇਮੀਆਂ ਦੀ ਜ਼ਬਾਨ, ਭੇਦਾਂ ਨੂੰ ਜ਼ਾਹਰ ਕਰਨ ਵਾਲੀ
ਛੁਪੇ ਪ੍ਰੇਮ ਦੇ ਹੰਝੂਆਂ ਦੀ ਮਾਂ
ਕਵੀਆਂ, ਸੰਗੀਤਕਾਰਾਂ ਤੇ ਸ਼ਿਲਪਕਾਰਾਂ ਦੀ ਪ੍ਰੇਰਨਾ
ਸ਼ਬਦਾਂ ਦੇ ਅੰਸ਼ਾਂ ਵਿਚ ਵਿਚਾਰਾਂ ਦੀ ਸਾਂਝ
ਖੂਬਸੂਰਤੀ ਵਿਚੋਂ ਪਿਆਰ ਨੂੰ ਘੜਣ ਵਾਲੀ,
ਸੁਪਨਿਆਂ ਦੀ ਦੁਨੀਆਂ ਵਿਚ ਸੁੱਚੇ ਦਿਲ ਦੀ ਸ਼ਰਾਬ
ਸੂਰਬੀਰਾਂ ਨੂੰ ਉਤਸ਼ਾਹ ਦੇਣ ਵਾਲੀ,
ਰੂਹ ਨੂੰ ਸ਼ਕਤੀ ਦੇਣ ਵਾਲੀ,
ਦਇਆ ਦਾ ਸਾਗਰ ਅਤੇ ਸੂਖਮਤਾ ਦਾ ਸਮੁੰਦਰ
ਓ ਸੰਗੀਤ
ਤੇਰੀ ਗਹਿਰਾਈ ਵਿਚ ਅਸੀਂ ਆਪਣੇ ਦਿਲ
ਅਤੇ ਰੂਹਾਂ ਅਰਪਿਤ ਕਰਦੇ ਹਾਂ,
ਤੂੰ ਹੀ ਸਾਨੂੰ ਕੰਨਾਂ ਨਾਲ ਵੇਖਣਾ ਸਿਖਾਇਆ।
ਅਤੇ ਦਿਲਾਂ ਨਾਲ ਸੁਣਨਾ।
ਸਿਆਣਪ
ਉਹ ਮਨੁੱਖ ਸਿਆਣਾ ਹੈ ਜੋ ਪ੍ਰਮਾਤਮਾ ਨੂੰ ਪਿਆਰ ਅਤੇ ਉਸਦਾ ਸਤਿਕਾਰ ਕਰਦਾ ਹੈ। ਮਨੁੱਖ ਦੀ ਕਾਬਲੀਅਤ ਉਸਦੀ ਸੂਝਬੂਝ ਅਤੇ ਕਰਮਾਂ ਵਿਚ ਹੈ ਨਾਕਿ ਉਸਦੇ ਰੰਗ, ਨਸਲ, ਧਰਮ ਜਾਂ ਕੁਲ ਵਿਚ। ਯਾਦ ਰਖ ਮੇਰੇ ਦੋਸਤ ਇਕ ਚਰਵਾਹੇ ਦਾ ਪੁੱਤਰ ਜਿਸ ਕੋਲ ਗਿਆਨ ਹੈ ਕੰਮ ਲਈ ਵਧੇਰੇ ਲਾਹੇਵੰਦ ਹੈ ਤਖ਼ਤ ਦੇ ਇਕ ਅਗਿਆਨੀ ਵਾਰਸ ਨਾਲੋਂ। ਸੂਝਬੂਝ ਕੁਲੀਨਤਾ ਦਾ ਸਹੀ ਚਿੰਨ੍ਹ ਹੈ, ਇਸ ਗਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਸਦਾ ਪਿਤਾ ਕੋਣ ਹੈ ਜਾਂ ਉਹ ਕਿਸ ਜਾਤ ਨਾਲ ਸਬੰਧ ਰਖਦਾ ਹੈ।
ਵਿਦਵਤਾ ਹੀ ਅਜਿਹੀ ਦੌਲਤ ਹੈ ਜਿਸਨੂੰ ਜਾਲਮ ਲੁੱਟ ਨਹੀਂ ਸਕਦਾ। ਕੇਵਲ ਮੌਤ, ਗਿਆਨ ਦੀ ਰੌਸ਼ਨੀ, ਜੋ ਤੁਹਾਡੇ ਅੰਦਰ ਹੈ, ਨੂੰ ਧੀਮਾ ਕਰ ਸਕਦੀ ਹੈ। ਇਕ ਕੌਮ ਦਾ ਅਸਲੀ ਸਰਮਾਇਆ ਇਸਦੇ ਸੋਨੇ ਜਾਂ ਚਾਂਦੀ ਵਿਚ ਨਹੀਂ ਸਗੋਂ ਵਿਦਵਤਾ, ਸੂਝਬੂਝ ਅਤੇ ਇਸਦੇ ਬੱਚਿਆਂ ਦੀ ਇਮਾਨਦਾਰ ਬਿਰਤੀ ਵਿਚ ਹੈ।
ਆਤਮਾ ਦੀ ਅਮੀਰੀ ਮਨੁੱਖੀ ਸ਼ਖ਼ਸੀਅਤ ਨੂੰ ਖੂਬਸੂਰਤੀ ਬਖ਼ਸ਼ਦੀ ਅਤੇ ਹਮਦਰਦੀ ਤੇ ਸਨਮਾਨ ਨੂੰ ਜਨਮ ਦਿੰਦੀ ਹੈ। ਹਰ ਜੀਵ ਵਿਚ ਆਤਮਾ ਦਾ ਪ੍ਰਤੱਖ ਰੂਪ ਉਸਦੀਆਂ ਅੱਖਾਂ, ਮੂੰਹ ਮੁਹਾਂਦਰੇ ਅਤੇ ਸਰੀਰਕ ਹਰਕਤਾਂ ਤੇ ਹਾਵਭਾਵ ਵਿਚੋਂ ਜਾਹਰ ਹੁੰਦਾ ਹੈ। ਸਾਡੀ ਦਿੱਖ, ਸਾਡੀ ਬੋਲ ਬਾਣੀ, ਸਾਡੀਆਂ ਹਰਕਤਾਂ ਸਾਡੇ ਨਾਲੋਂ ਵਧੇਰੇ ਮਹਾਨ ਨਹੀਂ ਹਨ। ਕਿਉਂਕਿ ਰੂਹ ਸਾਡਾ ਘਰ ਹੈ, ਅੱਖਾਂ ਇਸਦੀਆਂ ਖਿੜਕੀਆਂ ਅਤੇ ਸਾਡੇ ਲਫਜ਼ ਇਸਦੇ ਸੰਦੇਸ਼ਵਾਹਕ ਹਨ। ਗਿਆਨ ਅਤੇ ਸਮਝ ਜ਼ਿੰਦਗੀ ਦੇ ਵਿਸ਼ਵਾਸਪਾਤਰ ਸਾਥੀ ਹਨ ਜੋ ਕਦੇ ਤੁਹਾਨੂੰ ਧੋਖਾ ਨਹੀਂ ਦੇਂਦੇ। ਕਿਉਂਕਿ ਗਿਆਨ ਤੁਹਾਡਾ ਤਾਜ ਅਤੇ ਸਮਝ ਤੁਹਾਡਾ ਅਮਲਾ ਹੈ, ਅਤੇ ਜਦੋਂ ਇਹ ਤੁਹਾਡੇ ਨਾਲ ਹਨ ਤੁਸੀਂ ਹੋਰ ਵੱਡੀ ਦੌਲਤ ਹਾਸਲ ਹੀ ਨਹੀਂ ਕਰ ਸਕਦੇ।
ਜੋ ਤੁਹਾਨੂੰ ਸਮਝ ਸਕਦਾ ਹੈ, ਉਹ ਤੁਹਾਡੇ ਭਰਾ ਨਾਲੋਂ ਵੀ ਤੁਹਾਡੇ ਵਧੇਰੇ ਨੇੜੇ ਹੈ। ਇਥੋਂ ਤਕ ਕਿ ਤੁਹਾਡੇ ਸਕੇ ਸੰਬੰਧੀ ਵੀ ਤੁਹਾਨੂੰ ਨਹੀਂ ਸਮਝ ਸਕਦੇ ਨਾ ਹੀ ਤੁਹਾਡਾ ਸਹੀ ਮੁੱਲ ਜਾਣ ਸਕਦੇ ਹਨ।
ਅਗਿਆਨੀ ਨਾਲ ਦੋਸਤੀ ਓਨੀ ਹੀ ਮੂਰਖਤਾ ਹੈ ਜਿਵੇਂ ਕਿਸੇ ਸ਼ਰਾਬੀ ਨਾਲ ਬਹਿਸ।
ਖ਼ੁਦਾ ਨੇ ਤੁਹਾਨੂੰ ਬੁੱਧੀ ਅਤੇ ਗਿਆਨ ਦੀ ਬਖ਼ਸ਼ਿਸ਼ ਕੀਤੀ ਹੈ। ਰੱਬੀ ਉਪਕਾਰ ਦੀ ਰੌਸ਼ਨੀ ਨੂੰ ਨਾ ਬੁਝਾਓ ਅਤੇ ਨਾ ਹੀ ਸਿਆਣਪ ਦੀ ਰੋਸਨੀ ਨੂੰ ਲਾਲਚ ਅਤੇ ਗਲਤੀ ਦੇ ਹਨੇਰੇ ਵਿਚ ਗਰਕ ਹੋਣ ਦਿਓ। ਕਿਉਂਕਿ ਇਕ ਸਿਆਣਾ ਮਨੁੱਖ ਮਨੁਖਤਾ ਦੇ ਰਾਹ ਨੂੰ ਰੁਸ਼ਨਾਉਣ ਲਈ ਜਗਦੀ ਮਿਸਾਲ ਲੈ ਕੇ ਅਗੇ ਵਧਦਾ ਹੈ।
ਯਾਦ ਰਹੇ, ਇਕ ਨਿਆਂ ਪਸੰਦ ਮਨੁੱਖ, ਸ਼ੈਤਾਨ ਨੂੰ ਵਧੇਰੇ ਨੁਕਸਾਨ ਪਹੁੰਚਾ ਸਕਦਾ ਹੈ ਬਜਾਏ ਲੱਖਾਂ ਅੰਧਵਿਸ਼ਵਾਸੀਆਂ ਦੇ।
ਥੋੜ੍ਹਾ ਗਿਆਨ ਜੋ ਕ੍ਰਿਆਸ਼ੀਲ ਹੈ ਕ੍ਰਿਆਹੀਣ ਗਿਆਨ ਨਾਲ ਕਿਤੇ ਵਧੇਰੇ ਅਸੀਮ ਹੈ।
ਜੇ ਤੁਹਾਡਾ ਗਿਆਨ ਤੁਹਾਨੂੰ ਵਸਤਾਂ ਦਾ ਸਹੀ ਮੁਲਾਂਕਣ ਕਰਨਾ ਨਹੀਂ ਸਿਖਾਂਦਾ ਅਤੇ ਤੁਹਾਨੂੰ ਪਦਾਰਥ ਦੀਆਂ ਜੰਜ਼ੀਰਾਂ ਤੋਂ ਮੁਕਤ ਨਹੀਂ ਕਰਦਾ, ਤੁਸੀਂ ਸਚਾਈ ਦੇ ਸਿਖ਼ਰ ਤਕ ਨਹੀਂ ਪੁਜ ਸਕਦੇ।
ਜੇ ਗਿਆਨ ਤੁਹਾਨੂੰ ਮਨੁੱਖੀ ਕਮਜ਼ੋਰੀਆਂ ਅਤੇ ਦੁੱਖ ਤੋਂ ਉਪਰ ਉਠਣਾ ਅਤੇ ਤੁਹਾਡੇ ਸਾਥੀ ਦੋਸਤਾਂ ਨੂੰ ਸਹੀ ਰਾਹ ਉਤੇ ਚਲਣਾ ਨਹੀਂ ਸਿਖਾਂਦਾ, ਤੁਹਾਡੀ ਕੀਮਤ ਕੌਡੀ ਦੀ ਵੀ ਨਹੀਂ ਅਤੇ ਕਿਆਮਤ ਦੇ ਦਿਨ ਤਕ ਖ਼ੁਦਾ ਦੇ ਘਰ ਵੀ ਤੁਹਾਡੀ ਇਹੀ ਸਥਿਤੀ ਰਹੇਗੀ।
ਕਿਸੇ ਸਿਆਣੇ ਦੇ ਕਹੇ ਸ਼ਬਦਾਂ ਨੂੰ ਗ੍ਰਹਿਣ ਕਰੋ ਅਤੇ ਆਪਣੇ ਜੀਵਨ ਉਤੇ ਲਾਗੂ ਕਰੋ। ਪਰ ਉਸ ਅਨੁਸਾਰ ਦੁਹਰਾਉਣ ਦਾ ਯਤਨ ਨਾ ਕਰੋ ਕਿਉਂਕਿ ਜਿਸਨੂੰ ਉਹ ਸਮਝਦਾ ਹੀ ਨਹੀਂ ਉਸਨੂੰ ਦੁਹਰਾਉਣ ਵਾਲਾ ਉਸ ਗਧੇ ਨਾਲੋ ਸਿਆਣਾ ਨਹੀਂ ਜਿਸ ਉਤੇ ਕਿਤਾਬਾਂ ਦਾ ਭਾਰ ਲੱਦਿਆ ਹੋਵੇ।
ਪਿਆਰ ਅਤੇ ਬਰਾਬਰੀ
ਮੇਰੇ ਨਿਮਾਣੇ ਦੋਸਤ, ਜੇ ਤੈਨੂੰ ਕਿਤੇ ਪਤਾ ਲਗੇ ਕਿ ਗਰੀਬੀ ਜਿਸਨੇ ਤੇਰੀ ਅਜਿਹੀ ਤਰਸਯੋਗ ਹਾਲਤ ਬਣਾ ਦਿਤੀ ਹੈ, ਉਹੀ ਤੇਰੇ ਸਾਹਮਣੇ ਇਨਸਾਫ਼, ਗਿਆਨ ਅਤੇ ਜੀਵਨ ਦੀ ਸੂਝਬੂਝ ਦੇ ਭੇਦ ਖੋਹਲਦੀ ਹੈ ਤਾਂ ਤੂੰ ਆਪਣੀ ਤਕਦੀਰ ਨਾਲ ਸੰਤੁਸ਼ਟ ਹੋ ਜਾਵੇਂਗਾ।
ਮੈਂ ਸਦਾਚਾਰ ਦੇ ਗਿਆਨ ਦੀ ਗਲ ਕੀਤੀ ਹੈ, ਕਿਉਂਕਿ ਅਮੀਰ ਆਦਮੀ ਇਸ ਗਿਆਨ ਨੂੰ ਲਭਣ ਲਈ ਧਨ ਇੱਕਠਾ ਕਰਨ ਵਿਚ ਰੁਝਿਆ ਹੋਇਆ ਹੈ।
ਅਤੇ ਮੈਂ ਜੀਵਨ ਦੀ ਸੂਝਬੂਝ ਬਾਰੇ ਇਸ ਲਈ ਗਲ ਕੀਤੀ ਹੈ, ਕਿਉਂਕਿ ਇਕ ਤਾਕਤਵਰ ਆਦਮੀ ਸਚਾਈ ਦੇ ਸਿਧ ਪੱਧਰੇ ਰਾਹ 'ਤੇ ਚਲਣ ਲਈ ਆਪਣੀ ਤਾਕਤ ਅਤੇ ਸ਼ਾਨ ਸ਼ੌਕਤ ਦੇ ਪਿਛੇ ਤੇਜ਼ੀ ਨਾਲ ਦੌੜਦਾ ਹੈ।
ਉਸ ਵਕਤ ਖੁਸ਼ੀਆਂ ਮਨਾ, ਮੇਰੇ ਗਰੀਬ ਦੋਸਤ, ਕਿਉਂਕਿ ਤੂੰ ਇਨਸਾਫ਼ ਦਾ ਚਿਹਰਾ ਮੁਹਰਾ ਏਂ ਅਤੇ ਜ਼ਿੰਦਗੀ ਦੀ ਪੁਸਤਕ। ਸੰਤੁਸ਼ਟ ਰਹਿ ਕਿਉਂਕਿ ਤੂੰ ਉਹਨਾਂ ਲਈ ਚੰਗਿਆਈ ਦਾ ਸੋਮਾ ਏਂ ਜੋ ਤੇਰੇ ਉਤੇ ਰਾਜ ਕਰਦੇ ਹਨ ਅਤੇ ਉਹਨਾਂ ਲਈ ਈਮਾਨਦਾਰੀ ਦਾ ਥੰਮ੍ਹ ਜੋ ਤੈਨੂੰ ਅਗਵਾਈ ਦੇਂਦੇ ਹਨ।
ਮੇਰੇ ਗ਼ਮਗੀਨ ਦੋਸਤ, ਜੇ ਤੂੰ ਵੇਖ ਸਕੇਂ ਕਿ ਬਦਕਿਸਮਤੀ ਜਿਸਨੇ ਤੈਨੂੰ ਜੀਵਨ ਵਿਚ ਹਾਰ ਦਿਤੀ ਹੈ, ਉਹੀ ਅਜਿਹੀ ਤਾਕਤ ਹੈ ਜੋ ਤੇਰੇ ਦਿਨ ਨੂੰ ਰੁਸ਼ਨਾਉਂਦੀ, ਤੇਰੀ ਰੂਹ ਨੂੰ ਘਿਰਣਾ ਦੇ ਟੋਏ ਵਿਚੋਂ ਕੱਢਕੇ ਸਤਿਕਾਰ ਦੇ ਤਖ਼ਤ ਤਕ ਉੱਚਾ ਲਿਜਾਂਦੀ ਹੈ, ਤੂੰ ਆਪਣੇ ਯੋਗਦਾਨ ਕਾਰਨ ਸੰਤੁਸ਼ਟ ਹੋ ਜਾਏਂਗਾ ਅਤੇ ਇਸਨੂੰ ਹੀ ਆਪਣੇ ਗਿਆਨ ਦੀ ਵਿਰਾਸਤ ਸਮਝੇਂਗਾ ਜੋ ਤੈਨੂੰ ਸਿਆਣਾ ਬਣਾਉਂਦੀ ਹੈ।
ਕਿਉਂਕਿ ਜੀਵਨ ਅਜਿਹੀ ਜੰਜ਼ੀਰ ਹੈ ਜੋ ਭਿੰਨ ਭਿੰਨ ਜੋੜਾਂ ਤੋਂ ਬਣੀ ਹੋਈ ਹੈ। ਆਪਣੇ ਆਪ ਨੂੰ ਵਰਤਮਾਨ ਦੇ ਹਵਾਲੇ ਕਰਨ ਅਤੇ
ਭਵਿਖ ਦੀ ਚੰਗੇਰੀ ਆਸ ਵਿਚਕਾਰ ਗ਼ਮ ਇਕ ਸੁਨਹਿਰੀ ਕੜੀ ਹੈ।
ਇਹ ਨੀਂਦ ਅਤੇ ਜਾਗਣ ਵਿਚਕਾਰ ਦੀ ਪ੍ਰਭਾਤ ਹੈ।
ਮੇਰੇ ਨਿਮਾਣੇ ਦੋਸਤ, ਗਰੀਬੀ ਰੂਹ ਦੀ ਸ੍ਰੇਸ਼ਟਤਾ ਨੂੰ ਸਥਾਪਿਤ ਕਰਦੀ ਜਦੋਂ ਕਿ ਧਨ ਦੌਲਤ ਇਸਦੀ ਬੁਰਾਈ ਨੂੰ ਉਘਾੜਦੀ ਹੈ। ਗਮ ਜਜ਼ਬਿਆਂ ਨੂੰ ਨਰਮ ਕਰਦਾ ਅਤੇ ਖੁਸ਼ੀ ਦਿਲ ਦੇ ਜ਼ਖ਼ਮ ਭਰਦੀ ਹੈ। ਜੇ ਗਮ ਅਤੇ ਗਰੀਬੀ ਖ਼ਤਮ ਹੋ ਜਾਏ ਤਾਂ ਆਦਮੀ ਦੀ ਆਤਮਾ ਖਾਲੀ ਗੋਲੀ ਵਾਂਗ ਹੋਵੇਗੀ, ਜਿਸ ਉਤੇ ਸੁਆਰਥ ਅਤੇ ਲਾਲਚ ਤੋਂ ਬਿਨਾਂ ਹੋਰ ਕੁਝ ਨਾ ਲਿਖਿਆ ਹੋਵੇ।
ਯਾਦ ਰਹੇ ਕਿ ਦੈਵਤਵ ਮਨੁੱਖ ਦਾ ਸਹੀ ਸ੍ਵੈ ਹੋ। ਇਸ ਨੂੰ ਸੋਨੇ ਨਾਲ ਵੇਚਿਆ ਨਹੀਂ ਜਾ ਸਕਦਾ, ਨਾ ਹੀ ਅਜੋਕੀ ਦੌਲਤ ਵਾਂਗ ਇਸਦਾ ਢੇਰ ਲਾਇਆ ਜਾ ਸਕਦਾ ਹੈ। ਧਨਵਾਨਾਂ ਨੇ ਆਪਣੇ ਦੇਵਤਵ ਤਿਆਗ ਕੇ ਸੋਨੇ ਚਾਂਦੀ ਨੂੰ ਜੱਫਾ ਮਾਰ ਲਿਆ ਹੈ। ਅਜੋਕੇ ਸਮੇਂ ਵਿਚ ਨੌਜਵਾਨ ਆਪਣੇ ਦੈਵੀ ਗੁਣਾਂ ਨੂੰ ਛਡ ਕੇ ਆਪਣੇ ਸ੍ਵੈ ਅਤੇ ਮੌਜ ਮਸਤੀ ਵਿਚ ਮਗਨ ਹਨ।
ਮੇਰੇ ਪਿਆਰੇ ਗਰੀਬ ਸਾਥੀ, ਖੇਤਾਂ ਵਿੱਚ ਕੰਮ ਕਰਨ ਉਪਰੰਤ ਜਦੋਂ ਤੂੰ ਘਰ ਪਰਤ ਕੇ ਜਿਹੜਾ ਸਮਾਂ ਆਪਣੀ ਪਤਨੀ ਅਤੇ ਬੱਚਿਆ ਨਾਲ ਬਿਤਾਉਂਦਾ ਏਂ, ਉਹੀ ਆਉਣ ਵਾਲੀਆਂ ਮਨੁੱਖੀ ਨਸਲਾਂ ਦੀ ਅਸਲ ਕਮਾਈ ਹੈ, ਇਹ ਖੁਸ਼ੀ ਦਾ ਪ੍ਰਤੀਕ ਹੈ ਜੋ ਆਉਣ ਵਾਲੀਆਂ ਨਸਲਾਂ ਦੀ ਤਕਦੀਰ ਹੋਵੇਗੀ।
ਪਰ ਜਿਹੜਾ ਜੀਵਨ ਅਮੀਰ ਆਦਮੀ ਸੋਨੇ ਚਾਂਦੀ ਦਾ ਢੇਰ ਇਕੱਠਾ ਕਰਨ ਵਿਚ ਬਿਤਾਂਦਾ ਹੈ ਅਸਲ ਵਿਚ ਕਬਰ ਦੇ ਕੀੜੇ ਦੇ ਜੀਵਨ ਵਾਂਗ ਹੈ। ਇਹ ਭੈਅ ਦਾ ਸੂਚਕ ਹੈ।
ਮੇਰੇ ਗ਼ਮਗੀਨ ਦੋਸਤ ਜੋ ਹੰਝੂ ਤੂੰ ਵਹਾਂਦਾ ਏਂ ਉਹ ਉਸ ਮਸਖਰੇ ਦੀ ਮਸਖਰੀ ਨਾਲੋਂ ਜ਼ਿਆਦਾ ਮਿੱਠੇ ਤੇ ਸੁੱਚੇ ਹਨ ਜੋ ਹਾਸੇ ਵਿਚ ਗ਼ਮ ਨੂੰ ਭੁੱਲ ਜਾਣਾ ਚਾਹੁੰਦਾ ਹੈ। ਇਹ ਹੰਝੂ ਨਫ਼ਰਤ ਦੇ ਕੋਹੜ ਨੂੰ ਦਿਲ ਤੋਂ ਸਾਫ਼ ਕਰਦੇ ਅਤੇ ਮਨੁੱਖ ਨੂੰ ਦੁਖੀਆਂ ਦਾ ਦਰਦ ਵੰਡਾਉਣਾ ਸਿਖਾਂਦੇ ਹਨ। ਇਹ ਨਾਜ਼ਰੀਨ ਦੇ ਹੰਝੂ ਹਨ।
ਧਨ ਦੌਲਤ ਲਈ ਬੀਜੀ ਸ਼ਕਤੀ ਆਉਣ ਵਾਲੇ ਸਮੇਂ ਵਿਚ ਪੱਕ
ਜਾਏਗੀ ਤੇ ਤੁਸੀਂ ਕੱਟ ਲਓਗੇ ਕਿਉਂਕਿ ਪ੍ਰਕ੍ਰਿਤੀ ਦੇ ਵਿਧਾਨ ਅਨੁਸਾਰ ਸਾਰੀਆਂ ਵਸਤਾਂ ਆਪਣੇ ਸ੍ਰੋਤ ਤਕ ਵਾਪਿਸ ਪੁਜਦੀਆਂ ਹਨ।
ਅਤੇ ਗ਼ਮ ਜੋ ਤੁਸੀਂ ਸਹਿਣ ਕਰ ਰਹੇ ਹੋ, ਖੁਦਾਈ ਹੁਕਮ ਸਦਕਾ ਖੁਸ਼ੀ ਵਿਚ ਬਦਲ ਜਾਏਗਾ।
ਅਤੇ ਆਉਣ ਵਾਲੀਆਂ ਨਸਲਾਂ ਗਮ ਅਤੇ ਗਰੀਬੀ ਤੋਂ ਸਿਖਣਗੀਆਂ ਪਿਆਰ ਅਤੇ ਗਰੀਬੀ ਦਾ ਇਕ ਸੁਨੇਹਾ।
ਮਾਲਕ ਦੇ ਹੋਰ ਬਚਨ
ਮੈਂ ਆਰੰਭ ਤੋਂ ਹੀ ਇਥੇ ਹਾਂ ਅਤੇ ਅਖੀਰ ਤਕ ਇਥੇ ਹੀ ਰਹਾਂਗਾ, ਕਿਉਂਕਿ ਮੇਰੀ ਹੋਂਦ ਦਾ ਕੋਈ ਅੰਤ ਨਹੀਂ ਹੈ। ਮਾਨਵੀ ਰੂਹ ਜਗਦੀ ਲੈਂਪ ਦਾ ਹਿੱਸਾ ਹੈ ਜੋ ਖ਼ੁਦਾ ਨੇ ਮਨੁੱਖ ਦੀ ਸਿਰਜਨਾ ਵੇਲੇ ਆਪਣੇ ਤੋਂ ਅਲਗ ਕੀਤੀ ਸੀ।
ਮੇਰੇ ਵੀਰੋ, ਇਕ ਦੂਸਰੇ ਦੀ ਸਲਾਹ ਲਓ, ਕਿਉਂਕਿ ਇਸੇ ਵਿਚ ਗਲਤੀ ਅਤੇ ਫ਼ਜ਼ੂਲ ਪਛਤਾਵੇ ਤੋਂ ਛੁਟਕਾਰਾ ਹੈ। ਬਹੁਤਿਆਂ ਦੀ ਸਿਆਣਪ ਜ਼ੁਲਮ ਵਿਰੁਧ ਤੁਹਾਡੇ ਲਈ ਢਾਲ ਹੈ। ਕਿਉਂਕਿ ਜਦੋਂ ਅਸੀਂ ਇਕ ਦੂਜੇ ਕੋਲੋਂ ਸਲਾਹ ਲੈਣ ਲਈ ਜਾਂਦੇ ਹਾਂ ਤਾਂ ਸਾਡੇ ਦੁਸ਼ਮਨਾਂ ਦੀ ਗਿਣਤੀ ਘਟ ਜਾਂਦੀ ਹੈ।
ਉਹ ਜੋ ਸਲਾਹ ਨਹੀਂ ਲੈਂਦਾ ਮੂਰਖ ਹੈ। ਉਸਦੀ ਮੂਰਖਤਾ ਉਸਨੂੰ ਸਚਾਈ ਨੂੰ ਵੇਖਣ ਵਲੋਂ ਅੰਨ੍ਹਾ ਕਰ ਦੇਂਦੀ ਹੈ। ਉਸਨੂੰ ਬੁਰਾ, ਅੜੀਅਲ ਅਤੇ ਆਪਣੇ ਸਾਥੀਆਂ ਲਈ ਖਤਰਾ ਬਣਾ ਦੇਂਦੀ ਹੈ।
ਜਦੋਂ ਤੁਸੀਂ ਕਿਸੇ ਸਮੱਸਿਆ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਹੋ ਤਾਂ ਦ੍ਰਿੜ੍ਹ ਸੰਕਲਪ ਕਰ ਕੇ ਉਸਦਾ ਸਾਹਮਣਾ ਕਰੋ ਕਿਉਂਕਿ ਇਹੀ ਤਾਕਤਵਰ ਦੀ ਸ਼ਕਤੀ ਦਾ ਭੇਦ ਹੈ।
ਤੁਸੀਂ ਬਜ਼ੁਰਗਾਂ ਦੀ ਸਲਾਹ ਲਓ ਕਿਉਂਕਿ ਉਹਨਾਂ ਦੀਆਂ ਅੱਖਾਂ ਨੇ ਸਾਲਾਂ ਦੀ ਤੌਰ ਤੇ ਤਰੱਕੀ ਨੂੰ ਵੇਖਿਆ ਅਤੇ ਉਹਨਾਂ ਦੇ ਕੰਨਾਂ ਨੇ ਜ਼ਿੰਦਗੀ ਦੀਆਂ ਸੁਰਾਂ ਨੂੰ ਸੁਣਿਆ ਹੁੰਦਾ ਹੈ। ਭਾਵੇਂ ਉਹਨਾਂ ਦੀ ਸਲਾਹ ਤੁਹਾਨੂੰ ਚੰਗੀ ਨਾ ਲਗੇ, ਪਰ ਉਹਨਾਂ ਦੀ ਗਲ ਧਿਆਨ ਨਾਲ ਸੁਣੋ।
ਕਿਸੇ ਅਤਿਆਚਾਰੀ ਜਾਂ ਭੈੜੇ ਮੁਜਰਮ ਜਾਂ ਕਿਸੇ ਗੁਸਤਾਖ਼ ਜਾਂ ਨੀਚ ਭਗੌੜੇ ਵਿਅਕਤੀ ਤੋਂ ਕਿਸੇ ਚੰਗੀ ਸਲਾਹ ਦੀ ਆਸ ਨਾ ਰੱਖੋ। ਉਸਨੂੰ ਮੂੰਹ ਨਾ ਲਾਓ ਜੋ ਗੁਨਾਹਗਾਰ ਨਾਲ ਸਾਜਸ਼ ਕਰਕੇ ਸਲਾਹ ਲੈਣ ਵੀ ਆਉਂਦਾ ਹੈ। ਕਿਉਂਕਿ ਗੁਨਾਹਗਾਰ ਨਾਲ ਸਹਿਮਤ ਹੋ ਜਾਣਾ ਬਦਨਾਮੀ ਦਾ ਕਾਰਨ ਬਣਦਾ ਹੈ ਅਤੇ ਕਿਸੇ ਝੂਠੇ ਦੀ ਗਲ ਸੁਨਣਾ ਬੇਈਮਾਨੀ ਤੇ ਧ੍ਰੋਹ ਹੈ।
ਜਦੋਂ ਤਕ ਮੈਂ ਵਿਸ਼ਾਲ ਗਿਆਨ, ਸਹੀ ਫੈਸਲਾ ਅਤੇ ਮਹਾਨ ਅਨੁਭਵਾਂ ਨਾਲ ਮਾਲਾਮਾਲ ਨਹੀਂ ਹੋ ਜਾਂਦਾ, ਮੈਂ ਆਪਣੇ ਆਪ ਨੂੰ ਮਨੁੱਖਤਾ ਦਾ ਸਹੀ ਸਲਾਹਕਾਰ ਨਹੀਂ ਮੰਨ ਸਕਦਾ।
ਕਾਹਲੇਪਣ ਨੂੰ ਧੀਮਾ ਕਰੋ, ਅਤੇ ਜਦੋਂ ਤੁਹਾਨੂੰ ਮੌਕਾ ਮਿਲੇ ਤਾਂ ਢਿਲੇ ਨਾ ਪਵੇ। ਇਸ ਤਰ੍ਹਾਂ ਤੁਸੀਂ ਗੰਭੀਰ ਗਲਤੀਆਂ ਤੋਂ ਬਚ ਜਾਓਂਗੇ।
ਮੇਰੇ ਦੋਸਤ ਉਸ ਵਾਂਗ ਨਾ ਬਣੋ ਜੋ ਅੱਗ ਕੋਲ ਬੈਠ ਕੇ ਉਸਨੂੰ ਬਲਦਿਆਂ ਦੇਖਦਾ ਰਹਿੰਦਾ ਹੈ ਅਤੇ ਫਿਰ ਬੁਝੀ ਹੋਈ ਸੁਆਹ ਨੂੰ ਐਵੇਂ ਫੂਕਾਂ ਮਾਰਦਾ ਹੈ। ਕਦੇ ਵੀ ਆਸ ਦਾ ਪੱਲਾ ਨਾ ਛਡੋ। ਜਾਂ ਆਪਣੇ ਆਪ ਨੂੰ ਨਿਰਾਸ਼ਾ ਦੇ ਹਵਾਲੇ ਨਾ ਕਰੋ ਕਿਉਂਕਿ ਉਸ ਕਰਕੇ ਬੀਤੇ ਉਤੇ ਰੋਣਾ ਜਾਂ ਵਿਰਲਾਪ ਕਰਨਾ ਸਭ ਤੋਂ ਭੈੜੀ ਮਨੁੱਖੀ ਕਮਜ਼ੋਰੀ ਹੈ।
ਬੀਤੇ ਕਲ੍ਹ ਮੈਂ ਆਪਣੇ ਕੀਤੇ ਉਤੇ ਪਛਤਾਇਆ ਅਤੇ ਅੱਜ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਮੈਂ ਆਪਣੇ ਲਈ ਬੁਰਾਈ ਸਹੇੜੀ ਜਦੋਂ ਮੈਂ ਆਪਣਾ ਧਨੁੱਖ ਤੋੜਿਆ ਅਤੇ ਤਰਕਸ਼ ਤਬਾਹ ਕਰ ਦਿਤਾ।
ਮੈਂ ਤੁਹਾਨੂੰ ਪਿਆਰ ਕਰਦਾ ਹਾਂ ਮੇਰੇ ਭਰਾ, ਤੂੰ ਜੋ ਵੀ ਏਂ ਭਾਵੇਂ ਚਰਚ ਵਿਚ ਪੂਜਾ ਕਰਦਾ ਹੋਵੇਂ, ਮੰਦਰ ਵਿਚ ਗੋਡੇ ਟੇਕ ਕੇ ਬੈਠਾ ਹੋਵੇਂ, ਜਾਂ ਮਸਜਿਦ ਵਿਚ ਪ੍ਰਾਰਥਨਾ ਕਰਦਾ ਹੋਵੇਂ। ਤੂੰ ਤੇ ਮੈਂ ਇਕੋ ਧਰਮ ਦੇ ਬੱਚੇ ਹਾਂ ਕਿਉਂਕਿ ਧਰਮ ਦੇ ਵੱਖਰੇ ਵੱਖਰੇ ਰਾਹ ਇਕੋ ਪ੍ਰਮਾਤਮਾ ਦੇ ਪਿਆਰੇ ਹੱਥਾਂ ਦੀਆਂ ਉਂਗਲੀਆਂ ਹਨ, ਉਹ ਹੱਥ ਜੋ ਸਭ ਵਲ ਵਧਿਆ ਰਹਿੰਦਾ ਹੈ, ਸਾਰਿਆਂ ਨੂੰ ਆਤਮਾ ਦੀ ਸੰਪੂਰਨਤਾ ਪ੍ਰਦਾਨ ਕਰਦਾ ਅਤੇ ਸਾਰਿਆਂ ਨੂੰ ਗਲੇ ਲਗਾਉਣ ਲਈ ਉਤਸੁਕ ਹੈ।
ਖੁਦਾ ਨੇ ਤੁਹਾਨੂੰ ਖੰਭਾਂ ਵਾਲੀ ਆਤਮਾ ਦਿਤੀ ਹੈ ਜਿਸ ਉਤੇ ਸਵਾਰ ਹੋ ਕੇ ਤੁਸੀਂ ਪਿਆਰ ਅਤੇ ਆਜ਼ਾਦੀ ਦੇ ਵਿਸ਼ਾਲ ਆਕਾਸ਼ ਵਿਚ ਉਡਦੇ ਹੋ। ਕੀ ਇਹ ਤਰਸਯੋਗ ਗਲ ਨਹੀਂ ਕਿ ਤੁਸੀਂ ਆਪਣੇ ਹੱਥਾਂ ਨਾਲ ਆਪਣੇ ਖੰਭ ਕੱਟ ਲੈਂਦੇ ਹੋ ਅਤੇ ਆਪਣੀ ਆਤਮਾ ਨੂੰ ਧਰਤੀ ਉਤੇ ਕੀੜੇ ਵਾਂਗ ਰੀਂਗਣ ਲਈ ਛਡ ਦਿਓ?
ਮੇਰੀ ਰੂਹ ਦਾ ਜੀਵਨ ਰਾਤ ਦੇ ਸਫ਼ਰ ਵਾਂਗ ਹੈ, ਜਿੰਨੀ ਤੇਜ਼ ਇਸਦੀ ਉਡਾਨ ਹੁੰਦੀ ਹੈ ਓਨੀ ਹੀ ਇਹ ਪ੍ਰਭਾਤ ਦੇ ਨੇੜੇ ਹੁੰਦੀ ਜਾਂਦੀ ਹੈ।
ਸਰੋਤਾ
ਓ ਹਵਾ, ਤੂੰ ਜੋ ਸਾਨੂੰ ਛੂਹ ਕੇ ਤੁਰ ਜਾਂਦੀ ਏ ਹੁਣੇ ਧੀਮੀ ਤੇ ਮਿਠੀ ਜਿਹੀ ਸੁਰ ਵਿਚ ਗੁਣਗੁਣਾਉਂਦੀ ਅਤੇ ਆਹ ਹੁਣੇ ਹੀ ਹਉਂਕੇ ਤੇ ਹਉਂਕੇ ਭਰਦੀ ਤੇ ਵਿਰਲਾਪ ਕਰਦੀ ਹੋਈ, ਅਸੀਂ ਤੈਨੂੰ ਸੁਣਦੇ ਤਾਂ ਹਾਂ ਪਰ ਤੈਨੂੰ ਵੇਖ ਨਹੀਂ ਸਕਦੇ। ਅਸੀਂ ਤੇਰੀ ਛੂਹ ਮਹਿਸੂਸ ਕਰਦੇ ਹਾਂ ਪਰ ਤੇਰਾ ਰੂਪ ਰੰਗ ਨਹੀਂ ਵੇਖ ਸਕਦੇ। ਤੂੰ ਪਿਆਰ ਦਾ ਅਜਿਹਾ ਸਾਗਰ ਏ ਜੋ ਸਾਡੀਆਂ ਆਤਮਾਵਾਂ ਨੂੰ ਆਪਣੇ ਵਿਚ ਸਮੋਂ ਲੈਂਦਾ ਹੈ ਪਰ ਡੁੱਬਣ ਨਹੀ ਦਿੰਦਾ।
ਤੂੰ ਪਹਾੜੀਆਂ ਦੇ ਉਤੇ ਝੂੰਮਦੀ ਅਤੇ ਘਾਟੀਆਂ ਨਾਲ ਕਲੋਲ ਕਰਦੀ, ਆਪਣੇ ਆਪ ਨੂੰ ਖੇਤਾਂ ਤੇ ਚਰਾਗਾਹਾਂ ਉਤੇ ਖਿਲਾਰਦੀ ਏ। ਤੇਰੀ ਚੜ੍ਹਾਈ ਵਿਚ ਤਾਕਤ ਹੈ ਅਤੇ ਉਤਰਾਈ ਵਿਚ ਕੋਮਲਤਾ, ਅਤੇ ਤੇਰੇ ਖਿਲਰ ਜਾਣ ਵਿਚ ਉਦਾਰਤਾ। ਤੂੰ ਇਕ ਦਿਆਲੂ ਰਾਜੇ ਵਾਂਗ ਏ, ਨਿਮਾਣਿਆਂ ਪ੍ਰਤੀ ਕਿਰਪਾਲੂ ਪਰ ਮਗਰੂਰ ਅਤੇ ਤਾਕਤਵਰ ਪ੍ਰਤੀ ਕਠੋਰ।
ਪੱਤਝੜ ਵਿਚ ਤੂੰ ਘਾਟੀਆਂ ਵਿਚ ਰੁਦਨ ਕਰਦੀ ਏਂ ਤੇ ਦਰਖ਼ਤਾਂ ਵਿਚੋਂ ਤੇਰਾ ਵਿਰਲਾਪ ਗੂੰਜਦਾ ਹੈ। ਸਰਦੀ ਦੀ ਰੁੱਤ ਵਿਚ ਤੂੰ ਆਪਣੇ ਬੰਧਨ ਤੋੜ ਦੇਂਦੀ ਏ ਤੇ ਸਾਰੀ ਪ੍ਰਕ੍ਰਿਤੀ ਹੀ ਤੇਰੇ ਨਾਲ ਰਲਕੇ ਬਗਾਵਤ ਕਰਦੀ ਏ।
ਬਸੰਤ ਬਹਾਰ ਵਿਚ ਤੂੰ ਆਪਣੀ ਨੀਂਦ ਵਿਚ ਅਧ ਜਾਗੀ ਅਤੇ ਕਮਜ਼ੋਰ ਤੇ ਸੁਸਤਾਈ ਹੋਈ ਆਪਣੀ ਧੀਮੀ ਜਿਹੀ ਹਰਕਤ ਨਾਲ ਖੇਤਾਂ ਵਿਚ ਜਾਗਰੂਕਤਾ ਲਿਆ ਦੇਂਦੀ ਏ।
ਗਰਮੀ ਦੀ ਰੁੱਤ ਵਿਚ ਤੂੰ ਆਪਣੇ ਆਪ ਨੂੰ ਚੁੱਪ ਦੇ ਪਰਦੇ ਪਿਛੇ ਛੁਪਾ ਲੈਂਦੀ ਏਂ ਜਿਵੇਂ ਕਿ ਤੂੰ ਮਰ ਮੁੱਕ ਹੀ ਗਈ ਹੋਵੇਂ, ਸੂਰਜ ਦੀ ਤਿੱਖੀ ਗਰਮੀ ਤੇ ਲੂ ਨਾਲ ਜ਼ਖ਼ਮੀ ਤੇ ਨਿਢਾਲ ਹੋਈ।
ਕੀ ਤੂੰ ਪਤੱਝੜ ਦੇ ਆਖਰੀ ਵੇਲੇ 'ਤੇ ਵਿਰਲਾਪ ਕਰ ਰਹੀ ਸੀ ਜਾਂ ਨੰਗੇ ਰੁੱਖਾਂ ਦੇ ਸ਼ਰਮਾਕਲ ਦ੍ਰਿਸ਼ ਵੇਖ ਕੇ ਮੁਸਕਰਾ ਰਹੀ ਸੀ? ਕੀ ਤੂੰ ਸਰਦ ਰੁੱਤ ਵਿਚ ਨਾਰਾਜ਼ ਸੀ ਜਾਂ ਤੂੰ ਰਾਤ ਦੇ ਬਰਫ ਲੱਦੇ ਮਕਬਰੇ ਦੁਆਲੇ ਨੱਚ ਰਹੀ ਸੀ?
ਕੀ ਤੂੰ ਬਸੰਤ ਰੁੱਤ ਵਿਚ ਸੁਸਤ ਸੀ ਜਾਂ ਕੀ ਤੂੰ ਸਾਰੇ ਮੌਸਮਾਂ ਦੀ ਜੋਬਨ ਰੂਪੀ ਆਪਣੀ ਪ੍ਰੇਮਿਕਾ ਦੇ ਖੁੱਸ ਜਾਣ 'ਤੇ ਦੁੱਖ ਮਨਾ ਰਹੀ ਸੀ?
ਕੀ ਤੂੰ ਗਰਮੀ ਦੇ ਦਿਨਾਂ ਵਿਚ ਇਤਫ਼ਾਕਨ ਮਰੀ ਹੋਈ ਸੀ ਜਾਂ ਕੀ ਤੂੰ ਫਲਾਂ ਦੇ ਦਿਲ ਵਿਚ ਅੰਗੂਰ ਦੇ ਬਾਗਾਂ ਦਿਆਂ ਨੈਣਾਂ ਵਿਚ ਜਾਂ ਪਿੜ ਵਿਚ ਪਏ ਕਣਕ ਦਿਆਂ ਦਾਣਿਆਂ ਦੇ ਕੰਨਾਂ ਵਿਚ ਸੁਤੀ ਪਈ ਸੀ?
ਸ਼ਹਿਰਾਂ ਦੀਆਂ ਗਲੀਆਂ ਵਿੱਚ ਤੂੰ ਪਲੇਗ ਦੇ ਬੀਜ ਬੋਂਦੀ ਤੇ ਫੁੱਲ ਫਟਾਉਂਦੀ ਏਂ ਅਤੇ ਪਹਾੜੀਆਂ ਤੋਂ ਉਠਕੇ ਤੇ ਫੁੱਲਾਂ ਦੀ ਖੁਸ਼ਬੂਦਾਰ ਮਹਿਕ ਉਡਾਉਂਦੀ ਏ। ਇਸ ਤਰ੍ਹਾਂ ਮਹਾਨ ਰੂਹ ਜੀਵਨ ਦੇ ਗ਼ਮ ਪਾਲਦੀ ਏ ਅਤੇ ਚੁੱਪਕੇ ਜਿਹੇ ਇਸਦੀ ਖੁਸ਼ੀ ਨੂੰ ਮਾਣਦੀ ਏ।
ਗੁਲਾਬ ਦੇ ਫੁੱਲ ਦੇ ਕੰਨਾਂ ਵਿਚ ਤੂੰ ਕਿਸੇ ਭੇਦ ਦੀ ਹੌਲੀ ਜਿਹੀ ਗਲ ਕਰਦੀ ਏਂ ਜਿਸਦਾ ਅਰਥ ਉਹ ਸਮਝ ਲੈਂਦਾ ਹੈ, ਅਕਸਰ ਉਹ ਦੁਖੀ ਹੁੰਦਾ ਹੈ, ਪਰ ਅਖ਼ੀਰ ਖੁਸ਼ੀ ਮਾਣਦਾ ਹੈ, ਅਜਿਹਾ ਤਰੀਕਾ ਹੀ ਪ੍ਰਮੇਸ਼ਰ ਮਨੁੱਖੀ ਰੂਹ ਨਾਲ ਵਰਤਦਾ ਹੈ।
ਹੁਣ ਤੂੰ ਢਿੱਲ ਕਰਦੀ ਏਂ। ਹੁਣ ਤੂੰ ਛੇਤੀ ਕਰ ਅਤੇ ਦੂਰ ਤਕ ਬੇਰੋਕ ਚਲਦੀ ਰਹਿ। ਅਜਿਹੀ ਸਥਿਤੀ ਹੀ ਮਨੁੱਖੀ ਮਨ ਦੀ ਹੈ, ਜਦੋਂ ਉਹ ਕਾਰਜਸ਼ੀਲ ਰਹਿੰਦਾ ਹੈ ਤਾਂ ਜੀਉਂਦਾ ਹੈ ਅਤੇ ਜਦੋਂ ਉਹ ਆਲਸੀ ਹੋ ਜਾਂਦਾ ਹੈ ਤਾਂ ਮਰ ਜਾਂਦਾ ਹੈ।
ਤੂੰ ਪਾਣੀਆਂ ਦੇ ਤਲ ਉਤੇ ਗੀਤ ਲਿਖ ਤੇ ਫਿਰ ਉਸਨੂੰ ਮਿਟਾ ਦੇਹ। ਕਵੀ ਵੀ ਅਜਿਹਾ ਹੀ ਕਰਦਾ ਹੈ ਜਦ ਉਹ ਰਚਨਾ ਸਿਰਜ ਰਿਹਾ ਹੁੰਦਾ ਹੈ।
ਤੂੰ ਦੱਖਣ ਵਲੋਂ ਪਿਆਰ ਦੀ ਤਰ੍ਹਾਂ ਨਿਘ ਲੈ ਕੇ ਵਗ ਅਤੇ ਉੱਤਰ ਵਲੋਂ ਮੌਤ ਵਰਗੀ ਠੰਡੀ ਹੋ ਕੇ ਵਗ। ਪੂਰਬ ਵਲੋਂ ਰੂਹ ਦੀ ਮੱਧਮ ਛੂਹ ਵਾਂਗ ਵਗ ਅਤੇ ਪੱਛਮ ਵਲੋਂ ਭਿਅੰਕਰ ਕਰੋਧ ਵਾਂਗ ਪ੍ਰਚੰਡ ਹੋ ਕੇ
ਵਗ। ਕੀ ਤੂੰ ਯੁੱਗ ਵਾਂਗ ਅਸਥਿਰ ਏ ਜਾਂ ਕੀ ਤੂੰ ਕੰਪਾਸ ਦੇ ਚਾਰੇ ਪਾਸਿਆਂ ਤੋਂ ਬੋਝਲ ਜਵਾਰਭਾਟਿਆਂ ਦੇ ਸੁਨੇਹੇ ਲਿਆਉਣ ਵਾਲੀ ਏਂ।
ਤੂੰ ਰੇਗਿਸਤਾਨ ਵਿਚ ਗਰਜਦੀ ਏਂ, ਤੂੰ ਭੋਲੇ ਭਾਲੇ ਕਾਫਲਿਆਂ ਨੂੰ ਪੈਰਾਂ ਹੇਠ ਰੌਂਦਦੀ ਅਤੇ ਉਹਨਾਂ ਨੂੰ ਪਹਾੜਾਂ ਦੀ ਰੇਤ ਹੇਠ ਦੱਬ ਦਿੰਦੀ ਏਂ। ਕੀ ਤੂੰ ਉਹੀ ਮਹਿਕ ਭਰੀ ਹਵਾ ਏਂ ਜੋ ਪ੍ਰਭਾਤ ਵੇਲੇ ਪੱਤਿਆਂ ਅਤੇ ਟਾਹਣੀਆਂ ਵਿਚ ਥਿਰਕਦੀ ਅਤੇ ਵਲ ਖਾਂਦੀਆਂ ਘਾਟੀਆਂ ਵਿਚ ਸੁਪਨੇ ਵਾਂਗ ਉਡਾਣ ਭਰਦੀ ਏਂ ਜਿਥੇ ਫੁੱਲ ਸੁਆਗਤ ਵਿਚ ਝੁਕ ਜਾਦੇ ਹਨ ਅਤੇ ਜਿਥੇ ਘਾਹ ਪੱਤੀਆਂ ਤੇਰੇ ਸਾਹਾਂ ਦੇ ਨਸ਼ੇ ਨਾਲ ਬੋਝਲ ਹੋ ਜਾਂਦੀਆਂ ਹਨ?
ਤੂੰ ਸਾਗਰਾਂ ਵਿਚੋਂ ਉਠਦੀ ਹੋਈ ਸਾਗਰ ਦੀ ਗਹਿਰੀ ਚੁੱਪ ਵਿਚ ਹਿਲਜੁਲ ਮਚਾ ਦਿੰਦੀ ਏਂ ਅਤੇ ਗੁੱਸੇ ਵਿਚ ਜਹਾਜ਼ਾਂ ਅਤੇ ਮਲਾਹਾਂ ਨੂੰ ਤਬਾਹ ਕਰ ਦੇਂਦੀ ਏਂ। ਕੀ ਤੂੰ ਉਹੀ ਧੀਮੀ ਵਗਣ ਵਾਲੀ ਹਵਾ ਏਂ ਜੋ ਆਪਣੇ ਘਰਾਂ ਦੁਆਲੇ ਖੇਡਦੇ ਬੱਚਿਆਂ ਦੇ ਵਾਲਾਂ ਨੂੰ ਪਲੋਸਦੀ ਏ?
ਤੂੰ ਸਾਡੇ ਦਿਲਾਂ, ਸਾਡੇ ਹਉਕਿਆਂ, ਸਾਡੇ ਸਾਹਵਾਂ ਅਤੇ ਸਾਡੀਆਂ ਮੁਸਕਾਨਾਂ ਨੂੰ ਕਿੱਥੇ ਲੈ ਜਾਂਦੀ ਏਂ? ਤੂੰ ਸਾਡੀਆਂ ਰੂਹਾਂ ਦੀਆਂ ਉਡਦੀਆਂ ਰੋਸ਼ਨੀਆਂ ਦਾ ਕੀ ਕਰਦੀ ਏਂ? ਕੀ ਤੂੰ ਉਹਨਾਂ ਨੂੰ ਜ਼ਿੰਦਗੀ ਦੇ ਖਿਤਿਜ ਤੋਂ ਪਾਰ ਲੈ ਜਾਂਦੀ ਏ? ਕੀ ਤੂੰ ਉਹਨਾਂ ਨੂੰ ਕੁਰਬਾਨੀ ਦੇ ਬੱਕਰੇ ਬਣਾ ਕੇ ਖਤਮ ਕਰਨ ਲਈ ਦੂਰ ਦੁਰਾਡੀਆਂ ਅਤੇ ਭਿਅੰਕਰ ਗੁਫ਼ਾਵਾਂ ਵਲ ਧਕੇਲ ਦੇਂਦੀ ਏਂ?
ਰਾਤ ਦੀ ਚੁੱਪੀ ਵਿਚ ਦਿਲ ਤੇਰੇ ਅਗੇ ਆਪਣੇ ਭੇਦ ਖੋਹਲਦੇ ਹਨ। ਅਤੇ ਪ੍ਰਭਾਤ ਹੋਣ 'ਤੇ ਤੇਰੀ ਨਰਮ ਛੁਹ ਨਾਲ ਪਲਕਾਂ ਖੁਲ੍ਹਦੀਆਂ ਹਨ। ਕੀ ਤੈਨੂੰ ਪਤਾ ਹੈ ਕਿ ਦਿਲ ਨੇ ਕੀ ਮਹਿਸੂਸਿਆ ਜਾਂ ਅੱਖਾਂ ਨੇ ਕੀ ਵੇਖਿਆ ਹੈ?
ਤੇਰੇ ਖੰਭਾਂ ਵਿਚਕਾਰ ਦਰਦਮੰਦਾਂ ਦੇ ਸੋਗੀ ਗੀਤ, ਯਤੀਮਾਂ ਦੇ ਟੁੱਟੇ ਦਿਲ ਦੇ ਟੁਕੜਿਆਂ ਦੀ ਸੋਚ ਅਤੇ ਦੱਬੇ ਕੁਚਲਿਆਂ ਦੇ ਦਰਦੀਲੇ ਹਓਂਕੇ ਗੂੰਜਦੇ ਹਨ। ਤੇਰੇ ਚੋਗੇ ਦੀਆਂ ਤਹਿਆਂ ਵਿਚ ਅਜਨਬੀ ਦੀ ਆਪਣੀ ਤਮੰਨਾ, ਛੇਕਿਆ ਹੋਇਆ ਆਪਣਾ ਬੋਝ ਅਤੇ ਪਤਿਤ ਹੋਈ ਔਰਤ ਦੀ ਨਿਰਾਸ਼ਾ ਛੁਪੀ ਹੋਈ ਹੈ।
ਕੀ ਤੂੰ ਇਹ ਸਭ ਕੁਝ ਨਿਮਾਣੇ ਦੀ ਸੁਰਖਿਅਤਾ ਲਈ ਸੰਭਾਲਦੀ ਏ? ਜਾਂ ਕੀ ਤੂੰ ਧਰਤੀ ਮਾਂ ਵਾਂਗ ਏਂ ਜੋ ਉਹ ਪੈਦਾ ਕਰਦੀ ਹੈ, ਨੂੰ ਦਫਨ ਕਰ ਦਿੰਦੀ ਏਂ?
ਕੀ ਤੂੰ ਇਹ ਚੀਕਾਂ ਅਤੇ ਵਿਰਲਾਪ ਸੁਣਦੀ ਏਂ? ਕੀ ਤੂੰ ਇਹ ਸਿਸਕੀਆਂ ਅਤੇ ਹਓਕੇ ਸੁਣਦੀ ਏ? ਜਾਂ ਕੀ ਤੂੰ ਹੰਕਾਰੀ ਅਤੇ ਤਾਕਤਵਰ ਦੀ ਤਰ੍ਹਾਂ ਏਂ ਜੋ ਆਪਣੇ ਸਾਹਮਣੇ ਪਸਾਰ ਹੋਏ ਹੱਥ ਨਹੀਂ ਵੇਖਦਾ ਜਾਂ ਗਰੀਬ ਦੀ ਪੁਕਾਰ ਨਹੀਂ ਸੁਣਦਾ?
ਓ ਸਾਰਿਆਂ ਸਰੋਤਿਆਂ ਦੀ ਜਿੰਦ ਜਾਨ ਕੀ ਤੂੰ ਸੁਣਦੀ ਏ?
ਪਿਆਰ ਅਤੇ ਜੁਆਨੀ
ਇਕ ਨੌਜੁਆਨ ਜੀਵਨ ਦੀ ਪ੍ਰਭਾਤ ਵੇਲੇ ਇਕਾਂਤ ਘਰ ਵਿਚ ਆਪਣੇ ਮੇਜ ਉਤੇ ਬੈਠਾ ਸੀ । ਹੁਣੇ ਉਸਨੇ ਖਿੜਕੀ ਵਿਚੋਂ ਅਸਮਾਨ ਵਲ ਵੇਖਿਆ ਜੋ ਤਾਰਿਆਂ ਨਾਲ ਜੜਿਆ ਜਗਮਗਾ ਰਿਹਾ ਸੀ, ਤੇ ਨਾਲ ਹੀ ਉਸਨੇ ਹੱਥ ਵਿਚ ਫੜੀ ਇਕ ਯੁਵਤੀ ਦੀ ਤਸਵੀਰ ਵੱਲ ਨਜ਼ਰ ਮਾਰੀ। ਇਸਦੀਆਂ ਰੇਖਾਵਾਂ ਤੇ ਰੰਗ, ਮਾਲਕ ਦੀ ਕਾਰਾਗਿਰੀ, ਉਹਨਾਂ ਦਾ ਪ੍ਰਤਿਬਿੰਬ ਨੌਜੁਆਨ ਦੇ ਮਨ ਵਿਚ ਝਲਕਿਆ ਤੇ ਉਸਦੇ ਸਾਹਵੇਂ ਸੰਸਾਰ ਦੇ ਭੇਦ ਤੇ ਸਦੀਵਤਾ ਦੇ ਰਹੱਸ ਖੋਲ੍ਹ ਗਏ।
ਯੁਵਤੀ ਦੀ ਤਸਵੀਰ ਨੌਜੁਆਨ ਦੇ ਮਨ ਵਿਚ ਉਤਰ ਗਈ ਅਤੇ ਉਸ ਪਲ ਉਸਦੀ ਨਜ਼ਰ ਨੇ ਕੰਨਾਂ ਦਾ ਰੂਪ ਲੈ ਲਿਆ ਤਾਂਕਿ ਉਹ ਆਤਮਾਵਾਂ ਦੀ ਭਾਸ਼ਾ ਸਮਝ ਸਕੇ ਜੋ ਕਮਰੇ ਵਿਚ ਮੰਡਰਾਉਂਦੀਆਂ ਸਨ। ਉਸਦਾ ਦਿਲ ਪਿਆਰ ਨਾਲ ਵਿੰਨਿਆ ਗਿਆ।
ਇਸੇ ਸਥਿਤੀ ਵਿਚ ਕਈ ਘੰਟੇ ਬੀਤ ਗਏ ਜਿਵੇਂ ਕਿ ਉਹ ਕਿਸੇ ਖੂਬਸੂਰਤ ਸੁਪਨੇ ਦਾ ਪਲ ਸੀ ਜਾਂ ਸਦੀਵਤਾ ਦੇ ਜੀਵਨ ਦਾ ਕੇਵਲ ਇਕ ਸਾਲ ਹੀ ਸੀ।
ਫਿਰ ਨੌਜੁਆਨ ਨੇ ਤਸਵੀਰ ਆਪਣੇ ਸਾਹਮਣੇ ਰਖੀ, ਪੈਨ ਚੁਕਿਆ ਅਤੇ ਕੈਨਵਸ ਉਤੇ ਦਿਲ ਦੀਆਂ ਭਾਵਨਾਵਾਂ ਉਲੀਕ ਦਿਤੀਆਂ:
"ਪਿਆਰੀ, ਮਹਾਨ ਸਚਾਈ ਜੋ ਪ੍ਰਕ੍ਰਿਤੀ ਦਾ ਅਨੁਭਵ ਹੈ ਮਾਨਵੀ ਭਾਸ਼ਾ ਰਾਹੀਂ ਇਕ ਮਨੁੱਖ ਤੋਂ ਦੂਸਰੇ ਤਕ ਨਹੀਂ ਪੁੱਜਦੀ। ਸਚਾਈ, ਪਿਆਰ ਭਿੰਨੀਆਂ ਰੂਹਾਂ ਆਪਣਾ ਅਰਥ ਸਮਝਾਉਣ ਲਈ ਚੁੱਪ ਦਾ ਰਾਹ ਚੁਣਦੀਆਂ ਹਨ।
"ਮੈਨੂੰ ਪਤਾ ਹੈ ਕਿ ਰਾਤ ਦੀ ਚੁੱਪੀ ਸਾਡੇ ਦੋ ਦਿਲਾਂ ਵਿਚਕਾਰ ਵਧੀਆ ਨੈਣ ਹੈ ਜੋ ਪਿਆਰ ਦਾ ਸੁਨੇਹਾ ਲੈਕੇ ਸਾਡੇ ਦਿਲਾਂ ਦੇ ਗੀਤ
ਗਾਉਂਦੀ ਹੈ। ਜਿਵੇਂ ਖ਼ੁਦਾ ਨੇ ਸਾਡੀਆਂ ਰੂਹਾਂ ਨੂੰ ਜਿਸਮਾਂ ਦਾ ਗੁਲਾਮ ਬਣਾਇਆ ਹੈ ਉਸੇ ਤਰ੍ਹਾਂ ਪਿਆਰ ਨੇ ਮੈਨੂੰ ਸ਼ਬਦਾਂ ਅਤੇ ਜ਼ਬਾਨ ਦਾ ਗੁਲਾਮ ਬਣਾਇਆ ਹੈ।
"ਉਹ ਕਹਿੰਦੇ ਹਨ, ਓ ਮਹਿਬੂਬਾ, ਉਹ ਮੁਹੱਬਤ ਮਨੁੱਖੀ ਦਿਲ ਵਿਚ ਹੜੱਪ ਕਰ ਜਾਣ ਵਾਲੀ ਅੱਗ ਦੀ ਲਾਟ ਹੈ। ਮੈਂ ਤੇਰੇ ਨਾਲ ਪਹਿਲੀ ਮਿਲਣੀ ਵੇਲੇ ਜਾਣਦਾ ਸੀ ਕਿ ਮੈਂ ਤੈਨੂੰ ਯੁੱਗਾਂ ਤੋਂ ਜਾਣ ਚੁਕਿਆ ਸੀ ਅਤੇ ਵਿਛੜਣ ਵੇਲੇ ਮੈਨੂੰ ਪਤਾ ਲਗਾ ਕਿ ਕੁਝ ਵੀ ਏਨਾ ਤਾਕਤਵਰ ਨਹੀਂ ਸੀ ਜੋ ਸਾਨੂੰ ਵੱਖ ਕਰ ਸਕਦਾ।
"ਤੇਰੇ ਵਲ ਪਹਿਲੀ ਤਕਣੀ ਅਸਲ ਵਿਚ ਮੇਰੀ ਪਹਿਲੀ ਤੱਕਣੀ ਨਹੀਂ ਸੀ। ਜਿਸ ਘੜੀ ਸਾਡੇ ਦਿਲ ਮਿਲੇ ਤਾਂ ਮੈਨੂੰ ਸਦੀਵਤਾ ਵਿਚ ਅਤੇ ਰੂਹ ਦੇ ਅਮਰ ਹੋਣ ਦਾ ਵਿਸ਼ਵਾਸ ਪੱਕਾ ਹੋ ਗਿਆ।
"ਅਜਿਹੀ ਘੜੀ ਕੁਦਰਤ ਉਸ ਤੋਂ ਪਰਦਾ ਚੁੱਕਦੀ ਹੈ ਜੋ ਆਪਣੇ ਆਪ ਨੂੰ ਨਿਮਾਣਾ ਸਮਝਦਾ ਹੈ ਅਤੇ ਕੁਦਰਤ ਆਪਣਾ ਸਦਾ ਕਾਇਮ ਰਹਿਣ ਵਾਲਾ ਨਿਆਂ ਪ੍ਰਗਟ ਕਰਦੀ ਹੈ।
"ਪਿਆਰੀਏ, ਕੀ ਤੈਨੂੰ ਉਹ ਨਿੱਕੀ ਜਿਹੀ ਨਦੀ ਯਾਦ ਹੈ ਜਿਸਦੇ ਕੰਢੇ ਬੈਠਕੇ ਅਸੀਂ ਇਕ ਦੂਸਰੇ ਨੂੰ ਵੇਖਿਆ? ਕੀ ਤੈਨੂੰ ਪਤਾ ਹੈ ਤੇਰੀਆ ਨਜ਼ਰਾਂ ਨੇ ਮੈਨੂੰ ਉਸੇ ਪਲ ਦਸ ਦਿਤਾ ਕਿ ਤੇਰਾ ਪਿਆਰ ਤਰਸ ਵਿਚੋਂ ਨਹੀਂ ਸਗੋਂ ਨਿਆਂ ਵਿਚੋਂ ਉਪਜਿਆ ਸੀ? ਅਤੇ ਹੁਣ ਮੈਂ ਆਪਣੇ ਆਪ ਨੂੰ ਅਤੇ ਦੁਨੀਆਂ ਨੂੰ ਕਹਿ ਸਕਦਾ ਹਾਂ ਕਿ ਨਿਆ ਤੋਂ ਪ੍ਰਾਪਤ ਹੋਏ ਤੋਹਫੇ ਦਾਨ ਵਜੋਂ ਦਿਤੇ ਤੋਹਫਿਆਂ ਨਾਲੋਂ ਮਹਾਨ ਹਨ।
"ਅਤੇ ਮੈਂ ਇਹ ਵੀ ਕਹਿ ਸਕਦਾ ਹਾਂ ਕਿ ਪਿਆਰ ਜੋ ਪੈਰਾਂ ਹੇਠਾਂ ਸਹਿਵਨ ਆਏ ਬਟੇਰੇ ਦੀ ਤਰ੍ਹਾਂ ਹੁੰਦਾ ਹੈ, ਸੜ੍ਹਾਂਦ ਮਾਰਦੇ ਖੜੇ ਪਾਣੀਆਂ ਵਾਂਗ ਹੁੰਦਾ ਹੈ।
"ਪਿਆਰੀਏ, ਮੇਰੇ ਸਾਹਮਣੇ ਜ਼ਿੰਦਗੀ ਪਈ ਹੈ ਜਿਸਨੂੰ ਮੈਂ ਮਹਾਨਤਾ ਤੇ ਖੂਬਸੂਰਤੀ ਨਾਲ ਸਜਾ ਸਕਦਾ ਹਾਂ- ਇਕ ਜ਼ਿੰਦਗੀ ਜੋ ਸਾਡੀ ਪਹਿਲੀ ਮਿਲਣੀ ਨਾਲ ਸ਼ੁਰੂ ਹੋਈ ਅਤੇ ਜੋ ਸਦੀਵਤਾ ਤਕ ਨਿਭੇਗੀ।
"ਕਿਉਂਕਿ ਮੈਂ ਜਾਣਦਾ ਹਾਂ ਕਿ ਤੇਰੇ ਵਿਚ ਅਜਿਹੀ ਤਾਕਤ ਪੈਦਾ
ਕਰਨ ਦੀ ਸਮਰੱਥਾ ਹੈ ਜਿਸਦੀ ਖੁਦਾ ਨੇ ਮੇਰੇ ਉਤੇ ਮਿਹਰ ਕੀਤੀ ਹੈ, ਜੋ ਮਹਾਨ ਵਿਚਾਰਾਂ ਅਤੇ ਕਰਮਾਂ ਵਿਚ ਮੌਜੂਦ ਰਹਿਣੀ ਹੈ; ਜਿਵੇਂ ਕਿ ਸੂਰਜ ਖ਼ੁਸ਼ਬੂਦਾਰ ਫੁੱਲਾਂ ਨੂੰ ਜੀਵਨ ਦੇਂਦਾ ਹੈ।
"ਅਤੇ ਇਸ ਤਰ੍ਹਾਂ ਤੇਰੇ ਲਈ ਮੇਰਾ ਪਿਆਰ ਸਦਾ ਸੁਖਦਾਈ ਰਹੇਗਾ।"
ਨੌਜੁਆਨ ਉਠਿਆ ਧੀਮੇ ਜਿਹੇ ਤੇ ਸ਼ਰਧਾ ਪੂਰਵਕ ਢੰਗ ਨਾਲ ਕਮਰੇ ਵਿਚ ਤੁਰਨ ਲਗਾ। ਉਸਨੇ ਖਿੜਕੀ ਵਿਚੋਂ ਵੇਖਿਆ ਕਿ ਚੰਦਰਮਾ ਖਿਤਿਜ ਦੇ ਉਪਰ ਚੜ੍ਹ ਪਿਆ ਸੀ ਅਤੇ ਵਿਸ਼ਾਲ ਆਕਾਸ਼ ਨੂੰ ਆਪਣੀਆਂ ਪਿਆਰੀਆਂ ਤੇ ਠੰਡੀਆਂ ਰਿਸ਼ਮਾਂ ਨਾਲ ਰੁਸ਼ਨਾ ਰਿਹਾ ਸੀ।
ਉਹ ਫਿਰ ਆਪਣੇ ਮੇਜ਼ ਵਲ ਪਰਤਿਆ ਅਤੇ ਲਿਖਣ ਲਗਾ:
"ਮੁਆਫ਼ ਕਰੀਂ ਮੇਰੀ ਪ੍ਰੀਤਮਾ, ਮੈਂ ਤੇਰੇ ਨਾਲ ਦੂਜੇ ਵਿਅਕਤੀ ਵਜੋਂ ਗਲ ਕੀਤੀ। ਕਿਉਂਕਿ ਤੂੰ ਮੇਰਾ ਆਪਣਾ ਹੀ ਦੂਜਾ ਖੂਬਸੂਰਤ ਅੱਧ ਏਂ ਜਿਸਦੀ ਘਾਟ ਮੈਂ ਉਦੋਂ ਤੋਂ ਹੀ ਮਹਿਸੂਸ ਕਰਦਾ ਰਿਹਾ ਹਾਂ ਜਦੋਂ ਤੋਂ ਅਸੀਂ ਖ਼ੁਦਾ ਦੇ ਪਵਿਤਰ ਹੱਥਾਂ ਵਿਚੋਂ ਹੋਂਦ ਵਿਚ ਆਏ। ਮੈਨੂੰ ਮੁਆਫ਼ ਕਰੀਂ, ਮੇਰੀ ਪ੍ਰੀਤਮਾ।"
ਸਿਆਣਪ ਅਤੇ ਮੈਂ
ਰਾਤ ਦੀ ਚੁੱਪੀ ਵਿਚ ਸਿਆਣਪ ਮੇਰੇ ਕਮਰੇ ਵਿਚ ਆ ਕੇ ਮੇਰੇ ਬਿਸਤਰੇ ਕੋਲ ਖੜੀ ਹੋ ਗਈ, ਉਸਨੇ ਮਾਤਰੀ ਭਾਵ ਤੇ ਪਿਆਰ ਭਰੀਆਂ ਨਜ਼ਰਾਂ ਨਾਲ ਮੇਰੇ ਵਲ ਵੇਖਿਆ, ਮੇਰੇ ਹੰਝੂ ਪੂੰਝੇ ਤੇ ਕਹਿਣ ਲਗੀ:
"ਮੈਂ ਤੇਰੀ ਰੂਹ ਦੀ ਚੀਕ ਪੁਕਾਰ ਸੁਣੀ ਹੈ ਜਿਸ ਕਰਕੇ ਮੈਂ ਤੈਨੂੰ ਧੀਰਜ ਦੇਣ ਆਈ ਹਾਂ। ਆਪਣਾ ਦਿਲ ਮੇਰੇ ਕੋਲ ਖੋਹਲ, ਮੈਂ ਇਸਨੂੰ ਚਾਨਣ ਨਾਲ ਭਰ ਦਿਆਂਗੀ। ਪੁੱਛ, ਜੋ ਪੁੱਛਣਾ ਹੈ, ਮੈਂ ਤੈਨੂੰ ਸਚਾਈ ਦਾ ਰਾਹ ਵਿਖਾਵਾਂਗੀ।"
ਮੈਂ ਉਸਦੀ ਗਲ ਮੰਨ ਲਈ ਅਤੇ ਪੁਛਿਆ :
"ਕੌਣ ਹਾਂ ਮੈਂ, ਸਿਆਣਪੇ, ਅਤੇ ਮੈਂ ਇਸ ਡਰਾਉਣੀ ਥਾਂ 'ਤੇ ਕਿਵੇਂ ਆਇਆ? ਇਹ ਉਚੀਆਂ ਆਸ਼ਾਵਾਂ, ਪੁਸਤਕਾਂ ਦੇ ਭੰਡਾਰ ਅਤੇ ਅਜੀਬ ਜਿਹੇ ਆਕਾਰ ਕੀ ਹਨ? ਇਹ ਖ਼ਿਆਲ ਕੀ ਹਨ ਜੋ ਉਡਦੀਆਂ ਘੁੱਗੀਆਂ ਦੀ ਡਾਰ ਵਾਂਗ ਆਉਂਦੇ ਜਾਂਦੇ ਹਨ? ਇਹ ਸ਼ਬਦ ਕੀ ਹਨ ਜੋ ਅਸੀਂ ਉਤਸ਼ਾਹ ਨਾਲ ਵਿਉਂਤਬੰਧ ਕਰਦੇ ਅਤੇ ਖੁਸ਼ੀ ਨਾਲ ਲਿਖਦੇ ਹਾਂ? ਇਹ ਗ਼ਮਗੀਨ ਅਤੇ ਖੁਸ਼ੀ ਭਰੇ ਸਿੱਟੇ ਕੀ ਹਨ ਜੋ ਮੇਰੀ ਰੂਹ ਨੂੰ ਕਲਾਵੇ ਵਿਚ ਲੈਂਦੇ ਅਤੇ ਮੇਰੇ ਦਿਲ ਨੂੰ ਕਾਬੂ ਕਰ ਲੈਂਦੇ ਹਨ? ਇਹ ਕਿਸ ਦੇ ਨੈਣ ਹਨ ਜੋ ਮੇਰੇ ਵਲ ਇਕ ਟੱਕ ਵੇਖਦੇ ਅਤੇ ਮੇਰੀ ਰੂਹ ਦੇ ਧੁਰ ਅੰਦਰ ਨੂੰ ਵਿੰਨ੍ਹ ਜਾਂਦੇ ਹਨ ਅਤੇ ਫਿਰ ਵੀ ਮੇਰੇ ਦੁੱਖ ਦਾ ਭੁਲਾਵਾ ਹਨ? ਇਹ ਆਵਾਜ਼ਾਂ ਕੀ ਹਨ ਜੋ ਮੇਰੇ ਬੀਤੇ ਦਿਨਾਂ ਉਤੇ ਵਿਰਲਾਪ ਕਰਦੀਆਂ ਅਤੇ ਮੇਰੇ ਬਚਪਨ ਦੀਆਂ ਸਿਫਤਾਂ ਦੇ ਗੀਤ ਗਾਉਂਦੀਆਂ ਹਨ? ਇਹ ਕਿਹੜਾ ਨੌਜੁਆਨ ਹੈ ਜਿਹੜਾ ਮੇਰੀਆਂ ਭਾਵਨਾਵਾਂ ਨਾਲ ਖੇਡਦਾ ਅਤੇ ਇੱਛਾਵਾਂ ਦਾ ਮਜ਼ਾਕ ਉਡਾਉਂਦਾ ਹੈ, ਜੋ ਬੀਤੇ ਕਲ ਦੇ ਕਰਮਾਂ ਨੂੰ ਭੁੱਲ ਕੇ ਅਜ ਦੇ ਛੋਟੇਪਣ ਨਾਲ ਆਪਣੇ ਆਪ ਨੂੰ ਸੰਤੁਸ਼ਟ ਕਰਦਾ ਅਤੇ ਆਉਣ ਵਾਲੇ ਕਲ੍ਹ ਦੀ ਧੀਮੀ ਪਹੁੰਚ ਵਿਰੁਧ ਆਪਣੇ ਆਪ ਨੂੰ ਹਥਿਆਰਬੰਦ ਕਰਦਾ ਹੈ?
"ਇਹ ਡਰਾਉਣਾ ਸੰਸਾਰ ਕੀ ਹੈ ਜੋ ਮੈਨੂੰ ਗਤੀ ਵਿਚ ਰਖਦਾ ਅਤੇ ਅਨਜਾਣੀ ਧਰਤੀ ਵਲ ਲਿਜਾਂਦਾ ਹੈ?
"ਇਹ ਧਰਤੀ ਕੀ ਹੈ ਜੋ ਸਾਡੇ ਜਿਸਮਾਂ ਨੂੰ ਹੜਪ ਕਰਨ ਲਈ ਆਪਣਾ ਮੂੰਹ ਅੱਡੀ ਰਖਦੀ ਅਤੇ ਲਾਲਚ ਲਈ ਸਦੀਵੀ ਆਸਰਾ ਤਿਆਰ ਕਰਦੀ ਹੈ? ਇਹ ਕਿਹੜਾ ਆਦਮੀ ਹੈ ਜੋ ਤਕਦੀਰ ਦੀ ਕਿਰਪਾ ਤੇ ਸੰਤੁਸ਼ਟ ਰਹਿੰਦਾ ਅਤੇ ਜੀਵਨ ਦੇ ਹੋਠਾਂ ਤੋਂ ਚੁੰਮਣ ਦੀ ਯਾਚਨਾ ਕਰਦਾ ਹੈ ਜਦੋਂ ਕਿ ਮੌਤ ਉਸਦੇ ਚਿਹਰੇ ਨੂੰ ਆਪਣੇ ਸਾਏ ਹੇਠ ਲੈ ਲੈਂਦੀ ਹੈ? ਇਹ ਕਿਹੜਾ ਆਦਮੀ ਹੈ ਜੋ ਸਾਲਾਂ ਦੇ ਪਛਤਾਵੇ ਬਦਲੇ ਖੁਸ਼ੀ ਦਾ ਇਕ ਪਲ ਖਰੀਦਦਾ ਹੈ ਅਤੇ ਆਪਣੇ ਆਪ ਨੂੰ ਨੀਂਦ ਦੇ ਹਵਾਲੇ ਕਰ ਦੇਂਦਾ ਹੈ ਜਦੋਂ ਕਿ ਸੁਪਨੇ ਉਸਨੂੰ ਕਲਾਵੇ ਵਿਚ ਲੈਂਦੇ ਹਨ? ਇਹ ਕਿਹੜਾ ਮਨੁੱਖ ਹੈ ਜੋ ਅਗਿਆਨਤਾ ਦੀਆਂ ਲਹਿਰਾਂ ਉਤੇ ਤੈਰਦਾ ਹੋਇਆ ਹਨੇਰੇ ਦੀ ਖੱਡ ਵਲ ਜਾਂਦਾ ਹੈ? ਮੈਨੂੰ ਦੱਸ, ਸਿਆਣਪੇ, ਇਹ ਸਾਰੀਆਂ ਚੀਜਾਂ ਕੀ ਹਨ?
ਸਿਆਣਪ ਨੇ ਆਪਣੇ ਬੁਲ੍ਹ ਖੋਹਲੇ ਤੇ ਕਿਹਾ:
"ਮਨੁੱਖ ਤੂੰ ਖੁਦਾ ਦੀਆਂ ਅੱਖਾਂ ਨਾਲ ਸੰਸਾਰ ਨੂੰ ਵੇਖੇਂਗਾ ਅਤੇ ਮਨੁੱਖੀ ਵਿਚਾਰ ਰਾਹੀਂ ਭਵਿਖ ਦੇ ਭੇਦਾਂ ਨੂੰ ਜਾਣ ਜਾਏਂਗਾ। ਅਗਿਆਨਤਾ ਦਾ ਫਲ ਅਜਿਹਾ ਹੈ।
"ਖੇਤਾਂ ਵਲ ਜਾਹ ਅਤੇ ਵੇਖ ਕਿ ਕਿਵੇਂ ਮਧੂਮੱਖੀ ਫੁੱਲਾਂ ਦੀ ਮਿਠਾਸ ਉਤੇ ਮੰਡਰਾਂਦੀ ਅਤੇ ਇੱਲ ਆਪਣੇ ਸ਼ਿਕਾਰ ਉਤੇ ਝਪਟਦੀ ਹੈ। ਆਪਣੇ ਗੁਆਂਢੀ ਦੇ ਘਰ ਜਾ ਕੇ ਵੇਖ ਕਿਵੇਂ ਛੋਟਾ ਬੱਚਾ ਅੱਗ ਦੀ ਰੋਸ਼ਨੀ ਵਲ ਖਿਚਿਆ ਜਾਂਦਾ ਖੇਡਦਾ ਹੈ ਜਦੋਂ ਕਿ ਮਾਂ ਆਪਣੇ ਕੰਮਾਂ ਵਿਚ ਰੁਝੀ ਹੋਈ ਹੁੰਦੀ ਹੈ। ਮਧੂਮੱਖੀ ਵਾਂਗ ਬਣ ਅਤੇ ਇੱਲ ਦੀ ਨੀਅਤ ਵਲ ਵੇਖਦੇ ਹੋਏ ਆਪਣੇ ਚੰਗੇ ਦਿਨਾਂ ਨੂੰ ਬਰਬਾਦ ਨਾ ਕਰ। ਅੱਗ ਦੀ ਰੌਸ਼ਨੀ ਕੋਲ ਖੁਸ਼ੀ ਖੁਸ਼ੀ ਖੇਡਦੇ ਬੱਚੇ ਵਾਂਗ ਬਣ ਤੇ ਮਾਂ ਨੂੰ ਆਪਣਾ ਕੰਮ ਕਰਨ ਦੇਹ। ਜੋ ਕੁਝ ਵੀ ਤੂੰ ਵੇਖਦਾ ਏਂ, ਤੇਰਾ ਸੀ ਅਤੇ ਹੁਣ ਵੀ ਤੇਰਾ ਹੀ ਹੈ।
"ਅਨੇਕਾਂ ਪੁਸਤਕਾਂ ਅਤੇ ਅਜੀਬੋਗਰੀਬ ਆਕਾਰ ਅਤੇ ਤੇਰੇ ਆਲੇ ਦੁਆਲੇ ਦੇ ਪਿਆਰੇ ਵਿਚਾਰ ਉਹਨਾਂ ਆਤਮਾਵਾਂ ਦੇ ਭੂਤ ਹਨ ਜੋ
ਤੇਰੇ ਸਨਮੁੱਖ ਰਹੇ ਹਨ। ਤੇਰੇ ਬੁਲ੍ਹਾਂ ਵਿਚੋਂ ਨਿਕਲੇ ਹੋਏ ਲਫ਼ਜ਼ ਅਜਿਹੀ ਮਾਲਾ ਹੈ ਜੋ ਤੈਨੂੰ ਅਤੇ ਤੇਰੇ ਸਾਥੀਆਂ ਨੂੰ ਆਪਸ ਵਿਚ ਜੋੜਦੀ ਹੈ। ਗਮਗੀਨ ਅਤੇ ਖੁਸ਼ੀ ਭਰੇ ਵਿਚਾਰ ਬੀਤੇ ਕਲ ਰਾਹੀਂ ਤੇਰੀ ਰੂਹ ਦੇ ਖੇਤ ਵਿਚ ਬੀਜੀ ਹੋਈ ਫਸਲ ਹੈ ਜਿਹਨਾਂ ਦੀ ਕਟਾਈ ਭਵਿਖ ਵਿਚ ਕੀਤੀ ਜਾਣੀ ਹੈ।
"ਤੇ ਜੁਆਨੀ, ਜੋ ਤੇਰੀਆਂ ਇੱਛਾਵਾਂ ਨਾਲ ਖੇਡਦੀ ਹੈ ਉਹੀ ਹੈ ਜੋ ਪ੍ਰਕਾਸ਼ ਦੇ ਪ੍ਰਵੇਸ਼ ਕਰਨ ਵਾਸਤੇ ਤੇਰੇ ਦਿਲ ਦਾ ਦਰਵਾਜ਼ਾ ਖੋਹਲੇਗੀ। ਧਰਤੀ, ਜੋ ਮਨੁੱਖ ਅਤੇ ਉਸਦੇ ਕਾਰਜਾਂ ਨੂੰ ਹੱੜਪ ਕਰਨ ਲਈ ਆਪਣਾ ਮੂੰਹ ਅੱਡੀ ਰਖਦੀ ਹੈ, ਸਾਡੀਆਂ ਰੂਹਾਂ ਨੂੰ ਸਰੀਰਾਂ ਚੋਂ ਮੁਕਤੀ ਦਿਵਾਉਂਦੀ ਹੈ।
"ਸੰਸਾਰ, ਜੋ ਤੇਰੇ ਨਾਲ ਗਤੀ ਵਿਚ ਹੈ ਤੇਰਾ ਦਿਲ ਹੀ ਹੈ ਜੋ ਆਪਣੇ ਆਪ ਵਿਚ ਸੰਸਾਰ ਹੈ; ਅਤੇ ਮਨੁੱਖ ਜਿਸਨੂੰ ਤੂੰ ਛੋਟਾ ਤੇ ਅਗਿਆਨੀ ਸਮਝਦਾ ਏਂ ਖ਼ੁਦਾ ਦਾ ਪੈਗੰਬਰ ਹੈ ਜੋ ਗ਼ਮ ਵਿਚੋਂ ਜੀਵਨ ਦੀ ਖੁਸ਼ੀ ਦਾ ਤੇ ਅਗਿਆਨਤਾ ਵਿਚੋਂ ਗਿਆਨ ਗ੍ਰਹਿਣ ਕਰਨ ਦਾ ਸਬਕ ਸਿਖਣ ਆਇਆ ਹੈ।"
ਇਹ ਕਹਿਕੇ ਸਿਆਣਪ ਨੇ ਮੇਰੇ ਮੱਥੇ ਉਤੇ ਹੱਥ ਰਖਿਆ ਤੇ ਕਹਿਣ ਲਗੀ-
"ਅਗੇ ਵਧਦਾ ਰਹਿ। ਰੁੱਕ ਨਾ। ਅੱਗੇ ਵਧਣਾ ਸੰਪੂਰਨਤਾ ਵਲ ਵਧਣਾ ਹੈ। ਅੱਗ ਵੱਧ, ਜੀਵਨ ਪੰਧ ਵਿਚ ਆਉਂਦੇ ਤਿੱਖੇ ਪੱਥਰਾਂ ਅਤੇ ਕੰਡਿਆਂ ਤੋਂ ਨਾ ਡਰ।"
ਦੋ ਸ਼ਹਿਰ
ਜ਼ਿੰਦਗੀ ਨੇ ਮੈਨੂੰ ਆਪਣੇ ਖੰਭਾਂ ਉਤੇ ਚੁਕਿਆ ਅਤੇ ਜੁਆਨੀ ਦੇ ਸਿਖਰ ਉਤੇ ਲੈ ਗਈ। ਫਿਰ ਉਸਨੇ ਆਪਣੇ ਪਿੱਛੇ ਵੱਲ ਨੂੰ ਹੱਥ ਨਾਲ ਇਸ਼ਾਰਾ ਕੀਤਾ। ਮੈਂ ਪਿੱਛੇ ਵਲ ਝਾਤੀ ਮਾਰੀ ਜਿਥੇ ਇਕ ਅਜੀਬ ਜਿਹਾ ਸ਼ਹਿਰ ਦਿਖਾਈ ਦਿਤਾ ਜਿਥੋਂ ਭੂਤਾਂ ਵਾਂਗ ਧੀਮੇ ਜਿਹੇ ਹਿਲਦਾ ਵੱਡੇ ਇੱਕਠ ਦਾ ਗਹਿਰਾ ਧੂੰਆਂ ਜਿਹਾ ਉਠਿਆ। ਬੱਦਲਾਂ ਦੀ ਪਤਲੀ ਜਿਹੀ ਪਰਤ ਨੇ ਸ਼ਹਿਰ ਨੂੰ ਮੇਰੀਆਂ ਨਜ਼ਰਾਂ ਤੋਂ ਓਹਲੇ ਕਰ ਦਿਤਾ ਸੀ।
ਕੁਝ ਪਲ ਦੀ ਚੁੱਪ ਪਿਛੋਂ, ਮੈਂ ਹੈਰਾਨੀ ਨਾਲ ਪੁਛਿਆ "ਇਹ ਮੈਂ ਕੀ ਵੇਖ ਰਿਹਾ ਹਾਂ, ਜ਼ਿੰਦਗੀ?"
ਜ਼ਿੰਦਗੀ ਨੇ ਉੱਤਰ ਦਿਤਾ: "ਇਹ ਬੀਤੇ ਕਲ੍ਹ ਦਾ ਸ਼ਹਿਰ ਹੈ ਇਸ ਵਲ ਵੇਖ ਅਤੇ ਵਿਚਾਰ ਕਰ।"
ਮੈਂ ਇਸ ਹੈਰਾਨਕੁੰਨ ਨਜ਼ਾਰੇ ਵਲ ਵੇਖਿਆ ਅਤੇ ਮੈਨੂੰ ਕਈ ਚੀਜ਼ਾਂ ਅਤੇ ਦ੍ਰਿਸ਼ ਦਿਖਾਈ ਦਿਤੇ, ਅਦਾਲਤਾਂ ਦੇ ਫ਼ੈਸਲਿਆਂ ਤੇ ਸਜ਼ਾਵਾਂ ਦੇਣ ਲਈ ਬਣਾਏ ਗਏ ਹਾਲ ਕਮਰੇ ਅਗਿਆਨਤਾ ਦੇ ਖੰਭਾਂ ਹੇਠ ਦੈਂਤਾਂ ਵਾਂਗ ਖੜ੍ਹੇ, ਪਾਰਥਨਾ ਕਰਨ ਲਈ ਬਣੇ ਮੰਦਰ ਜਿਹਨਾਂ ਦੇ ਆਲੇ ਦੁਆਲੇ ਘੁੰਮਦੀਆਂ ਆਤਮਾਵਾਂ ਨਿਰਾਸ਼ਾ ਕਾਰਨ ਚੀਕ ਪੁਕਾਰ ਕਰਦੀਆਂ ਅਤੇ ਆਸ ਦੇ ਗੀਤ ਗਾਉਂਦੀਆਂ ਸਨ। ਮੈਂ ਧਰਮ ਤੇ ਵਿਸ਼ਵਾਸ ਨਾਲ ਬਣਾਏ ਚਰਚ ਵੀ ਵੇਖੇ ਜੇ ਸ਼ੰਕਾ ਨੇ ਤਬਾਹ ਕਰ ਦਿਤੇ ਸਨ। ਮੈਂ ਵਿਚਾਰਾਂ ਦੇ ਮੀਨਾਰ ਵੀ ਵੇਖੇ ਜਿਹਨਾਂ ਦੇ ਸਿਰ ਭਿਖਾਰੀਆਂ ਦੀਆਂ ਬਾਹਵਾਂ ਵਾਂਗ ਉਪਰ ਨੂੰ ਉਠੇ ਹੋਏ ਸਨ, ਮੈਂ ਘਾਟੀਆਂ ਵਿਚ ਫੈਲੇ ਦਰਿਆਵਾਂ ਵਾਂਗ ਇੱਛਾਵਾਂ ਦੇ ਖੁੱਲ੍ਹੇ ਸਥਾਨ ਵੀ ਵੇਖੇ; ਭੇਦਾਂ ਦੇ ਸਟੋਰ ਕਮਰੇ, ਭੇਦੀ ਜਿਨ੍ਹਾਂ ਦੇ ਮੰਤਰੀ ਅਤੇ ਰੌਲਾ ਪਾਉਂਦੇ ਚੋਰ ਉਹਨਾਂ ਨੂੰ ਲੁੱਟੀ ਜਾਂਦੇ ਵੇਖੇ: ਬਹਾਦਰਾਂ ਰਾਹੀਂ ਉਸਾਰੇ ਹੋਏ ਤਾਕਤ ਦੇ ਮੀਨਾਰ ਅਤੇ ਡਰ ਨਾਲ ਤਬਾਹ ਹੋਏ; ਨੀਚ ਰਾਹੀਂ ਸ਼ਿੰਗਾਰੇ ਅਤੇ ਚੌਕਸੀ ਰਾਹੀਂ ਬਰਬਾਦ ਕੀਤੇ ਹੋਏ ਸੁਪਨਿਆਂ ਦੇ ਮੱਠ ਵੇਖੇ: ਸਾਧਾਰਨ ਝੋਪੜੀਆਂ ਵੇਖੀਆਂ ਜਿਥੇ
ਕਮਜ਼ੋਰ ਇਨਸਾਨ ਵਸਦੇ; ਇਕਾਂਤ ਅਤੇ ਆਪ ਨਕਾਰੀਆਂ ਹੋਈਆਂ ਮਸਜਿਦਾਂ ਵੇਖੀਆਂ, ਬੁਧੀਮਾਨਤਾ ਰਾਹੀਂ ਰੁਸ਼ਨਾਏ ਅਤੇ ਅਗਿਆਨਤਾ ਰਾਹੀ ਧੁੰਦਲਾਏ ਹੋਏ ਵਿਦਿਅਕ ਅਦਾਰ ਵੇਖੇ; ਪਿਆਰ ਦੇ ਸ਼ਰਾਬਖਾਨੇ, ਜਿਥੇ ਪ੍ਰੇਮੀ ਸ਼ਰਾਬੀ ਹੋਏ ਤੇ ਥੋਥਾਪਨ ਉਹਨਾਂ ਦਾ ਮਜ਼ਾਕ ਉਡਾਂਦੇ ਵੇਖੇ; ਥੀਏਟਰ ਵੇਖੇ ਜਿਹਨਾਂ ਦੀ ਸਟੇਜ ਉਤੇ ਜਿੰਦਗੀ ਅਸਲੀਅਤ ਤੋਂ ਵੱਖਰੀ ਹੋ ਕੇ ਖੇਡ ਖੇਡੇ ਅਤੇ ਮੌਤ ਜ਼ਿੰਦਗੀ ਦੇ ਦੁਖਾਂਤਾਂ ਨੂੰ ਆਪਣੇ ਘੇਰੇ 'ਚੋਂ ਬਾਹਰ ਕਢ ਦੇਵੇ।
ਅਜਿਹਾ ਹੈ ਅਤੀਤ ਦਾ ਸ਼ਹਿਰ ਜੋ ਵੇਖਣ ਵਿਚ ਬਹੁਤ ਦੂਰ ਪਰ ਹਕੀਕਤ ਵਿਚ ਗਹਿਰੇ ਬੱਦਲਾਂ ਵਿਚੋਂ ਬਹੁਤ ਨੇੜੇ ਦਿਸਦਾ ਭਾਵੇਂ ਮੱਧਮ ਜਿਹਾ।
ਫਿਰ ਜਿੰਦਗੀ ਮੇਰੇ ਵਲ ਮੁੜੀ ਤੇ ਕਹਿਣ ਲਗੀ।
"ਮੇਰੇ ਪਿੱਛੇ ਪਿੱਛੇ ਆ ਜਾ। ਅਸੀ ਇਥੇ ਬਹੁਤ ਦੇਰ ਰੁੱਕ ਗਏ ਹਾਂ।" ਮੈਂ ਉੱਤਰ ਦਿਤਾ, "ਅਸੀਂ ਕਿਧਰ ਜਾ ਰਹੇ ਹਾਂ, ਜ਼ਿੰਦਗੀ?"
ਅਤੇ ਜ਼ਿੰਦਗੀ ਬੋਲੀ, "ਅਸੀਂ ਭਵਿੱਖ ਦੇ ਸ਼ਹਿਰ ਵਲ ਜਾ ਰਹੇ ਹਾਂ।" ਤੇ ਮੈਂ ਕਿਹਾ, "ਜ਼ਿੰਦਗੀ ਮੇਰੇ ਉਤੇ ਰਹਿਮ ਕਰ, ਮੈਂ ਬਹੁਤ ਥੱਕ ਗਿਆ ਹਾਂ, ਮੇਰੇ ਪੈਰਾਂ ਵਿਚ ਜ਼ਖ਼ਮ ਹੋ ਗਏ ਹਨ, ਮੇਰੇ ਵਿਚੋਂ ਸਾਹ ਸੱਤ ਮੁੱਕ ਗਿਆ ਹੈ।"
ਪਰ ਜ਼ਿੰਦਗੀ ਨੇ ਉੱਤਰ ਦਿਤਾ, "ਤੁਰਦਾ ਰਹਿ, ਮੇਰੇ ਦੋਸਤ। ਰੁਕਣਾ ਕਾਇਰਤਾ ਹੈ। ਹਮੇਸ਼ਾਂ ਲਈ ਅਤੀਤ ਦੇ ਸ਼ਹਿਰ ਵਲ ਵੇਖਦੇ ਰਹਿਣਾ ਮੂਰਖਤਾ ਹੈ: ਵੇਖ, ਭਵਿੱਖ ਦਾ ਸ਼ਹਿਰ ਹੱਥ ਹਿਲਾ ਕੇ ਖੁਸ਼ਾਮਦੀਦ ਕਹਿ ਰਿਹਾ ਹੈ...।
ਪ੍ਰਕ੍ਰਿਤੀ ਅਤੇ ਮਨੁੱਖ
ਪ੍ਰਭਾਤ ਵੇਲੇ ਮੈਂ ਖੇਤ ਵਿਚ ਬੈਠਾ ਪ੍ਰਕ੍ਰਿਤੀ ਨਾਲ ਗੱਲਾਂ ਕਰ ਰਿਹਾ ਸਾਂ, ਜਦੋਂ ਕਿ ਮਨੁੱਖ ਡੂੰਘੀ ਤੇ ਸ਼ਾਂਤ ਨੀਂਦ ਦੇ ਪਰਦੇ ਹੇਠ ਆਰਾਮ ਕਰ ਰਿਹਾ ਸੀ। ਮੈਂ ਹਰੀ ਭਰੀ ਘਾਹ ਉਤੇ ਲੇਟਿਆ ਇਹਨਾਂ ਸੁਆਲਾਂ ਬਾਰੇ ਧਿਆਨ ਮਗਨ ਹੋ ਕੇ ਵਿਚਾਰ ਕਰ ਰਿਹਾ ਸੀ: "ਕੀ ਸਚਾਈ ਖੂਬਸੂਰਤੀ ਹੈ? ਕੀ ਖੂਬਸੂਰਤੀ ਸਚਾਈ ਹੈ?'
ਆਪਣੇ ਵਿਚਾਰਾਂ ਵਿਚ ਮਗਨ ਮੈਂ ਆਪਣੇ ਆਪ ਨੂੰ ਮਨੁੱਖਤਾ ਤੋਂ ਬਹੁਤ ਪਰ੍ਹੇ ਮਹਿਸੂਸ ਕੀਤਾ ਅਤੇ ਕਲਪਨਾ ਨੇ ਭੁਲੇਖੇ ਦਾ ਪਰਦਾ ਚੁੱਕ ਦਿਤਾ ਜਿਸ ਹੇਠ ਮੇਰਾ ਅੰਤਰੀਵ ਸ੍ਵੈ ਛੁਪਿਆ ਹੋਇਆ ਸੀ। ਮੇਰੀ ਰੂਹ ਚਾਨਣ ਚਾਨਣ ਹੋਈ ਅਤੇ ਮੈਂ ਪ੍ਰਕ੍ਰਿਤੀ ਅਤੇ ਇਸਦੇ ਭੇਦਾਂ ਦੇ ਨੇੜੇ ਹੋਇਆ ਅਤੇ ਮੇਰੇ ਕੰਨ ਉਸਦੇ ਅਜੂਬਿਆਂ ਦੀ ਭਾਸ਼ਾ ਸੁਨਣ ਲਗੇ।
ਜਿਉਂ ਹੀ ਮੈਂ ਵਿਚਾਰਾ ਵਿਚ ਡੁਬਿਆ ਹੋਇਆ ਸਾਂ, ਰੁਮਕਦੀ ਹਵਾ ਦਰਖ਼ਤਾਂ ਦੀਆਂ ਟਾਹਣੀਆਂ ਵਿਚੋਂ ਦੀ ਲੰਘੀ ਅਤੇ ਮੈਨੂੰ ਲਗਿਆ ਜਿਵੇਂ ਕੋਈ ਭਟਕਦਾ ਯਤੀਮ ਬੱਚਾ ਹਉਕੇ ਭਰ ਰਿਹਾ ਹੋਵੇ।
"ਐ ਮੱਧਮ ਰੁਮਕਦੀ ਹਵਾ, ਤੂੰ ਹਉਕੇ ਕਿਉਂ ਭਰ ਰਹੀ ਏਂ?" ਮੈਂ ਪੁਛਿਆ।
ਅਤੇ ਪ੍ਰਭਾਤ ਦੀ ਹਵਾ ਦਾ ਉੱਤਰ ਸੀ "ਕਿਉਂਕਿ ਮੈਂ ਉਸ ਸ਼ਹਿਰ ਵਿਚੋਂ ਆਈ ਹਾਂ ਜੋ ਸੂਰਜ ਦੀ ਗਰਮੀ ਨਾਲ ਤਪਿਆ ਹੋਇਆ ਹੈ, ਅਤੇ ਪਲੇਗ ਤੇ ਅਪਵਿਤਰਤਾ ਦੇ ਅੰਸ਼ਾਂ ਨੇ ਮੇਰੇ ਪਵਿਤਰ ਕਪੜਿਆਂ ਨੂੰ ਲਬੇੜ ਦਿਤਾ ਹੈ। ਕੀ ਤੂੰ ਮੇਰੇ ਉਤੇ ਦੁਖੀ ਹੋਣ ਦਾ ਦੋਸ਼ ਲਗਾ ਸਕਦਾ ਏਂ?"
ਫਿਰ ਫੁੱਲਾਂ ਦੇ ਹੰਝੂਆਂ ਦੀਆਂ ਲਾਸ਼ਾਂ ਭਰੇ ਚਿਹਰਿਆਂ ਨੂੰ ਤਕਿਆ ਅਤੇ ਉਹਨਾਂ ਦਾ ਧੀਮਾ ਧੀਮਾ ਵਿਰਲਾਪ ਸੁਣਿਆ ਅਤੇ ਮੈਂ ਉਹਨਾ ਨੂੰ ਪੁਛਿਆ, "ਮੇਰੇ ਪਿਆਰੇ ਜਿਹੇ ਫੁੱਲੋ, ਤੁਸੀਂ ਕਿਉ ਰੋ ਰਹੇ ਹੋ?"
ਇਕ ਫੁੱਲ ਨੇ ਆਪਣਾ ਸੂਖਮ ਜਿਹਾ ਸਿਰ ਉੱਚਾ ਚੁਕਿਆ ਅਤੇ ਬੁੜਬੁੜਾਇਆ, "ਅਸੀਂ ਇਸ ਲਈ ਰੋਂਦੇ ਹਾਂ ਕਿ ਮਨੁੱਖ ਆ ਕੇ ਸਾਨੂੰ ਤੋੜ ਲਵੇਗਾ ਅਤੇ ਸ਼ਹਿਰ ਦੀ ਮੰਡੀ ਵਿਚ ਵੇਚਣ ਲਈ ਪੇਸ਼ ਕਰ ਦੇਵੇਗਾ।"
ਅਤੇ ਇਕ ਹੋਰ ਫੁੱਲ ਬੋਲਿਆ, "ਸ਼ਾਮ ਨੂੰ ਜਦੋਂ ਅਸੀਂ ਮੁਰਝਾ ਜਾਵਾਂਗੇ, ਉਹ ਸਾਨੂੰ ਕੂੜੇ ਦੇ ਢੇਰ ਉਤੇ ਸੁੱਟ ਦੇਵੇਗਾ। ਅਸੀਂ ਰੋਂਦੇ ਹਾਂ ਕਿਉਂਕਿ ਮਨੁੱਖ ਦਾ ਜ਼ਾਲਮ ਹੱਥ ਸਾਨੂੰ ਸਾਡੇ ਅਸਲ ਟਿਕਾਣੇ ਤੋਂ ਉਖੇੜ ਸੁੱਟਦਾ ਹੈ।"
ਇਸੇ ਤਰ੍ਹਾਂ ਮੈਂ ਇਕ ਨਿੱਕੀ ਨਦੀ ਨੂੰ ਇਕ ਵਿਧਵਾ ਵਾਂਗ ਆਪਣੇ ਮਰ ਚੁੱਕੇ ਬੱਚੇ 'ਤੇ ਵਿਰਲਾਪ ਕਰਦੀ ਸੁਣਿਆ ਤਾਂ ਮੈਂ ਪੁਛਿਆ, "ਮੇਰੀ ਮਾਸੂਮ ਪਵਿਤਰ ਨਦੀਏ ਤੂੰ ਕਿਉਂ ਰੋ ਰਹੀ ਏਂ?"
ਤੇ ਨਦੀ ਨੇ ਦੁਖੀ ਜਿਹੇ ਹੋ ਕੇ ਜੁਆਬ ਦਿਤਾ,"ਕਿਉਂਕਿ ਮੈਨੂੰ ਸ਼ਹਿਰ ਵਲ ਜਾਣ ਲਈ ਮਜ਼ਬੂਰ ਕੀਤਾ ਜਾਂਦਾ ਹੈ ਜਿਥੇ ਮਨੁੱਖ ਮੇਰਾ ਨਿਰਾਦਰ ਕਰਦਾ ਹੈ ਅਤੇ ਨਸ਼ੀਲੇ ਪਦਾਰਥਾਂ ਲਈ ਆਪਣਾ ਗੰਦ ਮੰਦ ਸਾਫ਼ ਕਰਨ ਲਈ ਮੇਰੀ ਵਰਤੋਂ ਕਰਦਾ ਹੈ, ਇਸ ਤਰ੍ਹਾਂ ਮੇਰੀ ਪਵਿਤਰਤਾ ਨੂੰ ਦੂਸ਼ਿਤ ਕਰਕੇ ਚੰਗਿਆਈ ਨੂੰ ਗੰਦ ਵਿਚ ਬਦਲ ਦਿੰਦਾ ਹੈ।
ਫਿਰ ਮੈਂ ਪੰਛੀਆਂ ਨੂੰ ਦੁਖੀ ਹੁੰਦੇ ਵੇਖਿਆ ਅਤੇ ਪੁਛਿਆ,"ਮੇਰੇ ਖੂਬਸੂਰਤ ਪਰਿੰਦਿਓ, ਤੁਸੀਂ ਕਿਉਂ ਰੋਂਦੇ ਹੋ?" ਤੇ ਉਹਨਾਂ ਵਿਚੋਂ ਇਕ ਉੱਡ ਕੇ ਮੇਰੇ ਨੇੜੇ ਆਇਆ ਅਤੇ ਟਾਹਣੀ ਦੀ ਟੀਸੀ ਉਤੇ ਬੈਠਕੇ ਦਸਣ ਲਗਾ,"ਆਦਮ ਦੇ ਪੁੱਤਰ ਹੁਣੇ ਆਪਣੇ ਭਿਅੰਕਰ ਹਥਿਆਰ ਲੈਕੇ ਖੇਤਾਂ ਵਿਚ ਆਉਣਗੇ ਅਤੇ ਸਾਡੇ ਉਤੇ ਇੰਜ ਵਾਰ ਕਰਨਗੇ ਜਿਵੇਂ
ਅਸੀਂ ਉਹਨਾਂ ਦੇ ਜਾਨੀ ਦੁਸ਼ਮਨ ਹੋਈਏ। ਹੁਣ ਅਸੀਂ ਸਾਰੇ ਇਕ ਦੂਜੇ ਨੂੰ ਅਲਵਿਦਾ ਕਹਿ ਰਹੇ ਹਾਂ ਕਿਉਂਕਿ ਸਾਨੂੰ ਨਹੀਂ ਪਤਾ ਸਾਡੇ ਵਿਚੋਂ ਕੌਣ ਮਨੁੱਖ ਦੇ ਕ੍ਰੋਧ ਤੋਂ ਬਚੇਗਾ। ਅਸੀਂ ਜਿਥੇ ਵੀ ਜਾਂਦੇ ਹਾਂ ਮੌਤ ਸਾਡਾ ਪਿਛਾ ਕਰਦੀ ਹੈ।
ਹੁਣ ਪਹਾੜ ਦੀ ਚੋਟੀ ਦੇ ਪਿੱਛੋਂ ਸੂਰਜ ਉੱਚਾ ਉਠਿਆ ਅਤੇ ਸੁਨਹਿਰੀ ਕਿਰਨਾਂ ਨਾਲ ਟਾਹਣੀਆਂ ਦੀਆਂ ਕਰੂੰਬਲਾਂ ਨੂੰ ਰੁਸ਼ਨਾਉਣ ਲਗਾ। ਮੈਂ ਇਸ ਖੂਬਸੂਰਤੀ ਦੇ ਦਰਸ਼ਨ ਕੀਤੇ ਅਤੇ ਆਪਣੇ ਆਪ ਨੂੰ ਪੁਛਿਆ, "ਮਨੁੱਖ ਉਹ ਸਭ ਕੁਝ ਤਬਾਹ ਕਰਦਾ ਹੈ ਜਿਸਨੂੰ ਪ੍ਰਕ੍ਰਿਤੀ ਨੇ ਪੈਦਾ ਕੀਤਾ ਹੈ।"
ਜਾਦੂਗਰਨੀ
ਉਹ ਔਰਤ ਜਿਸਨੂੰ ਮੇਰੇ ਦਿਲ ਨੇ ਚਾਹਿਆ ਹੈ ਕਲ੍ਹ ਇਸ ਇਕਾਂਤ ਕਮਰੇ ਵਿਚ ਬੈਠੀ ਮਖ਼ਮਲੀ ਕਾਊਚ ਉਤੇ ਆਰਾਮ ਕਰ ਰਹੀ ਸੀ। ਇਹਨਾਂ ਬਲੌਰੀ ਕੱਪਾਂ ਵਿਚੋਂ ਉਹ ਪੁਰਾਣੀ ਸ਼ਰਾਬ ਦੇ ਘੁੱਟ ਭਰ ਰਹੀ ਸੀ।
ਇਹ ਬੀਤੇ ਕਲ੍ਹ ਦਾ ਸੁਪਨਾ ਹੈ, ਜਿਸ ਔਰਤ ਨੂੰ ਮੇਰੇ ਦਿਲ ਨੇ ਪਿਆਰ ਕੀਤਾ ਸੀ, ਬਹੁਤ ਦੂਰ ਚਲੀ ਗਈ ਹੈ- ਭੁਲਾਵੇ ਅਤੇ ਥੋਥੇਪਨ ਦੀ ਧਰਤੀ 'ਤੇ।
ਉਸਦੀਆਂ ਉਂਗਲਾਂ ਦੇ ਨਿਸ਼ਾਨ ਹਾਲਾਂ ਵੀ ਮੇਰੇ ਸ਼ੀਸ਼ੇ ਉਤੇ ਹਨ ਅਤੇ ਉਸਦੇ ਸਾਹਾਂ ਦੀ ਖ਼ੁਸ਼ਬੂ ਅਜੇ ਵੀ ਮੇਰੇ ਕਪੜਿਆਂ ਦੀਆਂ ਤਹਿਆਂ ਵਿਚ ਹੈ, ਉਸਦੀ ਮਿੱਠੀ ਆਵਾਜ਼ ਦੀ ਗੂੰਜ ਇਸ ਕਮਰੇ ਵਿਚ ਸੁਣੀ ਜਾ ਸਕਦੀ ਹੈ।
ਮੇਰੇ ਦਿਲ ਦੀ ਰਾਣੀ ਜਿਸਨੂੰ ਮੈਂ ਪਿਆਰ ਕੀਤਾ ਇਕ ਦੂਰ ਦੁਰਾਡ਼ੀ ਥਾਂ ਚਲੀ ਗਈ ਹੈ ਜਿਸਨੂੰ ਬਨਵਾਸ ਤੇ ਭੁਲਾਵੇ ਦੀ ਘਾਟੀ ਕਿਹਾ ਜਾਂਦਾ ਹੈ।
ਮੇਰੇ ਬਿਸਤਰੇ ਦੇ ਨੇੜੇ ਉਸ ਔਰਤ ਦਾ ਚਿਤਰ ਲਟਕ ਰਿਹਾ ਹੈ। ਉਸਦੇ ਹੱਥਾਂ ਦੇ ਲਿਖੇ ਹੋਏ ਪੱਤਰ ਮੈਂ ਹੀਰੇ ਪੰਨੇ ਨਾਲ ਜੜੇ ਚਾਂਦੀ ਦੇ ਬਕਸੇ ਵਿਚ ਸੰਭਾਲ ਕੇ ਰਖੇ ਹੋਏ ਹਨ। ਅਤੇ ਇਹ ਸਾਰੀਆਂ ਚੀਜ਼ਾਂ ਭਵਿੱਖ ਤਕ ਮੇਰੇ ਨਾਲ ਰਹਿਣਗੀਆਂ ਜਦੋਂ ਕਿ ਹਵਾ ਉਹਨਾਂ ਨੂੰ ਭੁਲਾਵੇ ਦੀ ਦੁਨੀਆ ਵਿਚ ਉਡਾ ਕੇ ਲੈ ਜਾਏਗੀ ਜਿਥੇ ਕੇਵਲ ਗੂੰਗੀ ਚੁੱਪ ਦਾ ਰਾਜ਼ ਹੈ।
ਔਰਤ ਜਿਸਨੂੰ ਮੈਂ ਪਿਆਰ ਕੀਤਾ ਉਹਨਾਂ ਔਰਤਾਂ ਵਾਂਗ ਹੀ ਹੈ ਜਿਹਨਾਂ ਨੂੰ ਤੁਸੀਂ ਦਿਲ ਦਿਤੇ ਹਨ। ਉਹ ਸਚਮੁਚ ਹੀ ਬਹੁਤ ਖੂਬਸੂਰਤ ਹੈ, ਜਿਵੇਂ ਖ਼ੁਦਾ ਨੇ ਉਸਨੂੰ ਆਪਣੇ ਹੱਥਾਂ ਨਾਲ ਘੜਿਆ ਹੋਵੇ, ਏਨੀ ਨਿਮਾਣੀ ਜਿਹੀ ਜਿਵੇਂ ਘੁੱਗੀ ਹੋਵੇ, ਏਨੀ ਕਪਟੀ ਜਿਵੇਂ ਸੱਪ, ਏਨੀ
ਪਿਆਰੀ ਜਿਵੇਂ ਚਿੱਟੀ ਹੰਸਣੀ ਅਤੇ ਡਰਪੋਕ ਜਿਵੇਂ ਕਾਲੀ ਰਾਤ ਹੋਵੇ। ਉਹ ਮੁੱਠੀ ਭਰ ਮਿੱਟੀ ਅਤੇ ਚੁੰਜ ਭਰ ਸਮੁੰਦਰ ਦੀ ਝੱਗ ਤੋਂ ਬਣੀ ਹੋਈ ਹੈ।
ਮੈਂ ਇਸ ਔਰਤ ਨੂੰ ਬਚਪਨ ਤੋਂ ਜਾਣਦਾ ਹਾਂ। ਮੈਂ ਖੇਤਾਂ ਤਕ ਉਸਦਾ ਪਿੱਛਾ ਕੀਤਾ ਅਤੇ ਜਦੋਂ ਉਹ ਸ਼ਹਿਰ ਦੀਆਂ ਗਲੀਆਂ ਵਿਚ ਤੁਰਦੀ ਤਾਂ ਮੈਂ ਉਸਦੇ ਗਾਊਨ ਦਾ ਪੱਲਾ ਫੜਕੇ ਚਲਦਾ।
ਮੈਂ ਉਸਨੂੰ ਆਪਣੀ ਜੁਆਨੀ ਦੇ ਦਿਨਾਂ ਤੋਂ ਜਾਣਦਾ ਹਾਂ, ਅਤੇ ਮੈਂ ਜੋ ਕਿਤਾਬਾਂ ਪੜ੍ਹੀਆਂ ਉਹਨਾਂ ਪੰਨਿਆਂ ਵਿਚ ਉਸਦੇ ਚਿਹਰੇ ਦੇ ਪਰਛਾਵੇਂ ਨੂੰ ਵੇਖਿਆ। ਮੈਂ ਸੂਖਮ ਨਦੀ ਦੀ ਕਲਕਲ ਵਿਚੋਂ ਉਸਦੀ ਇਲਾਹੀ ਆਵਾਜ਼ ਸੁਣੀ ਹੈ।
ਉਸ ਅਗੇ ਮੈਂ ਆਪਣੇ ਦਿਲ ਦੀ ਅਸੰਤੁਸ਼ਟਤਾ ਅਤੇ ਰੂਹ ਦੇ ਭੇਦ ਖੋਹਲੇ।
ਉਹ ਔਰਤ ਜਿਸਨੂੰ ਮੇਰੇ ਦਿਲ ਨੇ ਚਾਹਿਆ, ਉਹ ਸਰਦ, ਵੀਰਾਨ ਅਤੇ ਦੂਰ ਦੁਰਾਡੇ ਦੀ ਧਰਤੀ-ਖਲਾਅ ਅਤੇ ਭੁਲਾਵੇ ਦੇ ਦੇਸ਼ ਚਲੀ ਗਈ ਹੈ।
ਉਹ ਔਰਤ ਜਿਸਨੂੰ ਮੇਰੇ ਦਿਲ ਨੇ ਪਿਆਰਿਆ ਹੈ, ਨੂੰ ਜ਼ਿੰਦਗੀ ਕਹਿੰਦੇ ਹਨ। ਉਹ ਖੂਬਸੂਰਤ ਹੈ ਅਤੇ ਸਾਰੇ ਦਿਲਾਂ ਨੂੰ ਮੋਹ ਲੈਂਦੀ ਹੈ। ਉਹ ਸਾਡੇ ਜੀਵਨ ਠੂਠੇ ਵਿਚ ਧਰ ਲੈਂਦੀ ਹੈ ਅਤੇ ਵਾਅਦਿਆਂ ਵਿਚ ਸਾਡੀਆਂ ਤਾਂਘਾਂ ਨੂੰ ਦਫ਼ਨਾ ਦੇਂਦੀ ਹੈ।
ਜ਼ਿੰਦਗੀ ਉਹ ਔਰਤ ਹੈ ਜੋ ਆਪਣੇ ਪ੍ਰੇਮੀਆਂ ਦੇ ਹੰਝੂਆਂ ਨਾਲ ਇਸ਼ਨਾਨ ਕਰਦੀ ਅਤੇ ਆਪਣੇ ਸ਼ਿਕਾਰ ਦੇ ਖੂਨ ਨਾਲ ਮਾਲਸ਼ ਕਰਦੀ ਹੈ। ਉਸਦੇ ਵਸਤਰ ਚਿੱਟੇ ਦੁੱਧ ਹਨ, ਜਿਸਦੇ ਹੇਠਾਂ ਰਾਤ ਦੇ ਹਨੇਰਿਆਂ ਦਾ ਅਸਤਰ ਲਗਾ ਹੋਇਆ ਹੈ। ਉਹ ਪ੍ਰੇਮੀ ਦਾ ਦਿਲ ਲੈਂਦੀ ਹੈ ਪਰ ਉਸ ਨਾਲ ਸ਼ਾਦੀ ਕਰਵਾਉਣ ਤੋਂ ਇਨਕਾਰੀ ਹੈ। ਜ਼ਿੰਦਗੀ ਇਕ ਜਾਦੂਗਰਨੀ ਹੈ।
ਜੁਆਨੀ ਅਤੇ ਆਸ
ਜਵਾਨੀ ਮੇਰੇ ਕੋਲ ਆਈ ਅਤੇ ਮੈਂ ਉਸਦੇ ਪਿਛੇ ਪਿਛੇ ਚਲ ਪਿਆ ਜਦ ਤਕ ਕਿ ਅਸੀਂ ਦੂਰ ਖੇਤਾਂ ਵਿਚ ਨਾ ਪੁੱਜ ਗਏ। ਉਥੇ ਜਾ ਕੇ ਉਹ ਰੁਕੀ ਅਤੇ ਬੱਦਲਾਂ ਵਲ ਵੇਖਿਆ ਜੇ ਚਿੱਟੇ ਮੇਮਨਿਆਂ ਦੇ ਝੁੰਡ ਵਾਂਗ ਖਿਤਿਜ ਉਤੇ ਮੰਡਰਾ ਰਹੇ ਹੋਣ। ਫਿਰ ਉਸਨੇ ਦਰਖ਼ਤਾ ਵਲ ਵੇਖਿਆ ਜਿਹਨਾਂ ਦੀਆਂ ਨੰਗੀਆਂ ਟਾਹਣੀਆਂ ਆਕਾਸ਼ ਵਲ ਤਕਦੀਆਂ ਸਨ ਜਿਵੇਂ ਕਿ ਆਪਣੀਆਂ ਪੱਤੀਆਂ ਦੀ ਵਾਪਸੀ ਲਈ ਖ਼ੁਦਾ ਅਗੇ ਅਰਦਾਸ ਕਰ ਰਹੀਆਂ ਹੋਣ।
ਮੈਂ ਪੁਛਿਆ, "ਅਸੀਂ ਹੁਣ ਕਿਥੇ ਹਾਂ ਜੁਆਨੀ?" ਅਤੇ ਉਸਨੇ ਉੱਤਰ ਦਿੱਤਾ, "ਅਸੀਂ ਹੈਰਾਨਗੀ ਦੇ ਵੀਰਾਨ ਖੇਤਰ ਵਿਚ ਹਾਂ। ਧਿਆਨ ਨਾਲ ਵੇਖ।"
ਤਾਂ ਮੈਂ ਕਿਹਾ,"ਸਾਨੂੰ ਇਕਦਮ ਵਾਪਿਸ ਚਲੇ ਜਾਣਾ ਚਾਹੀਦਾ ਹੈ ਕਿਉਂਕਿ ਇਸ ਵੀਰਾਨ ਥਾਂ ਤੋਂ ਮੈਨੂੰ ਬਹੁਤ ਡਰ ਲਗਦਾ ਹੈ ਅਤੇ ਬੱਦਲਾਂ ਦੇ ਰੁੰਡ ਮੁੰਡ ਦਰਖ਼ਤਾਂ ਦਾ ਦ੍ਰਿਸ਼ ਮੇਰੇ ਮਨ ਨੂੰ ਉਦਾਸੀ ਨਾਲ ਭਰ ਰਿਹਾ ਹੈ?"
ਅਤੇ ਉਸਦਾ ਜੁਆਬ ਸੀ,"ਸਬਰ ਕਰ, ਹੈਰਾਨਗੀ ਗਿਆਨ ਦੀ ਸ਼ੁਰੂਆਤ ਹੈ।"
ਫਿਰ ਮੈਂ ਆਪਣੇ ਆਲੇ ਦੁਆਲੇ ਝਾਤੀ ਮਾਰੀ ਤਾਂ ਵੇਖਿਆ ਕਿ ਇਕ ਆਕਾਰ ਧੀਮੇ ਜਿਹੇ ਸਾਡੇ ਵਲ ਵਧ ਰਿਹਾ ਸੀ, ਮੈਂ ਪੁਛਿਆ, "ਇਹ ਔਰਤ ਕੌਣ ਹੈ?"
ਤੇ ਜੁਆਨੀ ਨੇ ਉੱਤਰ ਦਿਤਾ, "ਇਹ ਮੈਲਪੋਮੀਨ ਹੈ, ਜਿਊਸ ਦੀ ਪੁੱਤਰੀ ਅਤੇ ਦੁਖਾਂਤ ਦੀ ਦੇਵੀ।"
"ਓਹ, ਖੁਸ਼ ਰਹਿਣੀ ਜੁਆਨੀ! "ਮੈਂ ਹੈਰਾਨ ਹੋ ਕੇ ਪੁਛਿਆ, "ਦੁਖਾਂਤ ਦੀ ਦੇਵੀ ਮੇਰੇ ਕੋਲੋਂ ਕੀ ਚਾਹੁੰਦੀ ਹੈ ਜਦੋਂ ਕਿ ਤੂੰ ਮੇਰੇ ਨਾਲ ਏ? ਤੇ ਉਸਦਾ ਜੁਆਬ ਸੀ, "ਉਹ ਤੈਨੂੰ ਧਰਤੀ ਅਤੇ ਉਥੋਂ ਦੇ ਗਮਾਂ ਤੇ ਜਾਣੂੰ ਕਰਵਾਉਣ ਆਈ ਹੈ, ਕਿਉਂਕਿ ਜਿਸਨੂੰ ਗਮ ਦਾ ਅਹਿਸਾਸ ਨਹੀਂ, ਉਹ ਕਦੇ ਵੀ ਖੁਸ਼ੀ ਨਹੀਂ ਮਾਣ ਸਕਦਾ।"
ਫਿਰ ਦੈਵੀ ਸਚਾਈ ਨੇ ਮੇਰੀਆਂ ਅੱਖਾਂ ਉਤੇ ਆਪਣਾ ਹੱਥ ਰੱਖ ਦਿਤਾ। ਜਦੋਂ ਉਸਨੇ ਹੱਥ ਚੁਕਿਆ, ਜੁਆਨੀ ਜਾ ਚੁਕੀ ਸੀ ਅਤੇ ਮੈਂ ਇੱਕਲਾ ਮਾਇਆਵੀ ਪਹਿਰਾਵਿਆਂ ਤੋਂ ਬਿਨਾਂ ਵਸਤਰ ਹੀਣ ਜਿਹਾ ਰਹਿ ਗਿਆ ਸਾਂ, ਮੈਂ ਚੀਕਿਆ,"ਜਿਊਸ ਦੀ ਬੇਟੀ ਜੁਆਨੀ ਕਿਥੇ ਗਈ ਹੈ?"
ਮੈਲਪੋਮੀਨ ਕੁਝ ਨਾ ਬੋਲੀ,"ਪਰ ਮੈਨੂੰ ਆਪਣੇ ਖੇਡਾਂ ਹੇਠ ਲੈ ਲਿਆ ਅਤੇ ਉੱਚੀ ਪਹਾੜ ਦੀ ਟੀਸੀ ਉਤੇ ਲੈ ਗਈ। ਮੈਂ ਆਪਣੇ ਹੇਠਾਂ ਧਰਤੀ ਅਤੇ ਉਸ ਉਤੇ ਹਰ ਚੀਜ਼ ਨੂੰ ਤਕਿਆ ਜੋ ਇਕ ਪੁਸਤਕ ਦੇ ਪੰਨਿਆਂ ਵਾਂਗ ਖਿਲਰਿਆ ਪਿਆ ਸੀ ਜਿਸ ਉਤੇ ਬ੍ਰਹਿਮੰਡ ਦੇ ਭੇਦ ਉਕਰੇ ਹੋਏ ਸਨ। ਮੈਂ ਉਸ ਯੁਵਤੀ ਕੋਲ ਡਰਿਆ ਜਿਹਾ ਖੜਾ, ਮਨੁੱਖ ਦੇ ਰਹੱਸਾਂ ਬਾਰੇ ਮਗਨ, ਜੀਵਨ ਦੇ ਚਿੰਨ੍ਹਾਂ ਨੂੰ ਜਾਨਣ ਦਾ ਯਤਨ ਕਰ ਰਿਹਾ ਸੀ।
ਅਤੇ ਮੈਂ ਦੁੱਖ ਭਰੇ ਚਿਤਰ ਵੇਖੇ, ਖੁਸ਼ੀ ਦੇ ਫ਼ਰਿਸ਼ਤੇ ਦੁੱਖ ਦੇ ਸ਼ੈਤਾਨਾਂ ਨਾਲ ਲੜ ਰਹੇ ਸਨ ਅਤੇ ਉਹਨਾਂ ਦੋਹਾਂ ਦੇ ਵਿਚਕਾਰ ਖੜ੍ਹਾ ਸੀ। ਆਦਮੀ: ਹੁਣੇ ਇਕ ਪਾਸੇ ਆਸ ਦਾ ਖਿਚਿਆ ਹੋਇਆ ਅਤੇ ਹੁਣੇ ਹੀ ਦੂਜੇ ਪਾਸੇ ਨਿਰਾਸਾ ਵਿਚ ਘਿਰਿਆ ਹੋਇਆ।
ਮੈਂ ਪਿਆਰ ਅਤੇ ਨਫਰਤ ਨੂੰ ਮਨੁੱਖੀ ਮਨ ਨਾਲ ਖਿਲਵਾੜ ਕਰਦੇ ਵੇਖਿਆ, ਪਿਆਰ ਮਨੁੱਖੀ ਗੁਨਾਹ ਨੂੰ ਛੁਪਾ ਕੇ ਉਸ ਨੂੰ ਚਾਪਲੂਸੀ, ਪ੍ਰਸ਼ੰਸਾ ਤੇ ਤਾਬੇਦਾਰੀ ਦੇ ਨਸ਼ੇ ਨਾਲ ਮਦਹੋਸ਼ ਕਰ ਰਿਹਾ ਸੀ, ਜਦੋਂ ਕਿ ਨਫ਼ਰਤ ਉਸਨੂੰ ਉਤੇਜਿਤ ਕਰਦੀ ਅਤੇ ਸਚਾਈ ਵੱਲੋਂ ਉਸਦੇ ਕੰਨਾਂ ਵਿਚ ਸਿੱਕਾ ਭਰਦੀ ਅਤੇ ਅੱਖਾਂ ਨੂੰ ਸਚਾਈ ਵੇਖਣ ਤੋਂ ਅੰਨ੍ਹਾਂ
ਕਰ ਦਿੰਦੀ।
ਮੈਂ ਇਕ ਸ਼ਹਿਰ ਨੂੰ ਗੰਦਗੀ ਵਿਚ ਆਪਣੇ ਹੀ ਬੱਚਿਆਂ ਵਾਂਗ ਰੁਲਦਾ ਅਤੇ ਆਦਮ ਦੇ ਪੁੱਤਰ ਦੇ ਲਿਬਾਸ ਉਤੇ ਝਪਟਦਾ ਵੇਖਿਆ। ਦੂਰ ਤੋਂ ਖੂਬਸੂਰਤ ਖੇਤਾਂ ਨੂੰ ਮਨੁੱਖ ਦੇ ਗਮ ਉਤੇ ਹੰਝੂ ਕੇਰਦੇ ਵੇਖਿਆ।
ਮੈਂ, ਪਾਦਰੀ ਫਰੇਬੀ ਲੂੰਬੜਾਂ ਵਾਂਗ ਮੂੰਹ ਵਿਚੋਂ ਝੱਗ ਸੁੱਟਦੇ ਵੇਖੇ ਅਤੇ ਝੂਠੇ ਦਰਦੀ ਮਨੁੱਖ ਦੀ ਖੁਸ਼ੀ ਖੋਹਣ ਲਈ ਸਾਜਸ਼ ਕਰਦੇ ਤੇ ਮਨਸੂਬੇ ਬਣਾਉਂਦੇ ਵੇਖੇ।
ਮੈਂ, ਮਨੁੱਖ ਨੂੰ ਮੁਕਤੀ ਪਾਉਣ ਲਈ ਸਿਆਣਪ ਨੂੰ ਆਵਾਜ਼ਾਂ ਮਾਰਦੇ ਵੇਖਿਆ ਪਰ ਸਿਆਣਪ ਉਸ ਦੀ ਕੁਰਲਾਹਟ ਨੂੰ ਅਣਸੁਣੀ ਕਰਦੀ ਵੇਖੀ ਕਿਉਂਕਿ ਜਦੋਂ ਸਿਆਣਪ ਉਸਨੂੰ ਸ਼ਹਿਰ ਦੀਆਂ ਗਲੀਆਂ ਵਿਚ ਕੁਝ ਸਮਝਾਉਣ ਲੱਗੀ ਸੀ ਤਾਂ ਉਸਨੇ ਉਸਨੂੰ ਅਣਗੌਲਿਆਂ ਕਰ ਦਿਤਾ ਸੀ।
ਤੇ ਮੈਂ ਉਪਦੇਸ਼ਕਾਂ ਨੂੰ ਪੂਜਾ ਵਿਚ ਮਗਨ ਆਕਾਸ਼ ਵਲ ਝਾਕਦੇ ਵੇਖਿਆ ਜਦੋਂ ਕਿ ਉਹਨਾਂ ਦੇ ਦਿਲ ਲਾਲਚ ਦੇ ਟੋਇਆਂ ਵਿਚ ਧੱਸ ਚੁੱਕੇ ਸਨ।
ਮੈਂ ਇਕ ਨੌਜੁਆਨ ਨੂੰ ਆਪਣੇ ਮਿੱਠੇ ਬੋਲਾਂ ਰਾਹੀਂ ਇਕ ਸੁੰਦਰੀ ਦੇ ਦਿਲ ਨੂੰ ਜਿੱਤਦੇ ਵੇਖਿਆ ਪਰ ਉਹਨਾਂ ਦੀਆਂ ਸੱਚੀਆਂ ਭਾਵਨਾਵਾਂ ਸੁੱਤੀਆਂ ਹੋਈਆਂ ਸਨ ਅਤੇ ਉਹ ਆਪਣੇ ਪਿਆਰੇ ਇਸ਼ਟਾਂ ਤੋਂ ਬਹੁਤ ਦੂਰ ਸਨ।
ਮੈਂ ਕਾਨੂੰਨਦਾਨਾਂ ਨੂੰ ਵਿਹਲੇ ਗੱਪਾਂ ਮਾਰਦੇ ਹੋਏ ਆਪਣੀਆਂ ਸਿਫਤਾਂ ਨੂੰ ਧੋਖੇ ਅਤੇ ਫਰੇਬ ਦੀ ਮੰਡੀ ਵਿਚ ਵੇਚਦੇ ਹੋਏ ਵੇਖਿਆ। ਮੈਂ ਚਕਿਤਸਕਾਂ ਨੂੰ ਸਿੱਧੇ ਸਾਦੇ ਤੇ ਵਿਸ਼ਵਾਸ ਕਰਨ ਵਾਲੇ ਲੋਕਾਂ ਦੀਆਂ ਰੂਹਾਂ ਨਾਲ ਖਿਲਵਾੜ ਕਰਦੇ ਵੇਖਿਆ। ਮੈਂ ਅਗਿਆਨੀਆਂ ਨੂੰ ਗਿਆਨੀਆਂ ਨਾਲ ਬੈਠਕੇ, ਆਪਣੇ ਬੀਤੇ ਦੀ ਸ਼ਾਨ ਸ਼ੌਕਤ ਦੀ ਉਸਤਤ ਕਰਦੇ ਤੇ ਆਪਣੇ ਵਰਤਮਾਨ ਦੀ ਵਧੀਆ ਸ਼ਬਦਾਂ ਨਾਲ ਪ੍ਰਸ਼ੰਸਾ ਕਰਦੇ
ਅਤੇ ਭਵਿਖ ਲਈ ਐਸੇ ਆਰਾਮ ਦਾ ਗੱਦੇਦਾਰ ਬਿਸਤਰ ਤਿਆਰ ਕਰਦੇ ਵੇਖਿਆ।
ਮੈਂ ਵਿਚਾਰੇ ਗਰੀਬਾਂ ਨੂੰ ਬੀਜ ਬੀਜਦੇ ਅਤੇ ਤਕੜਿਆਂ ਨੂੰ ਫਸਲ ਕੱਟਦੇ ਹੋਏ ਵੇਖਿਆ, ਅਤੇ ਜ਼ਾਲਮ ਜਿਸਨੂੰ ਕਾਨੂੰਨ ਦਸਦੇ ਹਨ, ਨੂੰ ਰਖਵਾਲਾ ਬਣੇ ਵੇਖਿਆ।
ਮੈਂ ਅਗਿਆਨਤਾ ਦੇ ਚੋਰਾਂ ਨੂੰ ਗਿਆਨ ਦਾ ਖਜ਼ਾਨਾ ਬਰਬਾਦ ਕਰਦੇ ਵੇਖਿਆ ਜਦੋਂ ਕਿ ਚਾਨਣ ਦੇ ਮੁਨਾਰੇ ਨਕਾਰੇ ਹੋਏ ਡੂੰਘੀ ਨੀਂਦ ਵਿਚ ਡੁੱਬੇ ਪਏ ਸਨ।
ਅਤੇ ਮੈਂ ਦੋ ਪ੍ਰੇਮੀ ਵੇਖੇ, ਪਰ ਔਰਤ ਇਸ ਆਦਮੀ ਦੇ ਹੱਥਾਂ ਵਿਚ ਬੰਸਰੀ ਵਾਂਗ ਸੀ ਜਿਸਨੂੰ ਸੁਰੀਲੀਆਂ ਸੁਰਾਂ ਅਲਾਪਣ ਦਾ ਗਿਆਨ ਹੀ ਨਹੀਂ ਸੀ ਕੇਵਲ ਕੁਰੱਖਤ ਸੁਰਾਂ ਨੂੰ ਸਮਝਦਾ ਸੀ।
ਅਤੇ ਮੈਂ ਉਹਨਾਂ ਗਿਆਨ ਦੀਆਂ ਤਾਕਤਾਂ ਨੂੰ ਵੀ ਵੇਖਿਆ ਜੋ ਜੱਦੀ ਅਧਿਕਾਰ ਦੇ ਸ਼ਹਿਰ ਨੂੰ ਘੇਰੀ ਬੈਠੀਆਂ ਸਨ ਪਰ ਉਹ ਗਿਣਤੀ ਵਿਚ ਘਟ ਹੋਣ ਕਾਰਨ ਛੇਤੀ ਹੀ ਖਿੰਡਾ ਪੁੰਡਾ ਦਿਤੀਆਂ ਜਾਂਦੀਆਂ।
ਅਤੇ ਮੈਂ ਆਜ਼ਾਦੀ ਨੂੰ ਇੱਕਲੇ ਘੁੰਮਦੇ ਦਰ ਦਰ ਕੁੰਡਾ ਖੜਕਾਦਿਆਂ ਅਤੇ ਆਸਰਾ ਮੰਗਦਿਆਂ ਵੇਖਿਆ ਪਰ ਕਿਸੇ ਨੇ ਵੀ ਉਸਦੀ ਬੇਨਤੀ ਵਲ ਧਿਆਨ ਨਾ ਦਿਤਾ। ਫਿਰ ਮੈਂ ਫਜੂਲ ਦੌਲਤ ਨੂੰ ਬੜੀ ਸ਼ਾਨ ਨਾਲ ਉਸ ਉਤੇ ਸਵਾਰ ਹੋਏ ਵੇਖਿਆ ਅਤੇ ਅਣਗਿਣਤ ਲੋਕਾਂ ਦੇ ਝੁੰਡ ਉਸਨੂੰ ਆਜ਼ਾਦੀ ਦਾ ਨਾਂ ਦੇਂਦੇ ਉਸਦੀ ਜੈ ਜੈ ਕਾਰ ਕਰਦੇ ਪਏ ਸਨ।
ਮੈਂ ਧਰਮ ਨੂੰ ਕਿਤਾਬਾਂ ਵਿਚ ਦਫਨ ਪਿਆ ਵੇਖਿਆ ਅਤੇ ਉਸਦੀ ਥਾਂ 'ਤੇ ਵਹਿਮ ਖੜਾ ਸੀ।
ਮੈਂ ਕਾਇਰਤਾ ਨੂੰ ਢੱਕਣ ਲਈ ਆਦਮੀ ਨੂੰ ਸੰਤੋਖ ਦਾ ਲਿਬਾਸ ਪਹਿਣੇ ਵੇਖਿਆ ਅਤੇ ਆਲਸ ਨੂੰ ਸਹਿਣਸ਼ੀਲਤਾ ਅਤੇ ਡਰ ਨੂੰ ਨਿਮਰਤਾ ਜ਼ਾਹਰ ਕਰਦਿਆਂ ਵੇਖਿਆ।
ਮੈਂ ਘੁਸਪੈਠੀਏ ਨੂੰ ਗਿਆਨ ਦੀ ਕੁਰਸੀ ਉਤੇ ਬੈਠਾ ਮੂਰਖਤਾ ਭਰੀਆਂ ਗੱਲਾਂ ਕਰਦੇ ਵੇਖਿਆ ਪਰ ਮਹਿਮਾਨ ਨੂੰ ਚੁੱਪ।
ਮੈਂ ਫਜੂਲਖਰਚੀ ਦੇ ਹੱਥ ਵਿਚ ਬੁਰੇ ਕਰਮ ਕਰਨ ਵਾਸਤੇ ਦੌਲਤ ਵੇਖੀ, ਅਤੇ ਸੂਮ ਦੇ ਹੱਥਾਂ ਵਿਚ ਨਫਰਤ ਜਗਾਉਣ ਵਾਸਤੇ ਟੁੱਕਰ। ਪਰ ਸਿਆਣਿਆਂ ਦੇ ਹੱਥਾਂ ਵਿਚ ਮੈਨੂੰ ਦੌਲਤ ਨਜ਼ਰ ਨਹੀਂ ਆਈ।
ਜਦੋਂ ਮੈਂ ਇਹ ਸਭ ਕੁਝ ਵੇਖਿਆ, ਮੈਂ ਦਰਦ ਨਾਲ ਚੀਕ ਉਠਿਆ,"ਓ, ਜਿਊਸ ਦੀ ਪੁੱਤਰੀ, ਕੀ ਇਹੀ ਦੁਨੀਆ ਹੈ? ਕੀ ਇਹੀ ਮਨੁੱਖ ਹੈ?"
ਉਸਨੇ ਧੀਮੀ ਪਰ ਦੁੱਖ ਭਰੀ ਆਵਾਜ਼ ਵਿਚ ਉੱਤਰ ਦਿਤਾ, "ਜੋ ਤੂੰ ਦੇਖਦਾ ਏਂ ਇਹ ਰੂਹ ਦਾ ਰਾਹ ਹੈ, ਇਹ ਰਾਹ ਤਿੱਖੇ ਪੱਥਰਾਂ ਨਾਲ ਬਣਿਆਂ ਅਤੇ ਕੰਡਿਆਂ ਨਾਲ ਸਜਿਆ ਹੋਇਆ ਹੈ। ਇਹ ਕੇਵਲ ਮਨੁੱਖ ਦਾ ਪਰਛਾਵਾਂ ਹੈ। ਇਹ ਰਾਤ ਹੈ, ਉਡੀਕ ਕਰ। ਛੇਤੀ ਹੀ ਪ੍ਰਭਾਤ ਹੋਏਗੀ।"
ਫਿਰ ਉਸਨੇ ਨਰਮ ਜਿਹੇ ਹੱਥ ਮੇਰੀਆਂ ਅੱਖਾਂ ਉਤੇ ਰਖੇ ਅਤੇ ਜਦੋ ਉਸ ਹੱਥ ਚੁਕੇ, ਮੈਂ ਹੈਰਾਨ ਸਾਂ ਕਿ ਜੁਆਨੀ ਹੌਲੀ ਹੌਲੀ ਮੇਰੇ ਨਾਲ ਚਲ ਰਹੀ ਸੀ ਅਤੇ ਸਾਡੇ ਅਗੇ ਰਸਤਾ ਦਰਸਾਉਂਦੀ ਹੋਈ ਆਸ ਚਲ ਰਹੀ ਸੀ।
ਪੁਨਰ ਜੀਵਨ
ਮੇਰੀ ਪਿਆਰੀ, ਕਲ੍ਹ ਮੈਂ ਸੰਸਾਰ ਵਿਚ ਬਿਲਕੁਲ ਇੱਕਲਾ ਸਾਂ ਅਤੇ ਮੇਰੀ ਇੱਕਲ ਮੌਤ ਵਾਂਗ ਜ਼ਾਲਮ ਸੀ। ਮੈਂ ਅਜਿਹੇ ਫੁੱਲ ਵਾਂਗ ਸਾਂ ਜੋ ਵੱਡੀ ਸਾਰੀ ਚਟਾਨ ਦੀ ਛਾਂ ਹੇਠ ਉੱਗਦਾ ਹੈ ਜਿਸਦੀ ਹੋਂਦ ਤੋਂ ਜ਼ਿੰਦਗੀ ਅਤੇ ਜੋ ਜ਼ਿੰਦਗੀ ਤੋਂ ਅਣਭੋਲ ਹੈ।
ਪਰ ਅਜ ਮੇਰੀ ਰੂਹ ਸੁਚੇਤ ਹੋ ਗਈ ਅਤੇ ਮੈਂ ਵੇਖਿਆ ਤੂੰ ਮੇਰੇ ਕੋਲ ਖੜੀ ਸੀ। ਮੈਂ ਖੁਸ਼ੀ ਵਿਚ ਨੱਚ ਉਠਿਆ, ਫਿਰ ਮੈਂ ਸਤਿਕਾਰ ਨਾਲ ਝੁਕਿਆ ਅਤੇ ਤੇਰੇ ਸਾਹਵੇਂ ਪੂਜਾ ਕੀਤੀ।
ਕਲ੍ਹ ਮਹਿਕਾਂ ਭਰੀ ਹਵਾ ਦੀ ਛੂਹ ਮੈਨੂੰ ਖਰ੍ਹਵੀ ਲਗਦੀ ਸੀ, ਸੂਰਜ ਦੀਆਂ ਕਿਰਨਾ ਮੱਧਮ ਜਾਪੀਆਂ ਸਨ, ਧੁੰਦ ਨੇ ਧਰਤੀ ਦਾ ਚਿਹਰਾ ਛੁਪਾ ਲਿਆ ਹੋਇਆ ਸੀ ਅਤੇ ਸਾਗਰ ਦੀਆ ਲਹਿਰਾਂ ਤੂਫ਼ਾਨ ਵਾਂਗ ਗਰਜ ਰਹੀਆਂ ਸਨ, ਮੇਰੀ ਪਿਆਰੀ।
ਮੈਂ ਆਪਣੇ ਆਲੇ ਦੁਆਲੇ ਵੇਖਿਆ ਪਰ ਹੋਰ ਕੁਝ ਵੀ ਨਾ ਦਿਸਿਆ ਸਿਵਾਏ ਮੇਰੇ ਆਪਣੇ ਦੁੱਖਾਂ ਤੋਂ ਜੋ ਮੇਰੇ ਕੋਲ ਖੜ੍ਹੇ ਸਨ, ਜਦੋਂ ਕਿ ਹਨੇਰੇ ਦੇ ਪ੍ਰੇਤ ਉਠੇ ਅਤੇ ਮੇਰੇ ਦੁਆਲੇ ਇੰਜ ਘੁੰਮਣ ਲਗੇ ਜਿਵੇਂ ਭੁਖੀਆਂ ਗਿਰਝਾਂ।
ਪਰ ਅਜ ਕੁਦਰਤ ਰੋਸ਼ਨੀ ਵਿਚ ਨਹਾਤੀ ਹੋਈ ਹੈ ਅਤੇ ਸ਼ੋਰ ਮਚਾਉਂਦੀਆ ਲਹਿਰਾਂ ਸ਼ਾਂਤ ਹਨ, ਧੁੰਦ ਖਿੰਡ ਪੁੰਡ ਚੁਕੀ ਹੈ। ਜਿਧਰ ਕਿਧਰੇ ਵੀ ਮੈਂ ਝਾਤੀ ਮਾਰਦਾ ਹਾਂ ਮੇਰੇ ਸਾਹਮਣੇ ਜੀਵਨ ਦੇ ਭੇਦ ਖੁੱਲ੍ਹੇ ਪਏ ਜਾਪਦੇ ਹਨ।
ਕਲ੍ਹ ਤਕ ਮੈਂ ਰਾਤ ਦੇ ਸੀਨੇ ਵਿਚ ਬੇਆਵਾਜ਼ ਸ਼ਬਦ ਸਾਂ, ਅਜ ਮੈਂ ਸਮੇਂ ਦੇ ਹੋਠਾਂ ਉਤੇ ਇਕ ਗੀਤ ਹਾਂ।
ਇਹ ਸਭ ਕੁਝ ਇਕ ਪਲ ਵਿਚ ਹੀ ਵਾਪਰ ਗਿਆ ਅਤੇ ਇਕ ਨਜ਼ਰ ਇਕ ਸ਼ਬਦ, ਇਕ ਹਉਕਾ ਅਤੇ ਇਕ ਚੁੰਮਣ ਰਾਹੀਂ ਖਿੜ ਗਿਆ।
ਮੇਰੀ ਪਿਆਰੀ, ਓਸ ਪਲ ਨੇ ਮੇਰੀ ਰੂਹ ਦੇ ਭੂਤਕਾਲ ਦੀ ਉਤਸੁਕਤਾ ਨੂੰ ਮੇਰੇ ਦਿਲ ਦੀਆਂ ਭਵਿੱਖ ਦੀਆਂ ਆਸਾਂ ਵਿਚ ਮਿਲਾ ਦਿਤਾ। ਇਹ ਉਸ ਚਿੱਟੇ ਗੁਲਾਬ ਵਾਂਗ ਸੀ ਜੋ ਦਿਨ ਦੀ ਰੋਸ਼ਨੀ ਵਿਚ ਧਰਤੀ ਦੇ ਸੀਨੇ ਵਿਚੋਂ ਉਗਮਦਾ ਹੈ।
ਉਹ ਪਲ ਮੇਰੇ ਜੀਵਨ ਲਈ ਇਸ ਤਰ੍ਹਾਂ ਸੀ ਜਿਵੇਂ ਮਨੁੱਖ ਦੀਆਂ ਪੀੜ੍ਹੀਆਂ ਲਈ ਈਸਾ ਮਸੀਹ ਦਾ ਜਨਮ ਹੋਣਾ ਸੀ; ਕਿਉਂਕਿ ਇਹ ਪਿਆਰ ਅਤੇ ਚੰਗਿਆਈ ਨਾਲ ਭਰਪੂਰ ਸੀ। ਉਸਨੇ ਹਨੇਰੇ ਨੂੰ ਰੋਸ਼ਨੀ, ਗ਼ਮਾਂ ਨੂੰ ਖੁਸ਼ੀ ਅਤੇ ਨਿਰਾਸਾ ਨੂੰ ਵਰਦਾਨ ਵਿਚ ਬਦਲ ਦਿਤਾ।
ਪਿਆਰੀ, ਪਿਆਰ ਦੀ ਤੀਬਰਤਾ ਖ਼ੁਦਾ ਵਲੋਂ ਕਈ ਰੂਪਾਂ ਤੇ ਸ਼ਕਲਾਂ ਵਿਚ ਵਰਦਾਨ ਵਜੋਂ ਪ੍ਰਾਪਤ ਹੁੰਦੀ ਹੈ, ਪਰ ਸੰਸਾਰ ਉਤੇ ਉਸਦਾ ਪ੍ਰਭਾਵ ਇਕੋ ਹੀ ਹੈ। ਇਕ ਛੋਟੀ ਜਿਹੀ ਲਾਟ ਜੋ ਮਨੁੱਖੀ ਮਨ ਨੂੰ ਰੁਸਨਾਉਂਦੀ ਹੈ ਉਹ ਉਸ ਚਮਕਦੀ ਮਸ਼ਾਲ ਵਾਂਗ ਹੈ ਜੋ ਖ਼ੁਦਾ ਵਲੋਂ ਮਨੁੱਖਤਾ ਦਾ ਰਾਹ ਰੁਸ਼ਨਾਉਣ ਲਈ ਧਰਤੀ ਉਤੇ ਆਉਂਦੀ ਹੈ।
ਕਿਉਂਕਿ ਇਕ ਰੂਹ ਵਿਚ ਹੀ ਸਾਰੀ ਮਨੁੱਖਤਾ ਦੀਆਂ ਆਸਾਂ ਤੇ ਭਾਵਨਾਵਾਂ ਸ਼ਾਮਲ ਹਨ।
ਮੇਰੀ ਪਿਆਰੀ, ਯਹੂਦੀ ਮਸੀਹਾਂ ਦੀ ਉਡੀਕ ਕਰਦੇ ਸਨ, ਜਿਸਨੇ ਉਹਨਾਂ ਨਾਲ ਵਾਅਦਾ ਕੀਤਾ ਸੀ ਅਤੇ ਜਿਸਨੇ ਉਹਨਾਂ ਨੂੰ ਬੰਧਨਾਂ ਤੋਂ ਆਜ਼ਾਦ ਕਰਵਾਉਣਾ ਸੀ।
ਅਤੇ ਸੰਸਾਰ ਦੀ ਮਹਾਨ ਰੂਹ ਨੂੰ ਇਹ ਸੋਝੀ ਹੋ ਗਈ ਕਿ ਜੂਪੀਟਰ ਅਤੇ ਮਿਨਰਵਾ ਦੀ ਪੂਜਾ ਦਾ ਕੋਈ ਲਾਭ ਨਹੀਂ ਕਿਉਂਕਿ ਆਦਮੀਆਂ ਦੇ ਮਸੀਹੀ ਮਨਾਂ ਦੀ ਪਿਆਸ ਉਸ ਸ਼ਰਾਬ ਨਾਲ ਨਹੀਂ ਬੁੱਝ ਸਕਦੀ।
ਰੋਮ ਵਿਚ ਮਨੁੱਖ ਅਪੋਲੋ ਦੇ ਦੇਵਤਾ, ਇਕ ਬੇਤਰਸ ਦੇਵਤਾ ਅਤੇ
ਵੀਨਸ ਦੀ ਦੇਵੀ ਦੀ ਪੂਜਾ ਕਰਦੇ ਜੋ ਖ਼ੁਦ ਮੁਰਝਾ ਕੇ ਨਿੱਘਰ ਚੁਕੀ ਸੀ।
ਕਿਉਂਕਿ ਆਪਣੇ ਦਿਲ ਦੇ ਧੁਰ ਅੰਦਰ, ਭਾਵੇਂ ਉਹ ਇਸ ਗਲ ਨੂੰ ਨਹੀਂ ਸਮਝਦੀਆਂ ਸਨ ਪਰ ਕੌਮਾਂ ਸਰਵ ਉੱਚ ਸਲਾਹ ਦੀ ਭਾਲ ਤੇ ਪਿਆਸ ਰਖਦੀਆਂ ਸਨ ਜੋ ਧਰਤੀ ਉਤੇ ਕਿਸੇ ਇਕ 'ਤੇ ਵੀ ਮਿਹਰਬਾਨ ਹੁੰਦੀ। ਉਹ ਕੌਮਾਂ ਆਤਮਾ ਦੀ ਆਜ਼ਾਦੀ ਲਈ ਤਾਂਘਦੀਆਂ ਜੋ ਮਨੁੱਖ ਨੂੰ ਆਪਣੇ ਗੁਆਂਢੀ ਨਾਲ ਸੂਰਜ ਦੀ ਰੋਸ਼ਨੀ ਅਤੇ ਜੀਵਨ ਦੇ ਅਜੂਬੇ ਨੂੰ ਮਾਣਦਿਆਂ ਖੁਸ਼ ਰਹਿਣਾ ਸਿਖਾਉਂਦੀ। ਕਿਉਂਕਿ ਇਹ ਆਜ਼ਾਦੀ ਹੈ ਜੋ ਮਨੁੱਖ ਨੂੰ ਅਦਿੱਖ ਦੇ ਨੇੜੇ ਲਿਆਉਂਦੀ ਹੇ ਅਤੇ ਜਿਸ ਤਕ ਉਹ ਬਿਨਾਂ ਕਿਸੇ ਡਰ ਜਾਂ ਸ਼ਰਮ ਦੇ ਪੁੱਜ ਸਕਦਾ ਹੈ।
ਮੇਰੀ ਪਿਆਰੀ ਇਸ ਕਰਕੇ ਦੋ ਹਜ਼ਾਰ ਸਾਲ ਪਹਿਲਾਂ, ਜਦੋਂ ਦਿਲ ਦੀਆਂ ਇੱਛਾਵਾਂ ਦਿਸਦੀਆਂ ਵਸਤਾਂ ਦੁਆਲੇ ਮੰਡਰਾਂਦੀਆਂ, ਸਦੀਵੀ ਆਤਮਾ ਤਕ ਪੁੱਜਣ ਤੋਂ ਡਰਦੀਆਂ ਸਨ ਵਾਪਰਿਆ ਸੀ, ਜਦੋਂ ਕਿ ਪਾਨ-ਜੰਗਲਾਂ ਦਾ ਦੇਵਤਾ ਚਰਵਾਹਿਆਂ ਦੇ ਮਨਾਂ ਵਿਚ ਦਹਿਸ਼ਤ ਭਰ ਦੇਂਦਾ ਅਤੇ ਬਾਲ ਸੂਰਜ ਦੇਵਤਾ ਪਾਦਰੀਆਂ ਦੇ ਬੇਰਹਿਮ ਹੱਥਾਂ ਰਾਹੀਂ ਗਰੀਬਾਂ ਤੇ ਨਿਮਾਣਿਆਂ ਦੀਆਂ ਰੂਹਾਂ ਦਾ ਘਾਣ ਕਰਦਾ।
ਅਤੇ ਇਕ ਰਾਤ, ਇਕ ਘੰਟੇ ਜਾਂ ਇਕ ਪਲ ਵਿਚ ਆਤਮਾ ਦੇ ਹੋਂਠ ਖੁੱਲ੍ਹੇ ਅਤੇ ਪਵਿਤਰ ਸ਼ਬਦ ਜੀਵਨ ਦਾ ਉਚਾਰਣ ਕੀਤਾ, "ਨੰਨ੍ਹਾ ਬੱਚਾ ਜੋ ਕੇਵਾਰੀ ਦੀ ਗੋਦ ਵਿਚ ਇਕ ਮਾਸ ਦਾ ਲੋਥੜਾ ਬਣਕੇ ਸੁੱਤਾ ਪਿਆ ਸੀ, ਨੂੰ ਜੀਵਨ ਦਾ ਰੂਪ ਧਾਰ ਲਿਆ। ਇਕ ਅਸਤਬਲ ਵਿਚ ਜਿਥੇ ਚਰਵਾਹੇ ਰਾਤ ਵੱਲੋਂ ਜੰਗਲੀ ਜਾਨਵਰਾਂ ਦੇ ਹਮਲੇ ਦੇ ਡਰ ਤੋਂ ਆਪਣੇ ਇੱਜਤਾਂ ਦੀ ਰਾਖੀ ਕਰਦੇ ਅਤੇ ਖੁਰਲੀ ਵਿਚ ਸੁੱਤੇ ਮਾਸੂਮ ਬੱਚੇ ਨੂੰ ਹੈਰਾਨੀ ਨਾਲ ਵੇਖਦੇ।
ਇਕ ਬਾਦਸ਼ਾਹ ਬੱਚਾ ਆਪਣੀ ਮਾਂ ਦੇ ਚੀਥੜਿਆਂ ਵਿਚ ਲਿਪਟਿਆ, ਦੁੱਖੀ ਦਿਲਾਂ ਅਤੇ ਭੁੱਖੀਆਂ ਰੂਹਾਂ ਦੇ ਤਖਤ ਉੱਤੇ ਬੈਠਿਆ, ਨੇ ਆਪਣੀ ਸੁੱਚੀ ਨਿਰਛਲਤਾ ਰਾਹੀਂ ਜੋਵ ਦੇ ਹੱਥਾਂ ਵਿਚੋਂ ਰਾਜ ਸੱਤਾ ਦਾ ਡੰਡਾ ਖੋਹ ਲਿਆ ਅਤੇ ਆਪਣੇ ਇੱਜਤ ਦੀ ਰਾਖੀ ਕਰਦੇ ਗਰੀਬ
ਚਰਵਾਹੇ ਦੇ ਹਵਾਲੇ ਕਰ ਦਿਤਾ।
ਅਤੇ ਮਿਨਰਵਾ ਤੋਂ ਉਸਨੇ ਸਿਆਣਪ ਪ੍ਰਾਪਤ ਕੀਤੀ ਤੇ ਗਰੀਬ ਮਛੇਰੇ, ਜੋ ਮੱਛੀਆਂ ਫੜ੍ਹਣ ਵਾਲਾ ਜਾਲ ਬੁਣ ਰਿਹਾ ਸੀ ਦੇ ਦਿਮਾਗ਼ ਵਿਚ ਪਾ ਦਿਤੀ।
ਉਸਨੇ ਆਪਣੀਆਂ ਗਮੀਆਂ ਰਾਹੀਂ ਅਪੋਲੋ ਤੋਂ ਖੁਸ਼ੀ ਪ੍ਰਾਪਤ ਕੀਤੀ ਅਤੇ ਸੜਕ ਕੰਢੇ ਬੈਠੇ ਟੁੱਟੇ ਦਿਲ ਵਾਲੇ ਭਿਖਾਰੀ 'ਤੇ ਨਿਛਾਵਰ ਕਰ ਦਿਤੀ।
ਵੀਨਸ ਤੋਂ ਉਸਨੇ ਖੂਬਸੂਰਤੀ ਲਈ ਅਤੇ ਬੇਰਹਿਮ ਲਤਾੜਣ ਵਾਲੇ ਜ਼ੁਲਮੀ ਸਾਹਵੇਂ ਖੜੀ ਕੰਬਦੀ ਹੋਈ, ਨਿਘਰੀ ਹੋਈ ਔਰਤ ਦੀ ਰੂਹ ਵਿਚ ਪਾ ਦਿਤੀ।
ਉਸਨੇ ਬਾਲ ਦੇਵਤਾ (ਸੂਰਜ) ਨੂੰ ਤਖ਼ਤੋਂ ਲਾਹ ਦਿਤਾ ਅਤੇ ਉਸਦੀ ਥਾਂ 'ਤੇ ਗਰੀਬ ਹਲ ਵਾਹੁਣ ਵਾਲੇ ਨੂੰ ਬਿਠਾ ਦਿਤਾ, ਜੋ ਆਪਣੇ ਮੱਥੇ ਦਾ ਪਸੀਨਾ ਵਗਾ ਕੇ, ਧਰਤੀ ਦੀ ਗੁਡਾਈ ਕਰਕੇ ਬੀਜ ਬੀਜਦਾ।
ਪਿਆਰੀਏ, ਕੀ ਕਲ੍ਹ ਮੇਰੀ ਰੂਹ ਇਸਰਾਈਲ ਦੇ ਕਬੀਲਿਆਂ ਵਾਂਗ ਨਹੀਂ ਸੀ? ਕੀ ਮੈਂ ਰਾਤ ਦੀ ਚੁੱਪੀ ਵਿਚ ਉਡੀਕ ਨਹੀਂ ਕੀਤੀ ਕਿ ਕੋਈ ਮੇਰਾ ਰਖਵਾਲਾ ਆ ਕੇ ਮੈਨੂੰ ਬੰਧਨਾਂ ਤੇ ਸਮੇਂ ਦੀਆਂ ਬੁਰਾਈਆਂ ਤੋਂ ਆਜਾਦ ਕਰਵਾਏ? ਕੀ ਮੈਂ ਭੂਤਕਾਲ ਦੀਆਂ ਕੌਮਾਂ ਵਾਂਗ ਆਤਮਾ ਦੀ ਭੁੱਖ ਅਤੇ ਅਤਿ ਦੀ ਪਿਆਸ ਮਹਿਸੂਸ ਨਹੀਂ ਕੀਤੀ? ਕੀ ਮੈਂ ਵੀਰਾਨੇ ਵਿਚ ਗੁਆਚੇ ਬੱਚੇ ਵਾਂਗ ਜ਼ਿੰਦਗੀ ਦੀ ਸੜਕ ਉਤੇ ਨਹੀਂ ਤੁਰਿਆ। ਅਤੇ ਕੀ ਮੇਰਾ ਜੀਵਨ ਪੱਥਰ ਉਤੇ ਸੁੱਟੇ ਬੀਜ ਵਾਂਗ ਨਹੀਂ ਸੀ ਜਿਸਨੂੰ ਨਾ ਕੋਈ ਪੰਛੀ ਚੁਗ ਅਤੇ ਨਾ ਹੀ ਕੋਈ ਤੱਤ ਉਸਨੂੰ ਵੱਖਰਾ ਕਰਕੇ ਜੀਉਂਦਾ ਕਰ ਸਕਦੇ?
ਇਹ ਸਭ ਕੁਝ ਵਾਪਰਿਆ, ਮੇਰੀ ਪ੍ਰੀਤਮਾ, ਜਦੋਂ ਕਿ ਮੇਰੇ ਸੁਪਨੇ ਹਨੇਰੇ ਵਿਚ ਛੁਪਦੇ ਅਤੇ ਦਿਨ ਦੀ ਆਮਦ ਤੋਂ ਡਰਦੇ। ਇਹ ਸਭ ਕੁਝ ਉਦੋਂ ਹੋਇਆ ਜਦੇ ਗ਼ਮ ਨੇ ਮੇਰਾ ਦਿਲ ਟੋਟੇ ਟੋਟੇ
ਕਰ ਦਿੱਤਾ ਅਤੇ ਆਸ ਨੇ ਜੋੜਣ ਦਾ ਯਤਨ ਕੀਤਾ।
ਇਕ ਰਾਤ, ਇਕ ਘੰਟੇ ਅਤੇ ਵਕਤ ਦੇ ਇਕ ਪਲ ਵਿਚ ਆਤਮਾ ਦੈਵੀ ਰੌਸ਼ਨੀ ਦੇ ਦਾਇਰੇ ਦੇ ਮੱਧ ਵਿਚੋਂ ਉਤਰੀ ਅਤੇ ਮੇਰੇ ਵਲ ਤੇਰੇ ਦਿਲ ਦੀਆਂ ਨਿਗਾਹਾਂ ਨਾਲ ਵੇਖਿਆ। ਉਸ ਇਕ ਨਜ਼ਰ ਤੋਂ ਪਿਆਰ ਉਪਜਿਆ ਅਤੇ ਮੇਰੇ ਦਿਲ ਵਿਚ ਘਰ ਕਰ ਗਿਆ।
ਇਹ ਮਹਾਨ ਪਿਆਰ ਮੇਰੀਆਂ ਭਾਵਨਾਵਾਂ ਦੇ ਵਸਤਰਾਂ ਵਿਚ ਲਿਪਟਿਆ, ਗਮ ਨੂੰ ਖੁਸ਼ੀ, ਨਿਰਾਸਾ ਨੂੰ ਵਰਦਾਨ ਅਤੇ ਇਕੱਲ ਨੂੰ ਬਹਿਸ਼ਤ ਵਿੱਚ ਬਦਲ ਗਿਆ ਹੈ।
ਪਿਆਰ, ਮਹਾਨ ਬਾਦਸ਼ਾਹ, ਮੇਰੇ ਖਤਮ ਹੋਏ ਆਪੇ ਨੂੰ ਭਰ ਗਿਆ ਹੈ, ਹੰਝੂਆਂ ਨਾਲ ਭਰੀਆਂ ਅੱਖਾਂ ਨੂੰ ਮੁੜ ਰੋਸ਼ਨੀ ਬਖਸ਼ੀ। ਮੈਨੂੰ ਨਿਰਾਸ਼ਾ ਦੇ ਟੋਏ ਵਿਚੋਂ ਕੱਢਕੇ ਉਮੀਦ ਦੀ ਇਲਾਹੀ ਸਲਤਨਤ ਤਕ ਪਹੁੰਚਾਇਆ।