ਖ਼ਲੀਲ-ਇਕ ਮਾਰਗ ਦਰਸ਼ਕ
ਮੇਰੀ ਮਜ਼ਾਰ ਉਤੇ ਜਦ ਚਿਰਾਗ ਕੋਈ ਧਰੇਗਾ,
ਭਟਕੇ ਹੋਏ ਮੁਸਾਫ਼ਰ ਲਈ ਲੋਅ ਦਾ ਕੰਮ ਕਰੇਗਾ।
ਪਰ ਖ਼ਲੀਲ ਜਿਬਰਾਨ, ਜਿਸਨੂੰ ਅਜੋਕਾ ਸਾਹਿਤ ਸੰਸਾਰ ਪੈਗੰਬਰ ਕਹਿ ਕੇ ਸਨਮਾਨ ਕਰਦਾ ਹੈ, ਆਪ ਅਤੇ ਉਸ ਦੀਆਂ ਲਿਖਤਾਂ ਲੋਅ ਹੀ ਨਹੀਂ ਪੂਰੀ ਮਸ਼ਾਲ ਸਾਬਤ ਹੋ ਰਹੀਆਂ ਹਨ। ਜਿਸਮਾਨੀ ਤੌਰ 'ਤੇ ਉਹ ਸਾਡੇ ਵਿੱਚ ਨਾ ਹੁੰਦਾ ਹੋਇਆ ਵੀ ਸਾਡੇ ਕੋਲ ਹੈ, ਸਾਡੇ ਅੰਗ ਸੰਗ ਹੈ ਆਪਣੀਆਂ ਲਿਖਤਾਂ, ਚਿਤਰਾਂ ਤੇ ਮਹਾਨ ਵਿਦਵਤਾ ਭਰਪੂਰ ਵਿਚਾਰਾਂ ਸਦਕਾ। ਉਸਦੇ ਵਿਚਾਰ ਅਨੁਸਾਰ : "ਮਨੁੱਖ ਦਾ ਚਰਿਤਰ ਹੀ ਉਸਦਾ ਵਿਅਕਤੀਤੱਵ ਹੁੰਦਾ ਹੈ। ਨਾਂ-ਮਣਾਂ ਤਾਂ ਬਾਹਰਲੀ ਦਿੱਖ ਹੈ ਪਰ ਚਰਿਤਰ ਅੰਦਰਲੀ।" ਇਹੀ ਵਿਅਕਤੀਤੱਵ ਮਨੁੱਖ ਨੂੰ ਦੁਨੀਆ ਦੀਆ ਨਜ਼ਰਾਂ ਵਿੱਚ ਉੱਚਾ ਚੁੱਕਦਾ ਹੈ-ਵਿਅਕਤੀ ਵਿਸ਼ੇਸ਼ ਬਣਾਂਦਾ ਹੈ। ਸੰਸਾਰ ਵਿਚ ਪੈਦਾ ਤਾਂ ਕਰੋੜਾਂ ਲੋਕ ਹੁੰਦੇ ਹਨ ਪਰ ਪੀਰ, ਔਲੀਆ ਜਾਂ ਪੈਗ਼ੰਬਰ ਕੋਈ ਵਿਰਲਾ ਹੀ ਕਹਾਂਦਾ ਹੈ।
ਮੱਧ-ਪੂਰਬੀ ਦੇਸ, ਸੀਰੀਆ ਦੇ ਮਾਊਂਟ ਲੇਬਨਾਨ ਦੇ ਖੇਤਰ ਵਿਚ ਬਸ਼ਰੀ ਪਿੰਡ ਵਿਚ 6 ਜਨਵਰੀ 1883 ਨੂੰ ਪੈਦਾ ਹੋਇਆ ਖ਼ਲੀਲ ਜਿਬਰਾਨ ਰੋਮਨ ਕੈਥੋਲਿਕ ਈਸਾਈ ਸੀ ਅਤੇ ਮੈਰੋਨਾਈਟਸ ਫਿਰਕੇ ਨਾਲ ਸੰਬੰਧ ਰਖਦਾ ਸੀ। ਉਹ ਜਮਾਂਦਰੂ ਹੀ ਬਾਗੀ ਸੁਭਾ ਦਾ ਸੀ। ਉਸਨੇ ਆਪਣੇ ਜੀਵਨ ਦੇ ਪਹਿਲੇ 12 ਸਾਲ ਜਿਹੜੀਆਂ ਤੰਗੀਆਂ ਤੁਰਸ਼ੀਆਂ ਤੇ ਗਰੀਬੀ ਵਿਚ ਗੁਜ਼ਾਰੇ, ਉਹ ਸਾਲ ਉਸ ਲਈ ਅਮਲੀ ਤੌਰ 'ਤੇ ਅੱਗ ਦੀ ਭੱਠੀ ਸਾਬਤ ਹੋਏ ਜਿਸ ਵਿਚੋਂ ਸੋਨਾ ਕੁੰਦਨ ਬਣ ਕੇ ਨਿਕਲਦਾ ਹੈ।