ਜੋ ਤੁਹਾਨੂੰ ਸਮਝ ਸਕਦਾ ਹੈ, ਉਹ ਤੁਹਾਡੇ ਭਰਾ ਨਾਲੋਂ ਵੀ ਤੁਹਾਡੇ ਵਧੇਰੇ ਨੇੜੇ ਹੈ। ਇਥੋਂ ਤਕ ਕਿ ਤੁਹਾਡੇ ਸਕੇ ਸੰਬੰਧੀ ਵੀ ਤੁਹਾਨੂੰ ਨਹੀਂ ਸਮਝ ਸਕਦੇ ਨਾ ਹੀ ਤੁਹਾਡਾ ਸਹੀ ਮੁੱਲ ਜਾਣ ਸਕਦੇ ਹਨ।
ਅਗਿਆਨੀ ਨਾਲ ਦੋਸਤੀ ਓਨੀ ਹੀ ਮੂਰਖਤਾ ਹੈ ਜਿਵੇਂ ਕਿਸੇ ਸ਼ਰਾਬੀ ਨਾਲ ਬਹਿਸ।
ਖ਼ੁਦਾ ਨੇ ਤੁਹਾਨੂੰ ਬੁੱਧੀ ਅਤੇ ਗਿਆਨ ਦੀ ਬਖ਼ਸ਼ਿਸ਼ ਕੀਤੀ ਹੈ। ਰੱਬੀ ਉਪਕਾਰ ਦੀ ਰੌਸ਼ਨੀ ਨੂੰ ਨਾ ਬੁਝਾਓ ਅਤੇ ਨਾ ਹੀ ਸਿਆਣਪ ਦੀ ਰੋਸਨੀ ਨੂੰ ਲਾਲਚ ਅਤੇ ਗਲਤੀ ਦੇ ਹਨੇਰੇ ਵਿਚ ਗਰਕ ਹੋਣ ਦਿਓ। ਕਿਉਂਕਿ ਇਕ ਸਿਆਣਾ ਮਨੁੱਖ ਮਨੁਖਤਾ ਦੇ ਰਾਹ ਨੂੰ ਰੁਸ਼ਨਾਉਣ ਲਈ ਜਗਦੀ ਮਿਸਾਲ ਲੈ ਕੇ ਅਗੇ ਵਧਦਾ ਹੈ।
ਯਾਦ ਰਹੇ, ਇਕ ਨਿਆਂ ਪਸੰਦ ਮਨੁੱਖ, ਸ਼ੈਤਾਨ ਨੂੰ ਵਧੇਰੇ ਨੁਕਸਾਨ ਪਹੁੰਚਾ ਸਕਦਾ ਹੈ ਬਜਾਏ ਲੱਖਾਂ ਅੰਧਵਿਸ਼ਵਾਸੀਆਂ ਦੇ।
ਥੋੜ੍ਹਾ ਗਿਆਨ ਜੋ ਕ੍ਰਿਆਸ਼ੀਲ ਹੈ ਕ੍ਰਿਆਹੀਣ ਗਿਆਨ ਨਾਲ ਕਿਤੇ ਵਧੇਰੇ ਅਸੀਮ ਹੈ।
ਜੇ ਤੁਹਾਡਾ ਗਿਆਨ ਤੁਹਾਨੂੰ ਵਸਤਾਂ ਦਾ ਸਹੀ ਮੁਲਾਂਕਣ ਕਰਨਾ ਨਹੀਂ ਸਿਖਾਂਦਾ ਅਤੇ ਤੁਹਾਨੂੰ ਪਦਾਰਥ ਦੀਆਂ ਜੰਜ਼ੀਰਾਂ ਤੋਂ ਮੁਕਤ ਨਹੀਂ ਕਰਦਾ, ਤੁਸੀਂ ਸਚਾਈ ਦੇ ਸਿਖ਼ਰ ਤਕ ਨਹੀਂ ਪੁਜ ਸਕਦੇ।
ਜੇ ਗਿਆਨ ਤੁਹਾਨੂੰ ਮਨੁੱਖੀ ਕਮਜ਼ੋਰੀਆਂ ਅਤੇ ਦੁੱਖ ਤੋਂ ਉਪਰ ਉਠਣਾ ਅਤੇ ਤੁਹਾਡੇ ਸਾਥੀ ਦੋਸਤਾਂ ਨੂੰ ਸਹੀ ਰਾਹ ਉਤੇ ਚਲਣਾ ਨਹੀਂ ਸਿਖਾਂਦਾ, ਤੁਹਾਡੀ ਕੀਮਤ ਕੌਡੀ ਦੀ ਵੀ ਨਹੀਂ ਅਤੇ ਕਿਆਮਤ ਦੇ ਦਿਨ ਤਕ ਖ਼ੁਦਾ ਦੇ ਘਰ ਵੀ ਤੁਹਾਡੀ ਇਹੀ ਸਥਿਤੀ ਰਹੇਗੀ।
ਕਿਸੇ ਸਿਆਣੇ ਦੇ ਕਹੇ ਸ਼ਬਦਾਂ ਨੂੰ ਗ੍ਰਹਿਣ ਕਰੋ ਅਤੇ ਆਪਣੇ ਜੀਵਨ ਉਤੇ ਲਾਗੂ ਕਰੋ। ਪਰ ਉਸ ਅਨੁਸਾਰ ਦੁਹਰਾਉਣ ਦਾ ਯਤਨ ਨਾ ਕਰੋ ਕਿਉਂਕਿ ਜਿਸਨੂੰ ਉਹ ਸਮਝਦਾ ਹੀ ਨਹੀਂ ਉਸਨੂੰ ਦੁਹਰਾਉਣ ਵਾਲਾ ਉਸ ਗਧੇ ਨਾਲੋ ਸਿਆਣਾ ਨਹੀਂ ਜਿਸ ਉਤੇ ਕਿਤਾਬਾਂ ਦਾ ਭਾਰ ਲੱਦਿਆ ਹੋਵੇ।