ਬੋਲ ਹਨ- "ਉਹ ਲਫ਼ਜ਼, ਜੋ ਮੈਂ ਆਪਣੀ ਕਬਰ 'ਤੇ ਉਕਰੇ ਵੇਖਣਾ ਲੋਚਦਾਂ, ਉਹ ਹਨ- 'ਮੈਂ ਤੁਹਾਡੇ ਵਾਂਗ ਹੀ ਜ਼ਿੰਦਾ-ਜਾਵੇਦ ਹਾਂ, ਤੇ ਮੈਂ ਤੁਹਾਡੇ ਲਾਗੇ ਹੀ ਆ ਕੇ ਖੜ੍ਹਾ ਹੋ ਰਿਹਾਂ। ਆਪਣੀਆਂ ਅੱਖਾਂ ਮੀਟੋ ਤੇ ਅੰਤਰ-ਧਿਆਨ ਹੋ ਕੇ ਚੁਫ਼ੇਰੇ ਵੇਖੋ, ਤੁਸੀਂ ਮੈਨੂੰ ਆਪਣੇ ਸਨਮੁਖ ਵੇਖੋਗੇ..."
ਜਿਬਰਾਨ ਨੇ ਆਪਣੀ ਰੋਗਸ਼ਾਲਾ ਦੇ ਸਾਜ਼ੋ-ਸਾਮਾਨ ਦੀ ਵਸੀਅਤ ਮੈਰੀ ਐਲਿਜ਼ਾਬੈਥ ਹਾਸਕੂਲ ਦੇ ਨਾਂਅ ਕੀਤੀ ਸੀ, ਜਿਥੇ ਮੈਰੀ ਨੂੰ ਜਿਬਰਾਨ ਦੇ ਨਾਂਅ ਲਿਖੇ ਆਪਣੇ ਖ਼ਤ ਮਿਲੇ, 23 ਸਾਲਾਂ ਦੀ ਦੋਸਤੀ ਦੌਰਾਨ ਲਿਖੇ। ਭਾਵੇਂ ਪਹਿਲਾਂ ਉਸ ਨੇ ਇਨ੍ਹਾਂ ਖਤਾਂ ਵਿਚਲੀ ਖੁੱਲ੍ਹ ਤੇ ਡੂੰਘਾਈ ਕਰਕੇ ਇਨ੍ਹਾਂ ਨੂੰ ਸਾੜਨ ਦਾ ਮਨ ਵੀ ਬਣਾ ਲਿਆ ਸੀ, ਪਰ ਇਨ੍ਹਾਂ ਦੀ ਇਤਿਹਾਸਕ ਮੁੱਲਵਾਨਤਾ ਵੇਖ ਕੇ ਉਸ ਨੇ ਇਨ੍ਹਾਂ ਨੂੰ ਸਾਂਭ ਲਿਆ। 1964 ਵਿਚ ਚੱਲ ਵਸਣ ਤੋਂ ਪਹਿਲਾਂ ਉਸ ਨੇ ਇਨ੍ਹਾਂ ਖ਼ਤਾਂ ਨੂੰ ਤੇ ਉਸ ਦੇ ਨਾਂਅ ਲਿਖੇ ਜਿਬਰਾਨ ਦੇ ਖ਼ਤਾਂ ਨੂੰ ਚੈਪਲ ਹਿਲ ਵਿਖੇ 'ਯੂਨੀਵਰਸਿਟੀ ਆਫ਼ ਨੋਰਥ ਕੈਰੋਲੀਨਾ' ਦੀ ਲਾਇਬਰੇਰੀ ਨੂੰ ਸੌਂਪ ਦਿੱਤਾ, ਜਿਨ੍ਹਾਂ ਵਿਚੋਂ ਲਗਪਗ 600 ਖ਼ਤ 1972 ਵਿਚ ਛਪੇ ਸੰਗ੍ਰਹਿ 'Beloved Prophet' ਵਿਚ ਛਾਪੇ ਗਏ ਹਨ। ਇਸ ਦੇ ਨਾਲ ਹੀ ਮੈਰੀ ਐਲਿਜ਼ਾਬੈਥ ਹਾਸਕੋਲ, ਜਿਸਦਾ ਕਿ 1923 ਵਿਚ ਜੈਕਬ ਫ਼ਲੋਰੈਂਸ ਮਿਨਿਸ ਨਾਲ ਵਿਆਹ ਹੋ ਗਿਆ ਸੀ, ਨੇ 1950 ਵਿਚ ਜਿਬਰਾਨ ਦੀਆਂ ਲਗਪਗ 100 ਮੌਲਿਕ ਕਲਾ-ਕ੍ਰਿਤੀਆਂ ਦਾ ਆਪਣਾ ਨਿੱਜੀ ਸੰਗ੍ਰਹਿ ਸਵੇਨਾਹ, ਜਿਓਰਜੀਆ ਸਥਿਤ 'ਟੇਲਫ਼ੇਅਰ ਮਿਊਜ਼ੀਅਮ ਆਫ਼ ਆਰਟ' ਨੂੰ ਦਾਨ ਕਰ ਦਿੱਤਾ ਸੀ। ਉਕਤ ਮਿਊਜ਼ੀਅਮ ਨੂੰ ਭੇਂਟ ਕੀਤਾ ਜਿਬਰਾਨ ਦੀ ਦ੍ਰਿਸ਼ਟੀਗਤ-ਕਲਾ (ਵਿਚੂਅਲ ਆਰਟ) ਦਾ ਇਹ ਸਭ ਤੋਂ ਵੱਡਾ ਜਨਤਕ ਸੰਗ੍ਰਹਿ ਹੈ, ਜਿਸ ਵਿਚ 5 ਤੇਲ ਦੀਆਂ ਤੇ ਅਣਗਿਣਤ ਕਾਗਜ਼ੀ ਕਲਾ ਦੀਆਂ ਪੇਸ਼ਕਾਰੀਆਂ, ਕਾਵਿਮਈ ਸ਼ੈਲੀ ਵਿਚ, ਸ਼ਾਮਿਲ ਹਨ, ਜੋ ਕਿ ਪ੍ਰਤੀਕਵਾਦ ਦੇ ਪ੍ਰਭਾਵ ਨੂੰ ਦਰਸਾਉਂਦੀਆਂ ਹਨ।
ਇਸ ਦੇ ਨਾਲ ਹੀ ਜਿਬਰਾਨ ਦੀਆਂ ਪੁਸਤਕਾਂ ਦੀ ਅਮਰੀਕਾ ਦੇ ਪ੍ਰਕਾਸ਼ਕਾਂ ਵੱਲੋਂ ਭਵਿੱਖ ਵਿਚ ਮਿਲਣ ਵਾਲੀ ਰਾਇਲਟੀ ਨੂੰ ਉਸ ਦੀ ਜਨਮ ਭੋਇ ਬਸ਼ੱਰੀ (ਲੇਬਨਾਨ) ਵਿਚ ਚੰਗੇ ਕੰਮਾਂ ਲਈ ਵਰਤਣ ਦੀ ਵਸੀਅਤ ਕੀਤੀ ਗਈ ਸੀ, ਜੋ ਕਿ ਕਈ ਸਾਲਾਂ ਤੱਕ ਪੈਸੇ ਵੰਡਣ ਦੇ ਮੁੱਦੇ 'ਤੇ ਵਿਵਾਦ ਤੇ ਉਪਦਰ ਦਾ ਸਬੱਬ ਬਣਦੀ ਰਹੀ, ਤੇ ਅਖ਼ੀਰ ਲੇਬਨਾਨੀ ਸਰਕਾਰ ਇਸ ਪੂੰਜੀ ਦੀ ਨਿਗਰਾਨ ਬਣ ਗਈ।
ਖ਼ਲੀਲ ਜਿਬਰਾਨ ਦੀ ਕਲਾਤਮਕ ਤੇ ਸਾਹਿਤਕ ਦੇਣ ਨੂੰ ਵੇਖਦੇ ਹੋਏ 1971 ਵਿਚ ਲੇਬਨਾਨ ਦੇ 'ਡਾਕ ਤੇ ਸੰਚਾਰ ਵਿਭਾਗ' ਨੇ ਉਸ ਦੇ ਸਨਮਾਨ ਵਜੋਂ ਇਕ ਡਾਕ ਟਿਕਟ ਵੀ ਜਾਰੀ ਕੀਤਾ, ਜਦ ਕਿ ਜਿਬਰਾਨ ਦੇ ਨਾਂਅ 'ਤੇ ਲੇਬਨਾਨ ਦੇ ਬਸ਼ੱਰੀ ਸ਼ਹਿਰ ਵਿਚ ਯਾਦਗਾਰੀ ਮਿਊਜ਼ੀਅਮ (ਜੋ ਕਿ ਉਸ ਦੇ ਮੱਠ ਵਿਚ ਹੀ ਬਣਾਇਆ ਗਿਆ ਹੈ) ਅਤੇ ਬੇਰੂਤ ਸ਼ਹਿਰ ਵਿਚ ਇਕ ਯਾਦਗਾਰੀ ਬਾਗ਼ ਵੀ ਸਥਾਪਿਤ ਹੈ।
ਇਸ ਤ੍ਰੈਲੜੀ ਦੀ ਪਹਿਲੀ ਪੁਸਤਕ 'ਪੈਗ਼ੰਬਰ' ਦਾ ਪੰਜਾਬੀ ਅਨੁਵਾਦ ਅੰਗਰੇਜ਼ੀ ਰਚਨਾ 'The Prophet' ਅਤੇ ਇਸ ਦੇ ਹਿੰਦੀ ਅਨੁਵਾਦ ਤੋਂ ਰਲਵੇਂ ਰੂਪ ਵਿਚ ਕੀਤਾ ਗਿਆ ਹੈ ਤੇ ਕਿਸੇ ਵੀ ਪ੍ਰਕਾਰ ਦੀ ਅਤਿਕਥਨੀ ਜਾਂ ਗ਼ਲਤ-ਬਿਆਨੀ ਤੋਂ ਬਚਣ ਲਈ ਅੰਗਰੇਜ਼ੀ
ਰਚਨਾ ਨੂੰ ਹੀ ਆਧਾਰ ਬਣਾਇਆ ਗਿਆ ਹੈ। ਜਦ ਕਿ ਇਸ ਤ੍ਰੈਲੜੀ ਦੀ ਦੂਸਰੀ ਤੇ ਤੀਸਰੀ ਪੁਸਤਕ ਦਾ ਅਨੁਵਾਦ ਸਿੱਧਾ ਅੰਗਰੇਜ਼ੀ ਤੋਂ ਹੀ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਦੂਸਰੀ ਪੁਸਤਕ 'ਗਾਰਡਨ ਆਫ਼ ਦੀ ਪਰੋਫੈਟ' ਤਾਂ ਸੌਖਿਆਂ ਹੀ ਇੰਟਰਨੈਟ ਤੋਂ 'ਈ-ਬੁਕ' ਦੇ ਰੂਪ ਵਿਚ ਮਿਲ ਗਈ ਸੀ, ਪਰ ਤੀਸਰੀ ਪੁਸਤਕ 'ਡੈੱਥ ਆਫ਼ ਦ ਪਰੋਫੈਟ ਹਾਸਿਲ ਕਰਨ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਇਹ ਪੁਸਤਕ ਅੰਗਰੇਜ਼ੀ, ਹਿੰਦੀ, ਪੰਜਾਬੀ ਜਾਂ ਹੋਰ ਕਿਸੇ ਵੀ ਭਾਰਤੀ ਭਾਸ਼ਾ ਵਿਚ ਭਾਰਤ ਵਿਚ ਨਾ ਛਪੀ ਹੋਣ ਕਾਰਨ ਕਿਧਰੇ ਵੀ ਉਪਲਬਧ ਨਾ ਹੋਈ। ਅਖ਼ੀਰ ਇਹ ਪੁਸਤਕ ਪ੍ਰਾਪਤ ਹੋਈ 'ਆਨ ਲਾਈਨ ਖ਼ਰੀਦਦਾਰੀ ਸੇਵਾਵਾਂ' ਦੇਣ ਵਾਲੀ ਅਮਰੀਕੀ ਕੰਪਨੀ 'ਐਮੇਜ਼ਾਨ ਡਾਟ ਕਾਮ' ਤੋਂ, ਜਿਥੋਂ ਮੇਰੇ ਲਈ ਖ਼ਾਸ ਤੋਂਰ 'ਤੇ ਮੰਗਵਾ ਕੇ ਇਹ ਪੁਸਤਕ ਮੇਰੇ ਵੀਰਾਂ ਵਰਗੇ ਸਾਂਢੂ ਸ੍ਰੀ ਵਿਨੀਤ ਸ਼ਰਮਾ ਤੇ ਭੈਣਾਂ ਵਰਗੀ ਸਾਲੀ ਮਨਪ੍ਰੀਤ 'ਲੋਪਾ' ਨੇ ਆਸਟਰੇਲੀਆ ਤੋਂ ਮੇਰੇ ਪਹਿਲੇ ਹੀ ਬੋਲ 'ਤੇ ਉਚੇਚਿਆਂ ਭਿਜਵਾਈ। ਉਨ੍ਹਾਂ ਦੇ ਇਸ ਅਮੋਲਕ ਸਹਿਯੋਗ ਤੇ ਸੁਹਿਰਦਤਾ ਬਗ਼ੈਰ ਇਹ ਤ੍ਰੈਲੜੀ (ਖ਼ਾਸ ਤੌਰ 'ਤੇ ਪੰਜਾਬੀ ਵਿਚ) ਕਦੇ ਵੀ ਸੰਪੂਰਨ ਰੂਪ ਵਿਚ ਸਾਕਾਰ ਨਹੀਂ ਹੋ ਸਕਣੀ ਸੀ, ਉਨ੍ਹਾਂ ਦਾ ਜਿੰਨਾ ਵੀ ਸ਼ੁਕਰੀਆ ਅਦਾ ਕਰਾਂ, ਘੱਟ ਹੋਵੇਗਾ।
ਇਸ ਤ੍ਰੈਲੜੀ ਦੇ ਅਨੁਵਾਦ-ਕਾਰਜ ਦੀ ਮੇਰੀ ਇਹ ਨਿਮਾਣੀ ਜਿਹੀ ਕੋਸ਼ਿਸ਼ ਕਿੰਨੀ ਕੁ ਸਫਲ ਹੋਈ ਹੈ, ਇਹ ਤਾਂ ਪਾਠਕ ਤੇ ਚਿੰਤਕ ਹੀ ਦੱਸ ਸਕਦੇ ਹਨ, ਪਰ ਮੈਂ ਆਪਣੇ ਵੱਲੋਂ ਇਸ ਪੁਸਤਕ ਦੇ ਅਨੁਵਾਦ ਨੂੰ ਜੋ ਵਿਲੱਖਣਤਾ ਦੇਣ ਦਾ ਤੁੱਛ ਜਿਹਾ ਉਪਰਾਲਾ ਕੀਤਾ ਹੈ, ਉਸ ਦੇ ਤਹਿਤ ਹੀ ਮੈਂ ਇਸ ਤ੍ਰੈਲੜੀ ਦੀ ਪਹਿਲੀ ਪੁਸਤਕ 'ਪੈਗ਼ੰਬਰ' ਵਿਚ ਉਸ ਕਥਨ 'ਤੇ, ਜਿਥੇ ਜਿਥੇ ਉਨ੍ਹਾਂ ਵਿਚ ਵਿਚਾਰਧਾਰਕ ਸਾਂਝ ਬਣੀ ਹੈ, ਗੁਰਬਾਣੀ, ਸੂਫ਼ੀਆਨਾ ਕਲਾਮ, ਭਗਤੀ- ਕਾਵਿ, ਉਰਦੂ ਸ਼ਾਇਰੀ, ਆਧੁਨਿਕ ਪੰਜਾਬੀ ਕਾਵਿ ਤੇ ਅੰਗਰੇਜ਼ੀ ਸਾਹਿਤ ਵਿਚੋਂ ਹਵਾਲੇ ਦੇਣ ਦਾ ਜਤਨ ਕੀਤਾ ਹੈ। ਅਨੁਵਾਦ ਜਾਂ ਦਿੱਤੇ ਹਵਾਲਿਆਂ ਵਿਚ ਰਹੀਆਂ ਉਕਾਈਆਂ ਲਈ ਮੈਂ ਖ਼ੁਦ ਨੂੰ ਹੀ ਜ਼ਿੰਮੇਵਾਰ ਮੰਨਦਾ ਹਾਂ, ਜਦ ਕਿ ਇਸ ਅਨੁਵਾਦ ਦੀ ਕਿਸੇ ਵੀ ਪ੍ਰਾਪਤੀ ਨੂੰ ਮੈਂ ਰੱਬੀ-ਦਾਤ ਮੰਨ ਕੇ 'ਉਸ' ਦਾ ਸ਼ੁਕਰਾਨਾ ਕਰਦਾ ਹਾਂ। ਅਖ਼ੀਰ ਵਿਚ 'ਸੰਗਮ ਪਬਲੀਕੇਸ਼ਨਜ਼, ਸਮਾਣਾ' ਦੇ ਸ੍ਰੀ ਅਸ਼ੋਕ ਕੁਮਾਰ ਗਰਗ ਜੀ ਦਾ ਵੀ ਮੈਂ ਦਿਲੋਂ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਇਸ ਅਮੋਲਕ ਰਚਨਾ ਦੇ ਪੰਜਾਬੀ ਅਨੁਵਾਦ ਨੂੰ ਪੰਜਾਬੀ ਪਾਠਕਾਂ ਤੱਕ ਪਹੁੰਚਾਇਆ ਤੇ ਅਨੁਵਾਦ ਦੀ ਵੱਡੀ ਜ਼ਿੰਮੇਵਾਰੀ ਮੈਨੂੰ ਸੌਂਪ ਕੇ ਮੈਨੂੰ ਵੀ ਮਾਣ ਦਾ ਹੱਕਦਾਰ ਬਣਾਇਆ।
16 ਮਈ 2012 -ਜਸਪ੍ਰੀਤ ਸਿੰਘ ਜਗਰਾਓ
ਤਰਤੀਬ
2. ਪੈਗ਼ੰਬਰ ਦਾ ਬਗੀਚਾ/85-114
3. ਪੈਗ਼ੰਬਰ ਦੀ ਮੌਤ/115-159
1.
ਪੈਗ਼ੰਬਰ
ਸਮੁੰਦਰੀ ਜਹਾਜ਼ ਦਾ ਅੱਪੜਨਾ
ਅਲ ਮੁਸਤਫ਼ਾ, ਖ਼ੁਦਾ ਦਾ ਇੱਕ ਚੁਣੋਦਾ ਤੇ ਅਜ਼ੀਜ਼ ਇਨਸਾਨ, ਜੋ ਆਪਣੇ ਦਿਨਾਂ ਵਿਚ ਇਕ ਪਹੁ-ਫੁਟਾਲੇ ਦੇ ਤੁੱਲ ਸੀ, ਉਹ ਓਰਫੇਲਿਸ ਸ਼ਹਿਰ ਵਿਚ ਬਾਰ੍ਹਾਂ ਵਰ੍ਹੇ ਉਸ ਜਹਾਜ਼ ਨੂੰ ਉਡੀਕਦਾ ਰਿਹਾ ਜੋ, ਉਸ ਨੂੰ ਵਾਪਸ ਲਿਜਾਣ ਵਾਲਾ ਸੀ, ਉਸ ਦੀ ਜਨਮ-ਭੋਇ ਵਾਲੇ ਟਾਪੂ ਤੇ।
ਤੇ ਫੇਰ ਬਾਰ੍ਹਵੇਂ ਵਰ੍ਹੇ, ਜਦੋਂ ਉਸ ਨੇ ਇਲੂਲ ਮਹੀਨੇ, ਵਾਢੀ ਦਾ ਮਹੀਨਾ, ਦੇ ਸੱਤਵੇ ਦਿਨ ਉਸ ਪਹਾੜ ਦੀ ਟੀਸੀ 'ਤੇ ਚੜ੍ਹ ਕੇ ਸਮੁੰਦਰ ਵੱਲ ਵੇਖਿਆ ਤਾਂ ਉਸ ਨੇ ਕੋਹਰੇ ਵਿਚਕਾਰ ਆਪਣਾ ਜਹਾਜ਼ ਆਉਂਦਾ ਡਿੱਠਾ।
ਉਦੋਂ ਉਸ ਦੇ ਦਿਲ ਦੇ ਸਾਰੇ ਬੰਦ ਕਪਾਟ ਖੁੱਲ੍ਹ ਗਏ ਤੇ ਉਸ ਦੀ ਸਾਰੀ ਖ਼ੁਸ਼ੀ ਸਮੁੰਦਰ ਵੱਲ ਵਹਿ ਤੁਰੀ।
ਤੇ ਫੇਰ ਉਸ ਨੇ ਆਪਣੀਆਂ ਅੱਖਾਂ ਮੀਟ ਕੇ ਆਪਣੀ ਸ਼ਾਂਤ ਆਤਮਾ ਅੱਗੇ ਅਰਜ਼ੋਈ ਕੀਤੀ।
ਪਰ ਜਿਵੇਂ ਹੀ ਉਹ ਪਹਾੜ ਤੋਂ ਹੇਠਾਂ ਉਤਰਿਆ, ਇਕ ਉਦਾਸੀ ਨੇ ਉਸ ਨੂੰ ਆ ਘੇਰਿਆ ਤੇ ਉਹ ਸੋਚਣ ਲੱਗਾ-
'ਬਿਨਾਂ ਕੋਈ ਦੁੱਖ ਹੰਢਾਏ, ਬਿਲਕੁਲ ਸ਼ਾਂਤ ਮਨ ਨਾਲ ਮੈਂ ਕਿਵੇਂ ਜਾਵਾਂਗਾ ? ਨਹੀਂ, ਮੈਂ ਆਪਣੀ ਆਤਮਾ ਨੂੰ ਵਲੂੰਧਰੇ ਬਿਨਾਂ ਇਸ ਸ਼ਹਿਰ ਨੂੰ ਨਹੀਂ ਛੱਡ ਸਕਾਂਗਾ।
ਇਸ ਸ਼ਹਿਰ ਦੀ ਚਾਰ-ਦੀਵਾਰੀ ਵਿਚ ਕੱਟੇ ਦੁੱਖ ਭਰੇ ਦਿਨ ਬਹੁਤ ਲੰਮੇਰੇ ਸਨ ਤੇ ਨਾਲ ਹੀ ਲੰਮੇਰੀਆਂ ਸਨ ਉਹ ਇਕਾਂਤ ਭਰੀਆਂ ਰਾਤਾਂ, ਜੋ ਮੈਂ ਇਕਲਾਪੇ ਵਿਚ ਲੰਘਾਈਆਂ, ਤੇ ਇਸ ਪੀੜ ਤੇ ਇਕਲਾਪੇ ਨੂੰ ਬਿਨਾਂ ਪਛਤਾਵਾ ਕੀਤਿਆਂ ਭਲਾ ਕੋਈ ਸੌਖਿਆਂ ਕਿਵੇਂ ਆਪਣੇ ਤੋਂ ਵੱਖ ਕਰ ਸਕਦੇ ?
ਮੇਰੀ ਆਤਮਾ ਦੇ ਨਿੱਕੇ-ਨਿੱਕੇ ਟੋਟੇ ਇਨ੍ਹਾਂ ਗਲੀਆਂ ਵਿਚ ਖਿੱਲਰੇ ਪਏ ਨੇ ਤੇ ਲੱਗਦੈ ਕਿ ਜਿਵੇਂ ਮੇਰੀਆਂ ਸਧਰਾਂ ਦੇ ਬੱਚੇ ਇਨ੍ਹਾਂ ਪਹਾੜੀਆਂ ਵਿਚ ਨੰਗ ਮੁਨੰਗੇ ਘੁੰਮ ਰਹੇ ਨੇ ਤੇ ਮੈਂ ਬਿਨਾ ਕੋਈ ਪੀੜ ਤੇ ਬੋਝ ਮਹਿਸੂਸ ਕੀਤਿਆਂ ਉਹਨਾਂ ਤੋਂ ਖਹਿੜਾ ਨਹੀਂ ਛੁਡਾ ਸਕਦਾ।
ਇਹ ਕੋਈ ਲਿਬਾਸ ਨਹੀਂ ਜੋ ਮੈਂ ਅੱਜ ਲਾਹ ਕੇ ਸੁੱਟ ਰਿਹਾ, ਸਗੋਂ ਇਹ ਤਾਂ ਮੇਰਾ ਨਹੁੰ- ਮਾਸ ਹੈ, ਜੋ ਮੈਂ ਆਪਣੇ ਹੱਥੀਂ ਤੋੜ ਰਿਹਾਂ। ਇਹ ਨਾ ਹੀ ਕੋਈ ਫੁਰਨਾ ਜਾਂ ਖ਼ਿਆਲ ਹੈ, ਸਗੋਂ ਇਹ ਤਾਂ ਮੇਰਾ ਦਿਲ ਹੈ, ਜਿਸ ਨੂੰ ਮੈਂ ਪਿੱਛੇ ਛੱਡ ਕੇ ਜਾ ਰਿਹਾਂ। ਉਹ ਵੀ ਅਜਿਹਾ ਦਿਲ, ਜਿਸ ਨੂੰ ਭੁੱਖ-ਤੇਹ ਨੇ ਬਹੁਤ ਹੀ ਮਿੱਠਤਾ ਭਰਿਆ ਬਣਾ ਦਿੱਤਾ ਸੀ। ਫੇਰ ਵੀ, ਮੈਂ ਇਥੇ ਹੋਰ ਨਹੀਂ ਰੁਕ ਸਕਦਾ।