

ਪੱਤੀਆਂ ਦੇ ਬਣੇ ਤਾਜ ਪਹਿਨਾਉਣਾ। ਤੇ ਤੁਹਾਨੂੰ ਤਿੱਖੇ ਪੰਜਿਆਂ ਵਾਲੇ ਬੰਦੇ ਮਿਲਣਗੇ, ਉਨ੍ਹਾਂ ਨੂੰ ਉਂਗਲਾਂ 'ਤੇ ਚੜ੍ਹਾਉਣ ਲਈ ਫੁੱਲ-ਪੰਖੜੀਆਂ ਦੇ ਦੇਣੀਆਂ। ਤੇ ਟੁੱਕੀਆਂ ਜੀਭਾਂ ਵਾਲੇ ਬੰਦੇ ਵੀ ਮਿਲਣਗੇ, ਉਨ੍ਹਾਂ ਨੂੰ ਮਾਖਿਓ-ਮਿੱਠੇ ਬੋਲ ਦੇ ਦੇਣੇ।
"ਹਾਂ, ਤੁਸੀਂ ਇਨ੍ਹਾਂ ਨੂੰ ਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਮਿਲੇਗੇ; ਤੁਸੀਂ ਫੁਹੜੀਆਂ ਵੇਚਦੇ ਹੋਏ ਲੰਙੜਿਆਂ ਤੇ ਸ਼ੀਸ਼ੇ ਵੇਚਦੇ ਹੋਏ ਨੇਤਰਹੀਣਾਂ ਨੂੰ ਮਿਲੋਗੇ । ਤੇ ਤੁਸੀਂ ਮੰਦਰ ਦੇ ਦਰ 'ਤੇ ਮੰਗਤੇ ਬਣੇ ਬੈਠੇ ਅਮੀਰ ਲੋਕਾਂ ਨੂੰ ਮਿਲੋਗੇ ।
"ਲੰਙੜਿਆਂ ਨੂੰ ਤੁਸੀਂ ਆਪਣੀ ਗਤੀਮਾਨਤਾ ਦੇ ਦੇਣੀ ਤੇ ਨੇਤਰਹੀਣਾਂ ਨੂੰ ਆਪਣੀ ਨਜ਼ਰ; ਤੇ ਧਿਆਨ ਰੱਖਿਓ ਕਿ ਤੁਸੀਂ ਅਮੀਰ ਮੰਗਤਿਆਂ ਨੂੰ ਆਪਣਾ ਆਪਾ ਦੇ ਦੇਣਾ, ਉਨ੍ਹਾਂ ਨੂੰ ਇਸ ਦੀ ਬਹੁਤ ਲੋੜ ਹੈ, ਕਿਉਂ ਕਿ ਅਸਲ 'ਚ ਕੋਈ ਵੀ ਬੰਦਾ ਉਦੋਂ ਤੱਕ ਕਿਸੇ ਮੂਹਰੇ ਹੱਥ ਨਹੀਂ ਅੱਡੇਗਾ, ਜਦੋਂ ਤੱਕ ਕਿ ਉਹ ਸੱਚਮੁਚ ਆਪਣੇ ਆਪ ਨੂੰ ਗਰੀਬ ਨਾ ਮੰਨੇ, ਫੇਰ ਭਾਵੇਂ ਉਹ ਬੇਸ਼ੱਕ ਅਸੀਮ ਜ਼ਮੀਨ-ਜਾਇਦਾਦ ਦਾ ਮਾਲਕ ਹੀ ਕਿਉਂ ਨਾ ਹੋਵੇ।
"ਮੇਰੇ ਸਾਥੀਓ ਤੇ ਮੇਰੇ ਦੋਸਤੋ, ਮੈਂ ਤੁਹਾਨੂੰ ਸਾਡੇ ਪਿਆਰ ਦੀ ਖ਼ਾਤਿਰ ਸਚੇਤ ਕਰਦਾ ਹਾਂ ਕਿ ਤੁਸੀਂ ਮਾਰੂਥਲਾਂ 'ਚ ਇਕ-ਦੂਜੇ ਨੂੰ ਕੱਟਦੇ ਅਣਗਿਣਤ ਪੈਂਡਿਆਂ 'ਤੇ ਤੁਰੋਗੇ, ਜਿਨ੍ਹਾਂ 'ਤੇ ਬੱਬਰ ਸ਼ੇਰ ਤੇ ਖਰਗੋਸ਼ ਤੁਰਦੇ ਨੇ, ਤੇ ਨਾਲ ਹੀ ਭੇੜੀਏ ਤੇ ਭੇਡਾਂ ਵੀ।
''ਤੇ ਮੇਰੀ ਇਹ ਗੱਲ ਚੇਤੇ ਰੱਖਿਓ ਕਿ- ਮੈਂ ਤੁਹਾਨੂੰ ਦੇਣਾ ਨਹੀਂ, ਸਗੋਂ ਲੈਣਾ ਸਿਖਾਇਆ ਹੈ, ਪਰਿਤਿਆਗ ਨਹੀਂ, ਸਗੋਂ ਪੂਰਤੀ ਸਿਖਾਈ ਹੈ, ਤੇ ਸਮਰਪਣ ਨਹੀਂ, ਸਗੋਂ ਸਮਤੋਲਤਾ ਸਿਖਾਈ ਹੈ, ਉਹ ਵੀ ਹੋਂਠਾਂ 'ਤੇ ਤੈਰਦੀ ਹੋਈ ਮੁਸਕੁਰਾਹਟ ਦੇ ਨਾਲ।
"ਮੈਂ ਤੁਹਾਨੂੰ ਮੋਨਤਾ ਨਹੀਂ ਸਿਖਾਈ, ਸਗੋਂ ਉਲਟਾ ਇਕ ਧੀਮੀ ਸਮਤਲ ਸੁਰ ਦਾ ਗੀਤ ਸਿਖਾਇਆ ਹੈ।
"ਮੈਂ ਤੁਹਾਨੂੰ ਤੁਹਾਡੇ 'ਵਿਸ਼ਾਲ ਆਪੋ' ਦੀ ਸਿੱਖਿਆ ਦਿੱਤੀ ਹੈ, ਜਿਸ 'ਚ ਸਾਰੀ ਮਨੁੱਖਤਾ ਸਮਾ ਜਾਂਦੀ ਹੈ।"
ਤੇ ਅਲਮੁਸਤਫ਼ਾ ਖਾਣੇ ਦੀ ਮੇਜ਼ ਤੋਂ ਉਠ ਗਿਆ ਤੇ ਸਿੱਧਾ ਬਾਹਰ ਬਗੀਚੇ ਵਿਚ ਚਲਾ ਗਿਆ ਤੇ ਸਰੂ ਦੇ ਬਿਰਖਾਂ ਦੀ ਛਾਵੇਂ ਟਹਿਲਣ ਲੱਗਾ, ਕਿਉਂ ਜੋ ਦਿਨ ਢਲ ਗਿਆ ਸੀ। ਤੇ ਉਸ ਦੇ ਨੌਂ ਦੇ ਨੌਂ ਮੁਰੀਦ ਕੁਝ ਵਿੱਥ ਪਾ ਕੇ ਉਸ ਦੇ ਪਿੱਛੇ-ਪਿੱਛੇ ਆ ਰਹੇ ਸਨ, ਕਿਉਂ ਕਿ ਉਨ੍ਹਾਂ ਦੇ ਹਿਰਦੇ ਭਾਰੀ ਬੋਝ ਹੇਠਾਂ ਦੱਬੇ ਗਏ ਸਨ, ਤੇ ਉਨ੍ਹਾਂ ਦੀਆਂ ਜੀਭਾਂ ਉੱਪਰ ਤਾਲੂਏ ਨਾਲ ਜਾ ਲੱਗੀਆਂ ਸਨ।
ਸਿਰਫ਼ ਕਰੀਮਾ, ਉਨ੍ਹਾਂ ਨੌਂ ਅੰਸ਼ਾਂ (ਨੌਂ ਮੁਰੀਦਾਂ) ਵੱਲੋਂ ਅੱਗੇ ਕੀਤੇ ਜਾਣ ਮਗਰੋਂ, ਅਲਮੁਸਤਫ਼ਾ ਕੋਲ ਆਈ ਤੇ ਬੋਲੀ- "ਮੇਰੇ ਮਾਲਕ, ਮੈਂ ਚਾਹੁੰਨੀ ਆਂ ਕਿ ਤੁਸੀਂ ਮੈਨੂੰ ਭਲਕ ਲਈ ਤੇ ਤੁਹਾਡੇ ਸਫ਼ਰ ਲਈ ਖਾਣਾ ਤਿਆਰ ਕਰਨ ਦਿਓ।"
ਤੇ ਅਲਮੁਸਤਫ਼ਾ ਨੇ ਨਵੇਂ ਸੰਸਾਰਾਂ ਨੂੰ ਵੇਖਣ ਵਾਲੀਆਂ ਅੱਖਾਂ ਨਾਲ ਉਸ ਨੂੰ ਤੱਕਿਆ ਤੇ ਆਖਿਆ- "ਮੇਰੀਏ ਭੈਣੇ ਤੇ ਮੇਰੀਏ ਪਿਆਰੀਏ, ਇਹ ਸਭ ਕੁਝ ਤਿਆਰ ਹੈ, ਉਦੋਂ ਤੋਂ, ਜਦੋਂ ਤੋਂ ਸਮੇਂ ਦਾ ਪਹੀਆ ਘੁੰਮਣਾ ਸ਼ੁਰੂ ਹੋਇਆ ਹੈ। ਸਾਰਾ ਖਾਣਾ-ਪੀਣਾ ਤਿਆਰ ਹੈ, ਭਲਕ ਲਈ ਵੀ, ਜਿਵੇਂ ਕਿ ਸਾਡੇ ਬੀਤੇ ਕੱਲ੍ਹ ਤੇ ਅੱਜ ਲਈ ਤਿਆਰ ਸੀ, ਤੇ ਹੈ।