

ਐ ਧੁੰਦ, ਮੇਰੀਏ ਭੈਣੇ, ਮੈਂ ਦੁਨੀਆਂ ਨੂੰ ਬਹੁਤ ਪਿਆਰ ਦਿੱਤਾ, ਅਤੇ ਦੁਨੀਆਂ ਤੋਂ ਬਹੁਤ ਪਿਆਰ ਲਿਆ,
ਕਿਉਂ ਕਿ ਮੇਰੀਆਂ ਸਭੇ ਮੁਸਕੁਰਾਹਟਾਂ ਉਸ ਦੇ ਹੋਂਠਾਂ 'ਤੇ ਸਨ, ਅਤੇ ਉਸ ਦੇ ਸਾਰੇ ਅੱਥਰੂ ਮੇਰੀਆਂ ਅੱਖਾਂ ਵਿਚ।
ਤਾਂ ਵੀ ਸਾਡੇ ਦਰਮਿਆਨ ਚੁੱਪ ਦੀ ਡੂੰਘੀ ਖਾੜੀ ਸੀ, ਜਿਸ ਨੂੰ ਉਹ ਵੀ ਪੂਰ ਨਾ ਸਕੀ
ਅਤੇ ਮੈਂ ਵੀ ਉਲੰਘ ਨਾ ਸਕਿਆ।
"ਐ ਧੁੰਦ, ਮੇਰੀਏ ਭੈਣੇ, ਮੇਰੀਏ ਅਬਿਨਾਸੀ ਧੁੰਦ ਭੈਣੇ,
ਮੈਂ ਆਪਣੇ ਛੋਟੇ-ਛੋਟੇ ਬੱਚੜਿਆਂ ਤਾਈਂ ਪੋਰਾਣਿਕ ਗੀਤ ਗਾਏ,
ਅਤੇ ਉਨ੍ਹਾਂ ਨੇ ਸੁਣੇ, ਅਤੇ ਉਨ੍ਹਾਂ ਦੇ ਚਿਹਰਿਆਂ 'ਤੇ ਹੈਰਾਨੀ ਦੇ ਭਾਵ ਸਨ,
ਪਰ ਭਲਕ ਨੂੰ ਸੰਯੋਗਵੱਸ ਉਹ ਇਹ ਗੀਤ ਭੁੱਲ ਜਾਣਗੇ,
ਅਤੇ ਮੈਨੂੰ ਨਹੀਂ ਪਤਾ ਕਿ ਪੈਣ ਇਹ ਗੀਤ ਕਿਸ ਤੱਕ ਪੁਚਾਏਗੀ।
ਅਤੇ ਭਾਵੇਂ ਇਹ ਮੇਰਾ ਆਪਣਾ ਮੌਲਿਕ ਗੀਤ ਨਹੀਂ ਸੀ, ਫੇਰ ਵੀ ਇਹ ਮੇਰੇ ਦਿਲ ਵਿਚੋਂ ਉਗਮਿਆ ਸੀ,
ਅਤੇ ਕੁਝ ਖਿਣਾਂ ਲਈ ਮੇਰੇ ਹੋਂਠਾਂ 'ਤੇ ਤੈਰਿਆ ਸੀ।
"ਐ ਧੁੰਦ, ਮੇਰੀਏ ਭੈਣੇ, ਬੇਸ਼ੱਕ ਇਹ ਸਭ ਹੁਣ ਬੀਤ ਚੁੱਕਿਆ ਹੈ,
ਪਰ ਮੈਂ ਸ਼ਾਂਤ ਹਾਂ।
ਇਹੀ ਬਹੁਤ ਸੀ ਕਿ ਇਹ ਗੀਤ ਜਨਮ ਲੈ ਚੁੱਕਿਆਂ ਨੂੰ ਸੁਣਾਇਆ ਜਾ ਸਕਿਆ।
ਅਤੇ ਬੇਸ਼ੱਕ ਇਹ ਗਾਇਨ ਬਿਲਕੁਲ ਵੀ ਮੇਰਾ ਨਹੀਂ ਸੀ,
ਫੇਰ ਵੀ ਇਹ ਮੇਰੀ ਡੂੰਘੀ ਦਿਲੀ-ਇੱਛਾ ਹੈ।
"ਐ ਧੁੰਦ, ਮੇਰੀਏ ਭੈਣੇ, ਮੇਰੀਏ ਧੁੰਦ ਭੈਣੇ,
ਹੁਣ ਮੈਂ ਤੇਰਾ ਇਕ ਹਿੱਸਾ ਹਾਂ।
ਮੇਰੇ ਸਵੈ ਦੀ ਕੋਈ ਹੋਂਦ ਨਹੀਂ ਰਹੀ।
ਕੰਧਾਂ ਢਹਿ ਚੁੱਕੀਆਂ ਨੇ,
ਅਤੇ ਜ਼ੰਜੀਰਾਂ ਟੁੱਟ ਚੁੱਕੀਆਂ ਨੇ;
ਮੈਂ ਤੇਰੇ ਤੱਕ ਅੱਪੜਦਾ ਹਾਂ, ਐ ਧੁੰਦ,
ਅਤੇ ਅਸੀਂ ਜ਼ਿੰਦਗੀ ਦੇ ਅਗਲੇਰੇ ਦਿਨ ਤੱਕ ਸਮੁੰਦਰ ਦੀ ਸਤ੍ਹਾ 'ਤੇ ਇਕੱਠਿਅ ਤੈਰਾਂਗੇ,
ਜਦੋਂ ਪਹੁ-ਫੁਟਾਲਾ ਤੈਨੂੰ ਵਿਛਾ ਦਏਗਾ, ਜਿਵੇਂ ਬਾਗ਼ ਵਿਚ ਤ੍ਰੇਲ-ਤੁਪਕੇ,
ਅਤੇ ਮੈਨੂੰ, ਜਿਵੇਂ ਇਕ ਔਰਤ ਦੀ ਛਾਤੀ ਨਾਲ ਲੱਗਿਆ ਇਕ ਬੱਚਾ।""