ਤਰਤੀਬ
2. ਪੈਗ਼ੰਬਰ ਦਾ ਬਗੀਚਾ/85-114
3. ਪੈਗ਼ੰਬਰ ਦੀ ਮੌਤ/115-159
1.
ਪੈਗ਼ੰਬਰ
ਸਮੁੰਦਰੀ ਜਹਾਜ਼ ਦਾ ਅੱਪੜਨਾ
ਅਲ ਮੁਸਤਫ਼ਾ, ਖ਼ੁਦਾ ਦਾ ਇੱਕ ਚੁਣੋਦਾ ਤੇ ਅਜ਼ੀਜ਼ ਇਨਸਾਨ, ਜੋ ਆਪਣੇ ਦਿਨਾਂ ਵਿਚ ਇਕ ਪਹੁ-ਫੁਟਾਲੇ ਦੇ ਤੁੱਲ ਸੀ, ਉਹ ਓਰਫੇਲਿਸ ਸ਼ਹਿਰ ਵਿਚ ਬਾਰ੍ਹਾਂ ਵਰ੍ਹੇ ਉਸ ਜਹਾਜ਼ ਨੂੰ ਉਡੀਕਦਾ ਰਿਹਾ ਜੋ, ਉਸ ਨੂੰ ਵਾਪਸ ਲਿਜਾਣ ਵਾਲਾ ਸੀ, ਉਸ ਦੀ ਜਨਮ-ਭੋਇ ਵਾਲੇ ਟਾਪੂ ਤੇ।
ਤੇ ਫੇਰ ਬਾਰ੍ਹਵੇਂ ਵਰ੍ਹੇ, ਜਦੋਂ ਉਸ ਨੇ ਇਲੂਲ ਮਹੀਨੇ, ਵਾਢੀ ਦਾ ਮਹੀਨਾ, ਦੇ ਸੱਤਵੇ ਦਿਨ ਉਸ ਪਹਾੜ ਦੀ ਟੀਸੀ 'ਤੇ ਚੜ੍ਹ ਕੇ ਸਮੁੰਦਰ ਵੱਲ ਵੇਖਿਆ ਤਾਂ ਉਸ ਨੇ ਕੋਹਰੇ ਵਿਚਕਾਰ ਆਪਣਾ ਜਹਾਜ਼ ਆਉਂਦਾ ਡਿੱਠਾ।
ਉਦੋਂ ਉਸ ਦੇ ਦਿਲ ਦੇ ਸਾਰੇ ਬੰਦ ਕਪਾਟ ਖੁੱਲ੍ਹ ਗਏ ਤੇ ਉਸ ਦੀ ਸਾਰੀ ਖ਼ੁਸ਼ੀ ਸਮੁੰਦਰ ਵੱਲ ਵਹਿ ਤੁਰੀ।
ਤੇ ਫੇਰ ਉਸ ਨੇ ਆਪਣੀਆਂ ਅੱਖਾਂ ਮੀਟ ਕੇ ਆਪਣੀ ਸ਼ਾਂਤ ਆਤਮਾ ਅੱਗੇ ਅਰਜ਼ੋਈ ਕੀਤੀ।
ਪਰ ਜਿਵੇਂ ਹੀ ਉਹ ਪਹਾੜ ਤੋਂ ਹੇਠਾਂ ਉਤਰਿਆ, ਇਕ ਉਦਾਸੀ ਨੇ ਉਸ ਨੂੰ ਆ ਘੇਰਿਆ ਤੇ ਉਹ ਸੋਚਣ ਲੱਗਾ-
'ਬਿਨਾਂ ਕੋਈ ਦੁੱਖ ਹੰਢਾਏ, ਬਿਲਕੁਲ ਸ਼ਾਂਤ ਮਨ ਨਾਲ ਮੈਂ ਕਿਵੇਂ ਜਾਵਾਂਗਾ ? ਨਹੀਂ, ਮੈਂ ਆਪਣੀ ਆਤਮਾ ਨੂੰ ਵਲੂੰਧਰੇ ਬਿਨਾਂ ਇਸ ਸ਼ਹਿਰ ਨੂੰ ਨਹੀਂ ਛੱਡ ਸਕਾਂਗਾ।
ਇਸ ਸ਼ਹਿਰ ਦੀ ਚਾਰ-ਦੀਵਾਰੀ ਵਿਚ ਕੱਟੇ ਦੁੱਖ ਭਰੇ ਦਿਨ ਬਹੁਤ ਲੰਮੇਰੇ ਸਨ ਤੇ ਨਾਲ ਹੀ ਲੰਮੇਰੀਆਂ ਸਨ ਉਹ ਇਕਾਂਤ ਭਰੀਆਂ ਰਾਤਾਂ, ਜੋ ਮੈਂ ਇਕਲਾਪੇ ਵਿਚ ਲੰਘਾਈਆਂ, ਤੇ ਇਸ ਪੀੜ ਤੇ ਇਕਲਾਪੇ ਨੂੰ ਬਿਨਾਂ ਪਛਤਾਵਾ ਕੀਤਿਆਂ ਭਲਾ ਕੋਈ ਸੌਖਿਆਂ ਕਿਵੇਂ ਆਪਣੇ ਤੋਂ ਵੱਖ ਕਰ ਸਕਦੇ ?
ਮੇਰੀ ਆਤਮਾ ਦੇ ਨਿੱਕੇ-ਨਿੱਕੇ ਟੋਟੇ ਇਨ੍ਹਾਂ ਗਲੀਆਂ ਵਿਚ ਖਿੱਲਰੇ ਪਏ ਨੇ ਤੇ ਲੱਗਦੈ ਕਿ ਜਿਵੇਂ ਮੇਰੀਆਂ ਸਧਰਾਂ ਦੇ ਬੱਚੇ ਇਨ੍ਹਾਂ ਪਹਾੜੀਆਂ ਵਿਚ ਨੰਗ ਮੁਨੰਗੇ ਘੁੰਮ ਰਹੇ ਨੇ ਤੇ ਮੈਂ ਬਿਨਾ ਕੋਈ ਪੀੜ ਤੇ ਬੋਝ ਮਹਿਸੂਸ ਕੀਤਿਆਂ ਉਹਨਾਂ ਤੋਂ ਖਹਿੜਾ ਨਹੀਂ ਛੁਡਾ ਸਕਦਾ।
ਇਹ ਕੋਈ ਲਿਬਾਸ ਨਹੀਂ ਜੋ ਮੈਂ ਅੱਜ ਲਾਹ ਕੇ ਸੁੱਟ ਰਿਹਾ, ਸਗੋਂ ਇਹ ਤਾਂ ਮੇਰਾ ਨਹੁੰ- ਮਾਸ ਹੈ, ਜੋ ਮੈਂ ਆਪਣੇ ਹੱਥੀਂ ਤੋੜ ਰਿਹਾਂ। ਇਹ ਨਾ ਹੀ ਕੋਈ ਫੁਰਨਾ ਜਾਂ ਖ਼ਿਆਲ ਹੈ, ਸਗੋਂ ਇਹ ਤਾਂ ਮੇਰਾ ਦਿਲ ਹੈ, ਜਿਸ ਨੂੰ ਮੈਂ ਪਿੱਛੇ ਛੱਡ ਕੇ ਜਾ ਰਿਹਾਂ। ਉਹ ਵੀ ਅਜਿਹਾ ਦਿਲ, ਜਿਸ ਨੂੰ ਭੁੱਖ-ਤੇਹ ਨੇ ਬਹੁਤ ਹੀ ਮਿੱਠਤਾ ਭਰਿਆ ਬਣਾ ਦਿੱਤਾ ਸੀ। ਫੇਰ ਵੀ, ਮੈਂ ਇਥੇ ਹੋਰ ਨਹੀਂ ਰੁਕ ਸਕਦਾ।
ਉਹ ਸਮੁੰਦਰ, ਜੋ ਸਾਰਿਆਂ ਨੂੰ ਆਵਾਜ਼ਾਂ ਮਾਰਦਾ ਹੈ, ਮੈਨੂੰ ਵੀ ਸੱਦ ਰਿਹੈ, ਤੇ ਮੈਨੂੰ / ਜਾਣਾ ਹੀ ਪੈਣੈ, ਕਿਉਂਕਿ ਮੇਰੇ ਲਈ ਇਥੇ ਹੋਰ ਰੁਕਣਾ ਬਰਫ਼ ਦੀ ਤਰ੍ਹਾਂ ਜੰਮ ਜਾਣ ਜਾਂ ਇਕ - ਸਾਂਚੇ ਵਿਚ ਢਲ ਜਾਣ ਦੇ ਬਰਾਬਰ ਹੋਏਗਾ, ਹਾਲਾਂਕਿ ਸਮਾਂ ਤਾਂ ਬੀਤ ਹੀ ਜਾਏਗਾ।
ਇਥੇ ਜੋ ਕੁਝ ਵੀ ਹੈ ਸਾਰਾ ਕੁਝ ਆਪਣੇ ਨਾਲ ਲਿਜਾਣ ਲਈ ਤਿਆਰ ਹਾਂ, ਪਰ ਮੈਂ ਇਹ ਸਾਰਾ ਕੁਝ ਕਿਵੇਂ ਲਿਜਾ ਸਕਦਾਂ ਭਲਾ ?
ਕੋਈ ਆਵਾਜ਼ ਉਸ ਜ਼ੁਬਾਨ ਤੇ ਉਨ੍ਹਾਂ ਬੁੱਲ੍ਹਾਂ ਨੂੰ ਆਪਣੇ ਨਾਲ ਉਡਾ ਕੇ ਨਹੀਂ ਲਿਜਾ ਸਕਦੀ, ਜਿਨ੍ਹਾਂ ਨੇ ਉਸ ਨੂੰ ਪਰਵਾਜ਼ ਬਖ਼ਸ਼ੀ ਹੈ। ਉਸ ਨੂੰ ਇਕੱਲਿਆਂ ਹੀ ਅੰਬਰ ਵਿਚ ਉੱਡਣਾ ਪਏਗਾ।
ਤੇ ਇਕੱਲਿਆਂ ਹੀ ਤਾਂ ਉਕਾਬ ਨੂੰ ਵੀ ਆਪਣਾ ਆਲ੍ਹਣਾ ਨੂੰ ਛੱਡ ਕੇ ਸੂਰਜ ਵੱਲ ਉਡਾਰੀ ਮਾਰਨੀ ਪਵੇਗੀ।'
ਤੇ ਹੁਣ ਜਦ ਉਹ ਧੁਰ ਪਹਾੜ ਤੋਂ ਹੇਠਾਂ ਉੱਤਰ ਚੁੱਕਾ ਸੀ, ਉਸ ਨੇ ਫੇਰ ਸਮੁੰਦਰ ਵੱਲ ਤੱਕਿਆ ਤੇ ਉਸ ਨੂੰ ਜਹਾਜ਼ ਬੰਦਰਗਾਹ ਵੱਲ ਆਉਂਦਾ ਦਿਸਿਆ, ਜਿਸ ਦੇ ਮੁਹਾਣੇ ਵਿਚ ਮੱਲਾਹ, ਜੋ ਕਿ ਉਸ ਦੇ ਆਪਣੇ ਹੀ ਮੁਲਕ ਦੇ ਲੋਕ ਸਨ, ਬੈਠੇ ਹੋਏ ਸਨ।
ਉਨ੍ਹਾਂ ਨੂੰ ਵੇਖ ਕੇ ਉਸ ਦੀ ਆਤਮਾ ਪੁਕਾਰ ਉਠੀ ਤੇ ਉਹ ਬੋਲਿਆ-
"ਓ ਮੇਰੀ ਪੁਰਾਤਨ ਜਨਮ-ਭੋਇ ਦੇ ਸੁਪੁੱਤਰੋ, ਓ ਸਮੁੰਦਰ ਦੀਆਂ ਲਹਿਰਾਂ 'ਤੇ ਚੜ੍ਹਨ ਵਾਲਿਓ!
ਕਿੰਨੀ ਹੀ ਵਾਰੀ ਤੁਸੀਂ ਲੋਕਾਂ ਨੇ ਮੇਰੇ ਸੁਪਨਿਆਂ ਵਿਚ ਚਰਨ ਪਾਏ ਹਨ ਤੇ ਅੱਜ ਤੁਸੀਂ ਲੋਕ ਸੱਚਮੁੱਚ ਹੀ ਆਏ ਹੋ, ਅੱਜ ਜਦੋਂ ਕਿ ਮੈਂ ਜਾਗਰੂਕ ਹੋਇਆ ਹਾਂ, ਜੋ ਕਿ ਮੇਰਾ ਹੋਰ ਵੀ ਜ਼ਿਆਦਾ ਡੂੰਘਾ ਸੁਪਨਾ ਹੈ।
ਮੈਂ ਚੱਲਣ ਨੂੰ ਤਿਆਰ ਹਾਂ ਤੇ ਮੈਂ ਬੇਸਬਰੀ ਨਾਲ ਇਸ ਪਤਵਾਰ* ਨੂੰ ਹੱਥ 'ਚ ਲੈ ਕੇ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੋ ਕੇ ਹਵਾ ਦੇ ਰੁਖ਼ ਦੇ ਅਨੁਕੂਲ ਹੋ ਜਾਣ ਦੀ ਉਡੀਕ ਵਿਚ ਹਾਂ।
ਬੱਸ ਮੈਂ ਇਕ ਹੋਰ ਡੂੰਘਾ ਸਾਹ ਇਥੋਂ ਦੀ ਆਬੋ-ਹਵਾ ਵਿਚ ਲਵਾਂਗਾ, ਬੱਸ ਇਕ ਹੋਰ ਮੋਹ-ਭਿੱਜੀ ਤੱਕਣੀ ਨਾਲ ਮੈਂ ਆਪਣੇ ਪਿੱਛੇ ਮੁੜ ਕੇ ਵੇਖਾਂਗਾ।
ਤੇ ਫਿਰ ਮੈਂ ਵੀ ਤੁਹਾਡੇ ਸਭ ਦੇ ਵਿਚਕਾਰ ਆ ਜਾਵਾਂਗਾ, ਬਿਲਕੁਲ ਇਕ ਸਮੁੰਦਰੀ ਯਾਤਰੀ ਦੀ ਤਰ੍ਹਾਂ ਤੁਹਾਡੇ ਸਭਨਾਂ ਸਮੁੰਦਰੀ ਯਾਤਰੀਆਂ ਦੇ ਵਿਚਕਾਰ।
ਤੇ ਹੇ ਅਥਾਹ ਸਮੁੰਦਰ, ਸਾਡੀ ਬੇਨੀਂਦਰੀ ਮਾਂ, ਤੂੰ ਨਦੀਆਂ-ਦਰਿਆਵਾਂ ਨੂੰ ਸ਼ਾਂਤ ਤੇ ਮੁਕਤ ਕਰਦੀ ਹੈਂ।
ਬੱਸ ਮੈਂ ਝਰਨਾ ਵੀ ਇਕ ਵਾਰ ਹੋਰ ਘੁੰਮਾਂਗਾ, ਬੱਸ ਇਕ ਵਾਰ ਹੋਰ ਸ਼ੋਰ ਕਰਾਂਗਾ ਤੇ ਤੇਰੇ ਵਿਚ ਹਮੇਸ਼ਾ ਲਈ ਸ਼ਾਂਤ ਹੋ ਜਾਵਾਂਗਾ।
......................
* ਜਹਾਜ਼ ਜਾਂ ਬੇੜੀ ਦੇ ਪਿਛਲੇ ਹਿੱਸੇ ਵਿੱਚ ਲੱਗੇ ਚੱਕਰ ਜਾਂ ਤਿਕੋਣ-ਨੁਮਾ ਜੰਤਰ, ਜਿਸ ਨਾਲ ਜਹਾਜ਼ ਦਾ ਰੁਖ਼ ਬਦਲਿਆ ਜਾਂਦਾ ਹੈ, ਨੂੰ ਪਤਵਾਰ ਕਿਹਾ ਜਾਂਦਾ ਹੈ।
(ਹਵਾਲਾ-ਪੰਜਾਬੀ ਅਨੁਵਾਦਕ)
ਤੇ ਫਿਰ ਮੈਂ ਤੇਰੇ ਕੋਲ ਆਵਾਂਗਾ ਤੇ ਤੇਰੇ ਅੰਦਰ ਸਮਾ ਜਾਵਾਂਗਾ । ਬਿਲਕੁਲ ਉਸੇ ਤਰ੍ਹਾਂ, ਜਿਸ ਤਰ੍ਹਾਂ ਇਕ ਅਸੀਮ ਬੂੰਦ ਇਕ ਅਸੀਮ ਸਾਗਰ ਵਿਚ ਸਮਾ ਜਾਂਦੀ ਹੈ ।"*
ਤੇ ਜਿਵੇਂ-ਜਿਵੇਂ ਉਹ ਅੱਗੇ ਵਧਿਆ, ਉਸ ਨੇ ਦੂਰੋਂ ਤੀਵੀਆਂ ਤੇ ਮਰਦਾਂ ਨੂੰ ਆਪਣੇ ਖੇਤਾਂ ਤੇ ਅੰਗੂਰਾਂ ਦੇ ਬਾਗਾਂ ਵਿਚੋਂ ਸ਼ਹਿਰ ਵੱਲ ਤੇਜ਼ੀ ਨਾਲ ਆਉਂਦਿਆਂ ਤੱਕਿਆ।
ਫਿਰ ਉਸ ਨੇ ਉਸ ਦਾ ਨਾਂਅ ਲੈਂਦੀਆਂ ਆਵਾਜ਼ਾਂ ਸੁਣੀਆਂ । ਉਹ ਲੋਕ ਉਸ ਦਾ ਨਾਂਅ ਲੈਂਦੇ ਹੋਏ ਖੇਤ-ਦਰ-ਖੇਤ ਇਕ ਦੂਜੇ ਨੂੰ ਜਹਾਜ਼ ਦੇ ਆਉਣ ਦੀ ਖ਼ਬਰ ਦੇ ਰਹੇ ਸਨ।
ਉਦੋਂ ਉਸ ਸੋਚਿਆ-
'ਕੀ ਵਿਛੋੜੇ ਦਾ ਦਿਨ ਹੀ ਉਨ੍ਹਾਂ ਦੇ ਮਿਲਾਪ ਦਾ ਦਿਨ ਹੋ ਨਿਬੜੇਗਾ ?
ਤੇ ਕੀ ਇਹ ਆਖਿਆ ਜਾਏਗਾ ਕਿ ਮੇਰੀ ਜ਼ਿੰਦਗੀ ਦੀ ਸ਼ਾਮ ਹੀ ਅਸਲ ਵਿਚ ਮੇਰੀ ਜ਼ਿੰਦਗੀ ਦੀ ਸਵੇਰ ਸੀ ?
ਤੇ ਮੈਂ ਭਲਾ ਉਸ ਹਾਲੀ ਨੂੰ ਕੀ ਦੇ ਸਕਾਂਗਾ ਜੋ ਆਪਣੇ ਹਲ ਨੂੰ ਸਿਆੜਾਂ ਦੇ ਅੱਧ- ਵਿਚਕਾਰ ਹੀ ਛੱਡ ਆਇਆ ਹੈ ਜਾਂ ਫਿਰ ਉਸ ਕਾਮੇ ਨੂੰ, ਜੋ ਅੰਗੂਰ ਪੀੜਨ ਦੀ ਘੁਲ੍ਹਾੜੀ ਦੇ ਚੱਕਰ ਨੂੰ ਵਿਚੇ ਹੀ ਰੋਕ ਕੇ ਆਇਆ ਹੈ?
ਕੀ ਮੇਰਾ ਦਿਲ ਉਸ ਰੁੱਖ ਦੀ ਤਰ੍ਹਾਂ ਬਣ ਸਕੇਗਾ, ਜੋ ਫਲਾਂ ਨਾਲ ਲੱਦਿਆ ਹੋਇਆ ਹੈ, ਜਿਹਦੇ ਫਲਾਂ ਨੂੰ ਤੋੜ ਕੇ ਮੈਂ ਉਨ੍ਹਾਂ ਸਭਨਾਂ ਲੋਕਾਂ ਨੂੰ ਦੇ ਦੇਵਾਂ ?
ਕੀ ਮੇਰੀਆਂ ਸਧਰਾਂ ਇਕ ਝਰਨੇ ਦੀ ਤਰ੍ਹਾਂ ਵਹਿ ਤੁਰਨਗੀਆਂ, ਜਿਨ੍ਹਾਂ ਨਾਲ ਮੈਂ ਉਨ੍ਹਾਂ ਦੇ ਖ਼ਾਲੀ ਪਿਆਲਿਆਂ ਨੂੰ ਭਰ ਦੇਵਾਂ ?
ਕੀ ਮੈਂ ਕੋਈ ਰਬਾਬ ਹਾਂ, ਜਿਸ ਨੂੰ ਰੱਬ ਦੇ ਹੱਥਾਂ ਦੀ ਛੋਹ ਟੁਣਕਾਰੇ ਜਾਂ ਫਿਰ ਮੈਂ ਕੋਈ ਵੰਝਲੀ ਹਾਂ ਕਿ ਜਿਸ ਵਿਚ ਰੱਬ ਦੇ ਸਾਹ ਫੂਕ ਬਣ ਕੇ ਘੁਲਣ ?
ਮੈਂ ਹਮੇਸ਼ਾ ਹੀ ਸ਼ਾਂਤੀ ਦਾ ਇੱਛੁਕ ਰਿਹਾਂ ਤੇ ਮੈਂ ਇਸ ਸ਼ਾਂਤੀ ਵਿਚੋਂ ਕਿਹੜਾ ਅਜਿਹਾ ਅਮੋਲਕ ਖ਼ਜ਼ਾਨਾ ਹਾਸਲ ਕਰ ਲਿਆ ਹੈ ਕਿ ਜਿਸ ਨੂੰ ਮੈਂ ਪੂਰੇ ਭਰੋਸੇ ਨਾਲ ਇਨ੍ਹਾਂ ਸਭਨਾਂ ਦੇ ਸਪੁਰਦ ਕਰ ਸਕਦਾ ਹਾਂ ?
ਜੇ ਅੱਜ ਦਾ ਦਿਨ ਹੀ ਮੇਰੇ ਲਈ ਫਲ-ਪ੍ਰਾਪਤੀ ਦਾ ਦਿਨ ਹੈ ਤਾਂ ਪਤਾ ਨਹੀਂ ਕਿਹੜੇ ਖੇਤਾਂ ਵਿਚ ਤੇ ਕਿਹੜੇ ਬੇਮਾਲੂਮ ਮੌਸਮਾਂ ਵਿਚ ਮੈਂ ਇਸ ਦਾ ਬੀਜ ਬੀਜਿਆ ਸੀ ?
ਜੇ ਅਸਲ ਵਿਚ ਇਹੀ ਉਹ ਪਲ ਹੈ, ਜਦੋਂ ਮੈਂ ਆਪਣੀ ਲਾਲਟੈਨ ਚੁੱਕਣੀ ਹੈ ਤਾਂ ਇਸ ਵਿਚ ਬਲਣ ਵਾਲੀ ਲੋਅ ਮੇਰੀ ਨਹੀਂ ਹੈ।
ਮੈਂ ਇਸ ਖ਼ਾਲੀ ਤੇ ਬੁਝੀ ਹੋਈ ਲਾਲਟੈਨ ਨੂੰ ਹੀ ਉਪਰ ਚੁੱਕਾਂਗਾ।
ਤੇ ਉਹ, ਜੋ ਰਾਤ ਦਾ ਸਰਪ੍ਰਸਤ ਹੈ, ਉਹੀ ਇਸ ਵਿਚ ਤੇਲ ਪਾਏਗਾ ਤੇ ਇਸ ਨੂੰ ਰੌਸ਼ਨ ਕਰੇਗਾ।'
.....................
* ਇਸ ਅਭੇਦ ਹੋਣ ਦੀ ਅਵਸਥਾ ਬਾਰੇ ਗੁਰੂ ਨਾਨਕ ਜੀ ਨੇ ਵੀ ਕਿਹੈ- .
'ਸਾਗਰ ਮਹਿ ਬੂੰਦ, ਬੂੰਦ ਮਹਿ ਸਾਗਰ ॥
ਗੁਰੂ ਅਰਜਨ ਦੇਵ ਜੀ ਵੀ ਫੁਰਮਾਉਂਦੇ ਨੇ-
'ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥'
(ਹਵਾਲਾ-ਪੰਜਾਬੀ ਅਨੁਵਾਦਕ)