ਤੇ ਫਿਰ ਮੈਂ ਤੇਰੇ ਕੋਲ ਆਵਾਂਗਾ ਤੇ ਤੇਰੇ ਅੰਦਰ ਸਮਾ ਜਾਵਾਂਗਾ । ਬਿਲਕੁਲ ਉਸੇ ਤਰ੍ਹਾਂ, ਜਿਸ ਤਰ੍ਹਾਂ ਇਕ ਅਸੀਮ ਬੂੰਦ ਇਕ ਅਸੀਮ ਸਾਗਰ ਵਿਚ ਸਮਾ ਜਾਂਦੀ ਹੈ ।"*
ਤੇ ਜਿਵੇਂ-ਜਿਵੇਂ ਉਹ ਅੱਗੇ ਵਧਿਆ, ਉਸ ਨੇ ਦੂਰੋਂ ਤੀਵੀਆਂ ਤੇ ਮਰਦਾਂ ਨੂੰ ਆਪਣੇ ਖੇਤਾਂ ਤੇ ਅੰਗੂਰਾਂ ਦੇ ਬਾਗਾਂ ਵਿਚੋਂ ਸ਼ਹਿਰ ਵੱਲ ਤੇਜ਼ੀ ਨਾਲ ਆਉਂਦਿਆਂ ਤੱਕਿਆ।
ਫਿਰ ਉਸ ਨੇ ਉਸ ਦਾ ਨਾਂਅ ਲੈਂਦੀਆਂ ਆਵਾਜ਼ਾਂ ਸੁਣੀਆਂ । ਉਹ ਲੋਕ ਉਸ ਦਾ ਨਾਂਅ ਲੈਂਦੇ ਹੋਏ ਖੇਤ-ਦਰ-ਖੇਤ ਇਕ ਦੂਜੇ ਨੂੰ ਜਹਾਜ਼ ਦੇ ਆਉਣ ਦੀ ਖ਼ਬਰ ਦੇ ਰਹੇ ਸਨ।
ਉਦੋਂ ਉਸ ਸੋਚਿਆ-
'ਕੀ ਵਿਛੋੜੇ ਦਾ ਦਿਨ ਹੀ ਉਨ੍ਹਾਂ ਦੇ ਮਿਲਾਪ ਦਾ ਦਿਨ ਹੋ ਨਿਬੜੇਗਾ ?
ਤੇ ਕੀ ਇਹ ਆਖਿਆ ਜਾਏਗਾ ਕਿ ਮੇਰੀ ਜ਼ਿੰਦਗੀ ਦੀ ਸ਼ਾਮ ਹੀ ਅਸਲ ਵਿਚ ਮੇਰੀ ਜ਼ਿੰਦਗੀ ਦੀ ਸਵੇਰ ਸੀ ?
ਤੇ ਮੈਂ ਭਲਾ ਉਸ ਹਾਲੀ ਨੂੰ ਕੀ ਦੇ ਸਕਾਂਗਾ ਜੋ ਆਪਣੇ ਹਲ ਨੂੰ ਸਿਆੜਾਂ ਦੇ ਅੱਧ- ਵਿਚਕਾਰ ਹੀ ਛੱਡ ਆਇਆ ਹੈ ਜਾਂ ਫਿਰ ਉਸ ਕਾਮੇ ਨੂੰ, ਜੋ ਅੰਗੂਰ ਪੀੜਨ ਦੀ ਘੁਲ੍ਹਾੜੀ ਦੇ ਚੱਕਰ ਨੂੰ ਵਿਚੇ ਹੀ ਰੋਕ ਕੇ ਆਇਆ ਹੈ?
ਕੀ ਮੇਰਾ ਦਿਲ ਉਸ ਰੁੱਖ ਦੀ ਤਰ੍ਹਾਂ ਬਣ ਸਕੇਗਾ, ਜੋ ਫਲਾਂ ਨਾਲ ਲੱਦਿਆ ਹੋਇਆ ਹੈ, ਜਿਹਦੇ ਫਲਾਂ ਨੂੰ ਤੋੜ ਕੇ ਮੈਂ ਉਨ੍ਹਾਂ ਸਭਨਾਂ ਲੋਕਾਂ ਨੂੰ ਦੇ ਦੇਵਾਂ ?
ਕੀ ਮੇਰੀਆਂ ਸਧਰਾਂ ਇਕ ਝਰਨੇ ਦੀ ਤਰ੍ਹਾਂ ਵਹਿ ਤੁਰਨਗੀਆਂ, ਜਿਨ੍ਹਾਂ ਨਾਲ ਮੈਂ ਉਨ੍ਹਾਂ ਦੇ ਖ਼ਾਲੀ ਪਿਆਲਿਆਂ ਨੂੰ ਭਰ ਦੇਵਾਂ ?
ਕੀ ਮੈਂ ਕੋਈ ਰਬਾਬ ਹਾਂ, ਜਿਸ ਨੂੰ ਰੱਬ ਦੇ ਹੱਥਾਂ ਦੀ ਛੋਹ ਟੁਣਕਾਰੇ ਜਾਂ ਫਿਰ ਮੈਂ ਕੋਈ ਵੰਝਲੀ ਹਾਂ ਕਿ ਜਿਸ ਵਿਚ ਰੱਬ ਦੇ ਸਾਹ ਫੂਕ ਬਣ ਕੇ ਘੁਲਣ ?
ਮੈਂ ਹਮੇਸ਼ਾ ਹੀ ਸ਼ਾਂਤੀ ਦਾ ਇੱਛੁਕ ਰਿਹਾਂ ਤੇ ਮੈਂ ਇਸ ਸ਼ਾਂਤੀ ਵਿਚੋਂ ਕਿਹੜਾ ਅਜਿਹਾ ਅਮੋਲਕ ਖ਼ਜ਼ਾਨਾ ਹਾਸਲ ਕਰ ਲਿਆ ਹੈ ਕਿ ਜਿਸ ਨੂੰ ਮੈਂ ਪੂਰੇ ਭਰੋਸੇ ਨਾਲ ਇਨ੍ਹਾਂ ਸਭਨਾਂ ਦੇ ਸਪੁਰਦ ਕਰ ਸਕਦਾ ਹਾਂ ?
ਜੇ ਅੱਜ ਦਾ ਦਿਨ ਹੀ ਮੇਰੇ ਲਈ ਫਲ-ਪ੍ਰਾਪਤੀ ਦਾ ਦਿਨ ਹੈ ਤਾਂ ਪਤਾ ਨਹੀਂ ਕਿਹੜੇ ਖੇਤਾਂ ਵਿਚ ਤੇ ਕਿਹੜੇ ਬੇਮਾਲੂਮ ਮੌਸਮਾਂ ਵਿਚ ਮੈਂ ਇਸ ਦਾ ਬੀਜ ਬੀਜਿਆ ਸੀ ?
ਜੇ ਅਸਲ ਵਿਚ ਇਹੀ ਉਹ ਪਲ ਹੈ, ਜਦੋਂ ਮੈਂ ਆਪਣੀ ਲਾਲਟੈਨ ਚੁੱਕਣੀ ਹੈ ਤਾਂ ਇਸ ਵਿਚ ਬਲਣ ਵਾਲੀ ਲੋਅ ਮੇਰੀ ਨਹੀਂ ਹੈ।
ਮੈਂ ਇਸ ਖ਼ਾਲੀ ਤੇ ਬੁਝੀ ਹੋਈ ਲਾਲਟੈਨ ਨੂੰ ਹੀ ਉਪਰ ਚੁੱਕਾਂਗਾ।
ਤੇ ਉਹ, ਜੋ ਰਾਤ ਦਾ ਸਰਪ੍ਰਸਤ ਹੈ, ਉਹੀ ਇਸ ਵਿਚ ਤੇਲ ਪਾਏਗਾ ਤੇ ਇਸ ਨੂੰ ਰੌਸ਼ਨ ਕਰੇਗਾ।'
.....................
* ਇਸ ਅਭੇਦ ਹੋਣ ਦੀ ਅਵਸਥਾ ਬਾਰੇ ਗੁਰੂ ਨਾਨਕ ਜੀ ਨੇ ਵੀ ਕਿਹੈ- .
'ਸਾਗਰ ਮਹਿ ਬੂੰਦ, ਬੂੰਦ ਮਹਿ ਸਾਗਰ ॥
ਗੁਰੂ ਅਰਜਨ ਦੇਵ ਜੀ ਵੀ ਫੁਰਮਾਉਂਦੇ ਨੇ-
'ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥'
(ਹਵਾਲਾ-ਪੰਜਾਬੀ ਅਨੁਵਾਦਕ)
ਇਹ ਸਭ ਗੱਲਾਂ ਉਸ ਨੇ ਸਾਫ਼ ਸ਼ਬਦਾਂ ਵਿਚ ਆਖੀਆਂ, ਫਿਰ ਵੀ ਉਸ ਦੇ ਦਿਲ ਵਿਚ ਕਾਫ਼ੀ ਗੱਲਾਂ ਅਣਕਹੀਆਂ ਰਹਿ ਗਈਆਂ, ਕਿਉਂਕਿ ਉਹ ਖ਼ੁਦ ਹੀ ਆਪਣੇ ਦਿਲ ਦੇ ਡੂੰਘੇ ਭੇਤ ਨੂੰ ਖੋਲ੍ਹ ਨਹੀਂ ਸਕਿਆ।
ਤੇ ਜਦੋਂ ਉਸ ਨੇ ਸ਼ਹਿਰ ਵਿਚ ਪੈਰ ਪਾਇਆ ਤਾਂ ਸਾਰੇ ਲੋਕ ਉਸ ਨੂੰ ਮਿਲਣ ਆਏ ਤੇ ਸਾਰੇ ਜਿਵੇਂ ਉਸ ਨੂੰ ਇਕੋ ਹੀ ਆਵਾਜ਼ ਵਿਚ ਸੰਬੋਧਿਤ ਹੋਣ ਲੱਗੇ।
ਤੇ ਸ਼ਹਿਰ ਦੇ ਸਾਰੇ ਬਜ਼ੁਰਗ ਉਸ ਦੇ ਸਾਹਮਣੇ ਖਲੋ ਗਏ ਤੇ ਆਖਣ ਲੱਗੇ-
"ਹੁਣ ਸਾਡੇ ਤੋਂ ਦੂਰ ਨਾ ਜਾ ।"
"ਤੂੰ ਸਾਡੀ ਜ਼ਿੰਦਗੀ ਦੇ ਸ਼ਾਮ ਦੇ ਧੁੰਦਲਕੇ ਵਿਚ ਸਵੇਰ ਦੇ ਸੂਰਜ ਦਾ ਉਜਾਲਾ ਬਣ ਕੇ ਰਿਹਾ ਹੈਂ ਤੇ ਤੇਰੇ ਜੋਬਨ ਨੇ ਸਾਨੂੰ ਸੁਪਨਿਆਂ ਦੇ ਸੁਪਨੇ ਵਿਖਾਏ ਹਨ।"
"ਸਾਡੇ ਵਿਚਕਾਰ ਤੂੰ ਨਾ ਤਾਂ ਕੋਈ ਬੇਗਾਨਾ ਹੈਂ ਤੇ ਨਾ ਹੀ ਕੋਈ ਪ੍ਰਾਹੁਣਾ, ਸਗੋਂ ਤੂੰ ਸਾਡਾ ਹੀ ਪੁੱਤਰ ਹੈਂ ਤੇ ਸਾਨੂੰ ਬਹੁਤ ਹੀ ਅਜ਼ੀਜ਼ ਹੈ।""
"ਸਾਨੂੰ ਆਪਣਾ ਮੁਖੜਾ ਵੇਖਣ ਲਈ ਹੋਰ ਨਾ ਤਰਸਾ।"
ਤੇ ਸਾਰੇ ਪੁਜਾਰੀ ਤੇ ਪੁਜਾਰਨਾਂ ਉਸ ਨੂੰ ਕਹਿਣ ਲੱਗੀਆਂ-
"ਇਨ੍ਹਾਂ ਸਮੁੰਦਰੀ ਲਹਿਰਾਂ ਨੂੰ ਹੁਣ ਸਾਨੂੰ ਵਿਛੋੜਨ ਨਾ ਦੇ ਤੇ ਉਹ ਜੋ ਏਨੇ ਵਰ੍ਹੇ ਤੂੰ ਸਾਡੇ ਨਾਲ ਗੁਜ਼ਾਰੇ, ਉਨ੍ਹਾਂ ਨੂੰ ਸਿਰਫ਼ ਇਕ ਯਾਦ-ਮਾਤਰ ਨਾ ਬਣਨ ਦੇ।"
"ਤੂੰ ਸਾਡੇ ਵਿਚਕਾਰ ਇਕ ਪਵਿੱਤਰ ਆਤਮਾ ਦੀ ਤਰ੍ਹਾਂ ਵਿਚਰਦਾ ਰਿਹੈਂ ਤੇ ਤੇਰਾ ਪਰਛਾਵਾਂ ਸਾਡੇ ਚਿਹਰਿਆਂ 'ਤੇ ਚਾਨਣ ਦੀ ਤਰ੍ਹਾਂ ਪੈਂਦਾ ਰਿਹੈ ?"
"ਅਸੀਂ ਤੈਨੂੰ ਬਹੁਤ ਪਿਆਰ ਕੀਤਾ ਹੈ, ਪਰ ਸਾਡਾ ਪਿਆਰ ਮੂਕ ਸੀ ਤੇ ਕਈ ਪਰਦਿਆਂ ਨਾਲ ਕੱਜਿਆ ਹੋਇਆ ਸੀ।"
"ਪਰ ਹੁਣ ਇਹ ਪਿਆਰ ਤੈਨੂੰ ਸੰਬੋਧਿਤ ਹੈ ਤੇ ਤੇਰੇ ਸਾਹਮਣੇ ਪ੍ਰਗਟ ਹੋ ਗਿਆ ਹੈ।""
"ਤੇ ਇਹ ਤਾਂ ਇਕ ਪ੍ਰਤੱਖ ਸੱਚ ਹੈ ਕਿ ਜਦ ਤੱਕ ਵਿਛੋੜੇ ਦੀ ਘੜੀ ਨਾ ਆਵੇ, ਪਿਆਰ ਨੂੰ ਖ਼ੁਦ ਆਪਣੀ ਡੂੰਘਾਈ ਦਾ ਇਹਸਾਸ ਨਹੀਂ ਹੁੰਦਾ।"
ਤੇ ਫਿਰ ਕਈ ਹੋਰ ਲੋਕਾਂ ਨੇ ਵੀ ਉਸ ਦੇ ਸਾਹਮਣੇ ਆ ਕੇ ਉਸ ਅੱਗੇ ਪਤਾ ਨਹੀਂ ਕਿੰਨੀਆਂ ਅਰਜ਼ੋਈਆਂ ਕੀਤੀਆਂ, ਪਰ ਉਸ ਨੇ ਕਿਸੇ ਨੂੰ ਕੋਈ ਹੁੰਗਾਰਾ ਨਹੀਂ ਭਰਿਆ, ਸਿਰਫ਼ ਨੀਵੀਂ ਪਾਈ ਖੜ੍ਹਾ ਰਿਹਾ ਤੇ ਲੋਕ ਉਸ ਦੇ ਲਾਗੇ ਹੋਏ ਖੜ੍ਹੇ ਸਨ, ਉਹ ਵੇਖ ਰਹੇ ਸਨ ਕਿ ਉਸ ਦੇ ਹੰਝੂ ਟਪਕ-ਟਪਕ ਕੇ ਉਸ ਦੇ ਸੀਨ੍ਹੇ ’ਤੇ ਡਿੱਗ ਰਹੇ ਸਨ।
ਤੇ ਫਿਰ ਉਹ ਉਨ੍ਹਾਂ ਸਾਰੇ ਲੋਕਾਂ ਨਾਲ ਮੰਦਰ ਦੇ ਸਾਹਮਣੇ ਵਾਲੇ ਵੱਡੇ ਚੌਕ ਵੱਲ ਚੱਲ ਪਿਆ।
ਤੇ ਫੇਰ ਉਸ ਮੰਦਰ ਵਿਚੋਂ ਇਕ ਔਰਤ ਬਾਹਰ ਨਿਕਲੀ, ਜਿਸ ਦਾ ਨਾਂਅ ਅਲ- ਮਿੱਤਰਾ ਸੀ ਤੇ ਉਹ ਇਕ ਸੰਨਿਆਸਨ ਸੀ।
........................
* ਫ਼ਰੀਦ ਜੀ ਵੀ ਉਸ ਸਾਹਿਬ ਅੱਗੇ ਇਸੇ ਤਰ੍ਹਾਂ ਅਰਜ਼ੋਈ ਕਰਦੇ ਹਨ-
'ਏਹ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖ।
(ਹਵਾਲਾ-ਪੰਜਾਬੀ ਅਨੁਵਾਦਕ)
ਤੇ ਉਸ ਨੇ ਉਸ ਸੰਨਿਆਸਨ ਵੱਲ ਬੜੇ ਹੀ ਤਰਸ-ਭਾਵ ਨਾਲ ਤੱਕਿਆ, ਕਿਉਂਕਿ ਉਸੇ ਸੰਨਿਆਸਨ ਨੇ ਹੀ ਪਹਿਲੀ ਵਾਰ ਸਭ ਤੋਂ ਪਹਿਲਾਂ ਉਸ ਨੂੰ ਵੇਖਿਆ ਸੀ ਤੇ ਉਸ 'ਤੇ ਭਰੋਸਾ ਕੀਤਾ ਸੀ, ਜਦੋਂ ਉਹ ਪਹਿਲੀ ਵਾਰ ਉਨ੍ਹਾਂ ਦੇ ਸ਼ਹਿਰ ਆਇਆ ਸੀ।
ਫੇਰ ਅਲ ਮਿਤਰਾ ਨੇ ਉਸ ਨੂੰ ਸੰਬੋਧਨ ਕਰ ਕੇ ਕਿਹਾ-
"ਐ ਖ਼ੁਦਾ ਦੇ ਪੈਗ਼ੰਬਰ, ਉਸ ਰੱਬ ਦੀ ਭਾਲ ਵਿਚ ਤੂੰ ਉਸ ਬੇੜੇ ਦੀ ਉਡੀਕ ਵਿਚ ਬਹੁਤ ਲੰਮਾ ਸਫ਼ਰ ਤੈਅ ਕੀਤਾ ਹੈ ਤੇ ਹੁਣ ਜਦ ਕਿ ਤੇਰਾ ਬੇੜਾ ਬਹੁੜਿਆ ਹੈ, ਤਾ ਤੈਨੂੰ ਜ਼ਰੂਰ ਹੀ ਜਾਣਾ ਚਾਹੀਦੇ।"
"ਤੈਨੂੰ ਆਪਣੀ ਉਸ ਧਰਤੀ 'ਤੇ ਜਾਣ ਦੀ ਬੜੀ ਤਾਂਘ ਹੈ, ਜਿਸ ਦੇ ਨਾਲ ਤੇਰੀਆ ਕਈ ਖ਼ਾਹਿਬਾਂ ਜੁੜੀਆਂ ਹੋਈਆਂ ਹਨ। ਸਾਡਾ ਪਿਆਰ ਤੇਰੇ ਰਾਹ ਵਿਚ ਰੋੜਾ ਨਹੀਂ ਬਣੇਗਾ। ਤੇ ਨਾ ਹੀ ਸਾਡੀਆਂ ਲੋੜਾਂ ਹੀ ਤੈਨੂੰ ਰੋਕਣਗੀਆਂ।"
"ਪਰ ਫੇਰ ਵੀ ਅਸੀਂ ਚਾਹੁੰਦੇ ਹਾਂ ਕਿ ਤੂੰ ਜਾਣ ਤੋਂ ਪਹਿਲਾਂ ਆਪਣੇ ਉਸ 'ਸਤਿ ਸੁਜਾਣ' ਬਾਰੇ ਸਾਨੂੰ ਕੁਝ ਦੱਸ।"
"ਤੇ ਉਹ ਸੱਚਾ ਗਿਆਨ ਅਸੀਂ ਅੱਗੇ ਆਪਣੇ ਬੱਚਿਆਂ ਨੂੰ ਦਿਆਂਗੇ, ਫਿਰ ਉਹ ਅੱਗੇ ਆਪਣੇ ਬੱਚਿਆਂ ਤੱਕ ਪੁਚਾਉਣਗੇ ਤੇ ਇਸ ਤਰ੍ਹਾਂ ਸੱਚ ਅਬਿਨਾਸੀ ਹੋ ਜਾਏਗਾ "
"ਤੂੰ ਆਪਣੀ ਇਕੱਲਤਾ ਵਿਚ ਹੀ ਸਾਡੇ ਦਿਨਾਂ ਦੀ ਨਿਗਰਾਨੀ ਰੱਖੀ ਹੈ ਤੇ ਆਪਣੀ ਚੇਤਨਾ ਨਾਲ ਜਿਵੇਂ ਸਾਡੀ ਨੀਂਦ ਦੇ ਹਾਸੇ-ਰੋਣੇ ਨੂੰ ਸੁਣਿਆ ਹੈ।"
"ਤੇ ਇਸ ਲਈ ਹੁਣ ਸਾਨੂੰ ਸਾਡੇ ਭੇਤਾਂ ਦਾ ਆਤਮ-ਬੋਧ ਕਰਵਾ ਕੇ ਸਾਨੂੰ ਜਨਮ- ਮਰਨ ਦੇ ਗਿਆਨ ਤੋਂ ਵੀ ਜਾਣੂੰ ਕਰਵਾ, ਜਿਸਦਾ ਗਿਆਨ ਸਿਰਫ਼ ਤੈਨੂੰ ਹੋਇਆ ਹੈ।""
ਤੇ ਫੇਰ ਅਲ ਮੁਸਤਫ਼ਾ ਨੇ ਜੁਆਬ ਦਿੱਤਾ-
"ਐ ਓਰਫੇਲਿਸ ਦੇ ਲੋਕੋ, ਇਸ ਵੇਲੇ ਜੋ ਕੁਝ ਤੁਹਾਡੀਆਂ ਸਭਨਾਂ ਦੀਆਂ ਆਤਮਾਵਾਂ ਵਿਚ ਵਾਪਰ ਰਿਹੈ, ਉਸ ਤੋਂ ਭਿੰਨ ਮੈਂ ਭਲਾ ਤੁਹਾਨੂੰ ਕੀ ਦੱਸ ਸਕਦਾਂ ?"
* ਜਿਸ ਆਤਮ-ਬੋਧ ਦੀ ਇਥੇ ਜਾਚਨਾ ਕੀਤੀ ਗਈ ਹੈ, ਤੇ ਜਿਸ ਆਤਮਾ-ਬੋਧ ਦੀ ਪ੍ਰਾਪਤੀ ਇ ਵਡਮੁੱਲੀ ਕ੍ਰਿਤ ਦੇ ਅਗਲੇ 26 ਉਪਦੇਸ਼ਾਂ 'ਚ ਕਰਵਾਈ ਗਈ ਹੈ, ਉਸ ਬਾਰੇ ਕਬੀਰ ਜੀ ਨੇ ਬੜਾ ਸੁੰਦਰ ਲਿਖਿਆ-
'ਆਪਾ ਜਾਨਿ ਉਲਟਿ ਲੈ ਆਪੁ॥
ਤਉ ਨਹੀਂ ਵਿਆਪੇ ਤੀਨੋਂ ਰਾਪੁ॥
ਜਬੁ ਮਨ ਉਲਟਿ ਸਨਾਤਨ ਹੂਆ ॥
ਤਬ ਜਾਨ ਜਬ ਜੀਵਤ ਮੂਆ॥
(ਹਵਾਲਾ-ਪੰਜਾਬੀ ਅਨੁਵਾਦਕ)
ਪਿਆਰ
ਫੇਰ ਅਲ ਮਿੱਤਰਾ ਨੇ ਕਿਹਾ-
"ਸਾਨੂੰ ਪਿਆਰ ਬਾਰੇ ਦੱਸੋ।"
ਤੇ ਉਸ ਨੇ (ਪੈਗ਼ੰਬਰ ਅਲ ਮੁਸਤਫ਼ਾ ਨੇ) ਆਪਣਾ ਸਿਰ ਉਪਰ ਚੁੱਕਿਆ ਤੇ ਸਭਨਾਂ ਲੋਕਾਂ ਵੱਲ ਤੱਕਿਆ, ਚੁਫ਼ੇਰੇ ਬੇਜਾਨਤਾ ਪਸਰੀ ਹੋਈ ਸੀ।
ਤੇ ਉਸ ਨੇ ਬੁਲੰਦ ਆਵਾਜ਼ ਵਿਚ ਕਿਹਾ-
"ਜਦ ਪਿਆਰ ਤੁਹਾਨੂੰ ਬੁਲਾਵੇ ਤਾਂ ਤੁਸੀਂ 'ਸਤਿ ਬਚਨ ਆਖ ਕੇ ਅੱਗੇ ਵਧੋ, ਭਾਵੇਂ ਕਿ ਪਿਆਰ ਦੇ ਪੈਂਡੇ ਬੜੇ ਬਿਖੜੇ ਅਤੇ ਢਲਾਣਾਂ ਭਰੇ ਨੇ।"
ਤੇ ਜਦ ਉਹ ਆਪਣੇ ਖੰਭ ਫੈਲਾਵੇ ਤਾਂ ਤੁਸੀਂ 'ਆਪਾ' ਉਸ ਨੂੰ ਸਮਰਪਿਤ ਕਰ ਦਿਓ। ਭਾਵੇਂ ਉਸਦੇ ਖੰਡਾਂ ਵਿਚ ਲੁਕੀਆਂ ਭੁਜਾਵਾਂ ਦੀ ਤਲਵਾਰ ਤੁਹਾਨੂੰ ਫੱਟੜ ਹੀ ਕਿਉਂ ਨਾ ਕਰ ਦੇਵੇ।
ਤੇ ਜਦ ਪਿਆਰ ਤੁਹਾਨੂੰ ਕੁਝ ਆਖੇ ਤਾਂ ਉਸ ’ਤੇ ਭਰੋਸਾ ਕਰੋ।
ਭਾਵੇਂ ਕਿ ਉਸ ਦੇ ਬੋਲ ਤੁਹਾਡੇ ਸੁਪਨਿਆਂ ਨੂੰ ਚਕਨਾਚੂਰ ਕਰ ਸਕਦੇ ਨੇ, ਬਿਲਕੁਲ ਉਵੇਂ, ਜਿਵੇਂ ਉੱਤਰ ਵੱਲ ਦੀਆਂ ਹਵਾਵਾਂ ਕਿਸੇ ਬਾਗ਼ ਨੂੰ ਉਜਾੜ ਦਿੰਦੀਆਂ ਨੇ।
ਕਿਉਂ ਕਿ ਪਿਆਰ ਜਿੱਥੇ ਇਕ ਪਾਸੇ ਤੁਹਾਨੂੰ ਤਖ਼ਤੋ-ਤਾਜ ਬਖ਼ਸ਼ਦਾ ਹੈ, ਉਥੇ ਦੂਜੇ ਪਾਸੇ ਉਹ ਤੁਹਾਨੂੰ ਸਲੀਬ 'ਤੇ ਵੀ ਚੜਾਉਂਦਾ ਹੈ। ਜਿਥੇ ਉਹ ਤੁਹਾਡਾ ਵਿਕਾਸ ਕਰਦੈ, ਉਥੇ ਤੁਹਾਡੀ ਕਾਂਟ-ਛਾਂਟ ਵੀ ਕਰਦੈ।
ਇਥੋਂ ਤੱਕ ਕਿ ਜਿਥੇ ਇਹ ਤੁਹਾਡੀਆਂ ਸਿਖਰਾਂ ਤੱਕ ਪੁੱਜ ਕੇ ਤੁਹਾਡੀਆਂ ਉਨ੍ਹਾਂ ਕੋਮਲ
* ਫ਼ਰੀਦ ਜੀ ਵੀ ਇਸੇ ਪਿਆਰ-ਸਿਦਕ ਦੀ ਹਾਮੀ ਭਰਦੇ ਕਹਿੰਦੇ ਹਨ- '
ਗਲੀਐ ਚਿਕੜ ਦੂਰਿ ਘਰਿ ਨਾਲ ਪਿਆਰੇ ਨੇਹੁ,
ਚਲਾ ਤਾ ਭਿਜੇ ਕੰਬਲੀ ਰਹਾਂ ਤਾਂ ਟੁਟੇ ਨੇਹੁ,
ਭਿਜਹੁ ਸਿਜਹੁ ਕੰਬਲੀ ਅਲਹ ਵਰਸਿਉ ਮੋਹੁ,
ਜਾਇ ਮਿਲਾਂ ਤਿਨਾਂ ਸਜਣਾ ਨਾਹੀ ਰੁਟਉ ਨੇਹੁ ॥
ਸ਼ਾਹ ਹੁਸੈਨ ਵੀ ਇਹੀ ਆਖ ਰਿਹੈ-
'ਰਾਹ ਇਸ਼ਕ ਦਾ ਸੂਈ ਦਾ ਨੱਕਾ
ਧਾਗਾ ਹੋਵੇਂ ਤਾਂ ਤੂੰ ਜਾਵੇਂ।
(ਹਵਾਲਾ-ਪੰਜਾਬੀ ਅਨੁਵਾਦਕ)
ਟਹਿਣੀਆਂ ਨੂੰ ਪਲੋਸਦਾ ਹੈ, ਜੋ ਸੂਰਜੀ ਰੌਸ਼ਨੀ ਵਿਚ ਕਲੋਲ ਕਰਦੀਆਂ ਨੇ, ਉਥੇ ਦੂਜੇ ਪਾਸੇ ਇਹ ਤੁਹਾਡੀਆਂ ਡੂੰਘਾਈਆਂ ਵਿਚ ਉਤਰ ਕੇ ਤੁਹਾਡੀਆਂ ਉਨ੍ਹਾਂ ਜੜ੍ਹਾਂ ਨੂੰ ਵੀ ਝੰਜੋੜਦਾ ਹੈ, ਜੋ ਤੁਹਾਨੂੰ ਧਰਤੀ ਨਾਲ ਬੰਨ੍ਹ ਕੇ ਰੱਖਦੀਆਂ ਨੇ।
ਜਿਸ ਤਰ੍ਹਾਂ ਇਕ ਛੱਲੀ ਆਪਣੇ ਦਾਣਿਆਂ ਨੂੰ ਆਪਣੇ ਕਲਾਵੇ ਵਿਚ ਸੰਜੋਅ ਕੇ ਰੱਖਦੀ ਹੈ, ਉਸੇ ਤਰ੍ਹਾਂ ਇਹ ਵੀ ਤੁਹਾਨੂੰ ਆਪਣੇ ਅੰਦਰ ਸਮੇਟ ਲੈਂਦਾ ਹੈ।
ਪਿਆਰ ਤੁਹਾਨੂੰ ਝੰਬ ਕੇ ਤੁਹਾਡੇ ਆਡੰਬਰੀ ਪਹਿਰਾਵੇ ਨਾਲ ਲਾਹ ਸੁੱਟਦਾ ਹੈ।
ਪਿਆਰ ਤੁਹਾਨੂੰ ਝਾੜ-ਬੰਬ ਕੇ ਤੁਹਾਡੇ ਅੰਦਰਲੀ ਬੁਰਿਆਈ-ਰੂਪੀ ਫੱਕ ਰੂੜੀ ਨੂੰ ਵੱਖ ਕਰ ਦਿੰਦਾ ਹੈ।
ਇਹ ਤੁਹਾਨੂੰ ਪੀਹ ਕੇ ਪਾਕ-ਸਾਫ਼ ਕਰਦਾ ਹੈ।
ਇਹ ਪਿਆਰ ਤੁਹਾਨੂੰ ਉਦੋਂ ਤੱਕ ਗੁੰਨ੍ਹਦਾ ਹੈ, ਜਦੋਂ ਤੱਕ ਤੁਸੀਂ ਨਰਮ ਨਾ ਹੋ ਜਾਵੇ।
ਤੇ ਫੇਰ ਇਹ ਤੁਹਾਨੂੰ ਪਵਿੱਤਰ ਅੱਗ ਦੇ ਸਪੁਰਦ ਕਰ ਦਿੰਦਾ ਹੈ, ਤਾਂ ਕਿ ਤੁਸੀਂ ਰੱਬ ਦੇ ਪਵਿੱਤਰ ਭੋਜ ਦਾ ਪਵਿੱਤਰ ਭੇਜਣ ਬਣ ਸਕੇਂ।
ਪਿਆਰ ਇਹ ਸਭ ਚੀਜ਼ਾਂ ਤੁਹਾਡੇ ਨਾਲ ਉਦੋਂ ਤੱਕ ਕਰੇਗਾ, ਜਦੋਂ ਤੱਕ ਕਿ ਤੁਹਾਨੂੰ ਆਪਣੇ ਦਿਲ ਦੇ ਭੇਤਾਂ ਦਾ ਪਤਾ ਨਹੀਂ ਲੱਗਦਾ ਤੇ ਅੱਗੇ ਇਸ ਗਿਆਨ ਨਾਲ ਤੁਸੀਂ ਵੀ ਜ਼ਿੰਦਗੀ ਦੇ ਦਿਲ ਦਾ ਇਕ ਅੰਸ਼ ਨਹੀਂ ਬਣ ਜਾਂਦੇ।
ਪਰ ਜੇ ਤੁਸੀਂ ਭੈਅਵੱਸ ਪਿਆਰ ਦੇ ਸਿਰਫ਼ ਆਨੰਦ ਤੇ ਸ਼ਾਂਤੀ ਦੇਣ ਵਾਲੇ ਰੂਪ ਦੀ ਹੀ ਕਾਮਨਾ ਕਰੇਂਗੇ, ਤਾਂ ਤੁਹਾਡੇ ਲਈ ਇਹੀ ਠੀਕ ਰਹੇਗਾ ਕਿ ਤੁਸੀਂ ਆਪਣੇ ਪਾਖੰਡ ਦਾ ਪਹਿਰਾਵਾ ਪਹਿਨ ਲਓ ਤੇ ਪਿਆਰ ਦੀ ਡਿਊਢੀ ਤੋਂ ਹੀ ਪਰਤ ਜਾਓ।
ਤੇ ਪਰਤ ਜਾਓ ਉਸ ਬੇਸੁਆਦੀ ਦੁਨੀਆਂ ਵਿਚ, ਜਿਥੇ ਤੁਸੀਂ ਹੱਸੋਂਗੇ ਤਾਂ ਜ਼ਰੂਰ, ਪਰ ਖਿੜਖਿੜਾ ਕੇ ਨਹੀਂ ਹੱਸ ਸਕੋਂਗੇ ਤੇ ਰੋਵੋਂਗੇ ਵੀ ਜ਼ਰੂਰ, ਪਰ ਹੰਝੂ ਨਹੀਂ ਕਰ ਸਕੋਂਗੇ।
ਪਿਆਰ ਤੁਹਾਨੂੰ ਤੁਹਾਡਾ 'ਆਪਾ' ਖ਼ੁਦ ਨੂੰ ਸਮਰਪਿਤ ਕਰਨ ਦੇ ਇਲਾਵਾ ਕੁਝ ਨਹੀਂ ਦਿੰਦਾ ਤੇ ਨਾ ਹੀ ਤੁਹਾਨੂੰ ਖ਼ੁਦ 'ਤੇ ਨਿਛਾਵਰ ਹੋ ਜਾਣ ਦੇ ਇਲਾਵਾ ਤੁਹਾਡੇ ਤੋਂ ਕੁਝ ਹੋਰ ਮੰਗਦਾ ਹੀ ਹੈ।
ਪਿਆਰ ਨਾ ਤਾਂ ਖ਼ੁਦ ਆਪਣੇ ਕੋਲ ਕੁਝ ਰੱਖਦਾ ਹੈ, ਨਾ ਹੀ ਕਿਸੇ ਹੋਰ ਵੱਲੋਂ ਇਹ ਰੱਖਿਆ ਜਾ ਸਕਦਾ ਹੈ।
ਕਿਉਂ ਕਿ ਪਿਆਰ ਤਾਂ ਪਿਆਰ ਲਈ ਹੀ ਹੈ। ਨਾ ਤਾਂ ਇਹ ਆਪਣੇ ਵੱਟੇ ਕੁਝ ਮੰਗਦਾ ਹੈ ਤੇ ਨਾ ਹੀ ਇਹ ਤੁਹਾਡੇ ਸਮਰਪਣ ਦੇ ਵੱਟੇ ਤੁਹਾਨੂੰ ਕੁਝ ਦੇਵੇਗਾ। ਪਿਆਰ ਤਾਂ ਆਪਣੇ ਆਪ ਵਿਚ ਹੀ ਸੰਪੂਰਨ ਹੈ, ਭਰਪੂਰ ਹੈ, ਸਰਵ-ਵਿਆਪਕ ਹੈ।
ਜਦ ਤੁਸੀਂ ਪਿਆਰ ਕਰਦੇ ਹੋ, ਤੁਹਾਨੂੰ ਇਹ ਨਹੀਂ ਆਖਣਾ ਚਾਹੀਦਾ ਕਿ 'ਰੱਬ ਮੇਰੇ ਦਿਲ ਵਿਚ ਹੈ', ਸਗੋਂ ਇਹ ਆਖੋ ਕਿ 'ਮੈਂ ਰੱਬ ਦੇ ਦਿਲ ਅੰਦਰ ਹਾਂ।'
ਇਹ ਬਿਲਕੁਲ ਨਾ ਸੋਚੋ ਕਿ ਤੁਸੀਂ ਖ਼ੁਦ ਹੀ ਪਿਆਰ ਨੂੰ ਹਾਸਿਲ ਕਰ ਸਕਦੇ ਹੋ, ਸਗੋਂ ਜੇ ਪਿਆਰ ਤੁਹਾਨੂੰ ਇਸ ਕਾਬਿਲ ਸਮਝਦਾ ਹੈ ਤਾਂ ਉਹ ਖ਼ੁਦ ਤੁਹਾਡਾ ਮਾਰਗ-ਦਰਸ਼ਨ