ਤੇ ਉਸ ਨੇ ਉਸ ਸੰਨਿਆਸਨ ਵੱਲ ਬੜੇ ਹੀ ਤਰਸ-ਭਾਵ ਨਾਲ ਤੱਕਿਆ, ਕਿਉਂਕਿ ਉਸੇ ਸੰਨਿਆਸਨ ਨੇ ਹੀ ਪਹਿਲੀ ਵਾਰ ਸਭ ਤੋਂ ਪਹਿਲਾਂ ਉਸ ਨੂੰ ਵੇਖਿਆ ਸੀ ਤੇ ਉਸ 'ਤੇ ਭਰੋਸਾ ਕੀਤਾ ਸੀ, ਜਦੋਂ ਉਹ ਪਹਿਲੀ ਵਾਰ ਉਨ੍ਹਾਂ ਦੇ ਸ਼ਹਿਰ ਆਇਆ ਸੀ।
ਫੇਰ ਅਲ ਮਿਤਰਾ ਨੇ ਉਸ ਨੂੰ ਸੰਬੋਧਨ ਕਰ ਕੇ ਕਿਹਾ-
"ਐ ਖ਼ੁਦਾ ਦੇ ਪੈਗ਼ੰਬਰ, ਉਸ ਰੱਬ ਦੀ ਭਾਲ ਵਿਚ ਤੂੰ ਉਸ ਬੇੜੇ ਦੀ ਉਡੀਕ ਵਿਚ ਬਹੁਤ ਲੰਮਾ ਸਫ਼ਰ ਤੈਅ ਕੀਤਾ ਹੈ ਤੇ ਹੁਣ ਜਦ ਕਿ ਤੇਰਾ ਬੇੜਾ ਬਹੁੜਿਆ ਹੈ, ਤਾ ਤੈਨੂੰ ਜ਼ਰੂਰ ਹੀ ਜਾਣਾ ਚਾਹੀਦੇ।"
"ਤੈਨੂੰ ਆਪਣੀ ਉਸ ਧਰਤੀ 'ਤੇ ਜਾਣ ਦੀ ਬੜੀ ਤਾਂਘ ਹੈ, ਜਿਸ ਦੇ ਨਾਲ ਤੇਰੀਆ ਕਈ ਖ਼ਾਹਿਬਾਂ ਜੁੜੀਆਂ ਹੋਈਆਂ ਹਨ। ਸਾਡਾ ਪਿਆਰ ਤੇਰੇ ਰਾਹ ਵਿਚ ਰੋੜਾ ਨਹੀਂ ਬਣੇਗਾ। ਤੇ ਨਾ ਹੀ ਸਾਡੀਆਂ ਲੋੜਾਂ ਹੀ ਤੈਨੂੰ ਰੋਕਣਗੀਆਂ।"
"ਪਰ ਫੇਰ ਵੀ ਅਸੀਂ ਚਾਹੁੰਦੇ ਹਾਂ ਕਿ ਤੂੰ ਜਾਣ ਤੋਂ ਪਹਿਲਾਂ ਆਪਣੇ ਉਸ 'ਸਤਿ ਸੁਜਾਣ' ਬਾਰੇ ਸਾਨੂੰ ਕੁਝ ਦੱਸ।"
"ਤੇ ਉਹ ਸੱਚਾ ਗਿਆਨ ਅਸੀਂ ਅੱਗੇ ਆਪਣੇ ਬੱਚਿਆਂ ਨੂੰ ਦਿਆਂਗੇ, ਫਿਰ ਉਹ ਅੱਗੇ ਆਪਣੇ ਬੱਚਿਆਂ ਤੱਕ ਪੁਚਾਉਣਗੇ ਤੇ ਇਸ ਤਰ੍ਹਾਂ ਸੱਚ ਅਬਿਨਾਸੀ ਹੋ ਜਾਏਗਾ "
"ਤੂੰ ਆਪਣੀ ਇਕੱਲਤਾ ਵਿਚ ਹੀ ਸਾਡੇ ਦਿਨਾਂ ਦੀ ਨਿਗਰਾਨੀ ਰੱਖੀ ਹੈ ਤੇ ਆਪਣੀ ਚੇਤਨਾ ਨਾਲ ਜਿਵੇਂ ਸਾਡੀ ਨੀਂਦ ਦੇ ਹਾਸੇ-ਰੋਣੇ ਨੂੰ ਸੁਣਿਆ ਹੈ।"
"ਤੇ ਇਸ ਲਈ ਹੁਣ ਸਾਨੂੰ ਸਾਡੇ ਭੇਤਾਂ ਦਾ ਆਤਮ-ਬੋਧ ਕਰਵਾ ਕੇ ਸਾਨੂੰ ਜਨਮ- ਮਰਨ ਦੇ ਗਿਆਨ ਤੋਂ ਵੀ ਜਾਣੂੰ ਕਰਵਾ, ਜਿਸਦਾ ਗਿਆਨ ਸਿਰਫ਼ ਤੈਨੂੰ ਹੋਇਆ ਹੈ।""
ਤੇ ਫੇਰ ਅਲ ਮੁਸਤਫ਼ਾ ਨੇ ਜੁਆਬ ਦਿੱਤਾ-
"ਐ ਓਰਫੇਲਿਸ ਦੇ ਲੋਕੋ, ਇਸ ਵੇਲੇ ਜੋ ਕੁਝ ਤੁਹਾਡੀਆਂ ਸਭਨਾਂ ਦੀਆਂ ਆਤਮਾਵਾਂ ਵਿਚ ਵਾਪਰ ਰਿਹੈ, ਉਸ ਤੋਂ ਭਿੰਨ ਮੈਂ ਭਲਾ ਤੁਹਾਨੂੰ ਕੀ ਦੱਸ ਸਕਦਾਂ ?"
* ਜਿਸ ਆਤਮ-ਬੋਧ ਦੀ ਇਥੇ ਜਾਚਨਾ ਕੀਤੀ ਗਈ ਹੈ, ਤੇ ਜਿਸ ਆਤਮਾ-ਬੋਧ ਦੀ ਪ੍ਰਾਪਤੀ ਇ ਵਡਮੁੱਲੀ ਕ੍ਰਿਤ ਦੇ ਅਗਲੇ 26 ਉਪਦੇਸ਼ਾਂ 'ਚ ਕਰਵਾਈ ਗਈ ਹੈ, ਉਸ ਬਾਰੇ ਕਬੀਰ ਜੀ ਨੇ ਬੜਾ ਸੁੰਦਰ ਲਿਖਿਆ-
'ਆਪਾ ਜਾਨਿ ਉਲਟਿ ਲੈ ਆਪੁ॥
ਤਉ ਨਹੀਂ ਵਿਆਪੇ ਤੀਨੋਂ ਰਾਪੁ॥
ਜਬੁ ਮਨ ਉਲਟਿ ਸਨਾਤਨ ਹੂਆ ॥
ਤਬ ਜਾਨ ਜਬ ਜੀਵਤ ਮੂਆ॥
(ਹਵਾਲਾ-ਪੰਜਾਬੀ ਅਨੁਵਾਦਕ)
ਪਿਆਰ
ਫੇਰ ਅਲ ਮਿੱਤਰਾ ਨੇ ਕਿਹਾ-
"ਸਾਨੂੰ ਪਿਆਰ ਬਾਰੇ ਦੱਸੋ।"
ਤੇ ਉਸ ਨੇ (ਪੈਗ਼ੰਬਰ ਅਲ ਮੁਸਤਫ਼ਾ ਨੇ) ਆਪਣਾ ਸਿਰ ਉਪਰ ਚੁੱਕਿਆ ਤੇ ਸਭਨਾਂ ਲੋਕਾਂ ਵੱਲ ਤੱਕਿਆ, ਚੁਫ਼ੇਰੇ ਬੇਜਾਨਤਾ ਪਸਰੀ ਹੋਈ ਸੀ।
ਤੇ ਉਸ ਨੇ ਬੁਲੰਦ ਆਵਾਜ਼ ਵਿਚ ਕਿਹਾ-
"ਜਦ ਪਿਆਰ ਤੁਹਾਨੂੰ ਬੁਲਾਵੇ ਤਾਂ ਤੁਸੀਂ 'ਸਤਿ ਬਚਨ ਆਖ ਕੇ ਅੱਗੇ ਵਧੋ, ਭਾਵੇਂ ਕਿ ਪਿਆਰ ਦੇ ਪੈਂਡੇ ਬੜੇ ਬਿਖੜੇ ਅਤੇ ਢਲਾਣਾਂ ਭਰੇ ਨੇ।"
ਤੇ ਜਦ ਉਹ ਆਪਣੇ ਖੰਭ ਫੈਲਾਵੇ ਤਾਂ ਤੁਸੀਂ 'ਆਪਾ' ਉਸ ਨੂੰ ਸਮਰਪਿਤ ਕਰ ਦਿਓ। ਭਾਵੇਂ ਉਸਦੇ ਖੰਡਾਂ ਵਿਚ ਲੁਕੀਆਂ ਭੁਜਾਵਾਂ ਦੀ ਤਲਵਾਰ ਤੁਹਾਨੂੰ ਫੱਟੜ ਹੀ ਕਿਉਂ ਨਾ ਕਰ ਦੇਵੇ।
ਤੇ ਜਦ ਪਿਆਰ ਤੁਹਾਨੂੰ ਕੁਝ ਆਖੇ ਤਾਂ ਉਸ ’ਤੇ ਭਰੋਸਾ ਕਰੋ।
ਭਾਵੇਂ ਕਿ ਉਸ ਦੇ ਬੋਲ ਤੁਹਾਡੇ ਸੁਪਨਿਆਂ ਨੂੰ ਚਕਨਾਚੂਰ ਕਰ ਸਕਦੇ ਨੇ, ਬਿਲਕੁਲ ਉਵੇਂ, ਜਿਵੇਂ ਉੱਤਰ ਵੱਲ ਦੀਆਂ ਹਵਾਵਾਂ ਕਿਸੇ ਬਾਗ਼ ਨੂੰ ਉਜਾੜ ਦਿੰਦੀਆਂ ਨੇ।
ਕਿਉਂ ਕਿ ਪਿਆਰ ਜਿੱਥੇ ਇਕ ਪਾਸੇ ਤੁਹਾਨੂੰ ਤਖ਼ਤੋ-ਤਾਜ ਬਖ਼ਸ਼ਦਾ ਹੈ, ਉਥੇ ਦੂਜੇ ਪਾਸੇ ਉਹ ਤੁਹਾਨੂੰ ਸਲੀਬ 'ਤੇ ਵੀ ਚੜਾਉਂਦਾ ਹੈ। ਜਿਥੇ ਉਹ ਤੁਹਾਡਾ ਵਿਕਾਸ ਕਰਦੈ, ਉਥੇ ਤੁਹਾਡੀ ਕਾਂਟ-ਛਾਂਟ ਵੀ ਕਰਦੈ।
ਇਥੋਂ ਤੱਕ ਕਿ ਜਿਥੇ ਇਹ ਤੁਹਾਡੀਆਂ ਸਿਖਰਾਂ ਤੱਕ ਪੁੱਜ ਕੇ ਤੁਹਾਡੀਆਂ ਉਨ੍ਹਾਂ ਕੋਮਲ
* ਫ਼ਰੀਦ ਜੀ ਵੀ ਇਸੇ ਪਿਆਰ-ਸਿਦਕ ਦੀ ਹਾਮੀ ਭਰਦੇ ਕਹਿੰਦੇ ਹਨ- '
ਗਲੀਐ ਚਿਕੜ ਦੂਰਿ ਘਰਿ ਨਾਲ ਪਿਆਰੇ ਨੇਹੁ,
ਚਲਾ ਤਾ ਭਿਜੇ ਕੰਬਲੀ ਰਹਾਂ ਤਾਂ ਟੁਟੇ ਨੇਹੁ,
ਭਿਜਹੁ ਸਿਜਹੁ ਕੰਬਲੀ ਅਲਹ ਵਰਸਿਉ ਮੋਹੁ,
ਜਾਇ ਮਿਲਾਂ ਤਿਨਾਂ ਸਜਣਾ ਨਾਹੀ ਰੁਟਉ ਨੇਹੁ ॥
ਸ਼ਾਹ ਹੁਸੈਨ ਵੀ ਇਹੀ ਆਖ ਰਿਹੈ-
'ਰਾਹ ਇਸ਼ਕ ਦਾ ਸੂਈ ਦਾ ਨੱਕਾ
ਧਾਗਾ ਹੋਵੇਂ ਤਾਂ ਤੂੰ ਜਾਵੇਂ।
(ਹਵਾਲਾ-ਪੰਜਾਬੀ ਅਨੁਵਾਦਕ)
ਟਹਿਣੀਆਂ ਨੂੰ ਪਲੋਸਦਾ ਹੈ, ਜੋ ਸੂਰਜੀ ਰੌਸ਼ਨੀ ਵਿਚ ਕਲੋਲ ਕਰਦੀਆਂ ਨੇ, ਉਥੇ ਦੂਜੇ ਪਾਸੇ ਇਹ ਤੁਹਾਡੀਆਂ ਡੂੰਘਾਈਆਂ ਵਿਚ ਉਤਰ ਕੇ ਤੁਹਾਡੀਆਂ ਉਨ੍ਹਾਂ ਜੜ੍ਹਾਂ ਨੂੰ ਵੀ ਝੰਜੋੜਦਾ ਹੈ, ਜੋ ਤੁਹਾਨੂੰ ਧਰਤੀ ਨਾਲ ਬੰਨ੍ਹ ਕੇ ਰੱਖਦੀਆਂ ਨੇ।
ਜਿਸ ਤਰ੍ਹਾਂ ਇਕ ਛੱਲੀ ਆਪਣੇ ਦਾਣਿਆਂ ਨੂੰ ਆਪਣੇ ਕਲਾਵੇ ਵਿਚ ਸੰਜੋਅ ਕੇ ਰੱਖਦੀ ਹੈ, ਉਸੇ ਤਰ੍ਹਾਂ ਇਹ ਵੀ ਤੁਹਾਨੂੰ ਆਪਣੇ ਅੰਦਰ ਸਮੇਟ ਲੈਂਦਾ ਹੈ।
ਪਿਆਰ ਤੁਹਾਨੂੰ ਝੰਬ ਕੇ ਤੁਹਾਡੇ ਆਡੰਬਰੀ ਪਹਿਰਾਵੇ ਨਾਲ ਲਾਹ ਸੁੱਟਦਾ ਹੈ।
ਪਿਆਰ ਤੁਹਾਨੂੰ ਝਾੜ-ਬੰਬ ਕੇ ਤੁਹਾਡੇ ਅੰਦਰਲੀ ਬੁਰਿਆਈ-ਰੂਪੀ ਫੱਕ ਰੂੜੀ ਨੂੰ ਵੱਖ ਕਰ ਦਿੰਦਾ ਹੈ।
ਇਹ ਤੁਹਾਨੂੰ ਪੀਹ ਕੇ ਪਾਕ-ਸਾਫ਼ ਕਰਦਾ ਹੈ।
ਇਹ ਪਿਆਰ ਤੁਹਾਨੂੰ ਉਦੋਂ ਤੱਕ ਗੁੰਨ੍ਹਦਾ ਹੈ, ਜਦੋਂ ਤੱਕ ਤੁਸੀਂ ਨਰਮ ਨਾ ਹੋ ਜਾਵੇ।
ਤੇ ਫੇਰ ਇਹ ਤੁਹਾਨੂੰ ਪਵਿੱਤਰ ਅੱਗ ਦੇ ਸਪੁਰਦ ਕਰ ਦਿੰਦਾ ਹੈ, ਤਾਂ ਕਿ ਤੁਸੀਂ ਰੱਬ ਦੇ ਪਵਿੱਤਰ ਭੋਜ ਦਾ ਪਵਿੱਤਰ ਭੇਜਣ ਬਣ ਸਕੇਂ।
ਪਿਆਰ ਇਹ ਸਭ ਚੀਜ਼ਾਂ ਤੁਹਾਡੇ ਨਾਲ ਉਦੋਂ ਤੱਕ ਕਰੇਗਾ, ਜਦੋਂ ਤੱਕ ਕਿ ਤੁਹਾਨੂੰ ਆਪਣੇ ਦਿਲ ਦੇ ਭੇਤਾਂ ਦਾ ਪਤਾ ਨਹੀਂ ਲੱਗਦਾ ਤੇ ਅੱਗੇ ਇਸ ਗਿਆਨ ਨਾਲ ਤੁਸੀਂ ਵੀ ਜ਼ਿੰਦਗੀ ਦੇ ਦਿਲ ਦਾ ਇਕ ਅੰਸ਼ ਨਹੀਂ ਬਣ ਜਾਂਦੇ।
ਪਰ ਜੇ ਤੁਸੀਂ ਭੈਅਵੱਸ ਪਿਆਰ ਦੇ ਸਿਰਫ਼ ਆਨੰਦ ਤੇ ਸ਼ਾਂਤੀ ਦੇਣ ਵਾਲੇ ਰੂਪ ਦੀ ਹੀ ਕਾਮਨਾ ਕਰੇਂਗੇ, ਤਾਂ ਤੁਹਾਡੇ ਲਈ ਇਹੀ ਠੀਕ ਰਹੇਗਾ ਕਿ ਤੁਸੀਂ ਆਪਣੇ ਪਾਖੰਡ ਦਾ ਪਹਿਰਾਵਾ ਪਹਿਨ ਲਓ ਤੇ ਪਿਆਰ ਦੀ ਡਿਊਢੀ ਤੋਂ ਹੀ ਪਰਤ ਜਾਓ।
ਤੇ ਪਰਤ ਜਾਓ ਉਸ ਬੇਸੁਆਦੀ ਦੁਨੀਆਂ ਵਿਚ, ਜਿਥੇ ਤੁਸੀਂ ਹੱਸੋਂਗੇ ਤਾਂ ਜ਼ਰੂਰ, ਪਰ ਖਿੜਖਿੜਾ ਕੇ ਨਹੀਂ ਹੱਸ ਸਕੋਂਗੇ ਤੇ ਰੋਵੋਂਗੇ ਵੀ ਜ਼ਰੂਰ, ਪਰ ਹੰਝੂ ਨਹੀਂ ਕਰ ਸਕੋਂਗੇ।
ਪਿਆਰ ਤੁਹਾਨੂੰ ਤੁਹਾਡਾ 'ਆਪਾ' ਖ਼ੁਦ ਨੂੰ ਸਮਰਪਿਤ ਕਰਨ ਦੇ ਇਲਾਵਾ ਕੁਝ ਨਹੀਂ ਦਿੰਦਾ ਤੇ ਨਾ ਹੀ ਤੁਹਾਨੂੰ ਖ਼ੁਦ 'ਤੇ ਨਿਛਾਵਰ ਹੋ ਜਾਣ ਦੇ ਇਲਾਵਾ ਤੁਹਾਡੇ ਤੋਂ ਕੁਝ ਹੋਰ ਮੰਗਦਾ ਹੀ ਹੈ।
ਪਿਆਰ ਨਾ ਤਾਂ ਖ਼ੁਦ ਆਪਣੇ ਕੋਲ ਕੁਝ ਰੱਖਦਾ ਹੈ, ਨਾ ਹੀ ਕਿਸੇ ਹੋਰ ਵੱਲੋਂ ਇਹ ਰੱਖਿਆ ਜਾ ਸਕਦਾ ਹੈ।
ਕਿਉਂ ਕਿ ਪਿਆਰ ਤਾਂ ਪਿਆਰ ਲਈ ਹੀ ਹੈ। ਨਾ ਤਾਂ ਇਹ ਆਪਣੇ ਵੱਟੇ ਕੁਝ ਮੰਗਦਾ ਹੈ ਤੇ ਨਾ ਹੀ ਇਹ ਤੁਹਾਡੇ ਸਮਰਪਣ ਦੇ ਵੱਟੇ ਤੁਹਾਨੂੰ ਕੁਝ ਦੇਵੇਗਾ। ਪਿਆਰ ਤਾਂ ਆਪਣੇ ਆਪ ਵਿਚ ਹੀ ਸੰਪੂਰਨ ਹੈ, ਭਰਪੂਰ ਹੈ, ਸਰਵ-ਵਿਆਪਕ ਹੈ।
ਜਦ ਤੁਸੀਂ ਪਿਆਰ ਕਰਦੇ ਹੋ, ਤੁਹਾਨੂੰ ਇਹ ਨਹੀਂ ਆਖਣਾ ਚਾਹੀਦਾ ਕਿ 'ਰੱਬ ਮੇਰੇ ਦਿਲ ਵਿਚ ਹੈ', ਸਗੋਂ ਇਹ ਆਖੋ ਕਿ 'ਮੈਂ ਰੱਬ ਦੇ ਦਿਲ ਅੰਦਰ ਹਾਂ।'
ਇਹ ਬਿਲਕੁਲ ਨਾ ਸੋਚੋ ਕਿ ਤੁਸੀਂ ਖ਼ੁਦ ਹੀ ਪਿਆਰ ਨੂੰ ਹਾਸਿਲ ਕਰ ਸਕਦੇ ਹੋ, ਸਗੋਂ ਜੇ ਪਿਆਰ ਤੁਹਾਨੂੰ ਇਸ ਕਾਬਿਲ ਸਮਝਦਾ ਹੈ ਤਾਂ ਉਹ ਖ਼ੁਦ ਤੁਹਾਡਾ ਮਾਰਗ-ਦਰਸ਼ਨ
ਕਰਦਾ ਹੈ ਤੇ ਤੁਹਾਨੂੰ ਆਪਣੇ ਵੱਲ ਖਿੱਚ ਪਾ ਕੇ, ਆਪਣੇ ਅੰਦਰ ਸਮੇਂ ਲੈਂਦਾ ਹੈ।"
ਪਿਆਰ ਦੀ ਕੋਈ ਕਾਮਨਾ ਨਹੀਂ ਹੁੰਦੀ, ਬਜਾਇ ਇਸ ਦੇ ਕਿ ਉਹ ਖ਼ੁਦ ਨੂੰ ਸੰਪੂਰਨ ਬਣਾਵੇ।
ਪਰ ਜੇ ਤੁਸੀਂ ਪਿਆਰ ਕਰਦੇ ਹੋ ਤੇ ਤੁਹਾਡੀਆਂ ਕੋਈ ਖ਼ਾਹਿਸ਼ਾਂ ਨੇ, ਜੋ ਹੋਣੀਆਂ ਸੁਭਾਵਿਕ ਹੀ ਨੇ, ਤਾਂ ਤੁਹਾਡੀਆਂ ਉਹ ਖ਼ਾਹਿਸ਼ਾਂ ਕੁਝ ਏਦਾਂ ਦੀਆਂ ਹੋਣੀਆਂ ਚਾਹੀਦੀਆਂ ਨੇ-
ਕਿ ਖ਼ੁਦ ਨੂੰ ਏਨਾ ਪਿਘਲਾ ਲਓ ਕਿ ਉਸ ਝਰਨੇ ਦੀ ਤਰ੍ਹਾਂ ਵਹਿ ਤੁਰੇ, ਜੋ ਰਾਤਾਂ ਨੂੰ ਆਪਣਾ ਸੰਗੀਤ ਬਿਖੇਰਦਾ ਹੈ।
ਕਿ ਹੱਦ ਦਰਜੇ ਦੇ ਦੁੱਖ ਦਾ ਦਰਦ ਸਮਝ ਸਕੇ।
ਕਿ ਪਿਆਰ ਨੂੰ ਸਮਝ ਕੇ ਉਸ ਦੇ ਦਰਦ ਨਾਲ ਖ਼ੁਦ ਨੂੰ ਜ਼ਖ਼ਮੀ ਕਰ ਸੁੱਟੇ।
ਤੇ ਫੇਰ ਮਨ-ਮਰਜ਼ੀ ਤੇ ਚਾਅ-ਮਲ੍ਹਾਰ ਨਾਲ ਉਸ ਨਾਲ ਪੀੜਤ ਰਹੋ।
ਸਵੇਰੇ ਜਾਗੋ ਤਾਂ ਪਿਆਰ-ਗੜੁੱਚੇ ਦਿਲੋਂ ਰੱਬ ਦਾ ਸ਼ੁਕਰਾਨਾ ਕਰੋ ਕਿ ਉਸ ਨੇ ਤੁਹਾਨੂੰ ਪਿਆਰ ਕਰਨ ਲਈ ਇਕ ਹੋਰ ਦਿਨ ਬਖ਼ਸ਼ਿਆ ਹੈ। ਦੁਪਹਿਰੇ ਸੁਸਤਾਉਣ ਦੀ ਬਜਾਇ ਧਿਆਨ ਲਗਾ ਕੇ ਪਿਆਰ ਦੇ ਵਿਸਮਾਦ ਵਿਚ ਲੀਨ ਹੋ ਜਾਓ।""
ਸ਼ਾਮੀਂ ਘਰ ਪਰਤੇ ਤਾਂ ਪਿਆਰ ਦੇ ਸ਼ੁਕਰਗੁਜ਼ਾਰ ਹੋ ਕੇ।
ਤੇ ਫਿਰ ਰਾਤੀਂ ਜਦੋਂ ਸੋਵੋ ਤਾਂ ਤੁਹਾਡੇ ਦਿਲੋਂ ਤੁਹਾਡੇ ਕੰਤ ਲਈ ਦੁਆ ਨਿਕਲੇ ਤੇ ਤੁਹਾਡੀ ਜ਼ੁਬਾਨੋਂ ਉਸ ਦੀ ਤਾਰੀਫ਼ ।"
* ਇਸ਼ਕ ਦੇ ਇਸ 'ਮਾਰਗ-ਦਰਸ਼ਕ ਸਰੂਪ ਨੂੰ ਸੁਲਤਾਨ ਬਾਹੂ ਨੇ ਵੀ ਉਜਾਗਰ ਕੀਤੇ-
'ਰੇ ਰਾਤ ਅੰਧੇਰੀ ਕਾਲੀ ਦੇ ਵਿਚ ਇਸ਼ਕ ਚਰਾਗ ਕਰਾਂਦਾ ਹੂ ।
ਅਤੇ
ਇਸ਼ਕ ਹਕੀਰਾਂ ਦੀ ਟੋਹਣੀ, ਇਹ ਵਸਤ ਅਗੋਚਰ ਜੋਹਣੀ ।
** ਪਿਆਰ ਦੇ ਵਿਸਮਾਦ ਵਿਚ ਲੀਨ ਹੋਣ ਦੀ ਅਵਸਥਾ ਦਾ ਬੜਾ ਹੀ ਖੂਬਸੂਰਤ ਵਰਨਣ ਕਬੀਰ ਜੀ ਨੇ ਇੰਜ ਕੀਤੈ-
'ਅਕਥ ਕਹਾਣੀ ਪ੍ਰੇਮ ਕੀ ਕਛੁ ਕਹੀ ਨਾ ਜਾਇ।
ਗੂੰਗੇ ਕੈਰੀ ਸਰਕਰਾ ਖਾਵੇ ਅਰ ਮੁਸਕਾਇ।'
(ਹਵਾਲਾ-ਪੰਜਾਬੀ ਅਨੁਵਾਦਕ)
ਵਿਆਹ
ਫੇਰ ਅਲ ਮਿੱਤਰਾ ਨੇ ਪੁੱਛਿਆ- "ਤੇ ਮੇਰੇ ਮਾਲਕ, ਵਿਆਹ ਕੀ ਐ?"
ਤੇ ਉਸ ਨੇ ਜੁਆਬ ਦਿੰਦਿਆਂ ਆਖਿਆ-
"ਤੁਸੀਂ ਦੋਵੇਂ (ਹਵਾ-ਆਦਮ) ਇਕੱਠੇ ਪੈਦਾ ਹੋਏ ਸੀ ਤੇ ਸਦਾ ਇਕੱਠੇ ਹੀ ਰਹੋਂਗੇ।
ਤੁਸੀਂ ਉਦੋਂ ਵੀ ਇਕੱਠੇ ਹੀ ਹੋਵੇਂਗੇ, ਜਦੋਂ ਮੌਤ ਆਪਣੇ ਸਫ਼ੈਦ ਖੰਭਾਂ ਨੂੰ ਫੜਫੜਾ ਕੇ ਤੁਹਾਡੀ ਜੀਵਨ-ਲੀਲ੍ਹਾ ਖ਼ਤਮ ਕਰ ਦਏਗੀ।
ਤੇ ਹਾਂ, ਤੁਸੀਂ ਰੱਬ ਦੀ ਮੌਨ ਯਾਦ ਵਿਚ ਵੀ ਇਕੱਠੇ ਹੀ ਰਹੇਂਗੇ।
ਪਰ ਤੁਹਾਨੂੰ ਆਪਣੀ ਨੇੜਤਾ ਵਿਚ ਕੁਝ ਵਿੱਥ ਵੀ ਪਾਉਣੀ ਪਏਗੀ । ਤੁਸੀਂ ਆਪਣੇ ਦਰਮਿਆਨ ਅਲੌਕਿਕ ਪੌਣਾਂ ਨੂੰ ਵੀ ਵਗਣ ਦਿਓ। ਇਕ-ਦੂਜੇ ਨੂੰ ਖੁੱਲ੍ਹਾ ਵਿਚਰਣ ਦੀ ਵੀ ਜਗ੍ਹਾ ਦਿਓ।
ਇਕ-ਦੂਜੇ ਨੂੰ ਪਿਆਰ ਜ਼ਰੂਰ ਕਰੋ, ਪਰ ਇਸ ਪਿਆਰ ਨੂੰ ਬੰਨ੍ਹੇ ਨਾ, ਸਗੋਂ ਇਸ ਨੂੰ ਆਪਣੇ ਆਤਮਾ-ਰੂਪੀ ਕੰਢਿਆਂ ਵਿਚਕਾਰ ਇਕ ਸਮੁੰਦਰ ਦੀ ਤਰ੍ਹਾਂ ਅਠਖੇਲੀਆਂ ਕਰਨ ਦਿਓ।
ਇਕ-ਦੂਜੇ ਦੇ ਪਿਆਲਿਆਂ ਨੂੰ ਤਾਂ ਭਰਦੇ ਰਹੋ, ਪਰ ਦੋਵੇਂ ਕਦੇ ਵੀ ਇਕੋ ਪਿਆਲੇ ਵਿਚੋਂ ਨਾ ਪੀਓ।
ਇਕ-ਦੂਜੇ ਨਾਲ ਆਪਣੀ ਰੋਟੀ ਤਾਂ ਵੰਡ ਲਓ, ਪਰ ਕਦੇ ਵੀ ਇਕੋ ਹੀ ਰੋਟੀ ਨਾ ਖਾਓ।
ਤੁਸੀਂ ਦੋਵੇਂ ਰਲ ਕੇ ਨੱਚੋ, ਗਾਓ ਤੇ ਖ਼ੁਸ਼ੀਆਂ ਮਨਾਓ, ਪਰ ਇਕ-ਦੂਜੇ ਨੂੰ ਇਕੱਲਤਾ ਦਾ ਇਹਸਾਸ ਕਰਾਉਣਾ ਵੀ ਓਨਾ ਹੀ ਲਾਜ਼ਮੀ ਹੈ। ਬਿਲਕੁਲ ਉਵੇਂ ਹੀ, ਜਿਵੇਂ ਰਬਾਬ ਦੇ ਤਾਰ ਤਾਂ ਵੱਖ-ਵੱਖ ਹੁੰਦੇ ਨੇ, ਪਰ ਫਿਰ ਵੀ ਉਸ 'ਚੋਂ ਇਕਸਾਰ ਤੇ ਇਕਸੁਰ ਸੰਗੀਤ ਹੀ ਗੂੰਜਦਾ ਹੈ।
ਇਕ ਦੂਜੇ ਨੂੰ ਆਪਣਾ-ਆਪਣਾ ਦਿਲ ਤਾਂ ਦੇ ਦਿਓ, ਪਰ ਉਸ ਦਿਲ 'ਤੇ ਇਕ- ਦੂਜੇ ਨੂੰ ਕਾਬਜ਼ ਨਾ ਹੋਣ ਦਿਓ।* ਕਿਉਂ ਕਿ ਤੁਹਾਡੇ ਦਿਲਾਂ 'ਤੇ ਕਾਬੂ ਪਾਉਣਾ ਤਾਂ ਰੱਬ ਦੇ ਹੀ ਹੱਥ-ਵੱਸ ਹੈ।
ਤੁਸੀਂ ਦੋਵੇਂ ਇਕ-ਦੂਜੇ ਦੇ ਨਾਲ ਤਾਂ ਖੜ੍ਹੇ ਰਹੋ, ਪਰ ਬਹੁਤ ਨੇੜੇ-ਨੇੜੇ ਨਹੀਂ।
ਕਿਉਂਕਿ ਇਕ ਮੰਦਰ ਦੇ ਥੰਮ ਵੀ ਇਕ-ਦੂਜੇ ਤੋਂ ਵਿੱਥ 'ਤੇ ਹੀ ਖੜ੍ਹੇ ਰਹਿੰਦੇ ਨੇ।
ਤੇ ਨਾਲੇ ਬਲੂਤ (ਠੰਢੇ ਇਲਾਕਿਆਂ ਵਿਚ ਹੋਣ ਵਾਲਾ ਇਕ ਰੁੱਖ, ਬਲੂਤ ਜਾਂ ਓਕ) ਤੇ ਸਰੂ ਦੇ ਬਿਰਖ ਕਦੇ ਵੀ ਇਕ-ਦੂਜੇ ਦੀ ਛਾਵੇਂ ਨਹੀਂ ਮੋਲ ਸਕਦੇ।"
* ਫ਼ਰੀਦ ਜੀ ਨੇ ਵੀ ਲੋਭ ਤੇ ਅਧੀਨਗੀ ਭਰੇ ਪਿਆਰ ਨੂੰ ਇਥੇ ਟੁੱਟੇ ਛੱਪਰ ਨਾਲ ਤੁਲਨਾ ਦੇ ਕੇ ਨਕਾਰਿਆ ਹੈ-
'ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤਾ ਕੂੜਾ ਨੇਹੁ ।
ਕਿਚਰੁ ਝਤਿ ਲੰਘਾਈਐ ਛਪਰਿ ਤੁਟੈ ਮੋਹੁ ॥
ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਵੀ 'ਪਿਆਰ ਕਬਜ਼ਾ ਨਹੀਂ ਪਹਿਚਾਣ ਹੈ' ਦਾ ਸੰਕਲਪ ਦਿੱਤੇ।
(ਹਵਾਲਾ-ਪੰਜਾਬੀ ਅਨੁਵਾਦਕ)