ਕਰਦਾ ਹੈ ਤੇ ਤੁਹਾਨੂੰ ਆਪਣੇ ਵੱਲ ਖਿੱਚ ਪਾ ਕੇ, ਆਪਣੇ ਅੰਦਰ ਸਮੇਂ ਲੈਂਦਾ ਹੈ।"
ਪਿਆਰ ਦੀ ਕੋਈ ਕਾਮਨਾ ਨਹੀਂ ਹੁੰਦੀ, ਬਜਾਇ ਇਸ ਦੇ ਕਿ ਉਹ ਖ਼ੁਦ ਨੂੰ ਸੰਪੂਰਨ ਬਣਾਵੇ।
ਪਰ ਜੇ ਤੁਸੀਂ ਪਿਆਰ ਕਰਦੇ ਹੋ ਤੇ ਤੁਹਾਡੀਆਂ ਕੋਈ ਖ਼ਾਹਿਸ਼ਾਂ ਨੇ, ਜੋ ਹੋਣੀਆਂ ਸੁਭਾਵਿਕ ਹੀ ਨੇ, ਤਾਂ ਤੁਹਾਡੀਆਂ ਉਹ ਖ਼ਾਹਿਸ਼ਾਂ ਕੁਝ ਏਦਾਂ ਦੀਆਂ ਹੋਣੀਆਂ ਚਾਹੀਦੀਆਂ ਨੇ-
ਕਿ ਖ਼ੁਦ ਨੂੰ ਏਨਾ ਪਿਘਲਾ ਲਓ ਕਿ ਉਸ ਝਰਨੇ ਦੀ ਤਰ੍ਹਾਂ ਵਹਿ ਤੁਰੇ, ਜੋ ਰਾਤਾਂ ਨੂੰ ਆਪਣਾ ਸੰਗੀਤ ਬਿਖੇਰਦਾ ਹੈ।
ਕਿ ਹੱਦ ਦਰਜੇ ਦੇ ਦੁੱਖ ਦਾ ਦਰਦ ਸਮਝ ਸਕੇ।
ਕਿ ਪਿਆਰ ਨੂੰ ਸਮਝ ਕੇ ਉਸ ਦੇ ਦਰਦ ਨਾਲ ਖ਼ੁਦ ਨੂੰ ਜ਼ਖ਼ਮੀ ਕਰ ਸੁੱਟੇ।
ਤੇ ਫੇਰ ਮਨ-ਮਰਜ਼ੀ ਤੇ ਚਾਅ-ਮਲ੍ਹਾਰ ਨਾਲ ਉਸ ਨਾਲ ਪੀੜਤ ਰਹੋ।
ਸਵੇਰੇ ਜਾਗੋ ਤਾਂ ਪਿਆਰ-ਗੜੁੱਚੇ ਦਿਲੋਂ ਰੱਬ ਦਾ ਸ਼ੁਕਰਾਨਾ ਕਰੋ ਕਿ ਉਸ ਨੇ ਤੁਹਾਨੂੰ ਪਿਆਰ ਕਰਨ ਲਈ ਇਕ ਹੋਰ ਦਿਨ ਬਖ਼ਸ਼ਿਆ ਹੈ। ਦੁਪਹਿਰੇ ਸੁਸਤਾਉਣ ਦੀ ਬਜਾਇ ਧਿਆਨ ਲਗਾ ਕੇ ਪਿਆਰ ਦੇ ਵਿਸਮਾਦ ਵਿਚ ਲੀਨ ਹੋ ਜਾਓ।""
ਸ਼ਾਮੀਂ ਘਰ ਪਰਤੇ ਤਾਂ ਪਿਆਰ ਦੇ ਸ਼ੁਕਰਗੁਜ਼ਾਰ ਹੋ ਕੇ।
ਤੇ ਫਿਰ ਰਾਤੀਂ ਜਦੋਂ ਸੋਵੋ ਤਾਂ ਤੁਹਾਡੇ ਦਿਲੋਂ ਤੁਹਾਡੇ ਕੰਤ ਲਈ ਦੁਆ ਨਿਕਲੇ ਤੇ ਤੁਹਾਡੀ ਜ਼ੁਬਾਨੋਂ ਉਸ ਦੀ ਤਾਰੀਫ਼ ।"
* ਇਸ਼ਕ ਦੇ ਇਸ 'ਮਾਰਗ-ਦਰਸ਼ਕ ਸਰੂਪ ਨੂੰ ਸੁਲਤਾਨ ਬਾਹੂ ਨੇ ਵੀ ਉਜਾਗਰ ਕੀਤੇ-
'ਰੇ ਰਾਤ ਅੰਧੇਰੀ ਕਾਲੀ ਦੇ ਵਿਚ ਇਸ਼ਕ ਚਰਾਗ ਕਰਾਂਦਾ ਹੂ ।
ਅਤੇ
ਇਸ਼ਕ ਹਕੀਰਾਂ ਦੀ ਟੋਹਣੀ, ਇਹ ਵਸਤ ਅਗੋਚਰ ਜੋਹਣੀ ।
** ਪਿਆਰ ਦੇ ਵਿਸਮਾਦ ਵਿਚ ਲੀਨ ਹੋਣ ਦੀ ਅਵਸਥਾ ਦਾ ਬੜਾ ਹੀ ਖੂਬਸੂਰਤ ਵਰਨਣ ਕਬੀਰ ਜੀ ਨੇ ਇੰਜ ਕੀਤੈ-
'ਅਕਥ ਕਹਾਣੀ ਪ੍ਰੇਮ ਕੀ ਕਛੁ ਕਹੀ ਨਾ ਜਾਇ।
ਗੂੰਗੇ ਕੈਰੀ ਸਰਕਰਾ ਖਾਵੇ ਅਰ ਮੁਸਕਾਇ।'
(ਹਵਾਲਾ-ਪੰਜਾਬੀ ਅਨੁਵਾਦਕ)
ਵਿਆਹ
ਫੇਰ ਅਲ ਮਿੱਤਰਾ ਨੇ ਪੁੱਛਿਆ- "ਤੇ ਮੇਰੇ ਮਾਲਕ, ਵਿਆਹ ਕੀ ਐ?"
ਤੇ ਉਸ ਨੇ ਜੁਆਬ ਦਿੰਦਿਆਂ ਆਖਿਆ-
"ਤੁਸੀਂ ਦੋਵੇਂ (ਹਵਾ-ਆਦਮ) ਇਕੱਠੇ ਪੈਦਾ ਹੋਏ ਸੀ ਤੇ ਸਦਾ ਇਕੱਠੇ ਹੀ ਰਹੋਂਗੇ।
ਤੁਸੀਂ ਉਦੋਂ ਵੀ ਇਕੱਠੇ ਹੀ ਹੋਵੇਂਗੇ, ਜਦੋਂ ਮੌਤ ਆਪਣੇ ਸਫ਼ੈਦ ਖੰਭਾਂ ਨੂੰ ਫੜਫੜਾ ਕੇ ਤੁਹਾਡੀ ਜੀਵਨ-ਲੀਲ੍ਹਾ ਖ਼ਤਮ ਕਰ ਦਏਗੀ।
ਤੇ ਹਾਂ, ਤੁਸੀਂ ਰੱਬ ਦੀ ਮੌਨ ਯਾਦ ਵਿਚ ਵੀ ਇਕੱਠੇ ਹੀ ਰਹੇਂਗੇ।
ਪਰ ਤੁਹਾਨੂੰ ਆਪਣੀ ਨੇੜਤਾ ਵਿਚ ਕੁਝ ਵਿੱਥ ਵੀ ਪਾਉਣੀ ਪਏਗੀ । ਤੁਸੀਂ ਆਪਣੇ ਦਰਮਿਆਨ ਅਲੌਕਿਕ ਪੌਣਾਂ ਨੂੰ ਵੀ ਵਗਣ ਦਿਓ। ਇਕ-ਦੂਜੇ ਨੂੰ ਖੁੱਲ੍ਹਾ ਵਿਚਰਣ ਦੀ ਵੀ ਜਗ੍ਹਾ ਦਿਓ।
ਇਕ-ਦੂਜੇ ਨੂੰ ਪਿਆਰ ਜ਼ਰੂਰ ਕਰੋ, ਪਰ ਇਸ ਪਿਆਰ ਨੂੰ ਬੰਨ੍ਹੇ ਨਾ, ਸਗੋਂ ਇਸ ਨੂੰ ਆਪਣੇ ਆਤਮਾ-ਰੂਪੀ ਕੰਢਿਆਂ ਵਿਚਕਾਰ ਇਕ ਸਮੁੰਦਰ ਦੀ ਤਰ੍ਹਾਂ ਅਠਖੇਲੀਆਂ ਕਰਨ ਦਿਓ।
ਇਕ-ਦੂਜੇ ਦੇ ਪਿਆਲਿਆਂ ਨੂੰ ਤਾਂ ਭਰਦੇ ਰਹੋ, ਪਰ ਦੋਵੇਂ ਕਦੇ ਵੀ ਇਕੋ ਪਿਆਲੇ ਵਿਚੋਂ ਨਾ ਪੀਓ।
ਇਕ-ਦੂਜੇ ਨਾਲ ਆਪਣੀ ਰੋਟੀ ਤਾਂ ਵੰਡ ਲਓ, ਪਰ ਕਦੇ ਵੀ ਇਕੋ ਹੀ ਰੋਟੀ ਨਾ ਖਾਓ।
ਤੁਸੀਂ ਦੋਵੇਂ ਰਲ ਕੇ ਨੱਚੋ, ਗਾਓ ਤੇ ਖ਼ੁਸ਼ੀਆਂ ਮਨਾਓ, ਪਰ ਇਕ-ਦੂਜੇ ਨੂੰ ਇਕੱਲਤਾ ਦਾ ਇਹਸਾਸ ਕਰਾਉਣਾ ਵੀ ਓਨਾ ਹੀ ਲਾਜ਼ਮੀ ਹੈ। ਬਿਲਕੁਲ ਉਵੇਂ ਹੀ, ਜਿਵੇਂ ਰਬਾਬ ਦੇ ਤਾਰ ਤਾਂ ਵੱਖ-ਵੱਖ ਹੁੰਦੇ ਨੇ, ਪਰ ਫਿਰ ਵੀ ਉਸ 'ਚੋਂ ਇਕਸਾਰ ਤੇ ਇਕਸੁਰ ਸੰਗੀਤ ਹੀ ਗੂੰਜਦਾ ਹੈ।
ਇਕ ਦੂਜੇ ਨੂੰ ਆਪਣਾ-ਆਪਣਾ ਦਿਲ ਤਾਂ ਦੇ ਦਿਓ, ਪਰ ਉਸ ਦਿਲ 'ਤੇ ਇਕ- ਦੂਜੇ ਨੂੰ ਕਾਬਜ਼ ਨਾ ਹੋਣ ਦਿਓ।* ਕਿਉਂ ਕਿ ਤੁਹਾਡੇ ਦਿਲਾਂ 'ਤੇ ਕਾਬੂ ਪਾਉਣਾ ਤਾਂ ਰੱਬ ਦੇ ਹੀ ਹੱਥ-ਵੱਸ ਹੈ।
ਤੁਸੀਂ ਦੋਵੇਂ ਇਕ-ਦੂਜੇ ਦੇ ਨਾਲ ਤਾਂ ਖੜ੍ਹੇ ਰਹੋ, ਪਰ ਬਹੁਤ ਨੇੜੇ-ਨੇੜੇ ਨਹੀਂ।
ਕਿਉਂਕਿ ਇਕ ਮੰਦਰ ਦੇ ਥੰਮ ਵੀ ਇਕ-ਦੂਜੇ ਤੋਂ ਵਿੱਥ 'ਤੇ ਹੀ ਖੜ੍ਹੇ ਰਹਿੰਦੇ ਨੇ।
ਤੇ ਨਾਲੇ ਬਲੂਤ (ਠੰਢੇ ਇਲਾਕਿਆਂ ਵਿਚ ਹੋਣ ਵਾਲਾ ਇਕ ਰੁੱਖ, ਬਲੂਤ ਜਾਂ ਓਕ) ਤੇ ਸਰੂ ਦੇ ਬਿਰਖ ਕਦੇ ਵੀ ਇਕ-ਦੂਜੇ ਦੀ ਛਾਵੇਂ ਨਹੀਂ ਮੋਲ ਸਕਦੇ।"
* ਫ਼ਰੀਦ ਜੀ ਨੇ ਵੀ ਲੋਭ ਤੇ ਅਧੀਨਗੀ ਭਰੇ ਪਿਆਰ ਨੂੰ ਇਥੇ ਟੁੱਟੇ ਛੱਪਰ ਨਾਲ ਤੁਲਨਾ ਦੇ ਕੇ ਨਕਾਰਿਆ ਹੈ-
'ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤਾ ਕੂੜਾ ਨੇਹੁ ।
ਕਿਚਰੁ ਝਤਿ ਲੰਘਾਈਐ ਛਪਰਿ ਤੁਟੈ ਮੋਹੁ ॥
ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਵੀ 'ਪਿਆਰ ਕਬਜ਼ਾ ਨਹੀਂ ਪਹਿਚਾਣ ਹੈ' ਦਾ ਸੰਕਲਪ ਦਿੱਤੇ।
(ਹਵਾਲਾ-ਪੰਜਾਬੀ ਅਨੁਵਾਦਕ)
ਸੰਤਾਨ
ਤੇ ਫਿਰ ਇਕ ਔਰਤ, ਜਿਸ ਨੇ ਆਪਣੀ ਛਾਤੀ ਨਾਲ ਆਪਣੇ ਬੱਚੇ ਨੂੰ ਚੰਬੇੜਿਆ ਹੋਇਆ ਸੀ, ਬੋਲੀ- "ਸਾਨੂੰ ਸੰਤਾਨ ਬਾਰੇ ਕੁਝ ਦੱਸੋ।"
ਤੇ ਉਸ ਨੇ ਕਿਹਾ-
"ਤੁਹਾਡੇ ਬੱਚੇ ਤੁਹਾਡੇ ਹੋ ਕੇ ਵੀ ਤੁਹਾਡੇ ਨਹੀਂ ਨੇ।
ਉਹ ਤਾਂ ਖ਼ੁਦ ਜ਼ਿੰਦਗੀ ਦੇ ਪ੍ਰਤੀ ਜ਼ਿੰਦਗੀ ਦੀ ਕਾਮਨਾ ਦੀ ਸੰਤਾਨ ਨੇ।
ਉਹ ਇਸ ਦੁਨੀਆਂ ਵਿਚ ਤੁਹਾਡੇ ਜ਼ਰੀਏ ਜ਼ਰੂਰ ਆਉਂਦੇ ਨੇ, ਪਰ ਤੁਸੀਂ ਉਨ੍ਹਾਂ ਨੂੰ ਨਹੀਂ ਲਿਆਉਂਦੇ ਹੋ।"
ਤੇ ਭਾਵੇਂ ਉਹ ਤੁਹਾਡੇ ਨਾਲ ਹੀ ਰਹਿੰਦੇ ਨੇ, ਫਿਰ ਵੀ ਉਹ ਤੁਹਾਡੇ ਨਹੀਂ ਨੇ॥
ਤੁਸੀਂ ਉਨ੍ਹਾਂ ਨੂੰ ਆਪਣਾ ਪਿਆਰ ਦੇ ਸਕਦੇ ਹੋ, ਆਪਣੇ ਵਿਚਾਰ ਨਹੀਂ।
ਕਿਉਂਕਿ ਉਨ੍ਹਾਂ ਦੇ ਆਪਣੇ ਵੱਖਰੇ ਵਿਚਾਰ ਨੇ।
ਤੁਸੀਂ ਉਨ੍ਹਾਂ ਦੇ ਸਰੀਰ ਨੂੰ ਤਾਂ ਘਰ ਦੇ ਸਕਦੇ ਹੋ, ਪਰ ਉਨ੍ਹਾਂ ਦੀਆਂ ਆਤਮਾਵਾਂ ਨੂੰ ਨਹੀਂ।
ਕਿਉਂਕਿ ਉਨ੍ਹਾਂ ਦੀਆਂ ਆਤਮਾਵਾਂ ਤਾਂ ਭਲਕ ਵਿਚ ਨਿਵਾਸ ਕਰਦੀਆਂ ਨੇ, ਜਿਥੇ ਤੁਸੀਂ ਕਦੇ ਵੀ ਬਹੁੜ ਨਹੀਂ ਸਕਦੇ, ਸੁਪਨੇ ਵਿਚ ਵੀ ਨਹੀਂ।
ਤੁਸੀਂ ਉਨ੍ਹਾਂ ਵਰਗਾ ਬਣਨ ਦਾ ਜਤਨ ਤਾਂ ਕਰ ਸਕਦੇ ਹੋ, ਪਰ ਕਦੇ ਵੀ ਉਨ੍ਹਾਂ ਨੂੰ ਆਪਣੇ ਵਰਗਾ ਬਣਾਉਣ ਦਾ ਯਤਨ ਨਾ ਕਰਨਾ।
ਕਿਉਂਕਿ ਜ਼ਿੰਦਗੀ ਕਦੇ ਵੀ ਨਾ ਤਾਂ ਪਿੱਛਲ-ਮੂੰਹ ਚੱਲਦੀ ਹੈ ਤੇ ਨਾ ਹੀ ਲੰਘੇ ਕੱਲ੍ਹ ਦੇ ਨਾਲ ਹੀ ਠਹਿਰਦੀ ਹੈ।
ਤੁਸੀਂ ਇਕ ਕਮਾਨ-ਮਾਤਰ ਹੀ ਹੋ ਤੇ ਤੁਹਾਡਾ ਕੰਮ ਆਪਣੇ ਬੱਚਿਆਂ ਨੂੰ ਜਿਊਂਦੇ- ਜਾਗਦੇ ਤੀਰਾਂ ਦੀ ਤਰ੍ਹਾਂ ਸਿਰਫ਼ ਅੱਗੇ ਵੱਲ ਚਲਾਉਣਾ ਹੀ ਹੈ।
* ਬੁੱਲ੍ਹੇ ਸ਼ਾਹ ਨੇ ਸ੍ਰਿਸ਼ਟੀ-ਰਚਨਾ ਦੇ ਇਸ ਭੇਤ ਦੀ ਗੰਢ ਕਿੰਨੇ ਸੌਖੇ ਢੰਗ ਨਾਲ ਖੋਲ੍ਹੀ ਹੈ-
'ਇਸ ਅਲਤੋਂ ਦੋ ਤਿੰਨ ਚਾਰ ਹੋਏ,
ਫਿਰ ਲਖ ਕਰੋੜ ਹਜ਼ਾਰ ਹੋਏ,
ਫਿਰ ਉਥੋਂ ਬੇਸੁਮਾਰ ਹੋਏ,
ਇੱਕ ਅਲਫ਼ ਦਾ ਨੁਕਤਾ ਨਿਆਰਾ ਹੈ।'
(ਹਵਾਲਾ-ਪੰਜਾਬੀ ਅਨੁਵਾਦਕ)
ਤੀਰ-ਅੰਦਾਜ਼ ਇਸ ਆਨੰਦ ਮਾਰਗ 'ਤੇ ਸਿਰਫ਼ ਆਪਣੇ ਨਿਸ਼ਾਨੇ ਵੱਲ ਵੇਖਦਾ ਹੈ ਤੇ ਤੀਰ ਚਲਾ ਦਿੰਦਾ ਹੈ। ਰੱਬ ਉਸ ਨੂੰ ਪੂਰੀ ਸਮਰੱਥਾ ਬਖ਼ਸ਼ਦਾ ਹੈ, ਤਾਂ ਕਿ ਉਸ ਦੇ ਤੀਰ ਤੇਜ਼ ਤੇ ਦੂਰਵਰਤੀ ਹੋਣ।
ਤੁਹਾਨੂੰ ਆਪਣੀ ਇਹ ਕਮਾਨ ਹੋਣ ਦੀ ਭੂਮਿਕਾ ਪ੍ਰਸੰਨ-ਚਿੱਤ ਨਿਭਾਉਣੀ ਚਾਹੀਦੀ ਹੈ।
ਕਿਉਂਕਿ ਜਿਥੇ ਰੱਬ ਨੂੰ ਉੱਡਦੇ ਤੀਰਾਂ ਨਾਲ ਮੋਹ ਹੈ, ਉਥੇ ਉਹ ਉਸ ਕਮਾਨ ਨੂੰ ਵੀ ਪਿਆਰ ਕਰਦਾ ਹੈ, ਜੋ ਅਡੋਲ ਹੋਵੇ ਤੇ ਆਪਣਾ ਕੰਮ ਨਿਪੁੰਨਤਾ ਨਾਲ ਕਰਦੀ ਹੋਵੇ।"
ਦਾਨ
ਫੇਰ ਇਕ ਅਮੀਰ ਬੰਦੇ ਨੇ ਪੁੱਛਿਆ- "ਸਾਨੂੰ ਦਾਨ-ਪੁੰਨ ਬਾਰੇ ਕੁਝ ਦੱਸੋ।"
ਤੇ ਉਸ ਨੇ ਜੁਆਬ ਦਿੱਤਾ-
ਤੁਹਾਡਾ ਕੀਤਾ ਉਹ ਦਾਨ-ਪੁੰਨ ਬਹੁਤ ਤੁੱਛ ਹੁੰਦੇ, ਜੋ ਤੁਸੀਂ ਆਪਣੀ ਪੂੰਜੀ 'ਚੋਂ ਕੱਢ ਕੇ ਦਿੰਦੇ ਹੋ।"
ਅਸਲੀ ਦਾਨ-ਪੁੰਨ ਤਾਂ ਉਹ ਹੈ, ਜਦੋਂ ਤੁਸੀਂ ਖ਼ੁਦ ਨੂੰ ਹੀ ਨਿਛਾਵਰ ਕਰ ਦਿੰਦੇ ਹੋ।
ਕਿਉਂਕਿ ਤੁਹਾਡੀ ਧਨ-ਦੌਲਤ ਉਨ੍ਹਾਂ ਵਸਤਾਂ ਤੋਂ ਇਲਾਵਾ ਭਲਾ ਹੋਰ ਕੀ ਹੈ, ਜਿਨ੍ਹਾਂ ਨੂੰ ਤੁਸੀਂ ਇਸ ਡਰੋਂ ਸੰਭਾਲ ਕੇ ਰੱਖਦੇ ਹੋ ਕਿ ਕਿਤੇ ਭਲਕੇ ਤੁਹਾਨੂੰ ਉਨ੍ਹਾਂ ਦੀ ਦੋਬਾਰਾ ਲੋੜ ਨਾ ਪੈ ਜਾਵੇ?
ਤੇ ਫੇਰ ਭਲਕੇ, ਉਹ ਭਲਕ ਉਸ ਲੋੜੋਂ-ਵੱਧ ਸਮਝਦਾਰ ਕੁੱਤੇ ਲਈ ਕੀ ਲੈ ਕੇ ਆਏਗੀ, ਜੋ ਧਾਰਮਿਕ ਸਥਾਨ 'ਤੇ ਜਾ ਰਹੇ ਤੀਰਥ ਯਾਤਰੀਆਂ ਦੇ ਪਿੱਛੇ-ਪਿੱਛੇ ਚੱਲਣ ਤੋਂ ਪਹਿਲਾਂ ਸਾਂਭ-ਸੰਭਾਲ ਵਜੋਂ ਹੱਡੀਆਂ ਨੂੰ ਰੇਤੇ ਵਿਚ ਚੰਗੀ ਤਰ੍ਹਾਂ ਗੱਡ ਦਿੰਦਾ ਹੈ ?
ਤੇ ਇਹ 'ਲੋੜ ਪੈਣ' ਦਾ ਭੈਅ ਸਿਵਾਇ ਆਪਣੀ ਲੋੜ ਦੇ ਹੋਰ ਕੀ ਹੈ ?
ਜਦੋਂ ਤੁਹਾਡਾ ਖੂਹ ਭਰਿਆ ਹੋਇਐ, ਤਾਂ ਕੀ ਤੁਹਾਨੂੰ ਤੇਹ ਲੱਗਣ ਦਾ ਭੈਅ ਨਹੀਂ ਹੈ, ਉਹ ਤੇਹ ਜੋ ਕਦੇ ਨਹੀਂ ਬੁਝਦੀ ?
ਕੁਝ ਲੋਕ ਅਜਿਹੇ ਵੀ ਨੇ, ਜੋ ਆਪਣੀ ਬਹੁਤ ਸਾਰੀ ਜਾਇਦਾਦ 'ਚੋਂ ਭੋਰਾ ਕੁ ਸਿਰਫ਼ ਇਸੇ ਲਈ ਦਾਨ ਕਰਦੇ ਨੇ, ਤਾਂ ਕਿ ਕੁਝ ਸ਼ੁਹਰਤ ਖੱਟ ਸਕਣ ਤੇ ਉਨ੍ਹਾਂ ਦੀ ਇਹੀ ਭਾਵਨਾ ਉਨ੍ਹਾਂ ਦੇ ਦਾਨ-ਪੁੰਨ ਨੂੰ ਤੁੱਛ ਬਣਾ ਧਰਦੀ ਹੈ।
ਤੇ ਕੁਝ ਅਜਿਹੇ ਲੋਕ ਵੀ ਨੇ, ਜਿਨ੍ਹਾਂ ਕੋਲ ਜੋ ਵੀ ਥੋੜ੍ਹਾ-ਬਹੁਤ ਹੁੰਦੈ, ਉਹ ਵੀ ਦਾਨ ਕਰ ਦਿੰਦੇ ਨੇ।
ਇਹੀ ਉਹ ਲੋਕ ਨੇ, ਜੋ ਜ਼ਿੰਦਗੀ ਤੇ ਜ਼ਿੰਦਗੀ ਦੀ ਉਦਾਰਤਾ 'ਚ ਭਰੋਸਾ ਰੱਖਦੇ ਨੇ ਤੇ ਇਨ੍ਹਾਂ ਲੋਕਾਂ ਦੇ ਖ਼ਜ਼ਾਨੇ ਕਦੇ ਖ਼ਾਲੀ ਨਹੀਂ ਹੁੰਦੇ ।
ਕੁਝ ਏਦਾਂ ਦੇ ਲੋਕ ਨੇ ਜੋ ਚਾਈਂ-ਚਾਈਂ ਦਾਨ ਕਰਦੇ ਨੇ ਤੇ ਇਹੀ ਚਾਅ-ਮਲ੍ਹਾਰ ਹੀ ਉਨ੍ਹਾਂ ਦਾ ਇਨਾਮ ਹੁੰਦੇ।
* 'ਜਪੁਜੀ' ਵੀ ਬਾਹਰੀ ਦਾਨ-ਪੁੰਨ ਦਾ ਤਿਲ ਮਾਤਰ ਮਾਣ ਹੀ ਗਿਣਦੀ ਹੈ
'ਤੀਰਥੁ ਤਪੁ ਦਇਆ ਦਤੁ ਦਾਨੁ ॥
ਜੇ ਕੋ ਪਾਵੈ ਤਿਲ ਕਾ ਮਾਨੁ ॥'
(ਹਵਾਲਾ-ਪੰਜਾਬੀ ਅਨੁਵਾਦਕ)