ਤੁਸੀਂ ਇਨਸਾਫ਼ ਨੂੰ ਬੇਇਨਸਾਫ਼ੀ ਨਾਲੋਂ ਨਖੇੜ ਨਹੀਂ ਸਕਦੇ ਤੇ ਨਾ ਹੀ ਸਦਾਚਾਰ ਨੂੰ ਦੁਰਾਚਾਰ ਨਾਲੋਂ,
ਕਿਉਂਕਿ ਉਹ ਸੂਰਜ ਦੇ ਸਨਮੁਖ ਬਿਲਕੁਲ ਉਵੇਂ ਹੀ ਜਮ੍ਹਾਂ ਹੁੰਦੇ ਨੇ, ਜਿਵੇਂ ਚਿੱਟੇ ਤੇ ਕਾਲੇ ਧਾਗੇ ਨੂੰ ਇਕੱਠਿਆਂ ਹੀ ਉਣਿਆ ਜਾਂਦੈ।
ਤੇ ਜੇ ਕਾਲਾ ਧਾਗਾ ਟੁੱਟ ਜਾਂਦੇ ਤਾਂ ਜੁਲਾਹਾ ਪੂਰੇ ਕੱਪੜੇ ਦੀ ਜਾਂਚ-ਪਰਖ ਕਰਦੈ ਤੇ ਫੇਰ ਆਪਣੀ ਖੱਡੀ ਨੂੰ ਜਾਂਚਦੈ।
ਜੇ ਤੁਹਾਡੇ 'ਚੋਂ ਕੋਈ ਚਰਿੱਤਰਹੀਣ ਪਤਨੀ ਦੇ ਨਿਆਂ ਦਾ ਫ਼ੈਸਲਾ ਕਰਦੈ,
ਤਾਂ ਉਸ ਨੂੰ ਚਾਹੀਦੇ ਕਿ ਉਹ ਉਹਦੇ ਪਤੀ ਦੇ ਦਿਲ ਨੂੰ ਵੀ ਬਰਾਬਰ ਤੱਕੜੀ 'ਤੇ ਤੇਲੇ ਤੇ ਉਸ ਦੇ ਜ਼ਮੀਰ ਨੂੰ ਵੀ ਉਸੇ ਮਾਪਦੰਡ 'ਤੇ ਮਾਪੇ।
ਤੇ ਉਹ ਜੱਲਾਦ, ਜੋ ਸਜ਼ਾ ਦੇ ਰੂਪ 'ਚ ਕੋਰੜੇ ਮਾਰਦੈ, ਉਸ ਨੂੰ ਵੀ ਅਪਰਾਧੀ ਦੇ ਜ਼ਮੀਰ ਅੰਦਰ ਝਾਕ ਕੇ ਵੇਖਣਾ ਚਾਹੀਦੈ।
ਤੇ ਤੁਹਾਡੇ 'ਚੋਂ ਕੋਈ ਵੀ ਨਿਆਂ ਦੇ ਨਾਂਅ 'ਤੇ ਸਜ਼ਾ ਦਿੰਦੈ, ਤਾਂ ਉਸ ਨੂੰ ਆਪਣੀ ਕੁਹਾੜੀ ਉਸ ਕਸੂਰਵਾਰ ਬਿਰਖ 'ਤੇ ਮਾਰਨ ਤੋਂ ਪਹਿਲਾਂ ਉਸ ਦੀਆਂ ਜੜ੍ਹਾਂ ਨੂੰ ਵੀ ਨਿਰਖਣਾ ਚਾਹੀਦੈ।
ਤੇ ਫੇਰ ਵਧੇਰੇਤਰ ਉਹ ਵੇਖੇਗਾ ਕਿ ਚੰਗੇ ਤੇ ਮੰਦੇ ਫਲ ਦੇਣ ਵਾਲੇ, ਤੇ ਫਲ ਨਾ ਦੇਣ ਵਾਲੇ ਸਭ ਤਰ੍ਹਾਂ ਦੇ ਬਿਰਖਾਂ ਦੀਆਂ ਜੜ੍ਹਾਂ ਇਸੇ ਧਰਤੀ ਦੇ ਸ਼ਾਂਤ-ਚਿੱਤ ਦਿਲ ਵਿਚ ਹੀ ਇਕ-ਦੂਜੇ ਨਾਲ ਗੁੰਦੀਆਂ ਹੋਈਆਂ ਨੇ।
ਤੇ ਤੁਹਾਡੇ ਸਭਨਾਂ ਜੱਜਾਂ 'ਚੋਂ ਭਲਾ ਕੋਣ ਸਹੀ ਬਣੇਗਾ,
ਤੇ ਅਜਿਹੇ ਬੰਦੇ ਲਈ ਭਲਾ ਤੁਸੀਂ ਕੀ ਇਨਸਾਫ਼ ਕਰੋਗੇ, ਜੋ ਬਾਹਰੋਂ ਤਾਂ ਇਮਾਨਦਾਰ ਦਿਸਦੈ, ਪਰ ਉਸ ਦੀ ਆਤਮਾ 'ਚ ਖੋਟ ਹੈ ?
ਤੇ ਅਜਿਹੇ ਬੰਦੇ ਲਈ ਤੁਸੀਂ ਕਿਹੜੀ ਸਜ਼ਾ ਸੁਣਾਓਂਗੇ, ਜਿਸ ਨੇ ਕਿਸੇ ਦੇ ਸਰੀਰ ਦੀ ਹੱਤਿਆ ਤਾਂ ਕੀਤੀ ਹੈ, ਪਰ ਜਿਸ ਦੀ ਆਪਣੀ ਆਤਮਾ ਵੀ ਵਲੂੰਧਰੀ ਗਈ ਹੈ ?
ਤੇ ਅਜਿਹੇ ਬੰਦੇ 'ਤੇ ਤੁਸੀਂ ਕਿਹੜਾ ਮੁਕੱਦਮਾ ਚਲਾਓਗੇ, ਜੋ ਧੋਖਾ ਦਿੰਦੇ ਤੇ ਦੂਜਿਆਂ 'ਤੇ ਜ਼ੁਲਮ ਵੀ ਢਾਹੁੰਦੈ,
ਪਰ ਆਪ ਦੁਖੀ ਵੀ ਹੈ ਤੇ ਬਦਨਾਮ ਵੀ ?
ਤੇ ਉਨ੍ਹਾਂ ਬੰਦਿਆਂ ਨੂੰ ਤੁਸੀਂ ਕਿਹੜੀ ਸਜ਼ਾ ਦਿਓਗੇ, ਜਿਨ੍ਹਾਂ ਦਾ ਪਛਤਾਵਾ ਉਨ੍ਹਾਂ ਦੇ ਕੁਕਰਮਾਂ ਤੋਂ ਕਿਤੇ ਵੱਡਾ ਹੈ।
ਕੀ ਪਛਤਾਉਣਾ ਹੀ ਇਨਸਾਫ਼ ਨਹੀਂ ਹੈ, ਜੋ ਉਹੀ ਕਾਨੂੰਨ ਦਿੰਦੈ, ਜਿਸ ਲਈ ਤੁਸੀਂ ਕੰਮ ਕਰਦੇ ਹੋ,
ਕਿਉਂ ਕਿ ਤੁਸੀਂ ਨਾ ਤਾਂ ਕਿਸੇ ਬੇਸਕੂਰ ਅੰਦਰ ਪਛਤਾਵੇ ਦੀ ਭਾਵਨਾ ਜਗਾ ਸਕਦੇ ਹੋ, ਨਾ ਹੀ ਕਿਸੇ ਕਸੂਰਵਾਰ ਦੇ ਦਿਲੋਂ ਇਸ ਨੂੰ ਕੱਢ ਸਕਦੇ ਹੋ।
ਬਿਨਾਂ ਸੱਦੇ ਪ੍ਰਾਹੁਣੇ ਦੀ ਤਰ੍ਹਾਂ ਇਹ ਭਾਵਨਾ ਰਾਤੀ ਆ ਜਾਏਗੀ, ਤਾਂ ਕਿ ਮਨੁੱਖ ਜਾਗੋ ਤੇ ਆਪਣੇ ਅੰਦਰ ਝਾਕ ਕੇ ਵੇਖੇ।