ਸਮਾਂ
ਫਿਰ ਇਕ ਖਗੋਲ-ਸ਼ਾਸਤਰੀ ਨੇ ਪੁੱਛਿਆ- “ਗੁਰੂ ਜੀ, ਇਹ 'ਸਮਾਂ" ਕੀ ਬਲਾ ਹੈ ?
ਤੇ ਉਸ ਨੇ ਜੁਆਬ ਵਿਚ ਆਖਿਆ-
"ਜੇ ਤੁਸੀਂ ਸਮੇਂ ਨੂੰ ਨਾਪੋਂ ਤਾਂ ਵੇਖੋਗੇ ਕਿ ਇਹ ਆਦਿ ਵੀ ਹੈ ਤੇ ਅਨਾਦਿ ਵੀ, ਇਸ ਨੂੰ ਨਾਪਿਆ ਨਹੀਂ ਜਾ ਸਕਦਾ।
ਤੁਸੀਂ ਤਾਂ ਆਪਣੇ ਸੁਭਾਅ-ਵਿਵਹਾਰ ਦੀ ਸੁਚੱਜਤਾ ਤੇ ਇਥੋਂ ਤੱਕ ਕਿ ਆਪਣੀ ਆਤਮਾ ਦੀ ਰਫ਼ਤਾਰ ਦਾ ਨਿਰਦੇਸ਼ਨ ਵੀ ਘੰਟਿਆਂ ਤੇ ਮੌਸਮਾਂ ਦੇ ਹਿਸਾਬ ਨਾਲ ਤੈਅ ਕਰਦੇ ਹੈ।
ਸਮੇਂ ਰਾਹੀਂ ਤੁਸੀਂ ਇਕ ਅਜਿਹੇ ਝਰਨੇ ਦੀ ਸਿਰਜਣਾ ਕਰਨਾ ਲੋਚਦੇ ਹੋ, ਜਿਸ ਦੇ ਕੰਢੇ ਤੁਸੀਂ ਬੈਠ ਸਕੋਂ ਤੇ ਉਸ ਦੇ ਪ੍ਰਵਾਹ ਨੂੰ ਤੱਕਦੇ ਰਹਿ ਸਕੋਂ।
ਫੇਰ ਵੀ ਤੁਹਾਡੇ ਅੰਦਰਲਾ 'ਆਦਿ' ਇਸ ਜ਼ਿੰਦਗੀ ਦੇ ਅਨਾਦਿ ਤੋਂ ਭਲੀ-ਭਾਂਤ ਜਾਣੂੰ ਹੈ।"
ਉਹ ਜਾਣਦੇ ਕਿ ਲੰਘਿਆ ਕੱਲ੍ਹ, ਹੋਰ ਕੁਝ ਨਹੀਂ ਸਿਰਫ਼ ਅੱਜ ਦਾ ਇਕ ਚੇਤਾ ਭਰ ਹੈ, ਤੇ ਆਉਣ ਵਾਲਾ ਭਲਕ, ਅੱਜ ਦਾ ਹੀ ਇਕ ਸੁਪਨਾ ਭਰ ਹੈ।
ਤੇ ਉਹ ਜੋ ਤੁਹਾਡੇ ਅੰਦਰ ਗੁਣਗੁਣਾਉਂਦੇ ਤੇ ਚਿੰਤਨ ਕਰਦੇ, ਉਹ ਅਜੇ ਵੀ ਉਸ ਮੁੱਢਲੇ ਪਲ ਦੇ ਘੇਰੇ 'ਚ ਵਾਸਾ ਕਰ ਰਿਹੈ, ਜਿਸ ਇਕ ਪਲ ਨੇ ਇਸ ਬ੍ਰਹਿਮੰਡ 'ਚ ਤਾਰਿਆਂ ਨੂੰ ਖਿਲਾਰਿਆ ਸੀ।
ਤੁਹਾਡੇ 'ਚੋਂ ਕੌਣ ਹੈ, ਜੋ ਇਹ ਮਹਿਸੂਸ ਨਹੀਂ ਕਰਦਾ ਕਿ ਉਸ ਦੀ ਪਿਆਰ ਕਰਨ ਦੀ ਸਮਰੱਥਾ ਅਥਾਹ ਹੈ?
ਤੇ ਫੇਰ ਭਲਾ ਕੌਣ ਹੈ, ਜੋ ਉਸ ਪਿਆਰ ਨੂੰ ਮਹਿਸੂਸ ਨਹੀਂ ਕਰਦਾ, ਜੋ ਕਿ ਭਾਵੇਂ ਅਥਾਹ ਹੈ, ਉਸ ਦੀ ਖ਼ੁਦ ਦੀ ਹੋਂਦ ਦੇ ਧੁਰੇ 'ਚ ਹੈ, ਤੇ ਜੋ ਇਕ ਪਿਆਰ-ਵਿਚਾਰ ਤੋਂ ਦੂਜੇ ਪਿਆਰ-ਵਿਚਾਰ ਵੱਲ, ਜਾਂ ਇਕ ਪਿਆਰ ਭਰੇ ਕੰਮ ਤੋਂ ਦੂਜੇ ਪਿਆਰ ਭਰੇ ਕੰਮ ਵੱਲ ਨਹੀਂ ਵਧਦਾ ?
*'ਜਪੁ ਜੀ' ਵੀ ਇਹੀ ਕਹਿੰਦੀ ਹੈ ਕਿ ਮਨੁੱਖ ਦੇ ਅੰਦਰਲੀ 'ਅਥਾਹ' ਖ਼ੁਦਾਈ ਹੀ ਸਮੇਂ ਦੇ ਆਦਿ-ਅਨਾਦਿ ਨੂੰ ਜਾਣਦੀ ਹੈ-
'ਥਿਤਿ ਵਾਰੁ ਨ ਜੋਗੀ ਜਾਣੈ ਰੁਤਿ ਮਾਹੁ ਨ ਕੋਈ॥
ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ॥'
(ਹਵਾਲਾ-ਪੰਜਾਬੀ ਅਨੁਵਾਦਕ)