ਰਾਬਤਾ ਬੋਸਟਨ ਦੇ ਮਸ਼ਹੂਰ ਚਿੱਤਰਕਾਰ, ਦਾਰਸ਼ਨਿਕ ਤੇ ਪ੍ਰਕਾਸ਼ਕ ਫਰੈਂਡ ਹੌਲੈਂਡ ਡੇ ਨਾਲ ਹੋਇਆ, ਜਿਸ ਨੇ ਉਸ ਦੀ ਸਿਰਜਣਾਤਮਕਤਾ ਵਿਚ ਉਸ ਨੂੰ ਬਹੁਤ ਹੌਸਲਾ ਤੇ ਉਤਸ਼ਾਹ ਦਿੱਤਾ।
ਕਿਉਂ ਕਿ ਜਿਬਰਾਨ ਦੀ ਮਾਂ ਅਤੇ ਉਸ ਦਾ ਵੱਡਾ ਮੜ੍ਹੀਆ ਭਰਾ ਪੀਟਰ ਚਾਹੁੰਦੇ ਸਨ ਕਿ ਉਹ ਆਪਣੇ ਵਿਰਸੇ ਨਾਲ ਵੀ ਜੁੜਿਆ ਰਹੇ, ਨਾ ਕਿ ਸਿਰਫ਼ ਪੱਛਮੀ ਪਦਾਰਥਵਾਦੀ ਸੱਭਿਆਚਾਰ ਨਾਲ ਹੀ, ਜਿਸ ਵੱਲ ਉਹ ਖਿੱਚਿਆ ਜਾ ਰਿਹਾ ਸੀ, ਇਸ ਲਈ 15 ਸਾਲ ਦੀ ਉਮਰ ਵਿਚ ਉਹ ਆਪਣੀ ਜਨਮ ਭੋਇ ਪਰਤ ਗਿਆ, ਇਕ ਮੁੱਢਲੇ ਸਕੂਲ ਅਤੇ ਅੱਗੇ ਬੈਰੂਤ ਦੀ ਉੱਚ ਸਿੱਖਿਆ ਸੰਸਥਾ ਵਿਚ ਪੜ੍ਹਨ ਲਈ। ਉਸ ਨੇ ਇਥੇ (ਬੈਰੂਤ ਵਿਚ) ਇਕ ਵਿਦਿਆਰਥੀ ਸਾਹਿਤਕ ਰਸਾਲਾ ਵੀ ਸ਼ੁਰੂ ਕੀਤਾ, ਆਪਣੇ ਇਕ ਹਮਜਮਾਤੀ ਨਾਲ ਮਿਲ ਕੇ। ਉਹ ਇਥੇ 'ਕਾਲਜ ਦਾ ਕਵੀ ਵਜੋਂ ਵੀ ਚੁਣਿਆ ਗਿਆ। ਉਹ 1902 ਵਿਚ ਵਾਪਸ ਬੋਸਟਨ ਪਰਤਣ ਤੋਂ ਪਹਿਲਾਂ ਪੂਰੇ 7 ਸਾਲ ਇਥੇ ਰਿਹਾ। ਉਸ ਦੇ ਬੋਸਟਨ ਪਰਤਣ ਤੋਂ ਦੋ ਹਫ਼ਤੇ ਪਹਿਲਾਂ ਹੀ ਉਸ ਦੀ ਭੈਣ ਸੁਲਤਾਨਾ ਟੀ.ਬੀ. ਦੀ ਬਿਮਾਰੀ ਨਾਲ ਚੱਲ ਵਸੀ, ਸਿਰਫ 14 ਸਾਲ ਦੀ ਉਮਰ ਵਿਚ । ਜਦ ਕਿ ਅਗਲੇ ਵਰ੍ਹੇ ਉਸ ਦਾ ਵੱਡਾ ਭਰਾ (ਮਤੇਆ) ਪੀਟਰ ਵੀ ਉਸੇ ਬਿਮਾਰੀ ਨਾਲ ਚੱਲ ਵਸਿਆ ਤੇ ਮਾਂ ਵੀ ਕੈਂਸਰ ਕਾਰਨ ਚੱਲ ਵਸੀ। ਅੱਗਿਓਂ ਉਸ ਦੀ ਛੋਟੀ ਭੈਣ ਮੈਰੀਆਨਾ ਨੇ ਜਿਬਰਾਨ ਤੇ ਖ਼ੁਦ ਦਾ ਗੁਜ਼ਾਰਾ ਤੋਰਿਆ, ਇਕ ਦਰਜ਼ੀ ਦੀ ਦੁਕਾਨ 'ਤੇ ਕੰਮ ਕਰ ਕੇ।
ਜਿਬਰਾਨ ਨੇ ਆਪਣੀਆਂ ਕਲਾ-ਕ੍ਰਿਤੀਆਂ ਦੀ ਪਹਿਲੀ ਨੁਮਾਇਸ਼ 1904 ਵਿਚ ਬੋਸਟਨ ਵਿਚ ਲਗਾਈ, ਫ਼ਰੈਂਡ ਹੌਲੈਂਡ ਡੇ ਦੀ ਰੰਗਸ਼ਾਲਾ ਵਿਚ। ਇਸ ਨੁਮਾਇਸ਼ ਦੌਰਾਨ ਜਿਬਰਾਨ ਦੀ ਮੁਲਾਕਾਤ ਇਕ ਸਤਿਕਾਰਤ ਮੁੱਖ-ਅਧਿਆਪਕਾ ਮੈਰੀ ਐਲਿਜ਼ਾਬੈਥ ਹਾਸਕੂਲ, ਜੋ ਉਸ ਤੋਂ ਦਸ ਸਾਲ ਵੱਡੀ ਸੀ, ਨਾਲ ਹੋਈ। ਦੋਨਾਂ ਵਿਚਕਾਰ ਅਜਿਹੀ ਡੂੰਘੀ ਦੋਸਤੀ ਹੋ ਗਈ, ਜੋ ਜਿਬਰਾਨ ਦੇ ਆਖ਼ਰੀ ਸਾਹਾਂ ਤੱਕ ਤੋੜ ਨਿਬੜੀ। ਹਾਸਕੋਲ ਨੇ ਨਾ-ਸਿਰਫ਼ ਜਿਬਰਾਨ ਦੀ ਨਿੱਜੀ ਜ਼ਿੰਦਗੀ ਨੂੰ ਹੀ ਪ੍ਰਭਾਵਿਤ ਕੀਤਾ, ਸਗੋਂ ਉਸਦੇ ਕਿੱਤਾਮੁਖੀ ਵਿਕਾਸ ਵਿਚ ਵੀ ਯੋਗਦਾਨ ਪਾਇਆ।
1908 ਵਿਚ ਜਿਬਰਾਨ ਦੋ ਸਾਲਾਂ ਲਈ ਪੈਰਿਸ ਵਿਚ ਔਗਸਟ ਰੋਡਿਨ ਕੋਲ ਚਿਤਰਕਲਾ ਸਿੱਖਣ ਗਿਆ। ਰੋਡਿਨ ਜਿਬਰਾਨ ਦੀ ਕਲਾ ਤੋਂ ਏਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਉਸ ਦੀ ਤੁਲਨਾ ਮਹਾਨ 'ਰੋਮਾਂਟਿਕ ਕਲਾਕਾਰ' ਵਿਲੀਅਮ ਬਲੇਕ ਨਾਲ ਕੀਤੀ। ਇਥੇ ਹੀ ਜਿਬਰਾਨ ਆਪਦੇ ਕਲਾ-ਵਿੱਦਿਆ ਦੇ ਸਾਥੀ ਤੇ ਉਮਰ ਭਰ ਬਣੇ ਰਹੇ ਦੋਸਤ ਯੂਸਫ਼ ਹੋਵਾਇਕ ਨੂੰ ਪਹਿਲੀ ਵਾਰ ਮਿਲਿਆ।
ਜਿਥੇ ਜਿਬਰਾਨ ਦੀਆਂ ਮੁੱਢਲੀਆਂ ਰਚਨਾਵਾਂ ਅਰਬੀ ਭਾਸ਼ਾ ਵਿਚ ਸਨ, ਉਥੇ 1918 ਤੋਂ ਬਾਅਦ ਪ੍ਰਕਾਸ਼ਿਤ ਉਸ ਦੀਆਂ ਸਾਰੀਆਂ ਕ੍ਰਿਤਾਂ ਅੰਗਰੇਜ਼ੀ ਵਿਚ ਹਨ। ਉਸ ਦੀ ਪਹਿਲੀ ਅੰਗਰੇਜ਼ੀ ਪੁਸਤਕ ਸੀ, 1918 ਵਿਚ ਛਪੀ'ਦ ਮੈਡਮੈਨ' (The Madman) । ਇਹ ਬਾਈਬਲ ਦੀ ਅਗਵਾਈ ਹੇਠ ਕਾਵਿਮਈ ਵਾਰਤਕ ਸ਼ੈਲੀ ਵਿਚ ਲਿਖੀ, ਉਕਤੀਆਂ ਤੇ ਦ੍ਰਿਸ਼ਟਾਂਤਾਂ ਦੀ ਇਕ ਪਤਲੇ ਆਕਾਰ ਦੀ ਪੁਸਤਕ ਹੈ। ਅਰਬੀ ਸਾਹਿਤ ਦੇ ਵੱਡੇ ਹਸਤਾਖਰ ਤੇ ਜਿਬਰਾਨ ਦੇ
ਨਿਕਟਵਰਤੀ ਮਿੱਤਰ ਮਿਖਾਈਲ ਨੇਇਮੀ, ਜਿਸ ਦੀ ਸੰਤਾਨ ਨੂੰ ਜਿਬਰਾਨ ਨੇ ਆਪਣੀ ਸੰਤਾਨ ਮੰਨਿਆ ਸੀ ਤੇ ਉਸ ਦੇ ਭਤੀਜੇ ਸਮੀਰ ਨੂੰ ਆਪਣਾ ਧਰਮ-ਪੁੱਤਰ, ਨੇ ਜਿਬਰਾਨ ਦੀ ਬਹੁਤ ਹੀ ਖੂਬਸੂਰਤ 'ਜੀਵਨੀ' ਵੀ ਲਿਖੀ ਹੈ।
ਜਿਬਰਾਨ ਦੀਆਂ ਜ਼ਿਆਦਾਤਰ ਲਿਖਤਾਂ ਈਸਾਈਅਤ ਦੇ ਪ੍ਰਭਾਵ ਹੇਠ ਹਨ, ਖ਼ਾਸ ਕਰਕੇ 'ਇਸ਼ਕ-ਹਕੀਕੀ' ਦੇ ਵਿਸ਼ੇ 'ਤੇ। ਉਸ ਦੀ ਕਵਿਤਾ ਜਿਵੇਂ ਆਪਣੀ ਰਵਾਇਤੀ ਭਾਸ਼ਾ ਤੇ ਸ਼ਬਦਾਵਲੀ ਦੀ ਵਰਤੋਂ ਕਾਰਨ ਵਿਲੱਖਣ ਹੈ, ਉਵੇਂ ਹੀ ਜ਼ਿੰਦਗੀ ਦੇ ਵਿਭਿੰਨ ਪਹਿਲੂਆਂ 'ਤੇ ਅਧਿਆਤਮਕ ਨਜ਼ਰੀਏ ਦੀ ਅੰਤਰ-ਦ੍ਰਿਸ਼ਟੀ ਪਾਉਣ ਕਾਰਨ ਵੀ ਵੱਡਮੁੱਲੀ ਹੈ। ਉਸ ਦੇ ਅੰਗਰੇਜ਼ੀ ਕਾਵਿ-ਸੰਸਾਰ ਵਿਚੋਂ ਸਭ ਤੋਂ ਵੱਧ ਮਕਬੂਲ ਸਤਰਾਂ 'ਸੈਂਡ ਐਂਡ ਫੋਮ' (1926) ਵਿਚੋਂ ਹਨ, ਜੋ ਇਸ ਤਰ੍ਹਾਂ ਹਨ-
'ਜੋ ਮੈਂ ਕਹਿਨਾਂ, ਉਹਦਾ ਅੱਧਾ ਅੰਸ਼ ਅਰਥਹੀਣ ਹੈ,
ਪਰ ਮੈਂ ਇਹਨੂੰ ਏਦਾਂ ਕਹਿਨਾਂ ਕਿ ਦੂਜਾ ਅੱਧਾ ਅੰਥ* ਤੁਹਾਡੀ ਝੋਲੀ ਪੈ ਜਾਵੇ।'
ਜਿਬਰਾਨ ਨੇ ਅਰਬੀ ਭਾਸ਼ਾ ਨੂੰ ਸੀਰੀਆ ਦੀ ਕੌਮੀ ਭਾਸ਼ਾ ਵਜੋਂ ਅਪਨਾਉਣ ਦਾ ਤੇ ਇਸ ਨੂੰ ਸਕੂਲ ਪੱਧਰ 'ਤੇ ਲਾਗੂ ਕਰਨ ਦਾ ਸੱਦਾ ਵੀ ਦਿੱਤਾ ਸੀ । ਜਦੋਂ ਜਿਬਰਾਨ 1911- 12 ਵਿਚ ਅਬਦੁਲ ਬਹਾ ਨੂੰ ਮਿਲਿਆ, ਜੋ ਕਿ ਅਮਨ-ਸ਼ਾਂਤੀ ਦੀ ਸਥਾਪਤੀ ਹਿਤ ਸੰਯੁਕਤ ਰਾਜਾਂ ਦੀ ਯਾਤਰਾਂ 'ਤੇ ਸੀ, ਤਾਂ ਜਿਬਰਾਨ ਨੇ ਅਮਨ-ਸ਼ਾਂਤੀ ਦੇ ਉਸ ਦੇ ਸਿਧਾਂਤਾਂ ਨੂੰ ਤਾਂ ਸਰਾਹਿਆ, ਪਰ ਨਾਲ ਇਹ ਵੀ ਦਲੀਲ ਦਿੱਤੀ ਕਿ ਛੋਟੇ ਮੁਲਕ (ਸਮੇਤ ਉਸ ਦੀ ਆਪਣੀ ਜਨਮ-ਭੋਇ ਦੇ) ਤੁਰਕੀ ਆਦਿ ਕੰਟਰੋਲ ਤੋਂ ਮੁਕਤ ਹੋਣੇ ਚਾਹੀਦੇ ਹਨ। ਜਿਬਰਾਨ ਨੇ ਇਸੇ ਅਰਸੇ ਦੌਰਾਨ ਹੀ ਆਪਣੀ ਮਸ਼ਹੂਰ ਕਵਿਤਾ 'ਕੌਮ ਨੂੰ ਹਮਦਰਦੀ ਦਿਓ' ਲਿਖੀ, ਜੋ ਕਿ ਬਾਅਦ ਵਿਚ 'ਪੈਗ਼ੰਬਰ ਦਾ ਬਗ਼ੀਚਾ' ਪੁਸਤਕ ਵਿਚ ਛਪੀ (ਇਹ ਕਵਿਤਾ 'ਪੈਗ਼ੰਬਰ ਦਾ ਬਗ਼ੀਚਾ' ਪੁਸਤਕ ਦੇ ਤੀਜੇ ਅਧਿਆਇ ਵਿਚ ਅਤੇ ਹਥਲੀ ਪੁਸਤਕ ਦੇ ਪੰਨਾ ਨੰਬਰ- 95 'ਤੇ ਦਰਜ ਹੈ)। ਤੇ ਜਦੋਂ ਪਹਿਲੇ ਵਿਸ਼ਵ-ਯੁੱਧ ਦੌਰਾਨ ਤੁਰਕਾਂ ਨੂੰ ਸੀਰੀਆ ਛੱਡਣਾ ਪਿਆ ਤਾਂ ਜਿਬਰਾਨ ਦਾ ਚਾਅ-ਉਮਾਹ 'ਆਜ਼ਾਦ ਸੀਰੀਆ' ਨਾਂਅ ਦੇ ਨਾਟਕ ਦੇ ਰੂਪ ਵਿਚ ਪ੍ਰਗਟ ਹੋਇਆ, ਜੋ ਕਿ ਖਰੜੇ ਵਜੋਂ ਅਜੇ ਵੀ ਉਸ ਦੀਆਂ ਹੱਥ-ਲਿਖਤਾਂ ਵਿਚ ਸਾਂਭਿਆ ਪਿਆ ਹੈ, ਤੇ ਜਿਸ ਵਿਚ ਜਿਬਰਾਨ ਨੇ ਕੌਮੀ ਆਜ਼ਾਦੀ ਤੇ ਸਰਵ-ਪੱਖੀ ਵਿਕਾਸ ਦੀ ਭਰਪੂਰ ਆਸ ਪ੍ਰਗਟਾਈ ਹੈ।
ਜਿਬਰਾਨ ਦੀ ਮੌਤ ਮਹਿਜ਼ 48 ਸਾਲਾਂ ਦੀ ਉਮਰ ਵਿਚ 10 ਅਪਰੈਲ 1931 ਨੂੰ ਵਧੇਰੇ ਸ਼ਰਾਬ ਪੀਣ ਦੀ ਆਦਤ ਕਾਰਨ ਜਿਗਰ ਦੀ ਬੀਮਾਰੀ ਤੇ ਟੀ.ਬੀ. ਹੋਣ ਕਰਕੇ ਹੋਈ। ਆਪਣੀ ਮੌਤ ਤੋਂ ਪਹਿਲਾਂ ਜਿਬਰਾਨ ਨੇ ਆਪਣੀ ਰੀਝ ਪ੍ਰਗਟ ਕੀਤੀ ਸੀ ਕਿ ਉਸ ਨੂੰ ਲੇਬਨਾਨ ਵਿਚ ਦਫ਼ਨਾਇਆ ਜਾਵੇ। ਉਸ ਦੀ ਇਹ ਰੀਝ ਉਸ ਦੀ ਮੌਤ ਤੋਂ ਅਗਲੇ ਸਾਲ (1932) ਵਿਚ ਪੂਰੀ ਹੋ ਸਕੀ, ਜਦੋਂ ਉਸ ਦੀ ਦੋਸਤ ਮੇਰੀ ਐਲਿਜ਼ਾਬੈਥ ਹਾਸਕੋਲ ਤੇ ਛੋਟੀ ਭੈਣ ਮੈਰੀਆਨਾ ਨੇ ਲੇਬਨਾਨ ਵਿਚ ਇਕ ਮੱਠ 'Mar Sarkis' ਖ਼ਰੀਦਿਆ, ਜੋ ਕਿ ਉਦੋਂ ਤੋਂ ਹੀ 'ਜਿਬਰਾਨ ਯਾਦਗਾਰੀ ਅਜਾਇਬ ਘਰ' ਬਣ ਗਿਆ ਹੈ। ਜਿਬਰਾਨ ਦੀ ਕਬਰ 'ਤੇ ਉਕਰੇ
………………………………………………….
* ਅਰਥ ਭਰਪੂਰ ਅੰਸ਼ (ਟਿੱਪਣੀ-ਪੰਜਾਬੀ ਅਨੁਵਾਦਕ)
ਬੋਲ ਹਨ- "ਉਹ ਲਫ਼ਜ਼, ਜੋ ਮੈਂ ਆਪਣੀ ਕਬਰ 'ਤੇ ਉਕਰੇ ਵੇਖਣਾ ਲੋਚਦਾਂ, ਉਹ ਹਨ- 'ਮੈਂ ਤੁਹਾਡੇ ਵਾਂਗ ਹੀ ਜ਼ਿੰਦਾ-ਜਾਵੇਦ ਹਾਂ, ਤੇ ਮੈਂ ਤੁਹਾਡੇ ਲਾਗੇ ਹੀ ਆ ਕੇ ਖੜ੍ਹਾ ਹੋ ਰਿਹਾਂ। ਆਪਣੀਆਂ ਅੱਖਾਂ ਮੀਟੋ ਤੇ ਅੰਤਰ-ਧਿਆਨ ਹੋ ਕੇ ਚੁਫ਼ੇਰੇ ਵੇਖੋ, ਤੁਸੀਂ ਮੈਨੂੰ ਆਪਣੇ ਸਨਮੁਖ ਵੇਖੋਗੇ..."
ਜਿਬਰਾਨ ਨੇ ਆਪਣੀ ਰੋਗਸ਼ਾਲਾ ਦੇ ਸਾਜ਼ੋ-ਸਾਮਾਨ ਦੀ ਵਸੀਅਤ ਮੈਰੀ ਐਲਿਜ਼ਾਬੈਥ ਹਾਸਕੂਲ ਦੇ ਨਾਂਅ ਕੀਤੀ ਸੀ, ਜਿਥੇ ਮੈਰੀ ਨੂੰ ਜਿਬਰਾਨ ਦੇ ਨਾਂਅ ਲਿਖੇ ਆਪਣੇ ਖ਼ਤ ਮਿਲੇ, 23 ਸਾਲਾਂ ਦੀ ਦੋਸਤੀ ਦੌਰਾਨ ਲਿਖੇ। ਭਾਵੇਂ ਪਹਿਲਾਂ ਉਸ ਨੇ ਇਨ੍ਹਾਂ ਖਤਾਂ ਵਿਚਲੀ ਖੁੱਲ੍ਹ ਤੇ ਡੂੰਘਾਈ ਕਰਕੇ ਇਨ੍ਹਾਂ ਨੂੰ ਸਾੜਨ ਦਾ ਮਨ ਵੀ ਬਣਾ ਲਿਆ ਸੀ, ਪਰ ਇਨ੍ਹਾਂ ਦੀ ਇਤਿਹਾਸਕ ਮੁੱਲਵਾਨਤਾ ਵੇਖ ਕੇ ਉਸ ਨੇ ਇਨ੍ਹਾਂ ਨੂੰ ਸਾਂਭ ਲਿਆ। 1964 ਵਿਚ ਚੱਲ ਵਸਣ ਤੋਂ ਪਹਿਲਾਂ ਉਸ ਨੇ ਇਨ੍ਹਾਂ ਖ਼ਤਾਂ ਨੂੰ ਤੇ ਉਸ ਦੇ ਨਾਂਅ ਲਿਖੇ ਜਿਬਰਾਨ ਦੇ ਖ਼ਤਾਂ ਨੂੰ ਚੈਪਲ ਹਿਲ ਵਿਖੇ 'ਯੂਨੀਵਰਸਿਟੀ ਆਫ਼ ਨੋਰਥ ਕੈਰੋਲੀਨਾ' ਦੀ ਲਾਇਬਰੇਰੀ ਨੂੰ ਸੌਂਪ ਦਿੱਤਾ, ਜਿਨ੍ਹਾਂ ਵਿਚੋਂ ਲਗਪਗ 600 ਖ਼ਤ 1972 ਵਿਚ ਛਪੇ ਸੰਗ੍ਰਹਿ 'Beloved Prophet' ਵਿਚ ਛਾਪੇ ਗਏ ਹਨ। ਇਸ ਦੇ ਨਾਲ ਹੀ ਮੈਰੀ ਐਲਿਜ਼ਾਬੈਥ ਹਾਸਕੋਲ, ਜਿਸਦਾ ਕਿ 1923 ਵਿਚ ਜੈਕਬ ਫ਼ਲੋਰੈਂਸ ਮਿਨਿਸ ਨਾਲ ਵਿਆਹ ਹੋ ਗਿਆ ਸੀ, ਨੇ 1950 ਵਿਚ ਜਿਬਰਾਨ ਦੀਆਂ ਲਗਪਗ 100 ਮੌਲਿਕ ਕਲਾ-ਕ੍ਰਿਤੀਆਂ ਦਾ ਆਪਣਾ ਨਿੱਜੀ ਸੰਗ੍ਰਹਿ ਸਵੇਨਾਹ, ਜਿਓਰਜੀਆ ਸਥਿਤ 'ਟੇਲਫ਼ੇਅਰ ਮਿਊਜ਼ੀਅਮ ਆਫ਼ ਆਰਟ' ਨੂੰ ਦਾਨ ਕਰ ਦਿੱਤਾ ਸੀ। ਉਕਤ ਮਿਊਜ਼ੀਅਮ ਨੂੰ ਭੇਂਟ ਕੀਤਾ ਜਿਬਰਾਨ ਦੀ ਦ੍ਰਿਸ਼ਟੀਗਤ-ਕਲਾ (ਵਿਚੂਅਲ ਆਰਟ) ਦਾ ਇਹ ਸਭ ਤੋਂ ਵੱਡਾ ਜਨਤਕ ਸੰਗ੍ਰਹਿ ਹੈ, ਜਿਸ ਵਿਚ 5 ਤੇਲ ਦੀਆਂ ਤੇ ਅਣਗਿਣਤ ਕਾਗਜ਼ੀ ਕਲਾ ਦੀਆਂ ਪੇਸ਼ਕਾਰੀਆਂ, ਕਾਵਿਮਈ ਸ਼ੈਲੀ ਵਿਚ, ਸ਼ਾਮਿਲ ਹਨ, ਜੋ ਕਿ ਪ੍ਰਤੀਕਵਾਦ ਦੇ ਪ੍ਰਭਾਵ ਨੂੰ ਦਰਸਾਉਂਦੀਆਂ ਹਨ।
ਇਸ ਦੇ ਨਾਲ ਹੀ ਜਿਬਰਾਨ ਦੀਆਂ ਪੁਸਤਕਾਂ ਦੀ ਅਮਰੀਕਾ ਦੇ ਪ੍ਰਕਾਸ਼ਕਾਂ ਵੱਲੋਂ ਭਵਿੱਖ ਵਿਚ ਮਿਲਣ ਵਾਲੀ ਰਾਇਲਟੀ ਨੂੰ ਉਸ ਦੀ ਜਨਮ ਭੋਇ ਬਸ਼ੱਰੀ (ਲੇਬਨਾਨ) ਵਿਚ ਚੰਗੇ ਕੰਮਾਂ ਲਈ ਵਰਤਣ ਦੀ ਵਸੀਅਤ ਕੀਤੀ ਗਈ ਸੀ, ਜੋ ਕਿ ਕਈ ਸਾਲਾਂ ਤੱਕ ਪੈਸੇ ਵੰਡਣ ਦੇ ਮੁੱਦੇ 'ਤੇ ਵਿਵਾਦ ਤੇ ਉਪਦਰ ਦਾ ਸਬੱਬ ਬਣਦੀ ਰਹੀ, ਤੇ ਅਖ਼ੀਰ ਲੇਬਨਾਨੀ ਸਰਕਾਰ ਇਸ ਪੂੰਜੀ ਦੀ ਨਿਗਰਾਨ ਬਣ ਗਈ।
ਖ਼ਲੀਲ ਜਿਬਰਾਨ ਦੀ ਕਲਾਤਮਕ ਤੇ ਸਾਹਿਤਕ ਦੇਣ ਨੂੰ ਵੇਖਦੇ ਹੋਏ 1971 ਵਿਚ ਲੇਬਨਾਨ ਦੇ 'ਡਾਕ ਤੇ ਸੰਚਾਰ ਵਿਭਾਗ' ਨੇ ਉਸ ਦੇ ਸਨਮਾਨ ਵਜੋਂ ਇਕ ਡਾਕ ਟਿਕਟ ਵੀ ਜਾਰੀ ਕੀਤਾ, ਜਦ ਕਿ ਜਿਬਰਾਨ ਦੇ ਨਾਂਅ 'ਤੇ ਲੇਬਨਾਨ ਦੇ ਬਸ਼ੱਰੀ ਸ਼ਹਿਰ ਵਿਚ ਯਾਦਗਾਰੀ ਮਿਊਜ਼ੀਅਮ (ਜੋ ਕਿ ਉਸ ਦੇ ਮੱਠ ਵਿਚ ਹੀ ਬਣਾਇਆ ਗਿਆ ਹੈ) ਅਤੇ ਬੇਰੂਤ ਸ਼ਹਿਰ ਵਿਚ ਇਕ ਯਾਦਗਾਰੀ ਬਾਗ਼ ਵੀ ਸਥਾਪਿਤ ਹੈ।
ਇਸ ਤ੍ਰੈਲੜੀ ਦੀ ਪਹਿਲੀ ਪੁਸਤਕ 'ਪੈਗ਼ੰਬਰ' ਦਾ ਪੰਜਾਬੀ ਅਨੁਵਾਦ ਅੰਗਰੇਜ਼ੀ ਰਚਨਾ 'The Prophet' ਅਤੇ ਇਸ ਦੇ ਹਿੰਦੀ ਅਨੁਵਾਦ ਤੋਂ ਰਲਵੇਂ ਰੂਪ ਵਿਚ ਕੀਤਾ ਗਿਆ ਹੈ ਤੇ ਕਿਸੇ ਵੀ ਪ੍ਰਕਾਰ ਦੀ ਅਤਿਕਥਨੀ ਜਾਂ ਗ਼ਲਤ-ਬਿਆਨੀ ਤੋਂ ਬਚਣ ਲਈ ਅੰਗਰੇਜ਼ੀ
ਰਚਨਾ ਨੂੰ ਹੀ ਆਧਾਰ ਬਣਾਇਆ ਗਿਆ ਹੈ। ਜਦ ਕਿ ਇਸ ਤ੍ਰੈਲੜੀ ਦੀ ਦੂਸਰੀ ਤੇ ਤੀਸਰੀ ਪੁਸਤਕ ਦਾ ਅਨੁਵਾਦ ਸਿੱਧਾ ਅੰਗਰੇਜ਼ੀ ਤੋਂ ਹੀ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਦੂਸਰੀ ਪੁਸਤਕ 'ਗਾਰਡਨ ਆਫ਼ ਦੀ ਪਰੋਫੈਟ' ਤਾਂ ਸੌਖਿਆਂ ਹੀ ਇੰਟਰਨੈਟ ਤੋਂ 'ਈ-ਬੁਕ' ਦੇ ਰੂਪ ਵਿਚ ਮਿਲ ਗਈ ਸੀ, ਪਰ ਤੀਸਰੀ ਪੁਸਤਕ 'ਡੈੱਥ ਆਫ਼ ਦ ਪਰੋਫੈਟ ਹਾਸਿਲ ਕਰਨ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਇਹ ਪੁਸਤਕ ਅੰਗਰੇਜ਼ੀ, ਹਿੰਦੀ, ਪੰਜਾਬੀ ਜਾਂ ਹੋਰ ਕਿਸੇ ਵੀ ਭਾਰਤੀ ਭਾਸ਼ਾ ਵਿਚ ਭਾਰਤ ਵਿਚ ਨਾ ਛਪੀ ਹੋਣ ਕਾਰਨ ਕਿਧਰੇ ਵੀ ਉਪਲਬਧ ਨਾ ਹੋਈ। ਅਖ਼ੀਰ ਇਹ ਪੁਸਤਕ ਪ੍ਰਾਪਤ ਹੋਈ 'ਆਨ ਲਾਈਨ ਖ਼ਰੀਦਦਾਰੀ ਸੇਵਾਵਾਂ' ਦੇਣ ਵਾਲੀ ਅਮਰੀਕੀ ਕੰਪਨੀ 'ਐਮੇਜ਼ਾਨ ਡਾਟ ਕਾਮ' ਤੋਂ, ਜਿਥੋਂ ਮੇਰੇ ਲਈ ਖ਼ਾਸ ਤੋਂਰ 'ਤੇ ਮੰਗਵਾ ਕੇ ਇਹ ਪੁਸਤਕ ਮੇਰੇ ਵੀਰਾਂ ਵਰਗੇ ਸਾਂਢੂ ਸ੍ਰੀ ਵਿਨੀਤ ਸ਼ਰਮਾ ਤੇ ਭੈਣਾਂ ਵਰਗੀ ਸਾਲੀ ਮਨਪ੍ਰੀਤ 'ਲੋਪਾ' ਨੇ ਆਸਟਰੇਲੀਆ ਤੋਂ ਮੇਰੇ ਪਹਿਲੇ ਹੀ ਬੋਲ 'ਤੇ ਉਚੇਚਿਆਂ ਭਿਜਵਾਈ। ਉਨ੍ਹਾਂ ਦੇ ਇਸ ਅਮੋਲਕ ਸਹਿਯੋਗ ਤੇ ਸੁਹਿਰਦਤਾ ਬਗ਼ੈਰ ਇਹ ਤ੍ਰੈਲੜੀ (ਖ਼ਾਸ ਤੌਰ 'ਤੇ ਪੰਜਾਬੀ ਵਿਚ) ਕਦੇ ਵੀ ਸੰਪੂਰਨ ਰੂਪ ਵਿਚ ਸਾਕਾਰ ਨਹੀਂ ਹੋ ਸਕਣੀ ਸੀ, ਉਨ੍ਹਾਂ ਦਾ ਜਿੰਨਾ ਵੀ ਸ਼ੁਕਰੀਆ ਅਦਾ ਕਰਾਂ, ਘੱਟ ਹੋਵੇਗਾ।
ਇਸ ਤ੍ਰੈਲੜੀ ਦੇ ਅਨੁਵਾਦ-ਕਾਰਜ ਦੀ ਮੇਰੀ ਇਹ ਨਿਮਾਣੀ ਜਿਹੀ ਕੋਸ਼ਿਸ਼ ਕਿੰਨੀ ਕੁ ਸਫਲ ਹੋਈ ਹੈ, ਇਹ ਤਾਂ ਪਾਠਕ ਤੇ ਚਿੰਤਕ ਹੀ ਦੱਸ ਸਕਦੇ ਹਨ, ਪਰ ਮੈਂ ਆਪਣੇ ਵੱਲੋਂ ਇਸ ਪੁਸਤਕ ਦੇ ਅਨੁਵਾਦ ਨੂੰ ਜੋ ਵਿਲੱਖਣਤਾ ਦੇਣ ਦਾ ਤੁੱਛ ਜਿਹਾ ਉਪਰਾਲਾ ਕੀਤਾ ਹੈ, ਉਸ ਦੇ ਤਹਿਤ ਹੀ ਮੈਂ ਇਸ ਤ੍ਰੈਲੜੀ ਦੀ ਪਹਿਲੀ ਪੁਸਤਕ 'ਪੈਗ਼ੰਬਰ' ਵਿਚ ਉਸ ਕਥਨ 'ਤੇ, ਜਿਥੇ ਜਿਥੇ ਉਨ੍ਹਾਂ ਵਿਚ ਵਿਚਾਰਧਾਰਕ ਸਾਂਝ ਬਣੀ ਹੈ, ਗੁਰਬਾਣੀ, ਸੂਫ਼ੀਆਨਾ ਕਲਾਮ, ਭਗਤੀ- ਕਾਵਿ, ਉਰਦੂ ਸ਼ਾਇਰੀ, ਆਧੁਨਿਕ ਪੰਜਾਬੀ ਕਾਵਿ ਤੇ ਅੰਗਰੇਜ਼ੀ ਸਾਹਿਤ ਵਿਚੋਂ ਹਵਾਲੇ ਦੇਣ ਦਾ ਜਤਨ ਕੀਤਾ ਹੈ। ਅਨੁਵਾਦ ਜਾਂ ਦਿੱਤੇ ਹਵਾਲਿਆਂ ਵਿਚ ਰਹੀਆਂ ਉਕਾਈਆਂ ਲਈ ਮੈਂ ਖ਼ੁਦ ਨੂੰ ਹੀ ਜ਼ਿੰਮੇਵਾਰ ਮੰਨਦਾ ਹਾਂ, ਜਦ ਕਿ ਇਸ ਅਨੁਵਾਦ ਦੀ ਕਿਸੇ ਵੀ ਪ੍ਰਾਪਤੀ ਨੂੰ ਮੈਂ ਰੱਬੀ-ਦਾਤ ਮੰਨ ਕੇ 'ਉਸ' ਦਾ ਸ਼ੁਕਰਾਨਾ ਕਰਦਾ ਹਾਂ। ਅਖ਼ੀਰ ਵਿਚ 'ਸੰਗਮ ਪਬਲੀਕੇਸ਼ਨਜ਼, ਸਮਾਣਾ' ਦੇ ਸ੍ਰੀ ਅਸ਼ੋਕ ਕੁਮਾਰ ਗਰਗ ਜੀ ਦਾ ਵੀ ਮੈਂ ਦਿਲੋਂ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਇਸ ਅਮੋਲਕ ਰਚਨਾ ਦੇ ਪੰਜਾਬੀ ਅਨੁਵਾਦ ਨੂੰ ਪੰਜਾਬੀ ਪਾਠਕਾਂ ਤੱਕ ਪਹੁੰਚਾਇਆ ਤੇ ਅਨੁਵਾਦ ਦੀ ਵੱਡੀ ਜ਼ਿੰਮੇਵਾਰੀ ਮੈਨੂੰ ਸੌਂਪ ਕੇ ਮੈਨੂੰ ਵੀ ਮਾਣ ਦਾ ਹੱਕਦਾਰ ਬਣਾਇਆ।
16 ਮਈ 2012 -ਜਸਪ੍ਰੀਤ ਸਿੰਘ ਜਗਰਾਓ
ਤਰਤੀਬ
2. ਪੈਗ਼ੰਬਰ ਦਾ ਬਗੀਚਾ/85-114
3. ਪੈਗ਼ੰਬਰ ਦੀ ਮੌਤ/115-159