

ਇਥੇ ਅਸੀਂ ਜੋ ਕੁਝ ਵੀ ਹਾਸਿਲ ਕੀਤੀ, ਉਸਨੂੰ ਅਸੀਂ ਸੰਭਾਲ ਕੇ ਰੱਖਾਂਗੇ।
ਤੇ ਜੇ ਏਨੇ 'ਚ ਸਬਰ ਨਾ ਹੋਇਆ, ਤਾਂ ਅਸੀਂ ਰਲ ਕੇ ਵਾਰ-ਵਾਰ ਇਥੇ ਆ ਜੁੜਾਗੇ ਤੇ ਰਲ ਕੇ ਉਸ ਦਾਤੇ ਦੇ ਅੱਗੇ ਆਪਣੇ ਹੱਥ ਅੱਡਾਂਗੇ।
ਇਹ ਕਦੇ ਨਾ ਭੁੱਲਿਓ, ਕਿ ਮੈਂ ਫੇਰ ਮੁੜ ਕੇ ਤੁਹਾਡੇ ਕੋਲ ਜ਼ਰੂਰ ਆਵਾਂਗਾ।
ਬਸ ਥੋੜ੍ਹੀ ਦੇਰ ਹੋਰ-
ਤੇ ਫੇਰ ਮੇਰੀ ਤਮੰਨਾ ਦੂਜੇ ਸਰੀਰ ਲਈ ਧੂੜ-ਮਿੱਟੀ 'ਕੱਠੀ ਕਰੇਗੀ।
ਬਸ ਥੋੜ੍ਹੀ ਦੇਰ ਲਈ-ਇਕ ਪਲ ਲਈ-ਪੈਣਾਂ 'ਤੇ ਆਰਾਮ, ਤੇ ਫੇਰ ਕੋਈ ਹੋਰ ਔਰਤ ਮੈਨੂੰ ਆਪਣੀ ਕੁੱਖ 'ਚ ਧਾਰਨ ਕਰੇਗੀ।
ਤੁਹਾਨੂੰ ਸਭਨਾਂ ਨੂੰ ਅਲਵਿਦਾ, ਜਿਨ੍ਹਾਂ ਨਾਲ ਮੈਂ ਆਪਣੇ ਜੋਬਨ-ਮੱਤੇ ਦਿਨ ਗੁਜ਼ਾਰੇ।
ਲੱਗਦੈ ਜਿਵੇਂ ਇਹ ਕੱਲ੍ਹ ਦੀ ਹੀ ਗੱਲ ਹੋਵੇ, ਜਿਵੇਂ ਅਸੀਂ ਸੁਪਨੇ 'ਚ ਮਿਲੇ ਹੋਈਏ।
ਤੁਸੀਂ ਮੇਰੇ ਇਕਾਂਤ 'ਚ ਮੈਨੂੰ ਨਗਮੇ ਸੁਣਾਏ, ਤੇ ਮੈਂ ਤੁਹਾਡੀਆਂ ਸਧਰਾਂ ਨਾਲ ਅੰਬਰ 'ਚ ਇਕ ਮੀਨਾਰ ਉਸਾਰੀ।
ਪਰ ਹੁਣ ਸਾਡੀ ਨੀਂਦ ਟੁੱਟ ਗਈ ਹੈ ਤੇ ਸਾਡਾ ਸੁਪਨਾ ਵੀ ਪੂਰਾ ਹੋ ਚੁੱਕੇ। ਪ੍ਰਭਾਤ ਵੇਲੇ ਦੀ ਲੰਮੀ ਘੜੀ ਵੀ ਮੁੱਕ ਚੁੱਕੀ ਹੈ।
ਦੁਪਹਿਰ ਹੋ ਗਈ ਹੈ ਤੇ ਸਾਡੀ ਉਨੀਂਦਰੀ ਹਾਲਤ ਵੀ ਪੂਰੇ ਨਿੱਖਰੇ ਦਿਨ 'ਚ ਬਦਲ ਗਈ ਹੈ। ਹੁਣ ਸਾਨੂੰ ਵਿਛੜਨਾ ਪੈਣੇ।
ਤੇ ਜੇ ਅਸੀਂ ਯਾਦਾਂ ਦੇ ਧੁੰਦੂਕਾਰੇ 'ਚ ਫੇਰ ਮਿਲੇ, ਤਾਂ ਅਸੀਂ ਰਲ ਕੇ ਗੱਲਾਂ ਕਰਾਂਗੇ ਤੇ ਤੁਸੀਂ ਮੈਨੂੰ ਇਕ ਸੰਜੀਦਾ ਨਗ਼ਮਾ ਸੁਣਾਇਓ।
ਤੇ ਜੇ ਸਾਡੇ ਹੱਥ ਫੇਰ ਕਿਸੇ ਸੁਪਨੇ 'ਚ ਇਕ-ਦੂਜੇ ਨਾਲ ਛੂਹੇ, ਤਾਂ ਅਸੀਂ ਫੇਰ ਅੰਬਰ 'ਚ ਇਕ ਹੋਰ ਮੀਨਾਰ ਉਸਾਰਾਂਗੇ।"
ਇਹ ਆਖਦਿਆਂ ਉਸ ਨੇ ਮੱਲਾਹਾਂ ਨੂੰ ਇਸ਼ਾਰਾ ਕੀਤਾ ਤੇ ਉਸੇ ਵੇਲੇ ਉਨ੍ਹਾਂ ਨੇ ਲੰਗਰ ਚੁੱਕ ਲਿਆ ਤੇ ਜਹਾਜ਼ ਦੇ ਬੰਧਨਾਂ ਨੂੰ ਖੋਲ੍ਹ ਦਿੱਤਾ।
ਤੇ ਉਹ ਚੜ੍ਹਦੇ ਵਾਲੇ ਪਾਸੇ ਚੱਲ ਪਏ।
ਤੇ ਤੱਟ 'ਤੇ ਖੜ੍ਹੇ ਸਭ ਲੋਕਾਂ ਅੰਦਰੋਂ ਇਕ ਬੇਲਾਗ ਰੁਦਨ ਫੁੱਟਿਆ, ਜਿਵੇਂ ਉਹ ਇਕੋ ਹੀ ਦਿਲ 'ਚੋਂ ਫੁੱਟਿਆ ਹੋਵੇ, ਤੇ ਉਹ ਰੁਦਨ ਉਸ ਸ਼ਾਮ ਦੇ ਘਸਮੈਲੇ ਜਿਹੇ ਹਨੇਰੇ 'ਚ ਫੁੱਟਿਆ ਤੇ ਸਮੁੰਦਰ 'ਚ ਇਕ ਬਿਗਲ ਦੀ ਤਰ੍ਹਾਂ ਗੂੰਜ ਗਿਆ।
ਸਿਰਫ਼ ਅਲ ਮਿਤਰਾ ਹੀ ਸ਼ਾਂਤ ਖੜ੍ਹੀ ਹੋ ਕੇ ਜਹਾਜ਼ ਨੂੰ ਉਦੋਂ ਤੱਕ ਵੇਖਦੀ ਰਹੀ, ਜਦੋਂ ਤੱਕ ਉਹ ਕੋਹਰੇ 'ਚ ਅੱਖੀਓਂ ਓਹਲੇ ਨਹੀਂ ਹੋ ਗਿਆ।
ਤੇ ਜਦੋਂ ਸਾਰੇ ਲੋਕ ਖਿੰਡਰ-ਪੁੰਡਰ ਗਏ, ਉਹ ਇਕੱਲੀ ਸਮੁੰਦਰ ਕੰਢੇ ਖੜ੍ਹੀ ਹੋ ਕੇ ਉਸ ਦੀ ਆਖੀ ਇਸ ਗੱਲ ਨੂੰ ਮਨ ਹੀ ਮਨ ਚੇਤੇ ਕਰ ਰਹੀ ਸੀ-
'ਬਸ ਥੋੜ੍ਹੀ ਦੇਰ ਲਈ-ਇਕ ਪਲ ਲਈ-ਪੌਣਾਂ 'ਤੇ ਆਰਾਮ, ਤੇ ਫੇਰ ਕੋਈ ਹੋਰ ਔਰਤ ਮੈਨੂੰ ਆਪਣੀ ਕੁੱਖ 'ਚ ਧਾਰਨ ਕਰੇਗੀ।'