ਪ੍ਰਸਿੱਧ ਸਿੱਖ ਬੀਬੀਆਂ
ਸਿਮਰਨ ਕੌਰ
ਤਤਕਰਾ
-ਜਉ ਗੁਰਦੇਉ ਤ ਸੀਸੁ ਅਕਾਸਿ ਪ੍ਰਿੰਸੀਪਲ ਸਤਿਬੀਰ ਸਿੰਘ
-ਤੇਰੇ ਭਰੇਸੇ ਮੈ ਲਾਡ ਲਡਾਇਆ
-ਮੁਖ ਸ਼ੁੱਧ (ਦੂਜਾ ਐਡੀਸ਼ਨ ਛਪ ਆਉਣ ਤੇ।
ਮੁੱਢਲੀ ਵਿਚਾਰ : ਸਿੱਖ ਇਤਿਹਾਸ ਵਿਚ ਔਰਤ ਦਾ ਸਥਾਨ ਅਤੇ ਕਰਤੱਵ
ਪਾਪਾ
(ਪ੍ਰਿੰਸੀਪਲ ਸਤਿਬੀਰ ਸਿੰਘ ਜੀ)
ਨੂੰ
ਜਿਨ੍ਹਾਂ ਜਿਹਾ ਹੋਰ ਕੋਈ ਨਹੀਂ!
ਜਉ ਗੁਰਦੇਉ ਤ ਸੀਸੁ ਅਕਾਸਿ ॥
ਜਉ ਗੁਰਦੇਉ ਸਦਾ ਸਾਬਾਸਿ ॥
ਜੇ ਮੈਂ ਭੁਲਦਾ ਨਹੀਂ ਤਾਂ ਮਰਾਠੀ, ਤੇਲਗੂ ਤੇ ਬੰਗਲਾ ਸਾਹਿਤ ਵਿਚ ਪਿਛਲੀ ਸਦੀ ਵਿਚ ਇਸਤ੍ਰੀ ਲੇਖਕਾਵਾਂ ਨੇ ਆਪਣੀ ਹੋਂਦ ਜਤਲਾਉਣੀ ਆਰੰਭ ਕਰ ਦਿੱਤੀ ਸੀ ਅਤੇ ਕਹਿਣ ਲੱਗ ਪਈਆਂ ਸਨ ਕਿ ਸਾਡੀ ਦੇਣ ਇਨ੍ਹਾਂ ਈਨ ਮੰਨੀ ਮਰਦਾਂ ਨਾਲੋਂ ਕਿਤੇ ਵੱਧ ਹੈ । ਗੱਲ ਇਥੋਂ ਤਕ ਪੁੱਜ ਗਈ ਸੀ ਕਿ ਕਾਂਗਰਸ ਦੇ ਪਹਿਲੇ ਚੁਣੇ ਪ੍ਰਧਾਨ ਡਬਲਿਉ ਸੀ. ਬੈਨਰਜੀ ਦੀ ਭੈਣ ਮੋਖਸ਼ਦਈਨੀ ਉਪਾਧਿਆਇ ਬੰਗਾਲੀਆਂ 'ਤੇ ਆਵਾਜ਼ਾਂ ਕੱਸ ਕੇ ਲਿਖਣ ਲੱਗ ਪਈ ਸੀ ਕਿ, 'ਕੈਸੇ ਹਨ ਇਹ ਬੰਗਾਲੀ ਜੋ ਸਵੇਰ ਤੋਂ ਸ਼ਾਮ ਤੱਕ ਕਰਦੇ ਨੇ ਗੁਲਾਮੀ ਸਰਕਾਰ ਦੀ ਪਰ ਘਰ ਆ ਝਾੜਦੇ ਨੇ ਗੁੱਸਾ ਵਿਚਾਰੀਆਂ ਔਰਤਾਂ 'ਤੇ ਅਤੇ ਚੀਖ਼ ਚਿਹਾੜਾ ਪਾਂਦੇ ਨੇ ਨਿੱਕੀ ਨਿੱਕੀ ਗੱਲੋਂ ।' ਪਰ 'ਪ੍ਰਸਿਧ ਸਿੱਖ ਬੀਬੀਆਂ' ਬੇਟੀ ਸਿਮਰਨ ਕੌਰ ਦੀ ਰਚਿਤ ਹੱਥਲੀ ਪੁਸਤਕ ਪੜ੍ਹ ਕੇ ਹਰ ਕੋਈ ਜਾਣ ਜਾਏਗਾ ਕਿ ਪੰਜਾਬੀ ਔਰਤਾਂ ਨੂੰ ਐਸੇ ਵਿਅੰਗ ਮਰਦਾਂ 'ਤੇ ਕੱਸਣ ਦੀ ਲੋੜ ਇਸ ਲਈ ਨਹੀਂ ਪਈ ਕਿਉਂਕਿ ਮਾਂ ਨੇ ਗੁੜ੍ਹਤੀ ਵਿਚ ਪੰਜਾਬ ਦੇ ਜਵਾਨ ਨੂੰ ਗੁਲਾਮੀ ਤਾਂ ਇਕ ਪਾਸੇ, ਟੈਂ ਤਕ ਨਾ ਮੰਨਣ ਦੀ ਮੁਹਾਰਨੀ ਪੜ੍ਹਾ ਦਿਤੀ ਸੀ । ਇਕੋ ਮਾਈ ਭਾਗੋ ਦੀ ਵੰਗਾਰ 'ਤੇ ਉਸ ਦੇ ਪਤੀ (ਭਾਈ ਨਿਧਾਨ ਸਿੰਘ), ਜੇਠ (ਸੁਲਤਾਨ ਸਿੰਘ) ਤੇ ਭਰਾ (ਦਿਲਬਾਗ ਸਿੰਘ) ਨੇ ਆਪਾ ਵਾਰ ਦਿਤਾ ਅਤੇ ਬੇਦਾਵਾ ਪੜਵਾ ਕੇ ਹੀ ਸਾਹ ਲਿਆ । ਇਹ ਬੀਬੀ ਭਾਨੀ ਹੀ ਸੀ ਜੋ ਆਪਣੇ ਗੁਰ-ਪਿਤਾ ਨੂੰ ਕਹਿ ਸਕਦੀ ਸੀ:
ਹੋਰਸਿ ਅਜਰੁ ਨ ਜਰਿਆ ਜਾਵੇ ।।
(ਭਾਈ ਗੁਰਦਾਸ, ਵਾਰ ੧/੪੭)
ਫਿਰ ਜਦ ਸੋਲ੍ਹਵੀਂ ਸਦੀ ਵਿਚ, ਹੋਰ ਥਾਵਾਂ ਤੇ ਔਰਤਾਂ ਇਹ ਪੁਕਾਰ ਪੁਕਾਰ ਕਹਿ ਰਹੀਆਂ ਸਨ ਕਿ ਕੀ ਸਵਾਰਿਆ ਹੈ ਵੇਦਾਂ ਨੇ ਸਾਡਾ, ਕਿਹੜਾ ਜ਼ੁਲਮ ਹੈ ਜੋ ਪੁਰਾਣਾਂ ਕਾਰਨ ਸਾਡੇ ਤੇ ਨਹੀਂ ਢਾਹਿਆ ਤਾਂ ਉਸੇ ਸਮੇਂ ਘਰ
ਘਰ ਬਾਬਾ ਨਾਨਕ ਦਾ ਇਹ ਸਲੋਕ ਸੰਗਤਾਂ ਗਾ ਰਹੀਆਂ ਸਨ:
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ।...
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥
(ਆਸਾ ਦੀ ਵਾਰ, ਪੰਨਾ ੪੭੩)
ਪਾਰਜਾਤ ਘਰ ਆਂਗਨ ਮੇਰੇ, ਸਾਡਾ ਗਹਿਣਾ ਹੈ ਸਾਡੀ ਘਰ ਵਾਲੀ, ਔਰਤ ਯਕੀਨ, ਔਰਤ ਈਮਾਨ।
ਹੋਰ ਇਸ ਪੁਸਤਕ ਦੀ ਵੱਡੀ ਵਡਿਆਈ ਇਹ ਹੈ ਕਿ ਜਿਸ ਨੂੰ ਧੁੰਧਲੇ ਇਤਿਹਾਸ ਵਿਚੋਂ ਖਾਸੀ ਵਾਕਾਫੀਅਤ (Enough information from hazy history) ਕਢਣਾ ਕਹਿੰਦੇ ਹਨ, ਸਿਮਰਨ ਨੇ ਸਿੱਖ ਬੀਬੀਆਂ ਬਾਰੇ ਇਕ ਥਾਂ ਪਹਿਲੀ ਵਾਰ ਇਕੱਠੀ ਕਰ ਦਿਖਾਈ ਹੈ ਅਤੇ ਕਲਮ ਰਾਹੀਂ ਚਾਨਣ ਦੀ ਇਕ ਛਿੱਟ ਚਾਰੇ ਪਾਸੇ ਖਲੇਰ ਕੇ ਇਤਿਹਾਸਕ ਕਾਰਨਾਮਾ ਹੀ ਸਰੰਜਾਮ ਦਿੱਤਾ ਹੈ।
ਠੀਕ ਲਿਖਿਆ ਹੈ ਸਿਮਰਨ ਕੌਰ ਨੇ ਕਿ ਘੱਟ ਲੋਕਾਂ ਨੂੰ ਪਤਾ ਹੈ ਕਿ ਜਦ ਸ਼ਾਹੀ ਫ਼ੌਜਾਂ ਨੇ ਅਨੰਦਪੁਰ ਸਾਹਿਬ ਨੂੰ ਘੇਰ ਲਿਆ ਸੀ ਤਾਂ ਰਸਦ ਪਾਣੀ ਲਿਆਉਣ ਦਾ ਕਠਿਨ ਕੰਮ ਔਰਤਾਂ ਹੀ ਕਰਦੀਆਂ ਸਨ। ਕਿਤਨੀਆਂ ਨੇ ਸ਼ਹੀਦੀ ਪਿਆਲੇ ਹੱਸ ਹੱਸ ਪੀਤੇ। ਫਿਰ ਝਲੀਂ, ਜੰਗਲੀਂ, ਖੋਹਾਂ, ਬੇਲਿਆਂ ਵਿਚ ਕੰਮ ਦੀ ਆਜ਼ਾਦੀ ਦੀ ਜੰਗ ਲੜਦੇ ਸਿੰਘਾਂ ਨੂੰ ਅੰਨ ਪਾਣੀ ਸੱਚਮੁਚ ਸੀਸ ਤਲੀ ਤੇ ਰੱਖ ਕੇ ਭਾਈ ਤਾਰੂ ਸਿੰਘ ਜੀ ਦੀ ਭੈਣ ਤੇ ਮਾਂ ਵਰਗੀਆਂ ਹੀ ਪਹੁੰਚਾਂਦੀਆਂ ਸਨ । ਜਦ ਸ਼ਿਕਾਇਤ ਹੋਣ ਤੇ ਭਾਈ ਤਾਰੂ ਸਿੰਘ ਤੇ ਉਨ੍ਹਾਂ ਦੀ ਭੈਣ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਲਿਆ ਸ਼ਹੀਦ ਕਰਨ ਦਾ ਹੁਕਮ ਸੁਣਾਇਆ ਗਿਆ ਤਾਂ ਲਾਹੌਰ ਦੇ ਹਿੰਦੂ ਵਸਨੀਕਾਂ ਨੇ ਦੋ ਲੱਖ ਰੁਪਿਆ ਦੇਣ ਦੇ ਇਵਜ਼ ਭੈਣ-ਭਰਾ ਨੂੰ ਛੱਡਣ ਦਾ ਹੁਕਮ ਕਾਜ਼ੀ ਕੋਲੋਂ ਲੈ ਵੀ ਲਿਆ । ਉਸ ਸਮੇਂ ਜਦ ਈਰਖ਼ਾਲੂਆਂ ਨੇ ਹਿੰਦੂਆਂ ਨੂੰ 'ਐਸਾ ਕਿਉਂ ਕਰਦੇ ਹੋ' ਕਿਹਾ ਤਾਂ ਹਿੰਦੂਆਂ ਕਿਹਾ : ਯਾਦ ਰਖੋ!
ਸਿਖ ਬਚਾਵਨ ਹੈ ਬਡ ਕਰਮ ।
ਗਊ ਬ੍ਰਾਹਮਣ ਤੇ ਸੌ ਗੁਣਾ ਧਰਮ ।
(ਪ੍ਰਾਚੀਨ ਪੰਥ ਪ੍ਰਕਾਸ਼)
ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਮਾਂ ਦਾ ਉਸੇ ਸਮੇਂ ਸੰਗਤਾਂ
ਵਿਚ ਛੋਟੇ ਜਿਹੇ ਬਾਲਕ ਨਾਲ ਕੀਰਤਨ ਕਰਨਾ ਹੈਰਾਨੀ ਨਾਲ ਪੜ੍ਹਿਆ ਜਾਏਗਾ । ਇਸ ਵਿਚ ਬਹੁਤ ਕੁਝ ਉਨ੍ਹਾਂ ਬੀਬੀਆਂ ਬਾਰੇ ਹੈ ਜਿਨ੍ਹਾਂ ਬਾਰੇ ਅਸੀਂ ਬਹੁਤ ਘਟ ਜਾਣਦੇ ਹਾਂ।
ਮੈਨੂੰ ਇਹ ਵੀ ਪ੍ਰਸੰਨਤਾ ਹੈ ਕਿ ਛੇਤੀ ਹੀ ਗੁਰੂ ਮਿਹਰ ਸਦਕਾ ਮੇਰੀ ਉਮੀਦ ਬਰ ਆਈ ਹੈ । ਜਦ ਮੈਂ 'ਪਰਤਖ ਹਰਿ' ਦੀ ਪੁਸਤਕ ਬੇਟੀ ਸੁੰਦਰੀ, ਸਿਮਰਨ ਤੇ ਹਰਿਕੀਰਤ ਨੂੰ ਇਸ ਆਸ ਨਾਲ ਭੇਟ ਕੀਤੀ ਕਿ ਉਨ੍ਹਾਂ ਨੂੰ ਬੀਬੀ ਭਾਨੀ ਦੀ ਅਸੀਸ ਲੱਗੇ ਤਾਂ ਮੈਂ ਸੋਚ ਵੀ ਨਹੀਂ ਸਾਂ ਸਕਦਾ ਕਿ ਬੇਟੀ ਇਤਨਾ ਮਾਣ ਪਾਏਗੀ । ਡਾਕਟਰ ਗੰਡਾ ਸਿੰਘ ਮੈਮੋਰੀਅਲ ਆਲਮੀ ਲੇਖ ਮੁਕਾਬਲੇ ਵਿਚ ਜਦ ਸਿਮਰਨ ਕੌਰ ਦੇ ਲੇਖ ਨੂੰ ਗਿਆਰਾਂ ਸੌ ਰੁਪਏ ਦਾ ਦੂਜਾ ਇਨਾਮ ਦਿਤਾ ਗਿਆ ਤਾਂ ਮੇਰੇ ਮੂੰਹੋਂ ਇਹ ਤੁਕ ਨਿਕਲੀ :
ਜਉ ਗੁਰਦੇਉ ਤ ਸੀਸੁ ਅਕਾਸਿ ॥
ਜਉ ਗੁਰਦੇਉ ਸਦਾ ਸਾਬਾਸਿ॥
(ਭੈਰਉ ਨਾਮਦੇਉ ਜੀਉ, ਪੰਨਾ ੧੧੬੬)
ਪੂਰਨ ਆਸ ਹੈ ਕਿ ਇਹ ਪੁਸਤਕ ਪਾਠਕ ਬੜੇ ਚਾਅ ਨਾਲ ਪੜ੍ਹਨਗੇ ਤੇ ਪੜ੍ਹਦਿਆਂ ਅਸੀਸਾਂ ਨਾਲ ਬੇਟੀ ਦੀ ਝੋਲੀ ਭਰ ਦੇਣਗੇ।
ਸ਼ੁਕਰ ਕਰਦਾ ਹੋਇਆ,
54, ਖ਼ਾਲਸਾ ਕਾਲਜ ਕਾਲੋਨੀ
ਪਟਿਆਲਾ
23 ਅਕਤੂਬਰ, 1991
ਸਤਿਬੀਰ ਸਿੰਘ
(ਪ੍ਰਿੰਸੀਪਲ)
ਤੇਰੇ ਭਰੋਸੇ ਮੈ ਲਾਡ ਲਡਾਇਆ
ਇਤਿਹਾਸ ਵਿਚ ਪੜ੍ਹਿਆ ਸੀ ਇਸਤਰੀ ਬਹਾਦਰ ਹੈ; ਸ਼ਾਸਤਰਾਂ ਵਿਚ ਪੜ੍ਹਿਆ ਸੀ ਕਿ ਇਸਤਰੀ ਸ਼ਕਤੀ; ਅੱਖਾਂ ਨਾਲ ਦੇਖਿਆ ਇਸਤਰੀ ਮਮਤਾਮਈ ਮਹਿਸੂਸ ਕੀਤਾ ਇਸਤਰੀ ਆਪਣੇ ਆਪ ਨੂੰ ਹਰ ਘਾੜਤ ਵਿਚ ਢਾਲਣ ਵਾਲੀ ਹੈ; ਫਿਰ ਵੀ ਆਸ ਪਾਸ ਇਹ ਕੈਸੀ ਆਵਾਜ਼ ਹੈ ਜੋ ਇਸਤਰੀ ਨੂੰ ਨਿੰਦਦੀ ਹੀ ਜਾ ਰਹੀ ਹੈ। ਅੱਜ ਨਹੀਂ ਸਗੋਂ ਜੁਗਾਂ ਜੁਗਾਂਤਰਾਂ ਤੋਂ ਇਸ ਨੂੰ ਨੀਵਾਂ ਦਿਖਾਇਆ ਗਿਆ ਹੈ। ਭਾਵੇਂ ਪੂਜਾ ਇਸ ਦੀ ਹੀ ਹੁੰਦੀ ਹੋਵੇ। ਕੋਈ ਗੱਲ ਜ਼ਰੂਰ ਹੈ, ਕੋਈ ਥੁੜ੍ਹ ਜ਼ਰੂਰ ਹੈ।
ਮੇਰੀ ਹੈਰਾਨੀ ਇਸ ਗੱਲੋਂ ਵਧੀ ਕਿ ਚਾਹੇ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਨੂੰ ਅਤਿ ਉਚਾ ਦਰਜਾ ਦਿਤਾ ਪਰ ਫਿਰ ਵੀ ਇਸਤਰੀ ਦੀ ਹਾਲਤ ਨਿਘਰਦੀ ਕਿਉਂ ਗਈ ? ਗੁਰੂ ਗੋਬਿੰਦ ਸਿੰਘ ਜੀ ਦੇ ਮਿਲਦੇ 52 ਹੁਕਮਨਾਮਿਆਂ ਵਿਚ ਕਈ ਐਸੇ ਹਨ ਜਿਨ੍ਹਾਂ ਵਿਚ ਇਸਤਰੀ ਨੂੰ ਉਚਾ ਉਠਾਉਣ ਵਾਸਤੇ ਆਦੇਸ਼ ਲਿਖੇ ਮਿਲਦੇ ਹਨ । ਜਿਵੇਂ ਪੰਦਰਵੇਂ ਹੁਕਮ ਵਿਚ ਲਿਖਿਆ ਹੈ:
ਪਰ ਇਸਤਰੀ ਮਾਂ ਭੈਣ ਧੀ ਭੈਣ ਕਰ ਜਾਣਨੀ । ਵਿਲਾਸ ਲਈ ਪਰ ਇਸਤਰੀ ਦਾ ਸੰਗ ਨਹੀਂ ਕਰਨਾ-
'ਪਰ ਤ੍ਰਿਯ ਰਾਖਹਿ ਨਾ ਹੇਤ ਅਨੰਦੁ ।'
ਸੋਲ੍ਹਵੇਂ ਵਿਚ ਲਿਖਿਆ ਹੈ :
ਇਸਤਰੀ ਦਾ ਮੂੰਹ ਨਹੀਂ ਫਿਟਕਾਰਨਾ ।
ਪੁਤਰੀ ਦਾ ਧਨ ਬਿਖ ਜਾਣਨਾ ।
ਗੱਲ ਕੀ, ਚਾਹੇ ਪੁਤਰੀ, ਪਤਨੀ, ਮਾਂ, ਭੈਣ ਇਸਤਰੀ ਨੂੰ ਹਰ ਪੱਖ ਤੋਂ ਮਾਣ ਦਿਤਾ ਪਰ ਫਿਰ ਵੀ ਸਿੱਖ ਔਰਤ ਦੀ ਸਿੱਖ ਇਤਿਹਾਸ ਵਿਚ ਦੇਣ ਦਾ ਵੱਖ ਜ਼ਿਕਰ ਨਹੀਂ ਮਿਲਦਾ । ਜੇ ਆਪਣੀ ਨਿਤ ਦੀ ਅਰਦਾਸ ਵਿਚ ਵੀ ਇਹ ਤਾਂ ਅਸੀਂ ਕਹਿ ਮੰਨਿਆ ਕਿ ਸਿੰਘਾਂ ਨਾਲ ਸਿੰਘਣੀਆਂ ਨੇ ਸ਼ਹੀਦੀ ਪਾਈ ਪਰ
ਸਪਸ਼ਟ ਨਹੀਂ ਦਸਿਆ । ਜੇ ਸਪਸ਼ਟ ਹੁੰਦਾ ਤਾਂ ਅੱਜ ਬੀਬੀ ਭਾਨੀ ਤੇ ਨਵੇਕਲੀ ਪੁਸਤਕ ਹੁੰਦੀ । ਬੀਬੀ ਖੀਵੀ ਦਾ ਨਾਂ ਹਰ ਮੂੰਹ ਤੇ ਹੁੰਦਾ । ਬੇਬੇ ਨਾਨਕੀ ਦੇ ਕਿਰਦਾਰ ਦੀ ਛਾਪ ਹਰ ਵੀਰ ਤੇ ਹੁੰਦੀ। ਪਤਾ ਨਹੀਂ ਐਸਾ ਕਿਉਂ ਨਹੀਂ ਹੋ ਸਕਿਆ!
ਸੋ ਮੈਂ ਮਨ ਬਣਾਇਆ ਕਿ ਸਿੱਖ ਇਤਿਹਾਸ ਵਿਚ ਔਰਤ ਦਾ ਅਸਥਾਨ, ਕਰਤੱਵ ਤੇ ਦੇਣ ਉਚੇਚੇ ਤੌਰ ਤੇ ਲਿਖੀ ਜਾਏ ।
ਜਿਵੇਂ ਮੈਨੂੰ ਮੇਰੇ ਪਾਪਾ ਨੇ ਉਂਗਲੀ ਪਕੜ ਕੇ ਚਲਣਾ ਸਿਖਾਇਆ ਸੀ, ਇਸੇ ਤਰ੍ਹਾਂ ਕਲਮ ਦੇ ਕੇ ਲਿਖਣ ਦੀ ਵੀ ਜਾਚ ਦੱਸੀ । ਸੋ ਆਪਣੀ ਆਦਤ ਮੁਤਾਬਕ ਆਖਣ ਲੱਗੇ, 'ਇਤਿਹਾਸ ਤੁਹਾਡੇ ਸਾਹਮਣੇ ਪਿਆ ਹੈ । ਜੇ ਅਸਲ ਰੂਪ ਔਰਤ ਦਾ ਦੇਖਣਾ ਚਾਹੁੰਦੇ ਹੋ ਤਾਂ ਪਹਿਲਾਂ ਸਾਡੇ ਗੁਰੂ ਘਰਾਂ ਵਿਚ ਔਰਤ ਦਾ ਕਿਤਨਾ ਆਦਰ ਸੀ ਪੜ੍ਹੋ, ਫਿਰ ਸਿੱਖ ਇਤਿਹਾਸ ਨੂੰ ਪੜ੍ਹੋ ਕਿਉਂਕਿ ਅਗਲਾ ਕਦਮ ਤਾਂ ਹੀ ਚੁਕ ਸਕੋਗੇ ਜੇ ਪਿਛਲਾ ਮਜ਼ਬੂਤ ਹੈ । ਦੇਖੋ ਤੁਹਾਡੀਆਂ ਮਾਵਾਂ ਭੈਣਾਂ ਨੇ ਕਿਤਨਾ ਪੀਡਾ ਤੇ ਮਜ਼ਬੂਤ ਰੋਲ ਕੀਤਾ ਹੈ ਅਤੇ ਅੱਜ ਤੁਸੀਂ ਕਿਸ ਸਥਾਨ ਤੇ ਹੈ।' ਇਤਿਹਾਸ ਦੀ ਵਿਦਿਆਰਥਣ ਹੋਣ ਦੇ ਨਾਤੇ ਇਸੇ ਉਲਝਣ ਵਿਚ ਪਈ ਸਾਰਾ ਸਿੱਖ ਇਤਿਹਾਸ ਬੜੇ ਧਿਆਨ ਨਾਲ ਪੜ੍ਹਿਆ। ਪਾਪਾ ਇਤਿਹਾਸ ਨੂੰ ਹੀ ਲਿਖਣ ਲਈ ਪ੍ਰੇਰਦੇ ਕਹਿੰਦੇ ਹਨ: 'ਕਿੱਸੇ, ਕਹਾਣੀਆਂ ਰੋਜ਼ ਲਿਖੇ ਜਾਂਦੇ ਹਨ। ਇਤਿਹਾਸ ਸੱਚਾਈ ਹੈ, ਸੋ ਕਲਮ ਸੱਚ ਵਲ ਚਲਾਓ ਆਪੇ ਰੌਸ਼ਨੀ ਹੋ ਜਾਵੇਗੀ। ਹਰ ਸਵਾਲ ਦਾ ਹੱਲ ਲਭੇਗਾ ।' ਪਰ ਮੈਂ ਸਿੱਖ ਇਤਿਹਾਸ ਪੜ੍ਹਦਿਆਂ ਵੇਖ ਹੈਰਾਨ ਰਹਿ ਗਈ ਕਿ ਸਿੱਖ ਇਤਿਹਾਸ ਵਿਚ ਹਰ ਕੰਮ ਵਿਚ ਪਹਿਲ ਕਰਨ ਵਾਲੀ ਔਰਤ ਹੈ। ਜੇ ਪਹਿਲਾ ਦੀਦਾਰ ਦੌਲਤਾਂ ਦਾਈ ਨੇ ਪਾਇਆ ਤਾਂ ਪਹਿਲੀ ਸਿੱਖ ਬੇਬੇ ਨਾਨਕੀ ਹੀ ਸੀ । ਪਹਿਲੀ ਵਿਚਾਰਵਾਨ ਜੇ ਮਾਤਾ ਵਿਰਾਈ ਸੀ ਤਾਂ ਗੁਰੂ ਬੋਲਾਂ ਨੂੰ ਇਤਿਹਾਸ ਦਾ ਰੂਪ ਦੇਣ ਵਾਲੀ ਰੂਪ ਕੌਰ ਸੀ । ਪਹਿਲਾ ਜਰਨੈਲ ਦੇਖੀਏ ਤਾਂ ਮਾਈ ਭਾਗੋ ਸੀ ਅਤੇ ਪਹਿਲੀ ਦ੍ਰਿੜ੍ਹ-ਚਿਤ ਔਰਤ ਮਾਈ ਜਿੰਦਾਂ ਸੀ । ਪਹਿਲੀ ਸ਼ਹੀਦ ਮਾਤਾ ਗੁਜਰੀ ਸੀ, ਪਹਿਲੀ ਸੇਵਾ ਪੰਥਣੀ ਦੇਖੀਏ ਤਾਂ ਮਾਤਾ ਖੀਵੀ ਹੀ ਲਗਦੀ ਹੈ। ਗੱਲ ਕੀ, ਹਰ ਪੱਖੋਂ ਸਿੱਖ ਔਰਤ ਨੇ ਆਪਣੀ ਛਾਪ ਛੱਡੀ ਹੋਈ ਹੈ । ਸਿੱਖ ਇਤਿਹਾਸ ਪੜ੍ਹਨ ਤੋਂ ਬਾਅਦ ਇਹ ਨਹੀਂ ਕੋਈ ਕਹਿ ਸਕਦਾ ਕਿ ਔਰਤ ਨੀਵੀਂ, ਮਾੜੀ, ਅਬਲਾ ਜਾਂ ਕਦਰਹੀਣ ਹੈ । ਸ਼ਾਇਦ ਉਨ੍ਹਾਂ ਦੇ ਕਰਤੱਵ ਦਾ ਹੀ ਸਦਕਾ ਅੱਜ ਸਿੱਖ ਔਰਤ ਗੋਰਵ ਨਾਲ ਸਿਰ ਉੱਚਾ ਕਰ ਸਕਦੀ ਹੈ । ਕਿਥੇ ਕੋਈ ਪਾਬੰਦੀ
ਨਹੀਂ, ਕਿਥੇ ਕੋਈ ਪਰਦਾ ਨਹੀਂ, ਕਿਥੇ ਕੋਈ ਬਨਾਵਟ ਨਹੀਂ, ਕਿਥੇ ਕੋਈ ਦਿਖਾਵਾ ਨਹੀਂ, ਉਸ ਦੀ ਕੋਈ ਹੱਦ ਨਹੀਂ, ਪਰ ਫਿਰ ਵੀ ਆਪਣੀ ਇਕ ਹੱਦ ਵਿਚ ਰਹਿ ਕਿੰਨਾ ਸਵਾਦ ਮਾਣਦੀ ਹੈ। ਉਸਦੀ ਖ਼ੁਸ਼ਬੂ ਅੱਜ ਵੀ ਸਾਨੂੰ ਸਿੱਖ ਇਤਿਹਾਸ ਖੋਲ੍ਹਦਿਆਂ ਆ ਜਾਂਦੀ ਹੈ । ਸਾਰੇ ਸਿੱਖ ਇਤਿਹਾਸ ਨੂੰ ਪੜ੍ਹ ਕੇ ਮੈਂ ਇਹੀ ਮਹਿਸੂਸ ਕੀਤਾ ਔਰਤ ਉੱਤਮ ਹੈ, ਕੇਵਲ ਉੱਤਮ ।
ਸੋ ਇਕ ਸਕੈੱਚ ਤਿਆਰ ਹੋ ਗਿਆ ਸੀ । ਹੁਣ ਉਸ ਵਿਚ ਰੰਗ ਭਰਨ ਦੀ ਲੋੜ ਸੀ । ਜਦ ਸਿੱਖ ਔਰਤ ਨੂੰ ਅਲੱਗ-ਅਲੱਗ ਰੰਗ ਵਿਚ ਲਿਖਿਆ ਤਾਂ ਉਸ ਵਿਚੋਂ ਇਕ ਅਨੋਖਾ ਰੰਗ ਨਿਕਲ ਆਇਆ। ਹਰ ਰਿਸ਼ਤਾ ਜੋ ਔਰਤ ਨਾਲ ਬੱਝਿਆ ਹੈ ਉਸ ਨੂੰ ਕਿਸ ਤਰ੍ਹਾਂ ਨਾਲ ਨਿਭਾਇਆ । ਉਸ ਰਿਸ਼ਤੇ ਨੂੰ ਤੋੜਨ ਨਹੀਂ ਦਿੱਤਾ ਸਗੋਂ ਪੱਕਿਆਂ ਕੀਤਾ। ਚਾਹੇ ਉਹ ਮਾਂ, ਭੈਣ, ਪਤਨੀ, ਦਾਦੀ, ਭੂਆ, ਮਾਸੀ ਕੁਝ ਵੀ ਸੀ, ਉਸ ਆਪਣੇ ਰਿਸ਼ਤੇ ਨੂੰ ਕਾਇਮ ਰੱਖਿਆ।
ਗੁਰੂ ਘਰ ਵਿਚ ਹੀ ਹਰ ਰਿਸ਼ਤਾ ਔਰਤ ਦਾ ਸਾਨੂੰ ਮਿਲ ਜਾਂਦਾ ਹੈ । ਜਿਵੇਂ ਮਾਂ ਮਾਤਾ ਤ੍ਰਿਪਤਾ, ਭੈਣ ਬੇਬੇ ਨਾਨਕੀ, ਧੀ ਬੀਬੀ ਭਾਨੀ, ਦਾਦੀ ਗੁਜਰੀ, ਭੂਆ ਵਿਰਾਈ, ਪਤਠੀ ਖੀਵੀ, ਨੂੰਹ ਬੀਬੀ ਅਮਰੋ ਅਤੇ ਹੋਰ ਸਭ ਦੁਨਿਆਵੀ ਰਿਸ਼ਤੇ ਹਨ। ਉਨ੍ਹਾਂ ਦੇ ਆਚਰਨ ਤੇ ਚੱਲ ਆਪਣਾ ਜੀਵਨ ਸਫ਼ਲ ਕਰ ਸਕਦੇ ਹਾਂ । ਹਰ ਰੰਗ ਔਰਤ ਦਾ ਸਿੱਖ ਘਰ ਵਿਚ ਮਿਲਦਾ ਹੈ।
ਮੈਂ ਇਸ ਰੰਗਾਂ ਭਰੀ ਤਸਵੀਰ ਨੂੰ 'ਸਿੰਘ ਬ੍ਰਦਰਜ਼' ਨੂੰ ਫਰੇਮ ਕਰਨ ਲਈ ਆਖਿਆ। ਉਨ੍ਹਾਂ ਇਸ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਤੇ 'ਪ੍ਰਸਿੱਧ ਸਿੱਖ ਬੀਬੀਆਂ' ਕਿਤਾਬ ਨਾਂ ਹੇਠ ਪੁਸਤਕ ਤੁਹਾਡੇ ਹੱਥਾਂ ਵਿਚ ਹੈ । ਅੱਜ ਮੈਨੂੰ ਖ਼ੁਸ਼ੀ ਹੈ ਕਿ ਜਦ ਇਹ ਪੁਸਤਕ ਛਪ ਕੇ ਤਿਆਰ ਹੋ ਗਈ ਹੈ ਤਾਂ ਮੈਂ ਆਪਣੇ ਪਾਪਾ, ਜਿਨ੍ਹਾਂ ਕੋਲੋਂ ਮੈਂ ਆਪਣੀ ਪਹਿਲੀ ਪੁਸਤਕ ਵਿਚ ਆਪਣੇ ਪਹਿਲੇ ਸਵਾਲ ਦਾ ਹੱਲ ਪਾਇਆ, ਨੂੰ ਇਹ ਪੁਸਤਕ ਭੇਟ ਕੀਤੀ ਹੈ।
ਕੁਝ ਹੋਰ ਪੁਸਤਕਾਂ ਦੇ ਮਸੌਦੇ ਤਿਆਰ ਹਨ ਜਿਨ੍ਹਾਂ ਨੂੰ ਪੁਸਤਕ ਦਾ ਰੂਪ ਦੇਣ ਦਾ ਮਨ ਬਣਾਇਆ ਹੈ । ਉਨ੍ਹਾਂ ਵਿਚ ਇਕ ਹੈ, ਗੁਰ ਸੰਤਾਨ ਦੂਜੇ ਪਾਪਾ ਦੀਆਂ ਰੇਡੀਓ ਦੁਆਰਾ ਪਰਸਾਰਿਤ ਅਤੇ ਹੋਰ ਤਕਰੀਰਾਂ ਨੂੰ ਵੀ ਮੈਂ ਸੰਪਾਦਿਤ ਕੀਤਾ ਹੈ।
ਮੇਰੀ ਦੀਦੀ ਸੁੰਦਰਜੀਤ ਕੌਰ (ਸੁੰਦਰੀ) ਜਿਨ੍ਹਾਂ ਮੈਨੂੰ ਬਹੁਤ ਉਤਸ਼ਾਹ ਦਿਤਾ, ਦਾ ਧੰਨਵਾਦ ਕਰਨਾ ਨਹੀਂ ਭੁਲਦੀ । ਇਹ ਲੇਖ ਸੁਣ ਕਹਿਣ ਲੱਗੀ:
ਮਹਿਸੂਸ ਤੇ ਅਸੀਂ ਵੀ ਕਰਦੇ ਸਾਂ ਪਰ ਤੂੰ ਉਨ੍ਹਾਂ ਭਾਵਾਂ ਨੂੰ ਸ਼ਬਦਾਂ ਵਿਚ ਲਿਆਂਦਾ ।' ਵੀਰ ਅਜੈ ਬੀਰ, ਭੈਣ ਕੀਰਤੀ, ਮੰਮੀ ਨੂੰ ਜਦੋਂ ਹਰ ਲੇਖ ਲਿਖ ਕੇ ਸੁਣਾਇਆ ਤਾਂ ਉਨ੍ਹਾਂ ਬੜੇ ਧਿਆਨ ਨਾਲ ਸੁਣਿਆ । ਭੋਲੀ ਦੀਦੀ ਨੇ ਮੈਨੂੰ ਬੜਾ ਉਤਸ਼ਾਹ ਦਿਤਾ । ਜੀਜਾ ਸੁਖਬੀਰ ਸਿੰਘ ਜੀ ਵੀ ਬੜੇ ਖ਼ੁਸ਼ ਹੁੰਦੇ ਹਨ। ਮੇਰੇ ਨਾਨਕੇ ਦਾਦਕੇ ਸਾਰੇ ਹੀ ਮੈਨੂੰ ਬੜਾ ਉਤਸ਼ਾਹ ਦਿੰਦੇ ਹਨ । ਮੇਰੇ ਨਾਨੀ ਈਸ਼ਰ ਕੌਰ ਜੀ ਬੜੇ ਚਾਅ ਨਾਲ ਸੁਣ ਅਸ਼ੀਰਵਾਦ ਦਿੰਦੇ ਹਨ । ਨਰਿੰਦਰ ਅੰਕਲ ਜੀ ਤਾਂ ਮੇਰੀ ਪ੍ਰੇਰਣਾ ਬਣੇ ਰਹੇ ਤੇ ਚਾਚਾ ਬਲਵਿੰਦਰ ਸਿੰਘ ਵੀ ਉਤਸ਼ਾਹ ਦੇਂਦੇ ਹਨ । ਇਹ ਲਿਖ ਮੈਨੂੰ ਬੜੀ ਖ਼ੁਸ਼ੀ ਹੈ ਕਿ ਮੇਰੇ ਲੇਖ "ਸਿੱਖ ਇਤਿਹਾਸ ਵਿਚ ਔਰਤ ਦਾ ਅਸਥਾਨ ਤੇ ਕਰਤੱਵ (ਰੋਲ ਐਂਡ ਸਟੇਟੱਸ)" ਨੂੰ ਡਾਕਟਰ ਗੰਡਾ ਸਿੰਘ ਮੈਮੋਰੀਅਲ ਟਰੱਸਟ ਨੇ ਦੂਜਾ ਇਨਾਮ ਦਿਤਾ ਹੈ । ਪਹਿਲੇ ਹੀ ਲੇਖ ਨੂੰ ਪਰਵਾਨਿਤ ਹੁੰਦਾ ਦੇਖ ਮੈਨੂੰ ਹੋਰ ਚਾਅ ਚੜ੍ਹਿਆ ਹੈ । ਸਰਦਾਰ ਰਾਜਿੰਦਰ ਸਿੰਘ ਜੀ ਨੇ ਬੜੀ ਮਿਹਨਤ ਨਾਲ ਖਰੜੇ ਨੂੰ ਟਾਈਪ ਕੀਤਾ ਹੈ । ਉਨ੍ਹਾਂ ਦੀ ਮੈਂ ਰਿਣੀ गं ।
ਮੈਨੂੰ ਪੂਰਨ ਯਕੀਨ ਹੈ ਕਿ ਪਾਠਕ ਇਸ ਪੁਸਤਕ ਨੂੰ ਬੇਹੱਦ ਪਸੰਦ ਕਰਨਗੇ । ਮੇਰਾ ਉਤਸ਼ਾਹ ਹੋਰ ਵਧਾਉਣਗੇ ਤਾਂ ਕਿ ਮੈਂ ਸਾਰੇ ਸਿੱਖ ਇਤਿਹਾਸ ਨੂੰ ਬਾਰੀਕੀ ਨਾਲ ਪੜ੍ਹ, ਫਿਰ ਲਿਖ ਪਾਠਕਾਂ ਤੱਕ ਪਹੁੰਚਾ ਸਕਾਂ । ਮੈਨੂੰ ਉਸ ਵਾਹਿਗੁਰੂ ਤੇ ਯਕੀਨ ਹੈ; ਜਿਸ ਰਾਹ ਪਾਇਆ ਉਹ ਆਪ ਰਾਹ ਦਿਖਾਏਗਾ। ਕਿਉਂਕਿ :
ਮੋਕਉ ਤੋ ਭਰੋਸੋ ਕੇਵਲ ਗੁਰੂ ਗ੍ਰੰਥ ਮਹਾਰਾਜ ਪੈ।
54, ਖ਼ਾਲਸਾ ਕਾਲਜ ਕਾਲੋਨੀ ਸਿਮਰਨ ਕੌਰ
ਪਟਿਆਲਾ
23 ਅਕਤੂਬਰ, 1991
ਮੁਖ-ਬੰਧ
(ਦੂਜਾ ਐਡੀਸ਼ਨ ਛਪ ਆਉਣੇ ਤੇ)
'ਪ੍ਰਸਿੱਧ ਸਿੱਖ ਬੀਬੀਆਂ' ਲਿਖਣ ਦਾ ਮੰਤਵ ਇਹ ਸੀ ਕਿ ਇਤਿਹਾਸ ਦੇ ਉਨ੍ਹਾਂ ਪੰਨਿਆਂ ਨੂੰ ਉਜਾਗਰ ਕੀਤਾ ਜਾਵੇ ਜੋ ਸੁਨਹਿਰੀ ਤਾਂ ਸਨ ਪਰ ਚਮਕ ਨਹੀਂ ਰਹੇ ਸਨ । ਜਦ ਇਕ ਇਕ ਪੰਨੇ ਨੂੰ ਪੜਿਆ ਉਹ ਕੁੰਦਨ ਵਾਂਗ ਚਮਕਣ ਲਗ ਪਏ । ਉਹ ਰੌਸ਼ਨੀ ਜਦ ਪਾਠਕਾਂ ਤਕ ਪਹੁੰਚੀ ਤਾਂ ਉਨ੍ਹਾਂ ਦੀਆਂ ਅੱਖਾਂ ਨੂੰ ਵੀ ਇਕ ਨਿਰਾਲੀ ਚਮਕ ਦੇਖਣ ਨੂੰ ਮਿਲੀ । ਸੋ ਪੁਸਤਕ ਦਾ ਪਹਿਲਾ ਐਡੀਸ਼ਨ ਪਹਿਲੇ ਸਾਲ ਹੀ ਮੁੱਕ ਜਾਣਾ ਜਿਥੇ ਪਾਠਕਾਂ ਦਾ ਪਿਆਰ ਦਰਸਾਂਦਾ ਹੈ ਉਥੇ ਮੇਰਾ ਉਤਸ਼ਾਹ ਹੋਰ ਵਧਾਂਦਾ ਹੈ ।
ਨਵੇਂ ਐਡੀਸ਼ਨ ਵਿਚ ਕੁਝ ਨਵੇਂ ਲੇਖ: ਮਾਈ ਭਾਗੋ ਅਤੇ ਰਾਣੀ ਸਦਾ ਕੌਰ ਜੋ ਦੋਵੇਂ ਹੀ ਇਤਿਹਾਸ ਦਾ ਜ਼ਰੂਰੀ ਹਿੱਸਾ ਹਨ, ਨੂੰ ਦੂਜੇ ਐਡੀਸ਼ਨ ਵਿਚ ਲੇਖਾਂ ਦੀ ਲੜੀ ਵਿਚ ਪਰ ਦਿਤਾ ਹੈ। ਕੁਝ ਨਵੀਆਂ ਸੋਧਾਂ ਵੀ ਕੀਤੀਆਂ ਹਨ ਜੋ ਪਾਠਕਾਂ ਨੂੰ ਪੜ੍ਹਨ ਤੇ ਹੀ ਪਤਾ ਲੱਗੇਗਾ ।
ਪੁਸਤਕ ਦਾ ਇੰਜ ਨਵਾਂ ਐਡੀਸ਼ਨ ਆ ਜਾਣਾ ਮੇਰਾ ਉਤਸ਼ਾਹ ਹੋਰ ਵਧਾਉਂਦਾ ਹੈ। ਮੈਨੂੰ ਉਮੀਦ ਹੈ ਪਾਠਕ ਮੇਰਾ ਉਤਸ਼ਾਹ ਇਸੇ ਤਰ੍ਹਾਂ ਨਾਲ ਵਧਾਉਂਦੇ ਰਹਿਣਗੇ। ਕੁਝ ਪੁਸਤਕਾਂ ਦੇ ਹੋਰ ਮਸੌਦੇ ਵੀ ਤਿਆਰ ਹਨ । ਮੈਨੂੰ ਉਮੀਦ ਹੈ ਪਾਠਕ ਇਨ੍ਹਾਂ ਸਾਰਿਆਂ ਨੂੰ ਵੀ ਭਰਪੂਰ ਸ਼ਲਾਘਾ ਦੇਣਗੇ । ਪਾਪਾ ਕਹਿੰਦੇ ਹਨ ਕਿ ਚੰਗੀ ਪੁਸਤਕ ਉਹੀ ਹੈ ਜੋ ਅੰਗਰੇਜ਼ੀ ਦੀ ਇਕ ਕਹਾਵਤ ਅਨੁਸਾਰ ਤਾਜ਼ੇ ਕੇਕ ਦੀ ਤਰ੍ਹਾਂ ਵਿਕ ਜਾਵੇ। ਮੇਰੀ ਪੁਸਤਕ ਦਾ ਸਵਾਦ ਇਸੇ ਤਰ੍ਹਾਂ ਪਾਠਕਾਂ ਨੇ ਮਾਣਿਆ ਹੈ । ਮੈਨੂੰ ਖ਼ੁਸ਼ੀ ਹੁੰਦੀ ਹੈ ਜਦ ਹਰ ਲਾਇਬਰੇਰੀ, ਪ੍ਰਦਰਸ਼ਨੀ ਵਿਚ ਅਤੇ ਇਸਤਰੀਆਂ ਦੇ ਹੱਥ ਆਪਣੀ ਪੁਸਤਕ ਦੇਖਦੀ ਹਾਂ।
ਪਾਠਕਾਂ ਵਲੋਂ ਮਿਲੇ ਭਰਪੂਰ ਉਤਸ਼ਾਹ ਲਈ ਮੈਂ ਉਨ੍ਹਾਂ ਦਾ ਇਕ ਵਾਰੀ ਫਿਰ ਦਿਲੀ ਧੰਨਵਾਦੀ ਹਾਂ। ਇਕ ਉਚੇਚਾ ਧੰਨਵਾਦ ਮੈਂ ਸਰਦਾਰ ਪਰਵਿੰਦਰ ਸਿੰਘ ਜੀ ਦਾ ਜ਼ਰੂਰ ਕਰਨਾ ਹੈ ਜਿਨ੍ਹਾਂ ਮੇਰੇ ਉਤਸ਼ਾਹ ਨੂੰ ਮੱਠਾ ਨਹੀਂ ਪੈਣ ਦਿੱਤਾ।
2046,ਰਾਣੀ ਬਾਗ,
ਨਵੀਂ ਦਿੱਲੀ ਸਿਮਰਨ ਕੌਰ ਜੂਨ 1993
ਮੁੱਢਲੀ ਵਿਚਾਰ:
ਸਿੱਖ ਇਤਿਹਾਸ ਵਿਚ ਔਰਤ ਦਾ ਸਥਾਨ ਅਤੇ ਕਰਤੱਵ
ਅਰਦਾਸ ਵਿਚ ਜਦ ਸਾਰੇ ਖੜੇ ਹੋ ਕੇ 'ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ ਆਖਦੇ ਹਾਂ ਤਾਂ ਇਕ ਗੱਲ ਉਦੋਂ ਹੀ ਸਪੱਸ਼ਟ ਹੋ ਜਾਂਦੀ ਹੈ ਕਿ ਸਿੱਖ ਘਰ ਵਿਚ ਔਰਤ ਦਾ ਸਥਾਨ ਸਾਵਾਂ ਤੇ ਕਿਸੇ ਹੱਦ ਤਕ ਨਿਵੇਕਲਾ ਹੈ।
ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਜਿੱਥੇ ਸਮਾਜਿਕ, ਭਾਈਚਾਰਕ ਅਤੇ ਆਰਥਿਕ ਵਿਤਕਰਿਆਂ ਵਿਰੁੱਧ ਪਹਿਲੀ ਵਾਰੀ, ਵਾਰ ਉਚਾਰ ਸੁਚੇਤ ਕੀਤਾ ਉਥੇ ਇਹ ਅਵਾਜ਼ ਵੀ ਪਹਿਲੀ ਵਾਰੀ ਉਠਾਈ ਕਿ ਔਰਤ ਨਾ ਨਿੰਦਨੀ ਹੈ ਨਾ ਹੀ ਪੂਜ ਸਗੋਂ ਪ੍ਰਭੂ ਦੇ ਰਾਹ ਟੁਰਨ ਅਤੇ ਪਾਉਣ ਲਈ ਉਸ ਦੇ ਗੁਣ ਧਾਰਨੇ ਹਰ ਢੁੱਡਾਉ ਲਈ ਜ਼ਰੂਰੀ ਹਨ।
ਹਿੰਦੁਸਤਾਨੀ ਸੁਭਾਅ ਵਿਚ 'ਸਖਾ, ਸਖੀ, ਸਿਖ' ਦੇ ਤ੍ਰਿਗੜੇ ਨੂੰ ਮਹੱਤਤਾ ਦਿੱਤੀ ਜਾਂਦੀ ਸੀ। ਸਖਾ-ਭਗਤੀ ਬਹੁਤ ਦੇਰ ਚਲਦੀ ਰਹੀ। ਸੁਦਾਮੇ ਦੀ ਉਦਾਹਰਣ, ਉਧੂ ਦੀ ਮਿਸਾਲ ਜਾਂ ਅਰਜਨ ਤੇ ਕ੍ਰਿਸ਼ਨ ਦੀ ਦੋਸਤੀ ਸਭ ਪ੍ਰਚਾਰਦੇ ਹਨ । ਇਕ ਵਾਰੀ ਕ੍ਰਿਸ਼ਨ ਜੀ ਨੇ ਤਾਂ ਇੱਛਾ ਹੀ ਇਹ ਪ੍ਰਗਟਾਈ ਸੀ ਕਿ ਮੇਰੀ ਤੇ ਅਰਜਨ ਦੀ ਦੋਸਤੀ ਨਿੱਭ ਜਾਵੇ । ਸਖਾ-ਭਗਤੀ ਬਾਅਦ ਜੇ ਹੋਰ ਕਿਸੇ ਦਾ ਹਿੰਦੁਸਤਾਨ ਵਿਚ ਜ਼ੋਰ ਰਿਹਾ ਤਾਂ 'ਸਖੀ' ਤੇ ਹੈ । ਇਸੇ ਸਖੀ-ਭਗਤੀ ਨੇ ਰਾਧਾ ਨੂੰ ਜਨਮ ਦਿਤਾ । ਇਸ਼ਕ ਮਿਜ਼ਾਜੀ ਨੇ ਇਸ਼ਕ ਹਕੀਕੀ ਦੀ ਸ਼ਕਲ ਧਾਰਨ ਕੀਤੀ । ਇਸ ਸਖੀ-ਭਗਤੀ ਨੇ ਹਿੰਦੁਸਤਾਨ ਵਿਚ ਔਰਤ ਦੇ ਪੱਧਰ ਨੂੰ ਇੰਨਾ ਨੀਵਾਂ ਕਰ ਦਿੱਤਾ ਕਿ ਉਹ ਪਹਿਲਾਂ ਮੰਦਰਾਂ ਦਾ ਸ਼ਿੰਗਾਰ ਦੇਵਦਾਸੀ ਦੇ ਰੂਪ ਵਿਚ ਬਣੀ, ਫਿਰ ਦੇਵੀ ਦੇ ਰੂਪ ਵਿਚ ਪ੍ਰਗਟ ਹੋਈ। ਆਤਮਿਕ ਉਚਿਆਈਆਂ ਨਾ ਛੂਹੇ ਜਾਣ ਦਾ ਕਾਰਨ ਇਹ ਕੋਝੀ ਸਖੀ-ਭਗਤੀ ਪ੍ਰਥਾ ਸੀ । ਤੀਸਰਾ ਭਗਤੀ ਦਾ ਰੂਪ 'ਸਿੱਖ-ਚੇਲਾ' ਸੀ । ਸਿੱਖ-ਭਗਤੀ ਵੀ ਐਸੀ ਨੀਵਾਣ ਵੱਲ ਗਈ ਕਿ ਵਿਅਕਤੀ ਦੀ ਆਪਣੀ ਹੋਂਦ ਮੂਲੋਂ ਹੀ ਮੁੱਕ ਗਈ । ਇਥੇ ਮੈਂ ਕਹਿ ਦੇਣਾ ਚਾਹੁੰਦੀ ਹਾਂ ਕਿ ਪਹਿਲੀ ਗ਼ਲਤੀ ਸਾਡੇ ਆਪਣੇ ਧਰਮ ਵਿਚ ਇਹ ਹੋਈ ਕਿ ਸਿੱਖ ਦੇ
ਅਰਥ ਕਿਸੇ ਨੇ ਸ਼ਿਸ਼ ਨਾਲ ਜੋੜ ਦਿਤੇ । ਪਰ ਗੁਰੂ ਸਾਹਿਬ ਨੇ ਸਿੱਖ ਦੇ ਸ਼ਬਦ ਦੇ ਅਰਥ ਢੰਡਾਊ ਕਰਕੇ ਕੀਤੇ ਹਨ। ਅਰਥਾਂ ਦੇ ਅਨਰਥ ਕਰਨ ਵਾਲਿਆਂ ਨੂੰ ਗੁਰੂ ਜੀ ਨੇ ਰੋਕ ਪਾਂਦੇ ਸਮਝਾਇਆ :
ਮੈ ਬਧੀ ਸਚੁ ਧਰਮਸਾਲ ਹੈ।।
ਗੁਰਸਿਖਾ ਲਹਦਾ ਭਾਲਿ ਕੈ ॥
-ਸਿਰੀਰਾਗੁ ਮ: ੫, ਪੰਨਾ ੭੩
ਭਾਵ ਇਹ ਹੈ ਕਿ ਜਿਹੜੇ ਸ਼ਰਧਾਵਾਨ ਢੁਡਾਊ ਹੁੰਦੇ ਹਨ ਉਹ ਵਿਅਕਤੀ ਦੇ ਪਿੱਛੇ ਨਾ ਲੱਗ ਉਸ ਟਿਕਾਣੇ ਦੀ ਭਾਲ ਕਰਦੇ ਹਨ ਜਿਥੇ ਸੱਚ ਦ੍ਰਿੜ੍ਹ ਹੁੰਦਾ ਹੈ। ਇਹ ਹੀ ਕਾਰਨ ਲਗਦਾ ਹੈ ਕਿ ਸਿੱਖ, ਸਖਾ ਤੋ ਸਖੀ ਦੀਆਂ ਨੀਵਾਣਾਂ ਵੱਲ ਜਾਣ ਤੋਂ ਬਚਾਣ ਲਈ ਗੁਰੂ ਪਾਤਸ਼ਾਹ ਨੇ ਇਕ ਨਵਾਂ ਰਾਹ ਦਰਸਾਇਆ ਜਿਸ ਵਿਚ ਇਹ ਕਿਹਾ ਕਿ "ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ"। ਭਾਵੇਂ ਕੋਈ ਮਰਦ ਹੈ ਜਾਂ ਔਰਤ ਉਸ ਨੂੰ ਆਤਮਿਕ ਉਚਾਈ-ਪਰਮਪਦ ਪਾਵਣ ਲਈ ਉਹ ਗੁਣ ਧਾਰਨੇ ਪੈਣਗੇ ਜੋ ਔਰਤ ਵਿਚ ਸੁਭਾਵਿਕ ਹੀ ਵਾਹਿਗੁਰੂ ਨੇ ਪਾਏ ਹਨ। ਉਨ੍ਹਾਂ ਗੁਣਾਂ ਦੀ ਗਿਣਤੀ ਲੰਮੇਰੀ ਹੈ । ਉਸ ਦਾ ਅੰਦਾਜ਼ਾ ਲਗਾਉਣਾ ਕੋਈ ਸਹਿਲਾ ਨਹੀਂ ਪਰ ਫਿਰ ਵੀ ਜਦ ਔਰਤ ਨੂੰ ਬੱਤੀ ਸੁਲੱਖਣੀ ਕਹਿ ਬਾਣੀ ਵਿਚ ਸਤਿਕਾਰਿਆ ਗਿਆ ਹੈ ਤਾਂ ਇਕ ਨਜ਼ਰ ਮਾਰ ਲੈਣੀ ਕੋਈ ਕੁਥਾਂ ਨਹੀਂ ਹੋਵੇਗੀ । ਮਹਾਨ ਕੋਸ਼ ਵਿਚ ਇਸਤਰੀ ਬਾਰੇ 32 ਗੁਣ ਇਸ ਪ੍ਰਕਾਰ ਅੰਕਤ ਹਨ:
1. ਸੁੰਦਰਤਾ, 2. ਸਵੱਛਤਾ, 3. ਲੱਜਾ, 4. ਚਤੁਰਾਈ, 5. ਵਿਦਯਾ, 6. ਪਤੀ-ਭਗਤੀ, 7. ਸੇਵਾ, 8. ਦਯਾ, 9. ਸਤਯ, 10. ਪ੍ਰਿਯਬਾਣੀ, 11. ਪ੍ਰਸੰਨਤਾ, 12. ਨਮ੍ਰਤਾ, 13. ਨਿਸ਼ਕਪਟਤਾ, 14. ਏਕਤਾ, 15. ਧੀਰਜ, 16.ਧਰਮਨਿਆ, 17. ਸੰਯਮ, 18.ਉਦਾਰਤਾ, 19. ਗੰਭੀਰਤਾ, 20. ਉਦਮ, 21. ਸੂਰਵੀਰਤਾ, 22. ਰਾਗ, 23. ਕਾਵਯ, 24. ਚਿਤ੍ਰ, 25. ਔਸ਼ਧ, 26. ਰਸੋਈ, 27. ਸਿਉਣ ਦੀ ਕਲਾ, 28. ਪਰੋਣ ਦੀ ਵਿਦਿਯਾ, 29. ਘਰ ਦੀਆਂ ਵਸਤੂਆਂ ਦਾ ਯਥਾਯੋਗ ਸ਼ਿੰਗਾਰਣਾ, 30. ਬਜ਼ੁਰਗਾਂ ਦਾ ਮਾਣ, 31. ਘਰ ਆਏ ਪਰਾਹੁਣਿਆਂ ਦਾ ਸਨਮਾਨ, 32. ਸੰਤਾਨ ਦਾ ਪਾਲਣ2 ।
....................................................
1. ਵਡਹੰਸ ਕੀ ਵਾਰ ਮ. ੩, ਪੰਨਾ ੫੯੧
2. ਮਹਾਨ ਕੋਸ਼,ਪੰਨਾ 625, ਦੂਜੀ ਛਾਪ (1960), ਭਾਸ਼ਾ ਵਿਭਾਗ, ਪਟਿਆਲਾ।
ਇਨ੍ਹਾਂ ਗੁਣਾਂ ਵਾਲਾ ਹੀ ਆਤਮਿਕ ਜੀਵ ਸੱਚ ਦੇ ਤੱਤ ਨੂੰ ਪਾ ਸਕਦਾ ਹੈ । ਉਸ ਵਿਚ ਫੇਰ ਇੰਨਾ ਆਤਮਿਕ ਬਲ ਆ ਜਾਂਦਾ ਹੈ ਕਿ ਉਹ ਨਿੱਕੇ ਵੱਡੇ ਨੂੰ ਮਾਰਗ ਦਿਖਾ ਸਕਦਾ ਹੈ।
ਔਰਤ ਨੂੰ ਜਿਸਮ ਜਾਂ ਆਕਾਰ ਦੇ ਰੂਪ ਵਿਚ ਗੁਰੂ ਸਾਹਿਬਾਨ ਨੇ ਬਿਲਕੁਲ ਹੀ ਨਹੀਂ ਡਿੱਠਾ । ਸਿਰਫ਼ ਗੁਣ ਰੂਪ ਵਿਚ ਹੀ ਦੇਖਿਆ ਹੈ। ਪਹਿਲਾਂ ਤਾਂ ਉਨ੍ਹਾਂ ਗ਼ਲਤ ਖ਼ਿਆਲਾਂ ਤੇ ਚੋਟ ਮਾਰੀ ਹੈ ਜੋ ਕਹਿੰਦੇ ਨਹੀਂ ਸੀ ਥੱਕਦੇ ਕਿ ਇਸਤਰੀ ਮੋਖ ਨੂੰ ਪਾ ਨਹੀਂ ਸਕਦੀ । ਜੋ ਇਹ ਕਹਿੰਦੇ ਸਨ ਕਿ ਔਰਤ ਨੂੰ ਹਰ ਸਮੇਂ ਕਦੇ ਪਿਤਾ ਫਿਰ ਪਤੀ ਤੇ ਪਿਛੋਂ ਪੁੱਤਰ ਦੀ ਸੁਰੱਖਿਆ ਦੀ ਲੋੜ ਹੈ, ਉਨ੍ਹਾਂ ਨੂੰ ਸਮਝਾਇਆ ਕਿ ਇਸਤਰੀ ਆਪਣੇ ਆਪ ਵਿਚ ਸੰਪੂਰਨ ਹੈ। ਇਹ ਦੇਵਰ-ਜੇਠ ਦੋਨਾਂ ਨੂੰ ਮਤ ਦੇਣ ਜੋਗੀ ਹੈ। ਜ਼ਿਮਰ ਨੇ ਫਿਲਾਸਫੀਜ਼ ਆਫ਼ ਇੰਡੀਆ ਦੇ ਪੰਨਾ 222/223 ਤੇ ਲਿਖਿਆ ਹੈ 'ਦਿਗੰਬਰ ਜੈਨੀ ਇਹ ਖੁਲ੍ਹੇ ਤੌਰ ਤੇ ਪਰਚਾਰ ਕਰਦੇ ਹਨ ਕਿ ਇਸਤਰੀ ਕੈਵਲਯ (ਰੂਪ ਪ੍ਰਭੂ ਨਾਲ ਇਕ-ਮਿਕ) ਹੋ ਹੀ ਨਹੀਂ ਸਕਦੀ । ਉਸ ਨੂੰ ਮੁੜ ਕੇ ਜਨਮ ਲੈਣਾ ਪਵੇਗਾ ਤਾਂ ਕਿਧਰੇ ਜਾ ਪ੍ਰਭੂ ਨੂੰ ਪਾ ਸਕਣ ਜੋਗ ਹੋ ਸਕੇਗੀ ।'
ਯੂਨਾਨ ਦਾ ਫਿਲਾਸਫਰ ਅਰਸਤੂ ਔਰਤ ਨੂੰ ਇਕ ਨਾ-ਮੁਕੰਮਲ ਸ਼ੈਅ ਆਖਦਾ ਹੈ। ਜਿੱਥੇ ਕੁਦਰਤ ਪੁਰਸ਼ ਨੂੰ ਬਣਾਉਣ ਵਿਚ ਉੱਕ ਗਈ ਉਥੇ ਇਸਤਰੀ ਨੇ ਜਨਮ ਲੈ ਲਿਆ ।
ਗਿਟੇ ਵਰਗੇ ਜਰਮਨ ਸੋਚਵਾਨ ਨੇ ਬੜੇ ਜ਼ੋਰ ਨਾਲ ਇਹ ਗੱਲ ਸਾਬਤ ਕਰਨ ਦਾ ਦਾਅਵਾ ਕੀਤਾ ਕਿ ਇਸਤਰੀ ਵਿਚ ਰੂਹ ਹੀ ਨਹੀਂ ਹੁੰਦੀ ।
ਇੰਗਲਿਸਤਾਨ ਦੇ ਸੋਚਵਾਨ ਵੀ ਇਸਤਰੀ ਬਾਰੇ ਆਪਣੇ ਵਿਚਾਰ ਦੇਣ ਤੋਂ ਪਿਛੇ ਨਾ ਰਹੇ । ਚੈਸਟਰਫ਼ੀਲਡ ਦੀ ਸਮਝ ਵਿਚ ਔਰਤਾਂ ਬਾਬਤ ਇਹ ਗੱਲ ਆਈ ਹੈ ਕਿ ਇਸਤਰੀ ਦਾ ਹੋਣਾ ਕੁਦਰਤ ਦੀ ਇਕ ਮਜ਼ੇਦਾਰ ਗਲਤੀ (Agreeable Blunder) ਹੈ । ਕੁਝ ਕੁ ਦਾ ਮਤ ਹੈ ਕਿ ਇਸਤਰੀ ਆਧੀ- ਅਧੂਰੀ ਹੈ । ਇਸਲਾਮ ਵਿਚ ਦੋ ਔਰਤਾਂ ਦੀ ਗਵਾਹੀ ਇਕ ਤੁੱਲ ਹੈ। ਔਰਤ ਦਾ ਵਿਕਾਸ ਹੋ ਹੀ ਨਹੀਂ ਸਕਿਆ।
ਬੁੱਧ ਧਰਮ ਵਿਚ ਨਾਰੀ ਭਿਖਸ਼ੂ ਨਰ ਭਿਖਸ਼ੂ ਨਾਲੋਂ ਉਚੇਰੀ ਸਮਝੀ ਜਾਂਦੀ ਹੈ।1
..................................
1. ਜਰਨਲ ਆਫ਼ ਸਿੱਖ ਸਟੱਡੀਜ਼ (ਅੰਗ੍ਰੇਜ਼ੀ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, Vol. VII.
ਇਥੋਂ ਤਕ ਲਿਖਿਆ ਹੈ ਕਿ ਜੇ ਔਰਤ ਨਦੀ ਵਿਚ ਗੋਤੇ ਖਾ ਰਹੀ ਹੈ ਤਾਂ ਨਰ ਭਿਖਸ਼ੂ ਉਸ ਨੂੰ ਬਚਾਉਣ ਦਾ ਹੀਲਾ ਤਕ ਨਾ ਕਰੇ ਭਾਵੇਂ ਗੋਤੇ ਖਾਂਦੀ ਉਸ ਦੀ ਮੌਤ ਹੀ ਕਿਉਂ ਨਾ ਹੋ ਜਾਵੇ।1
ਰਾਮਾਨੁਜ ਸ਼ੰਕਰਦੇਵ ਇਸਤਰੀ ਨੂੰ ਵੈਸ਼ਨਵ ਧਰਮ ਵਿਚ ਦਾਖ਼ਲ ਹੀ ਨਹੀਂ ਸਨ ਕਰਦੇ । ਹੋਰ ਕੀ ਕਹਿੰਦੇ ਹੋ ਔਰਤ ਦੁਨੀਆਂ ਭਰ ਦੀ ਭੱਦੀ ਸ਼ੈਅ ਹੈ। ਉਸ ਦੀ ਤੱਕਣੀ ਰਿਸ਼ੀ ਤੱਕ ਦਾ ਦਿਲ ਮਚਲਾ ਦੇਂਦੀ ਹੈ ।2 ਅਬਾਦਤ ਨਸ਼ਟ ਕਰ ਦੇਂਦੀ ਹੈ। ਈਸਾਈਆਂ ਵਿਚ ਤਾਂ ਹੁਣ ਤਕ 'ਪਾਦਰੀ' ਨਹੀਂ ਹੋ ਸਕਦੀ ।
ਗੁਰੂ ਨਾਨਕ ਦੇਵ ਜੀ ਨੇ ਐਸਿਆਂ ਨੂੰ ਕਿਹਾ: ਭਲੇ ਲੋਕ। ਇਹ ਤਾਂ ਦੱਸੋ ਕਿ ਤੁਸੀਂ ਰਾਜੇ ਨੂੰ ਤਾਂ ਨਹਿਕਲੰਕੀ ਪਰ ਰਾਜੇ ਦੀ ਜਨਨੀ ਨੂੰ ਕਲੰਕਣੀ । ਇਹ ਦੋਹਰਾ ਮਾਪ ਤੁਹਾਡੀ ਮਲੀਨ ਸੋਚਣੀ ਕਰਕੇ ਬਣਿਆ ਹੈ।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ ॥
-ਆਸਾ ਦੀ ਵਾਰ, ਪੰਨਾ ੪੭੩
ਗੁਰੂ ਗ੍ਰੰਥ ਸਾਹਿਬ ਪੜ੍ਹਨ ਵਾਲਾ ਕਦੀ ਉਨਾਂ ਸੰਬੋਧਨਾਂ ਨੂੰ ਪੜ੍ਹੇ ਜੋ ਗੁਰੂ ਸਾਹਿਬਾਨ ਨੇ ਔਰਤ ਨੂੰ ਉਚਿਆਣ ਵਾਸਤੇ ਕਹੇ ਤਾਂ ਸਿੱਖ ਘਰ ਵਿਚ ਪਦਵੀ ਦਾ ਪਤਾ ਲਗ ਜਾਵੇਗਾ। ਭਗਤ ਨਾਮਦੇਵ ਦਾ ਆਪਣੀ ਪਤਨੀ ਨੂੰ 'ਘਰ ਗੀਹਿਨ' ਕਹਿਣਾ, ਗੁਰੂ ਨਾਨਕ ਸਾਹਿਬ ਦਾ 'ਪਾਰਜਾਤ ਘਰ ਆਂਗਨ ਮੇਰੇ’ ਬੁਲਾਉਣਾ, ਬਲਵੰਡ ਜੀ ਦਾ 'ਰਾਮਕਲੀ ਦੀ ਵਾਰ' ਵਿਚ ਮਾਤਾ ਖੀਵੀ ਨੂੰ 'ਨੇਕ ਜਨ' ਆਖਣਾ ਏਸ ਪਾਸੇ ਦੀਆਂ ਖ਼ਾਸ ਉਦਾਹਰਣਾਂ ਹਨ। ਜਿਸ ਵੇਲੇ ਔਰਤ ਆਪਣੇ ਦਰਜੇ ਤੋਂ ਹੇਠਾਂ ਡਿੱਗਦੀ ਹੈ ਤਾਂ ਉਸ ਵੇਲੇ ਦੇ ਕੀਤੇ ਸੰਬੋਧਨ ਵੀ ਦਸਦੇ ਹਨ ਕਿ ਗੁਰੂ ਮਹਾਰਾਜ ਇਸ ਨੂੰ ਉੱਚੇ ਦਰਜੇ ਤੋਂ ਡਿੱਗਾ ਦੇਖ ਕਿਤਨੇ ਪ੍ਰੇਸ਼ਾਨ ਹੁੰਦੇ ਹਨ । ਕੁਚੱਜੀ, ਗਰਬ ਗਹੇਲੜੀ, ਮੁਈਏ, ਹਰਣਾਖੀਏ ਤੇ ਦੁਹਾਗਣ ਇਸ ਪਾਸੇ ਦੇ ਕੁਝ ਕੁ ਸੰਕੇਤ ਹਨ । ਇਕ ਥਾਂ ਤਾਂ ਕਹਿੰਦੇ ਹਨ ਕਿ ਮੇਰੇ ਕੋਲੋਂ ਇਹ ਬਰਦਾਸ਼ਤ ਨਹੀਂ ਹੁੰਦਾ ਕਿ ਕੋਈ ਨਾਰ ਕੁਨਾਰ ਬਣੇ, ਔਰਤ ਹੋ ਕੇ ਅਣ-ਔਰਤਾਂ (Un-woman like) ਵਾਲੇ ਕੰਮ ਕਰੋ।
...................................
1. ਜਰਨਲ ਆਫ ਸਿੱਖ ਸਟੱਡੀਜ਼ (ਅੰਗ੍ਰੇਜ਼ੀ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, Vol. VIL
2. ਐਨ.ਕੇ. ਜੈਨ, ਸਿੱਖ ਗੁਰੂਜ਼ ਐਂਡ ਇੰਡੀਅਨ ਸਪਿਰਚੂਅਲ ਥਾਟ (ਅੰਗ੍ਰੇਜ਼ੀ), (ਸੰਪਾ.) ਤਾਰਨ ਸਿੰਘ, ਪੰਨਾ 168.
ਪਦਵੀ ਮਿਥਣ ਵੇਲੇ ਇਕ ਗੱਲ ਦਾ ਹੋਰ ਚੇਤਾ ਰਖਣਾ ਪਵੇਗਾ ਕਿ ਸਾਰੇ ਸਮਾਜਿਕ ਰਿਸ਼ਤਿਆਂ ਦਾ ਸਰੋਤ ਗੁਰੂ ਨਾਨਕ ਸਾਹਿਬ ਔਰਤ ਨੂੰ ਹੀ ਮੰਨਦੇ ਹਨ । ਬੜੇ ਧਿਆਨ ਨਾਲ ਆਸਾ ਦੀ ਵਾਰ ਦੀ ਉਹ ਪਉੜੀ ਪੜ੍ਹਨ ਵਾਲੀ ਹੈ ਜਿਸ ਵਿਚ ਫ਼ਰਮਾਉਂਦੇ ਹਨ ਕਿ ਇਸੇ (ਔਰਤ) ਭਾਂਡੇ ਤੋਂ ਉਪਜਿਆ ਮਰਦ, ਇਸ ਭਾਂਡੇ ਵਿਚ ਹੀ ਨਿੰਮਿਆ, ਮਰਦ ਨਾਲ ਇਸੇ ਦੀ ਮੰਗਣੀ ਹੋਈ ਤੇ ਫਿਰ ਵਿਆਹ ਹੋਇਆ, ਸਮਾਜ ਵਿਚ ਵਿਚਰਨ ਦਾ ਵੱਲ ਇਸੇ ਨੇ ਸਿਖਾਇਆ ਤੇ ਨਵੀਂ ਪੀੜ੍ਹੀ ਨੇ ਇਸ ਤੋਂ ਹੀ ਸਿੱਖਿਆ ਲਈ। ਔਰਤ ਕਰਕੇ ਹੀ ਤਾਂ ਮਰਦ ਸੰਜਮਧਾਰੀ (Disciplined) ਹੁੰਦਾ ਹੈ। ਕਿਉਂ ਨਿੰਦਦੇ ਹੋ ਉਸ ਨੂੰ ਜਿਸ ਤੋਂ ਉਹ ਰਾਜਾ ਪੈਦਾ ਹੋਇਆ ਜਿਸ ਨੂੰ ਤੁਸੀਂ ਨਹਿਕਲੰਕੀ ਕਹਿੰਦੇ ਹੋ।
ਭੰਡਿ ਜੰਮੀਐ, ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ ॥
-ਆਸਾ ਦੀ ਵਾਰ, ਪੰਨਾ ੪੭੩
ਸ਼ਾਇਦ ਇਸੇ ਲਈ ਉਹ ਜਦ ਔਰਤ ਨੂੰ ਅਣ-ਔਰਤ, ਕੁਚੱਜੀ, ਕੁਨਾਰ ਜਾਂ ਦੁਹਾਗਣੀ ਕਰਮ ਕਰਦੇ ਹੋਏ ਦੇਖਦੇ ਹਨ ਤਾਂ ਬੜੇ ਹੀ ਚਿੰਤਾਤੁਰ ਹੋ ਜਾਂਦੇ ਹਨ। ਉਸ ਵੇਲੇ ਉਸ ਨੂੰ ਔਰਤ ਨਹੀਂ ਕਹਿੰਦੇ, ਰੰਨ ਕਹਿੰਦੇ ਹਨ, ਕਿਉਂਕਿ ਔਰਤ ਤਾਂ ਉਹ ਹੈ ਜਿਸ ਵਿਚ ਚੱਜ ਹੈ, ਅਚਾਰ ਹੈ, ਸੋਚ ਹੈ, ਆਤਮਿਕ ਹੁਲਾਰਾ ਦੇਣ ਦੀ ਸ਼ਕਤੀ ਹੈ, ਸੂਖਮ ਹੈ, ਪਕੜ ਨਹੀਂ, ਪਦਾਰਥਾਂ ਦਾ ਧਿਆਨ ਨਹੀਂ, ਪਦਾਰਥਵਾਦੀ ਨਹੀਂ । ਜੋ ਨਿਰੋਲ ਪਦਾਰਥਾਂ ਵੱਲ ਦੇਖਣ ਲਗ ਪਵੇ ਜਾਂ ਸਿਰਫ਼ ਬੌਧਿਕ ਪੱਧਰ ਤੇ ਹੀ ਰਹਿ ਜਾਵੇ ਤਾਂ ਉਸ ਦੇ ਨੇੜੇ ਰਹਿਣ ਵਾਲਾ ਪੁਰਖ ਸਯਾਦ ਬਣ ਜਾਵੇਗਾ।
ਨਿਰਾ ਸਯਾਦ (ਬੁੱਚੜ) ਨਹੀਂ ਸਗੋਂ ਜਿਨ੍ਹਾਂ ਸਹਾਰੇ ਸਮਾਜ ਖੜਾ ਹੋਇਆ। ਹੈ ਉਹ ਸਾਰਾ ਢਾਂਚਾ ਹੀ ਖੇਰੂੰ ਖੇਰੂੰ ਹੋ ਜਾਵੇਗਾ। ਸੀਲ, ਸੁੱਚ, ਸੰਜਮ ਤੇ ਸੱਚ ਸਾਰੇ ਹੀ ਗ੍ਰਹਿ ਵਿਚੋਂ ਨਿਕਲ ਜਾਣਗੇ ਅਤੇ ਜ਼ਿੰਦਗੀ ਜੀਊਣ ਜੋਗੀ ਨਹੀਂ ਰਵੇਗੀ ।
ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ ॥
ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਆਹਾਜੁ ॥
ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ ।।
-ਸਾਰਗ ਦੀ ਵਾਰ ਮ: ੪, ਸਲੋਕ ਮ: ੧, ਪੰਨਾ ੧੨੪੨-੪੩
ਔਰਤ ਨੂੰ ਗੁਰੂ ਪਾਤਸ਼ਾਹਾਂ ਨੇ ਜਿਸ ਵੇਲੇ ਮਾਂ, ਭੈਣ, ਪਤਨੀ, ਧੀ ਦੇ ਰਿਸ਼ਤਿਆਂ ਵਿਚ ਵੇਖਿਆ ਹੈ ਤਦ ਵੀ ਇਸ ਨੂੰ ਕਿਸੇ ਤੇ ਨਿਰਭਰ ਹੋ ਕੇ ਨਹੀਂ ਸਗੋਂ ਆਪਣਾ ਨਿਵੇਕਲਾ ਸਟੇਟਸ ਦਰਸਾਇਆ ਹੈ ।
ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿਚ ਸਾਖੀ ਹੈ ਕਿ ਜਦ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਤਾਂ ਮਾਤਾ ਗੰਗਾ ਨੇ ਅਸੀਸ ਦੇਂਦੇ ਗੁਰੂ ਹਰਿਗੋਬਿੰਦ ਜੀ ਨੂੰ ਕਿਹਾ : ਜੋੜੀ ਰਲੇ । ਤਾਂ ਉਸ ਵੇਲੇ ਮੀਰੀ ਪੀਰੀ ਦੇ ਮਾਲਕ ਨੇ ਕਿਹਾ, ਮਾਂ ਬੇਟੇ ਤਾਂ ਪੰਜ ਹੋਣਗੇ ਪਰ ਅਸੀਸ ਦੇਣੀ ਤਾਂ ਇਹ ਦਿਓ ਕਿ-
ਸੀਲ ਖਾਨ ਕੰਨਿਆ ਇਕ ਹੋਵੈ।
ਨਹੀਂ ਤੋਂ ਮਾਂ ਗ੍ਰਹਿਸਤ ਵਿਗੋਵੈ।
ਇਥੋਂ ਇਹ ਪ੍ਰਤੀਤ ਹੋਇਆ ਕਿ ਧੀ ਲੜਕੀ ਦਾ ਰੋਲ ਸਾਡੇ ਘਰ ਕੀ ਹੈ । ਜਿਸ ਘਰ ਬੱਚੀ ਨਹੀਂ, ਉਥੇ ਨਾ ਕਲਚਰ ਹੈ ਨਾ ਸਭਯਤਾ । ਸੁਹਜ ਸਵਾਦ (Aesthetic Sense) ਤਾਂ ਹੋ ਹੀ ਨਹੀਂ ਸਕਦਾ। ਖਊ ਖਊ ਕਰਦਾ ਰਵੇਗਾ ਸਮੁੱਚਾ ਘਰ । ਨਜ਼ਰ ਹੀ ਗਿੱਧ (Vulture) ਵਾਲੀ ਹੋ ਜਾਵੇਗੀ । ਪਰ ਬੇਟੀ ਬਾਬਲ ਦੇ ਘਰ ਜੋ ਖੁਲ੍ਹ ਮਹਿਸੂਸ ਕਰਦੀ ਹੈ ਉਸ ਦਾ ਵੀ ਕੋਈ ਅੰਤ ਨਹੀਂ।
ਬਾਬੁਲ ਕੈ ਘਰਿ ਬੇਟੜੀ, ਬਾਲੀ ਬਾਲੈ ਨੇਹਿ ।।
-ਰਾਮਕਲੀ ਮ: ੧ ਦਖਣੀ ਓਅੰਕਾਰੁ, ਪੰਨਾ ੯੩੫
ਗੁਰਬਾਣੀ ਵਿਚ 'ਮਤਿ ਮਾਤਾ, ਪਿਤਾ ਸੰਤੋਖ' ਕਹੇ ਜਾਣ ਦਾ ਭਾਵ ਵੀ ਇਹ ਹੀ ਸੀ ਕਿ ਸਿੱਖਿਆ-ਦਾਤੀ ਕੇਵਲ ਮਾਂ ਹੀ ਹੋ ਸਕਦੀ ਹੈ। ਜੇ ਬਾਪ ਦਖ਼ਲ ਦੇਣ ਲਗ ਪਿਆ, ਟੋਕਣ-ਰੋਕਣ ਲਗ ਪਿਆ ਅਤੇ ਖ਼ਾਸ ਕਰ ਜਦ ਮਾਂ ਸਮਝਾ ਰਹੀ ਹੋਵੇ ਤਾਂ ਵਿਚੋਂ ਬੋਲਣ ਲਗ ਪਿਆ ਤਾਂ ਵੀ ਬੱਚੇ ਦੀ ਘਾੜਤ ਨਹੀਂ ਘੜੀ ਜਾ ਸਕੇਗੀ । ਪਿਤਾ ਨੇ ਸੰਤੋਖ ਰੱਖਣਾ ਹੈ । ਮਾਤਾ ਤਾਂ 'ਧਰਤ ਮਹਤ' ਹੈ—ਜਿਵੇਂ ਧਰਤੀ ਦੇਂਦੀ ਥੱਕਦੀ ਨਹੀਂ; ਖਿਮਾਸ਼ੀਲ ਹੈ, ਤਿਵੇਂ ਮਾਂ ਕੋਲੋਂ ਸਭ ਕੁਝ ਲਿਆ ਜਾ ਸਕਦਾ ਹੈ ਜੇ ਮਾਂ ਦਾ ਸਤਿਕਾਰ ਕੀਤਾ ਹੈ। ਮਾਂ ਨੂੰ ਹੀ ਸਮਝ ਹੈ ਕਿ ਕਿਹੜੀ ਬਾਤ ਕਿਸ ਵੇਲੇ ਕਹਿਣੀ ਹੈ। ਮਾਂ ਦੀ ਤਾਂ ਅਸੀਸ ਵਿਚ ਜਿਥੇ ਭਾਵਨਾ ਹੈ ਉਥੇ ਭਾਵ ਵੀ ਹੈ। ਉਹ ਅਸੀਸ ਪੜ੍ਹਨ ਨਾਲ ਸੰਬੰਧ ਰੱਖਦੀ ਹੈ ਜੋ ਮਾਤਾ ਭਾਨੀ ਨੇ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ :
ਪੂਤਾ ਮਾਤਾ ਕੀ ਆਸੀਸ।।
ਨਿਮਖ ਨ ਬਿਸਰਉ ਤੁਮ੍ ਕਉ ਹਰਿ ਹਰਿ ਸਦਾ ਭਜਹੁ ਜਗਦੀਸ ॥ਰਹਾਉ॥
-ਗੂਜਰੀ ਮ: ੫, ਪੰਨਾ ੪੯੬
ਇਸੇ ਤਰ੍ਹਾਂ ਜਦ ਭੈਣ ਦੇ ਰੂਪ ਵਿਚ ਤੱਕਿਆ ਹੈ ਤਾਂ ਉਸ ਨੂੰ ਬਿਰਹੋਂ ਰੂਪ ਵਿਚ ਪ੍ਰਗਟਾਇਆ ਹੈ।
ਕਿਤਨੀ ਖਿੱਚ ਹੁੰਦੀ ਹੈ ਭੈਣ ਦੀ ਭਰਾ ਲਈ । ਉਹ ਗੁਰੂ ਨਾਨਕ ਸਾਹਿਬ ਦੀ ਇਸ ਤੁੱਕ ਤੋਂ ਪ੍ਰਗਟ ਹੈ ਜਿਸ ਵਿਚ ਆਤਮਾ ਤੇ ਬਦਨ ਦੇ ਰਿਸ਼ਤੇ ਨੂੰ ਭੈਣ ਭਰਾ ਦੇ ਨਾਤੇ ਨਾਲ ਪ੍ਰਗਟਾਂਦੇ ਹਨ। ਕਹਿੰਦੇ ਹਨ ਕਿ ਜਦ ਆਤਮਾ ਵੀਰ ਉੱਡ ਜਾਂਦੀ ਹੈ ਤਾਂ ਦੇਹੀ, ਵੀਰਾ ਵੀਰਾ ਪੁਕਾਰਦੀ ਹੈ ਕਿਉਂਕਿ ਵੀਰ ਉਸ ਅੰਦਰ ਵਸਦਾ ਸੀ । ਇਤਨੀ ਚੋਟ ਲਗਦੀ ਸੂ ਕਿ ਦੇਹੀ ਉਤਨੀ ਦੇਰ ਤੱਕ ਅਰਾਮ ਮਹਿਸੂਸ ਨਹੀਂ ਕਰਦੀ ਜਦ ਤੱਕ ਉਸ ਨੂੰ ਜਲਾ-ਦਫ਼ਨਾ-ਸਾੜ ਨਾ ਦਿੱਤਾ ਜਾਵੇ :
ਬੀਰਾ ਬੀਰਾ ਕਰ ਰਹੀ ਬੀਰ ਭਏ ਬੈਰਾਇ ॥
ਬੀਰ ਚਲੇ ਘਰ ਆਪਣੇ, ਬਹਿਣ ਬਿਰਹਿ ਜਲਿ ਜਾਇ ॥
-ਰਾਮਕਲੀ ਮ: ੧ ਦਖਣੀ ਓਅੰਕਾਰ, ਪੰਨਾ ੯੩੫
ਪਤਨੀ ਦੀ ਪਦਵੀ ਸਿੱਖ ਘਰ ਵਿਚ ਦਰਸਾਂਦੇ ਗੁਰੂ ਜੀ ਕਹਿੰਦੇ ਹਨ। ਕਿ ਉਹ ਪੁਰਸ਼ ਕਾਮ ਦਾ ਮਾਰਿਆ ਭੂਛ ਹੈ (Sex Ridden) ਜੋ ਆਪਣੀ ਪਤਨੀ ਛੱਡ ਬਹੁਨਾਰੀ ਵੱਲ ਝਾਕਦਾ ਹੈ। 'ਏਕ ਨਾਰੀ ਜਤੀ' ਨਾ ਹੋਣ ਦੇ ਹੀ ਇਤਨੇ ਭਿਆਨਕ ਸਿੱਟੇ ਏਡਜ਼ (AIDS) ਦੇ ਮਾਰੂ ਰੋਗ ਵਜੋਂ ਨਿਕਲੇ ਹਨ।
ਕਿਆ ਗਾਲਾਇਓ ਭੂਛ, ਪਰਵੇਲਿ ਨਾ ਜੋਹੇ, ਕੰਤ ਤੂੰ ॥
ਨਾਨਕ ਫੁਲਾ ਸੰਦੀ ਵਾੜਿ ਖਿੜਿਆ ਹਭੁ ਸੰਸਾਰੁ ਜਿਉ ॥
-ਮਾਰੂ ਵਾਰ ਮ: ੫ ਡਖਣੇ, ਪੰਨਾ ੧੦੯੫
ਗੁਰੂ ਜੀ ਨੇ ਵਰਜਿਆ ਕਿ ਐਸ਼ ਵਾਲਾ ਜੀਵਨ ਨਹੀਂ ਗੁਜ਼ਾਰਨਾ । ਗਿਣਤੀਆਂ, ਕਪੜੇ ਲਤੇ, ਪਦਾਰਥ ਇਕੱਠੇ ਕਰਨੇ ਨਾਰੀ ਜੀਵਨ ਨਹੀਂ ਹੈ। ਜਗਤ ਜਾਂ ਨਾਰੀ ਤੋਂ ਭਜਦਾ ਸੀ ਜਾਂ ਨਾਰੀ ਪਿੱਛੇ । ਸੋ ਗੁਰੂ ਪਾਤਸ਼ਾਹਾਂ ਨੇ ਨਵਾਂ ਰਾਹ ਦਰਸਾਇਆ ਕਿ ਔਰਤ ਕਿਸੇ ਪੱਖੋਂ ਨੀਵੀਂ ਨਹੀਂ, ਬਰਾਬਰ ਦੀ ਭਾਈਵਾਲ ਹੈ। ਜੇ ਇਤਨੀ ਵੱਡੀ ਪਦਵੀ ਉਸ ਨੂੰ ਗੁਰੂ ਸਾਹਿਬ ਨੇ ਦਿੱਤੀ
ਤਾਂ ਸਿੱਖ ਘਰ ਵਿਚ ਆਪਣਾ ਰੋਲ ਨਿਭਾਣ ਵਿਚ ਵੀ ਔਰਤ ਨੇ ਢਿਲ ਸੰਕੋਚ ਨਹੀਂ ਕੀਤਾ।
ਪਹਿਲਾਂ ਮਾਤਾ ਤ੍ਰਿਪਤਾ ਵੱਲ ਹੀ ਦੇਖੋ । ਗੁਰੂ ਨਾਨਕ ਵਰਗੇ ਪੈਗ਼ੰਬਰ ਨੂੰ ਉਸ ਕੁੱਖ ਵਿਚ ਪਾ ਜੋ ਅਨੁਭਵ ਕੀਤਾ ਉਸ ਦਾ ਅੰਦਾਜ਼ਾ ਕੋਈ ਦੂਜਾ ਲਗਾ ਨਹੀਂ ਸਕਦਾ । ਜਿਤਨੇ ਵੀ ਪੈਗ਼ੰਬਰ ਇਸ ਧਰਤੀ ਤੇ ਆਏ ਸੁਣੀਦੇ ਹਨ ਉਨ੍ਹਾਂ ਦੀਆਂ ਮਾਵਾਂ ਇਸ ਖ਼ੁਸ਼ੀ ਤੋਂ ਵਾਂਝੀਆਂ ਹੀ ਰਹੀਆਂ। ਮਾਤਾ ਦੇਵਕੀ, ਕ੍ਰਿਸ਼ਨ ਜੀ ਦੀ ਜਨਨੀ ਜ਼ਰੂਰ ਸੀ ਪਰ ਕਾਰਾਗ੍ਰਹ ਵਿਚ ਪਏ ਹੋਣ ਕਾਰਨ ਗੋਦ ਦਾ ਸੁਖ ਨਾ ਮਾਣ ਸਕੀ । ਸਿਸਕਦੀ ਤੇ ਤਰਸਦੀ ਰਹੀ । ਮਾਂ-ਪਿਆਰ ਤੋਂ ਕ੍ਰਿਸ਼ਨ ਜੀ ਵਾਂਝੇ ਰਹੇ ਤੇ ਪੁੱਤ-ਪਿਆਰ ਤੋਂ ਮਾਂ । ਹਜ਼ਰਤ ਈਸਾ ਮਰਯਮ ਦੀ ਕੁਆਰੀ ਕੁੱਖ ਵਿਚ ਆਏ । ਜੋ ਤਾਹਨੇ ਮਿਹਣੇ ਮਰਯਮ ਨੂੰ ਸਹਾਰਨੇ ਪਏ ਉਹ ਹੀ ਜਾਣਦੀ ਹੋਵੇਗੀ । ਬੁੱਧ ਦੀ ਮਾਂ ਜਨਮ ਦੇਂਦੇ ਸਾਰ ਹੀ ਚੜ੍ਹਾਈ ਕਰ ਗਈ । ਮਾਸੀ ਕੋਲ ਪਲੇ । ਉਹ ਵਿਚਾਰੀ ਤਾਂ ਸਿਰਫ਼ ਸੁਪਨਿਆਂ ਦਾ ਸੁਆਦ ਹੀ ਲੈਂਦੀ ਰਹੀ । ਮਹਾਂਵੀਰ ਜੀ ਦੀ ਮਾਂ ਤ੍ਰਿਸੂਲਾ ਨੂੰ ਚੌਦਾਂ ਸੁਪਨੇ ਆਏ । ਹਰ ਸੁਪਨਾ ਆਉਣ ਤੇ ਤ੍ਰਿਸੁਲਾ ਨੂੰ ਕਾਂਬਾ ਛਿੜ ਜਾਂਦਾ ਸੀ । ਸੁਪਨਿਆਂ ਦਾ ਵੇਰਵਾ ਦੇਂਦੀ ਡਰ ਜਾਂਦੀ ਸੀ । ਕਦੀ ਸਫ਼ੈਦ ਹਾਥੀ, ਕਦੇ ਚਿੱਟਾ ਦੰਦ, ਕਦੇ ਲਕਸ਼ਮੀ ਦੇਵੀ, ਕਦੇ ਫੁੱਲਾਂ ਦਾ ਹਾਰ ਗੱਲ ਪੈਂਦਾ ਦਿੱਸੇ ਸੂ । ਕਦੇ ਚੰਨ ਚੜ੍ਹੇ, ਕਦੇ ਸੂਰਜ ਤਾਰੇ, ਕਦੇ ਝੰਡਾ ਝੂਲੇ, ਕਦੇ ਕਲਸ ਚਮਕੇ, ਕਦੇ ਸਰੋਵਰ ਕੰਵਲ ਫੁੱਲਾਂ ਨਾਲ ਭਰਿਆ ਦਿਸੇ, ਕਦੇ ਡੂੰਘੇ ਸਾਗਰਾਂ ਦੀਆਂ ਛੱਲਾਂ ਦਿੱਸਣ, ਕਦੇ ਜਹਾਜ਼ ਉੱਡਦੇ ਨਜ਼ਰੀਂ ਆਉਣ, ਕਦੇ ਰਤਨਾਂ ਦਾ ਖ਼ਜ਼ਾਨਾ ਖਿਲਰਿਆ ਅਤੇ ਅਗਰਬਤੀਆਂ ਦੀ ਖ਼ੁਸ਼ਬੂ ਬਗੈਰ ਧੂੰਏ ਤੋਂ ਮਿਲਦੀ ਮਹਿਸੂਸ ਕਰੇ । ਪਰ ਧੰਨ ਮਾਤਾ ਤ੍ਰਿਪਤਾ ਸੀ । ਨਾਰਾਇਣ ਕਲਾਧਾਰ ਨੂੰ ਕੁੱਖ ਵਿਚ ਪਾ ਕੇ ਸਮਿਚੀ ਰਹੀ । ਪ੍ਰਭੂ ਨੂੰ ਯਾਦ ਕਰਦੀ ਰਹਿੰਦੀ । ਕੋਈ ਮਾਂ ਵੀ ਏਨੀ ਵੱਡੇ ਹਿਰਦੇ ਵਾਲੀ ਨਹੀਂ ਸੀ, ਜੋ ਇਨ੍ਹਾਂ ਮਹਾਨ ਆਤਮਾਵਾਂ ਨੂੰ ਸਧਾਰਨ ਤਰੀਕੇ ਨਾਲ ਪਾਲ ਸਕੀ ਹੋਵੇ । ਕੇਵਲ ਤ੍ਰਿਪਤਾ ਹੀ ਐਸੀ ਮਾਤਾ ਸੀ ਜਿਸ ਜਨਮ ਦੇ ਕੇ ਬੱਚੇ ਦੀ ਖ਼ੁਸ਼ੀ ਵੀ ਮਾਣੀ, ਪਾਲਿਆ ਵੀ, ਪੋਸਿਆ ਵੀ ਅਤੇ ਲਾਡ ਵੀ ਲਡਾਏ । ਮਾਤਾ ਤ੍ਰਿਪਤਾ ਨੇ ਸਾਨੂੰ ਦਰਸਾ ਦਿਤਾ ਕਿ ਮਾਤਾ ਦਾ ਕੀ ਰੋਲ ਹੈ, ਜੇ ਘਰ ਗੁਰੂ ਨਾਨਕ ਵਰਗਾ ਬਾਲਕ ਵੀ ਜਨਮੇ । ਅੰਦਾਜ਼ੇ ਲਗਾਉਣੇ ਬੜੇ ਅਸਾਨ ਹਨ ਕਿ ਪਿਤਾ ਦੇ ਕ੍ਰੋਧ ਤੋਂ ਕਿਵੇਂ ਬੁੱਕਲ ਵਿਚ ਲੈ ਬਚਾਂਦੇ ਹੋਣਗੇ । ਜੋ ਵਾਰਤਾਲਾਪ ਮਾਂ-ਪੁੱਤ ਦਾ ਅਖ਼ੀਰ ਤੇ ਹੋਇਆ ਉਸ ਦਾ ਵਰਣਨ ਬਹੁਤ ਜ਼ਰੂਰੀ ਹੈ।
ਗੁਰੂ ਨਾਨਕ ਜੀ ਨੇ ਜਦ ਚਰਨੀਂ ਹੱਥ ਲਾਇਆ ਤਾਂ ਮਾਂ ਨੇ ਜੱਫ਼ੀ ਵਿਚ ਲੈ ਲਿਆ । ਸਭ ਪਿਆਸ ਬੁਝ ਗਈ । ਗੁਰੂ ਨਾਨਕ ਜੀ ਨੇ ਕਿਹਾ: ਮਾਂ। ਜਗਤ ਸੁਪਨੇ ਨਿਆਈਂ ਹੈ । ਪਕੜ ਨਹੀਂ ਰੱਖਣੀ । ਭਾਉ ਭਗਤ ਜਿਨ੍ਹਾਂ ਦੇ ਹਿਰਦੇ ਹੈ, ਉਹ ਫਿਰ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ । ਮਾਤਾ ਜੀ ਨੂੰ ਸਹਿਜੇ ਕਿਹਾ : ਮਾਂ! ਜਦ ਗਹਿਣਾ ਖ਼ਰੀਦਣ ਜਾਓ ਤਾਂ ਸੁਨਿਆਰਾ ਸੋਨੇ ਵੱਲ ਧਿਆਨ ਨਹੀਂ ਜਾਣ ਦੇਂਦਾ । ਨਮੂਨੇ, ਘਾੜਤ ਦੀ ਗੱਲ ਕਰਦਾ ਹੈ ਪਰ ਜਦ ਵੇਚਣ ਜਾਓ ਤਾਂ ਕਹਿੰਦਾ ਹੈ ਕਿ ਨਮੂਨੇ ਦਾ ਕਾਹਦਾ ਮੁੱਲ । ਮੁੱਲ ਤਾਂ ਕੇਵਲ ਸੋਨੇ ਦਾ ਹੈ। ਸੋ ਪ੍ਰਭੂ ਦੇ ਦਰ ਕਰਨੀ ਹੀ ਪਰਖੀ ਜਾਣੀ ਹੈ । ਤੁਸਾਂ ਬੜਾ ਸਵੱਛ ਜੀਵਨ ਜੀਵਿਆ ਹੈ।
ਜਿਸ ਉੱਚ ਆਤਮਕ ਅਵਸਥਾ ਨੂੰ ਮਾਤਾ ਜੀ ਪੁੱਜੇ ਹੋਏ ਸਨ ਉਸ ਦੀ ਉਦਾਹਰਣ ਸੂਰਜ ਪ੍ਰਕਾਸ਼ ਨੇ ਦਿਤੀ ਹੈ ਕਿ ਇੰਜ ਪ੍ਰਾਣ ਤਿਆਗੇ ਜਿਵੇਂ ਹਾਥੀ ਫੁੱਲਾਂ ਦੀ ਮਾਲਾ ਸੁੱਟਦਾ ਹੈ। ਅਤਿ ਸੋਖੇ ਸਹਿਜੇ ਜਿਵੇਂ ਜਲ ਵਿਚ ਜਲ ਸਮਾ ਜਾਂਦਾ ਹੈ । ਗੱਲਾਂ-ਬਾਤਾਂ ਕਰਦੇ ਹੀ ਸਮਾ ਗਏ ।
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਆਤਮ ਕਥਾ ਵਿਚ ਲਿਖਿਆ ਹੈ ਕਿ ਤਾਤ ਮਾਤ ਨੇ ਜਿਵੇਂ ਮੈਨੂੰ ਭਾਂਤ-ਭਾਂਤ ਦੀ ਸਿੱਖਿਆ ਅਤੇ ਤਰ੍ਹਾਂ-ਤਰ੍ਹਾਂ ਦੀ ਰੱਖਿਆ ਕੀਤੀ, ਉਹ ਵਰਣਨਯੋਗ ਹੈ। ਇਹ ਇਤਿਹਾਸਕ ਸਚਾਈ ਹੈ ਕਿ ਪਹਿਲੇ ਸੱਤ ਸਾਲ ਨਿਰੋਲ ਉਨ੍ਹਾਂ ਮਾਤਾ ਗੁਜਰੀ ਪਾਸ ਪਟਨਾ ਸਾਹਿਬ ਵਿਚ ਗੁਜ਼ਾਰੇ । ਬੇਬੇ ਨਾਨਕੀ ਦੇ ਰੂਪ ਵਿਚ ਭੈਣ ਦਾ ਰੋਲ ਸਾਡੇ ਘਰ ਉਜਾਗਰ ਹੁੰਦਾ ਹੈ । ਭੈਣ ਜ਼ਰੂਰ ਭਾਵੁਕ ਹੁੰਦੀ ਹੈ ਪਰ ਨਾਲ ਭਾਵਨਾ ਹੋਵੇ, ਅਨੁਭਵ ਹੋਵੇ ਤਾਂ ਕਿਤਨਾ ਕੁਝ ਸੰਵਾਰ ਦੇਂਦੀ ਹੈ, ਉਸ ਦਾ ਅਨੁਮਾਨ ਬੇਬੇ ਨਾਨਕੀ ਦੇ ਕਰਤੱਵ ਤੋਂ ਲਗਾਇਆ ਜਾ ਸਕਦਾ ਹੈ । ਬੇਬੇ ਨਾਨਕੀ ਗੁਰੂ ਨਾਨਕ ਦੇਵ ਜੀ ਨਾਲੋਂ ਉਮਰ ਵਿਚ ਪੰਜ ਸਾਲ ਵੱਡੀ ਸੀ । ਸਭ ਤੋਂ ਪਹਿਲਾਂ ਨਾਨਕੀ ਜੀ ਨੇ ਹੀ ਗੁਰਮਤਿ ਨੂੰ ਜਾਣਿਆ ਅਤੇ ਸਿੱਖੀ ਧਾਰਨ ਕੀਤੀ। ਮਹਾਨ ਕੋਸ਼ ਵਿਚ ਭਾਈ ਕਾਹਨ ਸਿੰਘ ਜੀ, ਬੇਬੇ ਨਾਨਕੀ ਦੇ ਸਿਰਲੇਖ ਹੇਠਾਂ ਲਿਖਦੇ ਹਨ: ਉਹ ਗੁਰੂ ਨਾਨਕ ਦੇਵ ਜੀ ਦੇ ਧਰਮ ਨੂੰ ਧਾਰਨ ਵਾਲੀ ਸਭ ਤੋਂ ਪਹਿਲੀ ਸੀ । ਗੱਲ ਬਿਲਕੁਲ ਠੀਕ ਹੈ । ਬੇਬੇ ਨਾਨਕੀ ਨੇ ਗੁਰੂ ਨਾਨਕ ਜੀ ਨੂੰ ਵੀਰ ਕਰਕੇ ਨਹੀਂ ਪੀਰ ਕਰਕੇ ਜਾਣਿਆ । ਇਤਿਹਾਸਕ ਗਵਾਹੀ ਹੈ ਕਿ ਜਦ ਗੁਰੂ ਨਾਨਕ ਜੀ ਮੋਦੀ ਦਾ ਕੰਮ
...................................
1. ਮਹਾਨ ਕੋਸ਼ ਪੰਨਾ 520, ਛਾਪ ਦੂਜੀ (1960),ਭਾਸ਼ਾ ਵਿਭਾਗ, ਪਟਿਆਲਾ।
ਸੰਭਾਲਣ ਲਈ ਸੁਲਤਾਨਪੁਰ ਗਏ ਤਾਂ ਬੇਬੇ ਜੀ ਪੈਰਾਂ ਤੇ ਢਹਿ ਪਏ । ਗੁਰੂ ਨਾਨਕ ਜੀ ਨੇ ਫ਼ਰਮਾਇਆ: 'ਬੇਬੇ ਜੀ, ਤੂੰ ਵੱਡੀ ਹੈਂ, ਮੈਂ ਤੇਰੇ ਪੈਰਾਂ ਤੇ ਪਵਾਂ ਕਿ ਤੂੰ । ਤਾਂ ਸ਼ਰਧਾ ਵਿਚ ਭਿੱਜੀ ਭੈਣ ਨੇ ਕਿਹਾ ਸੀ: 'ਭਾਈ ਜੀ, ਤੂੰ ਸੱਚ ਆਖਦਾ ਹੈਂ, ਪਰ ਜੇ ਤੂੰ ਆਦਮੀ ਹੋਵੇਂ ਤਾਂ ? ਤੂੰ ਤਾਂ ਮੈਨੂੰ ਪਰਮੇਸ਼ਵਰ ਨਜ਼ਰ ਆਉਂਦਾ ਹੈ ।
ਬੇਬੇ ਨਾਨਕੀ ਨੇ ਮਾਤਾ ਤ੍ਰਿਪਤਾ ਨੂੰ ਵੀ ਕਹਿ ਦਿੱਤਾ ਸੀ ਕਿ ਵੀਰ ਨੂੰ ਪੁੱਤਰ ਕਰਕੇ ਨਾ ਜਾਣੀਂ ਅਤੇ ਪਿਤਾ ਕਾਲੂ ਜੀ ਨੂੰ ਪੂਰੇ ਧੀਆਂ ਵਾਲੇ ਮਾਣ ਨਾਲ ਕਿਹਾ ਸੀ: 'ਨਾਨਕ ਕੋਈ ਇਸ ਜਗਤ ਦਾ ਜੀਵ ਨਹੀਂ, ਫ਼ਕੀਰ ਦੋਸਤ ਹੈ । ਗੁਰੂ ਨਾਨਕ ਦੇਵ ਜੀ ਵੀ ਭੈਣ ਦੇ ਹਰ ਹੁੰਗਾਰੇ ਤੇ ਹਾਂ ਕਰ ਦਿੰਦੇ ਹਨ। ਉਹ ਕਿਹਾ ਕਰਦੇ 'ਬੇਬੇ ਜੀ, ਤੂੰ ਆਖੇਂਗੀ ਸੇ ਮੈਂ ਮੰਨਾਂਗਾ ਤੂੰ ਮੇਰੀ ਵੱਡੀ ਭੈਣ ਹੈਂ ।' ਫਿਰ ਜਦ ਗੁਰੂ ਨਾਨਕ ਦੇਵ ਜੀ ਜਗਤ ਜਲੰਦੇ ਨੂੰ ਠੰਢ ਪਾਉਣ ਸੁਲਤਾਨਪੁਰ ਤੋਂ ਟੁਰੇ ਤਾਂ ਭੈਣ ਨਾਨਕੀ ਜੀ ਕੋਲੋਂ ਇਕ ਰੁਪਿਆ ਲੈ ਕੇ ਫਿਰਦੇ ਪਾਸੋਂ ਰਬਾਬ ਬਣਵਾ ਕੇ ਭਾਈ ਮਰਦਾਨਾ ਜੀ ਨੂੰ ਦਿਤੀ ਤਾਂ ਕਿ ਭੈਣ ਦੀ ਮਿੱਠੀ ਯਾਦ ਸਦਾ ਨਾਲ ਰਹੇ । ਟੁਰਨ ਵੇਲੇ ਗੁਰੂ ਨਾਨਕ ਜੀ ਨੇ ਫ਼ਰਮਾਇਆ ਸੀ, 'ਬੇਬੇ ਜੀ, ਤੁਸੀਂ ਖ਼ਾਤਿਰ ਜਮ੍ਹਾ ਰੱਖੋ, ਜਿਤ ਵੇਲੇ ਤੁਸੀਂ ਯਾਦ ਕਰੋਗੇ ਤਿਰ ਵੇਲੇ ਤੁਸਾਂ ਪਾਸ ਆਇ ਹਾਜ਼ਰ ਹੋਸਾਂ ।' ਬੇਬੇ ਨਾਨਕੀ ਦਾ ਰੋਲ ਉਸ ਵਕਤ ਹੋਰ ਸਪੱਸ਼ਟ ਹੋ ਜਾਂਦਾ ਹੈ ਜਦ ਵੀਰ ਲਈ ਉਸ ਨੂੰ ਕਈ ਮਿਹਣੇ ਤਾਹਨੇ ਵੀ ਸਹਾਰਨੇ ਪੈਂਦੇ ਸਨ ਪਰ ਮਜ਼ਾਲ ਕੀ ਉਨ੍ਹਾਂ ਸਾਹਮਣੇ ਕੋਈ ਗੁਰ-ਨਿੰਦਿਆ ਕਰ ਸਕੇ । ਸੁਲਤਾਨਪੁਰ ਮੋਦੀ ਦਾ ਕੰਮ ਕਰਦੇ ਜਦ ਵੀਰ ਨੂੰ ਕੁਝ ਸਾਲ ਹੋ ਗਏ ਤਾਂ ਇਕ ਵਾਰੀ ਗੁਰੂ ਮਹਾਰਾਜ ਦੀ ਸੱਸ ਬੀਬੀ ਚੰਦੋ ਨੇ ਆ ਕੇ ਖੂਬ ਜਲੀਆਂ-ਕਟੀਆਂ ਸੁਣਾਈਆਂ ਅਤੇ ਉਹ ਇਥੋਂ ਤਕ ਆਖ ਗਈ ਕਿ ਉਸ ਦੀ ਧੀ 'ਸੁਲੱਖਣੀ' ਦਾ ਰਤਾ ਵੀ ਕਪੜੇ ਲੱਤੇ ਦਾ ਖ਼ਿਆਲ ਨਹੀਂ ਰੱਖਿਆ ਜਾਂਦਾ । ਉਹ ਹੀ ਆਪਣੇ ਵੀਰ ਨੂੰ ਸਮਝਾਏ । ਜੋ ਉੱਤਰ ਬੇਬੇ ਨਾਨਕੀ ਨੇ ਚੰਦੋ ਨੂੰ ਦਿੱਤਾ ਉਸ ਤੋਂ ਉਨ੍ਹਾਂ ਦਾ ਵੀਰ-ਪਿਆਰ ਤਾਂ ਡਲ੍ਹਕਾਂ ਮਾਰਦਾ ਹੀ ਹੈ ਪਰ ਨਾਲ ਹੀ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਦੀ ਇਕ ਹੋਰ ਨਿਰਾਲੀ ਤਸਵੀਰ ਉਭਰ ਕੇ ਸਾਹਮਣੇ ਆਉਂਦੀ ਹੈ । ਬੇਬੇ ਨਾਨਕੀ ਜੀ ਨੇ ਕਿਹਾ: 'ਸੁਣ ਮਾਸੀ ਜੀ, ਮੈਂ ਭਿਰਾਓ ਤਾਈਂ ਕੀ ਸਮਝਾਵਾਂ । ਭਿਰਾਓ ਮੇਰਾ ਚੋਰ ਨਹੀਂ, ਯਾਰ ਨਹੀਂ, ਜੁਆਰੀ ਨਹੀਂ, ਕੋਈ ਬੁਰਾ ਕੰਮ ਨਹੀਂ ਕਰਦਾ । ਮੈਂ ਉਸ ਨੂੰ ਕੀ ਸਮਝਾਵਾਂ, ਉਹ ਦਾਨ ਪੁੰਨ ਕਰਦਾ ਹੈ । ਨੰਗੇ ਭੁੱਖੇ ਨੂੰ ਦੇਂਦਾ ਹੈ ਤਾਂ ਆਪਣੀ ਖੱਟੀ ਕਮਾਈ
ਵਿਚੋਂ ਕਰਦਾ ਹੈ। ਮੈਂ ਕੀ ਸਮਝਾਵਾਂ ? ਆਪਣੀ ਕਮਾਈ ਵਿਚੋਂ ਭਾਵੇਂ ਜੋ ਸੋ ਕਰੇ ।
'ਮਾਸੀ, ਤੁਸੀਂ ਉਲ੍ਹਾਮੇ ਤਾਂ ਦੇਵੋ ਜੇ ਤੁਹਾਡੀ ਧੀ ਨੰਗੀ ਭੁੱਖੀ ਰਹਿੰਦੀ ਹੋਵੇ । ਤੁਸੀਂ ਤਾਂ ਆਖੋ। ਸਾਡੇ ਮੂੰਹੋਂ ਸੁਆਦ ਨਹੀਂ ਦੇਂਦਾ । ਅਸੀਂ ਇਸ ਮੂੰਹੋਂ ਕੁਝ ਆਖੀਏ । ਤੂੰ ਸੁਣ ਮਾਸੀ, ਗਹਿਣੇ ਦੀ ਜਾਏ ਗਹਿਣਾ ਹੈ। ਕਪੜੇ ਦੀ ਜਾਏ ਕਪੜਾ ਹੈ । ਅੰਨ ਦੀ ਜਾਏ ਅੰਨ ਹੈ ਅਤੇ ਮੈਂ ਅਸਤਿ ਅਸਤਿ ਕਰਦੀ ਰਹਿੰਦੀ ਹਾਂ ਅਤੇ ਭਾਬੀ ਬਿਨਾਂ ਮੈਂ ਇਸ ਮੂੰਹੋਂ ਕਦੇ ਸਦਿਆ ਨਹੀਂ ।' ਔਰਤ ਦਾ ਰੋਲ ਤਾਂ ਉਸ ਵਕਤ ਵੀ ਸਪੱਸ਼ਟ ਹੋ ਜਾਂਦਾ ਹੈ ਜਦ ਇਕ ਔਰਤ ਭਾਵੇਂ ਉਹ ਭੈਣ ਹੈ ਪਰ ਦੂਜੀ ਔਰਤ ਨੂੰ ਭਾਵੇਂ ਉਹ ਭਰਾ ਦੀ ਸੱਸ ਹੈ ਨੂੰ ਕਿਵੇਂ ਸਮਝਾਂਦੀ ਹੈ।
ਭਰਾ ਦਾ ਪਿਆਰ ਭੈਣ ਲਈ ਅਨੋਖਾ ਹੀ ਸੀ ਜਦ ਗੁਰੂ ਨਾਨਕ ਜੀ ਨੇ ਭਾਈ ਜੈ ਰਾਮ ਜੀ ਨੂੰ ਕਿਹਾ, 'ਜੀਜਾ ਜੀ! ਕੁਝ ਕਿਰਤ ਹੋਵੇ ਤਾਂ ਭਲਾ ਹੋਏ । ਇਹ ਸੁਣਦੇ ਸਾਰ ਪਿਆਰ ਰਤੀ ਭੈਣ ਨੇ ਕਿਹਾ, 'ਵੀਰ ਤੂੰ ਪਰਮੇਸਰ ਦਾ ਰੂਪ ਹੈਂ ਜੇਹਾ ਰੁਖਾ ਅਲੂਣਾ ਟੁੱਕਰ ਹੈ, ਤੇਹਾ ਬੈਠ ਖਾਹਿ । ਤੂੰ ਇਨ੍ਹਾਂ ਜੰਜਾਲਾਂ ਵਿਚ ਨਾ ਪਉ । ਤੂੰ ਇਨ੍ਹਾਂ ਜੰਜਾਲਾਂ ਲਾਇਕ ਨਹੀਂ ।ਗੁਰੂ ਨਾਨਕ ਜੀ ਨੇ ਮੋੜਵੀਂ ਗੱਲ ਕਰਦੇ ਕਿਹਾ: 'ਬੇਬੇ ਜੀ ! ਕਿਰਤ ਕਰ ਖਾਈਐ ਤਾਂ ਦੇਹੀ ਪਵਿਤ੍ਰ ਹੋਇ। ਇਸ ਤਰ੍ਹਾਂ ਭੈਣ ਨੂੰ ਜੋ ਸਮਝਾਇਆ ਭੈਣ ਨੇ ਵੀ ਅਗੋਂ ਪੂਰਾ ਮਾਣ ਰਖਿਆ । ਭਾਈ ਜੈ ਰਾਮ ਨੇ ਜਦ ਨਾਨਕੀ ਨੂੰ ਕਿਹਾ: 'ਤੂੰ ਨਾਨਕ ਦੀ ਭੈਣ ਹੈਂ ਤੇਰੇ ਵਿਚ ਉਸ ਦਾ ਅੰਸ਼ ਹੈ । ਤੂੰ ਧੰਨ ਹੈਂ ਪਰ ਥੋੜ੍ਹਾ ਥੋੜ੍ਹਾ ਅਸੀਂ ਵੀ ਧੰਨ ਹਾਂ, ਜਿਨ੍ਹਾਂ ਦਾ ਸੰਬੰਧ ਸਾਡੇ ਨਾਲ ਹੋਇਆ ਹੈ । ਨਾਨਕੀ ਦਾ ਕਿਤਨਾ ਪ੍ਰਭਾਵ ਨੇੜੇ ਹੋਏ ਤੋਂ ਪੈਂਦਾ ਸੀ।
ਸੁਲੱਖਣੀ ਦੇ ਰੂਪ ਵਿਚ ਪਤਨੀ ਦਾ ਕਰਤੱਵ ਵੀ ਵੇਖਣ ਵਾਲਾ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਪਿਛੇ ਇਕ ਬਹੁਤ ਭਾਰੀ ਕੰਧ ਵਾਂਗੂ ਖੜੇ ਸਨ । ਪਹਿਲਾਂ ਤਲਵੰਡੀ ਤੋਂ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਜਾਣ ਲਗੇ ਤਾਂ ਉਨ੍ਹਾਂ ਇਕ ਵਾਰ ਕਿਹਾ: 'ਮੈਨੂੰ ਨਾਲ ਲਈ ਜਾਓ । ਪਰ ਜਦ ਗੁਰੂ ਨਾਨਕ ਨੇ ਕਿਹਾ : 'ਰੋਜ਼ਗਾਰ ਲਗੇਗਾ ਤਾਂ ਸਦਾਇ ਲੈਸਾਂ" ਤਾਂ ਰਤਾ ਭਰ ਨਾ ਉਭਾਸਰੇ । ਸੁਲਤਾਨਪੁਰ ਵਿਚ ਗੁਰੂ ਨਾਨਕ ਦਾ ਹੱਥ ਖੁਲ੍ਹਾ ਦੇਖ ਕਦੇ ਰੋਕਿਆ ਟੋਕਿਆ
............................
1. ਪੁਰਾਤਨ ਜਨਮ ਸਾਖੀ, ਸੰਪਾਦਤ ਭਾਈ ਵੀਰ ਸਿੰਘ, ਛਾਪ ਦਸਵੀਂ (1988), ਪੰਨਾ 37
ਨਹੀਂ । ਭਾਵੇਂ ਇਰਦ-ਗਿਰਦ ਦੇ ਲੋਕੀਂ ਕਿਤਨਾ ਕੁਝ ਕਹਿੰਦੇ ਸਨ । ਜਦ 17 ਸਾਲ ਗੁਰੂ ਨਾਨਕ ਸਾਹਿਬ ਜਗਤ ਨੂੰ ਤਾਰਨ ਹਿਤ ਵਿਚਰਦੇ ਰਹੇ ਤਾਂ ਜਿਵੇਂ ਬੇਟਿਆਂ ਨੂੰ ਪਾਲਿਆ, ਉਨ੍ਹਾਂ ਦਾ ਹੀ ਕਰਤੱਵ ਸੀ । ਇਹ ਹੀ ਕਾਰਨ ਲਗਦਾ ਹੈ ਕਿ ਜਦ ਗੁਰੂ ਨਾਨਕ ਦੇਵ ਜੀ ਜੋਤੀ ਜੋਤਿ ਸਮਾਣ ਲਗੇ ਤਾਂ ਸੁਲੱਖਣੀ ਜੀ ਨੇ ਕਿਹਾ: 'ਆਗਿਆ ਕਰੋ ਕਿ ਮੈਂ ਵੀ ਨਾਲ ਹੀ ਸੁਆਸ ਛਡਾਂ' ਤਾਂ ਉਸ ਵਕਤ ਜੋ ਸ਼ਬਦ ਗੁਰੂ ਨਾਨਕ ਜੀ ਨੇ ਕਹੇ, ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਅਧਿਆਇ 16 ਵਿਚ ਕਵੀ ਸੋਹਣ ਨੇ ਦਰਜ ਕੀਤੇ ਹਨ: ਗੁਰੂ ਨਾਨਕ ਨੇ ਕਿਹਾ ਤੁਸੀਂ ਜ਼ਰਾ ਵੀ ਸੰਸਾ ਨਹੀਂ ਕਰਨਾ । ਤੁਸੀਂ ਆਪਣੀ ਕਰਨੀ, ਕਰਤਵ, ਵਿਹਾਰ ਨਾਲ ਜੀਵਨ ਮੁਕਤ ਹੋ । ਸਮਾਂ ਪਾ ਕੇ ਸੁਆਸ ਛਡਣੇ ਦਰ ਘਰ ਨੂੰ ਪਾਉਣਾ ਹੈ ।
ਮਹਲ ਸੁਲਖਣੀ ਬਚਨ ਅਲਾਏ :
ਮਹਾਰਾਜ ਮੈਂ ਤੁਮਰੀ ਦਾਸੀ।
ਮੇਰੇ ਆਗਯਾ ਕਰ ਅਬਿਨਾਸੀ।
ਸ੍ਰੀ ਗੁਰੂ ਨਾਨਕ ਐਸ ਉਚਾਰੀ।
ਤੁਮ ਹੋ ਮੁਕਤ ਕਾ ਸੰਸ ਵਿਚਾਰੀ ।
ਸਮਾਂ ਪਾਇ ਜਬ ਸੁਆਸ ਬਿਹਾਵੇ ।
ਤਜ ਇਹ ਦੇਹ ਮੁਕਤਿ ਹੋਇ ਜਾਵੇ ।
-ਅਧਿਆਇ ਸੋਲ੍ਹਾ
ਮਾਤਾ ਖੀਵੀ ਨੇ ਗੁਰੂ ਸੁਪਤਨੀ ਦੇ ਰੂਪ ਵਿਚ ਜਿਵੇਂ ਪੂਰਨੇ ਪਾਏ ਉਸ ਕਰਤੱਵ ਨੂੰ ਉਚੇਚਾ ਦੇਖਣ ਦੀ ਲੋੜ ਹੈ । ਇਹ ਨਿਰਾਲੀ ਖੇਡ ਗੁਰੂ ਗ੍ਰੰਥ ਸਾਹਿਬ ਵਿਚ ਹੋ ਰਹੀ ਹੈ ਕਿ ਕਿਸੇ ਪਤਨੀ ਬਾਰੇ ਉਚੇਚੀ ਪਉੜੀ ਲਿਖੀ ਗਈ ਹੋਵੇ । ਬਲਵੰਡ ਜੀ ਕਹਿੰਦੇ ਹਨ : ਮਾਤਾ ਖੀਵੀ ਜੀ ਆਪਣੇ ਪਤੀ ਵਾਂਗ ਨੇਕ ਹਨ। ਗੁਰੂ ਅੰਗਦ ਦੇਵ ਜੀ ਤਾਂ ਸਤਿਸੰਗ ਰੂਪੀ ਲੰਗਰ ਲਗਾ ਕੇ ਨਾਮ ਦੀ ਦੌਲਤ ਵੰਡ ਰਹੇ ਸਨ ਅਤੇ ਖੀਵੀ ਜੀ ਲੰਗਰ ਦੀ ਸੰਭਾਲ ਕਰਦੇ ਹਰ ਲੋੜਵੰਦ ਦੀ ਕੇਵਲ ਲੋੜ ਹੀ ਨਹੀਂ, ਸਗੋਂ ਖੁਲ੍ਹਾ ਘਿਉ ਮੈਦਾ ਤੇ ਖੀਰ ਵੰਡੀ ਜਾ ਰਹੇ ਹਨ । ਹਰ ਇਕ ਨੂੰ ਘਿਉ ਵਾਲੀ ਖੀਰ ਮਿਲਦੀ ਸੀ । ਜੋ ਵੀ ਤਪਿਆ ਖਪਿਆ ਅਤੇ ਸਤਿਆ ਆਉਂਦਾ ਸੀ ਆਪ ਜੀ ਪਾਸ ਆ ਕੇ ਧੀਰਜ ਪਕੜਦਾ ਸੀ । ਵਾਰ ਦੇ ਸ਼ਬਦ ਹਨ :
ਬਲਵੰਡ ਖੀਵੀ ਨੇਕ ਜਨ, ਜਿਸੁ ਬਹੁਤੀ ਛਾਉ ਪਤ੍ਰਾਲੀ ।।
ਲੰਗਰ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ ॥
ਗੁਰਸਿਖਾ ਕੇ ਮੁਖ ਉਜਲੇ, ਮਨਮੁਖ ਥੀਏ ਪਰਾਲੀ ।।
-ਰਾਮਕਲੀ ਕੀ ਵਾਰ, ਪੰਨਾ ੯੬੭
ਖੀਵੀ ਜੀ ਨੇ ਆਪਣੇ ਪੁੱਤਰਾਂ ਨੂੰ ਕਿਹਾ ਹੋਇਆ ਸੀ ਕਿ ਨਿਰਬਾਹ ਕਿਰਤ ਕਰ ਕੇ ਕਰੋ । ਇਹ ਪੂਜਾ ਦਾ ਮਾਲ ਜ਼ਹਿਰੇ ਕਾਤਲ ਹੈ । ਪਹਿਰ ਰਾਤ ਰਹਿੰਦੀ ਮਾਤਾ ਖੀਵੀ ਜੀ ਉੱਠਦੇ । ਘਰ ਦੇ ਕੰਮ ਕਾਜ ਤੋਂ ਵਿਹਲਿਆਂ ਹੋ ਕੇ ਲੰਗਰ ਦੀ ਸੇਵਾ ਵਿਚ ਜੁਟ ਜਾਂਦੇ । ਜਦ ਗੁਰ-ਗੱਦੀ ਸੰਭਾਲਣ ਦੀ ਚਰਚਾ ਚੱਲੀ ਤਾਂ ਪੁਤਰਾਂ ਦਾਸੂ ਜੀ ਅਤੇ ਦਾਤੂ ਜੀ ਨੇ ਆਪਣੇ ਹੱਕ ਜਤਲਾਏ ਤਾਂ ਆਪ ਜੀ ਨੇ ਪੁੱਤਰਾਂ ਨੂੰ ਸਮਝਾਇਆ ਕਿ 'ਇਹ ਮੇਰੀ ਜਾਂ ਤੇਰੀ ਸਿਫ਼ਾਰਸ਼ ਦੀ ਗੱਲ ਨਹੀਂ, ਕਿਸੇ ਦੇ ਕੁਝ ਹੱਥ ਨਹੀਂ, ਸਭ ਕੁਝ ਕਰਤਾਰ ਅਧੀਨ ਹੈ । ਦਾਤੂ ਜੀ ਅਤੇ ਦਾਸੂ ਜੀ ਨੇ ਜਦ ਜ਼ਿੱਦ ਕਰ ਕੇ ਗੁਰੂ ਅਮਰਦਾਸ ਜੀ ਨੂੰ ਇਕ ਵਾਰੀ ਰਾਹ ਵਿਚ ਘੇਰ ਲਿਆ ਤਾਂ ਆਪ ਜੀ ਦੋਵੇਂ ਬੱਚੇ ਲੈ ਕੇ ਉਨ੍ਹਾਂ ਪਾਸ ਪੁੱਜੇ ਅਤੇ ਖਿਮਾਂ ਦੇਣ ਲਈ ਬੇਨਤੀ ਕੀਤੀ ਅਤੇ ਨਿਮਰ-ਭਾਵ ਵਿਚ ਫ਼ਰਮਾਇਆ: 'ਗੁਰੂ ਨਾਨਕ ਦੇ ਘਰ ਦੀ ਵੱਡੀ ਦਉਲਤ ਗਰੀਬੀ ਹੈ। ਦੋਵੇਂ ਬੱਚੇ ਨਾਲ ਲੈ ਕੇ ਆਈ ਹਾਂ । ਇਨ੍ਹਾਂ ਨੇ ਲੋਕਾਂ ਦੇ ਚੁੱਕੇ ਚੁਕਾਏ ਆਪ ਜੀ ਦੀ ਬੇਅਦਬੀ ਕੀਤੀ ਹੈ, ਆਪ ਮਿਹਰ ਕਰੋ । ਭੁੱਲਣਹਾਰ ਜਾਣ ਕੇ ਆਪਣੇ ਬੱਚੇ ਸਮਝ ਕੇ ਬਖ਼ਸ਼ ਦਿਉ ਨੇ।'
ਕੈਸੀ ਤਾਲੀਮ ਬੱਚਿਆਂ ਨੂੰ ਦੇਂਦੇ ਰਹੇ । ਉਸਦੀ ਇਕ ਹੋਰ ਉਦਾਹਰਣ ਮਾਤਾ ਖੀਵੀ ਜੀ ਦੀ ਸਪੁੱਤਰੀ ਬੀਬੀ ਅਮਰੋ ਹੈ।
ਬੀਬੀ ਅਮਰੋ ਬਾਰੇ ਸਾਡੇ ਇਤਿਹਾਸ ਨੇ ਲਿਖਿਆ ਹੈ ਕਿ 'ਜਿਵੇਂ ਭਗਤੀ ਆਪਣਾ ਸਰੀਰ ਧਾਰ ਗੁਰੂ-ਪਿਤਾ ਘਰ ਜਨਮੀ ਹੋਵੇ।'
ਭਗਤਿ ਧਾਰ ਬਪੁ ਅਪਨੋ, ਉਪਜੀ ਸਤਿਗੁਰ ਧਾਮ ।
ਗਲਾ ਅਤਿ ਸੁਰੀਲਾ, ਕੰਠ ਕੋਕਿਲਾ ਅਤੇ ਬਹੁਤ ਬਾਣੀ ਕੰਠ ਕਰ ਲਈ ਸੀ । ਬੀਬੀ ਅਮਰੋ ਦੇ ਸਹੁਰੇ ਬਾਸਰਕੇ ਸਨ, ਜਿਥੋਂ ਦੇ ਗੁਰੂ ਅਮਰਦਾਸ ਜੀ ਜੰਮਪਲ ਸਨ । ਗੁਰੂ ਅਮਰਦਾਸ ਜੀ ਦੇ ਸਭ ਤੋਂ ਛੋਟੇ ਭਰਾ ਭਾਈ ਮਾਣਕ ਚੰਦ ਦੇ ਪੁੱਤਰ ਜੱਸੂ ਜੀ ਨਾਲ ਵਿਆਹੇ ਹੋਏ ਸਨ । ਅੰਮ੍ਰਿਤ ਵੇਲੇ ਉਠ ਕੇ ਬੀਬੀ ਅਮਰੋ ਜੀ ਸ਼ਬਦ ਬੜੇ ਚਾਅ ਨਾਲ ਪੜ੍ਹਦੇ ਸਨ ।
ਸ਼ਬਦ ਬਾਣੀ ਨਿੱਤ ਪੜ੍ਹਨ ਕਰ ਚਾਹੁ ਰੇ ।
-‘ਬੰਸਾਵਲੀ ਨਾਮਾ', ਬ੍ਰਿਤਾਂਤ ਗੁਰੂ ਅਮਰਦਾਸ ਚਰਣ
ਇਸ ਸੁਰ ਨਾਲ ਪੜ੍ਹਦੇ ਕਿ ਰਸ ਹੀ ਛਾ ਜਾਂਦਾ । ਮਹਿਮਾ ਪ੍ਰਕਾਸ਼ (ਵਾਰਤਕ) ਦੇ ਸ਼ਬਦਾਂ ਵਿਚ : 'ਜਦ ਬ੍ਰਹਮਚਾਰੀ ਬਾਬਾ ਅਮਰਦਾਸ ਜੀ ਦੇ ਘਰੋਂ ਬਗ਼ੈਰ ਅੰਨ ਖਾਧੇ ਹੀ ਚਲਾ ਗਿਆ ਤਾਂ ਉੱਪਰ ਸੇ ਰਾਤ ਪੜੀ । ਕੁਛ ਪ੍ਰਸ਼ਾਦ ਨਾ ਕੀਆ ਅਰ ਨਾ ਰਾਤ ਕੋ ਸੋਏ।
'ਬੀਬੀ ਅਮਰੋ, ਗੁਰੂ ਅੰਗਦ ਜੀ ਕੀ ਬੇਟੀ, ਸ੍ਰੀ ਅਮਰਦਾਸ ਜੀ ਕੇ ਭਤੀਜੇ ਜਸੁ ਕੋ ਬਿਆਹੀ ਥੀ । ਜਬ ਪਹਿਰ ਰਾਤ ਰਹਿਤੀ ਥੀ ਬੀਬੀ ਅਮਰੋ ਨਿੱਤ ਇਸ਼ਨਾਨ ਕਰ ਕੇ ਬਾਣੀ ਦਾ ਪਾਠ ਕਰਦੇ ਥੇ । ਘਰ ਦਾ ਧੰਦਾ ਹਾਥੋਂ ਸੇ ਕਰਤੇ ਥੇ।"
'ਜਦ ਬੀਬੀ ਅਮਰੋ ਬਾਣੀ ਪੜ੍ਹਨ ਲੱਗੀ ਤਬ ਸਾਹਿਬ ਬੈਠੇ ਥੇ ਅਰ ਬੜੀ ਚਿਤਵਨੀ ਮੇਂ ਥੇ । ਤਬ ਸਾਹਿਬ ਨੇ ਸੁਣਾ, ਇਹ ਸ਼ਬਦ ਸੀ:
ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ।।
ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ
ਤਉ ਗੁਣ ਨਾਹੀ ਅੰਤੁ ਹਰੇ ॥੧॥
ਚਿਤ ਚੇਤਸਿ ਕੀ ਨਹੀ ਬਾਵਰਿਆ ।।
ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ਰਹਾਉ॥
ਜਾਲੀ ਰੈਨਿ ਜਾਲੁ ਦਿਨੁ ਹੂਆ ਜੇਤੀ ਘੜੀ ਫਾਹੀ ਤੇਤੀ ॥
ਰਸਿ ਰਸਿ ਚੋਗ ਚੁਗਹਿ ਨਿਤ ਵਾਸਹਿ
ਛੂਟਸਿ ਮੂੜੇ ਕਵਨ ਗੁਣੀ ॥੨॥
ਕਾਇਆ ਆਰਣੁ ਮਨੁ ਵਿਚਿ ਲੋਹਾ
ਪੰਚ ਅਗਨਿ ਤਿਤੁ ਲਾਗਿ ਰਹੀ॥
ਕੋਇਲੇ ਪਾਪ ਪੜੇ ਤਿਸੁ ਊਪਰਿ
ਮਨੁ ਜਲਿਆ ਸੰਨੀ ਚਿੰਤ ਭਈ ॥੩॥
ਭਇਆ ਮਨੂਰੁ ਕੰਚਨੁ ਫਿਰਿ ਹੋਵੈ
ਜੇ ਗੁਰੁ ਮਿਲੈ ਤਿਨੇਹਾ ॥
..................................
1. ਮਹਿਮਾ ਪ੍ਰਕਾਸ਼ ਵਾਰਤਕ, ਅਣਛਪਿਆ ਖਰੜਾ, ਰੈਫਰੈਂਸ ਲਾਇਬਰੇਰੀ ਖ਼ਾਲਸਾ ਕਾਲਜ, ਅੰਮ੍ਰਿਤਸਰ।
ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ
ਤਉ ਨਾਨਕ ਤ੍ਰਿਸਟਸਿ ਦੇਹਾ ॥੪॥੩॥
-ਮਾਰੂ ਮ: ੧, ਪੰਨਾ ੯੯੦
ਸ਼ਬਦ ਸੁਣ ਕਰ ਮਨ ਨਿਰਮਲ ਹੋਇਆ । ਜੋ ਸ਼ਬਦ ਵਿਚ ਦਰਸਾਇਆ ਸੀ, ਇਹ ਹੀ ਮਨੋ-ਦਸ਼ਾ ਬਾਬਾ ਅਮਰਦਾਸ ਜੀ ਦੀ ਸੀ । ਫਿਰ ਸ਼ਬਦ ਪੜ੍ਹਨ ਵਾਲੀ ਗੁਰ ਬੇਟੀ, ਦੂਜੇ ਗੁਰਬਾਣੀ, ਤੀਜੇ ਅੰਮ੍ਰਿਤ ਵੇਲਾ, ਚੌਥੇ ਸੁਣਨ ਵਾਲੇ ਦੀ ਸ਼ਰਧਾ ਅਤੇ ਪੰਜਵੇਂ ਬੀਬੀ ਅਮਰੋ ਦਾ ਮਧੁਰ ਕੰਠ ।
ਇਹ ਸੀ ਬੀਬੀ ਅਮਰੋ ਦੀ ਅੰਮ੍ਰਿਤ ਵੇਲੇ ਉਠਣ ਅਤੇ ਬਾਣੀ ਪੜ੍ਹਨ ਦੀ ਬਰਕਤ ਕਿ ਬਾਬਾ ਅਮਰਦਾਸ ਜੀ ਖਡੂਰ ਸੇਵਾ ਵਿਚ ਲੱਗੇ । ਗੁਰੂ ਅਮਰਦਾਸ ਨਿਤਾਣਿਆਂ ਦੇ ਤਾਣ, ਨਿਆਸਰਿਆਂ ਦੇ ਆਸਰੇ, ਕਹਿਲਾਏ ।
ਬੇਟੀ ਦਾ ਰੋਲ ਵੀ ਇਕ ਅਨੋਖਾ ਰੋਲ ਹੈ। ਬੀਬੀ ਭਾਨੀ ਜੀ ਦੀ ਪਿਤਾ-ਸ਼ਰਧਾ, ਪ੍ਰੇਮ ਤੇ ਸੇਵਾ ਦੀ ਮਿਸਾਲ ਮਿਲਣੀ ਮੁਸ਼ਕਲ ਹੈ । ਇਹ ਬੀਬੀ ਭਾਨੀ ਜੀ ਹੀ ਸਨ ਜਿਨ੍ਹਾਂ ਆਪਣੀ ਨਿਸ਼ਕਾਮ ਸੇਵਾ ਰਾਹੀਂ ਪਿਤਾ ਗੁਰੂ ਅਮਰਦਾਸ ਜੀ ਨੂੰ ਰੀਝਾਇਆ । ਇਹ ਵੀ ਭਾਨੀ ਜੀ ਹੀ ਸਨ ਜਿਨ੍ਹਾਂ ਮਿਥਿਹਾਸ ਨੂੰ ਇਤਿਹਾਸ ਬਣਾ ਕੇ ਦੱਸਿਆ । ਜੇ ਮਿਥਿਹਾਸਕ ਸਤੀ ਸਵਿਤਰੀ ਨੇ ਆਪਣੇ ਹੱਠ ਨਾਲ ਆਪਣੇ ਪਤੀ ਨੂੰ ਯਮਾਂ ਦੀ ਫਾਹੀ ਤੋਂ ਬਚਾਇਆ ਸੀ ਤਾਂ ਇਸੇ ਬੀਬੀ ਭਾਨੀ ਨੇ ਭਾਣੇ ਵਿਚ ਟਿੱਕ ਕੇ ਆਪਣੇ ਸਿਰ ਦੇ ਸਾਈਂ ਜਗਤ ਦੇ ਰਾਖੇ, ਗੁਰੂ ਰਾਮਦਾਸ ਜੀ ਨੂੰ ਗੁਰ-ਪਿਤਾ ਕੋਲੋਂ ਵਰ ਲੈ ਕੇ ਨਾ ਸਿਰਫ਼ ਉਮਰ ਦੇ ਸਾਲ ਹੀ ਵਧਵਾਏ ਸਗੋਂ ਨਿਹਚਲ ਰਾਜ ਜਗਤ ਤੋਂ ਲਿਆਉਣ ਦਾ ਕਾਰਨ ਬਣੀ। ਸਾਖੀ ਆਉਂਦੀ ਹੈ ਕਿ ਇਕ ਦਿਨ ਨਨਾਣ ਭਰਜਾਈ, ਬੀਬੀ ਭਾਨੀ ਤੇ ਬੀਬੀ ਆਤਮਾ ਦੇਵੀ (ਮੋਹਰੀ ਚੰਦ ਦੇ ਘਰੋਂ) ਬੈਠੇ ਹੋਏ ਸਨ ਕਿ ਗੁਰੂ ਅਮਰਦਾਸ ਜੀ ਨੇ ਦੂਰੋਂ ਹੀ ਆਵਾਜ਼ ਦਿੱਤੀ, 'ਧੀਏ ਭਾਨੀਏਂ, ਜੇ ਸਾਈਂ ਦੀ ਰਜ਼ਾ ਵਰਤੇ ਅਤੇ ਰਾਮਦਾਸ ਗੁਜ਼ਰ ਜਾਏ ਤਾਂ ਸੱਚੀ ਦੱਸੀਂ ਬੇਟਾ ਤੂੰ ਕੀ ਕਰੇਂ ?' ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਉਸ ਵਕਤ ਔਰਤ ਕੇਵਲ ਮਰਦ ਦੀ ਗੁਲਾਮ ਸੀ। ਮਰਦ ਕੇਵਲ ਉਸ ਨੂੰ ਆਪਣੇ ਪੈਰ ਦੀ ਜੁੱਤੀ ਸਮਝਦਾ ਸੀ, ਚਾਹੇ ਗੁਰੂ ਘਰ ਵਿਚ ਇਸ ਤਰ੍ਹਾਂ ਕੁਝ ਨਹੀਂ ਸੀ ਪਰ ਸਾਈਂ ਦਾ ਗੁਜ਼ਰਨਾ ਇਕ ਸਰਾਪ ਸਮਝਿਆ ਜਾਂਦਾ ਸੀ । ਪਰ ਇਥੇ ਬੀਬੀ ਭਾਨੀ ਦਾ ਰੋਲ ਔਰਤ ਹੋਣ ਦੇ ਨਾਤੇ ਹੋਰ ਵੀ
..........................
ਬਚਨਾਂ ਕੇ ਧਰਿ ਲਗੇ ਹਿਰਦਾ ਪੁਣਿਆ ।9। -ਬ੍ਰਿਤਾਂਤ ਗੁਰੂ ਅਮਰਦਾਸ, ਚਰਣ ਤੀਜਾ
ਨਿੱਖਰ ਕੇ ਸਾਹਮਣੇ ਆਉਂਦਾ ਹੈ । ਪਿਤਾ ਦੇ ਮੂੰਹੋਂ ਇਸ ਤਰ੍ਹਾਂ ਦੇ ਵਾਕ ਸੁਣ ਉਸ ਕੋਈ ਵੈਣ ਪਾਣੇ ਸ਼ੁਰੂ ਨਹੀਂ ਕਰ ਦਿਤੇ ਸਗੋਂ ਰਜ਼ਾ ਮੰਨਣ ਵਾਲੀ ਅਡਲ ਰਹੀ । ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿਚ :
ਰਾਮਦਾਸ ਅਬ ਤਨ ਪਰਹਰੈ ਕਹੁ ਪੁਤਰੀ ਕਯਾ ਤਬਿ ਤੂ ਕਰੇ।
ਰਜ਼ਾ ਦੀ ਮੂਰਤ ਬੀਬੀ ਭਾਨੀ ਜੀ ਨੇ ਸਿਰ ਝੁਕਾ ਦਿਤਾ ਅਤੇ ਸੁਹਾਗ ਦੀ ਨਿਸ਼ਾਨੀ ਨੱਥ ਗੁਰੂ-ਚਰਨਾਂ ਤੇ ਰੱਖ ਦਿਤੀ । ਗੁਰੂ ਅਮਰਦਾਸ ਜੀ ਨੇ ਫ਼ਰਮਾਇਆ 'ਪਾ ਲੈ, ਬੱਚੀ ਪਾ ਲੈ' ਤਾਂ ਬੀਬੀ ਭਾਨੀ ਨੇ ਨਿਮ੍ਰਤਾ ਨਾਲ ਕਿਹਾ : 'ਲੁਹਾਈ ਵੀ ਆਪ ਜੇ, ਹੁਣ ਪੁਆਓ ਵੀ ਆਪ।' ਗੁਰੂ ਅਮਰਦਾਸ ਜੀ ਨੇ ਉਸੇ ਵੇਲੇ ਬਖ਼ਸ਼ਸ਼ ਦੇ ਘਰ ਆ ਕੇ ਫ਼ਰਮਾਇਆ: 'ਜਾ ਬੱਚੀਏ। ਸਾਈਂ ਸ਼ਰਮ ਰਖੇਗਾ । ਆਪਣੀ ਰਹਿੰਦੀ ਆਯੂ (ਗੁਰੂ) ਰਾਮਦਾਸ ਜੀ ਨੂੰ ਦਿਤੀ ਅਤੇ ਕਿਹਾ ਪਰਲੋਕ ਸਿਧਾਰ ਰਿਹਾ ਹਾਂ ।
ਅਪਨ ਆਰਥਲਾ ਅਬਿ ਮੈਂ ਦੇਵੋ, ਹਿਤ ਪਰਲੋਕ ਗਮਨ ਸੁਭ ਲੇਵੋ ।
ਬੀਬੀ ਭਾਨੀ ਜੀ ਨੇ ਮਾਂ ਰੂਪ ਵਿਚ ਜੋ ਅਸੀਸ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਤੇ ਪੰਜਵੇਂ ਪਾਤਸ਼ਾਹ ਨੇ ਗੂਜਰੀ ਰਾਗ ਵਿਚ ਆਪਣੇ ਸ਼ਬਦਾਂ ਵਿਚ ਅੰਕਤ ਕਰ ਕੇ ਬਖ਼ਸ਼ਸ਼ ਕੀਤੀ, ਉਹ ਸ਼ਬਦ ਹਰ ਹਿਰਦੇ ਤੇ ਉਕਰ ਦੇਣੇ ਚਾਹੀਦੇ ਹਨ ਤਾਂ ਕਿ ਬੱਚਾ ਸੰਸਾਰ ਸਾਗਰ ਵਿਚ ਰੁਲ ਗੋਤੇ ਨਾ ਖਾਏ ਅਤੇ ਕਿਨਾਰਾ ਪਾ ਲਵੇ । ਅਸੀਸਾਂ ਦਿੰਦੇ ਮਾਂ ਭਾਨੀ ਜੀ ਨੇ ਕਿਹਾ, 'ਹੋ ਪੁੱਤਰ । ਤੈਨੂੰ ਮਾਂ ਦੀ ਇਹ ਅਸੀਸ ਹੈ ਕਿ ਤੈਨੂੰ ਪਰਮਾਤਮਾ ਅੱਖ ਝਮਕਣ ਜਿਤਨੇ ਸਮੇਂ ਲਈ ਵੀ ਨਾ ਭੁੱਲੇ, ਸਦਾ ਨਾਮ ਜਪਦਾ ਰਵੇਂ ।'
ਪੂਤਾ ਮਾਤਾ ਕੀ ਆਸੀਸ॥
ਨਿਮਖ ਨ ਬਿਸਰਉ ਤੁਮ ਕਉ ਹਰਿ ਹਰਿ
ਸਦਾ ਭਜਹੁ ਜਗਦੀਸ ॥੧॥
-ਗੂਜਰੀ ਮ: ੫, ਪੰਨਾ ੪੯੬
ਫਿਰ ਫ਼ਰਮਾਇਆ :
ਸਤਿਗੁਰੁ ਤੁਮ੍ ਕਉ ਹੋਇ ਦਇਆਲਾ ਸੰਤ ਸੰਗਿ ਤੇਰੀ ਪ੍ਰੀਤਿ ॥
ਕਾਪੜੁ ਪਤਿ ਪਰਮੇਸਰੁ ਰਾਖੀ ਭੋਜਨੁ ਕੀਰਤਨੁ ਨੀਤਿ ॥੨॥
-ਗੂਜਰੀ ਮ ੫, ਪੰਨਾ ੪੯੬
ਮਾਤਾ ਜੀ ਨੇ ਅਸੀਸਾਂ ਦੇ ਭੰਡਾਰ ਬਖ਼ਸ਼ਦੇ ਹੋਏ ਕਿਹਾ, 'ਪੁੱਤਰ ਨਾਮ
ਜੋ ਜੀਵਨ ਦੇਂਦਾ ਹੈ, ਉਹ ਸਦਾ ਪੀਂਦੇ ਰਵ, ਸਦਾ ਅਮੁੱਕ ਅਨੰਦ ਬਣਿਆ ਰਹੇ । ਆਤਮਿਕ ਖੁਸ਼ੀਆਂ ਕੋਲ ਰਹਿਣ ਤਾਂ ਸਭ ਆਸਾਂ ਪੂਰੀਆਂ ਰਹਿੰਦੀਆਂ ਹਨ । ਪੁੱਤਰ ਜਦ ਆਤਮਿਕ ਅਨੰਦ ਕੋਲ ਹੋਵੇ, ਚਿੰਤਾ ਕਦੇ ਭੀ ਆਪਣਾ ਜ਼ੋਰ ਨਹੀਂ ਪਾਂਦੀ । ਇਹ ਮਾਤਾ ਭਾਨੀ ਦੀ ਅਸੀਸ ਹੈ ਜੋ ਅੱਜ ਹਰ ਬੱਚੇ ਨੂੰ ਦੇਣ ਦੀ ਲੋੜ ਹੈ।
ਮਾਤਾ ਗੰਗਾ ਜੀ ਦਾ ਰੋਲ ਵੀ ਘੱਟ ਨਹੀਂ। ਉਨ੍ਹਾਂ ਅਜਿਹੇ ਸੂਰਬੀਰ ਨੂੰ ਜਨਮ ਦਿਤਾ ਜਿਸ ਨੇ ਇਤਿਹਾਸ ਵਿਚ ਮੁਗ਼ਲਾਂ ਦੇ ਖ਼ਿਲਾਫ਼ ਜ਼ੁਲਮ ਦੇ ਖ਼ਿਲਾਫ਼ ਲੋਹਾ ਲਿਆ। ਪੀਰੀ ਦੇ ਨਾਲ ਮੀਰੀ ਦੀ ਤਲਵਾਰ ਪਹਿਨੀ ਤੇ ਚਲਾਈ । ਗੁਰੂ ਹਰਿਗੋਬਿੰਦ ਜੀ ਦੀ ਸੁਪਤਨੀ ਤੇ ਗੁਰੂ ਤੇਗ਼ ਬਹਾਦਰ ਜੀ ਦੀ ਮਾਤਾ ਨਾਨਕੀ ਜੀ ਨੇ ਗੁਰੂ ਤੇਗ਼ ਬਹਾਦਰ ਜੀ ਵਰਗੇ ਤੇਗ ਦੇ ਧਨੀ ਪੈਦਾ ਕੀਤੇ ।
ਮਾਤਾ ਗੁਜਰੀ ਜੀ ਉਹ ਪੂਜਨੀਕ ਮਾਤਾ ਸਨ ਜਿਨ੍ਹਾਂ ਨੇ ਆਪਣੇ ਪਤੀ ਦੀ 26 ਸਾਲ 9 ਮਹੀਨੇ 12 ਦਿਨ ਤਪੱਸਿਆ ਦੇ ਦੌਰਾਨ ਦੁਨਿਆਵੀ ਸੁਖ ਤਿਆਗ ਕੇ ਸੇਵਾ ਕੀਤੀ। ਸ਼ਹੀਦ ਦੀ ਪਤਨੀ, ਸ਼ਹੀਦ ਦੀ ਮਾਤਾ, ਸ਼ਹੀਦ ਪੋਤਰਿਆਂ ਦੀ ਦਾਦੀ, ਮਾਤਾ ਗੁਜਰੀ ਜੀ ਪਹਿਲੀ ਸਿੱਖ ਇਸਤਰੀ ਸ਼ਹੀਦ ਹੋਈ ਹੈ ਜਿਸ ਨੇ ਠੰਢੇ ਬੁਰਜ ਵਿਚ ਕੈਦੀ ਬਣ ਕੇ ਵਜੀਦ ਖ਼ਾਂ ਦੇ ਤਸੀਹੇ ਸਹਿ ਕੇ ਸ਼ਹਾਦਤ ਪਾਈ।
ਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾਂ ਗੁਰੂ ਗੋਬਿੰਦ ਸਿੰਘ ਜੀ ਦੇ ਮਹਲ ਸਨ । ਮਾਤਾ ਸਾਹਿਬ ਦੇਵਾਂ ਜੀ ਨੇ ਅੰਮ੍ਰਿਤ ਵਿਚ ਮਿਠਾਸ ਘੋਲ ਕੇ ਖ਼ਾਲਸੇ ਦੀ ਮਾਤਾ ਕਹਾ ਉਨ੍ਹਾਂ ਦਾ ਮਾਣ ਹਾਸਲ ਕੀਤਾ । ਗੁਰ ਬਿਲਾਸ ਪਾਤਸ਼ਾਹੀ ਦਸਵੀਂ ਕ੍ਰਿਤ ਕੋਇਰ ਸਿੰਘ ਵਿਚ ਜ਼ਿਕਰ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਜਦ ਅੰਮ੍ਰਿਤ ਪਏ ਤਿਆਰ ਕਰਦੇ ਸਨ ਤਾਂ ਉਨ੍ਹਾਂ ਦੇ ਚਿਹਰੇ ਦਾ ਜਲਾਲ ਝੱਲਿਆ ਨਹੀਂ ਸੀ ਜਾਂਦਾ । ਭਾਈ ਕ੍ਰਿਪਾ ਰਾਮਾਂ, ਜੋ ਗੁਰੂ ਤੇਗ਼ ਬਹਾਦਰ ਪਾਸ ਕਸ਼ਮੀਰੀ ਪੰਡਤਾਂ ਨਾਲ ਫ਼ਰਿਆਦ ਕਰਨ ਆਇਆ ਸੀ, ਉਥੇ ਹਾਜ਼ਰ ਸੀ। ਉਹ ਕੌਤਕ ਦੇਖ ਮਾਤਾ ਜੀ ਪਾਸ ਗਿਆ ਤੇ ਸਾਰੀ ਵਾਰਤਾ ਸੁਣਾਈ । ਮਾਤਾ ਜੀ ਨੇ ਉਸੇ ਸਮੇਂ ਪਤਾਸੇ ਪੱਲੇ ਬੰਨ੍ਹੇ ਤੇ ਅੰਮ੍ਰਿਤ ਤਿਆਰ ਹੁੰਦੇ
............................
1. ਇਹ ਵੀ ਯਾਦ ਰਵੇ ਕਿ ਭਾਈ ਕ੍ਰਿਪਾ ਰਾਮ ਪਿਛੋਂ ਅੰਮ੍ਰਿਤਪਾਨ ਕਰ ਕ੍ਰਿਪਾ ਸਿੰਘ ਸਜਿਆ ਸੀ ਤੇ ਚਮਕੌਰ ਦੀ ਗੜ੍ਹੀ ਵਿਚ ਸ਼ਹੀਦੀ ਪਾਈ ਸੀ ।
ਵਿਚ ਆ ਪਾਏ ।1ਮਹਾਰਾਜ ਨੇ ਮਾਤਾ ਜੀ ਨੂੰ ਨਾ ਰੋਕਿਆ ਤੇ ਨਾ ਟੇਕਿਆ ਸਗੋਂ ਉਸ ਸਮੇਂ ਕਿਹਾ 'ਭਲੋ ਭਇਆ ਤੂੰ ਚਲ ਕਰ ਆਈ ।'
ਤਾਤ ਮਾਤ ਦੀ ਅੰਸ ਖ਼ਾਲਸਾ ਹੋਇਆ ਹੈ । ਸਾਰੀ ਸੰਗਤ ਵੀ ਕਹਿਣ ਲੱਗੀ ਕਿ ਮਾਂ ਨੇ ਫ਼ਰਜ਼ ਨੂੰ ਪਛਾਣਿਆ ਹੈ ।
ਧੰਨ ਹੀ ਧੰਨ ਕਹੈਂ ਸਭ ਹੀ ਜਨ ਮਾਤਾ ਕੀਓ ਉਪਕਾਰ ਗਨਾਈ।
ਜਲ ਥਲ ਮੈ ਜੋਤਿ ਬਿਰਾਜਤ ਮਾਤ ਕੀ, ਯਾਹਿ ਕਥਾ ਸੁਨ ਕੇ ਚਿਤ ਆਈ।
ਪੂਰਣ ਮੈਂ ਕਹਾਉਣ ਨਾ ਤਾ ਯੋ ਅਸ ਖੇਲ ਕੀਓ ਹਰਿਰਾਈ ।।8।। (26)
-(ਅਧਿਆਇ ਨੌਵਾਂ)2
ਮਾਤਾ ਸੁੰਦਰੀ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸਿੱਖ ਕੌਮ ਦੀ ਕਈ ਵਰ੍ਹੇ ਸਫ਼ਲ ਅਗਵਾਈ ਕੀਤੀ । ਤੱਤ ਖ਼ਾਲਸੇ ਤੇ ਬੰਦਈ ਖ਼ਾਲਸੇ ਦੇ ਝਗੜੇ ਦਾ ਫ਼ੈਸਲਾ ਨਿਪਟਾਇਆ। ਆਪ ਪਹਿਲੀ ਇਸਤਰੀ ਹਨ ਜਿਨ੍ਹਾਂ ਨੇ ਖ਼ਾਲਸੇ ਨੂੰ ਹੁਕਮਨਾਮੇ ਜਾਰੀ ਕਰ ਕੇ ਲੋੜੀਂਦੀ ਰਹਿਨੁਮਾਈ ਦਿੱਤੀ। ਆਪ ਨੇ ਸੰਕਟ ਸਮੇਂ ਜਿਵੇਂ ਵਿੱਚ ਪੈ ਕੇ ਕੰਮ ਨੂੰ ਬਚਾਇਆ, ਉਹ ਆਪ ਜੀ ਦੇ ਹੀ ਹਿੱਸੇ ਆਇਆ ਹੈ। ਮਾਤਾ ਜੀ ਨੂੰ ਜਦ ਭਾਈ ਮਨੀ ਸਿੰਘ ਜੀ ਨੇ ਲਿਖਿਆ ਕਿ ਦੇਸ਼ ਵਿਚ ਖ਼ਾਲਸੇ ਦਾ ਬਲ ਛੁੱਟ ਗਿਆ ਹੈ, ਸਿੰਘ ਪਰਬਤਾਂ ਬਨਾਂ ਵਿਚ ਜਾਂਦੇ ਬਸੇ ਹੈਨਿ; ਮਲੇਛ ਕੀ ਦੇਸ਼ ਮੇਂ ਦੋਹੀ ਹੈ। ਬਸਤੀ-ਬਾਲਕ ਜਵਾਂ ਇਸਤ੍ਰੀ ਸਲਾਮਤ ਨਹੀਂ; ਮੁਛ ਮੁਛ ਕਰ ਮਾਰਦੇ ਹਨ; ਗੁਰੂ ਦਰੋਹੀ ਵੀ ਉਨ੍ਹਾਂ ਕੇ ਸੰਗ ਮਿਲਿ ਗਏ ਹਨ; ਹਿੰਦਾਲੀਏ ਮਿਲ ਕਰ, ਮੁਖਬਰੀ ਕਰਦੇ ਹਨ; ਮੁਤਸਦੀ ਭਾਗ ਗਏ ਹਨ ਤਾਂ ਉਸੇ ਸਮੇਂ ਕੌਮ ਦੇ ਨਾਂ ਹੁਕਮਨਾਮੇ ਲਿਖ ਕੇ ਸਾਰੇ ਹਿੰਦੁਸਤਾਨ ਦੇ ਸਿੱਖਾਂ ਤੋਂ ਮਦਦ ਲਈ । ਇਕ ਹੁਕਮਨਾਮੇ ਵਿਚ ਲਿਖਿਆ ਕਿ ਹੁਣ ਨਾ ਮੈਨੂੰ ਤੇ ਨਾ ਹੀ ਕਿਸੇ ਹੋਰ ਥਾਂ ਦਸਵੰਧ ਭੇਜਣ ਦੀ ਲੋੜ ਹੈ; ਸਿੱਧਾ ਦਰਬਾਰ ਸਾਹਿਬ ਭੇਜੋ। ਦਿਨਾਂ ਵਿਚ ਹੀ ਦਰਬਾਰ ਸਾਹਿਬ ਰੌਣਕਾਂ ਹੋ ਗਈਆਂ।
............
1.ਅਸ ਕੌਤੁਕ ਵੇਖ ਸੁ ਸਾਹਿਬ ਕੇ, ਬਿਪ ਰਾਮ ਕ੍ਰਿਪਾ ਬਿਧਿ ਯਾ ਲਖ ਪਾਈ ।
ਮਾਤਾ ਕੇ ਤੀਰ ਗਯੋ ਤਬ ਧਾਇ ਕੇ, ਛੋਰ ਕਥਾ ਨਖਸਿੱਖ ਸੁਨਾਈ ।
ਖਾਲਸਾ ਪੰਥ ਕੇ ਆਦਿ 'ਰੁ ਅੰਤ ਕੇ, ਯਾ ਬਿਧਿ ਕੋ ਸੁਨ ਮਾਤ ਸੁ ਆਈ।
ਤਾ ਸਮੈ ਆਨ ਪਤਾਸੇ ਡਰੈ, ਗਨ ਪੇਖ ਸੁ ਮਹਲ ਕੋ ਬਾਤ ਅਲਾਈ।
ਤਾਤ 'ਰੁ ਮਾਤ ਕੀ ਅੰਸ ਭਈ ਅਥ, ਯਾ ਕਰ ਹੇਤ ਭਵੈ ਨਿਜ ਮਾਈ ।7।(25)
(ਅਧਿਆਇ ਨੌਵਾਂ)
2.ਗੁਰਬਿਲਾਸ ਪਾਤਸ਼ਾਹੀ ਦਸਵੀਂ, ਕ੍ਰਿਤ ਕੋਇਰ ਸਿੰਘ ।
ਸਿੱਖ ਇਤਿਹਾਸ ਵਿਚ ਇਸਤਰੀ ਦਾ ਇਕ ਅਨੋਖਾ ਰੋਲ ਹੈ, ਜੇ ਗੁਰੂ ਨਾਨਕ ਦੇਵ ਜੀ ਦਾ ਪਹਿਲਾ ਦੀਦਾਰ ਦੇਖੀਏ ਤਾਂ ਔਰਤ ਦੌਲਤਾਂ ਦਾਈ ਨੇ ਹੀ ਕੀਤਾ । ਪਹਿਲਾ ਸਿੱਖ ਕਹੀਏ ਤਾਂ ਬੇਬੇ ਨਾਨਕੀ । ਜੇ ਪਹਿਲੀ ਸੇਵਾ-ਪੰਥੀ ਕਹੀਏ ਤਾਂ ਮਾਤਾ ਖੀਵੀ। ਜੇ ਪਹਿਲੀ ਇਸਤਰੀ-ਸ਼ਹੀਦ ਕਹੀਏ ਤਾਂ ਮਾਤਾ ਗੁਜਰੀ । ਪਹਿਲੀ ਕੌਮੀ ਆਗੂ ਕਹੀਏ ਤਾਂ ਮਾਤਾ ਸੁੰਦਰੀ । ਜੇ ਪਹਿਲੀ ਤਿਆਗਣ ਕਹੀਏ ਤਾਂ ਮਾਤਾ ਸੁਲੱਖਣੀ ਜੋ ਗ੍ਰਹਿਸਤ ਜੀਵਨ ਪਾਉਣ ਤੋਂ ਬਾਅਦ ਵੀ 14 ਸਾਲ ਉਦਾਸੀ ਸਮੇਂ ਘਰ ਨੂੰ ਸੰਭਾਲੀ ਬੈਠੀ ਰਹੀ । ਚੰਗੀ ਸਿੱਖਿਆ ਦੇਣ ਵਾਲੀ ਬੀਬੀ ਭਾਨੀ । ਜੇ ਜਰਨੈਲ ਕਹੀਏ ਤਾਂ ਰਾਣੀ ਸਦਾ ਕੌਰ । ਗੱਲ ਕੀ ਸਿੱਖ ਧਰਮ ਵਿਚ ਔਰਤ ਹੀ ਸੀ ਜੋ ਹਰ ਪੱਖ ਵਿਚ ਇਕ ਨਿਵੇਕਲਾ ਤੇ ਪਹਿਲਾ ਸਥਾਨ ਬਣ ਕੇ ਬੈਠੀ ਹੋਈ ਹੈ । ਪਹਿਲੀ ਪੀੜ ਔਰਤ ਨੂੰ ਹੀ ਸਹਾਰਨੀ ਪੈਂਦੀ ਹੈ ਜਦੋਂ ਕੌਮ ਤੇ ਜ਼ੁਲਮ ਹੋਵੇ ਜਾਂ ਸਾਕਾ ਵਾਪਰੇ ।
ਇਤਿਹਾਸ ਨੂੰ ਮੋੜਾ ਦੇਣ ਵਾਲੀ ਦਾ ਨਾਂ ਲੱਭੀਏ ਤਾਂ ਉਹ ਮਾਈ ਭਾਗੋ ਹੈ । ਜੇ ਮਾਈ ਭਾਗੋ ਬੇਦਾਵੀਏ ਸਿੰਘਾਂ ਨੂੰ ਵਾਪਸ ਲੈ ਕੇ ਕਮਾਂਡ ਕਰਦੀ ਹੋਈ ਖਿਦਰਾਣੇ ਦੀ ਢਾਬ ਤੇ ਜੰਗ ਨਾ ਕਰਦੀ ਤਾਂ ਸੰਭਵ ਹੈ ਖ਼ਾਲਸੇ ਦਾ ਇਤਿਹਾਸ ਅੱਜ ਨਾਲੋਂ ਵੱਖਰਾ ਹੁੰਦਾ।
ਮਾਈ ਭਾਗੋ ਨੂੰ ਕਮਾਂਡ ਕਰਦੀ ਵੇਖ ਗੁਰੂ ਗੋਬਿੰਦ ਸਿੰਘ ਜੀ ਨੂੰ ਇਕ ਅਨੋਖੀ ਤਸੱਲੀ ਹੋਈ ਕਿ ਹੁਣ ਖ਼ਾਲਸਾ ਪੰਥ ਨੂੰ ਕੋਈ ਖ਼ਤਰਾ ਨਹੀਂ । ਜਿਸ ਕੰਮ ਵਿਚ ਔਰਤਾਂ ਰੱਖਿਆ ਕਰਨ ਦੇ ਕਾਬਲ ਹੋ ਜਾਣ ਉਹ ਕੌਮ ਕਦੇ ਮਰ ਨਹੀਂ ਸਕਦੀ ।
ਗੁਰਬਿਲਾਸ ਪਾਤਸ਼ਾਹੀ ਦਸਵੀਂ ਵਿਚ ਇਕ ਬੜੀ ਰੌਚਕ ਸਾਖੀ ਭਾਈ ਰੂਪਾ ਜੀ ਦੀ ਬੇਟੀ ਦੀ ਲਿਖੀ ਹੋਈ ਹੈ ਕਿ ਕਿਸ ਸੂਝ ਦੀ ਉਹ ਮਾਲਕ ਸੀ। ਭਾਈ ਸਾਧੂ ਤੋ ਰੂਪਾ ਜੀ ਨੇ ਇਕ ਸਮੇਂ ਪਿਆਰ ਦੀ ਖੇਡ ਖੇਡੀ ਸੀ ਕਿ ਉਹ ਤਾਂ ਹੀ ਜਲ ਪੀਣਗੇ ਜੇ ਗੁਰੂ ਹਰਿਗੋਬਿੰਦ ਜੀ ਠੰਡਾ ਛਾਗਲ ਦਾ ਜਲ ਸੇਵਨ ਕਰਨ । ਛੇਵੇਂ ਪਾਤਸ਼ਾਹ ਨੇ ਆ ਜਲ ਪੀਤਾ ਤੇ ਬਖ਼ਸ਼ਸਾਂ ਕੀਤੀਆਂ । ਭਾਈ ਰੂਪਾ ਜੀ ਜਦ ਵੀ ਕਿਸੇ ਨੂੰ ਜਲ ਪਿਲਾਂਦੇ ਸੀਤਲ ਜਲ ਹੀ ਪਿਲਾਂਦੇ । ਇਕ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਜਦ ਜਲ ਪੀਣ ਦੀ ਇਛਾ ਪ੍ਰਗਟਾਈ ਤਾਂ ਆਪ ਜੀ ਨੇ ਠੰਡਾ ਜਲ ਲਿਆ ਪੇਸ਼ ਕੀਤਾ। ਮਹਾਰਾਜ ਨੇ ਪ੍ਰਸੰਨ ਹੋ ਕੇ ਭਾਈ ਰੂਪਾ ਜੀ ਨੂੰ ਕਿਹਾ ਕਿ ਕੁਝ ਮੰਗੋ ਤਾਂ ਭਾਈ ਜੀ ਨੇ ਕਿਹਾ ਇਤਨੀ ਆਗਿਆ
ਦਿਉ ਕਿ ਮੈਂ ਦੋਸਤਾਂ ਸੰਬੰਧੀਆਂ ਕੋਲੋਂ ਪੁੱਛ ਆਵਾਂ । ਕੋਇਰ ਸਿੰਘ ਦੇ ਸ਼ਬਦਾਂ ਵਿਚ ਪਹਿਲਾਂ ਭਾਈ ਰੂਪਾ ਨੇ ਦੋਸਤਾਂ ਕੋਲੋਂ ਪੁਛਿਆ ਕਿ ਗੁਰੂ ਪ੍ਰਸੰਨ ਹੋਏ ਹਨ ਕੀ ਮੰਗਾਂ ਤਾਂ ਉਨ੍ਹਾਂ ਕਿਹਾ ਕਿ 'ਫ਼ੌਜਾਂ ਮੰਗ ਤਾਂ ਕਿ ਤੇਰਾ ਦਬਦਬਾ ਹੋਵੇ । ਭਰਾਵਾਂ ਕਿਹਾ ਕਿ ਮੰਗਣਾ ਹੀ ਹੈ ਤਾਂ ਜ਼ਮੀਨ ਮੰਗ ਤਾਂ ਕਿ ਸਭ ਅਨੰਦ ਮਾਣੀਏ । ਘਰ ਵਾਲੀ ਨੇ ਕਿਹਾ ਕਿ ਪੁੱਤਰ, ਨੂੰਹ, ਗਹਿਣਾ ਮੰਗ ਪਰ ਜਦ ਬੇਟੀ ਨੂੰ ਪੁਛਿਆ ਤਾਂ ਉਸ ਕਿਹਾ: 'ਪਿਤਾ ਜੀ ਮੰਗਣਾ ਤਾਂ ਇਹ ਮੰਗਣਾ ਕਿ ਜੋ ਘਰ ਆਵੇ ਰਾਜ਼ੀ ਜਾਵੇ। ਅਸੀਂ ਸੇਵਾ ਕਰਦੇ ਰਹੀਏ ਤੇ ਕੋਈ ਦੁਖੀ ਨਾ ਜਾਵੇ । ਤਾਹਿ ਕਹਯੋ
ਪਿਤਾ ! ਇਹੁ ਬਰ ਆਛੀ। ਜੋ ਆਵੈ ਸੋ ਤ੍ਰਿਪਤ ਸੁ ਸਾਛੀ।
ਸਬ ਹੀ ਸੇਵਾ ਮੈ ਬਨ ਆਵੈ ।
ਹਮ ਤੇ ਦੁਖੀ ਨ ਕੋਈ ਜਾਵੇ ।193।
ਸਭ ਇਤਿਹਾਸਕਾਰ ਇਕ-ਜ਼ਬਾਨ ਹਨ ਕਿ ਰਾਣੀ ਸਦਾ ਕੌਰ ਹਿੰਦੁਸਤਾਨ ਦੀਆਂ ਮਾਇਆਨਾਜ਼ ਔਰਤਾਂ ਵਿਚ ਸਰਬ-ਉੱਚਾ ਦਰਜਾ ਰਖਦੀ ਹੈ। ਉਸ ਦੀ ਹਸਤੀ ਸਿੱਖ ਇਤਿਹਾਸ ਵਿਚ ਆਮ ਕਰਕੇ ਅਤੇ ਮਹਾਰਾਜਾ ਰਣਜੀਤ ਸਿੰਘ ਕਾਲ ਵਿਚ ਖ਼ਾਸ ਕਰ ਯਾਦਗਾਰੀ ਜ਼ਮਾਨਾ ਹੈ। ਲਗਾਤਾਰ ਤੇਤੀ ਸਾਲ (1792-1825) ਤੱਕ ਪੰਜਾਬ ਦੀ ਸੇਵਾ ਕੀਤੀ । ਪੰਜਾਬ ਦੇ ਸਿਆਸੀ ਗਗਨ ਦੇ ਉਚੇ ਕਮਾਲ ਦੇਖ ਕੇ ਮਨੁੱਖ ਹੈਰਾਨ ਰਹਿ ਜਾਂਦਾ ਹੈ । ਇਸ ਦਾ ਅਮੁੱਕ ਦੇਸ਼ ਪਿਆਰ, ਇਸ ਦੀ ਪ੍ਰਬੰਧਕ ਸ਼ਕਤੀ, ਇਸ ਦੀ ਮੈਦਾਨਿ ਜੰਗ ਵਿਚ ਨਿਡਰਤਾ ਤੇ ਬੀਰਤਾ ਆਪਣੀ ਨਜ਼ੀਰ ਆਪ ਹੈ। ਖ਼ਾਲਸਾ ਰਾਜ ਦੀ ਉਸਾਰੀ ਸਮੇਂ ਇਹ ਸਭ ਤੋਂ ਮੋਹਰੇ ਰਹਿੰਦੀ ਰਹੀ ਹੈ । ਇਸ ਨੇ ਆਪਣੀ ਸਾਰੀ ਸ਼ਕਤੀ ਰਸੂਖ਼ ਅਤੇ ਯੋਗਤਾ ਮਹਾਰਾਜਾ ਰਣਜੀਤ ਸਿੰਘ ਨੂੰ ਕਾਮਯਾਬ ਕਰਨ ਲਈ ਵਰਤੀ । ਸਿੱਖ ਰਾਜ ਦੀ ਉਸਾਰੀ ਵਿਚ ਇਸ ਨੇ ਮੀਰ ਈਮਾਰਤ (ਚੀਫ਼ ਆਰਕੀਟੈਕਟ) ਦਾ ਕੰਮ ਕੀਤਾ । ਲੇਪਲ ਗਰਿਫ਼ਨ ਦਾ ਕਹਿਣਾ ਹੈ ਕਿ ਮਾਈ ਸਦਾ ਕੌਰ ਇਸਤਰੀ ਸ਼੍ਰੇਣੀ ਵਿਚ ਅਦੁੱਤੀ ਬਾਹਦੁਰ ਅਤੇ ਅਸਾਧਾਰਨ ਯੋਗਤਾ ਦੀ ਮਾਲਕ ਸੀ।
ਇਹ ਇਤਿਹਾਸਕ ਸਚਾਈ ਹੈ ਕਿ ਰਾਣੀ ਸਦਾ ਕੌਰ ਦੀ ਅਗਵਾਈ ਅਤੇ ਸਹਾਇਤਾ ਨਾ ਹੁੰਦੀ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਸ਼ੁਕਰਚੱਕੀਆ ਦਾ ਇਲਾਕਾ ਉਸ ਦੇ ਦੀਵਾਨ ਨੇ ਹੀ ਨਪ ਲੈਣਾ ਸੀ । ਫਿਰ ਜਦ ਸ਼ਾਹ ਜਮਾਨ .....................
1. ਗੁਰਬਿਲਾਸ ਪਾਤਸ਼ਾਹੀ ਦਸਵੀ, ਕ੍ਰਿਤ ਕੋਇਰ ਸਿੰਘ, ਅਧਿਆਇ ਅਠਾਰਵਾਂ ।
ਨੇ ਸ਼ਾਹੀ ਕਿਲ੍ਹੇ ਲਾਹੌਰ ਵਿਚ ਬੈਠਿਆਂ ਫੜ੍ਹ ਮਾਰੀ ਕਿ ਕਿੱਥੇ ਹੈ ਸਿੱਖਾਂ ਦੀ ਬਹਾਦਰੀ ਜੋ ਮੇਰੇ ਘੋੜਿਆਂ ਦੇ ਸੁੰਮਾਂ ਦੀ ਆਵਾਜ਼ ਸੁਣ ਕੇ ਹੀ ਨੱਸ ਗਏ ਹਨ ਤਾਂ ਸਰਦਾਰਨੀ ਸਦਾ ਕੌਰ ਨੇ ਹੀ, ਇਮਪੀਰੀਅਲ ਰੀਕਾਰਡਜ਼, ਫ਼ਾਰਨ ਡੀਪਾਰਟਮੈਂਟ, 14 ਦਸੰਬਰ 1798 ਦੇ ਲਿਖੇ ਅਨੁਸਾਰ, ਸਿੱਖ ਸਰਦਾਰਾਂ ਨੂੰ ਵੰਗਾਰ ਪਾਈ ਕਿ ਸ਼ਾਹ ਜਮਾਨ ਦੇ ਟਾਕਰੇ ਲਈ (ਮਹਾਰਾਜਾ) ਰਣਜੀਤ ਸਿੰਘ ਦੀ ਮਦਦ ਤੇ ਨਿਕਲਣ । ਜੇ ਉਨ੍ਹਾਂ ਵਿਚ ਸੰਕੋਚ ਹੈ ਤਾਂ ਮਰਦਾਨੋ ਕਪੜੇ ਉਤਾਰ ਸੁੱਟਣ ਅਤੇ ਜ਼ਨਾਨਾ ਪਹਿਨਣ, ਘਰ ਬੈਠਣ, ਉਹ ਆਪ ਮਰਦਾਵੇਂ ਭੇਸ ਵਿਚ ਦੁਸ਼ਮਣ ਵਿਰੁੱਧ ਲੜੇਗੀ । ਉਹ ਆਪ ਘੋੜ-ਸਵਾਰ ਹੋ ਰਣਜੀਤ ਸਿੰਘ ਨਾਲ ਲਾਹੌਰ ਗਈ ਅਤੇ ਸੁੰਮਨ ਬੁਰਜ ਹੇਠਾਂ (ਮਹਾਰਾਜਾ) ਸ਼ਾਹ ਜਮਾਨ ਨੂੰ ਵੰਗਾਰ ਪਾਈ । ਸੋਹਣ ਲਾਲ ਸੂਰੀ ਦਾ ਕਹਿਣਾ ਹੈ ਕਿ ਵੰਗਾਰ ਦੇ ਸ਼ਬਦ ਸਨ: "ਆ ਓਇ ਅਬਦਾਲੀ ਦੇ ਪੋਤਰੇ। ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਪੁਕਾਰਦਾ ਈ ।"
ਅਗਲੇ ਸਾਲ ਫਿਰ 27 ਜੂਨ, 1799 ਨੂੰ ਉਹ ਆਪਣੀ ਮਿਸਲ ਕਨ੍ਹਈਆ ਦੀ ਅਗਵਾਈ ਕਰਦੀ ਦਿੱਲੀ ਦਰਵਾਜ਼ੇ ਰਾਹੀਂ ਪੁੱਜੀ ਸੀ। ਸਰਦਾਰਨੀ ਸਦਾ ਕੌਰ ਦੀ ਵਿਉਂਤ ਮੁਤਾਬਕ ਹੀ ਬਗ਼ੈਰ ਖੂਨ ਖਰਾਬੇ ਦੇ ਸ਼ਾਹੀ ਕਿਲ੍ਹੇ 'ਤੇ ਕਬਜ਼ਾ ਹੋਇਆ । ਸ੍ਰੀ ਅੰਮ੍ਰਿਤਸਰ ਵੀ ਸਰਦਾਰਨੀ ਸਦਾ ਕੌਰ ਦੀ ਸਿਆਣਪ ਸਦਕਾ ਬਗ਼ੈਰ ਖੂਨ ਦਾ ਤੁਪਕਾ ਵਗਾਏ ਹੱਥ ਆਇਆ।
ਸਰਦਾਰਨੀ ਸਦਾ ਕੌਰ ਸਦਾ ਤੱਤਪਰ ਰਹਿਣ ਵਾਲੀ ਬੀਰ ਔਰਤ ਸੀ । ਜਦ ਹਰਕਾਰੇ ਨੇ ਬਟਾਲੇ ਖ਼ਬਰ ਦਿੱਤੀ ਕਿ ਉਨ੍ਹਾਂ ਦਾ ਪਤੀ ਸਰਦਾਰ ਗੁਰਬਖਸ਼ ਸਿੰਘ ਉੱਚ (ਮੁਲਤਾਨ) ਦੀ ਲੜਾਈ ਵਿਚ ਮੈਦਾਨ ਵਿਚ ਹੀ ਚੜ੍ਹਾਈ ਕਰ ਗਿਆ ਹੈ ਤਾਂ ਸੋਗੀ ਹੋਣ ਦੀ ਥਾਂ ਉਸੇ ਸਮੇਂ ਘੋੜੇ 'ਤੇ ਸਵਾਰ ਹੋ ਮੈਦਾਨਿ ਜੰਗ ਵਿਚ ਪੁੱਜੀ। ਅਤੇ ਪਤੀ ਦੇ ਸਭ ਬਸਤਰ ਆਪ ਪਹਿਨ ਲਏ ਤੇ ਕਨ੍ਹਈਆ ਮਿਸਲ ਦੀ ਅਗਵਾਈ ਆਪ ਸੰਭਾਲ ਲਈ। ਸਿਆਣਪ ਨਾਲ ਨਿਤ ਵਾਦ-ਵਿਵਾਦ ਨੂੰ ਮੂਲੋਂ ਮੁਕਾਉਣ ਲਈ ਆਪਣੀ ਲੜਕੀ ਮਹਿਤਾਬ ਕੌਰ ਦਾ ਰਿਸ਼ਤਾ ਸਰਦਾਰ ਮਹਾਂ ਸਿੰਘ ਦੇ ਲੜਕੇ ਮਹਾਰਾਜਾ ਰਣਜੀਤ ਸਿੰਘ ਨਾਲ ਕਰ ਦਿੱਤਾ । ਜਦ ਸ਼ੁਕਰਚੱਕੀਆ ਦੇ ਮੁਖੀ ਸਰਦਾਰ ਮਹਾਂ ਸਿੰਘ 27 ਸਾਲ ਦੀ ਭਰ ਜਵਾਨੀ ਵਿਚ ਚੜ੍ਹਾਈ ਕਰ ਗਏ ਤਾਂ ਇਸ ਨੇ ਹੀ ਬਾਲਕ ਰਣਜੀਤ ਸਿੰਘ ਨੂੰ ਅਮਲੀ ਤੌਰ ਤੇ ਪਾਲਿਆ, ਪੋਸਿਆ, ਜਵਾਨ ਕੀਤਾ ਅਤੇ ਫਿਰ ਮਹਾਰਾਜਾ ਦੀ ਪਦਵੀ ਤਕ ਪਹੁੰਚਾਇਆ। ਵੱਡੇ ਵੱਡੇ ਨਾਮਵਰ ਜਰਨੈਲਾਂ ਦੇ ਮੋਢੇ ਨਾਲ ਮੋਢਾ ਲਗਾ ਮੈਦਾਨ ਵਿਚ ਜੂਝਣਾ ਇਸ ਦੇ ਲਈ ਮਾਮੂਲੀ ਜਿਹਾ ਕੰਮ ਸੀ ।
ਰਾਜ ਦਾ ਪ੍ਰਬੰਧ ਇਸ ਖ਼ੂਬੀ ਨਾਲ ਕਰਦੀ ਸੀ ਕਿ ਵੱਡੇ ਵੱਡੇ ਰਸ਼ਕ ਖਾਂਦੇ ਸਨ ।
ਹੋਰ ਸਿੰਘਣੀਆਂ ਦੇ ਉਦਾਹਰਣ ਵੀ ਮਿਲਦੇ ਹਨ ਜਿਨ੍ਹਾਂ ਆਪਣਾ ਰੋਲ ਬੜੇ ਸੁਹਣੇ ਢੰਗ ਨਾਲ ਨਿਭਾਇਆ । ਸਿੰਘਣੀਆਂ ਵੀ ਮੋਢੇ ਨਾਲ ਮੋਢਾ ਡਾਹ ਕੇ ਨਾਲ ਜੂਝਦੀਆਂ, ਹੱਸ ਹੱਸ ਹਰ ਸੰਗਰਾਮ ਵਿਚ ਹਿੱਸਾ ਪਾਂਦੀਆਂ । ਵਿਲੀਯਮ ਫਰੈਂਕਲਨ ਦੇ ਸ਼ਬਦਾਂ ਵਿਚ ਕਿਤਨੀਆਂ ਹੀ ਅਜਿਹੀਆਂ ਉਦਾਹਰਣਾਂ ਹਨ ਕਿ ਜਦ ਸਿੱਖ ਬੀਬੀਆਂ ਨੇ ਹਥਿਆਰ ਚੁੱਕ ਕੇ ਇਲਾਕੇ ਦੇ ਦੁਸ਼ਮਣਾਂ ਦੇ ਕੋਝੇ ਹਮਲਿਆਂ ਤੋਂ ਰੱਖਿਆ ਕੀਤੀ ਅਤੇ ਜੰਗ ਵੇਲੇ ਨਿਰਾਲੀ ਜੁਰਅੱਤ ਦਾ ਪ੍ਰਗਟਾਵਾ ਕੀਤਾ ।
ਭਾਈ ਤਾਰੂ ਸਿੰਘ ਜੀ ਦੀ ਮਹਾਨ ਸ਼ਹੀਦੀ ਦੇ ਪ੍ਰਸੰਗ ਵਿਚ ਉਨ੍ਹਾਂ ਦੀ ਭੈਣ ਤੇ ਮਾਤਾ ਦਾ ਕਰਤੱਵ ਉਹਲੇ ਹੀ ਹੋ ਗਿਆ ਹੈ । ਸਾਡੇ ਇਤਿਹਾਸ ਨੇ ਲਿਖਿਆ ਹੈ ਕਿ ਨਿਰੰਜਨੀਏ ਨੇ ਜ਼ਕਰੀਆ ਖ਼ਾਨ ਪਾਸ ਸ਼ਿਕਾਇਤ ਹੀ ਇਹ ਕੀਤੀ ਸੀ ਕਿ-
ਹੈ ਤਾਰੂ ਸਿੰਘ ਦੀ ਇਕ ਭੈਣ ਔਰ ਮਾਈ
ਪੀਸ ਕੂਟ ਵੈ ਕਰੈ ਕਮਾਈ ।੧੮।
ਜੋ ਦਿਨ ਰਾਤ ਚੱਕੀ ਪੀਹ ਚੁੱਲ੍ਹਾ ਬਾਲ ਲੰਗਰ ਤਿਆਰ ਰੱਖਦੀਆਂ ਹਨ। ਇਤਨੀਆਂ ਦ੍ਰਿੜ੍ਹ ਇਰਾਦੇ ਦੀਆਂ ਹਨ, ਇਹ ਮਾਵਾਂ-ਧੀਆਂ ਕਿ-
ਸ਼ਬਦ ਚੌਕੀ ਗੁਰ ਆਪਨੇ ਕੀ ਕਰੋ।
ਸੋ ਮਰਨੇ ਤੇ ਨੈਕ ਨ ਡਰੇ ।
ਸਭ ਤੋਂ ਵੱਡੀ ਗੱਲ :
ਗੰਗਾ ਜਮਨਾ ਨਿਕਟ ਨਾ ਜਾਵੇ।
ਆਪਨੇ ਗੁਰ ਕੀ ਛਪੜੀ ਨਾਵੈ।
ਜਗਤ ਨਾਥ ਕੋ ਟੁੰਡਾ ਆਖੇ।
ਰਾਮ ਕਿਸ਼ਨ ਕੋ ਜਾਪ ਨਾ ਭਾਖੇ ।
ਮਾਂ-ਧੀ ਦੇ ਪਕੜੇ ਜਾਣ ਤੇ ਲਾਹੌਰ ਦੇ ਵਸਨੀਕਾਂ ਨੇ ਲੱਖ ਲੱਖ ਰੁਪਿਆ ਤਾਰ ਛੁਡਾਇਆ। ਭਾਈ ਰਤਨ ਸਿੰਘ ਭੰਗੂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦਾ ਬਿਰਤਾਂਤ ਲਿਖ ਕੇ ਜੋ ਉਨ੍ਹਾਂ ਦੀ ਮਾਂ ਬਾਰੇ ਲਿਖਿਆ ਹੈ,
.........................
1. ਪ੍ਰਾਚੀਨ ਪੰਥ ਪ੍ਰਕਾਸ਼,ਪੰਨਾ 269, ਐਡੀਸ਼ਨ ਚੌਥੀ (1962) ਸੰਪਾਦਿਤ ਭਾਈ ਵੀਰ ਸਿੰਘ ।
ਉਹ ਹਰ ਇਕ ਮਾਂ 'ਤੇ ਢੁੱਕਦਾ ਅਤੇ ਉਚੇਚਾ ਧਿਆਨ ਦੇ ਪੜ੍ਹਨਾ ਚਾਹੀਦਾ ਹੈ ।
'ਜਦ ਪਿੰਡ ਦਾ ਗਰੀਬ ਕਿਰਤੀ ਸਿੰਘ ਭਾਈ ਦਯਾਲ ਸਿੰਘ ਗੁਜ਼ਰ ਗਿਆ ਤਾਂ ਉਸ ਦੀ ਸਿੰਘਣੀ ਨੇ ਆਪਣੇ ਯਤੀਮ ਬੱਚੇ ਦੀ ਇਸ ਸ਼ਾਨਦਾਰ ਢੰਗ ਨਾਲ ਪਾਲਣਾ ਪੋਸਣਾ ਕੀਤੀ ਕਿ ਉਹ ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹੋ ਨਿਬੜਿਆ ।'
ਮਾਂ ਨੂੰ ਗੁਰਬਾਣੀ ਕੰਠ ਘਨੇਰੀ ਸੀ । ਪੋਥੀ ਉਹ ਗਾਤਰੇ ਰੱਖਦੀ । ਰੋਜ਼ ਨਿਸ਼ੰਗ ਹੋ ਕੇ ਸਿੱਖ ਸੰਗਤਾਂ ਦੇ ਸਜੇ ਦੀਵਾਨ ਜਾਂਦੀ । ਅੰਮ੍ਰਿਤ ਵੇਲਾ ਕਦੇ ਖੁੰਝਾਇਆ ਨਹੀਂ ਸੀ । ਸ਼ਾਮ ਨੂੰ ਸੋਦਰ ਜ਼ਰੂਰ ਪੜ੍ਹਦੀ । ਕੀਰਤਨ ਵੀ ਬੜਾ ਮਧੁਰ ਦੁਤਾਰੇ ਨਾਲ ਕਰਦੀ । ਸੰਗਤਾਂ ਬੜੇ ਚਾਅ ਨਾਲ ਸੁਣਦੀਆਂ । ਜਿਸ ਜੱਥੇ ਨੇ ਬੁਲਾਇਆ ਕਦੇ ਨਾਂਹ ਨਾ ਕੀਤੀ । ਪੈਂਡਾ ਕਰ ਕੇ ਵੀ ਪੁੱਜਦੀ ।
ਜਹਾਂ ਖਾਲਸੇ ਲਾਇ ਦੀਵਾਨ ।
ਜਾਇ ਕਰੈ ਸ਼ਬਦ ਚੌਕੀ ਗਾਨ।
ਕਿਤਨੀ ਕੁਰਬਾਨੀ ਭਰੀ ਹੋਈ ਸੀ ਸਿੰਘਣੀਆਂ ਵਿਚ ਕਿ ਜਦ ਆਪ ਜੀ ਨੇ ਵੈਸਾਖੀ ਵਾਲੇ ਦਿਨ ਜੱਸਾ ਸਿੰਘ ਨੂੰ ਨਾਲ ਬਿਠਲਾ, ਸ੍ਰੀ ਅੰਮ੍ਰਿਤਸਰ ਸਾਹਿਬ ਕੀਰਤਨ ਕੀਤਾ ਤਾਂ ਸਾਰੇ ਮੁਗਧ ਹੋਏ । ਨਵਾਬ ਕਪੂਰ ਸਿੰਘ ਜੀ ਨੇ ਬੱਚੇ ਨੂੰ ਕੋਲ ਸੱਦਿਆ ਤੇ ਮਾਂ ਕੋਲੋਂ ਬਾਲ ਜੱਸਾ ਸਿੰਘ ਪੰਥ ਲਈ ਮੰਗਿਆ। ਇਕੋ ਇਕ ਬੱਚਾ ਮਾਂ ਨੇ ਚਾਅ ਨਾਲ ਹਵਾਲੇ ਕਰ ਦਿੱਤਾ ।
ਮਾਤਾ ਭੀ ਉਸ ਹੁਇ ਖੁਸ਼ੀ ਦੀਨੀ ਬਾਹਿ ਫੜਾਇ ।
ਮਾਤਾਵਾਂ ਦੇ ਗਲਾਂ ਵਿਚ ਉਨ੍ਹਾਂ ਦੇ ਮਾਸੂਮ ਬੱਚਿਆਂ ਦੇ ਟੋਟੇ ਕਰ ਕੇ ਹਾਰ ਪਾਏ ਗਏ । ਪਰ ਮਜਾਲ ਹੈ ਜੋ ਕਿਸੇ ਸੀ ਤੱਕ ਕੀਤੀ ਹੋਵੇ । ਸਵਾ-ਸਵਾ ਮਣ ਪੀਸਣਾ ਤਾਂ ਇਕ ਛੋਟੀ ਜਿਹੀ ਗੱਲ ਸੀ । ਪਿਛੋਂ ਜਾ ਕੇ ਗਰਿਫ਼ਨ ਨੇ ਵੀ ਇਹ ਹੀ ਲਿਖਿਆ ਹੈ ਕਿ ਸਿੱਖ ਔਰਤਾਂ ਸੂਝ ਤੇ ਪ੍ਰਬੰਧਕੀ ਮਾਮਲਿਆਂ ਵਿਚ ਮਰਦਾਂ ਨਾਲੋਂ ਕਿਸੇ ਗੱਲੋਂ ਘੱਟ ਨਹੀਂ ਸਨ । ਰਾਣੀ ਸਦਾ ਕੌਰ ਦੀ ਸੂਝ, ਸਿਆਣਪ ਤਾਂ ਅਖਾਣ ਹੈ । ਸਰਦਾਰ ਚੜ੍ਹਤ ਸਿੰਘ ਦੇ ਘਰ ਮਾਈ ਦੇਸਾਂ ਨਿਪੁੰਨ ਪ੍ਰਬੰਧਕ
................
1. ਗੁਰਬਾਣੀ ਤਿਸ ਕੰਠ ਘਨੇਰੀ । ਹੁਤੀ ਸਿੱਖਣੀ ਦੁਇ ਪੱਖ (ਪੇਕਿਉਂ ਸਾਹੁਰੇ) ਕੇਰੀ।
-ਪ੍ਰਾਚੀਨ ਪੰਥ ਪ੍ਰਕਾਸ਼ਕ੍ਰਿਤ ਭਾਈ ਰਤਨ ਸਿੰਘ ਭੰਗੂ (ਪੰਨਾ 218)
2. ਪ੍ਰਾਚੀਨ ਪੰਥ ਪ੍ਰਕਾਸ਼,ਕ੍ਰਿਤ ਭਾਈ ਰਤਨ ਸਿੰਘ ਭੰਗੂ, ਪੰਨਾ 218
ਤੇ ਚਤੁਰ ਨੀਤੀਵਾਨ ਸੀ । ਭਾਈ ਤਾਰਾ ਸਿੰਘ ਘੇਬਾ ਦੀ ਸੁਪਤਨੀ ਮਾਈ ਰਤਨ ਕੌਰ ਦਲੇਰੀ ਦੀ ਮੂਰਤ ਸੀ । ਬਾਬਾ ਆਲਾ ਸਿੰਘ ਦੇ ਘਰ ਮਾਈ ਫਤੋ ਹਰ ਵੇਲੇ ਪਤੀ ਦੀ ਸਹਾਇਕ ਸੀ । ਮੁਲਤਾਨ ਦੇ ਹੱਲੇ ਵੇਲੇ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਦਾਤਾਰ ਕੌਰ ਨੇ ਆਪਣੇ ਜ਼ਿੰਮੇ ਰਸਦ ਪਾਣੀ ਪਹੁੰਚਾਉਣ ਦਾ ਜ਼ਿੰਮਾ ਲਿਆ ਸੀ।
ਮਹਾਰਾਣੀ ਜਿੰਦਾਂ ਦਾ ਰੋਲ ਉਚੇਚਾ ਧਿਆਨ ਮੰਗਦਾ ਹੈ। ਅੰਗਰੇਜ਼ ਕਹਿੰਦੇ ਸਨ ਕਿ ਇਕ ਹੀ ਮਰਦ ਹੈ ਰਾਣੀ ਜਿੰਦਾਂ । ਜਿੰਦਾਂ ਹੀ ਲਾਰਡ ਡਲਹੌਜ਼ੀ ਨੂੰ ਲਿਖ ਸਕਦੀ ਸੀ ਕਿ :
ਰਖ ਲੈ ਦੇ ਚਾਰ ਨਿਮਕ ਹਰਾਮਾਂ ਨੂੰ
ਅਤੇ ਬਾਕੀ ਪੰਜਾਬ ਨੂੰ ਫਾਂਸੀ ਲਗਾ ਦੇਹ ।
ਮਹਾਰਾਣੀ ਜਿੰਦਾਂ ਨੇ ਉਸ ਸਮੇਂ ਤੱਕ ਦਮ ਨਾ ਲਿਆ ਜਦ ਤਕ ਮਹਾਰਾਜਾ ਦਲੀਪ ਸਿੰਘ ਨੂੰ ਫਿਰ ਸਿੱਖ ਬਾਣੇ ਵਿਚ ਨਾ ਦੇਖ ਲਿਆ ।
'ਸਿੱਖ ਰਹਿਤ ਮਰਯਾਦਾ' ਵਿਚ ਵੀ ਔਰਤ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਗਏ ਹਨ। ਸਗੋਂ ਬੜੀ ਤਾੜਨਾ ਕੀਤੀ ਹੈ :
ਗੁਰ ਕਾ ਸਿੱਖ ਕੰਨਿਆ ਨਾ ਮਾਰੇ, ਕੁੜੀ ਮਾਰ ਨਾਲ ਨ ਵਰਤੇ।
-ਗੁਰਮਤਿ ਦੀ ਰਹਣੀ
ਅੰਮ੍ਰਿਤ ਸੰਸਕਾਰ ਦੇ ਸਿਰਲੇਖ ਹੇਠ ਲਿਖਿਆ ਹੈ ਕਿ 'ਹਰ ਦੇਸ਼, ਹਰ ਮਜ਼ਹਬ ਤੇ ਜਾਤੀ ਦੇ ਹਰ ਇਕ ਇਸਤਰੀ ਪੁਰਸ਼ ਨੂੰ ਅੰਮ੍ਰਿਤ ਛੱਕਣ ਦਾ ਅਧਿਕਾਰ ਹੈ ।
ਸਭ ਤੋਂ ਵੱਡੀ ਗੱਲ ਇਹ ਲਿਖੀ ਹੈ ਕਿ ਅੰਮ੍ਰਿਤ ਛਕਾਉਣ ਵਾਲੀ ਥਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ । ਘੱਟ ਤੋਂ ਘੱਟ ਛੇ ਤਿਆਰ ਬਰ ਤਿਆਰ ਸਿੰਘ ਹਾਜ਼ਰ ਹੋਣ । ਜਿਨ੍ਹਾਂ 'ਚੋਂ ਇਕ ਤਾਬਿਆ ਬੈਠੇ ਤੇ ਬਾਕੀ ਪੰਜ ਅੰਮ੍ਰਿਤ ਛਕਾਉਣ ਲਈ ਹੋਣ । ਇਨ੍ਹਾਂ ਵਿਚੋਂ ਸਿੰਘਣੀਆਂ ਭੀ ਹੋ ਸਕਦੀਆਂ ਹਨ ।
ਮੰਜੀਆਂ ਵਿਚੋਂ ਇਕ ਮੰਜੀ ਪਤੀ-ਪਤਨੀ ਮਥੋਂ-ਮੁਰਾਰੀ ਅਤੇ ਦੋ ਤਾਂ ਨਿਰੋਲ ਬੀਬੀਆਂ ਮਾਈ ਸੇਵਾ ਤੇ ਬੀਬੀ ਭਾਗੋ ਨੂੰ ਹੀ ਦਿੱਤੀਆਂ ਗਈਆਂ ਸਨ । ਜਦ ਗੁਰਦੁਆਰਾ ਐਕਟ 1925 ਵਿਚ ਬਣਿਆ ਸੀ ਤਾਂ ਸੰਸਾਰ ਭਰ ਵਿਚ ਪਹਿਲੀ ਵਾਰੀ ਵੋਟ ਦਾ ਅਧਿਕਾਰ ਵੀ ਸਿੱਖ ਔਰਤ ਨੂੰ ਮਿਲਿਆ ਸੀ ।
ਇਥੋਂ ਤਕ ਕਿ ਭਾਈ ਵੀਰ ਸਿੰਘ ਜੀ ਨੇ ਜਦ ਢੱਠੇ ਮਨਾਂ ਨੂੰ ਥੰਮ੍ਹੀ ਦੇ
ਕੇ ਖੜਾ ਕਰ ਕੇ ਚੜ੍ਹਦੀ ਕਲਾ ਭਰਨੀ ਸੀ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਸੁੰਦਰੀ ਨਾਂ ਦਾ 'ਚਰਿਤ' ਲਿਖਿਆ ਤਾਂ ਕਿ ਉਸ ਨੂੰ ਪੜ੍ਹ ਕੇ ਕੌਮ ਵਿਚ ਗੌਰਵ ਜਾਗੇ। ਭਾਈ ਵੀਰ ਸਿੰਘ ਜੀ ਨੇ ਆਪਣੀ ਪੁਸਤਕ ਦੇ ਮੱਥੇ ਤੇ ਜੋ ਇਬਾਰਤ ਲਿਖੀ ਉਹ ਉਚੇਚਾ ਧਿਆਨ ਮੰਗਦੀ ਹੈ। ਉਨ੍ਹਾਂ ਲਿਖਿਆ :
ਧਰਮ ਮੂਰਤਿ ਸੁੰਦਰ ਕੌਰ ਚਰਿਤ
ਪ੍ਰਸਿੱਧ ਨਾਮ ਸ੍ਰੀਮਤੀ ਸੁੰਦਰੀ ਜੀ
ਦੇ ਦਰਦਨਾਕ ਸਮਾਚਾਰ ਤੇ
ਪੁਰਾਤਨ ਖ਼ਾਲਸੇ ਜੀ ਦੀ ਬਹਾਦਰੀ,
ਧਰਮ ਪਾਲਣੇ ਦੇ ਕਰੜੇ ਖੇਦਾਂ ਦੇ
ਹੂ-ਬ-ਹੂ ਨਕਸ਼ੇ ।
ਫਿਰ ਉਸ ਪਿਛੋਂ ਸਤਵੰਤ ਕੌਰ ਲਿਖੀ । ਇਤਨਾ ਅਸਰ ਹੋਇਆ ਇਸ ਸੁੰਦਰੀ ਦਾ ਕਿ ਸਰਦਾਰ ਆਇਆ ਸਿੰਘ ਨੇ ਜਦ ਇਕ ਸਿੱਖ ਨੂੰ ਪਹਿਲਾਂ ਕੁਰਹਿਤੀਆਂ, ਚਿਲਮਾਂ ਪੀਂਦਾ, ਕੇਸਾਂ ਦੀ ਬੇਅਦਬੀ ਕਰਦੇ ਡਿੱਠਾ ਤੇ ਕੁਝ ਚਿਰ ਬਾਅਦ ਅੰਮ੍ਰਿਤਧਾਰੀ, ਗਾਤਰੇ ਕ੍ਰਿਪਾਨ ਸਹਿਤ ਧਰਮ ਮੂਰਤ ਤੱਕਿਆ ਤਾਂ ਪੁੱਛ ਹੀ ਬੈਠਾ ਕਿ ਇਤਨੀ ਤਬਦੀਲੀ ਕੈਸੇ ਹੋਈ ਤਾਂ ਉਸ ਨੇ ਕਿਹਾ: ਜੀ ਅਸਾਂ ਹੁਣ ਸੁੰਦਰੀ ਪੜ੍ਹ ਲਈ ਹੈ।
ਪ੍ਰੋਫ਼ੈਸਰ ਪੂਰਨ ਸਿੰਘ ਨੇ ਵੀ ਇਕ ਵਾਰਤਾ ਲਿਖੀ ਹੈ ਕਿ ਇਕ ਬੀਬੀ ਕੁੱਛੜ ਦੁੱਧ-ਪੀਂਦਾ ਬੱਚਾ ਲੈ ਕੇ ਸ੍ਰੀ ਦਰਬਾਰ ਸਾਹਿਬ ਦਰਸ਼ਨ-ਇਸ਼ਨਾਨ ਕਰਨ ਜਾ ਰਹੀ ਸੀ ਤਾਂ ਰਾਹ ਰੋਕ ਕਿਸੇ ਹਮਦਰਦ ਨੇ ਕਿਹਾ ਕਿ ਉਧਰ ਨਾ ਜਾ, ਮੌਤ ਪਈ ਵਰ੍ਹਦੀ ਹੈ । ਮਾਈ ਨੇ ਉਸ ਨੂੰ ਟੋਕਦੇ ਕਿਹਾ : ਤੂੰ ਕੀ ਜਾਣੇਂ ਜ਼ਿੰਦਗੀ ਕਿਸ ਵਿਚ ਹੈ। ਸਾਡੀ ਜ਼ਿੰਦਗੀ ਦਰਬਾਰ ਸਾਹਿਬ ਵਿਚ ਹੈ। ਫਿਰ ਉਸ ਨੇ ਕਿਹਾ : ਜੇ ਆਪਣੇ ਤੇ ਤਰਸ ਨਹੀਂ ਖਾਂਦੀ ਤਾਂ ਆਪਣੇ ਮਾਸੂਮ ਤੇ ਰਹਿਮ ਕਰ । ਬੀਬੀ ਨੇ ਕਿਹਾ: ਤਰਸ ਕਰਦੀ ਹਾਂ, ਤਾਂ ਹੀ ਤਾਂ ਇਸ ਨੂੰ ਲੈ ਕੇ ਆਈ ਹਾਂ । ਇਹ ਬੀਬੀਆਂ ਦੀ ਦ੍ਰਿੜ੍ਹਤਾ ਸੀ ਜੋ ਕੰਮ ਨੂੰ ਕਦੇ ਡੋਲਣ ਨਹੀਂ ਸੀ ਦੇਂਦੀ ।
ਬੱਸ ਇਹ ਹੀ ਕਹਿਣਾ ਬਣਦਾ ਹੈ ਕਿ ਔਰਤ ਨੂੰ ਜੋ ਪਦਵੀ ਗੁਰੂ ਜੀ ਨੇ ਬਖ਼ਸ਼ੀ, ਉਸ ਮੁਤਾਬਕ ਕਰਤੱਵ ਵੀ ਸਿੱਖ ਔਰਤ ਨੇ ਨਿਭਾ ਕੇ ਆਪਣੀ ਪਦਵੀ ਨੂੰ ਲਾਜ ਨਾ ਲੱਗਣ ਦਿੱਤੀ।
ਦੌਲਤਾਂ ਦਾਈ
ਜਦ ਮਹਿਤਾ ਕਾਲੂ ਦੇ ਘਰ ਮਾਤਾ ਤ੍ਰਿਪਤਾ ਦੀ ਕੁਖੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਤਾਂ ਜਨਮਸਾਖੀ ਵਾਲੇ ਦਸਦੇ ਹਨ ਕਿ ਚਾਨਣ ਹੀ ਚਾਨਣ ਖਿਲਰ ਗਿਆ। ਉਸ ਦਿਨ ਚਾਨਣ ਵਿਚ ਪਤਾ ਨਹੀਂ ਕੀ ਤੇਜ ਸੀ ਕਿ ਰਾਇ ਭੁਇ ਤਲਵੰਡੀ ਦਾ ਹਰ ਪੱਤਾ ਝੂਮਣ ਲਗ ਗਿਆ । ਗਊਆਂ ਮੱਝਾਂ ਤਕ ਵੱਧ ਦੁੱਧ ਦਿੱਤਾ । ਪਰ ਜਿਸ ਨੂੰ ਜਲਵੇ ਦੀ ਅਸਲ ਦੌਲਤ ਮਿਲੀ ਤੇ ਦੇਖੀ ਉਹ ਦੋਲਤਾਂ ਦਾਈ ਸੀ । ਪਹਿਲਾ ਦੀਦਾਰ ਦੌਲਤਾਂ ਹੀ ਕੀਤਾ ਸੀ । ਉਹ ਗੱਦ ਗੱਦ ਹੋ ਗਈ ਪਰ ਲੂੰ ਲੂੰ ਵਿਚ ਇਕ ਅਨੋਖੀ ਖ਼ੁਸ਼ਬੂ ਮਹਿਸੂਸ ਕੀਤੀ ਹੋਵੇਗੀ ਜਿਸ ਦਾ ਜ਼ਿਕਰ ਪੁਰਾਤਨ ਜਨਮਸਾਖੀ ਵਾਲੇ ਤਾਂ ਨਹੀਂ ਪਰ ਹੋਰਾਂ ਗ੍ਰੰਥਾਂ ਵਾਲਿਆਂ ਨੇ ਬਹੁਤ ਕੀਤਾ ਹੈ । ਉਸ ਨੂੰ ਇੰਜ ਲੱਗਾ ਜਿਵੇਂ ਆਕਾਸ਼ ਵਿਚ ਕੋਈ ਫੁੱਲਾਂ ਦੀ ਵਰਖਾ ਕਰ ਰਿਹਾ ਹੋਵੇ । ਵਾਤਾਵਰਣ ਹੀ ਸੁਗੰਧਿਤ ਹੋ ਗਿਆ। ਪ੍ਰਕਾਸ਼ ਇਤਨਾ ਕਿ ਹਜ਼ਾਰਾਂ ਸ਼ਮ੍ਹਾ ਵਾਲੇ ਸ਼ਮ੍ਹਾਦਾਨ ਦੀ ਲੋਅ ਵੀ ਮੱਧਮ ਪੈ ਗਈ । ਧੁੰਧ ਛੱਟ ਗਈ । ਦੌਲਤਾਂ ਦਾਈ ਇਹ ਸਾਰਾ ਕੌਤਕ ਦੇਖ ਹੈਰਾਨ ਹੋਈ ।
ਜਦ ਮਹਿਤਾ ਕਾਲੂ ਜੀ ਦੌਲਤਾਂ ਨੂੰ ਵਧਾਈ ਦੇ ਥਾਲ ਵਿਚ ਰੁਪਏ ਰੱਖ ਦੇਣ ਲਗੇ ਤਾਂ ਉਹ ਬੋਲ ਉਠੀ : ਰਹਿਣ ਦੇ ਕਾਲ੍ਹ। ਮੈਂ ਤਾਂ ਰੱਜੀ ਗਈ । ਸੱਚ ਪੁਛਣਾ ਹੈ ਤਾਂ ਮੈਂ ਆਪਣੀ ਹੱਥੀਂ ਕਈ ਬਾਲਕ ਜਨਮੇ, ਪਰ ਅਜਿਹਾ ਨਹੀਂ ਡਿੱਠਾ । ਇਹ ਤਾਂ ਮੈਨੂੰ ਇੰਜ ਮਿਲੇ ਜਿਵੇਂ ਕੋਈ ਬਜ਼ੁਰਗ ਮੁਸਕਰਾ ਕੇ ਮਿਲਦਾ ਹੈ।
ਬਹੁ ਸਿਸ ਜਨਮੇ ਮਾਹੀ ।
ਇਹ ਕੌਤਕ ਨਾ ਦੇਖਓ ਕਦਾਹੀ।
ਦੀਰਘ ਨਰ ਜਿਉ ਬਿਰਾਸ ਮਿਲਓ ਹੈ।
ਅਤੇ ਅਪਣੀ ਇਕ ਉਂਗਲ ਸਿੱਧੀ ਉੱਚੀ ਕਰ ਲਈ ਜਿਵੇਂ ਆਖ ਰਹੇ ਹੋਣ ਕਿ ਕੇਵਲ ਇਕ ਦੇ ਹੀ ਲੜ ਲਗਾਉਣੇ ਹਨ।
ਪ੍ਰਾਚੀਨ ਪੰਥ ਪ੍ਰਕਾਸ਼ ਵਾਲਾ ਲਿਖਦਾ ਹੈ ਕਿ ਜਿਥੇ ਅਉਲ ਦੱਬੀ, ਉਹ ਥਾਂ ਹੀਰਿਆਂ ਜਵਾਹਰਾਤ ਨਾਲ ਭਰ ਗਈ । ਦੌਲਤਾਂ ਦੀਆਂ ਸਭ ਭੁੱਖਾਂ ਮਿਟ ਗਈਆਂ ।
ਦੂਜੇ ਪਾਸੇ ਦੇਖੋ ਇਕ ਹੋਰ ਦਾਈ ਫਤੋ, ਜੋ ਪੈਸਿਆਂ ਦੇ ਲਾਲਚ ਵਿਚ ਥਣਾਂ ਨੂੰ ਜ਼ਹਿਰ ਲਗਾ ਕੇ ਗੁਰੂ ਨਾਨਕ ਦੇ ਛੇਵੇਂ ਰੂਪ ਗੁਰੂ ਹਰਿਗੋਬਿੰਦ ਜੀ ਨੂੰ ਮਾਰਨ ਆਈ। ਉਸ ਲੱਖ ਜਤਨ ਕੀਤੇ ਪਰ ਬਾਲਕ ਨੇੜੇ ਨਾ ਆਏ । ਉਸ ਵੀ ਇਕ ਤੇਜ ਦੇਖਿਆ ਜਿਸ ਦੀ ਝਾਲ ਨਾ ਝਲ ਸਕੀ ਤੇ ਜਾਨ ਗਵਾ ਬੈਠੀ ।
ਗੱਲ ਇਹ ਬਣੀ ਸੀ ਕਿ ਬਾਲਕ (ਗੁਰੂ) ਹਰਿਗੋਬਿੰਦ ਮਾਂ ਦਾ ਦੁੱਧ ਨਹੀਂ ਸਨ ਚੁੰਘਦੇ ਤਾਂ ਸਿਆਣਿਆਂ ਨੇ ਕਿਹਾ ਸੀ ਕਿਸੇ ਦਾਈ ਦਾ ਕੁਝ ਚਿਰ ਦੁੱਧ ਪਿਲਾਓ ਤਾਂ ਫਿਰ ਬਾਲਕ ਮਾਂ ਦਾ ਦੁੱਧ ਵੀ ਚੁੰਘਣ ਲਗ ਪਵੇਗਾ । ਦਾਈ ਜਦ ਦੂਰੋਂ ਵਧਾਈ ਦੇਂਦੀ ਆਈ ਤਾਂ ਮਾਤਾ ਗੰਗਾ ਜੀ ਨੇ ਕਿਹਾ ਕਿ ਚੰਗਾ ਹੋਇਆ ਤੂੰ ਆ ਗਈ । ਹੁਣ ਤੂੰ ਹੀ ਦੁੱਧ ਪਿਲਾ । ਉਸ ਫੱਫੇ ਕੁਟਣੀ ਨੇ 'ਜੁਗ ਜੁਗ ਜੀਵੇ ਬਾਲ ਤੁਮ੍ਹਾਰਾ' ਕਹਿ ਕੇ ਜ਼ਹਿਰ ਲੱਗਾ ਥਣ ਬੱਚੇ ਦੇ ਮੂੰਹ ਵਿਚ ਪਾਉਣਾ ਚਾਹਿਆ । ਕਈ ਜਤਨ ਉਹ ਕਰ ਥੱਕੀ ਪਰ ਬਾਲ ਮੂੰਹ ਵਿਚ ਹੀ ਨਾ ਪਾਏ । ਕੁਝ ਸਮਾਂ ਉਸ ਦੇ ਪੁਚਕਾਰਨ ਤੇ ਜਤਨਾਂ ਵਿਚ ਹੀ ਨਿਕਲ ਗਿਆ ।
ਕਰ ਰਹੀ ਜਤਨ ਨ ਅਸਥਨ ਲਯੋ ।
ਕਛੁਕ ਕਾਲ ਇਵਹੀ ਬਿਤ ਗਯੋ ।
ਪਰ ਮਰਦੇ ਹੋਏ ਦਾਈ ਦੱਸ ਗਈ ਕਿ ਇਹ ਕਾਰਾ ਉਸ ਪ੍ਰਿਥੀ ਚੰਦ ਦੇ ਕਹਿਣ ਤੇ ਹੀ ਕੀਤਾ ਸੀ ।
ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੀ ਆਤਮ ਕਥਾ ਵਿਚ ਦਾਈਅਨ ਦੁਲਰਾਏ ਦਾ ਜ਼ਿਕਰ ਕੀਤਾ ਹੈ । ਜਦ ਅਨੰਦਪੁਰ ਤਖ਼ਤ ਤੇ ਬੈਠਣ ਵੇਲੇ ਪਟਨੇ ਸੰਗਤ ਵੱਲ ਹੁਕਮਨਾਮਾ ਲਿਖਿਆ ਤਾਂ ਦਾਈ ਲਾਡੋ ਵੱਲ ਉਚੇਚੀ ਬਖ਼ਸ਼ੀਸ਼ ਭੇਜੀ । ਇਕ ਹੋਰ ਦਾਈ ਬੂਪੀ ਦਾ ਵੀ ਜ਼ਿਕਰ ਤਵਾਰੀਖ਼ਾਂ ਵਿਚ ਆਇਆ ਹੈ ਜੋ ਬਾਲਾ ਪ੍ਰੀਤਮ ਨੂੰ ਲਾਡ ਲਡਾਂਦੀ ਸੀ।
ਇਕ ਹੋਰ ਖਿਡਾਵੀ ਸੀ ਬੀਬੀ ਅਨੂਪ ਕੌਰ ਜਿਸ ਸਾਹਿਬਜ਼ਾਦਿਆਂ ਦੀ ਆਖ਼ਰੀ ਦਮ ਤਕ ਸੇਵਾ ਕੀਤੀ। ਪਕੜੇ ਜਾਣ ਤੇ ਆਪਾ ਵਾਰ ਦਿਤਾ ਪਰ ਪਤਿ ਪਾਲੀ ਰਖੀ ।
ਮਾਤਾ ਤ੍ਰਿਪਤਾ
(ਧਨ ਜਨਨੀ ਜਨ ਜਾਇਆ)
ਰਾਇ ਭੁਇ ਦੀ ਤਲਵੰਡੀ । ਜਰਨੈਲੀ ਸੜਕ ਤੋਂ ਰਤਾ ਕੁ ਹਟਵੀਂ, ਜਿਥੇ ਸਾਧੂ ਦਰਵੇਸ਼ ਥੱਕੇ ਹਾਰੇ ਆ ਅਰਾਮ ਕਰਦੇ । ਮਹਿਤਾ ਕਾਲੂ ਪਟਵਾਰੀ ਜ਼ਰੂਰ ਸਨ ਪਰ ਐਸੇ ਨਹੀਂ ਜਿਨ੍ਹਾਂ ਬਾਰੇ ਕਿਹਾ ਜਾਂਦਾ ਸੀ 'ਮੋ ਕੋ ਨੀਤ ਡਸੇ ਪਟਵਾਰੀ'। ਉਹ ਤਾਂ ਸਗੋਂ ਰਾਤ ਪਿਆਂ ਪਿੰਡ ਜਾ ਦੇਖਦੇ ਕੋਈ ਭੁੱਖਾ ਤਾਂ ਨਹੀਂ ਸੁੱਤਾ। ਉਨ੍ਹਾਂ ਦੇ ਘਰੋਂ ਮਾਤਾ ਤ੍ਰਿਪਤਾ ਦੇ ਤੰਦੂਰ ਤੋਂ ਹਰ ਇਕ ਦੇ ਪੇਟ ਦੀ ਅੱਗ ਸ਼ਾਂਤ ਹੁੰਦੀ । ਉਨ੍ਹਾਂ ਦੀ ਸੇਵਾ ਨੂੰ ਹੀ ਫਲ ਲੱਗਾ । ਇਸ ਪੁਰਾਤਨ ਤਪ ਤੇ ਇਸ ਜਨਮ ਨਿਰਸੰਕੋਚ ਸੇਵਾ ਦਾ ਹੀ ਸਿੱਟਾ ਸੀ ਕਿ ਜਗਤ ਤਾਰਕ ਗੁਰੂ ਦਾ ਮਾਤਾ ਤ੍ਰਿਪਤਾ ਤੇ ਬਾਬਾ ਕਾਲੂ ਜੀ ਦੇ ਘਰ ਪ੍ਰਕਾਸ਼ ਹੋਇਆ। ਇਹ ਵੀ ਲਿਖਿਆ ਮਿਲਦਾ ਹੈ ਕਿ ਮਾਤਾ ਤ੍ਰਿਪਤਾ ਤੇ ਮਹਿਤਾ ਕਾਲੂ ਦੇ ਪਿਛਲੇ ਤਪ ਸਦਕਾ ਹੀ ਉਨ੍ਹਾਂ ਨੂੰ ਗੁਰੂ ਨਾਨਕ ਦੀ ਮਾਂ ਬਣਨ ਦਾ ਸੁਭਾਗ ਪ੍ਰਾਪਤ ਹੋਇਆ । ਗੁਰੂ ਨਾਨਕ ਸਭਨਾਂ ਨੂੰ ਤਾਰਨ ਆਏ ਸਨ । ਉਸ ਨੂਰਾਨੀ ਆਤਮਾ ਨੂੰ ਆਪਣੀ ਕੁੱਖ ਵਿਚ ਅਨੁਭਵ ਕਰ ਕੇ ਜੋ ਨੂਰ ਚੜ੍ਹਿਆ ਉਹ ਅੱਜ ਤਕ ਕੋਈ ਕਲਮ ਦੱਸ ਨਹੀਂ ਸਕੀ । ਹਰ ਮਹੀਨੇ ਇਕ ਨਵਾਂ ਹੀ ਅਨੁਭਵ ਪ੍ਰਤੀਤ ਕਰਦੇ ਰਹੇ ।
ਜਿਨ੍ਹਾਂ ਵੀ ਪੈਗੰਬਰਾਂ ਨੂੰ ਇਸ ਧਰਤੀ ਤੇ ਆਏ ਸੁਣਦੇ ਹਾਂ ਉਨ੍ਹਾਂ ਦੀਆਂ ਮਾਵਾਂ ਇਸ ਖ਼ੁਸ਼ੀ ਨੂੰ ਝਲ ਨਹੀਂ ਸਕੀਆਂ। ਮਾਤ ਦੇਵਕੀ ਕ੍ਰਿਸ਼ਨ ਦੀ ਜਨਨੀ ਜ਼ਰੂਰ ਸੀ ਪਰ ਜੇਲ੍ਹ ਵਿਚ ਪਏ ਹੋਣ ਕਾਰਨ ਗੋਦ ਦਾ ਸੁੱਖ ਨਾ ਮਾਣ ਸਕੀ। ਸਿਸਕਦੀ ਤੇ ਤਰਸਦੀ ਰਹੀ । ਮਾਂ ਪਿਆਰ ਤੋਂ ਕ੍ਰਿਸ਼ਨ ਜੀ ਵਾਂਝੇ ਰਹੇ ਤੇ ਪੁੱਤ-ਪਿਆਰ ਤੋਂ ਮਾਂ । ਹਜ਼ਰਤ ਈਸਾ ਮਰਯਮ ਦੀ ਕੁਆਰੀ ਕੋਖ ਵਿਚ ਆਏ। ਜੋ ਤਾਹਨੇ ਮਿਹਣੇ ਮਰਯਮ ਨੂੰ ਸਹਾਰਨੇ ਪਏ ਉਹ ਹੀ ਜਾਣਦੀ ਹੈ । ਬੁੱਧ ਦੀ ਮਾਂ ਜਨਮ ਦੇਂਦੇ ਸਾਰ ਹੀ ਚੜ੍ਹਾਈ ਕਰ ਗਈ । ਮਾਸੀ ਕੋਲ ਪਲੇ । ਉਹ ਵਿਚਾਰੀ ਤਾਂ ਸਿਰਫ਼ ਸੁਪਨਿਆਂ ਦਾ ਸੁਆਦ ਹੀ ਲੈਂਦੀ ਰਹੀ । ਮਹਾਂਵੀਰ ਦੀ ਮਾਂ ਤ੍ਰਿਸ਼ੂਲਾ ਨੂੰ ਚੌਦਾਂ ਸੁਪਨੇ ਆਏ । ਹਰ ਸੁਪਨਾ ਆਉਣ ਤੇ ਕਾਂਬਾ ਛਿੜ ਜਾਂਦਾ ਸੀ।
ਸੁਪਨਿਆਂ ਦਾ ਵੇਰਵਾ ਦੇਂਦੀ ਡਰ ਜਾਂਦੀ ਸੀ । ਕਦੀ ਸਫ਼ੈਦ ਹਾਥੀ, ਕਦੇ ਚਿੱਟਾ ਦੰਦ, ਕਦੇ ਲਕਸ਼ਮੀ ਦੇਵੀ, ਕਦੇ ਫੁੱਲਾਂ ਦਾ ਹਾਰ ਗਲੇ ਪੈਂਦਾ ਦਿਸੇ ਸੂ । ਕਦੇ ਚੰਨ ਚੜ੍ਹੇ, ਕਦੇ ਸੂਰਜ ਤਾਰੇ, ਕਦੇ ਝੰਡਾ ਝੂਲੇ, ਕਦੇ ਕਲਸ ਚਮਕੇ, ਕਦੇ ਸਰੋਵਰ ਕੰਵਲ ਫੁੱਲਾਂ ਨਾਲ ਭਰਿਆ ਦਿੱਸੇ । ਕਦੇ ਡੂੰਘੇ ਸਾਗਰਾਂ ਦੀਆਂ ਛੱਲਾਂ ਦਿਸਣ, ਕਦੇ ਵਿਮਾਨ ਉਡਦੇ ਨਜ਼ਰੀ ਆਉਣ, ਕਦੇ ਰਤਨਾਂ ਦਾ ਖ਼ਜ਼ਾਨਾ ਖਿਲਰਿਆ ਅਤੇ ਅਗਰਬਤੀਆਂ ਦੀ ਖ਼ੁਸ਼ਬੂ ਬਗ਼ੈਰ ਧੂਏਂ ਤੋਂ । ਪਰ ਧੰਨ ਮਾਤਾ ਤ੍ਰਿਪਤਾ ਸੀ, ਨਾਰਾਇਣ ਕਲਾਧਾਰ ਨੂੰ ਕੁੱਖ ਵਿਚ ਰਖ ਵੀ ਸਮਿਚੀ ਰਹੀ। ਪ੍ਰਭੂ ਨੂੰ ਯਾਦ ਕਰਦੀ ਰਹਿੰਦੀ । ਕੋਈ ਮਾਂ ਵੀ ਏਨੀ ਵੱਡੇ ਹਿਰਦੇ ਵਾਲੀ ਨਹੀਂ ਸੀ ਜੋ ਇਨ੍ਹਾਂ ਮਹਾਨ ਆਤਮਾਵਾਂ ਨੂੰ ਸਾਧਾਰਨ ਤਰੀਕੇ ਨਾਲ ਪਾਲ ਸਕੀ ਹੋਵੇ। ਕੇਵਲ ਤ੍ਰਿਪਤਾ ਹੀ ਐਸੀ ਮਾਤਾ ਸੀ ਜਿਸ ਜਨਮ ਦੇ ਕੇ ਬੱਚੇ ਦੀ ਖ਼ੁਸ਼ੀ ਮਾਣੀ ਵੀ, ਪਾਲਿਆ ਵੀ, ਪੋਸਿਆ ਵੀ, ਲਾਡ ਵੀ ਲਡਾਏ ।
ਮਾਤਾ ਤ੍ਰਿਪਤਾ ਗੁਰੂ ਨਾਨਕ ਨੂੰ ਦੇਖਦੀ ਤਾਂ ਕੁਝ ਚਿੰਤਾਤੁਰ ਹੁੰਦੀ ਕਿ ਉਹ ਹੋਰ ਬੱਚਿਆਂ ਵਾਂਗ ਨਹੀਂ ਲਗਦਾ । ਹੈਰਾਨੀ ਵਿਚ ਪੈ ਜਾਂਦੇ । ਉਹ ਨਾਨਕ ਵਿਚ ਦੋ ਰੰਗ ਦੇਖਦੀ। ਕਦੀ ਉਹ ਖੇਲਦੇ, ਹਸਦੇ ਤਾਂ ਬਹੁਤ ਪ੍ਰਸੰਨ ਹੋ ਜਾਂਦੀ ਪਰ ਜਦੋਂ ਕਦੀ ਉਹ ਨਾਨਕ ਜੀ ਨੂੰ ਮੋਨ ਹੋਏ ਬੈਠੇ ਦੇਖਦੀ ਤਾਂ ਸੋਚੀਂ ਪੈ ਜਾਂਦੀ । ਕਦੇ ਬਾਲ ਗੁਰੂ ਨਾਨਕ ਖਾਣਾ ਵਿਚ ਛੱਡ ਸਾਧੂਆਂ ਦੇ ਬਚਨ ਸੁਣਨ ਲਈ ਚਲੇ ਜਾਂਦੇ ਤੇ ਫਿਰ ਘਰ ਖਿੱਚ ਕੇ ਵੀ ਲਿਆਂਦੀ । ਪਰ ਉਹ ਫਿਰ ਘਰੋਂ ਲੋਟਾ ਲੱਜ ਚੁਕ ਲੈ ਜਾਂਦੇ, ਜਿਸ ਪਾਸ ਪਾਣੀ ਪੀਣ ਲਈ ਲੋਟਾ ਨਾ ਹੋਵੇ ਘਰੋਂ ਦੇ ਦੇਂਦੇ । ਤਨੋਂ ਨੰਗਾ ਤਕਦੇ ਤਾਂ ਚਾਦਰ ਅੰਦਰੋਂ ਕੱਢ ਦੇਂਦੇ। ਮਾਂ ਨੇ ਕਦੇ ਹੱਥ ਨਾ ਰੋਕਿਆ। ਘਰ ਵਿਚ ਨਿੱਸਲ ਹੋ ਸੋਏ ਰਹਿੰਦੇ ਤਾਂ ਮਾਤਾ ਜੀ ਉਦਾਸ ਹੋ ਜਾਂਦੇ । ਇਕੋ ਪੁੱਤਰ ਹੋਣ ਕਾਰਨ ਉਹ ਹੋਰ ਵੀ ਚਿੰਤਾ ਵਿਚ ਡੁੱਬ ਜਾਂਦੇ । ਕਦੇ ਰੋ ਕੇ ਬਾਲਕ ਬਾਬੇ ਦੁੱਧ ਨਹੀਂ ਸੀ ਮੰਗਿਆ। ਇਸ ਦਾ ਬੜਾ ਫ਼ਿਕਰ ਰਹਿੰਦਾ । ਪਰ ਗੁਰੂ ਜੀ ਤੇ ਐਸੇ ਸੰਤੁਸ਼ਟ ਰਹਿਣ ਕਿ ਜਦੋਂ ਮਾਂ ਨੇ ਪਿਲਾਉਣਾ ਤਦ ਹੀ ਪੀਣ । ਸੰਤੋਖ ਘਰ ਉਨ੍ਹਾਂ ਦਾ ਜਨਮ ਸੀ ਅਤੇ ਸੰਤੋਖ ਨੂੰ ਹੀ ਉਨ੍ਹਾਂ ਜੀਵਨ-ਸਾਥੀ ਬਣਾਈ ਰਖਿਆ।
ਮਾਤਾ ਤ੍ਰਿਪਤਾ ਨਾਨਕ ਦਾ ਸੁਭਾਅ ਦੇਖਦੀ ਰਹਿੰਦੀ ਪਰ ਮਾਂ ਦਾ ਹਿਰਦਾ ਹੋਣ ਕਾਰਨ ਕੁਝ ਕਹਿੰਦੀ ਨਾ, ਸਗੋਂ ਜਦ ਮਹਿਤਾ ਕਾਲੂ ਜੀ ਦੁਖੀ ਹੋਣ ਤੇ ਉਨ੍ਹਾਂ ਨੂੰ ਸਮਝਾਂਦੀ ਕਿ ਇਹ ਕੋਈ ਰੱਬੀ ਨੂਰ ਹੈ ਜੋ ਸਾਡੇ ਘਰ ਉਤਰਿਆ ਹੈ।
ਮਾਤਾ ਤ੍ਰਿਪਤਾ ਆਪਣੇ ਦਿਲ ਦੀ ਗੱਲ ਜਦ ਬੇਟੀ ਨਾਨਕੀ ਨੂੰ ਕਹਿੰਦੀ ਕਿ ਨਾਨਕ ਸਾਰਾ ਦਿਨ ਘਰ ਲੰਮਾ ਪਿਆ ਰਹਿੰਦਾ ਹੈ ਤਾਂ ਨਾਨਕੀ ਜੋ ਨਾਨਕ ਨੂੰ ਜੋਤ ਰੂਪ ਕਰ ਤੱਕਦੀ ਸੀ ਮਾਤਾ ਜੀ ਨੂੰ ਆਖਦੀ: ਇੰਜ ਨਾ ਆਖੋ । ਸਾਡੇ ਭਾਗ ਸਾਰੇ ਜਗਤ ਤੋਂ ਨਿਆਰੇ ਹਨ । ਵੀਰ ਜੀ ਸਾਰਿਆਂ ਤੋਂ ਉੱਚੇ ਹਨ। ਜੋ ਕੌਤਕ ਕਰਦੇ ਹਨ ਸਭ ਉਨ੍ਹਾਂ ਦੇ ਚੋਜ ਹਨ। ਉਨ੍ਹਾਂ ਨੂੰ ਸਾਰੇ ਜਗਤ ਦੀ ਸਮਝ ਹੈ। ਉਨ੍ਹਾਂ ਨੂੰ ਅਣਜਾਣ ਜਾਂ ਕਮਲਾ ਨਾ ਸਮਝੋ ਮਾਂ ।
ਰਾਇ ਬੁਲਾਰ ਨੇ ਇਕ ਵਾਰੀ ਜਦ ਗੁਰੂ ਨਾਨਕ ਤੇ ਫਨੀਅਰ ਸੱਪ ਨੂੰ ਛਾਂ ਕਰਦੇ ਡਿੱਠਾ ਤਾਂ, ਉਸ ਸਮੇਂ ਮਹਿਤਾ ਕਾਲੂ ਨੂੰ ਆ ਕਿਹਾ 'ਮਤੇ ਪੁੱਤਰ ਨੂੰ ਫਿੱਟੇ ਮੂੰਹ ਕਹਿੰਦਾ ਹੋਵੇਂ । ਇਸਦਾ ਸਦਕਾ ਸਾਡਾ ਨਗਰ ਵੱਸਦਾ ਹੈ।
ਮਾਤਾ ਦਾ ਦਿਲ ਤਾਂ ਮਾਂ ਦਾ ਹੀ ਹੁੰਦਾ ਹੈ । ਉਹ ਨਾਨਕ ਨੂੰ ਫਿਰ ਵੀ ਪੁੱਤਰ ਕਰਕੇ ਹੀ ਜਾਣਦੀ ਅਤੇ ਦੂਜੇ ਬੱਚਿਆਂ ਦੀ ਤਰ੍ਹਾਂ ਹੱਸਦਾ ਖੇਡਦਾ ਦੇਖਣਾ ਚਾਹੁੰਦੀ ਸੀ । ਜਦ ਨਾਨਕ ਹੱਸਦੇ ਤਾਂ ਸਾਰਾ ਘਰ ਹੀ ਖਿੜ ਜਾਂਦਾ । ਮਾਤਾ ਤ੍ਰਿਪਤਾ ਤਾਂ ਉਨ੍ਹਾਂ ਦਾ ਮੁੱਖ ਵੇਖ ਕੇ ਹੀ ਜਿਊਂਦੀ। ਕਈ ਵਾਰ ਨਾਨਕੀ ਨੂੰ ਇਹ ਵੀ ਕਹਿੰਦੀ ਤੂੰ ਮੋਹ ਵਿਚ ਉਸ ਦਾ ਪੱਖ ਪੂਰਦੀ ਹੈ । ਭਰਾ ਮਗਰ ਬਾਵਰੀ ਨਾ ਹੋਇਆ ਕਰ, ਪਰ ਸਮਝਾਇਆ ਵੀ ਕਰ, ਪਿਉ ਨੂੰ ਨਾ ਕਲਪਾਏ, ਪਰ ਬੇਬੇ ਨਾਨਕੀ ਇਹ ਵੀ ਕਹਿੰਦੀ ਕਿ ਇਨ੍ਹਾਂ ਨੂੰ ਨਿਰਾ ਪੁੱਤ ਕਰਕੇ ਨਾ ਜਾਣੋ, ਇਹ ਤਾਂ ਜੱਗ ਨੂੰ ਤਾਰਨ ਆਏ ਹਨ।
ਪਰ ਮਾਤਾ ਦਾ ਹਿਰਦਾ ਆਪਣੇ ਪੁੱਤਰ ਨਾਲ ਲਾਡ ਲਡਾਉਣ ਲਈ ਕਰਦਾ । ਉਹ ਚਾਹੁੰਦੀ ਖੇਡਾਂ ਕਰੋ । ਕਿਰਤ ਕਾਰ ਲਗੇ । ਘਰ ਦੇ ਕਾਜ ਸਵਾਰੇ। ਗ੍ਰਹਿਸਤੀ ਵਸਾਏ।
ਜਦ ਨਾਨਕ ਸੱਚਾ ਸੌਦਾ ਕਰ ਕੇ ਘਰ ਆਏ ਤਾਂ ਪਿਤਾ ਜੀ ਨੇ ਚਪੇੜ ਕੱਢ ਮਾਰੀ ਤਾਂ ਕੂਲਾ ਮੂੰਹ ਭੱਖ ਲਾਲ ਹੋ ਗਿਆ ਤਾਂ ਮਾਂ ਦਾ ਹਿਰਦਾ ਪਿਘਲ ਗਿਆ । ਆਪ ਬੁਕਲ ਵਿਚ ਲੈ ਲਿਆ ਤੇ ਕਹਿਣ ਲੱਗੀ: ਮੇਰੇ ਲਾਲ ਜੀ । ਹੁਣ ਕਿਧਰੇ ਜਾਣ ਦੀ ਲੋੜ ਨਹੀਂ । ਘਰ ਹੀ ਟਿਕੋ । ਮਾਤਾ ਤਾਂ ਹਰ ਵਕਤ ਆਪਣੇ ਪੁੱਤਰ ਨੂੰ ਪਿਆਰ ਹੀ ਪਿਆਰ ਦੇਂਦੀ ਰਹੀ । ਉਹ ਮਾਤਾ ਜਿਸ ਦਾ ਹਿਰਦਾ ਮਮਤਾ ਨਾਲ ਭਰਿਆ ਹੈ, ਉਹ ਅਰਸ਼ੀ ਨੂਰ ਦੀ ਪੀੜਾ ਦੂਰ ਕਰਨ ਲਈ ਗੱਲ੍ਹ ਪਲੋਸਦੀ ਰਹੀ ਪਰ ਉਸ ਨੂੰ ਇਹ ਨਹੀਂ ਪਤਾ ਕਿ ਇਹ ਤਾਂ ਜਗਤ ਦੀ ਪੀੜਾ ਹਰਨ ਆਏ ਹਨ।
ਘਰ ਜਦ ਨੂੰਹ ਸੁਲੱਖਣੀ ਆਈ ਤਾਂ ਮਾਤਾ ਨੂੰ ਐਸਾ ਚਾਅ ਚੜ੍ਹਿਆ। ਕਿ ਚਾਅ ਵਿਚ ਮਿਉਂਦੀ ਹੀ ਨਹੀਂ ਸੀ । ਸ੍ਰੀ ਚੰਦ ਦੇ ਜਨਮ ਤੇ ਸਾਰੇ ਪਿੰਡ ਮਿਠਾਈ ਵੰਡੀ ਤੇ ਜਦ ਜੋੜੀ ਰਲੀ, ਲਖਮੀ ਚੰਦ ਜਨਮੇ ਤਾਂ ਉਨ੍ਹਾਂ ਦੀ ਖ਼ੁਸ਼ੀ ਸੰਭਾਲੀ ਨਹੀਂ ਸੀ ਜਾਂਦੀ । ਗੁਰੂ ਜੀ ਜਦ ਸੁਲੱਖਣੀ ਨੂੰ 'ਪਰਮੇਸ਼ਵਰ ਕੀਏ' ਆਖ ਕੇ ਅਵਾਜ਼ ਮਾਰਦੇ ਤਾਂ ਸੱਸ ਤ੍ਰਿਪਤਾ ਉਨ੍ਹਾਂ ਨੂੰ ਘੁੱਟ ਲੈਂਦੀ ।
ਉਦਾਸੀਆਂ ਸਮੇਂ ਕਦੀ ਨਾ ਤਾਂ ਸੁਲੱਖਣੀ ਨੇ ਉੱਚੀ ਅਵਾਜ਼ ਕੱਢੀ ਤੇ ਨਾ ਮਾਤਾ ਤ੍ਰਿਪਤਾ ਜੀ ਨੇ ਕਦੇ ਜਤਾਇਆ । ਉਦਾਸੀਆਂ ਸਮੇਂ, ਜੋ ਚੌਦਾਂ ਕੁ ਸਾਲਾਂ ਦਾ ਸਮਾਂ ਬਣਦਾ ਹੈ, ਮਾਤਾ ਦਾ ਹਿਰਦਾ ਕੇਵਲ ਪੁੱਤਰ ਪਿਆਰ ਨਾਲ ਹੀ ਭਿਜਿਆ ਰਹਿੰਦਾ । ਹਰ ਵਕਤ ਸੁਲੱਖਣੀ ਨੂੰ ਦਿਲਾਸਾ ਦੇਂਦੀ ਰਹੀ। ਗੁਰੂ ਨਾਨਕ ਜੀ ਉਦਾਸੀਆਂ ਉਪਰੰਤ ਜਦ ਤਲਵੰਡੀ ਆਏ ਤਾਂ ਮਾਤਾ ਤ੍ਰਿਪਤਾ ਨੇ ਆਪਣਾ ਅੰਤਮ ਸਮਾਂ ਜਾਣ ਉਨ੍ਹਾਂ ਨੂੰ ਰੋਕ ਲਿਆ । ਜਦ ਮਿਲੇ ਤਾਂ ਪਿਆਰ ਦੀ ਨੇਂ ਹੀ ਚਲ ਪਈ । 'ਭਯੋ ਮੋਹ ਸਰਿਤਾ ਸ ਪ੍ਰਵਾਹਾ।' ਗੁਰੂ ਨਾਨਕ ਜੀ ਨੇ ਜਦ ਚਰਨੀਂ ਹੱਥ ਲਾਇਆ ਤਾਂ ਮਾਂ ਨੇ ਜੱਫ਼ੀ ਵਿਚ ਲੈ ਲਿਆ । ਸਭ ਪਿਆਸ ਬੁਝ ਗਈ । ਗੁਰੂ ਨਾਨਕ ਜੀ ਨੇ ਕਿਹਾ: ਮਾਂ ! ਜਗਤ ਸੁਪਨੇ ਨਿਆਈਂ ਹੈ । ਪਕੜ ਨਹੀਂ ਰਖਣੀ । ਭਾਉ ਭਗਤ ਜਿਨ੍ਹਾਂ ਦੇ ਹਿਰਦੇ ਹੈ, ਉਹ ਫਿਰ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ । ਮਾਤਾ ਜੀ ਨੂੰ ਸਹਿਜੇ ਕਿਹਾ: ਮਾਂ। ਜਦ ਗਹਿਣਾ ਖਰੀਦਣ ਜਾਓ ਤਾਂ ਸੁਨਿਆਰਾ ਸੋਨੇ ਵੱਲ ਧਿਆਨ ਨਹੀਂ ਦੇਂਦਾ । ਨਮੂਨੇ, ਘਾੜਤ, ਮਿਹਨਤ ਦੀ ਗੱਲ ਕਰਦਾ ਹੈ ਪਰ ਜਦ ਵੇਚਣ ਜਾਓ ਤਾਂ ਕਹਿੰਦਾ ਹੈ ਕਿ ਘਾੜਤ ਕਾਹਦੀ । ਮੁੱਲ ਤਾਂ ਸੋਨੇ ਦਾ ਹੈ । ਸੋ ਪ੍ਰਭੂ ਦੇ ਦਰ ਕਰਨੀ ਹੀ ਪਰਖੀ ਜਾਣੀ ਹੈ। ਤੁਸਾਂ ਬੜਾ ਸਵੱਛ ਜੀਵਨ ਰਖਿਆ ਹੈ। ਜਿਸ ਉੱਚ ਆਤਮਕ ਅਵਸਥਾ ਨੂੰ ਮਾਤਾ ਜੀ ਪੁਜੇ ਹੋਏ ਸਨ ਉਸ ਦੀ ਉਦਾਹਰਣ ਸੂਰਜ ਪ੍ਰਕਾਸ਼ ਨੇ ਦਿਤੀ ਹੈ ਕਿ ਇੰਜ ਪ੍ਰਾਣ ਤਿਆਗੇ ਜਿਵੇਂ ਹਾਥੀ ਫੁੱਲਾਂ ਦੀ ਮਾਲਾ ਸੁੱਟਦਾ ਹੈ । ਅਤਿ ਸੋਖੇ ਸਹਿਜੇ ਜਿਵੇਂ ਜਲ ਵਿਚ ਜਲ ਸਮਾ ਜਾਂਦਾ ਹੈ । ਗੱਲਾਂ ਬਾਤਾਂ ਕਰਦੇ ਹੀ ਸਮਾ ਗਏ । ਸੰਨ 1522 ਸੀ ਅਤੇ ਸੰਮਤ 1579 । ਮਹਿਤਾ ਕਾਲੂ ਜੀ ਦੇ ਅਕਾਲ ਚਲਾਣੇ ਤੋਂ ਤੀਜੇ ਦਿਨ ਸਮਾਏ ਸਨ.
ਜਿਉ ਗਜ ਫੂਲ ਮਾਲ ਕੋ ਡਾਰੇ।
ਤਿਉ ਤਨ ਤਜ ਬੈਕੁੰਠ ਪਧਾਰੇ ।
ਤ੍ਰਿਪਤਾ ਤਜੀ ਦੇਹਿ ਸੁਭ ਭਾਂਤੀ ।
ਗੁਰੂ ਨਾਨਕ ਜੀ ਨੇ ਹੱਥੀਂ ਸੰਸਕਾਰ ਕੀਤਾ। ਸਾਰਿਆਂ ਨੂੰ ਉਪਦੇਸ਼ ਦੇਂਦੇ ਕਿਹਾ ਕਿ ਕਿਸੇ ਪ੍ਰਪੰਚ ਰਸਮ ਦੀ ਲੋੜ ਨਹੀਂ। ਸਤਿਨਾਮ ਦਾ ਹੀ ਸਿਮਰਨ ਕਰਨਾ । ਮਨੁੱਖ ਇਥੇ ਨਾਮ ਹੀ ਵਿਹਾਝਣ ਆਇਆ ਹੈ, ਜਿਸ ਨੇ ਇਹ ਖੱਟੀ ਖੱਟ ਲਈ ਉਹ ਮੁੱਖ ਉਜਲੇ ਹੋ ਇਥੋਂ ਜਾਂਦਾ ਹੈ :
ਜਿਉ ਕੋ ਬਨਿਕ ਕਰਨ ਬਿਵਹਾਰੇ ।
ਲੈ ਪੂੰਜੀ ਪਰਦੇਸ਼ ਸਿਧਾਰੇ।
ਤਿਉਂ ਮਾਨੁਖ ਤਨ ਲੈ ਸਭਿ ਆਏ ।
ਨਾਮ ਬਿਹਾਜਨ ਜੋ ਸੁਖ ਦਾਏ ।
ਬੇਬੇ ਨਾਨਕੀ
ਬੇਬੇ ਨਾਨਕੀ ਉਹ ਫ਼ਖ਼ਰ ਕਰਨ ਯੋਗ ਭੈਣ ਹੈ, ਜਿਸ ਨੇ ਆਪਣੇ ਅਵਤਾਰੀ ਵੀਰ ਨਾਨਕ ਨੂੰ ਸਭ ਤੋਂ ਪਹਿਲਾਂ ਪ੍ਰਭੂ ਕਰ ਜਾਣਿਆ। ਪਿਤਾ ਕਾਲੂ ਦੀ ਮਾਰ ਤੋਂ, ਮਾਤਾ ਦੀਆਂ ਝਿੜਕਾਂ ਤੋਂ ਤਾਂ ਅੱਗੇ ਹੋ ਬਚਾਂਦੇ ਹੀ, ਪਰ ਗ੍ਰਹਿਸਤ ਜੀਵਨ ਵਿਚ ਵਿਚਰਨ ਲਈ ਉਨ੍ਹਾਂ ਦੀ ਪ੍ਰੇਰਨਾ ਮੁੱਖ ਸੀ।
ਬੇਬੇ ਨਾਨਕੀ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਅਮਰਤਾ 'ਤੇ ਵਿਸ਼ਵਾਸ ਸੀ । ਉਹ ਮਾਤਾ ਤ੍ਰਿਪਤਾ ਨੂੰ ਕਈ ਵਾਰੀ ਆਖਦੀ, 'ਮਾਂ। ਨਾਨਕ ਨੂੰ ਪੁੱਤਰ ਕਰਕੇ ਨਾ ਜਾਣੀ ।' ਪਿਤਾ ਕਾਲੂ ਨੂੰ ਕਹਿੰਦੀ, 'ਨਾਨਕ ਕੋਈ ਇਸ ਜਗਤ ਦਾ ਜੀਵ ਨਹੀਂ । ਫ਼ਕੀਰ ਦੋਸਤ ਹੈ । ਤਾਂ ਹੀ ਤਾਂ ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਬੇਬੇ ਨਾਨਕੀ ਦੇ ਸਿਰਲੇਖ ਹੇਠ ਲਿਖਿਆ ਹੈ: ਉਹ (ਨਾਨਕੀ) ਗੁਰੂ ਨਾਨਕ ਦੇਵ ਜੀ ਦੇ ਧਰਮ ਨੂੰ ਧਾਰਨ ਵਾਲੀ ਸਭ ਤੋਂ ਪਹਿਲੀ ਸੀ। ਗੱਲ ਬਿਲਕੁਲ ਠੀਕ ਹੈ । ਉਨ੍ਹਾਂ ਨੇ ਹੀ ਸਭ ਤੋਂ ਪਹਿਲਾਂ ਗੁਰਮਤਿ ਨੂੰ ਜਾਣਿਆ ਅਤੇ ਸਿੱਖੀ ਧਾਰਨ ਕੀਤੀ । ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਵੀਰ ਨਹੀਂ ਸਗੋਂ ਪੀਰ ਕਰਕੇ ਜਾਣਿਆ। ਇਹ ਹੀ ਤਾਂ ਕਾਰਨ ਹੈ ਕਿ ਗੁਰੂ ਨਾਨਕ ਦੇਵ ਜੀ ਜਦੋਂ ਪਹਿਲੀ ਵਾਰ ਸੁਲਤਾਨਪੁਰ ਆਏ ਤਾਂ ਸ਼ਰਧਾ ਵਿਚ ਭਿੱਜੀ ਭੈਣ ਗੁਰੂ ਨਾਨਕ ਦੇ ਪੈਰਾਂ 'ਤੇ ਡਿੱਗ ਪਈ । ਨਾਨਕ ਵੀਰ ਨੇ ਉਠਾ ਕੇ ਕਿਹਾ, 'ਬੇਬੇ, ਇਹ ਤੂੰ ਕੀ ਕੀਤਾ ? ਪੈਰੀਂ ਮੈਂ ਪਵਾਂ ਕਿ ਤੂੰ ?' ਪਰ ਭੈਣ ਨੇ ਉਸ ਸਮੇਂ ਵੀ ਆਖਿਆ ਕਿ 'ਤੂੰ ਨਿਰਾ ਵੀਰ ਨਹੀਂ । ਵੀਰਾ ! ਜਗਤ ਦੀ ਪੀੜਾ ਹਰਨ ਆਇਆ ਹੈਂ । ਛੇਤੀ ਹੀ ਸੁਲਤਾਨਪੁਰ ਸੰਗਤ ਬਣ ਗਈ।
ਮੋਦੀ ਖ਼ਾਨੇ ਦਾ ਦਿਨ-ਰਾਤ ਕੰਮ ਕਰਦੇ । ਜਦ ਇਕ ਵਾਰੀ ਬੇਬੇ ਨੇ ਕਿਹਾ, 'ਵੀਰਾ ! ਤੂੰ ਨਹੀਂ ਚੰਗਾ ਲੱਗਦਾ ਕੰਮ ਕਰਦਾ । ਤਾਂ ਸਿੱਖ ਸਿਧਾਂਤ ਦਾ ਮੂਲ ਦ੍ਰਿੜ੍ਹਾਂਦੇ ਗੁਰੂ ਨਾਨਕ ਜੀ ਨੇ ਕਿਹਾ : ਬੇਬੇ ! ਕਿਰਤ ਕਰਦਿਆਂ ਦੇਹੀ ਸੁੱਚੀ ਹੁੰਦੀ ਹੈ।
ਨਾਨਕ ਵੀ ਆਪਣੀ ਭੈਣ ਦਾ ਪੂਰਾ ਆਦਰ-ਮਾਣ ਕਰਦੇ, ਭਾਵੇਂ ਕਿ ਉਹ ਉਸ ਤੋਂ ਪੰਜ ਸਾਲ ਵੱਡੀ ਸੀ । ਉਨ੍ਹਾਂ ਦੇ ਪਿਆਰ ਦਾ ਤਾਂ ਸਾਡੇ ਇਤਿਹਾਸ ਵਿਚ ਅਖਾਣ ਹੀ ਬਣ ਗਿਆ ਹੈ। ਕਿਤਨੀਆਂ ਹੀ ਗਵਾਹੀਆਂ ਹਨ ਕਿ ਜਦ ਵੀ ਭੈਣ ਫੁਲਕਾ ਤਵੇ 'ਤੇ ਪਾਉਂਦੀ, ਰਤਾ ਕੁ ਧਿਆਨ ਧਰਦੀ ਤਾਂ ਗੁਰੂ ਨਾਨਕ ਜੀ ਆ ਆਵਾਜ਼ ਦਿੰਦੇ । ਕੈਸੀ ਖਿੱਚ ਦੀ ਤੰਦ ਦੋਵਾਂ ਵਿਚ ਪੈ ਗਈ ਸੀ ।
ਬੇਬੇ ਨਾਨਕੀ ਦਾ ਜਨਮ ਆਪਣੇ ਨਾਨਕੇ ਪਿੰਡ ਚਾਹਲ, ਥਾਣਾ ਬਰਕੀ, ਜ਼ਿਲ੍ਹਾ ਲਾਹੌਰ, ਸੰਨ 1464 ਨੂੰ ਹੋਇਆ । ਨਾਨਾ ਰਾਮ ਜੀ, ਮਾਮਾ ਕ੍ਰਿਸ਼ਨਾ ਜੀ ਤੇ ਨਾਨੀ ਭਿਰਾਈ ਜੀ ਨੇ ਇਤਨੇ ਲਾਡ ਲਡਾਏ ਕਿ ਨਵ-ਜਨਮੀ ਬੱਚੀ ਦਾ ਨਾਂ ਹੀ ਨਾਨਕਿਆਂ ਦੀ ਪੈ ਗਿਆ । ਫਿਰ ਇਹ ਨਾਂ ਅੱਗੇ ਜਾ ਕੇ 'ਨਾਨਕੀ' ਅਖਵਾਣ ਲੱਗ ਪਿਆ ।
ਬੇਬੇ ਨਾਨਕੀ ਦਾ ਵਿਆਹ 11 ਸਾਲ ਦੀ ਉਮਰ ਵਿਚ ਭਾਈ ਜੈ ਰਾਮ ਜੀ ਨਾਲ ਹੋ ਗਿਆ ਸੀ । ਭਾਈ ਜੈ ਰਾਮ ਜੀ ਸੁਲਤਾਨਪੁਰ ਆਮਿਲ ਸਨ ਤੇ ਪੈਮਾਇਸ਼ ਕਰਨ ਤੇ ਕਰ ਲੈਣ ਤਲਵੰਡੀ ਆਇਆ ਜਾਇਆ ਕਰਦੇ ਸਨ। ਰਾਇ ਬੁਲਾਰ ਨੇ ਇਹ ਰਿਸ਼ਤਾ ਪੱਕਾ ਕਰਵਾ ਦਿੱਤਾ। ਭਾਵੇਂ ਨਾਨਕੀ ਜੀ ਸੁਲਤਾਨਪੁਰ ਚਲੇ ਗਏ ਪਰ ਵੀਰ ਦਾ ਪਿਆਰ ਉਨ੍ਹਾਂ ਨੂੰ ਮੁੜ-ਮੁੜ ਤਲਵੰਡੀ ਖਿੱਚ ਲਿਆਂਦਾ ਰਹਿਆ।
ਭਾਈ ਜੈ ਰਾਮ ਜੀ ਨੂੰ ਜਦ ਪਤਾ ਲੱਗਾ ਕਿ ਦੌਲਤ ਖ਼ਾਨ ਪਾਸ ਮੋਦੀ ਦੀ ਥਾਂ ਖ਼ਾਲੀ ਹੋਈ ਹੈ ਤਾਂ ਉਸ ਸਮੇਂ ਹੀ ਦੌਲਤ ਖ਼ਾਨ ਨੂੰ ਕਿਹਾ, 'ਖ਼ਾਨ ! ਮੇਰਾ ਇਕ ਸਾਕ ਹੈ, ਅਰ ਮਰਦਾਨਾ ਆਦਮੀ ਹੈ । ਖੂਬ ਲਾਇਕ ਹੈ, ਮੁਹਿੰਮ ਸਰ ਕਰਨਹਾਰ ਹੈ। ਅਰਬੀ, ਫ਼ਾਰਸੀ ਤੇ ਹੋਰ ਵਿਦਿਆ ਤੋਂ ਜਾਣੂ ਹੈ । ਦੌਲਤ ਖ਼ਾਨ ਨੇ ਹਾਮੀ ਭਰੀ ਅਤੇ ਜੈ ਰਾਮ ਜੀ ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਲੈ ਆਏ । ਦੌਲਤ ਖ਼ਾਨ ਨੇ ਨਿਰਛਲ ਤੇ ਨਿਰਕਪਟ ਚਿਹਰਾ ਦੇਖ ਕੇ ਉਸੇ ਸਮੇਂ ਆਖ ਦਿੱਤਾ, 'ਇਹ ਤਾਂ ਕੋਈ ਔਲੀਆ ਹੈ, ਈ ਮਰਦ ਖ਼ੁਦਾ ਦੀ ਸੂਰਤ ਨਜ਼ਰ ਆਵਤਾ ਹੈ । ਮੋਦੀ ਦਾ ਕੰਮ ਕਿਸ ਤਰ੍ਹਾਂ ਨਿਭਾਏਗਾ । ਇਹ ਸੁਣ ਗੁਰੂ ਨਾਨਕ ਦੇਵ ਜੀ ਨੇ ਫ਼ਰਮਾਇਆ, 'ਸਭ ਕੰਮ ਕਰਤਾਰ ਦੇ ਹੱਥ ਹਨ, ਆਦਮੀ ਦਾ ਉੱਦਮ ਉਹ ਹੀ ਸਫ਼ਲ ਕਰਨ ਵਾਲਾ ਹੈ, ਖ਼ਾਨ।'
ਇਹ ਵੀ ਸੱਚ ਹੈ ਕਿ ਬੇਬੇ ਨਾਨਕੀ ਦੇ ਜੇ ਵੱਸ ਹੁੰਦਾ ਤਾਂ ਉਹ ਵੀਰ ਨੂੰ ਨੌਕਰੀ ਕਰਨ ਹੀ ਨਾ ਦਿੰਦੀ।
ਭਾਈ ਜੈ ਰਾਮ ਜੀ ਵੀ ਬੇਬੇ ਨਾਨਕੀ ਨੂੰ ਪੂਰਾ ਆਦਰ ਮਾਣ ਦਿੰਦੇ। ਨਾਨਕ ਦੀ ਭੈਣ ਤੇ ਨਾਨਕੀ ਦੁਆਰਾ ਨਾਨਕ ਨਾਲ ਜੁੜੇ ਹੋਣ ਕਾਰਨ ਨਾਨਕੀ ਨੂੰ ਬੜੀ ਉੱਚੀ ਥਾਂ ਆਪਣੇ ਹਿਰਦੇ ਵਿਚ ਦਿੰਦੇ ਸਨ । ਤਾਂ ਹੀ ਇਕ ਵਾਰ ਕਹਿ ਦਿੱਤਾ ਸੀ, 'ਬਹੂ ਜੀ! ਤੂੰ ਨਾਨਕ ਦੀ ਭੈਣ ਹੈਂ । ਤੈਨੂੰ ਵੀ ਇਸ ਦਾ ਕੁਝ ਅਸਰ ਹੈ । ਅਸੀਂ ਐਵੇਂ ਭਰਮ ਵਿਚ ਭਟਕਦੇ ਹਾਂ । ਧੰਨ ਪਰਮੇਸ਼ਵਰ ਜੀ ਹੈਂ ਅਤੇ ਧੰਨ ਨਾਨਕ ਜੀ ਹੈਂ ਅਤੇ ਤੂੰ ਭੀ ਧੰਨ ਹੈਂ ਜੋ ਇਸ ਦੀ ਭੈਣ ਹੈਂ ਅਤੇ ਥੋੜੇ-ਥੋੜੇ ਅਸੀਂ ਭੀ ਧੰਨ ਹਾਂ ਜੋ ਤੇਰੇ ਨਾਲ ਸਾਡਾ ਸੰਯੋਗ ਹੈ।'
ਬੇਬੇ ਨਾਨਕੀ ਜੀ ਦੀ ਤਰ੍ਹਾਂ ਜੈ ਰਾਮ ਜੀ ਵੀ ਨਾਨਕ ਨਾਲ ਸਨੇਹ ਕਰਦੇ ਸਨ । ਪਿਤਾ ਕਾਲੂ ਜੀ ਵੀ ਜੈ ਰਾਮ ਜੀ ਕੋਲੋਂ ਸਲਾਹ ਮੰਗਦੇ । ਉਹ ਨੇਕ ਤੇ ਠੀਕ ਸਲਾਹ ਦਿੰਦੇ । ਨਾਨਕੀ ਦੇ ਕਹਿਣ 'ਤੇ ਹੀ ਉਨ੍ਹਾਂ ਦੌਲਤ ਖ਼ਾਨ ਨਾਲ ਨਾਨਕ ਲਈ ਗੱਲ ਕੀਤੀ।
ਨਿਰੀਆਂ ਵਧਾਈਆਂ ਹੀ ਨਹੀਂ, ਭੈਣ ਨੂੰ ਵੀਰ ਲਈ ਗੱਲਾਂ ਵੀ ਸੁਣਨੀਆਂ ਪੈਂਦੀਆਂ ਸਨ । ਕਈ ਮਿਹਣੇ-ਤਾਹਨੇ ਵੀ ਸਹਾਰਨੇ ਪੈਂਦੇ ਸਨ ਪਰ ਮਜ਼ਾਲ ਕੀ ਉਨ੍ਹਾਂ ਸਾਹਮਣੇ ਕੋਈ ਗੁਰ-ਨਿੰਦਿਆ ਕਰ ਸਕੇ । ਸੁਲਤਾਨਪੁਰ ਮੋਦੀ ਦਾ ਕੰਮ ਕਰਦੇ ਜਦ ਵੀਰ ਨੂੰ ਕੁਝ ਸਾਲ ਹੋ ਗਏ ਤਾਂ ਇਕ ਵਾਰੀ ਗੁਰੂ ਮਹਾਰਾਜ ਦੀ ਸੱਸ ਬੀਬੀ ਚੰਦੋ ਨੇ ਆ ਕੇ ਖੂਬ ਜਲੀਆਂ-ਕਟੀਆਂ ਸੁਣਾਈਆਂ ਤੇ ਉਹ ਇਥੋਂ ਤਕ ਆਖ ਗਈ ਕਿ ਉਸ ਦੀ ਧੀ 'ਸੁਲੱਖਣੀ' ਦਾ ਰਤਾ ਵੀ ਕੱਪੜੇ ਲੱਤੇ ਦਾ ਖ਼ਿਆਲ ਨਹੀਂ ਰੱਖਿਆ ਜਾਂਦਾ । ਉਹ ਹੀ ਆਪਣੇ ਵੀਰ ਨੂੰ ਸਮਝਾਏ । ਜੋ ਉੱਤਰ ਬੇਬੇ ਨਾਨਕੀ ਨੇ ਚੰਦੋ ਜੀ ਨੂੰ ਦਿੱਤਾ, ਉਸ ਤੋਂ ਉਨ੍ਹਾਂ ਦਾ ਵੀਰ-ਪਿਆਰ ਤਾਂ ਡਲ੍ਹਕਾਂ ਮਾਰਦਾ ਹੀ ਹੈ ਪਰ ਨਾਲ ਹੀ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਦੀ ਇਕ ਹੋਰ ਨਿਰਾਲੀ ਤਸਵੀਰ ਉਭਰ ਕੇ ਸਾਹਮਣੇ ਆਉਂਦੀ ਹੈ । ਬੌਬੇ ਨਾਨਕੀ ਜੀ ਨੇ ਕਿਹਾ, 'ਸੁਣ ਮਾਸੀ! ਮੈਂ ਭਿਰਾਓ ਤਾਈਂ ਕੀ ਸਮਝਾਵਾਂ । ਭਿਰਾਓ ਮੇਰਾ ਚੋਰ ਨਹੀਂ, ਯਾਰ ਨਹੀਂ, ਜੁਆਰੀ ਨਹੀਂ, ਕੋਈ ਬੁਰਾ ਕੰਮ ਨਹੀਂ ਕਰਦਾ । ਮੈਂ ਉਸ ਨੂੰ ਕੀ ਸਮਝਾਵਾਂ । ਉਹ ਦਾਨ-ਪੁੰਨ ਕਰਦਾ ਹੈ। ਨੰਗੇ ਭੁੱਖ ਨੂੰ ਦਿੰਦਾ ਹੈ ਤਾਂ ਆਪਣੀ ਖੱਟੀ-ਕਮਾਈ ਵਿਚੋਂ ਕਰਦਾ ਹੈ । ਮੈਂ ਕੀ ਸਮਝਾਵਾਂ ? ਆਪਣੀ ਕਮਾਈ ਵਿਚੋਂ ਭਾਵੇਂ ਜੋ ਸੋ ਕਰੇ ।
'ਮਾਸੀ । ਤੁਸੀਂ ਉਲ੍ਹਾਮੇ ਤਾਂ ਦੇਵੋ ਜੇ ਤੁਹਾਡੀ ਧੀ ਨੰਗੀ ਭੁੱਖੀ ਰਹਿੰਦੀ ਹੋਵੇ । ਅਸੀਂ ਇਸ ਮੂੰਹੋਂ ਕੁਝ ਆਖੀਏ, ਸੁਆਦ ਨਹੀਂ ਦਿੰਦਾ । ਤੂੰ ਸੁਣ ਮਾਸੀ,
ਗਹਿਣੇ ਦੀ ਜਾਏ ਗਹਿਣਾ ਹੈ। ਕੱਪੜੇ ਦੀ ਜਾਏ ਕੱਪੜਾ ਹੈ। ਅੰਨ ਦੀ ਜਾਏ ਅੰਨ ਹੈ ਅਤੇ ਮੈਂ ਅਸਤ ਅਸਤ ਕਰਦੀ ਰਹਿੰਦੀ ਹਾਂ ਅਤੇ ਭਾਬੀ ਬਿਨਾਂ ਮੈਂ ਇਸ ਮੂੰਹੋਂ ਉਨ੍ਹਾਂ ਨੂੰ ਕਦੇ ਸੱਦਿਆ ਨਹੀਂ ।
ਇਹ ਸਭ ਕੁਝ ਸੁਣ ਕੇ ਚੰਦੋ ਰਾਣੀ ਚੁੱਪ ਕਰ ਗਈ। ਜਵਾਬ ਨਾ ਦੇ ਸਕੀ ਅਤੇ ਸ਼ਰਮਿੰਦਾ ਹੋ ਉਠ ਕੇ ਚਲੀ ਗਈ ।
ਸੁਲਤਾਨਪੁਰ ਵਿਚ ਹੀ ਉਹ ਪਾਵਨ ਰਿਹਾਇਸ਼ ਹੈ, ਜਿਥੇ ਬੇਬੇ ਨਾਨਕੀ ਜੀ ਤਕਰੀਬਨ 43 ਸਾਲ ਰਹੇ । ਉਥੇ ਹੀ ਖੂਹ ਹੈ, ਜੋ ਪਿਆਸਿਆਂ ਦੀ ਪਿਆਸ ਹੁਣ ਤਕ ਬੁਝਾਉਂਦਾ ਹੈ । ਉਥੇ ਹੀ ਇਕ ਐਸਾ ਬ੍ਰਿਛ ਹੈ, ਜੋ ਥੱਕੇ-ਹਾਰਿਆਂ ਦੀ ਬਕਾਵਟ ਹੁਣ ਤੱਕ ਮਿਟਾਉਂਦਾ ਹੈ । ਉਥੇ ਹੀ ਤੰਦੂਰ ਹੈ, ਜੋ ਹਰ ਇਕ ਦੀ ਭੁੱਖ ਦਾ ਖ਼ਿਆਲ ਰੱਖ ਹਰ ਵਕਤ ਬਲਦਾ ਹੀ ਰਹਿੰਦਾ ਹੈ । ਹਰ ਵਕਤ ਲੰਗਰ ਆਏ-ਗਏ ਲਈ ਤਿਆਰ ਰਹਿੰਦਾ ਹੈ । ਇਸ ਥਾਂ ਦੀ ਮਹੱਤਾ ਨੂੰ ਜਾਣਦੇ ਹੋਏ ਵੀਰ ਦੇ ਆਉਣ 'ਤੇ ਉਹ ਥਾਂ ਬੇਬੇ ਨੇ ਗੁਰੂ ਨਾਨਕ ਨੂੰ ਦੇ ਦਿੱਤੀ । ਆਪ ਛੋਟੇ ਮਕਾਨ ਵਿਚ ਚਲੇ ਗਏ ਤਾਂ ਕਿ ਨਾਨਕ ਦਾ ਵੇਹੜਾ ਸਦਾ ਖੁੱਲ੍ਹਾ ਰਹੇ। ਬੱਚੇ ਅੱਜ ਵੀ ਇਹ ਗਾਉਂਦੇ ਹਨ:
ਨਾਨਕ ਦਾ ਘਰ ਕਿਹੜਾ
ਜਿਸ ਦਾ ਖੁੱਲ੍ਹਾ ਵਿਹੜਾ ।
ਜਦ ਗੁਰੂ ਨਾਨਕ ਜੀ ਪਹਿਲੀ ਉਦਾਸੀ ਲਈ ਜਗਤ-ਜਲੰਦੇ ਨੂੰ ਤਾਰਨ ਲਈ ਨਿਕਲੇ ਤਾਂ ਮਰਦਾਨੇ ਲਈ ਰਬਾਬ ਉਚੇਚੇ ਤੌਰ 'ਤੇ ਫਿਰਦੇ ਤੋਂ ਬਣਾਉਣ ਲਈ ਰਕਮ ਨਾਨਕੀ ਜੀ ਕੋਲੋਂ ਮੰਗ ਕੇ ਲਈ ਤਾਂ ਕਿ ਜਦ ਵੀ ਰਬਾਬ ਦੀ ਸੁਰ ਨਿਕਲੇ, ਭੈਣ ਦਾ ਮਿੱਠਾ ਪਿਆਰ ਨਾਲ ਰਵੇ । ਇਹ ਹੀ ਵਜ੍ਹਾ ਹੈ ਕਿ ਵੀਰ ਨਾਨਕ ਜਦ ਪਹਿਲੀ ਉਦਾਸੀ ਉਪਰੰਤ ਮੁੜੇ ਤਾਂ ਸਿੱਧਾ ਸੁਲਤਾਨਪੁਰ ਭੈਣ ਨਾਨਕੀ ਕੋਲ ਆਏ । ਜਦ ਮਰਦਾਨਾ ਜੀ ਨੇ ਉਦਾਸੀ ਦਾ ਸਾਰਾ ਹਾਲ ਸੁਣਾਉਣਾ ਸ਼ੁਰੂ ਕਰ ਦਿੱਤਾ ਤਾਂ ਉਚੀ ਅਵਸਥਾ ਨੂੰ ਪਾਈ ਨਾਨਕੀ ਜੀ ਨੇ ਮਰਦਾਨਾ ਨੂੰ ਕੋਲ ਬੁਲਾ ਕੇ ਕਿਹਾ, 'ਪਰਮੇਸ਼ਵਰ ਲੋਕਾਂ ਦੀ ਗੱਲ ਸੰਸਾਰ ਦੇ ਲੋਕਾਂ ਨੂੰ ਨਹੀਂ ਦੱਸੀਦੀ ।'
ਦੂਜੀ ਉਦਾਸੀ ਵੇਲੇ 1518 ਦੇ ਅਖ਼ੀਰ ਵਿਚ ਜਦੋਂ ਗੁਰੂ ਨਾਨਕ ਸੁਲਤਾਨਪੁਰ ਪੁੱਜੇ ਤਾਂ ਨਾਨਕੀ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਦੇਖ ਕੇ ਵੀਰ ਨੂੰ ਰੁਕ ਜਾਣ ਲਈ ਕਿਹਾ।
ਬੇਬੇ ਨਾਨਕੀ ਦਾ ਸਸਕਾਰ ਵੀਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਕੀਤਾ । ਬੇਬੇ ਨਾਨਕੀ ਦੇ ਅਕਾਲ ਚਲਾਣੇ ਦੇ ਤੀਜੇ ਦਿਨ ਭਾਈ ਜੈ ਰਾਮ ਜੀ ਵੀ ਚੜ੍ਹਾਈ ਕਰ ਗਏ । ਉਨ੍ਹਾਂ ਦਾ ਸਸਕਾਰ ਵੀ ਗੁਰੂ ਨਾਨਕ ਦੇਵ ਜੀ ਨੇ ਹੀ ਕੀਤਾ ਤੇ ਦੋਵਾਂ ਦੇ ਫੁੱਲ ਇਕੱਠੇ ਹੀ ਵੇਈਂ ਨਦੀ ਵਿਚ ਪ੍ਰਵਾਹ ਕੀਤੇ । ਜਿਥੇ ਵੇਈਂ ਦਾ ਉਪਦੇਸ਼, 'ਨਾ ਕੋ ਹਿੰਦੂ, ਨਾ ਮੁਸਲਮਾਨ' ਚਾਰ-ਚੱਕ ਪ੍ਰਸਿੱਧ ਹੈ, ਉਥੇ ਵੇਈਂ, ਵੀਰ ਤੇ ਭੈਣ ਦੇ ਪਿਆਰ ਅਤੇ ਪਤੀ-ਪਤਨੀ ਦੇ ਸਨੇਹ ਨੂੰ ਲਗਾਤਾਰ ਵਹਿ ਕੇ ਸੁਣਾਈ ਚਲੀ ਜਾ ਰਹੀ ਹੈ।
ਜਦ ਮਰਦਾਨਾ ਜੀ ਦਾ ਅਕਾਲ ਚਲਾਣਾ ਹੋਇਆ ਸੀ ਤਾਂ ਗੁਰੂ ਨਾਨਕ ਦੇਵ ਜੀ ਦੇ ਮੂੰਹੋਂ ਨਿਕਲਿਆ ਸੀ:
ਤੂਟੀ ਤੰਤੁ ਰਬਾਬ ਕੀ ਵਾਜੈ ਨਹੀ ਵਿਜੋਗਿ ॥੩੨॥
- ਰਾਮਕਲੀ ਮ: ੧ ਦਖਣੀ ਓਅੰਕਾਰ, ਪੰਨਾ ੯੩੪
ਬੜੇ ਕਮਾਲ ਦੀ ਗੱਲ ਹੈ ਕਿ ਸਰੀਰ-ਆਤਮਾ ਦੇ ਸੰਬੰਧ ਨੂੰ ਦਰਸਾਉਣ ਲਈ ਗੁਰੂ ਨਾਨਕ ਦੇਵ ਜੀ ਨੇ ਭੈਣ-ਭਰਾ ਦੇ ਪਿਆਰ ਨਾਲ ਹੀ ਤੁਲਨਾ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਜਦ ਵੀਰ ਰੂਪੀ ਆਤਮਾ ਸਰੀਰ ਨੂੰ ਛੱਡਦੀ ਹੈ ਤਾਂ ਐਸਾ ਵਿਜੋਗ ਉਠਦਾ ਹੈ ਭੈਣ ਨੂੰ ਕਿ ਉਹ ਵਿਜੋਗ ਵਿਚ ਹੀ ਸੜ ਜਾਂਦੀ ਹੈ।
ਬੀਰਾ ਬੀਰਾ ਕਰ ਰਹੀ ਬੀਰ ਭਏ ਬੈਰਾਇ ॥
ਬੀਰ ਚਲੇ ਘਰ ਆਪਣੇ, ਬਹਿਣ ਬਿਰਹਿ ਜਲਿ ਜਾਇ ॥
-ਰਾਮਕਲੀ ਮ ੧ ਦਖਣੀ ਓਅੰਕਾਰ, ਪੰਨਾ ੯੩੫
ਇੰਜ ਪ੍ਰਤੀਤ ਹੁੰਦਾ ਹੈ ਕਿ ਜਦ ਗੁਰੂ ਨਾਨਕ ਦੇਵ ਜੀ ਉਦਾਸੀਆਂ 'ਤੇ ਜਾਂਦੇ ਸਨ ਤਾਂ ਭੈਣ ਲਈ ਬਿਰਹਾ ਦੀ ਪੀੜ ਹਰਨੀ ਮੁਸ਼ਕਲ ਹੋ ਜਾਂਦੀ ਸੀ ।
ਮਾਤਾ ਸੁਲੱਖਣੀ
ਮਾਤਾ ਸੁਲੱਖਣੀ ਜੀ ਦਾ ਵਿਆਹ ਗੁਰੂ ਨਾਨਕ ਦੇਵ ਜੀ ਦੇ ਨਾਲ ਛੋਟੀ ਉਮਰੇ ਹੀ ਹੋ ਗਿਆ ਸੀ । ਚਾਹੇ ਗੁਰੂ ਨਾਨਕ ਜੀ ਦਾ ਦਿਲ ਦੁਨੀਆਂਦਾਰੀ ਵਿਚ ਨਹੀਂ ਸੀ ਪਰ ਸੁਲੱਖਣੀ ਜੀ ਨੇ ਅਜਿਹਾ ਸਾਥ ਦਿਤਾ ਕਿ ਗੁਰੂ ਨਾਨਕ ਜੀ ਆਪ ਨੂੰ ਬਹੁਤ ਮਾਣ ਦੇਣ ਲਗ ਪਏ ਅਤੇ ਜਦ ਵੀ ਬੁਲਾਂਦੇ 'ਪਰਮੇਸ਼ਵਰ ਕੀਏ' ਜਾਂ 'ਪ੍ਰਮੇਸ਼ਵਰ ਕੀਏ ਸੁਲੱਖਣੀਏ' ਕਰ ਬੁਲਾਂਦੇ । ਜਦ ਗੁਰੂ ਨਾਨਕ ਦੇਵ ਜੀ ਨੇ 'ਪਾਰਜਾਤੁ ਘਰਿ ਆਗਨਿ ਮੇਰੈ." ਉਚਾਰਿਆ ਹੈ ਤਾਂ ਜਗਤ ਨੂੰ ਪ੍ਰਤੀਤ ਹੋ ਜਾਣਾ ਚਾਹੀਦਾ ਹੈ ਕਿ ਕਿਤਨਾ ਆਦਰ ਉਹ ਘਰ ਵਾਲੀ ਨੂੰ ਦਿੰਦੇ ਸਨ ।
ਗੁਰੂ ਨਾਨਕ ਦੇਵ ਜੀ ਜਦੋਂ ਗ੍ਰਹਿਸਤ ਜੀਵਨ ਵਲ ਰਤਾ ਕੁ ਵੀ ਉਪਰਾਮ ਹੁੰਦੇ ਤਾਂ ਮਾਤਾ ਜੀ ਕਹਿੰਦੇ ਕਿ ਇਹ ਸਭ ਪਰਮੇਸ਼ਵਰ ਦਾ ਹੀ ਕੀਤਾ ਹੋਇਆ ਹੈ । ਅਸੀਂ ਸਭ ਤੁਹਾਡੇ ਨਾਲ ਉਸ ਦੇ ਹੁਕਮ ਨਾਲ ਹੀ ਬੱਝੇ ਹਾਂ। ਇਸਤਰੀ ਵੀ ਪਰਮੇਸ਼ਵਰ ਨੇ ਹੀ ਲਗਾਈ ਹੈ।
ਸੁਲੱਖਣੀ ਜੀ ਦਾ ਜਨਮ ਮਾਤਾ ਚੰਦੋ ਜੀ ਦੀ ਕੁੱਖੋਂ ਪਿਤਾ ਮੂਲ ਚੰਦ ਚੋਣੇ ਖਤਰੀ ਦੇ ਘਰ ਪਿੰਡ ਪਖੋਕੇ (ਗੁਰਦਾਸਪੁਰ) ਵਿਖੇ ਹੋਇਆ ਸੀ।
ਗੁਰੂ ਨਾਨਕ ਦੇਵ ਜੀ ਜਦ 15 ਵਰ੍ਹਿਆਂ ਦੇ ਸਨ ਤਾਂ ਵਿਸਾਖੀ ਵਾਲੇ ਦਿਨ ਸੁਲੱਖਣੀ ਜੀ ਨਾਲ ਕੁੜਮਾਈ ਹੋਈ । ਸ਼ਾਦੀ ਬਟਾਲੇ ਵਿਚ 24 ਜੇਠ ਸੰਮਤ 1544 (ਮਈ, 1487) ਨੂੰ ਹੋਈ। ਸੁਲੱਖਣੀ ਜੀ ਭਾਈ ਮੂਲਾ ਜੀ ਦੀ ਵੱਡੀ ਬੱਚੀ ਸੀ । ਗੁਰੂ ਨਾਨਕ ਦੇਵ ਜੀ ਦੀ ਬਰਾਤ ਵਿਚ ਹਰ ਜਾਤ ਦੇ ਲੋਕੀ ਸ਼ਾਮਲ ਹੋਏ । ਵੱਡੀ ਗੱਲ ਸਾਰਿਆਂ ਨੇ ਇਕ ਥਾਂ ਰਲ ਰੋਟੀ ਖਾਧੀ ਭਾਵੇਂ ਉਸ ਵਕਤ ਜਾਤਿ, ਧਰਮ, ਊਚ ਨੀਚ ਦਾ ਬਹੁਤ ਬੋਲਬਾਲਾ ਸੀ । ਨਾਨਕ ਤਾਂ ਹਰ ਇਕ ਨਾਲ ਮਿਲ ਜੁਲ ਕੇ ਉਠਦੇ ਬੈਠਦੇ ਸਨ, ਉਨ੍ਹਾਂ ਦੀ ਨਜ਼ਰ ਵਿਚ ਹਰ ਕੋਈ ਸਮਾਨ ਸੀ । ਉਨ੍ਹਾਂ ਦੇ ਹਾਣੀ ਵੀ ਵਖ ਵਖ ਜਾਤਾਂ ਦੇ ਸਨ । ਸਾਰੇ ਹੀ
.....................
1. ਗੂਜਰੀ ਅਸਟ. ਮ: ੧, ਪੰਨਾ ੫੦੩
ਜਦੋਂ ਬਰਾਤ ਵਿਚ ਸ਼ਾਮਲ ਹੋਏ ਤਾਂ ਸਭ ਨੇ ਇਕ ਥਾਂ ਰੋਟੀ ਖਾਧੀ।
ਪੁਰਾਤਨ ਜਨਮਸਾਖੀਆਂ ਵਿਚ ਇਸ ਗੱਲ ਤੇ ਬਹੁਤ ਜ਼ੋਰ ਦਿਤਾ ਹੈ ਕਿ ਸਾਰਿਆਂ ਇਕ ਥਾਂ ਬੈਠ ਬਰਾਤ ਵਿਚ ਪ੍ਰਸ਼ਾਦ ਛਕਿਆ ਕਿਉਂਕਿ ਜਦ ਮਰਿਆਦਾ ਪ੍ਰਸ਼ੋਤਮ ਰਾਮ ਦਾ ਵਿਆਹ ਹੋਇਆ ਸੀ ਤਾਂ ਨਾਲ ਗਏ ਤਾਂ ਹਰ ਜਾਤਿ ਦੇ ਲੋਕੀ ਸਨ ਪਰ ਰੋਟੀ ਅੱਡ ਅੱਡ ਖੁਆਈ ਸੀ ਤੇ ਸਭ ਨੂੰ ਠਹਿਰਨ ਵੇਲੇ ਵੀ ਵਖਰੇ ਵਖਰੇ ਸਥਾਨ ਦਿਤੇ ਗਏ ਸਨ । ਪਰ ਨਾਨਕ ਤਾਂ ਉਚ ਨੀਚ ਧਰਮਾਂ ਦੇ ਅੰਤਰ ਮਿਟਾਣ ਆਏ ਸਨ । ਉਨ੍ਹਾਂ ਦੀ ਹਰ ਗੱਲ ਵਿਚ ਕੁਝ ਨਾ ਕੁਝ ਸੰਦੇਸ਼ ਸੀ ਤਾਂ ਹੀ ਤਾਂ ਉਹ ਬਰਾਤ ਵਿਚ ਹਰ ਧਰਮ, ਜਾਤ ਦੇ ਲੋਕ ਲੈ ਕੇ ਗਏ। ਉਨ੍ਹਾਂ ਨੂੰ ਇਕੱਠੇ ਬੈਠਾ ਕੇ ਭੋਜਨ ਛਕਾਇਆ। ਇਹ ਹੀ ਕਾਰਨ ਲਗਦਾ ਹੈ ਕਿ ਉਨ੍ਹਾਂ ਨੂੰ ਜਾਤ ਅਭਿਮਾਨੀਆਂ ਉਸ ਕੰਧ ਹੇਠਾਂ ਬਿਠਾਇਆ ਜੋ ਕੱਚੀ ਸੀ ਤੇ ਜਿਸ ਦੇ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਸੀ । ਪਰ ਜਾਤ ਅਭਿਮਾਨੀ ਕੀ ਜਾਣਨ ਕਿ ਗੁਰੂ ਨਾਨਕ ਦੇ ਬਚਨਾਂ ਵਾਂਗ ਉਹ ਕੰਧ ਵੀ ਅਹਿਲ ਹੋ ਗਈ ਜੋ ਹੁਣ ਵੀ ਖੜੀ ਗ੍ਰਹਿਸਤ ਦੀ ਮਹਿਮਾ ਪ੍ਰਗਟਾ ਰਹੀ ਹੈ।
ਵਿਆਹ ਵੇਲੇ ਵੈਦਿਕ ਰੀਤਾਂ ਰਸਮਾਂ ਨੂੰ ਨਹੀਂ ਮੰਨਿਆ ਸਗੋਂ ਕੇਵਲ ਕੀਰਤਨ ਹੀ ਕੀਤਾ ਗਿਆ । ਇਕ ਚੌਂਕੀ ਤੇ 'ੴ ਲਿਖ ਕੇ ਗੁਰੂ ਨਾਨਕ ਦੇਵ ਜੀ ਅਤੇ ਸੁਲੱਖਣੀ ਜੀ ਨੇ ਚਾਰ ਪਰਕਰਮਾਂ ਲਈਆਂ ਸਨ। ਅਨੰਦ ਕਾਰਜ ਦਾ ਮੁਢ ਬਝ ਗਿਆ ਸੀ । ਕੋਈ ਰੀਤ ਰਸਮ ਰਵਾਜ ਵੀ ਬਰਾਤ ਦੇ ਚੜ੍ਹਨ ਵੇਲੇ ਨਾ ਕੀਤਾ। ਜਨਮਸਾਖੀਆਂ ਵਿਚ ਲਿਖਿਆ ਹੈ ਕਿ ਕੇਵਲ ਸਾਦੇ ਸੁਥਰੇ ਬਸਤਰ ਸਨ ਤੇ ਸਿਰ ਤੇ ਸਾਂਵੀ ਪੱਗ ਖੂਬ ਸਜ ਰਹੀ ਸੀ।
ਜਦ ਸੁਲੱਖਣੀ ਜੀ ਨੂੰ ਤਲਵੰਡੀ ਨਨਕਾਣਾ ਸਾਹਿਬ ਘਰ ਲੈ ਕੇ ਆਏ ਤਾਂ ਕੋਈ ਅਡੰਬਰ ਆਦਿ ਨਹੀਂ ਕਰਨ ਦਿਤੇ । ਗ੍ਰਹਿਸਤ ਜੀਵਨ ਵਸਾਇਆ ਪਰ ਗੁਰੂ ਜੀ ਦਾ ਧਿਆਨ ਪ੍ਰਭੂ ਚਰਨਾਂ ਵਿਚ ਹੀ ਲੀਨ ਰਹਿੰਦਾ ਸੀ । ਮਾਤਾ ਤ੍ਰਿਪਤਾ ਜੀ ਬਹੁਤ ਕਹਿੰਦੇ ਕਿ ਦੱਸੋ, ਤੁਹਾਡਾ ਗ੍ਰਹਿਸਤ ਵਿਚ ਜੀ ਕਿਉਂ ਨਹੀਂ ਖੁਭਦਾ । ਇਕ ਵਾਰੀ ਬਹੁਤ ਹੀ ਪਰੇਸ਼ਾਨ ਹੋਈ ਮਾਤਾ ਜੀ ਨੂੰ ਕਿਹਾ: ਉਦਾਸੀ ਦਾ ਕਾਰਨ ਹੈ ਕਿ ਪਰਮੇਸ਼ਵਰ ਦੇ ਲੋਕ ਵਿਚ ਕੋਈ ਅਜਿਹਾ ਨਹੀਂ ਮਿਲਦਾ ਜਿਸ ਨਾਲ ਪਰਮੇਸ਼ਵਰ ਦੀਆਂ ਗੱਲਾਂ ਕਰਾਂ ।
ਮਾਤਾ ਜੀ ਨੇ ਕਿਹਾ ਕਿ ਰਤਾ ਕੁ ਘਰ ਗ੍ਰਹਿਸਤੀ ਵਲ ਧਿਆਨ ਦਿਓ ਤਾਂ ਪਰਮੇਸ਼ਵਰ ਹੀ ਰਾਜ਼ੀ ਹੋਸੀ।
ਮਾਤਾ ਸੁਲੱਖਣੀ ਜੀ ਦੇ ਘਰ ਦੇ ਪੁੱਤਰਾਂ ਸ੍ਰੀ ਚੰਦ ਤੇ ਲਖਮੀ ਚੰਦ ਨੇ ਜਨਮ ਲਿਆ । ਬਾਬਾ ਸ੍ਰੀ ਚੰਦ ਦਾ ਜਨਮ 1489 ਵਿਚ ਅਤੇ ਦੋ ਸਾਲਾਂ ਬਾਅਦ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ ।
ਮਾਤਾ ਸੁਲੱਖਣੀ ਨਾਨਕ ਜੀ ਦਾ ਪੂਰਾ ਧਿਆਨ ਰਖਦੇ । ਉਨ੍ਹਾਂ ਦੇ ਮੂੰਹੋਂ ਕੋਈ ਬਾਤ ਨਿਕਲਦੀ ਆਪ ਜੀ ਤੋੜ ਨਿਭਾਂਦੇ । ਕਦੇ ਨਾਹ ਟਾਲਦੇ । ਉਨ੍ਹਾਂ ਦਾ ਕਿਹਾ ਮੰਨਦੇ । ਜਦ ਸੁਲਤਾਨਪੁਰ ਜੈ ਰਾਮ ਜੀ ਨਾਲ ਰੋਜ਼ਗਾਰ ਦੀ ਭਾਲ ਲਈ ਜਾਣ ਲਗੇ ਤਾਂ ਸੁਲੱਖਣੀ ਜੀ ਨੇ ਨਾਲ ਚੱਲਣ ਲਈ ਬੇਨਤੀ ਕੀਤੀ ਤਾਂ ਆਪ ਜੀ ਨੇ ਭੈਣ ਤੇ ਭਾਰ ਪਾਉਣਾ ਠੀਕ ਨਾ ਜਾਣ ਕਿਹਾ: 'ਪਰਮੇਸ਼ਵਰ ਕੀਏ ! ਹੁਣ ਤਾਂ ਮੈਂ ਜਾਂਦਾ ਹਾਂ । ਜੇ ਮੇਰੇ ਰੋਜ਼ਗਾਰ ਦੀ ਕੋਈ ਗੱਲ ਬਣਸੀ ਤਾਂ ਸਦਾਇ ਲੈਸਾਂ । ਤੂੰ ਆਗਿਆ ਮੰਨ ਲੈ ।
ਸੁਲੱਖਣੀ ਜੀ ਨੇ ਜੋ ਉਸ ਸਮੇਂ ਬਚਨ ਕਹੇ, ਉਹ ਦਰਸਾਂਦੇ ਹਨ ਕਿ ਉਹ ਕਿਸ ਨਜ਼ਰ ਨਾਲ ਗੁਰੂ ਜੀ ਨੂੰ ਤਕਦੇ ਸਨ । ਉਨ੍ਹਾਂ ਕਿਹਾ: 'ਜੋ ਜੀ ! ਤੁਸੀਂ ਘਰ ਬੈਠੇ ਹੋਏ ਆਹੇ ਤਾਂ ਮੇਰੇ ਭਾਣੇ ਸਾਰੇ ਜਹਾਨ ਦੀ ਪਾਤਸ਼ਾਹੀ ਹੁੰਦੀ ਹੈ।' ਮੋਦੀਖ਼ਾਨੇ ਦੇ ਪ੍ਰਬੰਧਕ ਥਾਪੇ ਜਾਣ ਤੇ ਪਹਿਲਾ ਕੰਮ ਆਪ ਜੀ ਨੇ ਇਹ ਕੀਤਾ ਕਿ ਮਰਦਾਨੇ ਨੂੰ ਭੇਜ ਕੇ ਬੱਚਿਆਂ ਤੇ ਸੁਲੱਖਣੀ ਜੀ ਨੂੰ ਸੁਲਤਾਨਪੁਰ ਸਦਵਾ ਲਿਆ ।
ਗੁਰੂ ਨਾਨਕ ਜੀ ਦੇ ਘਰ ਹਰ ਇਕ ਨੂੰ ਆਦਰ ਮਿਲਦਾ । ਕੋਈ ਅਭਿਆਗਤ ਆਵੇ ਪੂਰੀ ਤਸੱਲੀ ਮਿਲਦੀ । ਭੁੱਖੇ ਨੂੰ ਰੋਟੀ ਤੇ ਤ੍ਰਿਹਾਇ ਨੂੰ ਜਲ, ਲੱਸੀ, ਦੁੱਧ । ਘਰੋਂ ਹੀ ਲੰਗਰ ਦੀ ਪ੍ਰਥਾ ਚਲ ਪਈ । ਕਦੇ ਨਹੀਂ ਮਾਤਾ ਜੀ ਨੇ ਰੋਸਾ ਕੀਤਾ । ਇਹ ਵੀ ਲਿਖਿਆ ਮਿਲਦਾ ਹੈ ਕਿ ਆਪਣੀ ਆਮਦਨ ਦੇ ਗੁਰੂ ਜੀ ਤਿੰਨ ਹਿੱਸੇ ਕਰਦੇ । ਇਕ ਧਰਮ-ਸਥਾਨ ਲਈ, ਦੂਜਾ ਆਏ ਗਏ ਲਈ ਤੇ ਤੀਜੇ ਹਿਸੇ ਨਾਲ ਘਰ ਗੁਜ਼ਰਾਨ ਹੁੰਦੀ ।
ਵੇਈਂ ਨਦੀ ਵਿਚੋਂ ਜਦ ਗੁਰੂ ਜੀ ਤੀਜੇ ਦਿਨ 'ਨਾ ਕੋ ਹਿੰਦੂ ਨਾ ਮੁਸਲਮਾਨ' ਕਹਿੰਦੇ ਨਿਕਲੇ ਤਾਂ ਬੇਬੇ ਨਾਨਕੀ ਨਾਲ ਮਾਤਾ ਸੁਲੱਖਣੀ ਜੀ ਦੀ ਖ਼ੁਸ਼ੀ ਥੰਮ੍ਹੀ ਨਹੀਂ ਸੀ ਜਾਂਦੀ । ਪਰ ਜਦ ਸੁਣਿਆ ਕਿ ਹੁਣ ਜਗਤ ਤਾਰਨ ਲਈ ਲੰਮੀਆਂ ਉਡਾਰੀਆਂ ਮਾਰਨ ਲਗੇ ਹਨ ਤਾਂ ਫ਼ਿਕਰਮੰਦ ਤਾਂ ਜ਼ਰੂਰ ਹੋਏ ਪਰ ਨਿੰਮੋਝੂਣੇ ਨਹੀਂ । ਗੁਰੂ ਨਾਨਕ ਦਾ ਚੋਜ ਸਮਝ ਜਰ ਲਿਆ । ਅੰਦਾਜ਼ਾ ਲਗਾਓ ਕਿ ਪੂਰੇ 14 ਸਾਲ ਗੁਰੂ ਨਾਨਕ ਜੀ ਘਰੋਂ ਬਾਹਰ ਰਹੇ ਪਰ ਕਿਸੇ ਨੂੰ ਸੁਲੱਖਣੀ ਜੀ ਨੇ
ਉਭਾਸਰ ਕੇ ਵੀ ਨਾ ਕਿਹਾ । ਬੱਚਿਆਂ ਨੂੰ ਨਾਲ ਲੈ ਕੇ ਤਲਵੰਡੀ ਆ ਗਏ ਤੇ ਖੇਤੀ ਦੀ ਉਪਜ ਨਾਲ ਘਰ ਚਲਾਂਦੇ ਰਹੇ । ਨਾਲ ਰਹਿ ਕੇ ਮਾਤਾ ਜੀ ਨੂੰ ਪ੍ਰਤੀਤ ਹੋ ਗਿਆ ਸੀ ਕਿ ਉਹ ਕੋਈ ਗ੍ਰਹਿਸਤ ਤਜ ਨਹੀਂ ਗਏ ਸਗੋਂ ਜਲਦੇ ਸੰਸਾਰ ਨੂੰ ਨਾਮ ਦੇ ਛੱਟੇ ਮਾਰ ਠੰਢ ਪਹੁੰਚਾਣ ਗਏ ਹਨ।
ਉਦਾਸੀਆਂ ਤੋਂ ਮੁੜਦੇ ਗੁਰੂ ਨਾਨਕ ਜੀ ਨੇ 'ਪਹਰੇ ਸੰਸਾਰੀ ਕਪੜੇ ਮੰਜੀ ਬੈਠ ਕੀਆ ਵਰਤਾਰਾ ।' ਇਹ ਵੀ ਵਰਣਾਸ਼ਮ ਦੇ ਕੋਝੇ ਸਿਧਾਂਤ ਤੇ ਇਕ ਚੋਟ ਸੀ । ਵਰਣਾਮ ਵਾਲੇ ਕਹਿੰਦੇ ਸਨ ਕਿ ਬਾਨਪ੍ਰਸਤੀ ਤੋਂ ਬਾਅਦ ਸੰਨਿਆਸੀ ਹੋ ਜਾਈਦਾ ਹੈ ਪਰ ਗੁਰੂ ਨਾਨਕ ਜੀ ਨੇ ਕਰਤਾਰਪੁਰ ਗ੍ਰਹਿਸਤੀ ਰਹਿ ਲੋਕਾਂ ਨੂੰ ਜੀਵਨ ਦਾ ਰਾਹ ਪਾਉਣ ਦੀ ਜਾਚ ਦੱਸੀ। ਭਾਈ ਲਹਿਣਾ ਜੀ ਦੇ ਕਰਤਾਰਪੁਰ ਆਉਣ ਨਾਲ ਮਾਤਾ ਜੀ ਦੇਖ ਰਹੇ ਸਨ ਕਿ ਦੋਵੇਂ ਬੱਚੇ ਕੰਨ ਮਰੋੜਦੇ ਹਨ । ਮਾਤਾ ਜੀ ਵੀ ਜਾਣ ਗਏ ਕਿ ਜੋ ਪਤੀ ਨੇ ਰਾਹ ਚੁਣਿਆ ਹੈ ਨਿਰਾਲਾ ਹੈ। ਦੁਨਿਆਵੀ ਪਾਤਸ਼ਾਹਾਂ ਤੋਂ ਵੱਖਰਾ ਹੈ। ਇਥੇ ਸੇਵਕ ਦੀ ਪਾਰੰਗਤ ਪੈਂਦੀ ਹੈ ਨਾ ਕਿ ਸੰਤਾਨ ਦੀ । ਜਦ ਪਰਖ ਵਿਚ ਪੁੱਤਰ ਪੂਰੇ ਨਾ ਉਤਰੇ ਅਤੇ ਲਹਿਣਾ ਜੀ ਖਰੇ ਸੋਨੇ ਵਾਂਗੂੰ ਠਣਕੇ ਤਾਂ ਇਕ ਦਿਨ ਗੁਰੂ ਨਾਨਕ ਜੀ ਨੇ ਮਾਤਾ ਸੁਲੱਖਣੀ ਨੂੰ ਕਿਹਾ: 'ਸਚੀ ਦਸੀਂ ਸੁਲੱਖਣੀਏ । ਸਾਡਾ ਪੁੱਤਰ ਲਹਿਣਾ ਹੈ ਜਾਂ ਸ੍ਰੀ ਚੰਦ । ਮਾਤਾ ਜੀ ਨੇ ਵੀ ਕਿਹਾ: 'ਲਹਿਣਾ ਜੀ ਵਿਚ ਹੀ ਉਹ ਗੁਣ ਹਨ ਜੋ ਸਿੱਖੀ ਬੂਟੇ ਦੀ ਸੰਭਾਲ ਕਰ ਸਕਦੇ ਹਨ ।' ਮਾਤਾ ਸੁਲੱਖਣੀ ਜੀ ਦਾ ਦਿਹਾਂਤ ਰਾਵੀ ਦੇ ਕਿਨਾਰੇ ਕਰਤਾਰਪੁਰ ਵਿਚ ਹੋਇਆ ।
ਮਾਤਾ ਖੀਵੀ
ਜੇ ਸੇਵਾ ਪੰਥੀਆਂ ਦੇ ਮਹਾਂਪੁਰਸ਼ਾਂ ਦੇ ਨਾਵਾਂ ਦੀ ਗਿਣਤੀ ਕੀਤੀ ਜਾਵੇ ਤਾਂ ਇਕ ਬਹੁਤ ਵੱਡੀ ਸੂਚੀ ਤਿਆਰ ਹੋ ਜਾਂਦੀ ਹੈ ਪਰ ਜੇ ਪੰਥ ਦੀਆਂ ਸੇਵਕਾਵਾਂ ਨੂੰ ਗਿਣਨ ਬੈਠੀਏ ਤਾਂ ਵੀ ਲੰਮੀ ਸੂਚੀ ਬਣ ਜਾਏ। ਗੁਰਬਿਲਾਸ ਪਾਤਸ਼ਾਹੀ ਦਸਵੀਂ ਵਿਚ ਲਿਖਿਆ ਹੈ ਕਿ ਜੇ ਭਾਈ ਕਨ੍ਹਈਆ ਸਮਦ੍ਰਿਸ਼ਟੀ ਜਲ ਪਿਲਾਉਂਦੇ ਤਾਂ ਉਨ੍ਹਾਂ ਦੀ ਘਰ ਵਾਲੀ ਲੰਗਰ ਦੀ ਸੇਵਾ ਵਿਚ ਸਦਾ ਜੁਟੇ ਰਹਿੰਦੇ ਸਨ। ਇਹ ਵੀ ਜ਼ਿਕਰ ਗੁਰਬਿਲਾਸ ਪਾਤਸ਼ਾਹੀ ਦਸਵੀਂ ਨੇ ਹੀ ਕੀਤਾ ਹੈ ਕਿ ਜਦ ਅਨੰਦਪੁਰ ਸਾਹਿਬ ਦਾ ਘੇਰਾ ਘਤਿਆਂ ਕਈ ਮਹੀਨੇ ਹੋ ਗਏ ਤਾਂ ਜਲ ਦੀ ਥੁੜ੍ਹ ਮਹਿਸੂਸ ਹੋਈ । ਮਾਈਆਂ ਨੇ ਆਪਣੇ ਜ਼ਿੰਮੇ ਇਹ ਕਾਰਜ ਲਿਆ । ਮੂੰਹ ਹਨੇਰੇ ਸਤਲੁਜ ਜਲ ਭਰਨ ਲਈ ਇਕੱਠੇ ਹੋ ਨਿਕਲਦੀਆਂ। ਨਾ ਗੋਲੀਆਂ ਦੀ ਪਰਵਾਹ, ਨਾ ਤੋਪਾਂ ਦੀ । ਨਾ ਤੀਰਾਂ ਦੀ ਤਾਬ ਅੱਗੇ ਉਨ੍ਹਾਂ ਦੇ ਪੈਰ ਅਟਕਦੇ । ਇਕ ਵਾਰੀ ਤਾਂ ਭਾਈ ਭਗਤ ਸਿੰਘ ਦੀ ਪਤਨੀ ਤੇ ਬੇਟੀ ਤੇ ਐਸਾ ਭਰਵਾਂ ਵਾਰ ਮੁਗ਼ਲਾਂ ਕੀਤਾ ਕਿ ਬੇਟੀ ਤੋਪ ਨਾਲ ਉੱਡ ਗਈ । ਭਗਤ ਸਿੰਘ ਦੀ ਨਾਰੀ ਨੂੰ ਰਤਾ ਕੁ ਅਫ਼ਸੋਸ ਵਿਚ ਦੇਖ ਮਹਾਰਾਜ ਐਸੇ ਬਖ਼ਸ਼ਸ਼ ਦੇ ਘਰ ਆਏ ਕਿ ਉਨ੍ਹਾਂ ਵਰ ਦਿਤਾ ਕਿ ਤੇਰੇ ਘਰ ਇਕ ਐਸਾ ਜੋਧਾ ਹੋਵੇਗਾ ਜੋ ਪੰਥ ਵਿਚ ਉੱਚਾ ਥਾਂ ਪਾਵੇਗਾ । ਉਸ ਦੇ ਘਰ ਹੀ ਭਾਈ ਦਰਬਾਰਾ ਸਿੰਘ ਪੈਦਾ ਹੋਏ ਜਿਸ ਬਾਰੇ ਪ੍ਰਾਚੀਨ ਪੰਥ ਪ੍ਰਕਾਸ਼ ਨੇ ਲਿਖਿਆ ਹੈ ਕਿ ਪਹਿਲਾਂ ਉਨ੍ਹਾਂ ਅਗੇ ਹੀ ਨਵਾਬੀ ਲਿਆ ਭਾਈ ਸੁਬੇਗ ਸਿੰਘ ਜੀ ਨੇ ਰਖੀ ਸੀ ਪਰ ਉਨ੍ਹਾਂ ਇਹ ਕਹਿ ਕੇ ਲੈਣੋਂ ਇਨਕਾਰ ਕਰ ਦਿਤਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਉਸ ਨੂੰ ਦਰੋਂ ਘਰੋਂ ਪਾਤਸ਼ਾਹੀ ਬਖ਼ਸ਼ ਗਏ ਹਨ । ਇਹ ਬੇਪ੍ਰਵਾਹੀਆਂ ਸਭ ਸੇਵਾ ਦੀਆਂ ਬਰਕਤਾਂ ਨਾਲ ਹੀ ਮਿਲਦੀਆਂ ਹਨ।
ਸਭ ਤੋਂ ਪਹਿਲੀ ਸੇਵਾ ਦੀ ਮੂਰਤ ਮੇਰੀ ਜਾਚੇ ਮਾਤਾ ਖੀਵੀ ਜੀ ਹੈ। ਸੇਵਾ ਕਾਰਨ ਆਪ ਜੀ ਦਾ ਨਾਂ ਇਤਿਹਾਸ ਵਿਚ ਨਹੀਂ, ਗੁਰੂ ਗ੍ਰੰਥ ਸਾਹਿਬ ਵਿਚ ਵੀ ਅੰਕਤ ਹੈ। ਭਾਈ ਲਹਿਣਾ ਜੀ ਜਿਨ੍ਹਾਂ ਨੂੰ ਗੁਰ-ਗੱਦੀ ਸੇਵਾ ਕਰਨ
ਤੇ ਹੁਕਮ ਮੰਨਣ ਕਾਰਨ ਪ੍ਰਾਪਤ ਹੋਈ, ਆਪ ਜੀ ਉਨ੍ਹਾਂ ਦੀ ਸੁਹਿਰਦ ਧਰਮ ਪਤਨੀ ਸਨ । ਆਪ ਜੀ ਸੇਵਾ ਦੀ ਨਿਰੀ ਮੂਰਤ ਸਨ।
ਕਿਸੇ ਜੁਗ ਵਿਚ ਔਰਤ ਨੂੰ ਇਤਨਾ ਵੱਡਾ ਸਥਾਨ-ਸਨਮਾਨ ਨਹੀਂ ਮਿਲਿਆ ਜਿੰਨਾ ਗੁਰੂ ਘਰ ਵਿਚ ਮਿਲਿਆ । ਪੱਥਰ ਦੀ ਔਰਤ ਦੀ ਪੂਜਾ ਤਾਂ ਦੇਵੀ ਰੂਪ ਵਿਚ ਕੀਤੀ ਜਾਂਦੀ ਸੀ ਪਰ ਹੱਡ-ਮਾਸ ਦੀ ਔਰਤ ਨਾਲ ਬੁਰਾ ਵਿਹਾਰ ਨਿਤ ਹੁੰਦਾ ਸੀ । ਨਾਰੀ ਸ਼ਕਤੀ ਨੂੰ ਤਾਂ ਪ੍ਰਵਾਨਿਆ ਜਾਂਦਾ ਸੀ ਪਰ ਹੋਂਦ ਨੂੰ ਤ੍ਰਿਸਕਾਰਿਆ ਜਾਂਦਾ ਸੀ । ਔਰਤ ਨੂੰ ਢੇਰ, ਪਸ਼ੂ ਤੇ ਗਵਾਰ ਨਾਲ ਤੁਲਨਾ ਦੇ ਕੇ ਉਸ ਨੂੰ ਨਿੰਦਿਆ ਜਾਂਦਾ ਸੀ । ਕੁਝ ਨੇ ਤਾਂ ਇਸ ਨੂੰ ਕੁਦਰਤ ਦੀ ਮਜ਼ੇਦਾਰ ਗਲਤੀ ਆਖ ਕੇ ਵੀ ਮਜ਼ਾਕ ਉਡਾਇਆ ਹੈ। ਪਰ ਗੁਰੂ ਨਾਨਕ ਦੇਵ ਜੀ ਨੇ ਸਮੇਂ ਤੋਂ ਅੱਡ ਆਵਾਜ਼ ਉਠਾਂਦਿਆਂ ਫ਼ਰਮਾਇਆ :
ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ ॥
-ਆਸਾ ਦੀ ਵਾਰ, ਪੰਨਾ ੪੭੩
ਮਾਤਾ ਖੀਵੀ ਜੀ ਦਾ ਪੂਰਾ ਮਾਣ ਪਹਿਲਾਂ ਭਾਈ ਲਹਿਣਾ ਦੇ ਰੂਪ ਵਿਚ ਤੇ ਫਿਰ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਬੈਠ ਕੇ ਗੁਰੂ ਅੰਗਦ ਦੇਵ ਹੋ ਜਾਣ ਤੇ ਵੀ ਉਸੇ ਤਰ੍ਹਾਂ ਕਰਦੇ ।
ਬਲਵੰਡ ਜੀ ਦਾ ਇਕ ਪੂਰੀ ਪਉੜੀ ਗੁਰੂ ਅੰਗਦ ਦੇਵ ਜੀ ਦੀ ਸੁਪਤਨੀ ਮਾਤਾ ਖੀਵੀ ਜੀ ਦੀ ਵਡਿਆਈ ਵਿਚ ਉਚਾਰਨਾ ਤੇ ਫਿਰ ਗੁਰੂ ਅਰਜਨ ਦੇਵ ਜੀ ਦਾ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਨਾ ਧਰਮਾਂ ਦੇ ਇਤਿਹਾਸ ਵਿਚ ਅਸਚਰਜਤਾ ਨਾਲ ਪੜ੍ਹਿਆ ਜਾਵੇਗਾ
। ਇਹ ਪਉੜੀ ਪੜ੍ਹ ਹੀ ਪ੍ਰਤੀਤ ਹੁੰਦਾ ਹੈ ਕਿ ਮਾਤਾ ਖੀਵੀ ਜੀ ਵਰਗੀ ਸੇਵਾ ਦੀ ਮੂਰਤ ਵਾਲੀ ਸ਼ਾਇਦ ਹੀ ਕਿਧਰੇ ਮਿਲੇ । ਹਰ ਵਕਤ ਸੇਵਾ ਲਈ ਤੱਤਪਰ ਤੇ ਸੇਵਾ ਨੂੰ ਸੁਭਾਅ ਦਾ ਹਿੱਸਾ ਬਣਾ ਲੈਣਾ ਉਨ੍ਹਾਂ ਦੇ ਹੀ ਹਿੱਸੇ ਆਇਆ ਹੈ।
ਬਲਵੰਡ ਜੀ ਕਹਿੰਦੇ ਹਨ ਕਿ ਆਪਣੇ ਪਤੀ ਗੁਰੂ ਅੰਗਦ ਦੇਵ ਜੀ ਵਾਂਗ ਖੀਵੀ ਬਹੁਤ ਹੀ ਭਲੇ ਤੇ ਨੇਕ ਸੁਭਾਅ ਦੇ ਹਨ । ਉਨ੍ਹਾਂ ਦੇ ਕੋਲ ਬੈਠਿਆਂ ਹਿਰਦੇ ਨੂੰ ਸ਼ਾਂਤੀ ਮਿਲਦੀ ਹੈ। ਉਹ ਇਕ ਵੱਡੇ ਬ੍ਰਿਛ ਦੀ ਨਿਆਈਂ ਹਨ ਜਿਸ ਦੀ ਛਾਂ ਮਾਣਿਆਂ ਹਮੇਸ਼ਾ ਸੀਤਲ ਠੰਢ ਹੀ ਮਿਲਦੀ ਹੈ। ਜੇ ਗੁਰੂ ਅੰਗਦ ਦੇਵ ਜੀ ਨਾਮ ਦੀ ਦੌਲਤ ਵੰਡ ਰਹੇ ਸਨ ਤਾਂ ਮਾਤਾ ਖੀਵੀ ਜੀ ਲੰਗਰ ਵਿਚ ਸਭ
ਨੂੰ ਘਿਉ ਵਾਲੀ ਖੀਰ ਵੰਡੀ ਜਾ ਰਹੇ ਸਨ।
ਕੈਸੀ ਸਮ-ਦ੍ਰਿਸ਼ਟੀ ਹੈ ਮਾਤਾ ਖੀਵੀ ਜੀ ਦੀ। ਕਿਤਨਾ ਉਦਾਰਚਿਤ ਹੈ ਉਨ੍ਹਾਂ ਦਾ ਸੁਭਾਉ। ਕਿਤਨੇ ਮਿੱਠੇ ਹਨ ਉਨ੍ਹਾਂ ਦੇ ਬਚਨ । ਕਿਤਨੀ ਕਰੜੀ ਹੈ ਉਨ੍ਹਾਂ ਦੀ ਘਾਲ । ਖਸਮ (ਗੁਰੂ ਅੰਗਦ ਦੇਵ ਜੀ) ਦੇ ਦਰ ਉਹ ਤਾਂ ਹੀ ਕਬੂਲ ਹੋਏ ਜਦ ਉਨ੍ਹਾਂ ਇਸਤਰੀ ਹੋ ਕੇ ਮਰਦਾਂ ਵਾਲੀ ਘਾਲ ਘਾਲੀ । ਅਸਲ ਗੱਲ ਇਹ ਹੈ ਕਿ ਉਨ੍ਹਾਂ ਦੇ ਪਤੀ ਗੁਰੂ ਅੰਗਦ ਦੇਵ ਜੀ ਹੀ ਐਸੇ ਸਨ ਜਿਨ੍ਹਾਂ ਨੇ ਸਾਰੀ ਧਰਤੀ ਦਾ ਭਾਰ ਚੁੱਕ ਲਿਆ ਹੋਇਆ ਸੀ :
ਪਏ ਕਬੂਲੁ ਖਸੰਮ ਨਾਲਿ ਜਾਂ ਘਾਲ ਮਰਦੀ ਘਾਲੀ ।।
ਮਾਤਾ ਖੀਵੀ ਸਹੁ ਸੋਇ, ਜਿਨਿ ਗੋਇ ਉਠਾਲੀ ।।
-ਰਾਮਕਲੀ ਕੀ ਵਾਰ, ਪੰਨਾ ੯੬੭
ਬਲਵੰਡ ਜੀ ਦੇ ਆਪਣੇ ਸ਼ਬਦਾਂ ਵਿਚ, ਨੇਕ ਜਨ ਨਾਲ ਗੁਰੂ ਅੰਗਦ ਦੇਵ ਜੀ ਸਤਿਸੰਗ ਰੂਪੀ ਲੰਗਰ ਵਿਚ ਨਾਮ ਦੀ ਦੌਲਤ ਵੰਡੀ ਜਾ ਰਹੇ ਹਨ, ਆਤਮਕ ਜੀਵਨ ਦੇਣ ਵਾਲਾ ਨਾਮ ਰਸ ਵੰਡ ਰਹੇ ਹਨ ਤਿਵੇਂ ਮਾਤਾ ਜੀ ਦੀ ਸੇਵਾ ਸਦਕਾ ਸਾਰਿਆਂ ਨੂੰ ਘਿਉ ਵਾਲੀ ਖੀਰ ਮਿਲ ਰਹੀ ਹੈ। ਜੋ ਮਾਤਾ ਜੀ ਦੇ ਨੇੜੇ ਆਉਂਦੇ ਹਨ ਉਨ੍ਹਾਂ ਗੁਰਸਿੱਖਾਂ ਦੇ ਮੱਥੇ ਖਿੜ ਜਾਂਦੇ ਹਨ ਤੇ ਈਰਖਾਲੂਆਂ ਬੇਮੁੱਖਾਂ ਦੇ ਮੂੰਹ ਪੀਲੇ ਪੈ ਰਹੇ ਹਨ :
ਬਲਵੰਡ ਖੀਵੀ ਨੇਕ ਜਨ, ਜਿਸੁ ਬਹੁਤੀ ਛਾਉ ਪਤ੍ਰਾਲੀ ॥
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰ ਘਿਆਲੀ ।।
ਗੁਰਸਿਖਾ ਕੇ ਮੁਖ ਉਜਲੇ, ਮਨਮੁਖ ਥੀਏ ਪਰਾਲੀ ॥
-ਰਾਮਕਲੀ ਕੀ ਵਾਰ, ਪੰਨਾ ੯੬੭
ਮਾਤਾ ਖੀਵੀ ਹਰ ਪੱਖੋਂ ਸੁਚੱਜੀ ਸੀ । ਸੁਭਾਵ ਦੀ ਮਿੱਠੀ ਤੇ ਸ਼ੁਭ ਸੀ ਪਰ ਸਭ ਤੋਂ ਵੱਡਾ ਗੁਣ ਸੀ ਕਿ ਇਤਨਾ ਰੁਝਿਆ ਰਹਿਣ ਦੇ ਬਾਵਜੂਦ ਪਤੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਤੋਂ ਕਦੇ ਕੁਤਾਹੀ ਨਹੀਂ ਸੀ ਕਰਦੀ । 'ਪਤਿ ਕੋ ਪਾਰਬ੍ਰਹਮ ਮਨ ਜਨੀ' । ਉਨ੍ਹਾਂ ਦੇ ਖਾਨ-ਪਾਨ ਤੇ ਪਹਿਰਣ ਦਾ ਪੂਰਾ ਧਿਆਨ ਰਖਦੀ, ਜੋ ਉਹ ਮੂੰਹੋਂ ਕਢਦੇ ਉਸ ਨੂੰ ਪੂਰਾ ਕਰ ਕੇ ਧੰਨ ਭਾਗ ਸਮਝਦੀ । ਇਕ ਹੋਰ ਵੱਡਾ ਗੁਣ ਕਿ ਉਨ੍ਹਾਂ ਦੀ ਭਗਤੀ ਵਿਚ ਵੀ ਵਿਘਨ ਨਾ ਪਾਂਦੀ । ਜਦ ਉਹ ਬੁਲਾਂਦੇ ਤਦ ਹੀ ਆਉਂਦੀ । ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿਚ:
ਪਤਿ ਬ੍ਰਤ ਧਰਮ ਦ੍ਰਿੜਾ ਅਨੁਗ੍ਰਾਹੀ ।
ਖਾਨ ਪਾਨ ਧਾਰਨ ਸੁਧਿ ਸਾਰੀ ।
ਕਰ ਜੋਰਹਿ ਆਇਸ ਕੋ ਮਾਨਹਿ ।
ਅਧਿਕ ਪ੍ਰੀਤ ਤੇ ਸੇਵਾ ਚਾਨਹਿ ।
ਨਿਤਿ ਪ੍ਰਤਿ ਚਹਤਿ ਮਰਧਨ ਪਹੁੰਚਾਵਹਿ।
ਆਇਸ ਇ ਦਰਸ ਕੋ ਆਵਹਿ।
ਖੀਵੀ ਜੀ ਗੁਰੂ ਅੰਗਦ ਦੇਵ ਜੀ ਦਾ ਸੁਭਾਅ ਜਾਣ ਗਏ ਸਨ । ਉਹ ਜਾਣਦੇ ਸਨ ਕਿ ਗੁਰੂ ਅੰਗਦ ਦੇਵ ਜੀ ਸੇਵਾ ਨੂੰ ਬਹੁਤ ਮਹੱਤਵ ਦੇਂਦੇ ਸਨ ਤਾਂ ਹੀ ਉਨ੍ਹਾਂ ਨੇ ਸੇਵਾ ਜੀਵਨ-ਮੰਤਵ ਬਣਾ ਲਿਆ ਅਤੇ ਲੰਗਰ ਵੱਲ ਉਚੇਚੇ ਤੌਰ ਤੇ ਧਿਆਨ ਦੇਣ ਲਗ ਪਏ।
ਖੀਵੀ ਜੀ ਬਚਪਨ ਤੋਂ ਹੀ ਮਿੱਠੇ ਸੁਭਾਅ ਵਾਲੀ ਸੀ । ਪਿਤਾ ਦੇਵੀ ਚੰਦ ਜੀ ਦੀ ਪੁੱਤਰੀ ਸੀ । ਜਨਮ ਉਨ੍ਹਾਂ ਦਾ ਪਿੰਡ ਖਡੂਰ ਸਾਹਿਬ ਦੇ ਨੇੜੇ ਹੋਇਆ। ਖੀਵੀ ਜੀ ਦਾ ਭਾਈ ਲਹਿਣਾ ਜੀ ਨਾਲ ਰਿਸ਼ਤਾ ਮਾਤਾ ਵਿਰਾਈ ਜੀ ਨੇ ਹੀ ਕਰਵਾਇਆ ਸੀ । ਸ਼ਾਦੀ ਸੰਨ 1519 ਨੂੰ ਹੋਈ ਸੀ ।
ਵਿਰਾਈ ਜੀ ਬਾਰੇ ਜ਼ਿਕਰ ਕਰਨਾ ਵੀ ਕੁਥਾਂ ਨਹੀਂ। ਵਿਰਾਈ ਉਸ ਚੌਧਰੀ ਤੱਖ਼ਤ ਮਲ ਦੀ ਬੇਟੀ ਸੀ ਜਿਨ੍ਹਾਂ ਪਾਸ ਗੁਰੂ ਅੰਗਦ ਦੇਵ ਜੀ ਦੇ ਪਿਤਾ ਬਾਬਾ ਫੇਰੂ ਜੀ ਨੌਕਰੀ ਕਰਦੇ ਸਨ।
ਜਦ ਲਹਿਣਾ ਜੀ ਦੇ ਪਿਤਾ ਬਾਬਾ ਫੇਰੂ ਜੀ ਨੂੰ ਨੌਕਰੀ ਤੋਂ ਅਲਹਿਦਾ ਕਰ ਦਿਤਾ ਗਿਆ ਤਾਂ ਭਾਈ ਦੇਵੀ ਚੰਦ ਜੀ ਨੇ ਬਾਬਾ ਫੇਰੂ ਜੀ ਤੇ ਲਹਿਣਾ ਜੀ ਨੂੰ ਆਪਣੇ ਪਿੰਡ ਬੁਲਾ ਲਿਆ । ਪਹਿਲਾਂ ਉਨ੍ਹਾਂ ਹਰੀ ਕੇ ਪੱਤਣ ਵੀ ਦੁਕਾਨ ਪਾਈ ਸੀ ਪਰ ਚੱਲ ਨਾ ਸਕੀ । ਜ਼ਰਾ ਕੁ ਉਦਾਸ ਲਹਿਣਾ ਜੀ ਨੂੰ ਤੱਕਿਆ ਤਾਂ ਖੀਵੀ ਨੇ ਜੋ ਕਿਹਾ, ਉਨ੍ਹਾਂ ਨੇ ਮੰਨ ਲਿਆ । ਬੰਸਾਵਲੀ ਨਾਮੇ ਅਨੁਸਾਰ:
ਰਿਦਾ ਉਦਾਸ ਲਹਣੇ ਕਾ ਤਬ ਹੋਇਆ।
ਮਾਤਾ ਖੀਵੀ ਬਚਨ ਇਹ ਢੋਇਆ।
ਅਜੀ ਵਤਨ ਵਡਿਆਂ ਕੇ ਅਪਨੇ ਚਲੋ।
ਹੁਣ ਇਥੇ ਰਹਣਾ ਨਹੀਂ ਭਲੋ ।
ਸੋ ਸੰਘਰ ਆ ਗਏ । ਸੰਘਰ ਵਿਖੇ ਦੁਕਾਨ ਦੇ ਨਾਲ ਸ਼ਾਹੂਕਾਰਾ ਵੀ
ਕਰਦੇ । ਪਿਤਾ ਫੇਰੂ ਜੀ ਦਾ ਅਕਾਲ ਚਲਾਣਾ ਸੰਨ 1526 ਵਿਚ ਹੋ ਗਿਆ ਤਾਂ ਸਾਰਾ ਭਾਰ ਲਹਿਣਾ ਜੀ ਤੇ ਆ ਗਿਆ।
ਬਾਬਾ ਫੇਰੂ ਜੀ ਹਰ ਸਾਲ ਇਕ ਜੱਥਾ ਲੈ ਕੇ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸਨ । ਪਿਤਾ ਜੀ ਦੇ ਨਾ ਰਹਿਣ ਤੇ ਸੰਗ ਦੀ ਅਗਵਾਈ ਕਰਨ ਦਾ ਭਾਰ ਵੀ ਲਹਿਣਾ ਜੀ ਦੇ ਮੋਢਿਆਂ ਤੇ ਆ ਗਿਆ । ਜਥੇ ਨੂੰ ਦੇਵੀ ਦੇ ਦਰਸ਼ਨਾਂ ਲਈ ਲੈ ਜਾਂਦੇ ਰਹੇ ।
ਇਕ ਵਾਰੀ ਜਦ ਭਾਈ ਜੋਧ ਜੀ ਪਿੰਡ ਆਏ ਤੇ ਬਣੇ ਨੇਮ ਅਨੁਸਾਰ ਅੰਮ੍ਰਿਤ ਵੇਲੇ ਮਧੁਰ ਆਵਾਜ਼ ਨਾਲ ਬਾਣੀ ਪੜ੍ਹਦੇ, ਜਦ ਬਾਬਾ ਲਹਿਣਾ ਜੀ ਦੇ ਘਰ ਅਗੋਂ ਲੰਘੇ ਤਾਂ ਉਨ੍ਹਾਂ ਪਿਛੋਂ ਜਾ ਭਾਈ ਜੀ ਨੂੰ ਰੋਕਿਆ ਅਤੇ ਬਾਣੀ ਰਚਣਹਾਰੇ ਦਾ ਪਤਾ ਪੁਛਿਆ। ਭਾਈ ਜੋਧ ਜੀ ਨੇ ਕਿਹਾ ਕਿ ਇਹ ਬਾਣੀ ਜਗਤ ਤਾਰਕ ਗੁਰੂ ਨਾਨਕ ਦੇਵ ਜੀ ਦੀ ਹੈ ਜੋ ਹੁਣ ਜੀਵਾਂ ਦੇ ਉਧਾਰ ਲਈ ਕਰਤਾਰਪੁਰ ਟਿਕਾਣਾ ਬਣਾ ਵਿਚਰ ਰਹੇ ਸਨ । ਬਾਬਾ ਲਹਿਣਾ ਜੀ ਨੇ ਇਹ ਮਨ ਬਣਾ ਲਿਆ ਕਿ ਇਸ ਵਾਰੀ ਜੁਆਲਾਮੁਖੀ ਜਾਂਦੇ ਕਰਤਾਰਪੁਰੋਂ ਹੋ ਕੇ ਜਾਣਗੇ । ਸੰਗਤ ਨੂੰ ਵੀ ਉਨ੍ਹਾਂ ਐਸਾ ਕਰਨ ਲਈ ਮੰਨਵਾ ਲਿਆ।
ਸਿੱਖ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਭਾਈ ਜੋਧ ਜੀ ਉਸ ਦਿਨ ਆਸਾ ਦੀ ਵਾਰ ਦੀ 21ਵੀਂ ਪਉੜੀ ਦਾ ਪਾਠ ਕਰਦੇ ਜਾ ਰਹੇ ਸਨ । ਪਉੜੀ ਦਾ ਭਾਵ ਸੀ ਕਿ ਜਿਸ ਦੀ ਸੇਵਾ ਨਾਲ ਸਾਰੇ ਸੁਖ ਮਿਲਦੇ ਹਨ, ਯਾਦ ਉਸੇ ਨੂੰ ਕਰਨਾ ਚਾਹੀਦਾ ਹੈ। ਕਿਸੇ ਹੋਰ ਦੀ ਸੇਵਾ ਤਾਂ ਵਕਤੀ ਤੇ ਕੁਝ ਚਿਰ ਦਾ ਸੁਖ ਹੀ ਦੇ ਸਕਦੀ ਹੈ । ਜਦ ਇਹ ਪਤਾ ਹੈ ਤੇ ਨਿਰਣੇਜਨਕ ਬਾਤ ਹੈ ਕਿ ਆਪਣਾ ਕੀਤਾ ਪਾਉਣਾ ਪੈਂਦਾ ਹੈ ਤਾਂ ਫਿਰ ਗ਼ਲਤ ਤੇ ਕੋਝੇ ਕਾਰਜ ਕਿਉਂ ਕੀਤੇ ਜਾਣ ? ਜਿਨ੍ਹਾਂ ਦੇ ਕੀਤਿਆਂ ਖ਼ੁਨਾਮੀ ਹੋਣੀ ਹੈ ਉਸ ਵਲ ਦੇਖਣਾ ਹੀ ਕਿਉਂ ਹੋਇਆ ? ਜੀਵਨ ਉਸੇ ਦਾ ਸੁੱਥਰਾ ਹੈ ਜੋ ਮੰਦਾ ਕੰਮ ਕਦੇ ਨਹੀਂ ਕਰਦਾ । ਲੰਮੀ ਨਜ਼ਰ ਵਾਲਾ ਮਨੁੱਖ ਮੰਦੇ ਚੰਗੇ ਦੀ ਵਿਚਾਰ ਨੂੰ ਜਾਣ ਜਾਂਦਾ ਹੈ ਤੇ ਮੰਦੇ ਕੰਮਾਂ ਵਿਚ ਪੈਰ ਨਹੀਂ ਰਖਦਾ । ਮੂਲ ਤੱਤ ਇਹ ਹੈ ਕਿ ਉਹ ਚਾਲ ਨਹੀਂ ਚੱਲਣੀ ਚਾਹੀਦੀ, ਉਸ ਪਾਸੇ ਨਹੀਂ ਜਾਣਾ ਚਾਹੀਦਾ ਜਿਸ ਪਾਸੇ ਗਿਆਂ ਰੱਬ ਪਾਸੋਂ ਹਾਰ ਹੋਵੇ । ਸਦਾ ਲਾਹੇ ਵਾਲਾ ਕੰਮ ਕਰਨਾ ਚਾਹੀਦਾ ਹੈ ਅਤੇ ਲਾਹੇਵੰਦ ਕੰਮ ਹੈ ਪ੍ਰਭੂ ਦੀ ਯਾਦ ।
ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍ਹਾਲੀਐ॥
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ॥
ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ॥
ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥
ਕਿਛੁ ਲਾਹੇ ਉਪਰਿ ਘਾਲੀਐ ॥੨੧॥
-ਆਸਾ ਦੀ ਵਾਰ, ਪੰਨਾ ੪੭੪
ਇਹ ਸੁਣ ਲਹਿਣਾ ਜੀ ਦੀ ਮਿਲਣ ਦੀ ਲਾਲਸਾ ਹੋਰ ਪ੍ਰਬਲ ਹੋ ਗਈ ਤੇ ਭਾਈ ਲਹਿਣਾ ਜੀ ਉਸ ਦਿਨ ਦਾ ਇੰਤਜ਼ਾਰ ਕਰਨ ਲਗ ਪਏ ਕਿ ਕਦ ਜਥਾ ਜੁਆਲਾਮੁਖੀ ਲੈ ਟੁਰੀਏ ਅਤੇ ਕਰਤਾਰਪੁਰ ਜਾ ਦਰਸ਼ਨ ਕਰੀਏ । ਜਦ ਦਰਿਆ ਰਾਵੀ ਪਾਰ ਕੀਤਾ ਤਾਂ ਉਸ ਸਮੇਂ ਸੰਗਤ ਨੂੰ ਕਿਹਾ ਕਿ ਤੁਸੀਂ ਰੁਕੋ ਮੈਂ ਘੋੜੀ ਤੇ ਜਾ ਦਰਸ਼ਨ ਕਰ ਹੁਣੇ ਆਇਆ। ਕਰਤਾਰਪੁਰ ਦੀ ਵਸੋਂ ਕਾਫ਼ੀ ਹੋ ਚੁਕੀ ਸੀ । ਸੇਵਾ ਰਾਮ ਦੀਆਂ ਪਰਚੀਆਂ ਅਨੁਸਾਰ 'ਬੀਸ ਹਜ਼ਾਰ ਮਾਨੁਖ ਕੀ ਧੂਮ ਧਾਮ ਹੋਇ ਗਈ ਸੀ ।'
ਮਹਿਮਾ ਪ੍ਰਕਾਸ਼ ਵਾਰਤਕ ਦੇ ਲਿਖੇ ਮੁਤਾਬਿਕ :
'ਕੋਈ ਕਬੀਲੇ ਕਰਤਾਰਪੁਰ ਆਇ ਬਸੈ । ਭੂਖੇ ਪਿਆਸੇ ਦੀ ਟਹਿਲ ਹੋਣ ਲੱਗੀ । ਸਭ ਜਗਤ ਬਾਬੇ ਜੀ ਕੇ ਦਰਸ਼ਨ ਕੋ ਆਵੈ । ਨਿਹਾਲ ਹੋਇ ਜਾਇ । ਤੀਨ ਲੋਕ ਮੇਂ ਬਾਬੇ ਕੀ ਮਹਿਮਾ ਕਾ ਪਸਾਰਾ ਹੂਆ । ਤਬ ਲੱਖੀ ਜੰਗਲ ਸੇ ਦੁਰਗਾ ਕਾ ਸੰਗ ਆਇਆ । ਤਿਸ ਕੇ ਸਾਥ ਗੁਰੂ ਅੰਗਦ ਜੀ, ਤਦ ਨਾਮ ਲਹਿਣਾ ਥਾ । ਸੂਰਤ ਦਰਸ਼ਨ ਦੀ ਲੱਗੀ ਹੋਈ ਸੀ । ਸੰਗ ਕੋ ਛੋਡ ਕੇ ਨਿਆਰੇ ਦਰਸ਼ਨ ਕੇ ਉਠ ਚਲੇ ।'
ਲਹਿਣਾ ਜੀ ਨੇ ਗੁਰੂ ਨਾਨਕ ਜੀ ਦੇ ਚਰਨਾਂ ਤੇ ਮੱਥਾ ਰਖਿਆ। ਗੁਰੂ ਨਾਨਕ ਦੇਵ ਜੀ ਨੇ ਹੱਥੀਂ ਅਸੀਸ ਦੇਹ, ਮੱਥੇ ਹੱਥ ਰੱਖ ਦਿਤਾ। ਲਹਿਣਾ ਜੀ ਨੂੰ ਚਾਅ ਚੜ੍ਹਿਆ, ਖ਼ੁਸ਼ੀ ਮਿਲੀ । ਕੀਰਤਨ ਸੁਣਦੇ ਹੀ ਮਨ ਟਿਕ ਗਿਆ । ਰਾਤ ਪੈ ਗਈ । ਧਰਮਸਾਲ ਹੀ ਬਿਸਰਾਮ ਕੀਤਾ। ਰਾਤ ਨੂੰ ਸੁੱਤੇ ਹੀ ਸਨ ਕਿ ਸੁਪਨੇ ਵਿਚ ਕੀ ਦੇਖਦੇ ਹਨ ਜਿਸ ਦੇਵੀ ਦੇ ਦਰਸ਼ਨਾਂ ਨੂੰ ਜਾ ਰਹੇ ਹਨ ਉਹ ਇਸ ਦੁਆਰ ਤੇ ਝਾੜੂ ਦੇ ਰਹੀ ਹੈ:
ਗੁਰਦੁਆਰ ਨਾਂਢੀ ਅਸ਼ਟ ਭੁਜਿ, ਸਹਿ ਸਿੰਘ ਬੀਰ ਅਭੇਵ ਦਾ।
ਬੰਸਾਵਲੀਨਾਮੇ ਵਾਲੇ ਵੀ ਇਹ ਹੀ ਲਿਖਿਆ ਹੈ ਕਿ
ਲਹਣੇ ਕੋ ਤਹਾਂ, ਦਰਸਨ ਦੇਵੀ ਕਾ ਭਇਆ।
ਲਹਣਾ ਜੀ ਰਹੇ, ਸਾਥ ਸੰਗ ਉਠ ਗਿਆ।
ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿਚ ਲਿਖਿਆ ਹੈ ਕਿ ਭਾਈ ਲਹਿਣਾ ਜੀ ਨੇ ਪੁਛਿਆ ਕਿ ਤੂੰ ਕੌਣ ਹੈਂ ਜੋ ਗੁਰ-ਦਰ 'ਤੇ ਝਾੜੂ ਦੇ ਰਹੀ ਹੈ :
ਤਬ ਦੇਵੀ ਮੁੱਖ ਬਚਨ ਪ੍ਰਕਾਸੀ ।।
ਗੁਰੂ ਨਾਨਕ ਕੀ ਮੈ ਹੋ ਦਾਸੀ।।
ਜਿਹ ਦਰਸ਼ਨ ਚਾਲੈ ਤੁਮ ਸੋ ਮਮ ਇਹਾ ਬੁਹਾਰ II (148)
ਦੇਵੀ ਆਖਿਆ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਧੂੜ ਲੈਣ ਆਈ ਹਾਂ । ਇਸ ਤਰ੍ਹਾਂ ਜਨਮ ਸਫ਼ਲ ਹੁੰਦਾ ਹੈ।
ਇਹ ਸਭ ਇਸ ਤਰ੍ਹਾਂ ਹੋਇਆ ਜਿਵੇਂ ਕਾਂ ਤਕਦਾ ਹੀ ਰਹਿੰਦਾ ਹੈ ਤੇ ਕੋਇਲ ਦਾ ਬੱਚਾ ਕੋਕਲ ਬਾਣੀ ਸੁਣ ਆਪਣਿਆਂ ਨਾਲ ਜਾ ਰਲਦਾ ਹੈ ਜਾਂ ਮੁਰਗੀ ਕੁੜ ਕੁੜ ਕਰਦੀ ਹੀ ਰਹਿੰਦੀ ਹੈ ਤੇ ਬੱਤਖ਼ ਦਾ ਬੱਚਾ ਤਾਰੀਆਂ ਭਰਦਾ ਨਦੀ ਪਾਰ ਕਰ ਜਾਂਦਾ ਹੈ।
ਸੁਤ ਕੋਕਲਾ ਜਿਮ ਬੈਨ ਸੁਨਿ, ਤਜਿ ਕਾਕ ਪਿਕ ਦਿਸ ਜਾਇ ਹੈ ॥
ਰਾਤਿ ਭਈ ਮੁਰਗੀ ਬਤਕ ਕੇ ਸੁਤ ਵਾਰ ਵਾਰ ਤਰਾਇ ਹੈ।1 (23)
-ਸ੍ਰੀ ਗੁਰੂ ਪੰਥ ਪ੍ਰਕਾਸ਼,ਕ੍ਰਿਤ ਗਿ. ਗਿਆਨ ਸਿੰਘ
ਲਹਿਣਾ ਜੀ ਸਵੇਰੇ ਹੀ ਮੂੰਹ ਹਨੇਰੇ ਉਠ ਕੇ ਸਾਥ ਪਾਸ ਪੁੱਜੇ ਤੇ ਸਭ ਨੂੰ ਕਿਹਾ ਕਿ ਉਹ ਹੁਣ ਸਾਥ ਨਾਲ ਨਹੀਂ ਜਾ ਸਕਣਗੇ । ਜਿਸ ਦੇਵੀ ਦੇ ਦਰਸ਼ਨਾਂ ਲਈ ਅਸੀਂ ਜਾਂਦੇ ਹਾਂ ਉਸ ਨੂੰ ਤਾਂ ਇਥੇ ਝਾੜੂ ਦੀ ਸੇਵਾ ਕਰਦਿਆਂ ਦੇਖਿਆ ਹੈ ਅਤਿ ਉਚਾ ਗੁਰੂ ਨਾਨਕ ਦਾ ਦਰਬਾਰ ਹੈ । ਸਾਥ ਨੇ ਗੁੱਸਾ ਮਨਾਇਆ, ਜਲੀਆਂ ਕਟੀਆਂ ਵੀ ਸੁਣਾਈਆਂ। ਦੇਵੀ ਦੇ ਸਰਾਪ ਦੇ ਡਰ ਵੀ ਦਿਤੇ ਪਰ ਆਪ ਜੀ ਨੇ ਕਿਹਾ:
'ਜਦ ਮੰਜ਼ਲ ਮਿਲ ਜਾਵੇ ਤਾਂ ਰਾਹੀਂ ਫਿਰ ਭਟਕਦੇ ਨਹੀਂ । ਕਰਤਾਰਪੁਰ ਹੀ ਸੰਗਤ ਦਾ ਰਸ ਮਾਣਦੇ ਰਹੇ।
ਗੁਰੂ ਨਾਨਕ ਸਾਹਿਬ ਦੀ ਸ਼ਖ਼ਸੀਅਤ ਦਾ ਅਜਿਹਾ ਪ੍ਰਭਾਵ ਪਿਆ ਕਿ ਤਨ ਮਨ ਹੀ ਅਰਪਣ ਕਰ ਦਿਤਾ । ਘਰ ਪਰਤ ਕੇ ਫਿਰ ਜਦ ਦਰਸ਼ਨਾਂ ਨੂੰ ਕਰਤਾਰਪੁਰ ਆਏ ਤਾਂ ਇਕ ਨੂਣ ਦੀ ਖਿਟੀ ਸਿਰ ਤੇ ਚੁਕੀ ਹੋਈ ਸੀ, ਜਿਸ ਦਾ ਭਾਵ ਇਹ ਸੀ ਕਿ ਹੁਣ ਇਕ ਸਵਾਸ ਵੀ ਹਰਾਮ ਨਹੀਂ ਕਰਾਂਗਾ । ਉਸ ਸਮੇਂ ਜੋ ਮਾਤਾ ਖੀਵੀ ਜੀ ਨੇ ਦ੍ਰਿੜ੍ਹਤਾ ਦੱਸੀ ਉਹ ਦੇਖਣ ਸੁਣਨ ਨਾਲ ਹੀ ਸੰਬੰਧ ਰਖਦੀ ਹੈ।
ਲਹਿਣਾ ਜੀ ਨੂੰ ਵਾਪਸ ਜਥੇ ਨਾਲ ਨਾ ਆਇਆਂ ਵੇਖ ਲੋਕੀਂ ਮਾਤਾ ਖੀਵੀ ਜੀ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਹਿਣ ਪਰ ਮਾਤਾ ਜੀ ਸਦਾ ਇਹ ਹੀ ਕਹਿਣ ਕਿ ਉਨ੍ਹਾਂ ਦੀ ਰਜ਼ਾ ਵਿਚ ਹੀ ਮੇਰੀ ਖ਼ੁਸ਼ੀ ਹੈ । ਇਹ ਨਾ ਭੁੱਲਣਾ ਕਿ ਭਾਈ ਦਾਸੂ ਜੀ ਤੇ ਬੀਬੀ ਅਮਰੋ ਦਾ ਜਨਮ ਵੀ ਹੋ ਚੁੱਕਾ ਸੀ । ਮਾਤਾ ਖੀਵੀ ਨੂੰ ਜਦ ਲੋਕਾਂ ਮੁੜ ਮੁੜ ਆ ਕੇ ਕਹਿਣਾ ਕਿ ਤੇਰਾ ਪਤੀ ਤਾਂ ਛੱਡ ਛਡਾ ਸਾਧੂ ਹੋ ਗਿਆ ਹੈ, ਤਾਂ ਉਨ੍ਹਾਂ ਭਰੋਸੇ ਨਾਲ ਕਿਹਾ: 'ਜੇ ਉਹ ਗੋਦੜੀ ਪਾਏਗਾ ਤਾਂ ਲੀਰਾਂ ਹੰਢਾਸਾਂ, ਜਿਸ ਹਾਲ ਰਖੇਗਾ, ਉਸ ਹਾਲ ਹੀ ਰਵਾਂਗੀ ।' ਖੀਵੀ ਜੀ ਦਾ ਹਰ ਵਕਤ ਪਤੀ ਦਾ ਸਾਥ ਦੇਣਾ ਕਿਸੇ ਸੀਤਾ-ਸਵਿੱਤਰੀ ਤੋਂ ਘੱਟ ਨਹੀਂ । ਗੱਲ ਅਸਲ ਇਹ ਹੈ ਕਿ ਮਾਤਾ ਖੀਵੀ ਪਤੀ ਦੇ ਸੁਭਾਅ ਨੂੰ ਜਾਣ ਗਈ ਸੀ । ਖੀਵੀ ਜੀ ਇਹ ਵੀ ਪਹਿਚਾਣ ਗਏ ਸਨ ਕਿ ਉਨ੍ਹਾਂ ਦਾ ਮਨ ਦੁਕਾਨ ਵਿਚ ਨਹੀਂ ਲਗਦਾ, ਭਗਤੀ ਦ੍ਰਿੜ੍ਹ ਕਰਨ ਲੱਗੇ ਹੋਏ ਹਨ ਤਾਂ ਵੀ ਆਪ ਜੀ ਨੇ ਇਤਨਾ ਹੀ ਕਿਹਾ: 'ਬਾਹਰ ਨਾ ਜਾਓ, ਘਰ ਰਹਿ ਜਗ ਕਮਾਓ । ਜਿਵੇਂ ਤੁਸੀਂ ਆਖੋਗੇ ਮੈਂ ਉਸੇ ਤਰ੍ਹਾਂ ਟੁਰਾਂਗੀ ਤੁਹਾਡੇ ਤਪ ਵਿਚਕਾਰ ਰੋੜਾ ਨਾ ਅਟਕਾਸਾਂ ।' ਲਹਿਣਾ ਜੀ ਨੇ ਕਿਹਾ: 'ਭਲੀਏ। ਤੈਨੂੰ ਭੁਲੇਖਾ ਹੈ। ਜਿਥੇ ਮੈਂ ਜਾ ਰਿਹਾ ਹਾਂ, ਉਥੇ ਗ੍ਰਹਿਸਤ ਵਿਚ ਰਹਿ ਕੇ ਜੋਗ ਕਮਾਉਣ ਦੀ ਗੱਲ ਸਿਖਾਈ ਜਾਂਦੀ ਹੈ। ਇਹ ਸੁਣ ਖੀਵੀ ਜੀ ਨੇ ਖਿੜੇ ਮੱਥੇ ਜਾਣ ਦਿਤਾ ਪਰ ਗ੍ਰਹਿਸਤ ਦਾ ਸਾਰਾ ਭਾਰ ਵੀ ਉਨ੍ਹਾਂ ਤੇ ਆ ਪਿਆ । ਸ਼ਾਇਦ ਇਸੇ ਲਈ ਬਲਵੰਡ ਜੀ ਨੇ ਕਿਹਾ ਸੀ ਕਿ ਗੁਰੂ ਅੰਗਦ ਦੇਵ ਜੀ ਬਹੁਤ ਹੀ ਵੱਡੇ ਹਨ ਜਿਨ੍ਹਾਂ ਗੋਇ ਉਠਾਲੀ ਹੈ, ਸੰਸਾਰ ਦਾ ਭਾਰ ਚੁਕਿਆ ਹੈ ਪਰ ਘਰ ਦਾ ਭਾਰ ਖੀਵੀ ਜੀ ਨੇ ਹੀ ਉਠਾਇਆ ਹੈ । ਬੱਚੇ ਬਹੁਤ ਛੋਟੇ ਸਨ । ਪੂਰੀ ਪਾਲਣਾ ਕੀਤੀ । ਜੇ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਕੋਲ ਰਹਿ ਕੇ ਸੇਵਾ-ਮਗਨ ਸਨ ਤਾਂ ਖੀਵੀ ਜੀ ਵੀ ਸੇਵਾ, ਸ਼ਬਦ ਤੇ ਸੰਗਤ ਵਿਚ ਲੀਨ ਹੋ ਰਹੇ ਸਨ । ਲਹਿਣਾ ਜੀ ਸੱਤ ਸਾਲ (1532-1539) ਕਰਤਾਰਪੁਰ ਵਿਚ ਰਹੇ । ਜਦ 1539 ਵਿਚ ਲਹਿਣਾ ਜੀ ਤੋਂ ਗੁਰੂ ਨਾਨਕ ਦਾ ਰੂਪ ਹੋ ਗੁਰੂ ਅੰਗਦ ਬਣੇ ਤੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਬੈਠੇ ਤਾਂ ਖੀਵੀ ਜੀ ਉਤੇ ਵੱਡੀ ਜ਼ਿੰਮੇਵਾਰੀ ਆ ਪਈ । ਜੋ ਬੂਟਾ ਗੁਰੂ ਨਾਨਕ ਸਾਹਿਬ ਨੇ ਲਗਾਇਆ ਉਸ ਦੀ ਰਾਖੀ ਕਰਨ ਦੀ ਹੁਣ ਬਹੁਤ ਹੀ ਲੋੜ ਸੀ । ਇਹ ਵੱਡੀ ਕੁਰਬਾਨੀ ਸੀ । ਜੇ ਸ਼ਬਦ ਦੀ ਰਾਖੀ ਗੁਰੂ ਅੰਗਦ ਦੇਵ ਜੀ ਕਰ ਰਹੇ ਸਨ ਤਾਂ ਸੰਗਤ ਸੇਵਾ ਦੀ ਸੰਭਾਲ ਮਾਤਾ ਖੀਵੀ ਜੀ ਕਰ ਰਹੇ ਸਨ । ਜ਼ਰਾ ਗਹੁ ਕਰਨਾ ਕਿ ਕਿਤਨੀ ਵੱਡੀ ਜ਼ਿੰਮੇਵਾਰੀ ਸੀ । ਜਿਸ ਸਿੱਖੀ ਦੇ
ਛੱਟੇ ਗੁਰੂ ਨਾਨਕ ਜੀ ਨੇ ਉਦਾਸੀ ਕਰ ਚਾਰ ਕੂੰਟਾਂ ਵਿਚ ਮਾਰੇ ਸਨ ਉਸ ਨੂੰ ਟਿਕ ਕੇ ਇਕ ਥਾਂ ਜਲ ਦੇਣ ਦੀ ਲੋੜ ਸੀ । ਸਾਰੀ ਹਯਾਤੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਤੋਂ ਬਾਹਰ ਨਾ ਗਏ ਫਿਰ ਮਤੇ ਪੁੱਤਰ ਪੁੱਤਰਪੁਣੇ ਦੇ ਮਾਣ ਵਿਚ ਆ ਕੋਈ ਮਨ-ਆਈ ਨ ਕਰਨ ਇਹ ਹੁਕਮ ਦੇ ਰਖਿਆ ਸੀ ਕਿ ਧਰਮਸਾਲ ਵੱਲ ਨਹੀਂ ਝਾਕਣਾ:
ਚੜ੍ਹਤ ਗੁਰ ਢਿਗ ਆਇ ਜੋ, ਸਭ ਲੰਗਰ ਲਾਵੇ
ਅਭਿਆਗਤ ਸਿਖ ਸੰਗਤਾਂ ਸਭ ਕੋ ਬਰਸਾਵੇ।
ਤੇ ਮਾਤਾ ਜੀ ਨੂੰ ਆਗਿਆ ਦਿਤੀ ਹੋਈ ਸੀ ਕਿ ਸੇਵਾ ਦਿਲ ਲਗਾ ਕੇ ਕਰਨੀ ।
ਤਖ਼ਤ ਉਤੇ ਬੈਠਦੇ ਸਾਰ ਹੀ ਹਮਾਯੂੰ ਬਾਦਸ਼ਾਹ ਸ਼ੇਰ ਸ਼ਾਹ ਕੋਲੋਂ ਭਾਂਜ ਖਾ ਕੇ ਖਡੂਰ ਸਾਹਿਬ ਆਇਆ । ਗੁਰੂ ਜੀ ਆਪਣੇ ਧਿਆਨ ਵਿਚ ਹੀ ਬੈਠੇ ਸਨ । ਉਸ ਨੇ ਤਲਵਾਰ ਦੇ ਕਬਜ਼ੇ 'ਤੇ ਹੱਥ ਰੱਖ ਕੇ ਚਾਹਿਆ ਕਿ ਗੁਰੂ ਜੀ ਨੂੰ ਸ਼ਹੀਦ ਕਰ ਦੇਵੇ । ਕਬਜ਼ਾ ਉਸ ਦੇ ਹੱਥ ਨਾਲ ਹੀ ਚਿਮਟ ਗਿਆ ਤੇ ਗੁਰੂ ਜੀ ਨੇ ਫ਼ਰਮਾਇਆ: ਜਿਸ ਵੇਲੇ ਤਲਵਾਰ ਚਲਾਉਣ ਦਾ ਸਮਾਂ ਸੀ ਤੈਥੋਂ ਕੁਝ ਨਾ ਬਣਿਆ, ਹੁਣ ਫ਼ਕੀਰਾਂ ਤੇ ਤਲਵਾਰ ਕੱਢਣ ਜਾਂ ਹੱਥ ਉਠਾਉਣ ਦਾ ਕੀ ਭਾਵ ? ਹਮਾਯੂੰ ਨੇ ਬਚਨ ਸੁਣ ਕੇ ਗੁਰੂ ਜੀ ਦੇ ਚਰਨ ਫੜ ਲਏ ਤੇ ਮਿੰਨਤ ਤਰਲਾ ਕੀਤਾ। ਸੂਰਜ-ਪ੍ਰਕਾਸ਼ ਦੇ ਸ਼ਬਦਾਂ ਵਿਚ ਕਿਹਾ:
ਸ਼ੇਰ ਸ਼ਾਹ ਸੋ ਕਛੁ ਨ ਬਸਾਯੋ ।
ਖੜਗ ਤਤਨ ਹਮ ਪਰ ਚਲਿ ਆਯੋ ।੫੭।
ਕਾਇਰ ਭਯੋ ਭਾਜ ਕਰ ਆਵਾਂ।
ਹਮਰਿ ਸੂਰਤਾ ਚੱਹ ਦਿਖਾਵਾ।
-ਰਾਸ ੧, ਅੰਸੂ ੧੦
ਹਮਾਯੂੰ ਜਦ ਹੱਥ ਜੋੜ ਪੁਛਿਆ ਕਿ ਉਸ ਨਾਲ ਐਸਾ ਕਿਉਂ ਹੋਇਆ ਹੈ। ਦਰ-ਬ-ਦਰ ਕਿਉਂ ਹੋਇਆ ਹਾਂ ਤਾਂ ਜੁਰਅੱਤ ਦੀ ਮੂਰਤ ਗੁਰੂ ਅੰਗਦ ਦੇਵ ਜੀ ਨੇ ਫ਼ਰਮਾਇਆ :
ਕਬ ਬਿਅਦਲੀ ਕੀਨ ਮਹਾਨੀ ।
ਯਾ ਤੋ ਭਯੋ ਤੋਹਿ ਤ੍ਰਿਸਕਾਰਾ ।
ਗੁਰੂ ਅੰਗਦ ਦੇਵ ਜੀ ਇਹ ਜਾਣਦੇ ਸਨ ਕਿ ਜੇ ਸਿੱਖੀ ਦੀ ਜੜ੍ਹ ਪੱਕੀ ਹੋ ਗਈ ਤਾਂ ਫਿਰ ਕੋਈ ਵੱਡੇ ਤੋਂ ਵੱਡਾ ਹੱਲਾ ਇਸ ਨੂੰ ਹਿਲਾ ਨਹੀਂ ਸਕੇਗਾ।
ਸ਼ਾਇਦ ਇਹ ਹੀ ਕਾਰਨ ਲੱਗਦਾ ਹੈ ਕਿ ਆਪ ਜੀ ਨੇ ਪੱਕੀ ਮਜ਼ਬੂਤ ਜੜ੍ਹ ਲੱਗਣ ਤੱਕ ਕੋਈ ਉਦਾਸੀ ਜਾਂ ਪ੍ਰਚਾਰ ਦਾ ਦੌਰਾ ਨਾ ਕੀਤਾ । ਇਹ ਇਤਿਹਾਸਕ ਸੱਚਾਈ ਹੈ ਕਿ ਆਪ ਜੀ ਗੁਰੂ-ਪਦਵੀ ਸੰਭਾਲਣ ਉਪਰੰਤ ਹਰੀ ਕੇ ਪੱਤਣ ਤੋਂ ਅੱਗੇ ਵੀ ਨਹੀਂ ਗਏ । ਜਿਥੇ ਗੁਰੂ ਨਾਨਕ ਜੀ ਨੇ, ਇਕ ਅੰਦਾਜ਼ੇ ਮੁਤਾਬਕ, ਤੀਹ ਹਜ਼ਾਰ ਮੀਲ ਦਾ ਪੈਦਲ ਸਫ਼ਰ ਕੀਤਾ ਸੀ, ਉਥੇ ਗੁਰੂ ਅੰਗਦ ਦੇਵ ਜੀ ਦਾ ਇਕ ਥਾਵੇਂ ਟਿਕ ਬੈਠਣਾ, ਬੂਟੇ ਦੀ ਰਾਖੀ ਕਰਨਾ ਇਕ ਬਹੁਤ ਵੱਡਾ ਕਾਰਨਾਮਾ ਸੀ। ਇਹ ਵੀ ਆਪਣੇ ਆਪ ਵਿਚ ਇਕ ਬਹੁਤ ਵੱਡੀ ਕੁਰਬਾਨੀ ਸੀ । ਸ਼ਬਦ ਤੇ ਸਾਖੀ ਦੀ ਸੰਭਾਲ ਉਨ੍ਹਾਂ ਦੇ ਹੋਰ ਵੱਡੇ ਕਾਰਨਾਮੇ ਸਨ । ਉਸ ਸਮੇਂ ਧਰਮ-ਵਾੜੀ ਦੀ ਦੇਖ-ਭਾਲ ਮਾਤਾ ਖੀਵੀ ਜੀ ਨੇ ਆਪਣੇ ਜ਼ਿੰਮੇ ਲੈ ਲਈ । ਬਾਹਰੋਂ ਆਈ ਭੇਟਾ ਤੇ ਲੰਗਰ ਦੀ ਸੰਭਾਲ ਕੋਈ ਛੋਟਾ ਜਿਹਾ ਕੰਮ ਨਹੀਂ ਸੀ ।
ਮਾਤਾ ਜੀ ਖਡੂਰ ਸਾਹਿਬ ਬਹੁਤ ਤੜਕੇ ਉਠਦੇ ਤੇ ਘਰ ਦੇ ਕੰਮ-ਕਾਜ ਤੋਂ ਵਿਹਲੇ ਹੋ ਕੇ ਲੰਗਰ ਦੀ ਸੰਭਾਲ ਵਿਚ ਲੱਗ ਜਾਂਦੇ । ਮਾਤਾ ਜੀ ਦੀ ਨਿਗਰਾਨੀ ਹੇਠ ਸਭ ਰੱਜ-ਰੱਜ ਭੋਜਨ ਛਕਦੇ। ਫ਼ਕੀਰ, ਅਭਿਆਗਤ, ਆਏ ਸਾਧੂ ਅਤੇ ਸੰਗਤਾਂ ਸਭ ਦੁਆਵਾਂ ਹੀ ਦੇ ਕੇ ਜਾਂਦੇ । ਪੁੱਤਰਾਂ ਨੂੰ ਵੀ ਨਿੱਤ ਆਖਦੇ ਕਿ ਸੇਵਾ ਕਰ ਕੇ ਨਾਮ ਕਮਾਓ।
ਮਾਤਾ ਜੀ ਨੇ ਬਾਬਾ ਬੁੱਢਾ ਜੀ, ਭਾਈ ਜੋਧ ਰਸੋਈਆ ਤੇ ਭਾਈ ਕਿਦਾਰਾ ਜੀ ਨੂੰ ਵੱਖ ਵੱਖ ਕਾਰਜ ਸੌਂਪ ਦਿਤੇ । ਬਾਬਾ ਜੀ ਸੰਗਤ ਦੀ ਚਉਕੀ ਦੀ ਸੰਭਾਲ ਕਰਦੇ । ਭਾਈ ਕਿਦਾਰਾ ਜੀ ਰਸਦ ਪਾਣੀ ਜੁਟਾਂਦੇ ਤੇ ਭਾਈ ਜੋਧ ਰਸੋਈਆ ਨਾਲ ਹੋ ਲੰਗਰ ਤਿਆਰ ਕਰਦਾ ।
ਮਾਤਾ ਜੀ ਲੰਗਰ ਤਿਆਰ ਹੋ ਜਾਣ 'ਤੇ ਆਪਣੀ ਨਿਗਰਾਨੀ ਵਿਚ ਆਪ ਪ੍ਰਸ਼ਾਦ ਵਰਤਾਂਦੇ । ਮਜ਼ਾਲ ਕੀ ਕਿਸੇ ਨੂੰ ਵਧ-ਘੱਟ ਜਾਂ ਉਚੇਚਾ ਦਿੱਤਾ ਜਾਂਦਾ । ਤੋਟ ਤਾਂ ਕਦੇ ਪੈਂਦੀ ਹੀ ਨਹੀਂ ਸੀ । 'ਤੋਟ ਨਾ ਆਵੀ ਖਟੀਅਹਿ' ਦੇ ਸ਼ਬਦ ਤਾਂ ਹੀ ਬਲਵੰਡ ਜੀ ਨੇ ਲਿਖੇ ਹਨ।
ਮਾਤਾ ਖੀਵੀ ਜੀ ਨੇ ਲੰਗਰ ਚਲਾਇਆ ਅਤੇ ਭੇਟਾ ਦੀ ਖੁੱਲ੍ਹੀ ਵਰਤੋਂ ਜਿਵੇਂ ਕੀਤੀ, ਉਹ ਅਖਾਣ ਹੀ ਬਣ ਗਿਆ ਹੈ । ਸਿੱਖ ਇਤਿਹਾਸ ਵਿਚ ਸਾਖੀ ਆਉਂਦੀ ਹੈ ਕਿ ਜਦ ਗੁਰੂ ਅੰਗਦ ਦੇਵ ਜੀ ਖਡੂਰ ਆਏ ਸਨ ਤਾਂ ਮਾਤਾ ਖੀਵੀ ਜੀ ਨੇ ਉਸ ਸਮੇਂ ਆਪਣੇ ਲਈ ਆਗਿਆ ਮੰਗੀ ਤੇ ਗੁਰੂ ਜੀ ਨੇ ਬਖ਼ਸ਼ਸ਼ ਕਰਦੇ ਫ਼ਰਮਾਇਆ ਸੀ, 'ਜਦੋਂ ਮੇਰੇ ਦਾਤੇ-ਦਾਤਾਰ ਨੇ ਸ਼ਬਦ ਦਉਲਤ ਵੰਡਣ ਦੀ
ਆਗਿਆ ਕੀਤੀ ਸੀ ਤਾਂ ਤੇਰੇ ਹਿੱਸੇ ਅੰਨ-ਦੇਗ ਦਾ ਕੜਛਾ ਆਇਆ ਸੀ, ਵਰਤਾ । ਗਿਆਨੀ ਗਿਆਨ ਸਿੰਘ ਜੀ ਤਾਰੀਖ਼-ਏ-ਖ਼ਾਲਸਾ ਦੇ ਹਿੱਸਾ ਪਹਿਲਾ ਜਿਲਦ ਦੂਜੀ ਦੇ ਪੰਨਾ 560 ਤੇ 561 ਉਤੇ ਲਿਖਦੇ ਹਨ ਕਿ ਹਰ ਵੇਲੇ ਗੁਰੂ ਅੰਗਦ ਦੇਵ ਜੀ ਦੇ ਪਾਸ ਸਤਿਸੰਗ ਦਾ ਪਰਚਾ, ਲੰਗਰ ਦਾ ਖਰਚਾ ਤੇ ਹਰੀ ਦਾ ਚਰਚਾ ਬਣੇ ਰਹਿੰਦੇ । ਚਰਚਾ ਗੁਰੂ ਅੰਗਦ ਪਾਤਸ਼ਾਹ ਕਰਦੇ ਤੇ ਲੰਗਰ ਦੀ ਸੰਭਾਲ ਮਾਤਾ ਖੀਵੀ ਜੀ । ਗੁਰੂ ਅੰਗਦ ਦੇਵ ਜੀ ਨੇ ਹੁਕਮ ਦੇ ਰੱਖਿਆ ਸੀ ਕਿ ਉਨ੍ਹਾਂ ਸਾਹਮਣੇ ਮਾਇਆ ਦਾ ਜ਼ਿਕਰ ਕਦੇ ਨਾ ਕੀਤਾ ਜਾਏ।
ਆਪੁਨ ਢਿਗ ਮਾਇਆ ਵਿਵਹਾਰਾ ।
ਜਿਕਰ ਜਤਨ ਦੇਹਿ ਕਿਸਿ ਵਾਰਾ ।20।
-ਰਾਸ 1, ਅੰਸੂ 10
ਮਾਤਾ ਜੀ ਦਾ ਸੁਭਾਅ ਵੀ ਬਹੁਤ ਮਿੱਠਾ ਸੀ । ਖਡੂਰ ਸਾਹਿਬ ਟੱਬਰ ਵਿਚ ਰਹਿੰਦਿਆਂ ਕਦੇ ਕਿਸੇ ਨਾਲ ਗਿਲਾ ਨਹੀਂ ਕੀਤਾ, ਸਗੋਂ ਮਿੱਠਾ ਬੋਲ ਕੇ ਸਭ ਨੂੰ ਆਪਣੇ ਵਲ ਕਰ ਲੈਂਦੇ । ਕੋਈ ਉਨ੍ਹਾਂ ਦੇ ਸੁਭਾਅ ਅਗੇ ਕੁਝ ਨਾ ਬੋਲ ਸਕਦਾ । ਮਾਤਾ ਖੀਵੀ ਜੀ ਆਪਣੀ ਦੋਹਰੀ ਜ਼ਿੰਮੇਵਾਰੀ ਨੂੰ ਬੜੇ ਸੁਹਣੇ ਢੰਗ ਨਾਲ ਨਿਭਾ ਰਹੇ ਸਨ । ਗੁਰੂ ਅੰਗਦ ਦੇਵ ਜੀ ਨੂੰ ਭੇਟ ਕੀਤੀ ਮਾਇਆ ਆਪਣੇ ਨਿੱਜ ਜਾਂ ਟੱਬਰ ਲਈ ਕਦੇ ਵਰਤਣ ਤੱਕ ਨਾ ਦਿੱਤੀ । ਮਾਤਾ ਖੀਵੀ ਜੀ ਆਪ ਘਰੋਂ ਅਣ-ਚੋਪੜੀ ਰੋਟੀ ਪਕਾ ਕੇ ਲਿਆਉਂਦੇ । ਪੁੱਤਰਾਂ ਨੂੰ ਆਪਣੀ ਦੁਕਾਨ ਕਰਨ ਲਈ ਕਿਹਾ ਹੋਇਆ ਸੀ।
ਭੇਟਾ ਨੂੰ ਨਿੱਜ ਲਈ ਵਰਤਣਾ ਗੁਰੂ ਅੰਗਦ ਦੇਵ ਜੀ ਠੀਕ ਨਹੀਂ ਸਮਝਦੇ ਸਨ।
'ਉਨ੍ਹੇਂ ਨੇ ਆਪਣੇ ਬੇਟੋਂ ਕੋ ਹੁਕਮ ਦੇ ਰਖਾ ਥਾ ਕਿ ਤੁਮ ਆਪਣੀ ਮੁਆਸ਼ ਦੁਕਾਨਦਾਰੀ ਯਾ ਕਾਸ਼ਤਕਾਰੀ ਸੇ ਹਾਸਲ ਕਰੋ, ਯਹ ਪੂਜਾ ਕਾ ਮਾਲ ਤੁਮ੍ਹਾਰੇ ਲੀਏ ਜ਼ਹਿਰੇ ਕਾਤਲ ਹੈ । ਚੁਨਾਂਚਿ ਉਹ ਉਨ੍ਹੀਂ ਕੇ ਅਰਸ਼ਾਦ ਕੇ ਮੁਆਫ਼ਕ ਅਮਲ ਕਰਤੇ ਥੇ ।
ਜੋ ਕੁਝ ਆਉਂਦਾ, ਲੰਗਰ ਵਿਚ ਪੈਂਦਾ । ਲੰਗਰ ਵਿਚ ਖੀਰ, ਕੜਾਹ, ਸਭ ਕੁਝ ਬਣਦਾ ਪਰ ਗੁਰੂ ਅੰਗਦ ਦੇਵ ਜੀ ਉਹ ਕੁਝ ਖਾਂਦੇ, ਜੋ ਮਾਤਾ ਜੀ ਘਰੋਂ ਪਕਾ ਕੇ ਲਿਆਉਂਦੇ ।
ਤਾਰੀਖ਼ ਗੁਰੂ ਖ਼ਾਲਸਾ ਪੰਨਾ 528, ਹਿੱਸਾ ਪਹਿਲਾ ਵਿਚ ਇਹ ਲਿਖਿਆ ਮਿਲਦਾ ਹੈ ਕਿ ਗੁਰੂ ਅੰਗਦ ਦੇਵ ਜੀ ਅੱਠੀ ਪਹਿਰੀਂ ਜੌਂ ਦੀ ਰੋਟੀ ਖਾਂਦੇ । ਜੋ
ਅਣ-ਚੋਪੜੀ ਮੋਟੀ, ਕੱਚੇ ਪਾਓ ਦੀ ਹੁੰਦੀ ਸੀ । ਜੋ ਕੁਝ ਲੰਗਰ ਲਈ ਆਉਂਦਾ, ਲੰਗਰ ਜਾਂ ਧਰਮ ਦੇ ਕੰਮਾਂ ਵਿਚ ਖ਼ਰਚ ਕਰ ਦਿੰਦੇ ।
ਤਾਰੀਖ਼-ਇ-ਪੰਜਾਬ ਕ੍ਰਿਤ ਕਨ੍ਹਈਆ ਲਾਲ ਵਿਚ ਵੀ ਲਿਖਿਆ ਹੈ ਕਿ ਗੁਰੂ ਜੀ ਆਪਣੇ ਹੱਥਾਂ ਨਾਲ ਮਿਹਨਤ ਕਰਦੇ ਤੇ ਉਸ ਦੀ ਆਮਦਨੀ ਨਾਲ ਭੋਜਨ ਖਾਂਦੇ ।
ਮਾਤਾ ਜੀ ਕਿਸੇ ਨੂੰ ਭੁੱਖਾ ਨਹੀਂ ਸਨ ਦੇਖ ਸਕਦੇ । ਜਦੋਂ ਇਕ ਵਾਰੀ ਇਹ ਦੇਖਿਆ ਕਿ ਮੁਖ ਰਸੋਈਆ ਭਾਈ ਜੋਧ ਜੀ ਜੂਠੀਆਂ ਪੱਤਲਾਂ ਵਿਚੋਂ ਚੁਣ-ਚੁਣ ਖਾਂਦਾ ਹੈ ਤਾਂ ਆਪ ਜੀ ਨੇ ਕੋਲ ਬਿਠਲਾ ਕੇ ਹੱਥੀਂ ਭੋਜਨ ਕਰਵਾਇਆ । ਭਾਈ ਜੀ ਨੂੰ ਸਮਝਾਇਆ ਕਿ ਇਤਨੀ ਨਿਮਰਤਾ ਵੀ ਨਾ ਰੱਖੋ ਕਿ ਹੀਣ-ਭਾਵ ਹੀ ਪੈਦਾ ਹੋ ਜਾਵੇ । ਸਵੱਛ ਹਿਰਦੇ ਵਿਚ ਸਵੱਛ ਭੋਜਨ ਚਾਹੀਦਾ ਹੈ।
ਜਪੀਐ ਨਾਮ, ਜਪੀਐ ਅੰਨ।
ਮਾਤਾ ਖੀਵੀ ਜੀ ਨੇ ਬੱਚੀਆਂ ਨੂੰ ਘਰ-ਗ੍ਰਹਿਸਤੀ ਦੇ ਨਾਲ ਕੋਲ ਬਿਠਾ ਕੇ ਬਾਣੀ ਵੀ ਯਾਦ ਕਰਾਈ । ਐਸੀ ਸਿੱਖਿਆ ਦਿੱਤੀ ਕਿ ਉਨ੍ਹਾਂ ਕਦੇ ਨਾ ਵਿਸਾਰੀ । ਬੀਬੀ ਅਮਰੋ ਜੀ ਦੀ ਉਦਾਹਰਣ ਦੇਣੀ ਠੀਕ ਰਹੇਗੀ।
ਬੀਬੀ ਅਮਰੋ ਜੀ ਦੀ ਆਵਾਜ਼ ਕੋਇਲ ਵਰਗੀ ਸੀ । ਬਾਣੀ ਬਹੁਤ ਕੰਠ ਸੀ । ਅੰਮ੍ਰਿਤ ਵੇਲਾ ਕਦੇ ਉਨ੍ਹਾਂ ਖੁੰਝਾਇਆ ਨਹੀਂ ਸੀ । ਘਰ ਦੇ ਕੰਮਾਂ ਤੋਂ ਸੰਕੋਚ ਨਹੀਂ ਸੀ ਕੀਤਾ।
ਉਨ੍ਹਾਂ ਦੇ ਨਿੱਤ ਉਠ ਬਾਣੀ ਪੜ੍ਹਨ ਕਾਰਨ ਹੀ ਭਾਈ ਅਮਰਦਾਸ ਜੀ ਦਾ ਅੰਦਰਲਾ ਠਹਿਰਿਆ ਸੀ।
ਜਿਸ ਸ਼ਬਦ ਨੇ ਅਮਰਦਾਸ ਜੀ ਦਾ ਅੰਦਰਲਾ ਠਹਿਰਾਇਆ, ਉਸ ਸ਼ਬਦ ਦੀਆਂ ਤੁਕਾਂ ਸਨ:
ਜਾਲੀ ਰੈਨਿ ਜਾਲੁ ਦਿਨੁ ਹੂਆ, ਜੇਤੀ ਘੜੀ ਫਾਹੀ ਤੇਤੀ ॥
ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ,
ਛੂਟਸਿ ਮੂੜੇ ਕਵਨ ਗੁਣੀ ॥
-ਮਾਰੂ ਮ: ੧, ਪੰਨਾ ੯੯o
ਮਨ ਨੂੰ ਐਸੀ ਚੋਟ ਲੱਗੀ ਕਿ ਬੀਬੀ ਅਮਰੋ ਜੀ ਨੂੰ ਨਾਲ ਲੈ ਕੇ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿਚ ਆਏ । ਫਿਰ ਗੁਰੂ ਜੀ ਦੇ ਹੋ ਗਏ ਤੇ ਐਸੀ ਘਾਲ ਘਾਲੀ ਕਿ ਪਿਉ ਦਾਦੇ ਜੇਵੇਹਾ ਪੋਤ੍ਰਾ ਪ੍ਰਵਾਨ ਹੋਆ। ਜ਼ਰਾ ਕੁ ਗਹੁ
ਨਾਲ ਦੇਖੀਏ ਤਾਂ ਗੁਰੂ ਅਮਰਦਾਸ ਨੂੰ ਸਿੱਖੀ ਵਲ ਪ੍ਰੇਰਨ ਦਾ ਮਾਣ ਮਾਤਾ ਖੀਵੀ ਜੀ ਨੂੰ ਹੀ ਜਾਂਦਾ ਹੈ। ਜੇ ਬੀਬੀ ਅਮਰੋ ਜੀ ਸੇਵਾ ਕਰ ਪ੍ਰਸੰਨ ਹੁੰਦੇ ਤੇ ਸ਼ਬਦ ਵਿਚ ਮਨ ਜੋੜੀ ਰੱਖਦੇ ਸਨ ਤਾਂ ਇਸ ਦਾ ਕਾਰਨ ਉਹ ਉਪਦੇਸ਼ ਹੀ ਸਨ, ਜੋ ਨਿੱਤ ਮਾਂ ਖੀਵੀ ਦਿੰਦੀ ਸੀ । ਮਾਂ ਦੇ ਦੁੱਧ ਅਤੇ ਗੁੜ੍ਹਤੀ ਨੇ ਇਹ ਚਮਤਕਾਰ ਦਿਖਾਇਆ, ਜਿਸ ਨੂੰ ਕਦੇ ਅੱਖੀਆਂ ਤੋਂ ਓਹਲੇ ਨਹੀਂ ਕੀਤਾ ਜਾ ਸਕਦਾ । ਮਾਂ ਖੀਵੀ ਆਪਣੀ ਸੰਤਾਨ ਨੂੰ ਕਿਵੇਂ ਕੀਲ ਕੇ ਰੱਖਦੀ ਸੀ । ਇਸ ਦੀ ਇਕ ਉਦਾਹਰਣ ਉਸ ਸਮੇਂ ਦੀ ਹੈ, ਜਦ ਘੋੜੀ 'ਤੇ ਸਵਾਰ ਹੋ ਦਾਸੂ ਜੀ ਨੇ ਗੁਰੂ ਅਮਰਦਾਸ ਜੀ ਦਾ ਪਿੱਛਾ ਕੀਤਾ ਸੀ । ਮਾਤਾ ਖੀਵੀ ਨੂੰ ਜਦ ਦਾਤੂ ਜੀ ਤੇ ਦਾਸੂ ਜੀ ਵਲੋਂ ਗੁਰੂ ਅਮਰਦਾਸ ਜੀ ਨੂੰ ਬਾਸਰਕੇ ਰਾਹ ਵਿਚ ਘੇਰ ਲੈਣ ਦੀ ਖ਼ਬਰ ਮਿਲੀ ਤਾਂ ਆਪ ਜੀ ਉਸ ਸਮੇਂ ਤੁਰ ਕੇ ਗੁਰੂ ਅਮਰਦਾਸ ਜੀ ਦੇ ਪਾਸ ਗਏ ਅਤੇ ਜੋ ਉਥੇ ਉਨ੍ਹਾਂ ਨਿਮਰਤਾ ਵਿਚ ਭਿੱਜ ਕੇ ਸ਼ਬਦ ਆਖੇ, ਉਹ ਸ਼ਬਦ ਹਰ ਮਾਂ ਨੂੰ ਸਦਾ ਚੇਤੇ ਰੱਖਣੇ ਚਾਹੀਦੇ ਹਨ । ਇਥੇ ਇਹ ਵੀ ਯਾਦ ਰਵੇ ਕਿ ਗੁਰੂ ਅਮਰਦਾਸ ਜੀ ਉਸ ਸਮੇਂ ਅਜੇ ਗੁਰੂ ਨਹੀਂ ਸਨ ਬਣੇ । ਮਾਤਾ ਖੀਵੀ ਜੀ ਨੂੰ ਬਾਸਰਕੇ ਦੇਖ ਕੇ ਗੁਰੂ ਅਮਰਦਾਸ ਜੀ ਨੇ ਕਿਹਾ, 'ਤੁਸਾਂ ਕਿਉਂ ਖੇਚਲ ਕੀਤੀ, ਮੈਨੂੰ ਬੁਲਾ ਲੈਣਾ ਸੀ । ਮਾਤਾ ਜੀ ਨੇ ਕਿਹਾ, 'ਗੁਰੂ ਨਾਨਕ ਦੇ ਘਰ ਦੀ ਦੌਲਤ ਹੀ ਗਰੀਬੀ ਹੈ, ਨਿਮਰਤਾ ਹੈ । ਮੈਂ ਦੋਵੇਂ ਬੱਚੇ ਨਾਲ ਲੈ ਕੇ ਆਈ ਹਾਂ। ਇਨ੍ਹਾਂ ਨੇ ਲੋਕਾਂ ਦੇ ਚੁੱਕੇ ਚੁਕਾਏ ਆਪ ਜੀ ਦੀ ਬੇਅਦਬੀ ਕੀਤੀ ਹੈ। ਆਪ ਜੀ ਨੂੰ ਘੇਰਿਆ ਹੈ। ਆਪ ਮਿਹਰ ਕਰੋ, ਭੁੱਲਣਹਾਰ ਜਾਣ ਕੇ ਤੇ ਆਪਣੇ ਸਮਝ ਕੇ ਬਖ਼ਸ਼ ਦਿਓ ਨੇ । ਗੁਰੂ ਅਮਰਦਾਸ ਜੀ ਨੇ ਬਖ਼ਸ਼ਸ਼ ਦਾਤਾ ਗੁਰੂ ਅੰਗਦ ਦੇਵ ਜੀ ਹੀ ਕਿਹਾ ਤਾਂ ਮਾਤਾ ਜੀ ਨੇ ਹੋਰ ਨਿਮਰ ਹੋ ਕੇ ਕਿਹਾ, 'ਮੈਨੂੰ ਪਤਾ ਹੈ ਕਿ ਇਹ ਅਪਰਾਧ ਬਖ਼ਸ਼ਣ ਯੋਗ ਨਹੀਂ, ਮਿਹਰ ਕਰ ਦਿਓ ਨੇ ।' ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਤੇ ਧੰਨ ਮਾਤਾ ਖੀਵੀ ਜੀ ਕਹਿ ਕੇ ਬੱਚਿਆਂ ਨੂੰ ਛਾਤੀ ਨਾਲ ਲਗਾ ਲਿਆ । ਫਿਰ ਜਦ ਗੁਰੂ ਅੰਗਦ ਦੇਵ ਜੀ ਨੇ ਮਾਤਾ ਖੀਵੀ ਜੀ ਨੂੰ, ਅਮਰਦਾਸ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਦੇਣ ਦੀ ਖ਼ਬਰ ਦਿੱਤੀ ਤਾਂ ਆਪ ਜੀ ਨੇ ਖ਼ੁਸ਼ੀ ਮਨਾਈ । ਗੁਰੂ ਅੰਗਦ ਦੇਵ ਜੀ ਦੇ ਉਚਾਰੇ ਉਸ ਸਮੇਂ ਦੇ ਸ਼ਬਦ ਮਾਤਾ ਖੀਵੀ ਜੀ ਦੀ ਵਡਿਆਈ ਦਰਸਾਉਣ ਲਈ ਕਾਫ਼ੀ ਹਨ । ਗੁਰੂ ਅੰਗਦ ਦੇਵ ਜੀ ਨੇ ਕਿਹਾ, 'ਸਾਨੂੰ ਪਤਾ ਹੈ ਕਿ ਤੁਸੀਂ ਰਜ਼ਾ ਵਿਚ ਰਾਜ਼ੀ ਹੋ। ਪੁੱਤਰਾਂ ਦੀ ਗੱਲ ਵੀਚਾਰੋ । ਮਾਤਾ ਜੀ ਨੇ ਪੁੱਤਰਾਂ ਦੇ ਸੰਬੰਧ ਵਿਚ ਕਿਹਾ, 'ਪੁੱਤਰ ਪੁੱਤਰਪੁਣੇ ਵਿਚ ਹਨ, ਤੁਸੀਂ ਹੀ ਮਿਹਰ ਕਰੋ ' ਮਾਤਾ ਜੀ ਦੋਵੇਂ
ਪੁੱਤਰਾਂ ਨੂੰ ਬਹੁਤ ਸਮਝਾਉਂਦੇ ਰਹੇ। ਬੜੇ ਮਿੱਠੇ ਢੰਗ ਨਾਲ ਕਹਿੰਦੇ ਕਿ ਇਹ ਮੇਰੀ ਜਾਂ ਤੇਰੀ ਸਿਫ਼ਾਰਸ਼ ਦੀ ਗੱਲ ਨਹੀਂ, ਕਿਸੇ ਦੇ ਹੱਥ ਕੁਝ ਨਹੀਂ, ਸਭ ਕੁਝ ਕਰਤਾਰ ਦੇ ਅਧੀਨ ਹੈ।
ਕਹਿ ਕਾਹੂ ਕੇ ਕਰ ਬਿਧੈ, ਸਭ ਕਰਤਾਰ ਅਧੀਨੈ ।
ਗੁਰੂ ਬੰਸਾਵਲੀ ਚੰਦੋਦੈ ਵਿਚ ਲਿਖਿਆ ਹੈ ਕਿ ਸੱਤ-ਅੱਠ ਮਹੀਨੇ ਵਿਚ ਇਹ ਹੀ ਗੱਲ ਹੁੰਦੀ ਰਹੀ ਪਰ ਮਾਤਾ ਖੀਵੀ ਜੀ ਬੱਚਿਆਂ ਨੂੰ ਇਹ ਹੀ ਕਹਿੰਦੇ, 'ਪੰਡ ਭਾਰੀ ਹੈ ਤੁਮ ਤੇ ਉਠਾਈ ਨਹੀਂ ਜਾਵੇਗੀ । ਇਸ ਕੋ ਇਹੀ ਗੁਰੂ ਅਮਰਦਾਸ ਉਠਾਏਗਾ ' ਭਾਈ ਕੇਸਰ ਸਿੰਘ ਨੇ ਬੰਸਾਵਲੀਨਾਮਾ ਵਿਚ ਲਿਖਿਆ ਹੈ ਕਿ ਮਾਤਾ ਜੀ ਕਹਿ ਸਮਝਾਂਦੇ, ‘ਪੰਡ ਭਾਰੀ ਹੈ, ਤੁਸਾਂ ਤੇ ਚੁਕੀ ਨਾ ਜਾਸੀ । ਇਹ ਚੁਕੇਗਾ ਸਾਰੀ ।'
ਦੋਵੇਂ ਪੁੱਤਰਾਂ ਨੂੰ ਗੱਦੀ ਨਾ ਮਿਲਣ ਦਾ ਰੋਸ ਹੋਇਆ । ਦਾਸੂ ਜੀ ਗੁਰਗੱਦੀ ਜਾ ਬੈਠੇ । ਉਨ੍ਹਾਂ ਦਾ ਸਿਰ ਫਿਰ ਗਿਆ। ਮਾਤਾ ਜੀ ਆਪੂੰ ਲੈ ਕੇ ਗੁਰੂ ਅਮਰਦਾਸ ਪਾਸ ਆਏ ਤੇ ਕਹਿਆ :
ਦਾਸੂ ਹੈ ਕਾਹਲਾ ਕਹੇ ਲਗੇ ਨ ਮੇਰੇ ।
ਤੁਹਾਨੂ ਆਪ ਦਿਤੀ ਹੈ ਖਾਵੰਦ ਵਡਿਆਈ।
ਦਾਸੂ ਦਾ ਕਰੋ ਸਿਰ ਸਿਧਾ ਹਥ ਲਗਾਈ।
ਸਤਿਨਾਮ ਕਹਿ ਕੇ ਉਨ੍ਹਾਂ ਨਿਰੋਆ ਕੀਤਾ, ਪਰ ਦਾਤੂ ਜੀ ਸਿਧਾਸਣ ਸਿੱਖਣ ਲੱਗ ਪਏ ।
ਜਦ ਭਰੇ ਦਰਬਾਰ ਵਿਚ ਦਾਤੂ ਜੀ ਨੇ ਗੁਰੂ ਅਮਰਦਾਸ ਜੀ ਨੂੰ ਲੱਤ ਮਾਰੀ ਤਾਂ ਗੁਰੂ ਪਾਤਸ਼ਾਹ ਨੇ ਉਸ ਦੇ ਪੈਰ ਪਕੜ ਲਏ ਤੇ 'ਤੁਹਾਡੇ ਚਰਨ ਕਮਲ ਤੇ ਮੇਰੇ ਹੱਡ ਕਰੜੇ' ਆਖ ਕੇ ਨਿਮ੍ਰਤਾ ਤੇ ਖਿਮਾ ਦੀ ਹੱਦ ਦੱਸੀ । ਅਹੰਕਾਰੀ ਦਾਤੂ ਦਾ ਪੈਰ ਪੀੜਾ ਨਾਲ ਐਸਾ ਵਿਗੜਿਆ ਕਿ ਪਿਛੋਂ ਗੁਰੂ ਅਰਜਨ ਜੀ ਦੀ ਚਰਨ-ਛੁਹ ਨਾਲ ਹੀ ਠੀਕ ਹੋ ਸਕਿਆ।
ਪੈਰ ਵਿਚ ਪੀੜ ਉਠਣ 'ਤੇ ਵੀ ਮਾਂ ਦਾ ਹਿਰਦਾ ਪਿਘਲਿਆ ਨਹੀਂ । ਉਨ੍ਹਾਂ ਦਾਤੂ ਦਾ ਸਾਥ ਨਾ ਦਿੱਤਾ । ਉਹ ਮਨਮੁਖ ਦਾ ਸਾਥ ਕਿਵੇਂ ਦੇ ਸਕਦੇ ਸਨ।
ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਵੀ ਆਪ
ਲੰਗਰ ਦੀ ਸੇਵਾ ਕਰਦੇ ਰਹੇ । ਖਡੂਰ ਉਸੇ ਤਰ੍ਹਾਂ ਲੰਗਰ ਜਾਰੀ ਰਹੇ ।
ਗੁਰੂ ਅਮਰਦਾਸ ਜੀ ਵੇਲੇ ਲੰਗਰ ਵਿਚ ਨਿੱਤ ਘਿਉ ਮੈਦਾ ਪੱਕਦਾ ਤੇ ਰਬਾਬੀ ਸੱਤਾ ਜੀ ਨੇ ਫਿਰ 'ਨਿਤ ਰਸੋਈ ਤੇਰੀਐ, ਘਿਉ ਮੈਦਾ ਖਾਣੁ" ਦੀ ਧੁਨੀ ਉਠਾਈ ।
ਕਨ੍ਹਈਆ ਲਾਲ ਲਿਖਦਾ ਹੈ ਕਿ ਗੁਰੂ ਅਮਰਦਾਸ ਜੀ ਦਾ ਲੰਗਰ ਹਰ ਵੇਲੇ ਜਾਰੀ ਰਹਿੰਦਾ ਸੀ, ਜਿਸ ਵਿਚ ਭਾਂਤ-ਭਾਂਤ ਦੇ ਭੋਜਨ ਸਦਾ ਹੀ ਪੱਕਦੇ ਰਹਿੰਦੇ ਸਨ ਤੇ ਹਰ ਕਿਸੇ ਨੂੰ ਇਕੋ ਜਿਹਾ ਹਿੱਸਾ ਮਿਲਦਾ ਸੀ । ਆਪ ਗੁਰੂ ਜੀ ਜੋਆਂ ਦਾ ਅਲੂਣਾ ਦਲੀਆ ਖਾਂਦੇ ਸਨ ਤੇ ਦਿਨ-ਰਾਤ ਵਾਹਿਗੁਰੂ ਦੀ ਯਾਦ ਵਿਚ ਰਹਿੰਦੇ । ਲੰਗਰ ਵਿਚ ਚੌਹਾਂ ਵਰਨਾਂ ਦੇ ਲੋਕ ਇਕ ਥਾਂ ਪ੍ਰਸ਼ਾਦ ਛਕਦੇ ਸਨ । ਜੋ ਵੀ ਦਰਸ਼ਨਾਂ ਲਈ ਹਾਜ਼ਰ ਹੁੰਦਾ, ਉਸ ਲਈ ਸ਼ਰਤ ਹੁੰਦੀ ਸੀ ਕਿ ਪਹਿਲਾਂ ਲੰਗਰ ਦਾ ਪਵਿੱਤਰ ਪ੍ਰਸ਼ਾਦ ਛਕ ਕੇ ਆਵੇ । 'ਪਹਿਲੇ ਪੰਗਤ, ਪਾਛੇ ਸੰਗਤ' ਗੁਰੂ ਜੀ ਦਾ ਹੁਕਮ ਸੀ । ਜੇ ਕੋਈ ਲੰਗਰ ਦਾ ਪ੍ਰਸ਼ਾਦ ਨਾ ਛਕਦਾ, ਉਸ ਨੂੰ ਦਰਸ਼ਨ ਨਸੀਬ ਨਾ ਹੁੰਦਾ । ਗੁਰੂ ਅਮਰਦਾਸ ਜੀ ਵੀ ਲੰਗਰ ਦੇ ਭਾਂਡੇ ਰਾਤ ਨੂੰ ਖ਼ਾਲੀ ਕਰ ਕੇ ਹੀ ਸੌਂਦੇ । ਆਪਣੇ ਨਿੱਜ ਲਈ ਕੁਝ ਨਾ ਰੱਖਦੇ ਜਾਂ ਸੰਭਾਲਦੇ ।
ਮਾਤਾ ਖੀਵੀ ਜੀ ਇਕ ਅਤਿ ਠਹਿਰੇ ਸੁਭਾਅ ਦੇ ਮਾਲਕ, ਸ਼ਰਮ ਦੇ ਪੁਤਲੇ, ਅਕਲ ਦੇ ਕੋਟ, ਦਾਤੇ, ਹੱਥ ਖੁਲ੍ਹੇ, ਧਰਮ ਦੀ ਮੂਰਤ, ਸਦਾ ਰਜ਼ਾ ਵਿਚ ਰਾਜ਼ੀ ਅਤੇ ਹਮੇਸ਼ਾ ਖੇੜੇ ਵਿਚ ਰਹਿਣ ਵਾਲੇ ਐਸੇ ਵਿਅਕਤੀ ਸਨ, ਜਿਨ੍ਹਾਂ ਦੀ ਸੰਘਣੀ ਛਾਂ ਸਦਾ ਠੰਢਕ ਪਹੁੰਚਾਂਦੀ ਰਵੇਗੀ ।
ਭਾਵੇਂ ਕਾਫ਼ੀ ਬਿਰਧ ਹੋ ਗਏ ਸਨ ਪਰ ਲੰਗਰ ਦੀ ਨਿਗਰਾਨੀ ਪੂਰੀ ਤਰ੍ਹਾਂ ਕਰਦੇ । ਜਦ ਅੰਮ੍ਰਿਤਸਰ ਵੱਸਿਆ ਤਾਂ ਆਪ ਜੀ ਕੁਝ ਚਿਰ ਉਥੇ ਵੀ ਆ ਕੇ ਸੇਵਾ ਕਰਦੇ ਰਹੇ । ਸੰਨ 1582 ਵਿਚ ਖਡੂਰ ਸਾਹਿਬ ਹੀ ਅਕਾਲ ਚਲਾਣਾ ਕੀਤਾ ਅਤੇ ਗੁਰੂ ਅਰਜਨ ਦੇਵ ਜੀ ਨੇ ਆਪ ਆ ਕੇ ਹੱਥੀਂ ਸਸਕਾਰ ਕੀਤਾ।
ਮਾਤਾ ਖੀਵੀ ਜੀ ਨੇ ਜੋ ਸੇਵਾ ਦੀ ਰੀਤ ਚਲਾਈ, ਉਹ ਹੁਣ ਤੱਕ ਚੱਲਦੀ ਆ ਰਹੀ ਹੈ। ਜੇ ਪਹਿਲੀ ਸਿੱਖ ਬੇਬੇ ਨਾਨਕੀ ਸੀ ਤਾਂ ਪਹਿਲੀ ਸੇਵਿਕਾ ਮਾਤਾ ਖੀਵੀ ਜੀ ਸਨ।
..........................
1. ਰਾਮਕਲੀ ਕੀ ਵਾਰ, ਪੰਨਾ ੯੬੮
ਮਾਤਾ ਵਿਰਾਈ
ਜਦੋਂ ਬਾਲ ਜਨਮ ਲੈਂਦਾ ਹੈ ਤਦ ਤੋਂ ਹੀ ਰਿਸ਼ਤਿਆਂ ਦੀ ਡੋਰ ਉਸ ਨਾਲ ਬਣਨੀ ਸ਼ੁਰੂ ਹੋ ਜਾਂਦੀ ਹੈ । ਜਨਮ ਦੇਣ ਵਾਲੀ ਮਾਂ ਕਹਿਲਾਉਂਦੀ ਹੈ, ਉਂਗਲ ਪਕੜ ਕੇ ਚਲਣਾ ਸਿਖਾਉਣ ਵਾਲਾ ਬਾਪ । ਚਾਚਾ ਜਿਸ ਨੂੰ ਦੇਖਦੇ ਸਾਰ ਚਾਅ ਚੜ੍ਹ ਜਾਂਦਾ ਹੈ । ਮਾਸੀ ਵਿਚ ਤਾਂ ਬਾਲ ਮਾਂ ਦਾ ਹੀ ਰੂਪ ਦੇਖਦਾ ਹੈ । ਮਾਂ-ਸੀ ਜੁ ਹੋਈ । ਜਦ ਨਾਨਕੇ ਘਰ ਵਲ ਤੱਕਦਾ ਹੈ ਤਾਂ ਦੋ ਮਾਵਾਂ ਦਾ ਪਿਆਰ ਇਕੋ ਮਾ-ਮਾ ਵਿਚ ਦੇਖਦਾ ਹੈ । ਦਾਦੀ ਦਾਦਾ ਤਾਂ ਵਾਰ ਵਾਰ ਵਾਰਨੇ ਜਾਂਦੇ ਹਨ। ਉਸ ਪੋਤਰੇ ਵਿਚੋਂ ਉਹ ਆਪਣਾ ਬਾਲਪਨ ਜੀਊਂਦਾ ਮਹਿਸੂਸ ਕਰਦੇ ਹਨ । ਇਸੇ ਤਰ੍ਹਾਂ ਰਿਸ਼ਤਿਆਂ ਵਿਚੋਂ ਇਕ ਬੜਾ ਪਿਆਰਾ ਨਿਰਾਲਾ ਤੇ ਮਿੱਠਾ ਰਿਸ਼ਤਾ ਭੂਆ ਦਾ ਵੀ ਹੈ । ਭੈਣ ਨੂੰ ਪਿਆਰ ਤਾਂ ਹੁੰਦਾ ਹੀ ਹੈ ਪਰ ਜਦ ਉਸ ਦਾ ਬੱਚਾ ਉਸ ਨੂੰ ਭੂ ਜੀ ਆਖਦਾ ਹੈ ਤਾਂ ਉਹ ਪਿਆਰ ਹੋਰ ਵੀ ਡੂੰਘਾ ਹੋ ਜਾਂਦਾ ਹੈ ।
ਮਾਤਾ ਵਿਰਾਈ ਜੀ ਵੀ ਗੁਰੂ ਅੰਗਦ ਦੇਵ ਜੀ ਨਾਲ ਇਸੇ ਪਿਆਰੇ ਰਿਸ਼ਤੇ ਕਾਰਨ ਬੱਝੀ ਹੋਈ ਸੀ । ਗੁਰੂ ਨਾਨਕ ਦੇਵ ਜੀ ਦੀ ਬਾਣੀ ਨਾਲ ਤਾਂ ਉਸ 'ਨੂੰ ਪਿਆਰ ਸੀ ਹੀ ਪਰ ਜਦ ਗੁਰੂ ਅੰਗਦ ਦੇਵ ਜੀ ਭੂਆ ਕਾਰਨ ਬਹੁਤ ਮਾਣ ਦੇਂਦੇ ਤਾਂ ਉਸ ਦੀ ਵੀ ਖ਼ੁਸ਼ੀ ਨਹੀਂ ਝੱਲੀ ਜਾਂਦੀ ਸੀ।
ਵਿਰਾਈ ਜੀ ਤਾਂ ਬਹੁਤ ਸਮਾਂ ਪਹਿਲਾਂ ਹੀ ਗੁਰੂ ਘਰ ਨਾਲ ਜੁੜੇ ਹੋਏ। ਸਨ । ਗੁਰੂ ਨਾਨਕ ਜਦ ਮਤੇ ਦੀ ਸਰਾਂ ਆਏ ਸਨ ਤਾਂ ਉਹ ਉਸ ਸਮੇਂ ਤੋਂ ਹੀ ਸਿੱਖੀ ਵਿਚ ਪਰਪੱਕ ਹੋ ਗਏ ਸਨ।
ਬਾਬਾ ਫੇਰੂ ਮੱਲ ਜੀ ਦੀ ਵਿਰਾਈ ਮੂੰਹ ਬੋਲੀ ਭੈਣ ਸੀ । ਬਾਬਾ ਫੇਰੂ ਮੱਲ ਜੀ ਦੇ ਚਾਰ ਭਰਾ ਸਨ । ਵੱਡਾ ਰਾਜਾਨੀ, ਦੂਜਾ ਗੁਰਯਾ, ਤੀਜੇ ਫੇਰੂ ਮੱਲ ਅਤੇ ਚੌਥੇ ਅਰਥੀ ਮੱਲ ਸਨ । ਫੇਰੂ ਜੀ ਦੇ ਨਾਨਕੇ ਮਘੋਵਾਲ (ਗੁਜਰਾਤ) ਤੋਂ ਮਤੇ ਦੀ ਸਰਾਂ ਆ ਗਏ ਸਨ । ਉੱਥੇ ਹੀ ਉਨ੍ਹਾਂ ਪੜ੍ਹਾਈ ਲਿਖਾਈ ਕੀਤੀ। ਫੇਰੂ ਮੱਲ ਜੀ ਫ਼ਾਰਸੀ ਦੇ ਗਿਆਤਾ ਸਨ । ਹਿਸਾਬ-ਕਿਤਾਬ ਵੀ ਚੰਗਾ ਕਰਨ ਲੱਗ ਪਏ
ਸਨ । ਨਾਨਕਿਆਂ ਨੇ ਦੋਹਤਰੇ ਦਾ ਰਿਸ਼ਤਾ ਵੀ ਪਿੰਡ ਵਿਚ ਹੀ ਕਰ ਦਿੱਤਾ । ਘਰ ਵਾਲੀ ਦਾ ਨਾਂ ਰਾਮੋ ਸੀ । ਫੇਰੂ ਮੱਲ ਜੀ ਦਾਨ ਪੁੰਨ ਵੀ ਕਰਦੇ ਤੇ ਵਪਾਰ ਵੀ ਫੇਰੂ ਮੱਲ ਜੀ ਹਰ ਸਾਲ ਦੇਵੀ ਦਰਸ਼ਨਾਂ ਲਈ ਜਾਂਦੇ ਸਨ । ਜਦ ਵਪਾਰ ਵਿਚ ਕੁਝ ਘਾਟਾ ਪੈ ਗਿਆ ਤਾਂ ਆਪ ਜੀ ਨੇ ਚੌਧਰੀ ਤਖ਼ਤ ਮੱਲ, ਜੋ ਇਲਾਕੇ ਦੇ ਮੁਖੀ ਸਨ, ਪਾਸ ਨੌਕਰੀ ਕਰ ਲਈ। ਇਸੇ ਤਖ਼ਤ ਮੱਲ ਦੀ ਇਕ ਬੇਟੀ ਵਿਰਾਈ ਸੀ।
ਵਿਰਾਈ ਜੀ ਆਪਣੇ ਸੱਤ ਭਰਾਵਾਂ ਦੀ ਇਕੱਲੀ ਭੈਣ ਸੀ ਜਿਸ ਕਾਰਨ ਇਸ ਨੂੰ ਸਤਭਰਾਈ ਵੀ ਆਖਿਆ ਜਾਂਦਾ ਸੀ । ਕੁਝ ਇਤਿਹਾਸਕਾਰਾਂ ਨੇ ਉਨ੍ਹਾਂ ਨੂੰ ਨਿਹਾਲੀ ਕਰਕੇ ਵੀ ਲਿਖਿਆ ਹੈ ਪਰ ਸਭ ਦੀ ਜ਼ਬਾਨ ਤੇ ਜੋ ਨਾਮ ਚੜ੍ਹਿਆ ਉਹ ਕੇਵਲ ਵਿਰਾਈ ਹੀ ਸੀ ਅਤੇ ਇਸੇ ਨਾਂ ਨਾਲ ਉਹ ਪ੍ਰਸਿੱਧ ਹੋਏ।
ਵਿਰਾਈ ਜੀ ਦਾ ਸੁਭਾਅ ਬਹੁਤ ਠਹਿਰਿਆ ਹੋਇਆ ਸੀ । ਉਨ੍ਹਾਂ ਦੀ ਸਮਝ ਬਹੁਤ ਉੱਚੀ ਸੀ । ਸ਼ਰਮ ਜਿਸ ਨੂੰ ਇਸਤਰੀ ਦਾ ਗਹਿਣਾ ਆਖਦੇ ਹਨ ਉਨ੍ਹਾਂ ਵਿਚ ਸੀ। ਚਿਹਰਾ ਹਮੇਸ਼ਾ ਹਸੂੰ ਹਸੂੰ ਕਰਦਾ ਰਹਿੰਦਾ । ਪਿਤਾ ਜੀ ਵੀ ਇਕਲੌਤੀ ਬੱਚੀ ਹੋਣ ਕਰਕੇ ਬਹੁਤ ਲਾਡ ਲਡਾਂਦੇ । ਭਰਾ ਵੀ ਬੜਾ ਹੀ ਪਿਆਰ ਕਰਦੇ ।
ਵਿਰਾਈ ਜੀ ਦਾ ਵਿਆਹ ਖਹਿਰਿਆਂ ਦੇ ਖਡੂਰ ਚੌਧਰੀ ਮਹਿਮੇ ਨਾਲ ਸੰਨ 1504 ਨੂੰ ਹੋ ਗਿਆ ਸੀ । ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਜਦ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ ਗਈ ਤਾਂ ਪੁੱਤਰਾਂ, ਬਿਰਾਦਰੀ ਤੇ ਈਰਖਾਲੂਆਂ ਨੇ ਕਾਫ਼ੀ ਬਿਖੇੜਾ ਖੜਾ ਕੀਤਾ । ਉਨ੍ਹਾਂ ਲੋਕਾਂ ਦਾ ਖ਼ਿਆਲ ਸੀ ਕਿ ਗੁਰੂ ਅੰਗਦ ਦੇਵ ਜੀ ਕਰਤਾਰਪੁਰ ਹੀ ਟਿੱਕ ਜਾਣਗੇ ਪਰ ਉਨ੍ਹਾਂ ਨੂੰ ਗੁਰੂ ਪਾਤਸ਼ਾਹ ਦੇ ਹੁਕਮ ਯਾਦ ਸਨ ਕਿ ਪੁਰਖਾ । ਪਾਰਬ੍ਰਹਮ ਦਾ ਪੰਥ ਕਰਨਾ ਹੈ । ਨਾਮ ਜਪਾਉਣਾ । ਜਦ ਗੁਰੂ ਅੰਗਦ ਦੇਵ ਜੀ ਨੇ ਦੇਖ ਲਿਆ ਕਿ ਉਨ੍ਹਾਂ ਦੇ ਉੱਥੇ ਟਿਕਣ ਨਾਲ ਝਗੜਾ ਹੋਰ ਵੱਧਣਾ ਹੈ ਤਾਂ ਪਾਰਬ੍ਰਹਮ ਦਾ ਪੰਥ ਸਾਜਣ ਲਈ ਖਡੂਰ ਸਾਹਿਬ ਵਿਖੇ ਆ ਗਏ । ਸਾਡੇ ਸਾਖੀਕਾਰਾਂ ਨੇ ਵੀ ਲਿਖਿਆ ਹੈ:
ਪਿਖਯੋ ਜਬ ਬਢਤ ਫਸਾਦ, ਪਾਇ ਹੁਕਮ ਗੁਰ ਕੇਰ।
ਆਇ ਖਡੂਰ ਥਿਰਾਏ।
-'ਸ੍ਰੀ ਗੁਰੂ ਪੰਥ ਪ੍ਰਕਾਸ਼', ਪੂਰਬਾਰਧ ਬਿਸਰਾਮ 13
ਗੁਰਗੱਦੀ ਕਿਸੇ ਜਾਇਦਾਦ, ਜ਼ਮੀਨ ਜਾਂ ਮਾਲ ਨੂੰ ਮੱਲ ਮਾਰਨ ਦਾ ਨਾਂ ਨਹੀਂ ਹੈ। ਇਹ ਤਾਂ ਜੋਤਿ ਦਾ ਹੀ ਪ੍ਰਕਾਸ਼ ਹੈ। ਫਿਰ ਜਿਸ ਨੇ ਗੁਰੂ ਨਾਨਕ ਵਰਗੇ ਨੂੰ ਰੀਝਾ ਲਿਆ ਉਸ ਵਿਚ ਪਕੜ ਵਰਗੀ ਕੋਈ ਸ਼ੈ ਕਿਥੇ ਰਹਿਣੀ ਸੀ। ਭਾਈ ਗੁਰਦਾਸ ਜੀ ਨੇ ਇਸੇ ਲਈ ਉਚੇਚਾ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਹੱਥੋਂ ਮਿਲੀ ਬਖ਼ਸ਼ਿਸ਼ ਲੈ ਕੇ ਗੁਰੂ ਅੰਗਦ ਦੇਵ ਜੀ ਨੇ ਕਰਤਾਰਪੁਰ ਛੱਡ ਦਿੱਤਾ । ਉਸ ਮਿਲੀ ਬਖ਼ਸ਼ਿਸ਼ ਸਦਕਾ ਦੂਜੇ ਪਾਤਸ਼ਾਹ ਦੀ ਵੀ ਸਿਫ਼ਤ ਸਭ ਪਾਸੇ ਫੈਲ ਗਈ । ਉਹ ਜੋਤਿ ਹੁਣ ਖਡੂਰ ਸਾਹਿਬ ਵਿਖੇ ਚਾਨਣ ਖਿਲੇਰਨ ਲੱਗ ਪਈ।
ਗੁਰੂ ਨਾਨਕ ਦੇਵ ਜੀ ਮਾਈ ਵਿਰਾਈ ਦੇ ਪਿੰਡ ਸੰਘਰ ਪਹਿਲੀ ਉਦਾਸੀ ਵੇਲੇ ਆਏ । ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਮਤੇ ਦੀ ਸਰਾਂ ਤੇ ਫਿਰ ਖਡੂਰ ਸਾਹਿਬ ਚਰਨ ਪਾਏ ਸਨ । ਗੁਰੂ ਨਾਨਕ ਦੇਵ ਜੀ ਦੀ ਉਹ ਨਾਮ ਲੇਵਾ ਸੀ । ਗੁਰੂ ਨਾਨਕ ਦੇਵ ਜੀ ਨੂੰ ਜਦ ਵਿਰਾਈ ਜੀ ਨੇ ਕੁਝ ਚਿਰ ਉਸ ਦੇ ਘਰ ਟਿਕਣ ਲਈ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਫ਼ਰਮਾਇਆ ਸੀ : ਕੁਝ ਚਿਰ ਨਹੀਂ ਬਹੁਤ ਚਿਰ ਤੁਹਾਡੇ ਘਰ ਰਵਾਂਗੇ । ਇਸੇ ਮੰਜੀ ਤੇ ਟਿਕਾਂਗ । ਗੁਰੂ ਜੀ ਨੇ ਆਪਣਾ ਬਚਨ ਨਿਭਾਇਆ ਅਤੇ ਗੁਰੂ ਅੰਗਦ ਦੇਵ ਜੀ ਦੇ ਰੂਪ ਵਿਚ ਵਿਰਾਈ ਦੇ ਘਰ ਕਿਤਨਾ ਚਿਰ ਰਹੇ ।
ਗੁਰੂ ਅੰਗਦ ਦੇਵ ਜੀ ਨੇ ਮਾਈ ਵਿਰਾਈ ਨੂੰ ਇਹ ਹੁਕਮ ਦੇ ਰਖਿਆ ਸੀ ਕਿ ਗੱਲ ਬਾਹਰ ਨਹੀਂ ਕਰਨੀ । ਮਾਈ ਵਿਰਾਈ ਨੇ ਹੁਕਮ ਮੰਨ ਕਿਸੇ ਹੋਰ ਨੂੰ ਨਾ ਦਸਿਆ । ਸਮੇਂ ਸਿਰ ਪ੍ਰਸ਼ਾਦ ਪਹੁੰਚਾ ਦੇਂਦੀ । ਗੁਰੂ ਜੀ ਨਾਮ-ਰਸ ਲੀਨ ਰਹਿੰਦੇ । ਇਥੋਂ ਤੱਕ ਕਿ ਜਦ ਪੁੱਤਰ ਤੇ ਪਤਨੀ ਖੀਵੀ ਜੀ ਵੀ ਆਏ ਤਾਂ ਮਾਈ ਵਿਰਾਈ ਨੇ ਭਲ ਨਾ ਭਲਾਈ । ਮਾਈ ਵਿਰਾਈ ਜੀ ਹੁਕਮੀ ਬੰਦਾ ਸੀ । ਉਂਜ ਮਾਈ ਵਿਚ ਵੇਦਨਾ ਉਠੇ ਕਿ ਐਸਾ ਕਿਉਂ ਕਰ ਰਹੇ ਹਨ ਗੁਰੂ ਅੰਗਦ ਦੇਵ ਜੀ, ਪਰ ਪੁੱਛ ਨਾ ਸਕੇ । ਇਤਨਾ ਹੋਰ ਲਿਖਣਾ ਵੀ ਠੀਕ ਰਹੇਗਾ ਕਿ ਮਾਈ ਦੀ ਸ਼ਖ਼ਸੀਅਤ ਵੀ ਨਾਮ ਨਾਲ ਸਵਾਰੀ ਹੋਈ ਸੀ । ਜੋ ਮੱਤ ਗੁਰੂ ਨਾਨਕ ਦੇਵ ਜੀ ਨੇ ਮਾਈ ਨੂੰ ਦਿਤੀ ਸੀ ਕਿ 'ਜੱਗ ਵਿਚ ਵੱਸੋ, ਵੈਰਾਗ ਵਿਚ ਰਸੋ, ਜਾਣੋ ਗਿਆਨ ਨਾਲ, ਜੁੜੋ ਪ੍ਰੇਮ ਨਾਲ ਤੇ ਰਹੋ ਸਦਾ ਖਿੜੇ ਮੱਥੇ ਮਿੱਠੇ ਮਿੱਠੇ ਉਮਾਹ ਵਿਚ', ਉਹ ਉਸ ਨੂੰ ਕਦੇ ਨਹੀਂ ਸੀ ਭੁੱਲਦਾ। ਹਰ ਇਕ ਨੂੰ ਮਾਈ ਇਹ ਹੀ ਕਹਿੰਦੀ ਸੀ ਕਿ ਕਦੇ ਬਾਣੀ ਨਾ ਵਿਸਰੇ, ਨਾਮ ਨਾ ਭੁੱਲੇ, ਪਿਆਸ ਰਹੇ ਸਦਾ ਚਰਨਾਂ ਦੀ ਤੇ ਰਜ਼ਾ ਲੱਗੇ ਮਿੱਠੀ ਤਾਂ ਕਦੀ ਵਿਛੋੜਾ ਨਹੀਂ ਹੋਣ ਲੱਗਾ । ਇਹ
ਸਭ ਭਜਨ, ਬੰਦਗੀ, ਗਿਆਨ, ਧਿਆਨ ਇਸੇ ਵਾਸਤੇ ਕਰੀਦੇ ਹਨ ਕਿ ਦਿਲ ਟਿਕਿਆ ਰਹੇ ਤੇ ਇਥੋਂ ਜਾਣ ਲੱਗਿਆਂ ਉਦਾਸੀ ਨਾ ਛਾਏ।
ਐਸਾ ਇਕਾਂਤ ਹੋਣ ਦਾ ਗੁਰੂ ਅੰਗਦ ਦੇਵ ਜੀ ਦਾ ਮੰਤਵ ਇਹ ਹੀ ਲੱਗਦਾ ਸੀ ਕਿ ਗੁਰੂ ਭਾਲਣਾ ਪੈਂਦਾ ਹੈ । ਗੁਰੂ ਦਾ ਸੁੱਤੇ ਸਿੱਧ ਪ੍ਰਕਾਸ਼ ਹੈ। ਗੁਰੂ ਨੂੰ ਕੋਈ ਢੰਡੋਰਾ ਜਾਂ ਦੋਹੀ ਫੇਰਨ ਦੀ ਲੋੜ ਨਹੀਂ। ਨਾਲ ਹੀ ਜੋ ਦੋਖੀ ਤੇ ਸੰਬੰਧੀ ਵਾਦ ਕਰਨ ਵਾਲੇ ਹਨ ਸੰਗਤਾਂ ਉਨ੍ਹਾਂ ਦਾ ਰੰਗ ਵੀ ਦੇਖ ਲੈਣ ।
ਇਹ ਭਾਵੇਂ ਪ੍ਰਗਟ ਹੋ ਗਿਆ ਸੀ ਕਿ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਨਾਨਕ ਜੀ ਗੁਰੂ ਅੰਗਦ ਦੇਵ ਜੀ ਨੂੰ ਦੇ ਗਏ ਸਨ ਪਰ ਉਹ ਅਲੋਪ ਸਨ, ਸੰਗਤਾਂ ਵਿਆਕੁਲ ਸਨ । ਸੰਗਤਾਂ ਦੱਸਿਆਂ ਟਿਕਾਣਿਆਂ ਤੇ ਜਾਂਦੀਆਂ ਪਰ ਗੁਰੂ ਜੀ ਦਾ ਟਿਕਾਣਾ ਨਾ ਲੱਭਾ। ਇਸੇ ਤਰ੍ਹਾਂ ਛੇ ਮਹੀਨੇ ਬੀਤ ਗਏ:
ਇਸ ਖਟ ਮਾਸ ਜਬ ਭਏ ਬਤੀਤ ।
ਉਕਲਾਨੇ ਬਾਬੇ ਕੀ ਮੀਤ ।
-'ਮਹਿਮਾ ਪ੍ਰਕਾਸ਼' ਸਾਖੀ ਪਹਿਲੀ, ਸਾਖੀਆਂ ਪਾਤਸ਼ਾਹੀ ਦੂਜੀ
ਮੁਖੀ ਸਿੱਖਾਂ ਨੇ ਕਿਹਾ ਕਿ ਬਗ਼ੈਰ ਬਾਬਾ ਬੁੱਢਾ ਜੀ ਤੋਂ ਗੁਰੂ ਜੀ ਦਾ ਬਹੁ ਪਤਾ ਲੱਭਣਾ ਮੁਸ਼ਕਲ ਹੈ । ਬਾਬਾ ਬੁੱਢਾ ਜੀ ਨੂੰ ਗੁਰੂ ਨਾਨਕ ਦੇਵ ਜੀ ਵਰ ਦੇ ਗਏ ਸਨ ਕਿ 'ਤੈਥੋਂ ਨਾ ਕਦੇ ਓਹਲੇ ਹੋਸਾਂ । ਸੋ ਸਿੱਧੀ ਬੇਨਤੀ ਬਾਬਾ ਬੁੱਢਾ ਜੀ ਨੂੰ ਕਰਨ ਲਈ ਸੰਗਤ ਤੁਰ ਪਈ। ਜਨਮਸਾਖੀ ਵਿਚ ਲਿਖਿਆ ਹੈ ਕਿ ਪੰਜ ਸਿੱਖ ਭਾਈ ਅਜਿਤਾ ਰੰਧਾਵਾ, ਭਾਈ ਧੀਰੋ ਜੀ, ਭਾਈ ਬੂੜਾ ਕਲਾਲ, ਭਾਈ ਭਗੀਰਥ ਅਨੰਦ ਤੇ ਭਾਈ ਸਧਾਰਣ ਭਾਲਣ ਲਈ ਨਿਕਲੇ ਸਨ ਅਤੇ ਇਹ ਸਭ ਬਾਬਾ ਬੁੱਢਾ ਜੀ ਪਾਸ ਪੁਜੇ । ਬਾਬਾ ਬੁੱਢਾ ਜੀ ਉਸੇ ਸਮੇਂ ਹੀ ਉਨ੍ਹਾਂ ਨਾਲ ਹੋ ਤੁਰੇ । ਬਾਬਾ ਬੁੱਢਾ ਜੀ ਇਹ ਸਮਝਦੇ ਸਨ ਕਿ ਮਾਤਾ ਵਿਰਾਈ ਜੀ ਹੀ ਠੀਕ ਦੱਸ ਪਾ ਸਕੇਗੀ, ਸੋ ਸਾਰੇ ਸੰਘਰ ਪੁੱਜੇ।
ਮਾਈ ਵਿਰਾਈ ਜੀ ਨੂੰ ਜਦ ਪਤਾ ਲੱਗਾ ਕਿ ਬਾਬਾ ਬੁੱਢਾ ਜੀ ਪੰਜ ਸਿੱਖਾਂ ਦੇ ਨਾਲ ਉਸ ਦੇ ਘਰ ਵੱਲ ਤੁਰੀ ਆ ਰਹੇ ਹਨ ਤਾਂ ਬਚਨਾਂ ਤੇ ਪਹਿਰਾ ਦੇਂਦੀ ਅੱਗੋਂ ਜਾ ਮਿਲੀ । ਬਾਬਾ ਬੁੱਢਾ ਜੀ ਜਾਣ ਗਏ ਕਿ ਜੋਤਿ ਇਥੇ ਹੀ ਟਿਕੀ ਹੈ । ਮਾਈ ਦੇ ਚਿਹਰੇ ਦਾ ਹਾਵ-ਭਾਵ ਪਿਆ ਦੱਸਦਾ ਸੀ । ਰਤਨ ਵੀ ਕਦੇ ਲੁਕਾਇਆ ਲੁਕੇ ਨੇ ? ਬਾਬਾ ਬੁੱਢਾ ਜੀ ਨੇ ਮਾਈ ਵਿਰਾਈ ਜੀ ਨੂੰ ਅੱਗੋਂ ਆਉਂਦਿਆਂ ਇਹ ਹੀ ਤੁਕ ਪੜ੍ਹੀ:
ਨਾਨਕ ਦੇਖਿ ਦਿਖਾਈਐ, ਹਉ ਸਦ ਬਲਿਹਾਰੈ ਜਾਸੁ ॥
-ਸਿਰੀਰਾਗੁ ਮ: ੧, ਪੰਨਾ ੧੮
ਮਾਈ ਚੁੱਪ ਰਹੀ । ਹੁਣ ਸਾਰਿਆਂ ਨੇ ਜੋਦੜੀ ਕੀਤੀ ਕਿ ਪਤਾ ਦੱਸ ਦਿਓ ਕਿਥੇ ਬਿਰਾਜ ਰਹੇ ਹਨ ਗੁਰੂ ਅੰਗਦ ਦੇਵ ਜੀ ? ਮਾਈ ਨੇ ਹੁਣ ਇਤਨਾ ਕਿਹਾ ਕਿ ਗੁਰੂ ਜੀ ਆਪੇ ਜਾਣਦੇ ਹਨ ਕਿ ਕਿਸ ਵੇਲੇ ਸੰਗਤਾਂ ਵਿਚ ਵਿਚਰਨਾ ਹੈ। ਇਹ ਹੱਠ ਕੋਈ ਚੰਗਾ ਨਹੀਂ। ਰਜ਼ਾ ਵਿਚ ਰਹਿਣ ਦਾ ਹੋਰ ਹੀ ਸਵਾਦ ਹੈ। ਬਾਬਾ ਜੀ ਨੇ ਕਿਹਾ ਕਿ ਪੁਕਾਰ ਪਾਉਣੀ ਕੋਈ ਰਜ਼ਾ ਮੇਟਣੀ ਨਹੀਂ । ਬਾਲ ਨੇ ਪਿਤਾ ਨੂੰ ਪੁਕਾਰ ਪਾਉਣੀ ਹੀ ਹੈ। ਮਹਿਮਾ ਪ੍ਰਕਾਸ਼ ਵਾਰਤਕ ਵਿਚ ਲਿਖਿਆ ਹੈ ਕਿ ਬਾਬਾ ਬੁੱਢਾ ਜੀ ਨੇ ਕਿਹਾ ਕਿ ਸਾਨੂੰ ਮਾਲੂਮ ਹੋਇਆ ਹੈ ਕਿ ਗੁਰੂ ਤੇਰੇ ਘਰ ਮਹਿ ਹੀ ਹੈ । ਤੈਨੂੰ ਦੱਸਣ ਦੀ ਆਗਿਆ ਨਹੀਂ । ਇਹ ਅਸੀਂ ਜਾਣ ਗਏ ਹਾਂ । ਬਲਵੰਡ ਰਬਾਬੀ ਸਾਡੇ ਨਾਲ ਹੈ । ਗੁਰੂ ਨਾਨਕ ਦੇਵ ਜੀ ਇਸ ਦੀ ਬਾਂਹ ਗੁਰੂ ਅੰਗਦ ਦੇਵ ਜੀ ਨੂੰ ਫੜਾ ਗਏ ਸਨ ।
ਮਾਤਾ ਵਿਰਾਈ ਦੇ ਘਰ ਪੁੱਜ ਬਲਵੰਡ ਨੂੰ ਬਾਬਾ ਬੁੱਢਾ ਜੀ ਨੇ ਕਿਹਾ, 'ਰਬਾਬ ਵਜਾਇ ਸ਼ਬਦ ਗਾਓ । ਆਪੇ ਗੁਰੂ ਨਾਨਕ ਦੀ ਅਵਾਜ਼ ਸੁਣ ਬਾਹਰ ਆ ਜਾਣਗੇ । ਐਸਾ ਹੀ ਹੋਇਆ। ਰਬਾਬੀ ਨੇ ਜਦ ਸ਼ਬਦ ਗਾਇਆ, ਗੁਰੂ ਅੰਗਦ ਦੇਵ ਜੀ ਬਾਹਰ ਆਏ । ਮੁਖੋਂ ਵਾਹ ਵਾਹ ਦੇ ਬਚਨ ਕੀਤੇ । ਸਭ ਨੂੰ ਦੇਖ ਮੁਸਕਰਾਏ ਕਿ ਭਲੀ ਵਿਉਂਤ ਬਾਬਾ ਬੁੱਢਾ ਜੀ ਨੇ ਕੱਢੀ।
ਅਸਲ ਗੱਲ ਪ੍ਰਗਟ ਕਰ ਦਿਤੀ ਕਿ ਗੁਰੂ ਨੂੰ ਪਾਉਣਾ ਹੋਵੇ, ਰੀਝਾਣਾ ਹੋਵੇ, ਮਿਲਣਾ ਹੋਵੇ ਤੇ ਚਰਨ ਪਰਸਨੇ ਹੋਣ ਤਾਂ ਰਾਹ ਇਕੋ ਕੀਰਤਨ ਹੈ। ਕੀਰਤਨ ਸੁਣ, ਉਹ ਗੁਰੂ ਪਰਤੱਖ ਹੋ ਉਠਦਾ ਹੈ।
ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ ਕਿ ਆਪ ਜੀ ਦਾ ਇਸ ਤਰ੍ਹਾਂ ਗੋਸ਼ਾ ਨਹੀਂ ਹੋ ਬੈਠਣਾ ਸੰਗਤਾਂ ਨੂੰ ਵਿਆਕੁਲ ਕਰ ਰਿਹਾ ਹੈ । ਬਗ਼ੈਰ ਮਾਝੀ ਦੇ ਸੰਗਤ ਦਾ ਜਹਾਜ਼ ਕਿਨਾਰੇ ਕਿਸ ਤਰ੍ਹਾਂ ਪਵੇਗਾ ਅਤੇ ਫਿਰ ਗੁਰੂ ਨਾਨਕ ਦੇਵ ਜੀ ਦਾ ਤਾਂ ਆਪ ਜੀ ਨੂੰ ਬਚਨ ਹੈ : 'ਜਗਤ ਕੋ ਉਪਦੇਸ਼ ਕਰਨਾ ।' ਕਿਰਪਾ ਕਰ ਕੇ ਬਾਹਰ ਚਲੀਏ ।
ਬਾਬਾ ਬੁੱਢਾ ਜੀ ਨੇ ਜਦ 'ਸਹਿ ਟਿਕਾ ਦਿਤੋ ਸੁ ਜੀਵਦੈ" ਤਾਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਈਰਖਾ ਫੈਲਦੀ ਦੇਖ ਫਰਮਾਇਆ ਸੀ ਕਿ 'ਖਡੂਰ
.........................
1. ਰਾਮਕਲੀ ਕੀ ਵਾਰ, ਪੰਨਾ ੯੬੭
ਸਾਹਿਬ ਵਿਰਾਈ ਜੀ ਦੇ ਘਰ ਸਾਡੇ ਬੈਠਣ ਦੀ ਮੰਜੀ ਹੈ, ਉਸ ਪਰ ਜਾਇ ਕਰ ਤੁਮ ਬੈਠੇ । ਮੇਰਾ ਸਿੰਘਾਸਨ ਵਹੀਂ ਹੈ। ਅਸੀਂ ਤੁਹਾਡੇ ਪਾਸ ਆਵਾਂਗੇ ।' ਇਹ ਵਿਰਾਈ ਜੀ ਪ੍ਰਤੀ ਪਿਆਰ ਨਹੀਂ ਸਗੋਂ ਉਸ ਪ੍ਰਤੀ ਮਾਣ ਵੀ ਸੀ। ਆਪਣੇ ਬਚਨਾਂ ਤੇ ਪਹਿਰਾ ਦੇਣ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਆਏ ਸਨ।
ਵਿਰਾਈ ਜੀ ਬੜੀ ਵਿਸ਼ਵਾਸੀ ਔਰਤ ਸੀ। ਹਰ ਇਕ ਨਾਲ ਬੜਾ ਹੀ ਪਿਆਰ ਕਰਦੇ । ਇਕ ਵਾਰ ਜਦ ਬਾਬਾ ਤਖ਼ਤ ਮੱਲ ਜੀ ਨੇ ਬਾਬਾ ਫੇਰੂ ਮੱਲ ਤੇ ਹਿਸਾਬ ਠੀਕ ਨਾ ਰੱਖਣ ਦਾ ਦੋਸ਼ ਲਗਾਇਆ ਤਾਂ ਗੁਰੂ ਅੰਗਦ ਦੇਵ ਜੀ ਨੇ ਵਿਰਾਈ ਜੀ ਕੋਲ ਜਾ ਕੇ ਪਿਤਾ ਤਖ਼ਤ ਮੱਲ ਨੂੰ ਸਮਝਾਉਣ ਵਾਸਤੇ ਕਿਹਾ ਪਰ ਵਿਰਾਈ ਜੀ ਬੜੇ ਹੀ ਸੁਲਝੇ ਵਿਚਾਰਾਂ ਦੇ ਹੋਣ ਕਾਰਨ ਉਨ੍ਹਾਂ ਨੇ ਅੰਗਦ ਦੇਵ ਜੀ ਨੂੰ ਸਮਝਾਇਆ: ਪਿਤਾ ਜੀ ਮੇਰਾ ਕਿਹਾ ਟਾਲਣਗੇ ਤਾਂ ਨਹੀਂ ਪਰ ਇਸ ਤਰ੍ਹਾਂ ਦਾਗ਼ ਲੱਗ ਜਾਵੇਗਾ। ਫੇਰੂ ਮੱਲ ਜੀ ਸਾਫ਼, ਸਿੱਧੇ ਤੇ ਇਮਾਨਦਾਰ ਹਨ। ਚੰਗਾ ਇਹ ਹੀ ਹੈ ਕਿ ਪਿਤਾ ਜੀ ਨੂੰ ਆਖੋ ਕਿ ਇਕ ਵਾਰ ਦੁਬਾਰਾ ਹਿਸਾਬ ਕਰਨ । ਹਿਸਾਬ ਫਿਰ ਕੀਤਾ ਗਿਆ । ਗਲਤੀ ਪਕੜੀ ਗਈ । ਦਾਗ਼ ਲੱਥਾ। ਵਿਰਾਈ ਜੀ ਦੀ ਦੂਰ ਦ੍ਰਿਸ਼ਟੀ ਵਾਲੀ ਸਮਝ ਕੰਮ ਆਈ।
ਮਾਤਾ ਵਿਰਾਈ ਜੀ ਨਾਲ ਗੁਰੂ ਅੰਗਦ ਦੇਵ ਜੀ ਦਾ ਬੜਾ ਹੀ ਪਿਆਰ ਤੇ ਸਨੇਹ ਸੀ। ਉਹ ਵੀ ਜਦ ਮਤੇ ਦੀ ਸਰਾਂ ਪਿਤਾ ਕੋਲ ਆਉਂਦੇ ਤਾਂ ਲਹਿਣਾ ਜੀ ਵੀ ਉਨ੍ਹਾਂ ਨੂੰ ਮਿਲਣ ਜ਼ਰੂਰ ਆਉਂਦੇ । ਕਈ ਵਾਰੀ ਤਾਂ ਖਡੂਰ ਸਾਹਿਬ ਵੀ ਨਾਲ ਹੀ ਆ ਜਾਂਦੇ ਸਨ । ਖਡੂਰ ਸਾਹਿਬ ਦੇ ਨਾਲ ਹੀ ਸੰਘਰ ਸੀ । ਮਾਈ ਵਿਰਾਈ ਜੀ ਨੇ ਵਿਚ ਪੈ ਕੇ ਸੰਘਰ ਦੇ ਹੀ ਬਾਹੂਕਾਰ ਦੇਵੀ ਚੰਦ ਮਰਵਾਹ ਖੱਤਰੀ ਦੀ ਪੁੱਤਰੀ ਬੀਬੀ ਖੀਵੀ ਨਾਲ ਰਿਸ਼ਤਾ ਕਰਵਾ ਦਿਤਾ। ਖੀਵੀ ਜੀ ਵੀ ਮਿੱਠੇ ਸੁਭਾਅ ਦੇ ਸਨ ਤੇ ਸਬਰ ਤੇ ਸੰਤੋਖ ਦੀ ਮੂਰਤ ਸਨ।
ਵਿਰਾਈ ਜੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਬੜੀ ਪ੍ਰੇਮ ਤੇ ਭਗਤੀ ਭਾਵਨਾ ਨਾਲ ਕਰਦੀ ਸੀ । ਉਨ੍ਹਾਂ ਦੀ ਆਗਿਆ ਅਨੁਸਾਰ ਪਾਉ-ਭਰ (ਇਕ ਪਾ ਦੀ) ਅਲੂਣੀ ਅਤੇ ਰੁੱਖੀ ਰੋਟੀ ਪਕਾ ਕੇ ਨਿਤ ਗੁਰੂ ਸਾਹਿਬ ਨੂੰ ਦੇਂਦੀ ਸੀ । ਜਿਸ ਦੇ ਅਧਾਰ ਤੇ ਗੁਰੂ ਅੰਗਦ ਦੇਵ ਜੀ ਅੱਠ ਪਹਿਰ ਗੁਜ਼ਾਰਦੇ ਸਨ ਤਾਂ ਹੀ ਕਈਆਂ ਨੇ ਇਨ੍ਹਾਂ ਨੂੰ ਭਿਰਾਈ ਵੀ ਕਿਹਾ ਹੈ । ਭਿਰਾਈ ਮੁਲਤਾਨ ਵਿਚ ਇਕ ਪੀਰਖਾਨੇ ਦਾ ਪੁਜਾਰੀ ਸੀ ਜੋ ਇਸ ਪਰਕਾਰ ਦੀਆਂ ਰੋਟੀਆਂ ਪਕਾ ਕੇ ਵੰਡਦਾ ਸੀ । ਉਸ ਰੋਟੀ ਨੂੰ ਭਰਾਈ ਆਖਿਆ ਜਾਂਦਾ ਸੀ । ਇਸੇ ਕਾਰਨ ਜਦ
ਮਾਤਾ ਵਿਰਾਈ ਜੀ ਵੀ ਰੋਟੀ ਲਿਆਂਦੇ ਤਾਂ ਉਨ੍ਹਾਂ ਨੂੰ ਕੁਝ ਭਿਰਾਈ ਵੀ ਆਖਣ ਲੱਗ ਪਏ ।
ਮਾਤਾ ਜੀ ਹਰ ਇਕ ਨੂੰ ਮੂੰਹੋਂ ਅਸੀਸਾਂ ਹੀ ਦੇਂਦੇ ਰਹਿੰਦੇ । ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਹੀ ਸੁਣਾਂਦੇ ਰਹਿੰਦੇ । ਸੇਵਾ ਕਰਦੇ ਰਹਿੰਦੇ ਅਤੇ ਮੁੱਖ ਵਿਚ ਹਰ ਸਮੇਂ ਜਪੁਜੀ ਦਾ ਪਾਠ ਰਹਿੰਦਾ। ਸਭ ਨੂੰ ਕਹਿੰਦੇ ਕਿ ਚਾਰ ਗੱਲਾਂ ਜੀਵ ਨੂੰ ਕਦੇ ਨਹੀਂ ਭੁਲਣੀਆਂ ਚਾਹੀਦੀਆਂ:
ਪਹਿਲੀ : ਕਦੀ ਨਾਮ ਨਾ ਭੁੱਲੇ ।
ਦੂਜੀ : ਵਾਹਿਗੁਰੂ ਦੇ ਚਰਨਾਂ ਵਿਚ ਹਮੇਸ਼ਾ ਧਿਆਨ ਰਹੇ।
ਤੀਜੀ : ਬਾਣੀ ਨਾ ਵਿਸਰੇ ।
ਚੌਥੀ : ਉਸ ਦੀ ਰਜ਼ਾ ਮਿੱਠੀ ਲਗੇ ।
ਮਨੁੱਖ ਨੂੰ ਇਹ ਚਾਰੇ ਗੱਲਾਂ ਜੀਵਨ ਦਾ ਸਹੀ ਰਾਹ ਦਿਖਾਉਂਦੀਆਂ ਹਨ । ਇਹ ਇਕ ਐਸਾ ਉਪਦੇਸ਼ ਹੈ ਜੋ ਵਿਰਾਈ ਜੀ ਸਾਨੂੰ ਜੀਵਨ ਸੁਖੀ ਕਰਨ ਲਈ ਦੇ ਗਏ ਸਨ । ਜੇ ਇਨ੍ਹਾਂ ਗੱਲਾਂ ਉੱਤੇ ਅਮਲ ਕੀਤਾ ਜਾਵੇ ਤਾਂ ਹੀ ਵਾਹਿਗੁਰੂ ਸਾਡੇ ਕੋਲ ਖੜਾ ਦਿਖੇਗਾ । ਦਰਸ਼ਨਾਂ ਲਈ ਲੋਚਦੀ ਇਕ ਹੋਰ ਮਾਈ ਹੱਸੋ ਬਾਈ ਨੂੰ ਉਨ੍ਹਾਂ ਇਕ ਵਾਰੀ ਉਪਦੇਸ਼ ਦੇ ਸਮਝਾਇਆ । ਗੁਰੂ ਭਗਤੀ ਵਿਚ ਵਿਘਨ ਨਹੀਂ ਪਾਈਦਾ । ਚਾਹੇ ਹੰਸੋ ਅਨਪੜ੍ਹ ਸੀ । ਕੇਵਲ ਗੁਰੂ ਦਰਸ਼ਨਾਂ ਲਈ ਹੀ ਉਸ ਦਾ ਮਨ ਕਰਦਾ ਸੀ ਪਰ ਵਿਰਾਈ ਜੀ ਨੇ ਇਸ ਭਾਵ ਨਾਲ ਸਮਝਾਇਆ ਕਿ ਉਸ ਹੰਸੋ ਬਾਈ ਨੂੰ ਬੜੀ ਚੰਗੀ ਤਰ੍ਹਾਂ ਨਾਲ ਸਮਝ ਆ ਗਈ । ਹੰਸੋ ਬਾਈ ਜਾਣਦੀ ਹੀ ਸੀ ਵਿਰਾਈ ਰਾਹੀਂ ਹੀ ਉਹ ਗੁਰੂ ਦਰਸ਼ਨ ਕਰ ਸਕਦੀ ਹੈ । ਉਨ੍ਹਾਂ ਦਾ ਪ੍ਰਭਾਵ ਹੀ ਐਸਾ ਸੀ । ਤਾਂ ਹੀ ਕਈਆਂ ਨੇ ਇਨ੍ਹਾਂ ਨੂੰ ਸਭਰਾਈ ਵੀ ਆਖਿਆ ਹੈ ਜਿਸ ਦਾ ਭਾਵ ਹੀ ਸਭਨਾਂ ਵਿਚੋਂ ਵੱਧ ਕੇ ਪ੍ਰਕਾਸ਼ ਕਰਨ ਵਾਲੀ ਪ੍ਰਧਾਨ ਰਾਣੀ ਹੁੰਦਾ ਹੈ।
ਵਿਰਾਈ ਨਿਰਾ ਕਥਨ ਨਹੀਂ ਸੀ ਕਰਦੀ ਕਿ ਰਜ਼ਾ ਮਿੱਠੀ ਲੱਗੇ, ਸਗੋਂ ਰਜ਼ਾ ਵਿਚ ਰਹਿਣ ਵਾਲੀ ਵੀ ਔਰਤ ਸੀ । 6 ਮਹੀਨੇ ਗੁਰੂ ਅੰਗਦ ਦੇਵ ਜੀ ਉਨ੍ਹਾਂ ਦੇ ਘਰ ਰਹੇ । ਗੁਰੂ ਅੰਗਦ ਦੇਵ ਜੀ ਕੋਠੜੀ ਵਿਚ ਜਾ ਬੈਠੇ ਸਨ ਅਤੇ ਵਿਰਾਈ ਜੀ ਨੂੰ ਬਾਹਰੋਂ ਤਾਲਾ ਲਗਾ ਕੇ ਕਿਸੇ ਨੂੰ ਨਾ ਕਹਿਣ ਲਈ ਕਿਹਾ ਸੀ। ਵਿਰਾਈ ਜੀ ਨੇ ਉਸੇ ਤਰ੍ਹਾਂ ਆਗਿਆ ਤੇ ਪਹਿਰਾ ਦਿਤਾ । ਬਾਬਾ ਬੁੱਢਾ ਜੀ ਦੇ ਕਹਿਣ 'ਤੇ ਵੀ ਕਵਾੜ ਨਹੀਂ ਖੋਲ੍ਹਿਆ । ਚਾਹੇ ਬਾਬਾ ਬੁੱਢਾ ਜੀ ਜਾਣ
ਗਏ ਸਨ ਕਿ ਵਿਰਾਈ ਦੇ ਮੂੰਹ ਤੇ ਜੋ ਰੌਣਕ ਹੈ, ਜਲੌ ਹੈ ਉਹ ਗੁਰੂ ਘਰ ਹੋਣ ਕਾਰਨ ਹੈ। ਸੋ ਵਿਰਾਈ ਦਾ ਜਵਾਬ ਉਡੀਕੇ ਬਿਨਾਂ ਹੀ ਘਰ ਵਲ ਵੱਧ ਗਏ ਸਨ । ਮਾਈ ਦੇ ਘਰ ਤਿਲਕ ਹੋਇਆ ਸੀ।
ਵਿਰਾਈ ਹਰ ਆਏ ਗਏ ਦੀ ਸੇਵਾ ਵੀ ਬੜੇ ਪਿਆਰ ਤੇ ਉਤਸ਼ਾਹ ਨਾਲ ਕਰਦੀ । ਜਦ ਤਪਿਆਣੇ (ਤਪ ਅਸਥਾਨ) ਵਿਚ ਸੁਣਿਆ ਗੰਗੀ ਕੋਲੋਂ ਕਿ ਕੋਈ ਪ੍ਰਾਹੁਣੇ ਆਏ ਹਨ ਤਾਂ ਸਿੱਧੀ ਘਰ ਪੁੱਜੀ । ਪ੍ਰਾਹੁਣੇ ਕਹਿ ਚਲੇ ਗਏ ਸਨ ਕਿ ਹੁਣੇ ਆਏ ਤਾਂ ਝਟ ਉਨ੍ਹਾਂ ਦੇ ਆਦਰ ਸਤਿਕਾਰ ਲਈ ਜੁਟ ਗਏ । ਵਿਹੜੇ ਵਿਚ ਦੋ ਇਕ ਵੱਡੇ ਮੰਜੇ ਡੁਹਾਏ । ਧੋਬੀ ਦੇ ਧੋਤੇ ਖੇਸ ਵਿਛਾਏ । ਪੀੜ੍ਹੀਆਂ ਤੇ ਚਟਾਈਆਂ ਵਿਛਾਈਆਂ, ਮੂਹੜੇ ਡਾਹੇ । ਫਿਰ ਦੁੱਧ ਵੀ ਠੰਢਾ ਕੀਤਾ । ਛੰਨੇ ਮੰਜਵਾ ਲਏ । ਗੰਗੀ ਨੂੰ ਰੋਟੀ ਦਾਲ ਪਕਾਣ ਲਈ ਵੀ ਕਹਿ ਦਿਤਾ। ਇਸ ਤਰ੍ਹਾਂ ਉਹ ਹਰ ਆਏ ਗਏ ਦੀ ਸੇਵਾ ਬੜੀ ਰੀਝ ਨਾਲ ਬਗ਼ੈਰ ਦੱਸੇ ਕਰਦੀ।
ਜਦ ਗੁਰੂ ਅੰਗਦ ਦੇਵ ਜੀ ਪ੍ਰਗਟ ਹੋ ਗਏ ਤਾਂ ਉਸ ਅਨੁਭਵ ਕਰ ਲਿਆ ਕਿ ਖ਼ਬਰ ਚਾਰੇ ਪਾਸੇ ਝੱਟ ਹੀ ਫੈਲ ਜਾਣੀ ਹੈ ਤੇ ਸੰਗਤਾਂ ਦੀ ਭੀੜ ਲਗ ਜਾਣੀ ਹੈ। ਸੋ ਲੰਗਰ ਜ਼ਰੂਰੀ ਹੈ। ਲੰਗਰ ਦਾ ਆਹਰ ਕਰਨ ਲਈ ਜੁਟ ਪਈ।
ਮਾਤਾ ਵਿਰਾਈ ਜੀ ਨੇ ਮਾਤਾ ਖੀਵੀ ਜੀ ਨੂੰ ਵੀ ਬੁਲਾ ਭੇਜਿਆ । ਜਦ ਖੀਵੀ ਜੀ ਖਡੂਰ ਪਹੁੰਚੇ ਤਾਂ ਗੁਰੂ ਚਰਨਾਂ ਵਿਚ ਡਿੱਗ ਕੇ ਮਾਤਾ ਖੀਵੀ ਜੀ ਨੇ ਆਪਣੇ ਲਈ ਦਰਸ਼ਨ ਦਾਤ ਰੋਜ਼ ਲੈਣ ਲਈ ਕਿਹਾ ਤਾਂ ਗੁਰੂ ਅੰਗਦ ਦੇਵ ਜੀ ਤਦ ਬੋਲੇ : 'ਜਦੋਂ ਮੇਰੇ ਦਾਤਾ ਨੇ ਮੈਨੂੰ ਸ਼ਬਦ ਦਾਨ ਕਰਨ ਦਾ ਵਰ ਬਖ਼ਸ਼ਿਆ ਸੀ ਤੇਰੇ ਹਿੱਸੇ ਅੰਨ ਦੇਣ ਦਾ ਕੜਛਾ ਆਇਆ ਸੀ, ਵਰਤਾ '
ਮਾਤਾ ਵਿਰਾਈ ਜੀ ਬੜੇ ਸੂਝ ਵਾਲੇ ਸਨ । ਝਟਪਟ ਵੱਡੀ ਕੜਛੀ ਲਿਆ ਕੇ ਸਾਹਿਬਾਂ ਦੇ ਅੱਗੇ ਧਰ ਦਿਤੀ ਤੇ ਕਿਹਾ,'ਜੇ ਸ਼ਬਦ ਦਾਨ ਦਾ ਕੜਛਾ ਆਪ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਸੌਂਪਿਆ ਸੀ ਤਾਂ ਅੰਨ ਦਾਨ ਦਾ ਇਹ ਕੜਛਾ ਆਪ ਆਪਣੇ ਹੱਥੀਂ ਮੇਰੀ ਭਰਜਾਈ ਨੂੰ ਦਾਨ ਕਰੋ ।' ਗੁਰੂ ਅੰਗਦ ਦੇਵ ਜੀ ਮੁਸਕਰਾਏ ਤੇ ਉਨ੍ਹਾਂ ਕੜਛਾ ਖੀਵੀ ਜੀ ਨੂੰ ਦਿਤਾ।
ਮਾਤਾ ਵਿਰਾਈ ਜੀ ਨੂੰ ਨਾਲ ਲੈ ਕੇ ਉਹ ਲੰਗਰ ਵੱਲ ਆਈ ਤੇ ਪੀਹੜਾ ਡਾਹ ਕੇ ਬਿਠਾਇਆ ਤੇ ਕਿਹਾ, 'ਮੇਰੇ ਰਾਜ ਜੋਗ ਦੇ ਰਾਜੇ ਵੀਰ ਦੀ ਰਾਣੀ ! ਵਰਤਾ। ਹੁਕਮ ਹੈ ਦਾਤੇ ਦਾ ਵਰਤਾ । ਤੇਰੇ ਦਵਾਰਿਉਂ ਕੋਈ ਖਾਲੀ ਨਾ ਜਾਵੇ । ਦੇਖ ਗੁਰੂ ਨਾਨਕ ਦਾ ਗ੍ਰਹਿਸਤ ਨਿਰਬਾਣ ਅਤੀਤ ਹੈ । ਤੇਰਾ ਪਤੀ ਅਤੀਤ
ਬਣਾਇਆ ਸੂ ਤੈਨੂੰ ਫੇਰ ਦੇਖ ਗ੍ਰਹਿਸਤੀ । ਧੰਨ ਗੁਰੂ ਨਾਨਕ ।' ਇਸ ਤਰ੍ਹਾਂ ਵਿਰਾਈ ਨੇ ਜੋ ਕੜਛਾ ਗੁਰੂ ਅੰਗਦ ਦੇਵ ਜੀ ਦੇ ਹੱਥੋਂ ਮਾਤਾ ਖੀਵੀ ਨੂੰ ਫੜਾਇਆ ਸੀ ਉਸੇ ਦੀ ਬਰਕਤ ਸਦਕਾ ਲੰਗਰ ਵਿਚ ਅੱਜ ਵੀ ਕਦੀ ਤੋਟ ਨਹੀਂ ਆਈ ਤੇ ਉਸੇ ਸਦਕਾ ਲੰਗਰ ਰਸਦਾਇਕ ਤੇ ਤ੍ਰਿਪਤ ਕਰਨ ਵਾਲਾ ਬਣਦਾ ਹੈ। ਵੱਡੀ ਅਸਚਰਜ-ਮਈ ਗੱਲ ਇਹ ਹੈ ਕਿ ਜਦ ਗੁਰੂ ਜੀ ਵਿਚਾਰਾਂ ਪਏ ਕਰਦੇ ਸਨ ਤਾਂ ਮਾਈ ਵਿਰਾਈ ਨੇ ਉਥੇ ਹੀ ਪ੍ਰਾਣ ਤਿਆਗ ਦਿਤੇ । ਸਾਰੇ ਹੈਰਾਨ ਹੋਏ ਕਿ ਮਾਈ ਨੇ ਕਿਸ ਸਹਿਜ ਅਵਸਥਾ ਵਿਚ ਵਿਚਰਦੇ ਪ੍ਰਾਣ ਤਿਆਗੇ ਹਨ । ਸਸਕਾਰ ਮਾਈ ਦਾ ਕਰ ਕੇ ਜਦ ਮੁੜੇ ਤਾਂ ਵਿਚਾਰਾਂ ਹੋਣ ਲਗੀਆਂ ਕਿ ਇਥੇ ਟਿਕਾਣਾ ਕੀਤਾ ਜਾਵੇ ਕਿ ਕਿਧਰੇ ਹੋਰ । ਬਾਬਾ ਬੁੱਢਾ ਜੀ ਨੇ ਕਿਹਾ ਕਿ ਸੰਘਰ ਦੇ ਲਾਗੇ ਹੀ ਖਡੂਰ ਪਾਸ ਇਕ ਇਕਾਂਤ ਥਾਂ ਉਤੇ ਟਿੱਬੇ ਹਨ ਉਥੇ ਹੀ ਟਿਕਾਣਾ ਠੀਕ ਰਹੇਗਾ। ਗੁਰੂ ਮਹਾਰਾਜ ਨੇ ਜਦ ਥਾਂ ਦੇਖੀ ਤਾਂ ਪਸੰਦ ਆਈ ਤੇ ਕੁਝ ਦਿਨਾਂ ਵਿਚ ਹੀ ਉੱਥੇ ਧਰਮਸਾਲ ਉਸਰ ਗਈ । ਲੰਗਰ ਖਾਨਾ ਬਣ ਗਿਆ ਤੇ ਰਬਾਬੀ ਕੀਰਤਨ ਕਰਨ ਲਗ ਪਏ।
ਸੰਗਤਾਂ ਨੂੰ ਵੀ ਪਤਾ ਲੱਗ ਗਿਆ ਤੇ ਉਹ ਵਹੀਰਾਂ ਘਤਿ ਖਡੂਰ ਸਾਹਿਬ ਆਉਣ ਲਗੀਆਂ। ਤਖ਼ਤ ਤੇ ਬੈਠਣ ਸਮੇਂ ਪਹਿਲਾ ਉਪਦੇਸ਼ ਜੋ ਬਚਨ ਰੂਪ ਵਿਚ ਗੁਰੂ ਅੰਗਦ ਦੇਵ ਜੀ ਨੇ ਕਿਹਾ ਉਸ ਨੂੰ ਮਹਿਮਾ ਪ੍ਰਕਾਸ਼ ਨੇ ਅੰਕਿਤ ਕਰਦੇ ਹੋਏ ਲਿਖਿਆ ਹੈ। ਗੁਰਾਂ ਫ਼ਰਮਾਇਆ ਸੀ: ਕਰੋ ਭਜਨ ਹੋਏ ਪਰਮ ਬਿਲਾਸਾਂ ਅਤੇ ਇਕ ਖੂਹ ਮਿੱਠਾ ਮਾਈ ਵਿਰਾਈ ਦੀ ਯਾਦ ਵਿਚ ਲਵਾਇਆ
ਬੀਬੀ ਅਮਰੋ ਜੀ
ਇਹ ਸੱਚ ਹੈ ਕਿ ਜਦ ਸਮੁੰਦਰ ਵਿਚ ਤੂਫ਼ਾਨ ਆ ਜਾਵੇ, ਲਹਿਰਾਂ ਠਾਠਾਂ ਮਾਰਨ ਲੱਗਣ ਤੇ ਕਿਸ਼ਤੀ ਡੋਲਣ ਲੱਗੇ, ਕੋਈ ਰਾਹ ਨਾ ਲੱਭੇ ਤਾਂ ਉਸ ਵਕਤ ਤਾਰਿਆਂ ਦੀ ਲੋਅ ਬੜਾ ਸਹਾਰਾ ਦਿੰਦੀ ਹੈ । ਬੀਆਬਾਨ ਜੰਗਲਾਂ ਵਿਚ ਜਦ ਕੋਈ ਰਾਹ ਨਾ ਦਿਸੇ ਤਾਂ ਦੂਰੋਂ ਬਲਦੀ ਦੀਵੇ ਦੀ ਇਕ ਲੋਅ ਬੜਾ ਧਰਵਾਸ ਦਿੰਦੀ ਹੈ। ਇਕ ਗਾਥਾ ਵੀ ਹੈ ਕਿ ਇਕ ਮਾਈ ਜੋ ਸਮੁੰਦਰ ਕਿਨਾਰੇ ਰਹਿੰਦੀ ਸੀ, ਜਿਸ ਕੋਲ ਖਾਣ ਨੂੰ ਭਾਵੇਂ ਕੁਝ ਨਹੀਂ ਸੀ ਰਿਹਾ ਪਰ ਉਹ ਰੋਜ਼ ਇਕ ਲਾਲਟੈਨ ਬਾਲ ਕੇ ਆਪਣੇ ਘਰ ਦੇ ਬਾਹਰ ਟੰਗ ਦਿੰਦੀ ਤਾਂ ਕਿ ਕੋਈ ਜਹਾਜ਼ ਹਨੇਰੀ ਰਾਤ ਵਿਚ ਟਕਰਾਏ ਨਾ । ਬੀਬੀ ਅਮਰੋ ਜੀ ਨੇ ਵੀ ਇਸੇ ਤਰ੍ਹਾਂ ਬਾਣੀ ਦੀ ਅਮਰ ਜੋਤਿ ਜਗਾ ਭਾਈ ਅਮਰਦਾਸ ਜੀ ਨੂੰ ਸੱਚ ਦਾ ਰਾਹ ਦਿਖਾਇਆ।
ਭਾਈ ਅਮਰਦਾਸ ਜੀ ਇਹ ਤਾਂ ਜਾਣਦੇ ਸਨ ਕਿ ਰੱਬ ਹੈ। ਉਹ ਰੱਬ ਨੂੰ ਕਦੀ ਦੇਵੀ ਦਰਸ਼ਨਾਂ ਵਿਚੋਂ ਖੋਜਦੇ, ਕਦੀ ਗੰਗਾ ਇਸ਼ਨਾਨ ਕਰ ਕੇ, ਪਰ ਜਦ ਬੀਬੀ ਅਮਰੋ ਦੇ ਮੁੱਖ ਤੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ ਤਾਂ ਇੰਜ ਲੱਗਿਆ ਜਿਵੇਂ ਸਾਰੇ ਤੀਰਥਾਂ ਦਾ ਇਸ਼ਨਾਨ ਹੋ ਗਿਆ। ਫਿਰ ਉਹ ਉਥੋਂ ਹਿੱਲੇ ਨਹੀਂ ਅਤੇ ਖਡੂਰ ਹੀ ਗੁਰੂ-ਚਰਨਾਂ ਵਿਚ ਆ ਟਿਕੇ ਅਤੇ ਗੁਰੂ ਹੋ ਸੰਸਾਰ ਨੂੰ ਰਾਹ ਦਿਖਾਲਿਆ । ਭੱਟਾਂ ਨੇ ਲਿਖਿਆ: ਜੋ ਗੁਰੂ ਦੇ ਦੱਸੇ ਰਾਹ ਟੁਰਿਆ, ਉਸ ਦਾ ਜਮਾਂ ਵਾਲਾ ਪੈਂਡਾ ਮੁੱਕ ਗਿਆ।
ਬੀਬੀ ਅਮਰੋ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਸਨ । ਗੁਰੂ ਅੰਗਦ ਦੇਵ ਦੀ ਸਭ ਤੋਂ ਵੱਡੀ ਸੰਤਾਨ ਦਾਸੂ ਜੀ ਦੇ ਜਨਮ ਤੋਂ ਦੋ ਸਾਲ ਪਿਛੋਂ ਸੰਘਰ ਵਿਖੇ ਹੀ ਬੀਬੀ ਅਮਰੋ ਜੀ ਦਾ ਜਨਮ ਹੋਇਆ । ਉਸ ਬਾਅਦ ਹੋਰ ਬੇਟੀ ਅਨੋਖੀ ਹੋਈ ਤੇ ਸਭ ਤੋਂ ਛੋਟੇ ਬੇਟੇ ਦਾਤੂ ਸਨ । ਸਾਰੇ ਹੀ ਬੱਚੇ ਨਾਵਾਂ ਅਨੁਸਾਰ ਸੇਵਾ-ਭਾਵ ਤੇ ਪ੍ਰਭੂ-ਭਗਤੀ ਵਾਲੇ ਸਨ । ਮਾਤਾ ਖੀਵੀ ਨੇ ਵੀ ਬੱਚਿਆਂ ਨੂੰ ਐਸੀ ਸਿਖਸ਼ਾ ਦਿੱਤੀ, ਸਭ ਪ੍ਰਭੂ ਭਗਤੀ ਵਿਚ ਰਹਿੰਦੇ । ਬੀਬੀ ਅਮਰੋ ਬਾਰੇ
ਸਾਡੇ ਇਤਿਹਾਸ ਨੇ ਲਿਖਿਆ ਹੈ ਕਿ ਜਿਵੇਂ ਭਗਤੀ ਆਪਣਾ ਸਰੀਰ ਧਾਰ ਗੁਰ-ਪਿਤਾ ਘਰ ਜਨਮੀ ਹੋਵੇ:
ਭਗਤਿ ਧਾਰ ਬਪੁ ਅਪਨੋ ਉਪਜੀ ਸਤਿਗੁਰ ਧਾਮ ।
-ਸੂਰਜ ਪ੍ਰਕਾਸ਼, ਰਾਸ 1, ਅੰਸੂ 15
ਗਲਾ ਅਤਿ ਸੁਰੀਲਾ, ਕੰਠ ਕੋਕਿਲਾ ਅਤੇ ਬਾਣੀ ਬਾਲਪਣ ਵਿਚ ਹੀ ਕੰਠ ਕਰ ਲਈ ਸੀ ।
ਬੀਬੀ ਅਮਰੋ ਜੀ ਪਿਤਾ ਗੁਰੂ ਅੰਗਦ ਦੇਵ ਜੀ ਤੇ ਮਾਤਾ ਖੀਵੀ ਜੀ ਦੀ ਸੰਗਤ ਸਦਕਾ ਆਤਮਕ ਉਚਿਆਈਆਂ ਛੋਹਣ ਲੱਗ ਪਏ ਸਨ । ਪੁੱਤਰੀ ਤਾਂ ਹੁੰਦੀ ਹੀ ਉਹ ਹੈ ਜੋ ਕਈ ਘਰਾਂ ਨੂੰ ਸੰਵਾਰਦੀ ਹੈ । ਜਿਸ ਘਰ ਜਨਮ ਲਵੇ, ਉਥੇ ਚੱਜ ਆਚਾਰ ਦੀ ਭਾਵਨਾ ਭਰਦੀ ਹੈ ਤੇ ਜਿਸ ਘਰ ਜਾਵੇ, ਉਸ ਨੂੰ ਸੇਵਾ ਕਰ ਰੀਝਾਂਦੀ ਹੈ। ਇਹ ਹੀ ਕਾਰਨ ਲੱਗਦਾ ਹੈ ਕਿ ਗੁਰੂ-ਘਰ ਵਿਚ ਲੜਕੀ ਦੀ ਬਹੁਤ ਪ੍ਰਸੰਸਾ ਕੀਤੀ ਹੈ । ਇਕ ਵਾਰ ਜਦ ਮਾਤਾ ਗੰਗਾ ਜੀ ਨੇ ਅਸੀਸ ਦੇਣ ਵੇਲੇ ਪੁੱਤਰ ਗੁਰੂ ਹਰਿਗੋਬਿੰਦ ਜੀ ਦੀ ਪਿੱਠ 'ਤੇ ਹੱਥ ਫੇਰ ਕੇ ਕਿਹਾ 'ਜੋੜੀ ਰਲੇ' ਤਾਂ ਉਸੇ ਵਕਤ ਗੁਰੂ ਹਰਿਗੋਬਿੰਦ ਜੀ ਨੇ ਫ਼ਰਮਾਇਆ ਸੀ, 'ਮਾਤਾ ਜੀ ਤੁਹਾਡੇ ਬਚਨ ਸਤਿ ਹਨ, ਜੋੜੀ ਨਹੀਂ ਬੇਟੇ ਪੰਜ ਹੋਣਗੇ ਪਰ ਅਸੀਸ ਇਹ ਦਿਓ ਕਿ ਘਰ ਇਕ ਲੜਕੀ ਹੋਵੇ ਤਾਂ ਕਿ ਗ੍ਰਹਿਸਤ ਦਾ ਸਹੀ ਸਵਾਦ ਵੀ ਆਏ ਤੇ ਚੱਜ ਆਚਾਰ ਵੀ।' ਘਰ ਵਿਚ ਮਿਠਾਸ ਤੇ ਚੱਜ ਆਚਾਰ ਭਰਨ ਯੋਗ ਧੀ ਹੀ ਹੁੰਦੀ ਹੈ। ਜਿਸ ਗ੍ਰਹਿ ਲੜਕੀ ਨਹੀਂ, ਉਸ ਵਿਚ ਹੌਲਾਪਣ ਅਤੇ ਅਧੂਰਾਪਣ ਆ ਜਾਂਦਾ ਹੈ । ਗ੍ਰਹਿਸਤ ਨੂੰ ਵਿਅਰਥ ਗਿਆ ਜਾਣੋ, ਜਿਸ ਘਰ ਲੜਕੀ ਨਹੀਂ ।
ਸੀਲਖਾਨ ਕੰਨਯਾ ਇਕ ਹੋਵੇ।
ਪੁਤ੍ਰੀ ਬਿਨ ਜਗ ਗ੍ਰਹਸਤ ਵਿਗੋਵੈ ।
-'ਗੁਰਬਿਲਾਸ ਪਾਤਸ਼ਾਹੀ ਛੇਵੀਂ
ਮਾਤਾ ਜੀ ਵੀ ਇਸ ਗੱਲ ਨੂੰ ਸੁਣ ਬੜੇ ਪ੍ਰਸੰਨ ਹੋਏ । ਪੁੱਤਰੀ ਹੀ ਹੈ, ਜੋ ਕਿ ਦੂਸਰਿਆਂ ਨੂੰ ਆਪਣੀ ਗ੍ਰਹਿਣੀ ਨਾਲ ਆਪ-ਮੁਹਾਰੇ ਸਿੱਖਿਆ ਦਈ ਜਾਂਦੀ ਹੈ। ਜੇ ਪੁੱਤਰੀ ਨੂੰ ਚੰਗੀ ਸਿੱਖਿਆ ਹੋਵੇਗੀ ਤਾਂ ਹੀ ਤਾਂ ਅੱਗੇ ਜਾ ਕੇ ਦੂਜਿਆਂ ਨੂੰ ਰਾਹ ਦਿਖਾਵੇਗੀ । ਬੀਬੀ ਅਮਰੋ ਜੀ ਸਹੁਰੇ ਘਰ ਜਾ ਕੇ ਆਪਣੇ ਪਿਤਾ ਜੀ ਦੀ ਹੀ ਸਿੱਖਿਆ ਸਦਕਾ ਰੋਜ਼ ਸਵੇਰੇ ਜਪੁਜੀ ਸਾਹਿਬ ਦਾ ਪਾਠ ਕਰਦੇ, ਉਸ ਤੋਂ ਬਾਅਦ ਹੀ ਕੋਈ ਦੂਜਾ ਕਾਰਜ ਕਰਦੇ ।
ਬੀਬੀ ਅਮਰੋ ਜਦ ਸਿਆਣੀ ਉਮਰ ਦੇ ਹੋਏ ਤਾਂ ਰਿਸ਼ਤੇ ਆਉਣ ਲੱਗ ਪਏ ਸਨ । ਗੁਰੂ ਅੰਗਦ ਦੇਵ ਜੀ ਨੇ ਬੱਚੀ ਦੀ ਕੁੜਮਾਈ ਬਾਸਰਕੇ (ਅੰਮ੍ਰਿਤਸਰ ਦੇ ਨੇੜੇ-ਜੋ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਅਸਥਾਨ ਵੀ ਹੈ) ਗੁਰੂ ਅਮਰਦਾਸ ਜੀ ਦੇ ਸਭ ਤੋਂ ਛੋਟੇ ਭਰਾ ਭਾਈ ਮਾਣਕ ਚੰਦ ਦੇ ਪੁੱਤਰ ਬਾਬਾ ਜੱਸੂ ਨਾਲ ਕਰ ਦਿੱਤੀ । ਜੱਸੂ ਦੇ ਦਾਦਾ ਬਾਬਾ ਤੇਜਭਾਨ ਜੀ ਵੀ ਇਕ ਉਘੇ ਵਪਾਰੀ ਸਨ । ਉਹ ਵੀ ਧੀਰਜ, ਧਰਮ ਤੇ ਭਗਤੀ ਦੀ ਮੂਰਤ ਸਨ । ਉਨ੍ਹਾਂ ਦੇ ਚਾਰੇ ਹੀ ਬੇਟੇ, ਗੁਰੂ ਅਮਰਦਾਸ ਜੀ, ਭਾਈ ਈਸ਼ਰ ਦਾਸ ਜੀ (ਜਿਨ੍ਹਾਂ ਦੇ ਸਪੁੱਤਰ ਭਾਈ ਗੁਰਦਾਸ ਜੀ ਸਨ), ਬਾਬਾ ਖੇਮ ਰਾਇ ਤੇ ਬਾਬਾ ਮਾਣਕ ਚੰਦ ਆਗਿਆਕਾਰ ਤੇ ਭਗਤੀ ਵਾਲੇ ਸਨ ।
ਬਾਸਰਕੇ ਪਿੰਡ, ਉਹ ਅਦੁੱਤੀ ਪਿੰਡ ਹੈ, ਜਿਥੋਂ ਭਾਈ ਅਮਰਦਾਸ ਜੀ ਨੂੰ ਨਾ ਸਿਰਫ਼ ਜੀਵਨ ਰਾਹ ਮਿਲਿਆ, ਸਗੋਂ ਸੰਸਾਰ ਨੂੰ ਸੋਝੀ ਵੀ ਕਿ ਜੋ ਕੁਝ ਪ੍ਰਾਪਤ ਕਰਨਾ ਹੈ, ਗੁਰੂ-ਚਰਨਾਂ ਤੋਂ । ਇਥੇ ਹੀ ਬੈਠ ਕੇ ਉਨ੍ਹਾਂ ਭਗਤੀ ਕੀਤੀ । ਭਾਈ ਗੁਰਦਾਸ ਜੀ ਦਾ ਜਨਮ ਵੀ ਇਥੇ ਹੋਇਆ । ਭਾਈ ਜੱਸੂ ਨਾਤੇ ਵਜੋਂ (ਗੁਰੂ) ਅਮਰਦਾਸ ਜੀ ਦੇ ਭਤੀਜੇ ਸਨ ਪਰ ਆਦਰ ਪਿਤਾ ਵਾਂਗ ਹੀ ਦਿੰਦੇ । ਇਸੇ ਕਰਕੇ ਬੀਬੀ ਅਮਰੋ ਜਦ ਵਿਆਹੀ ਆਈ ਤਾਂ ਡੋਲਾ ਉਨ੍ਹਾਂ ਦੇ ਘਰ ਹੀ ਉਤਾਰਿਆ ਗਿਆ ਸੀ । ਇਕ ਹੋਰ ਅਨੋਖੀ ਬਾਤ ਇਹ ਕਿ ਗੁਰੂ ਰਾਮਦਾਸ ਜੀ ਦੇ ਨਾਨਕੇ ਵੀ ਇਥੇ ਬਾਸਰਕੇ ਹੀ ਸਨ।
ਬੀਬੀ ਅਮਰੋ ਜੀ ਨੂੰ ਬਾਣੀ ਬਹੁਤ ਕੰਠ ਸੀ । ਗਲਾ ਵੀ ਅਤਿ ਸੁਰੀਲਾ ਸੀ । ਅੰਮ੍ਰਿਤ ਵੇਲੇ ਇਹ ਬਾਣੀ ਪੜ੍ਹਦੇ ਤਾਂ ਇੰਜ ਲੱਗਦਾ ਕਿ ਸਾਰਾ ਵਾਤਾਵਰਣ ਸੁਗੰਧਤ ਹੋ ਗਿਆ ਹੈ । ਸਾਰੇ ਬਾਸਰਕੇ ਵਿਚ ਇਸ ਦੀ ਚਰਚਾ ਹੋਣ ਲੱਗੀ ਕਿ ਭਾਈ ਈਸ਼ਰ ਦਾਸ ਦੇ ਘਰ ਕੋਈ ਦੇਵੀ ਉਤਰੀ ਹੈ। ਅੰਮ੍ਰਿਤ ਵੇਲੇ ਉਠ ਕੇ ਬੀਬੀ ਅਮਰੋ ਜੀ ਸ਼ਬਦ ਬੜੇ ਚਾਅ ਨਾਲ ਪੜ੍ਹਦੇ ਸਨ ।
ਸ਼ਬਦ ਬਾਣੀ ਨਿਤ ਪੜ੍ਹਨ ਕਰ ਚਾਹੁ ਹੈ।
-ਬੰਸਾਵਲੀਨਾਮਾ
ਇਸ ਸੁਰ ਨਾਲ ਪੜ੍ਹਦੇ ਕਿ ਰਸ ਹੀ ਛਾ ਜਾਂਦਾ । ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿਚ :
'ਜਦ ਬ੍ਰਹਮਚਾਰੀ ਬਾਬਾ ਅਮਰਦਾਸ ਜੀ ਦੇ ਘਰੋਂ ਬਗ਼ੈਰ ਅੰਨ ਖਾਧੇ ਹੀ ਚਲਾ ਗਿਆ ਤਾਂ ਉਪਰ ਸੇ ਰਾਤ ਪੜੀ। ਕੁਛ ਪ੍ਰਸ਼ਾਦ ਨ ਕੀਆ ਅਰ ਨ ਰਾਤ
ਕੋ ਸੋਏ । ਬੀਬੀ ਅਮਰੋ, ਗੁਰੂ ਅੰਗਦ ਜੀ ਕੀ ਬੇਟੀ, ਸ੍ਰੀ ਅਮਰਦਾਸ ਜੀ ਕੇ ਭਤੀਜੇ ਜਸੂ ਕੋ ਬਿਆਹੀ ਥੀ । ਜਬ ਪਹਿਰ ਰਾਤ ਰਹਿਤੀ ਥੀ ਬੀਬੀ ਅਮਰੋ ਨਿਤ ਇਸ਼ਨਾਨ ਕਰ ਕੇ ਬਾਣੀ ਦਾ ਪਾਠ ਕਰਤੇ ਥੇ । ਘਰ ਦਾ ਧੰਦਾ ਹਾਥੋਂ ਸੋ ਕਰਤੇ ਥੇ । ਜਦ ਬੀਬੀ ਅਮਰੋ ਬਾਣੀ ਪੜ੍ਹਨ ਲੱਗੀ ਤਬ ਸਾਹਿਬ ਬੈਠੇ ਥੇ ਅਰ ਬੜੀ ਚਿਤਾਵਨੀ ਮੇਂ ਥੇ । ਤਬ ਸਾਹਿਬ ਨੇ ਸ਼ਬਦ ਸੁਣਾ।'
ਗੁਰੂ ਅੰਗਦ ਦੇਵ ਜੀ ਬਾਰੇ ਇਤਿਹਾਸਕਾਰ ਕਹਿੰਦੇ ਹਨ ਕਿ ਉਹ ਰੋਜ਼ ਬੱਚਿਆਂ ਨੂੰ ਪਾਸ ਬਿਠਾ ਬਾਣੀ ਕੰਠ ਕਰਾਇਆ ਕਰਦੇ । ਉਸ ਸਮੇਂ ਕਿਸੇ ਨੂੰ ਪਾਸ ਆਉਣ ਦੀ ਆਗਿਆ ਤੱਕ ਨਹੀਂ ਸੀ । ਕਿਤਨਾ ਪਿਆਰ ਕਰਦੇ ਹੋਣਗੇ ਬੱਚਿਆਂ ਨਾਲ ਕਿ ਹਮਾਯੂੰ ਤੱਕ ਦੀ ਪ੍ਰਵਾਹ ਨਾ ਕੀਤੀ। ਕਿਤਨੀ ਦੇਰ ਉਹ ਖੜਾ ਦੇਖਦਾ ਹੀ ਰਿਹਾ 'ਬੱਚੋਂ ਸੇ ਹੀ ਗੁਰੂ ਜੀ ਪਰਚੇ ਰਹੇ । ਇਹ ਹੀ ਕਾਰਨ ਹੈ ਕਿ ਬੀਬੀ ਅਮਰੋ ਨੂੰ ਵੀ ਬਹੁਤ ਬਾਣੀ ਕੰਠ ਸੀ । ਇਹ ਪ੍ਰਤੀਤ ਹੋ ਜਾਵੇਗਾ ਕਿ ਕੇਵਲ ਗੁਰੂ-ਪੁੱਤਰੀ ਹੋਣ ਦੇ ਨਾਤੇ ਉਨ੍ਹਾਂ ਦਾ ਮਾਣ ਨਹੀਂ ਸੀ ਕੀਤਾ ਜਾਂਦਾ ਸਗੋਂ ਦੂਜੇ ਅਰਥਾਂ ਵਿਚ ਸੇਵਾ ਸਿਮਰਨ ਦਾ ਸਤਿਕਾਰ ਸੀ । ਪਿਤਾ ਦੀ ਦਿੱਤੀ ਸਿੱਖਿਆ ਅਨੁਸਾਰ ਬੀਬੀ ਅਮਰੋ ਜੀ ਸਹੁਰੇ ਘਰ ਵਿਚ ਆ ਕੇ ਵੀ ਨਿੱਤ ਸਵੇਰੇ ਪਾਠ ਕਰਦੇ ।
ਸੋ ਜਦ (ਗੁਰੂ) ਅਮਰਦਾਸ ਜੀ ਨੂੰ ਸਹਿ-ਯਾਤਰੀ ਇਹ ਮਿਹਣਾ ਮਾਰ ਘਰੋਂ ਨਿਕਲ ਗਿਆ ਕਿ 'ਨਿਗੁਰੇ ਕਾ ਸੰਗ ਕੀਆ, ਜਨਮ ਗਿਆ' ਤਾਂ ਉਹ ਰਾਤ ਭਰ ਸੌਂ ਨਾ ਸਕੇ । ਪ੍ਰਭਾਤ ਵੇਲੇ ਜਦ ਭਰਾ ਮਾਣਕ ਚੰਦ ਦੇ ਘਰੋਂ ਮਿੱਠੀ-ਮਿੱਠੀ ਬਾਣੀ ਦੀ ਆਵਾਜ਼ (ਗੁਰੂ) ਅਮਰਦਾਸ ਜੀ ਦੇ ਕੰਨਾਂ ਵਿਚ ਵੀ ਪਈ ਤਾਂ ਮਨ ਟਿਕਿਆ ਲੱਗਾ। ਆਪ ਉਠ ਖਲੋਤੇ ਤੇ ਦੀਵਾਰ ਨਾਲ ਲੱਗ ਕੇ ਦਿਨ ਚੜ੍ਹਦੇ ਤੱਕ ਸੁਣਦੇ ਰਹੇ।
'ਬੰਸਾਵਲੀਨਾਮੇ' ਦੇ ਕਹਿਣ ਅਨੁਸਾਰ:
ਏਹ ਚਰਚਾ ਬਹੁਤ ਨਗਰ ਵਿਚ ਹੋਈ।
ਚੰਗੀ ਮੰਦੀ ਆਖੇ ਸੁਣੇ ਜੋ ਕੋਈ।
ਬੋਲੀ ਦੀ ਸੱਟ ਕਰਾਰੀ ਹੁੰਦੀ ਹੈ, ਪਰ ਸ਼ਬਦ ਦੀ ਚੋਟ ਜਦ ਪੈ ਜਾਏ ਤਾਂ ਕੌਣ ਸਹਾਰ ਸਕਦਾ ਹੈ।
ਇਕ ਦਿਨ ਜਦ ਉਸ ਘਰ ਬਾਣੀ ਦੀ ਆਵਾਜ਼ ਨਾ ਆਈ ਤੇ ਬਾਣੀ ਦੀ ਖਿੱਚ ਇਤਨੀ ਸੀ ਕਿ ਘਰ ਜਾ ਕੇ ਭਾਬੀ ਭਾਗੋ ਨੂੰ ਕਹਿਣ ਲੱਗੇ ਅੱਜ
ਉਹ ਬਾਣੀ ਨਹੀਂ ਸੁਣੀ । ਬਾਣੀ ਸੁਣਾਣ ਵਾਲੀ ਕਿਥੇ ਹੈ।
ਮੈਨੂੰ ਉਹ ਬਚਨ ਦੀ ਸੁਣਨ ਦੀ ਹੈ ਚਾਹ।
ਮੈਂ ਦੂਰਿ ਦੂਰਿ ਸੁਣਦਾ ਹਾਂ ਵਾਹ ।
ਭਾਬੀ ਭਾਗੋ ਨੇ ਕਿਹਾ ਬੀਬੀ ਅਮਰੋ ਤਾਂ ਪੇਕੇ ਆਪਣੇ ਪਿਤਾ ਕੋਲ ਗਈ ਹੈ ਅਤੇ ਤੈਨੂੰ ਉਹ ਬਾਣੀ ਸੁਣਨ ਦੀ ਖ਼ਾਹਿਸ਼ ਹੈ:
ਤਾਂ ਇਸ ਦੇ ਪਿਤਾ ਪਾਸ ਤੂੰ ਜਾਹ ।
ਉਥੇ ਸੁਣ, ਭਾਵੇਂ ਸਿਖ, ਜੇ ਤੈਨੂੰ ਹੈ ਚਾਹ।
ਗੁਰੂ ਅਮਰਦਾਸ ਜੀ ਨੇ ਕਿਹਾ, ਜਦ ਨੂੰਹ ਆਵੇ ਉਸ ਨੂੰ ਕਹਿਣਾ ਮੈਨੂੰ ਉਥੇ ਲੈ ਜਾਵੇ, ਜਿਥੇ ਬਾਣੀ ਦਾ ਸੋਮਾ ਹੈ । ਮੈਂ ਕਦ ਤਕ ਦੂਰ ਬੈਠਾ ਕੇਵਲ ਹੀ ਧੋਂਦਾ ਰਵਾਂਗਾ । ਮੈਂ ਤਾਂ ਉਸ । ਸੋਮੇ ਵਿਚ ਡੁਬਕੀਆਂ ਲਗਾਉਣਾ ਚਾਹੁੰਦਾ ਹਾਂ । ਮੈਨੂੰ ਉਥੇ ਲੈ ਜਾਣ, ਇਹ ਮੇਰੇ ਤੇ ਬਹੁਤ ਬੜਾ ਅਹਿਮਾਨ ਹੋਵੇਗਾ।
ਏਹ ਮੇਰੇ ਨਾਲ ਤੁਸੀਂ ਕਰੋ ਇਹਸਾਨ ।
ਜਦ ਪੇਕੇ ਨੂੰ ਸਿੱਧ ਕਰਨ ਤਾ ਮੈਨੂੰ ਸੰਗ ਲੈ ਜਾਨ।
ਭਾਬੀ ਨੇ ਕਿਹਾ ਜਦ ਆਵੇਗੀ ਤਾਂ ਨਾਲ ਲੈ ਜਾਣ ਲਈ ਆਖਾਂਗੀ। ਭਾਗੋ ਕਹਿਆ :
ਹੁਣ ਤਾਂ ਉਹ ਪੇਕੇ ਹੋ ਗਈ।
ਫੇਰ ਜਾਇ ਤਾਂ ਤੈਨੂੰ ਸੰਗ ਜਾਸੀ ਲਈ।
-'ਬੰਸਾਵਲੀਨਾਮਾ', ਚਰਣ ਦੂਜਾ
ਕੁਝ ਦਿਨਾਂ ਬਾਅਦ ਬੀਬੀ ਅਮਰੋ ਜੀ ਖਡੂਰ ਸਾਹਿਬ ਤੋਂ ਮੁੜ ਆਏ। ਅੰਮ੍ਰਿਤ ਵੇਲੇ ਜਦ ਫਿਰ ਉਨ੍ਹਾਂ ਬਾਣੀ ਪੜ੍ਹੀ ਤਾਂ ਬਾਬਾ ਅਮਰਦਾਸ ਜੀ ਅੱਭੜਵਾਹੇ ਉਠ ਕੇ ਉਥੇ ਹੀ ਆ ਪੁਜੇ ਜਿਥੇ ਬੀਬੀ ਜੀ ਦਹੀਂ ਪਏ ਰਿੜਕਦੇ ਸਨ । ਉਹ ਮਾਰੂ ਮਹਲਾ ੧ ਦਾ ਪਾਠ ਕਰ ਰਹੇ ਸਨ । ਪੂਰਾ ਸ਼ਬਦ ਇਸ ਪ੍ਰਕਾਰ ਹੈ:
ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ॥
ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ
ਤਉ ਗੁਣ ਨਾਹੀ ਅੰਤੁ ਹਰੇ ॥੧॥
ਚਿਤ ਚੇਤਸਿ ਕੀ ਨਹੀ ਬਾਵਰਿਆ ॥
ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ਰਹਾਉ॥
ਜਾਲੀ ਰੈਨਿ ਜਾਲੁ ਦਿਨੁ ਹੂਆ ਜੇਤੀ ਘੜੀ ਫਾਹੀ ਤੇਤੀ।।
ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ
ਛੂਟਸਿ ਮੂੜੇ ਕਵਨ ਗੁਣੀ ॥੨॥
ਕਾਇਆ ਆਰਣੁ ਮਨੁ ਵਿਚਿ ਲੋਹਾ
ਪੰਚ ਅਗਨਿ ਤਿਤੁ ਲਾਗਿ ਰਹੀ।।
ਕੋਇਲੇ ਪਾਪ ਪੜੇ ਤਿਸੁ ਊਪਰਿ
ਮਨੁ ਜਲਿਆ ਸੰਨੀ ਚਿੰਤ ਭਈ ॥੩॥
ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ।।
ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ ਤਉ ਨਾਨਕ ਤ੍ਰਿਸਟਸਿ ਦੇਹਾ ।।8।।
-ਮਾਰੂ ਮਹਲਾ ੧, ਪੰਨਾ ੯੯੦
ਉਸ ਸ਼ਬਦ ਵਿਚ ਜੋ ਮਨ ਦੀ ਦਸ਼ਾ ਦਰਸਾਈ ਗਈ ਸੀ ਉਹ ਇੰਨ ਬਿੰਨ ਬਾਬਾ ਅਮਰਦਾਸ ਜੀ ਦੀ ਸੀ । ਸ਼ਬਦ ਦਾ ਭਾਵ ਹੈ 'ਦਿਨ ਤੇ ਰਾਤ ਜਾਲ ਹਨ । ਉਡਾਰੂ ਮਨੁੱਖ ! ਜਿੰਨੀਆਂ ਘੜੀਆਂ ਲੰਘ ਰਹੀਆਂ ਹਨ, ਇਹ ਤੂੰ ਵਿਅਰਥ ਗਵਾ ਰਿਹਾ ਹੈਂ । ਕਦੇ ਸੋਚਿਆ ਹਈ ਕਿ ਇਨ੍ਹਾਂ ਕਰੜੇ ਜਾਲਾਂ ਵਿਚੋਂ ਨਿਕਲੇਂਗਾ ਕਿਵੇਂ ? ਸਾਡੇ ਅਮਲਾਂ ਦੇ ਕਾਗਜ਼ ਤੇ ਦੋ ਤਰ੍ਹਾਂ ਦੇ ਲੇਖ ਹਨ: ਭਲੇ ਅਤੇ ਬੁਰੇ । ਜਿਹੜੇ ਲੇਖ ਬਹੁਤ ਹੁੰਦੇ ਹਨ ਮਨੁੱਖ ਉਸੇ ਪਾਸੇ ਵੱਲ ਟੁਰਿਆ ਜਾ ਰਿਹਾ ਹੈ। ਹੇ ਮਨ ! ਤੂੰ ਸੰਸਾਰ 'ਤੇ ਆਇਆ ਤਾਂ ਇਸ ਲਈ ਹੈਂ ਕਿ ਉਸ ਮਾਲਕ ਨੂੰ ਯਾਦ ਕਰੇਂ ਪਰ ਤੂੰ ਉਸ ਦੀਨ ਦੁਨੀ ਦੇ ਮਾਲਕ ਨੂੰ ਵਿਸਾਰ ਬੈਠਾ ਹੈਂ । ਜੀਵਨ ਤਦ ਹੀ ਸਫ਼ਲ ਹੋਵੇਗਾ ਜੇ ਤੂੰ ਉਸ ਨੂੰ ਯਾਦ ਕਰੇਂਗਾ ।
'ਸਰੀਰ ਦੀ ਭੱਠੀ ਵਿਚ ਮਨ ਲੋਹੇ ਪਾਸ, ਪਾਪਾਂ ਦੇ ਕੋਲਿਆਂ ਦਾ ਢੇਰ ਲੱਗਾ ਹੋਇਆ ਹੈ । ਕਾਮ, ਕ੍ਰੋਧ ਤੇ ਲਾਲਚ ਦੀਆਂ ਲਾਟਾਂ ਨਿਕਲ ਰਹੀਆਂ ਹਨ । ਮਨ ਹੁਣ ਸੜ ਚੁੱਕਾ ਹੈ, ਜੀਵ ਚਿੰਤਾ ਦੀ ਸੰਨ੍ਹੀ ਨਾਲ ਮਨ ਨੂੰ ਚੁਕ ਚੁਕ ਕੇ ਪਰੇਸ਼ਾਨ ਹੋ ਰਿਹਾ ਹੈ, ਭਾਵੇਂ ਮਨੁੱਖ ਮਨੂਰ ਵੀ ਹੋ ਗਿਆ ਹੋਵੇ ਪਰ ਜੇ ਗੁਰੂ ਪਾਰਸ ਮਿਲ ਜਾਵੇ, ਜੀਵ ਫਿਰ ਸੋਨਾ ਹੋ ਸਕਦਾ ਹੈ, ਨਾਮ ਦੀ ਬੂਟੀ ਵਿਚ ਬਹੁਤ ਤਾਕਤ ਹੈ।'
ਇਹ ਸ਼ਬਦ ਕੀ ਸੀ, ਜਿਵੇਂ ਚਾਤ੍ਰਿਕ ਨੂੰ ਸੁਆਂਤ ਬੂੰਦ ਮਿਲੀ ਹੋਵੇ । ਜਿਵੇਂ ਮੂਰਛਤ ਲਛਮਣ ਨੂੰ ਹਨੂਮਾਨ ਦੀ ਲਿਆਈ ਸੰਜੀਵਨੀ ਬੂਟੀ ਮਿਲ ਗਈ ਹੋਵੇ ।
ਓਹਲੇ ਹੋ ਕੇ ਹੀ ਬਾਬਾ ਜੀ ਨੇ ਸਾਰਾ ਸ਼ਬਦ ਸੁਣਿਆ । ਹਿਰਦਾ ਵਹਿ ਤੁਰਿਆ। ਇਕ ਗੁਰ-ਪੁੱਤਰੀ, ਦੂਜੇ ਅੰਮ੍ਰਿਤ ਵੇਲਾ, ਤੀਜੇ ਗੁਰੂ ਬਾਣੀ, ਚੌਥੇ ਸ਼ਰਧਾ ਅਤੇ ਪੰਜਵੇਂ ਮਧੁਰ ਕੰਠ ਤੋਂ ਨਿਕਲੀ, ਹਿਰਦਾ ਵਿੰਨ੍ਹਦੀ ਹੀ ਗਈ । ਗੁਰੂ ਅਮਰਦਾਸ ਜੀ ਨੇ ਸ਼ਬਦ ਦੀ ਸਮਾਪਤੀ ਤੇ ਬੀਬੀ ਜੀ ਕੋਲੋਂ ਪੁਛਿਆ : ਪੁੱਤਰੀ ਇਹ ਕਿਸ ਦੀ ਬਾਣੀ ਹੈ ਤੇ ਅੱਜ ਕਲ ਉਹ ਕਿਥੇ ਹਨ। ਬੀਬੀ ਜੀ ਨੇ ਦਸਿਆ: ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ । ਹੁਣ ਉਹ ਜੋਤੀ ਜੋਤਿ ਸਮਾ ਗਏ ਹਨ ਪਰ ਸੱਚ ਦੇ ਪ੍ਰਚਾਰ ਲਈ ਮੇਰੇ ਪਿਤਾ ਜੀ ਨੂੰ ਗੱਦੀ ਦੇ ਗਏ ਹਨ । ਅਮਰਦਾਸ ਜੀ ਨੇ ਕਿਹਾ: ਮੈਂ ਮੋਇਆ ਹੋਇਆ ਸੀ । ਮੈਨੂੰ ਇੰਜ ਲਗਦਾ ਹੈ ਜਿਵੇਂ ਮੇਰੇ ਵਿਚ ਜਾਨ ਆ ਗਈ ਹੈ । ਮੇਰੀ ਦਸ਼ਾ ਉਸੇ ਚਾਤ੍ਰਿਕ ਦੀ ਨਿਆਈਂ ਹੈ ਜਿਸ ਨੂੰ ਉਹ ਬੂੰਦ ਮਿਲ ਜਾਏ, ਜਿਸ ਲਈ ਤੜਪ ਰਿਹਾ ਸੀ । ਬੇਟੀ ਮੈਨੂੰ ਉਥੇ ਹੀ ਲੈ ਚੱਲ । ਮੈਨੂੰ ਇਕ ਵਾਰੀ ਫੇਰ ਉਹ ਸ਼ਬਦ ਸੁਣਾ। ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀਖ਼ ਗੁਰੂ ਖ਼ਾਲਸਾ ਵਿਚ ਲਿਖਿਆ ਹੈ ਬੀਬੀ ਜੀ ਸਹੁਰਾ ਜੀ ਦੀ ਥਾਂ ਜਾਣ ਸੰਕੋਚ ਵਿਚ ਆ ਗਏ।
ਪਰ ਉਸੇ ਵਕਤ ਸੱਸ ਭਾਗੋ ਜੀ ਆ ਗਏ। ਉਹ ਆਪਣੇ ਦਿਉਰ ਅਮਰਦਾਸ ਜੀ ਦੀ ਦਸ਼ਾ ਜਾਣ ਚੁਕੀ ਸੀ । ਉਨ੍ਹਾਂ ਆਖਿਆ : ਬੱਚੀਏ । ਪੜ੍ਹਨ ਦੀ ਸ਼ਰਮ ਨਹੀਂ ਕਰੀਦੀ । ਇਹ ਸੁਣਾਉਣਾ ਤਾਂ ਸਗੋਂ ਧੰਨ ਹੁੰਦਾ ਹੈ । ਸਹੁਰਾ ਤੇ ਬਾਪ ਇਕੋ ਜਿਹੇ ਹੁੰਦੇ ਹਨ । ਸ਼ਬਦ ਬੋਲਦਿਆਂ ਕਹੀ ਸ਼ਰਮ । ਖਡੂਰ ਸਾਹਿਬ ਜਾਣ ਦੀ ਆਗਿਆ ਦਿਤੀ ਪਰ ਗੁਰ-ਪੁੱਤਰੀ ਨੇ ਕਿਹਾ ਬਿਨਾਂ ਗੁਰੂ ਜੀ ਦੇ ਸੱਦੇ ਮੈਂ ਕਿਸ ਤਰ੍ਹਾਂ ਜਾ ਸਕਦੀ ਹਾਂ । ਹੁਣੇ ਹੀ ਆਈ ਹਾਂ। ਜਦ ਭਾਈ ਅਮਰਦਾਸ ਜੀ ਨੇ ਕਿਹਾ: ਬੱਚਾ ਤੂੰ ਸਾਨੂੰ ਲੈ ਚਲ, ਗੁਰੂ ਜੀ ਕਿਰਪਾ ਕਰੇਂਗੇ । ਉਨ੍ਹਾਂ ਨੂੰ ਨਾਲ ਲੈ ਕੇ ਜਾਣ ਨਾਲ ਉਹ ਕੁਝ ਨਹੀਂ ਆਖਣਗੇ । ਬੀਬੀ ਜੀ ਨੇ ਕਿਹਾ: ਭਲਾ ਜੀ, ਮੈਂ ਫ਼ਜ਼ਰ (ਸਵੇਰੇ) ਤੁਸਾਡੇ ਸਾਥ ਚਲੇਂਗੀ। ਬੀਬੀ ਅਮਰੋ ਜੀ ਅਮਰਦਾਸ ਜੀ ਨੂੰ ਖਡੂਰ ਸਾਹਿਬ ਲੈ ਕੇ ਆਏ। ਬੀਬੀ ਜੀ ਉਨ੍ਹਾਂ ਨੂੰ ਬਾਹਰ ਖੜੇ ਕਰ ਗੁਰੂ ਜੀ ਪਾਸ ਅੰਦਰ ਆਏ । ਗੁਰੂ ਜੀ ਆਪ ਹੀ ਜਾਣੀ ਜਾਣ ਸਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਲਿਆਈ ਹੈਂ ਉਨ੍ਹਾਂ ਨੂੰ ਬਾਹਰ ਕਿਉਂ ਖੜਾ ਕਰ ਆਈਂ । ਅਮਰਦਾਸ ਜੀ ਚਰਨਾਂ ਉਪਰ ਢਹਿ ਪਏ ਤੇ ਕਿਹਾ:
ਮੇਹਰਵਾਨ ਮੈ ਤਉ ਚਰਨਾ ਕੇ ਆਸਰੇ ਪਰ ਆਇਆ ਹੈ।
ਆਦਰ ਸਹਿਤ ਗੁਰੂ ਜੀ ਕੁੜਮ ਜਾਣ ਅਮਰਦਾਸ ਜੀ ਨੂੰ ਗਲੇ ਮਿਲੇ ।
ਛਾਤੀ ਨਾਲ ਲਗਾਉਣਾ ਕੀ ਸੀ ਮਾਨੋ ਅਮਰਦਾਸ ਜੀ ਦੀ ਆਤਮਾ ਨੂੰ ਪਰਮਾਤਮਾ ਦੀ ਪਛਾਣ ਹੋ ਗਈ । ਜਨਮ ਜਨਮ ਦੇ ਵਿਯੋਗ ਮਿਟ ਗਏ । ਬੀਬੀ ਅਮਰੋ ਜੀ ਤਾਂ ਆਗਿਆ ਪਾ ਬਾਸਰਕੇ ਆ ਗਏ ਪਰ ਬਾਬਾ ਅਮਰਦਾਸ ਜੀ ਉਥੇ ਖਡੂਰ ਹੀ ਟਿੱਕ ਗਏ । ਇੰਜ ਜਾਣੋ ਜਿਵੇਂ ਕਿਸੇ ਕੀਲ ਲਿਆ ਹੋਵੇ । ਗੁਰੂ ਚਰਨਾਂ ਵਿਚ ਉਨ੍ਹਾਂ ਸਭ ਕੁਝ ਵਾਰਨ ਦਾ ਮਨ ਬਣਾ ਲਿਆ । ਇਹ ਰਾਹ ਬੀਬੀ ਅਮਰੋ ਹੀ ਦਿਖਾਇਆ ਸੀ । ਕਿਤਨੀ ਸ਼ਕਤੀ ਹੈ ਬਾਣੀ ਵਿਚ ਜਿਸ ਹਰ ਸਾਲ ਗੰਗਾ ਦਾ ਇਸ਼ਨਾਨ ਕਰਨ ਵਾਲੇ ਯਾਤਰੀ ਨੂੰ ਦਰਸ਼ਨਾਂ ਦੀ ਤਾਂਘ ਲਗਾ ਦਿਤੀ । ਬੀਬੀ ਅਮਰੋ ਦੀ ਅੰਮ੍ਰਿਤ ਵੇਲੇ ਉਠਣ ਤੇ ਬਾਣੀ ਪੜ੍ਹਨ ਦੀ ਬਰਕਤ ਨੇ ਹੀ ਬਾਬਾ ਅਮਰਦਾਸ ਜੀ ਨੂੰ ਖਡੂਰ ਸਾਹਿਬ ਸੇਵਾ ਵਿਚ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿਤੀ । ਬੀਬੀ ਜੀ ਦਾ ਇਹ ਪਰਉਪਕਾਰ ਕਦੇ ਭੁਲਾਉਣ ਵਾਲਾ ਨਹੀਂ ਜਿਨ੍ਹਾਂ ਦੀ ਪ੍ਰੇਰਨਾ ਸਦਕਾ ਕੌਮ ਨੂੰ ਨਿਆਸਰਿਆਂ ਦੇ ਆਸਰੇ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਵਾਲਾ ਤੀਜਾ ਪਾਤਸ਼ਾਹ ਮਿਲਿਆ ।
ਬੀਬੀ ਜੀ ਦੀ ਸਮਾਧ ਬਾਸਰਕੇ ਪਿੰਡ ਬਣੀ ਹੋਈ ਹੈ।
ਬੀਬੀ ਭਾਨੀ
ਬੀਬੀ ਭਾਨੀ ਇਕ ਐਸੀ ਇਤਿਹਾਸਕ ਮੂਰਤ ਹੈ ਜੋ ਰਜ਼ਾ ਵਿਚ ਰਹਿਣ ਵਾਲੀ ਸੀ । ਗੁਰੂ-ਪੁਤਰੀ, ਗੁਰੂ-ਪਤਨੀ ਅਤੇ ਗੁਰ-ਜਨਨੀ ਹੋਣ ਅਤੇ ਗੁਰ-ਸੇਵਕ ਹੋਣ ਦੇ ਨਾਤੇ ਉਨ੍ਹਾਂ ਦੇ ਅੰਗ ਅੰਗ ਵਿਚ ਹੁਕਮ ਤੇ ਟੁਰਨਾ, ਰਜ਼ਾ ਵਿਚ ਰਹਿਣਾ, ਨਾਮ ਨੂੰ ਦ੍ਰਿੜ੍ਹ ਕਰਨਾ ਅਤੇ ਸਿਮਰਨ ਵੱਸਿਆ ਹੋਇਆ ਸੀ । ਉਨ੍ਹਾਂ ਦਾ ਜੀਵਨ ਪੜ੍ਹ ਪ੍ਰਤੀਤ ਹੋ ਜਾਂਦਾ ਹੈ ਕਿ ਦੁਨੀਆਂ ਦੇ ਕਿਸੇ ਵੀ ਧਰਮ ਜਾਂ ਸਮਾਜ ਵਿਚ ਇੰਨਾ ਆਦਰ ਮਾਣ ਔਰਤ ਨੂੰ ਪ੍ਰਾਪਤ ਨਹੀਂ ਜਿਤਨਾ ਸਿੱਖ ਧਰਮ ਵਿਚ ਇਸਤਰੀ ਨੂੰ ਦਿਤਾ ਗਿਆ ਹੈ । ਬੀਬੀ ਭਾਨੀ ਨੂੰ ਜੋ ਮਾਣ ਸਿੱਖ ਇਤਿਹਾਸ ਵਿਚ ਪ੍ਰਾਪਤ ਹੈ, ਉਹ ਨਿਰਾ ਗੁਰ-ਪੁਤਰੀ, ਗੁਰ-ਪਤਨੀ, ਗੁਰ-ਜਨਨੀ ਕਰਕੇ ਨਹੀਂ ਬਲਕਿ ਇਸ ਕਾਰਨ ਹੈ ਕਿ ਉਹ ਸੱਚੀ ਸੁੱਚੀ ਔਰਤ ਸੀ ਜਿਸ ਕਾਰਨ ਸਤਿਕਾਰ ਵਜੋਂ ਹਰ ਮਸਤਕ ਝੁੱਕ ਜਾਂਦਾ ਹੈ ।
ਬੀਬੀ ਭਾਨੀ ਦਾ ਜਨਮ 21 ਮਾਘ, 1591 ਮੁਤਾਬਿਕ 19 ਜਨਵਰੀ, 1535 ਨੂੰ ਬਾਸਰਕੇ ਵਿਖੇ ਹੋਇਆ । ਗੁਰੂ ਅਮਰਦਾਸ ਜੀ ਦੇ ਘਰੋਂ ਬੀਬੀ ਮਨਸਾ ਦੇਵੀ ਦੇ ਕਹਿਣ ਤੇ ਕਿ ਲੜਕੀ ਦਾ ਵਰ ਢੂੰਡੀਏ ਤਾਂ ਗੁਰੂ ਜੀ ਨੇ ਪੁੱਛਿਆ, ਲੜਕਾ ਕੈਸਾ ਹੋਣਾ ਚਾਹੀਦਾ ਹੈ ਤਾਂ ਬੀਬੀ ਭਾਨੀ ਦਾ ਸੇਵਾ ਵਾਲਾ ਸੁਭਾਅ ਤਾਂ ਉਹ ਜਾਣਦੇ ਹੀ ਸਨ ਤਾਂ ਉਨ੍ਹਾਂ ਕਿਹਾ: 'ਉਸ ਵਰਗਾ ਜੋ ਦਿਨ ਰਾਤ ਸੇਵਾ ਵਿਚ ਜੁਟਿਆ ਰਹਿੰਦਾ ਹੈ । ਤਾਂ ਗੁਰੂ ਅਮਰਦਾਸ ਜੀ ਕਹਿਣ ਲੱਗੇ : 'ਕਰਮਾਂ ਵਾਲੀਏ, ਉਹੋ ਜਿਹਾ ਤਾਂ ਉਹੀ ਹੈ ।' ਬੀਬੀ ਮਨਸਾ ਦੇਵੀ ਜੀ ਦਾ ਇਸ਼ਾਰਾ ਗੁਰੂ ਰਾਮਦਾਸ ਜੀ ਵੱਲ ਸੀ ਤੇ ਗੁਰੂ ਜੀ ਜਾਣਦੇ ਸਨ ਕਿ ਉਨ੍ਹਾਂ ਵਰਗਾ ਦੋ ਜਹਾਨਾਂ ਵਿਚ ਨਹੀਂ ਹੈ । ਤਵਾਰੀਖ਼ ਗੁਰੂ ਖ਼ਾਲਸਾ ਵਿਚ ਵੀ ਲਿਖਿਆ ਹੈ ਕਿ ਆਪ ਜੀ ਨੇ ਕਿਹਾ ਸੀ: 'ਮਨ ਇਛਤ ਲੜਕਾ ਮਿਲ ਗਿਆ ।' ਇਹ ਬਚਨ ਕੋਈ ਅਚਨਚੇਤ ਜਾਂ ਸੁਭਾਵਿਕ ਨਹੀਂ ਸਨ ਆਖੇ ਗਏ । ਗੁਰੂ ਅਮਰਦਾਸ ਜੀ ਤਾਂ ਬਹੁਤ ਸਮੇਂ ਤੋਂ ਤੱਕ ਰਹੇ ਸਨ ਕਿ ਭਾਈ ਜੇਠਾ ਜੀ ਕੈਸੇ ਸਾਧੂ ਸੁਭਾ ਵਾਲੇ ਸਨ ਜੋ ਬਾਸਰਕੇ ਵਿਖੇ ਤਲਾਬ ਨੇੜੇ ਘੁੰਗਣੀਆਂ ਦੇ ਥਾਲ ਜੋ ਵੇਚਣ
ਲਈ ਲਿਆਂਦੇ ਸਨ, ਤਲਾਬ ਵਿਚ ਨਹਾ ਕੇ ਆਏ ਸਾਧੂਆਂ ਨੂੰ ਹੀ ਵੰਡਦਿਆਂ ਖਵਾ ਆਏ ਸਨ।
ਗੋਇੰਦਵਾਲ ਵਿਚ ਸੇਵਾ ਵਿਚ ਜੁਟੇ ਦੇਖ ਗੁਰੂ ਜੀ ਨੇ ਅਸੀਸ ਦਿਤੀ ਸੀ । ਉਨ੍ਹਾਂ ਦੇਖ ਲਿਆ ਸੀ ਕਿ ਭਾਈ ਜੇਠਾ ਜੀ ਦਿਲ ਦੇ ਸਾਫ਼ ਤੇ ਨਿਮਰਤਾ ਵਾਲੇ ਸਨ । ਸੱਤਾ ਤੇ ਬਲਵੰਡ ਜੀ ਨੇ 'ਜਿਨਿ ਸਿਰਿਆ ਤਿਨੈ ਸਵਾਰਿਆ ਵਾਲੀ ਜੋ ਤੁਕ ਉਚਾਰੀ ਹੈ ਉਸ ਦਾ ਵੀ ਇਹ ਹੀ ਭਾਵ ਸੀ ਕਿ ਆਪ ਹੀ ਗੁਰੂ ਅਮਰਦਾਸ ਜੀ ਨੇ ਢੂੰਡ-ਲੱਭ ਕੇ ਸੋਹਣਾ ਬਣਾਇਆ । ਗੁਰੂ ਰਾਮਦਾਸ ਜੀ ਨੇ ਆਪ ਵੀ ਇਸ਼ਾਰੇ ਮਾਤਰ ਰਾਗ ਮਾਝ ਵਿਚ ਪਿਛੋਂ ਲਿਖਿਆ :
ਸਤਿਗੁਰੁ ਮਿਤ੍ਰ ਮੇਰਾ ਬਾਲ ਸਖਾਈ ।
-ਰਾਗ ਮਾਝ ਚਉਪਦੇ ਮ: ੪, ਪੰਨਾ ੯੪
ਸਿੱਖ ਇਤਿਹਾਸ ਨੇ ਇਹ ਵੀ ਲਿਖਿਆ ਹੈ ਕਿ ਵਿਆਹ ਦੇ ਸਮੇਂ ਬੜੇ ਹੀ ਨਿਮਰਤਾ ਭਰੇ ਸ਼ਬਦ ਭਾਈ ਜੇਠਾ ਜੀ ਨੇ ਆਖੇ ਸਨ । ਉਨ੍ਹਾਂ ਹੀ ਭਾਵਾਂ ਨੂੰ ਪਿਛੋਂ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਵੇਲੇ ਗੁਰੂ ਰਾਮਦਾਸ ਜੀ ਨੇ ਰਾਗ ਗੂਜਰੀ ਦੇ 'ਹਰਿ ਕੇ ਜਨ ਸਤਿਗੁਰੁ ਸਤਪੁਰਖਾ ਬਿਨਉ ਕਰਉ ਗੁਰ ਪਾਸਿ' ਦੇ ਸ਼ਬਦਾਂ ਵਿਚ ਦੁਹਰਾਇਆ ਸੀ । ਉਸ ਸ਼ਬਦ ਵਿਚ ਜਿਹੜੀ ਮੁੱਖ ਗੱਲ ਗੁਰੂ ਰਾਮਦਾਸ ਜੀ ਨੇ ਕਹੀ ਉਹ 'ਮੇਰੇ ਮੀਤ ਗੁਰਦੇਵ' ਕਹਿ ਕੇ ਗੁਰੂ ਅਮਰਦਾਸ ਜੀ ਨੂੰ ਸੰਬੋਧਨ ਕਰਨਾ ਸੀ ।
ਬੀਬੀ ਭਾਨੀ ਜੀ ਨਾਲ ਜੇਠਾ ਜੀ ਦਾ ਵਿਆਹ 18 ਫ਼ਰਵਰੀ 1554 ਨੂੰ ਹੋ ਗਿਆ ਸੀ ।
ਬੀਬੀ ਭਾਨੀ ਗੁਰੂ ਅਮਰਦਾਸ ਜੀ ਦੀ ਸਭ ਤੋਂ ਛੋਟੀ ਸੰਤਾਨ ਸੀ ਜਿਸ ਕਾਰਨ ਪਿਆਰ ਨਾਲ ਇਨ੍ਹਾਂ ਨੂੰ ਲਾਡਲੀ ਤੇ ਮੋਹਣੀ ਵੀ ਆਖਿਆ ਜਾਂਦਾ ਸੀ । ਇਨ੍ਹਾਂ ਦੀ ਵੱਡੀ ਭੈਣ ਬੀਬੀ ਦਾਨੀ ਸੀ ਜਿਸ ਨੂੰ ਨਿਧਾਨੀ ਕਹਿ ਕੇ ਬੁਲਾਂਦੇ ਸਨ। ਦੋ ਵੀਰ ਸਨ : ਬਾਬਾ ਮੋਹਣ ਜੀ ਤੇ ਬਾਬਾ ਮੋਹਰੀ ਜੀ । ਪਰ ਸਭ ਤੋਂ ਅਲੱਗ ਬੀਬੀ ਭਾਨੀ ਸੀ । ਬਚਪਨ ਵਿਚ ਹੀ ਪ੍ਰਭੂ ਭਗਤੀ ਵਿਚ ਲੱਗੇ ਰਹਿੰਦੇ ।
ਭਾਉ ਭਗਤੀ ਦਾ ਰੂਪ ਸਨ ਬੀਬੀ ਭਾਨੀ ਜੀ:
'ਭਾਉ ਭਗਤਿ ਕੋ ਤਨ ਜਨ ਭਾਨੀ' ਅਤੇ 'ਸੇਵਾ ਨਿਤਿ ਕਰੇ’
....................
1. ਰਾਮਕਲੀ ਕੀ ਵਾਰ, ਪੰਨਾ ੯੬੮
ਉਨ੍ਹਾਂ ਨੂੰ ਲੱਭਣਾ ਹੋਵੇ ਜਾਂ ਤਾਂ ਉਹ ਗੁਰ ਪਿਤਾ ਦੀ ਸੇਵਾ ਵਿਚ ਹੁੰਦੇ ਜਾਂ ਲੰਗਰ ਦੀ ਸੇਵਾ ਵਿਚ ਜੁਟੇ :
ਬੈਠੀ ਭਾਨੀ ਦੇਗ ਸਥਾਨਾ।
ਪਿਤਾ ਦੀ ਆਗਿਆ ਅਨੁਸਾਰ ਹਰ ਕੰਮ ਕਰਦੇ । ਖੇਡਣ ਲਈ ਵੀ ਜਾਂਦੇ ਤਾਂ ਗੁਰੂ ਅਮਰਦਾਸ ਜੀ ਕੋਲੋਂ ਪੁੱਛ ਕੇ । ਜੋ ਗੁਰੂ ਜੀ ਆਖਦੇ ਸਾਰੀਆਂ ਸਹੇਲੀਆਂ ਨੂੰ ਜਾ ਸੁਣਾਂਦੇ ।
ਗੁਰ-ਪਿਤਾ ਆਮ ਤੌਰ ਤੇ ਇਹ ਸ਼ਬਦ ਸੁਣਾਂਦੇ ਸਨ:
ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ ॥
ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ ॥
-ਗੂਜਰੀ ਕੀ ਵਾਰ ਮ: ੩, ਪੰਨਾ ੫੦੮
ਉਹ ਖੇਡਦਿਆਂ ਸਹੇਲੀਆਂ ਨੂੰ ਆਖਦੇ ਹੱਸਣਾ ਕੁੱਦਣਾ ਕੋਈ ਬੁਰੀ ਗੱਲ ਨਹੀਂ ਪਰ ਇੰਨਾ ਵੀ ਨਹੀਂ ਹੋਣਾ ਚਾਹੀਦਾ ਕਿ ਪ੍ਰਭੂ ਹੀ ਭੁਲ ਜਾਵੇ । ਜਦ ਕਦੇ ਸਹੇਲੀਆਂ ਤੌਖ਼ਲਾ ਕਰਦੀਆਂ, ਸ਼ਰਮ ਵਿਚ ਆਉਂਦੀਆਂ ਤਾਂ ਉਹ ਆਖਦੇ ਸਾਡਾ ਸਭ ਦਾ ਰਾਖਾ ਉਹੀ ਗੁਰੂ ਨਾਨਕ ਹੈ । ਭਾਨੀ ਜੀ ਸਹੇਲੀਆਂ ਨੂੰ ਇਕੱਠਾ ਕਰ ਕਹਿੰਦੇ ਕਿ ਅਸੀਂ ਬੇਸਮਝ ਜੀਵ ਲੇਲਿਆਂ ਵਾਂਗ ਖੇਡਦੇ ਪਏ ਹਾਂ ਪਰ ਕਿਸੇ ਨੂੰ ਪਤਾ ਨਹੀਂ ਕਿ ਮੌਤ ਉਪਰ ਗੱਜ ਰਹੀ ਹੈ । ਸਾਨੂੰ ਇਹ ਹੀ ਬਣ ਆਉਂਦਾ ਹੈ ਕਿ ਉਸ ਨੂੰ ਸਿਮਰੀਏ । ਫਿਰ ਗੁਰੂ ਨਾਨਕ ਦੇਵ ਜੀ ਦੀ ਤੁਕ ਸੁਣਾਂਦੇ :
ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ॥
ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥
-ਸੋਹਿਲਾ ਰਾਗੁ ਗਉੜੀ ਦੀਪਕੀ ਮ: ੧, ਪੰਨਾ ੧੨
ਮਾਤਾ ਮਨਸਾ ਦੇਵੀ ਜੀ ਵੀ ਇਹ ਹੀ ਉਪਦੇਸ਼ ਦੇਂਦੇ ਕਿ ਸਭ ਦਾ ਰਾਖਾ ਗੁਰੂ ਨਾਨਕ ਹੈ। ਗੁਰੂ ਨੇ ਸਾਡਾ ਸਭ ਦਾ ਮੌਤ ਦਾ ਡਰ ਲਾਹ ਦਿਤਾ ਹੈ। ਉਨ੍ਹਾਂ ਸਾਨੂੰ ਜਾਚ ਸਿਖਲਾ ਦਿਤੀ ਹੈ ਕਿ ਇਸ ਦੁਨੀਆਂ ਵਿਚ ਸੁਖ ਤੇ ਦਰਗਾਹ ਵਿਚ ਮੁਕਤੀ ਕਿਵੇਂ ਲੈਣੀ ਹੈ।
ਬੀਬੀ ਦਾਨੀ ਦਾ ਵਿਆਹ ਭਾਈ ਰਾਮਾ ਜੀ ਨਾਲ ਹੋਇਆ ਸੀ । ਚਾਹੇ ਦੋਵੇਂ ਜਵਾਈ ਗੁਰੂ-ਘਰ ਵਿਚ ਅਟੁੱਟ ਵਿਸ਼ਵਾਸ ਰੱਖਦੇ ਸਨ, ਪਰ ਭਾਈ ਜੇਠਾ ਜੀ ਦਾ ਸਿਦਕ, ਹੁਕਮ-ਪਾਲਣਾ ਅਤੇ ਸੇਵਾ ਵਿਚ ਜੁਟੇ ਰਹਿਣਾ ਭਾਈ ਰਾਮਾ
ਜੀ ਨਾਲੋਂ ਕਿਤੇ ਉਚੇ ਸਨ । ਧਰਮ-ਪ੍ਰੀਖਿਆ ਹਿਤ ਗੁਰੂ ਅਮਰਦਾਸ ਜੀ ਨੇ ਇਕ ਵਾਰ ਜਦ ਆਪਣੇ ਦੋਹਾਂ ਜਵਾਈਆਂ ਨੂੰ ਆਪਣੇ ਬੈਠਣ ਲਈ ਧੜ੍ਹੇ ਬਣਾਉਣ ਦੀ ਆਗਿਆ ਕੀਤੀ ਤਾਂ ਸਾਰਾ ਦਿਨ ਦੱਸੇ ਅਨੁਸਾਰ ਭਾਈ ਜੇਠਾ ਜੀ ਤੇ ਰਾਮਾ ਜੀ ਥੜ੍ਹੇ ਬਣਾਉਂਦੇ ਰਹੇ । ਸ਼ਾਮ ਨੂੰ ਗੁਰੂ ਅਮਰਦਾਸ ਜੀ ਭਾਈ ਰਾਮਾ ਜੀ ਦੇ ਥੜ੍ਹੇ ਪਾਸ ਪੁੱਜੇ ਤੇ ਫ਼ਰਮਾਇਆ :
ਇਹ ਤੋ ਨੀਕੀ ਨਹੀਂ ਬਣਾਈ।
ਬੈਠਣ ਹੇਤ ਨ ਹਮ ਕੋ ਭਾਈ।
ਫਿਰ ਚੰਗੀ ਤਰ੍ਹਾਂ ਸਮਝਾਇਆ ਕਿ ਥੜ੍ਹੇ ਉਹ ਕਿਹੋ ਜਿਹੇ ਚਾਹੁੰਦੇ ਹਨ । ਭਾਈ ਰਾਮਾ ਜੀ ਚੁੱਪ ਕਰ ਗਏ। ਕੁਝ ਨਿਰਾਸ਼ ਜ਼ਰੂਰ ਹੋਏ ਪਰ ਥੜ੍ਹਾ ਉਨ੍ਹਾਂ ਤੋੜ ਡੇਗ ਦਿੱਤਾ ।
ਭਾਈ ਜੇਠਾ ਜੀ ਕੋਲ ਜਾ ਕੇ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ :
ਹਮਰੇ ਆਸ਼ਯ ਤੈ ਨਹਿ ਲਹਯੋ
ਯਥਾ ਬਤਾਈ ਤਯ ਨ ਕਰੀ ।
ਭਾਈ ਜੇਠਾ ਜੀ ਨੇ ਉਸੇ ਸਮੇਂ ਖ਼ੁਸ਼ੀ ਨਾਲ ਥੜ੍ਹਾ ਗਿਰਾ ਦਿੱਤਾ ਤੇ ਖਿਮਾ ਵੀ ਮੰਗੀ । ਗੁਰੂ ਅਮਰਦਾਸ ਜੀ ਨੇ ਨਵੀਂ ਹਦਾਇਤ ਦਿੱਤੀ । ਅਗਲੇ ਦਿਨ ਫਿਰ ਦੋਵੇਂ ਹੀ ਥੜ੍ਹੇ ਬਣਾਉਣ ਵਿਚ ਜੁੱਟ ਗਏ । ਥੜ੍ਹੇ ਉਸਰਨ ਤੋਂ ਬਾਅਦ ਜਦ ਗੁਰੂ ਅਮਰਦਾਸ ਜੀ ਨੇ ਰਾਮਾ ਜੀ ਨੂੰ ਕਿਹਾ ਕਿ ਇਹ ਉਨ੍ਹਾਂ ਦੇ ਦੱਸੇ ਮੁਤਾਬਿਕ ਨਹੀਂ ਬਣਿਆ, ਢਾਹ ਕੇ ਫਿਰ ਬਣਾਉ ਹੁਣ ਦਾਨੀ ਦਾ ਮਾਲਕ ਬੋਲ ਉਠਿਆ, 'ਜਿਵੇਂ ਤੁਸਾਂ ਦੱਸਿਆ, ਉਸੇ ਤਰ੍ਹਾਂ ਹੀ ਬਣਾਇਆ । ਸਾਰੇ ਹੀ ਸ਼ਲਾਘਾ ਕਰ ਰਹੇ ਹਨ, ਮੈਂ ਕਿਵੇਂ ਢਾਹ ਦਿਆਂ ? ਇਸ ਤੋਂ ਚੰਗਾ ਕਿਵੇਂ ਬਣ ਜਾਏਗਾ ?'
ਮੈਂ ਕੈਸੇ ਕਹਿ ਦੇਹ ਢਹਾਈ
ਇਸ ਤੇ ਆਛੀ ਕਿਆ ਬਣ ਜਾਈ।
ਪਰ ਥੜ੍ਹਾ ਉਨ੍ਹਾਂ ਫਿਰ ਵੀ ਗਿਰਾ ਹੀ ਦਿੱਤਾ । ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਕਿਹਾ ਕਿ ਥੜ੍ਹੇ ਹਦਾਇਤ ਅਨੁਸਾਰ ਨਹੀਂ ਬਣਾਏ ਤਾਂ ਭਾਈ ਜੇਠਾ ਜੀ ਨੇ ਕਿਹਾ: 'ਸਾਡੀ ਮੱਤ ਥੋੜ੍ਹੀ ਹੈ, ਤੁਸੀਂ ਅਗਾਧ ਤੇ ਅਗਮ ਹੋ। ਸੋ ਗ਼ਲਤੀ ਨੂੰ ਖਿਮਾ ਕਰ ਕੇ, ਚੰਗੀ ਤਰ੍ਹਾਂ ਸਮਝਾ ਦਿਓ ਤਾਂ ਕਿ ਮੈਂ ਥੋੜ੍ਹੀ ਸਮਝ ਵਾਲਾ ਉਸ ਨੂੰ ਲਗਨ ਨਾਲ ਬਣਾ ਸਕਾਂ ।'
ਜਿਸ ਪ੍ਰਕਾਰ ਕੀ ਦੇਹ ਬਤਾਇ।
ਹਿਤ ਰਾਵਹਿ ਕੇ ਅਬਹਿ ਬਨਾਇ ।
ਤੀਸਰੇ ਦਿਨ ਰਾਮਾ ਜੀ ਨੇ ਸੜਦੇ-ਭੁਜਦੇ ਥੜ੍ਹਾ ਬਣਾਇਆ ਤੇ ਜੇਠਾ ਜੀ ਨੇ ਸ਼ਰਧਾ, ਲਗਨ ਤੇ ਪਿਆਰ ਨਾਲ ਉਸਾਰ ਦਿੱਤਾ । ਗੁਰੂ ਅਮਰਦਾਸ ਜੀ ਨੇ ਰਾਮਾ ਜੀ ਪਾਸ ਜਾ ਕੇ ਕਿਹਾ, 'ਰਾਮੇ। ਉਸ ਤਰ੍ਹਾਂ ਨਹੀਂ ਬਣਾਇਆ, ਜਿਵੇਂ ਆਖ ਗਿਆ ਸਾਂ । ਇਹ ਸਾਡੇ ਪਸੰਦ ਨਹੀਂ ਹੈ':
ਨਹਿ ਪਸੰਦ ਇਹ ਆਏ ਹਮਾਰੇ
ਜਿਮ ਚਾਹਤਿ ਤਿਮਿ ਨਹੀਂ ਸੁਧਾਰੇ ।
ਭਾਈ ਰਾਮਾ ਜੀ, ਜਿਨ੍ਹਾਂ ਨੇ ਕਿੰਤੂ ਨੂੰ ਸਾਰੇ ਗਿਆਨਾਂ ਦਾ ਮੂਲ ਸਮਝ ਰੱਖਿਆ ਸੀ, ਬੋਲ ਪਏ ਤੇ ਆਖਣ ਲੱਗੇ, 'ਜਿਵੇਂ ਤੁਸੀਂ ਦੱਸਦੇ ਹੋ, ਉਸ ਮੁਤਾਬਕ ਮੈਂ ਸਾਰਾ ਬਲ ਤੇ ਬੁੱਧ ਲਗਾ ਕੇ ਬਣਾਂਦਾ ਹਾਂ । ਹੁਣ ਮੇਰੇ ਵੱਸ ਦੀ ਗੱਲ ਨਹੀਂ, ਕਿਸੇ ਹੋਰ ਕੋਲੋਂ ਬਣਵਾ ਲਵੋ । ਅਸਲ ਗੱਲ ਇਹ ਹੈ ਕਿ ਤੁਸੀਂ ਬਿਰਧ ਹੋਣ ਕਾਰਨ ਆਪ ਹੀ ਭੁੱਲ ਜਾਂਦੇ ਹੋ ਕਿ ਕਿਵੇਂ ਦੱਸਿਆ ਸੀ ਤੇ ਤੁਹਾਨੂੰ ਥੜ੍ਹਾ ਪਸੰਦ ਨਹੀਂ ਆਉਂਦਾ । ਇਸ ਵਿਚ ਮੇਰਾ ਕੀ ਦੋਸ਼ ਹੈ':
ਆਪ ਕਹਹੁ ਜਿਮਿ ਬਿਸਰੇ ਫੇਰ
ਇਸ ਮਹਿ ਦੋਸ਼ ਹੈ ਕਯਾ ਮੇਰ।
ਇਹ ਸੁਣ ਗੁਰੂ ਅਮਰਦਾਸ ਜੀ ਨੇ ਸਿਰਫ਼ ਮੁਸਕਰਾ ਦਿੱਤਾ । ਭਾਈ ਜੇਠਾ ਜੀ ਕੋਲ ਜਾ ਕੇ ਆਖਿਆ, ‘ਥੜ੍ਹਾ ਮੇਰੇ ਪਸੰਦ ਨਹੀਂ, ਬਿਲਕੁਲ ਹੀ ਉਲਟ ਬਣਾਇਆ ਹੈ । ਰਜ਼ਾ ਨੂੰ ਮੰਨਣ ਵਾਲੇ ਜੇਠਾ ਜੀ ਨੇ ਕਿਹਾ, "ਮੈਂ ਅਣਜਾਣ ਹਾਂ, ਨਿੱਤ ਭੁੱਲਣਹਾਰ ਹਾਂ, ਤੁਸੀਂ ਸਦਾ ਬਖ਼ਸ਼ੰਦ ਹੋ, ਗ਼ਲਤੀਆਂ ਨੂੰ ਚਿਤਾਰਦੇ ਨਹੀਂ । ਤੁਸੀਂ ਤਾਂ ਸਮਝਾ ਜਾਂਦੇ ਹੋ ਪਰ ਮੈਂ ਥੋੜ੍ਹੀ ਮੱਤ ਹੋਣ ਕਾਰਨ ਉਸ ਮੁਤਾਬਕ ਟੁਰ ਨਹੀਂ ਸਕਦਾ । ਸੋ ਆਪਣੀ ਖ਼ਾਸ ਰਹਿਮਤ ਕਰੋ ਤਾਂ ਕਿ ਮੈਂ ਆਪ ਜੀ ਦੇ ਦੱਸੇ ਮੁਤਾਬਕ ਥੜ੍ਹਾ ਬਣਾ ਸਕਾਂ" :
ਨੀਕੀ ਭਾਂਤਿ ਭਾਖ ਸਮਝਾਵਉ ।
ਮੈਂ ਮਤਿਮੰਦ ਅਭਾਗ ਵਿਚਾਰਾ।
ਜਾਨ ਸਕਿਉ ਕਹਿ ਕਹਯੋ ਤੁਮਾਰਾ ।
ਗੁਰੂ ਅਮਰਦਾਸ ਜੀ ਬਹੁਤ ਪ੍ਰਸੰਨ ਹੋਏ ਤੇ ਸਭ ਨੂੰ ਸੁਣਾ ਕੇ ਆਖਿਆ
ਕਿ ਇਸ ਦੀ ਸੇਵਾ ਤੋਂ ਖ਼ੁਸ਼ ਹੋਇਆ ਹਾਂ। ਇਸ ਨੇ ਆਪਾ ਕਦੇ ਵੀ ਨਹੀਂ ਜਣਾਇਆ ਤੇ ਸਦਾ ਆਗਿਆ ਵਿਚ ਟਿਕਦੇ ਹਨ :
ਇਸ ਕੀ ਸੇਵਾ ਮੌ ਮਨ ਭਾਵਹਿ ।
ਆਪਾ ਕਬਹੁ ਨ ਕਰਹਿ ਜਨਾਵਨ ।
ਸੋ ਦਾਨੀ ਰਹਿ ਗਈ, ਭਾਨੀ ਪਾ ਗਈ। ਮੱਤ ਦੀ ਕੋਈ ਹੱਦ ਹੈ, ਬੰਨਾ ਹੈ ਪਰ ਰਜ਼ਾ ਦੀ ਕੋਈ ਸੀਮਾ ਨਹੀਂ । ਮੱਤ ਕਿਧਰੇ ਨਾ ਕਿਧਰੇ ਜਾ ਕੇ ਖਲੋ ਜਾਂਦੀ ਹੈ। ਰਜ਼ਾ ਸਾਰੇ ਹੱਦ-ਬੰਨੇ ਟੱਪ ਕੇ ਵਾਹਿਗੁਰੂ ਕੋਲ ਜਾ ਖੜਾ ਕਰਦੀ ਹੈ ।
ਇਸ ਸੇਵਾ-ਭਾਵਨਾ ਨੂੰ ਦੇਖ ਗੁਰੂ ਅਮਰਦਾਸ ਜੀ ਬਹੁਤ ਪ੍ਰਸੰਨ ਹੋਏ। ਜੇ ਭਾਈ ਜੇਠਾ ਸੰਗਤ ਦੀ ਸੇਵਾ ਵਿਚ ਜੁਟੇ ਰਹਿੰਦੇ ਤਾਂ ਬੀਬੀ ਭਾਨੀ ਪਿਤਾ ਜੀ ਨੂੰ ਪਰਮੇਸ਼ਵਰ ਦਾ ਰੂਪ ਜਾਣ ਅੰਮ੍ਰਿਤ ਵੇਲੇ ਉਠ ਇਸ਼ਨਾਨ ਆਦਿ ਕਰਵਾਉਂਦੀ। ਮਹਿਮਾ ਪ੍ਰਕਾਸ਼ ਦੇ ਸ਼ਬਦ ਹਨ :
ਜਬ ਪਹਰ ਰਾਤ ਰਹੈ ਅੰਮ੍ਰਿਤ ਵੇਲਾ।
ਗੁਰ ਕਰੈ ਇਸ਼ਨਾਨ ਭਗਤ ਸੁਖ ਕੇਲਾ।
ਤਿਸੀ ਸਮੇਂ ਬੀਬੀ ਜੀ ਦਰਸ਼ਨ ਕਰੈ।
ਗੁਰ ਕੀ ਭਗਤ ਸਦ ਹਿਰਦੈ ਧਰੈ ।
-ਸਾਖੀ ੨੯, ਪਾਤਸ਼ਾਹੀ ਤੀਜੀ
ਸੂਰਜ ਪ੍ਰਕਾਸ਼ ਵਿਚ ਵੀ ਲਿਖਿਆ ਹੈ ਕਿ ਭਾਨੀ ਜੀ ਬੇਟੀ ਦੀ ਤਰ੍ਹਾਂ ਨਹੀਂ, ਸਿੱਖ ਦੀ ਨਿਆਈਂ ਸੇਵਾ ਕਰਦੇ ਸਨ :
ਰਹੈ ਨਿਮ੍ਰ ਸੇਵ ਕਮਾਵਹਿ ।
ਅਨੁਸਾਰੀ ਹੁਇ ਸਦਾ ਚਿਤਾਵਹਿ।
ਮਨ ਨੂੰ ਦ੍ਰਿੜ੍ਹ ਕਰ ਕੇ ਸੁਰਤਿ ਨੂੰ ਟਿਕਾਂਦੇ ਸਨ । ਫਿਰ ਕਦੇ ਪ੍ਰਗਟਾਵਾ ਨਹੀਂ ਸੀ । ਢੰਡੋਰਾ ਨਹੀਂ ਸੀ । ਬੀਬੀ ਜੀ ਕਹਿੰਦੇ ਹੀ ਇਹ ਸਨ:
ਆਛੋ ਕਾਮ ਦਿਖਾਇ ਨ ਚਾਹੈ।
ਲਾਭ ਘਟੈ ਪਾਖੰਡ ਇਸ ਮਾਹੈ ।
ਬੂਟੇ ਸ਼ਾਹ ਨੇ ਤਾਰੀਖ਼-ਇ-ਪੰਜਾਬ (ਗੁਰੂ ਬ੍ਰਿਤਾਂਤ) ਵਿਚ ਲਿਖਿਆ ਹੈ:
ਬੀਬੀ ਭਾਨੀ ਸਦਾ ਗੁਰੂ ਅਮਰਦਾਸ ਦੀ ਸੇਵਾ ਕਰਨ ਨੂੰ ਪਹਿਲ ਦਿੰਦੀ
ਸੀ । ਉਨ੍ਹਾਂ ਦੀ ਸੇਵਾ ਤੋਂ ਇਕ ਛਿਨ ਵੀ ਅਵੇਸਲੀ ਨਹੀਂ ਹੁੰਦੀ ਸੀ । ਜਦੋਂ ਗੁਰੂ-ਪਿਤਾ ਨੇ ਕਿਹਾ ਕਿ ਸਮਾਂ ਭੀੜਾਂ ਵਾਲਾ ਆ ਰਿਹਾ ਹੈ, ਬੜੇ ਕਸ਼ਟਾਂ ਵਾਲਾ ਸਮਾਂ ਆਏਗਾ ਤਾਂ ਰਜ਼ਾ ਦੀ ਮੂਰਤ ਭਾਨੀ ਨੇ ਬੜੇ ਵਿਸ਼ਵਾਸ ਨਾਲ ਕਿਹਾ ਸੀ :
...ਹੋਰਸਿ ਅਜਰੁ ਨ ਜਰਿਆ ਜਾਵੈ ॥
-ਭਾਈ ਗੁਰਦਾਸ, ਵਾਰ ੧/੪੭
ਸਿਰਫ਼ ਉਸ ਦੀ ਸੰਤਾਨ ਹੀ ਜਰ ਸਕੇਗੀ।
ਇਕ ਵਾਰ ਮੂੰਹ-ਹਨੇਰੇ ਅਚਾਨਕ ਬੀਬੀ ਦੇ ਪੈਰ ਦਾ ਅੰਗੂਠਾ ਚੌਕੀ ਹੇਠ ਆ ਗਿਆ ਤਾਂ ਉਨ੍ਹਾਂ ਸੀ ਤੱਕ ਨਾ ਕੀਤੀ ਕਿ ਗੁਰੂ ਜੀ ਦੇ ਨਿੱਤ-ਕਰਮ ਵਿਚ ਕੋਈ ਰੁਕਾਵਟ ਨਾ ਪਵੇ। ਉਸੇ ਤਰ੍ਹਾਂ ਅਡੋਲ ਰਹੇ। ਜਦ ਖੂਨ ਦੀ ਧਾਰ ਤੇਜ਼ ਹੋ ਗਈ ਤਾਂ ਗੁਰੂ ਜੀ ਦੇਖ ਅਸਚਰਜ ਹੋਏ। ਇਹ ਦੇਖ ਕਿ ਇਹ ਬੇਟੀ ਦੇ ਅੰਗੂਠੇ ਦਾ ਰਕਤ ਹੈ, ਬੜੇ ਹੀ ਵਰਦਾਨ ਦਿੱਤੇ। ਇਨ੍ਹਾਂ ਵਰਦਾਨਾਂ ਦਾ ਸਦਕਾ ਗੁਰੂ-ਗੱਦੀ ਘਰ ਵਿਚ ਹੀ ਰਹੀ।
ਇਹ ਵੀ ਭਾਨੀ ਹੀ ਸਨ ਜਿਨ੍ਹਾਂ ਮਿਥਿਹਾਸ ਨੂੰ ਇਤਿਹਾਸ ਵਿਚ ਬਦਲਾ ਕੇ ਰਖ ਦਿਤਾ । ਜੇ ਮਿਥਿਹਾਸਕ ਸਤੀ-ਸਵਿਤਰੀ ਨੇ ਆਪਣੇ ਹੱਠ ਨਾਲ ਆਪਣੇ ਪਤੀ ਨੂੰ ਯਮਾਂ ਦੀ ਫ਼ਾਹੀ ਤੋਂ ਬਚਾਇਆ ਸੀ ਤਾਂ ਇਥੇ ਬੀਬੀ ਭਾਨੀ ਨੇ ਭਾਣੇ ਵਿਚ ਟਿਕ ਕੇ ਆਪਣੇ ਸਿਰ ਦੇ ਸਾਈਂ, ਜਗਤ ਦੇ ਰਾਖੇ, ਗੁਰੂ ਰਾਮਦਾਸ ਜੀ ਨੂੰ ਗੁਰ-ਪਿਤਾ ਕੋਲੋਂ ਵਰ ਵਿਚ ਨਾ ਸਿਰਫ਼ ਉਮਰ ਦੇ ਸਾਲ ਹੀ ਵਧਵਾਏ ਸਗੋਂ ਨਿਹਚਲ ਰਾਜ ਜਗਤ ਤੇ ਲਿਆਉਣ ਦਾ ਕਾਰਨ ਬਣੀ । ਸਾਖੀ ਇਸ ਤਰ੍ਹਾਂ ਆਉਂਦੀ ਹੈ ਕਿ ਇਕ ਵਾਰ ਨਨਾਣ-ਭਰਜਾਈ, ਬੀਬੀ ਭਾਨੀ ਤੇ ਆਤਮਾ ਦੇਵੀ ਬੈਠੇ ਹੋਏ ਸਨ ਕਿ ਗੁਰੂ ਅਮਰਦਾਸ ਜੀ ਨੇ ਦੂਰੋਂ ਹੀ ਆਵਾਜ਼ ਦਿਤੀ : 'ਧੀਏ ਭਾਨੀਏਂ। ਜੇ ਸਾਈਂ ਦੀ ਰਜ਼ਾ ਵਰਤੇ ਅਤੇ ਰਾਮਦਾਸ ਗੁਜ਼ਰ ਜਾਏ ਤਾਂ ਸੱਚੀ ਦੱਸੀਂ ਬੇਟਾ ਤੂੰ ਕੀ ਕਰੇਂ ?'
ਸੂਰਜ ਪ੍ਰਕਾਸ਼ ਦੇ ਲਿਖਾਰੀ ਭਾਈ ਸੰਤੋਖ ਸਿੰਘ ਜੀ ਦੇ ਸ਼ਬਦਾਂ ਵਿਚ :
ਰਾਮ ਦਾਸ ਅਬ ਤਨ ਪਰ ਹਰੈ
ਕਹ ਪੁੱਤਰੀ ਕਯਾ ਤਬਿ ਤੂੰ ਕਰੈ ।
ਤਾਂ ਬੀਬੀ ਭਾਨੀ ਜੀ ਨੇ ਸਿਰ ਝੁਕਾ ਦਿਤਾ । ਸੁਹਾਗ ਦੀ ਨਿਸ਼ਾਨੀ ਨੱਥ ਗੁਰ
ਚਰਨਾਂ ਅੱਗੇ ਰੱਖ ਦਿਤੀ । ਗੁਰੂ ਅਮਰਦਾਸ ਜੀ ਨੇ ਕਿਹਾ, 'ਬੱਚੀਏ ਪਾ ਲੈ ।' ਤਾਂ ਬੀਬੀ ਭਾਨੀ ਨੇ ਨਿਮਰਤਾ ਨਾਲ ਕਿਹਾ, 'ਲੁਹਾਈ ਵੀ ਆਪ ਜੇ ਹੁਣ ਪੁਆਉ ਵੀ ਆਪ । ਤਾਂ ਗੁਰੂ ਅਮਰਦਾਸ ਜੀ ਨੇ ਰਜ਼ਾ ਵਿਚ ਟਿਕੀ ਹੋਈ ਨੂੰ ਆਪਣੀ ਆਯੂ ਦੇ ਛੇ ਸਾਲ ਗਿਆਰਾਂ ਮਹੀਨੇ ਸਤਾਰਾਂ ਦਿਨ ਗੁਰੂ ਰਾਮਦਾਸ ਜੀ ਨੂੰ ਦੇ ਦਿਤੇ। ਆਪੂੰ ਤੀਜੇ ਪਾਤਸ਼ਾਹ ਜੋਤੀ ਜੋਤਿ ਸਮਾ ਗਏ।
ਆਪਨ ਆਰਥਲਾ ਅਬਿ ਮੈ ਦੇਵੋ
ਹਿਤ ਪਰਲੋਕ ਗਮਨ ਸਭ ਲੋਵੋ ।
ਬੀਬੀ ਭਾਨੀ ਨੇ ਸੱਤ ਸਾਲ ਜ਼ਰੂਰ ਲਏ ਪਰ ਸੱਤ ਸ਼ਹੀਦੀਆਂ ਆਪਣੇ ਪਰਵਾਰ ਵਿਚ ਲਈਆਂ ।
ਸ਼ਾਇਦ ਇਸੇ ਲਈ ਭਾਈ ਗੁਰਦਾਸ ਜੀ ਨੇ ਲਿਖਿਆ ਹੈ :
...ਹੋਰਸਿ ਅਜਰੁ ਨ ਜਰਿਆ ਜਾਵੈ ॥
-ਵਾਰ १/४੭
ਸਭ ਤੋਂ ਪਹਿਲਾਂ ਪੁੱਤਰ ਗੁਰੂ ਅਰਜਨ ਦੇਵ ਜੀ, ਪੰਥ, ਗ੍ਰੰਥ, ਸੰਗਤ ਤੇ ਪੰਗਤ ਦੀ ਨੀਂਹ ਪੱਕੀ ਰਵੇ, ਕੁਰਬਾਨ ਕਰਵਾਇਆ । ਫਿਰ ਪੜਪੋਤੇ ਗੁਰੂ ਤੇਗ਼ ਬਹਾਦਰ ਜੀ ਨੇ ਸ਼ਹਾਦਤ ਦਿਤੀ । ਦੋ ਸਾਹਿਬਜ਼ਾਦੇ ਨੀਹਾਂ ਵਿਚ ਤੇ ਦੋ ਚਮਕੌਰ ਸਾਹਿਬ ਜੂਝ ਕੇ ਕੌਮ ਜਗਾ ਗਏ । ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਾ ਵਾਰਿਆ । ਸਭਨਾਂ ਸਭ ਕੁਝ ਲੁਟਾ ਦਿਤਾ ਪਰ ਸੀ ਤਕ ਨਾ ਕੀਤੀ। 'ਆਪਣੇ ਭਾਣੇ ਵਿਚਿ ਸਦਾ ਰਖੁ ਸੁਆਮੀ, ਹੀ ਆਖਿਆ । ਹਮੇਸ਼ਾ 'ਤੇਰਾ ਕੀਆ ਮੀਠਾ ਲਾਗੈ" ਹੀ ਮੂੰਹੋਂ ਉਚਾਰਿਆ । ਇਨ੍ਹਾਂ ਸਭਨਾਂ ਦਾ ਕਾਰਨ ਇਹੀ ਹੈ ਕਿ ਉਹ ਸਭ ਭਾਨੀ ਦੇ ਜਾਏ ਸਨ ਤੇ ਭਾਣੇ ਨੂੰ ਮਿੱਠਾ ਕਰ ਕੇ ਮੰਨਣਾ ਉਨ੍ਹਾਂ ਦੇ ਅੰਗ ਅੰਗ ਵਿਚ ਰਮਿਆ ਹੋਇਆ ਸੀ । ਗੁਰੂ ਅਮਰਦਾਸ ਜੀ ਨੇ ਜਿਥੇ ਇਹ ਹੁਕਮ ਕੀਤਾ ਸੀ :
ਤੁਮ ਕੁਖ ਜੋ ਅਤਵਾਰ।
ਸਭ ਜਗਤ ਤਾਰਨਹਾਰ ।
ਉਥੇ ਇਹ ਬਚਨ ਵੀ ਕੀਤੇ:
ਤੀਨੋ ਕਾਲ ਬਿਖੈ ਤੁਝ ਜੈਸੀ ।
ਹੁਇ ਨ ਹੈ, ਹੋਵਹਿਗੀ ਐਸੀ।
..........................
1. ਪ੍ਰਭਾਤੀ,ਮ. ੩,ਪੰਨਾ १३३३ 2. ਆਸਾ ਮ: ੫, ਪੰਨਾ ੩੯੪
ਪਿਤਾ ਗੁਰ ਜਗ ਗੁਰ ਹੁਇ ਕੰਤ ।
ਪੁਤ ਗੁਰੂ, ਹੋਇ ਪੁਤ੍ਰ ਮਹੰਤ।
ਬੀਬੀ ਭਾਨੀ ਮਾਂ-ਰੂਪ ਵਿਚ ਗੁਰੂ ਅਰਜਨ ਜੀ ਨੂੰ ਸਮਝਾਉਂਦੀ ਰਹਿੰਦੀ ਕਿ ਗੁਰੂ-ਪਿਤਾ ਵਿਚ ਮੋਹ ਵਰਗੀ ਕੋਈ ਚੀਜ਼ ਨਹੀਂ । ਉਨ੍ਹਾਂ ਪੁੱਤਰ ਦੇ ਨਾਤੇ ਕਿਸੇ ਨੂੰ ਦਾਤ ਨਹੀਂ ਦੇਣੀ । ਉਹ ਤਾਂ ਸੇਵਕ ਤੇ ਹੀ ਰੀਝਣਗੇ । ਬੀਬੀ ਭਾਨੀ ਜੀ ਦੀ ਉੱਤਮ ਬੁੱਧੀ ਦੀ ਇਕ ਉਦਾਹਰਣ ਇਥੇ ਦੇਣੀ ਕੁਥਾਂ ਨਹੀਂ ਹੋਵੇਗੀ :
ਜਦ ਬਾਬਾ ਪ੍ਰਿਥੀ ਚੰਦ ਨੇ ਗੁਰ-ਪਿਤਾ ਗੁਰੂ ਰਾਮਦਾਸ ਜੀ ਅਗੇ ਗੁਸਤਾਖ਼ੀ ਭਰੇ ਬੋਲ ਬੋਲੇ ਅਤੇ ਮਹਾਂਦੇਵ ਨੇ ਵੀ ਜਲੀਆਂ ਕਟੀਆਂ ਸੁਣਾਈਆਂ ਤਾਂ ਆਪ ਨੇ (ਗੁਰੂ) ਅਰਜਨ ਦੇਵ ਜੀ ਨੂੰ ਪਾਸ ਬਿਠਲਾ ਕੇ ਕਿਹਾ : 'ਬੇਟਾ! ਗੁਰੂ ਪਿਤਾ ਵਿਚ ਮੋਹ ਵਰਗੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਪੁੱਤਰਾਂ ਕਰਕੇ ਕਿਸੇ ਨੂੰ ਦਾਤ ਨਹੀਂ ਦੇਣੀ । ਉਹ ਤਾਂ ਸੇਵਕ ਤੇ ਹੀ ਰੀਝਦੇ ਹਨ।'
ਨਹੀਂ ਗੁਰਨਿ ਕੋ ਮੋਹ ਕਦਾਈ
ਰੀਝਹਿ ਸੇਵਕ ਦੇਹ ਬਡਿਆਈ ।
ਪੁੱਤਰ! ਇਹ ਯਾਦ ਰਖਣਾ ਕਿ ਗੁਰੂ ਨਾਨਕ ਦੇਵ ਜੀ ਨੇ ਸੇਵਕ ਦੀ ਸੇਵਾ ਤੋਂ ਖ਼ੁਸ਼ ਹੋ ਕੇ ਇਹ ਦਾਤਿ ਇਲਾਹੀ ਦਿੱਤੀ ਸੀ । ਫਿਰ ਗੁਰੂ ਅੰਗਦ ਦੇਵ ਜੀ ਨੇ ਵੀ ਉਸੇ ਤਰ੍ਹਾਂ ਪਿਤਾ ਜੀ (ਤੀਜੇ ਪਾਤਸ਼ਾਹ) ਨੂੰ ਦਿੱਤੀ ਸੀ ਤੇ ਉਨ੍ਹਾਂ ਮੇਰੇ ਪਤੀ ਨੂੰ ਸੇਵਾ ਦਾ ਪੁੰਜ ਦੇਖ ਹੀ ਦਿੱਤੀ । ਮੇਰੀ ਇਕ ਹੀ ਖ਼ਾਹਿਸ਼ ਹੈ ਕਿ ਉਨ੍ਹਾਂ ਜਿੰਨੀ ਹੀ ਘਾਲ ਤੁਸੀਂ ਘਾਲੋ ਤਾਂ ਕਿ ਇਹ ਗੁਰਿਆਈ ਹੁਣ ਪੁੱਤਰ ਨੂੰ ਮਿਲੇ, ਇਕ ਤੇਰੇ ਤੇ ਹੀ ਭਰੋਸਾ ਹੈ :
ਹੇ ਪੁਤ ! ਸ੍ਰੀ ਨਾਨਕ ਜੀ ਆਦਿ।
ਦਈ ਦਾਸ ਕਹੁ ਕਿਯ ਅਹਿਲਾਦ।
ਤਿਮ ਸ੍ਰੀ ਅੰਗਦ ਅਰਪਿਤ ਮੇਰੇ ।
ਦੇਇ ਤਏ ਪਿਖਿ ਸੇਵ ਘਨੇਰੇ ॥੧੬॥
ਤਿਨ ਕੇ ਸਮ ਤੁਮ ਘਾਲਹੁ ਘਾਲ ।
-ਰਾਸ ਦੂਜੀ, ਅੰਸੂ ੧੬
ਪ੍ਰਿਥੀ ਚੰਦ ਨੂੰ ਬਹੁਤ ਸਮਝਾਇਆ ਹੈ ਪਰ ਉਹ ਬਹੁਤ ਹੀ ਹੰਕਾਰੀ ਹੋ ਗਿਆ ਹੈ। ਇਤਨਾ ਮੂਰਖ ਹੰਕਾਰੀ ਹੋ ਗਿਆ ਹੈ ਕਿ ਇਹ ਹੀ ਕਹੀ ਤੁਰੀ ਜਾਂਦਾ ਹੈ ਕਿ ਉਸ ਕਰਕੇ ਗੁਰੂ ਪਿਤਾ ਦਾ ਸਨਮਾਨ ਹੈ।
ਹਮ ਤੇ ਮਹਿਮਾ ਕਹਿ ਗੁਰਬੰਤ ।
ਬੀਬੀ ਭਾਨੀ ਇਕਾਂਤ-ਪਸੰਦ ਸਨ । ਅੰਮ੍ਰਿਤ ਵੇਲੇ ਨਿਤ-ਕ੍ਰਿਆ ਤੋਂ ਵਿਹਲੇ ਹੋ ਕੇ ਸ਼ਬਦ ਗਾਇਨ ਕਰਦੇ ਰਹਿੰਦੇ । ਸਦਾ ਸਿਫ਼ਤ-ਸਲਾਹ ਵਿਚ ਜੁਟੇ ਰਹਿੰਦੇ । ਇੰਜ ਜਾਣੋ ਕਿ ਕੀਰਤੀ ਨੇ ਹੀ ਰੂਪ ਭਾਨੀ ਦਾ ਧਾਰਿਆ ਸੀ ।
ਮਾਨਹੁ ਕੀਰਤੀ ਰੂਪ ਕਰਯੋ ਹੈ।
ਸਭ ਸ਼ੁਭ ਗੁਣ ਉਨ੍ਹਾਂ ਵਿਚ ਸਨ । ਸੁਭਾਅ ਦੇ ਅਤਿ ਸੁਸ਼ੀਲ, ਸੰਜਮੀ, ਨਿਮਰਤਾ ਵਾਲੇ, ਸ੍ਰੇਸ਼ਟ ਬੁਧੀ ਦੇ ਮਾਲਕ ਸਨ । ਉਨ੍ਹਾਂ ਨੂੰ 'ਸੁਮਤਿ ਗਹੀਲਾ' ਵੀ ਸਾਡੇ ਇਤਿਹਾਸ ਨੇ ਆਖਿਆ ਹੈ।
ਬੀਬੀ ਭਾਨੀ ਜੀ ਹਮੇਸ਼ਾ ਸਾਦੇ ਬਸਤ੍ਰ ਹੀ ਧਾਰਨ ਕਰਦੇ । ਕਦੇ ਗਹਿਣੇ ਤੱਕ ਨਾ ਪਾਏ ਤੇ ਨਾ ਹੀ ਉਨ੍ਹਾਂ ਦੀ ਖ਼ਾਹਿਸ਼ ਹੀ ਹੁੰਦੀ । ਮੈਕਾਲਿਫ਼ ਨੇ ਇਕ ਵਾਰਤਾ ਵੀ ਲਿਖੀ ਹੈ :
ਇਕ ਸਿੱਖ ਨੇ ਗੁਰੂ-ਪੁਤਰੀ ਜਾਣ ਬੀਬੀ ਭਾਨੀ ਨੂੰ ਰੇਸ਼ਮੀ ਬਸਤ੍ਰ ਤੇ ਗਹਿਣੇ ਇਹ ਕਹਿ ਕੇ ਦੇਣੇ ਚਾਹੇ ਕਿ ਨਵ-ਵਿਆਹੀ ਨੂੰ ਸਾਦੇ ਕਪੜੇ ਸੋਭਦੇ ਨਹੀਂ ਤਾਂ ਉਸ ਸਮੇਂ ਬੀਬੀ ਭਾਨੀ ਨੇ ਮਨ੍ਹਾ ਕਰ ਦਿਤਾ ਅਤੇ ਆਖਿਆ, 'ਧਨ ਦੀ ਠੀਕ ਵਰਤੋਂ ਇਹ ਹੈ ਕਿ ਲੰਗਰ ਵਿਚ ਕਦੇ ਤੋਟ ਨਾ ਆਵੇ । ਹਰ ਆਏ ਗਏ ਦੀ ਲੋੜ ਪੂਰੀ ਹੁੰਦੀ ਰਵੇ । ਉਸ ਸਿਖ ਨੂੰ ਬੀਬੀ ਭਾਨੀ ਨੇ 'ਆਸਾ ਦੀ ਵਾਰ' ਦਾ ਸਲੋਕ ਪੜ੍ਹ ਕੇ ਸੁਣਾਇਆ।
ਕੂੜੁ ਸੁਇਨਾ ਕੂੜੁ ਰੂਪਾ ਕੂੜੁ ਪੈਣਹਾਰ ॥
ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ ॥
-ਆਸਾ ਦੀ ਵਾਰ, ਪੰਨਾ ੪੬੮
ਬੀਬੀ ਭਾਨੀ ਜੀ ਦੀ ਲੰਗਰ ਦੀ ਸੇਵਾ ਵੀ ਜਗਤ-ਪ੍ਰਸਿੱਧ ਹੈ। ਕਦੇ ਨਾ ਕਹਿੰਦੇ ਕਿ ਲੰਗਰ ਥੁੜ੍ਹ ਗਿਆ ਹੈ ਜਾਂ ਕੋਈ ਘਾਟ ਹੈ । ਜਦ ਪ੍ਰਿਥੀ ਚੰਦ ਜੀ ਨੇ ਦੁਬਿਧਾ ਦੀ ਅੱਗ ਤਿੱਖੀ ਕਰ ਦਿਤੀ ਤਾਂ ਵੀ ਅਡੋਲ-ਚਿੱਤ ਰਹੇ । ਮਾਤਾ ਜੀ ਜਦ ਅਸੀਸ ਵੀ ਦਿੰਦੇ ਤਾਂ ਉਮਰ ਵੱਡੀ ਹੋਣ ਦੀ ਜਾਂ ਧੀ ਪੁਤਰਾਂ ਦੀ ਨਹੀਂ ਸਗੋਂ ਨਾਮ ਸਿਮਰਨ, ਸੇਵਾ ਦੀ ਹੀ ਅਸੀਸ ਦੇਂਦੇ ।
ਅੱਜ ਵੀ ਜੇ ਹਰ ਮਾਂ ਆਪਣੇ ਬੱਚੇ ਨੂੰ ਗੋਦੀ ਵਿਚ ਲੈ ਭਾਨੀ ਜਿਹੀ ਅਸੀਸ ਦੇਵੇ ਤਾਂ ਸ਼ਾਇਦ ਹੀ ਕੋਈ ਐਸਾ ਬੱਚਾ ਹੋਵੇ ਜਿਸ ਨੂੰ ਸੇਵਾ ਸਿਮਰਨ
ਦੇ ਅਰਥ ਸਮਝਾਣੇ ਪੈਣ । ਉਹ ਤਾਂ ਉਸ ਨੂੰ ਵਿਰਾਸਤ ਵਿਚ ਹੀ ਮਿਲ ਜਾਣਗੇ । ਗੁੜ੍ਹਤੀ ਹੀ ਸੇਵਾ ਸਿਮਰਨ ਦੀ ਦਿਤੀ ਜਾਵੇ ਤਾਂ ਕਿ ਨੌਜਵਾਨ ਇੰਜ ਭਟਕਦਾ ਨਾ ਫਿਰੇ । ਮਾਂ ਹੀ ਹੁੰਦੀ ਹੈ ਜੋ ਬੱਚੇ ਨੂੰ ਬਣਾ ਸਵਾਰ ਸਕਦੀ ਹੈ । ਬੱਚਾ ਤਾਂ ਮਿੱਟੀ ਦੀ ਮੂਰਤ ਹੁੰਦਾ ਹੈ । ਮਾਂ ਹੀ ਘੁਮਿਆਰ ਹੈ ਜੋ ਚੱਕ ਤੇ ਚੜਾ ਹੌਲੇ ਹੌਲੇ ਚੱਕ ਘੁਮਾਂਦੇ ਬਾਹਰੋਂ ਚੋਟ ਅਤੇ ਅੰਦਰੋਂ ਪੁਚਕਾਰ ਕੇ ਉਸ ਦਾ ਸੁੰਦਰ ਆਚਰਣ ਘੜ ਉਸ ਦੀ ਆਤਮਾ ਵੀ ਸ਼ੁਧ ਕਰ ਸਕਦੀ ਹੈ । ਬੀਬੀ ਭਾਨੀ ਜੀ ਨੇ ਗੁਰੂ ਅਰਜਨ ਨੂੰ ਇਹ ਸਭ ਕੁਝ ਦਿਤਾ, ਜੋ ਇਕ ਮਾਂ ਹੋਣ ਦੇ ਨਾਤੇ ਦੇ ਸਕਦੈ ਸਨ । ਉਨ੍ਹਾਂ ਅਸੀਸ ਕੇਵਲ ਗੁਰੂ ਅਰਜਨ ਜੀ ਨੂੰ ਨਹੀਂ ਸਗੋਂ ਜਗਤ ਦੇ ਹਰ ਬੱਚੇ ਨੂੰ ਚਿਤੀ ਹੈ।
ਬੀਬੀ ਭਾਨੀ ਜੀ ਨੇ ਮਾਂ ਰੂਪ ਵਿਚ ਗੁਰੂ ਅਰਜਨ ਜੀ ਨੂੰ ਜੋ ਅਸੀਸ ਦਿਤੀ ਹੈ ਉਹ ਪੰਜਵੇਂ ਪਾਤਸ਼ਾਹ ਨੇ ਬਖ਼ਸ਼ਸ਼ ਕਰ ਕੇ ਰਾਗ ਗੂਜਰੀ ਵਿਚ ਆਪਣੇ ਸ਼ਬਦਾਂ ਦੁਆਰਾ ਅੰਕਤ ਕਰ ਦਿਤੀ।
ਬੀਬੀ ਭਾਨੀ ਜੀ ਅਸੀਸ ਦੇਂਦੇ ਹੋਏ ਫ਼ਰਮਾਂਦੇ ਹਨ, ਹੇ ਪੁੱਤਰ! ਤੈਨੂੰ ਮਾਂ ਦੀ ਇਹ ਅਸੀਸ ਹੈ ਕਿ ਤੈਨੂੰ ਪਰਮਾਤਮਾ ਅੱਖ ਝਮਕਣ ਜਿਤਨੇ ਸਮੇਂ ਲਈ ਵੀ ਨਾਂਹ ਭੁਲੇ । ਤੂੰ ਸਦਾ ਜਗਤ ਦੇ ਮਾਲਕ ਪ੍ਰਭੂ ਦਾ ਨਾਮ ਜਪਦਾ ਰਹੁ :
ਪੂਤਾ ਮਾਤਾ ਕੀ ਆਸੀਸ।।
ਨਿਮਖ ਨ ਬਿਸਰਉ ਤੁਮ੍ ਕਉ ਹਰਿ ਹਰਿ
ਸਦਾ ਭਜਹੁ ਜਗਦੀਸ ॥੧॥ਰਹਾਉ॥
-ਗੂਜਰੀ ਮ: ੫, ਪੰਨਾ ੪੯੬
ਫਿਰ ਫ਼ਰਮਾਇਆ :
ਸਤਿਗੁਰੁ ਤੁਮ੍ ਕਉ ਹੋਇ ਦਇਆਲਾ ਸੰਤ ਸੰਗਿ ਤੇਰੀ ਪ੍ਰੀਤਿ ॥
ਕਾਪੜੁ ਪਤਿ ਪਰਮੇਸਰੁ ਰਾਖੀ ਭੋਜਨੁ ਕੀਰਤਨੁ ਨੀਤਿ ॥
-ਗੂਜਰੀ ਮ: ੫, ਪੰਨਾ ੪੯੬
ਭਾਵ : ਸਤਿਗੁਰੂ ਤੇਰੇ ਉਤੇ ਦਇਆਵਾਨ ਰਵੇ । ਗੁਰੂ ਨਾਲ ਪਿਆਰ ਹੋਵੇ, ਜਿਵੇਂ ਕੱਪੜਾ ਮਨੁੱਖ ਦਾ ਪੜਦਾ ਢੱਕਦਾ ਹੈ, ਤਿਵੇਂ ਪਰਮਾਤਮਾ ਤੇਰੀ ਇੱਜ਼ਤ ਰੱਖੇ । ਸਦਾ ਪਰਮਾਤਮਾ ਦੀ ਸਿਫ਼ਤ-ਸਲਾਹ ਤੇਰੀ ਨਿੱਤ ਦੀ ਖ਼ੁਰਾਕ ਰਵੇ । ਮਾਤਾ ਭਾਨੀ ਜੀ ਨੇ ਅਸੀਸਾਂ ਦੇ ਭੰਡਾਰ ਬਿਖੇਰਦੇ ਹੋਏ ਕਿਹਾ, 'ਪੁੱਤਰ, ਨਾਮ ਜੋ ਜੀਵਨ ਦਿੰਦਾ ਹੈ, ਉਹ ਸਦਾ ਪੀਂਦੇ ਰਵੋ । ਸਦਾ ਲਈ ਤੁਹਾਡਾ ਉੱਚਾ ਆਤਮਕ ਜੀਵਨ ਬਣਿਆ ਰਵੇ । ਆਤਮਕ ਖ਼ੁਸ਼ੀਆਂ ਕੋਲ ਰਹਿਣ ਨਾਲ ਸਭ ਆਸਾਂ ਪੂਰੀਆਂ
ਰਹਿੰਦੀਆਂ ਹਨ। ਪੁੱਤਰ, ਜਦ ਆਤਮਕ ਅਨੰਦ ਕੋਲ ਹੋਵੇ, ਚਿੰਤਾ ਕਦੇ ਵੀ ਆਪਣਾ ਜ਼ੋਰ ਨਹੀਂ ਪਾ ਸਕਦੀ ।
ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ
ਹਰਿ ਸਿਮਰਤ ਅਨਦ ਅਨੰਤਾ ॥
ਰੰਗ ਤਮਾਸਾ ਪੂਰਨ ਆਸਾ,
ਕਬਹਿ ਨ ਬਿਆਪੈ ਚਿੰਤਾ॥
-ਗੂਜਰੀ ਮ: ੫, ਪੰਨਾ ੪੯੬
ਸੱਚੀ ਗੱਲ ਹੀ ਇਹ ਹੈ ਕਿ ਐਸੀ ਅਸੀਸ ਪਾਸ ਹੁੰਦਿਆਂ ਕੋਈ ਚਿੰਤਾ ਵਿਆਪ ਹੀ ਨਹੀਂ ਸਕਦੀ । ਬੀਬੀ ਭਾਨੀ ਜੀ ਦੀ ਇਹ ਦੇਣ ਅਸੀਂ ਕਦੀ ਨਹੀਂ ਭੁੱਲ ਸਕਦੇ ।
ਇਸ ਦਿੱਤੀ ਹੋਈ ਅਸੀਸ ਨੂੰ ਪੜ੍ਹ ਕੇ ਇਹ ਵੀ ਸਪੱਸ਼ਟ ਹੋ ਜਾਂਦਾ ਹੈ। ਕਿ ਗੁਰੂ ਅਰਜਨ ਜੀ ਦਾ ਜੀਵਨ ਕਿਵੇਂ ਸਵਾਰਿਆ-ਢਾਲਿਆ ਜਾ ਰਿਹਾ ਸੀ । ਉਹ ਨਾਮ ਦੀ ਮੂਰਤ, ਰਜ਼ਾ ਦੀ ਮੂਰਤ, ਕੀਰਤਨ ਦੇ ਭੰਡਾਰ, ਬਾਣੀ ਦੇ ਬੋਹਿਥ, ਸਦਾ ਆਤਮਕ ਅਨੰਦ ਤੇ ਉਸ ਖੇੜੇ ਵਿਚ ਰਹੇ, ਜਿਸ ਨੂੰ ਅਬਿਨਾਸੀ ਖੇਮ ਕਿਹਾ ਜਾਂਦਾ ਹੈ।
ਰਸਕਨ ਨੂੰ ਕਿਸੇ ਨੇ ਪੁੱਛਿਆ ਸੀ ਕਿ ਤੇਰੀ ਰਗ-ਰਗ ਵਿਚ ਇਹ ਬਾਈਬਲ ਕਿਵੇਂ ਸਮਾ ਗਈ ਤਾਂ ਉਸ ਨੇ ਆਖਿਆ ਸੀ ਕਿ ਮੇਰੀ ਮਾਂ ਨੇ ਸੋਟੀਆਂ ਮਾਰ-ਮਾਰ ਬਾਈਬਲ ਮੇਰੀ ਖੱਲੜੀ ਵਿਚ ਪਾਈ ਹੈ [My mother canned Bible into my skin]। ਇਥੇ ਸੋਟੀਆਂ ਮਾਰਨ ਦੀ ਲੋੜ ਨਹੀਂ, ਸਿਰਫ਼ ਥਾਪੜਦੇ-ਥਾਪੜਦੇ 'ਸਦਾ 'ਭਜਹੁ ਜਗਦੀਸ' ਕਹਿਣ ਦੀ ਲੋੜ ਹੈ। ਚਮਤਕਾਰ ਆਪੇ ਹੋ ਜਾਵੇਗਾ।
ਰਸਕਨ ਹੀ ਕਿਉਂ, ਜੇ ਅਸੀਂ ਕਿਸੇ ਵੀ ਮਹਾਨ ਬਣੇ ਬੰਦੇ ਨੂੰ ਪੁੱਛੀਏ ਕਿ ਉਸ ਨੂੰ ਸਵਾਰਨ ਵਾਲਾ ਕੌਣ ਹੈ ਤਾਂ ਉਸ ਦਾ ਉੱਤਰ ਹੋਵੇਗਾ, 'ਮੇਰੀ ਮਾਂ ਹੈ, ਜਿਸ ਨੇ ਮੈਨੂੰ ਇਸ ਰੂਪ ਵਿਚ ਬਣਾਇਆ। ਕਿਤਨੇ ਹੀ ਉਦਾਹਰਣ ਮਿਲ ਸਕਦੇ ਹਨ । ਹਿਟਲਰ ਵਰਗਾ ਵੀ ਆਪਣੀ ਮਾਂ ਨੂੰ ਹੀ ਸ਼ਰਧਾ ਦੇ ਫੁੱਲ ਚੜ੍ਹਾਉਂਦਾ ਰਹਿਆ । ਉਸ ਨੇ ਆਪਣੇ ਕਮਰੇ ਵਿਚ ਦੋ ਤਸਵੀਰਾਂ ਲਗਾਈਆਂ ਹੋਈਆਂ ਸਨ, ਇਕ ਮਾਂ ਦੀ ਤੇ ਦੂਸਰੀ ਡਰਾਈਵਰ ਦੀ । ਇਸ ਤਰ੍ਹਾਂ ਹੋਰ ਵੀ ਹਨ, ਜਿਨ੍ਹਾਂ ਦੀ ਕਾਮਯਾਬੀ ਪਿਛੇ ਉਨ੍ਹਾਂ ਦੀ ਮਾਂ ਦਾ ਹੱਥ ਹੈ।
ਗੁਰੂ ਅਰਜਨ ਦੇਵ ਜੀ ਨੇ ਜਿਵੇਂ ਭਾਣੇ ਵਿਚ ਰਹਿ ਕੇ ਦਿੱਤੇ ਤਸੀਹਿਆਂ ਨੂੰ ਮਿੱਠਾ ਕਰ ਮੰਨਿਆ, ਉਸ ਦੀ ਦਾਸਤਾਨ ਆਪਣੇ ਆਪ ਵਿਚ ਵੱਖ ਸੁਣਾਉਣ ਵਾਲੀ ਹੈ । ਸੋ ਮੇਰਾ ਤਾਂ ਚਿੱਤ ਹੈ ਕਿ ਬੀਬੀ ਭਾਨੀ ਜੀ ਦੀ ਗੁਰੂ ਅਰਜਨ ਜੀ ਨੂੰ ਦਿੱਤੀ ਅਸੀਸ ਦੇ ਸ਼ਬਦ ਹਰ ਘਰ ਲਟਕੇ ਹੋਣੇ ਚਾਹੀਦੇ ਹਨ ਤੇ ਹਰ ਮਾਂ ਨੂੰ ਲੋਰੀ ਦੀ ਥਾਂ ਆਪਣੇ ਬੱਚੇ ਨੂੰ ਮਧੁਰ ਆਵਾਜ਼ ਵਿਚ ਸੁਣਾਉਣੇ ਚਾਹੀਦੇ ਹਨ ਤਾਂ ਕਿ ਉਸ ਦੀ ਬੇੜੀ ਸੰਸਾਰ-ਸਮੁੰਦਰ ਵਿਚ ਰੁਲ ਹਿਚਕੋਲੇ ਨਾ ਖਾਵੇ ਤੇ ਟਿਕਾਣੇ ਨੂੰ ਜਾ ਲੱਗੇ । ਗੁਰੂ ਰਾਮਦਾਸ ਜੀ ਦੇ ਜੋਤੀ ਜੋਤਿ ਸਮਾਉਣ ਪਿਛੋਂ ਬੀਬੀ ਭਾਨੀ ਜੀ ਤਰਨ ਤਾਰਨ ਵਿਚ ਟਿਕ ਕੋੜੀਆਂ ਦੀ ਸੇਵਾ ਕਰਦੇ 9 ਅਪ੍ਰੈਲ ਸੰਨ 1598 ਨੂੰ ਅਕਾਲ ਚਲਾਣਾ ਕਰ ਗਏ । ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦੀ ਯਾਦ ਵਿਚ ਇਕ ਖੂਹ ਲਗਵਾਇਆ ਜੋ ਬੀਬੀ ਭਾਨੀ ਦਾ ਖੂਹ ਕਰਕੇ ਜਾਣਿਆ ਜਾਂਦਾ ਹੈ । ਉਹ ਸਾਰੀ ਉਮਰ ਅੰਮ੍ਰਿਤ ਵੰਡਦੇ ਰਹੇ ਤੇ ਅਕਾਲ ਚਲਾਣੇ ਪਿਛੋਂ ਵੀ ਉਨ੍ਹਾਂ ਦੀ ਯਾਦ ਵਿਚ ਲਗਾਇਆ ਖੂਹ ਪਿਆਸਿਆਂ ਦੀ ਪਿਆਸ ਬੁਝਾ ਰਿਹਾ ਹੈ ।
ਬੀਬੀ ਰਾਮੋ ਜੀ
ਜੇ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਰਾਮੋ ਜੀ ਤੇ ਗੁਰੂ ਹਰਿਗੋਬਿੰਦ ਜੀ ਦਾ ਰਿਸ਼ਤਾ ਜੀਜਾ-ਸਾਲੀ ਦਾ ਰਿਸ਼ਤਾ ਸੀ । ਚਾਹੇ ਇਹ ਰਿਸ਼ਤਾ ਬਹੁਤ ਹੀ ਨਾਜ਼ਕ ਹੈ। ਰਾਮੋ ਜੀ ਨੇ ਕਦੀ ਵੀ ਜੀਜੇ ਨਾਲ ਸਾਲੀ ਵਾਲਾ ਮਜ਼ਾਕ ਨਹੀਂ ਕੀਤਾ । ਹੋਰ ਸਾਲੀਆਂ ਵਾਂਗ ਜੁੱਤੀਆਂ ਛੁਪਾ ਕੇ ਕੋਈ ਮੰਗ ਨਹੀਂ ਕੀਤੀ, ਸਗੋਂ ਆਪਣੇ ਆਪ ਨੂੰ ਭਾਗਾਂ ਵਾਲਾ ਜਾਣ ਕੇ ਉਨ੍ਹਾਂ ਦੇ ਪੈਰੀਂ ਪੈ ਗਈ।
ਰਾਮੋ ਜੀ ਵਾਸਤੇ ਤਾਂ ਗੁਰੂ ਘਰ ਨਾਲ ਸੰਬੰਧ ਜੁੜਨਾ ਹੀ ਉਨ੍ਹਾਂ ਨੂੰ ਇਕ ਐਸੇ ਰਸ ਵਿਚ ਪਾਉਣਾ ਸੀ, ਜਿਸ ਦਾ ਵਰਣਨ ਕਰਨਾ ਕਠਨ ਹੈ।
ਰਾਮੋ ਜੀ ਦਮੋਦਰੀ ਜੀ ਦੀ ਛੋਟੀ ਭੈਣ ਸੀ । ਦਮੋਦਰੀ ਜੀ ਦਾ ਰਿਸ਼ਤਾ ਗੁਰੂ ਹਰਿਗੋਬਿੰਦ ਜੀ ਨਾਲ ਜਿਵੇਂ ਹੋਇਆ, ਉਸ ਬਾਰੇ ਸਾਡੇ ਇਤਿਹਾਸ ਵਿਚ ਲਿਖਿਆ ਹੈ।
ਦਿੱਲੀ ਦੀ ਸੰਗਤ ਨੇ ਜਦ ਗੁਰੂ ਅਰਜਨ ਜੀ ਨੂੰ ਲਿਖਿਆ:
ਕਿ ਚੰਦੂ ਦੁਸ਼ਟ ਗਰਬੀਲੇ ।
ਦੁਰ ਬਚਨਨ ਸਿਉ ਹਮ ਉਰ ਛੀਲੇ।
ਆਪ ਚੁਬਾਰਾ ਬਣਿਓ ਪਾਪੀ ।
ਗੁਰ ਕਾ ਘਰ ਇਨ ਮੋਰੀ ਥਾਪੀ।
ਅਤੇ :
ਨਿੰਦਾ ਯਾ ਬਿਧਿ ਇਨ ਗੁਰ ਗਾਦੀ।
ਕਰੀ ਨ ਚਾਹੀਏ ਇਨ ਸਿਉ ਸ਼ਾਦੀ।
ਤਾਂ ਗੁਰੂ ਜੀ ਨੇ ਚੰਦੂ ਦਾ ਭੇਜਿਆ ਰਿਸ਼ਤਾ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਫ਼ਰਮਾਇਆ, 'ਮੈਨੂੰ ਤਾਂ ਕਿਸੇ ਨਿਰ-ਹੰਕਾਰੀ ਦੀ ਲੜਕੀ ਲੋੜੀਂਦੀ ਹੈ । ਤਾਂ ਸੰਗਤ ਵਿਚ ਬੈਠੇ ਹੀ ਭਾਈ ਨਾਰਾਇਣ ਦਾਸ ਜੀ ਨੇ ਆਪਣੀ ਛੋਟੀ ਪੁੱਤਰੀ ਦਮੋਦਰੀ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸੇਵਾ ਲਈ ਅਰਪਣ ਕੀਤਾ ।
ਨਾਰਾਇਣ ਦਾਸ ਜੀ ਭਾਈ ਪਾਰੋ ਦੀ ਕੁਲ ਵਿਚੋਂ ਸਨ, ਜਿਨ੍ਹਾਂ ਨੂੰ ਗੁਰੂ ਅਮਰਦਾਸ ਜੀ ਨੇ ਵਰ ਵੀ ਦਿੱਤਾ ਸੀ ਕਿ ਗੁਰੂ ਘਰ ਨਾਲ ਉਨ੍ਹਾਂ ਦੀ ਕੁਲ ਦਾ ਨਾਤਾ ਹੋਵੇਗਾ । ਸ਼ਾਇਦ ਉਸ ਵਾਕ ਦੀ ਸਫ਼ਲਤਾ ਦਾ ਸਮਾਂ ਹੀ ਆ ਗਿਆ ਸੀ।
ਜਦ ਭਾਈ ਨਾਰਾਇਣ ਦਾਸ ਜੀ ਨੇ ਰਾਮੋ ਜੀ ਤੇ ਉਸ ਦੇ ਪਤੀ ਸਾਈਂ ਦਾਸ ਜੀ ਨਾਲ ਗੱਲ ਕੀਤੀ ਤਾਂ ਦੋਵਾਂ ਜੀਆਂ, ਜੋ ਗੁਰੂ ਘਰ ਵਿਚ ਅਥਾਹ ਸ਼ਰਧਾ ਰੱਖਦੇ ਸਨ, ਨੇ ਸੁਣ ਕੇ ਬਹੁਤ ਖ਼ੁਸ਼ੀ ਮਨਾਈ ਤੇ ਕਿਹਾ, 'ਪਿਤਾ ਜੀ! ਦੇਰ ਨਾ ਕਰੋ। ਇਹ ਬਹੁਤ ਸ਼ੁਭ ਸੰਕਲਪ ਹੈ ।
ਕੁੜਮਾਈ ਦੀ ਮਰਿਆਦਾ ਵੀ ਅੰਮ੍ਰਿਤਸਰ ਹੋ ਗਈ ਅਤੇ ਨਾਰਾਇਣ ਦਾਸ ਜੀ ਨੇ ਸ੍ਰੀ ਗੁਰੂ ਹਰਿਗੋਬਿੰਦ ਜੀ ਨੂੰ ਸਗਾਈ ਦਾ ਤਿਲਕ ਵੀ ਦੇ ਦਿਤਾ। ਇਸ ਪਵਿੱਤਰ ਸੰਜੋਗ ਤੋਂ ਸਭ ਨੂੰ ਸੁੱਖ ਹੋਇਆ ਪਰ ਬੀਬੀ ਰਾਮੋ ਜੀ, ਜਿਨ੍ਹਾਂ ਦੇ ਹਿਰਦੇ ਵਿਚ ਗੁਰੂ ਘਰ ਨਾਲ ਪ੍ਰੇਮ ਸੀ, ਉਹ ਆਪਣਾ ਜੀਵਨ ਸਫ਼ਲ ਹੁੰਦੇ ਦੇਖ ਰਹੇ ਸਨ । ਸ਼ਰਧਾ ਤੇ ਪਿਆਰ ਨਾਲ ਗੁਰੂ ਦੇ ਹੋ ਰਹੇ ਸਨ ।
ਰਾਮੋ ਜੀ ਨਾਰਾਇਣ ਦਾਸ ਦੀ ਵੱਡੀ ਸਪੁੱਤਰੀ ਸੀ । ਨਾਰਾਇਣ ਦਾਸ ਗੁਰੂ ਦਾ ਸਿੱਖ ਸੀ । ਉਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਉਤੇ ਬੜੀ ਸ਼ਰਧਾ ਸੀ । ਨਾਰਾਇਣ ਦਾਸ ਦੀ ਦੂਜੀ ਪੁੱਤਰੀ ਦਮੋਦਰੀ ਸੀ । ਦੋਵੇਂ ਹੀ ਬੱਚੀਆਂ ਸੁਭਾਅ ਦੀਆਂ ਸ਼ੀਲਵੰਤੀਆਂ ਅਤੇ ਭਗਤੀ-ਭਾਵ ਨਾਲ ਭਰੀਆਂ ਹੋਈਆਂ ਸਨ। ਬਿਆਸਾ ਤੋਂ ਪਾਰ ਸੁਲਤਾਨਪੁਰ ਲਾਗੇ ਡਲੇ ਤੋਂ ਸਤਲੁਜ ਪਾਰ ਪੰਝੀ-ਤੀਹ ਮੀਲ ਦੂਰ ਡਰੋਲੀ ਨਾਮੇ ਪਿੰਡ ਇਕ ਭਲਾ ਪਰਵਾਰ ਵੱਸਦਾ ਸੀ । ਭਾਈ ਨਾਰਾਇਣ ਦਾਸ ਨੇ ਆਪਣੀ ਵੱਡੀ ਪੁੱਤਰੀ ਰਾਮੇ ਦਾ ਵਿਆਹ ਡਰੋਲੀ ਦੇ ਇਸ ਕੁਲ ਦੇ ਹੋਣਹਾਰ ਸਾਈਂ ਦਾਸ ਜੀ ਨਾਲ ਕੀਤਾ। ਨਾਰਾਇਣ ਦਾਸ ਘਰ ਪੁੱਤਰ ਨਹੀਂ ਸੀ । ਸਾਈਂ ਦਾਸ ਦਾ ਨੇਕ ਤੇ ਮਿਲਾਪੜਾ ਸੁਭਾਅ ਵੇਖ ਕੇ ਨਾਰਾਇਣ ਦਾਸ ਨੇ ਉਸ ਨੂੰ ਆਪਣੇ ਘਰ ਡਲੇ ਹੀ ਰੱਖ ਲਿਆ। ਡਲੇ ਵਿਚ ਗੁਰਸਿੱਖੀ ਦੀ ਬਹੁਤ ਚਰਚਾ ਸੀ । ਸਤਿਸੰਗ ਆਦਿ ਬਹੁਤ ਹੁੰਦਾ ਸੀ। ਕਈ ਮੰਜੀਆਂ ਵੀ ਗੁਰੂ ਸਾਹਿਬ ਵਲੋਂ ਗੁਰਸਿੱਖਾਂ ਨੂੰ ਇਥੇ ਸੌਂਪੀਆਂ ਹੋਈਆਂ ਸਨ । ਸਿੱਖੀ ਦਾ ਕਾਫ਼ੀ ਪ੍ਰਚਾਰ ਸੀ । ਇਸੇ ਪ੍ਰਭਾਵ ਸਦਕਾ ਬੀਬੀ ਰਾਮੋ ਤੇ ਸਾਈਂ ਦਾਸ ਗੁਰੂ ਘਰ ਵਲ ਖਿੱਚੇ ਚਲੇ ਗਏ । ਸਾਰਾ ਪਰਵਾਰ ਹੀ ਗੁਰੂ ਘਰ ਦਾ ਭਗਤ ਅਤੇ ਸੇਵਕ ਸੀ । ਜਦ ਸਾਈਂ ਦਾਸ ਗੁਰੂ ਹਰਿਗੋਬਿੰਦ ਜੀ ਦੇ ਸਾਂਢੂ ਬਣ ਗਏ, ਆਪ ਜੀ ਦੀ ਸ਼ਰਧਾ ਹੋਰ ਵੀ ਵੱਧ ਗਈ । ਸਾਲੀ ਹੋਣ ਦੇ ਨਾਤੇ ਰਾਮੋ ਜੀ ਗੁਰੂ ਜੀ ਦਾ ਸਿਰਫ਼
ਸਤਿਕਾਰ ਨਹੀਂ ਸੀ ਕਰਦੀ, ਸਗੋਂ ਰਿਸ਼ਤਾ ਹੋਣ ਤੋਂ ਪਹਿਲਾਂ ਵੀ ਆਪ ਗੁਰੂ ਘਰ ਨਾਲ ਪਿਆਰ ਕਰਦੇ ਸਨ । ਗੁਰੂ ਹਰਿਗੋਬਿੰਦ ਜੀ ਵੀ ਜਦ ਇਧਰ ਆਉਂਦੇ, ਸਾਈਂ ਦਾਸ ਜੀ ਤੇ ਰਾਮੋ ਜੀ ਘਰ ਜ਼ਰੂਰ ਆਉਂਦੇ । ਚਿਰ-ਕਾਲ ਤਕ ਉਥੇ ਰਹਿੰਦੇ । ਰਾਮੋ ਜੀ ਵੀ ਪ੍ਰੇਮ ਨਾਲ ਠਹਿਰਾਉਂਦੇ। ਦੋਵਾਂ ਜੀਆਂ ਸਿੱਖੀ ਧਾਰਨ ਗੁਰੂ ਅਰਜਨ ਦੇਵ ਜੀ ਕੋਲੋਂ ਹੀ ਕੀਤੀ ਸੀ । ਗੁਰੂ ਜੀ ਨੇ ਵੀ ਇਥੇ ਇਕ ਖੂਹ ਖੁਦਵਾਇਆ ।
ਬੀਬੀ ਰਾਮੋ ਜੀ ਸਿੱਖ ਦੀ ਧੀ ਸੀ ਅਤੇ ਸਿੱਖ ਘਰ ਹੀ ਵਿਆਹੀ ਗਈ । ਹੁਣ ਭੈਣ ਦਾ ਸਾਕ ਵੀ ਉਸ ਘਰ ਹੋਇਆ, ਜੋ ਸਿੱਖੀ ਦਾ ਸੋਮਾ ਸੀ। ਉਨ੍ਹਾਂ ਦਾ ਜੀਵਨ ਰਸ ਨਾਲ ਭਰਿਆ ਗਿਆ । ਉਸ ਘਰ ਨਾਲ ਰਿਸ਼ਤਾ ਜੁੜਦੇ ਸਾਰ ਉਹ ਕੇਵਲ ਉਸੇ ਹੀ ਰਸ ਨੂੰ ਮਾਣਨ ਲੱਗੀ, ਹੋਰ ਸਾਰੇ ਰਸ ਫਿੱਕੇ ਪੈ ਗਏ ।
ਕੁੜਮਾਈ ਦਾ ਕਾਰਜ ਹੋ ਗਿਆ । ਰਾਤ ਅਨੰਦ ਵਿਚ ਬੀਤੀ । ਅੰਮ੍ਰਿਤ ਵੇਲੇ ਜਦ ਦੀਵਾਨ ਲੱਗਾ, ਭੋਗ ਪੈ ਜਾਣ ਤੋਂ ਬਾਅਦ ਨਾਰਾਇਣ ਦਾਸ ਜੀ ਨੇ ਬੇਨਤੀ ਕੀਤੀ, 'ਵਿਵਾਹ ਦਾ ਕਾਰਜ ਵੀ ਜਲਦੀ ਹੋ ਜਾਵੇ । ਗੁਰੂ ਜੀ ਨੇ ਹੱਸ ਕੇ ਕਿਹਾ, 'ਨਾਰਾਇਣ ਦਾਸ! ਦੋ ਮਹੀਨੇ ਬੀਤ ਲੈਣ ਦਿਓ, ਮਾਘ ਵਿਚ ਅਸੀਂ ਡਲੇ ਆਵਾਂਗੇ ਤੇ ਵਿਆਹ-ਰੀਤੀ ਕਰਾਂਗੇ । ਤੁਸੀਂ ਹੁਣ ਆਪਣੇ ਘਰ ਜਾਵੇ ਤੇ ਜਾ ਕੇ ਤਿਆਰੀ ਕਰੋ ।' ਨਾਰਾਇਣ ਦਾਸ ਨਾਲ ਸਭ ਵਾਪਸ ਆ ਗਏ ।
ਚਾਰੇ ਪਾਸੇ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ ਤਾਂ ਰਾਮੋ ਜੀ ਦਾ ਉਤਸ਼ਾਹ ਤਾਂ ਵੇਖਣ ਵਾਲਾ ਸੀ । ਮਾਂ ਨਾਲ ਦਾਜ ਦੀ ਤਿਆਰੀ ਵਿਚ ਆਪ ਅੱਗੇ ਹੋ ਹੱਥ ਵਟਾਉਂਦੀ। ਰਾਮੋ ਜੀ ਇਸ ਕਾਰਨ ਨਹੀਂ ਸਨ ਵਿਆਹ ਦੀਆਂ ਤਿਆਰੀਆਂ ਵਿਚ ਵੱਧ ਤੋਂ ਵੱਧ ਹਿੱਸਾ ਪਾ ਰਹੇ ਕਿ ਉਨ੍ਹਾਂ ਦੀ ਛੋਟੀ ਭੈਣ ਦਾ ਵਿਆਹ ਸੀ, ਸਗੋਂ ਇਸ ਕਾਰਨ ਵਧੀਕ ਹੁਲਾਸ ਦਿਖਾ ਰਹੇ ਸਨ ਕਿ ਉਨ੍ਹਾਂ ਦੀ ਭੈਣ ਨੇ ਗੁਰੂ ਘਰ ਜਾਣਾ ਸੀ । ਜੋ ਕੁਝ ਭੈਣ ਨੂੰ ਦੇਣਾ ਸੀ, ਉਹ ਗੁਰੂ-ਗ੍ਰਹਿ ਪ੍ਰਵਾਨ ਹੋਵੇਗਾ।
ਰਾਮੋ ਜੀ ਅੱਗੇ ਤਾਂ ਪਿਆਰੇ ਜੀਜਾ ਦੀ ਤਸਵੀਰ ਹੀ ਰਹਿੰਦੀ । ਉਨ੍ਹਾਂ ਨੂੰ ਦੇਖ ਕੇ ਹੀ ਉਹ ਹਰ ਚੀਜ਼ ਪਸੰਦ ਤੇ ਨਾ-ਪਸੰਦ ਕਰਦੀ । ਉਨ੍ਹਾਂ ਵਾਸਤੇ ਕਲੀਆਂ ਵਾਲਾ ਜਾਮਾ ਸੀਤਾ । ਸਾਈਂ ਦਾਸ ਜੀ ਦਾ ਵੀ ਇਹੀ ਹਾਲ ਸੀ, ਉਹ ਹਰ ਸ਼ੈਅ ਅਤਿ ਪਿਆਰ ਨਾਲ ਲਿਆਉਂਦੇ । ਰਾਮੋ ਜੀ ਸਾਰੀ ਤਿਆਰੀ
ਮੋਹ ਵਿਚ ਨਹੀਂ, ਪ੍ਰੇਮ ਵਿਚ ਕਰ ਰਹੇ ਸਨ।
ਦੋ ਮਹੀਨੇ ਵਿਆਹ ਦੀਆਂ ਤਿਆਰੀਆਂ ਹੁੰਦੀਆਂ ਰਹੀਆਂ । ਜਿਸ ਰੰਗ ਵਿਚ ਰਾਮੋ ਜੀ ਦਾ ਪਰਵਾਰ ਡੁੱਬਿਆ ਹੋਇਆ ਸੀ, ਉਸ ਦਾ ਰਸ ਕੇਵਲ ਉਹੀ ਪਰਵਾਰ ਦੱਸ ਸਕਦਾ ਸੀ । ਸਾਰਾ ਪਿੰਡ ਹੀ ਪ੍ਰੇਮੀ ਸਿੱਖਾਂ ਨਾਲ ਭਰਿਆ ਹੋਇਆ ਸੀ । ਸਾਰੇ ਪ੍ਰੇਮ ਨਾਲ ਸਹਾਇਤਾ ਕਰਦੇ । ਸਭ ਸਮਝਦੇ ਸਨ, ਸਾਡੇ ਪਿੰਡ ਦੀ ਮਹਾਨ ਵਡਿਆਈ ਹੋਈ ਹੈ ਕਿ ਸ੍ਰੀ ਗੁਰੂ ਜੀ ਨੇ ਇਸ ਥਾਂ ਦੀ ਧੀ ਆਪਣੇ ਘਰ ਲਈ ਕਬੂਲੀ ਹੈ । ਸਾਰੇ ਪਿੰਡ ਦੀਆਂ ਤੀਵੀਆਂ ਵੱਧ ਤੋਂ ਵੱਧ ਚੋਲੀਆਂ, ਬਾਗ, ਫੁਲਕਾਰੀਆਂ ਤੇ ਚੋਪ ਕੱਢ-ਕੱਢ ਕੇ ਲਿਆਂਦੀਆਂ ਤੇ ਰਾਮੋ ਜੀ ਦੀ ਮਾਂ ਨੂੰ ਦਿੰਦੀਆਂ ਹੋਈਆਂ ਆਖਦੀਆਂ, 'ਪ੍ਰੇਮ ਦੇਈਏ ! ਜੇ ਇਹ ਲੀਰਾਂ ਆਪਣੀ ਸਪੁੱਤਰੀ ਦੇ ਦਾਜ ਲਈ ਕਬੂਲ ਲਵੇਂ ਤਾਂ ਸਾਡੇ ਭੀ ਧੰਨ ਭਾਗ ਹੋ ਜਾਣ । ਇਸ ਵਸੀਲੇ ਹੀ ਸਹੀ, ਜੋ ਇਹ ਨਿਕਾਰੀ ਸ਼ੈਅ ਸਤਿਗੁਰਾਂ ਦੇ ਦਰਬਾਰ ਅੱਪੜ ਪਏ ਅਤੇ ਗੰਗਾ ਜੀ ਵਰਗੀ ਧਰਮ-ਮੂਰਤ ਦੇ ਪਿਆਰੇ ਹੱਥ ਇਨ੍ਹਾਂ ਨੂੰ ਇਕ ਵੇਰ ਛੋਹ ਹੀ ਲੈਣ ।'
ਪ੍ਰੇਮ ਦਈ ਕਿਸੇ ਨੂੰ ਨਾਂਹ ਨਹੀਂ ਸੀ ਕਰਦੀ । ਸਭ ਵਸਤੂਆਂ ਸਿਰ-ਅੱਖਾਂ 'ਤੇ ਧਰ ਕੇ ਕਬੂਲਦੀ ਤੇ ਕਹਿੰਦੀ, 'ਮੇਰੇ ਧੰਨ ਭਾਗ, ਜਿਸ ਦੇ ਘਰ ਕੁਲ-ਤਾਰੂ ਪੁੱਤਰੀ ਆਈ ਹੈ।'
ਦੋ ਮਹੀਨੇ ਬੀਤਦਿਆਂ ਢਿੱਲ ਹੀ ਨਾ ਲੱਗੀ। ਗੁਰੂ ਜੀ ਸੰਗਤ ਤੇ ਸੰਬੰਧੀ ਨਾਲ ਲੈ ਡਲੇ ਪਹੁੰਚੇ । ਉਥੇ ਡਲੇ ਦੀ ਸੰਗਤ ਦੇ ਬੇਨਤੀ ਕਰਨ 'ਤੇ ਕਾਫ਼ੀ ਚਿਰ ਰਹੇ ਅਤੇ ਬਾਉਲੀ ਦੀ ਸਥਾਪਨਾ ਆਪਣੇ ਹੱਥੀਂ ਟੱਕ ਲਗਾ ਕੇ ਕੀਤੀ। ਸਿੱਖਾਂ ਨੇ ਸ਼ਰਧਾ ਨਾਲ ਸੇਵਾ ਕੀਤੀ।
ਭਾਈ ਸਾਲ੍ਹੋ ਜੀ ਉਸ ਵਕਤ ਤਕ ਉਥੇ ਹੀ ਰਹੇ, ਜਦੋਂ ਤਕ ਖੂਹ ਦਾ ਕਾਰਜ ਮੁਕੰਮਲ ਨਹੀਂ ਹੋਇਆ।
ਵਿਆਹ ਦਾ ਕਾਰਜ ਪੂਰਾ ਹੋ ਗਿਆ । ਰਾਮੋ ਜੀ ਤਾਂ ਸਾਰਾ ਕਾਰਜ ਦੇਖ ਨਿਹਾਲ ਹੋ ਰਹੀ ਸੀ । ਪਿੰਡ ਦੀਆਂ ਸਾਰੀਆਂ ਕੁੜੀਆਂ ਧੀਆਂ ਹੋਣ ਦੇ ਨਾਤੇ ਗੁਰੂ ਹਰਿਗੋਬਿੰਦ ਜੀ ਦੀਆਂ ਸਾਲੀਆਂ ਲੱਗੀਆਂ । ਸਾਲੀ ਜੀਜੇ ਦਾ ਮਜ਼ਾਕ ਤਾਂ ਚੱਲਦਾ ਰਹਿੰਦਾ ਸੀ । ਜੀਜਾ ਸਾਲੀ ਤਰ੍ਹਾਂ ਤਰ੍ਹਾਂ ਦੇ ਵਿਅੰਗ ਬੋਲ ਇਕ-ਦੂਜੇ ਨਾਲ ਮਜ਼ਾਕ ਕੀਤਾ ਕਰਦੇ ਸਨ । ਰਾਮੋ ਜੀ ਨੂੰ ਵੀ ਜਦ ਕੁੜੀਆਂ ਨੇ ਛੰਦ ਬੋਲ ਕੇ ਗੱਲ ਕਰਨ ਲਈ ਕਿਹਾ ਤਾਂ ਰਾਮੇ ਜੀ ਪ੍ਰੇਮ ਵਿਚ ਭਿੱਜੀ ਹੋਈ ਸੀ।
ਉਸ ਕੋਲੋਂ ਪ੍ਰੇਮ ਰੋਕਿਆ ਨਾ ਗਿਆ। ਉਸ ਕਿਹਾ:
ਪੰਕਜ ਫਾਥੇ ਪੰਕ ਮਹਾ ਮਦ ਗੁੰਫਿਆ ।।
ਅੰਗ ਸੰਗ ਉਰਝਾਇ ਬਿਸਰਤੇ ਸੁੰਫਿਆ ॥
ਹੈ ਕੋਊ ਐਸਾ ਮੀਤੁ ਜਿ ਤੋਰੈ ਬਿਖਮ ਗਾਂਠਿ ॥
-ਫੁਨਹੇ ਮ: ੫, ਪੰਨਾ ੧੩੬੨
ਗੁਰੂ ਹਰਿਗੋਬਿੰਦ ਜੀ ਵੀ ਅੱਗੋਂ ਪ੍ਰੇਮ ਨਾਲ ਬੋਲੇ :
ਨਾਨਕ ਇਕ ਸ੍ਰੀ ਧਰ ਨਾਥੁ, ਜਿ ਟੂਟੇ ਲੇਇ ਸਾਂਠਿ॥
-ਫੁਨਹੇ ਮ: ੫, ਪੰਨਾ ੧੩੬੩
ਇਸ ਤਰ੍ਹਾਂ ਕਾਫ਼ੀ ਦੇਰ ਵਾਰਤਾਲਾਪ ਹੁੰਦਾ ਰਿਹਾ । ਸਾਰੀ ਸੰਗਤ 'ਤੇ ਬੜਾ ਪ੍ਰੇਮ-ਭਾਵ ਛਾਇਆ ਰਿਹਾ । ਗੁਰੂ ਅਰਜਨ ਦੇਵ ਜੀ ਨੇ ਜਦ ਦੇਖਿਆ ਤੇ ਕਿਹਾ:
ਹਰਿ ਗੋਬਿੰਦ ਸੂਰਾ ਗੁਰੂ,
ਸਾਈਂ ਦਾਸ ਰਾਮੋ ਪੂਰੇ ਸਿੱਖ
ਡਲੇ ਦੀ ਸਿੱਖੀ ਧੰਨ ।
ਤਿੰਨ ਦਿਨ ਗੁਰੂ ਜੀ ਉਥੇ ਹੀ ਰਹੇ । ਨਾਰਾਇਣ ਦਾਸ ਨੇ ਬੜੀ ਸੇਵਾ ਕੀਤੀ । ਰਾਮੋ ਜੀ ਦੀ ਖ਼ੁਸ਼ੀ ਬਰਦਾਸ਼ਤੋਂ ਬਾਹਰ ਹੋਈ ਜਾਪਦੀ ਸੀ । ਬਰਾਤ ਵਾਪਸ ਜਾਣ ਲੱਗੀ ਤਾਂ ਗੁਰੂ ਜੀ ਨੇ ਕਿਹਾ, 'ਨਾਰਾਇਣ ਦਾਸ। ਤੇਰਾ ਨਿੱਜ ਸਰੂਪ ਵਿਚ ਵਾਸਾ।'
ਰਾਮੋ ਜੀ ਤੇ ਸਾਈਂ ਦਾਸ ਵੀ ਹੱਥ ਜੋੜੀ ਖੜੇ ਸਨ । ਉਨ੍ਹਾਂ ਇਹ ਸ਼ਬਦ ਉਚਾਰੇ :
ਹਮ ਪਾਥਰ, ਗੁਰੂ ਨਾਵ ਬਿਖੁ ਭਵਜਲੁ ਤਾਰੀਐ ਰਾਮ ॥
-ਤੁਖਾਰੀ ਛੰਤ ਮ: ੪, ਪੰਨਾ ੧੧੧੪
ਇਸ ਤਰ੍ਹਾਂ ਸਾਰੀ ਸੰਗਤ ਨੂੰ ਧੀਰਜ ਦਾ ਉਪਦੇਸ਼ ਦੇ ਗੁਰੂ ਅਰਜਨ ਜੀ ਅੰਮ੍ਰਿਤਸਰ ਆ ਗਏ।
ਗੁਰੂ ਹਰਿਗੋਬਿੰਦ ਜੀ ਜਦ ਗੱਦੀ 'ਤੇ ਬਿਰਾਜਮਾਨ ਹੋ ਗਏ ਤਾਂ ਸਾਈਂ ਦਾਸ ਤੇ ਰਾਮੋ ਜੀ ਦਾ ਗੁਰੂ ਘਰ ਨਾਲ ਪਿਆਰ ਪਹਿਲਾਂ ਨਾਲੋਂ ਚੋਖਾ ਹੋ ਗਿਆ ।
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਖ਼ਬਰ ਸੁਣ ਦੁਖੀ ਹੋਏ ਪਰ ਗੁਰੂ ਦਾ ਚੋਜ ਜਾਣ ਕੇ ਸੰਭਲ ਗਏ ।
ਜਿਸ ਦਿਨ ਗੁਰ-ਗੱਦੀ ਵਾਸਤੇ ਤਿਲਕ ਹੋਣਾ ਸੀ, ਭਾਰੀ ਦੀਵਾਨ ਲੱਗਿਆ । ਸੰਗਤਾਂ ਦੂਰੋਂ ਦੂਰੋਂ ਭੇਟਾ ਲੈ ਕੇ ਆਈਆਂ । ਰਾਮੋ ਜੀ ਵੀ ਸਾਈਂ ਦਾਸ ਜੀ ਨਾਲ ਭੇਟ ਲੈ ਕੇ ਹਾਜ਼ਰ ਹੋਈ । ਆਪਣੇ ਹੱਥਾਂ ਦਾ ਕੱਢਿਆ ਤੇ ਸੀਤਾ ਇਕ ਲਾਚੇ ਦਾ ਕਲੀਦਾਰ ਚੋਲਾ ਮਹਾਰਾਜ ਦੀ ਸੇਵਾ ਵਿਚ ਧਰਿਆ। ਗੁਰੂ ਜੀ ਵੀ ਰਾਮੋ ਦਾ ਬੜਾ ਆਦਰ ਕਰਦੇ ਸਨ । ਉਨ੍ਹਾਂ ਉਹ ਚੋਲਾ ਉਸੇ ਵਕਤ ਪਾ ਲਿਆ । ਰਾਮੋ ਜੀ ਦਾ ਦਿਲ ਤਾਂ ਬਾਗੋ-ਬਾਗ ਹੋ ਉਠਿਆ।
ਰਾਮੋ ਜੀ ਤੇ ਸਾਈਂ ਦਾਸ ਗੁਰੂ ਘਰ ਦੀ ਸੇਵਾ ਵਿਚ ਹੀ ਲੀਨ ਰਹਿੰਦੇ। ਜਦ ਗੁਰੂ ਜੀ ਕਈ ਵਾਰ ਪੁੱਛਦੇ ਕਿ ਸਾਈਂ ਦਾਸ ਤੇ ਰਾਮੋ ਜੀ ਕਿਥੇ ਹਨ ਤਾਂ ਪਤਾ ਲਗਦਾ ਕਦੇ ਉਹ ਝਾੜੂ ਦੇ ਰਹੇ ਹਨ, ਕਦੇ ਪਾਠ ਤੇ ਕਦੇ ਕਿਸੇ ਦੁਖੀ ਸਿੱਖ ਦੀ ਸੇਵਾ ਕਰ ਰਹੇ ਹਨ । ਰਾਮੋ ਜੀ ਸੇਵਾ ਵਿਚ ਹੀ ਰੁੱਝੀ ਰਹਿੰਦੀ। ਰਾਮੋ ਜੀ ਤੇ ਸਾਈਂ ਦਾਸ ਜੀ ਨੇ ਜਦ ਨਵਾਂ ਘਰ ਡਰੋਲੀ ਵਿਖੇ ਬਣਾਇਆ ਤਾਂ ਦੋਵੇਂ ਜੀਅ ਚਾਹੁੰਦੇ ਸਨ, ਗੁਰੂ ਜੀ ਉਨ੍ਹਾਂ ਘਰ ਚਰਨ ਪਾਉਣ । ਰਾਮੋ ਜੀ ਤੇ ਸਾਈਂ ਦਾਸ ਜੀ ਨੇ ਚਿੱਠੀ ਲਿਖ ਕੇ ਗੁਰੂ ਜੀ ਨੂੰ ਆਉਣ ਵਾਸਤੇ ਕਿਹਾ ਪਰ ਸਾਈਂ ਦਾਸ ਜੀ ਨੇ ਅੱਜ ਤਕ ਗੁਰੂ ਜੀ ਕੋਲੋਂ ਕੁਝ ਨਹੀਂ ਸੀ ਮੰਗਿਆ। ਹੁਣ ਸੋਚਣ ਲਗ ਪਏ ਕਿ ਦਾਸ ਹੋ ਕੇ ਕਿਸ ਮੂੰਹ ਨਾਲ ਬੇਨਤੀ ਕਰਾਂ। ਰਾਮੋ ਜੀ ਨੇ ਅਰਦਾਸ ਕੀਤੀ ਉਸੇ ਵਕਤ ਬਾਹਰੋਂ ਦਰਵਾਜ਼ਾ ਖੜਕਿਆ ਤੇ ਜਦ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਘੋੜੇ ਉੱਤੇ ਚੜ੍ਹੇ ਗੁਰੂ ਜੀ ਖੜੇ ਸਨ । ਰਾਮੋ ਜੀ ਤਾਂ ਜਿਵੇਂ ਖ਼ੁਸ਼ੀ ਵਿਚ ਫੁੱਲੇ ਨਹੀਂ ਸਨ ਸਮਾਂਦੇ । ਜੇ ਰਾਮੋ ਜੀ ਨੂੰ ਗੁਰੂ ਜੀ ਨਾਲ ਪਿਆਰ ਸੀ ਤੇ ਗੁਰੂ ਜੀ ਵੀ ਹਮੇਸ਼ਾ ਉਨ੍ਹਾਂ ਨੂੰ ਯਾਦ ਰੱਖਦੇ ।
ਦਮੋਦਰੀ ਜੀ ਰਾਮੋ ਜੀ ਦੀ ਭਾਵੇਂ ਛੋਟੀ ਭੈਣ ਸੀ ਪਰ ਉਨ੍ਹਾਂ ਦਾ ਅਕਾਲ ਚਲਾਣਾ ਪਹਿਲਾਂ ਹੋਇਆ । ਦੋਵੇਂ ਭੈਣਾਂ ਦਾ ਪਿਆਰ ਇਤਨਾ ਸੀ ਕਿ ਰਾਮੋ ਜੀ ਦਮੋਦਰੀ ਦੇ ਜਾਣ ਦਾ ਦੁਖ ਨਾ ਝੱਲ ਸਕੀ । ਇਤਨਾ ਪਿਆਰ ਸੀ ਦਮੋਦਰੀ ਨਾਲ ਕਿ ਉਨ੍ਹਾਂ ਵੀ ਪ੍ਰਾਣ ਤਿਆਗ ਦਿੱਤੇ । ਭਾਵੇਂ ਮਿਥਿਹਾਸ ਵਿਚ ਗੰਗਾ ਜਮਨਾ ਦਾ ਪਿਆਰ ਹੈ ਪਰ ਰਾਮੋ ਦਮੋਦਰੀ ਦਾ ਪਿਆਰ ਇਤਿਹਾਸਕ ਸਚਾਈ ਹੈ । ਇਥੇ ਇਹ ਮਿਥ ਵੀ ਟੁਟ ਜਾਣੀ ਚਾਹੀਦੀ ਹੈ ਕਿ ਦੋ ਭੈਣਾਂ ਦਾ ਪਿਆਰ
ਹੋ ਨਹੀਂ ਸਕਦਾ। ਪਰ ਇਹ ਸੱਚ ਹੈ ਕਿ ਇਕ ਭੈਣ ਦੂਜੇ ਦਾ ਵਿਛੋੜਾ ਨਾ ਸਹਿ ਸਕੀ ਤੇ ਉਸ ਦਿਨ ਪ੍ਰਾਣ ਉਸ ਤਿਆਗ ਦਿਤੇ ।
ਬਿਰਹ ਭੈਨ ਕੇ ਸਹਯੋ ਨ ਜਾਇ
ਪ੍ਰੇਮ ਮਗਨ ਰਾਮੋ ਤਨ ਤਿਆਗ ।
ਸਾਈਂ ਦਾਸ ਜੀ ਵੀ ਵਿਛੋੜਾ ਨਾ ਝੱਲ ਸਕੇ । ਉਨ੍ਹਾਂ ਨੇ ਵੀ ਪ੍ਰਾਣ ਤਿਆਗ ਦਿੱਤੇ, ਬਿਲਕੁਲ ਇਸ ਤਰ੍ਹਾਂ ਜਿਵੇਂ ਸਰਪ ਆਪਣੀ ਕੁੰਜ ਉਤਾਰਦਾ ਹੈ । ਡੱਲਾ ਤੋਂ ਜਦ ਭਾਈ ਨਾਰਾਇਣ ਦਾਸ ਜੀ ਤੇ ਦਯਾ ਕੌਰ ਜੀ ਆਏ ਤਾਂ ਇਹ ਦੇਖ ਹੈਰਾਨ ਹੋਏ ਕਿ ਭਾਈ ਸਾਈਂ ਦਾਸ ਤੇ ਰਾਮੋ ਜੀ ਵੀ ਅਕਾਲ ਚਲਾਣਾ ਕਰ ਗਏ ਹਨ । ਬਿਰਹੋਂ ਦੀ ਐਸੀ ਚੋਟ ਖਾਧੀ ਕਿ ਉਹ ਵੀ ਅਕਾਲ ਚਲਾਣਾ ਕਰ ਗਏ ।
ਦਾਸ ਨਾਰਾਇਨ ਬੈਨ ਅਲਾਇ।
ਪੰਯਾਰੀ ਹਮ ਤੇ ਰਹਿਓ ਨ ਜਾਇ।
ਗੁਰੂ ਜੀ ਨੇ ਆਪਣੀ ਹੱਥੀਂ ਸਾਰੀ ਰੀਤ ਨਿਭਾਈ । ਇਤਨਾ ਸੋਗਮਈ ਸਮਾਂ ਹੋ ਗਿਆ ਸੀ ਕਿ ਲੋਕਾਂ ਦੇ ਅੱਥਰੂ ਥੰਮ੍ਹਦੇ ਹੀ ਨਹੀਂ ਸਨ । ਗੁਰੂ ਜੀ ਨੇ ਭਾਈ ਬਿਧੀ ਚੰਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਕਰਨ ਦਾ ਹੁਕਮ ਦਿਤਾ।
ਭੋਗ ਸ੍ਰੀ ਗੁਰੂ ਗ੍ਰੰਥ ਕਾ ਪਾਓ
ਡੇਰ ਨ ਲਾਇ ।
ਦਯਾ ਸਿਧ ਤਬ ਸੀਸ ਨਿਵਾਯੋ।
-'ਗੁਰਬਿਲਾਸ ਪਾ. ੬, ਅਧਿਆਇ ੧੯
ਬਾਬਾ ਗੁਰਦਿੱਤਾ ਜੀ ਨੂੰ ਪੱਗ ਦਿਤੀ ਗਈ । ਅਨੰਦੁ ਸਾਹਿਬ ਦਾ ਪਾਠ ਕੀਤਾ ਗਿਆ ਤੇ ਕੜਾਹ ਪ੍ਰਸ਼ਾਦ ਵਰਤਾਇਆ ਗਿਆ । ਗੁਰੂ ਜੀ ਨੇ ਸਭ ਨੂੰ ਧੀਰਜ ਦੇਂਦੇ ਜੋ ਬਚਨ ਕਹੇ ਉਹ ਗੁਰੂ ਜੀ ਦਾ ਧੀਰਜੀ ਸੁਭਾਅ ਤਾਂ ਦਰਸਾਂਦੇ ਹੀ ਹਨ ਪਰ ਸਾਡੇ ਜੀਵਾਂ ਲਈ ਵੀ ਰਾਹ ਦਸਦੇ ਹਨ ਕਿ ਦੁਖ ਆਇਆਂ ਸਹਿਜ ਦਾ ਪੱਲਾ ਨਹੀਂ ਛੱਡਣਾ । ਮਹਾਰਾਜ ਦਾ ਕਹਿਣਾ ਸੀ:
ਮਿਲਬੇ ਤੋ ਹਰਖਹਿ ਨ ਗਿਆਨੀ
ਬਿਛੁਰੇ ਸ਼ੋਕ ਨ ਦੁਖ ਕੋ ਜਾਨੀ ।
ਪਰ ਪਿਆਰ ਤੇ ਸਨੇਹ ਸਾਈਂ ਦਾਸ ਨਾਲ ਇਤਨਾ ਸੀ ਕਿ ਨਾਲ ਹੀ ਫ਼ਰਮਾਇਆ :
ਬਸਿਬੋ ਇਸ ਥਲ ਮੋਹਿ ਨ ਭਾਵੈ ।
ਸਾਈ ਦਾਸ ਦ੍ਰਿਸਟਿ ਨ ਆਵੈ ।
ਅਗਲੇ ਦਿਨ ਹੀ ਡਰੋਲੀ ਤੋਂ ਕੂਚ ਕਰ ਕੇ ਮਰਾਝ ਗੁਰਸਿਖ ਵੱਲ ਚਲ ਪਏ ।
ਸਾਰੀ ਉਮਰ ਇਹ ਸਿਖ ਦੰਪਤੀ ਦੋਵੇਂ ਗੁਰੂ ਘਰ ਦੀ ਸੇਵਾ ਕਰਦੇ ਰਹੇ ।
ਬੀਬੀ ਵੀਰੋ ਜੀ
ਭਾਰਤ ਵਿਚ ਇਸਤਰੀ ਨੂੰ ਉੱਚਾ ਉਠਾਉਣ ਲਈ ਬਹੁਤ ਸਾਰੀਆਂ ਲਹਿਰਾਂ ਚੱਲੀਆਂ । ਪਰ ਇਸਤਰੀ ਦੀ ਦਸ਼ਾ ਸੁਧਾਰਨ ਲਈ ਸ਼ੁਰੂਆਤ ਤਾਂ ਕਾਫ਼ੀ ਤੇਜ਼ੀ ਨਾਲ ਹੁੰਦੀ ਸੀ ਪਰ ਧੀਰੇ ਧੀਰੇ ਇਹ ਲਹਿਰਾਂ ਮੱਧਮ ਪੈ ਜਾਂਦੀਆਂ ਸਨ । ਸਭ ਤੋਂ ਜ਼ੋਰਦਾਰ ਤੇ ਅਸਰਦਾਰ ਔਰਤ ਦੀ ਦਸ਼ਾ ਸੁਧਾਰਨ ਵਾਲੀ ਆਵਾਜ਼ ਜੋ ਗੁਰੂ ਨਾਨਕ ਦੇਵ ਜੀ ਨੇ ਉਠਾਈ ਉਹ ਹੀ ਲਹਿਰ ਬਣ ਸਕੀ । ਗੁਰੂ ਨਾਨਕ ਦੇਵ ਜੀ ਨੇ ਜੋ ਮਾਣ-ਇੱਜ਼ਤ ਇਸਤਰੀ ਨੂੰ ਦਿਤੀ ਉਸ ਦਾ ਪਾਲਣ ਪੀੜ੍ਹੀ-ਦਰ-ਪੀੜ੍ਹੀ ਕੀਤਾ ਗਿਆ । ਜੇ ਗੁਰੂ ਨਾਨਕ ਦੇਵ ਜੀ ਨੇ 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ' ਕਿਹਾ ਤਾਂ ਗੁਰੂ ਅੰਗਦ ਦੇਵ ਜੀ ਨੇ 'ਬਤੀ ਸੁਲਖਣੀ' ਕਿਹਾ। ਗੁਰੂ ਹਰਿਗੋਬਿੰਦ ਜੀ ਨੇ ਤਾਂ ਅਰਦਾਸ ਵੀ ਇਹੋ ਕੀਤੀ ਕਿ ਹਰ ਘਰ ਵਿਚ ਕੰਨਿਆ ਜ਼ਰੂਰ ਹੋਵੇ ਤਾਂ ਕਿ ਹਰ ਘਰ ਚੱਜ-ਆਚਾਰ ਆ ਸਕੇ । ਛੇਵੇਂ ਪਾਤਸ਼ਾਹ ਦੇ ਘਰ ਜਦ ਬੇਟੀ ਵੀਰੋ ਦਾ ਜਨਮ ਹੋਇਆ ਤਾਂ ਬਹੁਤ ਖ਼ੁਸ਼ੀ ਮਨਾਈ । ਗੁਰਬਿਲਾਸ ਪਾਤਸ਼ਾਹੀ ਛੇਵੀਂ ਦਾ ਕਹਿਣਾ ਹੈ ਕਿ ਛੇਵੇਂ ਪਾਤਸ਼ਾਹ ਨੇ ਮਾਂ ਕੋਲੋਂ ਅਸੀਸ ਹੀ ਕੰਨਿਆ ਦੇ ਜਨਮ ਲਈ ਮੰਗੀ ਸੀ । ਮਹਾਰਾਜ ਦਾ ਕਥਨ ਸੀ:
ਸੀਲ ਖਾਨ ਕੰਨਿਆ ਇਕ ਹੋਵੈ ।
ਪੁਤਰੀ ਬਿਨ ਜਗ ਗ੍ਰਹਸਤ ਵਿਗੋਏ ।
ਗੁਰੂ ਅਮਰਦਾਸ ਜੀ ਦਾ ਬੀਬੀ ਭਾਨੀ ਜੀ ਨੂੰ ਬਖ਼ਸ਼ਿਆ ਮਾਣ ਇਸਤਰੀ ਦੀ ਇਜ਼ਤ ਦਾ ਸਾਖੀ ਹੈ।
ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਜੀ ਦੇ ਨਾਮ ਤੇ ਹੀ ਤੁੰਗਵਾਲੀ ਪਿੰਡ ਦੇ ਆਸ ਪਾਸ ਦੀ ਜ਼ਮੀਨ ਖ਼ਰੀਦੀ । ਮਗਰੋਂ ਇਹ ਧਰਤੀ ਭਾਗਾਂ ਵਾਲੀ ਬਣੀ, ਜਦ ਉਥੇ ਨਗਰ ਸ੍ਰੀ ਅੰਮ੍ਰਿਤਸਰ ਉਸਾਰਿਆ ਗਿਆ । ਗੁਰੂ ਹਰਿਗੋਬਿੰਦ ਜੀ ਦੀ ਸੁਪਤਨੀ ਮਾਤਾ ਨਾਨਕੀ ਜੀ ਨੇ ਗੁਰੂ ਤੇਗ਼ ਬਹਾਦਰ ਜੀ ਵਰਗੇ ਸਭ
ਦੀ ਪਤ ਰੱਖਣ ਵਾਲੇ ਪੈਦਾ ਕੀਤੇ । ਫਿਰ ਮਾਤਾ ਜੀ ਦੇ ਸਤਿਕਾਰ ਵਜੋਂ ਹੀ ਗੁਰੂ ਤੇਗ਼ ਬਹਾਦਰ ਜੀ ਨੇ ਪਿੰਡ ਮਾਖੋਵਾਲ ਦੀ ਭੋਇੰ ਖ਼ਰੀਦ ਕੇ 'ਚੱਕ ਨਾਨਕੀ' ਵਸਾਇਆ । ਇਹ ਸਿੱਖ ਇਤਿਹਾਸ ਵਿਚ ਦੂਜਾ ਮੌਕਾ ਸੀ ਕਿ ਇਕ ਇਸਤਰੀ ਦੇ ਨਾਂ ਤੇ ਹੀ ਜ਼ਮੀਨ ਖ਼ਰੀਦੀ ਗਈ ਅਤੇ ਫਿਰ ਨਗਰ ਵੀ ਵਸਾਇਆ। ਕੇਵਲ ਇਸਤਰੀ ਦੇ ਨਾਮ ਜ਼ਮੀਨ ਜਾਇਦਾਦ ਲਗਾ ਕੇ ਉਸ ਦੀ ਇਜ਼ਤ ਸਿੱਖ ਘਰ ਵਿਚ ਨਹੀਂ ਦਿਤੀ ਸਗੋਂ ਉਸ ਦੇ ਗੁਣ ਵੀ ਦੱਸੇ । ਇਸਤਰੀ ਦਾ ਦਰਜਾ ਨੀਵਾਂ ਨਹੀਂ ਬਲਕਿ ਇਕ ਵੱਖਰਾ ਰੁਤਬਾ ਰਖਦਾ ਹੈ।
ਸਭ ਪਰਵਾਰੈ ਮਾਹਿ ਸਰੇਸਟ
ਮਤੀ ਦੇਵੀ ਦੇਵਰ ਜੇਸਟ ।
ਔਰਤਾਂ ਨੂੰ ਤਾਂ ਕਈ ਤਰ੍ਹਾਂ ਦੇ ਬੰਧਨ ਵਿਚ ਬੰਨ੍ਹਿਆ ਹੋਇਆ ਸੀ । ਪਰਦਾ ਪ੍ਰਥਾ, ਸਤੀ ਪ੍ਰਥਾ, ਬਾਲ ਵਿਆਹ, ਬਹੁ-ਵਿਆਹ ਪ੍ਰਣਾਲੀ, ਦਾਜ ਆਦਿ, ਬੰਧਨ-ਰੂਪ ਹੋ ਇਸਤ੍ਰੀ ਨੂੰ ਚੰਬੜੇ ਹੋਏ ਸਨ । ਪਰ ਗੁਰੂ ਅਮਰਦਾਸ ਜੀ ਨੇ ਇਨ੍ਹਾਂ ਜਕੜਾਂ ਤੋਂ ਔਰਤ ਨੂੰ ਸਿਰਫ਼ ਆਜ਼ਾਦ ਹੀ ਨਾ ਕਰਾਇਆ ਸਗੋਂ ਸੁਤੰਤਰ ਵਿਚਰਣ ਦੀ ਖੁਲ੍ਹ ਲੈ ਕੇ ਦਿੱਤੀ । ਆਪ ਜੀ ਨੇ ਤਾਂ ਇਥੋਂ ਤੱਕ ਆਖ ਦਿਤਾ ਸੀ ਕਿ ਉਨ੍ਹਾਂ ਦੇ ਦਰਬਾਰ ਵਿਚ ਕੋਈ ਔਰਤ ਪਰਦਾ ਕਰ ਕੇ ਨਾ ਆਵੇ ।
ਇਥੇ ਇਕ ਗਾਥਾ ਵੀ ਆਉਂਦੀ ਹੈ: ਜਦ ਮੰਡੀ ਰਾਜ ਦੀ ਸਭ ਤੋਂ ਛੋਟੀ ਰਾਣੀ ਪਰਦਾ ਕਰ ਕੇ ਦਰਬਾਰ ਵਿਚ ਆਈ ਤਾਂ ਉਸ ਨੂੰ ਕਮਲੀ ਤਕ ਕਿਹਾ ।
ਇਕ ਵਾਰ ਜਦ ਗੁਰੂ ਹਰਿਗੋਬਿੰਦ ਜੀ ਡਰੋਲੀ ਟਿਕੇ ਹੋਏ ਸਨ ਤਾਂ ਉਥੇ ਇਕ ਨਵੀਂ ਵਿਆਹੀ ਸਿੱਖ ਬੱਚੀ ਡੋਲੀਓਂ ਉਤਰ ਕੇ ਆਈ । ਉਸ ਬਿਨਾਂ ਪਰਦਾ ਕੀਤੇ ਗੁਰੂ ਜੀ ਦੇ ਦਰਸ਼ਨ ਕੀਤੇ । ਉਸ ਵਕਤ ਅਜੇ ਔਰਤਾਂ ਵਿਚ ਇਤਨਾ ਖੁਲ੍ਹਾਪਣ ਨਹੀਂ ਸੀ ਆਇਆ । ਸਾਰੇ ਦੇਖ ਹੈਰਾਨ ਹੋਏ । ਸਿੱਖਾਂ ਵਿਚ ਸੰਗਤ ਤੇ ਪੰਗਤ ਦੀ ਰੀਤ ਨੇ ਵੀ ਕਾਫ਼ੀ ਖੁਲ੍ਹਾਪਣ ਲਿਆਂਦਾ । ਗੱਲ ਕੀ ਗੁਰੂ ਜੀ ਨੇ ਤਾਂ ਹਰ ਪੱਖ ਵਿਚ ਔਰਤਾਂ ਨੂੰ ਉੱਚਾ ਉਠਾਉਣ ਦੀ ਕੋਸ਼ਿਸ਼ ਕੀਤੀ।
ਗੁਰੂ ਹਰਿਗੋਬਿੰਦ ਜੀ ਨੇ ਆਪਣੀ ਪੁੱਤਰੀ ਵੀਰੋ ਨੂੰ ਸਿੱਖਿਆ ਹੀ ਐਸੀ ਦਿਤੀ ਕਿ ਉਹ ਲਾਡਲੀ ਬੱਚੀ ਹਰ ਵਕਤ ਫੁੱਲਾਂ ਵਾਂਗ ਖ਼ੁਸ਼ਬੂ ਹੀ ਵੰਡਦੀ ਰਹੀ । ਪੰਜ ਭਰਾਵਾਂ ਦੀ ਇਕੱਲੀ ਭੈਣ ਹੋਣ ਤੇ ਭਾਵੇਂ ਭਰਾ ਕਿਤਨੇ ਲਾਡ ਲਡਾਂਦੇ ਪਰ ਆਪ ਜੀ ਨੇ ਸਿੱਖਿਆ ਵੱਲ ਪੂਰਾ ਧਿਆਨ ਦਿਤਾ ।
ਵੀਰੋ ਦਾ ਜਨਮ ਸੰਮਤ 1672 (ਸੰਨ 1615) ਵਿਚ ਸ੍ਰੀ ਅੰਮ੍ਰਿਤਸਰ
ਮਾਤਾ ਦਮੋਦਰੀ ਦੀ ਕੁਖੋਂ ਹੋਇਆ । ਗੁਰੂ ਹਰਿਗੋਬਿੰਦ ਜੀ ਦੀ ਛਾਂ ਹੇਠ ਵੀਰਾਂ ਗੁਰਦਿਤਾ ਜੀ, ਸੂਰਜ ਮਲ, ਅਣੀ ਰਾਇ, ਅਟਲ ਰਾਇ ਤੇ ਗੁਰੂ ਤੇਗ਼ ਬਹਾਦਰ ਜੀ ਨਾਲ ਹੱਸਦੀ ਖੇਡਦੀ ਭੈਣ ਵੀਰੋ ਵੱਡੀ ਹੋਈ । ਗੁਰੂ ਹਰਿਗੋਬਿੰਦ ਜੀ ਦੇ ਮਹਲ ਦਮੋਦਰੀ ਜੀ ਦੀ ਵੱਡੀ ਭੈਣ ਰਾਮੋ ਪਿੰਡ ਡਰੋਲੀ ਭਾਈ ਸਾਈਂ ਦਾਸ ਜੀ ਨਾਲ ਵਿਆਹੀ ਹੋਈ ਸੀ । ਇਸ ਕਰਕੇ ਗੁਰੂ ਜੀ ਦਾ ਮਾਲਵੇ ਵਿਚ ਆਉਣਾ ਜਾਣਾ ਲੱਗਾ ਰਹਿੰਦਾ ਸੀ । ਇਸੇ ਮੇਲ ਜੋਲ ਦਾ ਸਿੱਟਾ ਸੀ ਕਿ ਆਪ ਨੇ ਇਕੋ ਇਕ ਸਪੁੱਤਰੀ ਵੀਰੋ ਦਾ ਨਾਤਾ ਮਾਲਵੇ ਵਿਚ ਕੀਤਾ । ਇਕ ਵਾਰ ਜਦ ਗੁਰੂ ਹਰਿਗੋਬਿੰਦ ਜੀ ਅਕਾਲ ਤਖ਼ਤ ਤੇ ਬਿਰਾਜਮਾਨ ਸਨ ਤੇ ਸੰਗਤਾਂ ਜੁੜੀਆਂ ਹੋਈਆਂ ਸਨ, ਮਹਾਰਾਜ ਨੇ ਡਿੱਠਾ ਕਿ ਇਕ ਬੱਚਾ ਮੈਲੇ ਕਪੜਿਆਂ ਵਿਚ ਹੈ ਪਰ ਉਸ ਦਾ ਰੂਪ ਨਹੀਂ ਝੱਲਿਆ ਜਾ ਰਿਹਾ । ਚਿਹਰੇ ਤੇ ਕੋਈ ਨਿਰਾਲੀ ਆਤਮਕ ਚਮਕ ਹੈ । ਮਹਾਰਾਜ ਨੇ ਉਸ ਨੂੰ ਕੋਲ ਬੁਲਾ ਪੁੱਛਿਆ ਕਿ ਬੇਟਾ ਤੇਰਾ ਨਾਮ ਕੀ ਹੈ ? ਬੇਟੇ ਨੂੰ ਗੁਰੂ ਜੀ ਵੱਲ ਜਾਂਦਾ ਤੱਕ ਉਸ ਦਾ ਪਿਤਾ, ਜੋ ਉਸ ਦੇ ਨਾਲ ਹੀ ਖੜਾ ਸੀ, ਵੀ ਨਾਲ ਉਠਿਆ । ਬੇਟੇ ਦੀ ਥਾਂ ਪਿਤਾ ਨੇ ਕਿਹਾ: ਜੀ ਮੇਰਾ ਨਾਂ ਧਰਮਾ ਹੈ ਤੇ ਇਹ ਮੇਰਾ ਪੁੱਤਰ ਹੈ ਜਿਸ ਦਾ ਨਾਮ ਸਾਧੂ ਹੈ। ਮਹਾਰਾਜ ਨੇ ਜਦ ਵੀਰੋ ਜੀ ਨਾਲ ਰਿਸ਼ਤਾ ਕਰਨ ਦੀ ਗੱਲ ਕਹੀ ਤਾਂ ਧਰਮਾ ਜੀ ਨੇ ਹੱਥ ਜੋੜ ਕਿਹਾ ਕਿ ਮੈਂ ਬਹੁਤ ਗਰੀਬ ਹਾਂ । ਪਰ ਗੁਰੂ ਮਹਾਰਾਜ ਨੇ ਕਿਹਾ : ਭਾਈ ਧਰਮੇ! ਕੌਣ ਹੈ ਸੰਸਾਰ ਵਿਚ ਵਾਹਿਗੁਰੂ ਤੋਂ ਬਰੀਰ ਅਮੀਰ । ਸੰਕੋਚ ਨਾ ਦਿਖਲਾ । ਤੁਹਾਡਾ ਪੁੱਤਰ ਬੜਾ ਭਾਗਵਾਨ ਹੈ । ਇਹ ਸ਼ਿਵ-ਅਵਤਾਰ ਸਮਾਨ ਹੈ । ਇਹ ਤਾਂ ਕੁਲ ਤਾਰਨ ਆਇਆ ਹੈ।
ਜਦ ਮਾਤਾ ਦਮੋਦਰੀ ਨੇ ਵੀ ਇਸ ਕੀਤੇ ਰਿਸ਼ਤੇ ਤੇ ਰਤਾ ਕੁ ਕਿੰਤੂ ਕੀਤਾ ਤਾਂ ਵੀ ਮਹਾਰਾਜ ਨੇ ਕਿਹਾ: ਇਸ ਦੇ ਮੈਲੇ ਕਪੜਿਆਂ ਤੇ ਨਾ ਜਾ, ਦਮੋਦਰੀ ! ਇਹ ਤਾਂ ਗੋਦੜੀ ਵਿਚ ਲਾਲ ਹੈ। ਇਹ ਜੋੜੀ ਤਾਂ ਧੁਰਾਂ ਤੋਂ ਹੀ ਬਣੀ ਹੋਈ ਹੈ । ਸਾਧੂ ਰਾਮ ਦੀ ਮਾਤਾ ਨੰਦ ਕੌਰ ਤਾਂ ਸੁਣਦੇ ਸਾਰ ਅਨੰਦਤ ਹੋਏ । ਬੀਬੀ ਵੀਰੋ ਦਾ ਵਿਆਹ 26 ਜੇਠ 1629 ਨੂੰ ਝਬਾਲ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਜੰਗ ਉਪਰੰਤ ਅਗਲੇ ਦਿਨ ਹੋਇਆ। ਸਾਧੂ ਰਾਮ ਜੀ ਜਵਾਈ ਨਾਲੋਂ ਗੁਰੂ ਹਰਿਗੋਬਿੰਦ ਜੀ ਦੇ ਸ਼ਰਧਾਲੂ ਸਿੱਖ ਕਰਕੇ ਜ਼ਿਆਦਾ ਜਾਣੇ ਗਏ । ਉਨ੍ਹਾਂ ਪੰਜ ਗੁਰੂ ਸਾਹਿਬਾਨ ਦਾ ਸਮਾਂ ਅੱਖੀਂ ਵੇਖਿਆ ਸੀ ਤੇ ਕਈ ਮੁੱਖੀ ਸਿੱਖਾਂ ਦੀ ਸੰਗਤ ਕੀਤੀ ਸੀ । ਇਹ ਯਾਦ ਰਵੇ ਕਿ ਉਹ ਗੁਰੂ ਤੇਗ਼ ਬਹਾਦਰ ਜੀ ਦੇ ਬਹਿਨੋਈ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਫੁਫੜ ਲਗਦੇ ਸਨ।
ਗੁਰੂ ਹਰਿਗੋਬਿੰਦ ਜੀ ਨੇ ਗਹਿਰੀ ਅਧਿਆਤਮਕ ਬਿਰਤੀ ਦੇਖ ਕੇ ਹੀ ਸਾਧੂ ਰਾਮ ਨਾਮ ਕੀਤਾ ਸੀ ਅਤੇ ਸਾਧੂ ਜਨ ਦੇ ਨਾਂ ਨਾਲ ਪੁਕਾਰਿਆ ਸੀ। ਸਾਧੂ ਜਨ ਆਪੂੰ ਵੀ ਲਿਖਦੇ ਹਨ : 'ਮੈਂ ਮਾਮੂਲੀ ਖਤਰੀ ਪੁੱਤਰ ਸਾਂ । ਸਧਾਰਨ ਹਟਵਾਣੀਆਂ । ਪਰੰਤੂ ਗੁਰੂ ਜੀ ਨੇ ਕਿਰਪਾ ਕਰ ਕੇ ਮੈਨੂੰ ਸਚਮੁਚ ਸਾਧੂ ਜਨ ਬਣਾ ਦਿਤਾ । ਇਸ ਤੋਂ ਇਹ ਭਾਵ ਨਹੀਂ ਕਿ ਉਹ ਕੋਈ ਸਧਾਰਨ ਵਿਅਕਤੀ ਸਨ । ਉਨ੍ਹਾਂ ਨੇ ਚਰਨ ਛੋਹ ਹਾਸਲ ਕਰਕੇ ਅਧਿਆਤਮਕ ਉੱਚਤਾ ਪਾਈ ਸੀ ।
ਬੀਬੀ ਵੀਰੋ ਜੀ ਵੀ ਸਰਵ-ਗੁਣਾਂ ਨਾਲ ਭਰੀ ਹੋਈ ਸੀ । ਭੈਣ ਵੀਰੋ ਦਾ ਚਾਅ ਤਾਂ ਉਸ ਵਕਤ ਦੇਖਣ ਵਾਲਾ ਸੀ ਜਦ ਭੈਣ ਨੇ ਭਰਾ ਬਾਬਾ ਗੁਰਦਿੱਤਾ ਜੀ ਦੇ ਵਿਆਹ ਤੇ ਵਾਗਾਂ ਫੜਾਈਆਂ । ਮੋਤੀਆਂ ਦੀ ਮਾਲਾ ਦਿਤੀ । ਬੀਬੀ ਨੇ ਮਾਲਾ ਲੈਣ ਵੇਲੇ ਅਸੀਸਾਂ ਦਿਤੀਆਂ 'ਚਿਰੰਜੀਵੋ'।
ਜਹਾਂਗੀਰ ਦੇ ਬਾਅਦ ਸ਼ਾਹ ਜਹਾਂ ਤਖ਼ਤ ਤੇ ਬੈਠਾ । ਉਸ ਸਮੇਂ ਪਹਿਲੀ ਜੰਗ ਅਣਖ ਦੀ ਰਾਖੀ ਲਈ ਹੋਈ। ਉਸ ਤੋਂ ਬਾਅਦ ਹੀ ਬੀਬੀ ਵੀਰੋ ਦਾ ਵਿਆਹ ਹੋਇਆ । ਗੁਰੂ-ਘਰ ਵਿਚ ਗੁਰੂ-ਬੇਟੀ ਦੇ ਵਿਆਹ ਦੀ ਸੁਣ ਕੇ ਸੰਗਤਾਂ ਤਾਂ ਦੂਰੋਂ ਨੇੜਿਓਂ ਵੇਲੇ ਕੁਵੇਲੇ ਆ ਰਹੀਆਂ ਸਨ । ਕਾਬਲ ਦੀ ਸੰਗਤ ਲੰਗਰ ਦੇ ਸਮੇਂ ਤੋਂ ਪੱਛੜ ਕੇ ਆਈ । ਗੁਰੂ ਜੀ ਨੇ ਕਹਿਲਾਇਆ ਕਿ ਜੋ ਕੁਝ ਤਿਆਰ ਹੈ ਛਕਵਾ ਦਿਓ । ਪਰ ਲਾਂਗਰੀ ਸੰਕੋਚ ਕਰ ਗਿਆ ਕਿ ਵਿਆਹ ਲਈ ਪਕਵਾਨ ਬਣਾਏ ਹਨ ਠੀਕ ਨਹੀਂ ਰਵੇਗਾ, ਸੰਗਤਾਂ ਨੂੰ ਖਵਾ ਦਿਤੇ ਜਾਣ । ਜਦ ਮਹਾਰਾਜ ਨੂੰ ਪਤਾ ਲਗਾ ਕਿ ਸੰਗਤਾਂ ਭੁੱਖੀਆਂ ਸੁੱਤੀਆਂ ਹਨ ਤਾਂ ਫ਼ਰਮਾਇਆ ਸੀ:
ਕਿਆ ਤੁਛ ਥੀ ਯਹਿ ਮਠਿਆਈ ।
ਜੋ ਸੰਗਤ ਕੇ ਕਾਮ ਨਾ ਆਈ।
ਮੁਗ਼ਲਾਂ ਨੇ ਪੂਰੀ ਤਿਆਰੀ ਕਰ ਹਮਲਾ ਕੀਤਾ ਕਿ ਗੁਰੂ ਜੀ ਤਾਂ ਬੇਟੀ ਦੀ ਸ਼ਾਦੀ ਵਿਚ ਰੁੱਝੇ ਹੋਣਗੇ । ਗੁਰੂ ਜੀ ਨੂੰ ਸਰੋਤ ਮਿਲ ਗਈ । ਸੋ ਉਨ੍ਹਾਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੁਰੱਖਿਅਤ ਥਾਂ ਪਹੁੰਚਾਈ ਅਤੇ ਪਿਛੋਂ ਕਬੀਲਾ । ਬਰਾਤ ਨੂੰ ਵੀ ਸੁਨੇਹਾ ਭਿਜਵਾ ਦਿਤਾ ਕਿ ਅੰਮ੍ਰਿਤਸਰ ਦੀ ਥਾਂ ਝਬਾਲ ਪੁੱਜੇ । ਭਾਈ ਬਾਬਕ ਜੀ ਮੁਗ਼ਲਾਂ ਦਾ ਭੇਸ ਬਣਾ ਕੇ ਬੀਬੀ ਜੀ ਨੂੰ ਘੋੜੇ ਤੇ ਸਵਾਰ ਕਰ ਝਬਾਲ ਵੱਲ ਚੱਲ ਪਏ । ਜਦ ਰਾਹ ਵਿਚ ਉਨ੍ਹਾਂ ਨੂੰ ਰੋਕ ਕੇ ਪੁੱਛਿਆ, ਤੁਸੀਂ ਕੌਣ ਹੋ ? ਤਾਂ ਉਨ੍ਹਾਂ ਕਿਹਾ, ਤੁਹਾਡੇ ਭਰਾ ਹੀ ਹਾਂ, ਪਰ ਪੈਰੀਂ ਪਈ ਬੀਬੀ ਵੀਰੋ ਜੀ ਦੀ ਜੁੱਤੀ ਡਿਗ ਪਈ ਤਾਂ ਮੁਗ਼ਲਾਂ ਨੇ ਰੌਲਾ ਪਾ ਦਿਤਾ । ਪਰ ਬਾਬਕ
ਜੀ ਨੇ ਬੰਦੂਕ ਚਲਾ ਕੇ ਆਵਾਜ਼ ਦੇਣ ਵਾਲੇ ਨੂੰ ਥਾਂ ਹੀ ਮੁਕਾ ਦਿਤਾ । ਛੁਪਦੇ ਛੁਪਾਂਦੇ ਬੀਬੀ ਵੀਰੋ ਜੀ ਝਬਾਲ ਪੁੱਜੇ । ਸਾਧੂ ਜੀ ਵੀ ਪਿਤਾ ਧਰਮ ਦਾਸ ਨਾਲ ਝਬਾਲ ਪਹੁੰਚ ਗਏ । ਯੁੱਧ ਦੀ ਸਮਾਪਤੀ ਤੇ ਜਿਤ ਤੋਂ ਬਾਅਦ ਗੁਰੂ ਜੀ ਹਰਿਮੰਦਰ ਸਾਹਿਬ ਮੱਥਾ ਟੇਕ ਝਬਾਲ ਆਏ ਤਾਂ ਉਥੇ ਵੀਰੋ ਦਾ ਅਨੰਦ ਕਾਰਜ ਸੰਪੂਰਨ ਕੀਤਾ । ਬੱਚੀ ਵੀਰੋ ਨੂੰ ਵਿਦਾ ਕਰਨ ਵੇਲੇ ਗੁਰੂ ਹਰਿਗੋਬਿੰਦ ਜੀ ਨੇ ਇਹ ਉਪਦੇਸ਼ ਦਿਤਾ ਕਿ ਮੈਂ ਹੋਰ ਤੈਨੂੰ ਕੁਝ ਨਹੀਂ ਕਹਿਣਾ ਬੇਟੀ, ਸਿਰਫ਼ ਇਹ ਆਖਣਾ ਹੈ ਕਿ ਪਤੀ ਨਾਲ ਹੀ ਸਭ ਕੁਝ ਅੱਛਾ ਲਗਦਾ ਹੈ । ਘਰ ਆਏ ਵਡੇਰਿਆਂ ਦਾ ਆਦਰ ਕਰਨਾ ਤੇ ਸੱਸ ਦੀ ਦਿਲੋਂ ਸੇਵਾ ਕਰਨੀ । ਪਤੀ-ਸੇਵਾ ਇਸਤਰੀ ਲਈ ਮਹਾਨ ਸੇਵਾ ਹੈ।
ਸੁਨ ਬੀਬੀ ਮੈਂ ਤੁਝੇ ਸੁਨਾਉ।
ਪਤਿ ਕੀ ਮਹਮਾ ਕਹਿ ਭਰ ਗਾਉ।
ਪਤੀ ਕੀ ਸੇਵਾ ਕਰਨੀ ਸਫਲੀ ।
ਪਤਿ ਬਿਨ ਔਰ ਕਰੇ ਸਭ ਨਫਲੀ।
ਗੁਰੂ ਜਨ ਕੀ ਇਜ਼ਤ ਬਹੁ ਕਰਨੀ ।
ਸਾਸਾ ਸੇਵ ਰਿਦੁ ਮਹਿ ਸੁ ਧਰਨੀ ।
ਮਾਂ ਨੇ ਵੀ ਧੀ ਵੀਰੋ ਨੂੰ ਪਾਸ ਬਿਠਲਾ ਕਿਹਾ ਕਿ ਬੇਟਾ ਜੇ ਇਹ ਤੈਨੂੰ ਯਾਦ ਰਿਹਾ ਕਿ ਤੂੰ ਗੁਰੂ ਹਰਿਗੋਬਿੰਦ ਜੀ ਦੀ ਬੱਚੀ ਤੇ ਗੁਰੂ ਅਰਜਨ ਦੇਵ ਜੀ ਦੀ ਪੋਤਰੀ ਹੈਂ ਤਾਂ ਕਦੇ ਮਾੜੀ ਸੰਗਤ ਨਹੀਂ ਬੈਠੇਗੀ। ਅੰਮ੍ਰਿਤ ਵੇਲੇ ਇਸ਼ਨਾਨ ਹਰ ਸੂਰਤ ਕਰ ਲੈਣਾ । ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਕੁਚੱਜੀ ਉਹ ਹੀ ਹੈ ਜੋ ਸੁੱਤਿਆਂ ਹੀ ਸੂਰਜ ਚਾੜ੍ਹ ਦਿੰਦੀ ਹੈ—'ਸੁਤੀ ਸੁਤੀ ਝਾਲੂ ਥੀਆ" । ਗੱਲਾਂ ਨੂੰ ਬਹੁਤਾ ਅਗੇ ਨਾ ਲੈ ਜਾਣਾ, ਰਿੜਕਣਾ ਨਹੀਂ ।
ਬਾਣੀ ਹੀ ਮੁਖ ਬੋਲਣਾ । ਘਰ ਦੇ ਜੋ ਵੀ ਕੰਮ ਹਨ ਬਗ਼ੈਰ ਆਖੇ ਕਰਨ ਨਾਲ ਬੜੀ ਸੋਭਾ ਹੁੰਦੀ ਹੈ। ਬਸ ਉਲ੍ਹਾਮਾ ਨਾ ਆਵੇ ।
ਸੁਨ ਪੁਤ੍ਰੀ ਪ੍ਰਾਨਨ ਤੇ ਪਿਆਰੀ । ਜਿਸ ਤੇ ਬੈਸ ਕਿਤੇ ਸੁਖਕਾਰੀ।
ਕੁਲ ਕੀ ਬਾਤ ਚਿਤ ਮੈਂ ਧਰਣੀ । ਖੋਟੀ ਸੰਗਤ ਨਹੀਂ ਸੁ ਕਰਨੀ ।
ਪ੍ਰਾਤੈ ਉਠ ਕਰ ਮਜਨ ਕਰਯੋ । ਗੁਰੂ ਬਾਣੀ ਕੋ ਮੁਖ ਤੇ ਰਹੀਯੋ।
...............
1. ਸੂਹੀ ਮਹਲਾ ੧, ਕੁਚਜੀ, ਪੰਨਾ ੭੬੨
ਪੁਨਾ ਔਰ ਬਿਵਹਾਰ ਸੁ ਹੋਈ। ਭਲੇ ਸੰਭਾਲੋ ਨੀਕੋ ਸੋਈ।
ਮੋ ਢਿਗ ਉਪਾਲੰਭ ਨਹਿ ਆਵੈ। ਐਸੀ ਭਾਂਤ ਸਰਬ ਸੁਖ ਪਾਵੋ।
ਦਮੋਦਰੀ ਜੀ ਨੇ ਇੰਨਾ ਹੋਰ ਕਹਿ ਕੇ 'ਪੁਤ੍ਰੀ ਸਦਾ ਧਰਮ ਮੇਂ ਰਹੀਉ' ਵਿਦਾਇਗੀ ਦਿਤੀ । ਭਾਈ ਸਾਧੂ ਜੀ ਨੇ ਅਗੇ ਵਧ ਗੁਰੂ ਜੀ ਦੇ ਚਰਨਾਂ ਨੂੰ ਹੱਥ ਲਗਾਇਆ ਤਾਂ ਮਹਾਰਾਜ ਨੇ ਘੁੱਟ ਕੇ ਜੱਫੀ ਵਿਚ ਲੈ ਲਿਆ । ਸਾਧੂ ਜਨ ਵਿਚ ਪ੍ਰੇਮ ਦਾ ਫੁਹਾਰਾ ਫੁੱਟ ਪਿਆ । ਸਾਧੂ ਜੀ ਨੇ ਉਸ ਪ੍ਰੇਮ ਨੂੰ ਕਵਿਤਾ ਵਿਚ ਢਾਲ ਸੁਣਾਇਆ । ਕਿਤਨੀ ਨਿਮਰਤਾ ਸੀ ਉਨ੍ਹਾਂ ਵਿਚ । ਇਸੇ ਨਿਮਰਤਾ ਨੂੰ ਹੀ ਕਿਤਨੇ ਫਲ ਲਗੇ ।
ਜਿਥੇ ਅਨੰਦ ਕਾਰਜ ਹੋਇਆ ਸੀ ਉਸ ਥਾਂ ਦੀ ਮਹੱਤਤਾ ਦਸਦੇ ਗੁਰੂ ਜੀ ਨੇ ਕਿਹਾ ਕਿ ਇਥੇ ਮੇਲੇ ਲਗਣਗੇ । ਹਜ਼ਾਰਾਂ ਦੇਵਤਿਆਂ ਨੂੰ ਵੀ ਜੇ ਕੋਈ ਇਕੱਠਿਆਂ ਕਰ ਦਾਨ ਕਰੇਗਾ ਤਾਂ ਵੀ ਇਸ ਥਾਂ ਦੇ ਤੁਲ ਨਹੀਂ ਕਿਉਂਕਿ ਇਥੇ ਅਨੰਦ ਵਿਆਹ ਹੋਇਆ ਹੈ।
ਬੀਬੀ ਵੀਰੋ ਤੇ ਸਾਧੂ ਰਾਮ ਜੀ ਘਰ ਪੰਜ ਬੇਟੇ, ਸੰਗੋ ਸ਼ਾਹ, ਗੁਲਾਬ ਚੰਦ, ਜੀਤ ਮੱਲ, ਗੰਗਾ ਰਾਮ ਤੇ ਮੋਹਰੀ ਚੰਦ ਹੋਏ। ਇਹ ਪੰਜੇ ਹੀ ਸੂਰਮੇ ਸਨ । ਸੰਗੋ ਸ਼ਾਹ ਨੂੰ ਤਾਂ ਗੁਰੂ ਜੀ ਨੇ ਖ਼ਿਤਾਬ ਹੀ ਜੰਗ ਦਾ ਵੱਡਾ ਸੂਰਮਾ (ਸ਼ਾਹ ਸੰਗਰਾਮ) ਦਿੱਤਾ :
ਜੀਤ ਮਲ ਹਠੀ ਹੈ।
ਗੁਲਾਬ ਚੰਦ ਗਾਜੀ ਹੈ।
ਗੰਗਾ ਰਾਮ ਵਰਗਾ ਕੋਈ ਨਿਸ਼ਾਨੇ-ਬਾਜ਼ ਨਹੀਂ; ਅਤੇ
ਮੋਹਰੀ ਹੌਸਲੇ ਦੀ ਮੂਰਤ ਹੈ।
ਸੰਗੋ ਸ਼ਾਹ ਤੇ ਜੀਤ ਮੱਲ ਭੰਗਾਣੀ ਯੁਧ ਵਿਚ ਲੜ ਕੇ ਸ਼ਹੀਦੀ ਪਾ ਗਏ । ਇਸ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਨੇ ਬਚਿਤ੍ਰ ਨਾਟਕ ਵਿਚ ਖ਼ੁਦ ਕੀਤਾ। ਭੱਟ ਵਹੀ ਵਿਚ ਵੀ ਉਲੇਖ ਹੈ:
ਸੰਗੋਸ਼ਾਹ ਜੀਤ ਮਲ, ਬੇਟੇ ਸਾਧੂ ਰਾਮ ਕੇ, ਪੋਤੇ ਧਰਮ ਚੰਦ ਕੇ, ਖੁਸਲਾ
ਗੋਤਰੇ ਖਤਰੀ ਸੰਬਤ ਸਤਰਾਂ ਸੌ ਪੰਤਾਲੀ ਅਸੁਨ ਮਾਸ ਦੀ ਅਠਾਰਾਂ ਸੀ,
ਮੰਗਲਵਾਰ ਕੇ ਦਿਹੁੰ ਭਗਾਣੀ ਪਰਗਣਾ ਪਾਵਨਟਾ ਕੇ ਮਲ੍ਹਾਨ ਤੀਜੇ ਪਹਰ
ਨਜਾਬਤ ਖ਼ਾਂ ਆਦਿ ਕੋ ਮਾਰ ਸ਼ਾਮ ਆਪ ਸ਼ਹਾਦਤਾਂ ਪਾਈਆਂ ।
-ਭੱਟ ਵਹੀ ਮੁਲਤਾਨੀ ਸਿੰਧੀ
ਬੀਬੀ ਵੀਰੋ ਨੇ ਆਪਣੇ ਬੱਚਿਆਂ ਨੂੰ ਉਹੀ ਸਿੱਖਿਆ ਦਿਤੀ ਜੋ ਉਨ੍ਹਾਂ ਨੂੰ ਪਿਤਾ ਹਰਿਗੋਬਿੰਦ ਜੀ ਕੋਲੋਂ ਮਿਲੀ ਸੀ । ਆਪਣਾ ਧੀ-ਧਰਮ ਨਿਭਾਇਆ । ਬੱਚਿਆਂ ਨੂੰ ਧਰਮ ਦ੍ਰਿੜ੍ਹ ਰੱਖਣ ਅਤੇ ਚੜ੍ਹਦੀਆਂ ਕਲਾਂ ਵਿਚ ਰਹਿਣ ਦੀ ਸਿਖਿਆ ਦਿਤੀ । ਤਾਂ ਹੀ ਉਹ ਬੱਚੇ ਸੂਰਮੇ ਹੋਏ ਅਤੇ ਸਨਮੁਖ ਰਹਿ ਸ਼ਹੀਦੀਆਂ ਪਾਈਆਂ। ਵੀਰੋ ਨੇ ਸੱਚ ਹੀ ਗੁਰੂ ਦੀ ਧੀ ਬਣ ਕੇ ਪਿਤਾ ਪਿਆਰ ਦੇ ਨਵੇਂ ਪੂਰਨੇ ਪਾਏ।
ਮਾਤਾ ਗੰਗਾ ਜੀ
ਰਵਾਇਤੀ ਤੌਰ ਤੇ ਔਰਤ ਦੇ ਤਿੰਨ ਰੂਪ ਮੰਨੇ ਗਏ ਹਨ :
1) ਬੇਟੀ
2) ਪਤਨੀ, ਤੇ
3) ਮਾਤਾ
ਜਦ ਉਹ ਬੇਟੀ ਦੇ ਰੂਪ ਵਿਚ ਹੁੰਦੀ ਹੈ ਤਾਂ ਆਪਣਾ ਬਚਪਨ ਪਿਤਾ ਦੇ ਘਰ ਖੇਡ ਖਿਡੌਣਿਆਂ ਵਿਚ ਹੀ ਬਿਤਾਉਂਦੀ ਟੁਰੀ ਜਾਂਦੀ ਹੈ । ਗੁਰਬਾਣੀ ਵਿਚ ਆਇਆ ਵੀ ਹੈ : 'ਬਾਬਲ ਕੇ ਘਰ ਬੇਟੜੀ ਬਾਲੀ ਬਾਲੈ ਨਿਹੁ ।'
ਜਦੋਂ ਸਹੁਰੇ ਘਰ ਜਾਂਦੀ ਹੈ ਤਾਂ ਪਤੀ ਨੂੰ ਪਰਮੇਸ਼ਵਰ ਕਰ ਜਾਣਦੀ ਹੈ। ਪਤਨੀ ਧਰਮ ਨੂੰ ਨਿਭਾਉਣਾ ਹੀ ਮੁੱਖ ਆਸ਼ਾ ਸਮਝਦੀ ਹੈ।
ਜਦ ਉਹ ਮਾਂ ਬਣਦੀ ਹੈ ਤਾਂ ਯਕਦਮ ਇਕ ਨਵੇਂ ਜੀਵਨ ਵਿਚ ਪ੍ਰਵੇਸ਼ ਹੋਇਆ ਮਹਿਸੂਸ ਕਰਦੀ ਹੈ ਕਿਉਂਕਿ ਉਸ ਦਾ ਬਾਲ ਉਸ ਦੇ ਖੂਨ ਦਾ ਹੀ ਇਕ ਅੰਸ਼ ਹੁੰਦਾ ਹੈ। ਆਪਣੀ ਸਾਰੀ ਮਮਤਾ ਉਸ ਉਤੇ ਨਿਛਾਵਰ ਕਰ ਦਿੰਦੀ ਹੈ।
ਮਾਤਾ ਗੰਗਾ ਵੀ ਇਕ ਐਸੀ ਮਾਤਾ ਸੀ ਜਿਸ ਨੂੰ ਗੁਰੂ ਘਰ ਵਿਚੋਂ ਹਰ ਸੁਖ ਮਿਲਿਆ । ਬੀਬੀ ਭਾਨੀ ਵਰਗੀ ਸੱਸ, ਗੁਰੂ ਰਾਮਦਾਸ ਵਰਗਾ ਸਹੁਰਾ । ਸੰਗਤਾਂ ਦਾ ਅਥਾਹ ਆਦਰ । ਪਰ ਐਸਾ ਕੋਈ ਨਹੀਂ ਸੀ ਜੋ ਉਸ ਨੂੰ ਮਾਂ ਕਹਿ ਕੇ ਬੁਲਾਂਦਾ । ਚਾਹੇ ਉਹ ਜਾਣਦੀ ਸੀ ਕਿ ਬੀਬੀ ਭਾਨੀ ਨੂੰ ਜੋ ਵਰ ਪ੍ਰਾਪਤ ਹੈ ਉਸ ਅਨੁਸਾਰ ਗੁਰਗੱਦੀ ਗੁਰੂ ਘਰ ਵਿਚ ਹੀ ਰਹਿਣੀ ਹੈ ਪਰ ਉਸ ਨੂੰ ਚਿੰਤਾ ਇਹ ਸੀ ਕਿ ਉਸ ਦੀ ਕੁੱਖ ਸੁੰਨੀ ਹੈ। ਉਸ ਨੂੰ ਆਸ ਪਾਸ ਦੇ, ਇਥੋਂ ਤਕ ਕਿ ਸਕੇ ਸੰਬੰਧੀ ਜੇਠ ਜਠਾਣੀ ਵੀ, ਮਿਹਣੇ ਤਾਹਨੇ ਮਾਰਦੇ । ਉਹ ਰੋਜ਼ ਤੱਕਦੀ ਸੀ ਕਿ ਪਤੀ ਗੁਰੂ ਪਾਸੋਂ ਲੋਕੀ ਖ਼ੁਸ਼ੀਆਂ ਨਾਲ ਝੋਲੀਆਂ ਭਰ ਮੁੜਦੇ ਸਨ । ਗੰਗਾ ਜੀ ਜਾਣਦੇ ਸਨ ਕਿ ਗੁਰ-ਪਤੀ ਪਾਸ ਐਸੀ ਸੱਤਾ ਹੈ ਕਿ ਧੁਰ
ਦਾ ਲਿਖਿਆ ਵੀ ਮੇਟ ਮੁੜ ਕੇ ਲਿਖ ਸਕਦੇ ਸਨ । ਮਾਤਾ ਜੀ ਨੂੰ ਇਹ ਵੀ ਅਨੁਭਵ ਸੀ ਕਿ ਸੰਤਾਨ ਹੀ ਹੈ ਜੋ ਬਣੇ ਰਿਸ਼ਤੇ ਤੋੜਨ ਨਹੀਂ ਦੇਂਦੀ । ਗੁਰੂ ਨਾਨਕ ਦੇਵ ਜੀ ਨੇ ਹੀ ਫ਼ਰਮਾਇਆ ਸੀ।
ਗੋਰੀ ਸੇਤੀ ਤੂਟੈ ਭਤਾਰੁ ॥
ਪੁਤੀ ਗੰਢੁ ਪਵੈ ਸੰਸਾਰਿ॥
-ਮਾਝ ਕੀ ਵਾਰ ਮ: ੧, ਪੰਨਾ ੧੪੩
ਮਾਤਾ ਗੰਗਾ ਜੀ ਦਾ ਜਨਮ ਮਉ ਪਿੰਡ (ਜਲੰਧਰ) ਭਾਈ ਕਿਸ਼ਨ ਚੰਦ ਖਤਰੀ ਦੇ ਘਰ ਮਾਤਾ ਧੰਨਵੰਤੀ ਦੀ ਕੁਖੋਂ ਹੋਇਆ ਸੀ । ਗੰਗਾ ਜੀ ਦਾ ਵਿਆਹ ਸੰਮਤ 1636 (1579) ਨੂੰ ਗੁਰੂ ਅਰਜਨ ਦੇਵ ਜੀ ਨਾਲ ਹੋਇਆ। ਆਪ ਜੀ ਦੇ ਵਿਆਹ ਦੇ ਕਈ ਸਾਲਾਂ ਪਿਛੋਂ ਵੀ ਜਦ ਮਾਤਾ ਗੰਗਾ ਜੀ ਘਰ ਕੋਈ ਔਲਾਦ ਨਾ ਹੋਈ ਤਾਂ ਬਾਬਾ ਪ੍ਰਿਥੀ ਚੰਦ, ਜੋ ਆਪੂੰ ਗੱਦੀ ਤੇ ਬੈਠਣਾ ਲੋੜਦੇ ਸਨ ਤੇ ਕਈ ਸਾਜ਼ਸ਼ਾਂ ਵੀ ਕਰਦੇ ਰਹੇ, ਬਹੁਤ ਪ੍ਰਸੰਨ ਸਨ ਕਿ ਗੁਰੂ ਅਰਜਨ ਦੇਵ ਜੀ ਦੇ ਵਿਆਹ ਨੂੰ 14 ਸਾਲ ਹੋਣ ਨੂੰ ਆਏ ਹਨ, ਪਰ ਘਰ ਸੰਤਾਨ ਨਹੀਂ ਸੀ ਹੋਈ। ਉਨ੍ਹਾਂ ਨੂੰ ਯਕੀਨ ਸੀ ਕਿ ਹੁਣ ਗੁਰੂ ਸਾਹਿਬ ਦੀ ਗੱਦੀ ਤੇ ਉਨ੍ਹਾਂ ਦਾ ਪੁੱਤਰ ਮਿਹਰਬਾਨ ਹੀ ਬੈਠੇਗਾ । ਗੁਰੂ ਅਰਜਨ ਜੀ ਵੀ ਮਿਹਰਬਾਨ ਨਾਲ ਬਹੁਤ ਪਿਆਰ ਕਰਦੇ ਸਨ । ਹਮੇਸ਼ਾ ਆਪਣੇ ਨਾਲ ਬਿਠਾਂਦੇ । ਪਰਚਾਰ ਹਿਤ ਦੁਆਬੇ ਵਿਚ ਕੀਤੀਆਂ ਫੇਰੀਆਂ ਤੇ ਨਾਲ ਵੀ ਲੈ ਗਏ । ਪ੍ਰਿਥੀ ਚੰਦ ਨੂੰ ਇਹ ਵੀ ਹੌਸਲਾ ਸੀ ਕਿ ਛੋਟੇ ਮਹਾਂ ਦੇਵ ਨੇ ਵੀ ਵਿਆਹ ਨਹੀਂ ਕਰਵਾਇਆ । ਗੁਰੂ ਅਰਜਨ ਦੇਵ ਜੀ ਤਿੰਨ ਭਰਾ ਸਨ । ਪ੍ਰਿਥੀ ਚੰਦ ਜੀ ਦਾ ਵਿਆਹ ਬੀਬੀ ਕਰਮੋ ਨਾਲ ਹੇਹਰੀਂ ਪਿੰਡ ਹੋਇਆ ਸੀ । ਭਾਵੇਂ ਇਹ ਤਾਂ ਪੱਕ ਸੀ ਕਿ ਗੱਦੀ ਗੁਰੂ-ਘਰ ਹੀ ਰਵੇਗੀ ਪਰ ਉਹ ਭੁਲ ਗਏ ਕਿ ਇਹ ਦਾਤ ਮਿਲਣੀ ਉਸੇ ਨੂੰ ਹੈ ਜਿਸ ਸੇਵਾ ਘਾਲ ਕਮਾਈ ਕੀਤੀ ਹੈ। ਇਕ ਗੱਲ ਬਾਬਾ ਪ੍ਰਿਥੀ ਚੰਦ ਭੁੱਲ ਗਏ ਕਿ ਵਾਹਿਗੁਰੂ ਬੇਅੰਤ ਹੈ । ਉਹ ਖਿਨ ਵਿਚ ਸੁੱਕੇ ਹਰੇ ਕਰ ਦੇਂਦਾ ਹੈ ।
ਪਰ ਬੀਬੀ ਕਰਮੋ ਨੂੰ ਵੀ ਇਸ ਗੱਲ ਦਾ ਕਾਫ਼ੀ ਹੰਕਾਰ ਸੀ ਕਿ ਉਹ ਮਿਹਰਬਾਨ ਦੀ ਮਾਂ ਹੈ । ਹੰਕਾਰ ਦੀ ਮਾਰੀ ਕਰਮੋ ਨਿਮਰਤਾ ਰੱਖਣ ਦੀ ਥਾਂ ਮਾਤਾ ਗੰਗਾ ਜੀ ਨੂੰ ਹਰ ਵਕਤ ਜਲੀਆਂ ਕਟੀਆਂ, ਮੰਦੀਆਂ ਮਾੜੀਆਂ ਸੁਣਾਂਦੀ ਰਹਿੰਦੀ । ਸੰਜਮ ਸੰਤੋਖ ਦੀ ਮੂਰਤ ਸੀ ਮਾਤਾ ਗੰਗਾ ਜੀ, ਪਰ ਇਕ ਵਾਰ ਜਦ ਮਾਤਾ ਗੰਗਾ ਜੀ ਕੇਸ ਧੋ ਕੇ ਆਏ, ਉਨ੍ਹਾਂ ਆਪਣੇ ਕੇਸਾਂ ਨੂੰ ਹਰੇ ਕਰਨ ਲਈ ਪਿਛਾਂਹ ਸੁੱਟਿਆ ਤਾਂ ਕੁਝ ਛਿੱਟਾਂ ਪਾਣੀ ਦੀਆਂ ਕਰਮੋ ਉਤੇ ਅਚਨਚੇਤ ਹੀ
ਆ ਡਿੱਗੀਆਂ । ਕਰਮੋ ਨੇ ਆਹ ਦੇਖਿਆ ਨਾ ਤਾਹ । ਤਾਹਨਾ ਮਾਰ ਕੇ ਗੁੱਸੇ ਵਿਚ ਕਿਹਾ : ਆਪਣੇ ਘਰ ਤਾਂ ਸੰਤਾਨ ਹੁੰਦੀ ਨਹੀਂ ਸੂ, ਮੇਰਾ ਘਰ ਵੀ ਉਜਾੜਨਾ ਚਾਹੁੰਦੀ ਹੈ । ਮਾਤਾ ਗੰਗਾ ਜੀ ਬੜੇ ਦੁਖੀ ਹੋਏ । ਉਨ੍ਹਾਂ ਸਾਰੀ ਵਾਰਤਾ ਗੁਰੂ ਅਰਜਨ ਦੇਵ ਜੀ ਨੂੰ ਜਾ ਸੁਣਾਈ । ਉਨ੍ਹਾਂ ਸਾਰੀ ਗੱਲ ਸੁਣ ਕੇ ਸਿਰਫ਼ ਇਤਨਾ ਹੀ ਕਿਹਾ: 'ਸੰਗਤਾਂ ਅਤੇ ਸਿੱਖਾਂ ਦੀ ਸੇਵਾ ਹੋਰ ਦਿਲ ਲਗਾ ਕੇ ਕਰੋ ।
ਮਾਤਾ ਗੰਗਾ ਜੀ ਨੂੰ ਔਲਾਦ ਦੀ ਚਾਹ ਸੀ । ਪਰ ਮੂੰਹੋਂ ਕੁਝ ਨਹੀਂ ਸੀ ਆਖਦੀ । ਇਕ ਵਾਰ ਇਕ ਸਿੱਖ ਮਾਤਾ ਗੰਗਾ ਜੀ ਲਈ ਕੀਮਤੀ ਕਪੜੇ ਲੈ ਕੇ ਆਇਆ । ਗੁਰੂ ਜੀ ਨੇ ਰੇਸ਼ਮੀ ਕਪੜਿਆਂ ਵਲ ਤੱਕਿਆ ਵੀ ਨਹੀਂ ਪਰ ਸਿੱਖ ਦੀ ਬਾਰ ਬਾਰ ਬੇਨਤੀ 'ਤੇ ਬਸਤਰ ਗ੍ਰਹਿ ਵਿਖੇ ਪਹੁੰਚਾ ਦਿਤੇ। ਜਦ ਜੇਠਾਣੀ ਬੀਬੀ ਕਰਮੋ ਨੇ ਸੁੰਦਰ ਕੀਮਤੀ ਕਪੜੇ ਦੇਖੇ ਤਾਂ ਲੋਹ ਲਾਖਾ ਹੋ ਗਈ। ਪਤੀ ਪ੍ਰਿਥੀ ਚੰਦ ਨਾਲ ਗੱਲ ਕੀਤੀ। ਪ੍ਰਿਥੀ ਚੰਦ ਨੇ ਅਗੋਂ ਆਖਿਆ: ਇਹ ਸਭ ਵਸਤਾਂ ਸਾਡੀਆਂ ਹੀ ਹਨ। ਕਰਮੋ ਇਹ ਸੁਣ ਬਹੁਤ ਪ੍ਰਸੰਨ ਹੋਈ । ਮਾਤਾ ਗੰਗਾ ਜੀ ਦੇ ਕੰਨ ਇਹ ਸਭ ਗੱਲਾਂ ਪੁੱਜੀਆਂ ਤਾਂ ਉਨ੍ਹਾਂ ਦਾ ਮਨ ਬਹੁਤ ਹੀ ਉਦਾਸ ਹੋ ਗਿਆ । ਮਾਤਾ ਜੀ ਨੇ ਗੁਰੂ ਅਰਜਨ ਦੇਵ ਜੀ ਅਗੇ ਬੇਨਤੀ ਕੀਤੀ ਕਿ ਐਸੀ ਕ੍ਰਿਪਾ ਕਰੋ ਕੋਈ ਦੇਖ ਹੱਸੋ ਨਾ । ਗੁਰੂ ਜੀ ਨੇ ਕਿਹਾ : ਬਾਬਾ ਬੁੱਢਾ ਜੀ, ਜੋ ਬੀੜ ਦੀ ਸੇਵਾ ਵਿਚ ਲੱਗੇ ਹੋਏ ਹਨ, ਉਨ੍ਹਾਂ ਨੂੰ ਅਰਦਾਸ ਕਰਨ ਲਈ ਪ੍ਰੇਰੋ । ਉਹ ਹੀ ਇੱਛਾ ਪੂਰੀ ਕਰ ਸਕਦੇ ਹਨ। ਅਗਲੇ ਦਿਨ ਸਵੇਰੇ ਹੀ ਮਾਤਾ ਜੀ ਰੱਥ ਵਿਚ ਬੈਠ, ਸੇਵਕ ਨਾਲ ਲੈ ਕੇ ਬਾਬਾ ਬੁੱਢਾ ਜੀ ਕੋਲ ਚੱਲ ਪਈ। ਗੰਗਾ ਜੀ ਕਾਫ਼ੀ ਉਤਸ਼ਾਹ ਤੇ ਤੇਜ਼ੀ ਵਿਚ ਸਨ । ਦੂਰੋਂ ਹੀ ਧੂੜ ਉਡਦੀ ਦੇਖ ਬਾਬਾ ਬੁੱਢਾ ਜੀ ਨੇ ਪੁਛਿਆ: ਇਹ ਕੌਣ ਆ ਰਿਹਾ ਹੈ। ਕਿਸੇ ਦੱਸਿਆ ਗੁਰੂ ਕੇ ਮਹਲ ।
ਜਦ ਮਾਤਾ ਗੰਗਾ ਜੀ ਨੇ ਆ ਕੇ ਆਪਣੇ ਆਉਣ ਦਾ ਮਨੋਰਥ ਦਸਿਆ ਤਾਂ ਬਾਬਾ ਬੁੱਢਾ ਜੀ ਨੇ ਕਿਹਾ ਤੁਹਾਨੂੰ ਭੁਲੇਖਾ ਲੱਗਾ ਹੈ । ਮੈਂ ਤਾਂ ਗੁਰੂ ਦਾ ਨਿਮਾਣਾ ਸੇਵਕ ਹਾਂ । ਗੁਰੂ ਆਪ ਸਭ ਕੁਝ ਕਰਨ ਵਾਲਾ ਹੈ । ਸੂਰਜ ਦੇ ਅਗੇ ਦੀਵਾ ਕੀ ਕਰ ਸਕਦਾ ਹੈ । ਹੋਰ ਭਾਜੜ ਰੂਪ ਬਣਾ ਕੇ ਇਥੇ ਆਉਣ ਦੀ ਕੀ ਲੋੜ ਸੀ । ਤੁਹਾਡੇ ਇਸ ਤਰ੍ਹਾਂ ਆਉਣ ਨਾਲ ਅਰਾਮ ਵਿਚ ਟਿਕੇ ਪਸ਼ੂ ਪੰਛੀਆਂ ਵਿਚ ਭਾਜੜ ਪੈ ਗਈ ਹੈ।
ਭਾਜੜ ਰੂਪ ਬਨਾਇਕੇ ਨਹੀਂ ਆਉਣਾ ।'
ਗੁਰੂ ਜੀ ਨੂੰ ਜਦ ਆ ਕੇ ਮਾਤਾ ਗੰਗਾ ਜੀ ਨੇ ਸਾਰੀ ਵਾਰਤਾ ਦੱਸੀ ਤਾਂ ਆਪ ਨੇ ਸਮਝਾਂਦੇ ਹੋਏ ਕਿਹਾ: ਕਦੇ ਮਹਾਂ ਪੁਰਸ਼ਾਂ ਪਾਸ ਦਿਖਾਵੇ ਦਾ ਪਾਜ ਧਰ ਨਹੀਂ ਜਾਣਾ ਚਾਹੀਦਾ ।
ਸੰਤਨਿ ਪੈ ਨਹੀਂ ਜਾਈਏ ।
ਕਛੂ ਡਿੰਭ ਨਿਜ ਧਾਰ ।
ਸੰਤ ਪ੍ਰਸੰਨ ਹੁੰਦੇ ਹਨ ਕਰਮਾਂ ਵਾਲੀਏ ! ਜੇ ਹੱਥੀਂ ਪਰਸ਼ਾਦੇ ਪਕਾ ਨਿਮਰਤਾ ਸਹਿਤ ਜਾਈਏ ।
ਗੁਰੂ ਅਰਜਨ ਜੀ ਦੇ ਹੁਕਮ ਅਨੁਸਾਰ ਦੂਜੇ ਦਿਨ ਆਪੂੰ ਅੰਨ ਪੀਸ ਕੇ, ਮਿੱਸੀਆਂ ਰੋਟੀਆਂ ਪਕਾ ਕੇ, ਲੱਸੀ ਰਿੜਕ ਕੇ, ਰੋਟੀਆਂ ਉਤੇ ਪਿਆਜ਼ ਧਰ ਕੇ ਪੈਦਲ ਹੀ ਬਾਬਾ ਬੁੱਢਾ ਜੀ ਪਾਸ ਲੈ ਗਏ । ਬਾਬਾ ਬੁੱਢਾ ਜੀ ਦਾ ਉਹ ਪ੍ਰਸ਼ਾਦ ਛਕਣ ਦਾ ਹੀ ਵੇਲਾ ਸੀ । ਅੱਗੇ ਵਧ ਕੇ ਮਾਤਾ ਜੀ ਦੇ ਸਿਰ ਤੋਂ ਛੰਨਾ ਲੁਹਾਇਆ। ਹੱਸ ਕੇ ਕਿਹਾ: ਮਾਤਾ ਜੀ ਅੱਜ ਕਿੱਡੀ ਦਇਆ ਕੀਤੀ ਜੇ । ਭੋਜਨ ਲੈ ਸਮੇਂ ਸਿਰ ਪੁੱਜੇ ਹੋ । ਬੜੇ ਚਾਅ ਨਾਲ ਛਕਣ ਲਗੇ । ਪਿਆਜ਼ ਤੋੜਨ ਲੱਗਿਆਂ ਪਿਆਜ਼ ਨੂੰ ਮੁੱਕਾ ਮਾਰ ਜ਼ੋਰ ਦਾ ਭੰਨਿਆ ਤੇ ਆਖਿਆ: ਤੁਰਕਾਂ ਦਾ ਸਿਰ ਭੰਨਣ ਵਾਲਾ, ਬਲੀ ਜੋਧਾ, ਧਰਮ ਦਾ ਰੱਖਿਅਕ ਪੁੱਤਰ ਅਕਾਲ ਪੁਰਖ ਬਖ਼ਸ਼ੇਗਾ ।
ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ।
ਜਾਂ ਕਾ ਬਲ ਬੁਧ ਕਿੰਨੂ ਨ ਸੋਧਾ ।
ਮਾਤਾ ਜੀ ਬਹੁਤ ਪ੍ਰਸੰਨ ਹੋਏ । ਇਸੇ ਤਰ੍ਹਾਂ ਹੋਇਆ । ਐਸਾ ਜੋਧਾ ਗੁਰੂ ਹਰਿਗੋਬਿੰਦ ਜੀ ਦੇ ਰੂਪ ਵਿਚ ਪ੍ਰਗਟਿਆ ਕਿ ਇਸ ਮੁਗ਼ਲ ਫ਼ੌਜਾਂ ਨੂੰ ਭਾਜੜਾਂ ਪਾਈਆਂ । ਮੁਗ਼ਲ ਜ਼ੁਲਮ ਦੇ ਖ਼ਿਲਾਫ਼, ਜ਼ੁਲਮ ਦੇ ਵਿਰੁਧ ਲੜਨ ਲਈ ਪੀਰੀ ਦੇ ਨਾਲ ਮੀਰੀ ਦੀ ਤਲਵਾਰ ਪਹਿਨੀ ਤੇ ਚਲਾਈ।
ਮਾਤਾ ਗੰਗਾ ਜੀ ਦੇ ਘਰ ਸੰਮਤ 1652 (1595 ਸੰਨ) ਨੂੰ ਹਾੜ ਦੀ ਦੂਜੀ, ਦਿਨ ਐਤਵਾਰ ਅੱਧੀ ਰਾਤ ਨੂੰ ਗੁਰੂ ਹਰਿਗੋਬਿੰਦ ਜੀ ਨੇ ਗੁਰੂ ਕੀ ਵਡਾਲੀ ਅਵਤਾਰ ਧਾਰਿਆ । ਘਰ ਵਿਚ ਖੁਸ਼ੀ ਦੀ ਲਹਿਰ ਦੌੜ ਪਈ । ਪਰ ਪ੍ਰਿਥੀ ਚੰਦ ਬਹੁਤ ਸੜਿਆ । ਵਿਉਂਤਾਂ ਬਣਾਉਣ ਲਗਾ। ਬਾਲ ਨੂੰ ਖ਼ਤਮ ਕਰਨ ਦਾ ਮਨਸੂਬਾ ਬਣਾਉਣ ਲਗਾ । ਪ੍ਰਿਥੀ ਚੰਦ ਦੀ ਈਰਖਾ ਕਾਰਨ ਹੀ ਮਾਤਾ ਗੰਗਾ
ਜੀ ਨੂੰ ਅੰਮ੍ਰਿਤਸਰ ਤੋਂ ਦੂਰ ਰੱਖਣ ਲਈ ਮਹਾਰਾਜ ਨੇ ਵਡਾਲੀ ਦਾ ਪਿੰਡ ਚੁਣਿਆ ਸੀ । ਵਡਾਲੀ ਦੇ ਚੌਧਰੀ ਹੇਮੇ ਨੇ ਹਰ ਤਰ੍ਹਾਂ ਦੀ ਰੱਖਿਆ ਤੇ ਹੋਰ ਸੇਵਾ ਸੰਭਾਲ ਦਾ ਪ੍ਰਬੰਧ ਆਪਣੇ ਜ਼ਿੰਮੇ ਲਿਆ ਹੋਇਆ ਸੀ । ਮਾਤਾ ਜੀ, ਗੁਰੂ ਆਗਿਆ ਜਦ ਤਕ ਨਹੀਂ ਹੋਈ, ਬਾਲਕ ਨਾਲ ਵਡਾਲੀ ਵਿਚ ਹੀ ਰਹੇ ।
ਪਰ ਪ੍ਰਿਥੀ ਚੰਦ ਨੇ ਨਵ-ਜਨਮੇ ਬਾਲਕ ਨੂੰ ਮੁਕਾਉਣ ਦੀਆਂ ਸਾਜ਼ਸ਼ਾਂ 'ਤੇ ਅਮਲ ਸ਼ੁਰੂ ਕਰ ਦਿਤਾ । ਇਕ ਦਾਈ ਜਿਸ ਦਾ ਨਾਮ ਫਤੋ ਸੀ ਨੂੰ ਭਾਰੀ ਰਕਮ ਦੇ ਕੇ ਜ਼ਹਿਰ ਦੇਣ ਦਾ ਮਨਸੂਬਾ ਬਣਾਇਆ । ਉਸ ਪੂਤਨਾ ਨੇ ਜ਼ਹਿਰ ਥਣਾਂ ਤੇ ਲੇਪ ਲਿਆ ਕਿ ਜਦ ਬਾਲਕ ਦੁੱਧ ਚੁੰਘੇਗਾ ਤਾਂ ਮੂੰਹ ਜ਼ਹਿਰ ਲਗਣ ਨਾਲ ਚੜ੍ਹਾਈ ਕਰ ਜਾਏਗਾ । ਉਸ ਲੱਖ ਯਤਨ ਕੀਤੇ ਪਰ ਬਾਲ-ਗੁਰੂ ਬਣ ਮੂੰਹ ਹੀ ਨਾ ਪਾਵੇ । ਉੱਚੀ ਰੋਣ ਦੀ ਆਵਾਜ਼ ਸੁਣ ਜਦ ਮਾਤਾ ਗੰਗਾ ਜੀ ਬਾਹਰ ਆਏ ਤਾਂ ਪੁੱਛ ਬੈਠੇ ਕਿ ਇਤਨਾ ਕਿਉਂ ਬਾਲ ਰੋ ਰਿਹਾ ਹੈ । ਪਰ ਜ਼ਹਿਰ ਇਤਨਾ ਤੇਜ਼ ਸੀ ਕਿ ਉਹ ਫਤੋ ਥਾਂ ਤੇ ਹੀ ਗਿਰ ਪਈ । ਮੂੰਹੋਂ ਝੱਗ ਨਿਕਲੀ ਪਰ ਮਰਦੇ ਇਹ ਦੱਸ ਗਈ ਕਿ ਇਹ ਸਭ ਕੁਝ ਉਸ ਪੈਸੇ ਕਾਰਨ ਹੀ ਪ੍ਰਿਥੀ ਚੰਦ ਦੇ ਕਹਿਣ ਤੇ ਕੀਤਾ ਸੀ । ਗੁਰੂ ਅਰਜਨ ਦੇਵ ਜੀ ਨੇ ਕੋਈ ਗਿਲਾ ਸ਼ਿਕਵਾ ਨਾ ਕੀਤਾ ਸਗੋਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਕਿ ਬਾਲ ਪ੍ਰਭੂ ਨੇ ਹੱਥ ਦੇ ਰਖਿਆ ਹੈ। ਪਰ ਪ੍ਰਿਥੀ ਚੰਦ ਨੇ ਪੁੱਠਾ ਰਾਹ ਅਪਣਾਈ ਰਖਿਆ । ਹਸਦ ਦੀ ਅੱਗ ਵਿਚ ਇਤਨਾ ਜਲ ਰਿਹਾ ਸੀ ਕਿ ਇਕ ਸਪੇਰੇ ਨੂੰ ਤਿਆਰ ਕੀਤਾ ਕਿ ਪਿੜ ਬੰਨ੍ਹੇ ਤੇ ਜਦ ਬਾਲ ਗੁਰੂ ਹਰਿਗੋਬਿੰਦ ਤਮਾਸ਼ਾ ਦੇਖਣ ਆਏ ਤਾਂ ਜ਼ਹਿਰੀਲਾ ਉਡਨਾ ਸੱਪ ਉਸ ਵਲ ਸੇਧ ਲਗਾ ਛੱਡੇ। ਉਸ ਅਜਿਹਾ ਹੀ ਕੀਤਾ। ਸਪੇਰੇ ਦੀ ਬੀਨ ਦੀ ਆਵਾਜ਼ ਸੁਣ ਮਾਤਾ ਗੰਗਾ ਜੀ ਤੇ ਗੁਰੂ ਹਰਿਗੋਬਿੰਦ ਬਾਹਰ ਆਏ । ਉਸ ਨੇ ਜ਼ਹਿਰੀਲੇ ਉਡਨੇ ਸੱਪ ਨੂੰ ਛੱਡ ਦਿਤਾ । ਬਾਲ ਹਰਿਗੋਬਿੰਦ ਜੀ ਨੇ ਆਪਣੇ ਵਲ ਵੱਧਦੇ ਸੱਪ ਦੀ ਗਿੱਚੀ ਇਤਨੀ ਜ਼ੋਰ ਦੀ ਆਪਣੀ ਮੁੱਠ ਵਿਚ ਭੀਚੀ ਕਿ ਸੱਪ ਵਿਸ ਘੋਲਦਾ ਦਮ ਤੋੜ ਗਿਆ। ਸਭ ਜਾਣ ਗਏ ਕਿ 'ਬਾਲ ਕੋਈ ਵੱਡਾ ਪੁਰਸ਼ ਹੈ ਭਾਰੀ ।'
ਗੁਰੂ ਅਰਜਨ ਦੇਵ ਜੀ ਨੇ ਇਹ ਦੇਖ ਕਿ ਉਥੇ ਰਖਿਆ ਦਾ ਪੂਰਨ ਪ੍ਰਬੰਧ ਸੰਭਵ ਨਹੀਂ, ਮਾਤਾ ਗੰਗਾ ਤੇ ਬਾਲ ਹਰਿਗੋਬਿੰਦ ਨੂੰ ਅੰਮ੍ਰਿਤਸਰ ਹੀ ਲੈ ਆਂਦਾ । ਮਾਤਾ ਗੰਗਾ ਜੀ ਦਾ ਇੰਨਾ ਮਿੱਠਾ ਤੇ ਸ਼ੀਲ ਸੁਭਾਅ ਸੀ ਕਿ ਫਿਰ ਵੀ ਅੰਮ੍ਰਿਤਸਰ ਪਹੁੰਚ ਕੇ ਉਹ ਪਹਿਲਾਂ ਜੇਠ ਪ੍ਰਿਥੀ ਚੰਦ ਦੇ ਘਰ ਗਏ । ਪੁੱਤਰ ਨੂੰ ਤਾਏ ਦੇ ਚਰਨਾਂ ਵਿਚ ਰੱਖਿਆ । ਇਹ ਜਾਣਦੇ ਵੀ ਕਿ ਉਹ ਅੰਦਰ ਕਿਤਨਾ ਵੈਰ ਰੱਖੀ
ਬੈਠੇ ਹਨ ਪਰ ਮਰਿਆਦਾ ਨੂੰ ਹੱਥੋਂ ਨਾ ਛਡਿਆ। ਅੰਮ੍ਰਿਤਸਰ ਪੁੱਜਦੇ ਸਾਰ ਬਾਲ ਨੂੰ ਚੇਚਕ ਦੀ ਬਿਮਾਰੀ ਦਾ ਹੱਲਾ ਹੋ ਗਿਆ । ਮਾਤਾ ਜੀ ਨੇ ਜਦ ਚਿੰਤਾ ਪ੍ਰਗਟਾਈ ਤਾਂ ਗੁਰੂ ਅਰਜਨ ਦੇਵ ਜੀ ਨੇ ਇਤਨਾ ਹੀ ਕਿਹਾ: ਜਿਸ ਨੇ ਦਿਤਾ ਹੈ ਉਹ ਆਪ ਹੀ ਰੱਖੇਗਾ । ਕੁਝ ਦਿਨਾਂ ਬਾਅਦ ਗੁਰੂ ਹਰਿਗੋਬਿੰਦ ਜੀ ਨਰੋਏ ਹੋ ਗਏ ।
ਗੁਰੂ ਹਰਿਗੋਬਿੰਦ ਜੀ ਨੂੰ ਮਾਰਨ ਦੀ ਸਾਜ਼ਸ਼ ਪ੍ਰਿਥੀ ਚੰਦ ਕਰਦਾ ਹੀ ਰਿਹਾ । ਕਦੀ ਰਸੋਈਏ ਰਾਹੀਂ ਜ਼ਹਿਰ ਦੇਣ ਦੀ ਕੋਸ਼ਿਸ਼ ਤੇ ਕਦੀ ਹਾਣੀ ਦੁਆਰਾ ਜ਼ਹਿਰ ਵਾਲੀ ਮਿਠਾਈ ਖਵਾਣ ਦੀ ਸਾਜ਼ਸ਼ ਪਰ ਉਸ ਜਾਣੀ ਜਾਣ ਦੀ ਜਾਨ ਕੌਣ ਲੈ ਸਕਦਾ ਸੀ । ਉਹ ਤਾਂ ਰੱਖਿਆ ਕਰਨ ਵਾਲਾ ਸੀ ਪਰ ਪ੍ਰਿਥੀ ਚੰਦ ਇਹ ਸਭ ਨਹੀਂ ਸੀ ਜਾਣਦਾ । ਉਸ ਨੂੰ ਤਾਂ ਕੇਵਲ ਗੱਦੀ ਹਥਿਆਉਣ ਦਾ ਮੋਹ ਸੀ । ਗੁਰੂ ਹਰਿਗੋਬਿੰਦ ਜੀ ਦੀ ਸ਼ਖ਼ਸੀਅਤ ਨੂੰ ਦੇਖ ਕੇ ਪੱਕ ਹੋ ਜਾਂਦਾ ਹੈ ਕਿ ਹਰ ਬੱਚੇ ਨੂੰ ਬਣਾਉਣ ਵਿਚ ਉਸ ਦੀ ਕਾਮਯਾਬੀ ਪਿਛੇ ਮਾਂ ਹੀ ਹੁੰਦੀ ਹੈ । ਜਦ ਹਰਿਗੋਬਿੰਦ ਜੀ ਵੱਡੇ ਹੋਏ ਉਨ੍ਹਾਂ ਦੀ ਕੁੜਮਾਈ ਦਮੋਦਰੀ ਜੀ ਨਾਲ ਤੈਅ ਹੋਈ ਜੋ ਭਾਈ ਪਾਰੋ ਦੇ ਖ਼ਾਨਦਾਨ ਵਿਚੋਂ ਸੀ । ਗੁਰੂ ਘਰ ਨਾਲ ਇਸ ਪਰਵਾਰ ਦੀ ਬਹੁਤ ਸ਼ਰਧਾ ਸੀ । ਮਾਤਾ ਗੰਗਾ ਜੀ ਐਸੇ ਸਿੱਖ ਘਰਾਣੇ ਨਾਲ ਰਿਸ਼ਤਾ ਜੋੜ ਬਹੁਤ ਖ਼ੁਸ਼ ਸਨ । ਵਿਆਹ ਦੀਆਂ ਖੂਬ ਤਿਆਰੀਆਂ ਹੋ ਰਹੀਆਂ ਸਨ। ਦਮੋਦਰੀ ਦੀ ਵੱਡੀ ਭੈਣ ਰਾਮੋ ਤੇ ਉਸ ਦਾ ਪਤੀ ਸਾਈਂ ਦਾਸ ਵਿਆਹ ਦਾ ਸਾਰਾ ਕਾਰਜ ਸੰਭਾਲੀ ਬੈਠੇ ਸਨ।
ਮਾਤਾ ਗੰਗਾ ਜੀ ਵੀ ਖੀਵੇ ਨਹੀਂ ਸਨ ਸਮਾਉਂਦੇ । ਕੁੜਮਾਈ ਦੇ ਦੋ ਮਹੀਨੇ ਬਾਅਦ ਹਰਿਗੋਬਿੰਦ ਜੀ ਬਰਾਤ ਲੈ ਕੇ ਗੋਇੰਦਵਾਲ ਸਾਹਿਬ ਆਏ । ਬਰਾਤ ਤਿੰਨ ਦਿਨ ਡਲਾ ਪਿੰਡ ਰਹੀ। ਬੜਾ ਸਤਿਕਾਰ ਹੋਇਆ। ਮਾਤਾ ਜੀ ਤਾਂ ਦਮੋਦਰੀ ਨੂੰ ਗੋਦ ਵਿਚ ਬਿਠਾ ਪਿਆਰ ਹੀ ਕਰਦੀ ਰਹੀ। ਜਿਸ ਆਦਰ ਤੇ ਸਤਿਕਾਰ ਨਾਲ ਗੰਗਾ ਜੀ ਨੇ ਆਪਣੀ ਨੂੰਹ ਨੂੰ ਘਰ ਲਿਆਂਦਾ ਉਹ ਸਾਡੇ ਗ੍ਰਹਿਸਤੀਆਂ ਲਈ ਪੂਰਨੇ ਹੀ ਸਨ। ਮਾਤਾ ਜੀ ਨੇ ਸਾਰਾ ਕਾਰਜ ਬੜੇ ਸੁਹਣੇ ਢੰਗ ਨਾਲ ਨਿਭਾਇਆ ।
ਗੁਰੂ-ਪਤੀ ਦੀ ਸ਼ਹਾਦਤ
ਜਹਾਂਗੀਰ ਇਸ ਗੱਲੋਂ ਤੜਪਦਾ ਰਹਿੰਦਾ ਸੀ ਕਿ ਵੱਖ ਵੱਖ ਧਰਮਾਂ ਦੇ
...........................
1. ਰਾਮੇ ਜੀ ਬਾਰੇ ਪੂਰਾ ਲੇਖ ਇਸੇ ਪੁਸਤਕ ਦੇ ਸੰਬੰਧਿਤ ਅਧਿਆਇ ਵਿਚ ਪੜ੍ਹੋ ।
ਲੋਕੀਂ ਕਿਉਂ ਗੁਰੂ ਤੇ ਸ਼ਰਧਾ ਧਾਰਦੇ ਹਨ । ਤਖ਼ਤ ਤੇ ਬੈਠਦੇ ਸਾਰ ਗੁਰੂ ਅਰਜਨ ਦੇਵ ਜੀ ਤੇ ਇਹ ਦੋਸ਼ ਲੱਗਾ ਕਿ ਉਨ੍ਹਾਂ ਖ਼ੁਸਰੋ ਨੂੰ ਲੰਗਰ ਕਿਉਂ ਛਕਾਇਆ ਹੈ । ਅਸੀਸ ਕਿਉਂ ਦਿਤੀ ਹੈ । ਹੁਕਮ ਦੇ ਦਿਤਾ ਕਿ ਤਸੀਹੇ ਦੇ ਕੇ ਸ਼ਹੀਦ ਕਰ ਦਿਤਾ ਜਾਏ । ਗੁਰੂ ਜੀ ਨੇ ਸੰਗਤ, ਪੰਗਤ, ਪੰਥ, ਗੁਰੂ ਗ੍ਰੰਥ ਤੇ ਅਕੀਦਿਆਂ ਲਈ ਸ਼ਹਾਦਤ ਅਪਣਾਈ ਪਰ ਸੀ ਨ ਉਚਰੀ । ਕਿਹੜਾ ਤਸੀਹਾ ਹੈ ਜੋ ਗੁਰੂ ਜੀ ਨੂੰ ਨਾ ਦਿਤਾ ਗਿਆ ਹੋਵੇ । ਤੱਤੀ ਤਵੀ ਉੱਤੇ ਬਿਠਾਇਆ । ਤੱਤੀ ਰੇਤ ਸਿਰ ਤੇ ਪਾਈ । ਫਿਰ ਉਬਲਦੇ ਪਾਣੀ ਵਿਚ ਉਬਾਲਿਆ ਤੇ ਇੰਤਹਾ ਉਸ ਸਮੇਂ ਕੀਤੀ ਜਦ ਬੰਨ੍ਹ ਦਰਿਆ ਰਾਵੀ ਵਿਚ ਰੋੜ੍ਹ ਦਿਤਾ ਗਿਆ । ਇਹ ਸਭ ਸੁਣ ਮਾਤਾ ਜੀ ਅਡੋਲ ਰਹੇ। ਧੀਰਜ ਦਾ ਪੱਲਾ ਨਾ ਛਡਿਆ । ਸਗੋਂ ਸਭ ਸੰਗਤਾਂ ਨੂੰ ਸਮਝਾਇਆ ਕਿ ਭਾਣੇ ਵਿਚ ਰਹਿਣ ਦਾ ਸਵਾਦ ਹੀ ਹੋਰ ਹੈ । ਰਤਾ ਭਰ ਸ਼ੋਕ ਨ ਕਰੋ । ਇਕੱਠਿਆਂ ਹੋ ਕੇ ਬਾਣੀ ਸੁਣੋ । ਬਾਣੀ ਸੁਣਦਿਆਂ ਐਸੀ ਸ਼ਕਤੀ ਪੈਦਾ ਹੋਵਗੀ ਕਿ ਜ਼ੁਲਮੀ ਰਾਜ ਨਾਲ ਟੱਕਰ ਲੈਣ ਲਈ ਇਰਾਦੇ ਪੱਕੇ ਹੋਣਗੇ । ਗੁਰੂ ਅਰਜਨ ਦੇਵ ਜੀ ਦਾ ਐਸਾ ਹੀ ਹੁਕਮ ਸੀ :
ਸ੍ਰੀ ਗੰਗਾ ਸ਼ੁਭ ਮਤਿ ਮਹਿ ਸਯਾਨੀ।
ਕਰਹੁ ਨ ਸ਼ੋਕ, ਸੁਣਾਵਹੁ ਬਾਨੀ ।
ਜਰਾ ਗੁਰ ਕੀ ਆਗਯਾ ਜਿਮ ਹੋਇ।
ਕੈਸੇ ਕਰਹਿ ਉਲੰਘਨਿ ਸੋਇ ।
ਫਿਰ ਜਦ ਗੁਰੂ ਹਰਿਗੋਬਿੰਦ ਗਵਾਲੀਅਰ ਵਿਖੇ ਬੰਦੀ ਪਾਏ ਗਏ ਤਾਂ ਵੀ ਸਭ ਨੂੰ ਸਮਝਾਇਆ ਕਿ ਗੁਰੂ ਤਾਂ ਜੋਤ ਸਰੂਪ ਹਨ। ਰੋਜ਼ ਹਰਿਮੰਦਰ ਸਾਹਿਬ ਆ ਦਰਸ਼ਨ ਕੀਤਿਆਂ, ਸੰਗਤ ਵਿਚ ਜੁੜਿਆਂ ਉਹ ਪ੍ਰਤੱਖ ਹੋ ਆਉਣਗੇ ।
ਕਰਹੁ ਅਰਾਧਨਿ ਸ੍ਰੀ ਹਰਿਮੰਦਰ ।
ਜਾਗਤ ਜੋਤ ਗੁਰ ਕੀ ਅੰਦਰ ।
ਬਿਨਤੀ ਤਨੀ ਜੋਤ ਗੁਰ ਜ਼ਾਹਰ ।
ਕੁਸਲ ਕਰਹੁ ਸਭਿ ਘਰ ਅਰ ਬਾਹਰਿ ।
ਦਰਬਾਰ ਸਾਹਿਬ ਦੀ ਮਰਯਾਦਾ ਆਪੂੰ ਨਿਭਾਂਦੇ ਰਹੇ । ਕੜਾਹ ਪ੍ਰਸ਼ਾਦ ਵੀ ਆਪ ਵਰਤਾਂਦੇ । ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਆਉਂਦੀਆਂ ਪਰ ਮਜਾਲ ਕੀ ਕਿ ਕੋਈ ਮਾਯੂਸ ਹੋਏ ਜਾਂ ਨਿਰਾਸ਼ ਜਾਏ।
ਨਿਤ ਸੰਗਤ ਗੁਰ ਨਾਨਕ ਧਯਾਵੈ ।
ਕਰਤਿ ਤਿਹਾਵਲ ਬਹੁ ਵਰਤਾਵੈ ।
ਨਿਜ ਘਰ ਕੀ ਨਿਤ ਤੋਰਹਿ ਕਾਰੀ।
ਸੰਗਤ ਆਵੈ ਸਦਾ ਹਜ਼ਾਰੀ।
ਹਰਿਮੰਦਰ ਮੋਹਿ ਪੂਜਾ ਹੋਇ ।
ਬਾਛਤ ਨੋ ਪ੍ਰਕਾਰ ਸਗਰੋ ਬਿਵਹਾਰ ।
ਸੰਗਤ ਮਾਹ ਚਲਹਿ ਸਭ ਕਾਰ।
-ਸੂਰਜ ਪ੍ਰਕਾਸ਼
ਪਿਛੋਂ ਜਾ ਕੇ ਜਦ ਜਹਾਂਗੀਰ ਨੂੰ ਨੂਰ ਜਹਾਨ ਦੇ ਕਹਿਣ ਤੇ ਕਿ 'ਸਾਈਂ' ਦੀ ਜਾਤ ਹੈ ਸਾਈਂ ਜੈਸੇ', ਆਪਣੀ ਗ਼ਲਤੀ ਦਾ ਅਹਿਸਾਸ ਹੋਇਆ।
ਗੁਰੂ ਹਰਿਗੋਬਿੰਦ ਨੂੰ 52 ਰਾਜਿਆਂ ਸਮੇਤ ਗਵਾਲੀਅਰ ਤੋਂ ਰਿਹਾ ਕੀਤਾ ਤੇ ਨਾਲ ਹੀ ਖ਼ਾਹਿਸ਼ ਪ੍ਰਗਟਾਈ ਕਿ ਮੈਂ ਮਾਤਾ ਗੰਗਾ ਜੀ ਦੇ ਦਰਸ਼ਨ ਪਾਉਣੇ ਹਨ ਅਤੇ ਖਿਮਾ ਵੀ ਮੰਗਣੀ ਹੈ। ਗੁਰੂ ਜੀ ਨੇ ਕਿਹਾ ਕਿ ਪਛਤਾਵੇ ਵਿਚ ਕੋਈ ਆਵੇ, ਸਿੱਖ ਘਰ ਖਿਮਾ ਦੇਂਦਾ ਹੈ । ਜਹਾਂਗੀਰ ਜਦ ਸ੍ਰੀ ਅੰਮ੍ਰਿਤਸਰ ਆਇਆ, ਅਕਾਲ ਤਖ਼ਤ ਤੇ ਕੜਾਹ ਪ੍ਰਸ਼ਾਦ ਚੜ੍ਹਾਇਆ । ਹਰਿਮੰਦਰ ਸਾਹਿਬ ਭੇਟਾ ਚੜ੍ਹਾਈ । ਕੀਰਤਨ ਸੁਣਿਆ ਤੇ ਗੁਰੂ ਜੀ ਪਾਸ ਮਾਤਾ ਗੰਗਾ ਜੀ ਕੋਲ ਲੈ ਜਾਣ ਦੀ ਬੇਨਤੀ ਕੀਤੀ । ਮਾਤਾ ਜੀ ਕੋਲੋਂ ਖਿਮਾ ਮੰਗੀ । ਨੂਰ ਜਹਾਨ ਨੇ ਵੀ ਮਾਤਾ ਜੀ ਕੋਲੋਂ ਅਸੀਸ ਦੀ ਮੰਗ ਕੀਤੀ। ਜਹਾਂਗੀਰ ਨੇ ਮਾਤਾ ਜੀ ਦੇ ਚਰਨਾਂ ਤੇ ਪੰਜ ਸੌ ਮੋਹਰਾਂ ਰੱਖੀਆਂ। ਮਾਤਾ ਜੀ ਨੇ ਉਸ ਵੇਲੇ ਉਠਵਾ ਲੋੜਵੰਦਾਂ ਨੂੰ ਵੰਡ ਦਿੱਤੀਆਂ । ਜਹਾਂਗੀਰ ਆਪਣੀ ਸਫ਼ਾਈ ਵਿਚ ਕੁਝ ਕਹਿਣ ਹੀ ਲਗਾ ਸੀ ਕਿ ਮਾਤਾ ਜੀ ਨੇ ਕਿਹਾ: ਗੁਰੂ ਤਾਂ ਜਨਮ ਮਰਨ ਦੇ ਗੇੜਾਂ ਵਿਚ ਨਹੀਂ ਹੈ । ਮੂਰਖ ਲੋਕ ਗੁਰੂ ਨਾਲ ਵੈਰ ਕਮਾਂਦੇ ਹਨ । ਜਦ ਤਕ ਮਾਤਾ ਜੀ ਦੇ ਮੂੰਹੋਂ ਖਿਮਾ ਕੀਤੀ ਦੇ ਸ਼ਬਦ ਨਹੀਂ ਸੁਣੇ, ਜਹਾਂਗੀਰ ਨੂੰ ਚੈਨ ਨਾ ਆਇਆ । ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿਚ ਲਿਖਿਆ ਹੈ ਕਿ 'ਤਬ ਆਇਆ ਚੈਨ ਜਦ ਮਾਤਾ ਜੀ ਨੇ ਮੂੰਹੋਂ ਖਿਮਾ ਕੀਤੀ ਦੇ ਸ਼ਬਦ ਆਖੇ । ਜਹਾਂਗੀਰ ਨੇ ਅਕਾਲ ਤਖ਼ਤ ਆਪਣੇ ਖ਼ਰਚ ਨਾਲ ਬਣਾਉਣ ਦੀ ਗੱਲ ਕਹੀ ਤਾਂ ਵੀ ਮਾਤਾ ਜੀ ਨੇ ਕਿਹਾ : ਸਿੱਖ ਆਪ ਬਣਾਉਣਗੇ । ਕਿਤਨਾ ਵਿਸ਼ਾਲ ਹਿਰਦਾ ਹੋਵੇਗਾ ਮਾਤਾ ਗੰਗਾ ਜੀ ਦਾ ਕਿ ਜਹਾਂਗੀਰ ਨੂੰ ਵੀ ਖਿਮਾ ਕਰ ਦਿਤਾ । ਸੰਗਤਾਂ ਦੀ ਕਿਤਨੀ ਸ਼ਰਧਾ ਮਾਤਾ ਜੀ ਤੇ ਸੀ ਉਸ ਦਾ ਅੰਦਾਜ਼ਾ ਇਸ ਪੱਖੋਂ ਲਗਦਾ ਹੈ ਕਿ ਬਾਬਾ
ਬਕਾਲਾ ਦੇ ਰਹਿਣ ਵਾਲੇ ਭਾਈ ਮੈਹਰਾ ਜੀ ਨੇ ਘਰ ਨਵਾਂ ਬਣਾਇਆ ਤਾਂ ਮਾਤਾ ਗੰਗਾ ਜੀ ਨੂੰ ਬੇਨਤੀ ਕੀਤੀ ਕਿ ਕੁਝ ਚਿਰ ਉਥੇ ਆ ਕੇ ਟਿਕਣ ਤਾਂ ਕਿ ਘਰ ਪਵਿੱਤਰ ਹੋ ਜਾਵੇ । ਮਾਤਾ ਜੀ ਨੇ ਕਿਹਾ: 'ਅਜੇ ਤਾਂ ਜਾਣ ਨਹੀਂ ਹੋਣਾ ਪਰ ਛੇਤੀ ਹੀ ਆਵਾਂਗੇ । ਮਾਤਾ ਜੀ ਨੇ ਗੁਰੂ ਹਰਿਗੋਬਿੰਦ ਜੀ ਨੂੰ ਕਿਹਾ ਕਿ ਭਾਈ ਮੈਹਰਾ ਦੀ ਸ਼ਰਧਾ ਪੂਰਨ ਲਈ ਨਾਲ ਚਲੋ । ਗੁਰੂ ਹਰਿਗੋਬਿੰਦ ਜੀ ਨਾਲ ਹੀ ਬਾਬਾ ਬਕਾਲਾ ਆਏ । ਮੈਹਰਾ ਜੀ ਦੀ ਖ਼ੁਸ਼ੀ ਥੰਮ੍ਹੀ ਨਹੀਂ ਸੀ ਜਾਂਦੀ । ਤਿੰਨ ਦਿਨ ਬਾਬਾ ਬਕਾਲਾ ਹੀ ਰਹੇ । ਮੈਹਰਾ ਜੀ ਨੇ ਖੂਬ ਸੇਵਾ ਕੀਤੀ। ਚੌਥੇ ਦਿਨ ਜਦ ਚੱਲਣ ਲੱਗੇ ਤਾਂ ਮਾਤਾ ਜੀ ਨੇ ਕਿਹਾ ਕਿ ਅੱਜ ਜੇਠ ਸੁਦੀ ਚੌਥ ਹੈ ਅਤੇ ਇਸ ਦਿਨ ਗੁਰੂ ਜੀ ਸ਼ਹੀਦ ਹੋਏ ਹਨ, ਸੋ ਪ੍ਰਾਨ ਤਿਆਗਣ ਦਾ ਸਮਾਂ ਆ ਗਿਆ ਹੈ । ਤੁਸਾਂ ਮੇਰਾ ਦਾਹ ਸਸਕਾਰ ਨਹੀਂ ਕਰਨਾ । ਜਪੁਜੀ ਪੜ੍ਹਦਿਆਂ ਹੀ ਜਲ ਪਰਵਾਹ ਕਰ ਦੇਣਾ ਤਾਂ ਕਿ ਗੁਰ-ਪਤੀ ਦੇ ਪਾਸ ਚਲੀ ਜਾਵਾਂ ਕਿਉਂਕਿ ਗੁਰੂ ਅਰਜਨ ਦੇਵ ਜੀ ਨੂੰ ਵੀ ਤਸੀਹੇ ਦੇਣ ਤੋਂ ਬਾਅਦ ਦਰਿਆ ਸਪੁਰਦ ਹੀ ਕੀਤਾ ਸੀ । ਮਾਤਾ ਗੰਗਾ ਜੀ ਨੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਅਤੇ ਉਸੇ ਦਿਨ ਸੰਨ 1618 ਈ. ਨੂੰ ਬਕਾਲੇ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਦੇਹ ਤਿਆਗੀ ।
ਗੁਰੂ ਮਹਾਰਾਜ ਨੇ ਮਾਤਾ ਜੀ ਦੀ ਇੱਛਾ ਅਨੁਸਾਰ ਬਿਆਸਾ ਵਿਚ ਜਲ ਪ੍ਰਵਾਹ ਕੀਤਾ। ਭਾਈ ਸਾਈਂ ਦਾਸ, ਬਾਬਾ ਬਿੱਧੀ ਚੰਦ, ਗੁਰੂ ਜੀ ਨੇ ਇਕ ਪਾਸੇ ਮੋਢਾ ਦਿਤਾ ਤੇ ਦੂਜੇ ਪਾਸੇ ਭਾਈ ਜੇਠਾ, ਭਾਈ ਪਿਰਾਣਾ ਤੇ ਭਾਈ ਪੈੜਾ ਜੀ ਨੇ ਬਿਬਾਨ ਨੂੰ ਉਠਾਇਆ । ਜਪੁਜੀ ਸਾਹਿਬ ਪੜ੍ਹਦਿਆਂ ਉਨ੍ਹਾਂ ਦੀ ਦੇਹ ਨੂੰ ਜਲ ਪ੍ਰਵਾਹ ਕੀਤਾ ਗਿਆ।
ਇਤਨਾ ਸਨੇਹ ਸੀ ਮਾਤਾ ਜੀ ਦਾ ਸੰਗਤਾਂ ਨਾਲ ਕਿ ਸੰਗਤਾਂ ਦੇ ਹੰਝੂ ਹੀ ਨਹੀਂ ਸਨ ਥੰਮ੍ਹਦੇ । ਮਹਾਰਾਜ ਨੇ ਧੀਰਜ ਦਿਤਾ ਕਿ ਇਹ ਸਭ ਵਾਹਿਗੁਰੂ ਦੀ ਖੇਡ ਹੈ, ਕਿਸੇ ਹੱਥ ਕੁਝ ਨਹੀਂ।
ਗੁਰੂ ਹਰਿਗੋਬਿੰਦ ਜੀ ਮਾਤਾ ਜੀ ਦਾ ਇਤਨਾ ਸਤਿਕਾਰ ਕਰਦੇ ਸਨ ਕਿ ਕੋਈ ਗੱਲ ਪੁੱਛੇ ਬਗ਼ੈਰ ਨਹੀਂ ਸਨ ਕਰਦੇ । ਇਥੋਂ ਤਕ ਲਿਖਿਆ ਹੈ ਕਿ ਜਦ ਜਹਾਂਗੀਰ ਦੇ ਸੱਦੇ ਤੇ ਦਿੱਲੀ ਵੱਲ ਗਏ ਤਾਂ ਜਿਵੇਂ ਭਾਈ ਗੁਰਦਾਸ ਜੀ ਨੂੰ ਅਕਾਲ ਤਖ਼ਤ ਦੀ ਮਰਿਆਦਾ ਨਿਭਾਉਣ ਤੇ ਬਾਬਾ ਬੁੱਢਾ ਜੀ ਨੂੰ ਹਰਿਮੰਦਰ ਸਾਹਿਬ ਦੀ ਮਰਿਆਦਾ ਤੇ ਟੁਰਨ ਦਾ ਹੁਕਮ ਦਿਤਾ ਉਥੇ ਇਹ ਵੀ ਕਿਹਾ ਕਿ
ਹਰ ਬਾਤ ਮਾਤਾ ਜੀ ਦੀ ਸਲਾਹ ਨਾਲ ਕਰਨੀ । ਮਾਤਾ ਜੀ ਵੀ ਐਸੀ ਰਾਏ ਦੇਂਦੇ ਕਿ ਬੰਦੀ ਦੇ ਸਮੇਂ ਸਿੱਖ ਸੰਗਤਾਂ ਦਾ ਉਤਸ਼ਾਹ ਉਸੇ ਤਰ੍ਹਾਂ ਕਾਇਮ ਰਹਿਆ । ਸ਼ਹੀਦ ਗੁਰੂ ਦੀ ਪਤਨੀ, ਸੂਰਮੇ ਗੁਰੂ ਦੀ ਮਾਂ ਮਾਤਾ ਗੰਗਾ, ਇਕ ਐਸੀ ਜੁਰਅੱਤ ਦੀ ਗੰਗਾ ਵਗਾ ਗਈ ਜਿਸ ਦਾ ਅਨੁਭਵ ਹੀ ਕਰ ਕਈਆਂ ਨੂੰ ਜੀਵਨ ਪਦਵੀ ਅਤੇ ਧਰਵਾਸ ਮਿਲਦੀ ਹੈ । ਕਰਤਾਰਪੁਰ (ਜਲੰਧਰ) ਵਿਖੇ ਗੰਗ ਸਰ ਉਨ੍ਹਾਂ ਦੀ ਸਦੀਵੀ ਯਾਦ ਸਾਂਭੀ ਬੈਠਾ ਹੈ।
ਬੀਬੀ ਰੂਪ ਕੌਰ
ਸਮਾਂ ਜ਼ਰੂਰ ਐਸਾ ਸੀ ਕਿ ਜਦ ਔਰਤ ਨੂੰ ਬਹੁਤੀ ਖੁੱਲ੍ਹ ਪ੍ਰਾਪਤ ਨਹੀਂ ਸੀ । ਕਈ ਵਾਰ ਤਾਂ ਉਸ ਨੂੰ ਜੰਮਦਿਆਂ ਦਫ਼ਨਾ ਜਾਂ ਮਾਰ ਵੀ ਦਿੱਤਾ ਜਾਂਦਾ ਸੀ । ਜੰਮਦਿਆਂ ਬੰਧਨਾਂ ਵਿਚ ਪੈ ਜਾਂਦੀ ਸੀ ਇਹ ਵਿਚਾਰੀ । ਉਸ ਨੂੰ ਭਾਵੇਂ ਗੁਰੂ ਨਾਨਕ ਦੇਵ ਜੀ ਨੇ 'ਸੋ ਕਿਉ ਮੰਦਾ ਆਖੀਐ' ਆਖ ਸਭ ਨੂੰ ਨਿੰਦਣ ਤੋਂ ਵਰਜਿਆ ਸੀ ਪਰ ਇਹ ਇਤਿਹਾਸਕ ਸੱਚਾਈ ਹੈ ਕਿ ਗੁਰੂ-ਕਾਲ ਤੋਂ ਬਾਅਦ ਵੀ ਬਾਲ-ਹੱਤਿਆ ਹੁੰਦੀ ਰਹੀ । ਇਹੀ ਤਾਂ ਕਾਰਨ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਨੂੰ ਵੀ ਆਪਣੇ ਵਲੋਂ ਤਾਂ ਮਾਰ ਸੁੱਟ ਗਏ ਸਨ ਪਰ ਕਿਸੇ ਦਿਆਲੂ ਦੀ ਨਜ਼ਰ ਪੈ ਗਈ ਤੇ ਨਾ ਸਿਰਫ਼ ਉਹ ਬਚ ਨਿਕਲੀ, ਸਗੋਂ ਉਹ ਮਹਾਂਬਲੀ ਦੀ ਮਾਂ ਵੀ ਬਣੀ।
ਗੁਰੂ ਘਰ ਔਰਤ ਨੂੰ ਸਦਾ ਮਾਣ ਦੇਂਦਾ ਰਹਿਆ । ਗੁਰੂ ਹਰਿ ਰਾਇ ਜੀ ਦਾ ਸੁਭਾਅ ਬੜਾ ਕੋਮਲ ਸੀ, ਉਹ ਆਪੂੰ ਹੱਥੀਂ ਸੇਵਾ ਕਰਦੇ। ਹਰ ਲੋੜਵੰਦ ਦੀ ਆਸ ਪੂਰਦੇ । ਸਭ ਸੰਗਤਾਂ ਨੂੰ ਛਕਾ ਕੇ ਹੀ ਗੁਰੂ ਜੀ ਲੰਗਰ ਛੱਕਦੇ । ਬਾਗ਼ ਵਿਚ ਸੈਰ ਕਰਦਿਆਂ ਜਦੋਂ ਚੋਲੇ ਨਾਲ ਫੁੱਲ ਅੜ ਕੇ ਡਿੱਗ ਪਿਆ ਤਾਂ ਦਾਦਾ ਗੁਰੂ ਹਰਿਗੋਬਿੰਦ ਜੀ ਦੇ ਕਹੇ ਬਚਨ 'ਦਾਮਨ ਸੰਕੋਚ ਚਲੋ' ਪੱਲੇ ਬੰਨ੍ਹ ਲਏ । ਹਮੇਸ਼ਾ ਦਾਮਨ ਸੰਕੋਚ ਰੱਖਿਆ । ਕਦੇ ਉੱਚਾ ਵਾਕ ਵੀ ਨਾ ਅਲਾਇਆ। ਐਸੇ ਸੁਭਾਅ ਵਾਲੇ ਹਰਿ ਰਾਇ ਜੀ ਸਨ । ਜੋ ਫੁੱਲ ਨੂੰ ਡਿਗਿਆ ਦੇਖ ਕੇ ਚੁੱਕ ਲੈਂਦੇ ਸਨ ਤਾਂ ਇਕ ਬੱਚੀ ਜੋ ਕੂੜੇ ਦੇ ਢੇਰ ਵਿਚ ਡਿੱਗੀ ਪਈ ਸੀ ਉਸਨੂੰ ਕਿਸ ਤਰ੍ਹਾਂ ਦੇਖ ਅਣ-ਦੇਖਾ ਕਰ ਸਕਦੇ ਸਨ । ਜੇ ਗੁਰੂ ਹਰਿਗੋਬਿੰਦ ਜੀ ਕੁੱਥਰੇ ਤੋਂ ਸੁਥਰਾ ਬਣਾ ਸਕਦੇ ਹਨ ਤਾਂ ਕਰੂਪ ਤੋਂ ਰੂਪ ਵੀ ਬਣਾ ਸਕਦੇ ਸਨ । ਗੁਰੂ ਹਰਿ ਰਾਇ ਜੀ ਉਸ ਬੱਚੀ ਨੂੰ ਆਪਣੇ ਘਰ ਲੈ ਆਏ ਉਸਦਾ ਨਾਂ ਰੂਪ ਕੌਰ ਰੱਖਿਆ, ਜੋ ਹਰ ਗੁਣ ਸੰਪੰਨ ਹੋ ਨਿਬੜੀ । ਉਸਦਾ ਪਾਲਣ ਪੋਸਣ ਆਪਣੀ ਬੱਚੀ ਦੀ ਤਰ੍ਹਾਂ ਕੀਤਾ । ਬਾਬਾ ਰਾਮ ਰਾਇ ਤੇ ਗੁਰੂ ਹਰਿਕ੍ਰਿਸ਼ਨ ਜੀ ਵੀ ਜੋ ਗੁਰੂ ਹਰਿ ਰਾਇ ਦੇ ਪੁੱਤਰ ਸਨ, ਬੱਚੀ ਰੂਪ ਕੌਰ ਨੂੰ ਭਰਾਵਾਂ ਦੀ ਤਰ੍ਹਾਂ ਪਿਆਰ ਕਰਦੇ । ਰੂਪ
ਕੌਰ ਵੀ ਉਨ੍ਹਾਂ ਨਾਲ ਰਚੀ ਮਿਚੀ ਰਹਿੰਦੀ । ਰੂਪ ਕੌਰ ਗੁਰੂ ਹਰਿ ਰਾਇ ਜੀ ਦਾ ਨਾ ਸਿਰਫ਼ ਆਦਰ ਹੀ ਕਰਦੇ, ਉਨ੍ਹਾਂ ਦਾ ਹਰ ਬਚਨ ਬੜੇ ਧਿਆਨ ਨਾਲ ਸੁਣਦੇ ।
ਰੂਪ ਕੌਰ ਦਾ ਵਿਆਹ ਪਸਰੂਰ ਨਿਵਾਸੀ ਭਾਈ ਖੇਮਕਰਨ ਨਾਲ ਹੋਇਆ । ਪਸਰੂਰ ਸਿਆਲਕੋਟ ਦੀ ਇਕ ਤਹਿਸੀਲ ਦਾ ਪ੍ਰਧਾਨ ਨਗਰ ਸੀ, ਜੋ ਸਿਆਲਕੋਟ ਤੋਂ 18 ਮੀਲ ਦੱਖਣ ਵੱਲ ਸੀ । ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੀ ਚਰਨ ਪਏ ਸਨ । ਉਸ ਵਕਤ ਉਥੇ ਡੇਕ ਨਾਮੀ ਨਦੀ ਵੀ ਵਗਦੀ ਸੀ ਜੋ ਹੁਣ ਵਿੱਥ ਤੇ ਹੋ ਗਈ ਹੈ। ਇਸੇ ਖੂਬਸੂਰਤ ਸ਼ਹਿਰ ਰੂਪ ਕੌਰ ਵਿਆਹ ਕੇ ਆਈ। ਰੂਪ ਕੌਰ ਦੀ ਕੁਖੋਂ ਬਾਬਾ ਅਮਰ ਸਿੰਘ ਜੀ ਜਨਮੇ । ਅਮਰ ਸਿੰਘ ਦੀ ਔਲਾਦ ਪਾਕਿਸਤਾਨ ਬਣਨ ਤੋਂ ਪਹਿਲਾਂ ਪਸਰੂਰ ਹੀ ਰਹਿੰਦੀ ਸੀ । ਬਨੂੜ ਦੇ ਕੋਲ ਦਿਆਲਪੁਰਾ ਪਿੰਡ ਰਿਆਸਤ ਪਟਿਆਲੇ ਜਗੀਰ ਹੋਣ ਕਾਰਨ, ਸਾਰੇ ਇਥੇ ਹੀ ਆ ਵੱਸੇ।
ਰੂਪ ਕੌਰ ਜੀ ਨੇ ਅਨੋਖਾ ਸੁਲਝਿਆ ਹੋਇਆ ਕੰਮ ਕੀਤਾ; ਉਹ ਇਹ ਸੀ ਕਿ ਗੁਰੂ ਪਿਤਾ ਨੇ ਮੁੱਖ ਤੋਂ ਜੋ ਕੁਝ ਉਚਾਰਿਆ, ਕਹਿਆ, ਆਖਿਆ ਉਸਨੂੰ ਉਸੇ ਰੂਪ ਵਿਚ ਆਪਣੇ ਹੱਥਾਂ ਨਾਲ ਲਿਖ ਸਾਂਭ ਲਿਆ। ਉਨ੍ਹਾਂ ਉਹ ਚਾਹੇ ਉਸ ਸਮੇਂ ਤਾਂ ਆਪਣੀ ਅਗਵਾਈ ਹਿੱਤ ਕੀਤਾ ਸੀ ਤਾਂ ਕਿ ਗੁਰੂ ਜੀ ਦੇ ਬਚਨਾਂ ਅਨੁਸਾਰ ਹੀ ਜੀਵਨ ਹੋ ਜਾਏ । ਉਨ੍ਹਾਂ ਦੇ ਲਿਖੇ ਨੂੰ ਹੁਣ ਤਿੰਨ ਸਦੀਆਂ ਬਾਅਦ ਪੜ੍ਹ ਪਤਾ ਲਗਦਾ ਹੈ ਕਿ ਰੂਪ ਕੌਰ ਜੀ ਕਿੰਨੀ ਸੂਝਵਾਨ ਸੀ । ਗੁਰੂ ਦੇ ਘਰ ਰਹਿ ਕੇ ਜੋ ਕੁਝ ਹਾਸਲ ਕੀਤਾ ਉਸ ਨੂੰ ਸਾਂਭ ਰੱਖਿਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਰੌਸ਼ਨੀ ਮਿਲਦੀ ਰਹੇ । ਇਹ ਬੀਬੀ ਹੀ ਪਹਿਲੀ ਸਿੱਖ ਲਿਖਾਰੀ ਸੀ ਜਿਸ ਗੁਰੂ ਦੇ ਮੁੱਖ ਤੋਂ ਉਚਾਰੇ ਗਏ ਸ਼ਬਦਾਂ ਨੂੰ ਹੂ-ਬ-ਹੂ ਲਿਖਿਆ । ਉਸ ਤੋਂ ਪਹਿਲਾਂ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਹੋ ਚੁੱਕੀ ਸੀ, ਸਿਖ ਰੌਸ਼ਨੀ ਲੈ ਰਹੇ ਸਨ ਪਰ ਗੁਰੂ ਗ੍ਰੰਥ ਸਾਹਿਬ ਨੂੰ ਸਮਝਣਾ ਕੋਈ ਅਸਾਨ ਕੰਮ ਨਹੀਂ ਸੀ । ਬੀਬੀ ਰੂਪ ਕੌਰ ਨੇ ਜੋ ਗੁਰੂ ਜੀ ਬੋਲਦੇ, ਕਹਿੰਦੇ ਕਹਾਂਦੇ, ਸਮਝਾਂਦੇ ਉਸ ਨੂੰ ਨਸਰ (ਗਦ) ਵਿਚ ਲਿਖਣ ਦਾ ਉਪਰਾਲਾ ਕੀਤਾ।
ਚਾਹੇ ਰੂਪ ਕੌਰ ਤੋਂ ਬਾਅਦ ਹੋਰਨਾਂ ਦੇ ਹੱਥਾਂ ਦੀਆਂ ਵੀ ਲਿਖਤਾਂ ਮਿਲਦੀਆਂ ਹਨ ਪਰ ਸਭ ਤੋਂ ਪਹਿਲਾਂ ਜਿਸ ਨੂੰ ਗੁਰੂ ਮੂੰਹੋਂ ਨਿਕਲੇ ਬੋਲ ਲਿਖਣ ਦੀ ਸੋਚ ਉਪਜੀ ਉਹ ਰੂਪ ਕੌਰ ਹੀ ਸੀ ।
ਗੁਰੂ ਜੀ ਦੇ ਉਪਦੇਸ਼ਾਂ ਨੂੰ ਬਹੁਤ ਸੋਹਣੇ ਢੰਗ ਨਾਲ ਰੂਪ ਕੌਰ ਨੇ ਲਿਖਿਆ
ਤੇ ਪਰਚਾਰਿਆ । ਉਸਨੇ ਦੱਸਿਆ ਕਿ ਕਿਸ ਢੰਗ ਨਾਲ ਸਿੱਖ ਅਰਦਾਸ ਕਰਦੇ ਹਨ । ਕਿਸ ਢੰਗ ਨਾਲ ਗੁਰੂ ਜੀ ਹਰ ਉਠਾਏ ਸਵਾਲ ਦਾ ਜਵਾਬ ਦੇਂਦੇ ਹਨ । ਗੁਰੂ ਜੀ ਇਸ਼ਨਾਨ ਇਕ ਸੌ ਇਕ ਗਾਗਰ ਪਾਣੀ ਨਾਲ ਕਰਦੇ । ਗੁਰਦੁਆਰਿਆਂ ਦੀ ਯਾਤਰਾ ਵੇਲੇ ਬੜਾ ਅਦਬ ਰੱਖਦੇ । ਇਥੋਂ ਤਕ ਕਿ ਨਨਕਾਣਾ ਸਾਹਿਬ ਦੀ ਯਾਤਰਾ ਵੇਲੇ ਆਪਣਾ ਸੌਣ ਭੁੰਜੇ ਹੀ ਰੱਖਿਆ । ਕੀਰਤਪੁਰ ਨਿਆਸਰਿਆਂ ਦਾ ਆਸਰਾ ਤੇ ਓਟ ਬਣ ਗਈ ਸੀ । ਰੂਪ ਕੌਰ ਜੀ ਨੇ ਸਤਿਗੁਰੂ ਜੀ ਦੇ ਮੂੰਹੋਂ ਦੀਆਂ ਸਾਖੀਆਂ ਸੰਭਾਲਣ ਵੇਲੇ ਜੋ ਬਚਨ ਪਹਿਲੇ ਗੁਰੂ ਸਾਹਿਬਾਨ ਦੇ ਸਨ ਉਥੇ ਤਾਂ ਮਹਲ ਪਾ ਦਿਤੀ ਪਰ ਗੁਰੂ ਹਰਿ ਰਾਇ ਸਾਹਿਬ ਦੇ ਜੋ ਬਚਨ ਸਨ, ਉਨ੍ਹਾਂ ਤੇ ਕੋਈ ਮਹਲਾ ਜਾਂ ਸੰਕੇਤ ਨਾ ਦਿਤਾ, ਕੇਵਲ ਗੁਰੂ ਆਖਿਆ ਜਾਂ ਸਤਿਗੁਰੂ ਬੋਲਿਆ ਹੀ ਲਿਖਿਆ। ਇਥੋਂ ਸੰਕੇਤ ਮਿਲਦਾ ਹੈ ਕਿ ਉਹ ਸਮਕਾਲੀ ਸੀ ।
ਕੀਰਤਪੁਰ ਗੁਰੂ ਹਰਿ ਰਾਇ ਜੀ ਦਾ ਬੀਬੀ ਰੂਪ ਕੌਰ ਨੂੰ ਦਿਤਾ ਹੱਥ ਦਾ ਰੁਮਾਲ ਵੀ ਹੈ ਜੋ 12 ਗਿਰਾਂ ਮੁਰੱਬਾ ਹੈ। ਪੋਥੀ ਜਪੁਜੀ ਤੇ ਸਾਖੀਆਂ ਹਨ। ਪੋਥੀ ਦੇ ਪਤਰੇ 559 ਹਨ ਤੇ ਸਾਖੀਆਂ 492 ਤੋਂ ਆਰੰਭ ਹੋ ਕੇ 559 ਤਕ ਜਾਂਦੀਆਂ ਹਨ ।
ਗੁਰੂ ਹਰਿ ਰਾਇ ਜੀ ਦੇ ਦਰਬਾਰ ਵਿਚ ਸਿੱਖ ਤਰ੍ਹਾਂ-ਤਰ੍ਹਾਂ ਦੇ ਸਵਾਲ ਕਰ ਕੇ ਆਪਣੇ ਮਨ ਦੇ ਸੰਸਿਆਂ ਨੂੰ ਦੂਰ ਕਰਦੇ । ਨਿਹਾਲ ਹੋ ਜਾਂਦੇ । ਗੁਰੂ-ਬਚਨਾਂ ਨੂੰ ਆਪਣੇ ਜੀਵਨ ਦਾ ਅਧਾਰ ਬਣਾ ਲੈਂਦੇ । ਬੀਬੀ ਰੂਪ ਕੌਰ ਹਰ ਕਹੀ ਹੋਈ ਗੱਲ ਨੂੰ ਲਿਖੀ ਜਾਂਦੀ । ਗੁਰਬਾਣੀ ਵਿਚ ਜੋ ਫ਼ਰਮਾਨ ਹੈ ਜੋ ਮਹਾ ਪੁਰਖ ਸਹਿਜ ਸੁਭਾਅ ਵੀ ਬੋਲਦੇ ਹਨ ਉਹ ਬਚਨ ਹੁੰਦੇ ਹਨ ਤੇ ਸਹੀ ਹਨ।
ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ।
-ਗਉੜੀ ਕੀ ਵਾਰ ਮ: ੪, ਪੰਨਾ ੩੦੬
ਸਿਖਾਂ ਦਾ ਇਹ ਵਿਸ਼ਵਾਸ ਪਕ ਗਿਆ ਸੀ ਕਿ ਗੁਰੂ ਪਾਤਸ਼ਾਹ ਜੋ ਵੀ ਮੁਖੋਂ ਬੋਲਦੇ ਹਨ ਉਹ ਬਚਨ ਹਨ ਤੇ ਉਨ੍ਹਾਂ ਦੇ ਹਰ ਬਚਨ ਨੂੰ ਧਿਆਨ ਨਾਲ ਸੁਣਨਾ ਤੇ ਪਹਿਰਾ ਦੇਣਾ ਸਿੱਖਾਂ ਦਾ ਫ਼ਰਜ਼ ਹੈ । ਕਿਉਂ ਅਤੇ ਕਿਵੇਂ ਕਹਿਣਾ ਸਿੱਖਾਂ ਨੂੰ ਸ਼ੋਭਦਾ ਨਹੀਂ, ਜਿਵੇਂ ਬਾਣੀ ਨੂੰ ਸਤਿ-ਸਤਿ ਕਰ ਮੰਨਣਾ ਹੈ, ਤਿਵੇਂ ਹੀ ਗੁਰੂ ਰਾਮਦਾਸ ਜੀ ਦਾ ਹੁਕਮ ਹਮੇਸ਼ਾ ਯਾਦ ਰੱਖਣਾ ਕਿ ਜਿਸ ਨੇ ਵੀ ਗੁਰੂ ਦੇ ਬਚਨ ਨੂੰ ਸਤਿ ਸਤਿ ਕਰ ਮੰਨਿਆ ਹੈ ਉਹ ਹੀ ਵਾਹਿਗੁਰੂ ਨੂੰ ਪਿਆਰਾ
ਲਗਦਾ ਹੈ ।
ਗੁਰ ਕੇ ਬਚਨ ਸਤਿ ਸਤਿ ਕਰ ਮਾਨੇ,
ਮੇਰੇ ਠਾਕੁਰ ਬਹੁਤੁ ਪਿਆਰੇ ।।
-ਨਟ ਅਸਟ: ਮ: ੪, ਪੰਨਾ ੯੮੨
ਗੁਰੂ ਅਰਜਨ ਦੇਵ ਜੀ ਦਾ ਗਉੜੀ ਰਾਗ ਵਿਚ ਹੁਕਮ ਹੈ ਕਿ ਇਹ ਬਚਨ ਹੀ ਹਨ ਜੋ ਜਮਾਂ ਦੀ ਫਾਸੀ ਕੱਟ ਸਕਦੇ ਹਨ:
ਗੁਰੂ ਕੈ ਬਚਨਿ ਮਿਟਾਵਹੁ ਆਪੁ॥
-ਗਉੜੀ ਗੁਆਰੇਰੀ ਮ: ੫, ਪੰਨਾ ੧੭੭
ਗੁਰੂ ਦੇ ਬਚਨਾਂ ਤੇ ਆਪਾ ਵਾਰਨ ਨਾਲ ਹੀ ਨਾਮ ਦੀ ਰੰਗਣ ਚੜ੍ਹਦੀ ਹੈ । ਗੁਰੂ ਦੇ ਬਚਨਾਂ ਤੇ ਟੁਰਿਆਂ ਭਰਮ ਮੁਕਦੇ, ਬ੍ਰਹਮ ਨਜ਼ਰੀਂ ਆਉਂਦਾ ਹੈ, ਬਖ਼ਸ਼ਸ਼ ਹੁੰਦੀ ਹੈ ਅਤੇ ਰਾਜ ਜੋਗ ਦੀ ਪਦਵੀ ਮਿਲਦੀ ਹੈ । ਗੁਰੂ ਦੇ ਬਚਨਾਂ ' ਤੇ ਟੁਰਦਿਆਂ ਹੀ ਭਗਤੀ ਕਬੂਲ ਹੁੰਦੀ ਹੈ ਅਤੇ ਪ੍ਰਭੂ ਮਨ ਵਿਚ ਆਣ ਵਸਦਾ ਹੈ।
ਗੁਰ ਕੈ ਬਚਨਿ ਭਗਤਿ ਥਾਇ ਪਾਇ ॥
ਹਰਿ ਜੀਉ ਆਪਿ ਵਸੈ ਮਨਿ ਆਇ।।
-ਆਸਾ ਮ: ੩, ਪੰਨਾ ੩੬੫
ਜਿਨ੍ਹਾਂ ਸਿੱਖਾਂ, ਸਾਧੂਆਂ, ਸੰਤਾਂ, ਲੋਕਾਂ ਦਾ ਜੀਵਨ ਬਚਨ ਸੁਣ-ਪਾਲ ਪਲਟਾ ਖਾਧਾ ਸੀ, ਉਹ ਲੋਕ ਬਚਨ ਸਾਂਭ ਰਖਦੇ ਸਨ । ਉਹ ਹੀ ਬਚਨ ਫਿਰ ਗੋਸ਼ਟਾਂ ਬਣੀਆਂ, ਹਾਜ਼ਰ ਨਾਮੇ ਕਹਿਲਾਏ, ਜਨਮਸਾਖੀਆਂ ਆਖੀਆਂ ਜਾਣ ਲਗੀਆਂ, ਪਰਚੀਆਂ ਹੋਈਆਂ ਤੇ ਦੌਰੇ ਦੀਆਂ ਸਾਖੀਆਂ ਨਾਲ ਪ੍ਰਸਿਧ ਹੋਈਆਂ ਅਤੇ ਕਥਾ ਦੇ ਰੂਪ ਵਿਚ ਸਾਡੇ ਸਾਹਮਣੇ ਆਈਆਂ । ਕੈਸੇ ਕੈਸੇ ਸੁੰਦਰ ਬਚਨ ਇਨ੍ਹਾਂ ਪੁਸਤਕਾਂ ਨੇ ਸਾਂਭੇ ਜਿਨ੍ਹਾਂ ਨੂੰ ਪੜ੍ਹ ਕੇ ਪ੍ਰੀਤ ਜਾਗਦੀ ਹੈ । ਜੇ ਗੁਰੂ ਨਾਨਕ ਜੀ ਕੋਲੋਂ ਪੁਛਿਆ ਕਿ ਫ਼ਕੀਰੀ ਦੀ ਜੁਗਤ ਦਸੋ ਤਾਂ ਆਪ ਜੀ ਨੇ ਫ਼ਰਮਾਇਆ ਸੀ :
ਆਦਿ ਫ਼ਕੀਰੀ ਹੈ ਫਨਾ ਹੋਣਾ ਅਤੇ ਅੰਤ ਹੈ ਸਤਿ ਵਾਹਿਗੁਰੂ ਤੋਂ ਸਿਵਾ ਕਿਸੇ ਨੂੰ ਨਾ ਮੰਨਣਾ।
ਫਕੀਰ ਤੇ ਸਾਇਆ ਧਨ ਭਗਵੰਤ ਕਾ ਹੈ।
ਰੋਗ ਫ਼ਕੀਰੋਂ ਕੋ ਮਾਇਆਧਾਰੀਆਂ ਸਾਥ ਪ੍ਰੀਤ ਕਰਨਾ, ਅਲਹ ਨੂੰ ਨਹੀਂ ਭਾਂਵਦਾ ।
ਗੁਰੂ ਅੰਗਦ ਦੇਵ ਜੀ ਦੇ ਵੀ ਇਹ ਬਚਨ ਤਾਂ ਸਿੱਖਾਂ ਨੇ ਪੱਲੇ ਹੀ ਬੰਨ੍ਹੀ ਰੱਖੋ ਕਿ : "ਅੰਨ ਬਹੁਤੀ ਭੂਖੇ ਲਗੀ ਜੇਵਣਾ । ਭਰੇ ਉਪਰ ਭਰਨਾ ਨਾਹੀ, ਅੰਨ ਛੱਡਣਾ ਵੀ ਨਾਹੀ । ਸੋਵਨਾ ਤਾਂ ਜਾਂ ਨੀਂਦ ਬਹੁਤੀ ਆਵੇ । ਨਿੰਦਰਾ ਬਿਨ ਸੋਵਣਾ ਨਹੀਂ ਗਾਫਲਾਈ ਹੈ ।"
ਗੁਰੂ ਅਰਜਨ ਜੀ ਦੇ ਬਚਨ ਗੁਰਮੁਖਿ ਬਣਨ ਲਈ ਬੜੇ ਲਾਹੇਵੰਦ ਸਾਬਤ ਹੋਏ । ਉਨ੍ਹਾਂ ਫ਼ਰਮਾਇਆ ਸੀ ਜਿਨ੍ਹਾਂ ਦਾ ਮਨ ਪਰਮੇਸ਼ਵਰ ਨਾਲ ਲੱਗਾ ਹੈ, ਉਨ੍ਹਾਂ ਦੀਆਂ ਸਭ ਇਛਾਵਾਂ ਆਪੇ ਪੂਰੀਆਂ ਹੋਈ ਜਾਂਦੀਆਂ ਹਨ।
ਸੋ ਬਹੁਤ ਮਹਿਮਾ ਹੈ, ਗੁਰੂ ਬਚਨਾਂ ਦੀ ਅਤੇ ਸਾਡੀ ਖ਼ੁਸ਼ਕਿਸਮਤੀ ਨੂੰ ਗੁਰੂ ਹਰਿ ਰਾਇ ਜੀ ਦੇ ਬਚਨਾਂ ਨੂੰ ਬੀਬੀ ਰੂਪ ਕੌਰ ਜੀ ਨੇ ਲਿਖ ਸਾਂਭ ਲਿਆ ਸੀ ।
ਗੁਰੂ ਮਹਾਰਾਜ ਕੋਲੋਂ ਸਿੱਖ ਜੋ ਵੀ ਮਨ ਵਿਚ ਆਏ ਨਿਰਸੰਕੋਚ ਪੁੱਛਦੇ ਰਹਿੰਦੇ । ਗੁਰੂ ਜੀ ਵੀ ਕੁਝ ਬਚਨ ਕਹਿ ਤਸੱਲੀ ਕਰ ਦਿੰਦੇ । ਇਕ ਵਾਰ ਗੁਰੂ ਮਹਾਰਾਜ ਕੋਲੋਂ ਸਿੱਖਾਂ ਪੁਛਿਆ, ਦਾਤਾ ਸੁਹਣਾ ਕੌਣ ਹੈ ਤੇ ਕਹਣਾ ਕੌਣ ? ਗੁਰੂ ਜੀ ਦਾ ਕਹਿਣਾ ਸੀ: ਜੋ ਸ਼ਿਵ ਰੂਪ ਹੈ, ਉਹ ਸੋਹਣਾ ਹੈ 'ਭਾਵ ਜਿਸ ਪਾਸ ਸ਼ੀਤਲਤਾ ਹੈ, ਹਿਰਦੇ ਦੀ ਠੰਢਕ ਹੈ, ਸ਼ਾਂਤ-ਚਿਤ ਹੈ, ਉਹ ਸੋਹਣਾ ਹੈ ।' "ਸ਼ਿਵ ਅਗੇ ਸ਼ਕਤੀ ਹਾਰਿਆ" ਇਹ ਗੁਰਬਾਣੀ ਕਹਿੰਦੀ ਹੈ।
ਜੋ ਸਦਾ ਉਤੇਜਤ ਰਹਿੰਦਾ ਹੈ, ਘੁੰਤਰਾਂ ਕੱਢਦਾ ਤੇ ਸਾਜ਼ਸ਼ ਬਾਜ਼ ਹੈ, ਬਦੀਆਂ ਵਾਲਾ ਮਾਦਾ ਹੈ, ਉਹ ਕਸੁਹਣਾ ਹੈ । ਚੰਦ ਨੂੰ ਦੇਖਣ ਲਈ ਸਭ ਉਠ ਭੱਜਦੇ ਹਨ ਪਰ ਸੂਰਜ ਵੱਲ ਕੋਈ ਮੂੰਹ ਨਹੀਂ ਕਰਦਾ । ਕਾਂ ਬੋਲੇ ਤਾਂ ਕੋਈ ਸੁਣਦਾ ਨਹੀਂ ਪਰ ਕੋਇਲ ਕੂਕੇ ਤਾਂ ਦਿਲ ਕਰਦਾ ਹੈ ਬੋਲੀ ਹੀ ਜਾਵੇ । ਸੁਹਣਾ ਕਸੂਹਣਾ ਸਭ ਅੰਦਰ ਦੀ ਦਸ਼ਾ ਕਰਕੇ ਹੁੰਦੇ ਹਨ । ਗੁਰੂ ਹਰਿ ਰਾਇ ਜੀ ਨੇ ਇਹ ਵੀ ਤੁਕ ਪੜ੍ਹ ਸੁਣਾਈ:
ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ।।
ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ ॥
-ਗਉੜੀ ਬਾਵਨ ਅਖਰੀ ਮ: ੫, ਪੰਨਾ ੨੫੩
ਸੁੰਦਰਤਾ ਦੇ ਸੋਮੇ ਵਾਹਿਗੁਰੂ ਨਾਲ ਪ੍ਰੀਤ ਲਗਾਈ ਰੱਖੀਏ ਤਾਂ ਸੁੰਦਰਤਾ ਕਦੇ ਢਲਦੀ ਨਹੀਂ । ਗੁਰੂ ਆਖਿਆ, ਬਿਗੜ ਰੂਪ ਅਹੰਕਾਰ ਹੈ । ਅਹੰਕਾਰ ਕਰ ਹੀ ਮੂੰਹ ਬਿਗੜਦਾ ਤੇ ਸੁੰਦਰਤਾ ਜਾਂਦੀ ਹੈ।
ਇਕ ਸਮੇਂ ਸਿੱਖਾਂ ਪੁਛਿਆ ਕਿ ਬਖ਼ਸ਼ਸ਼ ਦੇ ਦਾਤੇ ਦੱਸੋ ਕਿ ਪਾਪਾਂ ਦਾ ਮੂਲ ਕੀ ਹੈ ? ਕਰਮ ਧਰਮ ਨੇਮ ਸਭ ਕਰੀਦੇ ਹਨ, ਪਾਪ ਫਿਰ ਵੀ ਆ ਪਹੁੰਚਦੇ ਹਨ । ਸਪਤਮ ਪਿਤਾ ਗੁਰੂ ਹਰਿ ਰਾਇ ਜੀ ਨੇ ਫ਼ਰਮਾਇਆ : ਪਾਪਾਂ ਦਾ ਮੂਲ ਲੋਭ ਹੈ।
"ਲੋਭੀ ਕਾ ਵੇਸਾਹੁ ਨ ਕੀਜੈ" ਇਹ ਹੀ ਗੁਰਬਾਣੀ ਪੁਕਾਰ ਕਹਿੰਦੀ ਹੈ। ਲੋਭ ਦਾ ਮੂਲ ਕੂੜ ਹੈ । ਕੂੜ ਬੋਲ ਬੋਲ ਲੋਭ ਵਾਲੇ ਪਾਸੇ ਟੁਰੀ ਜਾਂਦਾ ਹੈ । ਸੱਚ ਪੱਲੇ ਹੋਏ ਤਾਂ ਕੂੜ ਨਹੀਂ ਆਉਂਦਾ ਤੇ ਕੂੜ ਤਜਿਆਂ ਲੋਭ ਨੱਸ ਜਾਂਦਾ ਹੈ ਤੇ ਲੋਭ ਗਿਆ ਤਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ।
ਸਿੱਖਾਂ ਜਦੋਂ ਗੁਰੂ ਹਰਿ ਰਾਇ ਜੀ ਕੋਲੋਂ ਪੁਛਿਆ ਕਿ ਕੌਣ ਸੀ ਅਰਦਾਸ, ਥਾਇ ਪੈਂਦੀ ਹੈ ਤਾਂ ਮਹਾਰਾਜ ਨੇ ਕਿਹਾ ਕਿ ਅਰਦਾਸ ਭਾਵੇਂ ਕੋਈ ਬੋਲ ਕੇ ਕਰੇ ਭਾਵੇਂ ਚੁੱਪ ਰਹਿ ਕੇ, ਹਿਰਦਿਓਂ ਪਰਵਾਨ ਹੁੰਦੀ ਹੈ ਪਰ ਜੋ ਅਰਦਾਸ ਅੰਦਰੋਂ ਹੋਵੇ ਹਿਰਦੇ ਸ਼ੁਧ ਨਾਲ ਹੋਵੇ ਥਾਇ ਪੈਂਦੀ ਹੈ । ਅਰਾਧਨਾ ਕੇਵਲ ਇਹ ਹੀ ਹੈ ਕਿ ਸਭਨਾਂ ਜੀਆਂ ਦਾ ਭਲਾ ਮਨਾਇ ।
ਗੁਰੂ ਹਰਿ ਰਾਇ ਜੀ ਦੀ ਹਰ ਗੱਲ ਬੀਬੀ ਰੂਪ ਕੌਰ ਨੇ ਸਾਡੇ ਤੱਕ ਪਹੁੰਚਾਈ । ਗੁਰੂ ਹਰਿ ਰਾਇ ਜੀ ਸੇਵਾ ਤੇ ਫਿਰ ਹੱਥੀਂ ਸੇਵਾ 'ਤੇ ਬਹੁਤ ਹੀ ਜ਼ੋਰ ਦਿੰਦੇ । ਆਪ ਜੀ ਫ਼ਰਮਾਇਆ ਕਰਦੇ ਸਨ ਕਿ ਸੇਵਾ ਇਹ ਨਹੀਂ ਕਿ ਆਏ ਨੂੰ ਦੋ ਪ੍ਰਸ਼ਾਦੇ ਛਕਾ ਦਿੱਤੇ । ਸੇਵਾ ਹੈ ਆਏ ਦਾ ਆਦਰ-ਭਾਉ ਕਰਨਾ। ਖਿੜੇ ਮੱਥੇ ਪ੍ਰਸ਼ਾਦ ਛਕਾਉਣਾ । ਉਸ ਪਾਸੋਂ ਸਾਖੀ ਸ਼ਬਦ ਸੁਣੀਐ । ਉਸ ਨੂੰ ਸੁਣਾਈਐ । ਫਿਰ ਸੁਖਾਲਾ ਸਵਾਈਏ, ਆਪੂੰ ਭਾਵੇਂ ਔਖਾ ਹੋਣਾ ਪਵੇ । ਅੰਮ੍ਰਿਤ ਵੇਲੇ ਉਠ ਕੇ ਉਸ ਨੂੰ ਨਵਾਲੀਐ । ਜਪ ਪੜ੍ਹੀਐ, ਸੁਣੀਐ । ਫਿਰ ਜਿਥੋਂ ਤੱਕ ਹੋ ਸਕੇ, ਅਪੜਾ ਕੇ ਆਈਏ । ਸੇਵਾ ਵਿਚ ਹੀ ਸਭ ਨਿਧਾਨ ਹਨ । ਉਥੇ ਹੀ ਹੁਕਮ ਕੀਤਾ ਸੀ, 'ਜਿਸ ਨੇ ਚੂਕੇ ਸਮੇਂ ਅਤਿਥੀ ਨੂੰ ਪ੍ਰਸ਼ਾਦ ਪਿਆਰ ਨਾਲ ਛਕਾਇਆ, ਗੁਰੂ ਦੀ ਖ਼ੁਸ਼ੀ ਉਸੇ 'ਤੇ ਹੈ।'
ਸਿੱਖਾਂ ਇਕ ਵਾਰੀ ਪੁੱਛਿਆ, 'ਸੱਚੇ ਪਾਤਸ਼ਾਹ, ਕਰਨ ਤੇ ਨਾ-ਕਰਨ ਯੋਗ ਕੰਮ ਕੀ ਹਨ ?' ਗੁਰੂ ਮਹਾਰਾਜ ਨੇ ਕਿਹਾ:
'ਪਰਾਈ ਇਸਤਰੀ ਨਾਲ ਪ੍ਰੀਤ ਨਹੀਂ ਕਰਨੀ । ਜਿਥੇ ਸ਼ਬਦ ਨਾ ਹੋਵੇ, ਤਿਥੇ ਨਹੀਂ ਜਾਣਾ । ਜਿਥੇ ਗੁਰੂ ਦਾ ਸ਼ਬਦ ਹੋਵੇ, ਤਿਥੇ ਮਿਲਣਾ । ਜਿਥੇ ਗੁਰੂ
............
1. ਸਲੋਕ ਵਾਰਾਂ ਤੇ ਵਧੀਕ ਮ: ੩, ਪੰਨਾ ੧੪੧੭
ਵਿਸਰੇ, ਤਿਥੇ ਮਿਲਣਾ ਨਹੀਂ । ਅੰਮ੍ਰਿਤ ਵੇਲੇ ਜਪੁ ਦਾ ਪਾਠ ਨਿੱਤ ਕਰਨਾ। ਪੂਰੀ ਤਰ੍ਹਾਂ ਲੀਨ ਹੋ ਕੇ ਜਪ ਪੜ੍ਹਨਾ 'ਜਪ ਪੜ੍ਹੇ ਨਿਰੰਚੇ' । ਪੜ੍ਹਦਿਆਂ ਚਿੱਤ ਟਿਕਿਆ ਰਹੇ, ਆਦਿ ਅੰਤ ਤੀਕ ਮਨ ਹਜ਼ੂਰ ਰਹੇ ਤਾਂ ਸਾਰਾ ਸੰਸਾਰ ਉਸ ਦੀ ਸੇਵਾ ਵਿਚ ਹਾਜ਼ਰ ਰਹੇਗਾ ਤੇ ਪਿਛੇ ਲੱਗਾ ਫਿਰੇਗਾ। ਕਿਸੇ ਚੀਜ਼ ਦੀ ਤੋਟ ਕਦੇ ਨਹੀਂ ਆਵੇਗੀ। ਯਾਦ ਰੱਖਣਾ, ਜਪ ਤੇ ਉਤੇ ਕੋਈ ਕਰਮ ਨਹੀਂ ।’
ਰਾਤ ਨੂੰ ਕੀਰਤਨ ਸੋਹਿਲਾ ਕਰ ਕੇ ਸਵੇਂ । ਸੁੱਖ ਦੀ ਨੀਂਦ ਲਵੇ । ਸੰਗਤਿ ਨਿੱਤ ਜਾਇ । ਸੰਗਤਿ ਖਾਲੀ ਹੱਥ ਵੀ ਨਹੀਂ ਜਾਣਾ । ਭਾਵੇਂ ਚੁਟਕੀ ਆਟਾ ਹੀ ਲੈ ਜਾਵੇ । ਗੁਰਦਵਾਰੇ ਜਾ ਕੇ ਹੋਰ ਕੋਈ ਕਾਰਜ, ਗੱਲ ਜਾਂ ਵਾਕ ਨਹੀਂ ਕਰਨਾ । ਗੁਰੂ ਦੀ ਨਾਰਾਜ਼ਗੀ ਹੁੰਦੀ ਹੈ । ਕੀਰਤਨ ਸੁਣਨਾ । ਕੀਰਤਨ ਬਗ਼ੈਰ ਛੁੱਟ ਨਹੀਂ ਸਕਦਾ । ਮਨੁੱਖ ਪਰਉਪਕਾਰ ਕਰੇ ਤੇ ਕਰਾਵੇ । ਆਪਣੀ ਕਿਰਤ ਸਭ ਕੋਈ ਕਰੇ । ਦੁਖੀਏ, ਨਿਮਾਣੇ ਨੂੰ ਮਾਣ ਦੇਵੇ, ਦੁਰਕਾਰੇ ਨਹੀਂ । ਅੰਗ ਭੰਗ ਨੂੰ ਖਲਾਵਣਾ ਬੜਾ ਨੇਕ ਕਰਮ ਹੈ।
ਕਿਤਨੇ ਵੀ ਕੰਮ ਹੋਣ ਗੁਰੂ ਦਾ ਦਰ ਨਹੀਂ ਛੱਡਣਾ। ਆਪਣੇ ਸਭ ਕੰਮ ਛਡਿ ਗੁਰੂ ਕੰਮ ਜਾਵਣਾ ਜਾਂ ਗੁਰੂ ਦਾ ਕੰਮ ਸੰਵਰੇ ਤਾਂ ਆਪਣੇ ਕੰਮ ਲੱਗਣਾ । ਗੁਰੂ ਉਸ ਪੁਰਖ ਕਾ ਕੰਮ ਆਪੇ ਕਰਦਾ ਹੈ। ਵੱਡਾ ਕਾਰਜ ਹੈ ਕਿਸੇ ਨੂੰ ਗੁਰੂ ਤੋਂ ਬੇਮੁੱਖ ਵੇਖੋ, ਗੁਰੂ ਵਲ ਮੂੰਹ ਭਵਾਵੋ ।
ਆਤਮ ਬ੍ਰਹਮ ਦੀ ਪਛਾਣ ਕਰੇ । ਸਭਨਾਂ ਜੀਆਂ ਕਾ ਭਲਾ ਮਨਾਉਣਾ, ਆਤਮ ਬ੍ਰਹਮ ਦੀ ਪਛਾਣ ਹੈ । ਮਹਾਂਪੁਰਖਾਂ ਦੀ ਸੰਗਤ ਲੋਚ ਕਰ ਕਰਨੀ ਕਿਉਂਕਿ ਪ੍ਰਭੂ ਕੁਦਰਤ ਕਰ ਮਹਾਂਪੁਰਖਾਂ ਕੇ ਆਤਮ ਵੱਸਦਾ ਹੈ । ਪਰ ਯਾਦ ਰੱਖਣਾ ਪਰਗਟ ਗੁਰ ਕਾ ਸ਼ਬਦ ਹੈ । ਅਤੇ ਬਿਨ ਸ਼ਬਦ ਮੁਕਤਾ ਨਹੀਂ । ਆਤਮਾ ਪਰਮਾਤਮਾ ਦੋਵੇਂ ਹੀ ਦੇਹੀ ਵਿਚ ਵੱਸਦੇ ਹਨ। ਆਤਮਾ ਤ੍ਰਿਸ਼ਨਾ ਤੋਂ ਨਿਰਲੇਪ ਹੈ ਪਰ ਆਤਮਾ ਨੂੰ ਛੁੱਟ ਕੀਰਤਨ ਤੋਂ ਹੋਰ ਕੋਈ ਪਰਮਾਤਮਾ ਨਾਲ ਨਹੀਂ ਮਿਲਾ ਸਕਦਾ । ਸੋ ਕੀਰਤਨ ਰਾਹੀਂ ਜਦ ਆਤਮਾ ਪਰਮਾਤਮਾ ਨੂੰ ਮਿਲਦੀ ਹੈ, ਤਦ ਮੁਕਤਾ ਹੁੰਦਾ ਹੈ। ਗੁਰੂ ਆਖਿਆ ਹੈ।
ਜੋ ਕੁਝ ਵੀ ਗੁਰੂ ਆਖਿਆ, ਕਹਿਆ, ਜੋ ਰੂਪ ਕੌਰ ਨੇ ਦੇਖਿਆ, ਸਭ ਲਿਖਿਆ। ਅੱਜ ਅਸੀਂ ਪੜ੍ਹ ਕੇ ਨਿਹਾਲ ਹੋ ਰਹੇ ਹਾਂ ਅਤੇ ਜੀਵਨ ਦਾ ਰਾਹ ਸੁਖਾਲਾ ਕਰ ਨਵਾਂ ਰੂਪ ਪਏ ਚਾੜ੍ਹਦੇ ਹਾਂ ।
ਮਾਤਾ ਗੁਜਰੀ
ਮਾਤਾ ਗੁਜਰੀ ਜੀ ਉਹ ਪੂਜਨੀਕ ਮਾਤਾ ਹੈ, ਜਿਨ੍ਹਾਂ ਨੇ ਆਪਣੇ ਪਤੀ ਦੀ 26 ਸਾਲ 6 ਮਹੀਨੇ 13 ਦਿਨ ਤਪੱਸਿਆ ਦੇ ਦੌਰਾਨ ਦੁਨਿਆਵੀ ਸੁੱਖ ਤਿਆਗ ਕੇ ਸੇਵਾ ਕੀਤੀ । ਸ਼ਹੀਦ ਗੁਰੂ ਦੀ ਪਤਨੀ, ਸ਼ਹੀਦ ਗੁਰੂ ਦੀ ਮਾਤਾ, ਸ਼ਹੀਦ ਪੋਤਰਿਆਂ ਦੀ ਦਾਦੀ, ਮਾਤਾ ਗੁਜਰੀ ਜੀ ਹੀ ਸਨ । ਮਾਤਾ ਜੀ ਪਹਿਲੀ ਸਿੱਖ ਇਸਤ੍ਰੀ ਸ਼ਹੀਦ ਹਨ, ਜਿਨ੍ਹਾਂ ਆਪਣੇ ਦੋਵਾਂ ਪੋਤਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹ ਸਿੰਘ ਜੀ ਨਾਲ ਪਹਿਲਾਂ ਠੰਡੇ ਬੁਰਜ ਵਿਚ ਕੈਦੀ ਦੇ ਤੌਰ 'ਤੇ ਵਜ਼ੀਰ ਖ਼ਾਂ ਦੇ ਤਸੀਹੇ ਸਹਾਰੇ ਤੇ ਪਿਛੋਂ ਸ਼ਹਾਦਤ ਪਾਈ । ਧਰਮ ਦੇ ਨਾਂ 'ਤੇ ਕੁਰਬਾਨ ਹੋਣ ਦਾ ਜਜ਼ਬਾ ਕੇਵਲ ਉਨ੍ਹਾਂ ਵਿਚ ਨਹੀਂ ਸੀ, ਸਗੋਂ ਭਰਾ (ਮਾਮਾ) ਕ੍ਰਿਪਾਲ ਚੰਦ ਦੀ ਸੇਵਾ ਤੇ ਪਿਛੋਂ ਸ਼ਹਾਦਤ ਇਤਿਹਾਸ ਵਿਚ ਉਘੀ ਹੈ । ਫਿਰ ਕਮਾਲ ਹੈ ਕਿ ਉਨ੍ਹਾਂ ਦੀ ਨਨਾਣ ਬੀਬੀ ਵੀਰੋ ਦੇ ਪੰਜਾਂ ਪੁੱਤਰਾਂ ਭਾਈ ਸੰਗੋ ਸ਼ਾਹ ਜੀ ਆਦਿ ਨੇ ਵੀ ਸਨਮੁਖ ਹੋ ਸ਼ਹਾਦਤਾਂ ਪਾਈਆਂ । ਇਹ ਸ਼ਹੀਦ ਇਸੇ ਮਹਾਨ ਆਤਮਾ ਗੁਜਰੀ ਜੀ ਦੇ ਨਨੋਤਰੇ ਸਨ।
ਮਾਤਾ ਗੁਜਰੀ ਜੀ ਦਾ ਜਨਮ ਕਰਤਾਰਪੁਰ (ਜਲੰਧਰ) ਵਿਖੇ ਭਾਈ ਲਾਲ ਚੰਦ ਦੇ ਘਰ ਮਾਤਾ ਬਿਸ਼ਨ ਕੌਰ ਜੀ ਦੀ ਕੁੱਖੋਂ ਸੰਨ 1619 ਨੂੰ ਹੋਇਆ। ਛੋਟੀ ਉਮਰ ਵਿਚ ਹੀ ਆਪ ਜੀ ਦਾ ਅਨੰਦ ਕਾਰਜ ਗੁਰੂ ਤੇਗ਼ ਬਹਾਦਰ ਜੀ ਨਾਲ ਹੋ ਗਿਆ। ਨਥਾਣਾ ਦੀ ਜੰਗ ਉਪਰੰਤ ਜਦ ਗੁਰੂ ਹਰਿਗੋਬਿੰਦ ਜੀ ਕੀਰਤਪੁਰ ਆਏ ਅਤੇ ਉਥੇ ਹੀ ਭਾਈ ਲਾਲ ਚੰਦ ਦੀ ਲੜਕੀ ਬੀਬੀ ਗੁਜਰੀ ਨਾਲ ਤੇਗ਼ ਬਹਾਦਰ ਜੀ ਦਾ ਰਿਸ਼ਤਾ ਪੱਕਾ ਹੋਇਆ। ਮਾਰਚ 1632 ਈ. ਵਿਚ ਸ਼ਾਦੀ ਕਰਤਾਰਪੁਰ ਹੋਈ । ਕਰਤਾਰਪੁਰ ਵਿਚ ਵਿਆਹ ਦੀ ਰੌਣਕ ਅਪੂਰਵ ਸੀ । ਮਿਲਣੀ ਵੇਲੇ ਜਦ ਭਾਈ ਲਾਲ ਚੰਦ ਜੀ ਨੇ ਅੱਗੇ ਵੱਧ ਗੁਰੂ ਚਰਨਾਂ 'ਤੇ ਸਿਰ ਨਿਵਾਇਆ ਤਾਂ ਗੁਰੂ ਜੀ ਨੇ ਆਪ ਪਕੜ ਕੇ ਛਾਤੀ ਨਾਲ ਲਗਾਇਆ ।
ਅਨੰਦ ਕਾਰਜ ਉਪਰੰਤ ਭਾਈ ਲਾਲ ਚੰਦ ਜੀ ਨੇ ਆਪਣੀ ਬੱਚੀ ਨੂੰ
ਪਤੀ ਦੀ ਹਰ ਸਮੇਂ ਸੇਵਾ ਕਰਨ ਦੀ ਹੀ ਸਿੱਖਿਆ ਦਿੱਤੀ । ਗੁਰੂ ਤੇਗ਼ ਬਹਾਦਰ ਜੀ ਤੇ ਗੁਜਰੀ ਜੀ ਦੀ ਜੋੜੀ ਬਹੁਤ ਸੁੰਦਰ ਲੱਗ ਰਹੀ ਸੀ । ਹਰ ਕੋਈ ਕਹਿ ਰਿਹਾ ਸੀ ਕਿ ਵਿਧਾਤਾ ਨੇ ਆਪ ਸੁੰਦਰਤਾ ਵਿਚ ਡੁਬੋ ਘੜੀ ਹੈ।
ਕਹਿ ਤੇਗ ਬਹਾਦਰ ਜੋੜੀ ।
ਬਿਧ ਰਚੀ ਰੁਚਿਰ ਰੁਚਿ ਬੋਰੀ ।
ਵਿਆਹ ਤੋਂ ਪਿਛੋਂ ਜਦ ਮਾਤਾ ਗੁਜਰੀ ਜੀ ਨੂੰ ਡੋਲੇ ਪਾਉਣ ਲੱਗੇ ਤਾਂ ਮਾਤਾ ਬਿਸ਼ਨ ਕੌਰ ਜੀ ਨੇ ਕੋਲ ਬਿਠਾ ਕੇ ਕਿਹਾ: ਬੇਟਾ, ਨਾਮ ਨੂੰ ਲਾਜ ਨਾ ਲੱਗਣ ਦੇਈਂ । ਗੁਜਰੀ ਦੇ ਅਰਥ ਹੀ ਸੁਖ ਦੇਣਾ ਹੈ । ਗੁਜਰੀ ਨਾਮ ਜਹਿ ਸੁਖ ਦਾਈ ਅਤੇ ਫਿਰ ਕਿਹਾ ਕਿ ਪਤੀ ਨੂੰ ਪਰਮੇਸ਼ਵਰ ਜਾਣ ਕੇ ਸੇਵਾ ਕਰੀਂ । ਪਤੀ ਦੇ ਟਾਕਰੇ ਦੀ ਹੋਰ ਕੋਈ ਸੇਵਾ ਜਗ ਵਿਚ ਨਹੀਂ । ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਸ਼ਬਦਾਂ ਵਿਚ ਕਿਹਾ:
ਪਤਿ ਸਮ ਈਸ ਪਛਾਨ ਕੇ, ਤੇ ਪੁਤਰੀ ਕਰ ਸੇਵ ।
ਪਤਿ ਪਰਮੇਸਰ ਜਾਨੀਏ, ਔਰ ਤੁਛ ਲਖ ਏਵ ।
ਜਦ ਬਰਾਤ ਵਾਪਸ ਟਿਕਾਣੇ ਰਵਾਨਾ ਹੋਣ ਲੱਗੀ ਤਾਂ ਭਾਈ ਲਾਲ ਚੰਦ ਜੀ ਨੇ ਨਿਮਰਤਾ ਵਿਚ ਕਿਹਾ ਕਿ ਉਨ੍ਹਾਂ ਕੋਲੋਂ ਗੁਰੂ ਜੀ ਦੀ ਸ਼ਾਨ ਦੇ ਤੁੱਲ ਸੇਵਾ ਨਹੀਂ ਹੋ ਸਕੀ ਅਤੇ ਨਾ ਹੀ ਕੁਝ ਭੇਟ ਕਰਨ ਲਈ ਹੈ । ਜਦ ਉਸ ਦੇ ਇਹ ਨਿਮਰਤਾ ਭਰੇ ਬਚਨ ਗੁਰੂ ਹਰਿਗੋਬਿੰਦ ਜੀ ਨੇ ਸੁਣੇ ਤਾਂ ਉਨ੍ਹਾਂ ਫ਼ਰਮਾਇਆ, 'ਲਾਲ ਚੰਦ ਜੀ! ਤੁਸੀਂ ਕਿਹੜੀਆਂ ਗੱਲਾਂ ਵਿਚ ਪੈ ਗਏ ।
ਲਾਲ ਚੰਦ ! ਤੁਮ ਦੀਨੋ ਸਕਲ ਬਿਸਾਲਾ ।
ਜਿਨ ਤਨੁਜਾ ਅਰਪਨ ਕੀਨੇਂ ।
ਕਯਾ ਪਾਛੈ ਤਿੰਨ ਰਖ ਲੀਨੰ ।
ਮਾਤਾ ਗੁਜਰੀ ਜੀ ਸੱਚਮੁੱਚ ਦੁੱਖ ਵਿਚ ਸੁੱਖ ਮਨਾਉਣ ਵਾਲੀ ਮਹਾਨ ਇਸਤਰੀ ਸੀ । ਜਦ ਗੁਰੂ ਤੇਗ਼ ਬਹਾਦਰ ਜੀ ਗੁਰੂ ਹਰਿਗੋਬਿੰਦ ਜੀ ਦੀ ਆਗਿਆ ਮੰਨ ਮਾਤਾ ਨਾਨਕੀ ਸਮੇਤ ਨਾਨਕੇ ਬਾਬਾ ਬਕਾਲਾ ਵਿਖੇ ਆ ਗਏ ਤਾਂ ਆਪ ਵੀ ਘਾਲ ਸੇਵਾ ਵਿਚ ਲੱਗੇ ਰਹਿੰਦੇ । ਜੇ ਪਤੀ ਸਮਾਧੀ ਅਸਥਿਤ ਰਹਿੰਦੇ ਤਾਂ ਮਾਤਾ ਗੁਜਰੀ ਜੀ ਸਦਾ ਸੇਵਾ ਸਾਧਨਾ ਵਿਚ ਜੁਟੇ ਰਹਿੰਦੇ ।
ਮਾਤਾ ਗੁਜਰੀ ਜੀ ਪਰਮ-ਆਤਮਾ, ਸੁੰਦਰ, ਸੁਸ਼ੀਲ, ਮਿੱਠਾ ਬੋਲ ਅਤੇ
ਲੰਮੀ ਨਦਰ ਵਾਲੇ ਪ੍ਰਸੰਨ-ਚਿੱਤ, ਗੁਰ-ਚਿੱਤ ਵਿਚ ਧਿਆਨ ਵਾਲੇ ਅਤੇ ਮਨ ਦੇ ਕੋਮਲ ਸਨ । ਚਿਹਰਾ ਚਮਕਦਾ ਸੀ । ਹਾਥੀ ਵਰਗੀ ਚਾਲ ਸੀ ਤੇ ਕੋਮਲ ਇਤਨੇ, ਜਿਤਨੀ ਚੰਬੇ ਦੀ ਕਲੀ ਹੁੰਦੀ ਹੈ।
ਚੰਪਕ ਸਮ ਬਦਨੀ (ਚੰਬੇ ਦੀ ਕਲੀ ਵਾਂਗ ਸਰੀਰ)
ਗਜ ਗਡ ਰਦਨੀ (ਹਾਥੀ ਵਰਗੀ ਚਾਲ)
ਬਹੁ ਮਦ ਮਦਨੀ, ਕੈਸ ਕਹਾਂ।
ਰਾਜਤ ਰਤ ਨਾਰੀ (ਚਿਹਰਾ ਚੰਦ ਵਰਗਾ ਚਮਕਦਾ ਤੇ ਪ੍ਰੀਤੀ ਅਥਾਹ)
ਸਾਚੇ ਢਾਰੀ ਸਸਮੁਖ ਸਾਰੀ ਭੌਂਹ ਲਿਖੇ । 157 ।
-ਅਧਿਆਇ ਵੀਹਵਾਂ
ਗੁਰੂ ਤੇਗ਼ ਬਹਾਦਰ ਜੀ ਸਦਾ ਆਪ ਜੀ ਦੇ ਸੁਖ ਆਰਾਮ ਦਾ ਖ਼ਿਆਲ ਰੱਖਦੇ । ਨੌਵੇਂ ਪਾਤਸ਼ਾਹ ਦੇ ਹੁਕਮਨਾਮਿਆਂ ਵਿਚ ਇਸ ਆਸ਼ੇ ਦੇ ਕਿਤਨੇ ਹੀ ਸੰਕੇਤ ਹਨ । ਪਟਨਾ ਸੰਗਤਾਂ ਦੇ ਨਾਮ ਇਕ ਹੁਕਮਨਾਮੇ ਵਿਚ 'ਅੱਛੀ ਖੁੱਲ੍ਹੀ ਹਵੇਲੀ ਹੋਵੇ ਉਥੇ ਮਹਲ ਦਾ ਵਾਸਾ ਰੱਖਣਾ' ਲਿਖਿਆ ਹੈ। ਇਹ ਸਭ ਦਰਸਾਂਦਾ ਹੈ। ਕਿ ਪਤੀ-ਪਤਨੀ ਇਕ ਦੂਜੇ ਦੇ ਹਿੱਤ ਵਿਚ, ਖ਼ਿਆਲ ਵਿਚ ਸਦਾ ਤੱਤਪਰ ਰਹਿੰਦੇ ਸਨ ।
ਗੁਜਰੀ ਜੀ ਸ਼ਰਮ, ਲੱਜ ਤੇ ਨਿਮਰਤਾ ਦੀ ਮੂਰਤ ਸਨ । ਉਨ੍ਹਾਂ ਕਦੇ ਨੈਣ ਵੀ ਉੱਚੇ ਨਹੀਂ ਕੀਤੇ ਸਨ । ਸੱਸ, ਮਾਤਾ ਜੀ ਨੂੰ ਕਦੇ ਮੌਕਾ ਹੀ ਨਹੀਂ ਸੀ ਦਿੱਤਾ ਕਿ ਉਨ੍ਹਾਂ ਨੂੰ ਕੁੱਝ ਕਹਿਣਾ ਪਏ । ਹਰ ਸਮੇਂ ਸੇਵਾ ਵਿਚ ਜੁੱਟੇ ਰਹਿੰਦੇ । ਜਦ ਵਿਆਹ ਤੋਂ ਕੁਝ ਚਿਰ ਬਾਅਦ ਹੀ ਕਰਤਾਰਪੁਰ ਵਿਖੇ ਗੁਰੂ ਹਰਿਗੋਬਿੰਦ ਜੀ ਨੂੰ ਪੈਂਦੇ ਖ਼ਾਨ ਦੀ ਚੁੱਕ ਤੋਂ ਮੁਗ਼ਲ ਸੈਨਾ ਨਾਲ ਜੰਗ ਲੜਨੀ ਪਈ ਤਾਂ ਮਾਤਾ ਗੁਜਰੀ ਜੀ ਨੇ ਜੋ ਸਾਹਸ ਦੱਸਿਆ, ਉਸ ਦਾ ਵਰਣਨ ਮੁਹਸਨ ਫ਼ਾਨੀ ਨੇ ਕੀਤਾ ਹੈ । ਇਹ ਪਹਿਲੀ ਜੰਗ ਸੀ, ਜੋ ਗੁਰੂ ਮਹਲ, ਗੁਰੂ ਪੁੱਤਰੀ ਅਤੇ ਮਾਤਾ ਗੁਜਰੀ ਨੇ ਅੱਖੀਂ ਡਿੱਠੀ । ਮਕਾਨਾਂ ਦੀਆਂ ਛੱਤਾਂ ਤੋਂ ਚੜ੍ਹ, ਅੱਖੀਂ ਮਾਤਾ ਗੁਜਰੀ ਜੀ ਆਪਣੇ ਸਿਰ ਦੇ ਸਾਈਂ ਗੁਰੂ ਤੇਗ਼ ਬਹਾਦਰ ਜੀ ਨੂੰ ਜੂਝਦੇ ਦੇਖ, ਹੱਲਾਸ਼ੇਰੀ ਵੀ ਦੇ ਰਹੇ ਸਨ । ਇਸੇ ਜੰਗ ਵਿਚ ਗੁਰੂ ਤੇਗ਼ ਬਹਾਦਰ ਜੀ ਨੂੰ ਕਮਾਲ ਹੁਸ਼ਿਆਰੀ ਤੇ ਚਤੁਰਾਈ ਨਾਲ ਤਲਵਾਰ ਚਲਾਂਦੇ ਦੇਖ ਛੇਵੇਂ ਪਾਤਸ਼ਾਹ ਨੇ ਕਿਹਾ ਸੀ, 'ਤੂੰ ਤਿਆਗ ਮੱਲ ਤਾਂ ਨਹੀਂ, ਤੇਗ਼ ਬਹਾਦਰ ਹੈਂ।”
ਮਾਤਾ ਗੁਜਰੀ ਤੇ ਗੁਰੂ ਤੇਗ਼ ਬਹਾਦਰ ਜੀ ਬਾਬਾ ਬਕਾਲਾ ਵਿਖੇ
ਤਕਰੀਬਨ 26 ਸਾਲ ਤਪ, ਤਿਆਗ, ਸੇਵਾ, ਸਿਮਰਨ ਵਿਚ ਰੁਝੇ ਰਹੇ। ਕਈ-ਕਈ ਘੰਟੇ ਗੁਰਬਾਣੀ ਦਾ ਪਾਠ ਕਰਨ ਵਿਚ ਲੱਗੇ ਰਹਿੰਦੇ । ਇਸ ਦਾ ਉਦਾਹਰਣ ਮਿਲਣਾ ਕਠਨ ਹੈ । ਤਪਾਂ ਸਿਰ ਤਪ ਇਹ ਬਾਣੀ ਦਾ ਪਾਠ ਹੀ ਸੀ । ਇਹ ਹੀ ਜੋਗ ਸੀ । ਗੁਰੂ ਗੋਬਿੰਦ ਸਿੰਘ ਜੀ ਨੇ 'ਬਚਿਤ੍ਰ ਨਾਟਕ' ਵਿਚ ਇਸ ਦਾ ਵਰਣਨ ਇਸ ਤਰ੍ਹਾਂ ਕੀਤਾ ਹੈ ਕਿ ਮੇਰੇ ਮਾਤਾ ਗੁਜਰੀ ਜੀ) ਤੇ ਤਾਤ (ਗੁਰੂ ਤੇਗ਼ ਬਹਾਦਰ ਜੀ) ਦੋਵਾਂ ਨੇ ਐਸੀ ਤਪੱਸਿਆ ਕੀਤੀ ਕਿ ਉਸ ’ਤੇ ਵਾਹਿਗੁਰੂ ਪ੍ਰਸੰਨ ਹੋਏ । 'ਬਚਿਤ੍ਰ ਨਾਟਕ' ਦੇ ਸ਼ਬਦਾਂ ਵਿਚ :
ਤਾਤ ਮਾਤ ਮੁਰ ਅਲਖ ਅਰਾਧਾ॥
ਬਹੁ ਬਿਧਿ ਜੋਗ ਸਾਧਨਾ ਸਾਧਾ ॥੩॥
ਤਿਨ ਜੋ ਕਰੀ ਅਲਖ ਕੀ ਸੇਵਾ॥
ਤਾ ਤੇ ਭਏ ਪ੍ਰਸੰਨਿ ਗੁਰਦੇਵਾ ॥
ਤਿਨ ਪ੍ਰਭ ਜਬ ਆਇਸ ਮੁਹਿ ਦੀਆ।।
ਤਬ ਹਮ ਜਨਮ ਕਲੂ ਮਹਿ ਲੀਆ ॥੪॥
-ਅਧਿਆਇ ੬
ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਇਸ ਅਦੁੱਤੀ ਤਪੱਸਿਆ ਕਰਦੀ ਜੋੜੀ ਦੇ ਘਰ ਹੋਇਆ । ਮਾਂ ਗੁਜਰੀ ਤੇ ਬਾਪ ਗੁਰੂ ਤੇਗ਼ ਬਹਾਦਰ ਜੀ ਨੇ ਐਸੀ ਪਾਲਣਾ ਪੋਸ਼ਣਾ ਕੀਤੀ ਕਿ ਜਿਸ ਦਾ ਵਰਣਨ ਕਰਨਾ ਕਠਨ ਹੈ । ਇਹ ਤਾਂ ਅਖਾਣ ਹੀ ਬਣ ਗਿਆ। ਪਹਿਲਾਂ ਪਟਨਾ ਸਾਹਿਬ 'ਅਨਿਕ ਭਾਂਤਿ ਤਨ ਰੱਛਾ', ਫਿਰ ਅਨੰਦਪੁਰ ਸਾਹਿਬ 'ਭਾਂਤ ਭਾਂਤ ਕੀ ਸਿੱਛਾ' ਦਿੱਤੀ।
ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦ ਹੋ ਜਾਣ ਤੇ ਜੋ ਹੌਂਸਲਾ ਤੇ ਜੁਰਅੱਤ ਮਾਤਾ ਗੁਜਰੀ ਨੇ ਦਰਸਾਈ ਉਹ ਵੀ ਵੇਖਣ ਵਾਲੀ ਸੀ । ਜਦ ਸਾਹਿਬ ਗੁਰੂ ਤੇਗ਼ ਬਹਾਦਰ ਜੀ ਦਾ ਕੱਟਿਆ ਹੋਇਆ ਪਾਵਨ ਸੀਸ ਭਾਈ ਜੈਤਾ ਜੀ, ਭਾਈ ਨਾਨੂੰ ਤੇ ਭਾਈ ਅੱਡਾ ਦੀ ਸਹਾਇਤਾ ਨਾਲ ਕੀਰਤਪੁਰ ਸਾਹਿਬ ਲੈ ਕੇ ਆਏ ਤੇ ਅਨੰਦਪੁਰ ਖ਼ਬਰ ਭੇਜੀ ਤਾਂ ਮਾਤਾ ਗੁਜਰੀ ਜੀ ਨੇ ਗੁਰ-ਪਤੀ ਦੇ ਸ਼ਹੀਦ ਸੀਸ ਅੱਗੇ ਸਿਰ ਝੁਕਾ ਕੇ ਕਿਹਾ ਕਿ 'ਤੁਹਾਡੀ ਨਿਭ ਆਈ। ਇਹ ਹੀ ਬਖ਼ਸ਼ਸ਼ ਕਰਨੀ ਕਿ ਮੇਰੀ ਵੀ ਨਿਭ ਜਾਏ ।' ਸਚਮੁਚ ਮਾਤਾ ਗੁਜਰੀ ਜੀ ਵੀ ਐਸੇ ਨਿਭਾ ਕੇ ਗਏ ਕਿ ਦੁਨੀਆਂ ਦੀਆਂ ਮਾਵਾਂ ਲਈ ਪੂਰਨੇ ਹਨ । ਜਦ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਨੂੰ ਹੌਂਸਲਾ ਰੱਖ ਦ੍ਰਿੜ੍ਹ ਚਿਤ ਹੋ ਜ਼ੁਲਮ ਜਬਰ ਵਿਰੁਧ ਖੜੇ ਹੋਣ ਲਈ ਵੰਗਾਰ ਪਾਈ ਤਾਂ ਮਾਤਾ ਜੀ ਨੇ ਨਾ ਸਿਰਫ਼ ਚਾਅ ਹੀ ਪ੍ਰਗਟ ਕੀਤਾ
ਸਗੋਂ ਹੋਰ ਅਸੀਸਾਂ ਦਿਤੀਆਂ।
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਉਪਰੰਤ ਮਾਤਾ ਗੁਜਰੀ ਜੀ ਨੇ ਮਸੰਦਾਂ ਅਤੇ ਦੋਖੀਆਂ ਦੇ ਭੈੜੇ ਮਨਸੂਬਿਆਂ ਨੂੰ ਸਿਰੇ ਨਾ ਚੜ੍ਹਨ ਦਿਤਾ । ਉਸ 8 ਸਾਲ ਦੇ ਬਿਖੜੇ ਸਮੇਂ ਭੰਗਾਣੀ ਯੁਧ ਤਕ ਸੰਗਤਾਂ ਵਿਚ ਆਪੂੰ ਵਿਚਰ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਤੇ ਟੁਰਨ ਦੀ ਪ੍ਰੇਰਨਾ ਕਰਦੇ ਰਹੇ । ਆਪ ਜੀ ਦੇ ਲਿਖੇ ਕਿਤਨੇ ਹੀ ਹੁਕਮਨਾਮੇ ਹਨ। ਉਨ੍ਹਾਂ ਦੀ ਲਿਖਤ ਤੋਂ ਪ੍ਰਗਟ ਹੁੰਦਾ ਹੈ ਕਿ ਆਪ ਜੀ ਦ੍ਰਿੜ੍ਹ ਚਿਤ ਸੁਭਾਅ ਦੇ ਸਨ । ਹੱਥ ਲਿਖਤ ਤੋਂ ਪਤਾ ਲਗਦਾ ਹੈ ਕਿ ਸਰਲ ਚਿਤ ਵੀ ਸਨ । ਅਗਲੇ ਨੂੰ ਸਮਝਾਉਣ ਲਈ ਗੱਲ ਇਸ ਤਰ੍ਹਾਂ ਕਹਿੰਦੇ ਸਨ ਕਿ ਉਸ ਦੇ ਮਨ ਵਿਚ ਹੀ ਧੱਸ ਜਾਂਦੀ । ਛੱਲ ਰਹਿਤ ਜੀਵਨ- ਸੀ । ਰਤਾ ਭਰ ਬਨਾਵਟ ਨਹੀਂ ਸੀ । ਮਸੰਦਾਂ ਨੂੰ ਤਾੜ ਕੇ ਰਖਦੇ ਸਨ ।
ਦਸੰਬਰ 1704 ਨੂੰ ਅਨੰਦਪੁਰ ਸਾਹਿਬ ਛੱਡਣ ਉਪਰੰਤ ਸਰਸਾ ਵਿਖੇ ਜਦ ਪਰਵਾਰ ਵਿਛੜ ਗਿਆ ਤਾਂ ਆਪ ਜੀ ਛੋਟੇ ਸਾਹਿਬਜ਼ਾਦਿਆਂ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹ ਸਿੰਘ ਜੀ ਨਾਲ ਗੰਗੂ ਬ੍ਰਾਹਮਣ ਦੇ ਪਿੰਡ ਸਹੇੜੀ (ਖੇੜੀ) ਚਲੇ ਗਏ । ਗੰਗੂ ਨੇ ਲਾਲਚ-ਵੱਸ ਨਵਾਬ ਸਰਹਿੰਦ ਪਾਸ ਸੂਹ ਪਹੁੰਚਾਈ ਅਤੇ ਸਾਹਿਬਜ਼ਾਦਿਆਂ ਸਮੇਤ ਮਾਤਾ ਗੁਜਰੀ ਜੀ ਗ੍ਰਿਫ਼ਤਾਰ ਕਰ ਕੇ ਸਰਹਿੰਦ ਠੰਡੇ ਬੁਰਜ ਵਿਚ ਰਖੇ ਗਏ । ਮਾਤਾ ਜੀ ਸਾਹਿਬਜ਼ਾਦਿਆਂ ਨੂੰ ਸਾਹਮਣੇ ਤਸੀਹੇ ਦੇਂਦੇ ਦੇਖ ਕੇ ਅਡੋਲ ਰਹੇ ਅਤੇ ਸਾਹਿਬਜ਼ਾਦਿਆਂ ਨੂੰ ਦ੍ਰਿੜ੍ਹ ਰਹਿਣ ਦੀ ਲੋਰੀ ਦੇਂਦੇ ਰਹੇ । ਜਦ ਮਾਤਾ ਜੀ ਸਿੱਖੀ ਦੇ ਗੌਰਵ ਦੀਆਂ ਗਾਥਾਵਾਂ ਸੁਣਾਂਦੇ ਤੇ ਕਦੇ ਨਾ ਡੋਲਨਾ ਦੀ ਗੱਲ ਦੋਹਾਂ ਸਾਹਿਬਜ਼ਾਦਿਆਂ ਨੂੰ ਕਹੀ ਤਾਂ ਉਨ੍ਹਾਂ ਜੋ ਮਾਤਾ ਜੀ ਨੂੰ ਸੁਣਾ ਕੇ ਕਿਹਾ ਉਹ ਦਰਸਾ ਰਿਹਾ ਸੀ ਕਿ ਕਿਸ ਮਿੱਟੀ ਦੇ ਬਣੇ ਹੋਏ ਸਨ ਇਹ ਸਾਹਿਬਜ਼ਾਦੇ ।
ਧੰਨ ਭਾਗ ਹਮਰੇ ਹੈ ਮਾਈ।
ਧਰਮ ਹੇਤ ਤਨ ਜੇ ਕਰਜਾਈ।
ਜਦ ਨਵਾਬ ਅਤੇ ਕਾਜ਼ੀ ਨੇ ਕਿਤਨੇ ਹੀ ਲਾਲਚ ਸਾਹਿਬਜ਼ਾਦਿਆਂ ਨੂੰ ਦਿਤੇ ਤੇ ਸੁੱਚਾ ਨੰਦ ਨੇ ਜ਼ਾਮਨੀ ਭਰੀ ਕਿ ਉਹ ਜਾਗੀਰਾਂ ਲੈ ਕੇ ਦੇਵੇਗਾ ਤਾਂ ਸਾਹਿਬਜ਼ਾਦਿਆਂ ਨੇ ਕਿਹਾ ਕਿ ਧਿਆਨ ਨਾਲ ਸੁਣ, ਸਾਡੇ ਘਰ ਕੀ ਰੀਤ :
ਹਮਰੇ ਬੰਸ ਰੀਤ ਇਮ ਆਈ।
ਸੀਸ ਦੇਤ ਪਰ ਧਰਮ ਨ ਜਾਈ।
ਜੋ ਜਵਾਬ ਭਰੀ ਕਚਹਿਰੀ ਵਿਚ ਨਿੱਕੀਆਂ ਜਿੰਦਾਂ ਪਰ ਬਲਵਾਨ ਆਤਮਾਵਾਂ ਨੇ ਦਿਤੇ ਉਹ ਵੀ ਪ੍ਰਗਟਾਂਦੇ ਹਨ ਕਿ ਪਿਛੇ ਮਾਤਾ ਜੀ ਦੀ ਕਿਤਨੀ ਭਾਰੀ ਸ਼ਕਤੀ ਸੀ।
ਕਲਗੀਧਰ ਜੀ ਦੇ ਸਾਹਿਬਜ਼ਾਦੇ ਹੱਸ ਹੱਸ ਨੀਹਾਂ ਵਿਚ ਆਪਾ ਚਿਣਾ ਗਏ ਪਰ ਸਿੱਖੀ ਨੂੰ ਆਂਚ ਨਾ ਲੱਗਣ ਦਿੱਤੀ । ਸਾਹਿਬਜ਼ਾਦਿਆਂ ਦੀ ਸ਼ਹਾਦਤ ਉਪਰੰਤ ਮਾਤਾ ਗੁਜਰੀ ਜੀ ਸਮਾਧੀ ਸਥਿਤ ਹੋ ਗਏ ਅਤੇ ਪ੍ਰਾਣ ਚੜ੍ਹਾ ਲਏ । ਤਿੰਨਾਂ ਦਾਦੀ ਅਤੇ ਦੋਨਾਂ ਪੋਤਰਿਆਂ ਦਾ ਸਸਕਾਰ ਇਕੱਠਾ ਹੀ ਟੋਡਰ ਮੱਲ ਨਾਂ ਦੇ ਜੌਹਰੀ ਨੇ ਹੀਰੇ ਵਿਛਾ ਕੇ ਥਾਂ ਲੈ ਕੇ ਕੀਤਾ । ਇਹ ਸਾਕਾ 28 ਦਸੰਬਰ 1704 ਈ. ਦਾ ਹੈ।
ਜਿਥੇ ਸਾਹਿਬਜ਼ਾਦੇ ਤੇ ਮਾਤਾ ਜੀ ਕੈਦ ਰੱਖੇ ਗਏ ਉਸ ਬੁਰਜ ਦਾ ਨਾਂ ਹੁਣ ਮਾਤਾ ਗੁਜਰੀ ਜੀ ਦਾ ਬੁਰਜ ਹੈ ਅਤੇ ਜਿਥੇ ਸਸਕਾਰ ਹੋਇਆ ਉਸ ਨੂੰ 'ਜੋਤਿ ਸਰੂਪ' ਕਹਿੰਦੇ ਹਨ । ਸਿਆਣੇ ਪੁਰਾਤਨ ਸਿੱਖਾਂ ਨੇ ਮਾਤਾ ਜੀ ਦੀ ਸਮਾਧਿ ਬਾਹਰ ਦਲੀਜ਼ ਤੇ ਬਣਾਈ ਤਾਂ ਕਿ ਜੁਗਾਂ ਤਕ ਪ੍ਰਗਟ ਰਵੇ, ਕਿ ਅੱਜ ਵੀ ਦਾਦੀ ਪੋਤਰਿਆਂ ਦੀ ਦਲ਼ੀਜ਼ ਤੇ ਬੈਠ ਕੇ ਰਾਖੀ ਕਰ ਰਹੀ ਹੈ । ਸਸਕਾਰ ਵਾਲੀ ਥਾਂ ਜੇ ਕਰੋੜਾਂ ਦੇ ਹੀਰੇ ਵਿਛਾ ਕੇ ਟੋਡਰ ਮੱਲ ਨੇ ਲਈ ਸੀ ਤਾਂ ਸਭ ਤੋਂ ਕੀਮਤੀ ਵਿਚਾਰ ਵੀ ਉਥੇ ਹੀ ਦਿਤਾ ਜਾ ਰਿਹਾ ਹੈ ਕਿ ਦਾਦੀ ਦਾ ਵੀ ਇਹ ਫ਼ਰਜ਼ ਹੈ ਕਿ ਪੋਤਰਿਆਂ ਦੀ ਪਾਲਣਾ ਹੀ ਨਾ ਕਰੇ, ਲਾਡ ਹੀ ਨਾ ਲਡਾਂਦੀ ਰਹੇ ਸਗੋਂ ਧਰਮ ਦ੍ਰਿੜ੍ਹ ਕਰਾਏ ਜਿਵੇਂ ਮਾਤਾ ਗੁਜਰੀ ਨੇ ਕਰਾਇਆ।
ਮਾਈ ਭਾਗੋ
(ਜੁਰਅਤਿ ਦੀ ਮੂਰਤ)
ਇਹ ਆਮ ਧਾਰਨਾ ਹੈ ਕਿ ਦੁਨੀਆਂ ਜਾਂ ਔਰਤ ਦੇ ਪਿਛੇ ਦੌੜ ਰਹੀ ਹੈ ਜਾਂ ਔਰਤ ਤੋਂ ਦੂਰ । ਔਰਤ ਹੀ ਹੈ ਜਿਸ ਆਪਣੇ ਕਰਤੱਵ ਨਾਲ ਹਰ ਮੈਦਾਨ ਵਿਚ ਆਪਣੀ ਇਕ ਖ਼ਾਸ ਜਗ੍ਹਾ ਬਣਾਈ ਹੈ । ਕਦੀ ਉਹ ਪਿਛੇ ਬੈਠ ਰਾਹ ਦਿਖਾਂਦੀ ਹੈ ਕਦੀ ਅੱਗੇ ਲੱਗ ਅਗਵਾਈ ਕਰਦੀ ਹੈ । ਕਦੇ ਮੂਕ ਦਰਸ਼ਕ ਬਣ ਸਭ ਕੁਝ ਦੇਖੀ ਤਾਂ ਜਾਂਦੀ ਹੈ ਪਰ ਕਹਿੰਦੀ ਕੁਝ ਨਹੀਂ ਅਤੇ ਕਦੇ ਐਸੀ ਕਰੁਣਾਮਈ ਹੂਕ ਕਢਦੀ ਹੈ ਕਿ ਦੀਵਾਰਾਂ ਤਕ ਹਿਲ ਜਾਂਦੀਆਂ ਹਨ ਅਤੇ ਜਦ ਵੰਗਾਰ ਪਾਂਦੀ ਹੈ ਤਾਂ ਕਾਇਰ ਵੀ ਖੰਡਾ ਹੱਥ ਫੜ ਮੈਦਾਨ ਵਿਚ ਕੁੱਦ ਪੈਂਦੇ ਹਨ। ਕਦੇ ਆਪ ਸਭ ਨੂੰ ਨਾਲ ਲੈ ਟੁਰਦੀ ਹੈ । ਉਸ ਵਿਚ ਇਕ ਅਦਭੁਤ ਇੱਛਾ ਸ਼ਕਤੀ (ਵਿਲ ਪਾਵਰ) ਹੁੰਦੀ ਹੈ। ਉਸ ਦੇ ਇਰਾਦੇ ਮਜ਼ਬੂਤ ਹੁੰਦੇ ਹਨ । ਇਤਿਹਾਸ ਦੀ ਕਿਸੇ ਵੀ ਸਦੀ ਵਿਚ ਝਾਤ ਮਾਰੀਏ ਔਰਤ ਨੇ ਨਿਵੇਕਲਾ ਸਥਾਨ ਪਾਇਆ ਹੈ । ਸਮਾਂ ਆਉਣ ਤੇ ਹਥਿਆਰ ਵੀ ਚੁੱਕ ਲਏ । ਆਦਿ ਕਾਲ ਵਿਚ ਝਾਤੀ ਮਾਰੀਏ ਤਾਂ ਉਸ ਹੱਥ ਭਾਲਾ ਉਠਾ ਲਿਆ ਜਦ ਦੈਂਤਾਂ ਅਤਿ ਚੁਕੀ । ਫਿਰ ਚੰਡੀ ਬਣ ਗਈ ਜਦ ਕੋਈ ਰਕਤਬੀਜ ਬਣ ਮਜ਼ਲੂਮਾਂ ਦਾ ਖੂਨ ਪੀਣ ਲੱਗਾ । ਅੰਗਰੇਜ਼ਾਂ ਦਾ ਯੁਗ ਆਇਆ ਤਾਂ ਝਾਂਸੀ ਦੀ ਰਾਣੀ ਬਣ ਗਈ । 18ਵੀਂ ਸਦੀ ਦੇ ਸੰਕਟਮਈ ਕਾਲ ਵਿਚ ਅੱਗੇ ਹੋ ਜੂਝੀ । ਰਾਜ ਅਸਥਾਪਣ ਕਰਨ ਹਿਤ ਸਦਾ ਕੌਰ ਬਣੀ । ਰਾਣੀ ਸਾਹਿਬ ਕੌਰ ਦੇ ਰੂਪ ਵਿਚ ਮਰਹੱਟਿਆਂ ਵਿਰੁਧ ਜਾ ਡਟੀ । ਮਹਾਰਾਣੀ ਜਿੰਦਾਂ ਬਣ ਫ਼ਿਰੰਗੀਆਂ ਦੀ ਨਮਕ ਹਰਾਮੀ ਪਰਗਟ ਕੀਤੀ। ਫਲੋਰੈਂਸ ਨਾਈਟੰਗੇਲ ਤੇ ਹੈਲਨ ਕੀਲਰ ਵਰਗੀਆਂ ਮਹਾਨ ਸ਼ਖ਼ਸੀਅਤਾਂ ਪਹਿਲਾਂ ਵੀ ਇਸ ਧਰਤੀ ਤੇ ਵਿਚਰ ਚੁਕੀਆਂ ਹਨ ਜਿਨ੍ਹਾਂ ਦਾ ਨਾਂ ਦੁਨੀਆਂ ਦੇ ਇਤਿਹਾਸ ਵਿਚ ਸਿਤਾਰੇ ਦੀ ਤਰ੍ਹਾਂ ਚਮਕਦਾ ਹੈ । ਪਰ ਇਕ ਨਾਂ ਜਿਸ ਨੇ ਸਿੱਖ ਇਤਿਹਾਸ ਵਿਚ ਅਮਿੱਟ ਛਾਪ ਛੱਡੀ, ਉਹ ਹੈ ਮਾਈ ਭਾਗੋ । ਮਾਈ ਭਾਗੋ ਹੀ ਮਰਦਾਵਾਂ ਵੇਸ ਧਾਰਨ ਕਰ ਸਨਮੁਖ ਯੁਧ ਵਿਚ ਸ਼ਾਮਲ ਹੋਈ । ਆਪ ਅੱਗੇ ਹੋ ਮੁਗ਼ਲਾਂ
ਦਾ ਡੱਟ ਕੇ ਟਾਕਰਾ ਕੀਤਾ ਤੇ ਸਰੀਰ 'ਤੇ ਕਿਤਨੇ ਹੀ ਫੱਟ ਖਾਧੇ, ਪਰ ਨਿਢਾਲ ਨਾ ਹੋਈ । ਉਹ ਜੁਰਅਤਿ ਦੀ ਮਿਸਾਲ ਸੀ । ਗੁਰੂ-ਘਰ ਨਾਲ ਉਸ ਦਾ ਅਥਾਹ ਪਿਆਰ ਸੀ। ਉਹ ਪਹਿਲੀ ਵੀਰ-ਇਸਤਰੀ ਸੀ।
ਮਾਈ ਭਾਗੋ ਦੇ ਬਚਪਨ ਦਾ ਨਾਮ ਭਾਗ ਭਰੀ ਸੀ । ਸਿੱਖ ਇਤਿਹਾਸ ਵਿਚ ਉਸ ਨੂੰ ਮਾਈ ਭਾਗੋ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਮਾਈ ਭਾਗੋ ਭਾਈ ਮਾਲੋ ਸ਼ਾਹ ਦੀ ਸਪੁੱਤਰੀ ਸੀ । ਭਾਈ ਮਾਲੋ ਗੁਰੂ ਹਰਿਗੋਬਿੰਦ ਜੀ ਦੀ ਸੈਨਾ ਵਿਚ ਭਰਤੀ ਹੋ ਕੇ ਕਈ ਵਾਰ ਮੁਗ਼ਲਾਂ ਵਿਰੁੱਧ ਬੜੀ ਬਹਾਦਰੀ ਨਾਲ ਲੜੇ + ਮਾਈ ਭਾਗੋ ਇਸੇ ਭਾਈ ਮਾਲੋ ਦੀ ਹੋਣਹਾਰ ਸਪੁੱਤਰੀ ਸੀ । ਵੀਰਤਾ, ਸਿੱਖੀ ਪਿਆਰ ਮਾਈ ਭਾਗੋ ਨੂੰ ਆਪਣੇ ਪ੍ਰਵਾਰ ਰਾਹੀਂ ਹੀ ਮਿਲਿਆ। ਭਾਈ ਮਾਲੋ ਪੈਰੋਸ਼ਾਹ ਦੇ ਪੁੱਤਰ ਸਨ । ਪੈਰੋਸ਼ਾਹ ਭਾਈ ਲੰਘਾਹ ਦੇ ਭਰਾ ਸਨ । ਭਾਈ ਲੰਘਾਹ ਨੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਅੰਮ੍ਰਿਤਸਰ ਅਤੇ ਹਰਿਮੰਦਰ ਸਾਹਿਬ ਦੀ ਉਸਾਰੀ ਵੇਲੇ ਬੜੀ ਸੇਵਾ ਕੀਤੀ ਸੀ । ਗੁਰੂ ਅਰਜਨ ਦੇਵ ਜੀ ਜਦ ਸ਼ਹਾਦਤ ਦੇਣ ਲਾਹੌਰ ਗਏ ਤੇ ਭਾਈ ਲੰਘਾਹ ਉਨ੍ਹਾਂ ਪੰਜਾਂ ਵਿਚ ਇਕ ਸਨ ਜੋ ਨਾਲ ਗਏ । ਗੁਰੂ ਹਰਿਗੋਬਿੰਦ ਜੀ ਦੀ ਪੁੱਤਰੀ ਬੀਬੀ ਵੀਰੋ ਦਾ ਵਿਆਹ ਭਾਈ ਲੰਘਾਹ ਦੀ ਹਵੇਲੀ ਵਿਚ ਹੀ ਹੋਇਆ ਸੀ । ਸੋ ਮਾਈ ਭਾਗੋ ਦਾ ਗੁਰੂ-ਘਰ ਨਾਲ ਰਿਸ਼ਤਾ ਬਹੁਤ ਹੀ ਗੂੜ੍ਹਾ ਸੀ । ਮਾਈ ਭਾਗੋ ਨੂੰ ਪੰਜ ਗੁਰੂ ਸਾਹਿਬਾਨ ਗੁਰੂ ਹਰਿਗੋਬਿੰਦ ਜੀ, ਗੁਰੂ ਹਰਿ ਰਾਇ ਜੀ, ਗੁਰੂ ਹਰਿਕ੍ਰਿਸ਼ਨ ਜੀ, ਗੁਰੂ ਤੇਗ਼ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਦਾ ਵੀ ਸੁਭਾਗ ਪ੍ਰਾਪਤ ਹੋਇਆ ।
ਬਚਪਨ ਤੋਂ ਹੀ ਮਾਈ ਭਾਗੋ ਨੂੰ ਆਪਣੇ ਪਿਤਾ ਵਾਂਗ ਸ਼ਸਤਰਾਂ ਦਾ ਅਭਿਆਸ ਕਰਨ ਦਾ ਸ਼ੌਕ ਸੀ । ਉਹ ਆਪਣੇ ਹੱਥ ਹਮੇਸ਼ਾ ਸਾਂਗ ਰਖਦੀ ਸੀ । ਸਾਂਗ ਇਕ ਪ੍ਰਕਾਰ ਦਾ ਨੇਜਾ ਹੁੰਦਾ ਹੈ। ਉਹ ਛੋਟੀਆਂ ਛੋਟੀਆਂ ਝਾੜੀਆਂ ਬੂਟਿਆਂ ਨੂੰ ਨਿਸ਼ਾਨੇ ਬਣਾਂਦੀ ਰਹਿੰਦੀ ਤਾਂ ਕਿ ਆਪਣਾ ਅਭਿਆਸ ਜਾਰੀ ਰਖ ਸਕੇ । ਬਚਪਨ ਤੋਂ ਹੀ ਉਸ ਵਿਚ ਅਨੋਖੀ ਬੀਰਤਾ ਸੀ।
ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਚ ਵਿਸਾਖੀ ਵਾਲੇ ਦਿਨ ਅੰਮ੍ਰਿਤ- ਪਾਨ ਕਰਾ, ਖ਼ਾਲਸਾ ਪੰਥ ਦੀ ਨੀਂਹ ਰੱਖ ਚਾਰੇ ਪਾਸੇ ਇਕ ਅਨੋਖੀ ਕ੍ਰਾਂਤੀ ਲਿਆ ਦਿੱਤੀ। ਉਸ ਨਾਲ ਸਿੱਖਾਂ ਵਿਚ ਜਾਤ-ਪਾਤ ਦੀ ਭਾਵਨਾ ਦੀ ਥਾਂ ਏਕਤਾ ਦੀ ਭਾਵਨਾ ਆਈ । ਇਸਤਰੀ, ਪੁਰਸ਼, ਬਾਲ, ਬੱਚੇ ਸਭ ਅੰਮ੍ਰਿਤ ਦੀ ਦਾਤ ਪਾਉਣ ਲਈ ਅੱਗੇ ਵੱਧ ਰਹੇ ਸਨ । ਮਾਈ ਭਾਗੋ ਦਾ ਅਨੰਦ-ਕਾਰਜ ਭਾਈ ਨਿਧਾਨ ਸਿੰਘ ਵੜੈਚ ਨਾਲ ਪਿੰਡ ਪੱਟੀ ਵਿਖੇ ਹੋ ਚੁੱਕਾ ਸੀ । ਦੋਹਾਂ ਜੀਆਂ ਨੇ
ਵੀ ਹਜ਼ਾਰਾਂ ਇਸਤਰੀ ਪੁਰਸ਼ਾਂ, ਨੌਜਵਾਨਾਂ ਬੱਚਿਆਂ ਨਾਲ ਅੰਮ੍ਰਿਤ-ਪਾਨ ਕੀਤਾ ਤੇ ਵਾਹਿਗੁਰੂ ਕੇ ਖ਼ਾਲਸੇ ਕਹਿਲਾਏ । ਅੰਮ੍ਰਿਤ ਦੀ ਦਾਤ ਪਾ ਕੇ ਉਹ ਹੁਣ ਭਾਗ ਕੌਰ ਦੇ ਨਾਮ ਨਾਲ ਜਾਣੇ ਜਾਣ ਲੱਗੀ ।
ਜਦੋਂ ਅਨੰਦਪੁਰ ਦੀ ਲੜਾਈ ਚੱਲ ਰਹੀ ਸੀ ਤਾਂ ਮਾਝੇ ਦੇ ਕਈ ਪਿੰਡਾਂ ਦੇ ਕੁਝ ਸਿੱਖ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ । ਬੇਦਾਵੇ ਦੇਣ ਬਾਅਦ ਕਿਹਾ "ਅੱਜ ਤੋਂ ਨਾ ਤੁਸੀਂ ਸਾਡੇ ਗੁਰੂ ਤੇ ਨਾ ਅਸੀਂ ਤੁਹਾਡੇ ਸਿੱਖ” । ਅਨੰਦਗੜ੍ਹ ਦੇ ਕਿਲ੍ਹੇ ਵਿਚ ਘਿਰੇ ਸਿੱਖਾਂ ਦੀ ਗਿਣਤੀ ਆਏ ਦਿਨ ਘਟਦੀ ਚਲੀ ਜਾ ਰਹੀ ਸੀ । ਬਹੁਤੇ ਸਿੱਖ ਸ਼ਹੀਦ ਹੋ ਚੁਕੇ ਸਨ, ਕਿਲ੍ਹੇ ਵਿਚ ਰਾਸ਼ਨ ਅਤੇ ਪਾਣੀ ਦਾ ਵੀ ਗੰਭੀਰ ਸੰਕਟ ਪੈਦਾ ਹੋ ਗਿਆ ਸੀ । ਉਧਰ ਮੁਗ਼ਲ ਅਤੇ ਪਹਾੜੀ ਰਾਜੇ ਕਸਮਾਂ ਚੁਕ ਰਹੇ ਸਨ ਕਿ ਜੇ ਗੁਰੂ ਜੀ ਕਿਲ੍ਹਾ ਛੱਡ ਕੇ ਹੋਰ ਕਿਤੇ ਚਲੇ ਜਾਣ ਤਾਂ ਉਹ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਣਗੇ । ਕਿਲ੍ਹੇ ਵਿਚ ਬਚੇ ਹੋਏ ਸਿੱਖ ਵੀ ਇਸ ਗੱਲ 'ਤੇ ਜ਼ੋਰ ਦੇ ਰਹੇ ਸਨ ਕਿ ਉਨ੍ਹਾਂ ਨੂੰ ਮੁਗ਼ਲਾਂ ਅਤੇ ਪਹਾੜੀਆਂ ਦੀਆਂ ਕਸਮਾਂ ਤੇ ਯਕੀਨ ਕਰ ਕੇ ਇਹ ਕਿਲ੍ਹਾ ਛੱਡ ਦੇਣਾ ਚਾਹੀਦਾ ਹੈ । ਆਖ਼ਰ 20 ਦਸੰਬਰ 1704 ਈ. ਨੂੰ ਗੁਰੂ ਜੀ ਨੇ ਅਨੰਦਪੁਰ ਦਾ ਕਿਲ੍ਹਾ ਛੱਡਣ ਦਾ ਫ਼ੈਸਲਾ ਕੀਤਾ । ਕਿਲ੍ਹਾ ਛੱਡਣ ਦੀ ਦੇਰ ਸੀ ਕਿ ਮੁਗ਼ਲਾਂ ਨੇ ਹਮਲਾ ਕਰ ਦਿੱਤਾ । ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦੇ ਅਤੇ 40 ਸਿੰਘਾਂ ਸਮੇਤ ਚਮਕੌਰ ਦੀ ਗੜ੍ਹੀ ਵਿੱਚ ਪਹੁੰਚੇ । ਗੁਰਬਿਲਾਸ ਪਾਤਸ਼ਾਹੀ ਦਸਵੀਂ ਦਾ ਕਹਿਣਾ ਹੈ ਕਿ ਔਰੰਗਜ਼ੇਬ ਨੇ ਚਿੱਠੀ ਵਿਚ ਕਸਮ ਉਠਾ ਲਿਖਿਆ ਸੀ ਕਿ ਤੁਸੀਂ ਚਮਕੌਰ ਦੀ ਗੜ੍ਹੀ ਆ ਜਾਓ ਤੇ ਉਹ ਸਰਹੰਦ ਆ ਜਾਏਗਾ ਤੇ ਮਿਲ ਕੇ ਸਭ ਕੁਝ ਨਜਿੱਠ ਲਵਾਂਗੇ । ਔਰੰਗਜ਼ੇਬ ਨੇ ਆਉਣਾ ਕੀ ਸੀ ਸਗੋਂ ਸਰਹੰਦ ਦੇ ਨਵਾਬ ਨੇ ਦਸ ਲੱਖ ਫ਼ੌਜ ਚੜ੍ਹਾ ਆਂਦੀ । ਇਸ ਲੜਾਈ ਵਿਚ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਅਤੇ ਚਾਲੀ ਸਿੰਘਾਂ ਸ਼ਹੀਦੀਆਂ ਪਾਈਆਂ । ਗੁਰੂ ਗੋਬਿੰਦ ਸਿੰਘ ਜੀ ਨੇ ਪਿਛੋਂ ਔਰੰਗਜ਼ੇਬ ਦੇ ਨਾਂ ਲਿਖੀ ਚਿੱਠੀ (ਜ਼ਫ਼ਰਨਾਮਾ) ਵਿਚ ਸਾਰੇ ਧੋਖਿਆਂ ਦਾ ਜ਼ਿਕਰ ਵਿਸਥਾਰ ਨਾਲ ਕੀਤਾ ਹੈ।
ਅਨੰਦਪੁਰ ਦੀ ਲੜਾਈ ਵੇਲੇ ਗੁਰੂ ਜੀ ਦਾ ਸਾਥ ਛੱਡ ਆਏ ਸਿੱਖ ਜਦ ਆਪਣੇ ਘਰਾਂ ਵਿਚ ਪਰਤੇ ਤਾਂ ਕਿਸੇ ਵੀ ਸਿੱਧੇ ਮੂੰਹ ਉਨ੍ਹਾਂ ਨਾਲ ਗੱਲ ਨਾ ਕੀਤੀ । ਮਾਵਾਂ ਆਪਣੀ ਕੋਖ ਨੂੰ ਕੋਸਣ ਲਗ ਪਈਆਂ, ਭੈਣਾਂ ਆਪਣੀ ਰੱਖੜੀ ਨੂੰ, ਤੀਵੀਆਂ ਆਪਣੇ ਸੁਹਾਗ ਨੂੰ । ਐਸੀਆਂ ਲਾਹਨਤਾਂ ਪਾਈਆਂ ਕਿ ਇਸਤਰੀਆਂ ਮਰਦਾਵੇਂ ਵੇਸ ਧਾਰ ਆਪ ਜੰਗ ਵਿਚ ਗੁਰੂ ਜੀ ਦਾ ਸਾਥ ਦੇਣ
ਲਈ ਤਿਆਰ ਹੋ ਗਈਆਂ। ਇਨ੍ਹਾਂ ਵਿਚ ਸਭ ਤੋਂ ਅੱਗੇ ਸੀ ਮਾਈ ਭਾਗੋ । ਮਾਈ ਭਾਗੋ ਨੇ ਆਪਣੀਆਂ ਚੂੜੀਆਂ ਲਾਹ ਮਰਦਾਵਾਂ ਵੇਸ ਧਾਰ ਲਿਆ । ਉਹ ਲੰਮੀ, ਉਚੀ ਤੇ ਸੁਹਣੇ ਜੁੱਸੇ ਵਾਲੀ ਇਸਤਰੀ ਸੀ । ਸੱਚ, ਸਿਦਕ ਅਤੇ ਨਿਰਭੈਤਾ ਉਸ ਦੇ ਗਹਿਣੇ ਸਨ। ਉਹ ਆਪਣੇ ਨਾਲ ਇਕ ਛੋਟੀ ਜਿਹੀ ਸੈਨਾ ਤਿਆਰ ਕਰ ਗੁਰੂ ਜੀ ਦੀ ਸੈਨਾ ਵਿਚ ਆ ਮਿਲੀ । ਉਸ ਦੇ ਦੋ ਭਰਾ ਸਰਦਾਰ ਤਾਰਾ ਸਿੰਘ ਅਤੇ ਸਰਦਾਰ ਦਿਲਬਾਗ ਸਿੰਘ ਵੀ ਉਸ ਨਾਲ ਮੁਕਤਸਰ ਆ ਗਏ ।
ਗੁਰੂ ਜੀ ਦੇ ਪਾਸ ਇਕ ਤਕੜੀ ਸੈਨਾ ਤਿਆਰ ਹੋ ਗਈ ਸੀ। ਉਨ੍ਹਾਂ ਨੂੰ ਪਤਾ ਲੱਗ ਚੁਕਿਆ ਸੀ ਕਿ ਬਾਦਸ਼ਾਹੀ ਹੁਕਮ ਨਾਲ ਸੂਬਾ ਸਰਹੰਦ ਦੀਆਂ ਫ਼ੌਜਾਂ ਬੜੀ ਤੇਜ਼ੀ ਨਾਲ ਉਨ੍ਹਾਂ ਦਾ ਪਿੱਛਾ ਕਰਦੀਆਂ ਆ ਰਹੀਆਂ ਹਨ । ਗੁਰੂ ਜੀ ਨੇ ਖਿਦਰਾਣੇ ਦੀ ਢਾਬ (ਮੁਕਤਸਰ) ਦੇ ਨੇੜੇ ਹੀ ਉਨ੍ਹਾਂ ਨਾਲ ਜੰਗ ਕਰਨ ਦਾ ਨਿਸ਼ਚਾ ਕਰ ਲਿਆ । ਇਹ ਗੁਰੂ ਜੀ ਦੀ ਮੁਗ਼ਲਾਂ ਵਿਰੁਧ ਆਖ਼ਰੀ ਲੜਾਈ ਸੀ । ਮਾਈ ਭਾਗੋ ਇਸੇ ਜੰਗ ਵਿਚ ਬੜੀ ਬਹਾਦਰੀ ਨਾਲ ਲੜੀ ਅਤੇ ਖੱਬੀ ਰਾਨ ਵਿਚ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਈ । ਲਹੂ ਲੁਹਾਨ ਮੈਦਾਨੇ ਜੰਗ ਵਿਚ ਡਿੱਗ ਪਈ । ਗੁਰੂ ਜੀ ਨੂੰ ਜਦ ਪਤਾ ਲੱਗਾ ਸਿੱਖ ਸ਼ਹੀਦਾਂ ਵਿਚ ਇਕ ਸਿੰਘਣੀ ਵੀ ਘਾਇਲ ਪਈ ਹੈ ਤਾਂ ਉਨ੍ਹਾਂ ਉਸ ਨੂੰ ਮੈਦਾਨ ਵਿਚੋਂ ਚੁਕਵਾ ਡੇਰੇ ਵਿਚ ਮੰਗਵਾਇਆ। ਉਸ ਦੇ ਜ਼ਖ਼ਮਾਂ ਦਾ ਇਲਾਜ ਕਰਵਾਇਆ । ਠੀਕ ਹੋਣ ਤੋਂ ਬਾਅਦ ਉਸ ਗੁਰੂ ਜੀ ਦੇ ਚਰਨਾਂ ਵਿਚ ਰਹਿਣ ਦਾ ਵਿਚਾਰ ਬਣਾ ਲਿਆ । ਤਵਾਰੀਖ਼ ਗੁਰੂ ਖ਼ਾਲਸਾ ਨੇ ਮਾਈ ਭਾਗੋ ਨੂੰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦੀ ਚੁੰਘਾਵੀ ਵੀ ਦੱਸਿਆ ਹੈ।
ਨਰੋਆ ਹੋਣ ਬਾਦ ਮਾਈ ਭਾਗੋ ਗੁਰੂ ਜੀ ਨਾਲ ਦਮਦਮਾ ਸਾਹਿਬ ਤੋਂ ਆਗਰੇ ਤੇ ਨੰਦੇੜ ਸਾਹਿਬ ਗਈ। ਉਹ ਹਰ ਸਮੇਂ ਪਹਿਰਾ ਦੇਂਦੀ । ਹਰ ਕੋਈ ਉਸ ਦਾ ਆਦਰ ਕਰਦਾ । ਮਾਈ ਭਾਗੋ ਦੇ ਦੋਵੇਂ ਭਰਾ ਅਤੇ ਪਤੀ ਨੇ ਮੁਕਤਸਰ ਦੀ ਲੜਾਈ ਵਿਚ ਸ਼ਹੀਦੀਆਂ ਪਾਈਆਂ ਸਨ । ਇਸੇ ਕਾਰਨ ਮਾਈ ਭਾਗੋ ਨੇ ਪਿੰਡ ਵਾਪਸ ਨਾ ਜਾ ਕੇ ਫ਼ਕੀਰੀ ਧਾਰਨ ਕਰ ਲਈ ਅਤੇ ਬਾਕੀ ਸਮਾਂ ਗੁਰੂ ਜੀ ਦੇ ਚਰਨਾਂ ਵਿਚ ਬਿਤਾਉਣ ਦਾ ਫ਼ੈਸਲਾ ਕੀਤਾ ।
ਮਾਈ ਭਾਗੋ ਆਉਣ ਵਾਲੀਆਂ ਸਦੀਆਂ ਵਿਚ ਸਿੱਖ ਇਤਿਹਾਸ ਨੂੰ ਪ੍ਰਭਾਵਤ ਕਰਦੀ ਰਹੀ । ਗੁਰੂ ਸਿੰਘਾਂ ਨੂੰ ਕੁਰਬਾਨੀ ਦੇਣ ਲਈ ਪ੍ਰੇਰਦੀ ਰਹੀ । ਉਸੇ ਦੀ ਪ੍ਰੇਰਨਾ ਸਦਕਾ ਬੀਬੀਆਂ ਨੇ ਬੱਚਿਆਂ ਦੇ ਕੀਤੇ ਟੋਟੇ ਗਲਾਂ ਵਿਚ
ਪਵਾਏ ਪਰ ਸੀ ਨਾ ਕੀਤੀ । ਉਹ ਜੁਰਅਤਿ ਤੇ ਕੁਰਬਾਨੀ ਦੀ ਮੂਰਤ ਸੀ । ਮਾਈ ਭਾਗੋ ਨੇ ਖ਼ਾਲਸਾ ਪੰਥ ਦੀ ਟੁੱਟੀ ਤੰਦ ਜੋੜੀ । ਮਾਈ ਭਾਗੋ ਬਿਦਰ ਦੇ ਇਲਾਕੇ ਵਿਚ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਅਤੇ ਕੁਝ ਸਮੇਂ ਪਿਛੋਂ ਜਨਵਾੜੇ ਦੀ ਗੜ੍ਹੀ ਰੁਸਤਮ ਰਾਉ ਅਤੇ ਬਾਲਾ ਰਾਉ ਦੇ ਗ੍ਰਹਿ ਵਿਖੇ ਗੁਰਪੁਰੀ ਸਿਧਾਰ ਗਏ । ਉਸ ਦਾ ਹੱਥ ਵਾਲਾ ਸਾਂਗ ਹੁਣ ਵੀ ਹਜ਼ੂਰ ਸਾਹਿਬ ਗੁਰੂ ਜੀ ਦੇ ਸ਼ਸਤਰਾਂ ਨਾਲ ਸ਼ੋਭਾ ਪਾ ਰਿਹਾ ਹੈ । ਕਿਤਨਾ ਮਾਣ ਉਸ ਨੂੰ ਹੁਣ ਵੀ ਪੰਥ ਦੇ ਰਿਹਾ ਹੈ । ਮੇਰੀ ਜਾਚੇ ਮਾਈ ਭਾਗੋ ਨੂੰ ਜਾਨ ਆਫ਼ ਆਰਕ ਵੀ ਕਿਹਾ ਜਾ ਸਕਦਾ ਹੈ।
ਮਾਤਾ ਸਾਹਿਬ ਕੌਰ
ਬੱਚੇ ਦੀ ਅਸਲ ਪਹਿਚਾਣ ਉਸ ਦੀ ਮਾਂ ਤੋਂ ਹੁੰਦੀ ਹੈ । ਮਾਂ ਬੱਚੇ ਨੂੰ ਸੰਜਮ ਦੀ ਰਹਿਣੀ-ਬਹਿਣੀ ਅਚਾਰ-ਵਿਚਾਰ ਸਿਖਾਂਦੀ ਹੈ। ਜੇ ਜਨਮ ਦੇਣ ਵਾਲੀ ਬਾਲ ਨੂੰ ਜਨਮ ਦੇਣ ਪਿਛੋਂ ਆਪਣੇ ਦੁੱਧ ਨਾਲ ਪਾਲਦੀ ਹੈ ਤਾਂ ਉਸ ਨੂੰ ਆਪਣੀ ਕੁੱਖ ਵਿਚ ਰਖ ਸਚਮੁਚ ਹੀ ਖੂਨ ਵਿਚ ਸਿੰਚਦੀ ਹੈ ਫਿਰ ਪਾਲਣ ਵੇਲੇ ਆਪਣੇ ਬਾਹਾਂ ਦੇ ਘੇਰੇ ਵਿਚ ਲੈ ਉਸੇ ਨੂੰ ਲਾਡ ਤੇ ਪਿਆਰ ਨਾਲ ਆਪਣੇ ਨਾਲ ਲਗਾ ਸੀਨੇ ਦੀ ਧੜਕਣ ਦੀਆਂ ਲੋਰੀਆਂ ਸੁਣਾ ਕੇ ਵੱਡਾ ਕਰਦੀ ਹੈ। ਪਰ ਜੇ ਮਾਂ ਇਕ ਨਹੀਂ, ਦੋ ਨਹੀਂ ਬਲਕਿ ਪੂਰੇ ਜਗਤ ਦੀ ਮਾਤਾ ਉਸ ਦੀ ਪਾਲਣਹਾਰ ਹੋਵੇ ਤਾਂ ਉਸ ਦਾ ਮਾਣ ਹੋਰ ਵੀ ਵੱਧ ਜਾਂਦਾ ਹੈ।
ਖ਼ਾਸ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੇ ਇਕ ਕ੍ਰਿਸ਼ਨ ਜੀ ਨੂੰ ਯਸ਼ੋਧਾ ਨੇ ਪਾਲ ਯਸ਼ ਪਾਇਆ ਤਾਂ ਕੀ ਖ਼ਾਲਸੇ ਨੂੰ ਪਾਲਣ ਵਾਲੀ ਮਾਤਾ ਸਾਹਿਬ ਕੌਰ ਦਾ ਦਰਜਾ ਕਿਸ ਤੋਂ ਘਟ ਹੈ । ਲੋਕ-ਮਾਤਾ ਦਾ ਪਿਆਰ ਹਰ ਬੱਚੇ ਲਈ ਹੁੰਦਾ ਹੈ। ਇਹ ਵੀ ਸੱਚ ਹੈ ਕਿ ਜੇ ਈਸਾ ਦੀ ਮਾਂ ਮਰਯਮ ਨੂੰ ਉਸ ਦੇ ਨਾਮ ਲੇਵੇ ਜਨਮ ਦੇਣ ਕਾਰਨ ਪੂਜਦੇ ਹਨ ਤਾਂ ਖ਼ਾਲਸਾ ਪੰਥ ਦੀ ਆਪਣੀ ਪਾਲਣਹਾਰੀ ਮਾਂ ਸਾਹਿਬ ਕੌਰ ਨੂੰ ਉਸੇ ਆਦਰ ਸਹਿਤ ਯਾਦ ਕਰਦੇ ਹਨ । ਸੋ ਜਨਮ ਦੇ ਨਾਲ ਪਾਲਣ ਵਾਲੀ ਵੀ ਉਤਨਾ ਵੱਡਾ ਸਥਾਨ ਰਖਦੀ ਹੈ । ਮਾਤਾ ਸਾਹਿਬ ਕੌਰ ਜਗਤ ਮਾਤਾ ਗੁਰੂ ਗੋਬਿੰਦ ਸਿੰਘ ਜੀ ਦੀ ਪਤਨੀ ਸੀ । ਆਪਣੇ ਪਿਛਲੇ ਤਪ ਕਾਰਨ ਹੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਰੀ ਗਈ।
ਮਾਤਾ ਸਾਹਿਬ ਕੌਰ ਰੁਹਤਾਸ (ਜਿਹਲਮ) ਨਿਵਾਸੀ ਭਾਈ ਰਾਮੂ ਬੱਸੀ ਦੀ ਸਪੁੱਤਰੀ ਸੀ। ਆਪ ਜੀ ਦਾ ਜਨਮ ਦਿਨ ਬੁਧਵਾਰ 18 ਕੱਤਕ ਸੰਮਤ 1738 ਬਿਕ੍ਰਮੀ ਨੂੰ ਅੰਮ੍ਰਿਤ ਵੇਲੇ ਮਾਤਾ ਜਸਦੇਵੀ ਦੀ ਪਵਿੱਤਰ ਕੁਖੋਂ ਹੋਇਆ। ਰੁਹਤਾਸ ਉਹ ਭਾਗਾਂ ਵਾਲਾ ਸ਼ਹਿਰ ਹੈ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਕਾਬਲ ਕੰਧਾਰ ਤੋਂ ਪਸ਼ੌਰ ਨੁਸ਼ਹਿਰੇ ਦੇ ਰਸਤਿਓਂ ਵਾਪਸ ਹੁੰਦੇ ਹੋਏ ਆਏ ਸਨ । ਇਥੋਂ ਦੀ ਧਰਤੀ ਹਰੀ ਭਰੀ ਸੀ । ਪੰਜਾਬ ਦੀ ਸਭ ਤੋਂ ਵੱਧ ਹਰਿਆਵਲ ਕਹਿੰਦੇ
ਹਨ ਇਥੇ ਹੀ ਪਾਈ ਜਾਂਦੀ ਹੈ । ਇਸੇ ਰੁਹਤਾਸ ਵਿਚ ਗੁਰੂ ਸਾਹਿਬ ਦੀ ਦ੍ਰਿਸ਼ਟੀ ਪੈਣ ਨਾਲ ਖਾਰਾ ਪਾਣੀ ਮਿੱਠਾ ਹੋਇਆ ਸੀ ਅਤੇ ਹੁਣ ਤਕ ਸੁਹਾਣੇ ਚਸ਼ਮੇ ਰਾਹੀਂ ਵਹਿ ਹਿਰਦੇ ਠਾਰ ਰਿਹਾ ਹੈ । ਇਥੇ ਹੀ ਗੁਰੂ ਨਾਨਕ ਦੇਵ ਜੀ ਨੇ ਸਬਰ ਸੰਤੋਖ ਵਿਚ ਰਹਿਣ ਦਾ ਉਪਦੇਸ਼ ਇਹ ਆਖ ਕੇ ਕੀਤਾ ਸੀ ਕਿ ਅਤੀਤਾਂ ਨੂੰ ਸਿਰ ਤੇ ਪਈ ਸਿਰ ਮੱਥੇ ਝਲਣੀ ਚਾਹੀਦੀ ਹੈ । ਸ਼ਿਕਵੇਂ ਉਲ੍ਹਾਮੇ ਨਹੀਂ ਕਰਨੇ ਚਾਹੀਦੇ ।
ਮਾਤਾ ਜੀ ਦਾ ਇਕ ਭਰਾ ਵੀ ਸੀ ਜਿਸ ਦਾ ਨਾਂ ਸਾਹਿਬ ਚੰਦ ਸੀ। ਜੇ ਮਾਤਾ ਸਾਹਿਬ ਕੌਰ ਨੂੰ ਮਾਂ ਨਾਲ ਸਨਮਾਨਿਆ ਹੈ ਤਾਂ ਉਨ੍ਹਾਂ ਦੇ ਭਰਾ ਵੀ ਖ਼ਾਲਸੇ ਦੇ ਮਾਮੇ ਹੋਣ ਕਾਰਨ ਪ੍ਰਸਿੱਧ ਸਨ ।
ਸਾਹਿਬ ਕੌਰ ਜੀ ਬਚਪਨ ਵਿਚ ਹੀ ਪ੍ਰਭੂ-ਭਗਤੀ ਵਿਚ ਲੀਨ ਰਹਿੰਦੇ ਸਨ । ਉਨ੍ਹਾਂ ਵਿਚ ਸਾਰੇ ਗੁਣ ਸਨ ਜੋ ਸਦਾਚਾਰੀ ਵਿਅਕਤੀ ਵਿਚ ਹੁੰਦੇ ਹਨ। ਸਡੋਲ ਸਰੀਰ, ਨੂਰਾਨੀ ਆਤਮਾ, ਗੁਲਾਬ ਦੇ ਫੁਲ ਵਰਗਾ ਹਸੂੰ ਹਸੂੰ ਕਰਦਾ ਚਿਹਰਾ, ਬੋਲਾਂ ਵਿਚ ਮਿਠਾਸ, ਨਿਮਰਤਾ, ਸੰਤੋਖ, ਖਿਮਾ ਵਾਲੇ ਸਾਰੇ ਹੀ ਗੁਣ ਉਨ੍ਹਾਂ ਵਿਚ ਬਚਪਨ ਤੋਂ ਹੀ ਪਾਏ ਜਾਂਦੇ ਸਨ । ਤਾਂ ਹੀ ਮਾਤਾ ਜੀ ਪਰਿਵਾਰ ਵਿਚ ਨਹੀਂ ਸਗੋਂ ਸਾਰੇ ਪਿੰਡ ਵਿਚ ਹਰਮਨ ਪਿਆਰੇ ਬਣੇ ਹੋਏ ਸਨ । ਬਚਪਨ ਤੋਂ ਹੀ ਗੁਰੂ-ਘਰ ਨਾਲ ਜੁੜੇ ਹੋਏ ਸਨ । ਜਦ ਸਾਹਿਬ ਦੇਵਾਂ ਜ਼ਰਾ ਕੁ ਵੱਡੀ ਹੋਈ ਜਪੁਜੀ ਸਾਹਿਬ, ਰਹਿਰਾਸ, ਕੀਰਤਨ ਸੋਹਿਲਾ ਸ਼ਬਦ ਸਭ ਕੰਠ ਕਰ ਲਏ । ਸਾਰੀਆਂ ਸੰਗਤਾਂ ਉਨ੍ਹਾਂ ਦੇ ਮੁਖੋਂ ਪਾਠ ਸੁਣ ਨਿਹਾਲ ਹੁੰਦੀਆਂ ਅਤੇ ਲੋਕੀ ਚੁੰਬਕੀ ਸ਼ਕਤੀ ਵਾਂਗ ਉਨ੍ਹਾਂ ਮੁਖੋਂ ਸ਼ਬਦ ਸੁਣਨ ਲਈ ਖਿੱਚੇ ਚਲੇ ਆਂਦੇ ਸਨ । ਇਨ੍ਹਾਂ ਦੇ ਗੁਣਾਂ ਦੀ ਚਰਚਾ ਪਿੰਡ ਵਿਚ ਹੀ ਨਹੀਂ ਸਗੋਂ ਆਸ ਪਾਸ ਦੇ ਪਿੰਡਾਂ ਵਿਚ ਵੀ ਹੋਣ ਲੱਗੀ । ਸੁਗੰਧੀ ਫੈਲਦਿਆਂ ਕੀ ਦੇਰ ਲਗਦੀ ਹੈ ? ਲੰਗਰ ਦੀ ਸੇਵਾ ਵੀ ਮਾਤਾ ਜੀ ਆਪਣੇ ਹੱਥੀਂ ਕਰਦੇ । ਗੁਣਾਂ ਕਾਰਨ ਮਾਤਾ ਜੀ ਦਾ ਸਤਿਕਾਰ ਸਾਰੇ ਇਲਾਕੇ ਵਿਚ ਹੋਣ ਲੱਗਾ।
ਜਦੋਂ ਸਾਹਿਬ ਕੌਰ ਜੀ ਪੰਦਰਾਂ ਸੋਲ੍ਹਾਂ ਸਾਲ ਦੀ ਅਵਸਥਾ ਵਿਚ ਸਰਬ ਗੁਣਾਂ ਨਾਲ ਭਰਪੂਰ ਮੁਟਿਆਰ ਹੋ ਗਈ ਤਾਂ ਮਾਤਾ ਪਿਤਾ ਨੇ ਵਰ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ । ਮਾਤਾ ਪਿਤਾ ਸਾਹਿਬ ਕੌਰ ਜੀ ਦਾ ਗੁਰੂ-ਘਰ ਵੱਲ ਪਿਆਰ ਤੇ ਸ਼ਰਧਾ ਨੂੰ ਜਾਣਦੇ ਸਨ । ਸੋ ਉਨ੍ਹਾਂ ਵਰ ਵੀ ਸਿੱਖ ਘਰਾਣੇ ਵਿਚੋਂ ਹੀ ਭਾਲਣਾ ਸ਼ੁਰੂ ਕੀਤਾ ਤਾਂ ਕਿ ਬੀਬੀ ਜੀ ਦੀ ਸਿੱਖੀ ਸ਼ਰਧਾ ਵਿਚ ਰੋਕ ਨਾ
ਆਵੇ । ਬੜੀ ਜਗ੍ਹਾ ਦੇਖ-ਭਾਲ ਕਰਦਿਆਂ ਜਦ ਕਾਫ਼ੀ ਸਮਾਂ ਬੀਤ ਗਿਆ ਤਾਂ ਮਾਤਾ ਪਿਤਾ ਇਹ ਕਾਰਜ ਲੰਮਾ ਪੈ ਜਾਣ ਕਾਰਨ ਬੜੇ ਉਦਾਸ ਹੋਏ । ਕਈ ਵਾਰੀ ਕਲਗੀਧਰ ਅਗੇ ਅਰਦਾਸ ਵੀ ਕਰਦੇ । ਬੀਬੀ ਦੇ ਰਿਸ਼ਤੇ ਦੀ ਕਿਤੇ ਵਿਧ ਬਣੇ । ਪਰ ਉਹ ਨਹੀਂ ਸਨ ਜਾਣਦੇ ਕਿ ਇਹ ਅਮੋਲ ਮੋਤੀ ਅਮੋਲ ਮਾਲਾ ਵਿਚ ਹੀ ਪਰੋਇਆ ਜਾਣਾ ਹੈ।
ਬੀਬੀ ਸਾਹਿਬ ਦੇਵਾਂ ਨੇ ਵੀ ਰਿਸ਼ਤੇ ਬਾਰੇ ਮਾਤਾ ਪਿਤਾ ਨੂੰ ਸਲਾਹ ਕਰਦੇ ਸੁਣਿਆ ਤਾਂ ਉਨ੍ਹਾਂ ਆਪਣੇ ਪੁਰਾਣੇ ਜਨਮ ਦੇ ਸੰਜੋਗ ਬਾਰੇ ਦਸਿਆ ਤੇ ਕਿਹਾ: ਉਹ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਬੱਧੀ ਹੋਈ ਹੈ । ਮਾਤਾ ਸਾਹਿਬ ਕੌਰ ਜੀ ਨੇ ਆਪਣੇ ਪਿਛਲੇ ਜਨਮ ਬਾਰੇ ਦਸਿਆ ਕਿ ਪਿਛਲੇ ਜਨਮ ਵਿਚ ਨੰਦੇੜ ਵਿਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਤਪ ਕਰਦੇ ਪਏ ਸਨ ਤਾਂ ਉਨ੍ਹਾਂ ਕੋਲ ਹੋਰ ਵੀ ਤਪੀ ਗਿਆਨੀ ਕਠਿਨ ਤਪ ਕਰਨ ਲਗੇ ਹੋਏ ਸਨ । ਉਨ੍ਹਾਂ ਵਿਚੋਂ ਇਕ ਮੈਂ ਵੀ ਸਾਂ । ਜਦ ਤਪ ਕਰਦਿਆਂ ਮੈਨੂੰ ਆਉਣ ਵਾਲੇ ਸਮੇਂ ਦਾ ਗਿਆਨ ਹੋ ਗਿਆ ਤਾਂ ਮੈਨੂੰ ਪਤਾ ਲਗਾ ਕਿ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਜਗਤ ਤੇ ਆ ਖ਼ਾਲਸਾ ਪੰਥ ਦੀ ਸਾਜਨਾ ਕਰਨਗੇ । ਮੈਂ ਤਦ ਗੁਰੂ ਚਰਨਾਂ ਅਗੇ ਬੇਨਤੀ ਕੀਤੀ ਕਿ ਮੈਂ ਇਹ ਸਮਾਂ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੁੰਦਾ ਹਾਂ ਅਤੇ ਚਿਤ ਕਰਦਾ ਹੈ ਕਿਸੇ ਰੂਪ ਵਿਚ ਆਪ ਦਾ ਹੱਥ ਵਟਾਵਾਂ । ਉਸ ਵਕਤ ਗੁਰੂ ਜੀ ਨੇ ਕਿਹਾ ਸੀ ਕਿ ਤੁਸੀਂ ਵੀ ਉਸ ਵਕਤ ਸਾਡੇ ਨਾਲ ਹੋਵੇਗੇ ਤੇ ਖ਼ਾਲਸੇ ਦੀ ਮਾਤਾ ਕਹਿਲਾਉਣ ਦਾ ਮਾਣ ਪ੍ਰਾਪਤ ਕਰੋਗੇ ਤੇ ਸਿੱਖ-ਘਰ ਹੀ ਜਨਮ ਲਓਗੇ । ਇਸੇ ਤਰ੍ਹਾਂ ਉਸ ਮਹਾਂ ਪ੍ਰਭੂ ਦੇ ਵਾਕਾਂ ਅਨੁਸਾਰ ਹੁਣ ਮੈਂ ਉਸੇ ਚਰਨਾਂ ਵਿਚ ਅਰਦਾਸ ਕਰਦੀ ਹਾਂ, ਤਰਲੇ ਲੈਂਦੀ ਹਾਂ ਕਿ ਇਹ ਸਰੀਰ ਇਸ ਜਨਮ ਵਿਚ ਆਪ ਦੀ ਅਮਾਨਤ ਹੈ। ਆਪ ਹੀ ਸੰਭਾਲੋ ।
ਸਾਹਿਬ ਕੌਰ ਨੇ ਗੁਰੂ ਜੀ ਅੱਗੇ ਅਰਦਾਸ ਕਰਦੇ ਮਨ ਹੀ ਮਨ ਵਿਚ ਕਿਹਾ : ਮੇਰੇ ਮਾਤਾ ਪਿਤਾ ਮੇਰਾ ਰਿਸ਼ਤਾ ਕਿਸੇ ਹੋਰ ਜਗ੍ਹਾ ਕਰਨ ਦਾ ਜਤਨ ਕਰਦੇ ਪਏ ਹਨ। ਕਿਤੇ ਧੀਰਜ ਹਿਲ ਨਾ ਜਾਵੇ । ਘਟ ਘਟ ਦੇ ਜਾਨਣਹਾਰ ਮੇਰੀ ਪੀੜਾ ਜਾਣੇ ਤੇ ਇਸ ਦੁਨਿਆਵੀ ਰਿਸ਼ਤੇ ਦਾ ਅੰਤਮ ਫ਼ੈਸਲਾ ਕਰੋ ਤਾਂ ਕਿ ਭਟਕਣਾ ਦੂਰ ਹੋਵੇ ਤੇ ਉਹ ਸੁਰਖ਼ਰੂ ਹੋਣ । ਸਾਹਿਬ ਦੇਵਾਂ ਨੂੰ ਇੰਜ ਮਹਿਸੂਸ ਹੋਇਆ ਕਿ ਕਲਗੀਧਰ ਆਪ ਦਰਸ਼ਨਾਂ ਲਈ ਅਨੰਦਪੁਰ ਸਾਹਿਬ ਬੁਲਾ ਰਹੇ ਹਨ । ਸਾਹਿਬ ਕੌਰ ਨੇ ਸਾਰਾ ਅਨੁਭਵ ਆਪਣੀ ਮਾਤਾ ਜੀ ਨੂੰ ਦੱਸਿਆ ਤਾਂ ਮਾਤਾ ਪਿਤਾ, ਜਿਨ੍ਹਾਂ ਦਾ ਆਪਣੀ ਸਪੁੱਤਰੀ 'ਤੇ ਪਹਿਲਾਂ ਹੀ ਯਕੀਨ ਸੀ, ਪ੍ਰਸੰਨ
ਚਿਤ ਤਾਂ ਹੋਏ, ਪਰ ਗੁਰੂ ਜੀ ਦੇ ਉਚ-ਅਪਾਰ ਮਰਤਬੇ ਨੂੰ ਮੁੱਖ ਰਖ ਕੇ ਸੋਚੀਂ ਵੀ ਪੈ ਗਏ ਕਿ ਸਾਡੇ ਗਰੀਬਾਂ ਦੀ ਲੜਕੀ ਦਾ ਰਿਸ਼ਤਾ ਗੁਰੂ ਜੀ ਕਿਵੇਂ ਕਬੂਲ ਕਰਨਗੇ । ਬੀਬੀ ਜੀ ਦੇ ਅਨੁਭਵ ਨੂੰ ਸਹੀ ਜਾਣ ਸਾਰੀ ਪੋਠੋਹਾਰ ਦੀ ਸੰਗਤ ਨੂੰ ਇਕੱਠਾ ਕੀਤਾ । ਸੰਗਤਾਂ ਗੁਰੂ ਰੂਪ ਹੀ ਹੁੰਦੀਆਂ ਹਨ। ਬੀਬੀ ਦੇ ਰਿਸ਼ਤੇ ਦਾ ਅਰਦਾਸ ਸੰਗਤਾਂ ਨੇ ਕਲਗੀਧਰ ਜੀ ਨਾਲ ਸੋਧ ਦਿਤਾ। ਪੋਠੋਹਾਰ ਦੀਆਂ ਸੰਗਤਾਂ ਆਪਣੇ ਇਲਾਕੇ ਦਾ ਰਿਸ਼ਤਾ ਗੁਰੂ-ਘਰ ਨਾਲ ਜੋੜ ਕੇ ਗਦ-ਗਦ ਹੋ ਗਈਆਂ । ਸਾਰੀਆਂ ਸੰਗਤਾਂ ਫਿਰ ਅਨੰਦਪੁਰ ਵਲ ਚਲ ਪਈਆਂ ।
ਭਾਈ ਰਾਮੂ ਜੀ ਗੁਰੂ ਦੇ ਦਰਬਾਰ ਪੁੱਜੇ ਤੇ ਗਲ ਵਿਚ ਪੱਲਾ ਪਾ ਹੱਥ ਬੰਨ੍ਹ ਬੜੀ ਸ਼ਰਧਾ ਨਾਲ ਹਜ਼ੂਰ ਅਗੇ ਬੇਨਤੀ ਕੀਤੀ ਕਿ ਪੋਠੋਹਾਰ ਦੀ ਸੰਗਤ ਨੇ ਇਹ ਅਰਦਾਸ ਕੀਤੀ ਹੈ ਕਿ ਮੈਂ ਆਪਣੀ ਸਪੁੱਤਰੀ ਸਾਹਿਬ ਦੇਵਾਂ ਦਾ ਡੋਲਾ ਆਪਣੇ ਪੂਜ ਦਸਮ ਗੁਰੂ ਦੇ ਚਰਨਾਂ ਤੇ ਭੇਟ ਕਰਾਂ । ਆਪ ਮੇਹਰ ਕਰ ਮਹਿਲੀਂ ਵਾਸਾ ਦਿਓ । ਦਸਮ ਪਿਤਾ ਨੇ ਕੋਈ ਉਤਰ ਨਾ ਦਿਤਾ । ਸੰਗਤਾਂ ਨੇ ਵੀ ਹੁਣ ਰਾਮੂ ਜੀ ਵਾਲੀ ਹੀ ਬੇਨਤੀ ਕੀਤੀ । ਚਾਹੇ ਗੁਰੂ ਜੀ ਪਿਛਲੀ ਅਗਲੀ ਸਭ ਗੱਲ ਜਾਣਦੇ ਸਨ, ਉਨ੍ਹਾਂ ਇਤਨਾ ਕਿਹਾ: ਸਾਧ ਸੰਗਤ ਗ੍ਰਹਿਸਤ ਜੀਵਨ ਦੀ ਮਰਯਾਦਾ ਪੂਰਨ ਕਰ ਚੁਕੇ ਹਾਂ । ਹੁਣ ਇਹ ਅਸੰਭਵ ਜਹੀ ਬਾਤ ਹੈ । ਇਤਨਾ ਸੁਣਨਾ ਸੀ ਤਾਂ ਰਾਮੂ ਜੀ ਨੇ ਕਿਹਾ ਕਿ ਸੰਗਤਾਂ ਸਾਹਿਬ ਕੌਰ ਨੂੰ ਮਾਤਾ ਕਹਿ ਕੋ ਪੁਕਾਰਦੀਆਂ ਹਨ। ਹੁਣ ਲਾਜ ਤੁਹਾਡੇ ਹੱਥ ਹੈ । ਕਲਗੀਆਂ ਵਾਲੇ ਨੇ ਫ਼ਰਮਾਯਾ : ਸਾਹਿਬ ਕੌਰ ਕੋਲੋਂ ਪੁਛ ਲਵੋ ਜੇ 'ਕੁਆਰਾ ਡੋਲਾ' ਰਹਿ ਸਕਦੀ ਹੈ ਤਾਂ ਮਹਿਲਾਂ ਵਿਚ ਵਾਸਾ ਹੋ ਸਕਦਾ ਹੈ । ਇਹ ਸੁਣਦੇ ਸਾਰ ਸਾਹਿਬ ਕੌਰ ਨੇ ਸਿਰ ਝੁਕਾਇਆ । ਅਨੰਦ ਕਾਰਜ ਦੀ ਮਰਯਾਦਾ ਬਾਬਾ ਬੁੱਢਾ ਜੀ ਅੰਸ਼ ਦੇ ਭਾਈ ਰਾਮ ਕੁਇਰ ਨੇ ਨਿਭਾਈ । ਮਾਤਾ ਗੁਜਰੀ ਜੀ ਨੇ ਬੜਾ ਸਨੇਹ ਕੀਤਾ।
ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1756 ਦੀ ਵਿਸਾਖੀ ਨੂੰ ਖੰਡੇ ਦਾ ਅੰਮ੍ਰਿਤ ਛਕਾਉਣ ਦੀ ਮਰਯਾਦਾ ਕਾਇਮ ਕੀਤੀ । ਉਸ ਦਿਨ ਜਿਥੇ ਕਿਤਨੇ ਹੋਰ ਹੁਕਮ ਕੀਤੇ ਉਥੇ ਮਾਤਾ ਸਾਹਿਬ ਕੌਰ ਦੀ ਗੋਦ ਖ਼ਾਲਸੇ ਨੂੰ ਪਾਇਆ ਤੇ ਖ਼ਾਲਸੇ ਦੀ ਮਾਂ ਹੋਣ ਦਾ ਐਲਾਨ ਕੀਤਾ ਅਤੇ ਨਾਲ ਹੀ ਸਾਹਿਬ ਕੌਰ ਨੂੰ ਕਿਹਾ: ਤੁਸੀਂ ਰੋਜ਼ ਆਖਦੇ ਸੀ ਮੇਰੀ ਗੋਦ ਕਦ ਹਰੀ ਹੋਵੇਗੀ।
ਲੈ ਹੁਣ ਪੁਤਰ ਖਾਲਸਾ ਤੇਰੇ ਭਯੋ ।
ਗੋਦ ਪਏ ਹਮ ਤੁਹੁ ਕੇ ਦਯੋ ।
ਮਾਤਾ ਸਾਹਿਬ ਕੌਰ ਜੀ ਨੇ ਗੁਰੂ ਕੇ ਮਹਿਲ ਆ ਕੇ ਆਪਣਾ ਨਿਤ ਕਰਮ ਉਸੇ ਤਰ੍ਹਾਂ ਹੀ ਰਖਿਆ। ਹਰ ਰੋਜ਼ ਸਵਾ ਪਹਿਰ ਦੇ ਤੜਕੇ ਉਠ ਕੇ ਇਸ਼ਨਾਨ ਕਰਦੇ, ਨਿਤਨੇਮ ਦਾ ਪਾਠ ਕਰਦੇ । ਉਨ੍ਹਾਂ ਇਕ ਗੱਲ ਦਾ ਨਿਰਣਾ ਵੀ ਲਿਆ ਕਿ ਰੋਜ਼ ਕਲਗੀ ਵਾਲੇ ਦੇ ਦਰਸ਼ਨ ਕਰ ਕੇ ਹੀ ਅੰਨ ਮੂੰਹ ਵਿਚ ਪਾਉਣਾ ਹੈ । ਇਥੋਂ ਤਕ ਲਿਖਿਆ ਹੈ ਕਿ :
ਜੇ ਕਿਸੇ ਕਾਰਨ ਤੇ ਦਰਸ਼ਨ ਨ ਹੋਇ।
ਉਸ ਦਿਨ ਖਾਏ ਆਹਰ ਨ ਕੋਇ।
ਮਾਤਾ ਸਾਹਿਬ ਕੌਰ ਸਾਰੇ ਪਰਵਾਰ ਨੂੰ ਬੜਾ ਆਦਰ ਮਾਣ ਦੇਂਦੇ ।
ਜਿਤਨਾ ਸੰਜਮ ਮਾਤਾ ਸਾਹਿਬ ਕੌਰ ਨੇ ਜੀਵਨ ਭਰ ਰੱਖਿਆ ਉਤਨਾ ਹੀ ਸਿੱਖਾਂ ਵਿਚ ਆ ਗਿਆ। ਮਾਂ ਮਤਿ ਦੀ ਮੂਰਤ ਸੀ, ਖ਼ਾਲਸਾ ਵੀ ਅਕਲਾਂ ਦਾ ਕੋਟ ਕਹਿਲਾਇਆ । ਮਾਂ ਨੇ ਅਥਾਹ ਦਾ ਆਚਰਨ ਰਖਿਆ ਅਤੇ ਖ਼ਾਲਸੇ ਜਿਹਾ ਵੀ ਜਤੀ ਸਤੀ ਕੋਈ ਹੋਇਆ ਨਹੀਂ । ਕਾਜ਼ੀ ਨੂਰ ਦੀਨ ਵਰਗਿਆਂ ਲਿਖਿਆ ਕਿ ਸਿੱਖਾਂ ਵਿਚ ਵਿਭਚਾਰ ਵਾਲੀ ਕੋਈ ਚੀਜ਼ ਨਹੀਂ । ਦੁਸ਼ਮਣ ਦੀ ਮਾਂ ਬੇਟੀ ਨੂੰ ਵੀ ਆਪਣੀ ਮਾਂ ਬੇਟੀ ਸਮਝਦੇ ਹਨ। ਮਾਤਾ ਜੀ ਨੇ ਤਿੰਨ ਆਦਰਸ਼ ਅਪਣਾਏ ਜਿਨ੍ਹਾਂ ਤੇ ਜ਼ਿੰਦਗੀ ਭਰ ਪਹਰਾ ਦਿੱਤਾ । ਤਿੰਨ ਆਦਰਸ਼ ਸਨ :
1) ਸਦਾ ਸਿਮਰਨ ਕਰਦੇ ਰਹਿਣਾ।
2) ਦਸਮੇਸ਼ ਪਿਤਾ ਦਾ ਦਰਸ਼ਨ ਕਰ ਨਿਹਾਲ ਰਹਿਣਾ ।
3) ਖ਼ਾਲਸੇ ਪੁੱਤ ਦੀ ਦਾਤ ਨੂੰ ਵੱਧਦਾ ਫੁਲਦਾ ਦੇਖ ਕੇ ਸੰਤੁਸ਼ਟ ਹੋਣਾ।
ਮਾਤਾ ਜੀ ਬਹੁਤ ਘੱਟ ਬੋਲਦੇ ਸਨ । ਪਹਿਰਾਵਾ ਵੀ ਬੜਾ ਸਾਦਾ ਰੱਖਦੇ ।
ਮਾਤਾ ਸੁੰਦਰੀ ਜੀ ਦਾ ਸਾਹਿਬ ਕੌਰ ਜੀ ਪੂਰਨ ਸਤਿਕਾਰ ਕਰਦੇ । ਯਾਦ ਰਵੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਉਪਰੰਤ ਜਦ ਕੁਝ ਚੁਗ਼ਲ-ਖੋਰਾਂ ਨੇ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਵਿਚ ਦੁਫਾੜ ਪਾਉਣਾ ਚਾਹਿਆ ਤਾਂ ਮਾਤਾ ਸਾਹਿਬ ਕੌਰ ਨੇ ਇਕ ਉਚੇਚਾ ਹੁਕਮਨਾਮਾ ਖ਼ਾਲਸਾ ਪੰਥ ਦੇ ਨਾਂ ਜਾਰੀ ਕਰ ਕੇ ਲਿਖਿਆ ਕਿ 'ਗੁਰ ਕਾ ਘਰ ਇਕ ਜਾਣਨਾ । ਬਿਖਰੇਵਾਂ ਨਹੀਂ ਪਾਉਣਾ, ਐਸੇ ਸ਼ਾਤਰਾਂ ਤੋਂ ਬਚਣਾ ।' ਮਾਤਾ ਸੁੰਦਰੀ ਦੀ ਆਗਿਆ ਉਨ੍ਹਾਂ ਦੀ ਹੀ ਆਗਿਆ ਹੈ। ਮਾਤਾ ਸੁੰਦਰੀ ਜੀ ਦੀ ਆਗਿਆ ਲੈ ਹਰ ਕੰਮ ਕਰਦੇ ।
ਚਾਰੇ ਸਾਹਿਬਜ਼ਾਦਿਆਂ ਦੀ ਸੰਭਾਲ ਵੀ ਮਾਤਾ ਸਾਹਿਬ ਕੌਰ ਜੀ ਆਪ ਹੀ ਕਰਦੇ । ਆਪਣੀ ਸੱਸ ਮਾਤਾ ਗੁਜਰੀ ਜੀ ਦੀ ਸੇਵਾ ਦਿਲ ਲਗਾ ਕੇ ਕਰਦੇ ।
ਸਰਸਾ ਕਿਨਾਰੇ ਜਦ ਪਰਵਾਰ ਵਿਛੋੜਾ ਹੋ ਗਿਆ ਤਾਂ ਮਾਤਾ ਗੁਜਰੀ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਰੱਖਿਆ। ਵੱਡੇ ਸਾਹਿਬਜ਼ਾਦੇ, ਪੰਜ ਪਿਆਰੇ ਗੁਰੂ ਜੀ ਨਾਲ ਰੋਪੜ ਤੇ ਚਮਕੌਰ ਸਾਹਿਬ ਚਲੇ ਗਏ । ਮਾਤਾ ਸੁੰਦਰੀ ਜੀ ਅਤੇ ਸਾਹਿਬ ਕੌਰ ਜੀ ਦਾਸੀਆਂ ਬੀਬੀ ਭਾਗੋ ਤੇ ਬੀਬੋ ਨਾਲ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵਲ ਚਲ ਪਏ। ਪਹਿਲਾਂ ਹਰਦੁਆਰ ਤੇ ਫਿਰ ਦਿੱਲੀ ਆ ਟਿਕਾਣਾ ਕੀਤਾ । ਉਥੋਂ ਹੀ ਕਲਗੀਆਂ ਵਾਲੇ ਦਾ ਦਮਦਮਾ ਸਾਹਿਬ ਆਉਣਾ ਸੁਣ ਦਮਦਮਾ ਸਾਹਿਬ ਆਏ। ਮਾਤਾ ਸਾਹਿਬ ਕੌਰ ਲਈ ਗੁਰੂ ਜੀ ਨੂੰ ਛੱਡ ਦਿੱਲੀ ਵਲ ਜਾਣਾ ਬੜਾ ਕਠਨ ਲਗਦਾ ਸੀ । ਉਹ ਤਾਂ ਦਰਸ਼ਨ ਕੀਤੇ ਬਗ਼ੈਰ ਕੁਝ ਗ੍ਰਹਿਣ ਤਕ ਨਹੀਂ ਸਨ ਕਰਦੇ । ਜੱਕੋ ਤੱਕੇ ਵਿਚ ਦੇਖ ਹੀ ਗੁਰੂ ਜੀ ਨੇ ਪੋਥੀ ਤੇ ਕਟਾਰ ਦਿਤੀ ਸੀ ਤੇ ਫ਼ਰਮਾਇਆ ਸੀ ਕਿ ਪੋਥੀ ਪਰਮੇਸ਼ਵਰ ਦਾ ਸਥਾਨ ਹੈ । ਪਾਠ ਦੀਦਾਰ ਹੀ ਸਾਡੇ ਘਰ ਪਰਵਾਨ ਹੈ (ਹੁਣ ਤੱਕ ਅਸੀਂ ਅਰਦਾਸ ਵਿਚ ਪਾਠ ਦੀਦਾਰ ਦਾ ਧਿਆਨ ਧਰ ਕੇ ਵਾਹਿਗੁਰੂ ਬੋਲਦੇ ਹਾਂ)।
ਦਮਦਮਾ ਸਾਹਿਬ ਤੋਂ ਗੁਰੂ ਜੀ ਨਾਲ ਹੀ ਮਾਤਾ ਸਾਹਿਬ ਕੌਰ ਜੀ ਦਿੱਲੀ ਆਏ ਤੇ ਉਥੇ ਥੋੜਾ ਚਿਰ ਰਹਿ ਕੇ ਨੰਦੇੜ ਦੱਖਣ ਵੱਲ ਨਾਲ ਹੋ ਪਏ । ਇਹ ਯਾਦ ਰਵੇ ਕਿ ਮਾਤਾ ਸੁੰਦਰੀ ਜੀ ਦਿੱਲੀ ਹੀ ਟਿਕੇ ਰਹੇ ਸਨ।
ਗੁਰੂ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਜਾਣ ਕੇ ਮਾਤਾ ਸਾਹਿਬ ਕੌਰ ਜੀ ਨੂੰ ਦਿੱਲੀ ਤੋਂ ਮਾਤਾ ਸੁੰਦਰੀ ਜੀ ਪਾਸ ਜਾਣ ਲਈ ਕਿਹਾ ਅਤੇ ਪੰਜ ਸ਼ਸਤਰ : ਤਲਵਾਰ, ਖੰਜਰ, ਜਮਧਰ ਅਤੇ ਦੋ ਖੰਡੇ ਬਖ਼ਸ਼ੇ ।
ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ ਉਹ ਮੋਹਰ ਵੀ ਦੇ ਦਿਤੀ ਜੋ ਹੁਕਮਨਾਮੇ ਜਾਰੀ ਕਰਨ ਵੇਲੇ ਲਗਾਂਦੇ ਸਨ । ਕਿਤਨਾ ਮਾਣ ਦੇਂਦੇ ਸਨ ਗੁਰੂ ਜੀ ਖ਼ਾਲਸੇ ਦੀ ਮਾਂ ਨੂੰ ।
ਮਾਤਾ ਜੀ ਵੀ ਗੁਰੂ ਜੀ ਤੋਂ ਆਗਿਆ ਲੈ ਦਿੱਲੀ ਆ ਗਏ।
ਜਦੋਂ ਕਲਗੀਧਰ ਜੀ 'ਤੇ ਪਹਿਲਾਂ ਹਮਲੇ ਤੇ ਫਿਰ ਜੋਤੀ ਜੋਤਿ ਸਮਾਉਣ ਦੀ ਖ਼ਬਰ ਮਾਤਾਵਾਂ ਨੂੰ ਦਿੱਲੀ ਮਿਲੀ ਤਾਂ ਮਾਤਾ ਸਾਹਿਬ ਕੌਰ ਜੀ ਕਿਤਨੀ ਦੇਰ ਸਮਾਧੀ ਸਥਿਤ ਰਹੇ । ਦੁਰਬਲ ਦੇਹੀ ਹੋ ਗਈ । ਅਲਪ ਆਹਾਰ ਤਾਂ ਅਗੇ ਹੀ ਸੀ । ਚਿੜੀ ਚੋਗ ਹੋ ਗਈ। ਫਿਰ ਦਿੱਤੀ ਪੋਥੀ ਵਿਚੋਂ ਪਾਠ ਕਰਨ ਲੱਗ
ਪਏ । ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੁਆਰਾ ਉਪਦੇਸ਼ ਦੇ ਕੇ ਵਾਹਿਗੁਰੂ ਦਾ ਭਾਣਾ ਮਿੱਠਾ ਮੰਨਣ ਲਈ ਕਿਹਾ। ਦੋਵੇਂ ਮਾਤਾਵਾਂ ਦਿੱਲੀ ਤੋਂ ਮਥੁਰਾ ਆ ਗਈਆਂ । ਬਹਾਦਰ ਸ਼ਾਹ ਤਾਂ ਆਦਰ ਕਰਦਾ ਰਿਹਾ ਪਰ ਫ਼ਰਖ਼ਸੀਅਰ ਨੇ ਅਤਿਆਚਾਰਾਂ ਦੀ ਹਨ੍ਹੇਰੀ ਚਲਾ ਦਿਤੀ। ਫ਼ਰਖ਼ਸੀਅਰ ਦੀ ਮ੍ਰਿਤੂ ਪਿਛੋਂ ਆਪ ਜੀ ਫਿਰ ਦਿੱਲੀ ਆ ਗਏ। ਨਵੇਂ ਮੁਗ਼ਲ ਬਾਦਸ਼ਾਹ ਮੁਹੰਮਦ ਸ਼ਾਹ ਦਾ ਵਜ਼ੀਰ-ਇ-ਆਜ਼ਮ ਬੜਾ ਆਦਰ ਕਰਦਾ ਸੀ ।
ਮਾਤਾ ਸਾਹਿਬ ਕੌਰ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਆਇਆ ਜਾਣ ਮਾਤਾ ਸੁੰਦਰੀ ਜੀ ਕੋਲੋਂ ਆਗਿਆ ਲਈ। ਇਸ਼ਨਾਨ ਕੀਤਾ, ਚਿੱਟੇ ਬਸਤਰ ਪਹਿਨੇ, ਨਿਤਨੇਮ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਅਗੇ ਅਰਦਾਸ ਕਰ ਕੇ ਆਪੂੰ ਵਾਕ ਲਿਆ ਤੇ ਮੱਥਾ ਟੇਕ ਆਪਣੇ ਪ੍ਰਾਣ ਤਿਆਗ ਦਿਤੇ । ਇਹ ਘਟਨਾ ਸੰਨ 1747 (ਬਿਕਰਮੀ 1804) ਨੂੰ ਹੋਈ । ਅਕਾਲ ਚਲਾਣੇ ਸਮੇਂ ਉਨ੍ਹਾਂ ਦੀ ਉਮਰ 66 ਕੁ ਸਾਲ ਦੀ ਸੀ । ਆਪ ਜੀ ਦਾ ਸਸਕਾਰ ਬਾਲਾ ਸਾਹਿਬ ਵਿਖੇ ਕੀਤਾ ਗਿਆ।
ਮਾਤਾ ਸਾਹਿਬ ਕੌਰ ਜੀ ਦੇ ਲਿਖੇ 8 ਹੁਕਮਨਾਮੇ ਮਿਲਦੇ ਹਨ। ਇਨ੍ਹਾਂ ਸਾਰਿਆਂ ਹੁਕਮਨਾਮਿਆਂ ਤੋਂ ਸਪਸ਼ਟ ਹੁੰਦਾ ਹੈ ਕਿ ਆਪਣੇ ਬੇਟੇ ਪੰਥ ਨਾਲ ਉਹ ਕਿਤਨਾ ਪਿਆਰ ਕਰਦੇ ਸਨ । ਹਰ ਹੁਕਮਨਾਮੇ, 'ਤੁਸੀਂ ਮੇਰੇ ਪੁਤ ਫ਼ਰਜੰਦ ਹੋ' ਦੇ ਸ਼ਬਦ ਜ਼ਰੂਰ ਲਿਖਦੇ । ਅਰਦਾਸ ਸਦਾ : 'ਵਾਹਿਗੁਰੂ ਦੇਗ ਤੇਗ਼ ਫ਼ਤਹ ਕਰੇ’ ਦੀ ਕਰਦੇ । ਸੇਵਾ ਵਲ ਸਿੱਖਾਂ ਨੂੰ ਪ੍ਰੇਰਦੇ । ਜਿਥੇ ਪਾਣੀ ਦੀ ਥੁੜ ਦੀ ਸੂਹ ਮਿਲੀ ਉਸੇ ਸਮੇਂ 'ਖੂਹ ਨਵਾਂ ਬਣਵਾਈ ਦੇਣਾ ਅਤੇ ਜੋ ਕੁਛ ਲਗੇ ਸੋ ਸਰਕਾਰ ਦੇ ਲੇਖੇ ਲਗਾਵਣਾ' ਦਾ ਹੁਕਮਨਾਮਾ ਜਾਰੀ ਕਰ ਦਿਤਾ । ਹਰ ਮਾਂ ਦੀ ਇਛਾ ਹੁੰਦੀ ਕਿ ਉਸ ਦਾ ਪੁੱਤਰ ਮਾਂ ਦਾ ਨਾਂ ਰੌਸ਼ਨ ਕਰੇ । ਮਾਂ ਦੇ ਦੁੱਧ ਨੂੰ ਦਾਗ ਨਾ ਲੱਗਣ ਦੇਵੇ । ਅੱਜ ਖ਼ਾਲਸੇ ਦਾ ਇਹ ਹੀ ਫ਼ਰਜ਼ੇ ਅਵਲੀਨ ਹੈ ਕਿ ਮਾਤਾ ਜੀ ਦੇ ਹੁਕਮਾਂ ਤੇ ਪਹਿਰਾ ਦੇਵੇ । ਜੋ ਆਦਰਸ਼ਾ ਸਿਮਰਨ, ਸੇਵਾ, ਕੁਰਬਾਨੀ, ਜਤ, ਸਤ ਦੇ ਸਾਹਮਣੇ ਰੱਖੇ ਸਨ ਉਨ੍ਹਾਂ ਤੇ ਜਾਨ ਵਾਰ ਵੀ ਪਹਿਰਾ ਦੇਵੇ । ਕਲਗੀਧਰ ਪਿਤਾ ਦਾ ਹੱਥ ਜੇ ਖ਼ਾਲਸੇ ਦੀ ਪਿੱਠ ਤੇ ਹੈ ਤਾਂ ਮਾਤਾ ਜੀ ਦੀ ਅਸੀਸ ਪੰਥ ਦੇ ਸੀਸ ਤੇ ਹੈ।
ਰਾਣੀ ਸਦਾ ਕੌਰ
ਜਿਸ ਦੇ ਸਿਰ ਤੇ ਸਾਈਂ ਦਾ ਸਾਇਆ ਨਹੀਂ ਉਸ ਹਿੰਦੁਸਤਾਨੀ ਔਰਤ ਦੀ ਕਿਸਮਤ ਵਿਚ ਜਾਂ ਤਾਂ 'ਵਿਧਵਾ ਤਨ ਪਰ ਕਉ ਦਈ' ਲਿਖਿਆ ਜਾਂਦਾ ਹੈ ਜਾਂ ਜਲਦੀ ਚਿਖਾ ਤੇ ਜਲਨਾ ।
ਧੰਨ ਹਨ ਗੁਰੂ ਅਮਰਦਾਸ ਜੀ ਜਿਨ੍ਹਾਂ ਹਰਦੁਆਰ ਸਤੀ ਘਾਟ ਤੇ ਖੜੋ ਕੇ ਸਾੜਨ ਲਈ ਤਿਆਰ ਕੀਤੀਆਂ ਜਾ ਰਹੀਆਂ ਵਿਧਵਾ ਔਰਤਾਂ ਨੂੰ ਜੀਵਨ ਦਾਨ ਦਿਤਾ ਅਤੇ ਸਮਝਾਇਆ 'ਮੜ੍ਹੀਆਂ ਲਗ ਜਲਨਾ' ਜੀਵਨ ਦਾ ਨਿਰਾਦਰ ਕਰਨਾ ਹੈ, 'ਬ੍ਰਿਹੁ ਚੋਟ ਮਰਨਾ' ਬਹਾਦਰੀ ਹੈ । ਪਤੀ ਦੇ ਅਧੂਰੇ ਕੰਮਾਂ ਨੂੰ ਅੱਗੇ ਵੱਧ ਪੂਰਾ ਕਰਨਾ ਹੀ ਪਤੀ-ਪੂਜਾ ਤੇ ਪਤੀ-ਸੇਵਾ ਹੈ।
ਸਾਡੇ ਇਤਿਹਾਸ ਵਿਚ ਇਕ ਐਸੀ ਉੱਘੀ ਔਰਤ ਰਾਣੀ ਸਦਾ ਕੌਰ ਹੈ ਜਿਸ ਨੇ ਆਪਣੇ ਪਤੀ ਸਰਦਾਰ ਗੁਰਬਖ਼ਸ਼ ਸਿੰਘ ਦੀ ਜੰਗ ਵਿਚ ਸ਼ਹੀਦ ਹੋਏ ਦੀ ਖ਼ਬਰ ਸੁਣੀ ਤਾਂ ਖ਼ਬਰ ਲਿਆਉਣ ਵਾਲੇ ਦਾ ਘੋੜਾ ਹੀ ਲੈ ਕੇ ਜੰਗ ਵਿਚ ਜਾ ਪੁੱਜੀ । ਕਪੜੇ ਪਾੜੇ ਨਹੀਂ ਸਗੋਂ ਮੈਦਾਨੇ-ਜੰਗ ਵਿਚ ਜਾ ਕੇ ਪਤੀ ਦੇ ਸ਼ਸਤਰ ਪਹਿਨ ਐਸੀ ਜੂਝੀ ਕਿ ਜੰਗ ਜਿੱਤ ਕੇ ਹੀ ਮੁੜੀ। ਰਾਜਪੂਤਾਨੀਆਂ ਤਾਂ ਕੱਟੇ ਸੀਸ ਦੇ ਆਉਣ ਦੀ ਉਡੀਕ ਵਿਚ 'ਜੌਹਰ' ਦੀ ਰਸਮ ਨਿਭਾਉਂਦੀਆਂ ਸਨ ਪਰ ਰਾਣੀ ਸਦਾ ਕੌਰ ਨੇ ਜੰਗ ਵਿਚ ਐਸਾ ਜੌਹਰ ਦਿਖਲਾਇਆ ਕਿ ਇਤਿਹਾਸ ਬਣ ਗਿਆ ।
ਮੈਨੂੰ ਬੜਾ ਦੁਖ ਹੁੰਦਾ ਹੈ ਜਦ ਮੈਂ ਪੜ੍ਹਦੀ ਹਾਂ ਕਿ ਰਾਣੀ ਸਦਾ ਕੌਰ ਆਪਣੇ ਦਾਮਾਦ (ਮਹਾਰਾਜਾ ਰਣਜੀਤ ਸਿੰਘ) ਨੂੰ ਸੀੜੀ ਵਾਂਗ ਵਰਤ ਕੇ ਆਪਣੀ ਮਿਸਲ ਕਨ੍ਹਈਆ ਦਾ ਰਾਜ ਸਾਰੇ ਪੰਜਾਬ ਤੱਕ ਵਿਸਤਾਰਨਾ ਚਾਹੁੰਦੀ ਸੀ ਤੇ ਦੂਜੇ ਪਾਸੇ ਲੈਪਲ ਗ੍ਰਿਫ਼ਨ ਵਰਗੇ ਲਿਖਦੇ ਹਨ ਕਿ ਰਣਜੀਤ ਸਿੰਘ ਨੇ ਸਦਾ ਕੌਰ ਨੂੰ ਪਉੜੀ ਵਾਂਗ ਵਰਤ ਕੇ ਫਿਰ ਉਸ ਵਲ ਤੱਕਿਆ ਵੀ ਨਾ। ਐਸੀਆਂ ਗੱਲਾਂ ਉਹ ਹੀ ਲਿਖਦੇ ਹਨ ਜੋ ਜਾਗੀਰਦਾਰੀ ਸਿਲਸਿਲੇ ਨਾਲ ਸੰਬੰਧ ਰੱਖਦੇ
ਸਨ । ਕਿਸੇ ਨੂੰ ਕਿਸੇ ਵਰਤਿਆ ਨਹੀਂ, ਸਗੋਂ ਸਮਾਂ ਸੰਭਾਲਿਆ ਕਿ ਟੁੱਟਾ ਹੋਇਆ ਪੰਜਾਬ, ਮਿੱਧੀ ਹੋਈ ਧਰਤੀ ਤੇ ਕਈ ਵਾਰੀ ਉਜਾੜੇ ਲੋਕ ਖ਼ਾਲਸਾ ਰਾਜ ਦਾ ਅਨੰਦ ਮਾਣ ਸਕਣ। ਜਿਤਨਾ ਜਿਸ ਦਾ ਰੋਲ ਸੀ ਉਹ ਨਿਭਾ ਗਿਆ । ਮੇਰਾ ਤਾਂ ਇਹ ਵੀ ਵਿਚਾਰ ਹੈ ਕਿ ਜਦ ਉਸ ਦੇ ਦਿਉਰਾਂ ਵਿਚੋਂ ਇਕ ਨਿਧਾਨ ਸਿੰਘ ਨਸ਼ਿਆਂ ਦਾ ਸ਼ਿਕਾਰ ਹੋ ਗਿਆ ਤਾਂ ਰਣਜੀਤ ਸਿੰਘ ਨੇ ਕਨ੍ਹਈਆ ਮਿਸਲ ਦੇ ਕੁਝ ਇਲਾਕੇ ਨਾਲ ਰਲਾਏ ਪਰ ਫਿਰ ਵੀ ਨਿਧਾਨ ਸਿੰਘ ਦੀ ਅਤੇ ਉਸ ਦੀ ਮਾਂ ਨੂੰ ਗੁਜ਼ਾਰੇ ਦੀ ਰਕਮ ਦਿਤੀ।
ਮੈਂ ਤਾਂ ਇਹ ਸਮਝਦੀ ਹਾਂ ਕਿ ਰਾਣੀ ਸਦਾ ਕੌਰ ਦਾ ਇਲਾਕਾ ਜਦ 1821 ਵਿਚ ਖ਼ਾਲਸਾ ਰਾਜ ਨਾਲ ਮਿਲਾਇਆ ਗਿਆ ਤਾਂ ਉਸ ਦੁਖ ਜ਼ਰੂਰ ਮਨਾਇਆ ਪਰ ਉਹ ਖ਼ੁਸ਼ ਵੀ ਸੀ ਕਿ ਉਸ ਦੇ ਸੁਪਨਿਆਂ ਦਾ ਪੰਜਾਬ ਬਣ ਰਿਹਾ ਹੈ। ਪਹਿਲਾਂ ਚੁੱਕ ਚੁਕਾ ਮੈਟਕਾਫ਼ ਨੇ ਕੀਤਾ ਤੇ ਫਿਰ ਅੱਗ ਧਿਆਨ ਸਿੰਘ ਨੇ ਬਾਲੀ ।
ਰਾਣੀ ਸਦਾ ਕੌਰ ਦੀ ਸੂਝ ਨੂੰ ਕੋਈ ਪੁੱਜ ਨਹੀਂ ਸਕਦਾ । ਸਮਕਾਲੀ ਲਿਖਦੇ ਹਨ ਕਿ ਬੜੀ ਉੱਚੀ ਸੋਚ ਵਾਲੀ ਔਰਤ ਸੀ । ਦੋ ਮਿਸਲਾਂ ਦਾ ਸਾਲਾਂ ਦਾ ਵੈਰ ਉਸ ਨੇ ਆਪਣੀ ਲੜਕੀ ਮਹਿਤਾਬ ਕੌਰ ਦਾ ਅਨੰਦ ਕਾਰਜ ਰਣਜੀਤ ਸਿੰਘ ਨਾਲ ਕਰ ਕੇ 'ਹਭ ਵੰਝਾ' ਦਿਤਾ। ਪਹਿਲਾਂ ਆਪਣੇ ਸਹੁਰੇ ਭਾਈ ਜੈ ਸਿੰਘ ਕਨ੍ਹਈਆ ਨੂੰ ਮਨਾਇਆ ਅਤੇ ਫਿਰ ਰਣਜੀਤ ਸਿੰਘ ਦੀ ਮਾਂ ਰਾਜ ਕੌਰ ਨੂੰ ਆਪੂੰ ਜਾ ਕੇ ਮਨਵਾਇਆ ਕਿ ਵੈਰ ਨਹੀਂ ਸ਼ੋਭਦੇ । ਮਹਾਰਾਣੀ ਮਹਿਤਾਬ ਕੌਰ ਨੂੰ ਸੋਹਣ ਲਾਲ ਸੂਰੀ 'ਪਵਿੱਤਰਤਾ ਦੀ ਮੂਰਤ' ਕਹਿੰਦਾ ਹੈ । ਜਦ ਰਣਜੀਤ ਸਿੰਘ ਨੂੰ ਵੱਡੇ ਪੁੱਤਰ ਈਸ਼ਰ ਸਿੰਘ ਦੇ ਜਨਮ ਦੀ ਖ਼ਬਰ ਪੁੱਜੀ ਤਾਂ ਉਸ ਵੇਲੇ ਤੇਜ਼ ਰਫ਼ਤਾਰ ਘੋੜੇ 'ਤੇ ਸਵਾਰ ਹੋ ਸ੍ਰੀ ਅੰਮ੍ਰਿਤਸਰ ਅਕਾਲ ਪੁਰਖ ਦਾ ਧੰਨਵਾਦ ਕਰਨ ਲਈ ਪੁੱਜਾ ਤੇ ਫਿਰ ਬਟਾਲੇ ਗਿਆ । ਇਸੇ ਤਰ੍ਹਾਂ ਜਦ ਜੌੜੇ ਭਰਾਵਾਂ (ਸ਼ੇਰ ਸਿੰਘ ਤੇ ਤਾਰਾ ਸਿੰਘ) ਦੇ ਜਨਮ ਦੀ ਖ਼ਬਰ ਪੁੱਜੀ ਤਾਂ ਉਸ ਵੇਲੇ ਉਹ ਨੇਪਾਲ ਦੀ ਮੁਹਿੰਮ ਤੇ ਚੜ੍ਹਿਆ ਹੋਇਆ ਸੀ । ਜੰਗ ਵਿਚੇ ਛੱਡ ਦਰਬਾਰ ਸਾਹਿਬ ਅਰਦਾਸ ਕਰਨ ਲਈ ਆਇਆ । ਸ਼ਾਲਾਮਾਰ ਵਿਚ ਦਰਬਾਰ ਲਗਾ ਮਿਠਾਈਆਂ ਵੰਡੀਆਂ । ਤੋਹਫ਼ੇ ਦਿਤੇ, ਖਿੱਲਤਾਂ ਪਹਿਨਾਈਆਂ । ਇਹ ਸਭ ਦਰਸਾਉਣ ਲਈ ਕਾਫ਼ੀ ਹੈ ਕਿ ਝਗੜਾ ਕਿਸੇ ਬਾਹਰਲੇ ਨੇ ਪਾਇਆ ਸੀ।
ਕੌਣ ਪੁੱਜੇਗਾ ਸਦਾ ਕੌਰ ਦੀ ਸੋਚ ਨੂੰ ਜਿਸ ਅੰਮ੍ਰਿਤਸਰ ਨੂੰ ਕਬਜ਼ੇ ਕਰਨ
………
1. ਯਾਦ ਰਵੇ ਕਿ ਈਸ਼ਰ ਸਿੰਘ ਦਾ ਬਾਲ ਉਮਰੇ (ਡੇਢ ਸਾਲ) ਹੀ ਅਕਾਲ ਚਲਾਣਾ ਹੋ ਗਿਆ ਸੀ ।
ਵੇਲੇ ਹਦਾਇਤ ਦੇ ਦਿੱਤੀ ਕਿ ਕੁਝ ਵੀ ਹੋਵੇ ਪਾਵਨ ਸ਼ਹਿਰ ਵਿਚ ਕਿਸੇ ਦਾ ਸਿਰ ਨਹੀਂ ਲੱਥਣਾ ਚਾਹੀਦਾ । ਸ਼ਹਿਰ ਵੜਦਿਆਂ ਸਦਾ ਕੌਰ ਨੇ ਤੋਪਾਂ ਇੰਜ ਚਲਾਈਆਂ ਜਿਵੇਂ ਦਰਬਾਰ ਸਾਹਿਬ ਨੂੰ ਸਲਾਮੀ ਦਿਤੀ ਜਾ ਰਹੀ ਹੋਵੇ ਪਰ ਵਿਰੋਧੀ ਧਿਰ ਜਾਣ ਲਵੇ ਕਿ ਹਮਲਾਵਰ ਹੋਈ ਸਦਾ ਕੌਰ ਤੇ ਉਸ ਦੇ ਸਾਥੀ ਤਗੜੀ ਫ਼ੌਜ ਨਾਲ ਆਏ ਹਨ। ਆਤਸ਼ਬਾਜ਼ੀ ਇਤਨੀ ਜ਼ੋਰਾਂ ਦੀ ਚਲਾਈ ਕਿ ਅਗਲੇ ਜਾਣ ਲੈਣ ਕਿ ਬਾਰੂਦ ਦੀ ਕੋਈ ਥੁੜ੍ਹ ਨਹੀਂ । ਕਿਸੇ ਨੂੰ ਝਰੀਟ ਤੱਕ ਨਾ ਆਈ ਤੇ ਭੰਗੀ ਮਿਸਲ ਨੇ ਅੰਮ੍ਰਿਤਸਰ ਦਾ ਕਬਜ਼ਾ ਸਦਾ ਕੌਰ ਨੂੰ ਦੇ ਦਿਤਾ । ਜੁਰਅਤਿ ਕਿਤਨੀ ਸੀ ਇਸ ਦੀ ਉਦਾਹਰਣ ਰਣਜੀਤ ਸਿੰਘ ਨੂੰ ਨਾਲ ਲੈ ਕੇ ਲਾਹੌਰ ਜਾ ਸ਼ਾਹ ਜ਼ਮਾਨ ਨੂੰ ਵੰਗਾਰ ਪਾਉਣੀ ਹੈ।
ਅਬਦਾਲੀ ਦੇ ਪੁੱਤਰ ਤੈਮੂਰ ਨੇ ਤਾਂ ਸਾਫ਼ ਕਹਿ ਦਿੱਤਾ ਸੀ ਕਿ ਉਹ ਨਹੀਂ ਕਰੇਗਾ ਹੁਣ ਪੰਜਾਬ ਤੇ ਹਮਲਾ ਕਿਉਂਕਿ ਉਹਦੇ ਪਿਉ ਨੇ ਕੀ ਖੱਟਿਆ ਹਮਲੇ ਕਰ ਕਰ ਕੇ । ਪਰ ਅਬਦਾਲੀ ਦੇ ਪੋਤਰੇ ਸ਼ਾਹ ਜ਼ਮਾਨ ਨੇ ਨਾਸਮਝੀ ਤੋਂ ਕੰਮ ਲੈਂਦੇ ਲਾਹੌਰ 'ਤੇ ਹਮਲਾ ਕਰ ਦਿਤਾ । ਸਿੰਘਾਂ ਆਪਣੀ ਅਜ਼ਮਾਈ ਰਣ-ਨੀਤੀ 'ਭੱਜ ਭੱਜ ਲੜਨਾ ਨਾਹੀ ਪਾਪ' ਅਪਣਾਈ ਰੱਖੀ । ਲਾਹੌਰ ਆਉਣ ਤੱਕ ਸ਼ਾਹ ਜ਼ਮਾਨ ਸਾਹੋ ਸਾਹੀ ਹੋ ਗਿਆ । ਉਸ ਨੂੰ ਖ਼ੁਸ਼ਫ਼ਹਿਮੀ ਹੋ ਗਈ ਕਿ ਉਸ ਦੀਆਂ ਤੋਪਾਂ ਦੀ ਗਿਣਤੀ ਤੇ ਫ਼ੌਜ-ਕਸ਼ੀ ਤੋਂ ਸ਼ਾਇਦ ਸਿੱਖ ਡਰ ਗਏ ਹਨ । ਅਹੰਕਾਰ ਵਿਚ ਆਪਣੇ ਅਹਿਲਕਾਰਾਂ ਵਿਚਕਾਰ ਬੜਾ ਕਬੋਲ ਬੋਲ ਬੈਠਾ: ਦੇਖੇ ਨੇ ਸਿੱਖ, ਜੋ ਮੇਰੇ ਘੋੜਿਆਂ ਦੀ ਟਾਪਾਂ ਦੀ ਆਵਾਜ਼ ਸੁਣ ਕੇ ਹੀ ਭੱਜ ਗਏ । ਜਦ ਇਹ ਖ਼ਬਰ ਰਾਣੀ ਸਦਾ ਕੌਰ ਨੂੰ ਪੁੱਜੀ ਤਾਂ ਬਾਕੀ ਸਭ ਸਰਦਾਰਾਂ ਨੂੰ ਵੰਗਾਰ ਪਾਈ ਕਿ ਨੌਜਵਾਨ ਰਣਜੀਤ ਸਿੰਘ ਦਾ ਸਾਥ ਦੇਵੋ । ਸ੍ਰੀ ਅੰਮ੍ਰਿਤਸਰ ਦੇ ਇਕੱਠ ਨੂੰ ਵੰਗਾਰ ਪਾਂਦੇ ਉਸ ਕਿਹਾ ਸੀ: 'ਜੇ ਤੁਹਾਡੇ ਵਿਚ ਕਲਗੀਆਂ ਵਾਲੇ ਦੇ ਬਖ਼ਸ਼ੇ ਅੰਮ੍ਰਿਤ ਦੀ ਬੂੰਦ ਦਾ ਰਤੀ ਭਰ ਵੀ ਅੰਸ਼ ਹੈ ਤਾਂ ਸ਼ਾਹ ਜ਼ਮਾਨ ਦੇ ਬੜਬੋਲਾਂ ਦਾ ਡੱਟ ਕੇ ਉੱਤਰ ਦੇਣ ਲਈ ਮੈਦਾਨ ਵਿਚ ਉਤਰੋ । ਜੇ ਨਹੀਂ ਤਾਂ ਆਪਣੇ ਵਸਤਰ ਦੇਵੋ ਤੇ ਮੇਰੇ ਪਾ ਕੇ ਘਰੀਂ ਬੈਠੋ । ਜਦ ਮੁੜਵਾਂ ਹੁੰਗਾਰਾ ਨਾ ਮਿਲਿਆ ਤਾਂ ਰਣਜੀਤ ਸਿੰਘ ਦੇ ਕੁਝ ਸਾਥੀ ਨੌਜਵਾਨਾਂ ਨੂੰ ਨਾਲ ਲੈ ਕੇ ਸਦਾ ਕੌਰ ਸੁਮਨ ਬੁਰਜ ਲਾਹੌਰ ਹੇਠਾਂ (ਜਨਵਰੀ, 1799) ਜਾ ਪੁੱਜੀ ਤੇ ਸ਼ਾਹੀ ਕਿਲ੍ਹੇ ਤੇ ਲਗਾਤਾਰ ਫ਼ਾਇਰ ਕੀਤੇ। ਰਣਜੀਤ ਸਿੰਘ ਨੇ ਉਚੀ ਆਵਾਜ਼ ਨਾਲ ਵੰਗਾਰ ਪਾ ਕਿਹਾ: 'ਆ ਓਇ ਅਬਦਾਲੀ ਦੇ ਪੋਤਰੇ, ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਪੁਕਾਰਦਾ ਈ । ਹੇਠਾਂ ਉਤਰ ਤਾਂ ਕਿ ਦੋ ਦੋ ਹੱਥ ਕਰ ਲਈਏ ।'
ਸ਼ਾਹ ਜ਼ਮਾਨ ਨੇ ਵੰਗਾਰ ਕੀ ਕਬੂਲ ਕਰਨੀ ਸੀ ਸਗੋਂ ਤੋਪਾਂ ਛੱਡ ਐਸਾ ਨੱਸਿਆ ਕਿ ਪੰਜਾਬ ਵਲ ਫੇਰ ਮੂੰਹ ਨਾ ਕੀਤਾ। ਹਾਂ ਆਇਆ ਉਹ ਜ਼ਰੂਰ ਪਿਛੋਂ ਪੰਜਾਬ; ਪਰ ਹੱਥ ਸੋਟੀ ਫੜ, ਅੰਨ੍ਹਾ ਕੀਤਾ ਹੋਇਆ ਰਣਜੀਤ ਸਿੰਘ ਕੋਲੋਂ ਪਨਾਹ ਲੈਣ ।
ਇਹ ਵੀ ਸਦਾ ਕੌਰ ਦੀ ਹੀ ਨੀਤੀ ਸੀ ਕਿ ਤੋਪਾਂ ਸ਼ਾਹ ਜ਼ਮਾਨ ਨੂੰ ਵਾਪਸ ਕਰ ਦਿੱਤੀਆਂ ਜਾਣ ਤਾਂ ਕਿ ਜੱਗ ਤੇ ਪਰਗਟ ਹੋ ਜਾਵੇ ਕਿ ਨੱਠੇ ਹੋਏ ਦੇ ਕਿਸੇ ਮਾਲ ਤੇ ਸਿੱਖ ਆਪਣਾ ਹੱਕ ਨਹੀਂ ਜਤਲਾਂਦਾ । ਇਸੇ ਸਾਲ ਰਣਜੀਤ ਸਿੰਘ ਨੇ ਜੁਲਾਈ, 1799 ਨੂੰ ਲਾਹੌਰ ਤੇ ਕਬਜ਼ਾ ਵੀ ਕਰ ਲਿਆ। ਦਲੇਰ ਇਤਨੀ ਕਿ ਜਦ ਖ਼ਬਰ ਪੁਜੀ ਕਿ ਸਾਹਿਬ ਸਿੰਘ ਗੁਜਰਾਤੀ ਤੇ ਡਲ ਸਿੰਘ ਅਕਾਲਗੜੀਆ ਗੁਜਰਾਂਵਾਲਾ ਰਲਵਾਂ ਹਮਲਾ ਕਰਨ ਦੀ ਸੋਚ ਰਹੇ ਹਨ ਤਾਂ ਦਸ ਹਜ਼ਾਰ ਫ਼ੌਜ ਨਾਲ ਗੁਜਰਾਤ ਤੇ ਜਾ ਚੜ੍ਹੀ । ਜੇ ਬਾਬਾ ਸਾਹਿਬ ਸਿੰਘ ਬੇਦੀ ਵਿਚ ਪੈ ਕੇ ਜੰਗ ਨਾ ਰੋਕਦੇ ਤਾਂ ਇਸ ਨੇ ਰਣ ਵਿਚ ਹਰ ਬੱਚਾ ਘਾਣ ਕਰ ਦੇਣਾ ਸੀ । ਫਿਰ ਚੌੜੇ ਹਿਰਦੇ ਵਾਲੀ ਇਤਨੀ ਕਿ ਜਦ ਡਲ ਸਿੰਘ ਨੂੰ ਬੰਦੀ ਬਣਾ ਕੇ ਲਾਹੌਰ (1800 ਈ.) ਆਂਦਾ ਗਿਆ ਤਾਂ ਰਣਜੀਤ ਸਿੰਘ ਨੂੰ ਰਿਹਾ ਕਰਨ ਦੀ ਮਤ ਦਿਤੀ ਕਿਉਂਕਿ ਸਰਦਾਰ ਮਹਾਂ ਸਿੰਘ ਨੇ ਹੀ ਡਲ ਸਿੰਘ ਨੂੰ ਅਕਾਲਗੜ੍ਹ ਦੀ ਸਰਦਾਰੀ ਬਖ਼ਸ਼ੀ ਸੀ । ਵੱਡਿਆਂ ਦੇ ਕੀਤੇ 'ਤੇ ਫੁੱਲ ਚਾੜ੍ਹਨੇ ਨਿੱਕਿਆਂ ਦਾ ਫ਼ਰਜ਼ ਹੁੰਦਾ ਹੈ।
ਇਕ ਵਾਰੀ ਸੰਸਾਰ ਚੰਦ ਕਟੋਚੀਆ ਵਧਦਾ ਵਧਦਾ ਗੜ੍ਹਦੀਵਾਲ ਤਕ ਆ ਗਿਆ । ਉਸ ਨੂੰ ਹੰਕਾਰ ਹੋ ਗਿਆ ਤੇ ਗੁਰੂ ਪਾਤਸ਼ਾਹਾਂ ਬਾਰੇ ਕੋਝੇ ਸ਼ਬਦ ਵੀ ਬੋਲ ਬੈਠਾ । ਸਦਾ ਕੌਰ ਨੂੰ ਖ਼ਬਰ ਹੋਈ ਤਾਂ ਉਸ ਰਣਜੀਤ ਸਿੰਘ ਨੂੰ ਪਹਿਲਾਂ ਇਸ ਦੋਖੀ ਨੂੰ ਸਜ਼ਾ ਦੇਣ ਹਿੱਤ ਹਮਲਾ ਕਰਨ ਲਈ ਕਿਹਾ। ਉਸ ਹੰਕਾਰੀ ਨੇ ਮੁਕਾਬਲਾ ਕੀ ਕਰਨਾ ਸੀ ਸਗੋਂ ਨਜ਼ਰਾਨੇ ਲੈ ਕੇ ਪੇਸ਼ ਹੋਇਆ ਤੇ ਕੁਬੋਲਾਂ ਦੀ ਖਿਮਾ ਮੰਗੀ।
ਹਜ਼ਾਰਾ ਦੀ ਦੂਜੀ ਲੜਾਈ ਵਿਚ ਸਰਦਾਰ ਹਰੀ ਸਿੰਘ ਨਲਵਾ, ਕੰਵਰ ਸ਼ੇਰ ਸਿੰਘ ਤੇ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਨਾਲ ਪਠਾਣਾਂ ਨੂੰ ਸਬਕ ਸਿਖਲਾਉਣ ਲਈ ਮੁਹਿੰਮ ਚਾੜ੍ਹੀ। ਤਲਵਾਰ ਸੂਤ ਕੇ ਸਫਾਂ ਚੀਰਦੀ ਪਠਾਣਾਂ ਤੇ ਜਾ ਪਈ । ਇਕ ਔਰਤ ਨੂੰ ਇਸ ਤਰ੍ਹਾਂ ਜੂਝਦੇ ਦੇਖ ਪਠਾਣ ਘੁਰਨਿਆਂ ਵਿਚ ਜਾ ਵੜੇ । ਪਠਾਣਾਂ ਈਨ ਮੰਨੀ ਪਰ ਸਦਾ ਕੌਰ ਨੇ ਕਿਹਾ ਤੁਸੀਂ ਜ਼ਬਾਨ ਦੇ
ਕੇ ਮੁੱਕਰ ਜਾਂਦੇ ਹੋ ਇਸ ਲਈ ਇਕੱਠ ਵਿਚ ਆ ਕੇ ਖਿਮਾ ਮੰਗੋ । ਇਸ ਮੁਹਿੰਮ ਤੋਂ ਬਾਅਦ ਹੀ ਰਣਜੀਤ ਸਿੰਘ ਨਾਲ ਵਿਗੜੀ ।
ਗੱਲ ਇਸ ਤਰ੍ਹਾਂ ਹੋਈ ਕਿ ਸ਼ਰਾਰਤੀ ਧਿਆਨ ਸਿੰਘ ਨੇ ਸਿਫ਼ਤ ਕਰਦੇ ਕਰਦੇ ਇਹ ਸਲਾਹ ਵੀ ਦਿਤੀ ਕਿ ਕੰਵਰ ਸ਼ੇਰ ਸਿੰਘ ਨੂੰ ਹੁਣ ਵੱਖਰੀ ਜਾਗੀਰ ਦਿਓ ਕਿਉਂਕਿ ਉਸ ਨੇ ਜੰਗ ਵਿਚ ਬੜੀ ਦਲੇਰੀ ਦਿਖਾਈ ਹੈ । ਰਣਜੀਤ ਸਿੰਘ ਨੇ ਹਾਸੇ ਨਾਲ ਕਹਿ ਦਿਤਾ ਜਿੰਨਾ ਇਲਾਕਾ ਨਾਨੀ (ਸਦਾ ਕੌਰ) ਦੇਵੇ ਉਤਨਾ ਹੀ ਮੈਂ ਦੇ ਦਿਆਂਗਾ । ਅੱਗੋਂ ਰਾਣੀ ਸਦਾ ਕੌਰ ਨੇ ਕਹਿ ਦਿਤਾ ਕਿ ਸਾਰੀ ਉਸੇ ਦੀ ਹੈ, ਮਰਨ ਪਿਛੋਂ ਉਸੇ ਹੀ ਸਾਂਭਣੀ ਹੈ । ਬੱਸ ਐਸੀ ਗੱਲ ਚੁਭੀ ਰਣਜੀਤ ਸਿੰਘ ਨੂੰ ਕਿ ਉਸ ਨੇ ਸਾਰਾ ਇਲਾਕਾ ਕਬਜ਼ਾ ਕਰ ਕੇ, ਹੀ ਸਾਹ ਲਿਆ। ਹਾਸੇ ਦਾ ਮੜਾਸਾ ਬਣ ਗਿਆ । ਕੁਝ ਵੀ ਹੋਵੇ, ਰਾਣੀ ਸਦਾ ਕੌਰ ਆਪਣਾ ਕਰਤੱਵ ਨਿਭਾ ਗਈ।
ਇਸ ਵੀਰੰਗਨਾ ਦਾ ਜਨਮ ਘੱਲੂਘਾਰੇ ਦੇ ਸਾਲ ਸੰਨ 1762 ਨੂੰ ਸਰਦਾਰ ਦਸੌਂਧਾ ਸਿੰਘ ਦੇ ਘਰ ਹੋਇਆ ਸੀ । ਉਸ ਦਾ ਅਨੰਦ-ਕਾਰਜ ਕਨ੍ਹਈਆ ਮਿਸਲ ਦੇ ਜਥੇਦਾਰ ਸਰਦਾਰ ਜੈ ਸਿੰਘ ਕਨ੍ਹਈਆ ਦੇ ਪੁੱਤਰ ਸਰਦਾਰ ਗੁਰਬਖ਼ਸ਼ ਸਿੰਘ ਨਾਲ ਹੋਇਆ ਸੀ। ਇਹ ਮਿਸਲ ਬਹਾਦਰੀ ਕਰਕੇ ਪ੍ਰਸਿੱਧ ਸੀ । ਦਸਦੇ ਹਨ ਕਿ ਇਕ ਸਮੇਂ ਇਸੇ ਮਿਸਲ ਦੇ ਇਕ ਉੱਘੇ ਸਰਦਾਰ ਭਾਈ ਹਕੀਕਤ ਸਿੰਘ ਕਨ੍ਹਈਆ ਬਾਹਰ ਖੁਲ੍ਹੇ ਮੈਦਾਨ ਅਰਾਮ ਪਏ ਕਰਦੇ ਸਨ ਕਿ ਬੱਦਲ ਗੱਜਿਆ ਤਾਂ ਹਕੀਕਤ ਸਿੰਘ ਨੇ ਆਪਣੀ ਦੋਨਾਲੀ ਬੰਦੂਕ ਅਸਮਾਨ ਵਲ ਕਰ ਕੇ ਫ਼ਾਇਰ ਕਰ ਦਿੱਤੇ । ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਜਦ ਸਾਥੀ ਸਿਪਾਹੀ ਪਾਸ ਆ ਗਏ ਤੇ ਪੁੱਛਿਆ ਕਿ ਕਿਸ ਕਾਰਨ ਇਹ ਫ਼ਾਇਰ ਕੀਤਾ ਤਾਂ ਭਾਈ ਸਾਹਿਬ ਨੇ ਕਿਹਾ : ਬੱਦਲ ਗਰਜਿਆ ਸੀ, ਉਸ ਦੀ ਲਲਕਾਰ ਦਾ ਜਵਾਬ ਤਾਂ ਦੇਣਾ ਸੀ।
ਸਦਾ ਕੌਰ ਨੇ ਉਸ ਪਿਰਤ ਨੂੰ ਕਾਇਮ ਰੱਖਿਆ। ਅਤਿ ਭੀੜਾ ਦੇ ਸਮੇਂ ਵੀ ਨਾ ਡੋਲੀ । ਇਸ ਮਿਸਲ ਦੇ ਸਿਪਾਹੀਆਂ ਦੀ ਗਿਣਤੀ ਪੰਜ ਹਜ਼ਾਰ ਸਿਪਾਹੀਆਂ ਤੋਂ ਵੱਧ ਸੀ । ਸਦਾ ਕੌਰ ਦਾ ਅਕਾਲ ਚਲਾਣਾ ਸੰਨ 1832 ਨੂੰ ਸੱਤਰ ਸਾਲ ਦੀ ਉਮਰ ਵਿਚ ਹੋਇਆ।
ਮਹਾਰਾਣੀ ਜਿੰਦ (ਜਿੰਦਾਂ) ਕੌਰ
ਜੇ ਕੋਈ ਬੁਝਾਰਤ ਪਾ ਕੇ ਪੁੱਛੇ ਕਿ ਸੰਸਾਰ ਵਿਚ ਉਹ ਕਿਹੜੀ ਸ਼ੈਅ ਹੈ ਜਿਸ ਵਿਚ ਇਤਨੀਆਂ ਚੁੰਭਕ ਸ਼ਕਤੀਆਂ ਸਨ ਜੋ ਕਿਸੇ ਨੂੰ ਆਪਣੇ ਵੱਲ ਖਿਚ ਵੀ ਪਾਉਂਦੀ ਹੈ ਤੇ ਰੰਗ ਵਿਚ ਵੀ ਰੰਗ ਲੈਂਦੀ ਹੈ ਤਾਂ ਸੁਭਾਵਿਕ ਇਕ ਹੀ ਜਵਾਬ ਮਿਲੇਗਾ: 'ਔਰਤ'।
ਜਿਸ ਔਰਤ ਨੂੰ ਮਜ਼ਾਕ ਵਜੋਂ ਤੇ ਨਿੰਦਾ ਕਰਦਿਆਂ 'ਭੰਡ' ਕਿਹਾ ਜਾਂਦਾ ਸੀ ਉਸੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਐਸਾ 'ਭਾਂਡਾ' ਕਿਹਾ ਜਿਸ ਵਿਚੋਂ ਨਾ ਸਿਰਫ਼ 'ਜ਼ਿੰਦਗੀ' ਉਪਜਦੀ ਹੈ ਸਗੋਂ ਜਿਸ ਵਿਚ ਸ਼ਕਤੀ ਵੀ ਹੈ, ਆਪਣੇ ਜਿਹਾ ਬਣਾਉਣ ਦੀ । ਜੇ ਭਾਂਡਾ ਮਜ਼ਬੂਤ ਹੈ ਤਾਂ ਵਸਤੂ ਵੀ ਟਿਕੀ ਰਵੇਗੀ । ਜਿਵੇਂ ਤਿੜਕੇ ਭਾਂਡੇ ਵਿਚ ਸ਼ੈਆਂ ਨਹੀਂ ਟਿਕਦੀਆਂ, ਤਿਵੇਂ ਕਮਜ਼ੋਰ ਆਚਰਣ ਦੀ ਔਰਤ ਸਮਾਜ ਵੀ ਤਿੜਕਾ ਦੇਵੇਗੀ ।
ਠੀਕ ਭਾਂਡੇ ਦੀ ਤਰ੍ਹਾਂ ਔਰਤ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ । ਔਰਤ ਚਾਹੇ ਕਿਸੇ ਵੀ ਰੂਪ ਵਿਚ ਹੋਵੇ ਭਾਵੇਂ ਬੇਟੀ, ਭੈਣ, ਪਤਨੀ, ਮਾਂ ਉਸ ਆਪਣਾ ਫ਼ਰਜ਼ ਖੂਬ ਨਿਭਾਣਾ ਹੈ।
ਉਸ ਨੂੰ ਪਤਾ ਹੈ ਜੇ ਉਹ ਬੇਟੀ ਹੈ ਉਸ ਸ਼ਰਮ ਤੇ ਸੁਕਰਮ ਦੀਆਂ ਹੱਦਾਂ ਵਿਚ ਰਹਿਣਾ ਹੈ।
ਜੇ ਉਹ ਪਤਨੀ ਹੈ ਉਸ ਹਰ ਇਕ ਦੀ ਖ਼ੁਸ਼ੀ ਨੂੰ ਮਾਣ ਦੇ ਕੇ ਵੀ ਨਿਮਾਣਾ ਰਹਿਣਾ ਹੈ।
ਜੇ ਉਹ ਭੈਣ ਹੈ ਤਾਂ ਉਸ ਇਜ਼ਤ ਦੇਂਦੇ ਲੈਂਦੇ ਸੀਮਾਵਾਂ ਵਿਚ ਰਹਿਣਾ ਹੈ।
ਜੇ ਉਹ ਮਾਂ ਹੈ, ਉਸ ਥਾਪੜਨਾ ਵੀ ਹੈ ਪਰ ਥੱਪੜ ਮਾਰਨ ਤੋਂ ਵੀ ਸੰਕੋਚ ਨਹੀਂ ਕਰਨਾ । ਇਸੇ ਤਰ੍ਹਾਂ ਮਾਂ ਦਾ ਕਰਤੱਵ ਸਭ ਤੋਂ ਉੱਚਾ ਤੇ ਨਿਰਾਲਾ ਹੈ। ਉਸ ਦੀ ਕੁੱਖੋਂ ਜਿਸ ਬਾਲਕ ਨੇ ਜਨਮ ਲਿਆ ਉਸ ਨੂੰ ਸਹੀ ਦਿਸ਼ਾ ਉਸੇ ਨੇ ਹੀ ਪ੍ਰਦਾਨ ਕਰਨੀ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ 'ਮਤਿ ਮਾਤਾ।'
ਜੇ ਕੁਖੋਂ ਰਾਜੇ ਨੇ ਜਨਮ ਲਿਆ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਉਸ ਰਾਜਗੱਦੀ ਦੇ ਯੋਗ ਬਣਾਉਣਾ ਹੈ। ਜੇ ਉਹ ਰਾਹ ਭੁੱਲ ਜਾਏ ਉਸ ਨੂੰ ਸਮਝਾ ਕੇ ਰਾਹ ਤੇ ਕਿਵੇਂ ਪਾਣਾ ਹੈ।
ਮਹਾਰਾਣੀ ਜਿੰਦ ਕੌਰ ਵੀ ਇਕ ਐਸੀ ਮਾਂ ਸੀ ਜਿਸ ਭਟਕੇ ਹੋਏ ਬੇਟੇ ਨੂੰ ਸਿੱਧੇ ਰਾਹ ਪਾਇਆ। ਉਸ ਨੂੰ ਆਪਣਾ ਕਰਤੱਵ ਸਮਝਾਇਆ । ਟਿਊਟਰ ਦੇ ਰੂਪ ਵਿਚ ਔਰਤ ਲੇਡੀ ਲੋਗਨ ਨੇ ਬਾਲਕ ਦਲੀਪ ਸਿੰਘ 'ਤੇ ਕਿਤਨਾ ਕੁ ਅਸਰ ਪਾਇਆ, ਉਹ ਮਹਾਰਾਜਾ ਦਲੀਪ ਸਿੰਘ ਦੀ ਜੀਵਨੀ ਤੋਂ ਪ੍ਰਗਟ ਹੈ । ਉਸ ਕੋਲੋਂ ਸਿੱਖੀ ਤੱਕ ਛੁਡਾ ਲਈ । ਪਰ ਜਦ ਮਾਂ ਨੂੰ ਦਲੀਪ ਸਿੰਘ ਮਿਲਿਆ ਤਾਂ ਉਸ ਸਿੱਖੀ ਦੇ ਗੌਰਵ ਨੂੰ ਜਾਣਿਆ । ਇਹ ਮਾਂ ਦਾ ਹੀ ਪ੍ਰਭਾਵ ਸੀ । ਲੇਡੀ ਲੋਗਨ ਨੇ ਵੀ ਆਪਣੀ ਹਾਰ ਮੰਨਦੇ ਲਿਖਿਆ ਸੀ:
'ਮਹਾਰਾਣੀ ਜਿੰਦਾਂ ਨੇ ਕੁਝ ਚਿਰ ਵਿਚ ਹੀ ਮਹਾਰਾਜੇ ਦੀ ਅੰਗਰੇਜ਼ੀ
ਪਰਵਰਸ਼ ਤੇ ਈਸਾਈ ਵਾਤਾਵਰਨ 'ਤੇ ਹੂੰਝਾ ਫੇਰ ਦਿਤਾ।'
ਸਰ ਜਾਹਨ ਲਾਰੰਸ ਨੇ ਦ੍ਰਿੜ੍ਹ-ਚਿਤ ਵਾਲੀ ਜਿੰਦਾਂ ਦੇਖ ਕੇ ਲਿਖਿਆ ਸੀ : ਇਸ ਵਿਚ ਰਤਾ ਭਰ ਵੀ ਸ਼ੱਕ ਨਹੀਂ ਕਿ ਮਹਾਰਾਣੀ ਦਾ ਦੋਵੇਂ ਦੇਸ਼ਾਂ 'ਭਾਰਤ ਤੇ ਇੰਗਲੈਂਡ' ਵਿਚ ਰਹਿਣਾ, ਖ਼ਤਰਨਾਕ ਹੈ। ਭਾਰਤ ਵਿਚ ਰਹੀ ਤਾਂ ਜ਼ਰੂਰ ਕੋਈ ਬਗਾਵਤ ਖੜੀ ਕਰੇਗੀ ਅਤੇ ਜੇ ਇੰਗਲੈਂਡ ਵਿਚ ਗਈ ਤਾਂ ਉਹ ਮਹਾਰਾਜਾ ਦੀ ਸੋਚਣੀ ਤੇ ਬੁਰਾ ਅਸਰ ਪਾਵੇਗੀ । ਐਸੀ ਹੈ ਮਹਾਨ ਸ਼ਖ਼ਸੀਅਤ ਮਹਾਰਾਣੀ ਜਿੰਦਾਂ, ਜਿਸ ਆਪਣੇ ਬੇਟੇ ਨੂੰ ਉਸ ਦਾ ਫ਼ਰਜ਼ ਪਛਾਣਨ ਲਈ ਕਿਹਾ ।
ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਣੀ ਅਤੇ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਦਾ ਜਨਮ ਸੰਨ 1817 ਪਿੰਡ ਚਾੜ (ਜ਼ਿਲ੍ਹਾ ਸਿਆਲਕੋਟ ਤਹਿਸੀਲ ਜ਼ਫਰਵਾਲ) ਪਿਤਾ ਸਰਦਾਰ ਮੰਨਾ ਸਿੰਘ ਅਉਲਖ ਦੇ ਘਰ ਹੋਇਆ।
ਮਹਾਰਾਣੀ ਧੁਨ ਦੀ ਪੱਕੀ, ਇਰਾਦੇ ਦੀ ਦ੍ਰਿੜ੍ਹ ਦਲੇਰ ਔਰਤ ਸੀ । ਉਸ ਦੀ ਸ਼ਖ਼ਸੀਅਤ ਅਤੇ ਸ਼ਕਤੀ ਤੋਂ ਅੰਗਰੇਜ਼ੀ ਹਕੂਮਤ ਘਬਰਾਂਦੀ ਸੀ । ਲਾਰਡ ਐਲਨ ਬਰੋਅ ਨੇ ਨਵੰਬਰ 20, 1863 ਦੀ ਇਕ ਚਿੱਠੀ ਵਿਚ ਡਿਊਕ ਔਫ਼ ਵਲਿੰਗਟਨ ਨੂੰ ਲਿਖਿਆ ਸੀ, 'ਬਾਲਕ ਦਲੀਪ ਸਿੰਘ ਦੀ ਮਾਂ ਮਰਦਾਂ ਵਾਲੀ ਦਲੇਰੀ ਰੱਖਣ ਵਾਲੀ ਔਰਤ ਹੈ। ਲਾਹੌਰ ਦਰਬਾਰ ਤੇ ਨਜ਼ਰ ਮਾਰਿਆਂ ਕੇਵਲ ਉਹ ਹੀ ਬਹਾਦਰ ਵਿਅਕਤੀ ਦੇਖੀ ਹੈ ।' ਜਨਵਰੀ, 1846 ਨੂੰ ਲਾਰਡ ਡਲਹੌਜ਼ੀ ਨੇ ਵੀ ਇਹ ਹੀ ਲਿਖਿਆ ਕਿ ਉਹ ਹੀ ਇਕੋ ਐਸੀ ਵਿਅਕਤੀ ਹੈ ਜਿਸ ਵਿਚ
ਤਿੱਖੀ ਡੂੰਘੀ ਸੂਝ ਹੈ। ਉਸ ਨੂੰ ਪੰਜਾਬ ਵਿਚ ਆਉਣ ਦੇਣਾ ਅੰਗਰੇਜ਼ਾਂ ਲਈ ਖ਼ਤਰਨਾਕ ਹੋਵੇਗਾ, ਸੋ ਪੰਜਾਬੋਂ ਦੂਰ ਹੀ ਰੱਖੀ ਜਾਏ ।
ਅੰਗਰੇਜ਼ਾਂ-ਸਿੱਖਾਂ ਦੀ ਪਹਿਲੀ ਜੰਗ ਮਗਰੋਂ ਦਸੰਬਰ 15, 1845 ਈ. ਨੂੰ ਲਾਹੌਰ ਵਿਖੇ ਸੰਧੀ ਦੀਆਂ ਸ਼ਰਤਾਂ ਤੈਅ ਕਰਨ ਲਈ ਜਦ ਗੱਲਬਾਤ ਹੋ ਰਹੀ ਸੀ ਤਾਂ ਦੀਵਾਨ ਦੀਨਾ ਨਾਥ ਨੇ ਰਾਇ ਦਿਤੀ ਕਿ ਸੰਧੀ ਕਰਨ ਤੋਂ ਪਹਿਲਾਂ ਮਹਾਰਾਣੀ ਜਿੰਦਾਂ ਕੋਲੋਂ ਵੀ ਪੁੱਛ ਲਿਆ ਜਾਵੇ ਤਾਂ ਫ਼ਰੈਡਰਿਕ ਕਿਉਰੀ ਨੇ ਕਿਹਾ ਸੀ, 'ਗਵਰਨਰ ਜਨਰਲ ਮਹਾਰਾਣੀ ਦੀ ਨਹੀਂ, ਸਰਦਾਰਾਂ ਅਤੇ ਸਿੱਖ ਰਾਜ ਦੇ ਥੰਮ੍ਹਾਂ ਦੀ ਰਾਇ ਪੁੱਛਦੇ ਹਨ ।' ਸਰਦਾਰ ਤਾਂ ਸਰਦਾਰੀਆਂ ਛੱਡਣ ਲਈ ਪਹਿਲਾਂ ਹੀ ਬੈਠੇ ਸਨ ਅਤੇ ਥੰਮ੍ਹ ਗਿਰ ਚੁੱਕੇ ਸਨ । ਇਕੋ ਆਸ ਜਿੰਦਾਂ ਹੀ ਸੀ । ਫਿਰ ਜਦ ਗ਼ਦਾਰ ਤੇਜ ਸਿੰਘ ਨੂੰ ਵਜ਼ੀਰ ਦੀ ਪਦਵੀ ਦਿਤੀ ਗਈ ਅਤੇ ਬਾਲਕ ਮਹਾਰਾਜਾ ਦਲੀਪ ਸਿੰਘ ਨੂੰ ਦਰਬਾਰ ਵਿਚ 'ਟਿੱਕਾ' ਲਗਾਉਣ ਲਈ ਕਿਹਾ ਗਿਆ ਤਾਂ ਮਹਾਰਾਜਾ ਨੇ ਇਨਕਾਰ ਕਰ ਦਿਤਾ ਅਤੇ ਅੜੇ ਰਹੇ ਤਾਂ ਗ਼ਦਾਰ ਭਾਈ ਨਿਧਾਨ ਸਿੰਘ ਨੇ ਗ਼ਦਾਰ ਦੇ ਮੱਥੇ ਤੇ ਟਿੱਕਾ ਲਗਾ ਕੇ ਰਸਮ ਪੂਰੀ ਕਰ ਦਿਤੀ ਪਰ ਮਹਾਰਾਣੀ ਜਿੰਦਾਂ ਦੀ ਜਿੰਦ ਦੀ ਆ ਬਣੀ । ਇਹ ਮਾਂ ਦੇ ਉਪਦੇਸ਼ਾਂ ਦਾ ਪ੍ਰਭਾਵ ਹੀ ਜਾਣਿਆ ਗਿਆ ਤੇ ਮਹਾਰਾਣੀ ਨੂੰ ਸਮੇਤ ਮਹਾਰਾਜਾ ਦਲੀਪ ਸਿੰਘ ਉਸ ਸਮੇਂ ਸ਼ਾਹੀ ਕਿਲ੍ਹੇ ਸੁੰਮਨ ਬੁਰਜ ਵਿਚ 7 ਅਗਸਤ 1849 ਨੂੰ ਨਜ਼ਰਬੰਦ ਕਰ ਦਿਤਾ ਗਿਆ । ਕੈਦ ਵਿਚ ਮਹਾਰਾਣੀ ਜਿੰਦਾਂ ਨੂੰ ਤੰਗ ਕੀਤਾ ਗਿਆ । ਪਾਣੀ ਤਕ ਨਾ ਦਿਤਾ ਗਿਆ । ਤਲਾਸ਼ੀ ਲਈ ਗਈ । ਦੋਸਤ ਮੁਹੰਮਦ ਨੇ ਅੰਗਰੇਜ਼ਾਂ ਨੂੰ ਲਿਖਿਆ ਕਿ ਇਤਨਾ ਅਨਿਆਂ ਨਾ ਕਰ । ਜਿੰਦਾਂ ਨੂੰ ਕਿਹੜਾ ਤਸੀਹਾ ਹੈ ਜੋ ਅੰਗਰੇਜ਼ੀ ਸਰਕਾਰ ਨਹੀਂ ਦਿਤਾ। ਕਦੇ ਬਨਾਰਸ, ਕਦੇ ਨੇਪਾਲ ਤੇ ਕਦੇ ਨਾਸਕ ਬੰਦੀ ਵਿਚ ਰਖਿਆ ਗਿਆ । ਜਦ ਉਹ ਬੱਚੇ ਨੂੰ ਮਿਲੀ ਤਾਂ ਤਿੰਨ ਗੱਲਾਂ ਕਹੀਆਂ ਸਨ, ਮਾਂ ਨੇ ਪੁੱਤ ਨੂੰ:
(1) ਤੇਰਾ ਧਰਮ ਸਿੱਖ ਧਰਮ ਹੈ, ਤੈਨੂੰ ਅੰਮ੍ਰਿਤ ਛਕ ਕੇ ਸਿੰਘ ਸਜਣਾ ਚਾਹੀਦਾ ਹੈ।
(2) ਅੰਗਰੇਜ਼ਾਂ ਤੇਰੇ ਨਾਲ ਧੋਖਾ ਕਰ ਕੇ ਪੰਜਾਬ ਖੋਹਿਆ ਹੈ, ਤੇ
(3) ਭਰੋਵਾਲ ਦੇ ਮੁਆਦੇ ਤੇ ਜਿਨ੍ਹਾਂ ਦਸਖ਼ਤ ਕਰਾਏ ਹਨ ਉਹ ਤੇਰੇ ਸਰਪ੍ਰਸਤ ਸਨ ਤੇ ਤਖ਼ਤ ਤੋਂ ਨਹੀਂ ਸਨ ਲਾਹ ਸਕਦੇ ।
ਮਾਂ ਦੀ ਇਸ ਆਵਾਜ਼ ਦਾ ਇੰਨਾ ਅਸਰ ਹੋਇਆ ਕਿ ਉਸ ਨੇ 25 ਮਈ 1886 ਨੂੰ ਫਿਰ ਅੰਮ੍ਰਿਤ ਛਕਿਆ। ਪੰਜਾਂ ਪਿਆਰਿਆਂ ਵਿਚ ਭਾਈ ਰੂੜ ਸਿੰਘ,
ਭਾਈ ਜਵੰਦ ਸਿੰਘ, ਸਰਦਾਰ ਠਾਕੁਰ ਸਿੰਘ ਮਹਾਰਾਜਾ ਦੀ ਮਾਸੀ ਦੇ ਪੁੱਤਰ ਅਤੇ ਦੋ ਸਿੰਘ ਅਦਨ ਤੋਂ ਜਹਾਜ਼ ਵਿਚੋਂ ਲਏ ਸਨ।
ਇਤਨੀ ਦ੍ਰਿੜ੍ਹਤਾ ਆ ਗਈ ਮਹਾਰਾਜਾ ਦਲੀਪ ਸਿੰਘ ਵਿਚ ਕਿ ਉਸ ਆਪਣੇ ਇਕ ਜਮਾਤੀ ਬਾਲ ਸਖਾ ਕਰਨਲ ਬਾਇਲੋ ਨੂੰ ਲਿਖਿਆ ਕਿ ਸ਼ਾਇਦ ਉਹ ਦਿਨ ਆਏਗਾ ਜਦ ਤੂੰ ਤੇ ਮੈਂ ਮੈਦਾਨੇ ਜੰਗ ਵਿਚ ਇਕ ਦੂਜੇ ਸਾਹਮਣੇ ਹੋਵਾਂਗੇ ਕਿਉਂਕਿ ਇਕ ਫ਼ੌਜ ਬਣਾ ਕੇ ਮੈਂ ਭਾਰਤ ਪੁੱਜਣ ਦੀ ਕੋਸ਼ਿਸ਼ ਕਰ ਰਿਹਾ ਹਾਂ ।
ਮਹਾਰਾਣੀ ਦੀ ਚਮਤਕਾਰੀ ਸੋਚ ਸਮਝ ਹੀ ਸੀ, ਜਿਸ ਨੂੰ ਦੇਖ ਲੇਡੀ- ਲੋਗਨ ਨੂੰ ਵੀ ਲਿਖਣਾ ਪਿਆ ਕਿ ਮੇਰੇ ਸਾਹਮਣੇ ਉਹ ਔਰਤ ਸੀ ਜਿਹੜੀ ਕਦੇ ਸਿੱਖ ਰਾਜ ਦੀ ਆਤਮਾ ਗਿਣੀ ਜਾਂਦੀ ਸੀ । ਉਸ ਦੇ ਹੁਸਨ, ਸਿਆਣਪ, ਰਾਜਸੀ ਵਿਉਂਤਾਂ ਤੇ ਆਤਮਕ ਬਲ ਦੀਆਂ ਕਹਾਣੀਆਂ ਜਗਤ ਪ੍ਰਸਿਧ ਹਨ ।
ਲੇਡੀ ਲੋਗਨ ਨੇ ਮਹਾਰਾਜਾ ਦਲੀਪ ਸਿੰਘ ਨੂੰ ਬੜੀ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਭਾਰਤ ਨਾ ਜਾਵੇ ਪਰ ਉਸ ਨੂੰ ਤਾਂ ਉਸ ਦੀ ਮਾਂ ਦੀ ਪੁਕਾਰ ਨਿਤ ਝੰਜੋੜ ਰਹੀ ਸੀ । ਉਹ ਕਿਵੇਂ ਰੁਕਦਾ। ਦਲੀਪ ਸਿੰਘ ਨੇ ਲੇਡੀ ਲੋਗਨ ਨੂੰ ਲਿਖਿਆ:
'ਐ ਲੇਡੀ, ਉਸ ਦਲੀਪ ਸਿੰਘ ਨੂੰ ਭੁੱਲ ਜਾ, ਜਿਸ ਨੂੰ ਤੂੰ ਕਦੇ ਜਾਣਦੀ ਸੈਂ, ਕਿਉਂਕਿ ਉਹ ਚਿਰੋਕਣਾ ਮਰ ਚੁੱਕਾ ਹੈ। ਉਸ ਦੀ ਥਾਂ ਹੁਣ ਦਲੀਪ ਸਿੰਘ ਜੀਊਂਦਾ ਹੈ । ਜੇ ਕਿਧਰੇ ਤੇਰਾ ਕੋਈ ਰਿਸ਼ਤੇਦਾਰ ਵੀ ਮੈਦਾਨੇ ਜੰਗ ਵਿਚ ਸਾਹਮਣੇ ਆ ਜਾਵੇ ਤਾਂ ਉਵੇਂ ਹੀ ਮਾਰਾਂਗਾ ਜਿਵੇਂ ਕਿਸੇ ਹੋਰ ਅੰਗਰੇਜ਼ ਨੂੰ । ਮੈਂ ਆਪਣਾ ਸਵੈਮਾਨ ਕੁਝ ਮੋਹਰਾਂ ਬਦਲੇ ਨਹੀਂ ਵੇਚ ਸਕਦਾ ।' ਐਸੀ ਹੁੰਦੀ ਹੈ ਮਾਂ ਦੀ ਸੱਚੇ ਮਨ ਨਾਲ ਬੇਟੇ ਨੂੰ ਦਿੱਤੀ ਆਵਾਜ਼ ਦਾ ਅਸਰ । ਬੇਟੇ ਨੂੰ ਆਪਣਾ ਫ਼ਰਜ਼ ਯਾਦ ਕਰਾਉਣਾ ਹਰ ਮਾਂ ਦਾ ਫ਼ਰਜ਼ ਹੈ।
ਮਹਾਰਾਣੀ ਆਪ ਲਿਖਦੀ ਹੈ ਕਿ ਅੰਗਰੇਜ਼ਾਂ ਪ੍ਰਤੀ ਮੇਰੀ ਡੂੰਘੀ ਘਿਰਣਾ ਦਾ ਹੀ ਫਲ ਹੈ ਕਿ ਮੈਂ ਤੇ ਮੇਰਾ ਅੰਞਾਣਾ ਦਲੀਪ ਸਿੰਘ ਦੋਵੇਂ ਭੁਗਤ ਰਹੇ ਹਾਂ । ਜੋ ਖ਼ਤ ਮਹਾਰਾਣੀ ਨੇ ਸੁੰਮਨ ਬੁਰਜ ਵਿਚੋਂ ਹੈਨਰੀ ਲਾਰੰਸ ਨੂੰ ਲਿਖਿਆ ਉਹ ਮਹਾਰਾਣੀ ਜਿੰਦਾਂ ਦੀ ਅੰਦਰਲੀ ਪੀੜਾ ਦਾ ਸੂਚਕ ਤਾਂ ਹੈ ਹੀ ਪਰ ਗ਼ਦਾਰਾਂ ਦੇ ਮੂੰਹ ਇਕ ਸਖ਼ਤ ਚਪੇੜ ਵੀ ਹੈ। ਚਿੱਠੀ ਦੇ ਸ਼ਬਦ ਸਨ: ‘ਤੁਸੀਂ ਗੁੱਝੇ ਰਾਜ ਕਿਉਂ ਸਾਂਭਦੇ ਹੋ । ਜ਼ਾਹਰਾ ਹੋ ਕੇ ਕਿਉਂ ਨਹੀਂ ਕਰਦੇ ! ਨਾਲੇ ਦੋਸਤ ਦਾ ਹਰਫ਼ ਰੱਖਦੇ ਹੋ, ਨਾਲੇ ਕੈਦ ਕਰਦੇ ਹੋ । ਮੇਰੀ ਅਦਾਲਤ ਕਰੋ ਨਹੀਂ ਤਾਂ ਲੰਦਨ ਫਰਯਾਦ
ਕਰਾਂਗੀ । ਤਿੰਨ ਚਹੁੰ ਨਮਕ ਹਰਾਮਾਂ ਨੂੰ ਰਖ ਲਵੋ, ਹੋਰ ਸਾਰੇ ਪੰਜਾਬ ਨੂੰ ਫਾਹੇ ਲਗਾ ਦਿਓ। ਇਨ੍ਹਾਂ ਦੇ ਆਖੇ ਲਗ ਕੇ ਤੇ ।
ਅੰਗਰੇਜ਼ ਸਮਝ ਗਏ ਸਨ ਕਿ ਮਹਾਰਾਣੀ ਤੇ ਮਹਾਰਾਜਾ ਦਲੀਪ ਸਿੰਘ ਨੂੰ ਇਕੱਠਿਆਂ ਰੱਖ ਕੇ ਉਨ੍ਹਾਂ ਦੇ ਘੜੇ ਮਨਸੂਬੇ ਕਾਮਯਾਬ ਨਹੀਂ ਹੋਣ ਲੱਗੇ । ਸੋ ਮਾਂ ਪੁੱਤਰ ਨੂੰ ਜ਼ਬਰਦਸਤੀ ਅੱਡ ਕਰ ਦਿਤਾ ਅਤੇ ਮਹਾਰਾਣੀ ਨੂੰ ਸ਼ੇਖੂਪੁਰੇ ਦੇ ਕਿਲ੍ਹੇ ਵਿਚ 20 ਅਗਸਤ 1847 ਨੂੰ ਕੈਦੀ ਬਣਾ ਰੱਖ ਦਿਤਾ ਗਿਆ। ਉਥੋਂ ਵੀ ਜਿੰਦਾਂ ਨੇ ਕਰੜੀਆਂ ਚਿੱਠੀਆਂ ਲਿਖੀਆਂ। ਪਰ ਜਿਸ ਦੀ ਆਤਮਾ ਹੀ ਸੌਂ ਚੁੱਕੀ ਹੋਵੇ ਉਨ੍ਹਾਂ ਤੇ ਚਿੱਠੀਆਂ ਦਾ ਕੀ ਅਸਰ ਹੋਣਾ ਸੀ । ਠੀਕ ਲਿਖਿਆ ਸੀ ਮਹਾਰਾਣੀ ਜਿੰਦਾਂ ਨੇ, 'ਪੰਜ ਚਾਰ ਨਮਕ ਹਰਾਮਾਂ ਨੂੰ ਰਖ ਲਵੋ ਅਤੇ ਬਾਕੀ ਪੰਜਾਬ ਨੂੰ ਫਾਹੇ ਦੇ ਦੇਵੋ ।' ਪੰਜਾਬ ਵਿਚ ਰੱਖਣਾ ਖ਼ਤਰਨਾਕ ਜਾਣ ਕੇ ਮਹਾਰਾਣੀ ਜਿੰਦਾਂ ਨੂੰ ਦੇਸ਼ ਨਿਕਾਲਾ ਦੇ ਦਿਤਾ ਗਿਆ ਅਤੇ ਚੁਨਾਰ ਦੇ ਕਿਲ੍ਹੇ ਵਿਚ ਕੈਦ ਕਰ ਦਿਤਾ ਗਿਆ। ਲਾਰੰਸ ਨੇ ਲਿਖਿਆ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਮਹਾਰਾਣੀ ਹੀ ਇਸ ਮੁਲਕ ਵਿਚ ਸਾਡੀ ਨੀਤੀ ਦੀ ਦੁਸ਼ਮਣ ਹੈ । ਚੁਨਾਰ ਤੋਂ ਫ਼ਕੀਰਨੀ ਦੇ ਭੇਸ ਵਿਚ ਕੈਦੋਂ ਨਿਕਲ ਕੇ ਨੇਪਾਲ ਚਲੀ ਗਈ ਅਤੇ ਸੰਨ 1861 ਤਕ ਉਥੇ ਰਹਿ ਕੇ ਉਥੋਂ ਆਪਣੇ ਬੱਚੇ ਦਲੀਪ ਸਿੰਘ ਨੂੰ ਮਿਲਣ ਇੰਗਲੈਂਡ ਗਈ।
46 ਵਰ੍ਹੇ ਦੀ ਉਮਰ ਵਿਚ ਕਿੰਗਸਟਨ ਦੇ ਅਸਥਾਨ ਤੇ ਪਹਿਲੀ ਅਗਸਤ 1863 ਨੂੰ ਇਹ ਬਹਾਦਰ ਔਰਤ ਚੜ੍ਹਾਈ ਕਰ ਗਈ । ਉਹ ਆਪਣੇ ਬੇਟੇ ਨੂੰ ਆਖ ਗਈ ਸੀ 'ਦੇਖੀਂ ਮੇਰੀਆਂ ਹੱਡੀਆਂ ਨਾ ਰੋਲੀਂ, ਇਸ ਨਿਰਦਈ ਦੇਸ਼ ਵਿਚ। ਹਿੰਦੁਸਤਾਨ ਲੈ ਜਾਈਂ ।'
ਸਸਕਾਰ ਹਿੰਦੁਸਤਾਨ ਵਿਚ ਲਿਆ ਨਾਸਿਕ ਹੀ ਕੀਤਾ ਗਿਆ ਅਤੇ ਜਿੰਦ ਕੌਰ ਦੀਆਂ ਅਸਥੀਆਂ ਵੀ ਨਰਬਦਾ ਵਿਚ ਨਾਸਿਕ ਨੇੜੇ ਪਾਈਆਂ ਗਈਆਂ । ਪਿਛੋਂ ਮਹਾਰਾਜਾ ਦਲੀਪ ਸਿੰਘ ਦੀ ਸ਼ਾਹਜ਼ਾਦੀ ਬੰਬਾ ਨੇ ਨਾਸਿਕ ਤੋਂ ਭਸਮ ਲਿਆ ਕੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ ਪਾਸ ਲਾਹੌਰ 27 ਮਾਰਚ 1924 ਨੂੰ ਅਸਥਾਪਣ ਕਰ ਦਿਤੀ।
ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਣੀ ਪੰਜਾਬ ਦੀ ਜਿੰਦ ਹੁਣ ਵੀ ਪੁਕਾਰ ਪੁਕਾਰ ਕੇ ਕਹਿ ਰਹੀ ਹੈ:
ਧੋਖੇ ਨਾਲ ਖੋਹਿਆ ਪੰਜਾਬ
ਵਾਪਸ ਲਿਉ ਖਾਲਸਾ ਜੀ !