

ਮਾਤਾ ਸਾਹਿਬ ਕੌਰ ਜੀ ਨੇ ਗੁਰੂ ਕੇ ਮਹਿਲ ਆ ਕੇ ਆਪਣਾ ਨਿਤ ਕਰਮ ਉਸੇ ਤਰ੍ਹਾਂ ਹੀ ਰਖਿਆ। ਹਰ ਰੋਜ਼ ਸਵਾ ਪਹਿਰ ਦੇ ਤੜਕੇ ਉਠ ਕੇ ਇਸ਼ਨਾਨ ਕਰਦੇ, ਨਿਤਨੇਮ ਦਾ ਪਾਠ ਕਰਦੇ । ਉਨ੍ਹਾਂ ਇਕ ਗੱਲ ਦਾ ਨਿਰਣਾ ਵੀ ਲਿਆ ਕਿ ਰੋਜ਼ ਕਲਗੀ ਵਾਲੇ ਦੇ ਦਰਸ਼ਨ ਕਰ ਕੇ ਹੀ ਅੰਨ ਮੂੰਹ ਵਿਚ ਪਾਉਣਾ ਹੈ । ਇਥੋਂ ਤਕ ਲਿਖਿਆ ਹੈ ਕਿ :
ਜੇ ਕਿਸੇ ਕਾਰਨ ਤੇ ਦਰਸ਼ਨ ਨ ਹੋਇ।
ਉਸ ਦਿਨ ਖਾਏ ਆਹਰ ਨ ਕੋਇ।
ਮਾਤਾ ਸਾਹਿਬ ਕੌਰ ਸਾਰੇ ਪਰਵਾਰ ਨੂੰ ਬੜਾ ਆਦਰ ਮਾਣ ਦੇਂਦੇ ।
ਜਿਤਨਾ ਸੰਜਮ ਮਾਤਾ ਸਾਹਿਬ ਕੌਰ ਨੇ ਜੀਵਨ ਭਰ ਰੱਖਿਆ ਉਤਨਾ ਹੀ ਸਿੱਖਾਂ ਵਿਚ ਆ ਗਿਆ। ਮਾਂ ਮਤਿ ਦੀ ਮੂਰਤ ਸੀ, ਖ਼ਾਲਸਾ ਵੀ ਅਕਲਾਂ ਦਾ ਕੋਟ ਕਹਿਲਾਇਆ । ਮਾਂ ਨੇ ਅਥਾਹ ਦਾ ਆਚਰਨ ਰਖਿਆ ਅਤੇ ਖ਼ਾਲਸੇ ਜਿਹਾ ਵੀ ਜਤੀ ਸਤੀ ਕੋਈ ਹੋਇਆ ਨਹੀਂ । ਕਾਜ਼ੀ ਨੂਰ ਦੀਨ ਵਰਗਿਆਂ ਲਿਖਿਆ ਕਿ ਸਿੱਖਾਂ ਵਿਚ ਵਿਭਚਾਰ ਵਾਲੀ ਕੋਈ ਚੀਜ਼ ਨਹੀਂ । ਦੁਸ਼ਮਣ ਦੀ ਮਾਂ ਬੇਟੀ ਨੂੰ ਵੀ ਆਪਣੀ ਮਾਂ ਬੇਟੀ ਸਮਝਦੇ ਹਨ। ਮਾਤਾ ਜੀ ਨੇ ਤਿੰਨ ਆਦਰਸ਼ ਅਪਣਾਏ ਜਿਨ੍ਹਾਂ ਤੇ ਜ਼ਿੰਦਗੀ ਭਰ ਪਹਰਾ ਦਿੱਤਾ । ਤਿੰਨ ਆਦਰਸ਼ ਸਨ :
1) ਸਦਾ ਸਿਮਰਨ ਕਰਦੇ ਰਹਿਣਾ।
2) ਦਸਮੇਸ਼ ਪਿਤਾ ਦਾ ਦਰਸ਼ਨ ਕਰ ਨਿਹਾਲ ਰਹਿਣਾ ।
3) ਖ਼ਾਲਸੇ ਪੁੱਤ ਦੀ ਦਾਤ ਨੂੰ ਵੱਧਦਾ ਫੁਲਦਾ ਦੇਖ ਕੇ ਸੰਤੁਸ਼ਟ ਹੋਣਾ।
ਮਾਤਾ ਜੀ ਬਹੁਤ ਘੱਟ ਬੋਲਦੇ ਸਨ । ਪਹਿਰਾਵਾ ਵੀ ਬੜਾ ਸਾਦਾ ਰੱਖਦੇ ।
ਮਾਤਾ ਸੁੰਦਰੀ ਜੀ ਦਾ ਸਾਹਿਬ ਕੌਰ ਜੀ ਪੂਰਨ ਸਤਿਕਾਰ ਕਰਦੇ । ਯਾਦ ਰਵੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਉਪਰੰਤ ਜਦ ਕੁਝ ਚੁਗ਼ਲ-ਖੋਰਾਂ ਨੇ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਵਿਚ ਦੁਫਾੜ ਪਾਉਣਾ ਚਾਹਿਆ ਤਾਂ ਮਾਤਾ ਸਾਹਿਬ ਕੌਰ ਨੇ ਇਕ ਉਚੇਚਾ ਹੁਕਮਨਾਮਾ ਖ਼ਾਲਸਾ ਪੰਥ ਦੇ ਨਾਂ ਜਾਰੀ ਕਰ ਕੇ ਲਿਖਿਆ ਕਿ 'ਗੁਰ ਕਾ ਘਰ ਇਕ ਜਾਣਨਾ । ਬਿਖਰੇਵਾਂ ਨਹੀਂ ਪਾਉਣਾ, ਐਸੇ ਸ਼ਾਤਰਾਂ ਤੋਂ ਬਚਣਾ ।' ਮਾਤਾ ਸੁੰਦਰੀ ਦੀ ਆਗਿਆ ਉਨ੍ਹਾਂ ਦੀ ਹੀ ਆਗਿਆ ਹੈ। ਮਾਤਾ ਸੁੰਦਰੀ ਜੀ ਦੀ ਆਗਿਆ ਲੈ ਹਰ ਕੰਮ ਕਰਦੇ ।