ਘਰ ਜਦ ਨੂੰਹ ਸੁਲੱਖਣੀ ਆਈ ਤਾਂ ਮਾਤਾ ਨੂੰ ਐਸਾ ਚਾਅ ਚੜ੍ਹਿਆ। ਕਿ ਚਾਅ ਵਿਚ ਮਿਉਂਦੀ ਹੀ ਨਹੀਂ ਸੀ । ਸ੍ਰੀ ਚੰਦ ਦੇ ਜਨਮ ਤੇ ਸਾਰੇ ਪਿੰਡ ਮਿਠਾਈ ਵੰਡੀ ਤੇ ਜਦ ਜੋੜੀ ਰਲੀ, ਲਖਮੀ ਚੰਦ ਜਨਮੇ ਤਾਂ ਉਨ੍ਹਾਂ ਦੀ ਖ਼ੁਸ਼ੀ ਸੰਭਾਲੀ ਨਹੀਂ ਸੀ ਜਾਂਦੀ । ਗੁਰੂ ਜੀ ਜਦ ਸੁਲੱਖਣੀ ਨੂੰ 'ਪਰਮੇਸ਼ਵਰ ਕੀਏ' ਆਖ ਕੇ ਅਵਾਜ਼ ਮਾਰਦੇ ਤਾਂ ਸੱਸ ਤ੍ਰਿਪਤਾ ਉਨ੍ਹਾਂ ਨੂੰ ਘੁੱਟ ਲੈਂਦੀ ।
ਉਦਾਸੀਆਂ ਸਮੇਂ ਕਦੀ ਨਾ ਤਾਂ ਸੁਲੱਖਣੀ ਨੇ ਉੱਚੀ ਅਵਾਜ਼ ਕੱਢੀ ਤੇ ਨਾ ਮਾਤਾ ਤ੍ਰਿਪਤਾ ਜੀ ਨੇ ਕਦੇ ਜਤਾਇਆ । ਉਦਾਸੀਆਂ ਸਮੇਂ, ਜੋ ਚੌਦਾਂ ਕੁ ਸਾਲਾਂ ਦਾ ਸਮਾਂ ਬਣਦਾ ਹੈ, ਮਾਤਾ ਦਾ ਹਿਰਦਾ ਕੇਵਲ ਪੁੱਤਰ ਪਿਆਰ ਨਾਲ ਹੀ ਭਿਜਿਆ ਰਹਿੰਦਾ । ਹਰ ਵਕਤ ਸੁਲੱਖਣੀ ਨੂੰ ਦਿਲਾਸਾ ਦੇਂਦੀ ਰਹੀ। ਗੁਰੂ ਨਾਨਕ ਜੀ ਉਦਾਸੀਆਂ ਉਪਰੰਤ ਜਦ ਤਲਵੰਡੀ ਆਏ ਤਾਂ ਮਾਤਾ ਤ੍ਰਿਪਤਾ ਨੇ ਆਪਣਾ ਅੰਤਮ ਸਮਾਂ ਜਾਣ ਉਨ੍ਹਾਂ ਨੂੰ ਰੋਕ ਲਿਆ । ਜਦ ਮਿਲੇ ਤਾਂ ਪਿਆਰ ਦੀ ਨੇਂ ਹੀ ਚਲ ਪਈ । 'ਭਯੋ ਮੋਹ ਸਰਿਤਾ ਸ ਪ੍ਰਵਾਹਾ।' ਗੁਰੂ ਨਾਨਕ ਜੀ ਨੇ ਜਦ ਚਰਨੀਂ ਹੱਥ ਲਾਇਆ ਤਾਂ ਮਾਂ ਨੇ ਜੱਫ਼ੀ ਵਿਚ ਲੈ ਲਿਆ । ਸਭ ਪਿਆਸ ਬੁਝ ਗਈ । ਗੁਰੂ ਨਾਨਕ ਜੀ ਨੇ ਕਿਹਾ: ਮਾਂ ! ਜਗਤ ਸੁਪਨੇ ਨਿਆਈਂ ਹੈ । ਪਕੜ ਨਹੀਂ ਰਖਣੀ । ਭਾਉ ਭਗਤ ਜਿਨ੍ਹਾਂ ਦੇ ਹਿਰਦੇ ਹੈ, ਉਹ ਫਿਰ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ । ਮਾਤਾ ਜੀ ਨੂੰ ਸਹਿਜੇ ਕਿਹਾ: ਮਾਂ। ਜਦ ਗਹਿਣਾ ਖਰੀਦਣ ਜਾਓ ਤਾਂ ਸੁਨਿਆਰਾ ਸੋਨੇ ਵੱਲ ਧਿਆਨ ਨਹੀਂ ਦੇਂਦਾ । ਨਮੂਨੇ, ਘਾੜਤ, ਮਿਹਨਤ ਦੀ ਗੱਲ ਕਰਦਾ ਹੈ ਪਰ ਜਦ ਵੇਚਣ ਜਾਓ ਤਾਂ ਕਹਿੰਦਾ ਹੈ ਕਿ ਘਾੜਤ ਕਾਹਦੀ । ਮੁੱਲ ਤਾਂ ਸੋਨੇ ਦਾ ਹੈ । ਸੋ ਪ੍ਰਭੂ ਦੇ ਦਰ ਕਰਨੀ ਹੀ ਪਰਖੀ ਜਾਣੀ ਹੈ। ਤੁਸਾਂ ਬੜਾ ਸਵੱਛ ਜੀਵਨ ਰਖਿਆ ਹੈ। ਜਿਸ ਉੱਚ ਆਤਮਕ ਅਵਸਥਾ ਨੂੰ ਮਾਤਾ ਜੀ ਪੁਜੇ ਹੋਏ ਸਨ ਉਸ ਦੀ ਉਦਾਹਰਣ ਸੂਰਜ ਪ੍ਰਕਾਸ਼ ਨੇ ਦਿਤੀ ਹੈ ਕਿ ਇੰਜ ਪ੍ਰਾਣ ਤਿਆਗੇ ਜਿਵੇਂ ਹਾਥੀ ਫੁੱਲਾਂ ਦੀ ਮਾਲਾ ਸੁੱਟਦਾ ਹੈ । ਅਤਿ ਸੋਖੇ ਸਹਿਜੇ ਜਿਵੇਂ ਜਲ ਵਿਚ ਜਲ ਸਮਾ ਜਾਂਦਾ ਹੈ । ਗੱਲਾਂ ਬਾਤਾਂ ਕਰਦੇ ਹੀ ਸਮਾ ਗਏ । ਸੰਨ 1522 ਸੀ ਅਤੇ ਸੰਮਤ 1579 । ਮਹਿਤਾ ਕਾਲੂ ਜੀ ਦੇ ਅਕਾਲ ਚਲਾਣੇ ਤੋਂ ਤੀਜੇ ਦਿਨ ਸਮਾਏ ਸਨ.
ਜਿਉ ਗਜ ਫੂਲ ਮਾਲ ਕੋ ਡਾਰੇ।
ਤਿਉ ਤਨ ਤਜ ਬੈਕੁੰਠ ਪਧਾਰੇ ।
ਤ੍ਰਿਪਤਾ ਤਜੀ ਦੇਹਿ ਸੁਭ ਭਾਂਤੀ ।