ਜਉ ਗੁਰਦੇਉ ਤ ਸੀਸੁ ਅਕਾਸਿ ॥
ਜਉ ਗੁਰਦੇਉ ਸਦਾ ਸਾਬਾਸਿ ॥
ਜੇ ਮੈਂ ਭੁਲਦਾ ਨਹੀਂ ਤਾਂ ਮਰਾਠੀ, ਤੇਲਗੂ ਤੇ ਬੰਗਲਾ ਸਾਹਿਤ ਵਿਚ ਪਿਛਲੀ ਸਦੀ ਵਿਚ ਇਸਤ੍ਰੀ ਲੇਖਕਾਵਾਂ ਨੇ ਆਪਣੀ ਹੋਂਦ ਜਤਲਾਉਣੀ ਆਰੰਭ ਕਰ ਦਿੱਤੀ ਸੀ ਅਤੇ ਕਹਿਣ ਲੱਗ ਪਈਆਂ ਸਨ ਕਿ ਸਾਡੀ ਦੇਣ ਇਨ੍ਹਾਂ ਈਨ ਮੰਨੀ ਮਰਦਾਂ ਨਾਲੋਂ ਕਿਤੇ ਵੱਧ ਹੈ । ਗੱਲ ਇਥੋਂ ਤਕ ਪੁੱਜ ਗਈ ਸੀ ਕਿ ਕਾਂਗਰਸ ਦੇ ਪਹਿਲੇ ਚੁਣੇ ਪ੍ਰਧਾਨ ਡਬਲਿਉ ਸੀ. ਬੈਨਰਜੀ ਦੀ ਭੈਣ ਮੋਖਸ਼ਦਈਨੀ ਉਪਾਧਿਆਇ ਬੰਗਾਲੀਆਂ 'ਤੇ ਆਵਾਜ਼ਾਂ ਕੱਸ ਕੇ ਲਿਖਣ ਲੱਗ ਪਈ ਸੀ ਕਿ, 'ਕੈਸੇ ਹਨ ਇਹ ਬੰਗਾਲੀ ਜੋ ਸਵੇਰ ਤੋਂ ਸ਼ਾਮ ਤੱਕ ਕਰਦੇ ਨੇ ਗੁਲਾਮੀ ਸਰਕਾਰ ਦੀ ਪਰ ਘਰ ਆ ਝਾੜਦੇ ਨੇ ਗੁੱਸਾ ਵਿਚਾਰੀਆਂ ਔਰਤਾਂ 'ਤੇ ਅਤੇ ਚੀਖ਼ ਚਿਹਾੜਾ ਪਾਂਦੇ ਨੇ ਨਿੱਕੀ ਨਿੱਕੀ ਗੱਲੋਂ ।' ਪਰ 'ਪ੍ਰਸਿਧ ਸਿੱਖ ਬੀਬੀਆਂ' ਬੇਟੀ ਸਿਮਰਨ ਕੌਰ ਦੀ ਰਚਿਤ ਹੱਥਲੀ ਪੁਸਤਕ ਪੜ੍ਹ ਕੇ ਹਰ ਕੋਈ ਜਾਣ ਜਾਏਗਾ ਕਿ ਪੰਜਾਬੀ ਔਰਤਾਂ ਨੂੰ ਐਸੇ ਵਿਅੰਗ ਮਰਦਾਂ 'ਤੇ ਕੱਸਣ ਦੀ ਲੋੜ ਇਸ ਲਈ ਨਹੀਂ ਪਈ ਕਿਉਂਕਿ ਮਾਂ ਨੇ ਗੁੜ੍ਹਤੀ ਵਿਚ ਪੰਜਾਬ ਦੇ ਜਵਾਨ ਨੂੰ ਗੁਲਾਮੀ ਤਾਂ ਇਕ ਪਾਸੇ, ਟੈਂ ਤਕ ਨਾ ਮੰਨਣ ਦੀ ਮੁਹਾਰਨੀ ਪੜ੍ਹਾ ਦਿਤੀ ਸੀ । ਇਕੋ ਮਾਈ ਭਾਗੋ ਦੀ ਵੰਗਾਰ 'ਤੇ ਉਸ ਦੇ ਪਤੀ (ਭਾਈ ਨਿਧਾਨ ਸਿੰਘ), ਜੇਠ (ਸੁਲਤਾਨ ਸਿੰਘ) ਤੇ ਭਰਾ (ਦਿਲਬਾਗ ਸਿੰਘ) ਨੇ ਆਪਾ ਵਾਰ ਦਿਤਾ ਅਤੇ ਬੇਦਾਵਾ ਪੜਵਾ ਕੇ ਹੀ ਸਾਹ ਲਿਆ । ਇਹ ਬੀਬੀ ਭਾਨੀ ਹੀ ਸੀ ਜੋ ਆਪਣੇ ਗੁਰ-ਪਿਤਾ ਨੂੰ ਕਹਿ ਸਕਦੀ ਸੀ:
ਹੋਰਸਿ ਅਜਰੁ ਨ ਜਰਿਆ ਜਾਵੇ ।।
(ਭਾਈ ਗੁਰਦਾਸ, ਵਾਰ ੧/੪੭)
ਫਿਰ ਜਦ ਸੋਲ੍ਹਵੀਂ ਸਦੀ ਵਿਚ, ਹੋਰ ਥਾਵਾਂ ਤੇ ਔਰਤਾਂ ਇਹ ਪੁਕਾਰ ਪੁਕਾਰ ਕਹਿ ਰਹੀਆਂ ਸਨ ਕਿ ਕੀ ਸਵਾਰਿਆ ਹੈ ਵੇਦਾਂ ਨੇ ਸਾਡਾ, ਕਿਹੜਾ ਜ਼ੁਲਮ ਹੈ ਜੋ ਪੁਰਾਣਾਂ ਕਾਰਨ ਸਾਡੇ ਤੇ ਨਹੀਂ ਢਾਹਿਆ ਤਾਂ ਉਸੇ ਸਮੇਂ ਘਰ
ਘਰ ਬਾਬਾ ਨਾਨਕ ਦਾ ਇਹ ਸਲੋਕ ਸੰਗਤਾਂ ਗਾ ਰਹੀਆਂ ਸਨ:
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ।...
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥
(ਆਸਾ ਦੀ ਵਾਰ, ਪੰਨਾ ੪੭੩)
ਪਾਰਜਾਤ ਘਰ ਆਂਗਨ ਮੇਰੇ, ਸਾਡਾ ਗਹਿਣਾ ਹੈ ਸਾਡੀ ਘਰ ਵਾਲੀ, ਔਰਤ ਯਕੀਨ, ਔਰਤ ਈਮਾਨ।
ਹੋਰ ਇਸ ਪੁਸਤਕ ਦੀ ਵੱਡੀ ਵਡਿਆਈ ਇਹ ਹੈ ਕਿ ਜਿਸ ਨੂੰ ਧੁੰਧਲੇ ਇਤਿਹਾਸ ਵਿਚੋਂ ਖਾਸੀ ਵਾਕਾਫੀਅਤ (Enough information from hazy history) ਕਢਣਾ ਕਹਿੰਦੇ ਹਨ, ਸਿਮਰਨ ਨੇ ਸਿੱਖ ਬੀਬੀਆਂ ਬਾਰੇ ਇਕ ਥਾਂ ਪਹਿਲੀ ਵਾਰ ਇਕੱਠੀ ਕਰ ਦਿਖਾਈ ਹੈ ਅਤੇ ਕਲਮ ਰਾਹੀਂ ਚਾਨਣ ਦੀ ਇਕ ਛਿੱਟ ਚਾਰੇ ਪਾਸੇ ਖਲੇਰ ਕੇ ਇਤਿਹਾਸਕ ਕਾਰਨਾਮਾ ਹੀ ਸਰੰਜਾਮ ਦਿੱਤਾ ਹੈ।
ਠੀਕ ਲਿਖਿਆ ਹੈ ਸਿਮਰਨ ਕੌਰ ਨੇ ਕਿ ਘੱਟ ਲੋਕਾਂ ਨੂੰ ਪਤਾ ਹੈ ਕਿ ਜਦ ਸ਼ਾਹੀ ਫ਼ੌਜਾਂ ਨੇ ਅਨੰਦਪੁਰ ਸਾਹਿਬ ਨੂੰ ਘੇਰ ਲਿਆ ਸੀ ਤਾਂ ਰਸਦ ਪਾਣੀ ਲਿਆਉਣ ਦਾ ਕਠਿਨ ਕੰਮ ਔਰਤਾਂ ਹੀ ਕਰਦੀਆਂ ਸਨ। ਕਿਤਨੀਆਂ ਨੇ ਸ਼ਹੀਦੀ ਪਿਆਲੇ ਹੱਸ ਹੱਸ ਪੀਤੇ। ਫਿਰ ਝਲੀਂ, ਜੰਗਲੀਂ, ਖੋਹਾਂ, ਬੇਲਿਆਂ ਵਿਚ ਕੰਮ ਦੀ ਆਜ਼ਾਦੀ ਦੀ ਜੰਗ ਲੜਦੇ ਸਿੰਘਾਂ ਨੂੰ ਅੰਨ ਪਾਣੀ ਸੱਚਮੁਚ ਸੀਸ ਤਲੀ ਤੇ ਰੱਖ ਕੇ ਭਾਈ ਤਾਰੂ ਸਿੰਘ ਜੀ ਦੀ ਭੈਣ ਤੇ ਮਾਂ ਵਰਗੀਆਂ ਹੀ ਪਹੁੰਚਾਂਦੀਆਂ ਸਨ । ਜਦ ਸ਼ਿਕਾਇਤ ਹੋਣ ਤੇ ਭਾਈ ਤਾਰੂ ਸਿੰਘ ਤੇ ਉਨ੍ਹਾਂ ਦੀ ਭੈਣ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਲਿਆ ਸ਼ਹੀਦ ਕਰਨ ਦਾ ਹੁਕਮ ਸੁਣਾਇਆ ਗਿਆ ਤਾਂ ਲਾਹੌਰ ਦੇ ਹਿੰਦੂ ਵਸਨੀਕਾਂ ਨੇ ਦੋ ਲੱਖ ਰੁਪਿਆ ਦੇਣ ਦੇ ਇਵਜ਼ ਭੈਣ-ਭਰਾ ਨੂੰ ਛੱਡਣ ਦਾ ਹੁਕਮ ਕਾਜ਼ੀ ਕੋਲੋਂ ਲੈ ਵੀ ਲਿਆ । ਉਸ ਸਮੇਂ ਜਦ ਈਰਖ਼ਾਲੂਆਂ ਨੇ ਹਿੰਦੂਆਂ ਨੂੰ 'ਐਸਾ ਕਿਉਂ ਕਰਦੇ ਹੋ' ਕਿਹਾ ਤਾਂ ਹਿੰਦੂਆਂ ਕਿਹਾ : ਯਾਦ ਰਖੋ!
ਸਿਖ ਬਚਾਵਨ ਹੈ ਬਡ ਕਰਮ ।
ਗਊ ਬ੍ਰਾਹਮਣ ਤੇ ਸੌ ਗੁਣਾ ਧਰਮ ।
(ਪ੍ਰਾਚੀਨ ਪੰਥ ਪ੍ਰਕਾਸ਼)
ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਮਾਂ ਦਾ ਉਸੇ ਸਮੇਂ ਸੰਗਤਾਂ
ਵਿਚ ਛੋਟੇ ਜਿਹੇ ਬਾਲਕ ਨਾਲ ਕੀਰਤਨ ਕਰਨਾ ਹੈਰਾਨੀ ਨਾਲ ਪੜ੍ਹਿਆ ਜਾਏਗਾ । ਇਸ ਵਿਚ ਬਹੁਤ ਕੁਝ ਉਨ੍ਹਾਂ ਬੀਬੀਆਂ ਬਾਰੇ ਹੈ ਜਿਨ੍ਹਾਂ ਬਾਰੇ ਅਸੀਂ ਬਹੁਤ ਘਟ ਜਾਣਦੇ ਹਾਂ।
ਮੈਨੂੰ ਇਹ ਵੀ ਪ੍ਰਸੰਨਤਾ ਹੈ ਕਿ ਛੇਤੀ ਹੀ ਗੁਰੂ ਮਿਹਰ ਸਦਕਾ ਮੇਰੀ ਉਮੀਦ ਬਰ ਆਈ ਹੈ । ਜਦ ਮੈਂ 'ਪਰਤਖ ਹਰਿ' ਦੀ ਪੁਸਤਕ ਬੇਟੀ ਸੁੰਦਰੀ, ਸਿਮਰਨ ਤੇ ਹਰਿਕੀਰਤ ਨੂੰ ਇਸ ਆਸ ਨਾਲ ਭੇਟ ਕੀਤੀ ਕਿ ਉਨ੍ਹਾਂ ਨੂੰ ਬੀਬੀ ਭਾਨੀ ਦੀ ਅਸੀਸ ਲੱਗੇ ਤਾਂ ਮੈਂ ਸੋਚ ਵੀ ਨਹੀਂ ਸਾਂ ਸਕਦਾ ਕਿ ਬੇਟੀ ਇਤਨਾ ਮਾਣ ਪਾਏਗੀ । ਡਾਕਟਰ ਗੰਡਾ ਸਿੰਘ ਮੈਮੋਰੀਅਲ ਆਲਮੀ ਲੇਖ ਮੁਕਾਬਲੇ ਵਿਚ ਜਦ ਸਿਮਰਨ ਕੌਰ ਦੇ ਲੇਖ ਨੂੰ ਗਿਆਰਾਂ ਸੌ ਰੁਪਏ ਦਾ ਦੂਜਾ ਇਨਾਮ ਦਿਤਾ ਗਿਆ ਤਾਂ ਮੇਰੇ ਮੂੰਹੋਂ ਇਹ ਤੁਕ ਨਿਕਲੀ :
ਜਉ ਗੁਰਦੇਉ ਤ ਸੀਸੁ ਅਕਾਸਿ ॥
ਜਉ ਗੁਰਦੇਉ ਸਦਾ ਸਾਬਾਸਿ॥
(ਭੈਰਉ ਨਾਮਦੇਉ ਜੀਉ, ਪੰਨਾ ੧੧੬੬)
ਪੂਰਨ ਆਸ ਹੈ ਕਿ ਇਹ ਪੁਸਤਕ ਪਾਠਕ ਬੜੇ ਚਾਅ ਨਾਲ ਪੜ੍ਹਨਗੇ ਤੇ ਪੜ੍ਹਦਿਆਂ ਅਸੀਸਾਂ ਨਾਲ ਬੇਟੀ ਦੀ ਝੋਲੀ ਭਰ ਦੇਣਗੇ।
ਸ਼ੁਕਰ ਕਰਦਾ ਹੋਇਆ,
54, ਖ਼ਾਲਸਾ ਕਾਲਜ ਕਾਲੋਨੀ
ਪਟਿਆਲਾ
23 ਅਕਤੂਬਰ, 1991
ਸਤਿਬੀਰ ਸਿੰਘ
(ਪ੍ਰਿੰਸੀਪਲ)
ਤੇਰੇ ਭਰੋਸੇ ਮੈ ਲਾਡ ਲਡਾਇਆ
ਇਤਿਹਾਸ ਵਿਚ ਪੜ੍ਹਿਆ ਸੀ ਇਸਤਰੀ ਬਹਾਦਰ ਹੈ; ਸ਼ਾਸਤਰਾਂ ਵਿਚ ਪੜ੍ਹਿਆ ਸੀ ਕਿ ਇਸਤਰੀ ਸ਼ਕਤੀ; ਅੱਖਾਂ ਨਾਲ ਦੇਖਿਆ ਇਸਤਰੀ ਮਮਤਾਮਈ ਮਹਿਸੂਸ ਕੀਤਾ ਇਸਤਰੀ ਆਪਣੇ ਆਪ ਨੂੰ ਹਰ ਘਾੜਤ ਵਿਚ ਢਾਲਣ ਵਾਲੀ ਹੈ; ਫਿਰ ਵੀ ਆਸ ਪਾਸ ਇਹ ਕੈਸੀ ਆਵਾਜ਼ ਹੈ ਜੋ ਇਸਤਰੀ ਨੂੰ ਨਿੰਦਦੀ ਹੀ ਜਾ ਰਹੀ ਹੈ। ਅੱਜ ਨਹੀਂ ਸਗੋਂ ਜੁਗਾਂ ਜੁਗਾਂਤਰਾਂ ਤੋਂ ਇਸ ਨੂੰ ਨੀਵਾਂ ਦਿਖਾਇਆ ਗਿਆ ਹੈ। ਭਾਵੇਂ ਪੂਜਾ ਇਸ ਦੀ ਹੀ ਹੁੰਦੀ ਹੋਵੇ। ਕੋਈ ਗੱਲ ਜ਼ਰੂਰ ਹੈ, ਕੋਈ ਥੁੜ੍ਹ ਜ਼ਰੂਰ ਹੈ।
ਮੇਰੀ ਹੈਰਾਨੀ ਇਸ ਗੱਲੋਂ ਵਧੀ ਕਿ ਚਾਹੇ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਨੂੰ ਅਤਿ ਉਚਾ ਦਰਜਾ ਦਿਤਾ ਪਰ ਫਿਰ ਵੀ ਇਸਤਰੀ ਦੀ ਹਾਲਤ ਨਿਘਰਦੀ ਕਿਉਂ ਗਈ ? ਗੁਰੂ ਗੋਬਿੰਦ ਸਿੰਘ ਜੀ ਦੇ ਮਿਲਦੇ 52 ਹੁਕਮਨਾਮਿਆਂ ਵਿਚ ਕਈ ਐਸੇ ਹਨ ਜਿਨ੍ਹਾਂ ਵਿਚ ਇਸਤਰੀ ਨੂੰ ਉਚਾ ਉਠਾਉਣ ਵਾਸਤੇ ਆਦੇਸ਼ ਲਿਖੇ ਮਿਲਦੇ ਹਨ । ਜਿਵੇਂ ਪੰਦਰਵੇਂ ਹੁਕਮ ਵਿਚ ਲਿਖਿਆ ਹੈ:
ਪਰ ਇਸਤਰੀ ਮਾਂ ਭੈਣ ਧੀ ਭੈਣ ਕਰ ਜਾਣਨੀ । ਵਿਲਾਸ ਲਈ ਪਰ ਇਸਤਰੀ ਦਾ ਸੰਗ ਨਹੀਂ ਕਰਨਾ-
'ਪਰ ਤ੍ਰਿਯ ਰਾਖਹਿ ਨਾ ਹੇਤ ਅਨੰਦੁ ।'
ਸੋਲ੍ਹਵੇਂ ਵਿਚ ਲਿਖਿਆ ਹੈ :
ਇਸਤਰੀ ਦਾ ਮੂੰਹ ਨਹੀਂ ਫਿਟਕਾਰਨਾ ।
ਪੁਤਰੀ ਦਾ ਧਨ ਬਿਖ ਜਾਣਨਾ ।
ਗੱਲ ਕੀ, ਚਾਹੇ ਪੁਤਰੀ, ਪਤਨੀ, ਮਾਂ, ਭੈਣ ਇਸਤਰੀ ਨੂੰ ਹਰ ਪੱਖ ਤੋਂ ਮਾਣ ਦਿਤਾ ਪਰ ਫਿਰ ਵੀ ਸਿੱਖ ਔਰਤ ਦੀ ਸਿੱਖ ਇਤਿਹਾਸ ਵਿਚ ਦੇਣ ਦਾ ਵੱਖ ਜ਼ਿਕਰ ਨਹੀਂ ਮਿਲਦਾ । ਜੇ ਆਪਣੀ ਨਿਤ ਦੀ ਅਰਦਾਸ ਵਿਚ ਵੀ ਇਹ ਤਾਂ ਅਸੀਂ ਕਹਿ ਮੰਨਿਆ ਕਿ ਸਿੰਘਾਂ ਨਾਲ ਸਿੰਘਣੀਆਂ ਨੇ ਸ਼ਹੀਦੀ ਪਾਈ ਪਰ
ਸਪਸ਼ਟ ਨਹੀਂ ਦਸਿਆ । ਜੇ ਸਪਸ਼ਟ ਹੁੰਦਾ ਤਾਂ ਅੱਜ ਬੀਬੀ ਭਾਨੀ ਤੇ ਨਵੇਕਲੀ ਪੁਸਤਕ ਹੁੰਦੀ । ਬੀਬੀ ਖੀਵੀ ਦਾ ਨਾਂ ਹਰ ਮੂੰਹ ਤੇ ਹੁੰਦਾ । ਬੇਬੇ ਨਾਨਕੀ ਦੇ ਕਿਰਦਾਰ ਦੀ ਛਾਪ ਹਰ ਵੀਰ ਤੇ ਹੁੰਦੀ। ਪਤਾ ਨਹੀਂ ਐਸਾ ਕਿਉਂ ਨਹੀਂ ਹੋ ਸਕਿਆ!
ਸੋ ਮੈਂ ਮਨ ਬਣਾਇਆ ਕਿ ਸਿੱਖ ਇਤਿਹਾਸ ਵਿਚ ਔਰਤ ਦਾ ਅਸਥਾਨ, ਕਰਤੱਵ ਤੇ ਦੇਣ ਉਚੇਚੇ ਤੌਰ ਤੇ ਲਿਖੀ ਜਾਏ ।
ਜਿਵੇਂ ਮੈਨੂੰ ਮੇਰੇ ਪਾਪਾ ਨੇ ਉਂਗਲੀ ਪਕੜ ਕੇ ਚਲਣਾ ਸਿਖਾਇਆ ਸੀ, ਇਸੇ ਤਰ੍ਹਾਂ ਕਲਮ ਦੇ ਕੇ ਲਿਖਣ ਦੀ ਵੀ ਜਾਚ ਦੱਸੀ । ਸੋ ਆਪਣੀ ਆਦਤ ਮੁਤਾਬਕ ਆਖਣ ਲੱਗੇ, 'ਇਤਿਹਾਸ ਤੁਹਾਡੇ ਸਾਹਮਣੇ ਪਿਆ ਹੈ । ਜੇ ਅਸਲ ਰੂਪ ਔਰਤ ਦਾ ਦੇਖਣਾ ਚਾਹੁੰਦੇ ਹੋ ਤਾਂ ਪਹਿਲਾਂ ਸਾਡੇ ਗੁਰੂ ਘਰਾਂ ਵਿਚ ਔਰਤ ਦਾ ਕਿਤਨਾ ਆਦਰ ਸੀ ਪੜ੍ਹੋ, ਫਿਰ ਸਿੱਖ ਇਤਿਹਾਸ ਨੂੰ ਪੜ੍ਹੋ ਕਿਉਂਕਿ ਅਗਲਾ ਕਦਮ ਤਾਂ ਹੀ ਚੁਕ ਸਕੋਗੇ ਜੇ ਪਿਛਲਾ ਮਜ਼ਬੂਤ ਹੈ । ਦੇਖੋ ਤੁਹਾਡੀਆਂ ਮਾਵਾਂ ਭੈਣਾਂ ਨੇ ਕਿਤਨਾ ਪੀਡਾ ਤੇ ਮਜ਼ਬੂਤ ਰੋਲ ਕੀਤਾ ਹੈ ਅਤੇ ਅੱਜ ਤੁਸੀਂ ਕਿਸ ਸਥਾਨ ਤੇ ਹੈ।' ਇਤਿਹਾਸ ਦੀ ਵਿਦਿਆਰਥਣ ਹੋਣ ਦੇ ਨਾਤੇ ਇਸੇ ਉਲਝਣ ਵਿਚ ਪਈ ਸਾਰਾ ਸਿੱਖ ਇਤਿਹਾਸ ਬੜੇ ਧਿਆਨ ਨਾਲ ਪੜ੍ਹਿਆ। ਪਾਪਾ ਇਤਿਹਾਸ ਨੂੰ ਹੀ ਲਿਖਣ ਲਈ ਪ੍ਰੇਰਦੇ ਕਹਿੰਦੇ ਹਨ: 'ਕਿੱਸੇ, ਕਹਾਣੀਆਂ ਰੋਜ਼ ਲਿਖੇ ਜਾਂਦੇ ਹਨ। ਇਤਿਹਾਸ ਸੱਚਾਈ ਹੈ, ਸੋ ਕਲਮ ਸੱਚ ਵਲ ਚਲਾਓ ਆਪੇ ਰੌਸ਼ਨੀ ਹੋ ਜਾਵੇਗੀ। ਹਰ ਸਵਾਲ ਦਾ ਹੱਲ ਲਭੇਗਾ ।' ਪਰ ਮੈਂ ਸਿੱਖ ਇਤਿਹਾਸ ਪੜ੍ਹਦਿਆਂ ਵੇਖ ਹੈਰਾਨ ਰਹਿ ਗਈ ਕਿ ਸਿੱਖ ਇਤਿਹਾਸ ਵਿਚ ਹਰ ਕੰਮ ਵਿਚ ਪਹਿਲ ਕਰਨ ਵਾਲੀ ਔਰਤ ਹੈ। ਜੇ ਪਹਿਲਾ ਦੀਦਾਰ ਦੌਲਤਾਂ ਦਾਈ ਨੇ ਪਾਇਆ ਤਾਂ ਪਹਿਲੀ ਸਿੱਖ ਬੇਬੇ ਨਾਨਕੀ ਹੀ ਸੀ । ਪਹਿਲੀ ਵਿਚਾਰਵਾਨ ਜੇ ਮਾਤਾ ਵਿਰਾਈ ਸੀ ਤਾਂ ਗੁਰੂ ਬੋਲਾਂ ਨੂੰ ਇਤਿਹਾਸ ਦਾ ਰੂਪ ਦੇਣ ਵਾਲੀ ਰੂਪ ਕੌਰ ਸੀ । ਪਹਿਲਾ ਜਰਨੈਲ ਦੇਖੀਏ ਤਾਂ ਮਾਈ ਭਾਗੋ ਸੀ ਅਤੇ ਪਹਿਲੀ ਦ੍ਰਿੜ੍ਹ-ਚਿਤ ਔਰਤ ਮਾਈ ਜਿੰਦਾਂ ਸੀ । ਪਹਿਲੀ ਸ਼ਹੀਦ ਮਾਤਾ ਗੁਜਰੀ ਸੀ, ਪਹਿਲੀ ਸੇਵਾ ਪੰਥਣੀ ਦੇਖੀਏ ਤਾਂ ਮਾਤਾ ਖੀਵੀ ਹੀ ਲਗਦੀ ਹੈ। ਗੱਲ ਕੀ, ਹਰ ਪੱਖੋਂ ਸਿੱਖ ਔਰਤ ਨੇ ਆਪਣੀ ਛਾਪ ਛੱਡੀ ਹੋਈ ਹੈ । ਸਿੱਖ ਇਤਿਹਾਸ ਪੜ੍ਹਨ ਤੋਂ ਬਾਅਦ ਇਹ ਨਹੀਂ ਕੋਈ ਕਹਿ ਸਕਦਾ ਕਿ ਔਰਤ ਨੀਵੀਂ, ਮਾੜੀ, ਅਬਲਾ ਜਾਂ ਕਦਰਹੀਣ ਹੈ । ਸ਼ਾਇਦ ਉਨ੍ਹਾਂ ਦੇ ਕਰਤੱਵ ਦਾ ਹੀ ਸਦਕਾ ਅੱਜ ਸਿੱਖ ਔਰਤ ਗੋਰਵ ਨਾਲ ਸਿਰ ਉੱਚਾ ਕਰ ਸਕਦੀ ਹੈ । ਕਿਥੇ ਕੋਈ ਪਾਬੰਦੀ